ਭਾਵਾਂ ਦੀ ਸੁੰਦਰਤਾ ਲਈ ਮੈਂ ਗੁਲਦਸਤੇ ਰਖੇ ਹਨ । ਗੁਲਦਸਤੇ ਵਿਚ ਜਿਸ ਤਰ੍ਹਾਂ ਵਖੋ ਵੱਖਰੇ ਫੁਲ ਹੋਂਦੇ ਹਨ ਓਸੇ ਤਰ੍ਹਾਂ ਦੋ ਦੋ ਕਲੀਆਂ ਵਿਚ ਅੱਡੋ ਅੱਡ ਭਾਵ ਦਿੱਤਾ ਹੈ। ਸਾਨੂੰ ਅਜਿਹੇ ਵਜ਼ਨ ਕਾਫ਼ੀਆਂ ਜਾਂ ਸੋਹਲਿਆਂ ਵਿਚੋਂ ਕਾਫੀ ਮਿਲ ਸਕਦੇ ਹਨ, ਜਿਹੜੇ ਭਾਵ ਨਿਭਾਉਣ ਲਈ ਲੰਬੇ ਤੇ ਬੋਲੀ ਨੂੰ ਵੀ ਭਾਵ ਨਾਲ ਤੋਰੀ ਜਾਣ । ਮੈਂ ਅਜਿਹੇ ਦੋ ਚਾਰ ਉਪਰਾਲੇ ਕੀਤੇ ਹਨ:-
ਸਾਕੀ ਨੇ ਪਰੇਹ ਜਮਾਈ ਹੈ
ਪਰ ਆਕੇ ਆਪ ਪਿਆਉਂਦਾ ਨਹੀਂ ।
ਏਸੇ ਹੀ ਆਪਾ ਧਾਪੀ ਵਿਚ
ਸੁਰ ਸਵਾਦ ਕਿਸੇ ਨੂੰ ਆਉਂਦਾ ਨਹੀਂ ।
ਕਹਿੰਦਾ ਹੈ ਮੇਰੀ ਉਂਗਲੀ ਤੋਂ
ਸਾਰੇ ਹੀ ਆਕੇ ਨਾਚ ਕਰੋ ।
ਸਾਡੀ ਤਾਂ ਮੌਜ ਬਣਾਈ ਸੂ,
ਤੇ ਅਪਨਾ ਨਾਚ ਦਿਖਾਉਂਦਾ ਨਹੀਂ ।
* * * *
ਇਕ ਹੋਰ ਗੁਲਦਸਤੇ ਦਾ ਫੁਲ ਤੱਕੋ:-
ਮੁੱਖ ਬਾਝੋਂ ਛਾਇਆ ਭਟਕੀ ਸੀ
ਤਕਦੇ ਹੀ ਟਿੱਕੀ ਹੋਈ ਹੈ।
ਕਹਿੰਦੇ ਨੇਂ ਰਾਏ ਬੁਲਾਰ ਜਿਹੇ,
ਬਿਨ ਬ੍ਰਹਮ ਨਹੀਂ ਟਿਕਦੀ ਮਾਇਆ ਹੈ।
ਏਸੇ ਗੁਲਦਸਤੇ ਦਾ ਹੋਰ ਫੁਲ ਤੱਕੋ:-
ਇਹਦੇ ਤਾਂ ਕੱਖ ਵੀ ਜੁਗ ਲੀਤੇ,
ਤੇ ਓਧਰ ਕੱਖ ਵੀ ਪੁੱਛਿਆ ਨਹੀਂ ।
ਏਧਰ ਮੁੱਠ ਦਾਣੇ ਖਾਣ ਲਈ,
ਤੇ ਓਧਰ ਬੋਲ੍ਹ ਲਵਾਇਆ ਹੈ।
ਮੈਂ ਉੱਤੇ ਇਸ਼ਾਰਾ ਕੀਤਾ ਸੀ ਪਈ ਚਿਤਰਕਲਾ ਸੁੰਦਰ ਹੈ ਤੇ ਕਵਿਤਾ ਦੀ ਭੈਣ ਹੋਈ ਏਸ ਲਈ ਡੂੰਘੇ ਭਾਵ ਦੱਸਣ ਲਈ ਮੁਸੱਵਰੀ ਦਾ ਗੁਣ ਗਾਉਂਦਾ ਤੇ ਫਾਇਦਾ ਉਠਾਉਣਾ ਚਾਹੁੰਦਾ ਹਾਂ:-
ਜੀਵਨ ਦਾ ਤੱਤ ਹੈ ਸੁੰਦਰਤਾ
ਸੱਤ ਸੁੰਦਰਤਾ ਦਾ ਚਿਤਰਕਲਾ
ਤੂੰ ਚਿਤਰ ਸ਼ਾਲਾ ਰਚਦਾ ਜਾ
ਮੜ੍ਹੀਆਂ ਤੇ ਪੱਥਰ ਲਾਉਣਾ ਕੀ ।
ਪਰਸਿੱਧ ਚਿਤਰਕਾਰ ਸਰਦਾਰ ਠਾਕਰ ਸਿੰਘ ਦੀਆਂ ਦੋ ਤਸਵੀਰਾਂ ਉੱਤੇ ਆਪਣੇ ਭਾਵ ਦਿਤੇ ਹਨ । ਸ੍ਰੀ ਸੁਸ਼ੀਲ ਸਰਕਾਰ ਦੀ ਤਸਵੀਰ "ਮਾਨਣੀ" ਦਾ ਸੀ ਐਮ. ਐਸ. ਰਣਧਾਵਾ ਨੇ ਹੁਨਰੀ ਪੱਖੋਂ ਤੇ ਭਾਵ ਵਲੋਂ ਵੀ ਭੂਮਿਕਾ ਵਿਚ ਸਲਾਹਿਆ। ਮੈਂ ਓਸ ਦਾ ਭਾਵ ਵੱਖਰਾ ਕਢਿਆ ਹੈ ਦੇਖੋ "ਮਾਨਣੀ" ।
ਮੇਰੀ ਜਾਚੇ ਕਵਿਤਾ ਦਾ ਪਰਚਾਰ ਚਿਤਰਕਲਾ ਰਾਹੀਂ ਵੀ ਕਰਨਾ ਚਾਹੀਦਾ ਹੈ। ਸੇ ਏਸ ਸੰਚੀ ਵਿਚ ਭਾਈ ਸੋਹਣ ਸਿੰਘ ਆਰਟਿਸਟ ਦੀ ਹੇਠਲੀ ਬੋਲੀ ਰੰਗੀ ਹੋਈ ਦੇਣੀ ਸੀ।
ਹਲ ਰਖ ਮੋਢੇ ਤੇ ਅੱਜ ਮੈਂ ਵੀ ਖੇਤੀਂ ਜਾਣਾ ।
ਕਾਂਗੜਾ ਕਲਮ ਦੀ ਤਰਜ਼ ਦਾ ਚਿਹਰਾ ਹੈ, ਕਪੜੇ ਵੀ ਓਸੇ ਢੱਬ ਦੇ ਚੁਸਤ ਤੇ ਕੁੜਤੇ ਦੀ ਰਵਾਨੀ ਰੱਖੀ ਹੈ। ਇਹ ਤਸਵੀਰ ਮਾਈ ਭਾਗੋ ਦੀ ਹੈ ਜੋ ਪਿੱਛੇ ਰਹਿ ਚੁੱਕੇ ਸਾਥੀਆਂ ਨੂੰ ਵੰਗਾਰ ਰਹੀ ਹੈ । ਪੰਜਾਬ ਦੀ ਮਸ਼ਹੂਰ ਕਾਂਗੜਾ ਕਲਮ ਤੇ ਪੰਜਾਬ ਦਾ ਮਸ਼ਹੂਰ ਪਰਸੰਗ ਤੇ ਪੰਜਾਬ ਦੀ ਸਭ ਤੋਂ ਮਸ਼ਹੂਰ
ਸਿਫਤ "ਬੀਰਤਾ" ਏਸ ਤਸਵੀਰ ਨੇ ਬੰਨ ਬਹਾਈ ਹੈ। ਅਫਸੋਸ ਰਿਹਾ ਕਿ ਤਸਵੀਰ ਪਟਿਆਲਾ ਨਮਾਇਸ਼ੋਂ ਜਲਦੀ ਨ ਆਈ।
ਸਾਨੂੰ ਚਿਤਰਕਲਾ ਵਲੋਂ ਕਿਸੇ ਤਰ੍ਹਾਂ ਮੂੰਹ ਨਹੀਂ ਮੋੜਨਾ ਚਾਹੀਦਾ । ਇਹਦਾ ਸਤਿਕਾਰ ਸਾਹਿੱਤ ਜਿੰਨਾ ਕਰਨਾ ਚਾਹੀਦਾ ਹੈ। ਇਹ ਇਕ ਅਜਿਹੀ ਸਾਂਇੰਸ ਦਾ ਰੂਪ ਧਾਰੀ ਜਾ ਰਹੀ ਹੈ ਜਿਦੇ ਨਾਲ ਸਾਹਿੱਤ ਨੂੰ ਦੱਖਣਾ ਹੀ ਪੈਣਾ ਹੈ।
ਮੈਂ ਆਪਣੇ ਉਸਤਾਦਾਂ ਬਾਬੂ ਫੀਰੋਜ਼ ਦੀਨ ਸ਼ਰਫ ਤੇ ਲਾਲਾ ਧਨੀ ਰਾਮ ਜੀ ਚਾਤ੍ਰਿਕ ਦਾ ਸਤਿਕਾਰ ਕਰਦਾ ਹੋਇਆ ਦੋ ਬਜ਼ੁਰਗ ਮਹਾਂ ਕਵੀਆਂ ਦੀ ਭੇਟਾ ਦੋ ਦੋ ਕਲੀਆਂ ਚੜ੍ਹਾਉਣੀਆਂ ਚਾਹੁੰਦਾ ਹਾਂ ।
ਭਾਈ ਗੁਰਦਾਸ
ਤੂੰ ਆਇਓਂ ਤਾਂ ਚੇਤੇ ਆਇਆ
ਸਾਨੂੰ ਵੇਦ ਵਿਆਸ ।
ਚੱਪੇ ਚੱਪੇ ਆਨ ਖਲਾਰੀ,
ਕਈ ਇਲਮਾਂ ਦੀ ਰਾਸ।
ਵਾਰਸ
ਤੂੰ ਪੰਜਾਬ ਤੇ ਆਬ ਲਿਆਂਦੀ,
ਸੋਹਣੀ ਕਲਮ ਵਗਾ ਕੇ।
ਇਸ਼ਕ ਵਿਚਾਰੇ ਨੂੰ ਰੰਗ ਲਾਇਆ,
ਮੋਈ ਹੀਰ ਜਵਾ ਕੇ ।
ਮੈਂ ਆਪ ਨੂੰ ਬਹੁਤ ਕੁਝ ਨਹੀਂ ਦੱਸ ਸਕਦਾ। ਮੇਰਾ ਕੰਮ ਹੈ ਆਪ ਅਗੇ ਲਿਖ ਕੇ ਭੇਟਾ ਕਰਨਾ ਤੇ ਤੁਹਾਡਾ ਕੰਮ ਆਰਾਮ ਨਾਲ ਸਮਝਾਉਣਾ।
૧੭. ੧੧.੪੯ ਹਰਿੰਦਰ ਸਿੰਘ "ਰੂਪ”
ਕਲਾ
ਕਲਾ ਯੋਗ ਦਾ ਨਾਮ ਹੈ,
ਰੂਪ ਜਿਦਾ ਹੈ ਧਿਆਨ ।
ਕਲਾ ਸਵਾਰੇ ਜਗਤ ਨੂੰ,
ਕਲਾ ਰਚੇ ਭਗਵਾਨ ।
ਮੀਰਾਂ ਬਾਈ
ਲਯ ਰਾਗਾਂ ਦੀ, ਰੂਹ ਨਾਚਾਂ ਦੀ,
ਤੇ ਪ੍ਰੀਤੀ ਦੀ ਰਾਸ ।
ਸ਼ਿਵ ਸਤਿ ਤੇ ਸੁੰਦਰ ਫੁਲ ਦੀ,
ਉਹ ਰਸ ਭਿੰਨੀ ਵਾਸ ।