Back ArrowLogo
Info
Profile

ਆਪਣੇ ਘੋੜਿਆਂ ਨੂੰ ਚਾਬਕਾਂ ਲਾਈਆਂ ਤੇ ਉਹ ਇਕੋ ਛਾਲ ਵਿਚ ਦਰਿਆ ਪਾਰ ਕਰ ਗਏ ਤੇ ਦੂਜੇ ਕੰਢੇ ਪਹੁੰਚ ਕੇ ਉਹਨਾਂ ਨੇ ਪਾਜੀ ਵਪਾਰੀਆਂ ਦੀ ਭੁਗਤ ਸਵਾਰਨੀ ਸ਼ੁਰੂ ਕਰ ਦਿੱਤੀ।

ਹਾਲੀ ਮੀਕੂਲਾ ਨੇ ਚਾਰੇ ਪਾਸੇ ਆਪਣੀ ਚਾਬਕ ਵਰ੍ਹਾਈ ਤੇ ਉਸ ਨੇ ਉਹਨਾਂ ਨੂੰ ਆਖਿਆ:

"ਓਏ, ਲਾਲਚੀਓ, ਵਪਾਰੀਓ! ਕਿਸਾਨ ਸ਼ਹਿਰਾਂ ਨੂੰ ਰੋਟੀ ਦੇਵੇ ਤੇ ਮਿਠੀ ਸ਼ਰਾਬ ਨਾਲ ਤੁਹਾਡੀ ਤਿਹ ਬੁਝਾਵੇ, ਪਰ ਤੁਹਾਨੂੰ ਕਿਸਾਨ ਦਾ ਲੂਣ ਵੀ ਸੂਲ ਪਾਉਂਦੇ।"

ਤੇ ਵੋਲਗਾ ਨੇ ਆਪਣੇ ਬੰਦਿਆਂ ਤੇ ਆਪਣੇ ਬਹਾਦਰ ਘੋੜਿਆਂ ਦੀ ਜਾਨ ਦਾ ਬਦਲਾ ਲੈਣ ਲਈ ਆਪਣੇ ਡੰਡੇ ਨਾਲ ਵਪਾਰੀਆਂ ਦੇ ਖੂਬ ਹੱਡ ਸੇਕੇ।

ਫੇਰ ਕੀ ਹੋਇਆ ਕਿ ਗੁਰਚੇਵੇਤਸ ਦੇ ਵਪਾਰੀ ਆਪਣੀ ਕਰਤੂਤ ਤੇ ਪਛਤਾਉਣ ਲੱਗੇ ਤੇ ਰਹਿਮ ਲਈ ਲਿਲਕੜੀਆਂ ਲੈਣ ਲੱਗੇ।

"ਸਾਨੂੰ ਸਾਡੀ ਨੀਚਤਾ ਤੇ ਚਲਾਕੀ ਦੀ ਮਾਫੀ ਦੇ ਦਿਓ," ਉਹਨਾਂ ਆਖਿਆ। " ਸਾਡੇ ਕੋਲੋਂ ਭੇਟਾ ਲੈ ਲਓ ਤੇ ਹਾਲੀ ਵੀ ਜਾ ਕੇ ਆਰਾਮ ਨਾਲ ਆਪਣਾ ਲੂਣ ਖਰੀਦ ਲਵੇ, ਤੇ ਅਸੀਂ ਉਹਨਾਂ ਕੋਲੇ ਕੌਡੀ ਨਹੀ ਮੰਗਦੇ।"

ਤੇ ਫੇਰ ਵੋਲਗਾ ਨੇ ਬਾਰਾਂ ਸਾਲਾਂ ਦਾ ਟੈਕਸ ਉਗਰਾਹਿਆ, ਤੇ ਸੂਰਬੀਰ ਆਪਣੇ ਘਰੀਂ ਮੁੜ ਗਏ।

ਵੋਲਗਾ ਨੇ ਹਾਲੀ ਨੂੰ ਆਖਿਆ :

"ਆ, ਮੈਨੂੰ ਦਸ, ਰੂਸੀ ਸੂਰਬੀਰਾ, ਤੇਰਾ ਨਾਂ ਕੀ ਏ ਤੇ ਤੇਰੇ ਪਿਓ ਦਾ ਕੀ ਨਾਂ ਏ ਤਾਂ ਜੋ ਮੈਨੂੰ ਪਤਾ ਲੱਗੇ ਕਿ ਤੈਨੂੰ ਬੁਲਾਇਆ ਕਿਵੇਂ ਕਰਨਾ ਏ ?"

"ਆ ਮੇਰੇ ਨਾਲ ਮੇਰੇ ਘਰ, ਵੋਲਗਾ ਵਸੇਸਲਾਵੀਏਵਿਚ, " ਹਾਲੀ ਨੇ ਜਵਾਬ ਦਿੱਤਾ। ਫੇਰ ਤੈਨੂੰ ਪਤਾ ਲਗ ਜਾਊ ਕਿ ਲੋਕ ਕਿਹੜੇ ਨਾਂ ਨਾਲ ਮੇਰਾ ਆਦਰ ਕਰਦੇ ਨੇ।"

ਸੂਰਬੀਰ ਘੋੜਿਆਂ ਤੇ ਸਵਾਰ ਅੱਗੇ ਵਧੇ ਤੇ ਉਹ ਖੇਤ ਵਿਚ ਆ ਗਏ ਤੇ ਹਾਲੀ ਨੇ ਆਪਣਾ ਹਲ ਪੁਟਿਆ। ਫੇਰ ਉਹਨੇ ਸਾਰਾ ਖੇਤ ਵਾਹਿਆ ਤੇ ਇਹਦੇ ਵਿਚ ਸੁਨਹਿਰੀ ਅਨਾਜ ਬੀਜਿਆ।..

ਅਸਤਦੇ ਸੂਰਜ ਦੀਆਂ ਕਿਰਨਾਂ ਨਾਲ ਅਸਮਾਨ ਦਗ ਉਠਿਆ, ਤੇ ਓਧਰ ਹਾਲੀ ਦੇ ਖੇਤ ਵਿਚ ਰਾਈ ਦੀ ਸਰ ਸਰ ਹੋਣ ਲਗ ਪਈ ਸੀ।

ਹਨੇਰੀ ਰਾਤ ਆ ਲੱਥੀ, ਤੇ ਉਹਨੇ ਫਸਲ ਵੱਢੀ। ਤੜਕੇ ਉਹਨੇ ਫਸਲ ਗਾਹੀ ਦੁਪਹਿਰੇ ਉਡਾਈ, ਰੋਟੀ ਵੇਲੇ ਤਾਈਂ ਉਹਨੇ ਪੀਹ ਲਈ ਤੇ ਆਟਾ ਗੁੰਨ ਲਿਆ ਤੇ ਤ੍ਰਿਕਾਲਾਂ ਨੂੰ ਉਹਨੇ ਲੋਕ ਨੂੰ ਆਦਰ ਮਾਣ ਨਾਲ ਦਾਅਵਤ ਉਤੇ ਸਦਿਆ।

ਉਹਨਾਂ ਨੇ ਪਾਈ ਖਾਧੀਆਂ, ਘਰ ਦੀ ਕੱਢੀ ਸ਼ਰਾਬ ਪੀਤੀ ਤੇ ਹਾਲੀ ਦੀ ਵਡਿਆਈ ਕੀਤੀ। ਨੇਕ ਤੇ ਬੀਬੇ ਲੋਕਾਂ ਨੇ ਕਿਹਾ:

"ਅਸੀਂ ਦਿਲੋਂ ਤੇਰੇ ਧੰਨਵਾਦੀ ਆਂ, ਪਿਆਰੇ ਮੀਕੂਲਾ, ਹਾਲੀਆ ।"

245 / 245
Previous
Next