

ਪੁੱਤਰਾਂ ਨੇ ਪਿਉ ਸਾਹਮਣੇ ਸੀਸ ਨਿਵਾਇਆ, ਤੇ ਤਿੰਨਾਂ ਨੇ ਹੀ ਇਕ-ਇਕ ਤੀਰ ਫੜ ਲਿਆ ਤੇ ਬਾਹਰ ਖੁਲ੍ਹੇ ਮੈਦਾਨ ਵਿਚ ਨਿਕਲ ਆਏ। ਉਥੇ ਉਹਨਾਂ ਆਪੋ ਆਪਣੀਆਂ ਕਮਾਣਾਂ ਖਿੱਚੀਆਂ ਤੇ ਤੀਰ ਛਡ ਦਿਤੇ।
ਸਭ ਤੋਂ ਵਡੇ ਪੁੱਤਰ ਦਾ ਤੀਰ ਇਕ ਜਾਗੀਰਦਾਰ ਦੇ ਵਿਹੜੇ ਵਿਚ ਡਿੱਗਾ ਤੇ ਉਹਨੂੰ ਜਾਗੀਰਦਾਰ ਦੀ ਧੀ ਨੇ ਚੁੱਕ ਲਿਆ। ਵਿਚਲੇ ਪੁੱਤਰ ਦਾ ਤੀਰ ਇਕ ਬਖਤਾਵਰ ਵਪਾਰੀ ਦੇ ਵਿਹੜੇ ਵਿਚ ਡਿੱਗਾ ਤੇ ਉਹਨੂੰ ਵਪਾਰੀ ਦੀ ਧੀ ਨੇ ਚੁੱਕ ਲਿਆ। ਤੇ ਸਭ ਤੋਂ ਛੋਟੇ ਪੁੱਤਰ ਇਵਾਨ-ਰਾਜਕੁਮਾਰ ਨਾਲ ਇਹ ਹੋਇਆ ਕਿ ਉਹਦਾ ਤੀਰ ਉਪਰ ਵਲ ਨੂੰ ਚਲਾ ਗਿਆ ਤੇ ਉਹਨੂੰ ਪਤਾ ਨਾ ਲਗਾ। ਉਹ ਕਿੱਧਰ ਉਡ ਗਿਆ। ਉਹ ਉਹਦੀ ਭਾਲ ਵਿਚ ਨਿਕਲ ਪਿਆ ਤੇ ਟੁਰਦਾ ਗਿਆ। ਟੁਰਦਾ ਗਿਆ, ਤੇ ਇਕ ਦਲਦਲ ਕੋਲ ਜਾ ਅਪੜਿਆ ਤੇ ਓਥੇ ਉਹਨੇ ਵੇਖਿਆ। ਇਕ ਡੱਡ ਉਹਦਾ ਤੀਰ ਮੂੰਹ ਵਿਚ ਪਾਈ ਬੈਠੀ ਸੀ। ਇਵਾਨ-ਰਾਜਕੁਮਾਰ ਨੇ ਡੱਡ ਨੂੰ ਆਖਿਆ:
"ਡੱਡੀਏ, ਡੱਡੀਏ, ਮੇਰਾ ਤੀਰ ਮੈਨੂੰ ਵਾਪਸ ਦੇ ਦੇ।"
ਪਰ ਡੱਡ ਨੇ ਜਵਾਬ ਦਿੱਤਾ :
"ਦੇਵਾਂ ਤਾਂ ਜੇ ਤੂੰ ਮੇਰੇ ਨਾਲ ਵਿਆਹ ਕਰਾਏ।"
"ਕੀ ਕਹਿ ਰਹੀ ਏ. ਡੱਡ ਨਾਲ ਵਿਆਹ ਕਿਵੇਂ ਕਰਾ ਲਾਂ !"
"ਤੈਨੂੰ ਕਰਾਣਾ ਪਏਗਾ, ਮੈ ਤੇਰੇ ਭਾਗੀ ਲਿਖੀ ਵਹੁਟੀ ਜੁ ਹੋਈ।"
ਇਵਾਨ-ਰਾਜਕੁਮਾਰ ਉਦਾਸ ਤੇ ਨਿਮੋਝੂਣਾ ਹੋ ਗਿਆ। ਪਰ ਉਹ ਕਰਦਾ ਤਾਂ ਕੀ ਕਰਦਾ। ਉਹਨੇ ਡੱਡ ਨੂੰ ਚੁੱਕ ਲਿਆ ਤੇ ਘਰ ਲੈ ਆਇਆ। ਤੇ ਜਾਰ ਨੇ ਤਿੰਨ ਵਿਆਹਾਂ ਦੇ ਜਸ਼ਨ ਕੀਤੇ. ਉਹਦਾ ਸਭ ਤੋਂ ਵਡਾ ਪੁੱਤਰ ਜਾਗੀਰਦਾਰ ਦੀ ਧੀ ਨਾਲ ਵਿਆਹਿਆ ਗਿਆ। ਉਹਦਾ ਵਿਚਲਾ ਪੁੱਤਰ- ਵਪਾਰੀ ਦੀ ਧੀ ਨਾਲ ਤੇ ਵਿਚਾਰਾ ਇਵਾਨ-ਰਾਜਕੁਮਾਰ ਡੱਡ ਨਾਲ।
ਕੁਝ ਚਿਰ ਲੰਘ ਗਿਆ ਤੇ ਜ਼ਾਰ ਨੇ ਆਪਣੇ ਪੁੱਤਰਾਂ ਨੂੰ ਆਪਣੇ ਕੋਲ ਬੁਲਾਇਆ।
"ਮੈ ਵੇਖਣਾ ਚਾਹੁਨਾਂ, ਤੁਹਾਡੇ'ਚੋਂ ਕਿਦ੍ਹੀ ਵਹੁਟੀ ਨੂੰ ਸਿਲਾਈ ਸਭ ਤੋਂ ਚੰਗੀ ਆਉਂਦੀ ਏ." ਉਹਨੇ ਆਖਿਆ। "ਸਾਰੀਆਂ ਕੱਲ ਸਵੇਰ ਹੋਣ ਤੱਕ ਮੇਰੇ ਲਈ ਇਕ-ਇਕ ਕਮੀਜ਼ ਬਣਾਣ।"
ਪੁੱਤਰਾਂ ਨੇ ਪਿਓ ਸਾਹਮਣੇ ਸੀਸ ਨਿਵਾਇਆ ਤੇ ਚਲੇ ਗਏ।
ਇਵਾਨ-ਰਾਜਕੁਮਾਰ ਘਰ ਆਇਆ, ਬਹਿ ਗਿਆ ਤੇ ਉਹਨੇ ਸਿਰ ਨੀਵਾਂ ਪਾ ਲਿਆ। ਤੇ ਡੱਡ ਟਪੇਸੀ ਮਾਰ ਫਰਸ਼ ਉਤੇ ਤੇ ਫੇਰ ਉਹਦੇ ਕੋਲ ਆ ਪੁੱਜੀ ਤੇ ਪੁੱਛਣ ਲਗੀ :
“ਇਵਾਨ-ਰਾਜਕੁਮਾਰ, ਸੋਚੀ ਕਿਉਂ ਡੁੱਬਾ ਹੋਇਐ? ਕਾਹਦੀ ਚਿੰਤਾ ਲਗੀ ਹੋਈ ਆ?"