ਸਭ ਤੋਂ ਖ਼ਤਰਨਾਕ...
(ਪਾਸ਼ ਦੀ ਸਮੁੱਚੀ ਉਪਲੱਬਧ ਸ਼ਾਇਰੀ)
ਸੰਪਾਦਕ : ਕੁਲਵਿੰਦਰ
ਭੂਮਿਕਾ
ਇੱਕ ਕਵੀ ਵਜੋਂ ਪਾਸ਼ ਜਿੰਨੀ ਸ਼ੁਹਰਤ ਬਹੁਤ ਘੱਟ ਕਵੀਆਂ ਨੂੰ ਨਸੀਬ ਹੋਈ ਹੈ। ਜਿਉਂਦੇ ਜੀਅ ਪਾਸ਼ ਦੀ ਕਵਿਤਾ ਦੀਆਂ ਸਿਰਫ਼ ਤਿੰਨ ਕਿਤਾਬਾਂ ਛਪੀਆਂ। 'ਲੋਹਕਥਾ (1970), 'ਉੱਡਦੇ ਬਾਜ਼ਾਂ ਮਗਰ' (1974) ਅਤੇ 'ਸਾਡੇ ਸਮਿਆਂ ਵਿੱਚ' (1978)। ਆਪਣੀ 1967 ਵਿੱਚ ਪਹਿਲੀ ਰਚਨਾ ਦੇ ਛਪਣ ਤੋਂ ਲੈ ਕੇ 1988 ਤੱਕ ਆਪਣੀ ਆਖ਼ਰੀ ਰਚਨਾ ਛਪਣ ਵਿਚਲਾ ਸਮਾਂ ਕੋਈ ਵੀਹ ਕੁ ਸਾਲ ਬਣਦਾ ਹੈ। 'ਸਾਡੇ ਸਮਿਆਂ ਵਿਚ' ਛਪਣ ਤੋਂ ਬਾਅਦ ਆਪਣੇ ਜੀਵਨ ਦੇ ਆਖਰੀ ਦਹਾਕੇ (1978-88) ਦੌਰਾਨ ਪਾਸ਼ ਨੇ ਬਹੁਤ ਘੱਟ ਕਵਿਤਾ ਲਿਖੀ, ਪਰ ਇਸ ਦੌਰ ਵਿੱਚ ਪਾਸ਼ ਦੀਆਂ ਛਪੀਆਂ ਚਾਰ ਕਵਿਤਾਵਾਂ 'ਖੂਹ', 'ਧਰਮ ਦੀਕਸ਼ਾ ਲਈ ਬਿਨੈ-ਪੱਤਰ', 'ਬੇਦਖ਼ਲੀ ਲਈ ਬਿਨੈ-ਪੱਤਰ' ਅਤੇ 'ਸਭ ਤੋਂ ਖ਼ਤਰਨਾਕ’ ਪਾਸ਼ ਦੀ ਪ੍ਰਤਿਭਾ ਦੀ ਹਾਮੀ ਭਰਦੀਆਂ ਹਨ। ਇਸ ਤਰ੍ਹਾਂ ਪਾਸ਼ ਦੇ ਸਰਗਰਮ ਰਚਨਾਕਾਲ ਦੀ ਉਮਰ ਸਿਰਫ਼ ਇੱਕ ਦਹਾਕਾ ਬਣਦੀ ਹੈ।
23 ਮਾਰਚ, 1988 ਨੂੰ ਖਾਲਸਤਾਨੀਆਂ ਵੱਲੋਂ ਸ਼ਹੀਦ ਕੀਤੇ ਜਾਣ ਤੋਂ ਬਾਅਦ ਪਾਸ਼ ਫਿਰਕਾਪ੍ਰਸਤ ਤਾਕਤਾਂ ਵਿਰੋਧੀ ਇੱਕ ਚਿੰਨ ਬਣ ਕੇ ਉੱਭਰਿਆ । ਹੰਗਾਮੀ ਹਾਲਤ ਵਿੱਚ ਅਪ੍ਰੈਲ 1988 ਨੂੰ ਛਪੇ ਸੰਗ੍ਰਿਹ 'ਲੜਾਂਗੇ ਸਾਥੀ' ਵਿੱਚ ਪਾਸ਼ ਦੀਆਂ ਇਨ੍ਹਾਂ ਤਿੰਨ ਕਿਤਾਬਾਂ ਵਿੱਚ ਛਪੀਆਂ ਰਚਨਾਵਾਂ ਤੋਂ ਇਲਾਵਾ ਕੁਝ ਅਣਛਪੀਆਂ ਰਚਨਾਵਾਂ ਵੀ ਸ਼ਾਮਲ ਕੀਤੀਆਂ ਸਨ। ਅਗਲੇ ਸਾਲ ਪਾਸ਼ ਦੀਆਂ ਅਣਛਪੀਆਂ ਕਵਿਤਾਵਾਂ ਦਾ ਸੰਗ੍ਰਿਹ 'ਖਿਲਰੇ ਹੋਏ ਵਰਕੇ' ਛਪਿਆ। ਸ਼ਹੀਦੀ ਤੋਂ ਬਾਅਦ ਪਹਿਲੀ ਵਾਰ ਪਾਸ਼ ਦੀ ਸ਼ਾਇਰੀ ਹੋਰਨਾ ਭਾਸ਼ਾਵਾਂ ਦੇ ਪਾਠਕਾਂ ਤੱਕ ਪਹੁੰਚੀ। ਪਾਸ਼ ਦਾ ਬਿੰਬ ਇੱਕ ਵੱਡੇ ਕਵੀ ਵਜੋਂ ਉੱਭਰਿਆ। ਉਸ ਦੀ ਤੁਲਨਾ ਧੂਮਲ, ਮੁਕਤੀਬੋਧ, ਲੋਰਕਾ ਅਤੇ ਪਾਬਲੋ ਨੇਰੂਦਾ ਨਾਲ ਕੀਤੀ ਜਾਣ ਲੱਗੀ।
ਆਪਣੀ ਮੌਤ ਦੇ ਢਾਈ ਦਹਾਕੇ ਬਾਅਦ ਅੱਜ ਵੀ ਸਮਾਜ ਨੂੰ ਬਦਲਣ ਲਈ ਇਛੁੱਕ ਨੌਜੁਆਨਾਂ ਵਿੱਚ ਪਾਸ਼ ਦੀ ਸ਼ਾਇਰੀ ਪ੍ਰਤੀ ਇੱਕ ਖਿੱਚ ਮੌਜੂਦ ਹੈ। ਤਰੱਕੀਪਸੰਦ ਸੰਗੀਤ ਮੰਡਲੀਆਂ ਉਸ ਦੀ ਸ਼ਾਇਰੀ ਨੂੰ ਅੱਜ ਵੀ ਗਾਉਂਦੀਆਂ ਹਨ। ਇਹੀ ਕਾਰਨ ਹੈ ਕਿ ਪਾਸ਼ ਦੀ ਸ਼ਾਇਰੀ ਦੇ ਅਨੇਕਾਂ ਸੰਗ੍ਰਿਹ ਛਪ ਚੁਕੇ ਹਨ। ਅੱਜ ਵੀ ਗਾਹੇ ਬਗਾਹੇ ਪਾਸ਼ ਦੀਆਂ ਅਣਛਪੀਆਂ ਰਚਨਾਵਾਂ ਛਪਦੀਆਂ ਰਹਿੰਦੀਆਂ ਹਨ।
***
ਹੱਥਲੇ ਸੰਗ੍ਰਿਹ ਵਿੱਚ ਪਾਸ਼ ਦੀ ਸਮੁੱਚੀ ਉਪਲੱਬਧ ਸ਼ਾਇਰੀ ਨੂੰ ਇੱਕ ਥਾਂ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਰਚਨਾਵਾਂ ਦੀ ਤਰਤੀਬ ਕੁੱਝ ਇਸ ਤਰ੍ਹਾਂ ਹੈ:
ਜਿਉਂਦੇ ਜੀਅ ਪਾਸ਼ ਨੇ ਆਪਣੀਆਂ ਤਿੰਨੇ ਕਿਤਾਬਾਂ-'ਲੋਹਕਥਾ', 'ਉੱਡਦੇ ਬਾਜ਼ਾਂ ਮਗਰ' ਅਤੇ 'ਸਾਡੇ ਸਮਿਆਂ ਵਿਚ' ਵਿੱਚ ਕੋਈ ਤਬਦੀਲੀ ਨਹੀਂ ਕੀਤੀ। ਜਾਂ ਜੇ ਉਸ ਨੇ ਕੋਈ ਤਬਦੀਲੀ ਕਰਨੀ ਵੀ ਚਾਹੀ ਤਾਂ ਚਾਹੁੰਦੇ ਹੋਏ ਵੀ ਉਹ ਇਨ੍ਹਾਂ ਵਿੱਚ ਕੋਈ ਤਬਦੀਲੀ ਕਰ ਨਹੀਂ ਸਕਿਆ। 'ਲੋਹਕਥਾ' ਦੇ ਨਵੇਂ ਐਡੀਸ਼ਨ ਦੀ ਅਣਛਪੀ ਭੂਮਿਕਾ ਇਸ ਦੀ ਗਵਾਹੀ ਹੈ। ਪਾਸ਼
ਦੀਆਂ ਇਨ੍ਹਾਂ ਤਿੰਨ ਕਿਤਾਬਾਂ ਵਿਚਲੀਆਂ ਕਵਿਤਾਵਾਂ ਨੂੰ ਪਹਿਲੇ ਤਿੰਨ ਭਾਗਾਂ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਕਵਿਤਾਵਾਂ ਦੀ ਤਰਤੀਬ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਸਿਰਫ਼ 'ਉੱਡਦੇ ਬਾਜ਼ਾਂ ਮਗਰ' ਵਿਚਲੇ ਗੀਤਾਂ ਅਤੇ ਜੇਲ੍ਹ ਨਾਲ ਸਬੰਧਤ ਰਚਨਾਵਾਂ ਨੂੰ ਵੱਖਰੇ ਭਾਗਾਂ ਵਿੱਚ ਰੱਖਿਆ ਗਿਆ ਹੈ। ਕਵਿਤਾਵਾਂ ਦੀ ਇਬਾਰਤ ਵਿੱਚ ਸੰਭਵ ਹੱਦ ਤੱਕ ਕੋਈ ਤਬਦੀਲੀ ਨਹੀਂ ਕੀਤੀ। ਛੋਟ ਵਜੋਂ ਸਿਰਫ਼ ਕੁਝ ਕਵਿਤਾਵਾਂ ਵਿੱਚ ਹੀ ਜ਼ਰੂਰੀ ਤਬਦੀਲੀ ਕੀਤੀ ਗਈ ਹੈ।
ਪਾਸ਼ ਨੇ ਜ਼ਿਆਦਾਤਰ ਖੁੱਲ੍ਹੀ ਕਵਿਤਾ ਦੀ ਰਚਨਾ ਕੀਤੀ ਹੈ। ਫਿਰ ਵੀ ਉਸ ਦੀ ਛੰਦਬੱਧ ਰਚਨਾ ਨੂੰ ਵੀ ਮਕਬੂਲੀਅਤ ਹਾਸਲ ਹੋਈ ਹੈ । ਪਾਸ਼ ਦੀ ਛੰਦਬੱਧ ਸ਼ਾਇਰੀ ਨੂੰ ਅੱਜ ਵੀ ਲੋਕ ਮੰਡਲੀਆਂ ਦੁਆਰਾ ਗਾਇਆ ਜਾਂਦਾ ਹੈ। ਪਾਸ਼ ਦੇ ਗੀਤਾਂ ਗ਼ਜ਼ਲਾਂ ਤੇ ਹੋਰ ਛੰਦਬੱਧ ਰਚਨਾਵਾਂ ਨੂੰ ਭਾਗ -4 ਵਿੱਚ ਰੱਖਿਆ ਗਿਆ ਹੈ। 'ਅਹਿਮਦ ਸਲੀਮ ਦੇ ਨਾਂ' ਭਾਵੇਂ ਛੰਦਬੱਧ ਰਚਨਾ ਹੈ ਪਰ ਇਸ ਨੂੰ 'ਉੱਡਦੇ ਬਾਜ਼ਾਂ ਮਗਰ' ਵਿੱਚ ਹੀ ਰੱਖਿਆ ਗਿਆ ਹੈ।
ਪਾਸ਼ ਦੀਆਂ ਜੇਲ੍ਹ ਨਾਲ ਸਬੰਧਤ ਰਚਨਾਵਾਂ ਨੂੰ ਇੱਕ ਵੱਖਰੇ ਹਿੱਸੇ ਇਸ ਸੰਗ੍ਰਿਹ ਦੇ ਭਾਗ -5 ਵਿੱਚ ਰੱਖਿਆ ਗਿਆ ਹੈ।
'ਲੋਹ ਕਥਾ' ਅਤੇ 'ਉੱਡਦੇ ਬਾਜ਼ਾਂ ਮਗਰ' ਛਪਣ ਵਿੱਚ ਚਾਰ ਸਾਲਾਂ ਦਾ ਵਕਫ਼ਾ ਹੈ। ਇਸ ਸਮੇਂ ਦੌਰਾਨ ਪਾਸ਼ ਦੀਆਂ ਕੁਝ ਛਪੀਆਂ ਹੋਈਆਂ ਰਚਨਾਵਾਂ ਨੂੰ ਇਸ ਸੰਗ੍ਰਿਹ ਦੇ ਭਾਗ -6 ਵਿੱਚ ਰੱਖਿਆ ਗਿਆ ਹੈ। ਇਹ ਰਚਨਾਵਾਂ ਪਾਸ਼ ਦੀਆਂ ਮਗਰਲੀਆਂ ਦੋ ਕਿਤਾਬਾਂ 'ਉੱਡਦੇ ਬਾਜ਼ਾਂ ਮਗਰ' ਅਤੇ 'ਸਾਡੇ ਸਮਿਆਂ ਵਿੱਚ' ਵਿੱਚ ਸ਼ਾਮਲ ਨਹੀਂ ਹਨ।
ਭਾਗ-7 ਵਿੱਚ ਪਾਸ਼ ਦੀ ਡਾਇਰੀ ਵਿਚਲੀਆਂ ਰਚਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ 'ਲੋਹਕਥਾ', 'ਉੱਡਦੇ ਬਾਜ਼ਾਂ ਮਗਰ' ਅਤੇ 'ਸਾਡੇ ਸਮਿਆਂ ਵਿੱਚ' ਵਿੱਚ ਛਪ ਚੁੱਕੀਆਂ ਰਚਨਾਵਾਂ ਸ਼ਾਮਲ ਨਹੀਂ ਹਨ। ਉਨ੍ਹਾਂ ਨੂੰ ਸਬੰਧਤ ਕਿਤਾਬਾਂ ਵਾਲੇ ਹਿੱਸਿਆਂ ਵਿੱਚ ਹੀ ਰੱਖਿਆ ਗਿਆ ਹੈ।
ਭਾਗ - 8 ਵਿੱਚ ਪਾਸ਼ ਦੀ ਇੱਕ ਕਾਪੀ ਵਿੱਚ ਲਿਖੀਆਂ ਰਚਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਪਾਸ਼ ਦੀ ਚਰਚਿਤ ਕਵਿਤਾ 'ਮੈਂ ਸਲਾਮ ਕਰਦਾ ਹਾਂ' ਵੀ ਸ਼ਾਮਲ ਹੈ।
ਭਾਗ - 9 ਵਿੱਚ ਹੋਰਨਾਂ ਸ੍ਰੋਤਾਂ ਤੋਂ ਹਾਸਲ ਰਚਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਹਥਲੇ ਸੰਗ੍ਰਿਹ ਦਾ ਇਹ ਹਿੱਸਾ ਇਸ ਕਿਤਾਬ ਦਾ ਸਭ ਤੋਂ ਵੱਡਾ ਹਿੱਸਾ ਹੈ। ਰਚਨਾਵਾਂ ਦੀ ਤਰਤੀਬ ਵਿੱਚ ਨਿੱਜ ਨਾਲ ਸਬੰਧਤ ਰਚਨਾਵਾਂ ਇਸ ਭਾਗ ਦੇ ਸ਼ੁਰੂ ਵਿੱਚ ਰੱਖੀਆਂ ਗਈਆਂ ਹਨ। ਅੰਤ ਵਿੱਚ ਸਮੂਹਕਤਾ ਦੀ ਰਮਜ਼ ਵਾਲੀਆਂ ਰਚਨਾਵਾਂ ਹਨ। ਇਨ੍ਹਾਂ ਦੋਵਾਂ ਵਿਚਾਲੇ ਨਿੱਜ ਤੇ ਸਮੂਹ ਨੂੰ ਸੁਮੇਲਣ ਵਾਲੀਆਂ ਰਚਨਾਵਾਂ ਰੱਖੀਆਂ ਗਈਆਂ ਹਨ।
ਸ਼ਹੀਦਾਂ ਨਾਲ ਸਬੰਧਤ ਪਾਸ਼ ਦੀਆਂ ਪੰਜ ਰਚਨਾਵਾਂ ਮਿਲਦੀਆਂ ਹਨ ਜੋ ਕਿ ਜਲ੍ਹਿਆਂਵਾਲੇ ਬਾਗ, ਭਗਤ ਸਿੰਘ, ਬਾਬਾ ਬੂਝਾ ਸਿੰਘ ਅਤੇ ਪਿਰਥੀਪਾਲ ਰੰਧਾਵਾ ਦੀ ਸ਼ਹੀਦੀ ਨਾਲ ਸਬੰਧਤ ਹਨ। ਇਨ੍ਹਾਂ ਰਚਨਾਵਾਂ ਨੂੰ ਭਾਗ- 10 ਵਿੱਚ ਰੱਖਿਆ ਗਿਆ ਹੈ। ਰਚਨਾਵਾਂ ਨੂੰ ਤਰਤੀਬ ਦੇਣ ਵਿੱਚ ਕਾਲਖੰਡ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ।
ਪਾਸ਼ ਦੁਆਰਾ ਲਿਖੀਆਂ ਕੁਝ ਨਿੱਜੀ ਰਚਨਾਵਾਂ ਵੀ ਮਿਲਦੀਆਂ ਹਨ। ਇਨ੍ਹਾਂ ਰਚਨਾਵਾਂ ਨੂੰ ਪਾਸ਼ ਸ਼ਾਇਦ ਕਦੀ ਨਾ ਛਪਵਾਉਂਦਾ। ਪਰ ਕਿਉਂਕਿ ਇਹ ਰਚਨਾਵਾਂ ਪਹਿਲਾਂ ਹੀ ਛਪ ਚੁੱਕੀਆਂ ਹਨ, ਇਸ ਲਈ ਇਨ੍ਹਾਂ ਨੂੰ ਇਸ ਸੰਗ੍ਰਿਹ ਵਿੱਚ ਛਾਪਿਆ ਜਾ ਰਿਹਾ ਹੈ। ਇਨ੍ਹਾਂ
ਰਚਨਾਵਾਂ ਨੂੰ ਭਾਗ- 11 ਵਿੱਚ ਰੱਖਿਆ ਗਿਆ ਹੈ।
ਪਾਸ਼ ਦੁਆਰਾ ਆਪਣੀਆਂ ਕੁਝ ਪ੍ਰਸਿੱਧ ਕਵਿਤਾਵਾਂ ਦੇ ਛਾਂਗੇ ਗਏ ਹਿੱਸੇ ਅਤੇ ਅਧੂਰੀਆਂ ਰਚਨਾਵਾਂ ਨੂੰ ਭਾਗ- 12 ਵਿੱਚ ਰੱਖਿਆ ਗਿਆ ਹੈ।
ਭਾਗ - 13 ਵਿੱਚ ਪਾਸ਼ ਦੀਆਂ ਉਹ ਰਚਨਾਵਾਂ ਰੱਖੀਆਂ ਗਈਆਂ ਹਨ ਜੋ ਪਹਿਲੀ ਵਾਰ ਇਸ ਸੰਗ੍ਰਿਹ ਵਿੱਚ ਛਾਪੀਆਂ ਜਾ ਰਹੀਆਂ ਹਨ।
ਭਾਗ-14 ਵਿੱਚ ਪਾਸ਼ ਦੀ ਹਿੰਦੀ-ਉਰਦੂ ਸ਼ਾਇਰੀ ਸ਼ਾਮਲ ਕੀਤੀ ਗਈ ਹੈ। ਇਨ੍ਹਾਂ 'ਚੋਂ ਇੱਕ ਰਚਨਾ 'ਤੁਮ੍ਹਾਰੇ ਪੁਰਖੇ' ਨੂੰ ਛੱਡ ਕੇ ਬਾਕੀ ਸਾਰੀਆਂ ਰਚਨਾਵਾਂ ਪਹਿਲੀ ਵਾਰ ਇਸ ਸੰਗ੍ਰਿਹ ਵਿੱਚ ਛਪ ਰਹੀਆਂ ਹਨ।
ਭਾਗ 15 ਵਿੱਚ ਪਾਸ਼ ਦੀਆਂ 'ਸਾਡੇ ਸਮਿਆਂ ਵਿੱਚ' ਤੋਂ ਬਾਅਦ ਛਪੀਆਂ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਇਨ੍ਹਾਂ ਦਾ ਛਪਣ ਕਾਲ 1982 ਤੋਂ 1988 ਤੱਕ ਦਾ ਹੈ। ਇਸ ਵਿੱਚ ਪਾਸ਼ ਦੀਆਂ ਕੁਝ ਸਭ ਤੋਂ ਚਰਚਿਤ ਰਚਨਾਵਾਂ 'ਧਰਮ ਦੀਕਸ਼ਾ ਲਈ ਬਿਨੈ-ਪੱਤਰ' ਅਤੇ 'ਬੇਦਖ਼ਲੀ ਲਈ ਬਿਨੈ-ਪੱਤਰ' ਤੋਂ ਇਲਾਵਾ ਪਾਸ਼ ਦੀ ਛਪੀ ਆਖ਼ਰੀ ਰਚਨਾ 'ਸਭ ਤੋਂ ਖ਼ਤਰਨਾਕ' ਸ਼ਾਮਲ ਹੈ, ਜੋ ਜਨਵਰੀ 1988 ਵਿੱਚ ਛਪੀ ਸੀ।
ਅੰਤਲੇ ਹਿੱਸੇ (ਭਾਗ- 16) ਵਿੱਚ ਪਾਸ਼ ਵੱਲੋਂ ਅਨੁਵਾਦਤ ਰਚਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਪਾਸ਼ ਦੇ ਨਾਂ ਨਾਲ ਜੁੜੀ ਕਵਿਤਾ 'ਘਾਹ' ਨੂੰ ਵੀ ਇਸੇ ਹਿੱਸੇ ਵਿੱਚ ਰੱਖਿਆ ਗਿਆ ਹੈ।
***
ਪਾਸ਼ ਦੀਆਂ ਰਚਨਾਵਾਂ ਨੂੰ ਜਿੱਥੋਂ ਤੱਕ ਸੰਭਵ ਹੋ ਸਕਿਆ ਉਸ ਦੀ ਹਾਸਲ ਮੂਲ ਹੱਥਲਿਖਤ ਨਾਲ ਮੇਚਿਆ ਗਿਆ ਹੈ। ਪਾਠਕਾਂ ਦੀ ਸਹੂਲਤ ਲਈ ਹਰੇਕ ਰਚਨਾ ਦੇ ਪਾਠ ਦੇ ਮੂਲ ਦਾ ਹਵਾਲਾ ਦਿਤਾ ਗਿਆ ਹੈ, ਤਾਂ ਕਿ ਲੋੜ ਸਮਝਣ ਤੇ ਉਹ ਮੂਲ ਹਵਾਲਾ ਵਾਚ ਸਕਣ। 'ਲੋਹਕਥਾ', 'ਉੱਡਦੇ ਬਾਜ਼ਾਂ ਮਗਰ' ਅਤੇ 'ਸਾਡੇ ਸਮਿਆਂ ਵਿਚ' ਦੀਆਂ ਕਵਿਤਾਵਾਂ ਦੇ ਪਾਠ ਵਿੱਚ ਬਹੁਤ ਜ਼ਰੂਰੀ ਲੱਗਣ ਤੇ ਹੀ ਲੋੜੀਂਦੀ ਤਬਦੀਲੀ ਕੀਤੀ ਗਈ ਹੈ । ਬਾਕੀ ਰਚਨਾਵਾਂ ਦਾ ਪਾਠ ਜਿਥੋਂ ਤੱਕ ਸੰਭਵ ਹੋ ਸਕਿਆ ਉਸ ਰਚਨਾ ਦੀ ਮੂਲ ਹੱਥਲਿਖਤ ਅਨੁਸਾਰ ਰੱਖਿਆ ਗਿਆ। ਹੈ। ਵੱਖ ਵੱਖ ਥਾਵੇਂ ਛਪੀਆਂ ਪਾਸ਼ ਦੀਆਂ ਕਈ ਰਚਨਾਵਾਂ ਦੇ ਪਹਿਲਾਂ ਛਪੇ ਪਾਠਾਂ ਵਿੱਚ ਕਾਫ਼ੀ ਫਰਕ ਮੌਜੂਦ ਹਨ। ਹੱਥਲੇ ਸੰਗ੍ਰਿਹ ਵਿੱਚ ਇਨ੍ਹਾਂ ਫ਼ਰਕਾਂ ਨੂੰ ਮੇਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਰ ਵੀ, ਜਿਨ੍ਹਾਂ ਰਚਨਾਵਾਂ ਦੇ ਵੱਖ-ਵੱਖ ਪਾਠਾਂ ਵਿੱਚ ਬਹੁਤ ਜ਼ਿਆਦਾ ਫਰਕ ਸਨ, ਵੱਖ-ਵੱਖ ਥਾਵੇਂ ਛਪੇ ਉਨ੍ਹਾਂ ਦੇ ਵਖਰੇਵਿਆਂ ਨੂੰ ਚਿੰਨਤ ਕੀਤਾ ਗਿਆ ਹੈ। ਜੇਕਰ ਕਿਸੇ ਰਚਨਾ ਦੇ ਦੋ ਪਾਠਾਂ ਵਿੱਚ ਬਹੁਤ ਜ਼ਿਆਦਾ ਫਰਕ ਸੀ ਤਾਂ ਉਸ ਦੇ ਦੋਵੇਂ ਪਾਠ ਦਿਤੇ ਗਏ ਹਨ।
ਪਾਸ਼ ਦੀਆਂ ਮੂਲ ਹੱਥਲਿਖਤਾਂ ਵਿੱਚ ਕਾਵਿ ਰਚਨਾਵਾਂ ਦੇ ਨਾਲ ਕਈ ਤਰ੍ਹਾਂ ਦੀ ਹੋਰ ਸਮਗਰੀ ਵੀ ਹੈ, ਪੰਜਾਬੀ ਅਤੇ ਹੋਰਨਾਂ ਭਾਸ਼ਾਵਾਂ ਦੇ ਕਵੀਆਂ ਦੀਆਂ ਰਚਨਾਵਾਂ ਵੀ ਹਨ। ਇਸ ਲਈ ਇਨ੍ਹਾਂ ਹੱਥਲਿਖਤਾਂ ਵਿੱਚ ਮੌਜੂਦ ਪਾਸ਼ ਦੀਆਂ ਮੌਲਿਕ ਕਾਵਿ ਰਚਨਾਵਾਂ ਨੂੰ ਛਾਂਟਣ ਦਾ ਕੰਮ ਹੋਰ ਵੀ ਔਖਾ ਹੋ ਜਾਂਦਾ ਹੈ। ਇਸੇ ਲਈ ਪਾਸ਼ ਦੀਆਂ ਹੱਥਲਿਖਤਾਂ ਵਿੱਚ ਮੌਜੂਦ ਕੁਝ ਹੋਰ ਕਾਵਿ ਰਚਨਾਵਾਂ ਨੂੰ ਹਵਾਲੇ ਦੀ ਘਾਟ ਕਰਕੇ ਫ਼ਿਲਹਾਲ ਛੱਡਿਆ ਗਿਆ ਹੈ। ਲੋੜੀਂਦੀ ਪੁਣ-ਛਾਣ ਦੇ ਬਾਅਦ ਇਨ੍ਹਾਂ ਰਚਨਾਵਾਂ ਨੂੰ ਅਗਲੇ ਐਡੀਸ਼ਨ ਵਿੱਚ ਸ਼ਾਮਲ ਕੀਤਾ ਜਾਵੇਗਾ। ਕਈ
ਸਾਲ ਪਹਿਲਾਂ ਦੇਸ਼ ਸੇਵਕ ਵਿੱਚ ਛਪੀ ਪਾਸ਼ ਦੀ ਰਚਨਾ 'ਸੰਧੀ-ਭੰਗ' ਨੂੰ ਅਸੀਂ ਚਾਹ ਕੇ ਵੀ ਹਾਸਲ ਨਹੀਂ ਕਰ ਸਕੇ।
***
ਸਮਾਜਕ ਸਰੋਕਾਰਾਂ ਲਈ ਸੁਚੇਤ ਲੇਖਕ ਲਈ ਰਚਨਾ ਕੋਈ ਉੱਪਰੋਂ ਆਇਆ ਇਲਹਾਮ ਨਹੀਂ ਹੁੰਦੀ। ਉਹ ਆਪਣੀ ਰਚਨਾ ਨੂੰ ਮਾਂਜਦਾ ਸੁਆਰਦਾ ਹੈ। ਕਿਸੇ ਰਚਨਾ ਤੋਂ ਸੰਤੁਸ਼ਟ ਨਾ ਹੋਣ 'ਤੇ ਉਹ ਇਸ ਨੂੰ ਮੁੜ-ਮੁੜ ਰਚਦਾ ਹੈ।
ਪਾਸ਼ ਦੀ ਰਚਨਾ ਪ੍ਰਕਿਰਿਆ ਵੀ ਕੁਝ ਅਜਿਹੀ ਹੀ ਸੀ। ਉਸ ਦੀਆਂ ਰਚਨਾਵਾਂ ਦੇ ਹਾਸਲ ਮੂਲ ਖਰੜਿਆਂ ਨੂੰ ਵਾਚਣ 'ਤੇ ਪਤਾ ਚਲਦਾ ਹੈ ਕਿ ਉਹ ਸ਼ਬਦਾਂ ਅਤੇ ਸਤਰਾਂ ਨੂੰ ਲਿਖ ਲਿਖ ਕੇ ਕੱਟਦਾ ਹੈ। ਸਤਰਾਂ ਤੇ ਪੈਰ੍ਹਿਆਂ ਦੀ ਤਰਤੀਬ ਉਲੱਦਦਾ ਹੈ। 'ਇਨਕਾਰ' ਦੇ ਖਰੜੇ ਵਿੱਚ ਮੌਜੂਦ ਸਤਰ 'ਮੈਂ ਜੱਟਾਂ ਦੇ ਘਰ ਜੰਮ ਕੇ' ਉਸ ਦੀ ਕਿਤਾਬ 'ਸਾਡੇ ਸਮਿਆਂ ਵਿੱਚ' ਛਪਣ ਵੇਲੇ 'ਖੇਤਾਂ ਦਾ ਪੁੱਤ ਹੋ ਕੇ' ਹੋ ਜਾਂਦੀ ਹੈ।
ਕਿਸੇ ਲੇਖਕ ਦੀ ਸਮੁੱਚੀ ਰਚਨਾ ਦੇ ਸੰਪਾਦਨ ਵਿੱਚ ਤੁਹਾਨੂੰ ਕਈ ਤਰ੍ਹਾਂ ਦੇ ਸੁਆਲਾਂ ਤੇ ਸਮੱਸਿਆਵਾਂ ਨਾਲ ਦੋ ਚਾਰ ਹੋਣਾ ਪੈਂਦਾ ਹੈ। ਖਾਸ ਤੌਰ 'ਤੇ ਉਦੋਂ ਜਦ ਇਨ੍ਹਾਂ ਦੇ ਲੇਖਕ ਦੀ ਮੌਤ ਹੋ ਚੁੱਕੀ ਹੋਵੇ। ਸਭ ਤੋਂ ਵੱਡਾ ਸੁਆਲ ਤਾਂ ਉਨ੍ਹਾਂ ਰਚਨਾਵਾਂ ਨੂੰ ਛਾਪਣ ਦੀ ਨੈਤਿਕਤਾ ਦਾ ਹੁੰਦਾ ਹੈ ਜੋ ਲੇਖਕ ਦੇ ਜਿਉਂਦੇ ਜੀਅ ਛਪੀਆਂ ਨਾ ਹੋਣ ਜਾਂ ਖੁਦ ਲੇਖਕ ਨੇ ਛਪਾਈਆਂ ਨਾ ਹੋਣ। ਪਰ ਲੇਖਕ ਦੀ ਸਮੁੱਚੀ ਸ਼ਖਸੀਅਤ ਨੂੰ ਸਮਝਣ, ਉਸ ਦੇ ਜੀਵਨ ਦੀਆਂ ਵਿਰੋਧਤਾਈਆਂ ਨੂੰ ਸਮਝਣ ਅਤੇ ਆਪਣੇ ਸਮਕਾਲੀ ਸਮਾਜ ਅਤੇ ਵਿਚਾਰਧਾਰਾ ਨਾਲ ਉਸ ਦੇ ਸੰਘਰਸ਼ ਨੂੰ ਸਮਝਣ ਲਈ ਵੀ ਅਤੇ ਉਸ ਦੀ ਰਚਨਾ ਪ੍ਰਕਿਰਿਆ ਨੂੰ ਸਮਝਣ ਲਈ ਵੀ ਉਸ ਦੇ ਸਮੁੱਚੇ ਰਚਨਾਕਰਮ ਨੂੰ ਵਾਚਣਾ ਜ਼ਰੂਰੀ ਹੁੰਦਾ ਹੈ। 'ਲੋਹਕਥਾ' ਦੀ ਪਹਿਲੀ ਕਵਿਤਾ 'ਭਾਰਤ' ਤੋਂ ਲੈ ਕੇ ਪਾਸ਼ ਦੀ ਛਪੀ ਆਖਰੀ ਕਵਿਤਾ 'ਸਭ ਤੋਂ ਖ਼ਤਰਨਾਕ' ਤੱਕ ਇੱਕ ਵਿਚਾਰਧਾਰਕ ਤੰਦ ਮੌਜੂਦ ਹੈ, ਪਾਸ਼ ਦੀਆਂ ਅਣਛਪੀਆਂ ਪੂਰੀਆਂ ਅਤੇ ਅਧੂਰੀਆਂ ਰਚਨਾਵਾਂ ਨੂੰ ਵੀ ਉਸੇ ਸੰਦਰਭ ਵਿੱਚ ਵਾਚਿਆ ਜਾਣਾ ਚਾਹੀਦਾ ਹੈ।
***
ਖੁਦ ਪਾਸ਼ ਆਪਣੀ ਰਚਨਾ ਨੂੰ ਅਲੋਚਨਾ ਦੇ ਨਜ਼ਰੀਏ ਨਾਲ ਦੇਖਦਾ ਸੀ। ਪਾਸ਼ 'ਲੋਹਕਥਾ' ਵਿੱਚ ਛਪੀ ਆਪਣੀ ਕਵਿਤਾ 'ਸੱਭਿਆਚਾਰ ਦੀ ਖੋਜ' ਨੂੰ ਪੰਜ ਸਾਲ ਬਾਅਦ 'ਲੋਹਕਥਾ' ਦੇ ਅਗਲੇ ਐਡੀਸ਼ਨ ਲਈ ਲਿਖੀ ਭੂਮਿਕਾ ਵਿੱਚ ਖਾਰਜ ਕਰ ਦਿੰਦਾ ਹੈ। ਇਸੇ ਭੂਮਿਕਾ ਵਿੱਚ ਪਾਸ਼ 'ਲੋਹਕਥਾ' ਵਿਚਲੀ ਆਪਣੀ ਕਵਿਤਾ ਦੀ ਅਲੋਚਨਾਤਮਕ ਪੜਚੋਲ ਕਰਦਾ ਲਿਖਦਾ ਹੈ, "ਅੱਜ- ਪੰਜ ਛੇ ਵਰ੍ਹੇ ਬਾਦ ਮੈਨੂੰ ਲੱਗਦਾ ਹੈ ਇਹ ਕਿਤਾਬ ਮੈਨੂੰ ਉਸ ਵੇਲੇ ਦੀ ਅਗਿਆਨਤਾ, ਬੇਸਿਰਪੈਰ-ਪੁਣੇ ਅਤੇ ਸਭ ਤੋਂ ਵੱਧ ਆਪਣੇ ਜਿਸਮ ਦੇ ਜਿਣਸੀ ਕੰਵਾਰ ਨੂੰ ਭੇਂਟ ਕਰ ਦੇਣੀ ਚਾਹੀਦੀ ਹੈ।" (ਲੋਹਕਥਾ ਦੀ ਅਣਛਪੀ ਭੂਮਿਕਾ, ਵਰਤਮਾਨ ਦੇ ਰੂਬਰੂ, ਸਫ਼ਾ 91) ਇਹ ਵੱਖਰੀ ਗੱਲ ਹੈ ਕਿ ਇਹ ਭੂਮਿਕਾ ਅਣਛਪੀ ਹੀ ਰਹਿ ਜਾਂਦੀ ਹੈ।
ਇਹੀ ਗੱਲ 'ਸਾਡੇ ਸਮਿਆਂ ਵਿੱਚ' ਦੀ ਭੂਮਿਕਾ ਬਾਰੇ ਕਹੀ ਜਾ ਸਕਦੀ ਹੈ। ਇਸ
ਭੂਮਿਕਾ ਵਿੱਚ ਪਾਸ਼ ਆਪਣੇ ਦੌਰ ਦੀ ਪੰਜਾਬੀ ਕਵਿਤਾ ਦੀ ਅਲੋਚਨਾ ਕਰਦਾ ਹੈ ਅਤੇ ਕਾਲੀਦਾਸ ਅਤੇ ਕਮਲਾ ਦਾਸ ਜਿਹੇ ਭਾਰਤੀ ਕਵੀਆਂ ਅਤੇ ਪਾਬਲੋ ਨੇਰੂਦਾ ਅਤੇ ਨਾਜ਼ਿਮ ਹਿਕਮਤ ਜਿਹੇ ਕੌਮਾਂਤਰੀ ਕਵੀਆਂ ਤੋਂ ਪ੍ਰੇਰਣਾ ਹਾਸਲ ਕਰਨ ਦਾ ਜ਼ਿਕਰ ਕਰਦਾ ਹੈ।
ਸ਼ਾਇਦ ਇਹੀ ਕਾਰਨ ਸੀ ਕਿ ਕਵਿਤਾ ਨੂੰ ਨਵਾਂ ਮੁਹਾਵਰਾ ਦੇਣ ਲਈ ਪਾਸ਼ ਨੇ 'ਸਾਡੇ ਸਮਿਆਂ ਵਿੱਚ' ਕਾਵਿ ਸੰਗ੍ਰਿਹ ਨੂੰ ਪਹਿਲਾਂ 'ਇਹ ਕੋਈ ਕਵਿਤਾ ਨਹੀਂ’ ਦਾ ਨਾਂ ਦੇਣ ਦਾ ਸੋਚਿਆ ਸੀ। ਕਵਿਤਾ ਵਿਚਲੀ ਖੜੋਤ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਪਾਸ਼ ਦਾ ਮੰਨਣਾ ਸੀ ਕਿ "ਭਾਰਤ ਦੀ ਇਨਕਲਾਬੀ ਸਿਆਸਤ ਮਾਰਕਸਵਾਦ ਦੇ ਅੰਦਰੂਨੀ ਘਚੋਲੇ ਤੋਂ ਬਿਨਾਂ ਇੱਥੋਂ ਦੀਆਂ ਬੁਰਜੂਆ ਪਾਰਟੀਆਂ ਦੁਆਰਾ ਅਪਣਾਏ ਨੈਤਿਕ ਮਾਪਦੰਡਾਂ ਦੇ ਪ੍ਰਭਾਵ ਦੀ ਕੁਦਰਤੀ ਮਜਬੂਰੀ ਨਾਲ ਵੀ ਦੂਸ਼ਤ ਰਹੀ ਹੈ ਅਤੇ ਭਾਰਤੀ ਸਾਹਿਤ, ਖਾਸ ਕਰ ਕਵਿਤਾ ਕਿਉਂਕਿ ਇਨਕਲਾਬੀ ਸਿਆਸਤ ਨਾਲ ਗੈਰ-ਜ਼ਰੂਰੀ ਮਾਤਰਾ ਤੱਕ ਸਬੰਧਤ ਰਹੀ ਹੈ, ਇਸ ਲਈ ਇਸ ਵਿੱਚ ਵੀ ਉਨ੍ਹਾਂ ਦੂਹਰੇ ਮਾਪਦੰਡਾਂ ਦਾ ਆ ਜਾਣਾ ਸੁਭਾਵਕ ਹੀ ਸੀ ਜੋ ਇਨਕਲਾਬੀ ਸਿਆਸਤ ਨੇ ਅਪਣਾਏ।"(ਵਰਤਮਾਨ ਦੇ ਰੂਬਰੂ' ਸਫ਼ਾ 88)
ਪਾਸ਼ ਦੇ ਆਪਣੇ ਸ਼ਬਦਾਂ ਵਿੱਚ, "ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਮੇਰੀ ਰਚਨਾ ਦੂਸ਼ਤ ਨਹੀਂ ਜਾਂ ਸ਼ੁੱਧ ਮਾਰਕਸੀ ਹੈ। ਨਾ ਇਹ ਪੂਰੀ ਮਿਹਨਤਕਸ਼ ਜਮਾਤ ਦੇ ਭਾਵ ਸੰਸਾਰ ਦੀ ਪ੍ਰਤੀਨਿਧ ਹੀ ਹੈ। ਸਗੋਂ ਇਹ ਤਾਂ ਮਾਰਕਸਵਾਦੀ ਵਿਚਾਰਧਾਰਾ ਵੱਲ ਵਧ ਰਹੀਆਂ ਕਿਸਾਨੀ ਅਤੇ ਨਿਕਟ ਕਿਸਾਨੀ ਸ਼੍ਰੇਣੀਆਂ ਦੀ ਭਾਵ-ਪ੍ਰਵਿਰਤੀ ਦੇ ਟੁੱਟਦੇ ਅਤੇ ਨਵ-ਨਿਰਮਾਣਤ ਹੁੰਦੇ ਰੂਪਾਂ ਦੀ ਸਹੇਲੀ ਹੈ। ਮੇਰੇ ਪਾਠਕ ਵੀ ਇਨ੍ਹਾਂ ਸ਼੍ਰੇਣੀਆਂ ਦੇ ਪੜ੍ਹੇ-ਲਿਖੇ ਲੋਕ ਹੀ ਹਨ। ਦੂਜੇ ਸ਼ਬਦਾਂ ਵਿੱਚ ਮੇਰੀ ਕਵਿਤਾ ਆਮ ਆਦਮੀ ਦੇ ਨੇੜੇ ਤੇੜੇ ਦੀ ਕਵਿਤਾ ਹੈ। ਕਦੇ ਆਮ ਆਦਮੀ ਤੱਕ ਪਹੁੰਚ ਸਕਾਂ, ਸਾਹਿਤ ਤੇ ਜੀਵਨ ਵਿੱਚ ਮੇਰੀ ਸਭ ਤੋਂ ਵੱਡੀ ਇੱਛਾ ਏਹੋ ਹੈ।" (ਵਰਤਮਾਨ ਦੇ ਰੂਬਰੂ', ਸਫਾ 89)
***
ਇਹ ਵੀ ਇੱਕ ਤਲਖ਼ ਹਕੀਕਤ ਹੈ ਕਿ ਪਾਠਕਾਂ ਦੇ ਲਾਮਿਸਾਲ ਹੁੰਗਾਰੇ ਦੇ ਬਾਵਜੂਦ ਜਿਉਂਦੇ ਜੀਅ ਪਾਸ਼ ਦੀ ਸ਼ਾਇਰੀ ਸਥਾਪਤ ਅਲੋਚਕਾਂ ਦੀਆਂ ਸਵੱਲੀਆਂ ਨਜ਼ਰਾਂ ਤੋਂ ਵਾਂਝੀ ਰਹੀ। ਪਾਸ਼ ਦੀ ਮੌਤ ਤੋਂ ਬਾਅਦ ਅਨੇਕਾਂ ਅਲੋਚਕ ਉਸ ਦੀ ਸ਼ਾਇਰੀ ਤੇ ਆਪਣੀ ਕਲਮ ਚਲਾ ਚੁੱਕੇ ਹਨ। ਯੂਨੀਵਰਸਿਟੀਆਂ ਵਿੱਚ ਖੋਜਕਾਰਾਂ ਵਲੋਂ ਕਈ ਖੋਜ-ਪੱਤਰ ਲਿਖੇ ਜਾ ਚੁਕੇ ਹਨ। ਪਰ ਇਨ੍ਹਾਂ 'ਚੋਂ ਬਹੁਤਾ ਕੰਮ ਜਾਂ ਤਾਂ ਭਾਵਨਾ ਵੱਸ ਕੀਤਾ ਗਿਆ ਕੰਮ ਹੈ, ਜਿਸ ਵਿੱਚ ਸ਼ਰਧਾ ਭਾਰੂ ਹੈ ਅਤੇ ਜਾਂ ਸਿਰਫ਼ ਹਾਜ਼ਰੀ ਲਵਾਉਣ ਜਾਂ ਡਿਗਰੀ ਲੈਣ ਲਈ ਕੀਤਾ ਗਿਆ ਬੁੱਤਾਸਾਰੂ ਕੰਮ ਹੈ। ਸ਼ਰਧਾ ਭਾਵਨਾ ਨੂੰ ਪਾਸੇ ਰੱਖਕੇ ਮਾਰਕਸਵਾਦੀ ਅਲੋਚਨਾ ਦੇ ਨਜ਼ਰੀਏ ਤੋਂ ਪਾਸ਼ ਦੀ ਸ਼ਾਇਰੀ ਦਾ ਮੁਲਾਂਕਣ ਕੀਤਾ ਜਾਣਾ ਮੋਟੇ ਤੌਰ 'ਤੇ ਹਾਲੇ ਬਾਕੀ ਹੈ।
ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਇਸ ਕਿਸਮ ਦੀ ਸ਼ਰਧਾ ਬਾਰੇ ਪਾਸ਼ ਖੁਦ ਵੀ ਪ੍ਰੇਸ਼ਾਨ ਸੀ। ਉਹ ਇਸ ਨੂੰ ਇੱਕ ਸਮੱਸਿਆ ਮੰਨਦਾ ਸੀ । ਪਾਸ਼ ਅਨੁਸਾਰ "ਕੱਚੀ ਹਾਲਤ ਵਿੱਚ ਮੈਂ ਕਈ ਕੱਚੀਆਂ ਜਿਹੀਆਂ ਕਵਿਤਾਵਾਂ ਲਿਖੀਆਂ, ਜਿਨ੍ਹਾਂ ਵਿੱਚ ਨਾ ਤਾਂ ਨਿੱਗਰ ਪਕੜ ਸੀ ਨਾ ਅਹਿਸਾਸ ਦੀ ਸ਼ਿੱਦਤ । ਪਰ ਬੜੀ ਅਜੀਬ ਗੱਲ ਸੀ ਕਿ ਸਰੋਤਿਆਂ ਵੱਲੋਂ ਉਨ੍ਹਾਂ 'ਤੇ ਵੀ ਓਨੀਆਂ ਹੀ ਤਾੜੀਆਂ ਵੱਜੀਆਂ ਤੇ ਪਾਠਕਾਂ ਵੱਲੋਂ ਓਨੇ ਹੀ ਸਲਾਹੁਤਾ ਦੇ ਖ਼ਤ ਆਏ।"
('ਵਰਤਮਾਨ ਦੇ ਰੂਬਰੂ', ਸਫ਼ਾ 90)
ਮਾਰਕਸਵਾਦੀ ਨਜ਼ਰੀਏ ਤੋਂ ਪਾਸ਼ ਦੀ ਸ਼ਾਇਰੀ ਦੀ ਸਾਰਥਕ ਅਲੋਚਨਾ ਦੀ ਸ਼ੁਰੂਆਤ ਹੋ ਸਕੇ, ਤਾਂ ਅਸੀਂ ਸਮਝਾਂਗੇ ਕਿ ਇਸ ਸੰਗ੍ਰਿਹ ਦਾ ਮਕਸਦ ਪੂਰਾ ਹੋ ਗਿਆ ਹੈ। ਸਾਨੂੰ ਤੁਹਾਡੇ ਸੁਝਾਵਾਂ ਦੀ ਉਡੀਕ ਰਹੇਗੀ।
- ਸੰਪਾਦਕ
ਮਿਤੀ: 5 ਮਈ, 2015
ਤਤਕਰਾ
ਭੂਮਿਕਾ
ਭਾਗ-1: 'ਲੋਹ ਕਥਾ'
ਭਾਰਤ
ਬੇਦਾਵਾ
ਲੋਹਾ
ਸੱਚ
ਦੋ ਤੇ ਦੋ ਤਿੰਨ
ਸੰਦੇਸ਼
ਮੇਰੀ ਮਾਂ ਦੀਆਂ ਅੱਖਾਂ
ਹਰ ਬੋਲ 'ਤੇ ਮਰਦਾ ਰਹੀਂ
ਇਹ ਕੇਹੀ ਮੁਹੱਬਤ ਹੈ ਦੋਸਤੋ
ਗਲੇ ਸੜੇ ਫੁੱਲਾਂ ਦੇ ਨਾਂ
ਜਦ ਬਗਾਵਤ ਖੌਲਦੀ ਹੈ
ਖੂਬਸੂਰਤ ਪੈਡ ਕੰਧਾਂ ਜੇਲ੍ਹ ਦੀਆਂ
ਯੁੱਗ ਪਲਟਾਵਾ
ਮੇਰਾ ਹੁਣ ਹੱਕ ਬਣਦਾ ਹੈ
ਸਮਾਂ ਕੋਈ ਕੁੱਤਾ ਨਹੀਂ
ਜ਼ਹਿਰ
ਅਰਥਾਂ ਦਾ ਅਪਮਾਨ
ਵਕਤ ਦੀ ਲਾਸ਼
ਦੇਸ਼ ਭਗਤ
ਮੈਂ ਕਹਿੰਦਾ ਹਾਂ
ਤੇਰਾ ਮੁੱਲ, ਮੇਰਾ ਮੁੱਲ
ਬੇਕਦਰੀ ਥਾਂ
ਸੱਭਿਆਚਾਰ ਦੀ ਖੋਜ
ਵੇਲਾ ਆ ਗਿਆ
ਲਹੂ ਕ੍ਰਿਆ
ਸ਼ਰਧਾਂਜਲੀ
ਵਿਸਥਾਪਣ
ਖੁੱਲ੍ਹੀ ਚਿੱਠੀ
ਕਾਗਜ਼ੀ ਸ਼ੇਰਾਂ ਦੇ ਨਾਂ
ਸੰਕਲਪ
ਪਰਖ-ਨਲੀ ਵਿੱਚ
ਤੁਸੀਂ ਹੈਰਾਨ ਨਾ ਹੋਵੋ
ਰਾਤ ਨੂੰ
ਪ੍ਰਤਿੱਗਿਆ
ਅੰਤਿਕਾ
ਭਾਗ-2: 'ਉੱਡਦੇ ਬਾਜ਼ਾਂ ਮਗਰ'
ਉੱਡਦਿਆਂ ਬਾਜ਼ਾਂ ਮਗਰ
ਮੈਂ ਪੱਛਦਾ ਹਾਂ
ਬਾਡਰ
ਇੰਜ ਹੀ ਸਹੀ
ਅਸੀਂ ਲੜਾਂਗੇ ਸਾਥੀ
ਦਰੋਣਾਚਾਰੀਆ ਦੇ ਨਾਂ
ਮੈਨੂੰ ਚਾਹੀਦੇ ਹਨ ਕੁਝ ਬੋਲ
ਸੰਵਿਧਾਨ
ਸ਼ਬਦ, ਕਲਾ ਤੇ ਕਵਿਤਾ
ਸੁਣੋ
ਹਾਂ ਉਦੋਂ...
ਅਹਿਮਦ ਸਲੀਮ ਦੇ ਨਾਂ
ਉਹਦੇ ਨਾਂ
ਜੰਗ : ਕੁੱਝ ਪ੍ਰਭਾਵ
ਉਮਰ
ਸੰਕਟ ਦੇ ਪਲ!
ਉਡੀਕ
ਬਸ ਕੁਝ ਪਲ ਹੋਰ
ਕੱਲ੍ਹ ਨੂੰ
ਤੇਰੇ ਕੋਲ
ਤੂਫ਼ਾਨਾਂ ਨੇ ਕਦੇ ਵੀ ਮਾਤ ਨਹੀਂ ਖਾਧੀ
ਮੇਰੇ ਦੇਸ਼
ਪੁਲਸ ਦੇ ਸਿਪਾਹੀ ਨੂੰ
ਸੈਂਸਰ ਹੋਣ ਵਾਲੇ ਖ਼ਤ ਦਾ ਦੁਖਾਂਤ
ਰੋਜ਼ ਹੀ ਏਸੇ ਤਰ੍ਹਾਂ ਹੁੰਦਾ ਹੈ
ਕੰਡੇ ਦਾ ਜ਼ਖ਼ਮ
ਜਿੱਥੇ ਕਵਿਤਾ ਖ਼ਤਮ ਹੁੰਦੀ ਹੈ
ਭਾਗ-3: 'ਸਾਡੇ ਸਮਿਆਂ ਵਿੱਚ'
ਇਨਕਾਰ
ਜਿੱਥੇ ਕਵਿਤਾ ਖ਼ਤਮ ਨਹੀਂ ਹੁੰਦੀ
ਮੈਂ ਹੁਣ ਵਿਦਾ ਹੁੰਦਾ ਹਾਂ
ਪ੍ਰਤੀਬੱਧਤਾ
ਕੱਲ੍ਹ
ਅੱਜ ਦਾ ਦਿਨ
ਛੰਨੀ
ਚਿੜੀਆਂ ਦਾ ਚੰਬਾ
ਚਿੱਟੇ ਝੰਡਿਆਂ ਦੇ ਹੇਠ
ਤੈਨੂੰ ਪਤਾ ਨਹੀਂ
ਯੁੱਧ ਤੇ ਸ਼ਾਂਤੀ
ਐਮਰਜੰਸੀ ਲੱਗਣ ਤੋਂ ਬਾਦ
ਆਸ਼ਕ ਦੀ ਅਹਿੰਸਾ
ਜੋਗਾ ਸਿੰਘ ਦੀ ਸਵੈ ਪੜਚੋਲ
ਤੀਸਰਾ ਮਹਾਂ ਯੁੱਧ
ਜੰਗਲ 'ਚੋਂ ਆਪਣੇ ਪਿੰਡ ਦੇ ਨਾਂ ਰੁੱਕਾ
ਧੁੱਪੇ ਵੀ ਤੇ ਛਾਵੇਂ ਵੀ
ਕਲਾਮ ਮਿਰਜ਼ਾ
ਬੁੜ ਬੁੜ ਦਾ ਸ਼ਬਦਨਾਮਾ
ਲੜੇ ਹੋਏ ਵਰਤਮਾਨ ਦੇ ਰੂਬਰੂ
ਸਿਵੇ ਦਰ ਸਿਵੇ
ਹੈ ਤਾਂ ਬੜਾ ਅਜੀਬ
ਬੇਵਫਾ ਦੀ ਦਸਤਾਵੇਜ਼
ਆਪਣੀ ਅਸੁਰੱਖਿਅਤਾ 'ਚੋਂ
ਤੈਥੋਂ ਬਿਨਾਂ
ਦੂਤਕ ਭਾਸ਼ਾ ਦੇ ਖ਼ਿਲਾਫ
ਸੋਗ ਸਮਾਰੋਹ ਵਿੱਚ
ਸਾਡੇ ਸਮਿਆਂ ਵਿੱਚ
ਕਾਮਰੇਡ ਨਾਲ ਗੱਲਬਾਤ-ਇੱਕ
ਕਾਮਰੇਡ ਨਾਲ ਗੱਲਬਾਤ - ਦੋ
ਕਾਮਰੇਡ ਨਾਲ ਗੱਲਬਾਤ - ਤਿੰਨ
ਕਾਮਰੇਡ ਨਾਲ ਗੱਲਬਾਤ - ਚਾਰ
ਕਾਮਰੇਡ ਨਾਲ ਗੱਲਬਾਤ - ਪੰਜ
ਕਾਮਰੇਡ ਨਾਲ ਗੱਲਬਾਤ - ਛੇ
ਭਾਗ-4: ਗੀਤ, ਗ਼ਜ਼ਲਾਂ ਤੇ ਹੋਰ ਛੰਦਬੱਧ ਰਚਨਾਵਾਂ
ਗੀਤ : ਅੰਬਰਾਂ 'ਤੇ ਚੰਨ ਨਾ ਘਟਾ
ਗੀਤ : ਕੌਣ ਦਏ ਧਰਵਾਸ
ਗੀਤ : ਪੈਰਾਂ ਦੀਏ ਮਿੱਟੀਏ ਪਹਾੜ ਬਣ ਜਾਈਂ
ਗੀਤ : ਸੋਨੇ ਦੀ ਸਵੇਰ ਜਦੋਂ ਆਊ ਹਾਣੀਆਂ
ਗ਼ਜ਼ਲ : ਮੈਂ ਤਾਂ ਆਪੇ ਹੀ ਲੰਘ ਆਉਣਾ ਹੈ ਪੱਤਣ ਝਨਾਂ ਦਾ ਯਾਰ
ਗ਼ਜ਼ਲ : ਦਹਿਕਦੇ ਅੰਗਿਆਰਾਂ 'ਤੇ ਸਉਂਦੇ ਰਹੇ ਨੇ ਲੋਕ
ਗਜ਼ਲ : ਡੁੱਬਦਾ ਚੜ੍ਹਦਾ ਸੂਰਜ ਸਾਨੂੰ ਨਿੱਤ ਹੀ ਲਾਲ ਸਲਾਮ ਕਹੇ
ਬੋਲੀਆਂ
ਬੱਲੇ ਬੱਲੇ
ਬਾਗ਼ ਲਵਾਇਆ ਬਗੀਚਾ ਲਵਾਇਆ
ਦੋਹੇ
ਜੇ ਸਵੇਰੇ ਨਹੀਂ ਤਾਂ ਹੁਣ ਸ਼ਾਮ ਦੇਣਾ ਪਏਗਾ
ਜ਼ੈਲਦਾਰ
ਜੱਟਾਂ ਦੇ ਖੇਤਾਂ ਵਿੱਚ ਸੂਰਜ ਉੱਗਦਾ ਹੈ
ਭਾਗ-5: ਜੇਲ੍ਹ ਨਾਲ ਸਬੰਧਤ ਰਚਨਾਵਾਂ
ਜੇਲ੍ਹ
ਅਸਮਾਨ ਦਾ ਟੁਕੜਾ
ਜਨਮ ਦਿਨ
ਦਾਨ
ਮੇਰੇ ਕੋਲ਼
ਅਸਵੀਕਾਰ
ਸਫ਼ਰ
ਹੱਥ
ਰਿਹਾਈ : ਇੱਕ ਪ੍ਰਭਾਵ
ਲੰਕਾ ਦੇ ਇਨਕਲਾਬੀਆਂ ਨੂੰ
ਮੰਗੂਵਾਲ ਦੀ ਕਹਾਣੀ
ਭਾਗ-6: 'ਲੋਹ ਕਥਾ' ਤੇ 'ਉੱਡਦੇ ਬਾਜ਼ਾਂ ਮਗਰ' ਛਪਣ ਵਿਚਕਾਰਲੇ ਦੌਰ ਵਿੱਚ ਛਪੀਆਂ ਹੋਈਆਂ ਰਚਨਾਵਾਂ
ਬਰਸਾਤ
ਹੱਦ ਤੋਂ ਬਾਅਦ...
ਹੱਦ ਤੋਂ ਪਿੱਛੋਂ ...
ਪੈਰ... 1
ਪੈਰ... 2
ਜ਼ਿੰਦਗੀ
ਭਾਗ-7: ਡਾਇਰੀ ਵਿਚਲੀਆਂ ਕਵਿਤਾਵਾਂ
ਆ ਗਏ ਮੇਰੇ ਬੀਤੇ ਹੋਏ ਪਲਾਂ ਦੀ ਗਵਾਹੀ ਦੇਣ ਵਾਲੇ
ਉਨ੍ਹਾਂ ਦੀ ਆਦਤ ਹੈ ਸਾਗਰ ਵਿੱਚੋਂ ਮੋਤੀ ਚੁਗ ਲਿਆਉਣੇ
ਮੇਰੇ ਬਖ਼ਸ਼ਿੰਦ ਤੱਕਣਗੇ, ਮੇਰੇ ਗੁਨਾਹਾਂ ਦੀ ਤੜਪ
ਆਓ ਦੇਖੋ ਕੋਈ ਮੇਰੇ ਪਿੰਡ ਦੇ ਸਵੇਰੇ
ਮੇਰੇ ਕੋਲ ਕੋਈ ਚਿਹਰਾ
ਲਫਜ਼ ਇੱਕ-ਇੱਕ ਕਰਕੇ ਜ਼ਿੰਦਗੀ 'ਚੋਂ ਤੁਰਦੇ ਜਾ ਰਹੇ ਹਨ
ਕੁਝ ਨਹੀਂ ਹੋਇਆ
ਮੇਰੇ ਕੋਲ ਕੁਝ ਅਧੂਰੀਆਂ ਇਤਲਾਹਾਂ ਹਨ
ਮੈਂ ਪੀੜਾਂ ਤੋਂ ਭੱਜਣਾ ਨਹੀਂ
ਮੇਰੇ ਧੁਰ ਅੰਦਰ ਕਿਤੇ ਬੱਦਲ ਗੜ੍ਹਕਦੇ ਹਨ
ਅਤੀਤ ਭਾਵੇਂ ਕਿੰਨਾ ਵੀ ਰੰਗੀਨ ਹੋਵੇ
ਦਿਨ ਦੇ ਢਲਾਅ 'ਤੇ ਰਿੜ੍ਹਦਿਆਂ
ਆਦਮੀ ਦੇ ਖ਼ਤਮ ਹੋਣ ਦਾ ਫ਼ੈਸਲਾ
ਬੰਦ ਦਰਵਾਜ਼ੇ 'ਤੇ ਖੜੇ
ਪਿਆਰ ਬੰਦੇ ਨੂੰ ਦੁਨੀਆਂ 'ਚ
ਕਿਸੇ ਦੀ ਮਿਹਰ ਦਾ ਪਿਆਲਾ ਛਲਕਦਾ ਜਦ ਤਕ ਤੁਹਾਡੇ ਹੱਥ 'ਚ ਹੈ
ਉਹ ਨੀਲ ਦੇ ਕੰਢਿਆਂ 'ਤੇ ਲੜਿਆ ਜਨੌਰਾਂ ਵਾਂਗ
ਦੁਨੀਆ 'ਚ ਖਿਲਰੇ ਨਿੱਕਸੁੱਕ ਨੂੰ ਚੁਣਦਾ ਸਾਂਭਦਾ
ਉਹ ਹੁਣ ਉੱਡਦਾ ਨਹੀਂ - ਸਿਰਫ਼ ਦੌੜ ਰਿਹਾ ਹੈ
ਕੌਣ ਹੈ
ਚੰਦ ਵੀ ਇਕੱਲਾ ਹੀ ਹੈ ਮੇਰੇ ਵਾਂਗ
ਕੰਮ ਜੋ ਆਦਮੀ ਦੀਆਂ ਨਸਾਂ ਵਿੱਚ ਵਹਿੰਦਾ ਹੈ
ਅਦੁੱਤੀ ਥਰਥਰੀ, ਜੋ ਬੜੇ ਹੀ ਠਰੰਮੇ ਭਰੇ ਦੁਸਾਹਸ ਨਾਲ
ਭਾਗ-8: ਕਾਪੀ 'ਚੋਂ
ਮੈਂ ਸਲਾਮ ਕਰਦਾ ਹਾਂ
ਮੈਂ ਆਪਣੀ ਜ਼ਹਿਰ ਦਾ ਵੀ ਹਾਣ ਲੱਭ ਲਵਾਂਗਾ
ਸਾਡੇ 'ਚੋਂ ਕਿਨਿਆਂ ਕੁ ਦਾ ਸਬੰਧ ਜੀਵਨ ਨਾਲ ਹੈ
ਫਿਰ ਸੁਣਾ ਦਿੱਤਾ ਗਿਆ ਹੈ ਇੱਕ ਪੁਰਾਣਾ ਚੁਟਕਲਾ
ਰੱਬ ਨਾ ਕਰੇ ਕਿ ਅਸੀਂ ਭੁਲ ਜਾਈਏ
ਘਾਹ ਵਰਗੇ ਬੰਦੇ ਦੀ ਦਾਸਤਾਨ
ਟਿਮਟਿਮਾਉਂਦੀ ਕਲਮਕੱਲੀ ਲੋਅ ਵਾਲਾ
ਮੈਨੂੰ ਵਿਰਸੇ ਵਿੱਚ ਇੱਕ ਊਂਘ ਮਿਲੀ ਹੈ
ਭਾਗ- 9: ਹੋਰ ਸ੍ਰੋਤਾਂ ਤੋਂ ਪ੍ਰਾਪਤ ਰਚਨਾਵਾਂ
ਵਫਾ
ਮੈਂ ਤੇਰੀ ਸੋਚ ਦੀ ਆਹਟ ਹਾਂ
ਤੈਨੂੰ ਤਾਂ ਪਤਾ ਹੈ ਮਾਨਤਾਵਾਂ ਦੀ ਕੰਧ ਰੇਤਲੀ ਦਾ
ਮੈਨੂੰ ਪਤਾ ਹੈ
ਉਹ ਰਿਸ਼ਤੇ ਹੋਰ ਹੁੰਦੇ ਹਨ
ਭਾਫ਼ ਤੇ ਧੂੰਆਂ
ਤੇਰੇ ਖੜੋ-ਖੜੋ ਜਾਂਦੇ ਕਰਾਂ ਪੈਰਾਂ ਦੀ ਸਹੁੰ ਬਾਪੂ
ਤੂੰ ਕਿਵੇਂ ਰਹਿੰਦੀ ਹੀ ਜਾਨੀ ਏਂ ਮਾਂ
ਇੱਕ ਵਹੁਟੀ ਤੇ ਬੱਸ ਜਵਾਕ ਇੱਕ
ਇਸ ਤੋਂ ਪਹਿਲਾਂ ਕਿ
ਉਹ ਸਮਝਦੇ ਨੇ
ਜਿਉਂਦੇ ਆਦਮੀ! ਮੁੜ੍ਹਕੇ ਦੀ, ਸਾਹਾਂ ਦੀ ਹਮਕ ਤੋਂ ਬਿਨਾਂ
ਉਦੋਂ ਵੀ ਮੇਰੇ ਸ਼ਬਦ ਲਹੂ ਦੇ ਸਨ
ਸਾਡੇ ਲਹੂ ਨੂੰ ਆਦਤ ਹੈ
ਮੁਕਤੀ ਦਾ ਜਦ ਕੋਈ ਰਾਹ ਨਾ ਲੱਭਾ
ਮੈਂ ਜਾਣਦਾਂ ਉਨ੍ਹਾਂ ਨੂੰ
ਜਿੰਨੇ ਵੀ ਅਜੋਕੇ ਮਾਸਖ਼ੋਰੇ ਹੋਣ ਹਥਿਆਰ
ਹਕੂਮਤ! ਤੇਰੀ ਤਲਵਾਰ ਦਾ ਕੱਦ ਬਹੁਤ ਨਿੱਕਾ ਹੈ
ਤੂੰ ਇਸ ਤਰ੍ਹਾਂ ਕਿਉਂ ਨਹੀਂ ਬਣ ਜਾਂਦੀ
ਥੱਕੇ ਟੁੱਟੇ ਪਿੰਡਿਆਂ ਨੂੰ
ਅਸੀਂ ਰਾਜ਼ੀ ਖ਼ੁਸ਼ੀ ਹਾਂ, ਆਪਣਾ ਪਤਾ ਦੇਣਾ
ਚਿਤਵਿਆ ਹੈ ਜਦ ਵੀ ਹੁਸਨ ਨੂੰ
ਸੁਫ਼ਨੇ ਹਰ ਕਿਸੇ ਨੂੰ ਨਹੀਂ ਆਉਂਦੇ
ਅੱਜ ਇਨ੍ਹਾਂ ਨੇ ਦੁਸ਼ਮਣਾਂ ਤੇ ਮਿੱਤਰਾਂ ਵਿਚਕਾਰ ਵਾਹੀ
ਸੂਰਮਗਤੀ ਵਿੱਚ ਬੁਲਾਇਆ ਜਾਂਦਾ ਬੱਕਰਾ
ਮੇਰੀ ਬੁਲਬੁਲ
ਮੈਂ ਇਹ ਕਦੇ ਨਹੀਂ ਚਾਹਿਆ
ਜਿੰਨੇ ਜੋਗਾ ਵੀ ਤੇ ਜੋ ਵੀ ਹੈ
ਨਹੀਂ, ਮੈਂ ਹੁਣ ਇਹ ਤੱਕਣ ਲਈ ਜਿਉਂਦਾ ਨਹੀਂ
ਕਿਸੇ ਨੂੰ ਵਕਤ ਕਦ ਦਿੰਦੇ ਜੀਣ ਵਿੱਚ ਰੁੱਝੇ ਹੋਏ ਲੋਕੀਂ
ਅਲੱਗ ਹੁੰਦੀ ਹੈ ਭਾਸ਼ਾ ਭਾਸ਼ਣਾਂ ਦੀ ਸਦਾ
ਸਾਨੂੰ ਅਜਿਹੇ ਰਾਖਿਆਂ ਦੀ ਲੋੜ ਨਹੀਂ
ਪਾਰਲੀਮੈਂਟ
ਫਤਵਾਸ਼ਨਾਸੀ
ਉਮਰ
ਜ਼ਿੰਦਗੀ
ਮੌਤ
ਭਾਗ 10: ਸ਼ਹੀਦਾਂ ਨਾਲ ਸਬੰਧਤ ਕਵਿਤਾਵਾਂ
13 ਅਪ੍ਰੈਲ
23 ਮਾਰਚ
ਬਾਬਾ ਬੂਝਾ ਸਿੰਘ ਦੀ ਸ਼ਹਾਦਤ 'ਤੇ
ਜਿੱਦਣ ਤੂੰ ਪਿਰਥੀ ਨੂੰ ਜੰਮਿਆ
ਆਸ ਰੱਖਦੇ ਹਨ
ਭਾਗ 11: ਨਿੱਜੀ ਕਵਿਤਾਵਾਂ
ਮੈਂ ਤੇ ਪਾਤਰ ਸਕੇ ਭਰਾ
ਫੜੇ ਗਏ ਜੀ ਫੜੇ ਗਏ
ਨਹੀਂ, ਮੈਂ ਭਾਰਤ ਲੱਭਣ ਤੁਰਿਆ ਕੋਈ ਕੋਲੰਬਸ ਨਹੀਂ
ਯਾਰਾਂ ਨਾਲ ਸੰਵਾਦ
ਭਾਗ 12 : ਛਪੀਆਂ ਰਚਨਾਵਾਂ ਦੇ ਛਾਂਗੇ ਹੋਏ ਹਿੱਸੇ ਅਤੇ ਅਧੂਰੀਆਂ ਰਚਨਾਵਾਂ
ਜਿਨ੍ਹਾਂ ਨੇ ਉਮਰ ਭਰ - ਯੁੱਗ ਪਲਟਾਵਾ (ਲੋਹ ਕਥਾ)
ਧੁੰਦਲੀ ਤੇ ਮਿਟਮੈਲੀ- ਯੁੱਗ ਪਲਟਾਵਾ (ਲੋਹ ਕਥਾ)
ਮੋੜ ਦਿਓ ਮੇਰੇ ਖੰਭ - ਹਰ ਬੋਲ 'ਤੇ ਮਰਦਾ ਰਹੀਂ (ਲੋਹ ਕਥਾ)
ਯੁੱਧ ਸਾਡੇ ਲਹੂ ਤੇ ਹੱਡੀਆਂ 'ਚੋਂ- ਯੁੱਧ ਤੇ ਸ਼ਾਂਤੀ (ਸਾਡੇ ਸਮਿਆਂ ਵਿੱਚ)
ਅੱਜ ਦੇ ਦਿਨ (ਸਾਡੇ ਸਮਿਆਂ ਵਿੱਚ)
ਕੁਜਾਤ
ਹਜ਼ਾਰਾਂ ਲੋਕ ਹਨ
ਖੁਸ਼ਕ ਰੇਤਲੇ ਇਲਾਕੇ ਵਿੱਚ
ਮੈਂ ਬਹੁਤ ਲੋਕ ਦੇਖੇ ਹਨ ਬਤੰਗੜਾਂ ਦਾ ਭਾਰ ਢੋਂਦੇ
ਬਹਾਰ ਦੀ ਰੁੱਤੇ
ਭਾਗ 13: ਅਣਛਪੀਆਂ ਰਚਨਾਵਾਂ - ਪੰਜਾਬੀ
ਨਾਰੀ ਨਿਕੇਤਨ
ਜਦ ਗੱਲ ਕਿਸੇ ਤਣ ਪੱਤਣ ਲਗਦੀ ਨਾ ਦਿਸੀ
ਅਜੇ ਤਾਂ ਰਾਤ ਸੌਣ ਨਹੀਂ ਲੱਗੀ
ਰੱਬ ਜੀ !!
ਉਹ ਸੌਂ ਹੀ ਜਾਣਗੇ ਆਖ਼ਰ
ਅੰਤ ਵੱਲ ਦੌੜਦੇ ਹੋਏ ਲੋਕ
ਚਲੋ ਦੌੜੋ ਸਮੁੰਦਰ ਆ ਰਿਹਾ ਹੈ
ਹੁਣ ਸੱਪਾਂ ਵਰਗੀ ਲਗਦੀ ਹੈ ਇਹ ਲਕੀਰ
ਮੌਤ
ਜ਼ਿੰਦਗੀ
ਭਾਗ 14: ਅਣਛਪੀਆਂ ਰਚਨਾਵਾਂ-ਹਿੰਦੀ/ਉਰਦੂ
ਗ਼ਜ਼ਲ : ਉਨ ਕੋ ਕਬ ਫੁਰਸਤ ਹੈ, ਹਮ ਸੇ ਬਾਤ ਕਰੇਂ
ਗ਼ਜ਼ਲ : ਰੋ ਪੜੀ ਰਾਤ ਸਿਮਟ ਕੇ
ਜਬ ਸੇ ਸੁਨਾ ਇਸ਼ਕ ਕੀ ਮੰਜ਼ਿਲ ਨਹੀਂ ਹੋਤੀ
ਵੁਹ ਮੇਰਾ ਵਰਸ਼ੋਂ ਕੋ ਝੇਲਨੇ ਕਾ ਗੌਰਵ ਦੇਖਾ ਤੁਮ ਨੇ
ਨਜ਼ਰੇਂ ਉਠੀਂ, ਮੌਸਮ ਸੁਹਾਨਾ ਹੋ ਗਿਆ
ਉਸ ਵਕਤ ਮੇਰੇ ਸਾਥ ਸ਼ਾਇਦ ਤੁਮ ਹੀ ਥੇ
ਇਨ ਸੇ ਮਿਲੋ
ਭਾਗ 15: ‘ਸਾਡੇ ਸਮਿਆਂ ਵਿੱਚ' ਤੋਂ ਬਾਅਦ ਦੀਆਂ ਛਪੀਆਂ ਰਚਨਾਵਾਂ
ਖੂਹ
ਧਰਮ ਦੀਕਸ਼ਾ ਲਈ ਬਿਨੈ-ਪੱਤਰ
ਬੇਦਖ਼ਲੀ ਲਈ ਬਿਨੈ-ਪੱਤਰ
ਸਭ ਤੋਂ ਖ਼ਤਰਨਾਕ
ਭਾਗ 16: ਪਾਸ਼ ਵੱਲੋਂ ਅਨੁਵਾਦਿਤ ਰਚਨਾਵਾਂ
ਘਾਹ - ਕਾਰਲ ਸੈਂਡਬਰਗ
ਇਤਿਹਾਸ ਦੀ ਮਹਾਂਯਾਤਰਾ - ਪ੍ਰੋ ਰਜ਼ਾ ਬਰਹੇਨੀ
ਯੂਰਪੀ ਲੋਕਾਂ ਦੇ ਨਾਂ ਖ਼ਤ - ਜਾਰਜ ਮੈਂਗਾਕਿਸ
ਔਰਤ ਦਾ ਜਿਸਮ - ਪਾਬਲੋ ਨੇਰੂਦਾ
***
ਪਾਸ਼ ਦਾ ਜ਼ਿੰਦਗੀਨਾਮਾ
ਪਾਸ਼ ਦੁਆਰਾ ਸੰਪਾਦਤ ਪਰਚੇ
ਸੋਮੇ
***
ਭਾਗ - 1
ਲੋਹ ਕਥਾ (1970)
ਯੁੱਗ ਨੂੰ ਪਲਟਾਉਣ ਵਿੱਚ ਮਸਰੂਫ ਲੋਕ
ਬੁਖਾਰ ਨਾਲ ਨਹੀਂ ਮਰਦੇ।
ਮੌਤ ਦੇ ਕੰਧੇ 'ਤੇ ਜਾਣ ਵਾਲਿਆਂ ਲਈ
ਮੌਤ ਤੋਂ ਪਿੱਛੋਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੁੰਦਾ ਹੈ
ਭਾਰਤ
ਭਾਰਤ-
ਮੇਰੇ ਸਤਿਕਾਰ ਦਾ ਸਭ ਤੋਂ ਮਹਾਨ ਸ਼ਬਦ
ਜਿੱਥੇ ਕਿਤੇ ਵੀ ਵਰਤਿਆ ਜਾਏ
ਬਾਕੀ ਸਾਰੇ ਸ਼ਬਦ ਅਰਥ-ਹੀਣ ਹੋ ਜਾਂਦੇ ਹਨ
ਇਸ ਸ਼ਬਦ ਦੇ ਭਾਵ,
ਖੇਤਾਂ ਦੇ ਉਨ੍ਹਾਂ ਪੁੱਤਰਾਂ ਤੋਂ ਹਨ
ਜਿਹੜੇ ਅੱਜ ਵੀ ਰੁੱਖਾਂ ਦੇ ਪਰਛਾਵਿਆਂ ਨਾਲ,
ਵਕਤ ਮਿਣਦੇ ਹਨ।
ਉਨ੍ਹਾਂ ਕੋਲ ਢਿੱਡ ਤੋਂ ਬਿਨਾਂ ਕੋਈ ਸਮੱਸਿਆ ਨਹੀਂ।
ਤੇ ਉਹ ਭੁੱਖ ਲੱਗਣ 'ਤੇ
ਆਪਣੇ ਅੰਗ ਵੀ ਚਬਾ ਸਕਦੇ ਹਨ,
ਉਨ੍ਹਾਂ ਲਈ ਜ਼ਿੰਦਗੀ ਇੱਕ ਪ੍ਰੰਪਰਾ ਹੈ
ਤੇ ਮੌਤ ਦੇ ਅਰਥ ਹਨ ਮੁਕਤੀ।
ਜਦ ਵੀ ਕੋਈ ਸਮੁੱਚੇ ਭਾਰਤ ਦੀ
'ਕੌਮੀ ਏਕਤਾ' ਦੀ ਗੱਲ ਕਰਦਾ ਹੈ
ਤਾਂ ਮੇਰਾ ਚਿੱਤ ਕਰਦਾ ਹੈ –
ਉਸ ਦੀ ਟੋਪੀ ਹਵਾ 'ਚ ਉਛਾਲ ਦਿਆਂ।
ਉਸ ਨੂੰ ਦੱਸਾਂ
ਕਿ ਭਾਰਤ ਦੇ ਅਰਥ
ਕਿਸੇ ਦੁਸ਼ਯੰਤ ਨਾਲ ਸਬੰਧਤ ਨਹੀਂ
ਸਗੋਂ ਖੇਤਾਂ ਵਿੱਚ ਦਾਇਰ ਹਨ।
ਜਿੱਥੇ ਅੰਨ ਉੱਗਦਾ ਹੈ
ਜਿੱਥੇ ਸੰਨ੍ਹਾਂ ਲੱਗਦੀਆਂ ਹਨ...
***
ਬੇਦਾਵਾ
ਤੇਰੇ ਪੁਰਬਾਂ ਦੇ ਨਸ਼ੇ ਵਿੱਚ
ਉਹ ਤੈਨੂੰ ਬੇਦਾਵਾ ਲਿਖ ਗਏ ਹਨ।
ਮਾਛੀਵਾੜਾ
ਉਨ੍ਹਾਂ ਦੇ ਮੂੰਹਾਂ 'ਤੇ ਉੱਗ ਆਇਆ ਹੈ।
ਤੇ ਆਏ ਦਿਨ ਜੂੰਆਂ
ਉੱਥੇ ਜ਼ਫ਼ਰਨਾਮੇ ਲਿਖਦੀਆਂ ਹਨ।
ਉਹ ਨੌਂਆਂ ਮਹੀਨਿਆਂ ਵਿੱਚ,
ਦੋ ਸੌ ਸੱਤਰ ਸਾਹਿਬਜ਼ਾਦਿਆਂ ਦਾ ਅਵਤਾਰ ਕਰਦੇ ਹਨ।
ਤੇ ਕੋਈ ਨਾ ਕੋਈ ਚਮਕੌਰ ਲੱਭ ਕੇ,
ਉਨ੍ਹਾਂ ਨੂੰ ਸ਼ਹੀਦ ਦਾ ਰੁਤਬਾ ਦਿਵਾ ਦਿੰਦੇ ਹਨ।
ਔਰੰਗਜ਼ੇਬ ਦੀ ਸ਼ੈਤਾਨ ਰੂਹ ਨੇ,
ਲਾਲ ਕਿਲ੍ਹੇ ਦੇ ਸਿਖ਼ਰ
ਅਸ਼ੋਕ ਚੱਕਰ ਵਿੱਚ ਪ੍ਰਵੇਸ਼ ਕਰ ਲੀਤਾ ਹੈ
ਅਤੇ ਉਨ੍ਹਾਂ ਨੇ ਸਾਂਝੇ ਫਰੰਟ ਦੇ ਹਜ਼ੂਰ,
ਦਿੱਲੀ ਦੀ ਵਫ਼ਾਦਾਰੀ ਦੀ ਸਹੁੰ ਖਾਧੀ ਹੈ।
ਜੇ ਉਹ ਦੱਖਣ ਨੂੰ ਜਾਣ ਵੀ
ਤਾਂ ਸ਼ਿਵਾ ਜੀ ਨੂੰ ਨਹੀਂ,
ਸ਼ਿਵਾ ਜੀ ਗਣੇਸ਼ਨ ਨੂੰ ਸੰਗਠਿਤ ਕਰਨ ਜਾਂਦੇ ਹਨ।
ਕਟਾਰ ਉਨ੍ਹਾਂ ਦੀ ਵੱਖੀ ਵਿੱਚ,
ਸਫ਼ਰ ਦਾ ਭੱਤਾ ਬਣ ਚੁੱਭਦੀ ਹੈ।
ਉਨ੍ਹਾਂ ਮੁਲਕ ਭਰ ਦੀਆਂ 'ਚਿੜੀਆਂ' ਨੂੰ
ਇਸ਼ਤਿਹਾਰੀ ਮੁਲਜ਼ਮ ਕਰਾਰ ਦਿੱਤਾ ਹੈ।
ਪਰ ਗੁਰੂ ! ਉਹ ਸਿੰਘ ਕੌਣ ਹਨ?
ਜਿਨ੍ਹਾਂ ਬੇਦਾਵਾ ਨਹੀਂ ਲਿਖਿਆ।
ਤੇ ਅੱਜ ਵੀ ਹਰ ਜੇਲ੍ਹ,
ਹਰ ਇੰਟੈਰੋਗੇਸ਼ਨ ਸੈਂਟਰ ਨੂੰ,
ਸਰਹੰਦ ਦੀ ਕੰਧ
ਤੇ ਅਨੰਦਪੁਰ ਦਾ ਕਿਲ੍ਹਾ ਕਰਕੇ ਮੰਨਦੇ ਹਨ।
ਉਹ ਹੜ੍ਹਿਆਈ ਸਰਸਾ ਵਿੱਚੋਂ ਟੁੱਭੀ ਮਾਰਕੇ,
ਤੇਰੇ ਗ੍ਰੰਥ ਕੱਢਣ ਗਏ ਹਨ।
ਹੇ ਗੁਰੂ! ਉਹ ਸਿੰਘ ਕੌਣ ਹਨ ?
ਜਿਨ੍ਹਾਂ, ਬੇਦਾਵਾ ਨਹੀਂ ਲਿਖਿਆ ?
***
ਲੋਹਾ
ਤੁਸੀਂ ਲੋਹੇ ਦੀ ਕਾਰ ਝੂਟਦੇ ਹੋ।
ਮੇਰੇ ਕੋਲ ਲੋਹੇ ਦੀ ਬੰਦੂਕ ਹੈ।
ਮੈਂ ਲੋਹਾ ਖਾਧਾ ਹੈ।
ਤੁਸੀਂ ਲੋਹੇ ਦੀ ਗੱਲ ਕਰਦੇ ਹੋ।
ਲੋਹਾ ਜਦ ਪਿਘਲਦਾ ਹੈ,
ਤਾਂ ਭਾਫ਼ ਨਹੀਂ ਨਿੱਕਲਦੀ।
ਜਦ ਕੁਠਾਲੀ ਚੁੱਕਣ ਵਾਲਿਆਂ ਦੇ ਦਿਲਾਂ 'ਚੋਂ
ਭਾਫ਼ ਨਿੱਕਲਦੀ ਹੈ
ਤਾਂ ਲੋਹਾ ਪਿਘਲ ਜਾਂਦਾ ਹੈ,
ਪਿਘਲੇ ਹੋਏ ਲੋਹੇ ਨੂੰ,
ਕਿਸੇ ਵੀ ਅਕਾਰ ਵਿੱਚ,
ਢਾਲਿਆ ਜਾ ਸਕਦਾ ਹੈ।
ਕੁਠਾਲੀ ਵਿੱਚ ਮੁਲਕ ਦੀ ਤਕਦੀਰ ਢਲੀ ਪਈ ਹੁੰਦੀ ਹੈ,
ਇਹ ਮੇਰੀ ਬੰਦੂਕ,
ਤੁਹਾਡੀਆਂ ਬੈਂਕਾਂ ਦੇ ਸੇਫ,
ਤੇ ਪਹਾੜਾਂ ਨੂੰ ਉਲਟਾਣ ਵਾਲੀਆਂ ਮਸ਼ੀਨਾਂ,
ਸਭ ਲੋਹੇ ਦੇ ਹਨ।
ਸ਼ਹਿਰ ਤੋਂ ਉਜਾੜ ਤੱਕ ਹਰ ਫ਼ਰਕ,
ਭੈਣ ਤੋਂ ਵੇਸਵਾ ਤਕ ਹਰ ਇਹਸਾਸ,
ਮਾਲਕ ਤੋਂ ਮਾਤਹਿਤ ਤਕ ਹਰ ਰਿਸ਼ਤਾ,
ਬਿੱਲ ਤੋਂ ਕਨੂੰਨ ਤਕ ਹਰ ਸਫ਼ਰ,
ਲੋਟੂ ਨਿਜ਼ਾਮ ਤੋਂ ਇਨਕਲਾਬ ਤਕ ਹਰ ਇਤਿਹਾਸ,
ਜੰਗਲ, ਭੋਰਿਆਂ ਤੇ ਝੁੱਗੀਆਂ ਤੋਂ ਇੰਟੈਰੋਗੇਸ਼ਨ
ਤਕ ਹਰ ਮੁਕਾਮ, ਸਭ ਲੋਹੇ ਦੇ ਹਨ।
ਲੋਹੇ ਨੇ ਬੜਾ ਚਿਰ ਇੰਤਜ਼ਾਰ ਕੀਤਾ ਹੈ
ਕਿ ਲੋਹੇ 'ਤੇ ਨਿਰਭਰ ਲੋਕ
ਲੋਹੇ ਦੀਆਂ ਪੱਤੀਆਂ ਖਾ ਕੇ,
ਖੁਦਕੁਸ਼ੀ ਕਰਨੋਂ ਹਟ ਜਾਣ,
ਮਸ਼ੀਨਾਂ ਵਿੱਚ ਆ ਕੇ ਤੂੰਬਾ ਤੂੰਬਾ ਉੱਡਣ ਵਾਲੇ
ਲਾਵਾਰਸਾਂ ਦੀਆਂ ਤੀਵੀਆਂ
ਲੋਹੇ ਦੀਆਂ ਕੁਰਸੀਆਂ 'ਤੇ ਬੈਠੇ ਵਾਰਸਾਂ ਕੋਲ,
ਕੱਪੜੇ ਤੱਕ ਵੀ ਆਪ ਲਾਹੁਣ ਲਈ ਮਜ਼ਬੂਰ ਨਾ ਹੋਣ।
ਪਰ ਆਖ਼ਰ ਲੋਹੇ ਨੂੰ
ਪਸਤੌਲਾਂ, ਬੰਦੂਕਾਂ ਤੇ ਬੰਬਾਂ ਦੀ
ਸ਼ਕਲ ਇਖ਼ਤਿਆਰ ਕਰਨੀ ਪਈ ਹੈ।
ਤੁਸੀਂ ਲੋਹੇ ਦੀ ਚਮਕ ਵਿੱਚ ਚੁੰਧਿਆ ਕੇ
ਆਪਣੀ ਧੀ ਨੂੰ ਵਹੁਟੀ ਸਮਝ ਸਕਦੇ ਹੋ,
(ਪਰ) ਮੈਂ ਲੋਹੇ ਦੀ ਅੱਖ ਨਾਲ
ਮਿੱਤਰਾਂ ਦੇ ਮਖੌਟੇ ਪਾਈ ਦੁਸ਼ਮਣ,
ਵੀ ਪਹਿਚਾਣ ਸਕਦਾ ਹਾਂ।
ਕਿਉਂਕਿ
ਮੈਂ ਲੋਹਾ ਖਾਧਾ ਹੈ।
ਤੁਸੀਂ ਲੋਹੇ ਦੀ ਗੱਲ ਕਰਦੇ ਹੋ।
***
ਸੱਚ
ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿੱਚ,
ਸੱਚ ਨੂੰ ਕੋਈ ਫ਼ਰਕ ਨਹੀਂ ਪੈਂਦਾ।
ਇਨ੍ਹਾਂ ਦੁਖਦੇ ਅੰਗਾਂ 'ਤੇ ਸੱਚ ਨੇ ਇੱਕ ਜੂਨ ਭੋਗੀ ਹੈ।
ਤੇ ਹਰ ਸੱਚ ਜੂਨ ਭੋਗਣ ਬਾਅਦ,
ਯੁੱਗ ਵਿੱਚ ਬਦਲ ਜਾਂਦਾ ਹੈ,
ਤੇ ਇਹ ਯੁੱਗ ਹੁਣ ਖੇਤਾਂ ਤੇ ਮਿੱਲਾਂ ਵਿੱਚ ਹੀ ਨਹੀਂ,
ਫੌਜਾਂ ਦੀਆਂ ਕਤਾਰਾਂ ਵਿੱਚ ਵਿਚਰ ਰਿਹਾ ਹੈ।
ਕੱਲ੍ਹ ਜਦ ਇਹ ਯੁੱਗ,
ਲਾਲ ਕਿਲ੍ਹੇ ਉੱਪਰ ਸਿੱਟਿਆਂ ਦਾ ਤਾਜ ਪਹਿਨੀਂ,
ਸਮੇਂ ਦੀ ਸਲਾਮੀ ਲਏਗਾ,
ਤਾਂ ਤੁਸਾਂ ਨੂੰ ਸੱਚ ਦੇ ਅਸਲ ਅਰਥ ਸਮਝ ਆਵਣਗੇ।
ਹੁਣ ਸਾਡੀ ਉਪੱਦਰੀ ਜ਼ਾਤ ਨੂੰ,
ਇਸ ਯੁੱਗ ਦੀ ਫ਼ਿਤਰਤ ਤਾਂ ਭਾਵੇਂ ਆਖ ਸਕਦੇ ਹੋ;
ਇਹ ਕਹਿ ਛੱਡਣਾ,
ਕਿ ਝੁੱਗੀਆਂ 'ਚ ਪਸਰਿਆ ਸੱਚ,
ਕੋਈ ਸ਼ੈਅ ਨਹੀਂ!
ਕੇਡਾ ਕੁ ਸੱਚ ਹੈ ?
ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿੱਚ,
ਸੱਚ ਨੂੰ ਕੋਈ ਫਰਕ ਨਹੀਂ ਪੈਂਦਾ।
***
ਦੋ ਤੇ ਦੋ ਤਿੰਨ
ਮੈਂ ਸਿੱਧ ਕਰ ਸਕਦਾ ਹਾਂ-
ਕਿ ਦੋ ਤੇ ਦੋ ਤਿੰਨ ਹੁੰਦੇ ਹਨ
ਵਰਤਮਾਨ ਮਿਥਿਹਾਸ ਹੁੰਦਾ ਹੈ
ਮਨੁੱਖੀ ਸ਼ਕਲ ਚਮਚੇ ਵਰਗੀ ਹੁੰਦੀ ਹੈ।
ਤੁਸੀਂ ਜਾਣਦੇ ਹੋ –
ਕਚਹਿਰੀਆਂ, ਬੱਸ ਅੱਡਿਆਂ ਤੇ ਪਾਰਕਾਂ ਵਿੱਚ
ਸੌ ਸੌ ਦੇ ਨੋਟ ਤੁਰਦੇ ਫਿਰਦੇ ਹਨ।
ਡਾਇਰੀਆਂ ਲਿਖਦੇ, ਤਸਵੀਰਾਂ ਲੈਂਦੇ
ਤੇ ਰਿਪੋਰਟਾਂ ਭਰਦੇ ਹਨ,
ਕਨੂੰਨ-ਰੱਖਿਆ ਕੇਂਦਰ ਵਿੱਚ
ਪੁੱਤਰ ਨੂੰ ਮਾਂ 'ਤੇ ਚੜ੍ਹਾਇਆ ਜਾਂਦਾ ਹੈ।
ਖੇਤਾਂ ਵਿੱਚ 'ਡਾਕੂ' ਦਿਹਾੜੀਆਂ 'ਤੇ ਕੰਮ ਕਰਦੇ ਹਨ।
ਮੰਗਾਂ ਮੰਨੀਆਂ ਜਾਣ ਦਾ ਐਲਾਨ,
ਬੰਬਾਂ ਨਾਲ ਕੀਤਾ ਜਾਂਦਾ ਹੈ।
ਆਪਣੇ ਲੋਕਾਂ ਦੇ ਪਿਆਰ ਦਾ ਅਰਥ
'ਦੁਸ਼ਮਣ ਦੇਸ਼' ਦੀ ਏਜੰਟੀ ਹੁੰਦਾ ਹੈ।
ਅਤੇ
ਵੱਧ ਤੋਂ ਵੱਧ ਗੱਦਾਰੀ ਦਾ ਤਗ਼ਮਾ
ਵੱਡੇ ਤੋਂ ਵੱਡਾ ਰੁਤਬਾ ਹੋ ਸਕਦਾ ਹੈ
ਤਾਂ-
ਦੋ ਤੇ ਦੋ ਤਿੰਨ ਵੀ ਹੋ ਸਕਦੇ ਹਨ।
ਵਰਤਮਾਨ ਮਿਥਿਹਾਸ ਹੋ ਸਕਦਾ ਹੈ
ਮਨੁੱਖੀ ਸ਼ਕਲ ਵੀ ਚਮਚੇ ਵਰਗੀ ਹੋ ਸਕਦੀ ਹੈ।
***
ਸੰਦੇਸ਼
ਵਾਸ਼ਿੰਗਟਨ!
ਇਹ ਜਲਾਵਤਨ ਅਪਰਾਧੀਆਂ ਦਾ ਰਵਾ
ਅੱਜ ਤੈਨੂੰ ਕਲੰਕਿਤ ਕਰਨ ਤੁਰਿਆ ਹੈ
ਇਹ ਉਨ੍ਹਾਂ ਡਾਕੂਆਂ ਤੋਂ ਵੀ ਬਦਨਾਮ
ਤੇ ਭਗੌੜੀ ਜੁੰਡੀ ਹੈ
ਜਿਨ੍ਹਾਂ ਤਿੰਨ ਸਦੀਆਂ ਸਾਡੇ ਖੇਤਾਂ ਦਾ ਗਰਭਪਾਤ ਕੀਤਾ।
ਅਤੇ ਇਹ ਉਨ੍ਹਾਂ ਦੀ ਹੀ ਲੁੱਟ ਦਾ ਪ੍ਰਮਾਣ ਹੈ
ਕਿ ਮੇਰੀਆਂ ਭੈਣਾਂ ਅੱਜ ਤਕਰੀਬਨ ਨੰਗੀਆਂ
ਕਾਲਜ ਵਿੱਚ ਪੜ੍ਹਨ ਜਾਂਦੀਆਂ ਹਨ।
ਉਹ ਸਾਡੇ ਤੰਬੇ ਤੱਕ ਵੀ ਖੋਹਲ ਕੇ ਲੈ ਗਏ ਹਨ।
ਵਾਸ਼ਿੰਗਟਨ!
ਇਨ੍ਹਾਂ ਨੇ ਤੈਨੂੰ ਪਲੀਤ ਕਰਨ ਦੀ ਸੌਂਹ ਖਾਧੀ ਹੈ।
ਕੋਰੀਆ, ਵੀਤਨਾਮ ਜਾਂ ਇਸਰਾਇਲ ਤਾਂ
ਸਿਰਫ਼ ਸਮਾਚਾਰ ਪੱਤਰਾਂ ਦੇ ਕਾਲਮ ਹਨ।
ਵਾਸ਼ਿੰਗਟਨ, ਤੂੰ ਤਾਂ ਜਾਣਦਾ ਏਂ
ਅਸੀਂ ਕਿਸ ਤਰ੍ਹਾਂ ਮਕਦੂਨੀਆ ਤੋਂ ਤੁਰਿਆ
ਵਹਿਸ਼ਤ ਦਾ ਸਮੁੰਦਰ ਰੋਕਿਆ ਸੀ।
ਸਾਡੇ ਤਾਂ ਫ਼ਕੀਰ ਵੀ ਸੰਸਾਰ ਜਿੱਤਣ ਤੁਰਿਆਂ ਨੂੰ,
ਧੁੱਪ ਛੱਡਕੇ ਖਲੋਣ ਦਾ ਆਦੇਸ਼ ਕਰ ਦਿੰਦੇ ਨੇ।
ਰੋਡੇਸ਼ੀਆ, ਵੀਤਨਾਮ ਤੇ ਹਰ ਹੱਕ ਦੇ ਸੰਗਰਾਮ ਵਿੱਚ
ਮੇਰਾ ਲਹੂ ਆਬਾਦ ਹੈ –
ਤੇ ਇਹ -ਲਿੰਕਨ ਦੇ ਕਾਤਲ
ਮੁੜ ਹਬਸ਼ੀਆਂ ਦਾ ਵਿਉਪਾਰ ਕਰਨ ਤੁਰੇ ਹਨ।
ਇਨ੍ਹਾਂ ਦੀ ਮੌਤ ਇਨ੍ਹਾਂ ਨੂੰ ਸਾਡੇ ਘਰ ਦੀਆਂ
ਬਰੂਹਾਂ ਲੰਘਾ ਲਿਆਈ ਹੈ।
ਵਾਸ਼ਿੰਗਟਨ।
ਇਨ੍ਹਾਂ ਨੂੰ ਗਊਆਂ ਮਣਸਾ ਕੇ ਭੇਜ...
***
ਮੇਰੀ ਮਾਂ ਦੀਆਂ ਅੱਖਾਂ
ਜਦ ਇੱਕ ਕੁੜੀ ਨੇ ਮੈਨੂੰ ਕਿਹਾ,
ਮੈਂ ਬਹੁਤ ਸੋਹਣਾ ਹਾਂ।
ਤਾਂ ਮੈਨੂੰ ਉਸ ਦੀਆਂ ਅੱਖਾਂ 'ਚ ਨੁਕਸ ਜਾਪਿਆ ਸੀ,
ਮੇਰੇ ਭਾਣੇ ਤਾਂ ਉਹ ਸੋਹਣੇ ਸਨ
ਮੇਰੇ ਪਿੰਡ ਵਿੱਚ ਜੋ ਵੋਟ ਫੇਰੀ 'ਤੇ,
ਜਾਂ ਉਦਘਾਟਨ ਦੀ ਰਸਮ ਵਾਸਤੇ ਆਉਂਦੇ ਹਨ।
ਇੱਕ ਦਿਨ
ਜੱਟੂ ਦੀ ਹੱਟੀ ਤੋਂ ਮੈਨੂੰ ਕਨਸੋਅ ਮਿਲੀ
ਕਿ ਉਨ੍ਹਾਂ ਦੇ ਸਿਰ ਦਾ ਸੁਨਹਿਰੀ ਤਾਜ ਚੋਰੀ ਦਾ ਹੈ...
ਮੈਂ ਉਸ ਦਿਨ ਪਿੰਡ ਛੱਡ ਦਿੱਤਾ,
ਮੇਰਾ ਵਿਸ਼ਵਾਸ ਸੀ ਜੇ ਤਾਜਾਂ ਵਾਲੇ ਚੋਰ ਹਨ
ਤਾਂ ਫੇਰ ਸੋਹਣੇ ਹੋਰ ਹਨ...
ਸ਼ਹਿਰਾਂ ਵਿੱਚ ਮੈਂ ਥਾਂ ਥਾਂ ਕੋਝ ਦੇਖਿਆ,
ਪ੍ਰਕਾਸ਼ਨਾਂ ਵਿੱਚ, ਕੈਫਿਆਂ ਵਿੱਚ,
ਦਫ਼ਤਰਾਂ ਤੇ ਥਾਣਿਆਂ ਵਿੱਚ ...
ਅਤੇ ਮੈਂ ਦੇਖਿਆ, ਇਹ ਕੋਝ ਦੀ ਨਦੀ
ਦਿੱਲੀ ਦੇ ਗੋਲ ਪਰਬਤ ਵਿੱਚੋਂ ਸਿੰਮਦੀ ਹੈ।
ਅਤੇ ਉਸ ਗੋਲ ਪਰਬਤ ਵਿੱਚ ਸੁਰਾਖ਼ ਕਰਨ ਲਈ
ਮੈਂ ਕੋਝ ਵਿੱਚ ਵੜਿਆ,
ਕੋਝ ਸੰਗ ਲੜਿਆ,
ਤੇ ਕਈ ਲਹੂ ਲੁਹਾਨ ਵਰ੍ਹਿਆਂ ਕੋਲੋਂ ਲੰਘਿਆ।
ਤੇ ਹੁਣ ਮੈਂ ਚਿਹਰੇ ਉਤੇ ਯੁੱਧ ਦੇ ਨਿਸ਼ਾਨ ਲੈ ਕੇ,
ਦੋ ਘੜੀ ਲਈ ਪਿੰਡ ਆਇਆ ਹਾਂ।
ਤੇ ਉਹੀਓ ਚਾਲ੍ਹੀਆਂ ਵਰ੍ਹਿਆਂ ਦੀ ਕੁੜੀ,
ਆਪਣੇ ਲਾਲ ਨੂੰ ਬਦਸੂਰਤ ਕਹਿੰਦੀ ਹੈ।
ਤੇ ਮੈਨੂੰ ਫੇਰ ਉਸ ਦੀਆਂ ਅੱਖਾਂ 'ਚ ਨੁਕਸ ਲਗਦਾ ਹੈ।
***
ਹਰ ਬੋਲ 'ਤੇ ਮਰਦਾ ਰਹੀਂ
ਜਦੋਂ ਮੈਂ ਜਨਮਿਆ
ਤਾਂ ਜਿਊਣ ਦੀ ਸਹੁੰ ਖਾ ਕੇ ਜੰਮਿਆ
ਤੇ ਹਰ ਵਾਰ ਜਦੋਂ ਮੈਂ ਤਿਲਕ ਕੇ ਡਿੱਗਿਆ,
ਮੇਰੀ ਮਾਂ ਲਾਹਨਤਾਂ ਪਾਂਦੀ ਰਹੀ।
ਕੋਈ ਸਾਹਿਬਾ ਮੇਰੇ ਕਾਇਦੇ ’ਤੇ ਗਲਤ ਪੜ੍ਹਦੀ ਰਹੀ,
ਅੱਖਰਾਂ 'ਤੇ ਡੋਲ੍ਹ ਕੇ ਸਿਆਹੀ
ਤਖ਼ਤੀ ਮਿਟਾਉਂਦੀ ਰਹੀ।
ਹਰ ਜਸ਼ਨ 'ਤੇ
ਹਾਰ ਮੇਰੀ ਕਾਮਯਾਬੀ ਦੇ
ਉਸ ਨੂੰ ਪਹਿਨਾਏ ਗਏ
ਮੇਰੀ ਗਲੀ ਦੇ ਮੋੜ ਤੱਕ
ਆਕੇ ਉਹ ਮੁੜ ਜਾਂਦੀ ਰਹੀ।
ਮੇਰੀ ਮਾਂ ਦਾ ਬਚਨ ਹੈ
ਹਰ ਬੋਲ 'ਤੇ ਮਰਦਾ ਰਹੀਂ,
ਤੇਰੇ ਜ਼ਖਮੀ ਜਿਸਮ ਨੂੰ
ਬੱਕੀ ਬਚਾਉਂਦੀ ਰਹੇਗੀ,
ਜਦ ਵੀ ਮੇਰੇ ਸਿਰ 'ਤੇ
ਕੋਈ ਤਲਵਾਰ ਲਿਸ਼ਕੀ ਹੈ,
ਮੈਂ ਕੇਵਲ ਮੁਸਕਰਾਇਆ ਹਾਂ
ਤੇ ਮੈਨੂੰ ਨੀਂਦ ਆ ਜਾਂਦੀ ਰਹੀ ਹੈ
ਜਦ ਮੇਰੀ ਬੱਕੀ ਨੂੰ,
ਮੇਰੀ ਲਾਸ਼ ਦੇ ਟੁਕੜੇ
ਉਠਾ ਸਕਣ ਦੀ ਸੋਝੀ ਆ ਗਈ,
ਓਦੋਂ ਮੈਂ ਮਿਰਜ਼ਾ ਨਹੀਂ ਰਹਾਂਗਾ।
***
ਇਹ ਕੇਹੀ ਮੁਹੱਬਤ ਹੈ ਦੋਸਤੋ
ਘਣੀ ਬਦਬੂ ਵਿੱਚ ਕੰਧਾਂ ਉਤਲੀ ਉੱਲੀ
ਅਤੇ ਛੱਤ ਨੂੰ ਲੱਗਾ ਮੱਕੜੀ ਦਾ ਜਾਲਾ ਵੇਖ ਕੇ
ਮਾਸ਼ੂਕ ਦਾ ਚਿਹਰਾ ਬਹੁਤ ਯਾਦ ਆਉਂਦਾ ਏ।
ਇਹ ਕੇਹੀ ਮੁਹੱਬਤ ਹੈ ਦੋਸਤੋ ?
ਕਵੀ ਕਾਤਲ ਹਨ, ਕਿਸਾਨ ਡਾਕੂ ਹਨ
ਤਾਜ਼ੀਰਾਤੇ ਹਿੰਦ ਦਾ ਫਰਮਾਨ ਏ-
ਕਣਕਾਂ ਖੇਤਾਂ ਵਿੱਚ ਸੜਣ ਦਿਉ,
ਨਜ਼ਮਾਂ ਇਤਿਹਾਸ ਨਾ ਬਣ ਜਾਣ।
ਸ਼ਬਦਾਂ ਦੇ ਸੰਘ ਘੁੱਟ ਦਿਉ।
ਕੱਲ੍ਹ ਤੱਕ ਇਹ ਦਲੀਲ ਬੜੀ ਦਿਲਚਸਪ ਸੀ,
ਇਸ ਤਿੰਨ ਰੰਗੀ ਜਿਲਦ ਉੱਤੇ
ਨਵਾਂ ਕਾਗਜ਼ ਚੜ੍ਹਾ ਦਈਏ –
ਪਰ ਐਵਰੈਸਟ 'ਤੇ ਚੜ੍ਹਣਾ,
ਹੁਣ ਮੈਨੂੰ ਦਿਲਚਸਪ ਨਹੀਂ ਲਗਦਾ
ਮੈਂ ਹਾਲਾਤ ਨਾਲ ਸਮਝੌਤਾ ਕਰਕੇ,
ਸਾਹ ਘਸੀਟਣੇ ਨਹੀਂ ਚਾਹੁੰਦਾ
ਮੇਰੇ ਯਾਰੋ!
ਮੈਨੂੰ ਇਸ ਕਤਲਾਮ ਵਿੱਚ ਸ਼ਰੀਕ ਹੋ ਜਾਵਣ ਦਿਉ।
***
ਗਲ਼ੇ ਸੜੇ ਫੁੱਲਾਂ ਦੇ ਨਾਂ
ਅਸੀਂ ਤਾਂ ਪਿੰਡਾਂ ਦੇ ਵਾਸੀ ਹਾਂ,
ਤੁਸੀਂ ਸ਼ਹਿਰ ਦੇ ਵਾਸੀ ਤਾਂ ਸੜਕਾਂ ਵਾਲੇ ਹੋ।
ਤੁਸੀਂ ਕਾਸ ਨੂੰ ਰੀਂਗ ਰੀਂਗ ਕੇ ਚਲਦੇ ਹੋ ?
ਸਾਡਾ ਮਨ ਪਰਚਾਵਾ ਤਾਂ ਹੱਟੀ ਭੱਠੀ ਹੈ ।
ਤੁਸੀਂ ਕਲੱਬਾਂ ਸਿਨਮੇ ਵਾਲ਼ੇ,
ਸਾਥੋਂ ਪਹਿਲਾਂ ਬੁੱਢੇ ਕੀਕਣ ਹੋ ਜਾਂਦੇ ਹੋ ?
ਸਾਡੀ ਦੌੜ ਤਾਂ ਕਾਲੇ ਮਹਿਰ ਦੀ ਮਟੀ ਤੀਕ
ਜਾਂ ਤੁਲਸੀ ਸੂਦ ਦੇ ਟੂਣੇ ਤੱਕ ਹੈ,
ਤੁਸੀਂ ਤਾਂ ਕਹਿੰਦੇ ਚੰਦ ਦੀਆਂ ਗੱਲਾਂ ਕਰਦੇ ਹੋ
ਤੁਸੀਂ ਅਸਾਥੋਂ ਪਹਿਲਾਂ ਕਿਉਂ ਮਰ ਜਾਂਦੇ ਹੋ ?
ਅਸੀਂ ਕਾਲਜੇ ਕੱਟ ਕੱਟ ਕੇ ਵੀ ਸੀ ਨਹੀਂ ਕੀਤੀ।
ਤੁਸੀਂ ਜੋ ਰੰਗ ਬਰੰਗੇ ਝੰਡੇ ਚੁੱਕੀ ਫਿਰਦੇ
ਖਾਂਦੇ ਪੀਂਦੇ ਮੌਤ 'ਤੇ ਛੜਾਂ ਚਲਾਉਂਦੇ ਹੋ।
ਇਹ ਬੌਹੜੀ ਧਾੜਿਆ ਕਿਹੜੀ ਗੱਲ ਦੀ ਕਰਦੇ ਹੋ ?
ਦੇਖਿਉ ਹੁਣ,
ਇਹ ਸੁੱਕੀ ਰੋਟੀ ਗੰਢੇ ਨਾਲ ਚਬਾਵਣ ਵਾਲੇ
ਤੁਹਾਡੇ ਸ਼ਹਿਰ ਦੇ ਸੜਕਾਂ ਕਮਰੇ ਨਿਗਲ ਜਾਣ ਲਈ,
ਆ ਪਹੁੰਚੇ ਹਨ,
ਇਹ ਤੁਹਾਡੀ ਡਾਈਨਿੰਗ ਟੇਬਲ,
ਤੇ ਟਰੇਆਂ ਤੱਕ ਨਿਗਲ ਜਾਣਗੇ।
ਜਦ ਸਾਡੀ ਰੋਟੀ 'ਤੇ ਡਾਕੇ ਪੈਂਦੇ ਸਨ,
ਜਦ ਸਾਡੀ ਇੱਜ਼ਤ ਨੂੰ ਸੰਨ੍ਹਾਂ ਲਗਦੀਆਂ ਸਨ।
ਤਾਂ ਅਸੀਂ ਅਨਪੜ੍ਹ ਪੇਂਡੂ ਮੂੰਹ ਦੇ ਗੂੰਗੇ ਸਾਂ,
ਤੁਹਾਡੀ ਲਕਚੋ ਕਾਫ਼ੀ ਹਾਊਸ 'ਚ ਕੀ ਕਰਦੀ ਸੀ?
ਤੁਹਾਨੂੰ ਪੜ੍ਹਿਆਂ ਲਿਖਿਆਂ ਨੂੰ ਕੀ ਹੋਇਆ ਸੀ ?
ਅਸੀਂ ਤੁਹਾਡੀ ਖਾਹਿਸ਼ ਦਾ ਅਪਮਾਨ ਨਹੀਂ ਕਰਦੇ,
ਅਸੀਂ ਤੁਹਾਨੂੰ ਆਦਰ ਸਹਿਤ
ਸਣੇ ਤੁਹਾਡੇ ਹੋਂਦ ਵਾਦ ਦੇ,
ਬਰਛੇ ਦੀ ਨੋਕ 'ਤੇ ਟੰਗ ਕੇ,
ਚੰਦ ਉੱਤੇ ਅੱਪੜਾ ਦੇਵਾਂਗੇ।
ਅਸੀਂ ਤਾਂ ਸਾਦ ਮੁਰਾਦੇ ਪੇਂਡੂ ਬੰਦੇ ਹਾਂ,
ਸਾਡੇ ਕੋਲ 'ਅਪੋਲੋ’ ਹੈ ਨਾ 'ਲੂਨਾ' ਹੈ।
***
ਜਦ ਬਗਾਵਤ ਖੌਲਦੀ ਹੈ
ਨੇਰ੍ਹੀਆਂ, ਸ਼ਾਹ ਨੇਰ੍ਹੀਆਂ ਰਾਤਾਂ ਦੇ ਵਿੱਚ,
ਜਦ ਪਲ ਪਲਾਂ ਤੋਂ ਸਹਿਮਦੇ ਹਨ, ਤ੍ਰਭਕਦੇ ਹਨ।
ਚੌਬਾਰਿਆਂ ਦੀ ਰੌਸ਼ਨੀ ਤਦ,
ਬਾਰੀਆਂ 'ਚੋਂ ਕੁੱਦ ਕੇ ਖ਼ੁਦਕੁਸ਼ੀ ਕਰ ਲੈਂਦੀ ਹੈ।
ਇਨ੍ਹਾਂ ਸ਼ਾਂਤ ਰਾਤਾਂ ਦੇ ਗਰਭ 'ਚ
ਜਦ ਬਗ਼ਾਵਤ ਖੌਲਦੀ ਹੈ,
ਚਾਨਣੇ, ਬੇਚਾਨਣੇ ਵੀ ਕਤਲ ਹੋ ਸਕਦਾ ਹਾਂ ਮੈਂ।
***
ਖ਼ੂਬਸੂਰਤ ਪੈਡ ਕੰਧਾਂ ਜੇਲ੍ਹ ਦੀਆਂ
ਸ਼ਬਦਾਂ ਦੀ ਆੜ ਲੈਕੇ
ਮੈਂ ਜਦ ਵੀ ਅਰਥਾਂ ਦਾ ਦੁਖਾਂਤ ਪਰੋਖਾ ਕੀਤਾ ਹੈ,
ਬੜਾ ਪਛਤਾਇਆ ਹਾਂ,
ਮੈਂ ਜਿਸ ਧਰਤੀ 'ਤੇ ਖੜਕੇ
ਧਰਤੀ ਦੇ ਸੰਗੀਤ ਦੀ ਸਹੁੰ ਖਾਧੀ ਸੀ
ਉਸ 'ਤੇ ਕਿੰਨੀ ਵਾਰ ਤਿਲਕ ਕੇ ਡਿੱਗਿਆ ਹਾਂ,
ਮੈਨੂੰ ਰੁੰਡ ਮਰੁੰਡੇ ਰੁੱਖਾਂ ਦਾ ਸਰਾਪ ਲੱਗਿਆ ਹੈ।
ਅਤੇ
ਮੈਂ ਵਾਰ ਵਾਰ ਸੂਲੀ ਤੇ ਬਹਿਸ਼ਤ ਨੂੰ
ਦੋ ਸੌਂਕਣਾਂ ਸਵੀਕਾਰ ਕੀਤਾ ਹੈ,
ਜਿਨ੍ਹਾਂ ਨੂੰ ਇੱਕੋ ਪਲੰਘ ਤੇ ਹਮਲਾ ਕਰਦੇ ਹੋਏ
ਮੇਰੀ ਦੇਹ ਨਿੱਘਰਦੀ ਜਾਂਦੀ ਹੈ
ਪਰ ਮੇਰਾ ਅਕਾਰ ਹੋਰ ਨਿੱਖਰਦਾ ਹੈ,
ਠੀਕ,
ਮੇਰੀ ਕਲਮ ਕੋਈ ਕੁੰਨ ਨਹੀਂ ਹੈ,
ਮੈਂ ਤਾਂ ਸੜਕਾਂ 'ਤੇ ਤੁਰਿਆ ਹੋਇਆ,
ਏਨਾਂ ਭੁਰ ਗਿਆ ਹਾਂ
ਕਿ ਮੇਰੇ ਅਪਾਹਜ ਜਿਸਮ ਨੂੰ
ਚੇਤਾ ਵੀ ਨਹੀਂ ਆਉਂਦਾ
ਕਿ ਮੇਰਾ ਕਿਹੜਾ ਅੰਗ ਵੀਤਨਾਮ ਵਿੱਚ
ਤੇ ਕਿਹੜਾ ਅਮਰੀਕਾ ਦੇ ਕਿਸੇ ਮਾਰੂਥਲ ਵਿੱਚ
ਰਹਿ ਗਿਆ ਹੈ ?
ਮੈਂ ਦਿੱਲੀ ਦੇ ਕਿਸੇ ਕਾਹਵਾ ਘਰ
ਵਿੱਚ ਬੈਠਾ ਹਾਂ ਕਿ ਆਂਧਰਾ ਦੇ ਜੰਗਲਾਂ ਵਿੱਚ ?
ਵਾਰ ਵਾਰ ਬੀਤਦੇ ਹੋਏ ਪਲਾਂ ਸੰਗ
ਮੈਂ ਆਪਣੀ ਹੋਂਦ ਨੂੰ ਟੋਂਹਦਾ ਹਾਂ।
ਮੇਰੀਆਂ ਛੇ ਨਜ਼ਮਾਂ ਦੀ ਮਾਂ,
ਪਿਛਲੇ ਐਤਵਾਰ ਮੇਰੇ ਹੀ ਪਰਛਾਵੇਂ ਨਾਲ
ਉੱਧਲ ਗਈ ਹੈ,
ਤੇ ਮੈਂ ਅਵਾਜ਼ਾਂ ਫੜਣ ਦੀ ਕੋਸ਼ਿਸ਼ ਵਿੱਚ
ਕਿੰਨਾਂ ਦੂਰ ਨਿੱਕਲ ਆਇਆ ਹਾਂ,
ਮੇਰੇ ਨਕਸ਼ ਤਿੱਥ-ਪੱਤਰ ਦੀਆਂ,
ਲੰਘੀਆਂ ਤਰੀਕਾਂ ਹੋ ਕੇ ਰਹਿ ਗਏ ਹਨ,
ਵਾਰੀ ਵਾਰੀ ਨੈਪੋਲੀਅਨ, ਚੰਗੇਜ਼ ਖਾਂ ਤੇ ਸਿਕੰਦਰ
ਮੇਰੇ ਵਿੱਚੋਂ ਦੀ ਲੰਘ ਗਏ ਹਨ,
ਅਸ਼ੋਕ ਤੇ ਗੌਤਮ ਬੇਬਾਕ ਤੱਕ ਰਹੇ ਹਨ,
ਬੇਪਰਦ ਪੱਥਰ ਦਾ ਸੋਮਨਾਥ
ਜੇ ਮੈਂ ਐਵਰੈਸਟ ਉਤੇ ਖਲ੍ਹੋਕੇ ਦੇਖਦਾ ਹਾਂ
ਤੇੜਿਆ ਪਿਆ ਤਾਜਮਹਲ,
ਪਿੱਤਲ ਦਾ ਹਰਿਮੰਦਰ
ਤੇ ਅਜੰਤਾ ਖੰਡਰ ਖੰਡਰ
ਤਾਂ ਮੈਂ ਸੋਚਦਾ ਹਾਂ
ਕੁਤਬ ਦੀਆਂ ਪੰਜ ਮੰਜ਼ਲਾਂ ਜੋ ਬਾਕੀ ਹਨ,
ਕੀ ਖੁਦਕੁਸ਼ੀ ਲਈ ਕਾਫ਼ੀ ਹਨ ?
ਪਰ ਆਖ਼ਰ,
ਮੈਨੂੰ ਮੰਨਣਾ ਪੈਂਦਾ ਹੈ,
ਕਿ ਜਿਸ ਵੇਲੇ ਮੈਂ ਜੂਪੀਟਰ ਦੇ ਪੁੱਤਰ
ਅਤੇ ਅਰਸਤੂ ਦੇ ਚੇਲੇ ਨੂੰ,
ਧੁੱਪ ਛੱਡ ਕੇ ਖਲੋਣ ਲਈ ਕਿਹਾ ਸੀ
ਤਾਂ ਮੇਰੇ ਤੇੜ ਕੇਵਲ ਜਾਂਘੀਆ ਸੀ ।
ਤਾਂ ਹੀ ਮੈਂ
ਹੁਣ ਖੁਬਸੂਰਤ ਪੈਡ ਲੂਹ ਦਿੱਤੇ ਹਨ
ਤੇ ਕਲਮ ਨੂੰ ਸੰਗੀਨ ਲਾ ਕੇ
ਜੇਲ੍ਹ ਦੀਆਂ ਕੰਧਾਂ ਤੇ ਲਿਖਣਾ ਲੋਚਦਾ ਹਾਂ
ਤੇ ਇਹ ਸਿੱਧ ਕਰਨ ਵਿੱਚ ਰੁਝਿਆ ਹਾਂ
ਕਿ ਦਿਸ-ਹੱਦੇ ਤੋਂ ਪਰ੍ਹੇ ਵੀ
ਪਹਾੜ ਹੁੰਦੇ ਹਨ
ਖੇਤ ਹੁੰਦੇ ਹਨ
ਜਿਨ੍ਹਾਂ ਦੀਆਂ ਢਲਾਣਾਂ ਉੱਤੇ
ਕਿਰਨਾਂ ਵੀ, ਕਲਮਾਂ ਵੀ,
ਜੁੜ ਸਕਦੀਆਂ ਹਨ।
***
ਯੁੱਗ ਪਲਟਾਵਾ
ਅੱਧੀ ਰਾਤੇ
ਮੇਰਾ ਕਾਂਬਾ ਸੱਤ ਰਜਾਈਆਂ ਨਾਲ ਵੀ ਨਾ ਰੁਕਿਆ,
ਸਤਲੁਜ ਮੇਰੇ ਬਿਸਤਰੇ 'ਤੇ ਲਹਿ ਗਿਆ
ਸੱਤੇ ਰਜਾਈਆਂ, ਗਿੱਲੀਆਂ,
ਤਾਪ ਇੱਕ ਸੌ ਛੇ, ਇੱਕ ਸੌ ਸੱਤ
ਹਰ ਸਾਹ ਮੁੜ੍ਹਕੋ ਮੁੜ੍ਹਕੀ
ਯੁੱਗ ਨੂੰ ਪਲਟਾਉਣ ਵਿੱਚ ਮਸਰੂਫ਼ ਲੋਕ
ਬੁਖਾਰ ਨਾਲ ਨਹੀਂ ਮਰਦੇ।
ਮੌਤ ਦੇ ਕੰਧੇ 'ਤੇ ਜਾਣ ਵਾਲਿਆਂ ਲਈ
ਮੌਤ ਤੋਂ ਪਿੱਛੋਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੁੰਦਾ ਹੈ
ਮੈਨੂੰ ਜਿਸ ਸੂਰਜ ਦੀ ਧੁੱਪ ਵਰਜਿਤ ਹੈ
ਮੈਂ ਉਸ ਦੀ ਛਾਂ ਤੋਂ ਵੀ ਇਨਕਾਰ ਕਰ ਦੇਵਾਂਗਾ
ਮੇਰਾ ਲਹੂ ਤੇ ਮੁੜ੍ਹਕਾ ਮਿੱਟੀ ਵਿੱਚ ਡੁੱਲ੍ਹ ਗਿਆ ਹੈ
ਮੈਂ ਮਿੱਟੀ ਵਿੱਚ ਦੱਬੇ ਜਾਣ 'ਤੇ ਵੀ ਉੱਗ ਆਵਾਂਗਾ
***
ਮੇਰਾ ਹੁਣ ਹੱਕ ਬਣਦਾ ਹੈ
ਮੈਂ ਟਿਕਟ ਖਰਚ ਕੇ
ਤੁਹਾਡਾ ਜਮਹੂਰੀਅਤ ਦਾ ਨਾਟ ਦੇਖਿਆ ਹੈ
ਹੁਣ ਤਾਂ ਮੇਰਾ ਨਾਟਕ ਹਾਲ 'ਚ ਬਹਿਕੇ
ਹਾਏ ਹਾਏ ਆਖਣ ਤੇ ਚੀਕਾਂ ਮਾਰਨ ਦਾ
ਹੱਕ ਬਣਦਾ ਹੈ
ਤੁਸਾਂ ਵੀ ਟਿਕਟ ਦੀ ਵਾਰੀ
ਟਕੇ ਦੀ ਛੋਟ ਨਹੀਂ ਕੀਤੀ
ਤੇ ਮੈਂ ਵੀ ਆਪਣੀ ਪਸੰਦ ਦੀ ਬਾਂਹ ਫੜਕੇ
ਗੱਦੇ ਪਾੜ ਸੁੱਟਾਂਗਾ
ਤੇ ਪਰਦੇ ਸਾੜ ਸੁੱਟਾਂਗਾ।
***
ਸਮਾਂ ਕੋਈ ਕੁੱਤਾ ਨਹੀਂ
ਫ਼ਰੰਟੀਅਰ ਨਾ ਸਹੀ, ਟ੍ਰਿਬਿਊਨ ਪੜ੍ਹੋ
ਕਲਕੱਤਾ ਨਹੀਂ, ਢਾਕੇ ਦੀ ਗੱਲ ਕਰੋ
ਆਰਗੇਨਾਈਜ਼ਰ ਤੇ ਪੰਜਾਬ ਕੇਸਰੀ
ਦੇ ਕਾਤਰ ਲਿਆਵੋ
ਤੇ ਮੈਨੂੰ ਦੱਸੋ
ਇਹ ਇੱਲਾਂ ਕਿੱਧਰ ਜਾ ਰਹੀਆਂ ਹਨ ?
ਕੌਣ ਮਰਿਆ ਹੈ ?
ਸਮਾਂ ਕੋਈ ਕੁੱਤਾ ਨਹੀਂ
ਕਿ ਸੰਗਲੀ ਫੜ ਕੇ ਜਿੱਧਰ ਮਰਜ਼ੀ ਧੂਹ ਲਵੋ
ਤੁਸੀਂ ਕਹਿੰਦੇ ਹੋ
ਮਾਓ ਇਹ ਕਹਿੰਦਾ ਹੈ, ਮਾਓ ਉਹ ਕਹਿੰਦਾ ਹੈ
ਮੈਂ ਪੁੱਛਦਾ ਹਾਂ, ਮਾਓ ਕਹਿਣ ਵਾਲਾ ਕੌਣ ਹੈ ?
ਸ਼ਬਦ ਗਿਰਵੀ ਨਹੀਂ
ਸਮਾਂ ਗੱਲ ਆਪ ਕਰਦਾ ਹੈ
ਪਲ ਗੂੰਗੇ ਨਹੀਂ ।
ਤੁਸੀਂ ਰੈਂਬਲ 'ਚ ਬੈਠੋ
ਜਾਂ ਪਿਆਲਾ ਚਾਹ ਦਾ ਰੇੜ੍ਹੀ ਤੋਂ ਪੀਓ
ਸੱਚ ਬੋਲੋ ਜਾਂ ਝੂਠ –
ਕੋਈ ਫ਼ਰਕ ਨਹੀਂ ਪੈਂਦਾ,
ਭਾਵੇਂ ਚੁੱਪ ਦੀ ਲਾਸ਼ ਵੀ ਛਲ ਕੇ ਲੰਘ ਜਾਵੋ
.... .....
ਤੇ ਐ ਹਕੂਮਤ
ਆਪਣੀ ਪੁਲੀਸ ਨੂੰ ਪੁੱਛਕੇ ਇਹ ਦੱਸ
ਕਿ ਸੀਖਾਂ ਅੰਦਰ ਮੈਂ ਕੈਦ ਹਾਂ
ਜਾਂ ਸੀਖਾਂ ਤੋਂ ਬਾਹਰ ਇਹ ਸਿਪਾਹੀ ?
ਸੱਚ ਏ.ਆਈ.ਆਰ. ਦੀ ਰਖੇਲ ਨਹੀਂ
ਸਮਾਂ ਕੋਈ ਕੁੱਤਾ ਨਹੀਂ
***
ਜ਼ਹਿਰ
ਤੁਸੀਂ ਕਿੰਝ ਕਹਿ ਸਕਦੇ ਹੋ
ਕਿ ਇਹ ਜ਼ਹਿਰ ਹੈ ਤੇ ਇਹ ਜ਼ਹਿਰ ਨਹੀਂ
ਜ਼ਹਿਰ ਤੋਂ ਤਾਂ ਨਾ ਸਿਗਰਟ ਮੁਕਤ ਹੈ
ਨਾ ਪਾਨ
ਨਾ ਕਨੂੰਨ ਨਾ ਕ੍ਰਿਪਾਨ
ਜ਼ਹਿਰ ਦੇ ਲੇਬਲ ਨੂੰ
ਸੈਕਟਰੀਏਟ 'ਤੇ ਲਾਵੋ ਜਾਂ ਯੂਨੀਵਰਸਿਟੀ 'ਤੇ
ਜ਼ਹਿਰ ਜ਼ਹਿਰ ਹੈ
ਤੇ ਜ਼ਹਿਰ ਨੂੰ ਜ਼ਹਿਰ ਕੱਟਦਾ ਹੈ
... ... ...
ਭੂਮੀ ਅੰਦੋਲਨ ਤਾਂ ਘਰ ਦੀ ਗੱਲ ਹੈ
ਇਹ ਕਾਨੂੰ ਸਾਨਿਆਲ ਕੀ ਸ਼ੈਅ ਹੈ ?
ਜਵਾਨੀ ਤਾਂ ਜਤਿੰਦਰ ਜਾਂ ਬਬੀਤਾ ਦੀ
ਇਹ ਉਤਪੱਲ ਦੱਤ ਕੀ ਹੋਇਆ ?
ਇਹ ਨਾਟ ਕਲਾ ਕੇਂਦਰ ਕੀ ਕਰਦਾ ?
ਜ਼ਹਿਰ ਤਾਂ ਕੀਟਸ ਨੇ ਖਾਧਾ ਸੀ
ਇਹ ਦਰਸ਼ਨ ਖਟਕੜ ਕੀ ਖਾਂਦਾ ਹੈ ?
... .... ....
ਚੀਨ ਨੂੰ ਆਖੋ
ਕਿ ਪ੍ਰਮਾਣੂ ਧਮਾਕੇ ਨਾ ਕਰੇ
ਇਸ ਤਰ੍ਹਾਂ ਤਾਂ ਪਵਿੱਤਰ ਹਵਾ 'ਚ
ਜ਼ਹਿਰ ਫ਼ੈਲਦਾ ਹੈ
ਤੇ ਹਾਂ- ਪੋਲਿੰਗ ਦਿਹਾੜੇ ਐਂਤਕੀ
ਅਫ਼ੀਮ ਦੀ ਥਾਂ ਨਿੱਗਰ ਜ਼ਹਿਰ ਵੰਡੋ
ਜ਼ਹਿਰ ਤਾਂ ਵਧਦਾ ਜਾਂਦਾ ਹੈ-
ਤੇ ਨਰਸ!
ਇਸ 'ਪਾਇਜ਼ਨ ਸਟੋਰ’ ਨੂੰ
ਅਸਾਂ ਕੀ ਪੁੱਠ ਦੇਣੀ ਹੈ ?
ਜਾਓ ਇੱਕ ਇੱਕ ਗੋਲੀ
'ਪਾਸ਼' 'ਤੇ 'ਸੰਤ' (ਸੰਧੂ) ਨੂੰ ਦੇ ਆਓ
***
ਅਰਥਾਂ ਦਾ ਅਪਮਾਨ
ਤੁਸਾਂ ਨੇ ਜਾਣ ਬੁੱਝ ਕੇ ਅਰਥਾਂ ਦਾ ਅਪਮਾਨ ਕੀਤਾ ਹੈ
ਆਵਾਰਾ ਸ਼ਬਦਾਂ ਦਾ ਇਲਜ਼ਾਮ
ਹੁਣ ਕਿਸ ਨੂੰ ਦੇਵੋਗੇ ?
ਮੈਨੂੰ ਇਹ ਰੁੱਖ ਪੁੱਛਦੇ ਹਨ
ਕਿ ਉਸ ਸੂਰਜ ਨੂੰ ਕੀ ਕਹੀਏ
ਜਿਹੜਾ ਕਿ ਗਰਮ ਨਾ ਹੋਵੇ
ਜ੍ਹਿਦਾ ਰੰਗ ਲਾਲ ਨਾ ਹੋਵੇ।
ਮੈਂ ਰੁੱਖਾਂ ਵੱਲ ਤੱਕਦਾ ਹਾਂ
ਹਵਾ ਦੇ ਰੰਗ ਗਿਣਦਾ ਹਾਂ
ਤੇ ਰੁੱਤ ਦਾ ਨਾਪ ਕਰਦਾ ਹਾਂ
ਤੇ ਮੈਥੋਂ ਫੇਰ ਸੂਰਜ ਨੂੰ ਬੇਦੋਸ਼ਾ ਆਖ ਨਹੀਂ ਹੁੰਦਾ।
ਮੈਂ ਸੂਰਜ ਵਾਸਤੇ
ਗੁਸਤਾਖ ਸ਼ਬਦਾਂ ਨੂੰ ਸੁਅੰਬਰ 'ਚ ਬਿਠਾਉਂਦਾ ਹਾਂ,
ਤੁਸੀਂ ਸਮਝੋਗੇ
ਮੈਂ ਚੋਟੀ 'ਤੇ ਖੜ੍ਹ ਕੇ ਖੱਡ ਦੇ ਵਿੱਚ ਛਾਲ ਮਾਰੀ ਹੈ
ਅਸਲ ਗੱਲ ਹੋਰ ਹੈ
ਮੈਂ ਤਾਂ ਖੱਡਾਂ ਦੇ ਅਰਥ ਬਦਲੇ ਹਨ
ਹਵਾ ਨੂੰ ਪੀਂਘ ਮੰਨਿਆ ਹੈ
ਤੇ ਪਰਬਤ ਨੂੰ ਪੜੁੱਲ ਦਾ ਰੂਪ ਦਿੱਤਾ ਹੈ
ਮੈਂ ਤੁਸਾਂ ਲਈ ਖੁਦਕਸ਼ੀ ਦੇ ਅਰਥ ਬਦਲੇ ਹਨ
ਮੇਰੇ ਸਾਥੀ
ਤੁਸਾਂ ਲਈ ਜ਼ਿੰਦਗੀ ਦੇ ਅਰਥ ਬਦਲਣਗੇ
ਤੁਸਾਂ ਜੇ ਮਰਨ ਲੱਗਿਆਂ
ਜ਼ਿੰਦਗੀ ਨੂੰ ਜਾਣ ਵੀ ਲੀਤਾ
ਤੁਹਾਡੀ ਕੌਣ ਮੰਨੇਗਾ?
ਤੁਹਾਨੂੰ ਕੌਣ ਬਖ਼ਸ਼ੇਗਾ
ਜਿਨ੍ਹਾਂ ਨੇ ਜਾਣ ਬੁੱਝ ਕੇ
ਅਰਥਾਂ ਦਾ ਅਪਮਾਨ ਕੀਤਾ ਹੈ।
***
ਵਕਤ ਦੀ ਲਾਸ਼
ਇਨ੍ਹਾਂ ਨੇ ਪੱਤਝੜ ਦੇ ਆਖ਼ਰੀ ਦਿਨ
ਬੁੱਕਲ 'ਚ ਸਾਂਭ ਲਏ ਸਨ,
ਤੇ ਹੁਣ ਜੇ ਇਹ ਬਸੰਤ ਦੀ ਗੱਲ ਕਰਦੇ ਵੀ ਹਨ
ਤਾਂ ਜਿਵੇਂ ਸ਼ਬਦਾਂ ਦੇ ਸਾਹ ਟੁੱਟਦੇ ਹੋਣ...
ਜਿਵੇਂ ਅਮਲੀ ਤ੍ਰੋਟਿਆ ਗਿਆ ਹੋਵੇ -
ਤੇ ਇਨ੍ਹਾਂ ਦੇ ਗੁਆਂਢ
ਜਿਹੜੇ ਸ਼ੈਤਾਨ ਸਿਰ ਫਿਰੇ ਛੋਕਰੇ
ਇਤਿਹਾਸ ਦੀਆਂ ਕੰਧਾਂ ਉੱਤੇ
ਕੁਝ ਲਿਖਣ ਵਿੱਚ ਮਸਰੂਫ਼ ਹਨ
ਉਨ੍ਹਾਂ ਨੂੰ ਵਿਹੁ ਜਾਪਦੇ ਹਨ
ਜਿਵੇਂ ਕੋਈ ਬਾਰਵੇਂ ਸਾਲ ਵਿੱਚ
ਰਿਸ਼ੀ ਦੀ ਤਾੜੀ ਭੰਗ ਕਰ ਦਏ
ਜਿਵੇਂ ਸੁਹਾਗ ਦੀ ਸੇਜ 'ਤੇ ਮਹਿਮਾਨ ਸੌਂ ਜਾਣ
ਇਨ੍ਹਾਂ ਦੇ ਕੋਲ ਉਸ ਦਾ ਦਿੱਤਾ ਬਹੁਤ ਕੁੱਝ ਹੈ
ਇਹ ਡਿਗਰੀਆਂ ਦੇ ਫੱਟੇ ਤੇ ਸੌਂ ਸਕਦੇ ਹਨ
ਤੇ ਅਲੰਕਾਰਾਂ ਦੇ ਓਵਰਕੋਟ ਪਹਿਨਦੇ ਹਨ
ਉਨ੍ਹਾਂ ਲਈ ਜ਼ਿੰਦਗੀ ਦੇ ਅਰਥ ਸਿਫ਼ਾਰਸ਼ ਹਨ
ਕੈਦ ਨੂੰ ਉਹ ਕੋਕੇ ਕੋਲੇ ਵਾਂਗ ਪੀਂਦੇ ਹਨ
ਤੇ ਹਰ ਅੱਜ ਨੂੰ ਕੱਲ ਵਿੱਚ ਬਦਲ ਕੇ ਖੁਸ਼ ਹੁੰਦੇ ਹਨ
ਇਹ ਰਾਤ ਨੂੰ ਸੌਣ ਲੱਗੇ
ਪਜਾਮਿਆਂ ਸਲਵਾਰਾਂ ਦੀਆਂ ਗੰਢਾਂ ਟੋਹ ਕੇ ਸੌਂਦੇ ਹਨ
ਤੇ ਸਵੇਰ ਨੂੰ ਜਦ ਇਹ ਉੱਠਦੇ ਹਨ
ਤਾਂ ਬੱਕਰੀ ਵਾਂਗ ਨਿਢਾਲ
ਜਿਵੇਂ ਵਕਤ ਦੀ ਲਾਸ਼ ਮੁਸ਼ਕ ਗਈ ਹੋਵੇ
ਜਿਵੇਂ ਦਹੀਂ ਬੁੱਸ ਗਿਆ ਹੋਵੇ,
ਜਦ ਇਹ ਆਪਣੇ ਆਪ ਨੂੰ
ਮਰਿਆ ਪਿਆ ਤੱਕਦੇ ਹਨ
ਤਾਂ ਜ਼ਿੰਦਗੀ ਨੂੰ ਚੇਤੇ ਵਿੱਚ
ਲਿਆਉਣ ਲਈ ਤਿਗੜਮ ਲੜਾਉਂਦੇ ਹਨ
ਜਿਵੇਂ ਕੋਈ ਉਂਗਲਾਂ 'ਤੇ ਹਾਸਲ ਗਿਣਦਾ ਹੈ
ਜਿਵੇਂ ਕੋਈ ਰਿੜਨਾ ਸਿੱਖਣੋਂ ਪਹਿਲਾਂ ਦੀ
ਉਮਰ ਨੂੰ ਯਾਦ ਕਰਦਾ ਹੈ।
***
ਦੇਸ਼ ਭਗਤ
(ਪਿਆਰੇ ਚੰਦਨ ਨੂੰ ਸਮਰਪਤ)
ਇੱਕ ਅਫ਼ਰੀਕੀ ਸਿਰ
ਚੀ ਗਵੇਰਾ ਨੂੰ ਨਮਸਕਾਰ ਕਰਦਾ ਹੈ
ਆਰਤੀ ਕਿਤੇ ਵੀ ਉਤਾਰੀ ਜਾ ਸਕਦੀ ਹੈ...
ਪੁਲਾੜ ਵਿੱਚ... ਪ੍ਰਿਥਵੀ 'ਤੇ
ਕਿਊਬਾ ਵਿੱਚ ... ਬੰਗਾਲ ਵਿੱਚ।
ਸਮਾਂ ਸੁਤੰਤਰ ਤੌਰ ਉੱਤੇ ਕੋਈ ਸ਼ੈਅ ਨਹੀਂ
ਸਮੇਂ ਨੂੰ ਅਰਥ ਦੇਣ ਲਈ
ਪਲ ਜੀਵੇ ਜਾਂਦੇ ਹਨ, ਵਰ੍ਹੇ ਬਿਤਾਏ ਜਾਂਦੇ ਹਨ ...
ਭਵਿੰਡੀ ਤੇ ਸਿਰੀਕਾਕੁਲਮ ਵਿੱਚ ਫ਼ਰਕ ਕੱਢਿਆ ਜਾਂਦਾ ਹੈ,
ਮੈਂ ਸੂਰਜ ਕੋਲ ਮੁੱਕਰਿਆ, ਘਾਹ ਕੋਲ ਮੁੱਕਰਿਆ,
ਕੁਰਸੀ ਕੋਲ, ਮੇਜ਼ ਕੋਲ,
ਤੇ ਇਸੇ ਲਈ ਮੈਂ ਲਾਅਨ ਦੀ ਧੁੱਪ ਵਿੱਚ ਬਹਿਕੇ
ਚਾਹ ਨਹੀਂ ਪੀਤੀ
ਬੰਦ ਕਮਰੇ ਦੀਆਂ ਦੀਵਾਰਾਂ 'ਤੇ ਫਾਇਰ ਕੀਤੇ ਹਨ,
... .... ....
ਇਹ ਭਾਰਤ ਹੈ –
ਜੋ ਨਿੱਕੇ ਜਿਹੇ ਗਲੋਬ ਉੱਤੇ ਏਸ਼ੀਆ ਦੀ ਪੂਛ ਬਣ
ਕੇ ਲਟਕਿਆ ਹੈ
ਜਿਸ ਦੀ ਸ਼ਕਲ ਪਤੰਗੇ ਵਰਗੀ ਹੈ
ਅਤੇ ਜੋ ਪਤੰਗੇ ਵਾਂਗ ਹੀ ਸੜ ਜਾਣ ਲਈ ਹਾਕਲ ਬਾਕਲ ਹੈ
ਤੇ ਇਹ ਪੰਜਾਬ ਹੈ –
ਜਿਥੇ ਨਾ ਕੂਲੇ ਘਾਹ ਦੀਆਂ ਮੈਰਾਂ ਹਨ
ਨਾ ਫੁੱਲਾਂ ਭਰੇ ਦਰੱਖ਼ਤ।
ਚੇਤਰ ਆਉਂਦਾ ਹੈ, ਪਰ ਉਸ ਦਾ ਰੰਗ ਸ਼ੋਖ ਨਹੀਂ ਹੁੰਦਾ
ਉਦਾਸ ਸ਼ਾਮਾਂ ਸੰਗ ਟਕਰਾ ਕੇ
ਜ਼ਿੰਦਗੀ ਦਾ ਸੱਚ ਕਈ ਵਾਰ ਗੁਜ਼ਰਿਆ ਹੈ
ਪਰ ਹਰ ਵਾਰ ਸਹਿਣਸ਼ੀਲਤਾ ਦਾ ਮਖੌਟਾ ਪਾਉਣ ਤੋਂ ਪਹਿਲਾਂ
ਮੈਂ ਹਰ ਦਿਸ਼ਾ ਦੇ ਦਿਸਹੱਦੇ ਸੰਗ ਟਕਰਾ ਗਿਆ ਹਾਂ,
ਚੰਦ, ਜਦੋਂ ਗੋਆ ਦੇ ਰੰਗੀਨ ਤੱਟਾਂ 'ਤੇ
ਜਾਂ ਕਸ਼ਮੀਰ ਦੀ ਸੁਜਿੰਦ ਵਾਦੀ ਵਿੱਚ
ਚੌਫਾਲ ਨਿੱਸਲ ਪਿਆ ਹੁੰਦਾ ਹੈ
ਤਾਂ ਓਦੋਂ, ਉਹ ਪਲ ਹੁੰਦੇ ਹਨ
ਜਦੋਂ ਮੈਂ ਉੱਚੇ ਹਿਮਾਲੇ ਵਾਲੀ
ਆਪਣੀ ਪਿਤਾ-ਭੂਮੀ 'ਤੇ ਬਹੁਤ ਮਾਣ ਕਰਦਾ ਹਾਂ
ਜਿਸ ਸਾਨੂੰ ਪਹਾੜੀ ਪੱਥਰਾਂ ਵਾਂਗ ਬੇਗਿਣਤ ਪੈਦਾ ਕਰਕੇ
ਪੱਥਰਾਂ ਵਾਂਗ ਹੀ ਜੀਊਣ ਲਈ ਛੱਡ ਦਿੱਤਾ ਹੈ।
ਤੇ ਓਦੋਂ ਮੈਨੂੰ ਉਹ ਢੀਠਤਾਈ
ਜਿਦ੍ਹਾ ਨਾਂ ਜ਼ਿੰਦਗੀ ਹੈ
ਰੁੱਸੀ ਹੋਈ ਮਾਸ਼ੂਕ ਵਾਂਗ ਪਿਆਰੀ ਲਗਦੀ ਹੈ
ਤੇ ਮੈਨੂੰ ਸੰਗ ਆਉਂਦੀ ਹੈ
ਕਿ ਮੈਂ ਘੋਗੇ ਦੀ ਤਰ੍ਹਾਂ ਬੰਦ ਹਾਂ
ਜਦ ਮੈਨੂੰ ਅਮੀਬਾ ਵਾਂਗ ਫੈਲਣਾ ਲੋੜੀਂਦਾ ਹੈ।
***
ਮੈਂ ਕਹਿੰਦਾ ਹਾਂ
ਕਈ ਕਹਿੰਦੇ ਹਨ-
ਬੜਾ ਕੁਝ ਹੋਰ ਆਖਣ ਨੂੰ ਹੈ
ਬਹੁਤ ਕੁਝ ਅੱਗੇ ਤੈਅ ਕਰਨ ਵਾਲਾ ਹੈ
ਜਿਵੇਂ ਗੱਲ ਸ਼ਬਦਾਂ ਨਾਲ ਨਹੀਂ ਕਹੀ ਜਾ ਸਕਦੀ
ਜਿਵੇਂ ਵਾਟ ਕਦਮਾਂ ਨਾਲ ਨਹੀਂ ਮੁੱਕਦੀ
ਕਈ ਕਹਿੰਦੇ ਹਨ –
ਹੁਣ ਕਹਿਣ ਲਈ ਕੁਝ ਵੀ ਬਾਕੀ ਨਹੀਂ
ਤੈਅ ਕਰਨ ਲਈ ਕੁਝ ਵੀ ਬਚਿਆ ਨਹੀਂ
ਜਿਵੇਂ ਸ਼ਬਦ ਨਿਪੁੰਸਕ ਹੋ ਗਏ ਹੋਣ
ਤੇ ਮੈਂ ਕਹਿੰਦਾ ਹਾਂ
ਸਫ਼ਰ ਦੀ ਇਤਿਹਾਸ ਦੀ ਗੱਲ ਨਾ ਕਰੋ
ਮੈਨੂੰ ਅਗਲਾ ਕਦਮ ਧਰਨ ਲਈ ਜ਼ਮੀਨ ਦੇਵੋ
***
ਤੇਰਾ ਮੁੱਲ ਮੇਰਾ ਮੁੱਲ
ਇੱਕ ਹਵਾ ਦਾ ਰਾਹ ਉਲੰਘਣ ਵਾਸਤੇ
ਬਹੁਤ ਚਿਰ ਮੈਨੂੰ ਜਿਸਮ ਬਾਹਾਂ 'ਚ ਘੁੱਟੀ ਰੱਖਣਾ ਪੈਂਦਾ ਹੈ
ਆਪਣੀ ਕ੍ਰਿਆ ਦਾ ਮੁਰਦਾ
ਰੋਜ਼ ਹੀ ਮੈਂ ਚਾਹੁੰਦਿਆਂ ਅਣਚਾਹੁੰਦਿਆਂ
ਇਤਿਹਾਸ ਦੀ ਸਰਦਲ 'ਤੇ ਰੱਖ ਕੇ ਪਰਤ ਆਉਂਦਾ ਹਾਂ-
ਹਰ ਦਿਹੁੰ ਦੇ ਅੰਤ ਉੱਤੇ ਮੁਫ਼ਤ ਵਿਕ ਜਾਂਦਾ ਹਾਂ ਮੈਂ।
ਆਪਣੀ ਕੀਮਤ, ਮੇਰੀ ਮਹਿਬੂਬ
ਆਪਣੀ ਛਾਂ ਤੋਂ ਪੁੱਛ
ਕਿੰਨੀਆਂ ਕਿਰਨਾਂ ਤੇਰੇ ਤੋਂ ਮਾਤ ਖਾਕੇ
ਰਾਖ ਹੋ ਚੁੱਕੀਆਂ ਨੇ।
ਮੈਂ ਵੀ ਆਪਣਾ ਖੂਨ ਡੋਲ੍ਹਣ ਵਾਸਤੇ
ਕਿਹੋ ਜਿਹਾ ਕੁਰੂਖੇਤਰ ਪਸੰਦ ਕੀਤਾ ਹੈ
ਮੇਰੀ ਅੱਖ ਦੇ ਹਰ ਕਦਮ ਵਿੱਚ
ਮੇਰੇ ਸਿਰਜਕ ਦੇ ਅੰਗ ਖਿੰਡਰੇ ਪਏ ਨੇ
ਤੇ ਮੇਰੇ ਅੰਦਰ ਅਣਗਿਣਤ ਰਾਵਣਾਂ, ਦੁਰਯੋਧਨਾਂ ਦੀ
ਲਾਸ਼ ਜੀ ਉੱਠੀ ਹੈ –
ਤੇਰਾ ਮੁੱਲ, ਤੇਰੀ ਕਦਰ
ਇਤਿਹਾਸ ਦੇ ਕਦਮਾਂ ਨੂੰ ਜਾਪੇ ਜਾਂ ਨਾ ਜਾਪੇ
ਪਰ ਮੈਂ ਲਛਮਣ ਰੇਖਾ ਨੂੰ ਟੱਪ ਕੇ
ਖਲਾਅ ਵਿੱਚ ਲਟਕ ਜਾਵਾਂਗਾ।
ਮੇਰੇ ਅਭਿਮਾਨ ਦਾ ਵਿਮਾਨ
ਅਗਲੀ ਰੁੱਤ ਵਿੱਚ ਮੇਰਾ ਗਵਾਹ ਹੋਵੇਗਾ
ਤੇ ਓਦੋਂ ਹੀ ਮੇਰੀਆਂ ਅਣਮੁੱਲੀਆਂ
ਹਿੰਮਤਾਂ ਦੀ ਕੀਮਤ ਪੈ ਸਕੇਗੀ।
ਮੈਨੂੰ ਤੇਰੀ ਸ਼ੋਖੀ ਦੇ ਹੱਦਾਂ ਉਲੰਘਣ ਦਾ
ਤਾਂ ਕੋਈ ਗਮ ਨਹੀਂ
ਮੈਂ ਤਾਂ ਇਸ ਜੋਬਨਾਈ ਵਾਦੀ 'ਚ
ਤੇਰੇ ਹੱਦਾਂ ਬਣਾਈ ਜਾਣ ਤੋਂ ਕਤਰਾ ਰਿਹਾ ਹਾਂ।
ਮੇਰੀ ਮਹਿਬੂਬ
ਇਸ ਸੂਰਜ ਨੂੰ ਮੁੱਠੀ ਵਿੱਚ ਫੜਨਾ ਲੋਚ ਨਾ
ਮੈਂ ਇਹਦੇ ਵਿੱਚ ਸੜਨ ਨੂੰ
ਲੱਖਾਂ ਜਨਮ ਲੈਣੇ ਨੇ।
***
ਬੇਕਦਰੀ ਥਾਂ
ਮੇਰਾ ਅਪਮਾਨ ਕਰ ਦੇਵੋ
ਮੈਂ ਕਿਹੜਾ ਮਾਣ ਕਰਦਾ ਹਾਂ
ਕਿ ਮੈਂ ਅੰਤ ਤੀਕਰ ਸਫ਼ਰ ਕੀਤਾ ਹੈ,
ਸਗੋਂ ਮੈਂ ਤਾਂ ਉਨ੍ਹਾਂ ਪੈਰਾਂ ਦਾ ਮੁਜਰਮ ਹਾਂ
ਕਿ ਜਿਨ੍ਹਾਂ ਦਾ 'ਭਰੋਸਾ' ਮੈਂ ਕਿਸੇ ਬੇਕਦਰ ਥਾਂ 'ਤੇ ਰੋਲ ਦਿੱਤਾ
ਪ੍ਰਾਪਤੀਆਂ ਦਾ ਮੌਸਮ
ਆਉਣ ਤੋਂ ਪਹਿਲਾਂ ਹੀ
ਮੇਰੇ ਰੰਗ ਨੂੰ ਬਦਰੰਗ ਕਰ ਦੇਵੋ
***
ਸੱਭਿਆਚਾਰ ਦੀ ਖੋਜ1
(ਮਰੀਅਮ ਕਿਸਲਰ ਪੀ.ਐਚ.ਡੀ. ਦੇ ਨਾਂ )
ਗੋਰੀ ਨਸਲ ਦੀ ਗੋਰੀ ਕੁੜੀਏ
ਤੂੰ ਸਾਡੇ ਕਲਚਰ ਦਾ ਖੋਜ ਦਾ ਸਾਂਗ ਰਹਿਣ ਦੇ
ਅੱਧੀ ਦਿੱਲੀ ਉਂਝ ਵੀ ਹਿੱਪੀਆਂ ਲਈ ਮੰਜ਼ੂਰ ਸ਼ੁਦਾ ਹੈ।
ਤੇਰੀ ਧਰਤੀ ਦੇ ਸਾਏ
ਮੱਲੋ ਮੱਲੀ ਦੇ ਪ੍ਰੋਫੈਸਰ, ਪਿੰਡ ਸੇਵਕ ਵੀ ਬਣ ਸਕਦੇ ਹਨ।
ਤੂੰ ਆਪਣੇ ਡਾਲਰ ਨਾ ਖੋਟੇ ਹੋਵਣ ਦੇਵੀਂ
ਜੋ ਕਰਨਾ ਨਿਸਚਿੰਤ ਕਰੀ ਜਾ
ਕਲਚਰ ਦੀ ਗੱਲ,
ਹੁਣ ਤਾਂ ਜਿਨ੍ਹਾਂ, ਪਰੀਆਂ ਦੀਆਂ ਬਾਤਾਂ ਦੀ ਗੱਲ ਹੈ
ਤੀਹਾਂ ਵਿੱਚੋਂ ਪੱਚੀ ਰਾਤਾਂ ਚੰਨ ਨਹੀਂ ਚੜ੍ਹਦਾ
ਜਦ ਚੜ੍ਹਦਾ ਹੈ
ਦਾਗਾਂ ਭਰਿਆ ਹੁੰਦਾ।
ਹੁਣ ਤਾਂ ਬੱਦਲ ਧੂੰਏ ਦੇ ਹਨ
ਹੁਣ ਤਾਂ ਉਨਾ ਮੀਂਹ ਨਹੀਂ ਪੈਂਦਾ।
ਹੁਣ ਨਾ ਸਾਡੀ ਬੀਹੀ ਦੇ ਵਿੱਚ
ਗੋਡੇ ਗੋਡੇ ਹੜ੍ਹ ਆਉਂਦਾ ਹੈ,
ਹੁਣ ਤਾਂ ਮੋਚੀਆਣਾ ਛੱਪੜ
ਕਦੇ ਵੀ ਰੋਹੀ ਤੱਕ ਨਹੀਂ ਚੜ੍ਹਿਆ,
ਨਾ ਹੀ ਵੇਈਂ ਛੰਭ ਦੇ ਨਾਲ ਕਦੀ ਰਲਦੀ ਹੈ।
ਹੁਣ ਤਾਂ ਵੀਰਵਾਰ ਦੇ ਦਿਨ ਵੀ
ਕਾਣੀ ਗਿੱਦੜੀ ਦੇ ਵਿਆਹ ਤੋਂ ਵੱਧ ਕੁਝ ਨਹੀਂ ਹੁੰਦਾ
ਹੁਣ ਤਾਂ ਸਰ੍ਹੋਂ ਦੇ ਖੇਤੀਂ ਏਨੇ ਫੁੱਲ ਨਹੀਂ ਪੈਂਦੇ।
ਹੁਣ ਤਾਂ ਰੰਗ ਬਸੰਤੀ ਪਿੰਡ ਦੇ ਛੀਂਬੇ ਕੋਲੋਂ ਮੁੱਕ ਗਿਆ ਹੈ।
ਹੁਣ ਤਾਂ ਗੰਨੇ ਵੀ ਫਿੱਕੇ ਹੁੰਦੇ ਜਾਂਦੇ ਹਨ
ਹੁਣ ਤਾਂ ਮੇਰਾ ਭਾਰਤ ਮਿੱਟੀ ਦੀ ਚਿੜੀਆ ਹੈ
ਹੁਣ ਤਾਂ ਸਾਡੇ ਵਡੇਰੇ ਦੇ ਕੈਂਠੇ ਤੋਂ
ਗੁਰੂਆਂ ਪੀਰਾਂ ਦੇ ਸ਼ਸਤਰ ਤੱਕ
ਲੰਦਨ ਦੇ ਅਜਾਇਬ ਘਰਾਂ ਦੀ ਮਲਕੀਅਤ ਹਨ।
ਹਰ ਮੰਦਰ ਵਿੱਚ ਸੋਮਨਾਥ ਬੇਪਰਦ ਖੜਾ ਹੈ।
ਹੁਣ ਤਾਂ ਏਥੇ ਤ੍ਰੇੜਿਆ ਹੋਇਆ ਤਾਜ ਮਹਿਲ ਹੈ
ਪਿੱਤਲ ਦਾ ਦਰਬਾਰ ਸਾਹਿਬ ਹੈ।
ਖੰਡਰ ਖੰਡਰ ਪਈ ਅਜੰਤਾ।
ਇੰਡੀਆ ਗੇਟ ਦੀਆਂ ਇੱਟਾਂ 'ਤੇ
ਗਿਣਤੀ ਵੱਧਦੀ ਜਾਂਦੀ ਕੰਮ ਆਏ ਲੋਕਾਂ ਦੀ
ਕੁਤਬ ਮੀਨਾਰ ਦੀਆਂ ਵੀ ਛੇ ਮੰਜ਼ਲਾਂ ਬਾਕੀ ਹਨ
(ਭਾਵੇਂ ਆਤਮਘਾਤ ਲਈ ਕਾਫੀ ਹਨ ।)
ਮੈਂ ਭੁੱਖੇ ਮਰਦੇ ਲੋਕਾਂ ਦਾ
ਭੁੱਖਾ ਮਰਦਾ ਕਲਾਕਾਰ ਹਾਂ।
ਤੂੰ ਮੇਰੀ ਜੀਵਨ-ਸਾਥੀ ਬਣਕੇ ਕੀ ਲੈਣਾ ਹੈ ?
ਮੈਂ ਮਾਂ-ਪੇ ਦੀ ਸੌਂਹ ਖਾਂਦਾ ਹਾਂ –
ਤੇਰੀ ਕੌਮ ਦੀ ਕਿਸ਼ਤ ਤਾਰਨੇ ਦੇ ਲਈ
ਘਰ ਵਿੱਚ ਕੁੱਝ ਨਹੀਂ ਬਚਿਆ।
***
1. 24 ਨਵੰਬਰ, 1975 ਨੂੰ 'ਲੋਹਕਥਾ' ਦੇ ਦੂਜੇ ਐਡੀਸ਼ਨ ਦੀ ਲਿਖੀ ਅਣਛਪੀ ਭੂਮਿਕਾ ਵਿੱਚ ਪਾਸ਼ ਇਸ ਕਵਿਤਾ ਨੂੰ ਅਸਵੀਕਾਰ ਕਰਦਾ ਹੈ (ਵਰਤਮਾਨ ਦੇ ਰੂਬਰੂ, ਸਫ਼ਾ 91), ਪਰ ਲੇਖਕ ਦੀ ਵਿਚਾਰਧਾਰਕ ਅਤੇ ਸਿਰਜਣਾਤਮਕ ਸੂਝ ਦੇ ਵਿਕਾਸ ਨੂੰ ਸਮਝਣ ਲਈ ਇਸ ਨੂੰ ਛਾਪਿਆ ਜਾ ਰਿਹਾ ਹੈ। - ਸੰਪਾਦਕ
ਵੇਲਾ ਆ ਗਿਆ
ਹੁਣ ਵਕਤ ਆ ਗਿਆ ਹੈ-
ਕਿ ਆਪੋ ਵਿਚਲੇ ਰਿਸ਼ਤੇ ਦਾ ਇਕਬਾਲ ਕਰੀਏ
ਤੇ ਵਿਚਾਰਾਂ ਦੀ ਲੜਾਈ
ਮੱਛਰਦਾਨੀ ਵਿੱਚੋਂ ਬਾਹਰ ਹੋ ਕੇ ਲੜੀਏ
ਤੇ ਹਰ ਇੱਕ ਦੇ ਗਿਲ੍ਹੇ ਦੀ ਸ਼ਰਮ
ਨੰਗੇ ਮੂੰਹ 'ਤੇ ਜਰੀਏ।
ਵਕਤ ਆ ਗਿਆ ਹੈ
ਕਿ ਹੁਣ ਉਸ ਕੁੜੀ ਨੂੰ,
ਜੋ ਮਾਸ਼ੂਕਾ ਬਣਨ ਤੋਂ ਪਹਿਲਾਂ ਹੀ
ਪਤਨੀ ਬਣ ਗਈ, ਭੈਣ ਕਹਿ ਦੇਈਏ
ਲਹੂ ਦੇ ਰਿਸ਼ਤੇ ਦਾ ਪਿੰਗਲ ਬਦਲੀਏ
ਤੇ ਮਿੱਤਰਾਂ ਦੀ ਨਵੀਂ ਪਹਿਚਾਣ ਘੜੀਏ
ਆਪੇ ਆਪਣੇ ਲਹੂ ਦੇ ਦਰਿਆ ਨੂੰ ਤਰੀਏ
ਸੂਰਜ ਨੂੰ ਖ਼ੁਨਾਮੀ ਤੋਂ ਬਚਾਉਣ ਲਈ
ਹੋ ਸਕੇ ਤਾਂ ਰਾਤ ਭਰ
ਆਪ ਬਲੀਏ
***
ਲਹੂ ਕ੍ਰਿਆ
ਹੁਣ ਚਾਂਦਨੀ ਨਹੀਂ
ਚਾਂਦਨੀ ਦੀ ਮਿੱਟੀ ਬੋਲਦੀ ਹੈ।
ਸਿਰਫ਼ ਫ਼ਰਜ਼ ਤੁਰੇ ਜਾਂਦੇ ਹਨ
ਹਕੀਕਤਾਂ ਦੀ ਠੰਡ ਵਿੱਚ ਠਿਠੁਰਦੇ ਹੋਏ ...
ਮੈਂ ਆਪਣੇ ਨੌਂਹਾਂ ਨਾਲ
ਕੰਧਾਂ ਦੀ ਜੀਭ ਵੱਢ ਸੁੱਟੀ ਹੈ
ਤੇ ਹੁਣ ਉਨ੍ਹਾਂ ਕੋਲ ਸਿਰਫ਼ ਕੰਨ ਹਨ
ਪੋਸਤ ਦੇ ਫੁੱਲ ਅੱਜ ਵੀ ਹੱਸਦੇ ਹਨ
ਤੇ ਮੈਂ ਉਨ੍ਹਾਂ ਨੂੰ ਸੂਹੇ ਰੰਗ ਦੀ
ਅਹਿਮੀਅਤ ਦਾ ਭਾਸ਼ਣ ਦੇਂਦਾ ਹਾਂ...
ਜ਼ਾਹਰ ਹੈ ਕਿ ਗੁਰੂ ਨੇ ਬੇਦਾਵਾ ਪਾੜ ਦਿੱਤਾ ਸੀ
ਪਰ ਸ਼ਬਦਾਂ ਦੇ ਸਫ਼ਰ ਨੂੰ
ਕੋਈ ਕੀ ਕਰ ਸਕਦਾ ਹੈ ?
ਉਹ ਬੇਦਾਵੇ ਦੇ ਇਤਿਹਾਸ ਨੂੰ ਨਹੀਂ ਪਾੜ ਸਕੇ ਸਨ।
ਰੁੱਖ ਸ਼ਾਂਤ ਹਨ, ਹਵਾ ਪਹਾੜਾਂ ਵਿੱਚ ਅਟਕ ਗਈ ਹੈ
ਫ਼ਾਇਰ ਦਾ ਸ਼ਬਦ
ਸਿਰਫ ਸਾਈਕਲ ਦਾ ਪਟਾਕਾ ਬੋਲਣ ਵਰਗਾ ਹੈ
ਹੋਰ, ਅਜੇ ਹੋਰ ਸੜਕ ਹੁੰਘਾਰਾ ਮੰਗਦੀ ਹੈ।
ਕਦਮਾਂ ਨਾਲ ਭਾਵੇਂ ਤੁਰੋ ਭਾਵੇਂ ਮਿਣੋ
ਸਫ਼ਰ ਦਾ ਨਾਂ ਕੰਮ ਵਰਗਾ ਹੈ
ਜਿਸ 'ਚ ਫਟੇ ਹੋਏ ਦੁੱਧ ਵਾਂਗ
ਪੁੰਨ ਤੇ ਪਾਪ ਵੱਖ ਹੋ ਸਕਦੇ ਹਨ।
ਕੋਰਸ ਵਿੱਚ ਕੀਟਸ ਦੇ ਪ੍ਰੇਮ ਪੱਤਰਾਂ ਦੀ ਪ੍ਰੀਖਿਆ ਹੈ
ਪਰ ਰੁਜ਼ਗਾਰ ਦਫ਼ਤਰ ਵਿੱਚ
ਉਹ ਸਿਰਫ ਜ਼ਫ਼ਰਨਾਮੇ ਦੀ ਡਵੀਜ਼ਨ ਪੁੱਛਦੇ ਹਨ।
ਚੰਨ ‘ਕਾਲੇ ਮਹਿਰ' ਵਾਂਗ ਸੁੱਤਾ ਹੈ
ਮੈਂ ਵੱਧਦਾ ਹਾਂ ਕਦਮਾਂ ਦੀ ਆਹਟ ਤੋਂ ਸੁਚੇਤ
ਰਾਤ ਸ਼ਾਇਦ ਮੁਹੰਮਦ ਗ਼ੌਰੀ ਦੀ ਕਬਰ ਹੈ
ਜਿਸ ਉੱਤੇ ਸ਼ੇਰੇ ਪੰਜਾਬ ਦਾ ਘੋੜਾ ਹਿਣਕਦਾ ਹੈ।
ਵਧਣ ਵਾਲੇ ਬਹੁਤ ਅੱਗੇ ਚਲੇ ਜਾਂਦੇ ਹਨ।
ਉਹ ਵਕਤ ਨੂੰ ਨਹੀਂ ਪੁੱਛਦੇ
ਵਕਤ ਉਨ੍ਹਾਂ ਨੂੰ ਪੁੱਛ ਕੇ ਗੁਜ਼ਰਦਾ ਹੈ।
ਸਿਰਫ ਵਿਵਿਧ ਭਾਰਤੀ ਸੁਣਨ ਦੀ ਖ਼ਾਤਰ
ਪਿਸਤੌਲ ਦੀ ਲਾਗਤ ਖੁੰਝਾਈ ਨਹੀਂ ਜਾ ਸਕਦੀ।
ਪਾਨ ਖਾਣਾ ਜ਼ਰੂਰੀ ਨਹੀਂ
ਸਿਰਫ ਸਿਗਰਟ ਨਾਲ ਵੀ ਕੰਮ ਚੱਲ ਸਕਦਾ ਏ।
ਮੈਂ ਜਿੱਥੇ ਜੰਮਿਆ ਹਾਂ
ਉੱਥੇ ਸਿਰਫ ਚਾਕੂ ਉੱਗਦੇ ਹਨ, ਜਾਂ ਲਿੰਗ ਅੰਗ
ਅੱਗ ਤੋਂ ਘਰ ਲੂਹ ਕੇ ਰੌਸ਼ਨੀ ਦਾ ਕੰਮ ਲਿਆ ਜਾਂਦਾ ਹੈ।
ਜਾਂ ਮਹਾਤਮਾ ਲੋਕਾਂ ਦੇ ਬੋਲ ਸਿਸਕਦੇ ਹਨ...
ਪਰ ਅਪੀਲਾਂ ਮੈਨੂੰ ਕਾਰਗਰ ਨਹੀਂ ਹੁੰਦੀਆਂ
ਕਿਉਂਕਿ ਮੈਂ ਜਾਣਦਾ ਹਾਂ
ਜਮਾਤਾਂ ਸਿਰਫ ਡੈਸਕਾਂ 'ਤੇ ਹੀ ਨਹੀਂ
ਬਾਹਰ ਬਜ਼ਾਰਾਂ ਵਿੱਚ ਵੀ ਹੁੰਦੀਆਂ ਹਨ
ਰਾਤ ਨੂੰ ਰਿਸ਼ਮਾਂ ਨਾਲ ਨਹੀਂ
ਸਿਰਫ਼ ਸੂਰਜ ਨਾਲ ਧੋਤਾ ਜਾ ਸਕਦਾ ਹੈ।
ਇਸ ਲਈ ਹੁਣ ਚਾਂਦਨੀ ਨਹੀਂ
ਚਾਂਦਨੀ ਦੀ ਮਿੱਟੀ ਬੋਲਦੀ ਹੈ,
ਅਤੇ ਫ਼ਰਜ਼ ਤੁਰੇ ਜਾਂਦੇ ਹਨ
ਤੁਰੇ ਜਾਂਦੇ ਹਨ...
***
ਸ਼ਰਧਾਂਜਲੀ
ਇਸ ਵਾਰ ਪਾਪ ਦੀ ਜੰਝ ਬੜੀ ਦੂਰੋਂ ਆਈ ਹੈ
ਪਰ ਅਸਾਂ ਬੇਰੰਗ ਮੋੜ ਦੇਣੀ ਹੈ
ਮਾਸਕੋ ਜਾਂ ਵਾਸ਼ਿੰਗਟਨ ਦੀ ਮੋਹਰ ਵੀ ਨਹੀਂ ਤੱਕਣੀ,
ਜੋਰੀ ਦਾ ਦਾਨ ਕੀ
ਅਸਾਂ ਅੱਡੀਆਂ ਹੋਈਆਂ ਤਲੀਆਂ 'ਤੇ ਵੀ ਥੁੱਕ ਦੇਣਾ ਹੈ
ਤਲਖ਼ੀਆਂ ਨੇ ਸਾਨੂੰ ਬੇਲਿਹਾਜ਼ ਕਰ ਦਿੱਤਾ ਹੈ।
ਅਣਖ ਨੇ ਸਾਨੂੰ ਵਹਿਸ਼ੀ ਬਣਾ ਦਿੱਤਾ ਹੈ ...
ਸਾਡੀ ਤਲਵਾਰ ਨੂੰ ਬਾਬਾ ਜੀ
(ਭਾਵੇਂ ਅਸਾਂ ਕੌਡੇ ਰਾਖਸ਼ ਤੋਂ ਖੋਹੀ ਸੀ)
ਜਦ ਦਾ ਤੇਰਾ ਸਪਰਸ਼ ਹੋਇਆ ਹੈ
ਸ਼ਹਿਰ ਸ਼ਹਿਰ ਵਿੱਚ ਸੱਚਾ ਸੌਦਾ ਕਰਦੀ ਹੈ
ਜੇਲ੍ਹ ਜੇਲ੍ਹ ਵਿੱਚ ਚੱਕੀ ਇਸ ਤੋਂ ਡਰਕੇ ਆਪੇ ਫ਼ਿਰਦੀ ਹੈ
ਤੇ ਅਸੀਂ ਸਮੇਂ ਦੇ ਪੱਥਰ ਵਿੱਚ
ਇਸ ਤਲਵਾਰ ਨਾਲ ਇਨਸਾਫ਼ ਦਾ ਪੰਜਾ ਖੁਰਚ ਦਿੱਤਾ ਹੈ
ਬਾਬਾ ਤੂੰ ਤਾਂ ਜਾਣੀ ਜਾਣ ਏਂ
ਅਸੀਂ ਤੈਥੋਂ ਕਦੇ ਨਾਬਰ ਨਹੀਂ
ਅਸੀਂ ਭਾਗੋ ਦੇ ਭੋਜ ਨੂੰ ਠੁਕਰਾ ਦਿੱਤਾ ਹੈ।
ਅਸੀਂ ਤਲਵੰਡੀ ਦਾ ਮੋਹ ਛੱਡ ਕੇ
ਝੁੱਗੀਆਂ, ਛੱਪਰਾਂ ਤੇ ਜੰਗਲਾਂ ਵਿੱਚ ਨਿੱਕਲ ਆਏ ਹਾਂ
ਸਿਰਫ਼ ਇੱਕ ਅਨਹੋਣੀ ਕਰਨ ਲੱਗੇ ਹਾਂ
ਇਹ ਸੱਜਣਾਂ, ਭੂਮੀਆਂ ਦੀ ਫੌਜ
ਹੱਥਾਂ ਵਿੱਚ ਐਤਕੀਂ ਮਸ਼ੀਨਗੰਨਾਂ ਲੈਕੇ ਨਿੱਕਲ ਆਈ ਹੈ
ਹੁਣ ਲੈਕਚਰ ਦਾ ਅੰਮ੍ਰਿਤ ਕਾਰਗਰ ਨਹੀਂ ਹੋਣਾ
ਤੇ ਤੈਥੋਂ ਕਦੇ ਨਾਬਰ ਨਹੀਂ ਤੂੰ ਜਾਣੀ ਜਾਣ ਏਂ ...
ਅਸੀਂ ਲੋਹੇ ਦੇ ਪਾਣੀ ਦੀ ਬਰਖਾ ਕਰਨ ਲੱਗੇ ਹਾਂ
ਤੇ ਤੈਥੋਂ ਕਦੇ ਨਾਬਰ ਨਹੀਂ ਤੂੰ ਜਾਣੀ ਜਾਣ ਏਂ ...
***
ਵਿਸਥਾਪਣ
ਜਦ ਅਮਲੀ ਤੋਂ ਫ਼ੀਮ ਛੁੱਟਦੀ ਹੈ
ਤਾਂ ਅੱਧੀ ਅੱਧੀ ਰਾਤੇ ਜਾ ਛੱਪੜ 'ਚ ਵੜਦਾ ਹੈ
ਖੂਹ 'ਚ ਉੱਤਰ ਕੇ ਵੀ ਪਿੰਡਾ ਸੜਦਾ ਹੈ,
ਪਲ ਪਲ ਪਿੱਛੋਂ ਜੰਗਲ ਪਾਣੀ ਜਾਂਦਾ ਹੈ
ਆਪਣੇ ਅੰਦਰ ਮਰੇ ਪਏ ਸ਼ੇਰ ਦੀ ਬੜੀ ਬੋ ਆਉਂਦੀ ਹੈ
ਅਮਲੀ ਬੀੜਾ ਲਾ ਕੇ
ਮੁਰਦਾ ਸ਼ੇਰ ਨੂੰ ਦੋ ਸਾਹ ਹੋਰ ਦਵਾਉਣਾ ਚਾਹੁੰਦਾ ਹੈ
ਪਰ ਮਰਿਆ ਹੋਇਆ ਸ਼ੇਰ ਕਦੋਂ ਦਮ ਫੜਦਾ ਹੈ
ਅਮਲੀ ਤੋਂ ਜਦ ਫ਼ੀਮ ਛੁੱਟਦੀ ਹੈ ...
***
ਖੁੱਲ੍ਹੀ ਚਿੱਠੀ
ਮਸ਼ੂਕਾਂ ਨੂੰ ਖ਼ਤ ਲਿਖਣ ਵਾਲਿਓ!
ਜੇ ਤੁਹਾਡੀ ਕਲਮ ਦੀ ਨੋਕ ਬਾਂਝ ਹੈ
ਤਾਂ ਕਾਗ਼ਜ਼ਾਂ ਦਾ ਗਰਭਪਾਤ ਨਾ ਕਰੋ।
ਤਾਰਿਆਂ ਵੱਲ ਤੱਕ ਕੇ ਕ੍ਰਾਂਤੀ ਲਿਆਉਣ ਦੀ
ਨਸੀਹਤ ਦੇਣ ਵਾਲਿਓ!
ਕ੍ਰਾਂਤੀ ਜਦ ਆਈ ਤਾਂ
ਤੁਹਾਨੂੰ ਵੀ ਤਾਰੇ ਦਿਖਾ ਦਏਗੀ।
ਬੰਦੂਕਾਂ ਵਾਲਿਓ!
ਜਾਂ ਤਾਂ ਬੰਦੂਕ ਦਾ ਮੂੰਹ ਦੁਸ਼ਮਣ ਵੱਲ ਕਰ ਦਿਓ
ਤੇ ਜਾਂ ਆਪਣੇ ਆਪ ਵੱਲ
ਕ੍ਰਾਂਤੀ ਕੋਈ ਦਾਅਵਤ ਨਹੀਂ, ਨੁਮਾਇਸ਼ ਨਹੀਂ
ਮੈਦਾਨ ਵਿੱਚ ਵਗਦਾ ਦਰਿਆ ਨਹੀਂ
ਵਰਗਾਂ ਦਾ, ਰੁਚੀਆਂ ਦਾ ਦਰਿੰਦਰਾਨਾ ਭਿੜਨਾ ਹੈ
ਮਾਰਨਾ ਹੈ, ਮਰਨਾ ਹੈ
ਤੇ ਮੌਤ ਨੂੰ ਖ਼ਤਮ ਕਰਨਾ ਹੈ।
ਅੱਜ ਵਾਰਸ ਸ਼ਾਹ ਦੀ ਲਾਸ਼
ਕੰਡਿਆਲੀ ਥੋਹਰ ਬਣ ਕੇ
ਸਮਾਜ ਦੇ ਪਿੰਡੇ 'ਤੇ ਉੱਗ ਆਈ ਹੈ –
ਉਸ ਨੂੰ ਕਹੋ ਕਿ
ਇਹ ਯੁੱਗ ਵਾਰਸ ਦਾ ਯੁੱਗ ਨਹੀਂ
ਵੀਅਤਨਾਮ ਦਾ ਯੁੱਗ ਹੈ
ਹਰ ਖੇੜੇ ਵਿੱਚ ਹੱਕਾਂ ਦੇ ਸੰਗਰਾਮ ਦਾ ਯੁੱਗ ਹੈ।
***
ਕਾਗ਼ਜ਼ੀ ਸ਼ੇਰਾਂ ਦੇ ਨਾਂ
ਤੁਸੀਂ ਉੱਤਰ ਹੋ ਨਾ ਦੱਖਣ
ਤੀਰ ਨਾ ਤਲਵਾਰ
ਤੇ ਇਹ ਜੋ ਸਿੱਲ੍ਹ ਵਾਲੀ ਕੱਚੀ ਕੰਧ ਹੈ
ਤੁਸੀਂ ਇਸ ਵਿਚਲੀਆਂ ਦੋ ਮੋਰੀਆਂ ਹੋ
ਜਿੰਨ੍ਹਾਂ ਵਿੱਚੋਂ ਕੰਧ ਪਿਛਲਾ ਸ਼ੈਤਾਨ
ਆਪਣਾ ਡੀਫੈਂਸ ਤੱਕਦਾ ਹੈ ...
ਤੁਸੀਂ ਕਣਕ ਦੇ ਵੱਢ ਵਿੱਚ
ਕਿਰੇ ਹੋਏ ਛੋਲੇ ਹੋ
ਤੇ ਮਿੱਟੀ ਨੇ ਤੁਹਾਡਾ ਵੀ ਹਿਸਾਬ ਕਰਨਾ ਹੈ।
ਸਾਡੇ ਲਈ ਤਾਂ ਤੁਸੀਂ ਇੱਕ ਠੋਹਕਰ ਵੀ ਨਹੀਂ
ਸ਼ਾਇਦ
ਤੁਹਾਨੂੰ ਆਪਣੀ ਹੋਂਦ ਦਾ ਕੋਈ ਵਹਿਮ ਹੈ।
ਮੈਂ ਦੱਸਦਾ ਹਾਂ ਤੁਸੀਂ ਕੀ ਹੋ ?
ਤੁਸੀਂ ਕਿੱਕਰ ਦੇ ਬੀਅ ਹੋ!
ਜਾਂ ਟੁੱਟਿਆ ਹੋਇਆ ਟੋਕਰਾ,
ਜੋ ਕੁਝ ਵੀ ਚੁੱਕਣ ਤੋਂ ਅਸਮਰੱਥ ਹੈ
ਤੁਸੀਂ ਇਹ ਏਅਰਗੰਨ
ਮੋਢੇ 'ਤੇ ਲਟਕਾਈ ਫ਼ਿਰਦੇ ਹੋ
ਤੁਸੀਂ ਕਤਲ ਨਹੀਂ ਕਰ ਸਕਦੇ
ਸਿਰਫ ਸੱਤ-ਇਕਵੰਜਾ ਦੇ ਮੁੱਦਈ ਹੋ ਸਕਦੇ ਹੋ।
***
ਸੰਕਲਪ
ਚਾਂਦਨੀ ਮੈਥੋਂ ਬੜਾ ਪ੍ਰਹੇਜ਼ ਕਰਦੀ ਹੈ
ਖੁਦ ਕਮਾਈ ਰਾਤ ਸਾਹਵੇਂ ਹੋਣ ਦੀ
ਜੁਰਅਤ ਮੈਂ ਕਰ ਸਕਦਾ ਨਹੀਂ
ਰੋਜ਼ ਮੇਰੀ ਓੜ੍ਹਨੀ ਵਿੱਚ
ਛੇਕ ਵੱਧ ਜਾਂਦਾ ਹੈ ਇੱਕ।
ਭਾਵੇਂ ਕਿਰਨਾਂ ਦੀ ਕਚਹਿਰੀ
ਹਾਲੇ ਮੇਰੀ ਗੱਲ ਤਕ ਵੀ ਤੁਰੀ ਨਹੀਂ
ਸ਼ਾਮ ਦਾ ਤੇ ਆਪਣੇ ਪਿੰਡ ਦਾ ਜਦ ਵੀ
ਗ਼ਮ ਸਾਂਝਾ ਹੋਣ ਦੀ ਗੱਲ ਸੋਚਦਾ ਹਾਂ
ਖੁੱਲ੍ਹ ਜਾਂਦਾ ਹਾਂ ਜਿਵੇਂ
ਮੈਂ ਜੋ ਵੀ ਜ਼ਿੰਦਗੀ ਦਾ ਪਲ ਬਚਾਇਆ ਹੈ
ਉਹਦੇ ਹਰ ਹੱਕ ਲਈ ਵਿਦਰੋਹ ਕਰਾਂਗਾ
ਮੈਂ ਨਿੱਤ ਮਨਸੂਰ ਨਹੀਂ ਬਣਨਾ
ਮੈਂ ਸੂਲੀ ਨਹੀਂ ਚੜ੍ਹਾਂਗਾ
ਮੈਂ ਆਪਣੀ ਸ਼ਾਂਤ ਸੀਮਾ ਵਿੱਚ
ਖੌਰੂ ਪਾ ਦਿਆਂਗਾ
ਮੈਂ ਆਪਣੀ ਲੀਕ ਨੂੰ
ਪੌਣਾਂ ਦੇ ਵਿੱਚ ਉਲਝਾ ਦਿਆਂਗਾ
***
ਪਰਖ-ਨਲੀ ਵਿੱਚ
ਦੁਸ਼ਮਣ ਤਾਂ ਹਰ ਹੀਲੇ ਗੁੰਮਰਾਹ ਕਰਦਾ ਹੈ
ਦੁਸ਼ਮਣ ਦਾ ਕੋਈ ਕਦੋਂ ਵਸਾਹ ਕਰਦਾ ਹੈ।
ਤੁਸੀਂ ਯਾਰ ਬਣਕੇ ਸਦਾ ਸਾਨੂੰ ਪਲੀਤ ਕੀਤਾ ਹੈ
ਤੇ ਫਿੱਟੇ ਮੂੰਹ ਸਾਡੇ
ਜਿਨ੍ਹਾਂ ਹੁਣ ਤੱਕ ਮਾਫ਼ ਕੀਤਾ ਹੈ ...
ਕਦੀ ਰਹਿਨੁਮਾ ਬਣਕੇ ਸਾਨੂੰ ਕਤਲਗਾਹ ਛੱਡ ਆਏ
ਕਦੀ ਝੰਡੇ ਦਾ ਰੰਗ ਦੱਸਕੇ
ਸਾਡੇ ਅੱਲ੍ਹੜ ਗੀਤਾਂ ਨੂੰ ਨਾਪਾਕ ਕੀਤਾ
ਤੇ ਕਦੀ ਰੂਬਲ ਚਿੱਥ ਕੇ, ਸਾਥੋਂ ਥੁੱਕ ਦੇ ਰੰਗ ਗਿਣਵਾਏ
ਤੁਸੀਂ ਛਲੇਡੇ ਨਹੀਂ ਤਾਂ ਕੀ ‘ਬਲਾ' ਹੋ ?
ਤੇ ਏਸ ਤੋਂ ਪਹਿਲਾਂ ਕਿ ਤੁਸੀਂ ਸਿਰ ਤੋਂ ਟੱਪ ਜਾਂਦੇ
ਤੁਹਾਨੂੰ ਬੋਦੀ ਤੋਂ ਫੜ ਲਿਆ ਹੈ ਅਸੀਂ,
ਹੁਣ ਤੁਸੀਂ ਇੱਕ ਵਰ ਮੰਗਣ ਲਈ ਕਹਿਣਾ ਹੈ
ਤੇ ਅਸੀਂ ਤੁਹਾਡੀ ਮੌਤ ਮੰਗਣੀ ਹੈ...
***
ਤੁਸੀਂ ਹੈਰਾਨ ਨਾ ਹੋਵੋ
ਤੁਸੀਂ ਹੈਰਾਨ ਹੁੰਦੇ ਹੋ
ਤੇ ਮੇਰੇ ਕੋਲੋਂ ਮੇਰੇ ਸਿਦਕ ਦਾ ਸਬੱਬ ਪੁਛਦੇ ਹੋ ?
ਮੇਰਾ ਹੁਣ ਕਹਿਣ ਨਹੀਂ ਬਣਦਾ-
ਭਲਾ ਕੋਈ ਕਾਸ ਨੂੰ ਮਾਰੂਥਲਾਂ ਦੇ ਵਿੱਚ ਸੜਦਾ ਹੈ।
ਤੇ ਕਾਹਤੋਂ ਫੜ ਕੇ ਤੇਸਾ ਪਰਬਤਾਂ
'ਚੋਂ ਨਹਿਰ ਕੱਢਦਾ ਹੈ?
ਤੁਸੀਂ ਬੇਧੜਕ ਹੋਕੇ ਆਵੋ
ਤੇ ਇੱਕ ਬੇਵਫਾ ਮਾਸ਼ੂਕ ਦੇ ਵਾਂਗੂੰ
ਮੁਹੱਬਤ ਦਾ ਸਾਨੂੰ ਅੰਜਾਮ ਦੇ ਜਾਵੋ
ਦੇਖੋ-ਤੁਹਾਡੇ 'ਦਿਲਫ਼ਰੇਬ' ਹੁਸਨ ਨੂੰ ਨਿਹਾਰਦੇ ਹੋਇਆਂ
ਮੈਂ 216 ਘੰਟੇ ਜਾਗ ਕੇ ਕੱਟੇ ਹਨ
ਤੇ ਬਿਜਲੀ ਦੀ ਨੰਗੀ ਤਾਰ ਉੱਤੇ ਹੱਥ ਰੱਖਿਆ ਹੈ
ਤੇ ਸੀਰੇ 'ਚ ਲਿਪਟੇ ਅੰਗ
ਕੀੜਿਆਂ ਦੇ ਭੌਣ ਉੱਤੇ ਸੁੱਟ ਛੱਡੇ ਹਨ
ਤੁਹਾਡੇ ਚਿੱਤ 'ਚ ਹੋਵੇਗਾ
ਹੁਣ ਮੈਂ ਗਿੜਗਿੜਾਵਾਂਗਾ
ਅਸੀਂ ਮੰਗਤੇ ਨਹੀਂ –
ਸਾਨੂੰ ਤਾਂ ਐਂਵੇ ਮਰ ਜਾਣ ਦਾ ਠਰਕ ਹੁੰਦਾ ਹੈ
ਅਸੀਂ ਅੱਖਾਂ 'ਚ ਅੱਖਾਂ ਪਾ ਕੇ ਤੱਕਦੇ ਹਾਂ
ਅਸੀਂ ਮਾਸ਼ੂਕ ਦੇ ਪੈਰੀਂ ਨਹੀਂ ਡਿੱਗਦੇ
ਤੁਸੀਂ ਹੈਰਾਨ ਨਾ ਹੋਵੋ
ਮੇਰਾ ਤਾਂ ਕਹਿਣ ਨਹੀਂ ਬਣਦਾ,
ਕਿ ਉਹ ਰੁੱਤ ਆਉਣ ਵਾਲੀ ਹੈ
ਜਿਹਦੇ ਵਿੱਚ ਸਰਫ਼ਰੋਸ਼ੀ ਦੇ ਰੁੱਖਾਂ ਨੂੰ ਫੁੱਲ ਪੈਂਦੇ ਹਨ
ਤੁਹਾਡੀ ਚਰਖੜੀ ਦੇ ਅਰਥ ਵੀ ਪਿੰਜੇ ਜਾਂਦੇ ਹਨ
***
ਰਾਤ ਨੂੰ
ਉਦਾਸ ਬਾਜਰਾ ਸਿਰ ਸੁੱਟੀ ਖੜ੍ਹਾ ਹੈ
ਤਾਰੇ ਵੀ ਗੱਲ ਨਹੀਂ ਕਰਦੇ
ਰਾਤ ਨੂੰ ਕੀ ਹੋਇਆ ਹੈ...
ਐ ਰਾਤ ਤੂੰ ਮੇਰੇ ਲਈ ਉਦਾਸ ਨਾ ਹੋ
ਤੂੰ ਮੇਰੀ ਦੇਣਦਾਰ ਨਹੀਂ
ਰਹਿਣ ਦੇ ਇੰਝ ਨਾ ਸੋਚ
ਉਗਾਲੀ ਕਰਦੇ ਪਸ਼ੂ ਕਿੰਨੇ ਚੁੱਪ ਹਨ
ਤੇ, ਪਿੰਡ ਦੀ ਨਿੱਘੀ ਫ਼ਿਜ਼ਾ ਕਿੰਨੀ ਸ਼ਾਂਤ ਹੈ
ਰਹਿਣ ਦੇ ਤੂੰ ਇੰਜੇ ਨਾ ਸੋਚ, ਰਾਤ, ਤੂੰ ਮੇਰੀਆਂ ਅੱਖਾਂ 'ਚ ਤੱਕ
ਇਹਨਾਂ ਉਸ ਬਾਂਕੇ ਯਾਰ ਨੂੰ ਹੁਣ ਕਦੀ ਨਹੀਂ ਤੱਕਣਾ
ਜਿਦ੍ਹੀ ਅੱਜ ਅਖ਼ਬਾਰਾਂ ਨੇ ਗੱਲ ਕੀਤੀ ਹੈ...
ਰਾਤ ! ਤੇਰਾ ਓਦਣ ਦਾ ਉਹ ਰੌਂਅ ਕਿੱਥੇ ਹੈ ?
ਜਦ ਉਹ ਪਹਾੜੀ ਚੋਅ ਦੇ ਪਾਣੀ ਵਾਂਗ
ਕਾਹਲਾ ਕਾਹਲਾ ਆਇਆ ਸੀ
ਚੰਨ ਦੀ ਲੋਏ ਪਹਿਲਾਂ ਅਸੀਂ ਪੜ੍ਹੇ
ਫਿਰ ਚੋਰਾਂ ਵਾਂਗ ਬਹਿਸ ਕੀਤੀ
ਤੇ ਫਿਰ ਝਗੜ ਪਏ ਸਾਂ,
ਰਾਤ ਤੂੰ ਉਦੋਂ ਤਾਂ ਖੁਸ਼ ਸੈਂ,
ਜਦ ਅਸੀਂ ਲੜਦੇ ਸਾਂ
ਤੂੰ ਹੁਣ ਕਿਉਂ ਉਦਾਸ ਏਂ
ਜਦ ਅਸੀਂ ਵਿੱਛੜ ਗਏ ਹਾਂ...
ਰਾਤ ਤੈਨੂੰ ਤੁਰ ਗਏ ਦੀ ਸੌਂਹ
ਤੇਰਾ ਇਹ ਬਣਦਾ ਨਹੀਂ
ਮੈਂ ਤੇਰਾ ਦੇਣਦਾਰ ਹਾਂ
ਤੂੰ ਮੇਰੀ ਦੇਣਦਾਰ ਨਹੀਂ ।
ਰਾਤ, ਤੂੰ ਮੈਨੂੰ ਵਧਾਈ ਦੇ
ਮੈਂ ਇਨ੍ਹਾਂ ਖੇਤਾਂ ਨੂੰ ਵਧਾਈ ਦੇਂਦਾ ਹਾਂ
ਖੇਤਾਂ ਨੂੰ ਸਭ ਪਤਾ ਹੈ
ਮਨੁੱਖ ਦਾ ਲਹੂ ਕਿੱਥੇ ਡੁੱਲ੍ਹਦਾ ਹੈ
ਤੇ ਲਹੂ ਦਾ ਮੁੱਲ ਕੀ ਹੁੰਦਾ ਹੈ
ਇਹ ਖੇਤ ਸਭ ਜਾਣਦੇ ਹਨ।
ਇਸ ਲਈ ਐ ਰਾਤ
ਤੂੰ ਮੇਰੀਆਂ ਅੱਖਾਂ 'ਚ ਤੱਕ
ਮੈਂ ਭਵਿੱਖ ਦੀਆਂ ਅੱਖਾਂ 'ਚ ਤੱਕਦਾ ਹਾਂ।
***
ਪ੍ਰਤਿੱਗਿਆ
ਤੁਹਾਨੂੰ ਹਮੇਸ਼ਾ ਪਤਾ ਹੁੰਦਾ ਹੈ
ਤੁਸਾਂ ਕਿਸ ਬੂਹੇ 'ਚੋਂ ਧੁੱਸ ਦੇਕੇ ਆ ਵੜਨਾ ਹੈ।
ਤੇ ਆਓ ਤੁਹਾਨੂੰ ਦੱਸੀਏ ਉਹ ਬੂਹਾ
ਜਿੱਥੋਂ ਤੁਹਾਨੂੰ ਬਹੁੜੀ ਧਾੜਿਆ ਕਰਦਿਆਂ ਨੂੰ
ਅਸੀਂ ਦਫ਼ਾ ਕਰਨ ਵਾਲੇ ਹਾਂ-
ਤੁਸੀਂ
ਜੋ ਬਾਤ ਪੱਥਰ ਜੁੱਗ ਤੋਂ ਅਪੋਲੋ ਜੁੱਗ ਤੀਕ
ਬੇਰੋਕ ਪਾਈ ਹੈ - ਚਾਹੁੰਦਿਆਂ ਅਣਚਾਹੁੰਦਿਆਂ
ਅਸਾਂ ਹੁੰਗਾਰਾ ਭਰਿਆ ਹੈ,
ਤੇ ਹੁਣ ਅਸੀਂ ਪੱਥਰ ਜੁੱਗ 'ਚੋਂ ਹੀ ਉੱਠ ਕੇ
ਆਪਣੀ ਬਾਤ ਪਾਉਣ ਲੱਗੇ ਹਾਂ –
ਤੁਸੀਂ ਜਿਸ ਦੇ ਆਦੀ ਹੋ
ਇਹ ਸੁਫ਼ਨਿਆਂ ਭਰੀ ਉਹ ਰਾਤ ਨਹੀਂ
ਇਹ ਰਾਤ ਹਨੇਰ੍ਹੇ ਦਾ ਖੂਨ ਕਰਕੇ ਆਈ
ਪੂਰਬ ਵੱਲ ਨੂੰ ਤੁਰੀ ਜਾਂਦੀ ਵਹਿਸ਼ੀ ਕੁੜੀ ਹੈ
ਤੇ ਦੇਖੋ! ਅਸੀਂ ਇਸ ਕੁੜੀ ਦਾ
ਲਿੰਗ ਤਬਦੀਲ ਕਰਨ ਲੱਗੇ ਹਾਂ।
ਇਹ ਯਾਰੀ ਉਹ ਯਾਰੀ ਨਹੀਂ
ਜਿਹੜੀ ਤੁਸੀਂ ਸਦੀਆਂ ਤੋਂ ਨਿਭਾਉਂਦੇ ਆਏ ਹੋ
ਇਸ ਨਾਲ ਅਸੀਂ
ਤੁਹਾਡੇ ਦਿਲਾਂ ਵਿਚਲਾ ਦੰਭ ਮਿਣਨਾ ਹੈ -
ਤੇ ਜਿਹੜਾ ਬੁੱਤ ਅਸੀਂ
ਸ਼ਹਿਰ ਦੇ ਚੌਂਕ ਵਿੱਚ ਲਾਉਣ ਲੱਗੇ ਹਾਂ
ਇਹ ਪਰੇਮ ਸਿੰਘ ਦਾ ਭਰਾ ਖੇਮ ਸਿੰਘ ਨਹੀਂ
ਨਾ ਇਹ ਗੰਗਾ ਰਾਮ ਹੈ, ਨਾ ਯਮਨਾ ਦਾਸ
ਇਹ ਤਾਂ ਉਹ ਬੁੱਤ ਹੈ,
ਜਿਸ ਨੂੰ ਤੁਸੀਂ ਆਪਣੇ ਭਾਣੇ
ਰੋਜ਼ ਕਤਲ ਕਰਦੇ ਹੋ ...
***
ਅੰਤਿਕਾ
ਅਸੀਂ ਜੰਮਣਾ ਨਹੀਂ ਸੀ
ਅਸੀਂ ਲੜਨਾ ਨਹੀਂ ਸੀ
ਅਸੀਂ ਤਾਂ ਬਹਿ ਕੇ ਹੇਮਕੁੰਟ 'ਤੇ
ਭਗਤੀ ਕਰਨੀ ਸੀ
ਪਰ ਜਦ ਸਤਲੁਜ ਦੇ ਪਾਣੀ ਵਿੱਚੋਂ ਭਾਫ਼ ਉੱਠੀ
ਪਰ ਜਦ ਕਾਜ਼ੀ ਨਜ਼ਰੁਲ ਇਸਲਾਮ ਦੀ ਜੀਭ ਰੁਕੀ
ਜਦ ਕੁੜੀਆਂ ਦੇ ਕੋਲ ਜਿਮ ਕਾਰਟਰ ਤੱਕਿਆ
ਤੇ ਮੁੰਡਿਆਂ ਕੋਲ ਤੱਕਿਆ 'ਜੇਮਜ਼ ਬਾਂਡ'
ਤਾਂ ਮੈਂ ਕਹਿ ਉੱਠਿਆ ਚੱਲ ਬਈ ਸੰਤ (ਸੰਧੂ)
ਹੇਠਾਂ ਧਰਤੀ 'ਤੇ ਚੱਲੀਏ
ਪਾਪਾਂ ਦਾ ਤਾਂ ਭਾਰ ਵੱਧਦਾ ਜਾਂਦਾ ਹੈ
ਤੇ ਅਸੀਂ ਹੁਣ ਆਏ ਹਾਂ
ਅਹਿ ਲਓ ਅਸਾਡਾ ਜ਼ਫਰਨਾਮਾ
ਸਾਨੂੰ ਸਾਡੇ ਹਿੱਸੇ ਦੀ ਕਟਾਰ ਦੇ ਦੇਵੋ
ਅਸਾਡਾ ਪੇਟ ਹਾਜ਼ਰ ਹੈ ...
***
ਭਾਗ - 2
ਉੱਡਦੇ ਬਾਜ਼ਾਂ ਮਗਰ
(1974)
ਗੁਰਸ਼ਰਨ ਭਾਅ ਜੀ ਨੂੰ
ਦਰਅਸਲ
ਏਥੇ ਹਰ ਥਾਂ 'ਤੇ ਇੱਕ ਬਾਡਰ ਹੈ
ਜਿੱਥੇ ਸਾਡੇ ਹੱਕ ਖ਼ਤਮ ਹੁੰਦੇ ਹਨ
ਪਤਵੰਤੇ ਲੋਕਾਂ ਦੇ ਸ਼ੁਰੂ ਹੁੰਦੇ ਹਨ
ਉੱਡਦਿਆਂ ਬਾਜ਼ਾਂ ਮਗਰ
ਉੱਡ ਗਏ ਹਨ ਬਾਜ਼ ਚੁੰਝਾਂ 'ਚ ਲੈ ਕੇ
ਸਾਡੀ ਚੈਨ ਦਾ ਇੱਕ ਪਲ ਬਿਤਾ ਸਕਣ ਦੀ ਖ਼ਾਹਸ਼
ਦੋਸਤੋ ਹੁਣ ਚੱਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ...
ਏਥੇ ਤਾਂ ਪਤਾ ਨਹੀਂ ਕਦੋਂ ਆ ਧਮਕਣ
ਲਾਲ ਪਗੜੀਆਂ ਵਾਲੇ ਅਲੋਚਕ
ਤੇ ਸ਼ੁਰੂ ਕਰ ਦੇਣ
ਕਵਿਤਾ ਦੀ ਦਾਦ ਦੇਣੀ
ਏਸ ਤੋਂ ਪਹਿਲਾਂ
ਕਿ ਪੱਸਰ ਜਾਏ ਥਾਣੇ ਦੀ ਨਿੱਤ ਫ਼ੈਲਦੀ ਇਮਾਰਤ
ਤੁਹਾਡੇ ਪਿੰਡ, ਤੁਹਾਡੇ ਟੱਬਰ ਤੀਕ
ਤੇ ਨੱਥੀ ਹੋ ਜਾਏ
ਸਵੈਮਾਣ ਦਾ ਕੰਬਦਾ ਹੋਇਆ ਵਰਕਾ
ਉਸ ਕਿਰਚ-ਮੂੰਹੇਂ ਮੁਨਸ਼ੀ ਦੇ ਰੋਜ਼ਨਾਮਚੇ ਵਿੱਚ –
ਦੋਸਤੋ ਹੁਣ ਚੱਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ...
ਇਹ ਤਾਂ ਸਾਰੀ ਉਮਰ ਨਹੀਂ ਲੱਥਣਾ
ਭੈਣਾਂ ਦੇ ਵਿਆਹਾਂ ਉੱਤੇ ਚੁੱਕਿਆ ਕਰਜ਼ਾ
ਪੈਲੀਆਂ ਵਿੱਚ ਛਿੜਕੇ ਹੋਏ ਲਹੂ ਦਾ
ਹਰ ਕਤਰਾ ਵੀ ਇਕੱਠਾ ਕਰਕੇ
ਏਨਾ ਰੰਗ ਨਹੀਂ ਬਣਨਾ,
ਕਿ ਚਿਤਰ ਲਵਾਂਗੇ, ਇੱਕ ਸ਼ਾਂਤ
ਮੁਸਕਰਾਉਂਦੇ ਹੋਏ ਜਣੇ ਦਾ ਚਿਹਰਾ
ਅਤੇ ਹੋਰ
ਕਿ ਜ਼ਿੰਦਗੀ ਦੀਆਂ ਪੂਰੀਆਂ ਰਾਤਾਂ ਵੀ ਗਿਣੀ ਚੱਲੀਏ
ਤਾਰਿਆਂ ਦੀ ਗਿਣਤੀ ਨਹੀਂ ਹੋਣੀ
ਕਿਉਂਕਿ ਹੋ ਨਹੀਂ ਸਕਣਾ ਇਹ ਸਭ
ਫ਼ਿਰ ਦੋਸਤੋ, ਹੁਣ ਚੱਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ...
ਜੇ ਤੁਸੀਂ ਮਾਣੀ ਹੋਵੇ
ਗੰਡ 'ਚ ਜੰਮਦੇ ਤੱਤੇ ਗੁੜ ਦੀ ਮਹਿਕ
ਅਤੇ ਤੱਕਿਆ ਹੋਵੇ
ਸੁਹਾਗੀ ਹੋਈ ਵੱਤਰ ਭੌਂ ਦਾ
ਚੰਨ ਦੀ ਚਾਨਣੀ 'ਚ ਚਮਕਣਾ
ਤਾਂ ਤੁਸੀਂ ਸਭ ਜ਼ਰੂਰ ਕੋਈ ਚਾਰਾ ਕਰੋ
ਹਾਬੜੀ ਹੋਈ ਵੋਟ ਦੀ ਉਸ ਪਰਚੀ ਦਾ
ਜੋ ਲਾਲ੍ਹਾਂ ਸੁੱਟ ਰਹੀ ਹੈ
ਸਾਡਿਆਂ ਖੂਹਾਂ ਦੀ ਹਰਿਆਵਲ 'ਤੇ।
ਜਿਨ੍ਹਾਂ ਨੇ ਤੱਕੀਆਂ ਹਨ
ਕੋਠਿਆਂ 'ਤੇ ਸੁੱਕਦੀਆਂ ਸੁਨਹਿਰੀ ਛੱਲੀਆਂ
ਤੇ ਨਹੀਂ ਤੱਕੇ
ਮੰਡੀ 'ਚ ਸੁੱਕਦੇ ਭਾਅ
ਉਹ ਕਦੇ ਨਹੀਂ ਸਮਝ ਸਕਣ ਲੱਗੇ
ਕਿ ਕਿਵੇਂ ਦੁਸ਼ਮਣੀ ਹੈ-
ਦਿੱਲੀ ਦੀ ਉਸ ਹੁਕਮਰਾਨ ਔਰਤ ਦੀ
ਉਸ ਪੈਰੋਂ ਨੰਗੀ ਪਿੰਡ ਦੀ ਸੋਹਣੀ ਕੁੜੀ ਨਾਲ।
ਸੁਰੰਗ ਵਰਗੀ ਜ਼ਿੰਦਗੀ ਵਿੱਚ ਤੁਰਦੇ ਹੋਏ
ਜਦ ਪਰਤ ਆਉਂਦੀ ਹੈ
ਆਪਣੀ ਅਵਾਜ਼ ਮੁੜ ਆਪਣੇ ਹੀ ਪਾਸ
ਤੇ ਅੱਖਾਂ 'ਚ ਰੜਕਦੇ ਰਹਿੰਦੇ
ਬੁੱਢੇ ਬਲਦ ਦੇ ਉੱਚੜੇ ਹੋਏ ਕੰਨ ਵਰਗੇ ਸੁਫ਼ਨੇ
ਜਦ ਚਿਮਟ ਜਾਵੇ ਗਲੀਆਂ ਦਾ ਚਿੱਕੜ
ਉਮਰ ਦੇ ਸਭ ਤੋਂ ਹੁਸੀਨ ਵਰ੍ਹਿਆਂ 'ਤੇ
ਤਾਂ ਕਰਨ ਨੂੰ ਬਸ ਏਹੋ ਬਚਦਾ ਹੈ
ਕਿ ਚੱਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ...
***
ਮੈਂ ਪੁੱਛਦਾ ਹਾਂ
ਮੈਂ ਪੁੱਛਦਾ ਹਾਂ ਅਸਮਾਨ 'ਚ ਉੜਦੇ ਹੋਏ ਸੂਰਜ ਨੂੰ
ਕੀ ਵਕਤ ਇਸੇ ਦਾ ਨਾਂ ਹੈ
ਕਿ ਘਟਨਾਵਾਂ ਕੁਚਲਦੀਆਂ ਤੁਰੀਆਂ ਜਾਣ
ਮਸਤ ਹਾਥੀ ਵਾਂਗ
ਇੱਕ ਸਮੁੱਚੇ ਮਨੁੱਖ ਦੀ ਚੇਤਨਾ ?
ਕਿ ਹਰ ਸਵਾਲ
ਕੇਵਲ ਕੰਮ 'ਚ ਰੁੱਝੇ ਜਿਸਮ ਦੀ ਗ਼ਲਤੀ ਹੀ ਹੋਵੇ ?
ਕਿਉਂ ਸੁਣਾ ਦਿੱਤਾ ਜਾਂਦਾ ਹੈ ਹਰ ਵਾਰੀ
ਪੁਰਾਣਾ ਚੁਟਕਲਾ
ਕਿਉਂ ਕਿਹਾ ਜਾਂਦਾ ਹੈ ਅਸੀਂ ਜਿਉਂਦੇ ਹਾਂ
ਜ਼ਰਾ ਸੋਚੋ –
ਕਿ ਸਾਡੇ 'ਚੋਂ ਕਿੰਨਿਆਂ ਕੁ ਦਾ ਨਾਤਾ ਹੈ
ਜ਼ਿੰਦਗੀ ਵਰਗੀ ਕਿਸੇ ਸ਼ੈਅ ਨਾਲ!
ਰੱਬ ਦੀ ਉਹ ਕਿਹੋ ਜੇਹੀ ਰਹਿਮਤ ਹੈ
ਜੋ ਕਣਕ ਗੁੱਡਦੇ ਪਾਟੇ ਹੋਏ ਹੱਥਾਂ-
ਤੇ ਮੰਡੀ ਵਿਚਲੇ ਤਖ਼ਤਪੋਸ਼ 'ਤੇ ਫ਼ੈਲੀ ਹੋਈ ਮਾਸ ਦੀ
ਉਸ ਪਿਲਪਲੀ ਢੇਰੀ ਉੱਤੇ,
ਇੱਕੋ ਸਮੇਂ ਹੁੰਦੀ ਹੈ ?
ਆਖ਼ਰ ਕਿਉਂ
ਬਲਦਾਂ ਦੀਆਂ ਟੱਲੀਆਂ
ਤੇ ਪਾਣੀ ਕੱਢਦੇ ਇੰਜਣਾਂ ਦੇ ਸ਼ੋਰ ਅੰਦਰ
ਘਿਰੇ ਹੋਏ ਚਿਹਰਿਆਂ 'ਤੇ ਜੰਮ ਗਈ ਹੈ
ਇੱਕ ਚੀਕਦੀ ਖ਼ਾਮੋਸ਼ੀ ?
ਕੌਣ ਖਾ ਜਾਂਦਾ ਹੈ ਤਲ ਕੇ
ਟੋਕੇ 'ਤੇ ਰੁੱਗ ਲਾ ਰਹੇ
ਕੁਤਰੇ ਹੋਏ ਅਰਮਾਨਾਂ ਵਾਲ਼ੇ ਡੌਲਿਆਂ ਦੀਆਂ ਮੱਛੀਆਂ ?
ਕਿਉਂ ਗਿੜਗਿੜਾਉਂਦਾ ਹੈ
ਮੇਰੇ ਪਿੰਡ ਦਾ ਕਿਰਸਾਨ
ਇੱਕ ਮਾਮੂਲੀ ਪੁਲਸੀਏ ਅੱਗੇ ?
ਕਿਉਂ ਕਿਸੇ ਦਰੜੇ ਜਾ ਰਹੇ ਬੰਦੇ ਦੇ ਚੀਕਣ ਨੂੰ
ਹਰ ਵਾਰ
ਕਵਿਤਾ ਕਹਿ ਦਿੱਤਾ ਜਾਂਦਾ ਹੈ ?
ਮੈਂ ਪੁੱਛਦਾ ਹਾਂ ਅਸਮਾਨ 'ਚ ਉੱਡਦੇ ਹੋਏ ਸੂਰਜ ਨੂੰ
***
ਬਾਡਰ
(ਮੋਗਾ ਗੋਲੀ-ਕਾਂਡ ਨੂੰ ਸਮਰਪਤ)
ਭਰ ਜਾਣਗੇ ਹੁਣ ਧੂੜ ਨਾਲ ਕਸਬਿਆਂ ਦੇ ਸਿਰ
ਫ਼ਿਰਨਗੇ ਟਰੱਕ ਬੀ.ਐਸ.ਐਫ਼. ਦੇ
ਪਲੀਆਂ ਹੋਈਆਂ ਜੂੰਆਂ ਦੇ ਵਾਂਗ...
ਐਤਕੀਂ ਨਹੀਂ ਆਵੇਗੀ ਸਤਵਰਗ ਦਿਆਂ ਫੁੱਲਾਂ 'ਤੇ ਖਿੜਨ ਰੁੱਤ
ਮਿੱਧਿਆ ਗਿਆ ਘਾਹ ਤੜਫ਼ੇਗਾ
ਕਾਲਜਾਂ ਦਿਆਂ ਵਿਹੜਿਆਂ ਵਿੱਚ
ਰਾਤ-ਦਿਨ ਪੌਣਾਂ ਭ੍ਰਿਸ਼ਟ ਕਰੇਗੀ
ਥਾਣੇ 'ਚ ਲੱਗੀ ਵਾਇਰਲੈੱਸ...
ਦਰਅਸਲ
ਏਥੇ ਹਰ ਥਾਂ 'ਤੇ ਇੱਕ ਬਾਡਰ ਹੈ
ਜਿਥੇ ਸਾਡੇ ਹੱਕ ਖ਼ਤਮ ਹੁੰਦੇ ਹਨ
ਪਤਵੰਤੇ ਲੋਕਾਂ ਦੇ ਸ਼ੁਰੂ ਹੁੰਦੇ ਹਨ।
ਤੇ ਅਸੀਂ ਹਰ ਤਰ੍ਹਾਂ ਅਜ਼ਾਦ ਹਾਂ ਇਸ ਪਾਰ –
ਗਾਹਲਾਂ ਕੱਢਣ ਲਈ
ਮੁੱਕੇ ਲਹਿਰਾਉਣ ਲਈ
ਚੋਣਾਂ ਲੜਨ ਲਈ
ਸਤਵਰਗਾਂ ਦੀ ਮੁਸਕਾਨ ਚੁੰਮਣ 'ਤੇ
ਕੋਈ ਬੰਦਸ਼ ਨਹੀਂ ਇਸ ਪਾਰ
ਤੇ ਇਸ ਤੋਂ ਅੱਗੇ ਹੈ –
ਕਸਬਿਆਂ 'ਚ ਉਡਦੀ ਹੋਈ ਧੂੜ
ਪਲੀਆਂ ਹੋਈਆਂ ਜੂੰਆਂ ਦੇ ਵਾਂਗ
ਰੀਂਘਦੇ ਟਰੱਕ ਬੀ.ਐਸ.ਐਫ਼. ਦੇ
***
(3.11.1972)
ਇੰਜ ਹੀ ਸਹੀ
ਅਸੀਂ ਬੱਕਰੇ ਬੁਲਾਉਂਦੇ ਉਨ੍ਹਾਂ ਨੂੰ ਚੰਗੇ ਨਹੀਂ ਲੱਗਦੇ
ਚਲੋ ਇੰਜ ਹੀ ਸਹੀ
ਉਹ ਤਾਂ ਬੱਸ ਸ਼ੁਗਲ ਫ਼ਰਮਾਉਂਦੇ ਰਹੇ
ਵੈਣ ਸੁਣਦੇ ਆਏ
ਦਾਦ ਦਿੰਦੇ ਰਹੇ...
ਜ਼ਿੰਦਗੀ ਜੇ ਕਵਿਤਾ ਜੇਹੀ ਹੁੰਦੀ
ਅਸੀਂ ਖ਼ਾਮੋਸ਼ ਹੀ ਰਹਿੰਦੇ
ਸੁਫ਼ਨੇ ਜੇ ਪੱਥਰ ਦੇ ਹੁੰਦੇ
ਗੀਟਿਆਂ ਸੰਗ ਹੀ ਪਰਚ ਛੱਡਦੇ
ਪਾਣੀ ਨਾਲ ਜੇ ਢਿੱਡ ਭਰ ਸਕਦਾ
ਤਾਂ ਪੀ ਕੇ ਸੌਂ ਰਹਿੰਦੇ
ਚਾਂਦਨੀ ਜੇ ਓੜ੍ਹੀ ਜਾ ਸਕਦੀ
ਸਿਉਂ ਕੇ ਪਾ ਲੈਂਦੇ...
ਏਥੇ ਪਰ ਕੁੱਝ ਨਹੀਂ ਦਿਸਦਾ
ਅਮਨ ਦੀਆਂ ਘੁੱਗੀਆਂ ਵਰਗਾ
ਗੀਤਾਂ ਦੇ ਦਰੱਖ਼ਤ ਨਹੀਂ ਲੱਭਦੇ
ਜਿਨ੍ਹਾਂ ਸੰਗ ਪੀਂਘ ਪਾ ਲਈਏ...
ਅਸੀਂ ਤਾਂ ਖੋਹਣੀ ਹੈ
ਆਪਣੀ ਚੋਰੀ ਹੋਈ ਰਾਤਾਂ ਦੀ ਨੀਂਦ
ਅਸੀਂ ਟੋਹਣਾ ਹੈ ਜ਼ੋਰ
ਖੂਨ-ਲਿੱਬੜੇ ਹੱਥਾਂ ਦਾ
ਉਨ੍ਹਾਂ ਨੂੰ ਭਲੇ ਲੱਗਣ ਲਈ
ਅਸੀਂ ਹੁਣ ਵੈਣ ਨਹੀਂ ਪਾਉਣੇ ...
***
ਅਸੀਂ ਲੜਾਂਗੇ ਸਾਥੀ
ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਲਈ
ਅਸੀਂ ਲੜਾਂਗੇ ਸਾਥੀ, ਗ਼ੁਲਾਮ ਸੱਧਰਾਂ ਲਈ
ਅਸੀਂ ਚੁਣਾਂਗੇ ਸਾਥੀ, ਜ਼ਿੰਦਗੀ ਦੇ ਟੁਕੜੇ
ਹਥੌੜਾ ਹੁਣ ਵੀ ਚਲਦਾ ਹੈ, ਉਦਾਸ ਅਹਿਰਨ 'ਤੇ
ਸਿਆੜ ਹੁਣ ਵੀ ਵਗਦੇ ਨੇ, ਚੀਕਦੀ ਧਰਤੀ 'ਤੇ
ਇਹ ਕੰਮ ਸਾਡਾ ਨਹੀਂ ਬਣਦਾ, ਸਵਾਲ ਨੱਚਦਾ ਹੈ
ਸਵਾਲ ਦੇ ਮੌਰਾਂ 'ਤੇ ਚੜ੍ਹ ਕੇ
ਅਸੀਂ ਲੜਾਂਗੇ ਸਾਥੀ
ਕਤਲ ਹੋਏ ਜਜ਼ਬਿਆਂ ਦੀ ਕਸਮ ਖਾ ਕੇ
ਬੁਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾ ਕੇ
ਹੱਥਾਂ 'ਤੇ ਪਏ ਰੱਟਣਾਂ ਦੀ ਕਸਮ ਖਾ ਕੇ
ਅਸੀਂ ਲੜਾਂਗੇ ਸਾਥੀ
ਅਸੀਂ ਲੜਾਂਗੇ ਤਦ ਤੱਕ
ਕਿ ਵੀਰੂ ਬੱਕਰੀਆਂ ਵਾਲਾ ਜਦੋਂ ਤੱਕ
ਬੱਕਰੀਆਂ ਦਾ ਮੂਤ ਪੀਂਦਾ ਹੈ
ਖਿੜੇ ਹੋਏ ਸਰ੍ਹੋਂ ਦੇ ਫੁੱਲਾਂ ਨੂੰ
ਜਦੋਂ ਤੱਕ ਵਾਹੁਣ ਵਾਲੇ ਆਪ ਨਹੀਂ ਸੁੰਘਦੇ
ਕਿ ਸੁੱਜੀਆਂ ਅੱਖੀਆਂ ਵਾਲੀ
ਪਿੰਡ ਦੀ ਅਧਿਆਪਕਾ ਦਾ ਪਤੀ ਜਦੋਂ ਤੱਕ
ਜੰਗ 'ਚੋਂ ਪਰਤ ਨਹੀਂ ਆਉਂਦਾ
ਜਦੋਂ ਤੱਕ ਪੁਲਸ ਦੇ ਸਿਪਾਹੀ
ਆਪਣੇ ਹੀ ਭਰਾਵਾਂ ਦਾ ਗਲਾ ਘੁੱਟਣ 'ਤੇ ਬਾਧਕ ਹਨ
ਕਿ ਬਾਬੂ ਦਫ਼ਤਰਾਂ ਵਾਲ਼ੇ
ਜਦੋਂ ਤੱਕ ਲਹੂ ਦੇ ਨਾਲ ਹਰਫ਼ ਪਾਉਂਦੇ ਹਨ...
ਅਸੀਂ ਲੜਾਂਗੇ ਜਦ ਤੱਕ
ਦੁਨੀਆਂ 'ਚ ਲੜਨ ਦੀ ਲੋੜ ਬਾਕੀ ਹੈ...
ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ
ਲੜਨ ਦੀ ਜਾਂਚ ਨਾ ਹੋਈ, ਲੜਨ ਦੀ ਲੋੜ ਹੋਵੇਗੀ
ਤੇ ਅਸੀਂ ਲੜਾਂਗੇ ਸਾਥੀ...
ਅਸੀਂ ਲੜਾਂਗੇ
ਕਿ ਲੜਨ ਬਾਝੋਂ ਕੁਝ ਵੀ ਨਹੀਂ ਮਿਲਦਾ
ਅਸੀਂ ਲੜਾਂਗੇ
ਕਿ ਹਾਲੇ ਤੱਕ ਲੜੇ ਕਿਉਂ ਨਹੀਂ
ਅਸੀਂ ਲੜਾਂਗੇ
ਆਪਣੀ ਸਜ਼ਾ ਕਬੂਲਣ ਲਈ
ਲੜ ਕੇ ਮਰ ਚੁੱਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ
ਅਸੀਂ ਲੜਾਂਗੇ ਸਾਥੀ...
***
ਦਰੋਣਾਚਾਰੀਆ ਦੇ ਨਾਂ
ਮੇਰੇ ਗੁਰਦੇਵ! ਜੇ ਓਦੋਂ ਹੀ ਤੁਸੀਂ ਇੱਕ ਭੀਲ ਬੱਚਾ ਸਮਝ ਕੇ
ਮੇਰਾ ਅੰਗੂਠਾ ਕੱਟ ਦਿੰਦੇ
ਤਾਂ ਕਹਾਣੀ ਹੋਰ ਸੀ...
ਪਰ ਐੱਨ.ਸੀ.ਸੀ. ਵਿੱਚ
ਤੁਸਾਂ ਬੰਦੂਕ ਚੁੱਕਣ ਦਾ ਨੁਕਤਾ ਤਾਂ ਆਪ ਦੱਸਿਆ ਸੀ
ਕਿ ਆਪਣੇ ਦੇਸ਼ ਦੇ ਉੱਤੇ
ਜਦੋਂ ਕੋਈ ਭੀੜ ਬਣ ਜਾਵੇ
ਤਾਂ ਕੀਕਣ ਟਾਰਗਟ ਦੁਸ਼ਮਣ ਨੂੰ ਧਾਰ ਕੇ
ਤੇ ਘੋੜਾ ਨੱਪ ਦੇਣਾ ਹੈ-
ਹੁਣ ਜਦੋਂ ਦੇਸ਼ ਉੱਤੇ ਭੀੜ ਆਈ ਹੈ
ਮੇਰੇ ਗੁਰਦੇਵ!
ਆਪੂੰ ਹੀ ਤੁਸੀਂ ਦੁਰਯੋਧਨਾਂ ਸੰਗ ਜਾ ਖਲ੍ਹੋਤੇ ਹੋ
ਪਰ ਹੁਣ ਤੁਹਾਡਾ ਚੱਕਰ-ਵਿਊ
ਕਿਧਰੇ ਵੀ ਕਾਰਗਰ ਨਹੀਂ ਹੋਣਾ
ਤੇ ਪਹਿਲੇ ਵਾਰ ਅੰਦਰ ਹੀ
ਹਰ ਘਣਚੱਕਰ ਦਾ
ਚੁਰਾਸੀ-ਚੱਕਰ ਕੱਟਿਆ ਜਾਵੇਗਾ
ਹਾਂ, ਜੇ ਬਾਲ ਉਮਰੇ ਹੀ, ਤੁਸੀਂ ਇੱਕ ਭੀਲ ਬੱਚਾ ਸਮਝ ਕੇ
ਮੇਰਾ ਅੰਗੂਠਾ ਕੱਟ ਦਿੰਦੇ
ਤਾਂ ਕਹਾਣੀ ਹੋਰ ਸੀ...
***
ਮੈਨੂੰ ਚਾਹੀਦੇ ਹਨ ਕੁਝ ਬੋਲ
ਮੈਨੂੰ ਚਾਹੀਦੇ ਹਨ ਕੁਝ ਬੋਲ
ਜਿਨ੍ਹਾਂ ਦਾ ਇੱਕ ਗੀਤ ਬਣ ਸਕੇ...
ਖੋਹ ਲਵੋ ਮੈਥੋਂ ਇਹ ਭੀੜ ਦੀ ਟੈਂ ਟੈਂ
ਸਾੜ ਦੇਵੋ ਮੈਨੂੰ ਮੇਰੀਆਂ ਨਜ਼ਮਾਂ ਦੀ ਧੂਣੀ 'ਤੇ
ਮੇਰੀ ਖੋਪੜੀ 'ਤੇ ਬੇਸ਼ਕ ਟਣਕਾਵੋ ਹਕੂਮਤ ਦਾ ਸਿਆਹ-ਡੰਡਾ
ਪਰ ਮੈਨੂੰ ਦੇ ਦਿਓ ਕੁਝ ਬੋਲ
ਜਿਨ੍ਹਾਂ ਦਾ ਇੱਕ ਗੀਤ ਬਣ ਸਕੇ...
ਮੈਨੂੰ ਨਹੀਂ ਚਾਹੀਦੇ ਅਮੀਨ ਸੱਯਾਨੀ ਦੇ ਡਾਇਲਾਗ
ਸਾਂਭੋ ਆਨੰਦ ਬਖ਼ਸ਼ੀ, ਤੁਸੀਂ ਜਾਣੋ ਲਕਸ਼ਮੀ ਕਾਂਤ
ਮੈਂ ਕੀ ਕਰਨਾ ਹੈ ਇੰਦਰਾ ਦਾ ਭਾਸ਼ਨ
ਮੈਨੂੰ ਤਾਂ ਚਾਹੀਦੇ ਹਨ ਕੁਝ ਬੋਲ
ਜਿਨ੍ਹਾਂ ਦਾ ਇੱਕ ਗੀਤ ਬਣ ਸਕੇ...
ਮੇਰੇ ਮੂੰਹ 'ਚ ਤੁੰਨ ਦਿਓ ਯਮਲੇ ਜੱਟ ਦੀ ਤੂੰਬੀ
ਮੇਰੇ ਮੱਥੇ 'ਤੇ ਝਰੀਟ ਦੇਵੋ ਟੈਗੋਰ ਦੀ ਨੈਸ਼ਨਲ ਇੰਥਮ
ਮੇਰੀ ਹਿੱਕ 'ਤੇ ਚਿਪਕਾ ਦਿਓ ਗੁਲਸ਼ਨ ਨੰਦਾ ਦੇ ਨਾਵਲ
ਮੈਂ ਕਾਹਨੂੰ ਪੜ੍ਹਨਾ ਹੈ ਜ਼ਫ਼ਰਨਾਮਾ
ਜੇ ਮੈਨੂੰ ਮਿਲ ਜਾਣ ਕੁਝ ਬੋਲ
ਜਿਨ੍ਹਾਂ ਦਾ ਇੱਕ ਗੀਤ ਬਣ ਸਕੇ...
ਮੇਰੀ ਪਿੱਠ 'ਤੇ ਲੱਦ ਦਿਓ ਵਾਜਪਈ ਦਾ ਬੋਝਲ ਪਿੰਡਾ
ਮੇਰੇ ਗਲ 'ਚ ਪਾ ਦਿਓ ਹੇਮੰਤ ਬਾਸੂ ਦੀ ਲਾਸ਼
ਮੇਰੇ ... 'ਚ ਦੇ ਦਿਓ ਲਾਲਾ ਜਗਤ ਨਰਾਇਣ ਦਾ ਸਿਰ
ਚਲੋ ਮੈਂ ਮਾਓ ਦਾ ਨਾਂ ਵੀ ਨਹੀਂ ਲੈਂਦਾ
ਪਰ ਮੈਨੂੰ ਦਿਓ ਤਾਂ ਸਹੀ ਕੁੱਝ ਬੋਲ
ਜਿਨ੍ਹਾਂ ਦਾ ਇੱਕ ਗੀਤ ਬਣ ਸਕੇ...
ਮੈਨੂੰ ਪੈੱਨ ਵਿੱਚ ਸਿਆਹੀ ਨਾ ਭਰਨ ਦੇਵੋ
ਮੈਂ ਆਪਣੀ 'ਲੋਹ-ਕਥਾ' ਵੀ ਸਾੜ ਦਿੰਦਾ ਹਾਂ
ਮੈਂ 'ਚੰਦਨ' ਨਾਲ ਵੀ ਕਾਟੀ ਕਰ ਲੈਂਦਾ ਹਾਂ
ਜੇ ਮੈਨੂੰ ਦੇ ਦਿਓ ਕੁੱਝ ਬੋਲ
ਜਿਨ੍ਹਾਂ ਦਾ ਇੱਕ ਗੀਤ ਬਣ ਸਕੇ...
ਇਹ ਗੀਤ ਮੈਂ ਉਨ੍ਹਾਂ ਗੂੰਗਿਆਂ ਨੂੰ ਦੇਣਾ ਹੈ।
ਜਿਨ੍ਹਾਂ ਨੂੰ ਗੀਤਾਂ ਦੀ ਕਦਰ ਹੈ
ਪਰ ਜਿਨ੍ਹਾਂ ਨੂੰ ਤੁਹਾਡੇ ਭਾਣੇ ਗਾਉਣਾ ਨਹੀਂ ਪੁੱਗਦਾ
ਜੇ ਤੁਹਾਡੇ ਕੋਲ ਨਹੀਂ ਹੈ ਕੋਈ ਬੋਲ, ਕੋਈ ਗੀਤ
ਮੈਨੂੰ ਬਕਣ ਦੇਵੋ ਮੈਂ ਕੀ ਬਕਦਾ ਹਾਂ
***
ਸੰਵਿਧਾਨ
ਇਹ ਪੁਸਤਕ ਮਰ ਚੁੱਕੀ ਹੈ
ਇਹਨੂੰ ਨਾ ਪੜ੍ਹੋ
ਇਸ ਦੇ ਲਫ਼ਜ਼ਾਂ ਵਿੱਚ ਮੌਤ ਦੀ ਠੰਡ ਹੈ
ਤੇ ਇੱਕ ਇੱਕ ਸਫ਼ਾ
ਜ਼ਿੰਦਗੀ ਦੇ ਆਖ਼ਰੀ ਪਲ ਵਰਗਾ ਭਿਆਨਕ
ਇਹ ਪੁਸਤਕ ਜਦ ਬਣੀ ਸੀ
ਤਾਂ ਮੈਂ ਇੱਕ ਪਸ਼ੂ ਸਾਂ
ਸੁੱਤਾ ਪਿਆ ਪਸ਼ੂ...
ਤੇ ਜਦ ਮੈਂ ਜਾਗਿਆ
ਤਾਂ ਮੇਰੇ ਇਨਸਾਨ ਬਣਨ ਤੀਕ
ਇਹ ਪੁਸਤਕ ਮਰ ਚੁੱਕੀ ਸੀ
ਹੁਣ ਜੇ ਇਸ ਪੁਸਤਕ ਨੂੰ ਪੜ੍ਹੋਗੇ
ਤਾਂ ਪਸ਼ੂ ਬਣ ਜਾਓਗੇ
ਸੁੱਤੇ ਹੋਏ ਪਸ਼ੂ
***
ਸ਼ਬਦ, ਕਲਾ ਤੇ ਕਵਿਤਾ
ਤੁਹਾਨੂੰ ਸ਼ਾਇਦ ਖ਼ਬਰ ਨਹੀਂ ਸੀ
ਉਨ੍ਹਾਂ ਬੇਵਾ-ਪਲਾਂ ਦੇ ਦਰਦੀ ਦੀ
ਜੋ ਪਿਰਾਮਿਡਾਂ ਦੀ ਪਕੜ 'ਚ ਨਹੀਂ ਆਇਆ
ਤੁਸੀਂ ਸ਼ਿਲਾ-ਲੇਖਾਂ ਦੀਆਂ ਸ਼ਾਹੀ ਮੋਹਰਾਂ ਨੂੰ ਹੀ
ਕਵਿਤਾ ਦੀ ਕਲਾ ਕਹਿੰਦੇ ਰਹੇ ਹੋ...
ਸ਼ਬਦ ਜੋ ਰਾਜਿਆਂ ਦੀ ਘਾਟੀ 'ਚ ਨੱਚਦੇ ਹਨ
ਜੋ ਮਾਸ਼ੂਕ ਦੀ ਧੁੰਨੀ ਦਾ ਖੇਤਰਫ਼ਲ ਮਿਣਦੇ ਹਨ
ਜੋ ਮੇਜ਼ਾਂ ਉੱਤੇ ਟੈਨਸ-ਬਾਲਾਂ ਵਾਂਗ ਰਿੜ੍ਹਦੇ ਹਨ
ਜੋ ਮੰਚਾਂ ਦੀ ਕੱਲਰ-ਭੌਂ 'ਤੇ ਉੱਗਦੇ ਹਨ –
ਕਵਿਤਾ ਨਹੀਂ ਹੁੰਦੇ
ਤੁਸੀਂ ਸਮਝਿਆ ਸੀ
ਸ਼ਬਦ ਹਵਾ 'ਚ ਉੱਡਦੇ ਪੱਤੇ ਹਨ
ਕਿ ਦਿੱਲੀ ਦੇ ਨਿਕਾਸੀ-ਪੱਖੇ
ਆਪਣੀ ਬੇ-ਹਯਾ ਦੁਰਗੰਧਤ ਪੌਣ ਸੰਗ
ਲਿਖ ਦੇਣਗੇ ਸਮੇਂ ਦਾ ਕਾਵਿ
ਪਰ ਸ਼ਬਦ ਨਾ ਤਾਂ ਡਰਦੇ ਹਨ, ਨਾ ਮਰਦੇ
ਉਨ੍ਹਾਂ ਲਹੂ-ਗੁੰਨ੍ਹੀ ਮਿੱਟੀ ਨੂੰ
ਕਦੀ ਖ਼ਮੀਰ ਨਹੀਂ ਆਉਣ ਦਿੱਤੀ
ਜੋ ਦਿਨ ਦੇ 'ਨ੍ਹੇਰੇ' 'ਚ ਵਰਜਿਤ ਹੁੰਦਾ ਹੈ
ਉਸ ਨੂੰ ਰਾਤ ਦੇ ਚਾਨਣ 'ਚ ਕਰ ਵਿਖਾਉਂਦੇ ਹਨ
ਟੈਗੋਰ ਜਾਂ ਗਾਲਿਬ ਦੀ ਦਾੜ੍ਹੀ 'ਚ
ਸ਼ਬਦ ਕਵਿਤਾ ਨਹੀਂ ਹੁੰਦੇ
ਤੀਲ੍ਹਾ ਹੁੰਦੇ ਹਨ...
ਜੇ ਤੁਹਾਨੂੰ ਬਹੁਤ ਮਾਣ ਹੈ
ਆਪਣੀ ਕਲਾ, ਆਪਣੇ ਫ਼ਲਸਫ਼ੇ 'ਤੇ
ਤਾਂ ਖੋਲ੍ਹੋ ਸੁਨਹਿਰੀ ਜਿਲਦਾਂ ਵਾਲ਼ੇ ਗ੍ਰੰਥ
ਤੁਹਾਡੇ ਸ਼ੇਕਸਪੀਅਰ ਨੇ
ਜ਼ਿੰਦਗੀ ਦੇ ਹਾਸੇ 'ਚ ਮੌਤ ਦੇ ਲਤੀਫ਼ੇ ਦਾ
ਕੀ ਸਥਾਨ ਦੱਸਿਆ ਹੈ ?
ਤੁਹਾਡੇ ਬੀਥੋਵਨ ਨੇ
ਮਾਂ-ਭੈਣ ਦੀਆਂ ਗਾਲ੍ਹਾਂ ਦਾ ਕੀ ਰਿਦਮ ਦੱਸਿਆ ਹੈ ?
ਮਹਿਬੂਬ ਦੀ ਛਾਤੀ ਦੇ ਗੀਤਾਂ ਵਾਲਿਆਂ
ਮਾਂ ਦੇ ਦੁੱਧ
ਅਤੇ ਦੁੱਧ ਦੀ ਲਾਜ ਦਾ ਕੀ ਗੀਤ ਲਿਖਿਆ ਹੈ ?
***
ਸੁਣੋ
ਸਾਡੇ ਚੁੱਲ੍ਹੇ ਦਾ ਸੰਗੀਤ ਸੁਣੋ
ਸਾਡੀ ਦਰਦ-ਮੰਦਾਂ ਦੀ ਪੀੜ-ਵਲ੍ਹੇਟੀ ਚੀਕ ਸੁਣੋ
ਮੇਰੀ ਪਤਨੀ ਦੀ ਫ਼ਰਮਾਇਸ਼ ਸੁਣੋ
ਮੇਰੀ ਬੱਚੀ ਦੀ ਹਰ ਮੰਗ ਸੁਣੋ
ਮੇਰੀ ਬੀੜੀ ਵਿੱਚਲੀ ਜ਼ਹਿਰ ਮਿਣੋ
ਮੇਰੇ ਖੰਘਣ ਦੀ ਮਿਰਦੰਗ ਸੁਣੋ
ਮੇਰੀ ਟਾਕੀਆਂ ਭਰੀ ਪਤਲੂਣ ਦਾ ਹਉਕਾ ਸਰਦ ਸੁਣੋ
ਮੇਰੇ ਪੈਰ ਦੀ ਪਾਟੀ ਜੁੱਤੀ 'ਚੋਂ
ਮੇਰੇ ਪਾਟੇ ਦਿਲ ਦਾ ਦਰਦ ਸੁਣੋ
ਮੇਰੀ ਬਿਨਾਂ-ਸ਼ਬਦ ਅਵਾਜ਼ ਸੁਣੋ
ਮੇਰੇ ਬੋਲਣ ਦਾ ਅੰਦਾਜ਼ ਸੁਣੋ
ਮੇਰੇ ਗ਼ਜ਼ਬ ਦਾ ਜ਼ਰਾ ਕਿਆਸ ਕਰੋ
ਮੇਰੇ ਰੋਹ ਦਾ ਜ਼ਰਾ ਹਿਸਾਬ ਸੁਣੋ
ਮੇਰੇ ਸ਼ਿਸ਼ਟਾਚਾਰ ਦੀ ਲਾਸ਼ ਲਵੋ
ਮੇਰੀ ਵਹਿਸ਼ਤ ਦਾ ਹੁਣ ਰਾਗ ਸੁਣੋ
ਆਓ ਅੱਜ ਅਨਪੜ੍ਹ ਜਾਂਗਲੀਆਂ ਤੋਂ
ਪੜ੍ਹਿਆ ਲਿਖਿਆ ਗੀਤ ਸੁਣੋ
ਤੁਸੀਂ ਗ਼ਲਤ ਸੁਣੋ ਜਾਂ ਠੀਕ ਸੁਣੋ
ਸਾਡੇ ਤੋਂ ਸਾਡੀ ਨੀਤ ਸੁਣੋ
***
ਹਾਂ ਉਦੋਂ...
ਜੁੱਗਾਂ ਤੋਂ ਇੱਕ ਵੇਲਣਾ ਚਲਦਾ ਹੈ
ਪੀੜੀ ਜਾ ਰਿਹਾ ਰੁੱਤਾਂ ਦੀ ਮਹਿਕ
ਤੁਹਾਡਾ ਸੁਹਜ-ਸ਼ਾਸਤਰ ਕੌਣ ਪੜ੍ਹੇ
ਕੁਰਲਾਹਟਾਂ, ਚੀਸਾਂ ਦੀ ਏਸ ਦਲਦਲ ਵਿੱਚ
ਉਹ ਕਿਸ ਹੱਦ ਤੀਕ ਢੂੰਡਣਗੇ
ਸਲੋਨੇ ਤਾਲ ਸ਼ਬਦਾਂ 'ਚੋਂ
ਲਹੂ ਆਪਣੇ ਦੇ ਵਿੱਚ ਹੀ ਨਿੱਚੁੜਦਾ ਹੋਵੇ
ਜਿਨ੍ਹਾਂ ਦੀ ਹੋਂਦ ਦਾ ਪੱਲਾ...
ਉਖੇੜਨ ਵਾਸਤੇ ਇਹ ਅਮਲ ਕਤਲਾਂ ਦਾ
ਵਕਤ ਦੇ ਵੇਲਣੇ 'ਚ ਦਿੱਤੀ ਹੈ ਜਿਨ੍ਹਾਂ ਨੇ ਬਾਂਹ
ਉਹ ਤੁਹਾਡੀ ਕਲਾ-ਬਿਰਤੀ ਨੂੰ ਹੀ ਬਸ
ਪਰਚਾਉਣ ਨਹੀਂ ਆਏ
ਨਾ ਹੀ ਉਨ੍ਹਾਂ ਦੇ ਲਹੂ ਦੀ ਸੜ੍ਹਾਂਦ 'ਚੋਂ
ਤੁਸਾਂ ਨੂੰ ਕੋਈ ਸੁਹਜ ਲੱਭਣਾ ਹੈ...
ਤੁਸੀਂ ਚਾਹੁੰਦੇ ਹੋ
ਅਸੀਂ ਮਹਿਕਦਾਰ ਸ਼ੈਲੀ 'ਚ ਲਿਖੀਏ
ਫੁੱਲਾਂ ਦੇ ਗੀਤ
ਸੁੱਕੇ ਸਲਵਾੜ੍ਹ 'ਚੋਂ ਲੱਭਦੇ ਹੋ
ਬਹਾਰ ਦੀ ਰੂਹ –
ਕਿੰਨੀ ਗ਼ਲਤ ਥਾਂ ਤੇ ਆ ਗਏ ਹੋ ਤੁਸੀਂ!
ਇਹ ਸਲਵਾੜ੍ਹ ਤਾਂ ਅੱਜ ਜਾਂ ਭਲਕ ਸੜ ਜਾਣਾ ਹੈ
ਨਾਲ ਹੀ ਭਸਮ ਹੋ ਜਾਣੀਂ
ਉਜਾੜ ਦੀ ਮਾਰੂ-ਦਹਿਸ਼ਤ
ਤੇ ਧਰਤੀ ਦੀ ਬਾਂਝ-ਪਰਤ...
ਫੇਰ ਏਥੇ ਹੋਣੀ ਵਾਂਗ ਉੱਗਣਗੇ ਮਹਿਕਾਂ ਦੇ ਬਾਗ਼
ਹਾਂ, ਉਨ੍ਹਾਂ ਤੋਂ ਮੰਗ ਲੈਣੀ
ਰੂਪ ਦੀ ਮਿਠਾਸ
ਤੁਸਾਂ ਉਸ ਰੁੱਤ ਨੂੰ ਪਾ ਲੈਣਾ ਕੋਈ ਵੀ ਸਵਾਲ
ਜੇ ਤਦ ਤੱਕ ਤੁਹਾਡੀ ਜੀਭ
ਪਥਰਾ ਨਾ ਗਈ ਹੋਵੇ...
***
ਅਹਿਮਦ ਸਲੀਮ ਦੇ ਨਾਂ
(ਜੰਗੀ ਕੈਦੀਆਂ ਨੂੰ ਸਮਰਪਣ)
ਐ ਕਲਮ ਦੇ ਕਿਰਤੀਆ ਵੇ, ਐ ਮੇਰੇ ਅਹਿਮਦ ਸਲੀਮ
ਚੁੰਮ ਕੇ ਸੀਖਾਂ, ਮੇਰੇ ਸੱਜਰੇ ਬਣੇ ਰਿਸ਼ਤੇ ਦੇ ਵੀਰ
ਮੈਂ ਵੀ ਹਾਂ ਜੇਲ੍ਹਾਂ ਦਾ ਸ਼ਾਇਰ, ਮੇਰਾ ਵੀ ਨੇ ਇਸ਼ਕ ਲੋਕ
ਤੈਨੂੰ ਪੱਛਦੇ ਨੇ ਪਿੰਡੀ ਦੇ, ਤੇ ਮੈਨੂੰ ਦਿੱਲੀ ਦੇ ਤੀਰ
ਤਾਹੀਓਂ ਫੜ ਹੋਵਣ 'ਤੇ ਤੇਰੇ, ਚੀਕ ਨਹੀਂ ਉੱਠਿਆ ਸਾਂ ਮੈਂ
ਮੈਂ ਤਾਂ ਖੁਸ਼ ਹੋਇਆ ਸਾਂ ਕਿ ਹੋ ਗਈ ਤੇਰੀ ਕਵਿਤਾ ਜਵਾਨ
ਨਾਲੇ ਮੇਰੇ ਘਰ 'ਚ ਵੀ ਸਨ, ਸੜ ਰਹੇ ਢਾਕੇ ਅਨੇਕ
ਏਥੇ ਵੀ ਬੁੱਕਦਾ ਪਿਆ ਸੀ, ਭੇਸ ਬਦਲੀ ਯਹੀਆ ਖ਼ਾਨ
ਮੈਂ ਬੜਾ ਹੈਰਾਨ ਸਾਂ, ਕੁਰਲਾਉਂਦਿਆਂ ਦੰਭੀਆਂ ਨੂੰ ਵੇਖ
ਜੋ ਤੇਰੇ ਸੀਖਾਂ 'ਚ ਹੋਵਣ 'ਤੇ ਸੀ ਧਾਹਾਂ ਮਾਰਦੇ
ਸੜਦੇ ਘਰ ਵੱਲ ਪਿੱਠ ਕਰਕੇ, ਰੇਤ ਸੁੱਟਦੇ ਸੀ ਗਵਾਂਢ
ਮੈਂ ਦੁਖੀ ਸਾਂ ਥੁੱਕ ਰਹੇ ਨੇ, ਮੂੰਹ 'ਤੇ ਮੇਰੇ ਯਾਰ ਦੇ
ਮੈਂ ਨਹੀਂ ਕਹਿੰਦਾ ਕਿ ਕਾਤਲ, ਕਿਤੇ ਵੀ ਹੋਵਣ ਖ਼ਿਮਾਂ
ਮੈਂ ਨਹੀਂ ਕਹਿੰਦਾ ਕਿਤੇ ਵੀ ਲੁੱਟ ਹੋਣੀ ਹੈ ਸਹੀ
ਮੈਂ ਤਾਂ ਕਹਿੰਦਾ ਹਾਂ ਕਿ ਲੋਟੂ ਬਦਲਣੇ ਮੁਕਤੀ ਨਹੀਂ
ਹਿੰਦ ਪਾਕੀ ਬਾਣੀਆਂ ਦੀ, ਹੈ ਇਕੋ ਜੇਹੀ ਵਹੀ
ਮੈਂ ਤਾਂ ਕਹਿੰਦਾ ਹਾਂ ਅਜ਼ਾਦੀ ਦਾਣਿਆਂ ਦੀ ਮੁੱਠ ਨਹੀਂ
ਦਾਨ ਜਿਹੜੀ ਹੋ ਸਕੇ, ਪੈਸੇ ਨੂੰ ਜਿਹੜੀ ਆ ਸਕੇ
ਇਹ ਤਾਂ ਉਹ ਫ਼ਸਲ ਜਿਸ ਨੂੰ ਲਹੂ ਨਾ' ਸਿੰਜਦੇ ਨੇ ਲੋਕ
ਇਹ ਨਹੀਂ ਕੋਈ ਪ੍ਰੇਮ-ਪੱਤਰ, ਜੋ ਕਬੂਤਰ ਲਿਆ ਸਕੇ
ਪੁੱਤ ਖਾਣੀ ਡੈਣ ਜਿਸ ਨੇ ਘਰ 'ਚ ਕੋਈ ਛੱਡਿਆ ਨਹੀਂ
ਨਰਮ ਸੀਨੇ ਖਾਣ ਦਾ ਜਿਸ ਨੂੰ ਪਿਆ ਹੋਵੇ ਸਵਾਦ
ਜ਼ਿੰਦਗੀ ਦੀ ਪਿਉਂਦ ਉਹ ਹੋਰਾਂ ਦੇ ਲਾ ਸਕਦੀ ਨਹੀਂ
ਉਹ ਖਿੜਾ ਸਕਦੀ ਨਹੀਂ, ਹਮਸਾਇਆਂ ਦੇ ਵਿਹੜੇ 'ਚ ਬਾਗ਼
ਆ ਦਿਖਾਵਾਂ ਤੈਨੂੰ ਮੈਂ ਬੰਗਾਲ ਦੇ ਰਿਸਦੇ ਜ਼ਖਮ
ਆ ਤੈਨੂੰ ਦਿਖਲਾ ਦਿਆਂ ਮੈਂ ਆਂਧਰਾ ਦੇ ਦਿਲ 'ਚ ਛੇਕ
ਜੇ ਤੂੰ ਲੋੜੇਂ ਇਸ ਅਜ਼ਾਦੀ ਵੰਡਦੀ ਦੇਵੀ ਦੇ ਦੀਦ
ਆ ਮੇਰੇ ਪੰਜਾਬ ਦੇ ਸੜਦੇ ਹੋਏ ਮੋਗੇ ਨੂੰ ਦੇਖ
ਤੇਰੇ ਫੜ ਹੋਵਣ 'ਤੇ ਜੋ ਪਾਉਂਦੇ ਸੀ ਹਮਦਰਦੀ ਦੇ ਵੈਣ
ਬਹੁਤ ਪਾਉਂਦੇ ਸੀ ਜੋ ਯਹੀਆ ਖ਼ਾਨ ਦੇ ਜ਼ੁਲਮਾਂ ਦੀ ਡੰਡ
ਪੁਤਲੇ ਜੋ ਜਮਹੂਰੀਅਤ ਦੇ ਉਨ੍ਹਾਂ ਦੀਆਂ ਜੇਲ੍ਹਾਂ ਅੰਦਰ
ਆ ਤੈਨੂੰ ਸੁੰਘਾ ਦਿਆਂ, ਸੜਦੇ ਹੋਏ ਜੋਬਨ ਦੀ ਗੰਧ
ਨਾ ਅਸੀਂ ਜਿੱਤੀ ਏ ਜੰਗ, ਤੇ ਨਾ ਹਰੇ ਪਾਕੀ ਕਿਤੇ
ਇਹ ਤਾਂ ਪਾਪੀ ਪੇਟ ਸਨ, ਜੋ ਪੁਤਲੀਆਂ ਬਣ ਕੇ ਨੱਚੇ
ਅਜੇ ਤਾਂ ਬੱਸ ਢਿੱਡ ਹੀ ਢਿੱਡ ਹਾਂ, ਆਦਮੀ ਪੂਰੇ ਨਹੀਂ
ਅਜੇ ਨਾ ਦੁਸ਼ਮਣ ਹਾਂ ਆਪਾਂ, ਨਾ ਕਿਸੇ ਦੇ ਹਾਂ ਸੱਕੇ
ਅਜੇ ਤਾਂ ਜੰਗੀਆਂ ਦੀ ਟੋਲੀ, ਚੁਹਲ ਕਰਦੀ ਹੈ ਪਈ
ਸਾੜ ਕੇ ਢਾਕੇ ਨੂੰ ਪਰਚੇ ਅੱਗ ਦੇ ਫੁੱਲਾਂ ਦੇ ਨਾਲ
ਇਸ ਨੂੰ ਕਵਿਤਾ ਜਾਗਦੀ ਹੈ, ਛੰਭ ਦੇ ਖੰਡਰਾਂ ਅੰਦਰ
ਇਸ਼ਕ ਆਉਂਦਾ ਹੈ ਧਵਾਂਖੀ ਧਰਤ ਦੇ ਬੁੱਲ੍ਹਾਂ ਦੇ ਨਾਲ
ਨਾ ਤਾਂ ਉਹ ਮਰਦਿ-ਮੁਜਾਹਦ, ਨਾ ਨੇ ਕੈਦੀ ਜੰਗ ਦੇ
ਨਾ ਉਨ੍ਹਾਂ ਲੁੱਟੀਆਂ ਨੇ ਇੱਜ਼ਤਾਂ, ਨਾ ਉਨ੍ਹਾਂ ਸੁੱਟੇ ਨੇ ਸੰਦ
ਨਾ ਉਨ੍ਹਾਂ ਕੋਲ ਪੈਰ ਹਨ, ਨਾ ਸੀਸ ਧੌਣਾਂ ਦੇ ਉੱਤੇ
ਕੀ ਉਨ੍ਹਾਂ ਨੇ ਹਾਰਨਾ ਤੇ ਕੀ ਉਨ੍ਹਾਂ ਜਿੱਤਣੀ ਏ ਜੰਗ
ਉਨ੍ਹਾਂ ਦੀ ਖ਼ਾਤਰ ਤੂੰ ਕਿਉਂ ਨਹੀਂ ਬੋਲਦਾ ਅਹਿਮਦ ਸਲੀਮ
ਜਿਸਮ ਜਿਹੜੇ ਜਾਬਰਾਂ ਦੇ ਹੁਕਮ ਵਿੱਚ ਜੂੜੇ ਪਏ
ਤੜਫ਼ਦੇ ਹੋਏ ਤੁਰ ਗਏ ਜੋ ਆਪਣੇ ਟੱਬਰਾਂ ਤੋਂ ਦੂਰ
ਤੜਫਦੇ ਹਨ ਅਜੇ ਵੀ ਉਹ ਹਿੰਦ ਵਿੱਚ ਨੂੜੇ ਪਏ
ਹਰ ਦੂਏ ਤੀਏ ਜਦੋਂ ਫੁੰਕਾਰਦਾ ਹੈ ਰੇਡੀਓ
ਭੱਜਦੇ ਹੋਏ ਢਿੱਡ ਕੁੱਝ ਟਕਰਾਏ ਸੰਗੀਨਾਂ ਦੇ ਨਾਲ
ਕਿਉਂ ਤੇਰੀ ਤਰਸਾਂ ਭਰੀ ਕਾਨੀ ਕਦੇ ਰੋਈ ਨਹੀਂ
ਕਿਉਂ ਤੇਰੇ ਕੂਲੇ ਖ਼ਿਆਲਾਂ ਵਿੱਚ ਨਹੀਂ ਆਉਂਦਾ ਭੁਚਾਲ
ਤੇਰੀ ਹਮਦਰਦੀ ਭਰੀ ਉਹ ਆਤਮਾ ਕਿੱਥੇ ਗਈ
ਜਾਂ ਹੈ ਤੈਨੂੰ ਖ਼ੌਫ਼, ਨਾ ਟੁੱਟੇ ਤੇਰਾ ਭਾਰਤ 'ਚ ਮਾਣ
ਜੋ ਤੈਨੂੰ ਗਰਦਾਨਦੇ ਪਏ ਸੀ ਪੈਗ਼ੰਬਰ ਸੱਚ ਦਾ
ਹੁਣ ਕਿਤੇ ਨਾ ਆਖ ਦੇਵਣ, ਇੱਕ ਨਾ-ਸ਼ੁਕਰਾ ਮੁਸਲਮਾਨ
ਮੈਂ ਨਹੀਂ ਕਹਿੰਦਾ ਮੁਹੱਬਤ ਵਿੱਚ ਪਿਘਲ ਜਾਇਆ ਨਾ ਕਰ
ਮੈਂ ਨਹੀਂ ਕਹਿੰਦਾ ਕਿ ਆਢਾ ਜ਼ੁਲਮ ਨਾਲ ਲਾਇਆ ਨਾ ਕਰ
ਮੈਂ ਤਾਂ ਕਹਿੰਦਾ ਹਾਂ ਜ਼ੁਲਮ ਦੀ ਜੜ੍ਹਾਂ ਤੋਂ ਪਹਿਚਾਣ ਕਰ
ਸ਼ੂਕਦੇ ਪੱਤਿਆਂ ਦੇ ਉੱਤੇ ਥੁੱਕ ਕੇ ਮੁੜ ਜਾਇਆ ਨਾ ਕਰ
ਆ ਅਸੀਂ ਢਿੱਡਾਂ ਨੂੰ ਕਹੀਏ, ਸਿਰਾਂ ਦੀ ਖ਼ਾਤਰ ਲੜੋ
ਬਣ ਕੇ ਪੂਰੇ ਜਿਸਮ ਆਪਣੀ ਕਿਸਮ ਦੀ ਖ਼ਾਤਰ ਲੜੋ
ਫਿਰ ਬਣਾ ਕੇ ਜੰਗੀ ਕੈਦੀ, ਪੂਰੀ ਦੇਵਾਂਗੇ ਸਜ਼ਾ
ਅਜੇ ਤਾਂ ਯਾਰੋ ਬੱਸ ਅਪਣੇ ਜਿਸਮ ਦੀ ਖ਼ਾਤਰ ਲੜੋ
***
ਉਹਦੇ ਨਾਂ
ਮੇਰੀ ਮਹਿਬੂਬ, ਤੈਨੂੰ ਵੀ ਗਿਲਾ ਹੋਣਾ ਮੁਹੱਬਤ 'ਤੇ
ਮੇਰੀ ਖ਼ਾਤਰ ਤੇਰੇ ਅੱਥਰੇ ਜੇਹੇ ਚਾਵਾਂ ਦਾ ਕੀ ਬਣਿਆ
ਤੂੰ ਰੀਝਾਂ ਦੀ ਸੂਈ ਨਾ' ਉੱਕਰੀਆਂ ਸੀ ਜੋ ਰੁਮਾਲਾਂ 'ਤੇ
ਉਨ੍ਹਾਂ ਧੁੱਪਾਂ ਦਾ ਕੀ ਬਣਿਆ, ਉਨ੍ਹਾਂ ਛਾਂਵਾਂ ਦਾ ਕੀ ਬਣਿਆ
ਕਵੀ ਹੋ ਕੇ ਹੀ ਕਿੱਦਾਂ ਅਣ-ਪੜ੍ਹੀ ਹੀ ਛੱਡ ਜਾਂਦਾ ਹਾਂ
ਤੇਰੇ ਨੈਣਾਂ ਦੇ ਅੰਦਰ ਲਿਖੀ ਹੋਈ ਇਕਰਾਰ ਦੀ ਕਵਿਤਾ
ਤੇਰੇ ਲਈ ਰਾਖਵੇਂ ਹੋਠਾਂ 'ਤੇ ਹੈ ਪੱਥਰਾ ਗਈ ਅੜੀਏ
ਬੜੀ ਕੌੜੀ, ਬੜੀ ਬੇਰਸ, ਮੇਰੇ ਰੁਜ਼ਗਾਰ ਦੀ ਕਵਿਤਾ
ਮੇਰੀ ਪੂਜਾ, ਮੇਰਾ ਇਮਾਨ, ਅੱਜ ਦੋਵੇਂ ਹੀ ਜ਼ਖਮੀ ਨੇ
ਤੇਰਾ ਹਾਸਾ ਤੇ ਅਲਸੀ ਦੇ ਫੁੱਲਾਂ ਦਾ ਰੁਮਕਦਾ ਹਾਸਾ
ਮੈਨੂੰ ਜਦ ਲੈ ਕੇ ਤੁਰ ਜਾਂਦੇ ਨੇ, ਤੇਰੀ ਖੁਸ਼ੀ ਦੇ ਦੁਸ਼ਮਣ
ਬੜਾ ਬੇ-ਸ਼ਰਮ ਹੋ ਕੇ ਹੱਥਕੜੀ ਦਾ ਟੁਣਕਦਾ ਹਾਸਾ
ਤੇਰਾ ਬੂਹਾ ਹੀ ਹੈ ਪਰ ਜਿਸ ਥਾਂ ਝੁਕ ਜਾਂਦਾ ਹੈ ਸਿਰ ਮੇਰਾ
ਮੈਂ ਬੂਹੇ ਜੇਲ੍ਹ ਦੇ 'ਤੇ ਸੱਤ ਵਾਰੀ ਥੁੱਕ ਕੇ ਲੰਘਦਾ ਹਾਂ
ਮੇਰੇ ਪਿੰਡ ਵਿੱਚ ਹੀ ਸੱਤਿਆ ਹੈ, ਕਿ ਮੈਂ ਵਿਛ-ਵਿਛ ਕੇ ਜੀਂਦਾ ਹਾਂ
ਮੈਂ ਅੱਗਿਓਂ ਹਾਕਮਾਂ ਦੇ, ਸ਼ੇਰ ਵਾਂਗੂੰ ਬੁੱਕ ਕੇ ਲੰਘਦਾ ਹਾਂ
ਮੇਰਾ ਹਰ ਦਰਦ ਇੱਕੋ ਸੂਈ ਦੇ ਨੱਕੇ 'ਚੋਂ ਲੰਘਦਾ ਹੈ
ਹੈ ਲੁੱਟਿਆ ਅਮਨ ਸੋਚਾਂ ਦਾ, ਕਤਲ ਹੈ ਜਸ਼ਨ ਖੇਤਾਂ ਦਾ
ਉਹ ਹੀ ਬਣ ਰਹੇ ਨੇ ਦੇਖ ਤੇਰੇ ਹੁਸਨ ਦੇ ਦੁਸ਼ਮਣ
ਜੋ ਅੱਜ ਤੀਕਣ ਰਹੇ ਚਰਦੇ, ਅਸਾਡਾ ਹੁਸਨ ਖੇਤਾਂ ਦਾ
ਮੈਂ ਮਲ ਮਲ ਕੇ ਤਰੇਲਾਂ ਕਣਕ ਪਿੰਡਾ ਕੂਚਦੀ ਵੇਖੀ
ਮੇਰੇ ਤੱਕਣ 'ਤੇ ਉਸ ਦੇ ਮੁੱਖ ਆਉਂਦੀ ਸੰਗ ਨੂੰ ਤੱਕਿਆ ਹੈ
ਮੈਂ ਵਗਦੀ ਆਡ 'ਤੇ ਵਿਛਦੀ ਤੱਕੀ ਹੈ ਧੁੱਪ ਸੂਰਜ ਦੀ
ਮੈਂ ਰਾਤੀਂ ਸੁੱਤਿਆਂ ਬਿਰਛਾਂ ਨੂੰ ਚੁੰਮਦੇ ਨੂੰ ਤੱਕਿਆ ਹੈ
ਮੈਂ ਤੱਕਿਆ ਹੈ ਧਰੇਕਾਂ ਦੇ ਫੁੱਲਾਂ 'ਤੇ ਮਹਿਕ ਗਾਉਂਦੀ ਨੂੰ
ਮੈਂ ਤੱਕਿਆ ਹੈ ਕਪਾਹ ਦੇ ਫੁੱਟਾਂ ਵਿੱਚ ਟਕਸਾਲ ਢਲਦੀ ਨੂੰ
ਮੈਂ ਚੋਰਾਂ ਵਾਂਗ ਗਿਟਮਿਟ ਕਰਦੀਆਂ ਚਰ੍ਹੀਆਂ ਨੂੰ ਤੱਕਿਆ ਹੈ
ਮੈਂ ਤੱਕਿਆ ਹੈ ਸਰ੍ਹੋਂ ਦੇ ਫੁੱਲਾਂ 'ਤੇ ਤਿਰਕਾਲ ਢਲਦੀ ਨੂੰ
ਮੇਰਾ ਹਰ ਚਾਅ ਇਨ੍ਹਾਂ ਫ਼ਸਲਾਂ ਦੀ ਮੁਕਤੀ ਨਾਲ ਜੁੜਿਆ ਹੈ
ਤੇਰੀ ਮੁਸਕਾਨ ਦੀ ਗਾਥਾ ਹੈ, ਹਰ ਕਿਰਸਾਨ ਦੀ ਗਾਥਾ
ਮੇਰੀ ਕਿਸਮਤ ਹੈ ਬਸ ਹੁਣ ਬਦਲਦੇ ਹੋਏ ਵਕਤ ਦੀ ਕਿਸਮਤ
ਮੇਰੀ ਗਾਥਾ ਹੈ ਬੱਸ ਹੁਣ ਲਿਸ਼ਕਦੀ ਕਿਰਪਾਨ ਦੀ ਗਾਥਾ
ਮੇਰਾ ਚਿਹਰਾ ਹੈ ਅੱਜ ਤਲਖ਼ੀ ਨੇ ਏਦਾਂ ਖੁਰਦਰਾ ਕੀਤਾ
ਕਿ ਇਸ ਚਿਹਰੇ 'ਤੇ ਪੈ ਕੇ ਚਾਂਦਨੀ ਨੂੰ ਖੁਰਕ ਜਹੀ ਛਿੜਦੀ
ਮੇਰੀ ਜ਼ਿੰਦਗੀ ਦੀਆਂ ਜ਼ਹਿਰਾਂ ਨੇ ਅੱਜ ਇਤਿਹਾਸ ਲਈ ਅੰਮ੍ਰਿਤ
ਇਨ੍ਹਾਂ ਨੂੰ ਪੀ ਪੀ ਮੇਰੀ ਕੌਮ ਨੂੰ ਹੈ ਸੁਰਤ ਜਹੀ ਛਿੜਦੀ
***
ਜੰਗ : ਕੁੱਝ ਪ੍ਰਭਾਵ
(1)
ਝੂਠ ਬੋਲਦੇ ਨੇ
ਇਹ ਜਹਾਜ਼ ਬੱਚਿਓ!
ਇਨ੍ਹਾਂ ਦਾ ਸੱਚ ਨਾ ਮੰਨਣਾ
ਤੁਸੀਂ ਖੇਡਦੇ ਰਹੋ
ਘਰ ਬਨਾਉਣ ਬਨਾਉਣ...
(2)
ਠੰਡਾ ਚੰਨ ਪਿਆ ਬਿਟ ਬਿਟ ਤੱਕੇ
ਧੁੰਦ 'ਚ ਉੱਤਰਦੀ ਹਵਾਈ ਛੱਤਰੀ
ਡੋਰਾਂ 'ਚ ਫਸੀ ਹੋਈ ਲਾਸ਼
ਆਓ ਦੇਖੋ-
ਉਨ੍ਹਾਂ ਨੇ ਮੁੱਲ ਪਾਇਆ ਹੈ
ਪੋਹ ਦੀ ਚਾਨਣੀ ਦਾ
ਆਓ ਦੇਖੋ-
ਉਨ੍ਹਾਂ ਦੇ ਕੰਮ ਆਈ ਹੈ।
ਗ਼ਰੀਬ ਦੀ ਜਵਾਨੀ...
(3)
ਰੇਡੀਓ ਨੂੰ ਆਖੋ
ਸੌਂਹ ਖਾ ਕੇ ਤਾਂ ਕਹੇ
ਧਰਤੀ ਜੇ ਮਾਂ ਹੁੰਦੀ ਹੈ ਤਾਂ ਕਿਸ ਦੀ ?
ਇਹ ਪਾਕਿਸਤਾਨੀਆਂ ਦੀ ਕੀ ਹੋਈ?
ਤੇ ਭਾਰਤ ਵਾਲਿਆਂ ਦੀ ਕੀ ਲੱਗੀ ?
(4)
ਚੋਰੋ, ਵੇ ਚੋਰੋ!
ਆਪਣਾ ਮਾਲ ਵੰਡਣ ਲਈ
ਕਿਤੇ ਬਾਹਰ ਜਾ ਕੇ ਲੜੋ
ਜਾਗ ਹੀ ਨਾ ਉੱਠਣ ਮਤਾਂ ਘਰ ਵਾਲ਼ੇ
ਸੁਣਿਆ
ਬੁਰੀ ਹੁੰਦੀ ਹੈ ਵਾਹਰ ਦੀ ਕੁੱਟ...
(5)
ਉਹ ਰੇਡੀਓ ਨਹੀਂ ਸੁਣਦੇ
ਅਖ਼ਬਾਰਾਂ ਨਹੀਂ ਪੜ੍ਹਦੇ
ਜਹਾਜ਼ ਖੇਤਾਂ ਵਿੱਚ ਹੀ ਦੇ ਜਾਂਦੇ ਨੇ ਖ਼ਬਰ ਸਾਰ
ਮੁੰਨੇ ਨੂੰ ਮੁੱਠ ਵਿੱਚ ਘੁੱਟ ਕੇ
ਉਹ ਕੇਵਲ ਹੱਸ ਛੱਡਦੇ ਹਨ
ਕਿਉਂਕਿ ਉਹ ਸਮਝਦੇ ਹਨ
ਕਿ ਹਲ੍ਹ ਦੀ ਵੇਲ ਕਮਲੀ ਨਹੀਂ
ਕਮਲੀ ਤਾਂ ਤੋਪ ਹੁੰਦੀ ਹੈ
(6)
ਅਸੀਂ ਹਨ੍ਹੇਰੀ ਨੁੱਕਰ ਦੇ ਵਿੱਚ
ਗੁੰਮ ਸੁੰਮ ਬੈਠੇ ਸੋਚ ਰਹੇ ਹਾਂ
ਹੋਰ ਘੜੀ ਤਾਈਂ ਚੰਨ ਚੜ੍ਹੇਗਾ
ਭੁਰਿਆ ਭੁਰਿਆ
ਖੁੱਸਿਆ ਖੁੱਸਿਆ
ਤਾਂ ਬੱਚਿਆਂ ਨੂੰ ਆਖਾਂਗੇ
ਐਸ ਤਰ੍ਹਾਂ ਦਾ ਚੰਨ ਹੁੰਦਾ ਏ ?
***
(9.12.1971)
ਉਮਰ
ਉਹ ਸੌਂ ਹੀ ਜਾਣਗੇ ਆਖ਼ਰ
ਰਾਤ ਨੂੰ ਜਾਗਦੀ ਛੱਡ ਕੇ
ਚਾਂਦਨੀ ਥਿਰਕ ਉੱਠੇਗੀ
ਤਰੇਲੀ ਧਰਤ ਦੇ ਉੱਤੇ
ਲੁੜ੍ਹਕਦੀ ਰਾਤ ਜਾਵੇਗੀ
ਸੁਪਨਿਆਂ ਦੀ ਪਹਾੜੀ 'ਤੇ...
ਜਦੋਂ ਨਜ਼ਰਾਂ ਲੁਕਾਵਣਗੇ
ਬਿਸਤਰੇ ਸ਼ਰਮ ਦੇ ਮਾਰੇ
ਤਲੀ 'ਤੋਂ ਤਿਲਕ ਜਾਵੇਗਾ
ਗੁਲਾਬੀ ਫੁੱਲ ਸਰਘੀ ਦਾ...
ਉਹ ਮੇਰੇ ਗੀਤ ਲੈ ਕੇ ਫੇਰ
ਆਪਣਾ ਹੁਨਰ ਪਾਲਣਗੇ
ਸਮੇਂ ਦੀ ਓਟ ਵਿੱਚ ਚਿਹਰੇ
ਉਨ੍ਹਾਂ ਦੇ ਬੀਤਦੇ ਜਾਂਦੇ
ਉਹ ਨਿੱਤ ਫ਼ਿਕਰਾਂ ਦੇ ਧੱਕੇ ਰੀਂਗਦੇ ਜਾਂਦੇ ...
***
ਸੰਕਟ ਦੇ ਪਲ !
ਐ ਸੰਕਟ ਦੇ ਪਲ!
ਮੈਂ ਤੁਰਿਆ ਹਾਂ ਉਂਗਲਾਂ 'ਚ ਫ਼ੜ ਕੇ
ਆਪਣੇ ਅਨੰਤ ਦੇ ਅਛੋਹ ਟੁਕੜੇ
ਤੇਰੇ ਵਰਤਮਾਨ ਦੇ ਛੱਲੇ 'ਚੋਂ ਲੰਘਾਉਣ ਲਈ
ਤੇਰੇ ਨਾਂ 'ਚੋਂ ਤੈਨੂੰ ਪੈਦਾ ਕਰਨ ਵਾਸਤੇ...
ਐ ਸੰਕਟ ਦੇ ਪਲ!
ਏਥੇ ਇੱਕ ਦਰਿਆ ਹੈ ਅਵਾਜ਼ਾਂ ਦਾ
ਜਿਹਦੇ 'ਚ ਮੇਰੀਆਂ ਨਜ਼ਮਾਂ ਡੁੱਬ ਗਈਆਂ
ਤੇਰਾ ਤੇ ਮੇਰਾ ਸਾਂਝਾ ਅਤੀਤ ਗਲ ਗਿਆ ਹੈ
ਇੱਕ ਕਾਗਜ਼ ਦੀ ਬੇੜੀ ਵਾਂਗ...
ਐ ਸੰਕਟ ਦੇ ਪਲ!
ਏਥੇ ਖੁਸ਼ਕ ਧੂੜ ਉੱਡਦੀ ਹੈ ਵੀਰਾਨ ਰਾਹਾਂ 'ਤੇ
ਤੇ ਧੂੜ 'ਚ ਉੱਡ ਜਾਂਦੇ ਹਨ
ਉਮਰ ਦੇ ਸਾਲ
ਪੁਲਾੜ 'ਚ ਲੀਕ ਨਾ ਤੂੰ ਵਾਹ ਸਕਣੀ ਏਂ, ਨਾ ਮੈਂ
- ਤੇ ਆਪਣਾ ਇਹੀ ਰਿਸ਼ਤਾ ਹੈ
ਪਰ ਮੈਨੂੰ ਮਹਿਸੂਸ ਕਰਨ ਦੇ
ਤੇਰੇ ਪਿੰਡੇ ਵਿੱਚ ਹੋ ਰਹੀ ਇਤਿਹਾਸ ਦੀ ਪੀੜ
ਮੇਰੀ ਖੁਰਦਰੀ ਤਲੀ 'ਤੇ
ਤੂੰ ਆਪਣਾ 'ਕੁਝ ਨਹੀਂ' ਰੱਖ ਦੇ
ਮੈਂ ਤੇਰੇ ਲਟਕਦੇ ਧੜ ਨੂੰ
ਇਹ ਆਪਣੇ ਪੈਰ ਭੇਂਟ ਕਰਦਾ ਹਾਂ...
ਐ ਸੰਕਟ ਦੇ ਪਲ!
ਅੱਜ ਬੂਹੇ 'ਤੇ ਤੇਲ ਚੋਅ-
ਮੈਂ ਤੇਰੀ ਚੁੱਪ ਨੂੰ ਸੁਣਨ ਆਇਆ ਹਾਂ
ਤੇਰੇ ਖਲਾਅ ਨੂੰ ਜੀਣ ਆਇਆ ਹਾਂ
***
ਉਡੀਕ
ਨਹੀਂ, ਇਹ ਗੱਲ ਤਾਂ ਕਦੇ ਨਹੀਂ ਹੋਣੀ
ਕਿ ਤਾਰੇ ਹੀ ਬਹਿਲਾ ਦੇਣਗੇ ਮਹਿਬੂਬ ਦਾ ਮਨ
ਹੋ ਸਕਦਾ ਏ
ਰਾਤਾਂ ਦਾ ਜ਼ਹਿਰ ਘਟ ਜਾਵੇ
ਜਦੋਂ ਹਨ੍ਹੇਰਾ ਜਿੱਤ ਲਿਆ ਗਿਆ...
ਫਿਰ ਸ਼ਾਇਦ ਸਿਗਰਟ ਨਾਲ ਅੰਦਰ ਲੂਹਣ ਦੀ
ਜ਼ਰੂਰਤ ਨਾ ਰਹੇ
ਸ਼ਾਇਦ ਆਵਾਰਗੀ ਦੀ ਜ਼ਿੱਲਤ ਘਟ ਜਾਏ
ਮੁੱਕ ਜਾਏ ਬੇਚਾਰਗੀ ਦਾ ਦਰਦ...
ਸ਼ਾਇਦ ਉਮਰ ਦੇ ਸਫ਼ੇ 'ਤੇ
ਗ਼ਲਤੀਆਂ ਲਾਉਣ ਦੀ ਮੁਸ਼ਕਲ, ਡੂੰਘੀ ਨਾ ਰਹੇ ਏਨੀ
ਹੋ ਸਕਦਾ ਹੈ
ਨਫਰਤ 'ਚ ਭੱਜਣ ਦਾ ਸੰਕਟ ਨਾ ਰਹੇ
ਤੇ ਆਪਣੇ ਚਿਹਰੇ ਨੂੰ ਪਹਿਚਾਣ ਕੇ
ਆਪਣਾ ਕਹਿ ਸਕਣ ਦੀ ਸ਼ਰਮ ਨਾ ਰਹੇ ...
ਉਡੀਕ ਤਾਂ ਸ਼ਾਇਦ
ਕਦੇ ਵੀ ਖਤਮ ਨਾ ਹੋਵੇ
***
ਬਸ ਕੁਝ ਪਲ ਹੋਰ
ਬਸ ਕੁਝ ਪਲ ਹੋਰ
ਤੇਰੇ ਚਿਹਰੇ ਦੀ ਯਾਦ ਵਿੱਚ
ਬਾਕੀ ਤਾਂ ਸਾਰੀ ਉਮਰ
ਆਪਣੇ ਨਕਸ਼ ਹੀ ਢੂੰਡਣ ਤੋਂ ਵਿਹਲ ਮਿਲਣੀ ਨਹੀਂ
ਬਸ ਕੁਝ ਪਲ ਹੋਰ
ਇਹ ਤਾਰਿਆਂ ਦਾ ਗੀਤ
ਫੇਰ ਤਾਂ ਅੰਬਰ ਦੀ ਚੁੱਪ ਨੇ
ਸਭ ਕੁਝ ਨਿਗਲ ਹੀ ਜਾਣਾ ਹੈ...
ਦੇਖ, ਕੁੱਝ ਪਲ ਹੋਰ
ਚੰਨ ਦੀ ਚਾਂਦਨੀ 'ਚ ਚਮਕਦੀ
ਇਹ ਤਿੱਤਰ-ਖੰਭੀ ਬੱਦਲੀ
ਸ਼ਾਇਦ ਮਾਰੂਥਲ ਹੀ ਬਣ ਜਾਵੇ
ਇਹ ਸੁੱਤੇ ਪਏ ਮਕਾਨ
ਸ਼ਾਇਦ ਅੱਭੜਵਾਹੇ ਉੱਠ ਕੇ
ਜੰਗਲ ਨੂੰ ਹੀ ਤੁਰ ਪੈਣ...
***
ਕੱਲ੍ਹ ਨੂੰ
ਸੱਚ
ਮੇਰੀ ਜੀਭ ਜਲ ਰਿਹਾ ਹੈ ਬੱਲੀਏ
ਲੱਪ ਕੁ ਝੂਠ ਦਾ ਆਸਰਾ ਦੇ ਦੇ
ਮੈਂ ਤੈਨੂੰ ਪਿਆਰ ਕਰ ਲਵਾਂ
ਚੱਲ, ਅੱਜ ਰਾਤ ਦੀ
ਹਵਾ ਦੀ ਤੇ ਜਿਸਮਾਂ ਦੀ ਮੂੰਹ-ਰੱਖਾਈ ਹੀ ਸਹੀ
ਕੱਲ੍ਹ ਨੂੰ
ਮੈਂ ਇਸ ਨੂੰ ਦਰਦ ਕਹਿ ਲਵਾਂਗਾ
ਕੱਲ੍ਹ ਨੂੰ
ਤੂੰ ਇਸ ਨੂੰ ਗ਼ਲਤੀ ਆਖ ਲਈਂ...
***
ਤੇਰੇ ਕੋਲ
ਤੇਰੇ ਕੋਲ ਦਿਲ ਦਾ ਸੱਚ ਕਹਿਣਾ
ਦਿਲ ਦੀ ਬੇਅਦਬੀ ਹੈ
ਸੱਚ ਦੀ ਬੇਅਦਬੀ ਹੈ
ਤੇਰੇ ਕੋਲ਼ ਗਿਲਾ ਕਰਨਾ ਇਸ਼ਕ ਦੀ ਹੇਠੀ ਹੈ
ਜਾ, ਤੂੰ ਸ਼ਿਕਾਇਤ ਦੇ ਕਾਬਿਲ ਹੋ ਕੇ ਆ
ਅਜੇ ਤਾਂ ਮੇਰੀ ਹਰ ਸ਼ਿਕਾਇਤ ਤੋਂ
ਤੇਰਾ ਕੱਦ ਬੜਾ ਛੋਟਾ ਹੈ
ਕਦੇ ਵੀ ਗਲ ਸਕਦੀ ਹੈ
ਮੇਰੇ ਲਹੂ ਦਰਿਆ 'ਚ
ਅਦਾਵਾਂ ਦੀ ਇਹ ਘਸੀ ਹੋਈ ਕਿਸ਼ਤੀ
ਕਿਸੇ ਵੀ ਵਕਤ
ਤੂਫਾਨਾਂ ਦੀ ਸਹੁੰ ਖਾ ਸਕਦੀ ਹੈ
ਮੇਰੇ ਦਿਲ ਦੀ ਧਰਤੀ...
ਇਹ ਦਰਦ ਪਥਰੀਲਾ ਹੁੰਦਾ ਹੈ
ਜ਼ਿੰਦਗੀ ਵਰਗਾ
ਜ਼ਿੰਦਗੀ, ਜੋ ਗੁਲਸ਼ਨ ਨੰਦਾ ਦਾ ਨਾਵਲ ਨਹੀਂ
ਪਹਾੜੀ ਸੜਕ ਵਾਕੁਰ ਕਠਨ ਹੁੰਦੀ ਹੈ
***
ਤੂਫ਼ਾਨਾਂ ਨੇ ਕਦੇ ਵੀ ਮਾਤ ਨਹੀਂ ਖਾਧੀ
ਹਵਾ ਦੇ ਰੁਖ਼ ਬਦਲਣ 'ਤੇ
ਬੜੇ ਨੱਚੇ, ਬੜੇ ਟੱਪੇ
ਜਿਨ੍ਹਾਂ ਦੇ ਸ਼ਾਮਿਆਨੇ ਡੋਲ ਚੁੱਕੇ ਸਨ।
ਉਨ੍ਹਾਂ ਐਲਾਨ ਕਰ ਦਿੱਤਾ
ਕਿ ਰੁੱਖ ਹੁਣ ਸ਼ਾਂਤ ਹੋ ਗਏ ਹਨ
ਕਿ ਹੁਣ ਤੂਫ਼ਾਨ ਦਾ ਦਮ ਟੁੱਟ ਚੁੱਕਿਆ ਹੈ-
ਜਿਵੇਂ ਕਿ ਜਾਣਦੇ ਨਾ ਹੋਣ
ਐਲਾਨਾਂ ਦਾ ਤੂਫ਼ਾਨਾਂ ਉੱਤੇ ਕੋਈ ਅਸਰ ਨਹੀਂ ਹੁੰਦਾ
ਜਿਵੇਂ ਕਿ ਜਾਣਦੇ ਨਾ ਹੋਣ
ਤੂਫ਼ਾਨਾਂ ਦੀ ਵਜ੍ਹਾ ਰੁੱਖ ਹੀ ਨਹੀਂ ਹੁੰਦੇ
ਸਗੋਂ ਉਹ ਹੁੱਟ ਹੁੰਦਾ ਹੈ
ਜਿਹੜਾ ਧਰਤੀ ਦਾ ਮੁੱਖੜਾ ਰੋਲ ਦਿੰਦਾ ਹੈ
ਜਿਵੇਂ ਕਿ ਜਾਣਦੇ ਨਾ ਹੋਣ
ਉਹ ਹੁੰਮਸ ਬਹੁਤ ਗਹਿਰਾ ਸੀ
ਜਿੱਥੋਂ ਤੂਫ਼ਾਨ ਜੰਮਿਆ ਸੀ
ਸੁਣੋ ਓ ਭਰਮ ਦੇ ਪੁੱਤੋ
ਹਵਾ ਨੇ ਦਿਸ਼ਾ ਬਦਲੀ ਹੈ
ਹਵਾ ਬੰਦ ਹੋ ਨਹੀਂ ਸਕਦੀ
ਜਦੋਂ ਤੱਕ ਧਰਤ ਦਾ ਮੁੱਖੜਾ
ਟਹਿਕ ਗੁਲਜ਼ਾਰ ਨਹੀਂ ਹੁੰਦਾ
ਤੁਹਾਡੇ ਸ਼ਾਮਿਆਨੇ ਅੱਜ ਵੀ ਡਿੱਗੇ
ਭਲਕ ਵੀ ਡਿੱਗੇ
ਹਵਾ ਏਸੇ ਦਿਸ਼ਾ 'ਤੇ ਫੇਰ ਵਗਣੀ ਹੈ
ਤੂਫ਼ਾਨਾਂ ਨੇ ਕਦੀ ਵੀ ਮਾਤ ਨਹੀਂ ਖਾਧੀ
***
ਮੇਰੇ ਦੇਸ਼
ਅਸੀਂ ਤਾਂ ਖਪ ਗਏ ਹਾਂ
ਧੂੜ ਵਿੱਚ ਲੱਥ-ਪੱਥ ਤਿਰਕਾਲਾਂ ਦੇ ਢਿੱਡ ਅੰਦਰ
ਅਸੀਂ ਤਾਂ ਛਪ ਗਏ ਹਾਂ
ਪੱਥੇ ਹੋਏ ਗੋਹੇ ਦੇ ਉੱਤੇ ਉੱਕਰੀਆਂ ਉਂਗਲਾਂ ਦੇ ਨਾਲ
'ਜਮਹੂਰੀਅਤ' ਦੇ ਪੈਰਾਂ ਵਿੱਚ ਰੁਲਦੇ ਹੋਏ ਮੇਰੇ ਦੇਸ਼।
ਸਾਡਾ ਫਿਕਰ ਨਾ ਕਰਨਾ
ਪ੍ਰਸ਼ਨ ਤਾਂ ਠੀਕ ਵੱਡਾ ਹੈ
ਕਿ ਛੱਬੀ ਵਰ੍ਹਿਆਂ ਦੀ ਇਸ ਔੜ ਦੇ ਸਮੇਂ
ਅਸੀਂ ਦੇਸ਼ ਭਗਤ ਕਿਉਂ ਨਾ ਬਣੇ
ਪਰ ਮਿੱਟੀ ਨੇ ਖਾ ਲਈ ਹੈ
ਕਈ ਕਰੋੜ ਬਾਹਵਾਂ ਦੀ ਤਾਕਤ
ਅਤੇ ਫ਼ਲਾਂ ਨੇ ਖਾ ਲਈ ਹੈ
ਕਿਸਾਨਾਂ ਦੇ ਹਿੱਸੇ ਦੀ ਊਰਜਾ
ਸਾਡੀ ਅਣਖ ਦੇ ਰੁੱਖੜੇ
ਜਿਨ੍ਹਾਂ ਨੇ ਫ਼ੈਲ ਕੇ ਕਰਨੀ ਸੀ
ਤੇਰੇ ਤਪਦੇ ਹੋਏ ਮਾਰੂਥਲਾਂ 'ਤੇ ਛਾਂ
ਦਫ਼ਤਰਾਂ ਵਿੱਚ ਪਲ ਰਹੇ ਸਾਹਨਾਂ ਮਰੁੰਡ ਲਏ
ਮੇਰੇ ਦੇਸ਼, ਕੀ ਹੋ ਸਕਦਾ ਸੀ
ਛੱਬੀ ਸਾਲਾਂ ਦੇ ਇਸ ਨਿੱਕੇ ਜਹੇ
ਲੰਮੇ ਸਮੇਂ ਅੰਦਰ
ਜਦੋਂ ਕਿ ਤਿੰਨ ਵਾਰ ਦਿੱਤੀ ਗਈ ਹੋਏ ਜਬਾੜੇ ਪਾੜ ਕੇ
ਮਾਰੂ ਯੁੱਧਾਂ ਦੀ ਨਾਲ੍ਹ,
ਤੇ ਹਰ ਦੂਏ ਸਾਲ ਚੋਣਾਂ ਦੀ ਹੱਟ ਪਾ ਕੇ
ਨਿਸਚਤ ਕਰ ਦਿੱਤੀ ਜਾਵੇ ਸਾਡੇ ਵਿਕਣ ਦੀ ਸ਼ਕਤੀ,
ਮੇਰੇ ਦੇਸ਼ ਕੀ ਹੋ ਸਕਦਾ ਸੀ ਏਹੋ ਜਿਹੇ ਮਾੜੇ ਸਮੇਂ ਅੰਦਰ
ਕਿ ਜਦੋਂ ਪਿੰਡਿਆਂ 'ਤੇ ਆਉਂਦਾ ਹੈ ਫੁੱਲ ਖਿੜਨ ਦਾ ਮੌਸਮ
ਓਦੋਂ ਵੀ ਸਾਡੇ ਜ਼ਿਹਨ ਵਿੱਚੋਂ ਰੇਤ ਕਿਰਦੀ ਹੈ...
'ਜਮਹੂਰੀਅਤ' ਦੇ ਪੈਰਾਂ ਵਿੱਚ ਰੁਲਦੇ ਹੋਏ ਮੇਰੇ ਦੇਸ਼
ਸਾਨੂੰ ਕਿੰਨਾ ਕੁ ਹੋ ਸਕਦਾ ਹੈ
ਤੇਰੇ ਦੁੱਖਾਂ ਦਾ ਇਲਮ ?
ਅਸੀਂ ਤਾਂ ਲੱਭ ਰਹੇ ਹਾਂ ਹਾਲੇ
ਪਸ਼ੂ ਤੇ ਇਨਸਾਨ ਦੇ ਵਿੱਚ ਫ਼ਰਕ,
ਅਸੀਂ ਝੱਗਿਆਂ 'ਚੋਂ ਜੂਆਂ ਫ਼ੜਦੇ ਹੋਏ
ਸੀਨੇ 'ਚ ਪਾਲ ਰਹੇ ਹਾਂ
ਉਸ ਸਰਵ-ਸ਼ਕਤੀਮਾਨ ਦੀ ਰਹਿਮਤ,
ਸਾਡੇ ਨਿੱਤ ਫ਼ਿਕਰਾਂ ਦੀ ਭੀੜ ਵਿੱਚ
ਗਵਾਚ ਗਈ ਹੈ
ਆਦਰਸ਼ ਵਰਗੀ ਪਵਿੱਤਰ ਚੀਜ਼
ਅਸੀਂ ਤਾਂ ਉੱਡ ਰਹੇ ਹਾਂ 'ਨ੍ਹੇਰੀਆਂ ਵਿੱਚ
ਸੁੱਕੇ ਹੋਏ ਪੱਤਿਆਂ ਦੇ ਵਾਂਗ...
ਅਸੀਂ ਕਾਹੀ ਦੇ ਵਾਂਗ
ਤੇਰੀਆਂ ਮੈਰਾਂ ਦੇ ਵਿੱਚ ਚੁਪ ਚਾਪ ਉੱਗ ਆਏ
ਤੇ ਲਟ ਲਟ ਬਲਦਿਆਂ ਅਕਾਸ਼ਾਂ ਹੇਠ
ਕੌੜਾ ਧੂੰਆਂ ਬਣ ਕੇ ਫ਼ੈਲ ਗਏ
ਤੇ ਹੁਣ ਜੇ ਧੁਆਂਖਿਆ ਜਾਵੇ
ਤੇਰਾ ਵੇਦਾਂ ਦਾ ਫ਼ਲਸਫ਼ਾ
ਅਤੇ ਉਪਦੇਸ਼ ਰਿਸ਼ੀਆਂ ਦੇ
ਤਾਂ ਸਾਡਾ ਦੋਸ਼ ਨਹੀਂ ਹੋਣਾ...
ਮੇਰੇ ਦੇਸ਼, ਤੂੰ ਕੁਝ ਵੀ ਨਾ ਕਰ ਸਕਿਆ
ਤੇ ਸਾਡਾ ਬੀਜਿਆ ਇਤਿਹਾਸ
ਕੁੱਝ ਆਵਾਰਾ ਵੱਗ ਚਰ ਚਰ ਕੇ
ਤੇਰੀ ਢਾਬ ਦਾ ਪੀਂਦੇ ਰਹੇ ਪਾਣੀ
ਜਦੋਂ ਹੁਣ ਤੇਰੇ ਬਾਰੇ ਸੋਚੀਏ, ਮੇਰੇ ਦੇਸ਼!
ਤਾਂ ਕੁਝ ਇਸ ਤਰ੍ਹਾਂ ਲਗਦੈ
ਜਿਵੇਂ ਤੂੰ ਸਾਊ ਧੀ ਹੋਵੇਂ
ਕਿਸੇ ਬੇਸ਼ਰਮ ਵੈਲੀ ਦੀ
ਤੇ ਸਾਡੇ ਨਾਲ ਤੇਰਾ ਇਸ ਤਰ੍ਹਾਂ ਦਾ ਜਾਪਦੈ ਰਿਸ਼ਤਾ
ਜਿਵੇਂ ਅੱਖਾਂ ਹੀ ਅੱਖਾਂ 'ਚ ਮੁਹੱਬਤ ਮਰ ਜਾਏ ਕੋਈ
ਐਪਰ ਜਿਸ ਦੇ ਨਸੀਬੇ ਵਿੱਚ ਨਾ ਹੋਵੇ ਹਰਫ਼ ਮਿਲਣੀ ਦਾ
ਅਸੀਂ ਤਾਂ ਖਪ ਗਏ ਹਾਂ
ਧੂੜ ਵਿੱਚ ਲਥ-ਪਥ ਤ੍ਰਿਕਾਲਾਂ ਦੇ ਢਿੱਡ ਅੰਦਰ
ਅਸੀਂ ਤਾਂ ਛਪ ਗਏ ਹਾਂ
ਪੱਥੇ ਹੋਏ ਗੋਹੇ ਦੇ ਉਤੇ ਉੱਕਰੀਆਂ ਉਂਗਲਾਂ ਦੇ ਨਾਲ
'ਜਮਹੂਰੀਅਤ' ਦੇ ਪੈਰਾਂ ਵਿੱਚ ਰੁਲਦੇ ਹੋਏ ਮੇਰੇ ਦੇਸ਼!
ਸਾਡਾ ਫ਼ਿਕਰ ਨਾ ਕਰਨਾ -
***
ਪੁਲਸ ਦੇ ਸਿਪਾਹੀ ਨੂੰ
ਮੈਂ ਪਿੱਛੇ ਛੱਡ ਆਇਆ ਹਾਂ
ਸਮੁੰਦਰ ਰੋਂਦੀਆਂ ਭੈਣਾਂ
ਕਿਸੇ ਅਣਜਾਣੇ ਭੈਅ ਅੰਦਰ
ਜਰਕਦੀ ਬਾਪ ਦੀ ਦਾਹੜੀ
ਤੇ ਸੁੱਖਣਾ ਸੁੱਖਦੀ,
ਖਾਂਦੀ ਗਸ਼ਾਂ ਮਾਸੂਮ ਮਮਤਾ ਨੂੰ
ਮੇਰੇ ਖੁਰਲੀ 'ਤੇ ਬੱਧੇ ਹੋਏ
ਡੰਗਰਾਂ ਬੇਜ਼ੁਬਾਨਾਂ ਨੂੰ
ਕਿਸੇ ਛਾਵੇਂ ਨਹੀਂ ਬੰਨ੍ਹਣਾ
ਕਿਸੇ ਪਾਣੀ ਨਹੀਂ ਡਾਹੁਣਾ,
ਤੇ ਮੇਰੇ ਘਰ ਕਈ ਡੰਗ
ਸੋਗ ਵਿੱਚ ਚੁੱਲ੍ਹਾ ਨਹੀਂ ਬਲਣਾ ।
ਸਿਪਾਹੀਆ ਦੱਸ, ਮੈਂ ਤੈਨੂੰ ਵੀ
ਏਡਾ ਖ਼ਤਰਨਾਕ ਦੀਹਦਾਂ ?
ਭਰਾਵਾ ਸੱਚ ਦੱਸ, ਤੈਨੂੰ
ਮੇਰੀ ਉੱਧੜੀ ਹੋਈ ਚਮੜੀ
ਤੇ ਮੇਰੇ ਮੂੰਹ 'ਚੋਂ ਵਗਦੇ ਲਹੂ 'ਚ
ਕੁਝ ਆਪਣਾ ਨਹੀਂ ਦਿਸਦਾ ?
ਤੂੰ ਲੱਖ ਦੁਸ਼ਮਣ ਕਤਾਰਾਂ ਵਿੱਚ
ਹੁੱਬ ਕੇ ਮਾਰ ਲੈ ਸ਼ੇਖੀ
ਤੇਰੇ ਨੀਂਦਰ-ਪਿਆਸੇ ਨੈਣ
ਤੇ ਪਥਰਾ ਗਿਆ ਮੱਥਾ,
ਤੇਰੀ ਪਾਟੀ ਹੋਈ ਨਿੱਕਰ
ਤੇ ਉਸ ਦੀ ਜੇਬ ਵਿੱਚ ਰਚ ਗਈ
ਜ਼ਹਿਰੀਲੀ ਬੋਅ ਤਮਾਕੂ ਦੀ
ਨੇ ਤੇਰੀ ਖਾ ਰਹੇ ਚੁਗਲੀ।
ਨਹੀਂ ਸਾਂਝੀ ਤਾਂ ਬੱਸ ਆਪਣੀ
ਇਹ ਵਰਦੀ ਹੀ ਨਹੀਂ ਸਾਂਝੀ
ਪਰ ਅੱਜ ਵੀ ਕੋੜਮੇ ਤੇਰੇ ਦੇ ਦੁੱਖ
ਮੇਰੇ ਨਾਲ ਸਾਂਝੇ ਨੇ
ਤੇਰਾ ਵੀ ਬਾਪ ਜਦ ਸੁੱਟਦਾ ਹੈ
ਪੱਠਿਆਂ ਦੀ ਭਰੀ ਸਿਰ 'ਤੋਂ
ਤਾਂ ਉਸ ਦੀਆਂ ਸੂਤੀਆਂ ਨਾੜਾਂ
ਵੀ ਮਨਸ਼ਾ ਕਰਦੀਆਂ ਇਹੋ
ਕਿ ਹੁਣ ਕਿਹੜੀ ਘੜੀ, ਬੱਸ
ਬੁਰੇ ਦਾ ਸਿਰ ਫੇਹ ਦਿੱਤਾ ਜਾਵੇ ।
ਤੇਰੇ ਬੱਚਿਆਂ ਨੂੰ ਜਦ ਵੀਰਾ
ਸਕੂਲੀ ਖਰਚ ਨਹੀਂ ਜੁੜਦਾ
ਤਾਂ ਸੀਨਾ ਪਾਟ ਜਾਂਦਾ ਹੈ
ਤੇਰੀ ਵੀ ਅਰਧ-ਅੰਗੀ ਦਾ ।
ਤੇਰੀ ਪੀਤੀ ਹੋਈ ਰਿਸ਼ਵਤ
ਜਦੋਂ ਤੇਰਾ ਗਾਲਦੀ ਅੰਦਰ
ਤਾਂ ਤੂੰ ਵੀ ਲੋਚਦਾ ਏਂ
ਭੰਨਣੀ ਸ਼ਾਹਰਗ ਹਕੂਮਤ ਦੀ –
ਜੋ ਕੁਝ ਵਰ੍ਹਿਆਂ 'ਚ ਹੀ ਖਾ ਗਈ
ਤੇਰਾ ਚੰਦਨ ਜੇਹਾ ਪਿੰਡਾ
ਤੇਰੀ ਰਿਸ਼ੀਆਂ ਜਿਹੀ ਬਿਰਤੀ
ਅਤੇ ਬਰਸਾਤੀ ਵਾਅ ਵਰਗਾ
ਲੁਭਾਉਣਾ ਸੁੱਖ ਟੱਬਰ ਦਾ
ਤੂੰ ਲੱਖ ਵਰਦੀ ਦਾ ਓਹਲਾ ਕਰਕੇ
ਮੈਥੋਂ ਦੂਰ ਖੜਿਆ ਰਹੁ
ਤੇਰੇ ਪਰ ਅੰਦਰਲੀ ਦੁਨੀਆਂ
ਹੈ ਮੈਨੂੰ ਪਾ ਰਹੀ ਕੰਗਲ੍ਹੀ।
ਅਸੀਂ ਜੋ ਸਾਂਭੇ ਦੇ ਘਾਟੇ
ਆਵਾਰਾ ਰੋਗੀ ਬਚਪਨ ਨੂੰ
ਰਹੇ ਆਟੇ ਜਿਉਂ ਗੁੰਨ੍ਹਦੇ,
ਕਿਸੇ ਲਈ ਬਣੇ ਨਾ ਖ਼ਤਰਾ।
ਤੇ ਉਹ ਜੋ ਸਾਡੇ ਸੁੱਖ ਬਦਲੇ
ਰਹੇ ਵਿਕਦੇ, ਰਹੇ ਰੁਲਦੇ,
ਕਿਸੇ ਲਈ ਬਣੇ ਨਾ ਚਿੰਤਾ।
ਤੂੰ ਭਾਵੇਂ ਦੁਸ਼ਮਣਾਂ ਦੇ ਹੱਥ ਵਿੱਚ
ਅੱਜ ਬਣ ਗਿਆ ਸੋਟੀ
ਤੂੰ ਢਿੱਡ 'ਤੇ ਹੱਥ ਰਖ ਕੇ ਦੱਸ
ਕਿ ਸਾਡੀ ਜ਼ਾਤ ਨੂੰ ਹੁਣ
ਕਿਸੇ ਤੋਂ ਕੀ ਹੋਰ ਖ਼ਤਰਾ ਹੈ ?
ਅਸੀਂ ਹੁਣ ਸਿਰਫ ਖ਼ਤਰਾ ਹਾਂ ਉਨ੍ਹਾਂ ਲਈ
ਜਿਨ੍ਹਾਂ ਨੂੰ ਦੁਨੀਆਂ 'ਤੇ ਬਸ ਖ਼ਤਰਾ ਹੀ ਖ਼ਤਰਾ ਹੈ
ਤੂੰ ਆਪਣੇ ਮੂੰਹ ਦੀਆਂ ਗਾਲ੍ਹਾਂ ਨੂੰ
ਆਪਣੇ ਕੀਮਤੀ ਗੁੱਸੇ ਲਈ
ਸੰਭਾਲ ਕੇ ਰੱਖ-
ਮੈਂ ਕੋਈ ਚਿੱਟ ਕੱਪੜੀਆ
ਕੁਰਸੀ ਦਾ ਪੁੱਤ ਨਹੀਂ
ਇਸ ਅਭਾਗੇ ਦੇਸ਼ ਦੀ ਹੋਣੀ ਨੂੰ ਘੜਦੇ
ਧੂੜ 'ਚ ਲਿਬੜੇ ਹਜ਼ਾਰਾਂ ਚਿਹਰਿਆਂ 'ਚੋਂ ਇੱਕ ਹਾਂ,
ਮੇਰੇ ਮੱਥੇ ਉੱਤੇ ਵਗਦੀਆਂ ਘਰਾਲਾਂ 'ਤੋਂ
ਮੇਰੇ ਦੇਸ਼ ਦਾ ਕੋਈ ਵੀ ਦਰਿਆ ਬਹੁਤ ਛੋਟਾ ਹੈ।
ਕਿਸੇ ਵੀ ਧਰਮ ਦਾ ਕੋਈ ਗ੍ਰੰਥ
ਮੇਰੇ ਜ਼ਖ਼ਮੀ ਬੁੱਲ੍ਹਾਂ ਦੀ ਚੁੱਪ ਤੋਂ ਬਾਹਲਾ ਪਵਿੱਤਰ ਨਹੀਂ।
ਤੂੰ ਜਿਸ ਝੰਡੇ ਨੂੰ ਅੱਡੀਆਂ ਜੋੜ ਕੇ
ਦੇਨੈਂ ਸਲਾਮੀ
ਸਾਡਾ ਲੁੱਟੇ ਹੋਇਆਂ ਦੇ ਕਿਸੇ ਵੀ ਦਰਦ ਦਾ ਇਤਿਹਾਸ
ਉਸਦੇ ਤਿੰਨਾਂ ਰੰਗਾਂ ਤੋਂ ਬੜਾ ਗਾੜ੍ਹਾ ਹੈ।
ਤੇ ਸਾਡੀ ਰੂਹ ਦਾ ਹਰ ਇੱਕ ਜ਼ਖ਼ਮ
ਉਸ ਵਿਚਲੇ ਚੱਕਰ ਤੋਂ ਬਹੁਤ ਵੱਡਾ ਹੈ।
ਮੇਰੇ ਦੋਸਤ, ਮੈਂ ਕੋਹਿਆ ਪਿਆ ਵੀ
ਤੇਰੇ ਕਿੱਲਾਂ ਵਾਲੇ ਬੂਟ ਥੱਲੇ
ਮਾਊਂਟ ਐਵਰੈਸਟ ਤੋਂ ਬੜਾ ਉੱਚਾ ਹਾਂ ।
ਮੇਰੇ ਬਾਰੇ ਗ਼ਲਤ ਦੱਸਿਆ ਹੈ
ਤੇਰੇ ਕਾਇਰ ਅਫ਼ਸਰ ਨੇ
ਕਿ ਮੈਂ ਇਸ ਰਾਜ ਦਾ
ਇੱਕ ਮਾਰਖੋਰਾ ਮਹਾਂ-ਦੁਸ਼ਮਣ ਹਾਂ
ਨਹੀਂ, ਮੈਂ ਤਾਂ ਦੁਸ਼ਮਣੀ ਦੀ
ਅਜੇ ਪੂਣੀ ਵੀ ਨਹੀਂ ਛੋਹੀ
ਅਜੇ ਤਾਂ ਹਾਰ ਜਾਂਦਾ ਹਾਂ
ਮੈਂ ਘਰ ਦੀਆਂ ਔਕੜਾਂ ਅੱਗੇ
ਅਜੇ ਮੈਂ ਅਮਲ ਦੇ ਟੋਏ
ਕਲਮ ਨਾ' ਪੂਰ ਲੈਨਾ ਹਾਂ
ਅਜੇ ਮੈਂ ਸੀਰੀਆਂ ਜੱਟਾ ਵਿਚਾਲੇ
ਲਰਜ਼ਦੀ ਕੜੀ ਹਾਂ
ਅਜੇ ਮੇਰੀ ਸੱਜੀ ਬਾਂਹ ਤੂੰ ਵੀ
ਮੇਰੇ ਤੋਂ ਓਪਰਾ ਫਿਰਦਾਂ।
ਅਜੇ ਮੈਂ ਉਸਤਰੇ ਨਾਈਆਂ ਦੇ
ਖੰਜਰ 'ਚ ਬਦਲਣੇ ਹਨ
ਅਜੇ ਰਾਜਾਂ ਦੀ ਕਾਂਡੀ 'ਤੇ
ਮੈਂ ਲਿਖਣੀ ਵਾਰ ਚੰਡੀ ਦੀ
ਚਮਕਦੇ ਨਾਅਰਿਆਂ ਨੂੰ ਜੰਮਣ ਵਾਲੀ ਕੁੱਖ ਦੇ ਅੰਦਰ
ਹੈ ਭਿੱਜ ਕੇ ਜ਼ਹਿਰ ਵਿੱਚ ਫਿਰਨੀ
ਅਜੇ ਤਾਂ ਆਰ ਮੋਚੀ ਦੀ।
ਤੇ ਉਸ ਸ਼ੈਤਾਨ ਦੇ ਝੰਡੇ ਤੋਂ ਉੱਚਾ
ਲਹਿਰਨਾ ਹਾਲੇ
ਬੁੜਕਦਾ ਬੁੱਕਦਾ ਹੋਇਆ
ਧੁੰਮੇ ਤਰਖਾਣ ਦਾ ਤੇਸਾ।
ਅਜੇ ਤਾਂ ਲਾਗੀਆਂ ਨੇ ਲਾਗ ਲੈਣੈ
ਜੁਬਲੀਆਂ ਦੇ ਵਿੱਚ-ਜੋ
ਆਇਆਂ ਗਿਆਂ ਦੇ ਜੂਠੇ
ਰਹੇ ਨੇ ਮਾਂਜਦੇ ਭਾਂਡੇ
ਅਜੇ 'ਖੁਸ਼ੀਏ' ਚੂਹੜੇ ਨੇ ਬਾਲ ਕੇ
ਹੁੱਕੇ 'ਚ ਧਰਨੀ ਹੈ
ਕਿਸੇ ਕੁਰਸੀ ਤੇ ਬੈਠੀ ਗਿਰਝ ਦੇ
ਪੱਟ ਦੀ ਨਰਮ ਹੱਡੀ।
ਮੈਂ ਜਿਸ ਦਿਨ ਰੰਗ ਸੱਤੇ ਜੋੜ ਕੇ
ਇੰਦਰ-ਧਨੁਸ਼ ਬਣਿਆ,
ਮੇਰਾ ਕੋਈ ਵਾਰ ਦੁਸ਼ਮਣ 'ਤੇ
ਕਦੇ ਖਾਲੀ ਨਹੀਂ ਜਾਣਾ।
ਉਦੋਂ ਫਿਰ ਝੰਡੀ ਵਾਲੀ ਕਾਰ ਦੇ
ਬਦਬੂ ਭਰੇ ਥੁੱਕ ਦੇ
ਛਿੱਟੇ ਮੇਰੀ ਜ਼ਿੰਦਗੀ ਦੇ ਚਾਅ ਭਰੇ
ਮੂੰਹ 'ਤੇ ਨਾ ਚਮਕਣਗੇ।
ਮੈਂ ਉਸ ਚਾਨਣ ਦੀ ਬੁਰਜੀ ਤੀਕ
'ਕੱਲਾ ਪਹੁੰਚ ਨਹੀਂ ਸਕਦਾ,
ਤੇਰੀ ਵੀ ਲੋੜ ਹੈ
ਤੈਨੂੰ ਵੀ ਓਥੇ ਪਹੁੰਚਣਾ ਪੈਣਾ।
ਅਸੀਂ ਇੱਕ ਕਾਫ਼ਲਾ ਹਾਂ
ਜ਼ਿੰਦਗੀ ਦੀਆਂ ਤੇਜ਼ ਮਹਿਕਾਂ ਦਾ
ਤੇਰੀ ਪੀੜ੍ਹੀਆਂ ਦੀ ਖ਼ਾਦ
ਇਸ ਦੇ ਚਮਨ ਨੂੰ ਲੱਗੀ।
ਅਸੀਂ ਗੀਤਾਂ ਦੇ ਵਰਗੀ ਗੁਜ਼ਰ ਦੇ
ਬੇਤਾਬ ਆਸ਼ਕ ਹਾਂ
ਤੇ ਸਾਡੀ ਤੜਪ ਵਿੱਚ
ਤੇਰੀ ਉਦਾਸੀ ਦਾ ਵੀ ਨਗ਼ਮਾ ਹੈ ।
ਸਿਪਾਹੀਆ ਦੱਸ, ਮੈਂ ਤੈਨੂੰ ਵੀ
ਏਨਾਂ ਖ਼ਤਰਨਾਕ ਦੀਹਦਾਂ ?
ਮੈਂ ਪਿੱਛੇ ਛੱਡ ਆਇਆ ਹਾਂ...
***
ਸੈਂਸਰ ਹੋਣ ਵਾਲੇ ਖ਼ਤ ਦਾ ਦੁਖਾਂਤ
ਤੇਰੇ ਤੇ ਮੇਰੇ ਵਿਚਾਲੇ
ਸੈਂਸਰ ਹੋਣ ਵਾਲਾ ਕੁਝ ਵੀ ਨਹੀਂ ਭਾਵੇਂ
ਪਰ ਤੇਰਾ ਖ਼ਤ ਜਦੋਂ ਤੜਫ਼ੇਗਾ ਜਹਾਲਤ ਦੀ ਤਲੀ ਉੱਤੇ
ਬੜੇ ਹੋਵਣਗੇ ਅਰਥਾਂ ਦੇ ਅਨਰਥ -
ਤੇਰੀ ਰੱਬ ਤੇ ਨਿਹਚਾ ਦੇ ਅਰਥ
ਪੁਲਸੀਆ ਕੁਝ ਹੋਰ ਕੱਢੇਗਾ।
ਤੇਰੇ ਚਿਰਾਂ ਤੋਂ ਨਾ ਮਿਲਣ ਦੇ ਸ਼ਿਕਵੇ ਨੂੰ
ਉਹ ਸਮਝੇਗਾ
ਢਿੱਲੇ ਪੈ ਰਹੇ ਅਨੁਸ਼ਾਸਨ ਲਈ ਅਫ਼ਸੋਸ
ਤੇ ਉਨ੍ਹਾਂ ਹੁਸੀਨ ਘੜੀਆਂ ਦੇ ਉਦਾਸ ਜ਼ਿਕਰ ਨੂੰ
ਜੋ ਗਰਕ ਗਈਆਂ
ਅਸ਼ਵਨੀ ਕੁਮਾਰ ਦੇ ਘੋੜੇ ਦੇ ਪਿੱਛੇ ਉੱਡੀਆਂ ਧੂੜਾਂ 'ਚ
ਸ਼ਹੀਦ ਹੋਏ ਸਾਥੀਆਂ ਦੀ ਯਾਦ ਵਿੱਚ ਵਿਰਲਾਪ ਸਮਝੇਗਾ
ਤੇਰੇ ਮਹਿੰਗਾਈ ਦੇ ਰੋਣੇ ਨੂੰ
ਇਨਕਲਾਬੀਆਂ ਦੀ ਬਦਲੀ ਹੋਈ ਨੀਤੀ ਦਾ ਸੰਕੇਤ ਜਾਣੇਗਾ
ਤੇ ਬੰਗਲਾ ਦੇਸ਼ ਵਿੱਚ ਮਾਰੇ ਗਏ
ਤੇਰੇ ਫੌਜੀ ਵੀਰੇ ਦਾ 'ਮਸੋਸ'
ਚੀਨ ਦੀ ਪਿੱਠ ਪੂਰਨੀ ਗਰਦਾਨਿਆ ਜਾਵੇਗਾ
ਤੈਨੂੰ ਕੀ ਪਤਾ ਹੈ, ਕਿੰਝ ਬੀਤੇਗੀ
ਜਦੋਂ ਹੋਵਣਗੇ ਅਰਥਾਂ ਦੇ ਅਨਰਥ
ਤੇਰਾ ਖ਼ਤ ਬ...ਹੁ... ਤ ਤੜਫ਼ੇਗਾ
ਜਹਾਲਤ ਦੀ ਤਲੀ ਉੱਤੇ ।
***
ਰੋਜ਼ ਹੀ ਏਸੇ ਤਰ੍ਹਾਂ ਹੁੰਦਾ ਹੈ
ਰੋਜ਼ ਹੀ ਸਹਿਜੇ ਜਹੇ ਉੱਗ ਆਉਂਦੀ ਹੈ
ਪੱਤਝੜ ਦੀ ਸੰਘਣੀ ਧੁੱਪ,
ਚੁੱਲ੍ਹਿਆਂ ਦਾ ਧੂੰਆਂ ਕੋਠਿਆਂ 'ਤੇ ਇੱਕ ਸਹੀ ਨਕਸ਼ਾ ਬਣਾਉਂਦਾ ਹੈ।
ਮਨੁੱਖ ਅੰਦਰਲੇ ਦੇਸ਼ ਦਾ
ਜਿਦ੍ਹੇ ਤੋਂ ਸੱਚੀਂ ਮੁੱਚੀਂ ਕੁਝ ਵੀ ਕੁਰਬਾਨ ਹੋ ਸਕਦਾ ਹੈ।
ਰੋਜ਼ ਹੀ ਸਹਿਜੇ ਜਹੇ ਕੰਮ ਛਣਕ ਉੱਠਦੇ ਹਨ
ਤੇ ਸਾਰੀ ਧਰਤੀ ਕੰਨ ਬਣ ਜਾਂਦੀ ਹੈ
ਉਸ ਕੁਆਰੀ ਵਾਂਗ
ਜੋ ਮੁੰਦ ਕੇ ਅਸਮਾਨ ਵਰਗੇ ਨੈਣ
ਸੁਣਦੀ ਹੈ
ਪਹਿਲੀ ਮਾਹਵਾਰੀ ਦਾ ਦਰਦ ਸਹਿਜੇ ਸਹਿਜੇ ਟਪਕਣਾ
ਰੋਜ਼ ਹੀ ਏਸੇ ਤਰ੍ਹਾਂ ਹੁੰਦਾ ਹੈ।
ਪੌਣਾਂ ਵਿੱਚ ਵਾਹੁੰਦੀ ਤੁਰੀ ਜਾਂਦੀ ਹੈ
ਇਤਿਹਾਸ ਵਰਗੀ ਵਿੰਗ ਤੜਿੰਗੀ ਲੀਕ
ਸੁਆਣੀਆਂ ਦੇ ਸਿਰਾਂ 'ਤੇ ਅਡੋਲ-ਭੱਤੇ ਵਾਲੀ ਟੋਕਰੀ,
ਰੋਜ਼ ਹੀ ਬਲਦਾਂ ਦਿਆਂ ਬੁੱਟਾਂ 'ਚ ਤਰਦਾ ਹੈ
ਤੂੜੀ ਦੇ ਮੋਟੇ ਟੰਡਲਾਂ ਦਾ ਸਹਿਮਿਆ ਸਵਾਦ
ਜਿਵੇਂ ਬੀਮਾਰੀ ਨਾਲ ਮਰੀ ਹੋਈ
ਪਾਲਤੂ ਕੁੱਕੜੀ ਦੀ ਦਾਲ ਸੰਘ 'ਚ ਫਸਦੀ ਹੈ,
ਰੋਜ਼ ਹੀ ਕੁੱਤਿਆਂ ਦੀਆਂ ਅੱਖਾਂ 'ਚ ਮਰ ਜਾਂਦੀ ਹੈ ਆਸ
ਰੋਜ਼ ਹੀ ਇੱਕੋ ਸਮੇਂ ਉੱਠਦਾ ਹੈ
ਕਿਰਸਾਨ ਦੇ ਕੁੱਤੇ ਦੇ ਢਿੱਡ ਵਿੱਚ
ਅੰਤਲੀ ਬੁਰਕੀ ਦਾ ਝੋਰਾ,
ਰੋਜ਼ ਹੀ ਏਸੇ ਤਰ੍ਹਾਂ ਹੁੰਦਾ ਹੈ।
ਰੋਜ਼ ਹੀ ਦੱਬ ਦੇਂਦੀਆਂ ਧੀਆਂ ਧਿਆਣੀਆਂ
ਗਿੱਲੇ ਗੋਹੇ ਵਿੱਚ
ਕੱਚੀ ਕੁਆਰੀ ਜ਼ਿੰਦਗੀ ਦੀ ਅੱਗ,
ਘੁਮਿਆਰ ਦਾ ਚੱਕ ਰੋਜ਼ ਹੀ ਮਿੱਟੀ 'ਚੋਂ ਫ਼ੜਦਾ ਹੈ
ਜ਼ਿੰਦਗੀ ਦੀ ਝਨਾਂ ਅੰਦਰ ਰੁੜ੍ਹ ਗਈ ਸੋਹਣੀ ਦੇ ਨਕਸ਼,
ਰੋਜ਼ ਹੀ ਜੂੰਆਂ ਨੂੰ ਕੋਸਦੇ ਬੁੜ੍ਹੇ
ਵਿੱਚੇ ਹੀ ਭੁੱਲ ਜਾਂਦੇ ਸੁਖਮਨੀ ਸਾਹਿਬ ਦੀ ਪੌੜੀ,
ਰੋਜ਼ ਹੀ ਰਹਿ ਰਹਿ ਕੇ ਲਹੂ ਥੁੱਕਦੀ ਰਹੀ
ਨਾਈ ਤੋਂ ਲੱਤਾਂ ਮੁਨਾਉਂਦੇ ਛੜਿਆਂ ਦੀ ਗੰਦੀ ਜ਼ੁਬਾਨ
ਰੋਜ਼ ਹੀ ਏਸੇ ਤਰ੍ਹਾਂ ਹੁੰਦਾ ਹੈ ।
ਰੋਜ਼ ਹੀ
ਮੈਨੂੰ ਸਾਰਾ ਕੁੱਝ ਭੁੰਨੇ ਹੋਏ ਕਬਾਬ ਵਰਗਾ ਲੱਗਦਾ ਹੈ
ਜੋ ਮੇਜ਼ਾਂ ਉੱਤੇ ਹੁਣੇ ਹੀ ਪਰੋਸਿਆ ਜਾਵੇਗਾ
ਕੁਰਸੀ ਦੇ ਖਾਣ ਲਈ -
***
ਕੰਡੇ ਦਾ ਜ਼ਖ਼ਮ
(ਉਸ ਬੰਦੇ ਦੇ ਨਾਂ ਜਿਹਦੇ ਜਨਮ ਤੋਂ ਕੋਈ ਸੰਮਤ ਸ਼ੁਰੂ ਨਹੀਂ ਹੁੰਦਾ)
ਉਹ ਬਹੁਤ ਦੇਰ ਤੱਕ ਜੀਂਦਾ ਰਿਹਾ
ਕਿ ਉਸ ਦਾ ਨਾਂ ਰਹਿ ਸਕੇ,
ਧਰਤੀ ਬਹੁਤ ਵੱਡੀ ਸੀ
ਤੇ ਉਸ ਦਾ ਪਿੰਡ ਬਹੁਤ ਛੋਟਾ
ਉਹ ਸਾਰੀ ਉਮਰ ਇੱਕੋ ਛੰਨ ਵਿੱਚ ਸੌਂਦਾ ਰਿਹਾ
ਉਹ ਸਾਰੀ ਉਮਰ ਇੱਕੋ ਖੇਤ ਵਿੱਚ ਹੱਗਦਾ ਰਿਹਾ
ਅਤੇ ਚਾਹੁੰਦਾ ਰਿਹਾ
ਕਿ ਉਸ ਦਾ ਨਾਮ ਰਹਿ ਸਕੇ
ਉਸ ਉਮਰ ਭਰ ਬੱਸ ਤਿੰਨ ਹੀ ਅਵਾਜ਼ਾਂ ਸੁਣੀਆਂ
ਇੱਕ ਕੁੱਕੜ ਦੀ ਬਾਂਗ ਸੀ
ਇੱਕ ਡੰਗਰਾਂ ਦੇ ਘਰਕਣ ਦੀ ਅਵਾਜ਼
ਤੇ ਇੱਕ ਆਪਣੇ ਹੀ ਬੁੱਟਾਂ ਵਿੱਚ ਰੋਟੀ ਪੁਚਾਕਣ ਦੀ ।
ਟਿੱਬਿਆਂ ਦੇ ਰੇਸ਼ਮੀ ਚਾਨਣ ਵਿੱਚ
ਸੂਰਜ ਦੇ ਅਸਤਣ ਦੀ ਅਵਾਜ਼ ਉਸ ਨੇ ਕਦੇ ਨਹੀਂ ਸੁਣੀ
ਬਹਾਰ ਵਿੱਚ ਫੁੱਲਾਂ ਦੇ ਚਟਖਣ ਦੀ ਅਵਾਜ਼ ਉਸ ਨੇ ਕਦੇ ਨਹੀਂ ਸੁਣੀ
ਤਾਰਿਆਂ ਨੇ ਕਦੇ ਵੀ ਉਸ ਦੇ ਲਈ ਕੋਈ ਗੀਤ ਨਹੀਂ ਗਾਇਆ
ਉਮਰ ਭਰ ਉਹ ਤਿੰਨ ਹੀ ਰੰਗਾਂ ਤੋਂ ਬੱਸ ਵਾਕਫ਼ ਰਿਹਾ
ਇੱਕ ਰੰਗ ਭੋਇੰ ਦਾ ਸੀ
ਜਿਦ੍ਹਾ ਕਦੇ ਵੀ ਉਹਨੂੰ ਨਾਂ ਨਹੀਂ ਆਇਆ।
ਇੱਕ ਰੰਗ ਅਸਮਾਨ ਦਾ ਸੀ
ਜਿਦ੍ਹੇ ਬਹੁਤ ਸਾਰੇ ਨਾਂ ਸਨ
ਪਰ ਕੋਈ ਵੀ ਉਹਦੀ ਜੀਭ 'ਤੇ ਚੜ੍ਹਦਾ ਨਹੀਂ ਸੀ ।
ਇੱਕ ਰੰਗ ਉਹਦੀ ਤੀਵੀਂ ਦੀਆਂ ਗੱਲ੍ਹਾਂ ਦਾ ਸੀ
ਜਿਸ ਦਾ ਕਦੇ ਵੀ ਸੰਗਦਿਆਂ ਉਸ ਨਾਂ ਨਹੀਂ ਲਿਆ।
ਮੂਲੀਆਂ ਉਹ ਜ਼ਿੱਦ ਕੇ ਖਾ ਸਕਦਾ ਸੀ
ਵਧ ਕੇ ਛੱਲੀਆਂ ਚੱਬਣ ਦੀ ਉਸ ਨੇ ਕਈ ਵਾਰ ਜਿੱਤੀ ਸ਼ਰਤ
ਪਰ ਆਪ ਉਹ ਬਿਨ ਸ਼ਰਤ ਹੀ ਖਾਧਾ ਗਿਆ,
ਉਸ ਦੇ ਪੱਕੇ ਹੋਏ ਖ਼ਰਬੂਜ਼ਿਆਂ ਵਰਗੇ ਉਮਰ ਦੇ ਸਾਲ
ਬਿਨਾਂ ਹੀ ਚੀਰਿਆਂ ਨਿਗਲੇ ਗਏ
ਤੇ ਕੱਚੇ ਦੁੱਧ ਵਰਗੀ ਓਸ ਦੀ ਸੀਰਤ
ਬੜੇ ਸੁਆਦ ਨਾਲ ਪੀਤੀ ਗਈ ।
ਉਹਨੂੰ ਕਦੇ ਵੀ ਨਾ ਪਤਾ ਲੱਗ ਸਕਿਆ
ਉਹ ਕਿੰਨਾ ਸਿਹਤ ਅਫ਼ਜ਼ਾ ਸੀ
ਅਤੇ ਇਹ ਲਾਲਸਾ ਕਿ ਉਸ ਦਾ ਨਾਮ ਰਹਿ ਸਕੇ
ਡੂੰਮਣੇ ਦੀ ਮੱਖੀ ਵਾਂਗ
ਉਹਦੇ ਪਿੱਛੇ ਰਹੀ ਲੱਗੀ।
ਉਹ ਆਪੇ ਅਪਣਾ ਬੁੱਤ ਬਣ ਗਿਆ
ਪਰ ਉਸ ਦਾ ਬੁੱਤ ਕਦੇ ਵੀ ਜਸ਼ਨ ਨਾ ਬਣਿਆ।
ਉਸ ਦੇ ਘਰ ਤੋਂ ਖੂਹ ਤੱਕ ਰਾਹ
ਅਜੇ ਵੀ ਜੀਊਂਦਾ ਹੈ
ਪਰ ਅਣਗਿਣਤ ਪੈੜਾਂ ਦੇ ਹੇਠ ਦੱਬੀ ਗਈ
ਉਹਦੀ ਪੈੜ ਵਿੱਚ
ਹਾਲੇ ਵੀ ਇੱਕ ਕੰਡੇ ਦਾ ਜ਼ਖ਼ਮ ਹੱਸਦਾ ਹੈ।
ਹਾਲੇ ਵੀ ਇੱਕ ਕੰਡੇ ਦਾ ਜ਼ਖ਼ਮ ਹੱਸਦਾ ਹੈ।
***
ਜਿੱਥੇ ਕਵਿਤਾ ਖ਼ਤਮ ਹੁੰਦੀ ਹੈ
(ਆਪਣੇ ਪਿੰਡ ਦੇ ਅਨਪੜ੍ਹ ਮੁੰਡਿਆਂ ਦੇ ਨਾਂ)
ਟਪੂੰ ਟਪੂੰ ਦੀ ਉਮਰੇ
ਜੋ ਹਲ ਮਗਰ ਫਿਰ ਫਿਰ ਕੇ
ਤੁਸੀਂ ਖੁੱਚਾਂ ਦਾ ਧੰਦਾ ਸਾਰ ਲੈਂਦੇ ਹੋ,
ਤੇ ਕੂਲੇ ਸੁਫ਼ਨਿਆਂ ਨੂੰ
ਮੁਸ਼ਕੇ ਹੋਏ ਕੁੜਤੇ ਦੇ ਨਾਲ
ਵਾੜ ਉੱਤੇ ਟੰਗ ਛੱਡਦੇ ਹੋ
ਕੌਣ ਲਾ ਸਕਦੈ ਤੁਹਾਡੀ ਜੀਭ ਨੂੰ ਤਾਲਾ
ਤੁਸੀਂ ਤਾਂ ਚਿੰਘਾੜੋਗੇ ਦਾਰੂ ਦੀ ਘੁੱਟ ਪੀ ਕੇ
ਤੁਸੀਂ ਨੰਗੇਜ਼ ਕੱਢ ਦੇਵੋਗੇ ਸ਼ਬਦਾਂ 'ਚੋਂ
ਤੁਸੀਂ ਜਾ ਟਪਕੋਗੇ ਰਾਜੇ ਰਾਣੀ ਦੀ ਬਾਤ ਵਿੱਚ
ਫੁੱਲਾਂ ਦੇ ਭਾਰ ਤੁਲਦੀ ਉਸ ਰਾਜੇ ਦੀ ਬੇਟੀ ਨੂੰ
ਡਾਂਗ ਅੱਗੇ ਲਾ ਕੇ ਹੱਕਣ ਲਈ
ਜੋ ਹੋਣੀਆਂ ਨਾਲ ਘੁਲਣ ਦੀਆਂ ਰੱਖਦੀ ਹੈ ਸ਼ਰਤਾਂ
ਕੇਵਲ ਚਾਰ ਭਵਾਟਣੀਆਂ ਦੇ ਬਦਲੇ -
ਮੇਰੇ ਦੋਸਤੋ, ਕੀ ਦੱਸਾਂ
ਬੜਾ ਪੁਰਾਣਾ ਹੈ ਸਵਾਲਾਂ ਦਾ ਦਰੱਖ਼ਤ
ਤੇ ਇਸ ਦੇ ਪੱਤਿਆਂ ਨਾਲ ਲਾਡ ਕਰ ਰਹੀ ਹੈ
ਸਿਆਸਤ ਦੀ ਹਵਾ,
ਤੇ ਬਾਕੀ ਸਭ ਕੁਝ ਛੱਡ ਦਿੱਤਾ ਗਿਆ ਹੈ
ਕਹੀਆਂ, ਕੁਹਾੜੇ ਵਾਲਿਆਂ ਦੀ ਅਕਲ ਉੱਤੇ...
ਉਂਝ ਤਾਂ ਇੱਕ ਸਵਾਲ ਇਹ ਵੀ ਹੈ
ਕਿ ਸੁਫ਼ਨਿਆਂ ਦੇ ਉੱਡ ਰਹੇ ਰਾਕਟ ਦੇ
ਕਿਉਂ ਨਾਲ ਨਾਲ ਤੁਰਦੀ ਹੈ ਮਸਰਾਂ ਦੀ ਦਾਲ ?
ਤੇ ਇਹ ਵੀ ਕਿ
ਕਿਉਂ ਉੱਭਰ ਆਉਂਦਾ ਹੈ ਸੁਪਨਦੋਸ਼ ਦੇ ਸਮੇਂ
ਪਰੂੰ ਮਰ ਗਈ ਕੱਟੀ ਦਾ ਬਿੰਬ ?
ਮਾਫ਼ ਕਰਨਾ ਮੇਰੇ ਪਿੰਡ ਦੇ ਯਾਰੋ
ਕਵਿਤਾ ਲਿਖਣ ਵਾਲਾ ਇਹ ਪੜ੍ਹਾਕੂ ਮੁੰਡਾ
ਤੁਹਾਡੇ ਮਸਲਿਆਂ ਨੂੰ ਹੱਲ ਨਹੀਂ ਕਰ ਸਕਦਾ।
ਪੰਜ ਵਾਰੀ ਜੇਲ੍ਹ ਕੱਟ ਆਉਣਾ
ਜਾਂ ਦੂਰ ਸ਼ਹਿਰਾਂ ਦੀਆਂ ਸਟੇਜਾਂ ਉੱਤੇ
ਪੁਲਸ ਕੋਲੋਂ ਖਾਧੇ ਹੋਏ ਟੰਬਿਆਂ ਦਾ ਜ਼ਿਕਰ ਕਰਨਾ
ਤੁਹਾਡੀ ਸੜ ਰਹੀ ਦੁਨੀਆਂ ਲਈ
ਕਿਸੇ ਸੁੱਕੇ ਹੋਏ ਛੱਪੜ ਦੇ ਵਾਂਗ ਹੈ।
ਕਵਿਤਾ ਤੁਹਾਡੇ ਲਈ
ਵਿਰੋਧੀ ਪਾਰਟੀਆਂ ਦੇ ਬੈਂਚਾਂ ਵਰਗੀ ਹੈ
ਜੋ ਸਦਾ ਅੱਗ ਅੱਗ ਦਾ ਸ਼ੋਰ ਪਾਉਂਦੇ ਹਨ
ਅਤੇ ਅੱਗ ਨਾਲ ਖੇਡਣ ਦੀ ਮਨਾਹੀ ਨੂੰ
ਹਮੇਸ਼ਾ ਸਿਰ ਝੁਕਾਉਂਦੇ ਹਨ।
ਮਾਫ਼ ਕਰਨਾ ਮੇਰੇ ਪਿੰਡ ਦੇ ਯਾਰੋ
ਮੇਰੀ ਕਵਿਤਾ ਤੁਹਾਡੇ ਮਸਲਿਆਂ ਨੂੰ ਹੱਲ ਨਹੀਂ ਕਰ ਸਕਦੀ।
ਮਸਲਿਆਂ ਦਾ ਮਤਾ ਮੇਰੇ ਦੋਸਤੋ ਕੁਝ ਇਸ ਤਰ੍ਹਾਂ ਹੁੰਦੈ
ਕਿ ਕਵਿਤਾ ਉੱਕਾ ਹੀ ਨਾਕਾਫ਼ੀ ਹੁੰਦੀ ਹੈ
ਤੇ ਤੁਸੀਂ ਬੜੀ ਦੂਰ ਨਿੱਕਲ ਜਾਂਦੇ ਹੋ –
ਤਿੱਖੀਆਂ ਚੀਜ਼ਾਂ ਦੀ ਭਾਲ ਵਿੱਚ
ਮਸਲਿਆਂ ਦਾ ਮਤਾ ਕੁਝ ਏਦਾਂ ਦਾ ਹੁੰਦਾ ਹੈ
ਕਿ ਤੁਹਾਡਾ ਸਬਰ ਥੱਪੜ ਮਾਰ ਦਿੰਦਾ ਹੈ।
ਤੁਹਾਡੇ ਕਾਇਰ ਮੂੰਹ ਉੱਤੇ
ਅਤੇ ਤੁਸੀਂ ਉਸ ਜਗ੍ਹਾ ਤੋਂ ਸ਼ੁਰੂ ਕਰਦੇ ਹੋ
ਜਿੱਥੇ ਕਵਿਤਾ ਖ਼ਤਮ ਹੁੰਦੀ ਹੈ...
***
ਭਾਗ - 3
'ਸਾਡੇ ਸਮਿਆਂ ਵਿੱਚ’
(1978)
ਪੱਤੋਂ ਸੇ ਚਾਹਤੇ ਹੋ ਬਜੇਂ ਸਾਜ਼ ਕੀ ਤਰਹ
ਪੇੜੋਂ ਸੇ ਪਹਿਲੇ ਆਪ ਉਦਾਸੀ ਤੋ ਲੀਜੀਏ ।
(ਦੁਸ਼ਿਅੰਤ)
ਹਰਚਰਨ ਬਾਸੀ, ਹੰਸ ਰਾਜ ਅਤੇ ਸੁਖਵਿੰਦਰ ਕੰਬੋਜ ਨੂੰ
ਜੋ ਇਨ੍ਹਾਂ ਸਮਿਆਂ ਵਿੱਚ ਮੇਰੇ ਲਈ ਦਿਨ ਮਹੀਨੇ ਅਤੇ ਸਾਲ ਬਣੇ।
ਜੇ ਦੇਸ਼ ਦੀ ਸੁਰੱਖਿਅਤਾ ਇਹੋ ਹੁੰਦੀ ਹੈ
ਕਿ ਹਰ ਹੜਤਾਲ ਨੂੰ ਫੇਹ ਕੇ ਅਮਨ ਨੂੰ ਰੰਗ ਚੜ੍ਹਨਾ ਹੈ
ਕਿ ਸੂਰਮਗਤੀ ਬੱਸ ਹੱਦਾਂ 'ਤੇ ਮਰ ਪ੍ਰਵਾਨ ਚੜ੍ਹਨੀ ਹੈ
ਕਲਾ ਦਾ ਫੁੱਲ ਬੱਸ ਰਾਜੇ ਦੀ ਖਿੜਕੀ ਵਿੱਚ ਖਿੜਨਾ ਹੈ
ਅਕਲ ਨੇ ਹੁਕਮ ਦੇ ਖੂਹੇ 'ਤੇ ਗਿੜ ਕੇ ਧਰਤ ਸਿੰਜਣੀ ਹੈ
ਕਿਰਤ ਨੇ ਰਾਜ ਮਹਿਲਾਂ ਦੇ ਦਰੀਂ ਖਰਕਾ ਹੀ ਬਣਨਾ ਹੈ
ਤਾਂ ਸਾਨੂੰ ਦੇਸ਼ ਦੀ ਸੁਰੱਖਿਅਤਾ ਤੋਂ ਖ਼ਤਰਾ ਹੈ
ਇਨਕਾਰ
ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ
ਜਿਨ੍ਹਾਂ ਦੇ ਹੜ੍ਹ 'ਚ ਰੁੜ੍ਹ ਜਾਂਦੀ ਹੈ
ਸਾਡੇ ਬੱਚਿਆਂ ਦੀ ਤੋਤਲੀ ਕਵਿਤਾ
ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ
ਮੈਂ ਤਾਂ ਜਦ ਵੀ ਕੀਤੀ-ਖਾਦ ਦੇ ਘਾਟੇ
ਕਿਸੇ ਗਰੀਬੜੀ ਦੀ ਹਿੱਕ ਵਾਂਗੂੰ ਪਿਚਕ ਗਏ ਗੰਨਿਆਂ ਦੀ ਗੱਲ ਹੀ ਕਰਾਂਗਾ
ਮੈਂ ਦਲਾਨ ਦੇ ਖੂੰਜੇ 'ਚ ਪਈ ਸਾਉਣੀ ਦੀ ਫ਼ਸਲ
ਤੇ ਦਲਾਨ ਦੇ ਬੂਹੇ ਲਤੇ ਖੜੇ ਸਿਆਲ ਦੀ ਹੀ ਗੱਲ ਕਰਾਂਗਾ।
ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਸਰਦੀ ਦੀ ਰੁੱਤੇ ਖਿੜਨ ਵਾਲੇ
ਫੁੱਲਾਂ ਦੀਆਂ ਕਿਸਮਾਂ ਦੇ ਨਾਂ 'ਤੇ
ਪਿੰਡ ਦੀਆਂ ਕੁੜੀਆਂ ਦੇ ਨਾਂ ਕੁਨਾਂ ਧਰਾਂਗਾ ।
ਮੈਂ ਬੈਂਕ ਦੇ ਸੈਕਟਰੀ ਦੀਆਂ ਖਚਰੀਆਂ ਮੁੱਛਾਂ
ਸਰਪੰਚ ਦੀ ਥਾਣੇ ਤੱਕ ਲੰਮੀ ਪੂਛ ਦੀ
ਤੇ ਉਸ ਪੂਰੇ ਚਿੜੀਆ-ਘਰ ਦੀ
ਜੋ ਮੈਂ ਆਪਣੀ ਹਿੱਕ ਉੱਤੇ ਪਾਲ ਰੱਖਿਆ ਹੈ
ਜਾਂ ਉਸ ਅਜਾਇਬ ਘਰ ਦੀ
ਜੋ ਮੈਂ ਅਪਣੀ ਹਿੱਕ ਅੰਦਰ ਸਾਂਭ ਰੱਖਿਆ ਹੈ
ਜਾਂ ਏਦਾਂ ਦੀ ਹੀ ਕੋਈ ਕਰੜ ਬਰੜੀ ਗੱਲ ਕਰਾਂਗਾ
ਮੇਰੇ ਲਈ ਦਿਲ ਤਾਂ ਬੱਸ ਇੱਕ ਪਾਨ ਦੇ ਪੱਤੇ ਵਰਗਾ ਲੋਥੜਾ ਹੈ
ਮੇਰੇ ਲਈ ਹੁਸਨ ਕੋਈ ਮੱਕੀ ਦੀ ਲੂਣ ਭੁੱਕੀ ਹੋਈ ਰੋਟੀ ਜਿਹੀ ਲੱਜ਼ਤ ਹੈ
ਮੇਰੇ ਲਈ ਜ਼ਿੰਦਗੀ ਘਰ ਦੀ ਸ਼ਰਾਬ ਵਾਂਗ
ਲੁਕ ਲੁਕ ਪੀਣ ਦੀ ਕੋਈ ਸ਼ੈਅ ਹੈ
ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖਰਗੋਸ਼ ਵਾਂਗ
ਰੋਹੀਆਂ ਦੀ ਕੂਲੀ ਮਹਿਕ ਨੂੰ ਪੋਲੇ ਜਹੇ ਸੁੰਘਾਂ
ਮੈਂ ਹਰ ਕਾਸੇ ਨੂੰ ਜੋਤਾ ਲੱਗੇ ਹੋਏ ਬਲਦਾਂ ਦੇ ਵਾਂਗ
ਖੁਰਲੀ ਉੱਤੇ ਸਿੱਧਾ ਹੋ ਕੇ ਟੱਕਰਿਆ ਹਾਂ
ਮੈਂ ਜੱਟਾਂ ਦੇ ਸਾਧ ਹੋਵਣ ਤੋਂ ਉਰ੍ਹਾਂ ਦਾ ਸਫ਼ਰ ਹਾਂ
ਮੈਂ ਬੁੱਢੇ ਮੋਚੀ ਦੀ ਗੁੰਮੀ ਹੋਈ ਅੱਖਾਂ ਦੀ ਲੋਅ ਹਾਂ
ਮੈਂ ਟੁੰਡੇ ਹੌਲਦਾਰ ਦੇ ਸੱਜੇ ਹੱਥ ਦੀ ਯਾਦ ਹਾਂ ਕੇਵਲ
ਮੈਂ ਪਿੰਡੇ ਵਕਤ ਦੇ, ਚੱਪਾ ਸਦੀ ਦਾ ਦਾਗ਼ ਹਾਂ ਕੇਵਲ
ਤੇ ਮੇਰੀ ਕਲਪਨਾ, ਉਸ ਲੁਹਾਰ ਦੇ ਥਾਂ ਥਾਂ ਤੋਂ ਲੂਸੇ ਮਾਸ ਵਰਗੀ ਹੈ।
ਜੋ ਬੇਰਹਿਮ ਅਸਮਾਨ 'ਤੇ ਖਿਝਿਆ ਰਹੇ, ਇੱਕ ਹਵਾ ਦੇ ਬੁੱਲੇ ਲਈ
ਜੀਹਦੇ ਹੱਥ ਵਿਚਲਾ ਚੌਅ ਦਾ ਫਾਲਾ
ਕਦੀ ਤਲਵਾਰ ਬਣ ਜਾਵੇ, ਕਦੀ ਬੱਸ ਪੱਠਿਆਂ ਦੀ ਪੰਡ ਰਹਿ ਜਾਵੇ
ਮੈਂ ਹੁਣ ਤੁਹਾਡੇ ਲਈ ਕਿਸੇ ਹਾਰਮੋਨੀਅਮ ਦਾ ਪੱਖਾ ਨਹੀਂ ਹੋ ਸਕਦਾ
ਮੈਂ ਭਾਂਡੇ ਮਾਂਜਦੀ ਝੀਰੀ ਦੀਆਂ ਉਂਗਲਾਂ 'ਚੋਂ ਸਿੰਮਦਾ ਰਾਗ ਹਾਂ ਕੇਵਲ
ਮੇਰੇ ਕੋਲ ਸੁਹਜ ਦੀ ਉਸ ਸੁਪਨ ਸੀਮਾ ਤੋਂ ਉਰ੍ਹੇ
ਹਾਲਾਂ ਕਰਨ ਨੂੰ ਬਹੁਤ ਗੱਲਾਂ ਹਨ
ਅਜੇ ਮੈਂ ਧਰਤ 'ਤੇ ਛਾਈ
ਕਿਸੇ ਸੀਰੀ ਦੇ ਕਾਲੇ-ਸ਼ਾਹ ਬੁੱਲਾਂ ਜਹੀ ਰਾਤ ਦੀ ਹੀ ਗੱਲ ਕਰਾਂਗਾ
ਉਸ ਇਤਿਹਾਸ ਦੀ
ਜੋ ਮੇਰੇ ਬਾਪ ਦੇ ਧੁੱਪ ਨਾਲ ਲੂਸੇ ਮੌਰਾਂ ਉੱਤੇ ਉੱਕਰਿਆ ਹੈ
ਜਾਂ ਅਪਣੀ ਮਾਂ ਦੇ ਪੈਰੀਂ ਪਾਟੀਆਂ ਬਿਆਈਆਂ ਦੇ ਭੂਗੋਲ ਦੀ ਹੀ ਗੱਲ ਕਰਾਂਗਾ
ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਤੁਹਾਡੇ ਚਗਲੇ ਹੋਏ ਸਵਾਦਾਂ ਦੀ ਕੋਈ ਗੱਲ ਕਰਾਂਗਾ
ਜਿੰਨ੍ਹਾਂ ਦੇ ਹੜ੍ਹ 'ਚ ਰੁੜ੍ਹ ਜਾਂਦੀ ਹੈ ਸਾਡੇ ਬੱਚਿਆਂ ਦੀ ਤੋਤਲੀ ਕਵਿਤਾ
ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ
***
ਜਿੱਥੇ ਕਵਿਤਾ ਖ਼ਤਮ ਨਹੀਂ ਹੁੰਦੀ
ਮੁੰਡਿਓ, ਮੈਂ ਵੀ ਕਦੇ ਤੁਹਾਡੇ ਵਰਗਾ ਸਾਂ
ਨਿੱਕੀਆਂ ਨਿੱਕੀਆਂ ਚੋਰੀਆਂ ਕਰਦਾ ਹੋਇਆ ਵੀ ਚੋਰ ਨਹੀਂ ਸਾਂ
ਗੱਲ ਗੱਲ 'ਤੇ ਪੱਜ ਲਾਉਂਦਾ ਸਾਂ, ਮੈਂ ਪਰ ਝੂਠਾ ਨਹੀਂ ਸਾਂ
ਨੰਗਾ ਨਹੀਂ ਸਮਝਿਆ ਜਾਂਦਾ ਸਾਂ, ਭਾਵੇਂ ਨਿੱਤ ਹੀ ਕਪੜੇ ਲੰਗਾਰ ਪਰਤਦਾ।
ਬੁੜ੍ਹੀ ਪੁੰਨਾ ਦਾ ਵਿੰਗਾ ਚਰਖੇ ਦਾ ਤੱਕਲਾ ਸਦਾ ਈ ਮੇਰੇ ਸਿਰ ਲਗਦਾ
ਪਰ ਥਾਣੇ ਦੀਆਂ ਕਿਤਾਬਾਂ ਵਿੱਚ ਮੇਰਾ ਨਾਮ ਨਾ ਚੜ੍ਹਦਾ,
ਘਰ ਦੇ ਚੌਂਕੇ ਦੀ ਨਿੱਕੀ ਜਹੀ ਮੁੰਡੇਰ,
ਜਾਂ ਵੜੇਵਿਆਂ ਵਾਲੀ ਬੋਰੀ ਜਾਂ ਗਵਾਂਢੀਆਂ ਦੀ ਪੌੜੀ ਥਲੜਾ ਰਖਨਾ
ਮੇਰੇ ਲੁਕਣ ਲਈ ਕਾਫੀ ਸਨ,
ਮੈਂ ਤਿਤਲੀਆਂ ਨੂੰ ਸੂਈ ਵਿੱਚ ਪਰੋ ਕੇ ਨੱਚਦਾ ਸਾਂ
ਸੋਨ-ਚਿੜੀਆਂ ਨੂੰ ਪਟਾ ਧਾਗੇ ਦਾ ਪਾ ਕੇ ਹਿੱਕਦਾ ਸਾਂ
ਪਰ ਕਦੀ ਹਿੰਸਾਵਾਦੀ ਨਹੀਂ ਅਖਵਾਇਆ
ਗੱਲ ਕੀ, ਇੰਨ ਬਿੰਨ ਤੁਹਾਡੇ ਵਰਗਾ ਸਾਂ
ਫੇਰ ਇੰਜ ਹੋਇਆ-ਹੌਲੀ ਹੌਲੀ ਮੈਂ ਤੁਹਾਡੇ ਵਰਗਾ ਨਾ ਰਿਹਾ
ਮੈਨੂੰ ਦੱਸਿਆ ਗਿਆ ਕਿ ਝੂਠ ਬੋਲਣਾ ਪਾਪ ਹੈ
ਵਿੱਦਿਆ ਮਨੁੱਖ ਦੀ ਤੀਸਰੀ ਅੱਖ ਹੈ
ਚੋਰੀ ਕਰਨਾ ਬੁਰਾ ਹੈ
ਪ੍ਰਮਾਤਮਾ ਇੱਕ ਹੈ,
ਸਾਰੇ ਮਨੁੱਖ ਬਰਾਬਰ ਹੁੰਦੇ ਹਨ -
ਮੈਂ ਇਨ੍ਹਾਂ ਸਾਰਿਆਂ ਫਿਕਰਿਆਂ ਦੇ
ਅਜੀਬੋ ਗ਼ਰੀਬ ਆਪਸੀ ਸਬੰਧਾਂ ਅੱਗੇ ਸਹਿਮ ਜਿਹਾ ਗਿਆ
ਮੈਨੂੰ ਲੱਗਿਆ-ਮੇਰੇ ਖ਼ਿਲਾਫ਼,
ਕਿਸੇ ਬਹੁਤ ਹੀ ਭਿਆਨਕ ਸਾਜ਼ਿਸ਼ ਦਾ ਦੌਰ ਸ਼ੁਰੂ ਹੋਣ ਵਾਲਾ ਹੈ
ਮੈਂ ਘਬਰਾ ਕੇ ਤੁਹਾਡੀ ਕਰੰਘੜੀ 'ਚੋਂ ਹੱਥ ਖਿੱਚ ਲਿਆ
ਤੇ ਜੀਅ ਭਿਆਣਾ ਦੌੜਦਾ ਹੋਇਆ, ਕਿਤਾਬਾਂ ਦੇ ਮਲ੍ਹਿਆਂ 'ਚ ਫਸ ਗਿਆ
ਕਾਲੇ ਕਾਲੇ ਅੱਖਰ ਤਿੱਖੀਆਂ ਸੂਲਾਂ ਵਾਂਗ ਮੇਰੇ ਬਦਨ ਅੰਦਰ ਉੱਤਰਦੇ ਗਏ
ਮੈਂ ਜਿਵੇਂ ਝਾੜੀਆਂ 'ਚ ਲੁਕਦਾ ਫਿਰਦਾ ਕੋਈ ਖ਼ਰਗੋਸ਼ ਸਾਂ
ਜਿਦ੍ਹੇ ਮਗਰ ਲੱਗੇ ਹੋਏ ਸੀ ਇਮਤਿਹਾਨਾਂ ਦੇ ਸ਼ਿਕਾਰੀ ਕੁੱਤੇ।
ਮੈਂ ਕੁਝ ਬੌਂਦਲ ਜਿਹਾ ਗਿਆ, ਜਦੋਂ ਮੈਨੂੰ ਪਤਾ ਲੱਗਾ
ਕਿ ਏਥੇ ਤਾਂ ਪੂਰਬ ਹੈ ਜਾਂ ਪੱਛਮ
ਕਿਤੇ ਵੀ ਨਾ ਕੁਝ ਚੜ੍ਹਦਾ ਹੈ, ਨਾ ਲਹਿੰਦਾ ਹੈ
ਜਦੋਂ ਮੈਨੂੰ ਪਤਾ ਲੱਗਾ ਰੱਬ ਰਾਤ ਬਰਾਤੇ
ਸਾਡੇ ਖ਼ਰਬੂਜਿਆਂ 'ਚ ਖੰਡ ਪਾਉਣ ਨਹੀਂ ਆਉਂਦਾ
ਨਾ ਸਾਡੇ ਨਰਮੇ ਦੇ ਟੀਂਡਿਆਂ ਨੂੰ
ਚੋਗ ਮੰਗਦੇ ਬੋਟਾਂ ਦੀਆਂ ਚੁੰਝਾਂ ਵਾਂਗ ਖੋਲ੍ਹਣ ।
ਜਦੋਂ ਮੈਨੂੰ ਪਤਾ ਲੱਗਾ, ਕਿ ਧਰਤੀ ਰੋਟੀ ਦੇ ਵਰਗੀ ਨਹੀਂ ਹੈ, ਗੇਂਦ ਵਰਗੀ ਹੈ
ਅੰਬਰਾਂ ਵਿੱਚ ਨੀਲੀ ਜਹੀ ਦੀਂਹਦੀ ਖਲਾਅ ਹੈ, ਰੱਬ ਨਹੀਂ
ਜਦੋਂ ਮੈਨੂੰ ਪਤਾ ਲੱਗਾ, ਵਿੱਦਿਆ ਮਨੁੱਖ ਦੀ ਤੀਸਰੀ ਅੱਖ ਨਹੀਂ
ਸਗੋਂ ਦੋ ਹੀ ਅੱਖਾਂ ਦਾ ਟੀਰ ਹੈ-
ਤੇ ਇੰਜ ਦੀਆਂ ਬੇਸ਼ੁਮਾਰ ਬੇਮਜ਼ਾ ਗੱਲਾਂ ਦਾ ਪਤਾ ਲੱਗਾ
ਮੇਰੇ ਅੰਦਰ ਕਿਤੇ ਕੁਝ ਡਿੱਗ ਪਿਆ ਸੀ।
ਅਤੇ ਇੱਕ 'ਤੱੜ...ਅ...ਕ' ਜਹੀ ਅਵਾਜ਼, ਤੇ ਮੈਂ ਤੱਕਿਆ
ਮੇਰੀਆਂ ਆਂਦਰਾਂ ਵਿੱਚ ਖੁੱਭੇ ਹੋਏ ਸਨ
ਰੰਗਾਂ ਤੇ ਭੇਤਾਂ ਦੀ ਲੋਅ ਵਾਲੀ ਅਲੋਕਾਰ ਕਵਿਤਾ ਦੇ ਕਿੱਚਰ
ਫੇਰ ਮੁੰਡਿਓ, ਤੁਸੀਂ ਕੌਣ ਤੇ ਮੈਂ ਕੌਣ ਸਾਂ
ਫੇਰ ਮੈਂ ਖ਼ੂਬਸੂਰਤ ਕੋਠੀਆਂ ਤੇ ਬਜ਼ਾਰਾਂ ਨੂੰ
ਹਸਰਤ ਜਹੀ ਦੀਆਂ ਨਜ਼ਰਾਂ ਨਾਲ ਵੇਂਹਦਾ ਹੋਇਆ ਵੀ ਚੋਰ ਸਮਝਿਆ ਗਿਆ
ਪਿੰਜੇ ਜਾਣ ਦੇ ਦਰਦ ਵਿੱਚ ਕਰਾਹੁੰਦੇ ਹੋਏ ਨੂੰ ਵੀ 'ਮਕਰ' ਹੀ ਆਖਿਆ ਗਿਆ
ਬਣਦੇ ਜੁੜਦੇ ਬਸਤਰਾਂ ਉਤੇ ਵੀ ਨਜ਼ਰਾਂ ਇਸ ਤਰਾਂ ਉੱਠੀਆਂ,
ਕਿ ਜਿਵੇਂ ਅਲਫ਼ ਨੰਗਾ ਹਾਂ...
ਜ਼ਰਾ ਵੀ ਆਪਣੇ ਬਾਰੇ ਬੋਲਣ ਉੱਤੇ ਤੋਹਮਤਾਂ ਨਾਲ ਵਿੰਨ੍ਹਿਆ ਗਿਆ
ਜਦ ਮੈਂ ਝੂਠ, ਚੋਰੀ, ਮਿਹਰਬਾਨ ਪ੍ਰਮਾਤਮਾਂ
ਤੇ ਸਭ ਮਨੁੱਖਾਂ ਦੇ ਬਰਾਬਰ ਹੋਣ ਦੀਆਂ ਧਾਰਨਾਵਾਂ 'ਤੇ
'ਦੁਬਾਰਾ ਸੋਚਣਾ' ਚਾਹਿਆ ਤਾਂ ਮੇਰੇ ਇੰਜ ਸੋਚਣ ਨੂੰ ਹਿੰਸਾ ਗਰਦਾਨਿਆ ਗਿਆ-
ਯਾਰਾਂ ਦੇ ਤਹਿਖ਼ਾਨਿਆਂ ਵਰਗੇ ਚੁਬਾਰੇ,
ਸੰਘਣੀ ਧੁੰਦ ਜਿਹਾ ਮੇਰੀ ਮਹਿਬੂਬ ਦਾ ਹਿਰਦਾ
ਅਤੇ ਘਟਾ-ਟੋਪ ਕਮਾਦੀਆਂ ਵੀ ਮੈਨੂੰ ਲੁਕਾ ਨਾ ਸਕੀਆਂ
ਮੈਂ ਜੋ ਲੁਕ ਜਾਂਦਾ ਸਾਂ ਘਰ ਦੇ ਚੌਂਕੇ ਦੀ ਨਿੱਕੀ ਜਹੀ ਮੁੰਡੇਰ
ਜਾਂ ਵੜੇਵਿਆਂ ਵਾਲੀ ਬੋਰੀ ਜਾਂ ਗਵਾਂਢੀਆਂ ਦੀ ਪੌੜੀ ਥੱਲੜੇ ਰਖਨੇ ਦੇ ਓਹਲੇ...
ਤੇ ਹੁਣ ਮੈਂ ਐਨ ਉਨ੍ਹਾਂ ਦੇ ਸਾਹਮਣੇ ਸਾਂ
ਅਣ-ਉਦਘਾਟਨੇ ਪੁਲਾਂ ਵਾਂਗ,
ਅਣਪੀਤੀ ਸ਼ਰਾਬ, ਜਾਂ ਅਣਟੋਹੀਆਂ ਛਾਤੀਆਂ ਵਾਂਗ
ਫਿਰ ਉਹ ਆਏ-ਸੱਚਾਈਆਂ ਦੇ ਅਲੰਬਰਦਾਰ
ਉਨ੍ਹਾਂ ਦੇ ਹੱਥਾਂ ਵਿੱਚ ਵਿਵਸਥਾ ਦਾ ਟੋਕਾ ਸੀ –
ਬੱਸ ਓਦੋਂ ਹੀ ਮੈਨੂੰ ਤੱਥਾਂ ਦੇ ਤੱਥ ਦਾ ਇਲਮ ਹੋਇਆ
ਕਿ ਟੋਕੇ ਦੀ ਸ਼ਕਲ ਝੰਡੇ ਵਰਗੀ ਹੁੰਦੀ ਹੈ।
ਮੁੰਡਿਓ, ਮੇਰਾ ਸੱਚ ਨਾ ਮੰਨਣਾ-ਜੇ ਆਖਾਂ
ਸਿਰਫ ਕੱਪੜੇ ਦਾ ਟੋਕਾ ਛਾਂਗ ਸਕਦਾ ਹੈ ਮਨੁੱਖੀ ਹਿੱਕ ਅੰਦਰਲੀ ਗੂੰਜ ਨੂੰ
ਜੇ ਆਖਾਂ-ਹਰ ਸੱਚਾਈ ਕੇਵਲ ਛਾਂਗੀ ਹੋਈ ਡਾਡ ਹੁੰਦੀ ਹੈ
ਜੇ ਆਖਾਂ-ਪੰਦਰਵੇਂ ਤੋਂ ਬਾਦ
ਹਰ ਵਰ੍ਹਾ ਸਿਵਿਆਂ 'ਚੋਂ ਉੱਠਦੀ ਭਾਫ਼ ਦਾ ਗੁਬਾਰ ਹੁੰਦਾ ਹੈ।
ਮੈਂ ਮੁੰਡਿਓ, ਹੁਣ ਤੁਹਾਡੇ 'ਚੋਂ ਨਹੀਂ ਹਾਂ
ਮੈਂ ਇੱਲ ਦੇ ਪੰਜਿਆਂ 'ਚ ਉੱਡ ਰਿਹਾ ਅਜ਼ਾਦ ਚੂਹਾ ਹਾਂ
ਘੁਸਮੁਸੇ ਦੀ ਚੰਭਲੀ ਹੋਈ ਅੱਖ ਹਾਂ
ਇਤਿਹਾਸ ਦੇ ਤਾਲਾ ਲੱਗੇ ਹੋਏ ਬੂਹੇ 'ਤੇ ਬੈਠਾ ਪ੍ਰਾਹੁਣਾ ਹਾਂ
ਬਾਰਾਂਮਾਹ 'ਚੋਂ ਵਰਜਤ ਕੋਈ ਮਸਾਂਦ ਹਾਂ
ਜਿਸ ਤੋਂ ਕੁਝ ਵੀ ਸ਼ੁਰੂ ਜਾਂ ਖ਼ਤਮ ਨਹੀਂ ਹੁੰਦਾ –
ਕਵਿਤਾ ਨਹੀਂ, ਮੇਰੀ ਅਵਾਜ਼ ਕੇਵਲ ਗੰਦ 'ਤੇ ਵਰ੍ਹਦਾ ਮੀਂਹ ਹੈ।
ਤੁਹਾਡੇ ਲਈ ਅਸੀਸ ਨਾ ਨਸੀਹਤ
ਮੇਰੇ ਸ਼ਬਦ ਧੁਲਾਈ ਕਰਦੇ ਹੋਏ ਵੀ ਬਦਬੂ ਖਿੰਡਾ ਰਹੇ ਨੇ...
ਅਸਲ ਵਿੱਚ ਮੁੰਡਿਓ, ਮੈਂ ਬਹੁਤ ਦਹਿਲ ਗਿਆ ਹਾਂ ਇਸ ਭਿਆਨਕ ਤਸੀਹੇ ਤੋਂ
ਕਿ ਅੱਜ ਕੱਲ੍ਹ ਪਰਬਤਾਂ 'ਤੇ ਚੜ੍ਹਨਾ ਵੀ ਇਓਂ ਲਗਦਾ ਹੈ
ਜਿਵੇਂ ਕਿਸੇ ਲੰਮੀ ਢਲਾਣ 'ਤੋਂ ਉੱਤਰ ਰਿਹਾ ਹੋਵਾਂ
ਸਾਗਰ ਦੀ ਛਾਤੀ 'ਤੇ ਤਰਨਾ ਇੰਝ ਹੈ
ਜਿਵੇਂ ਡੁੱਬਣ ਦੀ ਬੜੀ ਹੀ ਧੀਮੀ ਜਹੀ ਕਿਰਿਆ ਹੋਵੇ।
ਇਹ ਕੇਹਾ ਤਸੀਹਾ ਹੈ,
ਕਿ ਤੁਸੀਂ ਕੁੜੀਆਂ, ਫੁੱਲਾਂ ਤੇ ਪਰਿੰਦਿਆਂ ਨੂੰ ਤੱਕਦੇ ਪਏ ਹੋਵੋ
ਤੇ ਅੱਗੋਂ ਖਲਾਅ ਹੀ ਖਲਾਅ, ਤੁਹਾਡੀਆਂ ਅੱਖਾਂ ਵਿੱਚ ਮਿਰਚਾਂ ਦੇ ਵਾਂਗ ਲੜੇ
ਮੈਂ ਸਾਰੇ ਦਾ ਸਾਰਾ ਹੰਭ ਗਿਆ ਹਾਂ,
ਇਸ ਮਸ਼ੀਨੀ ਜਹੀ ਹਫੜਾ ਦਫੜੀ 'ਚ ਤੁਰਦੇ ਹੋਏ
ਜਿੱਥੇ ਰਿਸ਼ਤੇ ਅੰਨ੍ਹੇ ਵੇਗ 'ਚ, ਆਪਣੇ ਅਰਥਾਂ ਨਾਲ ਟਕਰਾ ਗਏ ਹਨ
ਮੈਂ - ਜੋ ਸਿਰਫ਼ ਇੱਕ ਆਦਮੀ ਬਣਨਾ ਚਾਹੁੰਦਾ ਸਾਂ,
ਇਹ ਕੀ ਬਣਾ ਦਿੱਤਾ ਗਿਆ ਹਾਂ ?
ਤੇ ਹੁਣ ਮੈਂ ਚਾਹੁੰਦਾ ਹਾਂ, ਸੜਕ 'ਤੇ ਜਾ ਰਹੇ ਕਿਸੇ ਮਾਡਲ ਸਕੂਲ ਦੇ ਰਿਕਸ਼ਾ ਵਿੱਚ
'ਛੜੱਪ ਦੇਣੀ" ਚੜ੍ਹ ਜਾਵਾਂ ਤੇ ਟਾਫੀ ਚੂਸਦਾ ਹੋਇਆ
ਇਸ ਉੱਧੜੇ ਗੁੱਧੜੇ ਫੈਲੇ ਹੋਏ ਸੰਸਾਰ ਨੂੰ, ਮਾਸੂਮ ਜਹੀ ਤੱਕਣੀ ਨਾਲ ਘੂਰਾਂ
ਤੇ ਉਨ੍ਹਾਂ ਸਾਰੀਆਂ ਆਲਮੀ ਸੱਚਾਈਆਂ ਉੱਤੇ,
ਨਵੇਂ ਸਿਰਿਓਂ ਯਕੀਨ ਕਰਨਾ ਸ਼ੁਰੂ ਕਰਾਂ
ਜਿਵੇਂ ਉਹ ਇੰਨ ਬਿੰਨ ਸੱਚੀਆਂ ਹੀ ਹੋਣ...
***
ਮੈਂ ਹੁਣ ਵਿਦਾ ਹੁੰਦਾ ਹਾਂ
ਮੈਂ ਹੁਣ ਵਿਦਾ ਹੁੰਦਾ ਹਾਂ
ਮੇਰੀ ਦੋਸਤ ਮੈਂ ਹੁਣ ਵਿਦਾ ਹੁੰਦਾ ਹਾਂ।
ਮੈਂ ਇੱਕ ਕਵਿਤਾ ਲਿਖਣੀ ਚਾਹੀ ਸੀ।
ਤੂੰ ਜਿਸ ਨੂੰ ਸਾਰੀ ਉਮਰ ਪੜ੍ਹਦੀ ਰਹਿ ਸਕੇਂ
ਉਸ ਕਵਿਤਾ ਵਿੱਚ
ਮਹਿਕਦੇ ਹੋਏ ਧਨੀਏ ਦਾ ਜ਼ਿਕਰ ਹੋਣਾ ਸੀ
ਕਮਾਦਾਂ ਦੀ ਸਰਸਰਾਹਟ ਦਾ ਜ਼ਿਕਰ ਹੋਣਾ ਸੀ
ਤੇ ਗੰਦਲਾਂ ਦੀ ਨਾਜ਼ੁਕ ਸ਼ੋਖੀ ਦਾ ਜ਼ਿਕਰ ਹੋਣਾ ਸੀ।
ਉਸ ਕਵਿਤਾ ਵਿੱਚ ਰੁੱਖਾਂ ਉੱਤੋਂ ਚੋਂਦੀਆਂ ਧੁੰਦਾਂ
ਅਤੇ ਬਾਲਟੀ ਵਿੱਚ ਚੋਏ ਦੁੱਧ 'ਤੇ ਗੌਂਦੀਆਂ ਝੱਗਾਂ ਦਾ ਜ਼ਿਕਰ ਹੋਣਾ ਸੀ
ਤੇ ਜੋ ਵੀ ਹੋਰ
ਮੈਂ ਤੇਰੇ ਜਿਸਮ ਵਿੱਚੋਂ ਤੱਕਿਆ
ਉਸ ਸਾਰੇ ਕਾਸੇ ਦਾ ਜ਼ਿਕਰ ਹੋਣਾ ਸੀ
ਉਸ ਕਵਿਤਾ ਵਿੱਚ ਮੇਰੇ ਹੱਥਾਂ ਉਤਲੇ ਰੱਟਣਾਂ ਨੇ ਮੁਸਕਰੌਣਾ ਸੀ
ਮੇਰੇ ਪੱਟਾਂ ਦੀਆਂ ਮਛਲੀਆਂ ਨੇ ਤੈਰਨਾ ਸੀ
ਤੇ ਮੇਰੀ ਹਿੱਕ ਦੇ ਵਾਲਾਂ ਦੇ ਨਰਮ ਸ਼ਾਲ ਵਿੱਚੋਂ
ਨਿੱਘ ਦੀਆਂ ਲਪਟਾਂ ਉੱਠਣੀਆਂ ਸਨ
ਉਸ ਕਵਿਤਾ ਵਿੱਚ
ਤੇਰੇ ਲਈ
ਮੇਰੇ ਲਈ
ਤੇ ਜ਼ਿੰਦਗੀ ਦੇ ਸਾਰੇ ਸਾਕਾਂ ਲਈ ਬਹੁਤ ਕੁਝ ਹੋਣਾ ਸੀ ਮੇਰੀ ਦੋਸਤ,
ਪਰ ਬੜਾ ਈ ਬੇਸਵਾਦਾ ਏ
ਦੁਨੀਆਂ ਦੇ ਇਸ ਉਲਝੇ ਹੋਏ ਨਕਸ਼ੇ ਨਾਲ ਨਿਪਟਣਾ।
ਤੇ ਜੇ ਮੈਂ ਲਿਖ ਵੀ ਲੈਂਦਾ
ਉਹ ਸ਼ਗਨਾਂ ਭਰੀ ਕਵਿਤਾ
ਤਾਂ ਉਸ ਨੇ ਉਂਝ ਹੀ ਦਮ ਤੋੜ ਦੇਣਾ ਸੀ
ਤੈਨੂੰ ਤੇ ਮੈਨੂੰ ਛਾਤੀ ਉੱਤੇ ਵਿਲਕਦੇ ਛੱਡ ਕੇ
ਮੇਰੀ ਦੋਸਤ, ਕਵਿਤਾ ਬਹੁਤ ਹੀ ਨਿਸੱਤੀ ਹੋ ਗਈ ਹੈ
ਜਦ ਕਿ ਹਥਿਆਰਾਂ ਦੇ ਨੌਂਹ ਭੈੜੀ ਤਰ੍ਹਾਂ ਵਧ ਆਏ ਹਨ
ਤੇ ਹੁਣ ਹਰ ਤਰ੍ਹਾਂ ਦੀ ਕਵਿਤਾ ਤੋਂ ਪਹਿਲਾਂ
ਹਥਿਆਰਾਂ ਨਾਲ ਯੁੱਧ ਕਰਨਾ ਜ਼ਰੂਰੀ ਹੋ ਗਿਆ ਹੈ
ਯੁੱਧ ਵਿੱਚ
ਹਰ ਚੀਜ਼ ਨੂੰ ਬੜੀ ਸੌਖੀ ਤਰ੍ਹਾਂ ਸਮਝ ਲਿਆ ਜਾਂਦਾ ਹੈ
ਆਪਣਾ ਜਾਂ ਦੁਸ਼ਮਣ ਦਾ ਨਾਂ ਲਿਖਣ ਵਾਂਗ...
ਤੇ ਇਸ ਹਾਲਤ 'ਚ
ਮੇਰੇ ਚੁੰਮਣ ਲਈ ਵਧੇ ਹੋਏ ਬੁੱਲ੍ਹਾਂ ਦੀ ਗੋਲਾਈ ਨੂੰ
ਧਰਤੀ ਦੇ ਆਕਾਰ ਦੀ ਉਪਮਾ
ਜਾਂ ਤੇਰੇ ਲੱਕ ਦੇ ਲਹਿਰਨ ਨੂੰ
ਸਮੁੰਦਰ ਦੇ ਸਾਹ ਲੈਣ ਦੀ ਤੁਲਨਾ ਦੇਣਾ
ਬੜਾ ਮਜ਼ਾਕ ਜਿਹਾ ਲੱਗਣਾ ਸੀ।
ਸੋ ਮੈਂ ਅਜਿਹਾ ਕੁਝ ਨਹੀਂ ਕੀਤਾ,
ਤੈਨੂੰ,
ਤੇਰੀ ਮੇਰੇ ਵਿਹੜੇ ਵਿੱਚ ਬੱਚੇ ਖਿਡਾ ਸਕਣ ਦੀ ਖ਼ਾਹਿਸ਼ ਨੂੰ
ਤੇ ਯੁੱਧ ਦੀ ਸਮੁੱਚਤਾ ਨੂੰ
ਇੱਕੋ ਕਤਾਰ ਵਿੱਚ ਖੜਾ ਕਰਨਾ ਮੇਰੇ ਲਈ ਸੰਭਵ ਨਹੀਂ ਹੋਇਆ
ਤੇ ਮੈਂ ਹੁਣ ਵਿਦਾ ਹੁੰਦਾ ਹਾਂ।
ਮੇਰੀ ਦੋਸਤ, ਆਪਾਂ ਯਾਦ ਰੱਖਾਂਗੇ
ਕਿ ਦਿਨੇ ਲੁਹਾਰ ਦੀ ਭੱਠੀ ਦੇ ਵਾਂਗ ਤਪਣ ਵਾਲੇ
ਆਪਣੇ ਪਿੰਡ ਦੇ ਟਿੱਬੇ
ਰਾਤ ਨੂੰ ਫੁੱਲਾਂ ਵਾਂਗ ਮਹਿਕ ਉੱਠਦੇ ਹਨ,
ਤੇ ਚਾਂਦਨੀ ਵਿੱਚ ਰਸੇ ਹੋਏ ਟੋਕ ਦੇ ਢੇਰਾਂ 'ਤੇ ਲੇਟ ਕੇ
ਸਵਰਗ ਨੂੰ ਗਾਹਲ ਕੱਢਣਾ, ਬੜਾ ਸੰਗੀਤਮਈ ਹੁੰਦਾ ਹੈ।
ਹਾਂ ਇਹ ਸਾਨੂੰ ਯਾਦ ਰੱਖਣਾ ਪਏਗਾ ਕਿਉਂਕਿ
ਜਦੋਂ ਦਿਲ ਦੀਆਂ ਜੇਬਾਂ 'ਚ ਕੁਝ ਨਹੀਂ ਹੁੰਦਾ
ਯਾਦ ਕਰਨਾ ਬੜਾ ਈ ਸੁਖਾਵਾਂ ਲਗਦਾ ਹੈ।
ਮੈਂ ਇਸ ਵਿਦਾਈ ਦੀ ਘੜੀ ਧੰਨਵਾਦ ਕਰਨਾ ਚਾਹੁੰਦਾ ਹਾਂ
ਉਨ੍ਹਾਂ ਸਾਰੀਆਂ ਹੁਸੀਨ ਚੀਜ਼ਾਂ ਦਾ
ਜੋ ਸਾਡੀਆਂ ਮਿਲਣੀਆਂ 'ਤੇ ਤੰਬੂ ਵਾਂਗ ਤਣਦੀਆਂ ਰਹੀਆਂ
ਤੇ ਉਨ੍ਹਾਂ ਆਮ ਥਾਵਾਂ ਦਾ
ਜੋ ਸਾਡੇ ਮਿਲਣ 'ਤੇ ਹੁਸੀਨ ਹੋ ਗਈਆਂ,
ਮੈਂ ਧੰਨਵਾਦ ਕਰਦਾ ਹਾਂ -
ਆਪਣੇ ਸਿਰ 'ਤੇ ਠਹਿਰ ਜਾਣ ਵਾਲੀ
ਤੇਰੇ ਵਾਂਗ ਹੌਲ਼ੀ ਤੇ ਗੀਤਾਂ ਭਰੀ ਹਵਾ ਦਾ
ਜੋ ਮੇਰਾ ਚਿੱਤ ਲਾਈ ਰੱਖਦੀ ਰਹੀ ਤੇਰੀ ਉਡੀਕ ਕਰਦਿਆਂ,
ਆਡ ਉੱਤੇ ਉੱਗੇ ਹੋਏ ਰੇਸ਼ਮੀ ਘਾਹ ਦਾ
ਜੋ ਤੇਰੀ ਰੁਮਕਦੀ ਹੋਈ ਤੋਰ ਦੇ ਅੱਗੇ ਸਦਾ ਵਿਛ ਵਿਛ ਗਿਆ,
ਟੀਂਡਿਆਂ 'ਚੋਂ ਕਿਰੀਆਂ ਕਪਾਹਾਂ ਦਾ
ਜਿਨ੍ਹਾਂ ਨੇ ਕਦੇ ਵੀ ਕੋਈ ਉਜ਼ਰ ਨਾ ਕੀਤਾ
ਤੇ ਸਦਾ ਮੁਸਕਰਾ ਕੇ ਆਪਣੇ ਲਈ ਸੇਜ਼ ਬਣ ਗਈਆਂ,
ਗੰਨਿਆਂ ਉੱਤੇ ਤੈਨਾਤ ਪਿੱਦੀਆਂ ਦਾ
ਜਿਨ੍ਹਾਂ ਨੇ ਆਉਂਦੇ ਜਾਂਦੇ ਦੀ ਬਿੜਕ ਰੱਖੀ
ਜਵਾਨ ਹੋਈਆਂ ਕਣਕਾਂ ਦਾ
ਜੋ ਸਾਨੂੰ ਬੈਠਿਆਂ ਨਾ ਸਹੀ, ਲੇਟਿਆਂ ਤਾਂ ਢਕਦੀਆਂ ਰਹੀਆਂ।
ਮੈਂ ਧੰਨਵਾਦ ਕਰਦਾਂ, ਸਰ੍ਹੋਂ ਦੇ ਨਿੱਕਿਆਂ ਫੁੱਲਾਂ ਦਾ
ਜਿਨ੍ਹਾਂ ਮੈਨੂੰ ਕਈ ਵਾਰੀ ਬਖਸ਼ਿਆ ਮੌਕਾ
ਪਰਾਗ਼ ਕੇਸਰ ਤੇਰਿਆਂ ਵਾਲਾਂ 'ਚੋਂ ਝਾੜਨ ਦਾ।
ਮੈਂ ਮਨੁੱਖ ਹਾਂ, ਬਹੁਤ ਕੁਝ ਨਿੱਕਾ ਨਿੱਕਾ ਜੋੜ ਕੇ ਬਣਿਆ ਹਾਂ
ਤੇ ਉਨ੍ਹਾਂ ਸਾਰੀਆਂ ਚੀਜ਼ਾਂ ਲਈ
ਜਿਨ੍ਹਾਂ ਮੈਨੂੰ ਖਿੰਡਰ ਜਾਣ ਤੋਂ ਬਚਾਈ ਰੱਖਿਆ
ਮੇਰੇ ਕੋਲ ਬਹੁਤ ਸ਼ੁਕਰਾਨਾ ਹੈ
ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ।
ਪਿਆਰ ਕਰਨਾ ਬੜਾ ਹੀ ਸਹਿਜ ਹੈ
ਜਿਵੇਂ ਕਿ ਜ਼ੁਲਮ ਨੂੰ ਸਹਾਰਦੇ ਹੋਇਆਂ
ਆਪਣੇ ਆਪ ਨੂੰ ਲੜਾਈ ਲਈ ਤਿਆਰ ਕਰਨਾ,
ਜਾਂ ਜਿਵੇਂ ਗੁਪਤਵਾਸ ਵਿੱਚ ਵੱਜੀ ਹੋਈ ਗੋਲ਼ੀ ਤੋਂ
ਕਿਸੇ ਛੰਨ ਅੰਦਰ ਪਏ ਰਹਿ ਕੇ
ਜ਼ਖਮ ਦੇ ਭਰਨ ਵਾਲ਼ੇ ਦਿਨ ਦੀ ਕੋਈ ਕਲਪਨਾ ਕਰੇ :
ਪਿਆਰ ਕਰਨਾ
ਤੇ ਲੜ ਸਕਣਾ
ਜੀਣ ਤੇ ਈਮਾਨ ਲੈ ਆਉਣਾ ਮੇਰੀ ਦੋਸਤ, ਇਹੋ ਹੁੰਦਾ ਹੈ।
ਧੁੱਪ ਵਾਂਗ ਧਰਤੀ 'ਤੇ ਖਿੜ ਜਾਣਾ,
ਤੇ ਫਿਰ ਗਲਵੱਕੜੀ ਵਿੱਚ ਸਿਮਟ ਜਾਣਾ,
ਬਰੂਦ ਵਾਂਗ ਭੜਕ ਉੱਠਣਾ
ਤੇ ਚੌਹਾਂ ਕੂਟਾਂ ਅੰਦਰ ਗੂੰਜ ਜਾਣਾ-
ਜੀਣ ਦਾ ਇਹੋ ਈ ਸਲੀਕਾ ਹੁੰਦਾ ਹੈ।
ਪਿਆਰ ਕਰਨਾ ਤੇ ਜੀਣਾ ਉਨ੍ਹਾਂ ਨੂੰ ਕਦੇ ਨਹੀਂ ਆਉਣਾ
ਜਿਨ੍ਹਾਂ ਨੂੰ ਜ਼ਿੰਦਗੀ ਨੇ ਬਾਣੀਏ ਬਣਾ ਦਿੱਤਾ।
ਜਿਸਮਾਂ ਦਾ ਰਿਸ਼ਤਾ ਸਮਝ ਸਕਣਾ –
ਖ਼ੁਸ਼ੀ ਤੇ ਨਫ਼ਰਤ ਵਿੱਚ ਕਦੇ ਵੀ ਲੀਕ ਨਾ ਖਿੱਚਣਾ
ਜ਼ਿੰਦਗੀ ਦੇ ਫੈਲੇ ਹੋਏ ਆਕਾਰ 'ਤੇ ਫ਼ਿਦਾ ਹੋਣਾ –
ਸਹਿਮ ਨੂੰ ਚੀਰ ਕੇ ਮਿਲਣਾ ਅਤੇ ਵਿਦਾ ਹੋਣਾ –
ਬੜਾ ਸੂਰਮਗਤੀ ਦਾ ਕੰਮ ਹੁੰਦਾ ਹੈ ਮੇਰੀ ਦੋਸਤ
ਮੈਂ ਹੁਣ ਵਿਦਾ ਹੁੰਦਾ ਹਾਂ।
ਤੂੰ ਭੁੱਲ ਜਾਵੀਂ
ਮੈਂ ਤੈਨੂੰ ਕਿਸ ਤਰ੍ਹਾਂ ਝਿੰਮਣਾਂ ਦੇ ਅੰਦਰ ਪਾਲ ਕੇ ਜਵਾਨ ਕੀਤਾ
ਕਿ ਮੇਰੀਆਂ ਨਜ਼ਰਾਂ ਨੇ ਕੀ ਕੁਝ ਨਹੀਂ ਕੀਤਾ
ਤੇਰੇ ਨਕਸ਼ਾਂ ਦੀ ਧਾਰ ਬੰਨ੍ਹਣ ਵਿੱਚ,
ਕਿ ਮੇਰੇ ਚੁੰਮਣਾਂ ਨੇ ਕਿੰਨਾ ਖੂਬਸੂਰਤ ਕਰ ਦਿੱਤਾ ਤੇਰਾ ਚਿਹਰਾ
ਕਿ ਮੇਰੀਆਂ ਜੱਫੀਆਂ ਨੇ
ਤੇਰਾ ਮੋਮ ਵਰਗਾ ਪਿੰਡਾ ਕਿੰਜ ਸੱਚੇ 'ਚ ਢਾਲਿਆ
ਤੂੰ ਇਹ ਸਾਰਾ ਈ ਕੁਝ ਭੁੱਲ ਜਾਵੀਂ ਮੇਰੀ ਦੋਸਤ
ਸਿਵਾ ਇਸ ਤੋਂ
ਕਿ ਮੈਨੂੰ ਜੀਣ ਦੀ ਬਹੁਤ ਲੋਚਾ ਸੀ
ਕਿ ਮੈਂ ਗਲੇ ਤੀਕਰ ਜ਼ਿੰਦਗੀ ਵਿੱਚ ਡੁੱਬਣਾ ਚਾਹੁੰਦਾ ਸਾਂ,
ਮੇਰੇ ਵੀ ਹਿੱਸੇ ਦਾ ਜੀਅ ਲੈਣਾ ਮੇਰੀ ਦੋਸਤ,
ਮੇਰੇ ਵੀ ਹਿੱਸੇ ਦਾ ਜੀਅ ਲੈਣਾ।
***
ਪ੍ਰਤੀਬੱਧਤਾ
ਅਸੀਂ ਐਵੇਂ ਮੁੱਚੀਂ ਦਾ ਕੁਝ ਵੀ ਨਹੀਂ ਚਾਹੁੰਦੇ
ਜਿਸ ਤਰ੍ਹਾਂ ਸਾਡੇ ਡੌਲਿਆਂ ਵਿੱਚ ਖੱਲੀਆਂ ਹਨ,
ਜਿਸ ਤਰ੍ਹਾਂ ਬਲਦਾਂ ਦੀ ਪਿੱਠ 'ਤੇ ਉੱਭਰੀਆਂ,
ਪਰਾਣੀਆਂ ਦੀਆਂ ਲਾਸਾਂ ਹਨ,
ਜਿਸ ਤਰ੍ਹਾਂ ਕਰਜ਼ੇ ਦੇ ਕਾਗ਼ਜ਼ਾਂ ਵਿੱਚ,
ਸਾਡਾ ਸਹਿਮਿਆ ਤੇ ਸੁੰਗੜਿਆ ਭਵਿੱਖ ਹੈ
ਅਸੀਂ ਜ਼ਿੰਦਗੀ, ਬਰਾਬਰੀ ਜਾਂ ਕੁਝ ਵੀ ਹੋਰ
ਏਸੇ ਤਰ੍ਹਾਂ ਸੱਚੀਮੁਚੀਂ ਦਾ ਚਾਹੁੰਦੇ ਹਾਂ
ਜਿਸ ਤਰ੍ਹਾਂ ਸੂਰਜ, ਹਵਾ ਤੇ ਬੱਦਲ
ਘਰਾਂ ਤੇ ਖੇਤਾਂ ਵਿੱਚ ਸਾਡੇ ਅੰਗ ਸੰਗ ਰਹਿੰਦੇ ਹਨ
ਅਸੀਂ ਓਸ ਤਰ੍ਹਾਂ
ਹਕੂਮਤਾਂ, ਵਿਸ਼ਵਾਸਾਂ ਤੇ ਖ਼ੁਸ਼ੀਆਂ ਨੂੰ
ਆਪਣੇ ਨਾਲ ਨਾਲ ਤੱਕਣਾ ਚਾਹੁੰਦੇ ਹਾਂ
ਡਾਢਿਓ, ਅਸੀਂ ਸਾਰਾ ਕੁਝ ਸੱਚੀਮੁੱਚੀਂ ਦਾ ਦੇਖਣਾ ਚਾਹੁੰਦੇ ਹਾਂ।
ਅਸੀਂ ਉਸ ਤਰ੍ਹਾਂ ਦਾ ਕੁਝ ਵੀ ਨਹੀਂ ਚਾਹੁੰਦੇ
ਜਿਵੇਂ ਸ਼ਰਾਬ ਦੇ ਮੁਕੱਦਮੇ 'ਚ
ਕਿਸੇ ਟਾਊਟ ਦੀ ਗਵਾਹੀ ਹੁੰਦੀ ਹੈ,
ਜਿਵੇਂ ਪਟਵਾਰੀ ਦਾ 'ਈਮਾਨ' ਹੁੰਦਾ ਹੈ,
ਜਾਂ ਜਿਵੇਂ ਆੜ੍ਹਤੀ ਦੀ ਕਸਮ ਹੁੰਦੀ ਹੈ –
ਅਸੀਂ ਚਾਹੁੰਦੇ ਹਾਂ ਆਪਣੀ ਤਲੀ 'ਤੇ ਕੋਈ ਇਸ ਤਰ੍ਹਾਂ ਦਾ ਸੱਚ
ਜਿਵੇਂ ਗੁੜ ਦੀ ਪੱਤ ਚ 'ਕਣ' ਹੁੰਦਾ ਹੈ
ਜਿਵੇਂ ਮਿਲਣੀ ਸਮੇਂ ਮਹਿਬੂਬ ਦੇ ਹੋਠਾਂ ਤੇ
ਕੋਈ ਮਲਾਈ ਵਰਗੀ ਚੀਜ਼ ਹੁੰਦੀ ਹੈ
ਅਸੀਂ ਨਹੀਂ ਚਾਹੁੰਦੇ
ਪੁਲਸ ਦੀਆਂ ਲਾਠੀਆਂ 'ਤੇ ਟੰਗੀਆਂ ਕਿਤਾਬਾਂ ਨੂੰ ਪੜ੍ਹਨਾ
ਅਸੀਂ ਨਹੀਂ ਚਾਹੁੰਦੇ
ਹੁਨਰ ਦਾ ਗੀਤ, ਫੌਜੀ ਬੂਟਾਂ ਦੀਆਂ ਟਾਪਾਂ 'ਤੇ ਗਾਉਣਾ
ਅਸੀਂ ਤਾਂ ਰੁੱਖਾਂ ਉੱਤੇ ਛਣਕਦੇ ਸੰਗੀਤ ਨੂੰ
ਸਧਰਾਏ ਹੋਏ ਪੋਟਿਆਂ ਦੇ ਨਾਲ ਛੂਹ ਕੇ ਦੇਖਣਾ ਚਾਹੁੰਦੇ ਹਾਂ
ਅੱਥਰੂ ਗੈਸ ਦੇ ਧੂੰਏਂ 'ਚ ਲੂਣ ਚੱਟਣਾ
ਜਾਂ ਆਪਣੀ ਜੀਭ ਉੱਤੇ ਆਪਣੇ ਹੀ ਲਹੂ ਦਾ ਸਵਾਦ ਚੱਖਣਾ
ਕਿਸੇ ਲਈ ਵੀ ਮਨੋਰੰਜਕ ਨਹੀਂ ਹੋ ਸਕਦਾ
ਪਰ
ਅਸੀਂ ਐਵੇਂ ਮੁੱਚੀਂ ਦਾ ਕੁਝ ਵੀ ਨਹੀਂ ਚਾਹੁੰਦੇ
ਤੇ ਅਸੀਂ ਸਾਰਾ ਕੁਝ ਸੱਚੀਂ ਮੁੱਚੀਂ ਦਾ ਦੇਖਣਾ ਚਾਹੁੰਦੇ ਹਾਂ
ਜ਼ਿੰਦਗੀ, ਸਮਾਜਵਾਦ ਜਾਂ ਕੁਝ ਵੀ ਹੋਰ...
***
ਕੱਲ੍ਹ
ਕੱਲ੍ਹ ਸਾਡੇ ਪਿੰਡ ਵਿੱਚ ਕੁਝ ਵੀ ਨਹੀਂ ਹੋਇਆ
ਪਰਸੋਂ ਨੂੰ ਖਵਰੇ ਨਾਜਾਇਜ਼ ਗਰਭ ਸੀ
ਕਿ ਪਿੰਡ ਦੀਆਂ ਰੂੜੀਆਂ 'ਤੇ ਸੁੱਟ ਕੇ ਚਲੀ ਗਈ
ਕਿਰਨਾਂ ਦੀ ਕਿਆਂ ਕਿਆਂ,
ਐਵੇਂ ਘਰ ਦਿਆਂ ਤੋਂ ਝਿੜਕ ਖਾਣੀ ਸੀ
ਕਿ ਉਸ ਨੂੰ ਤਰਸ ਖਾ ਕੇ ਬੱਠਲਾਂ 'ਚ ਪਾ ਲਿਆਈਆਂ
ਗੋਹਾ ਕੂੜਾ ਕਰਦੀਆਂ ਕੁੜੀਆਂ।
ਉਂਝ ਕੱਲ੍ਹ ਦੀ ਕਿਸੇ ਨੂੰ ਉਡੀਕ ਨਾ ਸੀ-
ਦੋਧੀ ਦੇ ਸਾਈਕਲ ਦੀ ਚੇਨ
ਬਹੁਤ ਹੀ ਪੁਰਾਣੀ ਸੀ ਕਿ ਵਲੂੰਧਰੇ ਗਏ
ਬੂਰੀਆਂ ਦੇ ਰੇਸ਼ਮ ਵਰਗੇ ਥਣ,
ਜਾਂ ਖੁੱਭ ਗਈ ਹਾਲੀ ਦੇ ਨੰਗੇ ਪੈਰ ਵਿੱਚ
ਘਸ ਕੇ ਲੱਥੀ ਬਲਦ ਦੀ ਖੁਰੀ,
ਜਾਂ ਮਰ ਗਿਆ ਟਰੱਕ ਹੇਠਾਂ ਆਣ ਕੇ
ਭੱਤੇ ਦੇ ਮਗਰ ਜਾ ਰਿਹਾ ਕੁੱਤਾ
ਨਿਆਣੇ ਬੰਟਿਆਂ ਨਾਲ ਖੇਡਦੇ ਰਹੇ
ਛੱਤ 'ਤੇ ਖੜੀ ਸਰਪੰਚ ਦੀ ਕੁੜੀ
ਬੜਾ ਚਿਰ ਕੇਸ ਵਾਹੁੰਦੀ ਰਹੀ –
ਕੱਲ੍ਹ ਸਾਡੇ ਪਿੰਡ ਵਿੱਚ ਕੁਝ ਨਹੀਂ ਹੋਇਆ
ਕੱਲ੍ਹ ਵੀ ਸਾਡੇ ਮੂੰਹ ਸਨ - ਚਿਹਰੇ ਨਹੀਂ ਸਨ
ਕੱਲ੍ਹ ਵੀ ਅਸੀਂ ਸਮਝਦੇ ਰਹੇ ਕਿ ਦਿਲ ਹੀ ਸੋਚਦਾ ਹੈ।
ਰੱਬ ਕੱਲ੍ਹ ਵੀ ਅੰਬਰ ਦੀਆਂ ਨੀਲੱਤਣਾਂ ਵਿੱਚ ਕੈਦ ਹੀ ਰਿਹਾ,
ਨਿਰਾਸ਼ ਆਜੜੀ ਦੇ ਵਾੜੇ ਵਿੱਚ
ਉਹਦੀ ਕੱਲ੍ਹ ਵੀ ਗ਼ੈਰ-ਹਾਜ਼ਰੀ ਲੱਗੀ
ਕੱਲ੍ਹ ਵੀ ਸਾਨੂੰ ਰਿਹਾ ਯਕੀਨ
ਕਿ ਮਥਰਾ ਦਾ ਰਾਜਾ ਸੱਚਮੁੱਚ ਸੁਦਾਮੇ ਦਾ
ਮਿੱਤਰ ਹੀ ਹੋਵੇਗਾ ਨਹੀਂ ਤਾਂ
ਪੈਰ ਧੋ ਕੇ ਕਿਉਂ ਪੀਂਦਾ –
ਕੱਲ੍ਹ ਵੀ ਸਾਨੂੰ ਕ੍ਰਿਸ਼ਨ ਦੀ ਝਾਕਾ ਜਹੀ ਰਹੀ
ਕੱਲ੍ਹ ਸਾਡੇ ਪਿੰਡ ਵਿੱਚ ਕੁਝ ਵੀ ਨਹੀਂ ਹੋਇਆ
ਕੱਲ੍ਹ ਦੀ ਕਿਸ ਨੂੰ ਉਡੀਕ ਸੀ
ਕੱਲ੍ਹ ਤੋਂ ਜ਼ਿਆਦਾ ਸਾਨੂੰ ਚੰਗੇ ਜਹੇ ਤਮਾਖੂ ਦੀ ਚਾਹਨਾ ਸੀ
ਕੀ ਸੀ ਨਾ ਵੀ ਖੜਕਦਾ ਜੇ ਦੋ ਵਾਰ ਮੰਦਰ ਦਾ ਟੱਲ ?
***
ਅੱਜ ਦਾ ਦਿਨ
ਲਗਦਾ ਹੈ ਇਹ ਸਵੇਰ ਨਹੀਂ ਹੈ
ਮੌਤ ਦੀ ਹਥੇਲੀ ਉੱਤੇ ਆਠਰੀ ਹੋਈ ਮੁਸਕਰਾਹਟ ਹੈ
ਰਾਤ ਦੀ ਰੋ ਰੋ ਸੁੱਜੀ ਅੱਖ ਹੈ
ਸੂਰਜ ਵਰਗਾ ਕੁੱਝ ਕਿਧਰੇ ਨਹੀਂ ਹੈ।
ਘੁੱਗੀਆਂ ਦੇ ਗੁਟਕਣ 'ਤੇ ਕੁਝ ਵੀ ਸ਼ੁਰੂ ਨਹੀਂ ਹੋਇਆ
ਸ਼ਾਇਦ ਅੱਜ ਦਾ ਦਿਨ ਬਚਨੇ ਅਮਲੀ ਦੇ ਹਾਉਕੇ ਤੋਂ ਸ਼ੁਰੂ ਹੋਇਆ ਹੈ
ਬਿੱਲੀ ਰੋਹੜ ਗਈ ਜੀਹਦਾ,
ਭਿਓਂ ਕੇ ਰੱਖੇ ਡੋਡਿਆਂ ਦਾ ਛੰਨਾ
ਅੱਜ ਦਾ ਦਿਨ ਸ਼ਾਇਦ ਕਰਮੂ ਦੀ ਸੁੱਕਦੀ ਜਾ ਰਹੀ ਰੌਣੀ 'ਚ ਉੱਗਿਆ ਹੈ
ਖੁਰਲੀ 'ਤੇ ਬੱਝਿਆ ਬੀਬਾ ਬਲਦ ਜਿਸਦਾ
ਰਾਤੀਂ ਮਾਰ ਗਿਆ ਸੀ ਸਾਹਨ ਸਰਕਾਰੀ ।
ਅੱਜ ਦਾ ਦਿਨ ਫਟੇ ਹੋਏ ਦੁੱਧ ਦੀ ਚਾਹ ਵਾਂਗ
ਰੰਡੀ ਰਤਨੀ ਦੇ ਗਲੇ 'ਚ ਮਸਾਂ ਹੀ ਉੱਤਰਦਾ ਹੈ
ਅੱਜ ਦਾ ਦਿਨ ਸ਼ੁਦਾਈ ਹਰੀ ਕਿਸ਼ਨ ਦੀਆਂ
ਗਾਹਲਾਂ ਦੇ ਕਿੰਗਰਿਆਂ ਉੱਤੇ ਲੜਖੜਾਉਂਦਾ ਤੁਰ ਰਿਹਾ ਹੈ
ਅੱਜ ਦਾ ਦਿਨ ਅਮਰੋ ਚੂਹੜੀ ਦੇ ਗਲ ਪਾਏ ਹੋਏ ਉਤਾਰ ਵਾਂਗ
ਨੰਗੇਜ਼ ਦੀ ਨਮੋਸ਼ੀ ਤਰਦਾ ਪਿਆ ਹੈ
ਲਗਦਾ ਹੈ ਅੱਜ ਦਾ ਦਿਨ ਕਿਸੇ ਮੁਰਦੇ ਦਾ ਲਹੂ ਹੈ
ਜਾਂ ਰੱਦ ਹੋਈ ਵੋਟ ਦੀ ਪਰਚੀ ਹੈ
ਜਾਂ ਪਿੰਡ ਦੀ ਅੱਲ੍ਹੜ ਕੁੜੀ ਦੀ ਬਹੁਤ ਘੱਟ ਤੱਕ ਸਕਣ ਵਾਲੀ
ਬਹੁਤ ਡੂੰਘੀ ਨੈਣਾਂ ਦੀ ਨੀਝ ਹੈ
ਜਾਂ ਉਦਾਸ ਬੁੱਢੇ ਦੀ
ਸਿਓਂਕ ਖਾਧੀ ਬੂਹੇ ਦੀ ਚੁਗਾਠ ਉਤੇ ਲੱਗੀ ਹੋਈ ਟਿਕਟਕੀ ਹੈ
ਜਾਂ ਕਿਸੇ ਬਾਂਝ ਔਰਤ ਦਾ
ਚੁਰਾਹੇ ਵਿੱਚ ਕੀਤਾ ਹੋਇਆ ਟੂਣਾ ਹੈ
ਅੱਜ ਦਾ ਦਿਨ ਕਿਸੇ ਜ਼ਾਲਮ ਵਜ਼ੀਰ ਦਾ
ਅਣਚਾਹਿਆ ਦਫਤਰੀ ਮਾਤਮ ਹੈ
ਜਾਂ ਕਿਸੇ ਬੋਅ ਮਾਰਦੇ ਬੋਝੇ ਅੰਦਰ
ਬੁਝਾ ਕੇ ਰੱਖਿਆ ਬੀੜੀ ਦਾ ਟੋਟਾ ਹੈ
ਜਾਂ ਸ਼ਾਇਦ
ਸੱਤਵੀਂ 'ਚੋਂ ਫੇਲ੍ਹ ਹੋਈ ਜਵਾਕੜੀ ਦੀ
ਚੁੰਨੀ ਵਿੱਚ ਸੁੱਕਿਆ ਅੱਖਾਂ ਦਾ ਨੀਰ ਹੈ
ਅੱਜ ਦਾ ਦਿਨ ਧਾਰਮਕ ਮਾਨਤਾ ਦਾ ਦਿਨ ਨਹੀਂ ਹੈ।
ਕਿਸੇ ਬੱਚੇ ਦੀ ਬੁੜਬੁੜਾਉਂਦੀ ਹੋਈ ਨੀਂਦ ਹੈ
ਅੱਜ ਦਾ ਦਿਨ ਤਾਂ ਕੋਈ ਸਾਂਭ ਸਾਂਭ ਪਾਲਿਆ ਦਹਿਸ਼ਤ ਦਾ ਦਰੱਖ਼ਤ ਹੈ
ਰਾਜਸੀ ਹਿੰਸਾ ਦੀ ਸ਼ਿੰਗਾਰੀ ਹੋਈ ਘੋੜੀ ਹੈ
ਅੱਜ ਦਾ ਦਿਨ ਕਿਸੇ ਦੁਸ਼ਮਣ ਵੱਲੋਂ
ਵਾਹਣਾਂ 'ਚ ਬੁਲਾਇਆ ਬੱਕਰਾ ਹੈ।
ਅੱਜ ਦਾ ਦਿਨ ਭਾਈ ਦੇ ਸੰਖ ਪੂਰਨ 'ਤੇ ਖ਼ਤਮ ਨਹੀਂ ਹੋਵੇਗਾ
ਅੱਜ ਦਾ ਦਿਨ ਖਵਰਿਆ ਬਹੁਤ ਲੰਮਾ ਚਲਾ ਜਾਏ
ਤੇ ਪੰਛੀ ਸੰਝ ਦੀ ਉਡਾਣ ਲਈ ਉਡੀਕਦੇ ਥੱਕ ਜਾਣ
ਅੱਜ ਦਾ ਦਿਨ ਖਵਰਿਆ ਬਹੁਤ ਲੰਮਾ ਚਲਿਆ ਜਾਏ
***
ਛੰਨੀ
ਛੰਨੀ ਵੇ ਲੋਕੜੀਓ - ਛੰਨੀ
ਰੱਬ ਦੇਵੇ ਵੇ ਵੀਰਾ ਤੈਨੂੰ ਬੰਨੀ (ਲੋਕ ਗੀਤ)
ਛੰਨੀ ਤਾਂ ਛੰਨੀ ਹੋਈ
ਪਰ ਗੁੱਡੀਏ ਤੇਰੇ ਗੀਤਾਂ ਨਾਲ
ਤੇਰੇ ਵੀਰ ਨੂੰ ਬੰਨੀ ਨਹੀਂ ਲੱਭਣੀ
ਉਸ ਨੂੰ ਤਾਂ ਮਾਰ ਜਾਵੇਗਾ
ਬਾਬਲ ਦੀ ਘੱਟ ਜ਼ਮੀਨ ਦਾ ਪਰਛਾਵਾਂ
ਉਸਦੀਆਂ ਪਾਸ ਕੀਤੀਆਂ ਦਸਾਂ ਨੂੰ
ਚਰ ਜਾਣਗੇ ਮਰੀਅਲ ਜਹੇ ਝੋਟੇ
ਤੇ ਉਸਦੀ ਚਕਲੇਦਾਰ ਹਿੱਕ 'ਤੇ
ਫੁਲਕੇ ਵੇਲਦੀ ਰਹੇਗੀ
ਸਦਾ ਹੀ ਵਿਗੜੇ ਰਹਿੰਦੇ ਇੰਜਣ ਦੀ ਤਕਾਵੀ
ਹੌਲੀ ਹੌਲੀ ਪੈ ਜਾਏਗੀ ਮੱਠੀ
ਉਸਦੇ ਪੱਟਾਂ ਦੀਆਂ ਘੁੱਗੀਆਂ ਦੀ ਉਡਾਰ
ਮੁੱਕ ਜਾਏਗਾ ਚੋਗ ਚਾਵਾਂ ਦੇ ਭੜੋਲੇ 'ਚੋਂ-
ਉਹ ਬੜਾ ਛਟਪਟਾਏਗਾ
ਜਿਸ ਦਿਨ ਪਹਿਲੀ ਵਾਰ ਅਫ਼ੀਮ ਦੀ ਕੀੜੀ
ਉਹਦੀਆਂ ਅੰਤੜੀਆਂ 'ਤੇ ਤੁਰੇਗੀ,
ਉਹ ਸੱਥ 'ਚੋਂ ਆਪਣੇ ਅਮਲੀ ਹੋਣ ਦੀਆਂ
ਕਣਸੋਆਂ ਨੂੰ ਸੁੰਘ ਸੁੰਘ ਕੇ ਲੰਘੇਗਾ
ਫਿਰ ਹੌਲੀ ਹੌਲੀ ਬਦਲ ਜਾਣਗੀਆਂ ਸੱਥ ਦੀਆਂ ਗੱਲਾਂ
ਤੇ ਫਿਰਨੀ ਤੋਂ ਹੀ ਮੁੜਨ ਲੱਗਣਗੇ
ਉਸ ਨੂੰ ਵੇਖਣ ਵਾਲ਼ੇ
ਗੁੱਡੀਏ, ਦੂਰ ਦਿਸਹੱਦੇ ਵੱਲ
ਜਿੱਥੇ ਮਗਰਾਂ ਦੇ ਜਬਾੜੇ ਮਿਲਦੇ ਹਨ
ਨੱਕ ਦੀ ਸੇਧੇ ਤੁਰਿਆ ਜਾਏਗਾ ਤੇਰਾ ਵੀਰ
ਤੂੰ ਜਿਸ ਨੂੰ ਦਿਨ ਸਮਝਦੀ ਏਂ
ਸ਼ਿਕਾਰੀਆਂ ਦੀ ਮੁੱਠ ਵਿੱਚ ਘੁੱਟੇ ਹੋਏ
ਧਾਗੇ ਦਾ ਸਿਰਾ ਹੈ
ਤੇ ਰਾਤ ਹੋਰ ਕੁਝ ਨਹੀਂ
ਡੋਰ ਵਿੱਚ ਛੱਡੀ ਹੋਈ ਮੱਕਾਰ ਢਿੱਲ ਹੈ
ਗੁੱਡੀਏ ਆਪਣੇ ਤਾਂ ਸਿਰਫ ਗੀਤ ਹਨ
ਸਮਾਂ ਆਪਣਾ ਨਹੀਂ ਹੈ
ਜੇ ਸਮਾਂ ਆਪਣਾ ਹੁੰਦਾ
ਤਾਂ ਤੈਨੂੰ ਸੱਖਣੀਆਂ ਕਲਾਈਆਂ ਨੂੰ
ਢੱਕ ਢੱਕ ਰੱਖਣ ਦਾ ਫ਼ਿਕਰ ਨਾ ਹੁੰਦਾ
ਹਾਲੇ ਸਮਾਂ ਕੋਈ ਲਹੂ ਮੰਗਦੀ ਸੂਈ ਹੈ
ਜੋ ਪੁੜ ਤਾਂ ਸਕਦੀ ਹੈ
ਤੇਰੇ ਫੁੱਲਾਂ ਦਾ ਭਰਮ ਉਣ ਰਹੇ ਪੋਟੇ ਦੇ ਫੁੱਲ 'ਚ
ਪਰ ਸਿਊਂ ਨਹੀਂ ਸਕਦੀ
ਤੇਰੀ ਵੱਖੀ ਤੋਂ ਘਸਦੀ ਜਾ ਰਹੀ ਕੁੜਤੀ
ਛੰਨੀ ਤਾਂ ਛੰਨੀ ਹੋਈ
ਪਰ ਗੁੱਡੀਏ ਹੋ ਸਕੇ ਤਾਂ
ਵੀਰੇ ਦੇ ਧੁੜਕੂ ਨੂੰ
ਗੀਤਾਂ ਦੇ ਮੋਹ ਦੀ ਵਾੜ ਨਾ ਕਰੀਂ
ਉਸਨੂੰ ਲੱਭ ਲੈਣ ਦਈਂ
ਗਲ 'ਚ ਪਏ ਰੱਸੇ ਦੀ ਗੰਢ
ਉਹਦੇ ਮੱਥੇ ਉੱਤੇ ਝੁਕ ਗਈਆਂ ਸਦੀਆਂ ਦਾ ਕੁੱਬ
ਕਰ ਲੈਣ ਦਈਂ ਸੰਮਾਂ ਵਾਲੀ ਡਾਂਗ ਨਾਲ ਸਿੱਧਾ
ਉਹਨੂੰ ਪਾ ਲੈਣ ਦੇਈਂ
ਰਿਜ਼ਕ ਦੇ ਪਿੜਾਂ 'ਚ ਕੱਢੀਆਂ ਸੱਪਾਂ ਦੀਆਂ ਖੁੱਡਾਂ 'ਚ ਹੱਥ।
ਸਿਲਸਿਲਾ ਸ਼ਾਇਦ ਤੁਹਾਡੇ ਖੂਹ 'ਤੇ ਉੱਤਰੀ
ਪੁਲਸੀਆਂ ਦੀ ਧਾੜ ਤੋਂ ਚੱਲੇ
ਜਾਂ ਚਲਦੇ ਪੁਰਜ਼ੇ ਪੰਚ ਦੇ
ਤਿਰੰਗੇ ਵਾਂਗੂ ਲਹਿਰਦੇ ਤੁਰਲ੍ਹੇ ਤੋਂ
ਜਾਂ ਭੁਚਾਲਾਂ ਵਾਂਗ ਕੰਧਾਂ ਨੂੰ ਕੰਬਾਉਂਦੀ ਹੋਈ,
ਇਲੈਕਸ਼ਨ ਦੀ ਮੋਟਰ ਤੋਂ-
ਸਿਲਸਿਲਾ ਕਿਤੋਂ ਵੀ ਤੁਰ ਸਕਦਾ ਹੈ ਗੁੱਡੀਏ
ਆਪਣੇ ਗੀਤਾਂ ਨੂੰ ਜਾ ਭਿੜਨ ਦੇਈਂ
ਗੰਦੀ ਹਵਾੜ ਛੱਡਦੀਆਂ ਗਾਹਲਾਂ ਦੀ ਹਿੱਕ ਵਿੱਚ
ਫੇਰ ਇੱਕ ਵਾਰ ਛਿੜੇਗਾ
ਸੱਥਾਂ ਦੇ ਵਿੱਚ ਉਸਦਾ ਜ਼ਿਕਰ
ਜੋ ਹਨ੍ਹੇਰੇ ਵਿੱਚ ਉਹਦੇ ਕਦਮਾਂ ਅੱਗੇ
ਰੌਸ਼ਨੀ ਦੀ ਲੀਕ ਬਣ ਕੇ ਤੁਰੇਗਾ...
ਛੰਨੀ ਤਾਂ ਛੰਨੀ ਹੋਈ
ਗੁੱਡੀਏ ਹੋ ਸਕੇ ਤਾਂ ਵੀਰ ਦੇ ਧੁੜਕੂ ਨੂੰ
ਬੱਸ ਗੀਤਾਂ ਦੇ ਮੋਹ ਦੀ ਵਾੜ ਨਾ ਕਰੀਂ
***
ਚਿੜੀਆਂ ਦਾ ਚੰਬਾ
ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ ਜਾਵੇਗਾ
ਐਥੇ ਹੀ ਕਿਤੇ ਉਰੇ ਪਰੇ ਬੰਨਿਆਂ ਤੋਂ ਘਾਹ ਖੋਤੇਗਾ,
ਰੁੱਖੀਆਂ ਮਿੱਸੀਆਂ ਰੋਟੀਆਂ ਢੋਇਆ ਕਰੇਗਾ
ਤੇ ਮੈਲੀਆਂ ਚੁੰਨੀਆਂ ਭਿਉਂ ਕੇ
ਲੋਆਂ ਨਾਲ ਲੂਸੇ ਚਿਹਰਿਆਂ 'ਤੇ ਫੇਰੇਗਾ।
ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ ਜਾਵੇਗਾ
ਐਥੇ ਹੀ ਕਿਤੇ ਉਰੇ ਪਰੇ ਲੁਕ ਕੇ
ਕੱਲਮ ਕੱਲਿਆਂ ਰੋਇਆ ਕਰੇਗਾ
ਸਰਾਪੇ ਜੋਬਨਾਂ ਦੇ ਮਰਸੀਏ ਗਾਇਆ ਕਰੇਗਾ।
ਚਿੜੀਆਂ ਦੇ ਚੰਬੇ ਨੂੰ ਭੋਰਾ ਵੀ ਖ਼ਬਰ ਨਾ ਹੋਵੇਗੀ
ਅਚਾਨਕ ਕਿਤਿਉਂ ਲੋਹੇ ਦੀਆਂ ਚੁੰਝਾਂ ਦਾ ਜਾਲ
ਉਸ ਜੋਗੇ ਆਸਮਾਨ ਉੱਤੇ ਵਿਛ ਜਾਵੇਗਾ
ਅਤੇ ਲੰਮੀ ਉਡਾਰੀ ਦਾ ਉਹਦਾ ਸੁਫ਼ਨਾ
ਉਹਦੇ ਹਰਨੋਟਿਆਂ ਨੈਣਾਂ ਤੋਂ ਭੈਅ ਖਾਵੇਗਾ।
ਚਿੜੀਆਂ ਦਾ ਚੰਬਾ ਮੁਫ਼ਤ ਹੀ ਪ੍ਰੇਸ਼ਾਨ ਹੁੰਦਾ ਹੈ
ਬਾਬਲ ਤਾਂ ਡੋਲ਼ੇ ਨੂੰ ਤੋਰ ਕੇ
ਉੱਖੜੇ ਬੂਹੇ ਨੂੰ ਇੱਟਾਂ ਲਵਾਏਗਾ
ਤੇ ਗੁੱਡੀਆਂ ਪਾੜ ਕੇ
ਪਸੀਨੇ ਨਾਲ ਗਲੇ ਹੋਏ ਕੁੜਤੇ ਉੱਤੇ ਟਾਕੀ ਸੰਵਾਏਗਾ
ਜਦੋਂ ਉਹ ਆਪ ਹੀ ਗਲੋਟਿਆਂ ਜਿਉਂ ਕੱਤਿਆ ਜਾਵੇਗਾ
ਚਿੜੀਆਂ ਦੇ ਚੰਬੇ ਨੂੰ ਮੋਹ ਚਰਖੇ ਦਾ ਉੱਕਾ ਨਹੀਂ ਸਤਾਏਗਾ।
ਚਿੜੀਆਂ ਦਾ ਚੰਬਾ ਉੱਡ ਕੇ
ਕਿਸੇ ਵੀ ਦੇਸ ਨਹੀਂ ਜਾਏਗਾ
ਸਾਰੀ ਉਮਰ ਕੰਡ ਚਰ੍ਹੀਆਂ ਦੀ ਹੰਡਾਏਗਾ
ਤੇ ਚਿੱਟੇ ਚਾਦਰੇ 'ਤੇ ਲੱਗਿਆ
ਉਹਦੀ ਮਾਹਵਾਰੀ ਦਾ ਖੂਨ ਉਸ ਦਾ ਮੂੰਹ ਚਿੜਾਏਗਾ।
***
ਚਿੱਟੇ ਝੰਡਿਆਂ ਦੇ ਹੇਠ
ਮੈਂ ਸਵੇਰਿਆਂ ਨੂੰ ਅੰਬਰਾਂ ਤੋਂ ਬੋਚ ਬੋਚ,
ਸਹਿਜੇ ਜਿਹੇ ਧਰਤੀ 'ਤੇ ਰੱਖਿਆ।
ਮੈਨੂੰ ਕੀ ਪਤਾ ਸੀ ਮੇਰੇ ਇੰਝ ਉਤਾਰੇ ਹੋਏ ਦਿਨ
ਕਿਸੇ ਲਈ ਹਫ਼ਤੇ ਮਹੀਨੇ ਅਤੇ ਵਰ੍ਹੇ ਬਣਨਗੇ
ਤੇ ਇਉਂ ਸੰਸਾਰ ਵਿੱਚ ਕਤਲਾਂ ਦਾ
ਇੱਕ ਘਿਨਾਉਣਾ ਸਿਲਸਿਲਾ ਸਾਹ ਲੈਣ ਲੱਗੇਗਾ
ਲੋਕ ਜਾਗਣਗੇ - ਤੇ ਉਨ੍ਹਾਂ ਨੂੰ ਘੁੱਗੂਆਂ ਅੱਗੇ,
ਮਤਹਿਤਾਂ ਵਾਂਗ ਸਲਾਮੀ ਦੇਣੀ ਪਵੇਗੀ
ਰੋਜ਼ਨਾਮਚੇ ਖੁੱਲ੍ਹਣਗੇ - ਤੇ ਅੱਖਾਂ ਬੰਦ ਕਰਕੇ,
ਗਰਮ ਤੇ ਗਾੜ੍ਹੇ ਲਹੂ ਬਾਰੇ ਸੋਚਿਆ ਜਾਏਗਾ
ਮਸ਼ੂਕਾ ਖ਼ਤ ਲਿਖੇਗੀ –
ਚੌਂਕਿਆਂ ਦੀ ਭੁੱਬਲ ਉੱਤੇ
ਜਿਸ ਨੂੰ ਭੋਰਾ ਵੀ ਉਤੇਜਿਤ ਹੋਏ ਬਗੈਰ
ਅੱਧੀ ਛੁੱਟੀ ਉਂਗਲ ਨਿਗਲ ਕੇ ਪੜ੍ਹੇਗੀ
ਸਾਰਾ ਦਿਨ ਨਿਆਣੇ ਇੱਕ ਦਹਾਕੇ ਭਰ ਦੀ ਵਿੱਥ ਤੋਂ
ਸ਼ੁਰਲੀਆਂ ਛੱਡਣਗੇ, ਫ਼ਤਿਹ ਦਾ ਕਿਲ੍ਹਾ ਸਮਝ ਕੇ ਕਤਲਗਾਹ ਨੂੰ।
ਤੇ ਆਖ਼ਰ ਗੱਲ ਗੱਲ 'ਤੇ ਦਿਲ ਭਰ ਲੈਣ ਵਾਲੇ ਬੱਦਲ,
ਬਿਨਾ ਭਬਾਕੇ ਤੋਂ ਮੱਚ ਉੱਠਣਗੇ
ਸਭ ਦੇ ਸਿਰਾਂ ਤੋਂ ਇੱਕ ਸੜਦਾ ਹੋਇਆ ਜਹਾਜ਼ ਲੰਘੇਗਾ
ਅਤੇ ਇੱਕ ਠੰਡੀ ਜੰਗ ਵਿੱਚ ਝੋਕੇ ਬੇਵਰਦੀ ਸਿਪਾਹੀ,
ਖੰਦਕਾਂ ਨੂੰ ਪਰਤਦੇ ਹੋਏ ਸੋਚਣਗੇ
ਕਿ ਸ਼ਾਇਦ ਕਦੀ ਝੰਡਿਆਂ ਚੋਂ ਨਿੱਕਲਕੇ,
ਉਡਾਣਾਂ ਭਰਨਗੇ ਚਿੱਟੇ ਕਬੂਤਰ ਵੀ...
ਅਤੇ ਮੈਂ ਸੜੇ ਹੋਏ ਜਹਾਜ਼ ਦੇ ਧੂੰਏਂ 'ਚ ਖੰਘਦਾ ਸੋਚਾਂਗਾ,
ਸਵੇਰਿਆਂ ਨੂੰ ਧਰਤੀ 'ਤੇ ਧੜੰਮ ਦੇਣੀ ਡਿੱਗਣ ਦੇਵਾਂ
ਹੋ ਸਕੇ ਤਾਂ ਬੱਸ ਨੋਕੀਲੇ ਸ਼ਬਦਾਂ ਨਾਲ,
ਸ਼ਿਕਾਰੀ ਝੰਡਿਆਂ ਨੂੰ ਕੁਰੇਦਣ ਦੀ ਕੋਸ਼ਿਸ਼ ਕਰਾਂ
ਜਿਨ੍ਹਾਂ ਵਿੱਚ ਜਕੜੇ ਗਏ ਹਨ,
ਮੇਰੀ ਲਾਡੋ ਦੀਆਂ ਛਾਤੀਆਂ ਵਰਗੇ ਕਬੂਤਰ।
***
ਤੈਨੂੰ ਪਤਾ ਨਹੀਂ
ਤੈਨੂੰ ਪਤਾ ਨਹੀਂ, ਮੈਂ ਸ਼ਾਇਰੀ ਵਿੱਚ ਕਿਵੇਂ ਗਿਣਿਆ ਜਾਂਦਾ ਹਾਂ
ਜਿਵੇਂ ਕਿਸੇ ਭਖੇ ਹੋਏ ਮੁਜ਼ਰੇ 'ਚ
ਕੋਈ ਹੱਡਾ-ਰੋੜੀ ਦਾ ਕੁੱਤਾ ਆ ਵੜੇ।
ਤੇਰੇ ਭਾਣੇ ਮੈਂ ਕਿਸੇ ਖ਼ਤਰਨਾਕ ਪਾਰਟੀ ਲਈ
ਖਵਰੇ ਕੀ ਲਿਖਦਾ ਰਹਿੰਦਾ ਹਾਂ ਅੱਧੀ ਰਾਤ ਤਕ ਲਾਟੂ ਜਗਾਈ
ਤੈਨੂੰ ਪਤਾ ਨਹੀਂ ਮੈਂ ਕਵਿਤਾ ਕੋਲ ਕਿਵੇਂ ਜਾਂਦਾ ਹਾਂ-
ਕੋਈ ਪੇਂਡੂ ਰਕਾਨ ਘਸ ਚੁੱਕੇ ਫੈਸ਼ਨ ਦਾ ਨਵਾਂ ਸੂਟ ਪਾਈ
ਜਿਵੇਂ ਭਵੰਤਰੀ ਹੋਈ ਸ਼ਹਿਰ ਦੀਆਂ ਹੱਟੀਆਂ 'ਤੇ ਚੜ੍ਹਦੀ ਹੈ
ਮੈਂ ਕਵਿਤਾ ਕੋਲੋਂ ਮੰਗਦਾ ਹਾਂ
ਤੇਰੇ ਲਈ ਨੌਂਹ ਪਾਲਿਸ਼ ਦੀ ਸ਼ੀਸ਼ੀ
ਛੋਟੀ ਭੈਣ ਲਈ ਰੰਗਦਾਰ ਕਢਾਈ ਵਾਲਾ ਧਾਗਾ
ਤੇ ਬਾਪੂ ਦੇ ਮੋਤੀਏ ਲਈ ਕੌੜਾ ਦਾਰੂ
ਕਵਿਤਾ ਇਸ ਤਰ੍ਹਾਂ ਦੀਆਂ ਮੰਗਾਂ ਨੂੰ ਸ਼ਰਾਰਤ ਸਮਝਦੀ ਹੈ
ਤੇ ਮਹੀਨੇ ਦੇ ਮਹੀਨੇ ਆਪਣੇ ਰਾਖਿਆਂ ਨੂੰ
ਬੈਂਤ ਦੇ ਡੰਡੇ
ਤੇ ਮੁਲੈਮ-ਬੱਟਾਂ ਵਾਲੀਆਂ ਰਫਲਾਂ ਦੇ ਕੇ ਘੱਲਦੀ ਹੈ
ਰਾਤ ਬਰਾਤੇ ਮੇਰੇ ਵੱਲ
ਜੋ ਨਾਲ ਲੈ ਜਾਂਦੇ ਹਨ
ਮੇਰੀਆਂ ਮਨ ਪਸੰਦ ਕਿਤਾਬਾਂ
ਤਾਕ 'ਚ ਪਈ ਨਿੱਕੇ ਹੁੰਦੇ ਦੀ ਫੋਟੋ
ਤੇ ਘਰ ਦੀਆਂ ਪੌੜੀਆਂ ਤੋਂ ਡਿੱਗ ਕੇ ਜ਼ਖਮੀ ਹੋਈ
ਮੇਰੀ ਪਹਿਲੀ ਮੁਹੱਬਤ ਦੀ ਉਦਾਸ ਰੰਗਾਂ ਵਿੱਚ ਬਿਖਰ ਗਈ ਚੀਕ
ਤੈਨੂੰ ਪਤਾ ਨਹੀਂ ਕਿ ਸਿਪਾਹੀ ਮੈਨੂੰ ਜਾਣਦੇ ਹੋਏ ਵੀ
ਕਿਵੇਂ ਅਜਨਬੀ ਬਣ ਜਾਂਦੇ ਨੇ
ਤਲਾਸ਼ੀ ਲੈ ਰਿਹਾ ਕੋਈ ਜਾਹਲ ਜਿਹਾ ਪੰਜਾ
ਕਿਵੇਂ ਜਾ ਪੈਂਦਾ ਹੈ
ਮੇਰੇ ਚਾਨਣੀਆਂ ਰਾਤਾਂ ਨਾਲ ਕੀਤੇ ਅਹਿਦਨਾਮੇ 'ਤੇ
ਤੈਨੂੰ ਪਤਾ ਨਹੀਂ ਮੇਰੀ ਰੀੜ੍ਹ ਦੀ ਹੱਡੀ ਦਾ ਪੁਰਾਣਾ ਜ਼ਖ਼ਮ
ਕਿਵੇਂ ਟਸਕਣ ਲਗਦਾ ਹੈ, ਉਨ੍ਹਾਂ ਦੇ ਜਾਣ ਮਗਰੋਂ
ਤੈਨੂੰ ਪਤਾ ਨਹੀਂ ਉਹ ਖਤਰਨਾਕ ਪਾਰਟੀ ਕੀ ਕਰਦੀ ਹੈ
ਉੱਥੇ ਸ਼ਾਹ ਕਾਲੀਆਂ ਰਾਤਾਂ ਵਿੱਚ
ਮੁਹੱਬਤ ਦਾ ਇੱਕ ਉਨੀਂਦਰਾ ਦਸਤਾਵੇਜ਼
ਸੁੱਤੀ ਪਈ ਧਰਤੀ 'ਤੇ ਫ਼ੜਫ਼ੜਾਉਂਦਾ ਹੈ।
ਲਗਾਤਾਰ ਕੁਰੇਦਦੀ ਹੋਈ ਹਵਾ ਸਾਹਵੇਂ
ਨੰਗੀ ਹਿੱਕੇ ਖੜ੍ਹਨ ਦਾ ਇੱਕ ਸਿਲਸਿਲਾ ਹੈ -
ਉੱਥੇ ਹਥਿਆਰਾਂ ਵਰਗੇ ਆਦਮੀ ਹਨ
ਅਤੇ ਆਦਮੀਆਂ ਵਰਗੇ ਹਥਿਆਰ
ਅਸਲ ਵਿੱਚ ਨਾ ਉਹ ਆਦਮੀ ਹਨ ਨਾ ਹਥਿਆਰ
ਉੱਥੇ ਹਥਿਆਰਾਂ ਨਾਲੋਂ ਆਦਮੀ ਦੇ
ਟੁੱਟ ਰਹੇ ਯਰਾਨੇ ਦੀ ਕੜ ਕੜ ਹੈ
ਅਸਲ ਵਿੱਚ ਉੱਥੇ ਲੋਕ ਹਨ
ਦੁਰੇਡੇ ਖੂਹ ਨੂੰ ਜਾਂਦੇ ਰਾਹ ਦੀ ਰੇਤ ਵਰਗੇ
ਜਿਸ 'ਤੇ ਕਈ ਸਦੀਆਂ ਸਵਾਣੀਆਂ ਭੱਤਾ ਚੁੱਕੀ ਤੁਰੀਆਂ
ਸੋਚਦੀਆਂ ਹੋਈਆਂ ਕਿ ਸ਼ਾਇਦ ਕਦੀ
ਇੱਥੇ ਸੜਕ ਬਣ ਜਾਵੇ,
ਪਰ ਸੜਕ ਉੱਤੇ ਚਲਣ ਵਾਲੇ ਟਰੈਕਟਰ ਦੇ ਚਾਲਕ ਨੂੰ
ਨਾ ਸਵਾਣੀਆਂ ਦਾ ਪਤਾ ਹੋਵੇਗਾ
ਨਾ ਲੁੱਕ ਹੇਠਾਂ ਵਿਛੀ ਹੋਈ ਰੇਤ ਦਾ-
ਉਨ੍ਹਾਂ ਨੂੰ ਸਾਈਕਲ ਚਾਹੀਦੇ ਹਨ
ਤੇ ਰੋਟੀ ਦੀ ਥਾਂ ਖਾਣ ਲਈ ਕੋਈ ਵੀ ਚੀਜ਼
ਜਾਂ ਮੌਤ ਦੇ ਨਕਸ਼ਾਂ ਵਾਲ਼ੀ ਚਾਹ
ਤੇ ਮੇਰੇ ਕੋਲ ਕੁਝ ਨਹੀਂ ਹੈ
ਅੱਕ ਦੇ ਬੂਟਿਆਂ ਵਰਗੀ ਕਵਿਤਾ ਤੋਂ ਸਿਵਾ
ਜੋ ਅੰਬਾਂ ਵਾਂਗ ਦੀਂਹਦੇ ਹੋਏ ਵੀ ਚੂਪੇ ਨਹੀਂ ਜਾ ਸਕਦੇ।
ਤੈਨੂੰ ਪਤਾ ਨਹੀਂ ਮੈਂ ਕੁੱਟੇ ਹੋਏ ਗਿੱਦੜ ਵਾਂਗ
ਕਿਉਂ ਦੌੜ ਆਇਆ ਹਾਂ ਵਲਾਇਤੀ ਅਖ਼ਬਾਰ ਦੇ ਸੰਪਾਦਕ ਕੋਲੋਂ
ਜਿਸਦੇ ਬੇ-ਰੱਟਣੇ ਹੱਥ ਬਹੁਤ ਕੂਲੇ ਸਨ –
ਮਹਿੰ ਦੀ ਚੱਟ ਕੇ ਸਾਫ਼ ਕੀਤੀ ਨੱਥਣੀ ਵਾਂਗ,
ਪਰ ਉਸ ਦੀ ਕਤਰੀ ਦਾਹੜੀ
ਜਿਵੇਂ ਕੋਈ ਤਪੀ ਹੋਈ ਸਲਾਖ਼ ਸੀ
ਜੋ ਅਜ਼ਾਦੀ ਦੀ ਪਹਿਲੀ ਸਵੇਰ ਵਰਗੀਆਂ ਮੇਰੀਆਂ ਅੱਖਾਂ ਵਿੱਚ
ਘੁਸ ਜਾਣ ਲੱਗੀ ਸੀ,
ਉਸ ਦੇ ਬੈਗ ਵਿੱਚ ਤਹਿ ਕੀਤੇ ਹੋਏ ਬੱਦਲਾਂ ਦੇ ਥਾਨ ਸਨ
ਤੇ ਕੈਮਰੇ ਵਿੱਚ ਲਾਲ੍ਹਾਂ ਦਾ ਇੱਕ ਬੁੱਸਿਆ ਹੋਇਆ ਛੱਪੜ
ਮੈਂ ਉਸ ਦੀ ਫੀਅਟ ਦੀ ਡਿੱਗੀ 'ਚ
ਆਪਣੇ ਬਚਪਨ 'ਚ ਹਾਰੇ ਬੰਟਿਆਂ ਦੀ ਕੁੱਜੀ ਦੇਖੀ ਸੀ
ਪਰ ਉਸ ਵੱਲ ਜਿੰਨੀ ਵਾਰੀ ਹੱਥ ਵਧਾਇਆ
ਕਦੇ ਸਿਹਤ ਮੰਤਰੀ ਖੰਘ ਪਿਆ
ਕਦੇ ਹਰਿਆਣੇ ਦਾ ਆਈ.ਜੀ. ਹੰਗੂਰਿਆ
ਤੈਨੂੰ ਪਤਾ ਨਹੀਂ ਕਿੰਨਾ ਅਸੰਭਵ ਸੀ
ਉਸ ਦੀ ਬੇ-ਸਿਆਸੀ ਸਿਆਸਤ ਦੇ
ਸਰਾਲ ਵਾਂਗੂ ਸ਼ੁਕਦੇ ਸ਼ਬਦ-ਬਾਗਾਂ 'ਚੋਂ ਬਚਾ ਕੇ
ਆਪਣੇ ਆਪ ਨੂੰ
ਤੇਰੇ ਲਈ ਸਬੂਤਾ ਲੈ ਆਉਣਾ...
ਉਹ ਸੰਪਾਦਕ ਤੇ ਉਸ ਵਰਗੇ ਹਜ਼ਾਰਾਂ ਲੋਕ
ਆਪਣੀ ਭੱਦੀ ਦੇਹ 'ਤੇ ਸਵਾਰ ਹੋ ਕੇ ਆਉਂਦੇ ਹਨ
ਤਾਂ ਪਿੰਡਾਂ ਦੀਆਂ ਪਗਡੰਡੀਆਂ 'ਤੇ
ਘਾਹ 'ਚੋਂ ਹਰੀ ਚਮਕ ਮਰ ਜਾਂਦੀ ਹੈ।
ਇਹ ਲੋਕ ਅਸਲ ਵਿੱਚ ਚਾਨਣ ਦੇ ਭਮੱਕੜਾਂ ਵਰਗੇ ਹਨ
ਜੋ ਦੀਵਾ ਸੀਖੀ ਪੜ੍ਹ ਰਹੇ ਜਵਾਕਾਂ ਦੀਆਂ ਨਾਸਾਂ 'ਚ
ਕਚਿਆਣ ਦਾ ਭੰਬਾਕਾ ਬਣ ਕੇ ਚੜ੍ਹਦੇ ਹਨ
ਮੇਰੇ ਸ਼ਬਦ ਉਸ ਦੀਵੇ ਅੰਦਰ
ਤੇਲ ਦੀ ਥਾਂ ਸੜਨਾ ਚਾਹੁੰਦੇ ਹਨ
ਮੈਨੂੰ ਕਵਿਤਾ ਦੀ ਇਸ ਤੋਂ ਸਹੀ ਵਰਤੋਂ ਨਹੀਂ ਪਤਾ
ਤੇ ਤੈਨੂੰ ਪਤਾ ਨਹੀਂ
ਮੈਂ ਸ਼ਾਇਰੀ ਵਿੱਚ ਕਿਵੇਂ ਗਿਣਿਆ ਜਾਂਦਾ ਹਾਂ ।
***
ਯੁੱਧ ਤੇ ਸ਼ਾਂਤੀ
ਅਸੀਂ ਜਿਨ੍ਹਾਂ ਨੇ ਯੁੱਧ ਨਹੀਂ ਕੀਤਾ
ਤੇਰੇ ਸਾਊ ਪੁੱਤ ਨਹੀਂ ਹਾਂ ਜ਼ਿੰਦਗੀ
ਉਂਝ ਅਸੀਂ ਸਦਾ ਸਾਊ ਬਣਨਾ ਲੋਚਦੇ ਰਹੇ
ਅਸੀਂ ਦੋ ਰੋਟੀਆਂ ਤੇ ਮਾੜੀ ਜਹੀ ਰਜਾਈ ਬਦਲੇ
ਯੁੱਧ ਦੇ ਅਕਾਰ ਨੂੰ ਸੰਗੋੜਨਾ ਚਾਹਿਆ,
ਅਸੀਂ ਬੇਅਣਖੀ ਦੀਆਂ ਤੰਦਾਂ 'ਚ ਅਮਨ ਵਰਗਾ ਕੁੱਝ ਉਣਦੇ ਰਹੇ
ਅਸੀਂ ਬਰਛੀ ਦੇ ਵਾਂਗ ਹੱਡਾਂ ਵਿੱਚ ਖੁੱਭੇ ਹੋਏ ਸਾਲਾਂ ਨੂੰ ਉਮਰ ਕਹਿੰਦੇ ਰਹੇ
ਜਦ ਹਰ ਘੜੀ ਕਿਸੇ ਬਿੱਫਰੇ ਸ਼ਰੀਕ ਵਾਂਗ ਸਿਰ 'ਤੇ ਗੜ੍ਹਕਦੀ ਰਹੀ
ਅਸੀਂ ਸੰਦੂਕ ਵਿੱਚ ਲੁਕ ਲੁਕ ਕੇ ਯੁੱਧ ਨੂੰ ਟਾਲਦੇ ਰਹੇ।
ਯੁੱਧ ਤੋਂ ਬਚਣ ਦੀ ਲਾਲਸਾ 'ਚ ਬਹੁਤ ਨਿੱਕੇ ਹੋ ਗਏ ਅਸੀਂ
ਕਦੇ ਤਾਂ ਹੰਭੇ ਹੋਏ ਪਿਓ ਨੂੰ ਅੰਨ ਖਾਣੇ ਬੁੜ੍ਹੇ ਦਾ ਨਾਮ ਦਿੱਤਾ
ਕਦੇ ਫਿਕਰਾਂ ਗ੍ਰਸੀ ਤੀਵੀਂ ਨੂੰ ਚੁੜੇਲ ਦਾ ਸਾਇਆ ਕਿਹਾ
ਸਦਾ ਦਿਸਹੱਦੇ 'ਤੇ ਨੀਲਾਮੀ ਦੇ ਦ੍ਰਿਸ਼ ਤਰਦੇ ਰਹੇ
ਤੇ ਅਸੀਂ ਸੁਬਕ ਜਹੀਆਂ ਧੀਆਂ ਦੀਆਂ ਅੱਖਾਂ 'ਚ ਅੱਖ ਪਾਉਣੋਂ ਡਰੇ
ਯੁੱਧ ਸਾਡੇ ਸਿਰਾਂ 'ਤੇ ਅਕਾਸ਼ ਵਾਂਗ ਛਾਇਆ ਰਿਹਾ
ਅਸੀਂ ਧਰਤੀ 'ਚ ਪੁੱਟੇ ਭੋਰਿਆਂ ਨੂੰ ਮੋਰਚੇ ਵਿੱਚ ਬਦਲਣੋਂ ਜਕਦੇ ਰਹੇ।
ਡਰ ਕਦੇ ਸਾਡੇ ਹੱਥਾਂ 'ਤੇ ਵਗਾਰ ਬਣ ਕੇ ਉੱਗ ਆਇਆ
ਡਰ ਕਦੇ ਸਾਡੇ ਸਿਰਾਂ ਉੱਤੇ ਪੱਗ ਬਣ ਕੇ ਸਜ ਗਿਆ
ਡਰ ਕਦੇ ਸਾਡੇ ਮਨਾਂ ਅੰਦਰ ਸੁਹਜ ਬਣ ਕੇ ਮਹਿਕਿਆ
ਡਰ ਕਦੇ ਰੂਹਾਂ 'ਚ ਸੱਜਣਤਾਈ ਬਣ ਗਿਆ
ਕਦੇ ਬੁੱਲ੍ਹਾਂ 'ਤੇ ਚੁਗਲੀ ਬਣ ਕੇ ਬੁਰੜਾਇਆ
ਅਸੀਂ ਹੇ ਜ਼ਿੰਦਗੀ, ਜਿਨ੍ਹਾਂ ਯੁੱਧ ਨਹੀਂ ਕੀਤਾ
ਤੇਰੇ ਬੜੇ ਮੱਕਾਰ ਪੁੱਤਰ ਹਾਂ।
ਯੁੱਧ ਤੋਂ ਬਚਣੇ ਦੀ ਲਾਲਸਾ ਨੇ
ਸਾਨੂੰ ਲਿਤਾੜ ਦਿੱਤਾ ਹੈ ਘੋੜਿਆਂ ਦੇ ਸੁੰਬਾਂ ਹੇਠ,
ਅਸੀਂ ਜਿਸ ਸ਼ਾਂਤੀ ਲਈ ਰੀਂਘਦੇ ਰਹੇ
ਉਹ ਸ਼ਾਂਤੀ ਬਘਿਆੜਾਂ ਦੇ ਜਬਾੜਿਆਂ ਵਿੱਚ
ਸਵਾਦ ਬਣ ਕੇ ਟਪਕਦੀ ਰਹੀ।
ਸ਼ਾਂਤੀ ਕਿਤੇ ਨਹੀਂ ਹੁੰਦੀ ਹੈ-
ਰੂਹਾਂ 'ਚ ਲੁਕੇ ਗਿੱਦੜਾਂ ਦਾ ਹਵਾਂਕਣਾ ਹੀ ਸਭ ਕੁਝ ਹੈ।
ਸ਼ਾਂਤੀ—
ਗੋਡਿਆਂ ਵਿੱਚ ਧੌਣ ਦੇ ਕੇ ਜ਼ਿੰਦਗੀ ਨੂੰ ਸੁਫ਼ਨੇ ਵਿੱਚ ਦੇਖਣ ਦਾ ਯਤਨ ਹੈ।
ਸ਼ਾਂਤੀ ਉਂਝ ਕੁਝ ਨਹੀਂ ਹੈ
ਗੁਪਤਵਾਸ ਸਾਥੀ ਤੋਂ ਅੱਖ ਬਚਾਉਣ ਲਈ
ਸੜਕ ਕੰਢਲੇ ਨਾਲੇ ਵਿੱਚ ਨਿਓਂ ਜਾਣਾ ਹੀ ਸਭ ਕੁਝ ਹੈ।
ਸ਼ਾਂਤੀ ਕਿਤੇ ਨਹੀਂ ਹੁੰਦੀ ਹੈ
ਨਾਹਰਿਆਂ ਦੀ ਗਰਜ ਤੋਂ ਘਬਰਾ ਕੇ
ਆਪਣੀ ਚੀਕ 'ਚੋਂ ਸੰਗੀਤ ਦੇ ਅੰਸ਼ਾਂ ਨੂੰ ਲੱਭਣਾ ਹੀ ਸਭ ਕੁਝ ਹੈ
ਹੋਰ ਸ਼ਾਂਤੀ ਕਿਤੇ ਨਹੀਂ ਹੁੰਦੀ।
ਤੇਲ ਘਾਟੇ ਸੜਦੀਆਂ ਫਸਲਾਂ
ਬੈਂਕ ਦੀਆਂ ਮਿਸਲਾਂ ਦੇ ਜਾਲ ਅੰਦਰ ਫੜਫੜਾਉਂਦੇ ਪਿੰਡ
ਤੇ ਸ਼ਾਂਤੀ ਲਈ ਫੈਲੀਆਂ ਬਾਹਾਂ
ਸਾਡੇ ਯੁੱਗ ਦਾ ਸਭ ਤੋਂ ਕਮੀਨਾ ਚੁਟਕਲਾ ਹੈ।
ਸ਼ਾਂਤੀ ਵੀਣੀ 'ਚ ਖੁੱਭੀ ਵੰਗ ਦਾ ਹੰਝੂ ਦੇ ਜੇਡਾ ਜ਼ਖਮ ਹੈ,
ਸ਼ਾਂਤੀ ਢੋਏ ਹੋਏ ਫਾਟਕ ਦੇ ਪਿੱਛੇ
ਮੱਛਰੀਆਂ ਹਵੇਲੀਆਂ ਦਾ ਹਾਸਾ ਹੈ,
ਸ਼ਾਂਤੀ ਸੱਥਾਂ 'ਚ ਰੁਲਦੀਆਂ ਦਾਹੜੀਆਂ ਦਾ ਹਉਂਕਾ ਹੈ
ਹੋਰ ਸ਼ਾਂਤੀ ਕੁੱਝ ਨਹੀਂ ਹੈ।
ਸ਼ਾਂਤੀ ਦੁੱਖਾਂ ਤੇ ਸੁੱਖਾਂ ਵਿੱਚ ਬਣੀ ਸਰਹੱਦ ਉਤਲੇ ਸੰਤਰੀ ਦੀ ਰਫਲ ਹੈ
ਸ਼ਾਂਤੀ ਚਗਲੇ ਹੋਏ ਵਿਦਵਾਨਾਂ ਦੇ ਮੂੰਹਾਂ ਚੋਂ ਡਿੱਗਦੀ ਰਾਲ੍ਹ ਹੈ
ਸ਼ਾਂਤੀ ਪੁਰਸਕਾਰ ਲੈਂਦੇ ਕਵੀਆਂ ਦੀਆਂ ਵਧੀਆਂ ਹੋਈਆਂ ਬਾਹਾਂ ਦਾ ਟੁੰਡ ਹੈ
ਸ਼ਾਂਤੀ ਵਜ਼ੀਰਾਂ ਦੇ ਪਹਿਨੇ ਹੋਏ ਖੱਦਰ ਦੀ ਚਮਕ ਹੈ
ਸ਼ਾਤੀ ਹੋਰ ਕੁੱਝ ਨਹੀਂ ਹੈ
ਜਾਂ ਸ਼ਾਂਤੀ ਗਾਂਧੀ ਦਾ ਜਾਂਘੀਆ ਹੈ
ਜਿਸ ਦੀਆਂ ਤਣੀਆਂ ਨੂੰ ਚਾਲੀ ਕਰੋੜ ਬੰਦੇ ਫਾਹੇ ਲਾਉਣ ਖਾਤਰ
ਵਰਤਿਆ ਜਾ ਸਕਦਾ ਹੈ
ਸ਼ਾਂਤੀ ਮੰਗਣ ਦਾ ਅਰਥ
ਯੁੱਧ ਨੂੰ ਜ਼ਲੀਲਤਾ ਦੇ ਪੱਧਰ 'ਤੇ ਲੜਨਾ ਹੈ
ਸ਼ਾਂਤੀ ਕਿਤੇ ਨਹੀਂ ਹੁੰਦੀ ਹੈ।
ਯੁੱਧ ਤੋਂ ਬਿਨਾਂ ਅਸੀਂ ਬਹੁਤ 'ਕੱਲੇ ਹਾਂ
ਆਪਣੇ ਹੀ ਮੂਹਰੇ ਦੌੜਦੇ ਹੋਏ ਹਫ਼ ਰਹੇ ਹਾਂ
ਯੁੱਧ ਤੋਂ ਬਿਨਾਂ ਬਹੁਤ ਸੀਮਤ ਹਾਂ ਅਸੀਂ
ਬੱਸ ਹੱਥ ਭਰ 'ਚ ਮੱਕ ਜਾਂਦੇ ਹਾਂ
ਯੁੱਧ ਤੋਂ ਬਿਨਾਂ ਅਸੀਂ ਦੋਸਤ ਨਹੀਂ ਹਾਂ
ਝੂਠੇ ਮੂਠੇ ਜਜ਼ਬਿਆਂ ਦਾ ਖੱਟਿਆ ਖਾਂਦੇ ਹਾਂ ।
ਯੁੱਧ ਇਸ਼ਕ ਦੀ ਸਿਖ਼ਰ ਦਾ ਨਾਂ ਹੈ
ਯੁੱਧ ਲਹੂ ਦੇ ਲਾਡ ਦਾ ਨਾਂ ਹੈ
ਯੁੱਧ ਜੀਣ ਦੇ ਨਿੱਘ ਦਾ ਨਾਂ ਹੈ
ਯੁੱਧ ਕੋਮਲ ਹਸਰਤਾਂ ਦੀ ਮਾਲਕੀ ਦਾ ਨਾਂ ਹੈ
ਯੁੱਧ ਅਮਨ ਦੇ ਸ਼ੁਰੂ ਦਾ ਨਾਂ ਹੈ
ਯੁੱਧ ਵਿੱਚ ਰੋਟੀ ਦੇ ਹੁਸਨ ਨੂੰ
ਨਿਹਾਰਨ ਜਹੀ ਸੂਖ਼ਮਤਾ ਹੈ
ਯੁੱਧ ਵਿੱਚ ਸ਼ਰਾਬ ਨੂੰ ਸੁੰਘਣ ਜਿਹਾ ਅਹਿਸਾਸ ਹੈ
ਯੁੱਧ ਇੱਕ ਯਾਰੀ ਲਈ ਵਧਿਆ ਹੱਥ ਹੈ
ਯੁੱਧ ਕਿਸੇ ਮਹਿਬੂਬ ਲਈ ਅੱਖਾਂ 'ਚ ਲਿਖਿਆ ਖ਼ਤ ਹੈ
ਯੁੱਧ ਕੁੱਛੜ ਚਾਏ ਹੋਏ ਬੱਚੇ ਦੀਆਂ
ਮਾਂ ਦੇ ਦੁੱਧ 'ਤੇ ਟਿਕੀਆਂ ਮਾਸੂਮ ਉਂਗਲਾਂ ਹਨ
ਯੁੱਧ ਕਿਸੇ ਕੁੜੀ ਦੀ ਪਹਿਲੀ
'ਹਾਂ' ਦੇ ਵਰਗੀ 'ਨਾਂਹ' ਹੈ
ਯੁੱਧ ਆਪਣੇ ਆਪ ਨੂੰ ਮੋਹ ਭਿੱਜਿਆ ਸੰਬੋਧਨ ਹੈ
ਯੁੱਧ ਸਾਡੇ ਬੱਚਿਆਂ ਲਈ
ਪਿੜੀਆਂ ਵਾਲੀ ਖਿੱਦੋ ਬਣ ਕੇ ਆਏਗਾ
ਯੁੱਧ ਸਾਡੀਆਂ ਭੈਣਾਂ ਲਈ
ਕਢਾਈ ਦੇ ਸੁੰਦਰ ਨਮੂਨੇ ਲਿਆਏਗਾ
ਯੁੱਧ ਸਾਡੀਆਂ ਬੀਵੀਆਂ ਦੇ ਥਣਾਂ ਅੰਦਰ
ਦੁੱਧ ਬਣ ਕੇ ਉੱਤਰੇਗਾ
ਯੁੱਧ ਬੁੱਢੀ ਮਾਂ ਲਈ ਨਿਗ੍ਹਾ ਦੀ ਐਨਕ ਬਣੇਗਾ
ਯੁੱਧ ਸਾਡਿਆਂ ਵੱਡਿਆਂ ਦੀਆਂ ਕਬਰਾਂ ਉੱਤੇ
ਫੁੱਲ ਬਣ ਕੇ ਖਿੜੇਗਾ
ਵਕਤ ਬੜਾ ਚਿਰ
ਕਿਸੇ ਬੇਕਾਬੂ ਘੋੜੇ ਵਰਗਾ ਰਿਹਾ ਹੈ
ਜੋ ਸਾਨੂੰ ਘਸੀਟਦਾ ਹੋਇਆ ਜ਼ਿੰਦਗੀ ਤੋਂ ਬਹੁਤ ਦੂਰ ਲੈ ਗਿਆ ਹੈ
ਕੁਝ ਨਹੀਂ ਬੱਸ ਯੁੱਧ ਹੀ ਇਸ ਘੋੜੇ ਦੀ ਲਗਾਮ ਬਣ ਸਕੇਗਾ
ਬੱਸ ਯੁੱਧ ਹੀ ਇਸ ਘੋੜੇ ਦੀ ਲਗਾਮ ਬਣ ਸਕੇਗਾ।
***
ਐਮਰਜੰਸੀ ਲੱਗਣ ਤੋਂ ਬਾਦ
ਇਸ ਭੇਤ ਭਰੀ ਮੌਤ ਵਿੱਚ ਸਿਵਾ ਇਸ ਤੋਂ
ਕਿ ਕੋਈ ਮਰ ਗਿਆ ਹੈ, ਕੁਝ ਵੀ ਸੱਚ ਨਹੀਂ
ਬਾਕੀ ਸਭ ਅਫਵਾਹਾਂ ਹਨ
ਕੰਨ-ਰਸੀ ਹੈ
ਜਾਂ ਉੱਤਰਦੇ ਸਿਆਲ ਦਾ ਸੱਨਾਟਾ ਹੈ ।
ਹੁਣ ਮਾਤਮ ਹੋਵੇਗਾ, ਜਾਂ ਅੰਦਰੋ ਅੰਦਰ ਘਿਉ ਦੇ ਦੀਵੇ ਬਲਣਗੇ,
ਤੇ ਇੱਕ ਉਦਾਸੀ-ਚੁਗੀ ਹੋਈ ਕਪਾਹ ਦੇ ਖੇਤ ਵਰਗੀ
ਜੋ ਮਰਨ ਵਾਲੇ ਦੇ ਜਿਉਂਦਿਆਂ ਵੀ ਸੀ
ਏਥੇ ਸਾਡੇ ਬੂਹਿਆਂ ਦੇ ਕਬਜ਼ਿਆਂ ਨਾਲ
ਜੋ ਖੁੱਲ੍ਹਦਿਆਂ ਤੇ ਬੰਦ ਹੁੰਦਿਆਂ ਲਗਾਤਾਰ ਚੀਕਦੀ।
ਇਸ ਭੇਤ ਭਰੀ ਮੌਤ ਵਿੱਚ ਕੁਝ ਵੀ ਸੱਚ ਨਹੀਂ ਸਿਵਾ ਇਸ ਤੋਂ
ਕਿ ਕਬਰਾਂ ਤਿਆਰ ਨਹੀਂ ਆਪਣੇ ਸੁਭਾਓ ਬਦਲਣ ਲਈ
ਤੇ ਆਦਮੀ ਪੀਂਘ ਦੇ ਮੁੜਦੇ ਹੁਲਾਰੇ ਦੇ ਆਖਰੀ ਅੱਧ ਵਾਂਗ
ਉਤੇਜਨਾ ਨਾਲ ਕੱਠਾ ਹੋਇਆ ਰਹਿੰਦਾ ਹੈ
ਖੁਸ਼ੀ ਤੇ ਡਰ ਨੂੰ, ਆਪਣੇ ਪੱਟਾਂ ਵਿੱਚ ਦਬਾਏ ਹੋਏ
ਨਿਰਵਿਘਨ ਸਮਾਪਤ ਹੋਣ ਦੀ ਅਰਦਾਸ
ਸਾਡਿਆਂ ਕੰਨਾਂ ਅੰਦਰ ਸਿੱਕਾ ਭਰਦੀ ਰਹਿੰਦੀ ਹੈ
ਅਤੇ ਇਹ ਡਰ, ਕਿ ਹਾਰ ਜਾਏਗਾ ਵੀਰਵਾਰ ਆਖ਼ਰ,
ਸ਼ੁੱਕਰਵਾਰ ਦੇ ਪਹਿਲੇ ਨਗਾਰੇ ਤੋਂ
ਕੁਝ ਨੂੰ ਕਾਤਲ ਬਨਣ ਦੀ ਸੋਝੀ ਦਿੰਦਾ ਹੈ।
ਤਾਂ ਵੀ ਇਸ ਕਤਲ ਵਿੱਚ ਦੋਸ਼ੀ ਸਿਰਫ਼ ਬੰਦੂਕਧਾਰੀ ਨਹੀਂ,
ਅਸੀਂ ਵੀ ਹਾਂ ਜਿਨ੍ਹਾਂ ਦੀਆਂ ਅੱਖੀਆਂ ਦਾ ਸੁਰਮਾ,
ਸਾਡੇ ਹੰਝੂਆਂ ਲਈ ਕਰਫ਼ਿਊ ਬਣ ਗਿਆ।
ਕੁਝ ਵੀ ਹੋਵੇ, ਇੱਕ ਉਸ ਦੇ ਮਰਨ ਤੋਂ ਸਿਵਾ,
ਹੁਣ ਬਾਕੀ ਸਭ ਅਫਵਾਹਾਂ ਹਨ, ਕੰਨ-ਰਸੀ ਹੈ।
***
ਆਸ਼ਕ ਦੀ ਅਹਿੰਸਾ
ਪਹਿਲਾ ਮੁੰਡਾ ਮਿੱਤਰਾਂ ਦਾ
ਲਾਵਾਂ ਵਾਲ਼ੇ ਦਾ ਉਜਰ ਨਾ ਕੋਈ (ਲੋਕ ਗੀਤ)
ਗੱਲ ਪਹਿਲੇ ਮੁੰਡੇ ਦੀ ਹੀ ਨਹੀਂ
ਪਹਿਲੀ ਚੁੰਮੀ ਦੀ ਵੀ ਹੈ
ਜਾਂ ਸਿਰਫ਼ ਇੱਕ ਵਾਰ ਨਿਗ੍ਹਾ ਭਰ ਕੇ ਤੱਕ ਸਕਣ ਦੀ ਵੀ
ਉਜਰ ਜਦ ਵੀ ਕਦੇ ਹੋਇਆ
ਤਾਂ ਮਿੱਤਰਾਂ ਦਾ ਹੀ ਹੋਇਆ ਹੈ,
ਲਾਵਾਂ ਵਾਲੇ ਕੋਲ ਤਾਂ ਸਿਰਫ ਡੰਡਾ ਹੁੰਦਾ ਹੈ
ਜਾਂ ਸਣੇ ਬੂਟ ਦੇ ਲੱਤ।
ਗੱਲ ਤਾਂ ਸਿਜਦਿਆਂ ਦੀ ਸੜਕ 'ਤੇ ਚੱਲਣ ਦੀ ਹੈ,
ਉਂਝ ਮਿੱਤਰਾਂ ਨੂੰ ਕਿਹੜਾ ਲਾਂਵਾਂ 'ਤੇ ਬਹਿਣਾ ਨਹੀਂ ਆਉਂਦਾ।
ਮੱਝੀਆਂ 'ਉਹ' ਨਹੀਂ ਤਾਂ ਕੋਈ ਹੋਰ ਚਾਰ ਲਊ
ਅਗਲੀ ਚੂਰੀ ਨਹੀਂ ਤਾਂ ਗੰਢੇ ਨਾਲ ਅਚਾਰ ਲੈ ਆਊ।
ਗੱਲ ਤਾਂ ਚੌਧਰੀਆਂ ਦੇ ਸ਼ਮਲੇ 'ਤੇ, ਪਰਿੰਦਿਆਂ ਵਾਂਗ ਚਹਿਕਣ ਦੀ ਹੈ,
ਉਂਝ ਮਿੱਤਰਾਂ ਨੂੰ ਕਿਹੜਾ ਵੰਝਲੀਓਂ ਬਗੈਰ ਹਾਜ਼ਤ ਨਹੀਂ ਹੁੰਦੀ।
ਐਵੇਂ ਚੰਧੜਾਂ ਦੀ ਫੌਜ ਫਿਰਦੀ ਹੈ
ਅਖੇ ਨੇਜ਼ਿਆਂ ਨਾਲ ਇਸ਼ਕ ਦਾ ਖੁਰਾ ਨੱਪਣਾ
ਅਖੇ ਬੇਲਿਆਂ ਨੂੰ ਟਾਪਾਂ ਦੀ ਮੁਹਾਰਨੀ ਪੜ੍ਹਾਉਣੀ
ਗੱਲ ਤਾਂ ਬੀਆਬਾਨ ਨੂੰ ਸੁਫ਼ਨਿਆਂ ਦਾ ਵਰ ਦੇਣ ਦੀ ਹੈ
ਜਾਂ ਸਦੀਆਂ ਤੋਂ ਉਦਾਸ ਖੜ੍ਹੇ ਜੰਡਾਂ ਨੂੰ
ਧੜਕਣ ਦੀ ਚਾਟ ਲਾਉਣ ਦੀ
ਉਂਝ ਮਿੱਤਰਾਂ ਨੂੰ ਕਿਹੜਾ ਤਰਕਸ਼ ਨੂੰ ਲਾਹੁਣਾ ਨਹੀਂ ਆਉਂਦਾ।
ਬੱਕੀ ਨੂੰ ਕਿਹੜਾ ਹਵਾ 'ਤੇ ਹੱਸਣਾ ਨਹੀਂ ਆਉਂਦਾ।
ਗੱਲ ਕੋਈ ਵੀ ਹੋਵੇ
ਲਾਵਾਂ ਵਾਲਿਆਂ ਦੇ ਜਦੋਂ ਵੀ ਅੜਿੱਕੇ ਆਈ
ਮਿੱਤਰਾਂ ਨੂੰ ਤੋਹਮਤਾਂ ਦੇ ਰੋੜ ਚੱਬਣੇ ਪਏ।
ਉਂਝ ਤੁਸੀਂ ਕੱਲ ਨਹੀਂ - ਪਰਸੋਂ ਆਉਣਾ
ਜਾਂ ਜਦੋਂ ਵੀ ਕਿੱਸਿਆਂ ਨੂੰ ਪਾਰ ਕਰਕੇ
ਤੁਹਾਡਾ ਆਉਣਾ ਹੋਵੇ-
ਮਿੱਤਰਾਂ ਕੋਲ ਆਪਣਾ ਹੀ ਲਹੂ ਹੋਵੇਗਾ
ਤੇ ਵਗਣ ਲਈ ਦਰਿਆਵਾਂ ਦੇ ਨਵਿਓਂ ਨਵੇਂ ਮੁਹਾਣੇ
ਲਾਵਾਂ ਵਾਲਿਆਂ ਕੋਲ ਕਦੇ ਵੀ ਕੁਝ ਨਹੀਂ ਹੋਣਾ
ਸਿਵਾ ਡੰਡੇ ਤੇ ਸਣੇ ਬੂਟ ਦੇ ਲੱਤਾਂ ਤੋਂ।
***
ਜੋਗਾ ਸਿੰਘ ਦੀ ਸਵੈ ਪੜਚੋਲ
ਮੈਂ ਯਾਰੋ ਯੁੱਧ ਵਿੱਚ ਕਿੱਥੇ ਲੁਕਾਵਾਂਗਾ,
ਆਪਣੇ ਯੁੱਧ ਤੋਂ ਪਹਿਲਾਂ ਦੇ ਜ਼ਖਮ
ਤਿੰਨ ਇਕਲੌਤੀਆਂ ਲਾਵਾਂ ਨਾ ਮੇਰੀ ਢਾਲ ਬਨਣਾ ਹੈ
ਅਤੇ ਨਾ ਮੱਲ੍ਹਮ ਦੀ ਡੱਬੀ
ਜਦੋਂ ਮੈਂ ਤੁਰਿਆ ਸਾਂ, ਪੰਜ ਕਕਾਰ ਘੋੜੇ 'ਤੇ ਮੇਰੇ ਨਾਲ ਬੈਠੇ -
ਘੋੜੇ ਦੀ ਵਾਗ ਨੂੰ ਮੈਂ ਆਪਣੇ ਹੱਥਾਂ ਵਿੱਚ ਮਹਿਸੂਸ ਕਰਦਾ ਰਿਹਾ
ਇਸ ਤੋਂ ਬੇਖ਼ਬਰ ਕਿ ਮੇਰੀ ਆਪਣੀ ਵਾਗ,
ਜੰਗਲੀ ਰਾਹ ਦਿਆਂ ਪੰਜਿਆਂ 'ਚ ਸੀ
ਜੋ ਕਦੀ ਮੈਨੂੰ ਵੇਸਵਾ ਦੇ ਬੰਗਲੇ ਲੈ ਗਏ,
ਤੇ ਕਦੀ ਜਾਦੂ ਦੀਆਂ ਝੀਲਾਂ 'ਤੇ
ਜਿੱਥੇ ਪੰਛੀਆਂ ਦੇ ਗੌਣ
ਲਗਾਤਾਰ ਸਿੱਖ ਰਹੇ ਸਨ ਚੈਨ ਨਾਲ ਮਰਨਾ।
ਮੈਂ ਕਦੀ ਸੋਚਿਆ ਨਹੀਂ ਸੀ ਕਿ ਰਾਹਾਂ ਦੀ,
ਆਪਣੀ ਵੀ ਕੋਈ ਮਰਜ਼ੀ ਹੁੰਦੀ ਹੈ
ਤੇ ਤਿੰਨ ਲਾਵਾਂ ਦਾ, ਨਿੱਕਾ ਜਿਹਾ ਈ ਸਹੀ,
ਆਪਣਾ ਵੀ ਕੋਈ ਇਤਿਹਾਸ ਹੁੰਦਾ ਹੈ...
ਰੱਬ ਜੀ, ਕਦੋਂ ਨਿੱਕਲੇਗਾ ਮੇਰੇ ਪਿੰਡੇ 'ਚੋਂ
ਤਿੰਨ ਲਾਵਾਂ ਦਾ ਤਾਪ
ਜੋ ਮੇਰਾ ਛੇਵਾਂ ਕਕਾਰ ਬਣ ਕੇ ਰਹਿ ਗਿਆ ਹੈ,
ਗੁਰੂ ਤੋਂ ਬੇਮੁਖ ਹੀ ਹੁੰਦਾ ਤਾਂ ਕੋਈ ਗੱਲ ਨਾ ਸੀ
ਹੁਣ ਤਾਂ ਪਰ ਜੋਗਾ ਸਿਹੁੰ ਰਕਾਬ ਵਿਚਲੇ ਪੈਰ ਦਾ ਹੀ ਨਾਂ ਹੈ –
ਤੇ ਭੰਗਾਣੀ ਤੱਕ ਪੁੱਜਦੇ, ਇਹ ਸਿਰਫ਼ ਹੱਥ ਹੀ ਰਹਿ ਜਾਏਗਾ।
ਮੈਂ ਕਦੇ ਹੱਥ ਕਦੇ ਪੈਰ ਹੁੰਦਾ ਹਾਂ, ਜੋਗਾ ਸਿੰਘ ਕਦੇ ਨਹੀਂ ਹੁੰਦਾ।
ਤੇ ਚੌਥੀ ਲਾਂਵ ?
ਕਦੇ ਲੱਗਦਾ ਹੈ ਚੌਥੀ ਲਾਂਵ,
ਬੱਸ ਕਿਸੇ ਫ਼ਰਜ਼ੇ ਹੋਏ ਜਹਾਨ ਦੀ
ਇੱਕ ਲਿਸ਼ਕਦੀ ਨੁੱਕਰ ਹੈ, ਜਿਸ ਦੀ ਹੋਰ ਨੁੱਕਰ ਕੋਈ ਨਹੀਂ ਹੁੰਦੀ
ਮੈਂ ਯਾਰੋ ਯੁੱਧ ਵਿੱਚ ਜੇ ਹਾਰ ਵੀ ਗਿਆ,
ਤਾਂ ਉਹ ਛੇਆਂ ਕਕਾਰਾਂ ਦੀ ਹੀ ਕੋਈ ਤਕਦੀਰ ਹੋਵੇਗੀ
ਜੋਗਾ ਸਿੰਘ ਤਾਂ ਨਾ ਕਦੇ ਹਰਦਾ, ਨਾ ਜਿੱਤਦਾ ਹੈ,
ਜੋਗਾ ਸਿੰਘ ਤਾਂ ਤਿਆਰ-ਬਰ-ਤਿਆਰ, ਹੁਕਮ ਦਾ ਬੱਧਾ ਹੈ।
ਜੋਗਾ ਸਿੰਘ ਤਾਂ ਨਾ ਕਦੇ ਹਰਦਾ, ਨਾ ਜਿੱਤਦਾ ਹੈ।
***
ਤੀਸਰਾ ਮਹਾਂ ਯੁੱਧ
ਕਚਿਹਰੀਆਂ ਦੇ ਬਾਹਰ ਖੜੇ
ਬੁੱਢੇ ਕਿਰਸਾਨ ਦੀਆਂ ਅੱਖਾਂ 'ਚ ਮੋਤੀਆ ਉੱਤਰ ਆਏਗਾ
ਸ਼ਾਮ ਤੱਕ ਹੋ ਜਾਏਗੀ ਧੌਲੀ
ਰੁਜ਼ਗਾਰ ਦਫਤਰ ਦੇ ਵੇਹੜੇ 'ਚ ਅੰਬ ਰਹੀ ਕੱਕੀ ਲੂਈਂ
ਬਹੁਤ ਛੇਤੀ ਭੁੱਲ ਜਾਏਗਾ ਪੁਰਾਣੇ ਢਾਬੇ ਦਾ ਨਵਾਂ ਨੌਕਰ
ਆਪਣੀ ਮਾਂ ਦੇ ਸਦਾ ਈ ਧੁੱਤੇ ਮੈਲੇ ਰਹਿਣ ਵਾਲੇ
ਪੋਣੇ ਦੀ ਮਿੱਠੀ ਮਹਿਕ
ਢੂੰਡਦਾ ਰਹੇਗਾ ਕੰਢੇ ਸੜਕ ਦੇ ਉਹ ਨਿੰਮੋਝੂਣਾ ਜੋਤਸ਼ੀ
ਆਪਣੇ ਹੀ ਹੱਥ ਤੋਂ ਮਿਟੀ ਹੋਈ ਭਾਗ ਦੀ ਰੇਖਾ
ਤੇ ਪੈਨਸ਼ਨ ਲੈਣ ਆਏ ਕਾਰ ਥੱਲੇ ਕੁਚਲੇ ਗਏ
ਪੁਰਾਣੇ ਫੌਜੀ ਦੀ ਟੁੱਟੀ ਹੋਈ ਸਾਈਕਲ
ਤੀਸਰਾ ਮਹਾਂ ਯੁੱਧ ਲੜਨ ਦੀ ਸੋਚੇਗੀ
ਤੀਸਰਾ ਮਹਾਂ ਯੁੱਧ
ਜੋ ਨਹੀਂ ਲੜਿਆ ਜਾਏਗਾ ਹੁਣ
ਜਰਮਨੀ ਤੇ ਭਾੜੇ ਦੀਆਂ ਫੌਜਾਂ ਵਿਚਾਲੇ
ਤੀਸਰਾ ਮਹਾਂ ਯੁੱਧ ਹਿੱਕਾਂ 'ਚ ਖੁਰ ਰਹੀ
ਜੀਣ ਦੀ ਬਾਦਸ਼ਾਹਤ ਲੜੇਗੀ
ਤੀਸਰਾ ਮਹਾਂ ਯੁੱਧ ਗੋਹੇ ਨਾਲ ਲਿੱਪੇ
ਕੋਠਿਆਂ ਦੀ ਸਾਦਗੀ ਲੜੂ
ਤੀਸਰਾ ਮਹਾਂ ਯੁੱਧ ਝੱਗੇ ਤੋਂ ਧੁੱਪ ਨਾ ਸਕਣ ਵਾਲੇ
ਬਰੋਜ਼ੇ ਦੇ ਛਿੱਟੇ ਲੜਨਗੇ
ਤੀਸਰਾ ਮਹਾਂ ਯੁੱਧ
ਮੂਤ ਦੇ ਫੰਬੇ 'ਚ ਲਿਪਟੀ ਵੱਢੀ ਗਈ ਉਂਗਲ ਲੜੇਗੀ -
ਬਣੇ ਸੰਵਰੇ ਜ਼ੁਲਮ ਦੇ ਚਿਹਰੇ ਉੱਤੇ ਲਿਸ਼ਕਦੀ
ਨਜ਼ਾਕਤ ਦੇ ਖ਼ਿਲਾਫ,
ਧਰਤੀ ਨੂੰ ਕੈਦ ਕਰਨਾ ਚਾਹੁੰਦੇ ਚਾਬੀ ਦੇ ਛੱਲੇ ਖ਼ਿਲਾਫ
ਤੀਸਰਾ ਮਹਾਂ ਯੁੱਧ
ਕਦੇ ਵੀ ਨਾ ਖੁੱਲ੍ਹਣ ਵਾਲੀ ਮੁੱਠ ਦੇ ਖ਼ਿਲਾਫ਼ ਲੜਿਆ ਜਾਏਗਾ
ਤੀਸਰਾ ਮਹਾਂ ਯੁੱਧ
ਕੂਲੀਆਂ ਸ਼ਾਮਾਂ ਦੇ ਪਿੰਡੇ ਤੇ ਰੀਂਗਣ ਵਾਲ਼ੇ
ਭੁੱਚਰ ਜਹੇ ਕੰਡੇਰਨੇ ਦੇ ਖਿਲਾਫ ਲੜਿਆ ਜਾਏਗਾ
ਤੀਸਰਾ ਮਹਾਂ ਯੁੱਧ ਉਸ ਸਹਿਮ ਦੇ ਖ਼ਿਲਾਫ਼ ਲੜਿਆ ਜਾਏਗਾ
ਜਿਦ੍ਹਾ ਅਕਸ ਮੇਰੀ ਦੰਦੀਆਂ ਕੱਢਦੀ ਧੀ ਦੀਆਂ ਅੱਖਾਂ 'ਚ ਹੈ
ਤੀਸਰਾ ਮਹਾਂ ਯੁੱਧ
ਕਿਸੇ ਖਸਤਾ ਜਹੇ ਖੀਸੇ 'ਚ ਮਚਕੋੜੇ ਗਏ
ਨਿੱਕੇ ਜਹੇ ਸੰਸਾਰ ਲਈ ਜਾਏਗਾ ਲੜਿਆ
***
ਜੰਗਲ 'ਚੋਂ ਆਪਣੇ ਪਿੰਡ ਦੇ ਨਾਂ ਰੁੱਕਾ
ਮੇਰੇ ਪਿੰਡ ! ਕਿਤੇ ਮੈਨੂੰ ਰਾਤ ਬਰਾਤੇ ਮਿਲਣ ਆ
ਜਦ ਜੇਲ੍ਹ ਦੇ ਗੁੰਮਟ 'ਤੇ ਬੈਠੀ-ਦਹਿਸ਼ਤ ਤੇ ਜਹਾਲਤ ਦੀ ਗਿਰਝ
ਆਪਣੇ ਪਰਾਂ ਨੂੰ ਸਮੇਟ ਲੈਂਦੀ ਹੈ
ਸਿਰਫ ਦਰਬਾਨ ਜਾਗਦੇ ਹੋਣੇ ਨੇ - ਉਨ੍ਹਾਂ ਦਾ ਕੀ ਹੈ
ਤੂੰ ਇਸ ਤਰ੍ਹਾਂ ਆਈਂ ਨਾ !
ਜਿਵੇਂ ਬਲਦੇ ਸਿਵੇ ਤੋਂ ਬੇਖਬਰ ਲੰਘ ਆਉਂਦਾ ਹੈ ਪਰਿੰਦਾ ਕੋਈ
ਤੇ ਛੱਤੀ ਚੱਕੀਆਂ ਕੋਲ ਆ ਕੇ ਪੁੱਛੀਂ
ਮੇਰਾ ਉਹ ਨਜ਼ਰਬੰਦ ਕਿੱਥੇ ਹੈ ਜਿਸ ਦੀ ਨਜ਼ਰ
ਜਿਵੇਂ ਛੱਪੜ 'ਚ ਤਰਦਾ ਨਿੰਮਲ ਦੁਪਹਿਰਾ ਹੁੰਦੀ ਸੀ ?
ਪਰ ਕਿੱਥੇ –
ਐਨੀ ਵਿਹਲ ਕਦ ਹੋਣੀ ਹੈ ਤੇਰੇ ਕੋਲ
ਤੂੰ ਤਾਂ ਰੁੱਝਿਆ ਹੋਏਂਗਾ ਹਵਾ ਨੂੰ ਰੁਖ-ਸਿਰ ਕਰਨ 'ਚ
ਤਾਂ ਕਿ ਤੂੜੀਆਂ ਦੇ ਮੁੱਕਣ ਤੋਂ ਪਹਿਲਾਂ
ਮੂੰਗਫਲੀਆਂ ਦੀ ਉਡਾਈ ਹੋ ਸਕੇ।
ਤੂੰ ਉਨ੍ਹਾਂ ਬੱਚਿਆਂ ਲਈ ਰੇਤ ਵਿਛਾ ਰਿਹਾ ਹੋਏਂਗਾ
ਜਿਨ੍ਹਾਂ ਲਵੀਆਂ ਲਵੀਆਂ ਉਂਗਲਾਂ ਨਾਲ ਊੜਾ ਪਾਉਣਾ ਸਿੱਖਣਾ ਹੈ।
ਤੇ ਉਮਰ ਭਰ ਊੜੇ ਦੇ ਚਿੱਬਾਂ 'ਚੋਂ
ਛੁਡਾ ਨਹੀਂ ਸਕਣਾ ਸੰਸਾਰ ਆਪਣਾ।
ਮੇਰੇ ਪਿੰਡ, ਤੇਰੀਆਂ ਰੋਹੀਆਂ ਵਿੱਚ ਤਾਂ ਸਿੰਮ ਰਹੀ ਹੋਵੇਗੀ
ਮੁੜ ਮੁੜ ਓਹਲਿਆਂ ਨੂੰ ਤੱਕਦੀਆਂ ਤੇ ਸੰਗ ਜਾਂਦੀਆਂ
ਕੁੜੀਆਂ ਦੀ ਅਕੜਾਂਦ
ਜੋ ਅਜੇ ਐਤਕੀਂ ਜਵਾਨ ਹੋਈਆਂ।
ਤੂੰ ਤਾਂ ਚੁਣ ਰਿਹਾ ਹੋਵੇਂਗਾ ਉਸ ਹਾਸੇ ਦੀਆਂ ਕੰਕਰਾਂ
ਜੋ ਉਨ੍ਹਾਂ ਚੋਬਰਾਂ ਦਿਆਂ ਹੋਠਾਂ ਉੱਤੇ ਤਿੜਕ ਗਿਆ
ਜਿਨ੍ਹਾਂ ਦੀਆਂ ਐਸ ਤਰ੍ਹਾਂ ਕੁੜਮਾਈਆਂ ਟੁੱਟ ਗਈਆਂ
ਕਿ ਜਿਵੇਂ ਕਸ਼ੀਦਣ ਲੱਗਿਆਂ ਤਿਆਰ ਹੋਈ ਲਾਹਣ ਦਾ
ਘੜਾ ਟੁੱਟ ਜਾਵੇ
ਤੂੰ ਆਖ਼ਰ ਪਿੰਡ ਏਂ, ਕੋਈ ਸੁਹਜਵਾਦੀ ਸ਼ਾਇਰ ਨਹੀ
ਜੋ ਇਸ ਫਜ਼ੂਲ ਜਹੇ ਸੰਸੇ 'ਚ ਰੁੱਝਿਆ ਰਹੇ
ਕਿ ਖਵਰੇ ਕਿੰਨੇ ਹੁੰਦੇ ਹਨ ਦੋ ਤੇ ਦੋ।
ਤੈਨੂੰ ਤਾਂ ਪਤਾ ਹੈ ਕਿ ਦੋ ਤੇ ਦੋ ਜੇ ਚਾਰ ਨਹੀਂ ਬਣਦੇ
ਤਾਂ ਛਿੱਲ ਤਰਾਸ਼ ਕੇ ਕਰਨੇ ਹੀ ਪੈਣਗੇ।
ਤੂੰ ਸੂਰਮਗਤੀ ਦੀ ਬੜ੍ਹਕ ਏਂ ਮੇਰੇ ਪਿੰਡ
ਏਥੇ ਨਾ ਹੀ ਆਵੀਂ ਚੋਰ ਜਿਹਾ ਬਣਕੇ -
ਮੈਂ ਆਪੇ ਹੀ ਕਿਸੇ ਦਿਨ ਪਰਤ ਆਵਾਂਗਾ
ਮੇਰਾ ਤਾਂ ਹੋਣ ਹੀ ਨਹੀਂ ਹੈ
ਤੇਰੇ ਚਿੱਕੜ ਵਿੱਚ ਤਿਲਕੀਆਂ ਹੋਈਆਂ ਪੈੜਾਂ ਨੂੰ ਤੱਕਣ ਤੋਂ ਬਿਨਾਂ
ਤੇਰੇ ਜਠੇਰਿਆਂ ਦੀ ਮਟੀ ਉੱਤੇ
ਦੀਵਿਆਂ ਨਾਲ ਮਿਲਕੇ ਝਿਲਮਲਾਉਣ ਤੋਂ ਬਿਨਾਂ
ਮੈਂ ਭਲਾ ਕਿੰਜ ਰਹਾਂਗਾ
ਸਾਂਝੇ ਥੜ੍ਹੇ ਉੱਤੇ ਕੱਚ ਭੰਨਣ ਤੋਂ
ਜਿੱਥੇ ਹਾਰੇ ਹੋਏ ਬੁੜ੍ਹਿਆਂ ਨੇ ਬਹਿ ਕੇ
ਪਵਿੱਤਰ ਸੱਚਾਈਆਂ ਦੀਆਂ ਗੱਲਾਂ ਕਰਨੀਆਂ ਹਨ...
***
(5-7 ਜਨਵਰੀ, 1976)
ਧੁੱਪੇ ਵੀ ਤੇ ਛਾਵੇਂ ਵੀ
ਮੇਰੇ ਤੋਂ ਜ਼ਰਾ ਜਿੰਨੀ ਵਿੱਥ 'ਤੇ ਮੈਂ ਸੌਂ ਰਿਹਾ ਹਾਂ
ਇਸ ਦੇ ਬਾਵਜੂਦ ਕਿ ਉਨ੍ਹਾਂ ਨਾਲ ਝਗੜਾ ਬਹੁਤ ਵਧ ਗਿਆ ਹੈ
ਜਿਨ੍ਹਾਂ ਦੀ ਮੁੱਦਤਾਂ ਤੋਂ ਮੇਰੇ ਨਾਲ ਕੌੜ ਸੀ...
ਇਹ ਜ਼ਰਾ ਜਿੰਨੀ ਵਿੱਥ, ਕਮਾਦੀਂ ਸ਼ਹਿ ਕੇ ਬੈਠੀ ਕਾਲੀ ਤਿੱਤਰੀ ਹੈ
ਆਕੜਾਂ ਭੰਨਦੀ ਉਡਾਣ ਜਿਸ ਦੇ ਪਰਾਂ ਅੰਦਰ, ਹੌਲੀ ਹੌਲੀ ਮਰ ਰਹੀ ਹੈ
ਇਹ ਜ਼ਰਾ ਜਿੰਨੀ ਵਿੱਥ, ਸ਼ਾਇਦ ਮੇਰੀ ਮਾਂ ਦੀ ਦੈਵੀ ਤੱਕਣੀ ਹੈ
ਜਿਸ ਵਿੱਚ ਮਿਹਰ ਦਾ ਸਮੁੰਦਰ ਹੌਲ਼ੀ ਹੌਲ਼ੀ ਮੁਸ਼ਕਣ ਲੱਗ ਪਿਆ ਹੈ
ਇਹ ਜ਼ਰਾ ਜਿੰਨੀ ਵਿੱਥ, ਸ਼ਾਇਦ ਉਹ ਅਣਪੜ੍ਹੀਆਂ ਕਿਤਾਬਾਂ ਹਨ
ਜਿਨ੍ਹਾਂ ਵਿੱਚ ਗਿਆਨ ਦੇ ਜਗਦੇ ਦਰਖ਼ਤ ਹੌਲ਼ੀ ਹੌਲ਼ੀ ਅੰਨ੍ਹੇ ਹੋ ਰਹੇ ਹਨ।
ਇਹ ਜ਼ਰਾ ਜਿੰਨੀ ਵਿੱਥ ਸ਼ਾਇਦ ਕਿਸੇ ਸੜ ਰਹੇ ਕੱਫ਼ਨ ਦੀ ਜਾਗ ਹੈ
ਜਾਂ ਰੋਹੀ ਦੇ ਵੀਰਾਨੇ ਅੰਦਰ ਭਟਕਦੇ,
ਹੌਲੀ ਹੌਲੀ ਠਰ ਰਹੇ ਨਗ਼ਮੇ ਦਾ ਗਿਲ੍ਹਾ ਹੈ
ਇਹ ਜ਼ਰਾ ਜਿੰਨੀ ਵਿੱਥ ਆਪਣੇ ਲਾਗੇ ਹੀ ਸੁੱਤੇ ਪਏ ਮੇਰੇ ਪਿੰਡੇ ਨੂੰ
ਦਿੱਤੀ ਗਈ ਲੋਰੀ ਹੈ
ਇਹ ਜ਼ਰਾ ਜਿੰਨੀ ਵਿੱਥ ਕੋਈ ਬੋਲੀ ਹਨੇਰੀ ਹੈ,
ਉਨ੍ਹਾਂ ਗੀਤਾਂ ਦੇ ਅਣਚੁਗੇ ਅਸਤਾਂ 'ਤੇ ਵਗਦੀ
ਜਿਨ੍ਹਾਂ ਨੂੰ ਮੈਂ ਪਹਾੜਿਆਂ ਤੇ ਕਾਇਦਿਆਂ ਵਿੱਚ 'ਕੱਲਿਆਂ ਛੱਡ ਆਇਆ ਸਾਂ
ਕਈ ਵੇਰ ਲਗਦਾ ਹੈ ਮੈਥੋਂ ਜ਼ਰਾ ਜਿੰਨੀ ਵਿੱਥ 'ਤੇ ਸੁੱਤਾ ਪਿਆ,
ਵੈਰੀ ਨਾਲ ਰਲਿਆ ਹੋਇਆ ਬੰਦਾ ਹੈ
ਜੋ ਦੰਭੀ ਅਮਨ ਦੇ ਠਹਿਰੇ ਹੋਏ ਪਾਣੀ 'ਚ,
ਆਪਣੇ ਸੁਫ਼ਨਿਆਂ ਨੂੰ ਤਰਨਾ ਸਿਖਾਲ ਰਿਹਾ ਹੈ
ਮੇਰੇ ਤੋਂ ਜ਼ਰਾ ਜਿੰਨੀ ਵਿੱਥ 'ਤੇ ਮੈਂ ਸੌਂ ਰਿਹਾ ਹਾਂ ਇਸ ਦੇ ਬਾਵਜੂਦ
ਕਿ ਖੌਲ ਪਈਆਂ ਹਨ ਉਹ ਝੀਲਾਂ
ਜਿਨ੍ਹਾਂ ਵਿੱਚ ਮੈਂ ਪਰਛਾਂਵਿਆਂ ਵਾਂਗ ਠਹਿਰ ਜਾਣਾ ਚਾਹਿਆ ਸੀ
ਇਸ ਜ਼ਰਾ ਜਿੰਨੀ ਵਿੱਥ ਦੇ ਵਿਚਕਾਰ,
ਮੈਂ ਰੋਟੀ ਵਾਂਗ ਬੇਹਾ ਹੋ ਰਿਹਾ ਹਾਂ ਤੇ ਕਬਰ ਵਾਂਗ ਪੁਰਾਣਾ
ਮੈਂ ਭਾਸ਼ਣਾਂ ਦੀ ਦਾਦ ਦੇਣੀ ਸਿੱਖ ਰਿਹਾ ਹਾਂ
ਇਸ ਦੇ ਬਾਵਜੂਦ ਕਿ ਘੁੱਗੀਆਂ ਰੁੱਸ ਕੇ ਗੁਟਕਣਾ ਛੱਡ ਗਈਆਂ
ਤੇ ਚਿੜੀਆਂ ਮੇਰੇ ਘਰ ਦੀ ਛੱਤ ਨੂੰ ਛੱਡ ਕੇ
ਜੰਗਲਾਂ ਵਿੱਚ ਆਲ੍ਹਣੇ ਬਨਾਉਣ ਲੱਗੀਆਂ ਹਨ...
***
ਕਲਾਮ ਮਿਰਜ਼ਾ
ਤੇਰੀ ਵੀ ਅੱਖ ਸੁਣਿਆ ਹੈ ਸੁਰਮਾ ਨਹੀਂ ਝੱਲਦੀ
ਸੁਣਿਆ ਤੇਰੇ ਵੀ ਵਾਲਾਂ ਤੋਂ ਕੰਘੀ ਤ੍ਰਭਕਦੀ ਹੈ
ਤੇ ਸੁਣਿਆਂ ਮੇਰਾ ਵੀ ਕਤਲ ਇਤਿਹਾਸ ਦੇ ਔਂਦੇ ਸਫ਼ੇ 'ਤੇ ਲਿਖਿਆ ਹੈ
ਪਰ ਸ਼ਾਇਦ ਹੁਣ
ਸਾਰਾ ਕੁਝ ਪਹਿਲੇ ਜਿਹਾ ਨਾ ਹੋਵੇ
ਹੋ ਸਕਦੈ ਕਿ ਤੈਨੂੰ ਕੱਢਣ ਤੋਂ ਪਹਿਲਾਂ
ਮੈਨੂੰ ਰੋਟੀ ਉਧਾਲ ਲਏ
ਤੇ ਜਾਂ ਮੈਂ ਜੰਡ ਦੀ ਬਜਾਏ ਕਿਸੇ ਕੁਰਸੀ ਦੇ ਥੱਲੇ
ਜਾਗਦਾ ਹੀ ਵੱਢ ਦਿੱਤਾ ਜਾਵਾਂ –
ਹੋ ਸਕਦੈ ਕਿ ਪਹਿਲਾਂ ਵਾਂਗ ਹੁਣ ਕੁਝ ਵੀ ਨਾ ਹੋਵੇ।
ਮੈਂ ਸੁਣਿਆ ਹੈ ਕਿ ਮੇਰੇ ਕਤਲ ਦਾ ਮਨਸੂਬਾ
ਰਾਜਧਾਨੀ ਵਿੱਚ
ਮੇਰੇ ਜੰਮਣ ਤੋਂ ਬਹੁਤ ਪਹਿਲਾਂ ਹੀ ਬਣ ਚੁੱਕਿਆ ਸੀ
ਤੇ ਪੀਲੂ ਸ਼ਾਇਰ
ਅੱਜ ਕੱਲ ਵਿਸ਼ਵ-ਵਿਦਿਆਲੇ ਨੌਕਰੀ 'ਤੇ ਲੱਗ ਗਿਆ ਹੈ
ਸ਼ਾਇਦ ਉਹ ਮੇਰੇ ਕਤਲ ਨੂੰ
ਨਿਗੂਣੀ ਜਹੀ ਘਟਨਾ ਕਰਾਰ ਦੇਵੇ ਅਤੇ ਸ਼ਤਾਬਦੀਆਂ ਲਈ
ਕਿਰਾਏ ਦੀਆਂ ਨਜ਼ਮਾਂ ਰਹੇ ਲਿਖਦਾ,
ਤੇ ਪਹਿਲਾਂ ਵਾਂਗ ਹੁਣ ਕੁਝ ਵੀ ਨਾ ਹੋਵੇ।
ਮੇਰੇ ਕੋਲ ਤੀਰ ਹੁਣ ਕਾਗਜ਼ ਦੇ ਹਨ
ਜੋ ਪੰਜਾਂ ਸਾਲਾਂ ਵਿੱਚ ਇੱਕੋ ਹੀ ਚਲਦਾ ਹੈ
ਤੇ ਜੀਹਦੇ ਵੱਜਦਾ ਹੈ ਉਹ ਪਾਣੀ ਨਹੀਂ
ਮੇਰਾ ਲਹੂ ਮੰਗਦਾ ਹੈ।
ਮੇਰੇ ਪਿਓ ਦਾਦੇ ਨੇ ਆਪਣਾ ਖੱਟਿਆ
ਹਾਕਮਾਂ ਦੇ ਢਿੱਡ 'ਚ ਪਾਇਆ ਸੀ
ਅਤੇ ਤੂੰ ਜਾਣਦੀ ਏਂ
ਅਗਲੇ ਬਾਘ ਹਨ - ਬੱਕੀ ਨਹੀਂ
ਕਿ ਸਾਨੂੰ ਦਾਨਾਬਾਦ ਪਹੁੰਚਾਣ ਜਾਵਣ
ਸਮੇਂ ਦਾ ਗੇੜ ਹੁੰਦੈ - ਐਤਕੀਂ ਤੂੰ ਬੇਵਫ਼ਾ ਨਹੀਂ ਬਣਦੀ
ਤੇ ਮੈਂ ਭਰਾਵਾਂ ਦੇ ਹੁੰਦੇ ਸੁੰਦੇ
ਉਨ੍ਹਾਂ ਦੇ ਸਾਹਮਣੇ ਹੀ ਮਾਰਿਆ ਜਾਣਾ ਹੈ
ਏਸੇ ਲਈ ਮੈਂ ਕਹਿੰਦਾ ਹਾਂ
ਕਿ ਸ਼ਾਇਦ ਸਾਰਾ ਕੁਝ ਪਹਿਲੇ ਜਿਹਾ ਨਾ ਹੋਵੇ
ਉਂਝ ਤਾਂ ਤੇਰੀ ਵੀ ਅੱਖ
ਸੁਣਿਆਂ ਹੈ ਸੁਰਮਾ ਨਹੀਂ ਝੱਲਦੀ
ਤੇ ਸੁਣਿਆਂ ਤੇਰੇ ਵੀ ਵਾਲਾਂ ਤੋਂ ਕੰਘੀ ਤ੍ਰਭਕਦੀ ਹੈ
***
ਬੁੜ ਬੁੜ ਦਾ ਸ਼ਬਦਨਾਮਾ
ਉਹਨੂੰ ਕਿਨ੍ਹਾਂ ਕਿਹਾ ਸੀ ਮੇਰੇ ਵਿੱਚ ਇਉਂ ਲੜਖੜਾਂਦੀ ਫਿਰੇ...
ਤੇਰੀ ਅਣਹਾਜ਼ਰੀ ਨੂੰ,
ਜਿਵੇਂ ਆਪਣੀ ਹੀ ਲਾਹੀ ਜੁੱਤੀ ਨੂੰ ਲੱਭਦਾ ਸ਼ਰਾਬੀ,
ਪਿਆਸ ਦੇ ਉੱਗਦੇ ਮੁਹਾਣਿਆਂ 'ਤੇ ਝੂਲ ਜਾਵੇ
ਉਹਨੂੰ ਕਿਨ੍ਹਾਂ ਕਿਹਾ ਸੀ, ਮੇਰੀ ਜਾਂਬਾਜ਼ੀ ਨੂੰ
ਕਿ ਰੇਤਲੇ ਹਨੇਰੇ ਵਿੱਚ ਫੁੰਕਾਰਦੀਆਂ ਹੋਈਆਂ,
ਤੇਰੀਆਂ ਪੈੜਾਂ ਉੱਤੇ ਬੁੱਕਾਂ ਦੇ ਤਸਲੇ ਧਰੇ
ਤੇ ਕਿਸੇ ਸਿਰੜੀ ਖੋਜੀ ਵਾਂਗ,
ਨਿਹੱਥਿਆਂ ਹੀ ਸੂਰਜ ਦੀ ਉਡੀਕ ਕਰੇ।
ਉਹਨੂੰ ਕਿਨ੍ਹਾਂ ਕਿਹਾ ਸੀ, ਮੇਰੀ ਮਾਸੂਮੀਅਤ ਨੂੰ
ਕਿ ਉੱਜੜੇ ਆਲ੍ਹਣੇ ਕੋਲ ਬੈਠੀ ਰਹੇ
ਉੱਡ ਗਏ ਪੰਛੀਆਂ ਦੇ ਮੁੜ ਆਉਣ ਦੀ ਝਾਕਾ ਵਿੱਚ
ਤੇ ਟੁੱਟਿਆਂ ਆਂਡਿਆਂ ਨੂੰ ਜੋੜਨੇ ਦੀਆਂ ਕੋਸ਼ਿਸ਼ਾਂ ਕਰਦੀ ਹੋਈ
ਮੈਂ ਨਹੀਂ ਚਾਹੁੰਦਾ ਇਸ਼ਕ ਦੀ ਦਾਸਤਾਂ ਵਰਨਣ ਦੇ ਲੋਭ ਵਿੱਚ
ਹਰ ਐਰ ਗੈਰ ਬਿੰਬ ਕੋਲ ਇਕਬਾਲ ਕਰੀ ਜਾਵਾਂ
ਆਪਣੀ ਤੜਪ ਦਾ,
ਮੈਂ ਫਿਰ ਵੀ ਪੁੱਛਦਾਂ ਉਹਨੂੰ ਕਿੰਨ੍ਹਾ ਕਿਹਾ ਸੀ,
ਮੇਰੇ ਬਿਸਤਰ 'ਚ ਵਰਮੀ ਬਣਾ ਲਏ - ਉਨੀਂਦਰੇ ਦੇ ਨਾਗ ਨੂੰ
ਸ਼ਾਇਦ ਕਿਸੇ ਨੇ ਵੀ ਕਿਸੇ ਨੂੰ ਕੁੱਝ ਨਹੀਂ ਕਿਹਾ
ਕੇਵਲ ਝੜੇ ਹੋਏ ਪੱਤਿਆਂ ਨੂੰ ਚੜ੍ਹ ਰਹੀ ਸਲ੍ਹਾਭ ਦੀ ਖੁਸ਼ਬੋ
ਮੇਰੀਆਂ ਠਰੀਆਂ ਹੋਈਆਂ ਨਜ਼ਰਾਂ ਨੂੰ ਮਿਜ਼ਾਜ ਪੁੱਛਦੀ ਹੈ
ਤੇ ਮੈਨੂੰ ਲਗਦਾ ਹੈ, ਕਿਸੇ ਨੇ ਕਿਸੇ ਨੂੰ ਕੁਝ ਆਖਿਆ ਹੋਵੇਗਾ...
ਕੁੱਝ ਕਹਿਣਾ ਕਿਸੇ ਦਾ ਉਂਝ ਵੀ ਫ਼ਜ਼ੂਲ ਹੈ, ਮੇਰੀ ਮੁਹੱਬਤ!
ਘੁਮੰਡੀ ਸਹੇ ਵਾਂਗ ਸੁੱਤੇ ਹੋਏ ਪਰਛਾਵੇਂ,
ਸ਼ਾਮਾਂ ਨੂੰ ਜਦੋਂ ਸਰਪੱਟ ਦੌੜਨਗੇ
ਤਾਂ ਉਥੇ ਪਹਿਲਾਂ ਹੀ ਅਰਾਮ ਕਰਦਾ ਮਿਲੇਗਾ ਹਨੇਰੇ ਦਾ ਕੱਛੂ,
ਰਾਤ ਦੀਆਂ ਪੌੜੀਆਂ ਵਿੱਚ।
***
ਲੜੇ ਹੋਏ ਵਰਤਮਾਨ ਦੇ ਰੂਬਰੂ
ਮੈ ਅੱਜ ਕੱਲ ਅਖ਼ਬਾਰਾਂ ਤੋਂ ਬਹੁਤ ਡਰਦਾ ਹਾਂ।
ਜ਼ਰੂਰ ਉਨ੍ਹਾਂ ਵਿੱਚ ਕਿਤੇ ਨਾ ਕਿਤੇ
ਕੁਝ ਨਾ ਹੋਣ ਦੀ ਖ਼ਬਰ ਛਪੀ ਹੋਵੇਗੀ।
ਸ਼ਾਇਦ ਤੁਸੀਂ ਜਾਣਦੇ ਨਹੀਂ, ਜਾਂ ਜਾਣਦੇ ਵੀ ਹੋਵੋ
ਕਿ ਕਿੰਨਾ ਭਿਆਨਕ ਹੈ ਕਿਤੇ ਵੀ ਕੁਝ ਨਾ ਹੋਣਾ
ਲਗਾਤਾਰ ਨਜ਼ਰਾਂ ਦਾ ਹਫਦੇ ਰਹਿਣਾ
ਤੇ ਚੀਜ਼ਾਂ ਦਾ ਚੁੱਪ-ਚਾਪ ਲੇਟੇ ਰਹਿਣਾ ਕਿਸੇ ਠੰਡੀ ਔਰਤ ਵਾਂਗ...
ਮੈਨੂੰ ਤਾਂ ਅੱਜਕੱਲ ਸੱਥਾਂ 'ਚ ਹੁੰਦੀ ਗੱਪਸ਼ੱਪ ਵੀ ਇਉਂ ਲੱਗਦੀ ਹੈ
ਜਿਵੇਂ ਕਿਸੇ ਝੂਮਣਾ ਚਾਹੁੰਦੇ ਰੁੱਖ਼ ਨੂੰ
ਗੁੱਛਾ ਵਲੇਟ ਕੇ ਸੌਂ ਰਿਹਾ ਸੱਪ ਹੋਵੇ,
ਮੈਨੂੰ ਡਰ ਹੈ - ਖਾਲੀ ਕੁਰਸੀਆਂ ਵਾਂਗ ਥੁੜੀ ਥੁੜੀ ਦਿਸਦੀ
ਇਹ ਦੁਨੀਆਂ ਸਾਡੇ ਬਾਰੇ ਕੀ ਕੁਝ ਉਲਟ ਪੁਲਟ ਸੋਚਦੀ ਹੋਵੇਗੀ!
ਅਫ਼ਸੋਸ ਹੈ ਕਿ ਸਦੀਆਂ ਬੀਤ ਗਈਆਂ ਹਨ
ਰੋਟੀ, ਕੰਮ ਤੇ ਸਿਵੇ ਅਜੇ ਵੀ ਸਮਝਦੇ ਹੋਣੇ ਨੇ
ਕਿ ਅਸੀਂ ਇਨ੍ਹਾਂ ਦੀ ਖ਼ਾਤਿਰ ਹੀ ਹਾਂ-
ਮੈਂ ਉ‘ਝਣ ਵਿੱਚ ਹਾਂ ਕਿ ਕਿਵੇਂ ਸਮਝਾਵਾਂ
ਸੰਗਾਊ ਸਵੇਰਿਆਂ ਨੂੰ
ਜਥੇਬੰਦ ਰਾਤਾਂ ਤੇ ਬੀਬੀਆਂ ਆਥਣਾਂ ਨੂੰ
ਅਸੀਂ ਕੋਈ ਇਨ੍ਹਾਂ ਤੋਂ ਸਲਾਮੀ ਲੈਣ ਨਹੀਂ ਆਏ
ਤੇ ਹਾਣ ਨੂੰ ਹਾਣ ਜਿਹਾ ਕੁਝ ਕਿੱਥੇ ਹੈ
ਜੋ ਜੱਫ਼ੀ ਲਈ ਖੁੱਲ੍ਹੀਆਂ ਬਾਹਾਂ ਤੋਂ
ਬੱਸ ਹੱਥ ਭਰ 'ਤੇ ਮੇਲਦਾ ਰਹੇ....
ਅੱਜ ਕੱਲ੍ਹ ਹਾਦਸੇ ਵੀ ਮਿਲਦੇ ਨੇ ਤਾਂ ਇਉਂ
ਜਿਵੇਂ ਕੋਈ ਹੌਂਕਦਾ ਹੋਇਆ ਬੁੜ੍ਹਾ
ਰੰਡੀ ਦੀ ਪੌੜੀ ਚੜ੍ਹ ਰਿਹਾ ਹੋਵੇ,
ਕਿਤੇ ਕੁਝ ਇਸ ਤਰ੍ਹਾਂ ਦਾ ਕਿਉਂ ਨਹੀਂ ਹੈ
ਜਿਵੇਂ ਕਿਸੇ ਪਹਿਲੀ ਨੂੰ ਕੋਈ ਪਹਿਲਾ ਮਿਲਦਾ ਹੈ
ਭਲਾ ਕਿੱਥੋਂ ਕੁ ਤੀਕ ਜਾਏਗਾ
ਇੱਕ ਸਿੰਗਾਂ ਵਾਲੀ ਕਬਰ ਅੱਗੇ ਦੌੜਦਾ ਹੋਇਆ
ਮਹਾਤਮਾ ਲੋਕਾਂ ਦਾ ਵਰੋਸਾਇਆ ਇਹ ਮੁਲਕ!
ਆਖ਼ਰ ਕਦੋਂ ਪਰਤਾਂਗੇ, ਘਟਨਾਵਾਂ ਵਾਂਗ ਵਾਪਰ ਰਹੇ ਘਰਾਂ 'ਚ
ਅਸੀਂ ਜੀਣ ਦੇ ਖੜਕੇ ਤੋਂ ਜਲਾਵਤਨ ਹੋਏ ਲੋਕ
ਤੇ ਬਹਿ ਕੇ ਧੂਣੀਆਂ 'ਤੇ ਕਦ ਸੁਣਾਂਗੇ, ਮਜਾਜਣ ਅੱਗ ਦੀਆਂ ਗੱਲਾਂ
ਕਿਸੇ ਨਾ ਕਿਸੇ ਦਿਨ ਜ਼ਰੂਰ ਆਪਣੀਆਂ ਚੁੰਮੀਆਂ ਨਾਲ
ਅਸੀਂ ਮੌਸਮ ਦੀਆਂ ਗੱਲ੍ਹਾਂ 'ਤੇ ਚਟਾਕ ਪਾਵਾਂਗੇ
ਅਤੇ ਸਾਰੀ ਦੀ ਸਾਰੀ ਧਰਤੀ ਇੱਕ ਅਜੀਬੋ-ਗਰੀਬ ਅਖ਼ਬਾਰ ਬਣੇਗੀ
ਜਿਦ੍ਹੇ ਵਿੱਚ ਬਹੁਤ ਕੁਝ ਹੋਵਣ ਦੀਆਂ ਖ਼ਬਰਾਂ
ਛਪਿਆ ਕਰਨਗੀਆਂ ਕਿਸੇ ਨਾ ਕਿਸੇ ਦਿਨ।
***
ਸਿਵੇ ਦਰ ਸਿਵੇ
ਹੁਣ ਜੋ ਮੇਰੇ ਘਨੇੜਿਆਂ 'ਤੇ ਛੈਂਟਾ ਲਈ ਬੈਠਾ ਹੈ
ਮੁੱਦਤ ਹੋਈ, ਇਹ ਸਮਾਂ ਮੇਰੇ ਨਾਲ ਕਿੱਕਲੀਆਂ ਪਾਉਂਦਾ
ਖਿੱਦੋਆਂ ਖੇਡਦਾ ਤੇ ਦੂਰ ਓਪਰੇ ਖੂਹਾਂ ਉੱਤੇ
ਚੋਰੀ ਚੋਰੀ ਨਿੰਬੂ ਤੋੜਨ ਜਾਇਆ ਕਰਦਾ ਸੀ।
ਹੁਣ ਤਾਂ ਖਵਰੇ ਸਾਫ ਹੀ ਮੁੱਕਰ ਜਾਏ
ਪਰ ਓਦੋਂ ਤਾਂ ਰੋਜ਼ ਮੇਰੇ ਅੰਗ ਸੰਗ ਰਹਿ ਘਰਦਿਆਂ ਤੋਂ ਗਾਹਲਾਂ ਖਾਂਦਾ
ਢੀਠ ਹੋ ਮੇਰੀ ਵੱਖੀ ਵਿੱਚ ਕੁਤਕੁਤਾਰੀਆਂ ਕੱਢਦਾ
ਅਤੇ ਮੈਂ ਝੜੀ ਵਿੱਚੋਂ ਮੁਕਤ ਹੋਏ ਸੂਰਜ ਦੇ ਵਾਂਗ ਹੱਸ ਪੈਂਦਾ
ਇੱਕ ਦਿਨ ਮੇਰੇ ਹੱਥ 'ਚ ਫੜਿਆ ਰਹਿ ਗਿਆ ਰੂਪ ਬਸੰਤ ਦਾ ਕਿੱਸਾ
ਅਚਾਨਕ ਮੇਰੇ ਹਾਣ ਦੀਆਂ ਕੁੜੀਆਂ
ਹਿੱਕ 'ਤੇ ਚੁੰਨੀਆਂ ਸੰਵਾਰਨ ਲੱਗ ਪਈਆਂ
ਤੇ ਮੈਨੂੰ ਪਸ਼ੂਆਂ ਦੇ ਗੋਹੇ ਵਿੱਚੋਂ ਹਟ ਗਈ ਮੁਸ਼ਕ ਜਹੀ ਆਉਣੀ
ਉਸ ਦਿਨ ਰੋਹੀਆਂ ਵਿਚਲੇ ਸਿਵਿਆਂ ਨੂੰ ਹੈਰਾਨੀ ਹੋਈ
ਜਦ ਪਿੰਡ ਦੇ ਵਿਚਕਾਰ ਇੱਕ ਭੋਰਾ ਕੁ ਕਬਰ ਪੁੱਟੀ ਗਈ
ਮੈਂ ਕਈ ਦਿਨ ਨ੍ਹੇਰੇ ਸਵੇਰੇ ਬਚਪਨ ਦੇ ਮਜ਼ਾਰ ਉੱਤੇ ਜਾ ਕੇ ਰੋਇਆ
ਮੁੱਦਤ ਹੋਈ- ਹੰਝੂਆਂ ਤੇ ਮੈਂ ਜਦ ਇੱਕ ਦੂਏ ਨੂੰ ਅਲਵਿਦਾ ਆਖੀ
ਮੁੱਦਤ ਹੋਈ - ਸਿਵਿਆਂ ਨੂੰ ਭੁੱਲਿਆਂ ਆਪਣੀ ਨਾ ਕਦਰੀ 'ਤੇ ਹੈਰਾਨ ਹੋਣਾ
ਮੁੱਦਤ ਹੋਈ - ਮੈਨੂੰ ਵੱਲ ਸਿੱਖਿਆਂ ਪੁੱਠੇ ਪੈਰੀਂ ਤੁਰਨ ਦਾ
ਮੈਂ ਨਕਸ਼ੇ ਵਿੱਚੋਂ ਚੰਡੀਗੜ੍ਹ ਤੇ ਦਿੱਲੀ ਨੂੰ ਲੱਭਿਆ
ਮੈਥੋਂ ਤਾਂ ਪਰ ਤਹਿਸੀਲ ਤੱਕ ਵੀ ਪਹੁੰਚ ਨਾ ਹੋਇਆ
ਮੈਂ ਰਾਹ ਵਿੱਚ ਪੈਂਦੀ ਹੱਡਾ-ਰੋੜੀ ਦੇ ਕੁੱਤਿਆਂ ਤੋਂ ਡਰਦਾ ਪਰਤ ਆਇਆ...
ਮੁੜਿਆ, ਤਾਂ ਆਉਂਦੇ ਨੂੰ ਸੱਥ ਵਿਚਲੀ ਕਬਰ
ਹੁਣ ਨਹੀਂ ਸੀ, 'ਕੱਲੀ ਤੇ ਉਦਾਸ –
ਨਿਆਂ, ਲੋਚਾ ਤੇ ਅੱਥਰੇ ਝੱਲ ਦੀਆਂ ਮੜ੍ਹੀਆਂ 'ਚ
ਵਾਹਵਾ ਪਰਚ ਚੁੱਕੀ ਸੀ
ਰੋਜ਼ ਥੱਕੇ ਹੋਏ ਕਿਰਸਾਨ ਸ਼ਾਮੀ ਸੀਖਿਆ ਕਰਦੇ ਸੀ
ਲਟ ਲਟ ਬਲਦੀਆਂ ਗੱਪਾਂ ਦੇ ਦੀਵੇ
ਮੁੱਦਤ ਹੋਈ - ਮੇਰੀ ਝਾਕਣੀ ਵਿੱਚ ਠਹਿਰ ਚੁੱਕਿਆ
ਕਬਰੀਂ ਬਲਦੇ ਦੀਵਿਆਂ ਦਾ ਟਿਮਟਿਮਾਉਂਦਾ ਅਕਸ।
ਮੈਂ ਹੁਣ ਜਿੱਥੇ ਖੜ੍ਹਾ ਹਾਂ
ਹੱਥ ਭਰ 'ਤੇ ਬਿਨਾਂ ਭੁਚਾਲੋਂ ਮਰ ਗਏ ਮੇਰੇ ਘਰ ਦਾ ਮਲਬਾ ਹੈ
ਪੰਜ ਕੋਹਾਂ 'ਤੇ ਥਾਣਾ ਹੈ
ਐਵੇਂ ਕਰਮ ਕਰਮ 'ਤੇ ਆੜ੍ਹਤੀ, ਪਟਵਾਰੀ ਤੇ ਲੰਬੜ ਦਾ ਦਫ਼ਤਰ ਹੈ
ਜਾਂ ਘਨੇੜੀ ਬੈਠੇ ਵਕਤ ਹੱਥਲੇ ਛੈਂਟੇ ਦੀ ਸ਼ੂਕਰ ਹੈ।
ਤੇ ਕਬਰਸਤਾਨ ?
ਤੁਸੀਂ ਜਿੱਥੇ ਖੜ੍ਹੇ ਹੋ
ਐਨ ਓਸੇ ਥਾਂ ਦਾ ਪਿਆ ਕੁਨਾਂ ਹੈ
***
ਹੈ ਤਾਂ ਬੜਾ ਅਜੀਬ
ਜੇ ਤੂੰ ਨਾ ਮੁਕਲਾਵੇ ਜਾਂਦੀ, ਤੈਨੂੰ ਭਰਮ ਰਹਿਣਾ ਸੀ
ਕਿ ਰੰਗਾਂ ਦਾ ਮਤਲਬ ਫੁੱਲ ਹੀ ਹੁੰਦੈ
ਬੁਝੀ ਹੋਈ ਸਵਾਹ ਦੀ ਹਮਕ ਨਹੀਂ ਹੁੰਦਾ
ਤੂੰ ਮੁਹੱਬਤ ਨੂੰ ਕਿਸੇ ਮੌਸਮ ਦਾ ਨਾਂ ਹੀ ਸਮਝਦੀ ਰਹਿਣਾ ਸੀ
ਤੂੰ ਸ਼ਾਇਦ ਸੋਚਿਆ ਹੋਵੇ-
ਤੇਰੇ ਕਰੋਸ਼ੀਏ ਨਾਲ ਕੱਢੇ ਹੋਏ ਅੱਖਰ, ਕਿਸੇ ਦਿਨ ਬੋਲ ਉੱਠਣਗੇ
ਜਾਂ ਗੰਧਲੇ ਪਾਣੀਆਂ ਵਿੱਚ ਭਿੱਜ ਨਾ ਸਕਣਗੇ
ਬਟਨ ਜੋੜ ਜੋੜ ਉਣੀ ਹੋਈ ਬੱਤਖ਼ ਦੇ ਪਰ
ਤੂੰ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਮੁਕਲਾਵਾ
ਦਾਜ ਦੇ ਭਾਂਡਿਆਂ ਦੀ ਛਣਕ ਵਿੱਚ
ਝਾਂਜਰ ਦੀ ਚੁੱਪ ਦਾ ਬੇਕਫ਼ਨ ਸੜਨਾ ਹੈ
ਜਾਂ ਰਿਸ਼ਤਿਆਂ ਦੇ ਸੇਕ ਵਿੱਚ, ਰੰਗਾਂ ਦਾ ਤਿੜਕ ਜਾਣਾ ਹੈ –
ਸੁਰਿੰਦਰ ਕੌਰ ਨੂੰ ਮੁੜ ਕਦੇ ਨਹੀਂ ਦਿਸਦੀ
ਹਾਦਸਿਆਂ ਦੀ ਉਡੀਕ ਵਿੱਚ ਬੈਠੀ ਛਿੰਦੋ
ਇਸ ਕਦਰ ਉੱਸਰ ਜਾਂਦੀ ਹੈ, ਮਹਿਜ਼ ਘਟਨਾਵਾਂ ਦੀ ਦੀਵਾਰ
ਅਸਲ ਵਿੱਚ ਮੁਕਲਾਵਾ ਕਦੇ ਨਾ ਆਉਣ ਵਾਲੀ ਸਮਝ ਹੈ – ਕਿ ਕਿਸ ਤਰ੍ਹਾਂ
ਕੋਈ ਵੀ ਪਿੰਡ
ਹੌਲੀ ਹੌਲੀ ਬਦਲ ਜਾਂਦਾ ਹੈ 'ਦਾਨਾਬਾਦ' ਵਿੱਚ
ਮੁਕਲਾਵਾ ਅਸਲ ਵਿੱਚ ਰੀਝਾਂ ਦਾ ਪਿਘਲ ਕੇ
ਮੰਜਿਆਂ, ਪੀੜ੍ਹੀਆਂ, ਬੁਹਾਰੀਆਂ ਵਿੱਚ ਵੱਟਣਾ ਹੈ ...
ਹੈ ਤਾਂ ਬੜਾ ਅਜੀਬ ਕਿ ਤਲੀਆਂ 'ਤੇ ਪਾਲ਼ੇ ਸੱਚ ਨੂੰ
ਐਵੇਂ ਕੱਚੀ ਜਹੀ ਮਹਿੰਦੀ ਨਾਲ ਝਿੜਕ ਦੇਣਾ
ਜਾਂ ਛਿੜ ਗਏ ਮੇਲੇ ਦੇ ਵੀਰਾਨ ਪਿੜ ਦੀ
ਭਾਂ ਭਾਂ ਨੂੰ ਸਾਹਾਂ 'ਚ ਪਰੋ ਲੈਣਾ
ਜਾਂ ਵਾਹੇ ਹੋਏ ਖੇਤਾਂ 'ਚ ਦਫ਼ਨ
ਹਜ਼ਾਰਾਂ ਵਾਰ ਮਿੱਧੀਆਂ ਪਗਡੰਡੀਆਂ ਨੂੰ ਯਾਦ ਕਰਨਾ -
... ... ...
ਹੁਣ ਜਦੋਂ ਕਿ ਕੰਢੇ 'ਤੇ ਹੀ ਡੁੱਬ ਗਈ ਹੈ ਬਟਨਾਂ ਵਾਲੀ ਬੱਤਖ਼
ਅਜੇ ਵੀ ਹਾਦਸਿਆਂ ਦੀ ਝਾਕ ਵਿੱਚ ਬੈਠੀ ਹੈ ਛਿੰਦੋ
ਮਹਿਜ਼ ਘਟਨਾਵਾਂ ਦੀ ਦੀਵਾਰ ਦੇ ਉਸ ਪਾਰ
ਜੋ ਕਦੀ ਕਿਸੇ ਤੋਂ ਟੱਪ ਨਹੀਂ ਹੋਈ।
ਹੈ ਤਾਂ ਬੜਾ ਅਜੀਬ ਕਿ ਮੈਂ ਜੋ ਕੁਝ ਨਹੀਂ ਲਗਦਾ ਤੇਰਾ
ਦੀਵਾਰ ਦੇ ਏਧਰ ਵੀ ਤੇ ਓਧਰ ਵੀ, ਮਰੀਆਂ ਹੋਈਆਂ
ਤੇ ਮਰਨ ਜਾ ਰਹੀਆਂ ਬੱਤਖ਼ਾਂ ਨੂੰ ਚੁੱਕੀ ਫਿਰਦਾ ਹਾਂ।
***
ਬੇਵਫਾ ਦੀ ਦਸਤਾਵੇਜ਼
ਜਾਣਦਾਂ- ਉਹਨੂੰ ਉੱਕਾ ਹੀ ਭਾਉਂਦਾ ਨਹੀਂ ਹੋਣਾ
ਮੇਰੇ ਅੰਦਰ ਮਰੇ ਪਏ ਭੰਗੜੇ ਦੀ ਲਾਸ਼ ਨੂੰ ਤੱਕਣਾ,
ਪਿੰਡ ਤੋਂ ਸ਼ਹਿਰ - ਸ਼ਹਿਰ ਤੋਂ ਦੇਸ਼
ਤੇ ਦੇਸੋਂ ਨਾ ਦੇਸੀ ਹੋ ਗਈ ਮੇਰੀ ਪਿਆਸ ਦੇ ਬਨੇਰੇ 'ਤੇ ਸੁੱਕਣੇ ਪਈ
ਅਲਗੋਜ਼ੇ ਦੀ ਕਲੀ ਓਸ ਨੂੰ ਜਾਪਦੀ ਹੋਣੀ ਏ
ਕਿਸੇ ਤਿੜਕੇ ਰਿਕਾਰਡ 'ਤੇ ਘਰਕਦੀ ਸੂਈ ਵਾਂਗ
ਉਹਨੂੰ ਨਿੱਤ ਦੇ ਸ਼ਰਾਬੀ ਬਾਪ ਦੀਆਂ ਫੌਹੜਾਂ 'ਚ ਝਉਂ ਗਈ ਅਣਖ ਵਾਂਗ
ਹੋਰੂੰ ਜਿਹਾ ਲਗਦਾ ਹੋਊ
ਮੇਰੇ ਦੀਦਿਆਂ ਵਿੱਚ ਬਿੰਦੂ ਜਿੰਨਾ ਰਹਿ ਗਿਆ
ਦਿਸਹੱਦੇ ਤੱਕ ਫੈਲੇ ਹੋਏ ਖੇਤਾਂ ਦਾ ਬਿੰਬ...
ਜਾਣਦਾਂ - ਉਹ ਡਰੀ ਹਿਰਨੀ ਜਿਹੀ ਬੜਾ ਕੁਝ ਕਰੇਗੀ
ਚੂਚਿਆਂ ਦਾ ਖੁੱਡਾ ਖੋਲ੍ਹਣ ਲੱਗਿਆਂ ਕੰਬ ਜਾਇਆ ਕਰੇਗੀ ਇਹ ਸੋਚ
ਕਿਤੇ ਨਿੱਕਲਦਿਆਂ ਹੀ ਚੂਚੇ ਬਾਂਗਾਂ ਦੇਣੀਆਂ ਨਾ ਸਿੱਖ ਜਾਣ
ਅਤੇ ਚੜ੍ਹ ਜਾਣ ਨਾ ਆਉਂਦੇ ਤਿਉਹਾਰਾਂ ਦੀ ਨਜ਼ਰ...
ਸ਼ਾਇਦ ਉਹ ਤੋੜ ਕੇ ਸਾਰਾ ਗੁਹਾਰਾ ਕੱਲੀ ਕੱਲੀ ਪਾਥੀ ਨੂੰ ਭੰਨੇਗੀ
ਮਤਾਂ ਲੱਭ ਜਾਏ ਬੇਧਿਆਨੀ ਵਿੱਚ ਲੱਥ ਕੇ ਗੁਆਚੀ ਤਿੰਨ-ਨਗੀ ਮੁੰਦਰੀ
ਉਹ ਆਲੀ ਭੋਲੀ ਤਾਂ ਭਾਲੇਗੀ ਗਰਮ ਠੂਠੀਆਂ
ਅਣਚਾਹੇ ਗਰਭ ਵਾਂਗ ਠਹਿਰ ਗਈ
ਮੇਰੀ ਘਰਾਂ ਨੂੰ 'ਮਕਾਨ' ਸਮਝਣ ਦੀ ਅਵੈੜੀ ਬੁੱਧ ਦਾ
ਕੋਈ ਪਾਹਰ ਕਰਨ ਲਈ -
ਅਫ਼ਸੋਸ ਹੈ - ਹੁਣ ਕੋਈ ਵੀ ਚੁੱਭੀ ਥਿਆ ਨਹੀਂ ਸਕੇਗੀ
ਉਹਦੇ ਦੁੱਧ ਦੇ ਛੰਨੇ 'ਚ ਡੁੱਬ ਗਿਆ
ਮੇਰਾ ਭੋਰਾ ਜਿੰਨਾ ਅਕਸ
ਅਫ਼ਸੋਸ ਹੈ-ਹੁਣ ਕਦੇ ਨਹੀਂ ਪਰਤਣਗੇ
ਡੋਰਾਂ ਸਣੇ ਉੱਡ ਗਏ ਪਾਲਤੂ ਕਬੂਤਰ,
ਅਤੇ ਅਫ਼ਸੋਸ ਹੈ
ਅਫ਼ਸੋਸ ਦੀ ਭਾਸ਼ਾ ਸਿਰਫ਼ ਉਸਤਾਦੀ ਹੈ
ਫਿਰ ਵੀ
ਕਿਸੇ ਸਹੇਲੀ ਦੇ ਮਾਂਈਏਂ 'ਤੇ ਜਦ ਕਦੀ ਉੱਖੜ ਜਾਊ
ਕੁੜੀਆਂ 'ਚੋਂ ਉਹਦਾ ਬੋਲ- ਮੈਂ ਆਪੇ ਹੀ ਬੁੱਝ ਲਵਾਂਗਾ
ਅਗਲੀ ਗੀਤ ਦੀ ਸਤਰ, ਜਾਣੀ ਕਿ
ਬਹੁਤ ਲੋੜੀਂਦਾ ਹੈ ਮਾਮਾ ਉਸ ਵਿਆਂਹਦੜ ਨੂੰ
ਇਸ ਨਾਜ਼ੁਕ ਜਹੇ ਵੇਲ਼ੇ।
ਫ਼ਿਰ ਵੀ- ਉਹ ਪੱਕ ਜਾਣੇ
ਕਿ ਨਾਜ਼ੁਕ ਵੇਲਾ ਨਹੀਂ, ਇਨਸਾਨ ਹੁੰਦਾ ਹੈ
ਮੈਂ ਜਿੱਥੇ ਸਹਿ ਲਈ ਹੈ ਆਕੜ ਗਈ ਭੰਗੜੇ ਦੀ ਲਾਸ਼
ਪਿੰਡ 'ਚੋਂ ਮਨਫ਼ੀ ਹੋ ਹੋ ਕੇ ਬਚੀ ਖਾਨਾਬਦੋਸ਼ੀ –
ਅਤੇ ਝੱਲ ਸਕਿਆ ਹਾਂ ਬਿੰਦੂ 'ਚ ਸਿਮਟ ਸਿਮਟ ਗਈ
ਵਿਰਾਟਤਾ ਦੀ ਜੁੰਬਿਸ਼,
ਚਲੋ ਮੈਂ ਰਾਂਝਾ ਨਾ ਹੋ ਸਕਣ ਦਾ ਗੁਨਾਹਗਾਰ ਸਹੀ
ਏਨਾ ਨਹੀਂ ਗਿਆ ਗੁਜ਼ਰਿਆ ਕਿ ਲਿਖ ਨਾ ਸਕਾਂ
ਤੇਰੇ ਸ਼ਗਨਾਂ ਉੱਤੇ ਬੋਲਣ ਲਈ ਪਰਿਵਾਰ ਵੱਲੋਂ ਸਿੱਖਿਆ,
ਜਿੱਥੇ ਜਣਦਿਆਂ ਨੂੰ ਪੈਂਦੇ ਹਨ ਬਿਰਹੋਂ ਦੇ ਗੋਤੇ
ਜਾਂ ਸਵਰਗਾਂ 'ਚ ਬੈਠਾ ਬਾਬਾ ਫੁੱਲ ਵਰਸਾਉਂਦਾ ਹੈ
ਜਾਂ ਇੱਕੀ ਬਿਸਤਰੇ, ਕੋਤਰ ਸੌ ਭਾਂਡਾ
ਟੂੰਮਾਂ ਵਿੱਚ ਬਦਲਿਆ ਰੋਹੀ ਦਾ ਅਸੀਲ ਵਿੱਘਾ
ਐਵੇਂ ਕੁਝ ਵੀ ਨਾ ਦੇ ਸਕਣਾ - ਦੇ ਮੁਹਾਵਰੇ ਵਿੱਚ ਬਦਲ ਜਾਂਦਾ ਹੈ ।
ਉਹ ਪੱਕ ਜਾਣੇ, ਹਮੇਸ਼ਾ ਵਾਂਗ ਹੀ ਸੁਰੀਲਾ ਹੋਵੇਗਾ
ਸਤਿਗੁਰੂ ਰਾਮਦਾਸ ਦਾ 'ਸੂਹੀ ਰਾਗ' ਅਨੰਦਾਂ ਦੇ ਵੇਲ਼ੇ।
ਉਹ ਪੱਕ ਜਾਣੇ, ਬੜੀ ਮੁੱਦਤ ਤੋਂ ਸਿੱਖਿਆ ਹੈ
ਕਬਰਾਂ ਦਾ ਪੱਥਰ ਤੀਸਰੇ ਦਿਨ ਪਾਟ ਜਾਣਾ
ਤੇ ਸਿੱਖਿਆ ਹੋਇਆ ਹੈ ਭੰਗੜੇ ਨੇ ਮੁੜ ਸਾਲਮ ਸਬੂਤਾ ਬਾਹਰ ਆਉਣਾ
ਉਹ ਪੱਕ ਜਾਣੇ ਬਰਾਤੀ ਕਰ ਹੀ ਦੇਣਗੇ ਮੇਰੇ ਨੱਚਦੇ ਦੇ ਸਿਰ ਤੋਂ ਵਾਰਨੇ।
ਜਾਣਦਾਂ - ਢੋਲ ਤੇ ਸ਼ਹਿਨਾਈ ਦੀ ਅਜੋੜ ਸੁਰ, ਅਸਪੱਸ਼ਟ ਹੀ ਸਹੀ
ਕਿਸੇ ਲਾੜੇ ਦੀ ਮੁੱਠ ਵਿੱਚ ਫੜੀ ਹੋਈ ਕਿਰਪਾਨ
ਉਸ ਨੂੰ ਖੂਬ ਸਮਝੇਗੀ
***
ਆਪਣੀ ਅਸੁਰੱਖਿਅਤਾ 'ਚੋਂ
ਜੇ ਦੇਸ਼ ਦੀ ਸੁਰੱਖਿਆ ਇਹੋ ਹੁੰਦੀ ਹੈ
ਕਿ ਬੇ-ਜ਼ਮੀਰੀ ਜ਼ਿੰਦਗੀ ਲਈ ਸ਼ਰਤ ਬਣ ਜਾਵੇ
ਅੱਖ ਦੀ ਪੁਤਲੀ 'ਚ 'ਹਾਂ' ਤੋਂ ਬਿਨਾਂ ਕੋਈ ਵੀ ਸ਼ਬਦ
ਅਸ਼ਲੀਲ ਹੋਵੇ
ਤੇ ਮਨ ਬਦਕਾਰ ਘੜੀਆਂ ਸਾਹਮਣੇ ਡੰਡੌਤ 'ਚ ਝੁਕਿਆ ਰਹੇ
ਤਾਂ ਸਾਨੂੰ ਦੇਸ਼ ਦੀ ਸੁਰੱਖਿਅਤਾ ਤੋਂ ਖ਼ਤਰਾ ਹੈ
ਅਸੀਂ ਤਾਂ ਦੇਸ਼ ਨੂੰ ਸਮਝੇ ਸਾਂ ਘਰ ਵਰਗੀ ਪਵਿੱਤਰ ਸ਼ੈਅ
ਜਿਦ੍ਹੇ ਵਿੱਚ ਹੁੱਸੜ ਨਹੀਂ ਹੁੰਦਾ
ਮਨੁੱਖ ਵਰ੍ਹਦੇ ਮੀਹਾਂ ਦੀ ਗੂੰਜ ਵਾਂਗ ਗਲੀਆਂ 'ਚ ਵਹਿੰਦਾ ਹੈ
ਕਣਕ ਦੀਆਂ ਬੱਲੀਆਂ ਦੇ ਵਾਂਗ ਖੇਤੀ ਝੂਮਦਾ ਹੈ
ਅਤੇ ਅਸਮਾਨ ਦੀ ਵਿਸ਼ਾਲਤਾ ਨੂੰ ਅਰਥ ਦਿੰਦਾ ਹੈ
ਅਸੀਂ ਤਾਂ ਦੇਸ਼ ਨੂੰ ਸਮਝੇ ਸਾਂ ਜੱਫੀ ਵਰਗੇ ਇੱਕ ਅਹਿਸਾਸ ਦਾ ਨਾਂ
ਅਸੀਂ ਤਾਂ ਦੇਸ਼ ਨੂੰ ਸਮਝੇ ਸਾਂ ਕੰਮ ਵਰਗਾ ਨਸ਼ਾ ਕੋਈ
ਅਸੀਂ ਤਾਂ ਦੇਸ਼ ਨੂੰ ਸਮਝੇ ਸਾਂ ਕੁਰਬਾਨੀ ਜਹੀ ਵਫ਼ਾ
ਪਰ ਜੇ ਦੇਸ਼
ਰੂਹ ਦੀ ਵਗਾਰ ਦਾ ਕੋਈ ਕਾਰਖਾਨਾ ਹੈ
ਪਰ ਜੇ ਦੇਸ਼ ਉੱਲੂ ਬਣਨ ਦਾ ਪ੍ਰਯੋਗਘਰ ਹੈ
ਤਾਂ ਸਾਨੂੰ ਓਸ ਤੋਂ ਖ਼ਤਰਾ ਹੈ
ਜੇ ਦੇਸ਼ ਦਾ ਅਮਨ ਇਹੋ ਹੁੰਦੈ
ਕਿ ਕਰਜ਼ੇ ਦੇ ਪਹਾੜਾਂ ਤੋਂ ਰਿੜਦਿਆਂ ਪੱਥਰਾਂ ਵਾਂਗ ਟੁੱਟਦੀ ਰਹੇ ਹੋਂਦ ਸਾਡੀ
ਕਿ ਤਨਖ਼ਾਹਾਂ ਦੇ ਮੂੰਹ ਤੇ ਥੁੱਕਦਾ ਰਹੇ
ਕੀਮਤਾਂ ਦਾ ਬੇਸ਼ਰਮ ਹਾਸਾ
ਕਿ ਆਪਣੇ ਲਹੂ ਵਿੱਚ ਨਹਾਉਣਾ ਹੀ ਤੀਰਥ ਦਾ ਪੁੰਨ ਹੋਵੇ
ਤਾਂ ਸਾਨੂੰ ਅਮਨ ਤੋਂ ਖਤਰਾ ਹੈ
ਜੇ ਦੇਸ਼ ਦੀ ਸੁਰੱਖਿਅਤਾ ਇਹੋ ਹੁੰਦੀ ਹੈ
ਕਿ ਹਰ ਹੜਤਾਲ ਨੂੰ ਫੇਹ ਕੇ ਅਮਨ ਨੂੰ ਰੰਗ ਚੜ੍ਹਨਾ ਹੈ
ਕਿ ਸੂਰਮਗਤੀ ਬੱਸ ਹੱਦਾਂ 'ਤੇ ਮਰ ਪ੍ਰਵਾਨ ਚੜ੍ਹਨੀ ਹੈ
ਕਲਾ ਦਾ ਫੁੱਲ ਬੱਸ ਰਾਜੇ ਦੀ ਖਿੜਕੀ ਵਿੱਚ ਖਿੜਨਾ ਹੈ
ਅਕਲ ਨੇ ਹੁਕਮ ਦੇ ਖੂਹੇ 'ਤੇ ਗਿੜ ਕੇ ਧਰਤ ਸਿੰਜਣੀ ਹੈ
ਕਿਰਤ ਨੇ ਰਾਜ ਮਹਿਲਾਂ ਦੇ ਦਰੀਂ ਖਰਕਾ ਹੀ ਬਣਨਾ ਹੈ
ਤਾਂ ਸਾਨੂੰ ਦੇਸ਼ ਦੀ ਸੁਰੱਖਿਅਤਾ ਤੋਂ ਖ਼ਤਰਾ ਹੈ
***
ਤੈਥੋਂ ਬਿਨਾਂ
ਤੈਥੋਂ ਬਿਨਾਂ ਮੈਂ ਬਹੁਤ ਖਚਾ ਖਚ ਰਹਿੰਦਾ ਹਾਂ
ਇਹ ਦੁਨੀਆਂ ਸਾਰੇ ਧੱਕਮ ਧੱਕੇ ਦੇ ਸਣੇ
ਬੇ-ਘਰੇ ਪਾਸ਼ ਦੀਆਂ ਬਰੂਹਾਂ ਲੰਘ ਆਉਂਦੀ ਹੈ
ਤੈਥੋਂ ਬਿਨਾਂ ਮੈਂ ਸਾਰੇ ਦਾ ਸਾਰਾ ਝੱਖੜ ਹੁੰਦਾ ਹਾਂ
ਜਵਾਰ-ਭਾਟਾ ਅਤੇ ਭੁਚਾਲ ਹੁੰਦਾ ਹਾਂ ।
ਤੈਥੋਂ ਬਿਨਾਂ
ਮੈਨੂੰ ਰੋਜ਼ ਮਿਲਣ ਆਉਂਦੇ ਨੇ ਆਈਨਸਟਾਈਨ ਤੇ ਲੈਨਿਨ
ਮੇਰੇ ਨਾਲ ਬੜੀਆਂ ਗੱਲਾਂ ਕਰਦੇ ਹਨ
ਜਿਨ੍ਹਾਂ 'ਚ ਤੇਰਾ ਉੱਕਾ ਹੀ ਜ਼ਿਕਰ ਨਹੀਂ ਹੁੰਦਾ
ਮਸਲਨ : ਸਮਾਂ ਇੱਕ ਐਸਾ ਪਰਿੰਦਾ ਹੈ
ਜਿਹੜਾ ਕਿ ਪਿੰਡ ਤੇ ਤਹਿਸੀਲ ਦੇ ਵਿਚਾਲੇ ਉੱਡਦਾ ਰਹਿੰਦਾ ਹੈ
ਤੇ ਕਦੇ ਨਹੀਂ ਹੰਭਦਾ,
ਤਾਰੇ ਮੀਢੀਆਂ ਵਿੱਚ ਗੁੰਦੇ ਜਾਣ
ਜਾਂ ਮੀਢੀਆਂ ਤਾਰਿਆਂ ਵਿੱਚ ਇੱਕੋ ਗੱਲ ਹੈ,
ਮਸਲਨ : ਬੰਦੇ ਦਾ ਇੱਕ ਹੋਰ ਨਾਂ ਮੈਨਸ਼ਵਿਕ ਹੈ
ਤੇ ਬੰਦੇ ਦਾ ਅਸਲਾ ਹਰ ਦਮ ਵਿੱਚ ਵਿਚਾਲਾ ਲੱਭਣਾ ਹੈ –
ਪਰ ਹਾਇ ਹਾਇ
ਵਿੱਚ ਵਿਚਕਾਰਲਾ ਰਾਹ ਕਦੇ ਨਹੀਂ ਹੁੰਦਾ।
ਉਂਜ ਇਨ੍ਹਾਂ ਸਾਰੀਆਂ ਗੱਲਾਂ 'ਚੋਂ ਤੇਰਾ ਜ਼ਿਕਰ ਗਾਇਬ ਰਹਿੰਦਾ ਹੈ।
ਤੈਥੋਂ ਬਿਨਾਂ
ਮੇਰੇ ਬਟੂਏ 'ਚ ਸਦਾ ਈ ਹਿਟਲਰ ਦਾ ਫੋਟੂ ਪਰੇਡ ਕਰਦਾ ਹੈ
ਉਸ ਫੋਟੂ ਦੀ ਪਿੱਠ-ਪੱਟੀ 'ਚ
ਆਪਣੇ ਪਿੰਡ ਦੀ ਸਾਰੀ ਰੋਹੀ 'ਤੇ ਬੰਜਰ ਦੀ ਪਟਵਾਰ ਹੁੰਦੀ ਹੈ
ਜਿਦ੍ਹੇ ਵਿੱਚ ਮੈਥੋਂ ਨਿੱਕੀ ਦੇ ਵਿਆਹ 'ਚ ਗਹਿਣੇ ਪਏ ਦੋ ਕਿੱਲਿਆਂ ਤੋਂ ਸਿਵਾ
ਬਚਦੀ ਭੋਇੰ ਵੀ ਕੇਵਲ ਜਰਮਨਾਂ ਲਈ ਹੀ ਹੁੰਦੀ ਹੈ
ਤੈਥੋਂ ਬਿਨਾਂ, ਮੈਂ ਸਿਧਾਰਥ ਨਹੀਂ - ਬੁੱਧ ਹੁੰਦਾ ਹਾਂ
ਤੇ ਆਪਣਾ ਰਾਹੁਲ
ਜੀਹਨੇ ਕਦੀ ਨਹੀਂ ਜੰਮਣਾ
ਕਪਲਵਸਤੂ ਦਾ ਉੱਤਰ-ਅਧਿਕਾਰੀ ਨਹੀਂ
ਇੱਕ ਭਿਖਸ਼ੂ ਹੁੰਦਾ ਹੈ
ਤੈਥੋਂ ਬਿਨਾਂ ਮੇਰੇ ਘਰ ਦਾ ਫਰਸ਼-ਅੱਥਰੀ ਸੇਜ ਨਹੀਂ
ਇੱਟਾਂ ਦਾ ਇੱਕ ਸਮਾਜ ਹੁੰਦਾ ਹੈ।
ਤੈਥੋਂ ਬਿਨਾਂ, ਸਰਪੰਚ 'ਤੇ ਉਹਦੇ ਜੁੱਤੀ ਚੱਟ
ਸਾਡੇ ਗੁਪਤ ਮੇਲ ਦੇ ਸੂਹੀਏ ਨਹੀਂ
ਸ੍ਰੀ ਮਾਨ ਬੀ.ਡੀ.ਓ. ਦੇ ਕਰਮਚਾਰੀ ਹੁੰਦੇ ਹਨ ।
ਤੈਥੋਂ ਬਿਨਾਂ ਅਵਤਾਰ ਸਿੰਘ ਸੰਧੂ ਮਹਿਜ਼ ਪਾਸ਼
ਤੇ ਪਾਸ਼ ਤੋਂ ਸਿਵਾ ਕੁਝ ਨਹੀਂ ਹੁੰਦਾ
ਤੈਥੋਂ ਬਿਨਾਂ ਧਰਤੀ ਦੀ ਗੁਰੂਤਾ
ਭੁਗਤ ਰਹੀ ਦੁਨੀਆਂ ਦੀ ਤਕਦੀਰ ਹੁੰਦੀ ਹੈ
ਜਾਂ ਮੇਰੇ ਜਿਸਮ ਨੂੰ ਝਰੀਟ ਕੇ ਲੰਘਦੇ ਅਹਾਦਸੇ
ਮੇਰਾ ਭਵਿੱਖ ਹੁੰਦੇ ਹਨ
ਪਰ ਕਿੰਦਰ ! ਬਲਦਾ ਜੀਵਨ ਮੱਥੇ ਲੱਗਦਾ ਹੈ
ਤੈਥੋਂ ਬਿਨਾਂ ਮੈਂ ਹੁੰਦਾ ਹੀ ਨਹੀਂ।
***
ਦੂਤਕ ਭਾਸ਼ਾ ਦੇ ਖ਼ਿਲਾਫ
ਜਦੋਂ ਮੈਂ ਲੜਖੜਾਉਂਦਾ ਐਨ ਤੇਰੇ ਕਦਮਾਂ 'ਚ ਡਿਗਿਆ ਸਾਂ
ਤੂੰ ਤਾਂ ਬੁੱਧ ਬਣ ਗਿਆ
ਪਰ ਮੈਂ ਅਜੇ ਵੀ ਜ਼ਖਮੀ ਪਰਾਂ 'ਚ ਡੋਲ ਰਿਹਾ ਹਾਂ
ਮੈਂ ਮਾਨਸਰੋਵਰ ਤੋਂ ਬਹੁਤ ਦੂਰ ਕਿਸੇ ਸੁੱਕੇ ਹੋਏ ਬਾਗੋਂ ਬੋਲ ਰਿਹਾ ਹਾਂ
ਮੈਂ ਹੁਣ ਤੈਨੂੰ ਨਹੀਂ,
ਕਲਿੰਗਾ ਦੇ ਮੈਦਾਨ ਅੰਦਰ
ਆਖ਼ਰੀ ਸਾਹਾਂ 'ਤੇ ਪਏ ਸੈਨਿਕ ਨੂੰ ਕਹਿੰਦਾ ਹਾਂ
ਇਸ ਤਰ੍ਹਾਂ ਕਿਉਂ ਹੈ
ਕਿ ਗਿਆਨ ਸਾਡੇ ਗਲਾਂ 'ਚ ਪਏ ਰੱਸੇ ਦਾ ਵੱਟ ਹੀ ਹੈ
ਸੈਨਿਕਾ, ਕਿਉਂ ਭਲਾ 'ਮੁਕਤੀ ਦਾ ਰਾਹ'
ਤੇਰੀ ਤੇ ਮੇਰੀ ਆਖ਼ਰੀ ਹਿਚਕੀ ਦੇ ਹੀ ਬੂਹੇ 'ਚੋਂ ਲੰਘਦਾ ਹੈ
ਗਯਾ ਦੇ ਬੋਹੜ ਵੱਲ ਨੂੰ ਤੁਰ ਗਈਆਂ ਪੈੜਾਂ ਨੂੰ ਕੀ ਪਤਾ ਨਹੀਂ
ਕਿ ਵਕਤ ਮੇਰੀਆਂ ਅੱਖਾਂ 'ਚ ਬੁੱਢਾ ਹੋ ਰਿਹਾ ਹੈ
ਉਨ੍ਹਾਂ ਵਿੱਚ ਮਿਲ ਹੀ ਜਾਣੀ ਹੈ
ਯਸ਼ੋਧਰਾ ਦੀ ਪੈੜ ਤਾਂ ਕਿਸੇ ਦਿਨ ਆ ਕੇ
ਫੈਲਦਾ ਮੇਰੇ ਲਈ ਹੀ ਰਹਿਣਾ ਹੈ ਹਿਮਾਲਿਆ ਪਹਾੜ ਹਰ ਘੜੀ
ਹੇ ਸੈਨਿਕ, ਤੂੰ ਤਾਂ ਤੱਕਿਆ ਏ!
ਇਨ੍ਹਾਂ ਦਰਿਆਵਾਂ ਦੇ ਕਦੀ ਆਰ ਤੇ ਕਦੀ ਪਾਰ ਫ਼ੈਲਦੇ,
ਸੁੰਗੜਦੇ ਹੋਏ ਦੇਸ ਨੂੰ –
ਤੇ ਦੂਰ ਚਾਨਣੀ ਰਾਤ ਦੇ ਤੀਜੇ ਪਹਿਰ ਜਿਹੀ ਮਾਨਸਰੋਵਰ ਨੂੰ
ਕਦੀ ਵੀ ਪਤਾ ਨਾ ਲੱਗਾ - ਆਦਮੀ ਕਿਉਂ ਤੇ ਕਿਵੇਂ
ਕਦੀ ਦਰਾਵੜ ਤੇ ਕਦੀ ਆਰੀਆ ਬਣਿਆ
ਉਹ ਕਦੀ ਜਾਣ ਨਾ ਸਕੀ ਕਿ
ਕੁਰਾਨ ਸ਼ਰੀਫ ਦੀਆਂ ਆਇਤਾਂ ਅਤੇ ਵੇਦਾਂ ਵਿੱਚੋਂ ਕਵਿਤਾ ਦੇ ਛੰਦ
ਕਿਉਂ ਧੂੰਆਂ ਬਣ ਕੇ ਆਦਮੀ ਦੀਆਂ ਨਾਸਾਂ ਤੇ ਅੱਖਾਂ ਨੂੰ ਚੜ੍ਹੇ ?
ਤੇ ਮਾਨਸਰੋਵਰ ਦਾ ਛੱਡਿਆ ਹੋਇਆ ਪਾਣੀ
ਕਦੀ ਨਹੀਂ ਪਰਤਿਆ - ਇਨ੍ਹਾਂ ਕੰਢਿਆਂ ਉੱਤੇ ਆਦਮੀ ਦੀ ਪੱਤ ਲੁੱਟਦੇ
ਗਿਆਨ ਦੀ ਵਿਥਿਆ ਦੱਸਣ ਲਈ।
ਸੈਨਿਕਾ, ਮਾਨਸਰੋਵਰ ਨੂੰ ਭਲਾ ਕੀ ਪਤਾ ਹੋਵੇਗਾ
ਮੈਂ ਉਸ ਦੇ ਵਾਸ਼ਪ ਦਾ ਕਤਰਾ
ਹਵਾ ਦੀ ਬਾਂਹ 'ਚ ਬਾਂਹ ਪਾਈ ਐਤਕੀਂ ਆਮ ਜਹੀ ਤਫਰੀਹ 'ਤੇ
ਵਾਪਸ ਕਿਉਂ ਨਹੀਂ ਮੁੜਿਆ
ਮਾਨਸਰੋਵਰ ਕੋਈ ਅਬਦਾਲੀ ਤੇ ਨਹੀਂ
ਤੇ ਨਾ ਮੈਂ ਸਾਬਿਰ ਵਾਂਗ ਧਮਕੀ ਜਿਹਾ ਸੰਦੇਸ਼ ਲੈ ਕੇ ਆਇਆ ਸਾਂ
ਪਰ ਇੱਕ ਗੱਲ ਦੱਸਾਂ? - ਸ਼ਾਹ ਨਿਵਾਜ਼ ਕਿਤੇ ਵੀ ਹੋਵੇ
ਸਿਰਫ ਇੱਕ ਬੇਮਿਆਨੀ ਲਿਸ਼ਕਦੀ ਹੋਈ ਚੁੱਪ
ਉਹਦੇ ਸੰਵਾਦ ਖਾਤਰ ਸ਼ਬਦ ਬਣ ਜਾਂਦੀ ਰਹੀ ਹੈ
ਤੇ ਮੇਰੇ ਪਰਾਂ ਅੰਦਰ
ਪਹਿਲਣ ਮਾਂ ਦੀਆਂ ਦੁੱਧੀਆਂ 'ਚੋਂ ਸਿੰਮਦਾ ਅੰਮ੍ਰਿਤ
ਕਦੀ ਵੀ ਸੱਤਾਂ ਵਿੱਚੋਂ ਕਿਸੇ ਰੰਗ ਦੀ ਛਾਂ 'ਚ ਨਹੀਂ ਘੁਲਿਆ
ਤੇ ਸੈਨਿਕ, ਜਾਣਦੈਂ ?
ਭਾਸ਼ਾ ਅਸ਼ਕਤੀ ਦੀ ਵਜ੍ਹਾ ਨਾਲ ਕਿਸ ਕਦਰ ਬਦਮਾਸ਼ ਹੈ
ਇਹ ਜ਼ਖਮ ਲਈ 'ਇਤਿਹਾਸ' ਨਾਂ ਦਾ ਸ਼ਬਦ ਵਰਤਦੀ ਹੈ
ਜ਼ਖਮ ਦਰ ਜ਼ਖਮ ਦੀ ਪੀੜਾ ਲਈ 'ਸੱਭਿਅਤਾ'।
ਇਹ ਸ਼ਾਇਦ ਉੱਡਦਿਆਂ ਪਰਿੰਦਿਆਂ ਨੂੰ 'ਹੰਸ'
ਅਤੇ 'ਮੋਤੀ' ਨੂੰ ਮਟਰ, ਮੂੰਗ ਜਾਂ ਚਾਵਲ ਸਮਝਦੀ ਹੈ ?
ਇਹਨੂੰ ਬੱਸ ਇਹ ਪਤਾ ਹੈ - ਮਾਨਸਰੋਵਰ ਦੇਸ਼ ਨਾਂ ਦੀ ਮੂਰਖਤਾ ਨੂੰ ਘੜਨ ਲਈ
ਨਦੀਆਂ ਵਹਾਉਂਦੀ ਹੈ
ਇਹਨੂੰ ਬੱਸ ਇਹ ਪਤਾ ਹੈ- ਵੇਦਾਂ ਤੇ ਆਇਤਾਂ ਦੀ ਕਵਿਤਾ ਧੂੰਆਂ ਹੁੰਦੀ ਹੈ
ਇਹਦੇ ਭਾਣੇ ਤਾਂ ਮਾਨਸਰੋਵਰ ਕੇਵਲ ਝੀਲ ਹੈ, ਸੱਨਾਟਾ ਹੈ
ਇਹਦੇ ਭਾਣੇ ਤਾਂ ਹਰਵੱਲਭ ਜਾਂ ਤਾਨਸੈਨ ਜਾਂ ਗੁਲਾਮ ਅਲੀ ਦਾ
ਸ਼ਬਦਾਂ ਨੂੰ ਅਮੂਰਤ ਕਰਕੇ ਧੁਨੀਆਂ ਵਿੱਚ ਬਦਲ ਦੇਣਾ ਸੰਗੀਤ ਹੈ
ਇਹਦੇ ਭਾਣੇ ਆ ਰਹੀ ਮੌਤ ਦੀ ਆਹਟ 'ਚ ਹੰਸ ਗਾਉਣ ਲਗਦੇ ਹਨ -
ਸੈਨਿਕਾ ਉਂਝ ਤਾਂ ਹੋਰੂੰ ਜਿਹਾ ਲਗਦੈ –
ਸਹਿਕ ਰਹੇ ਆਦਮੀ ਨੂੰ
ਹੰਸ ਦਾ ਕਹਿਣਾ,
ਪਰ ਇਹ ਬਦਮਾਸ਼ੀ ਬੱਸ ਭਾਸ਼ਾ ਦੀ ਹੈ ਕੇਵਲ ਕਿ ਕਵਿਤਾ ਧੂੰਆਂ ਬਣ ਜਾਂਦੀ ਹੈ
ਤੇ ਬੰਦਾ ਅੰਨ੍ਹਾ ਹੋ ਕੇ ਨਿੱਛਦਾ ਹੋਇਆ ਪਰੇਡਾਂ ਕਰਦਾ - ਹੁਕਮ ਬਜਾਉਂਦਾ
ਅਤੇ ਬਹਾਦਰੀ ਦੇ ਤਗ਼ਮੇ ਲੈਣ ਲਈ
ਆਪਣੀ ਧੜਕਣਾਂ ਤੋਂ ਖ਼ਫ਼ਾ ਹੋਈ ਹਿੱਕ ਨੂੰ ਸ਼ੈਤਾਨ ਮੂਹਰੇ ਕਰਦਾ ਹੈ ।
ਅਤੇ ਸ਼ੈਤਾਨ ਉਸ ਵਿੱਚ ਸੋਨੇ ਦੀਆਂ ਮੇਖਾਂ ਨੂੰ ਗੱਡ ਕੇ
ਸੋਨੇ ਨੂੰ ਅਨਾਜ, ਅੰਨ ਨੂੰ ਵੋਦਕਾ ਵਿੱਚ ਬਦਲਣ ਦੇ ਤਰੀਕੇ ਦੱਸਦਾ ਹੈ
ਅਤੇ ਫਿਰ ਵੋਦਕਾ ਇਨਸਾਨ ਨੂੰ ਗਿੱਦੜ
ਤੇ ਫਿਰ ਲੂੰਬੜ ਤੇ ਫਿਰ ਬਘਿਆੜ
ਅਤੇ ਬਘਿਆੜਾਂ ਨੂੰ ਸਮਾਜ ਕਰ ਦਿੰਦੀ ਹੈ।
ਸੈਨਿਕਾ, ਦੱਸ ਭਲਾ ਇੱਕ ਹੰਸ ਕਿੰਜ ਆਖੇ
ਕਿ ਟਾਲਸਟਾਏ ਬਹੁਤ ਪੱਛੜ ਕੇ ਆਇਆ ਸੀ
ਅਤੇ ਅਸਲੀ ਕਹਾਣੀ
ਹਲ ਵਾਹੁੰਦੇ ਕਿਰਸਾਨ ਦੀ ਰੋਟੀ ਚੁੱਕਣ ਤੋਂ ਬਹੁਤ ਪਹਿਲਾਂ ਦੀ ਸ਼ੁਰੂ ਸੀ...
ਹੇ ਸੈਨਿਕ, ਜੇ ਜ਼ਰਾ ਉੱਠੇਂ
ਤਾਂ ਇਸ ਬਦਮਾਸ਼ ਭਾਸ਼ਾ ਨੂੰ ਕਲਿੰਗਾ ਦੀ ਹੀ ਰਣਭੂਮੀ 'ਚ ਮਰਦੀ ਛੱਡ ਕੇ
ਕਪਲ ਵਸਤੂ ਦੇ ਸਿਧਾਰਥ ਤੱਕ ਚੱਲੀਏ
ਤੇ ਸ਼ੰਕਰਾਚਾਰੀਆ ਨੂੰ ਮਿਲ਼ਦੇ ਹੋਏ
ਉਸ ਈਸਟ ਇੰਡੀਆ ਕੰਪਨੀ ਨੂੰ ਸਾਰਾ ਹੀ ਗਿਆਨ ਵਾਪਸ ਕਰ ਦੇਈਏ
ਤੂੰ ਮਗਰੋਂ ਧਰਤੀ ਦੇ ਕਿਸੇ ਵੀ ਨੰਗੇ ਟੁਕੜੇ ਉੱਤੇ ਜਾ ਵੱਸੀਂ
ਸਾਗਰ ਨੂੰ ਇਹ ਦੱਸੇ ਬਿਨਾਂ, ਕਿ ਅਸਲ ਵਿੱਚ ਇਤਿਹਾਸ ਤਾਂ ਓਹੀਓ ਹੀ ਹੈ
ਅਤੇ ਮੈਂ ਮਾਨਸਰੋਵਰ ਤੋਂ ਤੇਰੇ ਲਈ ਨਦੀਆਂ ਹੱਥ ਸੰਦੇਸ਼ ਘੱਲਿਆ ਕਰਾਂਗਾ
ਜਿਪਸੀਆਂ ਦੇ ਗੀਤਾਂ ਵਰਗੇ, ਰਮਤੀਆਂ ਅੱਖਾਂ 'ਚੋਂ ਕਿਰਦੇ ਰਹਿਣ ਵਾਲੇ ਰੱਬਤਾ ਦੇ ਬੂਰ ਜਹੇ,
ਝਰਨੇ ਦੀ ਰਮਜ਼ ਨਾਲ ਦੇ ਸੰਦੇਸ਼...
ਸੈਨਿਕਾ ਜੇ ਜ਼ਰਾ ਉੱਠੇਂ
ਸੈਨਿਕਾ ਜੇ ਜ਼ਰਾ ਉੱਠੇਂ ...!
***
ਸੋਗ ਸਮਾਰੋਹ ਵਿੱਚ
ਦਾਹੜੀ 'ਚ ਸੁੱਕ ਗਏ ਹੰਝੂ ਦੇ ਮਾਤਮ ਵਿੱਚ
ਆਓ ਦੋ ਘੜੀ ਲਈ ਮੌਨ ਖੜ ਜਾਈਏ
ਤੇ ਜ਼ਰਾ ਸੋਚੀਏ
ਇਸ ਬੁੱਢੇ ਨੇ ਜ਼ਿੰਦਗੀ ਨੂੰ
ਗੁੜ ਦੀ ਰੋੜੀ ਵਰਗੀ ਕਲਪਿਆ ਹੋਊ
ਪਰ ਉਮਰ ਭਰ ਨਜ਼ਰਾਂ ਵਿੱਚੋਂ
ਗੰਢੇ ਦੇ ਬਿੰਬ ਨੂੰ ਤੋੜ ਨਹੀਂ ਸਕਿਆ
ਸੋਚੀਏ ਚਮਕੀਲੇ ਦਿਨ ਦੀ ਮੁਸਕਣੀ ਬਾਰੇ
ਜੋ ਰੋਜ਼ ਇਸ ਦਾ ਵੀਟਿਆ ਲਹੂ ਲੈ ਕੇ
ਪੋਲੇ ਜਿਹੇ ਉੱਤਰ ਜਾਂਦਾ ਰਿਹਾ ਰਾਤ ਦੇ ਤਹਿਖਾਨੇ ਵਿੱਚ
ਆਉ ਉਸ ਇਤਿਹਾਸ ਬਾਰੇ ਸੋਚੀਏ
ਜਿਸ ਨੇ ਇਸ ਸਾਜ਼ਿਸ਼ ਨੂੰ ਸਮੇਂ ਦਾ ਨਾਮ ਦਿੱਤਾ
ਰਾਜਧਾਨੀ ਤੋਂ ਬਹੁਤ ਦੂਰ ਦਮ ਤੋੜ ਗਏ
ਕਮਜ਼ੋਰ ਹਉਂਕੇ ਦੀ ਯਾਦ ਵਿੱਚ
ਆਓ ਸਿਰ ਝੁਕਾਈਏ
ਤੇ ਪਲ ਦੀ ਪਲ ਵਿਸ਼ਵਾਸ ਕਰ ਲਈਏ
ਕਿ ਮਰਦੇ ਹਉਂਕੇ ਨੂੰ
ਸਾਡੇ ਕੌਮੀ ਝੰਡੇ ਨਾਲ
ਅੰਤਾਂ ਦਾ ਆਇਆ ਹੋਏਗਾ ਪਿਆਰ
***
ਸਾਡੇ ਸਮਿਆਂ ਵਿੱਚ
ਇਹ ਸਭ ਕੁੱਝ ਸਾਡੇ ਹੀ ਸਮਿਆਂ 'ਚ ਹੋਣਾ ਸੀ
ਕਿ ਸਮੇਂ ਨੇ ਖੜ ਜਾਣਾ ਸੀ ਹੰਭੀ ਹੋਈ ਜੋਗ ਵਾਂਗ
ਤੇ ਕੱਚੀਆਂ ਕੰਧਾਂ ਉੱਤੇ ਲਮਕਦੇ ਕਲੰਡਰਾਂ ਨੇ
ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ
ਧੁੱਪ ਨਾਲ ਤਿੜਕੇ ਹੋਏ ਕੰਧਾਂ ਦੇ ਲੇਆਂ
ਤੇ ਧੂੰਏ ਨੂੰ ਤਰਸੇ ਚੁੱਲ੍ਹਿਆਂ ਨੇ
ਸਾਡੇ ਈ ਵੇਲਿਆਂ ਦਾ ਗੀਤ ਬਣਨਾ ਸੀ
ਗਰੀਬ ਦੀ ਧੀ ਵਾਂਗ ਵਧ ਰਿਹਾ
ਇਸ ਦੇਸ਼ ਦੇ ਸਨਮਾਨ ਦਾ ਬੂਟਾ
ਸਾਡੇ ਰੋਜ਼ ਘਟਦੇ ਕੱਦਾਂ ਦਿਆਂ ਮੌਰਾਂ 'ਤੇ ਹੀ ਉੱਗਣਾ ਸੀ
ਸ਼ਾਨਦਾਰ ਐਟਮੀ ਤਜ਼ਰਬੇ ਦੀ ਮਿੱਟੀ
ਸਾਡੀ ਰੂਹ 'ਚ ਪਸਰੇ ਹੋਏ ਰੇਗਿਸਤਾਨ 'ਚੋਂ ਹੀ ਉੱਡਣੀ ਸੀ
ਮੇਰੇ ਤੁਹਾਡੇ ਦਿਲਾਂ ਦੀ ਹੀ ਸੜਕ ਦੇ ਮੱਥੇ 'ਤੇ ਜੰਮਣਾ ਸੀ
ਰੋਟੀ ਮੰਗਣ ਆਏ ਅਧਿਆਪਕਾਂ ਦੀ ਪੁੜਪੁੜੀ ਦਾ ਲਹੂ
ਦੁਸਹਿਰੇ ਦੇ ਮੈਦਾਨ ਅੰਦਰ
ਖੁੱਸੀ ਹੋਈ ਸੀਤਾ ਨਹੀਂ, ਬੱਸ ਤੇਲ ਦੀ ਕੇਨੀ ਮੰਗਦੇ ਹੋਏ
ਰਾਵਣ ਸਾਡੇ ਹੀ ਬੁੜ੍ਹਿਆਂ ਨੇ ਬਣਨਾ ਸੀ
ਬੇਪਤੀ ਵਕਤ ਦੀ ਸਾਡੇ ਹੀ ਵਕਤਾਂ ਵਿੱਚ ਹੋਣੀ ਸੀ
ਹਿਟਲਰ ਦੀ ਧੀ ਨੇ ਜ਼ਿੰਦਗੀ ਦੀਆਂ ਪੈਲੀਆਂ ਦੀ ਮਾਂ ਬਣਕੇ
ਖੁਦ ਹਿਟਲਰ ਦਾ ਡਰਨਾ
ਸਾਡੇ ਹੀ ਮੱਥਿਆਂ 'ਚ ਗੱਡਣਾ ਸੀ
ਇਹ ਸ਼ਰਮਨਾਕ ਹਾਦਸਾ ਸਾਡੇ ਹੀ ਨਾਲ ਹੋਣਾ ਸੀ
ਕਿ ਦੁਨੀਆਂ ਦੇ ਸਭ ਤੋਂ ਪਵਿੱਤਰ ਹਰਫ਼ਾਂ ਨੇ
ਬਣ ਜਾਣਾ ਸੀ ਸਿੰਘਾਸਣ ਦੇ ਪੌਡੇ-
ਮਾਰਕਸ ਦਾ ਸ਼ੇਰ ਵਰਗਾ ਸਿਰ
ਦਿੱਲੀ ਦੀਆਂ ਭੂਲ-ਭੁਲਈਆਂ ਵਿੱਚ ਮਿਆਂਕਦਾ ਫਿਰਦਾ
ਅਸੀਂ ਹੀ ਤੱਕਣਾ ਸੀ
ਮੇਰੇ ਯਾਰੋ, ਇਹ ਕੁਫ਼ਰ ਸਾਡੇ ਹੀ ਸਮਿਆਂ 'ਚ ਹੋਣਾ ਸੀ
ਬੜੀ ਵਾਰੀ ਹੀ ਪੱਕੇ ਪੁਲਾਂ 'ਤੇ
ਲੜਾਈਆਂ ਹੋਈਆਂ
ਜਬਰ ਦੀਆਂ ਛਵੀਆਂ ਦੇ ਐਪਰ
ਘੁੰਡ ਨਾ ਮੁੜ ਸਕੇ
ਮੇਰੇ ਯਾਰੋ, ਆਪਣੀ ਕੱਲੇ ਜੀਣ ਦੀ ਖਾਹਿਸ਼ ਕੋਈ ਪਿੱਤਲ ਦੀ ਮੁੰਦਰੀ ਹੈ
ਜੋ ਹਰ ਘੜੀ ਘਸੀ ਜਾ ਰਹੀ ਹੈ
ਨਾ ਇਸ ਨੇ ਯਾਰ ਦੀ ਨਿਸ਼ਾਨੀ ਬਣਨਾ ਹੈ
ਨਾ ਔਖੇ ਵੇਲਿਆਂ ਵਿੱਚ ਰਕਮ ਬਣਨਾ ਹੈ
ਮੇਰੇ ਯਾਰੋ, ਅਸਾਡੇ ਵਕਤ ਦਾ ਇਤਿਹਾਸ
ਬੱਸ ਏਨਾ ਨਾ ਰਹਿ ਜਾਵੇ
ਕਿ ਅਸੀਂ ਹੌਲੀ ਹੌਲੀ ਮਰਨ ਨੂੰ ਹੀ
ਜੀਣਾ ਸਮਝ ਬੈਠੇ ਸਾਂ
ਕਿ ਸਾਡੇ ਸਮੇਂ ਘੜੀਆਂ ਨਾਲ ਨਹੀਂ
ਹੱਡਾਂ ਦੇ ਖੁਰਨ ਨਾਲ ਮਿਣੇ ਗਏ
ਇਹ ਗੌਰਵ ਸਾਡੇ ਹੀ ਵਕਤਾਂ ਦਾ ਹੋਣਾ ਹੈ
ਕਿ ਉਨ੍ਹਾਂ ਨਫ਼ਰਤ ਨਿਤਾਰ ਲਈ
ਗੁਜਰਦੇ ਗੰਧਲੇ ਸਮੁੰਦਰਾਂ 'ਚੋਂ
ਕਿ ਉਨ੍ਹਾਂ ਵਿੰਨ੍ਹ ਸੁਟਿਆ ਪਿਲਪਲੀ ਮੁਹੱਬਤ ਦਾ ਤੰਦੂਆ
ਉਹ ਤਰ ਕੇ ਜਾ ਖੜੇ ਹੋਏ
ਹੁਸਨ ਦੀਆਂ ਸਰਦਲਾਂ ਉੱਤੇ
ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਵੇਗਾ
ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਣਾ ਹੈ।
***
ਕਾਮਰੇਡ ਨਾਲ ਗੱਲਬਾਤ
ਇੱਕ
ਐ ਸੀਤ ਦੇਗਚੀ, ਤੈਨੂੰ ਤੇ
ਤੇਰੇ ਵਿੱਚ ਉੱਬਲ ਰਹੇ ਵਕਤਾਂ ਨੂੰ ਸਲਾਮ!
ਐ ਰਿੜ੍ਹਦੇ ਪਰਿੰਦੇ, ਤੈਨੂੰ ਤੇ
ਤੇਰੇ ਵਿੱਚ ਜਾਮ ਹੋਏ ਅੰਬਰ ਨੂੰ ਸਲਾਮ!
ਹੇ ਜੋਗੀ ਮੱਚਦਿਆਂ ਵਣਾਂ ਦੇ
ਤੇਰੇ ਸਲ੍ਹਾਭੇ ਹੋਏ ਜਤ ਸਤ ਨੂੰ
ਤੇ ਤੇਰੇ ਰਾਖ ਹੋ ਗਏ ਰੱਬ-ਦੋਹਾਂ ਨੂੰ ਨਮਸਕਾਰ!
ਨਮਸਕਾਰ, ਮੇਲੇ ਦੇ ਵਿੱਚ ਵਿੱਟਰੇ ਖੜ੍ਹੇ ਜਵਾਕ ਨੂੰ
ਜਿਸਦੀ ਹੈ ਜ਼ਿਦ ਮਸਾਲੇ ਦੇ ਰਾਂਘਲੇ ਘੋੜੇ ਲਈ
ਤੇ ਗੈਂਡੇ ਦੀ ਬੇਸੁਰੀ ਸ਼ਹਿਨਾਈ ਲਈ।
ਸਲਾਮ - ਲੂਈਆਂ ਮੁੱਛਾਂ 'ਤੇ ਆਦਤਨ ਫਿਰ ਰਹੇ
ਜਾਨਦਾਰ ਹੱਥ ਨੂੰ ।
ਪਿਆਰੇ ਕਾਮਰੇਡ, ਮੇਰੀ ਬੰਦਨਾ ਹੈ
ਆਪਣੇ ਦੋਹਾਂ ਦੇ ਜਿਸਮ 'ਚ
ਪਲ ਪਲ ਵਾਪਰ ਰਹੇ ਸ਼ਮਸ਼ਾਨ ਨੂੰ।
ਕਾਮਰੇਡ, ਇਹ ਬੁਰਜੁਆਜ਼ੀ-ਜਾਣਦੈਂ ?
ਸ਼ਰਾਬ ਵਾਂਗ ਪੁਰਾਣੀ ਹੋ ਗਈ ਹੈ
ਤੇ ਅਸੀਂ ਮਾਸ ਦੇ ਟੁਕੜੇ ਵਾਂਗ।
ਕਾਮਰੇਡ, ਮੱਧ ਵਰਗ ਅੱਜ ਵੀ ਭਗੌੜਾ ਹੈ
ਸ਼ੰਘਰਸ਼ ਤੋਂ ਨਹੀਂ, ਇਹ ਪਾਗਲ ਖਾਨਿਓਂ ਭੱਜ ਨਿੱਕਲਿਆ
ਮਜ਼ਰਮ ਹੈ ਅਤੇ ਸਿਧਾਂਤ
ਕਦੇ ਤਾਂ ਘਰਦਿਆਂ, ਕਦੇ ਪੁਲਸ ਵਾਂਗ
ਇਹਦਾ ਪਿੱਛਾ ਕਰਦੇ ਪਏ ਹਨ।
ਕਾਮਰੇਡ ਖਿਮਾ ਕਰਨਾ, ਉਸਨੂੰ ਗਾਹਲ ਦੇਣੀ ਠੀਕ ਨਹੀਂ
ਜੋ ਕੇਵਲ ਖ਼ੁਦ ਦੀ ਪਿੱਛੇ ਰਹਿ ਗਈ ਗੂੰਜ ਹੈ
ਇਹ ਬਹੁਤ ਖੂੰ-ਖਾਰ ਇਤਫ਼ਾਕ ਹੈ ਸਾਥੀ
ਕਿ ਮਹਾਨ ਏਂਗਲਜ਼ ਦੀ 'ਮਾਲਕੀ, ਟੱਬਰ ਤੇ ਰਿਆਸਤ'
ਆਪਾਂ 'ਕੱਠਿਆਂ ਪੜ੍ਹੀ ਸੀ ।
ਤੂੰ ਉਸ ਦਿਨ ਕਿਰਦੀ ਜਾਂਦੀ ਮਾਲਕੀ 'ਤੇ ਥੁੱਕਿਆ,
ਟੱਬਰ ਨੂੰ ਵਿਦਾ ਆਖ ਕੇ
ਰਿਆਸਤ ਨੂੰ ਸਿੱਝਣ ਚਲਾ ਗਿਆ।
ਅਤੇ ਮੈਂ ਘਰ ਦਿਆਂ ਖਣਾਂ 'ਚੋਂ ਕਿਰਦੇ ਘੁਣ ਦਾ
ਰਾਜ ਸੱਤਾ ਵਾਂਗ ਮੁਕਾਬਲਾ ਕਰਦਿਆਂ
ਸ਼ਬਦ 'ਟੱਬਰ' 'ਚੋਂ ਅਰਥਾਂ ਨੂੰ ਨਿੱਕਲ ਜਾਣ ਤੋਂ ਵਲਦਾ ਰਿਹਾ।
ਇਹ ਬਹੁਤ ਖੂੰ-ਖਾਰ ਇਤਫ਼ਾਕ ਹੈ ਸਾਥੀ
ਕਿ ਮਹਾਨ ਏਂਗਲਜ਼ ਨੂੰ ਪੜ੍ਹਦਿਆਂ
ਜਦ 'ਇਤਫ਼ਾਕ' ਦੀ ਮਹੱਤਤਾ ਦਾ ਜ਼ਿਕਰ ਆਇਆ
ਉਦੋਂ ਤੂੰ ਭਾਸ਼ਾ ਅਤੇ ਦਿਮਾਗ ਮੌਲਣ ਵਿੱਚ
ਸੰਦ ਦਾ ਯੋਗਦਾਨ ਸੋਚਦੇ ਹੋਏ
ਗੁੰਮ ਸੁੰਮ ਤੁਰ ਗਿਆ ਸੈਂ
ਕਮਰਿਓਂ ਬਾਹਰ, ਜਿੱਥੇ ਰਾਤ ਤੇ ਸਵੇਰ
ਧਰਤ ਦੇ ਉਲਟ ਸਿਰਿਆਂ 'ਤੇ ਖਲ੍ਹੋ ਕੇ
ਲੜ ਰਹੇ ਸਨ, ਕੱਚੀ ਉਮਰ ਦੇ ਆਸ਼ਕਾਂ ਵਾਂਗ
ਇੱਕ ਹੋਣ ਦੇ ਲੋਭ ਵਿੱਚ!
ਉਂਝ ਤਾਂ ਹਰ ਚੀਜ਼ ਸਿਧਾਂਤਕ ਤੌਰ 'ਤੇ ਸਹੀ ਸੀ
ਸਹੀ ਸੀ, ਤੇਰਾ ਕੱਲਿਆਂ ਛੱਡ ਜਾਣਾ ਮੈਨੂੰ
ਇਤਫ਼ਾਕ ਬਾਰੇ ਪੜ੍ਹਨ ਲਈ
ਤੇਰਾ ਸੰਘਰਸ਼ ਵਿੱਚ ਕੁੱਦਣਾ
ਤੇ ਮੇਰਾ ਪਿੱਠ ਦੇ ਜਾਣਾ
ਤੂੰ ਨਹੀਂ ਸਮਝ ਸਕਦਾ ਕਾਮਰੇਡ
ਸਭ ਕੁੱਝ ਸਹੀ ਸੀ।
***
ਦੋ
ਆਪਣੇ ਨਿੱਕੀ ਉਮਰੇ ਡੱਕੇ ਗੱਡ ਕੇ
ਸਿਰਜੇ ਹੋਏ ਜੰਗਲ
ਜਾਗਦਿਆਂ ਸੁਫ਼ਨਿਆਂ ਵਿੱਚ ਫੈਲ ਫੈਲ ਸੰਘਣੇ ਹੋ ਗਏ
ਤੇ ਉਨ੍ਹਾਂ ਜੰਗਲਾਂ 'ਚੋਂ ਕਦੀ ਕਦੀ
ਤੇਰੇ ਫ਼ਾਇਰਾਂ ਦੀ ਅਵਾਜ਼
ਏਥੇ ਪਹੁੰਚਦੀ ਰਹੀ ਹੈ।
ਮੈਂ ਉਸ ਨੂੰ ਮਾਂ ਦੇ ਗੂੰਗੇ ਹਉਂਕਿਆਂ 'ਚ
ਭਰ ਕੇ ਸੁਣਦਾ ਰਿਹਾ ਹਾਂ
ਪਰ ਉਹ ਚੰਦਰੀ ਫ਼ਾਇਰਾਂ ਦੀ ਅਵਾਜ਼
ਕਦੀ ਵੀ ਮੇਚ ਨਹੀਂ ਆਈ
ਆਪਣੀ ਗੁੱਡੋ ਦੇ ਕਮਲਿਆਂ ਗੀਤਾਂ ਨੂੰ ।
ਕਾਮਰੇਡ, ਇਹ ਗੁੱਡੋ ਬੜੀ ਕ੍ਰਾਂਤੀ ਵਿਰੋਧੀ ਨਿੱਕਲੀ ਹੈ
ਨਿਰੀ ਵਰਗ ਦੁਸ਼ਮਣ।
ਇਹ ਮੇਰੀਆਂ ਇਲਮਦਾਰ ਕਿਤਾਬਾਂ ਹੇਠ
ਗੀਟ੍ਹੇ ਲੁਕਾ ਦਿੰਦੀ ਹੈ,
ਲੱਖ ਸਮਝਾਣ 'ਤੇ ਵੀ ਸਮਾਜ ਦੇ ਭਵਿੱਖ ਤੋਂ
ਇਹ ਥਾਲ ਖੇਡਣ ਲਈ ਬਹੁਤਾ ਫ਼ਿਕਰ ਰੱਖਦੀ ਹੈ
ਉਹਦਾ ਲੈਨਿਨ ਨੂੰ 'ਗੰਜਾ ਫੜਨ ਵਾਲਾ' ਕਹਿਣਾ
ਤੇ ਮਾਓ ਦਾ ਸ਼ਰਮੇ ਥਾਣੇਦਾਰ ਜਹੇ
ਲਾਹਨਤੀ ਨਾਲ ਭਰਮ ਖਾਣਾ
ਭਲਾ ਤੂੰ ਆਪ ਸੋਚ
ਕਿੰਨਾ ਅਸਹਿ ਹੈ!
ਤੇਰੇ ਮਗਰੋਂ ਮੈਂ ਗਿਆ ਤਾਂ ਕਿਤੇ ਨਹੀਂ
ਤੂੰ ਆਪਣੀ ਦੂਰ ਅੰਦੇਸ਼ੀ ਨਾਲ
ਜਿਸਨੂੰ ਬੇਸਹਾਰਾ ਛੱਡ ਗਿਆ ਸੈਂ ਟੁੱਟਦੇ ਸਾਹਾਂ 'ਚ
ਮੈਂ ਓਸ ਬਦਨਸੀਬ ਘਰ ਦੇ
ਅਘਰ ਹੋਣ ਦੇ ਸਫਰ ਵਿੱਚ ਸ਼ਾਮਲ ਰਿਹਾ ਹਾਂ।
ਤੇਰੇ ਮਗਰੋਂ ਮੈਂ ਕਾਮਰੇਡ
ਘਰ ਦੇ ਟੁੱਟਣ ਨੂੰ
ਘਰਾਂ ਦਾ ਫੈਲਣਾ ਸਮਝਣ ਦੀ ਮਸ਼ਕ ਕਰਦਾ
ਮੀਹਾਂ ਵਾਂਗ ਬਰਸਿਆ ਹਾਂ
ਸੁੰਗੜਦੀਆਂ ਜਾ ਰਹੀਆਂ ਛੱਤਾਂ ਦੇ ਉੱਤੇ
ਫੈਲਦੇ ਜਾ ਰਹੇ ਵਿਹੜਿਆਂ ਵਿੱਚ।
ਮੈਂ ਜੀਵਨ ਵਿੱਚ ਦੌੜਦਾ ਫਿਰਿਆ ਹਾਂ
ਉਸ ਜਣੇ ਦੇ ਤਰਸੇਵੇਂ ਨਾਲ
ਜਿਸ ਨੂੰ ਪਤਾ ਹੋਵੇ
ਆਪਣੇ ਅਗਲੇ ਪਲ ਹੀ ਅੰਨ੍ਹੇ ਹੋ ਜਾਣ ਦਾ।
ਕਾਮਰੇਡ, ਇਉਂ ਦੌੜਦੇ ਸ਼ਖ਼ਸ ਨੂੰ
'ਦੌੜਾਕ' ਜਾਂ 'ਭਗੌੜਾ' ਆਖਣ 'ਚ ਜ਼ਰਾ ਸੁਵਿਧਾ ਤਾਂ ਹੈ
ਆਉਣਾ ਜਾਂ ਜਾਣਾ ਹਰੇਕ ਦੌੜ ਦਾ ਪਰ
ਮੈਨੀਫੈਸਟੋ ਉੱਕਾ ਨਹੀਂ ਹੁੰਦਾ
***
ਤਿੰਨ
ਕਾਮਰੇਡ, ਤੇਰੇ ਲਈ ਸਟੇਟ ਸਿਰਫ ਇੱਕ ਖੁਰਲੀ ਹੈ
ਪੰਜ ਰੋਮਨ ਇੱਟਾਂ ਦੀ
ਜਿੱਥੇ ਤੈਨੂੰ ਚਾਰ ਸਿੰਗਾ ਸਾਨ੍ਹ ਪਲਦਾ ਦਿਸ ਰਿਹਾ ਹੈ।
ਮੇਰੇ ਵੱਲ ਵੇਖ, ਸਿਧਾਤਾਂ ਦੀ ਆਵਾਰਾ ਦਸਤਾਵੇਜ਼ ਨੂੰ
ਮੇਰੇ ਲਈ ਹੁਣ 'ਅਦਾਲਤ' ਸ਼ਬਦ ਜਾਂ ਪ੍ਰੀਭਾਸ਼ਾ ਨਹੀਂ ਰਹੀ
ਬਾਂਸ ਦੇ ਸੂਏ ਵਾਂਗ ਮੇਰੇ ਵਿੱਚ ਦੀ ਉੱਗ ਆਉਂਦਾ ਹੈ
ਹਰ ਪੇਸ਼ੀ ਦਾ ਦਿਨ -
ਸ਼ਾਇਦ ਮੈਂ ਆਪਣੇ ਇਨਸਾਨ ਹੋਣ ਦਾ
ਅਜੇ ਵੀ ਵਿਸ਼ਵਾਸ਼ੀ ਹੁੰਦਾ
ਜੇ ਕਿਤੇ ਬਾਹਰਲੇ ਪੁਲਾੜ ਦੇ ਸ਼ੰਦੇਸ਼ ਜਹੀ ਅਜੀਬ
ਇੱਕ ਅਵਾਜ਼ ਦੇ ਵਿਚਲੇ ਹਨੇਰੇ ਦੀ
ਮੈਂ ਸਾਂ ਸਾਂ ਨਾ ਸੁਣੀ ਹੁੰਦੀ:
'ਪਾ...ਸ਼... ਬਨਾਮ...ਸਟੇ... ਅ... ਟ'
ਕਾਮਰੇਡ, ਕੀ ਸੱਚ ਮੰਨ ਸਕਦੈਂ
ਕਿ ਉਸ ਅਵਾਜ਼ ਨੂੰ ਸੁਣਨ ਤੋਂ ਬਾਅਦ
ਨਾ ਕੋਈ ਪਾਸ਼ ਰਹਿ ਸਕਦਾ ਹੈ, ਨਾ ਸਟੇਟ।
ਕਾਸ਼, ਮੈਂ ਮਾਣੀ ਨਾ ਹੁੰਦੀ ਸਿਰੇ ਦੀ ਖੌਫ਼ਨਾਕ ਨਿਰਲੇਪਤਾ
ਜੋ ਫਾਈਲਾਂ ਚੁਣਦੇ ਨਾਇਬ ਕੋਰਟ ਦੇ
ਮੂੰਹ 'ਤੇ ਟਪਕਦੀ ਸੀ
ਕਾਸ਼, ਮੈਨੂੰ ਉਸ ਤਰ੍ਹਾਂ ਦੀ ਨੀਂਦ ਦਾ ਅੰਦਾਜ਼ਾ ਨਾ ਹੁੰਦਾ
ਜਿਦ੍ਹੇ ਵਿੱਚ ਲੰਚ ਤੋਂ ਪਹਿਲਾਂ ਤੇ ਮਗਰੋਂ
ਜੱਜ ਤਰਦੇ ਨੇ।
ਜਿਨ੍ਹਾਂ ਨੇ ਵੇਖਿਆ ਹੋਇਐ ਦੁਆਬੇ ਵਿੱਚ
ਫ਼ਸਾਦਾਂ ਬਾਦ ਬਚਿਆ - ਤਲਵਣ ਨਾਂ ਦਾ ਪਿੰਡ
ਉਹ ਮੇਰਾ ਦਿਲ ਸਮਝ ਸਕਦੇ ਨੇ
ਜਿੱਥੇ ਮੈਂ ਕਦੀ ਇੱਕ ਚੰਡੀਗੜ੍ਹ ਉਸਾਰਨਾ ਚਾਹਿਆ ਸੀ।
ਪਿਆਰੇ ਕਾਮਰੇਡ, ਹੁਣ ਬੇਅਰਥ ਹਨ ਮੇਰੇ ਲਈ
ਤੇਰੇ 'ਖੁਫ਼ੀਆ' ਰਾਤਾਂ ਦੇ ਸਕੂਲ।
ਮੈਂ ਧਰਤੀ ਦੀ ਤਪਦੀ ਲੋਹ ਹੇਠ
ਤੱਕਿਆ ਹੈ ਬਲਦਾ ਇੱਕੇ ਟੱਕ ਮੈਕਿਆਵਲੀ ਦਾ ਸਿਵਾ
ਮੈਂ ਸਟੇਟ ਨੂੰ ਤੱਕਿਆ ਹੈ ਲੋਕਾਂ ਆਸਰੇ ਲੜਦਿਆਂ
ਕਦੇ ਲੋਕਾਂ ਨਾਲ, ਕਦੇ ਲੋਕਾਂ ਲਈ।
ਮੈਂ ਵੇਖੇ ਨੇ ਅਰਸਤੂ ਤੇ ਸਟਾਲਿਨ
ਸਦੀਆਂ ਲੰਮੇ ਯੁੱਧ ਲੜਦੇ
ਕੇਵਲ ਇਹ ਪ੍ਰੀਭਾਸ਼ਤ ਕਰਨ ਲਈ
ਕਿ ਆਦਮੀ ਕਿਸ ਕਿਸਮ ਦਾ ਪਸ਼ੂ ਹੈ।
ਪਸ਼ੂ ਨੂੰ ਭੁੱਲ ਕੇ ਵੇਖੇਂ ਜੇ ਕਾਮਰੇਡ
ਬੜੀਆਂ ਗੱਲਾਂ ਨੂੰ ਆਪ ਅਸਮਾਨ ਹਾਲਾਂ ਨਹੀਂ ਜਾਣਦਾ
ਜਿਨ੍ਹਾਂ ਤੋਂ ਵਾਕਿਫ਼ ਹੈ ਸਿਰਫ਼ ਆਦਮੀ ਦਾ ਲਹੂ।
ਆਦਮੀ ਦੇ ਲਹੂ ਵਿੱਚ ਬੰਦੂਕ ਦਾ ਪਰਛਾਵਾਂ ਡੁੱਬ ਜਾਂਦਾ ਹੈ
ਸੰਝ ਦੇ ਘੁਸਮੁਸੇ 'ਚ ਜੀਕਣ
ਹੰਭੇ ਜੱਟ ਦੇ ਸ਼ਰਾਬੀ ਗੌਣ ਡੁੱਬ ਜਾਂਦੇ
ਤੇ ਇਹ ਜੋ ਬਹਿਸ ਖਾਤਰ ਬਹਿਸਦੇ ਪਏ ਨੇ ਐਵੇਂ
ਧਰਤੀਆਂ, ਤਾਰੇ, ਸਮੁੰਦਰ
ਊਰਜਾ ਲਹਿਰਾਂ ਤੇ ਚੰਨ - ਇਨ੍ਹਾਂ ਦੇ ਮੁਫ਼ਤ ਦੇ ਰੌਲੇ 'ਚ ਘਿਰਿਆ
ਆਦਮੀ ਦਾ ਸੂਰਮਾ ਲਹੂ
ਸਿਰੇ ਦਾ ਸਹਿਣਸ਼ੀਲ ਸ੍ਰੋਤਾ ਹੈ
ਕਾਮਰੇਡ, ਸਟਾਲਿਨ ਤੇਰਾ ਬਹੁਤ ਬੜਬੋਲਾ ਸੀ
ਨਹੀਂ ਸੀ ਜਾਣਦਾ ਕਿ ਆਦਮੀ ਦੇ ਲਹੂ ਵਿੱਚ
ਸਹੀ ਇਤਿਹਾਸ ਦਾ ਸਹੀ ਬਦਲ ਵੀ ਹੁੰਦਾ ਹੈ।
ਜਿਸ ਨੂੰ ਉਹ ਸਹੀ ਇਤਿਹਾਸ ਕਹਿੰਦਾ ਸੀ
ਸਿਰਫ ਇਤਫ਼ਾਕ ਦੇ ਘੁੰਮਦੇ ਹੋਏ ਪੱਖੇ ਦਾ
ਮੂਹਰੇ ਆ ਗਿਆ, ਖੰਭਾਂ 'ਚੋਂ ਇੱਕ ਖੰਭ ਸੀ।
ਕਿਸੇ ਵੀ ਅੱਜ ਦੀ ਗਿੱਚੀ ਤੇ ਹੱਥ ਧਰ ਕੇ
ਵਕਤ ਨੂੰ ਫੜਨ ਦਾ ਐਲਾਨ
ਤੈਨੂੰ ਕਿੰਜ ਲਗਦੈ ਕਾਮਰੇਡ ?
ਤੇ ਸ਼ਬਦ State ਵਿੱਚ ਦੋਹਾਂ 'ਚੋਂ ਤੈਨੂੰ
ਕਿਹੜੀ "T" ਪਸੰਦ ਹੈ ਕਾਮਰੇਡ ?
ਅਫਲਾਤੂਨ ਦਾ ਗਣ ਰਾਜ
ਅਰਸਤੂ ਦਾ ਰਾਜ-ਧਰਮ
ਤੇ ਟ੍ਰਾਸਟਕੀ ਦੀ ਪੁੜਪੁੜੀ 'ਚ ਖੁੱਭੀ ਕਮਿਨਟ੍ਰਨ ਦੀ ਕੁਹਾੜੀ
ਕਾਮਰੇਡ, ਤੈਨੂੰ ਤਿੰਨਾਂ ਦੀ ਕੋਈ ਸਕੀਰੀ ਦਿਸਦੀ?
ਮਨੁੱਖ ਦਾ ਗਰਮ ਲਹੂ ਠੰਡੇ ਫਰਸ਼ 'ਤੇ ਫੈਲਣ ਨਾਲ... ?
ਤੇ ਨਸਲ ਵਿੱਚ ਸੁਧਾਰ ਦਾ ਬਹਾਨਾ
ਤੈਨੂੰ ਕਿਸ ਤਰ੍ਹਾਂ ਲਗਦਾ ਹੈ ਕਾਮਰੇਡ ?
ਇਸ ਚਾਰ ਸਿੰਗੇ ਸਾਹਨ ਨੇ ਤਾਂ ਸਦਾ ਹੀ
ਹਰਿਆਵਲ ਚੱਟੀ ਹੈ ਮਨੁੱਖ ਦੀ ਆਤਮਾ 'ਚੋਂ
ਮਨੁੱਖ ਦੀ ਆਤਮਾ ਨੂੰ ਸਾਰਿਆਂ ਜੁੱਗਾਂ 'ਚ
ਇਸ ਪ੍ਰੇਤ ਦੀ ਆਉਂਦੀ ਰਹੀ ਹੈ ਪੌਣ।
ਮੈਂ ਏਸ ਪ੍ਰੇਤ ਰੂਹ ਦਾ ਸ਼ਿਲਾ ਕੱਟਦੇ ਤਪੀ ਵੇਖੇ ਹਨ।
ਜਿਨ੍ਹਾਂ ਨੂੰ ਹੌਲ਼ੀ ਹੌਲ਼ੀ ਤਪ ਕਰਨ ਦਾ ਈ ਭੁਸ ਹੋ ਜਾਂਦੈ
ਅਤੇ ਵੱਸ ਕਰਨ ਦੀ ਮਨਸ਼ਾ
ਵਿੱਸਰ ਜਾਂਦੀ ਹੈ ਪਿਛਲੇ ਜਨਮ ਵਾਂਗ।
ਮੈਂ ਨਹੀਂ ਸਮਝਦਾ ਸਾਥੀ ਹੁਣ ਕਦੀ
ਧਾਰੇਗੀ ਅਗਲਾ ਜਨਮ ਵੀ
ਇਹ ਪ੍ਰੇਤ ਹੋਣ ਦੀ ਆਦੀ ਹੋ ਗਈ ਆਤਮਾ।
ਮੈਂ ਨਹੀਂ ਸਮਝਦਾ ਸਾਥੀ
ਤੇਰੇ ਲਈ ਵੀ ਸ਼ਿਲਾ ਹੀ ਕੱਟਣਾ
ਕਦੋਂ ਤੱਕ ਵਕਤ ਕਟੀ ਨਹੀਂ ਬਣਦਾ
ਕਾਮਰੇਡ ਕੀ ਬਣੇਗਾ ਉਸ ਦਿਨ
ਜੇ ਕਦੀ ਰਾਜ ਸੱਤਾ ਖੋਹਣ ਦੀ ਹਸਰਤ ਨੂੰ
ਇੰਜ ਤੱਕਣਾ ਪਿਆ,
ਜਿਵੇਂ ਕੋਈ ਬਿਰਧ ਜੋੜੀ ਹਾਰ ਗਏ ਅੰਗਾਂ 'ਚੋਂ
ਲੋਚੇ ਚੰਦ੍ਰਮਾ ਫੜਨਾ
ਜੋ ਮੁਕਲਾਵੇ ਦੇ ਪਹਿਲੇ ਤੜਕੇ ਅਸਤ ਹੋਇਆ ਸੀ
***
ਚਾਰ
ਤੈਨੂੰ ਪਤਾ ਨਹੀਂ ਹੈ ਕਾਮਰੇਡ
ਤੂੰ ਸ਼ਬਦਾਂ ਨੂੰ ਕੀ ਕਰ ਦਿੱਤਾ ਹੈ
ਉਨ੍ਹਾਂ ਵਿੱਚ ਲਿਪਟੀਆਂ ਸੰਵੇਦਨਾਵਾਂ ਨੇ
ਤੇਰਾ ਦੱਸ ਕੀ ਲਿਆ ਸੀ
ਕਿਉਂ ਉਨ੍ਹਾਂ ਨੂੰ ਅਫਸਰਸ਼ਾਹ ਦਲਾਲਾਂ ਦੀ
ਤਕਦੀਰ ਬਖਸ਼ੀ ਤੂੰ
ਕਾਮਰੇਡ ਕਿਉਂ ਜਮਾਤੀ ਘਿਰਣਾ ਦੇ ਗੱਫੇ
ਉਨ੍ਹਾਂ ਦਾ ਦਾਜ ਹੋ ਨਿੱਬੜੇ ?
ਸਿਰਫ਼ ਤੂੰ ਆਪਣੀ ਸਹੂਲੀਅਤ ਲਈ
ਸ਼ਬਦਾਂ ਨੂੰ ਛਾਂਗਣਾ ਸਿੱਖ ਲਿਆ ਹੈ
ਜਿਵੇਂ ਬੰਨਾ ਕਢਾਉਣ ਲਈ ਕੋਈ ਪਟਵਾਰੀ ਨੂੰ ਮਿਲਦੈ।
ਤੂੰ ਉਨ੍ਹਾਂ ਨੂੰ ਇਸ ਤਰ੍ਹਾਂ ਕਦੀ ਨਹੀਂ ਤੱਕਿਆ
ਜਿਵੇਂ ਆਂਡਿਆਂ ਵਿੱਚ ਮਚਲ ਰਹੇ ਚੂਚੇ ਹੋਣ,
ਜਿਵੇਂ ਮੀਂਹਾਂ 'ਚ ਚੋਂਦੀ ਸਾਂਵਲੀ ਦੁਪਹਿਰ ਅੰਦਰ
ਧੁੱਪ ਘੁਲੀ ਹੋਵੇ ।
ਮੈਂ ਸ਼ਬਦਾਂ ਨੂੰ ਝੱਲਿਆ ਹੈ, ਉਨ੍ਹਾਂ ਦੀਆਂ ਤਿੱਖੀਆਂ ਨੋਕਾਂ ਸਣੇ
ਕਿਸੇ ਵੀ ਮੌਸਮ ਦੀ ਕਰੋਪੀ ਤੋਂ ਭੱਜਦਿਆਂ ਨੂੰ
ਮੈਂ ਆਪਣੇ ਲਹੂ ਦੇ ਵਿੱਚ ਸ਼ਰਨ ਦਿੱਤੀ ਹੈ।
ਗੁਰੂ ਗੋਬਿੰਦ ਸਿੰਘ ਨਹੀਂ –
ਇਨ੍ਹਾਂ ਨੂੰ ਕਵਿਤਾ ਦੀ ਸੰਜੋਅ ਪਹਿਨਾ ਕੇ ਤੋਰਨ ਬਾਦ
ਬੜਾ ਬੜਾ ਚਿਰ ਰੋਇਆ ਹਾਂ।
ਸ਼ਬਦ ਜਦ ਕੁੱਟੇ ਹੋਏ ਤੇਰੀ ਤਕਰੀਰ ਦੇ
ਮਤਿਆਂ ਦੀ ਧੁੱਪ 'ਚ ਸੜਦੇ ਹਨ,
ਮੇਰੀ ਕਵਿਤਾ ਦੀ ਛਾਂ
ਉਨ੍ਹਾਂ ਦੀ ਮੌਤ ਸੰਗ ਲੜਦੀ ਹੋਈ
ਆਪਣੇ ਜੁੱਸੇ ਦੀ ਨਜ਼ਾਕਤ ਖੋਹ ਬਹਿੰਦੀ ਹੈ।
ਮੈਂ ਜਿਸ ਨਾਲ ਰਾਖਸ਼ੀ ਧਾੜਾਂ ਦੇ ਘੇਰੇ ਤੋੜ ਸਕਦਾ ਸਾਂ
ਤੂੰ ਉਸ ਦੀਆਂ ਕਾਨੀਆਂ ਭੰਨ ਕੇ
ਕਾਇਰ ਆਲੋਚਕਾਂ ਲਈ ਮੌਜ ਦੀ ਦਾਅਵਤ ਬਣਾ ਛੱਡਦਾ ਏਂ ਕਾਮਰੇਡ।
ਬਣੇ ਤਾਂ ਬਣੇ ਖੁਫੀਆ ਪੁਲਸ ਦੇ ਵਿਦਵਾਨਾਂ ਲਈ
ਕਾਮਰੇਡ ਤੇਰੇ ਲਈ ਕਿਉਂ ਬਣਦੀ ਹੈ
ਸ਼ੇਖੀ - ਕਵੀ ਦੀ ਹਾਰ
ਕਾਮਰੇਡ, ਤੂੰ ਹਾਰ ਗਿਆਂ ਨੂੰ ਨਫ਼ਰਤ ਕਰਨੀ ਸਿੱਖੀ ਹੈ
ਉਨ੍ਹਾਂ ਨੂੰ ਤੂੰ ਜਾਣਦਾ ਵੀ ਨਹੀਂ
ਜੋ ਕੇਵਲ ਜਿੱਤ ਨਹੀਂ ਸਕੇ
***
ਪੰਜ
ਅਖ਼ਬਾਰ ਤੈਨੂੰ ਕਦੀ ਕਦੀ ਮਿਲਦੀ ਹੈ, ਕਾਮਰੇਡ ?
ਤੂੰ ਇਨ੍ਹਾਂ ਟੁੱਕੜ ਬੋਚ ਖ਼ਬਰਾਂ ਦਾ ਉੱਕਾ ਸੱਚ ਨਾ ਮੰਨੀ
ਪਰੂੰ ਜੋ ਡੁੱਬ ਕੇ ਮਰੀ ਸੀ ਪਿੰਡ ਦੇ ਛੱਪੜ 'ਚ
ਉਹ ਮਾਂ ਨਹੀਂ ਸੀ
ਐਵੇਂ ਨੀਲੀ ਛੱਤ 'ਚੋਂ ਇੱਟ ਉੱਖੜ ਕੇ ਜਾ ਪਈ ਸੀ
ਮਾਂ ਤਾਂ ਪਹਿਲੇ ਛਾਪੇ 'ਤੇ ਹੀ
ਗੋਰਕੀ ਦੇ ਨਾਵਲ ਵਿੱਚ ਤੁਰਨ ਦੀ ਕੋਸ਼ਿਸ਼ ਕਰਦੀ ਹੋਈ
ਪੁਲਸ ਦੀ ਪਹੁੰਚ ਤੋਂ ਭੱਜ ਨਿੱਕਲੀ ਸੀ।
ਉਹ ਹੁਣ ਵੀ ਕਦੇ ਤਾਂ ਨਾਵਲ ਦੇ ਕਿਨਾਰਿਆਂ ਨੂੰ
ਘੂਰਦੀ ਹੈ
ਤੇ ਕਦੀ ਆਪਣੀ ਅਸੀਸ ਵਾਂਗ ਹੀ ਖੁਰਨ ਲੱਗਦੀ ਹੈ।
ਤੇ ਪਿੱਛੇ ਜਿਸ ਸ਼ਾਇਰ ਦੇ
ਸੁਰੱਖਿਅਤ ਪਾਰਟੀ ਵਿੱਚ ਰਲਣ ਦੀ ਖਬਰ ਸੀ
ਉਹ ਮੈਂ ਨਹੀਂ ਸਾਂ ਬਾਹਰਲੀ ਕੰਧ ਲਾਗਲੀ ਡੇਕ ਸੀ
ਜਿਸ ਤੋਂ ਬੁਰੀਆਂ ਰੂਹਾਂ ਪੁਲਸੀਆਂ ਦੀ ਵਰਦੀ ਪਾ ਕੇ
ਉੱਤਰਨਾ ਤੇ ਚੜ੍ਹਨਾ ਸਿੱਖ ਗਈਆਂ ਸਨ।
ਮੈਂ ਤਾਂ ਉਸ ਖਬਰ ਦੇ ਛਪਣ ਤੋਂ ਬੜਾ ਹੀ ਪਹਿਲਾਂ
ਜਦ ਸ਼ਬਦਾਂ 'ਚ ਰਾਤ ਉੱਤਰ ਰਹੀ ਸੀ
ਤੇ ਨ੍ਹੇਰੇ ਦੇ ਸੱਪ ਨਾਵਾਂ ਨੂੰ ਕੁੰਡਲ ਮਾਰ ਰਹੇ ਸਨ।
ਮੈਂ ਸ਼ਬਦ 'ਪਾਰਟੀ' ਦੀ ਬਚੀ ਖੁਚੀ ਸੰਵੇਦਨਾ ਚੁਰਾ ਕੇ
ਤਿਲਕ ਗਿਆ ਸਾਂ ਚੋਰੀ ਜਹੇ
ਮਨੁੱਖ ਦੀ ਕਾਵਾਂ ਰੌਲੀ ਵਿੱਚ।
ਜਦੋਂ ਮੇਰੇ ਹੀ ਕਦਮ ਸੁਣ ਰਹੇ ਸਨ ਮੈਨੂੰ
ਪ੍ਰੇਮ ਕਵਿਤਾਵਾਂ ਵਾਂਗ
ਮੈਂ ਓਸ ਡੁੱਬ ਰਹੀ ਸੰਵੇਦਨਾ ਨੂੰ ਚੌਕਸੀ ਨਾਲ
ਕਾਵਾਂ ਦੇ ਆਂਡਿਆਂ ਵਿੱਚ ਰੱਖ ਆਇਆ ਸਾਂ
ਉਂਜ ਮੈਂ ਸਾਧੂ ਸਿੰਘ ਤੇ ਜ਼ੀਰਵੀ ਕੋਲ
ਕਈ ਵਾਰ ਖ਼ਬਰਾਂ ਦਾ ਗਿਲਾ ਕੀਤੈ।
ਉਨ੍ਹਾਂ ਦਾ ਕਹਿਣਾ ਹੈ ਕਿ ਖ਼ਬਰਾਂ ਦਾ ਅਧਰੰਗ
ਉਨ੍ਹਾਂ ਨੂੰ ਆਪਣੇ ਪੈਰੀਂ ਤੁਰਨ ਨਹੀਂ ਦਿੰਦਾ
ਤੇਰੇ ਤੱਕ ਪਹੁੰਚਣ ਲਈ
ਉਹ ਸਾਡੀ ਮੌਤ ਦੀ ਬਸਾਖੀ ਮੰਗਦੀਆਂ ਹਨ।
ਇਨ੍ਹਾਂ ਦਾ ਸੱਚ ਮੰਨਦੇ ਤਾਂ
ਅਸੀਂ ਤੈਨੂੰ ਕਈ ਵਾਰੀ ਰੋ ਹਟੇ ਹੁੰਦੇ,
ਮੈਂ ਹਰ ਵਾਰੀ ਝਪਟ ਦੀ ਖਬਰ ਪੜ੍ਹਕੇ
ਮਾਂ ਨੂੰ ਕਹਿੰਦਾ ਹਾਂ :
ਉਹ ਤੂੰ ਨਹੀਂ, ਕੋਈ ਹੋਰ ਤੇਰੇ ਨਾਂ ਦਾ ਯੋਧਾ ਸੀ
ਮਾਂ ਨੂੰ ਵਿਆਕਰਣ ਦੀ ਬਰੀਕੀ ਦਾ ਪਤਾ ਨਹੀਂ ਨਾ
ਬੁਢਾਪੇ ਦੀ ਸਰਦ ਮਾਸੂਮੀਅਤ ਵਿੱਚ ਠਰਦੀ ਹੋਈ
ਉਹ ਖਾਸ ਨਾਮ ਨੂੰ ਆਮ, ਆਮ ਨੂੰ 'ਕੱਠ-ਵਾਚਕ
ਸਮਝ ਲੈਂਦੀ ਹੈ।
ਉਹਦੇ ਭਾਣੇ ਜਦੋਂ ਵੀ ਨਾਂ ਤੇ ਗੋਲੀ ਚੱਲਦੀ ਹੈ
ਕੋਈ ਜਾਤੀ ਜਾਂ ਕਿਸੇ ਭਾਵ ਦਾ ਕਤਲ ਹੁੰਦੈ।
ਕਾਮਰੇਡ, ਮਾਂ ਉਸੇ ਤਰ੍ਹਾਂ ਝੱਲੀ ਜਹੀ ਹੈ
ਆਪਾਂ ਦੋਵੇਂ ਤੇ ਖ਼ਬਰਾਂ ਓਸ ਨੂੰ ਬਦਲ ਨਹੀਂ ਸਕੇ
ਤੂੰ ਹੁਣ ਵੀ ਜਦ ਘਰ ਆਵੇਂ
ਉਹ ਤੈਨੂੰ ਪਛੜ ਕੇ ਆਉਣ ਲਈ
ਘਰ ਦੀ ਕਿਸੇ ਵੀ ਸ਼ੈਅ ਨਾਲ
ਜਾਂ ਪੂਰੇ ਘਰ ਨਾਲ ਕੁੱਟੇਗੀ ਤੇ ਮਗਰੋਂ
ਤੇਰੇ ਮੂੰਹ ਵਿੱਚ ਸੁੱਕਾ ਹੋਇਆ ਦੁੱਧ ਤੁੰਨ ਦੇਵੇਗੀ
***
ਛੇ
ਘਰ ਅਤੇ ਖ਼ਬਰਾਂ ਦੇ ਬਾਵਜੂਦ
ਮੈਂ ਹਾਜ਼ਰ ਹਾਂ ਕਾਮਰੇਡ
ਜਿਵੇਂ ਕੋਈ ਆਲਾ ਝਾਕਦਾ ਹੈ, ਢੱਠੇ ਖੂਹ ਦੇ ਮਲਬੇ 'ਚੋਂ
ਸੜੇ ਹੋਏ ਪ੍ਰੇਮ ਪੱਤਰ ਵਿੱਚ ਜਿਵੇਂ ਕੋਈ ਹਰਫ਼ ਬਚ ਜਾਂਦੈ
ਜਿਵੇਂ ਪਰਦੇਸ ਖੱਟਣ ਗਏ ਦੀ
ਬੰਦ ਬਕਸੇ ਦੇ ਵਿੱਚ ਮੁੜਦੀ ਹੈ ਲਾਸ਼
ਜਿਵੇਂ ਚਿਰ ਦੇ ਗਵਾਚੇ ਪੁੱਤ ਦੀ ਸੰਦੂਕ 'ਚੋਂ ਤੜਾਗੀ ਲੱਭੇ
ਗਰਭ ਦੇ ਗਿਰਨ 'ਤੇ ਜਿਉਂ
ਕਿਸੇ ਦੇ ਮਨ 'ਚ ਕੰਵਾਰ ਪਰਤ ਆਵੇ
ਜਾਂ ਗੀਤ ਨਾ ਮੂੰਹ 'ਤੇ ਆਏ-ਗੀਤ ਦਾ ਜਿਉਂ
ਭਾਵ ਤਰ ਆਵੇ।
ਮੈਂ ਕੁਝ ਏਸੇ ਤਰ੍ਹਾਂ ਬਚ ਆਇਆ
ਮਾਇਆਧਾਰੀਆਂ ਦੀ ਪੁਲਸ ਤੋਂ
ਆਪਣੇ ਮੱਧ ਵਰਗੀ ਮੀਸਣੇ ਦੰਭ ਨਾਲ
ਕਿੱਥੇ ਹੈ ਲਾਲ ਪਿਸਤੌਲ ਤੇਰਾ ਕਾਮਰੇਡ
ਇਹਨੂੰ ਮੇਰੀ ਬੁਰਜੂਆ ਉਦਾਸੀ 'ਤੇ ਅਜ਼ਮਾ
ਕਵੀ ਹਾਂ ਨਾ ?
ਮੇਰੇ ਸੀਨੇ 'ਚ ਹਰ ਇੱਕ ਦਿਸ਼ਾ ਪੱਛਮ ਹੈ
ਜਿਦ੍ਹੇ ਵਿੱਚ ਡੁੱਬ ਜਾਂਦੇ ਨੇ ਬੜਬੋਲੇ ਸੂਰਜ
ਇਉਂ ਹੀ ਕਦੀ ਕਦੀ ਜਦ ਬਹੁਤਾ ਬੋਲੇ
ਪਤਾ ਨਹੀਂ ਲਗਦਾ ਕਦੋਂ ਬੇਵਕਤ ਛਿਪ ਜਾਂਦੈ
ਜਮਾਤੀ ਨਫਰਤ ਦਾ ਸੂਰਜ
ਤੇ ਮੇਰਾ ਵਕਤ ਦੀ ਬੁੱਢੀ ਹੋਈ ਮੁਸਕਾਣ ਨੂੰ
ਭੀਚਣ 'ਤੇ ਚਿੱਤ ਕਰਦੈ
ਚਾਹੁਣ ਲਗਦਾ ਹਾਂ ਪਲ ਦੀ ਪਲ
ਅਚਾਨਕ ਆਏ ਕਿਤੋਂ ਉਹ ਨਿਊਟਨ ਦਾ ਦਰਵੇਸ਼ ਡਾਇਮੰਡ
ਫਿਰ ਸੁੱਟੇ ਇੱਕ ਵਾਰ ਬਲਦੀ ਮੋਮਬੱਤੀ
ਮੇਰੇ ਜ਼ਿਹਨ ਦੀ ਖੁੱਲ੍ਹੀ ਦਰਾਜ਼ ਵਿੱਚ
ਏਸ ਤੋਂ ਪਹਿਲਾਂ ਕਿ ਮੇਰੇ ਜ਼ਿਹਨ ਵਿੱਚ ਮੌਜੂਦ
ਕੁੱਲ ਅਧੂਰੀਆਂ ਇਤਲਾਹਾਂ
ਕਿਸੇ ਸਿਧਾਂਤ 'ਚ ਵਟਣ, ਉਨ੍ਹਾਂ ਨੂੰ ਸਾੜ ਦਏ।
ਉਨ੍ਹਾਂ ਦੇ ਨਾ ਸੜਨ ਵਿੱਚ ਬਹੁਤ ਖਤਰਾ ਹੈ।
ਕਵੀ ਹਾਂ ਨਾਂ ?
ਬਿਨਾਂ ਕਾਰਨ ਤੋਂ ਘਿਰ ਆਉਂਦਾ ਹੈ ਦਿਲ
ਉਂਝ ਭਲਾ ਕੀ ਹੈ
ਗੂੰਗੇ ਪੱਥਰਾਂ ਵਿੱਚ ਜਜ਼ਬ ਹੋ ਰਹੀ ਸ਼ਾਮ
ਗਧੇ ਦੇ ਸਾਜ਼ ਵਿੱਚ ਹਿੱਲਦੀਆਂ ਇੱਟਾਂ ਦਾ ਰਗੜ ਸੰਗੀਤ –
ਕਿਰਨ ਤੋਂ ਖੁੰਝ ਗਏ ਪਤਝੜੀ ਪੱਤਿਆਂ 'ਤੇ
ਟਿਕੀ ਹੋਈ ਭੂਸਲੀ ਧੁੱਪ
ਜਾਂ ਭਲਾ ਕੀ ਹੈ ?
ਕੁੱਛੜ ਧਰਤੀ ਦੇ ਇਹ ਗੋਭਲਾ ਸੰਸਾਰ
ਚਿੱਤ ਭਲਵਾਨ ਦੀਆਂ ਅੱਖਾਂ 'ਚ ਘੁੰਮਦੇ ਪਿੜ ਵਰਗਾ
ਜੋ ਖਾਹਮੁਖਾਹ ਸਿੰਮ ਆਉਂਦੈ
ਮੇਰੀਆਂ ਮਾਰੂਥਲੀ ਨਿਗਾਹਾਂ ਵਿੱਚ
ਸੋਚੀਏ ਤਾਂ ਕੀ ਹੈ ਕਾਮਰੇਡ!
ਉਂਝ ਭਲਾ ਕੀ ਹੈ ਕਾਮਰੇਡ!
***
ਭਾਗ - 4
ਗੀਤ, ਗ਼ਜ਼ਲਾਂ ਤੇ ਹੋਰ ਛੰਦਬੱਧ ਰਚਨਾਵਾਂ
ਨਾ ਕਤਲ ਹੋਏ, ਨਾ ਹੋਵਣਗੇ ਇਸ਼ਕ ਦੇ ਗੀਤ ਇਹ,
ਮੌਤ ਦੀ ਸਰਦਲ 'ਤੇ ਬਹਿ, ਗਾਉਂਦੇ ਰਹੇ ਨੇ ਲੋਕ
ਗੀਤ
(1)
ਅੰਬਰਾਂ 'ਤੇ ਚੰਨ ਨਾ ਘਟਾ
ਵਿਹੜੇ ਵਿੱਚ ਫੁੱਲ ਨਾ ਹਵਾ
ਦਿਲ ਮੇਰਾ ਕਿੱਧਰ ਗਿਆ
ਦਿਲ ਮੇਰਾ ਕਿੱਧਰ ਗਿਆ
ਪਲਾਂ ਦਾ ਪਰੌੜ੍ਹ ਹੁੰਦਾ ਕਾਫ਼ਲਾ ਨਾ ਗੌਲਿਆ
ਦਰਦਾਂ ਦਾ ਚੌੜ ਹੁੰਦਾ ਫ਼ਾਸਲਾ ਨਾ ਗੌਲਿਆ
ਮੌਸਮਾਂ ਦਾ ਖਾ ਲਿਆ ਦਗ਼ਾ
ਮੌਸਮਾਂ ਦਾ ਖਾ ਲਿਆ ਦਗ਼ਾ
ਯਾਰ ਮੇਰੇ ਸੂਰਜਾਂ ਦੀ ਜੜ੍ਹੀਂ ਜਾ ਕੇ ਬਹਿ ਗਏ
ਰੁੱਤ ਦੇ ਦੁਖਾਂਤ ਨੂੰ ਉਹ ਹੋਰ ਅੱਗੇ ਲੈ ਗਏ
ਪੈਰਾਂ 'ਚ ਨਿਵਾ ਲਿਆ ਖ਼ੁਦਾ
ਪੈਰਾਂ 'ਚ ਨਿਵਾ ਲਿਆ ਖ਼ੁਦਾ
ਬੜਾ ਚਿਰ ਟੁਕੜੇ ਤਮੰਨਾ ਦੇ ਉਠਾਏ ਨਾ
ਬੜਾ ਚਿਰ ਬਾਰੀਆਂ 'ਚ ਗਮਲੇ ਸਜਾਏ ਨਾ
ਹਾਸੇ ਨੂੰ ਕਰਾ ਲਿਆ ਜ਼ਿਬ੍ਹਾ
ਹਾਸੇ ਨੂੰ ਕਰਾ ਲਿਆ ਜ਼ਿਬ੍ਹਾ
ਅੱਜ ਨਾ ਭਗੌੜਾ ਹੋਣ ਦੇਣਾ ਦਿਲ ਚੰਦਰੇ ਨੂੰ
ਤੋੜ ਦੇਣਾ ਚਾਬੀਆਂ-ਗੁਆਚੇ ਹੋਏ ਜੰਦਰੇ ਨੂੰ
ਸੁਣੀਂ ਅਸੀਂ ਚੁੱਪ ਦੀ ਸਦਾ
ਸੁਣੀਂ ਅਸੀਂ ਚੁੱਪ ਦੀ ਸਦਾ
ਅੰਬਰਾਂ 'ਤੇ ਚੰਨ ਨਾ ਘਟਾ
ਸੁਣੀਂ ਅਸਾਂ ਚੁੱਪ ਦੀ ਸਦਾ
ਪੈਰਾਂ 'ਚ ਨਿਵਾ ਲਿਆ ਖ਼ੁਦਾ
ਹਾਸੇ ਨੂੰ ਕਰਾ ਲਿਆ ਜ਼ਿਬ੍ਹਾ
ਦਿਲ ਮੇਰਾ ਕਿੱਧਰ ਗਿਆ
***
('ਉੱਡਦੇ ਬਾਜ਼ਾਂ ਮਗਰ’, ਸਫ਼ਾ 53-54)
(2)
ਕੌਣ ਦਏ ਧਰਵਾਸ
ਖਲੋ ਕੇ ਪਾਸ
ਹੈ ਭੁਰੇ ਪਤਾਸੇ ਵਰਗਾ
ਜੀਵਨ ਦਾ ਇਤਿਹਾਸ-
ਮਿੱਟੀ ਦੇ ਵਿੱਚ ਮਿੱਟੀ ਹੋਇਆ
ਮਿੱਟੀ ਵਰਗੀਆਂ ਖੇਡਾਂ
ਮੈਥੋਂ ਵੱਟਿਆ ਵੱਟਿਆ ਮੇਰਾ
ਬਚਪਨ ਲੰਘ ਗਿਆ ਏਦਾਂ
ਜਿਉਂ ਰੁੱਸੀ ਹੋਵੇ ਮਹਿਬੂਬ
ਨਾ ਕਰੇ ਖਰੂਦ
ਤੇ ਮਨ ਦਾ ਵਿਹੜਾ ਰਹੇ ਉਦਾਸ
ਕੌਣ ਦਏ ਧਰਵਾਸ
ਉਮਰ ਦੇ ਰੁੱਖ ਤੋਂ ਹੋ ਗਿਆ ਲੰਮਾ
ਫ਼ਿਕਰਾਂ ਦਾ ਪਰਛਾਵਾਂ
ਰੇਸ਼ਮ ਵਾਂਗ ਹੰਢਾ ਲਿਆ ਮੈਨੂੰ
ਲੋਹੇ ਦੀਆਂ ਘਟਨਾਵਾਂ
***
('ਉੱਡਦੇ ਬਾਜ਼ਾਂ ਮਗਰ', ਸਫ਼ਾ 55)
(3)
ਪੈਰਾਂ ਦੀਏ ਮਿੱਟੀਏ ਪਹਾੜ ਬਣ ਜਾਈਂ
ਕੱਖਾਂ ਦੀਏ ਕੁੱਲੀਏ ਮੀਨਾਰ ਬਣ ਜਾਈਂ
ਆਪਣੀ ਕਮਾਈ ਸਾਂਭ ਰੱਖ ਨੀ
ਕਿਰਤੀ ਦੀਏ ਕੁੱਲੀਏ...
ਲੱਖ ਲੱਖ ਦਾ ਏ ਤੇਰਾ ਕੱਖ ਨੀ
ਕਿਰਤੀ ਦੀਏ ਕੁੱਲੀਏ...
ਜੁੱਗਾਂ ਦੀ ਉਸਾਰੀ ਤੇਰੇ ਕੱਖਾਂ ਵਿੱਚ ਖੇਲ੍ਹਦੀ
ਸਦੀਆਂ ਤੋਂ ਆਈ ਏਂ ਗੁਲਾਮੀਆਂ ਤੂੰ ਝੇਲਦੀ
ਹੋ ਜਾ ਹੁਸ਼ਿਆਰ, ਬਾਹਰ ਆਈ ਏ ਬਹਾਰ
ਹੁਣ ਮੇਲ ਅੰਬਰਾਂ ਦੇ ਨਾਲ ਅੱਖ ਨੀ
ਕਿਰਤੀ ਦੀਏ ਕੁੱਲੀਏ...
ਉੱਠ ਤੇਰੇ ਵਾਰਸਾਂ ਦਾ ਆ ਗਿਆ ਜ਼ਮਾਨਾ ਨੀ
ਪੌਣਾਂ ਵਿੱਚ ਗੂੰਜਿਆ ਅਜ਼ਾਦੀ ਦਾ ਤਰਾਨਾ ਨੀ
ਲੋਕਾਂ ਚੁੱਕੇ ਹਥਿਆਰ, ਅੱਜ ਬੰਨ੍ਹ ਕੇ ਕਤਾਰ
ਲੈਣੀ ਵੈਰੀਆਂ ਦੀ ਧਾੜ ਉਨ੍ਹਾਂ ਡੱਕ ਨੀ
ਕਿਰਤੀ ਦੀਏ ਕੁੱਲੀਏ...
ਕਈ ਤੇਰੇ ਵਾਰਸਾਂ ਨੇ ਦਿੱਤੀ ਜਿੰਦ ਵਾਰ ਨੀ
ਜਿਹੜੇ ਰਾਹੇ ਗਿਆ ਸੀ ਸਰਾਭਾ ਕਰਤਾਰ ਨੀ
ਓਹੀਓ ਫੜ ਲਿਆ ਰਾਹ, ਸਾਰੀ ਦੁਨੀਆ ਗਵਾਹ
ਕੋਈ ਹਾਕਮਾਂ ਤੋਂ ਪੁੱਛ ਲਏ ਬੇਸ਼ੱਕ ਨੀ
ਕਿਰਤੀ ਦੀਏ ਕੁੱਲੀਏ...
ਕੱਲ੍ਹ ਬਾਬਾ ਬੁੱਢਾ ਇੱਕ ਮਾਰਿਆ ਪੁਲੀਸ ਨੇ
ਹਿੱਕ ਵਿੱਚ ਗੋਲੀ ਖਾਧੀ ਬਾਬੂ ਤੇ ਦਲੀਪ ਨੇ
ਪੂਰੀ ਕੀਤੀ ਏ ਰਸਮ, ਦਇਆ ਸਿੰਘ ਦੀ ਕਸਮ
ਗੱਲ ਰਹੀ ਨਾ ਹਕੂਮਤਾਂ ਦੇ ਵੱਸ ਨੀ
ਕਿਰਤੀ ਦੀਏ ਕੁੱਲੀਏ...
ਜੁੱਗਾਂ ਤੱਕ ਰਹਿਣੇ ਏਹੋ ਸਾਕੇ ਮਸ਼ਹੂਰ ਨੀ
ਲਿਖੇ ਇਤਿਹਾਸ ਜਿਹੜੇ ਪਿੰਡ ਦਦਾਹੂਰ ਨੀ
ਬਾਜ਼ਾਂ ਵਾਲੇ ਦੀ ਕਟਾਰ, ਅੱਜ ਰਹੀ ਲਲਕਾਰ
ਉਹਨੇ ਵੱਢ ਵੱਢ ਦੇਣੇ ਵੈਰੀ ਰੱਖ ਨੀ
ਕਿਰਤੀ ਦੀਏ ਕੁੱਲੀਏ...
ਝੁੱਗੀਏ ਨੀ ਹੁਣ ਪਾਸਬਾਨ ਤੇਰੇ ਜਾਗ ਪਏ
ਜਾਗੇ ਤੇਰੇ ਖੇਤ ਤੇ ਕਿਸਾਨ ਤੇਰੇ ਜਾਗ ਪਏ
ਖੋਲ੍ਹੀ ਅੱਖ ਮਜ਼ਦੂਰ, ਹਾਲੀ ਜਾਣਾ ਬੜੀ ਦੂਰ
ਉਹਨੇ ਖੋਹਣਾ ਅਜੇ ਜਾਬਰਾਂ ਤੋਂ ਹੱਕ ਨੀ
ਕਿਰਤੀ ਦੀਏ ਕੁੱਲੀਏ...
ਪੈਰਾਂ ਦੀਏ ਮਿੱਟੀਏ ਪਹਾੜ ਬਣ ਜਾਈਂ
ਕੱਖਾਂ ਦੀਏ ਕੁੱਲੀਏ ਮੀਨਾਰ ਬਣ ਜਾਈਂ
ਆਪਣੀ ਕਮਾਈ ਸਾਂਭ ਰੱਖ ਨੀ
ਕਿਰਤੀ ਦੀਏ ਕੁੱਲੀਏ...
ਲੱਖ ਲੱਖ ਦਾ ਏ ਤੇਰਾ ਕੱਖ ਨੀ
ਕਿਰਤੀ ਦੀਏ ਕੁੱਲੀਏ...
***
('ਉੱਡਦੇ ਬਾਜ਼ਾਂ ਮਗਰ', ਸਫ਼ਾ 56-57)
(4)
ਸੋਨੇ ਦੀ ਸਵੇਰ ਜਦੋਂ ਆਊ ਹਾਣੀਆਂ
ਨੱਚੇਗਾ ਅੰਬਰ ਭੂਮੀ ਗਾਊ ਹਾਣੀਆਂ
ਮਿਹਨਤਾਂ ਦਾ ਮੁੱਲ ਆਪੇ ਪਾਉਣਾ ਲੋਕਾਂ ਨੇ
ਧਰਤੀ 'ਤੇ ਸੁਰਗ ਬਣਾਉਣਾ ਲੋਕਾਂ ਨੇ
ਇੱਕੋ ਜਿੰਨੀ ਖੁਸ਼ੀ ਸਾਰਿਆਂ ਦੇ ਜੀਣ ਨੂੰ
ਬਚੇਗਾ ਨਾ ਲੋਟੂ ਕੋਈ ਲਹੂ ਪੀਣ ਨੂੰ
ਸੂਹਾ ਝੰਡਾ ਉੱਚਾ ਲਹਿਰਾਊ ਹਾਣੀਆਂ
ਭੁੱਖਾ ਨੰਗਾ ਸੌਊਂ ਨਾ ਕੋਈ ਫੁੱਟਪਾਥ 'ਤੇ
ਜੀਣ ਦਾ ਸਮਾਨ ਹੋਊ ਸਭ ਵਾਸਤੇ
ਰੋਲੂ ਨਾ ਕੋਈ ਪੈਰੀਂ ਸੱਧਰਾਂ ਕੁਆਰੀਆਂ
ਦਿਲ 'ਤੇ ਗ਼ਰੀਬ ਦੇ ਨਾ ਫੇਰੂ ਆਰੀਆਂ
ਡਰੂ ਨਾ ਕੋਈ ਕਿਸੇ ਨੂੰ ਡਰਾਊ ਹਾਣੀਆਂ
ਭੁੱਖਾ ਕਿਸੇ ਮਾਂ ਦਾ ਨਾ ਜਵਾਕ ਰੋਊਗਾ
ਸਾਰਿਆਂ ਦੇ ਨਾਲ ਇਨਸਾਫ਼ ਹੋਊਗਾ
ਜੁੱਗਾਂ ਦੇ ਲਤਾੜੇ ਜ਼ਿੰਦਗੀ 'ਚ ਆਉਣਗੇ
ਜਨਤਾ ਦੇ ਦੋਖੀ ਪੂਰੀ ਸਜ਼ਾ ਪਾਉਣਗੇ
ਤਕੜਾ ਨਾ ਮਾੜੇ ਨੂੰ ਸਤਾਊ ਹਾਣੀਆਂ
ਵੈਰ ਭਾਵ ਅਤੇ ਸਾੜੇ ਮੁੱਕ ਜਾਣਗੇ
ਮਜ਼੍ਹਬਾਂ ਦੇ ਵੱਟਾਂ ਬੰਨੇ ਟੁੱਟ ਜਾਣਗੇ
ਦੁਨੀਆਂ 'ਤੇ ਇੱਕੋ ਹੀ ਜਮਾਤ ਹੋਏਗੀ
ਰੋਜ਼ ਹੀ ਦਿਵਾਲੀ ਵਾਲੀ ਰਾਤ ਹੋਏਗੀ
ਰੱਜ ਰੱਜ ਖਾਣਗੇ ਕਮਾਊ ਹਾਣੀਆਂ
ਸੋਨੇ ਦੀ ਸਵੇਰ ਜਦੋਂ ਆਊ ਹਾਣੀਆਂ
ਨੱਚੇਗਾ ਅੰਬਰ ਭੂਮੀ ਗਾਊ ਹਾਣੀਆਂ
***
('ਉੱਡਦੇ ਬਾਜ਼ਾਂ ਮਗਰ’, ਸਫ਼ਾ 58-59)
ਗਜ਼ਲ
(1)
ਮੈਂ ਤਾਂ ਆਪੇ ਹੀ ਲੰਘ ਆਉਣਾ ਹੈ ਪੱਤਣ ਝਨਾਂ ਦਾ ਯਾਰ
ਤੇਰੇ ਮਾਸ ਦੇ ਲਾਲਚ ਦੀ ਖ਼ੁਦਗਰਜ਼ੀ ਨਹੀਂ।
ਕੱਚੇ ਪੱਕੇ 'ਤੇ ਹੀ ਕਰ ਲੈਣਾ ਹੈ ਹਰ ਹਾਲ 'ਚ ਇਤਬਾਰ
ਜਾਨ ਦਾ ਖੌ ਨਹੀਂ ਪਰਖਣ ਦੀ ਸਿਰਦਰਦੀ ਨਹੀਂ।
ਜਾਹ ਸੌਂ ਆਪਣੀ ਝੁੱਗੀ ਵਿੱਚ, ਨਾ ਪੱਤਣ 'ਤੇ ਹੋ ਖੁਆਰ
ਤੇਰੀ ਘੁਮਿਆਰੀ ਤਾਂ ਸਾਹਿਬਾਂ ਦੇ ਵਰਗੀ ਨਹੀਂ।
ਸਦਾ ਖਹਿ ਕੇ ਤੂਫਾਨਾਂ ਸੰਗ ਹੀ ਚੜ੍ਹਦਾ ਹੈ ਸਿਰੇ ਪਿਆਰ
ਲਹਿਰਾਂ ਤੋਂ ਦੁਬਕ ਜਾਣਾ ਮੇਰੀ ਮਰਜ਼ੀ ਨਹੀਂ।
ਮੈਂ ਤਾਂ ਹਰ ਰਾਤ ਲਹਿਰਾਂ ਨਾਲ ਕਰਦੀ ਆਈ ਹਾਂ ਖਿਲ੍ਹਾਰ
ਮੇਰੇ ਮਰਨੇ ਤੇ ਸਿਦਕ ਦੀ ਗੱਲ ਮਰਦੀ ਨਹੀਂ।
ਮੇਰੇ ਮਹੀਂਵਾਲ ਤੇਰੀ ਜਦ ਜਦ ਵੀ ਟੁਣਕੇਗੀ ਸਿਤਾਰ
ਤੇਰੀ ਬੰਦੀ ਹਾਂ ਢਿੱਲ ਠਿੱਲ ਪੈਣ ਤੋਂ ਕਰਦੀ ਨਹੀਂ।
***
(ਮੂਲ ਹੱਥਲਿਖਤ)
ਨੋਟ: ਮੂਲ ਹੱਥਲਿਖਤ ਵਿੱਚ ਇੱਕ ਪਾਸੇ ਸਿਰਲੇਖ 'ਸੋਹਣੀ' ਲਿਖ ਕੇ ਕੱਟਿਆ ਹੋਇਆ ਹੈ ਅਤੇ ਦੂਜੇ ਪਾਸੇ 'ਹਜ਼ਾਰਾਂ ਸਾਲਾਂ ਦੀ ਗੱਲ' ਲਿਖਿਆ ਹੋਇਆ ਹੈ।
(2)
ਦਹਿਕਦੇ ਅੰਗਿਆਰਾਂ 'ਤੇ ਸਉਂਦੇ ਰਹੇ ਨੇ ਲੋਕ
ਇਸ ਤਰ੍ਹਾਂ ਵੀ ਰਾਤ, ਰੁਸ਼ਨਾਉਂਦੇ ਰਹੇ ਨੇ ਲੋਕ
ਨਾ ਕਤਲ ਹੋਏ, ਨਾ ਹੋਵਣਗੇ ਇਸ਼ਕ ਦੇ ਗੀਤ ਇਹ,
ਮੌਤ ਦੀ ਸਰਦਲ 'ਤੇ ਬਹਿ, ਗਾਉਂਦੇ ਰਹੇ ਨੇ ਲੋਕ
ਨ੍ਹੇਰੀਆਂ ਨੂੰ ਜੇ ਭੁਲੇਖਾ ਹੈ, ਹਨੇਰਾ ਪਾਉਣ ਦਾ,
ਨ੍ਹੇਰੀਆਂ ਨੂੰ ਰੋਕ ਵੀ, ਪਾਉਂਦੇ ਰਹੇ ਨੇ ਲੋਕ
ਜ਼ਿੰਦਗੀ ਦਾ ਜਦ ਕਦੇ, ਅਪਮਾਨ ਕੀਤਾ ਹੈ ਕਿਸੇ,
ਮੌਤ ਬਣ ਕੇ ਮੌਤ ਦੀ, ਆਉਂਦੇ ਰਹੇ ਨੇ ਲੋਕ
ਤੋੜ ਕੇ ਮਜਬੂਰੀਆਂ ਦੇ, ਸੰਗਲਾਂ ਨੂੰ ਆਦ ਤੋਂ,
ਜੁਲਮ ਦੇ ਗਲ ਸੰਗਲੀ, ਪਾਉਂਦੇ ਰਹੇ ਨੇ ਲੋਕ
***
(ਮੂਲ ਹੱਥਲਿਖਤ)
(3)
ਡੁੱਬਦਾ ਚੜ੍ਹਦਾ ਸੂਰਜ ਸਾਨੂੰ ਨਿੱਤ ਹੀ ਲਾਲ ਸਲਾਮ ਕਹੇ
ਫੜ ਲਓ ਇਹ ਤਾਂ ਨਕਸਲੀਆਂ ਹੈ ਕੇਹੀ ਗੱਲ ਸ਼ਰੇਆਮ ਕਹੇ।
ਖੇਤਾਂ ਵਿੱਚ ਚਰੀਆਂ ਦੇ ਦੁੰਬੇ ਮੁੱਕਿਆਂ ਵਾਗੂੰ ਤਣੇ ਹੋਏ
ਖੜਕ ਖੜਕ ਕੇ ਰੁੱਖ ਟਾਹਲੀ ਦਾ ਜੂਝਣ ਦਾ ਪੈਗਾਮ ਕਹੇ।
ਤੂੰਬਾ ਤੂੰਬਾ ਸੂਹੇ ਬੱਦਲ ਰੋਹਲੇ ਅੱਖਰ ਬਣੇ ਪਏ
ਲੋਕ-ਯੁੱਧ ਅੰਬਰ ਵਿੱਚ ਛੁਪਿਆ, ਕ੍ਰਾਂਤੀ ਦਾ ਐਲਾਨ ਕਹੇ ।
ਚਿੜੀਆਂ ਦਾ ਝੁੰਡ ਅੱਥਰਾ ਹੋਇਆ, ਝਪਟ ਝਪਟ ਕੇ ਮੁੜ ਜਾਵੇ
ਦੱਸੇ ਜਾਚ ਗੁਰੀਲਾ ਯੁੱਧ ਦੀ, ਯੋਧਿਆਂ ਨੂੰ ਪ੍ਰਣਾਮ ਕਹੇ ।
ਮੌਸਮ ਨੂੰ ਜੇਲ੍ਹਾਂ ਵਿੱਚ ਪਾਵੋ, ਨਹੀਂ ਤਾਂ ਸਭ ਕੁਝ ਚੱਲਿਆ ਜੇ
ਤੜਕਾ ਆਖੇ ਤਕੜੇ ਹੋਵੋ, ਮੁੜ ਉੱਠਣ ਲਈ ਸ਼ਾਮ ਕਹੇ ।
ਜ਼ੱਰਾ ਜ਼ੱਰਾ ਕੂਕ ਰਿਹਾ ਹੈ ਕਵੀਆਂ ਦਾ ਕੋਈ ਦੋਸ਼ ਨਹੀਂ
ਕਵੀ ਤਾਂ ਸਿੱਧੇ ਸਾਦੇ ਹੁੰਦੇ ਲਿਖਦੇ ਜੋ ਸੰਗਰਾਮ ਕਹੇ।
***
('ਸੰਦੇਸ਼' ਫਰਵਰੀ 1973)
ਬੋਲੀਆਂ
(1)
ਮੀਂਹ ਮੰਗਿਆਂ ਤੋਂ ਮੀਂਹ ਨਾ ਮਿਲਦਾ
ਮੀਂਹ ਮੰਗਿਆਂ ਤੋਂ ਮੀਂਹ ਨਾ ਮਿਲਦਾ
ਸੁੱਕੀਆਂ ਸੜਨ ਜ਼ਮੀਨਾਂ ।
ਤੇਲ ਦੇ ਘਾਟੇ ਇੰਜਣ ਖੜ ਗਏ
ਕੰਮ ਨਾ ਆਉਣ ਮਸ਼ੀਨਾਂ।
ਤੂੜੀ ਖਾਂਦੇ ਢੱਗੇ ਹਾਰ ਗਏ
ਗੱਭਰੂ ਲੱਗ ਗਏ ਫੀਮਾਂ
(ਬਈ) ਮੜਕ ਤੇਰੀ ਨੂੰ ਕੌਣ ਖਾ ਗਿਆ
ਚੋਬਰ ਜੱਟ ਸ਼ਕੀਨਾਂ ।
(ਬਈ) ਹੁਣ ਨਾ ਤੇਰਾ ਖੜਕੇ ਚਾਦਰਾ
ਚਮਕ ਨਾ ਦਏ ਨਗੀਨਾ ।
(ਬਈ) ਫਿਰਦੇ ਮਗਰ ਤਕਾਵੀਆਂ ਵਾਲੇ
ਲੁਕ ਛਿਪ ਕਟੇਂ ਮਹੀਨਾ ।
ਕਿਉਂ ਚੋਰਾਂ ਵਾਂਗ ਰਹੇਂ ਕਮਾਦੀਂ
ਕਰਕੇ ਮਿਹਨਤ ਜੀਨਾ
ਇੱਕ ਵਾਰੀ ਉੱਡ ਮੁੜ ਕੇ
ਬਣ ਜਾ ਕਬੂਤਰ ਚੀਨਾ,
ਇੱਕ ਵਾਰੀ ਉੱਡ ਮੁੜ ਕੇ...
(2)
ਢਾਹੀਆਂ! ਢਾਹੀਆਂ! ਢਾਹੀਆਂ!
(ਬਈ) ਜੱਟਾਂ ਦੇ ਪੁੱਤ ਕੰਗਲੇ ਹੋ ਗਏ
ਕੁਛ ਨਾ ਖੋਹਣ ਕਮਾਈਆਂ।
ਅੱਗੇ ਤਾਂ ਟੱਪਦੇ ਸੀ ਸੌ ਸੌ ਕੋਠੇ
ਹੁਣ ਨਾ ਟਪੀਂਦੀਆਂ ਖਾਈਆਂ।
ਮਾਸ ਮਾਸ ਪਟਵਾਰੀਆਂ ਖਾਧਾ
ਪੀ ਲਈ ਰੱਤ ਸਿਪਾਹੀਆਂ
ਬਈ ਰਹਿੰਦੇ ਖੂੰਹਦੇ ਕਰਜ਼ੇ ਚੂੰਡ ਲਏ
ਹੱਡੀਆਂ ਰੇਤ ਰੁਲਾਈਆਂ
(ਬਈ) ਦਿੱਲੀ ਸ਼ਹਿਰ ਤੋਂ ਚੜ੍ਹੇ ਸ਼ਿਕਾਰੀ
ਲੈ ਹੁਕਮਾਂ ਦੀਆਂ ਫਾਹੀਆਂ।
ਪੱਟ ਦੀਆਂ ਮੋਰਨੀਆਂ
ਹੁਣ ਨਾ ਬਚਣ ਬਚਾਈਆਂ
ਪੱਟ ਦੀਆਂ ਮੋਰਨੀਆਂ...
(3)
ਆਰੀ! ਆਰੀ ! ਆਰੀ!
ਹੁਣ ਜਗਰਾਵਾਂ 'ਚ
ਨਹੀਓਂ ਲੱਗਦੀ ਰੌਸ਼ਨੀ ਭਾਰੀ
ਮੇਲਿਆਂ ਤਿਹਾਰਾਂ ਨੂੰ
ਯਾਰੋ ਖਾ ਗਈ ਡੈਣ ਸਰਕਾਰੀ
ਗੱਭਰੂ ਗਾਲਬਾਂ ਦੇ
ਲੈ ਗਈ ਨੂੜ ਕੇ ਪੁਲਸ ਦੀ ਲਾਰੀ
ਮਹਾਂ ਸਿੰਘ ਬੁਰਜ ਵਾਲਾ
ਹੋਇਆ ਮਾਮਲੇ ਭਰਨ ਤੋਂ ਆਰੀ
ਧਨ ਕੌਰ ਦਉਧਰ ਦੀ
ਹੱਡ ਰੋਲਦੀ ਫਿਰੇ ਵਿਚਾਰੀ
ਭਜਨਾ ਕਾਉਂਕਿਆਂ ਦਾ
ਫਿਰੇ ਲੱਭਦਾ ਕਣਕ ਉਧਾਰੀ
ਸਿੱਧਵਾਂ ਦੇ ਜ਼ੈਲਦਾਰ ਨੇ
ਜਾ ਕੇ ਚੁਗਲੀ ਥਾਣੇ ਵਿੱਚ ਮਾਰੀ
ਫੜ ਲਏ ਭਰੋਵਾਲੀਏ
ਸੁੰਨ ਕਰ ਤੀ ਮਜ਼ਾਰੀ ਸਾਰੀ
ਵਗਦੇ ਹਲ ਛੁੱਟ ਗਏ
ਹੋਇਆ ਮਾਲਵਾ ਜੀਣ ਤੋਂ ਆਰੀ
ਜਨਤਾ ਤਾਂ ਭੁਗਤ ਲਊ
ਤੇਰੇ ਵਾਰ ਨੀ ਹਕੂਮਤੇ ਭਾਰੀ
ਤੂੰਬੇ ਉੱਡ ਜਾਣਗੇ
ਜਦ ਆਈ ਮਿੱਤਰਾਂ ਦੀ ਵਾਰੀ।
ਤੂੰਬੇ ਉੱਡ ਜਾਣਗੇ.....
***
('ਪਾਸ਼ ਦੀਆਂ ਚਿੱਠੀਆਂ', ਸਫਾ 130-132)
ਬੱਲੇ ਬੱਲੇ
(1)
ਬੱਲੇ ਬੱਲੇ ਬਈ ਝੰਡਾ ਸਾਡਾ ਲਾਲ ਰੰਗ ਦਾ
ਲੰਘਦੀ ਪੌਣ ਸਲਾਮਾਂ ਕਰਕੇ-ਬਈ ਝੰਡਾ ਸਾਡਾ...
(2)
ਬੱਲੇ ਬੱਲੇ ਬਈ ਚੰਦ ਦੀ ਗਰੀਬ ਚਾਂਦਨੀ
ਭੁੱਖੇ ਸੁੱਤਿਆਂ ਦੇ ਗਲ ਲੱਗ ਰੋਏ - ਬਈ ਚੰਦ ਦੀ ...
(3)
ਬੱਲੇ ਬੱਲੇ ਬਈ ਚੱਕ ਲੈ ਅਜ਼ਾਦੀ ਆਪਣੀ
ਦੁਖੀਏ ਦਿਲਾਂ ਦੇ ਮੇਚ ਨਾ ਆਈ-ਬਈ ਚੱਕ...
(4)
ਬੱਲੇ ਬੱਲੇ ਵੇ ਗਾਂਧੀ ਸਾਨੂੰ ਤੇਰੀ ਬੱਕਰੀ
ਚੋਣੀ ਪਊਗੀ ਨਿਆਣਾ ਪਾ ਕੇ-ਵੇ ਗਾਂਧੀ...
(5)
ਬੱਲੇ ਬੱਲੇ ਨੀ ਪੁੱਤ ਤੇਰਾ ਚੰਦ ਇੰਦਰਾ
ਸਾਡੇ ਘਰਾਂ 'ਚ ਹਨ੍ਹੇਰਾ ਪਾਵੇ, ਨੀ ਪੁੱਤ...
(6)
ਬੱਲੇ ਬੱਲੇ ਬਈ ਟੂਣੇਹਾਰੀ ਇੰਦਰਾ ਨੇ
ਲੋਕੀ ਲਿਪ ਲਏ ਭੜੋਲੇ ਵਿੱਚ ਪਾ ਕੇ-ਬਈ ਟੂਣੇ-ਹਾਰੀ...
(7)
ਬੱਲੇ ਬੱਲੇ ਬਈ ਨਹਿਰੂ ਦੀਏ ਲਾਡਲੀ ਧੀਏ
ਦੂਜਾ ਨੱਕ ਨਾ ਲਵਾਉਣਾ ਪੈ ਜੇ-ਨੀ ਨਹਿਰੂ ...
(8)
ਬੱਲੇ ਬੱਲੇ ਓ ਗਾਂਧੀ ਤੇਰੇ ਚੇਲਿਆਂ ਕੋਲੋਂ
ਬਦਲਾ ਭਗਤ ਸਿਹੁੰ ਦਾ ਲੈਣਾ-ਗਾਂਧੀ...
(9)
ਬੱਲੇ ਬੱਲੇ ਬਗਾਨੇ ਪੁੱਤ ਦੇਖ ਲੈਣਗੇ
ਕੱਲੇ ਸੰਜੇ 'ਤੇ ਨਹੀਂ ਚੜ੍ਹੀ ਜਵਾਨੀ-ਬਗਾਨੇ...
(10)
ਬੱਲੇ ਬੱਲੇ ਬਈ ਕਾਲ਼ੇ ਦਿਲ ਕਿੱਦਾਂ ਢੱਕ ਲੂ
ਥੋਡਾ ਚਿੱਟੇ ਖੱਦਰ ਦਾ ਬਾਣਾ-ਬਈ ਕਾਲ਼ੇ...
(11)
ਬੱਲੇ ਬੱਲੇ ਨੀ ਝੂਠੇ ਨਾਹਰੇ ਇੰਦਰਾ ਤੇਰੇ
ਰੂਹ ਦੀ ਕੰਧ 'ਤੇ ਲਿਖਣ ਨਹੀਂ ਦੇਣੇ-ਨੀ ਝੂਠੇ...
***
('ਪਾਸ਼ ਦੀਆਂ ਚਿੱਠੀਆਂ', ਸਫਾ 132-132)
ਬਾਗ ਲਵਾਇਆ ਬਗੀਚਾ ਲਵਾਇਆ,
ਵਿੱਚ-ਵਿੱਚ ਫਿਰਦੇ ਮੋਰ
ਅਸੀਂ ਹੁਣ ਨਹੀਂ ਛੱਡਣੇ ਇਹ ਫਸਲਾਂ ਦੇ ਚੋਰ,
ਹੁਣ ਅਸਾਂ ਨਹੀਂ ਛੱਡਣੇ...
ਕਿੱਕਰਾਂ ਵੀ ਲੰਘ ਗਈ ਬੇਰੀਆਂ ਵੀ ਲੰਘ ਗਈ
ਲੰਘਣਾ ਰਹਿ ਗਿਆ ਖਾਲ਼ਾ ਲੋਕਾਂ ਨੂੰ ਡਰ ਕੋਈ ਨਾ
ਹੋਊ ਸਰਕਾਰ ਨੂੰ ਪਾਲ਼ਾ ਲੋਕਾਂ ਨੂੰ ਡਰ ਕੋਈ ਨਾ...
ਤਿੱਖੀ ਨੋਕ ਦੀ ਜੁੱਤੀ ਵੀ ਘਸ ਗਈ ਨਾਲ਼ੇ ਘਸ ਗਈਆਂ ਖੁਰੀਆਂ
ਬਈ ਮਾਰੋ-ਮਾਰੀ ਕਰਦੀਆਂ ਯਾਰੋ ਫੌਜਾਂ ਕਿੱਧਰ ਨੂੰ ਤੁਰੀਆਂ
ਬਈ ਫੌਜਾਂ ਤੁਰੀਆਂ ਜੰਗ ਜਿੱਤਣੇ ਨੂੰ ਡੰਡੀਆਂ ਸੜਕਾਂ ਭੁਰੀਆਂ
ਫੌਜਾਂ ਜਨਤਾ ਦੀਆਂ ਕਦੋਂ ਮੋੜਿਆਂ ਮੁੜੀਆਂ।
ਫੌਜਾਂ ਜਨਤਾ ਦੀਆਂ...
ਗਾਂ ਨਹੀਂ ਮਿਲਦੀ, ਵੱਛਾ ਨਹੀਂ ਝੱਲਦੀ, ਗਾਂ ਨੂੰ ਨਿਆਣਾ ਪਾ ਲਓ
(ਬਈ) ਵੋਟਾਂ ਲੈ ਕੇ ਇੰਦਰਾ ਮੁੱਕਰ ਗਈ, ਪਰ੍ਹੇ ਦੇ ਵਿੱਚ ਬਿਠਾ ਲਓ
(ਬਈ) ਇੰਦਰਾ ਨੇ ਸਾਡੀ ਗੱਲ ਨਹੀਂ ਸੁਣਨੀ, ਡਾਂਗੀਂ ਸੰਮ ਚੜ੍ਹਾ ਲਓ
(ਬਈ) ਕੱਠੇ ਹੋ ਕੇ ਕਰੀਏ ਹੱਲਾ, ਹਾਕਮ ਲੰਮੇ ਪਾ ਲਓ
ਜ਼ੁਲਮ ਦੀ ਜੜ੍ਹ ਵੱਢਣੀ, ਦਾਤੀਆਂ ਤੇਜ਼ ਕਰਾ ਲਓ
ਜ਼ੁਲਮ ਦੀ ਜੜ੍ਹ ਵੱਢਣੀ...
ਕਰ ਲਾ ਕਰ ਲਾ ਜ਼ੁਲਮ ਹਕੂਮਤੇ ਮਾਰ ਲਾ ਡਾਕੇ ਧਾੜੇ
(ਨੀ) ਜਾਂ ਅੱਤ ਚੁੱਕਦੇ ਬਾਹਲੇ ਪਾਪੀ ਜਾਂ ਅੱਤ ਚੁੱਕਦੇ ਮਾੜੇ
(ਨੀ) ਤੇਰੇ ਤਾਂ ਦਿਨ ਲੱਗਦੇ ਥੋੜੇ ਲੱਛਣ ਦਿਸਦੇ ਮਾੜੇ
(ਨੀ) ਜ਼ੁਲਮ ਤੇਰੇ ਦੀ ਕਿਸਮ ਪੁਰਾਣੀ ਨਵੇਂ ਨਾ ਕੋਈ ਪਵਾੜੇ
(ਨੀ) ਚੁਣ-ਚੁਣ ਕੇ ਅਣਖੀਲੇ ਯੋਧੇ ਤੂੰ ਜੇਲ੍ਹਾਂ ਵਿੱਚ ਤਾੜੇ
ਗੱਜਦੇ ਸ਼ੇਰਾਂ ਨੇ ਕਦੇ ਨਾ ਕੱਢਣੇ ਹਾੜੇ।
ਗੱਜਦੇ ਸ਼ੇਰਾਂ ਨੇ...
ਹੋਰਨਾਂ ਤਾਂ ਪਾ ਲਏ ਬੰਗਲੇ ਕੋਠੀਆਂ ਤੂੰ ਕਿਉਂ ਪਾ ਲਈ ਛੰਨ ਓ ਜੱਟਾ
ਉੱਠ ਮੂੰਹ ਸ਼ਾਹਾਂ ਦੇ ਭੰਨ ਓ ਜੱਟਾ, ਉੱਠ ਮੂੰਹ ਸ਼ਾਹਾਂ ਦੇ ...
ਪਾਲੋ ਪਾਲ ਮੈਂ ਡੇਕਾਂ ਲਾਈਆਂ ਉੱਤੇ ਦੀ ਲੰਘ ਗਈ ਤਿੱਤਰੀ
ਵੱਡੀ ਹਵੇਲੀ 'ਚੋਂ ਕੋਈ ਧਾਹਾਂ ਮਾਰਦੀ ਨਿੱਕਲੀ
ਵੱਡੀ ਹਵੇਲੀ ਚੋਂ...
ਤੇਰੀ ਮੇਰੀ ਲੱਗ ਗਈ ਟੱਕਰ ਲਗ ਗਈ ਸ਼ਰ੍ਹੇ ਬਜ਼ਾਰ
ਤੂੰ ਆਪਣੀ ਦੌਲਤ ਤੋਂ ਬੜਕੇਂ ਮੇਰਾ 'ਸੱਚ' ਹਥਿਆਰ
ਮੈਨੂੰ ਛਿੜਿਆ ਰੋਹ ਦਾ ਕਾਂਬਾ ਤੈਨੂੰ ਚੜ੍ਹੇ ਬੁਖ਼ਾਰ
ਨਾਲੇ ਲੈਣਾ ਤੈਨੂੰ ਮਿੱਥ ਕੇ ਨਾਲੇ ਤੇਰੀ ਸਰਕਾਰ
ਸਾਂਭ ਮੇਰਾ ਹੁਣ ਵਾਰ ਅੱਜ ਤਾਈਂ ਤੂੰ ਲੁੱਟਿਆ...
***
(‘ਪਾਸ਼-ਕਾਵਿ 1', ਸਫਾ 209-210)
ਦੋਹੇ
ਛੱਪੜ ਦੀਏ ਟਟੀਰੀਏ ਮੰਦੇ ਬੋਲ ਨਾ ਬੋਲ
ਦੁਨੀਆ ਤੁਰ ਪਈ ਹੱਕ ਲੈਣ ਤੂੰ ਬੈਠੀ ਚਿੱਕੜ ਫੋਲ
ਪਿੰਡ ਦਾ ਘਰ-ਘਰ ਹੋਇਆ 'ਕੱਠਾ
ਪਰ੍ਹੇ 'ਚ ਵੱਜਦਾ ਢੋਲ, ਗਰੀਬੂ ਮਜ੍ਹਬੀ ਦਾ
ਦੌਲਤ ਸ਼ਾਹ ਨਾਲ ਘੋਲ। ਓ ਗੱਭਰੂਆ...
ਵਿੰਗ ਤੜਿੰਗੀ ਲੱਕੜੀ ਉੱਤੇ ਬੈਠਾ ਮੋਰ
ਕੰਮੀ ਵਿਚਾਰੇ ਟੁੱਟ-ਟੁੱਟ ਮਰਦੇ ਹੱਡੀਆਂ ਲੈਂਦੇ ਖੋਰ
ਸੇਠ ਲੋਕ ਲੁੱਟਦੇ ਨਾ ਰੱਜਦੇ ਖੋਹ-ਖੋਹ ਮੰਗਣ ਹੋਰ
ਅੱਥਰੂ ਥੰਮਦੇ ਨਾ ਜਦ ਮਾੜਿਆਂ ਦਾ ਪੈਂਦਾ ਜ਼ੋਰ । ਓ ਗੱਭਰੂਆ...
ਉੱਚਾ ਬੁਰਜ ਲਾਹੌਰ ਦਾ ਹੇਠ ਵਗੇ ਦਰਿਆ
ਆ ਮਜ਼ਦੂਰਾ ਸ਼ਹਿਰ ਵਾਲਿਆ ਮੈਂ ਤੇਰਾ ਜੱਟ ਭਰਾ
ਤੈਨੂੰ ਲੁੱਟਦੇ ਕਾਰਾਂ ਵਾਲੇ ਮੈਨੂੰ ਪਿੰਡ ਦੇ ਸ਼ਾਹ
ਆਪਾਂ ਦੋਵੇਂ ਰਲ ਚੱਲੀਏ ਸਾਂਝੇ ਦੁਸ਼ਮਣ ਫਾਹ। ਓ ਗੱਭਰੂਆ....
ਭੈਰੋਂ ਬੈਠਾ ਖੂਹ 'ਤੇ ਖੂਹ ਦੀ ਕਰੇ ਤਦਬੀਰ
ਚੰਨੇ ਆਹਮੋ ਸਾਹਮਣੇ ਕਾਂਜਣ ਸਿੱਧੀ ਤੀਰ
ਚੱਕਲਾ ਚੱਕਲੀ ਐਂ ਮਿਲੇ ਜਿਉਂ ਮਿਲੇ ਭੈਣ ਨੂੰ ਵੀਰ
ਜੱਟ ਗਾਧੀ ਤੇ ਐਂ ਬੈਠਾ ਜਿਉਂ ਤਖ਼ਤੇ ਬਹੇ ਵਜ਼ੀਰ
ਟਿੰਡਾਂ ਦੇ ਗਲ ਵਿੱਚ ਗਾਨੀਆਂ ਇਹ ਖਿੱਚ-ਖਿੱਚ ਲਿਆਉਂਦੀਆਂ ਨੀਰ
ਆਡੇ ਪਾਣੀ ਐਂ ਰਿੜ੍ਹੇ ਜਿਉਂ ਬ੍ਰਾਹਮਣ ਖਾਵੇ ਖੀਰ
ਨਾਕੀ ਵਿਚਾਰਾ ਐਂ ਫਿਰੇ ਜਿਉਂ ਦਰ-ਦਰ ਫਿਰੇ ਫਕੀਰ
ਕਿਆਰਿਆਂ ਪਾਣੀ ਐਂ ਵੰਡ ਲਿਆ ਜਿਉਂ ਵੀਰਾਂ ਵੰਡ ਲਿਆ ਸੀਰ
ਕਣਕਾਂ 'ਚ ਬਾਥੂ ਐਂ ਖੜਾ ਜਿਉਂ ਲੋਕਾਂ ਵਿੱਚ ਵਜ਼ੀਰ
ਬਾਥੂ-ਬਾਥੂ ਜੜ੍ਹ ਤੋਂ ਵੱਢਿਆ ਉੱਚੇ ਹੋਏ ਕਸੀਰ
ਅਣਖੀ ਲੋਕਾਂ ਦੀ ਹੋਣੀ ਜਿੱਤ ਅਖੀਰ । ਓ ਗੱਭਰੂਆ...
ਅੱਕ ਦੀ ਨਾ ਖਾਈਏ ਕੂੰਬਲੀ ਸੱਪ ਦਾ ਨਾ ਖਾਈਏ ਮਾਸ
ਅੱਜ ਤੱਕ ਸਾਨੂੰ ਰਹੇ ਜੋ ਲੁੱਟਦੇ ਉਨ੍ਹਾਂ ਤੋਂ ਕਾਹਦੀ ਆਸ
ਹੁਣ ਭਾਵੇਂ ਇੰਦਰਾ ਮੁੜ ਕੇ ਜੰਮ ਲਏ ਨਹੀਂ ਕਰਨਾ ਵਿਸ਼ਵਾਸ
ਬਥੇਰੇ ਲੁੱਟ ਹੋ ਗਏ ਹੁਣ ਕਾਹਦੀ ਧਰਵਾਸ । ਓ ਗੱਭਰੂਆ...
ਆਲ਼ੇ-ਆਲ਼ੇ ਬੋਹਟੀਆਂ ਬੋਹਟੀ-ਬੋਹਟੀ ਰੂੰ
ਨਾਲੇ ਕਿਸਾਨਾਂ ਤੂੰ ਲੁੱਟ ਹੋਇਆ ਨਾਲੇ ਕੰਮੀਆਂ ਤੂੰ
ਇੱਕੋ ਤੱਕੜ 'ਚ ਬੰਨ੍ਹ ਕੇ ਉਨ੍ਹਾਂ ਨੇ ਵੇਚਿਆ ਦੋਹਾਂ ਨੂੰ
ਮੰਡੀਆਂ ਦੇ ਮਾਲਕ ਦਾ ਕਿਉਂ ਨਹੀਂ ਕੱਢਦੇ ਧੂੰ। ਓ ਗੱਭਰੂਆ...
ਔਹ ਗਏ ਸਾਜਨ, ਔਹ ਗਏ ਲੰਘ ਗਏ ਦਰਿਆ
ਤੇਰੇ ਯਾਰ ਸ਼ਹੀਦੀਆਂ ਪਾ ਗਏ ਤੇਰਾ ਵਿੱਚੇ ਹੀ ਹਾਲੇ ਚਾਅ
ਫੌਜ ਤਾਂ ਕਹਿੰਦੇ ਜਨਤਾ ਦੀ ਨਾ ਕਰਦੀ ਕਦੇ ਪੜਾਅ
ਖੰਡੇ ਦਾ ਕੀ ਰੱਖਣਾ ਜੇ ਲਿਆ ਮਿਆਨੇ ਪਾ । ਓ ਗੱਭਰੂਆ...
***
('ਪਾਸ਼-ਕਾਵਿ 1', ਸਫਾ 211-212)
ਜੇ ਸਵੇਰੇ ਨਹੀਂ ਤਾਂ ਹੁਣ ਸ਼ਾਮ ਦੇਣਾ ਪਏਗਾ।
ਸੂਰਜ ਦੇ ਕਤਲਾਂ ਨੂੰ ਵੀ ਇਲਜ਼ਾਮ ਦੇਣਾ ਪਏਗਾ।
ਭੂਤਰੀ ਸ਼ੈਤਾਨਗੀ ਨੂੰ ਨੱਥ ਪਾਉਣੀ ਪਏਗੀ1,
ਹਰ ਚੁਰਾਹੇ 'ਤੇ ਬਲੀ ਸ਼ੈਤਾਨ ਦੇਣਾ ਪਏਗਾ।
ਇਨਸਾਨੀਅਤ ਦੇ ਸਫ਼ਰ ਉੱਤੇ ਤੁਰਦਿਆਂ ਹੋਇਆਂ2,
---------------------------
ਤੋੜ ਦਿੱਤੇ ਜਾਣਗੇ ਹੁਣ ਹੌਂਸਲੇ ਤੂਫ਼ਾਨ ਦੇ,
ਦੀਵਿਆਂ ਨੂੰ ਸਿਦਕ ਦਾ ਪੈਗਾਮ ਦੇਣਾ ਪਏਗਾ।
***
1 ਇਹ ਸਤਰ ਲਿਖ ਕੇ ਕੱਟੀ ਹੋਈ ਹੈ।
2 ਇਸ ਸ਼ੇਅਰ ਦੀ ਦੂਜੀ ਸਤਰ ਗ਼ੈਰਹਾਜ਼ਰ ਹੈ।
( 'ਪਾਸ਼-ਕਾਵਿ 1', ਸਫਾ 239)
ਜ਼ੈਲਦਾਰ1
ਚੜ੍ਹਿਆ ਘੋੜੀ ਬਿਸ਼ਨ ਸਿਉਂ
ਉਹ ਤੁਰਿਆ ਠਾਣੇ ਵੱਲ।
ਰਾਣੀਪੁਰੀਆ ਉਹ ਸਰਦਾਰ ਸੀ
ਉਹਦੀ ਜ਼ੈਲਦਾਰ ਸੀ ਅੱਲ।
ਉਹਤੋਂ ਥਰ ਥਰ ਲੋਕੀਂ ਕੰਬਦੇ
ਉਹਦੇ ਲੂੰ ਲੂੰ ਭਰਿਆ ਛੱਲ।
ਉਹਦੇ ਚਾਰੇ ਪਾਸੇ ਚੱਲਦੀ
ਉਹਦੀ ਨਾਲ ਲਾਟ ਦੇ ਗੱਲ।
ਉਹ ਜੀਹਦੇ ਵੱਲ ਕਰਦਾ ਉਂਗਲੀ
ਉਹਦੀ ਠਾਣੇ ਲਹਿੰਦੀ ਖੱਲ।
***
('ਪਾਸ਼ ਤਾਂ ਸੂਰਜ ਸੀ', ਸਫ਼ਾ 244)
1. ਬੱਬਰ ਅਕਾਲੀ ਲਹਿਰ ਬਾਰੇ ਲਿਖੇ ਗਏ ਨਾਟਕ 'ਸੂਰਾ ਸੋ ਪਹਿਚਾਨੀਐ' (ਨਾਟਕਕਾਰ : ਅਮਿਤੋਜ ਅਤੇ ਗੁਰਸ਼ਰਨ ਸਿੰਘ) ਲਈ ਲਿਖੀ ਹੋਈ ਪਾਸ਼ ਦੀ ਇਹ ਰਚਨਾ ਪਹਿਲੀ ਵੇਰ 1981 ਵਿੱਚ 'ਦੁਆਬਾ ਕਲਾ ਮੰਚ ਮੰਗੂਵਾਲ' ਵੱਲੋਂ ਖਟਕੜ ਕਲਾਂ ਵਿੱਚ ਖੇਡੇ ਗਏ ਇਸ ਨਾਟਕ ਵਿੱਚ ਪੇਸ਼ ਕੀਤੀ ਗਈ ਸੀ।
ਜੱਟਾਂ ਦੇ ਖੇਤਾਂ ਵਿੱਚ
ਸੂਰਜ ਉਗਦਾ ਹੈ
ਫਿਰ ਵੀ ਅੱਜ ਨਾ ਕੱਲ੍ਹ ਹੈ
ਯਾਰੋ ਜੱਟਾਂ ਦੀ।
ਸਾਰੇ ਜੱਗ ਨੂੰ ਵੱਸਦਾ
ਕਰ ਕੇ ਕੀ ਖੱਟਿਆ
ਚੱਲ-ਚਲਾ-ਚੱਲ-ਚੱਲ ਹੈ
ਯਾਰੋ ਜੱਟਾਂ ਦੀ।
ਜੱਟਾਂ ਨੂੰ ਜੀਣਾ ਹੀ
ਮਾਫ਼ਿਕ ਨਾ ਆਇਆ
ਬਾਡਰ 'ਤੇ ਤਾਂ ਭੱਲ ਹੈ
ਯਾਰੋ ਜੱਟਾਂ ਦੀ।
ਲੋਕੀਂ ਚੰਨ 'ਤੇ
ਦਾਗ ਸਮਝਦੇ ਨੇ ਜੀਹਨੂੰ
ਰੂਹਾਂ ਦੀ ਕੜਵੱਲ ਹੈ
ਯਾਰੋ ਜੱਟਾਂ ਦੀ।
ਵੇਖੋ ਖੇਖਣ ਦਿੱਲੀ ਦੀ
ਉਸ ਰਾਣੀ ਦੇ
ਹੇਠ ਵਿਛਾਉਂਦੀ ਖੱਲ ਹੈ
ਯਾਰੋ ਜੱਟਾਂ ਦੀ।
ਗ਼ਜ਼ਲਾਂ ਗੁਜ਼ਲਾਂ ਦਾ ਤਾਂ
ਸਾਨੂੰ ਪਤਾ ਨਹੀਂ
ਜੱਟਾਂ ਵਰਗੀ ਗੱਲ ਹੈ
ਯਾਰੋ ਜੱਟਾਂ ਦੀ ।
***
('ਇੱਕ ਪਾਸ਼ ਇਹ ਵੀ', ਸਫਾ 34-35)
ਭਾਗ - 5
ਜੇਲ੍ਹ ਨਾਲ ਸਬੰਧਤ ਰਚਨਾਵਾਂ
ਇਹ ਚਾਰ ਕੰਧਾਂ ਦੀ ਵਲਗਣ ਮੇਰਾ ਘਰ ਨਹੀਂ
ਜਿਦ੍ਹੇ 'ਚ ਬਸਰ ਕੀਤੇ ਪਲਾਂ ਨੂੰ
ਮੈਂ ਉਮਰ ਕਹਿ ਦੇਵਾਂ-
ਜੇਲ੍ਹ
ਉਨ੍ਹਾਂ ਨੂੰ ਰਿਹਾ ਇੱਕ ਭੁਲੇਖਾ
ਕਿ ਜੰਦਰੇ 'ਚ ਡੱਕ ਦੇਣਗੇ
ਗੁਸਤਾਖ਼ ਪਲਾਂ ਦੀ ਬੇ-ਜਿਸਮ ਹੋਂਦ
ਕੰਧਾਂ ਉਸਾਰ ਦੇਣਗੇ ਸੜਕਾਂ ਦੀ ਹਿੱਕ 'ਤੇ
ਰੌਸ਼ਨੀ ਦੇ ਕਈ ਵਰ੍ਹੇ ਬੱਦਲਾਂ ਦੇ ਨਾਲ ਨਾਲ ਤੁਰੇ
ਰੁੱਤ ਮਗਰੋਂ ਰੁੱਤ ਨੂੰ ਕੋਈ ਰੋਕ ਨਾ ਸਕਿਆ
ਸਿਰਫ਼ ਛੱਤਾਂ 'ਤੇ ਝੂਲਦਾ ਰਿਹਾ
ਝੋਰਾ ਉਨ੍ਹਾਂ ਪਲਾਂ ਦਾ
ਜਿਨ੍ਹਾਂ ਤੀਰਾਂ ਦੀਆਂ ਨੋਕਾਂ 'ਤੇ ਪਲਣਾ ਸੀ
***
(‘ਉੱਡਦੇ ਬਾਜ਼ਾਂ ਮਗਰ’, ਸਫ਼ਾ 12)
ਅਸਮਾਨ ਦਾ ਟੁਕੜਾ
ਮੇਰੀ ਤਾਂ ਜਾਨ ਹੈ ਅਸਮਾਨ ਦਾ ਉਹ ਟੁਕੜਾ
ਜੋ ਰੌਸ਼ਨਦਾਨ ਵਿੱਚੋਂ ਪਲਮ ਆਉਂਦਾ ਹੈ
ਸਖ਼ਤ ਕੰਧਾਂ ਤੇ ਸੀਖ਼ਾਂ ਦਾ ਵੀ ਲਿਹਾਜ਼ ਨਹੀਂ ਕਰਦਾ
ਉਹ ਤਾਂ ਚਾਹੁੰਦੇ ਹਨ
ਕਿ ਮੈਂ ਇਸ ਟੁਕੜੇ ਦੇ ਆਸਰੇ ਹੀ ਜੀਵਾਂ
ਤਾਂ ਫ਼ਿਰ ਕਹਿੰਦੇ ਕਿਉਂ ਨਹੀਂ ਏਸ ਨੂੰ
ਕਿ ਥਾਏਂ ਹੀ ਜੰਮ ਜਾਵੇ, ਨਵੇਲੇ ਰੰਗ ਨਾ ਬਦਲੇ –
ਦੇਖੋ ਇਹ ਟੁਕੜਾ ਹਰ ਘੜੀ ਰੰਗਤ ਬਦਲਦਾ ਹੈ
ਇਹਦੇ ਹਰ ਰੰਗ ਦੇ ਲੜ ਲੱਗਿਆ ਹੈ ਹੁਸਨ ਰੁੱਤਾਂ ਦਾ
ਜ਼ਰਾ ਪੁੱਛ ਦੇਖੋ ਇਸ ਟੁਕੜੇ ਨੂੰ ਮੌਸਮ ਨਾਲ ਨਾ ਬੱਝੇ
ਵਗਾਹ ਮਾਰੇ ਇਹ ਆਪਣੇ ਜਿਸਮ ਤੋਂ
ਰੁੱਤਾਂ ਦੇ ਪਰਛਾਵੇਂ
ਇਹ ਟੁਕੜਾ ਤਾਂ ਆਪਣੇ ਮੋਢਿਆਂ 'ਤੇ
ਪੂਰਾ ਆਸਮਾਨ ਹੀ ਚੁੱਕੀ ਫ਼ਿਰਦਾ ਹੈ...
***
('ਉੱਡਦੇ ਬਾਜ਼ਾਂ ਮਗਰ', ਸਫ਼ਾ 13)
ਜਨਮ ਦਿਨ
ਵਰ੍ਹਿਆਂ ਦੇ ਮੋਢੇ ਉਤੇ ਹੱਥ ਰੱਖ ਕੇ
ਤੁਰਦੀ ਰਹੀ ਜੰਮਣ ਦੀ ਲਾਲਸਾ
ਉੱਨੀ ਕਦਮ ਚਲ ਕੇ ਵੀ ਮੈਨੂੰ
ਜਨਮਣ ਦਾ ਸਮਾਨ ਨਾ ਮਿਲਿਆ,
ਸਿਫਰ ਅੱਖਰਾਂ ਦੇ ਭਾਰ
ਨਾਵਾਂ ਦਾ ਸਫਰ ਕੀਤਾ-
ਇੱਕ ਨਾਂ ਮੇਰੀ ਮਾਂ ਦਾ ਸੀ ਇੱਕ ਪਿਤਾ ਦਾ
ਕੁਝ ਨਾਂ ਯਾਰਾਂ ਦੇ ਸਨ
ਕੁਝ ਸ਼ਹਿਰਾਂ ਦੇ, 'ਤੇ ਕੁਝ ਸੜਕਾਂ ਦੇ
ਇਹ ਸਾਰੇ ਨਾਂ 'ਰ' ਤੋਂ ਸ਼ੁਰੂ ਹੁੰਦੇ ਹਨ
ਜਿਨ੍ਹਾਂ ਤੋਂ ਇੱਕ ਸ਼ਬਦ 'ਰਵਾਇਤ' ਬਣਦਾ ਸੀ
ਪਰ ਕੋਈ ਵੀ ਨਾਂ ਜੀਵਨ ਨਹੀਂ ਸੀ
ਜੋ 'ਜ' ਤੋਂ ਸ਼ੁਰੂ ਹੋਣਾ ਸੀ
ਪਰ ਜਦ ਨਾ-ਜਨਮਣ ਦਾ ਅਹਿਸਾਸ
ਦਰਦ ਬਣ ਗਿਆ
ਤਾਂ ਵੀਹਵਾਂ ਕਦਮ ਸਾਹਵੇਂ ਸੀ-
ਤੇ ਮੈਂ 'ਜ' ਦੇ ਖਿੰਡਰੇ ਸ਼ਬਦ-ਅੰਗਾਂ 'ਚ ਸੰਗੀਤ ਭਰਨਾ ਸੀ –
ਹਵਾ ਵਿੱਚ ਐਟਮੀ-ਧੂੜ ਸੀ
ਤੇ ਅਕਾਸ਼ 'ਚ ਅੱਖਾਂ ਉੱਗ ਆਈਆਂ ਸਨ
ਸ਼ਬਦਾਂ ਦੇ 'ਪੁੰਨ' ਤੇ 'ਪਾਪ' ਦਾ
ਮੇਰੀ ਕੌਮ ਕਰਦੀ ਪਈ ਸੀ ਸਫ਼ਰ
ਮੈਂ ਬੰਨ੍ਹ ਲਏ ਸਾਰੇ ਨਾਂ
ਆਪਣੀ ਪਿੱਠ 'ਤੇ
ਅਤੇ ਤੈਰਿਆ ਮਸ਼ਕ ਵਾਂਗ
ਆਪਣੇ ਲਹੂ ਦੇ ਸਾਗਰ ਵਿੱਚ...
ਜਿੱਥੇ ਮੇਰਾ ਵੀਹਵਾਂ ਕਦਮ ਮੁੱਕਦਾ ਸੀ
ਉਥੇ 'ਜੇਲ੍ਹ' ਸੀ-
ਤੇ ਇੰਜ 'ਇੱਕੀਵੇਂ' ਵਰ੍ਹੇ ਦੀ ਸਰਦਲ
ਮੈਂ 'ਜ' ਦੇ ਭਾਰ ਨਾਲ ਟੱਪਿਆ ਹਾਂ
ਜਿਸ ਤੋਂ ਇੱਕ ਸ਼ਬਦ 'ਜਨਮ' ਬਣਦਾ ਹੈ
ਤੇ ਇੱਕ 'ਜੀਵਨ'
ਤੇ ਵੀਹਾਂ ਦੇ ਵੀਹ ਵਰ੍ਹੇ
ਇਸ ਨਵ-ਜਨਮੇ ਮਨੁੱਖ ਨੂੰ
ਗੋਦੀ 'ਚ ਪਾ ਕੇ ਲੋਰੀ ਗਾਉਂਦੇ ਹਨ
ਤੇ ਨਾਲ ਘੁਲ ਜਾਂਦਾ ਹੈ
ਕੈਦੀ-ਸਾਥੀਆਂ ਦਾ ਬੇੜੀਆਂ ਛਣਕਾ ਕੇ ਗਾਇਆ
'ਜਨਮ-ਦਿਨ ਮੁਬਾਰਕ' ਦਾ ਗੀਤ...
***
('ਉੱਡਦੇ ਬਾਜ਼ਾਂ ਮਗਰ', ਸਫ਼ਾ 14-15)
ਦਾਨ
ਤੁਸਾਂ ਮੈਨੂੰ ਦਿੱਤਾ ਹੈ ਸਿਰਫ਼ ਇੱਕ ਕਮਰਾ
ਸਥਿਰ ਤੇ ਬੰਦ
ਮਿਣਨਾ ਤੇ ਮੈਂ ਹੈ
ਕਿ ਇਸ ਵਿੱਚ ਕਿੰਨੇ ਕਦਮਾਂ ਨਾਲ
ਮੀਲ ਬਣਦਾ ਹੈ
ਕਿੰਨੇ ਮੀਲ ਚੱਲਕੇ ਕੰਧ, ਕੰਧ ਨਹੀਂ ਰਹਿੰਦੀ
ਤੇ ਸਫ਼ਰ ਦੇ ਅਰਥ ਸ਼ੁਰੂ ਹੁੰਦੇ ਹਨ ...
ਤੁਸਾਂ ਮੈਨੂੰ ਕੁਝ ਹੱਕ ਬਖ਼ਸ਼ੇ ਹਨ –
ਘਰ ਤੋਂ ਜਲਾਵਤਨੀ ਦਾ
ਰੋਟੀ ਲਈ ਮਿੱਟੀ ਹੋਣ ਦਾ
ਮਹਿਬੂਬ ਦੇ ਗ਼ਮਾਂ 'ਚ ਦੀਦੇ ਖੋਹਣ ਦਾ
ਤੇ ਗੁੰਮਣ ਦਾ ਮੌਤ ਦੀ ਭਿਅੰਕਰ ਧੁੰਦ ਵਿੱਚ
ਪਰ ਇੱਕ ਹੱਕ ਹੋਰ ਹੁੰਦਾ ਹੈ
ਜੋ ਬਖ਼ਸ਼ਿਆ ਨਹੀਂ, ਸਿਰਫ ਖੋਹਿਆ ਜਾਂਦਾ ਹੈ...
ਤੁਹਾਡੇ ਕੋਲ ਇਕਰਾਰਾਂ ਦਾ ਸਮੁੰਦਰ
ਮੇਰੇ ਡੁੱਬਣ ਲਈ
ਜਿਸ ਵਿੱਚ ਤਰਦੀਆਂ ਹਨ
ਸੁਨਿਹਰੀ ਸੁਫ਼ਨਿਆਂ ਦੀਆਂ ਮਛਲੀਆਂ
ਪਰ ਪ੍ਰਾਪਤੀ ਦਾ ਕੰਨਾ ਓਝਲ ਹੋਣ ਤੱਕ
ਮੈਂ ਫੜ ਲਿਆ ਹੈ ਬੇਵਫ਼ਾਈ ਦਾ ਚੱਪੂ
ਤੇ ਹੁਣ ਤੁਹਾਡੇ ਕੋਲ ਬਚਿਆ ਹੈ
ਮੈਨੂੰ ਦੇਣ ਲਈ ਸਿਰਫ ਇੱਕ ਇਨਾਮ –
ਮੌਤ
ਤੇ ਉਹ ਵੀ ਵੱਡਿਓ ਦਾਤਿਓ!
ਤੁਹਾਡਾ ਆਪ ਰੱਖਣ ਨੂੰ ਜੀਅ ਕਰਦਾ ਹੈ
***
('ਉੱਡਦੇ ਬਾਜ਼ਾਂ ਮਗਰ' ਸਫ਼ਾ 16-17)
ਮੇਰੇ ਕੋਲ
ਮੇਰੇ ਕੋਲ ਬੜਾ ਕੁਝ ਹੈ
ਸ਼ਾਮ ਹੈ - ਸ਼ਰਾਟਿਆਂ 'ਚ ਭਿੱਜੀ ਹੋਈ
ਜ਼ਿੰਦਗੀ ਹੈ - ਨੂਰ 'ਚ ਭਖ਼ਦੀ ਹੋਈ
ਅਤੇ ਮੈਂ ਹਾਂ-'ਅਸੀਂ' ਦੇ ਝੁਰਮਟ ਵਿੱਚ ਘਿਰਿਆ ਹੋਇਆ
ਮੈਥੋਂ ਹੋਰ ਕੀ ਖੋਹਵੋਗੇ
ਸ਼ਾਮ ਨੂੰ ਕਿਸੇ ਦੂਰ ਵਾਲੀ ਕੋਠੜੀ 'ਚ ਡੱਕ ਲਓਗੇ?
ਜ਼ਿੰਦਗੀ 'ਚੋਂ ਜ਼ਿੰਦਗੀ ਨੂੰ ਕੁਚਲ ਦਿਓਗੇ ?
'ਅਸੀਂ' ਵਿੱਚੋਂ 'ਮੈਂ' ਨੂੰ ਨਿਤਾਰ ਲਓਗੇ ?
ਜਿਸ ਨੂੰ ਤੁਸੀਂ ਮੇਰਾ 'ਕੁਝ ਨਹੀਂ’ ਕਹਿੰਦੇ ਹੋ
ਉਸ ਵਿੱਚ ਤੁਹਾਡੀ ਮੌਤ ਦਾ ਸਮਾਨ ਹੈ
ਮੇਰੇ ਕੋਲ ਬੜਾ ਕੁਝ ਹੈ
ਮੇਰੀ ਉਸ 'ਕੁਝ ਨਹੀਂ' ਵਿੱਚ ਬੜਾ ਕੁਝ ਹੈ ।
***
('ਉੱਡਦੇ ਬਾਜ਼ਾਂ ਮਗਰ', ਸਫ਼ਾ 18)
ਅਸਵੀਕਾਰ
ਇਹ ਚਾਰ ਕੰਧਾਂ ਦੀ ਵਲਗਣ ਮੇਰਾ ਘਰ ਨਹੀਂ
ਜਿਦ੍ਹੇ 'ਚ ਬਸਰ ਕੀਤੇ ਪਲਾਂ ਨੂੰ
ਮੈਂ ਉਮਰ ਕਹਿ ਦੇਵਾਂ –
ਇੱਥੇ ਸਿਰਫ਼ ਕਮਰੇ ਦੀਆਂ ਕੰਧਾਂ 'ਤੇ
ਲਿਖਿਆ ਜਾ ਰਿਹੈ, ਸੰਮਤ ਦਾ ਵੇਰਵਾ...
ਜਦ ਮੈਂ ਇਸ ਕਮਰੇ ਵਿੱਚ ਡੱਕਿਆ ਗਿਆ
ਜ਼ਿੰਦਗੀ ਨੂੰ ਨਾਲ ਨਹੀਂ ਸਾਂ ਲਿਆਇਆ
ਬਾਹਰ ਸਫ਼ਰ ਨੂੰ ਫੜਾ ਆਇਆ ਸਾਂ
ਪੌਣਾਂ ਨੂੰ ਰਾਖੀ ਬਿਠਾ ਆਇਆ ਸਾਂ...
ਬੇੜੀ 'ਤੇ ਲੱਗੇ ਜੰਗਾਲ ਵਾਂਗ
ਮੇਰੇ ਜਿਸਮ ਨੂੰ ਜੰਗਾਲ ਵੀ ਸਕਦੇ ਹੋ
ਐਪਰ ਕੀ ਕਰੋਗੇ ਸਫ਼ਰ ਦਾ
ਜੋ ਇੱਕ ਅਮਾਨਤ ਫ਼ੜੀ ਬੈਠਾ ਹੈ
ਪੌਣਾਂ ਦਾ ਕੀ ਕਰੋਗੇ
ਜਿਨ੍ਹਾਂ ਕਿਤੇ ਹਿਸਾਬ ਦੇਣਾ ਹੈ
ਤੇ ਉਸ ਕਮਰੇ ਦੇ ਮਲਬੇ 'ਤੇ ਬਣਨਾ ਹੈ ।
***
('ਉੱਡਦੇ ਬਾਜ਼ਾਂ ਮਗਰ', ਸਫ਼ਾ 19)
ਸਫ਼ਰ
ਪੁਰਾਣੇ ਕਲੰਡਰ 'ਚ ਸੁੱਟ ਦਿੱਤਾ ਹੈ
ਮੈਂ ਚਾਹਤ ਦੀਆਂ ਸਧੀਆਂ ਹੋਈਆਂ ਉਂਗਲਾਂ ਦਾ ਜਾਲ
ਬੀਤੇ ਦੇ ਸਾਗਰ 'ਚੋਂ ਕੱਢ ਲਿਆਵਾਂਗਾ
ਕੋਈ ਠਹਿਰਿਆ ਹੋਇਆ ਸਮਾਂ
ਤੇ ਉਸ ਨੂੰ ਆਪਣੀ ਅੱਜ ਦੇ ਹਜ਼ੂਰ ਪੇਸ਼ ਕਰਕੇ
ਫ਼ਿਟਕਾਰ ਦੇਵਾਂਗਾ
ਜਿਨ੍ਹੀ ਪਲੀਂ ਮਹਿਬੂਬ ਦਾ ਹੁਸਨ
ਮੈਂ ਪੈਲੀਆਂ 'ਤੇ ਧੂੜ ਦਿੱਤਾ ਸੀ
ਉਨ੍ਹਾਂ ਦੇ ਮਾਣ 'ਤੇ
ਹੁਣ ਪੈਲੀਆਂ ਤੋਂ ਸਿਦਕ ਦਾ ਵਰ ਮੰਗਾਂਗਾ
ਤੇ ਸ਼ਹਾਦਤ ਦੀ ਸਦਾ-ਸੁਹਾਗਣ ਸੜਕ ਨੂੰ
ਆਪਣੇ ਕੁਆਰੇ-ਕਦਮਾਂ ਦਾ ਤਾਲ ਦੇਵਾਂਗਾ
ਮੇਰੀਆਂ ਆਹਾਂ 'ਚ ਹੈ ਸਿੱਲ੍ਹੀ ਹਵਾ ਦੀ ਗੰਧ
ਮੇਰੇ ਮੱਥੇ 'ਤੇ ਹੈ ਪੱਤਝੜ ਦਾ ਉਦਾਸ ਰੰਗ
ਤੇ ਮੇਰੀਆਂ ਬਾਹਾਂ 'ਚ ਹੈ ਸਮੇਂ ਦਾ ਸੱਚ
ਮੈਂ ਆਪਣੇ ਦਿਲ 'ਚ ਭਰਨਾ ਚਾਹੁੰਦਾ ਹਾਂ
ਬਹਾਰਾਂ ਦੇ ਉਮਡਦੇ ਅਣ-ਗਿਣਤ ਗੀਤ...
ਮੈਨੂੰ ਪਤਾ ਹੈ
ਕੋਈ ਸੂਰਮਗਤੀ ਨਹੀਂ ਹੁੰਦੇ ਇਹ ਪਿਤਰੀ-ਫਰਜ਼
ਇਹ ਕੋਈ ਅਹਿਸਾਨ ਨਹੀਂ ਕਿਸੇ 'ਤੇ
ਕਿ ਮੈਂ ਕਿਹੜੀ ਰੁੱਤੇ ਗ਼ਾਲਿਬ ਦੇ ਸ਼ੇਅਰ
ਫ਼ਰਸ਼ ਤੇ ਮਸਲ ਆਇਆ ਹਾਂ
ਮੇਰਾ ਵੀ ਜੀਅ ਹੈ –
ਰੁੱਸਿਆਂ ਨੂੰ ਮਨਾਣ ਦਾ
ਮਿੱਤਰ ਪਿਆਰੇ ਨੂੰ ਦਿਲ ਸੁਣਾਨ ਦਾ
ਮੋਚੀਆਣੇ ਛਪੜ 'ਤੇ ਬੈਠ ਕੇ ਵੰਝਲੀ ਵਜਾਣ ਦਾ
ਤੇ ਮਾਸੂਮ ਗੀਤਾਂ ਨੂੰ ਵਕਤ ਬੇਵਕਤ ਸਲਾਮ ਆਖਣ ਦਾ
ਮੈਂ ਆਪਣੇ ਜੀਅ ਨੂੰ
ਖਾਰੇ ਖੂਹ ਦੇ ਪਿੱਪਲ ਤੇ ਟੰਗ ਆਇਆ ਹਾਂ
ਤੇ ਮੇਰੀ ਅੰਦਰਲੀ ਜੇਬ 'ਚ ਚੁੱਭਦੀ ਹੈ
ਬਸੰਤ ਦੀ ਕਸਮ।
ਇਹ ਸਫ਼ਰ ਕਿੱਥੋਂ ਸ਼ੁਰੂ ਹੁੰਦਾ ਹੈ
ਜਾਂ ਸਫ਼ਰ-ਧੂੜ ਦੇ ਕਿੰਨੇ ਰੰਗ ਹੁੰਦੇ ਹਨ।
ਜਾਂ ਕੋਈ ਹੋਰ ਪ੍ਰਸ਼ਨ
ਤੁਸੀਂ ਕਿਸੇ ਅਫ਼ਲਾਤੂਨ ਤੋਂ ਪੁੱਛ ਆਇਓ
ਮੈਂ ਇੱਕ ਅਸੱਭਿਅ ਰਾਹੀ
ਕੇਵਲ ਇਹ ਕਹਿ ਸਕਦਾ ਹਾਂ
ਕਿ ਵਿਦਾਈ ਦਾ ਕੋਈ ਸ਼ਬਦ ਨਹੀਂ ਹੁੰਦਾ
ਜਿਹੜਾ ਸਫ਼ਰ ਹੁੰਦਾ ਹੈ ਉਹ ਦਰਦ ਨਹੀਂ ਹੁੰਦਾ
ਮੌਤ ਕੋਈ ਮੁਕਾਮ ਨਹੀਂ ਹੁੰਦਾ
ਤੇ ਮੰਜ਼ਲ ਦਾ ਕੋਈ ਅਰਥ ਨਹੀਂ ਹੁੰਦਾ
***
('ਉੱਡਦੇ ਬਾਜ਼ਾਂ ਮਗਰ’, ਸਫ਼ਾ 20-21)
ਹੱਥ
ਮੈਂ ਆਪਣੇ ਜਿਸਮ ਨੂੰ
ਹੱਥਾਂ 'ਚ ਸਾਂਭ ਸਕਦਾ ਹਾਂ
ਮੇਰੇ ਹੱਥ ਜਦ ਮਹਿਬੂਬ ਦਾ ਹੱਥ ਮੰਗਦੇ ਹਨ
ਫ਼ੜਨ ਨੂੰ ਤਾਂ ਮੈਂ ਚੰਨ ਵੀ ਹੱਥਾਂ 'ਚ ਫ਼ੜਨਾ ਲੋਚਦਾ ਹਾਂ
ਮੇਰੇ ਹੱਥਾਂ ਨੂੰ ਪਰ
ਸੀਖਾਂ ਦੀ ਛੁਹ ਬੇ-ਸ਼ਿਕਵਾ ਮੁਬਾਰਕ ਹੈ
ਨਾਲੇ ਕੋਠੜੀ ਦੇ ਇਸ ਹਨੇਰੇ ਵਿੱਚ
ਮੇਰੇ ਹੱਥ, ਹੱਥ ਨਹੀਂ ਹੁੰਦੇ –
ਸਿਰਫ ਚਪੇੜ ਹੁੰਦੇ ਹਨ...
ਹੱਥ ਮਿਲਾਉਣ 'ਤੇ ਪਾਬੰਦੀ ਸਿਸਕਦੀ ਰਹਿ ਜਾਂਦੀ ਹੈ
ਜਦ ਅਚਨਚੇਤ ਕੋਈ ਸਾਥੀ ਸਾਮ੍ਹਣੇ ਆਉਂਦਾ ਹੈ
ਹੱਥ ਖ਼ੁਦ-ਬ-ਖ਼ੁਦ
ਮੁੱਕਾ ਬਣ ਕੇ ਲਹਿਰਾਉਣ ਲਗਦੇ ਹਨ...
ਦਿਨ ਹੱਥ ਖਿੱਚਦਾ ਹੈ
ਤਾਂ ਰਾਤ ਹੱਥ ਵਧਾਉਂਦੀ ਹੈ
ਕੋਈ ਹੱਥ ਖੋਹ ਨਹੀਂ ਸਕਦਾ ਇਨ੍ਹਾਂ ਹੱਥਾਂ ਦਾ ਸਿਲਸਿਲਾ
ਤੇ ਕਦੀ ਬੂਹੇ ਦੇ ਪੰਜਾਂ ਦੇ ਪੰਜ ਸਰੀਏ
ਬਣ ਜਾਂਦੇ ਹਨ ਕੋਈ ਬੜੇ ਪਿਆਰੇ ਹੱਥ -
ਇੱਕ ਹੱਥ ਮੇਰੇ ਪਿੰਡ ਦੇ ਬਜ਼ੁਰਗ ਤੁਲਸੀ ਦਾ
ਜਿਸ ਦੀਆਂ ਉਂਗਲਾਂ
ਵਰ੍ਹਿਆਂ ਨੂੰ ਗੁੰਨ੍ਹ ਗੁੰਨ੍ਹ ਕੇ ਸੀ ਏਨੀਆਂ ਹੰਭੀਆਂ
ਕਿ ਮੈਨੂੰ ਪੜ੍ਹਾਉਂਦਿਆਂ
ਉਰਦੂ ਦੇ ਮੁੱਢਲੇ ਸਬਕ
ਬਣ ਜਾਂਦਾ ਸੀ ਉਸ ਤੋਂ ਅਲਫ਼ ਦਾ 'ਤ'...
ਇੱਕ ਹੱਥ ਜਗੀਰੀ ਦਰਜ਼ੀ ਦਾ
ਜੋ ਜਦੋਂ ਵੀ ਮੈਨੂੰ ਜਾਂਘੀਆ ਸਿਉਂ ਕੇ ਦਿੰਦਾ
ਤਾਂ ਲੈਂਦਾ ਸੀ ਮਿਹਨਤ
ਮੇਰੇ ਕੰਨ ਮਰੋੜਨ ਦੀ
ਤੇ ਇਹ ਜਾਣਦਿਆਂ ਹੋਇਆਂ ਵੀ ਕਿ ਮੈਂ ਉਲਟ ਕਰਨੋਂ
ਬਾਜ਼ ਨਹੀਂ ਆਉਣਾ
ਨਸੀਹਤ ਕਰਦਾ ਸੀ-
ਪਸ਼ੂਆਂ ਨਾਲ ਛੱਪੜ 'ਚ ਨਾ ਵੜਿਆ ਕਰ
ਜੰਗ ਪੁਲੰਗਾ ਖੇਡਣੋਂ ਹਟਣੈਂ ਕਿ ਨਹੀਂ ?
ਇੱਕ ਹੱਥ ਪਿਆਰੇ ਨਾਈ ਦਾ
ਜੋ ਕੱਟਦੇ ਹੋਏ ਮੇਰੇ ਵਾਲ
ਡਰਦਾ ਰਹਿੰਦਾ ਸੀ ਮੇਰੇ ਸਿੱਖ ਘਰਦਿਆਂ ਤੋਂ ...
ਇੱਕ ਮਰੋ ਦਾਈ ਦਾ
ਜਿਸ ਦੇ ਹੱਥ ਸੀ ਕੋਈ ਤਵਾ
ਜੋ ਸਦਾ " ਜੀਅ ਜਾਗ ਵੇ ਪੁੱਤ!"
ਦਾ ਰਾਗ ਗਾਉਂਦਾ ਸੀ
ਤੇ ਇੱਕ ਹੱਥ ਦਰਸ਼ੂ ਦਿਹਾੜੀਏ ਦਾ
ਜਿਸ ਨੇ ਪੀ ਲਈ ਸੀ ਅੱਧੀ ਸਦੀ
ਰੱਖ ਕੇ ਹੁੱਕੇ ਦੀ ਚਿਲਮ ਵਿੱਚ...
ਮੈਥੋਂ ਕੋਈ ਖੋਹ ਨਹੀਂ ਸਕਦਾ
ਇਨ੍ਹਾਂ ਹੱਥਾਂ ਦਾ ਸਿਲਸਿਲਾ
ਹੱਥ ਜੇਬਾਂ 'ਚ ਹੋਣ ਜਾਂ ਬਾਹਰ
ਹੱਥ-ਕੜੀ 'ਚ ਹੋਣ ਜਾਂ ਬੰਦੂਕ ਦੇ ਕੁੰਦੇ 'ਤੇ
ਹੱਥ ਹੱਥ ਹੁੰਦੇ ਹਨ
ਤੇ ਹੱਥਾਂ ਦਾ ਇੱਕ ਧਰਮ ਹੁੰਦਾ ਹੈ
ਹੱਥ ਜੇ ਹੋਣ ਤਾਂ
ਜੋੜਨ ਲਈ ਹੀ ਨਹੀਂ ਹੁੰਦੇ
ਨਾ ਦੁਸ਼ਮਣ ਸਾਮ੍ਹਣੇ ਚੁੱਕਣ ਨੂੰ ਹੀ ਹੁੰਦੇ ਹਨ
ਇਹ ਗਿੱਚੀਆਂ ਮਰੋੜਨ ਲਈ ਵੀ ਹੁੰਦੇ ਹਨ
ਹੱਥ ਜੇ ਹੋਣ ਤਾਂ
ਹੀਰ ਦੇ ਹੱਥੋਂ ਚੂਰੀ ਫ਼ੜਨ ਲਈ ਹੀ ਨਹੀਂ ਹੁੰਦੇ
ਸੈਦੇ ਦੀ ਜਨੇਤ ਡੱਕਣ ਲਈ ਵੀ ਹੁੰਦੇ ਹਨ
ਕੈਦੋਂ ਦੀਆਂ ਵੱਖੀਆਂ ਤੋੜਨ ਲਈ ਵੀ ਹੁੰਦੇ ਹਨ
ਹੱਥ ਕਿਰਤ ਕਰਨ ਲਈ ਹੀ ਨਹੀਂ ਹੁੰਦੇ
ਲੋਟੂ ਹੱਥਾਂ ਨੂੰ ਤੋੜਨ ਲਈ ਵੀ ਹੁੰਦੇ ਹਨ
ਜੋ ਹੱਥਾਂ ਦਾ ਧਰਮ ਭੰਗ ਕਰਦੇ ਹਨ
ਜੋ ਹੱਥਾਂ ਦੇ ਸੁਹਜ ਦਾ ਅਪਮਾਨ ਕਰਦੇ ਹਨ
ਉਹ ਪਿੰਗਲੇ ਹੁੰਦੇ ਹਨ
ਹੱਥ ਤਾਂ ਹੁੰਦੇ ਹਨ ਸਹਾਰਾ ਦੇਣ ਲਈ
ਹੱਥ ਤਾਂ ਹੁੰਦੇ ਹਨ ਹੁੰਗਾਰਾ ਦੇਣ ਲਈ ।
***
('ਉੱਡਦੇ ਬਾਜ਼ਾਂ ਮਗਰ', ਸਫ਼ਾ 22-24)
ਰਿਹਾਈ : ਇੱਕ ਪ੍ਰਭਾਵ
ਤੁਸੀਂ ਜਦ ਬਾਹਰ ਆਉਂਦੇ ਹੋ
ਤਾਂ ਮੁੜ ਕੇ ਰਿੜ੍ਹਨਾ ਤੇ ਸਿੱਖਣਾ ਨਹੀਂ ਪੈਂਦਾ
ਜ਼ਬਾਨ ਤੋਤਲੀ ਨਹੀਂ ਹੁੰਦੀ
ਨਾ ਮਾਂ ਦੇ ਦੁੱਧ ਦੀ ਹੀ ਤਲਬ ਹੁੰਦੀ ਹੈ
ਤੁਸੀਂ ਆਸਮਾਨ ਉੱਤੇ ਲਿਖੇ ਨਾਵਾਂ ਵਿੱਚੋਂ
ਆਪਣਾ ਨਾਮ ਲੱਭਦੇ ਹੋ
ਹਵਾ ਤਸਦੀਕ ਕਰਦੀ ਹੈ
ਤੇ ਪੌਦੇ ਜਸ਼ਨ ਕਰਦੇ ਹਨ
ਇੰਜ ਸ਼ੁਰੂ ਹੁੰਦਾ ਹੈ, ਜ਼ਿੰਦਗੀ ਦਾ ਅਮਲ ਫਿਰ ਤੋਂ...
ਫ਼ਿਰ ਉਹੀ ਸੰਘਰਸ਼ ਦੀ ਕਥਾ, ਰੂਹ ਨੂੰ ਪਰਚਾਣ ਲਈ
ਫ਼ਿਰ ਉਹੀ ਲੋਕਾਂ ਦਾ ਜੰਗਲ ਗਵਾਚ ਜਾਣ ਲਈ
ਫਿਰ ਉਹੀ ਜਿੱਤ ਦੀ ਉਮੀਦ...
ਇੰਜ ਸ਼ੁਰੂ ਹੁੰਦਾ ਹੈ
ਜ਼ਿੰਦਗੀ ਦਾ ਅਮਲ ਫਿਰ ਤੋਂ ।
***
('ਉੱਡਦੇ ਬਾਜ਼ਾਂ ਮਗਰ', ਸਫ਼ਾ 25)
ਲੰਕਾ ਦੇ ਇਨਕਲਾਬੀਆਂ ਨੂੰ
ਮੇਰੇ ਲੰਕਾ ਦੇ ਹਮਰਾਹੀ, ਜੁਝਾਰੂ ਵੀਰ ਸੰਗਰਾਮੀ
ਮੈਂ ਅਦਨਾ ਭਾਰਤੀ ਤੇਰੀ ਕਚਹਿਰੀ ਵਿੱਚ ਹਾਜ਼ਰ ਹਾਂ
ਤੇਰਾ ਵੀ ਰੋਸ ਸੱਚਾ ਹੈ, ਮੇਰੀ ਵੀ ਅਰਜ਼ ਸੱਚੀ ਹੈ
ਨਾ ਮੈਥੋਂ ਓਪਰਾ ਏਂ ਤੂੰ, ਨਾ ਤੈਥੋਂ ਮੈਂ ਹੀ ਨਾਬਰ ਹਾਂ
ਤੇਰੇ ਫ਼ੀਤੇ ਉਡਾਵਣ ਨੂੰ, ਤੇਰੇ ਸੁਪਨੇ ਬਿਖੇਰਨ ਨੂੰ
ਜੋ ਮੇਰੇ ਦੇਸ਼ ਵਿੱਚੋਂ ਤੇਰੇ ਲਈ ਸੌਗਾਤ ਆਈ ਹੈ
ਇਹ ਗੱਲ ਕੋਈ ਅਜੂਬਾ ਨਹੀਂ ਹੈ ਤੇਰੇ ਲਈ ਨਾ ਮੇਰੇ ਲਈ
ਪੁਰਾਣੀ ਗੱਲ ਹੈ ਯਾਰਾ, ਚੋਰ ਨੇ ਚੋਰ ਦੀ ਯਾਰੀ ਨਿਭਾਈ ਹੈ
ਤੇਰੇ ਵੀ ਦਿਲ 'ਚੋਂ ਅੱਗ ਭੜਕੀ, ਮੇਰਾ ਵੀ ਲਹੂ ਉੱਬਲਿਆ ਹੈ
ਜੇ ਤੂੰ ਹਥਿਆਰ ਚੁੱਕੇ ਨੇ, ਤਾਂ ਮੈਂ ਕਦ ਸਬਰ ਕੀਤਾ ਹੈ
ਮੇਰੇ ਲੰਕਾਂ ਦੇ ਵੀਰੋ, ਆਪਾਂ ਇੱਕੋ ਦਰਦ ਜੀਂਦੇ ਹਾਂ
ਮੇਰਾ ਲਹੂ ਰਾਮ ਨੇ ਪੀਤਾ, ਤੇਰਾ ਰਾਵਣ ਨੇ ਪੀਤਾ ਹੈ
ਲਹੂ ਪਿਲਾਵਣ ਵਾਲ਼ੇ ਜਦ ਕਦੀ ਹੁਸ਼ਿਆਰ ਹੁੰਦੇ ਨੇ
ਇਨ੍ਹਾਂ ਨੂੰ ਲਹੂ ਪਿਲਾਈ ਜਾਣ ਦਾ ਠਰਕ ਨਹੀਂ ਰਹਿੰਦਾ
ਇਸ ਬਾਨਰ ਕੌਮ ਨੂੰ ਸੱਚ ਦੀ ਜਦੋਂ ਪਹਿਚਾਣ ਹੁੰਦੀ ਹੈ
ਓਦੋਂ ਫ਼ਿਰ ਰਾਮ ਤੇ ਰਾਵਣ 'ਚ ਕੋਈ ਫ਼ਰਕ ਨਹੀਂ ਰਹਿੰਦਾ
ਇਹ ਇੰਦਰਾ, ਜਿਸ ਨੇ ਤੈਨੂੰ ਮੌਤ ਦਾ ਪੈਗ਼ਾਮ ਘੱਲਿਆ ਹੈ
ਸਵਿਟਜ਼ਰਲੈਂਡ ਵਿੱਚ ਜਨਮੀ ਹੋਈ ਲੰਡਨ ਦੀ ਬੇਟੀ ਹੈ
ਇਹਦੀ ਸਾੜ੍ਹੀ 'ਚ ਡਾਲਰ ਹੈ, ਇਹਦੀ ਅੰਗੀ 'ਚ ਰੂਬਲ ਹੈ
ਇਹਨੂੰ ਮੇਰੇ ਦੇਸ਼ ਦੀ ਕਹਿਣਾ, ਮੇਰੀ ਧਰਤੀ ਦੀ ਹੇਠੀ ਹੈ
ਤੂੰ ਸੱਚ ਮੰਨੀਂ ਕਿ ਮੇਰੇ ਦੇਸ਼ ਦੀ ਹਰ ਕੁੜੀ ਇੰਦਰਾ ਨਹੀਂ
ਮੇਰੀ ਧਰਤੀ 'ਚ ਉੱਗਦਾ ਹੈ, ਅਜੀਤਾ ਭੈਣ ਦਾ ਜੇਰਾ
ਤੂੰ ਅੱਜ ਵੀ ਦੇਖ ਸਕਦਾ ਏਂ, ਜ਼ੁਲਮ ਦੀ ਮਾਰ ਦੇ ਥੱਪੜ
ਜੇ ਲੰਕਾ ਦੇ ਬਹਾਦਰ ਵੇਖੇਂ, ਕੇਵਲ ਕੌਰ ਦਾ ਚਿਹਰਾ
ਮੈਂ ਖ਼ੁਦ ਸੀਖ਼ਾਂ 'ਚ ਬੰਦ ਹਾਂ, ਤੇਰੇ ਲਈ ਕੁਝ ਭੇਜ ਨਹੀਂ ਸਕਦਾ
ਤੂੰ ਭਰ ਦੇਵੀਂ ਅਜ਼ਾਦੀ-ਹੀਰ ਦੀ ਖ਼ੁਦ ਮਾਂਗ ਸੰਧੂਰੀ
ਜਦ ਇਹ ਲੋਹੇ ਦੇ ਹਰਕਾਰੇ, ਤੇਰੇ 'ਤੇ ਬੰਬ ਸੁੱਟਣਗੇ
ਤੂੰ ਜੂਝੇਂਗਾ, ਮੇਰੇ ਸਾਥੀ ਵੀ ਭਾਜੀ ਦੇਣਗੇ ਪੂਰੀ
ਆ ਲੰਕਾ ਦੇ ਬਹਾਦਰ ਆਪਾਂ ਇੱਕ ਇਕਰਾਰ ਕਰ ਲਈਏ
ਧਰਮ-ਯੁੱਧ ਵਿੱਚ ਜੂਝਣ ਦਾ, ਦੁਸਹਿਰਾ ਨਿੱਤ ਮਨਾਵਣ ਦਾ
ਜ਼ੁਲਮ ਹੱਕਾਂ ਦੀ ਸੀਤਾ 'ਤੇ ਕਿਸੇ ਦਾ ਹੋਣ ਨਹੀਂ ਦੇਣਾ
ਕਿ ਦਸ ਹੋਵਣ ਜਾਂ ਸੌ ਹੋਵਣ, ਲਾਹੀਏ ਸੀਸ ਰਾਵਣ ਦਾ
***
('ਉੱਡਦੇ ਬਾਜ਼ਾਂ ਮਗਰ', ਸਫ਼ਾ 37-38)
ਮੰਗੂਵਾਲ ਦੀ ਕਹਾਣੀ1
ਸੁਣ ਲਉ ਮੰਗੂਵਾਲ ਦੀ ਇੱਕ ਨਵੀਂ ਕਹਾਣੀ।
ਅੱਜ ਕੱਲ੍ਹ ਦੀ ਗੱਲ ਹੈ, ਨਹੀਂ ਬਹੁਤ ਪੁਰਾਣੀ।
ਮਾਸਟਰ ਸੀ ਗੁਰਦੇਵ ਸਿੰਘ, ਉਸ ਪਿੰਡ ਦਾ ਬੰਦਾ।
ਸਿਰਫ ਗਵਾਹੀਆਂ ਦੇਣ ਦਾ ਸੀ, ਉਹਦਾ ਧੰਦਾ।
ਉਸ ਪਿੰਡ ਦੇ ਵਿੱਚੋਂ ਨਿੱਕਲੇ, ਪੰਜ ਨਕਸਲਬਾੜੀ।
ਪੈਰਾਂ ਹੇਠਾਂ ਪੁਲਸ ਜਿਨ੍ਹਾਂ ਨੇ, ਕੁੱਲ ਲਿਤਾੜੀ।
ਕਾਮਰੇਡ ਇਕਬਾਲ ਸਿੰਘ ਜਦ ਘਰ ਨੂੰ ਆਵੇ।
ਮਾਸਟਰ ਸੀ ਗੁਰਦੇਵ ਸਿੰਘ ਝੱਟ ਪੁਲਸ ਬੁਲਾਵੇ।
'ਕੱਠੇ ਹੋ ਨਕਸਲਬਾੜੀਆਂ ਇੱਕ ਮਤਾ ਪਕਾਇਆ।
ਪਿੰਡ ਵਿੱਚੋਂ ਗੰਦੇ ਟਾਊਟ ਦਾ, ਕਰ ਦਿਉ ਸਫਾਇਆ।
ਸੋਲਾਂ ਮਈ ਤਰੀਕ ਸੀ, ਦਿਨ ਵਾਰ ਸਨਿੱਚਰ ।
ਅੱਧੀ ਰਾਤੀਂ ਬੋਚਿਆ, ਪੈਲੀ ਵਿੱਚ ਤਿੱਤਰ।
ਸਾਂਢੂ ਉਹਦਾ ਫਸ ਗਿਆ, ਹੋਣੀ ਦੇ ਪੰਜੇ।
ਮਾਸਟਰ ਸਾਲਾ ਬਚ ਗਿਆ, ਉਹਦੇ ਕਰਮ ਸੀ ਚੰਗੇ।
ਬਖਸ਼ਾ ਤੇ ਭਲਵਾਨ ਜੀ ਆਏ ਜੇਲ੍ਹ ਦੇ ਅੰਦਰ।
ਤੀਜਾ ਮੋਹਣੀ ਆ ਗਿਆ ਵਿੱਚ ਸ਼ਹਿਰ ਜਲੰਧਰ।
ਫਿਰ ਵੀ ਨਕਸਲਬਾੜੀਆਂ ਨਾ ਛੱਡਿਆ ਖਹਿੜਾ।
ਉੱਨੀ ਦਸੰਬਰ ਸਵੇਰ ਨੂੰ, ਜਾ ਛੱਡਿਆ ਟ੍ਹੈਰਾ।
ਭਗਤ ਸਿੰਘ ਦੇ ਬੁੱਤ ਕੋਲ ਜਾ ਕੀਤਾ ਢੇਰੀ ।
ਖੋਹ ਲਈ ਰਫਲ ਜੁਆਕ ਤੋਂ, ਨਾ ਲਾਈ ਦੇਰੀ ।
ਦਰਜਨ ਮਾਰੀਆਂ ਗੋਲੀਆਂ, ਹਿੱਕ ਉਹਦੀ ਪਾੜੀ ।
ਖਟਕੜੀਂ ਸੀ ਘੇਰਿਆ, ਉਹਦੀ ਕਿਸਮਤ ਮਾੜੀ ।
ਸੁਣ ਲਉ ਮੇਰੇ ਵੀਰਨੋ, ਮੰਦੇ ਰਾਹ ਨਾ ਜਾਵੋ ।
ਪੁਲਸ ਦੀ ਟਾਊਟੀ ਨਾ ਕਰੋ, ਕੰਮ ਕਰਕੇ ਖਾਵੋ ।
***
(ਲਿਖਣ ਕਾਲ : 1971)
1 'ਪਾਸ਼ ਤਾਂ ਸੂਰਜ ਸੀ', ਸਫ਼ਾ 245
ਨੋਟ : 'ਜਿੱਥੇ ਪਾਸ਼ ਰਹਿੰਦਾ ਹੈ' ਦੇ ਸਫ਼ਾ 103-104 ਵਿੱਚ ਇਹ ਰਚਨਾ ਕੁਝ ਫਰਕ ਨਾਲ ਛਪੀ ਹੈ।
ਭਾਗ – 6
'ਲੋਹ ਕਥਾ' ਤੇ 'ਉੱਡਦੇ ਬਾਜ਼ਾਂ ਮਗਰ’ ਛਪਣ
ਵਿਚਕਾਰਲੇ ਦੌਰ ਵਿੱਚ ਛਪੀਆਂ ਹੋਈਆਂ ਰਚਨਾਵਾਂ
ਜ਼ਿੰਦਗੀ
ਤੂੰ ਮੈਨੂੰ ਇੰਜ ਪਰਚਾਉਣ ਦੀ ਕੋਸ਼ਿਸ਼ ਨਾ ਕਰ-
ਇਹ ਵਰ੍ਹਿਆਂ ਦੇ ਖਿਡੌਣੇ
ਬਹੁਤ ਨਾਜ਼ੁਕ ਹਨ
ਬਰਸਾਤ
ਸਭ ਦੇ ਸਾਹਮਣੇ ਵਰ੍ਹਿਆ ਹੈ ਬੱਦਲ
ਉਨ੍ਹਾਂ ਦੇ ਨਾਂ-
ਜਿਨ੍ਹਾਂ ਦੇ ਪੂੜੇ ਨਹੀਂ ਪੱਕੇ
ਜਿਨ੍ਹਾਂ ਨੇ ਪੀਂਘ ਨਹੀਂ ਝੂਟੀ
ਹੈ ਗਿੱਲੀ ਰੌਸ਼ਨੀ ਗਵਾਹ
ਨੰਗਿਆਂ ਪੈਰਾਂ ਦੀ ਕਵਿਤਾ ਚਿੱਕੜ ਵਿੱਚ ਲਿਖੀ
ਬੇਨਾਮ ਕਵੀਆਂ ਨੇ
ਜਿਨ੍ਹਾਂ ਨੂੰ ਮਹੀਨੇ ਦਾ ਨਾਂ
ਸਿਰਫ ਕਰੋਹੀਆਂ ਦੀ ਖੁਰਕ ਤੋਂ ਯਾਦ ਆਇਆ।
ਸੰਗੀਤ ਨਾ ਗਲਿਆ, ਨਾ ਡੁੱਬਿਆ
ਭਿੱਜੇ ਹੋਏ ਆਲਮ ਨੇ ਸ਼ਰੇਆਮ ਸੁਣੇ
ਰੁੱਖਾਂ ਤੋਂ ਟਪਕੇ ਨਿੱਖਰੇ ਹੋਏ ਬੋਲ
ਹਵਾ ਚ ਖਿੱਲਰੇ ਸ਼ਬਦ
ਰਾਹਾਂ 'ਚ ਵਗਦੇ ਗੀਤ।
ਉਹ ਆਉਂਦੇ ਰਹੇ
ਤੇ ਮਿੱਟੀ 'ਚ ਕੁਰਬਾਨ ਹੁੰਦੇ
ਡੋਲਦੇ ਰਹੇ ਆਪਣਾ ਲਹੂ ।
ਉਹ ਤੁਪਕੇ ਸਨ,
ਜਿਨ੍ਹਾਂ ਦੀਆਂ ਲਾਸ਼ਾਂ 'ਤੇ ਚੱਲ ਕੇ
ਦਰਿਆਵਾਂ ਨੇ ਰੌਂਅ ਫੜਨੇ ਸਨ
ਦਿਸ਼ਾ ਲੱਭਣੀ ਸੀ...
ਫੇਰ ਰੂੜੀ ਦੇ ਢੇਰਾਂ ਦੀ
ਬਦਬੂ ਧੋਤੀ ਗਈ ਸਾਰੀ
ਝੁੱਗੀਆਂ ਵਿੱਚੋਂ ਉੱਬਲਦੇ ਚੌਲਾਂ ਦੀ ਮਹਿਕ ਆਈ
ਤੇ ਫ਼ਿਜ਼ਾ ਵਿੱਚ ਗੂੰਜ ਉੱਠੇ
ਬਰਸਾਤ ਦੇ ਗੀਤ ...
ਖੇਤਾਂ ਵਿੱਚ ਧਾਨ ਬੀਜੇ ਗਏ
ਤੇ ਪਿੰਡ ਦੀ ਡਿਓੜੀ ਵਿੱਚ ਤਾਸ਼ ਖੇਡੀ ਗਈ।
***
('ਹੇਮਜ੍ਯੋਤੀ', 1971)
ਹੱਦ ਤੋਂ ਬਾਅਦ...
ਬਾਰਾਂ ਵਰ੍ਹੇ ਤਾਂ ਹੱਦ ਹੁੰਦੀ ਹੈ
ਅਸੀਂ ਕੁੱਤੇ ਦੀ ਪੂੰਛ ਚੌਵੀ ਸਾਲ ਵੰਝਲੀ ਪਾ ਕੇ ਰੱਖੀ ਹੈ ।
ਜਿਨ੍ਹਾਂ ਲਾਠੀ ਸਹਾਰੇ ਤੁਰਨ ਵਾਲੇ
ਅਪਾਹਜ ਲੋਕਾਂ ਦੇ ਮੱਥੇ ਤੇ
ਮਾਉਂਟਬੈਟਨ ਨੇ 'ਅਜ਼ਾਦੀ' ਦਾ ਸ਼ਬਦ ਲਿਖ ਦਿੱਤਾ ਸੀ
ਅਸੀਂ ਉਹ ਮੱਥੇ
ਉਨ੍ਹਾਂ ਦੀਆਂ ਲਾਠੀਆਂ ਦੇ ਨਾਲ ਫੇਹ ਸੁੱਟਣੇ ਹਨ।
ਅਸਾਂ ਇਸ ਪੂੰਛ ਨੂੰ ਵੰਝਲੀ ਸਣੇ
ਇਸ ਅੱਗ ਵਿੱਚ ਝੋਕ ਦੇਣਾ ਹੈ ।
ਜਿਹੜੀ ਅੱਜ ਦੇਸ਼ ਦੇ ਪੰਜਾਹ ਕਰੋੜ
ਲੋਕਾਂ ਦੇ ਮਨਾਂ ਵਿੱਚ ਸੁਲਗ ਰਹੀ ਹੈ।
ਪੂੰਛ ਜਿਹੜੀ ਆਪ ਤਾਂ ਸਿੱਧੀ ਨਾ ਹੋ ਸਕੀ
ਇਹਨੇ ਵੰਝਲੀ ਨੂੰ ਵੱਜਣ ਜੋਗੀ ਕਿੱਥੇ ਛੱਡਿਆ ਹੋਣਾ ?
***
('ਹੇਮ ਜਯੋਤੀ', ਮਾਰਚ 1971)
ਹੱਦ ਤੋਂ ਪਿੱਛੋਂ...1
ਬਾਰਾਂ ਸਾਲ ਤਾਂ ਹੱਦ ਹੁੰਦੀ ਹੈ
ਅਸੀਂ ਕੁੱਤੇ ਦੀ ਪੂੰਛ ਨੂੰ ਚੌਵੀ ਸਾਲ ਵੰਝਲੀ ਚ ਪਾਈ ਰੱਖਿਆ ਹੈ।
ਲਾਠੀ ਟੇਕ ਕੇ ਚਲਣ ਵਾਲੇ
ਜਿਨ੍ਹਾਂ ਅਪਾਹਜ ਲੋਕਾਂ ਦੇ ਮੱਥਿਆਂ 'ਤੇ
ਮਾਉਂਟਬੈਟਨ ਨੇ ਅਜ਼ਾਦੀ ਦਾ ਸ਼ਬਦ ਲਿਖ ਦਿਤਾ ਸੀ
ਅਸੀਂ ਉਹ ਮੱਥੇ
ਉਨ੍ਹਾਂ ਦੀਆਂ ਲਾਠੀਆਂ ਦੇ ਨਾਲ ਮਿਟਾ ਦਿਆਂਗੇ
ਅਸੀਂ ਇਸ ਪੂੰਛ ਨੂੰ ਵੰਝਲੀ ਸਮੇਤ
ਇਸ ਅੱਗ 'ਚ ਝੋਕ ਦਿਆਂਗੇ
ਜੋ ਅੱਜ ਦੇਸ ਦੇ ਪੰਜਾਹ ਕਰੋੜ
ਲੋਕਾਂ ਦੇ ਦਿਲਾਂ 'ਚ ਸੁਲਗ ਰਹੀ ਹੈ।
ਪੂੰਛ ਆਪ ਤਾਂ ਸਿੱਧੀ ਨਾ ਹੋ ਸਕੀ
ਇਹਨੇ ਵੰਝਲੀ ਨੂੰ ਵੱਜਣ ਜੋਗੀ ਕਿੱਥੇ ਛੱਡਿਆ ਹੋਊ?
***
1. 'ਖਿਲਰੇ ਹੋਏ ਵਰਕੇ, ਸਫ਼ਾ 29
(ਇਸ ਰਚਨਾ ਦੇ 'ਹੇਮ ਜਯੋਤੀ' ਅਤੇ 'ਖਿਲਰੇ ਹੋਏ ਵਰਕੇ' ਦੇ ਪਾਠਾਂ ਵਿੱਚ ਜ਼ਿਆਦਾ ਫਰਕ ਹੋਣ ਕਾਰਨ ਇਸ ਦੇ ਦੋਵੇਂ ਪਾਠ ਛਾਪੇ ਗਏ ਹਨ।)
ਪੈਰ...
ਮੈਨੂੰ ਪਤਾ ਹੈ
ਇਹ ਪਿਆਰਾਂ ਦੇ ਸਫ਼ਰ
ਕਦੀ ਪੈਰਾਂ ਨਾਲ ਨਹੀਂ ਹੋਏ
ਮੈਂ ਵੀ ਕੇਡਾ ਬੇ-ਲਿਹਾਜ਼ ਹਾਂ, ਯਾਰੋ
ਮੈਂ ਆਪਣੇ ਪਿਆਰ ਨੂੰ
ਪੈਰਾਂ ਉੱਤੇ ਤੁਰਨਾ ਸਿਖਾਇਆ ਹੈ।
ਮੈਂ ਆਪਣੇ ਪੈਰਾਂ ਨੂੰ
ਕੰਡਿਆਲੇ ਝਾੜਾਂ ਦੇ ਸਕੂਲੇ
ਪੜ੍ਹਨ ਪਾਇਆ ਹੈ।
ਮਿੱਟੀ 'ਚ ਮਿੱਟੀ ਹੋ ਚੁੱਕੇ
ਪੂਰਵ ਸਮੇਂ ਦੇ ਰਾਹੀ –
ਸਾਡੇ ਪੈਰਾਂ ਨੂੰ ਧਰਵਾਸ ਦੇਂਦੇ ਹਨ।
ਅਸਾਨੂੰ ਪੈਰਾਂ ਦਾ ਅਰਥ ਦੱਸਦੇ ਹਨ
ਕੋਹਲੂ ਦੇ ਚੱਕਰ ਵਿੱਚ, ਪੈਰਾਂ ਦਾ ਕੋਈ ਅਰਥ ਨਹੀਂ
ਪੈਰਾਂ ਦਾ ਸਿੱਧਾ ਜਿਹਾ ਭਾਵ –
ਠੁੱਡ ਹੁੰਦਾ ਹੈ
ਛੜ ਹੁੰਦਾ ਹੈ।
ਜਦ ਪੈਰ ਕੱਟ ਦਿੰਦੇ ਜਾਂਦੇ ਹਨ
ਤਾਂ ਬਾਗੀ ਸਿਰ ਦੇ ਭਾਰ ਸਫ਼ਰ ਕਰਦੇ ਹਨ।
ਜਦ ਹਕੂਮਤ
ਮੰਗਵੇਂ ਪੈਰਾਂ ਭਾਰ ਤੁਰਦੀ ਹੈ
ਤਾਂ ਸਫ਼ਰ ਨੂੰ ਕਲੰਕ ਲਗਦਾ ਹੈ
ਜਦ ਸਿਰ ਤੋਂ ਪੈਰਾਂ ਦਾ ਕੰਮ ਲੈ ਕੇ
ਸਫਰ ਦੇ ਨਾਂ ਤੋਂ ਕਲੰਕ ਧੋਤਾ ਜਾਂਦਾ ਹੈ
ਤਾਂ ਹਾਕਮ ਦੇ ਪੈਰ ਥਿੜਕ ਜਾਂਦੇ ਹਨ
ਜਦ ਪੈਰਾਂ ਦੀ ਜੁੰਬਸ਼ 'ਚੋਂ
ਰਾਗ ਛਿੜਦਾ ਹੈ ...
ਤਾਂ ਬੇੜੀ ਲਾਉਣ ਵਾਲਿਆਂ ਦੇ ਪੈਰ ਸੁੰਨ ਹੋ ਜਾਂਦੇ ।
ਪੈਰ ਵਿੱਚ ਸੈਂਡਲ ਹੋਵੇ ਜਾਂ ਬੂਟ
ਪੈਰ ਤਾਂ ਮਾਪ ਦੇ ਹੁੰਦੇ ਹਨ
ਮਾਸ ਖਵਾਉਣ ਲਈ ਨਹੀਂ ਹੁੰਦਾ
ਜੁੱਤੀ ਵਿੱਚ ਮਾਸ-ਖੋਰਾਂ ਲਈ
ਅਕਲ ਦੀ ਪੁੜੀ ਬੰਦ ਹੁੰਦੀ ਹੈ
***
( 'ਹੇਮ ਜਯੋਤੀ', ਸਤੰਬਰ 1971 )
ਪੈਰ
ਮੈਂ ਜਾਣਦਾ ਹਾਂ
ਮੁਹੱਬਤਾਂ ਦੇ ਇਹ ਸਫ਼ਰ
ਕਦੇ ਪੈਰਾਂ ਨਾਲ ਨਹੀਂ ਹੁੰਦੇ
ਮੈਂ ਵੀ ਕਿੰਨਾ ਬੇਲਿਹਾਜ਼ ਹਾਂ, ਦੋਸਤੋਂ
ਮੈਂ ਆਪਣੀ ਮੁਹੱਬਤ ਨੂੰ ਪੈਰਾਂ 'ਤੇ ਚੱਲਣਾ ਸਿਖਾਇਆ ਹੈ
ਮੈਂ ਆਪਣਿਆਂ ਪੈਰਾਂ ਨੂੰ
ਕੰਡਿਆਲੀਆਂ ਝਾੜੀਆਂ ਦੇ ਸਕੂਲੇ ਪੜ੍ਹਨ ਘੱਲਿਆ ਹੈ
ਮਿੱਟੀ 'ਚ ਮਿੱਟੀ ਹੋ ਚੁੱਕੇ
ਪਿਛਲੇ ਵਕਤਾਂ ਦੇ ਮੁਸਾਫ਼ਰ
ਸਾਡੇ ਪੈਰਾਂ ਨੂੰ ਦਿਲਾਸਾ ਦਿੰਦੇ ਹਨ
ਸਾਨੂੰ ਪੈਰਾਂ ਦੇ ਅਰਥ ਦੱਸਦੇ ਹਨ
ਕੋਹਲੂ ਦੇ ਗੇੜ ਵਿੱਚ ਪੈਰਾਂ ਦਾ ਕੋਈ ਅਰਥ ਨਹੀਂ
ਪੈਰਾਂ ਦਾ ਸਿੱਧਾ-ਜਿਹਾ ਮਤਲਬ ਠੁੱਡ ਹੁੰਦਾ ਹੈ
ਡੰਗੋਰੀ ਹੁੰਦਾ ਹੈ ।
ਜਦ ਪੈਰ ਵੱਢ ਦਿੱਤੇ ਜਾਂਦੇ ਨੇ
ਤਾਂ ਬਾਗੀ ਸਿਰ ਦੇ ਭਾਰ ਸਫ਼ਰ ਕਰਦੇ ਹਨ ।
ਜਦ ਹਕੂਮਤ ਮੰਗਵੇਂ ਪੈਰਾਂ ਦੇ ਭਾਰ ਚੱਲਦੀ ਹੈ
ਤਾਂ ਸਫ਼ਰ ਨੂੰ ਕਲੰਕ ਲਗਦਾ ਹੈ
ਜਦ ਸਿਰ ਤੋਂ ਪੈਰਾਂ ਦਾ ਕੰਮ ਲੈ ਕੇ
ਸਫ਼ਰ ਦੇ ਨਾਂ ਤੋਂ ਕਲੰਕ ਧੋਇਆ ਜਾਂਦਾ ਹੈ
ਤਾਂ ਹਾਕਮ ਦੇ ਪੈਰ ਕੰਬ ਜਾਂਦੇ ਹਨ
ਜਦ ਪੈਰਾਂ ਦੀ ਜੁੰਬਿਸ਼ ਨਾਲ ਰਾਗ ਛਿੜਦਾ ਹੈ
ਤਾਂ ਬੇੜੀ ਲਾਉਣ ਵਾਲਿਆਂ ਦੇ ਪੈਰ ਸੁੰਨ ਹੋ ਜਾਂਦੇ ਹਨ
ਪੈਰੀਂ ਸੈਂਡਲ ਹੋਣ ਜਾਂ ਜੁੱਤੀਆਂ
ਪੈਰ ਤਾਂ ਨਾਪ ਦੇ ਹੁੰਦੇ ਹਨ
ਮਾਸ ਖਵਾਉਣ ਲਈ ਨਹੀਂ
ਜੁੱਤੀਆਂ ਵਿੱਚ ਮਾਸਖੋਰਿਆਂ ਲਈ
ਅਕਲ ਦੀ ਪੁੜੀ ਬੰਦ ਹੁੰਦੀ ਹੈ
***
('ਖਿਲਰੇ ਹੋਏ ਵਰਕੇ', 30-31)
ਜ਼ਿੰਦਗੀ
ਜ਼ਿੰਦਗੀ
ਤੂੰ ਮੈਨੂੰ ਇੰਜ ਪਰਚਾਉਣ ਦੀ ਕੋਸ਼ਿਸ਼ ਨਾ ਕਰ –
ਇਹ ਵਰ੍ਹਿਆਂ ਦੇ ਖਿਡੌਣੇ
ਬਹੁਤ ਨਾਜ਼ੁਕ ਹਨ
ਜਿਹਨੂੰ ਵੀ ਹੱਥ ਲਾਵਾਂ
ਟੁਕੜਿਆਂ ਵਿੱਚ ਖਿੰਡ ਜਾਂਦਾ ਹੈ।
ਹੁਣ ਇਹਨਾਂ ਮੂੰਹ ਚਿੜਾਉਂਦੇ ਟੁਕੜਿਆਂ ਨੂੰ
ਉਮਰ ਕੀਕਣ ਆਖ ਦੇਵਾਂ ਮੈਂ,
ਅੜੀਏ!
ਕੋਈ ਤਾਂ ਟੁਕੜਾ ਸਮੇਂ ਦੇ ਪੈਰ ਵਿੱਚ ਵੱਜ ਕੇ
ਫਰਸ਼ ਨੂੰ ਲਾਲ ਕਰ ਦੇਵੇ ।
***
('ਜੁਝਾਰ', ਜਨਵਰੀ 1973, ਮੂਲ ਹੱਥਲਿਖਤ)
ਭਾਗ - 7
ਡਾਇਰੀ ਵਿਚਲੀਆਂ ਕਵਿਤਾਵਾਂ
ਜੇ ਅਸਾਡੀ ਡਾਇਰੀ ਦਾ
ਹਰ ਸ਼ਬਦ ਹੀ ਇਤਿਹਾਸ ਬਣ ਜਾਣਾ ਸੀ
ਤਾਂ ਮੈਂ ਜਿਹੜੇ ਦਿਨ ਪੈੱਨ ਬੋਝੇ 'ਚੋਂ ਨਹੀਂ ਕੱਢਿਆ
ਵੱਧ ਵਾਰ ਕਤਲ ਹੋਇਆ ਹਾਂ
ਆ ਗਏ ਮੇਰੇ ਬੀਤੇ ਹੋਏ ਪਲਾਂ ਦੀ ਗਵਾਹੀ ਦੇਣ ਵਾਲੇ
ਆ ਗਏ ਕਬਰਾਂ 'ਚੋਂ ਸੁੱਤੇ ਪਲਾਂ ਨੂੰ ਜਗਾਉਣ ਵਾਲੇ।
***
28 ਦਸੰਬਰ, 1971
('ਆਪਣੇ ਨਾਲ ਗੱਲਾਂ’, ਸਫ਼ਾ 7)
ਉਨ੍ਹਾਂ ਦੀ ਆਦਤ ਹੈ ਸਾਗਰ ਵਿੱਚੋਂ ਮੋਤੀ ਚੁਗ ਲਿਆਉਣੇ
ਉਨ੍ਹਾਂ ਦਾ ਨਿੱਤ ਦਾ ਕੰਮ ਹੈ, ਤਾਰਿਆਂ ਦਾ ਦਿਲ ਪੜ੍ਹਨਾ
***
29 ਦਸੰਬਰ, 1971
('ਆਪਣੇ ਨਾਲ ਗੱਲਾਂ', ਸਫ਼ਾ 7)
ਮੇਰੇ ਬਖ਼ਸ਼ਿੰਦ ਤੱਕਣਗੇ, ਮੇਰੇ ਗੁਨਾਹਾਂ ਦੀ ਤੜਪ ।
ਬਾਤ ਜੇ ਬਾਤ ਹੋਵੇ ਤਾਂ ਬਿਨ ਹੁੰਗਾਰੇ ਨਹੀਂ ਜਚਦੀ।
ਸਮਾਂ ਇਕੱਲੇ ਪਲ ਨਾਲ ਹੀ ਸਬੰਧਤ ਨਹੀਂ
ਪਲ ਦੇ ਨਾਲ ਪਲ ਤੇ ਹੋਰ
ਹੌਂਸਲਾ ਉਸਦਾ ਹੋਵੇ ਜਾਂ ਮੇਰਾ
ਹੌਂਸਲੇ ਦਾ ਕੋਈ ਸਾਨੀ ਨਹੀਂ।
***
30 ਦਸੰਬਰ, 1971
('ਆਪਣੇ ਨਾਲ ਗੱਲਾਂ’, ਸਫ਼ਾ 7)
ਆਓ ਦੇਖੋ ਕੋਈ ਮੇਰੇ ਪਿੰਡ ਦੇ ਸਵੇਰੇ
ਚਲਦਿਆਂ ਖਰਾਸਾਂ ਵਿੱਚ ਪਿਸਦੇ
ਤੜਕੇ ਦੇ ਹਨੇਰੇ
ਆਓ ਮਹਿਸੂਸ ਕਰੋ, ਰਾਹਾਂ ਵਿੱਚ ਤੁਰਦੇ ਰੌਸ਼ਨੀ ਦੇ ਘੇਰੇ
***
19 ਮਈ, 1974
('ਆਪਣੇ ਨਾਲ ਗੱਲਾਂ, ਸਫ਼ਾ 22)
ਮੇਰੇ ਕੋਲ ਕੋਈ ਚਿਹਰਾ
ਸੰਬੋਧਨ ਕੋਈ ਨਹੀਂ
ਧਰਤੀ ਦਾ ਝੱਲਾ ਇਸ਼ਕ ਸ਼ਾਇਦ ਮੇਰਾ ਹੈ
ਤੇ ਤਾਹੀਓਂ ਜਾਪਦੈ
ਮੈਂ ਹਰ ਚੀਜ਼ ਉੱਤੋਂ ਹਵਾ ਵਾਂਗੂ ਸਰਸਰਾ ਕੇ ਲੰਘ ਜਾਵਾਂਗਾ
ਸੱਜਣੋਂ,
ਮੇਰੇ ਲੰਘ ਜਾਣ ਤੋਂ ਮਗਰੋਂ ਵੀ
ਮੇਰੇ ਫਿਕਰ ਦੀ ਬਾਂਹ ਫੜੀ ਰਖਣੀ।
***
22 ਮਈ, 1974
('ਖਿਲਰੇ ਹੋਏ ਵਰਕੇ', ਸਫ਼ਾ 41)
ਲਫਜ਼ ਇੱਕ ਇੱਕ ਕਰਕੇ ਜ਼ਿੰਦਗੀ 'ਚੋਂ ਤੁਰਦੇ ਜਾ ਰਹੇ ਹਨ
ਤੇ ਆਪਣੀ ਥਾਂ 'ਤੇ ਚੁੱਪ ਦੀ ਨਮੋਸ਼ੀ ਛੱਡ ਜਾਂਦੇ ਹਨ
***
23 ਅਗਸਤ, 1974
('ਆਪਣੇ ਨਾਲ ਗੱਲਾਂ, ਸਫ਼ਾ 28)
ਕੁਝ ਨਹੀਂ ਹੋਇਆ। ਪਰ ਫ਼ੈਸਲਾ ਹੋ ਹੀ ਗਿਆ
ਮੈਂ ਕਤਲ ਹੋ ਗਏ ਖ਼ਤ ਦਾ ਮਾਤਮ ਨਹੀਂ ਕਰਾਂਗਾ
ਮੈਂ ਭੁਗਤ ਚੱਕੀ ਮਿੰਨਤ ਦੀ ਲਾਸ਼ ਨਹੀਂ ਦੇਖਾਂਗਾ
ਮੈਂ ਅਗਲੇ ਜਨਮ ਵਿੱਚ ਨਹੀਂ
ਇਸੇ ਜਨਮ ਵਿੱਚ ਹੀ ਸਾਰੇ ਹਸਾਨਾਂ ਦਾ ਬਦਲਾ ਚੁਕਾਉਣ ਦੀ ਕੋਸ਼ਿਸ਼ ਕਰਾਂਗਾ।
***
24 ਅਗਸਤ, 1974
('ਆਪਣੇ ਨਾਲ ਗੱਲਾਂ, ਸਫ਼ਾ 29)
ਮੇਰੇ ਕੋਲ ਕੁਝ
ਅਧੂਰੀਆਂ ਇਤਲਾਹਾਂ ਹਨ
ਕਿਸੇ ਨੂੰ ਕੋਈ ਵੀ ਫ਼ਤਵਾ
ਦੇਣ ਜੋਗਾ ਮੈਂ ਨਹੀਂ ਹਾਂ
ਮੇਰੀਆਂ ਇਤਲਾਹਾਂ ਦੀ
ਇੱਕ ਖ਼ਬਰ ਬਣ ਰਹੀ ਹੈ।
***
(1976 ਦੀ ਡਾਇਰੀ ਦੇ ਅਣਤਰੀਖ਼ ਤੇ ਪਹਿਲੇ ਸਫ਼ੇ ਤੋਂ- 'ਲੜਾਂਗੇ ਸਾਥੀ’, ਅੰਦਰਲਾ ਸਫ਼ਾ)
ਮੈਂ ਪੀੜਾਂ ਤੋਂ ਭੱਜਣਾ ਨਹੀਂ
ਉਨ੍ਹਾਂ ਦੇ ਵਿੱਚ ਲੰਘਦਾ ਹੋਇਆ
ਉਨ੍ਹਾਂ ਨੂੰ ਸ਼ਰਮਸਾਰ ਕਰਨਾ ਚਾਹੁੰਦਾ ਹਾਂ।
***
25 ਜੂਨ, 1976
('ਆਪਣੇ ਨਾਲ ਗੱਲਾਂ', ਸਫ਼ਾ 47)
ਮੇਰੇ ਧੁਰ ਅੰਦਰ ਕਿਤੇ ਬੱਦਲ ਗੜ੍ਹਕਦੇ ਹਨ
ਮੈਂ ਡਰਦਾ ਹਾਂ ਤੂੰ ਉਸ ਤੂਫ਼ਾਨ ਵਿੱਚ ਆਲ੍ਹਣਿਆਂ ਵਿੱਚ ਮਾਸੂਮਤਾ ਸਣੇ
ਤੂੰ ਵੀ ਨਾ ਕਿਤੇ ਰੁਲ ਜਾਵੇਂ
ਮੇਰੇ ਜਹਾਨ ਦੇ ਲੋਕ ਅਜੇ ਏਨੇ ਜਾਂਗਲੀ ਹਨ
ਬਿਜਲੀਆਂ ਦਾ ਮੰਤਰ ਨਹੀਂ ਜਾਣਦੇ।
***
4 ਜਨਵਰੀ, 1982
('ਆਪਣੇ ਨਾਲ ਗੱਲਾਂ', ਸਫ਼ਾ 56)
ਅਤੀਤ ਭਾਵੇਂ ਕਿੰਨਾ ਵੀ ਰੰਗੀਨ ਹੋਵੇ
ਬੋਝਲ ਤਾਂ ਹੁੰਦਾ ਹੀ ਹੈ
ਮੈਨੂੰ ਹੁਣ ਮਲੋਜੋਰੀ ਦੇ ਬੋਝ ਢੋਣ ਦੀ ਆਦਤ ਨਹੀਂ ਰਹੀ
ਬੀਤੇ ਵਰ੍ਹਿਆਂ ਨੂੰ ਪੁਕਾਰਦੇ ਬੋਲ
ਜਿਵੇਂ ਵਾਤਾਵਰਣ ਵਿੱਚੋਂ
ਬੁਢੇਪਾ ਹੂੰਗਦਾ ਹੋਵੇ
ਮੈਨੂੰ ਉਨ੍ਹਾਂ ਤੋਂ ਨਫ਼ਰਤ ਹੈ
ਮੇਰੇ ਅੰਦਰ ਜੋ ਮੌਸਮਾਂ ਦੀ ਊਂਘ ਹੈ
ਉਸ ਵਿੱਚ ਤਿਉਹਾਰਾਂ ਦਾ ਚਾਅ ਮਹਿਕਦਾ
ਮੇਰਿਆਂ ਅੰਗਾਂ ਵਿੱਚ ਸਵਾਗਤ ਰੁਮਕਦਾ ਹੈ
ਬੱਚਿਆਂ ਦੀ ਡਕਾਮੇਲ ਵਰਤਮਾਨ ਖ਼ੁਸ਼ੀ ਲਈ
ਜੋ ਭੂਤ ਤੇ ਭਵਿਖ ਤੋਂ ਸੁਤੰਤਰ ਹੈ
ਚੱਕੀ ਉੱਤੇ ਬੋਲਦੇ ਘੱਗੂ ਲਈ,
ਪੁੜਾਂ ਵਿੱਚੋਂ ਕਿਰਦੇ ਕੋਸੇ ਆਟੇ ਲਈ
***
6 ਜਨਵਰੀ, 1982
('ਆਪਣੇ ਨਾਲ ਗੱਲਾਂ', ਸਫ਼ਾ 57)
ਦਿਨ ਦੇ ਢਲਾਅ 'ਤੇ ਰਿੜ੍ਹਦਿਆਂ
ਇੱਕ ਦੂਜੇ ਨੂੰ ਫੜ ਕੇ ਸੰਭਲਣ ਦੇ ਯਤਨ
ਸ਼ਰਾਬੀ ਹੋ ਰਿਹਾ ਹਨੇਰਾ
ਤੇ ਗੱਲਾਂ ਓਹਲੇ ਉਨ੍ਹਾਂ ਦੇ ਲੜਖੜਾਉਂਦੇ ਅਰਥ
***
8 ਜਨਵਰੀ, 1982
('ਆਪਣੇ ਨਾਲ ਗੱਲਾਂ, ਸਫ਼ਾ 58)
ਆਦਮੀ ਦੇ ਖਤਮ ਹੋਣ ਦਾ ਫੈਸਲਾ
ਵਕਤ ਨਹੀਂ ਕਰਦਾ
ਹਾਲਤਾਂ ਨਹੀਂ ਕਰਦੀਆਂ
ਉਹ ਖ਼ੁਦ ਕਰਦਾ ਹੈ
ਹਮਲਾ ਅਤੇ ਬਚਾਅ
ਦੋਵੇਂ ਬੰਦਾ ਖ਼ੁਦ ਕਰਦਾ ਹੈ
***
4 ਫਰਵਰੀ, 1982
('ਆਪਣੇ ਨਾਲ ਗੱਲਾਂ', ਸਫ਼ਾ 64)
ਬੰਦ ਦਰਵਾਜ਼ੇ 'ਤੇ ਖੜੇ
ਸੁਫ਼ਨੇ ਵਿੱਚ ਮੁੜ ਪਰਤਣ ਨੂੰ ਤਾਂਘਦੇ ਲੋਕ
ਜੀਣ ਜੋਗੇ ਨਾ ਮਰਨ ਜੋਗੇ ਰਹੇ
ਭਾਵੇਂ ਸੁਫ਼ਨੇ ਵਿੱਚ ਬਲਿਆ ਲਹੂ ਵੀ ਖਾਸ ਅਪਣਾ ਸੀ
***
20 ਮਾਰਚ, 1982
('ਆਪਣੇ ਨਾਲ ਗੱਲਾਂ', ਸਫ਼ਾ 67)
ਪਿਆਰ ਬੰਦੇ ਨੂੰ ਦੁਨੀਆਂ 'ਚ
ਵਿਚਰਨ ਦੇ ਯੋਗ ਬਣਾਉਂਦਾ ਹੈ ਜਾਂ ਨਹੀਂ
ਏਨਾ ਜ਼ਰੂਰ ਹੈ ਕਿ ਅਸੀਂ ਪਿਆਰ ਦੇ ਬਹਾਨੇ (ਆਸਰੇ)
ਦੁਨੀਆਂ ਵਿੱਚ ਵਿਚਰ ਹੀ ਲੈਂਦੇ ਹਾਂ ।
***
5 ਅਪ੍ਰੈਲ, 1982
('ਆਪਣੇ ਨਾਲ ਗੱਲਾਂ', ਸਫ਼ਾ 69)
ਲੋਕ ਕਹਿਣ ਮੈਂ ਮਰ ਗਿਆ - ਪੂਰਨ ਸਿੰਘ
ਕਿਸੇ ਦੀ ਮਿਹਰ ਦਾ ਪਿਆਲਾ ਛਲਕਦਾ ਜਦ ਤਕ ਤੁਹਾਡੇ ਹੱਥ 'ਚ ਹੈ
ਤੁਸੀਂ ਜੀਅ ਹੀ ਨਹੀਂ ਸਕਦੇ
ਛਲਕਦੇ ਪਿਆਲੇ ਨੂੰ ਫੜੇ ਹੋਏ ਲੀਚੜ ਹੱਥ
ਕੁੱਝ ਤੋੜਨ ਦਾ ਵੱਲ ਭੁੱਲ ਚੁਕੇ ਹੁੰਦੇ ਹਨ।
ਕਿਸੇ ਮੰਗਤੇ ਦੇ ਹੱਥਾਂ ਨਾਲ ਤੁਸੀਂ ਜੀਉਣ ਦੀ ਇਬਾਰਤ ਨਹੀਂ ਲਿਖ ਸਕਦੇ
ਜਦੋਂ ਤੜਾਕ ਦੇਣੀ ਹੱਥ 'ਚੋਂ ਡਿਗਦਾ ਹੈ
ਕਿਸੇ ਦੀ ਮਿਹਰ ਵਾਲਾ ਛਲਕਦਾ ਪਿਆਲਾ
ਤੁਸੀਂ ਜਿਉਣਾ ਸ਼ੁਰੂ ਕਰਦੇ ਹੋ
***
22 ਮਈ, 1982
('ਖਿਲਰੇ ਹੋਏ ਵਰਕੇ', ਸਫ਼ਾ 44)
ਉਹ ਨੀਲ ਦੇ ਕੰਢਿਆਂ 'ਤੇ ਲੜਿਆ ਜਨੌਰਾਂ ਵਾਂਗ
ਜੰਗਲ ਦੇ ਪਾਲੇ ਹੋਏ ਜਨੌਰਾਂ ਵਾਂਗ
ਉਸ ਦੇ ਸਿਰ ਵਿੱਚ ਵਗਦੇ ਬੇਸਮਝੀ ਦੇ ਚੋਅ
ਕਈ ਵਾਰ ਉਹ ਨੀਲ ਦੇ ਤਾਰੀਖ਼ੀ ਪਾਣੀਆਂ ਵਿੱਚ
ਮਹਿਰੂ ਵਾਂਗ ਠਿੱਲ੍ਹ ਜਾਂਦਾ
ਪਿੰਡੇ ਤੋਂ ਬਾਰੂਦ ਦੀ ਮੁਸ਼ਕ ਧੁਲਦੀ
ਪਰ ਉਹਦੇ ਪਿੰਡੇ 'ਤੇ
ਜੋ ਮਿਸਰ ਦੇ ਮੈਦਾਨੀਂ ਫੜਫੜਾਉਂਦੀ ਮੌਤ ਦੀ ਹਮਕ ਚਿਮਟਦੀ ਸੀ
ਕਦੀ ਨਾ ਲਹਿੰਦੀ
ਮੈਲ ਦੀਆਂ ਬੱਤੀਆਂ ਉਤਾਰਦਿਆਂ ਜਾਂ ਸਿਰ 'ਚੋਂ ਜੂਆਂ ਖੁਰਕਦਿਆਂ
ਉਸ ਦੇ ਸਿਰ 'ਚ ਵਗਦੇ ਰਹੇ ਬੇਸਮਝੀ ਦੇ ਚੋਅ
ਤੇ ਦੁਨੀਆ ਦੇ ਅਨੇਕਾਂ ਲੋਕਾਂ ਵਾਂਗ ਉਹ
***
24 ਮਈ, 1982
('ਖਿਲਰੇ ਹੋਏ ਵਰਕੇ', ਸਫ਼ਾ 43)
ਦੁਨੀਆ 'ਚ ਖਿੱਲਰੇ ਨਿੱਕਸੁੱਕ ਨੂੰ ਚੁਣਦਾ ਸਾਂਭਦਾ
ਹਫ਼ ਰਿਹਾ ਹੈ ਘਰੇਲੂ ਆਦਮੀ
ਘਰੇਲੂ ਆਦਮੀ ਨਿੱਕਸੁੱਕ 'ਚ ਖਿਲਰੇ ਘਰ ਨੂੰ
ਸਾਂਭਦਾ ਸਮੇਟਦਾ ਮਰ ਜਾਂਦਾ ਹੈ
ਘਰੇਲੂ ਆਦਮੀ ਦੇ ਉਹਲੇ ਲੁਕ ਜਾਂਦਾ ਹੈ ਪੂਰਾ ਦੇਸ਼
ਘਰੇਲੂ ਆਦਮੀ ਸਿਰਫ਼ ਘਰ ਅੰਦਰ ਹੀ ਆਦਮੀ ਹੁੰਦੈ
ਘਰੇਲੂ ਆਦਮੀ ਧੁੱਪਾਂ 'ਚ ਲੁਕੇ ਪਾਰਦਰਸ਼ੀ ਪੰਛੀਆਂ
ਦਾ ਸ਼ਿਕਾਰ ਕਰਨਾ ਚਾਹੁੰਦਾ ਹੈ
***
17 ਜੁਲਾਈ, 1982
('ਖਿਲਰੇ ਹੋਏ ਵਰਕੇ', ਸਫ਼ਾ 46)
ਉਹ ਹੁਣ ਉੱਡਦਾ ਨਹੀਂ - ਸਿਰਫ਼ ਦੌੜ ਰਿਹਾ ਹੈ
-ਸਿਰਫ਼ ਤੁਰ ਰਿਹਾ ਹੈ
-ਰੀਂਗ ਰਿਹਾ ਹੈ
(ਮੈਂ ਤਾਂ) ਉਸੇ ਤਰ੍ਹਾਂ ਹੀ ਹਾਂ
ਪਿੱਠ 'ਤੇ ਬਸਤਾ ਲਏ ਹੋਏ
ਹੱਥ ਵਿੱਚ ਲੰਪ ਦੀ ਸਿਗਰਟ
ਪੈਰਾਂ ਵਿੱਚ ਵਾਟ ਫੜੇ ਹੋਏ
ਮੈਂ ਨਫ਼ਰਤ ਕਰਨੀ ਸਿੱਖੀ ਸੀ
***
18 ਜੁਲਾਈ, 1982
('ਖਿਲਰੇ ਹੋਏ ਵਰਕੇ', ਸਫ਼ਾ 45)
ਕੌਣ ਹੈ
ਜੋ ਦੁੱਧ, ਕਣਕ ਤੇ ਕਵਿਤਾ ਤੱਕ ਨੂੰ
ਸਾਡੇ ਖਿਲਾਫ਼ ਸਦਾ ਭੁਗਤਾਉਂਦਾ ਹੈ।
ਕੌਣ ਸਾਡਿਆਂ ਹੱਥਾਂ ਨੂੰ...
***
1 ਅਗਸਤ, 1982
('ਆਪਣੇ ਨਾਲ ਗੱਲਾਂ', ਸਫ਼ਾ 81)
ਚੰਦ ਵੀ ਇਕੱਲਾ ਹੀ ਹੈ ਮੇਰੇ ਵਾਂਗ
ਤੇ ਉਨ੍ਹਾਂ ਸਾਰੇ ਗੁਨਾਹਗਾਰ ਲੋਕਾਂ ਦੇ ਵਾਂਗ
ਜਿਨ੍ਹਾਂ ਅਨੁਕੂਲ ਹਾਲਤਾਂ ਨਾ ਹੋਣ 'ਤੇ ਵੀ ਜੀਣ ਦਾ ਦੁਸਾਹਸ ਕੀਤਾ
ਸ਼ਾਇਦ ਚੰਦ ਨੂੰ ਗੁਆਂਢ ਦੀ ਅਣਹੋਂਦ ਚੁਭਦੀ ਨਹੀਂ
ਜੋਗੀ ਸਾਧਾਂ ਵਾਂਗ ਜੋ ਹੋਣ ਦਾ ਮਹੱਤਵ ਗੁਆ ਬਹਿੰਦੇ ਨੇ
ਸਾਡੇ ਕੋਲ ਵਸਦੇ ਵੀ ਇਕੱਲਤਾ ਜਿਉ ਰਹੇ ਲੋਕਾਂ ਨੇ
ਆਪਣੀ ਸੁਭਾਅ ਵਿਚਲੀ ਸਾਜ਼ਿਸ਼ ਤੋਂ
ਕਿਤੇ ਇਉਂ ਤਾਂ ਨਹੀਂ ਚੰਦ ਨੇ ਵੀ ਸਿੱਖ ਲਿਆ ਹੋਵੇ?
ਰੁੱਖ ਜਦ ਘੁਸਰ-ਮੁਸਰ ਨਹੀਂ ਕਰਦੇ
ਤੇ ਚੁੱਪ ਖੜ੍ਹੇ ਹੁੰਦੇ ਨੇ ਭਾਰਤੀ ਸ਼ਹਿਰੀ ਵਾਂਗ
ਚੁੱਪ ਵਿੱਚ ਬੁਝੀ ਹੋਈ ਘਰਾਂ ਦੀ ਤਾਰ ਉੱਤੇ
ਮੌਸਮ ਤਿਲਕ ਜਾਂਦੇ ਨੇ ਜਦੋਂ
ਹਰਿਆਣੇ ਦੇ ਵਿਧਾਇਕਾਂ ਵਾਂਗ
ਗੁਰਦੁਆਰੇ ਦਾ ਸਪੀਕਰ ਜਦ ਬਾਣੀ ਦੀ ਥਾਂ ਸ਼ੋਰ ਉਗਲਦਾ ਹੈ
ਸਾਡੇ ਉਲਟ ਭੁਗਤਦੇ
.................................
.................................
ਤਾਂ ਮੈਨੂੰ ਲੱਗਦਾ ਹੈ ਕਿ ਆਪਣੇ ਲਈ
ਬਣਾਇਆ ਗਿਆ ਸਾਡਾ ਇਹ ਜਹਾਨ
ਸਾਡੇ ਉਲਟ ਭੁਗਤਦਾ ਜਾ ਰਿਹਾ ਹੈ
***
2 ਅਗਸਤ, 1982
(‘ਖਿਲਰੇ ਹੋਏ ਵਰਕੇ’, ਸਫਾ 36)
ਕੰਮ ਜੋ ਆਦਮੀ ਦੀਆਂ ਨਸਾਂ ਵਿੱਚ ਵਹਿੰਦਾ ਹੈ
ਜਿਉਣ ਦੀ ਕੰਬਣੀ ਬਣਾ
ਕੰਮ ਇੱਕ ਬਲਦ ਹੈ ਧਰਤੀ ਦੇ ਹੇਠਲਾ
ਕੰਮ ਆਕਾਸ਼ ਹੈ ਇੱਕ ਲਿਸ਼ਕਦਾ ਹੋਇਆ
ਕੰਮ ਕਬਰਾਂ ਦੇ ਸ਼ਮਸ਼ਾਨ ਗਿਰਦ ਵਾਗਲਾ
ਜ਼ਰਖ਼ੇਜ਼ ਮਿਟੀ ਨੂੰ ਕਬਰਾਂ ਤੋਂ ਅੱਡ ਕਰਦਾ
***
23 ਅਗਸਤ, 1982
('ਆਪਣੇ ਨਾਲ ਗੱਲਾਂ', ਸਫ਼ਾ 82)
ਅਦੁੱਤੀ ਥਰਥਰੀ, ਜੋ ਬੜੇ ਹੀ ਠਰੰਮੇ ਭਰੇ ਦੁਸਾਹਸ ਨਾਲ
ਮੈਂ ਪੱਕ ਰਹੇ ਅੰਗਾਂ ਥਾਣੀ ਤੇਰੇ ਵਿੱਚ ਬੀਜੀ ਸੀ,
ਉਹ ਲੱਖ ਪਰੋਖਿਆਂ ਦੇ ਬਾਵਜੂਦ
ਝੜ ਝੜ ਵਧ ਰਹੇ ਪੱਤਿਆਂ ਦੇ ਅੰਨ੍ਹੇ ਢੇਰ ਹੇਠਾਂ
ਉੱਗ ਰਹੀ ਹੋਵੇਗੀ
ਤੂੰ ਆਪਣੇ ਪਤੀ ਨੂੰ ਜਿਸ ਨਾਲ ਯਾਦ ਕਰਦੀ ਏਂ
ਪਤੈ ? ਇਹ ਮੇਰੀ ਹੀ ਸਿਖਾਈ ਹੋਈ ਉਡੀਕ ਹੈ
ਜਿਸ ਬਾਲ ਦਾ ਤੂੰ ਏਨਾ ਖਿਆਲ ਰੱਖਦੀ ਏਂ- ਉਹਦਾ ਐਡਰੈੱਸ
ਤੇਰੀ ਛਾਤੀ ਦੇ ਅੰਦਰ ਮੈਂ ਆਪਣੇ ਪੋਟਿਆਂ ਨਾਲ ਲਿਖਿਆ ਸੀ
ਤੇਰੀ ਕੋਈ ਵੀ ਮੇਕਅਪ (ਤੇਰੇ) ਚਿਹਰੇ ਤੋਂ ਮੇਰੀ ਦਸਤਕ
ਦੀ ਝੁਣਝੁਣੀ
ਨੂੰ ਕਿੰਝ ਦਬਾ ਸਕੇਗੀ ? ਤੂੰ ਉਸ ਵਿੱਚ ਸਾਹ ਲਏ ਹਨ
ਜਿਹੜੀ ਹਵਾ ਮੇਰੀ ਦਸਤਕ ਦੀ ਟੁਣਕਾਰ ਭਰੀ ਪਈ ਸੀ
ਤੇਰਾ ਜਿਸਮ ਕਿੱਥੇ ਕਦੋਂ ਤੇ ਕਿਸ ਕੋਲ ਖੁੱਲ੍ਹਿਆ ਸੀ-
ਆਪਣੇ ਚੌੜ-ਚੁਪੱਟ ਦਰਾਂ ਨਾਲ
ਇਹ ਸਵਾਲ ਹੀ ਤਦ ਬਣਨਾ ਸੀ –
ਜੇ ਆਪਣੀਆਂ ਸਭ ਆਦਤਾਂ, ਸੋਚਾਂ
ਤੇ ਉਨ੍ਹਾਂ ਦੇ ਪੱਧਰ ਦੇ ਸਣੇ ਆਪਣੀ ਮਾਣਮੱਤੀ ਕਵਾਰੀ ਜਾਨ
ਸੱਭ ਤੋਂ ਪਹਿਲਾਂ ਮੇਰੀ ਬੁੱਕਲ ਵਿੱਚ ਜੇ ਰਹੀ ਨਾ ਹੁੰਦੀ ਅਲਫ ਨੰਗੀ
ਤੇਰਾ ਨੰਗੇਜ਼ ਉਦੋਂ ਤੋਂ ਬੜੀ ਹੀ ਦੂਰ-ਦੂਰ ਤੱਕ ਘੁੰਮਿਆ
ਫਿਰਿਆ ਏ ਪਰ
ਪਰ ਤੇਰੇ ਕੱਪੜਿਆਂ ਹੇਠਲੀ ਡੋਰ ਦਾ ਮੁੱਢਲਾ ਸਿਰਾ
ਸਦਾ ਹੀ ਬਝਿਆ ਰਿਹਾ ਏ
ਮੇਰੀ ਗੁੱਟ ਘੜੀ ਨਾਲ....
***
25 ਸਤੰਬਰ, 1982
('ਵਰਤਮਾਨ ਦੇ ਰੂਬਰੂ', ਸਫ਼ਾ 17)
ਭਾਗ - 9
ਕਾਪੀ 'ਚੋਂ
ਬੋਤੇ ਚਾਰਦਾ ਤੇਰਾ ਸਰਵਣ ਵੀਰ
ਬੋਤਿਆਂ ਨੇ ਚਰ ਲਿਆ ਹੈ, ਭੈਣੇ
ਓਸ ਹੁਣ ਤੈਨੂੰ ਮਿਲਣ ਨਹੀਂ ਆਉਣਾ
ਮੈਂ ਸਲਾਮ ਕਰਦਾ ਹਾਂ
ਮਨੁੱਖ ਦੇ ਮਿਹਨਤ ਕਰਦੇ ਰਹਿਣ ਨੂੰ
ਮੈਂ ਸਲਾਮ ਕਰਦਾ ਹਾਂ
ਔਣ ਵਾਲੇ ਖ਼ੁਸ਼ਗਵਾਰ ਮੌਸਮਾਂ ਨੂੰ
ਜਦ ਸਿਰੇ ਚੜ੍ਹਨਗੇ ਵਖਤਾਂ ਦੇ ਨਾਲ ਪਾਲ਼ੇ ਹੋਏ ਪਿਆਰ
ਜ਼ਿੰਦਗੀ ਦੀ ਧਰਤੀ ਤੋਂ
ਬੀਤੇ ਵੇਲਿਆਂ ਦਾ ਵਗਿਆ ਹੋਇਆ ਲਹੂ
ਚੁੱਕ ਕੇ ਮੱਥਿਆਂ 'ਤੇ ਲਾਇਆ ਜਾਏਗਾ
***
(ਮੂਲ ਹੱਥਲਿਖਤ)
ਮੈਂ ਆਪਣੀ ਜ਼ਹਿਰ ਦਾ ਵੀ ਹਾਣ ਲੱਭ ਲਵਾਂਗਾ
ਕਣੀਆਂ ਨਾਲ ਭਿੱਜੀ ਮਿੱਟੀ 'ਚੋਂ
ਚੋਆ ਚੋਆ ਕਰਦਿਆਂ ਅਸਮਾਨਾਂ 'ਚੋਂ
ਤੇ ਬਹੁਤ ਹੀ ਘੱਟ ਸੋਚਣ ਵਾਲੀਆਂ
ਬਹੁਤ ਡੂੰਘੀਆਂ ਹਜ਼ਾਰਾਂ ਡੌਰ ਭੌਰ ਅੱਖਾਂ 'ਚੋਂ
ਕਾਂ ਸਾਡੇ ਖੇਤਾਂ 'ਚ ਉੱਡ ਰਹੇ ਹਨ
ਫਸਲ ਤੋਂ ਬਾਦ
ਫਸਲ ਤਿਲਕਦੀ ਜਾ ਰਹੀ ਹੈ
ਧਰਤੀ ਹਰ ਵਰ੍ਹਿਆਈ ਗਾਂ ਵਾਂਗ ਬਹੁਤੀਆਂ ਮੰਗਾਂ ਨਹੀਂ ਕਰਦੀ
ਬਸ ਚੁੱਪ ਚਾਪ
ਕਦੇ ਉੱਡਦਿਆਂ ਕਾਂਵਾਂ
ਤੇ ਕਦੇ ਮੁਰਝਾਏ ਹੋਏ ਮਨੁੱਖਾਂ ਵੱਲ ਤੱਕਦੀ ਹੀ ਜਾ ਰਹੀ ਹੈ
ਜਿਹਨਾਂ ਕੋਲ ਦਰਦ ਬਾਰੇ ਸੋਚਣ ਦੀ ਵੇਹਲ
ਬਹੁਤ ਮਹਿੰਗੀ ਹੈ
ਅਜੇ ਮੈਂ ਜ਼ਹਿਰ ਦੀ ਨੁਮਾਇਸ਼ ਕਰਨ ਜੋਗਾ ਨਹੀਂ
ਨਹੀਂ ਤਾਂ ਧੁੱਪ ਤੋਂ ਪ੍ਰੇਸ਼ਾਨ ਹੋ ਕੇ
ਨਿੱਕੀਆਂ ਨਿੱਕੀਆਂ ਛਾਵਾਂ ਮਗਰ ਦੌੜਨਾ ਨਹੀਂ ਸੀ
ਨਹੀਂ ਤਾਂ ਇਸ ਤਰਾਂ ਨਿਰਮਾਣ ਹੋ ਕੇ
ਭੋਂਅ 'ਚ ਗੱਡੇ ਡਰਨਿਆਂ ਕੋਲੋਂ ਦੀ ਕੌਣ ਲੰਘਦਾ ਹੈ ।
***
(ਮੂਲ ਹੱਥਲਿਖਤ)
ਸਾਡੇ ਚੋਂ ਕਿਨਿਆਂ ਕੁ ਦਾ ਸਬੰਧ ਜੀਵਨ ਨਾਲ ਹੈ
ਜਦ ਕਿ ਮੈਂ ਦੇਖ ਚੁੱਕਾਂ ਹਾਂ ਆਪਣੀਆਂ ਅੱਖਾਂ ਦੇ ਨਾਲ
ਜਦ ਕਿ ਮੈਂ ਸੁਣ ਚੁੱਕਾਂ ਹਾਂ ਆਪਣੇ ਕੰਨਾਂ ਦੇ ਨਾਲ
ਜ਼ਿੰਦਗੀ ਤੇਰੇ ਰਾਹਾਂ 'ਚ ਸੈਆਂ ਔਝੜਾਂ
ਤੇਰੇ ਸਿਰ 'ਤੇ ਲੱਖਾਂ ਗੱਡਿਆਂ ਦਾ ਭਾਰ
ਤੂੰ ਕਿਵੇਂ ਲੰਘ ਕੇ ਆ ਸਕਦੀ ਏਂ ਸਾਡੇ ਸਾਹਾਂ ਨੂੰ ਤਰਸੇ ਪਿੰਡਾਂ ਦੇ ਕੋਲ
ਜਦਕਿ ਰਾਹਾਂ ਚ ਉੱਡ ਰਹੀ ਹੈ
ਮੰਡੀਆਂ ਨੂੰ ਜਾਂਦੇ ਅੰਨ ਦੇ ਗੱਡਿਆਂ ਦੀ ਧੂੜ
ਜਦਕਿ ਸੜਕਾਂ 'ਤੇ ਪਿਘਲ ਰਹੀ ਹੈ
ਲੁੱਕ ਹੇਠਾਂ ਵਿਛੀ ਹੋਈ ਮਨੁੱਖਾਂ ਦੀ ਚਰਬੀ
ਵਿਸ਼ਵਾਸ ਰੱਖ ਅਸੀਂ ਕੱਢ ਲਵਾਂਗੇ ਤੈਨੂੰ
ਟੈਂਕਾਂ ਦੀ ਮਾਹਲ 'ਚੋਂ
ਤੇਰੇ ਮੌਰਾਂ ਤੋਂ ਲਾਹ ਕੇ ਸੁੱਟ ਦਿਆਂਗੇ
ਪੱਥਰ ਦੇ ਸਿੰਘਾਸਣਾਂ ਦਾ ਭਾਰ
ਫਿਰ ਤੈਨੂੰ ਵਰ੍ਹਿਆਂ ਦੇ ਨਾਲ ਨਹੀਂ
ਜਿਸਮਾਂ ਦੇ ਹਾਸੇ ਨਾਲ ਮਿਣਿਆ ਜਾਏਗਾ
ਤੇ ਮੇਰੇ ਪਿੰਡ ਦੀਆਂ ਕੁੜੀਆਂ ਦੇ ਰੱਟਣਾਂ ਭਰੇ ਹੱਥਾਂ ਦੇ ਗਿੱਧੇ ਵਿੱਚ
ਤੇਰੇ ਮਹਿਕਦੇ ਬੋਲਾਂ ਨੂੰ ਸੁਣਿਆ ਜਾਏਗਾ।
***
(ਮੂਲ ਹੱਥਲਿਖਤ)
ਫਿਰ ਸੁਣਾ ਦਿੱਤਾ ਗਿਆ ਹੈ ਇੱਕ ਪੁਰਾਣਾ ਚੁਟਕਲਾ
ਫਿਰ ਸਾਡੇ ਜਿੰਦਾ ਹੋਣ ਦੀ ਗੱਲ ਤੁਰੀ ਹੈ
ਕਿਸੇ ਅੰਬਰ 'ਤੇ ਪੁੱਟ ਦਿੱਤੀ ਸੀ ਕਿ ਇੱਕ ਅੰਨ੍ਹੀ ਡਰਾਉਣੀ ਖਾਈ
ਅਸਾਡਾ ਹਰ ਸਵੇਰਾ ਤਿਲਕ ਕੇ ਉਸ ਵਿੱਚ ਜਾ ਡਿੱਗਿਆ
ਤੇ ਅਸੀਂ ਲਹੂ ਲੁਹਾਨ ਦਿਨਾਂ ਦੇ ਟੁਕੜੇ ਲਈ ਫਿਰੇ
***
(ਮੂਲ ਹੱਥਲਿਖਤ)
ਰੱਬ ਨਾ ਕਰੇ ਕਿ ਅਸੀਂ ਭੁੱਲ ਜਾਈਏ
ਬਰਛੀ ਵਾਂਗ ਹੱਡਾਂ ਵਿੱਚ ਖੁੱਭੇ ਹੋਏ ਸਾਲਾਂ ਨੂੰ
ਜਦ ਹਰ ਘੜੀ ਕਿਸੇ ਬਿਫਰੇ ਹੋਏ ਸ਼ਰੀਕ ਵਾਂਗ ਸਿਰ 'ਤੇ ਗੜਕਦੀ ਰਹੀ
ਜਦ ਦਿਸਹੱਦੇ 'ਤੇ ਤਰਦੇ ਰਹੇ
ਕਰਜੇ ਦੀ ਬਣੀ ਮਿਸਲ ਤੋਂ ਨੀਲਾਮੀ ਦੇ ਦ੍ਰਿਸ਼
ਜਦ ਅਸੀਂ ਸੁਬਕ ਜਹੀਆਂ ਧੀਆਂ ਦੀਆਂ
ਅੱਖਾਂ 'ਚ ਅੱਖ ਪਾਉਣੋਂ ਡਰੇ
ਰੱਬ ਨਾ ਕਰੇ ਕਿ ਭੁੱਲ ਜਾਈਏ
ਜਦੋਂ ਅਸੀਂ ਵਰਤੇ ਗਏ
ਧਮਕੀਆਂ ਨਾਲ ਭਰੇ ਹੋਏ ਭਾਸ਼ਣ ਸੁਣਨ ਲਈ
ਰੱਬ ਨਾ ਕਰੇ ਕਿ ਕੋਈ ਭੁੱਲ ਜਾਵੇ
ਕਿਵੇਂ ਧਰਤੀ ਦੀਆਂ ਮਾਸੂਮ ਗੱਲ੍ਹਾਂ ਨੂੰ ਲਹੂ ਮਲਿਆ ਗਿਆ
ਜਦ ਚੁਣੇ ਹੋਏ ਵਿਧਾਇਕ
ਆਪਣੀ ਵਾਰੀ ਲਈ ਕੁੱਤਿਆਂ ਦੇ ਵਾਂਗ ਹਿੜਦੇ ਰਹੇ
ਅਤੇ ਸੜਕਾਂ 'ਤੇ ਹੜਤਾਲੀਏ ਮਜ਼ਦੂਰਾਂ ਦਾ ਸ਼ਿਕਾਰ ਖੇਡ ਹੁੰਦਾ ਰਿਹਾ
ਜਦ ਲਹੂ ਨਾਲ ਗੱਚ ਦੀਦਿਆਂ ਨੂੰ
ਠੁਠ ਦਿਖਲਾਉਂਦੇ ਰਹੇ ਅਖ਼ਬਾਰਾਂ ਦੇ ਪੰਨੇ
ਤੇ ਅਸੈਂਬਲੀਆਂ 'ਚ ਹੋਏ ਠਾਠ ਦੇ ਚੋਹਲਾਂ ਦਾ ਜ਼ਿਕਰ
ਨਿਗਲ ਜਾਂਦਾ ਰਿਹਾ
ਬੰਗਲੌਰ ਵਿੱਚ ਹਿੱਕਾਂ ਛਣਨੀ ਹੋਣ ਦੀ ਸੁਰਖੀ
ਜਦ ਰੇਡੀਓ ਸਾਬਤ ਰਿਹਾ
ਤੇ ਮਗਰਮੱਛ ਮੁੱਖਮੰਤਰੀ
ਢਿੱਡ 'ਚ ਪਈਆਂ ਲੋਥਾਂ ਨੂੰ ਪੁੱਤਾਂ ਦੀ ਥਾਂ ਦੱਸਦਾ ਰਿਹਾ
ਜਦ ਪਿੰਜੇ ਗਏ ਸ਼ਾਹਕੋਟ ਦੀਆਂ ਚੀਕਾਂ ਨੂੰ ਜਾਮ ਕਰਦਾ ਰਿਹਾ
ਇੱਕ ਠਿਗਣੇ ਜਹੇ ਡੀ ਐਸ ਪੀ ਦਾ ਹਾਸਾ
***
(ਮੂਲ ਹੱਥਲਿਖਤ)
ਘਾਹ ਵਰਗੇ ਬੰਦੇ ਦੀ ਦਾਸਤਾਨ
ਬੋਤੇ ਚਾਰਦਾ ਤੇਰਾ ਸਰਵਣ ਵੀਰ
ਬੋਤਿਆਂ ਨੇ ਚਰ ਲਿਆ ਹੈ, ਭੈਣੇ
ਓਸ ਹੁਣ ਤੈਨੂੰ ਮਿਲਣ ਨਹੀਂ ਆਉਣਾ
ਜੀ ਤਾਂ ਬੜਾ ਕਰਦਾ ਸੀ
ਕਿ ਆ ਕੇ ਸੱਸ ਤੇਰੀ ਤੋਂ
ਲੁਕਾ ਕੇ ਰੱਖਿਆ ਘਿਓ ਕਢਵਾਵਾਂ
ਜਾਂ ਸੁੱਕੀ ਖੰਡ ਦੀ ਕੌਲੀ
ਉਹਦੇ ਮੱਥੇ 'ਚ ਚੁੱਕ ਮਾਰਾਂ,
ਪਰ ਨਾ ਮੁਰਾਦ ਬੋਤਿਆਂ ਦਾ ਅਜਬ ਕਿੱਸਾ ਹੈ
ਨਾ ਇਹ ਆਪੂੰ ਨਜ਼ਰ ਆਉਂਦੇ ਨੇ
ਨਾ ਉੱਡਦੀ ਧੂੜ ਦਿਸਦੀ ਹੈ
ਬਸ ਬੁੱਟਾਂ ਦੇ ਚਰਨ ਦੀ ਅਵਾਜ਼ ਸੁਣਦੀ ਹੈ
ਜਦ ਉਹ ਵਾਗੀਆਂ ਦੇ ਗੀਤਾਂ ਨੂੰ ਨਿਘਾਰ ਰਹੇ ਹੁੰਦੇ ਹਨ
ਮੇਰੇ ਤਾਂ ਚਿੱਤ 'ਚ ਸੀ ਕਿ ਬੋਤਿਆਂ ਲਈ
ਮੇਰੀਆਂ ਅੱਖਾਂ ਵਿੱਚ ਫੈਲੀ ਹੋਈ ਹਰਿਆਵਲ ਹੀ ਕਾਫ਼ੀ ਹੈ
ਪਰ ਜਦ ਉਨ੍ਹਾਂ ਮੇਰੇ ਹੱਥ ਖਾਧੇ
ਤੇਰੇ ਜੋਤੀ-ਵਿਹੂਣੇ ਅੰਮਾਂ 'ਤੇ ਬਾਬਲ
ਮੇਰੇ ਵਹਿੰਗੀ ਨਾ ਚੁੱਕ ਸਕਣ ਬਾਰੇ
ਕੁਝ ਵੀ ਸਮਝ ਨਹੀਂ ਸਕੇ...
ਤੇ ਹੁਣ ਤੇਰਾ ਇੰਜੜੀ ਦਾ ਚਾਅ
ਪਿੰਡ ਦੀ ਹੱਦ ਉਤਲੀ ਕਿੱਕਰ 'ਤੇ ਟੰਗਿਆ ਪਿਆ ਹੈ
ਕਿਸੇ ਅਣਵਰਤੇ ਕੱਫਣ ਵਾਂਗ,
ਭੈਣੇ, ਸਰਫੇ ਦੀਆਂ ਪੈਲੀਆਂ ਨੂੰ
ਮੱਛਰੇ ਬੋਤੇ ਲਿਤਾੜੀ ਜਾ ਰਹੇ ਹਨ ।
***
(ਮੂਲ ਹੱਥਲਿਖਤ)
ਟਿਮਟਿਮਾਉਂਦੀ ਕਲਮਕੱਲੀ ਲੋਅ ਵਾਲਾ
ਜ਼ਰੂਰੀ ਨਹੀਂ ਕਿਸੇ ਵੇਸਵਾ ਦਾ ਘਰ ਹੀ ਹੋਵੇ
ਇਹ ਕਿਸੇ ਐੱਮ. ਐੱਲ. ਏ. ਦਾ ਬੰਗਲਾ ਹੋ ਸਕਦਾ ਹੈ
ਸ਼ਾਇਦ ਓਥੇ ਮੈਂਟਲਪੀਸ 'ਤੇ ਰੱਖੀ
ਮਹਾਤਮਾ ਗਾਂਧੀ ਦੀ ਵੱਡੀ ਸਾਰੀ ਤਸਵੀਰ ਪਿੱਛੇ
ਮੇਰੇ ਬਚਪਨ 'ਚ ਹਾਰੇ ਬੰਟਿਆਂ ਦੀ ਕੁੱਜੀ ਪਈ ਹੋਵੇ
ਓਦੋਂ ਗੋਲ ਪੈਸੇ ਚਲਦੇ ਸਨ
ਤੇ ਮੈਂ ਓਡਾ ਕੁ ਸਾਂ
ਜਿੰਨਾ ਕਿਸੇ ਨੂੰ ਗੋਲ ਪੈਸੇ ਦੀ ਗਲੀ 'ਚੋਂ ਦਿਸਿਆ
ਤੇ ਬਾਕੀ ਸ਼ਾਇਦ ਸਾਰੇ ਦਾ ਸਾਰਾ...
***
(ਮੂਲ ਹੱਥਲਿਖਤ)
ਮੈਨੂੰ ਵਿਰਸੇ ਵਿੱਚ ਇੱਕ ਊਂਘ ਮਿਲ਼ੀ ਹੈ
ਬਾਰ ਬਾਰ ਮੇਰਾ ਅਸੱਭਿਆ ਪੰਜਾਬ ਆਉਂਦਾ ਹੈ ਆਪਣੇ ਪਤਿਤ ਹੋਏ ਫਰਜ਼ੰਦ ਕੋਲ
ਜੋ ਮੈਨੂੰ ਗਰੇਟ ਈਸਟਰਨ ਹੋਟਲ 'ਚੋਂ ਭੱਜ ਜਾਣ ਲਈ ਕਹਿੰਦਾ ਹੈ
ਮੈਂ ਉਸਨੂੰ ਸੱਭਿਆ ਹੋਣ ਦੇ ਉਪਦੇਸ਼ ਦਿੰਦਾ ਹੋਇਆ
ਜੰਗਲਾਂ ਵਿੱਚ ਜਾ ਕੇ ਬੱਬਰ ਸ਼ੇਰ ਨੂੰ ਮਾਰਨਾ ਚਾਹੁੰਦਾ ਹਾਂ
ਮੇਰੇ ਅਸੱਭਿਆ ਸਮਾਜ ਨੂੰ ਪਤਾ ਹੈ
ਕਿ ਸ਼ੇਰ ਆਸਾਮ ਦੇ ਜੰਗਲਾਂ 'ਚ ਨਹੀਂ
ਮੁੱਦਕੀ ਜਾਂ ਸਭਰਾਵਾਂ ਦੇ ਮੈਦਾਨਾਂ ਵਿੱਚ ਵੀ
ਜਦੋਂ ਚਾਹੇ ਸ਼ਰ੍ਹੇਆਮ ਬੁੱਕਦਾ ਹੈ
ਪਰ ਮੈਨੂੰ ਵਿਰਸੇ 'ਚ ਊਂਘ ਮਿਲੀ ਹੈ
ਉਸ ਵਿੱਚ ਫੱਟੜ ਹੋਏ ਹਿਰਨ ਦਾ ਦਿਲ ਹੋਵੇ ਤਾਂ ਹੋਵੇ
ਉਹਦੇ ਵਿੱਚ ਮਿਰਜ਼ੇ ਦੀ ਅਣਗਹਿਲੀ ਜੇ ਹੋਵੇ ਤਾਂ ਹੋਵੇ
ਉਂਝ ਉਸ ਵਿੱਚ
ਲੂੰਬੜੀ ਦੇ ਬਖਸ਼ੇ ਹੋਏ ਤੋਂ ਬਿਨਾਂ
ਹਰ ਚੀਜ਼ ਗੈਰ ਹੈ
ਮੈਂ ਜਲਿਆਂ ਵਾਲੇ ਕਾਂਡ ਵੇਲੇ ਵੈਰੀ ਨਾਗ ਦੇ ਝਰਨੇ1
..... ...... ...... .....
***
1 ਇਸ ਸਤਰ ਤੋਂ ਅੱਗੇ ਸਫ਼ਾ ਖਾਲੀ ਹੈ। ਜ਼ਾਹਰ ਹੈ ਕਿ ਇਹ ਅਧੂਰੀ ਹੈ
('ਪਾਸ਼-ਕਾਵਿ 1', ਸਫਾ -235)
ਭਾਗ 10
ਹੋਰ ਸ੍ਰੋਤਾਂ ਤੋਂ ਪ੍ਰਾਪਤ ਰਚਨਾਵਾਂ
ਸਾਡੇ ਲਹੂ ਨੂੰ ਆਦਤ ਹੈ
ਮੌਸਮ ਨਹੀਂ ਵੇਂਹਦਾ
ਮਹਿਫ਼ਲ ਨਹੀਂ ਵੇਂਹਦਾ
ਜ਼ਿੰਦਗੀ ਦੇ ਜਸ਼ਨ ਵਿੱਢ ਲੈਂਦਾ ਹੈ
ਸੂਲੀ ਦੇ ਗੀਤ ਛੋਹ ਲੈਂਦਾ ਹੈ
ਵਫਾ
ਸਾਲਾਂ ਭਰ ਤੜਪ ਕੇ ਤੇਰੇ ਲਈ
ਮੈਨੂੰ ਭੁੱਲ ਗਈ ਹੈ ਚਿਰਾਂ ਤੋਂ, ਆਪਣੀ ਅਵਾਜ਼ ਦੀ ਪਛਾਣ
ਭਾਸ਼ਾ ਜੋ ਮੈਂ ਸਿੱਖੀ ਸੀ, ਮਨੁੱਖ ਜਿਹਾ ਜਾਪਣ ਲਈ
ਮੈਂ ਉਸ ਦੇ ਸਾਰੇ ਹਰਫ ਜੋੜ ਕੇ ਵੀ
ਮਸਾਂ ਤੇਰਾ ਨਾਮ ਹੀ ਬਣ ਸਕਿਆ।
ਮੇਰੇ ਲਈ ਵਰਣ ਆਪਣੀ ਧੁਨੀ ਖੋ ਬੈਠੇ ਬੜੇ ਚਿਰ ਦੇ
ਮੈਂ ਹੁਣ ਲਿਖਦਾ ਨਹੀਂ - ਤੇਰੇ ਧੁਪੀਲੇ ਅੰਗਾਂ ਦੀ ਸਿਰਫ਼ ਪ੍ਰਛਾਈਂ ਫੜਦਾ ਹਾਂ
ਕਦੀ ਤੂੰ ਤੱਕਿਆ ਹੈ- ਲਕੀਰਾਂ ਨੂੰ ਬਗ਼ਾਵਤ ਕਰਦੇ ?
ਕੋਈ ਵੀ ਅੱਖਰ ਮੇਰੇ ਹੱਥਾਂ 'ਚੋਂ
ਤੇਰੀ ਤਸਵੀਰ ਹੀ ਬਣ ਕੇ ਨਿੱਕਲਦਾ ਹੈ
ਤੂੰ ਮੈਨੂੰ ਹਾਸਲ ਏਂ (ਪਰ) ਕਦਮ ਭਰ ਦੀ ਵਿੱਥ ਨਾਲ
ਸ਼ਾਇਦ ਇਹ ਕਦਮ ਮੇਰੀ ਉਮਰ ਤੋਂ ਹੀ ਨਹੀਂ –
ਮੇਰੇ ਕਈ ਜਨਮਾਂ ਤੋਂ ਵੀ ਵੱਡਾ ਹੈ-
ਇਹ ਕਦਮ ਫ਼ੈਲਦੇ ਹੋਏ ਲਗਾਤਾਰ
ਮੱਲ ਲਏਗਾ ਮੇਰੀ ਸਾਰੀ ਧਰਤੀ ਨੂੰ
ਇਹ ਕਦਮ ਨਾਪ ਲਏਗਾ ਮੋਇਆਂ ਅਕਾਸ਼ਾਂ ਨੂੰ
ਤੂੰ ਦੇਸ਼ ਹੀ ਰਹੀਂ
ਮੈਂ ਕਦੀ ਪਰਤਾਂਗਾ ਜੇਤੂ ਦੇ ਵਾਂਗ ਤੇਰੀਆਂ ਜੂਹਾਂ ਵਿੱਚ
ਇਹ ਕਦਮ ਜਾਂ ਮੈਂ
ਜ਼ਰੂਰ ਦੋਹਾਂ 'ਚੋਂ ਕਿਸੇ ਨੂੰ ਕਤਲ ਹੋਣਾ ਪਏਗਾ
***
('ਖਿਲਰੇ ਹੋਏ ਵਰਕੇ', ਸਫ਼ਾ 82)
ਮੈਂ ਤੇਰੀ ਸੋਚ ਦੀ ਆਹਟ ਹਾਂ
ਤੇਰੀ ਜੁੰਬਿਸ਼ ਦਾ ਸਮਾਂ ਹਾਂ
ਤੇਰੀ ਮੁਸਕਾਨ ਵਿੱਚ ਖੁਰੀ ਹੋਈ ਘਟਨਾ ਹਾਂ।
ਮੈਂ ਤੇਰੀ ਨਜ਼ਰ ਵਿੱਚ ਵਿਛਣ ਵਾਸਤੇ ਸਥਾਨ ਹਾਂ
ਮੈਂ ਭਰਮ ਹਾਂ ਤੇਰੇ ਪੈਰਾਂ1 'ਚ ਰੇਤ ਦਾ ਬਣਿਆ
ਜਦ ਜ਼ਰਾ ਪੈਰ ਹਿਲਾਏਂਗੀ
ਮੈਂ ਭੁਰ ਜਾਵਾਂਗਾ
ਤੂੰ ਮੇਰੀ ਘਰ ਦੀ ਤੜਫ਼ ਨੂੰ ਹੀ ਮੇਰਾ ਘਰ ਸਮਝੀਂ
ਜੋ ਵੀ ਚਿਣ-ਚਿਣ ਕੇ ਉਸਾਰਾਂਗੇ ਇਮਾਰਤ ਹੋ ਜੂ
ਤੂੰ ਗਾਉਂਦੀ ਭਾਫ਼ ਦੀ ਗੁੱਛੀ ਏਂ2
ਜਿਵੇਂ ਖ਼ੁਦ 'ਚ ਗਵਾਚੀ ਹੋਵੇ
ਤੂੰ ਰਸਤਿਆਂ ਦੀ ਮਹਿਕ
ਧੂੜ ਵਿੱਚ ਰਸਿਆ ਚਾਨਣ
ਮੈਂ ਉੱਗ ਰਿਹਾ ਹਾਂ
ਕਿਸੇ ਸਿੰਜੀ ਹੋਈ ਰਾਤ ਦੇ ਵਿੱਚ
ਤੂੰ ਮੇਰੀ ਲਗਰ-ਲਗਰ ਖਿੜਦੀ ਸਵੇਰ ਦੀ ਏਂ ਗੂੰਜ।
***
('ਖਿਲਰੇ ਹੋਏ ਵਰਕੇ', ਸਫ਼ਾ 81)
1. ਵਰਤਮਾਨ ਦੇ ਰੂਬਰੂ, ਸਫ਼ਾ 15 ਅਨੁਸਾਰ 'ਚਰਨ'
2. ਵਰਤਮਾਨ ਦੇ ਰੂਬਰੂ, ਸਫ਼ਾ 15 ਅਨੁਸਾਰ 'ਤੂੰ ਗਾਉਂਦੀ ਭਾਫ਼ ਏਂ’
ਤੈਨੂੰ ਤਾਂ ਪਤਾ ਹੈ ਮਾਨਤਾਵਾਂ ਦੀ ਕੰਧ ਰੇਤਲੀ ਦਾ1
ਮਾਪਿਆਂ ਦਾ ਝਿੜਕਿਆ - ਮੈਂ ਰੋਵਾਂਗਾ ਨਹੀਂ, ਤੇਰੇ ਗਲੇ ਲੱਗ ਕੇ।
ਯਾਰ ਦੀ ਜੱਫੀ ਵਿੱਚ ਇਉਂ ਫੈਲ ਜਾਂਦੀ ਹੈ ਸੰਵੇਦਨਾ ਦੀ ਧੁੰਦ
ਕਿ ਪੜ੍ਹ ਨਹੀਂ ਹੁੰਦੀਆਂ ਆਪਣੇ ਖ਼ਿਲਾਫ਼ ਛਪਦੀਆਂ ਖਬਰਾਂ
ਤੈਨੂੰ ਤਾਂ ਪਤਾ ਹੈ ਕਿ ਭਾਵੇਂ ਹਟ ਗਏ ਹਨ ਚੱਲਣੋਂ
ਹੁਣ ਗਲੀ ਵਾਲੇ ਪੈਸੇ,
ਪਰ ਅਸਤਾਂ ਵਾਂਗ ਉਹ ਪਿੱਛੇ ਛੱਡ ਗਏ ਹਨ ਆਪਣੀ ਸਾਜ਼ਿਸ਼।
ਤੇ ਆਦਮੀ ਹਾਲੇ ਵੀ
ਓਡਾ ਹੈ ਜਿੰਨਾ ਕਿਸੇ ਨੂੰ ਗੋਲ ਪੈਸੇ ਦੀ ਗਲੀ 'ਚੋਂ ਦਿਸਦਾ ਸੀ।
***
(04.05.1975)
('ਪਾਸ਼ ਤਾਂ ਸੂਰਜ ਸੀ', ਸਫ਼ਾ 244 )
1. ਇਸ ਕਵਿਤਾ ਦੇ ਦੋ ਰੂਪ ਮਿਲਦੇ ਹਨ, ਦੋਵੇਂ ਪਾਠ ਦਿੱਤੇ ਜਾ ਰਹੇ ਹਨ। ਕਵਿਤਾ ਦੇ ਸੰਬੋਧਨ ਅਨੁਸਾਰ ਦੂਜੇ ਪੈਰ੍ਹੇ ਦੀ ਪਹਿਲੀ ਸਤਰ ਵਿੱਚ ਸ਼ਬਦ 'ਮੈਨੂੰ' ਦੀ ਜਗ੍ਹਾ 'ਤੈਨੂੰ' ਕੀਤਾ ਗਿਆ ਹੈ।
ਮੈਨੂੰ ਪਤਾ ਹੈ1
ਮਾਨਤਾਵਾਂ ਦੀ ਕੰਧ ਰੇਤਲੀ ਦਾ
ਮਾਪਿਆਂ ਦਾ ਝਿੜਕਿਆ
ਮੈਂ ਰੋਵਾਂਗਾ ਨਹੀਂ, ਤੇਰੇ ਗਲੇ ਲੱਗ ਕੇ
ਯਾਦ ਤੇਰੀ ਜੱਫੀ ਵਿੱਚ ਇਉਂ ਫੈਲ ਜਾਂਦੀ ਹੈ
ਸੰਵੇਦਨਾ ਦੀ ਧੁੰਦ 'ਚ
ਕਿ ਪੜ੍ਹ ਨਹੀਂ ਹੁੰਦੀਆਂ
ਆਪਣੇ ਖ਼ਿਲਾਫ਼ ਛਪਦੀਆਂ ਖਬਰਾਂ
ਮੈਨੂੰ ਪਤਾ ਹੈ ਕਿ ਭਾਵੇਂ ਹਟ ਗਏ ਹਨ ਚੱਲਣੋਂ
ਹੁਣ ਗਲੀ ਵਾਲ਼ੇ ਗੋਲ ਪੈਸੇ
ਪਰ ਅਸਤਾਂ ਵਾਂਗ ਉਹ ਪਿੱਛੇ ਛੱਡ ਗਏ ਹਨ
ਆਪਣੀ ਸਾਜ਼ਿਸ਼
ਤੇ ਆਦਮੀ ਹਾਲੇ ਵੀ ਓਡਾ ਹੈ
ਜਿੰਨਾ ਕਿਸੇ ਨੂੰ ਗੋਲ ਪੈਸੇ ਦੀ ਗਲੀ 'ਚੋਂ ਦਿਸਦਾ ਹੈ।
***
(11.5.1975)
1. ਕਿਸੇ ਦੋਸਤ ਤੋਂ ਆਏ ਪੋਸਟਕਾਰਡ ਦੀ ਪਿੱਠ ਤੋਂ ('ਪਾਸ਼-ਕਾਵਿ 1', ਸਫ਼ਾ 201)
ਉਹ ਰਿਸ਼ਤੇ ਹੋਰ ਹੁੰਦੇ ਹਨ
ਉਹ ਰਿਸ਼ਤੇ ਹੋਰ ਹੁੰਦੇ ਹਨ
ਜਿਨ੍ਹਾਂ ਵਿੱਚ ਭਟਕ ਜਾਂਦੇ ਹਨ ਦੁੱਧ ਚਿੱਟੇ ਦਿਨ
ਤੇ ਮੱਖਣ ਵਰਗੀਆਂ ਕੂਲੀਆਂ ਰਾਤਾਂ
ਜਿਨ੍ਹਾਂ ਵਿੱਚ ਸਾਵਾ ਘਾਹ ਲੇਟਣ ਲਈ ਹੁੰਦਾ ਹੈ
ਜਾਂ ਬੰਬਾਂ ਨਾਲ ਝੁਲਸਣ ਲਈ
ਜਿਨ੍ਹਾਂ ਵਿੱਚ ਇਨਸਾਨ ਰਾਜਾ ਹੁੰਦਾ ਹੈ ਜਾਂ ਪਸ਼ੂ
ਆਦਮੀ ਕਦੇ ਨਹੀਂ ਹੁੰਦਾ
ਉਹ ਰਿਸ਼ਤੇ ਹੁੰਦੇ ਹਨ : ਪਥਰ 'ਤੇ ਖਰੋਚੀ ਹੋਈ ਚਿਹਰੇ ਦੀ ਪਹਿਚਾਣ
ਢਿੱਡ ਦੀ ਕੁੰਡੀ 'ਚ ਅੜੇ ਹੋਏ ਜੰਗਾਲੇ ਸੰਗਲ
ਛਾਤੀਆਂ 'ਤੇ ਗਿਰਝਾਂ ਵਰਗੇ ਝਪਟਦੇ ਅਹਿਸਾਸ (ਅਰਮਾਨ)
ਟੁੱਟੀ ਹੋਈ ਪੰਜਾਲੀ ਵਾਂਗ ਸਿਰਫ ਬਾਲਣ ਦੇ ਕੰਮ ਆਉਦੇਂ ਹਨ ਉਹ ਰਿਸ਼ਤੇ
ਉਹ ਰਿਸ਼ਤੇ
ਜਿਨ੍ਹਾਂ ਵਿੱਚ ਕੋਈ ਭੀੜ ਕੁਰਬਲਾਉਂਦੀ ਹੋਈ ਦਲਦਲ ਲਗਦੀ ਹੈ
ਜਿਨ੍ਹਾਂ ਵਿੱਚ ਸ਼ਰਾਰਤਾਂ ਕਰਦੇ ਹੋਏ ਬੱਚੇ ਨਰਕ ਦਾ ਦ੍ਰਿਸ਼ ਦਿਸਦੇ ਹਨ
ਜਿਨ੍ਹਾਂ ਵਿੱਚ ਉਠਦੀ ਜਵਾਨੀ ਹਕੂਮਤ ਲਈ ਵੀ ਆਫ਼ਤ ਹੁੰਦੀ ਹੈ
ਤੇ ਮਾਪਿਆਂ ਲਈ ਵੀ
ਜਿਹਨਾਂ ਵਿੱਚ ਗੋਡਿਆਂ ਤੋਂ ਉੱਤੇ
ਤੇ ਗਰਦਨ ਤੋਂ ਥੱਲੇ ਹੀ ਹੋ ਜਾਂਦਾ ਹੈ ਮੁਕੰਮਲ ਔਰਤ ਦਾ ਜਿਸਮ
ਉਹ ਰਿਸ਼ਤੇ ਜੀਣ ਜੋਗੀ ਇਸ ਪਵਿੱਤਰ ਧਰਤੀ 'ਤੇ
ਮਾਰਖੋਰੇ ਸਾਹਨਾਂ ਦੀ ਉਡਾਈ ਹੋਈ ਧੂੜ ਹੁੰਦੇ ਹਨ
ਉਹ ਰਿਸ਼ਤੇ ਹੋਰ ਹੁੰਦੇ ਹਨ
ਇਹ ਰਿਸ਼ਤੇ ਹੋਰ ਹਨ, ਜੋ ਭੋਗੇ ਜਾਂਦੇ ਹਨ, ਅਜੇ ਸਮਝੇ ਨਹੀਂ ਜਾਂਦੇ
ਇਹ ਰਿਸ਼ਤੇ ਸਿਸਕਦੇ ਹਨ ਘਾਹ ਦੀ ਪੰਡ ਖੋਤਣ ਲਈ
ਆਡਾਂ ਵਿੱਚ ਖਰਗੋਸ਼ ਵਾਂਗੂੰ ਲੁਕੇ ਹੋਏ ਘਾਹੀਆਂ
ਤੇ ਟੋਕਾ ਫੇਰਦੇ ਉਸ ਰੋਣ ਹਾਕੇ ਜੱਟ ਦੇ ਵਿਚਾਲੇ
ਜਿਸ ਦਾ ਬਾਰ ਬਾਰ ਰੁਕ ਰਿਹਾ ਹੈ ਰੁੱਗ
ਇਹ ਰਿਸ਼ਤੇ ਚੀਕਦੇ ਹਨ
ਮੰਡੀਆਂ ਵਿੱਚ ਕਣਕ ਸੁੱਟਣ ਆਏ
ਮੂੰਹ ਜਹੇ ...ਬੈਠੇ ਉਨ੍ਹਾਂ ਕਿਸਾਨਾਂ ਵਿੱਚ
ਜੋ ਨਾਲ ਦੇ ਨੂੰ ਇਹ ਨਹੀਂ ਪੁੱਛਦੇ
ਕਿ ਅਗਲਾ ਮੱਲੀਆਂ ਤੋਂ ਆਇਆ ਹੈ ਕਿ ਤਲਵੰਡੀਓਂ
ਪਰ ਉਨ੍ਹਾਂ ਵਿਚਲੀ ਉਦਾਸ ਚੁੱਪ ਪੁੱਛਦੀ ਹੈ
ਪੁੜੀਆਂ 'ਚ ਵਿਕਦੀ ਰਸਦ ਕਿਸ ਤਰਾਂ ਡਕਾਰ ਜਾਂਦੀ ਹੈ
ਬੱਦਲਾਂ ਨੂੰ ਛੋਂਹਦੇ ਬੋਹਲ...
***
('ਸੰਪੂਰਣ ਪਾਸ਼-ਕਾਵਿ', ਸਫ਼ਾ 258)
ਭਾਫ਼ ਤੇ ਧੂੰਆਂ
ਅੰਗਾਂ ਤੇ ਰੰਗਾਂ ਵਿੱਚ
ਆਪਣੀ ਲਘੂਤਾ ਤੇ ਅਹਿਸਾਸ ਜਿੰਨਾ ਫ਼ਰਕ ਹੈ।
ਜੋ ਵੀ ਸਰਾਪੀ ਕਿਰਨ
ਮੇਰੇ ਸੰਗ ਘਸਰ ਕੇ ਲੰਘਦੀ ਹੈ
ਮੇਰੀ ਅਵਾਜ਼ ਤੋਂ ਬੇਖ਼ਬਰ ਹੈ
ਹਰ ਸੁਲਗਦੀ ਕਿਰਨ
ਭਟਕ ਜਾਂਦੀ ਹੈ ਸਮੇਂ ਦੀਆਂ ਪੀੜ੍ਹੀਆਂ ਅੰਦਰ
ਤੇ ਵਸੀਅਤ ਬਣ ਕੇ
ਹਰ ਸਰਾਪੀ ਕਿਰਨ
ਬੇਮੌਸਮੀ ਰੁੱਤੇ ਮਰ ਜਾਂਦੀ ਹੈ
ਸੂਰਜ ਤਾਂ ਕੱਲ ਫਿਰ ਚੜ੍ਹਣਾ ਹੈ
ਮੈਥੋਂ ਫੇਰ ਮਰਨ ਦੀ ਖਾਤਰ
ਆਪਣਾ ਆਪ ਬਚਾ ਨਹੀਂ ਹੋਣਾ।
ਮੈਨੂੰ ਆਪਣੇ ਸ਼ਬਦ
ਪਰੋ ਕੇ ਰੱਖਣੇ ਪੈਂਦੇ ਹਨ
ਇੱਕ ਪਾਲ ਵਿੱਚ –
ਕਿਉਂਕਿ ਹਰ ਸੀਮਾ ਦੇ
ਉਸ ਪਾਰ
ਦੁਸ਼ਮਣ ਖੜੇ ਹਨ।
ਮੇਰੀ ਛਾਂ ਦੇ ਗਰਭ ਅੰਦਰ
ਨਾਜਾਇਜ਼ ਸਬੰਧ ਪਲਦੇ ਨੇ
(ਹਰ ਕਿਸੇ ਕਿਰਨ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਬਨਵਾਸ ਕਹਿ ਸਕਦਾਂ)
ਤੇ ਮੈਂ ਨਿੱਤ ਜਾਣ ਬੁੱਝ ਕੇ
ਹੰਡਿਆਂ ਅੰਗਾਂ ਦੀ ਸੂਲੀ ਉੱਤੇ ਚੜ੍ਹ ਕੇ
ਭਲਕ ਲਈ ਤੋਬਾ ਦੀ ਭੂਮੀ ਤਿਆਰ ਕਰਦਾ ਹਾਂ।
ਤੂੰ ਤਾਂ ਸਿਗਰਟ ਪੀ ਕੇ
ਹੱਥਾਂ ਚੋਂ ਮਿਚਾ ਦਿੱਤੀ-
ਪੈਰਾਂ ਥੱਲੇ ਫਿਸਣ ਤੋਂ ਬਿਨਾਂ
ਉਹਦੇ ਅੰਗਿਆਰੇ
ਬਸਤੀ ਨੂੰ ਜਲਾ ਵੀ ਸਕਦੇ ਹਨ
ਮੇਰੀ ਛਾਤੀ ਉੱਪਰਲੇ
ਤੇਰੇ ਨੌਹਾਂ ਦੇ ਨਿਸ਼ਾਨ
ਜਖ਼ਮ ਤੋਂ ਛੁੱਟ
ਕਾਸ਼! ਕਿ ਕੁੱਝ ਹੋਰ ਵੀ
ਅਖਵਾ ਸਕਣ ਦੇ ਯੋਗ ਹੁੰਦੇ।
ਕੀ ਕੋਈ ਫਰਕ ਕਰੇ
ਭਾਫ਼ 'ਤੇ
ਧੂੰਏਂ 'ਚ।
***
('ਖਿਲਰੇ ਹੋਏ ਵਰਕੇ', ਸਫ਼ਾ 88-89)
ਤੇਰੇ ਖੜੋ-ਖੜੋ ਜਾਂਦੇ ਕਰਾਂ ਪੈਰਾਂ ਦੀ ਸਹੁੰ ਬਾਪੂ
ਮੈਂ ਤੈਨੂੰ ਖਾਣ ਖਾਣ ਆਉਂਦੀਆਂ ਰਾਤਾਂ ਦੇ ਕੱਕਰ ਦਾ
ਹਿਸਾਬ ਲੈ ਕੇ ਦੇਵਾਂਗਾ
ਤੂੰ ਮੇਰੀ ਫੀਸ ਦੀ ਚਿੰਤਾ ਨਾ ਕਰੀਂ
ਮੈਂ ਹੁਣ ਕੌਟੱਲਿਆ ਦਾ ਸ਼ਾਸਤਰ ਸਿੱਖਣ ਲਈ
ਵਿਦਿਆਲੇ ਨਹੀਂ ਜਾਇਆ ਕਰਾਂਗਾ
ਮੈਂ ਹੁਣ ਮਾਰਸ਼ਲ ਤੇ ਆਦਮ ਸਮਿੱਥ ਨੂੰ
ਭੈਣ ਬਿੰਦਰੋ ਦੀ ਸ਼ਾਦੀ ਦੇ ਫਿਕਰਾਂ ਵਾਂਗ
ਵਧਦੀਆਂ ਕੀਮਤਾਂ ਦਾ ਸਿਧਾਂਤ ਪੁੱਛਣ ਨਹੀਂ ਜਾਵਾਂਗਾ
ਬਾਪੂ ਤੂੰ ਐਵੇਂ ਹੱਡਾਂ ਨੂੰ ਝੋਰਾ ਨਾ ਲਾ
ਮੈਂ ਅੱਜ ਪਟਵਾਰੀ ਦੀ ਜ਼ਰੀਬ ਨਾਲ ਨਹੀਂ
ਉਮਰ ਭਰ ਭੱਤਾ ਢੋਂਦੀ ਬੇਬੇ ਦੇ ਪੈਰਾਂ ਦੀਆਂ ਬਿਆਈਆਂ ਨਾਲ
ਆਪਣੇ ਖੇਤ ਮਿਣਾਂਗਾ।
ਮੈਂ ਅੱਜ ਸੰਦੂਕ ਦੇ ਹਮੇਸ਼ਾਂ ਹੀ ਸੱਖਣੇ ਹੀ ਰਹੇ ਰਖਨੇ ਦੀ
ਭਾਂ ਭਾਂ ਨਾਲ ਤੇਰਾ ਅੱਜ ਤੱਕ ਦਾ ਦਿੱਤਾ ਹੋਇਆ ਮਾਮਲਾ ਗਿਣਾਂਗਾ
ਤੇਰੇ ਖੜੋ ਖੜੋ ਜਾਂਦੇ ਕਰਾਂ ਪੈਰਾਂ ਦੀ ਸਹੁੰ ਬਾਪੂ
ਮੈਂ ਅੱਜ ਸ਼ਮਸ਼ਾਨਾਂ ਵਿੱਚ ਜਾ ਕੇ
ਆਪਣੇ ਬਾਬੇ ਤੇ ਬਾਬੇ ਦੇ ਬਾਬੇ ਨਾਲ ਗੁਪਤ ਮੀਟਿੰਗਾਂ ਕਰਾਂਗਾ
ਮੈਂ ਆਪਣੇ ਪੁਰਖਿਆਂ ਨਾਲ ਗੁਫ਼ਤਗੂ ਕਰਕੇ ਪਤਾ ਲਾਵਾਂਗਾ
ਇਹ ਸਭ ਕੁਝ ਕਿਸ ਤਰਾਂ ਹੋਇਆ ਸੀ
ਕਿ ਦੁਕਾਨਾਂ ਜਮ੍ਹਾਂ ਦੁਕਾਨਾਂ ਦਾ ਜਮ੍ਹਾਂਫਲ ਮੰਡੀ ਬਣ ਗਿਆ
ਇਹ ਸਭ ਕੁਝ ਕਿਸ ਤਰਾਂ ਹੋਇਆ
ਕਿ ਮੰਡੀ ਜਮ੍ਹਾਂ ਤਹਿਸੀਲ ਦਾ ਜਮ੍ਹਾਂਫਲ ਸ਼ਹਿਰ ਬਣ ਗਿਆ
ਮੈਂ ਭੇਤ ਕਢਾਂਗਾ
ਮੰਡੀ ਅਤੇ ਤਹਿਸੀਲ ਬੰਜਰ ਮੈਦਾਨਾਂ ਵਿੱਚ
ਕਿੰਝ ਉੱਗ ਆਇਆ ਸੀ ਥਾਣੇ ਦਾ ਦਰੱਖ਼ਤ
ਬਾਪੂ ਤੂੰ ਹੁਣ ਮੇਰੀ ਫ਼ੀਸ ਦੀ ਚਿੰਤਾ ਨਾ ਕਰੀਂ
ਮੈਂ ਕਾਲਜ ਦੇ ਕਲਰਕਾਂ ਮੂਹਰੇ
ਹੁਣ ਹੀਂ-ਹੀਂ ਨਹੀਂ ਕਰਿਆ ਕਰਾਂਗਾ
ਮੈਂ ਘਟਦੇ ਲੈਕਚਰਾਂ ਦੀ ਸਫ਼ਾਈ ਦੇਣ ਲਈ
ਹੁਣ ਕਦੀ ਬੇਬੇ ਜਾਂ ਬਿੰਦਰੋ ਨੂੰ
ਨਕਲੀ ਤਾਪ ਨਹੀਂ ਚੜ੍ਹਾਇਆ ਕਰਾਂਗਾ
ਮੈਂ ਝੂਠ ਮੂਠ ਤੈਨੂੰ ਟਾਹਲੀ ਛਾਂਗਦੇ ਨੂੰ ਸੁੱਟ ਕੇ
ਤੇਰੀ ਲੱਤ ਟੁੱਟਣ ਵਰਗਾ ਕੋਈ ਬਦਸ਼ਗਨ ਜਿਹਾ ਬਹਾਨਾ ਨਹੀਂ ਕਰਾਂਗਾ
ਮੈਂ ਹੁਣ ਅੰਬੇਦਕਰ ਦੇ ਫ਼ੰਡਾਮੈਂਟਲ ਰਾਈਟਸ
ਸੱਚੀ ਮੁੱਚੀ ਦੇ ਨਹੀਂ ਸਮਝਿਆ ਕਰਾਂਗਾ
ਮੈਂ ਤੇਰੇ ਪੀਲ਼ੇ ਚਿਹਰੇ 'ਤੇ
ਕਿਸੇ ਬੇਜ਼ਮੀਰ ਟਾਊਟ ਦੀ ਮੁਸਕਾਨ ਵਰਗੇ ਧੌਲਿਆਂ ਨੂੰ
ਸੋਗਮਈ ਨਜ਼ਰਾਂ ਨਾਲ ਨਹੀਂ ਵੇਖਾਂਗਾ
ਕਦੇ ਵੀ ਮੈਂ ਉਸ ਸੰਜੇ ਗਾਂਧੀ ਨੂੰ ਪਟਿਆਂ ਤੋਂ ਫੜ ਕੇ
ਤੇਰੇ ਕਦਮਾਂ ਉੱਤੇ ਪਟਕ ਦੇਵਾਂਗਾ
ਮੈਂ ਉਹਦੀਆਂ ਊਟਪਟਾਂਗ ਫੜ੍ਹਾਂ ਨੂੰ
ਤੇਰੀ ਰੱਬ ਨੂੰ ਕੱਢੀ ਗਾਹਲ ਅੱਗੇ ਗੋਡਿਆਂ ਪਰਨੇ ਕਰ ਦਿਆਂਗਾ
ਬਾਪੂ ਤੂੰ ਗ਼ਮ ਨਾ ਲਾਈਂ
ਮੈਂ ਉਸ ਨੌਜਵਾਨ ਹਿੱਪੀ ਨੂੰ ਤੇਰੇ ਸਾਹਮਣੇ ਪੁੱਛਾਂਗਾਂ
ਮੇਰੇ ਬਚਪਨ ਤੋਂ ਅਗਲੀ ਉਮਰ ਦੀ ਵਾਰੀ
ਦੁਆਪਰ ਯੁੱਗ ਵਾਂਗ ਅੱਗੜ-ਪਿੱਛੜ ਕਿਸ ਬਦਮਾਸ਼ ਨੇ ਕੀਤੀ ਹੈ
ਮੈਂ ਉਹਨੂੰ ਦੱਸਾਗਾਂ
ਨਿਸੱਤੇ ਫਤਵਿਆਂ ਨਾਲ ਚੀਜ਼ਾਂ ਨੂੰ ਪੁਰਾਣਿਆਂ ਕਰਦੇ ਚਲੇ ਜਾਣਾ
ਅਤੇ ਬੇਗਾਨਿਆਂ ਪੁੱਤਾਂ ਦੀਆਂ ਮਾਵਾਂ ਦੇ ਕੁਨਾਂ ਪਾਉਣੇ
ਸਿਰਫ਼ ਲੋਰੀ ਦੇ ਹੀ ਸੰਗੀਤ ਵਿੱਚ ਸੁਰੱਖਿਅਤ ਹੁੰਦਾ ਹੈ
ਮੈਂ ਉਹਨੂੰ ਕਹਾਗਾਂ
ਮਮਤਾ ਦੀ ਲੋਰੀ ਤੋਂ ਜ਼ਰਾ ਬਾਹਰ ਤਾਂ ਆ
ਤੈਨੂੰ ਪਤਾ ਲੱਗੇ
ਬਾਕੀ ਦਾ ਸਾਰਾ ਦੇਸ਼ ਬੁੱਢਾ ਨਹੀਂ ਹੈ...
***
('ਖਿਲਰੇ ਹੋਏ ਵਰਕੇ', ਸਫ਼ਾ 76-78)
ਤੂੰ ਕਿਵੇਂ ਰਹਿੰਦੀ ਹੀ ਜਾਨੀ ਏਂ ਮਾਂ
ਤੂੰ ਗ਼ਮ ਨਾ ਲਾਇਆ ਕਰ
ਮੈਂ ਆਪਣੇ ਦੋਸਤਾਂ ਨਾਲ ਬੋਲਣਾ ਛੱਡ ਦਿੱਤਾ ਹੈ
ਪਤੈ ? ਉਹ ਕਹਿੰਦੇ ਸੀ - ਹੁਣ ਤੇਰਾ ਘਰ ਪਰਤਣਾ ਬਹੁਤ ਮੁਸ਼ਕਿਲ ਹੈ
ਉਹ ਝੂਠ ਕਹਿੰਦੇ ਨੇ ਮਾਂ, ਤੂੰ ਮੈਨੂੰ ਹੁਣ ਉੱਥੇ ਬਿਲਕੁਲ ਨਾ ਜਾਣ ਦਈਂ
ਆਪਾਂ ਬਬਲੂ ਨੂੰ ਵੀ ਨਹੀਂ ਜਾਣ ਦੇਵਾਂਗੇ
ਉਹ ਲੋਕ ਓਹੀਓ ਨੇ ਜਿਨ੍ਹਾਂ ਮੈਥੋਂ ਵੱਡੇ ਨੂੰ
ਤੈਥੋਂ ਵਿਛੋੜ ਦਿੱਤਾ ਸੀ
ਤੂੰ ਗ਼ਮ ਨਾ ਲਾਇਆ ਕਰ
ਮੈਂ ਉਸ ਸਾਲੇ ਅਸ਼ਿਮ ਚੈਟਰਜੀ ਨੂੰ ਮੁੱਛਾਂ ਤੋਂ ਫੜ ਕੇ
ਤੇਰੇ ਕਦਮਾਂ ਤੇ ਪਟਕ ਦਿਆਂਗਾ
ਤੂੰ ਉਹਤੋਂ ਮੈਥੋਂ ਵੱਡੇ ਦੀ ਲਾਸ਼ ਮੰਗੀਂ
ਉਹ ਬਾਈ ਦੀਆਂ ਹੱਡੀਆਂ ਨੂੰ ਜਾਦੂ ਦਾ ਡੰਡਾ ਬਣਾ ਕੇ
ਨਵਿਆਂ ਮੁੰਡਿਆਂ ਦੇ ਸਿਰ 'ਤੇ ਘੁਮਾਉਂਦੇ ਹਨ
ਤੂੰ ਰੋਂਦੀ ਕਿਉਂ ਏਂ ਮਾਂ
ਮੈਂ ਵੱਡੀ ਭੈਣ ਨੂੰ ਵੀ ਉਸ ਰਾਹੋਂ ਹੋੜ ਲਿਆਵਾਂਗਾ
ਤੇ ਫਿਰ ਅਸੀਂ ਸਾਰੇ ਭੈਣ ਭਰਾ
ਇਕੱਠੇ ਹੋ ਕੇ ਪਹਿਲਾਂ ਵਾਂਗ ਠਹਾਕੇ ਲਾਇਆ ਕਰਾਂਗੇ
ਬਚਪਨ ਦੇ ਉਨ੍ਹਾਂ ਦਿਨਾਂ ਵਾਂਗ
ਜਦ ਤੇਰੀਆਂ ਅੱਖਾਂ 'ਤੇ ਚੁੰਨੀ ਬੰਨ ਕੇ
ਅਸੀਂ ਮੰਜਿਆਂ ਦੇ ਹੇਠ ਲੁਕ ਜਾਂਦੇ ਸਾਂ
ਤੇ ਤੂੰ ਹੱਥ ਵਧਾ ਕੇ ਟੋਂਹਦੀ ਹੋਈ
ਸਾਨੂੰ ਲੱਭਿਆ ਕਰਦੀ ਸੈਂ
ਜਾਂ ਬਿਲਕੁਲ ਓਦੋਂ ਵਾਂਗ ਜਦ ਮੈਂ ਪਿੱਠ ਉੱਤੇ
ਚੂੰਢੀ ਭਰਕੇ ਦੌੜ ਜਾਂਦਾ ਸਾਂ
ਅਤੇ ਤੂੰ ਗੁੱਸੇ ਵਿੱਚ ਮੇਰੇ ਪਿੱਛੇ
ਵੇਲਣਾ ਵਗਾਹ ਕੇ ਮਾਰਦੀ -
ਮੈਂ ਟੁੱਟਿਆ ਹੋਇਆ ਵੇਲਣਾ ਵਿਖਾ ਵਿਖਾ
ਤੈਨੂੰ ਬੜਾ ਹੀ ਸਤਾਉਂਦਾ ਸਾਂ।
ਬਾਈ ਦਾ ਚੇਤਾ ਤੈਨੂੰ ਬਹੁਤ ਸਤਾਉਂਦਾ ਏ ਨਾ ਮਾਂ ?
ਉਹ ਬੜਾ ਸਾਊ ਸੀ-ਇੱਕ ਵਾਰ ਚੇਤਾ ਏ - ?
ਜਦ ਉਹ ਟਾਹਲੀ ਛਾਂਗਦਾ ਹੋਇਆ ਡਿੱਗ ਪਿਆ ਸੀ
ਬਾਂਹ ਟੁੱਟ ਜਾਣ 'ਤੇ ਵੀ ਹੱਸਦਾ ਰਿਹਾ ਸੀ
ਤਾਂ ਕਿ ਸਦਮੇ ਨਾਲ ਤੂੰ ਗਸ਼ ਨਾ ਖਾ ਜਾਏਂ
ਤੇ ਭੈਣ ਓਦੋਂ ਕਿੰਨੀ ਛੋਟੀ ਸੀ
ਬਿਲਕੁਲ ਗੁੱਡੀ ਜਹੀ
ਹੁਣ ਉਹ ਸ਼ਹਿਰ ਜਾ ਕੇ ਕੀ ਕੀ ਸਿੱਖ ਗਈ ਹੈ
ਪਰ ਤੂੰ ਗ਼ਮ ਨਾ ਲਾਇਆ ਕਰ ਮਾਂ
ਆਪਾਂ ਉਹਦੇ ਹੱਥ ਪੀਲੇ ਕਰ ਦਿਆਂਗੇ
ਫੇਰ ਮੈਂ ਤੇ ਬਬਲੂ
ਏਸੇ ਤਰ੍ਹਾਂ ਤੇਰੀ ਗੋਦ 'ਚ ਪੈ ਕੇ
ਪਰੀਆਂ ਦੀਆਂ ਕਹਾਣੀਆਂ ਸੁਣਿਆਂ ਕਰਾਂਗੇ
ਤੇ ਜਿਕਰ ਛੇੜਿਆ ਕਰਾਂਗੇ
ਉਸ...ਤਾਮੁਲਕ ਬਾਰੇ
ਜੋ ਕਦੀ ....ਤਾਮਰ ਲਿਪਤੀ ਹੋਇਆ ਕਰਦਾ ਸੀ
ਆਪਾਂ ਮਾਂ - ਕਿਤੇ ਦੂਰ ਚਲੇ ਜਾਵਾਂਗੇ
ਜਿੱਥੇ ਸਿਰਫ ਪੰਛੀ ਰਹਿੰਦੇ ਨੇ
ਜਿੱਥੇ ਅਸਮਾਨ ਕੇਵਲ ਤੰਬੂ ਕੁ ਹੀ ਜੇਡਾ ਨਹੀ
ਜਿੱਥੇ ਦਰੱਖ਼ਤ ਲੋਕਾਂ ਵਰਗੇ ਨੇ
ਲੋਕ ਦਰੱਖ਼ਤਾਂ ਵਰਗੇ ਨਹੀਂ
ਮਾਂ ਤੂੰ ਗ਼ਮ ਨਾ ਲਾ
ਆਪਾਂ ਫੇਰ ਇੱਕ ਵਾਰ ਉਨ੍ਹਾਂ ਦਿਨਾਂ ਵੱਲ ਪਰਤ ਜਾਵਾਂਗੇ –
ਉੱਥੇ, ਜਿੱਥੋਂ ਸ਼ਹਿਰ ਦਾ ਰਸਤਾ
ਇੱਕ ਬਹੁਤ ਵੱਡੇ ਜੰਗਲ 'ਚੋਂ ਦੀ ਹੋ ਕੇ ਜਾਂਦਾ ਹੈ
***
('ਸੰਪੂਰਣ ਪਾਸ਼-ਕਾਵਿ', ਸਫਾ 259-60)
ਇੱਕ ਵਹੁਟੀ ਤੇ ਬੱਸ ਜਵਾਕ ਇੱਕ
ਹੋਰ ਕੁੱਝ ਵੀ ਨਹੀਂ ਸੀ ਉਸ ਕੋਲ ਪਿੱਛੇ ਛੱਡਣ ਨੂੰ
ਕਬਰ ਦਾ ਇੱਕ ਪੱਥਰ ਵੀ ਨਹੀਂ।
ਆਪਣੇ ਪਿੱਛੇ ਜੋ ਛੱਡ ਗਈ ਮਰਨ ਵਾਲੀ
ਇੱਕ ਮੁਰਝਾਇਆ ਫੁੱਲ ਸੀ ਤੇ ਇੱਕ ਜਵਾਕ
ਹੋਰ ਕੱਖ ਵੀ ਬਚਿਆ ਨਹੀਂ ਮਗਰ
ਇੱਕ ਪੁਸ਼ਾਕ ਤੱਕ ਵੀ ਨਹੀਂ ਉਸ ਦੇ ਬਾਅਦ।
ਮਰਨ ਵਾਲਾ ਜਵਾਕ ਛੱਡ ਗਿਆ ਜੋ ਆਪਣੇ ਬਾਦ
ਲੱਤ ਇੱਕ ਮੁਚੜੀ ਹੋਈ
ਤੇ ਖੁਸ਼ਕ ਹੰਝੂ
ਹੋਰ ਪਿੱਛੇ ਕੁਝ ਵੀ ਨਹੀਂ ਬਚਿਆ
ਯਾਦ ਤੱਕ ਵੀ ਨਹੀਂ।
ਮਰਨ ਵਾਲਾ ਸਿਪਾਹੀ ਛੱਡ ਗਿਆ ਜੋ ਆਪਣੇ ਮਗਰ
ਇੱਕ ਟੁੱਟੀ ਹੋਈ ਬੰਦੂਕ
ਤੇ ਇੱਕ ਬੇਈਮਾਨ ਦੁਨੀਆਂ
ਹੋਰ ਉਸਦੇ ਕੋਲ ਕੁੱਝ ਵੀ ਤਾਂ ਨਹੀਂ
ਛੱਡ ਜਾਣ ਨੂੰ ਆਪਣੇ ਬਾਦ।
ਆਪਣੇ ਪਿੱਛੇ ਛੱਡ ਗਏ ਜੋ ਮਰਨ ਵਾਲੇ
ਇੱਕ ਮੈਨੂੰ ਜਿਉਂਦੇ ਨੂੰ
ਇੱਕ ਤੈਨੂੰ ਜਿਉਂਦੇ ਨੂੰ
ਹੋਰ ਕੋਈ ਵੀ ਬਚਿਆ ਨਹੀਂ ਮਗਰ
ਹੋਰ ਕੋਈ ਵੀ ਬਚਿਆ ਨਹੀਂ ਮਗਰ।
***
( 'ਵਰਤਮਾਨ ਦੇ ਰੂਬਰੂ', ਸਫ਼ਾ 16)
ਇਸ ਤੋਂ ਪਹਿਲਾਂ ਕਿ
ਐਤਵਾਰ ਰੌਂਅ ਜਾਏ ਤੇਰੇ ਹੱਡਾਂ 'ਚ
ਹਫ਼ਤੇ ਦੇ ਸਾਰੇ ਦਿਨ ਬਣ ਕੇ
ਮੇਰੀ ਕੌਮ, ਆਪਾਂ ਸਰਘੀ ਦੀ
ਵਿਆਕੁਲਤਾ ਨੂੰ ਪੀ ਜਾਈਏ
ਇਸ ਤੋਂ ਪਹਿਲਾਂ ਕਿ
ਕੁੜੀ ਜਮ੍ਹਾਂ ਮੁੰਡਾ ਬਰਾਬਰ ਬੱਚਾ ਹੋਵੇ
ਮੇਰੀ ਕੌਮ, ਆਪਾਂ ਰਿਸ਼ਤੇ ਵਾਂਗ
ਜ਼ਰੂਰਤਾਂ ਦੀ ਸੰਸਥਾ ਵਿੱਚ ਘੁਲ ਜਾਈਏ
ਇਸ ਤੋਂ ਪਹਿਲਾਂ ਕਿ
ਯੂ.ਐਨ.ਓ. ਦਾ ਚਾਰਟਰ
ਕੁਤਰ ਕੇ ਸਰਹੱਦਾਂ ਨੂੰ ਚਾਰ ਦਿੱਤਾ ਜਾਵੇ
ਮੇਰੀ ਕੌਮ, ਆਪਾਂ ਖਾਨਾਬਦੋਸ਼ੀ ਦਾ
ਮਤਾ ਮੰਨਵਾ ਲਈਏ
***
('ਪਾਸ਼ ਕਾਵਿ-1', ਸਫਾ 233)
ਉਹ ਸਮਝਦੇ ਨੇ ਚੰਨ ਦੀ ਚਾਂਦਨੀ ਦਾ ਗੀਤ ਸੰਗ ਨਾਤਾ
ਜਿਨ੍ਹਾਂ ਭੁਗੋਲ ਪੈਰਾਂ ਨਾਲ ਪੜ੍ਹਿਆ ਹੈ
ਜਿਨ੍ਹਾਂ ਇਤਿਹਾਸ ਸਾਹਾਂ ਨਾਲ ਘੜਿਆ ਹੈ
ਉਹ ਦੱਸ ਸਕਦੇ ਨੇ ਮੋਹ ਦਾ ਜ਼ਿੰਦਗੀ ਵਿੱਚ ਥਾਂ
ਜੋ ਮਾਂ ਦੀ ਤੜਫ਼ਦੀ ਵਿਲਕਣ
ਜੋ ਮਹਿਬੂਬਾ ਦੇ ਹੋਠਾਂ ਉੱਤੇ ਕੋਈ ਪਥਰਾਈ ਹੋਈ ਖ਼ਾਹਸ਼
ਨਜ਼ਰਅੰਦਾਜ਼ ਕਰ ਆਏ
ਉਹ ਜਾਣਦੇ ਨੇ ਚੇਤਰ ਕਿਉਂ ਹੱਸਦਾ ਹੈ
ਉਹ ਜਾਣਦੇ ਨੇ ਸਾਵਣ ਕਾਹਤੋਂ ਗੌਂਦਾ ਹੈ
ਜਿਨ੍ਹਾਂ ਲਈ ਰੁੱਤ ਦਾ ਅਹਿਸਾਸ
ਕੰਮ ਲੱਭਣ ਨਾ ਲੱਭਣ ਨਾਲ ਜੁੜਿਆ ਹੈ
***
(ਮੂਲ ਹੱਥਲਿਖਤ)
ਜੀਉਂਦੇ ਆਦਮੀ ! ਮੁੜ੍ਹਕੇ ਦੀ, ਸਾਹਾਂ ਦੀ ਹਮਕ ਤੋਂ ਬਿਨਾਂ
ਤੇਰੇ ਕੋਲ ਹੈ ਈ ਕੀ ?
ਜੀਊਂਦੇ ਆਦਮੀ! ਲੋਚਾਂ ਤੋਂ ਸੁਪਨਿਆਂ ਤੋਂ ਬਿਨਾਂ ਤੇਰੀ ਡੱਬ 'ਚ ਕੀ?
ਤੂੰ ਸਾਮਰਾਜ ਤੋਂ ਕਿਉਂ ਨਹੀਂ ਡਰਦਾ, ਜੀਉਂਦੇ ਆਦਮੀ ?
ਉਨ੍ਹਾਂ ਨੇ ਬਹੁਤ ਕੀਤਾ ਹੈ ਖ਼ਰਚ ਪੁਲਸਾਂ ਵਕੀਲਾਂ 'ਤੇ
ਸਮਾਂ ਹਰ ਵਾਰ ਕਿਉਂ ਤੇਰੇ ਹੀ ਹੱਕ 'ਚ ਭੁਗਤ ਜਾਂਦਾ ਹੈ ?
ਕਿਉਂ ਮਰ ਜਾਂਦਾ ਹੈ ਇਤਿਹਾਸ ਗ਼ਲਤ ਹੱਥਾਂ 'ਚ ਆ ਕੇ
ਧੂੜ ਤੇ ਧੂੰਏਂ ਦੇ ਸੁਰਖਾਏ ਹੋਏ ਨੈਣਾਂ 'ਚ
ਜੋ ਬਿਨ ਲਿਖੇ ਵੀ ਸਲਾਮਤ ਰਹਿੰਦਾ ਹੈ
***
('ਖਿਲਰੇ ਹੋਏ ਵਰਕੇ', ਸਫ਼ਾ 60)
ਉਦੋਂ ਵੀ ਮੇਰੇ ਸ਼ਬਦ ਲਹੂ ਦੇ ਸਨ
ਉਦੋਂ ਵੀ ਮੇਰਾ ਲਹੂ ਲੋਹੇ ਦਾ ਸੀ
ਜਦੋਂ ਮੈਂ ਸੜਦਿਆਂ ਫੁੱਲਾਂ 'ਚ
ਘਿਰਿਆ ਪਿਆ ਸਾਂ-
ਫੇਰ ਜਦ ਮੈਂ ਸੜ ਰਹੇ ਫੁੱਲਾਂ 'ਚੋਂ ਬਾਹਰ ਨਿੱਕਲ ਕੇ
ਤਲਵਾਰਾਂ ਦੇ ਜੰਗਲ 'ਚ ਵੜਿਆ
ਤਾਂ ਵੀ ਮੇਰੇ ਸ਼ਬਦ ਲਹੂ ਦੇ ਸਨ
ਤਾਂ ਵੀ ਮੇਰਾ ਲਹੂ ਲੋਹੇ ਦਾ ਸੀ
ਤੇ ਹੁਣ ਮੇਰੇ ਸਫਰ ਵਿੱਚੋਂ
ਸੜਦਿਆਂ ਫੁੱਲਾਂ ਦੀ ਗੰਧ ਨਹੀਂ
ਪਿਘਲੇ ਹੋਏ ਫੌਲਾਦ ਦੀ ਗੰਧ ਆਉਂਦੀ ਹੈ
ਤੇ ਮੇਰਾ ਸਫ਼ਰ
ਮੇਰਾ ਫੁੱਲ ਤੋਂ ਤਲਵਾਰ ਤੱਕ ਦਾ ਸਫ਼ਰ
ਇੱਕ ਇਤਿਹਾਸ ਹੈ,
ਸ਼ਬਦ ਤੋਂ ਅਵਾਜ਼ ਤੱਕ ਦਾ ਇਤਿਹਾਸ-
ਤੇ ਹੁਣ ਮੈਨੂੰ
ਕਿਸੇ ਵੀ ਖੂਬਸੂਰਤੀ ਦਾ ਜ਼ਿਕਰ ਹੋਠਾਂ 'ਤੇ ਲਿਆਉਣ ਤੱਕ
ਤਲਵਾਰਾਂ ਦੇ ਕਈ ਜੰਗਲਾਂ 'ਚੋਂ
ਗੁਜ਼ਰਨਾ ਪੈਂਦਾ ਹੈ
***
('ਪਾਸ਼ ਕਾਵਿ-1', ਸਫਾ 232)
ਲਹੂ
ਸਾਡੇ ਲਹੂ ਨੂੰ ਆਦਤ ਹੈ
ਮੌਸਮ ਨਹੀਂ ਵੇਂਹਦਾ
ਮਹਿਫ਼ਲ ਨਹੀਂ ਵੇਂਹਦਾ
ਜ਼ਿੰਦਗੀ ਦੇ ਜਸ਼ਨ ਵਿਢ ਲੈਂਦਾ ਹੈ1
ਸੂਲੀ ਦੇ ਗੀਤ ਛੋਹ ਲੈਂਦਾ ਹੈ1
ਸ਼ਬਦ ਹਨ ਕਿ ਪੱਥਰਾਂ 'ਤੇ ਵਗ ਵਗ ਕੇ ਘਸ ਜਾਂਦੇ ਹਨ
ਲਹੂ ਹੈ, ਕਿ ਤਦ ਵੀ ਗਾਉਂਦਾ ਹੈ
ਜ਼ਰਾ ਸੋਚੋ ਕਿ ਰੁੱਸੀਆਂ ਸਰਦ ਰਾਤਾਂ ਨੂੰ ਮਨਾਵੇ ਕੌਣ?
ਨਿਮੋਹੇ ਪਲਾਂ ਨੂੰ ਤਲੀਆਂ ਉੱਤੇ ਖਿਡਾਵੇ ਕੌਣ?
ਲਹੂ ਹੀ ਹੈ ਜੋ ਨਿੱਤ ਧਾਰਾਂ ਦੇ ਹੋਠ ਚੁੰਮਦਾ ਹੈ
ਲਹੂ ਹੀ ਕਹਿੰਦਾ ਜ਼ਹਿਰਾਂ ਨੂੰ ਪਚਣ ਦੀ ਮੱਤ ਦੇਵੇ
ਲਹੂ ਤਾਰੀਖ਼ ਦੀਆਂ ਕੰਧਾਂ ਨੂੰ ਉਲੰਘ ਆਉਂਦਾ ਹੈ
ਇਹ ਜਸ਼ਨ ਇਹ ਗੀਤ ਕਿਸੇ ਨੂੰ ਬੜੇ ....ਨੇ1
ਜੋ ਕੱਲ ਤੀਕ ਸਾਡੇ ਲਹੂ ਦੇ ਚੁੱਪ ਦਰਿਆ 'ਚ1
ਤੈਰਨ ਦੀ ਮਸ਼ਕ ਕਰਦੇ ਸਨ।1
***
('ਖਿਲਰੇ ਹੋਏ ਵਰਕੇ', ਸਫ਼ਾ 66)
1. ਹਾਸਲ ਮੂਲ ਹੱਥਲਿਖਤ ਵਿੱਚ ਇਹ ਸਤਰਾਂ ਮੌਜੂਦ ਨਹੀਂ।
ਮੁਕਤੀ ਦਾ ਜਦ ਕੋਈ ਰਾਹ ਨਾ ਲੱਭਾ
ਮੈਂ ਲਿਖਣ ਬਹਿ ਗਿਆ ਹਾਂ
ਮੈਂ ਲਿਖਣਾ ਚਾਹੁੰਦਾ ਹਾਂ ਬਿਰਖ਼
ਜਾਣਦੇ ਹੋਏ
ਕਿ ਲਿਖਣਾ ਬਿਰਖ਼ ਹੋ ਜਾਣਾ ਹੈ
ਮੈਂ ਲਿਖਣਾ ਚਾਹੁੰਦਾ ਹਾਂ ਪਾਣੀ
ਆਦਮੀ, ਆਦਮੀ ਮੈਂ ਲਿਖਣਾ ਚਾਹੁੰਦਾ ਹਾਂ
ਕਿਸੇ ਬੱਚੇ ਦਾ ਹੱਥ
ਕਿਸੇ ਗੋਰੀ ਦਾ ਮੁੱਖ
ਮੈਂ ਪੂਰੇ ਜ਼ੋਰ ਨਾਲ
ਸ਼ਬਦਾਂ ਨੂੰ ਸੁੱਟਣਾ ਚਾਹੁੰਦਾ ਹਾਂ ਆਦਮੀ ਵੱਲ
ਇਹ ਜਾਣਦੇ ਹੋਏ ਕਿ ਆਦਮੀ ਨੂੰ ਕੁੱਝ ਨਹੀਂ ਹੋਣਾ
***
(ਮੂਲ ਹੱਥਲਿਖਤ)
ਮੈਂ ਜਾਣਦਾਂ ਉਨ੍ਹਾਂ ਨੂੰ1
ਕਿਵੇਂ ਲੋੜ ਪਈ ਤੋਂ
ਉਹ ਪਿਘਲੇ ਮੌਸਮਾਂ ਤੱਕ ਨੂੰ ਵੀ
ਸਾਡੇ 'ਤੇ ਹਥਿਆਰ ਵਾਂਗ ਤਾਣ ਲੈਂਦੇ ਹਨ
ਮੈਂ ਜਾਣਦਾਂ ਉਨ੍ਹਾਂ ਨੂੰ
ਕੀਕਣ ਲੈਰੀਆਂ ਸੋਚਾਂ ਨੂੰ ਘੇਰਾ ਪਾਉਣ ਲਈ
ਹਜ਼ਾਰਾਂ ਰਾਹਾਂ ਥਾਣੀ ਆਉਂਦੇ ਹਨ
ਉਨ੍ਹਾਂ ਨੂੰ ਜਾਂਚ ਹੈ
ਸਾਡੇ ਹੀ ਜਿਸਮਾਂ ਨੂੰ
ਸਾਡੇ ਵਿਰੁੱਧ ਵਰਤਣ ਦੀ।
***
1. ਇਹ ਕਵਿਤਾ ਪਾਸ਼ ਦੀ ਡਾਇਰੀ ਵਿੱਚ ਨਹੀਂ ਸਗੋਂ ਵਿਆਹ ਦੇ ਕਾਰਡ ਦੇ ਪਾਸੇ 'ਤੇ ਲਿਖੀ ਹੋਈ ਹੈ।
ਜਿੰਨੇ ਵੀ ਅਜੋਕੇ ਮਾਸਖੋਰੇ ਹੋਣ ਹਥਿਆਰ
(ਜਰਵਾਣੇ ਤੇ ਅਜੋਕੇ ਹੋਣ ਹਥਿਆਰ)
ਨਹੀਂ ਭੁਗਤਾ ਸਕਣਗੇ ਪਿਆਰ ਕਵਿਤਾ ਨੂੰ
ਕਦੀ ਵੀ ਕਾਤਲਾਂ ਦੇ ਹੱਕ 'ਚ
***
('ਖਿਲਰੇ ਹੋਏ ਵਰਕੇ', ਸਫ਼ਾ 80)
ਹਕੂਮਤ! ਤੇਰੀ ਤਲਵਾਰ ਦਾ ਕੱਦ ਬਹੁਤ ਨਿੱਕਾ ਹੈ
ਕਵੀ ਦੀ ਕਲਮ ਤੋਂ ਕਿਤੇ ਨਿੱਕਾ
ਕਵਿਤਾ ਕੋਲ ਆਪਣਾ ਬੜਾ ਕੁਝ ਹੈ
ਤੇਰੇ ਕਨੂੰਨ ਵਾਂਗ ਹੀਣੀ ਨਹੀਂ
ਤੇਰੀ ਜੇਲ੍ਹ ਹੋ ਸਕਦੀ ਹੈ ਕਵਿਤਾ ਲਈ ਹਜ਼ਾਰ ਵਾਰ
ਪਰ ਇਹ ਕਦੀ ਨਹੀਂ ਹੋਣਾ
ਕਿ ਕਵਿਤਾ ਤੇਰੀ ਜੇਲ੍ਹ ਲਈ ਹੋਵੇ।
***
(ਮੂਲ ਹੱਥਲਿਖਤ)
ਤੂੰ ਇਸ ਤਰ੍ਹਾਂ ਕਿਉਂ ਨਹੀਂ ਬਣ ਜਾਂਦੀ
ਜਿੱਦਾਂ ਮੂੰਹ ਜ਼ੁਬਾਨੀ ਗੀਤ ਹੁੰਦੇ ਹਨ
ਹਰ ਵਾਰ ਤੈਨੂੰ ਫੱਟੀ ਵਾਂਗ ਲਿਖਣਾ ਕਿਉਂ ਪੈਂਦਾ ਹੈ
ਮੂੰਹ ਜ਼ੋਰ ਤ੍ਰਿਕਾਲਾਂ ਦੇ ਖੜਕੇ 'ਚੋਂ
ਤੇਰੇ ਬੋਲਾਂ ਨੂੰ ਨਿਤਾਰ ਸਕਣਾ ਬਹੁਤ ਔਖਾ ਹੈ
ਤੇਰੇ ਟੱਲੀ ਵਾਂਗ ਲਹਿਰਾਂ 'ਚ ਟੁੱਟਦੇ
ਸੰਖ ਦੀ ਅਵਾਜ਼ ਵਾਂਗ ਮੈਂ ਚਾਹੁੰਦਾ ਹਾਂ
ਤੂੰ ਡੁੱਬਦੇ ਸੂਰਜ ਦਾ ਗ਼ਮ ਵੰਡਾਵੇਂ
ਤੇ ਰੱਬ ਦੇ ਨਾਂ ਵਾਂਗ ਮੇਰੀ ਰੂਹ ਵਿੱਚ ਤਰਦੀ ਫਿਰੇਂ
ਦੇਖ ਮੈਂ ਤਾਰਿਆਂ ਦਾ ਸਾਹਮਣਾ ਕਰਨਾ ਹੈ
ਜਿਵੇਂ ਹਾਰਨ ਬਾਦ ਕੋਈ ਅਣਖੀ
ਵੈਰੀ ਦੀਆਂ ਅੱਖਾਂ 'ਚ ਤੱਕਦਾ ਹੈ
ਮੈਂ ਨਿੱਕੀ ਨਿੱਕੀ ਲੋਅ 'ਚ
ਕਿਰ ਗਈ ਗਾਨੀ ਵਾਂਗ
ਟੋਹ ਟੋਹ ਕੇ ਆਪਣਾ ਆਪ ਲੱਭਣਾ ਹੈ
***
('ਖਿਲਰੇ ਹੋਏ ਵਰਕੇ' ਦੇ ਪਿਛਲੇ ਕਵਰ 'ਤੇ ਛਪੀ ਹੱਥਲਿਖਤ)
ਥੱਕੇ ਟੁੱਟੇ ਪਿੰਡਿਆਂ ਨੂੰ
ਲੇਸਲੇ ਦਿਲ ਦੇ ਸਹਾਰੇ ਜੋੜ ਲੈਂਦੇ ਹਾਂ।
ਪ੍ਰੇਸ਼ਾਨੀ 'ਚ ਜ਼ਖ਼ਮੀ ਸ਼ਾਮ ਦਾ
ਭਖ਼ਦਾ ਹੋਇਆ ਮੁੱਖ ਚੁੰਮ ਲੈਂਦੇ ਹਾਂ
ਅਸੀਂ ਵੀ ਹੁੰਦੇ ਹਾਂ, ਅਸੀਂ ਵੀ ਹੁੰਦੇ ਹਾਂ
ਜੁਗਨੂੰਆਂ ਵਾਂਗ ਰੁੱਖਾਂ ਵਿੱਚ ਫਸ ਕੇ
ਭਟਕ ਛੱਡਦੇ ਹਾਂ
ਅਸੀਂ ਪਰ ਭਬਕ ਨਹੀਂ ਸਕਦੇ
ਕਦੇ ਸੀ-ਸੀ ਨਹੀਂ ਕਰਦੇ
ਬੇਚੈਨੀ ਦਾ ਅਸੀਂ ਅੱਕ ਰੋਜ਼ ਚੱਬਦੇ ਹਾਂ
ਅਸੀਂ ਵੀ ਹੁੰਦੇ ਹਾਂ
ਅਸੀਂ ਵੀ ਹੁੰਦੇ ਹਾਂ
ਅਸੀਂ ਧੁੱਪ ਨਾਲ ਘੁਲ ਘੁਲ ਕੇ
ਦਿਨੇ ਜੋ ਰੋਜ਼ ਖਪਦੇ ਹਾਂ
ਹਨੇਰਾ ਸੌ ਕੁਫ਼ਰ ਤੋਲੇ
ਅਸਾਡੀ ਹੋਂਦ 'ਨ੍ਹੇਰੇ ਵਿੱਚ ਵੀ ਸਾਕਾਰ ਰਹਿੰਦੀ ਹੈ
ਅਸੀਂ ਰਾਤਾਂ ਦੀ ਰੰਗੀਨੀ ਦਾ ਵੀ
ਹਿੱਸਾ ਵੰਡਾਵਾਂਗੇ
ਅਸੀਂ ਰਾਤੀਂ ਵੀ ਹੁੰਦੇ ਹਾਂ
ਅਸੀਂ ਹਰ ਵਕਤ ਹੋਵਾਂਗੇ
***
(28.10.1971)
(ਮੂਲ ਹੱਥਲਿਖਤ)
ਅਸੀਂ ਰਾਜ਼ੀ ਖ਼ੁਸ਼ੀ ਹਾਂ, ਆਪਣਾ ਪਤਾ ਦੇਣਾ
ਪਤਾ ਦੇਣਾ ਸਮੁੰਦਰ ਹੇਠ ਸੁੱਤੇ ਪਏ ਜਹਾਜ਼ਾਂ ਦਾ
ਪਤਾ ਦੇਣਾ ਸਫ਼ਰ ਦੇ ਸ਼ੋਰ ਦਾ
ਅੱਚਵੀ ਦਾ, ਉਸ ਅੱਚਵੀ 'ਚ ਸਿੰਮਦੀ ਧਮਕ ਦਾ ਪਤਾ ਦੇਣਾ
ਪਤਾ ਦੇਣਾ ਕਿ ਰੱਬ ਦੀ ਮੌਤ ਨਾਲ
ਭਗਤਾਂ ਦਾ ਕੀ ਬਣਿਆ
(ਪਤਾ ਦੇਣਾ ਜਿਨ੍ਹਾਂ ਨੇ ਰੱਬ ਕਤਲ ਕੀਤਾ
ਉਨ੍ਹਾਂ ਭਗਤਾਂ ਦਾ ਕੀ ਬਣਿਆ)
ਕੁਝ ਬੋਲੀ ਦੇ, ਕੁਝ ਭਾਵਾਂ ਦੇ ਜੋ ਝਟਕਈ ਝਗੜ ਪਏ ਸਨ
ਨਿੱਕਲਿਆ ਕੌਣ ਦੋਨਾਂ 'ਚੋਂ ਬਲੀ ਜਲਦੀ ਪਤਾ ਦੇਣਾ
ਪਤਾ ਦੇਣਾ ਉਹ ਚੋਰ ਫੜੇ ਗਏ ਜਾਂ ਨਹੀਂ
ਜਿੰਨ੍ਹਾ ਚੰਗੀ ਭਲੀ ਹਿੰਦੀ ਨੂੰ ਕੁਝ ਦਾ ਕੁਝ ਬਣਾ ਦਿੱਤਾ
ਜਿਨ੍ਹਾ ਨੇ ਬੋਲ ਬੋਲ ਕੇ ਬੋਲੀ ਦਾ ਗੁਤਾਵਾ ਕਰ ਛੱਡਿਐ1
ਪਤਾ ਦੇਣਾ ਹੜਾਂ ਅੰਦਰ
ਰੁੜ੍ਹੀ ਜਾਂ ਬਚ ਗਈ ਪਾਣੀ ਦੇ ਲੱਥਣ ਦੀ ਸੱਧਰ
***
(ਮੂਲ ਹੱਥਲਿਖਤ, 'ਖਿਲਰੇ ਹੋਏ ਵਰਕੇ', ਸਫ਼ਾ 61)
1. ਇਹ ਤਿੰਨ ਸਤਰਾਂ ਹਾਸਲ ਮੂਲ ਹੱਥਲਿਖਤ ਵਿੱਚ ਮੌਜੂਦ ਨਹੀਂ।
ਚਿਤਵਿਆ ਹੈ ਜਦ ਵੀ ਹੁਸਨ ਨੂੰ
ਏਸ ਦੀ ਮੁਕਤੀ ਦਾ ਵੀ
ਮੈਂ ਧਿਆਨ ਧਰਿਆ ਹੈ
ਜੋਸ਼ ਨੂੰ ਹੁੰਗਾਰਾ ਮਿਲਿਆ
ਅਮਲ ਨੂੰ ਮਿਲ ਗਈ ਚਿਣਗ।
ਹੁਸਨ ਜਦ ਵੀ ਅੱਖਾਂ 'ਚ ਪੁੱਠਾ ਲਟਕਿਆ ਹੈ
ਰੋਟੀ ਵਾਂਗੂੰ ਏਸ ਦਾ ਆਇਆ ਖਿਆਲ
ਸੁੰਗੜਿਆ ਵਿਸਥਾਰ ਮਨ ਦਾ
ਤੇ ਇਹ ਜੀਅੜਾ ਖੋਲ ਦੇ ਵਿੱਚ ਕੈਦ ਹੋਇਆ
ਹਰ ਕੋਈ ਹੀ ਇਸ ਘੜੀ
ਬਾਹਰ ਨਾਲੋਂ ਟੁੱਟਦਾ ਹੈ
ਬਦਲ ਰਹੇ ਚੌਗਿਰਦੇ ਕੋਲੋਂ ਅਣਭਿੱਜ ਹੋ ਕੇ ਰਹਿ ਜਾਂਦਾ ਹੈ
ਖੋਲ ਦੇ ਵਿੱਚ ਠੰਡ ਸੰਗ ਜੰਮ ਜਾਂਦਾ ਹੈ
ਖੋਲ 'ਚ ਵੜਨਾ –
ਆਪੇ ਵਿੱਚ ਹੀ ਕੇਂਦਰਤ ਹੋ ਜਾਣਾ
ਮਾਰੂ ਵਾਰ ਅਮਲ ਦਾ ਖਾ ਕੇ
ਸਰਗਰਮੀ ਤੋਂ ਟੁੱਟ ਜਾਣਾ
***
(ਮੂਲ ਹੱਥਲਿਖਤ -ਇੱਕ ਫਟੀ ਹੋਈ ਡਾਇਰੀ-ਨੁਮਾ ਕਾਪੀ 'ਚੋਂ)
ਸੁਫ਼ਨੇ
ਸੁਫ਼ਨੇ ਹਰ ਕਿਸੇ ਨੂੰ ਨਹੀਂ ਆਉਂਦੇ
ਬੇਜਾਨ ਬਾਰੂਦ ਦੇ ਕਣਾਂ 'ਚ ਸੁੱਤੀ ਅੱਗ ਨੂੰ ਸੁਫ਼ਨੇ ਨਹੀਂ ਆਉਂਦੇ
ਬਦੀ ਲਈ ਉੱਠੀ ਹੋਈ ਹਥੇਲੀ ਉਤਲੇ ਮੁੜਕੇ ਨੂੰ ਸੁਫ਼ਨੇ ਨਹੀਂ ਆਉਂਦੇ
ਮਲਾਹਾਂ ਨਾਲ ਰੁੱਸ ਗਏ ਸਮੁੰਦਰ ਨੂੰ ਸੁਫ਼ਨੇ ਨਹੀਂ ਆਉਂਦੇ1
ਸ਼ੈਲਫ਼ਾਂ 'ਚ ਪਏ ਇਤਿਹਾਸ ਦੇ ਗ੍ਰੰਥਾਂ ਨੂੰ ਸੁਫ਼ਨੇ ਨਹੀਂ ਆਉਂਦੇ
ਸੁਫ਼ਨਿਆਂ ਲਈ ਲਾਜ਼ਮੀ ਹੈ ਝਾਲੂ ਦਿਲਾਂ ਦਾ ਹੋਣਾ2
ਸੁਫ਼ਨਿਆਂ ਲਈ ਨੀਂਦ ਦੀ ਨਜ਼ਰ ਹੋਣੀ ਲਾਜ਼ਮੀ ਹੈ
ਸੁਫ਼ਨੇ ਏਸੇ ਲਈ ਹਰ ਕਿਸੇ ਨੂੰ ਨਹੀਂ ਆਉਂਦੇ
***
1. ਬ੍ਰਿਟੇਨ ਦੇ ਸਮਾਗਮ ਵਿੱਚ ਪਾਸ਼ ਦੁਆਰਾ ਪੜ੍ਹੀ ਗਈ ਕਵਿਤਾ ਵਿੱਚ ਇਹ ਸਤਰ ਮੌਜੂਦ ਨਹੀਂ।
2. ਹਾਸਲ ਮੂਲ ਹੱਥਲਿਖਤ ਵਿੱਚ ਇਹ ਸਤਰ ਮੌਜੂਦ ਨਹੀਂ।
ਅੱਜ ਇਨ੍ਹਾਂ ਨੇ ਦੁਸ਼ਮਣਾਂ ਤੇ ਮਿੱਤਰਾਂ ਵਿਚਕਾਰ ਵਾਹੀ
ਲੀਕ ਨੂੰ ਵੀ ਮੇਟ ਦਿੱਤਾ ਹੈ ।
ਲੈਨਿਨ ਦੀ ਤਸਵੀਰ ਚੁੱਕ ਕੇ ਤੁਰੇ -
ਇਨ੍ਹਾਂ ਗਾਂਧੀ ਦੀ ਬਰਸੀ ਮਨਾਉਣ ਵਾਲਿਆਂ।
ਕੋਠੀਆਂ ਵਿੱਚ ਸੋਫਿਆਂ 'ਤੇ ਬਹਿ ਕੇ ਕ੍ਰਾਂਤੀ ਦਾ ਜ਼ਿਕਰ
ਕਿੰਨਾ ਪਵਿੱਤਰ ਮਜ਼ਾਕ ਹੈ
ਜੋ ਵੱਧ ਤੋਂ ਵੱਧ ਇਹ ਫਾਂਸੀ 'ਤੇ ਝੂਲ ਗਿਆਂ ਨੂੰ ਕਰ ਸਕਦੇ ਹਨ
ਜਦ ਪੱਥਰ ਦੇ ਗਾਂਧੀ ਦੀ ਜ਼ਰਾ ਮੁਰੰਮਤ 'ਤੇ
ਪ੍ਰੋਟੈਸਟ, ਭੁੱਖ ਹੜਤਾਲਾਂ, ਜਾਂਚ ਮੰਗਾਂ ਹੋ ਸਕਦੀਆਂ ਹਨ
ਤਾਂ ਜਿਉਂਦੇ ਗਾਂਧੀਆਂ ਨੂੰ ਵੀ ਉਕਸਾਇਆ ਜਾ ਸਕਦਾ ਹੈ
ਕਿ ਉਹ ਮੁਲਕ ਭਰ ਦਾ ਜਜ਼ਬਾ ਵਰਗਲਾਈ ਫਿਰਨ
ਤੇ ਚੁਣ ਚੁਣ ਕੇ ਹਰ ਭਗਤ ਸਿੰਘ ਨੂੰ
ਕਤਲ ਕਰਵਾ ਦਿੱਤਾ ਜਾਏ... ....
***
('ਪਾਸ਼ ਕਾਵਿ-1', ਸਫਾ 234)
ਸੂਰਮਗਤੀ ਵਿੱਚ ਬੁਲਾਇਆ ਜਾਂਦਾ ਬੱਕਰਾ
ਅੱਧ-ਚੀਰੇ ਮੋਟੇ ਟਾਹਣ ਦੀ ਆਪਣੇ ਭਾਰ ਬੋਲੀ ਕੜਾ... ਅ...ਕ
ਅਮਲੀ ਦੇ ਕਾਬੂ ਆਈ ਬੱਕਰੀ ਦੀ ਮਿਆਂ ਮੀ...ਆਂ ਦੀ ਧੁਨੀ
ਪਹਿਲਾ ਬੱਚਾ ਜਣ ਰਹੀ ਮੁਟਿਆਰ ਦਾ ਡਡਿਆਉਣਾ
ਪੁੱਤਾਂ ਦੇ ਦੁਰਕਾਰੇ ਬੁੜ੍ਹੇ ਦਾ ਜੋੜਾਂ ਦੀ ਪੀੜ ਨਾਲ ਅਜੋੜ ਬੇਤੁਕਾ ਹੂੰਗਣਾ
ਬੱਚੇ ਦੇ ਲਿੰਗ ਤੋਂ ਪਹਿਲੀ ਵਾਰ ਮਾਸ ਦਾ ਛਤਰ ਹਟਣ ਵੇਲ਼ੇ ਦੀ
ਉਤਸੁਕਤਾ, ਹੈਰਾਨੀ, ਖੁਸ਼ੀ ਤੇ ਪੀੜ
ਅਚਨਚੇਤ ਮੌਤ ਦੀ ਭਵਾਟਣੀ ਖਾ ਕੇ
ਪੰਜਾਲੀ ਸਣੇ ਡਿੱਗੇ ਝੋਟੇ ਦੇ ਸਿਰ 'ਤੇ ਮੰਡਰਾ ਰਿਹਾ
ਕਿਸੇ ਅਦਿੱਖ ਪੰਛੀ ਦਾ ਸਹਿਮ
ਵਿਧਵਾ ਦੀਆਂ ਅੱਖਾਂ ਉਤੇ ਆਇਆ ਆਸਮਾਨ
... ਮਰਾਉਂਦੇ ਲੌਂਡੇ ਦਾ ਆਪਣੇ ਲਿੰਗ ਵੱਲ ਵੇਖ ਕੇ ਰੂਹ ਦਾ ਝਉਂ ਜਾਣਾ1
ਪ੍ਰੀਤਾਂ ਲਾ ਕੇ ਆਪ ਕੱਢੀ ਸ਼ਰਾਬ ਦੀ ਬੋਤਲ ਦੱਬ ਕੇ
ਜਗ੍ਹਾ ਨੂੰ ਭੁੱਲ ਜਾਣ ਦਾ ਅਫ਼ਸੋਸ
ਕਿਸੇ ਦੀ ਆਪਣੇ ਹੁਸਨ ਤੋਂ ਵੱਧ ਕੁੰਵਾਰ ਦੀ ਮੜ੍ਹਕ
ਸੀਪੀਆਈ ਦੇ ਕਾਮਰੇਡ ਦੇ ਘਰ ਦੀ ਛੱਤ 'ਤੇ ਲਹਿਰਾ ਰਹੇ
ਲਾਲ ਝੰਡੇ ਦੀ ਬੇਸ਼ਰਮੀ
ਅਨਪੜ੍ਹ ਕੁੜੀ ਦਾ ਰੇਤਾ ਵਿੱਚ ਉਂਗਲਾਂ ਨਾਲ ਵਾਹਿਆ
ਐਵੇਂ ਮੁੱਚੀ ਦਾ ਆਪਣੇ ਪ੍ਰੇਮੀ ਦਾ ਨਾਂ
ਗੁਰਦੁਆਰੇ ਦੀ ਅਰਦਾਸ 'ਚ ਸ਼ਾਮਲ ਖੜ੍ਹੇ ਪੁਲਸ ਟਾਊਟ ਦੇ ਮੂੰਹੋਂ
ਨਿੱਕਲਿਆ ਸਰਬਤ ਦਾ ਭਲਾ
ਬਜ਼ੁਰਗ ਹੋ ਗਈ ਜੋੜੀ ਦੇ ਆਖ਼ਰੀ ਵਾਰ ਕੀਤੇ ਗ੍ਰਹਸਤ ਦੀ ਵਿਚਾਰਗੀ
ਗੋਲੀ ਨਾਲ ਸ਼ਹੀਦ ਹੋਏ ਕਾਮਰੇਡ ਦੇ ਮੂੰਹੋਂ ਨਿੱਕਲੇ
ਇਨਕਲਾਬ ਜ਼ਿੰਦਾਬਾਦ ਵਿਚਲਾ ਜੋਸ਼
ਜ਼ੋਰਾਵਰ ਸ਼ਰੀਕ ਵੱਲੋਂ ਦਿੱਤੇ ਗਏ ਬਦਕਾਰ ਮਾਂ ਦੇ ਮਿਹਣੇ ਦੀ ਨਮੋਸ਼ੀ
ਪਿੜ ਵਿੱਚ ਮੱਚ ਰਹੀਆਂ ਸੁੱਕੀ ਕਣਕ ਦੀਆਂ ਭਰੀਆਂ ਦੀ ਲੋਅ ਵਿੱਚ
ਹੱਥਾਂ 'ਚ ਕਿਰ-ਕਿਰ ਜਾਂਦੀ ਮਿੱਟੀ ਨੂੰ ਕੱਢੀ ਗ਼ਰੀਬ ਕਿਸਾਨ ਦੀ ਗਾਹਲ
ਹੈਂਕੜਬਾਜ ਥਾਣੇਦਾਰ ਦੇ ਪੈਰਾਂ 'ਚ ਪਈ ਕਿਸੇ ਭਲੇਮਾਣਸ ਦੀ
ਪੱਗ ਚੋਂ ਉੱਠਦੀ ਅਸੁਖਾਂਵੀਂ ਗੰਧ
ਹੱਥਰਸੀ ਕਰਦੇ ਭਰਾ ਨੂੰ ਅਚਨਚੇਤ ਵੇਖ ਲੈਣ 'ਤੇ
ਸ਼ਰੀਫ ਕੁੜੀ ਦੇ ਮਨ 'ਚ ਉੱਗੀ ਨਫ਼ਰਤ ਤੇ ਸ਼ਰਮ
ਮੁਕਾਣਾਂ ਆਉਂਦੀਆਂ 'ਚ ਜੰਮੇ ਮੁੰਡੇ ਦੀ ਨਾਖ਼ੁਸ਼ ਖੁਸ਼ੀ
***
('ਖਿਲਰੇ ਹੋਏ ਵਰਕੇ', ਸਫਾ 74-75)
1. ਇਸ ਸਤਰ ਦੇ ਸ਼ੁਰੂ ਵਿੱਚ ਖ਼ਾਲੀ ਥਾਂ ਅਸਲ ਨੁਸਖ਼ੇ ਵਿੱਚ ਹੀ ਛਡੀ ਹੋਈ ਹੈ।
ਮੇਰੀ ਬੁਲਬੁਲ
ਸਮਾਂ ਬੜਾ ਕੁੱਤਾ ਹੈ ਮੇਰੀ ਬੁਲਬੁਲ
ਬਾਗਾਂ 'ਚੋਂ ਬਾਹਰ ਆ
ਅਤੇ ਸੜਕਾਂ ਤੇ ਭਟਕਦੀਆਂ ਰੂਹਾਂ ਵੱਲ ਵੇਖ ਕੇ
ਭੌਂਕਣਾ ਜਾਂ ਰੋਣਾ ਸ਼ੁਰੂ ਕਰ
ਹੁਣ ਤੇਰੇ ਗੀਤ ਨੂੰ ਸੁਣ ਕੇ
ਕੋਈ ਵੀ ਬੀਮਾਰ ਰਾਜ਼ੀ ਨਹੀਂ ਹੋਏਗਾ
ਆਖਰ ਏਹੀਓ ਸੀ ਨਾ ਗੀਤ
ਜੋ ਰੁੱਖ ਦੀਆਂ ਟਾਹਣੀਆਂ 'ਤੇ ਤਰੇਲ ਵਾਂਗ ਜੰਮ ਗਿਆ
ਤੇ ਸੂਰਜ ਦੀ ਮਾਮੂਲੀ ਜਿਹੀ ਚਿੱਪਰ ਤੋਂ ਝਉਂ ਕੇ
ਭਾਫ਼ ਬਣ ਕੇ ਉੱਡ ਗਿਆ
ਸਮਾਂ ਬੜਾ ਕੁੱਤਾ ਹੈ ਮੇਰੀ ਬੁਲਬੁਲ –
ਇਹਨੇ ਘੜੀ ਦੀਆਂ ਸੂਈਆਂ ਨੂੰ ਵੱਢ ਖਾਧਾ ਹੈ
ਦੀਵਾਰਾਂ ਨੂੰ ਚੱਕ ਮਾਰੇ ਹਨ ਅਤੇ ਗਮਲਿਆਂ 'ਤੇ ਮੂਤਿਆ ਹੈ
ਇਹ ਖਵਰੇ ਹੋਰ ਕੀ ਕਰਦਾ, ਜੇ ਸਰਕਾਰ ਦੇ ਬੰਦੇ ਏਸ ਨੂੰ ਪਟਾ ਪਾ ਕੇ
ਬੰਗਲਿਆਂ ਦੇ ਫਾਟਕਾਂ 'ਤੇ ਨਾ ਬੰਨ੍ਹਦੇ
ਮੇਰੀ ਬੁਲਬੁਲ ਆਪਣੇ ਕੰਮ ਹੁਣ ਕੁਝ ਹੋਰ ਤਰ੍ਹਾਂ ਦੇ ਹਨ
ਹੁਣ ਆਪਾਂ ਜੀਣ ਵਰਗੀ ਹਰ ਸ਼ਰਤ ਨੂੰ ਹਾਰ ਚੁੱਕੇ ਹਾਂ
ਮੈਂ ਹੁਣ ਬੰਦੇ ਦੀ ਬਜਾਇ ਘੋੜਾ ਬਣਨਾ ਚਾਹੁੰਦਾ ਹਾਂ
ਇਨ੍ਹਾਂ ਇਨਸਾਨੀ ਹੱਡਾਂ 'ਤੇ ਤਾਂ ਕਾਠੀ ਬਹੁਤ ਚੁਭਦੀ ਹੈ
ਮੇਰੀਆਂ ਬਰਾਛਾਂ 'ਤੇ ਕੜਿਆਲਾ ਪੀੜ ਕਰਦਾ ਹੈ
ਮੇਰੇ ਇਨਸਾਨੀ ਪੈਰ ਗ਼ਜ਼ਲ ਦੇ ਪਿੰਗਲ ਵਰਗੀ ਟਾਪ ਨਹੀਂ ਕਰਦੇ
ਸਮਾਂ ਬੜਾ ਕੁੱਤਾ ਹੈ ਮੇਰੀ ਬੁਲਬੁਲ ... ....
... .... .... .... .... .... .... ..... ....
.... .... ..... ...... ...... ...... ..... ..
***
('ਖਿਲਰੇ ਹੋਏ ਵਰਕੇ', ਸਫ਼ਾ 91)
ਸੱਚ
ਮੈਂ ਇਹ ਕਦੇ ਨਹੀਂ ਚਾਹਿਆ
ਕਿ ਵਿਵਿਧ ਭਾਰਤੀ ਦੀ ਤਾਲ 'ਤੇ ਹਵਾ ਲਹਿਰਦੀ ਹੋਵੇ
ਤੇ ਸਿਲਕੀ ਪਰਦਿਆਂ ਨੂੰ
ਮੈਥੋਂ ਲੁਕ ਲੁਕ ਛੇੜਦੀ ਹੋਵੇ
ਮੈਂ ਇਹ ਕਦੀ ਨਹੀਂ ਚਾਹਿਆ
ਸ਼ੀਸ਼ਿਆਂ 'ਚੋਂ ਛਣ ਕੇ ਆਉਂਦੀ
ਰੰਗਦਾਰ ਰੌਸ਼ਨੀ ਮੇਰੇ ਗੀਤਾਂ ਦੇ ਹੋਂਠ ਚੁੰਮੇਂ
ਮੈਂ ਤਾਂ ਜਦ ਵੀ ਕੋਈ ਸੁਪਨਾ ਲਿਆ ਹੈ
ਰੋਂਦੇ ਸ਼ਹਿਰ ਨੂੰ ਧਰਵਾਸ ਦਿੰਦਿਆਂ ਖ਼ੁਦ ਨੂੰ ਤੱਕਿਆ ਹੈ
ਤੇ ਤੱਕਿਆ ਹੈ ਸ਼ਹਿਰ ਨੂੰ ਪਿੰਡਾਂ ਨਾਲ ਜ਼ਰਬ ਖਾਂਦੇ
ਮੈਂ ਤੱਕੇ ਨੇ ਕੰਮੀਆਂ ਦੇ ਜੁੜੇ ਹੋਏ ਹੱਥ ਮੁੱਕਿਆਂ 'ਚ ਵਟਦੇ
ਮੈਂ ਕਦੀ ਕਾਰ ਦੇ ਗਦੈਲਿਆਂ ਦੀ ਹਸਰਤ ਨਹੀਂ ਕੀਤੀ
ਮੇਰੇ ਸੁਪਨੇ ਕਦੇ
ਬੀੜੀ ਦਾ ਸੂਟਾ ਲੋਚਦੇ ਹੋਏ ਰਕਸ਼ੇ ਵਾਲੇ
ਕਿਸੇ ਦੁਕਾਨ ਦੇ ਫੱਟੇ ਤੇ ਲੱਗੀ ਸੇਜ ਦੀ
ਸਰਹੱਦ ਨਹੀਂ ਟੱਪੇ
ਮੈਂ ਕਿਵੇਂ ਚਾਹ ਸਕਦਾ ਹਾਂ
ਵਿਵਿਧ ਭਾਰਤੀ ਦੀ ਤਾਲ 'ਤੇ ਹਵਾ ਲਹਿਰਦੀ ਹੋਵੇ
ਮੈਂ ਤੱਕਦਾ ਹਾਂ ਲੂਆਂ ਝੁਲਸੇ ਹੋਏ ਚਾਰੇ ਦੇ ਪੱਠੇ
ਮੈਂ ਕਿਵੇਂ ਕਲਪ ਸਕਦਾ ਹਾਂ ਲਸੀਲੇ ਨੈਣ
ਮੈਂ ਤੱਕਦਾ ਹਾਂ ਅਸਮਾਨ ਵੱਲ ਉੱਠੀਆਂ
ਮੀਂਹ ਮੰਗਦੀਆਂ ਬੁਝੀਆਂ ਹੋਈਆਂ ਅੱਖਾਂ
***
('ਖਿਲਰੇ ਹੋਏ ਵਰਕੇ', ਸਫ਼ਾ 94)
ਜਿੰਨੇ ਜੋਗਾ ਵੀ ਤੇ ਜੋ ਵੀ ਹੈ
ਮੇਰਾ, ਤੇਰੇ ਰੱਬ ਤੋਂ ਬਿਨਾਂ ਹੀ ਸਰਦਾ ਹੈ
ਉਸ ਅਰਾਧਨਾ ਤੋਂ ਬਿਨਾਂ
ਜੋ ਚੰਗੇ-ਭਲੇ ਮਨੁੱਖ ਨੂੰ ਬਦਲ ਦਏ
ਚਰਨਾਂ ਦੀ ਧੂੜ ਵਿੱਚ।
ਉਸ ਸ਼ੁਕਰਾਨੇ ਤੋਂ ਬਿਨਾਂ
ਜਿਸ ਦੀ ਕੋਈ ਵੀ ਵਜ੍ਹਾ ਨਹੀਂ ਹੁੰਦੀ।
ਉਸ ਓਟ ਤੋਂ
ਜਿਹੜੀ ਸਦਾ ਹੀ ਨਿਓਟਿਆਂ ਰੱਖਦੀ ਹੈ।
***
('ਵਰਤਮਾਨ ਦੇ ਰੂਬਰੂ', ਸਫ਼ਾ 14)
ਨਹੀਂ, ਮੈਂ ਹੁਣ ਇਹ ਤੱਕਣ ਲਈ ਜੀਉਂਦਾ ਨਹੀਂ
ਕਿ ਤੁਸੀਂ ਮੈਨੂੰ ਕਿੰਜ ਮਾਰੋਗੇ
ਕੌਣ ਗਿਣੇ ਕਿ
ਤਸ਼ੱਦਦ ਦੀ ਕਿਸ ਕਿਸ ਅਦਾ 'ਤੇ
ਤੁਸਾਂ ਮੇਰਾ ਨਾਮ ਲਿਖਿਆ ਹੈ ?
ਨਹੀਂ, ਮੈਂ ਹੁਣ ਇਹ ਤੱਕਣ ਲਈ ਜੀਉਂਦਾ ਨਹੀਂ
ਕਿ ਉਸ ਦੇ ਪਿੰਡ 'ਤੇ ਕਿਸ ਸ਼ਾਨ ਨਾਲ ਤ੍ਰਿਕਾਲ ਢਲਦੀ ਹੈ
ਨਾ ਮੈਨੂੰ ਇਹ ਪਤਾ
ਕਿ ਪੂਰੇ ਚੰਦ ਦੀ ਰਾਤ ਉਸ ਲਈ ਕਿੰਝ ਕਟਦੀ ਹੋਊ।
***
('ਖਿਲਰੇ ਹੋਏ ਵਰਕੇ, ਸਫ਼ਾ 27)
ਕਿਸੇ ਨੂੰ ਵਕਤ ਕਦ ਦਿੰਦੇ ਜੀਣ ਵਿੱਚ ਰੁੱਝੇ ਹੋਏ ਲੋਕੀਂ
ਕਾਇਰ ਜਣੇ ਨੂੰ
ਕਤਲ ਦਾ ਮੌਕਾ ਮਸਾਂ ਹੀ ਮਿਲਦਾ ਹੈ।
***
('ਵਰਤਮਾਨ ਦੇ ਰੂਬਰੂ', ਸਫ਼ਾ 14)
ਅਲੱਗ ਹੁੰਦੀ ਹੈ ਭਾਸ਼ਾ ਭਾਸ਼ਣਾਂ ਦੀ ਸਦਾ
ਪਰ ਰੋਂਦੀਆਂ ਮਾਵਾਂ ਤੇ ਭੈਣਾਂ ਦੀ ਭਾਸ਼ਾ ਇੱਕ ਹੁੰਦੀ ਹੈ
ਅਲੱਗ ਹੁੰਦੀ ਹੈ ਭਾਸ਼ਾ
ਜੋ ਭਰੀ ਮਰਦਮਸ਼ੁਮਾਰੀ ਦੇ ਰਜਿਸਟਰ ਵਿੱਚ
ਘਰਾਂ ਤੋਂ ਉੱਠਦਿਆਂ ਵੈਣਾਂ ਦੀ ਭਾਸ਼ਾ ਇੱਕ ਹੁੰਦੀ ਹੈ।
***
('ਖਿਲਰੇ ਹੋਏ ਵਰਕੇ', ਸਫ਼ਾ 56)
ਸਾਨੂੰ ਅਜੇਹੇ ਰਾਖਿਆਂ ਦੀ ਲੋੜ ਨਹੀਂ
ਜੋ ਸਾਡੇ 'ਤੇ ਆਪਣੇ ਮਹਿਲਾਂ 'ਚੋਂ ਹਕੂਮਤ ਕਰਨ
ਸਾਨੂੰ ਕਾਮਿਆਂ ਨੂੰ ਉਨ੍ਹਾਂ ਦੀਆਂ ਦਾਤਾਂ ਦੀ ਲੋੜ ਨਹੀਂ
ਅਸੀਂ ਆਪੋ ਵਿੱਚੀਂ ਸਭ ਫੈਸਲੇ ਕਰਾਂਗੇ
***
(ਮੂਲ ਹੱਥਲਿਖਤ)
ਪਾਰਲੀਮੈਂਟ
ਡੂੰਮਣੇ ਵੱਲ ਉਂਗਲ ਨਾ ਕਰੋ
ਜਿਸ ਨੂੰ ਤੁਸੀਂ ਖੱਖਰ ਸਮਝਦੇ ਹੋ
ਉੱਥੇ ਲੋਕਾਂ ਦੇ ਪ੍ਰਤੀਨਿਧ ਵਸਦੇ ਹਨ
***
('ਲੜਾਂਗੇ ਸਾਥੀ', 104)
ਫਤਵਾਸ਼ਨਾਸੀ
ਦੋਸਤੋ ਜੇ ਭਿਨਭਿਨਾਹਟ ਤੰਗ ਕਰਦੀ ਹੋਵੇ
ਤਾਂ ਉਡਾ ਲੈਣਾ ਨੱਕ ਤੋਂ ਮੱਖੀਆਂ
ਪਰ ਸਫ਼ਾਈ ਦਾ ਨਾਂ ਦੇ ਕੇ
ਪਵਿੱਤਰ ਸ਼ਬਦ ਨੂੰ ਪਲੀਤ ਨਾ ਕਰਨਾ
***
(ਇੱਕ ਕਾਗਜ਼ ਤੋਂ)
('ਲੜਾਂਗੇ ਸਾਥੀ', ਸਫਾ 104)
ਉਮਰ
ਬੰਦੇ ਦਾ ਵੀ ਕੋਈ ਜੀਣ ਹੈ
ਆਪਣੀ ਉਮਰ ਕਾਂ ਜਾਂ ਸੱਪ ਨੂੰ ਬਖਸ਼ੀਸ਼ ਦੇ ਦਿਉ
***
('ਲੜਾਂਗੇ ਸਾਥੀ', 104)
ਜ਼ਿੰਦਗੀ
ਜੀਣ ਦਾ ਇੱਕ ਹੋਰ ਵੀ ਢੰਗ ਹੁੰਦਾ ਹੈ
ਭਰੇ ਟਰੈਫਿਕ ਵਿੱਚ ਚੌਫਾਲ ਲਿਟ ਜਾਣਾ
ਅਤੇ ਸਲਿੱਪ ਕਰ ਦੇਣਾ
ਵਕਤ ਦਾ ਬੋਝਲ ਪਹੀਆ
***
(ਮੂਲ ਹੱਥਲਿਖਤ)
ਮੌਤ
ਮਰਨ ਦਾ ਇੱਕ ਹੋਰ ਵੀ ਢੰਗ ਹੁੰਦਾ ਹੈ
ਮੌਤ ਦੇ ਚਿਹਰੇ ਤੋਂ ਚੁੱਕ ਦੇਣਾ ਨਕਾਬ
ਅਤੇ ਜ਼ਿੰਦਗੀ ਦੀ ਚਾਰ ਸੌ ਵੀਹ ਨੂੰ
ਸ਼ਰੇਆਮ ਬੇ-ਪਰਦ ਕਰ ਦੇਣਾ
***
(ਮੂਲ ਹੱਥਲਿਖਤ)
ਭਾਗ - 10
ਸ਼ਹੀਦਾਂ ਨਾਲ ਸਬੰਧਤ ਰਚਨਾਵਾਂ
ਤੁਹਾਡੇ ਕੋਲ ਚੌਅ ਹੈ ਜਾਂ ਖਰਾਦ ਦੀ ਹੱਥੀ
ਤੁਹਾਡੇ ਪੈਰਾਂ 'ਚ ਸਵੇਰ ਹੈ ਜਾਂ ਸ਼ਾਮ
ਤੁਹਾਡੇ ਅੰਗ ਸੰਗ ਤੁਹਾਡੇ ਸ਼ਹੀਦ
ਤੁਹਾਥੋਂ ਕੋਈ ਆਸ ਰੱਖਦੇ ਹਨ।
13 ਅਪ੍ਰੈਲ
ਕਣਕਾਂ ਦੇ ਸਿੱਟਿਆਂ ਤੋਂ ਪਰਾਂ
ਜਨਰਲ ਡਾਇਰ ਦਾ ਮੱਕਾਰ ਚਿਹਰਾ ਹੱਸਦਾ ਹੈ
ਪੰਜਾਂ ਪਿਆਰਿਆਂ ਦੇ ਗੱਦੀ ਨਸ਼ੀਨਾਂ
ਔਰੰਗਜ਼ੇਬੀ ਟੋਪੀ ਪਾਈ ਹੈ
ਵਸਾਖੀ ਦਾ ਮੇਲਾ ਦੇਖੇਗਾ ਕੌਣ?
................................
***
(ਮੂਲ ਹੱਥਲਿਖਤ)
23 ਮਾਰਚ
ਉਸ ਦੀ ਸ਼ਹੀਦੀ ਤੋਂ ਬਾਦ - ਬਾਕੀ ਦੇ ਬਚੇ ਲੋਕ ਕਿਸੇ ਦ੍ਰਿਸ਼ ਵਾਂਗ ਬਚੇ
ਤਾਜ਼ਾ ਮੁੰਦੀਆਂ ਪਲਕਾਂ ਦੇਸ਼ ਦੇ ਵਿੱਚ ਸਿਮਟਦੀ ਜਾ ਰਹੀ ਝਾਕੀ ਦੀ ਤਰਾਂ
ਦੇਸ਼ ਸਾਰਾ ਬਚ ਰਿਹਾ ਬਾਕੀ, ਉਹਦੇ ਤੁਰ ਜਾਣ ਪਿੱਛੋਂ।
ਉਸ ਦੀ ਸ਼ਹੀਦੀ ਤੋਂ ਬਾਦ - ਆਪਣੇ ਅੰਦਰੀਂ ਖੁੱਲਦੀ ਬਾਰੀ ਵਿਚ
ਲੋਕਾਂ ਦੀਆਂ ਅਵਾਜ਼ਾਂ ਜੰਮ ਗਈਆਂ
ਉਸ ਦੀ ਸ਼ਹੀਦੀ ਤੋਂ ਬਾਦ ਮੁਲਕ ਦੀ ਸਭ ਤੋਂ ਵੱਡੀ ਪਾਰਟੀ ਦੇ ਲੋਕਾਂ
ਆਪਣੇ ਚਿਹਰੇ ਤੋਂ ਹੰਝੂ ਨਹੀਂ, ਨੱਕ ਪੂੰਝਿਆ
ਗਲਾ ਸਾਫ਼ ਕਰਕੇ-ਬੋਲਣ ਦੀ, ਬੋਲਦੇ ਜਾਣ ਦੀ ਮਸ਼ਕ ਕੀਤੀ
ਉਹ ਕੰਮਬਖ਼ਤ ਆਪਣੀ ਉਸ ਸ਼ਹਾਦਤ ਬਾਦ
ਲੋਕਾਂ ਦੇ ਘਰੀਂ ਉਨ੍ਹਾਂ ਦੇ ਸਿਰਹਾਣਿਆਂ ਵਿੱਚ ਮਹਿਕ ਵਿੱਚ ਛੁਪੇ ਹੋਏ ਕੱਪੜੇ ਦੀ
ਮਹਿਕ ਵਾਂਗ ਸਿੰਮ ਗਿਆ।
ਸ਼ਹੀਦ ਹੋਣ ਦੀ ਘੜੀ- ਉਹ ਇਕੱਲਾ ਸੀ ਰੱਬ ਵਾਂਗ
ਪਰ ਉਹ ਰੱਬ ਵਾਂਗ ਨਿਸਤੇਜ ਨਹੀਂ ਸੀ
***
23.03.1982
('ਆਪਣੇ ਨਾਲ ਗੱਲਾਂ, ਸਫ਼ਾ 67-68)
ਬਾਬਾ ਬੂਝਾ ਸਿੰਘ ਦੀ ਸ਼ਹਾਦਤ 'ਤੇ
ਅਸਾਂ ਬਦਲਾ ਲੈਣਾ ਏ,
ਉਸ ਬੁੱਢੜੇ ਬਾਬੇ ਦਾ।
ਜਿਨ੍ਹਾਂ ਫ਼ੜ ਕੇ ਮਾਰ ਦਿੱਤਾ
ਸਾਡਾ ਮਾਣ ਦੁਆਬੇ ਦਾ।
***
('ਬਾਬਾ ਬੂਝਾ ਸਿੰਘ ਗ਼ਦਰ ਤੋਂ ਨਕਸਲਬਾੜੀ ਤੱਕ' - ਅਜਮੇਰ ਸਿੱਧੂ, ਸਫ਼ਾ 102)
ਵਿਦਿਆਰਥੀ ਆਗੂ ਪਿਰਥੀਪਾਲ ਰੰਧਾਵਾ ਦੇ ਕਤਲ 'ਤੇ
ਜਿੱਦਣ ਤੂੰ ਪਿਰਥੀ ਨੂੰ ਜੰਮਿਆ
ਕਿਹੜਾ ਦਿਨ ਸੀ ਮਾਂ ?
'ਰੱਬ' ਬਣਕੇ ਮੈਂ ਕੁੱਲ ਕਲੰਡਰ
ਓਹੀਓ ਦਿਨ ਕਰ-ਦਾਂ
ਕਿੱਥੇ ਬੁੱਢੀ ਚਗਲ ਉਹ, ਜਿਸ ਦੀ
ਕਾਕਾਸ਼ਾਹੀ ਬਾਂਹ
ਕਿੱਥੇ ਨੌਂ ਵਰ੍ਹਿਆਂ ਦਾ ਤੇਰਾ
ਲਾਲ ਸੀ ਕੁੱਲ ਜਮ੍ਹਾਂ
ਜੇਸ ਰਾਤ ਤੇਰਾ ਲੈ ਗਏ ਪਿਰਥੀ1
ਕੋਹਿਆ ਜਿਹੜੀ ਥਾਂ
ਓਦਣ ਧਰਤ ਸੁਹਾਗਣ ਹੋਈ
ਟਹਿਕੀ ਸੁੰਨ ਸਰਾਂ।
ਪਿਰਥੀ ਕਰ ਗਿਆ ਧਰਤੀਆਂ ਅੰਬਰ
ਸਾਰੇ ਤੇਰੇ ਨਾਂ
ਲੱਭਦੇ ਫਿਰਨ 'ਬੇਅੰਤੇ' ਵਰਗੇ
ਪੈਰ ਧਰਨ ਨੂੰ ਥਾਂ
ਤੇਰਾ ਕੋਈ ਕੀ ਕਰ ਲਊ
ਤੂੰ ਸ਼ੇਰ ਪੁੱਤਾਂ ਦੀ ਮਾਂ ।
***
( 'ਵਰਤਮਾਨ ਦੇ ਰੂਬਰੂ', ਸਫ਼ਾ 13)
1 'ਖਿਲਰੇ ਹੋਏ ਵਰਕੇ', ਸਫ਼ਾ 79 'ਤੇ ਤੀਜਾ ਪੈਰ੍ਹਾ ਪਹਿਲਾਂ ਅਤੇ ਦੂਜਾ ਪੈਰ੍ਹਾ ਬਾਅਦ ਵਿੱਚ ਛਪਿਆ ਹੈ
ਆਸ ਰੱਖਦੇ ਹਨ
ਵੱਟੋ ਵੱਟ ਹੋ ਜਾਂਦੀ ਹੈ- ਆਲਮ ਦੀ ਸਿਆਹ ਚਾਦਰ
ਜਦ ਵਿਹੜੇ ਵਿੱਚ ਕੁੱਕੜ ਦੀ ਬਾਂਗ ਛਣਕ ਉੱਠਦੀ ਹੈ
ਗੀਤ ਆਲ੍ਹਣਿਆਂ 'ਚੋਂ ਨਿੱਕਲ ਕੇ ਬਾਹਰ ਆਉਂਦੇ ਹਨ
ਤੇ ਹਵਾ ਵਿੱਚ ਖੁਰਚ ਦਿੰਦੇ ਹਨ
ਸ਼ਹੀਦਾਂ ਦੇ ਅਮਿੱਟ ਚੇਹਰੇ, ਮਿੱਟੀ ਦਾ ਸਭ ਤੋਂ ਸੁਹਾਣਾ ਸਫਰ।
ਚਾਨਣ ਦੀ ਪਹਿਲੀ ਸ਼ੁਆ ਸੰਗ
ਫੈਲਦੀਆਂ ਹਨ ਇਸ ਕਦਰ ਤਸਵੀਰਾਂ
ਕਿ ਕਿਸੇ ਦੇਸ਼ ਭਗਤ ਯਾਦਗਾਰ ਹਾਲ ਦੀ ਮਜ਼ਬੂਰ ਵਲਗਣ 'ਤੇ
ਬੇਪਰਵਾਹ ਹੱਸਦਾ ਹੈ ਤਸਵੀਰਾਂ ਦਾ ਅਕਾਰ।
ਤੁਸੀਂ ਜਦ ਵੀ ਕਿਸੇ ਨੂੰ ਨਮਸਕਾਰ ਕਰਦੇ ਹੋ
ਜਾਂ ਹੱਥ ਮਿਲਾਉਂਦੇ ਹੋ
ਉਨ੍ਹਾਂ ਦੇ ਬੁੱਲ੍ਹਾਂ ਤੋਂ ਤਿਲਕੀ ਹੋਈ ਮੁਸਕਰਾਹਟ
ਤੁਹਾਡੀ ਪ੍ਰਕਰਮਾ ਕਰਦੀ ਹੈ
ਤੁਸੀਂ ਜਦ ਕਿਤਾਬਾਂ ਪੜ੍ਹਦੇ ਹੋ
ਤਾਂ ਅੱਖਰਾਂ 'ਤੇ ਫੈਲ ਜਾਂਦੇ ਹਨ
ਉਨ੍ਹਾਂ ਦੇ ਅਮਲ ਅਤੇ ਸਿੱਖਿਆਵਾਂ,
ਜਦ ਸਮਾਜ ਦੇ ਕੁਰਖਤ ਸੀਨੇ 'ਤੇ
ਹੁੰਦਾ ਹੈ ਛਵੀਆਂ ਦਾ ਨਾਚ
ਜਦ ਤੱਤੇ ਲਹੂ ਬੱਕਰੇ ਬੁਲਾਉਂਦੇ ਹਨ
ਜਾਂ ਜਦ ਢਿੱਡ ਦੀ ਗੁੜਗੁੜਾਹਟ ਨਾਹਰਾ ਬਣਦੀ ਹੈ
ਤਾਂ ਕਦੀ ਰੋਂਦੇ ਕਦੀ ਮੁਸਕਰਾਉਂਦੇ ਹਨ- ਸਲੀਬ ਦੇ ਗੀਤ
ਤੁਹਾਡੇ ਕੋਲ ਚੌਅ ਹੈ ਜਾਂ ਖਰਾਦ ਦੀ ਹੱਥੀ
ਤੁਹਾਡੇ ਪੈਰਾਂ 'ਚ ਸਵੇਰ ਹੈ ਜਾਂ ਸ਼ਾਮ
ਤੁਹਾਡੇ ਅੰਗ ਸੰਗ ਤੁਹਾਡੇ ਸ਼ਹੀਦ
ਤੁਹਾਥੋਂ ਕੋਈ ਆਸ ਰੱਖਦੇ ਹਨ।
***
(ਮੂਲ ਹੱਥਲਿਖਤ)
ਭਾਗ 11
ਨਿੱਜੀ ਕਵਿਤਾਵਾਂ
ਚੱਲਦੇ-ਚੱਲਦੇ
ਰਾਹਾਂ ਦੇ ਵਿੱਚ
ਆਇਆ ਐਸਾ ਇੱਕ ਪੜਾਅ
ਰੁਲਦੇ ਰੁਲਦੇ
ਰੁਲ ਗਏ ਯਾਰੋ
ਮੈਂ ਤੇ ਪਾਤਰ ਸਕੇ ਭਰਾ
ਮੈਂ ਤੇ ਪਾਤਰ ਸਕੇ ਭਰਾ
ਰੇਤ ਦਿਆਂ ਟਿੱਬਿਆਂ ਵਿੱਚ ਸਾਡਾ
ਜਨਮ ਦੋਹਾਂ ਦਾ ਹੋਇਆ ਸੀ
ਸਾਨੂੰ ਦੇਖ ਕੇ ਮਾਂ ਦਾ ਚੇਹਰਾ
ਹੱਸਿਆ ਤੇ ਫਿਰ ਰੋਇਆ ਸੀ
.......
ਹੱਸਿਆ ਇਸ ਲਈ
ਜੱਗ ਵਿੱਚ ਰਹਿਜੂ
ਚਲਦਾ ਵੰਸ਼ ਅਸਾਡਾ ਇਹ
ਰੋਇਆ ਇਸ ਲਈ
ਕਿੰਝ ਕੱਟਣਗੇ
ਜੀਵਨ-ਪੰਧ ਦੁਰਾਡਾ ਇਹ
.......
ਨਾ ਤਾਂ ਉਸ ਦਿਨ, ਸਾਡੇ ਚਾਚੇ
ਪੈਰ ਵਤਨ ਵਿੱਚ ਪਾਇਆ ਸੀ
ਨਾ ਹੀ ਉਸ ਦਿਨ, ਸਾਡਾ ਬਾਪੂ
ਜੇਲ੍ਹੋਂ ਛੁੱਟ ਕੇ
ਆਇਆ ਸੀ।
.......
ਉਸ ਨੂੰ ਲੱਗਿਆ, ਉਸਦੇ ਸਿਰ 'ਤੇ
ਹਰ ਤੁਹਮਤ
'ਜੰਗਲ' ਦੀ ਹੈ
ਜਾਂ ਫਿਰ
'ਜੰਗਲ' ਦੇ ਮੂੰਹ ਉਤਲੀ
ਚੁੱਪ ਜਿਹੀ ਦੰਦਲ ਦੀ ਹੈ
........
ਉਸ ਨੂੰ ਰਹੀ ਉਡੀਕ
ਖ਼ਤਾਂ ਦੀ
ਮੈਨੂੰ ਰਹੀ ਜਵਾਬਾਂ ਦੀ
ਉਸ ਚਿੜੀਆਂ ਦੇ
ਜ਼ਖ਼ਮ ਪਲੋਸੇ
ਮੈਂ ਰਿਹਾ
ਟੋਹ ਵਿੱਚ ਬਾਜ਼ਾਂ ਦੀ
ਮੈਂ ਗਾਲ੍ਹਾਂ ਦੀ
ਡਿਗਰੀ ਕੀਤੀ
ਤੇ ਉਸ ਕੀਤੀ ਰਾਗਾਂ ਦੀ
ਉਹ ਸਾਜ਼ਾਂ ਦੇ
ਨਾਲ ਹੈ ਸੌਂਦਾ
ਮੈਨੂੰ ਲੋੜ ਨਾ ਸਾਜ਼ਾਂ ਦੀ
........
ਮੇਰੀ ਹਿੱਕ ਵਿੱਚ
ਪੱਥਰ ਉੱਗਦੇ
ਉਸ ਦੀ ਹਿੱਕੜੀ ਬਾਗਾਂ ਦੀ
ਉਹ ਫੁੱਲਾਂ ਦੀ
ਛਾਵੇਂ ਬਹਿੰਦਾ
ਤੇ ਮੈਂ ਫ਼ਨੀਅਰ ਨਾਗਾਂ ਦੀ
ਮੇਰੀ ਚਿੰਤਾ ਦੋ ਬੁੱਕ ਆਟਾ
ਉਸ ਨੂੰ ਫਿਕਰ ਸਵਾਦਾਂ ਦੀ
........
ਚੱਲਦੇ-ਚੱਲਦੇ
ਰਾਹਾਂ ਦੇ ਵਿੱਚ
ਆਇਆ ਐਸਾ ਇੱਕ ਪੜਾਅ
ਰੁਲਦੇ ਰੁਲਦੇ
ਰੁਲ ਗਏ ਯਾਰੋ
ਮੈਂ ਤੇ ਪਾਤਰ ਸਕੇ ਭਰਾ
***
('ਇੱਕ ਪਾਸ਼ ਇਹ ਵੀਂ’, ਸਫ਼ਾ 78-79)
ਫੜੇ ਗਏ ਜੀ ਫੜੇ ਗਏ
ਪਾਤਰ ਭਾਅ ਜੀ ਫੜੇ ਗਏ
ਮਰਦੀ ਜਾਂਦੀ ਗ਼ਜ਼ਲ ਦੇ ਮੂੰਹ ਵਿੱਚ
ਪਾਣੀ ਪਾਉਂਦੇ ਫੜੇ ਗਏ
ਤਖ਼ਤ ਸਿੰਘ ਨਾਲ
ਹੱਥ ਮਿਲਾਉਂਦੇ
ਹਮਦਰਦਾਂ ਨਾਲ
ਅੱਖ ਮਿਲਾਉਂਦੇ
'ਚੰਦ' ਦੀ ਹਾਂ ਵਿੱਚ
ਹਾਂ ਮਿਲਾਉਂਦੇ
ਪਾਤਰ ਭਾਅ ਜੀ ਫੜੇ ਗਏ
ਹਾਂ, ਫੜੇ ਗਏ
ਜੀ, ਫੜੇ ਗਏ....
***
('ਇੱਕ ਪਾਸ਼ ਇਹ ਵੀ’, ਸਫ਼ਾ 37 )
ਨਹੀਂ,
ਮੈਂ ਭਾਰਤ ਲੱਭਣ ਤੁਰਿਆ
ਕੋਈ ਕੋਲੰਬਸ ਨਹੀਂ
ਭਾਰਤ ਤਾਂ ਸੁਣਿਆ ਦੇਸ਼ ਹੁੰਦਾ ਹੈ ਤੇ ਅਮਰੀਕਾ ਕੋਈ ਰਾਜਾਂ ਦਾ ਸਮੂਹ
ਕੋਲੰਬਸ ਦੀ ਪਿੱਠ 'ਤੇ ਤਾਂ ਸੁਣਿਆ ਹੁੰਦਾ ਹੈ
ਕਿਸੇ ਰਾਣੀ ਦਾ ਲੰਮ ਸਲੰਮਾ ਹੱਥ
ਪਰ ਸ਼ਮਸੇਰ ਸਫ਼ਰ ਦਾ ਗਾਇਆ ਜਾਣਾ
ਬੰਦੇ ਨੂੰ ਮੁਬਾਰਕ ਹੈ
.....
ਉਸ ਵਿੱਚ ਮਹਿਕਦੀਆਂ ਚਰਾਂਦਆਂ ਦੀ ਲਿਸ਼ਕ ਹੁੰਦੀ ਹੈ।
***
(ਮੂਲ ਹੱਥਲਿਖਤ)
ਯਾਰਾਂ ਨਾਲ ਸੰਵਾਦ
ਨਹੀਂ ਸ਼ਮਸ਼ੇਰ, ਮੈਂ ਕੋਈ ਕੋਲੰਬਸ ਨਹੀਂ
ਮੈ ਨਾ ਹੀ ਭਾਰਤ ਲੱਭਣ ਤੁਰਿਆ ਸਾਂ ਨਾ ਅਮਰੀਕਾ
ਮੇਰਾ ਤਾਂ ਆਪਣਾ ਘਰ ਈ ਪਤਾ ਨਹੀਂ ਕਿਉਂ
ਅਨੰਦਪੁਰ ਦੇ ਕਿਲ੍ਹੇ ਵਾਂਗੂੰ ਸੁਰੱਖਿਅਤ ਰਹਿ ਨਹੀਂ ਸਕਿਆ
ਤੇ ਹੁਣ ਤਾਂ ਸੁੱਕੀ ਹੋਈ ਸਰਸਾ ਹੀ ਲੰਘਣ ਨਾਲ
ਘਰ ਦੇ ਜੀਆਂ ਦੀਆਂ ਅੱਖਾਂ 'ਚ ਉੱਲੂ ਜਿਹੇ ਉੱਤਰ ਆਏ
ਓਦੋਂ ਤੋਂ ਅਤਿਕਥਨੀ ਜਿਉਂ ਲੱਗਦੇ ਨੇ
ਕੂੰਜਾਂ ਦੀ ਡਾਰ ਵਰਗੇ ਬਿੰਬ...
ਹੁਣ ਤਾਂ ਸੰਸਾ ਹੈ ਸ਼ਮਸ਼ੇਰ
ਮੇਰੇ ਵਿੱਚ ਵਸ ਚੁੱਕਾ ਪਰਦੇਸ ਤੇਰੇ ਪੰਜਾਬ ਨੂੰ
ਕਿਤੇ ਨਿਗਲ ਨਾ ਜਾਵੇ।
ਓਦੋਂ ਤੱਕ ਡਰ ਨਹੀਂ ਸੀ
ਮੰਜਕੀ ਵਾਲੇ ਜਦੋਂ ਤੱਕ ਸਾਡੇ ਪਿੰਡਾਂ 'ਚ
ਧੀਆਂ ਪੁੱਤਾਂ ਦਾ ਸਾਕ ਕਰਨ ਤੋਂ ਗੁਰੇਜ਼ ਕਰਦੇ ਸਨ
ਜਦੋਂ ਤੱਕ ਮਾਲਵਾ ਹਰੀ ਕੇ ਪੱਤਣ ਤੋਂ ਸ਼ੁਰੂ ਹੁੰਦਾ ਸੀ
ਜਦ ਤੱਕ ਅੰਬਰਸਰ, ਬਾਬਾ ਬਕਾਲਾ
ਢਾਡੀਆਂ ਦੀ ਸਾਣਗੀ ਅੰਦਰ ਹੀ ਰਹਿੰਦੇ ਸਨ
ਓਦੋਂ ਤੱਕ ਤਾਂ ਜਮਾਂ ਈ ਡਰ ਨਹੀਂ ਸੀ
ਜਦ ਤਾਈਂ ਪਰਦੇਸ ਮੇਰੇ ਜਿਸਮ ਦੇ ਬੱਸ ਬਾਹਰਵਾਰ ਸੀ
ਹੁਣ ਤਾਂ ਸ਼ਮਸ਼ੇਰ ਜਦ ਦੇ ਸੁੱਕੀ ਜਿਹੀ ਸਰਸਾ ਨੂੰ ਲੰਘੇ ਹਾਂ
ਬਿਸ਼ੱਕ ਰਾਹ ਵਿੱਚ ਕੋਈ ਚਮਕੌਰ ਨਾ ਸਰਹਿੰਦ ਆਈ
ਮੇਲ ਮੁੜ ਕੇ ਹੋ ਨਹੀਂ ਸਕਿਆ ਦੁਬਾਰਾ
ਖਿੰਡ ਗਏ ਗਰੀਬੜੇ ਜਹੇ ਘਰ ਦੇ ਨਕਸ਼ਾਂ ਦਾ
ਮੈਂ ਯਾਰਾ ਠਾਹਰ ਕੀ ਕਰਨੀ ਸੀ ਮਾਛੀਵਾੜੇ ਦੀ ਝਿੜੀ 'ਚ
ਪਤਾ ਨਹੀਂ ਕਦੋਂ ਤੇ ਕਿੱਦਾਂ
ਝਿੜੀ ਨੇ ਖ਼ੁਦ ਮੇਰੇ ਅੰਦਰ ਠਾਹਰ ਕਰ ਲਈ
ਉਦੋਂ ਤੋਂ ਝਿੜੀ ਅੰਦਰੋਂ ਰੋਜ਼ ਕੋਈ
(ਤੂੰ ਦੂਜੇ ਆਲਮਗੀਰ ਲਈ ਨਾ ਸਮਝੀਂ)
ਮੇਰੀ ਅਣਜੰਮੀ ਧੀ ਨੂੰ ਚਿੱਠੀਆਂ ਲਿਖਦਾ ਹੈ।
ਉਨ੍ਹਾਂ ਚਿੱਠੀਆਂ 'ਚ ਨਾ ਕੋਈ ਸੁਖਸਾਂਦ, ਨਾ ਰਾਮਸੱਤ
ਬੱਸ ਲਿਖਿਆ ਹੁੰਦਾ ਹੈ ਕਿ ਸਾਢੇ ਤਿੰਨ ਹੱਥ ਬੰਦਾ ਵੀ
ਬੜੀ ਮੌਜ ਨਾਲ ਚੁਬਾਰੇ ਜੇਡੇ ਹਾਥੀ ਨੂੰ ਸਿਧਾ ਸਕਦਾ ਹੈ
ਜਾਂ - ਧਰਤੀਆਂ ਨਹੀਂ, ਸਿਰਫ ਸੂਰਜ ਹੀ ਚਮਕ ਸਕਦੇ ਨੇ।
ਕਦੀ ਉਹ ਲਿਖਦਾ ਹੈ: ਗੁੱਡੋ, ਇਹ ਧਰਤੀ ਜਿੰਨਾ ਮਰਜ਼ੀ ਜ਼ੋਰ ਲਾ ਲਏ
ਸੂਰਜ ਦੇ ਦਾਬੇ 'ਚੋਂ ਉੱਕਾ ਨਹੀਂ ਨਿੱਕਲ ਸਕਦੀ।
ਉਹ ਦੁਸ਼ਮਣ ਪਤਾ ਨਹੀਂ ਸ਼ਮਸ਼ੇਰ ਮੇਰੀ ਧੀ ਨੂੰ
ਕੇਹੀ ਸਿੱਖਿਆ ਪਿਲਾਉਣੀ ਚਾਹੁੰਦਾ ਹੈ
ਉਸ ਦੇ ਖ਼ਤਾਂ 'ਚ ਬਾਂਦਰ ਦੇ ਬੰਦਾ ਬਣਨ ਦੀ
ਬੰਦੇ ਦੇ ਸ਼ਿਕਾਰੀ ਬਣਨ ਦੀ ਵਿਥਿਆ ਹੁੰਦੀ ਹੈ,
ਭਲਾਂ ਉਸ ਅਣਜੰਮੀ ਮਾਸੂਮ ਨੇ
ਕੀ ਚੀਨ ਦੀ ਕੰਧ ਢਾਹੁਣੀ ਹੈ
ਜਾਂ ਮਿਸਰ ਦੇ ਪਿਰਾਮਿਡਾਂ ਦੀਆਂ ਮੱਮੀਆਂ ਦੇ
ਗਹਿਣੇ ਲਾਹੁਣੇ ਨੇ ?
ਮੈਨੂੰ ਤਾਂ ਲੱਗਦਾ ਹੈ - ਇਹ ਬੰਦਾ ਕੋਈ ਬਦਮਾਸ਼ ਹੈ
ਜੋ ਮਾਰਕੋ ਪੋਲੋ ਦੇ ਘਰ ਵਾਂਗੂੰ
ਮੈਂ ਪਰਦੇਸੀ ਦਾ ਨਿੱਕਸੁੱਕ ਹੜੱਪਣਾ ਚਾਹੁੰਦਾ ਹੈ।
ਸ਼ਮਸ਼ੇਰ ਇਹਨੂੰ ਕੁਝ ਕਹੋ ਯਾਰੋ
ਬਾਸੀ, ਬਿੱਲੇ ਤੇ ਲਖਬੀਰ ਥੋਡਾ ਫ਼ਰਜ਼ ਨਹੀਂ ?
ਇਸ ਆਦਮੀ ਨੂੰ ਆਖੋ
ਇਹੋ ਜਹੇ ਖ਼ਤ ਮੇਰੀ ਧੀ ਨੂੰ ਨਾ ਪਾਵੇ।
ਸਾਂਭ ਰੱਖੇ, ਫਿਰ ਕਿਤੇ ਛਪਵਾ ਲਏ ਪੁਸਤਕ ਦੇ ਰੂਪ ਵਿੱਚ
ਇਹਦਾ ਕੋਈ ਫਾਇਦਾ ਹੋ ਜਾਊ । ...
ਕਾਸ਼, ਮੈਨੂੰ ਪਤਾ ਹੁੰਦਾ
ਅੰਬੇਦਕਰ ਦਵਾਈਆਂ ਵਾਲਾ ਡਾਕਟਰ ਨਾ ਸੀ-
ਤਾਂ ਮੈਂ ਪਰਦੇਸ ਦੀ ਮਗਰੀ ਲੱਗਣ ਤੋਂ ਪਹਿਲਾਂ
ਕਿਸੇ ਧਨੰਤਰ ਕੋਲ ਜਾਂਦਾ,
ਮੇਰੀ ਅਣਜੰਮੀ ਗੁੱਡੋ ਦੇ ਨਕਸ਼ਾਂ 'ਤੇ
ਐਹਨਾਂ ਬਦਸ਼ਗਨ ਖ਼ਤਾਂ ਦਾ ਪਰਛਾਵਾਂ ਨਾ ਪੈਂਦਾ
ਅਤੇ ਪਰਦੇਸ ਟੁੱਟਦੇ ਤਾਰੇ ਦੀ ਲਕੀਰ ਵਰਗਾ
ਸਾਡੇ ਦੋਨੇ ਵਿੱਚ ਮੱਕੀਆਂ ਦੀ ਥਾਂ ਨਾ ਉੱਗ ਆਉਂਦਾ
ਪਰਦੇਸ ਜੀ.ਟੀ. ਰੋਡ ਤੇ ਉਲਟੇ ਟਰੱਕ ਵਰਗਾ
ਦੁਆਬੇ ਦੇ ਅੰਬਾਂ 'ਤੇ ਬੂਰ ਵਾਂਗ ਨਾ ਉੱਤਰ ਆਉਂਦਾ...
ਹੁਣ ਤਾਂ ਸ਼ਮਸ਼ੇਰ, ਤੇਰਾ ਪੂਰਨ ਸਿੰਘੀ ਪੰਜਾਬ
ਇਸ ਪਰਦੇਸ ਅੰਦਰ ਸਿਰਫ ਇੱਕ ਅਰਦਾਸ ਹੈ
ਲੰਮੀ ਝੜੀ 'ਚ ਰਿਸਦੀ ਕੱਚੀ ਕੰਧ ਦੇ
ਕੁੱਝ ਦਿਨ ਤਗੀ ਰਹਿ ਸਕਣ ਲਈ।
ਯਾਰੋ ਫਿਕਰਮੰਦ ਰਹਿਣਾ –
ਇਹ ਪਰਦੇਸ ਕੰਜਰ ਦੀ ਮਾਰ
ਕਿਸੇ ਦਿਨ ਸ਼ੰਕਰ ਦੀ ਛਿੰਝ ਦੇ ਅਖਾੜੇ 'ਚ ਨਾ ਆ ਬੁੱਕੇ
ਇਹ ਕਿਤੇ ਰੱਤੇਵਾਲ ਤੋਂ ਚੱਲ ਨਾ ਪਏ ਮੁਲਤਾਨ ਨੂੰ
ਸੰਗਾਂ ਦੇ ਨਾਲ
ਇਹਦਾ ਕੁਛ ਪਤਾ ਨਹੀ ਕਦ ਪਾਸਲੇ ਦੀ ਰਾਮਲੀਲਾ ਦੇ
ਥੜ੍ਹੇ 'ਤੇ ਚੜ ਕੇ ਭੇਸ ਕਰ ਲਵੇ ਰਾਵਣ ਜਾਂ ਰਾਮ ਦਾ,
ਤੂੰ ਯਾਰਾ ਫਿਕਰਮੰਦ ਰਹੀਂ
ਐਤਕੀਂ ਰੌਸ਼ਨੀ ਦੇ ਮੇਲੇ ਉੱਤੇ ਚਾਲ੍ਹੀਆਂ 'ਚੋਂ ਇੱਕ ਬਚੇ
ਤਾਂ ਮਹਿਲ 'ਚ ਨਾ ਮਾਰੀਂ
ਉਸ ਦੇ ਕੰਮ ਆਉਣ ਦਾ ਬਹੁਤ ਮੌਕਾ ਹੈ
ਮਹਾਂ ਸਿੰਘ ਬੁਰਜਵਾਲਾ ਜੇ ਭਬਕ ਮਾਰਨ ਨੂੰ ਕਰੇ
ਤਾਂ ਰੋਕੀਂ ਨਾ-
ਹੋ ਸਕਦਾ ਹੈ 'ਬੰਦਾ' ਮੁੜ ਕਿਸੇ ਦਿਨ ਉੱਤਰ ਆਏ ਪਹਾੜੋਂ
ਜੇ ਕੈਥਲ ਨਹੀਂ
ਤਾਂ ਹਰ ਹਾਲ ਸਢੌਰੇ ਉਸ ਦੇ ਦਲ ਨਾਲ ਰਲ ਕੇ
ਪਰਤ ਆਵਾਂਗੇ ਆਪਾਂ ਵਤਨ ਨੂੰ।
ਫਿਰ ਮਿਲਾਂਗੇ ਸਾਰੇ ਸੁੱਕੀ ਸਰਸਾ ਦੇ ਵਿੱਛੜੇ ਹੋਏ
ਕੋਈ ਪੌਂਡ ਦੇ ਧੂੰਏਂ 'ਚੋਂ
ਕੋਈ ਰਿਆਲ ਦੀ ਰੇਤਾ 'ਚੋਂ
ਕੋਈ ਡਾਲਰ ਦੀ ਚੁੰਧਿਆਈ 'ਚੋਂ
ਅਸੀਂ ਹੇੜਾਂ ਵਾਂਗ ਆਵਾਂਗੇ
ਏਸ ਮੋਰਾਂ, ਹੀਰੇ ਹਿਰਨਾਂ ਦੀ ਧਰਤੀ 'ਤੇ
ਯਾਰੋ ਫ਼ਿਕਰਮੰਦ ਰਹਿਣਾ
ਯਾਰੋ ਫ਼ਿਕਰਮੰਦ ਰਹਿਣਾ।
***
('ਵਰਤਮਾਨ ਦੇ ਰੂਬਰੂ', ਸਫ਼ਾ 18-21)
ਭਾਗ 12
ਛਪੀਆਂ ਰਚਨਾਵਾਂ ਦੇ ਛਾਂਗੇ ਹੋਏ ਹਿੱਸੇ
ਅਤੇ ਅਧੂਰੀਆਂ ਰਚਨਾਵਾਂ
ਜਦ ਸਾਡੇ ਗੀਤ, ਪੂਰੀ ਜਹਾਲਤ ਨਾਲ
ਫੁੱਲਾਂ ਨਾ' ਅੱਖ ਮੇਲਣਗੇ
ਤਾਂ ਬਹਾਰ ਦਾ ਘੁਮੰਡੀ ਸੁਹਜ
ਕੀ ਭੰਗ ਨਹੀਂ ਹੋਵੇਗਾ?
ਜਿਨ੍ਹਾਂ ਨੇ ਉਮਰ ਭਰ ਤਲਵਾਰ ਦਾ ਗੀਤ ਗਾਇਆ ਹੈ
ਉਨ੍ਹਾਂ ਦੇ ਸ਼ਬਦ ਲਹੂ ਦੇ ਹੁੰਦੇ ਹਨ
ਲਹੂ ਲੋਹੇ ਦਾ ਹੁੰਦਾ ਹੈ।
ਜਿਹੜੇ ਮੌਤ ਦੇ ਕੰਢੇ 'ਤੇ ਜਿਉਂਦੇ ਹਨ1
ਉਨ੍ਹਾਂ ਦੀ ਮੌਤ ਤੋਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੁੰਦਾ ਹੈ।
ਜਿਨ੍ਹਾਂ ਦਾ ਲਹੂ ਤੇ ਮੁੜਕਾ ਮਿੱਟੀ ਵਿੱਚ ਡੁੱਲ੍ਹ ਜਾਂਦਾ ਹੈ
ਉਹ ਮਿੱਟੀ ਵਿੱਚ ਦੱਬ ਕੇ ਉੱਗ ਆਉਂਦੇ ਹਨ।
***
('ਪਾਸ਼-ਕਾਵਿ 1, ਸਫਾ 236)
1. ਉਪਰੋਕਤ ਆਖਰੀ ਚਾਰ ਸਤਰਾਂ "ਯੁੱਗ ਪਲਟਾਵਾ" (ਲੋਹ ਕਥਾ) ਵਿੱਚ ਵੱਖਰੇ ਰੂਪ ਵਿੱਚ ਸ਼ਾਮਲ ਹਨ।
ਧੁੰਦਲੀ ਤੇ ਮਟਮੈਲੀ ਜਹੀ ਚੰਨ ਚਾਨਣੀ - ਕਿਸੇ ਵਗਾਰੀ
ਵਾਂਗ ਉਦਾਸੀ ਵਿੱਚ ਮੱਤੀ ਸ਼ਹਿਰ ਦੀਆਂ ਕੱਦਾਵਰ ਬਿਲਡਿੰਗਾਂ
'ਚੋਂ ਸਹਿਮੀ ਸਹਿਮੀ ਆਈ ਹੈ-
ਇਹ ਦਿਸ਼ਾਵਾਂ ਦੀ ਸੱਚਾਈ ਭੁੱਲਦੀ ਹੈ
ਮੇਰੇ ਵਿੱਚ ਸੁਕਰਾਤ ਵੀ ਹੈ
ਜਿਸ ਸੂਰਜ ਦੀ ਮੈਨੂੰ ਧੁੱਪ ਵੀ ਵਰਜਤ ਹੈ1
ਮੈਂ ਉਸ ਦੀ ਛਾਂ ਤੋਂ ਵੀ ਇਨਕਾਰ ਕਰ ਦੇਵਾਂਗਾ1
ਮੈਂ ਹਰ ਖਾਲੀ ਸਰਾਹੀ ਭੰਨ ਦਿਆਂਗਾ।
***
('ਪਾਸ਼-ਕਾਵਿ 1', ਸਫਾ 237)
1. ਉਪਰੋਕਤ ਦੋ ਸਤਰਾਂ 'ਯੁੱਗ ਪਲਟਾਵਾ' (ਲੋਹਕਥਾ) ਵਿੱਚ ਸ਼ਾਮਲ ਹਨ।
ਮੋੜ ਦਿਓ ਮੇਰੇ ਖੰਭ ਇਹ ਤਾਂ ਮੌਤ ਵਰਗੀ ਗੱਲ ਹੈ
ਬੁੱਤ ਹੋ ਕੇ ਰਹਿ ਜਾਣਾ ਤੇ ਚੌਂਕਾਂ ਵਿੱਚ ਗੱਡ ਜਾਣਾ-
ਮੈਂ ਧੁਰ ਤੋਂ ਸਿਰਜਣਹਾਰ ਹਾਂ
ਮੈਂ ਜਦ ਵੀ ਜਨਮਿਆਂ ਹਾਂ1
ਜੀਣ ਦੀ ਸੌਂਹ ਖਾ ਕੇ ਜੰਮਦਾ ਹਾਂ1
.... ..... ..... ..... ....2
ਮੋੜ ਦਿਓ ਮੇਰੇ ਖੰਭ ਇਹ ਤਾਂ ਮੌਤ ਵਰਗੀ ਗੱਲ ਹੈ
***
('ਪਾਸ਼ ਕਾਵਿ 1', ਸਫਾ-238)
1. ਇਹ ਦੋ ਸਤਰਾਂ 'ਹਰ ਬੋਲ 'ਤੇ ਮਰਦਾ ਰਹੀ' (ਲੋਹ ਕਥਾ) ਵਿੱਚ ਵੱਖਰੇ ਰੂਪ ਵਿੱਚ ਸ਼ਾਮਲ ਹਨ।
2. ਇਹ ਸਤਰ ਪੜ੍ਹੀ ਨਹੀਂ ਜਾਂਦੀ।
ਯੁੱਧ ਸਾਡੇ ਲਹੂ ਤੇ ਹੱਡੀਆਂ 'ਚੋਂ
ਖੁਸ਼ਕ ਹਨ੍ਹੇਰੀ ਵਾਂਗ ਗੁਜ਼ਰੇਗਾ
ਹਰ ਕਾਸੇ 'ਤੇ ਆਪਣਾ ਰੰਗ ਛੱਡਦਾ
ਅਤੇ ਬੇਸਬਰੀ ਨਾਲ ਵਰਖਾ ਲਈ ਤਰਸਾਉਂਦਾ ਹੋਇਆ
ਯੁੱਧ ਦੀ ਪੀੜ ਨਾਲ
ਸਾਡੀ ਕੌਮ ਦੇ ਨਕਸ਼ ਉੱਘੜ ਆਉਣਗੇ
ਯੁੱਧ ਦੇ ਜ਼ਖ਼ਮਾਂ ਤੋਂ ਅਸੀਂ ਖਿੜੇ ਹੋਏ ਫੁੱਲਾਂ ਨੂੰ
ਮਹਿਸੂਸ ਕਰਨਾ ਸਿੱਖਾਂਗੇ
ਸਾਨੂੰ ਵੇਗ ਨਾਲ ਚੁੰਮਣ ਦੀ ਜਾਚ ਆਏਗੀ
ਅਸੀਂ ਅਸਮਾਨ ਦੀ ਸਵੱਛਤਾ ਨਾਲ
ਅੰਦਰਾਂ ਨੂੰ ਭਰ ਲਵਾਂਗੇ
ਤਦ ਇੱਕ ਨਵਾਂ ਯੁੱਧ ਸ਼ੁਰੂ ਹੋਵੇਗਾ
ਖੁਸ਼ਗਵਾਰ ਮੌਸਮਾਂ ਲਈ2
ਜਦ ਸਿਰੇ ਚੜ੍ਹਨਗੇ ਵਖਤਾਂ ਦੇ ਨਾਲ ਪਾਲੇ ਹੋਏ ਪਿਆਰ
ਜ਼ਿੰਦਗੀ ਦੀ ਧਰਤੀ ਤੋਂ
ਬੀਤੇ ਦਾ ਵਗਿਆ ਹੋਇਆ ਲਹੂ
ਚੁੱਕ ਕੇ ਮੱਥਿਆਂ ਨੂੰ ਲਾਇਆ ਜਾਏਗਾ।
***
(ਮੂਲ ਹੱਥਲਿਖਤ)
1. ਇਹ ਸਤਰਾਂ 'ਯੁੱਧ ਤੇ ਸ਼ਾਂਤੀ’ ਦਾ ਹਿੱਸਾ ਲੱਗਦੀਆਂ ਹਨ। ਇਹ 'ਸਾਡੇ ਸਮਿਆਂ ਵਿੱਚ' ਵਿਚਲੀ ਕਵਿਤਾ ਵਿੱਚ ਪਾਸ਼ ਨੇ ਸ਼ਾਮਲ ਨਹੀ ਸਨ ਕੀਤੀਆਂ।
2. ਆਖ਼ਰੀ ਪੰਜ ਸਤਰਾਂ 'ਮੈਂ ਸਲਾਮ ਕਰਦਾ ਹਾਂ' ਕਵਿਤਾ ਵਿੱਚ ਵੀ ਥੋੜੇ ਫਰਕ ਨਾਲ ਸ਼ਾਮਲ ਹਨ।
ਅੱਜ ਦੇ ਦਿਨ1
ਅੱਜ ਦੇ ਦਿਨ
ਅਸੀਂ ਸਾਰਾ ਹਿਸਾਬ ਸਾਫ਼ ਕਰਨਾ ਚਾਹਾਂਗੇ
ਅਸੀਂ ਚਾਹਾਂਗੇ
ਉਨ੍ਹਾਂ ਨੂੰ ਬਹੁਤ ਕੁਝ ਚੇਤੇ ਕਰਾਉਣਾ
ਚੇਤਾ-ਬਹੁਤ ਸਵਾਦ ਲੱਗੇ ਬੱਚਿਆਂ ਦੇ ਮਾਸ ਦਾ
ਕੰਜਕਾਂ ਦੀਆਂ ਮਸਾਂ ਫੁੱਟਦੀਆਂ ਦੁੱਧੀਆਂ ਦਾ2
ਅਸੀਂ ਉਨ੍ਹਾਂ ਦੀ ਫੂਕ ਦੇ ਨਾਲ ਬੁਝ ਗਈ
ਹਰ ਚੀਜ਼ ਦਾ ਚੇਤਾ ਕਰਾਉਣਾ ਚਾਹਾਂਗੇ
ਧਰਮੋ ਫ਼ੌਜਣ ਦੀ ਤਲ਼ੀ ਉਤਲੇ ਇੰਤਜ਼ਾਰ ਦੇ ਦੀਵੇ ਦਾ
ਮਹਿੰਦਰ ਵਾਗੀ ਨੂੰ ਜੁਬਾਨੀ ਯਾਦ ਦੋਹਿਆਂ ਦਾ
ਝੋਨਾ ਸਿੰਜਦੇ ਸੱਪ ਲੜ ਕੇ ਮਰੇ
ਤਾਰੀ ਦੀ ਨੱਢੀ ਦੀ ਨੌਂਹ ਪਾਲਸ਼ ਦਾ
ਅੱਜ ਦੇ ਦਿਨ
ਅਸੀਂ ਪਰਾਰ ਦੇ ਮੇਲੇ 'ਚ ਰੁੱਸੇ ਦੇਬੇ ਨੂੰ ਮਨਾਵਾਂਗੇ
ਅੱਜ ਦੇ ਦਿਨ ਅਸੀਂ ਛੱਲੀਆਂ ਦੀ ਪੰਡ ਤੋਂ ਵਿਗੜੇ ਹੋਏ ਮੋਹਣੇ ਲੁਹਾਰ ਨੂੰ
ਚੀਰ ਕੇ ਦਿਲ ਦਿਖਾਵਾਂਗੇ
ਅੱਜ ਦੇ ਦਿਨ ਅਸੀਂ ਦੇਖਾਂਗੇ
ਲਾਹਣ ਦੇ ਘੜੇ ਤੋਂ ਟੁੱਟੀ ਹੋਈ ਬਿੰਦਰ ਦੀ ਯਾਰੀ
ਸਾਂਝਿਆਂ ਜਖ਼ਮਾਂ ਤੋਂ ਮੂੰਹ ਕਿੱਦਾਂ ਭੁਆਵੇਗੀ
ਅੱਜ ਦੇ ਦਿਨ ਅਸੀਂ
ਪਸੂਆਂ ਦੇ ਕੋਠੇ ਵਿੱਚ ਦੱਬੇ ਹੋਏ ਪੇਚਾਂ ਵਾਲ਼ੇ ਬਰਛੇ ਨੂੰ
ਰਲ-ਮਿਲ ਕੇ ਲੱਭਾਂਗੇ
***
(ਮੂਲ ਹੱਥਲਿਖਤ, 'ਖਿਲਰੇ ਹੋਏ ਵਰਕੇ', ਸਫ਼ਾ 51-52)
1. ਇਹ ਸਤਰਾਂ 'ਅੱਜ ਦਾ ਦਿਨ' ਨਾਂ ਦੀ ਕਵਿਤਾ ਦੇ ਨੁਸਖ਼ੇ ਦੇ ਅਖੀਰ ਵਿੱਚ ਹਨ ਜੋ ਪਾਸ਼ ਨੇ 'ਸਾਡੇ ਸਮਿਆਂ ਵਿੱਚ' ਕਿਤਾਬ ਵਿੱਚ ਸ਼ਾਮਲ ਨਹੀਂ ਸਨ ਕੀਤੀਆਂ।
2. ਪਹਿਲੀਆਂ ਛੇ ਸਤਰਾਂ ਹਾਸਲ ਹੱਥਲਿਖਤ ਵਿੱਚ ਮੌਜੂਦ ਨਹੀਂ।
ਕੁਜਾਤ
ਤੂੰ ਆਦਮੀ ਦੀ ਜਾਤ ਨਹੀਂ
ਕੁਜਾਤ ਸੀ
ਜਿਸ ਨੂੰ ਪਹਿਲੀ ਵਾਰ ਦੁਨੀਆਂ 'ਤੇ
ਕਿਸੇ ਜਾਸੂਸ ਦੀ ਜ਼ਰੂਰਤ ਪਈ
ਤੂੰ ਜਿਸਨੇ ਪਹਿਲੀ ਵਾਰ
ਮਹਾਂਬਲੀ ਇਨਸਾਨ ਦਾ ਸ਼ਿਕਾਰ ਕਰਨ ਦੀ ਸੋਚੀ
ਤੇਰੇ ਅੰਦਰ ਕਦੀ ਸਵੇਰ ਨਹੀਂ ਗਾਈ ਹੋਣੀ
ਤੂੰ ਬਹੁਤ ਲੰਮੀ ਕਾਲੀ ਬੋਲੀ ਰਾਤ ਦੀ ਅਗੇਤਰ ਸੰਝ ਸੀ
ਤੂੰ ਧੁਖ ਰਹੇ ਅਸਮਾਨ ਨੂੰ ਮੌਰਾਂ 'ਤੇ ਢੋਅ ਕੇ
ਸੁੱਟ ਗਿਆ ਏਂ ਬੀਜਾਂ ਅੰਦਰ ਸੌਂ ਰਹੀ ਹਰਿਆਵਲ 'ਤੇ
ਦੁਨੀਆਂ ਭਰ ਦੇ ਸ਼ਹੀਦਾਂ ਦੀ ਜਰੀ ਹੋਈ ਪੀੜ ਨਾਲ
ਮਸਾਂ ਹੀ ਅੱਧ-ਪਚੱਧੀ ਮਿਣੀ ਗਈ ਹੈ
ਤੇਰੀ ਕਰੂਪ ਲਾਸ਼
ਲਾਸ਼ ਤੇਰੀ ਦਾ ਕੋਝ ਬਦੀ ਨੂੰ ਉੱਠਦੇ ਹਰ ਹਥਿਆਰ
ਦਾ ਦਸਤਾ ਏਂ ਤੂੰ
ਜਿਸ ਨੂੰ ਪਹਿਲੀ ਵਾਰ ਕਿਸੇ ਜਾਸੂਸ ਦੀ ਜ਼ਰੂਰਤ ਪਈ
...........................................
..........................................
***
(ਇੱਕ ਅਧੂਰੀ ਕਵਿਤਾ ਫਟੇ ਪੁਰਾਣੇ ਕਾਗਜ਼ ਤੋਂ ਮਿਲੀ)
('ਲੜਾਂਗੇ ਸਾਥੀ', ਸਫਾ 109)
ਹਜ਼ਾਰਾਂ ਲੋਕ ਹਨ1
ਜਿਨ੍ਹਾਂ ਕੋਲ ਰੋਟੀ ਹੈ
ਚਾਨਣੀਆਂ ਰਾਤਾਂ, ਕੁੜੀਆਂ ਅਤੇ ਅਕਲ ਹੈ
ਹਜ਼ਾਰਾਂ ਲੋਕ ਹਨ
ਜਿਨ੍ਹਾਂ ਦੀ ਜੇਬ ਵਿੱਚ
ਹਰ ਵਕਤ ਕਲਮ ਹੁੰਦੀ ਹੈ...
ਅਤੇ ਅਸੀਂ ਹਾਂ
ਕਿ ਕਵਿਤਾ ਲਿਖਦੇ ਹਾਂ।
.............................
..............................
***
(ਮੂਲ ਹੱਥਲਿਖਤ)
1. ਕਾਗਜ ਦੇ ਟੋਟੇ ਤੋਂ
ਖੁਸ਼ਕ ਰੇਤਲੇ ਇਲਾਕੇ ਵਿੱਚ
ਜਿਥੇ ਮੇਰਾ ਜਨਮ ਹੋਇਆ
ਮੂੰਗਫਲੀ ਤੇ ਕਣਕ ਤੋਂ ਇਲਾਵਾ
ਇੱਕ ਮਨੁੱਖ ਨਾਂ ਦੀ ਫਸਲ ਵੀ ਉੱਗਦੀ ਹੈ
ਕਿ ਜਿਸ ਨੂੰ ਬਾਕਾਇਦਾ ਬੀਜ ਖਾਦਾਂ
ਤੇ ਕੁਝ ਪਾਣੀਆਂ ਦੀ ਲੋੜ ਹੁੰਦੀ ਹੈ
ਪਰ ਬਦਕਿਸਮਤੀ ਦੀ ਹੱਦ
ਕਿ ਅਸੀਂ ਲੋਕ ਹਾਂ
ਜੋ ਰੱਬ .....ਆਸਰੇ ਪਲ ਕੇ
ਏਥੋਂ ਦੇ ਲੋਕਾਂ ਦਾ
ਰੱਬ ਨਾਲ ਅਜੀਬ ਰਿਸ਼ਤਾ ਹੈ
ਕਿ ਫਿਰਦੇ ਹਨ ਤਾਂ ਰੇਤ ਫੱਕਦੇ ਹਨ
.... .....
***
('ਖਿਲਰੇ ਹੋਏ ਵਰਕੇ', ਸਫ਼ਾ 62)
1. ਪਾਣੀ ਨਾਲ ਘੁਲ਼ੇ ਅੱਖਰ ਪੜ੍ਹੇ ਨਹੀਂ ਜਾਂਦੇ।
ਮੈਂ ਬਹੁਤ ਲੋਕ ਦੇਖੇ ਹਨ ਬਤੰਗੜਾਂ ਦਾ ਭਾਰ ਢੋਂਦੇ
ਤੇ ਸਾਰਾ ਰਾਹ ਉਨ੍ਹਾਂ ਕੋਲੋਂ ਨਿੱਕੀਆਂ ਨਿੱਕੀਆਂ ਗੱਲਾਂ ਕਿਰਦੀਆਂ ਰਹਿੰਦੀਆਂ
ਉਹ ਖਵਰੇ ਕਦ ਤੁਰੇ ਸਨ
ਪਰ ਅੱਜ ਉਨ੍ਹਾਂ ਹਰ ਰਾਹ ਨੂੰ ਪਤਝੜ ਦੇ ਪੱਤਿਆਂ ਵਾਂਗ ਢਕ ਦਿੱਤਾ ਹੈ
ਕਈ ਆਉਂਦੇ ਹਨ ਤੇ ਠੁੱਡਾਂ ਨਾਲ
ਸਪੱਸ਼ਟ ਲਾਂਘਾ ਘੜ ਸਕਣ ਦੀ ਕੋਸ਼ਿਸ਼ ਵਿੱਚ ਨਾਕਾਮਯਾਬ ਹੋ ਕੇ
ਸਫਰ ਨੂੰ ਮੁਲਤਵੀ ਕਰ ਦਿੰਦੇ ਹਨ
ਉਹ ਲੋਕ ਅਸਲ ਵਿੱਚ ਮਾਂ ਦੀ ਗਾਲ੍ਹ ਵਰਗੇ ਹਨ
ਅਤੇ ਹਕੀਕਤਨ ਆਪਣੀ ਸੰਖਿਆ ਤੋਂ ਬਹੁਤ ਘੱਟ ਹਨ
ਤੇ ਮੈਂ ਜਿਨ੍ਹਾਂ ਲੋਕਾਂ ਨਾਲ ਤੁਰਿਆ ਹਾਂ
ਉਨ੍ਹਾਂ ਦੇ ਕਦਮਾਂ ਵਿੱਚ ਤੂਫਾਨ ਅੰਗੜਾਈਆਂ ਭਰਦੇ ਹਨ
...........................
............................1
ਤੇ ਅਸੀਂ ਜਿੰਨੇ ਵੀ ਹਾਂ
ਆਪਣੀ ਸੰਖਿਆ ਤੋਂ ਬਹੁਤ ਵਧੀਕ ਹਾਂ
ਤੇ ਪਿੱਛੇ ਛੱਡ ਜਾਂਦੇ ਹਾਂ
ਰਿਸ਼ਤਿਆਂ ਦੀਆਂ ਸਾਖੀਆਂ ਦਾ ਬਹਾਨਾ
ਉਨ੍ਹਾਂ ਲੋਕਾਂ ਲਈ
ਜੋ ਬਤੰਗੜਾਂ ਦਾ ਭਾਰ ਢੋਂਹਦੇ ਰਹਿੰਦੇ ਹਨ
***
(18.1.1970)
('ਪਾਸ਼-ਕਾਵਿ 1', ਸਫਾ 231)
1. ਮੂਲ ਲਿਖਤ ਵਿੱਚ ਇਹ ਦੋ ਸਤਰਾਂ ਪੜ੍ਹ ਨਹੀਂ ਹੁੰਦੀਆਂ।
ਬਹਾਰ ਦੀ ਰੁੱਤੇ
ਬਹਾਰ ਦੀ ਰੁੱਤੇ
ਕੋਈ ਵੀ ਚਾਹੁੰਦਾ ਹੈ
ਫੁੱਲ ਸਿਰਫ ਫੁੱਲ
ਜਾਂ ਮਹਿਕਦਾਰ ਪੱਤੇ ਵਰਗਲਾ ਜਾਂਦੇ ਹਨ।
ਆਓ ਅਸੀਂ ਗੁਮਰਾਹ ਹੋਏ ਲੋਕ
ਸੁੱਕੇ ਸਲਵਾੜ ਦੇ ਕੁੱਪਾਂ 'ਚੋਂ
ਤੇ ਜਲੇ ਹੋਏ ਚੂੜੀ-ਸਲੋਜ਼ ਦੀ ਰਾਖ 'ਚੋਂ
ਬੇਸ਼ਰਮ ਜਿਹਾ ਗੀਤ ਢੂੰਡੀਏ।
ਜਦ ਸਾਡੇ ਗੀਤ, ਪੂਰੀ ਜਹਾਲਤ ਨਾਲ
ਫੁੱਲਾਂ ਨਾ' ਅੱਖ ਮੇਲਣਗੇ
ਤਾਂ ਬਹਾਰ ਦਾ ਘੁਮੰਡੀ ਸੁਹਜ
ਕੀ ਭੰਗ ਨਹੀਂ ਹੋਵੇਗਾ ?
ਪਰ ਅਜੇ ਤਾਂ ਬਹਾਰ ਕਾਤਲ ਹੈ।
ਸਾਰੇ ਚਾਹੁੰਦੇ ਹਨ,
ਫੁੱਲ ਸਿਰਫ ਫੁੱਲ
..........................
..........................
***
('ਪਾਸ਼-ਕਾਵਿ 1', ਸਫਾ 193)
ਭਾਗ - 13
ਅਣਛਪੀਆਂ ਰਚਨਾਵਾਂ - ਪੰਜਾਬੀ
ਹੁਣ ਸੱਪਾਂ ਵਰਗੀ ਲਗਦੀ ਹੈ ਇਹ ਲਕੀਰ
ਜੋ ਸਦਾ ਲੀਕ ਹੀ ਰਹੀ
ਸਦਾ ਕੋਈ ਅੱਖਰ ਬਣਨਾ ਲੋਚਦੀ ਰਹੀ
ਨਾਰੀ ਨਿਕੇਤਨ
ਨਾਰੀ ਨਿਕੇਤਨਾ ਦਾ ਜੱਬ ਤੂੰ ਵੀ ਜਾਣਦੀ ਸੈਂ
ਬਦਲਦੇ ਪ੍ਰਛਾਵਿਆਂ ਦੇ ਝੁੱਗ ਦੀ ਹਕੀਕਤ ਮੈਂ ਸਮਝਦਾ ਸੀ
ਵਿਧਵਾ ਆਸ਼ਰਮਾਂ ਦਾ ਨਰਕ ਅਤੇ
ਪੁਰਾਣੀ ਦਿੱਲੀ ਰਾਜਧਾਨੀ ਬਣਾਉਣ ਦੇ ਪੁਆੜੇ
ਕੁਝ ਵੀ ਕਿਸੇ ਤੋਂ ਗੁੱਝਾ ਨਹੀਂ ਸੀ
ਤੇ ਉਂਝ ਹੁਣ ਮੈਨੂੰ ਵੀ ਪਛਤਾਵਾ ਹੈ
ਕਿ ਜੇ ਆਸਾਡੀ ਡਾਇਰੀ ਦਾ
ਹਰ ਸ਼ਬਦ ਹੀ ਇਤਿਹਾਸ ਬਣ ਜਾਣਾ ਸੀ
ਤਾਂ ਮੈਂ ਜਿਹੜੇ ਦਿਨ ਪੈੱਨ ਬੋਝੇ 'ਚੋਂ ਨਹੀਂ ਕਢਿਆ
ਵੱਧ ਵਾਰੀ ਕਤਲ ਹੋਇਆ ਹਾਂ
...........
***
(ਮੂਲ ਹੱਥਲਿਖਤ)
ਜਦ ਗੱਲ ਕਿਸੇ ਤਣ ਪੱਤਣ ਲਗਦੀ ਨਾ ਦਿਸੀ
ਜਦ ਅੰਬਰ ਜੇਡੀਆਂ ਕਸਮਾਂ
ਤੇ ਪਹਾੜਾਂ ਵਰਗੇ ਦਾਅਵਿਆਂ ਦੇ ਬਾਵਜੂਦ
ਬਜ਼ੁਰਗਾਂ ਦੇ ਤੋਹਮਤ ਭਰੇ ਰਜਿਸਟਰ ਵਿੱਚ ਹੀ ਹਾਜ਼ਰੀ ਲਗਦੀ ਰਹੀ
ਸੁਫਨਿਆਂ ਵਿੱਚ ਜੀਣ ਵਾਲੇ ਜਿਸਮ ਦੀ
ਹਰ ਹੁਨਾਲੇ ਚਮਕਦੇ ਪਰਬਤ
ਜਦੋਂ ਹੱਸਦੇ ਰਹੇ ਓਨੀ ਹੀ ਦੂਰ
ਹਾਰ ਸਵੀਕਾਰਨ ਲਈ ਸਭ ਤੋਂ ਯੋਗ ਮੌਕਾ ਹੈ
***
(ਮੂਲ ਹੱਥਲਿਖਤ)
ਅਜੇ ਤਾਂ ਰਾਤ ਸੌਣ ਨਹੀਂ ਲੱਗੀ
ਤੇ ਉਸ ਦਾ ਤਾਰਿਆਂ ਦੇ ਨਾਲ ਚੇਹਰਾ ਝਿਲਮਿਲਾਵੇ
ਉਸ ਨੂੰ ਆਖੋ ਕਿ ਚੰਨ ਨੂੰ ਪੱਕਾ ਕਰ ਲਵੇ
***
(ਮੂਲ ਹੱਥਲਿਖਤ)
ਰੱਬ ਜੀ!!
ਇਸ ਉੱਜੜੇ ਆਲ੍ਹਣੇ ਵਿੱਚ ਪਰਤਕੇ ਔਣਾ ਨਹੀਂ
ਹੁਣ ਕਦੀ ਗੁਟਕਦਾ ਪੰਛੀ
ਓ ਮੁਹੱਬਤ ਦੇ ਖੈਰ ਖਵਾਹ ਲੋਕੋ
ਮੁਹੱਬਤ ਹੁਣ ਕਿਸੇ ਮੌਸਮ ਦਾ ਨਾਂ ਨਹੀਂ ਰਿਹਾ
***
(ਮੂਲ ਹੱਥਲਿਖਤ)
ਉਹ ਸੌਂ ਹੀ ਜਾਣਗੇ ਆਖਰ
ਰਾਤ ਨੂੰ ਜਾਗਦੀ ਛੱਡ ਕੇ
ਚਾਂਦਨੀ ਥਿਰਕ ਉੱਠੇਗੀ
ਤਰੇਲੀ ਧਰਤ ਦੇ ਉੱਤੇ
ਲੁੜਕਦੀ ਰਾਤ ਜਾਵੇਗੀ
ਸੁਪਨਿਆਂ ਦੀ ਪਹਾੜੀ ਤੋਂ
-ਜਦੋਂ ਨਜ਼ਰਾਂ ਲੁਕਾਵਣਗੇ
ਬਿਸਤਰੇ ਸ਼ਰਮ ਦੇ ਮਾਰੇ
ਤਲੀ 'ਚੋਂ ਤਿਲਕ ਜਾਵੇਗਾ
ਗੁਲਾਬੀ ਫੁੱਲ ਸਰਘੀ ਦਾ –
ਉਹ ਬੇਹੇ ਗੀਤ ਲੈ ਕੇ
ਫੇਰ ਆਪਣਾ ਹੁਨਰ ਪਾਲਣਗੇ
ਸਲੋਨੇ ਚੇਹਰੇ ਤੋਂ ਥੱਲੇ ਥੱਲੇ
ਉਹ ਬੀਤਦੇ ਜਾਂਦੇ
ਅਤੇ ਪਲ ਰੀਂਗਦੇ ਜਾਂਦੇ...
***
(28.10.1971)
(ਮੂਲ ਹੱਥਲਿਖਤ)
ਅੰਤ ਵੱਲ ਦੌੜਦੇ ਹੋਏ ਲੋਕ
ਸੜਕੇ ਦੇ ਕੰਢੇ ਮੁਰੰਮਤ ਕਰਦੇ ਮਜ਼ਦੂਰਾਂ ਕੋਲੋਂ
ਦਿਸ਼ਾ ਪੁੱਛਦੇ ਹਨ
ਆਤਸ਼ਕ ਦੀਆਂ ਰੋਗੀ ਤੀਵੀਆਂ
ਅਤੇ ਖੱਸੀ ਹੋਏ ਲੋਕ ਮੰਗ ਕਰਦੇ ਹਨ
ਕਿ ਕੋਈ ਹਥਿਆਰਬੰਦ ਜਸੂਸ ਨੁਮਾ ਵਿਅਕਤੀ ਆਵੇ
ਤੇ ਇੱਕੋ ਥਰੀ ਨਟ ਥਰੀ ਨਾਲ
ਮੁਕਤੀ ਬਖ਼ਸ਼ ਦੇਵੇ ਉਨ੍ਹਾਂ ਨੂੰ
ਇਤਿਹਾਸਕਾਰ ਉਡੀਕ ਰਹੇ ਹਨ
ਕਦੋਂ ਗਿੱਟਿਆਂ ਤੋਂ ਚਿੱਕੜ ਧੋ ਕੇ ਸਮੇਂ ਦਾ ਨਾਇਕ
ਵਿਸ਼ਾਲ ਭਵਨਾਂ ਤੋਂ ਝੰਡੇ ਉਤਾਰਦਾ ਹੈ
ਇਸ ਲਈ ਭਵਿੱਖ ਦਾ ਬੋਝ ਚੁਕੀ ਫਿਰਦੇ ਮਿੱਤਰੋ
ਤਾਰੀਖ ਨੂੰ ਚਾਟਾਂ ਦੀਆਂ ਰੇੜੀਆਂ
ਜਾਂ ਕੰਨਿਆ ਵਿਦਿਆਲਿਆ ਦੇ ਗੇਟਾਂ ਤੋਂ ਨਾ ਢੂੰਡੋ
ਤਾਰੀਖ ਤਾਂ ਸ਼ਹਿਰੋਂ ਬਾਹਰ ਖੇਤਾਂ ਵਿੱਚ
ਤੇ ਫੌਜੀ ਬਾਰਕਾਂ ਵਿੱਚ ਉੱਗ ਆਈ ਹੈ
***
(ਮੂਲ ਹੱਥਲਿਖਤ)
ਚਲੋ ਦੌੜੋ ਸਮੁੰਦਰ ਆ ਰਿਹਾ ਹੈ
ਉਸ ਦੀ ਗਰਜ ਵਿੱਚ
ਟੈਂਕਾਂ ਦਾ ਸ਼ੋਰ ਹੈ
ਅਤੇ ਧਮਕੀਆਂ ਭਰੇ ਭਾਸ਼ਣਾਂ ਦਾ ਦੰਭ
ਚਲੋ ਦੌੜੋ ਉਨ੍ਹਾਂ ਕੰਧਾਂ ਤੋਂ ਦੂਰ
ਜਿਨ੍ਹਾਂ ਨੂੰ ਹੁਣ ਤੱਕ ਤੁਸੀਂ ਘਰ ਸਮਝਦੇ ਰਹੇ ਸੀ
***
(ਮੂਲ ਹੱਥਲਿਖਤ)
ਹੁਣ ਸੱਪਾਂ ਵਰਗੀ ਲਗਦੀ ਹੈ ਇਹ ਲਕੀਰ
ਜੋ ਸਦਾ ਲੀਕ ਹੀ ਰਹੀ
ਸਦਾ ਕੋਈ ਅੱਖਰ ਬਣਨਾ ਲੋਚਦੀ ਰਹੀ
***
(ਮੂਲ ਹੱਥਲਿਖਤ)
ਮੌਤ
ਜੋ ਬਹੁਤ ਕੁਝ ਹੁੰਦੀ ਹੋਈ ਵੀ
ਚੋਰਾਂ ਵਾਂਗ ਝਪਟਦੀ ਹੈ
ਤੇ ਬੱਸ ਕੁੱਝ ਨਹੀਂ ਕਰ ਸਕਦੀ
ਸਿਵਾ ਇੱਕ ਤੀਲਾ ਤੋੜ ਸਕਣ ਤੋਂ
***
(ਮੂਲ ਹੱਥਲਿਖਤ)
ਜ਼ਿੰਦਗੀ
ਜੋ ਕੁਝ ਨਹੀਂ ਹੁੰਦੀ ਵੀ
ਰਾਤ ਦਿਨ ਲਹੂ ਪੀਣ ਦੇ
ਸਮਰੱਥ ਹੈ
***
(ਮੂਲ ਹੱਥਲਿਖਤ)
ਭਾਗ 14
ਅਣਛਪੀਆਂ ਰਚਨਾਵਾਂ - ਹਿੰਦੀ/ਉਰਦੂ
ਕੌਫਤ-ਇ-ਉਮਰ ਹੈ, ਔਰ ਵਸਲ ਸੇ ਭੀ ਨਾਲਾਂ ਹੈਂ
'ਪਾਸ਼' ਕਿਸ ਕਾ ਯਕੀਂ, ਇਸ ਦੌਰ-ਇ-ਹਾਦਸਾਤ ਕਰੇਂ
ਗ਼ਜ਼ਲ
(1)
ਉਨ ਕੋ ਕਬ ਫੁਰਸਤ ਹੈ, ਹਮ ਸੇ ਬਾਤ ਕਰੇਂ
ਹਮਾਰੇ ਨਾਮ ਸੇ, ਅਪਨੀ ਜੁਬਾਂ ਨਾ-ਪਾਕ ਕਰੇਂ
ਦਿਲ-ਇ-ਨਾਸ਼ਾਦ1 ਕਾ ਕੋਈ ਉਨ ਪੇ ਇੰਕਸ਼ਾਫ ਕਰੇ
ਗਵਾਰਾ ਕਬ ਤਲਕ, ਯੇਹ ਸ਼ਿੱਦਤੇ ਜਜ਼ਬਾਤ ਕਰੇਂ
ਮੌਸਮ-ਇ-ਖੁਸ਼ਕ ਕਾ, ਸਾਮਾਂ ਕਿਸੇ ਮੁਬਾਰਕ ਹੈ
ਆਜ ਆਮਾਦਾ ਹੈਂ ਹਮ, ਆਖੋਂ ਸੇ ਬਰਸਾਤ ਕਰੇਂ
ਦਾਮਨ-ਇ-ਇਸ਼ਕ ਹੈ, ਪਸਰਾ ਹੂਆ ਖਲਾਓਂ ਮੇਂ
ਕਿਸ ਕੇ ਪੇਸ਼-ਏ-ਨਜ਼ਰ, ਯੇਹ ਦਰਦ ਕੀ ਸੌਗਾਤ ਕਰੇਂ
ਡੂਬੇ ਜਾਤੇ ਹੈਂ ਜੋ, ਖਾਮੋਸ਼ੀਓਂ ਕੇ ਸਾਗਰ ਮੇਂ
ਕੈਸੇ ਔਰ ਕਿਸ ਸੇ ਕਰੇਂ, ਕੈਸੀ ਵਾਰਦਾਤ ਕਰੇਂ
ਕੌਫਤ-ਇ-ਉਮਰ2 ਹੈ, ਔਰ ਵਸਲ ਸੇ ਭੀ ਨਾਲਾਂ3 ਹੈਂ
'ਪਾਸ਼' ਕਿਸ ਕਾ ਯਕੀਂ, ਇਸ ਦੌਰ-ਇ-ਹਾਦਸਾਤ ਕਰੇਂ
***
(ਮੂਲ ਹੱਥਲਿਖਤ)
1. ਉਦਾਸ ਦਿਲ 2. ਉਮਰ ਦੀ ਪਰੇਸ਼ਾਨੀ 3. ਮਹਿਰੂਮ
(2)
ਰੋ ਪੜੀ ਰਾਤ ਸਿਮਟ ਕੇ ਮੇਰੇ ਦਸਤਾਨੇ ਮੇਂ
ਚਾਂਦ ਕੋ ਦੂਰ ਕਹੀਂ ਖੋ ਦੀਆ ਵੀਰਾਨੇ ਮੇਂ
ਖੋ ਗਈ ਜਾਨੇ ਕਹਾਂ ਭੀੜ ਗਮਗੁਸਾਰੋਂ1 ਕੀ
ਰਫਤਾ ਰਫਤਾ ਮਚਾ ਹੈ ਸ਼ੋਰ ਸਨੱਮ ਖਾਨੇ2 ਮੇਂ
ਰਹੇ ਹੈਂ ਪੂਛ ਮੇਰਾ ਰਾਜ-ਇ-ਤਬੱਸਮ3, ਦੇਖੋ
ਰਹੇ ਹੈਂ ਲੁਤਫ ਸਰਾ4 ਮੁਝ ਕੋ ਜੋ ਰੁਲਾਨੇ ਮੇਂ
ਸੁਨਾ ਥਾ ਬਹੁਤ ਜਿਕਰ ਰਾਤ ਕੇ ਤੂਫਾਨੋਂ ਕਾ
ਮਿਲੀ ਹੈ ਕਹਿਕਸ਼ਾਂ5 ਕੀ ਰਾਖ਼ ਆਸ਼ਯਾਨੇ6 ਮੇਂ
ਜ਼ਰਾ ਸੋਚੋ ਯੇਹ ਜਵਾਂ ਕਿਸ ਤਰਹ ਜਵਾਂ ਹੋਤੇ,
ਗਰ ਕਯਾਮਤ ਸਾ ਖਿਲੌਨਾ ਨ ਹੋ ਜ਼ਮਾਨੇ ਮੇਂ
ਹੋਨੀ ਚਾਹਿਯੇ ਦਰਾਜ਼7 ਹਿੰਮਤ-ਏ-ਰਿੰਦਾਂ8 ਐ 'ਪਾਸ਼'
ਕੁਛ ਤੋ ਮੁੱਦਤ ਲਗੇਗੀ ਸ਼ੇਖ ਕੋ ਸਮਝਾਨੇ ਮੇਂ
***
(ਮੂਲ ਹੱਥਲਿਖਤ)
ਇਹ ਦੋਵੇਂ ਗ਼ਜ਼ਲਾਂ ਮੂਲ ਰੂਪ ਵਿਚ ਪੰਜਾਬੀ ਵਿਚ ਲਿਖੀਆਂ ਹੋਈਆਂ ਹਨ।
1. ਸ਼ੁਭਚਿੰਤਕ, 2. ਬੁੱਤਘਰ (ਮੰਦਰ), 3. ਖੁਸ਼ੀ ਦਾ ਰਹੱਸ, 4. ਮਜ਼ਾ ਲੈਣ ਵਾਲ਼ੇ, 5. ਅਕਾਸ਼ਗੰਗਾ, 6. ਘਰ, 7. ਲੰਮੀ, 8. ਸ਼ਰਾਬੀਆਂ ਦੀ ਹਿੰਮਤ
ਜਬ ਸੇ ਸੁਨਾ ਇਸ਼ਕ ਕੀ ਮੰਜ਼ਿਲ ਨਹੀਂ ਹੋਤੀ
ਔਰ ਭੀ ਗਾਫਿਲ1 ਸੇ ਰਹੇ ਜਾਦਹ2 ਸੇ ਹਮ।
ਨਾ ਹੂਈ ਦਿਲ ਕੋ ਕਭੀ ਸਾਹਿਲ3 ਕੀ ਜੁਸਤਜੂ4
ਖੇਲਤੇ ਤੂਫਾਂ ਸੇ ਰਹੇ, ਬੇਵਜਹ ਸੇ ਹਮ।
ਹਮ ਕੋ ਫਕਤ5 ਮੌਸਮ-ਇ-ਰੰਗੀਂ6 ਕਾ ਪਾਸ7 ਹੈ
ਬਾਤ ਯੋਂ ਕਰਤੇ ਨਹੀਂ ਹੈਂ ਬੇਵਫਾ ਸੇ ਹਮ।
ਬਸ ਗਈ ਹੈਂ ਖਲਵਤੇ8 ਦਿਲ ਮੇਂ ਖਾਮੋਸ਼ੀਆਂ
ਵਰਨਾ ਅਪਨੀ ਬਾਤ ਭੀ ਕਰਤੇ ਜ਼ਿਰਹ ਸੇ ਹਮ।
***
(ਮੂਲ ਹੱਥਲਿਖਤ)
ਮੂਲ ਰੂਪ ਵਿਚ ਪੰਜਾਬੀ ਵਿਚ ਲਿਖੀ ਹੋਈ।
1. ਲਾਪਰਵਾਹ, 2. ਰਾਹ, 3. ਕਿਨਾਰਾ, 4. ਤਲਾਸ਼, 5. ਸਿਰਫ਼ 6. ਮੌਸਮ ਦੀ ਰੰਗੀਨੀ, 7. ਖਿਆਲ, 8. ਇਕਲਾਪੇ
ਵੁਹ ਮੇਰਾ ਵਰਸ਼ੋਂ ਕੋ ਝੇਲਨੇ ਕਾ ਗੌਰਵ ਦੇਖਾ ਤੁਮ ਨੇ ?1
ਇਸ ਜਰਜਰ ਸ਼ਰੀਰ ਮੇਂ ਲਿਖੀ
ਲਹੂ ਕੀ ਸ਼ਾਨਦਾਰ ਇਬਾਰਤ ਪੜ੍ਹੀ ਤੁਮ ਨੇ
ਕਵਿਤਾ ਹੋ ਨਾ ਹੋ ਇਤਹਾਸ ਕੋ
ਮ੍ਰਿਤ ਸ਼ਰੀਰ ਕੀ ਜ਼ਿੰਦਾ ਲੋਥ ਕੇ ਸਾਥ
ਮਾਤ੍ਰ ਸਾਂਸ ਕੇ ਧਾਗੇ ਸੇ ਜੁੜਾ ਹੋਨਾ
***
15.01.1982
('ਆਪਣੇ ਨਾਲ ਗੱਲਾਂ, ਸਫ਼ਾ 59)
1. ਮੂਲ ਰੂਪ ਵਿੱਚ ਹਿੰਦੀ ਵਿੱਚ ਲਿਖੀ ਹੋਈ।
ਨਜ਼ਰੇਂ ਉਠੀਂ ਮੌਸਮ ਸੁਹਾਨਾ ਹੋ ਗਿਆ1
ਦਿਲ ਮਚਲਾ ਤੋ ਤੁਮਾਰਾ ਆਨਾ ਹੋ ਗਿਆ
ਜਿਕਰ ਸੁਨਤੇ ਥੇ ਬਦ ਗੁਮਾਂ ਹੁਸਨ ਕਾ
ਹਮ ਤੋ ਜਬ ਚਾਹਾ, ਦਾਨਾ ਹੋ ਗਿਆ
***
(ਮੂਲ ਹੱਥਲਿਖਤ)
1. ਮੂਲ ਰੂਪ ਵਿੱਚ ਪੰਜਾਬੀ ਵਿੱਚ ਲਿਖੀ ਹੋਈ।
ਉਸ ਵਕਤ ਮੇਰੇ ਸਾਥ ਸ਼ਾਇਦ ਤੁਮ ਹੀ ਥੇ1
ਜਬ ਏਕ ਗਾਨੇ ਵਾਲੀ ਚਿੜੀਆ ਮੇਰੀ ਆਵਾਜ਼ ਕੋ ਪਹਿਨ ਕਰ
ਮੇਰੇ ਹੀ ਅਪਨੇ ਅਸਤ ਵਯਸਤ ਸ਼ਬਦੋਂ ਮੇਂ ਕਹੀਂ ਛੁਪ ਗਈ ਥੀ
ਯਹ ਬਾਤ ਤਬ ਕੀ ਹੈ
ਜਬ ਮੈਂ ਵਿਆਕਰਣ ਕੋ ਘ੍ਰਿਣਾ ਕੀਆਂ ਕਰਤਾ ਥਾ
ਵਿਦਵਾਨੋ ਕੇ ਸਮਾਂ ਕਾਟਨੇ ਕੀ ਚੌਪਟ ਜਾਨ ਕਰ....
ਤਬ ਸੇ ਮੈਂ ਏਕ ਖੀਝ ਭਰੀ ਮੂਕ ਸੀ ਤਲਾਸ਼ ਮੇਂ
ਜਗਹ ਜਗਹ ਉਸ ਚਿੜੀਆ ਕੀ ਆਹਟ ਸੂੰਘਤਾ ਫਿਰ ਰਹਾ ਹੂੰ
ਸ਼ਾਇਦ ਵੁਹ ਕਹੀਂ ਜਾਨ ਬੂਝ ਕਰ ਧੁਪ ਮੇਂ ਪਿਘਲ ਗਈ ਹੋ
ਕਯੋਂਕਿ ਸੂਰਯ ਕੀ ਆਤੀ ਜਾਤੀ ਸਾਂਸ ਮੇਂ
ਅਕਸਰ ਮੁਝੇ ਵਹੀ ਪਰੀਚਤ ਸਾ ਗਾਨਾ ਸੁਨਾਈ ਦੇਤਾ ਹੈ।
ਯਾ ਉਸੇ ਗਾਓਂ ਕੀ ਕੋਈ ਧੂਲ ਭਰੀ ਸਾਂਝ ਚਰ ਗਈ ਹੋ
ਜਬ ਢੋਂਡ ਕਾ ਲੌਟਨਾ ਹੋਤਾ ਹੈ
ਦਿਨ ਭਰ ਝਾੜੀਓਂ ਕੇ ਭੀਤਰ ਸਰਸਰਾਤੀ ਹੂਈ ਹਵਾਓਂ ਕੋ ਦੋਹਨੇ ਕੇ ਬਾਦ
ਮੁਝੇ ਲਗਤਾ ਹੈ ਮੇਰੀ ਆਵਾਜ਼ ਕੋ ਪਹਨ ਕਰ ਭਾਗ ਨਿਕਲੀ ਹੂਈ ਵੋਹ ਚਿੜੀਆ
ਸੰਭਵ ਹੈ ਕਿਸੀ ਚੱਕੀ ਕੇ ਪਾਟ ਪਰ ਫੁਦਕਤੀ ਹੂਈ2
***
(ਮੂਲ ਹੱਥਲਿਖਤ)
1. ਮੂਲ ਰੂਪ ਵਿੱਚ ਪੰਜਾਬੀ ਵਿੱਚ ਲਿਖੀ ਹੋਈ।
2. ਇਸ ਤੋਂ ਅੱਗੇ ਸਫ਼ਾ ਫਟਿਆ ਹੋਇਆ ਹੈ।
ਇਨ ਸੇ ਮਿਲੋ1
ਯਿਹ ਹੈਂ ਤੁਮਾਰੇ ਪੂਰਵਜ
ਇਨ ਦਿਨੋਂ ਆਪਨੀ ਰਾਖ ਮੇਂ ਜੀਤੇ ਹੈਂ
ਜੀਨੇ ਵਾਲੋ, ਇਨਹੇਂ ਆਪ ਨੇ ਕਯਾ ਸਮਝਾ ਹੈ ?
***
(ਮੂਲ ਹੱਥਲਿਖਤ)
1. ਮੂਲ ਰੂਪ ਵਿੱਚ ਹਿੰਦੀ ਵਿੱਚ ਲਿਖੀ ਹੋਈ। ਪਹਿਲਾਂ ਪੰਜਾਬੀ ਵਿੱਚ ਛਪ ਚੁਕੀ ਹੈ।
ਭਾਗ 15
'ਸਾਡੇ ਸਮਿਆਂ ਵਿੱਚ' ਤੋਂ ਬਾਅਦ
ਛਪੀਆਂ ਹੋਈਆਂ ਰਚਨਾਵਾਂ
ਸਭ ਤੋਂ ਖ਼ਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ,
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ
ਘਰਾਂ ਤੋਂ ਨਿੱਕਲਣਾ ਕੰਮ 'ਤੇ
ਤੇ ਕੰਮ ਤੋਂ ਘਰ ਜਾਣਾ,
ਸਭ ਤੋਂ ਖ਼ਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ।
ਖੂਹ ਬੜੇ ਥੋੜ੍ਹੇ ਬਚੇ ਨੇ ਹੁਣ
ਪਰ ਉਹ ਕੱਲਮ-ਕੱਲੇ ਸੁੰਨੇ ਜਿਹੇ ਜਿੱਥੇ ਵੀ ਹਨ
ਹਨੇਰੇ ਤੋਂ ਸੁਰੱਖਿਅਤ ਨਹੀਂ
ਜੋ ਪਿਆਸ ਦੇ ਪੱਜ ਉਤਰਦਾ ਹੈ ਉਨ੍ਹਾਂ 'ਚ
ਤੇ ਮੌਤ ਭਰ ਦੇਂਦੈ
ਸਭ ਤੋਂ ਭੋਲੇ-ਭਾਲੇ ਪੰਛੀਆਂ ਦੇ ਆਂਡਿਆਂ ਵਿੱਚ
ਫਸਲਾਂ ਲਈ ਬੇਕਾਰ ਹੋਣ ਤੋਂ ਬਾਅਦ
ਖੂਹ ਬੜੇ ਥੋੜ੍ਹੇ ਬਚੇ ਨੇ ਹੁਣ
ਉਨ੍ਹਾਂ ਦੀ ਖਾਸ ਲੋੜ ਨਹੀਂ ਭਾਗਭਰੀ ਧਰਤੀ ਨੂੰ
ਪਰ ਹਨੇਰੇ ਨੂੰ ਉਨ੍ਹਾਂ ਦੀ ਲੋੜ ਹੈ
ਕਿਸੇ ਵੀ ਗੁਟਕਦੀ ਉਡਾਣ ਦੇ ਵਿਰੁੱਧ
ਹਨੇਰਾ ਉਨ੍ਹਾਂ ਨੂੰ ਮੋਰਚੇ ਲਈ ਵਰਤਦਾ ਹੈ
ਖੂਹ ਬੇਸ਼ੱਕ ਥੋੜ੍ਹੇ ਨੇ ਹੁਣ
ਸੰਖ ਦੀ ਗੂੰਜ ਰਾਹੀਂ ਨਿੱਤ ਡਰਦੀ ਨੀਂਦ ਵਿੱਚ
ਮੌਤ ਵਡਿਆਉਂਦੇ ਹੋਏ ਭਜਨਾਂ ਦੀ ਭਾਲ ਵਿੱਚ
ਤੇ ਅਤੀਤ ਗਾਉਂਦੀਆਂ ਬੜ੍ਹਕਾਂ ਵਿੱਚ
ਪਰ ਅਜੇ ਵੀ ਕਾਫੀ ਨੇ ਖੂਹ
ਉਨ੍ਹਾਂ ਵਿੱਚ ਹਲਕ ਗਿਆ ਹਨੇਰਾ ਅਜੇ ਚਿੰਘਾੜਦਾ ਹੈ
ਦੁਆ ਲਈ ਉੱਠਦੇ ਹੱਥਾਂ ਦੀ ਬੁੱਕ ਜੋ ਖੂਹ ਸਿਰਜਦੀ ਹੈ
ਸਾਲਮ ਮਨੁੱਖ ਨੂੰ ਨਿਗਲਣ ਲਈ
ਸਿਰਫ ਉਸ ਵਿਚਲਾ ਹੀ ਹਨੇਰ ਕਾਫ਼ੀ ਹੈ
ਇਨ੍ਹਾਂ ਖੂਹਾਂ ਦੇ ਅੰਦਰ ਮ੍ਹੇਲਦਾ ਫ਼ਨੀਅਰ ਹਨੇਰਾ
ਸੁੜਕ ਜਾਂਦਾ ਹੈ, ਕਿਸੇ ਵੀ ਹਿੱਕ ਅੰਦਰ ਖਿੜਦੇ ਹੋਏ ਚਾਨਣ ਦੇ ਸਾਹ
ਖੂਹ ਤੁਹਾਨੂੰ ਜੋੜਦੇ ਹਨ ਮੋਈਆਂ ਸਦੀਆਂ ਨਾਲ
ਖੂਹ ਤੁਹਾਨੂੰ ਗੂੰਜ ਦੇ ਨਸ਼ੇ 'ਤੇ ਲਾ ਕੇ
ਆਪਣੇ ਜ਼ਖ਼ਮਾਂ ਨੂੰ ਗਾਉਣਾ ਸਿਖਾਉਂਦੇ ਹਨ
ਖੂਹ ਨਹੀਂ ਚਾਹੁੰਦੇ ਕਿ ਧੁੱਪ ਜਾਵੇ ਤੁਹਾਡੇ ਚੇਤੇ 'ਚੋਂ
ਖੋਪਿਆਂ ਵਿੱਚ ਜੁਪਣ ਦਾ ਦ੍ਰਿਸ਼।
ਵਸਤੂ ਜਾਂ ਮਸ਼ੀਨ ਨਹੀਂ
ਹੁਣ ਮੁਕੰਮਲ ਫ਼ਲਸਫਾ ਨੇ ਖੂਹ
ਖੂਹ ਤਾਂ ਚਾਹੁੰਦੇ ਹਨ ਉਨ੍ਹਾਂ ਸੰਗ ਜੁੜੀ ਹਰ ਭਿਆਨਕਤਾ
ਤੁਹਾਡੇ ਅੰਦਰ ਪਿਛਲਖੁਰੀ ਗਿੜਦੀ ਰਹੇ
ਖੂਹ ਤੁਹਾਡੇ ਨਾਲ ਸਫ਼ਰ ਕਰਦੇ ਨੇ ਬੱਸਾਂ ਵਿੱਚ
ਉਨ੍ਹਾਂ ਵਿਚਲਾ ਹਨੇਰਾ ਆਦਮੀ ਦੀ ਭਾਸ਼ਾ ਖੋਹ ਕੇ
ਸਿਰਫ਼ ਮਮਿਆਉਣਾ ਸਿਖਾਉਂਦਾ ਹੈ
ਖੂਹ ਤੁਹਾਡੀਆਂ ਛਾਤੀਆਂ ਵਿੱਚ ਸਰਸਰਾਉਂਦੇ ਹਨ
ਜਨਾਜ਼ੇ ਤੋਂ ਪਰਤਦੇ ਜਦ ਤੁਹਾਡੇ ਵਿੱਚ
ਬਚੇ ਹੋਏ ਹੋਣ ਦਾ ਸ਼ੁਕਰਾਨਾ ਗਾਉਂਦਾ ਹੈ।
ਬਚਾਅ ਦੀ ਆਖਰੀ ਜੰਗ ਲੜਦਿਆਂ ਹਨੇਰਾ
ਬੇਹੱਦ ਖੂੰ-ਖ਼ਾਰ ਹੋ ਚੁਕਿਆ ਹੈ ਹੁਣ
ਬਚਾਅ ਦੀ ਆਖ਼ਰੀ ਜੰਗ ਲੜਦਿਆਂ ਹਨੇਰਾ
ਹਰ ਸ਼ੈਅ ਵਿੰਨ੍ਹਦੇ ਹੋਏ
ਤੁਹਾਡੀ ਜਗਦੀ ਹੋਈ ਦੁਨੀਆਂ ਦੇ ਆਰਪਾਰ ਨਿੱਕਲਣਾ ਚਾਹੁੰਦਾ ਹੈ
ਤੁਹਾਡੇ ਬੋਲਾਂ ਦੀ ਲਿਸ਼ਕ 'ਚ ਸਿੰਮਣ ਨੂੰ
ਹਨ੍ਹੇਰਾ ਆਪਣੇ ਘੁਰਨਿਆਂ ਸਮੇਤ ਬੇਹੱਦ ਤਰਲ ਹੋ ਚੁੱਕਾ ਹੈ ਹੁਣ
ਏਨੇ ਤਰਲ ਹਨੇਰੇ ਦੇ ਖ਼ਿਲਾਫ਼
ਹੁਣ ਤੁਸੀਂ ਪਹਿਲਾਂ ਵਾਂਗ ਨਹੀਂ ਲੜ ਸਕਦੇ
ਕੋਈ ਸਹੂਲਤੀ ਤੇ ਅਣਸਰਦੇ ਦੀ ਠੰਢੀ ਜੰਗ
ਏਨੇ ਤਰਲ ਹਨ੍ਹੇਰੇ ਦੇ ਖ਼ਿਲਾਫ਼
ਤੁਹਾਡਾ ਸੁਵਿਧਾਮਈ ਵਜੂਦ ਬੜਾ ਨਾ-ਕਾਫ਼ੀ ਹੈ
ਏਨੇ ਤਰਲ ਹਨੇਰੇ ਦੇ ਬਿਲਕੁਲ ਗਵਾਂਢ ਜੀਂਦੇ ਹੋਏ
ਤੁਸੀਂ ਨਿਹੱਥਿਆਂ ਤੁਰ ਨਹੀਂ ਸਕਦੇ।
***
('ਹਾਕ 1982', 'ਲੜਾਂਗੇ ਸਾਥੀ', 89-90)
ਧਰਮ ਦੀਕਸ਼ਾ ਲਈ ਬਿਨੈ-ਪੱਤਰ
ਮੇਰਾ ਇੱਕੋ ਹੀ ਪੁੱਤ ਹੈ ਧਰਮ-ਗੁਰੂ
ਮਰਦ ਵਿਚਾਰਾ ਸਿਰ 'ਤੇ ਨਹੀਂ ਰਿਹਾ।
ਤੇਰੇ ਇਸ ਤਰ੍ਹਾਂ ਗਰਜਣ ਤੋਂ ਬਾਦ
ਮਰਦ ਤਾਂ ਦੂਰ ਦੂਰ ਤਕ ਕਿਤੇ ਨਹੀਂ ਬਚੇ
ਹੁਣ ਸਿਰਫ਼ ਤੀਵੀਆਂ ਹਨ ਜਾਂ ਸ਼ਾਕਾਹਾਰੀ ਦੋਪਾਏ
ਜੋ ਉਨ੍ਹਾਂ ਲਈ ਅੰਨ ਕਮਾਉਦੇ ਹਨ।
ਸਰਬ ਕਲਾ ਸਮਰੱਥ ਏਂ ਤੂੰ ਧਰਮ-ਗੁਰੂ!
ਤੇਰੀ ਇੱਕ ਮਾੜੀ ਜਿਹੀ ਤਿਊੜੀ ਵੀ
ਚੰਗੇ ਭਲੇ ਪਰਿਵਾਰਾਂ ਨੂੰ ਇੱਜੜ ਬਣਾ ਦਿੰਦੀ
ਹਰ ਕੋਈ ਦੂਸਰੇ ਨੂੰ ਮਿੱਧ ਕੇ
ਆਪਣੀ ਧੌਣ ਤੀਜੇ ਵਿੱਚ ਘੁਸਾਉਂਦਾ ਹੈ
ਪਰ ਮੇਰੀ ਇੱਕੋ-ਇੱਕ ਗਰਦਨ ਹੈ ਧਰਮ-ਗੁਰੂ!
ਮੇਰੇ ਬੱਚੇ ਦੀ - ਤੇ ਮਰਦ ਵਿਚਾਰਾ ਸਿਰ 'ਤੇ ਨਹੀਂ ਰਿਹਾ।
ਮੈਂ ਤੇਰੇ ਦੱਸੇ ਹੋਏ ਹੀ ਇਸ਼ਟ ਪੂਜਾਂਗੀ
ਮੈਂ ਤੇਰੇ ਪਾਸ ਕੀਤੇ ਭਜਨ ਹੀ ਗਾਵਾਂਗੀ
ਮੈਂ ਹੋਰ ਸਾਰੇ ਧਰਮਾਂ ਨੂੰ ਨਿਗੂਣੇ ਕਿਹਾ ਕਰੂੰ
ਮੇਰੀ ਪਰ ਇੱਕੋ ਇੱਕ ਜ਼ੁਬਾਨ ਬਚੀ ਹੈ ਧਰਮ-ਗੁਰੂ!
ਮੇਰੇ ਬੱਚੇ ਦੀ - ਤੇ ਮਰਦ ਵਿਚਾਰਾ ਸਿਰ 'ਤੇ ਨਹੀਂ ਰਿਹਾ।
ਮੈਂ ਪਹਿਲਾਂ ਬਹੁਤ ਝੱਲੀ ਰਹੀ ਹਾਂ ਹੁਣ ਤਕ
ਮੇਰੇ ਪਰਿਵਾਰ ਦਾ ਜੋ ਧਰਮ ਹੁੰਦਾ ਸੀ
ਮੇਰਾ ਉਸ 'ਤੇ ਵੀ ਕਦੀ ਧਿਆਨ ਨਹੀਂ ਗਿਆ
ਮੈਂ ਪਰਿਵਾਰ ਨੂੰ ਹੀ ਧਰਮ ਮੰਨਣ ਦਾ ਕੁਫ਼ਰ ਕਰਦੀ ਰਹੀ ਆਂ
ਮੈਂ ਕਮਲੀ ਸੁਣੇ ਸੁਣਾਏ, ਪਤੀ ਨੂੰ ਰੱਬ ਕਹਿੰਦੀ ਰਹੀ
ਮੇਰੇ ਭਾਣੇ ਤਾਂ ਘਰਦਿਆਂ ਜੀਆਂ ਦੀ ਮੁਸਕਾਨ ਤੇ ਘੂਰੀ ਹੀ
ਸੁਰਗ ਨਰਕ ਰਹੇ --
ਮੈਂ ਸ਼ਾਇਦ ਵਿੱਠ ਸਾਂ ਕਲਯੁੱਗ ਦੀ, ਧਰਮ-ਗੁਰੂ!
ਤੇਰੀ ਗਜਾਈ ਹੋਈ ਧਰਮ ਦੀ ਜੈਕਾਰ ਨਾਲ
ਮੇਰੇ 'ਚੋਂ ਐਨ ਉੱਡ ਗਈ ਹੈ ਕੁਫ਼ਰ ਦੀ ਧੁੰਦ
ਮੇਰਾ ਮਰਜਾਣੀ ਦਾ ਕੋਈ ਆਪਣਾ ਸੱਚ ਹੁਣ ਨਾ ਦਿਸੂ
ਮੈਂ ਤੇਰਾ ਸੱਚ ਹੀ ਇਕਲੌਤਾ ਸੱਚ ਜਚਾਇਆ ਕਰੂ ...
ਮੈਂ ਤੀਵੀਂ ਮਾਨੀ ਤੇਰੇ ਜਾਂਬਾਜ਼ ਸ਼ਿੱਸ਼ਾਂ ਦੇ ਮੂਹਰੇ ਹਾਂ ਵੀ ਕੀ
ਕਿਸੇ ਵੀ ਉਮਰੇ ਤੇਰੀ ਤੇਗ ਤੋਂ ਘੱਟ ਸੁੰਦਰ ਰਹੀ ਹਾਂ
ਕਿਸੇ ਵੀ ਰੌਂਅ 'ਚ ਤੇਰੇ ਤੇਜ ਤੋਂ ਫਿੱਕੀ ਰਹੀ ਹਾਂ
ਮੈਂ ਸੀ ਹੀ ਨਹੀਂ, ਬੱਸ ਤੂੰ ਹੀ ਤੂੰ ਏਂ ਧਰਮ-ਗੁਰੂ!
ਮੇਰਾ ਇੱਕੋ ਈ ਪੁੱਤ ਹੈ ਧਰਮ-ਗੁਰੂ!
ਉਂਜ ਭਲਾ ਸੱਤ ਵੀ ਹੁੰਦੇ
ਉਨ੍ਹਾਂ ਤੇਰਾ ਕੁਝ ਨਹੀਂ ਕਰ ਸਕਣਾ ਸੀ
ਤੇਰੇ ਬਾਰੂਦ ਵਿੱਚ ਰੱਬੀ ਮਹਿਕ ਹੈ
ਤੇਰਾ ਬਾਰੂਦ ਰਾਤਾਂ ਨੂੰ ਰੌਣਕਾਂ ਵੰਡਦਾ ਹੈ
ਤੇਰਾ ਬਾਰੂਦ ਰਾਹੋਂ ਭਟਕਿਆਂ ਨੂੰ ਸੇਧਦਾ ਹੈ
ਮੈਂ ਤੇਰੀ ਆਸਤਕ ਗੋਲ਼ੀ ਨੂੰ ਅਰਗ ਦਿਆ ਕਰਾਂਗੀ
ਮੇਰਾ ਇੱਕੋ ਈ ਪੁੱਤ ਹੈ ਧਰਮ-ਗੁਰੂ!
ਤੇ ਮਰਦ ਵਿਚਾਰਾ ਸਿਰ 'ਤੇ ਨਹੀਂ ਰਿਹਾ।
***
('ਹਾਕ ਨੰ 17', 'ਲੜਾਂਗੇ ਸਾਥੀ', ਸਫਾ 91-92)
ਬੇਦਖ਼ਲੀ ਲਈ ਬਿਨੈ-ਪੱਤਰ
ਮੈਂ ਉਮਰ ਭਰ ਉਸਦੇ ਖ਼ਿਲਾਫ਼ ਸੋਚਿਆ ਤੇ ਲਿਖਿਆ
ਜੇ ਉਸ ਦੇ ਸੋਗ ਵਿੱਚ ਸਾਰਾ ਹੀ ਦੇਸ਼ ਸ਼ਾਮਲ ਹੈ
ਤਾਂ ਇਸ ਦੇਸ਼ 'ਚੋਂ ਮੇਰਾ ਨਾਮ ਕੱਟ ਦੇਵੋ
ਮੈਂ ਖੂਬ ਜਾਣਦਾ ਹਾਂ ਨੀਲੇ ਸਾਗਰਾਂ ਤੱਕ ਫੈਲੇ ਹੋਏ
ਇਸ ਖੇਤਾਂ, ਖਾਨਾਂ, ਭੱਠਿਆਂ ਦੇ ਭਾਰਤ ਨੂੰ –
ਉਹ ਠੀਕ ਇਸੇ ਦੀ ਸਾਧਾਰਣ ਜਿਹੀ ਕੋਈ ਨੁੱਕਰ ਸੀ
ਜਿੱਥੇ ਪਹਿਲੀ ਵਾਰ
ਜਦ ਦਿਹਾੜੀਦਾਰ 'ਤੇ ਉੱਲਰੀ ਚਪੇੜ ਮਚਕੋੜੀ ਗਈ
ਕਿਸੇ ਦੇ ਖੁਰਦਰੇ ਬੇਨਾਮ ਹੱਥਾਂ ਵਿੱਚ
ਠੀਕ ਉਹ ਵਕਤ ਸੀ
ਜਦ ਇਸ ਕਤਲ ਦੀ ਸਾਜ਼ਿਸ਼ ਰਚੀ ਗਈ
ਕੋਈ ਵੀ ਪੁਲਸ ਨਹੀਂ ਲੱਭ ਸਕੂ ਇਸ ਸਾਜ਼ਿਸ਼ ਦੀ ਥਾਂ
ਕਿਉਂਕਿ ਟਿਊਬਾਂ ਕੇਵਲ ਰਾਜਧਾਨੀ ਵਿੱਚ ਜਗਦੀਆਂ ਹਨ
ਤੇ ਖੇਤਾਂ, ਖਾਨਾਂ, ਭੱਠਿਆਂ ਦਾ ਭਾਰਤ ਬਹੁਤ ਹਨੇਰਾ ਹੈ।
ਤੇ ਠੀਕ ਏਸੇ ਸਰਦ ਹਨੇਰੇ ਵਿੱਚ ਸੁਰਤ ਸੰਭਾਲਣ 'ਤੇ
ਜੀਣ ਦੇ ਨਾਲ-ਨਾਲ
ਜਦ ਪਹਿਲੀ ਵਾਰ ਇਸ ਜੀਵਨ ਬਾਰੇ ਸੋਚਣਾ ਸ਼ੁਰੂ ਕੀਤਾ
ਮੈਂ ਖ਼ੁਦ ਨੂੰ ਇਸ ਕਤਲ ਦੀ ਸਾਜ਼ਿਸ਼ ਵਿੱਚ ਸ਼ਰੀਕ ਪਾਇਆ,
ਜਦੋਂ ਵੀ ਵੀਭੱਤਸੀ ਸ਼ੋਰ ਦਾ ਨੱਪ ਕੇ ਖੁਰਾ
ਮੈਂ ਲੱਭਣਾ ਚਾਹਿਆ ਟਰਕਦੇ ਹੋਏ ਟਿੱਡੇ ਨੂੰ
ਸ਼ਾਮਲ ਤੱਕਿਆ ਹੈ, ਆਪਣੀ ਪੂਰੀ ਦੁਨੀਆਂ ਨੂੰ
ਮੈਂ ਸਦਾ ਹੀ ਉਸਨੂੰ ਕਤਲ ਕੀਤਾ ਹੈ।
ਹਰ ਵਾਕਿਫ਼ ਜਣੇ ਦੀ ਹਿੱਕ 'ਚੋਂ ਲੱਭ ਕੇ
ਜੇ ਉਸ ਦੇ ਕਾਤਲਾਂ ਨੂੰ ਇੰਜ ਹੀ ਸੜਕਾਂ ਤੇ ਸਿੱਝਣਾ ਹੈ
ਤਾਂ ਬਣਦੀ ਸਜ਼ਾ ਮੈਨੂੰ ਵੀ ਮਿਲ਼ੇ ।
ਮੈਂ ਨਹੀਂ ਚਾਹੁੰਦਾ ਕਿ ਸਿਰਫ਼ ਇਸ ਬਿਨਾਅ 'ਤੇ ਬਚਦਾ ਰਹਾਂ
ਕਿ ਮੇਰਾ ਪਤਾ ਨਹੀਂ ਹੈ ਭਜਨ ਲਾਲ ਬਿਸ਼ਨੋਈ ਨੂੰ -
ਇਸ ਦਾ ਜੋ ਵੀ ਨਾਂ ਹੈ - ਗੁੰਡਿਆਂ ਦੀ ਸਲਤਨਤ ਦਾ
ਮੈਂ ਇਸ ਦਾ ਨਾਗਰਿਕ ਹੋਣ 'ਤੇ ਥੁੱਕਦਾ ਹਾਂ।
ਮੈਂ ਉਸ ਪਾਇਲਟ ਦੀਆਂ
ਮੀਸਣੀਆਂ ਅੱਖਾਂ ਵਿੱਚ ਰੜਕਦਾ ਭਾਰਤ ਹਾਂ
ਹਾਂ, ਮੈਂ ਭਾਰਤ ਹਾਂ ਰੜਕਦਾ ਹੋਇਆ ਉਹਦੀਆਂ ਅੱਖਾਂ ਵਿੱਚ
ਜੇ ਉਸ ਦਾ ਆਪਣਾ ਕੋਈ ਖ਼ਾਨਦਾਨੀ ਭਾਰਤ ਹੈ
ਤਾਂ ਮੇਰਾ ਨਾਮ ਉਸ 'ਚੋਂ ਹੁਣੇ ਕੱਟ ਦੇਵੋ।
***
('ਲੜਾਂਗੇ ਸਾਥੀ', ਸਫਾ 93-94)
ਸਭ ਤੋਂ ਖ਼ਤਰਨਾਕ
ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਬੈਠੇ ਸੁੱਤਿਆਂ ਫੜੇ ਜਾਣਾ-ਬੁਰਾ ਤਾਂ ਹੈ
ਡਰੂ ਜਿਹੀ ਚੁੱਪ ਵਿੱਚ ਮੜ੍ਹੇ ਜਾਣਾ-ਬੁਰਾ ਤਾਂ ਹੈ
ਸਭ ਤੋਂ ਖ਼ਤਰਨਾਕ ਨਹੀਂ ਹੁੰਦਾ
ਕਪਟ ਦੇ ਸ਼ੋਰ ਵਿੱਚ
ਸਹੀ ਹੁੰਦਿਆਂ ਵੀ ਦਬ ਜਾਣਾ, ਬੁਰਾ ਤਾਂ ਹੈ
ਕਿਸੇ ਜੁਗਨੂੰ ਦੀ ਲੋਅ ਵਿੱਚ ਪੜ੍ਹਨ ਲੱਗ ਜਾਣਾ-ਬੁਰਾ ਤਾਂ ਹੈ
ਕਚੀਚੀ ਵੱਟ ਕੇ ਬੱਸ ਵਕਤ ਕੱਢ ਜਾਣਾ -ਬੁਰਾ ਤਾਂ ਹੈ
ਸਭ ਤੋਂ ਖ਼ਤਰਨਾਕ ਨਹੀਂ ਹੁੰਦਾ।
ਸਭ ਤੋਂ ਖ਼ਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ,
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ
ਘਰਾਂ ਤੋਂ ਨਿੱਕਲਣਾ ਕੰਮ 'ਤੇ
ਤੇ ਕੰਮ ਤੋਂ ਘਰ ਜਾਣਾ,
ਸਭ ਤੋਂ ਖ਼ਤਰਨਾਕ ਹੁੰਦਾ ਹੈ
ਸਾਡੇ ਸੁਪਿਨਆਂ ਦਾ ਮਰ ਜਾਣਾ।
ਸਭ ਤੋਂ ਖ਼ਤਰਨਾਕ ਉਹ ਘੜੀ ਹੁੰਦੀ ਹੈ
ਤੁਹਾਡੇ ਗੁੱਟ 'ਤੇ ਚਲਦੀ ਹੋਈ ਵੀ ਜੋ
ਤੁਹਾਡੀ ਨਜ਼ਰ ਦੇ ਲਈ ਖੜ੍ਹੀ ਹੁੰਦੀ ਹੈ।
ਸਭ ਤੋਂ ਖ਼ਤਰਨਾਕ ਉਹ ਅੱਖ ਹੁੰਦੀ ਹੈ
ਜੋ ਸਭ ਦੇਖਦੀ ਹੋਈ ਵੀ ਠੰਡੀ ਯੱਖ਼ ਹੁੰਦੀ ਹੈ
ਜਿਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ
ਜੋ ਚੀਜ਼ਾਂ ਚੋਂ ਉੱਠਦੀ ਅੰਨੇਪਣ ਦੀ ਭਾਫ ਉੱਤੇ ਡੁਲ੍ਹ ਜਾਂਦੀ ਹੈ
ਜੋ ਨਿੱਤ ਦਿਸਦੇ ਦੀ ਸਧਾਰਣਤਾ ਨੂੰ ਪੀਂਦੀ ਹੋਈ
ਇੱਕ ਮੰਤਕਹੀਣ ਦੁਹਰਾਅ ਦੇ ਗਧੀ-ਗੇੜ ਵਿੱਚ ਹੀ ਰੁਲ ਜਾਂਦੀ ਹੈ।
ਸਭ ਤੋਂ ਖ਼ਤਰਨਾਕ ਉਹ ਚੰਨ ਹੁੰਦਾ ਹੈ
ਜੋ ਹਰ ਕਤਲ ਕਾਂਡ ਦੇ ਬਾਅਦ
ਸੁੰਨ ਹੋਏ ਵਿਹੜਿਆਂ ਵਿੱਚ ਚੜ੍ਹਦਾ ਹੈ
ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ।
ਸਭ ਤੋਂ ਖ਼ਤਰਨਾਕ ਉਹ ਗੀਤ ਹੁੰਦਾ ਹੈ
ਤੁਹਾਡੇ ਕੰਨਾਂ ਤਕ ਪਹੁੰਚਣ ਲਈ
ਜਿਹੜਾ ਕੀਰਨਾ ਉਲੰਘਦਾ ਹੈ
ਡਰੇ ਹੋਏ ਲੋਕਾਂ ਦੇ ਬਾਰ ਮੂਹਰੇ –
ਜੋ ਵੈਲੀ ਦੀ ਖੰਘ ਖੰਘਦਾ ਹੈ।
ਸਭ ਤੋਂ ਖ਼ਤਰਨਾਕ ਉਹ ਰਾਤ ਹੁੰਦੀ ਹੈ
ਜੋ ਪੈਂਦੀ ਹੈ ਜਿਊਂਦੀ ਰੂਹ ਦਿਆਂ ਆਕਾਸ਼ਾਂ 'ਤੇ
ਜਿਹਦੇ ਵਿੱਚ ਸਿਰਫ਼ ਉੱਲੂ ਬੋਲਦੇ ਗਿੱਦੜ ਹਵਾਂਕਦੇ
ਚਿਮਟ ਜਾਂਦੇ ਸਦੀਵੀ ਨੇਰ੍ਹ ਬੰਦ ਬੂਹਿਆਂ ਚੁਗਾਠਾਂ 'ਤੇ।
ਸਭ ਤੋਂ ਖ਼ਤਰਨਾਕ ਉਹ ਦਿਸ਼ਾ ਹੁੰਦੀ ਹੈ
ਜਿਹਦੇ ਵਿੱਚ ਆਤਮਾ ਦਾ ਸੂਰਜ ਡੁੱਬ ਜਾਵੇ
ਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ
ਤੁਹਾਡੇ ਜਿਸਮ ਦੇ ਪੂਰਬ 'ਚ ਖੁੱਭ ਜਾਵੇ।
ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਗ਼ਦਾਰੀ-ਲੋਭ ਦੀ ਮੁੱਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ।
***
ਨੋਟ : ਪਹਿਲੀ ਵਾਰ ਜਨਵਰੀ 1988 ਦੇ ਪੰਜਾਬੀ ਟ੍ਰਿਬਿਊਨ ਦੇ ਐਤਵਾਰੀ ਅੰਕ ਵਿੱਚ ਛਪੀ ਦੱਸੀ ਜਾਂਦੀ ਹੈ। ਉਪਰੋਕਤ ਪਾਠ 'ਲੜਾਂਗੇ ਸਾਥੀ, ਸਫ਼ਾ 96-97 ਅਤੇ 'ਖਿਲਰੇ ਹੋਏ ਵਰਕੇ, ਸਫ਼ਾ 104-06 'ਤੇ ਛਪੇ ਪਾਠ ਦਾ ਸੁਮੇਲ ਹੈ)
ਭਾਗ - 16
ਅਨੁਵਾਦਿਤ ਰਚਨਾਵਾਂ
ਮੈਂ ਘਾਹ ਹਾਂ, ਮੈਂ ਆਪਣਾ ਕੰਮ ਕਰਾਂਗਾ
ਮੈਂ ਤੁਹਾਡੇ ਹਰ ਕੀਤੇ ਕਰਾਏ 'ਤੇ ਉੱਗ ਆਵਾਂਗਾ।
ਘਾਹ1
ਮੈਂ ਘਾਹ ਹਾਂ
ਮੈਂ ਤੁਹਾਡੇ ਹਰ ਕੀਤੇ ਕਰਾਏ 'ਤੇ ਉੱਗ ਆਵਾਂਗਾ।
ਬੰਬ ਸੁੱਟ ਦਿਓ ਭਾਵੇਂ ਵਿਸ਼ਵ-ਵਿਦਿਆਲੇ 'ਤੇ
ਬਣਾ ਦਿਓ ਹਰ ਹੋਸਟਲ ਮਲਬੇ ਦੇ ਢੇਰ
ਸੁਹਾਗਾ ਫੇਰ ਦਿਉ ਬੇਸ਼ੱਕ ਸਾਡੀਆਂ ਝੁੱਗੀਆਂ 'ਤੇ
ਮੈਨੂੰ ਕੀ ਕਰੋਗੇ ?
ਮੈਂ ਤਾਂ ਘਾਹ ਹਾਂ, ਹਰ ਚੀਜ਼ ਢੱਕ ਲਵਾਂਗਾ
ਹਰ ਢੇਰ 'ਤੇ ਉੱਗ ਆਵਾਂਗਾ।
ਬੰਗੇ ਨੂੰ ਢੇਰੀ ਕਰ ਦਿਓ
ਸੰਗਰੂਰ ਨੂੰ ਮਿਟਾ ਦਿਓ
ਧੂੜ 'ਚ ਮਿਲਾ ਦਿਓ ਲੁਧਿਆਣੇ ਦਾ ਜ਼ਿਲ੍ਹਾ
ਮੇਰੀ ਹਰਿਆਲੀ ਆਪਣਾ ਕੰਮ ਕਰੇਗੀ....
ਦੋ ਸਾਲ, ਦਸ ਸਾਲ ਬਾਦ
ਸਵਾਰੀਆਂ ਫਿਰ ਕਿਸੇ ਟਿਕਟ-ਕੱਟ ਤੋਂ ਪੁੱਛਣਗੀਆਂ:
“ਇਹ ਕਿਹੜੀ ਥਾਂ ਹੈ ?
ਮੈਨੂੰ ਬਰਨਾਲੇ ਉਤਾਰ ਦੇਣਾ
ਜਿੱਥੇ ਹਰੇ ਘਾਹ ਦਾ ਜੰਗਲ ਹੈ।"
ਮੈਂ ਘਾਹ ਹਾਂ, ਮੈਂ ਆਪਣਾ ਕੰਮ ਕਰਾਂਗਾ
ਮੈਂ ਤੁਹਾਡੇ ਹਰ ਕੀਤੇ ਕਰਾਏ 'ਤੇ ਉੱਗ ਆਵਾਂਗਾ।
***
('ਖਿਲਰੇ ਹੋਏ ਵਰਕੇ', ਸਫ਼ਾ 34)
1. ਪਾਸ਼ ਅਨੁਸਾਰ "ਮੈਂ ਅੰਗਰੇਜ਼ੀ ਕਵੀ ਕਾਰਲ ਸੈਂਡਬਰਗ ਦੀ ਨਜ਼ਮ 'ਦਾ ਗਰਾਸ' ਦਾ ਇੱਕ ਤਰਾਂ ਨਾਲ ਪੰਜਾਬੀਕਰਨ ਜਿਹਾ ਕਰ ਦਿੱਤਾ ਸੀ।" ('ਇੱਕ ਪਾਸ਼ ਇਹ ਵੀ' ਸਫ਼ਾ 63)
ਇਤਿਹਾਸ ਦੀ ਮਹਾਂਯਾਤਰਾ1
ਅਦੀਬੀ2 ਜਦ ਤੁਰਦਾ ਹੈ
ਤਾਂ ਠੀਕ ਚੰਗੇਜ਼ ਖਾਂ ਵਾਂਗ ਲਗਦਾ ਹੈ
ਜਦ ਉਹ ਤਾਜ਼ਾ ਲਾਸ਼ਾਂ ਦੇ ਢੇਰ 'ਤੇ ਤੁਰਦਾ ਹੈ
ਖਾਨ ਵੀ ਆਪਣੇ ਦੰਦ ਨਹੀਂ ਸੀ ਸਾਫ ਕਰਦਾ
ਖਾਨ ਵੀ ਡਕਾਰ ਲੈਂਦਾ ਸੀ
ਖਾਨ ਵੀ ਇੰਜ ਹੀ ਆਪਣੀਆਂ ਜੁੱਤੀਆਂ ਨਹੀਂ ਸੀ
ਲਾਹੁੰਦਾ ਹੁੰਦਾ,
ਅੱਜ ਅਦੀਬੀ ਨੇ ਵੀਹਾਂ ਕਵੀਆਂ ਦੇ ਮੂੰਹ ਸਿਉਂਤੇ ਹਨ।
ਅੱਜ ਅਦੀਬੀ ਨੇ ਸਿਉਂ ਦਿੱਤੇ ਨੇ
ਵੀਹ ਕਵੀਆਂ ਦੇ ਮੂੰਹ,
ਪਰ ਅਦੀਬੀ ਟਾਈ ਲਾਉਂਦਾ ਹੈ
ਜੋ ਕੰਮ ਚੰਗੇਜ਼ ਖਾਂ ਨੇ ਕਦੀ ਨਹੀਂ ਸੀ ਕੀਤਾ
ਬੱਸ -ਸਿਰਫ ਇਹੀ ਚੀਜ਼
ਆਭਾਸ ਦੇਂਦੀ ਹੈ
ਸਮੇ ਦੇ ਛਾਂਗੇ- ਲੰਮੇ ਪੈਂਡੇ ਦਾ
***
('ਵਰਤਮਾਨ ਦੇ ਰੂਬਰੂ', ਸਫ਼ਾ 8)
1. ਪ੍ਰੋ. ਰਜ਼ਾ ਬਰਹੇਨੀ ਤਹਿਰਾਨ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਦੇ ਅਧਿਆਪਕ ਸਨ। ਇਰਾਨ ਵਿੱਚ ਜਮਹੂਰੀ ਲਹਿਰ ਦੇ ਉਭਾਰ ਸਮੇਂ ਸ਼ਾਹ ਇਰਾਨ ਨੇ ਉਨ੍ਹਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਸੀ।
2. ਅਸਲ ਨਾਂ ਅਯੂਦੀ (Azudi) ਹੈ। ਪਰ ਮੂਲ ਰਚਨਾ ਵਿੱਚ ਵਰਤਿਆ ਨਾਂ ਅਦੀਬੀ ਹੀ ਰੱਖਿਆ ਗਿਆ ਹੈ।
ਯੂਰਪੀ ਲੋਕਾਂ ਦੇ ਨਾਂ ਖ਼ਤ1
ਮੈਂ ਤਸੀਹੇ ਦੇਣ ਵਾਲੇ ਦਾ ਚਿਹਰਾ
ਬੜਾ ਹੀ ਨੇੜਿਓਂ ਤੱਕਿਆ ਹੈ
ਉਹ ਚਿਹਰਾ
ਮੇਰੇ ਆਪਣੇ ਲਹੂ ਲੁਹਾਣ ਤੇ ਪੀਲੇ ਚਿਹਰੇ ਤੋਂ
ਕਈ ਦਰਜੇ ਬੁਰੇ ਹਾਲੀਂ ਸੀ
ਲੋਕਾਂ ਨੂੰ ਤਸੀਹੇ ਦੇਣਾ ਕੋਈ ਸੌਖਾ ਨਹੀਂ।
ਉਸ ਦਾ ਮੰਦ ਮੁਖੜਾ ਤੱਕਦਿਆਂ
ਮੈਂ ਬੜੀ ਸ਼ਰਮ ਮੰਨੀ
ਮੈਂ ਕਦੀ ਕਿਸੇ ਦੀ ਹੇਠੀ ਨਹੀਂ ਕੀਤੀ, ਜਦ ਕਿ
ਉਹ ਲੋਕ - ਜੋ ਤੁਹਾਨੂੰ ਪਲੀਤ ਕਰਿਆ ਕਰਦੇ ਹਨ
ਦਬਾਉਂਦੇ ਹਨ, ਕੁਚਲਦੇ ਹਨ
ਉਨ੍ਹਾ ਨੂੰ ਸਭ ਤੋਂ ਪਹਿਲਾਂ
ਅੰਦਰਲਾ ਮਨੁੱਖ ਕੁਚਲਣਾ ਪੈਂਦਾ ਹੈ
***
('ਵਰਤਮਾਨ ਦੇ ਰੂਬਰੂ', ਸਫ਼ਾ 9)
1. ਯੂਨਾਨ ਦੇ ਕਾਨੂੰਨ ਦੇ ਅਧਿਆਪਕ ਜਾਰਜ ਮੈਂਗਾਕਿਸ ਦੇ 1970 ਵਿੱਚ ਜੇਲ੍ਹ ਵਿੱਚੋਂ ਲਿਖੇ ਖ਼ਤ ਦੇ ਇੱਕ ਹਿੱਸੇ ਦਾ ਅਨੁਵਾਦ।
ਔਰਤ ਦਾ ਜਿਸਮ1
ਹਿੱਕ ਦੀਆਂ ਦੂਧੀਆ ਪਹਾੜੀਆਂ- ਮਰਮਰੀ ਪੱਟਾਂ ਨਾਲ
ਰਾਣੋ,
ਤੂੰ ਸਮਰਪਣ 'ਚ ਪਿਆ ਪੂਰਾ ਸੰਸਾਰ ਲੱਗਦੀ ਏਂ
ਮੇਰਾ ਜਟਕਾ ਜਿਹਾ ਪਿੰਡਾ ਤੇਰੇ ਵਿੱਚ ਖੂਹ ਪੁੱਟਦਾ ਹੈ ।
ਅਤੇ ਧਰਤੀ ਦੇ ਡੂੰਘ 'ਚੋਂ
ਅਸਾਡੇ ਵੰਸ਼ ਦੀ ਝੱਗ ਉੱਛਲ ਉੱਛਲ ਜਾਵੇ -
ਮੈਂ ਸੁੰਨਸਾਨ ਸਾਂ ਸੁਰੰਗ ਦੇ ਵਾਂਗੂੰ
ਮੇਰੇ 'ਚੋਂ ਪੰਛੀ ਉੱਡ ਉੱਡ ਜਾਂਦੇ ਸਨ
ਅਤੇ ਮੈਨੂੰ ਰਾਤਾਂ ਰੋਹੜ ਲਿਜਾਂਦੀਆਂ ਸਨ
ਆਪਣੀ ਲਿਤਾੜਦੀ ਹੋਈ ਭਾਂਅ ਭਾਂਅ ਨਾਲ
ਉਦੋਂ ਤੂੰ ਆਸਰੇ ਦੀ ਲੱਠ ਵਾਂਗ ਆਈ
ਜਿਵੇਂ ਮੇਰੇ ਤਰਕਸ਼ ਦੀ ਕਾਨੀ ਹੋਵੇਂ
ਜਿਵੇਂ ਮੇਰੀ ਗੁਲੇਲ ਦਾ ਬੰਟਾ ਹੋਵੇਂ
ਤਾਂ ਕਿਤੇ ਜਾ ਕੇ- ਨੀ ਮੇਰੇ ਅੜਿੱਕਿਆਂ ਨੇ ਦਮ ਫੜਿਆ।
ਪਰ ਹੁਣ ਛਣ ਗਈ ਹੈ ਹੱਲਿਆਂ ਨਾਲ ਸਿੱਝਣ ਘੜੀ
ਅਤੇ ਮੈਂ ਤੇਰੇ ਵਿੱਚੋਂ ਪਾਰ ਹੁੰਦਾ ਹਾਂ
ਘੰਵੀ ਹੋਈ ਚਾਹਣੀ ਵਰਗੀ
ਤੇ ਸੰਘਣੇ ਦੁੱਧ ਜਹੀ ਤੇਰੀ ਦੇਹੀ 'ਚੋਂ ਦੀ।
ਹਾਇ, ਇਹ ਬੂਬੀਆਂ ਦੇ ਮਣਕੇ।
ਇਹ ਓਹਲਿਆਂ ਦੀਆਂ ਮਿਹਰਬਾਨ ਅੱਖਾਂ
ਗੁਲਾਬ - ਤੇਰੀ ਸ਼ਰਮੀਲੀ ਜੱਤ ਦਿਆਂ ਕੁੰਡਲਾਂ ਦੇ।
ਟੁੱਟਵੀਂ ਤੇ ਘਸਰਦੀ ਹੋਈ ਤੇਰੀ ਅਵਾਜ਼!
ਮੈਂ, ਮਜਾਜਣੇ ਤੇਰੇ ਨੂਰ ਦੀ ਛਬ ਵਿੱਚ ਹੀ
ਆਪਣੇ ਸਾਹਾਂ ਦੀ ਕਿਤਾਬ ਪੜ੍ਹਾਂਗਾ।
ਰਾਣੋ - ਤੂੰ ਕੋਈ ਤੇਹ ਏਂ ਮੈਨੂੰ ਲੱਗੀ ਹੋਈ
ਤੂੰ ਮੇਰੀ ਹਸਰਤ ਏਂ, ਜਿਦ੍ਹਾ ਕੋਈ ਸਿਰਾ ਨਈਂ
ਤੂੰ ਪਗਡੰਡੀ ਏਂ ਮਖ਼ਮਲੀ-ਮੇਰੇ 'ਚੋਂ ਨਿੱਕਲਦੀ
ਜਾਂ ਨਦੀ ਦਾ ਹਨੇਰਾ ਥੱਲਾ
ਜਿੱਥੇ ਸਦੀਵੀ ਪਿਆਸ ਵਹਿੰਦੀ ਏ
ਤੇ ਉਸ ਦਾ ਖੁਰ ਲੱਭਦੀਆਂ ਵਗਦੀਆਂ ਹਨ
ਥੱਕਾਨ ਤੇ ਦਰਦ ਦੀਆਂ ਅਮਰ ਕਸਕਾਂ ।
***
('ਇੱਕ ਪਾਸ਼ ਇਹ ਵੀ', ਸਫਾ 118-119)
1. ਪਾਬਲੋ ਨੈਰੂਦਾ ਦੀ ਕਵਿਤਾ Body of a Woman ਦਾ ਅਨੁਵਾਦ
*******
***
ਪਾਸ਼ ਦਾ ਜ਼ਿੰਦਗੀਨਾਮਾ
9 ਸਤੰਬਰ 1950 - ਜਨਮ-ਤਲਵੰਡੀ ਸਲੇਮ, (ਜਲੰਧਰ)
1964 – ਹਾਈ ਸਕੂਲ ਖੀਵੇ ਤੋਂ ਮਿਡਲ ਪਾਸ ਕਰਕੇ ਜੂਨੀਅਰ ਟੈਕਨੀਕਲ ਸਕੂਲ ਕਪੂਰਥਲੇ ਦਾਖਲ ਪਰ ਡਿਪਲੋਮਾ ਪਾਸ ਨਹੀ ਕੀਤਾ।
ਖੱਬੇ ਪੱਖੀ ਸਿਆਸੀ ਕਾਰਕੁਨਾਂ ਨਾਲ ਮੇਲ-ਜੋਲ ਦੀ ਸ਼ੁਰੂਆਤ।
1965 - ਪਹਿਲੀ ਕਵਿਤਾ ਆਪਣੇ ਪਿਤਾ ਨੂੰ ਇੱਕ ਚਿੱਠੀ ਵਿੱਚ ਲਿਖ ਕੇ ਭੇਜੀ।1
1967 - ਜਲੰਧਰ ਛਾਉਣੀਓਂ ਜੈਨ ਹਾਈ ਸਕੂਲੋਂ ਨੌਵੀਂ ਪਾਸ । ਬਾਰਡਰ ਸਕਿਉਰਟੀ ਫੋਰਸ 'ਚ ਭਰਤੀ ਹੋ ਕੇ ਤਿੰਨ ਮਹੀਨਿਆਂ ਮਗਰੋਂ ਛੱਡ ਦਿੱਤੀ।
ਪਹਿਲੀ ਕਵਿਤਾ ਜਲੰਧਰੋਂ ਛਪਦੇ ਰਸਾਲੇ ਵਿੱਚ ਛਪੀ।2
ਅਮਰਜੀਤ ਚੰਦਨ ਅਨੁਸਾਰ 1968 ਵਿੱਚ ਦਸਤਾਵੇਜ਼ ਦੇ ਪਹਿਲੇ ਅੰਕ ਵਿੱਚ ਪਾਸ਼ ਦੀਆਂ ਕਵਿਤਾਵਾਂ ਨਿਰਮਲ ਸਿੰਘ (ਪ੍ਰਿੰਸੀਪਲ ਕਿਰਤੀ ਕਾਲਜ ਪਾਤੜਾਂ) ਦੀ ਜਾਣ-ਪਛਾਣ ਨਾਲ ਛਪੀਆਂ।
1969 - ਸੀਪੀਆਈ ਵੱਲੋਂ ਚਲਾਏ ਅੰਦੋਲਨ ਵਿੱਚ ਜੇਲ੍ਹ ਯਾਤਰਾ3, ਨਕਸਲਬਾੜੀਆਂ ਨਾਲ ਮੇਲ-ਜੋਲ।
19 ਮਈ 1970 - ਝੂਠੇ ਕਤਲ ਕੇਸ ਚ ਗ੍ਰਿਫਤਾਰੀ।4
'ਲੋਹ ਕਥਾ' ਕਿਤਾਬ ਛਪੀ।
ਸਤੰਬਰ 1971 - ਬਰੀ ਹੋਣ ਪਿੱਛੋਂ ਰਿਹਾਈ।
ਮਾਸਕ ਪੱਤਰ 'ਰੋਹਲੇ ਬਾਣ' ਦੋਸਤਾਂ ਦੇ ਸਹਿਯੋਗ ਨਾਲ ਕੱਢਿਆ।
ਬਿਨਾਂ ਨਾਂ ਦਿੱਤਿਆਂ 'ਰੋਹਲੇ ਬਾਣ' ਦੀ ਸੰਪਾਦਨਾ ਵਿੱਚ ਪਾਸ਼ ਦਾ ਮਹੱਤਵਪੂਰਣ ਹਿੱਸਾ ਰਿਹਾ ਸੀ ।5
1972- 'ਰੋਹਲੇ ਬਾਣ’ ਨਾਲ ਮੱਤਭੇਦ ਹੋਣ ਪਿਛੋਂ 'ਸਿਆੜ' ਪਰਚਾ ਕੱਢਣਾ ਸ਼ੁਰੂ ਕੀਤਾ।
10 ਅਕਤੂਬਰ ਨੂੰ ਮੋਗਾ ਵਿਦਿਆਰਥੀ ਐਜੀਟੇਸ਼ਨ ਸਬੰਧੀ ਇੱਕ ਮੁਜ਼ਾਹਰੇ ਦੌਰਾਨ ਗ੍ਰਿਫ਼ਤਾਰੀ 26 ਦਿਨਾਂ ਬਾਅਦ ਜਮਾਨਤ 'ਤੇ ਰਿਹਾਅ।6
1973 - ਸਿਆੜ ਬੰਦ।
ਮਾਰਚ 1974 - 'ਉੱਡਦੇ ਬਾਜ਼ਾਂ ਮਗਰ' ਛਪੀ।
ਮਈ 1974 - ਰੇਲਵੇ ਹੜਤਾਲ ਦੌਰਾਨ ਗ੍ਰਿਫਤਾਰੀ।
'ਹੇਮਜਯੋਤੀ' ਦੇ ਸੰਪਾਦਕੀ ਮੰਡਲ ਵਿੱਚ ਕੁਝ ਮਹੀਨੇ।
'ਦੇਸ ਪ੍ਰਦੇਸ' (ਲੰਡਨ) ਦੀ ਪੱਤਰ ਪ੍ਰੇਰਕੀ।
ਮਿਲਖਾ ਸਿੰਘ ਐਥਲੀਟ ਦੀ ਸਵੈ-ਜੀਵਨੀ 'ਫਲਾਇੰਗ ਸਿੱਖ' ਲਿਖ ਕੇ ਦਿੱਤੀ।
1976 - ਮੈਟਰਿਕ ਤੇ ਗਿਆਨੀ ਪਾਸ। ਈਵਨਿੰਗ ਕਾਲਜ ਜਲੰਧਰੋਂ ਬੀ. ਏ. ਪਾਰਟ-1 ਪਾਸ।
1978- ਜੇ.ਬੀ.ਟੀ. ਜੰਡਿਆਲੇ ਸ਼ੁਰੂ ਕਰਕੇ ਸ਼ੇਖੂਪੁਰਿਓਂ (ਕਪੂਰਥਲਾ) ਪਾਸ ਕੀਤੀ।
14 ਜੂਨ ਨੂੰ ਰਾਜਵਿੰਦਰ ਕੌਰ ਸੰਧੂ ਨਾਲ ਵਿਆਹ।7
ਸਤੰਬਰ 1978 - 'ਸਾਡੇ ਸਮਿਆਂ ਵਿੱਚ' ਕਿਤਾਬ ਛਪੀ।
1979- ਗੁਰੂ ਨਾਨਕ ਨੈਸ਼ਨਲ ਮਾਡਲ ਸਕੂਲ ਉੱਗੀ ਸ਼ੁਰੂ ਕੀਤਾ।
ਹੱਥਲਿਖਤ ਪਰਚਾ 'ਹਾਕ' ਕੱਢਿਆ।8
ਫਰਵਰੀ 1979- ਮੋਗਾ ਐਜੀਟੇਸ਼ਨ ਕੇਸ 'ਚੋਂ ਸਾਢੇ ਛੇ ਸਾਲ ਬਾਅਦ ਬਰੀ ।9
ਰੇਲਵੇ ਹੜਤਾਲ ਦੌਰਾਨ ਗ੍ਰਿਫਤਾਰੀ।
1981- ਧੀ ਵਿੰਕਲ ਦਾ ਜਨਮ
1985 - ਪੰਜਾਬੀ ਸਾਹਿਤ ਅਕਾਦਮੀ ਵੱਲੋਂ ਇੱਕ ਸਾਲ ਵਾਸਤੇ ਫੈਲੋਸ਼ਿਪ ਮਿਲੀ ।
19 ਜੁਲਾਈ, 1986 - ਇੰਗਲੈਂਡ ਹੁੰਦਾ ਹੋਇਆ ਕੈਲੀਫੋਰਨੀਆ ਪਹੁੰਚਿਆ।10
'ਐਂਟੀ -47 ਫਰੰਟ' ਨਾਂ ਦੇ ਮਹੀਨੇਵਾਰ ਪਰਚੇ ਦੀ ਸੰਪਾਦਨਾ ਦੀ ਜ਼ਿੰਮੇਵਾਰੀ ਸੰਭਾਲ ਲਈ।
ਮਾਰਚ 1987 - ਇੰਗਲੈਂਡ ਵਿੱਚ ਇੱਕ ਮਹੀਨਾ ਲਾ ਕੇ ਅਮਰੀਕਾ ਵਾਪਸ।
ਅਕਤੂਬਰ 1987 - ਭਾਰਤ ਵਾਪਸ।
ਜਨਵਰੀ 1988 - ਅਮਰੀਕਾ ਤੋਂ ਭਾਰਤ ਵਾਪਸ।
23 ਮਾਰਚ 1988 - ਖਾਲਸਤਾਨੀਆਂ ਹੱਥੋਂ ਆਪਣੇ ਪਿੰਡ 'ਚ ਆਪਣੇ ਦੋਸਤ ਹੰਸ ਰਾਜ ਸਮੇਤ ਸ਼ਹੀਦ।
***
ਹਵਾਲੇ :
1. ਸਾਹਿਤ ਦਾ ਸਾਗਰ - ਮਹਿੰਦਰ ਸਿੰਘ ਸੰਧੂ, ਸਫ਼ਾ 413
2. ਸਾਹਿਤ ਦਾ ਸਾਗਰ - ਮਹਿੰਦਰ ਸਿੰਘ ਸੰਧੂ, ਸਫ਼ਾ 413
3. ਸਾਹਿਤ ਦਾ ਸਾਗਰ - ਸੁਰਿੰਦਰ ਧੰਜਲ, ਸਫ਼ਾ 223
4. ਸਾਹਿਤ ਦਾ ਸਾਗਰ - ਸੁਰਿੰਦਰ ਧੰਜਲ, ਸਫ਼ਾ 223,
- ਤੇਜਵੰਤ ਸਿੰਘ ਗਿੱਲ ਦੀ ਕਿਤਾਬ 'ਪਾਸ਼- ਜੀਵਨ ਤੇ ਰਚਨਾ' ਦੇ ਪਹਿਲੇ ਸੰਸਕਰਣ ਦੇ ਸਫ਼ਾ 9 'ਤੇ ਗ੍ਰਿਫ਼ਤਾਰੀ ਦੀ ਤਰੀਕ 10 ਮਈ ਹੈ।
5. ਵਰਤਮਾਨ ਦੇ ਰੂਬਰੂ - ਡਾ. ਸਬਿੰਦਰਜੀਤ ਸਾਗਰ ਦੇ ਲੇਖ ਦੇ ਅੰਤ ਵਿੱਚ ਸੰਪਾਦਕੀ ਨੋਟ, ਸਫਾ 47
6. ਸਾਹਿਤ ਦਾ ਸਾਗਰ -ਪ੍ਰੋ ਹਰਭਜਨ ਸਿੰਘ, ਸਫ਼ਾ 241
7. ਸਾਹਿਤ ਦਾ ਸਾਗਰ- ਸਫ਼ਾ 414
8. ਖਿਲਰੇ ਹੋਏ ਵਰਕੇ, ਸਫ਼ਾ 111
9. ਸਾਹਿਤ ਦਾ ਸਾਗਰ- ਸਫ਼ਾ 414-15
10. ਸਾਹਿਤ ਦਾ ਸਾਗਰ - ਸਫ਼ਾ 225
***
ਪਾਸ਼ ਦੁਆਰਾ ਸੰਪਾਦਤ ਪਰਚੇ
1. ਰੋਹਲੇ ਬਾਣ - ਬਿਨਾਂ ਨਾਂ ਦਿੱਤਿਆਂ 'ਰੋਹਲੇ ਬਾਣ' ਦੀ ਸੰਪਾਦਨਾ ਵਿੱਚ ਮਹੱਤਵਪੂਰਣ ਹਿੱਸਾ ਰਿਹਾ।1
2. ਸਿਆੜ- ਸੰਪਾਦਕ, ਛਾਪਕ ਅਤੇ ਪ੍ਰਕਾਸ਼ਕ -ਪਾਸ਼।
ਸਲਾਹਕਾਰ - ਚਮਨ ਲਾਲ ਪ੍ਰਭਾਕਰ, ਸੁਖਵੰਤ ਕੌਰ ਮਾਨ, ਸਬਿੰਦਰਜੀਤ ਸਾਗਰ।
ਸਹਾਇਕ ਸੰਪਾਦਕ - ਧਰਮਪਾਲ ਉੱਗੀ, ਲਖਵਿੰਦਰ, ਸਾਧੂ ਸਿੰਘ ਦਰਦ, ਹਰਮਿੰਦਰ, ਧਰਮਪਾਲ ਉਪਾਸ਼ਕ, ਸੁਰੇਸ਼ ਕੁਰਲ।
ਇੰਗਲੈਂਡ ਵਿੱਚ ਸੰਪਾਦਕ-ਮੁਸ਼ਤਾਕ ਸਿੰਘ।
ਛਪਣ ਕਾਲ : 1972 ਤੋਂ 1973 ਤੱਕ।
3. ਹੇਮ ਜਯੋਤੀ- ਸੰਪਾਦਕੀ ਮੰਡਲ ਵਿੱਚ ਪਾਸ਼ ਕੁਝ ਮਹੀਨੇ ਸ਼ਾਮਲ ਸੀ।2
ਛਪਣ ਕਾਲ : 1968 ਤੋਂ 1975 ਤੱਕ।
4. ਲਾਲੀ- ਪਾਸ਼ ਰੋਜ਼ਾਨਾ ਹੱਥਲਿਖਤ ਪਰਚੇ 'ਲਾਲੀ' ਦਾ ਸੰਪਾਦਕ ਸੀ।3
ਇਹ ਪਰਚਾ ਬੰਦ ਕਰਨ ਤੋਂ ਬਾਅਦ 'ਹਾਕ' ਕੱਢਿਆ ਗਿਆ।
5. ਹਾਕ- ਸੰਪਾਦਕੀ ਮੰਡਲ ਵਿੱਚ ਪਾਸ਼ ਤੋਂ ਇਲਾਵਾ, ਲਖਵਿੰਦਰ, ਧਰਮਪਾਲ, ਬਲਦੇਵ, ਤਰਸੇਮ, ਜਰਨੈਲ, ਜਗੀਰ, ਹਰਚਰਨ ਬਾਸੀ ਅਤੇ ਗੁਰਸ਼ਰਣ ਸੇਖੋਂ ਸ਼ਾਮਲ ਸਨ।
ਛਪਣ ਕਾਲ : 1980 ਤੋਂ 1985 ਤੱਕ।
ਕੁੱਲ 19 ਅੰਕ ਨਿੱਕਲੇ।
6. ਐਂਟੀ 47 ਫਰੰਟ ਦਾ ਪਰਚਾ - ਪਾਸ਼ ਐਂਟੀ 47 ਫਰੰਟ ਵੱਲੋਂ ਪ੍ਰਕਾਸ਼ਤ ਕੀਤੀ ਜਾਣ ਵਾਲੀ ਅਗਾਂਹਵਧੂ ਪੈਂਫਲੈਟਾਂ ਦੀ ਅਕਾਲਕ ਲੜੀ ਦਾ ਸੰਪਾਦਕ ਸੀ ਅਤੇ ਅਕਾਲਕ ਲੜੀ - 4 (26 ਅਕਤੂਬਰ, 1986) ਉਸੇ ਦੀ ਰਚਨਾ, ਸੰਪਾਦਨਾ ਅਤੇ ਹੱਥਲਿਖਤ ਸੀ।4
ਹਵਾਲੇ :
1. ਵਰਤਮਾਨ ਦੇ ਰੂਬਰੂ, ਸਫ਼ਾ 47
2. ਵਰਤਮਾਨ ਦੇ ਰੂਬਰੂ, ਸਫ਼ਾ 47
3. ਵਰਤਮਾਨ ਦੇ ਰੂਬਰੂ, ਸਫ਼ਾ 29 ਤੇ 223
4. ਸਾਹਿਤ ਦਾ ਸਾਗਰ, ਸਫ਼ਾ 223
***
ਸੋਮੇ
1. ਪਾਸ਼ ਦੀਆਂ ਹੱਥਲਿਖਤ ਕਾਪੀਆਂ, ਡਾਇਰੀਆਂ, ਵਰਕੇ ਤੇ ਹੋਰ ਸਮੱਗਰੀ
2. ਹਾਕ- ਹੱਥਲਿਖਤ ਪਰਚਾ
3. ਲੋਹ ਕਥਾ- ਲਾਹੌਰ ਬੁਕ ਸ਼ਾਪ, ਲੁਧਿਆਣਾ
(ਬਿਨਾਂ ਪ੍ਰਕਾਸ਼ਨ ਵਰ੍ਹੇ ਦਾ ਐਡੀਸ਼ਨ)
4 ਉੱਡਦੇ ਬਾਜ਼ਾਂ ਮਗਰ- ਲਾਹੌਰ ਬੁੱਕ ਸ਼ਾਪ, ਲੁਧਿਆਣਾ (1981 ਐਡੀਸ਼ਨ)
5. ਸਾਡੇ ਸਮਿਆਂ ਵਿੱਚ- ਲਾਹੌਰ ਬੁੱਕ ਸ਼ਾਪ, ਲੁਧਿਆਣਾ (ਸਤੰਬਰ 1978 ਐਡੀਸ਼ਨ)
6. ਲੜਾਂਗੇ ਸਾਥੀ- ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ, ਅੰਮ੍ਰਿਤਸਰ (ਜੂਨ 1988, ਦੂਜਾ ਐਡੀਸ਼ਨ)
7. ਖਿਲਰੇ ਹੋਏ ਵਰਕੇ- ਲੋਹਕਥਾ ਪ੍ਰਕਾਸ਼ਨ, (ਸਤੰਬਰ 1989 ਐਡੀਸ਼ਨ)
8. ਵਰਤਮਾਨ ਦੇ ਰੂਬਰੂ- ਪਾਸ਼ ਦੀ ਯਾਦ ਵਿੱਚ, ਲੋਕਗੀਤ ਪ੍ਰਕਾਸ਼ਨ, ਸਰਹਿੰਦ
- ਪਾਸ਼ ਯਾਦਗਾਰੀ ਕੌਮਾਂਤਰੀ ਟੱਰਸਟ (9 ਸਤੰਬਰ 1989 ਐਡੀਸ਼ਨ)
9. ਪਾਸ਼ ਦੀਆਂ ਚਿੱਠੀਆਂ- ਪਾਸ਼ ਯਾਦਗਾਰੀ ਕੌਮਾਂਤਰੀ ਟੱਰਸਟ (1991 ਐਡੀਸ਼ਨ)
10. ਆਪਣੇ ਨਾਲ ਗੱਲਾਂ- ਪਾਸ਼ ਦੀ ਡਾਇਰੀ, ਲੋਹਕਥਾ ਪ੍ਰਕਾਸ਼ਨ (ਸਤੰਬਰ 1993 ਐਡੀਸ਼ਨ)
11. ਪਾਸ਼-ਕਾਵਿ 1- ਪਾਸ਼ ਯਾਦਗਾਰੀ ਕੌਮਾਂਤਰੀ ਟੱਰਸਟ (ਸਤੰਬਰ 1994 ਐਡੀਸ਼ਨ)
12. ਸੰਪੂਰਣ ਪਾਸ਼-ਕਾਵਿ- ਪਾਸ਼ ਯਾਦਗਾਰੀ ਕੌਮਾਂਤਰੀ ਟੱਰਸਟ (23 ਮਾਰਚ 2002 ਐਡੀਸ਼ਨ)
13. ਪਾਸ਼ ਤਾਂ ਸੂਰਜ ਸੀ ਐਡੀਸ਼ਨ- ਪਾਸ਼ ਯਾਦਗਾਰੀ ਕੌਮਾਂਤਰੀ ਟੱਰਸਟ (9 ਸਤੰਬਰ 2007
14. ਬਾਬਾ ਬੂਝਾ ਸਿੰਘ- ਗ਼ਦਰ ਤੋਂ ਨਕਸਲਬਾੜੀ ਤੱਕ - ਅਜਮੇਰ ਸਿੱਧੂ, ਤਰਕਭਾਰਤੀ ਪ੍ਰਕਾਸ਼ਨ (2008 ਐਡੀਸ਼ਨ)
15. ਇੱਕ ਪਾਸ਼ ਇਹ ਵੀ - ਸ਼ਮਸ਼ੇਰ ਸੰਧੂ, ਪੁਆਇੰਟ ਜ਼ੀਰੋ (2011 ਐਡੀਸ਼ਨ)
16. ਸੰਪੂਰਣ ਪਾਸ਼-ਕਾਵਿ - ਸੰਪਾਦਕ ਅਤੇ ਪ੍ਰਕਾਸ਼ਕ - ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ (1 ਮਈ 2011 ਪੰਜਵਾਂ ਐਡੀਸ਼ਨ)
***