(੨) ਦੂਜੇ ਦਾੜ੍ਹੀ ਨਰੜਣ ਵਾਲੇ ਸੁਆਰਥੀ ਪੁਰਸ਼ ਉਹ ਹਨ ਜੋ ਸਿਰਫ਼ ਨੌਕਰੀ ਦੀ ਕਨੌਡ ਕਰਕੇ ਦਾੜ੍ਹੀ ਨਰੜਦੇ ਹਨ । ਅਜਿਹੇ ਨੌਕਰੀ- ਕਨੌਡੀਆਂ ਦੀ ਸ਼ਰਧਾ ਸਿਦਕ ਭਰੀ ਸਿੱਖੀ ਭੀ ਬੜੇ ਖ਼ਤਰੇ ਵਿਚ ਹੈ।
(੩) ਤੀਜੀ ਸ਼ਰੇਣੀ ਦੇ ਅਜਿਹੇ ਕਮਜ਼ੋਰ ਖ਼ਿਆਲਾਂ ਵਾਲੇ ਸਿਖੜੇ ਭੀ ਹਨ ਜੋ ਕੇਵਲ ਲਾਜ ਦੇ ਕਾਰਨ ਜਦੋਂ ਆਪੋ ਆਪਣੇ ਮਹਿਕਮਿਆਂ ਵਿਚ ਜਾਂਦੇ ਹਨ ਓਦੋਂ ਤਾਂ ਦਾੜ੍ਹੀ ਚੀਰ ਕੇ, ਦੋ ਫਾੜ ਕਰਕੇ ਚਾੜ੍ਹ ਲੈਂਦੇ ਹਨ, ਪਰ ਜਦੋਂ ਗੁਰੂ ਦੀਆਂ ਸੰਗਤਾਂ ਵਿਚ ਆਉਂਦੇ ਹਨ ਓਦੋਂ ਦਾੜ੍ਹਾ ਸਿਧਾ ਗੁਰਮੁਖੀ ਕਰ ਲੈਂਦੇ ਹਨ । ਇਕ ਪ੍ਰੋਫੈਸਰ ਪੇਸ਼ੇ ਵਾਲਾ ਸਿੰਘ ਦਾੜ੍ਹੀ ਚਾੜ੍ਹ ਕੇ ਕੀਰਤਨ ਕਰਨ ਲੱਗਾ, ਪਰ ਅਸੀਂ ਉਸ ਨੂੰ ਵਾਜੇ ਉਤੇ ਨਾ ਬੈਠਣ ਦਿਤਾ ਕਿ ਦਾੜ੍ਹੀ ਖੋਲ੍ਹ ਕੇ ਬੈਠ । ਉਸ ਨੇ ਬੜੀ ਘਿਗਿਆ ਕੇ ਬੇਨਤੀ ਕੀਤੀ ਕਿ ਘਟ ਤੋਂ ਘਟ ਇਸ ਸ਼ਹਿਰ ਵਿਖੇ, ਜਿਥੇ ਕਿ ਮੈਂ ਪ੍ਰੋਫੈਸਰ ਹਾਂ, ਮੈਨੂੰ ਚੜ੍ਹੇ ਦਾੜ੍ਹੇ ਸਮੇਤ ਕੀਰਤਨ ਕਰਨ ਦੀ ਆਗਿਆ ਮਿਲ ਜਾਵੇ । ਅਸੀਂ ਬਿਲਕੁਲ ਨਾ-ਮਨਜ਼ੂਰ ਕੀਤਾ। ਵਿਚੋਂ, ਇਹ ਗੱਲ ਨਿਕਲੀ ਕਿ ਉਸ ਕਾਲਜ ਦੇ ਮੁੰਡੇ, ਜਿਥੇ ਉਹ ਪ੍ਰੋਫੈਸਰ ਲਗਾ ਹੋਇਆ ਸੀ, ਉਸ ਨੂੰ ਮੁਲਾਂ ਮੁਲਾਣਾਂ ਆਖ ਕੇ ਮਿਹਣਾ ਮਾਰਦੇ, ਜਦੋਂ ਕਦੇ ਕਿਤੇ ਉਹ ਦਾੜ੍ਹਾ ਖੋਲ੍ਹ ਲੈਂਦਾ ਸੀ । ਜਿਨ੍ਹਾਂ ਗੁਰੂ ਕੇ ਤਾਰਿਆਂ ਸਿਖਾਂ ਨੂੰ ਗੁਰਮਤਿ ਨਾਲ ਸੱਚੀ ਸਿਦਕ ਭਾਵਨੀ ਹੈ ਉਹ ਬਰਸਾਂ ਬੱਧੀ ਸਕੂਲਾਂ ਦੇ ਹੈਡਮਾਸਟਰ ਤੇ ਕਾਲਜਾਂ ਦੇ ਪ੍ਰਿੰਸੀਪਲ ਭੀ ਰਹੇ, ਪ੍ਰੰਤੂ ਉਹਨਾਂ ਦੇ ਦਾੜ੍ਹੇ ਗੁਰਮੁਖੀ ਹੀ ਸਜੇ ਰਹੇ । ਮਜਾਲ ਹੈ ਕਿ ਰੰਚਕ ਮਾਤਰ ਭੀ ਲਰਜ਼ਿਸ਼ (ਕਾਂਪ) ਆਈ ਹੋਵੇ ।
(੪) ਚੌਥੀ ਸ਼ਰੇਣੀ ਦੇ ਅਜਿਹੇ ਨਾਮ-ਧਰੀਕ ਸਿਖ ਹਨ ਜੋ ਕੇਵਲ ਸ਼ੁਕੀਨ ਬਣਨ ਦੀ ਖ਼ਾਤਰ ਦਾੜ੍ਹੀਆਂ ਚਾੜ੍ਹਦੇ ਹਨ ਤੇ ਮੁੱਛਾਂ ਮਰੋੜ ਕੇ ਰਖਦੇ ਹਨ । ਦਸਤਾਰੇ ਦੇ ਉਪਰ ਤੁਰਲਾ ਭੀ ਰਖਦੇ ਹਨ । ਉਹਨਾਂ ਦਾ ਸ਼ੌਕ ਇਹੋ ਹੀ ਹੈ ਕਿ ਅਸੀਂ ਜਵਾਨ ਹੀ ਪ੍ਰਤੀਤ ਹੋਈਏ। ਏਸ ਜਵਾਨੀ ਨੇ ਸਦਾ ਰਹਿਣਾ ਨਹੀਂ । ਓੜਕ ਬੁਢੇਪਾ ਆ ਹੀ ਜਾਣਾ ਹੈ ਤੇ ਇਹਨਾਂ ਸ਼ੁਕੀਨਾਂ ਦਾ ਸ਼ੁਕੀਨੀ ਪਾਜ ਭੀ ਜ਼ਰੂਰ ਲਹਿਣਾ ਹੈ।
(੫) ਪੰਜਵੀਂ ਸ਼ਰੇਣੀ ਦੇ ਅਜਿਹੇ ਕਾਮ-ਵਿਆਪਕ ਕੁਬੁਧ ਨਰ ਭੀ ਹਨ ਜੋ ਆਪਣੇ ਘਰ ਦੀਆਂ ਜੋਰੂਆਂ (ਜ਼ਨਾਨੀਆਂ) ਦੇ ਕਹੇ ਤੇ ਦਾੜ੍ਹੀਆਂ ਚੜ੍ਹਾਂਦੇ ਹਨ ਕਿ ਅਸੀਂ ਸੋਹਣੇ ਲੱਗੀਏ । ਅਜਿਹੀਆਂ ਜ਼ਨਾਨੀਆਂ ਨੂੰ ਤਾਂ ਉਹ ਸੋਹਣੇ ਤਾਂ ਹੀ ਲਗਣਗੇ ਕਿ ਮੂੰਹ ਤੇ ਦਾੜ੍ਹੀ ਦਾ ਨਮੂਦ ਹੀ ਨ ਰਹੇ ।
ਕੈਸੀ ਸ਼ਰਮਨਾਕ ਹਾਲਤ ਹੈ, ਸ਼ਰਮਨਾਕ ਹੀ ਨਹੀਂ, ਖ਼ਤਰਨਾਕ ਹੈ, ਉਪਰ ਅੰਕਤਾਏ ਪੰਜਾਂ ਨੰਬਰਾਂ ਵਿਚ ਆਏ ਦਾੜ੍ਹੀ-ਨਰੜ ਭੇਖੀ ਸਿਖਾਂ ਦੀ ਜੋ ਦੋਹੀਂ ਸਰਾਈਂ ਨਿਰੇ ਝੂਠੇ ਤੇ ਪਾਜਲ ਸਿਖ ਹੀ ਰਹਿਣਗੇ । ਖ਼ਾਸ ਕਰ ਗੁਰੂ ਨਾਨਕ ਦਸਮੇਸ਼ ਜੀ ਦੀ ਸੱਚੀ ਦਰਗਾਹ ਵਿਚ ਉਹਨਾਂ ਨੂੰ ਕਦੇ ਭੀ ਢੋਈ ਨਹੀਂ ਮਿਲਣੀ । ਇਹ ਗੱਲ ਅਛੀ ਤਰ੍ਹਾਂ ਯਾਦ ਰਹੇ ਕਿ ਅਸਾਡੀਆਂ ਦਸੇ ਗੁਰੂ ਪਾਤਸ਼ਾਹੀਆਂ ਸਿਧੀਆਂ ਗੁਰਮੁਖੀ ਦਾੜ੍ਹੀਆਂ ਸਮੇਤ ਹੀ ਰਹੀਆਂ, ਬਲਕਿ ਸਾਰੇ ਗੁਰੂ ਪਾਤਸ਼ਾਹੀਆਂ ਦੇ ਸਮੇਂ ਦੇ ਗੁਰਸਿਖ ਭੀ ਗੁਰਮੁਖੀ ਦਾੜ੍ਹੀਆਂ ਵਾਲੇ ਸਚੇ ਸਿੰਘ ਸੁਅਜਨ ਹੀ ਗੁਰੂ ਕੇ ਸਚਿਆਰ ਸਿੰਘ ਸੋਭਦੇ ਹਨ । ਇਹ ਦਾੜ੍ਹੀ ਨਰੜਨ ਦੀ ਕੁਬਿਧਤ ਕੇਵਲ ਦੇਖਾ ਦੇਖੀ ਹੀ ਪਈ ਹੋਈ ਹੈ । ਅਤੇ ਬਹੁਤੀ ਸੁਆਰਥ ਅਧੀਨ ਨੌਕਰਾਂ ਚਾਕਰਾਂ ਨੂੰ ਹੀ ਪਈ ਹੋਈ ਹੈ, ਜਿਨ੍ਹਾਂ ਦਾ ਸਿਖੀ ਸਿਦਕ ਹਰਦਮ ਖ਼ਤਰੇ ਵਿਚ ਹੈ।
३
ਫ਼ੌਜੀ ਦਾੜ੍ਹੀਆਂ ਨਰੜਨ ਵਾਲਿਆਂ ਦੇ ਢੋਲ ਦਾ ਪੋਲ
ਇਹ ਗੱਲ ਨਿਸਚਤ ਕਰਕੇ ਸਚੀ ਜਾਨਣੀ ਕਿ ਫ਼ੌਜੀਆਂ ਲਈ ਏਸ ਕਰਕੇ ਦਾੜ੍ਹੀ ਨਰੜਨ ਦਾ ਸਰਕਾਰੀ ਹੁਕਮ ਨਹੀਂ ਹੋਇਆ ਕਿ ਓਹਨਾਂ ਦਾ ਦਾੜ੍ਹਾ ਬੰਦੂਕ ਚਲਾਉਣ ਲਗਿਆਂ ਕੁੰਦੇ ਦੇ ਹੇਠਾਂ ਆ ਜਾਂਦਾ ਸੀ ਅਤੇ ਦਾੜ੍ਹੀ ਦੇ ਰੋਮਾਂ ਦੀ ਬੇਅਦਬੀ ਹੋਂਦੀ ਸੀ । ਸਾਨੂੰ ਇਹ ਗੱਲ ਸਾਡੇ ਇਕ ਨਿਕਟਵਰਤੀ ਸੂਬੇਦਾਰ ਸ਼ਾਮ ਸਿੰਘ ਨੇ, ਜੋ ਸਾਡੇ ਭਤੀਜੇ ਸਜਣ ਸਿੰਘ ਦੇ ਪਿਤਾ ਸਨ, ਸਚੋ ਸਚ ਦਸੀ ਕਿ ਅਸੀਂ ਜਦੋਂ ਸਿਪਾਹੀ ਨਾਵੇਂ ਹੁੰਦੇ ਸਾਂ ਤਾਂ ਅਸੀਂ ਬੰਦੂਕ ਚਲਾਉਂਦੇ ਰਹੇ ਹਾਂ, ਸਾਡਾ ਦਾੜ੍ਹਾ ਕਦੇ ਕੁੰਦੇ ਹੇਠ ਨਹੀਂ ਆਇਆ ਅਤੇ ਨਾ ਹੀ ਕੁੰਦਾ ਦਾੜ੍ਹੇ ਦੇ ਰੋਮਾਂ ਨੂੰ ਕੋਈ ਨੁਕਸਾਨ ਪੁਚਾ ਸਕਦਾ ਹੈ। ਉਨ੍ਹਾਂ ਨੇ ਇਹ ਗੱਲ ਸਚੋ ਸਚ ਦਸੀ ਕਿ ਉਸ ਵੇਲੇ ਦੇ ਪੰਥ-ਭੂਸ਼ਨਾਂ ਨੇ ਹੀ ਅੰਗਰੇਜ਼ ਗੌਰਮੈਂਟ ਨੂੰ ਪ੍ਰੇਰ ਕੇ ਦਾੜ੍ਹੀਆਂ ਚੜ੍ਹਵਾਈਆਂ । ਕੇਵਲ ਦਾੜੀਆਂ ਹੀ ਨਹੀਂ ਚੜ੍ਹਵਾਈਆਂ ਬਲਕਿ ਫ਼ੌਜੀ ਸਿਖਾਂ ਲਈ ਸ਼ਰਾਬ ਪੀਣ ਦਾ ਭੀ ਹੁਕਮ ਦਿਵਾਇਆ। ਓਰੀਐਂਟਲ ਕਾਲਜ ਵਿਚ ਸਰਕਾਰੀ ਮੁਲਾਜ਼ਮ ਉਸ ਵੱਲੇ ਦੇ ਪ੍ਰਸਿਧ ਗਿਆਨੀ ਨੇ ਤਾਂ ਫ਼ੌਜੀਆਂ ਨੂੰ ਦਾੜ੍ਹੀ ਚਾੜ੍ਹਣ ਦਾ ਪ੍ਰੇਰ ਕੇ ਹੁਕਮ, ਉਸ ਵਕਤ ਦੀ ਸਰਕਾਰ ਵਲੋਂ ਦਿਵਾਇਆ। ਉਹ ਦਸਦੇ ਸਨ ਕਿ ਸਾਡੀ ਹੈਰਾਨੀ ਦੀ ਹਦ ਨਾ ਰਹੀ ਜਦੋਂ ਉਸ ਵੇਲੇ ਦੇ ਮੁਖੀ ਭੂਸ਼ਨ ਨੇ ਸਾਡੀ ਫ਼ੌਜ ਵਿਚ ਆ ਕੇ ਬਰਾਂਡੀ ਦਾ ਪਿਆਲਾ ਸਾਥੋਂ ਮੰਗਵਾਇਆ ਅਤੇ ਵੰਗਾਰ ਕੇ ਇਉਂ ਆਖਿਆ ਕਿ ਅਸੀਂ ਹੀ ਬਰਾਂਡੀ ਸ਼ਰਾਬ ਫ਼ੌਜੀ ਸਿਖਾਂ ਲਈ ਜਾਇਜ਼ ਕਰਾਰ ਦਿਵਾਈ ਹੈ। ਦਾਸ ਨੇ ਓਹਨਾਂ ਪਾਸੋਂ ਇਹ ਗੱਲ ਸੁਣ ਕੇ ਪਹਿਲਾਂ ਤਾਂ ਓਰੀਐਂਟਲ ਕਾਲਜ ਵਾਲੇ ਗਿਆਨੀ ਜੀ ਪਾਸ ਜਾ ਕੇ ਮੁਲਾਕਾਤ ਕੀਤੀ । ਜਦੋਂ ਅਸੀਂ ਗਿਆਨੀ ਜੀ ਨੂੰ ਜਾ ਕੇ ਵੇਖਿਆ ਕਿ ਉਹਨਾਂ ਦੀ ਦਾੜ੍ਹੀ ਚੜ੍ਹੀ ਹੋਈ ਹੈ ਤਾਂ ਬੜੀ ਹੀ ਹੈਰਾਨੀ ਹੋਈ। ਉਹ ਬ੍ਰਿਧ ਗਿਆਨੀ ਸਨ, ਦਾੜ੍ਹੀ ਵਿਚ ਹੀਰੇ ਵੀ ਆਏ ਹੋਏ ਸਨ । ਅਸੀਂ ਨਿਝਕ ਹੋ ਕੇ ਗਿਆਨੀ ਜੀ ਨੂੰ ਪੁਛਿਆ ਕਿ ਪ੍ਰਸਿਧ ਗਿਆਨੀ ਜੀ ! ਕੀ ਆਪ ਨੇ ਨਵਾਂ ਵਿਆਹ ਤਾਂ ਨਹੀਂ ਕਰਾਉਣਾ ਜਾਂ ਫ਼ੌਜ ਵਿਚ ਭਰਤੀ ਤਾਂ ਨਹੀਂ ਹੋਣਾ ? ਆਪ ਨੇ ਬੁਢੇਪੇ ਸਮੇਂ ਦਾੜ੍ਹੀ ਕਿਉਂ ਨਰੜੀ ਹੈ ? ਜਿਸ ਦਾ ਗਿਆਨੀ ਜੀ ਨੂੰ ਕੋਈ ਉਤਰ ਨ ਔੜਿਆ । ਅਸੀਂ ਓਹਨਾਂ ਨੂੰ ਖਿਝ ਕੇ ਆਖਿਆ ਕਿ ਫ਼ੌਜਾਂ ਵਿਚ ਸਿੰਘਾਂ ਦੀ ਦਾੜ੍ਹੀ ਚੜ੍ਹਾਉਣ ਦਾ ਸਰਕਾਰੀ ਹੁਕਮ ਕਰਾਉਣ ਵਾਲੇ ਤੁਸੀਂ ਹੋ । ਆਪਣੇ ਐਬ ਨੂੰ ਢਕਣ ਵਾਸਤੇ ਤੁਸੀਂ ਨਾ ਸਿਰਫ਼ ਅਜ ਫ਼ੌਜੀ ਸਿੰਘਾਂ ਦੀ ਦਾੜ੍ਹੀ ਨਰੜਵਾਈ ਹੈ ਬਲਕਿ ਤੁਹਾਡੀ ਰੀਸ ਨਾਲ ਹੋਰ ਬਹੁਤ ਸਾਰੇ ਸਿਖ ਬੁੱਢੜ ਹਰੇਕ ਮਹਿਕਮੇ ਦੇ ਹੀ ਦਾੜ੍ਹੀ ਚੜ੍ਹਾਇਆ ਕਰਨਗੇ ਅਤੇ ਤੁਹਾਡਾ ਫ਼ਤੂਰ ਪਾਇਆ ਤੁਹਾਨੂੰ ਹੀ ਭੁਗਤਣਾ ਪਵੇਗਾ । ਜਿਸਦਾ ਸਚਮੁਚ ਪਿਛੋਂ ਜਾ ਕੇ ਨਤੀਜਾ ਨਿਕਲਿਆ ਕਿ ਪ੍ਰਸਿਧ ਗਿਆਨੀ ਜੀ ਦੀ ਸੰਤਾਨ, ਜੋ ਗਿਆਨੀ ਜੀ ਦੀ ਰੀਸੇ ਦਾੜ੍ਹੀ ਚੜਾਉਣ ਲਗ ਪਈ ਸੀ, ਉਹਨਾਂ ਨੇ ਵਲਾਇਤ ਜਾ ਕੇ ਦਾੜ੍ਹੀ ਉਕੀ ਹੀ ਘਰੜ ਮੁਨਾ ਛਡੀ ਅਤੇ ਸੀਸ ਦੇ ਕੇਸ ਭੀ ਚਟਮ ਕਰਾ ਛਡੇ। ਦੂਜੇ ਪ੍ਰਸਿਧ ਪੰਥ ਭੂਸ਼ਨ ਜੋ ਉਸ ਵਕਤ ਦੇ ਪੰਥਕ ਲੀਡਰ ਕਹਾਉਂਦੇ ਸਨ, ਅਸੀਂ ਖ਼ੁਦ ਸ਼ਰਾਬ ਪੀਂਦੇ ਦੇਖੇ ।
ਦੋਹਾਂ ਉਦਾਹਰਣਾਂ ਦਾ ਸਚਾ ਪਰਤਾਵਾ ਲੈ ਕੇ ਅਸੀਂ ਮੁੜ ਆਪਣੇ ਸੂਬੇਦਾਰ ਵੀਰ ਪਾਸ ਪਹੁੰਚੇ ਅਤੇ ਉਹਨਾਂ ਨੂੰ ਆਖਿਆ ਕਿ ਤੁਹਾਡਾ ਕਹਿਣਾ ਸੋਲ੍ਹਾਂ ਆਨੇ ਸਚ ਹੈ। ਓਹਨਾਂ ਨੇ ਵੰਗਾਰ ਕੇ ਆਖਿਆ ਕਿ ਅੰਗਰੇਜ਼ੀ ਸਰਕਾਰ ਦੇ ਫ਼ੌਜੀ ਅਫ਼ਸਰਾਂ ਨੂੰ ਇਹ ਪੱਕਾ ਯਕੀਨ ਸੀ ਕਿ ਸਿੰਘਾਂ ਵਿਚ (ਮਾਰਸ਼ਲ) ਫ਼ੌਜੀ ਸਪਿਰਟ ਖੰਡੇ ਦੇ ਅੰਮ੍ਰਿਤ ਛਕਣ ਕਰਕੇ ਹੈ, ਨਾ ਕਿ ਸ਼ਰਾਬ ਪੀਣ ਦੇ ਢੋਂਗ ਕਰਕੇ। ਦਾੜ੍ਹੀ ਨਰੜਨਾ ਭੀ ਫ਼ੌਜੀ ਸਿੰਘਾਂ ਲਈ ਇਕ ਫ਼ਾਲਤੂ ਬਹਿਦਤ (ਬਿਦਤ) ਚਮੋੜੀ ਗਈ ਹੈ । ਚਾਹੇ ਮੈਂ ਸੂਬੇਦਾਰ ਹੁੰਦਾ ਹੋਇਆ ਫ਼ੌਜੀ ਹੁਕਮ ਨੂੰ ਮੰਨ ਕੇ ਇਹਨਾਂ ਦੋਹਾਂ ਕੁਬਹਿਦਤਾਂ ਵਿਚ ਪ੍ਰਵਿਰਤ ਹੋ ਗਿਆ ਹਾਂ, ਪਰੰਤੂ ਹਿਰਦਿਓਂ ਮੈਂ ਇਨ੍ਹਾਂ ਦੋਹਾਂ ਕੁਬਹਿਦਤਾਂ ਨੂੰ ਗੁਰਮਤਿ ਹੁਕਮ ਦੇ ਉਕਾ ਹੀ ਉਲਟ ਸਮਝਦਾ ਹਾਂ । ਮੈਂ ਆਪਣੀ ਸੰਤਾਨ ਨੂੰ ਖ਼ਾਸ ਤੌਰ ਤੇ ਇਨ੍ਹਾਂ ਦੋਹਾਂ ਕੁਬਹਿਦਤਾਂ ਤੋਂ ਬਚਣ ਲਈ ਖ਼ਾਸ ਨਸੀਹਤ ਕਰ ਜਾਵਾਂਗਾ। ਤੇ ਉਹਨਾਂ ਦੀ ਇਹ ਪ੍ਰਤਿਗਿਆ ਬਿਲਕੁਲ ਸਚੀ ਨਿਕਲੀ । ਉਨ੍ਹਾਂ ਦੇ ਸਪੁਤਰ ਭਾਈ ਸਜਣ ਸਿੰਘ ਅਤੇ ਸਜਣ ਸਿੰਘ ਦੇ ਵਡੇ ਵੀਰ ਸਰਦਾਰ ਕਿਸ਼ਨ ਸਿੰਘ ਜੀ ਨੇ ਅਜੇ ਤਾਈਂ ਦਾੜ੍ਹਾ ਕਦੇ ਨਹੀਂ ਨਰੜਿਆ, ਸਿਧਾ ਹੀ ਰਖਿਆ ਹੈ ਅਤੇ ਨਾ ਹੀ ਕਦੇ ਸ਼ਰਾਬ ਮਾਸ ਨੂੰ ਹੱਥ ਲਾਇਆ ਹੈ। ਏਸ ਵਿਚ ਰੰਚਕ ਸੰਦੇਹ ਨਹੀਂ ਕਿ ਅਜ ਕਲ ਦੇ ਦਾੜ੍ਹਾ-ਨਰੜੂ ਹਰ ਮਹਿਕਮੇ ਦੇ ਕਹਾਉਤੀ ਸਿਖ ਐਵੇਂ ਦੇਖਾ ਦੇਖੀ ਹੀ ਦਾੜ੍ਹਾ ਨਰੜਨ ਲਗ ਪਏ ਹਨ, ਜੋ ਓਹਨਾਂ ਨੂੰ ਅਤੀ ਹੀ ਮਹਿੰਗਾ ਪਵੇਗਾ ਅਤੇ ਪੈ ਰਿਹਾ ਹੈ। ਇਹ ਗੱਲ ਅਜ ਕਲ ਸਿਖ ਸ਼ਰੇਣੀ ਦੇ ਨਵ-ਯੁਵਕਾਂ ਅੰਦਰ ਪਰਗਟ ਪਹਾਰੇ ਪ੍ਰਚਲਤ ਹੋ ਗਈ ਹੈ ਕਿ ਉਹ ਦਾੜ੍ਹਾ ਚੜ੍ਹਾਉਂਦੇ ਚੜ੍ਹਾਉਂਦੇ ਦਾੜ੍ਹੀ ਦੀ ਬੇਅਦਬੀ ਭੀ ਕਰਨ ਲਗ ਪੈਂਦੇ ਹਨ, ਜੈਸੇ ਕਿ ਪਹਿਲੇ ਅੰਕਾਂ ਵਿਚ ਸਾਬਤ ਹੋ ਚੁਕਾ ਹੈ । ਇਹ ਅਜੇ ਫਿਟਕ ਵਗੀ ਹੋਈ ਹੈ ਅਤੇ ਦਿਨ ਬਦਿਨ ਵਗੀ ਹੀ ਤੁਰੀ ਜਾਂਦੀ ਹੈ, ਤਦੇ ਹੀ ਹਟੇਗੀ ਜਦੋਂ ਦਾੜ੍ਹੀ ਨਰੜਨ ਦਾ ਫੋਕਾ ਚਸਕਾ ਉਕਾ ਹੀ ਮਿਟ ਮਿਟਾ ਜਾਏਗਾ । ਬਹੁਤ ਸਾਰੇ ਆਪਣੇ ਜਾਣੇ ਅਣਜਾਣੇ ਨਵ- ਯੁਵਕ ਕਹਾਵਤੀ ਭੁਝੰਗੀ ਭਾਵੇਂ ਦਾੜ੍ਹੀ ਦੀ ਬੇਅਦਬੀ ਉਸਤਰੇ ਕੈਂਚੀ ਨਾਲ ਨਹੀਂ ਕਰਦੇ, ਨਾ ਹੀ ਚੜਾਉਣ ਨਰੜਾਉਣ ਦੀ ਕੁਬਹਿਦਤ ਵਿਚ ਪੈਂਦੇ ਹਨ, ਪਰੰਤੂ ਉਹ ਕੰਬਲਾਂ (ਬੁਰਸ਼ਾਂ) ਨਾਲ ਦਾੜ੍ਹਾ ਘਸਾ ਕੇ ਵਧਣ ਨਹੀਂ ਦੇਂਦੇ । ਇਹ ਲੋਕ ਬੜੀ ਭਾਰੀ ਮਨਮਤਿ ਕਰ ਰਹੇ ਹਨ, ਜੋ ਦਾੜ੍ਹੀ- ਨਰੜਾਂ ਤੋਂ ਵੀ ਵਧ ਕੇ ਗੁਰੂ ਦੇ ਦੇਣਹਾਰ ਹੋਣਗੇ । ਆਮ ਸਿਖਾਂ ਦੀ ਘੜੀਸ ਨਾਲ ਚਲਣਾ ਬਹੁਤ ਹੀ ਪ੍ਰਵੇਸ਼ ਹੋ ਗਿਆ ਹੈ। ਕਈ ਸਿਖ ਇਤਿਹਾਸਕਾਰਾਂ ਨੇ ਤਾਂ ਗੁਰੂ ਸਾਹਿਬਾਨ ਨੂੰ ਸੇਲ੍ਹੀ ਟੋਪੀ ਪਹਿਨਾ ਕੇ ਨਿਰੀ ਹਿੰਦਵਾਇਣ ਦੇ ਪਿਛੇ ਲਗ ਕੇ ਇਹ ਸਿਧ ਕਰ ਦਿਤਾ ਹੈ ਕਿ ਗੁਰੂ ਸਾਹਿਬਾਨ ਨੂੰ ਸੀਸ ਦੇ ਕੇਸਾਂ ਦੀ ਲੋੜ ਹੀ ਨਹੀਂ ਸੀ । ਮਨ-ਘੜਤ ਫੋਟੋਆਂ, ਖ਼ਾਸ ਕਰ ਗੁਰੂ ਨਾਨਕ ਸਾਹਿਬ ਦੀ ਫ਼ੋਟੋ ਆਪਣੇ ਮਨ ਦੇ ਮਨਸੂਬੇ ਅਨੁਸਾਰ ਐਸੀ ਖਿਚਾਉਂਦੇ ਹਨ ਕਿ ਗੁਰੂ ਨਾਨਕ ਸਾਹਿਬ-ਨਿਰੇ ਸਿੰਧੀ ਸੇਠ ਹੀ ਪ੍ਰਤੀਤ ਹੁੰਦੇ ਹਨ । ਉਨ੍ਹਾਂ ਮਨ-ਘੜਤ ਤਸਵੀਰਾਂ ਵਿਚ ਗੁਰੂ ਸਾਹਿਬ ਦਾ ਦਾੜ੍ਹਾ ਵੀ ਕੁੱਚ ਵਰਗਾ ਕੀਤਾ ਹੋਇਆ ਹੁੰਦਾ ਹੈ । ਇਹ ਨਿਰੀ ਹੀ ਉਨ੍ਹਾਂ ਦੀ ਮਨੋਂ ਮੰਨੀ ਦੀ ਹੀ ਮਨਮਤ ਹੈ। ਸਾਡੇ ਸਾਹਮਣੇ ਇਕ ਹੱਥ ਦੀ ਖਿੱਚੀ ਹੋਈ ਮੁਸੱਵਰ ਦੀ ਤਸਵੀਰ ਸਨਮੁਖ ਪਈ ਸਸ਼ੋਭਤ ਹੈ, ਜੋ ਡੇਹਰਾ ਬਾਬਾ ਨਾਨਕ ਦੇ ਬੇਦੀਆਂ ਪਾਸੋਂ ਲੈ ਕੇ ਅਖ਼ਬਾਰਾਂ ਵਿਚ ਇਕ ਦੋ ਵਾਰ ਛਪੀ ਹੈ, ਜੋ ਕਿਸੇ ਮੁਸੱਵਰ ਨੇ ਆਪਣੀ ਹੱਥੀਂ ਖਿਚ ਕੇ ਹੂਬਹੂ ਗੁਰੂ ਨਾਨਕ ਸਾਹਿਬ ਦੀ ਜੋ ਸ਼ਬੀਹ ਉਤਾਰੀ ਹੈ, ਉਹ ਅਜ ਕਲ ਦੇ ਫ਼ੋਟੋ ਗਰਾਫ਼ਰਾਂ ਤੋਂ ਕਦੀ ਨਹੀਂ ਉਤਰ ਸਕਦੀ । ਗੁਰੂ ਨਾਨਕ ਸਾਹਿਬ ਦੇ ਸੀਸ ਉਤੇ ਸਾਧਾਰਣ ਦਮਾਲਾ ਸਜਿਆ ਹੋਇਆ ਅਤੇ ਸੀਸ ਦਾੜ੍ਹੇ ਦੇ ਕੇਸ ਐਸੀ ਖੂਬੀ ਨਾਲ ਨਜ਼ਰ ਆਂਵਦੇ ਹਨ ਕਿ ਦੇਖਣ ਵਾਲਾ ਦੰਗ ਰਹਿ ਜਾਂਦਾ ਹੈ।