ਦੋਹਾਂ ਉਦਾਹਰਣਾਂ ਦਾ ਸਚਾ ਪਰਤਾਵਾ ਲੈ ਕੇ ਅਸੀਂ ਮੁੜ ਆਪਣੇ ਸੂਬੇਦਾਰ ਵੀਰ ਪਾਸ ਪਹੁੰਚੇ ਅਤੇ ਉਹਨਾਂ ਨੂੰ ਆਖਿਆ ਕਿ ਤੁਹਾਡਾ ਕਹਿਣਾ ਸੋਲ੍ਹਾਂ ਆਨੇ ਸਚ ਹੈ। ਓਹਨਾਂ ਨੇ ਵੰਗਾਰ ਕੇ ਆਖਿਆ ਕਿ ਅੰਗਰੇਜ਼ੀ ਸਰਕਾਰ ਦੇ ਫ਼ੌਜੀ ਅਫ਼ਸਰਾਂ ਨੂੰ ਇਹ ਪੱਕਾ ਯਕੀਨ ਸੀ ਕਿ ਸਿੰਘਾਂ ਵਿਚ (ਮਾਰਸ਼ਲ) ਫ਼ੌਜੀ ਸਪਿਰਟ ਖੰਡੇ ਦੇ ਅੰਮ੍ਰਿਤ ਛਕਣ ਕਰਕੇ ਹੈ, ਨਾ ਕਿ ਸ਼ਰਾਬ ਪੀਣ ਦੇ ਢੋਂਗ ਕਰਕੇ। ਦਾੜ੍ਹੀ ਨਰੜਨਾ ਭੀ ਫ਼ੌਜੀ ਸਿੰਘਾਂ ਲਈ ਇਕ ਫ਼ਾਲਤੂ ਬਹਿਦਤ (ਬਿਦਤ) ਚਮੋੜੀ ਗਈ ਹੈ । ਚਾਹੇ ਮੈਂ ਸੂਬੇਦਾਰ ਹੁੰਦਾ ਹੋਇਆ ਫ਼ੌਜੀ ਹੁਕਮ ਨੂੰ ਮੰਨ ਕੇ ਇਹਨਾਂ ਦੋਹਾਂ ਕੁਬਹਿਦਤਾਂ ਵਿਚ ਪ੍ਰਵਿਰਤ ਹੋ ਗਿਆ ਹਾਂ, ਪਰੰਤੂ ਹਿਰਦਿਓਂ ਮੈਂ ਇਨ੍ਹਾਂ ਦੋਹਾਂ ਕੁਬਹਿਦਤਾਂ ਨੂੰ ਗੁਰਮਤਿ ਹੁਕਮ ਦੇ ਉਕਾ ਹੀ ਉਲਟ ਸਮਝਦਾ ਹਾਂ । ਮੈਂ ਆਪਣੀ ਸੰਤਾਨ ਨੂੰ ਖ਼ਾਸ ਤੌਰ ਤੇ ਇਨ੍ਹਾਂ ਦੋਹਾਂ ਕੁਬਹਿਦਤਾਂ ਤੋਂ ਬਚਣ ਲਈ ਖ਼ਾਸ ਨਸੀਹਤ ਕਰ ਜਾਵਾਂਗਾ। ਤੇ ਉਹਨਾਂ ਦੀ ਇਹ ਪ੍ਰਤਿਗਿਆ ਬਿਲਕੁਲ ਸਚੀ ਨਿਕਲੀ । ਉਨ੍ਹਾਂ ਦੇ ਸਪੁਤਰ ਭਾਈ ਸਜਣ ਸਿੰਘ ਅਤੇ ਸਜਣ ਸਿੰਘ ਦੇ ਵਡੇ ਵੀਰ ਸਰਦਾਰ ਕਿਸ਼ਨ ਸਿੰਘ ਜੀ ਨੇ ਅਜੇ ਤਾਈਂ ਦਾੜ੍ਹਾ ਕਦੇ ਨਹੀਂ ਨਰੜਿਆ, ਸਿਧਾ ਹੀ ਰਖਿਆ ਹੈ ਅਤੇ ਨਾ ਹੀ ਕਦੇ ਸ਼ਰਾਬ ਮਾਸ ਨੂੰ ਹੱਥ ਲਾਇਆ ਹੈ। ਏਸ ਵਿਚ ਰੰਚਕ ਸੰਦੇਹ ਨਹੀਂ ਕਿ ਅਜ ਕਲ ਦੇ ਦਾੜ੍ਹਾ-ਨਰੜੂ ਹਰ ਮਹਿਕਮੇ ਦੇ ਕਹਾਉਤੀ ਸਿਖ ਐਵੇਂ ਦੇਖਾ ਦੇਖੀ ਹੀ ਦਾੜ੍ਹਾ ਨਰੜਨ ਲਗ ਪਏ ਹਨ, ਜੋ ਓਹਨਾਂ ਨੂੰ ਅਤੀ ਹੀ ਮਹਿੰਗਾ ਪਵੇਗਾ ਅਤੇ ਪੈ ਰਿਹਾ ਹੈ। ਇਹ ਗੱਲ ਅਜ ਕਲ ਸਿਖ ਸ਼ਰੇਣੀ ਦੇ ਨਵ-ਯੁਵਕਾਂ ਅੰਦਰ ਪਰਗਟ ਪਹਾਰੇ ਪ੍ਰਚਲਤ ਹੋ ਗਈ ਹੈ ਕਿ ਉਹ ਦਾੜ੍ਹਾ ਚੜ੍ਹਾਉਂਦੇ ਚੜ੍ਹਾਉਂਦੇ ਦਾੜ੍ਹੀ ਦੀ ਬੇਅਦਬੀ ਭੀ ਕਰਨ ਲਗ ਪੈਂਦੇ ਹਨ, ਜੈਸੇ ਕਿ ਪਹਿਲੇ ਅੰਕਾਂ ਵਿਚ ਸਾਬਤ ਹੋ ਚੁਕਾ ਹੈ । ਇਹ ਅਜੇ ਫਿਟਕ ਵਗੀ ਹੋਈ ਹੈ ਅਤੇ ਦਿਨ ਬਦਿਨ ਵਗੀ ਹੀ ਤੁਰੀ ਜਾਂਦੀ ਹੈ, ਤਦੇ ਹੀ ਹਟੇਗੀ ਜਦੋਂ ਦਾੜ੍ਹੀ ਨਰੜਨ ਦਾ ਫੋਕਾ ਚਸਕਾ ਉਕਾ ਹੀ ਮਿਟ ਮਿਟਾ ਜਾਏਗਾ । ਬਹੁਤ ਸਾਰੇ ਆਪਣੇ ਜਾਣੇ ਅਣਜਾਣੇ ਨਵ- ਯੁਵਕ ਕਹਾਵਤੀ ਭੁਝੰਗੀ ਭਾਵੇਂ ਦਾੜ੍ਹੀ ਦੀ ਬੇਅਦਬੀ ਉਸਤਰੇ ਕੈਂਚੀ ਨਾਲ ਨਹੀਂ ਕਰਦੇ, ਨਾ ਹੀ ਚੜਾਉਣ ਨਰੜਾਉਣ ਦੀ ਕੁਬਹਿਦਤ ਵਿਚ ਪੈਂਦੇ ਹਨ, ਪਰੰਤੂ ਉਹ ਕੰਬਲਾਂ (ਬੁਰਸ਼ਾਂ) ਨਾਲ ਦਾੜ੍ਹਾ ਘਸਾ ਕੇ ਵਧਣ ਨਹੀਂ ਦੇਂਦੇ । ਇਹ ਲੋਕ ਬੜੀ ਭਾਰੀ ਮਨਮਤਿ ਕਰ ਰਹੇ ਹਨ, ਜੋ ਦਾੜ੍ਹੀ- ਨਰੜਾਂ ਤੋਂ ਵੀ ਵਧ ਕੇ ਗੁਰੂ ਦੇ ਦੇਣਹਾਰ ਹੋਣਗੇ । ਆਮ ਸਿਖਾਂ ਦੀ ਘੜੀਸ ਨਾਲ ਚਲਣਾ ਬਹੁਤ ਹੀ ਪ੍ਰਵੇਸ਼ ਹੋ ਗਿਆ ਹੈ। ਕਈ ਸਿਖ ਇਤਿਹਾਸਕਾਰਾਂ ਨੇ ਤਾਂ ਗੁਰੂ ਸਾਹਿਬਾਨ ਨੂੰ ਸੇਲ੍ਹੀ ਟੋਪੀ ਪਹਿਨਾ ਕੇ ਨਿਰੀ ਹਿੰਦਵਾਇਣ ਦੇ ਪਿਛੇ ਲਗ ਕੇ ਇਹ ਸਿਧ ਕਰ ਦਿਤਾ ਹੈ ਕਿ ਗੁਰੂ ਸਾਹਿਬਾਨ ਨੂੰ ਸੀਸ ਦੇ ਕੇਸਾਂ ਦੀ ਲੋੜ ਹੀ ਨਹੀਂ ਸੀ । ਮਨ-ਘੜਤ ਫੋਟੋਆਂ, ਖ਼ਾਸ ਕਰ ਗੁਰੂ ਨਾਨਕ ਸਾਹਿਬ ਦੀ ਫ਼ੋਟੋ ਆਪਣੇ ਮਨ ਦੇ ਮਨਸੂਬੇ ਅਨੁਸਾਰ ਐਸੀ ਖਿਚਾਉਂਦੇ ਹਨ ਕਿ ਗੁਰੂ ਨਾਨਕ ਸਾਹਿਬ-ਨਿਰੇ ਸਿੰਧੀ ਸੇਠ ਹੀ ਪ੍ਰਤੀਤ ਹੁੰਦੇ ਹਨ । ਉਨ੍ਹਾਂ ਮਨ-ਘੜਤ ਤਸਵੀਰਾਂ ਵਿਚ ਗੁਰੂ ਸਾਹਿਬ ਦਾ ਦਾੜ੍ਹਾ ਵੀ ਕੁੱਚ ਵਰਗਾ ਕੀਤਾ ਹੋਇਆ ਹੁੰਦਾ ਹੈ । ਇਹ ਨਿਰੀ ਹੀ ਉਨ੍ਹਾਂ ਦੀ ਮਨੋਂ ਮੰਨੀ ਦੀ ਹੀ ਮਨਮਤ ਹੈ। ਸਾਡੇ ਸਾਹਮਣੇ ਇਕ ਹੱਥ ਦੀ ਖਿੱਚੀ ਹੋਈ ਮੁਸੱਵਰ ਦੀ ਤਸਵੀਰ ਸਨਮੁਖ ਪਈ ਸਸ਼ੋਭਤ ਹੈ, ਜੋ ਡੇਹਰਾ ਬਾਬਾ ਨਾਨਕ ਦੇ ਬੇਦੀਆਂ ਪਾਸੋਂ ਲੈ ਕੇ ਅਖ਼ਬਾਰਾਂ ਵਿਚ ਇਕ ਦੋ ਵਾਰ ਛਪੀ ਹੈ, ਜੋ ਕਿਸੇ ਮੁਸੱਵਰ ਨੇ ਆਪਣੀ ਹੱਥੀਂ ਖਿਚ ਕੇ ਹੂਬਹੂ ਗੁਰੂ ਨਾਨਕ ਸਾਹਿਬ ਦੀ ਜੋ ਸ਼ਬੀਹ ਉਤਾਰੀ ਹੈ, ਉਹ ਅਜ ਕਲ ਦੇ ਫ਼ੋਟੋ ਗਰਾਫ਼ਰਾਂ ਤੋਂ ਕਦੀ ਨਹੀਂ ਉਤਰ ਸਕਦੀ । ਗੁਰੂ ਨਾਨਕ ਸਾਹਿਬ ਦੇ ਸੀਸ ਉਤੇ ਸਾਧਾਰਣ ਦਮਾਲਾ ਸਜਿਆ ਹੋਇਆ ਅਤੇ ਸੀਸ ਦਾੜ੍ਹੇ ਦੇ ਕੇਸ ਐਸੀ ਖੂਬੀ ਨਾਲ ਨਜ਼ਰ ਆਂਵਦੇ ਹਨ ਕਿ ਦੇਖਣ ਵਾਲਾ ਦੰਗ ਰਹਿ ਜਾਂਦਾ ਹੈ।
੪
ਭੇਖੀ ਸਿਖ ਤੇ ਸੱਚੀ ਦਾੜ੍ਹੀ ਵਾਲੇ ਸਿਖ
ਇਹ ਵੀ ਕੋਈ ਗਰੰਟੀ ਨਹੀਂ ਕਿ ਲੰਮੀਆਂ ਦਾੜ੍ਹੀਆਂ ਰਖਣ ਵਾਲੇ ਆਪਣੇ ਸਵਾਰਥ ਹਿਤ ਕੁਫਰ ਕਰਮ ਨਹੀਂ ਕਮਾਉਂਦੇ। ਗੁਰੂ ਦਸਮੇਸ਼ ਜੀ ਨੂੰ ਜਦੋਂ ਪਤਾ ਲਗਿਆ ਕਿ ਮਸੰਦ ਲੰਮੀਆਂ ਦਾੜ੍ਹੀਆਂ ਵਾਲਿਆਂ ਨੇ ਕੁਫ਼ਰ ਕਰਤੂਤਾਂ ਪੁਜ ਕੇ ਕਪਟ ਭਰੀਆਂ ਕੀਤੀਆਂ ਹਨ ਅਤੇ ਲੰਮੀਆਂ ਦਾੜ੍ਹੀਆਂ ਰਖ ਕੇ ਬੜਾ ਹੀ ਅਨਰਥ ਕਮਾਉਂਦੇ ਹਨ ਤਾਂ ਓਹਨਾਂ ਭੇਖੀ ਕਪਟੀ ਲੰਮੀਆਂ ਦਾੜ੍ਹੀਆਂ ਵਾਲਿਆਂ ਮਸੰਦਾਂ ਨੂੰ ਓਹ ਸਜਾਵਾਂ ਦਿਤੀਆਂ ਜਿਸ ਤੋਂ ਕਿ ਸਾਰਾ ਜ਼ਮਾਨਾ ਜਾਣੂ ਹੈ । ਗੁਰਮਤਿ ਅੰਦਰ ਲਿਹਾਜ਼ ਕਿਸੇ ਦਾ ਨਹੀਂ ਕੀਤਾ ਜਾਂਦਾ । ਮੁਖ ਧਰਮ ਤਾਂ ਗੁਰਮਤਿ ਅੰਦਰ ਹਿਰਦਾ ਸੁਧ ਰਖਣ ਦਾ ਹੈ । ਪਰੰਤੂ ਪੂਰਾ ਸਿਖ ਸੋਈ ਹੈ ਜੋ ਗੁਰੂ ਸਾਹਿਬਾਨ ਦੇ ਸਮਗਰ ਅਸੂਲਾਂ ਉਤੇ ਅਮਲ ਪੂਰਾ ਪੂਰਾ ਕਰਦਾ ਹੈ। ਕਪਟੀ ਹਿਰਦੇ ਵਾਲੇ ਸਿਖਾਂ ਦੇ ਕਰਮ ਕੁਕਰਮ ਕਦੇ ਭੀ ਨੇਪਰੇ ਨਹੀਂ ਚੜ੍ਹਦੇ । ਜਿਨ੍ਹਾਂ ਦੇ ਮਨ ਅੰਦਰ ਕੁਛ ਹੋਰ ਹੁੰਦਾ ਹੈ, ਮੁਖ ਵਿਖੇ ਕੁਛ ਹੋਰ, ਉਪਰੋਂ ਉਪਰੋਂ ਚਾਹੇ ਕਿਤਨਾ ਹੀ ਆਪਣੇ ਆਪ ਨੂੰ ਮੋਮਨ ਬਣਾ ਕੇ ਦਿਖਾਉਂਦੇ ਹਨ, ਓਹ ਕਚ-ਘਰੜ ਕਰਮੀ ਸਿਖ ਹੀ ਅਖਾਉਂਦੇ ਹਨ । ਯਥਾ ਗੁਰਵਾਕ-
ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ॥ (੪੮੮)
ਅਜਿਹੇ ਕਚੜੇ ਕਪਟੀ ਫ਼ਰੇਬੀ ਪੁਰਖ ਨਾਲੋਂ ਤੁਟੜੀ ਭਲੀ ਹੈ। ਜੋ ਗੁਰੂ ਕੇ ਲਾਲ ਗੁਰੂ ਨੂੰ ਰੀਝਾਵਣ ਖ਼ਾਤਰ ਹਿਤੋਂ ਚਿਤੋਂ ਸਤਿਗੁਰੂ ਦਾ ਹਰੇਕ ਹੁਕਮ ਸਤਿ ਸਤਿ ਮੰਨ ਕੇ ਕਮਾਂਵਦੇ ਹਨ, ਉਹ ਸਦਾ ਹੀ ਲੋਕ ਪਰਲੋਕ ਵਿਖ ਸੁਹੇਲੇ ਹਨ। ਜੋ ਕੋਈ ਸਿਖ ਸਦਾਉਣ ਵਾਲਾ ਪੁਰਸ਼ ਕੇਵਲ ਆਪਣੇ ਸੁਆਰਥ ਲਈ ਕਪਟ ਕਰਮੀ ਬਣਦਾ ਹੈ, ਓਹ ਨਾ ਸਿਰਫ਼ ਆਪਣੇ ਪੈਰ ਤੇ ਆਪ ਕੁਹਾੜਾ ਮਾਰਦਾ ਹੈ, ਬਲਕਿ ਉਸ ਦਾ ਪਾਜ ਓੜਕ ਨੂੰ ਉਘੜ ਜਾਂਦਾ ਹੈ । ਗੁਰੂ ਅੰਤਰਜਾਮੀ ਨੂੰ ਤਾਂ ਓਹ ਕਦੇ ਭੀ ਧੋਖਾ ਨਹੀਂ ਦੇ ਸਕਦਾ। ਜੋ ਕਪਟ ਕੁਚਾਲੀ ਪੁਰਸ਼ ਸਤਿਗੁਰ ਅੰਤਰਜਾਮੀ ਨੂੰ ਧੋਖਾ ਦੇਣੋਂ ਬਾਜ਼ ਨਹੀਂ ਆਵਦਾ, ਓਸਦਾ ਕੋਈ ਭੀ ਕਰਮ ਸਿਰੇ ਨਹੀਂ ਚੜ੍ਹਦਾ। ਕਪਟ ਕੁਚਾਲੀ ਭੇਖਧਾਰੀ ਸਿਖ ਲੋਕਾਂ ਨੂੰ ਤਾਂ ਧੋਖਾ ਦੇ ਸਕਦੇ ਹਨ, ਪਰ ਅੰਤਰਜਾਮੀ ਨੂੰ ਕੋਈ ਫ਼ਰੇਬੀ ਧੋਖਾ ਨਹੀਂ ਦੇ ਸਕਦਾ । ਸਤਿਗੁਰੂ ਦੇ ਦਰਬਾਰ ਅੰਦਰ ਸਚੋ ਸਚ ਨਿਬੜਦਾ ਹੈ। ਜਦੋਂ ਸਤਿਗੁਰੂ ਦਸਮੇਸ਼ ਜੀ ਨੂੰ ਯਕੀਨ ਹੋ ਗਿਆ ਕਿ ਇਹ ਕੁਫ਼ਰ ਕਰਤੁਤੀਏ ਮਸੰਦ ਭੇਖ ਦਿਖਾਇ ਕੇ ਕਫ਼ਰ ਕਮਾਉਂਦੇ ਹਨ, ਤਾਂ ਸਤਿਗੁਰੂ ਨੇ ਤਿਨ੍ਹਾਂ ਕੁਫਰ-ਕਰਤੂਤੀਆਂ ਦੀ ਕਪਟ-ਚਾਲ ਨੂੰ ਭੀ ਉਘੇੜ ਦਿਤਾ ਅਤੇ ਐਸਾ ਉਘੜਿਆ ਕਿ ਮੁੜ ਕਿਸੇ ਨੂੰ ਜੁਰਅਤ ਨਹੀਂ ਪਈ ਕਿ ਅਜਿਹਾ ਕੁਫ਼ਰ-ਕੁਕਰਮ ਕਰ ਸਕੇ । ਜਿਨ੍ਹਾਂ ਕਪਟੀਆਂ ਕੁਫ਼ਰ-ਕਰਤੂਤੀਆਂ ਨੇ ਲੰਮੇ ਦਾੜ੍ਹੇ ਰਖੇ ਹੋਏ ਸਨ, ਪਰ ਅੰਦਰੋਂ ਘੋਰ ਕੁਫ਼ਰ-ਕੁਕਰਮ ਕਮਾਉਂਦੇ ਸਨ, ਓਹਨਾਂ ਮਸੰਦਾਂ ਨੂੰ ਤੇਲ ਵਿਚ ਜੀਉਂਦੇ ਜੀ ਸਾੜਨ ਲਈ ਇਹ ਹੁਕਮਨਾਮੇ ਥਾਉਂ ਥਾਈਂ ਭੇਜ ਦਿਤੇ ਕਿ ਇਹਨਾਂ ਕੁਫਰ-ਕਰਤੂਤੀਆਂ ਲੰਮੀਆਂ ਦਾੜੀਆਂ ਵਾਲ ਮਸੰਦਾਂ ਨੂੰ ਦਾੜ੍ਹੀਓਂ ਫੜ ਕੇ ਹਜ਼ੂਰੀ ਵਿਚ ਲਿਆਂਦਾ ਜਾਵੇ । ਤਾਂ ਸ੍ਰੀ ਗੁਰੂ ਕਲਗੀਧਰ ਜੀ ਦੇ ਖ਼ਾਸ ਮਖ਼ਸੂਸੀ ਸਿੰਘਾਂ ਨੇ ਜਿਨ੍ਹਾਂ ਨੂੰ ਮਸੰਦਾਂ ਦੇ ਫੜਨ ਲਈ ਭੇਜਿਆ ਸੀ, ਕੇਵਲ ਦੁਰਗੰਧਤ ਕੁਕਰਮੀ ਮਸੰਦਾਂ ਨੂੰ ਹੀ ਦਾੜ੍ਹਿਓਂ ਫੜ ਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿਚ ਲਿਆਂਦਾ। ਇਹਨਾਂ ਲੰਮ-ਦਾੜ੍ਹੀਏ ਕੁਫ਼ਰ-ਕੁਕਰਮੀ ਮਸੰਦਾਂ ਦੀ ਦੁਰਗੰਧ ਸਾਰ ਹੀ ਇਲਾਕਿਆਂ ਵਿਚ ਅਜਿਹੀ ਫੈਲੀ ਹੋਈ ਸੀ ਕਿ ਬਦਕਿਰਦਾਰ ਕੁਕਰਮੀ ਮਸੰਦ ਭੀ ਆਪਣੀ ਬਦਬੂ ਪਹਾਇਣ ਹੀ ਦੁਰਗੰਧੀ ਤੋਂ ਮਜਬੂਹ ਹੋ ਕੇ ਆਪਣੇ ਆਪ ਹੀ ਦਾੜ੍ਹਿਓਂ ਫੜਨ ਆਏ ਮਵੜੇ ਸਿੰਘਾਂ ਦੇ ਸਪੁਰਦ ਹੋ ਗਏ। ਗੁਰੂ ਸਾਹਿਬ ਦੀ ਹਜ਼ੂਰੀ ਵਿਚ ਜਾ ਕੇ ਭੀ ਉਹ ਆਪਣੀ ਕਜ਼ਬ ਕੁਕਰਮੀ ਤੋਂ ਮੁਨਕਰ ਨਾ ਹੋ ਸਕੇ ।