ਗੁਰਮੁਖੀ ਤੇ ਸੁਹਾਵਣੇ ਦਾੜ੍ਹੇ
ਇਸ ਟ੍ਰੈਕਟ ਵਿਚ ਭਾਈ ਸਾਹਿਬ ਨੇ ‘ਦਾੜ੍ਹੇ’ ਸਬੰਧੀ ਸਿੱਖੀ ਰਹਿਤ ਨੂੰ ਚੰਗੀ ਤਰ੍ਹਾਂ ਪ੍ਰਗਟ ਕੀਤਾ ਹੈ ਤੇ ਦਸਿਆ ਹੈ ਕਿ ਗੁਰੂ ਘਰ ਵਿਚ "ਸੱਚੀ ਦਾੜ੍ਹੀ" ਕਿਸ ਨੂੰ ਕਿਹਾ ਜਾਂਦਾ ਹੈ । "ਦਾੜ੍ਹਾ" ਪੁਰਸ਼ ਦੀ ਸ਼ਾਨ, ਸਨਮਾਨ ਤੇ ਸਤਿਕਾਰ ਦਾ ਸੂਚਕ ਹੈ । ਅਜ ਕਲ੍ਹ ਦੇ ਜ਼ਮਾਨੇ ਵਿਚ ਫੈਸ਼ਨ-ਪ੍ਰਸਤੀ ਬਹੁਤ ਵਧ ਰਹੀ ਹੈ, ਜਿਸ ਲਈ ਸਿਖਾਂ ਵਿਚ ਵੀ ‘ਦਾੜ੍ਹਾ’ ਚੜਾਉਣ ਤੇ ਇਸ ਨੂੰ ਫਿਕਸੋ ਆਦਿ ਲਾਉਣ ਦੀ ਐਸੀ ਪਰਪਾਟੀ ਚਲ ਪਈ ਹੈ, ਜਿਸ ਨਾਲ ਖ਼ਾਹ-ਮ-ਖ਼ਾਹ ਨੌਜਵਾਨ ਆਪਣੇ ਆਪ ਨੂੰ ਅਉਖਾ ਕਰਦੇ ਹਨ । ਸਿਖ ਦੀ ਰਹਿਣੀ ਬਹਿਣੀ ਸਾਦਗੀ ਤੇ ਸੁਸ਼ੀਲ ਹੋਣ ਦਾ ਪ੍ਰਭਾਵ ਪਾਉਂਦੀ ਹੈ । ਪਰ ਜ਼ਮਾਨੇ ਦੇ ਹੇਰ ਫੇਰ ਨਾਲ ਇਹ ਸਾਦਗੀ ਚਟਪਟੀ ਰੰਗੀਨੀ ਦੀ ਸ਼ਕਲ ਧਾਰਨ ਕਰ ਗਈ ਹੈ । ਜਿਥੇ ਦਾੜ੍ਹੇ ਨੂੰ ਅਉਖਾ ਹੋ ਕੇ ਚੜ੍ਹਾਉਣ ਦਾ ਕਸੂਤਾ ਰਿਵਾਜ ਕਾਲਜਾਂ ਤੇ ਹੋਰ ਸਿਵਲੀਅਨ ਸਿੱਖਾਂ ਵਿਚ ਚਲ ਪਿਆ ਹੈ, ਉਸੇ ਤਰ੍ਹਾਂ ਦਸਤਾਰੇ ਸਜਾਉਣ ਦਾ ਰਿਵਾਜ ਵੀ ਅਵੈੜਾ ਹੀ ਸ਼ੁਰੂ ਹੋ ਗਿਆ ਹੈ । ਪੱਗਾਂ ਦੇ ਕਈ ਬੰਧੇਜ ਤੁਰ ਪਏ ਹਨ-ਜਿਹਾ ਕਿ ਟੋਕਰਾ ਪੱਗ, ਛੱਜਾ ਪੱਗ, ਟੂਟੀ ਪੱਗ, ਟੋਪੀ ਪੱਗ, ਆਦਿ । ਇਹਨਾਂ ਪੱਗਾਂ ਨੂੰ ਮਾਵਾ ਲਾ ਕੇ ਤੇ ਮੇਖਾਂ ਠੋਕ ਕੇ ਐਸਾ ਪੱਕਾ ਕੀਤਾ ਜਾਂਦਾ ਹੈ ਕਿ ਇਕ ਵਾਰ ਬੱਧੀ ਪੱਗ ਕਈ ਦਿਨ ਖੋਲ੍ਹਣੀ ਨਹੀਂ ਪੈਂਦੀ । ਨਿੱਤ ਪੱਗ ਬੰਨ੍ਹਣ ਤੋਂ ਵੀ ਅਜ ਕਲ ਦੇ ਨੌਜਵਾਨ ਕੰਨੀ ਕਤਰਾਉਂਦੇ ਤੇ ਘਬਰਾਉਂਦੇ ਹਨ । ਦਾੜਿਆਂ ਦਾ ਚੜ੍ਹਾਉਣਾ ਤੇ ਪੱਗਾਂ ਦਾ ਇਹ ਨਵਾਂ ਫੈਸ਼ਨ ਸਭ Simple living and high thinking (ਸਾਦਾ ਜੀਵਨ, ਮਤ ਉਚੀ ਤੇ ਮਨ ਨੀਵੇਂ) ਦੇ ਅਸੂਲ ਤੋਂ ਉਲਟ ਹੈ । ਫ਼ੌਜਾਂ ਵਿਚ ਤਾਂ ਸਿੰਘ ਮਜਬੂਰਨ ਦਾੜ੍ਹੇ ਚਾੜ੍ਹਦੇ ਸਨ; ਪਰ ਸਿਵਲ ਦੇ ਸਭ ਪੁਰਾਣੇ ਸਿੰਘ ਦਾੜ੍ਹੇ ਸਿਧੇ ਹੀ ਰਖਦੇ ਸਨ । ਪਰ ਹੁਣ ਸਿਵਲ ਵਿਚ ਵੀ ਇਹ ਨਵੀਂ ਪਰਪਾਟੀ ਚਲ ਪਈ ਹੈ ।
ਗੁਰੂ ਸਾਹਿਬਾਨ ਦੇ ਸਮੇਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤਕ ਫ਼ੌਜੀ, ਸਿਵਲ ਤੇ ਹੋਰ ਕਾਰ ਵਿਹਾਰੀ ਸਭ ਸਿੰਘ ਦਾੜ੍ਹੇ ਸਿਧੇ ਹੀ ਰਖਦੇ ਸਨ, ਪਰ ਜਦੋਂ ਮਹਾਰਾਜਾ ਸ਼ੇਰ ਸਿੰਘ ਤਖ਼ਤ ਪਰ ਬੈਠੇ ਤਦ ਉਨ੍ਹਾਂ ਨੇ ਦਾੜ੍ਹਾ ਚੜ੍ਹਾਉਣ ਦਾ ਰਿਵਾਜ ਸ਼ੁਰੂ ਕੀਤਾ।
ਭਾਈ ਸਾਹਿਬ ਨੇ ਦਾੜ੍ਹੇ ਸਬੰਧੀ ਸਭ ਪਹਿਲੂਆਂ ਤੋਂ ਇਸ ਟ੍ਰੈਕਟ ਵਿਚ ਵਿਚਾਰ ਕੀਤੀ ਤੇ ਦਸਿਆ ਹੈ ਕਿ 'ਸੱਚੀ ਦਾੜ੍ਹੀ' ਕਿਸ ਨੂੰ ਕਹਿੰਦੇ ਹਨ ਤੇ ‘ਪਖੰਡ ਦਾੜ੍ਹੇ' ਦਾ ਵੀ ਨਿਰਣਾ ਕਰ ਦਿਤਾ ਹੈ ।
ਸਾਰ ਸਿੱਟਾ ਇਹ ਹੈ ਕਿ ਸਿਧੇ ਦਾੜ੍ਹੇ ਰਖਣਾ ਹੀ ਪੁਰਾਤਨ ਗੁਰਮੁਖੀ ਰਹੁਰੀਤ ਹੈ, ਸਿਧੇ ਦਾੜ੍ਹਿਆਂ ਨੂੰ ਹੀ ਗੁਰਮੁਖੀ ਤੇ ਸੁਹਾਵਣੇ ਦਾੜ੍ਹੇ ਕਿਹਾ ਜਾ ਸਕਦਾ ਹੈ । ਪੰਥ ਪ੍ਰਕਾਸ਼ ਵਿਚ ਗਿਆਨੀ ਗਿਆਨ ਸਿੰਘ ਜੀ ਨੇ ਸਿਧੇ ਦਾੜ੍ਹੇ ਦੀ ਰਹਿਤ ਬਾਰੇ ਇਸ ਤਰ੍ਹਾਂ ਲਿਖਿਆ ਹੈ :-
“ਕੱਛਾਂ ਗੋਡਿਆਂ ਤਕ ਸੂਸੀ ਕੀ ਸੂਧੀ ਪਗੜੀ ਦਾੜ੍ਹੀ,
ਰਖਤੇ ਤਾੜ ਮੁਛਹਿਰੇ ਕੁੰਢੇ, ਦਾੜ੍ਹੀ ਕਦੇ ਨਾ ਚਾੜ੍ਹੀ ।"
੧ ਫਰਵਰੀ, ੧੯੬੫, ਨਾਹਰ ਸਿੰਘ ਗ੍ਯਾਨੀ, ਗੁਜਰਵਾਲ (ਲੁਧਿਆਣਾ)
ੴ ਸਤਿਗੁਰ ਪ੍ਰਸਾਦਿ ॥
ਸੱਚੀਆਂ ਦਾੜ੍ਹੀਆਂ
**************************
৭
ਦਾੜ੍ਹੀਆਂ ਦੀ ਮਹੱਤਤਾ
ਸਲੋਕ ਮਹਲਾ ੩॥
ਸੇ ਦਾੜੀਆ ਸਚੀਆ ਜਿ ਗੁਰ ਚਰਨੀ ਲਗੰਨਿ ॥
ਅਨਦਿਨੁ ਸੇਵਨਿ ਗੁਰੁ ਆਪਣਾ ਅਨਦਿਨੁ ਅਨਦਿ ਰਹੰਨਿ ॥
ਨਾਨਕ ਸੇ ਮੁਹ ਸੋਹਣੇ ਸਚੈ ਦਰਿ ਦਿਸੰਨਿ ॥੫੨॥
ਮੁਖ ਸਚੇ ਸਚੁ ਦਾੜੀਆ ਸਚੁ ਬੋਲਹਿ ਸਚੁ ਕਮਾਹਿ ॥
ਸਚਾ ਸਬਦੁ ਮਨਿ ਵਸਿਆ ਸਤਿਗੁਰ ਮਾਂਹਿ ਸਮਾਹਿ॥
ਸਚੀ ਰਾਸੀ ਸਚੁ ਧਨੁ ਉਤਮ ਪਦਵੀ ਪਾਂਹਿ ॥
ਸਚੁ ਸੁਣਹਿ ਸਚੁ ਮੰਨਿ ਲੈਨਿ ਸਚੀ ਕਾਰ ਕਮਾਹਿ ॥
ਸਚੀ ਦਰਗਹ ਬੈਸਣਾ ਸਚੇ ਮਾਹਿ ਸਮਾਹਿ ॥
ਨਾਨਕ ਵਿਣੁ ਸਤਿਗੁਰ ਸਚੁ ਨ ਪਾਈਐ ਮਨਮੁਖ ਭੂਲੈ ਜਾਂਹਿ ॥੫੩॥
[ਸਲੋਕ ਮ: ੩, ਪੰਨਾ ੧੪੧੯]
ਇਸ ਗੁਰਵਾਕ ਦੀ ਪਹਿਲੀ ਪੰਗਤੀ ਦਾ ਸਪੱਸ਼ਟ ਭਾਵ ਇਹ ਹੈ ਕਿ ਸੇਈ ਬੀਬੀਆਂ ਗੁਰਮੁਖ ਸਚੀਆਂ ਦਾੜ੍ਹੀਆਂ ਸਚੀਆਂ ਅਤੇ ਸੁਚੀਆਂ ਦਾੜ੍ਹੀਆਂ ਹਨ ਜੋ ਗੁਰੂ ਕੀ ਚਰਨੀ ਲਗਦੀਆਂ ਹਨ। ਸੇਈ ਸਿਧੀਆਂ ਦਾੜ੍ਹੀਆਂ ਵਾਲੇ ਗੁਰਮੁਖ ਜਨ, ਸਚੇ ਗੁਰਮੁਖ ਜਨ ਹਨ, ਗੁਰ ਚਰਨੀ ਲਗਣ ਸਮੇਂ ਜਿਨ੍ਹਾਂ ਦੀਆਂ ਗੁਰਮੁਖੀ ਸਿਧੀਆਂ ਦਾੜ੍ਹੀਆਂ ਹੀ ਸੁਤੇ ਸੁਭਾ ਗੁਰ ਚਰਨੀ ਆਣ ਲਗਦੀਆਂ ਹਨ।
ਦਿਲੋਂ ਤਾਂ ਇਹੋ ਚਾਹੁੰਦੇ ਹਨ ਕਿ ਦਾੜ੍ਹੀਆਂ ਕਿਉਂ ਆ ਗਈਆਂ? ਪਰ ਆਈਆਂ ਦਾੜ੍ਹੀਆਂ ਦੀ ਲਾਜ ਜ਼ਰੂਰ ਰਖਣੀ ਪੈਂਦੀ ਹੈ, ਸਿਖ ਭੀ ਕਹਾਉਂਦੇ ਰਹਿਣ ਤੇ ਆਪੋ ਆਪਣੇ ਡੀਪਾਰਟਮੈਂਟਾਂ ਦੇ ਅਫ਼ਸਰਾਂ ਨੂੰ ਭੀ ਖ਼ੁਸ਼ ਰਖਦੇ ਰਹਿਣ, ਪਰ ਉਹ ਖ਼ੁਸ਼ ਫੇਰ ਭੀ ਨਹੀਂ ਹੁੰਦੇ । ਉਹ ਆਨਮਤੀ ਲੋਗ ਤਾਂ ਏਸ ਗੱਲ ਵਿਚ ਖ਼ੁਸ਼ ਹਨ ਕਿ ਸਿਖ ਭੀ ਸਾਰੇ ਓਹਨਾਂ ਵਾਂਗ ਮੋਨੇ ਹੋ ਜਾਣ। ਸਵਾਰਥੀ ਸਿਖ ਚਾਹੇ ਹਿੰਦੂਆਂ ਵਾਲੀ ਦਾੜ੍ਹੀ ਮੁੰਨਣ ਵਾਲੀ ਵਾਦੀ ਵਿਚ ਤਾਂ ਨਹੀਂ ਪੈ ਸਕਦੇ, ਪਰ ਦਾੜ੍ਹੀ ਮੁੜਚੁੰਨ ਕੇ, ਮਰੋੜ ਤੋੜ ਕੇ ਚੜ੍ਹਾਉਣ ਵਿਚ ਹੀ ਹਿੰਦੂਆਂ ਦੀ ਸਵਾਰਥ - ਪਸਿੰਦੀ ਖ਼ੁਸ਼ਨੂਦੀ ਲੈਂਦੇ ਹਨ। ਇਹ ਸਵਾਰਥ-ਪਸਿੰਦੀ ਸਿਖਾਂ ਦੇ ਕਿਸੇ ਕੰਮ ਭੀ ਨਹੀਂ ਆਉਣੀ, ਸਗੋਂ ਆਪਣਾ ਹੀ ਪਰਮਾਰਥ ਵਿਗਾੜ ਬੈਠਣਗੇ ।
ਸਵਾਰਥ-ਪਸਿੰਦ ਵਿਗੜੇ ਹੋਏ ਸਿਖ ਅਗੋਂ ਇਹ ਹੁੱਜਤ ਭੇੜਦੇ ਹਨ ਕਿ ਦਾੜ੍ਹੀ ਚੜ੍ਹਾਉਣ ਵਿਚ ਪਰਮਾਰਥ ਕਿਵੇਂ ਵਿਗੜ ਜਾਂਦਾ ਹੈ, ਪਰਮਾਰਥ ਦਾ ਸਨਬੰਧ ਤਾਂ ਮਨ ਦੇ ਨਾਲ ਹੈ। ਇਹੋ ਦਾੜ੍ਹੀ-ਮੁੰਨੇ ਭੇੜਿਆ ਕਰਦੇ ਹਨ ਤਾਂ ਅਸੀਂ ਓਹਨਾਂ ਦਾੜ੍ਹੀ ਮੁੰਨਿਆਂ ਨੂੰ ਤਾਂ ਇਹ ਜਵਾਬ ਦੇ ਦਿਆ ਕਰਦੇ ਹਾਂ ਕਿ:-
ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ ॥
ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ ॥੧੦੧॥
ਤਿਸ ਪਰ ਮੂੰਹ ਸਿਰ ਮੁੰਨਣ-ਹਾਰਿਆਂ ਨੂੰ ਹੋਰ ਤਾਂ ਉਤਰ ਫੁਰਦਾ ਨਹੀਂ, ਪਰੰਤੂ ਅਗਲੇਰੇ ਵਾਕ ਦਾ ਆਸਰਾ ਲੈਂਦੇ ਹਨ-
ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥ (੧੩੬੫)
ਇਸ ਗੁਰਵਾਕ ਪੰਗਤੀ ਦਾ ਅਸਲ ਭਾਵ ਉਹ ਜਾਣਦੇ ਹੀ ਨਹੀਂ । ਤਤ ਭਾਵ ਇਹ ਹੈ ਕਿ ਲਾਂਬੇ ਕੇਸ ਕਰਨ ਦਾ ਜੋ ਜਟਾਧਾਰੀ ਅਨਮਤੀ ਲੋਗ ਕੁਦਰਤੀ ਕੇਸਾਂ ਵਿਚ ਭਸਮ ਰੁਮਾ ਰੁਮਾ ਕੇ ਮਸਨੂਈ (ਬਨਾਵਟੀ) ਤੌਰ ਪਰ ਜਟਾਂ ਵਧਾਉਂਦੇ ਹਨ