ੴ ਸਤਿਗੁਰ ਪ੍ਰਸਾਦਿ ॥
ਸੱਚੀਆਂ ਦਾੜ੍ਹੀਆਂ
**************************
৭
ਦਾੜ੍ਹੀਆਂ ਦੀ ਮਹੱਤਤਾ
ਸਲੋਕ ਮਹਲਾ ੩॥
ਸੇ ਦਾੜੀਆ ਸਚੀਆ ਜਿ ਗੁਰ ਚਰਨੀ ਲਗੰਨਿ ॥
ਅਨਦਿਨੁ ਸੇਵਨਿ ਗੁਰੁ ਆਪਣਾ ਅਨਦਿਨੁ ਅਨਦਿ ਰਹੰਨਿ ॥
ਨਾਨਕ ਸੇ ਮੁਹ ਸੋਹਣੇ ਸਚੈ ਦਰਿ ਦਿਸੰਨਿ ॥੫੨॥
ਮੁਖ ਸਚੇ ਸਚੁ ਦਾੜੀਆ ਸਚੁ ਬੋਲਹਿ ਸਚੁ ਕਮਾਹਿ ॥
ਸਚਾ ਸਬਦੁ ਮਨਿ ਵਸਿਆ ਸਤਿਗੁਰ ਮਾਂਹਿ ਸਮਾਹਿ॥
ਸਚੀ ਰਾਸੀ ਸਚੁ ਧਨੁ ਉਤਮ ਪਦਵੀ ਪਾਂਹਿ ॥
ਸਚੁ ਸੁਣਹਿ ਸਚੁ ਮੰਨਿ ਲੈਨਿ ਸਚੀ ਕਾਰ ਕਮਾਹਿ ॥
ਸਚੀ ਦਰਗਹ ਬੈਸਣਾ ਸਚੇ ਮਾਹਿ ਸਮਾਹਿ ॥
ਨਾਨਕ ਵਿਣੁ ਸਤਿਗੁਰ ਸਚੁ ਨ ਪਾਈਐ ਮਨਮੁਖ ਭੂਲੈ ਜਾਂਹਿ ॥੫੩॥
[ਸਲੋਕ ਮ: ੩, ਪੰਨਾ ੧੪੧੯]
ਇਸ ਗੁਰਵਾਕ ਦੀ ਪਹਿਲੀ ਪੰਗਤੀ ਦਾ ਸਪੱਸ਼ਟ ਭਾਵ ਇਹ ਹੈ ਕਿ ਸੇਈ ਬੀਬੀਆਂ ਗੁਰਮੁਖ ਸਚੀਆਂ ਦਾੜ੍ਹੀਆਂ ਸਚੀਆਂ ਅਤੇ ਸੁਚੀਆਂ ਦਾੜ੍ਹੀਆਂ ਹਨ ਜੋ ਗੁਰੂ ਕੀ ਚਰਨੀ ਲਗਦੀਆਂ ਹਨ। ਸੇਈ ਸਿਧੀਆਂ ਦਾੜ੍ਹੀਆਂ ਵਾਲੇ ਗੁਰਮੁਖ ਜਨ, ਸਚੇ ਗੁਰਮੁਖ ਜਨ ਹਨ, ਗੁਰ ਚਰਨੀ ਲਗਣ ਸਮੇਂ ਜਿਨ੍ਹਾਂ ਦੀਆਂ ਗੁਰਮੁਖੀ ਸਿਧੀਆਂ ਦਾੜ੍ਹੀਆਂ ਹੀ ਸੁਤੇ ਸੁਭਾ ਗੁਰ ਚਰਨੀ ਆਣ ਲਗਦੀਆਂ ਹਨ।
ਦਿਲੋਂ ਤਾਂ ਇਹੋ ਚਾਹੁੰਦੇ ਹਨ ਕਿ ਦਾੜ੍ਹੀਆਂ ਕਿਉਂ ਆ ਗਈਆਂ? ਪਰ ਆਈਆਂ ਦਾੜ੍ਹੀਆਂ ਦੀ ਲਾਜ ਜ਼ਰੂਰ ਰਖਣੀ ਪੈਂਦੀ ਹੈ, ਸਿਖ ਭੀ ਕਹਾਉਂਦੇ ਰਹਿਣ ਤੇ ਆਪੋ ਆਪਣੇ ਡੀਪਾਰਟਮੈਂਟਾਂ ਦੇ ਅਫ਼ਸਰਾਂ ਨੂੰ ਭੀ ਖ਼ੁਸ਼ ਰਖਦੇ ਰਹਿਣ, ਪਰ ਉਹ ਖ਼ੁਸ਼ ਫੇਰ ਭੀ ਨਹੀਂ ਹੁੰਦੇ । ਉਹ ਆਨਮਤੀ ਲੋਗ ਤਾਂ ਏਸ ਗੱਲ ਵਿਚ ਖ਼ੁਸ਼ ਹਨ ਕਿ ਸਿਖ ਭੀ ਸਾਰੇ ਓਹਨਾਂ ਵਾਂਗ ਮੋਨੇ ਹੋ ਜਾਣ। ਸਵਾਰਥੀ ਸਿਖ ਚਾਹੇ ਹਿੰਦੂਆਂ ਵਾਲੀ ਦਾੜ੍ਹੀ ਮੁੰਨਣ ਵਾਲੀ ਵਾਦੀ ਵਿਚ ਤਾਂ ਨਹੀਂ ਪੈ ਸਕਦੇ, ਪਰ ਦਾੜ੍ਹੀ ਮੁੜਚੁੰਨ ਕੇ, ਮਰੋੜ ਤੋੜ ਕੇ ਚੜ੍ਹਾਉਣ ਵਿਚ ਹੀ ਹਿੰਦੂਆਂ ਦੀ ਸਵਾਰਥ - ਪਸਿੰਦੀ ਖ਼ੁਸ਼ਨੂਦੀ ਲੈਂਦੇ ਹਨ। ਇਹ ਸਵਾਰਥ-ਪਸਿੰਦੀ ਸਿਖਾਂ ਦੇ ਕਿਸੇ ਕੰਮ ਭੀ ਨਹੀਂ ਆਉਣੀ, ਸਗੋਂ ਆਪਣਾ ਹੀ ਪਰਮਾਰਥ ਵਿਗਾੜ ਬੈਠਣਗੇ ।
ਸਵਾਰਥ-ਪਸਿੰਦ ਵਿਗੜੇ ਹੋਏ ਸਿਖ ਅਗੋਂ ਇਹ ਹੁੱਜਤ ਭੇੜਦੇ ਹਨ ਕਿ ਦਾੜ੍ਹੀ ਚੜ੍ਹਾਉਣ ਵਿਚ ਪਰਮਾਰਥ ਕਿਵੇਂ ਵਿਗੜ ਜਾਂਦਾ ਹੈ, ਪਰਮਾਰਥ ਦਾ ਸਨਬੰਧ ਤਾਂ ਮਨ ਦੇ ਨਾਲ ਹੈ। ਇਹੋ ਦਾੜ੍ਹੀ-ਮੁੰਨੇ ਭੇੜਿਆ ਕਰਦੇ ਹਨ ਤਾਂ ਅਸੀਂ ਓਹਨਾਂ ਦਾੜ੍ਹੀ ਮੁੰਨਿਆਂ ਨੂੰ ਤਾਂ ਇਹ ਜਵਾਬ ਦੇ ਦਿਆ ਕਰਦੇ ਹਾਂ ਕਿ:-
ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ ॥
ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ ॥੧੦੧॥
ਤਿਸ ਪਰ ਮੂੰਹ ਸਿਰ ਮੁੰਨਣ-ਹਾਰਿਆਂ ਨੂੰ ਹੋਰ ਤਾਂ ਉਤਰ ਫੁਰਦਾ ਨਹੀਂ, ਪਰੰਤੂ ਅਗਲੇਰੇ ਵਾਕ ਦਾ ਆਸਰਾ ਲੈਂਦੇ ਹਨ-
ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥ (੧੩੬੫)
ਇਸ ਗੁਰਵਾਕ ਪੰਗਤੀ ਦਾ ਅਸਲ ਭਾਵ ਉਹ ਜਾਣਦੇ ਹੀ ਨਹੀਂ । ਤਤ ਭਾਵ ਇਹ ਹੈ ਕਿ ਲਾਂਬੇ ਕੇਸ ਕਰਨ ਦਾ ਜੋ ਜਟਾਧਾਰੀ ਅਨਮਤੀ ਲੋਗ ਕੁਦਰਤੀ ਕੇਸਾਂ ਵਿਚ ਭਸਮ ਰੁਮਾ ਰੁਮਾ ਕੇ ਮਸਨੂਈ (ਬਨਾਵਟੀ) ਤੌਰ ਪਰ ਜਟਾਂ ਵਧਾਉਂਦੇ ਹਨ
ਪਰ ਅਸਾਡੇ ਦਾੜ੍ਹੀ ਚਾੜ੍ਹਨ ਵਾਲੇ ਭਰਾ ਖ਼ਾਸ ਕਰ ਠੋਡੀ ਦੀ ਗਲੂੰਡੀ ਕਰ ਕੇ ਰਖਣਹਾਰੇ, ਮਨਹੁਜਤੀ ਸਿਖ ਭਾਈ ਕੇਵਲ ਇਹੋ ਹੁਜਤ ਅਗੋਂ ਡਾਹਿਆ ਕਰਦੇ ਹਨ ਕਿ ਦੇਖੋ ਸੀਸ ਦੇ ਕੇਸਾਂ ਦਾ ਭੀ ਜੂੜਾ ਕੀਤਾ ਜਾਂਦਾ ਹੈ, ਅਸੀਂ ਜੇ ਦਾੜ੍ਹੀ ਦੇ ਹੇਠਾਂ ਜੂੜਾ ਕਰ ਲਿਆ ਜਾਂ ਦਾੜ੍ਹੀ ਚੜ੍ਹਾ ਲਈ ਤਾਂ ਕਿਹੜਾ ਲੋਹੜਾ ਆ ਗਿਆ । ਇਸ ਦਾ ਉਤਰ ਏਤਨਾ ਕਾਫ਼ੀ ਹੈ ਕਿ ਗੁਰਸਿਖਾਂ ਨੇ ਦਸਮੇਸ਼ ਜੀ ਦੀ ਦ੍ਰਿੜਾਈ ਰਹਿਤ ਬਹਿਤ ਨੂੰ ਪਹਿਲੋਂ ਮੁਖ ਰਖਣਾ ਹੈ ਤੇ ਉਹਨਾਂ ਦੇ ਸਮੱਗਰ ਹੁਕਮ ਭੀ ਪਾਲਣੇ ਹਨ। ਜੈਸਾ ਕਿ-
'ਕੰਘਾ ਦੋਨੋਂ ਵਕਤ ਕਰ ਪਾਗ ਚੁਨੇ ਕਰ ਬਾਂਧਈ’ ।
ਸੀਸ ਉਤੇ ਚੁਣ ਕੇ ਦਸਤਾਰ ਤਦੇ ਸਜਾਈ ਜਾ ਸਕਦੀ ਹੈ ਜੇ ਕਰ ਸੀਸ ਦੇ ਕੇਸਾ ਨੂੰ ਬਿਖਰਨੋਂ ਸੰਭਾਲ ਕੇ ਕੇਸਾਂ ਦਾ ਸੀਸ ਉਤੇ ਜੂੜਾ ਕੀਤਾ ਜਾਵੇ, ਪਰੰਤੂ ਦਾੜ੍ਹੀ ਚਪਕੌਣ ਮਰੋੜਨ ਮਚਕੋੜਨ-ਹਾਰਿਆਂ ਨੂੰ ਇਸ ਪਰਕਾਰ ਦੀ ਕੋਈ ਲੋੜ ਹੀ ਨਹੀਂ ਪੈਂਦੀ । ਦਾੜ੍ਹੀ ਤੇ ਠਾਠੀ ਬੰਨ੍ਹ ਕੇ ਜਾਂ ਜਾਲੀ ਬੰਨ੍ਹ ਕੇ ਦੀਵਾਨ ਵਿਚ ਆਉਣਾ ਹੋਰ ਭੀ ਭੈੜੀ ਮਨਮਤਿ ਹੈ । ਫ਼ੌਜ ਵਿਚ ਭੀ ਪੱਕੀ ਰਹਿਤ ਰਹਿਣੀ ਰਹਿਣ ਵਾਲੇ ਕਈ ਇਕ ਸ਼ਰਧਾਲੂ ਸਿਖ ਵੇਖਣ ਵਿਚ ਆਏ ਹਨ ਕਿ ਉਹ ਸਾਰੀ ਸਾਰੀ ਉਮਰ ਫ਼ੌਜ ਵਿਚ ਰਹਿੰਦਿਆਂ ਹੋਇਆਂ ਦਾੜ੍ਹੀ ਚਾੜ੍ਹਦੇ ਹੀ ਨਹੀਂ । ਫ਼ੌਜੀ ਸਿੰਘਾਂ ਲਈ ਇਹ ਕਾਨੂੰਨ ਮੰਨ ਲੈਣਾ ਭੀ ਮਹਾਂ ਮਨਮਤਿ ਹੈ ਕਿ ਫ਼ੌਜੀ ਸਿੰਘਾਂ ਲਈ ਦਾੜ੍ਹੀ ਚਾੜ੍ਹਨੀ ਜ਼ਰੂਰੀ ਹੈ । ਐਸਾ ਮੰਨ ਲੈਣਾ ਮਹਾਂ ਕਮਜ਼ੋਰੀ ਹੈ। ਕਮਜ਼ੋਰੀ ਐਸੀ ਵਾਪਰ ਗਈ ਹੈ ਕਿ ਫ਼ੌਜੀ ਸਿੰਘਾਂ ਦੀ ਵੇਖੋ ਵੇਖੀ ਦੂਜੇ ਮਹਿਕਮਿਆਂ ਦੇ ਸਿਖ ਭੀ ਬੇਦਰੇਗ਼ ਦਾੜ੍ਹੀਆਂ ਚਾੜਨ ਲਗ ਪਏ ਹਨ । ਐਥੋਂ ਤਕ ਕਿ ਨਿਝੱਕ ਹੋ ਕੇ ਅਜ ਸਮੂਹ ਮਹਿਕਮਿਆਂ ਦੇ ਅਜਿਹੇ ਸਮੂਹ ਮੁਲਾਜ਼ਮ ਸਿਖ ਗੁਰੂ ਕੇ ਦੀਵਾਨਾਂ ਵਿਚ ਭੀ ਦਾੜ੍ਹੀਆਂ ਨਰੜ ਕੇ ਆਉਂਦੇ ਹਨ । ਦਾੜ੍ਹੀਆਂ ਨਰੜ ਕੇ ਦੀਵਾਨਾਂ ਵਿਚ ਆਉਣ ਨੂੰ ਫ਼ਖਰ ਸਮਝਿਆ ਜਾਂਦਾ ਹੈ । ਤੁਸੀਂ ਅਜ ਕਲ ਗੁਰੂ ਕੇ ਦੀਵਾਨਾਂ ਵਿਚ ਵੇਖੋਗੇ ਕਿ ਕੋਈ ਅਜਿਹੇ ਵਿਰਲੇ ਵਾਂਝੇ ਸਿਖ ਹੀ ਹੁੰਦੇ ਹਨ ਜਿਨ੍ਹਾਂ ਦੇ ਗੁਰਮੁਖੀ ਦਾੜ੍ਹੇ ਹੁੰਦੇ ਹਨ। ਨਹੀਂ ਤੇ ਸਾਰਿਆਂ ਨੂੰ ਹੀ ਇਹ ਵਾਦੀ ਵਗੀ ਹੋਈ ਹੈ ਕਿ ਦਾੜ੍ਹੇ ਨਰੜ ਕੇ ਦੀਵਾਨਾਂ ਵਿਚ ਆਉਣਗੇ, ਦਾੜ੍ਹੀ ਨਰੜ ਕੇ ਦੀਵਾਨਾਂ ਵਿਚ ਆਉਣ ਤੋਂ ਕਦੇ ਭੀ ਨਹੀਂ ਝਿਜਕਣਗੇ ।
ਅਸਾਡਾ ਇਹ ਹੲਗਿਜ ਯਕੀਨ ਨਹੀਂ ਕਿ ਹਰ ਪਰਕਾਰ ਦੇ ਦਾੜ੍ਹੀ ਚਾੜ੍ਹਨਹਾਰੇ ਸਿਖਾਂ ਦਾ ਸੁਪਨ ਮਾਤਰ ਵਿਚ ਵੀ ਐਸਾ ਖ਼ਿਆਲ ਹੈ। ਬਲਕਿ ਓਹਨਾਂ ਨੂੰ ਦਾੜੀ ਕੇਸਾਂ ਦੀ ਰਖਿਆ ਦਾ ਪੱਕਾ ਯਕੀਨ ਹੈ, ਓਹਨਾਂ ਨੂੰ ਦਾੜ੍ਹੀ ਮਰੋੜਨ ਮਚਕੋੜਨ ਦਾ ਦੇਖਾ ਦੇਖੀ ਰਿਵਾਜ ਪਿਆ ਹੋਇਆ ਹੈ। ਪਰੰਤੂ ਇਹ ਐਸਾ ਭੈੜਾ ਰਿਵਾਜ ਪਿਆ ਹੈ ਕਿ ਦਿਨੋ ਦਿਨ ਵਧਦਾ ਹੀ ਜਾਂਦਾ ਹੈ । ਏਥੋਂ ਤਾਈਂ ਕਿ ਕਿਸੇ ਭੀ ਮਹਿਕਮੇ ਦਾ ਕੋਈ ਸਿੱਖ ਐਸਾ ਨਜ਼ਰ ਨਹੀਂ ਆਉਂਦਾ ਕਿ ਜੋ ਦਾੜੀ ਨਾ ਨਰੜਦਾ ਹੋਵੇ । ਸਾਨੂੰ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਕਈ ਇਕ ਐਸੇ ਸਿਖ ਭੀ ਹਨ ਜਿਨ੍ਹਾਂ ਦੀਆਂ ਜਨਾਨੀਆਂ ਨੂੰ ਆਪਣੇ ਪਤੀਆਂ ਦੀਆਂ ਚਾੜ੍ਹੀਆਂ ਦਾੜ੍ਹੀਆਂ ਹੀ ਚੰਗੀਆਂ ਲਗਦੀਆਂ ਹਨ।
ਜੱਥੇ ਵਿਚ ਐਸ ਕੇਸ ਭੀ ਪੇਜ਼ ਹੋਏ ਹਨ ਕਿ ਸਿੰਘਾਂ ਨੂੰ ਜਦੋਂ ਪੁਛਿਆ ਗਿਆ ਕਿ ਤੁਸੀਂ ਆਪਣੀਆਂ ਜ਼ਨਾਨੀਆਂ ਨੂੰ ਘਰ ਕਿਉਂ ਨਹੀਂ ਵਸਾਉਂਦੇ । ਤਾਂ ਓਹਨਾਂ ਨੇ ਸਪੱਸ਼ਟ ਉਤਰ ਦਿਤਾ ਕਿ ਉਹਨਾਂ ਦੀਆਂ ਜ਼ਨਾਨੀਆਂ ਇਹ ਚਾਹੁੰਦੀਆਂ ਹਨ ਕਿ ਕਾਲੇ ਵਾਲਾਂ ਨੂੰ ਘਰੜ ਮੁਨਾ ਦੇਣ, ਤਾਂ ਅਸੀਂ ਓਹਨਾਂ ਦੇ ਵਸਾਂਗੀਆਂ । ਪਰੰਤੂ ਤਿਨ੍ਹਾਂ ਸਿਦਕੀ ਸਿੰਘਾਂ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਆਪਣੀਆਂ ਕੁਵੱਲ-ਬੇਧੀਆਂ ਇਸਤ੍ਰੀਆਂ ਦੇ ਗੁਰਮਤਿ-ਹੀਣੇ ਤੇ ਮਨਮਤਿ-ਭਰੇ ਇਸ ਹੁਕਮ ਨੂੰ ਮੰਨਣ, ਤਾਂ ਤੇ ਤਿਨ੍ਹਾਂ ਦਾ ਤਿਆਗ ਹੀ ਓਹਨਾਂ ਨੂੰ ਭਲਾ ਜਾਪਿਆ । ਪੜਤਾਲ ਕਰਨ ਤੋਂ ਪਤਾ ਲਗਾ ਕਿ ਕਈਆਂ ਨੇ ਆਪਣੇ ਕਾਲੇ ਵਾਲ ਪੁਟ ਕੇ ਸਾਫ਼ ਕਰ ਛਡੇ ਸਨ । ਕਈ ਨਾਮ-ਧਰੀਕ ਸਿਖ ਸਿਖਣੀਆਂ ਇੰਦਰ ਬਾਗ ਵਾਲੇ ਰੋਮਾਂ ਨੂੰ ਉਡਾ ਦੇਣਾ ਅਤੇ ਘਰੜ ਮੁਨਾ ਦੇਣਾ ਮਨਮਤਿ ਹੀ ਨਹੀਂ ਸਮਝਦੇ । ਜੋ ਕੱਚ-ਘਰੜ ਸਿਖ ਕੇਵਲ ਮਨ-ਮੰਨੀ ਸਰੀਰਕ ਸੁਹੱਪਣ ਖ਼ਾਤਰ ਦਾੜ੍ਹੀਆਂ ਦੀ ਬੇਅਦਬੀ ਕਰਦੇ ਹਨ, ਉਹ ਮਹਾਂ ਮਨਮਤੀਏ ਹਨ। ਦਾੜੀਆਂ ਸੋਹਣੀਆਂ ਲਗਣ ਲਈ ਚੜ੍ਹਾਉਣਾ, ਮਰੋੜਨਾ ਮਚਕੋੜਨਾ ਭਾਰੀ ਮਨਮਤਿ ਹੈ।
ਸੋ ਸਿਖ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ (੬੦੧)
ਗੁਰਵਾਕ ਦੇ ਭਾਵ ਅਨੁਸਾਰ ਨਿਤ ਨਵੇਂ ਦਿਨ ਅਤੇ ਨਵੇਂ ਸਿਰੇ ਦਾੜ੍ਹੀਆਂ ਮੁੰਨਣ ਵਾਲੇ ਪ੍ਰਾਣੀ ਵਾਹਿਗੁਰੂ ਦਾ ਭਾਣਾ ਛਡ ਕੇ ਨਿਰਾ ਆਪਣੇ ਮਨ ਦਾ ਮਤਾ ਮੰਨ ਕੇ ਚਲਣਹਾਰੇ ਮਨਮੁਖ ਵਿਛੁੜਿ ਚੋਟਾਂ ਖਾਵਣਹਾਰ ਪ੍ਰਾਣੀ ਹਨ । ਜੋ ਸਚਿਆਰ ਸਿਖ ਗੁਰੂ ਵਾਹਿਗੁਰੂ ਦਾ ਭਾਣਾ ਸਤਿ ਸਤਿ ਕਰਕੇ ਮੰਨਦੇ ਹਨ ਉਹ ਕਦੇ ਭੀ ਵਾਹਿਗੁਰੂ ਦੇ ਭਾਣੇ ਤੋਂ ਉਲਟ ਦਾੜ੍ਹੀਆਂ ਕੇਸਾਂ ਦਾ ਮੁੰਡਣ ਨਹੀਂ ਕਰਾਉਂਦੇ ।
ਓਹੀ ਗੁਰੂ ਕੇ ਸੇਵਕ ਸਿਖ ਹਨ ਜੋ ਗੁਰਬਾਣੀ ਰਾਹੀਂ ਆਇਆ ਹਰ ਇਕ ਹੁਕਮ ਸਤਿ ਸਤਿ ਕਰ ਮੰਨਦੇ ਹਨ । ਖਿਨ ਖਿਨ ਸੁਆਸਿ ਸੁਆਸਿ ਨਾਮ ਅਭਿਆਸ ਸਿਮਰਨ ਕਰਨਾ, ਖ਼ਾਸ ਮਖ਼ਸੂਸੀ ਗੁਰੂ ਵਾਹਿਗੁਰੂ ਨੂੰ ਦਿਨੇ ਰਾਤ ਸੇਵਨਾ ਹੈ। ਇਸ ਪ੍ਰਕਾਰ ਸੇਵਨਹਾਰ ਗੁਰੂ ਕੇ ਸਿਖ ਦਿਨੇ ਰਾਤ ਅਨੰਦ ਵਿਗਾਸ ਵਿਚ ਹੀ ਰਹਿੰਦੇ ਹਨ। ਸੱਦੀਆਂ ਗੁਰਮੁਖੀ ਦਾੜ੍ਹੀਆਂ ਵਾਲੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਲਾਲ ਹੀ ਸੋਹਣੇ ਮੁਖੜੇ ਵਾਲੇ ਹਨ, ਅਜਿਹੇ ਗੁਰੂ ਕੇ ਲਾਲ ਸਚੇ ਵਾਹਿਗੁਰੂ ਦੀ ਦਰਗਾਹ ਵਿਖੇ ਪ੍ਰਗਟ ਪਹਾਰੇ ਗੁਰਮੁਖ ਜਾਪਦੇ ਹਨ। ਓਹਨਾਂ ਦੇ ਚਿਹਰੇ ਉਤੇ ਸਚੀਆਂ ਗੁਰਮੁਖੀ ਦਾੜ੍ਹੀਆਂ ਸੋਹੰਦੀਆਂ ਹਨ ਅਤੇ ਮੁਖੋਂ ਸਚੇ ਵਾਹਿਗੁਰੂ ਦਾ ਸਚਾ ਨਾਮੁ ਖਿਨੁ ਖਿਨੁ ਉਚਾਰਨ ਕਰਦੇ ਰਹਿੰਦੇ ਹਨ। ਤਿਨ੍ਹਾਂ ਦੇ ਗੁਰਮੁਖੀ ਮੁਖਾਰਬਿੰਦ ਵਿਚੋਂ ਸਚ ਨਾਮ ਦਾ ਅਕਸੀਰ ਰਸੈਣੀ ਸਿਮਰਨ ਵੀ ਸ੍ਵਾਸਿ ਸ੍ਵਾਸਿ ਉਚਾਰਨ ਹੁੰਦਾ ਰਹਿੰਦਾ ਹੈ । ਉਹ ਹਰ-ਦਮ ਸਚੇ ਨਾਮ ਦੀਆਂ ਅਭਿਆਸ ਕਮਾਈਆਂ ਕਰਦੇ ਰਹਿੰਦੇ ਹਨ । ਓਹਨਾਂ ਦੇ ਹਿਰਦੇ ਅੰਦਰ ਗੁਰਮਤਿ ਰੂਪੀ ਸਚਾ 'ਵਾਹਿਗੁਰੂ' ਸ਼ਬਦ ਹੀ ਵਸਿਆ ਰਹਿੰਦਾ ਹੈ, ਜਿਸ ਸ਼ਬਦ ਗੁਰਮੰਤਰ ਦੇ ਖਿਨ ਖਿਨ ਅੰਦਰਿ ਰਸੇ ਰਹਿਣ ਕਰਕੇ ਉਹ ਸਦਾ ਸਤਿਗੁਰੂ ਗੁਰੂ ਵਾਹਿਗੁਰੂ ਦੇ ਸਚੇ ਸਰੂਪ ਵਿਖੇ ਹੀ ਸਮਾਏ ਰਹਿੰਦੇ ਹਨ। ਸਚੇ ਨਾਮ ਦੀ ਪੂੰਜੀ ਦੇ ਸਚੇ ਗਾਹਕ ਹੋਣ ਕਰਕੇ ਉਹ ਸਚੀ ਰਾਸੀ ਵਾਲੇ ਸਦਾਉਂਦੇ ਹਨ, ਸਚਾ ਨਾਮ ਰੂਪੀ ਧਨ ਹੀ ਓਹਨਾਂ ਦੇ ਪਲੇ ਪਿਆ ਰਹਿੰਦਾ ਹੈ । ਇਸ ਕਰਕੇ ਗੁਰੂ ਘਰ ਦੇ ਗੁਰਮੁਖੀ ਦਾੜ੍ਹੀਆਂ ਵਾਲੇ ਗੁਰਮੁਖ ਜਨ ਉਤਮ ਪਦਵੀ ਪਾਉਣ ਵਾਲੇ ਹਨ। ਓਹਨਾਂ ਦੇ ਸਰਵਣਾਂ (ਕੰਨਾਂ) ਅੰਦਰ ਸਚੇ ਨਾਮ ਦੀ ਧੁਨੀ ਹੀ ਖਿਨ ਖਿਨ ਪੈਂਦੀ ਸੁਣਾਈ ਦੇਂਦੀ ਹੈ, ਕਿਉਂਕਿ ਮਨ ਬਚਨ ਕਰਮ ਕਰਕੇ ਓਹਨਾਂ ਦੀ ਸਰਧਾ, ਅੰਤਰੀਵੀ ਸਿਦਕ ਭਾਵਣੀ ਨਾਮ ਸਿਮਰਨ ਵਿਖੇ ਹੀ ਜੰਮੀ ਰਹਿੰਦੀ ਹੈ। ਇਸ ਕਰਕੇ ਓਹ ਨਾਮ ਜਪਣ ਵਾਲੀ ਹੀ ਸਚੀ ਕਾਰ ਕਮਾਉਂਦੇ ਰਹਿੰਦੇ ਹਨ। ਤਿਨ੍ਹਾਂ ਗੁਰਮੁਖ ਜਨਾਂ ਦਾ ਹੀ ਵਾਹਿਗੁਰੂ ਦੀ ਸਚੀ ਦਰਗਾਹ ਵਿਚ ਸਸ਼ੋਭਤ ਹੋਣਾ ਸੋਹੰਦਾ ਹੈ ਅਤੇ ਸਚੇ ਵਾਹਿਗੁਰੂ ਦੇ ਸਰੂਪ ਵਿਚ ਕੇਵਲ ਤਿਨ੍ਹਾਂ ਗੁਰਮੁਖ ਜਨਾਂ ਦੀ ਹੀ ਸਮਾਈ ਹੁੰਦੀ ਹੈ । ਗੁਰੂ ਨਾਨਕ ਸਾਹਿਬ ਫ਼ੁਰਮਾਉਂਦੇ ਹਨ ਕਿ ਸਚੇ ਸਤਿਗੁਰੂ ਬਾਝੋਂ ਅਜਿਹਾ ਸਚਾ ਨਾਮ ਵਾਹਿਗੁਰੂ ਕਦੇ ਭੀ ਪ੍ਰਾਪਤ ਨਹੀਂ ਹੁੰਦਾ । ਜੋ ਮਨਮੁਖ ਲੋਗ ਗੁਰੂ ਵਾਹਿਗੁਰੂ ਦੇ ਗੁਰਬਾਣੀ ਅੰਦਰ ਵਿਦਤਾਏ ਹੁਕਮਾਂ ਤੋਂ ਮੁਨਹਰਫ (ਮਨੁਕਰ) ਰਹਿੰਦੇ ਹਨ, ਉਹ ਸਦਾ ਹੀ ਭਰਮ-ਜਾਲ ਵਿਚ ਫਸੇ ਹੋਏ ਭੁਲੇ ਹੀ ਰਹਿੰਦੇ ਹਨ ਅਤੇ ਭਰਮ- ਭੁਲੇ ਹੀ ਚਲੇ ਜਾਂਦੇ ਹਨ।
ਇਹ ਲਿਖਤ ਉਪਰਲੇ ਮੁਢ ਵਿਚ ਦਿਤੇ ਗੁਰ ਸ਼ਬਦ ਦੀ ਤੱਤ ਵਿਆਖਿਆ ਹੈ । ਸਾਰੇ ਸ਼ਬਦ ਦਾ ਭਾਵ ਇਹੋ ਹੀ ਹੈ ਕਿ ਗੁਰਮੁਖੀ ਖੁਲ੍ਹੀਆਂ ਦਾੜ੍ਹੀਆਂ ਵਾਲੇ ਗੁਰਮੁਖਾਂ ਦੀ ਕੀਤੀ ਕਮਾਈ ਹੀ ਸਫਲ ਹੁੰਦੀ ਹੈ। ਓਹੀ ਲੋਕ ਪਰਲੋਕ ਵਿਚ ਸੁਰਖ਼ਰੂ ਹੋ ਸਕਦੇ ਹਨ ।