ਸਲੋਕ ਤੇ ਸ਼ਬਦ ਫ਼ਰੀਦ ਜੀ
ਸਟੀਕ
ਪ੍ਰੋਫ਼ੈਸਰ ਸਾਹਿਬ ਸਿੰਘ
ਤਤਕਰਾ
ਅਰੰਭਕ ਸ਼ਬਦ
ਬਾਬਾ ਫ਼ਰੀਦ ਜੀ ਦੇ ਸਾਰੇ ਸਲੋਕਾਂ ਦਾ ਟੀਕਾ ਮੈਂ ਦਸੰਬਰ ੧੯੪੨ ਵਿਚ ਲਿਖਿਆ ਸੀ, ਤੇ ਜੁਲਾਈ ੧੯੪੪ ਵਿਚ ਇਸ ਨੂੰ ਛਪਾਉਣਾ ਸ਼ੁਰੂ ਕੀਤਾ। ਪਰ, ੨੦ ਸਫ਼ੇ ਹੀ ਛਪੇ ਤੇ ਕੰਮ ਓਥੇ ਹੀ ਅਟਕ ਗਿਆ । ਉਸ ਤੋਂ ਪਿਛੋਂ ਮੇਰਾ ਖ਼ਿਆਲ ਬਣਿਆ ਕਿ ਹੁਣ ਇਹਨਾਂ ਸਲੋਕਾਂ ਨੂੰ ਸਾਰੀ ਭਗਤਾਂ ਦੀ ਬਾਣੀ ਦੇ ਟੀਕੇ ਨਾਲ ਰਲਾ ਕੇ ਹੀ ਛਾਪਿਆ ਜਾਏ। ਇਹ ਸਾਰਾ ਟੀਕਾ ਮੈਂ ਸਤੰਬਰ ੧੯੪੫ ਵਿਚ ਖ਼ਤਮ ਕੀਤਾ। ਇਸ ਪੁਸਤਕ ਦਾ ਆਕਾਰ ਬਹੁਤ ਵੱਡਾ ਹੋ ਗਿਆ ਹੈ, ਤੇ ਅੱਜ ਕਲ੍ਹ ਇਸ ਨੂੰ ਛਾਪਣ ਲਈ ਇਹਨਾ ਕਾਗ਼ਜ਼ ਮਿਲਣਾ ਔਖੀ ਖੇਡ ਹੈ।
ਸੋ, ਹਾਲਾਂ ਬਾਬਾ ਫ਼ਰੀਦ ਜੀ ਦੇ ਸਲੋਕ ਤੇ ਸ਼ਬਦ ਹੀ ਪਾਠਕਾਂ ਦੀ ਭੇਟਾ ਕੀਤੇ ਜਾਂਦੇ ਹਨ।
ਭਗਤਾਂ ਦੀ ਬਾਣੀ ਦਾ ਟੀਕਾ ਲਿਖਦਿਆਂ ਲਿਖਦਿਆਂ ਮੈਨੂੰ ਇਉਂ ਪ੍ਰਤੀਤ ਹੋਇਆ ਕਿ ਇਹ ਬਾਣੀ ਸਤਿਗੁਰੂ ਨਾਨਕ ਦੇਵ ਜੀ ਨੇ ਆਪ ਇਕੱਠੀ ਕੀਤੀ ਸੀ, ਇਹ ਖ਼ਿਆਲ ਅੱਖਾਂ ਅੱਗੇ ਰੱਖ ਕੇ ਜਿਉਂ ਜਿਉਂ ਮੈਂ ਭਗਤ-ਬਾਣੀ ਦੀ ਅੰਦਰਲੀ ਗਵਾਹੀ ਦੀ ਭਾਲ ਕਰਨ ਲੱਗਾ, ਮੇਰਾ ਇਹ ਖ਼ਿਆਲ ਵਧੀਕ ਪੱਕਾ ਹੁੰਦਾ ਗਿਆ।
ਪਰ, ਗੁਰੂ ਨਾਨਕ ਸਾਹਿਬ ਨੇ ਇਸ ਨੂੰ ਕੀ ਕਰਨਾ ਸੀ ? ਸਾਡੇ ਇਤਿਹਾਸ ਵਿਚ ਤਾਂ ਇਹ ਜ਼ਿਕਰ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਦੀ ਆਪਣੀ ਹੀ ਬਾਣੀ ਥਾਂ ਥਾਂ ਖਿੱਲਰੀ ਪਈ ਸੀ, ਤੇ ਗੁਰੂ ਅਰਜਨ ਸਾਹਿਬ ਨੇ ਦੇਸ ਦੇਸਾਂਤਰਾਂ ਵਿਚ ਸਿੱਖਾਂ ਨੂੰ ਚਿੱਠੀਆਂ ਭੇਜ ਕੇ ਇਕੱਠੀ ਕਰਾਈ ਸੀ । ਜਿਸ ਗੁਰ-ਵਿਅਕਤੀ ਨੇ ਆਪਣੀ ਹੀ ਬਾਣੀ ਸਾਂਭ ਕੇ ਨਾ ਰੱਖੀ, ਉਸ ਨੇ ਭਗਤ-ਬਾਣੀ ਨੂੰ ਇਕੱਠਾ ਕਰਨ ਦੀ ਖੇਚਲ ਕਿਉਂ ਕਰਨੀ ਸੀ ? -ਪਰ ਭਗਤ-ਬਾਣੀ ਦੀ ਅੰਦਰਲੀ ਖੋਜ ਨੇ ਇਹ ਖੁਲ੍ਹਮ-ਖੁਲ੍ਹਾ ਦੱਸਣਾ ਸ਼ੁਰੂ ਕਰ ਦਿੱਤਾ ਕਿ ਇਸ ਦੇ ਇਕੱਠੇ ਕਰਨ ਦਾ ਕੰਮ ਸਤਿਗੁਰੂ ਨਾਨਕ ਦੇਵ ਜੀ ਦੇ ਹਿੱਸੇ ਆਇਆ ਸੀ।
ਸੋ, ਮੈਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤਕ ਪੰਜੇ ਗੁਰ-ਵਿਅਕਤੀਆਂ ਦੀ ਬਾਣੀ ਨੂੰ ਖੋਜਣਾ ਸ਼ੁਰੂ ਕਰ ਦਿੱਤਾ । ਥੋੜੀ ਜਹੀ ਮਿਹਨਤ ਨਾਲ, ਹੀ ਇਹ ਗੱਲ ਪਰਤੱਖ ਦਿੱਸ ਪਈ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਆਪਣੀ ਸਾਰੀ