ਦਰਵੇਸ਼' ਕਦੇ ਪਰਾਈ ਆਸ ਨਹੀਂ ਤੱਕਦਾ ਤੇ ਨਾ ਹੀ ਘਰ ਆਏ ਕਿਸੇ ਪਰਦੇਸੀ ਦੀ ਸੇਵਾ ਤੋਂ ਚਿੱਤ ਚੁਰਾਂਦਾ ਹੈ ।
ਸੁਖੀ ਜੀਵਨ ਦੀ ਖ਼ਾਤਰ ਬੰਦਗੀ ਤੋਂ ਬਿਨਾ ਕੋਈ ਆਹਰ ਕਰਨੇ ਮੂਰਖ-ਪੁਣਾ ਹੈ, 'ਦਰਵੇਸ਼ ਨੂੰ ਕੋਈ ਹੋਰ ਲਾਲਚ ਆਦਿਕ ਬੰਦਗੀ ਦੇ ਰਾਹ ਤੋਂ ਲਾਕੇ ਨਹੀਂ ਲੈ ਜਾ ਸਕਦਾ, ਕਿਉਂਕਿ ਉਹ ਜਾਣਦਾ ਹੈ ਕਿ ਜਿਸ ਸਰੀਰ ਦੇ ਸੁਖ ਲਈ ਜਗਤ ਉਕਾਈ ਖਾਂਦਾ ਹੈ, ਆਮਰ ਉਹ ਸਰੀਰ ਭੀ ਮਿੱਟੀ ਵਿਚ ਮਿਲ ਜਾਂਦਾ ਹੈ। ਸੋ, 'ਦਰਵੇਸ਼' ਸਰੀਰ ਦੇ ਨਿਰਬਾਹ ਲਈ ਪਰਾਈ ਚੋਪੜੀ ਨਾਲੋਂ ਆਪਣੀ ਕਮਾਈ ਹੋਈ ਰੁੱਖੀ-ਮਿਸੀ ਨੂੰ ਵਧੀਕ ਚੰਗਾ ਜਾਣਦਾ ਹੈ ।
'ਦਰਵੇਸ਼' ਇਕ ਪਲ ਭਰ ਭੀ ਰੱਬ ਦੀ ਯਾਦ ਤੋਂ ਬਿਨਾ ਨਹੀਂ ਰਹਿ ਸਕਦਾ, ਸਿਮਰਨ ਤੋਂ ਖੁੰਝ ਕੇ ਧਾਰਮਿਕ ਭੇਖ ਤੇ ਸਾਧਨਾ ਨੂੰ 'ਦਰਵੇਸ਼' ਨਿਕੰਮੇ ਜਾਣਦਾ ਹੈ, ਕਿਉਂਕਿ ਇਹਨਾਂ ਵਿਚ ਉਮਰ ਵਿਅਰਥ ਹੀ ਗੁਜ਼ਰਦੀ ਹੈ, ਚਿੰਤਾ ਤੇ ਦੁਖ ਸਦਾ ਵਾਪਰਦੇ ਹੀ ਰਹਿੰਦੇ ਹਨ । ਜਿਸ ਮਨੁੱਖ ਨੂੰ ਕਦੇ ਚੇਤਾ ਨਹੀਂ ਆਇਆ ਕਿ ਮੈਂ ਰੱਬ ਤੋਂ ਵਿਛੜਿਆ ਪਿਆ ਹਾਂ। ਉਸ ਦੀ ਆਤਮਾ ਵਿਕਾਰਾਂ ਵਿਚ ਸੜ ਗਈ ਜਾਣੋ।
(੩) ਨੰ: ੩੭ਤੋਂ ੬੫ ਤਕ-੨੯ ਸਲੋਕ
ਦੁਨੀਆ ਦੇ ਇਹਨਾਂ ਖੰਡ-ਗਲੇਡੇ ਪਰ ਜ਼ਹਿਰੀਲੇ ਪਦਾਰਥਾਂ ਦੀ ਖ਼ਾਤਰ ਮਨੁੱਖ ਸਾਰਾ ਦਿਨ ਭਟਕਦਾ ਹੈ ਤੇ ਉਮਰ ਦੁੱਖਾਂ ਵਿਚ ਗੁਜ਼ਾਰਦਾ ਹੈ, ਬੁਢੇਪੇ ਵਿਚ ਭੀ ਇਹੀ ਹਾਲ ਰਹਿੰਦਾ ਹੈ, ਦੂਜਿਆਂ ਦੇ ਦਰ ਤੇ ਜਾ ਕੇ ਧੱਕੇ ਖਾਂਦਾ ਹੈ । ਹੈ ਸੀ ਇਹ ਸ੍ਰਿਸ਼ਟੀ ਦਾ ਸਰਦਾਰ; ਪਰ ਸਾਰੀ ਉਮਰ, ਮਾਨੋ, ਕੋਲੇ ਵਿਹਾਝਦਿਆਂ ਲੰਘ ਜਾਂਦੀ ਹੈ ।
ਮਨੁੱਖਾ ਜੀਵਨ ਦੀ ਕਾਮਯਾਬੀ ਦਾ ਮਾਪ ਇਹ ਪਦਾਰਥ ਨਹੀਂ ਹਨ, ਕਿਉਂਕਿ ਛਤ੍ਰ-ਧਾਰੀ ਪਾਤਸ਼ਾਹ ਭੀ ਆਖ਼ਰ ਯਤੀਮਾਂ ਵਰਗੇ ਹੀ ਹੋ ਗਏ, ਮਹਲ-ਮਾੜੀਆਂ ਵਾਲੇ ਭੀ ਏਥੇ ਹੀ ਛੱਡ ਕੇ ਤੁਰ ਗਏ । ਇਹ ਪਦਾਰਥ ਤਾਂ ਕਿਤੇ ਰਹੇ, ਇਸ ਆਪਣੀ ਜਿੰਦ ਦੀ ਭੀ ਕੋਈ ਪਾਇਆ ਨਹੀਂ, ਇਸ ਨਾਲ ਤਾਂ ਨਕਾਰੀ ਗੋਦੜੀ ਦਾ ਹੀ ਵਧੀਕ ਇਤਬਾਰ ਹੋ ਸਕਦਾ ਹੈ । ਵੇਂਹਦਿਆਂ ਵੇਹਦਿਆਂ ਹੀ ਮੌਤ ਇਸ ਸਰੀਰ-ਕਿਲ੍ਹੇ ਨੂੰ 'ਲੁੱਟ ਕੇ ਲੈ ਜਾਂਦੀ ਹੈ । ਸੋ, ਇਹ ਪਦਾਰਥ ਭੀ ਨਾਲ ਨਾ ਨਿਭੇ ਤੇ ਇਹਨਾਂ ਦੀ ਖ਼ਾਤਰ ਕੀਤੇ ਮੰਦੇ ਕੰਮਾਂ ਦੇ ਕਾਰਨ ਉਮਰ ਭੀ ਦੁੱਖਾਂ ਵਿਚ ਕੱਟੀ।