ਜਾਂ
ਸਦੀਆਂ ਤੀਕਰ ਮੇਰੇ ਕੋਲੋਂ ਮੁਕਣਾ ਨਈਂ
ਏਨਾ ਵਿਰਸਾ ਮੇਰੇ ਕੋਲ ਪੰਜਾਬੀ ਦਾ
ਮਾਂ ਬੋਲੀ ਨੂੰ ਬੋਲਣ ਲੱਗਾ ਸੰਗਾਂ ਕਿਉਂ
ਪਾਇਆ ਤੇ ਨਈਂ ਬਾਬਾ ਖੋਲ ਪੰਜਾਬੀ ਦਾ
ਜਾਂ
ਉੱਚਾ ਕਰਨ ਲਈ ਆਪਣਾ ਸ਼ਮਲਾ, ਮੈਂ ਪੰਜਾਬੀ ਲਿਖਦਾ ਨਹੀਂ
ਮਾਂ ਬੋਲੀ ਦੇ ਹੱਕ ਦੀ ਖਾਤਰ ਲੋਕਾਂ ਅੱਗੇ ਡਟਿਆ ਵਾਂ
(ਅੱਖਰਾਂ ਵਿੱਚ ਸਮੁੰਦਰ-65)
ਬਾਬਾ ਨਜਮੀ ਆਰਟ ਦੀ ਸਮਾਜਕ ਜ਼ਿੰਮੇਵਾਰੀ ਬਾਰੇ ਪੂਰੀ ਤਰ੍ਹਾਂ ਚੌਕਸ ਹੈ ਤੇ ਉਹ ਸਾਰੇ ਰਾਜਸੀ ਵਰਤਾਰਿਆਂ ਘਟਨਾਵਾਂ, ਵਿਅਕਤੀਆਂ, ਹਾਕਮਾਂ, ਦੋਸਤਾਂ ਤੇ ਦੁਸ਼ਮਣਾਂ ਨੂੰ ਏਸੇ ਨਜ਼ਰੀਏ ਦੇ ਅਨੁਸਾਰ ਪਰਖਦਾ ਹੈ। ਉਸ ਦੀ ਸ਼ਾਇਰੀ ਮਨ-ਪ੍ਰਚਾਵੇ ਦਾ ਵਸੀਲਾ ਨਹੀਂ, ਤੇ ਨਾ ਹੀ ਹਲਕੇ ਸ਼ੁਗਲ ਦਾ ਬਹਾਨਾ। ਉਸ ਦੀ ਕਲਮ ਹੱਕ ਸੱਚ ਦੇ ਪੱਖ ਵਿੱਚ ਤੇ ਲੁੱਟ-ਖਸੁੱਟ ਅਤੇ ਜਬਰ-ਜ਼ੁਲਮ ਤੇ ਤਸ਼ੱਦਦ ਦੇ ਬਰਖਿਲਾਫ ਚੱਲਦੀ ਹੈ। ਇਹ ਸ਼ਾਇਰੀ ਤਰਫਤਾਰੀ ਦੀ ਸ਼ਾਇਰੀ ਹੈ ਤੇ ਵਚਨ-ਬੱਧਤਾ ਦੀ ਪੈਦਾਵਾਰ ਹੈ। ਅੱਜ ਦੇ ਦੌਰ ਵਿੱਚ ਕੋਈ ਫ਼ਨਕਾਰ ਨਿਰਪੱਖ ਨਹੀਂ ਰਹਿ ਸਕਦਾ। ਬਾਬਾ ਖ਼ੁਦ ਵੀ ਆਪਣੀ ਸ਼ਾਇਰੀ ਦੇ ਇਸ ਖਾਸੇ ਬਾਰੇ ਸੁਚੇਤ ਅਥਵਾ ਚੇਤੰਨ ਹੈ।
ਸੂਲੀ ਚਾੜ੍ਹ ਤੇ ਭਾਵੇਂ ਚਮੜੀ ਲਾਹ ਦੇਵੀਂ
ਜ਼ੁਲਮਾਂ ਅੱਗੇ ਚੁੱਪ ਰਹਿਣ ਦਾ ਆਦੀ ਨਈਂ।
(ਅੱਖਰਾਂ ਵਿੱਚ ਸਮੁੰਦਰ - 109)
ਪੱਥਰ ਨੂੰ ਮੈਂ ਸ਼ੀਸ਼ਾ ਕਿਸਰਾਂ ਲਿਖ ਦੇਵਾਂ
ਝੂਠੇ ਨੂੰ ਮੈਂ ਸੱਚਾ ਕਿਸਰਾਂ ਲਿਖ ਦੇਵਾਂ
(ਅੱਖਰਾਂ ਵਿੱਚ ਸਮੁੰਦਰ - 109)
ਮੇਰੀ ਸੋਚ ਅਵਾਮੀਂ ਤੇਰਾ ਕਿੰਝ ਕਸੀਦਾ ਲਿੱਖਾਂ ਮੈਂ
ਮੇਰੇ ਜਹੇ ਫ਼ਨਕਾਰ ਨਈਂ ਆਉਂਦੇ ਜਾਗੀਰਾਂ ਦੇ ਚੱਕਰ ਵਿੱਚ
(ਪੰਨਾ 140)
ਮੇਰੇ ਸ਼ਿਅਰਾਂ ਵਿੱਚ ਹੱਯਾਤੀ ਲੋਕਾਂ ਦੀ
ਮੇਰੀ ਸ਼ਾਇਰੀ ਮਸਲੇ ਵੀ ਹੱਲ ਕਰਦੀ ਏ।
ਤਰੱਕੀ ਪਸੰਦ ਸ਼ਾਇਰੀ ਮਸਲਿਆਂ ਦੀ ਗੰਭੀਰਤਾ ਵੱਲ ਸ਼ਾਇਰਾਨਾ ਅੰਦਾਜ਼ ਵਿੱਚ ਸੰਕੇਤ ਅਥਵਾ ਇਸ਼ਾਰਾ ਕਰਦੀ ਹੈ ਤਾਂ ਕਿ ਅਵਾਮ ਦੀ ਜ਼ਿੰਦਗੀ ਨਾਲ ਜੁੜੇ
ਇਹਨਾਂ ਮਸਲਿਆਂ ਦੇ ਹੱਲ ਲਈ ਜਾਗ੍ਰਿਤੀ ਪੈਦਾ ਕੀਤੀ ਜਾ ਸਕੇ।
ਬਾਬਾ ਮੁੱਖ ਤੌਰ 'ਤੇ ਸਿਆਸੀ ਸ਼ਾਇਰ ਹੈ। ਉਸ ਦੀ ਲਿਖਤ ਦਾ ਘੇਰਾ ਬੜਾ ਵਿਸ਼ਾਲ ਹੈ। ਉਹ ਸਮਾਜ ਵਿੱਚ ਫੈਲੀ ਜਮਾਤੀ-ਵੰਡ ਤੋਂ ਰੂ-ਸ਼ਨਾਸ ਹੈ। ਅਵਾਮ ਦੇ ਹੱਕ ਵਿੱਚ ਖਲੋਣ ਦੀ ਕੋਸ਼ਿਸ਼ ਕਰਦਾ ਉਹ ਸਿਆਸੀ-ਇਕਤਸਾਦੀ ਪਾਲਿਸੀਆਂ ਦੀ ਤਿੱਖੀ ਨੁਕਤਾਚੀਨੀ ਕਰਦਾ ਹੈ। ਉਹ ਬਦਨਾਮ, ਤਾਨਾਸ਼ਾਹ ਲੀਡਰਾਂ ਨੂੰ ਵੀ ਬਖ਼ਸ਼ਦਾ ਨਹੀਂ। ਪਾਕਿਸਤਾਨੀ ਅਵਾਮ ਲਈ ਜਮਹੂਰੀ ਹਕੂਕ ਦਾ ਮਸਲਾ ਬਹੁਤ ਗੰਭੀਰ ਰਿਹਾ ਹੈ। ਬਾਰ ਬਾਰ ਫੌਜੀ ਰਾਜ ਦੀ ਕਾਇਮੀ ਨਾਲ ਉਥੇ ਜਮਹੂਰੀ ਰਵਾਇਤਾਂ ਮਜ਼ਬੂਤੀ ਨਾਲ ਜੜ੍ਹ ਨਹੀਂ ਪਕੜ ਸਕੀਆਂ। ਨਤੀਜੇ ਵਜੋਂ ਪ੍ਰੈੱਸ ਦੀ ਆਜ਼ਾਦੀ ਦਾ ਬਾਰ ਬਾਰ ਗਲਾ ਘੁੱਟਿਆ ਜਾਂਦਾ ਰਿਹਾ ਹੈ। ਸ਼ਾਇਦ ਏਸੇ ਜਮਹੂਰੀ ਆਜ਼ਾਦੀ ਲਈ ਆਵਾਜ਼ ਉਠਾਉਣ ਕਾਰਨ ਬਾਬਾ ਪੀਪਲਜ਼ ਪਾਰਟੀ ਦੀ ਆਗੂ ਬੇਨਜ਼ੀਰ ਭੁੱਟੋ ਤੇ ਉਸ ਦੇ ਪਰਿਵਾਰ ਦੀ ਸਿਫ਼ਤ ਕਰਦੀਆਂ ਨਜ਼ਮਾਂ ਲਿਖਦਾ, ਆਪਣੀ ਰਾਜਸੀ, ਤਰਫਦਾਰੀ ਨੂੰ ਸਪੱਸ਼ਟ ਕਰਦਾ ਹੈ। ਪਰ ਜਦੋਂ ਭੁੱਟੋ ਸਰਕਾਰ ਵੀ ਲੋਕਾਂ ਉੱਤੇ ਜ਼ਬਰ ਕਰਦੀ ਹੈ ਜਾਂ ਲੋਕਾਂ ਦੀਆਂ ਉਮੀਦਾਂ 'ਤੇ ਪੂਰਾ ਨਹੀਂ ਉਤਰਦੀ ਤਾਂ ਸ਼ਾਇਰ ਐਸੀ ਸਰਕਾਰ ਦੇ ਵਿਰੁੱਧ ਬੋਲਣ ਲੱਗਿਆਂ ਝਿਜਕਦਾ ਨਹੀਂ। ਸ਼ਹਿਰੀ ਆਜ਼ਾਦੀਆਂ ਦਾ ਸਵਾਲ ਪਾਕਿਸਤਾਨੀ ਅਵਾਮ ਲਈ ਸਦਾ ਹੀ ਮੁੱਖ ਮੁੱਦਾ ਰਹਿਣ ਕਾਰਨ ਬਾਬੇ ਨੇ, 'ਅੱਖਾਂ ਵਿੱਚ ਜਹਾਨ' ਮਜਮੂਏ ਵਿੱਚ ਕਾਫੀ ਸਿਆਸੀ ਨਜ਼ਮਾਂ ਕਹੀਆਂ ਹਨ। ਉਸ ਦੀ ਸਿਆਸੀ ਸੋਚ ਕਈ ਜਗ੍ਹਾ ਟਾਪਲਾ ਵੀ ਖਾ ਜਾਂਦੀ ਹੈ, ਪਰ ਉਸ ਦੀ ਸ਼ਾਇਰੀ ਹਮੇਸ਼ਾ ਅਵਾਮ ਦੇ ਹੱਕ ਵਿੱਚ ਖਲੋਂਦੀ ਹੈ। ਸਿਆਸੀ ਵਿਚਾਰਾਂ ਅਤੇ ਇਹਨਾਂ ਦਾ ਤਖਲੀਕੀ ਪੱਧਰ 'ਤੇ ਬਿਆਨ ਕਈ ਵਾਰ ਆਪੋ ਵਿੱਚ ਟਕਰਾ ਜਾਂਦਾ ਹੈ, ਪਰ ਤਖਲੀਕੀ ਲਿਖਤਾਂ ਵਿੱਚ ਉਹ ਨਿੱਝਕ ਹੋ ਕੇ ਆਵਾਮ ਦੇ ਹੱਕਾਂ ਲਈ ਆਵਾਜ਼ ਉਠਾਉਂਦਾ ਹੈ। ਬਾਬਾ ਮਜ਼ਦੂਰ ਜਮਾਤ ਦੀ ਤੇ ਸਰਮਾਏਦਾਰ ਜਮਾਤਾਂ ਦੀ ਸਿਆਸਤ ਵਿੱਚ ਫਰਕ ਨਹੀਂ ਕਰਦਾ। ਉਸ ਨੂੰ ਸਭ ਸਿਆਸਤਦਾਨ ਬੇਈਮਾਨ ਨਜ਼ਰ ਆਉਂਦੇ ਹਨ। ਉਸ ਨੂੰ ਸ਼ਾਇਦ ਇਸ ਗੱਲ ਦੀ ਇਲਮ ਨਹੀਂ ਕਿ ਸਿਆਸਤ, ਇਕਤਸਾਦੀ ਸਵਾਰਥਾਂ ਉੱਤੇ ਨਿਰਭਰ ਹੁੰਦੀ ਹੈ। ਇਸ ਕਮਜ਼ੋਰੀ ਦਾ ਕਾਰਨ ਸ਼ਾਇਦ ਇਹ ਹੋਵੇ ਕਿ ਪਾਕਿਸਤਾਨ ਵਿੱਚ ਜਮਹੂਰੀ ਲਹਿਰ ਤੇ ਬਾਏਂ ਬਾਜੂ ਦੀਆਂ ਤਾਕਤਾਂ ਬਹੁਤ ਕਮਜ਼ੋਰ ਹਨ।
ਦੱਸਾਂ ਕੀ ਮੈਂ ਹਾਲ ਸਿਆਸਤਦਾਨਾਂ ਦਾ
ਕਿਬਲਾ ਕਾਹਬਾ ਮਾਲ ਸਿਆਸਤਦਾਨਾਂ ਦਾ
ਅੱਪੜ ਜਾਵਣ ਜਿਸ ਦਿਨ ਵਿੱਚ ਅਸੈਂਬਲੀ ਦੇ
ਤੱਕਣਾ ਫੇਰ ਜਲਾਲ ਸਿਆਸਤਦਾਨਾਂ ਦਾ
ਅਸੀਂ ਆਂ ਭੋਲੇ ਪੰਛੀ ਫਸਣਾ ਫੇਰ ਅਸਾਂ
ਲੱਗਾ ਫੇਰ ਏ ਜਾਲ ਸਿਆਸਤਦਾਨਾਂ ਦਾ
(ਸੋਚਾਂ ਵਿੱਚ ਜਹਾਨ -ਸਫਾ 150)
ਦੂਸਰੀ ਤਰਫ਼ ਸ਼ਾਇਰ ਮਿਸਿਜ਼ ਬੇਨਜ਼ੀਰ ਦੇ ਘਰ ਪੁੱਤਰ ਹੋਣ ਦੀ ਵਧਾਈ ਦਿੰਦਾ ਹੈ। ਨਾਲ ਹੀ 'ਅੱਖਾਂ ਵਿੱਚ ਸਮੁੰਦਰ' ਕਿਤਾਬ ਵਿੱਚ ਬਾਬਾ ਲਿਖਦਾ ਹੈ।
ਅਸੀਂ ਆਂ ਤੇਰੇ ਨਾਲ ਨੀ ਭੈਣੇ ਅਸੀਂ ਆਂ ਤੇਰੇ ਨਾਲ
ਸਾਡੇ ਹੁੰਦਿਆਂ ਹੋ ਨਹੀਂ ਸਕਦਾ ਤੇਰਾ ਵਿੰਗਾ ਵਾਲ
(ਅੱਖਾਂ ਵਿੱਚ ਸਮੁੰਦਰ - ਸਫ਼ਾ 115)
ਸਿਆਸੀ ਸ਼ਊਰ ਦੀ ਕਿਸੇ ਹੱਦ ਤੀਕ ਘਾਟ ਕਾਰਨ ਉਹ ਕਦੇ ਹਾਕਮ ਜਮਾਤਾਂ ਦੇ ਸਿਆਸੀ ਰਾਹਨੁਮਾਵਾਂ ਦੀ ਸਿਫਤ ਕਰ ਜਾਂਦਾ ਹੈ, ਪਰ ਕਦੇ ਅਵਾਮ ਦੁਸ਼ਮਣ ਨੀਤੀਆਂ ਦਾ ਵਿਰੋਧ ਤੇ ਨੁਕਤਾਚੀਨੀ ਕਰਦਾ ਉਹ ਜਨਤਾ ਦੇ ਨਾਲ ਖਲੋਂਦਾ ਹੈ। ਅਸਲ ਵਿੱਚ ਉਹ ਜਮਹੂਰੀ ਜਦੋ ਜਹਿਦ ਵਿੱਚ ਸਪੱਸ਼ਟ ਭਾਂਤ ਦਿਰੜ ਜੱਦੋ ਜਹਿਦ ਵਿੱਚ ਨਹੀਂ ਪੈਂਦਾ ਤੇ ਲਗਾਤਾਰ ਲੜਾਈ ਦੀ ਜਿੱਤ ਤੀਕ ਨਹੀਂ ਜਾਂਦਾ। ਏਥੇ ਵੀ ਕਸੂਰ ਬਾਬੇ ਦੇ ਸਿਆਸੀ ਸ਼ਊਰ ਦਾ ਏਨਾ ਨਹੀਂ, ਜਿੰਨਾ ਇਸ ਦੌਰ ਦੀ ਜਮਹੂਰੀ ਲਹਿਰ ਦੀ ਕਮਜ਼ੋਰੀ ਦਾ ਹੈ। ਜਿਵੇਂ ਜਿਵੇਂ ਪਾਕਿਸਤਾਨ ਵਿੱਚ ਜਮਹੂਰੀ ਜੱਦੋ ਜਹਿਦ ਮਜ਼ਬੂਤ ਤੇ ਵਸੀਹ ਹੋਵੇਗੀ, ਨਾਲ ਨਾਲ ਇਸ ਦਾ ਅਦਬ ਤੇ ਹੋਰ ਆਰਟਸ ਵਿੱਚ ਇਸ ਦਾ ਇਜ਼ਹਾਰ ਵੀ ਹੋਵੇਗਾ।
ਬਹੁਤ ਸਾਰੇ ਅਵਾਮੀ ਮੁੱਦਿਆਂ ਤੇ ਉਸ ਦੀ ਪਹੁੰਚ ਸੈਕੂਲਰ ਤੇ ਤਰੱਕੀ ਪਸੰਦ ਹੈ। ਬਾਬਾ ਭਾਰਤ-ਪਾਕਿ ਦੋਸਤੀ ਦਾ ਹਾਮੀ ਹੈ ਤੇ ਉਹ ਕਸ਼ਮੀਰ ਵਰਗੇ ਨਾਜ਼ੁਕ ਮਸਲੇ ਬਾਰੇ ਛਾਵਨ ਵਾਦ ਦਾ ਸ਼ਿਕਾਰ ਨਹੀਂ ਹੁੰਦਾ, ਜਦ ਕਿ ਕਈ ਸਾਧਾਰਨ ਕਵੀ ਅਜਿਹੇ ਮੁੱਦਿਆਂ 'ਤੇ ਆਮ ਤੌਰ 'ਤੇ ਹਾਕਮ ਜਮਾਤਾਂ ਦੇ ਸਵਾਰਥੀ ਪ੍ਰਚਾਰ ਦਾ ਸ਼ਿਕਾਰ ਹੋ ਜਾਂਦੇ ਹਨ।
ਵਿੱਚ ਸਿਆਸੀ ਪਰ੍ਹਿਆ ਖਾ ਕੇ ਹਾਰ ਮੀਆਂ
ਤੈਨੂੰ ਹੋਈਆਂ ਪੀੜਾਂ ਹੁਣ ਕਸ਼ਮੀਰ ਦੀਆਂ
(ਸੋਚਾਂ ਵਿੱਚ ਜਹਾਨ -ਸਫਾ 152)
ਉਸ ਦੀ ਸਿਆਸੀ ਸ਼ਾਇਰੀ ਸਟੇਜੀ ਪੱਧਰ ਦੀ ਹੈ। ਸਿਆਸੀ ਮਸਲਿਆਂ ਤੇ ਲਿਖਦੇ ਹੋਏ ਅਕਸਰ ਸ਼ਾਇਰ ਪ੍ਰਾਪੇਗੰਡਾ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਉਹ ਹੁਸਨ-ਕਾਰੀ ਦੇ ਮਿਆਰਾਂ ਵੱਲੋਂ ਲਾਪ੍ਰਵਾਹ ਰਹਿੰਦੇ ਹਨ। ਮੂਲ ਮੁੱਦਾ ਸਮਾਜੀ ਸਿਆਸੀ ਘਟਨਾਵਾਂ ਤੇ ਪਾਲਸੀਆਂ ਨੂੰ ਸ਼ਾਇਰਾਨਾਂ ਅੰਦਾਜ਼ ਵਿੱਚ ਪੇਸ਼ ਕਰਦੇ ਹੋਏ ਕਾਵਿਬਿੰਬ ਦੇ ਤਹਿਤ ਬਾਤ ਕਰਨ ਦੀ ਹੈ। ਪਰ ਕਈ ਵਾਰ ਬਾਬਾ ਸੱਤਈ, ਇੱਕ-ਪਾਸੜ, ਫਲੈਟ ਜਾਂ ਸਟੇਟਮੈਂਟਲ ਹੋ ਜਾਂਦਾ ਹੈ। ਐਸੀ ਹਾਲਤ ਵਿੱਚ ਸ਼ਾਇਰ ਦੇ ਫ਼ਨ ਉੱਤੇ ਪ੍ਰਚਾਰ ਦਾ
ਇਲਜ਼ਾਮ ਲੱਗਣਾ ਗੈਰ-ਕੁਦਰਤੀ ਨਹੀਂ ਹੁੰਦਾ।
ਜਿਸ ਧਰਤੀ ਤੇ ਰੱਜਵਾਂ ਟੁੱਕਰ ਖਾਂਦੇ ਨਹੀਂ ਮਜ਼ਦੂਰ
ਉਸ ਧਰਤੀ ਦੇ ਹਾਕਮ ਕੁੱਤੇ, ਉਸ ਦੇ ਹਾਕਮ ਸੂਰ
(ਸੋਚਾਂ ਵਿੱਚ ਜਹਾਨ - ਸਫ਼ਾ 113)
ਆਪਣੀਆਂ ਗਜ਼ਲਾਂ ਦੇ ਕਾਫੀ ਸ਼ਿਅਰਾਂ ਵਿੱਚ ਤੇ ਆਜ਼ਾਦ ਨਜ਼ਮਾਂ ਵਿੱਚ ਕਿਤੇ ਕਿਤੇ ਉਹ ਪ੍ਰਤੀਕ ਦੇ ਜ਼ਰੀਏ ਗੱਲ ਕਰਦਾ ਹੈ। ਸੱਪ ਦੇ ਰਦੀਫ਼ ਵਾਲੀ ਗਜ਼ਲ ਅਤੇ ਗੁੱਗਾ ਪੀਰ (ਸੋਚਾਂ ਵਿੱਚ ਜਹਾਨ) ਇਸ ਦੇ ਖੂਬਸੂਰਤ ਨਮੂਨੇ ਹਨ। ਸੰਕੇਤ ਡੂੰਘੇ ਅਰਥਾਂ ਤੇ ਸੁਝਾਊ ਸ਼ਕਤੀ ਕਾਰਨ ਅਤੇ ਸੰਖੇਪਤਾ ਦੇ ਨਾਲ ਨਾਲ ਰਾਜਸੀ ਮਨੋਰਥ ਨੂੰ ਜ਼ਾਹਰ ਕਰਦਿਆਂ ਇਹ ਤੇ ਇਸ ਤਰ੍ਹਾਂ ਦੀਆਂ ਹੋਰ ਕਈ ਨਜ਼ਮਾਂ ਰੂਪ ਤੇ ਵਿਸ਼ੇ ਦੇ ਸੁਮੇਲ ਕਾਰਨ ਫ਼ਨ ਦਾ ਖੂਬਸੂਰਤ ਨਮੂਨਾ ਹੈ।
ਇਕ ਮਿਸਾਲ ਪੇਸ਼ ਹੈ।
ਗੁੱਗਾ ਪੀਰ
ਕਿਸਰਾਂ ਬਦਲਾਂ ਆਪਣੇ ਲੇਖ?
ਮੇਰੇ ਆਲੇ-ਦੁਆਲੇ ਵੇਖ
ਬਰੀ, ਬਹਿਰੀ ਨਾਂਗਾਂ ਕਿਧਰੇ,
ਉਡਣੇ ਸੱਪਾਂ ਘੇਰਾ ਪਾਇਆ
ਗੁੱਗਾ ਪੀਰ ਇਹਨਾਂ ਦਾ ਬਾਬਾ
ਵਿੱਚ ਇਸਲਾਮਾਬਾਦ ਏ ਜਿਹੜਾ
ਸਾਡੇ ਕੁੱਲ ਖਜ਼ਾਨੇ ਉੱਤੇ
ਮਾਰ ਪਥੱਲਾ ਬੈਠਾ ਹੋਇਆ
ਸੱਪਾਂ ਮੀਤ ਕਦੇ ਨਹੀਂ ਬਣਨਾ
ਜਿੰਨਾ ਤੀਕਰ ਸੱਪ ਨਾ ਮਿੱਧੇ
ਪੈ ਨਹੀਂ ਸਕਦੇ ਕਿਕਲੀ, ਗਿੱਧੇ ।
(ਸੋਚਾਂ ਵਿੱਚ ਜਹਾਨ -ਸਫਾ 70)
ਬਾਬੇ ਦੀ ਸ਼ਾਇਰੀ ਬਹੁਤ ਪੱਖਾਂ ਤੋਂ ਨਿਆਰੀ ਤੇ ਮੌਲਿਕ ਹੈ। ਹਾਲ ਦੀ ਘੜੀ ਸਾਰੇ ਪੱਖਾਂ ਦਾ ਵਿਸ਼ਲੇਸ਼ਣ ਅਤੇ ਮੁਲਾਂਕਣ ਕਰਨਾ ਮੁਮਕਿਨ ਨਹੀਂ।
ਫੇਰ ਵੀ ਪਾਕਿਸਤਾਨੀ ਅਵਾਮ ਦੇ ਮੁੱਖ ਦੁਸ਼ਮਣਾਂ ਵਿੱਚੋਂ ਸ਼ਕਤੀਸ਼ਾਲੀ ਦੁਸ਼ਮਣ, ਜਾਗੀਰਦਾਰ, ਸ਼ਾਇਰ ਦੇ ਹਮਲੇ ਦਾ ਨਿਸ਼ਾਨਾ ਬਣਦਾ ਹੈ। ਜਾਗੀਰਦਾਰੀ ਪ੍ਰਬੰਧ ਵਿੱਚ ਖੇਤ-ਮਜ਼ਦੂਰ, ਮੁਜ਼ਾਰੇ ਤੇ ਦਿਹਾੜੀਦਾਰ ਦੀ ਲੁੱਟ ਤੇ ਦਮਨ ਉਸ ਦੀ ਸ਼ਾਇਰੀ ਵਿੱਚ ਪਹਿਲੀ ਵਾਰ ਪੇਸ਼ ਹੋਇਆ ਹੈ, ਜਿਹੜਾ ਉਸ ਦੇ ਸਮਕਾਲੀ ਸ਼ਾਇਰਾਂ ਦੇ ਕਲਾਮ ਵਿੱਚ ਗੈਰ ਹਾਜ਼ਰ ਹੈ।
ਸਵਾਲ
ਇੱਕੋ ਤੇਰਾ ਮੇਰਾ ਪਿਓ
ਇਕੋ ਤੇਰੀ ਮੇਰੀ ਮਾਂ
ਇੱਕੋ ਸਾਡੀ ਜੰਮਣ ਭੋਂ
ਤੂੰ ਸਰਦਾਰ, ਮੈਂ ਕੰਮੀਂ ਕਿਉਂ?
(ਅੱਖਰਾਂ ਵਿੱਚ ਸਮੁੰਦਰ - ਸਫ਼ਾ 40)
ਜਾਂ
ਅੱਖਾਂ ਬੱਧੇ ਢੱਗੇ ਵਾਂਗੂੰ ਗੇੜਾਂ ਮੈਂ ਤੇ ਖੂਹ ਬਾਬਾ
ਮਾਲਕ ਜਾਣੇ ਖੂਹ ਦਾ ਪਾਣੀ ਜਾਵੇ ਕਿਹੜੀ ਜੂਹ ਬਾਬਾ
(ਸਫਾ- 111)
ਸਾਡੇ ਵਿੱਚ ਕਮੀ ਏ ਕਿਹੜੀ ਸਾਨੂੰ ਆਖੋ ਕੰਮੀਂ
ਸਾਡੇ ਨਾਲ ਖਲੋ ਕੇ ਵੇਖਣ, ਰਾਜੇ, ਚੀਮੇਂ, ਚੱਠੇ।
(ਸਫਾ- 24)
ਅਗਲੀ ਵਾਰ ਭੜੋਲੇ ਸੱਖਣੇ ਦੇਖੇਂਗਾ
ਹੁਣ ਵੀ ਜੇ ਨਾ ਮਿਲਿਆ ਹੱਕ ਮੁਜ਼ਾਰੇ ਨੂੰ
(ਸੋਚਾਂ ਵਿੱਚ ਜਹਾਨ -ਸਫਾ 23)
'ਦਿਹਾੜੀਦਾਰ ਤੇ ਕੰਮੀ' ਵੀ ਏਸੇ ਵਿਸ਼ੇ ਨਾਲ ਸਬੰਧਤ ਨਜ਼ਮਾਂ ਹਨ। 'ਜੁਰਮ' ਨਜ਼ਮ ਇਸ ਗਰੀਬੀ ਜ਼ਿਲਾਲਤ ਦੇ ਬਰਖਿਲਾਫ਼ ਬਗਾਵਤ ਦਾ ਸੱਦਾ ਦਿੰਦੀ ਹੈ ਤੇ ਉਹਨਾਂ ਸਮਕਾਲੀ ਸ਼ਾਇਰਾਂ ਨੂੰ ਕੋਸਦੀ ਹੈ, ਜਿਹੜੇ ਲਿਤਾੜੇ ਲੋਕਾਂ ਦੇ ਹੱਕ ਵਿੱਚ ਨਹੀਂ ਲਿਖਦੇ। ਨਾਲ ਦੀ ਨਾਲ ਬਾਬੇ ਦੀ ਸਿਫ਼ਤ ਇਹ ਹੈ ਕਿ ਉਹ ਇਨ੍ਹਾਂ ਹਾਲਾਤਾਂ ਦੇ ਵਿਰੁੱਧ ਲੜਨ, ਮਰਨ ਤੇ ਇਕੱਠੇ ਹੋਣ ਦਾ ਪੈਗਾਮ ਦਿੰਦਾ ਹੈ।
ਜਦ ਤੀਕਰ ਨਾ ਸਿਰ ਤੇ ਬੱਧਾ ਲਾਲ ਰੁਮਾਲ
ਓਨਾ ਚਿਰ ਨਹੀਂ ਚੁੱਕਿਆ ਜਾਣਾ ਕਾਲਾ ਜਾਲ
(ਅੱਖਾਂ ਵਿੱਚ ਸਮੁੰਦਰ -59)
ਬਾਬੇ ਦੀ ਸੋਚ ਦਾ ਘੇਰਾ ਰੰਗ, ਨਸਲ ਤੇ ਮਜ਼ਹਬ ਦੀਆਂ ਤੰਗ ਵਲਗਣਾਂ ਤੋਂ ਪਰੇ ਹੈ। ਉਹ ਇਨਸਾਨ ਦੋਸਤੀ ਦਾ ਹਾਮੀ ਹੈ ਤੇ ਇਨਸਾਨੀਅਤ ਦੇ ਰੌਸ਼ਨ ਮੁਸਤਕਬਿਲ ਵਿੱਚ ਯਕੀਨ ਰੱਖਦਾ ਹੈ। ਉਸ ਨੂੰ ਇਨਸਾਨੀ ਅਜ਼ਮਤ ਤੇ ਜੱਦੋ ਜਹਿਦ ਵਿੱਚ ਵਿਸ਼ਵਾਸ ਹੈ।
ਇਸ ਧਰਤੀ ਤੇ ਜਿੱਥੇ ਜਿੱਥੇ ਲਿੜਦੇ ਪਏ ਨੇ ਲੋਕ
ਆਪਣਾ ਜੁੱਸਾ ਵੇਖਾਂ ਬਾਬਾ ਹਰ ਥਾਂ ਲਹੂ-ਲੁਹਾਨ।
(ਅੱਖਾਂ ਵਿੱਚ ਸਮੁੰਦਰ - 58)
ਏਹੋ ਜਿਹਾ ਦਸਤੂਰ ਬਣਾਈਏ ਹੱਕ ਕਿਸੇ ਦਾ ਖੁੱਸੇ ਨਾ
ਇਸ ਧਰਤੀ ਦਾ ਕੋਈ ਵੀ ਬੰਦਾ ਇੱਕ ਦੂਜੇ ਤੋਂ ਰੁੱਸੇ ਨਾ
(ਸਫਾ- 132)
ਬਾਬਾ ਨਜਮੀ ਦੇ ਪਹਿਲੇ ਮਜਮੂਏ ਵਿੱਚ ਗਜ਼ਲਾਂ ਵਧੇਰੇ ਹਨ ਤੇ ਨਜ਼ਮਾਂ ਬਰਾਏ ਨਾਮ। ਉਹ ਫਾਰਸੀ ਅਰਬੀ ਦੀਆਂ ਮੁਸ਼ਕਿਲ ਬਹਿਰਾਂ ਦਾ ਇਸਤੇਮਾਲ ਨਹੀਂ ਕਰਦਾ। ਉਸ ਦੀਆਂ ਬਹਿਰਾਂ ਪੰਜਾਬੀ ਦੀਆਂ ਰਵਾਇਤੀ ਲੋਕਲ ਬਹਿਰਾਂ ਹਨ। ਵਧੇਰੇ ਗ਼ਜ਼ਲਾਂ ਵਿੱਚ ਤਗਜ਼ਲ ਦਾ ਰੰਗ ਹਲਕਾ ਹੈ ਤੇ ਸਪਾਟ-ਬਿਆਨੀ ਭਾਰੂ ਹੈ। ਉਹ ਪੰਜਾਬੀ ਦੇ ਠੇਠ ਪੇਂਡੂ (ਦਿਹਾਤੀ) ਮੁਹਾਵਰੇ ਦੀ ਵਰਤੋਂ ਬੜੀ ਸੁਘੜਤਾ (ਕਾਮਯਾਬੀ) ਨਾਲ ਕਰਦਾ ਹੈ। ਲੇਕਿਨ ਉਸ ਦੀਆਂ ਗ਼ਜ਼ਲਾਂ ਵਿੱਚ ਉਰਦੂ ਗਜ਼ਲ ਵਰਗੀ ਨਾਜ਼ੁਕ-ਬਿਆਨੀ, ਗਹਿਰਾਈ ਤੇ ਪੁਖ਼ਤਗੀ ਨਹੀਂ। ਇਸ ਵਿੱਚ ਰਮਜ਼ ਦੀ ਘਾਟ ਹੈ ਤੇ ਇਹਨਾਂ ਵਿੱਚ ਮਾਅਨੇ ਬਹੁ-ਪਰਤਾਂ ਵਾਲੇ ਨਹੀਂ। ਬਾਬੇ ਦੀ ਗ਼ਜ਼ਲ ਦੀ ਤਾਕਤ ਉਸ ਦੀ ਜੁਰਅਤ ਬਿਆਨੀ, ਸੁਹਿਰਦਤਾ ਤੇ ਸਰਲਤਾ ਵਿੱਚ ਹੈ। ਉਂਝ ਉਸ ਦੀ ਬਿੰਬਾਵਲੀ ਪੰਜਾਬੀ ਦੀ ਦਿਹਾਤੀ ਜ਼ਿੰਦਗੀ ਵਿੱਚੋਂ ਹੁੰਦੀ ਹੈ।
ਭਾਵੇਂ ਬਾਬਾ ਹੁਣ ਕਈ ਸਾਲਾਂ ਤੋਂ ਕਰਾਚੀ ਵਿੱਚ ਰਹਿ ਰਿਹਾ ਹੈ, ਪਰ ਉਸ ਦੇ ਪ੍ਰਤੀਕ ਤੇ ਬਿੰਬਾਵਲੀ ਪੰਜਾਬ ਦੀ ਪੇਂਡੂ ਜ਼ਿੰਦਗੀ ਵਿੱਚੋਂ ਹੀ ਆਉਂਦੇ ਹਨ। ਸਮੁੱਚੀ ਪਾਕਿਸਤਾਨੀ ਪੰਜਾਬੀ ਸ਼ਾਇਰੀ ਵਿੱਚ ਵੀ ਬਾਬੇ ਦਾ ਦਰਜਾ ਇੱਕ ਤਰੱਕੀ-ਪਸੰਦ ਅਵਾਮੀ ਸ਼ਾਇਰ ਦਾ ਹੈ, ਜਿਸ ਦੇ ਬੋਲ ਦੂਰੋਂ ਹੀ, ਹਨੇਰੇ ਵਿੱਚ ਵੀ ਪਛਾਣੇ ਜਾ ਸਕਦੇ ਹਨ। ਬਾਬੇ ਨਜਮੀਂ ਨੇ ਅਦਬ ਵਿੱਚ ਆਪਣੀ ਵੱਖਰੀ ਪਹਿਚਾਣ ਕਾਇਮ ਕਰ ਲਈ ਏ।
ਸ਼ੀਸ਼ ਮਹੱਲ ਦੀ ਵੰਡੀ ਉਤੋਂ ਕਿਹੜੀ ਨੇਰੀ ਝੁੱਲੇਗੀ
ਦੋਂਹ ਇੱਟਾਂ ਨੇ ਕਰ ਛੱਡੇ ਨੇ ਚਿੱਟੇ ਲਹੂ ਭਰਾਵਾਂ ਦੇ
(ਅੱਖਰਾਂ ਵਿੱਚ ਸਮੁੰਦਰ - ਸਫਾ 42)
ਤਿੱਤਰ-ਖੰਭੀ ਬਦਲੀ ਵਰਗੀ ਇਹ ਮਨਜ਼ੂਰ ਆਜ਼ਾਦੀ ਨਈਂ
ਬੋਲਣ ਦੀ ਆਜ਼ਾਦੀ ਦੇ ਕੇ, ਪਹਿਰੇ ਗਲੀਆਂ ਰਾਹਾਂ ਵਿੱਚ
(ਸਫਾ- 94)
ਹੁਣ ਤੱਕ ਸਾਰੀ ਦੁਨੀਆ ਬਾਬਾ, ਤੇਰੀ ਜੂਹ ਵਿੱਚ ਆ ਜਾਂਦੀ
ਮੁਸਲਾ ਜੇ ਨਾ ਕੱਲਾ ਬਣਦਾ, ਦਾਹਵੇਦਾਰ ਮਦੀਨੇ ਦਾ
(ਸੋਚਾਂ ਵਿੱਚ ਜਹਾਨ - ਸਫ਼ਾ 20)
ਅੱਲਾ ਅੱਲਾ ਕਰਦਾ ਵੀ ਉਹ ਡੁੱਬ ਗਿਆ
ਵੇਖੇ ਕਰਮ ਸਹਾਰੇ ਕਿੰਨੇ ਪਾਣੀ ਵਿੱਚ
(ਸਫਾ- 95)
ਉਹਦੀ ਹਿੱਕ 'ਚੋਂ ਫੁੱਟ ਨਈਂ ਸਕਦਾ, ਸੂਰਜ ਕਦੇ ਤਰੱਕੀ ਦਾ
ਲੱਥੇ ਲੀੜੇ ਪਾ ਕੇ ਜਿਹੜਾ ਰਾਜ਼ੀ ਹੋ ਜਾਏ ਲੋਕਾਂ ਦੇ।
(ਅੱਖਾਂ ਵਿੱਚ ਸਮੁੰਦਰ - ਸਫ਼ਾ 68)
ਰੂਸੀ ਚਿੰਤਕ ਬੈਲਿੰਸਕੀ ਅਵਾਮੀ ਸ਼ਾਇਰ ਦੀ ਖਾਸੀਅਤ ਬਿਆਨ ਕਰਦਾ ਆਖਦਾ ਹੈ, "ਲੋਕਾਂ ਦੇ ਕਵੀ ਦੀ ਅਹਿਮੀਅਤ ਇਸ ਬਾਤ ਵਿੱਚ ਹੈ ਕਿ ਕਿਤਨੀ ਭਰਪੂਰਤਾ ਨਾਲ ਉਸ ਦੀ ਸ਼ਖ਼ਸੀਅਤ ਆਪਣੀ ਕੌਮ ਦੀ ਰੂਹ ਨੂੰ ਅਕਸਦੀ ਹੈ।" ਅਤੇ
"ਕਵਿਤਾ ਤਾਂ ਹੀ ਸੱਚੀ ਕਵਿਤਾ ਹੈ ਜੇ ਇਹ ਲੋਕਾਂ ਨਾਲ ਆਪਣੀ ਨੇੜਤਾ ਦੀ ਤਸਦੀਕ ਕਰਦੀ ਹੈ।" ਬਾਬੇ ਨਜਮੀ ਦੀ ਸ਼ਾਇਰੀ ਵਿੱਚ ਪਾਕਿਸਤਾਨ ਦੇ ਅਵਾਮ ਦੀ ਰੂਹ ਧੜਕਦੀ ਹੈ। ਉਹ ਅਵਾਮ ਦੇ ਦੁੱਖਾਂ, ਦੁਸ਼ਵਾਰੀਆਂ ਨਾਲ ਦੋਸਤੀ ਪਾ ਕੇ ਵਫ਼ਾ ਨਿਭਾਉਂਦਾ ਹੈ। ਉਸ ਦੀ ਸਾਦਗੀ ਵਿੱਚ ਹੀ, ਉਸ ਦੀ ਖੂਬਸੂਰਤੀ ਹੈ। ਮਾਡਰਨ ਸ਼ਾਇਰੀ ਆਪਣੇ ਅਹਿਸਾਸਾਂ ਨੂੰ ਬੁਝਾਰਤ ਬਣਾ ਕੇ ਪੇਸ਼ ਕਰਨ ਦੀ ਬਨਾਵਟੀ ਕੋਸ਼ਿਸ਼ ਕਰਦੀ ਹੈ, ਪਰ ਅਵਾਮੀ ਸ਼ਾਇਰੀ, ਆਮ ਲੋਕਾਂ ਨਾਲ ਆਪਣੇ ਰਿਸ਼ਤੇ ਨੂੰ ਪੱਕਾ-ਪੀਡਾ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ।
"ਹਰ ਨਵੀਂ ਕਵਿਤਾ ਵਿੱਚ ਰੋਜ਼ ਦੇ ਰੋਜ਼ ਹੋਰ ਵਧੇਰੇ ਸਾਦਾ ਹੋਈ ਜਾਣਾ।" ਸਾਫ਼ ਹੈ ਕਿ ਬਾਬੇ ਦੀ ਸ਼ਾਇਰੀ ਦੀ ਸਾਦਗੀ ਵਿੱਚ ਹੀ ਉਸ ਦੀ ਵਡਿਆਈ ਹੈ ਤੇ ਇਹ ਖਾਸੀਅਤ ਉਸ ਨੂੰ ਆਪਣੇ ਸਮਕਾਲੀ ਸ਼ਾਇਰਾਂ ਨਾਲੋਂ ਵੱਖਰਾ ਤੇ ਅਲਹਿਦਾ ਕਰਦੀ ਹੈ ਅਤੇ ਇਹੀ ਗੁਣ ਉਸਨੂੰ ਪੰਜਾਬੀ ਵਿੱਚ ਅਵਾਮੀ ਕਵੀ ਉਸਤਾਦ ਦਾਮਨ ਨਾਲ ਤੇ ਉਰਦੂ ਦੇ ਇਨਕਲਾਬੀ ਸ਼ਾਇਰ ਹਬੀਬ ਜਾਲਿਬ ਦੀ ਰਵਾਇਤ ਨਾਲ ਜੋੜਦੀ ਹੈ। ਬਾਬਾ ਇਹਨਾਂ ਦੋਹਾਂ ਪੰਜਾਬੀਆਂ ਦੇ ਵਿਰਸੇ ਨੂੰ ਨਵੇਂ ਵਕਤ ਦੇ ਨਵੇਂ ਤਕਾਜ਼ਿਆਂ ਨਾਲ ਅੱਗੇ ਲਿਜਾ ਰਿਹਾ ਹੈ। ਏਸੇ ਵਿੱਚ ਹੀ ਬਾਬੇ ਦੀ ਸ਼ਾਇਰੀ ਦੀ ਕਾਮਯਾਬੀ ਦਾ ਰਾਜ਼ ਹੈ।
ਗ਼ਜ਼ਲਾਂ ਤੋਂ ਇਲਾਵਾ, ਬਾਬੇ ਨੇ ਆਪਣੇ ਦੂਸਰੇ ਮਜਮੂਏ 'ਸੋਚਾਂ ਵਿੱਚ ਜਹਾਨ' ਦੇ ਆਖਰੀ ਹਿੱਸੇ ਵਿੱਚ ਕਾਫ਼ੀ ਸਾਰੀਆਂ ਨਜ਼ਮਾਂ ਵੀ ਸ਼ਾਮਲ ਕੀਤੀਆਂ ਹਨ, ਜਿਹਨਾਂ ਵਿੱਚੋਂ, 'ਭਗਤ ਸਿੰਘ', 'ਸੱਚੇ ਲੋਕ', 'ਬਾਬਾ ਨਜਮੀ ਰੋ' 'ਬਾਬਰੀ ਮਸਜਿਦ' ਆਦਿ ਬਹੁਤ ਹੀ ਜਾਨਦਾਰ ਨੇ, ਜਿਹਨਾਂ ਰਾਹੀਂ ਸ਼ਾਇਰ ਹੱਕ, ਸੱਚ, ਇਨਸਾਫ ਆਜ਼ਾਦੀ ਤੇ ਇਨਸਾਨ-ਦੋਸਤੀ ਦੇ ਸੱਚੇ ਸੁੱਚੇ ਜਜ਼ਬਿਆਂ ਦਾ ਇਜ਼ਹਾਰ ਕਰਦਾ ਹੈ।
ਬਾਬੇ ਦੀ ਸ਼ਾਇਰੀ ਰਿਆਸਤੀ ਇਹਜਾਜ਼ ਦੀ ਮੁਥਾਜ ਨਹੀਂ। ਉਸ ਦੇ ਕਦਰਦਾਨ ਅਵਾਮ ਨੇ । ਸਰਕਾਰੀ ਇਹਜਾਜ਼ਾਂ ਪਿੱਛੇ ਭੱਜਣ ਵਾਲਿਆਂ ਦਾ ਮਖੌਲ ਉਡਾਉਂਦਾ ਉਹ ਆਖਦਾ ਹੈ ;
ਮੈਂ ਵੀ ਝੂਠ ਬਥੇਰਾ ਲਿਖਨਾ ਮੈਨੂੰ ਵੀ ਇਹਜਾਜ਼ ਦਿਓ।
ਲੱਥੇ ਰਾਤ, ਸਵੇਰਾ ਲਿਖਨਾ, ਮੈਨੂੰ ਵੀ ਇਹਜਾਜ਼ ਦਿਓ।
(ਸੋਚਾਂ ਵਿੱਚ ਜਹਾਨ -ਸਫਾ 128)
ਬਾਬੇ ਦੀਆਂ ਅੱਖਾਂ ਵਿੱਚ ਸਮੁੰਦਰ ਦੀ ਡੂੰਘਾਈ ਹੈ ਤੇ ਸੋਚਾਂ ਵਿੱਚ ਸਾਰੇ ਜਹਾਨ ਦੀ ਲੋਕਾਈ ਦਾ ਦਰਦ ਹੈ। ਐਸੇ ਸ਼ਾਇਰਾਂ ਨੂੰ ਲੋਕਾਈ ਆਪਣੇ ਹੱਥਾਂ 'ਤੇ ਚੁੱਕ ਲੈਂਦੀ ਹੈ
ਤੇ ਦਿਲ ਦੇ ਕਰੀਬ ਕਰ ਕੇ ਰੱਖਦੀ ਹੈ।
ਪਾਕਿਸਤਾਨੀ ਅਵਾਮ ਦੇ ਜਦ ਦੋ ਹਿੱਸੇ ਆਪੋ ਵਿੱਚ ਲੜ ਲੜ ਮਰਦੇ ਨੇ ਤਾਂ ਉਹ ਬੇਬਸੀ ਦੇ ਅੱਥਰੂ ਵਹਾਉਂਦਾ ਕਿੰਨਾ ਲਾਚਾਰ ਵਿਖਾਈ ਦਿੰਦਾ ਹੈ।
ਚੱਲੀ ਗੋਲੀ ਵਿੱਚ ਭਰਾਵਾਂ, ਬਾਬਾ ਨਜਮੀ ਰੋ।
ਕਰਕੇ ਵੱਲ ਅਸਮਾਨਾਂ ਬਾਹਾਂ, ਬਾਬਾ ਨਜਮੀ ਰੋ।
(ਸੋਚਾਂ ਵਿੱਚ ਜਹਾਨ - ਸਫ਼ਾ 109)
'ਬਾਬਰੀ ਮਸਜਿਦ' ਦੇ ਢਾਹੇ ਜਾਣ ਉੱਤੇ ਜੋ ਪ੍ਰਤੀਕਰਮ ਸਾਰੀ ਦੁਨੀਆਂ ਦੇ ਮੁਸਲਮਾਨਾਂ ਵਿੱਚ ਹੋਇਆ ਤੇ ਉਸ ਦੇ ਸਿੱਟੇ ਵਜੋਂ ਮੁਸਲਮਾਨ ਫਿਰਕੂ ਜਨੂੰਨੀਆਂ ਨੇ ਬਾਹਰਲੇ ਦੇਸ਼ਾਂ ਵਿੱਚ ਮੰਦਰਾਂ ਨੂੰ ਸਾੜਿਆ ਫੂਕਿਆ, ਉਸ ਦਾ ਬਿਆਨ ਬਾਬੇ ਨੇ ਪੁਖ਼ਤਾ ਤੇ ਦਲੇਰ ਨਜ਼ਮ 'ਬਾਬਰੀ ਮਸਜਿਦ' ਵਿੱਚ ਕੀਤਾ ਹੈ।
ਰੱਬਾ ਮੈਨੂੰ ਗੁੰਗਾ ਕਰ ਦੇ
ਰੱਬਾ ਮੈਨੂੰ ਅੰਨ੍ਹਾ ਕਰ ਦੇ
ਰੱਬਾ ਮੈਨੂੰ ਡੌਰਾ ਕਰ ਦੇ
ਨਾਮ-ਨਿਹਾਦ ਇਹ ਬੰਦੇ ਤੇਰੇ
ਜੋ ਜੋ ਰੰਗ ਵਿਖਾਉਂਦੇ ਪਏ ਨੇ
ਸਿੱਧੇ ਸਾਦੇ ਸਾਦ-ਮੁਰਾਦੇ
ਲੋਕਾਂ ਨੂੰ ਮਰਵਾਉਂਦੇ ਪਏ ਨੇ
(ਸੋਚਾਂ ਵਿੱਚ ਜਹਾਨ -173)
ਫਿਰਕੂ ਜਨੂੰਨ ਤੇ ਨਫ਼ਰਤ ਦੀ ਅੰਨ੍ਹੀ ਹਨੇਰੀ ਵਿੱਚ ਵੀ ਬਾਬੇ ਦੇ ਪੈਰ ਡੋਲੇ, ਡਗਮਗਾਏ ਨਹੀਂ ਅਤੇ ਉਹ ਔਖੀ ਘੜੀ ਵਿੱਚ ਸਾਬਤ-ਕਦਮ ਰਹਿੰਦਾ ਹੋਇਆ ਇਨਸਾਨੀ ਅਜ਼ਮਤ ਤੇ ਸ਼ਾਨ ਨੂੰ ਬਰਕਰਾਰ ਰੱਖਦਾ ਹੈ। ਅਜਿਹੇ ਸ਼ਾਇਰ ਇਨਸਾਨੀ ਕਦਰਾਂ ਦੇ ਰਖਵਾਲੇ ਹੁੰਦੇ ਹਨ, ਜਿਹੜੇ ਮਨੁੱਖਾਂ ਨੂੰ ਚੱਲਦੀਆਂ ਗੋਲੀਆਂ ਤੇ ਝੁੱਲਦੇ ਤੂਫ਼ਾਨਾਂ ਵਿੱਚ ਵੀ, ਡੋਲਣ ਨਹੀਂ ਦਿੰਦੇ।
ਬਾਬਾ ਨਜਮੀ ਲਹਿੰਦੇ ਪੰਜਾਬ ਦੀ ਪੰਜਾਬੀ ਸ਼ਾਇਰੀ ਦਾ ਮਾਣ ਹੀ ਨਹੀਂ, ਉਸ ਉੱਤੇ ਅਸੀਂ ਚੜ੍ਹਦੇ ਪੰਜਾਬ ਦੇ ਅਦੀਬ ਵੀ ਓਨਾ ਹੀ ਮਾਣ ਮਹਿਸੂਸ ਕਰਦੇ ਹਾਂ। ਉਸ ਨੂੰ ਪੰਜਾਬੀ ਹੋਣ ਉੱਤੇ ਮਾਣ ਹੈ। ਉਹ ਆਜ਼ਾਦੀ ਸੰਗਰਾਮ ਦੇ ਸਿਰਲੱਥ ਸੂਰਮਿਆਂ ਨੂੰ ਯਾਦ ਕਰਦਾ, ਸਾਂਝੇ ਡੁੱਲ੍ਹੇ ਲਹੂ ਦੀ ਗੱਲ ਕਰਦਾ ਹੈ। ਐਸੇ ਸ਼ਾਇਰ ਰੋਜ਼ ਰੋਜ਼ ਨਹੀਂ ਜੰਮਦੇ ਹੁੰਦੇ। ਆਪਣਾ ਇਹ ਤਬਸਰਾ ਮੈਂ ਬਾਬੇ ਦੀ ਇਕ ਛੋਟੀ ਪਰ ਅਹਿਮ ਨਜ਼ਮ ਨਾਲ ਖ਼ਤਮ ਕਰਦਾ ਹਾਂ, ਜਿਸ ਦਾ ਨਾਂ ਹੈ, 'ਭਗਤ ਸਿੰਘ’
ਨੱਚਾਂ ਗਾਵਾਂ
ਭੰਗੜੇ ਪਾਵਾਂ
ਦੇਗਾਂ ਚਾੜ੍ਹਾਂ ਰਾਤ ਦਿਨੇਂ
ਮੇਰਾ ਪੁੱਤਰ, ਮੇਰੇ ਵੀਰ ਤੇ
ਆਪਣੇ ਤਾਏ ਭਗਤ ਸਿੰਘ ਦੇ
ਪੈਰਾਂ ਉੱਤੇ ਪੈਰ ਧਰੇ
ਮੇਰੀ ਪੂਰੀ ਆਸ ਕਰੇ !
(ਸੋਚਾਂ ਵਿੱਚ ਜਹਾਨ -ਸਫ਼ਾ 176)
ਮੈਨੂੰ ਬਾਬਾ ਨਜਮੀ ਦਾ ਤੀਸਰਾ ਕਾਵਿ-ਸੰਗ੍ਰਹਿ 'ਮੇਰਾ ਨਾ ਇਨਸਾਨ’ 2004 ਵਿੱਚ ਮੇਰੀ ਲਾਹੌਰ ਫੇਰੀ ਸਮੇਂ ਪ੍ਰਾਪਤ ਹੋਇਆ ਸੀ। ਦੋ ਸੌ ਪੰਨਿਆਂ ਦੇ ਇਸ ਕਾਵਿ-ਸੰਗ੍ਰਹਿ ਵਿੱਚ 1995 ਤੋਂ 2002 ਦੇ ਸਾਲਾਂ ਵਿੱਚਕਾਰ ਲਿਖੀਆਂ ਗਜ਼ਲਾਂ ਤੇ ਨਜ਼ਮਾਂ ਪੇਸ਼ ਹਨ। ਏਸੇ ਸੰਗ੍ਰਹਿ ਵਿੱਚ ਉਸ ਦੀਆਂ ਕੁਝ ਸ਼ਾਹਕਾਰ ਸਿਆਸੀ ਨਜ਼ਮਾਂ ਤੇ ਨਾਲ ਵਧੇਰੇ ਕਰ ਕੇ ਗਜ਼ਲਾਂ ਵੀ ਸ਼ਾਮਲ ਹਨ। ਜਿਹਨਾਂ ਵਿੱਚ ਉਸ ਦੀ ਸੁਪ੍ਰਸਿੱਧ ਤੇ ਸ਼ਾਹਕਾਰ ਨਜ਼ਮ "ਜਸ਼ਨੇ-ਪਾਕਿਸਤਾਨ ਮਨਾ" ਵੀ ਸ਼ਾਮਲ ਹੈ। ਬਾਬੇ ਦੇ ਤੀਸਰੇ ਕਾਵਿ-ਸੰਗ੍ਰਹਿ ਵਿੱਚ ਉਸ ਦਾ ਕਾਵਿ-ਮੁਹਾਵਰਾ ਬਦਲਦਾ ਨਹੀਂ, ਸਗੋਂ ਪਹਿਲਾ ਸਿਰਜਤ ਕਾਵਿ-ਅੰਦਾਜ਼ ਹੋਰ ਪਰਪੱਕ ਹੁੰਦਾ ਹੈ।
ਬਾਬੇ ਦੀਆਂ 2002 ਤੋਂ ਬਾਅਦ ਲਿਖੀਆਂ ਕਾਵਿ-ਰਚਨਾਵਾਂ ਅਜੇ ਤੀਕ ਕਿਸੇ ਕਾਵਿ-ਸੰਗ੍ਰਹਿ ਦੇ ਰੂਪ ਵਿੱਚ ਛਪ ਕੇ ਸਾਡੇ ਤੀਕ ਨਹੀਂ ਪਹੁੰਚੀਆਂ। ਦੋਵਾਂ ਪੰਜਾਬਾਂ ਵਿਚਲੀ ਉਸਦੀ ਹਰਮਨ ਪਿਆਰਤਾ ਤੇ ਮਕਬੂਲੀਅਤ ਦੇ ਸਨਮੁੱਖ ਅਦਾਰਾ ਪੰਜਾਬੀ ਸੱਥ ਲਾਂਬੜਾ ਨੇ ਉਸ ਦੀ ਚੋਣਵੀਂ ਕਵਿਤਾ ਨੂੰ ਲਿਪੀ-ਅੰਤਰਣ ਤੇ ਸੰਪਾਦਨ ਕਰਨ ਦਾ ਕਾਰਜ ਮੈਨੂੰ ਸੌਂਪਿਆ ਸੀ, ਜਿਸ ਨੂੰ ਸਿਰੇ ਚਾੜ੍ਹਦਿਆਂ ਮੈਨੂੰ ਖੁਸ਼ੀ ਹੋਈ ਹੈ। ਮੈਨੂੰ ਆਸ ਹੈ ਸਾਡੇ ਚੜ੍ਹਦੇ ਪੰਜਾਬ ਦੇ ਕਵਿਤਾ ਪ੍ਰੇਮੀ ਬਾਬੇ ਦੀ ਲੋਕਾਂ ਨੂੰ ਸਮਰਪਿਤ ਸ਼ਾਇਰੀ ਨੂੰ ਬੇਹੱਦ ਪਸੰਦ ਕਰਨਗੇ। ਸਾਡੇ ਏਧਰਲੇ ਪੰਜਾਬੀਆਂ ਲਈ ਬਾਬਾ ਹੁਣ ਨਾ ਹੀ ਨਵਾਂ ਨਾਂ ਹੈ ਤੇ ਨਾ ਹੀ ਓਪਰਾ ਹੈ। ਉਹ ਸਾਡੇ ਘਰ ਦਾ ਬੰਦਾ ਹੈ।
-ਹਰਭਜਨ ਸਿੰਘ ਹੁੰਦਲ
ਪਿੰਡ ਫੱਤੂ ਚੱਕ, ਡਾਕ ਘਰ ਢਿਲਵਾਂ
ਜ਼ਿਲ੍ਹਾ ਕਪੂਰਥਲਾ - 144804
ਫੋਨ: 01822-273188
ਅੱਖਰਾਂ ਵਿੱਚ ਸਮੁੰਦਰ
(ਭਾਗ ਪਹਿਲਾ)
ਗ਼ਜ਼ਲਾਂ
1
ਇਸ਼ਕ ਦੀ ਬਾਜ਼ੀ ਜਿੱਤਣ ਨਾਲੋਂ, ਹਰ ਜਾਈਏ ਤੇ ਚੰਗਾ ਏ।
ਭੱਜਣ ਨਾਲੋਂ ਵਿੱਚ ਮੈਦਾਨੇ, ਮਰ ਜਾਈਏ ਤੇ ਚੰਗਾ ਏ।
ਚੜ੍ਹੀ ਹਨੇਰੀ, ਰੱਬ ਈ ਜਾਣੇ, ਕਿਹੜਾ ਰੰਗ ਲਿਆਵੇਗੀ,
ਇਹਦੇ ਆਉਣ ਤੋਂ ਪਹਿਲਾਂ ਪਹਿਲਾਂ, ਘਰ ਜਾਈਏ ਤੇ ਚੰਗਾ ਏ।
ਖੌਰੇ ਕੱਲ੍ਹ ਮਿਲੇ ਨਾ ਮੌਕਾ, ਫੇਰ ਇਕੱਠਿਆਂ ਹੋਵਣ ਦਾ,
ਕੱਲ੍ਹ ਦੀਆਂ ਵੀ ਅੱਜ ਈ ਗੱਲਾਂ, ਕਰ ਜਾਈਏ ਤੇ ਚੰਗਾ ਏ।
ਕਿਉਂ ਵੇਲੇ ਦੀ ਉਂਗਲ ਫੜ ਕੇ ਬਾਲ ਸਦਾਈਏ ਲੋਕਾਂ ਤੋਂ,
ਨਕਲਾਂ ਨਾਲੋਂ ਕੋਰਾ ਪਰਚਾ, ਧਰ ਜਾਈਏ ਤੇ ਚੰਗਾ ਏ।
ਖੂਹ ਗਰਜ਼ਾਂ ਦਾ ਸਦੀਆਂ ਹੋਈਆਂ, ਸਾਡੇ ਕੋਲੋਂ ਭਰਿਆ ਨਹੀਂ,
ਅਜੇ ਵੀ ਵੇਲਾ, ਇਹਦੇ ਕੋਲੋਂ ਡਰ ਜਾਈਏ ਤੇ ਚੰਗਾ ਏ।
ਖਬਰੇ ਕੱਲ੍ਹ ਨੂੰ ਪੀੜ ਮਨਾਵੇ, ਜੁੱਸਾ 'ਬਾਬਾ' ਫੁੱਲਾਂ ਦੀ,
ਪਰਖ ਕਰਾਉਣ ਲਈ ਕੁਝ ਤੇ ਪੱਥਰ ਜਰ ਜਾਈਏ ਤੇ ਚੰਗਾ ਏ।
-0-
2
ਮਿੱਟੀ ਪਾਣੀ, ਸੱਚਾ ਇੱਕੋ, ਪੱਕੀਆਂ ਵੀ ਇੱਕ ਭੱਠੇ।
ਇਹ ਕਿਉਂ ਨਾਲੀ ਵਿੱਚ ਲੱਗੀਆਂ ਨੇ, ਉਹ ਕਿਉਂ ਮਹਿਲ ਦੇ ਮੱਥੇ।
ਏਹੋ ਜਿਹਾ ਇੱਕ ਸ਼ਹਿਰ ਵਸਾਵਾਂ, ਜੀ ਕਰਦਾ ਏ ਮੇਰਾ।
ਹਾਏ ਦੀ ਵਾਜ ਵੀ ਜਿੱਥੋਂ ਆਵੇ ਸਾਰੀ ਦੁਨੀਆ ਨੱਠੇ।
ਖੌਰੇ ਕਿਹੜੇ ਕੱਚੇ ਕੋਠੇ ਢਹਿਣ ਦੀ ਹੁਣ ਏ ਵਾਰੀ।
ਅਸਮਾਨਾਂ 'ਤੇ ਕਾਲੇ ਬੱਦਲ ਹੋ ਗਏ ਨੇ ਫਿਰ ਕੱਠੇ।
ਮਾੜੇ ਨੂੰ ਵੱਖ ਬੰਨ੍ਹਣ ਨਾਲੋਂ, ਤਗੜੇ ਦੇ ਸਿੰਗ ਭੰਨੋ।
ਸਾਂਝੀ ਖੁਰਲੀ ਵਿੱਚੋਂ ਜਿਹੜਾ ਖਾਣ ਨਈਂ ਦਿੰਦਾ ਪੱਠੇ ।
ਸਾਡੇ ਵਿੱਚ ਕਮੀ ਇਹ ਕਿਹੜੀ, ਸਾਨੂੰ ਆਖੋ ਕੰਮੀ।
ਸਾਡੇ ਨਾਲ ਖਲੋ ਕੇ ਵੇਖਣ, ਰਾਜੇ, ਚੀਮੇ, ਚੱਠੇ।
ਪਰ੍ਹਿਆ ਵਿੱਚ ਮੈਂ ਤਾਂ ਜਾਵਾਂਗਾ, ਸ਼ਰਤ ਮੇਰੀ ਜੋ ਮੰਨੇ।
ਕਿਸੇ ਵੀ ਇੱਕ ਦੀ ਖਾਤਰ ਉਥੇ, ਮੰਜਾ ਕੋਈ ਨਾ ਡੱਠੇ।
ਮੰਜ਼ਲ ਉੱਤੇ ਵੇਖ ਕੇ ਮੈਨੂੰ, ਦੇਂਦੇ ਅੱਜ ਵਧਾਈਆਂ।
ਕਦਮ ਕਦਮ 'ਤੇ ਜਿਹੜੇ 'ਬਾਬਾ' ਕਰਦੇ ਰਹੇ ਨੇ ਠੱਠੇ।
-0-
3
ਦਿਨ ਦਾ ਸੂਰਜ ਬਣ ਕੇ ਰਾਤ ਦਾ ਚੰਨ ਵਿਖਾ।
ਸ਼ੀਸ਼ੇ ਨਾਲੋਂ ਸੁਹਣਾ ਆਪਣਾ ਮਨ ਵਿਖਾ।
ਸੂਈ ਦਾ ਨੱਕਾ ਭਰ ਨਾ ਸਕਦਾ ਤੇਰੀ ਮੈਲ,
ਫੁੱਲਾਂ ਵਾਂਗੂੰ ਧੋ ਕੇ ਆਪਣਾ ਤਨ ਵਿਖਾ।
ਜਿਹਨਾਂ ਆਪਣੇ ਸਿਰ ਨੇ ਵਾਰੇ ਅਣਖਾਂ ਤੋਂ,
ਉਹਨਾਂ ਲੋਕਾਂ ਵਰਗੀ ਆਪਣੀ ਫਨ ਵਿਖਾ।
ਤੇਰੇ ਬੁੱਲ੍ਹ, ਨਈਂ ਹਿੱਲੇ ਭਰਦੀਆਂ ਚੀਕਾਂ ਤੇ,
ਵੈਦ ਕਿਸੇ ਨੂੰ ਸੱਜਣਾ ਆਪਣੇ ਕੰਨ ਵਿਖਾ।
ਸੱਚੇ ਮੁਨਸਿਫ ਅਜੇ ਨਈਂ ਬੈਠੇ ਕੁਰਸੀ ਤੇ,
ਗੱਲੀਂ ਨਾ ਫਨਕਾਰਾ ਆਪਣਾ ਫਨ ਵਿਖਾ।
ਮੈਂ ਵੀ ਕੱਲ੍ਹ ਦੀ ਛੁੱਟੀ ਕਰ ਕੇ ਵੇਖ ਲਵਾਂ,
ਮੇਰੇ ਪੀਪੇ ਵਿੱਚ ਵੀ ਏਨਾ ਅੰਨ ਵਿਖਾ।
ਆਪਣੀ ਲੈ ਮਜ਼ਦੂਰੀ 'ਬਾਬਾ' ਆਕੜ ਕੇ,
ਕੁੜਤਾ ਲਾਹ ਕੇ ਮੋਢੇ ਦਾ ਨਾ ਕੰਨ੍ਹ ਵਿਖਾ।
-0-
4
ਕਾਨੇ ਉੱਤੇ ਟੰਗੇ ਰਹਿ ਗਏ ਮੇਰਾ ਹਾਰ,
ਲੋਕੀਂ ਆਪਣੇ ਪੱਥਰ ਵੇਚ ਕੇ ਟੁਰ ਗਏ ਨੇ।
ਮੈਥੋਂ ਪਹਿਲਾਂ ਕਈ ਫਨਕਾਰ ਜ਼ਮਾਨੇ ਦੇ,
ਮਜਬੂਰੀ ਤੋਂ ਅੱਖਰ ਵੇਚ ਕੇ ਟੁਰ ਗਏ ਨੇ।
ਕਿਹੜੇ ਖਾਤੇ ਲਿੱਖਾਂ ਨਾਂ ਮੈਂ ਉਹਨਾਂ ਦਾ,
ਜਿਹੜੇ ਆਪਣੇ ਟੱਬਰ ਵੇਚ ਕੇ ਟੁਰ ਗਏ ਨੇ।
ਮੰਨਾ ਕਿਸਰਾਂ ਮੈਂ ਉਹਨਾਂ ਦੀ ਵਾਹੀ ਨੂੰ,
ਜਿਹੜੇ ਹਾਲੀ ਡੰਗਰ ਵੇਚ ਕੇ ਟੁਰ ਗਏ ਨੇ।
ਕਿਹੜੀ ਕਾਲਖ ਮੱਥੇ ਲੱਗੀ ਉਹਨਾਂ ਦੇ,
ਲੰਬੜ ਆਪਣਾ ਨਗਰ ਵੇਚ ਕੇ ਟੁਰ ਗਏ ਨੇ।
ਸ਼ਹਿਰ 'ਚ ਮੇਰਾ ਰੱਤੀ ਸ਼ਹਿਦ ਵੀ ਟਿਕਣਾ ਨਈਂ,
ਉਹ ਭੂੰਡਾਂ ਦੀ ਖੱਖਰ ਵੇਚ ਕੇ ਟੁਰ ਗਏ ਨੇ।
-0-
5
ਕਿਸਰਾਂ ਖਿੱਚਾਂ ਮੈਂ ਤਸਵੀਰਾਂ ਸ਼ਹਿਰ ਦੀਆਂ।
ਪਾਟੇ ਖਿੱਦੋ ਵਾਂਗੂੰ ਲੀਰਾਂ ਸ਼ਹਿਰ ਦੀਆਂ।
ਮੈਨੂੰ ਸ਼ਹਿਰ 'ਚੋਂ ਕੱਢਣ ਲੱਗਿਆਂ ਸੋਚ ਲਵੋ,
ਕੌਣ ਕਰੇਗਾ ਫੇਰ ਤਹਿਮੀਰਾਂ ਸ਼ਹਿਰ ਦੀਆਂ।
ਸੁਫਨਾ ਵੀ ਤੇ ਪਹਿਲਾਂ ਮੈਨੂੰ ਆਇਆ ਸੀ,
ਮੈਂ ਦੱਸੀਆਂ ਸਨ ਫੇਰ ਤਹਿਬੀਰਾਂ ਸ਼ਹਿਰ ਦੀਆਂ।
ਰਸਮਾਂ ਵਾਲੇ ਜਦ ਤੱਕ ਬੁਰਜ ਨਾ ਤੋੜਾਂਗੇ,
ਰੋਂਦੇ ਰਹਿਣਗੇ ਰਾਂਝੇ ਹੀਰਾਂ ਸ਼ਹਿਰ ਦੀਆਂ।
ਜਿਹੜੇ ਸ਼ਹਿਰ 'ਚ ਰਾਤੀਂ ਕੀੜੀ ਦਿਸਦੀ ਸੀ,
ਕਿੱਧਰ ਗਈਆਂ ਉਹ ਤਨਵੀਰਾਂ ਸ਼ਹਿਰ ਦੀਆਂ।
ਉਹੋ ਪੀੜ ਮਨਾਉਂਦਾ ਇਹਦੇ ਢੱਠਣ 'ਤੇ,
ਹੱਥੀਂ ਕਰਦਾ ਜੋ ਤਹਿਮੀਰਾਂ ਸ਼ਹਿਰ ਦੀਆਂ।
ਰਲ ਕੇ ਪੁੱਛੀਏ ਆਪਣੇ ਸ਼ਹਿਰ ਦੇ ਰਾਖੇ ਨੂੰ,
ਕੀਹਦੀ ਛਹਿ 'ਤੇ ਹੋਈਆਂ ਲੀਰਾਂ ਸ਼ਹਿਰ ਦੀਆਂ।
-0-
6
ਅੱਖਰਾਂ ਵਿੱਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ।
ਝੱਖੜਾਂ ਦੇ ਵਿੱਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ।
ਧੂੜਾਂ ਨਾਲ ਕਦੇ ਨਈਂ ਮਰਨਾ ਸ਼ੀਸ਼ੇ ਦੇ ਲਿਸ਼ਕਾਰੇ ਨੇ,
ਜਿੰਨੀ ਮਰਜ਼ੀ ਤਿੱਖੀ ਬੋਲੇ ਉਰਦੂ, ਬਾਲ ਪੰਜਾਬੀ ਦਾ।
ਲੋਕੀਂ ਮੰਗ ਮੰਗਾ ਕੇ ਆਪਣਾ ਬੋਹਲ ਬਣਾ ਕੇ ਬਹਿ ਗਏ ਨੇ,
ਅਸਾਂ ਤੇ ਮਿੱਟੀ ਕਰ ਦਿੱਤਾ ਏ ਸੋਨਾ ਗਾਲ ਪੰਜਾਬੀ ਦਾ।
ਜਿਹੜੇ ਆਖਣ ਵਿੱਚ ਪੰਜਾਬੀ ਵੁਹਸਤ ਨਹੀਂ, ਤਹਿਜ਼ੀਬ ਨਹੀਂ,
ਪੜ੍ਹ ਕੇ ਵੇਖਣ 'ਵਾਰਸ', 'ਬੁੱਲ੍ਹਾ', 'ਬਾਹੂ', 'ਲਾਲ' ਪੰਜਾਬੀ ਦਾ।
ਤਨ ਦਾ ਮਾਸ ਖਵਾ ਦੇਂਦਾ ਏ ਜਿਹੜਾ ਇਹਨੂੰ ਪਿਆਰ ਕਰੇ,
ਕੋਈ ਵੀ ਜ਼ਬਰਾ ਕਰ ਨਈਂ ਸਕਦਾ ਵਿੰਗਾ ਵਾਲ ਪੰਜਾਬੀ ਦਾ।
ਮਾਂ ਬੋਲੀ ਦੀ ਘਰ ਵਿੱਚ ਇੱਜ਼ਤ ਕੰਮੀਂ ਜਿੰਨੀ ਵੇਖ ਰਿਹਾਂ,
ਦੇਸ ਪਰਾਏ ਕੀ ਹੋਵੇਗਾ ਖੌਰੇ ਹਾਲ ਪੰਜਾਬੀ ਦਾ।
ਗਰਜ਼ਾਂ ਵਾਲੀ ਜੋਕ ਨੇ ਸਾਡੇ ਮਗਰੋਂ ਜਦ ਤੱਕ ਲਹਿਣਾ ਨਹੀਂ,
ਓਨਾ ਚਿਰ ਤੇ ਹੋ ਨਈਂ ਸਕਦਾ, ਹੱਕ ਬਹਾਲ ਪੰਜਾਬੀ ਦਾ।
ਹੱਥ ਹਜ਼ਾਰਾਂ ਵਧ ਕੇ 'ਬਾਬਾ' ਘੁੱਟ ਦੇਂਦੇ ਨੇ ਮੇਰਾ ਮੂੰਹ,
ਪਰ੍ਹਿਆਂ ਦੇ ਵਿੱਚ ਜਦ ਵੀ ਚੁੱਕਨਾ ਕੋਈ ਸਵਾਲ ਪੰਜਾਬੀ ਦਾ।
-0-
7
ਜੁੱਸੇ ਉੱਤੇ ਛਾਪੇ ਜਿਹੜੇ, ਇਹ ਨੇ ਅੱਖਰ ਨੀਲਾਂ ਦੇ।
ਵੇਖ ਕੇ ਟੁਰ ਜਾ, ਚੰਗਾ ਰਏਂਗਾ, ਜਾਹ ਨਾ ਵਿੱਚ ਤਫਸੀਲਾਂ ਦੇ।
ਘਰ ਦੇ ਘੜੇ 'ਚੋਂ ਪਾਣੀ ਪਾ ਕੇ ਜਿਹੜਾ ਬਾਲ ਨਾ ਪੀਂਦਾ ਏ,
ਕਿਸਰਾਂ ਭਰ ਭਰ ਉਹ ਪਾਵੇਗਾ ਮਸ਼ਕਾਂ ਵਿੱਚ ਸ਼ਬੀਲਾਂ ਦੇ।
ਖੌਰੇ ਕਿਹੜਾ ਕਰਜ਼ਾ ਦੇਣਾ, ਸ਼ਹਿਰ 'ਚ ਆਵਣ ਵਾਲੇ ਦਾ,
ਬੰਦੇ ਇੰਜ ਖਲੋਤੇ ਹੋਏ, ਪੱਥਰ ਜਿਸਰਾਂ ਮੀਲਾਂ ਦੇ।
ਉੱਚੇ ਮਹਿਲਾਂ ਥੱਲੇ ਵੇਖਾਂ ਜਦ ਵੀ ਮੰਗਣ ਵਾਲੇ ਨੂੰ,
ਅੱਚਣ ਚੇਤੀ ਚੇਤੇ ਆਉਂਦੇ, ਉੱਚੇ ਝੁੱਗੇ ਚੀਲਾਂ ਦੇ।
ਹਿੰਮਤ ਪੈਰ ਫੜਾਵੇ ਤੈਨੂੰ ਅੱਖਾਂ ਮੀਟ ਕੇ ਫੜ ਲਈਂ ਤੂੰ,
ਉਸ ਬੇੜੀ ਨਾ ਬੈਠੀਂ ਜਿਹੜੀ ਚੱਪੂ ਦਏ ਦਲੀਲਾਂ ਦੇ।
ਓਨਾ ਚਿਰ ਤੱਕ ਤੇਰੇ ਘਰ ਦਾ, ਨ੍ਹੇਰੇ ਪਿੱਛਾ ਛੱਡਣਾ ਨਈਂ,
ਜਦ ਤੱਕ ਤੇਰੀ ਯਾਰੀ ਰਹੇਗੀ ਸੱਜਣਾ, ਨਾਲ ਬਖੀਲਾਂ ਦੇ।
ਅੱਖੀਂ ਵੇਖ ਲਵਾਂ ਨਾ ਜਿਹੜਾ ਮੈਂ ਉਹ ਸੌਦਾ ਲੈਂਦਾ ਨਈਂ,
ਭਾਵੇਂ ਤੇਰਾ ਬੰਦ ਏ ਸੋਨਾ, 'ਬਾਬਾ' ਅੰਦਰ ਸੀਲਾਂ ਦੇ।
-0-
8
ਇੰਝ ਭਰੇ ਨੇ ਬਕਸੇ ਕੁੰਡੇ ਵੱਜਦੇ ਨਈਂ।
ਫਿਰ ਵੀ ਸ਼ਹਿਰ ਦੇ ਲੋਕੀਂ ਸਿਰ ਨੂੰ ਕੱਜਦੇ ਨਈਂ।
ਲਿੱਬੜੇ ਵੀ ਕਈ ਚਿਹਰੇ ਚੰਗੇ ਲੱਗਦੇ ਨੇ,
ਕਈਆਂ ਨੂੰ ਲਿਸ਼ਕਾਈਏ, ਫਿਰ ਵੀ ਸੱਜਦੇ ਨਈਂ।
ਸੁਣ ਸਿਰਨਾਵਾਂ ਤੂੰ ਪੰਜਾਬ ਕਹਾਣੀ ਦਾ,
ਵਿੱਚ ਮਦਾਨੇ ਮਰ ਜਾਨੇ ਆਂ, ਭੱਜਦੇ ਨਈਂ।
ਹੱਕ ਨਾ ਮੰਗੋ ਗਾਸਬ* ਕੋਲੋਂ ਨਰਮੀ ਨਾਲ,
ਫੁੱਲਾਂ ਨਾਲ ਕਦੀ ਵੀ ਪੱਥਰ ਭੱਜਦੇ ਨਈਂ।
ਖੌਰੇ ਕਿਹੜੀ ਚੱਸ ਏ ਉਹਦੇ ਅੱਖਰਾਂ ਵਿੱਚ,
ਸਦੀਆਂ ਬਹਿ ਦੁਹਰਾਈਏ ਤਾਂ ਵੀ ਰੱਜਦੇ ਨਈਂ।
ਪਲਦਾ ਪਿਆ ਵਾਂ ਮੈਂ ਸਦੀਆਂ ਤੋਂ ਇਹਨਾਂ ਹੇਠ,
ਇਹ ਜ਼ੁਲਮਾਂ ਦੇ ਬੱਦਲ ਸਿਰ 'ਤੇ ਅੱਜ ਦੇ ਨਈਂ।
(ਗਾਸਬ = ਡਾਕੂ)
-0-
9
ਕੀਹਨੂੰ ਲੈ ਕੇ ਲੰਘੇ ਅੱਜ ਬਾਜ਼ਾਰਾਂ 'ਚੋਂ'।
ਵਾਜ ਪਈ ਆਵੇ ਡਸਕਣ ਦੀ, ਦੀਵਾਰਾਂ 'ਚੋਂ'।
ਕੀਹਦੇ ਹੱਥ ਸਰੰਗੀ ਆ ਗਈ ਵੇਲੇ ਦੀ,
ਸੁਰ ਦੇ ਬਦਲੇ ਚੀਕਾਂ ਸੁਣੀਆਂ ਤਾਰਾਂ 'ਚੋਂ'।
ਕਿਉਂ ਕਰਨਾ ਏਂ ਉਹਦੀ ਤੂੰ ਪੜਚੋਲ ਪਿਆ,
ਬੋਲ ਪਵੇਗਾ ਆਪੇ ਉਹ ਕਿਰਦਾਰਾਂ 'ਚੋਂ'।
ਉਹਦੇ ਨਾਲੋਂ ਮੰਗਤਾ ਚੰਗਾ ਗਲੀਆਂ ਦਾ,
ਭੇਸ ਵਟਾ ਕੇ ਮੰਗੇ ਜੋ ਦਰਬਾਰਾਂ 'ਚੋਂ'।
ਆਪਣੀ ਜੇ ਪਹਿਚਾਣ ਕਰਾਉਣੀ ਦੁਨੀਆਂ ਨੂੰ,
ਉੱਡ ਜ਼ਰਾ ਜਿਆ ਵੱਖਰਾ ਹੋ ਕੇ ਡਾਰਾਂ 'ਚੋਂ।
ਨ੍ਹੇਰੇ ਵਿੱਚ ਖੁਸ਼ਬੂ ਵੀ ਅੰਨ੍ਹੀ ਹੁੰਦੀ ਏ,
ਫੁੱਲ ਕਦੀ ਨਈਂ ਲੱਭੇ 'ਬਾਬਾ' ਖਾਰਾਂ 'ਚੋਂ'।
-0-
10
ਜਿਹੜੇ ਲੋਕੀਂ ਧਰ ਲੈਂਦੇ ਨੇ ਸਿਰ 'ਤੇ ਤਾਜ ਉਨਾਵਾਂ ਦੇ।
ਉਹ ਅਹਿਸਾਨ ਕਦੇ ਨਹੀਂ ਲੈਂਦੇ, ਧੁੱਪਾਂ ਸੜੀਆਂ ਛਾਵਾਂ ਦੇ।
ਸ਼ਾਮ ਪਈ ਸੁਰ ਦਿਲ ਦਾ ਰਿਸ਼ਤਾ ਪੈਰਾਂ ਨਾਲੋਂ ਟੁੱਟਿਆ ਏ,
ਬੰਦ ਕਦੇ ਨਈਂ ਹੁੰਦੇ ਵੇਖੇ ਬੂਹੇ ਅਸਾਂ ਸਰਾਵਾਂ ਦੇ।
ਸ਼ੀਸ਼ ਮਹੱਲ ਦੀ ਵੰਡੀ ਉੱਤੋਂ, ਕਿਹੜੀ ਹੋਣੀ ਝੁੱਲੇਗੀ,
ਚੌਂਹ ਇੱਟਾਂ ਨੇ ਕਰ ਛੱਡੇ ਨੇ, ਚਿੱਟੇ ਲਹੂ ਭਰਾਵਾਂ ਦੇ।
ਮੇਰੇ ਮੱਥੇ ਖ਼ੁਦਗਰਜ਼ੀ ਦੀ ਤੁਹਮਤ ਕਦੇ ਵੀ ਜੜਦੇ ਨਾ,
ਲੋਕਾਂ ਵਾਂਗੂੰ ਮੈਂ ਵੀ ਚੁੰਮਦਾ ਖੁਰ ਜੇ ਕਾਲੀਆਂ ਗਾਵਾਂ ਦਾ।
ਭੱਠੀ ਦੇ ਵਿੱਚ ਬਲਦੇ ਵੇਖੇ, ਜਾਂ ਉਹ ਵੇਖੇ ਰੂੜੀ 'ਤੇ,
ਰੁੱਖਾਂ ਦਾ ਸੰਗ ਛੱਡਿਆ ਜਿਹਨਾਂ ਆਖੇ ਲੱਗ ਹਵਾਵਾਂ ਦੇ।
ਮੇਰੇ ਘਰ ਦੇ ਅੱਗੇ ਚਿੱਕੜ ਵੇਖ ਕੇ ਜਿਹੜੇ ਮੁੜਦੇ ਰਹੇ,
ਕੁਰਸੀ ਉੱਤੇ ਵੇਖ ਕੇ ਮੈਨੂੰ ਦਾਅਵੇ ਕਰਨ ਭਰਾਵਾਂ ਦੇ।
ਕਦੇ ਤੇ ਸੁੱਕੀਆਂ ਰੇਤਾਂ ਦੀ ਹਿੱਕ, ਸੂਰਜ ਦਾ ਮੂੰਹ ਧੋਂਦੀ ਏ,
ਕਦੇ ਕਦੇ ਸੁਕ ਜਾਂਦੇ ‘ਬਾਬਾ' ਵਗਦੇ ਹੜ੍ਹ ਦਰਿਆਵਾਂ ਦੇ।
-0-
11
ਆਪੇ ਸੁਣੀ ਦੁਹਾਈ ਆਪਣੀ ਧੰਮੀਂ ਤੀਕ।
ਕੀਤੀ ਆਪ ਸਗਾਈ ਆਪਣੀ ਧੰਮੀਂ ਤੀਕ।
ਦਿਨ ਚੜ੍ਹਿਆ ਤੇ ਸੂਲੀ ਉੱਤੇ ਟੰਗਿਆ ਸਾਂ,
ਸੁਣਦਾ ਰਿਹਾ ਰਿਹਾਈ ਆਪਣੀ ਧੰਮੀਂ ਤੀਕ।
ਲੋਕਾਂ ਸੌਂ ਕੇ ਦਿਨ ਦੇ ਲਏ ਥਕੇਵੇਂ ਲਾਹ,
ਮੈਂ ਕਿਉਂ ਅੱਖ ਨਾ ਲਾਈ ਆਪਣੀ ਧੰਮੀਂ ਤੀਕ।
ਮੂੰਹ ਲੁਕਾ ਕੇ ਫਜਰੇ ਨਿਕਲੇ ਜਿਹਨਾਂ ਲਈ,
ਝਾਂਜਰ ਮੈਂ ਛਣਕਾਈ ਆਪਣੀ ਧੰਮੀਂ ਤੀਕ।
ਬੂਹਾ ਭੰਨਣ ਵਾਲੇ ਸਰਦਲ ਚੁੰਮਣਗੇ,
ਜਿੰਦ ਨਾ ਜੇ ਘਬਰਾਈ ਆਪਣੀ ਧੰਮੀਂ ਤੀਕ।
ਵੇਖ ਲਵਾਂਗਾ ਮੇਲਾ ਖਬਰੇ ਖੁਸ਼ੀਆਂ ਦਾ,
ਸਹਿ ਜਾਂ ਇਹ ਤਨਹਾਈ ਆਪਣੀ ਧੰਮੀਂ ਤੀਕ।
-0-
12
ਕੰਧਾਂ ਉੱਤੇ ਵਿੰਗ ਤੜਿੰਗੀਆਂ ਤੱਕੀਆਂ ਕੁਝ ਲਕੀਰਾਂ।
ਸੋਚ ਮੇਰੀ ਨੇ ਕੱਢ ਲਈਆਂ ਨੇ ਵਿੱਚੋਂ ਕਈ ਤਸਵੀਰਾਂ।
ਠਾਠਾਂ ਵਾਂਗ ਸਮੁੰਦਰ ਮਾਰੋ, ਵੱਸੋਂ ਵਾਂਗਰ ਸ਼ਾਹਾਂ,
ਦਿਲ ਦਰਿਆਵਾਂ ਵਾਂਗਰ ਰੱਖੋ, ਸੋਚਾਂ ਵਾਂਗ ਫਕੀਰਾਂ।
ਬੱਦਲ ਤੇਰੀ ਪੈਲੀ ਛੱਡ ਕੇ, ਜਾ ਵਰ੍ਹਦੇ ਨੇ ਅੱਗੇ,
ਮੁੜ ਕੇ ਇੰਜ ਕਦੇ ਨਾ ਹੋਵੇ, ਸੋਚ ਕੋਈ ਤਦਬੀਰਾਂ।
ਦੋ ਗਜ਼ ਕੱਪੜਾ ਲੈ ਕੇ ਜਿਹੜਾ ਢੱਕ ਨਈਂ ਸਕਦਾ ਜੁੱਸਾ,
ਸ਼ਰਮ ਨਈਂ ਆਉਂਦੀ ਉਹਦੇ ਕੋਲੋਂ ਪੁੱਛਣਾ ਏਂ ਤਕਦੀਰਾਂ।
ਲੱਖ ਗੁਣਾ ਏਂ ਚੰਗਾ ਮੈਨੂੰ ਆਪਣੇ ਘਰ ਦਾ 'ਨ੍ਹੇਰਾ,
ਚਾਨਣ ਦੇ ਵਿੱਚ ਕਿਉਂ ਨਲਵਾਵਾਂ ਆਪਣੇ ਗਲ ਦੀਆਂ ਲੀਰਾਂ।
ਕਦਮ ਕਦਮ 'ਤੇ ਘਰ ਦੀਆਂ ਲੋੜਾਂ ਮੇਰੀ ਨੀਯਤ ਬਦਲੀ,
ਮੋੜ ਮੋੜ ਕੇ ਸੱਚ ਨੂੰ ਪਾਈਆਂ, 'ਬਾਬਾ' ਮੈਂ ਜ਼ੰਜੀਰਾਂ।
-0-
13
ਕਦੇ ਵੀ ਜਿਸਰਾਂ ਧਰਤੀ ਵਿੱਚੋਂ ਪਾਣੀ ਸੁੱਕ ਨਈਂ ਸਕਦਾ।
ਏਸਰਾਂ ਮੇਰੇ ਦਿਲ 'ਚੋਂ ਉਹਦਾ ਚੇਤਾ ਮੁੱਕ ਨਈਂ ਸਕਦਾ।
ਕਿਸੇ ਵੇਲੇ ਵੀ ਹੋ ਸਕਦੀ ਏ, ਉਹਦੇ ਨਾਲ ਅਨਹੋਣੀ,
ਜਿਸ ਦੇ ਕੋਲੋਂ ਆਪਣੇ ਘਰ ਦਾ ਬੂਹਾ ਢੁਕ ਨਈਂ ਸਕਦਾ।
ਆਪਣਾ ਸੀਸ ਤਲੀ 'ਤੇ ਧਰ ਕੇ, ਫਿਰ ਸਕਦਾ ਏ ਬੰਦਾ,
ਜਿਸ ਤੋਂ ਹਰਿਆ ਹੋਵੇ, ਉਹਨੂੰ ਮੋਢੇ ਚੁੱਕ ਨਈਂ ਸਕਦਾ।
ਪਾ ਜ਼ੰਜੀਰ ਸ਼ਗਨਾ ਦੀ ਲੋਕਾਂ ਰੋਕ ਲਿਆ ਏ ਉਹਨੂੰ,
ਕਦਮ ਕਦਮ ਦਾ ਸਾਥੀ ਮੇਰਾ ਮੰਜਾ ਚੁੱਕ ਨਈਂ ਸਕਦਾ।
ਅਗਲੇ ਸ਼ਹਿਰ 'ਚ ਮੈਂ ਵੀ ਜਾ ਕੇ ਸੁੱਤੇ ਲੋਕ ਜਗਾਣੇ,
ਸੂਰਜ ਨਾਲ ਯਰਾਨਾ ਮੇਰਾ, ਰਾਹ ਵਿੱਚ ਰੁਕ ਨਈਂ ਸਕਦਾ।
ਉਹਦਾ ਚਿਹਰਾ ਮੁਹਰਾ ਵੱਖਰਾ, ਕੱਦ ਕਾਠ ਵੀ ਵੱਖਰਾ,
ਜਿੰਨੀਆਂ ਮਰਜ਼ੀ ਭੀੜਾਂ ਹੋਵਣ, 'ਬਾਬਾ' ਲੁਕ ਨਈਂ ਸਕਦਾ।
-0-
14
ਤੇਰੇ ਲਈ ਹਮੇਸ਼ ਨੇ ਖੁੱਲ੍ਹੇ ਅੱਖੀਆਂ ਦੇ ਦਰਵਾਜ਼ੇ।
ਕਿੰਨਾ ਪਿਆਰ ਤੇਰੇ ਸੰਗ ਸਾਨੂੰ, ਤੈਨੂੰ ਨਹੀਂ ਅੰਦਾਜ਼ੇ।
ਫੁੱਲਾਂ ਦਾ ਕੀ ਹਾਰ ਏ ਪਾਉਣਾ, ਪਾਇਆ ਤੇ ਕੁਮਲਾਇਆ,
ਫੁੱਲ ਯਾਦਾਂ ਦੇ ਸੀਨੇ ਲਾਈਏ, ਹਰ ਦਮ ਜਿਹੜੇ ਤਾਜ਼ੇ।
ਜਿਹਨਾਂ ਨੂੰ ਇਤਬਾਰ ਨਈਂ ਹੁੰਦਾ ਆਪਣੇ ਚਿਹਰੇ ਉੱਤੇ,
ਵਿੱਚ ਬਾਜ਼ਾਰਾਂ ਉਹ ਫਿਰਦੇ ਨੇ, ਮੂੰਹ ਤੇ ਮਲ ਕੇ ਗਾਜ਼ੇ।
ਸਾਡਾ ਅੰਦਰ ਬੋਲਣ ਵਾਲਾ, ਕਰ ਗਿਆ ਆਪ ਕਿਨਾਰਾ,
ਹੁਣ ਇਹ ਭਾਵੇਂ ਸਾੜੋ ਮਿੱਟੀ, ਭਾਵੇਂ ਪੜ੍ਹ ਜਨਾਜ਼ੇ।
ਜਿੰਨਾ ਤੀਕ ਨਾ ਮੰਜ਼ਿਲ ਆਵੇ, ਮੁੜ ਕੇ ਪਿਛਾਂਹ ਨਾ ਵੇਖੀਂ,
ਭਾਵੇਂ ਲੋਕੀਂ ਤੇਰੇ ਉੱਤੇ ਕੱਸਣ ਲੱਖ ਆਵਾਜ਼ੇ।
ਸੱਸੀ ਵਾਂਗੂੰ ਨੀਂਦ ਪਿਆਰੀ, ਕਰ ਨਾ ਬੈਠੀਂ ‘ਬਾਬਾ’,
ਲੰਮੇ ਚੌੜੇ ਭੁਗਤਣੇ ਪੈਂਦੇ ਗਫਲਤ ਦੇ ਖਮਿਆਜ਼ੇ।
-0-
15
ਉਹਦੇ ਨਾਲ ਜਦੋਂ ਦੀ ਯਾਰੀ ਹੋ ਗਈ ਏ।
ਮੇਰੀ ਦੁਸ਼ਮਣ ਚਾਰ-ਦੀਵਾਰੀ ਹੋ ਗਈ ਏ।
ਮੇਲੇ ਵਿੱਚ ਵੀ ਜੀ ਨਹੀਂ ਕਰਦਾ ਹੱਸਣ ਨੂੰ,
ਜਿੰਦੜੀ ਏਹੋ ਜਹੀ ਦੁਖਿਆਰੀ ਹੋ ਗਈ ਏ।
ਮਾਪਿਆਂ ਕੋਲੋਂ ਪੁੱਤਰ ਲੈਣ ਹਿਸਾਬ ਪਏ,
ਦੁਨੀਆਂ ਕਿੰਨੀ ਕਾਰੋਬਾਰੀ ਹੋ ਗਈ ਏ।
ਵਰ੍ਹਿਆਂ ਮਗਰੋਂ ਵੇਖ ਕੇ ਉਸ ਦਾ ਨੰਗਾ ਮੂੰਹ,
ਬੁੱਢੀ ਸੱਧਰ ਫੇਰ ਕਵਾਰੀ ਹੋ ਗਈ ਏ।
ਧੁੱਪਾਂ ਵਿੱਚ ਵੀ ਸਾਡੇ ਪਿੰਡੇ ਠੰਢੇ ਨੇ,
ਸਾਨੂੰ ਕਿੱਥੋਂ ਇਹ ਬੀਮਾਰੀ ਹੋ ਗਈ ਏ।
ਰਾਵੀ ਵਿੱਚੋਂ' 'ਵਾਰਸ', 'ਰੂਮੀ' ਲੱਭਾ 'ਮੀਰ',
ਕਿਸਰਾਂ ਮੰਨਾ ਦੁਨੀਆਂ ਕਾਰੀ ਹੋ ਗਈ ਏ।
ਮੇਰੇ ਵਿੱਚ ਕਮੀਂ ਨਈਂ 'ਬਾਬਾ' ਉਹਨਾਂ ਨੂੰ,
ਆਪਣੇ ਉੱਤੇ ਬੇਇਤਬਾਰੀ ਹੋ ਗਈ ਏ।
-0-
16
ਰੂਪ ਅਣਖ ਦਾ ਮੇਰੇ ਅੰਦਰ ਲੁਕਿਆ ਏ।
ਤਾਹੀਓਂ ਨਾਲ ਤਕੱਬਰ ਸਿਰ ਮੈਂ ਚੁੱਕਿਆ ਏ।
ਖੋਲ੍ਹ ਕੇ ਉਹਦਾ ਬਕਸਾ ਦਰੀਆਂ ਵੇਖੋ ਨਾ,
ਉਹਨੂੰ ਵੇਖੋ ਜਿਹੜਾ ਘਰ ਵਿੱਚ ਢੁੱਕਿਆ ਏ।
ਊਠ ਸਵਾਰ ਵੀ ਰੋਂਦੇ ਵੇਖਾਂ, ਪੈਦਲ ਵੀ,
ਇਸ ਧਰਤੀ 'ਤੇ ਕੀਹਦਾ ਪੈਂਡਾ ਮੁੱਕਿਆ ਏ।
ਦਾਦ ਕੀ ਦੇਵਾਂ ਵਗਦੇ ਹੋਏ ਦਰਿਆਵਾਂ ਨੂੰ,
ਮੇਰੇ ਆਪਣੇ ਬਾਲ ਦਾ ਤਾਲੂ ਸੁੱਕਿਆ ਏ।
ਆਪਣੇ ਆਪ ਤੇ ਝਾਤੀ ਪਾ ਕੇ ਵਿਹੰਦਾ ਨਈਂ,
ਪੱਥਰ ਜਿਹਨੇ ਮੇਰੇ ਉੱਤੇ ਚੁੱਕਿਆ ਏ।
'ਬਾਬਾ' ਉਹਨੂੰ ਜੱਗ 'ਤੇ ਪੱਥਰ ਵੱਜਣੇ ਨੇ,
ਫਲ ਦੇ ਪਾਰੋਂ ਜਿਹੜਾ ਰੁੱਖ ਵੀ ਝੁਕਿਆ ਏ।
-0-
17
ਅੱਖਰਾਂ ਵਿੱਚ ਸਮੁੰਦਰ ਰੱਖਾਂ, ਸੋਚਾਂ ਵਿੱਚ ਜਹਾਨ।
ਸਜਦੇ ਕਰਨ ਫਰਿਸ਼ਤੇ ਮੈਨੂੰ, ਮੇਰਾ ਨਾਂ ਇਨਸਾਨ।
ਮੈਨੂੰ ਕਿੰਝ ਹਿਲਾ ਸਕਦੇ ਨੇ, ਝੱਖੜ ਤੇ ਤੂਫ਼ਾਨ।
ਖੜਾ ਵਾਂ ਸੱਤ ਜ਼ਮੀਨਾਂ ਢਾਹ ਕੇ, ਚੁੱਕ ਕੇ ਸੱਤ ਅਸਮਾਨ।
ਝੂਠਾ ਕਿਹੜਾ, ਸੱਚਾ ਕਿਹੜਾ, ਕਿਸਰਾਂ ਕਰਾਂ ਪਛਾਣ।
ਖਾਂਦੇ ਪਏ ਨੇ ਕਸਮਾਂ ਸਾਰੇ, ਸਿਰ 'ਤੇ ਰੱਖ ਕੁਰਾਨ।
ਗੱਡ ਜਿਹਾ ਇਹ ਜੁੱਸਾ ਮੇਰਾ, ਬਣ ਜਾਂਦਾ ਏ ਫੁੱਲ,
ਕੱਚੇ ਪਿੱਲੇ ਜਦੋਂ ਖਡੌਣੇ ਸ਼ਾਮੀਂ ਜੱਫੀਆਂ ਪਾਣ।
ਮੇਰੇ ਆਲ ਦਵਾਲ ਨਾ ਵੱਸੇ ਇਕ ਵੀ ਮਜ਼ਹਬ ਗੈਰ,
ਦੱਸੇ ਸ਼ਹਿਰ ਦਾ ਕਾਜ਼ੀ ਮੇਰਾ ਸੜਿਆ ਕਿੰਝ ਮਕਾਨ।
ਜੰਮਦੀ ਧੀ ਨੂੰ ਦੱਬਣ ਵਾਲਾ ਫੇਰ ਕਾਨੂੰਨ ਬਣੇ,
ਡੋਲੇ ਦੇ ਨਾਲ ਪੁੱਤਰ ਵਾਲਾ ਮੰਗੇ ਪਿਆ ਮਕਾਨ।
ਇਸ ਧਰਤੀ 'ਤੇ ਜਿੱਥੇ ਜਿੱਥੇ ਲੜਦੇ ਪਏ ਨੇ ਲੋਕ,
ਆਪਣਾ ਜੁੱਸਾ ਵੇਖਾਂ 'ਬਾਬਾ' ਹਰ ਥਾਂ ਲਹੂ-ਲੁਹਾਨ।
-0-
18
ਜਦ ਤੀਕਰ ਨਾ ਸਿਰ 'ਤੇ ਬੱਧਾ ਲਾਲ ਰੁਮਾਲ।
ਓਨਾ ਚਿਰ ਨਈਂ ਚੁੱਕਿਆ ਜਾਣਾ ਕਾਲਾ ਜਾਲ।
ਸਿਰ ਨੂੰ ਚੁੱਕ ਨੇ ਟੁਰਨ ਫਿਰਨ ਦੀ ਆਦਤ ਪਾ,
ਤੇਰੇ ਵੱਲੇ ਵੇਖ ਰਹੇ ਨੇ, ਤੇਰੇ ਬਾਲ।
ਟੁੱਕ ਤੋਂ ਰੋਂਦੇ ਪਏ ਨੇ ਬਾਲ ਗਵਾਂਢੀ ਦੇ,
ਤੂੰ ਪਿਆ ਖੇਡੇਂ ਜ਼ੁਲਫਾਂ ਤੇ ਰੁਖ਼ਸਾਰਾਂ ਨਾਲ।
ਸੂਰਜ ਕੋਲੋਂ ਪੁੱਛ ਨਾ ਰਸਤਾ ਮੰਜ਼ਿਲ ਦਾ,
ਸੂਰਜ ਨਾਲੋਂ ਬਹੁਤੇ ਤੇਰੇ ਵਿੱਚ ਕਮਾਲ।
ਮੂੰਹ 'ਤੇ ਮੈਲ ਕਦੇ ਵੀ ਜੰਮਣ ਦੇਂਦੇ ਨਈਂ,
ਜਿਹੜਿਆਂ ਲੋਕਾਂ ਯਾਰੀ ਰੱਖੀ ਸ਼ੀਸ਼ੇ ਨਾਲ।
-0-
19
ਕਿਉਂ ਧਰਨਾ ਏਂ ਅੱਗੇ ਬੁੱਤ ਇਬਾਦਤ ਲਈ।
ਲਾਜ਼ਿਮ ਤੇ ਨਈਂ ਜੁੱਸਾ ਪਿਆਰ ਮੁਹੱਬਤ ਲਈ।
ਸਾੜ ਕੇ ਮੇਰੇ ਘਰ ਨੂੰ ਆਪਣੇ ਦੁੱਖ ਨਾ ਲੈ,
ਲੱਖਾਂ ਹੋਰ ਤਰੀਕੇ ਯਾਰ ਸ਼ਿਕਾਇਤ ਲਈ।
ਉੱਡ ਜਾਣਾ ਏਂ ਇੱਕ ਦਿਨ ਪੰਛੀ ਸਾਹਵਾਂ ਦਾ,
ਜਿੰਨੀਆਂ ਮਰਜ਼ੀ ਕੰਧਾਂ ਚੁੱਕ ਹਿਫਾਜ਼ਤ ਲਈ।
ਮੰਜ਼ਿਲ ਪੈਰੀਂ ਉਹਨਾਂ ਦੇ ਡਿੱਗ ਪੈਂਦੀ ਏ,
ਜਿਹਨਾਂ ਕਦੇ ਨਈਂ ਵੇਖੇ ਵਕਤ ਰਿਆਜ਼ਤ ਲਈ।
ਇੱਕੋ ਘਰ ਦੇ ਬੰਦੇ ਪਾੜੀ ਜਾਨਾ ਏਂ,
ਤੈਨੂੰ ਕਿਹਨੇ ਚੁਣਿਆ ਏਸ ਸ਼ਰਾਰਤ ਲਈ।
ਮੇਰਾ ਸਿਰ ਤੇ ਲੱਥਾ ਵਿੱਚ ਹਨੇਰੇ ਦੇ,
ਕਿੱਥੇ ਲੈ ਕੇ ਆਵਾਂ ਲੋਕ ਸ਼ਹਾਦਤ ਲਈ।
'ਬਾਬਾ' ਮੇਰਾ ਨਿੱਤ ਸਲਾਮ ਏ ਉਹਨਾਂ ਨੂੰ,
ਲੜਦੇ ਪਏ ਨੇ ਜਿਹੜੇ ਕਲਮ ਸਦਾਕਤ ਲਈ।
-0-
20
ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮਕੱਦਰਾਂ ਦਾ।
ਉੱਗਣ ਵਾਲੇ ਉੱਗ ਪੈਂਦੇ ਨੇ, ਸੀਨਾ ਪਾੜ ਕੇ ਪੱਥਰਾਂ ਦਾ।
ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲਗਣੀ ਉਹਨਾਂ ਦੀ,
ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾਂ ਆਪਣੇ ਸਫ਼ਰਾਂ ਦਾ।
ਸੂਲੀ 'ਤੇ ਮਨਸੂਰ ਨੂੰ ਟੰਗਦੇ ਕਦੀ ਵੀ ਨਾ ਬੇਇਲਮੇ ਲੋਕ,
ਜੇ ਕੋਈ ਸ਼ਹਿਰ ਦਾ ਦਾਨਾ ਦੱਸਦਾ ਮਤਲਬ ਉਹਦੇ ਅੱਖਰਾਂ ਦਾ।
ਥਾਓਂ ਥਾਂਈਂ ਜੇ ਹੋ ਜਾਈਏ ਆਦੀ ਫਰਜ਼ ਨਿਭਾਵਣ ਦੇ,
ਕਦੇ ਨਾ ਕਰੀਏ ਇੱਕ ਦੂਜੇ ਦੇ ਅੱਗੇ ਠੂਠਾ ਸੱਧਰਾਂ ਦਾ।
ਤੇਰੇ ਸ਼ਹਿਰ ਦੇ 'ਬਾਬਾ ਨਜਮੀਂ" ਕਿਸੇ ਵੀ ਸਿਰ ਨੂੰ ਕੱਜਿਆ ਨਈਂ,
ਏਥੇ ਕਿਸਰਾਂ ਹੋਕਾ ਲਾਵਾਂ ਬੁਰਕਿਆਂ ਦਾ ਤੇ ਚੱਦਰਾਂ ਦਾ।
-0-
21
ਲੋਕੀਂ ਸਮਝਣ ਮੀਂਹ ਵਿੱਚ ਭਿੱਜਿਆ, ਮੈਂ ਤੇ ਰੋਂਦਾ ਹਟਿਆ ਵਾਂ।
ਨਜਮੀਂ ਯਾਰ ਹਰਾ ਨੀ ਹੋਣਾ, ਮੈਂ ਯਾਰਾਂ ਦਾ ਚੱਟਿਆ ਵਾਂ।
ਕੱਲ੍ਹ ਤੱਕ ਮੈਨੂੰ ਦੇਖ ਕੇ ਜਿਹੜੇ, ਆਪਣਾ ਰੂਪ ਸੰਵਾਰਦੇ ਰਹੇ
ਇੱਕ ਤਰੇੜ ਪਈ ਏ ਮੈਨੂੰ, ਗਿਆ ਰੂੜੀ ਤੇ ਸੁੱਟਿਆ ਵਾਂ।
ਉੱਚਾ ਕਰਨ ਲਈ ਆਪਣਾ ਸ਼ਮਲਾ, ਮੈਂ ਪੰਜਾਬੀ ਲਿਖਦਾ ਨਈਂ
ਮਾਂ ਬੋਲੀ ਦੇ ਹੱਕ ਦੀ ਖਾਤਰ, ਲੋਕਾਂ ਅੱਗੇ ਡਟਿਆ ਵਾਂ।
-0-
22
ਆਪਣੀ ਰਾਮ-ਕਹਾਣੀ ਦੱਸੀ, ਦਿਲ ਪਰਚਾਏ ਲੋਕਾਂ ਦੇ।
ਮੇਰੇ ਨਾਲੋਂ ਰਾਤ ਏ ਚੰਗੀ, ਨਸੀਬ ਲੁਕਾਏ ਲੋਕਾਂ ਦੇ।
ਆਪਣੇ ਘਰ ਨੂੰ ਇੱਕ ਕਲੀ ਦੀ ਕੂਚੀ ਫੇਰ ਨਈਂ ਸਕਿਆ ਮੈਂ,
ਕਿਹੜੀ ਗਰਜ਼ ਦੀ ਖਾਤਰ ਦੱਸਾਂ ਘਰ ਲਿਸ਼ਕਾਏ ਲੋਕਾਂ ਦੇ।
ਇੰਜ ਲਗਦਾ ਏ ਮੇਰੇ ਕੋਲੋਂ ਗੱਲ ਕੋਈ, ਸੱਚੀ ਹੋ ਗਈ ਏ,
ਤਾਹੀਓਂ ਕਰਨ ਸਵਾਗਤ ਮੇਰਾ ਪੱਥਰ ਆਏ ਲੋਕਾਂ ਦੇ।
ਇੱਕ ਦੇ ਵਿਹੜੇ ਆਪਣਾ ਖੇਡੇ, 'ਪਰਜਾ' ‘ਪਰਜਾ' ਕਹਿੰਦੀ ਏ,
ਇੱਕ ਵਿਚਾਰੀ ਦਿਲ ਪਰਚਾਏ ਬਾਲ ਖਿਡਾਏ ਲੋਕਾਂ ਦੇ।
ਵੀਰਾਂ ਦੇ ਵੱਲ ਹੋ ਕੇ ਸਾਹਿਬਾਂ, ਭੈੜ ਤੇ ਕੋਈ ਕੀਤਾ ਨਈਂ,
ਵਿੱਚ ਹਨੇਰੇ ਲੁਕ ਜਾਂਦੇ ਨੇ ਅਕਸਰ ਸਾਏ ਲੋਕਾਂ ਦੇ।
ਉਹਦੀ ਹਿੱਕ 'ਚੋਂ ਫੁੱਟ ਨਈਂ ਸਕਦਾ, ਸੂਰਜ ਕਦੇ ਤਰੱਕੀ ਦਾ,
ਲੱਥੇ ਲੀੜੇ ਪਾ ਕੇ ਜਿਹੜਾ ਰਾਜ਼ੀ ਹੋ ਜਾਏ ਲੋਕਾਂ ਦੇ।
ਉਹਨੂੰ ਕਹਿਣ ਦੀ ਲੋੜ ਨਈਂ 'ਬਾਬਾ' ਹੱਥ ਪਵਾਈਂ ਮੇਰੇ ਨਾਲ,
ਇਸ ਧਰਤੀ 'ਤੇ ਜਿਹੜਾ ਬੰਦਾ, ਭਾਰ ਵੰਡਾਏ ਲੋਕਾਂ ਦੇ।
-0-
23
ਸੱਜਣਾਂ ਦੀ ਜਦ ਤੱਕੀ ਲਾਪ੍ਰਵਾਹੀ ਏ।
ਮੇਰੇ ਦੁਸ਼ਮਣ ਦਿੱਤੀ ਆਣ ਗਵਾਹੀ ਏ।
ਅਸਮਾਨਾਂ ਤੋਂ ਕਹਿਰ ਕਦੇ ਵੀ ਵੱਸਿਆ ਨਈਂ,
ਜਦ ਵੀ ਕੀਤੀ, ਕੀਤੀ ਆਪ ਤਬਾਹੀ ਏ।
ਪੱਕੀਆਂ ਸੜਕਾਂ ਉੱਤੇ ਜਦ ਦਾ ਆਇਆ ਵਾਂ,
ਇੰਜ ਲਗਦਾ ਏ ਸਾਰੀ ਦੁਨੀਆਂ ਰਾਹੀ ਏ।
ਮੈਨੂੰ ਪੱਕ ਏ ਮੇਰਾ ਝੁੱਗਾ ਭੱਜੇਗਾ,
ਵਿੱਚ ਗਲੀ ਦੇ ਫਿਰਦਾ ਪਿਆ ਸਿਪਾਹੀ ਏ।
ਸਾਹ ਕੱਢਣ ਲਈ ਕਿਸਰਾਂ ਬਹਿ ਜਾਂ 'ਬਾਬਾ' ਜੀ,
'ਕੱਲੇ ਢੱਗੇ ਉੱਤੇ ਸਾਰੀ ਵਾਹੀ ਏ।
-0-
24
ਜਦ ਤੱਕ ਰਹੇ ਉਜਾਗਰ ਕਰਦੇ ਆਪਣਾ ਆਪਣਾ ਰੰਗ।
ਓਨੇ ਚਿਰ ਤੱਕ ਮੁੱਕ ਨਈਂ ਸਕਦੀ, ਇਸ ਧਰਤੀ ਤੋਂ ਜੰਗ।
ਮੇਰੇ ਵਾਂਗੂੰ ਰੰਗਣੇ ਪੈਂਦੇ ਜੇ ਭੈਣਾਂ ਦੇ ਹੱਥ,
ਛੱਡ ਕੇ ਰਾਂਝਾ ਤਖ਼ਤ ਹਜ਼ਾਰਾ, ਕਦੇ ਨਾ ਜਾਦਾਂ ਝੰਗ।
ਕਿਸਰਾਂ ਛੱਡਾਂ ਤੇਰੇ ਆਖੇ ਆਪਣਾ ਪਿਆਰ ਸਬੰਧ,
ਜੁੱਸੇ ਨਾਲੋਂ ਕਿਸਰਾਂ ਵੱਢਾਂ ਹੱਥੀ ਆਪਣਾ ਅੰਗ।
ਘਰ ਦੇ ਮੁਹਸਨ ਪੁੱਛਿਆ ਮੇਰਾ ਗਲਮਾ ਫੜ੍ਹ ਕੇ ਰਾਤ,
ਰੰਗ-ਬਰੰਗੀਆਂ ਲੀਰਾਂ ਏਥੇ ਕੌਣ ਰਿਹਾ ਏ ਟੰਗ।
ਕਦ ਤੱਕ ਦੱਬ ਕੇ ਬੈਠਾ ਰਹੇਂਗਾ ਮੇਰਾ ਤੂੰ ਦਸਤੂਰ,
ਹੀਰੇ ਜਹੀਆਂ ਇਹ ਤਹਿਰੀਰਾਂ ਖਾ ਨਈਂ ਸਕਦਾ ਜੰਗ।
ਸੋਨੇ ਨਾਲ ਪਰੁੱਚੀਆਂ ਕਿਧਰੇ ਬਾਹਵਾਂ ਅਰਕਾਂ ਤੀਕ,
ਕਿਧਰੇ ਬਾਬਾ ਤਰਸਣ ਪਈਆਂ ਲੱਭੇ ਕੱਚ ਦੀ ਵੰਗ।
-0-
25
ਖੌਰੇ ਕਿੰਨਾ ਡਰਿਆ ਹੋਇਆ 'ਨੇਰੇ ਤੋਂ,
ਧੁੱਪਾਂ ਵਿੱਚ ਵੀ ਦੀਵਾ ਬਾਲ ਕੇ ਰੱਖਦਾ ਏ।
ਦੁਨੀਆ ਉਹਨੂੰ 'ਕੱਲਿਆਂ ਕਰ ਕੇ ਮਾਰਦੀ ਏ,
ਜਿਹੜਾ ਵੀ ਕੋਈ ਸੱਚ ਉਛਾਲ ਕੇ ਰੱਖਦਾ ਏ।
ਬਿੱਲੀਆਂ, ਕੁੱਤੇ ਉਹਦੇ ਭਾਂਡੇ ਚੱਟਦੇ ਨੇ,
ਜੋ ਨਾ ਵੇਲੇ ਨਾਲ ਹੰਗਾਲ ਕੇ ਰੱਖਦਾ ਏ।
ਬੜਾ ਬਹਾਦਰ ਜਿਹੜਾ ਏਸ ਹਨੇਰੀ ਵਿੱਚ,
ਆਪਣੇ ਘਰ ਦੇ ਕੱਖ ਸੰਭਾਲ ਕੇ ਰੱਖਦਾ ਏ।
ਉਹਦਾ ਫਰਜ਼ ਏ ਸਾਡੇ ਤੇ ਅਹਿਸਾਨ ਤੇ ਨਈਂ,
ਪੱਥਰਾਂ ਵਿੱਚ ਵੀ ਕੀੜੇ ਪਾਲ ਕੇ ਰੱਖਦਾ ਏ।
-0-
26
ਰੱਬ ਜਾਣੇ ਕੀ ਆਖਣ ਛੱਲਾਂ ਨੱਸ ਨੱਸ ਆ ਕੇ ਕੰਢਿਆਂ ਨੂੰ।
ਪਿਛਲੇ ਪੈਰੀਂ ਕਿਉਂ ਮੁੜ ਜਾਵਣ ਸੀਨੇ ਲਾ ਕੇ ਕੰਢਿਆਂ ਨੂੰ।
ਇੱਕ ਵੀ ਸੂਤਰ ਅੱਗੇ ਪਿੱਛੇ ਆਪਣੀ ਥਾਂ ਤੋਂ ਹੁੰਦੇ ਨਈਂ,
ਖੌਰੇ ਛੱਲਾਂ ਜਾਵਣ ਕਿਹੜੀਆਂ ਕਸਮਾਂ ਪਾ ਕੇ ਕੰਢਿਆਂ ਨੂੰ।
ਚਿੱਟੇ ਦਿਨ ਜੇ ਮਿਲ ਸਕਨਾ ਏਂ ਤਾਂ ਮੈਂ ਯਾਰੀ ਲਾਵਾਂਗਾ,
ਮਿਲਦੀਆਂ ਵੇਖ ਲੈ ਜਿਸਰਾਂ ਛੱਲਾਂ ਵੱਜ ਵਜਾ ਕੇ ਕੰਢਿਆਂ ਨੂੰ।
ਉੱਚੇ ਮਹਿਲਾਂ ਦੇ ਵਸਨੀਕੋ, ਉਵੇਂ ਸਾਨੂੰ ਰੱਖੋ ਨਾ,
ਜਿਉਂ ਛੱਲਾਂ ਨੇ ਰੱਖਿਆ, ਆਪਣੀ ਖੇਡ ਬਣਾ ਕੇ ਕੰਢਿਆਂ ਨੂੰ।
ਕਿਸਰਾਂ ਆਪਣੇ ਅੱਖਰ ਬਦਲਾਂ ਵੇਖ ਕੇ ਗੱਡੀ ਸੂਲੀ ਨੂੰ,
ਕਦ ਮਿਲੀਆਂ ਨੇ ਛੱਲਾਂ ਆਪਣਾ ਰੂਪ ਵਟਾ ਕੇ ਕੰਢਿਆਂ ਨੂੰ।
ਮੈਨੂੰ ਤੇ ਇੰਜ ਲਗਦਾ ਏ 'ਬਾਬਾ', ਛੱਲਾਂ ਤੰਗ ਸਮੁੰਦਰ ਤੋਂ,
ਮੁੜ ਮੁੜ ਆਉਦੀਆਂ ਵੇਖਣ ਕਿਸਰਾਂ, ਲੰਘੀਏ ਢਾਹ ਕੇ ਕੰਢਿਆਂ ਨੂੰ।
-0-
27
ਵਿੱਚ ਤੂਫ਼ਾਨ ਦੇ ਅਣਖਾਂ ਵਾਲਾ, ਦੀਵਾ ਬਲਦਾ ਵੇਖ ਰਿਹਾਂ।
ਮੈਂ ਫਰਆਉਨ ਦੇ ਵਿਹੜੇ 'ਬਾਬਾ' ਮੂਸਾ ਪਲਦਾ ਵੇਖ ਰਿਹਾਂ।
ਇਹ ਸੁਫਨਾ ਜੇ ਹੋ ਜਾਏ ਸੱਚਾ, ਘਿਓ ਦੇ ਦੀਵੇ ਬਾਲਾਂ ਮੈਂ,
ਆਪਣੇ ਸਿਰ ਤੋਂ ਸੜਦਾ ਬਲਦਾ ਸੂਰਜ ਢਲਦਾ ਵੇਖ ਰਿਹਾਂ।
ਜਿਹਨੇ ਕੱਲ ਤੌਹੀਨ ਸੀ ਸਮਝੀ ਮੇਰੇ ਨਾਲ ਖਲੋਵਣ ਦੀ,
ਉਹਨੂੰ ਆਪਣੇ ਪਿੱਛੇ ਪਿੱਛੇ ਅੱਜ ਮੈਂ ਚਲਦਾ ਵੇਖ ਰਿਹਾਂ।
ਸੁਰਖ਼ ਅਨਾਬਾਂ ਵਰਗੇ ਹੰਝੂ ਕਿਉਂ ਨਾ ਡਿੱਗਣ ਅੱਖੀਆਂ 'ਚੋਂ,
ਆਪਣੇ ਸ਼ਹਿਰ 'ਚ ਕਰਬਲ ਵਰਗਾ ਮੰਜ਼ਰ* ਕੱਲ੍ਹ ਦਾ ਵੇਖ ਰਿਹਾਂ।
ਵੇਲੇ ਸਿਰ ਨਈਂ ਟੁੱਕਰ ਲੱਭਦਾ, ਮਿਹਨਤ ਵਾਲੇ ਹੱਥਾਂ ਨੂੰ,
ਚਾਰ ਚੁਫੇਰੇ ਚੋਰ ਉਚੱਕੇ ਐਥੇ ਫਲਦਾ ਵੇਖ ਰਿਹਾਂ।
ਖੌਰੇ ਕਿਸਰਾਂ ਚੱਲਦੀ ਪਈ ਏ ਗੱਡੀ ਮੇਰੀ ਦੁਨੀਆ ਦੀ,
ਵਾਂਗ ਛਲੇਡੇ ਇੱਕ ਦੂਜੇ ਨੂੰ ਹਰ ਕੋਈ ਛਲਦਾ ਵੇਖ ਰਿਹਾਂ।
ਜਿਸ ਦੇ ਅੱਖਰ ਬਰਕਤ ਵਾਲੇ ਦਿਲ ਨੂੰ ਰੌਸ਼ਨ ਕਰਦੇ ਨੇ,
ਵਿੱਚ ਇਬਾਦਤ ਗਾਹਾਂ ਉਹ ਮੈਂ ਨੁਸਖਾ ਜਲਦਾ ਵੇਖ ਰਿਹਾਂ।
(ਮੰਜ਼ਰ* = ਦ੍ਰਿਸ਼)
-0-
28
ਜਦ ਤੀਕਣ ਨਾ ਤੇਰੀਆਂ ਖੁੱਲ੍ਹੀਆਂ ਜੁਲਫਾਂ ਗੁੰਦੀਆਂ ਜਾਣਗੀਆਂ।
ਉਦੋਂ ਤੀਕਣ ਚੰਨ ਦੀਆਂ ਕਿਰਨਾਂ ਮੁਸ਼ਕਿਲ ਨਜ਼ਰੀਂ ਆਣਗੀਆਂ।
ਤੁਸੀਂ ਕੀ ਜਾਣੋ ਮੈਂ ਇਹ ਬੂਟਾ ਪਾਲ ਰਿਹਾ ਵਾਂ ਕਾਹਦੇ ਲਈ,
ਕੱਲ੍ਹ ਬਣਨਗੀਆਂ ਇਹਦੀਆਂ ਕੰਘੀਆਂ ਉਹ ਜ਼ੁਲਫਾਂ ਸੁਲਝਾਣਗੀਆਂ।
ਜਿੰਨਾ ਚਿਰ ਤੱਕ ਮੈਂ ਵਣਜਾਰਾ ਬਣ ਕੇ ਉਥੇ ਪੁਜਿਆ ਨਾ,
ਕਿੱਥੋਂ ਉਹਦੀਆਂ ਗੋਰੀਆਂ ਬਾਹਾਂ, ਰੰਗਲਾ ਚੂੜਾ ਪਾਣਗੀਆਂ।
ਬੜਿਆਂ ਬੜਿਆਂ ਖੱਬੀਖਾਨਾ ਵਿੱਚ ਮਦਾਨੋਂ ਭੱਜਣਾ ਏਂ,
ਜੱਗ ਤੇ ਇਕ ਦਿਨ ਮੇਰੀਆਂ ਗ਼ਜ਼ਲਾਂ ਉਹ ਤੂਫ਼ਾਨ ਉਠਾਣਗੀਆਂ।
ਜਿਹੜੇ ਚੰਨ ਦੇ ਮੁੱਖ 'ਤੇ ਚੰਨ ਵੀ ਝਾਤੀ ਪਾਣ ਤੋਂ ਸੰਗਦਾ ਏ,
ਉਹਦੇ ਮੁੱਖ 'ਤੇ ਮੇਰੀਆਂ ਨਜ਼ਰਾਂ ਕਿਸਰਾਂ ਝਾਤੀ ਪਾਣਗੀਆਂ?
ਇਕ ਪਲ ਵੀ ਨਾ ਉਹਦੀਆਂ ਯਾਦਾਂ ਦਿਲ ਨੂੰ ਖਾਲੀ ਕਰਦੀਆਂ ਨੇ,
ਮੇਰੇ ਪਿੱਛੋਂ ਸਮਝ ਨਹੀਂ ਆਉਂਦੀ, ਕਿਹੜੇ ਬੂਹੇ ਜਾਣਗੀਆਂ।
ਪਲ ਦੋ ਪਲ ਖੁਸ਼ੀਆਂ ਦੀ ਖਾਤਰ, ਕਾਹਨੂੰ ਹੰਝੂ ਰੋਕਾਂ ਮੈਂ,
ਕਦ ਤੱਕ ਇਹ ਮਤਰੇਈਆਂ ਮਾਵਾਂ, 'ਬਾਬਾ' ਦਿਲ ਪਰਚਾਣਗੀਆਂ।
-0-
29
ਰਾਹ ਮੰਜ਼ਿਲ ਦਾ ਡੱਕੀ ਬੈਠੇ ਜਿਹੜੇ ਸੱਪ ।
ਦੱਬਾਂਗਾ ਉਹ ਮਾਰ ਕੇ ਆਪਣੇ ਵਿਹੜੇ ਸੱਪ।
ਸ਼ਹਿਰ ਦੀਆਂ ਸੜਕਾਂ ਤੇ ਨੀਲਾ ਹੋਇਆਂ ਵਾਂ,
ਚੁੱਕੀ ਫਿਰਦਾ ਜੋਗੀ ਖੌਰੇ ਕਿਹੜੇ ਸੱਪ?
ਸਾਹ ਨਾ ਟੁੱਟਦਾ ਕਦੇ ਵੀ ਉਹਦੀ ਵੰਝਲੀ ਦਾ,
ਇਨਸਾਨਾਂ ਤੋਂ ਜੇ ਨਾ ਬਣਦੇ ‘ਖੇੜੇ' ਸੱਪ।
ਇਹਨਾਂ ਦਾ ਰੱਬ ਕਿਹੜਾ ਦੱਸੋ ਜੀਭਾਂ 'ਤੇ,
ਟੁੱਕਰ ਲਈ ਲੜਵਾਉਂਦੇ ਪਏ ਨੇ ਜਿਹੜੇ ਸੱਪ।
ਨਾਲ ਸੁਰਾਂ ਦੇ ਪਿਆਰ ਜੇ 'ਬਾਬਾ' ਸੱਪਾਂ ਨੂੰ,
ਬੀਨਾਂ ਦੇ ਫਿਰ ਕਿਉਂ ਨਈਂ ਲਾਉਂਦੇ ਗੇੜੇ ਸੱਪ।
-0-
30
ਬੁਜ਼ਦਿਲ ਨਾਲੋਂ ਫਿਰ ਵੀ ਚੰਗਾ ਭਾਵੇਂ ਹਰ ਕੇ ਮੁੜਿਆਂ ਵਾਂ।
ਖੁਸ਼ ਆਂ ਆਪਣੀ ਹਿੰਮਤ ਉੱਤੇ ਕੁਝ ਤੇ ਕਰ ਕੇ ਮੁੜਿਆ ਵਾਂ।
ਚੋਹੁੰ ਕੰਢਿਆਂ ਵਿੱਚ ਵਗਦਾ ਜਿਹੜਾ, ਮੇਰਾ ਰਾਹ ਕੀ ਡੱਕੇਗਾ?
ਜਿਸ ਦੇ ਅੰਦਰ ਇਹਨੇ ਵਗਣਾ, ਮੈਂ ਉਹ ਤਰ ਕੇ ਮੁੜਿਆ ਵਾਂ।
ਵੇਖੇ ਭਾਵੇਂ ਨਾ ਉਹ ਵੇਖੇ, ਇਹ ਤੇ ਉਹ ਦੀ ਮਰਜ਼ੀ ਏ,
ਫਰਜ਼ ਮੇਰਾ ਸੀ ਸ਼ੀਸ਼ਾ ਧਰਨਾ, ਸ਼ੀਸ਼ਾ ਧਰ ਕੇ ਮੁੜਿਆ ਵਾਂ।
ਮੇਰਾ ਬੁੱਤ ਬਣਨ ਤੇ ਜਿਹਨਾਂ ਰੋਕਾਂ ਪਾਈਆਂ ਅੱਜ ਵਿਖਾ,
ਰੱਤੀ ਧਰਤੀ ਕਰ ਸਕਦੇ ਨੇ, ਜਿਸਰਾਂ ਕਰਕੇ ਮੁੜਿਆਂ ਵਾਂ।
ਚੋਹੁੰ ਘੜੀਆਂ ਦਾ ਜਸ਼ਨ ਮਨਾ ਕੇ ਸਾਰੀ ਜਿੰਦੜੀ ਰੋਵਣਗੇ,
ਮੁਨਸਫ ਜਦੋਂ ਹਕੀਕਤ ਖੋਲ੍ਹੀ, ਕਿਉਂ ਮੈਂ ਹਰ ਕੇ ਮੁੜਿਆਂ ਵਾਂ।
ਸਦੀਆਂ ਬੱਧੀ ਖੁਰ ਨਈਂ ਸਕਦੇ, ਤੇਰੀ ਸਹੁੰ, ਤੂੰ ਵੇਖੇਂਗਾ,
ਜਿਹੜੀ ਵਿੱਚ ਤਸਵੀਰ ਤੇਰੀ ਦੇ ਰੰਗ ਮੈਂ ਭਰ ਕੇ ਮੁੜਿਆਂ ਵਾਂ।
-0-
31
ਬੁੱਲ੍ਹਾਂ ਉੱਤੇ ਸਿੱਕਰੀ ਜੰਮੀ, ਰਹੇ ਨਾ ਪੰਜ ਦਰਿਆਵਾਂ ਵਿੱਚ।
ਫੁੱਲ ਪਏ ਨੇ ਕਬਰਾਂ ਉੱਤੇ, ਕੰਡੇ ਪਏ ਨੇ ਰਾਹਵਾਂ ਵਿੱਚ।
ਮੇਰੇ ਸ਼ਹਿਰ ਦਿਓ ਵਸਨੀਕੋ, ਰਲ ਕੇ ਉਹਨੂੰ ਮਾਰ ਦਿਓ,
ਪਿਓ ਵੀ ਭਾਵੇਂ ਨਜ਼ਰੀਂ ਆਵੇ, ਪਾਉਂਦਾ ਫੁੱਟ ਭਰਾਵਾਂ ਵਿੱਚ।
ਟੁਰ ਗਈਆਂ ਨੇ ਕਿਹੜੇ ਪਾਸੇ, ਪਿੰਡ ਦੀਆਂ ਮੁਟਿਆਰਾਂ ਉਹ,
ਰੱਖਦੀਆਂ ਸਨ ਡਰ ਵੱਡਿਆਂ ਦਾ, ਜਿਹੜੀਆਂ ਆਪਣੇ ਸਾਹਵਾਂ ਵਿੱਚ।
ਤਿੱਤਰ-ਖੰਭੀ ਬੱਦਲੀ ਵਰਗੀ, ਇਹ ਮਨਜ਼ੂਰ ਆਜ਼ਾਦੀ ਨਈਂ,
ਬੋਲਣ ਦੀ ਆਜ਼ਾਦੀ ਦੇ ਕੇ, ਪਹਿਰੇ ਗਲੀਆਂ ਰਾਹਵਾਂ ਵਿੱਚ।
ਫਿਰਦਾ ਪਿਆ ਜੇ ਕੋਈ ਨੰਗਾ, ਆਪਣੀ ਕੀਤੀ ਭੋਗੇਂਗਾ,
ਤੂੰ ਤੇ ਸੱਜਣਾਂ ਮੈਲ ਨਈਂ ਆਂਦੀ, ਉਹਨੂੰ ਵੇਖ ਨਗ੍ਹਾਵਾਂ ਵਿੱਚ।
ਅਸਾਂ ਤੇ ਚੁੱਪਾਂ ਇਸ ਲਈ ਵੱਟੀਆਂ, ਵਿਗੜੇ ਖੇਡ ਨਾ 'ਬਾਬਾ' ਜੀ,
ਦੁਸ਼ਮਣ ਕਮਲਾ ਸਮਝ ਰਿਹਾ ਏ, ਜ਼ੋਰ ਰਿਹਾ ਨਈਂ ਬਾਹਵਾਂ ਵਿੱਚ।
-0-
32
ਮੂੰਹ 'ਚੋਂ ਬੋਲ ਕਦੇ ਨਾ ਕੱਢੀਏ, ਅਸੀਂ ਬਗ਼ਾਵਤ ਵਾਲੇ।
ਦੇਣ ਮਸਾਵੀਂ ਹੱਕ ਜੇ ਸਾਨੂੰ, ਲੋਕ ਸਦਾਕਤ ਵਾਲੇ।
ਚੜ੍ਹਦੇ ਡੁਬਦੇ ਸੂਰਜ ਰੋਕੇ, ਮੌਤ ਕਿਸੇ ਨਾ ਰੋਕੀ,
ਛੱਡ ਕੇ ਆਲ-ਦਵਾਲੇ ਰੱਖਣੇ, ਲੋਕ ਹਿਫਾਜ਼ਤ ਵਾਲੇ।
ਦੇ ਸ਼ਾਬਾਸ਼ੇ ਸਾਨੂੰ ਰੱਬਾ, ਤੇਰਾ ਭਾਰ ਵੰਡਾਇਆ,
ਅਸਾਂ ਵੀ ਕੁਝ ਸਾਮਾਨ ਬਣਾਏ, ਦੇਖ ਕਿਆਮਤ ਵਾਲੇ।
ਸੀਰਤ ਵੇਖ ਕੇ ਦੰਗ ਰਹਿ ਜਾਨਾ, ਮੇਰੀ ਸੂਰਤ ਉੱਤੇ,
ਤਾੜੀ ਮਾਰ ਕੇ ਜਿਹੜੇ ਹੱਸੇ, ਸੋਹਣੀ ਸੂਰਤ ਵਾਲੇ।
ਕਿਹੜਾ ਖੌਫ਼ ਏ ਜਿਹੜਾ ਤੈਨੂੰ, ਸੱਚ ਨਈਂ ਬੋਲਣ ਦਿੰਦਾ,
ਤੂੰ ਤੇ ਸੂਲੀ ਚੜ੍ਹ ਕੇ ਬੋਲੇ, ਬੋਲ ਸਵਾਕਤ ਵਾਲੇ।
ਲਿਆ ਬਚਾ ਏ ਜਰਨੈਲਾਂ ਤੋਂ ਪਾ ਕੇ ਰੌਲਾ ਰੱਪਾ,
ਬੇੜੇ ਕਿਧਰੇ ਲੈ ਨਾ ਡੁੱਬਣ, ਲੋਕ ਸਿਆਸਤ ਵਾਲੇ।
ਸ਼ਹਿਰ ਮੇਰੇ ਦਾ ਇੱਕ ਵੀ ਚੁੱਲ੍ਹਾ, ਰਹਿ ਨਈਂ ਸਕਦਾ ਠੰਢਾ,
ਜ਼ਰਾ ਜਿਹਾ ਹੱਥ ਢਿੱਲਾ ਛੱਡਣ, 'ਬਾਬਾ' ਦੌਲਤ ਵਾਲੇ।
(ਮਸਾਵੀਂ = ਬਰਾਬਰੀ)
-0-
33
ਐਸੀ ਗੱਲ ਕਰਾ ਨਾ ਦੇਵੀਂ, ਕਿਧਰੇ ਮੇਰੇ ਕੋਲੋਂ।
ਮੂੰਹ ਲੁਕਾਉਣਾ ਪੈ ਨਾ ਜਾਵੇ, ਕੱਲ੍ਹ ਨੂੰ ਤੇਰੇ ਕੋਲੋਂ।
ਏਸ ਹਨੇਰੇ ਕੀ ਡੱਕਣੀ ਏਂ ਸੂਰਜ ਦੀ ਰੁਸ਼ਨਾਈ,
ਇੱਕ ਟਟਹਿਣਾ ਲੁਕ ਨਈਂ ਸਕਦਾ, ਏਸ ਹਨੇਰੇ ਕੋਲੋਂ।
ਹਲ ਦੀ ਜੰਘੀ ਨਈਂ ਜੇ ਫੜਨੀ, ਓਨਾ ਚਿਰ ਮੈਂ ਲੋਕੋ,
ਜਦ ਤਕ ਮੈਂ ਲਿਖਵਾ ਨਈਂ ਲੈਂਦਾ, ਅੱਧ ਵਡੇਰੇ ਕੋਲੋਂ।
ਸੱਪਾਂ ਦਾ ਗਲ ਘੁੱਟਣ ਨਾਲੋਂ, ਇੱਕ ਸਲਾਹ ਏ ਮੇਰੀ,
ਕਿਉਂ ਨਾ ਖੋਹੀਏ ਜਾ ਕੇ ਪਹਿਲਾਂ ਬੀਨ ਸਪੇਰੇ ਕੋਲੋਂ।
ਕਿਸਰਾਂ ਮੇਰੇ ਡੱਕਰੇ ਕੀਤੇ, ਨਾਲ ਬੇਦਰਦੀ ਰਾਜਾਂ,
ਕਿੰਨਿਆਂ ਜੁੱਧਾਂ ਨਾਲ ਬਣੀ ਸਾਂ, ਪੁੱਛ ਪਥੇਰੇ ਕੋਲੋਂ।
ਆਪਣੀ ਬੁੱਕਲੇ ਵਾੜ ਕੇ ਕਿਹੜਾ ਮੇਰੇ ਮੂੰਹ ਨੂੰ ਚੁੰਮੇ,
ਅੱਜ ਤੇ ਪਾਣੀ ਕੋਈ ਨਈਂ ਪੀਂਦਾ, ਹੱਥ ਸਲੇਰੇ ਕੋਲੋਂ।
ਸਾਰੇ ਪਿੰਡ 'ਚੋਂ ਤੇਰੇ ਪਿਓ ਦਾ, ਕੱਚਾ ਕੋਠਾ ‘ਗੁੱਡੂ',
ਕਿਸਰਾਂ ਮੰਗਣ ਰਿਸ਼ਤਾ ਤੇਰਾ ਲੋਕੀਂ ਮੇਰੇ ਕੋਲੋਂ।
-0-
34
ਕੋਈ ਵੀ ਲੈ ਕੇ ਆਉਂਦਾ ਨਈਂ ਜੇ ਅੰਗ ਨਵਾਂ।
ਰੰਗਾਂ ਦੇ ਵਿੱਚ ਰਲ ਕੇ ਬਣਦਾ ਰੰਗ ਨਵਾਂ।
ਨਵਾਂ ਗਵਾਂਢੀ ਆ ਕੇ ਮੈਨੂੰ ਦੱਸਦਾ ਏ,
ਵਿਹੜੇ ਦੇ ਵਿੱਚ ਡਿੱਗਣ ਵਾਲਾ ਸੰਗ* ਨਵਾਂ।
ਘਰ ਵਿੱਚ ਇੱਕ ਕਿਤਾਬ ਪਈ ਏ ਸਦੀਆਂ ਤੋਂ,
ਜਦ ਵੀ ਖੋਲ੍ਹਾਂ ਉਹਦਾ ਲੱਗੇ ਰੰਗ ਨਵਾਂ।
ਤੂੰ ਤੇ ਆਪਣੇ ਘਰ ਵਿੱਚ ਸ਼ੀਂਹ ਨੂੰ ਬੱਧਾ ਏ,
ਬਿੱਲੀ ਦਾ ਵੀ ਕਰਦਾ ਬੱਚਾ ਤੰਗ ਨਵਾਂ।
ਧੁੱਪਾਂ ਵੜੀਆਂ, ਛਾਵਾਂ ਵਿੱਚ ਨੇ ਹੋਇਆ ਕੀ,
ਫੁੱਲਾਂ ਦਾ ਤੇ ਕੰਡਿਆਂ ਦਾ ਨਈਂ ਸੰਗ ਨਵਾਂ।
ਬਾਲ ਨੇ ਸੁੱਤੇ ਭੁੱਖਣ-ਭਾਣੇ, ਝੋਰਾ ਕੀ,
ਮੈਨੂੰ ਇਹ ਨਈਂ ਵੱਜਾ 'ਬਾਬਾ' ਡੰਗ ਨਵਾਂ।
(ਸੰਗ* = ਪੱਥਰ)
-0-
35
ਹਉਕੇ ਭਰ ਭਰ ਸ਼ਾਮ ਲਿਆਵਾਂ, ਰੋਂਦੀ ਅੱਖ ਸਵੇਰ।
ਏਕਾ ਕਰ ਕੇ ਹਉਕੇ ਹੰਝੂਆਂ ਜਿੰਦ ਲਈ ਏ ਘੇਰ।
ਖੌਰੇ ਹੁਣ ਕੀ ਹੋਇਆ ਉਹਨੂੰ ਟੱਪ ਨਹੀਂ ਸਕਦਾ ਖਾਲ,
ਚੜ੍ਹਦੇ ਤੂਫ਼ਾਨਾਂ ਦੇ ਜਿਹੜਾ, ਮੂੰਹ ਦੇਂਦਾ ਸੀ ਫੇਰ।
ਜਿਹਨੇ ਸਾਨੂੰ ਸਿੱਧਿਆਂ ਕਰਨਾ, ਘੱਲੇਗਾ ਕਿਸ ਰੋਜ਼,
ਤੋਲਣ ਲੱਗ ਪਏ ਸੌ 'ਚੋਂ ਨੱਬੇ, ਸੇਰ ਦਾ ਪੌਣਾ ਸੇਰ।
ਉਹਨਾਂ ਦੇ ਨਾਂ ਬਹੁਤੇ ਚਮਕਣ, ਚੰਨ ਤੇ ਸੂਰਜ ਨਾਲੋਂ,
ਰਾਹ ਕਈ ਬਦਲੇ ਵੇਖ ਕੇ ਜਿਹਨਾ, ਸੂਲਾਂ ਵਾਲੇ ਢੇਰ।
ਵਿੱਚ ਹਨੇਰੇ ਵੇਖ ਟਟਹਿਣਾ ਕਿਧਰੇ ਪੂਜੀਏ ਨਾ,
ਜਿੰਨੀ ਛੇਤੀ ਚੜ੍ਹ ਸਕਦੀ ਏ, ਰੱਬਾ ਚਾੜ੍ਹ ਸਵੇਰ।
ਸੱਜਣਾ ਬਾਝੋਂ ਲੰਘਦੀ ਪਈ ਏ ਮੇਰੀ ਜਿੰਦੜੀ ਇੰਝ,
ਰਿੜ੍ਹਦੇ ਬਾਲ ਨੂੰ ਜਿਸਰਾਂ ਲੱਭੇ ਮਿਰਚਾਂ-ਭਰੀ-ਚੰਗੇਰ।
ਦੋਵੇਂ ਇੱਕੋ ਹਰਫ਼ ਦੇ ਰਾਖੇ, 'ਬਾਬਾ' ਏਨਾ ਫਰਕ,
ਕਾਤਿਬ ਤੈਨੂੰ 'ਜਬਰ' ਬਣਾਇਆ ਮੈਨੂੰ ਲਿਖਿਆ 'ਸ਼ੇਰ'।
-0-
36
ਇਸ ਧਰਤੀ ਦਾ ਹਰ ਇੱਕ ਬੰਦਾ, ਆਪਣੀ ਆਪ ਮਿਸਾਲ।
ਕਾਲਾ, ਗੋਰਾ, ਝੂਠਾ, ਸੱਚਾ, ਆਪਣੀ ਆਪ ਮਿਸਾਲ।
ਸੂਰਜ ਦਾ ਇੱਕ ਆਪਣਾ ਰੁਤਬਾ, ਚੰਨ ਦੀ ਆਪਣੀ ਸ਼ਾਨ,
ਵਿੱਚ ਕੁੜਾਂ ਦੇ ਜਿਹੜਾ ਬਲਦਾ, ਆਪਣੀ ਆਪ ਮਿਸਾਲ।
ਤੀਰ 'ਅੰਨਾ' ਦਾ ਜੇ ਧਰ ਦੇਂਦਾ ਉਹ ਆਦਮ ਦੇ ਕੋਲ,
ਉਹਦਾ ਕੱਦ ਕਦੀ ਨਾ ਬਣਦਾ ਆਪਣੀ ਆਪ ਮਿਸਾਲ।
ਮੇਰੇ ਅੰਦਰ ਅਣਖ ਨਾ ਹੋਈ, ਗੱਲ ਵਿਆਹਵਣ ਜੋਗ,
ਕਿਸਰਾਂ ਬਣਦਾ ਚੱਪਾ ਤੇਸ਼ਾ ਆਪਣੀ ਆਪ ਮਿਸਾਲ।
ਕਦਮ ਕਦਮ ਤੇ ਔਕੜ ਸਹਿ ਕੇ, ਉਸ ਨੇ ਸਾਬਤ ਕੀਤਾ,
ਜੱਗ ਤੇ ਭੈਣ ਭਰਾ ਦਾ ਰਿਸ਼ਤਾ ਆਪਣੀ ਆਪ ਮਿਸਾਲ।
ਉਹਨੇ ਸ਼ੀਸ਼ ਮਹੱਲ ਬਣਵਾਇਆ ਇਹ ਨੇ ਉਸ ਦੇ ਭਾਗ,
ਮੇਰੇ ਲਈ ਏ ਕੱਚਾ ਕੋਠਾ ਆਪਣੀ ਆਪ ਮਿਸਾਲ।
ਮੈਨੂੰ ਨੀਂਦ ਨਈਂ ਆਉਣੀ 'ਬਾਬਾ' ਬਣਦਾ ਨਈ ਜਦ ਤੀਕ,
ਮੇਰੇ ਦੇਸ ਦਾ ਬੱਚਾ ਬੱਚਾ, ਆਪਣੀ ਆਪ ਮਿਸਾਲ।
-0-
37
ਮੈਂ ਜ਼ੁਲਫਾਂ ਦੀ ਛਾਵੇਂ ਬਹਿਣ ਦਾ ਆਦੀ ਨਈਂ।
ਅਹਿਸਾਨਾਂ ਦੇ ਪੱਥਰ ਸਹਿਣ ਦਾ ਆਦੀ ਨਈਂ।
ਸੂਲੀ ਚਾੜ੍ਹ ਤੇ ਭਾਵੇਂ ਚਮੜੀ ਲਾਹ ਦੇਵੇਂ,
ਜ਼ੁਲਮਾਂ ਅੱਗੇ ਚੁੱਪ ਰਹਿਣ ਦਾ ਆਦੀ ਨਈਂ।
ਮੈਂ ਬੁੱਤ ਸ਼ਿਕਨ ਹਾਂ ਦੁਨੀਆਂ ਜਾਣਦੀ ਏ,
ਮੈਂ ਬੁੱਤਾਂ ਦੇ ਅੱਗੇ ਢਹਿਣ ਦਾ ਆਦੀ ਨਈਂ।
ਮੈਨੂੰ ਗੁੜ੍ਹਤੀ ਦਿੱਤੀ 'ਕਰਬਲਾ' ਵਾਲੇ ਨੇ,
ਮੌਤੋਂ ਡਰ ਕੇ ਪਿੱਛੇ ਰਹਿਣ ਦਾ ਆਦੀ ਨਈਂ।
ਪਾਣੀ ਵਾਂਗੂੰ ਪੀ ਜਾਵਾਂਗਾ, ਜ਼ੁਲਮਾਂ ਨੂੰ,
ਦਿਲ ਦੀ ਗੱਲ ਕਿਸੇ ਨੂੰ ਕਹਿਣ ਦਾ ਆਦੀ ਨਈਂ।
ਮਹਿਕ ਮੇਰੀ ਤੋਂ ਹਰ ਸ਼ੈਅ 'ਬਾਬਾ' ਮਹਿਕੇਗੀ,
ਫਜਰੇ ਚੜ੍ਹ ਕੇ ਸ਼ਾਮੀਂ ਲਹਿਣ ਦਾ ਆਦੀ ਨਈਂ।
-0-
38
ਅੱਖਾਂ ਬੱਧੇ ਢੱਗੇ ਵਾਂਗੂੰ, ਗੇੜਾਂ ਮੈਂ ਤੇ ਖੂਹ ਬਾਬਾ।
ਮਾਲਕ ਜਾਣੇ ਖੂਹ ਦਾ ਪਾਣੀ ਜਾਵੇ ਕਿਹੜੀ ਜੂਹ ਬਾਬਾ।
ਰੱਬ ਜਾਣੇ ਕੱਲ੍ਹ ਕਿਹੜਾ ਦਿਨ ਸੀ, ਦੀਵੇ ਬਾਲੇ ਲੋਕਾਂ ਨੇ,
ਮੈਂ ਵੀ ਨਾਲ ਸ਼ਰੀਕਾਂ ਰਲਿਆਂ, ਆਪਣੀ ਕੁੱਲੀ ਲੂਹ ਬਾਬਾ।
ਮੈਂ ਸੁਣਿਆ ਏ ਪਲ ਪਲ ਸਾਡਾ ਨਜ਼ਰਾਂ ਦੇ ਵਿੱਚ ਰੱਖਦਾ ਏ,
ਆਪ ਉਹ ਕਿਹੜੇ ਹਾਲ 'ਚ ਰਹਿੰਦਾ, ਆ ਜਾ ਕੱਢੀਏ ਸੂਹ ਬਾਬਾ।
ਉਹਨਾਂ ਨੇ ਵੀ ਮਿੱਟੀ ਥੱਲੇ ਦੋਹੰ ਲੀਰਾਂ ਨਾਲ ਜਾਣਾ ਏਂ,
ਭਰਦੇ ਪਏ ਨੇ ਜਿਹੜੇ ਲੋਕੀਂ, ਹਿਰਸ ਹਵਸ ਦਾ ਖੂਹ ਬਾਬਾ।
-0-
39
ਬਦਲ ਗਈਆਂ ਨੇ ਸ਼ਕਲਾਂ ਰਾਗ ਪੁਰਾਣੇ ਨੇ।
ਸੱਦੇ ਸਿਰਫ ਨਵੇਂ ਨੇ ਕਾਂਗ ਪੁਰਾਣੇ ਨੇ।
ਨਵੀਂ ਪਟਾਰੀ ਵੇਖ ਕੇ ਵਿੱਸਰ ਜਾਵੀਂ ਨਾ,
ਬੀਨਾਂ ਦੇ ਸੁਰ ਦੱਸਦੇ, ਨਾਗ ਪੁਰਾਣੇ ਨੇ।
ਸਾਕ ਪੁਰਾਣੇ ਜਿਹੜੀ ਗੱਲੋਂ ਛੱਡੇ ਸੀ,
ਨਵਿਆਂ ਨੇ ਵੀ ਵਰਤੇ ਲਾਗ ਪੁਰਾਣੇ ਨੇ।
ਕਿਉਂ ਨਾ ਰੌਲਾ ਪਾਵਾਂ, ਕਿਸਰਾਂ ਚੁੱਪ ਰਵ੍ਹਾਂ,
ਆਣ ਫੜੀ ਏ ਜਿਹਨਾਂ ਵਾਗ ਪੁਰਾਣੇ ਨੇ।
ਠਾਰਨ ਸਾਨੂੰ ਪਾਲੇ, ਧੁੱਪਾਂ ਸਾੜਦੀਆਂ,
ਇਹ ਤੇ 'ਬਾਬਾ' ਸਾਡੇ ਭਾਗ ਪੁਰਾਣੇ ਨੇ।
-0-
40
ਬੇਗ਼ਰਜ਼ਾਂ ਤੇ ਵੱਸਣ ਵਾਲਾ ਮੈਨੂੰ ਚੰਗਾ ਲੱਗਦਾ ਨਈਂ।
ਮਜ਼ਬੂਰਾਂ ਤੇ ਹੱਸਣ ਵਾਲਾ ਮੈਨੂੰ ਚੰਗਾ ਲੱਗਦਾ ਨਈਂ।
ਸੂਰਜ ਵਾਂਗ ਜਗਾ ਕੇ ਸਾੜੇ ਮੈਂ ਆ ਰਾਜ਼ੀ ਉਹਨਾਂ ਤੇ,
ਸੁੱਤੇ ਪਏ ਨੂੰ ਡੱਸਣ ਵਾਲਾ ਮੈਨੂੰ ਚੰਗਾ ਲੱਗਦਾ ਨਈਂ।
ਸੂਰਜ ਵਰਗੇ ਅਣਖੀ ਅੱਖਰ ਤੂੰ ਈ ਮੈਨੂੰ ਦਿੱਤੇ ਨੇ,
ਆਸਰਿਆਂ ਤੇ ਵੱਸਣ ਵਾਲਾ ਮੈਨੂੰ ਚੰਗਾ ਲੱਗਦਾ ਨਈਂ।
ਜਿਹੜੀ ਗੱਲ ਕਰਨ ਮੈਂ ਲੱਗਾਂ ਸੁਣ ਲਈ ਸੱਜਣ ਦੁਸ਼ਮਣ ਵੀ,
ਵਿੱਚ ਮੈਦਾਨੋਂ ਨੱਸਣ ਵਾਲਾ ਮੈਨੂੰ ਚੰਗਾ ਲੱਗਦਾ ਨਈਂ।
ਹੱਥ ਮੈਂ ਉਹਦੇ ਚੁੰਮਾਂ ਜਿਹੜਾ ਖਾਲੀ ਠੂਠੇ ਭਰਦਾ ਏ,
ਹੱਕ ਕਿਸੇ ਦਾ ਖੁੱਸਣ ਵਾਲਾ ਮੈਨੂੰ ਚੰਗਾ ਲੱਗਦਾ ਨਈਂ।
-0-
41
ਪੱਥਰ ਨੂੰ ਮੈਂ ਸ਼ੀਸ਼ਾ ਕਿਸਰਾਂ ਲਿਖ ਦੇਵਾਂ।
ਝੂਠੇ ਨੂੰ ਮੈਂ ਸੱਚਾ ਕਿਸਰਾਂ ਲਿਖ ਦੇਵਾਂ।
ਜਿਸ ਦੇ ਕੰਢੇ ਚਿੜੀਆਂ ਦੇ ਸੰਘ ਸੁਕਦੇ ਰਹੇ,
ਉਹਦੇ ਦਿਲ ਨੂੰ ਦਰਿਆ ਕਿਸਰਾਂ ਲਿਖ ਦੇਵਾਂ।
ਪਾਲ ਰਿਹਾ ਵਾਂ ਮਾਂਜ ਕੇ ਲੋਹਾ ਬਾਲਾਂ ਨੂੰ,
ਸ਼ਾਇਰੀ ਨੂੰ ਮੈਂ ਪੇਸ਼ਾ ਕਿਸਰਾਂ ਲਿਖ ਦੇਵਾਂ।
ਜਿਸ ਦੀ ਅੱਖ ਦਾ ਸੁਰਮਾ ਦਿਸਦਾ ਬੁਰਕੇ 'ਚੋਂ,
ਉਹਦਾ ਢੱਕਿਆ ਚਿਹਰਾ ਕਿਸਰਾਂ ਲਿਖ ਦੇਵਾਂ।
ਉਹਦੇ ਸੁਣ ਲਲਕਾਰੇ, ਉਹਦਾ ਭੰਗੜਾ ਵੇਖ,
ਤੇਰੇ ਨਾਲੋਂ ਲਿੱਸਾ ਕਿਸਰਾਂ ਲਿਖ ਦੇਵਾਂ।
ਜਿਸ ਪਰ੍ਹਿਆ ਦੇ ਮੁਨਸਫ ਆਪੇ ਕਾਤਲ ਹੋਣ,
ਆਦਲ ਦੀ ਉਹ ਪਰ੍ਹਿਆ ਕਿਸਰਾਂ ਲਿਖ ਦੇਵਾਂ।
ਚਾਰੇ ਚੱਕ ਜਗੀਰ ਮੈਂ ਕੀਤੇ ਤੇਰੇ ਲਈ,
ਵੱਖਰਾ ਤੈਨੂੰ ਹਿੱਸਾ ਕਿਸਰਾਂ ਲਿਖ ਦੇਵਾਂ।
ਦਿਲ ਮਜਮੂਆ* ਭੈੜੇ ਚੰਗੇ ਕੰਮਾਂ ਦਾ,
ਪਾਈਆ, ਬੂਟੀ ਕਾਹਬਾ ਕਿਸਰਾਂ ਲਿਖ ਦੇਵਾਂ।
ਖੋਰੇ ਕਿੱਥੇ ਕਿੱਥੇ ਹੀਰਾ ਲੁਕਿਆ ਏ,
ਮੈਂ ਆਂ ਜੱਗ ਤੇ 'ਕੱਲਾ ਕਿਸਰਾਂ ਲਿਖ ਦੇਵਾਂ।
ਵੇਖ ਕੇ ਜਿਹਨੂੰ ਬਾਲਾਂ ਦੇ ਸਾਹ ਸੂਤੇ ਜਾਣ,
'ਬਾਬਾ' ਉਹਨੂੰ ਬੰਦਾ ਕਿਸਰਾਂ ਲਿਖ ਦੇਵਾਂ।
(ਮਜਮੂਆ* = ਸੰਗ੍ਰਹਿ)
-0-
42
ਭਾਂਬੜ ਬਲਦੇ ਮੇਰੇ ਵਿਹੜੇ ਲੋਕੀਂ ਨੱਸ ਨੱਸ ਲੰਘਣ।
ਜਿਹੜੇ ਅੱਗ ਬੁਝਾਣ ਲਈ ਆਏ ਮੈਥੋਂ ਪਾਣੀ ਮੰਗਣ।
ਸੱਪਾਂ ਦਾ ਤੇ ਐਵੇਂ ਲੋਕਾਂ ਨਾਂ ਬਦਨਾਮ ਏ ਕੀਤਾ,
ਕਦਮ ਕਦਮ 'ਤੇ ਅੱਜ ਦੇ ਬੰਦੇ ਇੱਕ ਦੂਜੇ ਨੂੰ ਡੰਗਣ।
ਨੀਵੀਂ ਪਾ ਕੇ ਨਾ ਰੋਵਾਂ ਤੇ ਹੋਰ ਕਰਾਂ ਕੀ ਯਾਰੋ,
ਸੱਜਣਾ ਨੇ ਮੰਗਵਾਏ ਮੈਥੋਂ ਹੰਝੂਆਂ ਦੇ ਦੋ ਕੰਗਣ।
ਆਪਣਾ ਢੋਲ ਵਜਾ ਕੇ ਸਾਨੂੰ ਆਪਣੀ ਗੱਲ ਸੁਣਾਉਂਦੇ,
ਸਾਡੇ ਤੇ ਕਾਨੂੰਨ ਦੇ ਪਹਿਰੇ, ਇਹ ਉੱਚੀ ਨਾ ਖੰਘਣ।
ਮੇਰੇ ਸ਼ਹਿਰ ਦੀਆਂ ਜੇ ਹੋਵਣ ਇੱਕੋ ਜਹੀਆਂ ਕੰਧਾਂ,
ਇੱਕ ਦੂਜੇ ਦੇ ਲਹੂ ਨਾਲ ਲੋਕੀਂ ਹੱਥ ਕਦੇ ਨਾ ਰੰਗਣ।
ਰੀਤ ਨਵੀਂ ਇਹ ਆਂਦੀ ਯਾਰਾਂ ਕਿੱਥੋਂ ਯਾਰੀ ਵਾਲੀ,
ਅੰਦਰ ਜੱਫੀਆਂ, ਵਿੱਚ ਬਾਜ਼ਾਰਾਂ, ਹੱਥ ਮਿਲਾਉਂਦੇ ਸੰਗਣ।
ਘਰ 'ਚੋਂ ਨਿਕਲੇਂ ਜੇ ਤੂੰ 'ਬਾਬਾ' ਸਿਰ 'ਤੇ ਪੱਗ ਨੂੰ ਧਰ ਕੇ,
ਹੋ ਨਈਂ ਸਕਦਾ ਘਰ ਦੇ ਚੁੰਨੀ ਕਿੱਲੀ ਉੱਤੇ ਟੰਗਣ।
-0-
43
ਇਸ ਦੁਨੀਆਂ ਤੋਂ ਜੋ ਵੀ ਜਿੱਤਾਂ, ਤੇਰੇ ਅੱਗੇ ਹਾਰ ਦਿਆਂ।
ਏਸੇ ਖੇਡ 'ਚ ਮਨਸ਼ਾ ਮੇਰੀ, ਸਾਰੀ ਉਮਰ ਗੁਜ਼ਾਰ ਦਿਆਂ।
ਇੰਝ ਲਗਦਾ ਏ ਮੇਰੀ ਗੁੱਡੋ ਮੇਰੇ ਈ ਭਾਂਡੇ ਮਾਂਜੇਗੀ,
ਇਹਨੂੰ ਤੋਰਨ ਲਈ ਮੈਂ ਕਿੱਥੋਂ ਟੀ.ਵੀ., ਮੋਟਰ, ਕਾਰ ਦਿਆਂ।
ਨਵੇਂ ਰਿਵਾਜਾਂ ਜਿਹੜਾ ਕੀਤਾ, ਹਮਸਾਏ ਦੀ ਧੀ ਦਾ ਹਾਲ,
ਵੇਖ ਕੇ ਮੇਰਾ ਜੀ ਕਰਦਾ ਏ ਆਪਣੀ ਲਾਡੋ ਮਾਰ ਦਿਆਂ।
ਮਰਨਾ ਜੀਣਾ ਨਾਲ ਅਣਖ ਦੇ, ਵਿਰਸੇ ਦੇ ਵਿੱਚ ਮਿਲਿਆ ਏ,
ਜਿੰਨਾ ਚਿਰ ਤੱਕ ਧੌਣ ਸਲਾਮਤ, ਕਿਸਰਾਂ ਬਾਜ਼ੀ ਹਾਰ ਦਿਆਂ।
ਦੁਸ਼ਮਣ ਮੈਥੋਂ ਮੰਗ ਰਿਹਾ ਏ, ਮੇਰੀ ਇੱਕ ਹੱਯਾਤੀ ਨੂੰ,
ਮੈਨੂੰ ਲੱਖਾਂ ਵਾਰ ਵੀ ਲੱਭੇ, ਇਸ ਧਰਤੀ ਤੋਂ ਵਾਰ ਦਿਆਂ।
ਖੌਰੇ ਕਿਹੜੀ ਸੱਧਰ ਲੈ ਕੇ ਆਇਆ ਮੇਰੇ ਬੂਹੇ 'ਤੇ, ਇਹਦੀ ਗੱਲ ਸੁਣਨ ਤੋਂ ਪਹਿਲਾਂ,
ਕਿਸਰਾਂ ਕਰ ਇਨਕਾਰ ਦਿਆਂ।
ਜਿਹੜੀ ਗੱਲ ਨਾ 'ਕੱਠੀ ਹੋਵੇ, ਕਈ ਹਜ਼ਾਰਾਂ ਲਫਜ਼ਾਂ ਵਿੱਚ,
ਮੇਰੇ ਵਿੱਚ ਫਨਕਾਰੀ ਐਨੀ, ਮਿਸਰੇ ਵਿੱਚ ਖਲਾਰ ਦਿਆਂ।
ਹਰ ਪਰ੍ਹਿਆ 'ਚੋਂ ਲੈ ਕੇ ਉੱਠਾਂ ਆਪਣੇ ਫਨ ਦੀ ਮਾਲੀ ਮੈਂ,
ਅੱਜ ਪੰਜਾਬੀ ਗ਼ਜ਼ਲ ਨੂੰ 'ਬਾਬਾ', ਏਹੋ ਜਿਹਾ ਸ਼ਿੰਗਾਰ ਦਿਆਂ।
-0-
44
ਜਦ ਵੀ ਲਿਸ਼ਕ ਗਵਾਚੀ ਮੈਥੋਂ ਸੱਜਣ ਨੇੜੇ ਲਗਦੇ ਨਈਂ।
ਪਹਿਲਾਂ ਵਾਂਗੂੰ ਹੁਣ ਕਿਉਂ ਮੇਲੇ, ਮੇਰੇ ਵਿਹੜੇ ਲਗਦੇ ਨਈਂ।
ਇੰਝ ਲਗਦਾ ਏ ਮੇਰਾ ਦਿਲ ਵੀ ਭਰਿਆ ਏ ਹੁਣ ਮਿੱਠੇ ਤੋਂ,
ਤਾਹੀਓਂ ਗੰਨੇ ਪੀੜਨ ਦੇ ਲਈ ਮੈਥੋਂ ਗੇੜੇ ਲਗਦੇ ਨਈਂ।
ਸੂਰਜ ਨਾਲੋਂ ਪਹਿਲਾਂ ਉੱਠੋ, ਰੁੱਤ ਸੁਨਹਿਰੀ ਤੱਕਣੀ ਜੇ,
ਆਪਣੇ ਆਪ ਕਦੇ ਵੀ ਕੰਢੇ, ਜਾ ਕੇ ਬੇੜੇ ਲਗਦੇ ਨਈਂ।
ਪੱਕੀ ਫਸਲ ਤੇ ਦੱਸ ਦੇ ਮੈਨੂੰ ਕਿਸਰਾਂ ਟਿੱਡੀ ਪੈ ਗਈ ਏ,
ਇਸ ਕੁੜਤੇ ਦੇ ਟਾਂਕੇ ਮੈਨੂੰ, ਆਪ ਉਧੇੜੇ ਲਗਦੇ ਨਈਂ।
ਕੀ ਹੋਇਆ ਜੇ ਤੂੰ ਤੂੰ ਮੈਂ ਮੈਂ ਹੋ ਗਈ ਵਿੱਚ ਭਰਾਵਾਂ ਦੇ,
ਜਿੱਥੇ ਕਦੇ ਨਾ ਠਹਿਕਣ ਭਾਂਡੇ, ਵੱਸਦੇ ਵਿਹੜੇ ਲਗਦੇ ਨਈਂ।
ਆਪਣੇ ਸ਼ਹਿਰ 'ਚ ਦਾਨਸ਼ਮੰਦੋ ਕੁੰਢਾਂ ਨੂੰ ਵੀ ਰਹਿਣ ਦਿਓ,
ਇਹਨਾਂ ਬਾਝੋਂ ਵੀ ਕੁਝ ਕੰਮ ਨੇ ਬੰਨੇ ਜਿਹੜੇ ਲਗਦੇ ਨਈਂ।
ਮਿਹਨਤ ਬਾਝੋਂ ਫਲ ਪਏ ਮੰਗਣ ਕਿੰਝ ਸਮਝਾਵਾਂ ਉਹਨਾਂ ਨੂੰ,
ਠੰਢੇ ਵਿੱਚ ਤੰਦੂਰ ਦੇ 'ਬਾਬਾ' ਕਦੇ ਵੀ ਪੇੜੇ ਲਗਦੇ ਨਈਂ।
-0-
45
ਆਪਣੀ ਸੋਚ ਨੂੰ ਜਿਹਨਾਂ ਦਿੱਤਾ, ਤਕਦੀਰਾਂ ਦੇ ਚੱਕਰ ਵਿੱਚ।
ਹੱਥ ਕਦੇ ਵੀ ਪਾ ਨਈਂ ਸਕਦੇ ਤਹਿਮੀਰਾਂ ਦੇ ਚੱਕਰ ਵਿੱਚ।
ਮੰਜ਼ਿਲ ਵੱਲੇ ਮੈਂ ਟੁਰਿਆ ਵਾਂ ਸੂਰਜ ਲੈ ਕੇ ਜਜ਼ਬੇ ਦਾ,
ਫਿਰ ਮੈਂ ਕਿਸਰਾਂ ਆ ਸਕਨਾ ਵਾਂ ਰਾਹਗੀਰਾਂ ਦੇ ਚੱਕਰ ਵਿੱਚ।
ਮੇਰੀ ਸੋਚ ਅਵਾਮੀਂ ਤੇਰਾ ਕਿੰਝ ਕਸੀਦਾ ਲਿਖਾਂ ਮੈਂ,
ਮੇਰੇ ਜਹੇ ਫਨਕਾਰ ਨਈਂ ਆਉਂਦੇ, ਜਾਗੀਰਾਂ ਦੇ ਚੱਕਰ ਵਿੱਚ।
'ਨੇਰ੍ਹਾ ਆਪੇ ਦੱਸ ਦਵੇਗਾ, ਦੀਵਾ ਕਿੱਥੇ ਬਲਦਾ ਏ,
ਟੁਰ ਤੇ ਸਹੀ ਤੂੰ ਹਿੰਮਤ ਕਰ ਕੇ, ਤਨਵੀਰਾਂ ਦੇ ਚੱਕਰ ਵਿੱਚ।
ਤੇਰੇ ਵਾਂਗ ਕਨੂੰਆਂ ਕੱਢਣ, ਤੋਬਾ ਬਹਿ ਨਾ ਜਾਵਾਂ ਮੈਂ,
ਮੁੱਲਾਂ ਬਹੁਤਾ ਪਾ ਨਾ ਮੈਨੂੰ ਤਫਸੀਰਾਂ ਦੇ ਚੱਕਰ ਵਿੱਚ।
'ਬਾਬਾ' ਅੱਜ ਸੁਣਾ ਕੇ ਸੁਫਨਾ, ਸੀਨੇ ਰੰਗਲੇ ਮਹਿਲਾਂ ਦਾ,
ਸੋਚ ਮੇਰੀ ਨੂੰ ਪਾ ਦਿੱਤਾ ਏ ਤਹਿਬੀਰਾਂ ਦੇ ਚੱਕਰ ਵਿੱਚ।
-0-
46
ਦਿਲ 'ਚੋਂ ਕਿਸਰਾਂ ਉਹਦੀ ਯਾਦ ਭੁਲਾ ਦੇਵਾਂ।
ਕਿੰਝ ਸਮੁੰਦਰ ਫੜ ਕੇ ਮੈਂ ਉਲਟਾ ਦੇਵਾਂ।
ਮੇਰੇ ਵੱਸ ਵਿੱਚ ਹੋਵੇ ਕਸਮੇਂ ਅੱਲਾ ਦੀ,
ਹਰ ਤਾਰੇ 'ਤੇ ਤੇਰਾ ਨਾਂ ਲਿਖਵਾ ਦੇਵਾਂ।
ਮੇਰੇ ਜਜ਼ਬੇ 'ਤੇ ਨੇ ਤੇਰੀ ਸੇਵਾ ਲਈ,
ਅਸਮਾਨਾਂ ਤੋਂ ਹੂਰਾਂ ਮੈਂ ਮੰਗਵਾ ਦੇਵਾਂ।
ਪੀਤਿਆਂ ਮੌਤ ਨਈਂ ਆਉਂਦੀ ਜਿਹੜੇ ਪਾਣੀ ਨੂੰ,
ਵੇਚ ਹਯਾਤੀ ਤੈਨੂੰ ਮੁੱਲ ਲਿਆ ਦੇਵਾਂ।
ਆਪਣੇ ਦੀਵੇ ਬਾਲਾਂ ਵਿੱਚ ਹਨੇਰੇ ਦੇ,
ਸਿਖਰ ਦੁਪਹਿਰਾਂ ਵਰਗਾ ਰੰਗਾ ਵਿਖਾ ਦੇਵਾਂ।
ਇੱਕ ਦੂਜੇ ਨੂੰ ਰੰਗ ਨਸਲ ਨਾ ਪੁੱਛਣ ਲੋਕ,
ਏਹੋ ਜਿਹਾ ਮੈਂ ਕਿੱਥੇ ਸ਼ਹਿਰ ਵਸਾ ਦੇਵਾਂ।
ਤੁਸੀਂ ਜੇ ਚੱਲੋ ਜੋੜ ਕੇ ਮੋਢਾ ਮੇਰੇ ਨਾਲ,
ਮੈਂ ਧਰਤੀ ਤੋਂ ਕਾਲੀ ਰਾਤ ਮੁਕਾ ਦੇਵਾਂ।
-0-
ਕਵਿਤਾਵਾਂ
ਸਵਾਲ
ਇੱਕੋ ਤੇਰਾ ਮੇਰਾ ਪਿਓ
ਇੱਕੋ ਤੇਰੀ ਮੇਰੀ ਮਾਂ
ਇੱਕੋ ਸਾਡੀ ਜੰਮਣ ਭੋਂ
ਤੂੰ ਸਰਦਾਰ, ਮੈਂ ਕੰਮੀਂ ਕਿਉਂ?
ਗੀਤ
ਸਿਰ ਤੇ ਖ਼ੌਫ਼ ਦੇ ਪਹਿਰੇ ਲੱਗੇ, ਕਿਸਰਾਂ ਜਸ਼ਨ ਮਨਾਵਾਂ।
ਫੁੱਲ ਕਦੇ ਨਈਂ ਖਿੜਦੇ ਵੇਖੇ, ਲੋਕਾਂ ਵਿੱਚ ਖ਼ਜ਼ਾਵਾਂ।
ਬੁੱਲ੍ਹਾਂ ਉੱਤੇ ਕਿੰਜ ਲਿਆਵਾਂ, ਬਦੋ ਬਦੀ ਮੈਂ ਹਾਸੇ,
ਕਣੀਆਂ ਨਾਲ ਕਦੇ ਨਈਂ ਮੁੱਕੇ, ਲੱਗੇ ਹੋਏ ਚੁਮਾਸੇ।
ਅੰਦਰ ਬਾਹਰ ਘੁੱਪ ਹਨੇਰਾ, ਮੱਥੇ ਕਿੰਜ ਲਿਸ਼ਕਾਵਾਂ।
ਸ਼ੀਂਹ ਦਾ ਇੱਕ ਦਿਨ ਖਾ ਜਾਂਦਾ ਏ, ਗਿੱਦੜ ਦੇ ਸੌ ਸਾਲ।
ਤੇਰਾ ਸਾਥ ਨਈਂ ਦੇਣਾ ਹੁਣ ਤੇ, ਤੋਤੇ ਵਾਲੀ ਫਾਲ।
ਸ਼ਹਿਰਾਂ ਦੇ ਵਿੱਚ ਆ ਵੜੀਆਂ ਨੇ, ਜੰਗਲ ਛੱਡ ਬਲਾਵਾਂ।
ਹੱਥੋਂ ਉਹ ਕੰਮ ਚੰਗਾ ਲਗਦਾ ਦਿਲ ਵੀ ਜਿਹਨੂੰ ਮੰਨੇ।
ਢੋਲਾਂ ਦੀ ਥਾਂ ਲੈ ਨਈਂ ਸਕਦੇ, ਕਦੇ ਵੀ ਛੈਣੇ ਛੰਨੇ।
ਤੂੰ ਨਈਂ ਲਗਦਾ ਮੈਨੂੰ ਚੰਗਾ ਕਿਸਰਾਂ ਸੱਚ ਲੁਕਾਵਾਂ।
ਸਾਹਾਂ ਵਿੱਚ ਪਰੋਈਆਂ ਤੂੰ ਨੇ, ਖ਼ੌਫ ਦੀਆਂ ਤਲਵਾਰਾਂ।
ਆਪਣੇ ਵੱਲੇ ਕਰ ਲਈਆਂ ਨੇ ਮੁਲਕ ਦੀਆਂ ਅਖਬਾਰਾਂ।
ਮੈਂ ਵਸਨੀਕ ਆਜ਼ਾਦ ਵਤਨ ਦਾ, ਦੱਸੋ ਕਿੰਝ ਅਖਵਾਵਾਂ?
ਸੋਚਾਂ ਵਿੱਚ ਜਹਾਨ
(1995)
(ਭਾਗ ਦੂਜਾ)
ਗ਼ਜ਼ਲਾਂ
1
ਮੇਰੇ ਆਲੇ ਦਵਾਲੇ ਕੰਧਾਂ ਰੇਤ ਦੀਆਂ।
ਕਿੰਝ ਨਾ ਲੱਗਣ ਪਾਲੇ, ਕੰਧਾਂ ਰੇਤ ਦੀਆਂ।
ਮੀਂਹ ਵੀ, ਨਾਲ ਹਨੇਰੀ, ਦੀਵੇ ਰੱਖਣ ਲਈ,
ਕਿੰਝ ਬਣਾਵਾਂ ਆਲੇ, ਕੰਧਾਂ ਰੇਤ ਦੀਆਂ।
ਵਿੰਗਾ ਵਾਲ ਨਈਂ ਹੁੰਦਾ, ਕਿਸਰਾਂ ਮੰਨਾ ਮੈਂ,
ਅੰਨ੍ਹੇ ਨੇ ਰਖਵਾਲੇ, ਕੰਧਾਂ ਰੇਤ ਦੀਆਂ।
ਧੁੱਪਾਂ ਵਿੱਚ ਨੇ ਜੁੱਸੇ, ਕਲੀਆਂ, ਫੁੱਲਾਂ ਦੇ,
ਛਾਵੇਂ ਪੱਥਰ ਕਾਲੇ, ਕੰਧਾਂ ਰੇਤ ਦੀਆਂ।
ਮੋਘ੍ਹੇ ਦਾ ਮੂੰਹ ਖੁੱਲ੍ਹਾ ਕੀਤਾ ਦੁਸ਼ਮਣ ਨੇ,
ਕਰ ਗਏ ਯਾਰ ਹਵਾਲੇ, ਕੰਧਾਂ ਰੇਤ ਦੀਆਂ।
ਇਹਨਾਂ 'ਤੇ ਵੀ ਬਹੁਤਾ ਨਾ ਇਤਬਾਰ ਕਰੀਂ,
ਇਹ ਵੀ ਅੰਦਰੋਂ ਕਾਲੇ, ਕੰਧਾਂ ਰੇਤ ਦੀਆਂ।
ਅਸੀਂ ਗਵਾਂਢੀ ਸਦੀਆਂ ਤੋਂ ਮਜਬੂਰੀ ਦੇ,
'ਬਾਬਾ' ਅੱਜ ਵਿਖਾਲੇ, ਕੰਧਾਂ ਰੇਤ ਦੀਆਂ।
-0-
2
ਹਾਰ ਕਦੇ ਨਈਂ ਪੈਂਦੇ ਵੇਖੇ ਹਾਰੇ ਨੂੰ।
ਚੰਨ ਕਦੇ ਨਈਂ ਲਿਖਿਆ, ਲੋਕਾਂ ਤਾਰੇ ਨੂੰ।
ਏਸੇ ਲਈ ਤੇ ਸ਼ਹਿਰ 'ਚ ਮੇਰਾ ਚਰਚਾ ਏ,
ਹੱਥ ਹਮੇਸ਼ਾਂ ਪਾਵਾਂ, ਪੱਥਰ ਭਾਰੇ ਨੂੰ।
ਅਗਲੀ ਵਾਰ ਭੜੋਲੇ ਸੁੱਖਣੇ ਵੇਖੇਂਗਾ,
ਹੁਣ ਵੀ ਜੇ ਨਾ ਮਿਲਿਆ, ਹੱਕ ਮੁਜ਼ਾਰੇ ਨੂੰ।
ਮੈਨੂੰ ਤੇ ਹਰ ਵੇਲੇ ਚਿੰਤਾ ਲੱਗੀ ਏ,
ਕਿਸਰਾਂ ਸ਼ਹਿਦ ਬਣਾਵਾਂ, ਪਾਣੀ ਖਾਰੇ ਨੂੰ।
ਕਿੰਨੇ ਪਿੰਡ ਰੁੜ੍ਹੇ ਨੇ ਪਰਲੇ ਪਾਸੇ ਦੇ,
ਪੁਲ ਹੋਵੇ ਤੇ ਵੇਖਾਂ, ਓਸ ਖਸਾਰੇ ਨੂੰ।
ਇਹਨਾਂ ਦਾ ਵੀ ਮੁਰਸ਼ਿਦ ਚਿੱਟਾ ਹਾਥੀ ਏ,
ਐਵੇਂ ਗਾਲ੍ਹਾਂ ਕੱਢੀਆਂ ਓਸ ਵਿਚਾਰੇ ਨੂੰ।
ਚੌਕਾਂ ਦੇ ਵਿੱਚ ਮੱਥੇ ਭਿੜਦੇ ਉਹਨਾਂ ਦੇ,
ਜਿਹੜੇ ਲੋਕ ਨਈਂ ਤੱਕਦੇ ਲਾਲ ਇਸ਼ਾਰੇ ਨੂੰ।
ਬੁਜ਼ਦਿਲ ਵਾਂਗੂੰ ਬਾਬਾ ਨਜਮੀਂ ਡੁੱਬਣਾ ਨਈਂ,
ਲੱਗਣ ਜਾਂ ਨਾ ਲੱਗਣ, ਹੱਥ ਕਿਨਾਰੇ ਨੂੰ।
-0-
3
ਕਿਹਨੂੰ ਕਿਹਨੂੰ ਮੈਂ ਸਮਝਾਵਾਂ ਏਡੇ ਸ਼ਹਿਰ ਦੇ ਵਿੱਚ।
ਕੋਈ ਵੀ ਮਿਸਰਾ ਆਉਂਦਾ ਨਈਓਂ ਆਪਣੀ ਬਹਿਰ ਦੇ ਵਿੱਚ।
ਕੀਹਦੀ ਮੈਂ ਖੜਕਾਵਾਂ ਕੁੰਡੀ, ਕਿਹਨੂੰ ਮਾਰਾਂ ਵਾਜ,
ਘਰ ਘਰ ਮਸਤ ਕਲੰਦਰ ਆਪਣੀ ਆਪਣੀ ਲਹਿਰ ਦੇ ਵਿੱਚ।
ਆਟਾ ਗੁੰਨ੍ਹਣ ਵਾਲੀ ਸੱਧਰ ਏਸ ਸਮੇਂ ਨਾ ਰੱਖ,
ਰੇਤਾਂ ਦੇ ਘਰ ਬਣਦੇ ਪਏ ਨੇ ਸਾਰੀ ਨਹਿਰ ਦੇ ਵਿੱਚ।
ਲੱਖਾਂ ਵਰਗਾ ਮਿਸਰਾ ਮੇਰਾ ਆਨੇ ਤੋਂ ਨਾ ਲੈਣ,
ਕਿੱਡੇ ਚਾਤਰ ਜਿਹੜੇ ਵੇਚਣ, ਮਿੱਟੀ ਸ਼ਹਿਰ ਦੇ ਵਿੱਚ।
ਕਿਸ ਦੀ ਝੋਲੀ ਹੰਝੂ ਭਰੀਆਂ ਅੱਖਾਂ ਦਿਆਂ ਨਿਚੋੜ,
ਝੋਲੀ ਵੀ ਨਈਂ ਰੱਖਦਾ ਕੋਈ, ਸਾਰੇ ਸ਼ਹਿਰ ਦੇ ਵਿੱਚ।
ਉੱਚੇ ਮਹਿਲਾਂ ਦੇ ਵਸਨੀਕੋ ਸੁਣ ਲਓ ਨਾਲ ਧਿਆਨ,
ਐਨਾ ਜ਼ੇਰ* ਕਰੋ ਨਾ ਮੈਨੂੰ ਉੱਠਾਂ ਕਹਿਰ ਦੇ ਵਿੱਚ।
ਆਪਣੇ ਘਰ ਨਈਂ ਅੱਪੜ ਹੋਣਾ 'ਬਾਬਾ' ਵੇਲੇ ਨਾਲ,
ਤੱਕ ਲਿਆ ਜੇ ਛਾਵਾਂ ਵੱਲੇ ਸਿਖਰ ਦੁਪਹਿਰ ਦੇ ਵਿੱਚ।
(ਜ਼ੇਰ* = ਅਧੀਨ)
-0-
4
ਵੇਲੇ ਦੇ ਨਾਲ ਜਿਹੜੇ ਲੋਕੀਂ ਖੂਹ ਨਾ ਜੋਣਗੇ ਬਾਬਾ ਜੀ।
ਪੱਕੀਆਂ ਵੇਖ ਪਰਾਈਆਂ ਫਸਲਾਂ ਆਪੇ ਰੋਣਗੇ ਬਾਬਾ ਜੀ।
ਛਵੀਆਂ ਫੜ ਕੇ ਘਰ ਘਰ ਜਿਹੜੇ ਮੈਨੂੰ ਲੱਭਦੇ ਫਿਰਦੇ ਨੇ,
ਐਨਾ ਪਿਆਰ ਦਿਆਂਗਾ ਮੇਰੇ ਹਾਰ ਪਰੋਣਗੇ ਬਾਬਾ ਜੀ।
ਅੰਦਰ ਜਿਹੜੇ ਪੈਰਾਂ ਹੇਠਾਂ ਬਰਫ਼ਾਂ ਧਰ ਕੇ ਬੈਠੇ ਨੇ,
ਧੁੱਪਾਂ ਸੜੀਆਂ ਰੇਤਾਂ ਉੱਤੇ ਕਿੰਜ ਖਲੋਣਗੇ ਬਾਬਾ ਜੀ।
ਰੰਗ-ਬਰੰਗੀ ਪਿੜੀਆਂ ਉੱਤੇ, ਜਿਹੜੇ ਡੁੱਲ੍ਹਦੇ ਲੋਕੀਂ ਨੇ,
ਖਿੱਦੋ ਖੁੱਲ੍ਹ ਗਿਆ ਤੇ ਸੱਭੇ ਸਾਡੇ ਹੋਣਗੇ ਬਾਬਾ ਜੀ।
ਅਸਾਂ ਤੇ ਬੂਹੇ ਢੋਅ ਲਏ ਆਪਣੇ ਵੇਖ ਕੇ ਆਲਾ ਮੌਸਮ ਦਾ,
ਜਿਹਨਾਂ ਦੇ ਘਰ ਕੱਖਾਂ ਦੇ ਨੇ, ਉਹ ਕੀ ਢੋਣਗੇ ਬਾਬਾ ਜੀ।
ਪੁੱਤਰਾਂ ਦੇ ਜੋ ਕਾਲੇ ਧੰਦੇ, ਜੱਗ ਤੋਂ ਅੱਜ ਲੁਕਾਣ ਪਏ,
ਇੱਕ ਦਿਨ ਮੁਜਰਮ ਨਾਲੋਂ ਵੱਡੇ, ਮੁਜਰਮ ਹੋਣਗੇ ਬਾਬਾ ਜੀ।
ਬਾਗਾਂ ਦੇ ਵਿੱਚ ਕੰਡਿਆਂ ਬਾਝੋਂ ਸਾਨੂੰ ਕੁਝ ਵੀ ਲੱਭਾ ਨਹੀਂ,
ਕਿੱਕਰਾਂ ਹੇਠੋਂ ਫੁੱਲ ਗੁਲਾਬੀ ਕਿਸਰਾਂ ਹੋਣਗੇ ਬਾਬਾ ਜੀ।
-0-
5
ਆਲ ਦੁਵਾਲੇ ਘੁੱਪ ਹਨੇਰਾ ਕੱਲਾ ਮੈਂ।
ਲੱਖਾਂ ਸੱਪਾਂ ਵਿੱਚ ਸਪੇਰਾ ਕੱਲਾ ਮੈਂ।
ਕੁਝ ਵੀ ਨਈਂ ਜੇ ਰੱਖਿਆ ਵਿੱਚ ਇਬਾਦਤ* ਦੇ,
ਬਾਂਗਾਂ ਦੇਵਾਂ ਮੱਲ ਬਨੇਰਾ ਕੱਲਾ ਮੈਂ।
ਭੈੜੇ ਨੂੰ ਮੈਂ ਭੈੜਾ ਕਹਿਣ ਤੋਂ ਡਰਦਾ ਨਈਂ,
ਕਿੱਡਾ ਵੱਡਾ ਜਿਗਰਾ ਮੇਰਾ ਕੱਲਾ ਮੈਂ।
ਮੈਨੂੰ ਕਾਗਜ਼ ਕਲਮ ਸਿਆਹੀ ਦੇਂਦੇ ਰਹੋ,
ਕਰ ਦੇਵਾਂਗਾ ਦੂਰ ਹਨੇਰਾ ਕੱਲਾ ਮੈਂ।
ਮੇਰਾ ਨਾਂ ਏਂ 'ਬਾਬਾ’, ਰੱਬਾ ਮੂਸਾ ਨਈਂ,
ਕਿਸਰਾਂ ਵੇਖਾਂ ਜਲਵਾ ਤੇਰਾ, ਕੱਲਾ ਮੈਂ।
(ਇਬਾਦਤ* = ਭਗਤੀ)
-0-
6
ਨਦੀਆਂ ਤੇ ਦਰਿਆਵਾਂ ਉੱਤੇ ਪੁਲ ਤਹਿਮੀਰ ਕਰੇਗਾ ਕੌਣ?
ਖਿਲਰੇ ਤਸਬੀਹ* ਵਾਲੇ ਦਾਣੇ, ਹੁਣ ਜ਼ੰਜੀਰ ਕਰੇਗਾ ਕੌਣ?
ਸਾਰੇ ਲੋਕਾਂ ਹੱਥ ਨੇ ਰੰਗੇ, ਇੱਕ ਦੂਜੇ ਦੇ ਲਹੂ ਦੇ ਨਾਲ,
ਵਿੱਚ ਮਿਆਨਾ ਦੇ ਤਲਵਾਰਾਂ ਵਿੰਗੇ ਤੀਰ ਕਰੇਗਾ ਕੌਣ?
ਹੌਲੀ ਹੌਲੀ ਵੱਢਦੇ ਪਏ ਨੇ ਮੇਰਾ ਜੁੱਸਾ ਜਿਹੜੇ ਲੋਕ,
ਉਹਨਾਂ ਕੋਲੋਂ ਪੁੱਛੋ ਮੈਨੂੰ ਲੀਰੋ ਲੀਰ ਕਰੇਗਾ ਕੌਣ?
ਰੱਖ ਸਿਰਾਂ ਤੇ ਲੀਤੇ ਲੋਕਾਂ ਵਡਿਆਈ ਦੇ ਕਾਲੇ ਨਾਗ,
ਸੱਪ ਕਦੇ ਵੀ ਮੀਤ ਨਈਂ ਬਣਦੇ, ਇਹ ਤਕਦੀਰ ਕਰੇਗਾ ਕੌਣ?
ਰਾਝਾਂ ਬਣ ਕੇ ਟੁਰਦੀ ਜਾਵਾਂ ਜੇ ਮੈਂ ਪਿੰਡ ਸਿਆਲਾਂ ਦੇ,
ਵਾਰਸ ਵਾਂਗੂੰ 'ਬਾਬਾ ਨਜ਼ਮੀਂ’ ਕੱਠੀ ਹੀਰ ਕਰੇਗਾ ਕੌਣ?
(ਤਸਬੀਹ* = ਮਾਲਾ)
-0-
7
ਸ਼ੀਸ਼ੇ ਉੱਤੇ ਧੂੜਾਂ ਜੰਮੀਆਂ, ਕੰਧਾਂ ਝਾੜੀ ਜਾਂਦੇ ਨੇ।
ਜਿਲਦਾਂ ਸਾਂਭ ਰਹੇ ਨੇ ਝੱਲੇ, ਵਰਕੇ ਪਾੜੀ ਜਾਂਦੇ ਨੇ।
ਉਹਨਾਂ ਦਾ ਵੀ ਤੂੰਈਓਂ ਰੱਬ ਏਂ, ਇਹਦਾ ਅੱਜ ਜਵਾਬ ਤਾਂ ਦੇ,
ਈਦਾਂ ਵਾਲੇ ਦਿਨ ਵੀ ਜਿਹੜੇ, ਕਰਨ ਦਿਹਾੜੀ ਜਾਂਦੇ ਨੇ।
ਜਿਹਨਾਂ ਦੇ ਗਲ ਲੀਰਾਂ ਪਈਆਂ, ਉਹਨਾਂ ਵੱਲੇ ਤੱਕਦੇ ਨਈਂ,
ਕਬਰਾਂ ਉੱਤੇ ਤਿੱਲੇ ਜੜੀਆਂ, ਚੱਦਰਾਂ ਚਾੜ੍ਹੀ ਜਾਂਦੇ ਨੇ।
ਰੱਸੀ ਕਿੱਥੋਂ ਤੀਕ ਕਰੇਂਗਾ ਢਿੱਲੀ ਉਹਨਾਂ ਲੋਕਾਂ ਦੀ,
ਜਿਹੜੇ ਇੱਕ ਹਵੇਲੀ ਬਦਲੇ, ਝੁੱਗੀਆਂ ਸਾੜੀ ਜਾਂਦੇ ਨੇ।
ਸ਼ੀਸ਼ੇ ਉੱਤੇ ਮਲੇ ਸਿਆਹੀਆਂ, ਹੱਕ ਏ ਮੇਰੇ ਦੁਸ਼ਮਣ ਦਾ,
ਸੱਜਣਾਂ ਨੂੰ ਕੀ ਬਣੀਆਂ, ਮੇਰੇ ਫੁੱਲ ਲਿਤਾੜੀ ਜਾਂਦੇ ਨੇ।
ਚੱਲ ਓਏ 'ਬਾਬਾ ਨਜਮੀ' ਆਪਣੇ ਪਿੰਡਾਂ ਨੂੰ ਮੂੰਹ ਕਰ ਲਈਏ,
ਸ਼ਹਿਰਾਂ ਦੇ ਵਸਨੀਕ ਤੇ ਆਪਣੇ ਸ਼ਹਿਰ ਉਜਾੜੀ ਜਾਂਦੇ ਨੇ।
-0-
8
ਨਿੱਕੀ ਜੂਹ ਦੇ ਅੱਜ ਵੀ ਮਸਲੇ ਉਵੇਂ ਨੇ,
ਸਾਡੇ ਹੱਥੀਂ ਖਾਲੀ ਤਸਲੇ ਓਵੇਂ ਨੇ।
ਜਿਸ ਦੀ ਖਾਤਰ ਸੰਗਤ ਛੱਡੀ ਦੁਨੀਆਂ ਦੀ,
ਉਹਦੀ ਸੁਰਖ਼ੀ ਉਹਦੇ ਕਜਲੇ ਉਵੇਂ ਨੇ।
ਹੁਣ ਵੀ ਵੱਲ ਸਮੁੰਦਰ ਮੂੰਹ ਦਰਿਆਵਾਂ ਦੇ,
ਇਸ ਧਰਤੀ ਦੇ ਛੱਪੜ ਕੰਗਲੇ ਉਵੇਂ ਨੇ।
ਇੱਕ ਦੂਜੇ ਦੀ ਝੁੱਗੀ ਸਾੜੀ ਜਿਹਨਾਂ ਤੋਂ,
ਉਹਨਾਂ ਦੇ ਤਾਂ ਰੌਸ਼ਨ ਬੰਗਲੇ ਉਵੇਂ ਨੇ।
ਘਰ ਘਰ ਝੰਡਾ ਲੱਗਾ ਦੌਰ ਅਵਾਮੀ ਦਾ,
ਫਿਰ ਵੀ ਆਲ ਦਵਾਲੇ ਅਸਲੇ ਉਵੇਂ ਨੇ।
ਖੱਬੇ ਵੀ ਮੈਂ ਝਾਤੀ ਮਾਰੀ, ਸੱਜੇ ਵੀ,
ਦੋਵਾਂ ਵਿੱਚ ਤਬਕਾਤੀ* ਜੰਗਲੇ ਉਵੇਂ ਨੇ।
ਫੁੱਲ ਸਰੋਂਹ ਦਾ ਬਣ ਗਏ ਵਿੱਚ ਵਿਛੋੜੇ ਦੇ,
ਤੇਰੇ ਕਿਸਰਾਂ ਜੋਬਨ ਰੰਗਲੇ ਉਵੇਂ ਨੇ।
(ਤਬਕਾਤੀ* = ਸ਼੍ਰੇਣਕ)
-0-
9
ਨੇਕਾਂ ਦੇ ਹੱਥ ਹੋਵਣ ਭਾਵੇਂ, ਹੋਵਣ ਹੱਥ ਬਦਕਾਰਾਂ।
ਵੈਣਾਂ ਬਾਝੋਂ ਕੁਝ ਨਹੀਂ ਦਿੱਤਾ, ਛਵੀਆਂ ਤੇ ਤਲਵਾਰਾਂ।
ਬਣਦੇ ਰਹਿਣੇ ਗੋਲ ਘਤੀਰੇ, ਵੰਡੀ ਪੈਂਦੀ ਰਹਿਣੀ,
ਜਦ ਤੱਕ ਖ਼ੁਦ-ਗਰਜ਼ਾਂ ਦੇ ਹੱਥੀਂ, ਫੀਤੇ ਤੇ ਪਰਕਾਰਾਂ।
ਬਾਜ਼ ਕਦੇ ਨਈਂ ਨੀਵੇਂ ਬਹਿੰਦੇ, ਸ਼ੀਂਹ ਨਹੀਂ ਖਾਂਦੇ ਜੂਠਾਂ,
ਮੋਰ ਕਦੇ ਨਈਂ ਨੱਚਦੇ ਆ ਕੇ ਗਲੀਆਂ ਵਿੱਚ ਬਜ਼ਾਰਾਂ।
ਮੰਜ਼ਿਲ ਕਿਸਰਾਂ ਹੋ ਸਕਦੀ ਏ ਮੇਰੇ ਵਿੱਚ ਨਸੀਬਾਂ,
ਮੈਨੂੰ ਭਾਰ ਚੁਕਾਇਆ ਆਪਣਾ, ਊਠਾਂ ਦੇ ਅਸਵਾਰਾਂ।
ਮੰਗਤਾ ਕਿਉਂ ਹੁਣ ਫੜ ਕੇ ਠੂਠਾ ਮੰਗਣ ਲੱਗਾ ਸੰਗੇ,
ਸੋਨੇ ਦੇ ਕਸ਼ਕੌਲ* ਬਣਾ ਲਏ, ਧਰਤੀ ਦੇ ਸਰਦਾਰਾਂ।
ਉਹਨਾਂ ਬਾਰੇ ਕੀ ਮੈਂ ਲਿਖਾਂ 'ਬਾਬਾ' ਵਿੱਚ ਕਤਾਬਾਂ,
ਮੰਨ ਲਈਆਂ ਨੇ ਜਿਹੜੇ ਲੋਕਾਂ ਅੰਦਰ ਬਹਿ ਕੇ ਹਾਰਾਂ।
(ਕਸ਼ਕੌਲ* = ਫਕੀਰਾਂ ਦਾ ਠੂਠਾ)
-0-
10
ਆਪਣਾ ਕੱਦ ਵਧਾ ਕੇ ਮੈਂ ਪਛਤਾਇਆ ਵਾਂ।
ਪਿੰਡੋਂ ਸ਼ਹਿਰ 'ਚ ਆ ਕੇ ਮੈਂ ਪਛਤਾਇਆ ਵਾਂ।
ਨਿੰਮ ਦੇ ਪੱਤਰ ਪੁੱਛ ਕੇ ਲੋਕੀਂ ਲੈਂਦੇ ਸਨ,
ਘਰ ਵਿੱਚ ਬੇਰੀ ਲਾ ਕੇ ਮੈਂ ਪਛਤਾਇਆ ਵਾਂ।
ਦਾਨਾ ਦੁਸ਼ਮਣ ਮਰਦਾ ਨਾ ਤੇ ਚੰਗਾ ਸੀ,
ਮੂਰਖ ਯਾਰ ਬਣਾ ਕੇ ਮੈਂ ਪਛਤਾਇਆ ਵਾਂ।
ਸ਼ਹਿਰ 'ਚ ਧੋਖਾ ਖਾਧਾ ਕਈਆਂ ਲੋਕਾਂ ਨੇ,
ਚਿੱਟੇ ਲੀੜੇ ਪਾ ਕੇ ਮੈਂ ਪਛਤਾਇਆ ਵਾਂ।
ਕੰਨੀ ਤੇ ਵੀ ਥਾਂ ਨਈਂ ਦਿੱਤੀ ਚੌਧਰੀਆਂ,
ਧੋਤੀ ਦਰੀ ਵਿਛਾ ਕੇ ਮੈਂ ਪਛਤਾਇਆ ਵਾਂ।
ਆਪਣੇ ਵਿਹੜੇ ਵਿੱਚ ਵੀ ਖੁੱਲ੍ਹ ਕੇ ਬਹਿੰਦਾ ਨਈਂ,
ਖੋਲ ਪਰਾਇਆ ਪਾ ਕੇ ਮੈਂ ਪਛਤਾਇਆ ਵਾਂ।
ਵਿਹੜੇ ਵਿੱਚ ਇਕਲਾਪਾ ਭੁੜਕਣ ਲੱਗ ਪਿਆ,
ਸੱਜਣਾ ਨੂੰ ਅਜ਼ਮਾ ਕੇ ਮੈਂ ਪਛਤਾਇਆ ਵਾਂ।
ਕਿਧਰੋਂ ਵੀ ਕੋਈ ਦਾਦ ਨਈਂ ਆਈ 'ਬਾਬਾ' ਜੀ,
ਅੱਜ ਵੀ ਸ਼ਿਅਰ ਸੁਣਾ ਕੇ ਮੈਂ ਪਛਤਾਇਆ ਵਾਂ।
-0-
11
ਇਸ ਧਰਤੀ 'ਤੇ ਹੁਣ ਤੱਕ ਮੈਨੂੰ ਦਿਸੀਆਂ ਜਾਤਾਂ ਦੋ।
ਇੱਕ ਦਾ ਨਾਂ ਏ 'ਨੇਰਾ 'ਬਾਬਾ', ਇੱਕ ਦਾ ਨਾਂ ਏ ਲੋਅ।
ਤੇਰੇ ਅੱਗੇ ਨਖ਼ਰਾ ਕਾਹਦਾ ਤੇਰੇ ਅੱਗੇ ਅੜੀਆਂ ਕੀ,
ਅਸੀਂ ਆਂ ਤੇਰੇ ਅੰਨ੍ਹੇ ਢੱਗੇ, ਜਿੱਥੇ ਮਰਜ਼ੀ ਜੋ।
ਉਹਦੇ ਨਾਲ ਖਲੋ ਕੇ ਆਪਣਾ ਕੀ ਮੈਂ ਰੰਗ ਵਿਖਾਂ,
ਕਿੱਥੇ ਚੰਨ ਦਾ ਟੋਟਾ ਯਾਰੋ, ਕਿੱਥੇ ਬੁਝਿਆ ਚੋਅ।
ਅੱਜ ਵੀ ਮਰਨਾ, ਕੱਲ ਵੀ ਮਰਨਾ, ਮਰ ਕੇ ਛੁੱਟਣੀ ਜਾਨ,
ਜਦ ਤੱਕ ਸਾਹ ਨੇ, ਵਿੱਚ ਮੈਦਾਨੇ, ਅਣਖਾਂ ਨਾਲ ਖਲੋ।
ਉਸ ਦਿਨ ਮੇਰੇ ਉੱਤੇ ਰੱਬਾ, ਸੁੱਟੇ ਅੱਗ ਅਸਮਾਨ,
ਜਿਸ ਦਿਨ ਲੋੜਾਂ ਪਿੱਛੇ ਆਪਣਾ ਸ਼ੀਸ਼ਾ ਲਵਾਂ ਲੁਕੋ।
ਅੱਜ ਵੀ ਨਈਂ ਜੇ ਕੱਢਣ ਦਿੱਤਾ, ਮੈਨੂੰ ਦਿਲ ਦਾ ਸਾੜ,
ਅੱਜ ਵੀ ਮੇਰੇ ਸੱਜਣਾ ਕੀਤਾ, ਮੇਰੇ ਨਾਲ ਧਰੋਹ।
ਜ਼ਾਲਿਮ ਲੋਕਾਂ ਅੱਗੇ ਕਰਦੇ, ਝੱਲੇ ਰਹਿਮ-ਅਪੀਲ,
ਕੰਡਿਆਂ ਵਿੱਚ ਲੱਭਦੇ ਪਏ ਨੇ, ਫੁੱਲਾਂ ਜਹੀ ਖੁਸ਼ਬੋ।
ਅੱਪੜ ਗਏ ਨੇ ਬੁੱਲ੍ਹੀਆਂ ਤੀਕਰ, 'ਬਾਬਾ' ਦਿਲ ਦੇ ਚਾਅ,
ਸੁਫਨਾ ਸੱਚ ਕਰਾਂ ਮੈਂ ਆਪਣਾ ਮੇਰੇ ਨਾਲ ਖਲੋਅ।
-0-
12
ਇਸ ਧਰਤੀ ਦਾ ਨਕਸ਼ਾ ਬਦਲਣ ਵਾਲਾ ਏ।
ਦਰਿਆ ਆਪਣਾ ਰਸਤਾ ਬਦਲਣ ਵਾਲਾ ਏ।
ਮੈਂ ਕਹਿਨਾ ਵਾਂ ਇਹਦੀ ਨੀਂਹ ਮਜ਼ਬੂਤ ਕਰੋ,
ਆਗੂ ਕਹਿੰਦੇ ਮੱਥਾ ਬਦਲਣ ਵਾਲਾ ਏ।
ਮੇਰੇ ਦੌਰ ਦੇ ਮੁੱਲਾਂ ਹੱਥੋਂ, 'ਅੱਲਾ ਜੀ',
ਤੇਰੇ ਦੀਨ ਦਾ ਹੁਲੀਆ ਬਦਲਣ ਵਾਲਾ ਏ।
ਆਪਣੇ ਮੂੰਹ ਨੇ ਕੋਝੇ ਉਹਨਾਂ ਲੋਕਾਂ ਦੇ,
ਜਿਹੜੇ ਆਖਣ ਸ਼ੀਸ਼ਾ ਬਦਲਣ ਵਾਲਾ ਏ।
ਬੁਜ਼ਦਿਲ ਨੇ ਉਹ 'ਬਾਬਾ' ਜਿਹੜੇ ਕਹਿੰਦੇ ਨੇ,
ਤਕਦੀਰਾਂ ਨੂੰ ਅੱਲਾ ਬਦਲਣ ਵਾਲਾ ਏ।
-0-
13
ਬੇਰਾਂ ਵਾਲੀ ਬੇਰੀ ਸੁਕਦੀ ਜਾਂਦੀ ਏ।
ਵਿਹੜੇ ਵਿੱਚੋਂ ਰੌਣਕ ਮੁੱਕਦੀ ਜਾਂਦੀ ਏ।
ਰੁੱਖਾਂ ਦੇ ਸਿਰ ਵੱਜਦੇ ਪਏ ਨੇ ਧਰਤੀ ਤੇ,
ਕਿਸਰਾਂ ਮਨਾ 'ਨੇਰ੍ਹੀ ਰੁਕਦੀ ਜਾਂਦੀ ਏ।
ਏਨਾ ਭਾਰ ਪਿਆ ਏ ਸਿਰ 'ਤੇ ਲੋੜਾਂ ਦਾ,
ਮੇਰੇ ਲੱਕ ਦੀ ਹੱਡੀ ਝੁਕਦੀ ਜਾਂਦੀ ਏ।
ਇਹ ਵੀ ਸ਼ਗਨਾਂ ਨਾਲ ਵਿਆਹੀ ਹੋਵੇਗੀ,
ਸਿਰ 'ਤੇ ਜਿਹੜੀ ਪੱਥਰ ਚੁੱਕਦੀ ਜਾਂਦੀ ਏ।
'ਬਾਬਾ' ਖੌਰੇ ਕੀ ਏ ਹੱਥ ਅੰਝਾਣੇ ਦੇ,
ਸਾਹਵਾਂ ਵਰਗੀ ਦੁਨੀਆਂ ਲੁਕਦੀ ਜਾਂਦੀ ਏ।
-0-
14
ਮੇਰੇ ਹੱਥੀਂ ਛਾਲੇ ਪਏ ਮਜ਼ਦੂਰੀ ਨਾਲ।
ਫਿਰ ਵੀ ਨਈਓਂ ਭਰਿਆ ਛੰਨਾ ਚੂਰੀ ਨਾਲ।
ਖੁਸ਼ੀਆਂ ਨਾਲ ਨਈਂ ਛੱਡੀ ਆਪਣੀ ਜੰਮਣ-ਭੋਂ
ਤੇਰੇ ਸ਼ਹਿਰ 'ਚ ਆਇਆ ਵਾਂ ਮਜਬੂਰੀ ਨਾਲ।
ਮੇਰੇ ਨਾਲੋਂ ਕੁਹਝਾ ਪੁੱਤਰ ਲੰਬੜਾਂ ਦਾ,
ਧਰਤੀ ਉੱਤੇ ਫਿਰਦਾ ਏ ਮਗਰੂਰੀ ਨਾਲ।
'ਭਗਤ ਸਿੰਘ' ਤੇ 'ਦੁੱਲਾ’, 'ਜਬਰੂ' ਮੇਰਾ ਲਹੂ,
ਕਿੰਝ ਖਲੋਵਾਂ 'ਗਜ਼ਨੀ' ਤੇ 'ਤੈਮੂਰੀ' ਨਾਲ।
ਮੇਰਾ ਕਲਮ-ਕਬੀਲਾ ਉਹਨਾਂ ਵਿੱਚੋਂ ਨਈਂ,
ਅੱਖਰ ਜਿਹੜੇ ਲਿਖਦੇ ਨੇ ਮਨਜ਼ੂਰੀ ਨਾਲ।
ਸ਼ੀਸ਼ੇ ਵੱਲੇ ਕਰ ਕੇ ਕੰਡ ਖਲੋਣਾ ਨਈਂ,
ਜਿੰਨਾ ਮਰਜ਼ੀ ਵੇਖੋ ਮੈਨੂੰ ਘੂਰੀ ਨਾਲ।
'ਬਾਬਾ' ਉਹ ਵੀ ਸੋਚੇ ਮੇਰੇ ਬਾਲਾਂ ਲਈ,
ਜਿਸ ਦਾ ਖੀਸਾ ਭਰਨਾ ਵਾਂ ਕਸਤੂਰੀ ਨਾਲ।
-0-
15
ਉਦੋਂ ਸੱਦਾ ਘੱਲਿਆ ਨੇੜੇ ਹੋਣ ਲਈ।
ਜਦੋਂ ਸਹਾਰੇ ਲੱਭੇ ਅਸਾਂ ਖਲੋਣ ਲਈ।
ਮੰਜ਼ਿਲ ਵਾਲੇ ਰਸਤੇ ਲੱਭੇ ਇਹਨਾਂ ਨਾਲ,
ਅੱਖਾਂ ਤੇ ਨਈਂ ਮਲੀਆਂ ਬਹਿ ਕੇ ਰੋਣ ਲਈ।
ਜਿਸ ਦੇ ਤੁਸੀਂ ਓ ਬੰਦੇ, ਮੈਂ ਵੀ ਉਹਨਾਂ ਦਾ,
ਮੈਨੂੰ ਕਿਉਂ ਜੇ ਚੁਣਿਆ ਕੂੜਾ ਢੋਣ ਲਈ।
ਧੱਕੇ ਖਾਵੇ, ਸ਼ੁਹਦਾ ਚੌਕੀਦਾਰਾਂ ਤੋਂ,
ਜਿੰਨੇ ਪੋਟੇ ਵਿੰਨ੍ਹ ਹਾਰ ਪਰੋਣ ਲਈ।
ਆਪਣਾ ਪਿੰਡ ਕਦੇ ਨਾ ਛੱਡਦਾ ‘ਬਾਬਾ' ਜੀ,
ਆਪਣੀ ਪੈਲੀ ਹੁੰਦੀ ਢੱਗੇ ਜੋਣ ਲਈ।
-0-
16
ਯਾਦ ਕਿਸੇ ਦੀ ਮੁੱਕਦੀ ਕਿਉਂ ਨਈਂ।
ਪੀੜ ਹਿਜਰ ਦੀ ਰੁਕਦੀ ਕਿਉਂ ਨਈਂ।
ਜਿਹੜੇ ਫੱਲ ਤੇ ਮੇਰੀਆਂ ਆਸਾਂ,
ਉਹਦੀ ਟਹਿਣੀ ਝੁਕਦੀ ਕਿਉਂ ਨਈਂ।
ਸੁਕਦੇ ਮੈਂ ਦਰਿਆ ਨੇ ਵੇਖੇ,
ਅੱਖ ਦੀ ਛਪੜੀ ਸੁੱਕਦੀ ਕਿਉਂ ਨਈਂ।
ਅੱਖਾਂ ਮੀਟਾਂ ਲੁਕਦੀ ਦੁਨੀਆਂ,
ਤੇਰੀ ਸੂਰਤ ਲੁਕਦੀ ਕਿਉਂ ਨਈਂ।
ਦੁਨੀਆ ਨੂੰ ਜੇ ਲਗਨਾ ਭੈੜਾ,
ਦੁਨੀਆਂ ਪੱਥਰ ਚੁਕਦੀ ਕਿਉਂ ਨਈਂ।
-0-
17
ਵਿੱਚ ਉਡੀਕਾਂ ਹੋ ਨਾ ਜਾਵੇ ਸ਼ਾਮ ਕਿਤੇ।
ਸੱਖਣਾ ਰਹਿ ਨਾ ਜਾਵੇ, ਮੇਰਾ ਨਾਮ ਕਿਤੇ।
ਕਿੱਡਾ ਸੀ ਪੰਜਾਬ ਤੁਹਾਡਾ ਪੁੱਛਾਂ ਮੈਂ,
ਮੱਥੇ ਲੱਗਣ 'ਜੱਬਰੂ' ਤੇ 'ਵਰਿਆਮ' ਕਿਤੇ।
ਟੋਟੇ ਹੋਣਗੇ ਏਨੇ ਗਿਣਤੀ ਪੱਟੇਗੀ,
ਮੌਲਵੀਆਂ ਦਾ ਮੰਨਿਆਂ ਜੇ ਇਸਲਾਮ ਕਿਤੇ।
ਕਿਧਰੇ ਵਿਲਕਣ ਬੁੱਲ੍ਹੀਆਂ ਗਾਜਰ ਮੂਲੀ ਲਈ,
ਖੀਸਾ ਭਰਿਆ ਪਿਸਤੇ ਨਾਲ ਬਦਾਮ ਕਿਤੇ।
ਕੋਈ ਵੀ ਤੇਲ ਨਈਂ ਪਾਉਂਦਾ, ਸ਼ੌਕ ਚਲਾਵਣ ਦਾ,
ਕਰ ਨਾ ਦੇਵਣ ਗੱਡੀ ਮੇਰੀ ਨਾਮ ਕਿਤੇ।
ਅਸੀਂ ਤੇ ਐਵੇਂ ਜੁੱਤੀਓਂ-ਜੁੱਤੀ ਹੁੰਨੇ ਆਂ,
ਉਹ ਤੇ ਕਿਧਰੇ ਅੱਲਾ ਕਿਧਰੇ ਰਾਮ ਕਿਤੇ।
ਰਮਲੀ ਕੋਲੋਂ ਬਾਬਾ ਨਜ਼ਮੀ ਪੁੱਛ ਲਵਾਂ,
ਰੱਜਵਾਂ ਟੁੱਕਰ ਲਿਖਿਆ ਮੇਰੇ ਨਾਮ ਕਿਤੇ।
-0-
18
ਉਹਦੇ ਵੱਲੇ ਕੰਡ ਵਲਾ ਕੇ ਬੈਠਾ ਵਾਂ।
ਹੱਥੀਂ ਆਪਣਾ ਕੌਲਾ ਢਾਹ ਕੇ ਬੈਠਾ ਵਾਂ।
ਮੇਰਾ ਸਿਰ ਨਈਂ ਝੁਕਣਾ ਆਖ ਸ਼ਰੀਕਾਂ ਨੂੰ,
ਲੋੜਾਂ ਪੈਰਾਂ ਹੇਠ ਵਿਛਾ ਕੇ ਬੈਠਾ ਵਾਂ।
ਜ਼ਾਲਮ ਕੋਲੋਂ ਆਸਾਂ ਲਾਈਆਂ ਖੈਰ ਦੀਆਂ,
ਕਿੱਕਰ ਤੇ ਅੰਗੂਰ ਚੜ੍ਹਾ ਕੇ ਬੈਠਾ ਵਾਂ।
ਮੇਰੇ ਨਾਲੋਂ ਵੱਡਾ ਚਾਤਰ ਕੋਈ ਵੀ ਨਈਂ,
ਜੱਗ ਨੂੰ ਆਪਣਾ ਭਾਰ ਚੁਕਾ ਕੇ ਬੈਠਾ ਵਾਂ।
ਕੀਹਦਾ ਮੂੰਹ ਏਂ ਕਾਲਾ ਪੁੱਛੋ ਪਰ੍ਹਿਆ ਚੋਂ,
ਮੈਂ ਤੇ ਵਿੱਚ ਮਦਾਨੇ ਆ ਕੇ ਬੈਠਾ ਵਾਂ।
ਤੀਲਾ ਵੀ ਨਈਂ ਅੜਿਆ ਮੇਰੀ ਚੂੰਡੀ ਨਾਲ,
ਸਦੀਆਂ ਹੋਈਆਂ ਆਸਾਂ ਲਾ ਕੇ ਬੈਠਾਂ ਵਾਂ।
19
ਵਿੱਚ ਹਨੇਰੀ ਗੋਰੀ ਕਾਲੀ ਇੱਕੋ ਜਹੀ।
ਬਰਛੀ ਤੇ ਬੰਦੂਕ ਦੀ ਨਾਲੀ ਇੱਕੋ ਜਹੀ।
ਸ਼ੀਸ਼ੇ ਵਿੱਚ ਤਰੇੜ ਕਦੇ ਵੀ ਪੈਂਦੀ ਨਾ,
ਜੇ ਵਰਤਾਵਾ ਦੇਂਦਾ ਥਾਲੀ ਇੱਕੋ ਜਹੀ।
ਵੇਲੇ ਸਿਰ ਤੇ ਟੁੱਕਰ ਮੈਨੂੰ ਲੱਭਦਾ ਨਈਂ,
ਕਿਸਰਾਂ ਰੱਖਾਂ ਮੂੰਹ ਦੀ ਲਾਲੀ ਇੱਕੋ ਜਹੀ।
ਤੈਨੂੰ ਖਲ, ਵੜੇਵੇਂ, ਮੈਨੂੰ ਸੁੱਕਾ ਘਾਹ,
ਤੇਰੀ ਮੇਰੀ ਕਿੰਝ ਉਗਾਲੀ ਇਕੋ ਜਹੀ।
ਮਜ਼੍ਹਬੀ ਭੂਤਾਂ ਰਹਿਣ ਲਈ ਦੇਣੀ, ਲਗਦਾ ਏ,
ਸਾਡੇ ਸਿਰ ਤੇ ਕਮਲੀ ਕਾਲੀ ਇੱਕੋ ਜਹੀ।
ਮਹਿਲਾਂ ਲਾਗੇ ਝੁੱਗੀ ਕਿਸਰਾਂ ਲੁੱਟੀ ਗਈ,
ਰਾਖੇ ਕੀਤੀ ਨਈਂ ਰਖਵਾਲੀ ਇੱਕੋ ਜਹੀ।
-0-
20
ਰਾਤੀਂ ਆਪਣੀ ਟੋਟੇ ਹੁੰਦੇ ਵੇਖੇ ਨੇ।
ਆਪਣੇ ਸਿੱਕੇ ਖੋਟੇ ਹੁੰਦੇ ਵੇਖੇ ਨੇ।
ਬੜੀਆਂ ਬੜੀਆਂ ਫੰਨਾ ਵਾਲੇ ਲੋਕੋ ਮੈਂ
ਗਰਜ਼ਾਂ ਅੱਗੇ ਟੋਟੇ ਹੁੰਦੇ ਵੇਖੇ ਨੇ।
ਹਾਲੀ ਤੀਕਰ ਕਿਸਰਾਂ ਖੌਰੇ ਜੀਉਂਦੀ ਏ,
ਜਿਸ ਦੇ ਕਾਲੇ ਗੋਟੇ ਹੁੰਦੇ ਵੇਖੇ ਨੇ।
ਜਿੱਥੇ 'ਅੱਲਾ ਹੂ' ਦਾ ਨਾਹਰਾ ਰਾਤ ਦਿਨੇ,
ਓਥੇ ਤੇੜ ਲੰਗੋਟੇ ਹੁੰਦੇ ਵੇਖੇ ਨੇ।
ਖੁਰਲੀ ਪੱਠੇ, ਡੰਗਰ ਇੱਕੇ ਮਾਲਕ ਦੇ,
ਸੰਗਲਾਂ ਵਾਲੇ ਮੋਟੇ ਹੁੰਦੇ ਵੇਖੇ ਨੇ।
ਜਿਉਂ ਜਿਉਂ ਉੱਚੇ ਬੁਰਜਾਂ ਵੱਲੇ ਪੈਰ ਗਏ,
ਤਿਉਂ ਤਿਉਂ 'ਬਾਬਾ' ਛੋਟੇ ਹੁੰਦੇ ਵੇਖੇ ਨੇ।
-0-
21
ਗੰਦੇ ਆਂਡੇ ਏਧਰ ਵੀ ਨੇ, ਓਧਰ ਵੀ।
ਕੁਝ ਮੁਸ਼ਟੰਡੇ ਏਧਰ ਵੀ ਨੇ, ਓਧਰ ਵੀ।
ਕਿਹਨਾਂ ਦੇ ਹੁਣ ਗਾਉਣੇ ‘ਦੱਸੋ ਮੁੱਲਾਂ ਜੀ',
ਹਲਵੇ ਮੰਡੇ ਏਧਰ ਵੀ ਨੇ, ਓਧਰ ਵੀ।
ਜਿਹਨਾਂ ਸਿੰਗ ਵਿਖਾ ਕੇ ਖਾਧਾ ਅਜ਼ਲਾਂ ਤੇ,
ਲੋਕੋ ਸੰਢੇ ਏਧਰ ਵੀ ਨੇ, ਓਧਰ ਵੀ।
ਗੋਡੀ ਕੋਈ ਨਈਂ ਦੇਂਦੇ ਸਿਰਫ ਵਿਖਾਲੇ ਦੀ,
ਰੰਬੇ ਚੰਡੇ ਏਧਰ ਵੀ ਨੇ, ਓਧਰ ਵੀ।
ਰਲ ਕੇ ਕਿਉਂ ਨਈਂ ਚੁਗਦੇ ਆਪਣੀ ਧਰਦੀ ਦੇ,
ਜਿਹੜੇ ਕੰਡੇ ਏਧਰ ਵੀ ਨੇ ਓਧਰ ਵੀ।
ਏਥੇ ਸੱਚ ਉਛਾਲਣ ਵਾਲੇ ਲੋਕਾਂ ਨੂੰ,
ਕਰਦੇ ਡੰਡੇ ਏਧਰ ਵੀ ਨੇ, ਓਧਰ ਵੀ।
-0-
22
ਸ਼ੀਸ਼ੇ ਦੇ ਲਿਸ਼ਕਾਰੇ ਚੁੱਪ।
ਸੂਰਜ, ਚੰਨ ਤੇ ਤਾਰੇ ਚੁੱਪ।
ਰੋਂਦੀ ਪਈ ਏ ਹੀਰ ਸਿਆਲ,
ਰਾਂਝਾਂ ਤਖ਼ਤ ਹਜ਼ਾਰੇ ਚੁੱਪ।
ਆਪਣੀ ਚੱਲੇ ਕੈਂਚੀ ਵਾਂਗ,
ਮੈਨੂੰ ਕਰੇ ਇਸ਼ਾਰੇ ਚੁੱਪ।
ਵਿੱਚ ਹਵੇਲੀ ਬੋਹਲ ਗਿਆ,
ਢੱਗਿਆਂ ਕੋਲ ਮੁਜ਼ਾਰੇ ਚੁੱਪ।
ਕੱਲ੍ਹ ਵੀ ਸਾਨੂੰ ਲਾਰੇ ਸਨ,
ਅੱਜ ਵੀ ਸਾਨੂੰ ਲਾਰੇ ਚੁੱਪ।
ਉਹ ਵੀ ਬੇਇਤਬਾਰੇ ਸਨ,
ਇਹ ਵੀ ਬੇਇਤਬਾਰੇ, ਚੁੱਪ।
ਅੱਜ ਦਿਹਾੜੀ ਲੱਗੀ ਨਈਂ,
ਅੱਜ ਵੀ ਫੜੇ ਹੁਧਾਰੇ ਚੁੱਪ।
ਜਿੱਤਣ ਵਾਲੇ ਰੌਣ ਪਏ,
ਵਿੱਚ ਮੈਦਾਨੇ ਹਾਰੇ ਚੁੱਪ।
'ਬਾਬਾ' ਤੂੰ ਵੀ ਹਾਰ ਗਿਆਂ,
ਤੇਰੇ ਢੋਲ ਨਗਾਰੇ ਚੁੱਪ।
-0-
23
ਜ਼ਾਲਮ ਕੋਲੋਂ ਗ਼ਮ ਦਾ ਦਾਰੂ ਲਭਨਾ ਵਾਂ।
ਸੱਪ ਦੀ ਅੱਖ 'ਚੋਂ ਆਪਣਾ ਦਾਰੂ ਲੱਭਨਾ ਵਾਂ।
ਬਘਿਆੜਾਂ ਦੀ ਜੂਹ 'ਚੋਂ ਟੋਲਾ/ਹਰਨਾਂ ਦਾ,
ਚੰਡੂਖਾਨੇ ਵਿੱਚੋਂ 'ਗੱਭਰੂ' ਲੱਭਨਾ ਵਾਂ।
ਸੰਗਲ ਪਿੰਜਰੇ ਲੱਭਨਾ ਵਾਂ ਇਨਸਾਨਾਂ ਲਈ,
ਡੰਗਰਾਂ ਦੇ ਲਈ ਫੁੰਮਣ ਘੁੰਗਰੂ ਲੱਭਨਾ ਵਾਂ।
ਵਾਰਸ, ਬੁੱਲ੍ਹਾ, ਵਿਰਸੇ ਵਿੱਚ 'ਫਰੀਦ' ਪਿਆ,
ਫਿਰ ਵੀ ਅਫਲਾਤੂਨ, ਅਰਸਤੂ ਲੱਭਨਾ ਵਾਂ।
ਜੰਡ ਕਰੀਰਾਂ ਉੱਤੇ ਫੁੱਲ ਗੁਲਾਬਾਂ ਦੇ,
ਸਰਕੜਿਆਂ 'ਚੋਂ ਗੰਦਲਾਂ, ਬਾਥੂ ਲੱਭਨਾ ਵਾਂ।
ਜਿਸ ਦੇ ਅੱਖਰ ਤਖ਼ਤ ਹਿਲਾਵਣ ਜ਼ਾਲਮ ਦਾ,
ਏਹੋ ਜਿਹਾ ਮੈਂ ਇੱਕ ਲਿਖੇਰੂ ਲੱਭਨਾ ਵਾਂ।
ਪੁੱਛੇ ਕੋਈ ਤੇ ਦਸਾਂ ‘ਬਾਬਾ' ਕਾਹਦੇ ਲਈ,
ਭਗਤ ਸਿੰਘ ਤੇ ‘ਦੁੱਲ੍ਹਾ’, 'ਜੱਬਰੂ' ਲੱਭਨਾ ਵਾਂ।
-0-
24
ਵੇਖ ਲਏ ਤੂੰ ਕਾਰੇ ਯਾਰ, ਅਮਰੀਕਾ ਦੇ ।
ਹੁਣ ਤੇ ਨਾ ਜਾ ਦਵਾਰੇ ਯਾਰ ਅਮਰੀਕਾ ਦੇ ।
ਕਰ ਦਿੱਤਾ ਏ ਆਪ ਨਿਤਾਰਾ ਵੇਲੇ ਨੇ,
ਮੇਰੇ ਬਾਝੋਂ ਸਾਰੇ ਯਾਰ ਅਮਰੀਕਾ ਦੇ ।
ਤੈਨੂੰ ਲੱਭ ਨਈਂ ਸਕਦਾ ਕੋਕਾ ਸੋਨੇ ਦਾ,
ਨਿਕਲੇ ਨੇ ਸੁਨਿਆਰੇ ਯਾਰ ਅਮਰੀਕਾ ਦੇ।
ਸਾਡੇ ਉੱਤੇ ਇਸਰਾਂ ਹੁਕਮ ਚਲਾਉਂਦਾ ਏ,
ਜਿਸਰਾਂ ਅਸੀਂ ਮੁਜਾਰੇ, ਯਾਰ ਅਮਰੀਕਾ ਦੇ।
ਮਿੱਟੀ ਹੋ ਗਈ ਅੰਦਰੋਂ ਹਾਲਤ 'ਅਰਬਾਂ' ਦੀ,
ਹੋ ਗਏ ਵਾਰੇ ਨਿਆਰੇ ਯਾਰ ਅਮਰੀਕਾ ਦੇ।
ਤੇਰਾ ਜਿਸਰਾਂ ਕੈਦਾ ਪੜ੍ਹੇ ਸੱਦਾਮ ਹੁਸੈਨ,
ਜਿਹਨਾਂ ਪੜ੍ਹੇ ਸਿਪਾਰੇ ਯਾਰ ਅਮਰੀਕਾ ਦੇ।
ਹੂੰਝ ਰਿਹਾ ਏ ਇੱਕ ਭਰਾ ਦੀ ਦੌਲਤ ਨੂੰ,
ਇੱਕ ਤੇ ਚੱਲਦੇ ਘਾਰੇ ਯਾਰ ਅਮਰੀਕਾ ਦੇ।
-0-
25
ਮੇਰੇ ਸ਼ਹਿਰ 'ਚ ਠੰਡੀਆਂ ਛਾਵਾਂ ਕਿੱਥੇ ਨੇ?
ਥਣੀਂ ਜਿਨ੍ਹਾਂ ਦੇ ਦੁੱਧ ਉਹ ਗਾਵਾਂ ਕਿੱਥੇ ਨੇ?
ਹੱਸਿਆਂ ਝੋਲੀ ਭਰਦੀ ਨਾਲ ਗੁਲਾਬਾਂ ਦੇ,
ਏਹੋ ਜਹੀਆਂ ਭਲੀਆਂ ਥਾਵਾਂ ਕਿੱਥੇ ਨੇ?
ਇੱਕ ਦੂਜੇ ਨੂੰ ਦੇ ਕੇ ਜਿੱਥੇ ਖਾਂਦੇ ਨੇ,
ਐਡੇ ਸੁਹਣੇ ਸਦਕੇ ਜਾਵਾਂ ਕਿੱਥੇ ਨੇ?
ਅਪਣੀ ਹਿੱਕ ਤੇ ਪਾ ਕੇ ਆਪਣੇ ਬਾਲਾਂ ਨੂੰ,
ਦੁੱਧ ਪਿਲਾਵਣ ਵਾਲੀਆਂ ਮਾਵਾਂ ਕਿੱਥੇ ਨੇ?
ਤਸਬੀਹ ਕਰਦੇ ਪਏ ਆ ਬਹਿ ਕੇ ਜਿਹਨਾਂ ਦੀ,
ਸਾਡੇ ਦੱਸ ਪ੍ਰਾਹੁਣੇ, ਕਾਵਾਂ ਕਿੱਥੇ ਨੇ?
-0-
26
ਹੰਸਾਂ ਮੋਰਾਂ, ਕੋਇਲਾਂ ਲਈ ਮੈਂ ਅੱਖਰ ਕੱਠੇ ਕਰਨਾ ਵਾਂ।
ਇੱਲਾਂ, ਗਿਰਝਾਂ, ਬਿਰੀਆਂ, ਕੀਤੇ, ਪੱਥਰ ਕੱਠੇ ਕਰਨਾ ਵਾਂ।
ਸਿੰਗ ਫਸਾ ਕੇ ਬਹਿ ਜਾਂਦੇ ਨੇ ਖੌਰੇ ਕੀਹਦੀ ਸ਼ਹਿ ਤੇ ਵੇਖ,
ਖੁਰਲੀ ਉੱਤੇ ਜਾਣ ਵੀ ਆਪਣੇ ਡੰਗਰ ਕੱਠੇ ਕਰਨਾ ਵਾਂ।
ਕਿਹੜੇ ਰੁੱਖ ਦਾ ਮਿੱਠਾ ਮੇਵਾ, ਪੁੱਛੋ ਜਾ ਕੇ ਮਾਲਕ ਨੂੰ,
ਪੱਗ ਪਿਓ ਦੀ ਸਿਰ 'ਤੇ ਧਰ ਕੇ ਪੱਤਰ ਕੱਠੇ ਕਰਨਾ ਵਾਂ।
ਲਿਖਦਾ ਸਾਂ ਮੈਂ ਸਦੀਆਂ ਪਹਿਲਾਂ ਕਿੱਸੇ ਆਪਣੇ ਲੋਕਾਂ ਦੇ,
ਹੁਣ ਤਾਂ ਢਿੱਡ ਭਰਨ ਲਈ ਆਪਣੇ, ਅੱਖਰ ਕੱਠੇ ਕਰਨਾ ਵਾਂ।
ਪਹਿਲੇ ਵਾਰ ਨਈਂ ਵੱਜੇ ‘ਬਾਬਾ’, ਰਾਤੀਂ ਜਾਮ ਸਰਾਹੀਆਂ ਤੇ,
ਏਥੇ ਚਾਕ ਜਦੋਂ ਦਾ ਹੋਇਆ, ਬੱਬਰ ਕੱਠੇ ਕਰਨਾ ਵਾਂ।
-0-
27
ਵੇਖ ਲਏ ਨੇ ਸਾਰੇ ਕਿੰਨੇ ਪਾਣੀ ਵਿੱਚ।
ਸੂਰਜ ਚੰਨ ਤੇ ਤਾਰੇ, ਕਿੰਨੇ ਪਾਣੀ ਵਿੱਚ।
ਚੂਕਨੀਆਂ ਤੇ ਕਰਦੀ ਗੁੱਤ ਐਲਾਨ ਫਿਰੇ,
ਕੀ ਨੇ ਨਾਜ਼ ਵਿਚਾਰੇ, ਕਿੰਨੇ ਪਾਣੀ ਵਿੱਚ।
ਅੱਲਾ ਅੱਲਾ ਕਰਦਾ ਵੀ ਉਹ ਡੁੱਬ ਗਿਆ,
ਵੇਖੇ ਨਰਮ ਸਹਾਰੇ ਕਿੰਨੇ ਪਾਣੀ ਵਿੱਚ।
ਕੱਸ ਲੰਗੋਟਾ ਆਇਆ ਵਾ ਮੈਂ ਏਸੇ ਲਈ,
ਵੇਖਾਂ ਪੱਥਰ ਭਾਰੇ, ਕਿੰਨੇ ਪਾਣੀ ਵਿੱਚ।
ਜਾਂਦੇ ਜਾਂਦੇ ਇਹ ਤੇ ਯਾਰੋ ਵੇਖ ਲਓ,
ਡੁੱਬੇ ਸੱਜਣ ਪਿਆਰੇ ਕਿੰਨੇ ਪਾਣੀ ਵਿੱਚ।
ਅੰਦਰ ਬਹਿ ਕੇ 'ਬਾਬਾ’ ਪਰਖੇ ਜਾਣੇ ਨਈਂ,
ਦੁਸ਼ਮਣ ਦੇ ਲਲਕਾਰੇ ਕਿੰਨੇ ਪਾਣੀ ਵਿੱਚ।
-0-
28
ਇੱਕ ਦੂਜੇ ਨੂੰ ਆਪਣਾ ਜ਼ੋਰ ਵਿਖਾਣ ਪਏ ।
ਬਾਬਾ ਨਜਮੀਂ ਕੁੱਕੜ-ਖੇਹ ਉਡਾਣ ਪਏ।
ਗੱਡੇ ਪਿਆ ਗਵਾਂਢੀ ਪੈਰ ਮਸ਼ੀਨਾਂ ਦੇ,
ਏਧਰ ਮਾਰ ਭਰਾਵਾਂ ਨੂੰ ਦਫਨਾਣ ਪਏ ।
ਵਿਹੜੇ ਦੇ ਵਿੱਚ ਕਰ ਕੇ ਹੱਥੀਂ ਕੰਧ ਖੜੀ,
ਓਧਰ ਵੀ ਤੇ ਏਧਰ ਵੀ, ਪਛਤਾਣ ਪਏ।
ਜੁੱਸੇ ਉੱਤੋਂ ਲਾਹ ਕੇ ਵਰਦੀ ਫਰਜ਼ਾਂ ਦੀ,
ਮੇਰੇ ਸ਼ਹਿਰ ਦੇ ਰਾਖੇ ਸੰਨ੍ਹਾਂ ਲਾਣ ਪਏ ।
ਛੱਡ ਗਿਆਂ ਵਾਂ ਆਪਣੇ ਹਾਣੀ ਪਿੱਛੇ ਮੈਂ,
ਮੇਰੇ ਕੋਲੋਂ ਅਗਲੇ ਵੀ ਘਬਰਾਣ ਪਏ।
ਵੱਲ ਅਮਰੀਕਾ ਆਗੂ ਇਸਰਾਂ ਜਾਂਦੇ ਨੇ,
ਜਿਸਰਾਂ ਹਾਜੀ ਕਾਹਬੇ ਵੱਲੇ ਜਾਣ ਪਏ।
ਮੈਂ ਵੀ ਉਹਨਾਂ ਵਿੱਚੋਂ ਜਿਹੜੇ 'ਬਾਬਾ' ਜੀ,
ਫਲ ਵੀ ਦੇਂਦੇ ਨਾਲੇ ਪੱਥਰ ਖਾਣ ਪਏ।
-0-
29
ਜਿਸ ਧਰਤੀ 'ਤੇ ਰਜਵਾਂ ਟੁੱਕਰ ਖਾਂਦੇ ਨਈਂ ਮਜ਼ਦੂਰ।
ਉਸ ਧਰਤੀ ਦੇ ਹਾਕਮ ਕੁੱਤੇ, ਉਸ ਦੇ ਹਾਕਮ ਸੂਰ।
ਮੇਰੇ ਵਾਂਗੂੰ ਚਾਰ ਦਿਹਾੜੇ ਭੱਠੀ ਕੋਲ ਖਲੋ,
ਮੁੱਲਾਂ ਫੇਰ ਵਿਖਾਵੀਂ ਮੈਨੂੰ ਆਪਣੇ ਮੂੰਹ ਦਾ ਨੂਰ।
ਇੱਟ-ਖੜਿੱਕਾ ਨਾਲ ਗਵਾਂਢੀ, ਦੇਖੋ ਆਗੂ ਵੱਲ,
ਉਹਦੇ ਨਾਲ ਯਰਾਨਾ, ਜਿਹੜਾ ਸੱਤ ਸਮੁੰਦਰ ਦੂਰ।
ਪਲ ਪਲ ਚੌੜਾ ਹੁੰਦਾ ਜਾਵੇ, ਲੋੜਾਂ ਦਾ ਦਰਿਆ,
ਹੌਲੀ ਹੌਲੀ ਡੁੱਬਦਾ ਜਾਵੇ, ਸੱਧਰਾਂ ਵਾਲਾ ਪੂਰ।
ਇਸ ਧਰਤੀ ਤੋਂ ਖੌਰੇ ਕਦ ਦਾ ਕਰ ਜਾਵਾਂ ਮੈਂ ਕੂਚ,
ਸੁਣਿਆ ਜੇ ਨਾ ਹੁੰਦਾ ਬਾਬਾ ਤੇਰਾ ਮੈਂ ਮਨਸ਼ੂਰ*।
ਵਿੱਚ ਹਨੇਰੇ ਫੁੱਲ੍ਹ ਵੀ ਦੇਵੇਂ, ਉਹਨਾਂ ਉੱਤੇ ਥੂਹ,
ਸਿਖਰ ਦੁਪਹਿਰੇ ਬਲਦੇ ਪੱਥਰ ਮੈਨੂੰ ਨੇ ਮਨਜ਼ੂਰ।
ਹੱਥੋਂ ਸੁੱਟ ਜਦੋਂ ਦਾ ਆਸਾ, ਆਂਦੀ ਕਲਮ ਦਵਾਤ,
ਮੰਜ਼ਲ ਮੈਨੂੰ ਵਾਜਾਂ ਮਾਰੇ, ਰਸਤੇ ਨੂਰੋ-ਨੂਰ।
ਉਹਦੇ ਵਿੱਚੋਂ ਲੱਭੇ ‘ਬਾਬਾ' ਕੰਮੀਆਂ ਦੇ ਹੱਕ ਵੇਖ,
ਜਿਹੜਾ ਉੱਚੇ ਮਹਿਲੀਂ ਬਹਿ ਕੇ, ਬਣਦਾ ਏ ਦਸਤੂਰ।
(ਮਨਸ਼ੂਰ * = ਐਲਾਨ)
-0-
30
ਜਿਹੜੀ ਦੁਨੀਆਂ ਜ਼ਰ* ਦੀ ਪੂਜਾ ਕਰਦੀ ਏ।
ਤਿੜਕੇ ਵਿੱਚ ਘੜੇ ਦੇ ਪਾਣੀ ਭਰਦੀ ਏ।
ਮੁੱਲਾਂ ਜਿਹੜਾ ਨਕਸ਼ਾ ਖਿਚਿਆ ਜੰਨਤ ਦਾ,
ਇਹ ਤਸਵੀਰ ਤੇ ਮੇਰੇ ਸੇਠ ਦੇ ਘਰ ਦੀ ਏ।
ਲੱਭਾਂ ਕਿੰਝ ਸਹਾਰੇ ਮੈਨੂੰ ਖਬਰਾਂ ਨੇ,
ਕਾਗਜ਼ ਵਾਲੀ ਬੇੜੀ ਕਿਚਰਕੁ ਤਰਦੀ ਹੈ।
ਮੇਰੇ ਸ਼ਿਅਰਾਂ ਵਿੱਚ ਹੱਯਾਤੀ ਲੋਕਾਂ ਦੀ,
ਮੇਰੀ ਸ਼ਾਇਰੀ ਮਸਲੇ ਵੀ ਹੱਲ ਕਰਦੀ ਏ।
ਜਦ ਵੀ ਵਾਲ ਸੁਕਾਉਂਦੀ ਫਿਰ ਕੇ ਕੋਠੇ ਤੇ,
ਕਿਧਰੇ ਧੁੱਪਾਂ ਕਿਧਰੇ ਛਾਵਾਂ ਕਰਦੀ ਏ।
ਝੂਠੀ ਦੁਨੀਆਂ ਕਿਹੜੇ ਪਾਸੇ ‘ਬਾਬਾ' ਜੀ,
ਮੇਰੇ ਅੱਖਰਾਂ ਕੋਲੋਂ ਜਿਹੜੀ ਡਰਦੀ ਏ।
(ਜ਼ਰ* = ਧਨ)
-0-
31
ਬੋਕਾ, ਲੱਜ ਨਾ ਭੌਣੀ, ਰੱਬਾ ਕਰੀਏ ਕੀ?
ਅੱਗ ਵੀ ਅਸਾਂ ਬੁਝਾਉਣੀ ਰੱਬਾ ਕਰੀਏ ਕੀ?
ਡੰਡੇ ਨਾਲ ਕਸੀਦਾ ਪਏ ਲਿਖਵਾਉਂਦੇ ਨੇ,
ਪੈ ਗਈ ਰੀਤ ਪੁਗਾਉਣੀ, ਰੱਬਾ ਕਰੀਏ ਕੀ?
ਢੱਗਿਆਂ ਨਾਲੋਂ ਬਹੁਤੀ ਕਰਕੇ ਕਾਰ ਮੁੜਾਂ,
ਦਾਣੇ ਹਾੜੀ ਸਾਉਣੀ, ਰੱਬਾ ਕਰੀਏ ਕੀ?
ਜਦ ਦੇ ਜੰਮੇ, ਵਿਹੜੇ ਵਿੱਚੋਂ ਦੁੱਖਾਂ ਦੀ,
ਮੁੱਕੀ ਨਈਓਂ ਛਾਉਣੀ, ਰੱਬਾ ਕਰੀਏ ਕੀ?
ਪੜ੍ਹ ਪੜ੍ਹ ਓਬੜ ਉਮਰ ਗੁਜ਼ਾਰੀ ਅੱਜ ਅਸਾਂ,
ਕਹਿੰਦੇ ਹੀਰ ਸੁਣਾਉਣੀ ਰੱਬਾ ਕਰੀਏ ਕੀ?
ਤਪਦਾ ਸੂਰਜ ਠੰਢਾ ਕਰ ਕੇ ਮੁੜਿਆ ਵਾਂ,
ਫਿਰ ਵੀ ਰੋਟੀ ਪੌਣੀ, ਰੱਬਾ ਕਰੀਏ ਕੀ?
ਬਘਿਆੜਾਂ ਦੀ ਜੂਹ ਦੇ ਵੱਲੇ ਚੱਲੇ ਕਿਓਂ,
ਹਿਰਨੀ ਇੱਕ ਬਚਾਉਣੀ, ਰੱਬਾ ਕਰੀਏ ਕੀ?
-0-
32
ਮੈਂ ਵੀ ਝੂਠ ਬਥੇਰਾ ਲਿਖਨਾ, ਮੈਨੂੰ ਵੀ ਇਹਜਾਜ਼ ਦਿਓ।
ਲੱਥੇ ਰਾਤ, ਸਵੇਰਾ ਲਿਖਨਾ, ਮੈਨੂੰ ਵੀ ਇਹਜਾਜ਼ ਦਿਓ।
ਝੁੱਗੀਆਂ ਅੰਦਰ ਚਾਨਣ ਏਨਾ, ਫਿਰਦੀ ਕੀੜੀ ਦਿਸਦੀ ਏ,
ਮਹਿਲੀਂ ਘੁੱਪ ਹਨ੍ਹੇਰਾ ਲਿਖਨਾਂ, ਮੈਨੂੰ ਵੀ ਇਹਜਾਜ਼ ਦਿਓ।
ਕਬਰਾਂ ਉੱਤੇ ਫੁੱਲ ਚੜ੍ਹਾਵਾਂ, ਦੀਵੇ ਦੇਵਾਂ ਅੰਨ੍ਹਿਆਂ ਨੂੰ,
ਜੰਗਲ ਨੂੰ ਮੈਂ ਡੇਰਾ ਲਿਖਨਾ, ਮੈਨੂੰ ਵੀ ਇਹਜਾਜ਼ ਦਿਓ।
ਹਿਜਰੇ ਅਸੂਦ, ਕਾਲਾ ਨਈਂ ਜੇ, ਵੇਖੋ ਅੱਤ ਖਿਆਲਾਂ ਨੂੰ,
ਚੰਨ ਦਾ ਰੰਗ ਸਲੇਰਾ ਲਿਖਨਾ, ਮੈਨੂੰ ਵੀ ਇਹਜਾਜ਼ ਦਿਓ।
ਅੱਲਾ ਨਈਂ ਅਸਮਾਨਾ ਉੱਤੇ, ਪੈਰਾਂ ਥੱਲੇ ਧਰਤੀ ਨਈਂ,
ਅਪਣਾ ਕੱਦ ਉਚੇਰਾ ਲਿਖਨਾ, ਮੈਨੂੰ ਵੀ ਇਹਜਾਜ਼ ਦਿਓ।
ਲੋਕਾਂ ਵਾਂਗੂੰ ਆਦੀ ਨਈਂ ਮੈਂ, ਇੱਕੇ ਪਾਸੇ ਵੇਖਣ ਦਾ,
ਆਪਣਾ ਚਾਰ-ਚੁਫੇਰਾ ਲਿਖਨਾ ਮੈਨੂੰ ਵੀ ਇਹਜਾਜ਼ ਦਿਓ।
ਇਸ ਧਰਤੀ ਨੂੰ ਲੁੱਟਣ ਵਾਲੇ, 'ਬਾਬਾ' ਜੀ ਇਸਲਾਮਪੁਰੇ,
ਕਿੱਡਾ ਵੱਡਾ ਜੇਰਾ ਲਿਖਨਾਂ, ਮੈਨੂੰ ਵੀ ਇਹਜਾਜ਼* ਦਿਓ।
(ਇਹਜਾਜ਼* = ਪੁਰਸਕਾਰ)
-0-
33
ਏਧਰ ਕੀਤੀ ਸੱਜਣਾ ਨੇ ਤਕੀਦ ਸ਼ੁਰੂ।
ਓਧਰ ਮੇਰੇ ਦੁਸ਼ਮਣ ਦੀ ਏ ਈਦ ਸ਼ੁਰੂ।
ਕਾਤਲ ਸੀ ਉਹ ਸ਼ਾਮ ਦੀਆਂ ਅਖਬਾਰਾਂ ਵਿੱਚ,
ਫਜਰ ਦੀਆਂ ਅਖਬਾਰਾਂ ਵਿੱਚ ਤਰਦੀਦ ਸ਼ੁਰੂ।
ਏਹੋ ਜਹੇ ਮੈਂ ਇੱਕ ਦਿਨ ਲੀੜੇ ਪਾਵਾਂਗਾ,
ਸਾਰਾ ਪਿੰਡ ਕਰੇਗਾ ਮੇਰੀ ਦੀਦ ਸ਼ੁਰੂ।
ਘੁੱਗੂ-ਘੋੜੇ ਸਾਨੂੰ ਵੀ ਪਏ ਦਿਸਦੇ ਨੇ,
ਖਾਲੀ ਖੀਸੇ ਕਰੀਏ ਕਿੰਝ ਖਰੀਦ ਸ਼ੁਰੂ।
ਪਹਿਲਾਂ ਤੋਂ ਮੰਨਵਾ ਲੈ ਮੇਰਾ ਅੰਦਰ ਦਾ,
ਫੇਰ ਕਰਾਂਗਾ ਢੋਲਾਂ ਨਾਲ ਤਾਈਦ ਸ਼ੁਰੂ।
ਹਿੰਮਤ ਕਰਕੇ ਜਿਹੜੇ ਲੋਕੀਂ ਟੁਰ ਪਏ ਨੇ,
ਮੇਰੇ ਵੱਲੋਂ ਮੰਜ਼ਿਲ ਦੀ ਉਮੀਦ ਸ਼ੁਰੂ।
ਭੁੜਕ ਪਿਆਂ ਏਂ, ਅਜੇ ਤੇ ਉਹਦੇ ਜ਼ੁਲਮਾਂ ਦੀ,
'ਬਾਬਾ ਨਜਮੀਂ' ਕੀਤੀ ਏ ਤਸਹੀਦ ਸ਼ੁਰੂ।
(ਤਸਹੀਦ = ਭੂਮਿਕਾ)
-0-
34
ਸਾਨੂੰ ਸੁੱਖ ਦਾ ਸਾਹ ਨਈਂ ਲੱਭਾ ਤੇਰੇ ਬਾਅਦ ।
ਆਪਣੇ ਘਰ ਦਾ ਰਾਹ ਨਈਂ ਲੱਭਾ ਤੇਰੇ ਬਾਅਦ।
ਕਿੰਝ ਨਾ ਦੇਂਦਾ ਸੂਲੀ ਉੱਤੇ ਤੈਨੂੰ 'ਵਾਜ,
ਸ਼ਹਿਰ 'ਚੋਂ ਇੱਕ ਗਵਾਹ ਨਈਂ ਲੱਭਾ ਤੇਰੇ ਬਾਅਦ।
ਟੋਲੇ ਵੇਖੇ ਯਾਰਾਂ ਦੇ ਮੈਂ ਆਲ-ਦਵਾਲ,
ਆਖਣ ਵਾਲਾ 'ਵਾਹ' ਨਈਂ ਲੱਭਾ, ਤੇਰੇ ਬਾਅਦ।
ਕਦਮ ਕਦਮ ਤੇ ਲੱਖਪਤੀਆਂ ਨਾਲ ਮਿਲਿਆਂ ਮੈਂ,
ਭੁੱਖਾ ਨੰਗਾ ਸ਼ਾਹ ਨਈਂ ਲੱਭਾ, ਤੇਰੇ ਬਾਅਦ।
ਲੱਖਾਂ ਨੂੰ ਠੁਕਰਾਇਆ ਆਪਣੀ ਅਣਖ ਲਈ,
ਐਡਾ ਬੇਪ੍ਰਵਾਹ ਨਈਂ ਲੱਭਾ ਤੇਰੇ ਬਾਅਦ।
ਵਿੱਚ ਹਨੇਰੇ ਬੈਠਾ ਵਾਂ ਮੈਂ ਏਸੇ ਲਈ,
ਸੱਜਣਾਂ ਵਿੱਚ ਵਸਾਹ ਨਈਂ ਲੱਭਾ ਤੇਰੇ ਬਾਅਦ।
ਤਾਹੀਓਂ ਸਾਨੂੰ ਆਉਂਦਾ ਪਿਆ ਏਂ 'ਬਾਬਾ' ਰੋਣ,
ਖੁਰਲੀ ਵਿੱਚੋਂ ਘਾਹ ਨਈਂ ਲੱਭਾ, ਤੇਰੇ ਬਾਅਦ।
-0-
35
ਆਪਣੇ ਸਿਰ ਦੀ ਵੇਲ ਕਰਾਈ ਤੇਰੇ ਲਈ।
ਸੂਲੀ ਉੱਤੇ ਜਾਨ ਚੜ੍ਹਾਈ ਤੇਰੇ ਲਈ।
ਤੇਰੇ ਕੋਲੋਂ ਘੁੱਟ ਨਈਂ ਸਰਿਆ ਪਾਣੀ ਦਾ,
ਅਸਾਂ ਤੇ ਲਹੂ ਦੀ ਨਹਿਰ ਵਗਾਈ ਤੇਰੇ ਲਈ।
ਚੜ੍ਹਦੇ ਲਹਿੰਦੇ ਤੇਰਾ ਨਾਂ ਅਪੜਾਇਆ ਮੈਂ,
ਕਰਦਾ ਕਿੰਨੀ ਹੋਰ ਕਮਾਈ ਤੇਰੇ ਲਈ।
ਅਜੇ ਵੀ ਤੈਨੂੰ ਸ਼ੱਕ ਏ ਮੇਰੇ ਅਮਲਾਂ ਤੇ,
ਪੁੱਤਰ ਉੱਤੇ ਛੁਰੀ ਚਲਾਈ ਤੇਰੇ ਲਈ।
ਤੀਰਾਂ ਉੱਤੇ ਸਜਦਾ ਕਰਕੇ ਤੈਨੂੰ ਮੈਂ,
ਆਪਣੀ ਸੂਲੀ ਆਪ ਉਠਾਈ ਤੇਰੇ ਲਈ।
ਤੇਰੇ ਵਰਗਾ ਕੋਈ ਨਈਂ ਨਾਲ ਜ਼ਮਾਨੇ ਦੇ,
'ਬਾਬਾ' ਸਿਰ ਦੀ ਸ਼ਰਤ ਲਗਾਈ ਤੇਰੇ ਲਈ।
-0-
36
ਕਿਸਰਾਂ ਪਿਆਰ ਨਾ ਕਰੀਏ ਆਪਣੇ ਹਾਣੀ ਨਾਲ।
ਅੱਗ ਹਮੇਸ਼ਾ ਬੁਝਦੀ ਵੇਖੀ ਪਾਣੀ ਨਾਲ।
ਜੱਫੀ ਉਦੋਂ ਖੁੱਲ੍ਹਦੀ ਇਹਨਾ ਪਲਕਾਂ ਦੀ,
ਚੂੜਾ ਤੇਰਾ ਛਣਕੇ ਜਦੋਂ ਮਧਾਣੀ ਨਾਲ।
ਕੋਈ ਤੇ ਆਖੇ ਖ਼ੁਦਗਰਜ਼ਾਂ ਦੇ ਟੋਲੇ ਨੂੰ,
ਭੈੜੇ ਵੇਲੇ ਮੈਂ ਵੀ ਸਾਂ ਚੁਧਰਾਣੀ ਨਾਲ।
ਉਹਨਾਂ ਉੱਤੇ ਹਾਲੀ ਵੀ ਹੈ ਸ਼ੱਕ ਜਿਹਾ,
ਗੰਢੇ ਗਏ ਨੇ ਜਿਹੜੇ ਧਾਗੇ, ਤਾਣੀ ਨਾਲ।
ਜਾਨਣ ਵਾਲੇ ਜਾਣ ਗਏ ਨੇ ਵਾਰਸ ਸ਼ਾਹ,
ਸਿੱਟਾ ਜਿਹੜਾ ਕੱਢਿਆ ਹੀਰ-ਕਹਾਣੀ ਨਾਲ।
ਵਿੱਚ ਕਿਤਾਬਾਂ ਇੱਕ ਨਜ਼ੀਰ ਵੀ ਮਿਲਣੀ ਨਈਂ,
ਰਾਖੇ ਜਿਹੜੀ ਕੀਤੀ ਓਸ ਨਿਮਾਣੀ ਨਾਲ।
ਬੰਦੇ ਉਹਦੇ ਰਾਜ਼ੀ ਕਰਨੇ ਮੇਰਾ ਸ਼ੌਕ,
ਨਾਹਤਾਂ ਸ਼ਬਦਾਂ ਭਾਵੇਂ ਹੋਵਣ ਬਾਣੀ ਨਾਲ।
-0-
37
ਅੱਖਾਂ ਉੱਤੇ ਐਨਕ ਚੜ੍ਹ ਕੇ ਬਹਿ ਗਈ ਏ।
ਇੰਝ ਲੱਗਦਾ ਏ ਬਾਕੀ ਥੋਹੜੀ ਰਹਿ ਗਈ ਏ।
ਮੱਥੇ ਉੱਤੇ ਵੱਟ ਵੀ, ਹੱਥੀਂ ਸੋਟੇ ਵੀ,
ਕਿਸਰਾਂ ਮੰਨਾਂ ਕੰਧ ਵਿਚਾਲੀ ਢਹਿ ਗਈ ਏ।
ਉੱਤਰ ਤੂੰ ਵੀ ਝਾਂਜਰ ਨੂੰ ਛਣਕਾਵਾਂ ਮੈਂ,
ਗੱਡੀ ਵਿੱਚੋਂ ਸਾਰੀ ਦੁਨੀਆਂ ਲਹਿ ਗਈ ਏ।
ਅੱਜ ਵੀ ਮੇਰੀ ਬੇਬੇ ਕਲਮ ਦਵਾਤ ਬਿਨਾਂ,
ਰੀਝਾਂ ਦੇ ਨਾਲ ਪੋਚੀ ਫੱਟੀ ਰਹਿ ਗਈ ਏ।
ਮੈਂ ਨਈਂ ਪਾਉਣਾ ਬਾਪੂ ਜੋੜਾ ਸ਼ਗਨਾਂ ਦਾ,
ਅੱਚਣ-ਚੇਤੀ ਇਹ ਦੀ ਮਰਨੀਂ ਕਹਿ ਗਈ ਏ।
ਕੋਈ ਤਾਰੀਖ ਵੀ ਦੱਸਦਾ ਨਹੀਓਂ ਵੀਰ ਲਈ,
ਜਿੰਨੇ ਫੱਟ ਜਿਗਰ ਦੇ 'ਜੈਨਬ' ਸਹਿ ਗਈ ਏ।
ਸ਼ਹਿਰ 'ਚ 'ਬਾਬਾ ਨਜਮੀਂ' ਕਿਸਰਾਂ ਬਚਿਆ ਏ,
ਲੋੜਾਂ ਅੱਗੇ ਸਾਰੀ ਦੁਨੀਆਂ ਢਹਿ ਗਈ ਏ।
-0-
38
ਖੌਰੇ ਕਿੱਥੇ ਹਾਰ ਗਈਆਂ ਨੇ ਕੁੜੀਆਂ ਮੇਰੇ ਹਾਣ ਦੀਆਂ।
ਸੱਧਰਾਂ ਦਰਿਆ ਕਰ ਗਈਆਂ ਨੇ, ਕੁੜੀਆਂ ਮੇਰੇ ਹਾਣ ਦੀਆਂ।
ਚਿੱਟੀਆਂ ਚੱਦਰਾਂ ਦੇ ਨਾਲ ਆਪਣੇ ਕਾਲੇ ਮੂੰਹ ਨਾ ਸਾਫ਼ ਕਰੋ,
ਸ਼ਾਮੋਂ ਪਹਿਲਾਂ ਘਰ ਗਈਆਂ ਨੇ, ਕੁੜੀਆਂ ਮੇਰੇ ਹਾਣ ਦੀਆਂ।
ਅੱਖ ਜ਼ਰਾ ਜਹੀ ਨੀਵੀਂ ਕਰਕੇ ਉਹਨਾਂ ਨੂੰ ਮੈਂ ਮਿਲਿਆ ਵਾਂ,
ਮੇਰੀ ਪੂਜਾ ਕਰ ਗਈਆਂ ਨੇ, ਕੁੜੀਆਂ ਮੇਰੇ ਹਾਣ ਦੀਆਂ।
ਮੇਰੇ ਸ਼ਹਿਰ 'ਚ ਦਾਜਾਂ ਬਾਝੋਂ ਲੱਖਾਂ ਵਿਹੜੇ ਬਾਬਲ ਦੇ,
'ਬਾਬਾ ਨਜਮੀਂ' ਮਰ ਗਈਆਂ ਨੇ, ਕੁੜੀਆਂ ਮੇਰੇ ਹਾਣ ਦੀਆਂ।
ਮੈਂ ਤੇ ਨੰਗੇ ਸਿਰ ਕੱਜਣ ਲਈ, ਚੱਦਰਾਂ ਲੈ ਕੇ ਆਇਆ ਵਾਂ,
ਕਿਹੜੀ ਗੱਲੋਂ ਡਰ ਗਈਆਂ ਨੇ, ਕੁੜੀਆਂ ਮੇਰੇ ਹਾਣ ਦੀਆਂ।
-0-
39
ਗਿਰਜੇ, ਅੰਦਰ ਵਿੱਚ ਮਸੀਤੇ, ਕੱਦ ਤੱਕ ਮੱਕੇ ਜਾਵਾਂ।
ਕਦ ਤੱਕ ਭਰਨਗੀਆਂ ਵਲਟੋਹੇ, ਭਾੜੇ ਵਾਲੀਆਂ ਗਾਵਾਂ।
ਰੰਗਾਂ ਨਸਲਾਂ ਵਾਲੇ ਲਸ਼ਕਰ, ਕਿੱਥੇ ਮਜ਼੍ਹਬੀ ਗਿੱਧਾ,
ਮੈਂ ਅਮਨਾਂ ਦੀ ਘੁੱਗੀ ਯਾਰਾ, ਕਿਹੜੀ ਜੂਹ ਨੂੰ ਜਾਵਾਂ।
ਅੱਜ ਵੀ ਮੋਢੇ ਉੱਤੋਂ ਗੈਂਤੀ, ਲੱਥੀ ਨਈਉਂ ਥੱਲੇ,
ਅੱਜ ਵੀ ਮੇਰੇ 'ਤੇ ਨਈ ਆਇਆ ਕਰਮਾਂ ਦਾ ਪ੍ਰਛਾਵਾਂ।
ਅੱਖਾਂ ਮੀਟ ਕੇ ਲੰਘ ਜਾ ਇਹਨਾਂ ਹਰੀਆਂ ਰੱਖਾਂ ਕੋਲੋਂ,
ਜਿੰਨਾ ਤੀਕ ਨਾ ਲੱਭੇ ਮੰਜ਼ਿਲ, ਤੱਕ ਨਾ ਠੰਢੀਆਂ ਛਾਵਾਂ।
ਉਰਦੂ ਸਾਡੀ ਇੱਕ ਦੂਜੇ ਨਾਲ 'ਬਾਬਾ' ਸਾਂਝ ਵਧਾਵੇ,
ਉੱਚੀਆਂ ਚਾਰ ਜ਼ਬਾਨਾਂ ਏਥੇ, ਜਿਸਰਾਂ ਸਕੀਆਂ ਮਾਵਾਂ।
-0-
40
ਉੱਚਾ ਕਿੰਝ ਨਾ ਕਰੀਏ ਬੋਲ ਪੰਜਾਬੀ ਦਾ।
ਅੰਮੜੀ ਪਾਇਆ ਗਲ ਵਿੱਚ ਢੋਲ ਪੰਜਾਬੀ ਦਾ।
ਹੈਨੀ ਗੱਲ ਕਦੇ ਵੀ ਤੈਨੂੰ ਲੱਭਣੀ ਨਈਂ,
ਜਿੰਨਾ ਮਰਜ਼ੀ ਸੀਨਾ ਫੋਲ ਪੰਜਾਬੀ ਦਾ।
ਬਣ ਜਾਂਦੇ ਨੇ ਮਾਮੇ ਆ ਕੇ ਏਧਰ ਵੀ,
ਮਿਸਰਾ ਵੀ ਨਈਂ ਜਿਹਨਾਂ ਕੋਲ ਪੰਜਾਬੀ ਦਾ।
ਵਿੱਚ ਮੈਦਾਨੇ ਆਵੀਂ, ਤੱਕਣਾ ਹੋਵੇ ਤੇ,
ਗਲੀਆਂ ਵਿੱਚ ਨਈਂ ਵੱਜਦਾ ਢੋਲ ਪੰਜਾਬੀ ਦਾ।
ਗੈਰਾਂ ਨਾਲੋਂ ਬਹੁਤੇ ਪੁੱਤ ਪੰਜਾਬੀ ਦੇ,
ਕਰਦੇ ਪਏ ਨੇ ਬਿਸਤਰ ਗੋਲ ਪੰਜਾਬੀ ਦਾ।
ਸਦੀਆਂ ਤੀਕਰ ਮੇਰੇ ਕੋਲੋਂ ਮੁੱਕਣਾ ਨਈਂ,
ਐਨਾ ਵਿਰਸਾ ਮੇਰੇ ਕੋਲ ਪੰਜਾਬੀ ਦਾ।
ਮਾਂ ਬੋਲੀ ਨੂੰ ਬੋਲਣ ਲੱਗਾ ਸੰਗਾਂ ਕਿਉਂ,
ਪਾਇਆ ਤੇ ਨਈਂ 'ਬਾਬਾ' ਖੋਲ ਪੰਜਾਬੀ ਦਾ।
-0-
41
ਦੱਸਾਂ ਕੀ ਮੈਂ ਹਾਲ ਸਿਆਸਤਦਾਨਾਂ ਦਾ।
ਕਿਬਲਾ ਕਾਹਬਾ ਮਾਲ ਸਿਆਸਤਦਾਨਾਂ ਦਾ।
ਜਲਸੇ, ਵਿੱਚ ਜਲੂਸਾਂ ਕਦੇ ਵੀ ਹੋਇਆ ਨਈਂ,
ਮਰਿਆ ਹੋਵੇ ਬਾਲ ਸਿਆਸਤਦਾਨਾਂ ਦਾ।
ਨੱਚੋ ਲੋਕੋ ਖੈਰ ਮਨਾਈਏ ਧਰਤੀ ਦੀ,
ਆਇਆ ਫੇਰ ਭੂਚਾਲ ਸਿਆਸਤਦਾਨਾਂ ਦਾ।
ਸਾਡੇ ਮੂੰਹ ਤੇ ਆਖਣ ਸਾਨੂੰ ਆਣ ਗ਼ਰੀਬ,
ਵੇਖੋ ਯਾਰ ਕਮਾਲ ਸਿਆਸਤਦਾਨਾਂ ਦਾ।
ਅੱਪੜ ਜਾਵਣ ਜਿਸ ਦਿਨ ਵਿੱਚ ਅਸੈਂਬਲੀ ਦੇ,
ਤੱਕਣਾ ਫੇਰ ਜਲਾਲ ਸਿਆਸਤਦਾਨਾਂ ਦਾ।
ਅਸੀਂ ਆਂ ਭੋਲੇ ਪੰਛੀ ਫਸਣਾ ਫੇਰ ਅਸਾਂ,
ਲੱਗਾ ਫੇਰ ਏ ਜਾਲ ਸਿਆਸਤਦਾਨਾਂ ਦਾ।
ਹੁਣ ਤੇ ਪਾ ਲਓ ਜੱਫੀਆਂ, ਕੱਲ੍ਹ ਪ੍ਰਛਾਵਾਂ ਵੀ,
ਖਹਿ ਨਈਂ ਸਕਦਾ ਨਾਲ ਸਿਆਸਤਦਾਨਾਂ ਦਾ।
ਸਾਡੀ ਫੇਰ ਚੰਗੇਰ ਨੇ ਖਾਲੀ ਰਹਿਣਾ ਏਂ,
ਭਰ ਜਾਣਾ ਏਂ ਖਾਲ ਸਿਆਸਤਦਾਨਾਂ ਦਾ।
ਜਿੰਨਾ ਤੀਕ ਅਲੈਕਸ਼ਨ 'ਬਾਬਾ' ਹੁੰਦਾ ਨਈਂ,
ਰਿਸ਼ਤਾ ਸਾਡੇ ਨਾਲ ਸਿਆਸਤਦਾਨਾਂ ਦਾ।
-0-
42
ਧਰਤੀ ਕੰਬੇ ਟੌਅਹਰਾਂ ਵੇਖ ਵਜ਼ੀਰ ਦੀਆਂ।
ਮੌਜਾਂ ਹੋਈਆਂ ਲੋਕੋ ਫੇਰ ਮਸ਼ੀਰ* ਦੀਆਂ।
ਸਾਡੀਆਂ ਲਾਸ਼ਾਂ ਡੇਗ ਕੇ ਹੁਣ ਚੁਧਰਾਣੀ ਨੂੰ,
ਭੁੱਲ ਗਈਆਂ ਨੇ ਗੱਲਾਂ ਦੁਸ਼ਮਣ ਵੀਰ ਦੀਆਂ।
ਜਦ ਦਾ ਰਾਂਝਾ ਵੜਿਆ ਪਿੰਡ ਸਿਆਲਾਂ ਦੇ,
ਤੋਤੇ ਵਾਂਗੂੰ ਫਿਰੀਆਂ ਅੱਖਾਂ ਹੀਰ ਦੀਆਂ।
ਵਿੱਚ ਸਿਆਸੀ ਪਰ੍ਹਿਆ ਖਾ ਕੇ ਹਾਰ ਮੀਆਂ,
ਤੈਨੂੰ ਹੋਈਆਂ ਪੀੜਾਂ ਹੁਣ ਕਸ਼ਮੀਰ ਦੀਆਂ।
ਉਹਨਾਂ ਨਾਲੋਂ ਆਪਣਾ ਅੰਗ ਤਰੋੜੀਂ ਨਾ,
ਕਰਦੇ ਗੱਲਾਂ ਜਿਹੜੇ ਵੀ ਤਨਵੀਰ ਦੀਆਂ।
ਟੁੱਕਰ ਖਾ ਖਾ ਪਲਿਆ ਵਾਂ ਮਜ਼ਦੂਰੀ ਦਾ,
ਮੇਰੇ ਹੱਥੀਂ ਵਾਗਾਂ ਨੇ ਤਦਬੀਰ ਦੀਆਂ।
ਮੈਨੂੰ ਕਲਮ ਫੜਾਇਆ ਬੀਬੀ ਸੱਚਿਆਂ ਨੇ,
ਝੂਠੀ ਤੈਨੂੰ ਕਿਸਰਾਂ ਲਿਖ ਤਕਰੀਰ ਦੀਆਂ।
(ਮਸ਼ੀਰ* = ਸਲਾਹਕਾਰ)
-0-
43
ਮਹਿਲਾਂ ਮੱਥੇ ਕੰਮੀਆਂ ਦੇ ਸਿਰਨਾਵੇਂ ਵੇਖਣ ਚੱਲਿਆਂ ਵਾਂ।
ਮਾਰੂਥਲ ਦੀਆਂ ਤੱਤੀਆਂ ਰੇਤਾਂ, ਛਾਵੇਂ ਵੇਖਣ ਚੱਲਿਆਂ ਵਾਂ।
ਚੌਧਰੀਆਂ ਨੇ ਦਾਣੇ ਦੇਣੇ ਸਾਨੂੰ ਹਾੜੀ ਸਾਉਣੀ ਦੇ,
ਵਿੱਚ ਹਨੇਰਾ ਬੱਦਲਾ ਦੇ ਪ੍ਰਛਾਵੇਂ ਵੇਖਣ ਚੱਲਿਆਂ ਵਾਂ।
ਸਿਰ ਤੋਂ ਚੁੰਨੀ ਖਿੱਚਣ ਵਾਲਾ, ਪੁੱਤਰ ਸ਼ਹਿਰ ਦੇ ਮੁਨਸਿਫ ਦਾ,
ਅੱਜ ਕਰੇਗਾ ਕਿਸਰਾਂ ਪੱਲੜੇ ਸਾਵੇਂ ਵੇਖਣ ਚੱਲਿਆਂ ਵਾਂ।
-0-
44
ਹਰ ਤਸਵੀਰ ਅਮਰੀਕਾ ਦੀ।
ਮੈਂ ਜਾਗੀਰ ਅਮਰੀਕਾ ਦੀ।
ਮਿਰਜ਼ਾ ਮੇਰਾ ਰਾਂਝਾਂ ਵੀ,
ਸਾਹਿਬਾਂ, ਹੀਰ ਅਮਰੀਕਾ ਦੀ।
ਸਾਲਾ ਕੋਈ ਅਮਰੀਕਾ ਦਾ,
ਕੋਈ ਹਮਸ਼ੀਰ ਅਮਰੀਕਾ ਦੀ।
ਅੱਖਾਂ ਖੁੱਲ੍ਹਣ ਦੇਂਦੀ ਨਈਂ,
ਹਾਏ ਤਨਵੀਰ ਅਮਰੀਕਾ ਦੀ।
ਸਾਡੇ ਵਾਂਗ ਕਿਸੇ ਨੂੰ ਨਈਂ,
ਪਚਦੀ ਖੀਰ ਅਮਰੀਕਾ ਦੀ।
ਖੁੱਲ੍ਹਮ-ਖੁੱਲ੍ਹਾ ਕਿੰਝ ਫਿਰਾਂ,
ਗਲ ਜੰਜ਼ੀਰ ਅਮਰੀਕਾ ਦੀ।
ਗਲ ਤੱਕ ਬੋਲੀ ਬੋਲੇਗਾ,
ਨਸਲੀ ਪੀਰ ਅਮਰੀਕਾ ਦੀ।
ਮਿੱਟੀ ਕਰ ਕੇ ਛੱਡਾਂਗੇ,
ਹਰ ਤਦਬੀਰ ਅਮਰੀਕਾ ਦੀ।
-0-
45
ਮੇਰਾ ਮਰਨ ਤੇ ਜੀਣ ਪੰਜਾਬੀ।
ਮੇਰਾ ਧਰਮ ਤੇ ਦੀਨ ਪੰਜਾਬੀ।
ਜੰਨਤ ਨਾਲੋਂ ਸੋਹਣੀ ਮੈਨੂੰ,
ਜਿੱਥੋਂ ਤੀਕ ਜ਼ਮੀਨ ਪੰਜਾਬੀ।
ਆਪਣੀ ਬੋਲੀ ਭੁਲਦਾ ਨਈਂ,
ਤੇਰੇ ਵੀ ਅਫਰੀਨ ਪੰਜਾਬੀ।
ਮਾਂ-ਬੋਲੀ ਦੇ ਸੇਵਕ ਜਿਹੜੇ,
ਜਦ ਤੱਕ ਦੁਨੀਆ ਜੀਣ ਪੰਜਾਬੀ।
ਜੰਮਦੇ ਰਹਿਣੇ ਮੇਰੇ ਵਰਗੇ,
ਹੋਵੇ ਨਾ ਗ਼ਮਗੀਨ ਪੰਜਾਬੀ।
ਪੜ੍ਹਨ ਜਾਂ ਆਪਣਾ ‘ਵਾਰਸ', 'ਬੁੱਲ੍ਹਾ',
ਹੋਵਣ ਹੋਰ ਜ਼ਹੀਨ ਪੰਜਾਬੀ।
ਮੇਰੀਆਂ ਲਾਪ੍ਰਵਾਹੀਆਂ ਹੱਥੋਂ,
ਹੁੰਦੀ ਪਈ ਮਸਕੀਨ ਪੰਜਾਬੀ।
ਵਿੱਚ ਪੰਜਾਬੀ ਕਰ ਨਾ ਸ਼ਾਇਰੀ,
ਕਰਦੇ ਨੇ ਤਿਲਕੀਨ ਪੰਜਾਬੀ।
-0-
46
(ਹਬੀਬ ਜਾਲਬ ਦੇ ਨਾਂ)
ਕੌਣ ਕਰੇਗਾ ਖਰੀਆਂ ਗੱਲਾਂ ਤੇਰੇ ਬਾਅਦ।
ਸੁੱਕ ਨਾ ਜਾਵਣ ਹਰੀਆਂ ਵੱਲਾਂ ਤੇਰੇ ਬਾਅਦ।
ਦੁੱਖ ਰਵ੍ਹੇਗਾ ਪੁੱਛ ਨਈਂ ਸਕਿਆ ਜ਼ਾਲਮ ਨਾਲ,
ਗੱਲ ਕਰਨ ਲਈ ਕਿਹਨੂੰ ਘੱਲਾਂ ਤੇਰੇ ਬਾਅਦ।
ਰਾਹਵਾਂ ਭੁੱਲੀਆਂ, ਨਹਿਰਾਂ ਤੇ ਦਰਿਆਵਾਂ ਨੂੰ,
ਤੜਫਦੀਆਂ ਵਿੱਚ ਸਮੁੰਦਰ ਛੱਲਾਂ ਤੇਰੇ ਬਾਅਦ।
ਝੁੱਗੀਆਂ ਵਿੱਚ ਨੇ ਹਉਕੇ, ਹੰਝੂ, ਹਾਵਾਂ ਬੱਸ,
ਹਾਸੇ ਭੰਗੜੇ ਵਿੱਚ ਮਹੱਲਾਂ ਤੇਰੇ ਬਾਅਦ।
ਬਾਲਾਂਗਾ ਮੈਂ ਦੀਵੇ 'ਜਾਲਬ' ਤੇਰੀ ਸਹੁੰ,
ਵਿੱਚ ਹਨੇਰੇ, ਵਿੱਚ ਪੰਡਾਲਾਂ, ਤੇਰੇ ਬਾਅਦ।
ਤੇਰੇ ਵਰਗਾ ਇੱਕ ਵੀ ਸ਼ਹਿਰੀ ਦਿੱਸਦਾ ਨਈਂ,
'ਜਾਲਬ' ਜਿਸ ਦੇ ਨਾਲ ਮੈਂ ਚੱਲਾਂ ਤੇਰੇ ਬਾਅਦ।
-0-
ਕਵਿਤਾਵਾਂ
1. ਗੋਲੀ
ਗੋਲੀ ਅੰਨ੍ਹੀ, ਗੁੱਗੀ ਬੋਲੀ,
ਸੰਗੀਓ ਇਹਦਾ ਸੰਗ ਨਈਂ ਚੰਗਾ।
ਇਹਦਾ ਕੋਈ ਵੀ ਰੰਗ ਨਈਂ ਚੰਗਾ।
ਇਹਦਾ ਕੋਈ ਵੀ ਫਾਇਦਾ ਨਈਂ ਜੇ।
ਇਹਦਾ ਕੋਈ ਵੀ ਕਾਇਦਾ ਨਈਂ ਜੇ।
ਗੋਲੀ ਇਹਨਾਂ ਵੱਲੋਂ ਚੱਲੇ।
ਗੋਲੀ ਉਹਨਾਂ ਵੱਲੋਂ ਚੱਲੇ।
ਗੋਲੀ ਨਾਲ ਪੁਆੜਾ ਪੈਂਦਾ।
ਗੋਲੀ ਨਾਲ ਉਜਾੜਾ ਪੈਂਦਾ।
ਏਧਰ ਵੀ ਇਹ ਬੰਦਾ ਮਾਰੇ।
ਓਧਰ ਵੀ ਇਹ ਬੰਦਾ ਮਾਰੇ।
ਆਪਣੇ ਬੰਦੇ ਮਾਰਨ ਨਾਲੋਂ।
ਕਬਰਾਂ ਵਿੱਚ ਉਤਾਰਨ ਨਾਲੋਂ।
ਮੇਰੀ ਮੰਨੋ, ਮੇਰੇ ਚੰਨੋ।
ਇੱਕ ਦੂਜੇ ਦੇ ਸੀਨੇ, ਲੱਗੋ।
ਫੁੱਲਾਂ ਦੇ ਗੁਲਦਸਤੇ ਲੱਭੋ।
ਬੰਦੇ ਖਾਣੀ ਗੋਲੀ ਦੱਬੋ।
-0-
2. ਜ਼ੁਰਮ
ਮੇਰੇ ਦੇਸ ਦਿਓ ਮਜ਼ਦੂਰੋ
ਮੁਰਦਾ, ਵਿੱਚ ਮਸ਼ੀਨਾਂ ਦੇ
ਫਜਰੇ, ਸਿਖਰ ਦੁਪਹਿਰਾਂ, ਸ਼ਾਮੀਂ
ਜਾਨਾ ਪਾਵਣ ਵਾਲਿਓ ਲੋਕੋਂ
ਮਿੱਟੀ ਸੋਨਾ ਕਰਨਿਓਂ ਲੋਕੋ
ਫਿਰ ਵੀ ਭੁੱਖੇ ਮਰਨਿਓਂ ਲੋਕੋ
ਮੇਰਾ ਇੱਕ ਐਲਾਨ ਸੁਣੋ
ਪੂਰੇ ਨਾਲ ਧਿਆਨ ਸੁਣੋ
ਸੰਨ੍ਹੀਆਂ ਹਥੌੜੇ, ਰੰਬੇ ਕਹੀਆਂ
ਕਾਂਡੀ ਤੇਸੀ, ਗੈਂਤੀ ਛੱਡੋ।
ਡਾਂਗਾਂ ਸੋਟੇ, ਛਮਕਾਂ ਛਾਂਟੇ
ਇੱਟਾਂ ਵੱਟੇ ਜੋ ਵੀ ਲੱਭੋ
ਮੇਰੇ ਵੱਲੇ ਲੈ ਕੇ ਨੱਠੋ
ਮੈਨੂੰ ਆ ਕੇ ਮਾਰੋ ਕੁੱਟੋ
ਲਿਖੀਆਂ ਸੱਭੇ ਲਿਖਤਾਂ ਸਾੜੋ
ਮੇਰੇ ਚਿੱਟੇ ਕਾਗਤ ਪਾੜੋ,
ਮੇਰੀ ਆ ਕੇ ਸੰਘੀ ਘੁੱਟੋ।
ਮੇਰਾ ਜੁਰਮ ਵੀ ਸੁਣ ਲਓ ਮੈਥੋਂ
ਮੈਂ ਤੁਹਾਡੇ ਵਿੱਚੋਂ ਹੋ ਕੇ
ਤੁਹਾਡੇ ਵੱਲ ਦੀ ਗੱਲ ਨਈਂ ਕਰਦਾ।
ਮੈਂ ਤੁਹਾਡਾ ਮੁਜਰਮ ਜੇ !!
ਮੈਂ ਤੁਹਾਡਾ ਮੁਜਰਮ ਜੇ !!
-0-
3. ਹੂਰ
ਮੇਰੇ ਨਾਲੋਂ ਵਾਲ ਵੀ ਤੇਰੇ ਲੰਮੇ ਨੇ
ਮੇਰੇ ਨਾਲੋਂ ਰੰਗ ਵੀ ਤੇਰਾ ਚਿੱਟਾ ਏ
ਮੇਰੇ ਨਾਲੋਂ ਅੱਖ ਵੀ ਤੇਰੀ ਚੰਗੀ ਏ
ਮੇਰੇ ਨਾਲੋਂ ਨੱਕ ਵੀ ਤੇਰਾ ਤਿੱਖਾ ਏ
ਪਰ ਮੁਟਿਆਰੇ
ਦੱਸ ਨੀ ਮੈਨੂੰ
ਸਿਰ ਤੇ ਪਾਟੀ ਚਾਦਰ ਕਿਉਂ?
ਰੇਸ਼ਮ ਵਰਗੇ ਜੁੱਸੇ ਉੱਤੇ ਖੱਦਰ ਕਿਉਂ?
ਤੇਰੇ ਸਿਰ 'ਤੇ ਜੂੜਾ ਕਿਉਂ ਨਈਂ?
ਹੱਥੀਂ ਰੰਗਲਾ ਚੂੜਾ ਕਿਉਂ ਨਈਂ?
ਕੋਕਾ ਕਿੱਥੇ ਤੇਰੇ ਨੱਕ ਦਾ
ਬੁੱਲ੍ਹਾਂ ਉੱਤੇ ਰੰਗ ਨਈਂ ਸੱਕ ਦਾ
ਸਿਰ ਤੋਂ ਲੈ ਕੇ ਪੈਰਾਂ ਤੀਕਰ
ਇੱਕ ਮੁਕੰਮਲ ਤੂੰ ਤਸਵੀਰ।
ਸੱਸੀ ਸੁਹਣੀ, ਲੱਗੇਂ ਹੀਰ।
ਹੁਲੀਆ ਮੈਨੂੰ ਦਿੱਸੇ ਤੇਰਾ
ਵਾਲੀ ਵਾਰਸ ਕੋਈ ਨਈਂ ਤੇਰਾ
ਇੰਝ ਕਹੋ ਨਾ ਖੈਰੀਂ ਸੱਲਾ
ਜੁਗ ਜੁਗ ਜੀਵੇ ਮੇਰਾ ਮੱਲਾ
ਇਸ ਧਰਤੀ ਦਾ ਨੂਰ ਨੀ ਅੜੀਓ
ਉਹਦਾ ਨਾਂ ਮਜ਼ਦੂਰ ਨੀ ਅੜੀਓ
ਜਿਸ ਦੀ ਆਂ ਮੈਂ ਹੂਰ ਨੀ ਅੜੀਓ
ਉਹਨੂੰ ਏਵੇਂ ਚੰਗੀ ਲੱਗਾਂ।
ਉਹਨੂੰ ਏਵੇਂ ਚੰਗੀ ਲੱਗਾਂ।
-0-
4. ਗੁੱਗਾ ਪੀਰ
ਕਿਸਰਾਂ ਬਦਲਾਂ ਆਪਣੇ ਲੇਖ
ਮੇਰੇ ਆਲ-ਦਵਾਲੇ ਵੇਖ
ਬਰੀ, ਬਹਿਰੀ ਨਾਗਾਂ ਕਿਧਰੇ
ਉੱਡਣੇ ਸੱਪਾਂ ਘੇਰਾ ਪਾਇਆ
ਗੁੱਗਾ ਪੀਰ ਇਹਨਾਂ ਦਾ ਬਾਬਾ
ਵਿੱਚ ਇਸਲਾਮਾਬਾਦ ਇਹ ਜਿਹੜਾ
ਸਾਡੇ ਕੁੱਲ ਖਜ਼ਾਨੇ ਉੱਤੇ
ਮਾਰ ਪਥੱਲਾਂ ਬੈਠਾ ਹੋਇਆ
ਸੱਪਾਂ ਮੀਤ ਕਦੇ ਨਈਂ ਬਣਨਾ
ਕੋਈ ਵੀ ਸੁਰ ਸੰਗੀਤ ਨਈਂ ਬਣਨਾ
ਜਿੰਨਾ ਤੀਕਰ ਸੱਪ ਨਾ ਮਿੱਧੇ
ਪੈ ਨਈਂ ਸਕਦੇ ਕਿਕਲੀ ਗਿੱਧੇ
-0-
5. ਸ਼ੀਦੇ ਸ਼ਾਹ
(ਸਿੱਖਿਆ ਮੰਤਰੀ ਖੁਰਸ਼ੀਦ ਅਹਿਮਦ ਉਰਫ ਸ਼ੀਦੇ ਸ਼ਾਹ)
ਆਪਣੇ ਮੂੰਹ ਨੂੰ ਡੱਕਾ ਲਾ ਉਏ ਸ਼ੀਦੇ ਸ਼ਾਹ।
ਇੰਝ ਨਾ ਆਪਣਾ ਕੱਦ ਵਧਾ ਓਏ ਸ਼ੀਦੇ ਸ਼ਾਹ।
ਨਿੰਦਿਆ ਮੇਰੀ ਮਾਂ ਬੋਲੀ ਦੀ ਕਰ ਕੇ ਤੂੰ,
ਦਿੱਤੀ ਆਪਣੀ ਜ਼ਾਤ ਵਿਖਾ ਓਏ ਸ਼ੀਦੇ ਸ਼ਾਹ।
'ਸੱਚਲ', 'ਵਾਰਸ', 'ਫਰੀਦ', ਭੱਟਾਈ ਇੱਕੋ ਜਹੇ,
ਗੰਦੀਆਂ ਅੱਖਾਂ ਸਾਫ ਕਰਾ, ਓਏ ਸ਼ੀਦੇ ਸ਼ਾਹ।
ਮੇਰਾ ਵਿਰਸਾ, ਝੱਲਿਆ ਵਾਂਗ ਸਮੁੰਦਰ ਦੇ,
ਆਪਣੇ ਵਿਹੜੇ ਝਾਤੀ ਪਾ, ਓਏ ਸ਼ੀਦੇ ਸ਼ਾਹ।
ਲੂਸੇ ਤੇਰਾ ਜੁੱਸਾ, ਤੇਰੀ ਜੀਭ ਸੜੇ,
ਹੋਵੇ ਤੇਰਾ ਮੁੱਕ ਮੁਕਾ, ਓਏ ਸ਼ੀਦੇ ਸ਼ਾਹ।
ਹੇਠ ਸਦਾ ਨਈਂ ਰਹਿਣਾ ਮੰਜਾ ਚੌਧਰ ਦਾ,
ਰੱਜਵੀਂ ਲੱਭੀ, ਜਰ ਕੇ ਖਾਹ, ਉਏ ਸ਼ੀਦੇ ਸ਼ਾਹ। (1994)
-0-
6. ਕੰਮੀ
ਕੋਈ ਵੀ ਕੰਮੀ
ਅੱਜ ਤੋਂ 'ਬਾਬਾ'
ਆਪਣੀ ਜ਼ਾਤ ਲੁਕਾਵੇ ਨਾ
ਚੀਮੇ, ਚੱਠੇ, ਜੱਟਾਂ ਤੋਂ ਘਬਰਾਵੇ ਨਾ
ਮੇਰੀ ਗੱਲ ਸੁਣੋ ਤੇ ਉੱਠੋ
ਢੋਲ ਵਜਾਵੇ
ਭੰਗੜਾ ਪਾਵੇ
ਦੀਵੇ ਬਾਲੇ
ਚੰਨ ਉਛਾਲੇ
ਕਾਮੇ ਦਾ ਜੇ ਨਾਂ ਏ ਕੰਮੀ
ਸਭ ਤੋਂ ਵੱਡਾ ਕੰਮੀ ਰੱਬ
ਸਭ ਤੋਂ ਵੱਡਾ ਕੰਮੀ ਰੱਬ।
-0-
7. ਨਈਂ ਮਨਜ਼ੂਰ
ਨਈਂ ਮਨਜ਼ੂਰ ਯਰਾਨਾ ਨਾਲ ਅਮਰੀਕਾ ਦੇ,
ਨਈਂ ਮਨਜ਼ੂਰ।
ਪਿਓ ਵੀ ਜੋੜੇ ਸ਼ਾਨਾ ਨਾਲ ਅਮਰੀਕਾ ਦੇ,
ਨਈਂ ਮਨਜ਼ੂਰ।
ਕਿਸਰਾਂ ਤੇਰੀ ਗੱਲ ਕਰਨ ਸੱਦਾਮ ਹੁਸੈਨ
ਕਿਸਰਾਂ ਤੇਰੇ ਨਾਲ ਕਰਨ ਸੱਦਾਮ ਹੁਸੈਨ
ਚੌਧਰ ਮੇਰੀ ਇਸ ਲਈ ਚੁੱਪ ਏ, ਇਹਨਾਂ ਦਾ
ਸਾਝਾਂ ਏ ਕਰਖਾਨਾ ਨਾਲ ਅਮਰੀਕਾ ਦੇ
ਨਈਂ ਮਨਜ਼ੂਰ।
ਆਪਣੀ ਅੱਧੀ ਨਾਲ ਗੁਜ਼ਾਰਾ ਕਰਲਾਂਗੇ
ਜਿਸਰਾਂ ਦੀ ਵੀ ਰੁੱਤ ਆਵੇਗੀ ਜਰਲਾਂਗੇ
ਆਪਣੇ ਦਿਲ ਦੇ ਨਾਲ ਤਹੱਈਆ ਕੀਤਾ ਏ
ਲੱਭੇ ਠਾਠ ਸ਼ਹਾਨਾ ਨਾਲ ਅਮਰੀਕਾ ਦੇ
ਨਈਂ ਮਨਜ਼ੂਰ।
ਬਣ ਨਈਂ ਸਕਦੀ ਸਾਡੀ ਚਿੱਟੇ ਹਾਥੀ ਨਾਲ
ਗੇਂਦਾਂ ਵਾਂਗੂੰ ਸਾਨੂੰ ਭਾਵੇਂ ਦਵੇ ਉਛਾਲ
ਮੇਰਾ ਦੁਸ਼ਮਣ ਪਹਿਲਾਂ ਜੋ ਵੀ ਰੱਖਦਾ ਏ,
ਭਾਵੇਂ ਯਾਰੀ ਆਨਾ ਨਾਲ ਅਮਰੀਕਾ ਦੇ
ਨਈਂ ਮਨਜ਼ੂਰ।
-0-
8. ਬਾਬਾ ਨਜ਼ਮੀ ਰੋ
ਚੱਲੀ ਗੋਲੀ ਵਿੱਚ ਭਰਾਵਾਂ, ਬਾਬਾ ਨਜਮੀ ਰੋ।
ਕਰ ਕੇ ਵੱਲ ਅਸਮਾਨਾਂ ਬਾਹਵਾਂ, ਬਾਬਾ ਨਜਮੀ ਰੋ।
ਦੋਹਾਂ ਪਾਸੇ ਕਲਮ-ਗੋ ਨੇ
ਇੱਕੋ ਫੁੱਲ ਦੀ ਇਹ ਖੁਸ਼ਬੋ ਨੇ।
ਕਿਸ ਦੀ ਬਹਿ ਕੇ ਪੀੜ ਮਨਾਵਾਂ, ਬਾਬਾ ਨਜਮੀ ਰੋ।
ਚੱਲੀ ਗੋਲੀ ਵਿੱਚ ਭਰਾਵਾਂ, ਬਾਬਾ ਨਜਮੀ ਰੋ।
ਖੋਰੇ ਕਾਹਦੀ ਮਸਤੀ ਸਭ ਨੂੰ
ਭੁੱਲੇ ਸੱਭੇ ਆਪਣੇ ਰੱਬ ਨੂੰ
ਬਣ ਗਏ ਬੰਦੇ ਵਾਂਗ ਬਲਾਵਾਂ, ਬਾਬਾ ਨਜਮੀ ਰੋ।
ਚੱਲੀ ਗੋਲੀ ਵਿੱਚ ਭਰਾਵਾਂ ਬਾਬਾ ਨਜਮੀ ਰੋ।
ਏਧਰ ਵੀ ਹੈ ਮਰਿਆ ਮੇਰਾ
ਓਧਰ ਵੀ ਏ ਮਰਿਆ ਮੇਰਾ।
ਕੀਹਨੂੰ ਪਹਿਲਾਂ ਮੈਂ ਦਫਨਾਵਾਂ ਬਾਬਾ ਨਜਮੀ ਰੋ।
ਚੱਲੀ ਗੋਲੀ ਵਿੱਚ ਭਰਾਵਾਂ ਬਾਬਾ ਨਜਮੀ ਰੋ।
ਖੌਰੇ ਕਿਥੇ ਮਰ ਗਏ ਦਾਨੇ
ਸ਼ੀਸ਼ੇ ਕੋਲੋਂ ਡਰ ਗਏ ਦਾਨੇ
ਕੱਲ੍ਹਾ ਕਿਸਰਾਂ ਮੈਂ ਸਮਝਾਵਾਂ, ਬਾਬਾ ਨਜਮੀ ਰੋ।
ਚੱਲੀ ਗੋਲੀ ਵਿੱਚ ਭਰਾਵਾਂ, ਬਾਬਾ ਨਜਮੀ ਰੋ।
-0-
9. ਬਾਬਰੀ ਮਸਜਿਦ
ਰੱਬਾ ਮੈਨੂੰ ਗੁੰਗਾ ਕਰਦੇ।
ਰੱਬਾ ਮੈਨੂੰ ਅੰਨ੍ਹਾ ਕਰਦੇ।
ਰੱਬਾ ਮੈਨੂੰ ਡੌਰਾ ਕਰ ਦੇ।
ਨਾਮ-ਨਿਹਾਦ ਇਹ ਬੰਦੇ ਤੇਰੇ,
ਜੋ ਜੋ ਰੰਗ ਵਿਖਾਉਂਦੇ ਪਏ ਨੇ।
ਆਪਣੇ ਮੂੰਹ ਚੋਂ ਕਹਿ ਨਈਂ ਸਕਦਾ।
ਅੱਖਾਂ ਦੇ ਨਾਲ ਤੱਕ ਨਈਂ ਸਕਦਾ।
ਕੰਨਾਂ ਦੇ ਨਾਲ ਸੁਣ ਨਈਂ ਸਕਦਾ।
ਤਕੜੇ ਦਾ ਮੈਂ ਮਾੜੇ ਵੱਲੇ,
ਵਧਿਆ ਹੱਥ ਵੀ ਡੱਕ ਨਈਂ ਸਕਦਾ।
ਹੋਇਆ ਵੀ, ਨਾ-ਹੋਇਆਂ ਵਰਗਾ।
ਜੀਓਨਾ ਵਾਂ ਪਰ ਮੋਇਆਂ ਵਰਗਾ।
ਮਜ਼ਹਬੀ ਕਿਧਰੇ ਸਿਆਸੀ ਗੁੰਡੇ,
ਸਿੱਧੇ ਸਾਦੇ, ਸਾਦ ਮੁਰਾਦੇ,
ਲੋਕਾਂ ਨੂੰ ਮਰਵਾਉਂਦੇ ਪਏ ਨੇ।
ਆਪਣਾ ਨਾ ਚਮਕਾਉਂਦੇ ਪਏ ਨੇ।
ਕਿਧਰੇ ਇਹ ਮੁਸ਼ਟੰਡੇ ਸਾਡੇ
ਰੰਗ-ਬਰੰਗੀ ਵਰਦੀ ਵਾਲੇ
ਸ਼ੀਸ਼ਾ ਤੱਕਣ ਦੇਂਦੇਂ ਨਈਉ
ਕਿਧਰੇ ਤੇਰੀ 'ਹੱਵਾ ਲੁੱਟੀ
ਕਿਧਰੇ ਤੇਰੀ ਰਾਧਾ ਲੁੱਟੀ।
ਕਿਧਰੇ ਤੇਰੇ ਜ਼ਾਲਮ ਲੋਕਾਂ
ਮਰੀਅਮ ਦੀ ਏ ਸੰਘੀ ਘੁੱਟੀ।
ਓਧਰ ਜ਼ਰ* ਨੂੰ ਪੂਜਣ ਵਾਲੇ
ਸੱਪਾਂ ਵਾਂਗੂੰ ਰੂਹ ਨੂੰ ਡੰਗਣ।
ਕਿਧਰੇ ਲੋਕ ਜਾਗੀਰਾਂ ਵਾਲੇ,
ਗਰਜ਼ਾਂ ਵਾਲੀ ਸੂਲੀ ਟੰਗਣ।
ਕਿਧਰੇ ਢਹਿਣ ਮਸੀਤਾਂ ਪਈਆਂ
ਟੁੱਟਣ ਗਿਰਜੇ ਮੰਦਰ ਕਿਧਰੇ
ਸੁੱਤੇ ਹੋਏ ਨੇ ਕਲਮਾਂ ਵਾਲੇ
ਜਾਗ ਰਹੇ ਨੇ ਬਲਮਾਂ ਵਾਲੇ
ਰੰਗ ਬਰੰਗੇ ਅਲਮਾਂ ਵਾਲੇ।
ਇਹਨਾਂ ਵਿੱਚ ਮੈਂ ਜੀ ਨਈਂ ਸਕਦਾ।
ਏਨੇ ਜ਼ਹਿਰ ਮੈਂ ਪੀ ਨਈਂ ਸਕਦਾ।
ਰੱਬਾ ਮੈਨੂੰ ਗੁੰਗਾ ਕਰ ਦੇ
ਰੱਬਾ ਮੈਨੂੰ ਅੰਨ੍ਹਾ ਕਰਦੇ
ਰੱਬਾ ਮੈਨੂੰ ਡੌਰਾ ਕਰਦੇ
(ਜ਼ਰ* = ਦੌਲਤ)
-0-
10. ਅਜੇ ਵੀ
ਅਜੇ ਵੀ ਕੁਝ ਨਈਂ ਹੋਇਆ, ਵੀਰੋ ਸੋਚ ਲਵੋ।
ਖੂਹ ਨਈਂ ਬਣਿਆ ਟੋਆ, ਵੀਰੋ ਸੋਚ ਲਵੋ।
ਰੁੱਸੇ ਹਾਸੇ ਮੁੜ ਸਕਦੇ ਨੇ।
ਟੁੱਟੇ ਸ਼ੀਸ਼ੇ ਜੁੜ ਸਕਦੇ ਨੇ।
ਜ਼ਹਿਰ ਪਿਆਲੇ ਰੁੜ੍ਹ ਸਕਦੇ ਨੇ।
ਹਾਲੀ ਸੱਚ ਨਈਂ ਮੋਇਆ, ਵੀਰੋ ਸੋਚ ਲਵੋ।
ਅਜੇ ਵੀ ਕੁਝ ਨਈਂ ਹੋਇਆ, ਵੀਰੋ ਸੋਚ ਲਵੋ।
ਕਿਹੜੀ ਗੱਲੋਂ ਲੜਦੇ ਪਏ ਜੇ।
ਡਾਗਾਂ ਸੋਟੇ ਫੜਦੇ ਪਏ ਜੇ।
ਇੱਕ ਦੂਜੇ ਤੋਂ ਸੜਦੇ ਪਏ ਜੇ।
ਅੱਖੋਂ ਲਹੂ ਨਈਂ ਚੋਇਆ, ਵੀਰੋ ਸੋਚ ਲਵੋ।
ਅਜੇ ਵੀ ਕੁਝ ਨਈਂ ਹੋਇਆ, ਵੀਰੋ ਸੋਚ ਲਵੋ।
ਕੱਚੀਆਂ ਅੰਬੀਆਂ ਟੁੱਕਦੇ ਪਏ ਜੇ।
ਕਿਸ ਦੀ ਖਾਤਰ ਮੁਕਦੇ ਪਏ ਨੇ।
ਸ਼ੀਸ਼ੇ ਉੱਤੇ ਥੁੱਕਦੇ ਪਏ ਜੇ।
ਹਾਲੀ ਫੁੱਲ ਨਰੋਇਆ, ਵੀਰੋ ਸੋਚ ਲਵੋ।
ਅਜੇ ਵੀ ਕੁਝ ਨਈਂ ਹੋਇਆ, ਵੀਰੋ ਸੋਚ ਲਵੋ।
ਅਜੇ ਵੀ ਰਲ ਕੇ ਬਹਿ ਸਕਦੇ ਆਂ।
ਸਦੀਆਂ ਕੱਠੇ ਰਹਿ ਸਕਦੇ ਆਂ।
ਆਪਣੇ ਦਿਲ ਦੀ ਕਹਿ ਸਕਦੇ ਆਂ।
ਹਾਲੀ ਜੱਗ ਨਈਂ ਰੋਇਆ, ਵੀਰੋ ਸੋਚ ਲਵੋ।
ਅਜੇ ਵੀ ਕੁਝ ਨਈਂ ਹੋਇਆ, ਵੀਰੋ ਸੋਚ ਲਵੋ।
-0-
11. ਫੈਜ਼ ਅਹਿਮਦ ਫੈਜ਼
ਜਦ ਤੱਕ ਸ਼ੀਸ਼ੇ ਦੇ ਲਿਸ਼ਕਾਰੇ।
ਜਦ ਤੱਕ ਜੋਗੀ ਤੇ ਵਣਜਾਰੇ।
ਜਦ ਤੱਕ ਰਾਂਝੇ ਤਖ਼ਤ-ਹਜ਼ਾਰੇ।
ਜਦ ਤੱਕ ਸੋਨਾ ਤੇ ਸੁਨਿਆਰੇ।
ਜਦ ਤੱਕ ਝੁੱਗੀਆਂ, ਮਹਿਲ-ਮੁਨਾਰੇ।
ਜਦ ਤੱਕ ਜੱਗ ਤੇ ਲੋਕ ਪਿਆਰੇ।
ਜਦ ਤੱਕ ਸੂਰਜ ਚੰਨ ਤੇ ਤਾਰੇ।
ਜ਼ਿੰਦਾ ਫੈਜ਼ ਰਹੇਗਾ ਤੇਰਾ।
ਜ਼ਿੰਦਾ ਫੈਜ਼ ਰਹੇਗਾ ਤੇਰਾ।
ਕਿਸਰਾਂ ਸੱਪ ਨੇ ਘੇਰੇ ਜਾਂਦੇ।
ਚੀਰੇ ਕਿੰਝ ਹਨੇਰੇ ਜਾਂਦੇ।
ਕੀਤੇ ਕਿੰਝ ਸਵੇਰੇ ਜਾਂਦੇ।
ਕਿਸਰਾਂ ਫੁੱਲ ਖਿਲੇਰੇ ਜਾਂਦੇ।
ਡਿੱਗਦੇ ਕਿੰਝ ਸੰਭਾਲੇ ਜਾਂਦੇ।
ਕਿਸਰਾਂ ਪੱਥਰ ਗਾਲੇ ਜਾਂਦੇ।
ਕਿਸਰਾਂ ਤਾਜ ਉਛਾਲੇ ਜਾਂਦੇ।
ਗੁੰਝਲਾਂ ਖੋਲ੍ਹ ਗਿਆ ਏ ਫੈਜ਼
ਪੂਰਾ ਤੋਲ ਗਿਆ ਏ ਫੈਜ਼।
ਕਿਸਰਾਂ ਰਾਹ ਦੇ ਕੰਡੇ ਚੁਗਣਾ।
ਕਿਸਰਾਂ ਆਪਣੀ ਬਾਜ਼ੀ ਪੁਗਣਾ।
ਕਿਸਰਾਂ ਪੱਥਰਾਂ ਵਿੱਚੋਂ ਉਗਣਾ।
ਦੱਸ ਗਿਆ ਏ ਤੇਰਾ ਫੈਜ਼।
ਦੱਸ ਗਿਆ ਏ ਮੇਰਾ ਫੈਜ਼।
-0-
12. ਭਗਤ ਸਿੰਘ
ਨੱਚਾਂ ਗਾਵਾਂ
ਭੰਗੜੇ ਪਾਵਾਂ
ਦੇਗਾਂ ਚਾੜ੍ਹਾਂ ਰਾਤ ਦਿਨੇ
ਮੇਰਾ ਪੁੱਤਰ ਮੇਰਾ ਵੀਰ
ਤੇ ਆਪਣੇ ਤਾਏ ਭਗਤ ਸਿੰਘ ਦੇ
ਪੈਰਾਂ ਉੱਤੇ ਪੈਰ ਧਰੇ
ਮੇਰੀ ਪੂਰੀ ਆਸ ਕਰੇ।
-0-
13. ਜ਼ੁਲਫਕਾਰ ਭੁੱਟੋ
ਕਦਮ ਕਦਮ ਤੇ ਵਿਹੜੇ ਵਿਹੜੇ
ਗਲੀ ਗਲੀ ਤੇ ਮਹੱਲੇ ਮਹੱਲੇ
ਪਿੰਡ ਗਿਰਾਂ ਤੇ ਨਗਰੀ ਨਗਰੀ
ਜ਼ਿਲ੍ਹੇ ਜ਼ਿਲ੍ਹੇ ਤੇ ਕਸਬੇ ਕਸਬੇ,
ਸ਼ਹਿਰ ਸ਼ਹਿਰ ਤੇ ਸੂਬੇ ਸੂਬੇ
ਇਸ ਧਰਤੀ ਦੇ ਚੱਪੇ ਚੱਪੇ
ਜਿਹਨੇ ਸਾਡੀ ਪੀੜ ਵੰਡਾਈ
ਸਾਡੇ ਹੱਕ ਲਈ 'ਵਾਜ ਉਠਾਈ
ਇਸ ਧਰਤੀ ਦਾ ਪਹਿਲਾ ਬੰਦਾ
ਉਹਦਾ ਭੁੱਟੋ ਨਾਂ ਜੇ ਭੁੱਟੋ ਲੋਕੋ
ਉਹਨੂੰ ਮੰਨਿਆ ਤਾਂ ਜੇ ਲੋਕੋ।
-0-
14. ਸੱਚੇ ਲੋਕ
ਸਾਨੂੰ ਹਿੰਮਤਾਂ ਬਖਸ਼ਣ ਵਾਲੇ
ਸਾਨੂੰ ਚਾਨਣ ਵੰਡਣ ਵਾਲੇ
ਸਾਨੂੰ ਮੰਜ਼ਿਲ ਦੱਸਣ ਵਾਲੇ
ਸਾਡੀ ਔਕੜ ਬੁੱਝਣ ਵਾਲੇ
ਵਿੱਚ ਮੈਦਾਨੇ ਗੱਜਣ ਵਾਲੇ
ਸੱਚ ਹਮੇਸ਼ਾ ਬੋਲਣ ਵਾਲੇ
ਪੱਕਾ ਪੱਕਾ ਤੋਲਣ ਵਾਲੇ
ਹਰ ਜ਼ਾਲਿਮ ਦੀ ਹਿੱਕ ਦੇ ਉੱਤੇ
ਗੋਲੀ ਵਾਂਗੂੰ ਵੱਜਣ ਵਾਲੇ
ਸ਼ੀਸ਼ੇ ਦੇ ਰਖਵਾਲੇ ਲੋਕ
ਚਾਨਣ ਦੇ ਮਤਵਾਲੇ ਲੋਕ
ਲੋਕਾਂ ਵਿੱਚ ਨਿਰਾਲੇ ਲੋਕ
ਸੂਰਜ ਚੰਨ ਤੇ ਤਾਰੇ ਲੋਕ
ਫੁੱਲਾਂ ਵਰਗੇ ਪਿਆਰੇ ਲੋਕ
ਸਾਡੀ ਖਾਤਰ ਨਾਲ ਯਜ਼ੀਦਾਂ
ਆਪਣੇ ਸਿੰਗ ਫਸਾਵਣ ਵਾਲੇ
ਸੁੱਤੇ ਲੇਖ ਜਗਾਵਣ ਵਾਲੇ
ਮੇਰੇ ਦੇਸ ਦਿਓ ਵਸਨੀਕੋ
ਗਲੀਆਂ ਵਿੱਚ ਬਜ਼ਾਰਾਂ ਚੀਕੋ।
ਇਹਨਾਂ ਜਿਹੜੇ ਸੱਦੇ ਦਿੱਤੇ
ਆਪਣੇ ਆਪਣੇ ਦਿਲ ਤੇ ਲੀਕੋ
'ਫੈਜ਼', 'ਫਿਰਾਕ' ਤੇ 'ਜਾਲਿਬ' ਵਰਗੇ
ਸਿਬਤੇ 'ਜੋਸ਼' ਤੇ 'ਦਾਮਨ' ਵਰਗੇ,
ਕਿਧਰੇ ਲੋਕ 'ਅਤਾ' ਜਹੇ ਸਾਡੇ
ਧਰਤੀ ਦੇ ਘਣਛਾਵੇਂ ਰੁੱਖ
ਹੌਲੀ ਹੌਲੀ ਸੁੱਕਦੇ ਜਾਂਦੇ।
ਧਰਤੀ ਉੱਤੋਂ ਮੁੱਕਦੇ ਜਾਂਦੇ।
'ਨੇਰ੍ਹੇ' ਵਿਹੜੇ ਢੁੱਕਦੇ ਜਾਂਦੇ।
ਉੱਠੇ ਅਸੀਂ ਵੀ ਇਹਨਾਂ ਵਾਂਗੂੰ
ਆਪਣੇ ਨਾਲ ਯਜ਼ੀਦਾਂ* ਲੜੀਏ
ਬਣ ਕੇ ਅਸੀਂ ਸਪੇਰੇ ਲੋਕੋ
ਇਸ ਧਰਤੀ ਦੇ ਫਨੀਅਰ ਫੜੀਏ।
(ਯਜ਼ੀਦਾਂ* = ਮੱਕਾਰ)
-0-
ਮੇਰਾ ਨਾਂ ਇਨਸਾਨ
(2002)
(ਭਾਗ ਤੀਜਾ)
ਗ਼ਜ਼ਲਾਂ
1
ਅੱਗ ਵੀ ਹਿੰਮਤੋਂ ਬਹੁਤੀ ਦਿੱਤੀ, ਫਿਰ ਵੀ ਭਾਂਡੇ ਪਿੱਲੇ ਰਹੇ।
ਭਾਂਬੜ ਜਹੀਆਂ ਧੁੱਪਾਂ ਵਿੱਚ ਵੀ, ਮੇਰੇ ਲੀੜੇ ਗਿੱਲੇ ਰਹੇ।
ਦੋਸ਼ ਦਿਓ ਨਾ ਝੱਖੜਾਂ ਉੱਤੇ, ਸਿਰ ਤੋਂ ਉੱਡੇ ਤੰਬੂਆਂ ਦਾ,
ਕਿੱਲੇ ਠੀਕ ਨਈਂ ਠੋਕੇ ਖੋਰੇ, ਸਾਥੋਂ ਰੱਸੇ ਢਿੱਲੇ ਰਹੇ।
ਏਧਰ ਗੱਭਰੂ ਲਾਸ਼ਾਂ ਡਿੱਗੀਆਂ, ਸੀਨੇ ਪਾਟੇ ਮਾਵਾਂ ਦੇ,
ਓਧਰ ਠੀਕ ਨਿਸ਼ਾਨੇ ਬਦਲੇ, ਲਗਦੇ ਤਗਮੇਂ ਬਿੱਲੇ ਰਹੇ।
ਮੈਂ ਵੀ ਧੀ ਸੀ ਡੋਲੇ ਪਾਉਣੀ, ਸੂਹਾ ਜੋੜਾ ਲੈਣ ਗਿਆ,
ਵੇਖ ਕੇ ਮੇਰੀ ਹਾਲਤ ਵੱਲੇ, ਹਸਦੇ ਗੋਟੇ ਤਿੱਲੇ ਰਹੇ।
ਰਸਤਾ, ਪੈਂਡਾ, ਵੇਲਾ ਇੱਕੋ, ਮੰਜ਼ਿਲ ਉੱਤੇ ਅਪੜਨ ਦਾ,
ਪਿੱਟਣਗੇ ਤਕਦੀਰਾਂ ਬਹਿ ਕੇ, ਜ਼ਰਾ ਵੀ ਜਿਹੜੇ ਸਿੱਲ੍ਹੇ ਰਹੇ।
ਇੱਕ ਦਿਹਾੜੇ ਬੱਦਲ ਵੱਸਿਆ, ਜਸ਼ਨ ਮਨਾਇਆ ਚੌਧਰੀਆਂ,
ਝੁੱਗੀਆਂ ਦੇ ਫਿਰ ਕਈ ਦਿਹਾੜੇ, ਬਾਲਣ ਚੁੱਲੇ ਸਿੱਲ੍ਹੇ ਰਹੇ।
ਸਾਡਾ ਹਾਲ ਵੀ ਪੁੱਛਣ ਜੋਗੀ, ਉਹਨਾਂ ਪੱਲੇ ਫੁਰਸਤ ਨਈਂ,
ਜਿਹਨਾਂ ਦੀ ਤੰਗ ਦਸਤੀ ਦੇ ਲਈ, 'ਬਾਬਾ' ਕੱਟਦੇ ਛਿੱਲੇ ਰਹੇ।
-0-
2
ਉੱਠ ਓਏ ਬਾਬਾ ਆਪਣੀ ਜੂਹ ਦੇ ਦੁੱਖ ਦਾ ਦੀਵਾ ਬਾਲ,
ਲੰਗਰ ਵੰਡਣ ਵਾਲੇ ਅੱਗੇ ਭੁੱਖ ਦਾ ਦੀਵਾ ਬਾਲ।
ਖੌਰੇ ਕੋਈ ਮੰਜ਼ਿਲ ਭੁੱਲਿਆ ਆ ਈ ਜਾਵੇ ਪੰਖੀ,
ਧੁੱਪਾਂ, ਸੜੀਆਂ ਰੇਤਾਂ ਵਿੱਚ ਵੀ ਰੁੱਖ ਦਾ ਦੀਵਾ ਬਾਲ।
ਅਸੀਂ ਵੀ ਤੇਰੇ ਆਦਮ-ਜਾਏ, ਉੱਤੋਂ ਤੇ ਨਈਂ ਡਿੱਗੇ,
ਝੁੱਗੀਆਂ ਵਿੱਚ ਵੀ ਕਦੇ ਕਦਾਈਂ ਸੁੱਖ ਦਾ ਦੀਵਾ ਬਾਲ।
ਖੌਰੇ ਉੱਜੜੇ ਘਰ ਦੇ ਆਲੇ ਜੱਗ ਨੂੰ ਚੰਗੇ ਲੱਗਣ,
ਸਾਡੇ ਨੈਣਾਂ ਵਿੱਚ ਵੀ ਆਪਣੇ ਸੁੱਖ ਦਾ ਦੀਵਾ ਬਾਲ।
ਰੋਟੀ ਜੋਗਾ ਵੀ ਨਈਂ ਆਟਾ, ਭਾਵੇਂ ਵਿੱਚ ਪਰਾਤ,
ਫਿਰ ਵੀ ਬੁੱਲ੍ਹਾਂ ਉੱਤੇ ਰੱਜੀ ਕੁੱਖ ਦਾ ਦੀਵਾ ਬਾਲ।
ਉਹਨਾਂ ਵਿੱਚੋਂ ਮੁੱਕ ਜਾਂਦੀ ਏ ਅਣਖ ਦੀ 'ਬਾਬਾ' ਲੋਅ,
ਜਿਹੜੇ ਲੋਕੀ ਟੁਰ ਪੈਂਦੇ ਨੇ ਭੁੱਖ ਦਾ ਦੀਵਾ ਬਾਲ।
-0-
3
ਮਸਜਦ ਮੇਰੀ ਤੂੰ ਕਿਉਂ ਢਾਹਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ।
ਆ ਜਾ ਦੋਵੇਂ, ਬਹਿ ਕੇ ਪੜ੍ਹੀਏ, ਇੱਕ ਦੂਜੇ ਦੇ ਅੰਦਰ ਨੂੰ।
ਸਦੀਆਂ ਵਾਂਗੂੰ ਅੱਜ ਵੀ ਕੁਝ ਨਈਂ ਜਾਣਾ ਮਸਜਦ ਮੰਦਰ ਦਾ,
ਲਹੂ ਤੇ ਤੇਰਾ ਮੇਰਾ ਲੱਗਣਾ, ਤੇਰੇ ਮੇਰੇ ਖੰਜਰ ਨੂੰ।
ਡੁੱਬੇ ਵਿੱਚ ਸਮੁੰਦਰ ਬੇੜੇ, ਸਾਥੋਂ ਹਾਲੇ ਨਿਕਲੇ ਨਈਂ,
ਵੇਖੋ ਢੋਲ ਵਜਾ ਕੇ ਚੱਲੇ, ਫੋਲਣ ਉਹਦੇ ਅੰਬਰ ਨੂੰ ।
ਕਦੇ ਕਦੇ ਤੇ ਏਹੋ ਜਹੀ ਵੀ, ਬੰਦਾ ਹਰਕਤ ਕਰਦਾ ਏ,
ਆਪਣਾ ਮੂੰਹ ਲੁਕਾਉਣਾ ਔਖਾ, ਹੋ ਜਾਂਦਾ ਏ ਡੰਗਰ ਨੂੰ।
ਅਸਾਂ ਨਈਂ ਆਉਣਾ 'ਬਾਬਾ' ਤੇਰਾ ਮੁੜ ਕੇ ਮੇਲਾ ਵੇਖਣ ਨੂੰ,
ਸ਼ਕਲਾਂ ਵੇਖ ਕੇ ਦੇਂਦੇ ਨੇ ਵਰਤਾਵੇ ਤੇਰੇ ਲੰਗਰ ਨੂੰ ।
-0-
4
ਏਨਾ ਕੱਪੜਾ ਲਮਕ ਰਿਹਾ ਸੀ, ਉਹਦੀਆਂ ਕੰਧਾਂ ਨਾਲ।
ਢੱਕ ਸਕਨਾ ਵਾਂ ਆਪਣੇ ਪਿੰਡ ਦੇ ਸਾਰੇ ਨੰਗੇ ਬਾਲ।
ਉਹਨਾਂ ਨੂੰ ਵੀ ਇਸ ਧਰਤੀ ਦੀ ਲੱਗੇ ਮਿੱਟੀ ਗਾਰ,
ਘੱਲ ‘ਬਿਲਾਵਲ', 'ਬਖ਼ਤਾਂ' ਸਾਡੇ ਖੇਡਣ ਬਾਲਾਂ ਨਾਲ।
ਮੈਂ ਨਈਂ ਡਿੱਗਣਾ, ਸਾਰੀ ਧਰਤੀ ਵਿੱਚ ਨੇ ਮੇਰੇ ਪੈਰ,
ਜਿੰਨੇ ਮਰਜ਼ੀ ਕਰ ਕਰ ਹੱਲੇ, ਆਵੇ ਪਿਆ ਭੁੰਚਾਲ।
ਇਸ ਧਰਤੀ ਦੇ ਕੱਚੇ ਕੋਠੇ, ਪੱਕੇ ਹੋਵਣ ਤੀਕ,
ਮੇਰਾ ਇੱਟ-ਖੜਿੱਕਾ ਰਹਿਣਾ, ਹਰ ਹਾਕਮ ਦੇ ਨਾਲ।
ਮੁਨਸਫ ਅੰਨ੍ਹੇ, ਬੋਲੇ, ਗੁੰਗੇ, ਰੱਬ ਅਸਮਾਨਾਂ ਵਿੱਚ,
ਕੀਹਨੂੰ ਫੱਟ ਵਿਖਾਵਾਂ ਆਪਣੇ, ਕਿੱਥੇ ਕਰਾਂ ਸਵਾਲ।
ਦੋਜ਼ਖ਼ ਭਾਵੇਂ ਉਹਦੇ ਕੋਲੋਂ ਜੰਨਤ ਲਵਾਂ ਖਰੀਦ,
ਬਦੋ ਬਦੀ ਕਿਉਂ ਮੁੱਲਾਂ ਬਣਦਾ, ਸਾਡੇ ਵਿੱਚ ਦਲਾਲ।
ਹਾਲੇ ਕੋਈ ਨਾ ਬਾਲੇ ਦੀਵੇ, ਇਹ ਨਈਂ ਤੇਰਾ ਰੋਸ,
ਆਪਣੇ ਹਿੱਸੇ ਵਾਲੇ ‘ਬਾਬਾ' ਤੂੰ ਤਾਂ ਦੀਵੇ ਬਾਲ।
-0-
5
ਤੇਰੇ ਅੱਗੇ ਮੇਰਾ ਰੱਬਾ, ਇੱਕੋ ਬੱਸ ਸਵਾਲ
ਔਕੜ ਮੇਰੀ ਹੱਲ ਕਰਨ ਲਈ, ਟੁਰ ਪਓ ਮੇਰੇ ਨਾਲ।
ਲੇਖਾਂ ਸੜਿਆਂ ਵਾਲੀ ਚਾਦਰ, ਮੇਰੇ ਉੱਤੋਂ ਖਿੱਚ,
ਮੈਨੂੰ ਕੱਢ ਹਨੇਰੇ ਵਿੱਚੋਂ, ਚਾਨਣ ਵਿੱਚ ਉਛਾਲ।
ਖੱਲਾਂ ਲਾਹ ਕੇ ਖਾ ਜਾਨੇ ਆਂ, ਲੱਖਾਂ ਡੰਗਰ ਰੋਜ਼,
ਫਿਰ ਵੀ ਪੈਰੋਂ ਨੰਗੇ ਫਿਰਦੇ ਇਸ ਧਰਤੀ ਦੇ ਬਾਲ।
ਇੱਕ ਦਿਹਾੜੇ ਉਹਨਾਂ ਨੇ ਵੀ, ਜਾਣਾ ਛੱਡ ਜਹਾਨ,
ਦੁਸ਼ਮਣ ਮਾਰ ਕੇ ਜਿਹੜੇ ਲੋਕੀਂ, ਪਾਉਂਦੇ ਫਿਰਨ ਧਮਾਲ।
ਆਪਣੀ ਮਰਜ਼ੀ ਨਾਲ ਨਈਂ ਦੇਂਦੇ, ਚੁੱਕਣ ਜਿਹੜੇ ਸਿਰ,
ਜੇ ਤੂੰ ਜੀਣਾ, ਨਿੱਬੜ ਪਹਿਲਾਂ, ਉਹਨਾਂ ਸੂਰਾਂ ਨਾਲ।
-0-
6
ਜੀਭਾਂ ਉੱਤੇ ਚੜ੍ਹਦੇ ਪਏ ਨੇ ਸ਼ਿਅਰ ਮਿਰੇ।
ਵਿੱਚ ਦਿਲਾਂ ਦੇ ਵੜਦੇ ਪਏ ਨੇ ਸ਼ਿਅਰ ਮਿਰੇ।
ਪੋਲ ਪਿਆ ਏ ਖੁੱਲ੍ਹਦਾ ਖੌਰੇ ਉਹਨਾਂ ਦਾ,
ਸੁਣ ਸੁਣ ਜਿਹੜੇ ਸੜਦੇ ਪਏ ਨੇ ਸ਼ਿਅਰ ਮਿਰੇ।
ਮਰ ਕੇ ਵੀ ਮੈਂ ਵਿੱਚ ਰਵ੍ਹਾਂਗਾ ਲੋਕਾਂ ਦੇ,
ਆਇਤਾਂ ਵਾਂਗੂੰ ਪੜ੍ਹਦੇ ਪਏ ਨੇ ਸ਼ਿਅਰ ਮਿਰੇ।
ਮੇਰਾ ਕਲਮ ਬਥੇਰਾ ਲੱਖਾਂ ਛਵੀਆਂ ਲਈ,
ਨਾਲ ਹਨੇਰੇ ਲੜਦੇ ਪਏ ਨੇ ਸ਼ਿਅਰ ਮਿਰੇ।
ਕੋਈ ਤੇ ਨਿਕਲੇ ਮੈਨੂੰ ਏਨੀ ਆਖਣ ਲਈ,
ਠੀਕ ਨਿਸ਼ਾਨੇ ਜੜਦੇ ਪਏ ਨੇ ਸ਼ਿਅਰ ਮਿਰੇ।
ਦਿਸਦਾ ਵੀ ਨਾ ਜੇ ਕੋਈ ਹੁੰਦਾ ਮੇਰੀ ਥਾਂ,
ਜਿਸਰਾਂ ਮੈਨੂੰ ਛੜਦੇ ਪਏ ਨੇ ਸ਼ਿਅਰ ਮਿਰੇ।
-0-
7. ਜਰਨਲ ਜੀ
ਪੱਕੇ ਪੈਰ ਜਮਾ ਨਾ ਲੈਣੇ ਜਰਨਲ ਜੀ।
ਲੰਮੇ ਡੇਰੇ ਲਾ ਨਾ ਲੈਣਾ ਜਰਨਲ ਜੀ।
ਵਿੱਚ ਮੈਦਾਨੇ ਐਬ ਉਛਾਲੇ ਜਿਹਨਾਂ ਦੇ,
ਬੁੱਕਲ ਵਿੱਚ ਲੁਕਾ ਨਾ ਲੈਣਾ ਜਰਨਲ ਜੀ।
ਗੰਦ ਮੁਕਾ ਕੇ ਘਰ ਦੀ ਚਾਬੀ ਮੋੜ ਦਿਓ,
ਘਰ ਨੂੰ ਜੱਫਾ ਪਾ ਨਾ ਲੈਣਾ ਜਰਨਲ ਜੀ।
ਬਚਿਆ ਖੁਚਿਆ ਜਿਹੜਾ ਘਰ ਦੇ ਚੋਰਾਂ ਤੋਂ,
ਕਿਸਰੇ ਤੁਸਾਂ ਉੜਾ ਨਾ ਲੈਣਾ ਜਰਨਲ ਜੀ।
ਦਿੱਤੀਆਂ ਨੇ ਬੰਦੂਕਾਂ ਆਪਣੇ ਦੁਸ਼ਮਣ ਲਈ,
ਸਾਡੇ ਵੱਲ ਘੁਮਾ ਨਾ ਲੈਣਾ ਜਰਨਲ ਜੀ।
ਜਿੱਥੋਂ ਤੀਕਰ ਹੱਦ ਤੁਹਾਡੀ, ਠੀਕ ਤੁਸੀਂ,
ਹੱਦੋਂ ਪੈਰ ਵਧਾ ਨਾ ਲੈਣਾ ਜਰਨਲ ਜੀ।
ਆ ਨਾ ਜਾਈਏ ਸੜਕਾਂ ਉੱਤੇ ਮੰਗਣ ਲਈ,
ਸਾਡਾ ਹੱਕ ਦਬਾ ਨਾ ਲੈਣਾ ਜਰਨਲ ਜੀ।
ਮਾਰਨ ਦੇ ਲਈ ਆਪਣੇ ਘਰ ਦੇ ਸੱਚਿਆਂ ਨੂੰ,
ਪੱਥਰ ਝੋਲੀ ਪਾ ਨਾ ਲੈਣਾ ਜਰਨਲ ਜੀ।
ਚੜ੍ਹਦੀ ਬੜੀ ਖੁਮਾਰੀ ਸਿਰ ਨੂੰ ਚੌਧਰ ਦੀ,
ਕਿਧਰੇ ਰੱਬ ਭੁਲਾ ਨਾ ਲੈਣਾ ਜਰਨਲ ਜੀ।
ਕਾਲੀ ਵਿੱਚ ਕਿਤਾਬੇ ਉਹਨਾਂ ਵਾਂਗ ਤੁਸੀਂ,
ਆਪਣਾ ਨਾ ਲਿਖਵਾ ਨਾ ਲੈਣਾ ਜਰਨਲ ਜੀ।
ਖ਼ੁਦਗਰਜ਼ੀ ਦੀ ਮਲ ਸਿਆਹੀ ਸ਼ੀਸ਼ੇ ਤੇ,
ਸਾਡੇ ਮੂੰਹ ਖੁੱਲਵਾ ਨਾ ਲੈਣਾ ਜਰਨਲ ਜੀ।
ਵਗਦੇ ਸਾਡੇ ਜ਼ਖ਼ਮਾਂ ਉੱਤੇ ਧੂੜਨ ਲਈ,
ਲੂਣ ਕਿਤੇ ਮੰਗਵਾ ਨਾ ਲੈਣਾ ਜਰਨਲ ਜੀ।
ਸੂਲੀ ਚਾੜ੍ਹਨ ਵੇਲੇ ਭੈੜੇ ਲੋਕਾਂ ਨੂੰ,
ਆਪਣੇ ਯਾਰ ਬਚਾ ਨਾ ਲੈਣਾ, ਜਰਨਲ ਜੀ।
-0-
8
ਤੇਰੇ ਸ਼ਹਿਰ ਦੇ 'ਬਾਬਾ ਨਜਮੀਂ', ਲੋਕ ਚੰਗੇਰੇ ਹੁੰਦੇ।
ਝੁੱਗੀਆਂ ਵਿੱਚ ਨਾ ਚਾਨਣ ਬਦਲੇ, ਘੁੱਪ-ਹਨੇਰੇ ਹੁੰਦੇ।
ਫੁੱਲਾਂ ਦੇ ਗੁਲਦਸਤੇ ਘੱਲਦੇ ਇੱਕ ਦੂਜੇ ਦੇ ਵੱਲੇ,
ਗਿਰਜੇ ਮੰਦਰ ਵਿੱਚ ਮਸੀਤੇ ਲੋਕ ਜੇ ਮੇਰੇ ਹੁੰਦੇ।
ਮੈਂ ਵੀ ਘਰ ਦੇ ਓਬੜਾਂ ਅੱਗੇ ਰਾਜ਼ ਜੇ ਵੇਚੇ ਹੁੰਦੇ,
ਸਰਦਾ ਫੁੰਮਣ ਸਿਰ ਤੇ ਹੁੰਦਾ, ਲੰਡਨ ਡੇਰੇ ਹੁੰਦੇ।
ਮੈਂ ਵੀ ਆਪਣੇ ਸੱਜਣਾਂ ਉੱਤੇ ਫੁੱਲਾਂ ਦਾ ਮੀਂਹ ਪਾਉਂਦਾ,
ਮੇਰੇ ਵੀ ਜੇ ਲੋਕਾਂ ਵਾਂਗੂੰ, ਕਾਸ਼ ਬਨੇਰੇ ਹੁੰਦੇ।
ਮੇਰੇ ਚੰਮ ਦੀਆਂ ਵੱਟੀਆਂ ਵੱਟੋ, ਲਹੂ ਨਾਲ ਭਰ ਲਓ ਦੀਵੇ,
ਕਰ ਲਓ ਘਰ ਦੇ ਲੋਕੋ ਜੀਕਣ ਦੂਰ ਹਨੇਰੇ ਹੁੰਦੇ।
ਮੇਰਾ ਨਾਂ ਵੀ ਹੁੰਦਾ ਬਾਬਾ, ਉਤਲੇ ਵਿੱਚ ਅਦੀਬਾਂ,
ਮੈਂ ਵੀ ਸ਼ਾਹ ਦੇ ਚਮਚੇ ਅੱਗੇ ਹੰਝੂ ਕੇਰੇ ਹੁੰਦੇ।
-0-
9
ਝੱਖੜਾਂ ਅੱਗੇ ਤਾਹੀਓਂ ਅੜਿਆ ਹੋਇਆ ਵਾਂ।
ਲੋਕਾਂ ਨਾਲੋਂ ਵੱਖ ਨਾ ਖੜਿਆ ਹੋਇਆਂ ਵਾਂ।
ਅੱਜ ਵੀ ਜਿਹੜੇ ਕਹਿਣ ਕਸੀਦੇ ਹਾਕਮ ਦੇ,
ਉਹਨਾਂ ਸ਼ਾਇਰਾਂ ਕੋਲੋਂ ਸੜਿਆ ਹੋਇਆਂ ਵਾਂ।
ਉਹਨੂੰ ਜ਼ੰਗ ਨਈਂ ਲੱਗਣਾ ਐਵੇਂ ਸੋਚੋ ਨਾ,
ਜਿਹੜੀ ਵਿੱਚ ਅੰਗੂਠੀ ਜੜਿਆ ਹੋਇਆ ਵਾਂ।
ਜਿਹੜੇ ਨਾਲ ਟੁਰੇ ਸਨ, ਕਿਧਰ ਟੁਰ ਗਏ ਨੇ,
ਵਖਤਾਂ ਨੂੰ ਮੈਂ 'ਕੱਲ੍ਹਾ ਫੜਿਆ ਹੋਇਆ ਵਾਂ।
ਇਕ ਦੂਜੇ ਦੀਆਂ ਲਾਸ਼ਾਂ ਉੱਤੇ ਭੁੜਕਣ ਲੋਕ,
ਰੱਬਾ! ਕਿਹੜੀ ਨਗਰੀ ਵੜਿਆ ਹੋਇਆਂ ਵਾਂ।
ਕਿਸਰਾਂ ਡੁੱਲ੍ਹਿਆ ਹੁੰਦਾ ਬਾਹਰ ਕੜਾਹੀਓਂ ਮੈਂ,
ਮੱਠੀ ਮੱਠੀ ਅੱਗ ਤੇ ਕੜ੍ਹਿਆ ਹੋਇਆ ਵਾਂ।
ਨਿੰਦਿਆ ਕਿੰਝ ਕਰਾਂ ਨਾ ਕਾਣੀਆਂ ਵੰਡਾਂ ਦੀ,
ਬੁੱਲ੍ਹੇ ਦੇ ਮਦਰੱਸੇ ਪੜ੍ਹਿਆ ਹੋਇਆ ਵਾਂ।
ਤੱਕੜੀ ਫੜ ਕੇ ਜੋ ਵੀ ਡੰਡੀ ਮਾਰੇਗਾ,
ਸਮਝੋ ਉਹਦੇ ਨਾਲ ਮੈਂ ਲੜਿਆ ਹੋਇਆ ਵਾਂ।
-0-
10
ਕੱਸ ਲੰਗੋਟਾ, ਚੱਕੋ ਡਾਂਗਾਂ, ਭੰਨੋ ਕਲਮ ਦਵਾਤ।
ਅੱਖਰਾਂ ਨਾਲ ਨਈਂ ਜਾਣੀ ਸਿਰ ਤੋਂ ਅੰਨ੍ਹੀ ਬੋਲੀ ਰਾਤ।
ਤੇਰੇ ਈ ਤੇ ਲੇਖ ਨਈਂ ਡੰਗੇ, ਗੁੱਡੋ ਫਨੀਅਰ ਨਾਗ,
ਇਹਨੇ ਖੌਰੇ ਕਿੱਥੇ ਕਿੱਥੇ ਡੱਕੀ ਹੋਈ ਬਰਾਤ।
ਨੱਚਦੀ, ਗਾਉਂਦੀ ਭੰਗੜੇ ਪਾਉਂਦੀ ਵੇਖੀ ਮਹਿਲਾਂ ਵਿੱਚ,
ਹਉਕੇ ਭਰਦੀ ਮੱਥੇ ਲੱਗੀ, ਝੁੱਗੀਆਂ ਵਿੱਚ ਸ਼ਬਰਾਤ।
ਰੰਗਾਂ, ਨਸਲਾਂ, ਮਜ਼ਹਬਾਂ ਵਾਲੇ ਦੱਸਣ ਠੇਕੇਦਾਰ,
ਸਾਡੇ ਕੋਲੋਂ ਕਿੰਨੀ ਲੈਣੀ ਲਹੂ ਦੀ ਹੋਰ ਜ਼ੁਕਾਤ।
ਅੰਦਰੋਂ ਬਾਹਰੋਂ ਤੇਰੀ ਮੇਰੀ ਇੱਕੋ ਜਹੀ ਮਸ਼ੀਨ,
ਤੇਰੇ ਮੱਥੇ ਕਿਹਨੇ ਲਿਖਿਆ, ਉੱਚੀ ਤੇਰੀ ਜ਼ਾਤ।
ਸਦੀਆਂ ਹੋਈਆਂ ਹਾਲੇ ਲਗਦਾ ਸਦੀਆਂ ਲਵੇਗੀ ਹੋਰ,
ਮੁਕਦੀ ਮੁਕਦੀ ਵਿਹੜੇ ਵਿੱਚੋਂ ਗੁਰਬਤ ਦੀ ਸੌਗਾਤ।
ਤਾਜ ਮਹੱਲ ਵੀ ਹੋਵੇ ਭਾਵੇਂ, ਦੁਨੀਆਂ ਕਰੇ ਸਲਾਮ,
ਸੀਨੇ ਠੰਢ ਨਈਂ ਪੈਂਦੀ ਜੇ ਨਾ ਜੰਮੇ ਪੁੱਛਣ ਵਾਤ।
ਝੂਠਾ ਸੱਚਾ ਵੀ ਨਈਂ ਪੁੱਛਿਆ, ਸਾਰੇ ਸ਼ਹਿਰ ਦੇ ਵਿੱਚ,
ਮੈਂ ਵੀ ਅੱਜ ਗਿਆ ਸਾਂ ਲੈ ਕੇ, ਅੱਖਰਾਂ ਭਰੀ ਪਰਾਤ।
ਜਦ ਦਾ ਆਪਣੇ ਘਰ ਦੀ 'ਬੀਰੀ' ਕੀਤਾ 'ਬਾਬਾ' ਕੈਦ,
ਹੁਣ ਤਾਂ ਅੱਖ ਨਈਂ ਚੁੱਕੀ ਜਾਂਦੀ ਕਿਸਰਾਂ ਪਾਈਏ ਝਾਤ।
-0-
11
ਲੋਕੋ ਸੱਚ ਲੁਕਾ ਨਈਂ ਸਕਦਾ।
ਆਪਣਾ ਰੱਬ ਭੁਲਾ ਨਈਂ ਸਕਦਾ।
ਮੇਰੇ ਨਾਲ ਟੁਰੇ ਨਾ ਜਿਹੜਾ,
ਸਿਰ ਦੀ ਬਾਜ਼ੀ ਲਾ ਨਈਂ ਸਕਦਾ।
ਤੂੰ ਵੀ ਸਾਡੇ ਸਿਰ ਤੋਂ ਰੱਬਾ,
ਕਾਲੀ ਰਾਤ ਮੁਕਾ ਨਈਂ ਸਕਦਾ।
ਮਰ ਸਕਨਾ ਵਾਂ ਜ਼ੁਲਮਾਂ ਅੱਗੇ,
ਆਪਣੀ ਧੌਣ ਝੁਕਾ ਨਈਂ ਸਕਦਾ।
ਸਿਰ ਤੇ ਤੇਰਾ ਕੱਜ ਦਿਆਂਗਾ,
ਜ਼ੁਲਫਾਂ ਮੈਂ ਸੁਲਝਾ ਨਈਂ ਸਕਦਾ।
ਹਿੰਮਤਾਂ ਬਾਝੋਂ ਕੋਈ ਵੀ ਬੰਦਾ,
ਆਪਣੀ ਮੰਜ਼ਿਲ ਪਾ ਨਈਂ ਸਕਦਾ।
ਮੈਂ ਤੇ ਰੱਬ ਭੁਲਾ ਸਕਦਾ ਵਾਂ,
ਮੈਨੂੰ ਰੱਬ ਭੁਲਾ ਨਈਂ ਸਕਦਾ।
ਤੇਰੇ ਬਾਲੇ ਦੀਵੇ 'ਬਾਬਾ',
ਕੋਈ ਤੂਫਾਨ ਬੁਝਾ ਨਈਂ ਸਕਦਾ।
-0-
12
ਹੱਕ ਜਦੋਂ ਮੈਂ ਜੀਣ ਦਾ ਮੰਗਾਂ, ਪੱਥਰ ਮਾਰੇ ਜਾਂਦੇ ਨੇ।
ਮਰ ਜਾਵਾਂ ਤੇ ਮੇਰੇ ਉੱਤੇ, ਫੁੱਲ ਖਿਲਾਰੇ ਜਾਂਦੇ ਨੇ।
ਕੋਈ ਨਈਂ ਜਾਂਦਾ ਮੈਂ ਤੇ ਜਾਨਾ, ਪੁੱਛਣ ਸ਼ਹਿਰ ਦੇ ਹਾਕਮ ਨੂੰ,
ਤੇਰੇ ਸਿਰ ਦੇ ਉੱਤੋਂ ਸਾਡੇ ਸਿਰ ਕਿਉਂ ਵਾਰੇ ਜਾਂਦੇ ਨੇ।
ਤੇਰੇ ਦਿਲ ਨੂੰ ਹੱਥ ਨਈਂ ਪੈਂਦਾ, ਸਾਰੇ ਪਿੰਡ ਦੇ ਚੌਧਰੀਆ,
ਤੇਰੇ ਘਰ 'ਚੋਂ ਖਾਲੀ ਹੱਥੀਂ ਜਦੋਂ ਮੁਜ਼ਾਰੇ ਜਾਂਦੇ ਨੇ।
ਜਿੱਧਰ ਮੇਰੀ ਸੋਚ ਕਵ੍ਹੇਗੀ, ਓਧਰ ਵਾਗਾਂ ਮੋੜਾਂਗਾ,
ਡੰਗਰ ਤੇ ਨਈਂ ਓਧਰ ਜਾਵਾਂ, ਜਿਧਰ ਸਾਰੇ ਜਾਂਦੇ ਨੇ।
ਜਰ ਕੇ ਖਾਵੀਂ ਲੱਗ ਗਿਆ ਜੇ ਫਲ ਵਧੇਰਾ ਬੂਟੇ ਨੂੰ,
ਬਹੁਤੀ ਨਾਲ ਹਵਾ ਦੇ ਯਾਰਾ, ਪਾਟ ਗੁਬਾਰੇ ਜਾਂਦੇ ਨੇ।
ਰੰਗ ਬਰੰਗੀਆਂ ਜ਼ਹਿਰਾਂ ਭਰੀਆਂ, ਸੋਚਾਂ ਜੰਮਣ ਖੌਰੇ ਕਿਉਂ,
ਮਹਿਲਾਂ ਵਿੱਚੋਂ ਝੁੱਗੀਆਂ ਵੱਲੇ ਜਦ ਲਿਸ਼ਕਾਰੇ ਜਾਂਦੇ ਨੇ।
ਗੂੜ੍ਹਾ ਰੰਗ ਵੀ ਉਦੋਂ 'ਬਾਬਾ' ਫਿੱਕਾ ਜਿਹਾ ਪੈ ਜਾਂਦਾ ਏ,
ਸੱਜਣ ਵੀ ਜਦ ਸੱਜਣਾਂ ਕੋਲੋਂ ਲੈਣ ਸਹਾਰੇ ਜਾਂਦੇ ਨੇ।
-0-
13
ਅੱਖਾਂ ਅੱਗੋਂ ਕਿਸਰਾਂ ਹੋਵੇ ਰੱਬਾ ਮੰਦਰ ਗੁੰਮ।
ਇੱਕੋ ਥਾਂ ਤੇ ਉਹਦਾ ਹੋਇਆ, ਸਾਰਾ ਟੱਬਰ ਗੁੰਮ।
ਜੋ ਵੀ ਖੋਹਣਾ ਮੇਰੇ ਕੋਲੋਂ, ਇੱਕੋ ਵਾਰੀ ਖੋਹ,
ਰੋਜ਼ ਕਰੀਂ ਨਾ ਮੇਰੇ ਸੀਨੇ ਆਪਣਾ ਖੰਜਰ ਗੁੰਮ।
ਅੱਜ ਵੀ ਸੂਰਜ ਸਿਰ ਤੋਂ ਲਾਹ ਕੇ ਮੁੜਿਆ ਖਾਲੀ ਹੱਥ,
ਅੱਜ ਵੀ ਦੂਜੀਆਂ ਸੱਧਰਾਂ ਵਾਂਗੂੰ ਦਿਲ ਦੀ ਸੱਧਰ ਗੁੰਮ।
ਲੋਕਾਂ ਦੇ ਸਿਰ ਮੜ੍ਹਦਾ ਫਿਰਦਾਂ ਚਾਤਰ ਵੱਲੇ ਵੇਖ,
ਆਪਣੇ ਹੱਥੀਂ ਘਰ ਦਾ ਵੇਖੋ ਕਰ ਕੇ ਟਾਵਰ ਗੁੰਮ।
ਮੈਂ ਵੀ ਉੱਤੋਂ ਲਾਹ ਕੇ ਫੂਕੀ ਬੁਜ਼ਦਿਲ ਵਾਲੀ ਕੁੰਜ,
ਤੇਰੇ ਸੰਘ 'ਚ ਹੋ ਜਾਵੇਗੀ ਤੇਰੀ ਚਾਂਗਰ ਗੁੰਮ।
ਆਪਣੇ ਵਿਹੜੇ ਸੱਜਰ ਸੂਈਆਂ ਕਰਨ ਲਈ ਗੱਭਰੂ ਪੁੱਤ,
ਸਾਡੀ ਵਾਰੀ ਦੁੱਧਾਂ ਵਾਲੇ ਸੱਭੇ ਡੰਗਰ ਗੁੰਮ।
ਕੋਈ ਤੇ ਕਲਗੀ ਵਾਲਾ ਉਹਨੂੰ ਇਹ ਤੇ ਲੈਂਦਾ ਪੁੱਛ,
ਤੂੰ ਕਿਉਂ ਸਾਡੇ ਵਿੱਚ ਸਮੁੰਦਰ ਕੀਤੇ ਲੰਗਰ ਗੁੰਮ।
ਗਰਕੀ ਪੀਣਾ ਚਾਰ ਦਿਹਾੜੇ ਰਹਿ ਗਿਆ ਸਿਰ ਤੇ ਹੋਰ,
ਹੋ ਜਾਵੇਗੀ ਲੋਕੋ ਸਾਡੀ ਲਾਂਗੜ ਤੀਕਰ ਗੁੰਮ।
ਇੱਕ ਵੀ ਜਚਦਾ ਸਾਨੂੰ ਕਿਧਰੇ ਗਿਆ ਸਪੇਰਾ ਲੱਤੇ,
ਹੋ ਜਾਵਣਗੇ ਇਸ ਧਰਤੀ ਦੇ ਸਾਰੇ ਫਨੀਅਰ ਗੁੰਮ।
ਚੌਧਰੀਆਂ ਦੇ ਮੱਥੇ ਉੱਤੇ ਸੁਣ ਕੇ ਉਭਰੇ ਵੱਟ,
ਅੱਲਾ ਦੀ ਸਹੁੰ ਹੋ ਨਈਂ ਸਕਦੇ ਮੇਰੇ ਅੱਖਰ ਗੁੰਮ।
ਅੱਚਣ-ਚੇਤੀ ਅੱਧ-ਪਚੱਧਾ ਵੇਖ ਕੇ ਉਹਦਾ ਮੁੱਖ,
ਉਹਦਾ ਇਸ਼ਕ ਸਮੁੰਦਰ ਹੋਇਆ, ਮੇਰੇ ਅੰਦਰ ਗੁੰਮ।
ਗਿਰਜੇ, ਮੰਦਰ, ਮਸਜਦ ਬਦਲੇ ਆਪਣੇ ਅੰਦਰ ਵੇਖ,
ਤੇਰਾ ਯਾਰ ਨਾ ਹੋਵੇ ਕਿਧਰੇ ਤੇਰੇ ਅੰਦਰ ਗੁੰਮ।
ਸੰਨ੍ਹੀ ਹਥੌੜੀ ਮੈਂ ਵੀ ਨਈਉਂ ਫੜ ਕੇ ਵੇਖੀ ਅੱਜ,
ਸ਼ਾਮਾਂ ਤੀਕਰ ਖੋਰੇ ਕਿੱਥੇ ਰਿਹਾ ਮੁਕੱਦਰ ਗੁੰਮ।
ਫਿਰ ਇੱਕ 'ਬਾਬਾ' ਕਰਦਾ ਫਿਰਦਾ ਸ਼ਹਿਰ 'ਚ ਸੱਚੀ ਗੱਲ,
ਚੀਥੀ ਚੀਥੀ ਲੱਭੋ ਜਿਹੜੇ ਕੀਤੇ ਪੱਥਰ ਗੁੰਮ।
-0-
14
ਤੈਨੂੰ ਤੇਰੀ ਚੁੱਪ ਨੇ ਮਾਰ ਮੁਕਾਉਣਾ ਏਂ।
ਕਦ ਤੱਕ ਇਹ ਤੂੰ ਜੰਦਰਾ ਮੂੰਹ ਨੂੰ ਲਾਉਣਾ ਏਂ।
ਬੇਰੀ ਲਾ ਕੇ ਜੇ ਤੂੰ ਰਾਖੀ ਕੀਤੀ ਨਾ,
ਫਿਰ ਤਾਂ ਤੇਰੇ ਵਿਹੜੇ ਪੱਥਰਾਂ ਆਉਣਾ ਏਂ।
ਜਿਹੜਾ ਅੱਜ ਮੈਂ ਕੱਲਾ ਹੋਕਾ ਦੇਨਾਂ ਵਾਂ,
ਇੱਕ ਦਿਹਾੜੇ ਜੱਗ ਨੇ ਰੌਲਾ ਪਾਉਣਾ ਏਂ।
ਆ ਜਾ ਦੋਵੇਂ ਬਹਿ ਕੇ ਨਿੱਬੜ ਲੈਨੇ ਆਂ,
ਹੁਣ ਅਸਮਾਨਾਂ ਉੱਤੋਂ ਕੀਹਨੇ ਆਉਣਾ ਏਂ।
ਕੌਣ ਕਰੇਗਾ ਸ਼ਹਿਰ 'ਚ ਨਫਰਤ ਮੇਰੇ ਨਾਲ,
ਮਿਸ਼ਰੀ ਜੀਭ ਏ ਮੇਰੀ, ਹੱਥ ਖਿਡਾਉਣਾ ਏਂ।
ਉਹਦੇ ਹੇਠਾਂ ਬਹਿਣ ਲਈ ਦੁਨੀਆਂ ਤਰਸੇਂਗੀ,
ਮੇਰੇ ਹੱਥਾਂ ਜਿਹੜਾ ਬੂਟਾ ਲਾਉਣਾ ਏਂ।
'ਨੇਰ੍ਹੀ ਭਾਵੇਂ ਝੱਖੜ ਝੁੱਲੇ ‘ਬਾਬਾ ਜੀ',
ਸਾਨੂੰ ਮਿਲਿਆ ਦੀਵਾ ਅਸਾਂ ਜਗਾਉਣਾ ਏਂ।
-0-
15
ਕਦੇ ਕਦੇ ਤੇ ਇੰਝ ਵੀ ਕਰਨਾ ਪੈਂਦਾ ਏ।
ਹੱਥੀਂ ਮੁਹਰਾ ਖਾ ਕੇ ਮਰਨਾ ਪੈਂਦਾ ਏ।
ਵੇਚ ਕੇ ਆਪਣੇ ਜੁੱਸੇ ਦਾ ਲਹੂ ਕਦੇ ਕਦੇ,
ਆਟੇ ਵਾਲਾ ਪੀਪਾ ਭਰਨਾ ਪੈਂਦਾ ਏ।
ਲਹੂ ਦਾ ਹੋਵੇ ਭਾਵੇਂ ਦਰਿਆ ਭਾਂਬੜ ਦਾ,
ਆਪਣੀ ਮੰਜ਼ਿਲ ਦੇ ਲਈ ਭਰਨਾ ਪੈਂਦਾ ਏ।
ਕਦੇ ਕਦੇ ਤੇ ਮਾਣ ਕਿਸੇ ਦਾ ਰੱਖਣ ਲਈ,
ਚਿੱਟੇ ਬੱਦਲਾਂ ਨੂੰ ਵੀ ਵਰ੍ਹਨਾ ਪੈਂਦਾ ਏ।
ਜਿਹਨਾਂ ਦੇ ਘਰ ਬੇਰੀ 'ਬਾਬਾ' ਉਹਨਾਂ ਨੂੰ,
ਕੱਚਾ ਪੱਕਾ ਰੋੜਾ ਜਰਨਾ ਪੈਂਦਾ ਏ।
ਵਿੱਚ ਹੱਯਾਤੀ ਇੰਝ ਦੇ ਮੋੜ ਵੀ ਆਉਂਦੇ ਨੇ,
ਦੁਸ਼ਮਣ ਦਾ ਵੀ ਪਾਣੀ ਭਰਨਾ ਪੈਂਦਾ ਏ।
-0-
16
ਜਿਧਰ ਵੇਖੋ ਗੁੰਝਲਾਂ ਪਈਆਂ ਹੋਈਆਂ ਨੇ
ਅਸਲਾਂ ਦੀ ਥਾਂ ਨਕਲਾਂ ਪਈਆਂ ਹੋਈਆਂ ਨੇ।
ਹਿੰਮਤ ਵਾਲਾ ਅੰਦਰ ਦੀਵਾ ਬਾਲ ਤੇ ਸਹੀ,
ਕਦਮ ਕਦਮ ਤੇ ਮੰਜ਼ਿਲਾਂ ਪਈਆਂ ਹੋਈਆਂ ਨੇ।
ਮੈਂ ਨਈ ਕਹਿਣ ਕਸੀਦਾ, ਜਾਣਾ, ਚੁੱਕ ਲਵੋ,
ਕਾਗਜ਼ ਕਲਮ ਤੇ ਉਂਗਲਾਂ ਪਈਆਂ ਹੋਈਆਂ ਨੇ।
ਅੰਨ੍ਹੇ ਖੋਰੇ, ਰੱਜੇ, ਲੰਘੇ ਪੈਲੀ 'ਚੋਂ,
ਤਾਹੀਓਂ ਮਿੱਧੀਆਂ ਗੰਦਲਾਂ ਪਈਆਂ ਹੋਈਆਂ ਨੇ।
ਲੋਕ ਨਈ ਮੋਏ, ਰੰਗਾ ਨਸਲਾਂ, ਮਜ਼੍ਹਬਾਂ ਦੇ,
ਆਦਮ ਜਾਈਆਂ ਸ਼ਕਲਾਂ ਪਈਆਂ ਹੋਈਆਂ ਨੇ।
ਕੋਈ ਵੀ ਸ਼ਿਅਰ ਨਵਾਂ ਨਈਂ, ਵੱਡਾ ਖਿਆਲ ਵੀ ਨਈਂ,
ਜਿੰਨੀਆਂ ਨਜ਼ਮਾਂ ਗ਼ਜ਼ਲਾਂ ਪਈਆਂ ਹੋਈਆਂ ਨੇ।
ਜਿਹਨਾਂ ਦੀ ਮੈਂ ਜਿੱਤ ਤੇ ਭੰਗੜਾ ਪਾਉਂਦਾ ਸਾਂ,
ਮੇਰੀ ਵਾਰੀ ਦੰਦਲਾਂ ਪਈਆਂ ਹੋਈਆਂ ਨੇ।
-0-
17
ਮੈਂ ਨਈ ਕਹਿੰਦਾ ਮੈਨੂੰ ਬੁਸਰੀ ਗੱਡ ਦਿਓ।
ਬੋਹਲ 'ਚੋਂ ਮੇਰਾ ਰੱਜਣ ਜੋਗਾ ਕੱਢ ਦਿਓ।
ਪਾਂਦੇ ਪਾੜ ਨੇ ਜਿਹੜੇ ਅੱਖਰ ਲੋਕਾਂ ਵਿੱਚ,
ਆਪਣੀ ਆਪਣੀ ਵਿੱਚ ਲੁਗਾਤੋਂ* ਕੱਢ ਦਿਓ।
ਮੂੰਹ 'ਚੋਂ ਕੱਢੇ ਅੱਖਰ ਵਾਪਸ ਲੈਣੇ ਨਈਂ,
ਸੂਲੀ ਉੱਤੇ ਟੰਗੇ, ਭਾਵੇਂ ਗੱਡ ਦਿਓ।
ਹੱਕ ਵੀ ਆਪਣਾ ਤਰਲੇ ਲੈ ਕੇ ਮੰਗਦਾ ਏ,
ਇਹ ਮਜ਼ਲੂਮ ਨਈਂ ਚੰਗਾ ਇਹਨੂੰ ਵੱਢ ਦਿਓ।
ਹਿੰਮਤ ਕਰ ਕੇ ਲੱਭੋ ਆਪਣੀ ਮੰਜ਼ਿਲ ਨੂੰ,
ਤਕਦੀਰਾਂ ਦੇ ਅੱਗੇ ਰੋਣਾ ਛੱਡ ਦਿਓ।
ਜਿੰਦਰਾ ਅਜੇ ਨਾ ਖੋਲ੍ਹੋ ਬੰਦੀਖਾਨੇ ਦਾ,
ਪਹਿਲਾਂ ਮੈਨੂੰ ਮੇਰਾ ਕੋਲੋਂ ਹੱਡ ਦਿਓ।
ਇੱਕੋ ਤਬਕਾ ਰੱਖੇ ਮੁੱਢ ਹਯਾਤੀ ਦਾ,
ਅੱਚਣ-ਚੇਤੀ ਵੀ ਨਾ ਝੋਲੀ ਅੱਡ ਦਿਓ।
(ਲੁਗਾਤ* = ਕੋਸ਼, ਡਿਕਸ਼ਨਰੀ)
-0-
18
ਕਿੰਝ ਪਲਣਗੇ ‘ਬਾਬਾ' ਬਾਲ ਗ਼ਰੀਬਾਂ ਦੇ
ਕੱਚੀ ਲੱਸੀ ਵਰਗੇ ਹਾਲ ਗਰੀਬਾਂ ਦੇ।
ਮੇਰੇ ਕੋਲੋਂ ਲੋਕੋ ਵੇਖੇ ਜਾਂਦੇ ਨਈਂ,
ਪਾਟੇ ਲੀੜੇ ਹਾੜ ਸਿਆਲ ਗਰੀਬਾਂ ਦੇ।
ਜਿਹੜਾ ਵਾਰਸ ਧਰਤੀ ਤੇ ਅਸਮਾਨਾਂ ਦਾ,
ਉਹ ਵੀ ਗੁੱਸੇ ਲੱਗੇ ਨਾਲ ਗ਼ਰੀਬਾਂ ਦੇ।
ਇਸਦੇ ਨਈਉਂ ਵੇਖ ਕਰੋੜਾਂ ਅੱਖਾਂ ਨੂੰ,
ਸੜਕਾਂ ਉੱਤੇ ਰੁਲਦੇ ਬਾਲ ਗ਼ਰੀਬਾਂ ਦੇ।
ਕਦਮ ਕਦਮ ਤੇ ਹੋਕਾ ਠੰਢੇ ਚੁੱਲ੍ਹੇ ਦਾ,
ਕਿਸਰਾਂ ਹੋਵਣ ਚਿਹਰੇ ਲਾਲ ਗ਼ਰੀਬਾਂ ਦੇ।
ਮੈਨੂੰ 'ਬਾਬਾ' ਲਗਦਾ ਲੇਖ ਲਿਖਾਰੀ ਨੇ,
ਲਿਖੇ ਬਹਿ ਕੇ ਵਿੱਚ ਪਤਾਲ ਗਰੀਬਾਂ ਦੇ।
-0-
19
ਜੱਗ ਤੇ ਕੌਣ ਸ਼ਰਾਰਤ ਕਰਦਾ ਫਿਰਦਾ ਏ।
ਵਿੱਚ ਦਿਲਾਂ ਦੇ ਨਫਰਤ ਭਰਦਾ ਫਿਰਦਾ ਏ।
ਕਬਰੇ ਲੈ ਨਾ ਜਾਵਾਂ ਦਿਲ ਦੀ ਪੀੜ ਕਿਤੇ,
ਬੰਦਾ ਬੰਦੇ ਕੋਲੋਂ ਡਰਦਾ ਫਿਰਦਾ ਏ।
ਇੱਕੇ ਗੁੰਝਲ ਨਈਓਂ ਖੁੱਲ੍ਹੀ ਸਦੀਆਂ ਤੋਂ,
ਜਿੱਤਣ ਵਾਲਾ ਕਿਹੜਾ ਹਰਦਾ ਫਿਰਦਾ ਏ।
ਕੋਈ ਵੀ ਸੱਚੀ ਗੱਲ ਨਈਂ ਕਰਦਾ ਉੱਗੜ ਕੇ,
ਚੁੱਪ ਦਾ ਕੌਣ ਇਸ਼ਾਰਾ ਕਰਦਾ ਫਿਰਦਾ ਏ।
ਹਿੱਕ ਤੇ ਸੜਦੀ ਪਈ ਏ ਮੇਰੀ ਧਰਤੀ ਦੀ,
ਬੱਦਲ ਖੌਰੇ ਕਿੱਥੇ ਵਰ੍ਹਦਾ ਫਿਰਦਾ ਏ?
ਬੰਦੇ ਜਿੰਨੀ ਕੋਈ ਮਖਲੂਕ ਵੀ ਭੁੱਖੀ ਨਈਂ,
ਬਚਿਆ ਆਪਣੇ ਕੱਲ੍ਹ ਲਈ ਧਰਦਾ ਫਿਰਦਾ ਏ।
ਚੰਗੇ ਦਾ ਲੜ ਫੜ ਕੇ, ਇੱਜ਼ਤਾਂ ਲੈਨਾ ਵਾਂ,
ਲੱਕੜੀ ਦੇ ਨਾਲ ਲੋਹਾ ਤਰਦਾ ਫਿਰਦਾ ਏ।
-0-
20
ਝੱਖੜਾਂ ਵਿੱਚ, ਤੂਫਾਨਾ ਮੇਰੇ, ਪੈਰ ਨਾ ਡੋਲਣ ਦੇਵੀਂ।
ਸੂਲੀ ਤੇ ਵੀ ਟੰਗਿਆ ਹੋਵਾਂ, ਝੂਠ ਨਾ ਬੋਲਣ ਦੇਵੀਂ।
ਇੱਕ ਦੂਜੇ ਦੇ ਨਾਲੋਂ ਭਾਵੇਂ, ਟੁੱਟੀ ਸਾਂਝ ਏ ਸਾਡੀ,
ਇੱਕ ਦੂਜੇ ਦੇ ਬਾਰੇ ਸਾਡੀ ਜੀਭ ਨਾ ਖੋਲ੍ਹਣ ਦੇਵੀਂ।
ਜਦ ਵੀ ਉੱਡਦੇ ਹੋਣ ਕਬੂਤਰ, ਠੰਢੀਆਂ ਵਿੱਚ ਹਵਾਵਾਂ,
ਬਿਰੀਆਂ ਨੂੰ ਫਿਰ ਉੱਡਣ ਦੇ ਲਈ, ਪਰ ਨਾ ਤੋਲਣ ਦੇਵੀਂ।
ਦੁਸ਼ਮਣ ਵੀ ਜੇ ਮੇਰਾ ਆਪਣੇ ਸ਼ਗਨ ਮਨਾਉਂਦਾ ਹੋਵੇ,
ਸੱਪਾਂ ਵਾਂਗੂੰ ਮੈਨੂੰ ਆਪਣੀ ਵਿੱਸ ਨਾ ਘੋਲਣ ਦੇਵੀਂ।
ਜਿਹਨੇ ਵੀ, ਜੋ ਕਹਿਣਾ ਪੁੱਛਣਾ, ਮੇਰੇ ਮੱਥੇ ਲੱਗੇ,
ਮੇਰੇ ਮਗਰੋਂ ਜੱਗ ਨੂੰ ਮੇਰੀ ਕਬਰ ਨਾ ਫੋਲਣ ਦੇਵੀਂ।
ਜਦ ਤੱਕ ਮੇਰੀ ਜਿੰਦ-ਹੱਯਾਤੀ, ਇੱਕੋ ਅਰਜ਼ ਗੁਜ਼ਾਰਾਂ,
ਉੱਚੇ ਸਿਰ ਨੂੰ ਨੀਵੇਂ ਸਿਰ ਦੀ ਪੱਗ ਨਾ ਰੋਲਣ ਦੇਵੀਂ।
-0-
21
ਸਾਰੀ ਕੌਮ ਨਚਾਉਂਦੇ ਪਏ ਨੇ ਧਰਤੀ ਦੇ ਕੁਝ ਲੋਕ।
ਲੁੱਟ ਖ਼ਜ਼ਾਨਾ ਖਾਂਦੇ ਪਏ ਨੇ, ਧਰਤੀ ਦੇ ਕੁੱਝ ਲੋਕ।
ਆਪਣੇ ਹੱਥੀਂ ਲਾ ਕੇ ਮਹਿੰਦੀ, ਸਾਡੇ ਲਹੂ ਦੀ ਵੇਖ,
ਆਪਣੇ ਸ਼ਗਨ ਮਨਾਉਂਦੇ ਪਏ ਨੇ, ਧਰਤੀ ਦੇ ਕੁਝ ਲੋਕ।
ਏਨਾ ਰੌਲਾ ਪਾ ਨਈਂ ਸਕਦੇ, ਜੱਗ ਦੇ ਲੱਖਾਂ ਢੋਲ,
ਜਿੰਨਾ ਰੌਲਾ ਪਾਂਦੇ ਪਏ ਨੇ, ਧਰਤੀ ਦੇ ਕੁਝ ਲੋਕ।
ਇੱਕ ਦਿਹਾੜੇ ਬਹਿ ਕੇ ਕੱਠੇ, ਕੱਢੋ ਇਹਦਾ ਖੋਜ,
ਸਾਨੂੰ ਕਿਓਂ ਲੜਾਉਂਦੇ ਪਏ ਨੇ ਧਰਤੀ ਦੇ ਕੁਝ ਲੋਕ।
ਦੂਜੇ ਲੋਕ ਵੀ ਇਹਨਾਂ ਵਾਲਾ, ਰੰਗ ਚੜ੍ਹਾ ਨਾ ਲੈਣ,
ਜਿਹੜਾ ਰੰਗ ਵਿਖਾਉਂਦੇ ਪਏ ਨੇ, ਧਰਤੀ ਦੇ ਕੁਝ ਲੋਕ।
ਜਿਹਨਾਂ ਮੈਨੂੰ ਲੈ ਕੇ ਜਾਣਾ, ਮੇਰੀ ਮੰਜ਼ਲ ਤੀਕ,
ਦੀਵੇ ਅਜੇ ਜਗਾਉਂਦੇ ਪਏ ਨੇ, ਧਰਤੀ ਦੇ ਕੁਝ ਲੋਕ।
ਜਿੰਨਾ ਅਸਾਂ ਕਮਾਇਆ 'ਬਾਬਾ' ਕੁੱਟ ਕੇ ਪੂਰਾ ਸਾਲ,
ਏਨਾ ਰੋਜ਼ ਕਮਾਉਂਦੇ ਪਏ ਨੇ, ਧਰਤੀ ਦੇ ਕੁਝ ਲੋਕ।
-0-
22
ਸਾਡਾ ਹੱਕ ਨਈਂ ਦੇਂਦੇ ਜਿਹੜੇ, ਐਸੀ ਤੈਸੀ ਉਹਨਾਂ ਦੀ।
ਹੋਣ ਨਈਂ ਦੇਂਦੇ ਖੁੱਲ੍ਹੇ ਵਿਹੜੇ, ਐਸੀ ਤੈਸੀ ਉਹਨਾਂ ਦੀ।
ਦਿਲ ਦੀ ਬੋਟੀ ਲੈ ਕੇ ਵੀ ਨਈ, ਰੱਜੀ ਨੀਯਤ ਜਿਹਨਾਂ ਦੀ,
ਭਾਵੇਂ ਹੱਥੀਂ ਆਪ ਸਹੇੜੇ ਐਸੀ ਤੈਸੀ ਉਹਨਾਂ ਦੀ।
ਵੰਡਾਂ ਵਾਲੀਆਂ ਲੀਕਾਂ ਖਿੱਚਣ, ਜਿਹੜੇ ਆਦਮ ਜਾਇਆਂ ਨੂੰ,
ਉਹ ਸ਼ੈਤਾਨੀ ਚਰਖੇ ਕਿਹੜੇ, ਐਸੀ ਤੈਸੀ ਉਹਨਾਂ ਦੀ।
ਸਾਨੂੰ ਅਮਨ ਦੀ ਗੁੜ੍ਹਤੀ ਦੇ ਕੇ, ਬੰਨ੍ਹਿਆਂ ਸਾਡੇ ਵੱਡਿਆਂ ਨੇ,
ਨਈਂ ਤਾਂ ਜਿਹੜੇ ਕਹਿਣ ਮਰੇੜੇ, ਐਸੀ ਤੈਸੀ ਉਹਨਾਂ ਦੀ।
ਨਾਂ ਤੇ ਮੇਰਾ ਵੀ ਏ ਰਾਂਝਾ, ਪਰ ਮੈਂ ਵੰਝਲੀ ਵਾਲਾ ਨਈਂ,
ਢੁੱਕਣ ਤੇ ਸਹੀ ‘ਬਾਬਾ' ਖੇੜੇ, ਐਸੀ ਤੈਸੀ ਉਹਨਾਂ ਦੀ।
-0-
23
ਸਿੱਧੇ ਪੁੱਠੇ ਸ਼ਜਰੇ ਕਰ ਕਰ ਦੱਸਾਂ ਕੀ?
ਸ਼ੀਸ਼ੇ ਕੋਲੋਂ ਜੱਗ ਨੂੰ ਡਰ ਡਰ ਦੱਸਾਂ ਕੀ?
ਚੀਕਾਂ ਸੁਣ ਸੁਣ ਜਿਹੜੇ ਲੰਘੀ ਜਾਂਦੇ ਨੇ,
ਜ਼ਖ਼ਮਾਂ ਉੱਤੇ ਉਂਗਲ ਧਰ ਧਰ ਦੱਸਾਂ ਕੀ?
ਮੇਰਾ ਹੁਲੀਆ ਹਰ ਵੇਲੇ ਅਖਬਾਰ ਜਿਹਾ,
ਅੱਜ ਵੀ ਚੁੱਲ੍ਹੇ ਅੱਗ ਨਈਂ, ਘਰ ਘਰ ਦੱਸਾਂ ਕੀ?
ਅੰਨ੍ਹੇ, ਗੁੰਗੇ, ਬੋਲੇ, ਮੁਨਸਿਫ ਪਰ੍ਹਿਆ ਦੇ,
ਹੰਝੂ, ਹਉਕੇ, ਹਾਵਾਂ, ਭਰ ਭਰ ਦੱਸਾਂ ਕੀ?
ਫੰਧਾ ਤਾਂ ਮੈਂ ਪਾਇਆ ਗਲ ਵਿੱਚ ਫਾਂਸੀ ਦਾ,
ਰੋਜ਼ ਦਿਹਾੜੀ ‘ਬਾਬਾ' ਮਰ ਮਰ ਦੱਸਾਂ ਕੀ?
-0-
24
ਫੱਟ ਪੁਰਾਣੇ ਬਹਿ ਕੇ ਛਿਲਦਾ ਰਹਿਨਾਂ ਵਾਂ।
ਦੁਸ਼ਮਣ ਨੂੰ ਮੈਂ ਇੰਜ ਵੀ ਮਿਲਦਾ ਰਹਿਨਾ ਵਾਂ।
ਦੁਸ਼ਮਣ ਕਿਸਰਾਂ ਸੁੱਖ ਦੀ ਨੀਂਦੇ ਸੌਵੇਂਗਾ,
ਮੈਂ ਜ਼ੰਜੀਰਾਂ ਵਿੱਚ ਵੀ ਹਿਲਦਾ ਰਹਿਨਾ ਵਾਂ।
ਤੈਨੂੰ ਕਿਹੜੀ ਜੂਹ ਦੀ ਮਿੱਟੀ ਲੱਗੀ ਏ,
ਕੋਈ ਵੀ ਮੌਸਮ ਹੋਵੇ, ਖਿਲਦਾ ਰਹਿੰਨਾ ਵਾਂ।
ਮੇਰਾ ਕਿੱਸਾ ਯਾਰ ਕਹਾਣੀ ਕੁਝ ਵੀ ਨਈਂ,
ਪਾਟ ਰਿਹਾ ਵਾਂ, ਕਿਧਰੇ ਛਿਲਦਾ ਰਹਿਨਾ ਵਾਂ।
ਜਾਗਣ ਲਈ ਰਿਆਜ਼ਤ ‘ਬਾਬਾ' ਛੱਡੀਂ ਨਾ,
ਸੁਣਦਾ ਇੱਕੋ ਸੁਨੇਹਾ ਦਿਲ ਦਾ ਰਹਿਨਾ ਵਾਂ।
-0-
25
ਤਗੜੇ ਅੱਗੇ ਮਾੜੇ ਇੱਕ ਦਿਨ ਬੋਲਣਗੇ।
ਭਾਂਬੜ ਬਣ ਕੇ ਇਹ ਚੰਗਿਆੜੇ ਬੋਲਣਗੇ।
ਤੌਬਾ ਤੌਬਾ ਕਰਨਗੇ ਵਾਸੀ ਅੰਬਰਾਂ ਦੇ,
ਇਸ ਧਰਤੀ ਦੇ ਜਦੋਂ ਲਤਾੜੇ ਬੋਲਣਗੇ।
ਚੰਬੜ ਗਏ ਨੇ ਨੇਰ੍ਹੇ ਘਰ ਦੀਆਂ ਕੰਧਾਂ ਨੂੰ,
ਘਰ ਦੇ ਦੀਵੇ ਕਿਹੜੇ ਦਿਹਾੜੇ ਬੋਲਣਗੇ।
ਏਹੋ ਜਹੇ ਵੀ ਸੱਚੇ ਕਿਧਰੇ ਹੈਗੇ ਨੇ,
ਸੂਲੀ ਦੇ ਵੀ ਚੜ੍ਹ ਕੰਧਾੜੇ ਬੋਲਣਗੇ।
ਕੋਈ ਵੀ ਤੇਰੇ ਨਾਲ ਜਦੋਂ ਨਾ ਬੋਲੇਗਾ,
ਮੇਰੇ ਜਿਹੜੇ ਖਤ ਨੇ ਸਾੜੇ, ਬੋਲਣਗੇ ।
ਦੇਣਾ ਦਾਜ, ਨਾ ਲੈਣਾ ਮੈਨੂੰ ਲਗਦਾ ਏ,
ਮੇਰੀ ਨਵੀਂ ਨਸਲ ਦੇ ਲਾੜੇ ਬੋਲਣਗੇ।
ਮੈਨੂੰ ਵੀ ਏ ਤੱਕਿਆ ਲੋਕਾਂ, ਤੈਨੂੰ ਵੀ,
ਸ਼ੀਸ਼ੇ ਕੀਹਨੇ ਪੱਥਰ ਝਾੜੇ ਬੋਲਣਗੇ।
-0-
26
ਏਹੋ ਜਹੀ ਕਮਜ਼ੋਰ ਹਕੂਮਤ 'ਬਾਬਾ' ਜੀ।
ਵੇਖੀ ਨਈਂ ਕੋਈ ਹੋਰ ਹਕੂਮਤ ਬਾਬਾ ਜੀ।
ਪਿਛਲੀ ਨਾਲ ਵੀ ਸਾਡਾ ਏਹੋ ਰੌਲਾ ਸੀ,
ਇਹ ਵੀ ਪੱਕੀ ਚੋਰ ਹਕੂਮਤ ਬਾਬਾ ਜੀ।
ਚਲੋ ਆਖੀਏ ਖਾਕੀ ਵਰਦੀ ਵਾਲੇ ਨੂੰ,
ਕਰਦੀ ਪਈ ਏ ਬੋਰ ਹਕੂਮਤ ਬਾਬਾ ਜੀ।
ਕੁਝ ਦਿਨਾਂ ਦੀ ਇਹ ਵੀ ਪਰਾਹੁਣੀ ਲਗਦੀ ਏ,
ਚੱਲੇ ਜਿਹੜੀ ਟੋਰ ਹਕੂਮਤ ਬਾਬਾ ਜੀ।
ਮਰ ਨਈਂ ਜਾਣਾ ਲੋਕਾਂ ਨਾਲ ਮਹਿੰਗਾਈ ਦੇ,
ਆਪਣੀ ਖੋਦੇ ਗੋਰ* ਹਕੂਮਤ ਬਾਬਾ ਜੀ।
ਚੌਧਰੀ, ਖਾਨ ਵਡੇਰੇ ਮੈਂ ਅਜ਼ਮਾ ਲਏ ਨੇ,
ਆਵੇ ਨਵੀਂ ਨਿਕੋਰ ਹਕੂਮਤ ਬਾਬਾ ਜੀ।
ਸਾਨੂੰ ਲੱਗੇ ਭੈੜੀ, ਗਿਰਝਾਂ, ਚੀਲਾਂ ਤੋਂ,
ਬਣ ਬਣ ਦੱਸੇ ਮੋਰ, ਹਕੂਮਤ ਬਾਬਾ ਜੀ।
ਨਿੱਤ ਸਵੇਰੇ ਸਾਡੀ ਝੋਲੀ ਪਾਉਂਦੀ ਏ,
ਮਸਲਾ ਨਵਾਂ ਨਿਕੋਰ, ਹਕੂਮਤ ਬਾਬਾ ਜੀ।
(ਗੋਰ* = ਕਬਰ)
-0-
27
ਇੱਕੀਵੀਂ ਸਦੀ 'ਚ ਦਾਖਲ ਹੋਣਾ ਕਿਹੜੇ ਮੂੰਹ ਦੇ ਨਾਲ।
ਉਹ ਵੀ ਕਰਜ਼ੇ ਹੇਠ ਨੇ ਹਾਲੀ ਜੰਮਣੇ ਜਿਹੜੇ ਬਾਲ।
ਕੋਈ ਕੋਈ ਆਪਣੇ ਪੈਰਾਂ ਉੱਤੇ, ਪੂਰੇ ਨਾਲ ਈਮਾਨ,
ਟਾਵੇਂ ਟਾਵੇਂ ਚੁੱਲ੍ਹੇ ਉੱਤੇ ਪੱਕਦਾ ਟੁੱਕ ਹਲਾਲ।
ਕਿੰਝ ਨਾ ਆਖਾਂ ਉਲਟੀ, ਗੰਗਾ, ਵਗਦੀ ਪਈ ਏ ਵੇਖ,
ਰੱਜੇ ਮੂੰਹ ਲਮਕਾ ਕੇ ਬੈਠੇ, ਭੁੱਖੇ ਪਾਣ ਧਮਾਲ।
ਜੁੱਸੇ ਨਾਲੋਂ ਬੇ ਹਿੰਮਤੀ ਦੀ ਠਾਰ ਤੇ ਛੰਡ ਕੇ ਵੇਖ,
ਦਰਿਆਵਾਂ ਦੇ ਚੌੜੇ ਸੀਨੇ ਬਣ ਸਕਦੇ ਨੇ ਖਾਲ।
ਰਾਤੀ ਵੀ ਚੌਧਰਾਣੀ ਮੈਨੂੰ ਅੱਖ ਨਈਂ ਦੇਂਦੀ ਲਾਣ,
ਕਿਹੜੇ ਵੇਲੇ ਬਹਿ ਕੇ ਧੋਵਾਂ ਗਜ਼ ਗਜ਼ ਲੰਮੇ ਵਾਲ।
-0-
28
ਵਿੱਚ ਹੱਯਾਤੀ ਮੈਂ ਨਈਂ ਛੱਡਣੀ ਦੁਨੀਆ ਦੇ ਮਜ਼ਦੂਰ ਦੀ ਗੱਲ।
ਇੱਕੋ ਵਿੱਚ ਕਿਤਾਬੇ ਲਿਖੀ, ਆਪਣੇ ਮੈਂ ਮਨਸ਼ੂਰ ਦੀ ਗੱਲ।
ਜਿੱਤ ਲਵਾਂਗਾ ਜਦੋਂ ਮੁਕੱਦਮਾ, ਲੇਖਾਂ ਹਾਰੇ ਲੋਕਾਂ ਦਾ,
ਢੋਲ ਵਜਾ ਕੇ ਫੇਰ ਸੁਣਾਂਗਾ, ਮੁੱਲਾਂ, ਜੰਨਤ ਹੂਰ ਦੀ ਗੱਲ।
ਉਹਦੇ ਬੰਦੇ ਇੱਕ ਦੂਜੇ ਦਾ, ਲੱਗ ਪੈਂਦੇ ਨੇ ਖਾਵਣ ਮਾਸ,
ਜਿਹੜੀ ਜੂਹ 'ਚੋਂ ਮੁੱਕ ਜਾਂਦੀ ਏ ਚੁੱਲ੍ਹੇ ਤੇ ਤੰਦੂਰ ਦੀ ਗੱਲ।
ਆਪਣਾ ਲਹੂ ਵੀ ਦੇ ਸਕਨੇ ਵਾਂ ਧਰਤੀ ਦੇ ਮਜ਼ਦੂਰਾਂ ਲਈ,
ਜ਼ਾਲਮ ਨਾਲ ਖਲੋ ਨਈਂ ਸਕਦਾ ਕਰ ਨਈਂ ਸਕਦਾ ਸੂਰ ਦੀ ਗੱਲ।
ਇੱਕ ਇੱਕ ਜੂਹ ਦੀ ਕੰਨਾ ਤੀਕਰ, ਵੰਨ ਸਵੰਨੀ ਅੱਪੜੀ ਗੱਲ,
ਲੱਗੀ ਪਿੰਡ ਜੰਡਿਆਲੇ' ਵਾਲੀ, ਵੱਖਰੀ ਸ਼ਹਿਰ 'ਕਸੂਰ' ਦੀ ਗੱਲ।
ਜਿੰਨੇ ਵੀ ਇਸਲਾਮਆਬਾਦੀ, ਨੌਕਰ ਨੇ ਅਮਰੀਕਾ ਦੇ,
ਵਾਂਗ ਤਬੱਰਕ ਕਿਉਂ ਨਾ ਚੁੰਮਣ, ਗੋਰੇ ਦੇ ਮਨਸ਼ੂਰ ਦੀ ਗੱਲ।
ਕੌਣ ਲਵੇਗਾ 'ਬਾਬਾ ਨਜਮੀਂ' ਉਥੇ ਮੇਰੇ ਕਾਠੇ ਬੇਰ,
ਜਿਥੇ ਸ਼ਾਮ ਸਵੇਰੇ ਹੁੰਦੀ, ਸੇਬਾਂ ਤੇ ਅੰਗੂਰ ਦੀ ਗੱਲ।
-0-
29. ਨਵਾਂ ਸਾਲ
ਖ਼ੈਰ ਦਾ ਚੰਨ ਚੜ੍ਹਾਵੀਂ ਨਵਿਆਂ ਸਾਲਾ ਤੂੰ।
ਪਿਛਲੇ ਵਾਂਗ ਨਾ ਜਾਂਵੀਂ ਨਵਿਆਂ ਸਾਲਾ ਤੂੰ।
ਲਿਖੀ ਜਾਵੇ ਫਿਰ ਨਾ ਕੋਈ ਤਾਰੀਖ ਨਵੀਂ,
ਜ਼ਾਲਮ ਨੂੰ ਸਮਝਾਵੀਂ ਨਵਿਆਂ ਸਾਲਾ ਤੂੰ।
ਦਹਿਸ਼ਤ ਵਹਿਸ਼ਤ ਖਿਲਰੀ ਵਿੱਚ ਜ਼ਮਾਨੇ ਦੇ,
ਭੈੜੇ ਰੰਗ ਮੁਕਾਵੀਂ ਨਵਿਆਂ ਸਾਲਾ ਤੂੰ ।
ਸੁਣ ਸੁਣ ਬੰਬ ਧਮਾਕੇ, ਬੋਲੇ ਹੋ ਗਏ ਆਂ,
ਉੱਚਾ ਸੁਰ ਨਾ ਲਾਵੀਂ ਨਵਿਆਂ ਸਾਲਾ ਤੂੰ।
ਬੜੀ ਉਦਾਸੀ ਦਿੱਤੀ ਪਿਛਲੇ ਸਾਲਾਂ ਨੇ,
ਹਾਸੇ ਵੰਡਦਾ ਆਵੀਂ ਨਵਿਆਂ ਸਾਲਾ ਤੂੰ।
ਜਿਹੜੇ ਜਿਹੜੇ ਜੰਗ ਨੇ ਸ਼ਹਿਰ ਉਜਾੜੇ ਨੇ,
ਸਾਰੇ ਸ਼ਹਿਰ ਵਸਾਵੀਂ ਨਵਿਆਂ ਸਾਲਾ ਤੂੰ।
ਪੈਰ ਧਰਨ ਨੂੰ ਥਾਂ ਨਾ ਲੱਭੇ ਨਫਰਤ ਨੂੰ,
ਐਨਾ ਪਿਆਰ ਉਗਾਵੀਂ ਨਵਿਆਂ ਸਾਲਾ ਤੂੰ।
ਲੋੜ ਪਵੇ ਜੇ ਕਿਧਰੇ ਬੁਝਦੇ ਦੀਵੇ ਲਈ,
ਮੇਰਾ ਲਹੂ ਲੈ ਜਾਵੀਂ, ਨਵਿਆਂ ਸਾਲਾ ਤੂੰ।
ਨੀਵਾਂ ਸਿਰ ਨਾ ਹੋਵੇ, ਕਿਧਰੇ ਸੱਚੇ ਦਾ,
ਝੂਠੇ ਸਿਰ ਖੇਹ ਪਾਵੀਂ ਨਵਿਆਂ ਸਾਲਾ ਤੂੰ।
'ਬਾਬਾ ਨਜਮੀਂ' ਵਾਂਗੂੰ ਤੂੰ ਵੀ ਲੋਕਾਂ ਲਈ,
ਹੱਕ ਦਾ ਢੋਲ ਵਜਾਵੀਂ ਨਵਿਆਂ ਸਾਲਾ ਤੂੰ।
-0-
30
ਵਿੱਚ ਗੁਦਾਮਾਂ ਮਿੱਟੀ ਹੋਵੇ, ਅਸਲਾ ਸਾਰੀ ਦੁਨੀਆਂ ਦਾ।
ਫੁੱਲਾਂ ਦੀ ਖੁਸ਼ਬੋ ਬਣ ਜਾਵੇ, ਮਸਲਾ ਸਾਰੀ ਦੁਨੀਆਂ ਦਾ।
ਤੂਈਓਂ ਸ਼ਗਨ ਲਵਾ ਸਕਨਾ ਏਂ, ਰੱਬਾ ਮੇਰੀ ਸੱਧਰ ਨੂੰ,
ਨਾਲ ਮੁਹੱਬਤ ਭਰ ਦੇ ਦਿਲ ਦਾ, ਕੋਠਾ ਸਾਰੀ ਦੁਨੀਆਂ ਦਾ।
ਕੋਈ ਵੀ ਦੀਨ ਧਰਮ ਨਾ ਪੁੱਛੇ, ਕਿੱਥੋਂ ਏਂ ਤੇ ਕੌਣ ਏਂ ਤੂੰ,
ਏਹੋ ਜਿਹਾ ਵੀ ਲੱਗੇ ਕਿਧਰੇ ਮੇਲਾ ਸਾਰੀ ਦੁਨੀਆਂ ਦਾ।
ਮੇਰੇ ਸੱਚ ਦਾ ਇੱਕ ਟਟਹਿਣਾ, ਅੱਲਾ ਦੀ ਸਹੁੰ ਲੁਕਣਾ ਨਈਂ,
ਭਾਵੇਂ ਕੱਠਾ ਹੋ ਕੇ ਆਵੇ 'ਨੇਰ੍ਹਾ ਸਾਰੀ ਦੁਨੀਆਂ ਦਾ।
ਮੇਰੇ ਹਿੱਸੇ ਵਾਲੇ ਮੇਵੇ, ਕਿਹੜੀ ਜੂਹ ਵਿੱਚ ਲੱਗੇ ਨੇ,
ਵੇਖ ਰਿਹਾ ਵਾਂ ਸਦੀਆਂ ਹੋਈਆਂ ਨਕਸ਼ਾ ਸਾਰੀ ਦੁਨੀਆਂ ਦਾ।
ਮੇਰੇ ਇੱਕ ਇੱਕ ਅੱਖਰ ਵਿੱਚੋਂ ਫੁੱਟੇ ਲਾਟ ਮੁਹੱਬਤਾਂ ਦੀ,
ਮਿਸਰੇ ਮਿਸਰੇ ਵਿੱਚੋਂ ਲੱਭੇ, ਕਿੱਸਾ ਸਾਰੀ ਦੁਨੀਆਂ ਦਾ।
-0-
31
ਸਾਥੋਂ ਅਗਲੇ ਰਾਹਵਾਂ ਪੱਧਰ, ਕਰਕੇ ਬੈਠੇ ਹੁੰਦੇ।
ਅੱਜ ਅਸੀਂ ਨਾ ਆਪਣੇ ਮੱਥੇ ਫੜ ਕੇ ਬੈਠੇ ਹੁੰਦੇ।
ਮੇਰੇ ਸ਼ਹਿਰ 'ਚ ਸਿਰ ਵੇਚਣ ਦੀ, ਖੁੱਲ੍ਹ ਜ਼ਰਾ ਜੇ ਹੁੰਦੀ,
ਲੋਕ ਹਜ਼ਾਰਾਂ ਸੜਕਾਂ ਉੱਤੇ ਧਰ ਕੇ ਬੈਠੇ ਹੁੰਦੇ।
ਸਾਡਾ ਵੀ ਕੋਈ ਕੱਦ ਨਾ ਹੁੰਦਾ, ਅਸੀਂ ਵੀ ਲੋਕਾਂ ਵਾਂਗੂੰ,
ਥੱਕੀਆਂ ਗੱਲਾਂ ਨਾਲ ਜੇ ਵਰਕੇ ਭਰ ਕੇ ਬੈਠੇ ਹੁੰਦੇ।
ਦੀਵਾ ਨਈਓਂ ਦੀਵੇ ਬਲਦੇ, ਸਾਡੇ ਬੰਨਿਆਂ ਉੱਤੇ,
ਝੱਖੜਾਂ ਦੇ ਨਾਲ ਜੇ ਸਮਝੌਤਾ ਕਰ ਕੇ ਬੈਠੇ ਹੁੰਦੇ।
ਲਹੂ ਦੇ ਘੁੱਟ ਸਵਾਦੀ ਹੁੰਦੇ, ਕਿਧਰੇ ਲਿਖਿਆ ਹੁੰਦਾ,
ਜ਼ੋਰਾਵਰ, ਜ਼ਰਦਾਰ, ਸੁਰਾਹੀਆਂ ਭਰ ਕੇ ਬੈਠੇ ਹੁੰਦੇ।
-0-
32
ਅਸਲੇ ਨਾਲੋਂ ਆਪਣੀ ਪੈਦਾਵਾਰ ਵਧਾਈਏ ਚੰਗਾ ਏ।
ਤੇਸੀ, ਕਾਂਡੀ, ਰੰਬੇ, ਕਹੀ ਦੀ ਧਾਰ ਵਧਾਈਏ ਚੰਗਾ ਏ।
ਲਾਸ਼ਾਂ ਬਾਝੋਂ ਕੁਝ ਨਈਂ ਦੇਣਾ 'ਪ੍ਰਿਥਵੀ' ਸਾਨੂੰ 'ਗੌਰੀ' ਨੇ,
ਇਹਨਾਂ ਨਾਲੋਂ ਫੁੱਲਾਂ ਦੀ ਮਹਿਕਾਰ ਵਧਾਈਏ ਚੰਗਾ ਏ।
ਮੈਨੂੰ ਸ਼ਹਿਰ ਵਿਖਾਲੀ ਦੇਂਦੇ ਆਪਣੇ ਵੀ ਬੇਗਾਨੇ ਵੀ,
ਜਿਹੜੇ ਆਖਣ ਆਪਣੇ ਖਿਦਮਤਗਾਰ ਵਧਾਈਏ ਚੰਗਾ ਏ।
ਨਵੀਆਂ ਨਸਲਾਂ ਭੰਗੜੇ ਪਾਵਣ ਵੇਖ ਕੇ ਆਪਣੇ ਵਿਰਸੇ ਨੂੰ,
ਉੱਚੇ ਕਰੀਏ ਕੋਠੇ, ਕਾਰੋਬਾਰ ਵਧਾਈਏ ਚੰਗਾ ਏ।
ਚੁੱਕ ਕੇ ਸਿਰ ਜੇ ਮੱਥੇ ਲੱਗਣਾ, ਇੱਕੀਵੀਂ ਸਦੀ ਦੇ ਬਾਬਾ ਜੀ,
ਹਿੰਮਤ ਕਰ ਕੇ ਆਪਣੀ ਹੁਣ ਰਫਤਾਰ ਵਧਾਈਏ ਚੰਗਾ ਏ।
-0-
33
ਘੁੱਗੂ ਘੋੜੇ ਵੇਚਣ ਵਾਲੇ ਮੇਲੇ ਵਿੱਚੋਂ ਵੱਟਣਾ ਕੀ?
ਉੱਤਰ ਵਿੱਚ ਸਮੁੰਦਰ, ਟੁੰਢੇ ਬੰਨੇ ਪਾਣੀ ਝੱਟਣਾ ਕੀ
ਭਰੀਆਂ ਵਿੱਚੋਂ ਡਿੱਗੇ ਸਿੱਟੇ, ਜਿਹੜੇ ਚੁਗਦੇ ਫਿਰਦੇ ਲੋਕ,
ਉਹਨਾਂ ਲੋਕਾਂ ਗਾਹਣਾ ਕੀ ਏ, ਉਹਨਾਂ ਲੋਕਾਂ ਛੱਟਣਾ ਕੀ।
ਜੱਗ ਤੇ ਕਿਹੜੀ ਸੰਘੀ ਜਿਹਨੂੰ ਹੱਥ ਅਜ਼ਲ ਦਾ ਪੈਣਾ ਨਈਂ,
ਫਿਰ ਕੀ ਡਰਨਾ ਜ਼ਾਲਿਮ ਕੋਲੋਂ, ਵਿੱਚ ਮੈਦਾਨੋਂ ਨੱਠਣਾ ਕੀ।
ਸਾਡਾ ਰਿਜਕ ਵੀ ਨੱਠਾ ਫਿਰਦਾ, ਰੁੱਖੋਂ ਟੁੱਟੇ ਪੱਤਿਆਂ ਵਾਂਗ,
ਨੇਜ਼ੇ ਚੜ੍ਹੀਆਂ, ਤਿੱਖੀਆਂ, ਧੁੱਪਾਂ, ਸਾਡੇ ਸਿਰ ਤੋਂ ਹਟਣਾ ਕੀ।
ਝੁੱਗੀ ਸਿਰ ਤੇ ਭਾਰ ਵੀ ਉਹਦਾ, ਫਿਰੀਏ ਉਹਦੀ ਵਿੱਚ ਜ਼ਮੀਨ,
ਅਸਾਂ ਕੀ ਆਨੇ ਟੱਡਣੇ ਬਾਬਾ, ਉਹਦੇ ਅੱਗੇ ਡੱਟਣਾ ਕੀ।
-0-
34
ਘਸਿਆਂ ਵਿੱਚ ਫਰੇਮਾਂ ਸੱਜੀਆਂ ਬਾਬਾ ਜੀ ਤਸਵੀਰਾਂ ਫੇਰ।
ਖਿੱਦੋ ਵਿੱਚ ਲੁਕਾ ਕੇ ਦਿੱਤੀਆਂ, ਚਾਤਰ ਲੋਕਾਂ ਲੀਰਾਂ ਫੇਰ।
ਅੰਦਰ ਹਿੰਮਤ ਵਾਲਾ ਦੀਵਾ ਹਾਲੇ ਵੀ ਏ ਬਲਦਾ ਵੇਖ,
ਫੇਰ ਕੀ ਹੋਇਆ ਜ਼ਖ਼ਮੀਂ ਹੋ ਕੇ ਡਿੱਗੀਆਂ ਨੇ ਤਕਦੀਰਾਂ ਫੇਰ।
ਇਹਨਾਂ ਸਾਨੂੰ ਖੇਹ ਤੇ ਮਿੱਟੀ ਰੰਗਣਾ ਨਵਿਆਂ ਰੰਗਾਂ ਨਾਲ,
ਉਹੋ ਵਾਅਦੇ, ਉਹੋ ਆਗੂ, ਉਹੋ ਨੇ ਤਕਦੀਰਾਂ ਫੇਰ।
ਜਿੰਨੀਆਂ ਮਰਜ਼ੀ ਨੀਹਾਂ ਪੱਕੀਆਂ ਕਰ ਕੇ ਆਪਣਾ ਮਹਿਲ ਉਸਾਰ,
ਇੱਕ ਦਿਹਾੜੇ ਨਵੀਆਂ ਏਥੇ ਹੋਣਗੀਆਂ ਤਹਿਮੀਰਾਂ ਫੇਰ।
ਢੋਲ ਵਜਾ ਕੇ ਕਹਿ ਦੇਵਾਂਗਾ, ਮਿੱਟੀ ਹੋ ਇਤਬਾਰ ਗਿਆ,
ਭੁੱਲ ਭੁਲੇਖੇ ਵੀ ਜੇ ਆਈਆਂ ਮੇਰੇ ਘਰ ਤਕਦੀਰਾਂ ਫੇਰ।
ਇਹਨਾਂ ਦੀ ਵੀ 'ਬਾਬਾ ਨਜਮੀਂ' ਪੂਛਲ ਸਿੱਧੀ ਹੋਣੀ ਨਈਂ,
ਫੇਰ ਪਰੋਹਤ ਮਰਨਗੇ ਭੁੱਖੇ, ਕੁੱਤੇ ਖਾਣਗੇ ਖੀਰਾਂ ਫੇਰ।
-0-
35
ਭੁੱਖ ਦੇ ਨਾਲ ਪਹਾੜਾਂ ਮੱਥਾ ਲਾਵਾਂਗਾ।
ਪੱਥਰਾਂ ਵਿੱਚ ਦੁੱਧ ਦੀ ਨਹਿਰ ਵਗਾਵਾਂਗਾ।
ਮੇਰੇ ਬੂਟੇ ਕਿਸਰਾਂ ਫਲ ਨਾ ਦੇਵਣਗੇ,
ਬੂਟੇ ਬੂਟੇ ਆਪਣਾ ਮੁੜ੍ਹਕਾ ਪਾਵਾਂਗਾ।
ਤੇਰੇ ਮੂੰਹ ਤੇ ਝੂਠੇ, ਝੂਠਾ ਕਹਿਣ ਲਈ,
ਅੱਜ ਦੇ ਵਾਂਗੂੰ ਕੱਲ੍ਹ ਵੀ ਸਾਹਵੇਂ ਆਵਾਂਗਾ।
ਪਾਣੀ ਭਾਵੇਂ ਰੇਤਾਂ ਦੇ ਲਿਸ਼ਕਾਰੇ ਨੇ,
ਦੂਰ ਕਰਨ ਲਈ ਚਿੰਤਾ ਵੇਖਣ ਜਾਵਾਂਗਾ।
'ਸਾਡੇ ਲਈ ਨੇ ਆਖੇ’, ਦੁਨੀਆਂ ਆਖੇਗੀ,
ਜਿਥੇ ਜਿਥੇ 'ਬਾਬਾ' ਸ਼ਿਅਰ ਸੁਣਾਵਾਂਗਾ।
-0-
36
ਮਾੜਾ ਕਦ ਤੱਕ ਮਾੜਾ ਰਹਿਣਾ।
ਭੁੱਬਲ ਦਾ ਚੰਗਿਆੜਾ ਰਹਿਣਾ।
ਕੰਮੀਆਂ ਤੇ ਸਰਦਾਰਾਂ ਵਾਲਾ,
ਜੱਗ ਤੇ ਚੀਕ ਚਿਹਾੜਾ ਰਹਿਣਾ।
ਉੱਚੀ ਵੇਖ ਹਵੇਲੀ ਵੱਲੇ,
ਝੁੱਗੀਆਂ ਸੀਨੇ ਸਾੜਾ ਰਹਿਣਾ।
ਮੂੰਹ ਬਘਿਆੜਾਂ ਲੱਗਾ ਲਹੂ,
ਖਾਲੀ ਹੁੰਦਾ ਵਾੜਾ ਰਹਿਣਾ।
ਜਦ ਤੱਕ ਅਸਲੇ ਦੇ ਕਾਰਖਾਨੇ,
ਪੈਂਦਾ ਰੋਜ਼ ਪੁਆੜਾ ਰਹਿਣਾ।
-0-
37
ਵਾਰਸ ਬੁੱਲ੍ਹੇ ਵਰਗੀ ਮੈਨੂੰ ਸ਼ਾਇਰੀ ਦੇ ਦੇ ਥੋਹੜੀ ਜਹੀ।
ਮੇਰੇ ਸਹਿਕਦੇ ਅੱਖਰਾਂ ਨੂੰ ਵੀ ਜ਼ਿੰਦਗੀ ਦੇ ਦੇ ਥੋਹੜੀ ਜਹੀ।
ਹੀਣੇ ਸਮਝ ਕੇ ਜਿਹੜੇ ਅੱਖਰ 'ਮੀਏਂ ਮੁਹੰਮਦ' ਵਰਤੇ ਨਈਂ,
ਕੱਠੇ ਕਰਨ ਲਈ ਮੋਤੀ ਮੈਨੂੰ ਛੁੱਟੀ ਦੇ ਦੇ ਥੋਹੜੀ ਜਹੀ।
ਨਾਨਕ ਵਰਗਾ ਹੇਜਲਾ ਪੁੱਤਰ ਮਾਂ ਬੋਲੀ ਦਾ ਕੋਈ ਵੀ ਨਈਂ,
ਉਹਦੀ ਵਿੱਚ ਦਵਾਤੋਂ ਗੂੜ੍ਹੀ ਸ਼ਾਹੀ ਦੇ ਦੇ ਥੋਹੜੀ ਜਹੀ।
ਜਦ ਤੱਕ ਸਾਹ ਨੇ ਬਾਕੀ ਕਹਿੰਦਾ 'ਐਨਲਹਕ' ਫਿਰਾਂ,
ਸ਼ਾਹ ਹੁਸੈਨ ਦੀ ਮਸਤੀ ਵਿੱਚੋਂ ਮਸਤੀ ਦੇ ਦੇ ਥੋਹੜੀ ਜਹੀ।
ਮਿੱਠੇ ਦੇ ਪੱਜ ਦੁਨੀਆਂ ਆਖੇ, ਕੌੜ ਵੀ ਖਾਧੀ ਜਾਂਦੀ ਏ,
ਡਿੱਗੀ ਢੱਠੀ 'ਬਾਹੂ' ਵਾਲੀ ਮਿਸ਼ਰੀ ਦੇ ਦੇ ਥੋਹੜੀ ਜਹੀ।
ਮੇਰੇ ਵਰਗਾ, ਘੋਗੜ ਕਾਂ ਵੀ ਖੌਰੇ ਸੁਰ ਵਿੱਚ ਬੋਲ ਪਵੇ,
'ਪੀਰ ਫਰੀਦਾ' ਆਪਣੀ ਸੁੱਚੀ ਗੜਵੀ ਦੇ ਦੇ ਥੋਹੜੀ ਜਹੀ।
ਖੈਰ ਖਿਆਲਾਂ ਵਾਲਾ ਮੈਨੂੰ 'ਖਵਾਜਾ ਫਰੀਦ' ਤੋਂ ਮੰਗਣ ਦੇ,
'ਸ਼ਿਵ-ਕੁਮਾਰਾ' ਆ ਕੇ ਮੇਰੀ ਗਵਾਹੀ ਦੇ ਦੇ ਥੋਹੜੀ ਜਹੀ।
-0-
38
'ਵਾਰਸ' ਬੁੱਲ੍ਹੇ ਵਰਗੇ ਬੈਠੇ, ਹੰਸ ਵਿਸਾਰ ਪੰਜਾਬੀ ਨੇ।
ਕਿਸਰਾਂ ਆਖਾਂ ਮਾਂ ਬੋਲੀ ਦੇ 'ਬਰਖੁਰਦਾਰ' ਪੰਜਾਬੀ ਨੇ।
ਬਾਲਾਂ ਦੇ ਮੂੰਹ ਜਿਹੜੇ ਅੱਖਰ ਚੋਘੇ ਵਾਂਗੂੰ ਦੇਣੇ ਸਨ,
ਉਹਨਾਂ ਬਦਲੇ ਫੜ ਫੜ ਓਬੜ ਤੁੰਨਦੇ ਯਾਰ ਪੰਜਾਬੀ ਨੇ।
ਅੱਚਣਚੇਤੀ ਵੀ ਨਾ ਲਾਵੀਂ ਮੇਰੇ ਮੱਥੇ ਉਹਨਾਂ ਨੂੰ,
ਜਿਹੜੇ ਵੀ ਇਸ ਧਰਤੀ ਉੱਤੇ ਬਦਬੂਦਾਰ ਪੰਜਾਬੀ ਨੇ।
ਓਧਰ ਓਧਰ ਕਰਾਂ ਸਲਾਮਾਂ ਦਿਲ ਦੀ ਦੁਨੀਆਂ ਕਹਿੰਦੀ ਏ,
ਜਿੱਧਰ ਜਿੱਧਰ ਜਾਂਦੇ ਮੇਰੇ ਬਾਕਿਰਦਾਰ ਪੰਜਾਬੀ ਨੇ।
ਕੰਡ ਕਦੇ ਨਾ ਲੱਗੇ ਰੱਬਾ ਵਿੱਚ ਮੈਦਾਨੇ ਉਹਨਾਂ ਦੀ,
ਜਿਹੜੇ ਆਪਣੀ ਮਾਂ ਬੋਲੀ ਦੇ ਖਿਦਮਤਗਾਰ ਪੰਜਾਬੀ ਨੇ।
ਖਵਾਜਾ 'ਫਰੀਦ', ਮੁਹੰਮਦ, ਵਾਰਸ, ਨਾਨਕ, ਬੁੱਲ੍ਹਾ, ਬਾਹੂ, ਲਾਲ,
ਇਹ ਪੰਜਾਬੀ ਸੁੱਚੇ ਉੱਚੇ, ਇਹ ਸਰਦਾਰ ਪੰਜਾਬੀ ਨੇ।
ਆਪਣੀ ਬੋਲੀ ਬੋਲਣ ਵੇਲੇ ਜਿਹਨਾਂ ਦਾ ਸਾਹ ਘੁੱਟਦਾ ਏ,
ਬਾਬਾ ਨਜਮੀਂ ਦੇ ਦੇ ਫਤਵਾ, ਉਹ ਗੱਦਾਰ ਪੰਜਾਬੀ ਨੇ।
-0-
39
ਸਾਡੇ ਲਈ ਤਾਂ ਲਾਲ ਇਸ਼ਾਰੇ ਰਹਿ ਗਏ ਨੇ।
ਚੱਕਣ ਦੇ ਲਈ ਪੱਥਰ ਭਾਰੇ ਰਹਿ ਗਏ ਨੇ।
ਇੰਝ ਖਲੋਤੇ ਵਿਦਿਆ ਕਰਕੇ ਡੋਲੀ ਨੂੰ,
ਵਿੱਚ ਮੈਦਾਨੇ ਜਿਸਰਾਂ ਹਾਰੇ ਰਹਿ ਗਏ ਨੇ।
ਜਿਹਨਾਂ ਮੁੜ੍ਹਕਾ ਦਿੱਤਾ ਬੂਟੇ ਬੂਟੇ ਨੂੰ,
ਪੱਕਾ ਫੱਲ ਤੇ ਤੱਕਦੇ ਸਾਰੇ ਰਹਿ ਗਏ ਨੇ।
ਉਹਦੇ ਕੋਲ ਵੀ ਸਾਡਾ ਦਿਲ ਪ੍ਰਚਾਵਣ ਲਈ,
ਜੰਨਤ ਵਰਗੇ ਫਿੱਕੇ ਲਾਰੇ ਰਹਿ ਗਏ ਨੇ।
ਸਦੀਆਂ ਵਾਂਗੂੰ ਅੱਜ ਵੀ ਖਾਲੀ ਕੰਮੀਆਂ ਦੇ,
ਸੱਧਰਾਂ ਵਾਲੇ ਮਹਿਲ ਉਸਾਰੇ ਰਹਿ ਗਏ ਨੇ।
ਸੇਕ ਪਿਆ ਏ ਵੱਧਦਾ 'ਬਾਬਾ' ਭੁੱਬਲ ਦਾ,
ਹਾਲੇ ਉਹਦੇ ਵਿੱਚ ਅੰਗਾਰੇ ਰਹਿ ਗਏ ਨੇ।
ਨਫ਼ਰਤ ਵਾਲੀ ਭਰੀ ਹਵਾ ਏ, ਪਾੜ ਦਿਓ,
ਜਿਹੜੇ ਬਾਲਾਂ ਹੱਥ ਗੁਬਾਰੇ ਰਹਿ ਗਏ ਨੇ।
-0-
ਕਵਿਤਾਵਾਂ
1. ਹੋਕਾ
ਉੱਠ ਕਬਰ 'ਚੋਂ 'ਵਾਰਸ', 'ਬੁੱਲ੍ਹਿਆ'
'ਮੀਆਂ ਮੁਹੰਮਦ' ਬਖਸ਼ਾ ਜਾਗ,
ਅੱਪੜ 'ਬਾਹੂ', ਬਹੁੜ 'ਹੁਸੈਨਾ'
ਲਹਿਜਿਆਂ ਦੇ ਫੜ ਹੱਥੀਂ ਟੋਕੇ
ਥਾਓਂ ਥਾਈਂ ਉੱਠ ਖਲੋਤੇ
ਵੱਡਿਓ! ਖੇਡ ਵਿਗਾੜਨ ਲੱਗੇ
ਮੇਲਾ ਫੇਰ ਉਜਾੜਨ ਲੱਗੇ
ਸਦੀਆਂ ਦਾ ਪੰਜਾਬ ਤੁਹਾਡਾ
ਫੇਰ ਇੱਕ ਵਾਰੀ ਵੰਡਨਾ ਚਾਹੁੰਦੇ
ਰੱਖ ਬੰਦੂਕਾਂ ਤੁਹਾਡੇ ਮੋਢੇ
ਆਪਣਾ ਕੱਦ ਵਧਾਣਾ ਚਾਹੁੰਦੇ
ਕੱਢ ਤੁਹਾਨੂੰ ਵਿੱਚ ਸਮੁੰਦਰੋਂ
ਛੱਪੜੀਂ ਝੱਲੇ ਪਾਉਣਾ ਚਾਹੁੰਦੇ
ਆਪਣਾ ਨਾਂ ਚਮਕਾਉਣਾ ਚਾਹੁੰਦੇ
ਇਹ ਮੈਂ ਕਿੰਝ ਨਜ਼ਾਰਾ ਵੇਖਾਂ
ਚੰਨ ਦੇ ਬਦਲੇ ਤਾਰਾ ਵੇਖਾਂ
ਸਾਡਾ ਵਿਰਸਾ ਮੁੱਖ ਤੁਸੀਂ
ਸਾਡੇ ਸਿਰ ਦੇ ਰੁੱਖ ਤੁਸੀਂ
ਨਵੇਂ ਮਦਾਰੀ ਆਏ ਨੇ ਤੱਕੋ
ਜੀਕਣ ਡੱਕੇ ਜਾਂਦੇ ਡੱਕੋ
ਅਜੇ ਤੇ ਪਿਛਲੀ ਵੰਡ ਨਈਂ ਭੁੱਲੀ।
ਬੂਥੇ ਵੱਜੀ ਚੰਡ ਨਈਂ ਭੁੱਲੀ।
-0-
2. ਲੰਬੜਦਾਰ
ਅੱਖਾਂ ਤੋਂ ਮਜ਼ਦੂਰੀ ਵਾਲਾ ਜਾਲਾ ਲਾਹ ਕੇ
ਆਪਣੇ ਅੰਦਰ ਝਾਤੀ ਪਾ ਕੇ
ਲੰਬੜਦਾਰਾ ਸੋਚ ਤੇ ਸਹੀ
ਦਿਲ ਦੀ ਤਖ਼ਤੀ ਪੋਚ ਤੇ ਸਹੀ
ਤੈਥੋਂ ਕਿਹੜੀ ਗਲਤੀ ਹੋਈ
ਕਿਹੜੀ ਗੱਲੋਂ
ਕਿਹਨੇ ਤੈਨੂੰ ਸੂਲ ਚੁਭੋਈ
ਕੱਲ੍ਹ ਤੱਕ ਹੱਥ ਸਲਾਮਾਂ ਵਾਲੇ
ਅੱਜ ਕਿਉਂ ਪੱਗ ਨੂੰ ਪੈਂਦੇ ਪਏ ਨੇ
ਕਿਹੜਾ ਜੁਗ ਦਾ ਬਦਲਾ
ਤੈਥੋਂ ਲੈਂਦੇ ਪਏ ਨੇ
ਕਾਮੇ ਕਿਉਂ ਨੇ ਵਿਗੜੇ ਵਿਗੜੇ
ਕਿਉਂ ਕਬੂਤਰ ਬਣ ਗਏ ਸ਼ਿਕਰੇ
ਲੰਬੜਦਾਰਾ ਸੋਚ ਤੇ ਸਹੀ
ਦਿਲ ਦੀ ਤਖ਼ਤੀ ਪੋਚ ਤੇ ਸਹੀ
ਮਾੜੇ ਆਨੇ ਟੱਡਣ ਲੱਗੇ
ਮੂੰਹ ਤੇ ਗਾਲ੍ਹਾਂ ਕੱਢਣ ਲੱਗੇ
ਚੌਧਰ ਤੇਰੀ ਮੁੱਕਣ ਲੱਗੀ
ਵਗਦੀ ਗੰਗਾ ਸੁੱਕਣ ਲੱਗੀ
ਮਹਿਲ ਮੁਨਾਰੇ ਡਿੱਗਣ ਲੱਗੇ
ਖੌਰੇ ਹੋਰ ਕੀ ਹੋਣਾ ਅੱਗੇ
ਲੰਬੜਦਾਰਾ ਸੋਚ ਤੇ ਸਹੀ
ਦਿਲ ਦੀ ਤਖ਼ਤੀ ਪੋਚ ਤੇ ਸਹੀ
ਕੀਤਾ ਤੇ ਨਈਂ ਅੱਗੇ ਆਇਆ
ਬੀਜਿਆ ਤੇ ਨਈਂ ਝੋਲੀ ਪਾਇਆ
ਜਿੱਧਰ ਵੇਖਾਂ ਤੇਰਾ ਪੰਗਾ
ਵੇਲੇ ਤੈਨੂੰ ਕੀਤਾ ਨੰਗਾ
ਅਜੇ ਵੀ ਤੇਰਾ ਰੰਗ ਦੋ ਰੰਗਾ
ਇੱਕੋ ਹਾਲੇ ਲੱਗਾ ਡੰਗਾ
ਉਤਲੇ ਹਾਲੇ ਰੱਸੀ ਖਿੱਚੀ
ਨੱਪ ਲਵੇ ਨਾ ਕਿਧਰੇ ਗਿੱਚੀ
ਲੰਬੜਦਾਰਾ ਸੋਚ ਤੇ ਸਹੀ
ਦਿਲ ਦੀ ਤਖ਼ਤੀ ਪੋਚ ਤੇ ਸਹੀ
ਛੱਡ ਦੇ ਹਰ ਥਾਂ ਜ਼ੋਰ ਵਿਖਾਣਾ
ਕਰਨਾ ਹੋਰ ਤੇ ਹੋਰ ਵਿਖਾਣਾ
ਅੱਤ ਖੁਦਾ ਦਾ ਵੈਰ ਓਏ ਲੰਬੜਾ
ਉੱਖੜ ਗਏ ਨੇ ਪੈਰ ਓਏ ਲੰਬੜਾ
ਫਿਰ ਨਈਂ ਲੱਭਣੀ ਖੈਰ ਓਏ ਲੰਬੜਾ
ਮੁੜ ਜਾ ਲੈ ਕੇ ਲਸ਼ਕਰ ਆਪਣਾ
ਪੂਰਾ ਨਈਓਂ ਹੋਣਾ ਸੁਫਨਾ
ਮੇਰੇ ਅੱਖਰ ਪੜ੍ਹ ਲੈ ਲੰਬੜਾ
ਦਿਲ ਦੇ ਉੱਤੇ ਜੜ ਲੈ ਲੰਬੜਾ
ਲੜਦੇ ਲੜਦੇ ਮਰ ਨਾ ਜਾਈਏ
ਕਬਰਾਂ ਦੇ ਢਿੱਡ ਭਰ ਨਾ ਜਾਈਏ
ਲੰਬੜਦਾਰਾ ਸੋਚ ਤੇ ਸਹੀ
ਦਿਲ ਦੀ ਤਖ਼ਤੀ ਪੋਚ ਤੇ ਸਹੀ
-0-
3. ਵਾਰ
ਮੈਨੂੰ ਗੁੜ੍ਹਤੀ ਦੁੱਲੇ ਸ਼ੇਰ ਦੀ, ਕਿੰਝ ਨੀਵੀਂ ਧੌਣ ਕਰਾਂ।
ਮੈਂ ਕੁੱਛੜ ਖੇਡਾਂ ‘ਖਰਲ' ਦੇ, ਕਿੰਝ ਸੀਨੇ ਸੀਤ ਭਰਾਂ।
ਮੈਂ ਬਾਲਕਾ ਚੰਨ 'ਵਰਿਆਮ' ਦਾ, ਸਿਰ ਜੱਬਰੂ ਵਾਲੀ ਪੱਗ ।
ਮੇਰੇ ਵਿੱਚ 'ਮਲੰਗੀ' ਬੋਲਦਾ, ਮੇਰੇ ਸੀਨੇ ਅਣਖੀ ਅੱਗ।
ਮੈਂ ਚੰਡਿਆ 'ਨਜਾਮ ਲੋਹਾਰ' ਦਾ ਮੇਰੀ ਕਿਸਰਾਂ ਧਾਰ ਮੁੜੇ।
ਮੈਂ ਕਿੰਝ ਨਾ ਚੀਕਾਂ ਜ਼ਾਲਮੋ, ਮੇਰੇ ਪੱਕੇ ਰੰਗ ਖੁਰੇ।
ਮੈਂ ਪੜ੍ਹਿਆ 'ਭਗਤ' ਸਕੂਲ ਦਾ ਮੇਰੇ ਸ਼ੀਸ਼ੇ ਵਾਂਗ ਅਸੂਲ।
ਮੈਂ ਅਪਣੀ ਬੋਲੀ ਬੋਲਣੀ, ਮੇਰੇ ਆਪਣੇ ਹਰਫ ਰਸੂਲ।
ਜਿਹਨੇ ਜੰਮਿਆ 'ਊਧਮ ਸਿੰਘ’ ਨੂੰ, ਬੜੇ ਬਖਤਾਂ ਵਾਲੀ ਮਾਂ।
ਉਹਨੇ ਗੱਲ ਪੁਗਾ ਕੇ ਆਪਣੀ, ਮੇਰਾ ਉੱਚਾ ਕੀਤਾ ਨਾ।
ਮੈਨੂੰ 'ਜੱਗਾ' ਚੇਤੇ ਆਂਵਦਾ, ਮੇਰੇ ਸੀਨੇ ਪੈਂਦੇ ਚੀਰ।
ਕਦੇ ਹੋਣ ਹਰੇ ਨਾ ਜੱਗ ਤੇ, ਜਿਹਨਾਂ ਮੇਰੇ ਮਾਰੇ ਵੀਰ।
ਮੈਨੂੰ ਚਾੜ੍ਹਿਆ ਰੰਗ ਮਜੀਠ ਦਾ, ਨਈਂ ਖੁਰਨਾ ਸਦੀਆਂ ਤੀਕ।
ਮੈਂ ਕੱਲ੍ਹ ਵੀ ਲੋਕੋ ਠੀਕ ਸਾਂ, ਮੈਂ ਅੱਜ ਵੀ ਲੋਕੋ ਠੀਕ।
ਮੇਰੇ ਸਿਰ ਤੇ ਸੂਰਜ ਹਾੜ੍ਹ ਦਾ, ਭਾਵੇਂ ਪੋਹ ਦੀ ਹੋਵੇ ਰਾਤ।
ਮੈਂ ਆਪਣਾ ਰੰਗ ਨਈਂ ਛੱਡਦਾ, ਮੇਰੀ ਜੱਗ ਤੋਂ ਵੱਖਰੀ ਬਾਤ।
ਜਿਹੜੇ ਲੋਕਾਂ ਵਿੱਚ ਉਸਾਰਦੇ, ਪਏ ਨਫਰਤ ਵਾਲੀ ਕੰਧ।
ਭਾਵੇਂ ਹਾਫ਼ਜ਼ ਹੋਣ ਕੁਰਾਨ ਦੇ, ਮੈਨੂੰ ਨਹੀਓਂ ਯਾਰ ਪਸੰਦ।
ਉਥੇ ਬੁਰਜ ਉਸਾਰੀਏ ਬਾਬਿਆ, ਜਿਥੇ ਦੱਬੇ ਆਪਣੇ ਸ਼ੇਰ।
ਇਹ ਕਰਜ਼ ਜਦੋਂ ਹੈ ਲੱਥਣਾ, ਜਿੰਦ ਸੁਰਖਰੂ ਹੋਣੀ ਫੇਰ।
ਉਹਨੂੰ ਦੁਨੀਆਂ ਕੰਮੀ ਆਖਦੀ, ਜਿਹੜਾ ਹੱਥ ਦੀ ਕਰਦਾ ਕਾਰ।
ਜਿਹੜਾ ਵਿਹਲੜ ਬਹਿ ਕੇ ਘੂਰਦਾ, ਉਹਦਾ ਨਾਂ ਰੱਖਿਆ ਸਰਦਾਰ।
-0-
4. ਜਸ਼ਨੇ ਪਾਕਿਸਤਾਨ
ਉੱਠ ਗਰੀਬਾ ਭੰਗੜਾ ਪਾ
ਭੁੱਖਾ ਆਪਣਾ ਡਿੱਢ ਵਜਾ
ਜਸ਼ਨੇ-ਪਾਕਿਸਤਾਨ ਮਨਾ
ਝੰਡਾ ਇਹਦਾ ਚੁੱਕ ਕੇ ਰੱਖ
ਆਪਣੀ ਨੀਵੀਂ ਪਾ ਕੇ ਰੱਖ
ਸਾਡੇ ਕੱਠੇ ਕਰ ਕੇ ਕੱਖ
ਆਪਣਾ ਠੰਢਾ ਚੁੱਲ੍ਹਾ, ਤਾਅ
ਸਾਡੇ ਗੁਣ ਵੀ ਗਾਉਂਦਾ ਜਾ
ਉੱਠ ਗਰੀਬਾ ਭੰਗੜਾ ਪਾ
ਭੁੱਖਾ ਆਪਣਾ ਢਿੱਡ ਵਜਾ
ਜਸ਼ਨੇ ਪਾਕਿਸਤਾਨ ਮਨਾ
ਵਿੱਚ ਅਮਰੀਕਾ ਸਾਡਾ ਨਾਂ
ਸਾਡੇ ਸਿਰ ਤੇ ਉਹ ਦੀ ਛਾਂ
ਕੱਟਾ ਕੋਹੀਏ, ਭਾਵੇਂ ਗਾਂ
ਇਹ ਲੈ ਝੰਡੀ ਨੱਠਾ ਜਾ
ਆਪਣੇ ਬਾਲਾਂ ਨੂੰ ਪਰਚਾ
ਉੱਠ ਗਰੀਬਾ ਭੰਗੜਾ ਪਾ
ਭੁੱਖਾ ਆਪਣਾ ਢਿੱਡ ਵਜਾ
ਜਸ਼ਨੇ ਪਾਕਿਸਤਾਨ ਮਨਾ
ਸਾਡੇ ਹੱਥਾਂ ਵੱਲੇ ਵੇਖ
ਸਾਡੇ ਪੱਲੇ ਤੇਰੇ ਲੇਖ
ਸ਼ਾਮ ਸਵੇਰੇ ਸਾਨੂੰ ਵੇਖ
ਜਿੰਨਾ ਦੇਈਏ ਓਨਾ ਖਾਹ
ਇਸ ਧਰਤੀ ਦੇ ਅਸੀਂ ਖੁਦਾ
ਉੱਠ ਗਰੀਬਾ ਭੰਗੜਾ ਪਾ
ਭੁੱਖਾ ਆਪਣਾ ਢਿੱਡ ਵਜਾ
ਜਸ਼ਨੇ-ਪਾਕਿਸਤਾਨ ਮਨਾ
ਪੂਰਾ ਪਾਕਿਸਤਾਨ ਅਸੀਂ
ਤਾਹੀਓਂ ਤੇ ਪ੍ਰਧਾਨ ਅਸੀਂ
ਧਰਤੀ ਵੀ ਅਸਮਾਨ ਅਸੀਂ
ਸਾਡੇ ਪੈਰਾਂ ਥੱਲੇ ਲਾ
ਸਾਡੇ ਬਹਿ ਕੇ ਪੈਰ ਦਬਾ
ਉੱਠ ਗਰੀਬਾ ਭੰਗੜਾ ਪਾ
ਭੁੱਖਾ ਆਪਣਾ ਢਿੱਡ ਵਜਾ
ਜਸ਼ਨੇ-ਪਾਕਿਸਤਾਨ ਮਨਾ
ਢਿੱਡੋਂ ਭਾਵੇਂ ਭੁੱਖਾ ਰਹੁ
'ਜੀਵੇ ਜੀਵੇ' ਧਰਤੀ ਕਹੁ
ਧੁੱਪੇ ਭਾਵੇਂ, ਛਾਵੇਂ ਬਹੁ
ਸੱਧਰਾਂ ਉੱਤੇ ਮਿੱਟੀ ਪਾ
ਸਾਡੇ ਅੱਗੇ ਧੌਣ ਝੁਕਾ
ਉੱਠ ਗਰੀਬਾ ਭੰਗੜਾ ਪਾ
ਭੁੱਖਾ ਆਪਣਾ ਢਿੱਡ ਵਜਾ
ਜਸ਼ਨੇ-ਪਾਕਿਸਤਾਨ ਮਨਾ
ਤੈਨੂੰ ਧਰਤੀ ਸੁਹਣੀ ਲੱਗੇ
ਸ਼ਾਵਾ ਸ਼ਾਵਾ ਅੰਨ੍ਹੇ ਢੱਗੇ
ਤਾਹੀਓਂ ਤੈਨੂੰ ਕਰ ਕੇ ਅੱਗੇ
ਡਾਂਗਾਂ ਸੋਟੇ, ਗੋਲੀ, ਖਾਹ
ਵਿੱਚ ਸ਼ਰੀਕਾਂ ਨਾਂ ਚਮਕਾ
ਉੱਠ ਗਰੀਬਾ ਭੰਗੜਾ ਪਾ
ਭੁੱਖਾ ਆਪਣਾ ਢਿੱਡ ਵਜਾ
ਜਸ਼ਨੇ-ਪਾਕਿਸਤਾਨ ਮਨਾ
ਵਿੱਚ ਹਵਾਵਾਂ ਫਿਰਦੀ ਵਾਜ
ਆਵਣ ਵਾਲਾ ਸਾਡਾ ਰਾਜ
ਅੱਵਲ ਆਖਿਰ ਇਹਦੀ ਲਾਜ
ਮੰਜ਼ਿਲ ਵੱਲੇ ਪੈਰ ਵਧਾ
'ਨੇਰ੍ਹੇ ਕੋਲੋਂ ਨਾ ਘਬਰਾ
ਉੱਠ ਗਰੀਬਾ ਭੰਗੜਾ ਪਾ
ਭੁੱਖਾ ਆਪਣਾ ਢਿੱਡ ਵਜਾ
ਜਸ਼ਨੇ-ਪਾਕਿਸਤਾਨ ਮਨਾ
ਕੱਸ ਲੰਗੋਟਾ ਫੜ ਕੇ ਡਾਂਗ
ਦੇਂਦੇ ਕਿਉਂ ਨਈ ਉੱਚੀ ਬਾਂਗ
ਹੁਣ ਨਈਂ ਜੀਣਾ ਬੁਜ਼ਦਿਲ ਵਾਂਗ
ਤੂੰ ਵੀ ਆਪਣਾ ਜ਼ੋਰ ਵਿਖਾ
ਨਿੱਕਿਆ ਆਪਣਾ ਕੱਦ ਵਧਾ
ਉੱਠ ਗਰੀਬਾ ਭੰਗੜਾ ਪਾ
ਭੁੱਖਾ ਆਪਣਾ ਢਿੱਡ ਵਜਾ
ਜਸ਼ਨੇ-ਪਾਕਿਸਤਾਨ ਮਨਾ
ਅਮਰੀਕਾ ਦੇ ਯਾਰਾਂ ਕੋਲ
ਧਰਤੀ ਦੇ ਜ਼ਰਵਾਰਾਂ ਕੋਲ
ਜ਼ਾਲਿਮ ਤੇ ਮੱਕਾਰਾਂ ਕੋਲ
ਝੂਠੇ ਤੇ ਬਦਕਾਰਾਂ ਕੋਲ
ਤੇਰਾ ਪਾਕਿਸਤਾਨ ਗਿਆ
ਆਪਣਾ ਪਾਕਿਸਤਾਨ ਬਚਾ
ਉੱਠ ਗਰੀਬਾ ਭੰਗੜਾ ਪਾ
ਭੁੱਖਾ ਆਪਣਾ ਢਿੱਡ ਵਜਾ
ਜਸ਼ਨੇ-ਪਾਕਿਸਤਾਨ ਮਨਾ
-0-
5. ਨਾਅਤ (ਪ੍ਰਾਰਥਨਾ)
ਮੈਨੂੰ ਵੀ ਇੱਕ ਵਾਰ ਕਰਾਦੇ, ਤੂੰ ਦੀਦਾਰ ਮਦੀਨੇ ਦਾ।
ਮੇਰੇ ਆਇਆਂ ਹੋ ਨਈਂ ਜਾਂਦਾ, ਤੰਗ ਬਾਜ਼ਾਰ ਮਦੀਨੇ ਦਾ।
ਤੇਰੀ ਜ਼ਾਤ ਨਾ ਹੁੰਦੀ ਏਥੇ, ਮੂੰਹ ਨਾ ਕਰਦਾ ਏਧਰ ਮੈਂ,
ਤੇਰੀ ਜ਼ਾਤ ਬਣਾ ਦਿੱਤਾ ਏ ਖਿਦਮਤਗਾਰ ਮਦੀਨੇ ਦਾ।
ਸ਼ੱਕਰ ਨਾਲੋਂ ਮਿੱਠੀ ਲੱਗੇ, ਮਿੱਟੀ ਤੇਰੀ ਧਰਤੀ ਦੀ,
ਸੂਲਾਂ ਵਾਂਗੂੰ ਚੁਭਿਆ ਮੈਨੂੰ, ਚੌਕੀਦਾਰ ਮਦੀਨੇ ਦਾ।
ਸੱਭੇ ਸੋਚਾਂ, ਸੱਭੇ ਸੱਧਰਾਂ, ਵੇਖ ਕੇ ਮਿੱਟੀ ਹੋਈਆਂ ਨੇ,
ਏਥੇ ਵੀ ਸਰਦਾਰਾਂ ਹੱਥ ਏ ਕਾਰੋਬਾਰ ਮਦੀਨੇ ਦਾ।
ਇਸ ਧਰਤੀ ਦੇ ਹਰ ਬੰਦੇ ਨੂੰ ਲੋੜਾਂ ਦੀ ਬੀਮਾਰੀ ਏ,
ਖੌਰੇ ਕਿਸਰਾਂ ਰਾਜ਼ੀ ਕਰਦਾ, ਇੱਕ ਅਨਾਰ ਮਦੀਨੇ ਦਾ।
ਲੱਗ ਜਾਵਣ ਦੇ ਬੂਟੇ ਏਥੇ, ਰੰਗ ਬਰੰਗੇ ਫੁੱਲਾਂ ਦੇ,
ਹੋਰ ਵੀ ਸੁਹਣਾ ਬਣ ਜਾਵੇਗਾ ਫਿਰ ਗੁਲਜ਼ਾਰ ਮਦੀਨੇ ਦਾ।
ਹੁਣ ਤੱਕ ਸਾਰੀ ਦੁਨੀਆ 'ਬਾਬਾ' ਮੇਰੀ ਜੂਹ ਵਿੱਚ ਆ ਜਾਂਦੀ,
ਮੁਸਲਾ ਜੇ ਨਾ 'ਕੱਲਾ ਬਣਦਾ ਦਾਅਵੇਦਾਰ ਮਦੀਨੇ ਦਾ।
ਫਜਰ ਤੋਂ ਲੈ ਕੇ ਸ਼ਾਮਾ ਤੀਕਰ ਟੁੱਕਰ ਪੂਰਾ ਹੁੰਦਾ ਨਈ,
'ਬਾਬਾ ਨਜਮੀ' ਕਿੰਝ ਖਰੀਦਾਂ ਜਾ ਕੇ ਹਾਰ ਮਦੀਨੇ ਦਾ।
-0-
6. ਲਿਖਦਾ ਕਿਉਂ ਨਈਂ ਸੱਚੇ ਅੱਖਰ?
ਖੌਰੇ ਕੌਣ ਏ ਜਿਹੜਾ ਮੈਨੂੰ
ਅਕਸਰ ਟੁੰਬਦਾ ਰਹਿੰਦਾ ਏ
ਸ਼ਾਮ ਸਵੇਰੇ ਕਹਿੰਦਾ ਏ
ਤੈਨੂੰ ਲਿਖਣਾ ਆਉਂਦਾ ਏ
ਤੈਨੂੰ ਲਿਖਣਾ ਚਾਹੀਦਾ ਏ
ਲਿਖਦਾ ਕਿਉਂ ਨਈਂ ਸੱਚੇ ਅੱਖਰ?
ਲੋਕਾਂ ਤੀਕ ਅਪੜਾਉਂਦਾ ਕਿਉਂ ਨਈਂ
ਸੱਚਿਆ, ਸੱਚ ਸੁਣਾਉਂਦਾ ਕਿਉਂ ਨਈਂ
ਪਾਇਆ ਢੋਲ ਵਜਾਉਂਦਾ ਕਿਉਂ ਨਈਂ
ਆਪਣਾ ਫਰਜ਼ ਨਿਭਾਉਂਦਾ ਕਿਉਂ ਨਈਂ
ਲਿਖਦਾ ਕਿਉਂ ਨਈਂ ਸੱਚੇ ਅੱਖਰ?
ਚਿੱਠੀ ਚੜ੍ਹਦੇ ਲਹਿੰਦੇ ਲਿਖ ਦੇ
ਵਿੱਚ ਹਨੇਰਾ ਰਹਿੰਦੇ ਲਿਖ ਦੇ
ਲੋਕੀ ਜੋ ਨੇ ਕਹਿੰਦੇ ਲਿਖ ਦੇ
ਜਿਹੜੇ ਦੁੱਖ ਨੇ ਸਹਿੰਦੇ ਲਿਖ ਦੇ
ਲਿਖਦਾ ਕਿਉਂ ਨਈਂ ਸੱਚੇ ਅੱਖਰ?
ਜ਼ਾਲਿਮ ਕੋਲੋਂ ਡਰਦਾ ਰਹੇਂਗਾ
ਅੱਲਾ ਦੀ ਸਹੁੰ ਮਰਦਾ ਰਹੇਂਗਾ
ਛਿੱਤਰ ਸਿੱਧੇ ਕਰਦਾ ਰਹੇਂਗਾ
ਪਾਣੀ 'ਬਾਬਾ' ਭਰਦਾ ਰਹੇਂਗਾ
ਲਿਖਦਾ ਕਿਉਂ ਨਈਂ ਸੱਚੇ ਅੱਖਰ?
ਰਾਖੇ ਅੰਦਰ ਆਣ ਵੜੇ ਨੇ
ਸਾਡੇ ਸਿਰ ਤੇ ਆਣ ਚੜ੍ਹੇ ਨੇ
ਫਿਰ ਜਮਹੂਰੀ ਫੁੱਲ੍ਹ ਸੜੇ ਨੇ
ਲੋਕਾਂ ਆਪਣੇ ਕੰਨ ਫੜੇ ਨੇ
ਲਿਖਦਾ ਕਿਉਂ ਨਈਂ ਸੱਚੇ ਅੱਖਰ?
ਹਾਲੇ 'ਨੇਰੇ ਮੁੱਕੇ ਨਈਓਂ
ਚੋਰ-ਲੁਟੇਰੇ ਮੁੱਕੇ ਨਈਓਂ
ਕੈਦੋਂ ਖੇੜੇ ਮੁੱਕੇ ਨਈਓਂ
ਪੁੱਠੇ ਗੇੜੇ ਮੁੱਕੇ ਨਈਓਂ
ਲਿਖਦਾ ਕਿਉਂ ਨਈਂ ਸੱਚੇ ਅੱਖਰ?
ਸੱਪਾਂ ਦੀ ਜੂਹ ਬਣ ਗਈ ਧਰਤੀ
ਦੁੱਖਾਂ ਦਾ ਖੂਹ ਬਣ ਗਈ ਧਰਤੀ
ਡੈਣਾਂ ਦੀ ਰੂਹ ਬਣ ਗਈ ਧਰਤੀ
ਜੱਗ ਦੀ ‘ਥੂਹ-ਥੂਹ' ਬਣ ਗਈ ਧਰਤੀ
ਲਿਖਦਾ ਕਿਉਂ ਨਈਂ ਸੱਚੇ ਅੱਖਰ?
ਜਿਹੜੇ ਘਰ ਨੂੰ ਛੱਡ ਗਏ ਨੇ
ਕੰਡੇ ਸੂਲਾਂ ਗੱਡ ਗਏ ਨੇ
ਨੰਗੇ ਕਰ ਕੇ ਹੱਡ ਗਏ ਨੇ
ਲਿਖਦਾ ਕਿਉਂ ਨਈਂ ਸੱਚੇ ਅੱਖਰ?
ਪਰਖੇ ਨਾ ਅਜ਼ਮਾਵੀਂ 'ਬਾਬਾ'
ਮੁੜ ਨਾ ਛਲ 'ਚ ਆਵੀਂ ਬਾਬਾ
ਯਾਰੀ ਵਾਲਾ ਉਹਨਾਂ ਵੱਲੇ
ਹੁਣ ਨਾ ਹੱਥ ਵਧਾਵੀਂ 'ਬਾਬਾ'
ਲਿਖਦਾ ਕਿਉਂ ਨਈਂ ਸੱਚੇ ਅੱਖਰ?
ਲੱਖਾਂ ਹੀਰਾਂ ਦਾਜਾਂ ਹੱਥੋਂ
ਆਪਣੇ ਘੜੇ ਰਿਵਾਜਾਂ ਹੱਥੋਂ
ਸੂਟ ਸੁਹਾਣੇ ਪਾ ਨਈਂ ਸਕੀਆਂ
ਡੋਲੀ ਤੀਕਰ ਜਾ ਨਈਂ ਸਕੀਆਂ
ਸੱਧਰਾਂ ਵਾਲੇ ਪਲੰਗਾਂ ਉੱਤੋਂ
ਸ਼ਗਨਾਂ ਵਾਲੇ ਫੁੱਲਾਂ ਬਦਲੇ
ਬੇਬਸੀਆਂ ਦੇ ਝਾੜਨ ਕੰਡੇ
ਭਰ ਭਰ ਹਉਕੇ ਠੰਢੇ ਠੰਢੇ
ਟੁਰ ਪਈਆਂ ਨੇ ਵੱਲ ਬੁੜ੍ਹਾਪੇ
ਕੰਧੀਂ ਲੱਗੇ ਰੋਂਦੇ ਮਾਪੇ
ਲਿਖਦਾ ਕਿਉਂ ਨਈਂ ਸੱਚੇ ਅੱਖਰ?
ਧਰਤੀ ਦੇ ਪ੍ਰਧਾਨ ਬੁਲਾ
ਉਹਨੂੰ ਤੂੰ ਇਨਸਾਨ ਵਿਖਾ
ਆਪਣੇ ਸਿਆਸਤਦਾਨ ਬੁਲਾ
ਆਪਣਾ ਪਾਕਿਸਤਾਨ ਵਿਖਾ
ਮਜ਼ਹਬੀ ਠੇਕੇਦਾਰ ਬੁਲਾ
ਨਫ਼ਰਤ-ਭਰੇ ਬਾਜ਼ਾਰ ਵਿਖਾ
ਝੂਠੇ ਖਿਦਮਤਗਾਰ ਬੁਲਾ
ਲੱਖਾਂ ਮੰਗਣ ਹਾਰ ਵਿਖਾ
ਪਾਰ ਦੇ ਦਾਅਵੇਦਾਰ ਬੁਲਾ
ਕਰਜ਼ੇ ਦੀ ਤਲਵਾਰ ਵਿਖਾ
ਧਰਤੀ ਦੇ ਮਜ਼ਦੂਰ ਬੁਲਾ
ਸਦੀਆਂ ਦੇ ਮਜ਼ਦੂਰ ਵਿਖਾ
ਵੇਲੇ ਦੀ ਸਰਕਾਰ ਬੁਲਾ
ਚੁੱਲ੍ਹੇ ਠੰਢੇ ਠਾਰ ਵਿਖਾ
'ਬਾਬਾ' ਹੱਥੋਂ ਕਲਮ ਨਾ ਛੱਡੀਂ
ਚੁੱਕਿਆ ਜਿਹੜਾ ਅਲਮ ਨਾ ਛੱਡੀਂ
ਖੌਰੇ ਕਿਹੜਾ ਏ ਜਿਹੜਾ ਮੈਨੂੰ
ਅਕਸਰ ਟੁੰਬਦਾ ਰਹਿੰਦਾ ਏ
ਸ਼ਾਮ ਸਵੇਰੇ ਕਹਿੰਦਾ ਏ
ਤੈਨੂੰ ਲਿਖਣਾ ਆਉਂਦਾ ਏ
ਤੈਨੂੰ ਲਿਖਣਾ ਚਾਹੀਦਾ ਏ
ਲਿਖਦਾ ਕਿਉਂ ਨਈਂ ਸੱਚੇ ਅੱਖਰ?
ਲਿਖਦਾ ਕਿਉਂ ਨਈਂ ਸੱਚੇ ਅੱਖਰ?
-0-
7. ਅੱਧੀ ਔਰਤ ਕਿਉਂ?
ਜੰਨਤ ਵਿੱਚੋਂ 'ਕੱਠੇ ਨਿਕਲੇ
ਇੱਕ ਦੂਜੇ ਦੇ ਵਿੱਚ ਸਮਾਏ
ਦੁੱਖ ਦੀ ਭਾਵੇਂ, ਸੁੱਖ ਦੀ ਹੋਵੇ
ਇੱਕੋ ਬੁੱਕਲ।
ਅਜਲੋਂ ਲੈ ਕੇ, ਅਬਰਾਂ ਤੀਕਰ
ਇੱਕ ਦੂਜੇ ਦੀ ਦੋਵੇਂ ਲੋੜ
ਜਦ ਤੱਕ ਧਰਤੀ ਤੇ ਅਸਮਾਨ
ਟੁੱਟ ਨਈਂ ਸਕਦਾ ਸਾਡਾ ਸੰਗ
ਸਦੀਆਂ ਹੋਈਆਂ
ਮੇਰੇ ਮੋਢੇ ਨਾਲ ਖਲੋਤੀ
ਚੰਗੇ ਭੈੜੇ ਹਾਲ ਖਲੋਤੀ
ਫਿਰ ਵੀ ਅੱਧੀ ਔਰਤ ਕਿਉਂ?
ਫਿਰ ਵੀ ਅੱਧੀ ਔਰਤ ਕਿਉਂ?
ਗਲੀਆਂ ਵਿੱਚ, ਬਾਜ਼ਾਰਾਂ ਨਾਲ
ਵਰ੍ਹਦੀਆਂ ਵਿੱਚ ਤਲਵਾਰਾਂ ਨਾਲ
ਕੈਦਾਂ ਵਿੱਚ ਦਰਬਾਰਾਂ ਨਾਲ
ਫਿਰ ਵੀ ਅੱਧੀ ਔਰਤ ਕਿਉਂ?
ਵਲੀ ਪੈਗੰਬਰ ਜੰਮਣ ਵਾਲੀ
ਗੋਰੀ ਭਾਵੇਂ, ਹੋਵੇ ਕਾਲੀ
ਔਰਤ ਕਿਧਰੇ ਰੱਬ ਦਾ ਰੂਪ
ਔਰਤ ਕਿਧਰੇ ਧੀ ਦਾ ਰੰਗ
ਔਰਤ ਕਿਧਰੇ ਸਿਰ ਦੀ ਪੱਗ
ਇਹਦੇ ਬਾਝੋਂ ਵਿਹੜਾ ਸੁੰਨਾ
ਰਾਂਝਾਂ, ਕੈਦੋ, ਖੇੜਾ ਸੁੰਨਾ
ਜਿਹੜੇ ਵੇਲੇ ਮਾਂ ਬਣ ਜਾਂਦੀ
ਜੰਨਤ ਵਰਗੀ ਛਾਂ ਬਣ ਜਾਂਦੀ
ਫਿਰ ਵੀ ਔਰਤ ਅੱਧੀ ਕਿਉਂ?
ਫਿਰ ਵੀ ਔਰਤ ਅੱਧੀ ਕਿਉਂ?
-0-
8. ਆਪਣੀ ਦੱਸੋ ਹੱਦ ਵਜ਼ੀਰੋ
ਆਪਣੀ ਦੱਸੋ ਹੱਦ ਵਜ਼ੀਰੋ
ਇੱਕ ਨਾਲ ਲਗਾਈਏ ਕਿੰਨੇ ਜ਼ੀਰੋ?
ਜਿੰਨੀ ਮਰਜ਼ੀ ਲੁੱਟ ਮਚਾਈਏ
ਛਿੱਕੂ ਭਾਵੇਂ ਛੱਜ ਵਜਾਈਏ
ਫਿਰ ਵੀ ਸਾਨੂੰ ਲਿਖੋ ਹੀਰੋ
ਆਪਣੀ ਦੱਸੋ ਹੱਦ ਵਜ਼ੀਰੋ?
ਵਿੱਚ ਖਜ਼ਾਨੇ ਡਾਲਰ ਕਿੰਨੇ
ਅੰਬਰਾਂ ਉੱਤੇ ਤਾਰੇ ਕਿੰਨੇ
ਬੋਲੋ ਬੋਲੋ ਪੈਦਾਗੀਰੋ
ਆਪਣੀ ਦੱਸੋ ਹੱਦ ਵਜ਼ੀਰੋ?
ਸਾਡੇ ਹੱਥ ਫਨੂਨੋ ਲੰਮੇ
ਲੋਕਾਂ ਨਾਲੋਂ ਵੱਖਰੇ ਜੰਮੇ
ਜਿੱਧਰ ਮਰਜ਼ੀ ਚੱਲੋ ਤੀਰੋ
ਆਪਣੀ ਦੱਸੋ ਹੱਦ ਵਜ਼ੀਰੋ?
ਧਰੀਏ ਕਿਉਂ ਨਾ ਮੱਥੇ ਅੱਖਾਂ
ਪਾਣੀ ਵਾਂਗੂੰ ਰੋੜ੍ਹੇ ਲੱਖਾਂ
ਹਰਿਆ ਭਾਵੇਂ, ਸੁੱਕਾ ਚੀਰੋ
ਆਪਣੀ ਦੱਸੋ ਹੱਦ ਵਜ਼ੀਰੋ?
ਧੰਦੇ ਚਿੱਟੇ ਕਰੀਏ ਕਾਲੇ
ਕੌਣ ਤੁਸੀਂ ਹੋ ਪੁੱਛਣ ਵਾਲੇ
ਜਿੰਨੀ ਕੀਤੀ, ਬੱਸ ਫਕੀਰੋ
ਆਪਣੀ ਦੱਸੋ ਹੱਦ ਵਜ਼ੀਰੋ?
ਲੁੱਟੋ ਮੌਜਾਂ ਚਾਰ ਦਿਹਾੜੇ
ਗਿਣਤੀ ਦੇ ਨੇ ਯਾਰ ਦਿਹਾੜੇ
ਖੁਦਗਰਜ਼ਾਂ ਦੇ ਝੂਠੇ ਪੀਰੋ
ਆਪਣੀ ਦੱਸੋ ਹੱਦ ਵਜ਼ੀਰੋ?
ਇੱਕੋ ਜਹੇ ਤੇ ਦਿਨ ਨਈਂ ਰਹਿੰਦੇ
ਵੇਖੇ ਤਾਜ ਨੇ ਅੱਖੀਂ ਲਹਿੰਦੇ
ਸਾਡੀ ਜੂਹ ਦੇ ਸਾਦਕ ਮੀਰੋ
ਆਪਣੀ ਦੱਸੋ ਹੱਦ ਵਜ਼ੀਰੋ?
ਇੱਕ ਨਾਲ ਲਾਈਏ ਕਿੰਨੇ ਜ਼ੀਰੋ
-0-
9. ਜੰਗ ਨਈਂ ਲੱਗੀ ਚੰਗਾ ਹੋਇਆ
ਮੇਰੇ ਵਾਂਗ ਤੁਸੀਂ ਵੀ ਉੱਠੋ
ਆਪਣੇ ਦੋਵਾਂ ਹੱਥਾਂ ਨਾਲ
ਕਰੋ ਸਲਾਮਾਂ ਉਹਨਾਂ ਨੂੰ
ਜਿਹਨਾਂ ਗੀਤ ਅਮਨ ਦੇ ਲਿਖੇ
ਨਿੰਦਿਆ ਕੀਤੀ ਅਸਲੇ ਦੀ
ਵੰਡੇ ਫੁੱਲ ਮੁਹੱਬਤਾਂ ਦੇ
ਸਾਨੂੰ ਸਾਡੇ ਸੁਫਨੇ ਦੀ ਤਾਬੀਰ ਮਿਲੀ
ਜੰਗ ਨਈਂ ਲੱਗੀ ਚੰਗਾ ਹੋਇਆ
ਅੱਗ ਨਈਂ ਭੜਕੀ ਚੰਗਾ ਹੋਇਆ।
ਖੜੀਆਂ ਫਸਲਾਂ, ਫੁੱਲਾਂ ਕਲੀਆਂ
ਠੰਢੀਆਂ ਛਾਵਾਂ ਵਾਲੇ ਰੁੱਖਾਂ
ਸੜ ਜਾਣਾ ਸੀ
ਬੰਦੇ ਖਾਵਣ ਵਾਲੀਆਂ ਡੈਣਾਂ
ਸਾਡੇ ਘਰ ਘਰ ਵੜ ਜਾਣਾ ਸੀ
ਕਰਜ਼ਾ ਹੋਰ ਵੀ ਚੜ੍ਹ ਜਾਣਾ ਸੀ
ਸਾਡੇ ਬਾਲਾਂ ਡਰ ਜਾਣਾ ਸੀ
ਲੱਖਾਂ ਲੋਕਾਂ ਮਰ ਜਾਣਾ ਸੀ
ਜੰਗ ਨਈਂ ਲੱਗੀ ਚੰਗਾ ਹੋਇਆ।
ਤੋਪਾਂ ਦੇ ਮੂੰਹ ਖੁੱਲ੍ਹੇ ਨਈਂ ਜੇ
ਅੱਗ ਬਰਸਾਉਂਦੇ ਲੋਹੇ ਦੇ ਪੰਛੀ
ਉੱਡੇ ਨਈਂ ਜੇ
ਕੱਚੇ ਪੱਕੇ ਧਰਤੀ ਉੱਤੇ
ਸਾਡੇ ਲਹੂ ਵੀ ਡੁੱਲ੍ਹੇ ਨਈਂ ਜੇ
ਮਾਵਾਂ ਭੈਣਾਂ ਰੋਈਆਂ ਨਈਂ ਜੇ
ਜੀਉਂਦੀ ਜਾਨੀ ਮੋਈਆਂ ਨਈਂ ਜੇ
ਜੰਗ ਨਈਂ ਲੱਗੀ ਚੰਗਾ ਹੋਇਆ
ਅੱਗ ਨਈਂ ਭੜਕੀ ਚੰਗਾ ਹੋਇਆ।
ਨਵਿਆਂ ਦੇ ਨਾਲ ਅਤਿ ਪੁਰਾਣੇ
ਸਾਡੇ ਵਿਰਸੇ ਢਹਿ ਜਾਣੇ ਸੀ
ਸਾਡੀ ਰੋਟੀ ਦੇ ਕਾਰਖਾਨੇ
ਝੱਗਾਂ ਵਾਂਗੂੰ ਬਹਿ ਜਾਣੇ ਸੀ
ਵਿੱਚ ਪਤਾਲਾਂ ਲਹਿ ਜਾਣੇ ਸੀ
ਸੁੱਕ ਜਾਣੇ ਸੀ ਸਾਡੇ ਹਾਸੇ
ਹਉਕੇ, ਹਾਵਾਂ ਰਹਿ ਜਾਣੇ ਸੀ
ਜੰਗ ਤੇ ਖੁਸ਼ੀਆਂ ਲੁੱਟੇ ਲੋਕੋ
ਬੂਟੇ ਮੁੱਢੋਂ ਪੁੱਟੇ ਲੋਕੋ
ਸਦੀਆਂ ਪਿੱਛੇ ਸੁੱਟੇ ਲੋਕੋ
ਜੰਗ ਨਈਂ ਲੱਗੀ ਚੰਗਾ ਹੋਇਆ
ਅੱਗ ਨਈਂ ਭੜਕੀ ਚੰਗਾ ਹੋਇਆ।
-0-
10. ਰੱਬਾ ਲੱਗੀ ਜੰਗ ਹਟਾ
ਰੱਬਾ ਲੱਗੀ ਜੰਗ ਹਟਾ
ਛੇਤੀ, ਛੇਤੀ, ਛੇਤੀ ਆ
ਦੁਨੀਆਂ ਤੇਰੀ ਸਹਿਮੀ ਸਹਿਮੀ
ਮੁਕਦੀ ਜਾਵੇ ਗਹਿਮਾ ਗਹਿਮੀ
ਬੰਦੇ ਖਾਣੀ ਪਿੰਜਰੇ ਪਾ
ਧਰਤੀ ਬਾਂਝ ਬਣਾਵਣ ਲੱਗੇ
ਲੰਮੀ ਭੁੱਖ ਉਗਾਵਣ ਲੱਗੇ
ਅੱਗ ਦੇ ਗੋਲੇ ਬਰਫ ਬਣਾ
ਖੁਸ਼ੀਆਂ ਬਦਲੇ ਚੀਕ ਚਿਹਾੜੇ
ਜਿੱਧਰ ਵੇਖਾਂ ਪਏ ਉਜਾੜੇ
ਉੱਜੜੇ ਆਪਣੇ ਲੋਕ ਵਸਾ
ਵੇਖ ਮੁਹੰਮਦ ਈਸਾ ਵਾਲੇ
ਇੱਕ ਦੂਜੇ ਦੇ ਹੋਏ ਦਵਾਲੇ
ਗਿਰਜਾ ਰੱਖ, ਮਸੀਤ ਬਚਾ
ਡੰਗਰ ਬਣ ਗਏ ਆਦਮ-ਜਾਏ
ਬੰਦਿਆਂ ਨੇ ਬਘਿਆੜ ਭੁਲਾਏ
ਜੱਗ ਦੇ ਉੱਤੇ ਕਰਮ ਕਮਾ
ਚੱਲ ਗਿਆ ਜੇ ਅਸਲੀ ਅਸਲਾ
ਕੱਠਾ ਨਈਓ ਹੋਣਾ ਮਸਲਾ
ਬਲਦੀ ਉੱਤੇ ਪਾਣੀ ਪਾ
ਛੇਤੀ, ਛੇਤੀ, ਛੇਤੀ, ਆ
ਰੱਬਾ ਲੱਗੀ ਜੰਗ ਹਟਾ
-0-
ਸਾਂਝੇ ਪੰਜਾਬ ਦਾ ਲੋਕ-ਕਵੀ
ਬਾਬਾ ਨਜਮੀ
(ਚੋਣਵੀਂ ਕਵਿਤਾ)
ਸੰਪਾਦਨ ਤੇ ਲਿਪੀ-ਬਦਲਾਵ
ਹਰਭਜਨ ਸਿੰਘ ਹੁੰਦਲ
ਸਮਰਪਣ
ਜੰਮਣ ਵਾਲੀ ਮਾਂ ਦੇ ਨਾਂ
ਜੰਨਤ ਵਰਗੀ ਛਾਂ ਦੇ ਨਾਂ
ਬਾਪੂ ਮੰਗਤੇ ਖਾਂ ਦੇ ਨਾਂ
ਇਸ ਧਰਤੀ ਦੇ ਨਾਂ ਦੇ ਨਾਂ
ਰਾਵੀ ਸਿੰਧ ਝਨਾਂ ਦੇ ਨਾਂ
ਚੱਪਾ ਚੱਪਾ ਥਾਂ ਦੇ ਨਾਂ।
ਸ਼ੁਕਰਗੁਜ਼ਾਰੀ
ਯੂਰਪੀ ਪੰਜਾਬੀ ਸੱਥ ਦੇ ਮੋਢੀ ਅਤੇ ਅਣਥੱਕ ਕਾਮੇ ਸ. ਹਰਜਿੰਦਰ ਸਿੰਘ ਸੰਧੂ ਤੇ ਬੀਬੀ ਦਲਬੀਰ ਕੌਰ ਸੰਧੂ ਡਰੌਇਟਵਿੱਚ ਨਜ਼ਦੀਕ ਬਰਮਿੰਘਮ ਯੂ.ਕੇ. ਵੱਲੋਂ ਆਪਣੇ ਆਦਰਯੋਗ ਮਾਪਿਆਂ ਸਵਰਗਵਾਸੀ ਸ. ਬਲਵੰਤ ਸਿੰਘ ਸੰਧੂ ਅਤੇ ਸਰਦਾਰਨੀ ਨਿਰੰਜਣ ਕੌਰ ਸੰਧੂ ਰੇਲਵੇ ਰੋਡ ਨਕੋਦਰ ਜ਼ਿਲ੍ਹਾ ਜਲੰਧਰ ਦੀ ਨਿੱਘੀ ਯਾਦ ਨੂੰ ਸਮਰਪਿਤ।
ਏਸ ਪਰਿਵਾਰ ਨੇ ਪੰਜਾਬ ਦੀ ਸ਼ਾਨਾਮੱਤੀ ਅਤੇ ਇਕਜੁੱਟ ਵਿਰਾਸਤ ਤੇ ਮਾਖਿਓਂ ਮਿੱਠੀ ਮਾਂ ਬੋਲੀ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਕਿਤਾਬ ਨੂੰ ਛਾਪੇ ਚਾੜ੍ਹਨ ਤੋਂ ਟੁਰ ਕੁੱਲ ਜਗਤ ਦੇ ਪਾਠਕਾਂ ਦੇ ਹੱਥਾਂ ਤੋੜੀ ਪਹੁੰਚਾਉਣ ਦਾ ਸਵਾਬ ਸਮੁੱਚੇ ਸੰਧੂ ਪਰਿਵਾਰ ਨੇ ਖੱਟਿਆ ਹੈ।
ਲੋਕਾਂ ਦਾ ਸ਼ਾਇਰ - ਬਾਬਾ ਨਜਮੀ
ਪੰਜਾਬੀ ਸੱਥ ਵਾਲੇ ਮੁੱਢੋਂ ਈ ਏਸ ਸੋਚ ਨੂੰ ਪੱਲੇ ਬੰਨ੍ਹ ਕੇ ਤੁਰੇ ਸਨ ਕੇ ਸਿਆਸਤਾਂ, ਮਜ੍ਹਬਾਂ, ਜਨੂੰਨਾਂ ਤੇ ਚੌਧਰਾਂ ਦਾ ਕਿਸੇ ਵੀ ਜ਼ੁਬਾਨ, ਜੁਗਰਾਫੀਏ ਤੇ ਤਹਿਜ਼ੀਬ/ਸਭਿਆਚਾਰ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ। ਸਾਡੇ ਲਈ ਪੰਜਾਬ ਦੇ ਅਰਥ ਉਸ ਧਰਤੀ ਤੋਂ ਨੇ ਜਿੱਥੇ ਹਜ਼ਾਰਾਂ ਵਰ੍ਹਿਆਂ ਤੋਂ ਪੰਜ ਦਰਿਆਂ ਵਗਦੇ ਰਹੇ ਨੇ ਅਤੇ ਜਿਸ ਦੀਆਂ ਹੱਦਾਂ ਕੁਦਰਤ ਨੇ ਆਪ ਮਿਥੀਆਂ ਨੇ। ਜਿੱਥੋਂ ਦੇ ਬਾਸ਼ਿੰਦੇ ਬਾਬੇ ਫਰੀਦ, ਬਾਬੇ ਨਾਨਕ ਅਤੇ ਬਾਬੇ ਬਾਲ ਨਾਥ ਨੂੰ ਇਕੋ ਜਿਹੇ ਆਦਰ ਮਾਣ ਨਾਲ ਯਾਦ ਕਰਦਿਆਂ ਕੋਈ ਵੰਡ ਵਿਤਕਰਾ ਨਹੀਂ ਰੱਖਦੇ। ਕਿੱਸਾ ਭਾਵੇਂ ਵਾਰਿਸ ਦੀ ਹੀਰ ਦਾ ਹੋਵੇ ਜਾਂ ਸ਼ਾਹ ਮੁਹੰਮਦ ਦਾ ਸਿੰਘਾਂ ਤੇ ਫਰੰਗੀਆਂ ਦਾ ਜੰਗ ਨਾਮਾ, ਉਨ੍ਹਾਂ ਦੇ ਦਿਲਾਂ ਨੂੰ ਟੁੰਬਦਾ ਤੇ ਰੂਹਾਂ ਨੂੰ ਇਕੋ ਜਿਹਾ ਸਕੂਨ ਬਖਸ਼ਦਾ ਹੈ।
ਪੰਜਾਬਣ ਮਾਂ ਦਾ ਸੀਰ ਚੁੰਘਣ ਵਾਲਾ ਸੱਚਾ ਸੁਚਾ ਪੁੱਤਰ ਓਹੋ ਈ ਹੋ ਸਕਦਾ ਏ ਜਿਹੜਾ ਹਰ ਔਖ ਸੌਖ ਵੇਲੇ ਆਮ ਲੋਕਾਈ ਦੇ ਹੱਕ ਵਿੱਚ ਖਲੋਵੇ। ਕਿਸੇ ਰੱਤ ਨਚੋੜੂ, ਵੰਡੀਆਂ ਪਾਉਣ ਵਾਲੇ ਜਨੂੰਨੀ ਫਿਰਕਾ ਪ੍ਰਸਤ ਤੇ ਲੋਕ ਦੁਸ਼ਮਣ ਰਾਜੇ ਰਾਣੇ ਜਾਂ ਹੁਕਮਰਾਨ ਦੇ ਸੋਹਲੇ ਨਾ ਗਾਵੇ। ਉਹਦੀ ਕਲਮ ਵਿੱਚ ਤੇ ਅੱਖਰਾਂ ਵਿੱਚ ਬਾਬਰ ਵਰਗਿਆਂ ਨੂੰ ਜਾਬਰ ਆਖਣ ਦੀ ਬਾਬੇ ਨਾਨਕ ਜੇਹੀ ਜੁਰਅਤ ਹੋਵੇ। ਸਾਨੂੰ ਏਸ ਤੱਥ ਤੇ ਤਸੱਲੀ ਹੈ ਕਿ ਸਾਡੀ ਪਾਕ ਪਵਿੱਤਰ ਧਰਤੀ ਪੰਜਾਬ ਦੀਆਂ ਸੁਲੱਖਣੀਆਂ ਮਾਂਵਾਂ ਤਵਾਰੀਖ ਦੇ ਹਰ ਦੌਰ ਵਿੱਚ ਹੀ ਅਜਿਹੇ ਨੇਕ ਪੁੱਤਰ ਜਣਦੀਆਂ ਰਹੀਆਂ ਨੇ। ਧਰਤੀ ਦੇ ਇਹਨਾਂ ਜਾਇਆ ਵਿੱਚ ਇਨਸਾਨਾਂ ਤੋਂ ਵੀ ਅੱਗੇ ਕੁਦਰਤ ਨਾਲ, ਕਾਦਰ ਦੀ ਹਰ ਸ਼ੈਅ ਨਾਲ ਮੋਹ ਪਾਲਦਿਆਂ ਹੱਥੀਂ ਕਿਰਤ ਕਰਨ ਦੀ ਲਗਨ ਹੁੰਦੀ ਹੈ ਉਹਨਾਂ ਨੂੰ ਆਪਣੇ ਕਿਰਤੀ ਕਾਮੇ ਹੋਣ ਉੱਤੇ ਮਾਣ ਹੁੰਦਾ ਏ।
ਬਾਬਾ ਨਜਮੀ ਅਜਿਹੀ ਹੀ ਪਾਕੀਜ਼ਾ ਕੁੱਖ ਵਾਲੀ 'ਆਲਮ ਬੀਬੀ' ਦਾ ਢਿੱਡੋਂ ਜਾਇਆ ਫਰਜ਼ੰਦ ਏ। ਆਦਰਯੋਗ ਪਿਤਾ 'ਮੰਗਤੇ ਖਾਨ' ਦੇ ਘਰ ਪੰਜਾਬ ਦੇ ਸਦਰ ਸ਼ਹਿਰ ਲਾਹੌਰ ਵਿੱਚ 47 ਵਾਲੇ ਘੱਲੂਘਾਰੇ ਤੋਂ ਅਗਲੇ ਵਰ੍ਹੇ ਇਹਨਾਂ ਦਾ ਜਨਮ ਹੋਇਆ। ਨਜਮੀ ਨਿੱਕੀ ਉਮਰੇ ਹੀ ਅਮਨ ਦੀਆਂ ਤਾਂਘਾਂ, ਗਰੀਬ ਗੁਰਬਿਆਂ ਲਈ ਫਿਕਰਮੰਦੀ, ਕਿਰਤ ਦੀ ਕਦਰ ਤੇ ਲਹੂ ਪੀਣੀਆਂ ਜੋਕਾਂ ਖਿਲਾਫ ਹੋਕੇ ਦੇਣ ਕਾਰਨ ਮੁਢੋਂ ਹੀ ਬਾਬੇ ਬੁੱਲ੍ਹੇ ਸ਼ਾਹ, ਮਾਧੋ ਲਾਲ ਹੁਸੈਨ ਤੇ ਬਾਬੇ ਵਾਰਿਸ਼ ਸ਼ਾਹ ਦੀ ਕਤਾਰ ਵਿੱਚ ਖਲੋਤਾ ਨਜ਼ਰ ਆਉਂਦਾ ਏ। ਬਾਬੇ ਦੀ ਕਲਮ ਵਿੱਚ ਇਹਦੀ ਨੋਕ ਤਿੱਖੀ ਹੋਣ ਕਾਰਨ ਨਸ਼ਤਰ ਲਾਉਣ ਤੇ ਜੁੱਗ ਪਲਟਾਉਣ ਦੀ ਤਾਕਤ ਹੈ। ਉਹਦੇ ਕਾਗਤਾਂ 'ਤੇ ਲਿਖੇ ਹਰਫ ਸਾਨੂੰ ਆਪਣੇ ਨਾਲ ਈ ਤੋਰ ਲੈਂਦੇ ਨੇ। ਉਹ ਮਾਦਾ ਜਿਸਮ ਦੇ ਉਚਾਣਾ ਨਿਵਾਣਾ 'ਚ ਉਲਝਣ, ਖੁਦ
ਚਸਕੇ ਲੈਣ ਤੇ ਲੋਕਾਂ ਨੂੰ ਕੁਰਾਹੇ ਪਾਉਣ ਦੀ ਥਾਂ ਮਿਹਨਤ ਮੁਸ਼ੱਕਤ ਕਰਨ ਵਾਲਿਆਂ ਦੇ ਹਕੀਕੀ ਹੁਸਨ ਦੀਆਂ ਬਾਤਾਂ ਪਾਉਂਦਾ ਹੈ।
ਸ਼ਇਰੀ ਜਾਂ ਅਦਬ ਸਾਹਿਤ ਦਾ ਸੱਭ ਤੋਂ ਵੱਡਾ ਗੁਣ ਹੀ ਇਹ ਹੁੰਦਾ ਏ ਕਿ ਉਹ ਇਨਸਾਨੀ ਵਸੇਬ ਨੂੰ ਹੋਰ ਸੋਹਣੀ ਸੁਨੱਖੀ ਤੇ ਸਾਰਿਆਂ ਦੇ ਵੱਸਣ ਯੋਗ ਥਾਂ ਬਣਾਵੇ। ਕਲਮ ਦੀ ਕਲਾ ਦੀ ਵਰਤੋਂ ਕਲਮਕਾਰ ਨੇ ਜ਼ੋਰ ਜ਼ਬਰਦਸਤੀ, ਲੁੱਟ ਖਸੁੱਟ, ਨਾ ਬਰਾਬਰੀ ਤੇ ਬੇਇਨਸਾਫੀ ਖਿਲਾਫ ਡੱਟ ਕੇ ਕਰਨੀ ਹੁੰਦੀ ਏ। ਇਹ ਸਾਰਾ ਕੁਝ ਬਾਬੇ ਦੀਆਂ ਲਿਖਤਾਂ ਵਿਚੋਂ ਠਾਠਾਂ ਪਿਆ ਮਾਰਦਾ ਏ। ਇਹਨਾਂ ਦੀ ਲਿਖਤ ਦੀ ਬੋਲੀ, ਸ਼ੈਲੀ, ਲਫ਼ਜ਼ਾਵਲੀ ਤੇ ਮਜਮੂੰਨ ਪੜ੍ਹਨ ਵਾਲੇ ਨੂੰ ਝੰਜੋੜਦੇ, ਪ੍ਰੇਰਦੇ ਤੇ ਕੁਝ ਚੰਗਾ ਕਰਨ ਲਈ ਵੰਗਾਰਦੇ ਨੇ।
ਨਜਮੀ ਹੋਰਾਂ ਦੀਆਂ ਤਿੰਨ ਬੜੀਆਂ ਹੀ ਮਕਬੂਲ ਕਿਤਾਬਾਂ 'ਅੱਖਰਾਂ ਵਿੱਚ ਸਮੁੰਦਰ, 'ਸੋਚਾਂ ਵਿੱਚ ਜਹਾਨ', 'ਮੇਰਾ ਨਾਂ ਇਨਸਾਨ’, ਪਹਿਲੋਂ ਹੀ ਸ਼ਾਹਮੁਖੀ ਲਿਪੀ ਵਿੱਚ ਲਾਹੌਰੋਂ ਛੱਪ ਚੁੱਕੀਆਂ ਨੇ। ਅਸੀਂ ਸੱਥ ਵਾਲਿਆਂ ਨੇ ਇਹਨਾਂ ਤਿੰਨਾਂ ਨੂੰ ਇਕੋ ਜਿਲਦ 'ਬਾਬੇ ਨਜ਼ਮੀ ਦੀ ਚੋਣਵੀਂ ਕਵਿਤਾ' ਦੇ ਸਿਰਲੇਖ ਹੇਠ ਗੁਰਮੁਖੀ ਅੱਖਰਾਂ ਵਿੱਚ ਛਾਪਣ ਦੀ ਖੁਸ਼ੀ ਲਈ ਹੈ। ਬਾਬੇ ਹੁਰਾਂ ਨਾਲ ਵਾਅਦਾ ਤਾਂ ਅਸੀਂ ਕੋਈ ਢਾਈ ਸਾਲ ਪਹਿਲੋਂ ਕੀਤਾ ਸੀ, ਉਹਨੂੰ ਵਫ਼ਾ ਕਰਨ ਲਈ ਮੌਕਾ ਮੇਲ ਹੁਣ ਬਣਿਆ ਏ। ਏਸ ਵੇਲੇ ਦੌਰਾਨ ਅਸੀਂ ਬਾਬੇ ਦੀ ਸ਼ਾਇਰੀ ਦੀਆਂ ਰਮਜ਼ਾਂ ਨੂੰ ਸਮਝਣ ਵਾਲਾ ਕੋਈ ਉਹਦੇ ਵਰਗਾ ਨਿਧੜਕ, ਜੁਝਾਰੂ ਤੇ ਲੋਕਾਈ ਦੇ ਹੱਕਾਂ ਲਈ ਜਹਾਦ ਕਰਨ ਵਾਲਾ ਲਿਖਿਆਰ ਲੱਭਦੇ ਰਹੇ ਆਂ। ਇਹ ਘਾਟ ਸਾਡੇ ਵੱਡੇ ਵੀਰ ਮਾਂ ਬੋਲੀ ਦੇ ਸਿਰ ਕੱਢ, ਲਿਖਾਰੀ ਅਗਾਂਹ ਵੱਧੂ ਸੋਚ ਵਾਲੇ ਹਰਭਜਨ ਸਿੰਘ ਹੁੰਦਲ ਨੇ ਸਿਰਫ ਇਕ ਹਫ਼ਤੇ ਵਿੱਚ ਈ ਪੂਰੀ ਕਰਕੇ ਸਮੂਹ ਪੰਜਾਬੀਆਂ 'ਤੇ ਪਰਉਪਕਾਰ ਕੀਤਾ ਹੈ। ਲਿਪੀ ਬਦਲਾਵ ਵੇਲੇ ਬਾਬੇ ਦੀ ਇਨਸਾਨਾਂ ਵਾਲੀ ਸੋਚ ਨੂੰ ਜਹਾਨ ਸਾਹਮਣੇ ਪੇਸ਼ ਕਰਨ ਲਈ ਜਿਹੜੀ ਲਗਨ, ਮਿਹਨਤ, ਹਿੰਮਤ, ਸਿਰੜ ਤੇ ਸੂਝ ਬੂਝ ਨਾਲ ਹੁੰਦਲ ਹੋਰਾਂ ਨੇ ਇਹ ਪਹਾੜ ਜਿਡਾ ਕਾਰਜ ਨੇਪਰੇ ਚਾੜ੍ਹਿਆ ਏ, ਉਹਦੇ ਲਈ ਅਸੀਂ ਸੱਥ ਵਾਲੇ ਸਾਰੇ ਸੰਗੀ ਬੇਲੀ ਉਹਨਾਂ ਦੇ ਦਿਲੋਂ ਮਨੋਂ ਸ਼ੁਕਰਗੁਜ਼ਾਰ ਹਾਂ। ਹੁੰਦਲ ਨੇ ਉਮਰ ਭਰ ਆਪਣੀਆਂ ਮੌਲਿਕ ਕਾਵਿ ਲਿਖਤਾਂ ਅਤੇ ਦੁਨੀਆਂ ਭਰ ਦੇ ਮਹਾਨ ਕਲਮਕਾਰਾਂ ਦੀਆਂ ਰਚਨਾਵਾਂ ਨੂੰ ਪੰਜਾਬੀ ਵਿੱਚ ਉਲੱਥਾ ਕਰਕੇ ਜਿਹੜਾ ਨਾਮਣਾ ਖੱਟਿਆ ਹੈ ਉਹ ਬੇਮਿਸਾਲ ਹੈ।
ਲਾਹੌਰੀਏ ਬਾਬਾ ਨਜਮੀਂ ਦੀ ਸ਼ਇਰੀ ਨੂੰ ਗੁਰਮੁਖੀ ਜਾਮਾ ਪੁਆ ਕੇ ਹਰਭਜਨ ਸਿੰਘ ਹੁੰਦਲ ਦਾ ਇਹ ਕੰਮ ਤਵਾਰੀਖੀ ਵੀ ਏ ਤੇ ਸੱਥ ਦੀ ਸੋਚ ਨੂੰ ਅਗਾਂਹ ਖੜਨ ਵਾਲਾ ਵੀ। ਹੱਦਾਂ ਸਰਹੱਦਾਂ ਤੋਂ ਪਾਰ ਕੁੱਲ ਆਲਮ ਵਿੱਚ ਖਿੱਲਰੇ ਸਾਡੇ ਪੰਜਾਬੀ ਭਾਈਚਾਰੇ ਲਈ ਇਹ ਤਰੱਦਦ ਕੀ ਰੰਗ ਲਿਆਉਂਦਾ ਹੈ, ਇਹ ਤਾਂ ਭਲਕ ਦੀ ਬੁੱਕਲ ਵਿੱਚ ਹੈ। ਅਸਾਂ ਆਪਣੇ ਵੱਲ ਪੂਰੀ ਵਾਹ ਲਾਈ ਏ ਕਿ ਜੇ ਸਾਡਾ ਭਾਈਚਾਰਾ ਨਜਮੀ ਦੀ ਸ਼ਇਰੀ ਤੋਂ ਕੋਈ ਸਿੱਖ ਮੱਤ ਲੈ ਕੇ ਆਪਣਾ ਭਲਾ ਬੁਰਾ ਸੋਚਣ ਵੱਲ ਟੁਰ ਪਵੇ। ਫੇਰ ਅਸੀਂ ਸਮਝਾਂਗੇ ਕਿ ਸਾਡੀ ਘਾਲ ਥਾਂਏ ਪਈ ਹੈ। ਰਹੀਆਂ ਖਾਮੀਆਂ ਤੇ ਭੁੱਲਾਂ ਲਈ ਖਿਮਾਂ ਤੇ ਨੇਕ ਸਲਾਹਾਂ ਦੀਆਂ ਆਸਾਂ ਉਮੀਦਾਂ ਨਾਲ ਸਾਡੀ ਪਰ੍ਹਿਆ ਵਿੱਚ ਹਾਜ਼ਰੀ ਕਬੂਲ ਕਰਨੀ।
-ਮੋਤਾ ਸਿੰਘ ਸਰਾਏ
ਸੰਚਾਲਕ ਯੂਰਪੀ ਪੰਜਾਬੀ ਸੱਥ
ਵਾਲਸਾਲ, ਯੂ.ਕੇ.।
-ਡਾ. ਨਿਰਮਲ ਸਿੰਘ
ਸੇਵਾਦਾਰ ਪੰਜਾਬੀ ਸੱਥ
ਲਾਂਬੜਾ ਜਲੰਧਰ।
'ਮੇਰੀ ਸ਼ਾਇਰੀ ਮਸਲੇ ਵੀ ਹੱਲ ਕਰਦੀ ਹੈ'
- ਅਫ਼ਜ਼ਲ ਤੌਸੀਫ
ਉਹ ਕਹਿ ਸਕਦਾ ਹੈ। 'ਬਾਬਾ' ਜੋ ਹੋਇਆ। ਪੰਜਾਬੀ ਜ਼ੁਬਾਨ ਵਿੱਚ 'ਬਾਬਾ' ਕਈ ਮਾਅਨਿਆਂ ਵਿੱਚ ਲਿਖਿਆ ਤੇ ਬੋਲਿਆ ਜਾਂਦਾ ਏ। ਬਾਬਾ ਮਤਲਬ, ਉਮਰੋਂ ਵਡੇਰਾ। ਬਾਬਾ ਮਤਲਬ ਅਕਲੋਂ ਸਿਆਣਾ, ਜਿਵੇਂ ਬਾਬਾ ਫਰੀਦ, ਬਾਬਾ ਨਾਨਕ, ਸਾਡਾ ਬਾਬਾ ਨਜਮੀ ਵੀ ਉਮਰੋਂ ਨਹੀਂ, ਅਕਲੋਂ ਬਾਬਾ ਏ। "ਅੱਖਰਾਂ ਵਿੱਚ ਸਮੁੰਦਰ" ਭਰਦਾ ਤੇ 'ਸੋਚਾ ਵਿੱਚ ਜਹਾਨ’ ਉਸਾਰ ਲੈਂਦਾ ਏ। ਪਰ ਅਸਲੋਂ ਬਾਬਾ ਨਜਮੀ ਇੱਕ ਮਜ਼ਦੂਰ ਸ਼ਾਇਰ ਏ। ਸਾਫ਼, ਸਿੱਧਾ, ਸਗੋਂ ਸ਼ੁੱਧ ਮਜ਼ਦੂਰ ਤੇ, ਸੱਚਲ ਸ਼ਾਇਰੀ ਦਾ ਬਾਬਾ। ਉਹਦਾ ਕਲਾਮ 'ਅੱਖਰਾਂ ਵਿੱਚ ਸਮੁੰਦਰ' ਪੜ੍ਹ ਕੇ ਮੈਂ ਸੋਚੀਂ ਪੈ ਗਈ ਸਾਂ। ਅੱਜ ਉਹਦੀ ਦੂਜੀ ਕਿਤਾਬ ਦੇ ਜਹਾਨ ਦੀ ਸੈਰ ਕਰ ਕੇ, ਮੁੜਦੀ ਵਾਰੀ ਉਹਨੂੰ ਕਹਿਣਾ ਚਾਹੁੰਦੀ ਹਾਂ।
"ਤੈਨੂੰ ਵਧਾਈ ਹੋਵੇ ਮਜ਼ਦੂਰਾ! ਤੂੰ ਅੱਖਰਾਂ ਵਾਲੇ ਸਮੁੰਦਰਾਂ ਦੀ ਖੋਜ ਕਰ ਲਈ। 'ਸੋਚਾਂ ਵਾਲੇ ਜਹਾਨ' ਦਾ ਵੀ ਜਾਣੂ ਹੋ ਗਿਆ ਏਂ। ਹੁਣ ਤੂੰ ਬਾਬਾ ਕਹਾ ਵੀ ਸਕਦਾ ਏਂ। ਤੇਰੀ ਸ਼ਾਇਰੀ ਲੋਕਾਂ ਦੇ ਮਸਲੇ ਹੱਲ ਕਰਨ ਦਾ ਯਤਨ ਕਰਦੀ ਹੈ। ਚਿੰਤਾ ਨਾ ਕਰੀਂ ਸਾਈਂ ਬਾਬਾ। ਸ਼ਾਇਰਾਂ ਦੀ ਬੈਠਕ ਵਿੱਚ ਨਿੱਠ ਕੇ ਬੈਠੀਂ। ਵੇਖ ਵੇਲਾ ਅੱਜ ਤੇਰੇ ਕੋਲੋਂ ਸੰਗਦਾ ਪਿਆ ਏ।" ਇੱਕ ਮਜ਼ਦੂਰੀ ਕਰਨ ਵਾਲਾ ਜਹਾਨ ਦੀਆਂ ਗੱਲਾਂ, ਪਤਾਲ ਦੀਆਂ ਖਬਰਾਂ। ਜੇ ਕੋਈ ਹੈਰਾਨ ਹੁੰਦਾ ਏ ਤਾਂ ਉਹ ਝੱਲਾ ਏ। ਮਜ਼ਦੂਰ ਦੇ ਹੱਥੋਂ ਹਰ ਚੰਗੀ ਸ਼ੈਅ ਬਣ ਸਕਦੀ ਏ। ਬਰੀਕ ਕਲਾ ਨੂੰ ਰੰਗ ਲਗਦਾ ਏ। ਉਹਦੀਆਂ ਨਜ਼ਮਾਂ ਤੇ ਗਜ਼ਲਾਂ ਨਿਰੀ ਬਕਰਾਤੀ ਸਕਰਾਤੀ ਨਈ ਪਟਕਦੀਆਂ, ਸਗੋਂ ਮਾਰਕਸੀ ਸੋਚਾਂ ਨੂੰ ਪੰਜਾਬ ਦੀ ਚੀਕਨੀ ਮਿੱਟੀ ਵਿੱਚ ਗੁੰਨ੍ਹ ਕੇ, ਇੱਕ ਨਵਾਂ ਜਹਾਨ, ਇਕ ਸੌਖੇ ਜੀਵਨ ਦਾ ਜਹਾਨ, ਉਸਾਰਨ ਦਾ ਰਾਹ ਲੱਭਦੀਆਂ ਨੇ। ਉਹ ਰਾਹ, ਜਿਸ ਨੂੰ ਭੁੱਲ ਕੇ ਧਰਤੀ ਦੇ ਪੁੱਤਰ ਧੀਆਂ, ਕੰਮੀਂ ਕਮੀਨੇ ਤੇ ਗੁਲਾਮ ਸਦਵਾਏ ਸਨ।
ਕੁਝ ਲੋਕੀਂ ਸੋਚਦੇ ਹੋਣਗੇ ਕਿ ਬਾਬਾ ਨਜਮੀਂ ਨੇ ਖਬਰੇ ਸੋਚਾਂ ਵਿੱਚ ਜਹਾਨ ਪੂਰਾ ਕਰ ਲਿਆ ਏ। ਪਰ ਨਹੀਂ, ਬੰਦੇ ਦੇ ਜਹਾਨ ਦਾ ਕੋਈ ਅੰਤ ਨਹੀਂ। ਮਜ਼ਦੂਰ ਦੀ ਸੋਚ ਵੀ ਬਹੁਤ ਲੰਮੀ ਹੋ ਸਕਦੀ ਏ। ਕਿਉਂਕਿ ਉਹਨੇ ਨਵੇਂ ਜਹਾਨ ਵੀ ਤਾਂ ਉਸਾਰਨੇ ਹੁੰਦੇ ਨੇ। ਅਸੀਂ ਉਡੀਕਾਂਗੇ। ਨਜਮੀ ਵੱਲੋਂ ਨਵੀਆਂ ਨਜ਼ਮਾਂ ਆਉਂਦੀਆਂ ਰਹਿਣਗੀਆਂ। ਜਾਲਬ ਵਾਂਗ, ਵੇਲੇ ਦਾ ਸ਼ਾਇਰ ਹੋ ਕੇ ਪਲ ਪਲ ਦੀ ਤਾਰੀਖ ਦਾ ਰਿਕਾਰਡ ਲੈ ਕੇ ਆਉਂਦਾ। ਲੋਕਾਂ ਵੱਲ ਦੀ ਸ਼ਾਇਰੀ ਦੀ ਪਛਾਣ ਏਸੇ ਤਰ੍ਹਾਂ ਬਣਦੀ ਹੁੰਦੀ ਏ। ਉਹ ਦੁੱਖ ਸਾਂਝੇ ਕਰਦਾ ਸੁੱਖ
ਲੱਭਦਾ। ਉਸੇ ਜੀਵਨ ਨੂੰ ਆਪ ਵੀ ਜੀਉਂਦਾ। ਉਸੇ ਨੂੰ ਸੰਵਾਰਨ ਦੇ ਸੁਫਨੇ ਤੱਕਦਾ। ਨਜਮੀਂ ਦੇ ਸੁਫਨੇ ਬਹੂੰ ਵੱਡੇ ਨੇ। ਏਸੇ ਤਰ੍ਹਾਂ ਹੁੰਦਾ ਵੀ ਏ। ਜਦੋਂ ਸੁਫਨੇ ਲੋਕਾਂ ਜੇਡੇ ਹੋ ਜਾਵਣ ਤਾਂ ਉਹ ਇੱਕ ਰਾਤ ਦੇ ਸੁਫਨੇ ਨਹੀਂ ਰਹਿ ਜਾਂਦੇ । ਸੱਜਰੀ ਸਵੇਰ ਦੇ ਸੁਫਨੇ ਬਣ ਕੇ ਮਨੁੱਖ ਦਾ ਅੰਦਰ ਬਾਹਰ ਜਗਾ ਛੱਡਦੇ ਨੇ।
ਬਾਬਾ ਨਜਮੀ ਇਸ ਔਖੀ ਦੁਨੀਆਂ ਦਾ ਵਸਨੀਕ ਏ। ਪਰ ਉਹ ਦੋਹਾਂ ਜਹਾਨਾਂ ਵਿੱਚ ਰੁਝਿਆ ਹੋਇਆ ਏ ਤੇ ਦੂਜਾ ਜਹਾਨ ਵੀ ਜੀਵਨ ਜਹਾਨ ਹੈ, ਸੁਪਨੇ ਦਾ। ਇੱਕ ਜਹਾਨ ਉਹਦੀ ਅੱਖ ਵੇਖਦੀ ਏ। ਦੂਜਾ ਉਹ ਲੋਕਾਈ ਦੀ ਅੱਖ ਨਾਲ ਵੇਖਦਾ ਏ। ਹਾਲੇ ਬੱਸ ਨਹੀਂ। ਇੱਕ ਸੁਫਨਾ ਹੋਰ ਵੀ ਹੈ, ਤਰੀਜੇ ਜਹਾਨ ਦੀ ਮਹਾਨਤਾ ਦਾ। ਸੁਪਨਾ ਜੋ ਬਾਬਾ ਸੁਰਮੇਂ ਵਾਂਗ ਲੋਕਾਈ ਦੀ ਅੱਖ ਵਿੱਚ ਸਜਾਉਣਾ ਚਾਹੁੰਦਾ ਏ। ਆਪਣੀ ਮਾਂ ਧਰਤੀ ਦੀ ਲਾਠੀ ਉੱਤੇ ਸੁਪਨਿਆਂ ਦੀ ਗਠੜੀ ਟੰਗ ਕੇ ਰੋਟੀ ਕਮਾਉਂਦਾ, ਸ਼ਹਿਰ ਕਰਾਚੀ ਅੱਪੜ ਜਾਂਦਾ ਏ ਤਾਂ ਉਹਦੀ ਗੱਠੜੀ ਹੋਰ ਵੀ ਭਾਰੀ ਹੋ ਜਾਂਦੀ ਏ। ਕਰਾਚੀ ਆਪੇ ਇਕ ਦੁਨੀਆਂ-ਲੋਕਾਈ ਦੇ ਸੁਪਨੇ। ਟੁੱਟ ਭੱਜ ਏਥੇ ਘੱਟ ਨਹੀਂ। ਪਰ ਸ਼ਾਇਰ ਤਾਂ ਘੱਟ ਨੇ। ਪੰਜਾਬ ਦਾ ਕਾਮਾ ਸ਼ਾਇਰ ਕਰਾਚੀ ਦਾ ਸ਼ਾਇਰ ਬਣ ਚੁੱਕਾ ਹੈ, ਏਸੇ ਕਰਕੇ ਉਹਦੀ ਗ਼ਜ਼ਲ ਬੇਚੈਨ ਸੋਚਾਂ ਸੋਚਦੀ ਹੋਈ ਕੜਾਕੇ ਨਾਲ ਬੋਲਦੀ ਹੈ। ਉਹਦੀ ਨਜ਼ਮ ਗ਼ਜ਼ਲ ਵਿੱਚ ਬਹੁਤਾ ਫਰਕ ਨਹੀਂ। ਏਸ ਕਰਕੇ ਪਈ ਗ਼ਜ਼ਲ ਵੀ ਬੁੱਲ੍ਹੇ ਸ਼ਾਹ ਦੀ ਮੁਰੀਦਣ ਏ। ਪੰਜਾਬਣ ਵਰਗੀ ਬੜਬੋਲੀ।
ਪੰਜਾਬੀ ਜ਼ੁਬਾਨ ਤੇ ਸ਼ਾਇਰੀ ਕਦੇ ਵੀ ਦਰਬਾਰੀ ਨਹੀਂ ਹੋਈ, ਕਦੇ ਵੀ ਨਹੀਂ। ਆਪ ਪੰਜਾਬੀ ਦਰਬਾਰ ਨੇ ਵੀ ਆਪਣੇ ਦਰਬਾਰੀ ਕਾਰੋਬਾਰ ਲਈ ਫਾਰਸੀ ਨੂੰ ਵਰਤਿਆ ਸੀ। ਨਤੀਜਾ ਭਾਵੇਂ ਪੰਜਾਬੀ ਦੀ ਤਰੱਕੀ ਨੂੰ ਦਰਬਾਰਾਂ ਕੋਲੋਂ ਮਦਦ ਨਹੀਂ ਮਿਲੀ। ਪਰ ਇੱਕ ਫਾਇਦੇ ਵਾਲੀ ਗੱਲ ਵੀ ਜ਼ਰੂਰ ਹੋਈ। ਪੰਜਾਬੀ ਅਦਬ-ਖਾਸ ਕਰਕੇ ਸ਼ਾਇਰੀ ਦਾ ਸੁਭਾ ਲੋਕਾਂ ਵਾਲਾ ਹੀ ਰਿਹਾ। ਹਾਕਮਾਂ/ਹੁਕਮਰਾਨਾਂ ਦੇ ਅੱਗੇ ਏਸ ਕਦੇ ਵੀ ਮੱਥਾ ਨਹੀਂ ਟੇਕਿਆ। ਸਗੋਂ ਮੱਥਾ ਲਾਈ ਰੱਖਿਆ। ਚੰਗਾ ਨਤੀਜਾ ਇਹ ਕਿ ਪੰਜਾਬੀ ਅਦਬ ਨੇ ਆਪਣਾ ਮਜ਼ਹਬੀ ਅਸਲ ਪੱਕਾ ਰੱਖਿਆ। ਮੁਜ਼ਾਹਮਤ ਵਾਲੀ ਸ਼ਾਇਰੀ ਤੇ ਜ਼ੁਬਾਨ ਮਖੌਲੀਆ ਤੋੜੀ ਅੱਪੜ ਸਕੀ। ਬੱਸ ਸ਼ਾਇਰ ਦਾ ਦਰਜਾ ਉੱਚਾ ਸੀ। ਉਹ ਸੂਫ਼ੀ, ਔਲੀਆ, ਪੀਰ ਜਾਂ ਲੋਕਾਂ ਦਾ ਪਿਆਰਾ ਹੁੰਦਾ ਸੀ। ਲੋਕਾਂ ਦੇ ਨਾਲ ਖਲੋ ਕੇ ਜਬਰ ਦੀ ਮੁਜ਼ਾਹਮਤ ਕਰਦਾ ਰਿਹਾ, ਜਬਰ ਭਾਵੇਂ ਚੌਧਰੀ ਵੱਲੋਂ ਹੋਵੇ, ਭਾਵੇਂ ਮੁੱਲਾਂ ਪੰਡਤ ਜਾਂ ਬਾਹਰੋਂ ਆਵਣ ਵਾਲੇ ਧਾੜਵੀਆਂ ਦਾ ਧਾੜਾ। ਸਾਡੇ ਵਾਰਸ ਤੇ ਬੁੱਲ੍ਹਾ ਲੋਕਾਂ ਦੇ ਦੁੱਖ ਵੰਡਾਉਂਦੇ ਰਹੇ। ਏਹੀ ਰੀਤ ਪ੍ਰੀਤ ਲੈ ਕੇ ਨਜਮੀਂ ਦੀ ਸ਼ਾਇਰੀ ਅਗਾਂਹ ਟੁਰਦੀ ਪਈ ਏ।
ਅੱਜ ਦੀ ਦੁਨੀਆਂ ਵਿੱਚ-ਅੱਜ ਦੇ ਪੰਜਾਬ ਵਿੱਚ ਸ਼ਾਇਰੀ ਦਾ ਮਨਸਬ ਹੋਰ ਵੀ ਮਜ਼ਾਹਮਤੀ ਹੋ ਚੁੱਕਾ। ਹੋਣਾ ਚਾਹੀਦਾ ਵੀ ਸੀ। ਕਿਉਂ ਜੋ ਪੰਜਾਬੀ ਸਮਾਜ ਵਿੱਚ ਬੜੀ ਭਾਰੀ ਟੁੱਟ ਭੱਜ ਹੈ। ਅੰਦਰੋਂ ਬਾਹਰੋਂ ਖ਼ਤਰਨਾਕ ਤਜ਼ਾਦ (ਵਿਰੋਧਤਾਈਆਂ) ਆਪਸ ਵਿੱਚ ਗੁੱਥਮ-ਗੁੱਥਾ ਹੁੰਦੇ ਪਏ ਨੇ। ਸਾਰੇ ਮੁਲਕ ਦੀ ਲੋਕਾਈ ਜਬਰ ਥੱਲ੍ਹੇ ਮਿੱਧੀ ਜਾ ਰਹੀ ਹੈ। ਦੁੱਖ,
ਭੁੱਖ ਤੇ ਧਰੋਹ ਦੀਆਂ ਸੂਈਆਂ ਤੇ ਸੂਲਾਂ ਨਾਲ ਵਿੰਨ੍ਹਿਆ ਪਿਆ ਹੈ। ਏਸ ਤਰ੍ਹਾਂ ਦੀ ਹਾਲਤ ਵਿੱਚ ਸ਼ਾਇਰ ਕੀ ਕਰੇ? ਬਹਿ ਕੇ ਕਰਮਾਂ ਦੀ ਰੱਸੀ ਵੱਟੇ? ਜਾਂ ਆਪਣੀ ਕਲਮ ਨੂੰ ਮੂਸਾ ਦੇ ਹੱਥ ਦਾ ਅਤਾ ਬਣਾ ਕੇ, ਸਾਰੇ ਵੱਡੇ ਨਿੱਕੇ ਸੱਪਾਂ ਨਾਲ ਘੋਲ ਪਿਆ ਕਰੇ? ਏਸ਼ੀਆ ਤੋਂ ਲੈ ਕੇ ਅਫਰੀਕਾ ਤੀਕ ਬਹੁਤ ਸਾਰੇ ਅਣਖਾਂ ਵਾਲੇ ਸ਼ਾਇਰ ਹਨ, ਜੋ ਸ਼ਾਇਰੀ ਨੂੰ ਹਥਿਆਰ ਬਣਾਉਣ ਦਾ ਫੈਸਲਾ ਕਰ ਚੁੱਕੇ ਹਨ। ਨਜਮੀਂ ਉਹਨਾਂ ਦੇ ਨਾਲ ਹੈ। ਉਹਨੂੰ ਸਦਾਰਤੀ ਪੁਰਸਕਾਰਾਂ ਦੀ ਪ੍ਰਵਾਹ ਨਹੀਂ, ਪਰ ਏਸ ਗੱਲ ਦਾ ਫਿਕਰ ਹੈ, ਪਈ ਲੋਕਾਂ ਨੂੰ ਭੋਲੇ ਭਾ ਮਰਨ ਤੋਂ ਬਚਾਉਣਾ ਕਿਵੇਂ ਹੈ।
ਏਸੇ ਕਾਰਨ ਉਹ 'ਬਾਬਾ' ਬਣ ਗਿਆ ਹੈ। ਉਸ ਨੂੰ ਪਤੈ ਪੰਜਾਬੀ ਲੋਕ ਆਪਣੇ ਬਾਬਿਆਂ ਦੀ ਗੱਲ ਪਹਿਲਾਂ ਸੁਣਦੇ ਹਨ। ਅੱਜ ਤਾਂ ਕਰਾਚੀ ਵਾਸੀ ਵੀ ਉਹਦੀ ਗੱਲ ਜ਼ਰੂਰ ਸੁਣਦੇ ਨੇ। ਉਹ ਜਿੱਥੇ ਜਾਂਦਾ, ਮੁਸ਼ਹਿਰਾ ਲੁੱਟ ਲਿਆਉਂਦਾ ਹੈ। ਹਰ ਕਿਸੇ ਦੇ ਦਿਲ ਨੂੰ ਉਸੇ ਦੇ ਦਿਲ ਦੀ ਗੱਲ ਲੱਗਦੀ। ਇਹ ਵੱਖਰੀ ਗੱਲ ਹੈ ਕਿ ਏਸ ਕਬੀਲੇ ਦੇ ਸ਼ਾਇਰ ਦੇ ਹਿੱਸੇ ਖੁਸ਼ੀ ਦੇ ਗੀਤ, ਇਸ਼ਕ ਦੀ ਗ਼ਜ਼ਲ ਨਹੀਂ ਆਉਂਦੀ ਹੁੰਦੀ। ਖੁਸ਼ੀ ਕਾਹਦੀ, ਗਲੀਆਂ ਤੇ ਮਸੀਤਾਂ ਲਹੂ ਨਾਲ ਰੰਗੀਆਂ। ਹਰ ਬੰਦਾ ਭੈਅ ਨਾਲ ਕੰਬਦਾ। ਤੇ ਮੁਹੱਬਤ ਥਈਆਂ, ਇਸ਼ਕ ਇਸ਼ਕ ਕਿਸ ਦੇ ਨਾਲ? ਹੀਰ ਦੀ ਚੁੰਨੀ ਲੀਰਾਂ ਲੀਰਾਂ। ਸੱਸੀ ਦਾ ਚੋਲਾ ਪਾਟਾ। ਇੱਜ਼ਤਾਂ ਸਕਾਫਤਾਂ (ਸਭਿਆਚਾਰ) ਖਤਰੇ ਵਿੱਚ 'ਇਸ਼ਕ ਦਾ ਨਗਮਾ'। ਵੱਢ ਕਸਾਈ ਦੀ ਦੁਕਾਨ ਤੇ ਜਾ ਕੇ ਦਿਲ ਲੱਭਣ ਦਾ ਮਾਮਲਾ ਏ। ਇਹ ਮਸਲਾ ਕੋਈ ਬੇਫਿਕਰ ਕਰ ਸਕਦਾ ਹੋਵੇ ਤਾਂ ਕਰੇ। ਬਾਬਾ ਨਜਮੀ ਸ਼ਊਰ (ਸੂਝ ਦੀ) ਲੜਾਈ ਲੜਨ ਵਿੱਚ ਲੱਗਾ ਹੋਇਆ ਏ। ਲਗਦਾ ਉਹਦਾ ਸਮਾਜ ਗੁਨਾਹੀਂ-ਭਰਿਆ ਸਮਾਜ ਏ। ਏਥੇ ਅਮਨ, ਮੁਹੱਬਤ ਦੀ ਖੁਸ਼ਬੂ ਦੇਣ ਵਾਲੇ ਫੁੱਲ ਸੜ ਕੇ ਸਵਾਹ ਹੋ ਚੁੱਕੇ ਹਨ। ਜ਼ਮੀਨ ਗੁਲਾਮ ਏ। ਮਨਾਫਕਤ ਦੀ ਸ਼ਾਇਰੀ ਕਿਸ ਕੰਮ। ਸੱਚੀ ਗੱਲ ਏਹੋ ਪਈ ਉਹ ਲੜਦਾ ਇਸ਼ਕ ਅਮਨ ਦੀ ਖੁਸ਼ਬੂ ਵਾਲੇ ਫੁੱਲਾਂ ਲਈ ਪਿਆ ਏ। ਪਰ ਜ਼ਮੀਨ ਦੀ ਆਜ਼ਾਦੀ ਬਿਨਾਂ ਫੁੱਲਾਂ ਦੀ ਕਾਸ਼ਤ ਕਿਸ ਤਰ੍ਹਾਂ ਹੋ ਸਕਦੀ ਏ?
ਬਾਬਾ ਨਜਮੀ ਆਪਣੀ ਸੋਝੀ ਤੇ ਸੂਝਵਾਨੀ ਪਾਰੋਂ ਬਹੁਤ ਕੁਝ ਜਾਣਦਾ ਸਮਝਦਾ ਏ। ਪੱਕੀ ਗੱਲ ਏ ਬਹੁਤ ਕੁਝ ਜਾਨਣ ਵਾਲਾ ਸੌਖਾ ਨਈਂ ਵੱਗਦਾ। ਪਰ ਉਹ ਭੋਲੇ ਭਾ ਮਾਰਿਆ ਵੀ ਨਈਂ ਜਾਂਦਾ। ਫੇਰ ਅਜਿਹਾ ਬੰਦਾ ਜੋ ਥੱਲੜੇ ਤਬਕੇ 'ਚੋਂ ਉੱਠਿਆ ਹੋਵੇ, ਪੂਰਾ ਸੂਝਵਾਨ ਹੋਵੇ, ਉਹਦੇ ਪੈਰਾਂ ਥੱਲੇ ਕੰਡੇ ਨਈਂ ਤਾਂ ਅੰਗਾਰੇ ਜ਼ਰੂਰ ਹੋਣਗੇ। ਏਸੇ ਕਰਕੇ ਉਹਦੀ ਸ਼ਾਇਰੀ ਕਮਸਰਲੇ ਦਾ ਫਲ ਬਣ ਜਾਂਦੀ ਏ। ਰੰਗ ਚੌਖਾ ਪਰ ਉਂਗਲਾਂ ਸੜ ਜਾਂਦੀਆਂ ਨੇ।
ਆਫਰੀਨ (ਸ਼ਾਬਾਸ਼ੇ) ਏਸ ਸ਼ਾਇਰੀ ਨੂੰ ਤੇ ਸ਼ਾਇਰ ਨੂੰ। ਮਦੀਨੇ ਜਾ ਕੇ ਵੀ ਉਹਦੀ ਅੱਖ ਅਕੀਦਤ (ਸ਼ਰਧਾ) ਦੇ ਅੱਥਰੂਆਂ ਨਾਲ ਅੰਨੀ ਨਈਂ ਹੋਈ। ਸਗੋਂ ਤਜ਼ਾਦਾਂ (ਵਿਰੋਧਤਾਈਆਂ) ਨੂੰ ਵੇਖਣ ਲਈ ਬਿੱਟ ਬਿੱਟ ਤੱਕਦੀ ਏ ਤੇ ਫੇਰ ਇੱਕ ਵੱਖਰੀ ਟਾਈਪ ਦੀ ਨਾਅਤ ਏ।
ਸ਼ੱਕਰ ਨਾਲੋਂ ਮਿੱਠੀ ਲੱਗੀ, ਮਿੱਟੀ ਤੇਰੀ ਧਰਤੀ ਦੀ
ਸੂਲਾਂ ਵਾਂਗੂੰ ਚੁਭਿਆ ਮੈਨੂੰ ਚੌਕੀਦਾਰ ਮਦੀਨੇ ਦਾ।
ਸੱਭੇ ਸੋਚਾਂ, ਸੱਭੇ ਸੱਧਰਾਂ, ਵੇਖ ਕੇ ਮਿੱਟੀ ਹੋਈਆਂ ਨੇ,
ਏਥੇ ਵੀ ਸਰਦਾਰਾਂ ਹੱਥ ਏ, ਕਾਰੋਬਾਰ ਮਦੀਨੇ ਦਾ।
ਗਰੀਬ ਅਮੀਰ ਦਾ ਫਰਕ ਲੋਹੇ ਵਰਗੀ ਗੱਲ ਏ। ਏਸ ਹਕੀਕਤ ਨੂੰ ਲੁਕੋਣ ਲਈ ਮਜ਼ਹਬੀ ਪਰਦੇ, ਨਾ ਸਮਾਜੀ ਟਾਂਕੇ ਕੰਮ ਆਉਂਦੇ ਨੇ । ਹੁਣ ਤਾਂ ਉਹ ਵੇਲੇ ਵੀ ਦੂਰ ਨਿਕਲ ਚੁੱਕੇ ਨੇ, ਜਦੋਂ ਕੋਈ ਹਬਸ਼ੀ ਗੁਲਾਮ ਆਪਣੀ ਆਵਾਜ਼ ਦੀ ਤਾਕਤ ਨਾਲ ਮੈਂਬਰ ਤੇ ਚੜ੍ਹ ਸਕਦਾ ਸੀ, ਜਾਂ ਈਦ ਵਾਲੇ ਦਿਨ ਮਹਿਮੂਦੋਂ ਅਜਾਜ਼ ਇੱਕੋ ਸਫ ਵਿੱਚ ਖਲੋ ਕੇ ਨਿਮਾਜ਼ਾਂ ਪੜ੍ਹ ਲੈਂਦੇ ਸਨ। ਨਹੀਂ ਅੱਜ ਨਹੀਂ। ਅੱਜ ਤਾਂ ਗਰੀਬੀ ਇੱਕ ਵੱਖਰੀ ਨਸਲ ਏ। ਵੱਖਰਾ ਤਬਕਾ, ਵੱਖਰੀ ਜਾਤ, ਵੱਖਰੀ ਮਜ਼ਬੂਰੀ ਬਣ ਚੁੱਕੀ ਏ। ਮਜ਼ਹਬੀ ਫਰਕ ਵੀ ਅੱਗ ਪਾਣੀ ਹੋ ਚੁੱਕੇ ਨੇ। ਇੱਕ ਸਾੜਦਾ ਏ, ਇਕ ਭਜਾਉਂਦਾ, ਇੱਕ ਪਾਸੇ ਰੋਟੀ ਦਾ ਟੁਕੜਾ। ਦੂਜੇ ਪਾਸੇ ਸੋਨੇ ਦਾ ਪਹਾੜ।
ਫਜਰ ਤੋਂ ਲੈ ਕੇ ਸ਼ਾਮਾਂ ਤੀਕਰ ਟੁੱਕਰ ਪੂਰਾ ਹੋਂਦਾ ਨਈਂ
ਬਾਬਾ ਨਜਮੀਂ ਕਿੰਝ ਖਰੀਦਾਂ, ਜਾ ਕੇ ਹਾਰ ਮਦੀਨੇ ਦਾ।
ਪੱਕ ਤਜ਼ਾਦਾਂ ਦੇ ਕੰਡੇ, ਬੇਇਨਸਾਫੀ ਦੇ ਦਫਤਰ... ਇਕਨਾ ਕੋਲ ਮਹਿਲ-ਮੜੀਆਂ, ਦੂਜਿਆਂ ਕੋਲ ਘਰ-ਘਰੋਂਦੇ। ਪਰ ਬਹੁਤੇ ਸਾਰੇ ਲੱਖਾਂ ਦੀਆਂ ਕੁਲੀਆਂ ਥੱਲੇ ਬੈਠੇ ਸਾਫ਼ ਦਿਸਦੇ ਪਏ ਨੇ। ਕਿਸੇ ਅੱਖ ਨੂੰ ਸ਼ਰਮ ਨਈਂ, ਕਿਸੇ ਦੇ ਦਿਲ ਨੂੰ ਫਿਕਰ ਨਈਂ। ਪਰ ਸ਼ਾਇਰ ਵਾਸਤੇ ਬੜੀ ਮੁਸ਼ਕਿਲ ਏ।
ਅਸਾਂ ਤੇ ਬੂਹੇ ਢੋਅ ਲਏ ਆਪਣੇ, ਵੇਖ ਕੇ ਆਲਾ ਮੌਸਮ ਦਾ
ਜਿਹਨਾਂ ਦੇ ਘਰ ਕੱਖਾਂ ਦੇ ਨੇ, ਉਹ ਕੀ ਢੋਣਗੇ 'ਬਾਬਾ' ਜੀ
ਗੱਲ ਹੋਈ ਨਾ ਪੁੱਛਣ ਵਾਲੀ! ਸੋਚਣ ਵਾਲੀ । ਹੋਰ ਨਈਂ ਤਾਂ ਆਪਣਾ ਆਪ ਤਾਂ ਹੈਗਾ। ਏਸੇ ਕਰਕੇ ਤਾਂ ਉਸ ਨੇ ਆਪਣਾ ਤਖੱਲਸ 'ਬਾਬਾ' ਰੱਖ ਲਿਆ ਏ। ਏਸ ਤਰ੍ਹਾਂ ਕਰਕੇ ਉਹ ਪੁਰਾਣੇ ਬਾਬਿਆਂ ਨਾਲ ਜਾ ਰਲਦਾ ਏ। ਪਰ ਫੇਰ ਇੱਕ ਗੱਲ ਵੱਖਰੀ ਏ। ਨਜਮੀ ਦਾ ਕਲਾਮ ਨਵੇਂ ਦੌਰ ਦੇ ਸ਼ਾਇਰਾਂ ਦੀਆਂ ਜੜਤਾਂ ਦਾ ਖਜ਼ਾਨਾ ਏ। ਏਥੇ ਉਹ 'ਜਾਲਿਬ' ਦੇ ਨੇੜੇ ਚਲਾ ਜਾਂਦਾ ਏ। ਤਰੱਕੀ ਪਸੰਦ ਸੋਚ ਦੀ ਆਪਣੀ ਤਾਕਤ ਹੁੰਦੀ ਏ। ਪਰ ਸੱਭੇ ਕੁਝ ਇੱਕ ਜਿਹਾ ਨਈਂ ਹੁੰਦਾ। ਇੱਕ ਵੇਲਾ ਇੱਕ ਹਾਲਤ ਵੀ ਸੱਭੇ ਕੁਝ ਇੱਕ ਜੇਹਾ ਪੈਦਾ ਨਈਂ ਕਰਦੀ। ਫਿਤਰਤ ਤਬਦੀਲੀ ਮੰਗਦੀ ਵੀ ਏ। ਤਬਦੀਲੀ ਨੂੰ ਮੰਨਦੀ ਵੀ ਏ। ਆਦਮੀ ਦਾ ਆਪਣਾ ਉਸਾਰਿਆਂ ਸਮਾਜ ਵੀ ਏਸੇ ਅਸੂਲ ਦੀ ਮੰਗ ਕਰਦਾ ਏ। ਪਰ ਏਸੇ ਸਮਾਜ ਦੇ ਪਿਛਾਂਹ-ਖਿੱਚੂ ਤਬਕੇ, ਤਬਦੀਲੀ ਅੱਗੇ ਹਿੱਕ ਡਾਹ ਕੇ ਰੋਕ ਲਾਉਣ ਦਾ ਚਾਰਾ ਕਰਦੇ ਹਨ। ਨਤੀਜਾ, ਸੱਭੋ ਕੁਝ ਗੁਲਸ਼ਨ ਦਾ ਸੜਨ ਲੱਗ ਜਾਂਦਾ ਏ। ਇਨਕਲਾਬ ਸਮਾਜ ਦੀ ਲੋੜ ਵੀ ਏ ਤੇ ਮੰਨਸ਼ਾ ਵੀ। ਸੋ ਬਾਬਾ ਨਜਮੀ ਉਡੀਕ ਰਿਹਾ ਏ। ਅਸੀਂ ਸਾਰੇ ਉਡੀਕ ਰਹੇ ਹਾਂ।
ਇਸ ਧਰਤੀ ਦਾ ਨਕਸ਼ਾ ਬਦਲਣ ਵਾਲਾ ਏ
ਦਰਿਆ ਆਪਣਾ ਰਸਤਾ ਬਦਲਣ ਵਾਲਾ ਏ
ਪਰ ਏਸ ਦੇਸ਼ ਦੇ ਬੁਜ਼ਦਿਲ, ਆਗੂ ਉਹਨਾਂ ਦੀ ਸੋਚ ਤਾਂ ਕੁਝ ਹੋਰ ਈ ਏ। ਉਹ ਲੋਕਾਂ ਨਾਲ, ਨਾ ਫਿਤਰਤ ਨਾਲ।
ਮੈਂ ਕਹਿਨਾ ਵਾਂ ਇਹ ਦੀ ਨੀਂਹ ਮਜ਼ਬੂਤ ਕਰੋ
ਆਗੂ ਕਹਿੰਦੇ ਮੱਥਾ ਬਦਲਣ ਵਾਲਾ ਏ।
ਬੁਜਦਿਲ ਨੇ ਉਹ 'ਬਾਬਾ' ਜਿਹੜੇ ਕਹਿੰਦੇ ਨੇ
ਤਕਦੀਰਾਂ ਨੂੰ ਅੱਲਾ ਬਦਲਣ ਵਾਲਾ ਏ।
ਸ਼ਾਇਰ ਓਸ ਸੂਰਜ ਦੀ ਆਸ ਲਾਉਂਦਾ ਏ, ਜਿਸ ਦੀ ਗਰਮੀ ਨਾਲ ਮਾੜੇ ਧੀੜੇ ਦੀ ਸੀਤ ਲੱਥ ਜਾਵੇਗੀ। ਆਪਣੇ ਤਬਕੇ ਦੇ ਨਾਲ ਸ਼ਾਇਰ ਆਪਣੇ ਅਸਲੇ ਦੀ ਪਛਾਣ ਵੀ ਰੱਖਦਾ… ਪੰਜਾਬੀ ਅਸਲਾ, ਕਮਾਊ, ਅਣਖੀ, ਮਿਹਨਤੀ, ਲੋਕੀਂ। ਜੱਦੋ ਜਹਿਦ ਵਾਲੀ ਰਾਹ ਤੇ ਭਾਰੀ ਕੁਰਬਾਨੀ ਦੇਣ ਵਾਲੇ, ਵੱਡੇ ਵੱਡੇ ਦੁੱਖ, ਚੁੱਪ-ਚੁਪੀਤੇ ਸਹਿ ਜਾਣ ਵਾਲੇ, ਜਿਹਨਾਂ ਬਾਰੇ, ਇੱਕ ਜਾਨਦਾਰ, ਸ਼ਾਇਰ ਨਿਹਮਤ ਮਾਹਿਮਰ ਨੇ ਕਿਹਾ ਸੀ
ਅਣਖ ਦੀ ਚਿਣਗ ਚਵਾਤੀ
ਸਾਡੇ ਅਸਲੇ ਦੀ ਖੁਸ਼ਬੋ
ਬਾਬਾ ਨਜਮੀ ਕਹਿੰਦਾ:
ਭਗਤ ਸਿੰਘ ਤੇ ਦੁੱਲ੍ਹਾ, ਜਬਰੂ ਮੇਰਾ ਲਹੂ
ਕਿੰਝ ਖਲੋਵਾਂ, ਗ਼ਜ਼ਨੀ ਤੇ ਤੈਮੂਰੀ ਨਾਲ
ਏਸੇ ਤਰ੍ਹਾਂ ਲਿਖੇ ਅੱਖਰਾਂ ਦੀ ਜ਼ੁਬਾਨ ਏ, ਸੱਚ ਨਾਲ ਸੱਤ । ਬੁੱਲ੍ਹੇ ਦਾ ਕਬੀਲਾ ਵੱਖਰਾ। ਉਸੇ ਕਬੀਲਾ ਦਾ ਬੰਦਾ। ਦੂਜਿਆਂ ਨਾਲੋਂ ਵੱਖਰਾ। ਵੱਖਰੀ ਟਾਈਪ ਦਾ। ਦਰਬਾਰਾਂ ਨਾਲ ਸੰਗਤ ਨਈਂ ਕਰਦਾ। ਇਹ ਗੱਲ ਫੱਬਦੀ ਵੀ ਨਹੀਂ। ਉਹ ਜਿਹੜੇ ਮਨਜ਼ੂਰੀਆਂ ਨਾਲ ਲਿਖਦੇ ਨੇਂ। ਇੰਝ ਤਬਕਾਤੀ (ਸ਼੍ਰੇਣਕ) ਦਸਤੂਰਾਂ ਦੀ ਗੱਲ ਹੋਰ ਏ।
- ਮੇਰੇ ਨਾਲੋਂ ਕੁਹਜਾ ਪੁੱਤਰ ਲੰਬੜਾਂ ਦਾ
ਧਰਤੀ ਉੱਤੇ ਫਿਰਦਾ ਏ ਮਗਰੂਰੀ ਨਾਲ
- ਲੋਕਾਈ ਦੇ ਸ਼ਾਇਰ ਦਾ ਆਖਿਆ ਆਪਣਾ ਹੀ ਹੁੰਦਾ
ਨਜਮੀਂ ਦੀ ਇਕ ਨਜਮ ਵਰਗੀ ਗ਼ਜ਼ਲ ਹੈ 'ਕੰਧਾਂ ਰੇਤ ਦੀਆਂ'
ਪੁਰਾਣੇ ਤੇ ਨਖਿੱਦ ਸਮਾਜ ਦੀਆਂ। ਭੁਰਦੀਆਂ ਢਹਿੰਦੀਆਂ ਕੰਧਾਂ ਅਜੇ ਵੀ ਨਵੇਂ ਇਨਸਾਨ ਨੂੰ ਪੁਰਾਣੀ ਜ਼ਿੰਦਗੀ ਵਿੱਚ ਘੇਰਾ ਪਾਈ ਖੜੀਆਂ ਨੇ। ਕੰਧਾਂ ਭੁਰਦੀਆਂ ਨੇ, ਪਰ ਢਹਿੰਦੀਆਂ ਨਹੀਂ। ਏਹੋ ਕੰਧਾਂ ਮਨੁੱਖ ਦਾ ਜੀਵਨ ਭੋਰਾ ਭੋਰਾ ਕਰਕੇ ਭੋਰੀ ਜਾਂਦੀਆਂ ਨੇ। ਪਰ ਕੋਈ ਅਜੇਹਾ ਸੂਰਮਾ ਨਹੀਂ ਜੰਮਦਾ, ਜੋ ਇੱਕ ਧੱਕਾ ਮਾਰੇ। ਢਹਿੰਦੀਆਂ ਕੰਧਾਂ ਢਾਹ ਕੇ ਨਵੀਂ ਨੀਂਹ ਉਸਾਰੇ।
- ਮੇਰੇ ਆਲ ਦੁਵਾਲੇ ਕੰਧਾਂ ਰੇਤ ਦੀਆਂ
ਕਿੰਝ ਨਾ ਲੱਗਣ ਪਾਲੇ, ਕੰਧਾਂ ਰੇਤ ਦੀਆਂ
- ਮੀਂਹ ਵੀ, ਨਾਲ ਹਨੇਰੀ, ਦੀਵੇ ਰੱਖਣ ਲਈ
ਕਿੰਝ ਬਣਾਵਾਂ ਆਲੇ, ਕੰਧਾਂ ਰੇਤ ਦੀਆਂ
- ਮੋਘੇ ਦਾ ਮੂੰਹ ਖੁੱਲ੍ਹਾ ਕੀਤਾ ਦੁਸ਼ਮਣ ਨੇ
ਕਰ ਗਏ ਯਾਰ ਹਵਾਲੇ, ਕੰਧਾਂ ਰੇਤ ਦੀਆਂ।
ਮੈਂ ਆਖਿਆ ਹੈ ਕਿ ਬਾਬਾ ਨਜਮੀ ਲੋਕਾਂ ਦੇ ਦਿਲ ਦੀ ਗੱਲ ਬੁੱਝ ਲੈਂਦਾ ਏ ਤੇ ਪਲ ਪਲ ਨੂੰ ਆਪਣੇ ਬਿਆਜ਼ ਉੱਤੇ ਰਿਕਾਰਡ ਕਰਦਾ ਹੈ। ਬਾਬਰੀ ਮਸਜਦ ਢਾਹੀ ਜਾਂਦੀ ਏ ਭਾਰਤ ਵਿੱਚ। ਪਾਕਿਸਤਾਨ ਵਾਲੇ ਆਪਣਾ ਆਪ ਢਾਣ ਵਿੱਚ ਜੁਟ ਜਾਂਦੇ ਨੇ। ਅਸੀਂ ਸਾਰੇ ਜੋ ਇਨਸਾਨੀ ਨੁਕਤਾ-ਨਜ਼ਰ ਨਾਲ ਨਿੰਦਿਆ ਕਰ ਸਕਦੇ ਸੀ। ਇੱਕੋ ਜੇਹੀ ਵਹਿਸ਼ਤ ਦੋਵੀਂ ਪਾਸੀਂ ਵੇਖਦੇ ਹਾਂ। ਪਾਕਿਸਤਾਨ ਵਾਲਿਆਂ ਨੇ ਤੇ ਹੱਦ ਕਰ ਛੱਡੀ। ਆਪੇ ਆਪਣੀ ਤਵਾਰੀਖ ਢਾਹ ਛੱਡੀ। ...ਲਾਹੌਰ ਤੋਂ ਕਰਾਚੀ ਤੇੜੀ... ਪਿਸ਼ਾਵਰ ਤੋਂ ਲੈ ਕੇ ਬਲੋਚਿਸਤਾਨ ਤੋੜੀ ਸਾਰੇ ਮੰਦਰ ਢਾਹ ਦਿੱਤੇ ਤੇ ਸ਼ਿਵਾਲੇ ਗੁਰਦਵਾਰੇ ਮੁੱਕਾ ਛੱਡੇ। ਤਾਰੀਖ ਦੇ ਨਕਸ਼, ਤਹਿਜ਼ੀਬ ਦੀਆਂ ਨਿਸ਼ਾਨੀਆਂ, ਕਲਾ ਦੇ ਨਮੂਨੇ ਚੁੱਕ ਬਰਬਾਦ ਕੀਤੇ। ਅਜੇਹੇ ਵੇਲੇ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਸ਼ਾਇਰ ਕੀ ਕਰੇ। ਆਪਣੇ ਆਪ ਨੂੰ ਬਦ-ਦੁਆ ਦੇਵੇ । ਰੱਬਾ! ਰੱਬਾ! ਦੁਹਾਈ ਰੱਬਾ! ਮੈਂ ਵੇਖ ਨਈਂ ਸਕਦਾ, ਸੁਣ ਨਹੀਂ ਸਕਦਾ।
-ਰੱਬਾ ਮੈਨੂੰ ਗੁੰਗਾ ਕਰ ਦੇ
ਰੱਬਾ ਮੈਨੂੰ ਅੰਨ੍ਹਾ ਕਰ ਦੇ
ਰੱਬਾ ਮੈਨੂੰ ਡੌਰਾ ਕਰ ਦੇ
ਨਾਮ-ਨਿਹਾਦ ਇਹ ਬੰਦੇ ਤੇਰੇ
ਜੋ ਜੋ ਰੰਗ ਵਿਖਾਉਂਦੇ ਪਏ ਨੇ
-ਅੱਖਾਂ ਦੇ ਨਾਲ ਤੱਕ ਨਈਂ ਸਕਦਾ
ਕੰਨਾਂ ਦੇ ਨਾਲ ਸੁਣ ਨਈਂ ਸਕਦਾ
ਆਪਣੇ ਮੂੰਹ 'ਚੋਂ ਕਹਿ ਨਈਂ ਸਕਦਾ।
ਅੱਜ ਕੱਲ੍ਹ ਵੱਡਾ ਮਸਲਾ ਮਹਿੰਗਾਈ ਹੈ। ਗਰੀਬੀ, ਬੇਰੁਜ਼ਗਾਰੀ ਦੇ ਨਾਲ ਨਾਲ ਜ਼ਰੂਰਤ ਦੀਆਂ ਸ਼ੈਆਂ ਮਹਿੰਗੀਆਂ ਹੋ ਰਹੀਆਂ ਨੇ। ਲੋਕਾਂ ਦੀ ਖਰੀਦ ਸ਼ਕਤੀ ਘਟ ਰਹੀ ਏ। ਖਲਕਤ ਦੁਖੀ ਏ। ਬਾਲ ਬੱਚੇ ਭੁੱਖੇ ਮਰਦੇ ਪਏ ਨੇ। ਬੇਨਜ਼ੀਰ ਹਕੂਮਤ ਆਸ ਨਾਲ ਆਉਂਦੀ ਏ, ਨਿਰਾਸ਼ ਕਰਕੇ ਜਾਂਦੀ ਏ। ਗੱਲ ਸ਼ਾਇਰੀ ਦੀ ਨਹੀਂ, ਆਰਥਿਕਤਾ ਦੀ ਹੈ। ਪਰ ਜੇ ਸ਼ਾਇਰ ਆਮ ਲੋਕਾਂ ਵਿੱਚ ਹੋਵੇ, ਮਹਿੰਗਾਈ ਦੇ ਮਸਲੇ ਨੂੰ ਤੀਰ ਵਾਂਗ ਸਾਹਮਣੇ ਤੋਂ ਸੀਨੇ ਤੇ ਜਰਦਾ ਹੋਵੇ ਤਾਂ ਫੁੱਲਾਂ ਤੇ ਬੁਲਬੁਲ ਦੀਆਂ ਗੱਲਾਂ ਕਿੱਥੋਂ ਕਰੇ। ਉਹਨੂੰ ਗੁਲਾਬ ਕਿੱਥੋਂ ਮਿਲਣ? ਖੁਸ਼ਬੋ ਸੁੰਘ ਕੇ ਗੁਜ਼ਾਰਾ ਕਿੰਝ ਕਰੇ? ਭੁੱਖਾ ਨੰਗਾ ਬੱਚਾ ਜੇ ਕਿਸੇ ਲੇਖਕ ਦਾ ਦਿਲ ਦਰਦ ਨਾਲ ਨਹੀਂ ਭਰ ਦਿੰਦਾ, ਤਾਂ ਉਹ ਸ਼ਾਇਰ ਨਹੀਂ, ਵਪਾਰੀ ਹੋ ਸਕਦਾ ਏ। ਲੱਖਾਂ ਭੁੱਖੇ ਬੱਚੇ ਸ਼ਾਇਰ ਦੀ ਆਵਾਜ਼ ਨੂੰ ਮੁਜ਼ਾਮਤੀ (ਵਿਰੋਧ) ਤਾਕਤ ਨਾਲ ਭਰ ਛੱਡਦੇ ਨੇ। ਜੇ ਕਿਸੇ ਸ਼ਾਇਰ ਨੂੰ ਸ਼ਰਮ ਨਾ ਆਵੇ, ਉਹ ਖੰਡ ਦੇ ਖਿਡੌਣੇ ਬਣਾਈ ਜਾਵੇ ਤਾਂ ਦਾਮਨ ਦੇ ਕਹਿਣ ਅਨੁਸਾਰ, "ਉਹਦਾ ਫਿੱਟੇ ਮੂੰਹ।"
ਬਾਬਾ ਨਜਮੀ ਤੁੱਕ ਬੰਦ ਨਹੀਂ। ਖੰਡ ਦੇ ਖਿਡੌਣੇ ਵੀ ਨਹੀਂ ਬਣਾਉਂਦਾ, ਨਾ ਕਾਠ ਦੀਆਂ ਬੁਲਬੁਲਾਂ, ਚਿੜੀਆਂ ਵੇਚਦਾ ਫਿਰਦਾ ਏ। ਉਹਦੇ ਕੋਲ ਅਸਲੀ ਮਾਲ ਹੁੰਦਾ। ਸਟੇਜ 'ਤੇ ਆ ਕੇ ਮੁਸ਼ਹਿਰਾ ਲੁੱਟ ਲੈਂਦਾ। ਫੇਰ ਵੀ ਉਦਾਸ ਰਹਿੰਦਾ। ਜ਼ਿੰਦਗੀ ਇਸੇ ਹੀ ਤਰ੍ਹਾਂ ਦੀ ਹੁੰਦੀ ਹੈ। ਇਸੇ ਤਰ੍ਹਾਂ ਬੀਤ ਜਾਂਦੀ ਏ ਤੇ ਹਰਖ ਨਾ ਹੁੰਦਾ।
ਪਰ ਏਥੇ ਜ਼ਿੰਦਗੀ ਵਰ੍ਹਦੀਆਂ ਗੋਲੀਆਂ ਤੇ ਬੰਬ-ਧਮਾਕਿਆਂ ਵਿਚਕਾਰ, ਭੁੱਖੀ-ਤਿਹਾਈ, ਧੋਖੇ ਫਰੇਬ ਦੀ ਮਾਰੀ, ਅੱਖਾਂ ਉਤੇ ਹੱਥ ਰੱਖੀ ਲਹਿਰਾਂ ਮਾਰ ਰਹੀ ਏ। ਏਥੇ ਸ਼ਾਇਰ ਸਿਆਸੀ ਹਾਹਾਕਾਰ ਬਿਨਾਂ ਰਹਿ ਨਹੀਂ ਸਕਦਾ। ਏਸੇ ਕਰਕੇ ਏਥੇ ਇੱਕ ਮੁਜ਼ਾਮਤੀ ਕਬੀਲਾ ਬਣ ਗਿਆ ਹੋਇਆ ਹੈ, ਜਿਸ ਦੀ ਰੀਤ ਸਾਡੇ ਪੰਜਾਬ ਵਿੱਚ ਚੱਲੇ ਬੁੱਲ੍ਹੇ ਸ਼ਾਹ ਦੀ ਕਾਫੀ ਤੋੜੀ ਵੀ, ਪਿੱਛੇ ਕਿਤੇ ਵਾਰਾਂ ਤੋਂ ਚਲੀ ਆਉਂਦੀ ਏ। ਇਨਸਾਨ ਦੇ ਖਿਲਾਫ ਨਵੀਂ ਸੋਚ ਹੋਰ ਨਵੀਂ ਨਸਲ ਦੇ ਖਿਲਾਫ, ਆਜ਼ਾਦੀ ਦੇ ਖਿਲਾਫ਼, ਹੁਸਨ ਇਸ਼ਕ ਦੇ ਖਿਲਾਫ਼ ਕੋਹਝਿਆਂ ਦਾ ਏਕਾ, ਧਾੜਵੀਆਂ ਦਾ ਧਾੜਾ ਹੁੰਦਾ ਰਿਹਾ। ਮਜ਼ਾਹਮਤ ਵੀ ਕਦੇ ਘੱਟ ਨਹੀਂ ਰਹੀ। ਏਸੇ ਮੋਰਚੇ ਦਾ ਆਗੂ ਸਦਾ ਹੀ ਸ਼ਾਇਰ ਰਿਹਾ ਏ। ਹੀਰ ਦੀ ਚੀਕ ਤੋਂ ਲੈ ਕੇ ਰਾਂਝੇ ਦੀ ਪੁਕਾਰ ਤੋੜੀਂ ਸ਼ਾਇਰ ਦੀ ਕਲਮ ਰਿਕਾਰਡ ਕਰਦੀ ਹੈ। ਅੱਖਰਾਂ ਦਾ ਖੇਲ ਬਾਬਾ ਨਜਮੀਂ ਜਦੋਂ ਖੇਡਦਾ ਏ ਤਾਂ ਛਾਂਟੀ ਕਰ ਲੈਂਦਾ। ਸੱਜਣਾਂ ਵਾਸਤੇ ਉਹ ਅੱਖਰਾਂ ਦੇ ਫੁੱਲ ਬਣਾਉਂਦਾ। ਵੈਰੀਆਂ ਵਾਸਤੇ ਆਪਣੇ ਅੱਖਰਾਂ ਵਿੱਚੋਂ ਪੱਥਰ ਘੜ ਲੈਂਦਾ। ਫੁੱਲਾਂ ਪੱਥਰਾਂ ਦੀ ਸ਼ਾਇਰੀ ਅਸਲ ਵਿੱਚ ਮਜ਼ਾਹਮਤੀ ਸ਼ਾਇਰੀ ਦਾ ਈ ਨਾਂ ਏ। ਬਾਬਾ ਨਜਮੀਂ ਇਸ ਦੌਰ ਦਾ ਦੂਜਾ ਜਾਲਿਬ ਗਿਣਿਆ ਜਾਵੇਗਾ।
ਏਸੇ ਲਈ ਤੇ ਸ਼ਹਿਰ 'ਚ ਮੇਰਾ ਚਰਚਾ ਏ
ਹੱਥ ਹਮੇਸ਼ਾ ਪਾਵਾਂ ਪੱਥਰ ਭਾਰੇ ਨੂੰ
ਭਾਰੇ ਪੱਥਰ ਨੂੰ ਹੱਥ ਪਾਉਣ ਵਾਲਾ ਮਜ਼ਲੂਮ ਮਖਲੂਕ (ਜੰਤਾ) ਵੱਲ ਖਲੋ ਕੇ ਡਾਢੇ ਨਾਲ ਲੜਦਾ ਵੀ ਏ, ਉਹਦੇ ਹੱਕ ਦੀ ਹਮਾਇਤ ਵੀ ਕਰਦਾ ਹੈ। ਹੱਕ ਮਾਰਨ ਵਾਲੇ ਨੂੰ ਉਹ ਵੰਗਾਰਦਾ ਵੀ ਹੈ।
ਅਗਲੀ ਵਾਰ ਭੜੋਲੇ ਸੱਖਣੇ ਵੇਖੇਂਗਾ
ਹੁਣ ਵੀ ਜੇ ਨਾ ਮਿਲਿਆ ਹੱਕ ਮੁਜ਼ਾਰੇ ਨੂੰ
ਸਿਆਸੀ ਨਾਹਰੇ ਸ਼ਾਇਰੀ ਵਿੱਚ ਚੰਗੇ ਨਈਂ ਲੱਗਦੇ। ਪਰ ਸਿਆਸੀ ਰਮਜ਼ਾਂ ਵਾਹਵਾ ਗਜ਼ਾ ਦਿੰਦੀਆਂ ਹਨ। ਏਥੇ ਲੋਕਾਂ ਨਾਲ ਧਰੋਅ ਕਰ ਕੇ ਉਹਨਾਂ ਨੂੰ ਗੁੰਗੇ ਬੋਲੇ ਬਣਾ ਕੇ ਰੱਖਿਆ ਜਾਂਦਾ ਏ। ਪਰ ਸ਼ਾਇਰ ਜਦੋਂ ਉਹਨਾਂ ਦੀ ਬੋਲੀ ਵਿੱਚ ਉਹਨਾਂ ਦੀ ਰਮਜ਼ ਵਿੱਚ ਗੱਲ ਕਰਦਾ ਏ ਤਾਂ ਬੜਾ ਚੰਗਾ ਲੱਗਦਾ। ਚੰਗੀ ਤਰ੍ਹਾਂ ਗੱਲ ਸਮਝ ਵੀ ਆਉਂਦੀ ਏ। ਗੁੰਗਾ ਕੀ ਗੁੰਗੇ ਦੀ ਮਾਂ ਵੀ। ਏਸ ਤਰ੍ਹਾਂ ਦੀ ਸ਼ਾਇਰੀ ਉੱਤੇ ਵਾਹ ਵਾਹ ਕਰਦੇ ਨੇ। ਇਹ ਸ਼ਾਇਰ ਆਪਣੀ ਸ਼ਾਇਰੀ ਵਿੱਚ ਫਿਕਰਾਂ ਦੀ ਗੱਲ ਕਰਦਾ ਏ। ਫ਼ਿਕਰ ਵਿੱਚੋਂ ਸਮਾਜ ਦੇ ਕੀਮੀਗਰ ਬੜਾ ਕੁਝ ਲੱਭ ਸਕਦਾ ਏ।
- ਮੈਨੂੰ ਤੇ ਹਰ ਵੇਲੇ ਚਿੰਤਾ ਲੱਗੀ ਏ
ਕਿਸਰਾਂ ਸ਼ਹਿਦ ਬਣਾਵਾਂ ਪਾਣੀ ਖਾਰੇ ਨੂੰ
-ਕਿੰਨੇ ਪਿੰਡ ਰੁੜ੍ਹੇ ਨੇ ਪਰਲੇ ਪਾਸੇ ਦੇ
ਪੁਲ ਹੋਵੇ ਤਾਂ ਵੇਖਾਂ ਓਸ ਖਲਾਰੇ ਨੂੰ।
ਅੱਜ ਦੇ ਜ਼ਮਾਨੇ ਵਿੱਚ ਚੰਗਾ ਸ਼ਾਇਰ ਉਹ ਮੰਨਿਆ ਜਾਂਦਾ ਹੈ ਜੋ ਸਮਾਜ ਵਾਸਤੇ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਏ। ਉਹਦੀਆਂ ਖਰਾਬੀਆਂ ਨੂੰ ਦੂਰ ਕਰਨ ਦੇ ਯਤਨ
ਕਰਦਾ ਜਾਂ ਕਰਨਾ ਚਾਹੁੰਦਾ ਏ। ਸੁਫਨੇ ਵੇਖਦਾ ਇੱਕ ਚੰਗੇਰੀ ਦੁਨੀਆਂ ਦੇ। ਜੇ ਕਿਤੇ ਕੋਈ ਤਹਿਰੀਕ (ਅੰਦੋਲਨ) ਹੋਵੇ ਤਾਂ ਨਾਲ ਨਾਲ ਆਪ ਵੀ ਟੁਰ ਪਵੇ। ਲੋੜ ਪਵੇ ਤਾਂ ਪਹਿਲੇ ਮੋਰਚੇ ਅੱਪੜ ਕੇ ਹਥਿਆਰ ਚੁੱਕ ਲਵੇ। ਤੀਸਰੀ ਦੁਨੀਆਂ ਵਿੱਚ ਏਸੇ ਤਰ੍ਹਾਂ ਸ਼ਾਇਰ ਸਿਆਸਤ ਬਾਰੇ ਪੂਰੀ ਬਿੜਕ ਰੱਖਦਾ ਏ। ਬੰਦੂਕ ਚੁੱਕ ਆਪਣੇ ਲੋਕਾਂ ਖਾਤਰ ਲੜਦਾ ਵੀ ਏ। ਜਾਨ ਵੀ ਦਿੰਦਾ, ਸਾਡੇ ਏਥੇ ਸ਼ਾਇਰ ਦੀ ਕਿਸਮਤ ਮਾੜੀ ਏ। ਉਹਨੂੰ ਬਹੁਤ ਕੁਝ ਕਰਨ ਨੂੰ ਮਿਲਦਾ ਨਹੀਂ। ਬੜੇ ਦਿਨਾਂ ਤੋਂ ਏਥੇ ਲੋਕਾਂ ਵੱਲੋਂ ਕੋਈ ਤਹਿਰੀਕ (ਲਹਿਰ) ਨਹੀਂ। ਜਾਗ੍ਰਿਤੀ ਘੱਟ ਗਈ ਏ। ਤਬਕਾਤੀ (ਸ਼੍ਰੇਣਕ) ਜੰਗ ਦੀ ਥਾਂ ਖਾਨਾ ਜੰਗੀ ਵਧ ਜਾਣ ਦਾ ਮਤਲਬ ਲੋਕਾਂ ਵਿੱਚ ਸ਼ਊਰ (ਸੂਝ) ਦੀ ਤਾਕਤ ਥੁੜਦੀ ਏ। ਦੁਸ਼ਮਣ ਬਹੁਤਾ ਚਲਾਕ ਹੋ ਚੁੱਕਾ। ਹੁਣ ਉਹ ਕਰੇ ਤਾਂ ਕੀ ਕਰੇ? ਲੋਕਾਂ ਦੇ ਮਨ ਦੀਆਂ ਗੱਲਾਂ ਕਰਦਾ ਕਦੇ ਕਦੇ ਆਪਣੇ ਮਨ ਨਾਲ ਬਾਤਾਂ ਪਾਉਂਦਾ। ਹੋਰ ਚਾਰਾ ਵੀ ਕੋਈ ਨਹੀਂ।
ਕਾਲੀ ਰਾਤ ਧਰਤੀ ਉੱਤੇ ਜੁਗਨੂੰ ਨਾ ਜੋਤ। ਅਸਮਾਨੇ ਤਾਰਾ ਕੋਈ ਨਹੀਂ। ਮਨ ਵਿਚਾਰਾ ਕੀ ਦੱਸੇ। ਫਿਰ ਵੀ ਕਿਸੇ ਕੀਮੀਆਗਰ (ਰਸਾਇਣ-ਵਿਗਿਆਨੀ) ਦੀ ਸਲਾਹ ਤਾਂ ਦੇ ਈ ਸਕਦਾ। ਖਾਰੇ ਪਾਣੀ ਨੂੰ ਸ਼ਹਿਦ ਬਣਾ ਛੱਡੇ, ਤਾਂ ਬਸਤੀ ਦੇ ਲੋਕਾਂ ਦੀ ਤਰੇਹ ਲੱਥ ਜਾਵੇਗੀ।
ਬਾਬਾ ਨਜਮੀ ਆਪਣੇ ਮੁਲਕ ਦੇ ਹਾਕਮਾਂ ਦੇ ਵਤੀਰੇ ਨਾਲ ਰਾਜ਼ੀ ਨਹੀਂ। ਇਸੇ ਤਰਾਂ ਲੋਕਾਂ ਵਿੱਚ ਨਫਸਾ ਨਫਸੀ (ਇੱਛਾਵਾਂ) ਵੇਖਦਾ। ਕੱਲ੍ਹ ਦੀ ਫਿਕਰ ਕਿਸੇ ਨੂੰ ਨਹੀਂ। ਰਸਤਾ ਮੰਜ਼ਿਲ ਕਿਸੇ ਨੂੰ ਯਾਦ ਨਹੀਂ। ਵੇਲੇ ਦੀ ਅੱਖ ਦਾ ਇਸ਼ਾਰਾ ਵੇਖ ਕੇ ਕੋਈ ਨਾਲ ਰਲਦਾ ਏ ਨਾ ਟੁਰਦਾ ਏ। ਕੰਧ ਤੇ ਲਿਖੇ ਨੂੰ ਪੜ੍ਹਨ ਦੀ ਥਾਂ ਕਿਸੇ ਦੀ ਤਕਦੀਰ ਨੂੰ ਹੱਥਕੜੀ ਲਾਈ ਫਿਰਦਾ ਏ।
ਚੌਕਾਂ ਦੇ ਵਿੱਚ ਮੱਥੇ ਭਿੜਦੇ ਉਹਨਾਂ ਦੇ
ਜਿਹੜੇ ਲੋਕ ਨਈਂ ਤੱਕਦੇ, ਲਾਲ ਇਸ਼ਾਰੇ ਨੂੰ
ਫੇਰ ਉਦੋਂ ਸਮਾਜ ਦੀਆਂ ਵਿਰੋਧਤਾਈਆਂ ਪੈਰ ਪੈਰ 'ਤੇ ਅਤੇ ਪਲ ਪਲ ਸਾਹਮਣੇ ਆਉਂਦੀਆਂ ਨੇ। ਇੱਕ ਹਸਾਸ (ਸੰਵੇਦਨਸ਼ੀਲ) ਸ਼ਾਇਰ ਲਈ ਅਜ਼ਾਬ (ਦੁੱਖ) ਬਣ ਜਾਂਦੇ ਹਨ।
- ਉਹਨਾਂ ਦਾ ਵੀ ਤੂਈਓਂ ਰੱਬ ਏ, ਇਹਦਾ ਅੱਜ ਜਵਾਬ ਤਾਂ ਦੇ
ਈਦਾਂ ਵਾਲੇ ਦਿਨ ਵੀ ਜਿਹੜੇ, ਕਰਨ ਦਿਹਾੜੀ ਜਾਂਦੇ ਨੇ
- ਜਿਹਨਾਂ ਦੇ ਗਲ ਲੀਰਾਂ ਪਈਆਂ, ਉਹਨਾਂ ਵੱਲੇ ਤੱਕਦੇ ਨਈਂ
ਕਬਰਾਂ ਉੱਤੇ ਤਿੱਲੇ ਜੜੀਆਂ ਚੱਦਰਾਂ ਚਾੜ੍ਹੀ ਜਾਂਦੇ ਨੇ
ਏਸ ਵੱਡੇ ਤਜ਼ਾਦ (ਟਕਰਾ) ਵਾਲੇ ਸਮਾਜ ਵਿੱਚ ਉਹਦਾ ਆਪਣਾ ਕਿਰਦਾਰ ਵੀ ਇੱਕ ਇਕਾਈ ਨਹੀਂ ਰਹਿ ਜਾਂਦਾ। ਉਹ ਆਪਣੇ ਆਪ ਨੂੰ ਟੋਟੇ ਹੋਣ ਤੋਂ ਬਚਾਉਣ ਲਈ ਉਸ ਨੂੰ ਫਰਕ ਕਰਨਾ ਪੈਂਦਾ ਏ। ਇੱਕ ਪਾਸੇ ਉਹਦੀ ਸ਼ਾਇਰੀ ਹੀਰ ਦੇ ਹੁਸਨ ਦੀ ਖੈਰ ਮਨਾਉਂਦੀ ਏ। ਦੂਜੇ ਪਾਸੇ ਕੈਦੋਂ ਵਰਗੇ ਚੋਰਾਂ ਨੂੰ ਮਾਰ ਮੁਕਾਉਣਾ ਚਾਹੁੰਦੀ ਹੈ। ਕਦੇ ਕਦੇ ਆਪਣੇ ਆਪ ਨੂੰ ਬਚਾਉਣ ਲਈ ਗੈਰ ਨੂੰ ਮਾਰਨਾ ਜ਼ਰੂਰੀ ਹੁੰਦੈ। ਸੋਈ ਸਾਡਾ ਬਾਬਾ ਆਪਣੇ ਹੰਸਾਂ, ਮੋਰਾਂ, ਕੋਇਲਾਂ ਤੇ ਮਮੋਲੀਆਂ ਲਈ ਸ਼ਹਿਦ ਮਿੱਠੇ ਫੁੱਲ, ਮੁਲਾਇਮ ਅੱਖਰ ਇਕੱਠੇ ਕਰਦਾ ਏ। ਅੱਖਰ ਜੋ ਬੋਲਦੇ ਗਾਉਂਦੇ ਸ਼ਿਅਰ ਕਹਿੰਦੇ ਦਿਲ ਰਾਜ਼ੀ ਰੱਖਦੇ ਨੇ। ਪਰ
ਜਿੱਥੇ ਕਿਤੇ ਇੱਲਾਂ, ਗਿਰਝਾਂ, ਭਰੀਆਂ ਦੀ ਬਸਤੀ ਹੋਵੇ, ਉਹ ਪੱਥਰ ਇਕੱਠੇ ਕਰਦਾ ਹੈ। ਖ਼ੈਰ ਤੇ ਖੂਬਸੂਰਤੀ ਨੂੰ ਗੀਤ ਸੁਣਾਉਂਦਾ। ਬਦੀ ਤੇ ਬਦਸੂਰਤੀ ਨੂੰ ਪੱਥਰ ਮਾਰਦਾ ਬਾਬਾ ਨਜਮੀ ਅਸਲ ਨਸਲ ਪੰਜਾਬੀ ਸ਼ਾਇਰ ਏ। ਹਸਬ ਨਸਬ ਤੋਂ ਸਾਈਂ ਲੋਕ। ਉਹਦੀ ਸ਼ਾਇਰੀ ਦਾ ਇੱਕ ਲਫਜ਼ ਵੀ ਬਨਾਉਟੀ ਨਹੀਂ। ਉਹਦਾ ਤਬਕਾ ਵੀ ਬਾਂਝ ਤਬਕਾ ਨਹੀਂ। ਸਗੋਂ ਪੈਦਾਵਾਰੀ ਤਬਕਾ ਏ। ਏਸੇ ਕਰਕੇ ਉਹ ਅਜਿਹੇ ਸ਼ਿਅਰ ਕਹਿ ਸਕਦਾ ਏ।
ਇਹ ਵੀ ਸ਼ਗਨਾਂ ਨਾਲ ਵਿਆਹੀ ਹੋਵੇਗੀ
ਸਿਰ ਤੇ ਜਿਹੜੀ ਪੱਥਰ ਚੱਕੀ ਜਾਂਦੀ ਏ।
ਨਵੇਂ ਮਨੁੱਖ ਦੀ ਨਵੀਂ ਸੋਚ ਤੇ ਨਵੇਂ ਜੀਵਨ ਮੂਜਬ ਦਾਨਸ਼ (ਸਿਆਣਪ) ਤੇ ਮਿਹਨਤ ਦਾ ਮਿਲਾਪ ਇੱਕ ਸੱਚੀ ਕਦਰ ਏ। ਦਰਬਾਰੀ ਤੇ ਦਰਬਾਰਦਾਰੀ ਕਰਨ ਵਾਲੇ ਏਸ ਕਦਰ ਨੂੰ ਪਛਾਣ ਨਹੀਂ ਸਕਦੇ, ਪਰ ਉਹ ਆਪ ਸੰਗ ਸਾਰ (ਪੱਥਰ ਮਾਰਨ ਦੇ) ਕੀਤੇ ਜਾਣ ਦੇ ਕਾਬਿਲ ਜ਼ਰੂਰ ਨੇ। ਨਜਮੀ ਦੀਆਂ ਤਸਬੀਹਾਂ (ਅਲੰਕਾਰ) ਤੇ ਬਿੰਬ ਬੜੇ ਖਰੇ ਹਨ। ਮਿਹਨਤਕਸ਼ ਤੇ ਸੱਚੇ ਦਾਨਸ਼ਵਰਾਂ (ਬੁੱਧੀਜੀਵੀ) ਨੂੰ ਉਹ ਧਰਤੀ ਦੇ ਸੁਨਿਆਰੇ ਆਖਦਾ ਬੜਾ ਚੰਗਾ ਲਗਦਾ ਏ।
ਇਨਸਾਨੀਅਤ ਨਾਲ ਸੱਚਲ ਦਾਨਸ਼ਵਰੀ ਨਾਲ ਉਹ ਬੜੀ ਸਾਂਝ ਰੱਖਦਾ ਏ। ਪੰਜਾਬ ਵੰਡਿਆ ਗਿਆ, ਪਰ ਤਵਾਰੀਖ ਦੀ ਸਾਂਝ, ਭਗਤ ਸਿੰਘ, ਦੁੱਲਾ ਭੱਟੀ, ਅਹਿਮਦ ਖਰਲ ਵੀ ਹੈਨ ਤੇ ਅੱਗੋਂ ਫਰੀਦ, ਨਾਨਕ, ਵਾਰਸ, ਬੁੱਲ੍ਹੇ ਸ਼ਾਹ ਵੀ। ਜ਼ੁਬਾਨ ਦੀ ਕੈਦ, ਨਾ ਵੇਲੇ ਦੀ ਰੋਕ। ਫੈਜ਼ ਫਿਰਾਕ ਤੇ ਜਾਲਿਬ ਹੈਗੇ ਨੇ। ਉਹ ਆੜੀ ਹਨ। ਸਿਬਤੇ-ਹਸਨ, ਜੋਸ਼ ਤੇ ਦਾਮਨ ਪੀਰ, ਭਰਾ ਲੱਗਦੇ ਨੇ। ਏਸੇ ਤਰ੍ਹਾਂ ਸੱਚਲ, ਵਾਰਸ, ਤੇ ਭੱਟਾਈਂ ਇਕੋ ਰਾਹ ਦੇ ਰਾਹੀਂ। ਬਾਬਾ ਨਜਮੀਂ ਦੇ ਪਿਆਰੇ ਹੋਏ। ਭਗਤ ਸਿੰਘ ਤੇ ਭੁੱਟੋ ਨੂੰ ਯਾਦ ਕਰਦਾ ਬਾਬਾ ਨਜਮੀਂ ਹੈਦਰ ਬਖਸ਼ ਜੈਤੋਈ ਨੂੰ ਭੁੱਲਦਾ ਨਈਂ। ਇੱਕ ਕਾਫਲਾ ਹੈ, ਤਹਿਜ਼ੀਬ ਦੇ ਰਖਵਾਲੇ ਤੇ ਧਰਤੀ ਦੇ ਸੁਨਿਆਰੇ ਅੱਗੜ ਪਿੱਛੜ ਤੁਰੇ ਜਾਂਦੇ ਨੇ। ਹਿੰਮਤਾਂ ਹਸਤੀਆਂ ਵਾਲੇ ਹੋਰ ਵੀ ਹੋਣਗੇ। ਨਾਲ ਨਾਲ ਪਿੱਛੇ ਟੁਰਦੇ ਜਾ ਕੇ ਰਲ ਜਾਣਗੇ। ਇਨਸਾਨੀਅਤ ਦਾ ਕਾਫਲਾ ਵਧੇਗਾ, ਅੱਗੇ ਹੋਰ, ਅੱਗੇ।
(ਸ਼ਾਹਮੁਖੀ ਤੋਂ ਗੁਰਮੁਖੀ ਲਿੱਪੀ)
ਹਰਭਜਨ ਸਿੰਘ ਹੁੰਦਲ
ਲੋਕ-ਕਵੀ : ਬਾਬਾ ਨਜਮੀ
ਪਾਕਿਸਤਾਨ ਦੇ ਪੰਜਾਬੀ ਸ਼ਾਇਰ ਬਾਬਾ ਨਜਮੀ ਦੀ ਸ਼ਾਇਰੀ ਨਾਲ ਮੇਰਾ ਰਿਸ਼ਤਾ ਬਹੁਤਾ ਪੁਰਾਣਾ ਨਹੀਂ। ਉਹ ਮੈਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਕਰਵਾਈ ਗਈ ਗਿਆਰ੍ਹਵੀਂ ਕੌਮੀ ਪੰਜਾਬੀ ਕਾਨਫਰੰਸ ਦੇ ਸਮੇਂ ਮਾਰਚ 1992 ਵਿੱਚ ਦਿੱਲੀ ਵਿੱਚ ਮਿਲਿਆ ਸੀ। ਉਸ ਵਕਤ ਉਸ ਨੇ ਮੈਨੂੰ ਆਪਣੇ ਕਲਾਮ ਦਾ ਪਹਿਲਾ ਮਜਮੂਆ "ਅੱਖਰਾਂ ਵਿੱਚ ਸਮੁੰਦਰ" 1990 ਭੇਂਟ ਕੀਤਾ ਸੀ। ਉਸ ਨਾਲ ਸਰਸਰੀ ਗੁਫ਼ਤਗੂ ਵੀ ਹੁੰਦੀ ਰਹੀ ਸੀ ਤੇ ਕਾਨਫਰੰਸ ਨਾਲ ਸਬੰਧਤ ਕਰਵਾਏ ਗਏ ਮੁਸ਼ਹਿਰੇ ਵਿੱਚ ਉਸ ਨਾਲ ਨਜ਼ਮ ਪੜਨ ਦਾ ਸ਼ਰਫ਼ ਵੀ ਹਾਸਿਲ ਹੋਇਆ ਸੀ। ਦਿੱਲੀਓਂ ਵਾਪਸ ਘਰ ਆ ਕੇ ਮੈਂ ਉਸ ਦੇ ਕਲਾਮ ਨੂੰ ਗਹੁ ਨਾਲ ਪੜ੍ਹਿਆ ਤੇ ਇਹ ਵੇਖ ਕੇ ਖਾਸਾ ਮੁਤਾਸਰ ਹੋਇਆ ਕਿ ਉਹ ਪਾਕਿਸਤਾਨ ਦੇ ਅਵਾਮ ਦੀਆਂ ਤਕਲੀਫਾਂ ਤੇ ਦੁਸ਼ਵਾਰੀਆਂ ਕਿੰਨੇ ਸਾਫ਼ ਤੇ ਸਾਦਾ ਢੰਗ ਨਾਲ ਤੇ ਸਰਲ ਜ਼ੁਬਾਨ ਵਿੱਚ ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕਰਦਾ ਸੀ। ਉਸ ਦੀ ਲਿਖਤ ਨੂੰ ਪੜ੍ਹਨ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਉਹ ਮੇਰਾ ਹਮਸਫ਼ਰ ਸ਼ਾਇਰ ਹੈ ਤੇ ਅਸੀਂ ਦੋਵੇਂ ਕਵੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਅਵਾਮ ਦੇ ਦੁੱਖ-ਦਰਦ ਨੂੰ ਆਪਣੇ ਆਪਣੇ ਤਰੀਕੇ ਨਾਲ ਪੇਸ਼ ਕਰ ਰਹੇ ਸੀ।
ਫਿਰ ਜਦੋਂ ਕੁਝ ਮਹੀਨਿਆਂ ਬਾਅਦ ਮਤਲਬ ਕਿ ਜੁਲਾਈ 92 ਵਿੱਚ ਤਰੱਕੀ-ਪਸੰਦ, ਅਵਾਮੀਂ ਤੇ ਗੈਰ-ਮਜ਼ਬੀ ਨਿਸ਼ਾਨਿਆਂ ਨੂੰ ਲੈ ਕੇ, 'ਚਿਰਾਗ', ਤਿਮਾਹੀ ਦੀ ਛਪਾਈ ਸ਼ੁਰੂ ਹੋਈ ਤਾਂ ਬਾਬੇ ਨਜਮੀ ਦੀ ਸ਼ਾਇਰੀ ਨੂੰ ਪੰਜਾਬੀ ਪਾਠਕਾਂ ਸਾਹਮਣੇ ਪੇਸ਼ ਕਰਨ ਦੀ ਮਨਸ਼ਾ ਨਾਲ ਅਸੀਂ ਉਸ ਦੇ ਕਲਾਮ ਦੇ ਚੋਣਵੇਂ ਨਮੂਨੇ ਪੇਸ਼ ਕੀਤੇ ਤਾਂ ਸਾਡੇ ਭਾਰਤੀ ਪੰਜਾਬੀ ਪਾਠਕਾਂ ਨੇ ਇਸ ਸ਼ਾਇਰ ਦੇ ਕਲਾਮ ਨੂੰ ਬੇਹੱਦ ਪਸੰਦ ਕੀਤਾ ਅਤੇ ਜਦੋਂ ਬਾਬੇ ਨਜਮੀਂ ਦੀ ਉਹ ਨਜ਼ਮ, ਜੋ ਉਸ ਨੇ ਵਜ਼ੀਰੇ-ਤਾਲੀਮ ਦੇ ਬਿਆਨ ਦੇ ਪ੍ਰਤੀਕਰਮ ਵਜੋਂ ਲਿੱਖੀ ਸੀ, ਚਿਰਾਗ ਦੇ ਜੁਲਾਈ ਸਤੰਬਰ 1995 ਦੇ ਸ਼ੁਮਾਰੇ ਵਿੱਚ ਛਾਇਆ ਹੋਈ ਅਤੇ ਸਾਡੇ ਚੜ੍ਹਦੇ ਪੰਜਾਬ ਦੇ ਵਜ਼ੀਰੇ-ਤਾਲੀਮ ਦੇ ਖਿਲਾਫ਼ ਕੀਤੇ ਗਏ ਮੁਜ਼ਾਹਰਿਆਂ ਤੇ ਇਕੱਠਾਂ ਵਿੱਚ ਪੜ੍ਹ ਕੇ ਸੁਣਾਈ ਗਈ ਤਾਂ ਬਾਬੇ ਨਜਮੀ ਦਾ ਨਾਂ ਏਧਰਲੇ ਅਵਾਮ ਤੀਕ ਪਹੁੰਚ ਗਿਆ। ਕਿਸੇ ਵੀ ਸ਼ਾਇਰ ਲਈ ਇਸ ਤਰ੍ਹਾਂ ਦੋਹਾਂ ਪੰਜਾਬਾਂ ਵਿੱਚ ਮਕਬੂਲ ਹੋ ਜਾਣਾ ਵੱਡੇ ਫ਼ਖ਼ਰ ਦੀ ਗੱਲ ਹੈ। ਉਸ ਨਜ਼ਮ ਦੇ ਕੁਝ ਮਿਸਰੇ ਸਨ।
ਨਿੰਦਿਆ ਮੇਰੀ ਮਾਂ ਬੋਲੀ ਦੀ ਕਰ ਕੇ ਤੂੰ
ਦਿੱਤੀ ਆਪਣੀ ਜਾਤ ਵਿਖਾ, ਓਏ ਸ਼ੀਦੇ ਸ਼ਾਹ।
ਮੇਰਾ ਵਿਰਸਾ ਝੱਲਿਆ ਵਾਂਗ ਸਮੁੰਦਰ ਦੇ
ਆਪਣੇ ਵਿਹੜੇ ਝਾਤੀ ਪਾ ਓਏ ਸ਼ੀਦੇ ਸ਼ਾਹ।
(ਸੋਚਾਂ ਵਿੱਚ ਜਹਾਨ -79)
ਹਾਲੀ ਤੀਕ ਬਾਬੇ ਦੇ ਕਲਾਮ ਦੇ ਦੋ ਮਜਮੂਏ 'ਅੱਖਰਾਂ ਵਿੱਚ ਸਮੁੰਦਰ' (1998) ਦੇ 'ਸੋਚਾਂ ਵਿੱਚ ਜਹਾਨ' (1995) ਛਾਇਆ ਹੋਏ ਨੇ ਤੇ ਦੋਵਾਂ ਕਿਤਾਬਾਂ ਦੇ ਸਿਰ ਤੇ ਉਸ ਨੂੰ ਜੋ ਮਕਬੂਲੀਅਤ ਹਾਸਿਲ ਹੋਈ ਏ, ਇਹ ਕਈ ਸ਼ਾਇਰਾਂ ਨੂੰ ਆਪਣੀ ਹਯਾਤੀ ਵਿੱਚ ਕਈ ਕਈ ਕਿਤਾਬਾਂ ਛਾਪਣ ਦੇ ਬਾਅਦ ਵੀ ਨਸੀਬ ਨਹੀਂ ਹੁੰਦੀ। ਆਖ਼ਰ ਇਸ ਅਮਲ ਦੀ ਵਜ੍ਹਾ ਕੀ ਹੈ? ਅਤੇ ਏਸੇ ਇੱਕ ਸਵਾਲ ਦੇ ਜਵਾਬ ਵਿੱਚ ਉਸ ਦੀ ਮਕਬੂਲੀਅਤ ਦਾ ਰਾਜ਼ ਛੁਪਿਆ ਹੋਇਆ ਹੈ।
ਬਾਬਾ ਲੋਕਾਂ ਦਾ ਸ਼ਾਇਰ ਹੈ। ਉਹ ਗ਼ਰੀਬ ਦੁਖਿਆਰੇ, ਲਿਤਾੜੇ, ਕੁਚਲੇ ਹੋਏ ਅਤੇ ਹਰ ਜਗ੍ਹਾ ਦਬਾਏ ਤੇ ਲੁੱਟੇ ਜਾ ਰਹੇ ਅਵਾਮ ਦੀ ਜ਼ੁਬਾਨ ਬਣਦਾ ਹੈ। ਉਹ ਕਾਮਿਆਂ, ਕਿਸਾਨਾਂ, ਦਿਹਾੜੀਦਾਰਾਂ ਤੇ ਮੁਜ਼ਾਰਿਆਂ ਦੀ ਲੁਟ-ਖਸੁੱਟ ਤੇ ਦੁਸ਼ਵਾਰੀਆਂ ਦਾ ਜ਼ਿਕਰ ਬੜੀ ਜੁਰਅਤ ਤੇ ਬੇਬਾਕੀ, ਨਾਲ ਕਰਦਾ ਹੈ। ਉਹ ਆਪਣੀ ਹਮਦਰਦੀ ਦਾ ਖੁੱਲ੍ਹ ਕੇ ਇਜ਼ਹਾਰ ਕਰਦਾ ਹੈ ਤੇ ਕਿਸੇ ਵੀ ਕਿਸਮ ਦੇ ਜਬਰ ਨੂੰ ਬਰਦਾਸ਼ਤ ਨਹੀਂ ਕਰਦਾ। ਸਾਥ ਸਾਥ ਉਹ ਇਸ ਇਜ਼ਹਾਰ ਨੂੰ ਸਰਲ, ਸੌਖੀ, ਪਰ ਠੁਕਦਾਰ ਤੇ ਨਰੋਈ ਪੰਜਾਬੀ ਜ਼ੁਬਾਨ ਦੇ ਜ਼ਰੀਏ ਕਰਦਾ ਹੈ। ਇਸ ਪ੍ਰਸੰਗ ਵਿੱਚ ਉਹ ਚਿੱਲੀ ਦੇ ਕੌਮਾਂਤਰੀ ਤਰੱਕੀ-ਪਸੰਦ ਸ਼ਾਇਰ ਪਾਬਲੋ ਨੇਰੂਦਾ ਦੀ ਪਰਖ ਉੱਤੇ ਪੂਰਾ ਉਤਰਦਾ ਹੈ "ਕਵਿਤਾ (ਸ਼ਾਇਰੀ) ਗਰੀਬਾਂ ਦੀ ਆਵਾਜ਼ ਬਣੇਗੀ, ਅਨਪੜ੍ਹਾਂ ਦੀ ਵੀ, ਤਾਂ ਕਿ ਜੋ ਮਜ਼ਦੂਰੀ ਉਹਨਾਂ ਕੋਲੋਂ ਖੋਹੀ ਗਈ ਹੈ, ਵਾਪਸ ਲਈ ਜਾ ਸਕੇ।"
ਬਾਬਾ ਪਾਕਿਸਤਾਨੀ ਪੰਜਾਬ ਵਿੱਚ ਉਸਤਾਦ ਦਾਮਨ ਦੀ ਅਵਾਮੀਂ ਸ਼ਾਇਰੀ ਦੀ ਰਵਾਇਤ ਨੂੰ ਅੱਗੇ ਤੋਰ ਰਿਹਾ ਹੈ ਅਤੇ ਨਾਲ ਦੇ ਨਾਲ ਉਹ ਉਰਦੂ ਦੇ ਮਰਹੂਮ ਅਵਾਮੀਂ ਸ਼ਾਇਰ ਹਬੀਬ ਜਾਲਿਬ ਦੀ ਜੁਰਅਤ-ਮੰਦ ਤੇ ਸਾਦਾ ਸਾਫ ਤੇ ਸੁੱਚੀ ਸ਼ਾਇਰੀ ਦੀ ਰਵਾਇਤ ਤੋਂ ਬੇਹੱਦ ਮੁਤਾਸਰ ਸੀ। ਬਾਬਾ ਆਪਣੀਆਂ ਇੱਕ ਦੋ ਨਜ਼ਮਾਂ ਵਿੱਚ ਇਹਨਾਂ ਸ਼ਾਇਰਾਂ ਪ੍ਰਤੀ ਆਪਣੀ ਅਕੀਦਤ ਦਾ ਇਜ਼ਹਾਰ ਵੀ ਕਰਦਾ ਹੈ।
ਕੀਹਦੇ ਸਿਰ ਤੇ ਹੁਣ ਮੈਂ ਰੱਖਾਂ 'ਦਾਮਨ' ਵਾਲੀ ਪੱਗ
ਕੀਹਦੇ ਅੱਗੇ ਹੁਣ ਮੈਂ ਲਾਵਾਂ ਮਾਂ ਬੋਲੀ ਦਾ ਵੱਗ
ਵਿੱਚ ਮੈਦਾਨੇ ਗੱਜਣ ਵਾਲਾ 'ਦਾਮਨ' ਮਰਿਆ ਅੱਜ
ਠਰਦੇ ਜੁੱਸਿਆਂ ਦੇ ਲਈ ਕਿਹੜਾ ਹੁਣ ਬਾਲੇਗਾ ਅੱਗ
(ਅੱਖਰਾਂ ਵਿੱਚ ਸਮੁੰਦਰ - ਸਫਾ 88)
ਇਸ ਤਰ੍ਹਾਂ ਹੀ ਬਾਬਾ, ਹਬੀਬ ਜਾਲਿਬ ਦੀ ਮੌਤ ਤੇ ਅਫਸੋਸ ਜ਼ਾਹਿਰ ਕਰਦਾ ਰਹਿੰਦਾ ਹੈ।
ਕੌਣ ਕਰੇਗਾ ਖਰੀਆਂ ਗੱਲਾਂ, ਤੇਰੇ ਬਾਅਦ
ਸੁੱਕ ਨਾ ਜਾਵਣ ਹਰੀਆਂ ਵੱਲਾਂ ਤੇਰੇ ਬਾਅਦ
ਬਾਲਾਂਗਾ ਮੈਂ ਦੀਵੇ 'ਜਾਲਿਬ' ਤੇਰੀ ਸਹੁੰ
ਵਿੱਚ ਹਨੇਰੇ, ਵਿੱਚ ਖਡੱਲਾਂ ਤੇਰੇ ਬਾਅਦ।
ਤੇਰੇ ਵਰਗਾ ਇਕ ਵੀ ਸ਼ਹਿਰ 'ਚ ਦਿਸਦਾ ਨਹੀਂ
ਜਾਲਿਬ ਜਿਸ ਦੇ ਨਾਲ ਮੈਂ ਚੱਲਾਂ ਤੇਰੇ ਬਾਅਦ
(ਸੋਚਾਂ ਵਿੱਚ ਜਹਾਨ, ਸਫਾ 183)
ਸਾਫ਼ ਹੈ ਕਿ 'ਜਾਲਿਬ' ਤੇ ਦਾਮਨ ਦੀ ਵਫ਼ਾਤ ਤੋਂ ਬਾਅਦ, ਅਵਾਮੀਂ ਸ਼ਾਇਰੀ ਦੀ ਰਵਾਇਤ ਨੂੰ ਅੱਗੇ ਤੋਰਨ ਤੇ ਵਿਕਸਤ ਕਰਨ ਦਾ ਕੰਮ ਬਾਬੇ ਨਜਮੀਂ ਵਰਗੇ ਜੁਰਅਤਮੰਦ ਸ਼ਾਇਰ ਦੇ ਮੋਢਿਆਂ 'ਤੇ ਆ ਪਿਆ ਹੈ ਅਤੇ ਉਹ ਇਹ ਜ਼ਿੰਮੇਵਾਰੀ ਬਾਖੂਬੀ ਸਿਰੇ ਚਾੜ੍ਹਨ ਦੇ ਕਾਬਿਲ ਹੈ। ਕਿਉਂਕਿ ਅਵਾਮ ਦੀ ਗੱਲ ਕਰਨ ਵਾਲੀ ਤੇ ਉਹਨਾਂ ਦਾ ਸਾਥ ਦੇਣ ਵਾਲੀ ਸ਼ਾਇਰੀ ਹਕੂਮਤ ਦੇ ਕਹਿਰ ਦਾ ਸ਼ਿਕਾਰ ਹੁੰਦੀ ਹੈ ਤੇ ਕਵੀ ਨੂੰ ਅਕਸਰ ਹੀ ਜੇਲ੍ਹ-ਯਾਤਰਾ ਕਰਨੀ ਪੈਂਦੀ ਹੈ। ਪਰ ਅਵਾਮ ਦਾ ਸਾਥ ਦੇਣ ਵਾਲਾ ਸ਼ਾਇਰ ਕਦੇ ਚੁੱਪ ਨਹੀਂ ਰਹਿ ਸਕਦਾ। "ਏਤੀ ਮਾਰ ਪਈ ਕਰਲਾਣੈ, ਤੈਂ ਕੀ ਦਰਦ ਨਾ ਆਇਆ" ਗੁਰੂ ਨਾਨਕ ਦੇ ਹਵਾਲੇ ਨਾਲ ਸ਼ਾਇਰ ਅਵਾਮ ਦੇ ਦਰਦ ਨੂੰ ਦਿਲਾਸਾ ਤੇ ਹੌਸਲਾ ਦਿੰਦਾ ਹੈ। ਜਰਮਨ ਕਵੀ ਤੇ ਨਾਟਕਕਾਰ ਬ੍ਰੈਖਤ ਕਹਿੰਦਾ ਹੈ।
"ਤੈਨੂੰ ਵੇਖ ਕੇ, ਚੰਗੇ ਲੋਕਾਂ ਦੀਆਂ ਅੱਖਾਂ ਹੈਰਾਨੀ ਤੇ ਚਮਕ ਨਾਲ ਭਰ ਜਾਂਦੀਆਂ ਹਨ ਤੇ ਬੁਰੇ ਲੋਕਾਂ ਦੀਆਂ ਅੱਖਾਂ ਦਹਿਸ਼ਤ ਨਾਲ। ਮੈਂ ਚਾਹਾਂਗਾ ਕਿ ਮੇਰੀ ਕਵਿਤਾ ਬਾਰੇ ਵੀ ਇਹੀ ਕਿਹਾ ਜਾਵੇ।" (ਬ੍ਰੈਖ਼ਤ)
ਬਾਬੇ ਦੀ ਸ਼ਾਇਰੀ ਦੇ ਮੁਤਾਲਿਆ ਤੋਂ ਬਾਅਦ ਇਹ ਗੱਲ ਸਾਫ਼ ਦਿਸ ਪੈਂਦੀ ਹੈ ਕਿ ਲੋਕਾਂ ਨਾਲ ਹਕੂਮਤ ਵੱਲੋਂ ਕੀਤੇ ਜਾਂਦੇ ਹਰ ਜਬਰ ਸਮੇਂ ਉਹ ਚੁੱਪ ਨਹੀਂ ਰਿਹਾ ਸਗੋਂ ਖੁੱਲ੍ਹ ਕੇ ਬੋਲਿਆ ਹੈ। ਸੱਚੀ ਸ਼ਾਇਰੀ ਕਹਿਣ ਲਈ, ਕਵੀ ਨੂੰ ਅਵਾਮ ਦਾ ਸਾਥ ਦੇਣਾ ਹੁੰਦਾ ਹੈ। ਇਸ ਦੇ ਵਾਸਤੇ ਦਲੇਰੀ ਤੇ ਕੁਰਬਾਨੀ ਦੀ ਜ਼ਰੂਰਤ ਪੈਂਦੀ ਹੈ।
ਬਾਬਾ ਪਾਕਿਸਤਾਨੀ ਆਵਾਮ ਦੇ ਦੁਸ਼ਮਣਾਂ ਨੂੰ ਖੂਬ ਪਛਾਣਦਾ ਹੈ। ਸਰਮਾਏਦਾਰ, ਜਗੀਰਦਾਰ, ਫੌਜ, ਅਮਰੀਕੀ ਸਾਮਰਾਜ ਤੇ ਮਜ਼ਹਬੀ ਜਨੂੰਨੀ ਤੇ ਮੂਲਵਾਦੀ ਅਵਾਮ
ਦੇ ਵੱਡੇ ਦੁਸ਼ਮਣ ਹਨ। ਬਾਬੇ ਨੇ ਇਹਨਾਂ ਅਵਾਮ-ਦੁਸ਼ਮਣਾਂ ਦੀ ਸ਼ਨਾਖਤ ਕਰਕੇ, ਇਹਨਾਂ ਦੇ ਬਰਖਿਲਾਫ ਜਾਨਦਾਰ ਨਜ਼ਮਾਂ ਲਿਖੀਆਂ ਹਨ।
ਦੇਵੇ 'ਬੁਸ਼' ਬਹਾਦਰ ਜਿਹੜਾ
ਸਾਨੂੰ ਹੁਕਮ ਸੁਣਾਵੇ ਬੁੱਢਾ
ਭਰ ਕੇ ਛੱਜ ਪਤਾਸੇ ਵੰਡਾਂ
ਸਾਡੇ ਸਿਰ ਤੋਂ ਜਾਵੇ ਬੁੱਢਾ।
(ਸੋਚਾਂ ਵਿੱਚ ਜਹਾਨ -ਸਫਾ 72)
ਅਤੇ
ਖੁੱਲ੍ਹ-ਮਖੁੱਲ੍ਹਾ ਕਿੰਝ ਫਿਰਾਂ
ਗੱਲ ਜ਼ੰਜੀਰ ਅਮਰੀਕਾ ਦੀ
ਮਿੱਟੀ ਕਰਕੇ ਛੱਡਾਂਗਾ
ਹਰ ਤਦਬੀਰ ਅਮਰੀਕਾ ਦੀ
(ਸਫਾ 158)
ਪਾਕਿਸਤਾਨ ਦੇ ਪੰਜਾਬੀ ਸੂਬੇ ਵਿੱਚ ਤਾਲੀਮ ਦਾ ਜ਼ਰੀਆ, ਪੰਜਾਬੀ ਨਹੀਂ, ਸਗੋਂ ਉਰਦੂ ਹੈ। ਪੰਜਾਬੀ ਲਈ ਇਸ ਦਾ ਬਣਦਾ ਹੱਕ ਮਨਵਾਣ ਲਈ, ਪੰਜਾਬੀ ਅਦੀਬ ਤੇ ਦਾਨਸ਼ਵਰ ਪਿਛਲੇ ਪੰਜਾਹ ਸਾਲਾਂ ਤੋਂ ਜੱਦੋ-ਜਹਿਦ ਕਰਦੇ ਆ ਰਹੇ ਹਨ। ਪਰ ਪੰਜਾਬੀ-ਵਿਰੋਧੀ ਲਾਬੀ ਦੇ ਤਾਕਤਵਰ ਹੋਣ ਕਾਰਨ ਕਾਮਯਾਬੀ ਨਹੀਂ ਮਿਲ ਪਾ ਰਹੀ। ਪੰਜਾਬੀ ਜ਼ੁਬਾਨ ਦੀ ਗੱਲ ਕਰਨ ਵਾਲਿਆਂ ਦੀ ਵਤਨ-ਪ੍ਰਸਤੀ ਤੇ ਸ਼ੱਕ ਕੀਤਾ ਜਾ ਰਿਹਾ ਹੈ। ਬਾਬਾ ਵੀ ਪੰਜਾਬੀ ਦਾ ਵੱਡਾ ਸ਼ਾਇਰ ਹੀ ਨਹੀਂ, ਸਗੋਂ ਅਲਮ-ਬਰਦਾਰ ਵੀ ਹੈ। ਉਸ ਨੇ ਪੰਜਾਬੀ-ਹਮਾਇਤੀ ਤਹਿਰੀਕ ਦੇ ਹੱਕ ਵਿੱਚ ਨਜਮਾਂ ਲਿਖ ਕੇ ਵੀ ਰਚਨਾਤਮਿਕ ਹਿੱਸਾ ਪਾਇਆ ਹੈ। ਉਸ ਦੇ ਦੋਵਾਂ ਮਜਮੂਇਆਂ ਵਿੱਚ ਅਜਿਹੀਆਂ ਕਈ ਨਜ਼ਮਾਂ ਹਨ।
ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ
ਝੱਖੜਾਂ ਦੇ ਵਿੱਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ
ਜਿਹੜੇ ਆਖਣ ਵਿੱਚ ਪੰਜਾਬੀ ਵੁਅਸਤ ਨਹੀਂ, ਤਹਿਜ਼ੀਬ ਨਹੀਂ
ਪੜ੍ਹ ਕੇ ਵੇਖਣ, 'ਵਾਰਸ', 'ਬੁੱਲ੍ਹਾ', 'ਬਾਹੂ', 'ਲਾਲ' ਪੰਜਾਬੀ ਦਾ।
ਹੱਥ ਹਜ਼ਾਰਾਂ ਵਧ ਕੇ ਬਾਬਾ, ਘੁੱਟ ਦਿੰਦੇ ਨੇ ਮੇਰਾ ਮੂੰਹ
ਪਰ੍ਹਿਆ ਦੇ ਵਿੱਚ ਜਦ ਵੀ ਚੁਕਨਾ, ਕੋਈ ਸਵਾਲ ਪੰਜਾਬੀ ਦਾ।
(ਅੱਖਰਾਂ ਵਿੱਚ ਸਮੁੰਦਰ- ਸਫ਼ਾ 32)