

ਗ਼ਜ਼ਲਾਂ
1
ਅੱਗ ਵੀ ਹਿੰਮਤੋਂ ਬਹੁਤੀ ਦਿੱਤੀ, ਫਿਰ ਵੀ ਭਾਂਡੇ ਪਿੱਲੇ ਰਹੇ।
ਭਾਂਬੜ ਜਹੀਆਂ ਧੁੱਪਾਂ ਵਿੱਚ ਵੀ, ਮੇਰੇ ਲੀੜੇ ਗਿੱਲੇ ਰਹੇ।
ਦੋਸ਼ ਦਿਓ ਨਾ ਝੱਖੜਾਂ ਉੱਤੇ, ਸਿਰ ਤੋਂ ਉੱਡੇ ਤੰਬੂਆਂ ਦਾ,
ਕਿੱਲੇ ਠੀਕ ਨਈਂ ਠੋਕੇ ਖੋਰੇ, ਸਾਥੋਂ ਰੱਸੇ ਢਿੱਲੇ ਰਹੇ।
ਏਧਰ ਗੱਭਰੂ ਲਾਸ਼ਾਂ ਡਿੱਗੀਆਂ, ਸੀਨੇ ਪਾਟੇ ਮਾਵਾਂ ਦੇ,
ਓਧਰ ਠੀਕ ਨਿਸ਼ਾਨੇ ਬਦਲੇ, ਲਗਦੇ ਤਗਮੇਂ ਬਿੱਲੇ ਰਹੇ।
ਮੈਂ ਵੀ ਧੀ ਸੀ ਡੋਲੇ ਪਾਉਣੀ, ਸੂਹਾ ਜੋੜਾ ਲੈਣ ਗਿਆ,
ਵੇਖ ਕੇ ਮੇਰੀ ਹਾਲਤ ਵੱਲੇ, ਹਸਦੇ ਗੋਟੇ ਤਿੱਲੇ ਰਹੇ।
ਰਸਤਾ, ਪੈਂਡਾ, ਵੇਲਾ ਇੱਕੋ, ਮੰਜ਼ਿਲ ਉੱਤੇ ਅਪੜਨ ਦਾ,
ਪਿੱਟਣਗੇ ਤਕਦੀਰਾਂ ਬਹਿ ਕੇ, ਜ਼ਰਾ ਵੀ ਜਿਹੜੇ ਸਿੱਲ੍ਹੇ ਰਹੇ।
ਇੱਕ ਦਿਹਾੜੇ ਬੱਦਲ ਵੱਸਿਆ, ਜਸ਼ਨ ਮਨਾਇਆ ਚੌਧਰੀਆਂ,
ਝੁੱਗੀਆਂ ਦੇ ਫਿਰ ਕਈ ਦਿਹਾੜੇ, ਬਾਲਣ ਚੁੱਲੇ ਸਿੱਲ੍ਹੇ ਰਹੇ।
ਸਾਡਾ ਹਾਲ ਵੀ ਪੁੱਛਣ ਜੋਗੀ, ਉਹਨਾਂ ਪੱਲੇ ਫੁਰਸਤ ਨਈਂ,
ਜਿਹਨਾਂ ਦੀ ਤੰਗ ਦਸਤੀ ਦੇ ਲਈ, 'ਬਾਬਾ' ਕੱਟਦੇ ਛਿੱਲੇ ਰਹੇ।
-0-