

ਲੋਕ-ਕਵੀ : ਬਾਬਾ ਨਜਮੀ
ਪਾਕਿਸਤਾਨ ਦੇ ਪੰਜਾਬੀ ਸ਼ਾਇਰ ਬਾਬਾ ਨਜਮੀ ਦੀ ਸ਼ਾਇਰੀ ਨਾਲ ਮੇਰਾ ਰਿਸ਼ਤਾ ਬਹੁਤਾ ਪੁਰਾਣਾ ਨਹੀਂ। ਉਹ ਮੈਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਕਰਵਾਈ ਗਈ ਗਿਆਰ੍ਹਵੀਂ ਕੌਮੀ ਪੰਜਾਬੀ ਕਾਨਫਰੰਸ ਦੇ ਸਮੇਂ ਮਾਰਚ 1992 ਵਿੱਚ ਦਿੱਲੀ ਵਿੱਚ ਮਿਲਿਆ ਸੀ। ਉਸ ਵਕਤ ਉਸ ਨੇ ਮੈਨੂੰ ਆਪਣੇ ਕਲਾਮ ਦਾ ਪਹਿਲਾ ਮਜਮੂਆ "ਅੱਖਰਾਂ ਵਿੱਚ ਸਮੁੰਦਰ" 1990 ਭੇਂਟ ਕੀਤਾ ਸੀ। ਉਸ ਨਾਲ ਸਰਸਰੀ ਗੁਫ਼ਤਗੂ ਵੀ ਹੁੰਦੀ ਰਹੀ ਸੀ ਤੇ ਕਾਨਫਰੰਸ ਨਾਲ ਸਬੰਧਤ ਕਰਵਾਏ ਗਏ ਮੁਸ਼ਹਿਰੇ ਵਿੱਚ ਉਸ ਨਾਲ ਨਜ਼ਮ ਪੜਨ ਦਾ ਸ਼ਰਫ਼ ਵੀ ਹਾਸਿਲ ਹੋਇਆ ਸੀ। ਦਿੱਲੀਓਂ ਵਾਪਸ ਘਰ ਆ ਕੇ ਮੈਂ ਉਸ ਦੇ ਕਲਾਮ ਨੂੰ ਗਹੁ ਨਾਲ ਪੜ੍ਹਿਆ ਤੇ ਇਹ ਵੇਖ ਕੇ ਖਾਸਾ ਮੁਤਾਸਰ ਹੋਇਆ ਕਿ ਉਹ ਪਾਕਿਸਤਾਨ ਦੇ ਅਵਾਮ ਦੀਆਂ ਤਕਲੀਫਾਂ ਤੇ ਦੁਸ਼ਵਾਰੀਆਂ ਕਿੰਨੇ ਸਾਫ਼ ਤੇ ਸਾਦਾ ਢੰਗ ਨਾਲ ਤੇ ਸਰਲ ਜ਼ੁਬਾਨ ਵਿੱਚ ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕਰਦਾ ਸੀ। ਉਸ ਦੀ ਲਿਖਤ ਨੂੰ ਪੜ੍ਹਨ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਉਹ ਮੇਰਾ ਹਮਸਫ਼ਰ ਸ਼ਾਇਰ ਹੈ ਤੇ ਅਸੀਂ ਦੋਵੇਂ ਕਵੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਅਵਾਮ ਦੇ ਦੁੱਖ-ਦਰਦ ਨੂੰ ਆਪਣੇ ਆਪਣੇ ਤਰੀਕੇ ਨਾਲ ਪੇਸ਼ ਕਰ ਰਹੇ ਸੀ।
ਫਿਰ ਜਦੋਂ ਕੁਝ ਮਹੀਨਿਆਂ ਬਾਅਦ ਮਤਲਬ ਕਿ ਜੁਲਾਈ 92 ਵਿੱਚ ਤਰੱਕੀ-ਪਸੰਦ, ਅਵਾਮੀਂ ਤੇ ਗੈਰ-ਮਜ਼ਬੀ ਨਿਸ਼ਾਨਿਆਂ ਨੂੰ ਲੈ ਕੇ, 'ਚਿਰਾਗ', ਤਿਮਾਹੀ ਦੀ ਛਪਾਈ ਸ਼ੁਰੂ ਹੋਈ ਤਾਂ ਬਾਬੇ ਨਜਮੀ ਦੀ ਸ਼ਾਇਰੀ ਨੂੰ ਪੰਜਾਬੀ ਪਾਠਕਾਂ ਸਾਹਮਣੇ ਪੇਸ਼ ਕਰਨ ਦੀ ਮਨਸ਼ਾ ਨਾਲ ਅਸੀਂ ਉਸ ਦੇ ਕਲਾਮ ਦੇ ਚੋਣਵੇਂ ਨਮੂਨੇ ਪੇਸ਼ ਕੀਤੇ ਤਾਂ ਸਾਡੇ ਭਾਰਤੀ ਪੰਜਾਬੀ ਪਾਠਕਾਂ ਨੇ ਇਸ ਸ਼ਾਇਰ ਦੇ ਕਲਾਮ ਨੂੰ ਬੇਹੱਦ ਪਸੰਦ ਕੀਤਾ ਅਤੇ ਜਦੋਂ ਬਾਬੇ ਨਜਮੀਂ ਦੀ ਉਹ ਨਜ਼ਮ, ਜੋ ਉਸ ਨੇ ਵਜ਼ੀਰੇ-ਤਾਲੀਮ ਦੇ ਬਿਆਨ ਦੇ ਪ੍ਰਤੀਕਰਮ ਵਜੋਂ ਲਿੱਖੀ ਸੀ, ਚਿਰਾਗ ਦੇ ਜੁਲਾਈ ਸਤੰਬਰ 1995 ਦੇ ਸ਼ੁਮਾਰੇ ਵਿੱਚ ਛਾਇਆ ਹੋਈ ਅਤੇ ਸਾਡੇ ਚੜ੍ਹਦੇ ਪੰਜਾਬ ਦੇ ਵਜ਼ੀਰੇ-ਤਾਲੀਮ ਦੇ ਖਿਲਾਫ਼ ਕੀਤੇ ਗਏ ਮੁਜ਼ਾਹਰਿਆਂ ਤੇ ਇਕੱਠਾਂ ਵਿੱਚ ਪੜ੍ਹ ਕੇ ਸੁਣਾਈ ਗਈ ਤਾਂ ਬਾਬੇ ਨਜਮੀ ਦਾ ਨਾਂ ਏਧਰਲੇ ਅਵਾਮ ਤੀਕ ਪਹੁੰਚ ਗਿਆ। ਕਿਸੇ ਵੀ ਸ਼ਾਇਰ ਲਈ ਇਸ ਤਰ੍ਹਾਂ ਦੋਹਾਂ ਪੰਜਾਬਾਂ ਵਿੱਚ ਮਕਬੂਲ ਹੋ ਜਾਣਾ ਵੱਡੇ ਫ਼ਖ਼ਰ ਦੀ ਗੱਲ ਹੈ। ਉਸ ਨਜ਼ਮ ਦੇ ਕੁਝ ਮਿਸਰੇ ਸਨ।