ਇਸ ਧਰਤੀ ਦਾ ਕੋਈ ਵੀ ਬੰਦਾ ਇੱਕ ਦੂਜੇ ਤੋਂ ਰੁੱਸੇ ਨਾ
(ਸਫਾ- 132)
ਬਾਬਾ ਨਜਮੀ ਦੇ ਪਹਿਲੇ ਮਜਮੂਏ ਵਿੱਚ ਗਜ਼ਲਾਂ ਵਧੇਰੇ ਹਨ ਤੇ ਨਜ਼ਮਾਂ ਬਰਾਏ ਨਾਮ। ਉਹ ਫਾਰਸੀ ਅਰਬੀ ਦੀਆਂ ਮੁਸ਼ਕਿਲ ਬਹਿਰਾਂ ਦਾ ਇਸਤੇਮਾਲ ਨਹੀਂ ਕਰਦਾ। ਉਸ ਦੀਆਂ ਬਹਿਰਾਂ ਪੰਜਾਬੀ ਦੀਆਂ ਰਵਾਇਤੀ ਲੋਕਲ ਬਹਿਰਾਂ ਹਨ। ਵਧੇਰੇ ਗ਼ਜ਼ਲਾਂ ਵਿੱਚ ਤਗਜ਼ਲ ਦਾ ਰੰਗ ਹਲਕਾ ਹੈ ਤੇ ਸਪਾਟ-ਬਿਆਨੀ ਭਾਰੂ ਹੈ। ਉਹ ਪੰਜਾਬੀ ਦੇ ਠੇਠ ਪੇਂਡੂ (ਦਿਹਾਤੀ) ਮੁਹਾਵਰੇ ਦੀ ਵਰਤੋਂ ਬੜੀ ਸੁਘੜਤਾ (ਕਾਮਯਾਬੀ) ਨਾਲ ਕਰਦਾ ਹੈ। ਲੇਕਿਨ ਉਸ ਦੀਆਂ ਗ਼ਜ਼ਲਾਂ ਵਿੱਚ ਉਰਦੂ ਗਜ਼ਲ ਵਰਗੀ ਨਾਜ਼ੁਕ-ਬਿਆਨੀ, ਗਹਿਰਾਈ ਤੇ ਪੁਖ਼ਤਗੀ ਨਹੀਂ। ਇਸ ਵਿੱਚ ਰਮਜ਼ ਦੀ ਘਾਟ ਹੈ ਤੇ ਇਹਨਾਂ ਵਿੱਚ ਮਾਅਨੇ ਬਹੁ-ਪਰਤਾਂ ਵਾਲੇ ਨਹੀਂ। ਬਾਬੇ ਦੀ ਗ਼ਜ਼ਲ ਦੀ ਤਾਕਤ ਉਸ ਦੀ ਜੁਰਅਤ ਬਿਆਨੀ, ਸੁਹਿਰਦਤਾ ਤੇ ਸਰਲਤਾ ਵਿੱਚ ਹੈ। ਉਂਝ ਉਸ ਦੀ ਬਿੰਬਾਵਲੀ ਪੰਜਾਬੀ ਦੀ ਦਿਹਾਤੀ ਜ਼ਿੰਦਗੀ ਵਿੱਚੋਂ ਹੁੰਦੀ ਹੈ।
ਭਾਵੇਂ ਬਾਬਾ ਹੁਣ ਕਈ ਸਾਲਾਂ ਤੋਂ ਕਰਾਚੀ ਵਿੱਚ ਰਹਿ ਰਿਹਾ ਹੈ, ਪਰ ਉਸ ਦੇ ਪ੍ਰਤੀਕ ਤੇ ਬਿੰਬਾਵਲੀ ਪੰਜਾਬ ਦੀ ਪੇਂਡੂ ਜ਼ਿੰਦਗੀ ਵਿੱਚੋਂ ਹੀ ਆਉਂਦੇ ਹਨ। ਸਮੁੱਚੀ ਪਾਕਿਸਤਾਨੀ ਪੰਜਾਬੀ ਸ਼ਾਇਰੀ ਵਿੱਚ ਵੀ ਬਾਬੇ ਦਾ ਦਰਜਾ ਇੱਕ ਤਰੱਕੀ-ਪਸੰਦ ਅਵਾਮੀ ਸ਼ਾਇਰ ਦਾ ਹੈ, ਜਿਸ ਦੇ ਬੋਲ ਦੂਰੋਂ ਹੀ, ਹਨੇਰੇ ਵਿੱਚ ਵੀ ਪਛਾਣੇ ਜਾ ਸਕਦੇ ਹਨ। ਬਾਬੇ ਨਜਮੀਂ ਨੇ ਅਦਬ ਵਿੱਚ ਆਪਣੀ ਵੱਖਰੀ ਪਹਿਚਾਣ ਕਾਇਮ ਕਰ ਲਈ ਏ।
ਸ਼ੀਸ਼ ਮਹੱਲ ਦੀ ਵੰਡੀ ਉਤੋਂ ਕਿਹੜੀ ਨੇਰੀ ਝੁੱਲੇਗੀ
ਦੋਂਹ ਇੱਟਾਂ ਨੇ ਕਰ ਛੱਡੇ ਨੇ ਚਿੱਟੇ ਲਹੂ ਭਰਾਵਾਂ ਦੇ
(ਅੱਖਰਾਂ ਵਿੱਚ ਸਮੁੰਦਰ - ਸਫਾ 42)
ਤਿੱਤਰ-ਖੰਭੀ ਬਦਲੀ ਵਰਗੀ ਇਹ ਮਨਜ਼ੂਰ ਆਜ਼ਾਦੀ ਨਈਂ
ਬੋਲਣ ਦੀ ਆਜ਼ਾਦੀ ਦੇ ਕੇ, ਪਹਿਰੇ ਗਲੀਆਂ ਰਾਹਾਂ ਵਿੱਚ
(ਸਫਾ- 94)
ਹੁਣ ਤੱਕ ਸਾਰੀ ਦੁਨੀਆ ਬਾਬਾ, ਤੇਰੀ ਜੂਹ ਵਿੱਚ ਆ ਜਾਂਦੀ
ਮੁਸਲਾ ਜੇ ਨਾ ਕੱਲਾ ਬਣਦਾ, ਦਾਹਵੇਦਾਰ ਮਦੀਨੇ ਦਾ
(ਸੋਚਾਂ ਵਿੱਚ ਜਹਾਨ - ਸਫ਼ਾ 20)
ਅੱਲਾ ਅੱਲਾ ਕਰਦਾ ਵੀ ਉਹ ਡੁੱਬ ਗਿਆ
ਵੇਖੇ ਕਰਮ ਸਹਾਰੇ ਕਿੰਨੇ ਪਾਣੀ ਵਿੱਚ
(ਸਫਾ- 95)
ਉਹਦੀ ਹਿੱਕ 'ਚੋਂ ਫੁੱਟ ਨਈਂ ਸਕਦਾ, ਸੂਰਜ ਕਦੇ ਤਰੱਕੀ ਦਾ
ਲੱਥੇ ਲੀੜੇ ਪਾ ਕੇ ਜਿਹੜਾ ਰਾਜ਼ੀ ਹੋ ਜਾਏ ਲੋਕਾਂ ਦੇ।
(ਅੱਖਾਂ ਵਿੱਚ ਸਮੁੰਦਰ - ਸਫ਼ਾ 68)
ਰੂਸੀ ਚਿੰਤਕ ਬੈਲਿੰਸਕੀ ਅਵਾਮੀ ਸ਼ਾਇਰ ਦੀ ਖਾਸੀਅਤ ਬਿਆਨ ਕਰਦਾ ਆਖਦਾ ਹੈ, "ਲੋਕਾਂ ਦੇ ਕਵੀ ਦੀ ਅਹਿਮੀਅਤ ਇਸ ਬਾਤ ਵਿੱਚ ਹੈ ਕਿ ਕਿਤਨੀ ਭਰਪੂਰਤਾ ਨਾਲ ਉਸ ਦੀ ਸ਼ਖ਼ਸੀਅਤ ਆਪਣੀ ਕੌਮ ਦੀ ਰੂਹ ਨੂੰ ਅਕਸਦੀ ਹੈ।" ਅਤੇ
"ਕਵਿਤਾ ਤਾਂ ਹੀ ਸੱਚੀ ਕਵਿਤਾ ਹੈ ਜੇ ਇਹ ਲੋਕਾਂ ਨਾਲ ਆਪਣੀ ਨੇੜਤਾ ਦੀ ਤਸਦੀਕ ਕਰਦੀ ਹੈ।" ਬਾਬੇ ਨਜਮੀ ਦੀ ਸ਼ਾਇਰੀ ਵਿੱਚ ਪਾਕਿਸਤਾਨ ਦੇ ਅਵਾਮ ਦੀ ਰੂਹ ਧੜਕਦੀ ਹੈ। ਉਹ ਅਵਾਮ ਦੇ ਦੁੱਖਾਂ, ਦੁਸ਼ਵਾਰੀਆਂ ਨਾਲ ਦੋਸਤੀ ਪਾ ਕੇ ਵਫ਼ਾ ਨਿਭਾਉਂਦਾ ਹੈ। ਉਸ ਦੀ ਸਾਦਗੀ ਵਿੱਚ ਹੀ, ਉਸ ਦੀ ਖੂਬਸੂਰਤੀ ਹੈ। ਮਾਡਰਨ ਸ਼ਾਇਰੀ ਆਪਣੇ ਅਹਿਸਾਸਾਂ ਨੂੰ ਬੁਝਾਰਤ ਬਣਾ ਕੇ ਪੇਸ਼ ਕਰਨ ਦੀ ਬਨਾਵਟੀ ਕੋਸ਼ਿਸ਼ ਕਰਦੀ ਹੈ, ਪਰ ਅਵਾਮੀ ਸ਼ਾਇਰੀ, ਆਮ ਲੋਕਾਂ ਨਾਲ ਆਪਣੇ ਰਿਸ਼ਤੇ ਨੂੰ ਪੱਕਾ-ਪੀਡਾ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ।
"ਹਰ ਨਵੀਂ ਕਵਿਤਾ ਵਿੱਚ ਰੋਜ਼ ਦੇ ਰੋਜ਼ ਹੋਰ ਵਧੇਰੇ ਸਾਦਾ ਹੋਈ ਜਾਣਾ।" ਸਾਫ਼ ਹੈ ਕਿ ਬਾਬੇ ਦੀ ਸ਼ਾਇਰੀ ਦੀ ਸਾਦਗੀ ਵਿੱਚ ਹੀ ਉਸ ਦੀ ਵਡਿਆਈ ਹੈ ਤੇ ਇਹ ਖਾਸੀਅਤ ਉਸ ਨੂੰ ਆਪਣੇ ਸਮਕਾਲੀ ਸ਼ਾਇਰਾਂ ਨਾਲੋਂ ਵੱਖਰਾ ਤੇ ਅਲਹਿਦਾ ਕਰਦੀ ਹੈ ਅਤੇ ਇਹੀ ਗੁਣ ਉਸਨੂੰ ਪੰਜਾਬੀ ਵਿੱਚ ਅਵਾਮੀ ਕਵੀ ਉਸਤਾਦ ਦਾਮਨ ਨਾਲ ਤੇ ਉਰਦੂ ਦੇ ਇਨਕਲਾਬੀ ਸ਼ਾਇਰ ਹਬੀਬ ਜਾਲਿਬ ਦੀ ਰਵਾਇਤ ਨਾਲ ਜੋੜਦੀ ਹੈ। ਬਾਬਾ ਇਹਨਾਂ ਦੋਹਾਂ ਪੰਜਾਬੀਆਂ ਦੇ ਵਿਰਸੇ ਨੂੰ ਨਵੇਂ ਵਕਤ ਦੇ ਨਵੇਂ ਤਕਾਜ਼ਿਆਂ ਨਾਲ ਅੱਗੇ ਲਿਜਾ ਰਿਹਾ ਹੈ। ਏਸੇ ਵਿੱਚ ਹੀ ਬਾਬੇ ਦੀ ਸ਼ਾਇਰੀ ਦੀ ਕਾਮਯਾਬੀ ਦਾ ਰਾਜ਼ ਹੈ।
ਗ਼ਜ਼ਲਾਂ ਤੋਂ ਇਲਾਵਾ, ਬਾਬੇ ਨੇ ਆਪਣੇ ਦੂਸਰੇ ਮਜਮੂਏ 'ਸੋਚਾਂ ਵਿੱਚ ਜਹਾਨ' ਦੇ ਆਖਰੀ ਹਿੱਸੇ ਵਿੱਚ ਕਾਫ਼ੀ ਸਾਰੀਆਂ ਨਜ਼ਮਾਂ ਵੀ ਸ਼ਾਮਲ ਕੀਤੀਆਂ ਹਨ, ਜਿਹਨਾਂ ਵਿੱਚੋਂ, 'ਭਗਤ ਸਿੰਘ', 'ਸੱਚੇ ਲੋਕ', 'ਬਾਬਾ ਨਜਮੀ ਰੋ' 'ਬਾਬਰੀ ਮਸਜਿਦ' ਆਦਿ ਬਹੁਤ ਹੀ ਜਾਨਦਾਰ ਨੇ, ਜਿਹਨਾਂ ਰਾਹੀਂ ਸ਼ਾਇਰ ਹੱਕ, ਸੱਚ, ਇਨਸਾਫ ਆਜ਼ਾਦੀ ਤੇ ਇਨਸਾਨ-ਦੋਸਤੀ ਦੇ ਸੱਚੇ ਸੁੱਚੇ ਜਜ਼ਬਿਆਂ ਦਾ ਇਜ਼ਹਾਰ ਕਰਦਾ ਹੈ।
ਬਾਬੇ ਦੀ ਸ਼ਾਇਰੀ ਰਿਆਸਤੀ ਇਹਜਾਜ਼ ਦੀ ਮੁਥਾਜ ਨਹੀਂ। ਉਸ ਦੇ ਕਦਰਦਾਨ ਅਵਾਮ ਨੇ । ਸਰਕਾਰੀ ਇਹਜਾਜ਼ਾਂ ਪਿੱਛੇ ਭੱਜਣ ਵਾਲਿਆਂ ਦਾ ਮਖੌਲ ਉਡਾਉਂਦਾ ਉਹ ਆਖਦਾ ਹੈ ;
ਮੈਂ ਵੀ ਝੂਠ ਬਥੇਰਾ ਲਿਖਨਾ ਮੈਨੂੰ ਵੀ ਇਹਜਾਜ਼ ਦਿਓ।
ਲੱਥੇ ਰਾਤ, ਸਵੇਰਾ ਲਿਖਨਾ, ਮੈਨੂੰ ਵੀ ਇਹਜਾਜ਼ ਦਿਓ।
(ਸੋਚਾਂ ਵਿੱਚ ਜਹਾਨ -ਸਫਾ 128)
ਬਾਬੇ ਦੀਆਂ ਅੱਖਾਂ ਵਿੱਚ ਸਮੁੰਦਰ ਦੀ ਡੂੰਘਾਈ ਹੈ ਤੇ ਸੋਚਾਂ ਵਿੱਚ ਸਾਰੇ ਜਹਾਨ ਦੀ ਲੋਕਾਈ ਦਾ ਦਰਦ ਹੈ। ਐਸੇ ਸ਼ਾਇਰਾਂ ਨੂੰ ਲੋਕਾਈ ਆਪਣੇ ਹੱਥਾਂ 'ਤੇ ਚੁੱਕ ਲੈਂਦੀ ਹੈ
ਤੇ ਦਿਲ ਦੇ ਕਰੀਬ ਕਰ ਕੇ ਰੱਖਦੀ ਹੈ।
ਪਾਕਿਸਤਾਨੀ ਅਵਾਮ ਦੇ ਜਦ ਦੋ ਹਿੱਸੇ ਆਪੋ ਵਿੱਚ ਲੜ ਲੜ ਮਰਦੇ ਨੇ ਤਾਂ ਉਹ ਬੇਬਸੀ ਦੇ ਅੱਥਰੂ ਵਹਾਉਂਦਾ ਕਿੰਨਾ ਲਾਚਾਰ ਵਿਖਾਈ ਦਿੰਦਾ ਹੈ।
ਚੱਲੀ ਗੋਲੀ ਵਿੱਚ ਭਰਾਵਾਂ, ਬਾਬਾ ਨਜਮੀ ਰੋ।
ਕਰਕੇ ਵੱਲ ਅਸਮਾਨਾਂ ਬਾਹਾਂ, ਬਾਬਾ ਨਜਮੀ ਰੋ।
(ਸੋਚਾਂ ਵਿੱਚ ਜਹਾਨ - ਸਫ਼ਾ 109)
'ਬਾਬਰੀ ਮਸਜਿਦ' ਦੇ ਢਾਹੇ ਜਾਣ ਉੱਤੇ ਜੋ ਪ੍ਰਤੀਕਰਮ ਸਾਰੀ ਦੁਨੀਆਂ ਦੇ ਮੁਸਲਮਾਨਾਂ ਵਿੱਚ ਹੋਇਆ ਤੇ ਉਸ ਦੇ ਸਿੱਟੇ ਵਜੋਂ ਮੁਸਲਮਾਨ ਫਿਰਕੂ ਜਨੂੰਨੀਆਂ ਨੇ ਬਾਹਰਲੇ ਦੇਸ਼ਾਂ ਵਿੱਚ ਮੰਦਰਾਂ ਨੂੰ ਸਾੜਿਆ ਫੂਕਿਆ, ਉਸ ਦਾ ਬਿਆਨ ਬਾਬੇ ਨੇ ਪੁਖ਼ਤਾ ਤੇ ਦਲੇਰ ਨਜ਼ਮ 'ਬਾਬਰੀ ਮਸਜਿਦ' ਵਿੱਚ ਕੀਤਾ ਹੈ।
ਰੱਬਾ ਮੈਨੂੰ ਗੁੰਗਾ ਕਰ ਦੇ
ਰੱਬਾ ਮੈਨੂੰ ਅੰਨ੍ਹਾ ਕਰ ਦੇ
ਰੱਬਾ ਮੈਨੂੰ ਡੌਰਾ ਕਰ ਦੇ
ਨਾਮ-ਨਿਹਾਦ ਇਹ ਬੰਦੇ ਤੇਰੇ
ਜੋ ਜੋ ਰੰਗ ਵਿਖਾਉਂਦੇ ਪਏ ਨੇ
ਸਿੱਧੇ ਸਾਦੇ ਸਾਦ-ਮੁਰਾਦੇ
ਲੋਕਾਂ ਨੂੰ ਮਰਵਾਉਂਦੇ ਪਏ ਨੇ
(ਸੋਚਾਂ ਵਿੱਚ ਜਹਾਨ -173)
ਫਿਰਕੂ ਜਨੂੰਨ ਤੇ ਨਫ਼ਰਤ ਦੀ ਅੰਨ੍ਹੀ ਹਨੇਰੀ ਵਿੱਚ ਵੀ ਬਾਬੇ ਦੇ ਪੈਰ ਡੋਲੇ, ਡਗਮਗਾਏ ਨਹੀਂ ਅਤੇ ਉਹ ਔਖੀ ਘੜੀ ਵਿੱਚ ਸਾਬਤ-ਕਦਮ ਰਹਿੰਦਾ ਹੋਇਆ ਇਨਸਾਨੀ ਅਜ਼ਮਤ ਤੇ ਸ਼ਾਨ ਨੂੰ ਬਰਕਰਾਰ ਰੱਖਦਾ ਹੈ। ਅਜਿਹੇ ਸ਼ਾਇਰ ਇਨਸਾਨੀ ਕਦਰਾਂ ਦੇ ਰਖਵਾਲੇ ਹੁੰਦੇ ਹਨ, ਜਿਹੜੇ ਮਨੁੱਖਾਂ ਨੂੰ ਚੱਲਦੀਆਂ ਗੋਲੀਆਂ ਤੇ ਝੁੱਲਦੇ ਤੂਫ਼ਾਨਾਂ ਵਿੱਚ ਵੀ, ਡੋਲਣ ਨਹੀਂ ਦਿੰਦੇ।
ਬਾਬਾ ਨਜਮੀ ਲਹਿੰਦੇ ਪੰਜਾਬ ਦੀ ਪੰਜਾਬੀ ਸ਼ਾਇਰੀ ਦਾ ਮਾਣ ਹੀ ਨਹੀਂ, ਉਸ ਉੱਤੇ ਅਸੀਂ ਚੜ੍ਹਦੇ ਪੰਜਾਬ ਦੇ ਅਦੀਬ ਵੀ ਓਨਾ ਹੀ ਮਾਣ ਮਹਿਸੂਸ ਕਰਦੇ ਹਾਂ। ਉਸ ਨੂੰ ਪੰਜਾਬੀ ਹੋਣ ਉੱਤੇ ਮਾਣ ਹੈ। ਉਹ ਆਜ਼ਾਦੀ ਸੰਗਰਾਮ ਦੇ ਸਿਰਲੱਥ ਸੂਰਮਿਆਂ ਨੂੰ ਯਾਦ ਕਰਦਾ, ਸਾਂਝੇ ਡੁੱਲ੍ਹੇ ਲਹੂ ਦੀ ਗੱਲ ਕਰਦਾ ਹੈ। ਐਸੇ ਸ਼ਾਇਰ ਰੋਜ਼ ਰੋਜ਼ ਨਹੀਂ ਜੰਮਦੇ ਹੁੰਦੇ। ਆਪਣਾ ਇਹ ਤਬਸਰਾ ਮੈਂ ਬਾਬੇ ਦੀ ਇਕ ਛੋਟੀ ਪਰ ਅਹਿਮ ਨਜ਼ਮ ਨਾਲ ਖ਼ਤਮ ਕਰਦਾ ਹਾਂ, ਜਿਸ ਦਾ ਨਾਂ ਹੈ, 'ਭਗਤ ਸਿੰਘ’
ਨੱਚਾਂ ਗਾਵਾਂ
ਭੰਗੜੇ ਪਾਵਾਂ
ਦੇਗਾਂ ਚਾੜ੍ਹਾਂ ਰਾਤ ਦਿਨੇਂ
ਮੇਰਾ ਪੁੱਤਰ, ਮੇਰੇ ਵੀਰ ਤੇ
ਆਪਣੇ ਤਾਏ ਭਗਤ ਸਿੰਘ ਦੇ
ਪੈਰਾਂ ਉੱਤੇ ਪੈਰ ਧਰੇ
ਮੇਰੀ ਪੂਰੀ ਆਸ ਕਰੇ !
(ਸੋਚਾਂ ਵਿੱਚ ਜਹਾਨ -ਸਫ਼ਾ 176)
ਮੈਨੂੰ ਬਾਬਾ ਨਜਮੀ ਦਾ ਤੀਸਰਾ ਕਾਵਿ-ਸੰਗ੍ਰਹਿ 'ਮੇਰਾ ਨਾ ਇਨਸਾਨ’ 2004 ਵਿੱਚ ਮੇਰੀ ਲਾਹੌਰ ਫੇਰੀ ਸਮੇਂ ਪ੍ਰਾਪਤ ਹੋਇਆ ਸੀ। ਦੋ ਸੌ ਪੰਨਿਆਂ ਦੇ ਇਸ ਕਾਵਿ-ਸੰਗ੍ਰਹਿ ਵਿੱਚ 1995 ਤੋਂ 2002 ਦੇ ਸਾਲਾਂ ਵਿੱਚਕਾਰ ਲਿਖੀਆਂ ਗਜ਼ਲਾਂ ਤੇ ਨਜ਼ਮਾਂ ਪੇਸ਼ ਹਨ। ਏਸੇ ਸੰਗ੍ਰਹਿ ਵਿੱਚ ਉਸ ਦੀਆਂ ਕੁਝ ਸ਼ਾਹਕਾਰ ਸਿਆਸੀ ਨਜ਼ਮਾਂ ਤੇ ਨਾਲ ਵਧੇਰੇ ਕਰ ਕੇ ਗਜ਼ਲਾਂ ਵੀ ਸ਼ਾਮਲ ਹਨ। ਜਿਹਨਾਂ ਵਿੱਚ ਉਸ ਦੀ ਸੁਪ੍ਰਸਿੱਧ ਤੇ ਸ਼ਾਹਕਾਰ ਨਜ਼ਮ "ਜਸ਼ਨੇ-ਪਾਕਿਸਤਾਨ ਮਨਾ" ਵੀ ਸ਼ਾਮਲ ਹੈ। ਬਾਬੇ ਦੇ ਤੀਸਰੇ ਕਾਵਿ-ਸੰਗ੍ਰਹਿ ਵਿੱਚ ਉਸ ਦਾ ਕਾਵਿ-ਮੁਹਾਵਰਾ ਬਦਲਦਾ ਨਹੀਂ, ਸਗੋਂ ਪਹਿਲਾ ਸਿਰਜਤ ਕਾਵਿ-ਅੰਦਾਜ਼ ਹੋਰ ਪਰਪੱਕ ਹੁੰਦਾ ਹੈ।
ਬਾਬੇ ਦੀਆਂ 2002 ਤੋਂ ਬਾਅਦ ਲਿਖੀਆਂ ਕਾਵਿ-ਰਚਨਾਵਾਂ ਅਜੇ ਤੀਕ ਕਿਸੇ ਕਾਵਿ-ਸੰਗ੍ਰਹਿ ਦੇ ਰੂਪ ਵਿੱਚ ਛਪ ਕੇ ਸਾਡੇ ਤੀਕ ਨਹੀਂ ਪਹੁੰਚੀਆਂ। ਦੋਵਾਂ ਪੰਜਾਬਾਂ ਵਿਚਲੀ ਉਸਦੀ ਹਰਮਨ ਪਿਆਰਤਾ ਤੇ ਮਕਬੂਲੀਅਤ ਦੇ ਸਨਮੁੱਖ ਅਦਾਰਾ ਪੰਜਾਬੀ ਸੱਥ ਲਾਂਬੜਾ ਨੇ ਉਸ ਦੀ ਚੋਣਵੀਂ ਕਵਿਤਾ ਨੂੰ ਲਿਪੀ-ਅੰਤਰਣ ਤੇ ਸੰਪਾਦਨ ਕਰਨ ਦਾ ਕਾਰਜ ਮੈਨੂੰ ਸੌਂਪਿਆ ਸੀ, ਜਿਸ ਨੂੰ ਸਿਰੇ ਚਾੜ੍ਹਦਿਆਂ ਮੈਨੂੰ ਖੁਸ਼ੀ ਹੋਈ ਹੈ। ਮੈਨੂੰ ਆਸ ਹੈ ਸਾਡੇ ਚੜ੍ਹਦੇ ਪੰਜਾਬ ਦੇ ਕਵਿਤਾ ਪ੍ਰੇਮੀ ਬਾਬੇ ਦੀ ਲੋਕਾਂ ਨੂੰ ਸਮਰਪਿਤ ਸ਼ਾਇਰੀ ਨੂੰ ਬੇਹੱਦ ਪਸੰਦ ਕਰਨਗੇ। ਸਾਡੇ ਏਧਰਲੇ ਪੰਜਾਬੀਆਂ ਲਈ ਬਾਬਾ ਹੁਣ ਨਾ ਹੀ ਨਵਾਂ ਨਾਂ ਹੈ ਤੇ ਨਾ ਹੀ ਓਪਰਾ ਹੈ। ਉਹ ਸਾਡੇ ਘਰ ਦਾ ਬੰਦਾ ਹੈ।
-ਹਰਭਜਨ ਸਿੰਘ ਹੁੰਦਲ
ਪਿੰਡ ਫੱਤੂ ਚੱਕ, ਡਾਕ ਘਰ ਢਿਲਵਾਂ
ਜ਼ਿਲ੍ਹਾ ਕਪੂਰਥਲਾ - 144804
ਫੋਨ: 01822-273188
ਅੱਖਰਾਂ ਵਿੱਚ ਸਮੁੰਦਰ
(ਭਾਗ ਪਹਿਲਾ)