

ਨਾਨਕ ਪ੍ਰਭ ਕੈ ਸਦ ਕੁਰਬਾਨ। । ੮ ॥੧੧।।
(ਸੁਖਮਨੀ)
ਆਹਾ। ਅਜ ਉਹ ਰਾਤ ਹੈ ਜੋ ਅਕਸਰ ਹਾਇ ਹਾਇ ਵਿਚ ਬੀਤਦੀ ਹੈ, ਉਹ ਰਾਤ ਹੈ ਜੋ ਅਤਿ ਕਸ਼ਟ ਦੇਂਦੀ ਹੈ, ਉਹ ਰਾਤ ਹੈ, ਜੋ ਡੰਗ ਮਾਰਦੀ ਹੈ, ਹਨੇਰੇ ਤੇ ਨਿਰਾਸਤਾ ਵਿਚ ਗਰਕ ਕਰਦੀ ਹੈ, ਪਰ ਸਤਿਸੰਗ ਦਾ ਪ੍ਰਤਾਪ, ਕਲਗੀਆਂ ਵਾਲੇ ਦੀ ਜੀਵਨ ਕਣੀ ਦੀ ਦਾਤ, ਸਾਹਿਬ ਰਾਮ ਕੌਰ ਦੇ ਰੱਬੀ ਪਿਆਰ ਤੇ ਗਿਆਨ ਦੇ ਵਰੋਸਾਉ, ਮਾਈ ਦੇਖੋ ਅਜ ਕਿੰਨਾ ਸੁਹਣੇ ਰੰਗਾਂ ਵਿਚ ਪਈ ਹੈ। ਸੁਖ ਹੀ ਸੁਖ ਭਾਸ ਰਿਹਾ ਹੈ ਤੇ ਐਉਂ ਹੋ ਰਿਹਾ ਹੈ, ਜਿੱਕੂ ਕੋਈ ਨਦੀ ਹਜ਼ਾਰਾਂ ਹਜ਼ਾਰ ਮੀਲ ਪੈਂਡਾ ਕਰਕੇ ਸਮੁੰਦ ਸ਼ਾਹ ਸੁਲਤਾਨ ਵਿਚ ਆਕੇ ਡਿਗ ਰਹੀ ਹੈ, ਸੰਗਮ-ਸੁਖ ਦੇ ਅਹਿਲਾਦ ਵਿਚ ਨਿਮਗਨ ਹੋ ਰਹੀ ਹੈ।
"ਕਬੀਰ ਜਿਸੁ ਮਰਨੈ ਤੇ ਜਗੁ ਡਰੈ ਮੇਰੇ ਮਨ ਆਨੰਦੁ।।
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨।।
(ਸ: ਕਬੀਰ)
ਦਾ ਨਕਸ਼ਾ ਬੱਝ ਰਿਹਾ ਹੈ। ਅੰਮ੍ਰਿਤ ਵੇਲਾ ਹੋ ਗਿਆ, ਸੁਖਮਨੀ ਸਾਹਿਬ ਦਾ ਪਾਠ ਬੜੀ ਮਧੁਰ ਧੁਨਿ ਵਿਚ ਆਰੰਭ ਹੋ ਗਿਆ। ਜਿਸ ਵੇਲੇ ੨੧ਵੀਂ ਅਸਟਪਦੀ ਆਈ-
"ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ। ।
ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ।।”
ਤਦ ਮਾਈ ਦਾ ਰੰਗ ਬਦਲ ਗਿਆ। ਅੱਖਾਂ ਐਉਂ ਖੁੱਲ੍ਹੀਆਂ ਕਿ ਕੋਈ ਨੂਰ ਦਾ ਬੁੱਕਾ ਛੁਟਦਾ ਹੈ, ਚਾਰ ਚੁਫੇਰੇ ਫਿਰੀਆਂ ਤੇ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਦਾ ਅਵਾਜ਼ਾ ਆਇਆ। ਫੇਰ ਨੈਣ ਬੰਦ ਹੋ ਗਏ, ਲਾਲੀ ਚਿਹਰੇ ਦੀ ਭਖਦੀ ਗਈ ਤੇ ਵਧਦੀ ਗਈ। ਜਦ "ਨਾਨਕ ਇਹ ਗੁਣ ਨਾਮੁ ਸੁਖਮਨੀ" ਕਹਿਕੇ ਪਾਠੀ ਸਿੰਘ ਨੇ ਸੀਸ ਨਿਵਾਇਆ, ਉਸ ਵੇਲੇ ਮਾਈ ਦੇ ਸੁਆਸ ਸਮਾਪਤ ਹੋ ਗਏ। ਚਿਹਰਾ ਗੂਹੜੇ ਕੇਸਰ ਦੀ ਭਿੰਨੀ ਖੁਸ਼ਬੂ ਤੇ ਰੰਗ ਦਾ ਹੋ ਗਿਆ। ਉਧਰ ਪਹੁ ਫੁੱਟੀ ਇਧਰ ਬੀਤ ਗਈ ਮਾਤਾ, ਅੰਤਰ-ਸੁਖ-ਪ੍ਰਾਪਤ ਮਾਤਾ ਦੀ ਸੱਤਵੀਂ ਰਾਤ, ਹਾਂ, ਉਹ ਰਾਤ ਜੇ ਨਾਮ ਰਸੀਆਂ ਲਈ ਭਾਗਭਰੀ ਰਾਤ ਤੇ ਜਗਤ ਵਿਚ ਪ੍ਰਾਣੀ ਲਈ ਸਭ ਤੋਂ ਔਖੀ ਰਾਤ।
"ਭਉਜਲੁ ਬਿਖਮੁ ਅਸਗਾਹੁ ਗੁਰਸਬਦੀ ਪਾਰ ਪਾਹਿ”
(ਰਾਮ ਵਾਰ-੯)
ਨੋਟ- ਜਗਤ ਵਿਚ ਮੌਤ ਨੇ ਤਾਂ ਮਗਰੋਂ ਲਹਿਣਾ ਹੀ ਨਹੀਂ ਤੇ ਪਿਆਰਿਆਂ ਦੇ ਵਿਛੋੜੇ ਸਦਾ ਤਾਜੇ ਹਨ।
ਸੋ ਇਹਨਾਂ ਰਾਤਾਂ ਵਿਚਲੇ ਉਪਦੇਸ਼ ਤੇ ਦਾਰੂ ਸਦੀਵ ਵਿਛੋੜੇ ਕੁੱਠਿਆਂ ਦੇ ਕਮ ਆਵਣ ਵਾਲੇ ਹਨ।] (ਬਾਬਾ ਨੇਪ ਸਿੰਘ ਵਿਚੋਂ, ਪੰਨਾ-੧੫੪)
- ਇਤਿ-