ਇਹ ਪਿਆਰ ਦਾ ਉਪਦੇਸ਼ ਸੁਣਕੇ ਸਭਰਾਈ ਸ਼ੁਕਰ ਵਿਚ ਆਈ ਤੇ ਛੇਤੀ ਨਾਲ ਤਿਆਰ ਹੋਕੇ ਬਾਬਾ ਜੀ ਨਾਲ ਤੁਰ ਪਈ ਤੇ ਸਤਿਸੰਗ ਵਿਚ ਅੱਪੜੀ। ਅੱਜ ਮਾਰੂ ਦੇ ਪ੍ਰਮਾਣ ਤੇ ਨੌਵੇਂ ਸਤਿਗੁਰਾਂ ਦੀ ਬਾਣੀ ਦੇ ਵਾਕ ਗਾਵੇਂ ਜਾ ਰਹੇ ਸੇ। ਵਾਰ ਦੇ ਭੋਗ ਮਗਰੋਂ ਕਥਾ ਵੀ ਇਸੇ ਵਿਸ਼ੇ ਤੇ ਹੋਈ ਕਿ ਜੀਵਨ ਪਵਿਤ੍ਰ, ਉਪਕਾਰੀ ਤੋ ਪਰਮੇਸ਼ੁਰ ਦੀ ਯਾਦ ਵਾਲਾ ਹੋਵੇ। ਮੌਤ ਬੁਰੀ ਸ਼ੈ ਨਹੀਂ, ਆਤਮਾ ਦਾ ਜਨਮ ਹੈ, ਪਿਆਰਿਆਂ ਦਾ ਮਰਨਾ ਵਿਛੋੜਾ ਹੈ, ਵਿਛੋੜੇ ਵਿਚ ਪੀੜ ਤਾਂ ਹੈ, ਪਰ ਓਹ ਵਿਛੋੜਾ ਸਦਾ ਦਾ ਨਹੀਂ ਹੈ। ਸਾਡਾ ਸਰੂਪ ਹੈ 'ਹੋਂਦ, ਸਾਡਾ ਰੂਪ 'ਅਣਹੋਂਦ' ਯਾ ਨਸ਼ਟ ਹੋਣਾ ਨਹੀਂ ਹੈ। ਹਾਂ, ਪਰ ਸਾਡਾ ਜੀਵਨ ਸਿਮਰਨ ਦਾ ਹੋਣਾ ਚਾਹੀਏ। ਸਭਰਾਈ ਦੇ ਆਤਮਾ ਵਿਚ ਸੰਸੋ, ਭੈ ਤੇ ਨਿਰਾਸਤਾ ਦੇ ਬੱਦਲਾਂ ਨੇ ਉਡਾਰੀ ਮਾਰੀ। ਬੀਬੀ ਦਾ ਮਨ ਸਿਮਰਨ ਵਿਚ ਰੋ ਬੰਨ੍ਹ ਟੁਰਿਆ। ਐਉਂ ਬੀਤੀ ਪਹਿਲੇ ਦੁਖ ਦੀ ਪਹਿਲੀ ਰਾਤ। ਸਤਿਸੰਗ ਦੇ ਪ੍ਰਤਾਪ ਨਾਲ ਮਾਈ ਦਾ ਸਿਮਰਨ ਫਿਰ ਅਡੋਲ ਹੋ ਗਿਆ।
ਆਨੰਦ ਪੁਰ ਖਬਰ ਘੋਲਕੇ ਪੁੱਤਰੀ ਨੂੰ ਲਾਹੌਰ ਸਦਕੇ ਅੱਖ ਦੇਣ ਦੀ ਥਾਂ ਆਪ ਮਾਈ ਆਨੰਦ ਪੁਰ ਟੂਰ ਗਈ। ਸਤਿਸੰਗੀ ਸਜਣ ਬੀ ਕੁਝ ਨਾਲ ਟੁਰ ਪਏ।