ਕੋਈ ਵੀ ਹਰਕਤ ਕਰਦੀ ਚੀਜ਼ ਓਨਾ ਚਿਰ ਹਰਕਤ ਵਿੱਚ ਰਹੇਗੀ, ਜਿੰਨਾ ਚਿਰ ਕੋਈ ਰੁਕਾਵਟ ਉਸ ਨੂੰ ਰੋਕਣ ਲਈ ਨਾ ਆਵੇ। ਚੰਨ, ਸੂਰਜ, ਤਾਰੇ ਅਤੇ ਗ੍ਰਹਿ ਕਿਸੇ ਦੇ ਚਲਾਏ ਹੋਏ ਨਹੀਂ ਚੱਲਦੇ; ਸਗੋਂ ਚਾਲ ਇਨ੍ਹਾਂ ਦਾ ਅਸਲਾ ਹੈ। ਧਰਮ ਦੇ ਆਗੂਆਂ ਨੂੰ ਇਹ ਗੱਲ ਪਸੰਦ ਨਾ ਆਈ। ਉਨ੍ਹਾਂ ਅਨੁਸਾਰ ਰੱਬ ਦੇ ਹੁਕਮ ਨਾਲ ਹਰ ਹਰਕਤ ਹੋ ਰਹੀ ਸੀ। ਗੈਲਿਲੀਓ ਨੂੰ ਧਰਮ ਅਦਾਲਤ ਸਾਹਮਣੇ ਖੜਾ ਕਰ ਦਿੱਤਾ ਗਿਆ। ਰੋਮ ਦੀ ਅਦਾਲਤ ਸਾਹਮਣੇ ਇਸ ਨੂੰ ਮੁਆਫੀ ਮੰਗਣੀ ਪਈ ਅਤੇ ਅੱਠ ਸਾਲ ਨਜ਼ਰਬੰਦੀ ਦੀ ਸਜ਼ਾ ਵੀ ਮਿਲੀ। ਤਾਂ ਵੀ ਇਨ੍ਹਾਂ ਵਿਚਾਰਾਂ ਨੂੰ ਹੱਲਾਸ਼ੇਰੀ ਮਿਲੀ ਕਿ ਧਰਤੀ ਗੋਲ ਹੈ; ਸੂਰਜ ਦੁਆਲੇ ਘੁੰਮਦੀ ਹੈ ਅਤੇ ਪਦਾਰਥਕ ਵਸਤੂਆਂ ਦੇ ਆਪਣੇ ਅਟੱਲ ਨੇਮ ਹਨ। ਕੱਟੜ ਧਰਮੀ ਲੋਕ ਗੈਲਿਲੀਓ ਦੀ ਦੂਰਬੀਨ ਰਾਹੀਂ ਵੇਖਣ ਨੂੰ ਪਾਪ ਸਮਝਦੇ ਸਨ। ਉਹ ਕਹਿੰਦੇ ਸਨ ਕਿ ਇਹ ਸੈਤਾਨੀ ਚੀਜ਼ ਹੈ, ਜੇ ਉਹ ਕੁਝ ਵਿਖਾਉਂਦੀ ਹੈ, ਉਹ ਅਸਲ ਵਿੱਚ 'ਹੋ' ਨਹੀਂ।
ਗੈਲਿਲੀਓ ਦਾ ਹੀ ਸਮਕਾਲੀ ਸੀ ਜਰਮਨੀ ਦਾ ਕੈਪਲਰ, ਜਿਸ ਨੇ ਇਹ ਦੱਸਿਆ ਕਿ ਗ੍ਰਹਿਆਂ ਦੇ ਰਸਤੇ ਗੋਲ ਨਹੀਂ, ਸਗੋਂ ਅੰਡਾਕਾਰ ਹਨ। ਇਹ ਵਿਚਾਰ ਵਿਰੋਧਾਂ ਦੇ ਬਾਵਜੂਦ ਅੱਗੇ ਤੁਰਦੀ ਰਹੀ ਅਤੇ ਅੰਗਰੇਜ਼ ਵਿਗਿਆਨੀ ਨਿਊਟਨ ਦੀਆਂ ਲੱਭਤਾਂ ਰਾਹੀਂ ਪਰਪੱਕਤਾ ਨੂੰ ਪੁੱਜ ਗਈ। ਇਸ ਨੇ ਵਿਗਿਆਨੀਆਂ ਦੇ ਨਵੇਂ ਵਿਚਾਰਾਂ ਅਤੇ ਧਾਰਮਿਕ ਵਿਸ਼ਵਾਸਾਂ ਵਿੱਚ ਸੁਖਾਵਾਂ ਸੰਬੰਧ ਪੈਦਾ ਕਰਨ ਲਈ ਕਿਹਾ ਕਿ ਗ੍ਰਹਿ, ਉਪਗ੍ਰਹਿ ਆਪਸੀ ਖਿਚ ਧੂ ਦੇ ਨੇਮਾਂ ਵਿੱਚ ਬੱਝੇ ਕਿਸੇ ਬਾਹਰਲੀ ਸਹਾਇਤਾ ਤੋਂ ਬਿਨਾਂ ਆਪੋ ਆਪਣੇ ਰਸਤਿਆਂ ਉੱਤੇ ਤੁਰੇ ਰਹਿੰਦੇ ਹਨ। ਇਨ੍ਹਾਂ ਦੀ ਹਰਕਤ ਹੁਣ ਬੇਸ਼ਕ ਆਪਣੀ ਹੈ, ਇਸ ਨੂੰ ਜਨਮ ਦੇਣ ਵਾਲਾ ਜਾਂ ਮੁੱਢਲੀ ਹਰਕਤ ਪੈਦਾ ਕਰਨ ਵਾਲਾ ਪਰਮਾਤਮਾ ਹੈ। ਉਸ ਦੁਆਰਾ ਇੱਕ ਵੇਰ ਆਰੰਭੀ ਜਾਣ ਉੱਤੇ ਹੁਣ ਇਹ ਹਰਕਤ ਸਦਾ ਲਈ ਜਾਂ ਕਿਆਮਤ ਤਕ ਜਾਰੀ ਰਹੇਗੀ। ਆਖਿਆ ਜਾਂਦਾ ਹੈ ਕਿ ਯੌਰਪ ਦੇ ਲੋਕਾਂ ਨੇ ਜਿੰਨਾ ਆਦਰ ਨਿਊਟਨ ਨੂੰ ਦਿੱਤਾ ਹੈ, ਓਨਾ ਹੁਣ ਤਕ ਕਿਸੇ ਹੋਰ ਨੂੰ ਨਹੀਂ ਦਿੱਤਾ। ਨਿਊਟਨ 1642 ਵਿੱਚ ਜਨਮਿਆ ਸੀ। ਓਸੇ ਸਾਲ ਗੈਲਿਲੀਓ ਦੀ ਮੌਤ ਹੋਈ ਸੀ। ਨਿਊਟਨ 1727 ਤਕ ਜੀਵਿਤ ਰਿਹਾ।
ਨਿਊਟਨ ਦੇ ਜੀਵਨ-ਕਾਲ ਵਿੱਚ ਹੀ ਇੰਗਲੈਂਡ ਦੇ ਬਾਦਸ਼ਾਹ ਚਾਰਲਜ ਦੂਜੇ ਨੇ ਰਾਇਲ ਸੁਸਾਇਟੀ ਕਾਇਮ ਕਰ ਕੇ ਸਾਇੰਸ ਦੇ ਸਤਿਕਾਰ ਅਤੇ ਪ੍ਰਚਾਰ ਵਿੱਚ ਵਾਧਾ ਕਰਨ ਦੀ ਕੋਸ਼ਿਸ਼ ਕੀਤੀ। ਏਹੋ ਸਮਾਂ ਸਨਅਤੀ ਇਨਕਲਾਬ ਦਾ ਸਮਾਂ ਵੀ ਸੀ। ਮਸ਼ੀਨੀ ਕ੍ਰਾਂਤੀ ਜੀਵਨ ਸਾਹਮਣੇ ਨਵੇਂ ਸੁਪਨੇ ਉਲੀਕ ਰਹੀ ਸੀ। ਲੋਕ ਇਹ ਵੇਖ ਰਹੇ ਸਨ ਕਿ ਸਾਇੰਸ ਅਤੇ ਸਨਅਤ ਦੀ ਸਹਾਇਤਾ ਨਾਲ ਜੀਵਨ ਲਈ ਸੁਖ ਸਾਮੱਗਰੀ ਪੈਦਾ ਕਰਨ ਵਿੱਚ ਸਹਾਇਤਾ ਮਿਲਦੀ ਸੀ। ਸਨਅਤ, ਸਾਇਸ ਅਤੇ ਵਾਪਾਰ ਦੇ ਸਹਾਰੇ ਪੱਛਮੀ ਯੌਰਪ ਦੇ ਦੇਸ਼ ਧਨ ਅਤੇ ਪ੍ਰਭੁਤਾ ਪ੍ਰਾਪਤ ਕਰਨ ਵਿੱਚ ਸਵਲ ਹੋ ਰਹੇ ਸਨ। ਇਨ੍ਹਾਂ ਨੂੰ ਜੀਵਨ ਦੀਆਂ ਸੰਚਾਲਕ ਸ਼ਕਤੀਆਂ ਮੰਨਣਾ ਸੁਭਾਵਿਕ ਸੀ।
ਰਿਨੇਸਾਂਸ ਨਵੇਂ ਵਿਚਾਰਾਂ ਨੂੰ ਅਪਣਾਉਣ ਦੀ ਸਾਲਾਹ ਦੇ ਚੁੱਕੀ ਸੀ। ਰੈਫਰਮੇਸ਼ਨ ਨੇ ਪੇਪ ਦੀ ਤਾਕਤ ਘੱਟ ਕਰ ਦਿੱਤੀ ਸੀ ਅਤੇ ਨਵਾਂ ਧਰਮ ਪ੍ਰੋਟੈਸਟੈਂਟਿਜ਼ਮ, ਰਾਸ਼ਟਰਵਾਦੀ ਭਾਵਨਾ ਦੀ ਉਪਜ ਹੋਣ ਕਰਕੇ ਕੌਮੀ ਸਿਆਸਤ ਦਾ ਹਿੱਸਾ ਬਣ ਗਿਆ ਸੀ। ਇਸ ਲਈ ਇਹ ਵੀ ਬਹੁਤੀ ਦੇਰ ਤਕ ਸਾਇੰਸ ਦਾ ਵਿਰੋਧ ਨਾ ਕਰ ਸਕਿਆ। ਪੱਛਮੀ ਯੌਰਪ ਵਿਗਿਆਨਕ ਸੋਚ ਦਾ ਧਾਰਨੀ ਹੋ ਗਿਆ। ਇਸ ਸਮੇਂ ਸਾਰੇ ਯੂਰਪ ਵਿੱਚ ਸਾਇੰਸ ਦਾ ਵਿਰੋਧ ਅਲੋਪ ਹੋ ਚੁੱਕਾ ਹੈ। ਇਸ ਦਾ ਵਿਰੋਧ
ਤਾਂ ਹੁਣ ਧਰਤੀ ਦੇ ਕਿਸੇ ਹਿੱਸੇ ਉੱਤੇ ਵੀ ਨਹੀਂ ਕੀਤਾ ਜਾਂਦਾ। ਹਾਂ, ਭਾਰਤ ਵਰਗੇ ਦੇਸ਼ਾਂ ਵਿੱਚ ਇਸ ਨੂੰ ਅਧਿਆਤਮਵਾਦ ਨਾਲੋਂ ਜ਼ਰਾ ਕੁ ਨੀਵਾਂ ਦਰਜਾ ਦਿੱਤਾ ਜਾਂਦਾ ਹੈ। ਇਹ ਸਾਡੀ ਸੋਚ ਨੂੰ ਲੱਗਾ ਹੋਇਆ ਪੁਰਾਣਾ ਰੋਗ ਹੈ, ਅਸੀਂ ਸੰਸਾਰਕ ਪ੍ਰਾਪਤੀਆਂ ਲਈ ਹਰ ਪ੍ਰਕਾਰ ਦੀ ਨੈਤਿਕਤਾ ਨੂੰ ਤਿਲਾਂਜਲੀ ਦੇਣ ਲਈ ਤਿਆਰ ਰਹਿੰਦੇ ਹੋਏ ਮੂੰਹੋਂ ਆਖੀ ਜਾਂਦੇ ਹਾਂ, "ਇਹ ਐਵੇਂ ਪਰਛਾਵਿਆਂ ਪਿੱਛੇ ਭੱਜਣ ਵਾਲੀ ਗੱਲ ਹੈ।' ਆਪਣੇ ਰੱਬ ਅਤੇ ਗੁਰੂ-ਪੀਰ ਤੋਂ ਸੱਚੇ ਹੋਣ ਲਈ ਪਰਮਾਰਥ ਦਾ ਗਲ ਪਿਆ ਢੋਲ ਵਜਾਉਂਦੇ ਹੋਏ ਅਸੀਂ ਇਸ ਕੰਮ ਨੂੰ ਜੀਵਨ ਦਾ ਇੱਕੋ ਇੱਕ ਮਨੋਰਥ ਵੀ ਆਖਦੇ ਹਾਂ। ਆਪਣੇ ਧਰਮ ਗ੍ਰੰਥਾਂ ਵਿੱਚ ਲਿਖੀਆਂ ਗੱਲਾਂ ਦੇ ਉਲਟੇ ਸਿੱਧੇ ਅਰਥ ਕਰ ਕੇ ਅਸੀਂ ਇਹ ਕਹਿਣ ਦਾ ਜਤਨ ਕਰਦੇ ਹਾਂ ਕਿ ਸਾਡਾ ਧਰਮ ਵਿਗਿਆਨਕ ਹੈ, ਇਸ ਲਈ ਸ੍ਰੇਸ਼ਟ ਹੈ। ਭਾਵ ਇਹ ਕਿ ਅਸੀਂ ਵਿਗਿਆਨ ਨੂੰ ਧਰਮ ਦੀ ਸ੍ਰੇਸ਼ਟਤਾ ਦਾ ਆਧਾਰ ਮੰਨਦੇ ਹਾਂ ਅਤੇ ਇਉਂ ਮੰਨਦੇ ਹੋਏ ਧਰਮ ਨੂੰ ਵਿਗਿਆਨ ਨਾਲੋਂ ਵਧੀਆ ਆਖਦੇ ਹਾਂ। ਸਾਡੀ ਸੋਚ ਵਿੱਚ ਜ਼ਰੂਰ ਕੋਈ ਘਾਟ ਹੈ। ਵਿਗਿਆਨ ਅਤੇ ਸਨਅਤ ਦੇ ਦਿੱਤੇ ਹੋਏ ਸੁਖ ਮਾਣਦੇ ਹੋਏ ਅਸੀਂ ਵਿਗਿਆਨ ਦੇ ਵਿਰੁੱਧ, ਅਧਿਆਤਮਵਾਦ ਦੇ ਹੱਕ ਵਿੱਚ ਗਵਾਹੀ ਦਿੰਦੇ ਹਾਂ; ਖਾਂਦੇ ਹਾਂ ਰਾਮ ਜੀ ਦੇ ਮੰਦਿਰੋਂ ਅਤੇ ਪਹਿਰਾ ਦਿੰਦੇ ਹਾਂ ਭੌਂਦੂ ਸ਼ਾਹ ਦੇ ਤਕੀਏ।
ਸਾਇੰਸ ਅਤੇ ਸੋਚ-2
ਰਿਨੇਸਾਂਸ, ਰੈਫ਼ਰਮੇਸ਼ਨ ਅਤੇ ਮਸ਼ੀਨੀ ਕ੍ਰਾਂਤੀ ਦੀ ਸਫਲਤਾ ਨੇ ਪੱਛਮੀ ਯੌਰਪ ਦੀ ਸੋਚ ਨੂੰ ਨਵੀਆਂ ਸੇਧਾਂ ਦਿੱਤੀਆਂ। ਸਿਆਣੇ ਲੋਕਾਂ ਨੇ ਧਰਮ ਦੇ ਦਬਦਬੇ ਤੋਂ ਸੁਤੰਤਰ ਹੋ ਕੇ ਸੋਚਣਾ ਆਰੰਭ ਕੀਤਾ। ਇਸ ਰੁਚੀ ਦੇ ਅਧੀਨ ਇਹ ਰਵੱਈਆ ਅਪਣਾਇਆ ਜਾਣ ਲੱਗ ਪਿਆ ਕਿ ਗੱਲ ਨੂੰ ਓਨਾ ਚਿਰ ਠੀਕ ਨਾ ਸਮਝਿਆ ਜਾਵੇ, ਜਿੰਨਾ ਚਿਰ ਉਸ ਦੇ ਠੀਕ ਹੋਣ ਦੇ ਸੰਸਾਰਕ ਸਬੂਤ ਸਾਡੇ ਸਾਹਮਣੇ ਨਾ ਹੋਣ। ਕਿਸੇ ਦੀ ਆਖੀ ਹੋਈ ਗੱਲ ਨੂੰ ਉਸ ਦੀ ਸ਼ਖ਼ਸੀਅਤ ਦੇ ਪ੍ਰਭਾਵ ਕਾਰਨ ਨਾ ਮੰਨਿਆ ਜਾਵੇ, ਸਗੋਂ ਇਹ ਵੇਖਿਆ ਜਾਵੇ ਕਿ ਉਹ ਗੱਲ ਜੀਵਨ ਦੇ ਗੰਭੀਰ ਨਿਰੀਖਣ ਵਿੱਚੋਂ ਉਪਜੀ ਹੋਈ ਹੋਣ ਦੇ ਨਾਲ ਨਾਲ ਸਾਡੇ ਤਰਕ ਦੀ ਕਸੌਟੀ ਉੱਤੇ ਵੀ ਪੂਰੀ ਉਤਰਦੀ ਹੈ ਜਾਂ ਨਹੀਂ।
ਨਿਰੀਖਣ ਨੂੰ ਕਿਸੇ ਵਿਚਾਰ ਦੀ ਸੱਚਾਈ ਦਾ ਆਧਾਰ ਮੰਨਿਆ ਜਾਣ ਕਾਰਣ ਪਦਾਰਥਕ ਜੀਵਨ ਮਨੁੱਖੀ ਸੋਚ ਦਾ ਸਤਿਕਾਰਯੋਗ ਵਿਸ਼ਾ ਮੰਨਿਆ ਜਾਣ ਲੱਗ ਪਿਆ ਅਤੇ ਇਹ ਕਿਹਾ ਜਾਣ ਲੱਗ ਪਿਆ ਕਿ ਪੰਜ ਤੱਤਾਂ ਤੋਂ ਉਪਜਿਆ ਹੋਇਆ ਇਹ ਸੰਸਾਰ ਆਪਣੀ ਸੁਤੰਤਰ ਹੋਂਦ ਰੱਖਦਾ ਹੈ ਅਤੇ ਇਸ ਵਿੱਚ ਹੋਣ ਵਾਲੀਆਂ ਸਾਰੀਆਂ ਤਬਦੀਲੀਆਂ ਭੌਤਿਕ ਨੇਮਾਂ ਅਨੁਸਾਰ ਹੁੰਦੀਆਂ ਹਨ। ਭੌਤਿਕ ਨੇਮਾਂ ਅਨੁਸਾਰ ਵਿਕਸਦਾ ਅਤੇ ਬਦਲਦਾ ਹੋਣ ਕਰਕੇ ਇਹ ਕਿਸੇ ਮਨੋਰਥ ਨਾਲ ਨਹੀਂ, ਸਗੋਂ ਪਦਾਰਥ ਵਿਚਲੀ ਰਸਾਇਣਿਕ ਕਿਰਿਆ ਜਾਂ ਸਮਾਜਿਕ ਸੰਬੰਧਾਂ ਦੀ ਤਾਬਿਆਦਾਰੀ ਕਰਦਾ ਹੈ। ਡਕਾਰਟੀ ਵਰਗੇ ਫ੍ਰਾਂਸੀਸੀ ਵਿਚਾਰਵਾਨ ਤਾਂ ਇਹ ਵੀ ਕਹਿਣ ਲੱਗ ਪਏ ਕਿ ਨਿਰੀ ਜੜ ਪਰਕਿਰਤੀ ਹੀ ਨਹੀਂ, ਸਗੋਂ ਚੇਤਨ ਜੀਵ ਵੀ ਭੌਤਿਕ ਨੇਮਾਂ ਅਨੁਸਾਰ ਵਰਤਦੇ ਵਿਚਰਦੇ ਹਨ।
ਇਨ੍ਹਾਂ ਦਾਅਵਿਆਂ ਦਾ ਨਤੀਜਾ ਇਹ ਹੋਇਆ ਕਿ ਪੱਛਮ ਵਿੱਚ ਸੋਚ ਦੇ ਖੇਤਰ ਵਿੱਚ ਧਰਮ, ਇਲਹਾਮ ਅਤੇ ਅੰਤਰ-ਦ੍ਰਿਸ਼ਟੀ ਦਾ ਏਕਾਧਿਕਾਰ ਖ਼ਤਮ ਹੋ ਗਿਆ। ਸੋਚ ਦੇ ਦੋ ਦਾਅਵੇਦਾਰ ਹੋ ਗਏ; ਸੋਚ ਦੇ ਦੋ ਪ੍ਰਕਾਰ ਹੋ ਗਏ। ਅਧਿਕਾਰ ਦੇ ਆਧਾਰ ਉੱਤੇ ਹੁਕਮ ਦੇ ਰੂਪ ਵਿੱਚ ਦਿੱਤੀ ਗਈ ਸੋਚ ਨੂੰ ਵਿਸ਼ਵਾਸ ਦਾ ਵਿਸ਼ਾ ਮੰਨ ਲਿਆ ਗਿਆ ਅਤੇ ਇੰਦ੍ਰੀ-ਅਨੁਭਵ ਵਿਗਿਆਨਕ ਪ੍ਰਯੋਗ ਜਾਂ ਨਿਰੀਖਣ ਦੇ ਆਧਾਰ ਉੱਤੇ ਸੰਭਾਵਨਾ ਅਤੇ ਨਿੱਜੀ ਰਾਏ ਦੇ ਰੂਪ ਵਿੱਚ ਦਿੱਤੀ ਗਈ ਵਿਚਾਰ ਨੂੰ ਤਰਕ ਜਾਂ ਸੰਸਾਰਕ ਬੁੱਧੀ ਦਾ ਵਿਸ਼ਾ ਮੰਨ ਲਿਆ ਗਿਆ। ਦੋਹਾਂ ਵਿਚਾਰਾਂ ਨੇ ਇੱਕ ਦੂਜੀ ਦਾ ਵਿਰੋਧ ਬੰਦ ਕਰ ਦਿੱਤਾ, ਜਿਸ ਦੇ ਨਤੀਜੇ ਵਜੋਂ ਉਪਯੋਗਿਤਾ ਜਾਂ ਲਾਭਦਾਇਕਤਾ ਨੂੰ ਵਿਚਾਰਾਂ ਅਤੇ ਸਿੱਧਾਂਤਾਂ ਵਿਚਲੇ ਸੱਚ ਦਾ ਆਧਾਰ ਮੰਨਿਆ ਜਾਣ ਲੱਗ ਪਿਆ। ਵਿਗਿਆਨਕ ਵਿਚਾਰ ਦੇ ਵਿਸਥਾਰ ਨੇ ਹੌਲੀ ਹੌਲੀ ਪੱਛਮੀ ਯੌਰਪ ਦੇ ਜਨ-ਜੀਵਨ ਅਤੇ ਜਨ-ਜੀਵਨ ਦੀ ਸੋਚ ਵਿੱਚੋਂ ਧਰਮ ਦੇ ਵਿਸ਼ਵਾਸਾਂ, ਸਿਧਾਂਤਾਂ ਅਤੇ ਕਰਮ-ਕਾਂਡਾਂ ਦੀ ਉਪਯੋਗਿਤਾ ਅਤੇ ਲਾਭਦਾਇਕਤਾ ਦਾ ਵਿਸ਼ਵਾਸ ਘਟਾਉਣਾ ਸ਼ੁਰੂ ਕਰ ਦਿੱਤਾ
ਅਤੇ ਉਨ੍ਹਾਂ ਦੋਸ਼ਾਂ ਦੇ ਜਨ-ਸਾਧਾਰਣ ਨੂੰ ਆਪਣੀਆਂ ਇਹ ਰੀਝਾਂ ਪੂਰੀਆਂ ਹੋਣ ਦੇ ਪਰਲੋਕੀ ਸੁਪਨੇ ਵੇਖਣੇ ਪੈਂਦੇ ਹਨ। ਉਥੇ ਅਜੇ ਵੀ ਧਰਮਾਂ ਦੇ ਸਿਧਾਂਤਾਂ, ਕਰਮ-ਕਾਂਡਾਂ ਅਤੇ ਤਰਕਸ਼ੂਨ ਵਿਸ਼ਵਾਸਾਂ ਵਿੱਚ ਲਾਭਦਾਇਕਤਾ, ਉਪਯੋਗਿਤਾ ਅਤੇ ਸਾਰਥਕਤਾ ਦਾ ਅਨੁਭਵ ਕੀਤਾ ਜਾਂਦਾ ਹੈ।
ਧਰਮ ਦੇ ਦਬਦਬੇ ਵਿੱਚੋਂ ਨਿਕਲਦਿਆਂ ਹੀ ਸਾਇੰਸ ਨੇ ਉੱਨਤੀ ਦੀ ਦਿਸ਼ਾ ਵਿੱਚ ਲੰਮੀਆਂ ਪੁਲਾਂਘਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ। ਧਰਮ ਅਤੇ ਵਿਗਿਆਨ ਦਾ ਵਿਰੋਧ ਖਲ (ਐਸਟ੍ਰਾਨੋਮੀ) ਤੋਂ ਆਰੰਭ ਹੋਇਆ ਸੀ । ਖਗੋਲ ਦੇ ਖੇਤਰ ਵਿੱਚ ਹੁਣ ਖੁੱਲ੍ਹੀਆਂ ਉਡਾਰੀਆਂ ਲੱਗਣ ਲੱਗ ਪਈਆਂ। ਵੱਡੀਆਂ ਵੱਡੀਆਂ ਦੂਰਬੀਨਾਂ ਬਣ ਗਈਆਂ, ਜਿਨ੍ਹਾਂ ਦੀ ਸਹਾਇਤਾ ਨਾਲ ਸਾਇੰਸ ਨੇ ਅਨੰਤ ਪੁਲਾੜ ਵਿੱਚ ਅਨੇਕਾਂ ਸੂਰਜਾਂ ਅਤੇ ਸੂਰਜੀ ਪਰਿਵਾਰਾਂ ਅਤੇ ਅਕਾਸ਼ ਗੰਗਾ ਦਾ ਪਤਾ ਲਾ ਲਿਆ। ਵੱਡੇ ਵੱਡੇ ਪੁਲਾੜੀ ਫ਼ਾਸਲੇ ਨਾਪਣ ਦੇ ਯੋਗ ਹੋਣ ਉੱਤੇ ਵੀ ਆਦਮੀ ਨੂੰ ਅਸਮਾਨਾਂ ਵਿੱਚ ਨਰਕ ਸੁਰਗ ਦੀ ਕੋਈ ਟੋਹ ਨਾ ਮਿਲੀ। ਜੇ ਨਰਕ ਸੁਰਗ ਦੀ ਹੋਂਦ ਨਹੀਂ ਹੈ ਤਾਂ ਜੀਵਨ ਦਾ ਕੋਈ ਮਨੋਰਥ ਵੀ ਨਹੀਂ। ਜੀਵਨ ਦੇ ਮਨੋਰਥ ਦੀ ਗੱਲ ਕੇਵਲ ਧਰਮ ਨੇ ਹੀ ਨਹੀਂ ਕੀਤੀ ਸੀ, ਸਗੋਂ ਈਸਾਈਅਤ ਤੋਂ ਪਹਿਲਾਂ ਅਰਸਤੂ ਰਾਹੀਂ ਇਹ ਗੱਲ ਫ਼ਿਲਾਸਫ਼ੀ ਵਿੱਚ ਪ੍ਰਵੇਸ਼ ਕਰ ਚੁੱਕੀ ਸੀ। ਉਸ ਨੇ ਆਪਣੇ ਉਸਤਾਦ ਪਲੇਟੋ ਦੇ ਆਦਰਸ਼ਵਾਦ ਨੂੰ ਅੱਗੇ ਤੋਰਦਿਆਂ ਹੋਇਆਂ ਇਹ ਆਖਿਆ ਸੀ ਕਿ ਸੰਸਾਰ ਦੀ ਹਰ ਸ਼ੈਅ ਚਾਰ ਕਾਰਣਾਂ ਦੇ ਸਹਾਰੇ ਹੋਂਦ ਵਿੱਚ ਆਉਂਦੀ ਹੈ। ਇਹ ਚਾਰ ਕਾਰਣ ਹਨ-(1) ਭੌਤਿਕ ਕਾਰਣ; (2) ਨਿਮਿੱਤ ਕਾਰਣ: (3) ਸਰੂਪ ਕਾਰਣ; ਅਤੇ (4) ਪ੍ਰਯੋਜਨ ਕਾਰਣ। ਅਰਸਤੂ ਅਨੁਸਾਰ ਕਿਸੇ ਚੀਜ਼ ਦੇ ਬਣਨ ਲਈ ਪਹਿਲੋਂ ਸਾਮਾਨ ਜਾਂ ਪਦਾਰਥ ਦੀ ਲੋੜ ਹੈ। ਜਿਵੇਂ ਭਾਂਡਾ ਬਣਾਉਣ ਲਈ ਮਿੱਟੀ ਦੀ ਉਸ ਤੋਂ ਪਿੱਛੋਂ ਉਸ ਮਿੱਟੀ ਨੂੰ ਭਾਂਡੇ ਦਾ ਰੂਪ ਦੇਣ ਲਈ ਘੁਮਾਰ ਦੀ ਲੋੜ ਹੈ; ਤੀਜੇ ਨੰਬਰ ਉੱਤੇ ਭਾਂਡੇ ਦਾ ਰੂਪ ਨਿਸ਼ਚਿਤ ਕਰਨ ਦੀ ਲੋੜ ਹੈ ਅਤੇ ਚੌਥੇ ਨੰਬਰ ਉੱਤੇ ਉਸ ਮਨੋਰਥ ਜਾਂ ਪ੍ਰਯੋਜਨ ਦੀ ਲੋੜ ਹੈ, ਜਿਸ ਦੀ ਪੂਰਤੀ ਲਈ ਭਾਂਡਾ ਬਣਾਇਆ ਜਾ ਰਿਹਾ ਹੈ, ਜਿਵੇਂ ਪਿਆਲਾ ਪਾਣੀ ਪੀਣ ਲਈ ਬਣਾਇਆ ਜਾਂਦਾ ਹੈ।
ਅੰਤਮ ਕਾਰਣ ਵਿੱਚ ਮਨੋਰਥ ਦਾ ਸਮਾਵੇਸ਼ ਹੈ। ਸੰਸਾਰ ਦੀ ਹਰ ਚੀਜ਼ ਪਿੱਛੇ ਕੋਈ ਮਨੋਰਥ ਹੈ। ਇਸ ਟਿਕਾਣੇ ਉੱਤੇ ਪੁੱਜ ਕੇ ਸਾਇੰਸ ਦਾ ਫਿਲਾਸਫੀ ਨਾਲ ਵਿਰੋਧ ਹੋ ਗਿਆ। ਸਾਇੰਸ ਨੂੰ ਪਦਾਰਥ ਦੀ ਹਰ ਕਿਰਿਆ ਮਨੋਰਥ ਰਹਿਤ ਜਾਪਦੀ ਸੀ। ਉਸ ਨੂੰ ਰਸਾਇਣਿਕ ਪਦਾਰਥਾਂ ਵਿਚਲੀ ਕਿਰਿਆ ਅਤੇ ਪ੍ਰਤੀਕਿਰਿਆ ਕਿਸੇ ਮਨੋਰਥ ਅਧੀਨ ਹੁੰਦੀ ਨਹੀਂ ਸੀ ਲੱਗਦੀ, ਨਾ ਹੀ ਅਣੂੰਆਂ ਪਰਮਾਣੂਆਂ ਦੀ ਹਰਕਤ ਪਿੱਛੇ ਕੋਈ ਮਨੋਰਥ ਦਿਸਦਾ ਸੀ। ਇਸ ਗੱਲ ਦਾ ਨਿਰਾ ਫ਼ਿਲਾਸਫ਼ੀ ਨਾਲ ਹੀ ਨਹੀਂ, ਸਗੋਂ ਸਾਧਾਰਣ ਸੂਝ (Common sense) ਨਾਲ ਵੀ ਵਿਰੋਧ ਸੀ। ਸਾਧਾਰਣ ਸੂਝਵਾਨ ਆਦਮੀ ਜਾਣਦਾ ਹੈ ਕਿ ਉਸ ਦਾ ਹਰ ਕੰਮ ਕਿਸੇ ਜਾਣੇ-ਬੁੱਝੇ ਨਿਸ਼ਚਿਤ ਮਨੋਰਥ ਨਾਲ ਕੀਤਾ ਜਾ ਰਿਹਾ ਹੈ।
ਉੱਨੀਵੀਂ ਸਦੀ ਵਿੱਚ ਚਾਰਲਜ਼ ਡਾਰਵਿਨ ਦੀ ਖੋਜ ਨੇ ਇਹ ਦੱਸਣ ਦਾ ਜਤਨ ਕੀਤਾ ਕਿ ਸ੍ਵੈ-ਰੱਖਿਆ ਦਾ ਸੰਘਰਸ਼ ਹਰ ਚੇਤਨ ਜੀਵ ਦੀ ਪਰਵਿਰਤੀ ਵਿੱਚ ਹੈ ਅਤੇ ਯੋਗਤਮ ਦੀ ਜਿੱਤ ਦਾ ਨੇਮ ਸਮੁੱਚੇ ਸੰਘਰਸ਼ ਵਿੱਚ ਸਮਾਇਆ ਹੋਇਆ ਹੈ । ਸ੍ਵੈ-ਰੱਖਿਆ ਦੇ ਯੋਗ ਹੋਣ ਲਈ ਜੀਵਾਂ ਵਿੱਚ ਸਰੀਰਕ ਅਤੇ ਮਾਨਸਿਕ ਵਿਕਾਸ ਹੋਇਆ ਹੈ, ਸਦਾ ਹੁੰਦਾ ਰਹਿੰਦਾ ਹੈ। ਇਸੇ ਵਿਕਾਸ ਨੇ ਛੋਟੇ ਛੋਟੇ ਜੀਵ-ਜੰਤੂਆਂ ਤੋਂ ਮਨੁੱਖ ਦਾ ਨਿਰਮਾਣ ਕੀਤਾ ਹੈ। ਡਾਰਵਿਨ ਦੀਆਂ ਬੁਨਿਆਦੀ ਗੱਲਾਂ ਨਾਲ ਸਾਰੇ ਸਾਇੰਸਦਾਨ ਅਤੇ ਫ਼ਿਲਾਸਫ਼ਰ ਸਹਿਮਤ ਹਨ, ਪਰੰਤੂ ਫ਼ਿਲਾਸਫ਼ਰਾਂ ਦੇ ਦੋ ਧੜੇ ਹਨ। ਇੱਕ ਧੜਾ ਮਨੋਰਥ ਦੀ ਹੋਂਦ ਮੰਨਦਾ ਹੈ ਅਤੇ ਦੂਜਾ ਇਨਕਾਰੀ ਹੈ।
ਮੈਂ ਸਮਝਦਾ ਹਾਂ ਕਿ ਜਿਥੇ ਚੇਤਨਾ ਹੈ, ਉਥੇ ਮਨੋਰਥ ਹੈ। ਆਪਣੇ ਮੁੱਢਲੇ ਰੂਪ ਵਿੱਚ ਚੇਤਨਾ ਦਾ ਮਨੋਰਥ ਸ੍ਵੈ-ਰੱਖਿਆ ਹੈ। ਸ੍ਵੈ-ਰੱਖਿਆ ਦੇ ਸੰਘਰਸ਼ ਕਾਰਣ ਜਿਵੇਂ ਜਿਵੇਂ ਜੀਵਾਂ ਦੇ ਰੂਪ ਸਰੂਪ ਅਤੇ ਉਨ੍ਹਾਂ ਦੀ ਚੇਤਨਾ ਵਿੱਚ ਵਿਕਾਸ ਹੁੰਦਾ ਗਿਆ ਹੈ, ਤਿਵੇਂ ਤਿਵੇਂ ਮਨੋਰਥ ਵੀ ਵਿਕਸਦਾ ਗਿਆ ਹੈ। ਨੀਵੀਂ ਸ਼੍ਰੇਣੀ ਦੇ ਪਸ਼ੂਆਂ ਵਿੱਚ ਸ੍ਵੈ-ਰੱਖਿਆ ਦਾ ਭਾਵ ਕੇਵਲ ਆਪਣੀ ਰੱਖਿਆ ਹੈ, ਜਦ ਕਿ ਉਚੇਰੀ ਸ਼੍ਰੇਣੀ ਦੇ ਪਸ਼ੂ ਆਪਣੇ ਬੱਚਿਆਂ ਦੀ ਰੱਖਿਆ ਨੂੰ ਵੀ ਸ੍ਵੈ-ਰੱਖਿਆ ਦਾ ਦਰਜਾ ਦਿੰਦੇ ਹਨ। ਮਨੁੱਖ ਵਿੱਚ ਇਸ ਸ਼ਬਦ ਦੇ ਅਰਥਾਂ ਦਾ ਘੇਰਾ ਬਹੁਤ ਵਿਸ਼ਾਲ ਹੋ ਗਿਆ ਹੈ। ਮਨੁੱਖ ਦਾ 'ਸ੍ਵੈ' ਨਿਰੋਲ ਸਰੀਰਕ ਨਹੀਂ, ਮਾਨਸਿਕ ਵੀ ਹੈ-ਬੌਧਿਕ ਅਤੇ ਭਾਵੁਕ ਵੀ ਹੈ। ਉਸ ਦੀ ਸ੍ਵੈ-ਰੱਖਿਆ ਵਿੱਚ ਆਪਣੇ ਸੁਪਨਿਆਂ, ਆਪਣੀਆਂ ਪ੍ਰਾਪਤੀਆਂ, ਆਪਣੇ ਸੰਬੰਧਾਂ, ਆਪਣੇ ਸੁਖਾਂ, ਆਪਣੀਆਂ ਖੁਸ਼ੀਆਂ ਅਤੇ ਆਪਣੇ ਜੀਵਨ ਦੀਆਂ ਸੁੰਦਰਤਾਵਾਂ ਦੀ ਰੱਖਿਆ ਵੀ ਸ਼ਾਮਿਲ ਹੈ। ਸੰਸਕ੍ਰਿਤੀਆਂ ਦੀ ਰੱਖਿਆ ਵੀ ਉਸ ਲਈ ਸ੍ਵੈ-ਰੱਖਿਆ ਹੈ।
ਇਹ ਮਨੋਰਥ ਰੱਬੀ ਨਹੀਂ, ਮਨੁੱਖੀ ਹਨ। ਸਾਇੰਸ ਨੇ ਰੱਬੀ ਮਨੋਰਥਾਂ ਨੂੰ ਤਮਤੋਂ ਲਾਹ ਕੇ ਮਨੁੱਖੀ ਮਨੋਰਥਾਂ ਨੂੰ ਸਿੰਘਾਸਨ ਉੱਤੇ ਬਿਠਾਉਣ ਦੀ ਕਰਾਮਾਤ ਕੀਤੀ ਹੈ। ਇਨ੍ਹਾਂ ਦੁਨਿਆਵੀ ਮਨੋਰਥਾਂ ਨੂੰ ਮਾਨਤਾ ਦੇਣ ਨਾਲ ਸਾਇੰਸ ਅਤੇ ਫਲਸਫ਼ੇ ਦੀ ਮਿੱਤਰਤਾ ਵੀ ਬਣਦੀ ਹੈ ਅਤੇ ਸਾਇੰਸ ਦੀ ਵਧਦੀ ਹੋਈ ਸ਼ਕਤੀ ਉੱਤੇ ਕੁਝ ਜ਼ਿੰਮੇਦਾਰੀ ਵੀ ਸੁੱਟੀ ਜਾ ਸਕਦੀ ਹੈ। ਸਾਇੰਸ ਨੂੰ ਨੈਤਿਕਤਾ ਦੇ ਨੇਮਾਂ ਤੋਂ ਪਰੋ ਦੀ ਚੀਜ਼ ਮੰਨਿਆ ਬਹੁਤ ਨੁਕਸਾਨ ਹੋ ਸਕਦਾ ਹੈ। ਸਾਇੰਸ ਜਿਥੇ ਨਿਰਮਾਣ ਦੇ ਕੰਮਾਂ ਵਿੱਚ ਸਹਾਈ ਹੁੰਦੀ ਹੈ, ਉਥੇ ਵਿਨਾਸ਼ ਦੇ ਸਾਧਨ ਵੀ ਉਪਜਾਉਂਦੀ ਹੈ। ਇਸ ਦੇ ਵਿਨਾਸ਼ਕਾਰੀ ਕਾਰਨਾਮਿਆਂ ਦੇ ਸੋਹਿਲੇ ਉਸੇ ਸ਼ਰਧਾ ਨਾਲ ਗਾਏ ਜਾਂਦੇ ਹਨ, ਜਿਸ ਨਾਲ ਵਿਸ਼ਨੂੰ ਦੀ ਵਿਨਾਸ਼ਕਾਰੀ ਸ਼ਕਤੀ ਸਾਹਮਣੇ ਸਿਰ ਝੁਕਾਇਆ ਜਾਂਦਾ ਹੈ । ਯੁੱਧ ਅਤੇ ਸਾਇੰਸ ਦਾ ਸੰਬੰਧ ਯੂਨਾਨੀ ਸਾਇੰਸਦਾਨ ਅਰਬਮੀਦਸ (ਆਰਕੀਮੀਡੀਜ਼) ਰਾਹੀਂ ਹੋਇਆ ਸੀ। ਜਦੋਂ 212 ਪੂ:ਈ: ਵਿੱਚ ਰੋਮਨਾਂ ਨੇ ਸਿਸਲੀ ਦੇ ਨਗਰਰਾਜ ਸਿਰਾਕੂਜ਼ ਉੱਤੇ ਹੱਲਾ ਕੀਤਾ ਸੀ। ਆਪਣੇ ਦੇਸ਼ ਦੀ ਰੱਖਿਆ ਹਿੱਤ ਅਰਸ਼ਮੀਦਸ ਨੇ ਆਪਣੀ ਅਕਲ ਦਾ ਪੂਰਾ ਜ਼ੋਰ ਲਾਇਆ, ਪਰ ਜਿੱਤ ਰੋਮਨਾਂ ਦੀ ਹੋਈ । ਬਾਰੂਦ ਦੀ ਸਹਾਇਤਾ ਨਾਲ ਸਾਇੰਸ ਜੰਗਾਂ ਦੀ ਜਿੱਤ-ਹਾਰ ਦੇ ਫੈਸਲੇ ਕਰਨ ਦੇ ਯੋਗ ਹੋ ਗਈ। ਆਧੁਨਿਕ ਯੁਗ ਵਿੱਚ ਵੱਡੀ ਤੋਂ ਵੱਡੀ ਬਹਾਦਰੀ ਸਾਇੰਸ ਦਾ ਮੁਕਾਬਲਾ ਨਹੀਂ ਕਰ ਸਕਦੀ। ਇਹ ਵੱਖਰੀ ਗੱਲ ਹੈ (ਅਤੇ ਚੰਗੀ ਗੱਲ ਹੈ ਕਿ ਸਾਇੰਸ ਦੀ ਸ਼ਕਤੀ ਦੀ ਵਰਤੋਂ ਉੱਤੇ ਕੁਝ ਮਨੁੱਖੀ ਪਾਬੰਦੀਆਂ ਹਨ, ਜਿਨ੍ਹਾਂ ਨੂੰ ਵਧਾਇਆ ਜਾਣਾ ਜ਼ਰੂਰੀ ਸਮਝਿਆ ਜਾ ਰਿਹਾ ਹੈ।
ਰੱਬੀ ਆਦਰਸ਼ਾਂ ਨੂੰ ਤਖ਼ਤੋਂ ਲਾਹ ਕੇ ਸਾਇੰਸ ਨੇ ਮਨੁੱਖੀ ਸੋਚ ਨੂੰ ਜਮਹੂਰੀ ਜਾਂ ਪ੍ਰਜਾਤਾਂਤ੍ਰਿਕ ਬਣਨ ਲਈ ਪ੍ਰੇਰਿਆ ਹੈ। ਰੱਬੀ ਆਦਰਸ਼ ਕਲਾਧਾਰੀ ਦੀ ਪੂਜਾ ਦੇ ਪ੍ਰੇਰਕ ਹਨ। ਉੱਨਤ ਦੇਸ਼ਾਂ ਦਾ ਜਨ-ਸਾਧਾਰਣ ਕਲਾਧਾਰੀ ਦੀ ਪੂਜਾ ਦਾ ਵਿਸ਼ਵਾਸੀ ਨਹੀਂ। ਜਿਹੜੇ ਭਾਰਤੀ ਭਗਵਾਨ ਪੱਛਮੀ ਯੌਰਪ ਅਤੇ ਅਮਰੀਕਾ ਵਿੱਚ ਪੂਜਾ ਕਰਵਾਉਂਦੇ ਵੇਖੇ ਜਾਂਦੇ ਹਨ, ਉਨ੍ਹਾਂ ਨੂੰ ਮੇਰੇ ਇਸ ਕਥਨ ਦੇ ਖੰਡਨ ਲਈ ਦਲੀਲ ਵਜੋਂ ਵਰਤਿਆ ਜਾਣਾ ਠੀਕ ਨਹੀਂ। ਮੈਂ ਜਨ-ਸਾਧਾਰਣ ਦੀ ਗੱਲ ਕਰ ਰਿਹਾ ਹਾਂ। ਇਨ੍ਹਾਂ ਭਗਵਾਨਾਂ ਦੀ ਪੂਜਾ ਕਰਨ ਵਾਲੇ ਜਨ, ਬਿਲਕੁਲ ਸਾਧਾਰਣ ਨਹੀਂ ਹਨ। ਇਹ ਮਾਨਸਿਕ ਰੋਗੀ ਹਨ ਅਸਾਧਾਰਣ ਹਨ। ਦੁਨੀਆਂ ਦਾ ਕੋਈ ਵੀ ਸਮਾਜ ਅਜੇ ਏਨਾ ਸਿਹਤਮੰਦ ਨਹੀਂ ਬਣ ਸਕਿਆ ਕਿ ਉਸ ਦੀ ਵੱਸੋਂ ਦਾ ਇੱਕਅੱਧਾ ਪ੍ਰਤੀਸ਼ਤ ਮਨੋਰੋਗੀ ਨਾ ਹੋਵੇ।
ਜਿਨ੍ਹਾਂ ਭਾਰਤ ਵਰਗੇ ਦੇਸ਼ਾਂ ਵਿੱਚ ਪ੍ਰਜਾਤੰਤ੍ਰ ਤਾਂ ਹੈ, ਪਰ ਸੋਚ ਪ੍ਰਜਾਤਾਂਤ੍ਰਿਕ ਨਹੀਂ, ਉਨ੍ਹਾਂ ਦੇਸ਼ਾਂ ਵਿੱਚ ਸਿਆਸੀ ਨੇਤਾ ਵੀ ਕਲਾਧਾਰੀਆਂ ਵਾਂਗ ਪੂਜੇ ਜਾਂਦੇ ਹਨ। ਇਸ ਦੇ ਹੋਰ ਕਈ ਕਾਰਨਾਂ