ਇਉਂ ਸੋਚਣ ਵਾਲੇ ਮਨੁੱਖ ਨੂੰ ਸਾਇੰਸ ਨੇ ਟੈਕਨਾਲੋਜੀ ਦਿੱਤੀ ਹੈ। ਅੱਜ ਮਨੁੱਖ ਵਿੱਚ ਪਰਬਤਾਂ ਨੂੰ ਹੂੰਝ ਕੇ ਸੁੱਟ ਦੇਣ ਦੀ ਸਮਰੱਥਾ ਹੈ। ਉਹ ਸਮੁੰਦਰ ਵਿੱਚ ਟਾਪੂਆਂ ਦਾ ਨਿਰਮਾਣ ਕਰ ਕੇ ਉਨ੍ਹਾਂ ਉੱਤੇ ਹਵਾਈ ਅੱਡੇ ਅਤੇ ਸ਼ਹਿਰ ਉਸਾਰ ਦਿੰਦਾ ਹੈ। ਉਹ ਰੇਗਿਸਤਾਨਾਂ ਨੂੰ ਬਗੀਚਿਆਂ ਵਿੱਚ ਬਦਲ ਸਕਦਾ ਹੈ। ਉਹ ਆਪਣੀ ਪਰਵਿਰਤੀ ਅਨੁਸਾਰ ਕਰਮ ਕਰਦਾ ਹੋਇਆ ਸਾਰੀ ਦੁਨੀਆ ਨੂੰ ਸ੍ਵਰਗ ਬਣਾ ਦੇਣ ਦੀ ਹਿੰਮਤ ਰੱਖਦਾ ਹੈ। ਸਾਇੰਸ ਮਨੁੱਖ ਨੂੰ ਕਹਿੰਦੀ ਹੈ, “ਉਠ, ਆਪਣੀ ਪਰਵਿਰਤੀ ਅਨੁਸਾਰ ਕੰਮ ਕਰ। ਇਹ ਤੇਰਾ ਧਰਮ ਹੈ; ਇਹ ਤੇਰਾ ਮਰਦਊ ਹੈ। ਮੈਂ ਤੇਰੀ ਮਾਂ, ਧਰਤੀ-ਤੇਰੇ ਭਾਵਾਂ, ਤੇਰੀਆਂ ਅਕਲਾਂ ਤੇਰੀਆਂ ਪਰਵਿਰਤੀਆਂ ਨੂੰ ਪਾਪ ਨਹੀਂ ਸਮਝਦੀ। ਇਹ ਮੇਰੇ ਲਈ ਵਰਦਾਨ ਹਨ।" ਸਾਇੰਸ ਨੇ ਮਨੁੱਖ ਦੀ 'ਸੋਚ' ਅਤੇ ਮਨੁੱਖ ਦੇ 'ਦੁਨਿਆਵੀ ਕਰਮ', ਦੋਹਾਂ ਨੂੰ ਹੀ ਨਵਾਂ ਰੂਪ ਦੇ ਦਿੱਤਾ ਹੈ।
ਇਸ ਦਾ ਨਤੀਜਾ ਇਹ ਹੈ ਕਿ ਵਿਗਿਆਨਿਕ ਸੋਚ ਵਾਲਾ ਮਨੁੱਖ ਆਪਣੇ ਆਪ ਵਿੱਚ ਵੰਡਿਆ ਹੋਇਆ ਨਹੀਂ। ਸਾਰੇ ਪੁਰਾਤਨ ਕਾਲ ਅਤੇ ਮੱਧ ਕਾਲ ਵਿੱਚ ਮਨੁੱਖ ਆਪਣੇ ਆਪ ਵਿੱਚ ਵੰਡਿਆ ਰਿਹਾ ਹੈ; ਅੰਤਰ ਦੰਦ ਦਾ ਸ਼ਿਕਾਰ ਰਿਹਾ ਹੈ। ਉਸ ਨੂੰ ਦੋ ਜੀਵਨ ਜੀਣੇ ਪੈਂਦੇ ਰਹੇ ਹਨ-ਇੱਕ ਦੁਨਿਆਵੀ, ਦੂਜਾ ਦੀਨੀ; ਇੱਕ ਲੌਕਿਕ, ਦੂਜਾ ਅਲੌਕਿਕ। ਲੌਕਿਕ ਜੀਵਨ ਨੂੰ ਉਹ ਪਰਵਿਰਤੀ ਦੀ ਪ੍ਰੇਰਣਾ ਅਨੁਸਾਰ ਜਿਉਂਦਾ ਸੀ। ਦੁਨਿਆਵੀ ਪ੍ਰਾਪਤੀਆਂ ਪਿੱਛੇ ਉਹ ਪੂਰੀ ਲਗਨ, ਪੂਰੇ ਬਲ ਅਤੇ ਪੂਰੀ ਬੌਧਿਕ ਯੋਗਤਾ ਨਾਲ ਦੌੜਦਾ ਸੀ। ਉਹ ਆਪਣੀ ਔਲਾਦ ਨੂੰ ਸੁਰੱਖਿਅਤ ਵੇਖ ਕੇ ਮਰਨਾ ਚਾਹੁੰਦਾ ਸੀ। ਔਲਾਦ ਨਾਲ ਬੇ-ਵਫ਼ਾਈ ਕਰ ਕੇ ਉਹ ਕਿਸੇ ਅਲੋਕਿਕ ਪ੍ਰਾਪਤੀ ਦਾ ਮਾਣ ਕਰਨ ਵਿੱਚ ਸਿਆਣਪ ਨਹੀਂ ਸੀ ਸਮਝਦਾ, ਤਸੱਲੀ ਨਹੀਂ ਸੀ ਮਹਿਸੂਸਦਾ। ਉਸ ਦਾ ਧਰਮ ਦੁਨਿਆਵੀ ਪ੍ਰਾਪਤੀਆਂ ਦੇ ਜਤਨ ਨੂੰ ਜੂਆ ਅਤੇ ਅਗਿਆਨ ਦੱਸਦਾ ਸੀ। ਧਰਮ ਦੇ ਆਦੇਸ਼ਾਂ ਅਤੇ ਫੈਸਲਿਆਂ ਉੱਤੇ ਕਿੰਤੂ ਕਰਨ ਦੀ ਉਸ ਵਿੱਚ ਹਿੰਮਤ ਨਹੀਂ ਸੀ, ਨਾ ਹੀ ਧਰਮ ਦੇ ਫੈਸਲਿਆਂ ਨੂੰ ਉਹ ਸ਼ੱਕ ਦੀ ਨਜ਼ਰ ਨਾਲ ਵੇਖਦਾ ਸੀ। ਧਰਮ ਭੈਅ ਦੀ ਭਰਪੂਰ ਵਰਤੋਂ ਕਰ ਕੇ ਉਸ ਨੂੰ ਆਪਣੇ ਆਪ ਵਿੱਚ ਵੰਡੀ ਰੱਖਦਾ ਸੀ। ਮਨੁੱਖ ਦੀ ਇਸ ਮਾਨਸਿਕ ਅਵਸਥਾ ਨੂੰ ਦੁਬਿਧਾ ਆਖਿਆ ਗਿਆ ਹੈ ਅਤੇ ਦੁਬਿਧਾ ਮਨੁੱਖ ਨੂੰ ਨਾ ਮਾਇਆ ਵੱਲ ਲੱਗਣ ਦਿੰਦੀ ਹੈ, ਨਾ ਰਾਮ ਵੱਲ ਜਾਣ ਦਿੰਦੀ ਹੈ। ਮਿਰਜ਼ਾ ਗ਼ਾਲਿਬ ਨੇ ਇਸ ਅਵਸਥਾ ਦਾ ਬਹੁਤ ਖ਼ੂਬਸੂਰਤ ਵਰਣਨ ਕੀਤਾ ਹੈ:
ਈਮਾਂ ਮੁਝੇ ਹੋਏ ਹੈ, ਜੋ ਖੀਂਚੇ ਹੈ ਮੁਝੇ ਕੁੱਝ,
ਕਾਅਬਾ ਮਿਠੇ ਪੀਛੇ ਹੋ ਕਲੀਸਾ ਮਿਰੇ ਆਗੇ।
ਪਰੰਤੂ ਆਮ ਆਦਮੀਆਂ ਲਈ ਕੁਰਰ ਦੀ ਖਿੱਚ ਈਮਾਨ ਦੀਆਂ ਰੋਕਾਂ ਨਾਲੋਂ ਬਹੁਤੀ ਪ੍ਰਬਲ ਰਹੀ ਹੈ; ਇਸ ਲਈ ਉਹ ਭੈ, ਅਨਿਸਚਿਤਤਾ ਅਤੇ ਦੁਬਿਧਾ ਵਿੱਚ ਜੀਵਿਆ ਹੈ। ਧਰਮ ਦੀ ਅਗਵਾਈ ਅਤੇ ਠੇਕੇਦਾਰੀ ਕਰਨ ਵਾਲੇ ਲੋਕ ਜਾਂ ਉਨ੍ਹਾਂ ਆਗੂਆਂ ਅਤੇ ਠੇਕੇਦਾਰਾਂ ਦੇ ਲੱਗੇ-ਬੱਧੇ ਵੀ ਕੁਫ਼ਰ ਦੀ ਖਿੱਚ ਨੂੰ ਉਨਾ ਹੀ ਪ੍ਰਥਲ ਮਹਿਸੂਸ ਕਰਦੇ ਹਨ, ਪਰ ਉਨ੍ਹਾਂ ਦੀ ਸਮਾਜਿਕ ਸਥਿਤੀ ਉਸ ਖਿੱਚ ਉੱਤੇ ਪਰਦਾ ਪਾਉਣ ਦੀ ਪ੍ਰੇਰਣਾ ਦਿੰਦੀ ਸੀ। ਇਸ ਲਈ ਪਾਖੰਡ ਉਨ੍ਹਾਂ ਦੇ ਜੀਵਨ ਦਾ ਮਹੱਤਵਪੂਰਨ ਹਿੱਸਾ ਬਣ ਜਾਂਦਾ ਸੀ । ਵਿਗਿਆਨਕ ਸੋਚ ਨੇ ਜਨ-ਸਾਧਾਰਣ ਅਤੇ ਜਨ-ਅਸਾਧਾਰਣ, ਦੋਹਾਂ ਉੱਤੇ ਉਪਕਾਰ ਕੀਤਾ ਹੈ; ਇੱਕ ਨੂੰ ਭੈਅ ਅਤੇ ਦੁਬਿਧਾ ਵਿੱਚੋਂ ਕੱਢ ਕੇ ਅਤੇ ਦੂਜੇ ਲਈ ਪਾਖੰਡ ਤੋਂ ਮੁਕਤੀ ਦੀਆਂ ਸੰਭਵਤਾਵਾਂ ਪੈਦਾ ਕਰ ਕੇ।
ਵਿਗਿਆਨਕ ਸੋਚ ਲਗਪਗ ਸਾਰੇ ਅਲੌਕਿਕ ਆਦਰਸ਼ਾਂ ਨੂੰ ਚਨੌਤੀ ਦੇ ਚੁੱਕੀ ਸੀ। ਪੱਛਮੀ ਵਿਚਾਰਵਾਨ ਚਿੰਤਾਤੁਰ ਸਨ ਕਿ ਹੁਣ ਮਨੁੱਖਤਾ ਦੇ ਦਿਸ਼ਾਹੀਣ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਵੀਹਵੀਂ ਸਦੀ ਦੇ ਪਹਿਲੇ ਅੱਧ ਵਿੱਚ ਹੋਈਆਂ ਦੋ ਭਿਆਨਕ ਜੰਗਾਂ ਨੇ ਇਸ ਖ਼ਤਰੇ ਨੂੰ ਹੋਰ ਵੀ ਨੇੜੇ ਆਇਆ ਸਿੱਧ ਕਰ ਦਿੱਤਾ। ਇਹ ਦਿਸ਼ਾਹੀਣਤਾ ਕਿਸੇ ਹੱਦ ਤਕ ਵਾਸਤਵਿਕ ਵੀ ਸੀ, ਜਿਸ ਦਾਲਾਭ ਲੈ ਕੇ ਮਾਰਕਸਵਾਦੀ ਵਿਚਾਰਧਾਰਾ ਨੇ ਆਪਣੇ ਪੈਰ ਪੱਕੇ ਕਰਨ ਦਾ ਜਤਨ ਵੀ ਕੀਤਾ। ਲੰਮੇ ਅਮਨ ਲਈ ਤਾਂਘਦੀ ਮਨੁੱਖਤਾ ਨੇ ਸਾਂਝੇ ਯੌਰਪ, ਸਹਿਯੋਗੀ ਯੌਰਪ ਦੇ ਸੁਪਨੇ ਸਜਾਏ, ਜਿਨ੍ਹਾਂ ਨੂੰ ਕੰਪਿਊਟਰ, ਇਨਫ਼ਰਮੇਸ਼ਨ ਟੈਕਨਾਲੋਜੀ, ਗਲੋਬਲਾਈਜ਼ੇਸ਼ਨ ਅਤੇ ਇੰਟਰਨੈੱਟ ਆਦਿਕ ਨੇ ਸੰਭਾਵਨਾਵਾਂ ਦੇ ਸੰਸਾਰ ਵਿੱਚੋਂ ਕੱਢ ਕੇ ਸੰਭਵਤਾ ਦੀ ਦੁਨੀਆ ਵਿੱਚ ਲੈ ਆਂਦਾ ਹੈ ਅਤੇ ਸਾਇੰਸ ਦੇ ਵਿਸਥਾਰ-ਵਿਕਾਸ ਕਾਰਨ ਅਲੋਕਿਕ ਅਤੇ ਅਸੰਭਵ ਆਦਰਸ਼ਾਂ ਦੀ ਥਾਂ ਲੋਕਿਕ ਅਤੇ ਵਾਸਤਵਿਕ ਆਦਰਸ਼ਾਂ ਦੀ ਉਤਪਤੀ ਹੋਈ ਹੈ। (ਇਸ ਦਾ ਵਿਸਥਾਰ ਕਿਸੇ ਅਗਲੇ ਲੇਖ ਵਿੱਚ)
ਗਿਆਨ, ਉਪਯੋਗਤਾ, ਸਿਆਣਪ, ਸੁਹਿਰਦਤਾ ਅਤੇ ਸਾਇੰਸ
ਮਨੁੱਖ ਦੀਆਂ ਬੌਧਿਕ ਪ੍ਰਾਪਤੀਆਂ ਦੇ ਸਮੁੱਚੇ ਭੰਡਾਰ ਨੂੰ ਗਿਆਨ ਕਹਿ ਸਕਦੇ ਹਾਂ। ਗਿਆਨ ਦੀਆਂ ਦੋ ਪ੍ਰਧਾਨ ਵੰਡਾਂ ਕੀਤੀਆਂ ਜਾ ਸਕਦੀਆਂ ਹਨ-ਭੌਤਿਕ ਅਤੇ ਪਰਾਭੌਤਿਕ ਜਾਂ ਲੋਕਿਕ ਅਤੇ ਅਲੋਕਿਕ ਜਾਂ 'ਪਦਾਰਥ-ਗਿਆਨ' ਅਤੇ 'ਅਧਿਆਤਮਕ ਗਿਆਨ'। ਪਦਾਰਥ ਨਾਲ ਸੰਬੰਧਤ ਗਿਆਨ ਨੂੰ ਵਿਗਿਆਨ ਵੀ ਆਖਿਆ ਜਾਂਦਾ ਹੈ, ਸਾਇੰਸ ਵੀ। ਵਿਗਿਆਨ ਇੰਦ੍ਰੀ-ਅਨੁਭਵ ਦੀ ਉਪਜ ਹੈ ਅਤੇ ਪ੍ਰਯੋਗ-ਸਿੱਧ (Empirical) ਹੈ। ਅਧਿਆਤਮਕ ਗਿਆਨ ਨੂੰ ਅੰਤਰ-ਦ੍ਰਿਸ਼ਟੀ ਰਾਹੀਂ ਪ੍ਰਾਪਤ (Intuitional) ਅਤੇ ਕਿਸੇ ਸਬੂਤ ਦੀ ਮੁਬਾਜੀ ਤੋਂ ਮੁਕਤ (Absolute) ਮੰਨਿਆ ਜਾਂਦਾ ਹੈ । ਕੁਝ ਲੋਕ ਉਸ ਨੂੰ ਇਲਹਾਮੀ ਗਿਆਨ ਵੀ ਮੰਨਦੇ ਹਨ।
ਮੁੱਢਲੇ ਮਨੁੱਖ ਦਾ ਸਾਰਾ ਗਿਆਨ ਉਸ ਦੇ ਦੁਨਿਆਵੀ ਅਨੁਭਵ ਦੀ ਉਪਜ ਸੀ। ਉਸ ਨੇ ਜਿੰਨਾਂ-ਭੂਤਾਂ ਅਤੇ ਦੇਵੀ-ਦੇਵਤਿਆਂ ਦੀ ਕਲਪਨਾ ਵੀ ਆਪਣੇ ਅਨੁਭਵ ਦੇ ਆਧਾਰ ਉੱਤੇ ਕੀਤੀ ਸੀ। ਕੁਦਰਤ ਵਿੱਚ ਵਿਚਰਦੇ, ਵਰਤਦੇ ਵਿਗਿਆਨਕ ਨੇਮਾਂ ਦੀ ਸੂਝ ਤੋਂ ਸੱਖਣਾ ਹੋਣ ਕਰਕੇ ਹੀ ਉਹ ਪਰਾਸਰੀਰਕ ਜਾਂ ਦੈਵੀ ਸ਼ਰਤੀਆਂ ਦੀ ਕਲਪਨਾ ਕਰਨ ਲਈ ਮਜਬੂਰ ਸੀ। ਸ਼ਿਕਾਰੀ ਮਨੁੱਖ ਨੂੰ ਇਨ੍ਹਾਂ ਦੀ ਕਲਪਨਾ ਤੋਂ ਅਗੇਰੇ ਜਾਣ ਦੀ ਲੋੜ ਨਹੀਂ ਪਈ। ਆਰੰਭਕ ਕਿਸਾਨੇ ਯੁਗ ਦੇ ਆਦਮੀ ਦੀਆਂ ਲੋੜਾਂ ਸ਼ਿਕਾਰੀ ਮਨੁੱਖ ਨਾਲੋਂ ਵੱਖਰੀ ਭਾਂਤ ਦੀਆਂ ਹੋ ਗਈਆਂ ਸਨ। ਉਸ ਦੇ ਡਰਾਂ ਅਤੇ ਖ਼ਤਰਿਆਂ ਵਿੱਚ ਵਾਧਾ ਹੋ ਗਿਆ ਸੀ। ਉਸ ਨੂੰ ਕੁਦਰਤੀ ਸ਼ਕਤੀਆਂ ਨਾਲ ਸੰਬੰਧਿਤ ਦੇਵੀ ਦੇਵਤਿਆਂ ਦੀ ਸਹਾਇਤਾ ਅਤੇ ਦਇਆ ਦੀ ਲੋੜ ਮਹਿਸੂਸ ਹੋਣ ਲੱਗ ਪਈ ਸੀ। ਇਸ ਲੋੜ ਦੀ ਪੂਰਤੀ ਲਈ ਉਸ ਨੇ ਆਪਣੇ ਕਲਪਿਤ ਦੇਵਤਿਆਂ ਦੀ ਪ੍ਰਸੰਨਤਾ ਪ੍ਰਾਪਤ ਕਰਨ ਦੇ ਤਰੀਕਿਆਂ ਦੀ ਕਲਪਨਾ ਕਰ ਕੇ ਪੂਜਾ ਅਤੇ ਬਲੀ ਦੀਆਂ ਵਿਧੀਆਂ ਬਣਾ ਲਈਆਂ, ਜਿਨ੍ਹਾਂ ਦੇ ਵਿਕਾਸ ਵਿੱਚੋਂ ਇਸ ਵਿਸ਼ਵਾਸ ਨੇ ਜਨਮ ਲਿਆ ਕਿ ਕੁਝ ਇੱਕ ਆਦਮੀਆਂ ਵਿੱਚ ਪਰਾਸਰੀਰਕ ਸ਼ਕਤੀਆਂ ਨਾਲ ਸੰਪਰਕ-ਸੰਬੰਧ ਪੈਦਾ ਕਰਨ ਦੀ ਵਿਸ਼ੇਸ਼ ਸ਼ਕਤੀ ਜਾਂ ਯੋਗਤਾ ਹੈ। ਇਸੇ ਵਿਸ਼ੇਸ਼ ਯੋਗਤਾ ਵਿਚਲੇ ਵਿਸ਼ਵਾਸ ਵਿੱਚੋਂ ਹੀ ਗਿਆਨ ਦੀਆਂ ਦੋ ਵੰਡਾਂ (ਭੌਤਿਕ ਅਤੇ ਪਰਾਭੌਤਿਕ) ਦਾ ਜਨਮ ਹੋਇਆ ਹੈ।
ਉਪਯੋਗਤਾ
ਮਨੁੱਖੀ ਜੀਵਨ ਦੀਆਂ ਲੋੜਾਂ ਵਿੱਚੋਂ ਜਨਮ ਲੈ ਕੇ, ਲੋੜਾਂ ਅਨੁਸਾਰ ਵਿਕਾਸ ਕਰਨ ਵਾਲੇ ਗਿਆਨ ਲਈ ਉਪਯੋਗੀ ਹੋਣਾ ਸੁਭਾਵਕ ਹੈ। ਆਪਣੇ ਮੁੱਢਲੇ ਰੂਪ ਵਿੱਚ ਗਿਆਨ ਦੀਆਂ ਦੋਵੇਂ ਵੰਡਾਂ ਉਪਯੋਗੀ ਸਨ। ਕਬੀਲਾਦਾਰੀ ਦੇ ਯੁਗ ਵਿੱਚ ਮਨੁੱਖ ਜਿੰਨਾਂ-ਭੂਤਾਂ ਅਤੇ ਦੇਵੀ ਦੇਵਤਿਆਂ ਨਾਲ ਸਿਹਤ, ਸੰਤਾਨ, ਉਪਜ
ਆਦਿਕ ਨਾਲ ਜੋੜਦਾ ਸੀ। ਜਿਵੇਂ ਜਿਵੇਂ ਕਿਸਾਨੀ ਸੱਭਿਅਤਾ ਪੱਕੇ ਪੈਰੀਂ ਖਲੌਂਦੀ ਗਈ ਹੈ ਤਿਵੇਂ ਤਿਵੇਂ ਗਿਆਨ ਦੀਆਂ ਦੋ ਵੰਡਾਂ ਦਾ ਵਖੇਵਾਂ ਵਧਦਾ ਗਿਆ ਹੈ। ਆਪਣੀ ਚਰਮ ਸੀਮਾ ਤਕ ਪੁੱਜਦਿਆਂ ਪੁੱਜਦਿਆਂ ਇਸ ਸੱਭਿਅਤਾ ਨੇ ਆਪਣੇ ਗਿਆਨ ਦੀਆਂ, ਅਧਿਆਤਮਕ ਅਤੇ ਭੌਤਿਕ ਜਾਂ ਦੀਨੀ ਅਤੇ ਦੁਨਿਆਵੀ, ਦੋ ਵੰਡਾਂ ਦੀ ਨਿਸ਼ਚਿਤ ਰੂਪ- ਰੇਖਾ ਉਲੀਕ ਲਈ ਸੀ। ਮੈਡੀਟੇਨੀਅਨ ਭੂ-ਖੰਡ (ਰੂਮ ਸਾਗਰ ਜਾਂ ਭੂ-ਮੱਧ ਸਾਗਰ ਦੇ ਇਰਦ ਗਿਰਦ ਦੇ ਦੇਸ਼) ਵਿੱਚ ਇਨ੍ਹਾਂ ਦੋ ਵੰਡਾਂ ਵਿੱਚ ਵੱਡਾ ਵਿਰੋਧ ਚੱਲਦਾ ਰਿਹਾ ਹੈ। ਇਸ ਵਿਰੋਧ ਨੇ ਸਿਆਸੀ ਅਤੇ ਸੈਨਿਕ ਘੋਲਾਂ ਦਾ ਰੂਪ ਧਾਰ ਕੇ ਦੋਹਾਂ ਵੰਡਾਂ ਨੂੰ ਇੱਕ ਦੂਜੀ ਦੇ ਨੇੜੇ ਰਹਿਣ ਦੀ ਮਜਬੂਰੀ ਪੈਦਾ ਕੀਤੀ ਰੱਖੀ ਹੈ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਇੱਕ ਦੂਜੀ ਦੀ ਉਡਾਈ ਹੋਈ ਧੂੜ-ਮਿੱਟੀ ਪੈ ਕੇ ਦੋਹਾਂ ਦੇ ਚਿਹਰੇ ਬੇ-ਪਛਾਣ ਹੁੰਦੇ ਗਏ ਹਨ।
ਪੂਰਬ (ਵਿਸ਼ੇਸ਼ ਕਰਕੇ ਭਾਰਤ) ਵਿੱਚ ਇਨ੍ਹਾਂ ਦੋਹਾਂ ਵੰਡਾਂ ਦਾ ਫਰਕ ਫ਼ਾਸਲਾ ਵਧਦਾ ਗਿਆ ਹੈ: ਅਧਿਆਤਮਕ ਗਿਆਨ ਦੀ ਪ੍ਰਧਾਨਤਾ ਸਥਾਪਤ ਹੁੰਦੀ ਗਈ ਹੈ ਅਤੇ ਭੌਤਿਕ ਗਿਆਨ ਨੂੰ ਭਰਮ, ਭੁਲੇਖਾ ਅਤੇ ਅਗਿਆਨ ਤਕ ਕਹਿ ਕੇ ਛੁਟਿਆਉਣ ਦੀ ਰੁਚੀ ਵਧਦੀ ਗਈ ਹੈ। ਅੱਜ ਜਦੋਂ ਸਾਇੰਸ ਅਤੇ ਸਨਅਤ ਦੀ ਉਪਜਾਈ ਹੋਈ ਜੀਵਨ-ਜਾਚ ਸਾਰੀ ਦੁਨੀਆ ਨੂੰ ਪ੍ਰਭਾਵਿਤ, ਪ੍ਰੇਰਿਤ ਅਤੇ ਉੱਨਤ ਕਰਨ ਦੋ ਇਕਰਾਰ ਕਰਨ ਅਤੇ ਵਿਉਂਤਾਂ ਬਣਾਉਣ ਦੇ ਯੋਗ ਹੋ ਗਈ ਹੈ, ਉਦੋਂ ਵੀ ਅਧਿਆਤਮਵਾਦ ਵਿਗਿਆਨ ਨੂੰ ਭਰਮ, ਭੁਲੇਖਾ ਅਤੇ ਸੁਪਨਾ ਕਹਿਣੋਂ ਸੰਕੋਚ ਨਹੀਂ ਕਰਦਾ। ਇਸ ਗਿਆਨ ਦੇ ਇਸ ਅਧਿਕਾਰ ਦੀ ਵਜ੍ਹਾ ਨਾਲ ਇਸ ਨੂੰ ਰੱਬੀ ਜਾਂ ਧੁਰੋਂ ਆਇਆ ਮੰਨਿਆ ਜਾਂਦਾ ਹੈ ਜਾਂ ਧੁਰੋਂ ਆਇਆ ਹੋਣ ਕਰਕੇ ਇਸ ਨੂੰ ਇਹ ਅਧਿਕਾਰ ਪ੍ਰਾਪਤ ਹੈ, ਇਸ ਗੱਲ ਦਾ ਨਿਰਣਾ ਜ਼ਰਾ ਔਖਾ ਹੈ।
ਮੈਡੀਟੇਨੀਅਨ ਭੂ-ਖੰਡ ਵਿੱਚ ਅਧਿਆਤਮਕ ਗਿਆਨ ਦੇ ਵਿਕਾਸ ਅਤੇ ਸੰਗਠਨ ਤੋਂ ਪਹਿਲਾਂ ਹੀ ਇਸ ਦੀ ਉਪਯੋਗਿਤਾ ਦਾ ਖ਼ਿਆਲ ਪੈਦਾ ਹੋ ਗਿਆ ਸੀ। ਪਲੇਟੋ (ਇਫ਼ਲਾਤੂਨ) ਨੇ ਆਪਣੀ ਪੁਸਤਕ ਰੀਪਬਲਿਕ ਵਿੱਚ ਇਹ ਸੁਝਾਉ ਦਿੱਤਾ ਹੋਇਆ ਹੈ ਕਿ 'ਕਿਸੇ ਵੀ ਚੰਗੀ ਸਰਕਾਰ ਨੂੰ ਸੋਚੇ ਸਮਝੇ ਹੋਏ ਰੂਹਾਨੀ ਜਾਂ ਅਧਿਆਤਮਕ ਝੂਠ ਦਾ ਸਹਾਰਾ ਲੈਣਾ ਜ਼ਰੂਰੀ ਹੈ। ਇੱਕ ਝੂਠ ਦੀ ਸਲਾਹ ਮੈਂ ਦਿੰਦਾ ਹਾਂ। ਸਰਕਾਰ ਲੋਕਾਂ ਵਿੱਚ ਇਹ ਵਿਸ਼ਵਾਸ ਪੈਦਾ ਕਰੇ ਕਿ ਆਦਮੀਆਂ ਵਿੱਚ ਤਿੰਨ ਪ੍ਰਕਾਰ ਦੀਆਂ ਰੂਹਾਂ ਹੁੰਦੀਆਂ ਹਨ। ਫ਼ਿਲਾਸਫਰਾਂ ਅਤੇ ਹਾਕਮਾਂ ਵਿੱਚ ਸੋਨੇ ਦੀਆਂ, ਲੜਨ ਮਰਨ ਵਾਲੇ ਯੋਧਿਆਂ ਵਿੱਚ ਚਾਂਦੀ ਦੀਆਂ ਅਤੇ ਕਾਮਿਆਂ ਵਿੱਚ ਘਟੀਆ ਧਾਤੂਆਂ ਦੀਆਂ ਰੂਹਾਂ ਹੁੰਦੀਆਂ ਹਨ।' ਪਲੇਟੋ ਦਾ ਮਨੋਰਥ ਇਹ ਸੀ ਕਿ ਜਨ-ਸਾਧਾਰਣ ਆਪੋ ਆਪਣੀ ਸਮਾਜਕ ਸਥਿਤੀ ਵਿੱਚ ਸੰਤੁਸ਼ਟ ਰੱਖਿਆ ਜਾ ਸਕੇ। ਉਹ ਇਸੇ ਨੂੰ ਜਸਟਿਸ ਜਾਂ ਸਮਾਜਕ ਨਿਆਂਪੂਰਣਤਾ ਕਹਿੰਦਾ ਸੀ। ਵੇਦ ਵਿਆਸ ਦੀ ਮਹਾਂਭਾਰਤ ਪਲੇਟੋ ਦੇ ਵਿਚਾਰਾਂ ਦਾ ਭਾਰਤੀ ਉਤਾਰਾ ਹੈ। ਰੀਪਬਲਿਕ ਤੋਂ ਪਿੱਛੋਂ ਲਿਖੀ ਗਈ ਹੋਣ ਕਰਕੇ ਇਸ ਵਿੱਚ ਸਿਧਾਂਤਕ ਪਕਿਆਈ ਜ਼ਿਆਦਾ ਹੈ। ਇਸ ਨੇ ਰੂਹਾਂ ਦੇ ਵਖੇਵੇਂ ਦੀ ਥਾਂ ਕਰਮ ਉੱਤੇ ਆਧਾਰਿਤ ਪੁਨਰ ਜਨਮ ਅਤੇ ਜਨਮ ਉਤੇ ਆਧਾਰਿਤ ਜਾਤ-ਪਾਤ ਦੇ ਭਾਰਤੀ ਸਿਧਾਂਤ ਦੀ ਸਹਾਇਤਾ ਨਾਲ ਜਨ-ਸਾਧਾਰਣ ਨੂੰ ਆਪਣੀ ਹੋਣੀ ਨਾਲ ਸਮਝੌਤਾ ਕਰਨ ਦੀ ਸਿਆਣੀ ਅਤੇ ਸਦਾ ਕੰਮ ਆਉਣ ਵਾਲੀ ਸਲਾਹ ਦਿੱਤੀ ਹੈ। ਇਹ ਹੁਣ ਤਕ ਕੰਮ ਆ ਰਹੀ ਹੈ।
ਮੈਡੀਟੇਨੀਅਨ ਭੂ-ਖੰਡ, ਮਿਡਲ ਈਸਟ ਅਤੇ ਯੌਰਪ ਵਿੱਚ ਪਰਚਾਰਿਆ ਜਾਣ ਵਾਲਾ ਵਿਰੋਧ ਵਿੱਚ ਰਿਹਾ ਹੈ ਇਸ ਲਈ ਇਸਨੂੰ
ਭਰਮ ਜਾਂ ਸੁਪਨਾ ਨਹੀਂ ਕਹਿ ਸਕਿਆ। ਜੋ ਸੁਪਨਾ ਹੈ, ਜਿਸ ਦੀ ਕੋਈ ਹਕੀਕੀ ਹੋਂਦ ਹੀ ਨਹੀਂ ਉਸ ਨਾਲ ਲੜਿਆ, ਝਗੜਿਆ ਕਿਵੇਂ ਜਾ ਸਕਦਾ ਹੈ ? ਕਿਸੇ ਅਣਹੋਏ ਸ਼ੱਤਰੂ ਦਾ ਟਾਕਰਾ ਕਰਦੇ ਹੋਏ ਅਸੀਂ ਪਾਗਲ ਆਖੇ ਜਾਵਾਂਗੇ ਭਾਰਤੀ ਅਧਿਆਤਮਕ ਸਿਧਾਂਤਾਂ ਦੀ ਤਾਰਕਿਕ ਪਕਿਆਈ ਨੇ ਭੌਤਿਕ ਗਿਆਨ ਨੂੰ ਆਪਣੇ ਸਾਹਮਣੇ ਸਿਰ ਨਹੀਂ ਚੁੱਕਣ ਦਿੱਤਾ। ਇਸ ਲਈ ਇਨ੍ਹਾਂ ਵਿੱਚ ਵਿਰੋਧ ਨਹੀਂ ਉਪਜਿਆ ਅਤੇ ਅਧਿਆਤਮਕ ਗਿਆਨ, ਭੌਤਿਕ ਸਿਆਣਪ ਨੂੰ ਭਰਮ, ਕੂੜ, ਅਗਿਆਨ, ਅਤੇ ਬੰਧਨ ਕਹਣ ਵਿੱਚ ਕਿਸੇ ਅਤਾਰਕਿਕਤਾ ਦਾ ਦੋਸ਼ੀ ਨਹੀਂ ਆਖਿਆ ਗਿਆ। ਹੈਰਾਨੀ ਦੀ ਗੱਲ ਹੈ ਕਿ ਜਿਸ ਅਧਿਆਤਮਕ ਗਿਆਨ ਲਈ ਸਾਰਾ ਸੰਸਾਰਕ ਜੀਵਨ ਮਾਇਆ ਹੈ, ਝੂਠਾ ਹੈ, ਸੁਪਨਾ ਹੈ, ਓਸੇ ਅਧਿਆਤਮਕ ਗਿਆਨ ਦੇ ਪੰਡਿਤ ਲਈ ਰਾਜ-ਗੱਦੀਆਂ ਉੱਤੋਂ ਹੋਣ ਵਾਲੇ ਯੁੱਧ (ਮਹਾਂਭਾਰਤ) ਏਨੇ ਸੱਚੇ ਹਨ ਕਿ ਉਨ੍ਹਾਂ ਵਿੱਚ ਭਗਵਾਨ ਨੂੰ ਸਾਰਥੀ ਬਣਾਉਣੋਂ ਵੀ ਸੰਕੋਚ ਨਹੀਂ ਕੀਤਾ ਗਿਆ। ਯੁੱਧ ਦਾ ਮਹੱਤਵ ਅਸਲ ਵਿੱਚ ਰਾਜ-ਸ਼੍ਰੇਣੀ ਦਾ ਮਹੱਤਵ ਸੀ। ਭਾਰਤ ਉੱਤੇ ਇਸਲਾਮੀ (ਤੁਰਕੀ) ਕਬਜ਼ਾ ਹੋ ਜਾਣ ਨਾਲ ਭਾਰਤੀ ਅਧਿਆਤਮਕ ਗਿਆਨ ਦੀ ਸਿਆਸੀ ਅਤੇ ਸੈਨਿਕ ਉਪਯੋਗਿਤਾ ਦਾ ਅੰਤ ਹੋ ਗਿਆ ਸੀ। ਇਸ ਗਿਆਨ ਨੇ ਸਮੁੱਚੇ ਸੰਸਾਰਕ ਜੀਵਨ ਨੂੰ ਅਤੇ ਸੰਸਾਰਕ ਜੀਵਨ ਦੀ ਸੇਵਾ-ਸੰਭਾਲ ਕਰਨ ਵਾਲੀ ਮਾਨਵੀ ਸੋਚ ਨੂੰ ਨਿਰਾਰਥਕ ਕਹਿ ਕੇ ਮੁਕਤੀ, ਸਮਾਧੀ ਅਤੇ ਸੱਚ-ਖੰਡ ਪ੍ਰਾਪਤੀ ਦੇ ਕੰਮ ਆਉਣ ਵਾਲੇ ਅਭਿਆਸ ਨੂੰ ਆਪਣਾ ਇੱਕੋ ਇੱਕ ਵਿਸ਼ਾ ਮੰਨ ਲਿਆ।
ਮੈਡੀਟ੍ਰੇਨੀਅਨ ਭੂ-ਖੰਡ ਵਿੱਚ ਰਿਨੇਸਾਂਸ ਤੋਂ ਪਿੱਛੋਂ ਸਥਿਤੀ ਬਦਲਣੀ ਸ਼ੁਰੂ ਹੋ ਗਈ ਸੀ। ਭਾਰਤ ਵਿੱਚ ਇਸ ਤਬਦੀਲੀ ਦੀ ਰਫਤਾਰ ਬਹੁਤ ਸੁਸਤ ਹੈ, ਇਉਂ ਲੱਗਦਾ ਹੈ ਜਿਵੇਂ ਇਸ ਪਾਸੇ ਕੋਈ ਵਿਕਾਸ ਹੋ ਹੀ ਨਹੀਂ ਰਿਹਾ। ਇਸ ਦੇ ਨਤੀਜੇ, ਗਿਆਨ ਅਤੇ ਜੀਵਨ ਦੋਹਾਂ ਲਈ ਦੁਖਦਾਇਕ ਹਨ। ਅਧਿਆਤਮਕ ਗਿਆਨ ਨੇ ਸੰਸਾਰਕ ਗਿਆਨ (ਜਾਂ ਵਿਗਿਆਨ) ਨੂੰ ਬੇ-ਲੋੜਾ ਕਹਿਣੋਂ ਕਦੇ ਸੰਕੋਚ ਨਹੀਂ ਕੀਤਾ। ਆਪਣੇ ਆਪ ਨੂੰ ਸੰਸਾਰਕ ਜੀਵਨ ਲਈ ਲਾਭਦਾਇਕ ਕਹਿ ਕੇ ਆਪਣੇ ਫ਼ੈਸਲੇ ਨੂੰ ਆਪਣੇ ਉੱਤੇ ਲਾਗੂ ਕਰਨ ਅਤੇ ਆਪਣੇ ਆਪ ਨੂੰ ਸੰਸਾਰਕ ਜੀਵਨ ਦਾ ਲਾਭਦਾਇਕ ਸੇਵਕ ਬਣਾਉਣ ਦੀ ਭੁੱਲ ਵੱਲੋਂ ਖ਼ਬਰਦਾਰ ਰਹਿਣਾ ਹੀ ਗਿਆਨ ਦੀ ਇਸ ਵੰਡ ਦੀ ਵੱਡੀ ਚਿੰਤਾ ਬਣੀ ਰਹੀ ਹੈ। ਨਤੀਜਾ ਇਹ ਹੋਇਆ ਹੈ ਕਿ ਜੀਵਨ ਦੀ ਵਿਕਾਸਸ਼ੀਲਤਾ ਨਾਲੋਂ ਟੁੱਟ ਕੇ ਅਧਿਆਤਮਕ ਗਿਆਨ ਵਿਕਾਸ-ਹੀਣ ਹੋ ਗਿਆ ਹੈ। ਸਦੀਆਂ ਪੁਰਾਣੇ ਸਿਧਾਂਤਾਂ ਨੂੰ ਬਾਰ ਬਾਰ ਦੁਹਰਾਉਣ ਅਤੇ ਇਸ ਦੁਹਰਾਉ ਵਿੱਚ ਨਵੇਂ ਨਵੇਂ ਸ਼ਬਦਾਂ ਦੀ ਵਰਤੋਂ ਦੇ ਤਰਲੇ ਨੈਣ ਦੇ ਜਤਨ ਨੇ ਇਸ ਗਿਆਨ ਦੀ ਹਾਲਤ ਨੂੰ ਤਰਸਯੋਗ ਬਣਾ ਦਿੱਤਾ ਹੈ। ਅਧਿਆਤਮਕ ਗਿਆਨ ਨੂੰ ਅੱਜ ਕੱਲ ਆਤਮਾ ਦੀ ਸਾਇੰਸ ਕਹਿਣ ਵਿੱਚ ਆਧੁਨਿਕਤਾ ਮੰਨੀ ਜਾਂਦੀ ਹੈ, ਉਂਵ ਹੈ ਇਹ ਇੱਕ ਅਸੰਗਤੀ, ਇੱਕ ਅਤਾਰਕਿਕਤਾ। ਸਾਇੰਸ ਪਦਾਰਥ ਨਾਲ ਸੰਬੰਧਿਤ ਹੈ; ਨਿਰੀਖਣ ਉੱਤੇ ਆਧਾਰਿਤ ਹੈ; ਪ੍ਰਯੋਗ ਰਾਹੀਂ ਜਾਣੀ ਹੋਈ ਗੱਲ ਨੂੰ ਪ੍ਰਯੋਗ ਰਾਹੀਂ ਪ੍ਰਮਾਣਿਤ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ; ਅਤੇ ਅਪ੍ਰਮਾਣਿਤ ਗੱਲ ਨਾਲ ਜੁੜੇ ਰਹਿਣ ਦੀ ਜ਼ਿਦ ਨਹੀਂ ਕਰਦੀ। ਇਨ੍ਹਾਂ ਵਿੱਚੋਂ ਇੱਕ ਵੀ ਨੇਮ ਅਧਿਆਤਮਕ ਗਿਆਨ ਉੱਤੇ ਲਾਗੂ ਨਹੀਂ ਹੁੰਦਾ। ਅਧਿਆਤਮਕ ਗਿਆਨ ਆਪਣੀ ਪੁਰਾਤਨਤਾ ਨੂੰ ਆਪਣੀ ਸੱਚਾਈ ਦੀ ਦਲੀਲ ਦੱਸਦਾ ਹੋਇਆ ਇਹ ਭੁੱਲ ਜਾਂਦਾ ਹੈ ਕਿ ਇਉਂ ਕਰ ਕੇ ਉਹ ਆਪਣੀ ਜੜਤਾ ਅਤੇ ਵਿਕਾਸਹੀਣਤਾ ਦਾ ਇਕਬਾਲ ਕਰ ਰਿਹਾ ਹੈ। ਅਧਿਆਤਮਕ ਗਿਆਨ ਤੰਤ੍ਰ ਯੋਗ ਦੀ ਸਹਾਇਤਾ ਨਾਲ ਫ੍ਰਾਇਡ ਦੇ ਨੇੜੇ