ਗਿਆਨ, ਉਪਯੋਗਤਾ, ਸਿਆਣਪ, ਸੁਹਿਰਦਤਾ ਅਤੇ ਸਾਇੰਸ
ਮਨੁੱਖ ਦੀਆਂ ਬੌਧਿਕ ਪ੍ਰਾਪਤੀਆਂ ਦੇ ਸਮੁੱਚੇ ਭੰਡਾਰ ਨੂੰ ਗਿਆਨ ਕਹਿ ਸਕਦੇ ਹਾਂ। ਗਿਆਨ ਦੀਆਂ ਦੋ ਪ੍ਰਧਾਨ ਵੰਡਾਂ ਕੀਤੀਆਂ ਜਾ ਸਕਦੀਆਂ ਹਨ-ਭੌਤਿਕ ਅਤੇ ਪਰਾਭੌਤਿਕ ਜਾਂ ਲੋਕਿਕ ਅਤੇ ਅਲੋਕਿਕ ਜਾਂ 'ਪਦਾਰਥ-ਗਿਆਨ' ਅਤੇ 'ਅਧਿਆਤਮਕ ਗਿਆਨ'। ਪਦਾਰਥ ਨਾਲ ਸੰਬੰਧਤ ਗਿਆਨ ਨੂੰ ਵਿਗਿਆਨ ਵੀ ਆਖਿਆ ਜਾਂਦਾ ਹੈ, ਸਾਇੰਸ ਵੀ। ਵਿਗਿਆਨ ਇੰਦ੍ਰੀ-ਅਨੁਭਵ ਦੀ ਉਪਜ ਹੈ ਅਤੇ ਪ੍ਰਯੋਗ-ਸਿੱਧ (Empirical) ਹੈ। ਅਧਿਆਤਮਕ ਗਿਆਨ ਨੂੰ ਅੰਤਰ-ਦ੍ਰਿਸ਼ਟੀ ਰਾਹੀਂ ਪ੍ਰਾਪਤ (Intuitional) ਅਤੇ ਕਿਸੇ ਸਬੂਤ ਦੀ ਮੁਬਾਜੀ ਤੋਂ ਮੁਕਤ (Absolute) ਮੰਨਿਆ ਜਾਂਦਾ ਹੈ । ਕੁਝ ਲੋਕ ਉਸ ਨੂੰ ਇਲਹਾਮੀ ਗਿਆਨ ਵੀ ਮੰਨਦੇ ਹਨ।
ਮੁੱਢਲੇ ਮਨੁੱਖ ਦਾ ਸਾਰਾ ਗਿਆਨ ਉਸ ਦੇ ਦੁਨਿਆਵੀ ਅਨੁਭਵ ਦੀ ਉਪਜ ਸੀ। ਉਸ ਨੇ ਜਿੰਨਾਂ-ਭੂਤਾਂ ਅਤੇ ਦੇਵੀ-ਦੇਵਤਿਆਂ ਦੀ ਕਲਪਨਾ ਵੀ ਆਪਣੇ ਅਨੁਭਵ ਦੇ ਆਧਾਰ ਉੱਤੇ ਕੀਤੀ ਸੀ। ਕੁਦਰਤ ਵਿੱਚ ਵਿਚਰਦੇ, ਵਰਤਦੇ ਵਿਗਿਆਨਕ ਨੇਮਾਂ ਦੀ ਸੂਝ ਤੋਂ ਸੱਖਣਾ ਹੋਣ ਕਰਕੇ ਹੀ ਉਹ ਪਰਾਸਰੀਰਕ ਜਾਂ ਦੈਵੀ ਸ਼ਰਤੀਆਂ ਦੀ ਕਲਪਨਾ ਕਰਨ ਲਈ ਮਜਬੂਰ ਸੀ। ਸ਼ਿਕਾਰੀ ਮਨੁੱਖ ਨੂੰ ਇਨ੍ਹਾਂ ਦੀ ਕਲਪਨਾ ਤੋਂ ਅਗੇਰੇ ਜਾਣ ਦੀ ਲੋੜ ਨਹੀਂ ਪਈ। ਆਰੰਭਕ ਕਿਸਾਨੇ ਯੁਗ ਦੇ ਆਦਮੀ ਦੀਆਂ ਲੋੜਾਂ ਸ਼ਿਕਾਰੀ ਮਨੁੱਖ ਨਾਲੋਂ ਵੱਖਰੀ ਭਾਂਤ ਦੀਆਂ ਹੋ ਗਈਆਂ ਸਨ। ਉਸ ਦੇ ਡਰਾਂ ਅਤੇ ਖ਼ਤਰਿਆਂ ਵਿੱਚ ਵਾਧਾ ਹੋ ਗਿਆ ਸੀ। ਉਸ ਨੂੰ ਕੁਦਰਤੀ ਸ਼ਕਤੀਆਂ ਨਾਲ ਸੰਬੰਧਿਤ ਦੇਵੀ ਦੇਵਤਿਆਂ ਦੀ ਸਹਾਇਤਾ ਅਤੇ ਦਇਆ ਦੀ ਲੋੜ ਮਹਿਸੂਸ ਹੋਣ ਲੱਗ ਪਈ ਸੀ। ਇਸ ਲੋੜ ਦੀ ਪੂਰਤੀ ਲਈ ਉਸ ਨੇ ਆਪਣੇ ਕਲਪਿਤ ਦੇਵਤਿਆਂ ਦੀ ਪ੍ਰਸੰਨਤਾ ਪ੍ਰਾਪਤ ਕਰਨ ਦੇ ਤਰੀਕਿਆਂ ਦੀ ਕਲਪਨਾ ਕਰ ਕੇ ਪੂਜਾ ਅਤੇ ਬਲੀ ਦੀਆਂ ਵਿਧੀਆਂ ਬਣਾ ਲਈਆਂ, ਜਿਨ੍ਹਾਂ ਦੇ ਵਿਕਾਸ ਵਿੱਚੋਂ ਇਸ ਵਿਸ਼ਵਾਸ ਨੇ ਜਨਮ ਲਿਆ ਕਿ ਕੁਝ ਇੱਕ ਆਦਮੀਆਂ ਵਿੱਚ ਪਰਾਸਰੀਰਕ ਸ਼ਕਤੀਆਂ ਨਾਲ ਸੰਪਰਕ-ਸੰਬੰਧ ਪੈਦਾ ਕਰਨ ਦੀ ਵਿਸ਼ੇਸ਼ ਸ਼ਕਤੀ ਜਾਂ ਯੋਗਤਾ ਹੈ। ਇਸੇ ਵਿਸ਼ੇਸ਼ ਯੋਗਤਾ ਵਿਚਲੇ ਵਿਸ਼ਵਾਸ ਵਿੱਚੋਂ ਹੀ ਗਿਆਨ ਦੀਆਂ ਦੋ ਵੰਡਾਂ (ਭੌਤਿਕ ਅਤੇ ਪਰਾਭੌਤਿਕ) ਦਾ ਜਨਮ ਹੋਇਆ ਹੈ।
ਉਪਯੋਗਤਾ
ਮਨੁੱਖੀ ਜੀਵਨ ਦੀਆਂ ਲੋੜਾਂ ਵਿੱਚੋਂ ਜਨਮ ਲੈ ਕੇ, ਲੋੜਾਂ ਅਨੁਸਾਰ ਵਿਕਾਸ ਕਰਨ ਵਾਲੇ ਗਿਆਨ ਲਈ ਉਪਯੋਗੀ ਹੋਣਾ ਸੁਭਾਵਕ ਹੈ। ਆਪਣੇ ਮੁੱਢਲੇ ਰੂਪ ਵਿੱਚ ਗਿਆਨ ਦੀਆਂ ਦੋਵੇਂ ਵੰਡਾਂ ਉਪਯੋਗੀ ਸਨ। ਕਬੀਲਾਦਾਰੀ ਦੇ ਯੁਗ ਵਿੱਚ ਮਨੁੱਖ ਜਿੰਨਾਂ-ਭੂਤਾਂ ਅਤੇ ਦੇਵੀ ਦੇਵਤਿਆਂ ਨਾਲ ਸਿਹਤ, ਸੰਤਾਨ, ਉਪਜ
ਆਦਿਕ ਨਾਲ ਜੋੜਦਾ ਸੀ। ਜਿਵੇਂ ਜਿਵੇਂ ਕਿਸਾਨੀ ਸੱਭਿਅਤਾ ਪੱਕੇ ਪੈਰੀਂ ਖਲੌਂਦੀ ਗਈ ਹੈ ਤਿਵੇਂ ਤਿਵੇਂ ਗਿਆਨ ਦੀਆਂ ਦੋ ਵੰਡਾਂ ਦਾ ਵਖੇਵਾਂ ਵਧਦਾ ਗਿਆ ਹੈ। ਆਪਣੀ ਚਰਮ ਸੀਮਾ ਤਕ ਪੁੱਜਦਿਆਂ ਪੁੱਜਦਿਆਂ ਇਸ ਸੱਭਿਅਤਾ ਨੇ ਆਪਣੇ ਗਿਆਨ ਦੀਆਂ, ਅਧਿਆਤਮਕ ਅਤੇ ਭੌਤਿਕ ਜਾਂ ਦੀਨੀ ਅਤੇ ਦੁਨਿਆਵੀ, ਦੋ ਵੰਡਾਂ ਦੀ ਨਿਸ਼ਚਿਤ ਰੂਪ- ਰੇਖਾ ਉਲੀਕ ਲਈ ਸੀ। ਮੈਡੀਟੇਨੀਅਨ ਭੂ-ਖੰਡ (ਰੂਮ ਸਾਗਰ ਜਾਂ ਭੂ-ਮੱਧ ਸਾਗਰ ਦੇ ਇਰਦ ਗਿਰਦ ਦੇ ਦੇਸ਼) ਵਿੱਚ ਇਨ੍ਹਾਂ ਦੋ ਵੰਡਾਂ ਵਿੱਚ ਵੱਡਾ ਵਿਰੋਧ ਚੱਲਦਾ ਰਿਹਾ ਹੈ। ਇਸ ਵਿਰੋਧ ਨੇ ਸਿਆਸੀ ਅਤੇ ਸੈਨਿਕ ਘੋਲਾਂ ਦਾ ਰੂਪ ਧਾਰ ਕੇ ਦੋਹਾਂ ਵੰਡਾਂ ਨੂੰ ਇੱਕ ਦੂਜੀ ਦੇ ਨੇੜੇ ਰਹਿਣ ਦੀ ਮਜਬੂਰੀ ਪੈਦਾ ਕੀਤੀ ਰੱਖੀ ਹੈ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਇੱਕ ਦੂਜੀ ਦੀ ਉਡਾਈ ਹੋਈ ਧੂੜ-ਮਿੱਟੀ ਪੈ ਕੇ ਦੋਹਾਂ ਦੇ ਚਿਹਰੇ ਬੇ-ਪਛਾਣ ਹੁੰਦੇ ਗਏ ਹਨ।
ਪੂਰਬ (ਵਿਸ਼ੇਸ਼ ਕਰਕੇ ਭਾਰਤ) ਵਿੱਚ ਇਨ੍ਹਾਂ ਦੋਹਾਂ ਵੰਡਾਂ ਦਾ ਫਰਕ ਫ਼ਾਸਲਾ ਵਧਦਾ ਗਿਆ ਹੈ: ਅਧਿਆਤਮਕ ਗਿਆਨ ਦੀ ਪ੍ਰਧਾਨਤਾ ਸਥਾਪਤ ਹੁੰਦੀ ਗਈ ਹੈ ਅਤੇ ਭੌਤਿਕ ਗਿਆਨ ਨੂੰ ਭਰਮ, ਭੁਲੇਖਾ ਅਤੇ ਅਗਿਆਨ ਤਕ ਕਹਿ ਕੇ ਛੁਟਿਆਉਣ ਦੀ ਰੁਚੀ ਵਧਦੀ ਗਈ ਹੈ। ਅੱਜ ਜਦੋਂ ਸਾਇੰਸ ਅਤੇ ਸਨਅਤ ਦੀ ਉਪਜਾਈ ਹੋਈ ਜੀਵਨ-ਜਾਚ ਸਾਰੀ ਦੁਨੀਆ ਨੂੰ ਪ੍ਰਭਾਵਿਤ, ਪ੍ਰੇਰਿਤ ਅਤੇ ਉੱਨਤ ਕਰਨ ਦੋ ਇਕਰਾਰ ਕਰਨ ਅਤੇ ਵਿਉਂਤਾਂ ਬਣਾਉਣ ਦੇ ਯੋਗ ਹੋ ਗਈ ਹੈ, ਉਦੋਂ ਵੀ ਅਧਿਆਤਮਵਾਦ ਵਿਗਿਆਨ ਨੂੰ ਭਰਮ, ਭੁਲੇਖਾ ਅਤੇ ਸੁਪਨਾ ਕਹਿਣੋਂ ਸੰਕੋਚ ਨਹੀਂ ਕਰਦਾ। ਇਸ ਗਿਆਨ ਦੇ ਇਸ ਅਧਿਕਾਰ ਦੀ ਵਜ੍ਹਾ ਨਾਲ ਇਸ ਨੂੰ ਰੱਬੀ ਜਾਂ ਧੁਰੋਂ ਆਇਆ ਮੰਨਿਆ ਜਾਂਦਾ ਹੈ ਜਾਂ ਧੁਰੋਂ ਆਇਆ ਹੋਣ ਕਰਕੇ ਇਸ ਨੂੰ ਇਹ ਅਧਿਕਾਰ ਪ੍ਰਾਪਤ ਹੈ, ਇਸ ਗੱਲ ਦਾ ਨਿਰਣਾ ਜ਼ਰਾ ਔਖਾ ਹੈ।
ਮੈਡੀਟੇਨੀਅਨ ਭੂ-ਖੰਡ ਵਿੱਚ ਅਧਿਆਤਮਕ ਗਿਆਨ ਦੇ ਵਿਕਾਸ ਅਤੇ ਸੰਗਠਨ ਤੋਂ ਪਹਿਲਾਂ ਹੀ ਇਸ ਦੀ ਉਪਯੋਗਿਤਾ ਦਾ ਖ਼ਿਆਲ ਪੈਦਾ ਹੋ ਗਿਆ ਸੀ। ਪਲੇਟੋ (ਇਫ਼ਲਾਤੂਨ) ਨੇ ਆਪਣੀ ਪੁਸਤਕ ਰੀਪਬਲਿਕ ਵਿੱਚ ਇਹ ਸੁਝਾਉ ਦਿੱਤਾ ਹੋਇਆ ਹੈ ਕਿ 'ਕਿਸੇ ਵੀ ਚੰਗੀ ਸਰਕਾਰ ਨੂੰ ਸੋਚੇ ਸਮਝੇ ਹੋਏ ਰੂਹਾਨੀ ਜਾਂ ਅਧਿਆਤਮਕ ਝੂਠ ਦਾ ਸਹਾਰਾ ਲੈਣਾ ਜ਼ਰੂਰੀ ਹੈ। ਇੱਕ ਝੂਠ ਦੀ ਸਲਾਹ ਮੈਂ ਦਿੰਦਾ ਹਾਂ। ਸਰਕਾਰ ਲੋਕਾਂ ਵਿੱਚ ਇਹ ਵਿਸ਼ਵਾਸ ਪੈਦਾ ਕਰੇ ਕਿ ਆਦਮੀਆਂ ਵਿੱਚ ਤਿੰਨ ਪ੍ਰਕਾਰ ਦੀਆਂ ਰੂਹਾਂ ਹੁੰਦੀਆਂ ਹਨ। ਫ਼ਿਲਾਸਫਰਾਂ ਅਤੇ ਹਾਕਮਾਂ ਵਿੱਚ ਸੋਨੇ ਦੀਆਂ, ਲੜਨ ਮਰਨ ਵਾਲੇ ਯੋਧਿਆਂ ਵਿੱਚ ਚਾਂਦੀ ਦੀਆਂ ਅਤੇ ਕਾਮਿਆਂ ਵਿੱਚ ਘਟੀਆ ਧਾਤੂਆਂ ਦੀਆਂ ਰੂਹਾਂ ਹੁੰਦੀਆਂ ਹਨ।' ਪਲੇਟੋ ਦਾ ਮਨੋਰਥ ਇਹ ਸੀ ਕਿ ਜਨ-ਸਾਧਾਰਣ ਆਪੋ ਆਪਣੀ ਸਮਾਜਕ ਸਥਿਤੀ ਵਿੱਚ ਸੰਤੁਸ਼ਟ ਰੱਖਿਆ ਜਾ ਸਕੇ। ਉਹ ਇਸੇ ਨੂੰ ਜਸਟਿਸ ਜਾਂ ਸਮਾਜਕ ਨਿਆਂਪੂਰਣਤਾ ਕਹਿੰਦਾ ਸੀ। ਵੇਦ ਵਿਆਸ ਦੀ ਮਹਾਂਭਾਰਤ ਪਲੇਟੋ ਦੇ ਵਿਚਾਰਾਂ ਦਾ ਭਾਰਤੀ ਉਤਾਰਾ ਹੈ। ਰੀਪਬਲਿਕ ਤੋਂ ਪਿੱਛੋਂ ਲਿਖੀ ਗਈ ਹੋਣ ਕਰਕੇ ਇਸ ਵਿੱਚ ਸਿਧਾਂਤਕ ਪਕਿਆਈ ਜ਼ਿਆਦਾ ਹੈ। ਇਸ ਨੇ ਰੂਹਾਂ ਦੇ ਵਖੇਵੇਂ ਦੀ ਥਾਂ ਕਰਮ ਉੱਤੇ ਆਧਾਰਿਤ ਪੁਨਰ ਜਨਮ ਅਤੇ ਜਨਮ ਉਤੇ ਆਧਾਰਿਤ ਜਾਤ-ਪਾਤ ਦੇ ਭਾਰਤੀ ਸਿਧਾਂਤ ਦੀ ਸਹਾਇਤਾ ਨਾਲ ਜਨ-ਸਾਧਾਰਣ ਨੂੰ ਆਪਣੀ ਹੋਣੀ ਨਾਲ ਸਮਝੌਤਾ ਕਰਨ ਦੀ ਸਿਆਣੀ ਅਤੇ ਸਦਾ ਕੰਮ ਆਉਣ ਵਾਲੀ ਸਲਾਹ ਦਿੱਤੀ ਹੈ। ਇਹ ਹੁਣ ਤਕ ਕੰਮ ਆ ਰਹੀ ਹੈ।
ਮੈਡੀਟੇਨੀਅਨ ਭੂ-ਖੰਡ, ਮਿਡਲ ਈਸਟ ਅਤੇ ਯੌਰਪ ਵਿੱਚ ਪਰਚਾਰਿਆ ਜਾਣ ਵਾਲਾ ਵਿਰੋਧ ਵਿੱਚ ਰਿਹਾ ਹੈ ਇਸ ਲਈ ਇਸਨੂੰ
ਭਰਮ ਜਾਂ ਸੁਪਨਾ ਨਹੀਂ ਕਹਿ ਸਕਿਆ। ਜੋ ਸੁਪਨਾ ਹੈ, ਜਿਸ ਦੀ ਕੋਈ ਹਕੀਕੀ ਹੋਂਦ ਹੀ ਨਹੀਂ ਉਸ ਨਾਲ ਲੜਿਆ, ਝਗੜਿਆ ਕਿਵੇਂ ਜਾ ਸਕਦਾ ਹੈ ? ਕਿਸੇ ਅਣਹੋਏ ਸ਼ੱਤਰੂ ਦਾ ਟਾਕਰਾ ਕਰਦੇ ਹੋਏ ਅਸੀਂ ਪਾਗਲ ਆਖੇ ਜਾਵਾਂਗੇ ਭਾਰਤੀ ਅਧਿਆਤਮਕ ਸਿਧਾਂਤਾਂ ਦੀ ਤਾਰਕਿਕ ਪਕਿਆਈ ਨੇ ਭੌਤਿਕ ਗਿਆਨ ਨੂੰ ਆਪਣੇ ਸਾਹਮਣੇ ਸਿਰ ਨਹੀਂ ਚੁੱਕਣ ਦਿੱਤਾ। ਇਸ ਲਈ ਇਨ੍ਹਾਂ ਵਿੱਚ ਵਿਰੋਧ ਨਹੀਂ ਉਪਜਿਆ ਅਤੇ ਅਧਿਆਤਮਕ ਗਿਆਨ, ਭੌਤਿਕ ਸਿਆਣਪ ਨੂੰ ਭਰਮ, ਕੂੜ, ਅਗਿਆਨ, ਅਤੇ ਬੰਧਨ ਕਹਣ ਵਿੱਚ ਕਿਸੇ ਅਤਾਰਕਿਕਤਾ ਦਾ ਦੋਸ਼ੀ ਨਹੀਂ ਆਖਿਆ ਗਿਆ। ਹੈਰਾਨੀ ਦੀ ਗੱਲ ਹੈ ਕਿ ਜਿਸ ਅਧਿਆਤਮਕ ਗਿਆਨ ਲਈ ਸਾਰਾ ਸੰਸਾਰਕ ਜੀਵਨ ਮਾਇਆ ਹੈ, ਝੂਠਾ ਹੈ, ਸੁਪਨਾ ਹੈ, ਓਸੇ ਅਧਿਆਤਮਕ ਗਿਆਨ ਦੇ ਪੰਡਿਤ ਲਈ ਰਾਜ-ਗੱਦੀਆਂ ਉੱਤੋਂ ਹੋਣ ਵਾਲੇ ਯੁੱਧ (ਮਹਾਂਭਾਰਤ) ਏਨੇ ਸੱਚੇ ਹਨ ਕਿ ਉਨ੍ਹਾਂ ਵਿੱਚ ਭਗਵਾਨ ਨੂੰ ਸਾਰਥੀ ਬਣਾਉਣੋਂ ਵੀ ਸੰਕੋਚ ਨਹੀਂ ਕੀਤਾ ਗਿਆ। ਯੁੱਧ ਦਾ ਮਹੱਤਵ ਅਸਲ ਵਿੱਚ ਰਾਜ-ਸ਼੍ਰੇਣੀ ਦਾ ਮਹੱਤਵ ਸੀ। ਭਾਰਤ ਉੱਤੇ ਇਸਲਾਮੀ (ਤੁਰਕੀ) ਕਬਜ਼ਾ ਹੋ ਜਾਣ ਨਾਲ ਭਾਰਤੀ ਅਧਿਆਤਮਕ ਗਿਆਨ ਦੀ ਸਿਆਸੀ ਅਤੇ ਸੈਨਿਕ ਉਪਯੋਗਿਤਾ ਦਾ ਅੰਤ ਹੋ ਗਿਆ ਸੀ। ਇਸ ਗਿਆਨ ਨੇ ਸਮੁੱਚੇ ਸੰਸਾਰਕ ਜੀਵਨ ਨੂੰ ਅਤੇ ਸੰਸਾਰਕ ਜੀਵਨ ਦੀ ਸੇਵਾ-ਸੰਭਾਲ ਕਰਨ ਵਾਲੀ ਮਾਨਵੀ ਸੋਚ ਨੂੰ ਨਿਰਾਰਥਕ ਕਹਿ ਕੇ ਮੁਕਤੀ, ਸਮਾਧੀ ਅਤੇ ਸੱਚ-ਖੰਡ ਪ੍ਰਾਪਤੀ ਦੇ ਕੰਮ ਆਉਣ ਵਾਲੇ ਅਭਿਆਸ ਨੂੰ ਆਪਣਾ ਇੱਕੋ ਇੱਕ ਵਿਸ਼ਾ ਮੰਨ ਲਿਆ।
ਮੈਡੀਟ੍ਰੇਨੀਅਨ ਭੂ-ਖੰਡ ਵਿੱਚ ਰਿਨੇਸਾਂਸ ਤੋਂ ਪਿੱਛੋਂ ਸਥਿਤੀ ਬਦਲਣੀ ਸ਼ੁਰੂ ਹੋ ਗਈ ਸੀ। ਭਾਰਤ ਵਿੱਚ ਇਸ ਤਬਦੀਲੀ ਦੀ ਰਫਤਾਰ ਬਹੁਤ ਸੁਸਤ ਹੈ, ਇਉਂ ਲੱਗਦਾ ਹੈ ਜਿਵੇਂ ਇਸ ਪਾਸੇ ਕੋਈ ਵਿਕਾਸ ਹੋ ਹੀ ਨਹੀਂ ਰਿਹਾ। ਇਸ ਦੇ ਨਤੀਜੇ, ਗਿਆਨ ਅਤੇ ਜੀਵਨ ਦੋਹਾਂ ਲਈ ਦੁਖਦਾਇਕ ਹਨ। ਅਧਿਆਤਮਕ ਗਿਆਨ ਨੇ ਸੰਸਾਰਕ ਗਿਆਨ (ਜਾਂ ਵਿਗਿਆਨ) ਨੂੰ ਬੇ-ਲੋੜਾ ਕਹਿਣੋਂ ਕਦੇ ਸੰਕੋਚ ਨਹੀਂ ਕੀਤਾ। ਆਪਣੇ ਆਪ ਨੂੰ ਸੰਸਾਰਕ ਜੀਵਨ ਲਈ ਲਾਭਦਾਇਕ ਕਹਿ ਕੇ ਆਪਣੇ ਫ਼ੈਸਲੇ ਨੂੰ ਆਪਣੇ ਉੱਤੇ ਲਾਗੂ ਕਰਨ ਅਤੇ ਆਪਣੇ ਆਪ ਨੂੰ ਸੰਸਾਰਕ ਜੀਵਨ ਦਾ ਲਾਭਦਾਇਕ ਸੇਵਕ ਬਣਾਉਣ ਦੀ ਭੁੱਲ ਵੱਲੋਂ ਖ਼ਬਰਦਾਰ ਰਹਿਣਾ ਹੀ ਗਿਆਨ ਦੀ ਇਸ ਵੰਡ ਦੀ ਵੱਡੀ ਚਿੰਤਾ ਬਣੀ ਰਹੀ ਹੈ। ਨਤੀਜਾ ਇਹ ਹੋਇਆ ਹੈ ਕਿ ਜੀਵਨ ਦੀ ਵਿਕਾਸਸ਼ੀਲਤਾ ਨਾਲੋਂ ਟੁੱਟ ਕੇ ਅਧਿਆਤਮਕ ਗਿਆਨ ਵਿਕਾਸ-ਹੀਣ ਹੋ ਗਿਆ ਹੈ। ਸਦੀਆਂ ਪੁਰਾਣੇ ਸਿਧਾਂਤਾਂ ਨੂੰ ਬਾਰ ਬਾਰ ਦੁਹਰਾਉਣ ਅਤੇ ਇਸ ਦੁਹਰਾਉ ਵਿੱਚ ਨਵੇਂ ਨਵੇਂ ਸ਼ਬਦਾਂ ਦੀ ਵਰਤੋਂ ਦੇ ਤਰਲੇ ਨੈਣ ਦੇ ਜਤਨ ਨੇ ਇਸ ਗਿਆਨ ਦੀ ਹਾਲਤ ਨੂੰ ਤਰਸਯੋਗ ਬਣਾ ਦਿੱਤਾ ਹੈ। ਅਧਿਆਤਮਕ ਗਿਆਨ ਨੂੰ ਅੱਜ ਕੱਲ ਆਤਮਾ ਦੀ ਸਾਇੰਸ ਕਹਿਣ ਵਿੱਚ ਆਧੁਨਿਕਤਾ ਮੰਨੀ ਜਾਂਦੀ ਹੈ, ਉਂਵ ਹੈ ਇਹ ਇੱਕ ਅਸੰਗਤੀ, ਇੱਕ ਅਤਾਰਕਿਕਤਾ। ਸਾਇੰਸ ਪਦਾਰਥ ਨਾਲ ਸੰਬੰਧਿਤ ਹੈ; ਨਿਰੀਖਣ ਉੱਤੇ ਆਧਾਰਿਤ ਹੈ; ਪ੍ਰਯੋਗ ਰਾਹੀਂ ਜਾਣੀ ਹੋਈ ਗੱਲ ਨੂੰ ਪ੍ਰਯੋਗ ਰਾਹੀਂ ਪ੍ਰਮਾਣਿਤ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ; ਅਤੇ ਅਪ੍ਰਮਾਣਿਤ ਗੱਲ ਨਾਲ ਜੁੜੇ ਰਹਿਣ ਦੀ ਜ਼ਿਦ ਨਹੀਂ ਕਰਦੀ। ਇਨ੍ਹਾਂ ਵਿੱਚੋਂ ਇੱਕ ਵੀ ਨੇਮ ਅਧਿਆਤਮਕ ਗਿਆਨ ਉੱਤੇ ਲਾਗੂ ਨਹੀਂ ਹੁੰਦਾ। ਅਧਿਆਤਮਕ ਗਿਆਨ ਆਪਣੀ ਪੁਰਾਤਨਤਾ ਨੂੰ ਆਪਣੀ ਸੱਚਾਈ ਦੀ ਦਲੀਲ ਦੱਸਦਾ ਹੋਇਆ ਇਹ ਭੁੱਲ ਜਾਂਦਾ ਹੈ ਕਿ ਇਉਂ ਕਰ ਕੇ ਉਹ ਆਪਣੀ ਜੜਤਾ ਅਤੇ ਵਿਕਾਸਹੀਣਤਾ ਦਾ ਇਕਬਾਲ ਕਰ ਰਿਹਾ ਹੈ। ਅਧਿਆਤਮਕ ਗਿਆਨ ਤੰਤ੍ਰ ਯੋਗ ਦੀ ਸਹਾਇਤਾ ਨਾਲ ਫ੍ਰਾਇਡ ਦੇ ਨੇੜੇ
ਹੋ ਕੇ ਵੀ ਆਪਣੀ ਆਧੁਨਿਕਤਾ ਸਿੱਧ ਕਰਨ ਦਾ ਜਤਨ ਕਰਦਾ ਹੈ ਅਤੇ ਕਦੇ ਕਦੇ ਆਪਣੇ ਆਦਰਸ਼ ਪੁਰਸ਼ਾਂ ਨੂੰ ਸਾਇੰਸੀ-ਸਨਅਤੀ ਸਮਾਜਾਂ ਦੇ ਅਪ੍ਰਾਧੀਆਂ, ਮਾਨਸਿਕ ਰੋਗੀਆਂ ਅਤੇ ਨਸ਼ਿਆਂ ਦੇ ਅਮਲੀਆਂ ਦੇ ਟਾਕਰੇ ਵਿੱਚ ਰੱਖ ਕੇ ਆਪਣੀ ਸ੍ਰੇਸ਼ਟਤਾ ਦਾ ਭਰਮ ਪਾਲਣ ਦਾ ਤਰਲਾ ਵੀ ਲੈਂਦਾ ਹੈ। ਉਂਞ ਅਪ੍ਰਾਧ, ਮਾਨਸਿਕ ਤਨਾਉ ਅਤੇ ਨਸ਼ਿਆਂ ਦੇ ਰੋਗ ਨਵੇਂ ਨਹੀਂ ਹਨ। ਇਹ ਸਾਇੰਸੀ-ਸਨਅਤੀ ਸਮਾਜਾਂ ਵਿੱਚ ਅਚਾਨਕ ਨਹੀਂ ਉਗਮ ਪਏ। ਸਾਡੇ ਰਿਸ਼ੀਆਂ ਨੂੰ ਸੋਮਰਸ ਬਹੁਤ ਪਸੰਦ ਸੀ ਸਾਡੇ ਯੋਗੀ ਮਾਸ-ਮਦਿਰਾ ਦੇ ਸ਼ੌਕੀਨ ਸਨ; ਤੰਯੋਗ ਅਤੇ ਵਾਮ ਮਾਰਗ ਯੋਨੀ-ਪੂਜਾ ਦੇ ਅਭਿਆਸੀ ਜਾਂ ਅਪਰਾਧੀ ਹਨ ਬੁੱਧ ਮਤ ਦੇ ਵੱਡੇ ਫ਼ਿਰਕੇ, ਮਹਾਯਾਨ, ਦਾ ਸੰਚਾਲਕ ਇਸ ਪਾਸੇ ਆਉਣ ਤੋਂ ਪਹਿਲਾਂ ਪੰਜ ਕਤਲ ਕਰ ਚੁੱਕਾ ਦੱਸਿਆ ਜਾਂਦਾ ਹੈ, ਚੋਰ ਅਤੇ ਠੱਗ ਹਰ ਧਰਮ ਵਿੱਚ ਅਪਣਾਏ ਅਤੇ ਵਰੋਸਾਏ ਗਏ ਹਨ; ਧਾਗੇ ਤਵੀਤਾਂ ਦਾ ਰਿਵਾਜ, ਸੋਰੀਆਂ ਦੁਆਰਾ ਮਸਾਣ ਕੱਢੇ ਜਾਣ ਦੇ ਟਿਕਾਣੇ ਕਿਸੇ ਸਾਇੰਸੀ-ਸਨਅਤੀ ਸਮਾਜ ਦੀ ਉਪਜ ਨਹੀਂ ਹਨ। ਮਾਨਸਿਕ ਤਨਾਉ ਜਾਂ ਡਿਪ੍ਰੈਸ਼ਨ ਬਹੁਤ ਪੁਰਾਣਾ ਰੋਗ ਹੈ। ਧੌਲੀਆਂ ਧਾਰਾਂ ਅਤੇ ਵਡਭਾਗ ਸਿੰਘ ਦੇ ਡੇਰੇ ਸਾਇੰਸ ਨੇ ਨਹੀਂ ਉਪਜਾਏ।
ਸਾਇੰਸੀ ਸਨਅਤੀ ਸਮਾਜਾਂ ਦਾ ਸਾਧਾਰਣ ਵਿਅਕਤੀ ਕਦੀ ਕਦੀ ਸਾਡੇ ਅਧਿਆਤਮਵਾਦੀਆਂ ਨਾਲੋਂ ਬਹੁਤੀ ਸੂਖਮਤਾ ਨਾਲ ਸੋਚਦਾ ਹੈ। ਜੇ ਉਸ ਨੂੰ ਦੱਸੋ ਕਿ ਸੰਤ ਤੁਲਦੀ ਦਾਸ ਜੀ ਕਹਿੰਦੇ ਹਨ ਕਿ ਜਿਸ ਆਦਮੀ ਨੂੰ ਰਾਮ ਅਤੇ ਸੀਤਾ ਦਾ ਪ੍ਰੇਮ ਨਹੀਂ, ਉਸ ਨੂੰ ਦੁਸ਼ਮਨ ਸਮਝ ਕੇ ਤਿਆਗ ਦੇਣਾ ਚਾਹੀਦਾ ਹੈ, ਤਾਂ ਉਹ ਆਖੇਗਾ ਮੈਂ ਆਪਣੇ ਸਨੇਹੀਆਂ ਨਾਲ ਵਿਗਾੜ ਕੇ ਆਪਣਾ ਵਰਤਮਾਨ ਜੀਵਨ ਦੁਖੀ ਕਰਨ ਵਿੱਚ ਸਿਆਣਪ ਨਹੀਂ ਸਮਝਦਾ। ਉਹ ਸੰਤ ਤੁਲਸੀ ਦਾਸ ਦੇ ਇਸ ਉਪਦੇਸ਼ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖੇਗਾ ਜਿਸ ਰਾਹੀਂ ਸੰਤ ਜੀ ਇਹ ਕਹਿ ਰਹੇ ਹਨ ਕਿ ਮਨੁੱਖ ਨੂੰ ਕਿਸੇ ਅੱਗੇ ਹੱਥ ਨਹੀਂ ਫੈਲਾਉਣਾ ਚਾਹੀਦਾ। ਸਦਾ ਹੀ ਦੂਜਿਆਂ ਨੂੰ ਦੇਣਾ ਚਾਹੀਦਾ ਹੈ। ਜਿਸ ਦਿਨ ਕਿਸੇ ਕੋਲੋਂ ਕੁਝ ਲੈਣਾ ਪੈ ਜਾਵੇ ਉਸ ਦਿਨ ਆਦਮੀ ਨੂੰ ਆਤਮ-ਹੱਤਿਆ ਕਰ ਲੈਣੀ ਚਾਹੀਦੀ ਹੈ। ਉਹ ਹੈਰਾਨ ਹੋ ਕੇ ਪੁੱਛੇਗਾ, ਜਿਸ ਆਦਮੀ ਨੂੰ ਆਪਣੀ ਦਾਨਵੀਰਤਾ ਦਾ ਏਨਾ ਖਿਆਲ ਹੈ, ਉਹ ਦੂਜਿਆਂ ਨੂੰ ਆਪਣੇ ਮੁਥਾਜ ਰੱਖ ਕੇ ਉਨ੍ਹਾਂ ਵਿਚਲੀ ਦਾਨਵੀਰਤਾ ਅਤੇ ਅਣਖ ਦੀ ਹਾਨੀ ਕਿਉਂ ਕਰ ਰਿਹਾ ਹੈ ? ਉਹ ਦੂਜਿਆ ਨੂੰ 'ਦੇ ਕੇ ਦਾਨਵੀਰ ਬਣਨਾ ਚਾਹੁੰਦਾ ਹੈ ਜਾਂ ਦੂਜਿਆਂ ਨੂੰ 'ਵਿਰਵੇ ਅਤੇ ਮੁਧਾਜ ਰੱਖ ਕੇ' ਆਪਣੀ ਦਾਨਵੀਰਤਾ ਦੇ ਭੋਜਨ ਦੀ ਭਿਖਿਆ ਲੈਣੀ ਚਾਹੁੰਦਾ ਹੈ। ਜਿਨ੍ਹਾਂ ਨੂੰ ਦੇ ਕੇ ਸੰਤ ਜੀ ਮਹਾਨ ਬਣਨਾ ਚਾਹੁੰਦੇ ਹਨ, ਕੀ ਉਹ ਉਨ੍ਹਾਂ ਵਰਗੇ ਮਨੁੱਖ ਨਹੀਂ ਹਨ ? ਜੇ ਹਨ ਤਾਂ ਤੁਲਸੀ ਦਾਸ ਜੀ ਅੱਗੇ ਹੱਥ ਫੈਲਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਕਿਉਂ ਆਤਮ-ਹੱਤਿਆ ਨਹੀਂ ਕਰਨੀ ਚਾਹੀਦੀ ? ਜੇ ਕਰਨੀ ਚਾਹੀਦੀ ਹੈ (ਉਨ੍ਹਾਂ ਦੇ ਉਪਦੇਸ਼ ਅਨੁਸਾਰ) ਤਾਂ ਉਨ੍ਹਾਂ ਨੂੰ ਆਪਣੇ ਦਾਨ ਦੇ ਪਾਤ੍ਰ ਬਣਾ ਕੇ ਆਤਮ-ਹੱਤਿਆ ਦਾ ਅਪਰਾਧ ਕਰਨ ਲਈ ਮਜਬੂਰ ਕਰਨ ਦਾ ਦੋਸ਼ ਕਿਸ ਦਾ ਹੋਵੇਗਾ ?
ਭਾਰਤੀ ਅਧਿਆਤਮਕ ਗਿਆਨ ਸੰਸਾਰਕ ਰਿਸ਼ਤਿਆਂ ਦੀ ਕਚਿਆਈ (ਕੂੜੇਪਨ) ਨੂੰ ਸਿੱਧ ਕਰਨ ਲਈ ਇਹ ਕਹਿੰਦਾ ਆ ਰਿਹਾ ਹੈ ਕਿ 'ਘਰਵਾਲੀ ਡਿਉੜੀ ਤਕ ਸਾਥ ਦਿੰਦੀ ਹੈ;
___________
1. ਜਾ ਕੇ ਪ੍ਰਿਯ ਨਹੀਂ ਰਾਮ ਵੈਦੇਹੀ, ਕੋਟਿ ਸ਼ਤ੍ਰ ਜਿਮ ਤਿਆਗੀਏ ਵੇ ਨਰ, ਚਾਹੇ ਪਰਮ ਸਨੇਹੀ।
2. ਤੁਲਸੀ ਕਰ ਪਰ ਕਰ ਕਰੋ ਕਰ ਤਲ ਕਰ ਨਾ ਕਰੋ।
ਪਤੀ ਦੀ ਦੇਹ ਵਿੱਚੋਂ ਪ੍ਰਾਣ ਨਿਕਲ ਜਾਣ ਪਿੱਛੋਂ ਉਸ ਨੂੰ ਭੂਤ, ਪ੍ਰੇਤ ਆਖ ਕੇ ਉਸ ਤੋਂ ਦੂਰ ਭੱਜ ਜਾਂਦੀ ਹੈ; ਭਰਾ ਸ਼ਮਸ਼ਾਨ ਤਕ ਸਾਥ ਦਿੰਦੇ ਹਨ। ਕੋਈ ਨਾਲ ਨਹੀਂ ਨਿਭਦਾ। ਇਸ ਲਈ ਇਹ ਰਿਸ਼ਤੇ ਕੂੜੇ ਹਨ।
ਆਧੁਨਿਕ ਯੁਗ ਦਾ ਸਾਧਾਰਣ ਆਦਮੀ ਵੀ ਇਨ੍ਹਾਂ ਵਿਚਾਰਾਂ ਦੀ ਕਚਿਆਈ ਉੱਤੇ ਹੱਸੇਗਾ। ਅਜੀਬ ਸਮਾਜ ਹੋਵੇਗਾ ਉਹ ਜਿਸ ਵਿਚਲੇ ਭਰਾਵਾਂ ਨੂੰ ਆਪਣਾ ਭਰੱਪਣ ਸਾਬਤ ਕਰਨ ਲਈ ਭਰਾ ਦੀ ਚਿਤਾ ਵਿੱਚ ਛਾਲ ਮਾਰ ਕੇ ਸੜ ਮਰਨ ਦੀ ਮਜਬੂਰੀ ਤੋਂ ਵੱਖਰਾ ਕੋਈ ਤਰੀਕਾ ਹੀ ਨਾ ਹੋਵੇ।
ਯੌਰਪ ਦੀ ਰਿਨੇਸਾਂਸ ਜਾਂ ਪੁਨਰ ਜਾਤੀ ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਅਧਿਆਤਮਕਤਾ ਵਲੋਂ ਮੂੰਹ ਮੋੜ ਕੇ ਮਾਨਵਵਾਦ ਵੱਲ ਵੇਖਣ ਦੀ ਇੱਛਾ ਦੀ ਉਪਜ ਸੀ। ਇਰਾਜ਼ਮੱਸ ਵਰਗੇ ਲੇਖਕਾਂ ਨੇ ਮਨੁੱਖਾਂ ਨੂੰ ਉਨ੍ਹਾਂ ਦੇ ਜੋਤ ਸਰੂਪੀ ਅਸਲੇ ਦੇ ਆਧਾਰ ਉੱਤੇ ਇੱਕੋ ਜਿਹੇ ਵੇਖਣ ਦੀ ਥਾਂ ਉਨ੍ਹਾਂ ਨੂੰ ਉਨ੍ਹਾਂ ਵਿਚਲੇ ਮਨੁੱਖੀ ਗੁਣਾਂ-ਔਗੁਣਾਂ ਅਤੇ ਉਨ੍ਹਾਂ ਦੀਆਂ ਦੁਨਿਆਵੀ ਭੁੱਖਾਂ-ਪੀੜਾਂ ਦੇ ਆਧਾਰ ਉੱਤੇ ਇੱਕੋ ਜਿਹੇ ਮਨੁੱਖ ਵੇਖਿਆ ਸੀ। ਇਰਾਜ਼ਮੱਸ (1466-1534) ਵੀ ਇੱਕ ਪਾਦਰੀ ਸੀ। ਇਸ ਦੇ ਮੁਕਾਬਲੇ ਵਿੱਚ ਭਾਰਤੀ ਭਗਤੀ ਲਹਿਰ ਦੇ ਆਗੂ ਅਧਿਆਤਮਕਤਾ ਵੱਲ ਮੂੰਹ ਕਰਨ ਅਤੇ ਮਾਨਵਤਾ ਵਲੋਂ ਮੂੰਹ ਮੋੜਨ ਕਰਕੇ ਹਾਸੋ- ਹੀਣੇ ਹੋ ਗਏ ਹਨ। ਮੈਨੂੰ ਉਨ੍ਹਾਂ ਦੇ ਮਨੁੱਖ-ਹਿਤੈਸ਼ੀ ਹੋਣ ਉੱਤੇ ਸ਼ੱਕ ਨਹੀਂ, ਸਗੋਂ ਅਧਿਆਤਮਕਤਾ ਦੀ ਗੁਲਾਮੀ ਕਾਰਨ ਉਨ੍ਹਾਂ ਵਿਚਲੇ ਮਾਨਵਵਾਦ ਦੀ ਹੋਈ ਹਾਨੀ ਦਾ ਦੁੱਖ ਹੈ। ਭਾਰਤੀ ਭਗਤੀ ਲਹਿਰ ਦੀ ਅੰਤਿਮ ਉਪਜ ਰਿਨੇਸਾਂਸ ਦੇ ਇੱਕ ਹਿੱਸੇ (ਰੈਫਰਮੇਸ਼ਨ) ਵਿੱਚੋਂ ਨਿਕਲੇ ਨਤੀਜੇ ਵਰਗੀ ਹੈ। ਰੈਫ਼ਰਮੇਸ਼ਨ ਈਸਾਈ ਧਰਮ ਦੇ ਕੁਧਾਰ ਦੀ ਲਹਿਰ ਸੀ। ਇਸ ਦਾ ਮੋਢੀ ਮਾਰਟਨ ਲੂਥਰ ਸੀ। ਇਸ ਨੇ ਸਿਧਾਂਤਾਂ ਦੀ ਕੱਟੜਤਾ ਅਤੇ ਸੋਚ ਦੀ ਥਾਂ ਵਿਸ਼ਵਾਸ ਦੀ ਪ੍ਰਧਾਨਤਾ ਦੇ ਆਧਾਰ ਉੱਤੇ ਪੋਪ ਦਾ ਵਿਚੋਲ-ਪੁਣਾ ਖ਼ਤਮ ਕਰ ਕੇ ਪ੍ਰੋਟੈਸਟੈਂਟ ਮਤ ਦੀ ਨੀਂਹ ਰੱਖੀ ਸੀ। ਸਿਧਾਂਤਕ ਮੂਲਵਾਦ ਦੇ ਇਸ ਪਰਚਾਰਕ ਦੇ ਮੰਨਣ ਵਾਲਿਆਂ ਨੇ ਰੋਮਨ ਕੈਥੋਲਿਕ ਲੋਕਾਂ ਦੇ ਜੀਵਨ ਨੂੰ ਦੋ ਢਾਈ ਸੌ ਸਾਲ ਤਕ ਨਰਕ ਬਣਾਈ ਰੱਖਿਆ ਸੀ। ਲੱਖਾਂ ਕੈਥੋਲਿਕ ਈਸਾਈਆਂ ਨੇ ਅਮਰੀਕਾ ਚਲੇ ਜਾਣ ਵਿੱਚ ਆਪਣਾ ਭਲਾ ਸਮਝਿਆ।
ਭਗਤੀ ਲਹਿਰ ਦੀਆਂ ਸਫਲ ਉਪਜਾਂ ਵਿੱਚ ਸਿਧਾਂਤਕ ਮੂਲਵਾਦ ਦੀ ਉਹੋ ਥਾਂ ਹੈ ਜੋ ਇਸਲਾਮ ਵਿੱਚ ਹੈ। ਦਇਆਨੰਦ ਸਰਬਤੀ ਜੀ ਦਾ ਆਰੀਆ ਸਮਾਜ ਵੀ ਮਾਰਟਨ ਲੂਥਰ ਦੀਆਂ ਲੀਹਾਂ ਉੱਤੇ ਤੁਰਨ ਵਾਲਾ ਇੱਕ ਨਵਾਂ ਮੁਸਾਵਰ ਹੈ ਜਿਹੜਾ ਦੌੜ ਕੇ ਪਹਿਲਿਆਂ ਨਾਲ ਆ ਰਲਣ ਵਿੱਚ ਸਫਲ ਹੋ ਚੁੱਕਾ ਹੈ।
ਇਹ ਸਭ ਕੁਝ ਲਿਖਣ ਤੋਂ ਮੇਰਾ ਭਾਵ ਇਹ ਹੈ ਕਿ ਉਪਯੋਗਤਾ ਨਾਲੋਂ ਨਾਤਾ ਤੋੜ ਲੈਣ ਕਰਕੇ ਅਧਿਆਤਮਕ ਗਿਆਨ ਵਿਕਾਸਹੀਣ ਹੋ ਗਿਆ ਹੈ ਅਤੇ ਅਜਿਹੇ ਖ਼ਿਆਲਾਂ ਨਾਲ ਬੱਝ ਗਿਆ ਹੈ ਜਿਹੜੇ ਉਸ ਨੂੰ ਹਾਸੋਹੀਣਾ ਬਣਾਉਂਦੇ ਹਨ।
ਉਪਯੋਗਤਾ ਨਾਲੋਂ ਟੁੱਟੇ ਹੋਏ ਅਧਿਆਤਮਕ ਗਿਆਨ ਦੀ ਪ੍ਰਭੁਤਾ ਪਰਵਾਨ ਕਰਨ ਵਾਲੇ ਜੀਵਨ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ। ਸਾਧਾਰਣ ਆਦਮੀ ਦੇ ਸਾਧਾਰਣ ਵਤੀਰੇ ਤੋਂ ਇਹ ਪ੍ਰਗਟ ਨਹੀਂ ਹੁੰਦਾ ਹੈ ਕਿ ਉਹ ਆਪਣੇ ਸੰਸਾਰਕ ਜੀਵਨ ਨੂੰ ਬੰਧਨ, ਸੁਪਨਾ ਜਾਂ ਗਲ ਪਿਆ ਢੋਲ ਸਮਝਦਾ ਹੈ। ਉਸ ਨੂੰ ਆਪਣੇ ਘਰ-ਕੋਠੇ, ਧੀਆਂ-ਪੁੱਤ, ਮਾਲ-ਡੰਗਰ, ਮੇਲੇ-ਮੁਸਾਹਬੇ ਅਤੇ ਲਾਭ-ਹਾਨੀਆਂ