ਭਰਮ ਜਾਂ ਸੁਪਨਾ ਨਹੀਂ ਕਹਿ ਸਕਿਆ। ਜੋ ਸੁਪਨਾ ਹੈ, ਜਿਸ ਦੀ ਕੋਈ ਹਕੀਕੀ ਹੋਂਦ ਹੀ ਨਹੀਂ ਉਸ ਨਾਲ ਲੜਿਆ, ਝਗੜਿਆ ਕਿਵੇਂ ਜਾ ਸਕਦਾ ਹੈ ? ਕਿਸੇ ਅਣਹੋਏ ਸ਼ੱਤਰੂ ਦਾ ਟਾਕਰਾ ਕਰਦੇ ਹੋਏ ਅਸੀਂ ਪਾਗਲ ਆਖੇ ਜਾਵਾਂਗੇ ਭਾਰਤੀ ਅਧਿਆਤਮਕ ਸਿਧਾਂਤਾਂ ਦੀ ਤਾਰਕਿਕ ਪਕਿਆਈ ਨੇ ਭੌਤਿਕ ਗਿਆਨ ਨੂੰ ਆਪਣੇ ਸਾਹਮਣੇ ਸਿਰ ਨਹੀਂ ਚੁੱਕਣ ਦਿੱਤਾ। ਇਸ ਲਈ ਇਨ੍ਹਾਂ ਵਿੱਚ ਵਿਰੋਧ ਨਹੀਂ ਉਪਜਿਆ ਅਤੇ ਅਧਿਆਤਮਕ ਗਿਆਨ, ਭੌਤਿਕ ਸਿਆਣਪ ਨੂੰ ਭਰਮ, ਕੂੜ, ਅਗਿਆਨ, ਅਤੇ ਬੰਧਨ ਕਹਣ ਵਿੱਚ ਕਿਸੇ ਅਤਾਰਕਿਕਤਾ ਦਾ ਦੋਸ਼ੀ ਨਹੀਂ ਆਖਿਆ ਗਿਆ। ਹੈਰਾਨੀ ਦੀ ਗੱਲ ਹੈ ਕਿ ਜਿਸ ਅਧਿਆਤਮਕ ਗਿਆਨ ਲਈ ਸਾਰਾ ਸੰਸਾਰਕ ਜੀਵਨ ਮਾਇਆ ਹੈ, ਝੂਠਾ ਹੈ, ਸੁਪਨਾ ਹੈ, ਓਸੇ ਅਧਿਆਤਮਕ ਗਿਆਨ ਦੇ ਪੰਡਿਤ ਲਈ ਰਾਜ-ਗੱਦੀਆਂ ਉੱਤੋਂ ਹੋਣ ਵਾਲੇ ਯੁੱਧ (ਮਹਾਂਭਾਰਤ) ਏਨੇ ਸੱਚੇ ਹਨ ਕਿ ਉਨ੍ਹਾਂ ਵਿੱਚ ਭਗਵਾਨ ਨੂੰ ਸਾਰਥੀ ਬਣਾਉਣੋਂ ਵੀ ਸੰਕੋਚ ਨਹੀਂ ਕੀਤਾ ਗਿਆ। ਯੁੱਧ ਦਾ ਮਹੱਤਵ ਅਸਲ ਵਿੱਚ ਰਾਜ-ਸ਼੍ਰੇਣੀ ਦਾ ਮਹੱਤਵ ਸੀ। ਭਾਰਤ ਉੱਤੇ ਇਸਲਾਮੀ (ਤੁਰਕੀ) ਕਬਜ਼ਾ ਹੋ ਜਾਣ ਨਾਲ ਭਾਰਤੀ ਅਧਿਆਤਮਕ ਗਿਆਨ ਦੀ ਸਿਆਸੀ ਅਤੇ ਸੈਨਿਕ ਉਪਯੋਗਿਤਾ ਦਾ ਅੰਤ ਹੋ ਗਿਆ ਸੀ। ਇਸ ਗਿਆਨ ਨੇ ਸਮੁੱਚੇ ਸੰਸਾਰਕ ਜੀਵਨ ਨੂੰ ਅਤੇ ਸੰਸਾਰਕ ਜੀਵਨ ਦੀ ਸੇਵਾ-ਸੰਭਾਲ ਕਰਨ ਵਾਲੀ ਮਾਨਵੀ ਸੋਚ ਨੂੰ ਨਿਰਾਰਥਕ ਕਹਿ ਕੇ ਮੁਕਤੀ, ਸਮਾਧੀ ਅਤੇ ਸੱਚ-ਖੰਡ ਪ੍ਰਾਪਤੀ ਦੇ ਕੰਮ ਆਉਣ ਵਾਲੇ ਅਭਿਆਸ ਨੂੰ ਆਪਣਾ ਇੱਕੋ ਇੱਕ ਵਿਸ਼ਾ ਮੰਨ ਲਿਆ।
ਮੈਡੀਟ੍ਰੇਨੀਅਨ ਭੂ-ਖੰਡ ਵਿੱਚ ਰਿਨੇਸਾਂਸ ਤੋਂ ਪਿੱਛੋਂ ਸਥਿਤੀ ਬਦਲਣੀ ਸ਼ੁਰੂ ਹੋ ਗਈ ਸੀ। ਭਾਰਤ ਵਿੱਚ ਇਸ ਤਬਦੀਲੀ ਦੀ ਰਫਤਾਰ ਬਹੁਤ ਸੁਸਤ ਹੈ, ਇਉਂ ਲੱਗਦਾ ਹੈ ਜਿਵੇਂ ਇਸ ਪਾਸੇ ਕੋਈ ਵਿਕਾਸ ਹੋ ਹੀ ਨਹੀਂ ਰਿਹਾ। ਇਸ ਦੇ ਨਤੀਜੇ, ਗਿਆਨ ਅਤੇ ਜੀਵਨ ਦੋਹਾਂ ਲਈ ਦੁਖਦਾਇਕ ਹਨ। ਅਧਿਆਤਮਕ ਗਿਆਨ ਨੇ ਸੰਸਾਰਕ ਗਿਆਨ (ਜਾਂ ਵਿਗਿਆਨ) ਨੂੰ ਬੇ-ਲੋੜਾ ਕਹਿਣੋਂ ਕਦੇ ਸੰਕੋਚ ਨਹੀਂ ਕੀਤਾ। ਆਪਣੇ ਆਪ ਨੂੰ ਸੰਸਾਰਕ ਜੀਵਨ ਲਈ ਲਾਭਦਾਇਕ ਕਹਿ ਕੇ ਆਪਣੇ ਫ਼ੈਸਲੇ ਨੂੰ ਆਪਣੇ ਉੱਤੇ ਲਾਗੂ ਕਰਨ ਅਤੇ ਆਪਣੇ ਆਪ ਨੂੰ ਸੰਸਾਰਕ ਜੀਵਨ ਦਾ ਲਾਭਦਾਇਕ ਸੇਵਕ ਬਣਾਉਣ ਦੀ ਭੁੱਲ ਵੱਲੋਂ ਖ਼ਬਰਦਾਰ ਰਹਿਣਾ ਹੀ ਗਿਆਨ ਦੀ ਇਸ ਵੰਡ ਦੀ ਵੱਡੀ ਚਿੰਤਾ ਬਣੀ ਰਹੀ ਹੈ। ਨਤੀਜਾ ਇਹ ਹੋਇਆ ਹੈ ਕਿ ਜੀਵਨ ਦੀ ਵਿਕਾਸਸ਼ੀਲਤਾ ਨਾਲੋਂ ਟੁੱਟ ਕੇ ਅਧਿਆਤਮਕ ਗਿਆਨ ਵਿਕਾਸ-ਹੀਣ ਹੋ ਗਿਆ ਹੈ। ਸਦੀਆਂ ਪੁਰਾਣੇ ਸਿਧਾਂਤਾਂ ਨੂੰ ਬਾਰ ਬਾਰ ਦੁਹਰਾਉਣ ਅਤੇ ਇਸ ਦੁਹਰਾਉ ਵਿੱਚ ਨਵੇਂ ਨਵੇਂ ਸ਼ਬਦਾਂ ਦੀ ਵਰਤੋਂ ਦੇ ਤਰਲੇ ਨੈਣ ਦੇ ਜਤਨ ਨੇ ਇਸ ਗਿਆਨ ਦੀ ਹਾਲਤ ਨੂੰ ਤਰਸਯੋਗ ਬਣਾ ਦਿੱਤਾ ਹੈ। ਅਧਿਆਤਮਕ ਗਿਆਨ ਨੂੰ ਅੱਜ ਕੱਲ ਆਤਮਾ ਦੀ ਸਾਇੰਸ ਕਹਿਣ ਵਿੱਚ ਆਧੁਨਿਕਤਾ ਮੰਨੀ ਜਾਂਦੀ ਹੈ, ਉਂਵ ਹੈ ਇਹ ਇੱਕ ਅਸੰਗਤੀ, ਇੱਕ ਅਤਾਰਕਿਕਤਾ। ਸਾਇੰਸ ਪਦਾਰਥ ਨਾਲ ਸੰਬੰਧਿਤ ਹੈ; ਨਿਰੀਖਣ ਉੱਤੇ ਆਧਾਰਿਤ ਹੈ; ਪ੍ਰਯੋਗ ਰਾਹੀਂ ਜਾਣੀ ਹੋਈ ਗੱਲ ਨੂੰ ਪ੍ਰਯੋਗ ਰਾਹੀਂ ਪ੍ਰਮਾਣਿਤ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ; ਅਤੇ ਅਪ੍ਰਮਾਣਿਤ ਗੱਲ ਨਾਲ ਜੁੜੇ ਰਹਿਣ ਦੀ ਜ਼ਿਦ ਨਹੀਂ ਕਰਦੀ। ਇਨ੍ਹਾਂ ਵਿੱਚੋਂ ਇੱਕ ਵੀ ਨੇਮ ਅਧਿਆਤਮਕ ਗਿਆਨ ਉੱਤੇ ਲਾਗੂ ਨਹੀਂ ਹੁੰਦਾ। ਅਧਿਆਤਮਕ ਗਿਆਨ ਆਪਣੀ ਪੁਰਾਤਨਤਾ ਨੂੰ ਆਪਣੀ ਸੱਚਾਈ ਦੀ ਦਲੀਲ ਦੱਸਦਾ ਹੋਇਆ ਇਹ ਭੁੱਲ ਜਾਂਦਾ ਹੈ ਕਿ ਇਉਂ ਕਰ ਕੇ ਉਹ ਆਪਣੀ ਜੜਤਾ ਅਤੇ ਵਿਕਾਸਹੀਣਤਾ ਦਾ ਇਕਬਾਲ ਕਰ ਰਿਹਾ ਹੈ। ਅਧਿਆਤਮਕ ਗਿਆਨ ਤੰਤ੍ਰ ਯੋਗ ਦੀ ਸਹਾਇਤਾ ਨਾਲ ਫ੍ਰਾਇਡ ਦੇ ਨੇੜੇ
ਹੋ ਕੇ ਵੀ ਆਪਣੀ ਆਧੁਨਿਕਤਾ ਸਿੱਧ ਕਰਨ ਦਾ ਜਤਨ ਕਰਦਾ ਹੈ ਅਤੇ ਕਦੇ ਕਦੇ ਆਪਣੇ ਆਦਰਸ਼ ਪੁਰਸ਼ਾਂ ਨੂੰ ਸਾਇੰਸੀ-ਸਨਅਤੀ ਸਮਾਜਾਂ ਦੇ ਅਪ੍ਰਾਧੀਆਂ, ਮਾਨਸਿਕ ਰੋਗੀਆਂ ਅਤੇ ਨਸ਼ਿਆਂ ਦੇ ਅਮਲੀਆਂ ਦੇ ਟਾਕਰੇ ਵਿੱਚ ਰੱਖ ਕੇ ਆਪਣੀ ਸ੍ਰੇਸ਼ਟਤਾ ਦਾ ਭਰਮ ਪਾਲਣ ਦਾ ਤਰਲਾ ਵੀ ਲੈਂਦਾ ਹੈ। ਉਂਞ ਅਪ੍ਰਾਧ, ਮਾਨਸਿਕ ਤਨਾਉ ਅਤੇ ਨਸ਼ਿਆਂ ਦੇ ਰੋਗ ਨਵੇਂ ਨਹੀਂ ਹਨ। ਇਹ ਸਾਇੰਸੀ-ਸਨਅਤੀ ਸਮਾਜਾਂ ਵਿੱਚ ਅਚਾਨਕ ਨਹੀਂ ਉਗਮ ਪਏ। ਸਾਡੇ ਰਿਸ਼ੀਆਂ ਨੂੰ ਸੋਮਰਸ ਬਹੁਤ ਪਸੰਦ ਸੀ ਸਾਡੇ ਯੋਗੀ ਮਾਸ-ਮਦਿਰਾ ਦੇ ਸ਼ੌਕੀਨ ਸਨ; ਤੰਯੋਗ ਅਤੇ ਵਾਮ ਮਾਰਗ ਯੋਨੀ-ਪੂਜਾ ਦੇ ਅਭਿਆਸੀ ਜਾਂ ਅਪਰਾਧੀ ਹਨ ਬੁੱਧ ਮਤ ਦੇ ਵੱਡੇ ਫ਼ਿਰਕੇ, ਮਹਾਯਾਨ, ਦਾ ਸੰਚਾਲਕ ਇਸ ਪਾਸੇ ਆਉਣ ਤੋਂ ਪਹਿਲਾਂ ਪੰਜ ਕਤਲ ਕਰ ਚੁੱਕਾ ਦੱਸਿਆ ਜਾਂਦਾ ਹੈ, ਚੋਰ ਅਤੇ ਠੱਗ ਹਰ ਧਰਮ ਵਿੱਚ ਅਪਣਾਏ ਅਤੇ ਵਰੋਸਾਏ ਗਏ ਹਨ; ਧਾਗੇ ਤਵੀਤਾਂ ਦਾ ਰਿਵਾਜ, ਸੋਰੀਆਂ ਦੁਆਰਾ ਮਸਾਣ ਕੱਢੇ ਜਾਣ ਦੇ ਟਿਕਾਣੇ ਕਿਸੇ ਸਾਇੰਸੀ-ਸਨਅਤੀ ਸਮਾਜ ਦੀ ਉਪਜ ਨਹੀਂ ਹਨ। ਮਾਨਸਿਕ ਤਨਾਉ ਜਾਂ ਡਿਪ੍ਰੈਸ਼ਨ ਬਹੁਤ ਪੁਰਾਣਾ ਰੋਗ ਹੈ। ਧੌਲੀਆਂ ਧਾਰਾਂ ਅਤੇ ਵਡਭਾਗ ਸਿੰਘ ਦੇ ਡੇਰੇ ਸਾਇੰਸ ਨੇ ਨਹੀਂ ਉਪਜਾਏ।
ਸਾਇੰਸੀ ਸਨਅਤੀ ਸਮਾਜਾਂ ਦਾ ਸਾਧਾਰਣ ਵਿਅਕਤੀ ਕਦੀ ਕਦੀ ਸਾਡੇ ਅਧਿਆਤਮਵਾਦੀਆਂ ਨਾਲੋਂ ਬਹੁਤੀ ਸੂਖਮਤਾ ਨਾਲ ਸੋਚਦਾ ਹੈ। ਜੇ ਉਸ ਨੂੰ ਦੱਸੋ ਕਿ ਸੰਤ ਤੁਲਦੀ ਦਾਸ ਜੀ ਕਹਿੰਦੇ ਹਨ ਕਿ ਜਿਸ ਆਦਮੀ ਨੂੰ ਰਾਮ ਅਤੇ ਸੀਤਾ ਦਾ ਪ੍ਰੇਮ ਨਹੀਂ, ਉਸ ਨੂੰ ਦੁਸ਼ਮਨ ਸਮਝ ਕੇ ਤਿਆਗ ਦੇਣਾ ਚਾਹੀਦਾ ਹੈ, ਤਾਂ ਉਹ ਆਖੇਗਾ ਮੈਂ ਆਪਣੇ ਸਨੇਹੀਆਂ ਨਾਲ ਵਿਗਾੜ ਕੇ ਆਪਣਾ ਵਰਤਮਾਨ ਜੀਵਨ ਦੁਖੀ ਕਰਨ ਵਿੱਚ ਸਿਆਣਪ ਨਹੀਂ ਸਮਝਦਾ। ਉਹ ਸੰਤ ਤੁਲਸੀ ਦਾਸ ਦੇ ਇਸ ਉਪਦੇਸ਼ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖੇਗਾ ਜਿਸ ਰਾਹੀਂ ਸੰਤ ਜੀ ਇਹ ਕਹਿ ਰਹੇ ਹਨ ਕਿ ਮਨੁੱਖ ਨੂੰ ਕਿਸੇ ਅੱਗੇ ਹੱਥ ਨਹੀਂ ਫੈਲਾਉਣਾ ਚਾਹੀਦਾ। ਸਦਾ ਹੀ ਦੂਜਿਆਂ ਨੂੰ ਦੇਣਾ ਚਾਹੀਦਾ ਹੈ। ਜਿਸ ਦਿਨ ਕਿਸੇ ਕੋਲੋਂ ਕੁਝ ਲੈਣਾ ਪੈ ਜਾਵੇ ਉਸ ਦਿਨ ਆਦਮੀ ਨੂੰ ਆਤਮ-ਹੱਤਿਆ ਕਰ ਲੈਣੀ ਚਾਹੀਦੀ ਹੈ। ਉਹ ਹੈਰਾਨ ਹੋ ਕੇ ਪੁੱਛੇਗਾ, ਜਿਸ ਆਦਮੀ ਨੂੰ ਆਪਣੀ ਦਾਨਵੀਰਤਾ ਦਾ ਏਨਾ ਖਿਆਲ ਹੈ, ਉਹ ਦੂਜਿਆਂ ਨੂੰ ਆਪਣੇ ਮੁਥਾਜ ਰੱਖ ਕੇ ਉਨ੍ਹਾਂ ਵਿਚਲੀ ਦਾਨਵੀਰਤਾ ਅਤੇ ਅਣਖ ਦੀ ਹਾਨੀ ਕਿਉਂ ਕਰ ਰਿਹਾ ਹੈ ? ਉਹ ਦੂਜਿਆ ਨੂੰ 'ਦੇ ਕੇ ਦਾਨਵੀਰ ਬਣਨਾ ਚਾਹੁੰਦਾ ਹੈ ਜਾਂ ਦੂਜਿਆਂ ਨੂੰ 'ਵਿਰਵੇ ਅਤੇ ਮੁਧਾਜ ਰੱਖ ਕੇ' ਆਪਣੀ ਦਾਨਵੀਰਤਾ ਦੇ ਭੋਜਨ ਦੀ ਭਿਖਿਆ ਲੈਣੀ ਚਾਹੁੰਦਾ ਹੈ। ਜਿਨ੍ਹਾਂ ਨੂੰ ਦੇ ਕੇ ਸੰਤ ਜੀ ਮਹਾਨ ਬਣਨਾ ਚਾਹੁੰਦੇ ਹਨ, ਕੀ ਉਹ ਉਨ੍ਹਾਂ ਵਰਗੇ ਮਨੁੱਖ ਨਹੀਂ ਹਨ ? ਜੇ ਹਨ ਤਾਂ ਤੁਲਸੀ ਦਾਸ ਜੀ ਅੱਗੇ ਹੱਥ ਫੈਲਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਕਿਉਂ ਆਤਮ-ਹੱਤਿਆ ਨਹੀਂ ਕਰਨੀ ਚਾਹੀਦੀ ? ਜੇ ਕਰਨੀ ਚਾਹੀਦੀ ਹੈ (ਉਨ੍ਹਾਂ ਦੇ ਉਪਦੇਸ਼ ਅਨੁਸਾਰ) ਤਾਂ ਉਨ੍ਹਾਂ ਨੂੰ ਆਪਣੇ ਦਾਨ ਦੇ ਪਾਤ੍ਰ ਬਣਾ ਕੇ ਆਤਮ-ਹੱਤਿਆ ਦਾ ਅਪਰਾਧ ਕਰਨ ਲਈ ਮਜਬੂਰ ਕਰਨ ਦਾ ਦੋਸ਼ ਕਿਸ ਦਾ ਹੋਵੇਗਾ ?
ਭਾਰਤੀ ਅਧਿਆਤਮਕ ਗਿਆਨ ਸੰਸਾਰਕ ਰਿਸ਼ਤਿਆਂ ਦੀ ਕਚਿਆਈ (ਕੂੜੇਪਨ) ਨੂੰ ਸਿੱਧ ਕਰਨ ਲਈ ਇਹ ਕਹਿੰਦਾ ਆ ਰਿਹਾ ਹੈ ਕਿ 'ਘਰਵਾਲੀ ਡਿਉੜੀ ਤਕ ਸਾਥ ਦਿੰਦੀ ਹੈ;
___________
1. ਜਾ ਕੇ ਪ੍ਰਿਯ ਨਹੀਂ ਰਾਮ ਵੈਦੇਹੀ, ਕੋਟਿ ਸ਼ਤ੍ਰ ਜਿਮ ਤਿਆਗੀਏ ਵੇ ਨਰ, ਚਾਹੇ ਪਰਮ ਸਨੇਹੀ।
2. ਤੁਲਸੀ ਕਰ ਪਰ ਕਰ ਕਰੋ ਕਰ ਤਲ ਕਰ ਨਾ ਕਰੋ।
ਪਤੀ ਦੀ ਦੇਹ ਵਿੱਚੋਂ ਪ੍ਰਾਣ ਨਿਕਲ ਜਾਣ ਪਿੱਛੋਂ ਉਸ ਨੂੰ ਭੂਤ, ਪ੍ਰੇਤ ਆਖ ਕੇ ਉਸ ਤੋਂ ਦੂਰ ਭੱਜ ਜਾਂਦੀ ਹੈ; ਭਰਾ ਸ਼ਮਸ਼ਾਨ ਤਕ ਸਾਥ ਦਿੰਦੇ ਹਨ। ਕੋਈ ਨਾਲ ਨਹੀਂ ਨਿਭਦਾ। ਇਸ ਲਈ ਇਹ ਰਿਸ਼ਤੇ ਕੂੜੇ ਹਨ।
ਆਧੁਨਿਕ ਯੁਗ ਦਾ ਸਾਧਾਰਣ ਆਦਮੀ ਵੀ ਇਨ੍ਹਾਂ ਵਿਚਾਰਾਂ ਦੀ ਕਚਿਆਈ ਉੱਤੇ ਹੱਸੇਗਾ। ਅਜੀਬ ਸਮਾਜ ਹੋਵੇਗਾ ਉਹ ਜਿਸ ਵਿਚਲੇ ਭਰਾਵਾਂ ਨੂੰ ਆਪਣਾ ਭਰੱਪਣ ਸਾਬਤ ਕਰਨ ਲਈ ਭਰਾ ਦੀ ਚਿਤਾ ਵਿੱਚ ਛਾਲ ਮਾਰ ਕੇ ਸੜ ਮਰਨ ਦੀ ਮਜਬੂਰੀ ਤੋਂ ਵੱਖਰਾ ਕੋਈ ਤਰੀਕਾ ਹੀ ਨਾ ਹੋਵੇ।
ਯੌਰਪ ਦੀ ਰਿਨੇਸਾਂਸ ਜਾਂ ਪੁਨਰ ਜਾਤੀ ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਅਧਿਆਤਮਕਤਾ ਵਲੋਂ ਮੂੰਹ ਮੋੜ ਕੇ ਮਾਨਵਵਾਦ ਵੱਲ ਵੇਖਣ ਦੀ ਇੱਛਾ ਦੀ ਉਪਜ ਸੀ। ਇਰਾਜ਼ਮੱਸ ਵਰਗੇ ਲੇਖਕਾਂ ਨੇ ਮਨੁੱਖਾਂ ਨੂੰ ਉਨ੍ਹਾਂ ਦੇ ਜੋਤ ਸਰੂਪੀ ਅਸਲੇ ਦੇ ਆਧਾਰ ਉੱਤੇ ਇੱਕੋ ਜਿਹੇ ਵੇਖਣ ਦੀ ਥਾਂ ਉਨ੍ਹਾਂ ਨੂੰ ਉਨ੍ਹਾਂ ਵਿਚਲੇ ਮਨੁੱਖੀ ਗੁਣਾਂ-ਔਗੁਣਾਂ ਅਤੇ ਉਨ੍ਹਾਂ ਦੀਆਂ ਦੁਨਿਆਵੀ ਭੁੱਖਾਂ-ਪੀੜਾਂ ਦੇ ਆਧਾਰ ਉੱਤੇ ਇੱਕੋ ਜਿਹੇ ਮਨੁੱਖ ਵੇਖਿਆ ਸੀ। ਇਰਾਜ਼ਮੱਸ (1466-1534) ਵੀ ਇੱਕ ਪਾਦਰੀ ਸੀ। ਇਸ ਦੇ ਮੁਕਾਬਲੇ ਵਿੱਚ ਭਾਰਤੀ ਭਗਤੀ ਲਹਿਰ ਦੇ ਆਗੂ ਅਧਿਆਤਮਕਤਾ ਵੱਲ ਮੂੰਹ ਕਰਨ ਅਤੇ ਮਾਨਵਤਾ ਵਲੋਂ ਮੂੰਹ ਮੋੜਨ ਕਰਕੇ ਹਾਸੋ- ਹੀਣੇ ਹੋ ਗਏ ਹਨ। ਮੈਨੂੰ ਉਨ੍ਹਾਂ ਦੇ ਮਨੁੱਖ-ਹਿਤੈਸ਼ੀ ਹੋਣ ਉੱਤੇ ਸ਼ੱਕ ਨਹੀਂ, ਸਗੋਂ ਅਧਿਆਤਮਕਤਾ ਦੀ ਗੁਲਾਮੀ ਕਾਰਨ ਉਨ੍ਹਾਂ ਵਿਚਲੇ ਮਾਨਵਵਾਦ ਦੀ ਹੋਈ ਹਾਨੀ ਦਾ ਦੁੱਖ ਹੈ। ਭਾਰਤੀ ਭਗਤੀ ਲਹਿਰ ਦੀ ਅੰਤਿਮ ਉਪਜ ਰਿਨੇਸਾਂਸ ਦੇ ਇੱਕ ਹਿੱਸੇ (ਰੈਫਰਮੇਸ਼ਨ) ਵਿੱਚੋਂ ਨਿਕਲੇ ਨਤੀਜੇ ਵਰਗੀ ਹੈ। ਰੈਫ਼ਰਮੇਸ਼ਨ ਈਸਾਈ ਧਰਮ ਦੇ ਕੁਧਾਰ ਦੀ ਲਹਿਰ ਸੀ। ਇਸ ਦਾ ਮੋਢੀ ਮਾਰਟਨ ਲੂਥਰ ਸੀ। ਇਸ ਨੇ ਸਿਧਾਂਤਾਂ ਦੀ ਕੱਟੜਤਾ ਅਤੇ ਸੋਚ ਦੀ ਥਾਂ ਵਿਸ਼ਵਾਸ ਦੀ ਪ੍ਰਧਾਨਤਾ ਦੇ ਆਧਾਰ ਉੱਤੇ ਪੋਪ ਦਾ ਵਿਚੋਲ-ਪੁਣਾ ਖ਼ਤਮ ਕਰ ਕੇ ਪ੍ਰੋਟੈਸਟੈਂਟ ਮਤ ਦੀ ਨੀਂਹ ਰੱਖੀ ਸੀ। ਸਿਧਾਂਤਕ ਮੂਲਵਾਦ ਦੇ ਇਸ ਪਰਚਾਰਕ ਦੇ ਮੰਨਣ ਵਾਲਿਆਂ ਨੇ ਰੋਮਨ ਕੈਥੋਲਿਕ ਲੋਕਾਂ ਦੇ ਜੀਵਨ ਨੂੰ ਦੋ ਢਾਈ ਸੌ ਸਾਲ ਤਕ ਨਰਕ ਬਣਾਈ ਰੱਖਿਆ ਸੀ। ਲੱਖਾਂ ਕੈਥੋਲਿਕ ਈਸਾਈਆਂ ਨੇ ਅਮਰੀਕਾ ਚਲੇ ਜਾਣ ਵਿੱਚ ਆਪਣਾ ਭਲਾ ਸਮਝਿਆ।
ਭਗਤੀ ਲਹਿਰ ਦੀਆਂ ਸਫਲ ਉਪਜਾਂ ਵਿੱਚ ਸਿਧਾਂਤਕ ਮੂਲਵਾਦ ਦੀ ਉਹੋ ਥਾਂ ਹੈ ਜੋ ਇਸਲਾਮ ਵਿੱਚ ਹੈ। ਦਇਆਨੰਦ ਸਰਬਤੀ ਜੀ ਦਾ ਆਰੀਆ ਸਮਾਜ ਵੀ ਮਾਰਟਨ ਲੂਥਰ ਦੀਆਂ ਲੀਹਾਂ ਉੱਤੇ ਤੁਰਨ ਵਾਲਾ ਇੱਕ ਨਵਾਂ ਮੁਸਾਵਰ ਹੈ ਜਿਹੜਾ ਦੌੜ ਕੇ ਪਹਿਲਿਆਂ ਨਾਲ ਆ ਰਲਣ ਵਿੱਚ ਸਫਲ ਹੋ ਚੁੱਕਾ ਹੈ।
ਇਹ ਸਭ ਕੁਝ ਲਿਖਣ ਤੋਂ ਮੇਰਾ ਭਾਵ ਇਹ ਹੈ ਕਿ ਉਪਯੋਗਤਾ ਨਾਲੋਂ ਨਾਤਾ ਤੋੜ ਲੈਣ ਕਰਕੇ ਅਧਿਆਤਮਕ ਗਿਆਨ ਵਿਕਾਸਹੀਣ ਹੋ ਗਿਆ ਹੈ ਅਤੇ ਅਜਿਹੇ ਖ਼ਿਆਲਾਂ ਨਾਲ ਬੱਝ ਗਿਆ ਹੈ ਜਿਹੜੇ ਉਸ ਨੂੰ ਹਾਸੋਹੀਣਾ ਬਣਾਉਂਦੇ ਹਨ।
ਉਪਯੋਗਤਾ ਨਾਲੋਂ ਟੁੱਟੇ ਹੋਏ ਅਧਿਆਤਮਕ ਗਿਆਨ ਦੀ ਪ੍ਰਭੁਤਾ ਪਰਵਾਨ ਕਰਨ ਵਾਲੇ ਜੀਵਨ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ। ਸਾਧਾਰਣ ਆਦਮੀ ਦੇ ਸਾਧਾਰਣ ਵਤੀਰੇ ਤੋਂ ਇਹ ਪ੍ਰਗਟ ਨਹੀਂ ਹੁੰਦਾ ਹੈ ਕਿ ਉਹ ਆਪਣੇ ਸੰਸਾਰਕ ਜੀਵਨ ਨੂੰ ਬੰਧਨ, ਸੁਪਨਾ ਜਾਂ ਗਲ ਪਿਆ ਢੋਲ ਸਮਝਦਾ ਹੈ। ਉਸ ਨੂੰ ਆਪਣੇ ਘਰ-ਕੋਠੇ, ਧੀਆਂ-ਪੁੱਤ, ਮਾਲ-ਡੰਗਰ, ਮੇਲੇ-ਮੁਸਾਹਬੇ ਅਤੇ ਲਾਭ-ਹਾਨੀਆਂ
ਅਸਲੋਂ ਵਾਸਤਵਿਕ (ਸੱਚੇ) ਲੱਗਦੇ ਹਨ। ਉਹ ਜੀਵਨ ਨੂੰ ਭਰਪੂਰਤਾ ਅਤੇ ਲਗਨ ਨਾਲ ਜਿਊਂਦਾ ਹੈ। ਜਦੋਂ ਉਹ ਅਧਿਆਤਮਕ ਗਿਆਨੀ ਦੇ ਸਨਮੁਖ ਹੁੰਦਾ ਹੈ ਤਾਂ ਉਸ ਨੂੰ ਦੱਸਿਆ ਜਾਂਦਾ ਹੈ ਕਿ ਉਹ ਮੂਰਖ ਹੈ, ਅਗਿਆਨੀ ਹੈ; ਭੁਲੇਖੇ ਵਿੱਚ ਹੈ; ਸੁਪਨੇ ਨੂੰ ਸੱਚਾ ਮੰਨ ਰਿਹਾ ਹੈ; ਉਸ ਮੱਖੀ ਵਰਗਾ ਹੈ ਜਿਹੜੀ ਮਿੱਠੇ ਦੇ ਲਾਲਚ ਵੱਸ ਗੁੜ ਦੀ ਰੋੜੀ ਨਾਲ ਚੰਬੜ ਕੇ ਮਰ ਰਹੀ ਹੈ। ਮਨੁੱਖ ਕੋਲ ਤਿੰਨ ਰਸਤੇ ਹਨ-(1) ਉਹ ਦੁਚਿੱਤੀ ਅਤੇ ਸ਼ਰਮਸਾਰੀ ਵਿੱਚ ਜੀਵੇ: (2) ਉਹ ਇੱਕ ਪਾਸੇ ਹੋ ਜਾਵੇ ਅਤੇ ਅਧਿਆਤਮਵਾਦ ਅਤੇ ਸੰਸਾਰਕ ਜੀਵਨ ਵਿੱਚੋਂ ਕੋਈ ਇੱਕ ਚੁਣ ਲਵੇ; ਅਤੇ (3) ਉਹ ਸੰਪੂਰਨ ਸੰਸਾਰੀ ਹੁੰਦਿਆਂ ਹੋਇਆਂ ਸਫਲ ਅਧਿਆਤਮਵਾਦੀ ਹੋਣ ਦਾ ਨਾਟਕ ਕਰੇ। ਤੀਜਾ ਰਸਤਾ ਅਪਣਾਇਆ ਗਿਆ ਹੈ ਅਤੇ ਹੈਰਾਨੀ ਦੀ ਗੱਲ ਹੈ ਕਿ ਅਧਿਆਤਮਕ ਗਿਆਨ ਦੇ ਰਹਿਬਰਾਂ ਵਲੋਂ ਇਸ ਰਸਤੇ ਨੂੰ ਪੂਰੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਸ਼ਾਇਦ ਉਨ੍ਹਾਂ ਨੂੰ ਵੀ ਸੰਸਾਰੀਆਂ ਦੀ ਲੋੜ ਹੈ। ਇਸ ਪ੍ਰਕਾਰ ਦੇ ਆਪਸੀ ਸਮਝੌਤੇ ਕਾਰਨ ਸਮੁੱਚਾ ਜੀਵਨ ਪਾਖੰਡ ਹੋ ਨਿਬੜਿਆ ਹੈ। ਆਗੂ ਅਤੇ ਅਨੁਯਾਈ ਦੋਵੇਂ ਨਾਟਕ ਕਰਦੇ ਹਨ। ਦੋਹਾਂ ਨੇ ਗੁੜ ਨੂੰ ਖੰਡ ਬਣਾ ਲਿਆ ਹੈ; ਮਿੱਠਾ ਵੀ ਖਾਂਦੇ ਹਨ ਅਤੇ ਰੋੜੀ ਨਾਲ ਜੁੜਨ ਦਾ ਡਰ ਵੀ ਨਹੀਂ। ਇਹ ਅਧਿਆਤਮਕ ਗਿਆਨ ਦੀ ਸਿਆਣੀ ਵਰਤੋਂ ਹੈ।
ਸਿਆਣੀ ਵਰਤੋਂ
ਹਰ ਪ੍ਰਕਾਰ ਦਾ ਗਿਆਨ ਸ਼ਕਤੀ ਹੈ-ਚਾਹੇ ਉਹ ਗਿਆਨ ਉਪਯੋਗੀ ਹੋਵੇ ਚਾਹੇ ਅਣ-ਉਪਯੋਗੀ। ਹੋ ਸਕਦਾ ਹੈ ਭਵਿੱਖ ਵਿੱਚ ਅਣ-ਉਪਯੋਗੀ ਗਿਆਨ ਨੂੰ ਸ਼ਕਤੀ ਮੰਨਿਆ ਜਾਣਾ ਬੰਦ ਹੋ ਜਾਵੇ। ਮਨੁੱਖ ਆਪਣੇ ਗਿਆਨ ਦੀ ਸਿਆਣੀ ਵਰਤੋਂ ਕਰਦਾ ਆਇਆ ਹੈ ਅਤੇ ਕਰ ਰਿਹਾ ਹੈ। ਮਨੁੱਖੀ ਸੱਭਿਅਤਾ ਦੇ ਸਾਰੇ ਇਤਿਹਾਸ ਵਿੱਚ ਸਿਆਣਪ ਜਾਂ ਸਿਆਣੀ ਵਰਤੋਂ ਦੀ ਪਰਿਭਾਸ਼ਾ ਰਹੀ ਹੈ ਆਪਣੇ ਦੇਸ਼ ਦੀ ਰੱਖਿਆ ਲਈ ਮਰਨ ਅਤੇ ਮਾਰਨ ਲਈ ਤਿਆਰ ਰਹਿਣਾ; ਆਪਣੇ ਵਿਚਾਰਾਂ-ਵਿਸ਼ਵਾਸਾਂ ਨੂੰ ਪਰਮ ਸੱਚ ਮੰਨਦਿਆਂ ਹੋਇਆ ਦੂਜਿਆਂ ਉੱਤੇ ਠੋਸਣਾ; ਜਿੱਤ ਪ੍ਰਾਪਤ ਕਰਨ ਲਈ ਵਿਰੋਧੀ ਧੜੇ ਨਾਲ ਹਰ ਪ੍ਰਕਾਰ ਦੀ ਨੀਚਤਾ, ਨਿਰਦੈਤਾ ਅਤੇ ਕੁਟਿਲਤਾ ਦੀ ਵਰਤੋਂ ਕਰਨੀ; ਅਤੇ ਆਪਣੇ ਕੀਤੇ ਇਨ੍ਹਾਂ ਕੰਮਾਂ ਨੂੰ ਈਸ਼ਵਰ ਅਰਪਣ ਕਰ ਕੇ ਇਨ੍ਹਾਂ ਦੇ ਸਮਾਜਕ ਪ੍ਰਭਾਵਾਂ ਵਲੋਂ ਬੇਧਿਆਨ ਜਾਂ ਵਿਰਕਤ ਰਹਿਣਾ। ਅਰਸ਼ਮੀਦਸ ਦੁਆਰਾ ਬਣਾਏ ਗਏ ਜੰਗੀ ਹਥਿਆਰਾਂ ਦੀ ਰੋਮਨਾਂ ਵਿਰੁੱਧ ਕੀਤੀ ਗਈ ਵਰਤੋਂ ਵੀ ਸਿਆਣੀ ਸੀ ਅਤੇ ਹੀਰੋਸ਼ੀਮਾ ਉੱਤੇ ਸੁੱਟੇ ਗਏ ਐਟਮ ਬੰਬ ਨੂੰ ਵੀ ਫ਼ਿਜ਼ਿਕਸ ਦੇ ਗਿਆਨ ਅਤੇ ਤਕਨੀਕ ਦੇ ਵਿਕਾਸ ਦੀ ਸਿਆਣੀ ਵਰਤੋਂ ਮੰਨਿਆ ਜਾਂਦਾ ਹੈ। ਹਰ ਆਤੰਕਵਾਦੀ ਸੰਸਥਾ ਗੋਲੀਆਂ ਬੰਬਾਂ ਦੀ ਵਰਤੋਂ ਨੂੰ ਅਤੇ ਹਵਾਈ ਜਹਾਜ਼ ਦੀ ਹਾਈਜੈਕਿੰਗ ਨੂੰ ਸਿਆਣੀ ਵਰਤੋਂ ਸਮਝਦੀ ਹੈ ਅਤੇ ਇਨ੍ਹਾਂ ਕੰਮਾਂ ਵਿੱਚ ਢੇਰ ਸਾਰੀ ਸੋਚ ਸਿਆਣਪ ਅਤੇ ਵਿਉਂਤਬਾਜ਼ੀ ਵਰਤਦੀ ਹੈ।
ਇਸ ਤੋਂ ਛੁੱਟ ਜੀਵਨ ਲਈ ਅੰਨ-ਧਨ ਪੈਦਾ ਕਰਨ ਦੇ ਵਸੀਲਿਆਂ ਨੂੰ ਵਿਕਸਾਉਣ ਲਈ ਵੀ ਗਿਆਨ ਦੀ ਸਿਆਣੀ ਵਰਤੋਂ ਕੀਤੀ ਗਈ ਹੈ। ਸੜਕਾਂ, ਰੇਲਾਂ, ਸਕੂਲ, ਹਸਪਤਾਲ, ਲਾਇਬ੍ਰੇਰੀਆਂ, ਪੁਲ, ਪਾਰਕਾਂ, ਮੰਦਰ, ਮਸਜਦਾਂ ਅਤੇ ਗਿਰਜੇ ਬਣਾਉਣ ਵਿੱਚ ਵੀ ਗਿਆਨ ਦੀ ਸਿਆਣੀ ਵਰਤੋਂ ਕੀਤੀ ਗਈ ਹੈ। ਇਹ ਜ਼ਰੂਰੀ ਨਹੀਂ ਕਿ ਹਰ ਸਿਆਣੀ ਵਰਤੋਂ ਸੁਹਣੀ ਵਰਤੋਂ ਵੀ ਹੋਵੇ। ਭਾਰਤ ਅਤੇ ਪਾਕਿਸਤਾਨ ਦੋ ਗੁਆਂਢੀ ਦੇਸ਼ ਹਨ। ਦੋਵੇਂ ਆਪਣੇ ਵਸਨੀਕਾਂ
ਦੀ ਮਿਹਨਤ ਦਾ ਅੱਧਿਉਂ ਬਹੁਤਾ ਹਿੱਸਾ ਜੰਗੀ ਸਾਮਾਨ ਖ਼ਰੀਦਣ ਉੱਤੇ ਜਾਂ ਬਣਾਉਣ ਉੱਤੇ ਖਰਚ ਕਰਦੇ ਹਨ। ਆਪਣੇ ਦੇਸ਼ ਦੇ ਪਦਾਰਥਕ ਵਸੀਲਿਆਂ ਦੀ ਇਹ ਵਰਤੋਂ ਸਿਆਣੀ ਹੈ, ਪਰ ਸੋਹਣੀ ਨਹੀਂ। ਸਾਡਾ ਅਧਿਆਤਮਕ ਗਿਆਨ ਜੀਵਨ ਲਈ ਸੁਖ ਸਹੂਲਤਾਂ ਪੈਦਾ ਕਰਨ ਲਈ ਉਪਯੋਗੀ ਨਹੀਂ, ਪਰ ਮਹਾਂਭਾਰਤ ਦੇ ਯੁੱਧ ਵਿੱਚ ਕੀਤੀ ਗਈ ਇਸ ਦੀ ਵਰਤੋਂ ਸਿਆਣਪ ਦੀ ਸਿਖਰ ਮੰਨੀ ਜਾਂਦੀ ਹੈ।
ਸੁਹਿਰਦਤਾ
ਅਜਿਹਾ ਕਿਉਂ ਹੁੰਦਾ ਆਇਆ ਹੈ ਅਤੇ ਹੋ ਰਿਹਾ ਹੈ ? ਇਸ ਪ੍ਰਸ਼ਨ ਦਾ ਉੱਤਰ ਸੁਹਿਰਦਤਾ ਦੀ ਘਾਟ ਵਿੱਚ ਹੈ। ਮਨੁੱਖ ਆਪਣੇ ਵਿਅਕਤੀਗਤ ਰੂਪ ਵਿੱਚ ਸੁਹਿਰਦ ਨਹੀਂ। ਸੁਹਿਰਦਤਾਹੀਣ ਵਿਅਕਤੀਆਂ ਤੋਂ ਬਣੇ ਹੋਏ ਧਾਰਮਕ ਅਤੇ ਸਿਆਸੀ ਸਮੂਹ (ਜਮਾਤਾਂ) ਵੀ ਸੁਹਿਰਦ ਨਹੀਂ ਹਨ। ਇਸ ਘਾਟ ਉੱਤੇ ਵਿਚਾਰ ਕਰਨ ਤੋਂ ਪਹਿਲਾਂ ਸੁਹਿਰਦਤਾ ਦੀ ਪਰਿਭਾਸ਼ਾ ਬਣਾ ਲੈਣੀ ਜ਼ਰੂਰੀ ਹੈ।
ਸੁਹਿਰਦ ਦੇ ਸਾਦੇ ਜਿਹੇ ਅਰਥ ਹਨ ਸੁਹਣੇ ਹਿਰਦੇ ਵਾਲਾ ਆਦਮੀ; ਉਹ ਆਦਮੀ ਜੋ ਮਨ ਦਾ ਸਾਫ਼ ਹੋਣ ਦੇ ਨਾਲ ਨਾਲ ਕੋਮਲ-ਭਾਵੀ ਵੀ ਹੈ। ਜਿਸ ਦੇ ਮਨ ਵਿੱਚ ਕੁਝ ਹੋਰ ਹੈ ਅਤੇ ਬਾਹਰੋਂ ਕੁਝ ਹੋਰ ਹੋਣ ਦਾ ਪਾਖੰਡ ਕਰਦਾ ਹੈ, ਉਹ ਮਨ ਦਾ ਸਾਫ਼ ਨਹੀਂ। ਕਿਸੇ ਮੁਹੱਲੇ ਦਾ ਕੋਈ ਡਾਨ ਜਾਂ ਦਾਦਾ ਮਨ ਦਾ ਕਠੋਰ ਅਤੇ ਅੱਤਿਆਚਾਰੀ ਹੋਣ ਦੇ ਨਾਲ ਨਾਲ ਜੇ ਆਪਣੇ ਵਿਵਹਾਰ ਵਿੱਚ ਵੀ ਦੁਸ਼ਟਤਾ ਦਾ ਵਿਖਾਲਾ ਪਾਉਂਦਾ ਹੈ ਤਾਂ ਉਸ ਨੂੰ ਮਨ ਦਾ ਸਾਫ਼ ਜਾਂ ਅੰਦਰੋਂ ਬਾਹਰੋਂ ਇੱਕ ਹੋਣ ਕਰਕੇ ਸੁਹਿਰਦ ਨਹੀਂ ਕਹਿ ਸਕਦੇ ਕਿਉਂ ਜੋ ਉਹ ਕੋਮਲ-ਭਾਵੀ ਨਹੀਂ। ਮਨੁੱਖ ਦੇ ਕੋਮਲ ਭਾਵ ਦਇਆ, ਖਿਮਾ, ਨਿਮ੍ਰਤਾ ਸਹਾਨੁਭੂਤੀ, ਮਿੱਤ੍ਰਤਾ, ਸਹਾਇਤਾ ਅਤੇ ਸਨੇਹ ਆਦਿਕ ਦੇ ਵਤੀਰੇ ਵਿੱਚ ਉਲਥਾਏ ਜਾ ਕੇ ਉਸ ਨੂੰ ਸਦਾਚਾਰੀ ਬਣਾਉਂਦੇ ਹਨ। ਸੁਹਿਰਦ ਆਦਮੀ ਘਿਰਟਾ, ਕ੍ਰੋਧ, ਈਰਖਾ ਅਤੇ ਹੰਕਾਰ ਆਦਿਕ ਦੇ ਅਧੀਨ ਹੋ ਕੇ ਦੂਜਿਆਂ ਪ੍ਰਤਿ ਕਠੋਰਤਾ ਦਾ ਵਤੀਰਾ ਅਖ਼ਤਿਆਰ ਕਰਨ ਦੀ ਕਾਹਲ ਨਹੀਂ ਕਰਦਾ। ਮੈਂ ਇਹ ਨਹੀਂ ਕਹਿੰਦਾ ਕਿ ਸੁਹਿਰਦ ਆਦਮੀ ਦੇ ਮਨ ਵਿੱਚ ਕਠੋਰ ਭਾਵ ਪਰਵੇਸ਼ ਹੀ ਨਹੀਂ ਕਰਦੇ; ਕਰ ਸਕਦੇ ਹਨ; ਕਰਦੇ ਹਨ; ਪਰ ਉਸ ਦੀ ਸੁਹਿਰਦਤਾ ਉਸ ਨੂੰ ਇਨ੍ਹਾਂ ਦੇ ਅਧੀਨ ਨਹੀਂ ਹੋਣ ਦਿੰਦੀ।
ਸਾਧਾਰਣ ਨਜ਼ਰੇ ਵੇਖਿਆ ਇਉਂ ਜਾਪੇਗਾ ਕਿ ਮਨੁੱਖ ਵਿਚਲੀ ਹਉਮੈ ਉਸ ਨੂੰ ਕਠੋਰ ਵਤੀਰੇ ਦਾ ਧਾਰਨੀ ਬਣਾਉਂਦੀ ਹੈ। ਪਰੰਤੂ ਵਿਚਾਰ ਦੀ ਕਸੱਵਟੀ ਉੱਤੇ ਪਰਖਿਆਂ ਇਹ ਗੱਲ ਠੀਕ ਸਿੱਧ ਨਹੀਂ ਹੁੰਦੀ। ਜੀਵ ਦੀ ਨਵੇਕਲੀ, ਵੱਖਰੀ ਜਾਂ ਵਿਅਕਤੀਗਤ ਹੋਂਦ ਦੀ ਚੇਤਨਾ ਨੂੰ ਹਉਮੈ ਆਖਿਆ ਜਾਂਦਾ ਹੈ। ਇਸ ਚੇਤਨਾ ਬਿਨਾਂ ਜੀਵਨ ਸੰਭਵ ਨਹੀਂ। ਹਉਮੈ ਮਾਰਨ ਦੀ ਗੱਲ ਅਲੰਕਾਰਕ ਹੈ, ਕਾਵਿਕ ਹੈ, ਵਾਸਤਵਿਕ ਨਹੀਂ। ਆਦਮੀ ਮਰ ਕੇ ਜਾਂ ਕੋਮਾ ਵਿੱਚ ਜਾ ਕੇ ਹੀ ਹਉਂ ਰਹਿਤ ਹੋ ਸਕਦਾ ਹੈ। ਜਿਸ ਨੂੰ ਹਉਂ ਰਹਿਤ ਹੋ ਗਿਆ ਹੋਣ ਦੀ ਚੇਤਨਾ ਹੈ ਉਹ ਭੁਲੇਖੇ ਵਿੱਚ ਹੈ। ਚੇਤਨਾ ਹੀ ਤਾਂ ਹਉਂ ਹੈ। ਆਪਣੀ ਵੱਖਰੀ ਹੋਂਦ ਦੀ ਚੇਤਨਾ।
ਅਸੀਂ ਹਉਮੈ ਕਾਰਣ ਕਠੋਰ ਭਾਵੀ ਜਾਂ ਕੁਹਿਰਦ ਹੀ ਨਹੀਂ ਹੁੰਦੇ ਸਗੋਂ ਅਸੀਂ ਸੁਹਿਰਦ ਵੀ ਹਉਮੈ ਨਾਲ ਹੁੰਦੇ ਹਾਂ। ਕਾਮ,ਕ੍ਰੋਧ, ਲੋਭ, ਮੋਹ ਰਾਹੀਂ ਵੀ ਸਾਡੀ ਹਉਮੈ ਵਿਅਕਤ