ਅਸਲੋਂ ਵਾਸਤਵਿਕ (ਸੱਚੇ) ਲੱਗਦੇ ਹਨ। ਉਹ ਜੀਵਨ ਨੂੰ ਭਰਪੂਰਤਾ ਅਤੇ ਲਗਨ ਨਾਲ ਜਿਊਂਦਾ ਹੈ। ਜਦੋਂ ਉਹ ਅਧਿਆਤਮਕ ਗਿਆਨੀ ਦੇ ਸਨਮੁਖ ਹੁੰਦਾ ਹੈ ਤਾਂ ਉਸ ਨੂੰ ਦੱਸਿਆ ਜਾਂਦਾ ਹੈ ਕਿ ਉਹ ਮੂਰਖ ਹੈ, ਅਗਿਆਨੀ ਹੈ; ਭੁਲੇਖੇ ਵਿੱਚ ਹੈ; ਸੁਪਨੇ ਨੂੰ ਸੱਚਾ ਮੰਨ ਰਿਹਾ ਹੈ; ਉਸ ਮੱਖੀ ਵਰਗਾ ਹੈ ਜਿਹੜੀ ਮਿੱਠੇ ਦੇ ਲਾਲਚ ਵੱਸ ਗੁੜ ਦੀ ਰੋੜੀ ਨਾਲ ਚੰਬੜ ਕੇ ਮਰ ਰਹੀ ਹੈ। ਮਨੁੱਖ ਕੋਲ ਤਿੰਨ ਰਸਤੇ ਹਨ-(1) ਉਹ ਦੁਚਿੱਤੀ ਅਤੇ ਸ਼ਰਮਸਾਰੀ ਵਿੱਚ ਜੀਵੇ: (2) ਉਹ ਇੱਕ ਪਾਸੇ ਹੋ ਜਾਵੇ ਅਤੇ ਅਧਿਆਤਮਵਾਦ ਅਤੇ ਸੰਸਾਰਕ ਜੀਵਨ ਵਿੱਚੋਂ ਕੋਈ ਇੱਕ ਚੁਣ ਲਵੇ; ਅਤੇ (3) ਉਹ ਸੰਪੂਰਨ ਸੰਸਾਰੀ ਹੁੰਦਿਆਂ ਹੋਇਆਂ ਸਫਲ ਅਧਿਆਤਮਵਾਦੀ ਹੋਣ ਦਾ ਨਾਟਕ ਕਰੇ। ਤੀਜਾ ਰਸਤਾ ਅਪਣਾਇਆ ਗਿਆ ਹੈ ਅਤੇ ਹੈਰਾਨੀ ਦੀ ਗੱਲ ਹੈ ਕਿ ਅਧਿਆਤਮਕ ਗਿਆਨ ਦੇ ਰਹਿਬਰਾਂ ਵਲੋਂ ਇਸ ਰਸਤੇ ਨੂੰ ਪੂਰੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਸ਼ਾਇਦ ਉਨ੍ਹਾਂ ਨੂੰ ਵੀ ਸੰਸਾਰੀਆਂ ਦੀ ਲੋੜ ਹੈ। ਇਸ ਪ੍ਰਕਾਰ ਦੇ ਆਪਸੀ ਸਮਝੌਤੇ ਕਾਰਨ ਸਮੁੱਚਾ ਜੀਵਨ ਪਾਖੰਡ ਹੋ ਨਿਬੜਿਆ ਹੈ। ਆਗੂ ਅਤੇ ਅਨੁਯਾਈ ਦੋਵੇਂ ਨਾਟਕ ਕਰਦੇ ਹਨ। ਦੋਹਾਂ ਨੇ ਗੁੜ ਨੂੰ ਖੰਡ ਬਣਾ ਲਿਆ ਹੈ; ਮਿੱਠਾ ਵੀ ਖਾਂਦੇ ਹਨ ਅਤੇ ਰੋੜੀ ਨਾਲ ਜੁੜਨ ਦਾ ਡਰ ਵੀ ਨਹੀਂ। ਇਹ ਅਧਿਆਤਮਕ ਗਿਆਨ ਦੀ ਸਿਆਣੀ ਵਰਤੋਂ ਹੈ।
ਸਿਆਣੀ ਵਰਤੋਂ
ਹਰ ਪ੍ਰਕਾਰ ਦਾ ਗਿਆਨ ਸ਼ਕਤੀ ਹੈ-ਚਾਹੇ ਉਹ ਗਿਆਨ ਉਪਯੋਗੀ ਹੋਵੇ ਚਾਹੇ ਅਣ-ਉਪਯੋਗੀ। ਹੋ ਸਕਦਾ ਹੈ ਭਵਿੱਖ ਵਿੱਚ ਅਣ-ਉਪਯੋਗੀ ਗਿਆਨ ਨੂੰ ਸ਼ਕਤੀ ਮੰਨਿਆ ਜਾਣਾ ਬੰਦ ਹੋ ਜਾਵੇ। ਮਨੁੱਖ ਆਪਣੇ ਗਿਆਨ ਦੀ ਸਿਆਣੀ ਵਰਤੋਂ ਕਰਦਾ ਆਇਆ ਹੈ ਅਤੇ ਕਰ ਰਿਹਾ ਹੈ। ਮਨੁੱਖੀ ਸੱਭਿਅਤਾ ਦੇ ਸਾਰੇ ਇਤਿਹਾਸ ਵਿੱਚ ਸਿਆਣਪ ਜਾਂ ਸਿਆਣੀ ਵਰਤੋਂ ਦੀ ਪਰਿਭਾਸ਼ਾ ਰਹੀ ਹੈ ਆਪਣੇ ਦੇਸ਼ ਦੀ ਰੱਖਿਆ ਲਈ ਮਰਨ ਅਤੇ ਮਾਰਨ ਲਈ ਤਿਆਰ ਰਹਿਣਾ; ਆਪਣੇ ਵਿਚਾਰਾਂ-ਵਿਸ਼ਵਾਸਾਂ ਨੂੰ ਪਰਮ ਸੱਚ ਮੰਨਦਿਆਂ ਹੋਇਆ ਦੂਜਿਆਂ ਉੱਤੇ ਠੋਸਣਾ; ਜਿੱਤ ਪ੍ਰਾਪਤ ਕਰਨ ਲਈ ਵਿਰੋਧੀ ਧੜੇ ਨਾਲ ਹਰ ਪ੍ਰਕਾਰ ਦੀ ਨੀਚਤਾ, ਨਿਰਦੈਤਾ ਅਤੇ ਕੁਟਿਲਤਾ ਦੀ ਵਰਤੋਂ ਕਰਨੀ; ਅਤੇ ਆਪਣੇ ਕੀਤੇ ਇਨ੍ਹਾਂ ਕੰਮਾਂ ਨੂੰ ਈਸ਼ਵਰ ਅਰਪਣ ਕਰ ਕੇ ਇਨ੍ਹਾਂ ਦੇ ਸਮਾਜਕ ਪ੍ਰਭਾਵਾਂ ਵਲੋਂ ਬੇਧਿਆਨ ਜਾਂ ਵਿਰਕਤ ਰਹਿਣਾ। ਅਰਸ਼ਮੀਦਸ ਦੁਆਰਾ ਬਣਾਏ ਗਏ ਜੰਗੀ ਹਥਿਆਰਾਂ ਦੀ ਰੋਮਨਾਂ ਵਿਰੁੱਧ ਕੀਤੀ ਗਈ ਵਰਤੋਂ ਵੀ ਸਿਆਣੀ ਸੀ ਅਤੇ ਹੀਰੋਸ਼ੀਮਾ ਉੱਤੇ ਸੁੱਟੇ ਗਏ ਐਟਮ ਬੰਬ ਨੂੰ ਵੀ ਫ਼ਿਜ਼ਿਕਸ ਦੇ ਗਿਆਨ ਅਤੇ ਤਕਨੀਕ ਦੇ ਵਿਕਾਸ ਦੀ ਸਿਆਣੀ ਵਰਤੋਂ ਮੰਨਿਆ ਜਾਂਦਾ ਹੈ। ਹਰ ਆਤੰਕਵਾਦੀ ਸੰਸਥਾ ਗੋਲੀਆਂ ਬੰਬਾਂ ਦੀ ਵਰਤੋਂ ਨੂੰ ਅਤੇ ਹਵਾਈ ਜਹਾਜ਼ ਦੀ ਹਾਈਜੈਕਿੰਗ ਨੂੰ ਸਿਆਣੀ ਵਰਤੋਂ ਸਮਝਦੀ ਹੈ ਅਤੇ ਇਨ੍ਹਾਂ ਕੰਮਾਂ ਵਿੱਚ ਢੇਰ ਸਾਰੀ ਸੋਚ ਸਿਆਣਪ ਅਤੇ ਵਿਉਂਤਬਾਜ਼ੀ ਵਰਤਦੀ ਹੈ।
ਇਸ ਤੋਂ ਛੁੱਟ ਜੀਵਨ ਲਈ ਅੰਨ-ਧਨ ਪੈਦਾ ਕਰਨ ਦੇ ਵਸੀਲਿਆਂ ਨੂੰ ਵਿਕਸਾਉਣ ਲਈ ਵੀ ਗਿਆਨ ਦੀ ਸਿਆਣੀ ਵਰਤੋਂ ਕੀਤੀ ਗਈ ਹੈ। ਸੜਕਾਂ, ਰੇਲਾਂ, ਸਕੂਲ, ਹਸਪਤਾਲ, ਲਾਇਬ੍ਰੇਰੀਆਂ, ਪੁਲ, ਪਾਰਕਾਂ, ਮੰਦਰ, ਮਸਜਦਾਂ ਅਤੇ ਗਿਰਜੇ ਬਣਾਉਣ ਵਿੱਚ ਵੀ ਗਿਆਨ ਦੀ ਸਿਆਣੀ ਵਰਤੋਂ ਕੀਤੀ ਗਈ ਹੈ। ਇਹ ਜ਼ਰੂਰੀ ਨਹੀਂ ਕਿ ਹਰ ਸਿਆਣੀ ਵਰਤੋਂ ਸੁਹਣੀ ਵਰਤੋਂ ਵੀ ਹੋਵੇ। ਭਾਰਤ ਅਤੇ ਪਾਕਿਸਤਾਨ ਦੋ ਗੁਆਂਢੀ ਦੇਸ਼ ਹਨ। ਦੋਵੇਂ ਆਪਣੇ ਵਸਨੀਕਾਂ
ਦੀ ਮਿਹਨਤ ਦਾ ਅੱਧਿਉਂ ਬਹੁਤਾ ਹਿੱਸਾ ਜੰਗੀ ਸਾਮਾਨ ਖ਼ਰੀਦਣ ਉੱਤੇ ਜਾਂ ਬਣਾਉਣ ਉੱਤੇ ਖਰਚ ਕਰਦੇ ਹਨ। ਆਪਣੇ ਦੇਸ਼ ਦੇ ਪਦਾਰਥਕ ਵਸੀਲਿਆਂ ਦੀ ਇਹ ਵਰਤੋਂ ਸਿਆਣੀ ਹੈ, ਪਰ ਸੋਹਣੀ ਨਹੀਂ। ਸਾਡਾ ਅਧਿਆਤਮਕ ਗਿਆਨ ਜੀਵਨ ਲਈ ਸੁਖ ਸਹੂਲਤਾਂ ਪੈਦਾ ਕਰਨ ਲਈ ਉਪਯੋਗੀ ਨਹੀਂ, ਪਰ ਮਹਾਂਭਾਰਤ ਦੇ ਯੁੱਧ ਵਿੱਚ ਕੀਤੀ ਗਈ ਇਸ ਦੀ ਵਰਤੋਂ ਸਿਆਣਪ ਦੀ ਸਿਖਰ ਮੰਨੀ ਜਾਂਦੀ ਹੈ।
ਸੁਹਿਰਦਤਾ
ਅਜਿਹਾ ਕਿਉਂ ਹੁੰਦਾ ਆਇਆ ਹੈ ਅਤੇ ਹੋ ਰਿਹਾ ਹੈ ? ਇਸ ਪ੍ਰਸ਼ਨ ਦਾ ਉੱਤਰ ਸੁਹਿਰਦਤਾ ਦੀ ਘਾਟ ਵਿੱਚ ਹੈ। ਮਨੁੱਖ ਆਪਣੇ ਵਿਅਕਤੀਗਤ ਰੂਪ ਵਿੱਚ ਸੁਹਿਰਦ ਨਹੀਂ। ਸੁਹਿਰਦਤਾਹੀਣ ਵਿਅਕਤੀਆਂ ਤੋਂ ਬਣੇ ਹੋਏ ਧਾਰਮਕ ਅਤੇ ਸਿਆਸੀ ਸਮੂਹ (ਜਮਾਤਾਂ) ਵੀ ਸੁਹਿਰਦ ਨਹੀਂ ਹਨ। ਇਸ ਘਾਟ ਉੱਤੇ ਵਿਚਾਰ ਕਰਨ ਤੋਂ ਪਹਿਲਾਂ ਸੁਹਿਰਦਤਾ ਦੀ ਪਰਿਭਾਸ਼ਾ ਬਣਾ ਲੈਣੀ ਜ਼ਰੂਰੀ ਹੈ।
ਸੁਹਿਰਦ ਦੇ ਸਾਦੇ ਜਿਹੇ ਅਰਥ ਹਨ ਸੁਹਣੇ ਹਿਰਦੇ ਵਾਲਾ ਆਦਮੀ; ਉਹ ਆਦਮੀ ਜੋ ਮਨ ਦਾ ਸਾਫ਼ ਹੋਣ ਦੇ ਨਾਲ ਨਾਲ ਕੋਮਲ-ਭਾਵੀ ਵੀ ਹੈ। ਜਿਸ ਦੇ ਮਨ ਵਿੱਚ ਕੁਝ ਹੋਰ ਹੈ ਅਤੇ ਬਾਹਰੋਂ ਕੁਝ ਹੋਰ ਹੋਣ ਦਾ ਪਾਖੰਡ ਕਰਦਾ ਹੈ, ਉਹ ਮਨ ਦਾ ਸਾਫ਼ ਨਹੀਂ। ਕਿਸੇ ਮੁਹੱਲੇ ਦਾ ਕੋਈ ਡਾਨ ਜਾਂ ਦਾਦਾ ਮਨ ਦਾ ਕਠੋਰ ਅਤੇ ਅੱਤਿਆਚਾਰੀ ਹੋਣ ਦੇ ਨਾਲ ਨਾਲ ਜੇ ਆਪਣੇ ਵਿਵਹਾਰ ਵਿੱਚ ਵੀ ਦੁਸ਼ਟਤਾ ਦਾ ਵਿਖਾਲਾ ਪਾਉਂਦਾ ਹੈ ਤਾਂ ਉਸ ਨੂੰ ਮਨ ਦਾ ਸਾਫ਼ ਜਾਂ ਅੰਦਰੋਂ ਬਾਹਰੋਂ ਇੱਕ ਹੋਣ ਕਰਕੇ ਸੁਹਿਰਦ ਨਹੀਂ ਕਹਿ ਸਕਦੇ ਕਿਉਂ ਜੋ ਉਹ ਕੋਮਲ-ਭਾਵੀ ਨਹੀਂ। ਮਨੁੱਖ ਦੇ ਕੋਮਲ ਭਾਵ ਦਇਆ, ਖਿਮਾ, ਨਿਮ੍ਰਤਾ ਸਹਾਨੁਭੂਤੀ, ਮਿੱਤ੍ਰਤਾ, ਸਹਾਇਤਾ ਅਤੇ ਸਨੇਹ ਆਦਿਕ ਦੇ ਵਤੀਰੇ ਵਿੱਚ ਉਲਥਾਏ ਜਾ ਕੇ ਉਸ ਨੂੰ ਸਦਾਚਾਰੀ ਬਣਾਉਂਦੇ ਹਨ। ਸੁਹਿਰਦ ਆਦਮੀ ਘਿਰਟਾ, ਕ੍ਰੋਧ, ਈਰਖਾ ਅਤੇ ਹੰਕਾਰ ਆਦਿਕ ਦੇ ਅਧੀਨ ਹੋ ਕੇ ਦੂਜਿਆਂ ਪ੍ਰਤਿ ਕਠੋਰਤਾ ਦਾ ਵਤੀਰਾ ਅਖ਼ਤਿਆਰ ਕਰਨ ਦੀ ਕਾਹਲ ਨਹੀਂ ਕਰਦਾ। ਮੈਂ ਇਹ ਨਹੀਂ ਕਹਿੰਦਾ ਕਿ ਸੁਹਿਰਦ ਆਦਮੀ ਦੇ ਮਨ ਵਿੱਚ ਕਠੋਰ ਭਾਵ ਪਰਵੇਸ਼ ਹੀ ਨਹੀਂ ਕਰਦੇ; ਕਰ ਸਕਦੇ ਹਨ; ਕਰਦੇ ਹਨ; ਪਰ ਉਸ ਦੀ ਸੁਹਿਰਦਤਾ ਉਸ ਨੂੰ ਇਨ੍ਹਾਂ ਦੇ ਅਧੀਨ ਨਹੀਂ ਹੋਣ ਦਿੰਦੀ।
ਸਾਧਾਰਣ ਨਜ਼ਰੇ ਵੇਖਿਆ ਇਉਂ ਜਾਪੇਗਾ ਕਿ ਮਨੁੱਖ ਵਿਚਲੀ ਹਉਮੈ ਉਸ ਨੂੰ ਕਠੋਰ ਵਤੀਰੇ ਦਾ ਧਾਰਨੀ ਬਣਾਉਂਦੀ ਹੈ। ਪਰੰਤੂ ਵਿਚਾਰ ਦੀ ਕਸੱਵਟੀ ਉੱਤੇ ਪਰਖਿਆਂ ਇਹ ਗੱਲ ਠੀਕ ਸਿੱਧ ਨਹੀਂ ਹੁੰਦੀ। ਜੀਵ ਦੀ ਨਵੇਕਲੀ, ਵੱਖਰੀ ਜਾਂ ਵਿਅਕਤੀਗਤ ਹੋਂਦ ਦੀ ਚੇਤਨਾ ਨੂੰ ਹਉਮੈ ਆਖਿਆ ਜਾਂਦਾ ਹੈ। ਇਸ ਚੇਤਨਾ ਬਿਨਾਂ ਜੀਵਨ ਸੰਭਵ ਨਹੀਂ। ਹਉਮੈ ਮਾਰਨ ਦੀ ਗੱਲ ਅਲੰਕਾਰਕ ਹੈ, ਕਾਵਿਕ ਹੈ, ਵਾਸਤਵਿਕ ਨਹੀਂ। ਆਦਮੀ ਮਰ ਕੇ ਜਾਂ ਕੋਮਾ ਵਿੱਚ ਜਾ ਕੇ ਹੀ ਹਉਂ ਰਹਿਤ ਹੋ ਸਕਦਾ ਹੈ। ਜਿਸ ਨੂੰ ਹਉਂ ਰਹਿਤ ਹੋ ਗਿਆ ਹੋਣ ਦੀ ਚੇਤਨਾ ਹੈ ਉਹ ਭੁਲੇਖੇ ਵਿੱਚ ਹੈ। ਚੇਤਨਾ ਹੀ ਤਾਂ ਹਉਂ ਹੈ। ਆਪਣੀ ਵੱਖਰੀ ਹੋਂਦ ਦੀ ਚੇਤਨਾ।
ਅਸੀਂ ਹਉਮੈ ਕਾਰਣ ਕਠੋਰ ਭਾਵੀ ਜਾਂ ਕੁਹਿਰਦ ਹੀ ਨਹੀਂ ਹੁੰਦੇ ਸਗੋਂ ਅਸੀਂ ਸੁਹਿਰਦ ਵੀ ਹਉਮੈ ਨਾਲ ਹੁੰਦੇ ਹਾਂ। ਕਾਮ,ਕ੍ਰੋਧ, ਲੋਭ, ਮੋਹ ਰਾਹੀਂ ਵੀ ਸਾਡੀ ਹਉਮੈ ਵਿਅਕਤ
ਹੁੰਦੀ ਹੈ ਅਤੇ ਦਇਆ, ਖਿਮਾ, ਨਿਮ੍ਰਤਾ ਰਾਹੀਂ ਵੀ ਹਉਮੈ ਹੀ। ਸਾਡੀ ਹਉਮੈ ਨੂੰ ਹੰਕਾਰ ਦਾ ਰੂਪ ਧਾਰਨ ਕਰਨ ਦੀ ਪ੍ਰੇਰਣਾ, ਸ੍ਰੇਸ਼ਟਤਾ (Rigiteousness ਪਾਰਸਾਈ) ਦੇ ਖ਼ਿਆਲ ਵਿੱਚੋਂ ਮਿਲਦੀ ਹੈ। ਜਦੋਂ ਵੀ ਕੋਈ ਵਿਅਕਤੀ ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਚਾ, ਸੁੱਚਾ, ਵਧੀਆ, ਵਿਸ਼ੇਸ਼, ਸੱਚਾ ਅਤੇ ਕਿਸੇ ਉਚੇਚੇ ਕੰਮ ਲਈ ਚੁਣਿਆ ਹੋਇਆ ਮੰਨਣ ਲੱਗ ਪੈਂਦਾ ਹੈ, ਉਦੋਂ ਉਹ ਸੁਹਿਰਦ ਨਹੀਂ ਰਹਿੰਦਾ। ਉਸ ਦਾ ਕੋਮਲ ਵਤੀਰਾ ਵੀ ਉਸ ਦੀ ਕੋਮਲਤਾ ਦੀ ਅਭੀਵਿਅਕਤੀ ਦੀ ਥਾਂ ਉਸ ਦੀ ਉੱਤਮਤਾ ਅਤੇ ਖ਼ੁਦਾਈ ਖ਼ਿਦਮਤਗਾਰੀ ਦੇ ਅਹਿਸਾਸ ਦਾ ਨਾਟਕ ਬਣ ਜਾਂਦਾ ਹੈ। ਉੱਤਮਤਾ ਦਾ ਅਹਿਸਾਸ ਹੰਕਾਰ ਹੈ।
ਸੱਭਿਅ ਸਮਾਜਕ ਜੀਵਨ ਦੀ ਵਿਵਸਥਾ ਲਈ ਮਨੁੱਖਾਂ ਨੂੰ ਵਿੱਦਿਆ, ਰੁਤਬੇ, ਜ਼ਿੰਮੇਦਾਰੀ, ਧਨ ਅਤੇ ਉਮਰ ਆਦਿਕ ਦੇ ਆਧਾਰ ਉੱਤੇ ਸ੍ਰੇਸ਼ਟ ਮੰਨਿਆ ਜਾਣਾ ਜ਼ਰੂਰੀ ਹੈ। ਇਸ ਪ੍ਰਕਾਰ ਦੀ ਸ੍ਰੇਸ਼ਟਤਾ ਸਮਾਜਕ ਵਿਵਸਥਾ ਨੂੰ ਕਾਇਮ ਰੱਖਦੀ ਹੋਈ, ਮਨੁੱਖੀ ਸੁਹਿਰਦਤਾ ਨੂੰ ਹਾਨੀ ਪਹੁੰਚਾਉਣ ਦੇ ਦੋਸ਼ ਤੋਂ ਬਚੀ ਰਹਿ ਸਕਦੀ ਹੈ ਜੇ ਵਿਅਕਤੀ ਦੇ ਮਨ ਵਿੱਚ ਇਹ ਅਹਿਸਾਸ ਹੋਵੇ ਕਿ ਮੈਂ ਇਨ੍ਹਾਂ ਸਮਾਜਕ ਲੋੜਾਂ ਦੀ ਪੂਰਤੀ ਲਈ, ਸਮਾਜਕ ਮਸ਼ੀਨ ਦਾ ਪੁਰਜਾ ਹੋਣ ਦੀ ਹੱਦ ਤਕ ਹੀ ਕੁਝ ਇੱਕ ਲੋਕਾਂ ਨਾਲੋਂ, ਕੁਝ ਇੱਕ ਪਰਿਸਥਿਤੀਆਂ ਵਿੱਚ ਸ੍ਰੇਸ਼ਟ ਹਾਂ। ਉਨ੍ਹਾਂ ਲੋੜਾਂ ਅਤੇ ਪਰਿਸਥਿਤੀਆਂ ਤੋਂ ਬਾਹਰ ਆ ਕੇ ਮੈਂ ਸਾਧਾਰਣ ਮਨੁੱਖਾਂ ਵਰਗਾ ਇੱਕ ਸਾਧਾਰਣ ਮਨੁੱਖ ਹਾਂ, ਨਾ ਕਿਸੇ ਨਾਲੋਂ ਸ੍ਰੇਸ਼ਟ ਹਾਂ ਨਾ ਕਿਸੇ ਨਾਲੋਂ ਘਟੀਆ। ਮਨੁੱਖੀ ਮਨ ਲਈ ਇਸ ਅਵਸਥਾ ਵਿੱਚ ਜਾਣਾ ਔਖਾ ਬੇਸ਼ੱਕ ਹੈ ਪਰ ਅਸੰਭਵ ਨਹੀਂ। ਇਹ ਉੱਤਮਤਾ ਦਾ ਅਹਿਸਾਸ ਨਹੀਂ ਸਗੋਂ ਤਰਕਸ਼ੀਲਤਾ ਜਾਂ ਵਿਦੇਠ (Reasonablness) ਹੈ। ਅਧਿਆਤਮਵਾਦ ਤਰਕ ਵਿਰੋਧੀ ਹੈ। ਇਹ ਉੱਤਮਤਾ ਅਤੇ ਪਾਰਸਾਈ ਦਾ ਭਰਮ ਪੈਦਾ ਕਰਦਾ ਹੈ ਅਤੇ ਹੁਣ ਤਕ ਸੁਹਿਰਦਤਾ ਦੁਰਲੱਭ ਬਣੀ ਰਹੀ ਹੈ। ਪਸ਼ੂ-ਜੀਵਨ ਹਿੱਸਾ, ਹੱਤਿਆ, ਬੇ-ਵਸਾਹੀ, ਧੋਖੇ ਅਤੇ ਭੈ ਨਾਲ ਭਰਪੂਰ ਹੈ। ਉਸ ਵਿੱਚ ਸੁਹਿਰਦਤਾ ਦਾ 'ਘੇਰਾ' ਸੀਮਿਤ ਹੈ ਅਤੇ 'ਤੀਬਰਤਾ' ਵੱਧ ਹੈ। ਸੱਭਿਅ-ਸਮਾਜਕ ਮਨੁੱਖ ਵੀ ਜੀਵਨ ਨੂੰ ਸੰਘਰਸ਼ ਅਤੇ ਜਿੱਤ ਨੂੰ ਮਨੋਰਥ ਮੰਨਣ ਲਈ ਮਜਬੂਰ ਰਿਹਾ ਹੈ; ਹੁਣ ਤਕ ਵੀ ਹੈ। ਇਸ ਲਈ ਸੁਹਿਰਦਤਾ ਦਾ ਘੇਰਾ ਹੋਰ ਵੀ ਤੰਗ ਹੁੰਦਾ ਗਿਆ ਹੈ। ਸੰਘਰਸ਼ ਅਤੇ ਜਿੱਤ ਲਈ ਆਪਣੀ ਬੌਧਿਕਤਾ ਦੀ ਭਰਪੂਰ ਵਰਤੋਂ ਕਰ ਕੇ ਮਨੁੱਖ ਨੇ ਸੁਹਿਰਦਤਾ ਦਾ ਘੇਰਾ ਤੰਗ ਕਰਨ ਦੇ ਨਾਲ ਨਾਲ ਇਸ ਦੀ ਤੀਬਰਤਾ ਨੂੰ ਵੀ ਪਤਲੀ ਅਤੇ ਪੇਤਲੀ ਕਰ ਲਿਆ ਹੈ। ਸੱਭਿਅ, ਸਿਆਣਾ, ਸਾਊ ਮਨੁੱਖ ਆਪਣੇ ਸਕਿਆ, ਸਨੇਹੀਆਂ ਨਾਲ ਵੀ ਸੁਹਿਰਦ ਹੋਣੋਂ ਸੰਕੋਚ ਕਰਨ ਲੱਗ ਪਿਆ ਹੈ। ਉਹ ਆਪਣੇ ਗਿਆਨ ਦੀ ਸਿਆਣੀ ਵਰਤੋਂ ਕਰਦਾ ਹੈ, ਸੁਹਿਰਦਤਾ ਨੂੰ ਬੇ-ਲੋੜੀ ਮੰਨਦਾ ਹੈ।
ਮਨੁੱਖੀ ਸਮਾਜਾਂ ਦੇ ਸਮਾਜਕ, ਆਰਥਕ ਅਤੇ ਸਿਆਸੀ ਹਾਲਾਤ ਸ੍ਰੇਸ਼ਟਤਾ ਦਾ ਖ਼ਿਆਲ ਜਾਂ ਹੰਕਾਰ ਪੈਦਾ ਕਰਨ ਦੇ ਜ਼ਿੰਮੇਦਾਰ ਹਨ, ਇਸ ਵਿੱਚ ਕੋਈ ਸ਼ੱਕ ਨਹੀਂ; ਤਾਂ ਵੀ ਧਰਮ ਕੋਲੋਂ ਇਸ ਸੰਬੰਧ ਵਿੱਚ, ਜਾਣੇ ਜਾਂ ਅਣਜਾਣੇ, ਗੰਭੀਰ ਭੁੱਲਾਂ ਹੋਈਆਂ ਹਨ। ਆਦਿ ਮਨੁੱਖ ਦਾ ਧਰਮ ਉਸ ਨੂੰ ਸਮੁੱਚੀ ਜੀਵਨ-ਖੇਡ ਦਾ ਹਿੱਸਾ ਬਣਾਈ ਰੱਖਦਾ ਸੀ। ਸੱਭਿਅ ਮਨੁੱਖ ਦੇ ਦਾਰਸ਼ਨਿਕ ਧਰਮ ਨੇ ਮਨੁੱਖ ਨੂੰ ਇਹ ਦ੍ਰਿੜ ਕਰਵਾ ਦਿੱਤਾ ਹੈ ਕਿ ਉਹ ਸਮੁੱਚੇ ਜੀਵਨ ਦੀ ਲੜੀ ਦੀ ਇੱਕ ਕੜੀ ਨਹੀਂ ਹੈ ਸਗੋਂ ਵੱਖਰਾ ਹੈ; ਰੱਬ ਦੀ ਸ੍ਰੇਸ਼ਟ ਰਚਨਾ ਹੈ। ਬਨਸਪਤੀ ਅਤੇ ਪਸ਼ੂ-ਜੀਵਨ ਉਸ ਦੀ ਲੋੜ-ਪੂਰਤੀ ਲਈ ਹੈ; ਉਹ ਆਪ ਅਸ਼ਰਫ-ਉਲ-ਮਖ਼ਲੂਕਾਤ ਹੈ; ਰੱਬ ਨੇ ਮਨੁੱਖ ਨੂੰ ਆਪਣੇ ਨਮੂਨੇ ਉੱਤੇ
ਬਣਾਇਆ ਹੈ। ਉਸ ਨੂੰ ਮਨੁੱਖ ਦੀ ਉਚੇਚੀ ਚਿੰਤਾ ਹੈ। ਉਸ ਨੇ ਇਹਦੇ ਲਈ ਨਰਕ, ਸਵਰਗ, ਮੁਕਤੀ, ਆਵਾਗਮਨ ਗੁਰੂ, ਪੀਰ, ਪੈਗੰਬਰ, ਦੀਨ, ਧਰਮ ਅਤੇ ਪਤਾ ਨਹੀਂ ਕੀ ਕੁਝ ਬਣਾਇਆ ਹੈ। ਬਾਕੀ ਸਾਰੀ ਸ੍ਰਿਸ਼ਟੀ ਲਈ ਇਹ ਸਭ ਕਜੀਆ ਕਰਨ ਦੀ ਲੋੜ ਕਦੇ ਨਹੀਂ ਮਹਿਸੂਸ ਕੀਤੀ।
ਮਨੁੱਖੀ ਮਨ ਵਿੱਚ ਸ੍ਰੇਸ਼ਟਤਾ ਦਾ ਵਿਸ਼ਵਾਸ ਪੈਦਾ ਕਰਨ ਦਾ ਰੱਬੀ ਕ੍ਰਿਸ਼ਮਾ ਕਰ ਕੇ ਧਰਮ ਉਸ ਨੂੰ ਹਉ ਰਹਿਤ ਹੋਣ ਦੀ ਸਲਾਹ ਵੀ ਦਿੰਦਾ ਹੈ। ਇਹ ਸਲਾਹ ਜਾਂ ਮੰਗ ਅਯੋਗ ਹੈ, ਪਰ ਹੈ ਬਹੁਤ ਜ਼ਰੂਰੀ ।
ਦੁਨੀਆਂ ਦੇ ਉੱਨਤ ਧਰਮ ਮਨੁੱਖ ਨੂੰ ਬਾਕੀ ਸ੍ਰਿਸ਼ਟੀ ਨਾਲੋਂ ਸ੍ਰੇਸ਼ਟ ਹੋਣ ਦਾ ਵਿਸ਼ਵਾਸ ਕਰਵਾਉਣ ਦੇ ਨਾਲ ਨਾਲ ਇਹ ਵੀ ਦੱਸਦੇ ਹਨ ਕਿ ਤੇਰਾ ਧਰਮ ਦੂਜੇ ਸਾਰੇ ਧਰਮਾਂ ਨਾਲੋ ਸ੍ਰੇਸ਼ਟ ਹੈ। ਬਾਕੀ ਸਭ ਧਰਮ ਮਨੁੱਖਾਂ ਨੂੰ ਅਧਵਾਟੇ ਛੱਡ ਦਿੰਦੇ ਹਨ; ਤੇਰਾ ਧਰਮ ਤੈਨੂੰ ਧੁਰ ਧਾਮ ਤਕ ਲੈ ਕੇ ਜਾਵੇਗਾ। ਸ੍ਰੇਸ਼ਟ ਧਰਮ ਦੇ ਸ੍ਰੇਸ਼ਟ ਅਨੁਆਈ ਕੋਲੋਂ ਨਿਮ੍ਰਤਾ ਦੀ ਆਸ ਕਰਨੀ ਪੱਥਰ ਵਿੱਚ ਪਦਮ ਦੀ ਆਸ ਕਰਨ ਦੇ ਤੁਲ ਹੈ, ਪਰ ਹਰ ਧਰਮ ਮਨੁੱਖ ਨੂੰ ਨਿਮ੍ਰਤਾ ਦਾ ਉਪਦੇਸ਼ ਦਿੰਦਾ ਹੈ। ਇਹ ਸਭ ਸੰਭਵ ਨਹੀਂ; ਸ੍ਰੇਸ਼ਟ ਕੀ ਅਤੇ ਨਿਮ ਕੀ ?
ਪਰੰਤੂ ਧਰਮ ਮਨੁੱਖ ਨੂੰ ਦੋਗਲਾ ਜੀਵਨ ਜੀਣ ਦੀ ਪ੍ਰੇਰਣਾ ਵੀ ਦਿੰਦਾ ਹੈ। ਇਸ ਗੱਲ ਦਾ ਵਿਸਥਾਰ ਪਹਿਲਾਂ ਕਰ ਚੁੱਕਾ ਹਾਂ। ਦੁਨਿਆਵੀ ਜੀਵਨ ਨੂੰ ਵਿਅਰਥ ਕਹਿੰਦਿਆਂ ਹੋਇਆਂ ਪੂਰੀ ਤੀਬਰਤਾ ਨਾਲ ਜਿਊਣ ਵਾਲੇ ਮਨੁੱਖ ਨੂੰ ਹਉਂਹੀਣਤਾ ਅਤੇ ਨਿਮ੍ਰਤਾ ਦਾ ਨਾਟਕ ਕਰਨਾ ਵੀ ਆਉਂਦਾ ਹੈ। ਨਾਟਕ ਹੁੰਦਾ ਆ ਰਿਹਾ ਹੈ; ਹੋਈ ਜਾ ਰਿਹਾ ਹੈ। ਰੱਬ ਦਾ ਚਹੇਤਾ, ਮੁਕਤੀ ਦਾ ਅਧਿਕਾਰੀ, ਮਨੁੱਖ, ਰੂਹ ਹੀਣ, ਰੱਬ ਹੱਣ ਕਾਇਨਾਤ ਦੇ ਕੇਂਦਰ ਵਿੱਚ ਬਿਰਾਜਮਾਨ ਹੈ। ਰੱਬ ਅਤੇ ਉਸ ਦੀ ਕਾਇਨਾਤ ਇਸ ਸ੍ਰੇਸ਼ਟ ਪਸ਼ੂ ਦੀ ਪੂਜਾ ਕਰਦੇ ਆ ਰਹੇ ਹਨ। ਪਰੰਤੂ ਇਸ ਸ੍ਰੇਸ਼ਟਤਾ ਦੀ ਆਯੂ ਮੁੱਕਣ ਵਾਲੀ ਹੈ । ਵਿਗਿਆਨ ਨੇ ਇਹ ਦੱਸਿਆ ਹੈ ਕਿ ਧਰਤੀ ਕਾਇਨਾਤ ਦਾ ਕੇਂਦਰ ਨਹੀਂ; ਇਹ ਸੂਰਜੀ ਪਰਿਵਾਰ ਦਾ ਕੇਂਦਰ ਵੀ ਨਹੀਂ। ਇਸ ਲਈ ਮਨੁੱਖ ਸ੍ਰਿਸ਼ਟੀ ਦੇ ਕੇਂਦਰ ਵਿੱਚ ਨਹੀਂ। ਇਹ ਧਰਤੀ, ਇਹ ਸੂਰਜੀ ਪਰਿਵਾਰ ਅਤੇ ਇਹ ਆਕਾਸ਼ ਗੰਗਾ ਜਿਸ ਵਿੱਚ ਕਰੋੜਾਂ ਸੂਰਜੀ ਪਰਿਵਾਰ ਹਨ, ਸਾਰੀ ਕਾਇਨਾਤ ਦਾ ਇੱਕ ਨਿਗੁਣਾ ਜਿਹਾ ਹਿੱਸਾ ਹੈ। ਬਹੁਤ ਛੋਟੀ ਹੈ ਇਹ ਧਰਤੀ ਇਸ ਸ੍ਰਿਸ਼ਟੀ ਦੇ ਟਾਕਰੇ ਵਿੱਚ ਬਹੁਤ ਛੋਟਾ ਹੈ ਆਦਮੀ ਧਰਤੀ ਦੇ ਟਾਕਰੇ ਵਿੱਚ।
ਵਿਗਿਆਨ ਨੇ ਆਦਮੀ ਨੂੰ ਦੱਸਿਆ ਹੈ—(1) ਤੂੰ ਕਿਸੇ ਰੱਬ ਦਾ, ਉਸ ਦੇ ਆਪਣੇ ਰੂਪ ਵਿੱਚ ਬਣਾਇਆ ਹੋਇਆ ਨਹੀਂ; (2) ਤੂੰ ਪਸ਼ੂਆਂ ਵਿੱਚੋਂ ਵਿਕਸਿਆ ਹੈਂ; (3) ਤੇਰੇ ਜੀਵਨ ਦਾ ਕੋਈ ਉਚੇਚਾ ਰੱਬੀ ਮਨੋਰਥ ਨਹੀਂ: (4) ਸ੍ਰਿਸ਼ਟੀ ਦੀ ਹਰ ਰਚਨਾ ਦਾ ਦੁਨਿਆਵੀ ਮਨੋਰਥ ਹੈ; ਜਿਵੇਂ ਹਰ ਪੱਤੇ ਦੀ ਬਨਾਵਟ ਕੋਈ ਮਨੋਰਥ ਪੂਰਾ ਕਰਦੀ ਹੈ; (5) ਇਵੇਂ ਹੀ ਤੇਰੇ ਮਨੋਰਥ ਦੁਨਿਆਵੀ ਹਨ; ਬਾਕੀ ਜੀਵ ਜੰਤੂ ਤੇਰੇ ਸੇਵਕ ਨਹੀਂ, ਸਹਿਯੋਗੀ ਹਨ, ਤੂੰ ਪਸ਼ੂਆਂ ਵਰਗਾ ਪਸ਼ੂ ਹੈਂ; (6) ਜਿਸ ਨੂੰ ਤੂੰ ਸ੍ਰੇਸ਼ਟਤਾ ਸਮਝਦਾ ਹੈ, ਉਹ ਅਸਲ ਵਿੱਚ ਗੁਨਾਹ ਕਰਨ ਅਤੇ ਆਪਣੇ ਗੁਨਾਹਾਂ ਉੱਤੇ ਪਰਦੇ ਪਾਉਣ ਦੀ ਅਕਲੀ ਯੋਗਤਾ ਹੈ।
ਇਹ ਠੀਕ ਹੈ ਕਿ ਵਿਗਿਆਨ ਨੇ ਮਨੁੱਖ ਵਿਚਲੀ ਪੁਰਾਣੀ ਪਾਸ਼ਵਿਕਤਾ ਦੀ ਪਿੱਠ ਵੀ ਠੋਕੀ ਹੈ। ਹਰ ਗਿਆਨ ਇੱਕ ਪ੍ਰਕਾਰ ਦੀ ਸ਼ਕਤੀ ਹੈ। ਮਨੁੱਖ ਆਪਣੇ ਪੁਰਾਣੇ ਵਿਸ਼ਵਾਸਾ ਦੀ ਵਰਤੋਂ ਕਰਨ ਦਾ ਦੋਸ਼ੀ ਹੈ; ਪਰ ਇਹ ਦੋਸ਼ ਵਿਗਿਆਨ
ਦਾ ਨਹੀਂ; ਮਨੁੱਖ ਦਾ ਹੈ; ਸੁਹਿਰਦਤਾ ਦੀ ਘਾਟ ਦਾ ਹੈ। ਵਿਗਿਆਨ ਦੀ ਸਹਾਇਤਾ ਨਾਲ ਸੁਹਿਰਦਤਾ ਵਿੱਚ ਹੋਣ ਵਾਲਾ ਵਾਧਾ ਸਿਆਣਪ ਅਤੇ ਸੁਹਿਰਦਤਾ ਦੇ ਸੁਮੇਲ ਵਿੱਚੋਂ ਸਦਾਚਾਰ ਦੀ ਸੁੰਦਰਤਾ ਪੈਦਾ ਕਰੇਗਾ ਅਤੇ ਰੂਹਾਨੀ ਸ੍ਰੇਸ਼ਟਤਾ ਦਾ ਖ਼ਿਆਲ ਇਸ ਵਿਕਾਸ ਦਾ ਰਾਹ ਰੋਕਣ ਦੀ ਜ਼ਿਦ ਕਰਨੇਂ ਹੱਟਦਾ ਜਾਵੇਗਾ, ਇਹ ਅਜੋਕੇ ਵਿਚਾਰਵਾਨਾਂ ਦਾ ਅਨੁਮਾਨ ਹੈ। ਪੱਛਮੀ ਸਾਇੰਸੀ-ਸਨਅਤੀ ਸਮਾਜਾਂ ਵਿੱਚ ਸ੍ਰੇਸ਼ਟਤਾ ਨੂੰ ਰੂਹਾਨੀ ਨਾ ਮੰਨ ਕੇ ਸਮਾਜਕ ਲੋੜ ਲਈ ਉਪਜਾਈ ਹੋਈ ਸਤਹੀ ਜਾਂ ਓਪਰੀ ਵਸਤੂ ਮੰਨਿਆ ਜਾਂਦਾ ਹੈ । ਇਸ ਸਤਹੀ ਸ੍ਰੇਸ਼ਟਤਾ ਦੇ ਧੁਰ ਹੇਠਲੇ ਮਨੁੱਖ ਬਰਾਬਰ ਹਨ-ਮਨੁੱਖੀ ਸਤਿਕਾਰ ਦੀ ਦ੍ਰਿਸ਼ਟੀ ਤੋਂ, ਆਪਣੇ ਜੀਣ-ਬੀਣ ਦੇ ਅਧਿਕਾਰ ਦੀ ਦ੍ਰਿਸ਼ਟੀ ਤੋਂ, ਅਤੇ ਕਾਨੂੰਨ ਦੀ ਦ੍ਰਿਸ਼ਟੀ ਵਿੱਚ । ਉਨ੍ਹਾਂ ਦੀ ਕਾਰੋਬਾਰੀ ਸਤਹੀ ਸ੍ਰੇਸ਼ਟਤਾ ਮਨੁੱਖੀ ਰਿਸ਼ਤਿਆਂ ਉੱਤੇ ਭਾਰੂ ਨਹੀਂ ਹੁੰਦੀ । ਪੱਛਮੀ ਜਨ-ਸਾਧਾਰਣ ਵਿੱਚ ਸੁਹਿਰਦਤਾ ਦਾ ਵਿਕਾਸ ਹੋ ਰਿਹਾ ਹੈ। ਇਸ ਗੱਲ ਦਾ ਪਤਾ ਇਨ੍ਹਾਂ ਸਮਾਜਾਂ ਵਿੱਚ ਵਿਚਰ ਕੇ ਲੱਗਦਾ ਹੈ; ਪੜ੍ਹੇ ਸੁਣੇ ਉੱਤੇ ਯਕੀਨ ਕਰਨਾ ਜ਼ਰਾ ਮੁਸ਼ਕਿਲ ਹੈ।