ਹੁੰਦੀ ਹੈ ਅਤੇ ਦਇਆ, ਖਿਮਾ, ਨਿਮ੍ਰਤਾ ਰਾਹੀਂ ਵੀ ਹਉਮੈ ਹੀ। ਸਾਡੀ ਹਉਮੈ ਨੂੰ ਹੰਕਾਰ ਦਾ ਰੂਪ ਧਾਰਨ ਕਰਨ ਦੀ ਪ੍ਰੇਰਣਾ, ਸ੍ਰੇਸ਼ਟਤਾ (Rigiteousness ਪਾਰਸਾਈ) ਦੇ ਖ਼ਿਆਲ ਵਿੱਚੋਂ ਮਿਲਦੀ ਹੈ। ਜਦੋਂ ਵੀ ਕੋਈ ਵਿਅਕਤੀ ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਚਾ, ਸੁੱਚਾ, ਵਧੀਆ, ਵਿਸ਼ੇਸ਼, ਸੱਚਾ ਅਤੇ ਕਿਸੇ ਉਚੇਚੇ ਕੰਮ ਲਈ ਚੁਣਿਆ ਹੋਇਆ ਮੰਨਣ ਲੱਗ ਪੈਂਦਾ ਹੈ, ਉਦੋਂ ਉਹ ਸੁਹਿਰਦ ਨਹੀਂ ਰਹਿੰਦਾ। ਉਸ ਦਾ ਕੋਮਲ ਵਤੀਰਾ ਵੀ ਉਸ ਦੀ ਕੋਮਲਤਾ ਦੀ ਅਭੀਵਿਅਕਤੀ ਦੀ ਥਾਂ ਉਸ ਦੀ ਉੱਤਮਤਾ ਅਤੇ ਖ਼ੁਦਾਈ ਖ਼ਿਦਮਤਗਾਰੀ ਦੇ ਅਹਿਸਾਸ ਦਾ ਨਾਟਕ ਬਣ ਜਾਂਦਾ ਹੈ। ਉੱਤਮਤਾ ਦਾ ਅਹਿਸਾਸ ਹੰਕਾਰ ਹੈ।
ਸੱਭਿਅ ਸਮਾਜਕ ਜੀਵਨ ਦੀ ਵਿਵਸਥਾ ਲਈ ਮਨੁੱਖਾਂ ਨੂੰ ਵਿੱਦਿਆ, ਰੁਤਬੇ, ਜ਼ਿੰਮੇਦਾਰੀ, ਧਨ ਅਤੇ ਉਮਰ ਆਦਿਕ ਦੇ ਆਧਾਰ ਉੱਤੇ ਸ੍ਰੇਸ਼ਟ ਮੰਨਿਆ ਜਾਣਾ ਜ਼ਰੂਰੀ ਹੈ। ਇਸ ਪ੍ਰਕਾਰ ਦੀ ਸ੍ਰੇਸ਼ਟਤਾ ਸਮਾਜਕ ਵਿਵਸਥਾ ਨੂੰ ਕਾਇਮ ਰੱਖਦੀ ਹੋਈ, ਮਨੁੱਖੀ ਸੁਹਿਰਦਤਾ ਨੂੰ ਹਾਨੀ ਪਹੁੰਚਾਉਣ ਦੇ ਦੋਸ਼ ਤੋਂ ਬਚੀ ਰਹਿ ਸਕਦੀ ਹੈ ਜੇ ਵਿਅਕਤੀ ਦੇ ਮਨ ਵਿੱਚ ਇਹ ਅਹਿਸਾਸ ਹੋਵੇ ਕਿ ਮੈਂ ਇਨ੍ਹਾਂ ਸਮਾਜਕ ਲੋੜਾਂ ਦੀ ਪੂਰਤੀ ਲਈ, ਸਮਾਜਕ ਮਸ਼ੀਨ ਦਾ ਪੁਰਜਾ ਹੋਣ ਦੀ ਹੱਦ ਤਕ ਹੀ ਕੁਝ ਇੱਕ ਲੋਕਾਂ ਨਾਲੋਂ, ਕੁਝ ਇੱਕ ਪਰਿਸਥਿਤੀਆਂ ਵਿੱਚ ਸ੍ਰੇਸ਼ਟ ਹਾਂ। ਉਨ੍ਹਾਂ ਲੋੜਾਂ ਅਤੇ ਪਰਿਸਥਿਤੀਆਂ ਤੋਂ ਬਾਹਰ ਆ ਕੇ ਮੈਂ ਸਾਧਾਰਣ ਮਨੁੱਖਾਂ ਵਰਗਾ ਇੱਕ ਸਾਧਾਰਣ ਮਨੁੱਖ ਹਾਂ, ਨਾ ਕਿਸੇ ਨਾਲੋਂ ਸ੍ਰੇਸ਼ਟ ਹਾਂ ਨਾ ਕਿਸੇ ਨਾਲੋਂ ਘਟੀਆ। ਮਨੁੱਖੀ ਮਨ ਲਈ ਇਸ ਅਵਸਥਾ ਵਿੱਚ ਜਾਣਾ ਔਖਾ ਬੇਸ਼ੱਕ ਹੈ ਪਰ ਅਸੰਭਵ ਨਹੀਂ। ਇਹ ਉੱਤਮਤਾ ਦਾ ਅਹਿਸਾਸ ਨਹੀਂ ਸਗੋਂ ਤਰਕਸ਼ੀਲਤਾ ਜਾਂ ਵਿਦੇਠ (Reasonablness) ਹੈ। ਅਧਿਆਤਮਵਾਦ ਤਰਕ ਵਿਰੋਧੀ ਹੈ। ਇਹ ਉੱਤਮਤਾ ਅਤੇ ਪਾਰਸਾਈ ਦਾ ਭਰਮ ਪੈਦਾ ਕਰਦਾ ਹੈ ਅਤੇ ਹੁਣ ਤਕ ਸੁਹਿਰਦਤਾ ਦੁਰਲੱਭ ਬਣੀ ਰਹੀ ਹੈ। ਪਸ਼ੂ-ਜੀਵਨ ਹਿੱਸਾ, ਹੱਤਿਆ, ਬੇ-ਵਸਾਹੀ, ਧੋਖੇ ਅਤੇ ਭੈ ਨਾਲ ਭਰਪੂਰ ਹੈ। ਉਸ ਵਿੱਚ ਸੁਹਿਰਦਤਾ ਦਾ 'ਘੇਰਾ' ਸੀਮਿਤ ਹੈ ਅਤੇ 'ਤੀਬਰਤਾ' ਵੱਧ ਹੈ। ਸੱਭਿਅ-ਸਮਾਜਕ ਮਨੁੱਖ ਵੀ ਜੀਵਨ ਨੂੰ ਸੰਘਰਸ਼ ਅਤੇ ਜਿੱਤ ਨੂੰ ਮਨੋਰਥ ਮੰਨਣ ਲਈ ਮਜਬੂਰ ਰਿਹਾ ਹੈ; ਹੁਣ ਤਕ ਵੀ ਹੈ। ਇਸ ਲਈ ਸੁਹਿਰਦਤਾ ਦਾ ਘੇਰਾ ਹੋਰ ਵੀ ਤੰਗ ਹੁੰਦਾ ਗਿਆ ਹੈ। ਸੰਘਰਸ਼ ਅਤੇ ਜਿੱਤ ਲਈ ਆਪਣੀ ਬੌਧਿਕਤਾ ਦੀ ਭਰਪੂਰ ਵਰਤੋਂ ਕਰ ਕੇ ਮਨੁੱਖ ਨੇ ਸੁਹਿਰਦਤਾ ਦਾ ਘੇਰਾ ਤੰਗ ਕਰਨ ਦੇ ਨਾਲ ਨਾਲ ਇਸ ਦੀ ਤੀਬਰਤਾ ਨੂੰ ਵੀ ਪਤਲੀ ਅਤੇ ਪੇਤਲੀ ਕਰ ਲਿਆ ਹੈ। ਸੱਭਿਅ, ਸਿਆਣਾ, ਸਾਊ ਮਨੁੱਖ ਆਪਣੇ ਸਕਿਆ, ਸਨੇਹੀਆਂ ਨਾਲ ਵੀ ਸੁਹਿਰਦ ਹੋਣੋਂ ਸੰਕੋਚ ਕਰਨ ਲੱਗ ਪਿਆ ਹੈ। ਉਹ ਆਪਣੇ ਗਿਆਨ ਦੀ ਸਿਆਣੀ ਵਰਤੋਂ ਕਰਦਾ ਹੈ, ਸੁਹਿਰਦਤਾ ਨੂੰ ਬੇ-ਲੋੜੀ ਮੰਨਦਾ ਹੈ।
ਮਨੁੱਖੀ ਸਮਾਜਾਂ ਦੇ ਸਮਾਜਕ, ਆਰਥਕ ਅਤੇ ਸਿਆਸੀ ਹਾਲਾਤ ਸ੍ਰੇਸ਼ਟਤਾ ਦਾ ਖ਼ਿਆਲ ਜਾਂ ਹੰਕਾਰ ਪੈਦਾ ਕਰਨ ਦੇ ਜ਼ਿੰਮੇਦਾਰ ਹਨ, ਇਸ ਵਿੱਚ ਕੋਈ ਸ਼ੱਕ ਨਹੀਂ; ਤਾਂ ਵੀ ਧਰਮ ਕੋਲੋਂ ਇਸ ਸੰਬੰਧ ਵਿੱਚ, ਜਾਣੇ ਜਾਂ ਅਣਜਾਣੇ, ਗੰਭੀਰ ਭੁੱਲਾਂ ਹੋਈਆਂ ਹਨ। ਆਦਿ ਮਨੁੱਖ ਦਾ ਧਰਮ ਉਸ ਨੂੰ ਸਮੁੱਚੀ ਜੀਵਨ-ਖੇਡ ਦਾ ਹਿੱਸਾ ਬਣਾਈ ਰੱਖਦਾ ਸੀ। ਸੱਭਿਅ ਮਨੁੱਖ ਦੇ ਦਾਰਸ਼ਨਿਕ ਧਰਮ ਨੇ ਮਨੁੱਖ ਨੂੰ ਇਹ ਦ੍ਰਿੜ ਕਰਵਾ ਦਿੱਤਾ ਹੈ ਕਿ ਉਹ ਸਮੁੱਚੇ ਜੀਵਨ ਦੀ ਲੜੀ ਦੀ ਇੱਕ ਕੜੀ ਨਹੀਂ ਹੈ ਸਗੋਂ ਵੱਖਰਾ ਹੈ; ਰੱਬ ਦੀ ਸ੍ਰੇਸ਼ਟ ਰਚਨਾ ਹੈ। ਬਨਸਪਤੀ ਅਤੇ ਪਸ਼ੂ-ਜੀਵਨ ਉਸ ਦੀ ਲੋੜ-ਪੂਰਤੀ ਲਈ ਹੈ; ਉਹ ਆਪ ਅਸ਼ਰਫ-ਉਲ-ਮਖ਼ਲੂਕਾਤ ਹੈ; ਰੱਬ ਨੇ ਮਨੁੱਖ ਨੂੰ ਆਪਣੇ ਨਮੂਨੇ ਉੱਤੇ
ਬਣਾਇਆ ਹੈ। ਉਸ ਨੂੰ ਮਨੁੱਖ ਦੀ ਉਚੇਚੀ ਚਿੰਤਾ ਹੈ। ਉਸ ਨੇ ਇਹਦੇ ਲਈ ਨਰਕ, ਸਵਰਗ, ਮੁਕਤੀ, ਆਵਾਗਮਨ ਗੁਰੂ, ਪੀਰ, ਪੈਗੰਬਰ, ਦੀਨ, ਧਰਮ ਅਤੇ ਪਤਾ ਨਹੀਂ ਕੀ ਕੁਝ ਬਣਾਇਆ ਹੈ। ਬਾਕੀ ਸਾਰੀ ਸ੍ਰਿਸ਼ਟੀ ਲਈ ਇਹ ਸਭ ਕਜੀਆ ਕਰਨ ਦੀ ਲੋੜ ਕਦੇ ਨਹੀਂ ਮਹਿਸੂਸ ਕੀਤੀ।
ਮਨੁੱਖੀ ਮਨ ਵਿੱਚ ਸ੍ਰੇਸ਼ਟਤਾ ਦਾ ਵਿਸ਼ਵਾਸ ਪੈਦਾ ਕਰਨ ਦਾ ਰੱਬੀ ਕ੍ਰਿਸ਼ਮਾ ਕਰ ਕੇ ਧਰਮ ਉਸ ਨੂੰ ਹਉ ਰਹਿਤ ਹੋਣ ਦੀ ਸਲਾਹ ਵੀ ਦਿੰਦਾ ਹੈ। ਇਹ ਸਲਾਹ ਜਾਂ ਮੰਗ ਅਯੋਗ ਹੈ, ਪਰ ਹੈ ਬਹੁਤ ਜ਼ਰੂਰੀ ।
ਦੁਨੀਆਂ ਦੇ ਉੱਨਤ ਧਰਮ ਮਨੁੱਖ ਨੂੰ ਬਾਕੀ ਸ੍ਰਿਸ਼ਟੀ ਨਾਲੋਂ ਸ੍ਰੇਸ਼ਟ ਹੋਣ ਦਾ ਵਿਸ਼ਵਾਸ ਕਰਵਾਉਣ ਦੇ ਨਾਲ ਨਾਲ ਇਹ ਵੀ ਦੱਸਦੇ ਹਨ ਕਿ ਤੇਰਾ ਧਰਮ ਦੂਜੇ ਸਾਰੇ ਧਰਮਾਂ ਨਾਲੋ ਸ੍ਰੇਸ਼ਟ ਹੈ। ਬਾਕੀ ਸਭ ਧਰਮ ਮਨੁੱਖਾਂ ਨੂੰ ਅਧਵਾਟੇ ਛੱਡ ਦਿੰਦੇ ਹਨ; ਤੇਰਾ ਧਰਮ ਤੈਨੂੰ ਧੁਰ ਧਾਮ ਤਕ ਲੈ ਕੇ ਜਾਵੇਗਾ। ਸ੍ਰੇਸ਼ਟ ਧਰਮ ਦੇ ਸ੍ਰੇਸ਼ਟ ਅਨੁਆਈ ਕੋਲੋਂ ਨਿਮ੍ਰਤਾ ਦੀ ਆਸ ਕਰਨੀ ਪੱਥਰ ਵਿੱਚ ਪਦਮ ਦੀ ਆਸ ਕਰਨ ਦੇ ਤੁਲ ਹੈ, ਪਰ ਹਰ ਧਰਮ ਮਨੁੱਖ ਨੂੰ ਨਿਮ੍ਰਤਾ ਦਾ ਉਪਦੇਸ਼ ਦਿੰਦਾ ਹੈ। ਇਹ ਸਭ ਸੰਭਵ ਨਹੀਂ; ਸ੍ਰੇਸ਼ਟ ਕੀ ਅਤੇ ਨਿਮ ਕੀ ?
ਪਰੰਤੂ ਧਰਮ ਮਨੁੱਖ ਨੂੰ ਦੋਗਲਾ ਜੀਵਨ ਜੀਣ ਦੀ ਪ੍ਰੇਰਣਾ ਵੀ ਦਿੰਦਾ ਹੈ। ਇਸ ਗੱਲ ਦਾ ਵਿਸਥਾਰ ਪਹਿਲਾਂ ਕਰ ਚੁੱਕਾ ਹਾਂ। ਦੁਨਿਆਵੀ ਜੀਵਨ ਨੂੰ ਵਿਅਰਥ ਕਹਿੰਦਿਆਂ ਹੋਇਆਂ ਪੂਰੀ ਤੀਬਰਤਾ ਨਾਲ ਜਿਊਣ ਵਾਲੇ ਮਨੁੱਖ ਨੂੰ ਹਉਂਹੀਣਤਾ ਅਤੇ ਨਿਮ੍ਰਤਾ ਦਾ ਨਾਟਕ ਕਰਨਾ ਵੀ ਆਉਂਦਾ ਹੈ। ਨਾਟਕ ਹੁੰਦਾ ਆ ਰਿਹਾ ਹੈ; ਹੋਈ ਜਾ ਰਿਹਾ ਹੈ। ਰੱਬ ਦਾ ਚਹੇਤਾ, ਮੁਕਤੀ ਦਾ ਅਧਿਕਾਰੀ, ਮਨੁੱਖ, ਰੂਹ ਹੀਣ, ਰੱਬ ਹੱਣ ਕਾਇਨਾਤ ਦੇ ਕੇਂਦਰ ਵਿੱਚ ਬਿਰਾਜਮਾਨ ਹੈ। ਰੱਬ ਅਤੇ ਉਸ ਦੀ ਕਾਇਨਾਤ ਇਸ ਸ੍ਰੇਸ਼ਟ ਪਸ਼ੂ ਦੀ ਪੂਜਾ ਕਰਦੇ ਆ ਰਹੇ ਹਨ। ਪਰੰਤੂ ਇਸ ਸ੍ਰੇਸ਼ਟਤਾ ਦੀ ਆਯੂ ਮੁੱਕਣ ਵਾਲੀ ਹੈ । ਵਿਗਿਆਨ ਨੇ ਇਹ ਦੱਸਿਆ ਹੈ ਕਿ ਧਰਤੀ ਕਾਇਨਾਤ ਦਾ ਕੇਂਦਰ ਨਹੀਂ; ਇਹ ਸੂਰਜੀ ਪਰਿਵਾਰ ਦਾ ਕੇਂਦਰ ਵੀ ਨਹੀਂ। ਇਸ ਲਈ ਮਨੁੱਖ ਸ੍ਰਿਸ਼ਟੀ ਦੇ ਕੇਂਦਰ ਵਿੱਚ ਨਹੀਂ। ਇਹ ਧਰਤੀ, ਇਹ ਸੂਰਜੀ ਪਰਿਵਾਰ ਅਤੇ ਇਹ ਆਕਾਸ਼ ਗੰਗਾ ਜਿਸ ਵਿੱਚ ਕਰੋੜਾਂ ਸੂਰਜੀ ਪਰਿਵਾਰ ਹਨ, ਸਾਰੀ ਕਾਇਨਾਤ ਦਾ ਇੱਕ ਨਿਗੁਣਾ ਜਿਹਾ ਹਿੱਸਾ ਹੈ। ਬਹੁਤ ਛੋਟੀ ਹੈ ਇਹ ਧਰਤੀ ਇਸ ਸ੍ਰਿਸ਼ਟੀ ਦੇ ਟਾਕਰੇ ਵਿੱਚ ਬਹੁਤ ਛੋਟਾ ਹੈ ਆਦਮੀ ਧਰਤੀ ਦੇ ਟਾਕਰੇ ਵਿੱਚ।
ਵਿਗਿਆਨ ਨੇ ਆਦਮੀ ਨੂੰ ਦੱਸਿਆ ਹੈ—(1) ਤੂੰ ਕਿਸੇ ਰੱਬ ਦਾ, ਉਸ ਦੇ ਆਪਣੇ ਰੂਪ ਵਿੱਚ ਬਣਾਇਆ ਹੋਇਆ ਨਹੀਂ; (2) ਤੂੰ ਪਸ਼ੂਆਂ ਵਿੱਚੋਂ ਵਿਕਸਿਆ ਹੈਂ; (3) ਤੇਰੇ ਜੀਵਨ ਦਾ ਕੋਈ ਉਚੇਚਾ ਰੱਬੀ ਮਨੋਰਥ ਨਹੀਂ: (4) ਸ੍ਰਿਸ਼ਟੀ ਦੀ ਹਰ ਰਚਨਾ ਦਾ ਦੁਨਿਆਵੀ ਮਨੋਰਥ ਹੈ; ਜਿਵੇਂ ਹਰ ਪੱਤੇ ਦੀ ਬਨਾਵਟ ਕੋਈ ਮਨੋਰਥ ਪੂਰਾ ਕਰਦੀ ਹੈ; (5) ਇਵੇਂ ਹੀ ਤੇਰੇ ਮਨੋਰਥ ਦੁਨਿਆਵੀ ਹਨ; ਬਾਕੀ ਜੀਵ ਜੰਤੂ ਤੇਰੇ ਸੇਵਕ ਨਹੀਂ, ਸਹਿਯੋਗੀ ਹਨ, ਤੂੰ ਪਸ਼ੂਆਂ ਵਰਗਾ ਪਸ਼ੂ ਹੈਂ; (6) ਜਿਸ ਨੂੰ ਤੂੰ ਸ੍ਰੇਸ਼ਟਤਾ ਸਮਝਦਾ ਹੈ, ਉਹ ਅਸਲ ਵਿੱਚ ਗੁਨਾਹ ਕਰਨ ਅਤੇ ਆਪਣੇ ਗੁਨਾਹਾਂ ਉੱਤੇ ਪਰਦੇ ਪਾਉਣ ਦੀ ਅਕਲੀ ਯੋਗਤਾ ਹੈ।
ਇਹ ਠੀਕ ਹੈ ਕਿ ਵਿਗਿਆਨ ਨੇ ਮਨੁੱਖ ਵਿਚਲੀ ਪੁਰਾਣੀ ਪਾਸ਼ਵਿਕਤਾ ਦੀ ਪਿੱਠ ਵੀ ਠੋਕੀ ਹੈ। ਹਰ ਗਿਆਨ ਇੱਕ ਪ੍ਰਕਾਰ ਦੀ ਸ਼ਕਤੀ ਹੈ। ਮਨੁੱਖ ਆਪਣੇ ਪੁਰਾਣੇ ਵਿਸ਼ਵਾਸਾ ਦੀ ਵਰਤੋਂ ਕਰਨ ਦਾ ਦੋਸ਼ੀ ਹੈ; ਪਰ ਇਹ ਦੋਸ਼ ਵਿਗਿਆਨ
ਦਾ ਨਹੀਂ; ਮਨੁੱਖ ਦਾ ਹੈ; ਸੁਹਿਰਦਤਾ ਦੀ ਘਾਟ ਦਾ ਹੈ। ਵਿਗਿਆਨ ਦੀ ਸਹਾਇਤਾ ਨਾਲ ਸੁਹਿਰਦਤਾ ਵਿੱਚ ਹੋਣ ਵਾਲਾ ਵਾਧਾ ਸਿਆਣਪ ਅਤੇ ਸੁਹਿਰਦਤਾ ਦੇ ਸੁਮੇਲ ਵਿੱਚੋਂ ਸਦਾਚਾਰ ਦੀ ਸੁੰਦਰਤਾ ਪੈਦਾ ਕਰੇਗਾ ਅਤੇ ਰੂਹਾਨੀ ਸ੍ਰੇਸ਼ਟਤਾ ਦਾ ਖ਼ਿਆਲ ਇਸ ਵਿਕਾਸ ਦਾ ਰਾਹ ਰੋਕਣ ਦੀ ਜ਼ਿਦ ਕਰਨੇਂ ਹੱਟਦਾ ਜਾਵੇਗਾ, ਇਹ ਅਜੋਕੇ ਵਿਚਾਰਵਾਨਾਂ ਦਾ ਅਨੁਮਾਨ ਹੈ। ਪੱਛਮੀ ਸਾਇੰਸੀ-ਸਨਅਤੀ ਸਮਾਜਾਂ ਵਿੱਚ ਸ੍ਰੇਸ਼ਟਤਾ ਨੂੰ ਰੂਹਾਨੀ ਨਾ ਮੰਨ ਕੇ ਸਮਾਜਕ ਲੋੜ ਲਈ ਉਪਜਾਈ ਹੋਈ ਸਤਹੀ ਜਾਂ ਓਪਰੀ ਵਸਤੂ ਮੰਨਿਆ ਜਾਂਦਾ ਹੈ । ਇਸ ਸਤਹੀ ਸ੍ਰੇਸ਼ਟਤਾ ਦੇ ਧੁਰ ਹੇਠਲੇ ਮਨੁੱਖ ਬਰਾਬਰ ਹਨ-ਮਨੁੱਖੀ ਸਤਿਕਾਰ ਦੀ ਦ੍ਰਿਸ਼ਟੀ ਤੋਂ, ਆਪਣੇ ਜੀਣ-ਬੀਣ ਦੇ ਅਧਿਕਾਰ ਦੀ ਦ੍ਰਿਸ਼ਟੀ ਤੋਂ, ਅਤੇ ਕਾਨੂੰਨ ਦੀ ਦ੍ਰਿਸ਼ਟੀ ਵਿੱਚ । ਉਨ੍ਹਾਂ ਦੀ ਕਾਰੋਬਾਰੀ ਸਤਹੀ ਸ੍ਰੇਸ਼ਟਤਾ ਮਨੁੱਖੀ ਰਿਸ਼ਤਿਆਂ ਉੱਤੇ ਭਾਰੂ ਨਹੀਂ ਹੁੰਦੀ । ਪੱਛਮੀ ਜਨ-ਸਾਧਾਰਣ ਵਿੱਚ ਸੁਹਿਰਦਤਾ ਦਾ ਵਿਕਾਸ ਹੋ ਰਿਹਾ ਹੈ। ਇਸ ਗੱਲ ਦਾ ਪਤਾ ਇਨ੍ਹਾਂ ਸਮਾਜਾਂ ਵਿੱਚ ਵਿਚਰ ਕੇ ਲੱਗਦਾ ਹੈ; ਪੜ੍ਹੇ ਸੁਣੇ ਉੱਤੇ ਯਕੀਨ ਕਰਨਾ ਜ਼ਰਾ ਮੁਸ਼ਕਿਲ ਹੈ।
ਸਾਇੰਸ, ਸੱਤਾ ਅਤੇ ਸਿਆਸਤ
ਪੁਰਾਤਨ ਯੂਨਾਨੀ ਵਿਚਾਰਵਾਨਾਂ ਵਿੱਚ ਕੁਝ ਕੁ ਅਜਿਹੇ ਹੋਏ ਹਨ, ਜਿਨ੍ਹਾਂ ਨੇ ਅਣਜਾਣੇ ਹੀ ਆਧੁਨਿਕ ਵਿਗਿਆਨ ਦੀ ਨੀਂਹ ਰੱਖਣ ਦਾ ਕੰਮ ਕੀਤਾ ਹੈ। ਇਹ ਕਹਿ ਸਕਦੇ ਹਾਂ ਕਿ ਬੇਲੀਜ਼ ਦਾ ਇਹ ਕਥਨ ਕਿ 'ਸਭ ਚੀਜ਼ਾਂ ਪਾਣੀ ਤੋਂ ਬਣੀਆਂ ਹਨ, ਇੱਕ ਪ੍ਰਕਾਰ ਦਾ ਵਿਗਿਆਨਕ ਕਥਨ ਹੈ; ਅਤੇ ਇਹ ਵੀ ਕਿ ਛੇਵੀਂ ਸਦੀ ਪੂ: ਈ: ਦੇ ਅਨੈਕਸੀਮੈਂਡਰ ਦਾ ਇਹ ਖ਼ਿਆਲ ਕਿ 'ਸਾਡੀ ਦੁਨੀਆ ਕਈਆਂ ਵਿੱਚੋਂ ਇੱਕ ਹੈ,' ਸ੍ਰਿਸ਼ਟੀ ਅਤੇ ਬ੍ਰਹਿਮੰਡ ਬਾਰੇ ਆਖੀ ਹੋਈ ਵੱਡੀ ਵਿਗਿਆਨਕ ਸੱਚਾਈ ਹੈ। ਪੰਜਵੀਂ ਸਦੀ ਪੂਰਬ ਈਸਵੀ ਦੇ ਐਮਪੀਡਕਲੀਜ਼ ਨੇ ਕਿਹਾ ਸੀ ਕਿ ਹਰ ਬਰਤਨ ਵਿੱਚ ਹਵਾ ਹੁੰਦੀ ਹੈ; ਜਿੰਨਾ ਚਿਰ ਇਹ ਹਵਾ ਉਸ ਵਿੱਚੋਂ ਬਾਹਰ ਨਾ ਨਿਕਲੇ, ਪਾਣੀ ਜਾਂ ਕੋਈ ਹੋਰ ਚੀਜ਼ ਉਸ ਬਰਤਨ ਵਿੱਚ ਪਾਈ ਨਹੀਂ ਜਾ ਸਕਦੀ। ਇਸ ਦਾ ਭਾਵ ਇਹ ਹੈ ਕਿ ਪੁਰਾਤਨ ਯੂਨਾਨੀ ਵਿਚਾਰਵਾਨ ਆਪਣੇ ਸਾਹਮਣੇ ਪਸਰੇ ਹੋਏ ਭੌਤਿਕ ਸੰਸਾਰ ਨੂੰ ਧਿਆਨ ਨਾਲ ਵੇਖਦੇ ਸਨ ਅਤੇ ਇਸ ਦੇ ਵਰਤਾਰਿਆਂ ਦੀ ਛਾਣ-ਬੀਣ ਦੀ ਰੁਚੀ ਰੱਖਦੇ ਸਨ। ਇਸੇ ਰੁਚੀ ਨੂੰ ਵਿਗਿਆਨਕ ਰੁਚੀ ਆਖਿਆ ਜਾਂਦਾ ਹੈ। ਇਸੇ ਨੇ ਨਿਰੀਖਣ ਅਤੇ ਪ੍ਰਯੋਗ ਦੇ ਸਹਾਰੇ ਸਾਇੰਸ ਜਾਂ ਵਿਗਿਆਨ ਨੂੰ ਜਨਮ ਦਿੱਤਾ ਹੈ।
ਅੱਜ ਅਸੀਂ ਵੇਖਦੇ ਹਾਂ ਕਿ ਸਾਇੰਸ ਦੀ ਉਪਜਾਈ ਹੋਈ ਸੋਚ ਨੇ ਇਲਹਾਮਾਂ, ਆਕਾਸ਼- ਵਾਣੀਆਂ, ਵਹਿਮਾਂ, ਬੇ-ਬੁਨਿਆਦ ਵਿਸ਼ਵਾਸਾਂ ਅਤੇ ਬੇਲੋੜੀਆਂ ਰਵਾਇਤਾਂ ਬਾਰੇ ਮੋੜਵੀਂ ਝਾਤੀ ਪਾਉਣ ਲਈ ਮਜਬੂਰ ਕਰ ਦਿੱਤਾ ਹੈ। ਇਸ ਦੇ ਨਾਲ ਨਾਲ ਸਾਇੰਸ ਦੇ ਸਹਾਰੇ ਉਪਜੀ ਹੋਈ ਤਕਨੀਕ ਨੇ ਮਨੁੱਖ ਦੇ ਬਾਰੇ ਅਤੇ ਗੁੰਝਲਦਾਰ ਕੰਮਾਂ ਨੂੰ ਸੌਖੇ ਬਣਾ ਦਿੱਤਾ ਹੈ। ਪੁਰਾਤਨ ਸਮੇਂ ਦੇ ਯੂਨਾਨੀ ਵਿਚਾਰਵਾਨ ਭੌਤਿਕ ਜਗਤ ਬਾਰੇ ਜਾਣਨ ਦੀ ਜਿੰਨੀ ਰੀਝ ਰੱਖਦੇ ਸਨ, ਓਨੀ ਦਿਲਚਸਪੀ ਵਿਗਿਆਨ ਦੇ ਤਕਨੀਕੀ ਪੱਖ ਬਾਰੇ ਨਹੀਂ ਸਨ ਲੈਂਦੇ। ਇਸ ਦਾ ਕਾਰਨ ਇਹ ਸੀ ਕਿ 'ਕੰਮ' ਨੂੰ ਉਹ ਲੋਕ ਬਹੁਤਾ ਮਹੱਤਵ ਨਹੀਂ ਸਨ ਦਿੰਦੇ। ਉਨ੍ਹਾਂ ਲਈ 'ਕੰਮ' ਕਰਨਾ ਇੱਕ ਪ੍ਰਕਾਰ ਦੀ ਸ਼ਰਮਿੰਦਗੀ ਸੀ। ਯੂਨਾਨੀ ਅਤੇ ਰੋਮਨ ਨਾਗਰਿਕ ਕੋਈ ਕੰਮ ਨਹੀਂ ਸਨ ਕਰਦੇ। ਉਨ੍ਹਾਂ ਦਾ ਕੰਮ ਸੀ ਲੜਨਾ ਅਤੇ ਸਰਕਾਰ ਦੇ ਕੰਮਾਂ ਵਿੱਚ ਹਿੱਸਾ ਲੈਣਾ, ਭਾਵ, ਰਾਜ ਕਰਨਾ। ਉਨ੍ਹਾਂ ਦੀ ਉਪਜੀਵਕਾ ਲਈ ਖੇਤੀ ਆਦਿਕ ਕਰਨ ਦਾ ਕੰਮ ਗੁਲਾਮਾਂ ਦਾ ਸੀ। ਕੋਈ ਵਿਚਾਰਵਾਨ ਗੁਲਾਮਾਂ ਦੇ ਕੰਮ ਨੂੰ ਸੌਖਾ ਬਣਾਉਣ ਦੀਆਂ ਸਕੀਮਾਂ ਕਿਉਂ ਸੱਚੇ ? ਯੂਨਾਨੀ ਵਿਚਾਰਵਾਨ (ਮੇਰਾ ਖਿਆਲ ਹੈ ਕਿ ਪੁਰਾਤਨ ਸਮੇਂ ਦੇ ਭਾਰਤੀ ਆਦਿਕ ਸਾਰੇ ਵਿਚਾਰਵਾਨ) 'ਗਿਆਨ' ਵਿੱਚ ਜਾਂ 'ਜਾਟਨ' ਵਿੱਚ ਦਿਲਚਸਪੀ ਰੱਖਦੇ ਸਨ; ਕੰਮ ਵਿੱਚ ਨਹੀਂ। ਕੰਮ ਨੂੰ ਮਨੁੱਖੀ ਸੋਚ ਦਾ ਸਤਿਕਾਰਯੋਗ ਵਿਸ਼ਾ ਸਾਇੰਸ ਨੇ ਬਣਾਇਆ ਹੈ ਅਤੇ ਬਣਾ ਰਹੀ ਹੈ। ਗੀਤਾ ਵਿਚਲਾ ਕਰਮਯੋਗ 'ਕੰਮ' ਦੇ ਸਤਿਕਾਰ ਦੀ ਦਲੀਲ ਨਹੀਂ। ਇਥੇ ਫਲ ਦੀ ਇੱਛਾ ਨਾਲ ਕੀਤੇ ਹੋਏ ਕੰਮ ਨੂੰ 'ਬੰਧਨ' ਆਖਿਆ ਗਿਆ ਹੈ। ਕੰਮ ਦੇ ਫਲ ਉੱਤੇ ਆਪਣਾ ਕੋਈ ਅਧਿਕਾਰ ਬਿਨਾਂ ਕੰਮ ਕਰਨ ਦੀ ਆਸ ਕੇਵਲ ਦਾਸਾਂ ਕੋਲੋਂ ਕੀਤੀ ਜਾ ਸਕਦੀ ਹੈ।
ਦਾਸ ਭਾਵ ਜਾਂ ਕਰਮਯੋਗ ਮੁਕਤੀ ਦਾ ਸਾਧਨ ਬਣਦਾ ਹੈ ਜਾਂ ਨਹੀਂ ? ਕੁਝ ਕਿਹਾ ਨਹੀਂ ਜਾ ਸਕਦਾ। ਹਾਂ, ਇਹ ਸਾਫ਼ ਜ਼ਾਹਿਰ ਹੈ ਕਿ ਇਸ ਨਾਲ ਉੱਚ-ਵਰਗ ਦੇ ਐਸ਼ਵਰਜ ਵਿੱਚ ਵਾਧਾ ਹੁੰਦਾ ਹੈ। ਭਾਰਤੀ 'ਕਰਮਯੋਗ' ਪਲੇਟੋ ਦੀ 'ਜਸਟਿਸ' ਦਾ ਅਧਿਆਤਮਵਾਦੀ ਰੂਪਾਂਤਰਣ ਜਾਂ ਉਤਾਰਾ ਹੈ।
ਉੱਚ ਵਰਗ ਦੇ ਇੱਕ ਜ਼ਰੂਰੀ ਕੰਮ ਰਾਹੀਂ ਸਾਇੰਸ ਅਤੇ ਕੰਮ ਦਾ ਆਪਸੀ ਸੰਬੰਧ ਹੋ ਗਿਆ ਸੀ। ਇਹ ਜ਼ਰੂਰੀ ਕੰਮ ਸੀ-ਜੰਗ ਸੱਭਿਅਤਾ ਦੇ ਸਾਰੇ ਇਤਿਹਾਸ ਵਿੱਚ ਇਹ ਕੰਮ ਬਹੁਤ ਜ਼ਰੂਰੀ ਮੰਨਿਆ ਜਾਂਦਾ ਰਿਹਾ ਹੈ—ਏਨਾ ਜ਼ਰੂਰੀ ਕਿ ਸਾਰੇ ਦਾਰਸ਼ਨਿਕ ਅਤੇ ਅਧਿਆਤਮਵਾਦੀ ਜੀਵਨ ਨੂੰ ਜੰਗ ਨਾਲ ਤੁਲਨਾ ਦੇਣ ਵਿੱਚ ਆਪਣੀ ਅਕਲ ਅਤੇ ਆਪਣੀ ਰੂਹਾਨੀਅਤ ਦਾ ਕੱਦ ਉੱਚਾ ਹੋਇਆ ਮੰਨਦੇ ਆਏ ਹਨ। ਸਾਇੰਸ ਅਤੇ ਕੰਮ ਦੇ ਜਿਸ ਸੰਬੰਧ ਦਾ ਜ਼ਿਕਰ ਮੈਂ ਕਰਨ ਲੱਗਾ ਹਾਂ, ਉਸ ਸੰਬੰਧ ਦਾ ਨਤੀਜਾ ਇਹ ਵੀ ਹੋਇਆ ਹੈ ਕਿ ਜੀਵਨ ਨੂੰ 'ਸੰਘਰਸ਼' ਆਖਣ ਦੀ ਥਾਂ 'ਸਹਿਯੋਗ' ਅਤੇ 'ਸਹਿਵਾਸ' ਆਖਣ ਦੀ ਰੁਚੀ ਨੇ ਜਨਮ ਲਿਆ ਹੈ।
ਅਗਿਆਨ, ਥੁੜ, ਭੈਅ, ਬੇਵਸਾਹੀ, ਹਿੰਸਾ ਅਤੇ ਹੱਤਿਆ ਜੰਗਲੀ ਜੀਵਨ ਦੇ ਮੂਲ ਤੱਤ ਸਨ (ਹਨ)। ਇਸੇ ਜਾਂਗਲੀਅਤ ਵਿੱਚੋਂ ਜੰਗ ਨੇ ਜਨਮ ਲਿਆ ਸੀ। ਮਨੁੱਖ ਦੀ ਅੱਧੀਓ ਬਹੁਤੀ ਅਕਲ ਇਸ ਵਹਿਸ਼ੀਪੁਣੇ ਨੂੰ ਮਨੁੱਖਤਾ ਦਾ ਸਰਵ-ਸ੍ਰੇਸ਼ਟ ਉੱਦਮ ਸਿੱਧ ਕਰਨ ਲਈ ਮਜਬੂਰ ਤੁਰੀ ਆਈ ਹੈ। ਧਰਮ ਨਾਲ ਜੰਗ ਦਾ ਸੰਬੰਧ ਢੇਰ ਪੁਰਾਣਾ ਹੈ। ਸਾਇੰਸ ਨਾਲ ਇਸ ਦਾ ਰਿਸ਼ਤਾ 212 ਪੂ: ਈ: ਵਿੱਚ ਜੁੜਿਆ ਮੰਨਿਆ ਜਾਂਦਾ ਹੈ, ਜਦੋਂ ਸਿਸਲੀ ਦੇ ਯੂਨਾਨੀ ਨਗਰਰਾਜ ਸਿਰਾਕੁਜ਼ ਉੱਤੇ ਰੋਮਨਾਂ ਨੇ ਹੱਲਾ ਕੀਤਾ। ਅਰਸ਼ਮੀਦਸ ਦੇ ਚਾਚੇ ਦਾ ਪੁੱਤ ਕਰਾ ਉਸ ਨਗਰਰਾਜ ਦਾ ਹਾਕਮ ਸੀ। ਉਸ ਦੀ ਸਹਾਇਤਾ ਲਈ ਅਰਸ਼ਮੀਦਸ ਨੇ ਅਜਿਹੀਆਂ ਕਈ ਮਸ਼ੀਨਾਂ ਬਣਾਈਆਂ, ਜਿਨ੍ਹਾਂ ਦੀ ਵਰਤੋਂ ਸਦਕਾ ਰੋਮਨ ਸੈਨਿਕਾਂ ਦੀ ਬਹੁਤ ਹਾਨੀ ਹੋਈ। ਅੰਤ ਵਿੱਚ ਜਿੱਤ ਭਾਵੇਂ ਰੋਮਨਾਂ ਦੀ ਹੋਈ, ਪਰ ਆਪਣੀ ਪੁਸਤਕ 'ਜੀਵਨੀਆਂ' ਵਿੱਚ ਪਲੂ ਟਾਰਕ ਨੇ ਅਰਸ਼ਮੀਦਸ (ਆਰਕੀਮੀਡੀਜ਼) ਦੇ ਯੰਤਰਾਂ ਦਾ ਬਹੁਤ ਹੀ ਅਚੰਭੇ ਭਰਿਆ ਵਰਣਨ ਕੀਤਾ ਹੈ।
ਕਿਸਾਨੇ ਕੰਮ ਦੇ ਸੰਦਾਂ ਅਤੇ ਜੰਗ ਵਿੱਚ ਵਰਤੇ ਜਾਣ ਵਾਲੇ ਨੇਜੇ, ਬਰਛਿਆਂ ਅਤੇ ਤੀਰ ਕਮਾਨਾਂ ਨੂੰ ਵਿਗਿਆਨਕ ਕਾਢਾਂ ਆਖਿਆ ਜਾ ਸਕਦਾ ਹੈ, ਪਰ ਇਨ੍ਹਾਂ ਦੇ ਬਣਾਉਣ ਵਾਲਿਆਂ ਦੇ ਨਾਵਾਂ ਦਾ ਪਤਾ ਨਾ ਹੋਣ ਕਰਕੇ ਜੰਗ ਅਤੇ ਸਾਇੰਸ ਜਾਂ ਕੰਮ ਅਤੇ ਸਾਇੰਸ ਦਾ ਸੰਬੰਧ ਅਰਸ਼ਮੀਦਸ ਤੋਂ ਮੰਨ ਲੈਣ ਵਿੱਚ ਕੋਈ ਹਰਜ ਨਹੀਂ। ਬਾਰੂਦ ਦੀ ਜੰਗੀ ਵਰਤੋਂ ਨੇ ਕੌਮੀ ਹਕੂਮਤਾਂ ਨੂੰ ਸ਼ਕਤੀਸ਼ਾਲੀ ਬਣਾ ਕੇ ਅੰਤਰ-ਰਾਸ਼ਟਰੀ ਸੰਬੰਧਾਂ ਵਿੱਚ ਵਿਕਾਸ ਕਰਨ ਦੇ ਨਾਲ ਨਾਲ ਦੇਸ਼ਾਂ ਦੇ ਅੰਦਰੂਨੀ ਰਿਸ਼ਤਿਆਂ ਨੂੰ ਵੀ ਪ੍ਰਭਾਵਿਤ ਕੀਤਾ ਹੈ । ਬਾਰੂਦ ਨੇ ਸੱਤਾ ਦੇ ਕੇਂਦਰੀਕਰਨ ਵਿੱਚ ਸਹਾਇਤਾ ਕੀਤੀ ਹੈ; ਜੰਗਾਂ ਦੀ ਜਿੱਤ-ਹਾਰ ਦੇ ਫੈਸਲੇ ਕਰ ਕੇ ਕੰਮਾਂ ਦੀ ਕਿਸਮਤ ਦੀਆਂ ਲਕੀਰਾਂ ਖਿੱਚਦਾ ਆਇਆ ਹੈ, ਬਾਰੂਦ। ਭਾਰਤ ਵਿੱਚ ਬਾਬਰ ਅਤੇ ਇਬਰਾਹੀਮ ਲੋਧੀ ਦੀ ਜੰਗ ਦਾ ਫੈਸਲਾ ਬਹੁਤ ਹੱਦ ਤਕ ਬਾਰੂਦ ਨੇ ਅਤੇ ਬਾਰੂਦ ਰਾਹੀਂ ਸਾਇੰਸ ਨੇ ਕੀਤਾ ਸੀ।
ਬਾਰੂਦ ਤੋਂ ਬਾਅਦ ਕੰਪਾਸ ਦਾ ਨਾਂ ਆਉਂਦਾ ਹੈ। ਇਸ ਨੇ ਸਮੁੰਦਰੀ ਸਫ਼ਰ ਵਿੱਚ ਸਹੂਲਤਾਂ ਪੈਦਾ ਕਰ ਕੇ ਕੌਮੀ ਸੰਬੰਧਾਂ ਦੀ ਰੂਪ-ਰੇਖਾ ਉਲੀਕਣ ਵਿੱਚ ਵੱਡਾ ਹਿੱਸਾ ਪਾਇਆ ਹੈ। ਕੰਪਾਸ ਦੇ ਯੁੱਗ ਵਿੱਚ ਮਸ਼ੀਨੀ ਕ੍ਰਾਂਤੀ ਦਾ ਸਮਾਂ ਵੀ ਆ ਗਿਆ ਹੈ ਅਤੇ ਵੱਡੇ-ਵੱਡੇ ਸਮੁੰਦਰੀ