ਦਾਸ ਭਾਵ ਜਾਂ ਕਰਮਯੋਗ ਮੁਕਤੀ ਦਾ ਸਾਧਨ ਬਣਦਾ ਹੈ ਜਾਂ ਨਹੀਂ ? ਕੁਝ ਕਿਹਾ ਨਹੀਂ ਜਾ ਸਕਦਾ। ਹਾਂ, ਇਹ ਸਾਫ਼ ਜ਼ਾਹਿਰ ਹੈ ਕਿ ਇਸ ਨਾਲ ਉੱਚ-ਵਰਗ ਦੇ ਐਸ਼ਵਰਜ ਵਿੱਚ ਵਾਧਾ ਹੁੰਦਾ ਹੈ। ਭਾਰਤੀ 'ਕਰਮਯੋਗ' ਪਲੇਟੋ ਦੀ 'ਜਸਟਿਸ' ਦਾ ਅਧਿਆਤਮਵਾਦੀ ਰੂਪਾਂਤਰਣ ਜਾਂ ਉਤਾਰਾ ਹੈ।
ਉੱਚ ਵਰਗ ਦੇ ਇੱਕ ਜ਼ਰੂਰੀ ਕੰਮ ਰਾਹੀਂ ਸਾਇੰਸ ਅਤੇ ਕੰਮ ਦਾ ਆਪਸੀ ਸੰਬੰਧ ਹੋ ਗਿਆ ਸੀ। ਇਹ ਜ਼ਰੂਰੀ ਕੰਮ ਸੀ-ਜੰਗ ਸੱਭਿਅਤਾ ਦੇ ਸਾਰੇ ਇਤਿਹਾਸ ਵਿੱਚ ਇਹ ਕੰਮ ਬਹੁਤ ਜ਼ਰੂਰੀ ਮੰਨਿਆ ਜਾਂਦਾ ਰਿਹਾ ਹੈ—ਏਨਾ ਜ਼ਰੂਰੀ ਕਿ ਸਾਰੇ ਦਾਰਸ਼ਨਿਕ ਅਤੇ ਅਧਿਆਤਮਵਾਦੀ ਜੀਵਨ ਨੂੰ ਜੰਗ ਨਾਲ ਤੁਲਨਾ ਦੇਣ ਵਿੱਚ ਆਪਣੀ ਅਕਲ ਅਤੇ ਆਪਣੀ ਰੂਹਾਨੀਅਤ ਦਾ ਕੱਦ ਉੱਚਾ ਹੋਇਆ ਮੰਨਦੇ ਆਏ ਹਨ। ਸਾਇੰਸ ਅਤੇ ਕੰਮ ਦੇ ਜਿਸ ਸੰਬੰਧ ਦਾ ਜ਼ਿਕਰ ਮੈਂ ਕਰਨ ਲੱਗਾ ਹਾਂ, ਉਸ ਸੰਬੰਧ ਦਾ ਨਤੀਜਾ ਇਹ ਵੀ ਹੋਇਆ ਹੈ ਕਿ ਜੀਵਨ ਨੂੰ 'ਸੰਘਰਸ਼' ਆਖਣ ਦੀ ਥਾਂ 'ਸਹਿਯੋਗ' ਅਤੇ 'ਸਹਿਵਾਸ' ਆਖਣ ਦੀ ਰੁਚੀ ਨੇ ਜਨਮ ਲਿਆ ਹੈ।
ਅਗਿਆਨ, ਥੁੜ, ਭੈਅ, ਬੇਵਸਾਹੀ, ਹਿੰਸਾ ਅਤੇ ਹੱਤਿਆ ਜੰਗਲੀ ਜੀਵਨ ਦੇ ਮੂਲ ਤੱਤ ਸਨ (ਹਨ)। ਇਸੇ ਜਾਂਗਲੀਅਤ ਵਿੱਚੋਂ ਜੰਗ ਨੇ ਜਨਮ ਲਿਆ ਸੀ। ਮਨੁੱਖ ਦੀ ਅੱਧੀਓ ਬਹੁਤੀ ਅਕਲ ਇਸ ਵਹਿਸ਼ੀਪੁਣੇ ਨੂੰ ਮਨੁੱਖਤਾ ਦਾ ਸਰਵ-ਸ੍ਰੇਸ਼ਟ ਉੱਦਮ ਸਿੱਧ ਕਰਨ ਲਈ ਮਜਬੂਰ ਤੁਰੀ ਆਈ ਹੈ। ਧਰਮ ਨਾਲ ਜੰਗ ਦਾ ਸੰਬੰਧ ਢੇਰ ਪੁਰਾਣਾ ਹੈ। ਸਾਇੰਸ ਨਾਲ ਇਸ ਦਾ ਰਿਸ਼ਤਾ 212 ਪੂ: ਈ: ਵਿੱਚ ਜੁੜਿਆ ਮੰਨਿਆ ਜਾਂਦਾ ਹੈ, ਜਦੋਂ ਸਿਸਲੀ ਦੇ ਯੂਨਾਨੀ ਨਗਰਰਾਜ ਸਿਰਾਕੁਜ਼ ਉੱਤੇ ਰੋਮਨਾਂ ਨੇ ਹੱਲਾ ਕੀਤਾ। ਅਰਸ਼ਮੀਦਸ ਦੇ ਚਾਚੇ ਦਾ ਪੁੱਤ ਕਰਾ ਉਸ ਨਗਰਰਾਜ ਦਾ ਹਾਕਮ ਸੀ। ਉਸ ਦੀ ਸਹਾਇਤਾ ਲਈ ਅਰਸ਼ਮੀਦਸ ਨੇ ਅਜਿਹੀਆਂ ਕਈ ਮਸ਼ੀਨਾਂ ਬਣਾਈਆਂ, ਜਿਨ੍ਹਾਂ ਦੀ ਵਰਤੋਂ ਸਦਕਾ ਰੋਮਨ ਸੈਨਿਕਾਂ ਦੀ ਬਹੁਤ ਹਾਨੀ ਹੋਈ। ਅੰਤ ਵਿੱਚ ਜਿੱਤ ਭਾਵੇਂ ਰੋਮਨਾਂ ਦੀ ਹੋਈ, ਪਰ ਆਪਣੀ ਪੁਸਤਕ 'ਜੀਵਨੀਆਂ' ਵਿੱਚ ਪਲੂ ਟਾਰਕ ਨੇ ਅਰਸ਼ਮੀਦਸ (ਆਰਕੀਮੀਡੀਜ਼) ਦੇ ਯੰਤਰਾਂ ਦਾ ਬਹੁਤ ਹੀ ਅਚੰਭੇ ਭਰਿਆ ਵਰਣਨ ਕੀਤਾ ਹੈ।
ਕਿਸਾਨੇ ਕੰਮ ਦੇ ਸੰਦਾਂ ਅਤੇ ਜੰਗ ਵਿੱਚ ਵਰਤੇ ਜਾਣ ਵਾਲੇ ਨੇਜੇ, ਬਰਛਿਆਂ ਅਤੇ ਤੀਰ ਕਮਾਨਾਂ ਨੂੰ ਵਿਗਿਆਨਕ ਕਾਢਾਂ ਆਖਿਆ ਜਾ ਸਕਦਾ ਹੈ, ਪਰ ਇਨ੍ਹਾਂ ਦੇ ਬਣਾਉਣ ਵਾਲਿਆਂ ਦੇ ਨਾਵਾਂ ਦਾ ਪਤਾ ਨਾ ਹੋਣ ਕਰਕੇ ਜੰਗ ਅਤੇ ਸਾਇੰਸ ਜਾਂ ਕੰਮ ਅਤੇ ਸਾਇੰਸ ਦਾ ਸੰਬੰਧ ਅਰਸ਼ਮੀਦਸ ਤੋਂ ਮੰਨ ਲੈਣ ਵਿੱਚ ਕੋਈ ਹਰਜ ਨਹੀਂ। ਬਾਰੂਦ ਦੀ ਜੰਗੀ ਵਰਤੋਂ ਨੇ ਕੌਮੀ ਹਕੂਮਤਾਂ ਨੂੰ ਸ਼ਕਤੀਸ਼ਾਲੀ ਬਣਾ ਕੇ ਅੰਤਰ-ਰਾਸ਼ਟਰੀ ਸੰਬੰਧਾਂ ਵਿੱਚ ਵਿਕਾਸ ਕਰਨ ਦੇ ਨਾਲ ਨਾਲ ਦੇਸ਼ਾਂ ਦੇ ਅੰਦਰੂਨੀ ਰਿਸ਼ਤਿਆਂ ਨੂੰ ਵੀ ਪ੍ਰਭਾਵਿਤ ਕੀਤਾ ਹੈ । ਬਾਰੂਦ ਨੇ ਸੱਤਾ ਦੇ ਕੇਂਦਰੀਕਰਨ ਵਿੱਚ ਸਹਾਇਤਾ ਕੀਤੀ ਹੈ; ਜੰਗਾਂ ਦੀ ਜਿੱਤ-ਹਾਰ ਦੇ ਫੈਸਲੇ ਕਰ ਕੇ ਕੰਮਾਂ ਦੀ ਕਿਸਮਤ ਦੀਆਂ ਲਕੀਰਾਂ ਖਿੱਚਦਾ ਆਇਆ ਹੈ, ਬਾਰੂਦ। ਭਾਰਤ ਵਿੱਚ ਬਾਬਰ ਅਤੇ ਇਬਰਾਹੀਮ ਲੋਧੀ ਦੀ ਜੰਗ ਦਾ ਫੈਸਲਾ ਬਹੁਤ ਹੱਦ ਤਕ ਬਾਰੂਦ ਨੇ ਅਤੇ ਬਾਰੂਦ ਰਾਹੀਂ ਸਾਇੰਸ ਨੇ ਕੀਤਾ ਸੀ।
ਬਾਰੂਦ ਤੋਂ ਬਾਅਦ ਕੰਪਾਸ ਦਾ ਨਾਂ ਆਉਂਦਾ ਹੈ। ਇਸ ਨੇ ਸਮੁੰਦਰੀ ਸਫ਼ਰ ਵਿੱਚ ਸਹੂਲਤਾਂ ਪੈਦਾ ਕਰ ਕੇ ਕੌਮੀ ਸੰਬੰਧਾਂ ਦੀ ਰੂਪ-ਰੇਖਾ ਉਲੀਕਣ ਵਿੱਚ ਵੱਡਾ ਹਿੱਸਾ ਪਾਇਆ ਹੈ। ਕੰਪਾਸ ਦੇ ਯੁੱਗ ਵਿੱਚ ਮਸ਼ੀਨੀ ਕ੍ਰਾਂਤੀ ਦਾ ਸਮਾਂ ਵੀ ਆ ਗਿਆ ਹੈ ਅਤੇ ਵੱਡੇ-ਵੱਡੇ ਸਮੁੰਦਰੀ
ਜਹਾਜ਼ਾਂ ਦੇ ਬਣਨ ਕਾਰਨ ਵਾਪਾਰ ਅਤੇ ਸੈਨਿਕ ਸੱਤਾ ਦੇ ਸੰਜੋਗ ਨਾਲ ਵੱਡੇ ਵੱਡੇ ਸਾਮਰਾਜਾਂ ਦਾ ਜਨਮ ਹੋਇਆ। ਪੂੰਜੀਵਾਦ ਅਤੇ ਸਮਾਜਵਾਦ ਦੀ ਉਤਪਤੀ ਵਿਗਿਆਨਕ ਵਿਕਾਸ ਦਾ ਨਤੀਜਾ ਹੈ।
ਪੁਰਾਤਨ ਅਤੇ ਮੱਧਕਾਲ ਦੀਆਂ ਜੰਗਾਂ ਦੇਸ਼ ਜਿੱਤਣ ਲਈ ਹੁੰਦੀਆਂ ਸਨ। ਸਨਅਤ ਦੇ ਵਿਕਾਸ ਨੇ ਜੰਗਾਂ ਨੂੰ ਆਰਥਿਕ ਅਤੇ ਵਪਾਰਕ ਆਧਾਰ ਪ੍ਰਦਾਨ ਕਰ ਦਿੱਤੇ ਹਨ। ਇਸ ਆਧਾਰ ਪਰਿਵਰਤਨ ਕਾਰਣ ਜੰਗ ਬਾਰੇ ਨਵੇਂ ਢੰਗ ਨਾਲ ਸੋਚਿਆ ਜਾਣਾ ਜ਼ਰੂਰੀ ਹੋ ਗਿਆ ਹੈ। ਜੇ ਜੰਗਾਂ ਆਰਥਿਕਤਾ ਲਈ ਲੜੀਆਂ ਜਾਂਦੀਆਂ ਹਨ ਤਾਂ ਇਹ ਵੇਖਣਾ ਜ਼ਰੂਰੀ ਹੈ ਕਿ ਇਨ੍ਹਾਂ ਰਾਹੀਂ ਆਰਥਿਕ ਲਾਭ ਹੁੰਦਾ ਹੈ ਜਾਂ ਆਰਥਿਕ ਹਾਨੀ।
ਜੰਗ ਜਾਂ ਜੰਗੀ ਸਾਮਾਨ ਨੂੰ ਵਾਧਾਰਕ ਦ੍ਰਿਸ਼ਟੀ ਤੋਂ ਵੇਖਿਆ ਜਾਣ ਨਾਲ ਇਹ ਦੋਵੇਂ ਬੇ-ਲੋੜੇ ਅਤੇ ਹਾਨੀਕਾਰਕ ਸਿੱਧ ਹੋ ਰਹੇ ਹਨ। ਪੱਛਮੀ ਉੱਨਤ ਦੇਸ਼ਾਂ ਨੂੰ ਜੰਗ ਵਿੱਚ ਕੋਈ ਆਰਥਿਕ ਲਾਭ ਨਜ਼ਰ ਨਹੀਂ ਆਇਆ। ਪਰ ਦੂਜੇ ਦੋਸ਼ਾਂ ਨੂੰ ਜੰਗੀ ਸਾਮਾਨ ਵੇਚ ਕੇ ਧਨ ਕਮਾਉਣ ਦੀ ਆਸ ਇਨ੍ਹਾਂ ਨੇ ਜਗ ਕੀਤੀ ਹੈ। ਹੁਣ ਇਨ੍ਹਾਂ ਨੂੰ ਪਤਾ ਲੱਗਦਾ ਜਾ ਰਿਹਾ ਹੈ ਕਿ ਇਹ ਵਾਪਾਰ ਵੀ ਲਾਹੇਵੰਦਾ ਨਹੀਂ। ਜਿਹੜੇ ਦੇਸ਼ ਜੰਗ ਜਾਂ ਖ਼ਾਨਾਜੰਗੀ ਵਿੱਚ ਰੁੱਝੇ ਰਹਿੰਦੇ ਹਨ, ਉਹ ਆਰਥਿਕ ਉੱਨਤੀ ਨਹੀਂ ਕਰਦੇ। ਇਸ ਲਈ ਉਹ ਲੰਮੇ ਸਮੇਂ ਤਕ ਹਥਿਆਰਾਂ ਦੀ ਮਰੀਦਾਰੀ ਨਹੀਂ ਕਰ ਸਕਦੇ। ਜੋ ਕਰਦੇ ਵੀ ਹਨ ਤਾਂ ਹਥਿਆਰਾਂ ਦੇ ਮੁੱਲ ਦੀ ਅਦਾਇਗੀ ਡਰੱਗਾਂ ਦੇ ਵਾਪਾਰ ਵਿੱਚੋਂ ਕਮਾਏ ਧਨ ਨਾਲ ਕਰਨ ਲਈ ਮਜਬੂਰ ਹੁੰਦੇ ਹਨ। ਇਹ ਡਰੱਗਾਂ ਉਨ੍ਹਾਂ ਦੇਸ਼ਾਂ ਦੇ ਬਾਜ਼ਾਰਾਂ ਵਿੱਚ ਪੁੱਜ ਜਾਂਦੀਆਂ ਹਨ, ਜਿਨ੍ਹਾਂ ਨੇ ਹਥਿਆਰ ਸਪਲਾਈ ਕੀਤੇ ਹੁੰਦੇ ਹਨ। ਇਉਂ ਹਥਿਆਰਾਂ ਦੇ ਪੱਛਮੀ ਵਾਪਾਰੀਆਂ ਨੂੰ ਇਹ ਸੌਦਾ ਮਹਿੰਗਾ ਪੈ ਰਿਹਾ ਹੈ।
ਦੁਨੀਆ (ਵਿਸ਼ੇਸ਼ ਕਰਕੇ ਪੱਛਮੀ ਦੁਨੀਆ) ਦੇ ਦਾਨੇ ਇਹ ਜਾਣਦੇ ਹਨ ਕਿ ਜੋ ਸਾਰੀ ਦੁਨੀਆ ਦੇ ਲੋਕ ਖ਼ੁਸ਼ਹਾਲ ਜੀਵਨ ਜੀਣ ਲੱਗ ਪੈਣ ਤਾਂ ਇਹ ਦੁਨੀਆ ਏਨੀ ਵੱਡੀ ਸਾਂਝੀ ਮਾਰਕੀਟ ਬਣ ਸਕਦੀ ਹੈ ਕਿ ਇਸ ਦੀਆਂ ਦੈਨਿਕ ਲੋੜਾਂ ਪੂਰੀਆਂ ਕਰਨ ਲਈ ਬੇ-ਓੜਕੇ ਮਾਲ ਦੀ ਉਪਜ ਕਰਨੀ ਪੈ ਸਕਦੀ ਹੈ। ਉਸ ਉਪਜ ਦੇ ਵਾਪਾਰ ਵਿੱਚੋਂ ਹਥਿਆਰਾਂ ਦੇ ਵਾਪਾਰ ਨਾਲੋਂ ਕਿਤੇ ਬਹੁਤਾ ਧਨ ਕਮਾਇਆ ਜਾ ਸਕਦਾ ਹੈ; ਨਿਰਾ ਧਨ ਹੀ ਨਹੀਂ, ਖ਼ੁਸ਼ੀ ਅਤੇ ਖੂਬਸੂਰਤੀ ਵੀ। ਹਥਿਆਰਾਂ ਦੇ ਵਾਪਾਰ ਰਾਹੀਂ ਦੁਨੀਆ ਲਈ ਕਲੇਸ਼ ਅਤੇ ਆਪਣੇ ਲਈ ਕਲੰਕ ਪੈਦਾ ਕਰਨ ਦਾ ਕੰਮ ਪੱਛਮੀ ਦੇਸ਼ ਬਹੁਤੇ ਸਮੇਂ ਲਈ ਨਹੀਂ ਕਰ ਸਕਣਗੇ।
ਸਾਇੰਸ ਦੇ ਸਾਥ ਨਾਲ ਜੰਗ ਏਨਾਂ ਭਿਆਨਕ ਹੋ ਚੁੱਕੀ ਹੈ ਕਿ ਮਜ਼ਹਬਾਂ ਦੀ ਮਨੋ- ਕਲਪਿਤ ਕਿਆਮਤ ਜਾਂ ਮਹਾਂ-ਪਲੇ ਦਾ ਰੂਪ ਧਾਰ ਸਕਦੀ ਹੈ। ਇਸ ਭਿਆਨਕਤਾ ਨੇ ਅਮਨ ਲਈ ਤਾਂਘ ਅਤੇ ਆਦਰ ਪੈਦਾ ਕੀਤਾ ਹੈ। ਕਾਂਟ ਵਰਗੇ ਸਿਆਣੇ ਅਮਨ ਲਈ ਸਾਰੀ ਦੁਨੀਆ ਦੀਆਂ ਆਜ਼ਾਦ ਸਰਕਾਰਾਂ ਦੇ ਵਿਸ਼ਵ-ਵਿਆਪੀ ਸੰਗਠਨ ਦਾ ਹੋਣਾ ਜ਼ਰੂਰੀ ਸਮਝਦੇ ਸਨ। ਲੀਗ ਆਵ ਨੇਸ਼ਨਜ਼ ਅਤੇ ਯੂ.ਐਨ.ਓ. ਦੀ ਸਥਾਪਨਾ ਇਸੇ ਆਦਰਸ਼ ਨੂੰ ਮੁੱਖ ਰੱਖ ਕੇ ਕੀਤੀ ਗਈ ਸੀ। ਸਾਇੰਸ ਦੀ ਤਰੱਕੀ ਨੇ ਸੰਸਾਰ ਯੁੱਧ ਤੋਂ ਪਿੱਛੋਂ ਦੀ ਦੁਨੀਆ ਨੂੰ ਕੁਝ ਅਜਿਹਾ ਰੂਪ ਦੇ ਦਿੱਤਾ ਹੈ ਕਿ ਦੁਨੀਆ ਦੀਆਂ ਹਕੂਮਤਾਂ ਦਾ ਸੰਗਠਨ ਹੁਣ (ਆਦਰਸ਼ ਦੀ ਥਾ) ਇੱਕ ਲੋੜ ਬਣਦਾ ਜਾ ਰਿਹਾ ਹੈ। ਤਕਨੀਕ ਨੇ ਵੱਡੇ ਵੱਡੇ ਕਾਰਖ਼ਾਨੇ ਬਣਾ ਕੇ ਉਨ੍ਹਾਂ ਦੇ ਪ੍ਰਬੰਧ ਲਈ ਵੱਡੀਆਂ ਵੱਡੀਆਂ ਕੰਪਨੀਆਂ ਦੀ ਹੋਂਦ ਨੂੰ ਜ਼ਰੂਰੀ ਬਣਾ ਦਿੱਤਾ ਸੀ। ਇਨ੍ਹਾਂ ਦੀ ਹੋਂਦ ਨੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਪ੍ਰਜਾਤਾਂਤ੍ਰਿਕ ਪ੍ਰਬੰਧ ਅਪਨਾਉਣ ਲਈ ਮਜਬੂਰ ਕੀਤਾ ਸੀ।
ਵਿਸ਼ਵ-ਵਿਆਪਕ ਵਾਪਾਰ ਰਾਹੀਂ ਸਾਰੀ ਦੁਨੀਆ ਦੀ ਖੁਸ਼ਹਾਲੀ ਦਾ ਖਿਆਲ ਸਾਰੇ ਸੰਸਾਰ ਦੀ ਸਾਂਝੀ ਜਮਹੂਰੀਅਤ ਨੂੰ ਵੀ ਜਨਮ ਦੇ ਸਕਦਾ ਹੈ।
ਵਿਗਿਆਨਕ ਤਕਨੀਕ ਨੇ ਤੇਲ (ਪੈਟਨ) ਦੀ ਵਰਤੋਂ ਰਾਹੀਂ ਮੱਧ-ਪੂਰਬੀ ਦੇਸ਼ਾਂ ਦੀਆ ਹਜ਼ਾਰਾਂ ਸਾਲ ਪੁਰਾਣੀਆਂ ਸੰਸਕ੍ਰਿਤੀਆਂ ਨੂੰ ਅੰਧੀ ਸਦੀ ਵਿੱਚ ਬਦਲ ਦੇਣ ਦਾ ਕ੍ਰਿਸ਼ਮਾ ਕਰ ਵਿਖਾਇਆ ਹੈ। ਇੰਗਲਿਸ਼ ਚੈਨਲ ਨਾਂ ਦੇ ਸਮੁੰਦਰ ਹੇਠਾਂ ਛੱਬੀ ਸਤਾਈ ਮੀਲ ਲੰਮੀ ਸੁਰੰਗ ਬਣਾ ਕੇ ਇੰਗਲੈਂਡ ਅਤੇ ਫਰਾਂਸ ਨੂੰ ਰੇਲ ਰਾਹੀਂ ਮਿਲਾ ਦੇਣ ਮਗਰੋਂ ਹੁਣ ਅਸ਼ਾਂਤ ਮਹਾਂਸਾਗਰ ਹੇਠ ਹਜ਼ਾਰਾਂ ਮੀਲ ਲੰਮੀ ਸੁਰੰਗ ਬਣਾ ਕੇ ਯੌਰਪ ਅਤੇ ਅਮਰੀਕਾ ਨੂੰ ਆਪੋ ਵਿੱਚ ਮਿਲਾ ਦੇਣ ਦੀਆਂ ਸਕੀਮਾਂ ਬਣਾਈਆਂ ਜਾਣ ਦੀ ਉਮੀਦ ਕੀਤੀ ਜਾ ਸਕਦੀ ਹੈ। ਕੌਣ ਆਖੇਗਾ ਕਿ ਅਸੀਂ ਰੱਬ ਦੀ ਬਣਾਈ ਹੋਈ ਦੁਨੀਆ ਦੇ ਵਸਨੀਕ ਹਾਂ 7 ਆਪਣੀ ਧਰਤੀ ਉੱਤੇ ਉਡਾਰੀ ਮਾਰ ਕੇ ਚੀਨ, ਮੰਗਲ ਅਤੇ ਸ਼ੁੱਕਰ ਆਦਿਕ ਉੱਤੇ ਜਾ ਬਿਰਾਜਣ ਦੇ ਯੋਗ ਕਰ ਦਿੱਤਾ ਹੈ ਤਕਨੀਕ ਨੇ, ਇਸ ਨਿੱਕੇ ਜਿਹੇ ਮਨੁੱਖ ਨੂੰ। ਇੱਕ ਆਦਮੀ ਦਾ ਦਿਲ ਕੱਢ ਕੇ ਦੂਜੇ ਦੀ ਛਾਤੀ ਵਿੱਚ ਟਾਂਕ ਸਕਦਾ ਹੈ, ਮਨੁੱਖ। ਹੁਣ 'ਜੀਨਜ਼' ਦੇ ਗਿਆਨ ਰਾਹੀਂ ਮਨਚਾਹੇ ਮਨੁੱਖ ਪੈਦਾ ਕਰ ਸਕਣ ਦੀ ਸਮਰੱਥਾ ਹੈ, ਮਨੁੱਖ ਵਿੱਚ। ਜਿਨ੍ਹਾਂ ਗੱਲਾਂ ਨੂੰ ਅਸੀਂ ਤਕਦੀਰ, ਰੱਬ ਅਤੇ ਪਿਛਲੇ ਜਨਮ ਦੇ ਕਰਮਾਂ ਨਾਲ ਜੋੜਦੇ ਆਏ ਹਾਂ, ਉਹ ਸਭ ਹੁਣ ਮਨੁੱਖ ਦੇ ਆਪਣੇ ਵੱਸ ਵਿੱਚ ਆ ਗਈਆਂ ਹਨ। ਇਹ ਸਭ ਕੁਝ ਸਾਡੇ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਗਿਆ ਹੈ। ਅਜੋਕ ਮਨੁੱਖ ਨੂੰ ਤਕਨੀਕੀ ਉੱਨਤੀ ਬਾਰੇ ਕੁਝ ਦੱਸਣ ਦੀ ਕੋਸ਼ਿਸ਼ ਕਰਨਾ ਆਪਣੇ ਆਪ ਨੂੰ ਹਾਸੋ-ਹੀਣਾ ਬਣਾਉਣਾ ਹੈ। ਤਕਨੀਕ ਸਾਡੇ ਚਾਰ ਚੁਫੇਰੇ ਵਿਆਪਕ ਰੂਪ ਵਿੱਚ ਪੱਸਰੀ ਹੋਈ ਹੈ ਅਤੇ ਅਸੀਂ ਉਸ ਦੀ ਹੋਂਦ ਤੋਂ ਉਵੇਂ ਹੀ ਬੇ-ਖ਼ਸਰ ਹਾਂ, ਜਿਵੇਂ ਉਸ ਹਵਾ ਦੀ ਹੋਂਦ ਤੋਂ ਜਿਹੜੀ ਸਾਡੇ ਜੀਵਨ ਦਾ ਮੂਲ ਆਧਾਰ ਹੈ।
ਸੱਭਿਅਤਾ ਦੇ ਹਜ਼ਾਰਾਂ ਸਾਲ ਲੰਮੇ ਇਤਿਹਾਸ ਵਿੱਚ ਸਿਆਸਤ ਨੂੰ ਸੱਤਾ-ਸੇਧਤ ਅਤੇ ਕੁਟਿਲਤਾ-ਕੇਂਦ੍ਰਿਤ ਮੰਨਿਆ ਜਾਂਦਾ ਰਿਹਾ ਹੈ । ਸੱਤਾ ਅਤੇ ਕੁਟਿਲਤਾ ਦੀ ਦਾਰਸ਼ਨਿਕ ਵਕਾਲਤ ਚਾਣਕਿਆ ਅਤੇ ਪਲੇਟੋ ਨਾਲ ਆਰੰਭ ਹੋਈ ਸੀ। ਹੀਗਲ ਅਤੇ ਕਾਰਲ ਮਾਰਕਸ ਦੇ ਸਮੇਂ ਤਕ ਕਲਿਆਣ ਨੂੰ ਸੱਤਾ, ਕੁਟਿਲਤਾ ਅਤੇ ਹਿੱਸਾ ਦੀ ਮੁਹਤਾਜ ਮੰਨਿਆ ਜਾਂਦਾ ਰਿਹਾ ਹੈ। ਹੁਣ ਇਸ ਨੂੰ 'ਬਹੁਤੀ ਉਪਜ', 'ਸਿਆਣੀ ਵੰਡ', 'ਅਮਨ', 'ਸਹਿਯੋਗ', 'ਸਹਾਇਤਾ' ਅਤੇ 'ਸਤਿਕਾਰ' ਦਾ ਸੁਭਾਵਿਕ ਸਿੱਟਾ ਮੰਨਿਆ ਜਾਣਾ ਆਰੰਭ ਹੋ ਗਿਆ ਹੈ। ਅਜਿਹਾ ਹੋਣ ਨਾਲ ਸਿਆਸਤ ਕਲਿਆਣ ਕੇਂਦ੍ਰਿਤ ਹੁੰਦੀ ਜਾ ਰਹੀ ਹੈ। ਉਹ ਵਕਤ ਬਹੁਤੀ ਦੂਰ ਨਹੀਂ, ਜਦੋਂ ਸੱਤਾ ਅਤੇ ਕੁਟਿਲਤਾ ਨੂੰ ਸਿਆਸਤ ਦਾ 'ਅਸਲਾ' ਨਹੀਂ, ਸਗੋਂ ਸਿਆਸਤ ਦੀ 'ਹੇਠੀ' ਮੰਨਿਆ ਜਾਵੇਗਾ। ਇਹ ਤਬਦੀਲੀ ਕਿਸੇ ਸੋਚ ਜਾਂ ਪ੍ਰਚਾਰ ਰਾਹੀਂ ਨਹੀਂ ਆ ਰਹੀ; ਇਸ ਪਿੱਛੇ ਤਕਨੀਕ ਦਾ ਹੱਥ ਹੈ। ਤਕਨੀਕੀ ਉੱਨਤੀ ਜੀਵਨ ਲਈ ਸੁਖ, ਸਹੂਲਤ ਅਤੇ ਸੁੰਦਰਤਾ ਪੈਦਾ ਕਰ ਕੇ ਇਸ ਨੂੰ ਜੀਣ-ਯੋਗ, ਸਤਿਕਾਰਯੋਗ ਬਣਾ ਰਹੀ ਹੈ। ਇਹ ਸਿੱਧ ਕਰ ਰਹੀ ਹੈ ਕਿ ਸੰਸਾਰ ਸਾਡੀਆਂ ਗਿਆਨ ਇੰਦਰੀਆਂ ਦਾ ਪੈਦਾ ਕੀਤਾ ਹੋਇਆ ਭਰਮ ਨਹੀਂ, ਸਗੋਂ ਇੱਕ ਸਤਿਕਾਰਯੋਗ ਵਾਸਤਵਿਕਤਾ ਹੈ; ਇਹ ਦੁੱਖਾਂ ਦਾ ਘਰ ਨਹੀਂ, ਸਗੋਂ ਮਿੱਤਰਤਾਵਾਂ, ਖ਼ੁਸ਼ੀਆਂ ਅਤੇ ਖ਼ੂਬਸੂਰਤੀਆਂ ਉਪਜਾਉਣ ਦਾ ਸੁਅਵਸਰ ਹੈ । ਪੈਦਾਵਾਰ ਦੀ ਤਕਨੀਕ ਵਿੱਚ (ਧਾਰਮਿਕ, ਸਾਂਸਕ੍ਰਿਤਿਕ ਅਤੇ ਕੌਮੀ ਕੰਧਾਂ ਢਾਹ ਕੇ) ਸਾਰੀ ਦੁਨੀਆ ਨੂੰ ਸਾਰੀ ਮਨੁੱਖਤਾ ਦਾ ਸਾਂਝਾ ਘਰ ਬਣਾ ਦੇਣ ਦੀ ਯੋਗਤਾ ਹੈ। ਇਨ੍ਹਾਂ ਕੰਧਾਂ ਦੇ ਪਰਛਾਵੇਂ ਵਿੱਚ ਜੀਣ ਵਾਲੇ ਮਨੁੱਖ ਇਨ੍ਹਾਂ ਕੰਧਾ ਦੀ ਉਮਰ ਲੰਮੀ ਕਰ ਰਹੇ ਹਨ।
ਜਿਸ ਜੀਵਨ-ਜਾਚ ਨੇ ਇਹ ਕੰਧਾਂ ਉਸਾਰੀਆਂ ਹਨ, ਉਸ ਜਾਚ ਨੂੰ ਬਦਲ ਕੇ, ਤਕਨੀਕ, ਮਨੁੱਖ ਦੇ ਵਿਚਾਰਾਂ ਅਤੇ ਵਿਸ਼ਵਾਸਾਂ ਨੂੰ ਵੀ ਬਦਲ ਦੇਵੇਗੀ । ਡਰ, ਅਗਿਆਨ, ਬੁੜ ਅਤੇ ਬੇ-ਵਸਾਹੀ ਵਿੱਚੋਂ ਉਪਜੇ ਹੋਏ ਵਿਚਾਰ ਅਤੇ ਵਿਸ਼ਵਾਸ ਨਾ ਸੁਹਣੇ ਹਨ, ਨਾ ਸਦੀਵੀ। ਗਿਆਨ, ਪਿਆਰ, ਭਰੋਸੇ ਅਤੇ ਬਹੁਤਾਤ ਵਿੱਚੋਂ ਉਪਜੇ ਹੋਏ ਵਿਚਾਰ ਅਤੇ ਵਿਸ਼ਵਾਸ ਸੁਹਣੇ ਹੋਣਗੇ ਅਤੇ ਸਦਾ ਵਿਕਸਦੇ ਰਹਿਣਗੇ। ਸਾਇੰਸ ਸਾਨੂੰ ਸਾਡਾ ਗਿਆਨ ਦੇ ਰਹੀ ਹੈ; ਸਾਡੀ ਧਰਤੀ ਦੇ ਸੋਮਿਆਂ ਦਾ ਗਿਆਨ ਦੇ ਰਹੀ ਹੈ; ਤਕਨੀਕ ਸਾਨੂੰ ਬਹੁਤਾਤ ਦੇਣ ਦੀ ਸਮਰੱਥਾ ਰੱਖਦੀ ਹੈ।
ਸਾਇੰਸ ਅਤੇ ਵਿਅਕਤੀ
ਕਿਸਾਨਾ ਯੁਗ ਵਿਅਕਤੀ ਵਿਸ਼ੇਸ਼ ਦਾ ਯੁਗ ਸੀ। ਇਸ ਸ੍ਰਿਸ਼ਟੀ ਦਾ ਕਰਤਾ ਵਿਅਕਤੀ- ਰੂਪ ਮੰਨਿਆ ਜਾਂਦਾ ਸੀ । ਉਸ ਦਾ ਨਿਰਗੁਣ ਸਰੂਪ ਕੇਵਲ ਦਾਰਸ਼ਨਿਕਤਾ ਦਾ ਵਿਸ਼ਾ ਸੀ। ਉਸ ਦਾ ਕਾਰਜਸ਼ੀਲ ਜਾਂ ਉਪਯੋਗੀ ਰੂਪ ਵਿਅਕਤੀ ਸੀ, ਜਿਸ ਨੂੰ ਕਰਤਾ ਪੁਰਖ ਜਾਂ ਕੇਵਲ 'ਪੁਰੁਸ਼' ਆਖਿਆ ਜਾਂਦਾ ਸੀ । ਸਮਾਜਕ ਢਾਂਚੇ ਵਿਅਕਤੀ-ਰੂਪ ਸਨ । ਹਾਕਮਾਂ ਨੂੰ ਜਾਂ ਬ੍ਰਾਹਮਣਾਂ ਨੂੰ ਈਸ਼ਵਰ ਦਾ ਸਿਰ, ਖੱਤ੍ਰੀਆਂ ਨੂੰ ਬਾਹਵਾਂ, ਵੈਸ਼ਾਂ ਨੂੰ ਲੱਤਾਂ ਅਤੇ ਸ਼ੂਦਰਾਂ ਨੂੰ ਪੈਰ ਮੰਨਿਆ ਜਾਂਦਾ ਸੀ। ਸੰਸਾਰਕ ਖੇਤਰ ਵਿੱਚ ਵਿਅਕਤੀ ਰਾਜਾ, ਮਹਾਰਾਜਾ, ਬਾਦਸ਼ਾਹ ਆਦਿਕ ਦੇ ਰੂਪ ਵਿੱਚ ਦੇਸ਼ ਦਾ ਮਾਲਕ ਸੀ । ਅਧਿਆਤਮਕ ਪਿੜ ਵਿੱਚ ਸੰਤ, ਸਤਿਗੁਰੂ, ਰਿਸ਼ੀ, ਬ੍ਰਹਮ ਗਿਆਨੀ ਆਦਿਕ ਰੂਪਾਂ ਵਿੱਚ ਵਿਅਕਤੀ ਰੱਬ ਨਾਲ ਇੱਕ-ਮਿੱਕ ਮੰਨਿਆ ਜਾਂਦਾ ਸੀ। ਹਰ ਵਿਅਕਤੀ ਨੂੰ ਅਧਿਆਤਮਕ ਖੇਤਰ ਵਿੱਚ ਰੱਬ ਬਣਨ ਦਾ ਅਤੇ ਦੁਨਿਆਵੀ ਪੱਧਰ ਉੱਤੇ ਰਾਜਾ, ਮਹਾਰਾਜਾ ਬਣਨ ਦਾ ਜਨਮ ਸਿੱਧ ਅਧਿਕਾਰ ਮੰਨਿਆ ਜਾਂਦਾ ਸੀ, ਜੇ ਉਹ ਇਸ ਦੇ ਯੋਗ ਹੋਵੇ ਤਾਂ।
ਸਾਇੰਸ ਦਾ ਯੁਗ ਵਿਵਸਥਾ, ਵਿਧਾਨ ਜਾਂ ਕਾਨੂੰਨ ਦਾ ਯੁਗ ਹੈ। ਵਿਗਿਆਨ ਦਾ ਦੱਸਿਆ ਹੋਇਆ ਬ੍ਰਹਿਮੰਡ ਕਿਸੇ ਬ੍ਰਹਮ ਜਾਂ ਈਸ਼ਵਰ ਦੀ ਅਗਿਆਤ ਸੱਤਾ ਦੇ ਸਹਾਰੇ ਕਾਇਮ ਨਹੀਂ, ਸਗੋਂ ਇਹ ਆਪਣੇ ਵਿਚਲੇ ਪਦਾਰਥਕ ਨੇਮਾਂ ਦੀ ਪਾਲਣਾ ਕਰਦਾ ਹੈ। ਫ਼ਿਜ਼ਿਕਸ ਦੇ ਇਹ ਨੇਮ ਜਾਣੇ ਜਾ ਸਕਦੇ ਹਨ; ਬਹੁਤ ਹੱਦ ਤਕ ਜਾਣੇ ਗਏ ਹਨ ਅਤੇ ਜਾਣੇ ਜਾ ਰਹੇ ਹਨ। ਇਸੇ ਤਰ੍ਹਾਂ ਜੀਵਾਂ ਦੀ ਉਤਪਤੀ ਦੇ ਨੇਮ ਹਨ: ਸਮਾਜਾਂ ਦੀ ਬਣਤਰ ਦੇ ਨੇਮ ਹਨ: ਅਤੇ ਕੋਈ ਵਿਅਕਤੀ ਨੇਮਾਂ ਨਾਲੋਂ ਉੱਚਾ ਨਹੀਂ। ਕਿਸਾਨੇ ਯੁਗ ਵਿੱਚ ਰਾਜਾ ਤੋਂ ਰੰਕ ਤਕ ਸਾਰੇ ਮਨੁੱਖਾਂ ਨੂੰ ਰੱਬ ਸਾਹਮਣੇ ਬਰਾਬਰ ਮੰਨਿਆ ਜਾਂਦਾ ਸੀ । ਇਹ ਬਰਾਬਰੀ ਕੇਵਲ ਸਿਧਾਂਤ- ਰੂਪ ਸੀ; ਸੰਸਾਰਕ ਜੀਵਨ ਦੀ ਵਾਸਤਵਿਕਤਾ ਨਹੀਂ ਸੀ । ਸਾਇੰਸ ਦੇ ਯੁਗ ਵਿੱਚ ਸਾਰੇ ਮਨੁੱਖਾਂ ਨੂੰ ਕਾਨੂੰਨ ਸਾਹਮਣੇ ਬਰਾਬਰ ਮੰਨਿਆ ਜਾਂਦਾ ਹੈ ਅਤੇ ਇਹ ਨਿਰਾ ਸਿਧਾਂਤ ਨਹੀਂ, ਜੀਵਨ ਦੀ ਵਾਸਤਵਿਕਤਾ ਹੈ: ਜਿੱਥੇ ਅਜੇ ਨਹੀਂ ਬਣੀ, ਓਥੇ ਬਣ ਜਾਣ ਦੇ ਆਹਰ ਵਿੱਚ ਹੈ; ਜਿੱਥੇ ਬਣ ਚੁੱਕੀ ਹੈ, ਉਨ੍ਹਾਂ ਸਮਾਜਾਂ ਵਿੱਚ ਵਿਅਕਤੀ ਨੂੰ ਧਨ, ਵਿੱਦਿਆ, ਵਰਗ, ਰੁਤਬੇ ਅਤੇ ਸੱਤਾ ਕਾਰਣ ਦੂਜੇ ਮਨੁੱਖਾਂ ਨਾਲੋਂ ਸ੍ਰੇਸ਼ਟ ਨਹੀਂ ਮੰਨਿਆ ਜਾਂਦਾ। ਧਨ, ਵਿੱਦਿਆ ਜਾਂ ਰੁਤਬੇ ਦੇ ਆਧਾਰ ਉੱਤੇ ਕਿਸੇ ਆਦਮੀ ਦਾ ਰਹਿਣ-ਸਹਿਣ ਦੂਜਿਆਂ ਨਾਲੋਂ ਵੱਖਰਾ ਜਾਂ ਵਧੀਆ ਹੋ ਸਕਦਾ ਹੈ; ਇਸ ਤੋਂ ਅਗੇਰੇ ਉਹ ਹੋਰ ਕਿਸੇ ਸ੍ਰੇਸ਼ਟਤਾ ਦਾ ਹੱਕਦਾਰ ਨਹੀਂ ਮੰਨਿਆ ਜਾਂਦਾ। ਕਿਸਾਨੇ ਯੁਗ ਵਿੱਚ ਰਾਜਾ-ਰੂਪ ਵਿਅਕਤੀ ਸ਼ਕਤੀਸ਼ਾਲੀ ਅਤੇ ਭਿਆਨਕ ਸੀ; ਰੱਬ- ਰੂਪ ਵਿਅਕਤੀ ਦੁਰਬੋਧ ਜਾਂ ਰਹਿੱਸਮਈ ਅਤੇ ਪੂਜ ਸੀ । ਜਿੰਨੀ ਮਜਬੂਰੀ ਰਾਜਾ ਕੋਲੋਂ ਡਰਨ ਦੀ ਸੀ, ਓਨੀ ਹੀ ਮਜਬੂਰੀ (ਸ਼ਾਇਦ ਉਸ ਤੋਂ ਵੀ ਵੱਧ) ਮਹਾਤਮਾ, ਸੰਤ ਜਾਂ ਸਤਿਗੁਰੂ ਦੀ ਪੂਜਾ ਕਰਨ ਦੀ ਸੀ। ਰਾਜਾ ਕੋਲ ਲੋਕਾਂ ਨੂੰ ਡਰਾਉਣ ਲਈ ਲੋੜੀਂਦੀ ਦੁਨਿਆਵੀ ਸ਼ਕਤੀ ਸੀ। ਪ੍ਰਮਾਤਮਾ ਜਾਂ ਰਿਸ਼ੀ ਕੋਲ ਦੁਨਿਆਵੀ ਸ਼ਕਤੀ ਦੇ ਨਾਲ ਨਾਲ ਰੂਹਾਨੀ ਜਾਂ ਅਲੌਕਿਕ