ਵਿਗਿਆਨਕ ਯੁਗ ਵਿਅਕਤੀ ਵਿਸ਼ੇਸ਼, ਇਲਹਾਮ, ਹੁਕਮ, ਅਧਿਕਾਰ ਅਤੇ ਦਬਦਬੇ ਦਾ ਯੁਗ ਨਹੀਂ। ਇਹ ਵਿਧਾਨ, ਕਾਨੂੰਨ ਅਤੇ ਜਨ-ਸਾਧਾਰਣ ਦਾ ਯੁਗ ਹੈ। ਇਸ ਯੁਗ ਵਿੱਚ ਡਿਕਟੇਟਰਸ਼ਿਪ ਲਈ ਕੋਈ ਥਾਂ ਨਹੀਂ। ਨਾ ਰਜੇ ਦੇ ਰੂਪ ਵਿੱਚ, ਨਾ ਮਜ਼ਦੂਰ ਕਲਿਆਨ ਦੇ ਪਰਦੇ ਪਿੱਛੇ ਅਤੇ ਨਾ ਹੀ ਦੇਸ਼-ਭਗਤੀ ਦੇ ਉਹਲੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਏਕਤੰਤਰ ਕਿਸੇ ਸਾਇੰਸੀ ਸਨਅਤੀ ਸਮਾਜ ਦੀ ਕਿਸਮਤ ਦੇ ਫ਼ੈਸਲੇ ਕਰਨ ਦੇ ਯੋਗ ਹੋ ਸਕਦਾ ਹੈ। ਹੁਣ ਤਾਂ ਸ਼ਾਇਦ ਬਹੁ-ਗਿਣਤੀ ਦੇ ਰਾਜ ਦਾ ਰਿਵਾਜ ਵੀ ਖ਼ਤਮ ਹੋ ਜਾਵੇ ਅਤੇ ਇਸ ਦੀ ਥਾਂ ਸਨਅਤੀ ਸਮਾਜਾਂ ਦੀਆਂ ਸਾਰੀਆਂ ਪਾਰਟੀਆਂ ਨੂੰ (ਉਨ੍ਹਾਂ ਨੂੰ ਮਿਲੀਆਂ ਵੋਟਾਂ ਦੇ ਆਧਾਰ ਉੱਤੇ) ਦੇਸ਼ ਦੇ ਪ੍ਰਬੰਧ ਵਿੱਚ ਹਿੱਸੇਦਾਰ ਬਣਾਉਣ ਦਾ ਰਿਵਾਜ ਪੈ ਜਾਵੇ।
ਸਾਇੰਸੀ-ਸਨਅਤੀ ਸਮਾਜ ਵਿਸ਼ਾਲ ਪ੍ਰਬੰਧਾਂ, ਅਦਾਰਿਆਂ, ਸੰਸਥਾਵਾਂ ਅਤੇ ਕੰਪਨੀਆਂ ਦੇ ਸਮਾਜ ਹਨ। ਇੱਕ ਵਿਅਕਤੀ ਨੂੰ ਕਈ ਪ੍ਰਬੰਧਾਂ ਅਤੇ ਅਦਾਰਿਆਂ ਨਾਲ ਵਾਹ ਪੈਂਦਾ ਹੈ। ਇਨ੍ਹਾਂ ਵਿਸ਼ਾਲ ਪ੍ਰਬੰਧਾਂ ਦੇ ਟਾਕਰੇ ਵਿੱਚ ਵਿਅਕਤੀ ਦੀ ਹੋਂਦ ਬਹੁਤ ਛੋਟੀ ਹੈ। ਦੂਜੇ ਮਹਾਨ ਯੁੱਧ ਤੋਂ ਪਿੱਛੋਂ ਮਾਰੂ ਹਥਿਆਰਾਂ ਦੀ ਦੌੜ, ਯੌਰਪ ਦੇ ਪੁਨਰ-ਨਿਰਮਾਣ ਦੀ ਗਹਿਮਾ-ਗਹਿਮ ਅਤੇ ਠੰਢੀ ਜੰਗ ਦੇ ਰੌਲੇ ਰੱਪੇ ਵਿੱਚ ਵਿਅਕਤੀ ਦੇ ਗੁਆਚ ਜਾਣ ਦਾ ਖ਼ਤਰਾ ਮਹਿਸੂਸਿਆ ਜਾਣ ਲੱਗ ਪਿਆ ਸੀ । ਅੱਜ ਜਦੋਂ ਸਨਅਤੀ ਸਮਾਜ ਪੱਕੇ ਪੈਰੀਂ ਖੜੇ ਹੋ ਗਏ ਹਨ ਤਾਂ ਅਸੀਂ ਵੇਖ ਰਹੇ ਹਾਂ ਕਿ ਇਨ੍ਹਾਂ ਸਮਾਜਾਂ ਦੇ ਵਿਅਕਤੀ'ਵਿਚਾਰੇ' ਨਹੀਂ ਹਨ, ਸਗੋਂ ਸੁਪ੍ਰਬੰਧਿਤ ਸਮਾਜਾਂ ਦੇ ਸਤਿਕਾਰਯੋਗ ਸਦੱਸਿਅ (ਮੈਂਬਰ) ਹਨ। ਇਨ੍ਹਾਂ ਸਮਾਜਾਂ ਦਾ ਵਿਅਕਤੀ ਪ੍ਰਬੰਧਾਂ ਦੀ ਭੀੜ ਵਿੱਚ ਕਿਉਂ ਨਹੀਂ ਗੁਆਚਾ ? ਇਸ ਲਈ ਕਿ ਵਿਗਿਆਨਕ ਵਿਸ਼ਵ ਕਿਸੇ ਵਿਅਕਤੀ ਰੂਪ ਰੱਬ ਦੇ ਹੁਕਮ ਵਿੱਚ ਨਹੀਂ, ਸਗੋਂ ਆਪਣੇ ਵਿਚਲੇ ਪਦਾਰਥਕ ਨੇਮਾਂ ਅਨੁਸਾਰ ਚੱਲ ਰਿਹਾ ਹੈ। ਨੋਮ ਜਾਂ ਕਾਨੂੰਨ ਸਭ ਤੋਂ ਵੱਡਾ ਹੈ। ਕਾਨੂੰਨ ਦੀ ਪਾਲਣਾ ਜਾਂ ਮਿੱਤ੍ਰਤਾ ਨੇ ਕਿਸਾਨੇ ਯੁਗ ਦੇ 'ਵਿਚਾਰੇ' ਨੂੰ ਵਿਗਿਆਨਕ ਯੁਗ ਦਾ ਵਿਅਕਤੀ ਬਣਾਉਣ ਦੀ ਕਰਾਮਾਤ ਕਰ ਦਿੱਤੀ ਹੈ।
ਇਸ ਵਿਅਕਤੀ ਦੀ ਪੁੱਛ ਹੋਣੀ ਸ਼ੁਰੂ ਹੋ ਗਈ। ਕਿਸਾਨੇ ਯੁਗ ਵਿੱਚ ਇਹ ਪੈਦਾਵਾਰ ਦਾ ਸੰਪੂਰਨ ਸਾਧਨ ਹੁੰਦਾ ਹੋਇਆ ਆਪਣੀ ਉਪਜ ਦਾ ਮਾਲਕ ਨਹੀਂ ਸੀ। ਸੋਚ, ਸੰਬੰਧ ਅਤੇ ਪ੍ਰਬੰਧ ਕੁਝ ਇਸ ਪ੍ਰਕਾਰ ਦੇ ਸਨ ਕਿ ਇਸ ਦੀ ਉਪਜ ਉੱਤੇ ਪਹਿਲਾ ਹੱਕ ਵਿਸ਼ੇਸ਼ ਵਿਅਕਤੀਆਂ ਦਾ ਹੁੰਦਾ ਸੀ ਅਤੇ ਉਨ੍ਹਾਂ ਤੋਂ ਬਚਿਆ ਹੋਇਆ ਇਸ ਦੇ ਹਿੱਸੇ ਆਉਂਦਾ ਸੀ। ਇਹ ਸ਼ੁਕਰ ਅਤੇ ਜਬਰ ਦੀ ਸੰਪਤੀ ਨਾਲ ਸੰਤੁਸ਼ਟ ਰਹਿੰਦਾ ਸੀ । ਰਾਸ਼ਟਰਵਾਦੀ ਵਿਚਾਰਵਾਨਾਂ ਨੇ ਇਸ ਨੂੰ ਸੁਪਰਮੈਨ ਦੇ ਸੁਪਨ-ਲੋਕ ਦੀ ਉਸਾਰੀ ਵਿੱਚ ਵਰਤਿਆ ਜਾਣ ਵਾਲਾ ਕੱਚਾ ਮਾਲ ਦੱਸਿਆ ਅਤੇ ਕਮਿਊਨਿਜ਼ਮ ਨੇ ਇਸ ਨੂੰ ਦੰਦਾਤਮਕ ਇਤਿਹਾਸਕ ਪਦਾਰਥਵਾਦ ਦੀ ਪੌੜੀ ਦਾ ਪਹਿਲਾ ਡੰਡਾ ਪਰਵਾਨ ਕੀਤਾ। ਹੁਣ ਬੇ-ਓੜਕੀ ਉਪਜ ਦੀ ਸਮਰੱਥਾ ਰੱਖਣ ਵਾਲੇ ਸਾਇੰਸੀ-ਸਨਅਤੀ ਸਮਾਜ ਇਸ ਨੂੰ ਆਪਣੀ ਉਪਜ ਦੀ ਖਪਤ ਦਾ ਸਾਧਨ ਸਮਝਣ ਲੱਗ ਪਏ ਹਨ। ਇਹ ਕੋਈ ਚੰਗਾ ਦ੍ਰਿਸ਼ਟੀਕੋਣ ਨਹੀਂ, ਪਰ ਓਨਾ ਬੁਰਾ ਵੀ ਨਹੀਂ ਜਿੰਨੇ ਬੁਰੇ ਪਹਿਲੇ ਦ੍ਰਿਸ਼ਟੀਕੋਣ ਸਨ। ਪ੍ਰੰਤੂ ਇਹ ਅੰਤਲਾ ਦ੍ਰਿਸ਼ਟੀਕੋਣ ਵੀ ਨਹੀਂ। ਜੀਵਨ ਨੂੰ ਸੁਹਣਾ ਸੁਖਾਵਾਂ ਬਣਾਉਣ ਲਈ ਉਪਜਾਏ ਗਏ ਸਾਮਾਨ ਦੀ ਖਪਤ ਦਾ ਸਾਧਨ ਸਮਝਿਆ ਜਾਣ ਵਾਲਾ ਜਨ ਸਾਧਾਰਣ ਗਾਹਕ ਸਮਝਿਆ ਜਾਂਦਾ ਹੈ ਅਤੇ ਇਉਂ ਸਮਝਿਆ ਜਾਣਾ ਕਿਸੇ ਤਰ੍ਹਾਂ ਵੀ ਮਾੜਾ ਨਹੀਂ। ਇਹ ਕਹਿਣਾ ਕਿ ਇਸ ਰਿਸ਼ਤੇ ਪਿੱਛੇ ਮੁਨਾਫ਼ੇ ਦੀ ਭਾਵਨਾ ਕੰਮ ਕਰ ਰਹੀ ਹੋਣ ਕਰਕੇ ਇਹ ਨਿੰਦਨੀਅ ਹੈ, ਬਹੁਤੀ ਸਿਆਣੀ ਗੱਲ ਨਹੀਂ।