ਸਾਇੰਸ ਅਤੇ ਤਕਨੀਕ-1
"ਸਾਡਾ ਬ੍ਰਹਿਮੰਡ ਆਪਣੇ ਤੋਂ ਬਾਹਰਲੀ ਕਿਸੇ ਹੋਂਦ ਜਾਂ ਸ਼ਕਤੀ ਦੀ ਰਚਨਾ ਨਹੀਂ । ਇਹ ਅਨਾਦੀ ਅਤੇ ਅਨੰਤ ਹੈ। ਅਨਾਦੀ ਅਤੇ ਅਨੰਤ ਹੋਣ ਦਾ ਇਹ ਭਾਵ ਨਹੀਂ ਕਿ ਇਹ ਸਥਿਰ, ਅਚੱਲ ਜਾਂ ਜੜ ਹੈ। ਇਸ ਦੇ ਉਲਟ ਇਹ ਗਤੀਮਾਨ ਅਤੇ ਵਿਕਾਸਸ਼ੀਲ ਵੀ ਹੈ। ਇਸ ਵਿਚਲੀ ਵਿਕਾਸਸ਼ੀਲਤਾ ਇਸ ਤੋਂ ਵੱਖਰੀ ਕਿਸੇ ਚੇਤਨ ਹੋਂਦ ਦੇ ਹੁਕਮ ਦੀ ਖੇਡ ਨਹੀਂ, ਸਗੋਂ ਇਸ ਵਿਚਲੇ ਪ੍ਰਕ੍ਰਿਤਿਕ ਜਾਂ ਪਦਾਰਥਕ ਨੇਮਾਂ ਅਨੁਸਾਰ ਹੈ। ਫ਼ਿਜ਼ਿਕਸ (Physics-ਭੌਤਿਕ ਵਿਗਿਆਨ) ਅਤੇ ਕੈਮਿਸਟਰੀ (Chemistry ਰਸਾਇਣਿਕ ਵਿਗਿਆਨ) ਆਪਣੀਆਂ ਅਨੇਕ ਵੰਡਾਂ ਅਤੇ ਉਪ-ਵੰਡਾਂ ਦੀ ਸਹਾਇਤਾ ਨਾਲ ਸ੍ਰਿਸ਼ਟੀ ਦੇ ਸੰਚਾਲਕ ਨੇਮਾਂ ਦੀ ਖੋਜ ਅਤੇ ਵਿਆਖਿਆ ਕਰਨ ਦੇ ਸਫਲ ਜਤਨਾਂ ਵਿੱਚ ਹਨ। ਮਹਾਂ ਪ੍ਰਲੈ ਅਤੇ ਪੁਨਰ ਉਤਪਤੀ ਵੀ ਸ੍ਰਿਸ਼ਟੀ ਦੇ ਆਪਣੇ ਨੇਮਾਂ ਦਾ ਨਤੀਜਾ ਹੁੰਦੀ ਹੈ ਅਤੇ ਉਨ੍ਹਾਂ ਨੇਮਾਂ ਦਾ ਪਤਾ ਲਾਇਆ ਜਾ ਸਕਦਾ ਹੈ।" ਅਜੇਹਾ ਵਿਗਿਆਨਕਾਂ ਦਾ ਅਨੁਮਾਨ ਹੈ ਅਤੇ ਆਧੁਨਿਕ ਮਨੁੱਖੀ ਸੋਚ ਇਸ ਨਾਲ ਸਹਿਮਤ ਹੈ।
ਜੀਵਨ-ਵਿਸ਼ੇਸ਼ ਕਰਕੇ ਮਨੁੱਖੀ ਜੀਵਨ-ਸਮੁੱਚੀ ਸ੍ਰਿਸ਼ਟੀ ਦਾ ਬਹੁਤ ਹੀ ਛੋਟਾ, ਪਰੰਤੂ ਮਹੱਤਵਪੂਰਣ ਹਿੱਸਾ ਹੈ। ਇਹ ਵੀ ਉਨ੍ਹਾਂ ਹੀ ਪਦਾਰਥਕ ਨੇਮਾਂ ਦੀ ਖੇਡ ਹੈ, ਜਿਨ੍ਹਾਂ ਨੂੰ ਭਾਰਤੀ ਸਿਧਾਂਤ-ਸ਼ਾਸਤ੍ਰੀਆਂ ਨੇ ਸਤੋ, ਰਜੋ ਅਤੇ ਤਮੋਦੇ ਤਿੰਨ ਨਾਂ ਦਿੱਤੇ ਹਨ। ਸਮੁੱਚੇ ਚੇਤਨ ਜੀਵਨ ਨੂੰ ਇਨ੍ਹਾਂ ਤਿੰਨ ਵੰਡਾਂ ਵਿੱਚ ਵੰਡਣਾ ਇਸ ਲੇਖ ਦਾ ਵਿਸ਼ਾ ਨਹੀਂ। ਮਨੁੱਖਤਾ ਦੇ ਵਡੇਰੇ ਭਾਗ ਵਿੱਚ ਇਨ੍ਹਾਂ ਤਿੰਨ ਗੁਣਾਂ ਦਾ ਸਾਪੇਖ-ਸੰਤੁਲਿਤ ਮਿਸ਼ਰਣ ਹੈ। ਇਸ ਦਾ ਇਹ ਭਾਵ ਹੈ ਕਿ ਸਾਰਿਆ ਵਿੱਚ ਇਨ੍ਹਾਂ ਗੁਣਾਂ ਦੀ ਮਿਸ਼ਰਣ-ਮਾਤਰਾ ਬਿਲਕੁਲ ਇੱਕੋ ਜਹੀ ਨਹੀਂ; ਸਗੋਂ ਥੋੜਾ ਥੋੜਾ ਫ਼ਰਕ ਹੈ। ਇਸ ਦਾ ਨਤੀਜਾ ਇਹ ਹੈ ਕਿ ਦੁਨੀਆ ਵਿਚਲੇ ਇਸਤ੍ਰੀ-ਪੁਰਸ਼ਾਂ ਦੀ ਵੱਡੀ ਗਿਣਤੀ ਅਜੇਹੇ ਲੋਕਾਂ ਦੀ ਹੈ, ਜਿਨ੍ਹਾਂ ਦੇ ਸਰੀਰਾਂ, ਸੋਚਾਂ ਅਤੇ ਸੁਭਾਵਾਂ ਵਿੱਚ ਥੋੜਾ ਬਹੁਤਾ ਫ਼ਰਕ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਸਾਧਾਰਣ ਇਸਤ੍ਰੀ-ਪੁਰਸ਼ ਆਪਿਆ ਜਾ ਸਕਦਾ ਹੈ। ਸਾਧਾਰਣਤਾ ਦਾ ਤਾਵ ਇਕਰੂਪਤਾ, ਅਭਿੰਨਤਾ ਜਾਂ ਸੇਮਨੈੱਸ (Sameness) ਨਹੀਂ, ਸਗੋਂ ਸਮਰੂਪਤਾ ਹੈ।
ਕਿਧਰੇ ਕਿਧਰੇ ਇਨ੍ਹਾਂ ਗੁਣਾਂ ਦੀ ਮਿਸ਼ਰਣ-ਮਾਤਰਾ ਕੁਝ ਉਲਾਰ ਹੋ ਜਾਂਦੀ ਹੈ, ਜਿਸ ਦੇ ਕਾਰਨ ਕਿਸੇ ਵਿਅਕਤੀ ਵਿੱਚ ਰਜੋਗੁਣ ਦੀ ਅਧਿਕਤਾ ਹੋ ਜਾਂਦੀ ਹੈ, ਕਿਸੇ ਵਿੱਚ ਸਤੋਗੁਣ ਦੀ ਅਤੇ ਕਿਸੇ ਵਿੱਚ ਤਮੋਗੁਣ ਦੀ। ਮਿਸ਼ਰਣ-ਮਾਤਰਾ ਵਿਚਲਾ ਇਹ ਵਿਘਨ ਵਿਅਕਤੀ ਦੀਆਂ ਸਮਾਜਿਕ, ਪ੍ਰਸਥਿਤੀਆਂ ਦੀ ਸਹਾਇਤਾ ਪਾ ਕੇ ਉਸ ਨੂੰ ਅਸਾਧਾਰਣ ਵਿਅਕਤੀ ਬਣਾ ਦਿੰਦਾ ਹੈ। ਇਉਂ ਅਸਾਧਾਰਣ ਵਿਅਕਤੀ ਤਿੰਨ ਪ੍ਰਕਾਰ ਦੇ ਹੋ ਸਕਦੇ ਹਨ। ਰਜੋਗੁਣੀ-ਜੋ ਈਰਖੀ, ਗੁਸੈਲ, ਲੋਭੀ, ਉੱਦਮੀ, ਉਤਸ਼ਾਹੀ, ਦੂਜਿਆਂ ਨੂੰ ਆਪਣੀ ਇੱਛਾ ਅਨੁਸਾਰ ਢਾਲਣ ਦੀ ਰੁਚੀ ਵਾਲੇ, ਬਹੁਤ ਚਾਲਾਕ ਅਤੇ ਜਾਬਰ ਹੋ ਸਕਦੇ ਹਨ: ਸਤੋਗੁਣੀ-ਜੋ ਬਹੁਤ ਬੁੱਧੀਮਾਨ, ਆਪਣੇ ਆਪ ਵਿੱਚ ਸੰਤੁਸ਼ਟ, ਨਿਮਰ, ਸਹਾਇਤਾ ਸਹਿਯੋਗ ਦੇ ਵਿਸ਼ਵਾਸੀ ਅਤੇ ਜਾਣਨ ਦੀ ਇੱਛਾ ਵਾਲੇ ਹੁੰਦੇ ਹਨ;