ਜਾਂ ਕਿਸੇ ਹੋਰ ਰੂਪ ਵਿੱਚ ਮਨੁੱਖਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦਿੰਦੀ ਹੈ, ਵੀ ਜਿੰਨਾਂ-ਭੂਤਾਂ ਵਿਚਲੇ ਵਿਸ਼ਵਾਸ ਵਰਗਾ ਹੀ ਹੈ। ਪਰੰਤੂ ਉਸ ਸ਼ਕਤੀ ਨੂੰ 'ਭੂਤ' ਦੀ ਥਾਂ 'ਪਰਮਾਤਮਾ' ਜਾਂ ਰੱਬ ਦਾ ਨਾਂ ਦਿੱਤਾ ਜਾਣ ਕਰਕੇ ਇਹ ਵਿਸ਼ਵਾਸ ਬਹੁਤ ਸਤਿਕਾਰਯੋਗ ਮੰਨਿਆ ਜਾਣ ਲੱਗ ਪਿਆ ਹੈ। ਅਸੀਂ ਭਾਰਤੀ ਲੋਕ ਤਾਂ ਇਹ ਮੰਨਦੇ ਹਾਂ ਕਿ ਬੀਮਾਰੀਆਂ, ਭੁਚਾਲਾਂ ਅਤੇ ਹੜ੍ਹਾਂ ਦਾ ਸਹਾਰਾ ਲੈਣ ਦੀ ਥਾਂ ਉਹ ਆਪ ਹੀ ਸੁਦਰਸ਼ਨ ਚੱਕ ਵਰਗਾ ਕੋਈ ਹਥਿਆਰ ਲੈ ਕੇ ਦੁਸ਼ਟਾਂ ਦਾ ਦਮਨ ਕਰਨ ਆ ਜਾਂਦਾ ਹੈ। ਹੁਣ ਸ਼ਾਇਦ ਉਹ ਅਜਿਹਾ ਨਹੀਂ ਕਰ ਸਕੇਗਾ, ਕਿਉਂਜੁ ਦੁਸ਼ਟਾਂ ਕੋਲ ਹਾਇਡ੍ਰੋਜਨ ਬੰਬ ਹਨ, ਉਨ੍ਹਾਂ ਨਾਲੋਂ ਬਹੁਤਾ ਸ਼ਕਤੀਸ਼ਾਲੀ ਬੰਬ ਲੈ ਕੇ ਆਉਣ ਵਾਲਾ ਪਰਮਾਤਮਾ ਦਾ ਅਵਤਾਰ ਸੱਭਿਅਤਾ ਦੇ ਵਿਨਾਸ਼ ਦਾ ਅਵਤਾਰ ਬਣ ਜਾਵੇਗਾ।
2 ਸਤੰਬਰ, 1666 ਵਾਲੇ ਦਿਨ ਲੰਡਨ ਵਿੱਚ ਇੱਕ ਅੱਗ ਲੱਗੀ ਸੀ। ਇਸ ਅੱਗ ਨੇ ਤੇਰਾਂ ਹਜ਼ਾਰ ਘਰ ਸਾੜ ਸੁੱਟੇ: 89 ਗਿਰਜੇ ਇਸ ਦੀ ਭੇਟ ਚੜ੍ਹ ਗਏ। ਮੌਤਾਂ ਕੇਵਲ ਵੀਹ ਹੋਈਆਂ। ਇੰਗਲਿਸ਼ ਪਾਰਲੀਮੈਂਟ ਦੀ ਇੱਕ ਸਿਲੈਕਟ ਕਮੇਟੀ ਨੂੰ ਇਸ ਅੱਗ ਦੇ ਕਾਰਨਾਂ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ। ਕਮੇਟੀ ਨੇ ਰਿਪੋਰਟ ਵਿੱਚ ਇਹ ਵਿਸ਼ਵਾਸ ਵੀ ਪ੍ਰਗਟ ਕੀਤਾ ਕਿ ਥਾਮਸ ਹੱਬਜ਼ ਨਾਂ ਦੇ ਪਦਾਰਥਵਾਦੀ ਦੀਆਂ ਧਰਮ ਵਿਰੋਧੀ ਲਿਖਤਾਂ ਵੀ ਇਸ ਤਬਾਹੀ ਦੀਆਂ ਜ਼ਿੰਮੇਦਾਰ ਹਨ। ਇਹ ਹੁਕਮ ਜਾਰੀ ਕਰ ਦਿੱਤਾ ਗਿਆ ਕਿ ਉਸ ਦੀਆਂ ਲਿਖਤਾਂ ਨੂੰ ਇੰਗਲੈਂਡ ਦਾ ਕੋਈ ਪ੍ਰੈੱਸ ਨਾ ਛਾਪੇ। ਇਉਂ ਹੀ ਕੀਤਾ ਗਿਆ। ਨਿੱਕੀਆਂ ਨਿੱਕੀਆਂ ਅੱਗਾਂ ਭਾਵੇਂ ਕਈ ਲੱਗ ਚੁੱਕੀਆਂ ਹਨ, ਪਰ ਓਨੀ ਵੱਡੀ ਅੱਗ ਮੁੜ ਕਦੇ ਨਹੀਂ ਲੱਗੀ। ਥਾਮਸ ਹਾਬਜ਼ ਬਚ ਇਸ ਲਈ ਗਿਆ ਕਿ ਉਹ ਬਾਦਸ਼ਾਹ ਦਾ ਉਸਤਾਦ ਰਹਿ ਚੁੱਕਾ ਸੀ। 1935 ਵਿੱਚ ਕੋਇਣਾ (ਬਲੋਚਿਸਤਾਨ) ਭੁਚਾਲ ਨਾਲ ਢੱਠ ਗਿਆ ਸੀ। ਇਹ ਗੱਲ ਬਹੁਤ ਆਮ ਸੀ ਕਿ 'ਏਨਾ ਪਾਪ ਹੁੰਦਾ ਸੀ ਕੋਇਟੇ ਵਿੱਚ ਢਹਿੰਦਾ ਕਿਵੇਂ ਨਾ'।
ਯੱਗ, ਹਵਨ, ਦਾਨ-ਪੁੰਨ, ਪਾਠ-ਪੂਜਾ ਅਤੇ ਚੜ੍ਹਤ-ਚੜ੍ਹਾਵਾ ਦੇ ਕੇ ਪਰਮਾਤਮਾ ਨੂੰ ਪ੍ਰਸੰਨ ਕਰਨ ਦਾ ਖਿਆਲ ਵੀ ਢੇਰ ਪੁਰਾਣਾ ਹੈ। ਜੰਗਲੀ ਕਬੀਲੇ ਯੁੱਧ ਦੇਵ ਨੂੰ ਪ੍ਰਸੰਨ ਕਰਨ ਲਈ ਮਨੁੱਖੀ ਬਲੀ ਦਿੰਦੇ ਸਨ। ਪੁਰਾਣੇ ਸਮਿਆਂ ਦੇ ਮਿਸਰ ਆਦਿਕ ਦੇਸ਼ ਹਾਰੀ ਹੋਈ ਸੈਨਾ ਦੇ ਸਿਪਾਹੀਆਂ ਦੀ ਬਲੀ ਦੇ ਕੇ ਆਪਣੇ ਦੇਵਤ ਦਾ ਧਨਵਾਦ ਕਰਦੇ ਸਨ। ਸੱਭਿਅਤਾ ਨੇ ਇਸ ਪੱਖ ਵਿੱਚ ਕੁਝ ਸੁਧਾਰ ਕੀਤਾ ਹੈ, ਪਰ ਤਾਂ ਵੀ ਕਾਲੀ ਦੇ ਮੰਦਿਰ ਵਿੱਚ ਮਾਸੂਮ ਪਸ਼ੂਆਂ ਦੀ ਬਲੀ ਦਿੱਤੀ ਜਾਂਦੀ ਹੈ। ਪਾਸ ਓਵਰ ਉੱਤੇ ਹਰ ਯਹੂਦੀ ਪਰਿਵਾਰ ਇੱਕ ਬੱਕਰੇ ਦੀ ਬਲੀ ਦੇ ਕੇ ਰੱਥੇ ਰਹੀਮ ਦਾ ਸ਼ੁਕਰਾਨਾ ਕਰਦਾ ਹੈ ਅਤੇ ਹੱਜਾ-ਈਦਾਂ ਉੱਤੇ ਮਾਰੇ ਜਾਣ ਵਾਲੇ ਪਸ਼ੂਆਂ ਦੀ ਗਿਣਤੀ ਲੱਖਾਂ ਦੀ ਲਕੀਰ ਟੱਪ ਜਾਂਦੀ ਹੈ। ਰੱਬ ਏਨੀ ਖੁਸ਼ੀ ਕਿਵੇਂ ਸਾਂਭਦਾ ਹੋਵੇਗਾ।। ਜਿਸ ਵਿਸ਼ਵਾਸ ਦੀ ਜੜ੍ਹ ਜਾਂਗਲੀਅਤ ਵਿੱਚ ਹੈ, ਉਸ ਵਿੱਚੋਂ ਪਸ਼ੂ-ਪੁਣੇ ਦਾ ਪੂਰਾ ਅਲੋਪ ਹੋ ਜਾਣਾ ਜ਼ਰਾ ਮੁਸ਼ਕਿਲ ਹੈ। ਅਜਿਹਾ ਕਰਨ ਲਈ ਸ਼ਾਇਦ ਇਹ ਕਹਿਣਾ ਪਵੇਗਾ ਕਿ ਕਿਸੇ ਵੀ ਪੂਜਾ ਪਾਠ ਨਾਲ ਪਰਮਾਤਮਾ ਨੂੰ ਪ੍ਰਸੰਨ ਕਰਨ ਦਾ ਵਿਸ਼ਵਾਸ ਝੂਠਾ ਹੈ। ਇਉਂ ਕਹਿਣ ਨਾਲ ਪਰਮਾਤਮਾ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਜਾਵੇਗੀ। ਇਸ ਤਰਕ ਦਾ ਵਿਸਥਾਰ ਮੇਰਾ ਮਨੋਰਥ ਨਹੀਂ।
ਸੂਰਜ ਅਤੇ ਚੰਦ ਦੇ ਗ੍ਰਹਿਣ ਨਾਲ ਜੁੜੇ ਹੋਏ ਕਈ ਬੇ-ਬੁਨਿਆਦ ਵਿਸ਼ਵਾਸ ਅਜੇ ਤਕ ਮਨੁੱਖਤਾ ਦਾ ਪਿੱਛਾ ਨਹੀਂ ਛੱਡ ਰਹੇ। ਟੁੱਟਦੇ ਤਾਰਿਆਂ ਵਿੱਚ ਬਦਸ਼ਗਨੀਆਂ ਵੇਖਣ ਦੀ 'ਸਿਆਣਪ' ਮਨੁੱਖੀ ਜੀਵਨ ਵਿੱਚ ਉਦਾਸੀਆਂ ਉਪਜਾਉਣ ਵਿੱਚ ਸਫਲ ਹੋ ਜਾਂਦੀ ਹੈ।
ਯੂਨਾਨੀ ਵਿਦਵਾਨ ਅਰਸਤੂ ਨੇ ਸਾਡੇ ਬ੍ਰਹਿਮੰਡ ਦੀ ਰੂਪ ਰੇਖਾ ਕਿਆਸੀ ਅਤੇ ਉਲੀਕੀ ਸੀ। ਉਸ ਅਨੁਸਾਰ ਧਰਤੀ ਬ੍ਰਹਿਮੰਡ ਦੇ ਕੇਂਦਰ ਵਿੱਚ ਸੀ ਅਤੇ ਸੂਰਜ, ਚੰਦ, ਤਾਰੇ ਇਸ ਦੀ ਪਰਕਰਮਾ ਕਰਦੇ ਸਨ। ਇਹ ਵਿਉਂਤ ਯਹੂਦੀ ਧਰਮ ਨੂੰ ਬਹੁਤ ਪਸੰਦ ਸੀ। ਇਹ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਦੀ ਪ੍ਰੋੜਤਾ ਕਰਦੀ ਸੀ। ਯਹੂਦੀ, ਈਸਾਈ ਅਤੇ ਮੁਸਲਿਮ ਮਹਥਾਂ ਦੀ ਪਰਵਾਨਗੀ ਦੇ ਸਹਾਰੇ ਵਿਸ਼ਵ ਦੀ ਇਹ ਕਲਪਨਾ ਦੇ ਹਜ਼ਾਰ ਸਾਲ ਤਕ ਜੀਵਿਤ ਰਹੀ । ਇਨ੍ਹਾਂ ਧਰਮਾਂ ਦਾ (ਜਾਂ ਸਾਰੇ ਧਰਮਾਂ ਦਾ) ਵਿਸ਼ਵਾਸ ਹੈ ਕਿ ਮਨੁੱਖ ਕਾਇਨਾਤ ਦਾ ਕੇਂਦਰ ਹੈ। ਇਹ ਸਾਰੀ ਸ੍ਰਿਸ਼ਟੀ ਮਨੁੱਖ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ। ਇਸ ਦੇ ਰਚਣਹਾਰ ਦੇ ਦਿਲ-ਦਿਮਾਗ਼ ਉੱਤੇ ਆਦਮੀ ਹੀ ਛਾਇਆ ਰਹਿੰਦਾ ਹੈ। ਕਾਇਨਾਤ ਦੀ ਹਰ ਸ਼ੈਅ ਆਦਮੀ ਦੀ ਸੇਵਾ ਲਈ ਹੈ; ਏਥੋਂ ਤਕ ਕਿ ਇਸ ਦਾ ਕਰਤਾਰ ਵੀ। ਉਹ ਆਦਮੀ ਦੇ ਪਲ ਪਲ, ਸਵਾਸ ਸਵਾਸ ਦਾ ਲੇਖਾ ਰੱਖਦਾ ਹੈ। ਇਸ ਦੇ ਕੀਤੇ ਕੰਮਾਂ ਦਾ ਪੂਰਾ ਪੂਰਾ ਹਿਸਾਬ ਰੱਖਣ ਦੇ ਨਾਲ ਨਾਲ ਇਸ ਦੀਆਂ ਨੇਕੀਆਂ ਦੇ ਬਦਲੇ ਵਿੱਚ ਇਸ ਨੂੰ ਸੁਖ ਦੇਣ ਲਈ ਜੰਨਤ ਦਾ ਪ੍ਰਬੰਧ ਕਰਦਾ ਹੈ ਅਤੇ ਬੁਰਾਈਆਂ ਦੀ ਸਜ਼ਾ ਦੇਣ ਲਈ ਨਰਕਾਂ ਦਾ ਨਿਰਮਾਣ ਕਰਦਾ ਹੈ।
ਰੱਬ ਦੀ ਸ੍ਰੇਸ਼ਟ ਉਤਪਤੀ, ਮਨੁੱਖ ਅਤੇ ਇਸ ਅਸ਼ਰਫ-ਉਲ-ਮਖ਼ਲੂਕਾਤ ਦੇ ਰਹਿਣ ਵਾਲੀ ਧਰਤੀ ਬ੍ਰਹਿਮੰਡ ਦੀ ਕਿਸੇ ਇੱਕ ਨੁੱਕਰ ਵਿੱਚ ਕਿਵੇਂ ਹੋ ਸਕਦੀ ਹੈ ? ਇਹ ਇਸ ਦੇ ਕੇਂਦਰ ਵਿੱਚ ਹੈ; ਬਾਕੀ ਸਭ ਕੁਝ ਇਸ ਦੇ ਦੁਆਲੇ ਘੁੰਮਦਾ ਹੈ, ਇਉਂ ਮੰਨਦਾ ਆਇਆ ਸੀ ਮਨੁੱਖ। ਮੈਂ ਹਾਂ ਸ੍ਰਿਸ਼ਟੀ ਦਾ ਅੰਤਲਾ ਮਨੋਰਥ ਮੇਰੇ ਅਨੁਭਵ ਦੀ ਅਮੀਰੀ ਲਈ ਲਿਖੀ ਗਈ ਹੈ ਪ੍ਰਕਿਰਤੀ ਦੀ ਪੁਸਤਕ; ਕੇਵਲ ਮੇਰੇ ਭਲੇ ਬੁਰੇ ਦੀ ਚਿੰਤਾ ਹੈ ਬ੍ਰਹਮ ਨੂੰ; ਮੇਰੀ ਮੁਕਤੀ ਦੇ ਆਹਰ ਵਿੱਚ ਲੱਗਾ ਹੋਇਆ ਹੈ ਪਰਮਾਤਮਾ। ਦੋ ਹਜ਼ਾਰ ਸਾਲ ਤਕ ਸੋਚ ਮਨੁੱਖ ਦੀ ਸਰਵੋੱਚਤਾ ਅਤੇ ਆਤਮ-ਵਿਸਥਾਰ ਦੀ ਭਾਵਨਾ ਦੀ ਪਰਕਰਮਾ ਕਰਦੀ ਰਹੀ। ਸਰਵੁੱਚਤਾ ਦੀ ਭਾਵਨਾ ਵਿੱਚ ਧਰਮ ਸ਼ਾਸਤਰ ਦਾ ਵਿਸਥਾਰ ਉਪਜਿਆ ਅਤੇ ਆਤਮ-ਵਿਸਥਾਰ ਦੀ ਰੀਝ ਵਿੱਚੋਂ ਵੱਡੇ ਵੱਡੇ ਸਿਆਸੀ ਅਤੇ ਸਮਾਜੀ ਪ੍ਰਬੰਧਾਂ ਦੀ ਵਿਆਖਿਆ ਨੇ ਜਨਮ ਲਿਆ।
ਇਨ੍ਹਾਂ ਵਿਸਥਾਰਾਂ ਵਿੱਚ ਰੁੱਝੀ ਹੋਈ ਸੋਚ ਨੂੰ ਕੌਪਰਨੀਕਸ, ਗੈਲਿਲੀਓ, ਕੈਪਲਰ ਅਤੇ ਨਿਊਟਨ ਦੀਆਂ ਲੱਭਤਾਂ ਨੇ ਆਪਣੇ ਬਾਰੇ ਸੋਚਣ ਦੀ ਸਲਾਹ ਦੇ ਦਿੱਤੀ। ਇਨ੍ਹਾਂ ਵਿੱਚੋਂ ਕੋਈ ਵੀ ਧਰਮ ਦਾ ਵਿਰੋਧੀ ਨਹੀਂ ਸੀ। ਕੋਪਰਨੀਕਸ 1473 ਈਸਵੀ ਵਿੱਚ ਪੋਲੈਂਡ ਵਿਖੇ ਪੈਦਾ ਹੋਇਆ ਸੀ। ਇਸ ਨੇ ਸਿਤਾਰਿਆਂ ਦੀ ਚਾਲ ਸੰਬੰਧੀ ਚਾਰ ਸੋ ਪੰਨੇ ਦਾ ਗ੍ਰੰਥ 1530 ਈ: ਵਿੱਚ ਸਮਾਪਤ ਕੀਤਾ। ਇਸ ਦੇ ਵਿਚਾਰ ਪ੍ਰਚਨਿਤ ਧਾਰਨਾਵਾਂ ਦੇ ਉਲਟ ਸਨ । ਇਹ ਸਮਝਦਾ ਸੀ ਕਿ ਸੂਰਜ ਕੇਂਦਰ ਵਿੱਚ ਹੈ ਅਤੇ ਧਰਤੀ ਉਸ ਦੇ ਦੁਆਲੇ ਘੁੰਮਦੀ ਹੈ। ਚੰਨ ਧਰਤੀ ਦੁਆਲੇ ਘੁੰਮਦਾ ਹੈ ਅਤੇ ਬੁੱਧ, ਸ਼ੁਕਰ ਆਦਿਕ ਗ੍ਰਹਿ ਵੀ ਸੂਰਜ ਦੀ ਪਰਕਰਮਾ ਕਰਦੇ ਹਨ। ਇਨ੍ਹਾਂ ਵਿਚਾਰਾਂ ਦਾ ਨਿੱਘਾ ਸਵਾਗਤ ਨਹੀਂ ਸੀ ਕੀਤਾ ਗਿਆ ਤਾਂ ਵੀ ਪੋਪ ਵੱਲੋਂ ਇਨ੍ਹਾਂ ਨੂੰ ਛਾਪਣ ਦੀ ਮੰਜੂਰੀ ਦੇ ਦਿੱਤੀ ਗਈ। ਇਹ ਪੁਸਤਕ 1543 ਵਿੱਚ ਛਪੀ। ਇਸੇ ਸਾਲ ਕੋਪਰਨੀਕਸ ਦੀ ਮੌਤ ਹੋ ਗਈ।
ਕੋਪਰਨੀਕਸ ਦੁਆਰਾ ਆਧੁਨਿਕ ਤਾਰਾ ਵਿਗਿਆਨ ਦੀ ਰੱਖੀ ਹੋਈ ਨੀਂਹ ਉੱਤੇ ਅਗਲੀ ਉਸਾਰੀ ਦਾ ਕੰਮ ਗੈਲਿਲੀਓ ਨੇ ਕੀਤਾ। ਗੈਲਿਲੀਓ ਇਟਲੀ ਦੇ ਸ਼ਹਿਰ ਪੀਸਾ ਵਿੱਚ 1564 ਵਿੱਚ ਪੈਦਾ ਹੋਇਆ। ਇਸ ਨੂੰ ਦੂਰਬੀਨ ਦਾ ਨਿਰਮਾਤਾ ਵੀ ਕਿਹਾ ਜਾਂਦਾ ਹੈ, ਪਰ ਕੁਝ ਲੋਕ ਇਹ ਨਹੀਂ ਮੰਨਦੇ। ਉਨ੍ਹਾਂ ਅਨੁਸਾਰ ਹਾਲੈਂਡ ਦੇ ਲਿਪਰਸ਼ੀ ਨਾਮੇ ਆਦਮੀ ਨੇ ਦੂਰਬੀਨ ਦੀ ਕਾਢ ਕੱਢੀ ਸੀ। ਗੈਲਿਲੀਓ ਨੇ ਹਰਕਤ ਜਾਂ ਚਾਲ ਦੇ ਪਹਿਲੇ ਨੇਮ (First Law of Motion) ਦੀ ਵਿਆਖਿਆ ਕੀਤੀ ਤਾਂ ਝਗੜਾ ਖੜ੍ਹਾ ਹੋ ਗਿਆ। ਇਹ ਨੇਮ ਕਹਿੰਦਾ ਹੈ ਕਿ
ਕੋਈ ਵੀ ਹਰਕਤ ਕਰਦੀ ਚੀਜ਼ ਓਨਾ ਚਿਰ ਹਰਕਤ ਵਿੱਚ ਰਹੇਗੀ, ਜਿੰਨਾ ਚਿਰ ਕੋਈ ਰੁਕਾਵਟ ਉਸ ਨੂੰ ਰੋਕਣ ਲਈ ਨਾ ਆਵੇ। ਚੰਨ, ਸੂਰਜ, ਤਾਰੇ ਅਤੇ ਗ੍ਰਹਿ ਕਿਸੇ ਦੇ ਚਲਾਏ ਹੋਏ ਨਹੀਂ ਚੱਲਦੇ; ਸਗੋਂ ਚਾਲ ਇਨ੍ਹਾਂ ਦਾ ਅਸਲਾ ਹੈ। ਧਰਮ ਦੇ ਆਗੂਆਂ ਨੂੰ ਇਹ ਗੱਲ ਪਸੰਦ ਨਾ ਆਈ। ਉਨ੍ਹਾਂ ਅਨੁਸਾਰ ਰੱਬ ਦੇ ਹੁਕਮ ਨਾਲ ਹਰ ਹਰਕਤ ਹੋ ਰਹੀ ਸੀ। ਗੈਲਿਲੀਓ ਨੂੰ ਧਰਮ ਅਦਾਲਤ ਸਾਹਮਣੇ ਖੜਾ ਕਰ ਦਿੱਤਾ ਗਿਆ। ਰੋਮ ਦੀ ਅਦਾਲਤ ਸਾਹਮਣੇ ਇਸ ਨੂੰ ਮੁਆਫੀ ਮੰਗਣੀ ਪਈ ਅਤੇ ਅੱਠ ਸਾਲ ਨਜ਼ਰਬੰਦੀ ਦੀ ਸਜ਼ਾ ਵੀ ਮਿਲੀ। ਤਾਂ ਵੀ ਇਨ੍ਹਾਂ ਵਿਚਾਰਾਂ ਨੂੰ ਹੱਲਾਸ਼ੇਰੀ ਮਿਲੀ ਕਿ ਧਰਤੀ ਗੋਲ ਹੈ; ਸੂਰਜ ਦੁਆਲੇ ਘੁੰਮਦੀ ਹੈ ਅਤੇ ਪਦਾਰਥਕ ਵਸਤੂਆਂ ਦੇ ਆਪਣੇ ਅਟੱਲ ਨੇਮ ਹਨ। ਕੱਟੜ ਧਰਮੀ ਲੋਕ ਗੈਲਿਲੀਓ ਦੀ ਦੂਰਬੀਨ ਰਾਹੀਂ ਵੇਖਣ ਨੂੰ ਪਾਪ ਸਮਝਦੇ ਸਨ। ਉਹ ਕਹਿੰਦੇ ਸਨ ਕਿ ਇਹ ਸੈਤਾਨੀ ਚੀਜ਼ ਹੈ, ਜੇ ਉਹ ਕੁਝ ਵਿਖਾਉਂਦੀ ਹੈ, ਉਹ ਅਸਲ ਵਿੱਚ 'ਹੋ' ਨਹੀਂ।
ਗੈਲਿਲੀਓ ਦਾ ਹੀ ਸਮਕਾਲੀ ਸੀ ਜਰਮਨੀ ਦਾ ਕੈਪਲਰ, ਜਿਸ ਨੇ ਇਹ ਦੱਸਿਆ ਕਿ ਗ੍ਰਹਿਆਂ ਦੇ ਰਸਤੇ ਗੋਲ ਨਹੀਂ, ਸਗੋਂ ਅੰਡਾਕਾਰ ਹਨ। ਇਹ ਵਿਚਾਰ ਵਿਰੋਧਾਂ ਦੇ ਬਾਵਜੂਦ ਅੱਗੇ ਤੁਰਦੀ ਰਹੀ ਅਤੇ ਅੰਗਰੇਜ਼ ਵਿਗਿਆਨੀ ਨਿਊਟਨ ਦੀਆਂ ਲੱਭਤਾਂ ਰਾਹੀਂ ਪਰਪੱਕਤਾ ਨੂੰ ਪੁੱਜ ਗਈ। ਇਸ ਨੇ ਵਿਗਿਆਨੀਆਂ ਦੇ ਨਵੇਂ ਵਿਚਾਰਾਂ ਅਤੇ ਧਾਰਮਿਕ ਵਿਸ਼ਵਾਸਾਂ ਵਿੱਚ ਸੁਖਾਵਾਂ ਸੰਬੰਧ ਪੈਦਾ ਕਰਨ ਲਈ ਕਿਹਾ ਕਿ ਗ੍ਰਹਿ, ਉਪਗ੍ਰਹਿ ਆਪਸੀ ਖਿਚ ਧੂ ਦੇ ਨੇਮਾਂ ਵਿੱਚ ਬੱਝੇ ਕਿਸੇ ਬਾਹਰਲੀ ਸਹਾਇਤਾ ਤੋਂ ਬਿਨਾਂ ਆਪੋ ਆਪਣੇ ਰਸਤਿਆਂ ਉੱਤੇ ਤੁਰੇ ਰਹਿੰਦੇ ਹਨ। ਇਨ੍ਹਾਂ ਦੀ ਹਰਕਤ ਹੁਣ ਬੇਸ਼ਕ ਆਪਣੀ ਹੈ, ਇਸ ਨੂੰ ਜਨਮ ਦੇਣ ਵਾਲਾ ਜਾਂ ਮੁੱਢਲੀ ਹਰਕਤ ਪੈਦਾ ਕਰਨ ਵਾਲਾ ਪਰਮਾਤਮਾ ਹੈ। ਉਸ ਦੁਆਰਾ ਇੱਕ ਵੇਰ ਆਰੰਭੀ ਜਾਣ ਉੱਤੇ ਹੁਣ ਇਹ ਹਰਕਤ ਸਦਾ ਲਈ ਜਾਂ ਕਿਆਮਤ ਤਕ ਜਾਰੀ ਰਹੇਗੀ। ਆਖਿਆ ਜਾਂਦਾ ਹੈ ਕਿ ਯੌਰਪ ਦੇ ਲੋਕਾਂ ਨੇ ਜਿੰਨਾ ਆਦਰ ਨਿਊਟਨ ਨੂੰ ਦਿੱਤਾ ਹੈ, ਓਨਾ ਹੁਣ ਤਕ ਕਿਸੇ ਹੋਰ ਨੂੰ ਨਹੀਂ ਦਿੱਤਾ। ਨਿਊਟਨ 1642 ਵਿੱਚ ਜਨਮਿਆ ਸੀ। ਓਸੇ ਸਾਲ ਗੈਲਿਲੀਓ ਦੀ ਮੌਤ ਹੋਈ ਸੀ। ਨਿਊਟਨ 1727 ਤਕ ਜੀਵਿਤ ਰਿਹਾ।
ਨਿਊਟਨ ਦੇ ਜੀਵਨ-ਕਾਲ ਵਿੱਚ ਹੀ ਇੰਗਲੈਂਡ ਦੇ ਬਾਦਸ਼ਾਹ ਚਾਰਲਜ ਦੂਜੇ ਨੇ ਰਾਇਲ ਸੁਸਾਇਟੀ ਕਾਇਮ ਕਰ ਕੇ ਸਾਇੰਸ ਦੇ ਸਤਿਕਾਰ ਅਤੇ ਪ੍ਰਚਾਰ ਵਿੱਚ ਵਾਧਾ ਕਰਨ ਦੀ ਕੋਸ਼ਿਸ਼ ਕੀਤੀ। ਏਹੋ ਸਮਾਂ ਸਨਅਤੀ ਇਨਕਲਾਬ ਦਾ ਸਮਾਂ ਵੀ ਸੀ। ਮਸ਼ੀਨੀ ਕ੍ਰਾਂਤੀ ਜੀਵਨ ਸਾਹਮਣੇ ਨਵੇਂ ਸੁਪਨੇ ਉਲੀਕ ਰਹੀ ਸੀ। ਲੋਕ ਇਹ ਵੇਖ ਰਹੇ ਸਨ ਕਿ ਸਾਇੰਸ ਅਤੇ ਸਨਅਤ ਦੀ ਸਹਾਇਤਾ ਨਾਲ ਜੀਵਨ ਲਈ ਸੁਖ ਸਾਮੱਗਰੀ ਪੈਦਾ ਕਰਨ ਵਿੱਚ ਸਹਾਇਤਾ ਮਿਲਦੀ ਸੀ। ਸਨਅਤ, ਸਾਇਸ ਅਤੇ ਵਾਪਾਰ ਦੇ ਸਹਾਰੇ ਪੱਛਮੀ ਯੌਰਪ ਦੇ ਦੇਸ਼ ਧਨ ਅਤੇ ਪ੍ਰਭੁਤਾ ਪ੍ਰਾਪਤ ਕਰਨ ਵਿੱਚ ਸਵਲ ਹੋ ਰਹੇ ਸਨ। ਇਨ੍ਹਾਂ ਨੂੰ ਜੀਵਨ ਦੀਆਂ ਸੰਚਾਲਕ ਸ਼ਕਤੀਆਂ ਮੰਨਣਾ ਸੁਭਾਵਿਕ ਸੀ।
ਰਿਨੇਸਾਂਸ ਨਵੇਂ ਵਿਚਾਰਾਂ ਨੂੰ ਅਪਣਾਉਣ ਦੀ ਸਾਲਾਹ ਦੇ ਚੁੱਕੀ ਸੀ। ਰੈਫਰਮੇਸ਼ਨ ਨੇ ਪੇਪ ਦੀ ਤਾਕਤ ਘੱਟ ਕਰ ਦਿੱਤੀ ਸੀ ਅਤੇ ਨਵਾਂ ਧਰਮ ਪ੍ਰੋਟੈਸਟੈਂਟਿਜ਼ਮ, ਰਾਸ਼ਟਰਵਾਦੀ ਭਾਵਨਾ ਦੀ ਉਪਜ ਹੋਣ ਕਰਕੇ ਕੌਮੀ ਸਿਆਸਤ ਦਾ ਹਿੱਸਾ ਬਣ ਗਿਆ ਸੀ। ਇਸ ਲਈ ਇਹ ਵੀ ਬਹੁਤੀ ਦੇਰ ਤਕ ਸਾਇੰਸ ਦਾ ਵਿਰੋਧ ਨਾ ਕਰ ਸਕਿਆ। ਪੱਛਮੀ ਯੌਰਪ ਵਿਗਿਆਨਕ ਸੋਚ ਦਾ ਧਾਰਨੀ ਹੋ ਗਿਆ। ਇਸ ਸਮੇਂ ਸਾਰੇ ਯੂਰਪ ਵਿੱਚ ਸਾਇੰਸ ਦਾ ਵਿਰੋਧ ਅਲੋਪ ਹੋ ਚੁੱਕਾ ਹੈ। ਇਸ ਦਾ ਵਿਰੋਧ
ਤਾਂ ਹੁਣ ਧਰਤੀ ਦੇ ਕਿਸੇ ਹਿੱਸੇ ਉੱਤੇ ਵੀ ਨਹੀਂ ਕੀਤਾ ਜਾਂਦਾ। ਹਾਂ, ਭਾਰਤ ਵਰਗੇ ਦੇਸ਼ਾਂ ਵਿੱਚ ਇਸ ਨੂੰ ਅਧਿਆਤਮਵਾਦ ਨਾਲੋਂ ਜ਼ਰਾ ਕੁ ਨੀਵਾਂ ਦਰਜਾ ਦਿੱਤਾ ਜਾਂਦਾ ਹੈ। ਇਹ ਸਾਡੀ ਸੋਚ ਨੂੰ ਲੱਗਾ ਹੋਇਆ ਪੁਰਾਣਾ ਰੋਗ ਹੈ, ਅਸੀਂ ਸੰਸਾਰਕ ਪ੍ਰਾਪਤੀਆਂ ਲਈ ਹਰ ਪ੍ਰਕਾਰ ਦੀ ਨੈਤਿਕਤਾ ਨੂੰ ਤਿਲਾਂਜਲੀ ਦੇਣ ਲਈ ਤਿਆਰ ਰਹਿੰਦੇ ਹੋਏ ਮੂੰਹੋਂ ਆਖੀ ਜਾਂਦੇ ਹਾਂ, "ਇਹ ਐਵੇਂ ਪਰਛਾਵਿਆਂ ਪਿੱਛੇ ਭੱਜਣ ਵਾਲੀ ਗੱਲ ਹੈ।' ਆਪਣੇ ਰੱਬ ਅਤੇ ਗੁਰੂ-ਪੀਰ ਤੋਂ ਸੱਚੇ ਹੋਣ ਲਈ ਪਰਮਾਰਥ ਦਾ ਗਲ ਪਿਆ ਢੋਲ ਵਜਾਉਂਦੇ ਹੋਏ ਅਸੀਂ ਇਸ ਕੰਮ ਨੂੰ ਜੀਵਨ ਦਾ ਇੱਕੋ ਇੱਕ ਮਨੋਰਥ ਵੀ ਆਖਦੇ ਹਾਂ। ਆਪਣੇ ਧਰਮ ਗ੍ਰੰਥਾਂ ਵਿੱਚ ਲਿਖੀਆਂ ਗੱਲਾਂ ਦੇ ਉਲਟੇ ਸਿੱਧੇ ਅਰਥ ਕਰ ਕੇ ਅਸੀਂ ਇਹ ਕਹਿਣ ਦਾ ਜਤਨ ਕਰਦੇ ਹਾਂ ਕਿ ਸਾਡਾ ਧਰਮ ਵਿਗਿਆਨਕ ਹੈ, ਇਸ ਲਈ ਸ੍ਰੇਸ਼ਟ ਹੈ। ਭਾਵ ਇਹ ਕਿ ਅਸੀਂ ਵਿਗਿਆਨ ਨੂੰ ਧਰਮ ਦੀ ਸ੍ਰੇਸ਼ਟਤਾ ਦਾ ਆਧਾਰ ਮੰਨਦੇ ਹਾਂ ਅਤੇ ਇਉਂ ਮੰਨਦੇ ਹੋਏ ਧਰਮ ਨੂੰ ਵਿਗਿਆਨ ਨਾਲੋਂ ਵਧੀਆ ਆਖਦੇ ਹਾਂ। ਸਾਡੀ ਸੋਚ ਵਿੱਚ ਜ਼ਰੂਰ ਕੋਈ ਘਾਟ ਹੈ। ਵਿਗਿਆਨ ਅਤੇ ਸਨਅਤ ਦੇ ਦਿੱਤੇ ਹੋਏ ਸੁਖ ਮਾਣਦੇ ਹੋਏ ਅਸੀਂ ਵਿਗਿਆਨ ਦੇ ਵਿਰੁੱਧ, ਅਧਿਆਤਮਵਾਦ ਦੇ ਹੱਕ ਵਿੱਚ ਗਵਾਹੀ ਦਿੰਦੇ ਹਾਂ; ਖਾਂਦੇ ਹਾਂ ਰਾਮ ਜੀ ਦੇ ਮੰਦਿਰੋਂ ਅਤੇ ਪਹਿਰਾ ਦਿੰਦੇ ਹਾਂ ਭੌਂਦੂ ਸ਼ਾਹ ਦੇ ਤਕੀਏ।
ਸਾਇੰਸ ਅਤੇ ਸੋਚ-2
ਰਿਨੇਸਾਂਸ, ਰੈਫ਼ਰਮੇਸ਼ਨ ਅਤੇ ਮਸ਼ੀਨੀ ਕ੍ਰਾਂਤੀ ਦੀ ਸਫਲਤਾ ਨੇ ਪੱਛਮੀ ਯੌਰਪ ਦੀ ਸੋਚ ਨੂੰ ਨਵੀਆਂ ਸੇਧਾਂ ਦਿੱਤੀਆਂ। ਸਿਆਣੇ ਲੋਕਾਂ ਨੇ ਧਰਮ ਦੇ ਦਬਦਬੇ ਤੋਂ ਸੁਤੰਤਰ ਹੋ ਕੇ ਸੋਚਣਾ ਆਰੰਭ ਕੀਤਾ। ਇਸ ਰੁਚੀ ਦੇ ਅਧੀਨ ਇਹ ਰਵੱਈਆ ਅਪਣਾਇਆ ਜਾਣ ਲੱਗ ਪਿਆ ਕਿ ਗੱਲ ਨੂੰ ਓਨਾ ਚਿਰ ਠੀਕ ਨਾ ਸਮਝਿਆ ਜਾਵੇ, ਜਿੰਨਾ ਚਿਰ ਉਸ ਦੇ ਠੀਕ ਹੋਣ ਦੇ ਸੰਸਾਰਕ ਸਬੂਤ ਸਾਡੇ ਸਾਹਮਣੇ ਨਾ ਹੋਣ। ਕਿਸੇ ਦੀ ਆਖੀ ਹੋਈ ਗੱਲ ਨੂੰ ਉਸ ਦੀ ਸ਼ਖ਼ਸੀਅਤ ਦੇ ਪ੍ਰਭਾਵ ਕਾਰਨ ਨਾ ਮੰਨਿਆ ਜਾਵੇ, ਸਗੋਂ ਇਹ ਵੇਖਿਆ ਜਾਵੇ ਕਿ ਉਹ ਗੱਲ ਜੀਵਨ ਦੇ ਗੰਭੀਰ ਨਿਰੀਖਣ ਵਿੱਚੋਂ ਉਪਜੀ ਹੋਈ ਹੋਣ ਦੇ ਨਾਲ ਨਾਲ ਸਾਡੇ ਤਰਕ ਦੀ ਕਸੌਟੀ ਉੱਤੇ ਵੀ ਪੂਰੀ ਉਤਰਦੀ ਹੈ ਜਾਂ ਨਹੀਂ।
ਨਿਰੀਖਣ ਨੂੰ ਕਿਸੇ ਵਿਚਾਰ ਦੀ ਸੱਚਾਈ ਦਾ ਆਧਾਰ ਮੰਨਿਆ ਜਾਣ ਕਾਰਣ ਪਦਾਰਥਕ ਜੀਵਨ ਮਨੁੱਖੀ ਸੋਚ ਦਾ ਸਤਿਕਾਰਯੋਗ ਵਿਸ਼ਾ ਮੰਨਿਆ ਜਾਣ ਲੱਗ ਪਿਆ ਅਤੇ ਇਹ ਕਿਹਾ ਜਾਣ ਲੱਗ ਪਿਆ ਕਿ ਪੰਜ ਤੱਤਾਂ ਤੋਂ ਉਪਜਿਆ ਹੋਇਆ ਇਹ ਸੰਸਾਰ ਆਪਣੀ ਸੁਤੰਤਰ ਹੋਂਦ ਰੱਖਦਾ ਹੈ ਅਤੇ ਇਸ ਵਿੱਚ ਹੋਣ ਵਾਲੀਆਂ ਸਾਰੀਆਂ ਤਬਦੀਲੀਆਂ ਭੌਤਿਕ ਨੇਮਾਂ ਅਨੁਸਾਰ ਹੁੰਦੀਆਂ ਹਨ। ਭੌਤਿਕ ਨੇਮਾਂ ਅਨੁਸਾਰ ਵਿਕਸਦਾ ਅਤੇ ਬਦਲਦਾ ਹੋਣ ਕਰਕੇ ਇਹ ਕਿਸੇ ਮਨੋਰਥ ਨਾਲ ਨਹੀਂ, ਸਗੋਂ ਪਦਾਰਥ ਵਿਚਲੀ ਰਸਾਇਣਿਕ ਕਿਰਿਆ ਜਾਂ ਸਮਾਜਿਕ ਸੰਬੰਧਾਂ ਦੀ ਤਾਬਿਆਦਾਰੀ ਕਰਦਾ ਹੈ। ਡਕਾਰਟੀ ਵਰਗੇ ਫ੍ਰਾਂਸੀਸੀ ਵਿਚਾਰਵਾਨ ਤਾਂ ਇਹ ਵੀ ਕਹਿਣ ਲੱਗ ਪਏ ਕਿ ਨਿਰੀ ਜੜ ਪਰਕਿਰਤੀ ਹੀ ਨਹੀਂ, ਸਗੋਂ ਚੇਤਨ ਜੀਵ ਵੀ ਭੌਤਿਕ ਨੇਮਾਂ ਅਨੁਸਾਰ ਵਰਤਦੇ ਵਿਚਰਦੇ ਹਨ।
ਇਨ੍ਹਾਂ ਦਾਅਵਿਆਂ ਦਾ ਨਤੀਜਾ ਇਹ ਹੋਇਆ ਕਿ ਪੱਛਮ ਵਿੱਚ ਸੋਚ ਦੇ ਖੇਤਰ ਵਿੱਚ ਧਰਮ, ਇਲਹਾਮ ਅਤੇ ਅੰਤਰ-ਦ੍ਰਿਸ਼ਟੀ ਦਾ ਏਕਾਧਿਕਾਰ ਖ਼ਤਮ ਹੋ ਗਿਆ। ਸੋਚ ਦੇ ਦੋ ਦਾਅਵੇਦਾਰ ਹੋ ਗਏ; ਸੋਚ ਦੇ ਦੋ ਪ੍ਰਕਾਰ ਹੋ ਗਏ। ਅਧਿਕਾਰ ਦੇ ਆਧਾਰ ਉੱਤੇ ਹੁਕਮ ਦੇ ਰੂਪ ਵਿੱਚ ਦਿੱਤੀ ਗਈ ਸੋਚ ਨੂੰ ਵਿਸ਼ਵਾਸ ਦਾ ਵਿਸ਼ਾ ਮੰਨ ਲਿਆ ਗਿਆ ਅਤੇ ਇੰਦ੍ਰੀ-ਅਨੁਭਵ ਵਿਗਿਆਨਕ ਪ੍ਰਯੋਗ ਜਾਂ ਨਿਰੀਖਣ ਦੇ ਆਧਾਰ ਉੱਤੇ ਸੰਭਾਵਨਾ ਅਤੇ ਨਿੱਜੀ ਰਾਏ ਦੇ ਰੂਪ ਵਿੱਚ ਦਿੱਤੀ ਗਈ ਵਿਚਾਰ ਨੂੰ ਤਰਕ ਜਾਂ ਸੰਸਾਰਕ ਬੁੱਧੀ ਦਾ ਵਿਸ਼ਾ ਮੰਨ ਲਿਆ ਗਿਆ। ਦੋਹਾਂ ਵਿਚਾਰਾਂ ਨੇ ਇੱਕ ਦੂਜੀ ਦਾ ਵਿਰੋਧ ਬੰਦ ਕਰ ਦਿੱਤਾ, ਜਿਸ ਦੇ ਨਤੀਜੇ ਵਜੋਂ ਉਪਯੋਗਿਤਾ ਜਾਂ ਲਾਭਦਾਇਕਤਾ ਨੂੰ ਵਿਚਾਰਾਂ ਅਤੇ ਸਿੱਧਾਂਤਾਂ ਵਿਚਲੇ ਸੱਚ ਦਾ ਆਧਾਰ ਮੰਨਿਆ ਜਾਣ ਲੱਗ ਪਿਆ। ਵਿਗਿਆਨਕ ਵਿਚਾਰ ਦੇ ਵਿਸਥਾਰ ਨੇ ਹੌਲੀ ਹੌਲੀ ਪੱਛਮੀ ਯੌਰਪ ਦੇ ਜਨ-ਜੀਵਨ ਅਤੇ ਜਨ-ਜੀਵਨ ਦੀ ਸੋਚ ਵਿੱਚੋਂ ਧਰਮ ਦੇ ਵਿਸ਼ਵਾਸਾਂ, ਸਿਧਾਂਤਾਂ ਅਤੇ ਕਰਮ-ਕਾਂਡਾਂ ਦੀ ਉਪਯੋਗਿਤਾ ਅਤੇ ਲਾਭਦਾਇਕਤਾ ਦਾ ਵਿਸ਼ਵਾਸ ਘਟਾਉਣਾ ਸ਼ੁਰੂ ਕਰ ਦਿੱਤਾ