ਪਰ, ਉਹ ਵਿਚਾਰੀ ਦੁਰਗਾ ਜਿੰਨੀ ਸ਼ਕਤੀਸ਼ਾਲੀ ਨਹੀਂ, ਉਹ ਤਾਂ ਦੁਨਿਆਵੀ ਜੀਵ ਹੈ, ਮਨੁੱਖ ਹੈ। ਕਵੀ ਅਨੁਸਾਰ ਧੀਆਂ ਤਾਂ ਮਨੁੱਖ ਵੀ ਪੂਰੀਆਂ ਨਹੀਂ ਹੁੰਦੀਆਂ ਮਨੁੱਖ ਤੋਂ ਬਹੁਤ ਕਮਜ਼ੋਰ, ਮਨੁੱਖ ਨਾਲੋਂ ਅੱਧੀਆਂ ਜਾਂ ਪੌਣੀਆਂ ਹੀ ਤਾਂ ਹੁੰਦੀਆਂ ਹਨ। ਇਸ ਕਾਰਨ ਉਹ ਵਿਚਾਰੀਆਂ ਤਾਂ ਦੁੱਖਾਂ ਨਾਲ ਲੜ ਵੀ ਨਹੀਂ ਸਕਦੀਆਂ। ਇਸੇ ਕਰਕੇ ਉਹ ਦੁੱਖ ਸਹਿੰਦੀਆਂ ਹਨ। ਸੋ ਇਸ ਤਰ੍ਹਾਂ ਕਵੀ ਇਸ ਕਵਿਤਾ ਵਿੱਚ ਜਿੱਥੇ ਇਕ ਪਾਸੇ ਧੀ ਦੀ ਮਜਬੂਰੀ, ਉਸ ਦੀ ਕਮਜ਼ੋਰੀ ਦਾ ਜ਼ਿਕਰ ਕਰਦਾ ਹੈ ਦੂਜੇ ਪਾਸੇ ਉਹ ਉਸ ਦੀ ਹਿੰਮਤ ਨੂੰ ਸਲਾਹੁੰਦਾ ਵੀ ਹੈ ਕਿ ਕਿਸ ਤਰ੍ਹਾਂ ਇਸ ਸਮਾਜ ਵਿੱਚ ਉਹ ਸਭ ਕੁਝ ਸਹਿ ਕੇ ਵੀ ਧਰਮ ਅਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਸੰਭਾਲ ਰਹੀਆਂ ਹਨ।
"ਬਿਰਛ ਨਾਲ ਲੈ ਕੇ ਤੁਰਨਾ ਹੈ’ ਡਾ. ਹਰਿਭਜਨ ਸਿੰਘ ਦੀ ਅਗਲੀ ਕਵਿਤਾ ਹੈ। ਇਸ ਕਵਿਤਾ ਵਿੱਚ ਕਵੀ ਪ੍ਰਤੀਕਾਂ ਦੀ ਸਹਾਇਤਾ ਨਾਲ ਜ਼ਿੰਦਗੀ ਦੇ ਯਥਾਰਥ ਦੀ ਗੱਲ ਕਰਦਾ ਹੈ। ਕਵਿਤਾ ਦਾ ਕੇਂਦਰੀ ਪ੍ਰਤੀਕ ਬਿਰਛ ਹੈ ਅਤੇ ਦੂਸਰਾ ਪ੍ਰਤੀਕ ਮਾਰੂਥਲ ਹੈ। ਕਵੀ ਇਸ ਮਾਰੂਥਲ ਰੂਪੀ ਜ਼ਿੰਦਗੀ 'ਚੋਂ ਪਾਰ ਨਿਕਲਣ ਲਈ ਸਹਾਰਾ ਲੱਭਦਿਆਂ ਸੋਚਦਾ ਹੈ ਕਿ ਆਪਣੇ ਨਾਲ ਕੋਈ ਸੰਘਣੀ ਜਿਹੀ ਛਾਂ ਲੈ ਲਈ ਜਾਵੇ। ਇਹ ਸੋਚ ਉਹ ਬਿਰਛ ਨੂੰ ਪੁੱਟ ਕੇ ਛਤਰੀ ਵਾਂਗ ਆਪਣੇ ਉੱਪਰ ਕਰਦਾ ਹੈ, ਪਰ ਇਉਂ ਪੁੱਟਿਆ ਬੇਗਾਨਾ ਬਿਰਛ ਜ਼ਿਆਦਾ ਦੇਰ ਤਕ ਨਾਲ ਨਹੀਂ ਚਲਦਾ। ਪੱਤਾ ਪੱਤਾ ਝੜ ਜਾਂਦਾ ਹੈ, ਬਿਰਛ ਮਰ ਜਾਂਦਾ ਹੈ। ਅਖੀਰ ਉਹ ਆਪਣੀ ਮਿੱਟੀ 'ਚ ਹੀ ਬਿਰਛ ਉਗਾਉਂਦਾ ਹੈ, ਭਾਵੇਂ ਉਸ ਦੀ ਛਾਂ ਉਸ ਵਾਂਗ ਹੀ ਇਕਹਿਰੀ ਹੀ ਹੋਵੇ, ਪਰ ਉਸ ਨੂੰ ਤਸੱਲੀ ਹੈ ਕਿ ਉਹ ਉਸ ਦੀ ਆਪਣੀ ਹੈ। ਇੱਥੇ ਇਹ ਪ੍ਰਤੀਕ ਸਪਸ਼ਟ ਹੋ ਜਾਂਦੇ ਹਨ, ਮਾਰੂਥਲ ਜ਼ਿੰਦਗੀ ਦਾ ਯਥਾਰਥ ਹੈ ਤੇ ਬਿਰਛ ਉਹ ਵਿਸ਼ਵਾਸ ਹੈ ਜਿਸ ਨਾਲ ਇਸ ਵਿਸ਼ਵਾਸ ਦਾ ਸਾਹਮਣਾ ਕਰਨਾ ਹੈ। ਜ਼ਿੰਦਗੀ ਵਿੱਚ ਬੇਗਾਨੇ ਵਿਸ਼ਵਾਸ ਕੰਮ ਨਹੀਂ ਦੇਂਦੇ। ਵਿਸ਼ਵਾਸ ਆਪਣੇ ਅੰਦਰੋਂ ਹੀ ਪੈਦਾ ਕਰਨਾ ਪੈਂਦਾ ਹੈ ਤੇ ਜਦੋਂ ਕਵੀ ਆਪਣੀ ਮਿੱਟੀ 'ਚੋਂ ਹੀ ਬਿਰਛ ਉਗਾ ਲੈਂਦਾ ਹੈ ਤਾਂ ਉਸ ਵਿੱਚ ਇੱਕ ਨਵਾਂ ਉਤਸ਼ਾਹ ਪੈਦਾ ਹੋ ਜਾਂਦਾ ਹੈ ਉਸ ਦੇ ਅੰਦਰ ਦਾ ਉਹ ਵਿਸ਼ਵਾਸ ਉਸ ਦੀ ਤਾਕਤ ਬਣਦਾ ਹੈ, ਉਹ ਆਤਮ ਵਿਸ਼ਵਾਸ ਜੋ ਉਸ ਨੂੰ ਆਪਣੀ ਮਿੱਟੀ 'ਚ ਉੱਗੇ ਬਿਰਛ ਦੀ ਛਾਂ ਨਾਲ ਮਿਲਦਾ ਹੈ ਉਸ ਨਾਲ ਇਸ ਜ਼ਿੰਦਗੀ ਰੂਪੀ ਮਾਰੂਥਲ 'ਚੋਂ ਨਿਕਲਣਾ ਉਸ ਲਈ ਆਸਾਨ ਹੋ ਜਾਂਦਾ ਹੈ।
ਕਵਿਤਾ 'ਜਾਲੇ' ਦਾ ਸੰਬੰਧ ਕਿਸੇ ਵੀ ਅਜਿਹੇ ਸੰਕਟ ਦੀ ਸਥਿਤੀ ਨਾਲ ਹੈ, ਜਦੋਂ ਮਨੁੱਖ ਆਪਣੇ ਆਪ ਨੂੰ ਹਰ ਪਾਸੇ ਕੈਦ ਮਹਿਸੂਸ ਕਰਦਾ ਹੈ, ਹਵਾ ਤੇ ਪਾਣੀ ਵੀ ਉਸ ਨੂੰ ਉਸ ਦੀ ਮਜਬੂਰੀ ਜਾਂ ਪਾਬੰਦੀਆਂ ਦਾ ਅਹਿਸਾਸ ਕਰਾਉਂਦੇ ਹਨ। ਕਵੀ ਕਵਿਤਾ ਦੇ ਆਰੰਭ 'ਚ ਹੀ ਕਹਿੰਦਾ ਹੈ ਕਿ ਹਰ ਪਾਸੇ ਜਾਲੇ ਭਾਵ ਪਾਬੰਦੀਆਂ ਨਜ਼ਰ ਆ ਰਹੀਆਂ ਹਨ। ਕਾਵਿ ਨਾਇਕ ਅਜਿਹੀ ਸੰਕਟਮਈ ਸਥਿਤੀ ਵਿੱਚ ਹੈ ਜਿੱਥੇ ਹਵਾ ਅਤੇ ਪਾਣੀ ਵੀ ਉਹ ਮਰਜ਼ੀ ਨਾਲ ਗ੍ਰਹਿਣ ਨਹੀਂ ਕਰ ਸਕਦਾ। ਘਰੋਂ ਬਾਹਰ ਨਿਕਲਣ ਤੇ ਉਸ ਨੂੰ ਆਪਣੇ ਆਲੇ ਦੁਆਲੇ ਨਜ਼ਰ ਮਾਰਨ ਦੀ ਵੀ ਇਜਾਜ਼ਤ ਨਹੀਂ। ਹਨੇਰੇ ਅਤੇ ਰੌਸ਼ਨੀ ਨੂੰ ਵੀ ਉਸ ਨੂੰ ਅਣਦੇਖਿਆ ਕਰ ਕੇ ਚੁਪਚਾਪ ਹੀ ਗੁਜ਼ਰਨਾ ਪੈਂਦਾ ਹੈ। ਜਿਸ ਤਰ੍ਹਾਂ ਦਾ ਜੀਵਨ ਉਸ ਨੂੰ ਮਿਲਦਾ ਹੈ ਉਸ ਨੂੰ ਜੀਉਣਾ ਪੈਂਦਾ ਹੈ, ਆਪਣੀ ਮਰਜ਼ੀ ਨਾਲ ਜੀਉਣਾ ਉਸ ਨੂੰ ਹਾਲੇ ਪੁੱਗਦਾ ਨਹੀਂ। ਸਥਿਤੀ ਹੀ ਅਜਿਹੀ ਹੈ ਕਿ ਬੰਦ ਘਰਾਂ, ਕਮਰਿਆਂ ਵਿੱਚ ਰਹਿੰਦਿਆਂ ਉਨ੍ਹਾਂ ਨੂੰ ਦਿਨ ਰਾਤ ਦਾ ਵੀ ਪਤਾ ਨਹੀਂ ਲਗਦਾ। ਹਾਲਾਤ ਇਤਨੇ ਬੁਰੇ ਹਨ ਇੱਕ ਦੂਜੇ ਉਤੋਂ ਵਿਸ਼ਵਾਸ ਹੀ ਉੱਠ ਚੁਕੇ ਹਨ, ਕੋਈ ਕਿਸੇ ਤੋਂ ਕੁਝ ਨਹੀਂ ਪੁੱਛਦਾ ਕਿਉਂਕਿ ਬੇ-ਵਿਸ਼ਵਾਸੀ ਹਰ ਥਾਂ ਫੈਲੀ ਹੋਈ ਹੈ। ਅਜਿਹੀ ਸਥਿਤੀ ਬਾਹਰ ਹੀ ਨਹੀਂ ਕਾਵਿ ਨਾਇਕ ਆਪਣੇ ਅੰਦਰ ਵੀ ਮਹਿਸੂਸ ਕਰਦਾ ਹੈ। ਉਹ ਜਦ ਆਪਣੇ ਆਪ ਨੂੰ ਮਿਲਣ, ਗੱਲ ਕਰਨ ਜਾਂ ਸਲਾਹ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉੱਥੇ ਵੀ ਉਸ ਨੂੰ ਤਾਲੇ ਲਗੇ ਮਿਲੇ ਭਾਵ ਉਸ ਦਾ ਆਪਣਾ ਆਪ ਵੀ ਬਾਹਰਲੇ ਪਾਬੰਦੀਆਂ ਭਰੇ ਮਾਹੌਲ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੈ। ਕਵੀ ਗੱਲ ਇੱਥੇ ਹੀ ਖਤਮ ਨਹੀਂ ਕਰਦਾ, ਇਸ ਤੋਂ ਬਾਅਦ ਉਹ ਆਪਣਿਆਂ ਤੇ ਵੀ ਉਮੀਦ ਲਾਉਂਦਾ ਹੈ ਕਿ ਸ਼ਾਇਦ ਉਹ ਹੀ ਮਿਲ ਜਾਣ ਤਾਂ ਜੋ ਉਨ੍ਹਾਂ ਨਾਲ ਕੁਝ ਮਨ ਹੌਲਾ ਹੋ ਸਕੇ ਪਰ, ਉੱਥੇ ਵੀ ਸਥਿਤੀ ਅਜਿਹੀ ਹੀ ਮਿਲਦੀ ਹੈ। ਕਾਵਿ ਨਾਇਕ ਜਦ ਉਨ੍ਹਾਂ ਦਾ ਬੂਹਾ ਖੜਕਾਉਂਦਾ ਹੈ ਤਾਂ ਉਹ ਵੀ ਡਰ ਕੇ ਕੰਧਾਂ ਨਾਲ ਲੱਗ ਜਾਂਦੇ ਹਨ ਅਤੇ ਜਵਾਬ ਨਹੀਂ ਦਿੰਦੇ। ਨਿਰਾਸ਼ਾ, ਡਰ ਤੇ ਸਹਿਮ ਸਾਰੀ ਕਵਿਤਾ ਵਿੱਚ ਫੈਲਿਆ ਹੋਇਆ ਹੈ।
ਸ਼ਿਵ ਕੁਮਾਰ ਪਾਠ ਪੁਸਤਕ "ਕਾਵਿ-ਯਾਤਰਾ" ਵਿਚਲਾ ਅਗਲਾ ਕਵੀ ਹੈ। ਉਸ ਨੇ ਬਹੁਤੇ ਗੀਤ ਲਿਖੇ ਅਤੇ ਗਾਏ। ਛੋਟੀ ਉਮਰ 'ਚ ਹੀ ਇਹ ਸ਼ਾਇਰ ਦੁਨੀਆ ਤੋਂ ਵਿਛੋੜਾ ਲੈ ਗਿਆ। ਇਸਦੀਆ ਕਵਿਤਾਵਾਂ ਦੀ ਮੂਲ ਸੁਰ ਬਿਰਹਾ ਹੈ। "ਕਾਵਿ-ਯਾਤਰਾ" ਵਿੱਚ ਇਸ ਦੀਆਂ ਤਿੰਨ ਕਵਿਤਾਵਾਂ ਹਨ। 'ਅਸਾਂ ਤਾਂ ਜੋਬਨ ਰੁੱਤੇ ਮਰਨਾ’ ਕਵਿਤਾ ਵਿੱਚ ਵੀ ਸ਼ਿਵ ਕੁਮਾਰ ਉਦਾਸ ਮਨੁੱਖ ਦੀ ਗੱਲ ਕਰਦਾ ਹੈ। ਕਵਿਤਾ ਦੇ ਸਿਰਲੇਖ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਕਵੀ ਜੋਬਨ ਰੁੱਤੇ ਮਰਨ ਦੀ ਮਨੋਕਾਮਨਾ ਨੂੰ ਪ੍ਰਗਟ ਕਰ ਰਿਹਾ ਹੈ। ਕਵੀ ਆਪਣੇ ਪ੍ਰੇਮੀ ਦੇ ਵਿਯੋਗ ਨੂੰ ਹੰਢਾ ਕੇ ਜੋਬਨ ਰੁੱਤੇ ਤੁਰ ਜਾਣਾ ਚਾਹੁੰਦਾ ਹੈ। ਅਗਲੀਆਂ ਸਤਰਾਂ ਵਿੱਚ ਕਵੀ ਇੱਕ ਲੋਕ-ਵਿਸ਼ਵਾਸ ਦੀ ਗੱਲ ਕਰਦਾ ਹੈ : ਕਹਿੰਦੇ ਹਨ ਜੋਬਨ 'ਚ ਜੋ ਮਰਦਾ ਹੈ ਉਹ 'ਫੁੱਲ ਜਾਂ 'ਤਾਰਾ' ਬਣਦਾ ਹੈ। ਜੋਬਨ ਵਿੱਚ ਕਰਮਾਂ ਵਾਲੇ ਮਰਦੇ ਹਨ ਜਾਂ ਆਸ਼ਿਕ, ਉਹ ਜੋ ਧੁਰੋਂ ਹੀ ਹਿਜਰ/ਵਿਛੋੜਾ ਲਿਖਵਾ ਕੇ ਆਏ ਹਨ। ਸਾਰੀ ਕਵਿਤਾ ਵਿੱਚ ਉਦਾਸੀ ਦੀ ਸੁਰ ਪ੍ਰਧਾਨ ਹੈ। ਕਵੀ ਕਹਿੰਦਾ ਹੈ ਕਿਸ ਲਈ ਜੀਉਣਾ ਹੈ, ਉਸ ਕੋਲ ਜੀਉਣ ਦੀ ਕੋਈ ਵਜਹ ਨਹੀਂ ਹੈ। ਉਹ ਆਪਣੇ ਆਪ ਨੂੰ ਬਹੁਤ ਨਿਕਰਮਾਂ ਸਮਝਦਾ ਹੈ, ਕਿਉਂਕਿ ਉਸ ਨੂੰ ਲਗਦਾ ਹੈ ਕਿ ਉਹ ਤਾਂ ਕੇਵਲ ਬਿਰਹਾ ਹੰਢਾਉਣ ਆਇਆ ਸੀ ਅਤੇ ਉਸ ਨੇ ਇਸੇ ਬਿਰਹਾ ਵਿੱਚ ਹੀ ਮਰ ਜਾਣਾ ਹੈ। ਉਸ ਨੂੰ ਇਹ ਜੀਉਣਾ ਮੌਤ ਵਰਗਾ ਲਗਦਾ ਹੈ। ਅਣਚਾਹਿਆ ਵੀ ਬਰਦਾਸ਼ਤ ਕਰਨਾ ਪੈਂਦਾ ਹੈ, ਆਪਣੀ ਹੀ ਦੇਹ ਬੇਗਾਨੀ ਲਗਦੀ ਹੈ। ਮਨੁੱਖਾ ਜੀਵਨ ਹੈ ਹੀ ਅਜਿਹਾ ਕਿ ਮਨੁੱਖ ਜਨਮ ਤੋਂ ਪਹਿਲਾਂ ਹੀ ਜੀਵਨ ਹੰਢਾ ਲੈਂਦਾ ਹੈ ਅਤੇ ਜਨਮ ਤੋਂ ਬਾਅਦ ਜੀਉਣ ਦੀ ਸ਼ਰਮ ਹੰਢਾਉਂਦਾ ਹੈ। ਇਹ ਮੌਤ ਵਰਗਾ ਜੀਵਨ ਜੀਉਂਦਿਆਂ ਮਨੁੱਖ ਇੱਕ ਦੂਜੇ ਦੀ ਮਿੱਟੀ ਦੀ ਪ੍ਰਕਰਮਾ ਕਰਦਾ ਹੈ ਪਰ, ਜੇ ਮਨੁੱਖ ਦੀ ਮਿੱਟੀ ਹੀ ਮਰੀ ਹੋਈ ਹੈ ਤਾਂ ਜੀਉਣ ਦਾ ਕੀ ਲਾਭ ? ਇਸ ਤਰ੍ਹਾਂ ਕਵੀ ਮੌਤ ਨੂੰ ਵੀ ਰੁਮਾਂਟਿਕ ਲਹਿਜੇ ਵਿੱਚ ਬੜੀ ਖੂਬਸੂਰਤੀ ਨਾਲ ਪੇਸ਼ ਕਰਦਾ ਹੈ ਪਰ, ਉਦਾਸੀ ਦਾ ਭਾਵ ਸਾਰੀ ਕਵਿਤਾ ਵਿੱਚ ਛਾਇਆ ਹੋਇਆ ਹੈ।
'ਵਿਧਵਾ ਰੁੱਤ' ਕਵਿਤਾ ਵਿੱਚ ਕਵੀ ਵਿਧਵਾ ਰੁੱਤ ਦਾ ਵਰਨਣ ਕਰਦਾ ਹੈ। ਇਹ ਵਿਧਵਾ ਰੁੱਤ ਇਉਂ ਪ੍ਰਤੀਤ ਹੁੰਦੀ ਹੈ ਜਿਵੇਂ ਜੋਬਨਵੰਤ ਇਸਤਰੀ ਹੈ ਜਿਸਦੀਆਂ ਸੱਧਰਾਂ ਪੂਰੀਆਂ ਨਹੀਂ ਹੋਈਆਂ। ਅਜਿਹੀ ਰੁੱਤ ਦਾ ਜ਼ਿਕਰ ਹੈ ਜਿਥੇ ਰੁੱਖ ਨਿਪੱਤਰੇ ਅਤੇ ਖੁਸ਼ਬੂ ਤੋਂ ਬਿਨਾਂ ਹਨ, ਸੂਰਜ ਦਾ ਸੇਕ ਵੀ ਚਿਹਰੇ ਨੂੰ ਚਮਕਾ ਨਹੀਂ ਸਕਿਆ, ਭਾਵ ਚਿਹਰਾ ਸੁੰਦਰ ਹੈ। ਪਰ ਉਸ ਸੁੰਦਰਤਾ ਨੂੰ ਉਹ ਪੂਰੀ ਤਰ੍ਹਾਂ ਜੀਅ ਨਹੀਂ ਸਕਿਆ, ਉਸ ਦਾ ਇਹ ਜੋਬਨ ਹੰਝੂਆਂ ਭਰਿਆ ਹੋਣ ਕਾਰਨ ਲੂਣਾ ਜੋਬਨ ਹੋ ਗਿਆ ਹੈ। ਇਸ ਰੁੱਤ ਵਿੱਚ ਆਪਣੀ ਅਧੂਰੀਆਂ ਇੱਛਾਵਾਂ ਕਾਰਨ ਉਸ ਨੂੰ ਆਪਣਾ ਆਪ ਵਿਧਵਾ ਦੇ ਵੇਸ ਦੀ ਤਰ੍ਹਾਂ ਮਹਿਸੂਸ ਹੋ ਰਿਹਾ ਹੈ, ਉਹ ਇਸ ਰੁੱਤ ਵਿੱਚ ਡੁੱਬ ਜਾਣਾ ਚਾਹੁੰਦਾ ਹੈ। ਵਿਧਵਾ ਰੁੱਤ ਇਸ ਕਵਿਤਾ ਵਿੱਚ ਪ੍ਰਤੀਕ ਹੈ ਅਜਿਹੇ ਜੋਬਨ ਦਾ, ਜਿਹੜਾ ਸਮਾਂ ਆਉਣ ਤੇ ਜੋਬਨ ਦੀਆਂ ਖੁਸ਼ੀਆਂ ਹੰਢਾ ਨਹੀਂ ਸਕਿਆ। ਇਸ ਤਰ੍ਹਾਂ ਸ਼ਿਵ ਕੁਮਾਰ ਦੀ ਇਹ ਕਵਿਤਾ ਜੀਵਨ ਵਿੱਚ ਰੁੱਤ, ਖੂਬਸੂਰਤੀ ਅਤੇ ਇੱਛਾ ਦੇ ਸੰਬੰਧ ਨੂੰ ਪੇਸ਼ ਕਰਦੀ ਹੈ।
'ਲੂਣਾ' ਸ਼ਿਵ ਕੁਮਾਰ ਦੀ ਇੱਕ ਲੰਮੀ ਕਵਿਤਾ ਹੈ। ਇਹ ਕਿੱਸਾ ਕਾਵਿ ਦੇ ਕਿੱਸੇ ਪੂਰਨ ਭਗਤ ਉੱਤੇ ਆਧਾਰਿਤ ਹੈ। 'ਲੂਣਾ ਦੇ ਪਾਤਰ ਨੂੰ ਸ਼ਿਵ ਕੁਮਾਰ ਨੇ ਅਸਲੋਂ ਨਵੇਂ ਰੂਪ ਵਿੱਚ ਪੇਸ਼ ਕੀਤਾ ਹੈ। 'ਲੂਣਾ' ਦੇ ਜਿਸ ਪਾਤਰ ਨੂੰ ਸਦੀਆਂ ਤੋਂ ਨਿੰਦਿਆ ਜਾ ਰਿਹਾ ਸੀ ਉਸ ਨੂੰ ਸ਼ਿਵ ਨੇ ਨਵੇਂ ਨਜ਼ਰੀਏ ਤੋਂ ਪੇਸ਼ ਕਰਕੇ, ਲੂਣਾ ਨੂੰ ਖਲਨਾਇਕਾ ਤੋਂ ਨਾਇਕਾ ਬਣਾ ਦਿੱਤਾ ਹੈ। ਇਹ ਕਵਿਤਾ ਇੱਕ ਲੰਮੇਰੀ ਕਵਿਤਾ ਹੈ। ਇਹ ਕਾਵਿ ਅੰਸ਼ ਜੋ ਸਾਡੀ ਪਾਠ-ਪੁਸਤਕ ਵਿੱਚ ਲਿਆ ਗਿਆ ਹੈ ਇਹ ਉਸ ਲੰਮੇਰੀ ਕਵਿਤਾ ਦਾ ਕੇਵਲ ਇਕ ਛੋਟਾ ਜਿਹਾ ਭਾਗ ਹੈ। ਇਸ ਭਾਗ ਵਿੱਚ ਕਵੀ ਮੂਲ ਤੌਰ ਤੇ ਧੀ ਦੀਆਂ ਬਾਬਲ ਦੇ ਘਰ ਖੇਡਦੀ, ਜਵਾਨ ਹੋਈ ਦੀਆਂ ਸਧਰਾਂ, ਸੁਪਨਿਆਂ ਦਾ ਬਿਆਨ ਕਰਦਾ ਹੈ ਕਿ ਕਿਵੇਂ ਹਰ ਧੀ ਆਪਣੇ ਬਾਬਲ ਦੇ ਵਿਹੜੇ ਖੇਡਦੀ, ਨੱਚਦੀ ਆਉਣ ਵਾਲੇ ਸਮੇਂ ਦੇ ਸੁਪਨੇ ਸਜਾਉਂਦੀ ਹੈ। ਸੁਪਨਿਆਂ ਵਿੱਚ ਇੱਕ ਸ਼ਹਿਜ਼ਾਦਾ ਮਿਥ ਵੀ ਲੈਂਦੀ ਹੈ, ਪਰ, ਸੁਪਨਾ ਤਾਂ ਸੁਪਨਾ ਹੀ ਹੁੰਦਾ ਹੈ। ਸਮੇਂ ਦੀ ਹਕੀਕਤ, ਸਮਾਜਕ ਮਜਬੂਰੀਆਂ ਜਦ ਉਸ ਦੇ ਸੁਪਨੇ ਨੂੰ ਤੋੜਦੀਆਂ ਹਨ ਤਾਂ ਉਸ ਦਾ ਵਿਰਲਾਪ, ਦਰਦ, ਕਵੀ ਸਾਨੂੰ ਲੂਣਾ ਦੇ ਪਾਤਰ ਦੇ ਜ਼ਰੀਏ ਸੁਣਾਉਂਦਾ ਹੈ। ਇਸ ਕਾਵਿ ਅੰਸ਼ ਵਿੱਚ ਕਵੀ ਨੇ ਬਾਬਲ ਦੇ ਘਰ ਖੇਡਦੀ, ਵਧਦੀ ਕੁੜੀ ਦੀਆਂ ਆਪਣੇ
ਜੀਵਨ ਸਾਥੀ ਪ੍ਰਤੀ ਸੁਪਨੇ ਤੇ ਰੀਝਾਂ ਨੂੰ ਬਹੁਤ ਖੂਬਸੂਰਤ ਅਤੇ ਭਾਵੁਕ ਸ਼ਬਦਾਂ ਰਾਹੀਂ ਪੇਸ਼ ਕੀਤਾ ਹੈ। ਸੁਪਨੇ ਦੇ ਟੁੱਟਣ ਦੇ ਦਰਦ ਨੂੰ ਵੀ ਸਮਾਜਕ ਮਜਬੂਰੀਆਂ ਨਾਲ ਜੋੜ ਕੇ ਧੀ ਦੀ ਬਲੀ ਚੜ੍ਹਦੀ ਵੀ ਦਿਖਾਈ ਹੈ।
"ਕਾਵਿ-ਯਾਤਰਾ" ਵਿਚਲਾ ਅਗਲਾ ਕਵੀ ਹੈ ਸੁਰਜੀਤ ਪਾਤਰ। ਸੁਰਜੀਤ ਪਾਤਰ ਅਜੋਕੇ ਸਮੇਂ ਦਾ ਕਵੀ ਹੈ। ਉਸ ਦੀ ਕਵਿਤਾ 'ਉਹ ਦਿਨ’ ਵਰਤਮਾਨ ਸਥਿਤੀ-ਬਿੰਦੂ ਤੋਂ ਬੀਤੇ ਦਿਨਾਂ ਨੂੰ ਦੇਖਦੀ ਨਜ਼ਰ ਆਉਂਦੀ ਹੈ। ਉਹ ਦਿਨ ਜੋ ਬੀਤ ਚੁੱਕੇ ਹਨ ਅਤੇ ਉਹ ਬੀਤੇ ਦਿਨ ਦਰਦਨਾਕ ਸਨ। ਉਨ੍ਹਾਂ ਬਾਰੇ ਸੋਚ ਕੇ ਕਵੀ ਕਹਿੰਦਾ ਹੈ ਕਿ ਉਹ ਬੀਤੇ ਜ਼ਖਮੀ ਦਿਨ ਜੇ ਅੱਜ ਮਿਲ ਜਾਣ ਤਾਂ ਮੈਂ ਉਨ੍ਹਾਂ ਦੇ ਜ਼ਖ਼ਮੀ ਪਿੰਡੇ ਤੇ ਮਲ੍ਹਮ ਲਗਾ ਦੇਵਾਂ। ਪਰ ਇਹ ਸੰਭਵ ਨਹੀਂ ਕਿਉਂਕਿ ਬੀਤਿਆ ਸਮਾਂ ਕਦੀ ਵਾਪਸ ਨਹੀਂ ਆਉਂਦਾ। ਉਹ ਉਸ ਘਰ ਦੇ ਜੀਅ ਦੀ ਤਰ੍ਹਾਂ ਨਹੀਂ ਹੁੰਦਾ ਜਿਹੜਾ ਨਰਾਜ਼ ਹੋ ਕੇ ਘਰੋਂ ਚਲਿਆ ਗਿਆ ਹੈ ਅਤੇ ਅਚਾਨਕ ਘਰ ਮੁੜ ਆਉਂਦਾ ਹੈ ਜਾਂ ਉਸ ਦੀ ਕੋਈ ਖਬਰ ਆ ਜਾਂਦੀ ਹੈ। ਇਹ ਦਿਨ ਤਾਂ ਸਾਡੇ ਹੀ ਹੱਥੋਂ ਮਾਰੇ ਭਾਵ ਅਸੀਂ ਹੀ ਤਾਂ ਕਤਲ ਕੀਤੇ ਹਨ ਇਹ ਕਿੱਥੋਂ ਮੁੜ ਆਉਣਗੇ। ਨਾ ਇਹ ਅੱਜ ਅਤੇ ਨਾ ਹੀ ਸਦੀਆਂ ਬਾਅਦ ਵੀ ਮੁੜ ਸਕਦੇ। ਇਸ ਤਰ੍ਹਾਂ ਇਹ ਕਵਿਤਾ ਉਨ੍ਹਾਂ ਦੁਖਦਾਈ ਦਿਨਾਂ ਦੀ ਵਾਪਸੀ ਬਾਰੇ ਸੋਚ ਦੀ ਨਜ਼ਮ ਹੈ ਜਿਨ੍ਹਾਂ ਨੂੰ ਹੁਣ ਨਾ ਵਾਪਸ ਹੀ ਬੁਲਾਇਆ ਜਾ ਸਕਦਾ ਹੈ ਤੇ ਨਾ ਹੀ ਉਨ੍ਹਾਂ ਤੱਕ ਪਹੁੰਚਿਆ ਜਾ ਸਕਦਾ ਹੈ।
'ਗ਼ਜ਼ਲ' ਸੁਰਜੀਤ ਪਾਤਰ ਦੀ ਰਚਨਾ ਹੈ। ਸੁਰਜੀਤ ਪਾਤਰ ਪੰਜਾਬੀ ਸਾਹਿਤ ਵਿੱਚ ਗ਼ਜ਼ਲਗੋ ਦੇ ਤੌਰ ਤੇ ਖਾਸ ਪਹਿਚਾਣ ਰਖਦਾ ਹੈ। ਇਹ ਗ਼ਜ਼ਲ ਸਮਕਾਲੀ ਸਮਾਜ ਦੀ ਸਥਿਤੀ ਨਾਲ ਸੰਬੰਧਤ ਹੈ। ਇਸ ਗ਼ਜ਼ਲ ਵਿੱਚ ਸ਼ਾਇਰ ਦੀ ਅਵਾਜ਼ ਦੀ ਤਾਕਤ ਅਤੇ ਉਸ ਦੇ ਬੋਲਾਂ ਤੋਂ ਬੇਚੈਨ ਹੋਣ ਵਾਲੀ ਸਥਾਪਤੀ ਦੇ ਪ੍ਰਤੀਕਰਮ ਨੂੰ ਇਤਰਾਜ਼ ਹੈ ਕਿਉਂਕਿ ਸੱਚ ਸਥਾਪਤੀ ਨੂੰ ਬਰਦਾਸ਼ਤ ਨਹੀਂ। ਇਹ ਨਾ ਹੋਵੇ ਕਿ ਉਸ ਦੇ ਬੋਲ ਸੁਣ ਕੇ ਸੀਨੇ-ਵਿੰਨ੍ਹਵੇਂ ਸਾਜ਼ ਵਾਲੇ ਲੋਕ ਆ ਜਾਣ। ਤੂੰ ਖਾਮੋਸ਼ ਰਹਿ ਕਿਉਂਕਿ ਇਨ੍ਹਾਂ ਬੋਲਾਂ ਤੋਂ ਤੇਰੇ ਦਿਲ 'ਚ ਕੀ ਹੈ ਸਭ ਨੂੰ ਪਤਾ ਲਗ ਜਾਵੇਗਾ ਤੇ ਰਾਤ ਦੇ ਹਾਕਮ ਪਰੇਸ਼ਾਨ ਹੋ ਜਾਣਗੇ, ਉਹ ਰਾਜ ਜੋ ਰਾਜ ਹੈ ਸਭ ਨੂੰ ਪਤਾ ਲੱਗ ਜਾਵੇਗਾ ਤੇ ਕਈ ਇਹ ਬਿਲਕੁਲ ਨਹੀਂ ਚਾਹੁੰਦੇ। ਇਹ ਨਾ ਹੋ ਜਾਵੇ ਕਿ ਸੱਚ ਬੋਲਣ ਲਈ, ਰੋਸ਼ਨੀ ਫੈਲਾਉਣ ਲਈ ਸਨਮਾਨਿਤ ਕਰਨ ਦੀ ਬਜਾਇ ਸਥਾਪਤੀ ਉਸ ਅਵਾਜ਼ ਨੂੰ ਬੰਦ ਕਰ ਦੇਣ ਦਾ ਯਤਨ ਕਰੇ ਕਿਉਂਕਿ ਉਸ ਨੂੰ ਇਨ੍ਹਾਂ ਬੋਲਾਂ ਤੋਂ ਡਰ ਲਗਦਾ ਹੈ। ਇਹੀ ਅਜੋਕੇ ਸਮੇਂ ਦਾ ਸੱਚ ਹੈ।
ਮੋਹਨਜੀਤ ਨੇ ਆਧੁਨਿਕ ਪੰਜਾਬੀ ਕਵਿਤਾ ਵਿੱਚ ਆਪਣੀ ਨਵੀਂ ਪਹਿਚਾਣ ਸਥਾਪਿਤ ਕੀਤੀ ਹੈ। ਮੋਹਨਜੀਤ ਦੀਆਂ ਦੋ ਕਵਿਤਾਵਾਂ "ਕਾਵਿ-ਯਾਤਰਾ" ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ। ਪਹਿਲੀ ਕਵਿਤਾ ਹੈ 'ਮਾਂ'। ਕਵਿਤਾ 'ਮਾਂ'' ਵਿੱਚ ਮਾਂ, ਗੀਤ, ਸੰਗੀਤ ਅਤੇ ਜ਼ਿੰਦਗੀ ਦੀ ਗੱਲ ਕੀਤੀ ਗਈ ਹੈ। ਕਵੀ ਗੀਤ ਦੀ ਨਿਆਈਂ ਕਹਿੰਦਾ ਹੈ ਕਿ ਉਸ ਦੀ ਪੈਦਾਇਸ਼ ਉਸ ਮਿੱਟੀ ਵਿੱਚੋਂ ਹੋਈ ਹੈ ਜਿਸ ਵਿੱਚੋਂ ਮਾਂ ਦੀ ਸੋਚ ਤੋਂ ਉਸ ਗੀਤ ਨੂੰ ਵਿਚਾਰਦਾ। ਮਾਂ ਗੀਤ ਨੂੰ ਛੂੰਹਦੀ ਤਾਂ ਫੁੱਲ ਬਣ ਜਾਂਦੇ। ਗੀਤ ਉਹਦੇ ਮੱਥੇ ਨੂੰ ਛੂੰਹਦੇ ਤਾਂ ਸਵੇਰ ਹੋ ਜਾਂਦੀ ਅਤੇ ਗੀਤ ਉਸ ਨਾਲ ਗਲਵੱਕੜੀ ਪਾਉਂਦੇ ਤਾਂ ਰਾਤ ਪੈ ਜਾਂਦੀ, ਚੰਨ ਚੜ੍ਹ ਜਾਂਦਾ। ਮਾਂ ਦੇ ਗੀਤ ਇੱਕ ਦੂਜੇ ਵਿੱਚ ਇਤਨੇ ਰਚਮਿਚ ਗਏ ਕਿ ਪਤਾ ਨਹੀਂ ਲਗਦਾ ਕਿ ਗੀਤ ਦਾ ਕਿਹੜਾ ਹਿੱਸਾ ਗੀਤ ਦਾ ਸੀ ਤੇ ਕਿਹੜਾ ਮਾਂ ਦਾ। ਮਾਂ ਦੇ ਗੁਨਗੁਨਾਉਣ ਨਾਲ ਸ਼ਬਦ ਰੁਣਝੁਣ ਲਾਉਂਦੇ ਤੇ ਤੁਰਨ ਨਾਲ ਲੈਅ ਬਣ ਜਾਂਦੀ। ਮਾਂ ਤਾਂ ਬੜੀ ਸਾਦੀ ਜਿਹੀ ਹੈ, ਉਹ ਬਹੁਤ ਗੂੜ੍ਹ-ਗਿਆਨੀ ਨਹੀਂ, ਉਹ ਤਾਂ ਬਹੁਤੇ ਸਾਜ਼ਾਂ ਦੇ ਨਾਂ ਵੀ ਨਹੀਂ ਜਾਣਦੀ। ਬਸ ਬੰਸਰੀ, ਅਲਗੋਜ਼ਾ ਅਤੇ ਬਾਬੇ ਦੇ ਹੱਥ 'ਚ ਰਬਾਬ। ਲੋਰੀ ਨਾਲ ਵੱਜਣ ਵਾਲੇ ਅਤੇ ਹਉਕੇ ਦੀ ਹੂਕ ਤੋਂ ਬਣੇ ਸਾਜ਼ਾਂ ਬਾਰੇ ਉਸ ਨੂੰ ਬਿਲਕੁਲ ਨਹੀਂ ਪਤਾ। ਉਹ ਤਾਂ ਵਿਚਾਰੀ ਚਰਖਾ ਕੱਤਦੀ ਸੌਂ ਜਾਂਦੀ ਅਤੇ ਉੱਠਦੀ ਤਾਂ ਚੱਕੀ ਪੀਹਣ ਲੱਗ ਪੈਂਦੀ। ਬਸ ਤਾਰਿਆਂ ਨੂੰ ਵੇਖ ਪਰਦੇਸੀ ਪਤੀ ਦੀ ਉਡੀਕ ਕਰਦੀ। ਮਾਂ ਮੇਰੇ ਚਿੱਤ `ਚ ਹਰ ਸਮੇਂ ਗੀਤ ਦੀ ਤਰ੍ਹਾਂ ਘੁੰਮਦੀ, ਵਸਦੀ। ਕਵੀ ਕਹਿੰਦਾ ਹੈ ਕਿ ਮੈਂ ਜਿਹੜਾ ਵੱਡਾ ਸ਼ਾਸਤਰੀ ਬਣੀ ਫਿਰਦਾ ਹਾਂ, ਬਸ ਇਹੀ ਸੱਚ ਜਾਣਦਾ ਹਾਂ ਕਿ ਮੇਰੀ ਮਾਂ ਸਾਹ ਲੈਂਦੀ ਤਾਂ ਮੇਰਾ ਰੱਬ ਜੀਉਂਦਾ।
'ਮੇਰੇ ਮਹਿਰਮਾ' ਕਵਿਤਾ ਮੋਹਨਜੀਤ ਦੀ ਲਿਖੀ ਅਗਲੀ ਕਵਿਤਾ ਹੈ ਜੋ ਸਾਡੀ ਪਾਠ ਪੁਸਤਕ ਵਿੱਚ ਸ਼ਾਮਿਲ ਹੈ। 'ਮੇਰੇ ਮਹਿਰਮਾ' ਗੀਤ ਵਿਚਲੇ ਵਿਸ਼ੇ ਨੂੰ ਦੋ ਤਰ੍ਹਾਂ ਨਾਲ ਵਿਚਾਰਿਆ ਜਾ ਸਕਦਾ ਹੈ। ਇੱਕ ਤਾਂ ਦੁਨਿਆਵੀ ਪੱਧਰ 'ਤੇ ਅਤੇ ਦੂਜਾ ਅਧਿਆਤਮਕ ਪੱਧਰ 'ਤੇ। ਗੀਤ ਦੀ ਨਾਇਕਾ ਆਪਣੇ ਪਤੀ-ਪਰਮੇਸ਼ਵਰ ਤੋਂ ਵਿਛੜੀ ਹੋਈ ਹੈ, ਉਹਦਾ
ਰਾਹ ਵੇਖਦੀ ਹੈ, ਬੂਹੇ 'ਚ ਦੀਵਾ ਬਾਲਦੀ ਅਤੇ ਇੱਕ ਉਡੀਕ ਦੀ ਜੋਤ ਉਹਦੇ ਮਨ 'ਚ ਵੀ ਜਾਗਦੀ ਹੈ। ਤਿੰਨੋਂ ਪਹਿਰ ਉਹਦਾ ਇੰਤਜ਼ਾਰ ਕਰਦੀ ਹੈ ਪਰ ਸ਼ਾਮ ਨੂੰ ਉਹਦੀ ਯਾਦ ਵਧੇਰੇ ਸਤਾਉਂਦੀ ਹੈ। ਦੁਨੀਆਂ ਵਿਚਲੇ ਇਸ ਕੋਰੇ ਮੋਹ ਵਿੱਚ ਫਸੀ ਉਹ ਬਾਰ-ਬਾਰ ਭਰਮਾਈ ਜਾਂਦੀ ਹੈ। ਉਹਦੀ ਰੂਹ ਬਾਰ-ਬਾਰ ਦੁਨਿਆਵੀ ਗੱਲਾਂ ਵਿੱਚ ਫਸ ਕੇ ਸੱਚੇ ਪ੍ਰਮਾਤਮਾ ਨੂੰ ਭੁੱਲ ਜਾਂਦੀ ਹੈ। ਇਸ ਪਾਰ ਜ਼ਿੰਦਗੀ, ਉਸ ਪਾਰ ਬੰਦਗੀ ਤੇ ਵਿਚਕਾਰ ਦੁਨਿਆਵੀ ਬੰਧਨਾਂ ਦੀ ਅੱਗ, ਜਿਉਂ-ਜਿਉਂ ਉਹ ਇਸ ਦੁਨੀਆ ਵਿੱਚ ਗ੍ਰਸਦੀ ਜਾਂਦੀ ਹੈ ਤਿਉਂ-ਤਿਉਂ ਪ੍ਰਮਾਤਮਾ ਤੋਂ ਦੂਰ ਹੁੰਦੀ ਜਾਂਦੀ ਤੇ ਹੋਰ ਤੜਪਦੀ ਜਾਂਦੀ ਹੈ। ਇਸ ਤਰ੍ਹਾਂ ਇਹ ਗੀਤ ਮਨੁੱਖ ਦੀ ਸਮੁੱਚੀ ਜ਼ਿੰਦਗੀ ਦੀ ਨਿਰੰਤਰ ਜੱਦੋ-ਜਹਿਦ ਅਤੇ ਪਦਾਰਥਵਾਦੀ ਸਥਿਤੀ ਬਾਰੇ ਗੱਲ ਕਰਦਾ ਹੈ।
"ਕਾਵਿ-ਯਾਤਰਾ" ਪਾਠ ਪੁਸਤਕ ਦੀ ਅੰਤਮ ਕਵਿਤਰੀ ਮਨਜੀਤ ਟਿਵਾਣਾ ਅਜੋਕੇ ਕਾਵਿ ਜਗਤ ਦੀ ਜਾਣੀ-ਪਛਾਣੀ ਹਸਤਾਖਰ ਹੈ। ਨਾਰੀ ਕਾਵਿ ਦੇ ਖੇਤਰ ਵਿੱਚ ਮਨਜੀਤ ਟਿਵਾਣਾ ਦਾ ਨਾਮ ਵਿਸ਼ੇਸ਼ ਤੌਰ ਤੇ ਲਿਆ ਜਾਂਦਾ ਹੈ। ‘ਰਿਸ਼ਤਿਆਂ ਦਾ ਕੀ ਰੱਖੀਏ ਨਾਂ’ ਕਵਿਤਾ ਸਮਕਾਲੀ ਯਥਾਰਥ ਦਾ ਵਿਸ਼ਲੇਸ਼ਣ ਕਰਦੀ ਹੈ। ਕਵਿਤਰੀ ਆਪਣੇ ਆਲੇ ਦੁਆਲੇ ਦੇ ਮਾਹੌਲ ਤੋਂ ਬਹੁਤ ਉਦਾਸ ਹੈ। ਹਰ ਪਾਸੇ ਧੋਖਾ ਫਰੇਬ, ਬੇਈਮਾਨੀਆਂ ਨਜ਼ਰ ਆ ਰਹੀਆਂ ਹਨ। ਸਮਾਜਕ ਰਿਸ਼ਤਿਆਂ ਦਾ ਕੋਈ ਅਰਥ ਨਹੀਂ ਰਹਿ ਗਿਆ, ਸਮਾਜ ਹੀ ਨਹੀਂ ਪ੍ਰਕਿਰਤੀ ਉੱਤੇ ਵੀ ਇਸ ਸਾਰੇ ਮਾਹੌਲ ਦਾ ਅਸਰ ਦਿਖਾਈ ਦੇ ਰਿਹਾ ਹੈ। ਹਨੇਰੀਆਂ ਕਾਲੀਆਂ-ਬੋਲੀਆਂ ਤੇ ਡਰਾਉਣੀਆਂ ਹਨ। ਰੁੱਤਾਂ ਵੀ ਕਿਸੇ ਨਾਲ ਮੋਹ ਨਹੀਂ ਰਖਦੀਆਂ, ਉਨ੍ਹਾਂ ਦੇ ਵੀ ਕੋਈ ਅਰਥ ਨਹੀਂ ਰਹੇ, ਛਾਵਾਂ ਵੀ ਹੁਣ ਇਤਬਾਰਯੋਗ ਨਹੀਂ ਹਨ, ਰੁੱਖ ਦੇ ਹੇਠਾਂ ਹੀ ਛਾਂ ਮਰ ਗਈ ਹੈ। ਅੱਜ ਝਨਾਂ ਦਾ ਪਾਣੀ ਵੀ ਖੂਨੀ ਹੋ ਗਿਆ ਹੈ। ਹਰ ਪਾਸੇ ਨਿਰਾਸ਼ਾ ਅਤੇ ਉਦਾਸੀ ਹੈ। ਖੂਨ ਦੇ ਰਿਸ਼ਤੇ ਵੀ ਅੱਜ ਬਦਲ ਗਏ ਹਨ। ਹਰ ਪਾਸੇ ਜ਼ਹਿਰ ਫੈਲਿਆ ਹੋਇਆ ਹੈ। ਆਪਣੀ ਕਬਰ ਲਈ ਵੀ ਜਗ੍ਹਾ ਨਹੀਂ ਲੱਭ ਰਹੀ ਕਿਉਂਕਿ ਪਤਾ ਨਹੀਂ ਕਿਹੜੀ ਜਗ੍ਹਾ ਸਾਡੀ ਹੈ, ਕਿਸ ਨੂੰ ਆਪਣਾ ਕਹਿਣਾ ਹੈ। ਕਿਧਰੇ ਵੀ ਨਿਆਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਹ ਅਜਿਹੀ ਸਥਿਤੀ ਹੈ ਜਿੱਥੇ ਕੇਵਲ ਸਮਾਜਕ ਸੰਬੰਧ ਹੀ ਨਹੀਂ ਪ੍ਰਕਿਰਤੀ ਅਤੇ ਸੰਸਕ੍ਰਿਤੀ ਵੀ ਆਪਣੇ ਅਰਥ ਗੁਆ ਬੈਠੀ ਹੈ।
ਕਵਿਤਾ 'ਜ਼ਰਾ ਸੋਚੋ' ਮਨਜੀਤ ਟਿਵਾਣਾ ਦੀ ਬਹੁਤ ਗਹਿਰੀ ਸੋਚ ਵਾਲੀ ਵਿਸ਼ਲੇਸ਼ਣਾਤਮਕ ਕਵਿਤਾ ਹੈ। ਕਵਿਤਾ ਆਪਣੇ ਸਿਰਲੇਖ ਦੀ ਨਿਆਈਂ ਸੋਚਣ ਲਈ ਮਜਬੂਰ ਕਰਦੀ ਹੈ। ਇਹ ਕਵਿਤਾ ਕਈ ਅਰਥ ਦੇਣ ਵਾਲੀ ਕਹੀ ਜਾ ਸਕਦੀ ਹੈ। ਇਹ ਕਵਿਤਾ ਸਮਾਜ, ਰਾਜਨੀਤੀ ਅਤੇ ਸੱਭਿਆਚਾਰ ਦੀ ਵਰਤਮਾਨ ਸਥਿਤੀ ਦਾ ਵਿਸ਼ਲੇਸ਼ਣ ਕਰਦੀ ਹੈ। ਇਸ ਸਥਿਤੀ ਤੋਂ ਪੈਦਾ ਹੋਏ ਬੋਧ ਨੂੰ ਪੇਸ਼ ਕਰਦੀ ਹੈ। ਕਵਿਤਰੀ ਕਹਿੰਦੀ ਹੈ ਕਿ ਜੇ ਹਰ ਪਾਸੇ ਹਨੇਰਾ ਹੋ ਜਾਵੇ, ਰਾਹ ਦਿਖਾਣ ਵਾਲੇ ਚੰਨ ਤੇ ਸੂਰਜ ਵੀ ਅੰਨ੍ਹੇ ਹੋ ਜਾਣ ਤਾਂ ਫੇਰ ਰਾਹ ਕੌਣ ਦਿਖਾਵੇਗਾ। ਬੈਠਿਆਂ ਤੇ ਦੂਰ, ਜੇ ਲੇਟਿਆਂ ਵੀ ਘਬਰਾਹਟ ਹੋਵੇ ਤਾਂ ਸਾਹ ਕਿਵੇਂ ਆਵੇਗਾ। ਜਦ ਚਿਤਾ ਦੀ ਅੱਗ ਤੇ ਹਵਨ ਦੀ ਅੱਗ ਭਾਵ ਖੁਸ਼ੀ, ਗਤੀ, ਜਨਮ, ਮਰਨ, ਸੁੱਖ, ਦੁੱਖ ਆਦਿ ਵਿੱਚ ਅੰਤਰ ਨਾ ਰਹੇਗਾ ਤਾਂ ਕੀ ਕਰੋਗੇ, ਜ਼ਰਾ ਸੋਚੋ। ਮਨੁੱਖ ਇਤਨਾ ਬੇਗੈਰਤ ਹੋ ਜਾਵੇ ਕਿ ਕੱਪੜਿਆਂ ਦਾ ਮਹੱਤਵ ਹੀ ਖਤਮ ਹੋ ਜਾਵੇ ਤਾਂ ਕੀ ਹੋਵੇਗਾ। ਇਸ ਤਰ੍ਹਾਂ ਕਵਿਤਰੀ ਕਈ ਉਦਾਹਰਨਾਂ ਲੈ ਕੇ ਸੋਚਣ ਲਈ ਮਜਬੂਰ ਕਰਦੀ ਹੈ ਅਤੇ ਬੇਨਤੀ ਵੀ ਕਰਦੀ ਹੈ ਕਿ ਬਿਨਾਂ ਦੇਖੇ, ਬਿਨਾਂ ਸੋਚੇ ਕਿੰਨੀ ਦੇਰ ਤੱਕ ਜੀਅ ਸਕੋਗੇ, ਜੇਕਰ ਸੰਭਲ ਕੇ ਨਾ ਰਹੇ ਤਾਂ ਹੱਥਾਂ ਵਿੱਚੋਂ ਸਭ ਕੁਝ ਕਿਰ ਜਾਵੇਗਾ ਤੇ ਬਾਕੀ ਕੁਝ ਨਹੀਂ ਬਚੇਗਾ। ਸਾਰੀ ਕਵਿਤਾ ਵਿੱਚ ਵੱਖ-ਵੱਖ ਉਦਾਹਰਨਾਂ ਨਾਲ ਉਹ ਇਹੀ ਬੋਧ ਕਰਾਉਣਾ ਚਾਹੁੰਦੀ ਹੈ ਮਨੁੱਖ ਨੂੰ ਇਹ ਗੱਲਾਂ ਕਿਵੇਂ ਅਸਹਾਈ ਬਣਾ ਦਿੰਦੀਆਂ ਹਨ-ਇਹ ਅਸਹਾਈ ਸੋਚ ਨੂੰ ਪੇਸ਼ ਕਰਦੀ ਇਹ ਕਵਿਤਾ ਸਾਡੀ ਵਸਤੂ-ਸਥਿਤੀ ਉੱਪਰ ਇੱਕ ਰੁਦਨ ਪੇਸ਼ ਕਰਦੀ ਹੈ।
ਸਾਨੂੰ ਪੂਰੀ ਉਮੀਦ ਹੈ ਕਿ ਸਾਥੀ ਅਧਿਆਪਕ ਆਪਣੀ ਯੋਗਤਾ ਨਾਲ ਉਪਰੋਕਤ ਸਾਰੀਆਂ ਰਚਨਾਵਾਂ ਦਾ ਵਿਸ਼ਲੇਸ਼ਣ ਹੋਰ ਵੀ ਜ਼ਿਆਦਾ ਗਹਿਰਾਈ ਨਾਲ ਕਰਨਗੇ, ਅਤੇ ਜੋ ਕਮੀਆਂ ਰਹਿ ਗਈਆਂ ਹੋਣਗੀਆਂ ਉਨ੍ਹਾਂ ਨੂੰ ਵੀ ਪੂਰਿਆਂ ਕਰਨਗੇ।
ਕਵਿਤਾ ਅਧਿਆਪਨ ਸੰਬੰਧੀ ਪਾਠ-ਯੋਜਨਾ
ਅਵਤਾਰ ਸਿੰਘ
ਅਧਿਆਪਕ ਦਾ ਨਾਂ : ਅਵਤਾਰ ਸਿੰਘ
ਜਮਾਤ : ਬਾਰ੍ਹਵੀਂ
ਵਿਸ਼ਾ : ਪੰਜਾਬੀ
ਮਿਤੀ:
ਸਮਾਂ:
ਉਪਵਿਸ਼ਾ : 'ਕੰਬਦੀ ਕਲਾਈ’ (ਭਾਈ ਵੀਰ ਸਿੰਘ ਰਚਿਤ ਕਵਿਤਾ)
ਆਪ ਉਦੇਸ਼ :
1) ਸਾਹਿਤ ਦੇ ਰੂਪ - 'ਕਵਿਤਾ' ਤੋਂ ਜਾਣੂ ਕਰਾਉਣਾ।
2) ਕਵਿਤਾ ਦੇ ਮੌਖਿਕ ਵਾਚਨ ਦੁਆਰਾ ਇਸ ਦੇ ਸੁਹਜਾਤਮਕ ਰਸ ਨੂੰ ਮਾਨਣਾ।
3) ਵਿਦਿਆਰਥੀਆਂ ਨੂੰ ਸਕੂਲ ਪਤ੍ਰਿਕਾ ਲਈ ਕਵਿਤਾ ਲਿਖਣ ਲਈ ਪ੍ਰੇਰਿਤ ਕਰਨਾ।
4) ਵਿਦਿਆਰਥੀਆਂ ਦੀ ਕਲਪਨਾਤਮਕ ਤੇ ਸਿਰਜਣਾਤਮਕ ਸ਼ਕਤੀਆਂ ਦਾ ਵਿਕਾਸ ਕਰਨਾ।
ਖਾਸ ਉਦੇਸ਼ : ਵਿਦਿਆਰਥੀਆਂ ਨੂੰ ਇਸ ਯੋਗ ਬਨਾਉਣਾ ਤਾਂ ਕਿ ਉਹ 'ਕੰਬਦੀ ਕਲਾਈ' ਕਵਿਤਾ ਦਾ ਅਰਥ ਸਮਝ ਸਕਣ ਅਤੇ ਅਧਿਆਤਮਵਾਦੀ ਰਸ ਨੂੰ ਮਾਨਣਯੋਗ ਹੋ ਸਕਣ।
1. ਵਿਦਿਆਰਥੀਆਂ ਨੂੰ ਇਸ ਯੋਗ ਬਨਾਉਣਾ ਤਾਂ ਕਿ ਉਹ ਕਵਿਤਾ 'ਕੰਬਦੀ ਕਲਾਈ’ ਦੇ ਖਾਸ ਪੈਰ੍ਹੇ ਨੂੰ ਯਾਦ ਕਰ ਸਕਣ। (ਗਿਆਨ)
2. ਵਿਦਿਆਰਥੀਆਂ ਨੂੰ ਇਸ ਯੋਗ ਬਨਾਉਣਾ ਤਾਂ ਕਿ ਉਹ ਕਵਿਤਾ ਵਿਚਲੇ ਪੇਸ਼ ਅਰਥਾਂ ਨੂੰ ਸਾਧਾਰਨ ਰੂਪ ਵਿੱਚ ਗ੍ਰਹਿਣ ਕਰ ਸਕਣ। (ਗਿਆਨ)