ਜਦੋਂ ਘਰ ਦੀ ਬਜ਼ੁਰਗ ਔਰਤ ਇਨ੍ਹਾਂ ਬੱਚਿਆਂ ਦੀ ਮਾਂ ਮਰ ਜਾਂਦੀ ਹੈ। ਵੱਡੇ ਦੋਵੇਂ ਭਰਾ ਆਪਣੀ ਹੈਸੀਅਤ ਕਾਰਨ ਮਾਂ ਦਾ ਵੱਡਾ ਕਰਨਾ ਚਾਹੁੰਦੇ ਹਨ, ਪਰ ਇਹ ਵੀ ਆਸ ਕਰਦੇ ਹਨ ਕਿ ਉਨ੍ਹਾਂ ਦਾ ਭਰਾ ਘੁੱਦੂ ਵੀ ਇਸ ਕੰਮ ਵਿੱਚ ਹਿੱਸਾ ਪਾਵੇ। ਸਾਰੇ ਜਣੇ ਪਿੰਡ ਵਿਚਲੇ ਘਰ ਵਿੱਚ ਇਕੱਠੇ ਹੁੰਦੇ ਹਨ-ਭਰਾ ਸਵਰਨ ਸਿੰਘ, ਕਰਮ ਸਿੰਘ, ਪਿਓ ਬਿਸ਼ਨ ਸਿੰਘ, ਬਚਨੋ ਤੇ ਉਸ ਦਾ ਘਰ ਵਾਲਾ ਅਤੇ ਘੁੱਦੂ (ਧਰਮ ਸਿੰਘ)। ਮਾਂ ਦਾ ਵੱਡਾ ਕਰਨ ਦਾ ਖਰਚਾ ਤੇ ਮਾਂ ਦੀ ਬੀਮਾਰੀ ਉੱਪਰ ਹੋਏ ਖਰਚੇ ਦੇ ਹਿੱਸੇ ਕਰਨ ਉਪਰ ਹੋ ਰਹੀ ਚਰਚਾ ਕਾਰਨ ਮਾਹੌਲ ਤਣਾਓ ਪੂਰਨ ਹੋ ਜਾਂਦਾ ਹੈ। ਗੱਲ ਵਧਦੀ ਵੇਖ ਕੇ ਕਰਮ ਸਿੰਘ ਵਾਤਾਵਰਨ ਸ਼ਾਂਤ ਕਰਨ ਲਈ ਗੱਲ ਨੂੰ ਘੁਮਾਉਂਦਿਆਂ ਘੁੱਦੂ ਨੂੰ ਆਖਦਾ ਹੈ ਕਿ ਉਹ ਮਾਂ ਦੇ ਫੁੱਲ ਗੰਗਾ ਲੈ ਜਾਵੇ। ਘੁੱਦੂ ਪਹਿਲਾਂ ਹੀ ਸਭ ਦੀਆਂ ਗੱਲਾਂ ਸੁਣ ਕੇ ਬਹੁਤ ਦੁਖੀ ਹੈ। ਅਨੇਕਾਂ ਵਿਚਾਰ ਉਸ ਨੂੰ ਅੰਦਰੋਂ ਛਲਣੀ ਕਰ ਰਹੇ ਸਨ। ਉਹ ਗੁੰਮ ਸੁੰਮ ਬੈਠਾ ਸਭ ਕੁਝ ਸੁਣ ਰਿਹਾ ਸੀ। ਅਚਾਨਕ ਉਸ ਨੇ ਖੜ੍ਹੇ ਹੋ ਕੇ ਕਿਹਾ, "ਵੇਖੋ ਜੀ ! ਤੁਹਾਡੇ ਤੋਂ ਕੋਈ ਗੁੱਝੀ ਛਿਪੀ ਗੱਲ ਨੀਂ ... ਆਪਾਂ ਆਂ ਮਰੋੜੇ... ਆਪਣੇ ਤੋਂ ਤਾਂ ਅਜੇ ਨ੍ਹੀਂ ਜੇ ਇਹ ਗੰਗਾ ਗੰਗਾ ਪੁੱਗਦੀਆਂ... ਉਹ ਪਲ ਭਰ ਲਈ ਰੁਕਿਆ। ਸੰਘ 'ਚ ਰੁਕਿਆ ਥੁੱਕ ਲੰਘਾਇਆ ਤੇ ਸਿਰ ਝਟਕ ਕੇ ਬੋਲਿਆ, "ਜੇ ਬਹੁਤੀ ਗੱਲ ਐ ... ਤਾਂ ਬੁੱਢੜੀ ਦੇ ਫੁੱਲ ਤੁਸੀਂ ਗੰਗਾ ਪਾ ਦਿਓ... ਤੇ ਐਹ ਬੁੱਢੜਾ ਬੈਠਾ ਤੁਹਾਡੇ ਸਾਹਮਣੇ ਜਿਉਂਦਾ ਜਾਗਦਾ...", ਉਸ ਬਿਸ਼ਨ ਸਿੰਘ ਵੱਲ ਇਸ਼ਾਰਾ ਕੀਤਾ, "ਇਹਦੇ ਮੈਂ ਕੱਲਾ ਈ ਗੰਗਾ ਪਾ ਆਉਂ ....।"
“ਸੱਚੀ ਗੱਲ ਆ... ਅਜੇ ਆਪਣੀ ਪੁੱਜਤ ਨ੍ਹੀਂ ... ਤੇ ਜੇ ਇਹ ਸੌਂਦਾ ਨ੍ਹੀਂ ਮਨਜ਼ੂਰ ਤਾਂ ਸਰਦਾਰ ਜੀ ... ਔਹ ਕਿੱਲੀ 'ਤੇ ਮੇਰੇ ਤੀਜੇ ਹਿੱਸੇ ਦੇ ਫੁੱਲ ਲਿਆ ਕੇ ਟੰਗ ਦਿਓ... ਜਦੋਂ ਮੇਰੀ ਪਹੁੰਚ ਪਈ ਮੈਂ ਆਪੇ ਪਾ ਆਉਂ...।" ਇਹ ਕਹਿ ਕੇ ਉਹ ਘਰ ਦੇ ਅੰਦਰ ਚਲਾ ਜਾਂਦਾ ਹੈ। ਇਸ ਨਾਲ ਹੀ ਕਹਾਣੀ ਦਾ ਅੰਤ ਹੋ ਜਾਂਦਾ ਹੈ। ਕਹਾਣੀ ਦੀਆਂ ਇਹ ਅੰਤਲੀਆਂ ਪੰਕਤੀਆਂ ਘੁੱਦੂ ਦੀ ਮਨੋਸਥਿਤੀ ਨੂੰ ਬਾਖੂਬੀ ਪੇਸ਼ ਕਰਦੀਆਂ ਹਨ।
ਇਹ ਕਹਾਣੀ ਸਾਡੇ ਸਮਾਜ ਉੱਪਰ ਇੱਕ ਵਿਅੰਗ ਹੈ। ਸਮਾਜ ਵਿੱਚ ਪੈਸਾ ਪ੍ਰਧਾਨ ਹੋ ਗਿਆ ਹੈ। ਸਾਰੇ ਰਿਸ਼ਤੇ ਨਾਤੇ ਅਸੀਂ ਛਿੱਕੇ 'ਤੇ ਟੰਗ ਦਿੱਤੇ ਹਨ। ਪੈਸਾ ਵੱਡਾ ਤੇ ਅਸੀਂ ਛੋਟੇ ਹੁੰਦੇ ਜਾ ਰਹੇ ਹਾਂ। ਇਹ ਕਹਾਣੀ ਰਿਸ਼ਤਿਆਂ ਵਿੱਚ ਆ ਰਹੀ ਦਰਾਰ ਨੂੰ ਵੀ ਸਹਿਜੇ ਹੀ ਪੇਸ਼ ਕਰਦੀ ਹੈ।
ਇਸ ਪੁਸਤਕ ਦੀਆਂ ਸਾਰੀਆਂ ਕਹਾਣੀਆਂ ਵਿਸ਼ੇ ਪੱਖੋਂ ਮਨੁੱਖ ਦੀ ਰੋਜ਼ਮਰਾ ਜ਼ਿੰਦਗੀ ਦੇ ਨੇੜੇ ਹਨ ਇਸ ਲਈ ਵਾਸਤਵਿਕ ਜੀਵਨ ਦਾ ਝਾਉਲਾ ਪਾਉਂਦੀਆਂ ਹਨ।