

ਸਮਕਾਲੀ ਦੌਰ ਵਿੱਚ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਜਿੱਥੇ ਬਹੁਤ ਸਾਰੇ ਨਵੇਂ ਕਹਾਣੀਕਾਰ ਕਹਾਣੀ ਰਚਨਾ ਕਰ ਰਹੇ ਹਨ ਉੱਥੇ ਪੁਰਾਣੀ ਪੀੜ੍ਹੀ ਵੀ ਆਪਣਾ ਯੋਗਦਾਨ ਪਾ ਰਹੀ ਹੈ। ਕਿਰਪਾਲ ਕਜ਼ਾਕ, ਪ੍ਰੇਮ ਗੋਰਖੀ, ਅਤਰਜੀਤ, ਗੁਰਪਾਲ ਲਿਟ, ਦਲਬੀਰ ਚੇਤਨ, ਡਾ. ਜਸਵਿੰਦਰ ਸਿੰਘ, ਸੁਖਜੀਤ, ਬਲਜਿੰਦਰ ਨਸਰਾਲੀ, ਬਲਵਿੰਦਰ ਗਰੇਵਾਲ, ਜਸਬੀਰ ਤੇ ਸਾਂਵਲ ਧਾਮੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਹਾਣੀਕਾਰ ਕਹਾਣੀ ਰਚਨਾ ਕਰ ਰਹੇ ਹਨ।
ਆਧੁਨਿਕ ਪੰਜਾਬੀ ਨਾਟਕ
ਨਾਟਕ ਦੂਸਰੇ ਸਾਹਿਤ ਦੇ ਮੁਕਾਬਲੇ ਇੱਕ ਵੱਖਰੀ ਤਰ੍ਹਾਂ ਦੀ ਸਾਹਿਤ ਵਿਧਾ ਹੈ। ਇੱਕ ਜਟਿਲ ਤੇ ਮਿਸ਼ਰਤ ਪ੍ਰਕਿਰਤੀ ਵਾਲੀ ਕਲਾ ਹੈ। ਨਾਟਕ ਸਾਹਿਤ ਹੋਣ ਦੇ ਨਾਲ-ਨਾਲ ਇੱਕ ਰੰਗਮੰਚੀ ਕਲਾ ਹੈ। ਸਫ਼ਲ ਨਾਟਕ ਉਸੇ ਨੂੰ ਹੀ ਸਮਝਿਆ ਜਾਂਦਾ ਹੈ ਜਿਸ ਨੂੰ ਸਫ਼ਲਤਾਪੂਰਵਕ ਰੰਗਮੰਚ 'ਤੇ ਖੇਡਿਆ ਜਾ ਸਕਦਾ ਹੋਵੇ। ਨਾਟਕ ਇੱਕ ਅਜਿਹਾ ਸਾਹਿਤ ਰੂਪਾਕਾਰ ਹੈ ਜੋ ਵਾਰਤਾਲਾਪਾਂ ਵਿੱਚ ਲਿਖਿਆ ਜਾਂਦਾ ਹੈ। ਸਾਡੇ ਆਲੋਚਕ ਨਾਟਕ ਦੇ ਮੁੱਢ ਵਿੱਚ ਜੜ੍ਹਾਂ ਵੈਦਿਕ ਕਾਲ ਵਿੱਚ ਰਚੇ ਸੰਸਕ੍ਰਿਤ ਨਾਟਕ ਤੱਕ ਲੈ ਜਾਂਦੇ। ਪੱਚੀ ਸੌ ਸਾਲ ਪਹਿਲੇ ਰਚਿਆ ਭਰਤ ਮੁਨੀ ਦਾ 'ਨਾਟਯ ਸ਼ਾਸਤਰ' ਸੰਸਕ੍ਰਿਤ ਨਾਟਕ ਦੇ ਸਿਧਾਂਤ ਬਾਰੇ ਚਰਚਾ ਕਰਦਾ ਹੈ। ਸੰਸਕ੍ਰਿਤ ਨਾਟਕ ਤੇ ਆਧੁਨਿਕ ਪੰਜਾਬੀ ਨਾਟਕ ਵਿੱਚ ਕੋਈ ਸਿੱਧਾ ਰਿਸ਼ਤਾ ਸਥਾਪਤ ਕਰਨ ਲਈ ਸਾਡੇ ਕੋਲ ਪ੍ਰਮਾਣਿਕ ਵੇਰਵੇ ਨਹੀਂ ਹਨ। ਨਾਟਕ ਨਾਲ ਸੰਬੰਧਤ ਦੂਸਰੀ ਪਰੰਪਰਾ ਲੋਕ-ਨਾਟ ਦੀ ਹੈ। ਲੋਕ ਨਾਟ ਪਰੰਪਰਾ ਵਿੱਚ ਨਕਲਾਂ, ਤਮਾਸ਼ੇ, ਰਾਮ ਲੀਲ੍ਹਾ, ਰਾਸ ਲੀਲ੍ਹਾ, ਪੁਤਲੀ-ਨਾਚ ਆਦਿ ਆ ਜਾਂਦੇ ਹਨ। ਇਹ ਵਿਚਾਰ ਤਰਕ ਸੰਗਤ ਨਹੀਂ ਕਿ ਲੋਕ ਨਾਟਕ ਨੇ ਹੀ ਆਧੁਨਿਕ ਪੰਜਾਬੀ ਨਾਟਕ ਨੂੰ ਜਨਮ ਦਿੱਤਾ।
ਆਧੁਨਿਕ ਪੰਜਾਬੀ ਨਾਟਕ ਦੇ ਜਨਮ ਪਿੱਛੇ ਪੰਜਾਬ ਉੱਤੇ ਅੰਗ੍ਰੇਜ਼ੀ ਸਾਮਰਾਜ ਦੀ ਸਥਾਪਤੀ ਤੋਂ ਬਾਦ ਦੀਆਂ ਪੈਦਾ ਹੋਈਆਂ ਸਥਿਤੀਆਂ ਵੱਧ ਜ਼ਿੰਮੇਵਾਰ ਹਨ। ਸਕੂਲਾਂ, ਕਾਲਜਾਂ ਦੀ ਸਥਾਪਤੀ ਨਾਲ ਵਿੱਦਿਆ ਪ੍ਰਸਾਰ ਦਾ ਕੰਮ ਸ਼ੁਰੂ ਹੋਇਆ। ਇਸ ਨੇ ਪਾਠ-ਪੁਸਤਕਾਂ ਦੀ ਮੰਗ ਨੂੰ ਪੈਦਾ ਕੀਤਾ। ਦੂਸਰਾ ਈਸਾਈ ਮਿਸ਼ਨਰੀਆਂ ਦੇ ਧਰਮ ਪ੍ਰਚਾਰ ਨੇ ਪਾਰਸੀ ਥੀਏਟਰੀਕਲ ਕੰਪਨੀ ਨੇ ਪੰਜਾਬੀ ਰੰਗਮੰਚ ਲਈ ਮੁੱਢਲੀ ਜ਼ਮੀਨ ਤਿਆਰ ਕੀਤੀ। ਡਾ. ਚਰਨ ਸਿੰਘ ਨੇ ਕਾਲੀਦਾਸ ਦੇ ਨਾਟਕ 'ਸ਼ਕੁੰਤਲਾ' ਦਾ ਪੰਜਾਬੀ ਅਨੁਵਾਦ ਕੀਤਾ। ਇਸ ਤੋਂ ਬਾਦ ਮਾਨ ਸਿੰਘ ਨੇ ਕਾਲੀਦਾਸ ਦੇ ਨਾਟਕ 'ਵਿਕ੍ਰੋਮੋਰਵਸ਼ੀ ਦਾ, ਬਲਵੰਤ ਸਿੰਘ ਤੇ ਨਰੈਣ ਸਿੰਘ ਨੇ ਸ਼ੈਕਸਪੀਅਰ ਦੇ ਨਾਟਕ 'ਕਿੰਗ ਲੀਅਰ' ਦਾ ਪੰਜਾਬੀ ਅਨੁਵਾਦ ਕੀਤਾ। ਸੋ ਪੰਜਾਬੀ ਨਾਟਕ ਦਾ ਮੁੱਢ ਅਨੁਵਾਦਤ ਨਾਟਕ ਨਾਲ ਬੱਝਦਾ ਹੈ।
ਮੁੱਢਲੇ ਦੌਰ ਵਿੱਚ ਬਹੁਤ ਸਾਰਾ ਨਾਟਕ ਲਿਖਿਆ ਗਿਆ। ਪਰ ਤਕਨੀਕੀ ਤੇ ਰੰਗਮੰਚੀ ਊਣਾਂ ਕਰਕੇ ਆਲੋਚਕਾਂ ਨੇ ਇਸ ਨੂੰ ਆਧੁਨਿਕ ਵਜੋਂ ਪੂਰੀ ਤਰ੍ਹਾਂ ਨਹੀਂ ਪ੍ਰਵਾਨਿਆ। ਭਾਈ ਵੀਰ ਸਿੰਘ ਦਾ 'ਰਾਜਾ ਲੱਖਦਾਤਾ ਸਿੰਘ ਪੰਜਾਬੀ ਦੇ ਮੁੱਢਲੇ ਮੌਲਿਕ ਨਾਟਕਾਂ ਵਿਚੋਂ ਇੱਕ ਹੈ। ਧਾਰਮਕ ਸੁਧਾਰਵਾਦੀ ਦ੍ਰਿਸ਼ਟੀ ਤੋਂ ਲਿਖੇ ਇਸ ਨਾਟਕ ਵਿੱਚ ਤਕਨੀਕੀ ਪੱਖੋਂ ਕਈ ਘਾਟਾਂ ਸਨ। ਭਾਈ ਵੀਰ ਸਿੰਘ ਤੋਂ ਬਾਦ ਗਿਆਨੀ ਦਿੱਤ ਸਿੰਘ, ਬਾਵਾ ਬੁੱਧ ਸਿੰਘ, ਲਾਲਾ ਕਿਰਪਾ ਸਾਗਰ ਤੇ ਬ੍ਰਿਜ ਲਾਲ ਸ਼ਾਸਤਰੀ ਆਦਿ ਪੰਜਾਬੀ ਲੇਖਕਾਂ ਨੇ ਪੰਜਾਬੀ ਨਾਟਕ ਦਾ ਮੁੱਢ ਤਾਂ ਬੰਨ੍ਹਿਆ ਪਰ ਇਹਨਾਂ ਦੇ ਨਾਟਕ ਤਕਨੀਕੀ ਪੱਖੋਂ ਊਣਤਾਈਆਂ ਤੋਂ ਮੁਕਤ ਨਹੀਂ ਹੋ ਸਕੇ।
ਆਧੁਨਿਕ ਪੰਜਾਬੀ ਨਾਟਕ ਦਾ ਅਸਲ ਮੋਢੀ ਈਸ਼ਵਰ ਚੰਦਰ ਨੰਦਾ ਨੂੰ ਮੰਨਿਆ ਜਾਂਦਾ ਹੈ। ਉਸ ਨੇ 1913 ਈ. ਵਿੱਚ ਤਕਨੀਕੀ ਪੱਖੋਂ ਪਹਿਲਾ ਸਫ਼ਲ ਇਕਾਂਗੀ 'ਸੁਹਾਗ' ਲਿਖਿਆ। ਪੰਜਾਬੀ ਨਾਟਕ ਦੇ ਉਤਪਤੀ ਤੇ ਵਿਕਾਸ ਵਿੱਚ ਇੱਕ ਵੱਡਾ ਯੋਗ ਆਇਰਸ਼ ਔਰਤ ਨੋਰਾ ਰਿਚਰਡਜ਼ ਦਾ ਹੈ ਜਿਸ ਦੀ ਪ੍ਰੇਰਨਾ ਕਾਰਨ ਹੀ ਈਸ਼ਵਰ ਚੰਦਰ ਨੰਦਾ ਰਾਹੀਂ ਯਥਾਰਥਵਾਦੀ ਨਾਟਕ ਲਿਖਣ ਦੀ ਪਿਰਤ ਪੈਂਦੀ ਹੈ। ਨੰਦਾ ਨੇ 'ਵਰ ਘਰ', 'ਸੋਸ਼ਲ ਸਰਕਲ, ‘ਸਾਮੂ ਸ਼ਾਹ ਆਦਿ ਪੂਰੇ ਨਾਟਕ ਲਿਖੇ। ਇਸ ਤੋਂ ਇਲਾਵਾ 'ਝਲਕਾਰੇ', 'ਲਿਸ਼ਕਾਰੇ’ ਤੇ ‘ਚਮਕਾਰੇ' ਨਾਂ ਹੇਠ ਤਿੰਨ ਇਕਾਂਗੀ ਸੰਗ੍ਰਹਿ