

ਪੰਜਾਬੀ ਸਫ਼ਰਨਾਮਾ ਦਾ ਅਰੰਭ 1926 ਈ. ਵਿੱਚ ਲਾਲ ਸਿੰਘ ਕਮਲਾ ਅਕਾਲੀ ਦੇ 'ਮੇਰਾ ਵਲੈਤੀ ਸਫ਼ਰਨਾਮਾ' ਨਾਲ ਹੋ ਜਾਂਦਾ ਹੈ। ਇਸ ਤੋਂ ਬਾਦ ਐਸ.ਐਸ. ਅਮੋਲ ਦਾ 'ਪੈਰਿਸ ਵਿੱਚ ਇੱਕ ਭਾਰਤੀ’, ਬਲਰਾਜ ਸਾਹਨੀ ਦਾ 'ਮੇਰਾ ਪਾਕਿਸਤਾਨੀ ਸਫ਼ਰਨਾਮਾ’, ਬਲਵੰਤ ਗਾਰਗੀ ਦਾ 'ਪਾਤਾਲ ਦੀ ਧਰਤੀ’ ਆਦਿ ਅਨੇਕਾਂ ਸਫ਼ਰਨਾਮੇ ਹੋਂਦ ਵਿੱਚ ਆਉਂਦੇ ਹਨ। ਮੌਜੂਦਾ ਦੌਰ ਵਿੱਚ ਯੂਰਪੀ ਦੇਸ਼ਾਂ ਬਾਰੇ ਅਨੇਕਾਂ ਸਫ਼ਰਨਾਮੇ ਲਿਖੇ ਹੋਏ ਮਿਲਦੇ ਤੇ ਇਨ੍ਹਾਂ ਦੀ ਨਿਰੰਤਰ ਸਿਰਜਣਾ ਜਾਰੀ ਹੈ।
ਜੀਵਨੀ ਤੇ ਸਵੈ-ਜੀਵਨੀ ਵਾਰਤਕ ਦੀਆਂ ਦੋ ਹੋਰ ਮੁੱਖ ਵੰਨਗੀਆਂ ਹਨ। ਪੰਜਾਬੀ ਦੀ ਪਹਿਲੀ ਸਾਹਿਤਕ ਸਵੈ ਜੀਵਨੀ ਪ੍ਰਿੰ. ਤੇਜਾ ਸਿੰਘ ਦੀ 'ਆਰਸੀ' ਨੂੰ ਮੰਨਿਆ ਜਾਂਦਾ ਹੈ। ਉਸ ਤੋਂ ਬਾਦ ਨਾਨਕ ਸਿੰਘ ਦੀ 'ਮੇਰੀ ਦੁਨੀਆਂ', ਬਲਰਾਜ ਸਾਹਨੀ ਦੀ 'ਮੇਰੀ ਫਿਲਮੀ ਆਤਮਕਥਾ', ਅੰਮ੍ਰਿਤਾ ਪ੍ਰੀਤਮ ਦੀ 'ਰਸੀਦੀ ਟਿਕਟ', ਅਜੀਤ ਕੌਰ ਦੀ 'ਕੂੜਾ ਕਬਾੜਾ', ਸਰਦਾਰਾ ਸਿੰਘ ਜੌਹਲ ਦੀ ‘ਰੰਗਾਂ ਦੀ ਗਾਗਰ', ਹਰਿਭਜਨ ਸਿੰਘ ਦੀ 'ਚੋਲਾ ਟਾਕੀਆਂ ਵਾਲਾ' ਤੋਂ ਇਲਾਵਾ ਅਨੇਕਾਂ ਹੋਰ ਲੇਖਕਾਂ ਨੇ ਸਵੈ ਜੀਵਨੀਆਂ ਦੀ ਰਚਨਾ ਕੀਤੀ ਹੈ।
ਜੀਵਨ ਸਾਹਿਤ ਦਾ ਅਰੰਭ ਇੱਕ ਤਰ੍ਹਾਂ ਨਾਲ ਸਾਖੀ ਸਾਹਿਤ ਤੋਂ ਹੀ ਹੋ ਜਾਂਦਾ ਹੈ। ਜੀਵਨੀ ਕਿਸੇ ਇਤਿਹਾਸਕ ਮਹੱਤਵ ਵਾਲੇ ਵਿਅਕਤੀ ਦੀ ਹੀ ਲਿਖੀ ਜਾਂਦੀ ਹੈ। ਰੇਖਾ ਚਿੱਤਰ ਇੱਕ ਵਾਰਤਕ ਵੰਨਗੀ ਹੈ-ਜਿਸ ਵਿੱਚ ਕਿਸੇ ਵਿਅਕਤੀ ਦੀ ਸ਼ਖਸੀਅਤ ਦੇ ਨਿਵੇਕਲੇ ਪੱਖਾਂ ਨੂੰ ਰੋਚਕ ਤੇ ਸੰਖੇਪ ਸ਼ੈਲੀ ਵਿੱਚ ਪੇਸ਼ ਕੀਤਾ ਜਾਂਦਾ ਹੈ। ਬਲਵੰਤ ਗਾਰਗੀ ਨੇ 'ਨਿੰਮ ਦੇ ਪੱਤੇ, 'ਸੁਰਮੇ ਵਾਲੀ ਅੱਖ', 'ਕੌਡੀਆਂ ਵਾਲਾ ਸੱਪ’ ਰਾਹੀਂ ਪੰਜਾਬੀ ਰੇਖਾ ਚਿੱਤਰ ਦਾ ਮੁੱਢ ਬੰਨ੍ਹਿਆ। ਕੁਲਬੀਰ ਕਾਂਗ ਨੇ 'ਬੰਦਲਾਂ ਦੇ ਰੰਗ', 'ਪੱਥਰ ਲੀਕਾਂ’, 'ਸਿਰਨਾਵੇਂ ਮਿੱਤਰਾਂ ਦੇ' ਆਦਿ ਸਿਰਲੇਖਾਂ ਹੇਠ ਰੇਖਾ ਚਿੱਤਰ ਦੀਆਂ ਪੁਸਤਕਾਂ ਲਿਖੀਆਂ। ਅਜੀਤ ਕੌਰ ਨੇ 'ਤਕੀਏ ਦਾ ਪੀਰ', ਗੁਰਬਚਨ ਨੇ 'ਸਾਹਿਤ ਦੇ ਸਿਕੰਦਰ’ ਦੀ ਰਚਨਾ ਨਾਲ ਪੰਜਾਬੀ ਰੇਖਾ ਚਿੱਤਰ ਵਿੱਚ ਯੋਗਦਾਨ ਪਾਇਆ।
ਪੰਜਾਬੀ ਵਾਰਤਕ ਦੀ ਸ਼ੁਰੂਆਤ ਧਾਰਮਿਕ ਵਿਸ਼ਿਆਂ ਨਾਲ ਹੋਈ। ਹੌਲੀ-ਹੌਲੀ ਇਸ ਦਾ ਖੇਤਰ ਵਿਸ਼ਾਲ ਹੁੰਦਾ ਗਿਆ। ਅਜੋਕੇ ਦੌਰ ਵਿੱਚ ਵਾਰਤਕ ਵਿਗਿਆਨਕ ਤਰਕਮਈ ਖੇਤਰ ਵਿੱਚ ਦਾਖਲ ਹੋ ਚੁੱਕਾ ਹੈ। ਵਾਰਤਕ ਦੀਆਂ ਵੱਖ-ਵੱਖ ਵੰਨਗੀਆਂ ਲੇਖ, ਨਿਬੰਧ, ਜੀਵਨੀ, ਸਵੈ ਜੀਵਨੀ, ਰੇਖਾ ਆਦਿ ਵਿੱਚ ਲਗਾਤਾਰ ਸਾਹਿਤ ਸਿਰਜਣਾ ਹੋ ਰਹੀ ਹੈ।
ਸਹਾਇਕ ਪੁਸਤਕਾਂ
1. ਡਾ. ਜਗਬੀਰ ਸਿੰਘ, "ਪੰਜਾਬੀ ਸਾਹਿਤ ਦਾ ਇਤਿਹਾਸ", ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1995
2. ਡਾ. ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ ਤੇ ਡਾ. ਗੋਬਿੰਦ ਸਿੰਘ ਲਾਂਭਾ, "ਪੰਜਾਬੀ ਸਾਹਿਤ ਦੀ ਉਤਪਤੀ ਦੇ ਵਿਕਾਸ", ਲਾਹੌਰ ਬੁਕ ਸ਼ਾਪ, ਲੁਧਿਆਣਾ, 2004
3. ਡਾ. ਜਸਵਿੰਦਰ ਸਿੰਘ ਤੇ ਮਾਨ ਸਿੰਘ ਢੀਂਡਸਾ, "ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ", ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
4. ਸਤੀਸ਼ ਕੁਮਾਰ ਵਰਮਾ, "ਪੰਜਾਬੀ ਨਾਟਕ ਦਾ ਇਤਿਹਾਸ", ਪੰਜਾਬੀ ਅਕਾਦਮੀ, ਦਿੱਲੀ, 2005