ਸ਼ੀਸ਼ਾ
ਤਾਹਿਰਾ ਸਰਾ
ਸਾਰਨੀ
ਸੁਖ਼ਨ ਜਿਨ੍ਹਾਂ ਦਾ ਦਾਰੂ ਹੋਵੇ -ਤਾਹਿਰਾ ਸਰਾ
ਨੂਰੀ ਸ਼ਾਇਰੀ ਦਾ ਚਸ਼ਮਾ: ਤਾਹਿਰਾ ਸਰਾ -ਤਰਲੋਕ ਬੀਰ
---------------------------------------------
ਗ਼ਜ਼ਲਾਂ
ਪਹਿਲੀ ਗੱਲ ਕਿ
ਭਾਵੇਂ ਉਹਦੇ ਸਾਹਵੇਂ
ਜਾ ਨੀ ਪਿੱਛਲ ਪੈਰੀਏ
ਫੜ ਕੇ ਹੱਥ ਲਕੀਰਾਂ
ਵਾਦਾ ਕਰ ਕੇ ਆਵਣ ਦਾ
ਖ਼ਤ ਖੋਲ੍ਹਾਂਗੀ
ਨਾ ਕਰ ਏਨਾ ਤੰਗ
ਕਿੰਨੇ ਸ਼ਿਅਰ ਨਿਤਾਰੇ
ਲਾਉਣੇ ਪੈਣੇ ਸੀ
ਹੱਸ-ਹੱਸ ਆਖਣ ਕੜੀਆਂ
ਵਿੰਗੀਆਂ ਸਿੱਧੀਆਂ ਲੀਕਾਂ
ਸੋਚਾਂ ਬਦਲੀ ਜਾਂਦੇ ਉਹ
ਚੰਨ ਦੇ ਵਿਹੜੇ ਆਣ
ਇਹ ਅਜ਼ਲਾਂ ਤੋਂ ਬੀਬਾ
ਦੁਨੀਆਦਾਰੀ ਜਾਣ ਕੇ
ਬੱਸ ਮੈਂ ਆਪਣੇ ਆਪ
ਜੇ ਮਰਜ਼ੀ ਏ ਤੇਰੀ ਬੱਸ
ਚੇਤਾ ਰੱਖੀਂ ਭੁੱਲੀਂ ਨਾ
ਤਿੜਕੀ ਅੱਖ ਦੇ ਸ਼ੀਸ਼ੇ
ਮੈਂ ਜੋ ਜਜਬੇ
ਵੇਖ ਕੇ ਲੋਕੀਂ
ਲੂੰ ਲੂੰ ਰਾਂਝਾ ਰਾਂਝਾ ਬੋਲੇ
ਉਹਦੀ ਮੇਰੀ ਰਹਿ
ਪੀੜਾਂ ਸਹਿਣ ਦੇ
ਹੋ ਗਈ ਤੇਰੀ ਜਿੱਤ ਵੇ
ਮਿੱਟੀ, ਅੱਗ ਤੇ ਪਾਣੀ
ਕੰਧਾਂ ਕੋਠੇ ਡੋਰੇ ਹੋ ਗਏ
ਵੇਂਹਦਾ ਵੀ ਨਹੀਂ
ਦਿਲ ਉਹਦੇ 'ਤੇ ਮਰਦਾ ਏ
ਤੈਨੂੰ ਇੰਜ ਨਿਗਾਹਵਾਂ
ਕਿਸਮਤ ਹੁੰਦੀ ਚੰਗੀ
ਡੋਬ ਜਾ ਯਾ ਤਾਰ
ਘੁੰਮਣ-ਘੇਰਾਂ ਦੀ ਸਰਦਾਰੀ
ਇਸ਼ਕਾ! ਤੂੰ ਜੋ ਚੰਡੇ ਨੇ
ਜਦ ਵੀ ਪੀੜਾਂ ਬੋਲੀਆਂ
ਕੀ ਕਹਿਨਾਂ ਏਂ
ਜਿਹਦੇ ਬਾਝੋਂ ਜੀ ਨਹੀਂ ਲੱਗਦਾ
ਜੀਣਾ ਮਰਨਾ ਤੇਰੇ ਨਾਲ
ਤੇਰੇ ਆਲ-ਦੁਆਲ਼ੇ
ਸੂਰਜ ਵਰਗੀ ਗੱਲ
ਜਿਹੜਾ ਮੈਨੂੰ ਮਿਲਿਆ
ਜਿੰਨਾ ਚਿਰ ਕੋਈ ਸੋਚ
ਮੇਰੀ ਸੀ ਜੋ
ਬੱਸ ਲੋਕਾਂ ਤੋਂ
ਸ਼ੀਸ਼ੇ ਅੱਗੇ ਬੈਠੀ ਆਂ
ਇਹ ਤੇਰੀ ਬੇਦਿਲੀ
ਕਵਿਤਾਵਾਂ
ਮੁਕੱਦਮਾਂ
ਵਿਰਾਸਤ
ਪੱਥਰ
ਚੁੱਪ
ਅਮ੍ਰਿਤਾ ਪ੍ਰੀਤਮ ਦੀ ਵੇਲ
ਬੇ ਇਨਸਾਫੇ
ਅੱਧੀ
ਬੇਰੁੱਤੀ
ਤ੍ਰਾਹ
ਮੈਂ ਵਾਰਿਸ ਵਾਰਿਸ ਕੂਕਦੀ
ਨਸਰੀਨ ਅੰਜੁਮ ਭੱਟੀ ਦੀ ਵੇਲ
ਗੀਤ
ਕਿਸਮਤ ਵਾਲਾ ਏਂ
ਕਿੱਥੇ ਦਿਲਦਾਰੀਆਂ
ਲੋੜ ਜੋੜ ਦੇਂਦੀ ਏ
ਗੱਲ ਬਣ ਗਈ ਏ
ਸਾਹ ਪਾ ਦਿੱਤੇ ਈ
ਦਿਲ ਟੁੱਟ ਗਿਆ ਏ
ਜਿਹਨੂੰ ਤੱਕਿਆਂ ਮੇਰਾ ਦਿਨ ਚੜ੍ਹਦਾ
ਟੱਪੇ
---------------***---------------
ਸੁਖ਼ਨ ਜਿਨ੍ਹਾਂ ਦਾ ਦਾਰੂ ਹੋਵੇ
ਰੀਝਾਂ ਹਮੇਸ਼ ਤੋਂ ਈ ਮੈਨੂੰ ਮਨ-ਪਸੰਦ ਖਿਡੌਣੇ ਜਹੀਆਂ ਲੱਗਦੀਆਂ ਸੀ, ਕਦੀ ਇਹ ਖਿਡੌਣਾ ਮੈਥੋਂ ਖੁੱਸ ਗਿਆ, ਕਦੀ ਅਣਭੋਲਪੁਣੇ 'ਚ ਟੁੱਟ ਗਿਆ ਤੇ ਕਦੀ ਮੈਂ ਹੱਥੀਂ ਤੋੜ ਦਿੱਤਾ। ਇਨਕਾਰ ਮੇਰੀ ਗੁੜ੍ਹਤੀ ਵਿੱਚ ਸੀ, ਨਿੱਕਿਆਂ ਹੁੰਦਿਆਂ ਵੀਰਾਂ ਦੇ ਮਾਰਨ 'ਤੇ ਮਾਂ ਕਹਿੰਦੀ, "ਕੋਈ ਗੱਲ ਨਹੀਂ, ਵੀਰ ਏ ਤੇਰਾ।"
ਮੈਂ ਪਿੱਟ ਉੱਠਦੀ, "ਵੀਰ ਏ ਤੇ ਮੈਂ ਕੀ ਕਰਾਂ? ਮੈਂ ਵੀ ਤੇ ਭੈਣ ਆਂ" -ਮਾਸੂਮ ਜਿਹਨ 'ਚ ਸਵਾਲ ਉੱਠਦੇ ਰਹੇ...
ਮੈਂ ਈ ਕਿਉਂ? ਮੇਰੇ ਨਾਲ ਈ ਕਿਉਂ? ਸਬਰ ਮੈਂ ਈ ਕਿਉਂ ਕਰਾਂ?
ਨਿੱਕੇ-ਨਿੱਕੇ ਹੱਥ ਸੜਦੇ-ਸੜਾਉਂਦੇ ਵਿੰਗੀਆਂ-ਚਿੱਬੀਆਂ ਰੋਟੀਆਂ ਵੇਲਣ ਲੱਗ ਪਏ, ਰੋਟੀਆਂ ਗੋਲ ਹੋਈਆਂ ਤੇ ਦੁਨੀਆਂ ਵੀ ਸੋਹਣੀ ਲੱਗਣ ਲੱਗ ਪਈ, ਸੋਹਜ ਸ਼ਿਅਰਾਂ 'ਚੋਂ ਝਲਕਿਆ, ਤੇ ਮੈਂ ਡਰ ਗਈ, ਸਾਰਾ ਵਜੂਦ ਅੱਖ ਬਣ ਗਿਆ ਤੇ ਮੈਂ ਉਹ ਵੇਖਣ ਲੱਗ ਪਈ ਜੋ ਦੂਜੇ ਨਹੀਂ ਸਨ ਵੇਖ ਸਕਦੇ। ਅੱਖਾਂ 'ਤੇ ਲਾਲ ਪੱਟੀ ਬੱਝੀ ਤੇ ਮੈਂ ਆਪਣੇ ਹਾਸੇ, ਹੰਝੂ, ਚੀਕਾਂ ਸ਼ਾਇਰੀ 'ਚ ਦੱਬਣ ਲੱਗ ਪਈ।
ਸੋਚ ਤੇ ਜ਼ੁਬਾਨ 'ਚ ਫਰਕ ਸੀ, ਏਸ ਲਈ ਮੈਂ ਉਲਝਦੀ ਰਹੀ, ਲਫ਼ਜ਼ ਸੋਚਾਂ ਦੇ ਮਿਆਰ 'ਤੇ ਪੂਰਾ ਨਹੀਂ ਸਨ ਉੱਤਰਦੇ, ਪੈਗ਼ੰਬਰੀ ਉਮਰ 'ਚ ਅੱਪੜੀ ਤੇ ਸੋਚ ਦੀ ਜ਼ੁਬਾਨ ਵੱਲ ਪਰਤਣਾ ਪਿਆ, ਉਹ ਜ਼ੁਬਾਨ ਜਿਹੜੀ ਮੇਰੇ ਖ਼ਮੀਰ 'ਚ ਸ਼ਾਮਿਲ ਸੀ।
ਰਹਿ ਗਈ ਗੱਲ ਸ਼ਾਇਰੀ ਦੀਆਂ ਸਿਨਫ਼ਾਂ ਦੀ ਤੇ ਉਨ੍ਹਾਂ 'ਚ ਕੀ ਰੱਖਿਆ ਏ ਸ਼ਾਇਰੀ ਤੇ ਸ਼ਾਇਰੀ ਏ, ਆਪਣੀ ਗੱਲ ਕਰਨੀ ਏ ਜਿਹੜੇ ਢੰਗ ਵਿੱਚ ਵੀ ਹੋ ਸਕੇ "ਸ਼ੀਸ਼ਾ" ਇਨਕਾਰ ਏ, ਮੁਕਾਲਮਾ ਏ...ਵੇਖੋ...
-ਤਾਹਿਰਾ ਸਰਾ
ਨੂਰੀ ਸ਼ਾਇਰੀ ਦਾ ਚਸ਼ਮਾ
ਤਾਹਿਰਾ ਸਰਾ
ਤਾਹਿਰਾ ਨਾਲ ਮੇਰਾ ਤੁਆਰਫ ਅੰਦਾਜਨ ਸਵਾ-ਡੇਢ ਸਾਲ ਪਹਿਲਾਂ ਇੱਕ ਯੂ-ਟਿਊਬ ਵੀਡੀਓ ਤੱਕਦਿਆਂ ਹੋਇਆ, ਜਿਸ ਵਿੱਚ ਉਹ ਆਪਣੇ ਅੰਦਾਜ਼ ਵਿੱਚ ਕਲਾਮ ਪੜ੍ਹਦੀ, ਮਹਿਫਲ 'ਚ ਸਰੋਤਿਆਂ ਕੋਲੋਂ ਅਸ਼-ਅਸ, ਵਾਹ-ਵਾਹ ਤਾਂ ਬਟੋਰ ਰਹੀ ਸੀ, ਪਰ ਜਾਹਰਾ ਤੌਰ 'ਤੇ ਉਸ ਦਾ ਕਲਾਮ ਉਸਦੇ ਨੁਕਤੇ ਨੂੰ ਹਾਜ਼ਰੀਨ ਤੱਕ ਪਹੁੰਚਾਉਣ ਵਿੱਚ ਕਾਮਯਾਬ ਵੀ ਹੋ ਰਿਹਾ ਸੀ। ਤੇ ਇਸੇ ਖੂਬੀ ਨੇ ਉਸ ਨੂੰ ਮੌਜੂਦਾ ਸ਼ਾਇਰਾਵਾਂ ਦੀ ਭੀੜ 'ਚੋਂ ਨਵੇਕਲੀ ਪਛਾਣ ਤੇ ਮਾਨਤਾ ਦਿੱਤੀ ਹੈ।
ਪਾਕਿਸਤਾਨੀ ਪੰਜਾਬੀ ਸ਼ਾਇਰੀ ਵਿੱਚ ਜਿੱਥੇ ਬਾਬਾ ਫਰੀਦ, ਬੁੱਲੇ ਸ਼ਾਹ, ਬਾਹੂ ਤੇ ਬਾਬਾ ਨਾਨਕ ਸਮੇਤ ਕਈ ਹੋਰ ਅਜ਼ੀਮ ਸ਼ਾਇਰਾਂ, ਸ਼ਖਸੀਅਤਾਂ ਨੇ ਰੂਹਾਨੀ, ਰੂਮਾਨੀ ਤੇ ਸਮਾਜੀ ਵਿਸ਼ਿਆਂ ਉੱਤੇ ਆਪਣੀਆਂ ਸਾਇਰਾਨਾ ਕਿਰਤਾਂ ਨਾਲ ਪੰਜਾਬੀ ਕਾਵਿ ਸਾਹਿਤ ਨੂੰ ਮਾਲਾ-ਮਾਲ ਕੀਤਾ ਹੈ, ਉੱਥੇ ਇੱਕ-ਅੱਧ ਨਾਂਅ ਨੂੰ ਛੱਡ, ਪਿਛਲੇ ਹਜਾਰ ਕੁ ਸਾਲ 'ਚ ਕੋਈ ਵਰਨਣਯੋਗ ਸ਼ਾਇਰਾ ਸਾਹਮਣੇ ਨਹੀਂ ਆਈ। ਇਸ ਦਾ ਕਾਰਨ ਮਰਦ ਪ੍ਰਧਾਨ ਸਮਾਜੀ ਗਲਬਾ ਵੀ ਹੋ ਸਕਦਾ ਹੈ ਯਾ ਮੁੱਢ ਕਦੀਮ ਤੋਂ ਨਾਰੀ ਦਾ ਆਪਣੇ ਆਪ ਨੂੰ ਤਗੜਾ ਨਾ ਕਰਕੇ, ਇਨਕਾਰੀ ਨਾ ਹੋਣਾ ਵੀ। ਜੋ ਵੀ ਹੋਵੇ, ਤਾਹਿਰਾ ਸਰਾ ਸ਼ਾਇਰੀ ਦਾ ਆਗਾਜ਼ ਹੀ ਇੱਥੋਂ ਕਰਦੀ ਹੈ, ਜਿਸ ਨੂੰ ਸਮਝਣ ਲਈ ਸਮਕਾਲੀ ਸ਼ਾਇਰਾਵਾਂ ਬਹੁਤ ਪਛੜ ਜਾਂਦੀਆਂ ਹਨ ਤੇ ਮਹਿਜ਼ ਸ਼ਬਦ-ਜੋੜ ਕਾਵਿ ਸਿਰਜਣ ਦੇ ਆਹਰੇ ਲੱਗੀਆਂ ਨਜ਼ਰ ਆਉਂਦੀਆਂ ਹਨ ਤੇ ਉਨ੍ਹਾਂ ਦੀ ਇਸੇ ਅਨਿਸ਼ਚਤਤਾ ਕਾਰਨ ਉਨ੍ਹਾਂ ਦੀ ਸ਼ਾਇਰੀ ਔਰਤ ਵਰਗ ਨਾਲ ਹੋ ਰਹੀ ਅਣਦੇਖੀ ਬਾਰੇ ਸਹੀ ਮਾਅਨਿਆਂ ਵਿੱਚ ਗੱਲ ਕਰਨੋਂ ਖੁੰਝ ਜਾਂਦੀ ਹੈ।
ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ
ਜੇ ਕਰ ਮੇਰੀ ਵੀ ਏ, ਕੀ ਮੈਂ ਤੇਰੀ ਨਹੀਂ।
ਉਹ ਕਹਿੰਦਾ ਏ ਪਿਆਰ ਤੇ ਜੰਗ ਵਿੱਚ ਜਾਇਜ਼ ਏ ਸਭ
ਮੈਂ ਕਹਿਨੀ ਆਂ, ਊਂ ਹੂੰ… ਹੇਰਾ ਫੇਰੀ ਨਹੀਂ
ਤਾਹਿਰਾ ਦਾ ਕਲਾਮ ਝੰਡਾ ਬਰਦਾਰ ਹੋ ਮਾਅਸ਼ਰੇ ਕੋਲੋਂ ਹੱਕ ਮੰਗਦਾ ਹੈ ਤੇ ਅਣਦੇਖੀਆਂ ਤੇ ਜ਼ਿਆਦਤੀਆਂ ਸਹਿਣੋ ਇਨਕਾਰੀ ਹੁੰਦਾ ਹੈ। ਉਸ ਦੀ ਸ਼ਖ਼ਸੀਅਤ ਦਾ ਇਹ ਪਹਿਲੂ, ਉਸ ਵੱਲੋਂ ਲਿਖੀ ਸ਼ੁਰੂਆਤੀ ਗੱਲਬਾਤ "ਸੁਖ਼ਨ ਜਿਨ੍ਹਾਂ ਦਾ ਦਾਰੂ ਹੋਵੇ" ਵਿੱਚ ਈ ਉਘੜ ਆਉਂਦਾ ਹੈ ਕਿ ਇਨਕਾਰ ਉਸ ਦੀ ਗੁੜ੍ਹਤੀ ਵਿੱਚ ਸੀ। ਨਿੱਕਿਆਂ ਹੁੰਦਿਆਂ ਵੀਰਾਂ ਦੇ ਮਾਰਨ 'ਤੇ ਜਦੋਂ ਮਾਂ ਕਹਿੰਦੀ, "ਕੋਈ ਗੱਲ ਨਹੀਂ, ਵੀਰਾ ਏ ਤੇਰਾ" ਤਾਂ ਮੈਂ' ਪਿੱਟ ਉੱਠਦੀ "ਵੀਰ ਏ ਤੇ ਮੈਂ ਕੀ ਕਰਾਂ? ਮੈਂ ਵੀ ਤਾਂ ਭੈਣ ਆਂ...”
ਇਹ ਇਨਕਾਰ ਸੋਚਾਂ 'ਚੋਂ ਉਸ ਦੇ ਲਫ਼ਜ਼ਾਂ 'ਚ ਪਹੁੰਚਣ ਲੱਗਾ... ਲਫ਼ਜ਼ ਜੋ ਔਰਤ ਜਾਤ ਦੇ ਹਾਣ ਦੇ ਹੋਣ ਲੱਗੇ... ਹੱਕ 'ਚ ਖੜ੍ਹਨ ਵਾਲੇ... ਆਪਣੀ ਗੱਲ ਕਹਿਣ ਵਾਲੇ... ਤੇ ਚੰਗਾ ਸ਼ਗਨ ਇਹ ਹੋਇਆ ਕਿ ਉਸ ਨੂੰ ਅਸਲ ਗੱਲ ਦੀ ਪਛਾਣ 'ਚ ਕੋਈ ਉਲਝਣ ਨਾ ਹੋਈ।
ਪੀੜਾਂ ਸਹਿਣ ਦੇ ਆਦੀ ਹੋ ਗਏ
ਤਾਂ ਦੁੱਖ ਸਹਿਣ ਦੇ ਆਦੀ ਹੋ ਗਏ
ਉਸ ਨੂੰ ਆਪਣੀ ਬੇਵੱਸੀ ਦਾ ਵੀ ਗੂੜ੍ਹਾ ਗਿਆਨ ਹੈ ਜੋ ਸਿਰਫ਼ ਉਸ ਦੇ ਔਰਤ ਹੋਣ ਕਰਕੇ ਹੈ, ਰਸਮਾਂ 'ਚ ਬੰਨ੍ਹੀ ਹੋਂਦ ਦਾ... ਸਿਰ ਝੁਕਾ ਕੇ ਮੰਨੀ ਜਾਣ ਦਾ-
ਮੇਰੀ ਤਾਕਤ ਦਾ ਅੰਦਾਜ਼ਾ ਕੀ ਹੋਵੇ
ਰਸਮਾਂ ਵਿੱਚ ਖਿੱਲਰ-ਪੁੱਲਰ ਜਾਨੀ ਆਂ
ਕੱਲ੍ਹ ਮੈਂ ਨਕਸ਼ਾ ਵੇਖ ਰਹੀ ਸਾਂ, ਹੱਥਾਂ ਵਿੱਚ ਲਕੀਰਾਂ ਦਾ
ਇੰਝ ਈ ਸਮਝੋ ਜਿਸਰਾਂ ਗੁੱਛਾ, ਕਿੱਕਰ ਟੰਗੀਆਂ ਲੀਰਾਂ ਦਾ
ਤਾਹਿਰਾ ਇਸ ਹਾਲ ਨੂੰ ਮਾਨਤਾ ਲੈਣ ਦੀ ਫ਼ਿਕਰ ਨਾਲ ਜੋੜਦੀ ਹੈ ਕਿ ਮਾਅਸ਼ਰੇ ਨੂੰ ਔਰਤ ਦੀ ਤਾਕਤ ਦਾ ਅੰਦਾਜ਼ਾ ਹੀ ਨਹੀਂ, ਕਿਉਂਕਿ ਉਹ ਚੁੱਪ ਰਹਿੰਦੀ ਹੈ ਤੇ ਆਗਾਹ ਕਰਦੀ ਹੈ ਕਿ 'ਉਹ ਕੀ ਕਰ ਸਕਦੀ ਹੈ-
ਤਿੰਨ ਫੁੱਟ ਉੱਤੇ ਆਂ ਤੇ ਤੀਹ ਫੁੱਟ ਥੱਲੇ ਆਂ
ਮੈਂ ਜਿੰਨੀ ਆਂ ਓਨੀ ਜ਼ਾਹਿਰ ਨਹੀਂ ਹੋਈ
ਹੁਣ ਜੇ ਮੈਨੂੰ ਜੰਨਤ ਵਿੱਚੋਂ ਕੱਢਿਆ ਤੇ
ਸਭੇ ਫਸਲਾਂ ਕਣਕਾ ਕਰਕੇ ਰੱਖ ਦਾਂ ਗੀ
ਉਸ ਨੇ, ਇੰਝ ਲੱਗਦੇ, ਛੋਟੇ ਹੁੰਦਿਆਂ ਤੋਂ ਹੀ ਇਨਕਾਰੀ ਸ਼ਬਦਾਂ ਦੀਆਂ ਗੀਟੀਆਂ ਖੇਡੀਆਂ ਹੋਣਗੀਆਂ। ਆਪਣੀ ਮਾਂ ਨੂੰ ਉਸ ਦਾ ਕਹਿਣਾ ਕਿ
ਬੇਬੇ ਨੀ, ਮੈਥੋਂ ਰੀਝਾਂ ਵੇਲ ਵੇਲ ਤਵੇ 'ਤੇ ਨਹੀਂ ਪਾ ਹੁੰਦੀਆਂ
ਮੈਂ ਵਿਚਾਰੀ ਨਹੀਂ ਬਣਨਾ
ਗੱਲ ਕਰਾਂਗੀ
ਮੇਰੇ ਤੋਂ ਮਰਚਾਂ ਵਾਰ
ਮੈਂ ਬੋਲਣਾ ਸਿੱਖ ਲਿਆ ਏ
ਉਸ ਦੇ ਅੰਦਰਲੇ ਇਨਕਾਰ ਦੀ ਸ਼ਾਹਦੀ ਭਰਦਾ ਹੈ।
ਪਰ ਇੱਥੇ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਤਾਹਿਰਾ ਨੂੰ ਕਿਸੇ ਹੋਰ ਦੀ ਹੋਂਦ ਤੋਂ ਇਨਕਾਰ ਨਹੀਂ। ਉਹ ਤਾਂ ਬੱਸ ਆਪਣੇ ਜਮਾਤੀ ਵਜੂਦ ਦੀ ਮਾਨਤਾ ਨਾਲ ਜੁੜੀ ਹੈ ਤੇ ਇਹ ਗੱਲ ਉਸ ਦੀ ਕਵਿਤਾ 'ਮੁਕੱਦਮਾ' 'ਚੋਂ ਸਾਹਮਣੇ ਉੱਭਰ ਕੇ ਆਉਂਦੀ ਹੈ-
ਨੌ ਮਹੀਨੇ ਕੁੱਖੇ ਰੱਖਾਂ
ਮੌਤ ਦੇ ਮੂੰਹ 'ਚੋਂ ਮੁੜ ਕੇ ਜੰਮਾਂ
ਰੱਤ ਚੁੰਘਾ ਕੇ ਪਾਲਾਂ ਪੋਸਾਂ
ਵਲਦੀਅਤ ਦੇ ਖ਼ਾਨੇ ਦੇ ਵਿੱਚ ਉਹਦਾ ਨਾਂ ?
ਕਿਹੜਾ ਮੇਰਾ ਕਰੇ ਨਿਆਂ
ਸੋਹਣਿਆ ਰੱਬਾ, ਡਾਢਿਆ ਰੱਬਾ
ਤੂੰ ਆਦਮ ਦਾ ਬੁੱਤ ਬਣਾਇਆ
ਉਹਦੀ ਪਸਲੀ ਵਿੱਚੋਂ ਮੁੜ ਕੇ ਮੈਨੂੰ ਕੱਢਿਆ
ਮੈਨੂੰ ਮਿਹਣਿਆਂ ਜੋਗੀ ਛੱਡਿਆ
ਪਸਲੀ ਵਿੱਚੋਂ ਨਿਕਲੀ ਏ ਤੇ ਪਸਲੀ ਵਾਂਗ ਈ ਟੇਢੀ ਏ
ਮੇਰੇ ਲਈ ਕੀ ਤੇਰੇ ਕੋਲੋਂ ਮੁੱਠ ਮਿੱਟੀ ਵੀ ਨਹੀਂ ਪੁੱਗੀ?
ਸੋਹਣਿਆ ਰੱਬਾ, ਡਾਢਿਆ ਰੱਬਾ
ਉਹਦਿਆ ਰੱਬਾ
ਔਰਤ ਨੂੰ ਅੱਧੀ ਕਹਿਣ ਵਾਲੇ ਮਰਦ ਨੂੰ ਉਸ ਦਾ ਇੱਕੋ ਸ਼ਿਅਰ ਚਿੱਤ ਕਰ ਦੇਂਦਾ ਏ-
ਮੈਨੂੰ ਅੱਧੀ ਕਹਿਨਾਂ ਏਂ
ਤੂੰ ਮੇਰੇ 'ਚੋਂ ਜੰਮਿਆ ਨਹੀਂ
ਇਸ ਤਰ੍ਹਾਂ ਉਸ ਦੀ ਸ਼ਾਇਰੀ ਆਪਣੇ ਇਨਕਾਰ ਦੇ ਬੁਲੰਦ ਇਜ਼ਹਾਰ ਦਾ ਤਰੀਕਾ ਏ, ਨਾ ਕਿ ਸਿਰਫ਼ ਮਨ ਦੀ ਹਵਾੜ ਕੱਢਣ ਦਾ ਹੀਲਾ। ਇਸ ਤਰ੍ਹਾਂ ਤਾਹਿਰਾ ਦੁਨੀਆ ਦੀਆਂ ਤਰੱਕੀ ਪਸੰਦ ਸ਼ਾਇਰਾਵਾਂ ਨਾਲ ਮੋਢਾ ਤਾਣ ਕੇ ਆਣ ਖੜ੍ਹੀ ਹੋਈ ਹੈ, ਆਪਣੇ ਪੂਰੇ ਵਜੂਦ ਨਾਲ, ਕੋਈ ਸਮਝੌਤਾ ਨਾ ਕਰਨ ਵਾਲੀ, ਕੋਈ ਭੁਲੇਖਾ ਨਾ ਰਹਿਣ ਦੇਣ ਵਾਲੀ ਤੇ ਗੱਜ-ਵੱਜ ਕੇ ਗੱਲ ਕਰਦੀ ਸ਼ਾਇਰੀ ਨਾਲ।
ਇਸ ਦੇ ਨਾਲ-ਨਾਲ ਈ ਉਸ ਨੂੰ ਇੰਟੀਲੈਕਚੂਅਲ ਪੱਧਰ 'ਤੇ ਸਿਆਸੀ, ਸਮਾਜੀ ਤੇ ਤਖ਼ਲੀਕੀ ਹਾਰ-ਸ਼ਿੰਗਾਰ ਦਾ ਪੂਰਾ ਗਿਆਨ ਏ। ਹੇਠਲੀ ਲਿਖਤ ਉਸ ਦੀ ਸ਼ਾਇਰੀ ਦੇ ਇਸ ਪਹਿਲੂ ਦਾ ਪੁਖ਼ਤਾ ਸਬੂਤ ਏ, ਜਿਸ ਨਾਲ ਉਹ ਅਪ੍ਰਾਪਤੀ ਦੇ ਕਾਰਨ ਨੂੰ ਦੋ ਲਫ਼ਜ਼ਾਂ 'ਚ ਨੰਗਿਆ ਕਰ ਦੇਂਦੀ ਏ
ਕੰਧਾਂ ਉੱਥੇ ਖਲੀਆਂ ਨੇ
ਛੱਤਾਂ ਬਦਲੀ ਜਾਂਦੇ ਹੋ
ਇਹ ਕਿਹੜੀ ਤਬਦੀਲੀ ਏ
ਸ਼ਕਲਾਂ ਬਦਲੀ ਜਾਂਦੇ ਹੋ
ਸ਼ਕਲਾਂ ਉੱਤੇ ਸ਼ਕਲਾਂ ਚੜੀਆਂ
ਜੋ ਦਿਸਦਾ ਏ ਹੁੰਦਾ ਨਹੀਂ
ਮੈਨੂੰ ਪੁੱਛੋ ਵੇਖ ਰਹੀ ਆਂ
ਦੂਜਾ ਰੁਖ਼ ਤਸਵੀਰਾਂ ਦਾ
ਤੇ ਆਰਥਿਕ ਨਾ ਬਰਾਬਰੀ ਦਾ ਮੰਜ਼ਰ:
ਉਹਨਾਂ ਦੇ ਘਰ ਦੀਵਾ ਨਹੀਂ
ਜਿਹਨਾਂ ਸੂਰਜ ਵੰਡੇ ਨੇ
ਪਰ ਉਸ ਨੂੰ ਆਪਣੀ ਧਰਾਤਲ ਦੇ ਸੱਚ ਦੀ ਗਹਿਰੀ ਸੂਝ ਹੈ
ਜਜ਼ਬੇ ਵਾਂਗ ਪਹਾੜਾਂ ਨੇ
ਜੀਵਨ ਖਾਈਆਂ ਵਰਗਾ ਏ
ਤੇ ਏਸ ਖ਼ਤਰਨਾਕ ਸਫ਼ਰ ਨੂੰ ਅੰਜਾਮ ਦੇਣ ਲਈ ਉਹ ਕਿਸੇ ਵੀ ਕਮਜ਼ੋਰ ਸਹਾਰੇ/ ਸਾਥੀ ਦਾ ਸਾਥ ਨਕਾਰਦੀ ਹੈ
ਤੈਨੂੰ ਜਾਨ ਪਿਆਰੀ ਏ
ਮੈਂ ਨਹੀਂ ਤਰਨਾ ਤੇਰੇ ਨਾਲ
ਜਦ ਉਹ ਧੀ ਹੋਣ 'ਤੇ ਵਖਰਿਆਈ ਜਾਂਦੀ ਹੈ ਤਾਂ ਉਸ ਦੀਆਂ ਹੂਕਾਂ ਅੰਬਰ ਪਾੜਵੀਆਂ ਹੋ ਨਿਬੜਦੀਆਂ ਹਨ।
ਨੀ ਮੈਂ ਪੱਗ ਥੱਲੇ ਆਕੇ ਮਰ ਗਈ
ਕਿਸੇ ਨੇ ਮੇਰੀ ਕੂਕ ਨਾ ਸੁਣੀ।
ਧੀ ਲੇਖਾਂ ਦੇ ਹਵਾਲੇ ਕਰਕੇ
ਵੇ ਪੁੱਤਰਾਂ 'ਤੇ ਮਾਣ ਬਾਬਲਾ।
ਪਰ ਉਸ ਨੂੰ ਯਕੀਨ ਦੀ ਹੱਦ ਤੱਕ ਇਲਮ ਹੈ ਕਿ ਔਰਤਾਂ ਦੇ ਹੱਕ-ਹਕੂਕ ਤੇ ਬਰਾਬਰੀ ਦੀ ਅਵਾਜ਼ ਦਬਾਉਣ ਪਿੱਛੇ, ਗਾਲਬਨ ਮਰਦਾਂ ਦੇ ਅੰਦਰਲੀ ਤਿੜਕਣ ਏ, ਖੌਫ ਏ
ਕੱਚੀ ਕੰਧ ਨੂੰ ਧੁੜਕੂ ਏ
ਹਾਲੀ ਬੱਦਲ ਵਰ੍ਹਿਆ ਨਹੀਂ
ਤੇ ਐਸੇ ਦਾਬੂ ਕਦਰਾਂ-ਕੀਮਤਾਂ ਵਾਲੇ ਮਰਦ ਪ੍ਰਧਾਨ ਸਮਾਜ ਦੇ ਖਿਲਾਫ ਝੰਡਾ ਬਰਦਾਰੀ ਕਰਦੀ ਹੋਈ, ਉਹ ਹੋਕਾ ਦਿੰਦੀ ਹੈ
ਸਿਰ ਚੁੱਕ ਕੇ ਧਮਾਲਾਂ ਪਾਈਏ
ਝੁਕਿਆਂ ਨੂੰ ਕੌਣ ਪੁੱਛਦਾ
ਆ ਚੁੱਕ ਕੇ ਸ਼ਤੀਰ ਵਖਾਈਏ
ਨੀ ਜ਼ਾਤ ਦੀਏ ਕੋਹੜ ਕਿਰਲੀਏ
ਤਾਹਿਰਾ ਨੇ ਇਹ ਸਾਰਾ ਕਲਾਮ ਪੂਰੀ ਸ਼ਿੱਦਤ ਨਾਲ ਆਪਣੀਆਂ ਹੰਢਾਈਆਂ ਤੇ ਟੇਕ ਰੱਖ ਕੇ ਸਿਰਜਿਆ ਹੈ। ਉਸ ਨੇ, ਆਪਣੀ ਸੋਚ ਤੇ ਲਿਖਤ 'ਚ ਕੋਈ ਦੂਰੀ ਨਾ ਰਹਵੇਂ, ਇਸ ਨੂੰ ਯਕੀਨੀ ਬਣਾਉਣ ਲਈ ਆਪਣੇ ਆਪ ਨੂੰ ਸ਼ੀਸ਼ਾ ਬਣਾ ਧਰਿਆ, ਜਿਸ ਵਿੱਚੋਂ ਪੂਰਾ ਸੱਚ ਇੰਨ-ਬਿੰਨ ਨਜ਼ਰ ਆਵੇ ਤੇ ਖ਼ੁਸ਼ਬੂ ਵਾਂਗ ਫ਼ਿਜ਼ਾ ਵਿੱਚ ਚੁਫੇਰੇ ਫੈਲ ਜਾਵੇ। ਉਹ ਕਹਿੰਦੀ ਹੈ:
ਸ਼ੀਸ਼ਾ ਤੇ ਨਹੀਂ ਮੇਰੇ ਵਰਗਾ ਹੋ ਸਕਦਾ
ਏਸੇ ਲਈ ਮੈਂ ਸ਼ੀਸ਼ੇ ਵਰਗੀ ਹੋ ਗਈ ਆਂ
ਨਸਰੀਨ ਅੰਜੁਮ ਭੱਟੀ ਦੀ ਵੇਲ ਤੇ ਅੰਮ੍ਰਿਤਾ ਪ੍ਰੀਤਮ ਦੀ ਵੇਲ ਪੜ੍ਹਦਿਆਂ ਇਹ ਚਿੱਟੇ ਦਿਨ ਵਾਂਗ ਸਾਫ਼ ਹੋ ਜਾਂਦਾ ਹੈ ਕਿ ਉਹ ਪੰਜਾਬੀ 'ਚ ਮੀਲ ਪੱਥਰ ਹੋ ਨਿਬੜੀਆਂ ਸ਼ਾਇਰਾਵਾਂ ਤੋਂ ਕਿਸ ਕਦਰ ਮੁਤਾਸਿਰ ਹੈ ਤੇ ਉਹਨਾਂ ਤੋਂ ਬੈਟਨ ਪਕੜ, ਅਗਲੇ ਪੜਾਅ ਦੇ ਸਫ਼ਰ ਲਈ ਟੁਰ ਪਈ ਹੈ। ਪਰ ਤਾਹਿਰਾ, ਆਪਣੇ ਅੰਦਰਲੀ ਕੜਵਾਹਟ ਤੇ ਕੂਕ-ਕੂਕ ਕੇ ਸੱਚ ਬੋਲਣ ਦੀ ਲੋੜ ਤੇ ਆਦਤ ਤੋਂ ਨਾ ਵਾਕਿਫ ਨਹੀਂ। ਉਹ ਕਹਿੰਦੀ ਹੈ
ਵਿੰਗੀਆਂ ਸਿੱਧੀਆਂ ਲੀਕਾਂ ਮਾਰੀ ਜਾਨੀ ਆਂ
ਕਾਗਜ਼ ਉੱਤੇ ਚੀਕਾਂ ਮਾਰੀ ਜਾਨੀ ਆਂ
ਚੰਗਾ ਸ਼ਗਨ ਹੈ ਕਿ ਉਸ ਦੀਆਂ 'ਚੀਕਾਂ' ਦਾ ਸਾਹਿਤ-ਸਮਾਜ ਨੇ ਨੋਟਿਸ ਲਿਆ ਹੈ, ਜੋ ਨਿਵੇਕਲਾ ਹੈ, ਉਸਾਰੂ ਹੈ ਤੇ ਆਸ ਬੰਨ੍ਹਦਾ ਨਜ਼ਰ ਆਉਂਦਾ ਹੈ ਕਿ ਔਰਤਾਂ ਨੇ ਆਪਣੀ ਸ਼ਾਇਰੀ ਨਾਲ ਆਪਣੀ ਤੇ ਸਮਾਜ ਦੀ ਬਿਹਤਰੀ 'ਚ ਹਿੱਸਾ ਪਾਉਣਾ ਸ਼ੁਰੂ ਕਰ ਦਿੱਤਾ ਹੈ।
ਪਰ ਤਾਹਿਰਾ ਦੀ ਏਨੀ ਪ੍ਰਾਗਰੈਸਿਵ ਸੋਚ/ਧੜੱਲੇ ਵਾਲੀ ਸ਼ਾਇਰੀ ਪੜ੍ਹ ਕੇ ਇਹ ਤੱਥ ਨਹੀਂ ਭੁੱਲਣਾ ਚਾਹੀਦਾ ਕਿ ਉਹ ਇੱਕ ਖੂਬਸੂਰਤ ਰੂਮਾਨੀ ਸ਼ਾਇਰਾ ਹੈ। ਇਸ ਦੀ ਪੁਸ਼ਟੀ ਕਰਦੇ ਕੁਝ ਸ਼ਿਅਰ:
ਮੈਂ ਤੇਰੇ ਲਈ ਜੀਣਾ ਏ
ਮੈਨੂੰ ਆਪਣਾ ਠੇਕਾ ਨਹੀਂ
ਵੇਖੋ ਕਿੰਨੀ ਸੋਹਣੀ ਆਂ
ਸੋਹਣੇ ਅੱਗੇ ਬੈਠੀ ਆਂ
ਤੈਨੂੰ ਇੰਝ ਨਿਗਾਹਵਾਂ ਤੱਕਣ
ਮਰਦੇ ਜੀਕਣ ਸਾਹਵਾਂ ਲੱਭਣ
ਤਾਹਿਰਾ ਦੀ ਸ਼ਾਇਰੀ ਦਾ ਇਹ ਮਜ਼ਮੂਆਂ ਆਪਣੇ ਵਿੱਚ ਗਜ਼ਲਾਂ, ਕਵਿਤਾਵਾਂ, ਬੋਲੀਆਂ ਤੇ ਗੀਤ ਸਮੋਈ ਬੈਠਾ ਏ। ਬੋਲੀਆਂ ’ਚ ਉਸ ਨੇ ਆਪਣੇ ਅਮੀਰ ਸਾਹਿਤਕ ਵਿਰਸੇ ਦੀ ਉਂਗਲ ਫੜੀ ਏ ਜੋ ਗੌਣ-ਪਾਣੀ ਦੇ ਰੂਪ ਵਿੱਚ ਨਾ ਸਿਰਫ਼ ਮਿਜ਼ਾਜੀ- ਮਨੋਰੰਜਨ ਕਰਦਾ ਆਇਆ ਏ, ਸਗੋਂ ਇਸ ਤੋਂ ਵੀ ਅੱਗੇ, ਉਸ ਸਿੰਨਫ ਨੂੰ ਜਿਉਂਦਿਆਂ ਰੱਖਣ ਲਈ ਇੱਕ ਮਿਆਰੀ ਤੇ ਨਿੱਗਰ ਹਿੱਸਾ ਪਾਇਆ ਏ। ਤਾਹਿਰਾ ਦੀ ਪਹਿਲੀ ਕਿਤਾਬ ਵੀ ਬੋਲੀਆਂ ਤੇ ਆਈ ਸੀ ਤੇ ਉਸ 'ਤੇ ਗੱਲ ਕਰਦਿਆਂ ਮਸ਼ਹੂਰ ਪਾਕਿਸਤਾਨੀ ਸ਼ਾਇਰ ਜਨਾਬ 'ਤਜੱਮਲ ਕਲੀਮ' ਹੁਰਾਂ ਨੇ ਤਾਹਿਰਾ ਸਰਾ ਵੱਲੋਂ ਪੰਜਾਬੀ ਲੋਕ ਸਾਹਿਤ ਵਿੱਚ ਪਾਏ ਯੋਗਦਾਨ ਤੇ ਉਸਦੇ ਹੋਏ ਅਸਰ ਬਾਰੇ ਕਿਹਾ ਸੀ-
ਇੱਕ ਕੁੜੀ ਨੇ ਕੀ ਅੱਖ ਮਟਕਾਈ
ਬੋਲੀਆਂ ਦਾ ਹੜ ਆ ਗਿਆ
ਉਸ ਦੀਆਂ ਬੋਲੀਆਂ 'ਚ ਸਭ ਰੰਗ ਹਨ ਜੋ ਸਾਨੂੰ ਤਾਹਿਰਾਂ ਦੀਆਂ ਬੋਲੀਆਂ ਦੀ ਸਿੰਨਫ ਤੇ ਪਕੜ ਤੋਂ ਹੈਰਤ-ਅੰਗੇਜ ਕਰਦੇ ਹਨ-
ਕੱਲ੍ਹ ਵਾਲਾਂ ਵਿੱਚ ਹੱਥ ਸੀ ਜੋ ਫੇਰਦੇ
ਅੱਜ ਮੇਰੀ ਗੁੱਤ ਵੱਢ ਗਏ
ਅਸੀਂ ਆਪਣੀ ਬਾਲ ਕੇ ਸੇਕੀ
ਦੂਰ ਤੱਕ ਧੂਣੀ ਧੁਖਦੀ
ਸਾਡਾ ਜੰਮਣਾ ਮਰਨ ਤੋਂ ਔਖਾ
ਕੁੱਖ ਵਿੱਚ ਚਾਅ ਮੁੱਕ ਗਏ
ਸਿਰ ਚੁੱਕ ਕੇ ਧਮਾਲਾਂ ਪਾਈਏ
ਝੁਕਿਆਂ ਨੂੰ ਕੌਣ ਪੁੱਛਦਾ
ਤਾਹਿਰਾ ਸਰਾ ਦੀ ਸ਼ਾਇਰੀ ਦੇ ਇਸ ਪਰਾਗੇ ਦੀ ਤਾਜ਼ੀ ਹਵਾ ਦੇ ਬੁੱਲੇ ਵਾਂਗ ਚੜ੍ਹਦੇ ਪੰਜਾਬ 'ਚ ਆਮਦ ਹੋ ਰਹੀ ਹੈ...
ਖ਼ੁਸ਼ਆਮਦੀਦ!
ਉਸ ਦੀ ਸ਼ਾਇਰੀ ਦਾ 'ਸ਼ੀਸ਼ਾ' ਗੁਰਮੁਖੀ 'ਚ ਚੜ੍ਹਦੇ ਪੰਜਾਬ ਦੇ ਪੰਜਾਬੀ ਸਾਹਿਤ ਵਿੱਚ ਨਿੱਗਰ ਵਾਧਾ ਹੋਵੇਗਾ ਤੇ ਪੰਜਾਬੀਆਂ ਲਈ ਇਹ ਇਕ ਬੇਸ਼ਕੀਮਤੀ ਤੋਹਫ਼ਾ ਹੋ ਨਿਬੜੇਗਾ, ਇਹ ਮੇਰਾ ਯਕੀਨ ਹੈ।
- ਤਰਲੋਕ ਬੀਰ
ਨਿਊ ਯਾਰਕ
ਗ਼ਜ਼ਲਾਂ
ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ
ਜੇ ਕਰ ਮੇਰੀ ਵੀ ਏ, ਕੀ ਮੈਂ ਤੇਰੀ ਨਹੀਂ?
ਉਹ ਕਹਿੰਦਾ ਏ ਪਿਆਰ ਤੇ ਜੰਗ ਵਿੱਚ ਜਾਇਜ਼ ਏ ਸਭ
ਮੈਂ ਕਹਿਨੀ ਆਂ, ਊਂ ਹੂੰ… ਹੇਰਾ ਫੇਰੀ ਨਹੀਂ
ਕਿੱਸਰਾਂ ਡਰ ਦਾ ਘੁਣ ਖਾ ਜਾਂਦਾ ਏ ਨੀਂਦਰ ਨੂੰ
ਤੂੰ ਕੀ ਜਾਣੇਂ ਤੇਰੇ ਘਰ ਜੋ ਬੇਰੀ ਨਹੀਂ
ਮੇਰੀ ਮੰਨ ਤੇ ਆਪਣੇ-ਆਪਣੇ ਰਾਹ ਪਈਏ
ਕੀ ਕਹਿਨਾਂ ਏਂ। ਜਿੰਨੀ ਹੋਈ ਬਥੇਰੀ ਨਹੀਂ?
ਤਾਹਿਰਾ ਪਿਆਰ ਦੀ ਖੌਰੇ ਕਿਹੜੀ ਮੰਜ਼ਿਲ ਏ
ਸਭ ਕੁਝ ਮੇਰਾ ਏ, ਪਰ ਮਰਜ਼ੀ ਮੇਰੀ ਨਹੀਂ
ਭਾਵੇਂ ਉਹਦੇ ਸਾਹਵੇਂ ਮੁੱਕਰ ਜਾਨੀ ਆਂ
ਸੱਚੀ ਗੱਲ ਏ ਮੈਂ ਵੀ ਓਦਰ ਜਾਨੀ ਆਂ
ਮੇਰੀ ਤਾਕਤ ਦਾ ਅੰਦਾਜ਼ਾ ਕੀ ਹੋਵੇ
ਰਸਮਾਂ ਵਿੱਚ ਈ ਖਿੱਲਰ-ਪੁੱਲਰ ਜਾਨੀ ਆਂ
ਯਾਦ ਵੀ ਮਿਕਨਾਤੀਸੀ ਵਾਅ ਦਾ ਬੁੱਲਾ ਏ
ਜਿੱਧਰੋਂ ਆਵੇ ਓਧਰ ਉੱਲਰ ਜਾਨੀ ਆਂ
ਸਾਰੀ ਰਾਤ ਮੈਂ ਸੁਫ਼ਨੇ ਉਣਦੀ ਥੱਕਦੀ ਨਹੀਂ
ਦਿਨ ਚੜ੍ਹਦੇ ਤੇ ਖੌਰੇ ਕਿੱਧਰ ਜਾਨੀ ਆਂ
ਹੌਲੀ ਜਿਹੀ ਉਹ ਮੈਨੂੰ 'ਤਾਹਿਰਾ' ਕਹਿੰਦਾ ਏ
ਉੱਡਦੀ-ਉੱਡਦੀ ਅੰਬਰਾਂ ਤੀਕਰ ਜਾਨੀ ਆਂ
ਜਾਹ ਨੀ ਪਿੱਛਲ ਪੈਰੀਏ ਸਾਹਿਬਾਂ। ਮਾਣ ਵਧਾਇਆ ਈ ਵੀਰਾਂ ਦਾ
ਮੈਂ ਖ਼ਮਿਆਜ਼ਾ ਭੁਗਤ ਰਹੀ ਆਂ ਤੇਰੇ ਤੋੜੇ ਤੀਰਾਂ ਦਾ
ਕੱਲ੍ਹ ਮੈਂ ਨਕਸ਼ਾ ਵੇਖ ਰਹੀ ਸਾਂ ਹੱਥਾਂ ਵਿੱਚ ਲਕੀਰਾਂ ਦਾ
ਇੰਝ ਈ ਸਮਝੋ ਜਿੱਸਰਾਂ ਗੁੱਛਾ ਕਿੱਕਰ ਟੰਗੀਆਂ ਲੀਰਾਂ ਦਾ
ਸ਼ਕਲਾਂ ਉੱਤੇ ਸ਼ਕਲਾਂ ਚੜ੍ਹੀਆਂ, ਜੋ ਦਿਸਦਾ ਏ ਹੁੰਦਾ ਨਹੀਂ
ਮੈਨੂੰ ਪੁੱਛੋ ਵੇਖ ਰਹੀ ਆਂ ਦੂਜਾ ਰੁਖ਼ ਤਸਵੀਰਾਂ ਦਾ
ਆਪਣੇ ਅਮਲੀਂ ਆਪੇ ਮਰਦੇ, ਕਰਨੀ ਭਰਨੀ ਹੁੰਦੀ ਏ
ਕਮਲੇ, ਝੱਲੇ, ਭੋਲੇ ਲੋਕੀਂ ਨਾਂਅ ਲਾਉਂਦੇ ਤਕਦੀਰਾਂ ਦਾ
ਆਪਣੇ ਦਰ ਦੀ ਬਾਂਦੀ ਸਮਝੇਂ, ਮੰਗਤੀ ਸਮਝੇਂ, ਸਮਝੀ ਜਾ
ਇਹ ਵੀ ਸੋਚ ਕਿ ਹੱਥ ਹੁੰਦਾ ਏ ਮਹਿਲਾਂ ਹੇਠ ਫ਼ਕੀਰਾਂ ਦਾ
ਰਾਂਝੇ ਤਖ਼ਤ ਹਜ਼ਾਰੇ ਬੈਠੇ, ਝੰਗ ਮਘਿਆਣੇ ਕੈਦੋਂ ਨੇ
ਖੇੜੇ ਜੰਝਾਂ ਚਾੜ੍ਹੀ ਜਾਵਣ ਅੱਲ੍ਹਾ ਈ ਵਾਰਿਸ ਹੀਰਾਂ ਦਾ
'ਤਾਹਿਰਾ' ਮੈਂ ਤੇ ਲਿਖ ਛੱਡਨੀ ਆਂ ਰਾਮ ਕਹਾਣੀ ਵੇਲੇ ਦੀ
ਭਾਵੇਂ ਅੱਖਾਂ ਲੂਸਣ ਪਈਆਂ ਤੱਕ-ਤੱਕ ਮੂੰਹ ਤਹਿਰੀਰਾਂ ਦਾ
ਫੜ ਕੇ ਹੱਥ ਲਕੀਰਾਂ ਹੱਥ ਕੀ ਆਇਆ ਏ
ਖਿੱਦੋ ਬਣ ਕੇ ਲੀਰਾਂ ਹੱਥ ਕੀ ਆਇਆ ਏ
ਕੋਰੇ ਕਾਗਜ਼ ਐਵੇਂ ਉੱਡਦੇ ਫਿਰਦੇ ਨੇ
ਅਣ ਲਿਖੀਆਂ ਤਹਿਰੀਰਾਂ ਹੱਥ ਕੀ ਆਇਆ ਏ
ਮਿਰਜ਼ੇ ਨੂੰ ਤੇ ਇਸ਼ਕ ਸਲਾਮਤ ਰੱਖੇਗਾ
ਸਾਹਿਬਾਂ। ਤੇਰੇ ਵੀਰਾਂ ਹੱਥ ਕੀ ਆਇਆ ਏ
ਹਿੰਮਤ ਵਾਲੇ ਬਾਜ਼ੀ ਜਿੱਤ ਕੇ ਲੈ ਗਏ ਨੇ
ਵਿਹਲੜੀਆਂ ਤਕਦੀਰਾਂ ਹੱਥ ਕੀ ਆਇਆ ਏ
ਸ਼ੀਸ਼ੇ ਅੱਗੇ ਸ਼ੀਸ਼ਾ ਧਰਿਆ ਵੇਲੇ ਨੇ
ਦੋ ਰੁਖ਼ੀਆਂ ਤਸਵੀਰਾਂ ਹੱਥ ਕੀ ਆਇਆ ਏ
ਬਾਲਾ ਨਾਥਾ ਹੀਰ ਨੇ ਜ਼ਹਿਰਾਂ ਖਾ ਲਈਆਂ
ਤੇਰੇ ਪੰਜਾਂ ਪੀਰਾਂ ਹੱਥ ਕੀ ਆਇਆ ਏ
ਝੱਲੀ 'ਤਾਹਿਰਾ' ਨੂੰ ਵੀ ਮਾਂ ਸਮਝਾਉਂਦੀ ਰਹੀ
ਸੱਸੀਆਂ, ਸੋਹਣੀਆਂ, ਹੀਰਾਂ ਹੱਥ ਕੀ ਆਇਆ ਏ
ਵਾਦਾ ਕਰ ਕੇ ਆਵਣ ਦਾ
ਮਾਣ ਵਧਾ ਦੇ ਸਾਵਣ ਦਾ
ਅੱਧਾ ਸ਼ਹਿਰ ਤੇ ਜੋਗੀ ਏ
ਫ਼ੈਦਾ ਭੇਸ ਵਟਾਵਣ ਦਾ
ਖ਼ਤ ਖੋਲ੍ਹਾਂਗੀ ਕੱਠਿਆਂ ਕਰਕੇ ਰੱਖ ਦਾਂ ਗੀ
ਮੈਂ ਯਾਦਾਂ ਨੂੰ ਯਾਦਾਂ ਕਰਕੇ ਰੱਖ ਦਾਂ ਗੀ
ਉਹਨੇ ਜਿਹੜੇ ਗੁੱਸੇ ਦੇ ਵਿੱਚ ਕੀਤੇ ਨੇਂ
ਸਾਰੇ ਮੈਸਿਜ ਨਜ਼ਮਾਂ ਕਰਕੇ ਰੱਖ ਦਾਂ ਗੀ
ਖਾ ਬੈਠੀ ਆਂ ਸਹੁੰ ਸਰਘੀ ਦੇ ਤਾਰੇ ਦੀ
ਆਪਣਾ ਜੁੱਸਾ ਕਿਰਨਾਂ ਕਰਕੇ ਰੱਖ ਦਾਂ ਗੀ
ਹੁਣ ਜੇ ਮੈਨੂੰ ਜੰਨਤ ਵਿੱਚੋਂ ਕੱਢਿਆ ਤੇ
ਸੱਭੇ ਫ਼ਸਲਾਂ ਕਣਕਾਂ ਕਰਕੇ ਰੱਖ ਦਾਂ ਗੀ
ਵੇਖ ਲਏ ਨੇ ਦੋਵੇਂ ਰੁਖ਼ ਤਸਵੀਰਾਂ ਦੇ
ਹੁਣ ਇਹਨਾਂ ਨੂੰ ਉੱਚਿਆਂ ਕਰਕੇ ਰੱਖ ਦਾਂ ਗੀ
ਨਾ ਕਰ ਏਨਾ ਤੰਗ ਅਸਾਨੂੰ
ਆਵਣ ਲੱਗ ਪਏ ਸੰਗ ਅਸਾਨੂੰ
ਚਾਵਾਂ ਦੇ ਵਿੱਚ ਦੱਸਿਆ ਈ ਨਹੀਂ
ਮਹਿੰਗੀ ਪੈ ਗਈ ਵੰਗ ਅਸਾਨੂੰ
ਸਾਡਾ ਸਭ ਕੁਝ ਤੇਰੇ ਨਾਂ ਏ
ਆਪਣੇ ਕੋਲੋਂ ਮੰਗ ਅਸਾਨੂੰ
ਤੈਥੋਂ ਵੱਖ ਨਹੀਂ ਹੋਵਣ ਦੇਂਦੇ
ਗੰਦਿਆ। ਤੇਰੇ ਚੰਗ ਅਸਾਨੂੰ
ਸੋਚਾਂ ਵਿੱਚ ਘੁਮੇਰੀ ਹੋਈ
ਕਿੱਸਰਾਂ ਚੜ੍ਹਦਾ ਰੰਗ ਅਸਾਨੂੰ
ਕਿੰਨੇ ਸ਼ਿਅਰ ਨਿਤਾਰੇ ਸੋਚਾਂ
ਜਦ ਵੀ ਤੇਰੇ ਬਾਰੇ ਸੋਚਾਂ
ਅੱਜ ਕਿਉਂ ਚਾਰੇ ਕੱਠੇ ਹੋ ਗਏ
ਹੰਝੂ, ਯਾਦ, ਸਿਤਾਰੇ, ਸੋਚਾਂ
ਇੱਕ ਦਿਨ ਤੇਰੀ ਯਾਦ ਨਾ ਆਈ
ਕਿੰਨੇ ਮਿਹਣੇ ਮਾਰੇ ਸੋਚਾਂ
ਲੋੜਾਂ ਨੇ ਨਹੀਂ ਸੱਦੇ ਘੱਲੇ
ਆਈਆਂ ਆਪ ਮੁਹਾਰੇ ਸੋਚਾਂ
ਆਪਣੇ ਪੱਲਿਓਂ ਦੇ ਕੇ ਆਈਆਂ
ਗਈਆਂ ਕਿਸ ਦਰਬਾਰੇ ਸੋਚਾਂ
'ਤਾਹਿਰਾ' ਲੋਕ ਚੱਟਾਨਾਂ ਵਰਗੇ
ਕੀਤੇ ਪਾਰੇ-ਪਾਰੇ ਸੋਚਾਂ
ਲਾਉਣੇ ਪੈਣੇ ਸੀ ਪਰਨਾਲੇ ਅੱਖਾਂ ਨੂੰ
ਚੜ੍ਹਦੇ ਸਾਵਣ ਲਾ ਲਏ ਤਾਲੇ ਅੱਖਾਂ ਨੂੰ
ਕੰਨਾਂ ਤੀਕਰ ਲੱਗੇ ਜਾਲੇ ਅੱਖਾਂ ਨੂੰ
ਕੀ ਆਖਣਗੇ ਅੱਖਾਂ ਵਾਲੇ ਅੱਖਾਂ ਨੂੰ
ਸੁਫ਼ਨੇ ਵਿੱਚ ਵੀ ਉਹ ਜੇ ਨਜ਼ਰੀਂ ਆ ਜਾਵੇ
ਜੇਠ ਹਾੜ੍ਹ ਵਿੱਚ ਲੱਗਣ ਪਾਲੇ ਅੱਖਾਂ ਨੂੰ
ਅੱਖਾਂ ਦੀ ਜੇ ਗੱਲ ਹੋ ਜਾਵੇ ਆਪਸ ਵਿੱਚ
ਫ਼ੇਰ ਨਹੀਂ ਦਿੱਸਦੇ ਚਿੱਟੇ ਕਾਲੇ ਅੱਖਾਂ ਨੂੰ
ਹਰ ਮੰਜ਼ਰ ਨੂੰ ਅੱਖਾਂ ਲੱਗੀਆਂ ਹੋਈਆਂ ਨੇ
ਵੇਖ ਰਹੇ ਨੇ ਆਲ ਦੁਆਲੇ ਅੱਖਾਂ ਨੂੰ
'ਤਾਹਿਰਾ' ਹਾਲੇ ਦਿਲ ਦੀ ਵਾਰੀ ਆਉਣੀ ਏਂ
ਦਲ ਸੁੱਟਿਆ ਸੂ ਪਹਿਲੇ ਗਾਲ਼ੇ ਅੱਖਾਂ ਨੂੰ
ਹੱਸ-ਹੱਸ ਆਖਣ ਕੜੀਆਂ-ਬਾਲੇ ਅੱਖਾਂ ਨੂੰ
ਲੱਗ ਜਾਵਣ ਤੇ ਕੌਣ ਸੰਭਾਲੇ ਅੱਖਾਂ ਨੂੰ
ਰੱਖਿਆ ਕੀ ਏ ਖੌਰੇ ਉਹਦੇ ਸੀਨੇ ਵਿੱਚ
ਦਿਲ ਹੋਵੇ ਤੇ ਕਿੱਸਰਾਂ ਟਾਲ਼ੇ ਅੱਖਾਂ ਨੂੰ
ਪਹਿਲੋਂ ਅੱਖਾਂ ਹੋਣ ਹਵਾਲੇ ਅੱਖਾਂ ਦੇ
ਬਾਅਦ 'ਚ ਅੱਖਾਂ ਦੇਣ ਹਵਾਲੇ ਅੱਖਾਂ ਨੂੰ
ਸੱਜਣ ਅੱਖਾਂ, ਅੱਖਾਂ ਵਿੱਚ ਨਿਚੋੜ ਗਿਆ
ਐਵੇਂ ਤੇ ਨਹੀਂ ਮਿਲੇ ਉਜਾਲੇ ਅੱਖਾਂ ਨੂੰ
ਸਾਰੇ ਸੁਫ਼ਨੇ ਸੜ ਕੇ ਕੋਲਾ ਹੋ ਗਏ ਨੇਂ
ਅੱਗਾਂ ਲਾ ਗਏ ਦੀਵੇ ਬਾਲ਼ੇ ਅੱਖਾਂ ਨੂੰ
'ਤਾਹਿਰਾ' ਕਾਣੀ ਅੱਖੀਂ ਵੇਂਹਦੇ ਰਹਿੰਦੇ ਨੇ
ਮੰਜ਼ਰ ਓਹੋ ਵੇਖੇ ਭਾਲ਼ੇ ਅੱਖਾਂ ਨੂੰ
ਵਿੰਗੀਆਂ ਸਿੱਧੀਆਂ ਲੀਕਾਂ ਮਾਰੀ ਜਾਨੀ ਆਂ
ਕਾਗਜ਼ ਉੱਤੇ ਚੀਕਾਂ ਮਾਰੀ ਜਾਨੀ ਆਂ
ਮਰ ਜਾਂਦੀ ਏ ਮਨ ਦੀ ਵਹੁਟੀ ਡੋਲੀ ਵਿੱਚ
ਲਾੜੇ ਨਾਲ਼ ਸ਼ਰੀਕਾਂ ਮਾਰੀ ਜਾਨੀ ਆਂ
ਸੋਚਾਂ ਬਦਲੀ ਜਾਂਦੇ ਉਹ
ਰਮਜ਼ਾਂ ਬਦਲੀ ਜਾਂਦੇ ਉਹ
ਕੰਧਾਂ ਓਥੇ ਖਲੀਆਂ ਨੇਂ
ਛੱਤਾਂ ਬਦਲੀ ਜਾਂਦੇ ਉਹ
ਦਿਲ ਬਦਲਣ ਦਾ ਵਾਅਦਾ ਸੀ
ਨਜ਼ਰਾਂ ਬਦਲੀ ਜਾਂਦੇ ਉਹ
ਇਹ ਕਿਹੜੀ ਤਬਦੀਲੀ ਏ
ਸ਼ਕਲਾਂ ਬਦਲੀ ਜਾਂਦੇ ਉਹ
ਹੱਦ ਏ ਬੇਇਤਬਾਰੀ ਦੀ
ਪੱਗਾਂ ਬਦਲੀ ਜਾਂਦੇ ਉਹ
ਚੰਨ ਦੇ ਵਿਹੜੇ ਆਣ ਕੇ ਸੌਂ ਗਈ
ਕਿੰਨੀਆਂ ਧੁੱਪਾਂ ਛਾਣ ਕੇ ਸੌਂ ਗਈ
ਇਹਦੇ ਵਿੱਚ ਵੀ ਹੱਥ ਏ ਉਹਦਾ
ਯਾ ਫਿਰ ਕਿਸਮਤ ਜਾਣ ਕੇ ਸੌਂ ਗਈ
ਇਕਲਾਪੇ ਦਾ ਸ਼ੀਸ਼ਾ ਤੱਕਿਆ
ਆਪਣਾ ਆਪ ਪਛਾਣ ਕੇ ਸੌਂ ਗਈ
ਉਮਰਾਂ ਦੇ ਜਗਰਾਤੇ ਤੋੜੇ
ਆਉਂਦੇ ਖ਼ਾਬ ਸਿਹਾਣ ਕੇ ਸੌਂ ਗਈ
ਪੁੰਨੂੰ ਮਿਰਜ਼ਾ ਬਣ ਕੇ ਆਵੇ
'ਤਾਹਿਰਾ' ਲੰਮੀ ਤਾਣ ਕੇ ਸੌਂ ਗਈ
ਇਹ ਅਜ਼ਲਾਂ ਤੋਂ ਬੀਬਾ! ਲਿਖਿਆ ਹੋਇਆ ਏ
ਜਿਹੜਾ ਅੱਖ 'ਚੋਂ ਡਿੱਗਿਆ ਹੌਲਾ ਹੋਇਆ ਏ
ਆਪਣੇ ਆਪ ਨੂੰ ਹਾਰੀ ਬੈਠਾ ਏਂ ਜਿੱਤ ਕੇ ਵੀ
ਤੇਰੇ ਨਾਲ ਉਂਝ ਵੈਸੇ ਚੰਗਾ ਹੋਇਆ ਏ
ਘੁੰਮਦੀ ਹੋਈ ਡੋਲ ਰਹੀ ਆਂ, ਡਿੱਗਦੀ ਨਹੀਂ
ਮੈਨੂੰ ਖ਼ਵਰੇ ਕਿਹਨੇ ਫੜਿਆ ਹੋਇਆ ਏ
ਜਿੰਨੇ ਹਰਫ਼ ਉਲੀਕਾਂ, ਜ਼ਹਿਰਾਂ ਥੁੱਕਦੇ ਨੇ
ਕਾਨਾ ਏ ਜਾਂ ਸੱਪ ਨੂੰ ਘੜਿਆ ਹੋਇਆ ਏ
'ਤਾਹਿਰਾ' ਮੈਨੂੰ ਤਾਂਘ ਏ ਮੇਰੀ ਮੰਜ਼ਿਲ ਦੀ
ਮੈਂ ਕਿਉਂ ਵੇਖਾਂ ਕਿੰਨਾ ਪੈਂਡਾ ਹੋਇਆ ਏ
ਦੁਨੀਆਦਾਰੀ ਜਾਣ ਕੇ
ਛੱਡੀ ਵਾਰੀ ਜਾਣ ਕੇ
ਸੁਫ਼ਨੇ ਵੀ ਨਹੀਂ ਆਂਵਦੇ
ਅੱਖ ਵਿਚਾਰੀ ਜਾਣ ਕੇ
ਮਿੱਟੀ ਹੈ ਸੀ ਰੇਤਲੀ
ਕੰਧ ਉਸਾਰੀ ਜਾਣ ਕੇ
ਦੂਜੀ ਵਾਰ ਸੀ ਖੇਡਣਾ
ਬਾਜ਼ੀ ਹਾਰੀ ਜਾਣ ਕੇ
ਪਿਆਰ ਝਨਾਂ ਸੀ ਪਰਖਣਾ
ਟੁੱਭੀ ਮਾਰੀ ਜਾਣ ਕੇ
ਬੱਸ ਮੈਂ ਆਪਣੇ ਆਪ ਦੀ ਮੁਨਕਰ ਨਹੀਂ ਹੋਈ
ਨਹੀਂ ਤੇ ਤੇਰੇ ਪਿੱਛੇ ਕਾਫ਼ਰ ਨਹੀਂ ਹੋਈ
ਉੱਚੀ ਅੱਡੀ ਵਾਲੀ ਜੁੱਤੀ ਪਾ ਕੇ ਵੀ
ਮੈਂ ਸ਼ਮਲੇ ਦੇ ਕੱਦ ਬਰਾਬਰ ਨਹੀਂ ਹੋਈ
ਉਹ ਮੇਰੇ ਲਈ ਤਾਰੇ ਤੋੜ ਲਿਆਇਆ ਏ
ਦਿਲ ਦੀ ਧਰਤੀ ਐਵੇਂ ਅੰਬਰ ਨਹੀਂ ਹੋਈ
ਤਿੰਨ ਫੁੱਟ ਉੱਤੇ ਆਂ ਤੇ ਤੀਹ ਫੁੱਟ ਥੱਲੇ ਆਂ
ਮੈਂ ਜਿੰਨੀ ਆਂ ਓਨੀ ਜ਼ਾਹਿਰ ਨਹੀਂ ਹੋਈ
ਜੋ ਜੋ ਕਹਿੰਦਾ ਏ ਮੈਂ ਮੰਨੀ ਜਾਨੀ ਆਂ
ਗੱਲ ਅਜੇ ਤੱਕ ਸਮਝੋਂ ਬਾਹਰ ਨਹੀਂ ਹੋਈ
ਸੋਚ ਜ਼ਰਾ ਤੂੰ ਇੰਜ ਦੀ ਕੋਈ ਸੱਧਰ ਹੈ
ਜਿਹੜੀ ਤੈਨੂੰ ਵੇਖ ਕੇ ਤਿੱਤਰ ਨਹੀਂ ਹੋਈ
ਵੇਖਣ ਵਾਲੇ ਵੇਖਕੇ ਪੱਥਰ ਹੋ ਗਈ ਏ
'ਤਾਹਿਰਾ' ਸ਼ੀਸ਼ਾ ਵੇਖ ਕੇ ਪੱਥਰ ਨਹੀਂ ਹੋਈ
ਜੇ ਮਰਜ਼ੀ ਏ ਤੇਰੀ ਬੱਸ
ਲੈ ਫਿਰ ਤੇਰੀ ਮੇਰੀ ਬੱਸ
ਡੁੱਬਣ ਦੇ ਲਈ ਕਾਫ਼ੀ ਏ
ਅੱਖ ਦੀ ਘੁੰਮਣ ਘੇਰੀ ਬੱਸ
ਪਿਆਰ ਤੇ ਸਭ ਨੂੰ ਹੁੰਦਾ ਏ
ਹੁੰਦੀ ਨਹੀਂ ਦਲੇਰੀ ਬੱਸ
ਉਹ ਤੇ ਮੇਰਾ ਹੋਇਆ ਸੀ
ਮੈਂ ਵੀ ਹੋਈ ਬਥੇਰੀ ਬੱਸ
ਮੈਂ ਸਾਂ ਰੁੱਤ ਗੁਲਾਬਾਂ ਦੀ
ਉਹ ਸੀ ਇੱਕ ਹਨੇਰੀ ਬੱਸ
ਚੇਤਾ ਰੱਖੀਂ ਭੁੱਲੀਂ ਨਾ
ਰੰਗਾਂ ਉੱਤੇ ਡੁੱਲੀਂ ਨਾ
ਜੇ ਤੂੰ ਵਿਕਣਾ ਚਾਹੁੰਦਾ ਨਹੀਂ
ਮੇਰੀ ਮੰਨ ਤੇ ਤੁੱਲੀਂ ਨਾ
ਤੇਰੇ 'ਤੇ ਦਿਲ ਆਇਆ ਏ
ਪਰ ਇਸ ਗੱਲ 'ਤੇ ਫੁੱਲੀਂ ਨਾ
ਹੁਸਨ ਕਿਤਾਬ ਨੂੰ ਵੇਖੀ ਜਾ
ਅੜਿਆ ਵਰਕਾ ਥੁੱਲੀਂ ਨਾ
ਦੁਨੀਆ ਡਾਹਢੀ ਘੁੰਨੀ ਏ
'ਤਾਹਿਰਾ' ਐਵੇਂ ਖੁੱਲ੍ਹੀਂ ਨਾ
ਤਿੜਕੀ ਅੱਖ ਦੇ ਸ਼ੀਸ਼ੇ ਵਰਗੀ ਹੋ ਗਈ ਆਂ
ਮਾਰੂਥਲ ਦੇ ਟੀਲੇ ਵਰਗੀ ਹੋ ਗਈ ਆਂ
ਮਾਏ ਨੀ! ਮੈਂ ਕਿੱਥੇ ਜਾ ਫ਼ਰਿਆਦ ਕਰਾਂ
ਉਹਦੀ ਨਹੀਂ ਮੈਂ, ਜਿਹਦੇ ਵਰਗੀ ਹੋ ਗਈ ਆਂ
ਵਾਅ ਪੁਰੇ ਦੀ ਮੇਰੇ ਅੱਗੇ ਝੁਰਦੀ ਏ
ਹੁਣ ਤੇ ਅੜੀਏ! ਹਉਕੇ ਵਰਗੀ ਹੋ ਗਈ ਆਂ
ਕਿੰਨੇ ਲੰਮੇ ਹੱਥ ਨੇ ਤੇਰੀਆਂ ਯਾਦਾਂ ਦੇ
ਦੁਨੀਆਂ ਆਖੇ ਤੇਰੇ ਵਰਗੀ ਹੋ ਗਈ ਆਂ
ਬਣਨਾ ਸੀ ਮੈਂ ਲੇਖ ਕਿਸੇ ਦੇ ਮੱਥੇ ਦਾ
ਅੱਖਾਂ 'ਤੇ ਖੜਬਾਨੇ* ਵਰਗੀ ਹੋ ਗਈ ਆਂ
ਆਪਣੇ ਆਪ ਨੂੰ ਵੇਖ ਰਹੀ ਆਂ ਹੈਰਤ ਨਾਲ
ਕੱਚੀ ਵੰਗ ਦੇ ਟੋਟੇ ਵਰਗੀ ਹੋ ਗਈ ਆਂ
ਸ਼ੀਸ਼ਾ ਤੇ ਨਹੀਂ ਮੇਰੇ ਵਰਗਾ ਹੋ ਸਕਦਾ
ਏਸੇ ਲਈ ਮੈਂ ਸ਼ੀਸ਼ੇ ਵਰਗੀ ਹੋ ਗਈ ਆਂ
ਮੈਨੂੰ ਜਿਸਦੇ ਹਿਜਰ ਨੇ ਤਾਂਬਾ ਕੀਤਾ ਸੀ
ਮਿਲਿਆ ਏ ਤੇ ਸੋਨੇ ਵਰਗੀ ਹੋ ਗਈ ਆਂ
----------------
*ਖੜਬਾਨਾ- ਅੱਖਾਂ 'ਤੇ ਬੰਨ੍ਹਣ ਵਾਲੀ ਪੱਟੀ ਜੋ ਬੱਚੇ ਬੰਨ੍ਹ ਕੇ ਖੇਡਦੇ ਹਨ।
ਮੈਂ ਜੋ ਜਜ਼ਬੇ ਟਾਲਦੀ ਰਹੀ ਆਂ
ਅੰਦਰ ਠੂੰਹੇ ਪਾਲਦੀ ਰਹੀ ਆਂ
ਸ਼ੀਸ਼ਾ ਯਾਦ ਕਰਾ ਦਿੰਦਾ ਏ
ਮੈਂ ਵੀ ਸੋਲਾਂ ਸਾਲ ਦੀ ਰਹੀ ਆਂ
ਤੈਥੋਂ ਹਿਜਰ ਹੰਢਾ ਨਹੀਂ ਹੋਇਆ
ਮੈਂ ਤੇ ਸੁਫ਼ਨੇ ਗਾਲਦੀ ਰਹੀ ਆਂ
ਉਹ ਤੇ ਮੇਰੇ ਅੰਦਰ ਹੈ ਸੀ
ਮੈਂ ਫਿਰ ਕਿਹਨੂੰ ਭਾਲਦੀ ਰਹੀ ਆਂ
ਤਾਂਘਾਂ ਵਿੱਚ ਗੁਜ਼ਾਰੀ 'ਤਾਹਿਰਾ'
ਮਾਜ਼ੀ* ਦੀ ਨਾ ਹਾਲ ਦੀ ਰਹੀ ਆਂ
----------------
*ਲੰਘਿਆ ਵਕਤ
ਵੇਖ ਕੇ ਲੋਕੀਂ ਭੋਲੇ ਭਾਲੇ
ਲੱਭ ਲੈਂਦੇ ਨੇ ਲੁੱਟਣ ਵਾਲੇ
ਦੁਨੀਆਂ ਸਾਰੀ ਬਦਲ ਗਈ ਏ
ਨਹੀਓਂ ਬਦਲੇ ਆਪਣੇ ਚਾਲੇ
ਰਾਤੀਂ ਫਿਰ ਘਟਾ ਚੜ੍ਹੀ ਸੀ
ਸਾਡੇ ਅੰਦਰੀਂ ਵਹੇ ਪਰਨਾਲੇ
ਖੌਰੇ ਦਿਲ 'ਚੋਂ ਨਿਕਲ ਗਿਆ ਏ
ਆਣ ਡਹੇ ਨੇ ਸਾਹ ਸੁਖਾਲੇ
ਲੂੰ ਲੂੰ ਰਾਂਝਾ ਰਾਂਝਾ ਬੋਲੇ ਅੰਗ ਅੰਗ ਪਹਿਰੇ ਕੈਦੋ ਦੇ
ਉੱਤੋਂ ਖੇੜੇ ਵੇਖ ਰਹੀ ਆਂ ਅੱਗੇ ਪਿੱਛੇ ਕੈਦੋ ਦੇ
ਚੂਚਕ, ਮਲਕੀ ਆਖਿਰ ਆਪਣੀ ਧੀ ਨੂੰ ਝਿੜਕਣ ਲੱਗ ਪਏ ਨੇਂ
ਕਿੰਨਾ ਕੁ ਚਿਰ ਸਹਿੰਦੇ ਰਹਿੰਦੇ ਤਾਹਨੇ ਮਿਹਣੇ ਕੈਦੋ ਦੇ
ਮੈਂ ਵਾਰਿਸ ਦੀ ਹੀਰ ਸਲੇਟੀ ਨਾਲੋਂ ਕੋਈ ਘੱਟ ਤੇ ਨਹੀਂ
ਉਹੋ ਚਾਲੇ, ਉਹੋ ਹੀਲੇ, ਕਾਜੀ ਦੇ ਤੇ ਕੈਦੋ ਦੇ
ਮੇਰੇ ਮਗਰੋਂ ਸੱਠੇ ਸਈਆਂ ਚੁੱਪ ਕੀਤੇ ਪਰਨੀ ਗਈਆਂ
ਅੱਖਾਂ ਮੀਟ ਕੇ ਡੋਲੀ ਚੜ੍ਹੀਆਂ ਆਖੇ ਲੱਗ ਕੇ ਕੈਦੋ ਦੇ
ਮੌਜੂ ਜੱਟ ਦਾ ਪੁੱਤਰ ਹੋ ਕੇ ਚੋਰੀ ਚੂਰੀ ਖਾਧੀ ਸੂ
ਨਹੀਂ ਤੇ ਪੱਲੇ ਕੀ ਹੈਗਾ ਸੀ ਲੂਲੇ ਲੰਙੇ ਕੈਦੋ ਦੇ
ਕੰਨ ਪੜਵਾ ਕੇ ਜੰਗੀ ਹੋਣਾ ਕਿੱਥੋਂ ਦੀ ਵਡਿਆਈ ਏ
ਰਾਂਝਾ ਸੀ ਤੇ ਗੱਲ ਮੰਨਵਾਂਦਾ ਸਿਰ 'ਤੇ ਚੜ੍ਹ ਕੇ ਕੈਦੋ ਦੇ
ਉਹਦੀ ਮੇਰੀ ਰਹਿ ਨਹੀਂ ਆਈ
ਨਹੀਂ ਤੇ ਕੀ ਕੁਝ ਸਹਿ ਨਹੀਂ ਆਈ
ਹੁਣ ਕਿਉਂ ਆਇਆ ਏ ਮੇਰੇ ਪਿੱਛੇ
ਜੋ ਕਹਿਣਾ ਸੀ ਕਹਿ ਨਹੀਂ ਆਈ?
ਪੀੜਾਂ ਸਹਿਣ ਦੇ ਆਦੀ ਹੋ ਗਏ
ਤਾਂ ਚੁੱਪ ਰਹਿਣ ਦੇ ਆਦੀ ਹੋ ਗਏ
ਪਹਿਲਾਂ ਜੀਭ ਨੂੰ ਜਿੰਦਰੇ ਵੱਜੇ
ਸਿਰ ਫਿਰ ਲਹਿਣ ਦੇ ਆਦੀ ਹੋ ਗਏ
ਜਦ ਦੀ ਆਪਣੀ ਜ਼ਾਤ ਪਛਾਣੀ
ਭੁੰਜੇ ਬਹਿਣ ਦੇ ਆਦੀ ਹੋ ਗਏ
ਠੰਢੀਆਂ ਮਿੱਠੀਆਂ ਨਜ਼ਰਾਂ ਉੱਗੀ
ਦੀਦੇ ਢਹਿਣ ਦੇ ਆਦੀ ਹੋ ਗਏ
ਤੂੰ ਕਹਿ ਦਿੱਤਾ 'ਤਾਹਿਰਾ’ ਕਮਲੀ
ਲੋਕੀਂ ਕਹਿਣ ਦੇ ਆਦੀ ਹੋ ਗਏ
ਹੋ ਗਈ ਤੇਰੀ ਜਿੱਤ ਵੇ
ਮੰਨਿਆ ਤੈਨੂੰ ਮਿੱਤ ਵੇ
ਓਨੀ ਰੱਤ ਨਿਚੋੜ ਲੈ
ਜਿੰਨੀ ਤੇਰੀ ਹਿੱਤ ਵੇ
ਕਾਲੀ ਰਾਤ ਹਨੇਰੜੀ
ਅੰਬਰ ਨਿਕਲੀ ਪਿੱਤ ਵੇ
ਤੇਰੇ ਨਾਂ ਦੇ ਤਾਅਨੜੇ
ਮੇਰਾ ਗਹਿਣਾ ਨਿੱਤ ਵੇ
ਪਿਆਰ ਦੇ ਬਦਲੇ ਘੂਰੀਆਂ
ਦਸ ਖਾਂ ਲਿਖਿਆ ਕਿੱਤ ਵੇ
ਤੈਨੂੰ ਨੈਣ ਉਡੀਕਦੇ
ਪਾਵੀਂ ਫੇਰਾ ਇੱਤ ਵੇ
ਮਿੱਟੀ, ਅੱਗ ਤੇ ਪਾਣੀ ਚੁੱਪ ਏ
ਤਾਂ ਹਵਾ ਮਰ ਜਾਣੀ ਚੁੱਪ ਏ
ਇਹਦਾ ਮਤਲਬ ਕੀ ਸਮਝਾਂ ਮੈਂ
ਤੰਦ ਟੁੱਟੀ ਤੇ ਤਾਣੀ ਚੁੱਪ ਏ
ਕੀ ਬੋਲਾਂ ਤੇ ਕੀ ਨਾ ਬੋਲਾਂ
ਮੇਰੀ ਅਸਲ ਕਹਾਣੀ ਚੁੱਪ ਏ
ਰਿੜਕਣ ਵਾਲੇ ਧੋਖੇ ਵਿੱਚ ਨੇਂ
ਪਾਣੀ ਵਿੱਚ ਮਧਾਣੀ ਚੁੱਪ ਏ
ਤੇਰੇ ਨਾਲ ਸੀ ਪੈਲਾਂ ਪਾਉਂਦੀ
ਹੁਣ ਇਹ ਜਿੰਦ ਨਿਮਾਣੀ ਚੁੱਪ ਏ
ਬੋਲ ਰਹੀ ਏ ਅੱਖਾਂ ਵਾਲੀ
ਅੰਨ੍ਹੀ, ਬੋਲੀ, ਕਾਣੀ ਚੁੱਪ ਏ
ਚੁੱਪ ਦੇ ਅੱਗੇ ਚੁੱਪ ਏ 'ਤਾਹਿਰਾ'
ਕਦ ਤੱਕ ਹੋਰ ਹੰਢਾਣੀ ਚੁੱਪ ਏ
ਕੰਧਾਂ ਕੋਠੇ ਡੋਰੇ ਹੋ ਗਏ ਸੁਣ ਸੁਣ ਰੌਲੇ ਅੱਖਾਂ ਦੇ
ਐਵੇਂ ਤੇ ਨਹੀਂ ਇੱਟਾਂ ਵਿੱਚੋਂ ਪੈਂਦੇ ਝੌਲੇ ਅੱਖਾਂ ਦੇ
ਦਿਲ ਏ ਜਿਸਰਾਂ ਬੋਟ ਚਿੜੀ ਦਾ ਬਾਲਾਂ ਦੇ ਹੱਥ ਆ ਜਾਵੇ
ਜਿਕਣ ਜਿਸਰਾਂ ਪੈ ਗਏ ਹੋਵਣ ਸੁਫ਼ਨੇ ਹੌਲੇ ਅੱਖਾਂ ਦੇ
ਵਾਵਰੋਲੇ ਯਾਦਾਂ ਦੇ ਪਏ ਰਸਮਾਂ ਵਾਂਗ ਡਰਾਉਂਦੇ ਨੇਂ
ਤਾਂਘਾਂ ਦੇ ਮੈਂ ਢਾਰੇ ਛੱਤੇ ਕਰ ਕੇ ਕੌਲੇ ਅੱਖਾਂ ਦੇ
ਇਕਲਾਪੇ ਨੇ ਲੂੰ ਲੂੰ ਦੇ ਨਾਂ ਉਮਰਾਂ ਲਾਈਆਂ ਹੋਈਆਂ ਸੀ
ਤੂੰ ਆਈਓਂ ਤੇ ਵਸਮਾ ਲਾ ਕੇ ਬਹਿ ਗਏ ਧੌਲੇ ਅੱਖਾਂ ਦੇ
ਫੁੱਲਾਂ ਵਾਂਗ ਫਲੂਹੇ ਖਿੜ ਪਏ 'ਤਾਹਿਰਾ' ਅੱਜ ਸਿਰ੍ਹਾਣੇ 'ਤੇ
ਪੂਰੇ ਚੰਨ ਦੀ ਰਾਤ ਸੀ ਰਾਤੀਂ, ਪਾਣੀ ਖੌਲੇ ਅੱਖਾਂ ਦੇ
ਵੇਂਹਦਾ ਵੀ ਨਹੀਂ ਆਂਦਾ ਜਾਂਦਾ
ਇੰਜ ਤੇ ਨਹੀਂ ਨਾ ਵਾਰਾ ਖਾਂਦਾ
ਲੱਕ ਅਸਾਡੇ ਟੁੱਟੇ ਪਏ ਨੇ
ਕੀ ਕਰਨਾ ਏ ਲਾਲ ਪਰਾਂਦਾ
ਦਿਲ ਉਹਦੇ ਤੇ ਮਰਦਾ ਏ
ਵੇਖੋ ਹੁਣ ਕੀ ਕਰਦਾ ਏ
ਮੈਂ ਜੋ ਮਰ ਜਾਣ ਜੋਗੀ ਆਂ
ਉਹਦਾ ਬੇੜਾ ਤਰਦਾ ਏ
ਚਾਲ ਈ ਇੰਜ ਦੀ ਚੱਲੀ ਸੂ
ਜਿੱਤਦਾ ਏ ਨਾ ਹਰਦਾ ਏ
ਕੰਧਾਂ ਗੱਲਾਂ ਕਰਨਗੀਆਂ
ਵਿਹੜਾ ਹਓਕੇ ਭਰਦਾ ਏ
ਆਪਸ ਵਿੱਚ ਕੁਝ ਲੱਗਨੇ ਆਂ
ਕੌਣ ਕਿਸੇ ਦੀ ਜਰਦਾ ਏ
ਤੈਨੂੰ ਇੰਜ ਨਿਗਾਹਵਾਂ ਲੱਭਣ
ਮਰਦੇ ਜਿੱਸਰਾਂ ਸਾਹਵਾਂ ਲੱਭਣ
ਅੱਜ ਵੀ ਮੇਰੀਆਂ ਝੱਲੀਆਂ ਨਜ਼ਰਾਂ
ਨ੍ਹੇਰੇ ਵਿੱਚ ਪਰਛਾਵਾਂ ਲੱਭਣ
ਦਿਲ ਦੇ ਦੀਵੇ ਬੁਝੇ ਪਏ ਨੇ
ਹੁਣ ਕੀ ਏਥੋਂ 'ਵਾਵਾਂ ਲੱਭਣ
ਸੁਸਤੀ ਮਾਰੀ ਸੋਚ ਏ ਕਹਿੰਦੀ
ਟੁਰੀਏ ਨਾ ਤੇ ਰਾਹਵਾਂ ਲੱਭਣ
ਮੈਂ ਸੁਫ਼ਨੇ ਵਿੱਚ ਸੁਫ਼ਨਾ ਤੱਕਿਆ
ਤੈਨੂੰ ਮੇਰੀਆਂ ਬਾਹਵਾਂ ਲੱਭਣ
ਕਿਸਮਤ ਹੁੰਦੀ ਚੰਗੀ ਉਹਦੀ
ਉਹਦੀ ਸਾਂ ਤੇ ਰਹਿੰਦੀ ਉਹਦੀ
ਆ ਜਾਵੇ ਤੇ ਸੌ ਬਿਸਮਿਲ੍ਹਾ
ਨਾ ਆਵੇ ਤੇ ਫਿਰ ਵੀ ਉਹਦੀ
ਜੀਵਨ ਬਾਰੇ ਸੋਚ ਲਿਆ ਏ
ਪੁੱਛੀ ਵੀ ਨਹੀਂ ਮਰਜ਼ੀ ਉਹਦੀ
ਜਿੰਨੀਆਂ ਮਰਜ਼ੀ ਗੱਲਾਂ ਕਰ ਲਉ
ਗੱਲ ਹੋ ਗਈ ਏ ਮੇਰੀ ਉਹਦੀ
ਮੇਰੀ ਮੇਰੀ ਕਰਦਾ ਸੀ ਨਾ
ਮੈਂ ਕਰ ਦਿੱਤਾ ਉਹਦੀ ਉਹਦੀ
ਡੋਬ ਜਾ ਯਾ ਤਾਰ ਜਾਹ
ਤੈਨੂੰ ਇਖ਼ਤਿਆਰ, ਜਾਹ
ਤੂੰ ਕਹੇਂ ਯਾ ਨਾ ਕਹੇਂ
ਹੋ ਗਿਆ ਈ ਪਿਆਰ, ਜਾਹ
ਜ਼ਿੰਦਗੀ ਜੇ ਵੇਖਣੀ
ਜ਼ਿੰਦਗੀ ਦੇ ਪਾਰ ਜਾਹ
ਡੁੱਬਦਿਆਂ ਨੂੰ ਤਾਰਨਾ ਏਂ
ਡੁੱਬਦਿਆਂ ਨੂੰ ਤਾਰ, ਜਾਹ
ਇੱਕ ਵਾਰੀ ਆਖਿਆ ਈ
ਤੈਨੂੰ ਬੇਸ਼ੁਮਾਰ, ਜਾਹ
ਘੁੰਮਣ-ਘੇਰਾਂ ਦੀ ਸਰਦਾਰੀ ਪਾਣੀ 'ਤੇ
ਮੈਂ ਪਾਣੀ ਦੀ ਕੰਧ ਉਸਾਰੀ ਪਾਣੀ ’ਤੇ
ਛਾਲੇ ਪੈਰੀਂ ਪੈ ਕੇ ਮੁੱਠੀਆਂ ਭਰਦੇ ਰਹੇ
ਤਾਹੀਓਂ ਸਾਰੀ ਉਮਰ ਗੁਜ਼ਾਰੀ ਪਾਣੀ 'ਤੇ
ਕੱਚੇ-ਪੱਕੇ ਦੀ ਤੇ ਗੱਲ ਈ ਵੱਖਰੀ ਏ
ਸੋਹਣੀ ਨਾਲ ਘੜੇ ਦੀ ਤਾਰੀ ਪਾਣੀ 'ਤੇ
ਕੋਈ ਵੀ ਸੁਫ਼ਨਾ ਬਹੁਤਾ ਚਿਰ ਨਹੀਂ ਜੀ ਸਕਦਾ
ਤਰਦੀ ਪਈ ਏ ਅੱਖ ਵਿਚਾਰੀ ਪਾਣੀ 'ਤੇ
ਪੱਟਾਂ ਦੇ ਵਿੱਚ ਛੁਰੀਆਂ ਮਾਰ ਕੇ ਬੈਠੇ ਰਹੇ
ਮਿੱਟੀ ਦੀ ਸੋਹਣੀ ਘੁਮਿਆਰੀ ਪਾਣੀ 'ਤੇ
ਇਸ਼ਕਾ। ਤੂੰ ਜੋ ਚੰਡੇ ਨੇਂ,
ਓਹੋ ਪਰਲੇ ਕੰਢੇ ਨੇਂ
ਉਨ੍ਹਾਂ ਦੇ ਘਰ ਦੀਵਾ ਨਹੀਂ,
ਜਿੰਨ੍ਹਾਂ ਸੂਰਜ ਵੰਡੇ ਨੇਂ
ਓਹੋ ਦੁੱਖ ਉਲੀਕਾਂਗੀ,
ਮੇਰੇ ਨਾਲ ਜੋ ਹੰਢੇ ਨੇਂ
ਛਾਲੇ ਕਿੱਥੇ ਰੱਖਾਂ ਮੈਂ,
ਲੂੰ ਲੂੰ ਦੇ ਮੂੰਹ ਕੰਡੇ ਨੇਂ
'ਤਾਹਿਰਾ' ਦਰਦ ਵਿਛੋੜੇ ਦੇ,
ਸਾਰੇ ਮੇਰੇ ਵੰਡੇ ਨੇਂ
ਜਦ ਵੀ ਪੀੜਾਂ ਬੋਲੀਆਂ
ਗ਼ਜ਼ਲਾਂ, ਨਜ਼ਮਾਂ, ਬੋਲੀਆਂ
ਹੋਠਾਂ ਦੀ ਕੀ ਜੁਰ੍ਹੱਤ ਸੀ
ਜਿੱਥੇ ਅੱਖਾਂ ਬੋਲੀਆਂ
ਕੁੱਕੜ ਬਾਂਗ ਨਹੀਂ ਦੇਵਣੀ
ਜੇ ਨਾ ਚਿੜੀਆਂ ਬੋਲੀਆਂ
ਕਾਗ ਬਨੇਰੇ ਭੁੱਲ ਗਏ
ਸਿਰ 'ਤੇ ਇੱਲਾਂ ਬੋਲੀਆਂ
ਅਕਲਾਂ, ਸ਼ਕਲਾਂ, ਗੂੰਗੀਆਂ
ਰਕਮਾਂ, ਸ਼ਕਮਾਂ ਬੋਲੀਆਂ
ਕੀ ਕਹਿੰਦਾਂ ਏਂ, ਮੇਰੇ 'ਤੇ ਇਤਬਾਰ ਨਹੀਂ
ਮਤਲਬ। ਤੈਨੂੰ ਤੇਰੇ 'ਤੇ ਇਤਬਾਰ ਨਹੀਂ
ਉਹਦੇ ਪਿੰਡੋਂ ਕਾਂ ਤੇ ਆਉਂਦੇ ਹੋਵਣਗੇ
ਮੈਨੂੰ ਏਸ ਬਨੇਰੇ 'ਤੇ ਇਤਬਾਰ ਨਹੀਂ
ਨੁਕਤੇ ਨੂੰ ਪ੍ਰਕਾਰ ਨੇ ਚੱਕਰ ਦਿੱਤਾ ਏ
ਤਾਹੀਂਓ ਗੋਲ ਘਤੇਰੇ 'ਤੇ ਇਤਬਾਰ ਨਹੀਂ
ਮੈਂ ਅੱਖਾਂ 'ਤੇ ਚੁੰਨੀ ਵਲ ਕੇ ਸੌਂਨੀ ਆਂ
ਸੁਫ਼ਨਾ ਕਹਿੰਦਾ ਏ ਨ੍ਹੇਰੇ 'ਤੇ ਇਤਬਾਰ ਨਹੀਂ
ਪੱਖੀ ਵਾਸਣ* ਅੱਖ ਦਾ ਅੱਲ੍ਹਾ ਹਾਫ਼ਿਜ਼ ਏ
ਜਿਹਨੂੰ ਆਪਣੇ ਡੇਰੇ 'ਤੇ ਇਤਬਾਰ ਨਹੀਂ
ਦਿਲ ਦਰਿਆ ਅੱਜ 'ਤਾਹਿਰਾ’ ਚੜ੍ਹਿਆ ਹੋਇਆ ਏ
ਇਹਦੇ ਘੁੰਮਣਘੇਰੇ ’ਤੇ ਇਤਬਾਰ ਨਹੀਂ
----------------------
*ਖਾਨਾ ਬਦੋਸ਼
ਜਿਹਦੇ ਬਾਝੋਂ ਜੀ ਨਹੀਂ ਲੱਗਦਾ
ਹੁਣ ਤੇ ਉਹਦਾ ਵੀ ਨਹੀਂ ਲੱਗਦਾ
ਉਹਦਾ ਏਨਾ ਰੰਗ ਚੜ੍ਹਿਆ ਏ
ਜੀਵਨ ਆਪਣਾ ਈ ਨਹੀਂ ਲੱਗਦਾ
ਜੀਣਾ ਮਰਨਾ ਤੇਰੇ ਨਾਲ
ਫਿਰ ਕੀ ਡਰਨਾ ਤੇਰੇ ਨਾਲ
ਮੰਨਿਆ ਭਰਿਆ ਪੀਤਾ ਏਂ
ਟਲ ਜਾ, ਵਰਨਾ ਤੇਰੇ ਨਾਲ
ਮੇਰਾ ਹਾੜ੍ਹ ਤੇ ਮੱਘਰ ਤੂੰ
ਸੜਨਾ, ਠਰਨਾ ਤੇਰੇ ਨਾਲ
ਤੈਨੂੰ ਜਾਨ ਪਿਆਰੀ ਏ
ਮੈਂ ਨਹੀਂ ਤਰਨਾ ਤੇਰੇ ਨਾਲ
'ਤਾਹਿਰਾ' ਦੁਨੀਆਂ ਵੇਖੇਗੀ
ਮੈਂ ਜੋ ਕਰਨਾਂ ਤੇਰੇ ਨਾਲ
ਤੇਰੇ ਆਲ-ਦੁਆਲੇ ਰਹਿੰਦੇ
ਕਿਸਰਾਂ ਚਿੱਟੇ ਕਾਲੇ ਰਹਿੰਦੇ
ਤੂੰ ਸੈਂ ਅੜਿਆ। ਬਖ਼ਤ* ਅਸਾਡਾ
ਰਹਿੰਦਾ, ਬਖ਼ਤਾਂ ਵਾਲੇ ਰਹਿੰਦੇ
ਵਸਲ ਦਾ ਚਾਨਣ ਪੀਂਦੇ ਜੇਕਰ
ਅੰਦਰ ਤੇ ਨਾ ਕਾਲੇ ਰਹਿੰਦੇ
ਜੋ ਅੱਖਾਂ ਦੀ ਤਾੜ 'ਚ ਹੋਵਣ
ਦਿਲ ਉਹ ਕਦੋਂ ਸੰਭਾਲੇ ਰਹਿੰਦੇ
ਜਿਹਨੇ ਹਾੜ 'ਚ ਹਿਜਰ ਹੰਢਾਇਆ
ਉਹਦੇ ਅੰਦਰ ਪਾਲੇ ਰਹਿੰਦੇ?
----------------------------
*ਕਿਸਮਤ
ਸੂਰਜ ਵਰਗੀ ਗੱਲ ਤੇ ਨਹੀਂ ਨਾ
ਦੀਵਾ ਰਾਤ ਦਾ ਹੱਲ ਤੇ ਨਹੀਂ ਨਾ
ਦੋਵੇਂ ਐਵੇਂ ਡੁੱਬਦੇ ਪਏ ਆਂ
ਐਡੀ ਉੱਚੀ ਛੱਲ ਤੇ ਨਹੀਂ ਨਾ
ਇਹ ਨਾ ਹੋਰ ਕਿਸੇ 'ਤੇ ਆਵੇ
ਦਿਲ ਤੇ ਤੇਰੀ ਮੱਲ ਤੇ ਨਹੀਂ ਨਾ
ਸੱਚ ਆਖੀਂ ਜੇ ਕੱਲ੍ਹ ਮਿਲਣਾ ਈ
ਕੱਲ੍ਹ ਵਰਗੀ ਈ ਕੱਲ੍ਹ ਤੇ ਨਹੀਂ ਨਾ
ਝੱਟ ਦੀ ਝੱਟ ਖਲੋਤੀ ਏਥੇ
ਇਹ ਮੇਰੀ ਮੰਜ਼ਿਲ 'ਤੇ ਨਹੀਂ ਨਾ
ਜਿਹੜਾ ਮੈਨੂੰ ਮਿਲਿਆ ਨਹੀਂ
ਆਖਣ ਲੇਖੀਂ ਲਿਖਿਆ ਨਹੀਂ
ਦਿਲ ਦੀ ਧੜਕਣ ਕੋਲੋਂ ਪੁੱਛ
ਤੇਰਾ ਮੇਰਾ ਰਿਸ਼ਤਾ ਨਹੀਂ?
ਤੂੰ ਤੇ ਵੱਖ ਈ ਹੋਣਾ ਸੀ
ਬੰਦਾ ਏਂ, ਕੋਈ ਸਾਇਆ ਨਹੀਂ
ਕੱਚੀ ਕੰਧ ਨੂੰ ਧੁੜਕੂ ਏ
ਹਾਲੀ ਬੱਦਲ ਚੜ੍ਹਿਆ ਨਹੀਂ
ਮੈਨੂੰ ਅੱਧੀ ਕਹਿਨਾ ਏਂ
ਤੂੰ ਮੇਰੇ 'ਚੋਂ ਜੰਮਿਆ ਨਹੀਂ?
ਜਿੰਨਾ ਚਿਰ ਕੋਈ ਸੋਚ ਦਾ ਮਹਿਵਰ* ਨਹੀਂ ਹੁੰਦਾ
ਮਿਸਰਾ ਕੀ ਏ, ਇੱਕ ਵੀ ਅੱਖਰ ਨਹੀਂ ਹੁੰਦਾ
ਮੰਨਿਆ ਪਾਣੀ ਖ਼ਾਰਾ ਵੀ ਏ ਇਨ੍ਹਾਂ ਦਾ
ਪਰ ਅੱਖਾਂ ਵਿੱਚ ਇੱਕ ਸਮੁੰਦਰ ਨਹੀਂ ਹੁੰਦਾ
ਮੈਂ ਸ਼ੀਸ਼ੇ ਨੂੰ ਏਨਾ ਦੱਸਣਾ ਚਾਹਨੀ ਆਂ
ਹਰ ਵੇਲ਼ੇ ਈ ਪੱਥਰ, ਪੱਥਰ ਨਹੀਂ ਹੁੰਦਾ
ਉਜੜੇ ਵਿਹੜੇ ਵਾਂਗਰ ਏ ਉਹ ਸੀਨਾ ਵੀ
ਦਿਲ ਹੁੰਦਾ ਏ ਜਿੱਥੇ ਦਿਲਬਰ ਨਹੀਂ ਹੁੰਦਾ?
ਕਿਹੜੇ ਵੇਲੇ, ਕਿੱਸਰਾਂ, ਕਿੱਥੇ ਆ ਜਾਵੇ
ਪਿਆਰ ਦਾ ਕੋਈ ਵਕਤ ਮੁਕੱਰਰ ਨਹੀਂ ਹੁੰਦਾ
----------------------
*ਪੇਸ਼ਕਾਰ
ਮੇਰਾ ਸੀ ਜੋ, ਮੇਰਾ ਨਹੀਂ
ਹੁਣ ਕੋਈ ਡਰ ਖ਼ਤਰਾ ਨਹੀਂ
ਅਨਹੋਣੀ ਤੇ ਹੋਣੀ ਸੀ
ਜੋ ਕਰਨਾ ਸੀ ਹੋਇਆ ਨਹੀਂ
ਦਿਲ ਸੀਨੇ ਵਿੱਚ ਰੱਖਿਆ ਏ
ਮੈਂ ਅੱਖਾਂ ਨੂੰ ਡੱਕਿਆ ਨਹੀਂ
ਉਹ ਆਪਣੇ ਮੈਂ ਆਪਣੇ ਘਰ
ਰੌਲਾ ਮੁੱਕਾ ਚੰਗਾ ਨਹੀਂ?
ਵਰ੍ਹਿਆਂ ਪਿੱਛੋਂ ਆਇਆ ਸੀ
ਜਾਵਣ ਲੱਗਾ ਦਿਸਿਆ ਨਹੀਂ
ਮੈਂ ਤੇਰੇ ਲਈ ਜੀਣਾ ਏ
ਮੈਨੂੰ ਆਪਣਾ ਠੇਕਾ ਨਹੀਂ
ਕੀਤੀ ਤੇ ਪਛਤਾਵੇਂਗਾ
ਸਾਰੀ ਦੁਨੀਆਂ 'ਤਾਹਰਾ' ਨਹੀਂ
ਬੱਸ ਲੋਕਾਂ ਤੋਂ ਡਰ ਲੱਗਦਾ ਏ
ਤਾਂ ਸੱਜਣਾਂ ਤੋਂ ਡਰ ਲੱਗਦਾ ਏ
ਸਮਝਾਂ ਵਾਲੇ ਚੁੱਪ ਬੈਠੇ ਨੇ
ਬੇਸਮਝਾਂ ਤੋਂ ਡਰ ਲੱਗਦਾ ਏ
ਹੀਰੋਸ਼ੀਮਾ, ਨਾਗਾਸਾਕੀ
ਹੁਣ ਸਾਇੰਸਾਂ ਤੋਂ ਡਰ ਲੱਗਦਾ ਏ
ਸਾਰੇ ਈ ਰੰਗ ਤੇਰੇ ਨੇ, ਪਰ
ਕੁਝ ਰੰਗਾਂ ਤੋਂ ਡਰ ਲੱਗਦਾ ਏ
ਬੇਲੇ ਵਿੱਚੋਂ ਲੰਘਦੀ ਪਈ ਆਂ
ਰੰਗਪੁਰੀਆਂ ਤੋਂ ਡਰ ਲੱਗਦਾ ਏ
ਸ਼ੀਸ਼ੇ ਅੱਗੇ ਬੈਠੀ ਆਂ
ਆਪਣੇ ਅੱਗੇ ਬੈਠੀ ਆਂ
ਅੰਦਰੋਂ ਕੁੰਡੀ ਵੱਜੀ ਏ
ਬੂਹੇ ਅੱਗੇ ਬੈਠੀ ਆਂ
ਨੀਂਦਰ ਅੱਖਾਂ ਖਾ ਗਈ ਏ
ਸੁਫ਼ਨੇ ਅੱਗੇ ਬੈਠੀ ਆਂ
ਵੇਖੋ ਕਿੰਨੀ ਸੋਹਣੀ ਆਂ
ਸੋਹਣੇ ਅੱਗੇ ਬੈਠੀ ਆਂ
ਖ਼ਲਕਤ ਵੇਖੀ ਜਾਂਦੀ ਏ
ਤੇਰੇ ਅੱਗੇ ਬੈਠੀ ਆਂ
ਰਾਂਝੇ ਚੂਰੀ ਮੰਗੀ ਏ
ਬੇਬੇ ਅੱਗੇ ਬੈਠੀ ਆਂ
ਕਦੀ ਕਪਾਹਵਾਂ ਖਿੜਨਗੀਆਂ
ਚਰਖ਼ੇ ਅੱਗੇ ਬੈਠੀ ਆਂ
ਇਹ ਤੇਰੀ ਬੇਦਿਲੀ ਤੇ ਬੇਰੁਖ਼ੀ ਤਕਲੀਫ਼ ਦੇਂਦੀ ਏ
ਤੇਰੇ ਗਲ ਲੱਗ ਕੇ ਰੋਵਣ ਦੀ ਕਮੀ ਤਕਲੀਫ਼ ਦੇਂਦੀ ਏ
ਚਕੋਰਾਂ ਵਰਗੀਆਂ ਅੱਖਾਂ ਤੇ ਪਹਿਰੇ ਨੇ ਅਨਾਵਾਂ ਦੇ
ਵੇ ਚੰਨਾ! ਸਾਨੂੰ ਤੇਰੀ ਚਾਨਣੀ ਤਕਲੀਫ਼ ਦੇਂਦੀ ਏ
ਵਿਚਾਰੇ ਪਿਆਰ ਦੇ ਵੈਰੀ ਬੜੇ ਮਜਬੂਰ ਹੁੰਦੇ ਨੇ
ਹਮੇਸ਼ਾ ਦਿਲ ਸੜੇ ਨੂੰ ਦਿਲ-ਲਗੀ ਤਕਲੀਫ਼ ਦੇਂਦੀ ਏ
ਜ਼ਮਾਨੇ ਵਾਲਿਆਂ ਨੇ ਓਸ ਦਾ ਨਾਂ ਹਿਜਰ ਧਰ ਦਿੱਤਾ
ਘੜੀ ਵਸਲਾਂ ਦੀ ਜਿਹੜੀ ਪੇਸ਼ਗੀ ਤਕਲੀਫ਼ ਦੇਂਦੀ ਏ
ਕਵਿਤਾਵਾਂ
ਮੁਕੱਦਮਾ
ਨੌਂ ਮਹੀਨੇ ਕੁੱਖੇ ਰੱਖਾਂ
ਮੌਤ ਦੇ ਮੂੰਹ 'ਚੋਂ ਮੁੜ ਕੇ ਜੰਮਾਂ
ਰੱਤ ਚੁੰਘਾ ਕੇ ਪਾਲਾਂ ਪੋਸਾਂ
ਵਲਦੀਅਤ ਦੇ ਖ਼ਾਨੇ ਦੇ ਵਿੱਚ ਉਹਦਾ ਨਾਂ?
ਕਿਹੜਾ ਮੇਰਾ ਕਰੇ ਨਿਆਂ
ਸੋਹਣਿਆ ਰੱਬਾ, ਡਾਢਿਆ ਰੱਬਾ
ਤੂੰ ਆਦਮ ਦਾ ਬੁੱਤ ਬਣਾਇਆ
ਉਹਦੀ ਪਸਲੀ ਵਿੱਚੋਂ ਮੁੜ ਕੇ ਮੈਨੂੰ ਕੱਢਿਆ
ਮੈਨੂੰ ਮਿਹਣਿਆਂ ਜੋਗੀ ਛੱਡਿਆ
ਪਸਲੀ ਵਿੱਚੋਂ ਨਿਕਲੀ ਏ ਤੇ ਪਸਲੀ ਵਾਂਗ ਈ ਟੇਢੀ ਏ
ਮੇਰੇ ਲਈ ਕੀ ਤੇਰੇ ਕੋਲੋਂ ਮੁੱਠ ਮਿੱਟੀ ਵੀ ਨਹੀਂ ਪੁੱਗੀ?
ਸੋਹਣਿਆ ਰੱਬਾ ਡਾਢਿਆ ਰੱਬਾ
ਉਹਦਿਆ ਰੱਬਾ
ਵਿਰਾਸਤ
ਮਾਂ ਨੇ ਚੁੱਪ ਦੀ ਗੁੜ੍ਹਤੀ ਦੇ ਕੇ
ਮੇਰੇ ਬੁੱਲ੍ਹ ਈ ਸੀਅ ਦਿੱਤੇ
ਪਰ ਖੌਰੇ ਕਿਉਂ
ਕੰਨਾਂ ਨੂੰ ਬੰਦ ਕਰਨਾ ਭੁੱਲ ਗਈ
ਅੱਖ ਖੁੱਲ੍ਹੀ ਤੇ ਚਾਰ ਚੁਫ਼ੇਰੇ
ਸ਼ਕਲਾਂ ਦਿਸੀਆਂ
ਜਿਹਨਾਂ ਨੂੰ ਕੁੱਝ ਪੁੱਛ ਨਾ ਸਕੀ
ਵੇਂਹਦੀ ਰਹੀ ਤੇ ਸੁਣਦੀ ਰਹੀ
ਮੈਂ ਸ਼ਕਲਾਂ ਨੂੰ ਸੁਣਦੀ ਰਹੀ
ਆਵਾਜ਼ਾਂ ਨੂੰ ਵੇਂਹਦੀ ਰਹੀ
ਬੁੱਲ੍ਹ ਸੀਤੇ ਸੀ ਹੋਰ ਕੀ ਹੁੰਦਾ
ਖੁੱਲ੍ਹੀਆਂ ਅੱਖਾਂ
ਖੁੱਲ੍ਹੇ ਸੁਫ਼ਨੇ ਵੇਖਣ ਲੱਗੀਆਂ
ਤਾਂ ਰਸਮਾਂ ਦੀ ਪੱਟੀ ਆ ਗਈ
ਅੱਖਾਂ ਉੱਤੇ ਘੁੱਟ ਕੇ ਬੱਝੀ
ਰੱਤੀ ਪੱਟੀ
ਜਿਹਦੀ ਗੰਢ ਮੈਂ ਖੋਲ ਨਾ ਸੱਕੀ
ਪੋਟੇ ਹੰਭ ਗਏ
ਨਹੁੰ ਵੀ ਝੜ ਗਏ
ਪਰ ਨਾ ਖੁੱਲ੍ਹੀ ਇਹ ਰਸਮਾਂ ਦੀ ਰੱਤੀ ਪੱਟੀ
ਹੁਣ ਮੈਂ ਆਪਣੇ ਟੁੱਟੇ ਖ਼ਾਬ ਤੇ ਜ਼ਖ਼ਮੀ ਸੋਚਾਂ
ਆਪਣੀ ਧੀ ਨੂੰ ਕਿਸਰਾਂ ਸੌਂਪਾਂ?
ਪੱਥਰ
ਹੁਣ ਤੇ ਪਿਆਰ ਦੇ ਨਾਂ 'ਤੇ ਮੈਨੂੰ
ਹਾਸਾ ਆਉਂਦਾ ਏ ਨਾ ਰੋਣਾ
ਪਿਆਰ ਦੇ ਨਾਂਅ 'ਤੇ
ਅੱਖ ਵਿੱਚ ਜਿਵੇਂ, ਕੱਖ ਜਿਹਾ ਪੈ ਜਾਂਦਾ ਏ
ਪਲਕਾਂ ਮੁੱਢ ਖਲੋਤੇ ਅੱਥਰੂ
ਡਿੱਗਣ ਤੋਂ ਇਨਕਾਰੀ ਹੋ ਕੇ
ਓਥੇ ਈ ਕੱਲਰ ਹੋ ਜਾਂਦੇ ਨੇ
ਦਿਲ ਦੀ ਬਾਰੀ ਖੁੱਲ੍ਹਦੇ ਸਾਰ ਈ
ਕੰਧਾਂ, ਬੂਹੇ
ਕੰਬ ਜਾਂਦੇ ਨੇ
ਹੁਣ ਤੇ ਪਿਆਰ ਦੇ ਨਾਂ 'ਤੇ ਮੈਨੂੰ...
ਚੁੱਪ
ਚਾਰ ਚੁਫ਼ੇਰੇ
ਮੇਰੇ ਹੋਣ ਦੇ ਦਾਵੇਦਾਰ ਨੇਂ
ਕਈਆਂ ਨੂੰ ਤੇ ਗਿਲੇ ਵੀ ਨੇਂ
ਮੈਂ ਉਹਨਾਂ ਨਾਲ ਗੱਲ ਨਹੀਂ ਕਰਦੀ
ਖੁੱਲ੍ਹਦੀ ਨਹੀਂ
ਕਿਸਰਾਂ ਦੱਸਾਂ
ਕੁੱਝ ਗੱਲਾਂ ਮੈਂ ਆਪਣੇ ਨਾਲ ਵੀ ਨਹੀਂ ਕਰ ਸਕਦੀ
ਕੰਧਾਂ ਏਥੇ ਝਾਕਦੀਆਂ ਨੇਂ
ਕੁੱਝ ਗੱਲਾਂ ਮੈਂ ਆਪਣੇ ਨਾਲ ਵੀ ਨਹੀਂ ਕਰ ਸਕਦੀ
ਅਮ੍ਰਿਤਾ ਪ੍ਰੀਤਮ ਦੀ ਵੇਲ
ਪਿਛਲੀ ਰਾਤੀਂ
ਜਾਗੋ ਮੀਟੀ ਸੁਫ਼ਨੇ ਵਿੱਚ
ਅਮ੍ਰਿਤਾ ਮੈਨੂੰ ਕਹਿ ਗਈ ਏ
ਇਸ਼ਕ ਕਿਤਾਬ ਦਾ ਅਗਲਾ ਵਰਕਾ ਫ਼ੋਲ ਦੇ
ਕਬਰਾਂ ਵਿੱਚੋਂ ਵਾਰਿਸ਼ ਸ਼ਾਹ ਨਹੀਂ ਬੋਲਦੇ
ਬੇ ਇਨਸਾਫ਼ੇ
ਕੁੱਝ ਮਸਨੂਈ ਵਾਵਰੋਲੇ
ਝੱਖੜ ਝੁੱਲੇ
ਏਧਰ-ਓਧਰ ਕਰ ਦੇਂਦੇ ਨੇ
ਫ਼ਿਤਰਤ ਸਭ ਨੂੰ
ਇੱਕੋ ਜਿੰਨਾ ਹਿੱਸੇ ਆਉਂਦਾ
ਜੋ ਬਣਦਾ ਏ ਦੇਂਦੀ ਏ
ਅੱਧੀ
ਸੋਨੇ ਚਾਂਦੀ ਦੇ ਇਹ ਗਹਿਣੇ
ਕੀਮਤੀ ਗਹਿਣੇ
ਅੱਧੀ ਔਰਤ
ਪੂਰਿਆਂ ਹੋਣ ਦੀ ਕੋਸ਼ਿਸ਼ ਕਰਦੀ ਪਈ ਏ
ਬੇਰੁੱਤੀ
ਸਿਰ 'ਤੇ ਬੱਦਲ ਗੱਜਦੇ ਪਏ ਨੇ
ਗੜ ਗੜ, ਗੜ ਗੜ, ਗੜ ਗੜ, ਗੜ ਗੜ
ਅੱਧ ਪਚੱਧੇ ਵਰ੍ਹ ਵੀ ਗਏ ਨੇ
ਅੰਬਰੋਂ ਲੱਥਾ ਹੋਇਆ ਪਾਣੀ
ਉੱਚੀ ਨੀਵੀਂ ਥਾਂ ਨੂੰ ਪੱਧਰ ਕਰਨਾ ਚਾਂਹਦਾ ਏ
ਰੁੱਖਾਂ ਦੇ ਮੂੰਹ ਧੁਪ ਗਏ ਨੇ ਪਰ
ਬੇਰੁੱਤੀ ਬਰਸਾਤ ਨੇ ਐਵੇਂ
ਕੰਧਾਂ ਗਿੱਲੀਆਂ ਕਰ ਦਿੱਤੀਆਂ ਨੇ
ਕੱਚੀਆਂ ਛੱਤਾਂ ਦੇ ਪਰਨਾਲੇ
ਅੱਥਰ ਪੀਣੀਆਂ ਅੱਖਾਂ ਨੂੰ ਪਏ ਦੱਸਦੇ ਨੇ
ਮੌਸਮ ਤੇਰੇ ਵਰਗਾ ਏ
ਗੜ ਗੜ, ਗੜ ਗੜ, ਗੜ ਗੜ, ਗੜ ਗੜ
ਤ੍ਰਾਹ
ਜਜ਼ਬੇ ਵਾਂਗ ਪਹਾੜਾਂ ਨੇ
ਜੀਵਨ ਖਾਈਆਂ ਵਰਗਾ ਏ
ਸਿਰ 'ਤੇ ਉੱਡਦੇ ਖ਼ੌਫ਼ ਦੇ ਉੱਲੂ
ਚਿੜੀ ਨਹੀਂ ਫੜਕਣ ਦਿੰਦੇ
ਮੈਂ ਵਾਰਿਸ ਵਾਰਿਸ ਕੂਕਦੀ
ਗਲ ਪਾ ਕੇ ਕਫ਼ਨੀ ਹਿਜਰ ਦੀ
ਮੈਂ ਜਿਉਂਦੀ ਪੈ ਗਈ ਗੋਰ ਵੇ
ਮੈਂ ਹੀਰ ਸਾਂ ਰਾਂਝਣ ਯਾਰ ਦੀ
ਮੈਨੂੰ ਲੁੱਟ ਕੇ ਲੈ ਗਏ ਹੋਰ ਵੇ
ਕਿਸੇ ਕਦਰ ਨਾ ਪਾਈ ਹੂਕ ਦੀ
ਮੈਂ ਵਾਰਿਸ ਵਾਰਿਸ ਕੂਕਦੀ
ਮੈਂ ਆਪਣਾ ਆਪ ਵਿਸਾਰਿਆ
ਮੈਂ ਮਲਕੀ ਦਾ ਅੰਗ ਧਾਰਿਆ
ਅੱਜ ਦੇ ਕੇ ਗੁੜ੍ਹਤੀ ਜ਼ਹਿਰ ਦੀ
ਮੈਂ ਆਪਣੇ ਆਪ ਨੂੰ ਮਾਰਿਆ
ਕਿਵੇਂ ਪੇਚਾ ਪਾਉਂਦੀ ਇਸ਼ਕ ਦਾ
ਮੇਰੇ ਹੱਥੋਂ ਟੁੱਟ ਗਈ ਡੋਰ ਵੇ
ਮੈਂ ਹੀਰ ਸਾਂ ਰਾਂਝਣ ਯਾਰ ਦੀ
ਮੈਨੂੰ ਲੁੱਟ ਕੇ ਲੈ ਗਏ ਹੋਰ ਵੇ
ਕੋਈ ਦਿਲ ਦੀਆਂ ਰਮਜ਼ਾਂ ਜਾਣਦਾ
ਕੋਈ ਜਿਉਂ ਦਿਲ ਦਾ ਰੋਗ ਪਛਾਣਦਾ
ਕੋਈ ਕਬਰੀਂ ਦੀਵੇ ਬਾਲਦਾ
ਕੋਈ ਮਾਣ ਵਧਾਉਂਦਾ ਮਾਣ ਦਾ
ਮੇਰੇ ਵਿਹੜੇ ਸੁੰਜ ਨਾ ਸ਼ੂਕਦੀ
ਇੱਥੇ ਪੈਲਾਂ ਪਾਉਂਦੇ ਮੋਰ ਵੇ
ਮੈਂ ਹੀਰ ਸਾਂ ਰਾਂਝਣ ਯਾਰ ਦੀ
ਮੈਨੂੰ ਲੁੱਟ ਕੇ ਲੈ ਗਏ ਹੋਰ ਵੇ
ਹੱਸ ਹੱਸ ਕੇ ਮੌਤਾਂ ਸਹਿਣ ਵੇ
ਕਿਵੇਂ ਹੀਰਾਂ ਜਿਉਂਦੀਆਂ ਰਹਿਣ ਵੇ
ਅੱਜ ਬਹਿ ਕੇ ਆਪਣੀ ਲਾਸ਼ 'ਤੇ
ਅਸੀਂ ਆਪੇ ਕਰੀਏ ਵੈਣ ਵੇ
ਵੇਲ਼ੇ ਦੀ ਉਹੋ ਚਾਲ ਵੇ
ਧਰਤੀ ਦੀ ਉਹੋ ਟੋਰ ਵੇ
ਮੈਂ ਹੀਰ ਸਾਂ ਰਾਂਝਣ ਯਾਰ ਦੀ
ਮੈਨੂੰ ਲੁੱਟ ਕੇ ਲੈ ਗਏ ਹੋਰ ਵੇ
ਕਿਸੇ ਕਦਰ ਨਾ ਪਾਈ ਹੂਕ ਦੀ
ਮੈਂ ਵਾਰਿਸ ਵਾਰਿਸ ਕੂਕਦੀ
ਮੈਂ ਵਾਰਿਸ ਵਾਰਿਸ ਕੂਕਦੀ
ਨਸਰੀਨ ਅੰਜੁਮ ਭੱਟੀ ਦੀ ਵੇਲ
ਬੇਬੇ ਨੀ ! ਕੌਣ ਸੀ, ਜਿਹੜਾ ਤੇਰੀਆਂ ਆਂਦਰਾਂ
ਨਾਲ ਮੰਜੀ ਉਣਦਾ ਰਿਹਾ?
ਧਰਤੀ ਦੀ ਧੌਣ ਨੀਵੀਂ ਹੋਵੇ ਭਾਵੇਂ ਉੱਚੀ
ਬੇ-ਹਕੀਕਤਾ ਅਸਮਾਨ ਇਹਦਾ ਕੁੱਝ ਨਹੀਂ ਵਿਗਾੜ ਸਕਦਾ
ਇਹਨੂੰ ਆਖ ਖਾਂ, ਮੇਰੇ 'ਤੇ ਡਿੱਗ ਕੇ ਵਿਖਾਏ
ਬੇਬੇ ਨੀ! ਬੱਚੇ ਖਾ ਕੇ ਵੀ ਸ਼ੇਰਾਂ ਦੇ ਮੂੰਹ ਧੋਤੇ ਈ ਨੇਂ
ਇਨ੍ਹਾਂ ਦੇ ਮੂੰਹ ਕੌਣ ਧੋਂਦਾ ਏ?
ਕਾਲੇ ਪੈਰਾਂ ਵਾਲੇ ਚਿੱਟੇ ਨੰਗੇ ਜਾਨਵਰ
ਖੋਤੇ ਨਾ ਘੋੜੇ, ਭਾੜੇ ਦੇ ਟੱਟੂ
ਪਰਾਤਾਂ ਢਾਲ ਕੇ ਤੋਪਾਂ ਬਣਾਉਣ ਵਾਲੇ
ਹੁਣ ਸਾਡੀਆਂ ਕੌਲੀਆਂ ਖੋਹ ਕੇ
ਨੋਟ ਛਾਪਣ ਵਾਲੀਆਂ ਮਸ਼ੀਨਾਂ ਪਏ ਬਣਾਉਂਦੇ ਨੇ
ਬੇਬੇ ਨੀ ਬੇਬੇ ਮੈਨੂੰ ਨੀਂਦਰ ਆਈ ਏ
ਮੈਂ ਸੁਫ਼ਨਿਆਂ ਤੋਂ ਡਰਦੀ ਸੌਂਦੀ ਨਹੀਂ
ਅਜੇ ਪਹਿਲੇ ਪੂਰੇ ਨਹੀਂ ਹੋਏ,
ਉੱਤੋਂ ਨਵਿਆਂ ਘੇਰਾ ਘੱਤ ਲਿਆ ਏ
ਖੌਰੇ ਮੈਨੂੰ ਸੰਗਸਾਰ* ਕਰੂ ਨੇ
ਪਰ ਮੈਂ ਹੁਣ ਅੱਖਾਂ ਬੰਦ ਨਹੀਂ ਕਰਨੀਆਂ
ਜਿੰਨਾ ਚਿਰ ਖੁਲ੍ਹੀਆਂ ਨੇ, ਜਿਉਂਦੀ ਆਂ
ਬੇਬੇ ! ਮੇਰੀ ਭੈਣ ਕਹਿੰਦੀ ਏ, "ਤੈਨੂੰ ਚਾਦਰ ਲੈਣ ਦਾ ਵੱਲ ਨਹੀਂ"
ਹਰ ਸਾਹ ਲੈਂਦੀ ਸ਼ੈਅ ਨਾਲ ਮੇਰਾ ਸਾਹ ਦਾ ਰਿਸ਼ਤਾ ਏ
ਮੈਂ ਇਹ ਚਿੱਟੀ ਚਾਦਰ ਕੀ ਕਰਨੀ ਏ?
ਬੇਬੇ ਨੀ! ਮੈਥੋਂ ਰੀਝਾਂ ਵੇਲ ਵੇਲ ਤਵੇ 'ਤੇ ਨਹੀਂ ਪਾ ਹੁੰਦੀਆਂ
ਮੈਂ ਵਿਚਾਰੀ ਨਹੀਂ ਬਣਨਾ
ਗੱਲ ਕਰਾਂਗੀ
ਮੇਰੇ ਤੋਂ ਮਰਚਾਂ ਵਾਰ
ਮੈਂ ਬੋਲਣਾ ਸਿੱਖ ਲਿਆ ਏ
-----------------------------------
*ਪੱਥਰ ਮਾਰ-ਮਾਰ ਕੇ ਮਾਰ ਦੇਣ ਦੀ ਸਜ਼ਾ
ਗੀਤ
ਕਿਸਮਤ ਵਾਲਾ ਏਂ
ਹਰ ਵੇਲੇ ਰਹਵਾਂ ਜਪਦੀ, ਮੇਰੇ ਪਿਆਰ ਦੀ ਮਾਲ਼ਾ ਏਂ
ਕਿਸਮਤ ਵਾਲਾ ਏਂ
ਕਿਸਮਤ ਵਾਲਾ ਏਂ
ਅਸੀਂ ਤੈਨੂੰ ਸਮਝ ਗਏ, ਤੂੰ ਸਮਝਣ ਵਾਲਾ ਏਂ
ਕਿਸਮਤ ਵਾਲਾ ਏਂ
ਕਿਸਮਤ ਵਾਲਾ ਏਂ
ਦਿਲ ਦੀ ਹਵੇਲੀ ਨੂੰ, ਤੂੰ ਆਖ਼ਰੀ ਤਾਲਾ ਏਂ।
ਕਿਸਮਤ ਵਾਲਾ ਏਂ
ਕਿੱਥੇ ਦਿਲਦਾਰੀਆਂ
ਜੱਗ ਦੀਆਂ ਰਸਮਾਂ, ਥੱਕੀਆਂ ਨਾ ਹਾਰੀਆਂ
ਕਿੱਥੇ ਦਿਲਦਾਰੀਆਂ?
ਕਿੱਥੇ ਦਿਲਦਾਰੀਆਂ
ਗ਼ਰਜ਼ਾਂ ਦੀ ਭੀੜ ਵਿੱਚ, ਰੋਣ ਪਈਆਂ ਯਾਰੀਆਂ
ਕਿੱਥੇ ਦਿਲਦਾਰੀਆਂ?
ਕਿੱਥੇ ਦਿਲਦਾਰੀਆਂ
ਖੇੜਿਆਂ ਦਾ ਸ਼ਹਿਰ ਏ, ਹੀਰਾਂ ਨਹੀਂ ਵਿਚਾਰੀਆਂ
ਕਿੱਥੇ ਦਿਲਦਾਰੀਆਂ?
ਲੋੜ ਜੋੜ ਦੇਂਦੀ ਏ
ਭੰਨ ਤੋੜ ਦੇਨੀ ਆਂ, ਥੋੜ ਜੋੜ ਦੇਂਦੀ ਏ
ਲੋੜ ਜੋੜ ਦੇਂਦੀ ਏ
ਲੋੜ ਜੋੜ ਦੇਂਦੀ ਏ
ਜੋਬਨੇ ਦੀ ਵਾਸ਼ਨਾ, ਤੋੜ ਜੋੜ ਦੇਂਦੀ ਏ
ਲੋੜ ਜੋੜ ਦੇਂਦੀ ਏ
ਲੋੜ ਜੋੜ ਦੇਂਦੀ ਏ
ਜ਼ਿੰਦਗੀ ਨੂੰ ਜ਼ਿੰਦਗੀ, ਮੋੜ ਜੋੜ ਦੇਂਦੀ ਏ
ਲੋੜ ਜੋੜ ਦੇਂਦੀ ਏ
ਗੱਲ ਬਣ ਗਈ ਏ
ਪਿਆਰ ਦੀ ਜੋ ਲਹਿਰ ਸੀ, ਵੱਲ ਬਣ ਗਈ ਏ
ਗੱਲ ਬਣ ਗਈ ਏ
ਗੱਲ ਬਣ ਗਈ ਏ
ਕੁੱਲੀ ਉਹਦੇ ਆਉਣ 'ਤੇ, ਮਹੱਲ ਬਣ ਗਈ ਏ
ਗੱਲ ਬਣ ਗਈ ਏ
ਗੱਲ ਬਣ ਗਈ ਏ
ਜਿੰਦੜੀ ਨਿਮਾਨੜੀ, ਵੱਲ ਬਣ ਗਈ ਏ
ਗੱਲ ਬਣ ਗਈ ਏ
ਸਾਹ ਪਾ ਦਿੱਤੇ ਈ
ਉਖੜੇ ਸੀ ਜਜ਼ਬੇ, ਰਾਹ ਪਾ ਦਿੱਤੇ ਈ
ਸਾਹ ਪਾ ਦਿੱਤੇ ਈ
ਸਾਹ ਪਾ ਦਿੱਤੇ ਈ
ਕੌਡੀਆਂ ਦੇ ਨਖ਼ਰੇ, ਕਿਸ ਭਾਅ ਦਿੱਤੇ ਈ
ਸਾਹ ਪਾ ਦਿੱਤੇ ਈ
ਸਾਹ ਪਾ ਦਿੱਤੇ ਈ
ਗੱਲ ਕਰ ਬੈਠੇ ਸਾਂ, ਫਾਹ ਪਾ ਦਿੱਤੇ ਈ
ਸਾਹ ਪਾ ਦਿੱਤੇ ਈ
ਦਿਲ ਟੁੱਟ ਗਿਆ ਏ
ਜਿਹਨੇ ਸੀ ਵਸਾਵਣਾ, ਲੁੱਟ ਪੁੱਟ ਗਿਆ ਏ
ਦਿਲ ਟੁੱਟ ਗਿਆ ਏ
ਦਿਲ ਟੁੱਟ ਗਿਆ ਏ
ਮੇਰੀਆਂ ਨਿਸ਼ਾਨੀਆਂ, ਘਰ ਸੁੱਟ ਗਿਆ ਏ
ਦਿਲ ਟੁੱਟ ਗਿਆ ਏ
ਦਿਲ ਟੁੱਟ ਗਿਆ ਏ
ਹਓਕਾ ਵੀ ਨਹੀਂ ਭਖ਼ਦਾ, ਸਾਹ ਘੁੱਟ ਗਿਆ ਏ
ਦਿਲ ਟੁੱਟ ਗਿਆ ਏ
ਗੀਤ
ਜਿਹਨੂੰ ਤੱਕਿਆਂ ਮੇਰਾ ਦਿਨ ਚੜ੍ਹਦਾ, ਨੀ ਉਹਦੇ ਕੋਲੋਂ ਜੱਗ ਸੜਦਾ
ਨਹੀਂ ਡਰਦਾ ਮੇਰਾ ਹੱਥ ਫੜ੍ਹਦਾ, ਨੀ ਉਹਦੇ ਕੋਲੋਂ ਜੱਗ ਸੜਦਾ
ਪਿਆਰ ਵਿੱਚ ਡਰ ਕਾਹਦਾ, ਡਰ ਨਾ ਵੇ ਹਾਣੀਆ
ਚੁੰਮ ਕੇ ਮੈਂ ਮੱਥਾ ਉਹਨੂੰ, ਨਿੱਤ ਸਮਝਾਨੀ ਆਂ
ਰਵ੍ਹੇਂ ਗੱਲੀਂ-ਬਾਤੀਂ ਮੇਰੇ ਨਾਲ ਲੜਦਾ, ਨੀ ਉਹਦੇ ਕੋਲੋਂ ਜੱਗ ਸੜਦਾ
ਇੱਕ ਵਾਰੀ ਵੇਖ ਲਵੇ ਜੀਹਨੂੰ ਅੱਖ ਭਰ ਕੇ
ਟੁਰੀ ਆਵੇ ਉਹੋ ਦਿਲ ਤਲੀ ਉੱਤੇ ਧਰ ਕੇ
ਮੇਰੇ ਪਿਆਰ ਦੇ ਕਸੀਦੇ ਪੜ੍ਹਦਾ, ਨੀ ਉਹਦੇ ਕੋਲੋਂ ਜੱਗ ਸੜਦਾ
ਮੌਕਿਆਂ ਦਾ ਰਹਵੀਂ ਤੂੰ ਗਵਾਹ ਵੇ ਜ਼ਮਾਨਿਆ
ਸੜਿਆਂ ਦੀ ਉੱਡਣੀ ਸਵਾਹ ਵੇ ਜ਼ਮਾਨਿਆ
ਜਦੋਂ ਵੇਖਨੀ ਆਂ ਗੁੱਸਾ ਮੈਨੂੰ ਚੜ੍ਹਦਾ, ਨੀ ਉਹਦੇ ਕੋਲੋਂ ਜੱਗ ਸੜਦਾ
ਨਹੀਂ ਡਰਦਾ ਮੇਰਾ ਹੱਥ ਫੜ੍ਹਦਾ, ਨੀ ਉਹਦੇ ਕੋਲੋਂ ਜੱਗ ਸੜਦਾ
ਟੱਪੇ
ਨੀ ਮੈਂ ਪੱਗ ਥੱਲੇ ਆ ਕੇ ਮਰ ਗਈ,
ਕਿਸੇ ਨੇ ਮੇਰੀ ਕੂਕ ਨਾ ਸੁਣੀ
*
ਅਜੇ ਦੂਰ ਤੱਕ ਨਹੀਂ ਪਿਆ ਦਿਸਦਾ,
ਜਿਹਨੂੰ ਅਸੀਂ ਹੱਥ ਲਾਵਣਾ
*
ਅਸੀਂ ਹੱਥਾਂ 'ਚ ਪਾਜ਼ੇਬਾਂ ਪਾਈਆਂ,
ਉਂਗਲਾਂ 'ਤੇ ਟੁਰਨਾ ਪਿਆ
*
ਸਾਡੇ ਪੁੱਠਿਆਂ ਹੱਥਾਂ 'ਤੇ ਮਹਿੰਦੀ,
ਸਿੱਧਿਆਂ 'ਤੇ ਲੀਕਾਂ ਵੱਜੀਆਂ
*
ਤੇਰੇ ਆਉਣ 'ਤੇ ਮੇਲਾ ਫੱਬਣਾ,
ਮੁੰਡਿਆ ਕਣਕ ਰੰਗਿਆ
*
ਸਾਡਾ ਸਫ਼ਰ ਲੰਮੇਰਾ ਹੋਇਆ,
ਲੱਤਾਂ ਵਿੱਚ ਪੈ ਗਏ ਸਰੀਏ
*
ਜਿਹੜਾ ਕਿਸੇ ਨੂੰ ਸੁਣਾ ਵੀ ਨਾ ਸਕੀਏ,
ਦੁੱਖ ਪੜ-ਦੁੱਖ ਹੁੰਦਾ ਏ
*
ਜੀਭਾਂ ਵੱਡ੍ਹੀਆਂ ਹੋਂਠ ਨੇ ਸੀਤੇ,
ਨੱਕ ਵਿੱਚ ਸਾਹ ਫਸਿਆ
*
ਨਹੀਂ ਪੁੱਜੀਆਂ ਕਿਸੇ ਤੋਂ ਚੂੜੀਆਂ,
ਮੈਂ ਐਵੇਂ ਤੇ ਨਹੀਂ ਬਾਹਵਾਂ ਟੰਗੀਆਂ
*
ਅਸੀਂ ਉਹਦੇ ਅੱਗੇ ਹੱਥ ਪੈਰ ਜੋੜਤੇ,
ਹਾਰੇ ਦਾ ਨਿਆਂ ਕੀ ਹੁੰਦਾ
*
ਜੇ ਤੂੰ ਹੁਣ ਵੀ ਨਾ ਏਧਰ ਤੱਕਿਆ,
ਮੈਂ ਤੇਰੇ ਨਾਲ ਨਹੀਂਓ ਬੋਲਣਾ
*
ਜਦੋਂ ਚੰਡੀਆਂ* ਨੂੰ ਛਾਲੇ ਪੈਗੇ,
ਅੱਖੀਆਂ 'ਚੋਂ ਧੂੰ ਨਿਕਲੇ
*
---------------------
*ਚੰਡੀਆਂ:- ਛਾਲਿਆਂ ਵਾਲੀ ਜਗ੍ਹਾ ਸਖ਼ਤ ਹੋ ਜਾਂਦੀ ਏ
ਬੁੱਲ੍ਹਾ, ਵਾਰਿਸ, ਫ਼ਰੀਦ ਪੜ੍ਹਾਓ,
ਧਮਾਕਿਆਂ ਤੋਂ ਜਾਨ ਛੁੱਟ ਜਾਏ
*
ਜਦੋਂ ਕੀੜੀਆਂ ਦੇ ਆਟੇ ਡੁੱਲ ਗਏ,
ਡਿੱਗਿਆਂ ਨੂੰ ਉੱਠਣਾ ਪਿਆ
*
ਮਾਏ ! ਚੁੰਨੀ ਦੀਆਂ ਵੱਟੀਆਂ ਵਟਾਅ ਦੇ,
ਇਹ ਦੀਵਾ ਸਾਰੀ ਰਾਤ ਜਗਣਾ
*
ਅਸੀਂ ਮੰਨਿਆ ਇਹ ਦੁਨੀਆ ਏ ਫ਼ਾਨੀ,
ਸਾਹ ਹੁਣ ਕਿੱਥੇ ਸੁੱਟੀਏ?
*
ਘੁੰਢ ਅੱਖੀਆਂ 'ਚ ਰੱਖਿਆ ਲੁਕਾ ਕੇ,
ਖੌਰੇ ਕਿਵੇਂ ਚੁੱਕਿਆ ਗਿਆ
*
ਅਗਾਂਹ ਵੱਧ ਕੇ ਪਿਛਾਂਹ ਨਾ ਜਦ ਹੋਏ,
ਪੈਰਾਂ ਨੇ ਜ਼ਮੀਨ ਛੱਡਤੀ
*
ਨੀ ਮੈਂ ਅੱਕ ਦਾ ਦੰਦਾਸਾ ਮਲ ਕੇ,
ਖੇੜਿਆਂ ਦੇ ਘਰ ਵੱਸ ਪਈ
*
ਮਾਏ ! ਵਾਰ ਮੇਰੇ ਤੋਂ ਮਿਰਚਾਂ,
ਬਨੇਰੇ ਉੱਤੇ ਕਾਂ ਬੋਲਿਆ
*
ਅਸੀਂ ਆਪ ਤਮਾਸ਼ਾ ਬਣ ਗਏ,
ਤਮਾਸ਼ੇ ਨਹੀਂ ਸਾਂ ਵੇਖ ਸਕਦੇ
*
ਜੰਜ ਵੇੜ੍ਹੇ ਵਿੱਚ ਆਣ ਖਲੋਤੀ,
ਪਟੋਲਿਆਂ 'ਚ ਲੁਕਦੀ ਫਿਰਾਂ
*
ਅਸੀਂ ਪੂਰਾ ਸਾਲ ਹੰਡਾਈਆਂ,
ਮਿਲਣ ਦੀਆਂ ਦੋ ਘੜੀਆਂ
*
ਨੀ ਮੈਂ ਭੱਖੜੇ ਦਾ ਸੂਟ ਸਵਾਇਆ,
ਸ਼ਰੀਕੜੇ ਦੀ ਅੱਖ ਪਾਟ ਗਈ
*
ਦੋ ਬੇੜੀਆਂ 'ਚ ਪੈਰ ਜਿੰਨ੍ਹਾ ਰੱਖਿਆ,
ਉਹ ਸਾਡੇ ਕੋਲੋਂ ਰਾਹ ਪੁੱਛਦੇ
*
ਅਸੀਂ ਬੱਦਲਾਂ ਦੇ ਲੇਫ਼ ਭਰਾਏ,
ਪੋਹ ਵਿੱਚ ਸੌਣ ਜੰਮਣਾ
*
ਅਜੇ ਦਾਲ ਗਲੀ ਨਹੀਂ ਤੇਰੀ,
ਸਾਡੇ ਵਾਲ਼ੇ ਰੋੜ ਗਲ ਗਏ
*
ਕੱਲ੍ਹ ਵਾਲਾਂ ਵਿੱਚ ਹੱਥ ਸੀ ਜੋ ਫ਼ੇਰਦੇ,
ਅੱਜ ਮੇਰੀ ਗੁੱਤ ਵੱਢ ਗਏ
*
ਸਾਡੇ ਕੰਨਾਂ 'ਚ ਕਰਾਈਆਂ ਮੋਰੀਆਂ,
ਅਕਲਾਂ ਨੂੰ ਰਾਹ ਭੁੱਲ ਗਏ
*
ਅਸੀਂ ਆਪਣੀ ਬਾਲ ਕੇ ਸੇਕੀ,
ਦੂਰ ਤੱਕ ਧੂਣੀ ਧੁਖ਼ਦੀ
*
ਤੇਰਾ ਗੱਡ ਜਿੱਡਾ ਉਲਾਹਮਾਂ ਮਿਲਿਆ,
ਤੂੰ ਸਾਡਾ ਕੀ ਲੱਗਨਾ ਏਂ?
*
ਉਹਦੇ ਖ਼ਤ ਦੀ ਬਣਾ ਕੇ ਫੂਕਨੀ,
ਮੈਂ ਸੱਭੇ ਤਸਵੀਰਾਂ ਫੂਕੀਆਂ
ਉਹਨੂੰ ਰੱਬ ਦੇ ਹਵਾਲੇ ਕੀਤਾ,
ਜਿਹਨੇ ਵੀ ਸਾਡਾ ਸਾਥ ਛੱਡਿਆ
*
ਉਹਦਾ ਭੰਗੜੇ 'ਚ ਮੁੜ੍ਹਕਾ ਚੋਇਆ,
ਧਰਤੀ ਨੂੰ ਭਾਗ ਲੱਗ ਗਏ
*
ਆਟਾ ਗੁੰਨ੍ਹਦੀ ਨੇ ਹਓਕਾ ਭਰਿਆ,
ਕਨਾਲੀ ਦੀਆਂ ਕੰਧਾਂ ਉੱਚੀਆਂ
*
ਨੀ ਮੈਂ ਚੁੱਪ ਦੀ ਬਣਾ ਕੇ ਬੇੜੀ,
ਅੱਧ ਵਿਚਕਾਰ ਡੁੱਬ ਗਈ
*
ਇੱਟਾਂ ਥੱਪਦੀ ਦੇ ਪੋਟੇ ਘਸ ਗਏ,
ਨੀਹਾਂ ਵਿੱਚ ਚੰਨ ਤਰਦਾ
*
ਸਾਨੂੰ ਚੁੱਪ ਦੇ ਤਵੀਤ ਦੀ ਗੁੜ੍ਹਤੀ,
ਅੱਖਾਂ ਉੱਤੇ ਲਾਲ ਪੱਟੀਆਂ
*
ਨੀ ਮੈਂ ਸੁਫ਼ਨੇ 'ਚ ਸੁਫ਼ਨਾ ਤੱਕਿਆ,
ਹਕੀਕਤਾਂ ਤੋਂ ਦੂਰ ਹੋ ਗਈ
*
ਨੱਥ ਪਾ ਕੇ ਬੁੱਲ੍ਹਾਂ ਨੂੰ ਸੀਤਾ,
ਵਿੱਚੋਂ ਵਿੱਚ ਧੁਖ਼ਦੀ ਫਿਰਾਂ
*
ਮੇਰੇ ਹੱਥ ਵਿੱਚ ਰਹਿ ਗਈ ਪੂਣੀ,
ਚਰਖੇ ਨੇ ਸਾਹ ਕੱਤ ਲਏ
*
ਸਾਨੂੰ ਪੁੱਠੀਆਂ ਮਿਸਾਲਾਂ ਦੇਂਦੇ,
ਕੁਕੜੀ ਦੀ ਬਾਂਗ ਨਹੀਂ ਰਵਾਂ
*
ਅੱਖ ਬਾਲ ਕੇ ਚਾਨ੍ਹਣ ਕੀਤਾ,
ਮੱਥਿਆਂ ਦੇ ਲੇਖ ਦਿਸ ਪਏ
*
ਸਾਡੇ ਚਾਰ ਚੁਫ਼ੇਰੇ ਕਿਬਲੇ,
ਕਿਹੜੇ ਪਾਸੇ ਮੂੰਹ ਕਰੀਏ
*
ਮੇਰੀ ਜਿੰਦ ਪੱਤਰਾਂ ਦੀ ਢੇਰੀ,
ਚਿਣਗਾਂ ਦਾ ਮੀਂਹ ਵਰ੍ਹਦਾ
*
ਸੋਹਣੀ ਡੁੱਬ ਕੇ ਝਨਾਂ ਵਿੱਚ ਮਰ ਗਈ,
ਘੜਿਆਂ 'ਚ ਘਾਹ ਉੱਗ ਪਏ
*
ਦਿਲ ਸੀਨੇ ਵਿੱਚ ਦੋ ਦੋ ਹੱਥੀਂ ਪਿੱਟਿਆ,
ਨੀ ਅਖੇ ਤੇਰਾ ਕੱਖ ਨਾ ਰਹਵੇ
ਤੇਰੇ ਹਾਸਿਆਂ ਦੇ ਲਾਰੇ ਕਦੋਂ ਮੁੱਕਣੇ,
ਬੁਲੀਆਂ' ਜੰਗਾਲ ਖਾ ਗਿਆ
*
ਸਾਡਾ ਜੰਮਣਾ ਮਰਨ ਤੋਂ ਔਖਾ,
ਕੁੱਖ ਵਿੱਚ ਚਾਅ ਮੁੱਕ ਗਏ
*
ਮੈਨੂੰ ਸ਼ੱਕ ਦੀ ਨਿਗਾਹ ਨਾਲ ਵੇਖੇਂ,
ਮੈਨੂੰ ਵੀ ਜੇ ਸ਼ੱਕ ਪੈ ਗਿਆ?
*
ਸਾਡਾ ਉਮਰਾਂ ਦਾ ਲੱਥਿਆ ਥਕੇਵਾਂ,
ਤੇਰੇ ਨਾਲ ਗੱਲ ਕਰਕੇ
*
ਅਸੀਂ ਕਿਸ਼ਤਾਂ 'ਤੇ ਮੌਤ ਖ਼ਰੀਦੀ,
ਤੇਰੇ ਨਾਲ ਦਿਲ ਜੋੜ ਕੇ
*
ਜਿਹੜੇ ਦਿਨ ਦਾ ਮੈਂ ਤੇਰਾ ਬੂਹਾ ਤੱਕਿਆ,
ਜ਼ਿੰਦਗੀ ਦੀ ਰਾਤ ਮੁੱਕ ਗਈ
*
ਸਾਡੀ ਕਬਰ ਬਣੀ ਮਜਬੂਰੀ,
ਹਾਸਿਆਂ ਦੇ ਫੁੱਲ ਕੇਰ ਜਾ
*
ਤੇਰਾ ਹਿਜਰ ਸਲਾਮਤ ਅੜਿਆ,
ਸਾਡੇ ਵੱਲ ਸਰ੍ਹੋਂ ਖਿੜ ਪਈ
*
ਉਹਨੂੰ ਜੱਗ ਤੋਂ ਲੁਕਾਕੇ ਰੱਖਿਆ,
ਫ਼ੇਰ ਵੀ ਨਾ ਤੋੜ ਚੜ੍ਹੀਆਂ
*
ਦਿਲ ਸੀਨੇ ਵਿੱਚ ਮਾਰਦਾ ਏ ਛਾਲਾਂ,
ਅੱਖਾਂ ਪਈਆਂ ਪਾਉਣ ਪਰਦੇ
*
ਤੈਨੂੰ ਕਿਸਰਾਂ ਯਕੀਨ ਦਵਾਵਾਂ,
ਤੇਰੇ ਜਿਹਾ ਹੋਰ ਕੋਈ ਨਾ
*
ਦਿਲ ਰੋਣ ਦੇ ਬਹਾਨੇ ਲੱਭਦਾ,
ਤੂੰ ਇੱਕ ਵਾਰੀ ਨਾਂਹ ਕਰਦੇ
*
ਕਿਸੇ' ਅੱਖ ਦਾ ਇਸ਼ਾਰਾ ਕੀਤਾ,
ਮੈਂ ਖਿੜ ਕੇ ਗੁਲਾਬ ਹੋ ਗਈ
*
ਕੰਧਾਂ ਲੈਂਦੀਆਂ ਨੇ ਕੰਨਾਂ ਵਿੱਚ ਉਂਗਲਾਂ,
ਗੱਲ ਕੀਹਦੇ ਨਾਲ ਕਰੀਏ?
*
ਮੈਨੂੰ ਪਤਾ ਏ ਮੈਂ ਕਿਹੜੇ ਪਾਸੇ ਜਾਵਣਾ,
ਤੂੰ ਮੇਰਾ ਰਾਹ ਛੱਡ ਦੇ
*
ਮੱਟ ਨੀਦਰਾਂ ਦੇ ਭਰ ਭਰ ਪੀਤੇ,
ਅੱਖਾਂ ਨੂੰ ਖ਼ੁਮਾਰੀ ਚੜ੍ਹ ਗਈ
*
ਵੇ ਤੂੰ ਸਾਹਮਣੇ ਕਿਉਂ ਨਹੀਂ ਆਉਂਦਾ,
ਤੈਥੋਂ ਕਿੰਨ੍ਹੇ ਘੁੰਡ ਕੱਢਣਾ
*
ਮੈਂ ਮਰ ਗਈ ਮੇਰੇ ਸਿਰੇ ਚੜ੍ਹਕੇ,
ਹਰ ਪਾਸੇ ਤੂੰ ਦਿਸਨਾ ਏਂ
*
ਗੱਲਾਂ ਤਖ਼ਤ ਹਜ਼ਾਰੇ ਛਿੜੀਆਂ,
ਖੇੜਿਆਂ ਨੂੰ ਹੀਰ ਲੈ ਗਈ
*
ਕੋਈ ਪਿਆਰ ਕਰੇ ਤੇ ਚੋਰੀ,
ਲੜਾਈਆਂ ਸਰ੍ਹੇ-ਆਮ ਹੁੰਦੀਆਂ
*
ਤੇਰੇ ਸ਼ਮਲੇ ਦਾ ਬੇੜਾ ਤਰਿਆ,
ਚੁੰਨੀਆਂ ਦੇ ਰੰਗ ਉੱਡ ਗਏ
*
ਸਿਰ ਚੁੱਕ ਕੇ ਧਮਾਲਾਂ ਪਾਈਏ,
ਝੁਕਿਆਂ ਨੂੰ ਕੌਣ ਪੁੱਛਦਾ
*
ਧੀ ਲੇਖਾਂ ਦੇ ਹਵਾਲੇ ਕਰਕੇ,
ਵੇ ਪੁੱਤਰਾਂ 'ਤੇ ਮਾਣ ਬਾਬਲਾ?
*
ਅਜੇ ਅੱਖ ਨਹੀਂ ਸੀ ਦੁਨੀਆ 'ਤੇ ਖੋਲ੍ਹੀ,
ਮਾਪਿਆਂ ਦੇ ਸਿਰ ਝੁਕ ਗਏ
*
ਆ ਚੁੱਕ ਕੇ ਸ਼ਤੀਰ ਵਖਾਈਏ,
ਨੀ ਜ਼ਾਤ ਦੀਏ ਕੋੜ੍ਹ ਕਿਰਲੀਏ ...
***