ਕੱਚੀ ਕੰਧ ਨੂੰ ਧੁੜਕੂ ਏ
ਹਾਲੀ ਬੱਦਲ ਵਰ੍ਹਿਆ ਨਹੀਂ
ਤੇ ਐਸੇ ਦਾਬੂ ਕਦਰਾਂ-ਕੀਮਤਾਂ ਵਾਲੇ ਮਰਦ ਪ੍ਰਧਾਨ ਸਮਾਜ ਦੇ ਖਿਲਾਫ ਝੰਡਾ ਬਰਦਾਰੀ ਕਰਦੀ ਹੋਈ, ਉਹ ਹੋਕਾ ਦਿੰਦੀ ਹੈ
ਸਿਰ ਚੁੱਕ ਕੇ ਧਮਾਲਾਂ ਪਾਈਏ
ਝੁਕਿਆਂ ਨੂੰ ਕੌਣ ਪੁੱਛਦਾ
ਆ ਚੁੱਕ ਕੇ ਸ਼ਤੀਰ ਵਖਾਈਏ
ਨੀ ਜ਼ਾਤ ਦੀਏ ਕੋਹੜ ਕਿਰਲੀਏ
ਤਾਹਿਰਾ ਨੇ ਇਹ ਸਾਰਾ ਕਲਾਮ ਪੂਰੀ ਸ਼ਿੱਦਤ ਨਾਲ ਆਪਣੀਆਂ ਹੰਢਾਈਆਂ ਤੇ ਟੇਕ ਰੱਖ ਕੇ ਸਿਰਜਿਆ ਹੈ। ਉਸ ਨੇ, ਆਪਣੀ ਸੋਚ ਤੇ ਲਿਖਤ 'ਚ ਕੋਈ ਦੂਰੀ ਨਾ ਰਹਵੇਂ, ਇਸ ਨੂੰ ਯਕੀਨੀ ਬਣਾਉਣ ਲਈ ਆਪਣੇ ਆਪ ਨੂੰ ਸ਼ੀਸ਼ਾ ਬਣਾ ਧਰਿਆ, ਜਿਸ ਵਿੱਚੋਂ ਪੂਰਾ ਸੱਚ ਇੰਨ-ਬਿੰਨ ਨਜ਼ਰ ਆਵੇ ਤੇ ਖ਼ੁਸ਼ਬੂ ਵਾਂਗ ਫ਼ਿਜ਼ਾ ਵਿੱਚ ਚੁਫੇਰੇ ਫੈਲ ਜਾਵੇ। ਉਹ ਕਹਿੰਦੀ ਹੈ:
ਸ਼ੀਸ਼ਾ ਤੇ ਨਹੀਂ ਮੇਰੇ ਵਰਗਾ ਹੋ ਸਕਦਾ
ਏਸੇ ਲਈ ਮੈਂ ਸ਼ੀਸ਼ੇ ਵਰਗੀ ਹੋ ਗਈ ਆਂ
ਨਸਰੀਨ ਅੰਜੁਮ ਭੱਟੀ ਦੀ ਵੇਲ ਤੇ ਅੰਮ੍ਰਿਤਾ ਪ੍ਰੀਤਮ ਦੀ ਵੇਲ ਪੜ੍ਹਦਿਆਂ ਇਹ ਚਿੱਟੇ ਦਿਨ ਵਾਂਗ ਸਾਫ਼ ਹੋ ਜਾਂਦਾ ਹੈ ਕਿ ਉਹ ਪੰਜਾਬੀ 'ਚ ਮੀਲ ਪੱਥਰ ਹੋ ਨਿਬੜੀਆਂ ਸ਼ਾਇਰਾਵਾਂ ਤੋਂ ਕਿਸ ਕਦਰ ਮੁਤਾਸਿਰ ਹੈ ਤੇ ਉਹਨਾਂ ਤੋਂ ਬੈਟਨ ਪਕੜ, ਅਗਲੇ ਪੜਾਅ ਦੇ ਸਫ਼ਰ ਲਈ ਟੁਰ ਪਈ ਹੈ। ਪਰ ਤਾਹਿਰਾ, ਆਪਣੇ ਅੰਦਰਲੀ ਕੜਵਾਹਟ ਤੇ ਕੂਕ-ਕੂਕ ਕੇ ਸੱਚ ਬੋਲਣ ਦੀ ਲੋੜ ਤੇ ਆਦਤ ਤੋਂ ਨਾ ਵਾਕਿਫ ਨਹੀਂ। ਉਹ ਕਹਿੰਦੀ ਹੈ
ਵਿੰਗੀਆਂ ਸਿੱਧੀਆਂ ਲੀਕਾਂ ਮਾਰੀ ਜਾਨੀ ਆਂ
ਕਾਗਜ਼ ਉੱਤੇ ਚੀਕਾਂ ਮਾਰੀ ਜਾਨੀ ਆਂ
ਚੰਗਾ ਸ਼ਗਨ ਹੈ ਕਿ ਉਸ ਦੀਆਂ 'ਚੀਕਾਂ' ਦਾ ਸਾਹਿਤ-ਸਮਾਜ ਨੇ ਨੋਟਿਸ ਲਿਆ ਹੈ, ਜੋ ਨਿਵੇਕਲਾ ਹੈ, ਉਸਾਰੂ ਹੈ ਤੇ ਆਸ ਬੰਨ੍ਹਦਾ ਨਜ਼ਰ ਆਉਂਦਾ ਹੈ ਕਿ ਔਰਤਾਂ ਨੇ ਆਪਣੀ ਸ਼ਾਇਰੀ ਨਾਲ ਆਪਣੀ ਤੇ ਸਮਾਜ ਦੀ ਬਿਹਤਰੀ 'ਚ ਹਿੱਸਾ ਪਾਉਣਾ ਸ਼ੁਰੂ ਕਰ ਦਿੱਤਾ ਹੈ।
ਪਰ ਤਾਹਿਰਾ ਦੀ ਏਨੀ ਪ੍ਰਾਗਰੈਸਿਵ ਸੋਚ/ਧੜੱਲੇ ਵਾਲੀ ਸ਼ਾਇਰੀ ਪੜ੍ਹ ਕੇ ਇਹ ਤੱਥ ਨਹੀਂ ਭੁੱਲਣਾ ਚਾਹੀਦਾ ਕਿ ਉਹ ਇੱਕ ਖੂਬਸੂਰਤ ਰੂਮਾਨੀ ਸ਼ਾਇਰਾ ਹੈ। ਇਸ ਦੀ ਪੁਸ਼ਟੀ ਕਰਦੇ ਕੁਝ ਸ਼ਿਅਰ:
ਮੈਂ ਤੇਰੇ ਲਈ ਜੀਣਾ ਏ
ਮੈਨੂੰ ਆਪਣਾ ਠੇਕਾ ਨਹੀਂ
ਵੇਖੋ ਕਿੰਨੀ ਸੋਹਣੀ ਆਂ
ਸੋਹਣੇ ਅੱਗੇ ਬੈਠੀ ਆਂ
ਤੈਨੂੰ ਇੰਝ ਨਿਗਾਹਵਾਂ ਤੱਕਣ
ਮਰਦੇ ਜੀਕਣ ਸਾਹਵਾਂ ਲੱਭਣ
ਤਾਹਿਰਾ ਦੀ ਸ਼ਾਇਰੀ ਦਾ ਇਹ ਮਜ਼ਮੂਆਂ ਆਪਣੇ ਵਿੱਚ ਗਜ਼ਲਾਂ, ਕਵਿਤਾਵਾਂ, ਬੋਲੀਆਂ ਤੇ ਗੀਤ ਸਮੋਈ ਬੈਠਾ ਏ। ਬੋਲੀਆਂ ’ਚ ਉਸ ਨੇ ਆਪਣੇ ਅਮੀਰ ਸਾਹਿਤਕ ਵਿਰਸੇ ਦੀ ਉਂਗਲ ਫੜੀ ਏ ਜੋ ਗੌਣ-ਪਾਣੀ ਦੇ ਰੂਪ ਵਿੱਚ ਨਾ ਸਿਰਫ਼ ਮਿਜ਼ਾਜੀ- ਮਨੋਰੰਜਨ ਕਰਦਾ ਆਇਆ ਏ, ਸਗੋਂ ਇਸ ਤੋਂ ਵੀ ਅੱਗੇ, ਉਸ ਸਿੰਨਫ ਨੂੰ ਜਿਉਂਦਿਆਂ ਰੱਖਣ ਲਈ ਇੱਕ ਮਿਆਰੀ ਤੇ ਨਿੱਗਰ ਹਿੱਸਾ ਪਾਇਆ ਏ। ਤਾਹਿਰਾ ਦੀ ਪਹਿਲੀ ਕਿਤਾਬ ਵੀ ਬੋਲੀਆਂ ਤੇ ਆਈ ਸੀ ਤੇ ਉਸ 'ਤੇ ਗੱਲ ਕਰਦਿਆਂ ਮਸ਼ਹੂਰ ਪਾਕਿਸਤਾਨੀ ਸ਼ਾਇਰ ਜਨਾਬ 'ਤਜੱਮਲ ਕਲੀਮ' ਹੁਰਾਂ ਨੇ ਤਾਹਿਰਾ ਸਰਾ ਵੱਲੋਂ ਪੰਜਾਬੀ ਲੋਕ ਸਾਹਿਤ ਵਿੱਚ ਪਾਏ ਯੋਗਦਾਨ ਤੇ ਉਸਦੇ ਹੋਏ ਅਸਰ ਬਾਰੇ ਕਿਹਾ ਸੀ-
ਇੱਕ ਕੁੜੀ ਨੇ ਕੀ ਅੱਖ ਮਟਕਾਈ
ਬੋਲੀਆਂ ਦਾ ਹੜ ਆ ਗਿਆ
ਉਸ ਦੀਆਂ ਬੋਲੀਆਂ 'ਚ ਸਭ ਰੰਗ ਹਨ ਜੋ ਸਾਨੂੰ ਤਾਹਿਰਾਂ ਦੀਆਂ ਬੋਲੀਆਂ ਦੀ ਸਿੰਨਫ ਤੇ ਪਕੜ ਤੋਂ ਹੈਰਤ-ਅੰਗੇਜ ਕਰਦੇ ਹਨ-
ਕੱਲ੍ਹ ਵਾਲਾਂ ਵਿੱਚ ਹੱਥ ਸੀ ਜੋ ਫੇਰਦੇ
ਅੱਜ ਮੇਰੀ ਗੁੱਤ ਵੱਢ ਗਏ
ਅਸੀਂ ਆਪਣੀ ਬਾਲ ਕੇ ਸੇਕੀ
ਦੂਰ ਤੱਕ ਧੂਣੀ ਧੁਖਦੀ
ਸਾਡਾ ਜੰਮਣਾ ਮਰਨ ਤੋਂ ਔਖਾ
ਕੁੱਖ ਵਿੱਚ ਚਾਅ ਮੁੱਕ ਗਏ
ਸਿਰ ਚੁੱਕ ਕੇ ਧਮਾਲਾਂ ਪਾਈਏ
ਝੁਕਿਆਂ ਨੂੰ ਕੌਣ ਪੁੱਛਦਾ
ਤਾਹਿਰਾ ਸਰਾ ਦੀ ਸ਼ਾਇਰੀ ਦੇ ਇਸ ਪਰਾਗੇ ਦੀ ਤਾਜ਼ੀ ਹਵਾ ਦੇ ਬੁੱਲੇ ਵਾਂਗ ਚੜ੍ਹਦੇ ਪੰਜਾਬ 'ਚ ਆਮਦ ਹੋ ਰਹੀ ਹੈ...
ਖ਼ੁਸ਼ਆਮਦੀਦ!
ਉਸ ਦੀ ਸ਼ਾਇਰੀ ਦਾ 'ਸ਼ੀਸ਼ਾ' ਗੁਰਮੁਖੀ 'ਚ ਚੜ੍ਹਦੇ ਪੰਜਾਬ ਦੇ ਪੰਜਾਬੀ ਸਾਹਿਤ ਵਿੱਚ ਨਿੱਗਰ ਵਾਧਾ ਹੋਵੇਗਾ ਤੇ ਪੰਜਾਬੀਆਂ ਲਈ ਇਹ ਇਕ ਬੇਸ਼ਕੀਮਤੀ ਤੋਹਫ਼ਾ ਹੋ ਨਿਬੜੇਗਾ, ਇਹ ਮੇਰਾ ਯਕੀਨ ਹੈ।
- ਤਰਲੋਕ ਬੀਰ
ਨਿਊ ਯਾਰਕ
ਗ਼ਜ਼ਲਾਂ
ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ
ਜੇ ਕਰ ਮੇਰੀ ਵੀ ਏ, ਕੀ ਮੈਂ ਤੇਰੀ ਨਹੀਂ?
ਉਹ ਕਹਿੰਦਾ ਏ ਪਿਆਰ ਤੇ ਜੰਗ ਵਿੱਚ ਜਾਇਜ਼ ਏ ਸਭ
ਮੈਂ ਕਹਿਨੀ ਆਂ, ਊਂ ਹੂੰ… ਹੇਰਾ ਫੇਰੀ ਨਹੀਂ
ਕਿੱਸਰਾਂ ਡਰ ਦਾ ਘੁਣ ਖਾ ਜਾਂਦਾ ਏ ਨੀਂਦਰ ਨੂੰ
ਤੂੰ ਕੀ ਜਾਣੇਂ ਤੇਰੇ ਘਰ ਜੋ ਬੇਰੀ ਨਹੀਂ
ਮੇਰੀ ਮੰਨ ਤੇ ਆਪਣੇ-ਆਪਣੇ ਰਾਹ ਪਈਏ
ਕੀ ਕਹਿਨਾਂ ਏਂ। ਜਿੰਨੀ ਹੋਈ ਬਥੇਰੀ ਨਹੀਂ?
ਤਾਹਿਰਾ ਪਿਆਰ ਦੀ ਖੌਰੇ ਕਿਹੜੀ ਮੰਜ਼ਿਲ ਏ
ਸਭ ਕੁਝ ਮੇਰਾ ਏ, ਪਰ ਮਰਜ਼ੀ ਮੇਰੀ ਨਹੀਂ