ਕੱਲ੍ਹ ਵਾਲਾਂ ਵਿੱਚ ਹੱਥ ਸੀ ਜੋ ਫੇਰਦੇ
ਅੱਜ ਮੇਰੀ ਗੁੱਤ ਵੱਢ ਗਏ
ਅਸੀਂ ਆਪਣੀ ਬਾਲ ਕੇ ਸੇਕੀ
ਦੂਰ ਤੱਕ ਧੂਣੀ ਧੁਖਦੀ
ਸਾਡਾ ਜੰਮਣਾ ਮਰਨ ਤੋਂ ਔਖਾ
ਕੁੱਖ ਵਿੱਚ ਚਾਅ ਮੁੱਕ ਗਏ
ਸਿਰ ਚੁੱਕ ਕੇ ਧਮਾਲਾਂ ਪਾਈਏ
ਝੁਕਿਆਂ ਨੂੰ ਕੌਣ ਪੁੱਛਦਾ
ਤਾਹਿਰਾ ਸਰਾ ਦੀ ਸ਼ਾਇਰੀ ਦੇ ਇਸ ਪਰਾਗੇ ਦੀ ਤਾਜ਼ੀ ਹਵਾ ਦੇ ਬੁੱਲੇ ਵਾਂਗ ਚੜ੍ਹਦੇ ਪੰਜਾਬ 'ਚ ਆਮਦ ਹੋ ਰਹੀ ਹੈ...
ਖ਼ੁਸ਼ਆਮਦੀਦ!
ਉਸ ਦੀ ਸ਼ਾਇਰੀ ਦਾ 'ਸ਼ੀਸ਼ਾ' ਗੁਰਮੁਖੀ 'ਚ ਚੜ੍ਹਦੇ ਪੰਜਾਬ ਦੇ ਪੰਜਾਬੀ ਸਾਹਿਤ ਵਿੱਚ ਨਿੱਗਰ ਵਾਧਾ ਹੋਵੇਗਾ ਤੇ ਪੰਜਾਬੀਆਂ ਲਈ ਇਹ ਇਕ ਬੇਸ਼ਕੀਮਤੀ ਤੋਹਫ਼ਾ ਹੋ ਨਿਬੜੇਗਾ, ਇਹ ਮੇਰਾ ਯਕੀਨ ਹੈ।
- ਤਰਲੋਕ ਬੀਰ
ਨਿਊ ਯਾਰਕ
ਗ਼ਜ਼ਲਾਂ
ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ
ਜੇ ਕਰ ਮੇਰੀ ਵੀ ਏ, ਕੀ ਮੈਂ ਤੇਰੀ ਨਹੀਂ?
ਉਹ ਕਹਿੰਦਾ ਏ ਪਿਆਰ ਤੇ ਜੰਗ ਵਿੱਚ ਜਾਇਜ਼ ਏ ਸਭ
ਮੈਂ ਕਹਿਨੀ ਆਂ, ਊਂ ਹੂੰ… ਹੇਰਾ ਫੇਰੀ ਨਹੀਂ
ਕਿੱਸਰਾਂ ਡਰ ਦਾ ਘੁਣ ਖਾ ਜਾਂਦਾ ਏ ਨੀਂਦਰ ਨੂੰ
ਤੂੰ ਕੀ ਜਾਣੇਂ ਤੇਰੇ ਘਰ ਜੋ ਬੇਰੀ ਨਹੀਂ
ਮੇਰੀ ਮੰਨ ਤੇ ਆਪਣੇ-ਆਪਣੇ ਰਾਹ ਪਈਏ
ਕੀ ਕਹਿਨਾਂ ਏਂ। ਜਿੰਨੀ ਹੋਈ ਬਥੇਰੀ ਨਹੀਂ?
ਤਾਹਿਰਾ ਪਿਆਰ ਦੀ ਖੌਰੇ ਕਿਹੜੀ ਮੰਜ਼ਿਲ ਏ
ਸਭ ਕੁਝ ਮੇਰਾ ਏ, ਪਰ ਮਰਜ਼ੀ ਮੇਰੀ ਨਹੀਂ
ਭਾਵੇਂ ਉਹਦੇ ਸਾਹਵੇਂ ਮੁੱਕਰ ਜਾਨੀ ਆਂ
ਸੱਚੀ ਗੱਲ ਏ ਮੈਂ ਵੀ ਓਦਰ ਜਾਨੀ ਆਂ
ਮੇਰੀ ਤਾਕਤ ਦਾ ਅੰਦਾਜ਼ਾ ਕੀ ਹੋਵੇ
ਰਸਮਾਂ ਵਿੱਚ ਈ ਖਿੱਲਰ-ਪੁੱਲਰ ਜਾਨੀ ਆਂ
ਯਾਦ ਵੀ ਮਿਕਨਾਤੀਸੀ ਵਾਅ ਦਾ ਬੁੱਲਾ ਏ
ਜਿੱਧਰੋਂ ਆਵੇ ਓਧਰ ਉੱਲਰ ਜਾਨੀ ਆਂ
ਸਾਰੀ ਰਾਤ ਮੈਂ ਸੁਫ਼ਨੇ ਉਣਦੀ ਥੱਕਦੀ ਨਹੀਂ
ਦਿਨ ਚੜ੍ਹਦੇ ਤੇ ਖੌਰੇ ਕਿੱਧਰ ਜਾਨੀ ਆਂ
ਹੌਲੀ ਜਿਹੀ ਉਹ ਮੈਨੂੰ 'ਤਾਹਿਰਾ' ਕਹਿੰਦਾ ਏ
ਉੱਡਦੀ-ਉੱਡਦੀ ਅੰਬਰਾਂ ਤੀਕਰ ਜਾਨੀ ਆਂ
ਜਾਹ ਨੀ ਪਿੱਛਲ ਪੈਰੀਏ ਸਾਹਿਬਾਂ। ਮਾਣ ਵਧਾਇਆ ਈ ਵੀਰਾਂ ਦਾ
ਮੈਂ ਖ਼ਮਿਆਜ਼ਾ ਭੁਗਤ ਰਹੀ ਆਂ ਤੇਰੇ ਤੋੜੇ ਤੀਰਾਂ ਦਾ
ਕੱਲ੍ਹ ਮੈਂ ਨਕਸ਼ਾ ਵੇਖ ਰਹੀ ਸਾਂ ਹੱਥਾਂ ਵਿੱਚ ਲਕੀਰਾਂ ਦਾ
ਇੰਝ ਈ ਸਮਝੋ ਜਿੱਸਰਾਂ ਗੁੱਛਾ ਕਿੱਕਰ ਟੰਗੀਆਂ ਲੀਰਾਂ ਦਾ
ਸ਼ਕਲਾਂ ਉੱਤੇ ਸ਼ਕਲਾਂ ਚੜ੍ਹੀਆਂ, ਜੋ ਦਿਸਦਾ ਏ ਹੁੰਦਾ ਨਹੀਂ
ਮੈਨੂੰ ਪੁੱਛੋ ਵੇਖ ਰਹੀ ਆਂ ਦੂਜਾ ਰੁਖ਼ ਤਸਵੀਰਾਂ ਦਾ
ਆਪਣੇ ਅਮਲੀਂ ਆਪੇ ਮਰਦੇ, ਕਰਨੀ ਭਰਨੀ ਹੁੰਦੀ ਏ
ਕਮਲੇ, ਝੱਲੇ, ਭੋਲੇ ਲੋਕੀਂ ਨਾਂਅ ਲਾਉਂਦੇ ਤਕਦੀਰਾਂ ਦਾ
ਆਪਣੇ ਦਰ ਦੀ ਬਾਂਦੀ ਸਮਝੇਂ, ਮੰਗਤੀ ਸਮਝੇਂ, ਸਮਝੀ ਜਾ
ਇਹ ਵੀ ਸੋਚ ਕਿ ਹੱਥ ਹੁੰਦਾ ਏ ਮਹਿਲਾਂ ਹੇਠ ਫ਼ਕੀਰਾਂ ਦਾ
ਰਾਂਝੇ ਤਖ਼ਤ ਹਜ਼ਾਰੇ ਬੈਠੇ, ਝੰਗ ਮਘਿਆਣੇ ਕੈਦੋਂ ਨੇ
ਖੇੜੇ ਜੰਝਾਂ ਚਾੜ੍ਹੀ ਜਾਵਣ ਅੱਲ੍ਹਾ ਈ ਵਾਰਿਸ ਹੀਰਾਂ ਦਾ
'ਤਾਹਿਰਾ' ਮੈਂ ਤੇ ਲਿਖ ਛੱਡਨੀ ਆਂ ਰਾਮ ਕਹਾਣੀ ਵੇਲੇ ਦੀ
ਭਾਵੇਂ ਅੱਖਾਂ ਲੂਸਣ ਪਈਆਂ ਤੱਕ-ਤੱਕ ਮੂੰਹ ਤਹਿਰੀਰਾਂ ਦਾ