ਫੜ ਕੇ ਹੱਥ ਲਕੀਰਾਂ ਹੱਥ ਕੀ ਆਇਆ ਏ
ਖਿੱਦੋ ਬਣ ਕੇ ਲੀਰਾਂ ਹੱਥ ਕੀ ਆਇਆ ਏ
ਕੋਰੇ ਕਾਗਜ਼ ਐਵੇਂ ਉੱਡਦੇ ਫਿਰਦੇ ਨੇ
ਅਣ ਲਿਖੀਆਂ ਤਹਿਰੀਰਾਂ ਹੱਥ ਕੀ ਆਇਆ ਏ
ਮਿਰਜ਼ੇ ਨੂੰ ਤੇ ਇਸ਼ਕ ਸਲਾਮਤ ਰੱਖੇਗਾ
ਸਾਹਿਬਾਂ। ਤੇਰੇ ਵੀਰਾਂ ਹੱਥ ਕੀ ਆਇਆ ਏ
ਹਿੰਮਤ ਵਾਲੇ ਬਾਜ਼ੀ ਜਿੱਤ ਕੇ ਲੈ ਗਏ ਨੇ
ਵਿਹਲੜੀਆਂ ਤਕਦੀਰਾਂ ਹੱਥ ਕੀ ਆਇਆ ਏ
ਸ਼ੀਸ਼ੇ ਅੱਗੇ ਸ਼ੀਸ਼ਾ ਧਰਿਆ ਵੇਲੇ ਨੇ
ਦੋ ਰੁਖ਼ੀਆਂ ਤਸਵੀਰਾਂ ਹੱਥ ਕੀ ਆਇਆ ਏ
ਬਾਲਾ ਨਾਥਾ ਹੀਰ ਨੇ ਜ਼ਹਿਰਾਂ ਖਾ ਲਈਆਂ
ਤੇਰੇ ਪੰਜਾਂ ਪੀਰਾਂ ਹੱਥ ਕੀ ਆਇਆ ਏ
ਝੱਲੀ 'ਤਾਹਿਰਾ' ਨੂੰ ਵੀ ਮਾਂ ਸਮਝਾਉਂਦੀ ਰਹੀ
ਸੱਸੀਆਂ, ਸੋਹਣੀਆਂ, ਹੀਰਾਂ ਹੱਥ ਕੀ ਆਇਆ ਏ