ਵਾਦਾ ਕਰ ਕੇ ਆਵਣ ਦਾ
ਮਾਣ ਵਧਾ ਦੇ ਸਾਵਣ ਦਾ
ਅੱਧਾ ਸ਼ਹਿਰ ਤੇ ਜੋਗੀ ਏ
ਫ਼ੈਦਾ ਭੇਸ ਵਟਾਵਣ ਦਾ
ਖ਼ਤ ਖੋਲ੍ਹਾਂਗੀ ਕੱਠਿਆਂ ਕਰਕੇ ਰੱਖ ਦਾਂ ਗੀ
ਮੈਂ ਯਾਦਾਂ ਨੂੰ ਯਾਦਾਂ ਕਰਕੇ ਰੱਖ ਦਾਂ ਗੀ
ਉਹਨੇ ਜਿਹੜੇ ਗੁੱਸੇ ਦੇ ਵਿੱਚ ਕੀਤੇ ਨੇਂ
ਸਾਰੇ ਮੈਸਿਜ ਨਜ਼ਮਾਂ ਕਰਕੇ ਰੱਖ ਦਾਂ ਗੀ
ਖਾ ਬੈਠੀ ਆਂ ਸਹੁੰ ਸਰਘੀ ਦੇ ਤਾਰੇ ਦੀ
ਆਪਣਾ ਜੁੱਸਾ ਕਿਰਨਾਂ ਕਰਕੇ ਰੱਖ ਦਾਂ ਗੀ
ਹੁਣ ਜੇ ਮੈਨੂੰ ਜੰਨਤ ਵਿੱਚੋਂ ਕੱਢਿਆ ਤੇ
ਸੱਭੇ ਫ਼ਸਲਾਂ ਕਣਕਾਂ ਕਰਕੇ ਰੱਖ ਦਾਂ ਗੀ
ਵੇਖ ਲਏ ਨੇ ਦੋਵੇਂ ਰੁਖ਼ ਤਸਵੀਰਾਂ ਦੇ
ਹੁਣ ਇਹਨਾਂ ਨੂੰ ਉੱਚਿਆਂ ਕਰਕੇ ਰੱਖ ਦਾਂ ਗੀ
ਨਾ ਕਰ ਏਨਾ ਤੰਗ ਅਸਾਨੂੰ
ਆਵਣ ਲੱਗ ਪਏ ਸੰਗ ਅਸਾਨੂੰ
ਚਾਵਾਂ ਦੇ ਵਿੱਚ ਦੱਸਿਆ ਈ ਨਹੀਂ
ਮਹਿੰਗੀ ਪੈ ਗਈ ਵੰਗ ਅਸਾਨੂੰ
ਸਾਡਾ ਸਭ ਕੁਝ ਤੇਰੇ ਨਾਂ ਏ
ਆਪਣੇ ਕੋਲੋਂ ਮੰਗ ਅਸਾਨੂੰ
ਤੈਥੋਂ ਵੱਖ ਨਹੀਂ ਹੋਵਣ ਦੇਂਦੇ
ਗੰਦਿਆ। ਤੇਰੇ ਚੰਗ ਅਸਾਨੂੰ
ਸੋਚਾਂ ਵਿੱਚ ਘੁਮੇਰੀ ਹੋਈ
ਕਿੱਸਰਾਂ ਚੜ੍ਹਦਾ ਰੰਗ ਅਸਾਨੂੰ
ਕਿੰਨੇ ਸ਼ਿਅਰ ਨਿਤਾਰੇ ਸੋਚਾਂ
ਜਦ ਵੀ ਤੇਰੇ ਬਾਰੇ ਸੋਚਾਂ
ਅੱਜ ਕਿਉਂ ਚਾਰੇ ਕੱਠੇ ਹੋ ਗਏ
ਹੰਝੂ, ਯਾਦ, ਸਿਤਾਰੇ, ਸੋਚਾਂ
ਇੱਕ ਦਿਨ ਤੇਰੀ ਯਾਦ ਨਾ ਆਈ
ਕਿੰਨੇ ਮਿਹਣੇ ਮਾਰੇ ਸੋਚਾਂ
ਲੋੜਾਂ ਨੇ ਨਹੀਂ ਸੱਦੇ ਘੱਲੇ
ਆਈਆਂ ਆਪ ਮੁਹਾਰੇ ਸੋਚਾਂ
ਆਪਣੇ ਪੱਲਿਓਂ ਦੇ ਕੇ ਆਈਆਂ
ਗਈਆਂ ਕਿਸ ਦਰਬਾਰੇ ਸੋਚਾਂ
'ਤਾਹਿਰਾ' ਲੋਕ ਚੱਟਾਨਾਂ ਵਰਗੇ
ਕੀਤੇ ਪਾਰੇ-ਪਾਰੇ ਸੋਚਾਂ
ਲਾਉਣੇ ਪੈਣੇ ਸੀ ਪਰਨਾਲੇ ਅੱਖਾਂ ਨੂੰ
ਚੜ੍ਹਦੇ ਸਾਵਣ ਲਾ ਲਏ ਤਾਲੇ ਅੱਖਾਂ ਨੂੰ
ਕੰਨਾਂ ਤੀਕਰ ਲੱਗੇ ਜਾਲੇ ਅੱਖਾਂ ਨੂੰ
ਕੀ ਆਖਣਗੇ ਅੱਖਾਂ ਵਾਲੇ ਅੱਖਾਂ ਨੂੰ
ਸੁਫ਼ਨੇ ਵਿੱਚ ਵੀ ਉਹ ਜੇ ਨਜ਼ਰੀਂ ਆ ਜਾਵੇ
ਜੇਠ ਹਾੜ੍ਹ ਵਿੱਚ ਲੱਗਣ ਪਾਲੇ ਅੱਖਾਂ ਨੂੰ
ਅੱਖਾਂ ਦੀ ਜੇ ਗੱਲ ਹੋ ਜਾਵੇ ਆਪਸ ਵਿੱਚ
ਫ਼ੇਰ ਨਹੀਂ ਦਿੱਸਦੇ ਚਿੱਟੇ ਕਾਲੇ ਅੱਖਾਂ ਨੂੰ
ਹਰ ਮੰਜ਼ਰ ਨੂੰ ਅੱਖਾਂ ਲੱਗੀਆਂ ਹੋਈਆਂ ਨੇ
ਵੇਖ ਰਹੇ ਨੇ ਆਲ ਦੁਆਲੇ ਅੱਖਾਂ ਨੂੰ
'ਤਾਹਿਰਾ' ਹਾਲੇ ਦਿਲ ਦੀ ਵਾਰੀ ਆਉਣੀ ਏਂ
ਦਲ ਸੁੱਟਿਆ ਸੂ ਪਹਿਲੇ ਗਾਲ਼ੇ ਅੱਖਾਂ ਨੂੰ