ਸੁਖ਼ਨ ਜਿਨ੍ਹਾਂ ਦਾ ਦਾਰੂ ਹੋਵੇ
ਰੀਝਾਂ ਹਮੇਸ਼ ਤੋਂ ਈ ਮੈਨੂੰ ਮਨ-ਪਸੰਦ ਖਿਡੌਣੇ ਜਹੀਆਂ ਲੱਗਦੀਆਂ ਸੀ, ਕਦੀ ਇਹ ਖਿਡੌਣਾ ਮੈਥੋਂ ਖੁੱਸ ਗਿਆ, ਕਦੀ ਅਣਭੋਲਪੁਣੇ 'ਚ ਟੁੱਟ ਗਿਆ ਤੇ ਕਦੀ ਮੈਂ ਹੱਥੀਂ ਤੋੜ ਦਿੱਤਾ। ਇਨਕਾਰ ਮੇਰੀ ਗੁੜ੍ਹਤੀ ਵਿੱਚ ਸੀ, ਨਿੱਕਿਆਂ ਹੁੰਦਿਆਂ ਵੀਰਾਂ ਦੇ ਮਾਰਨ 'ਤੇ ਮਾਂ ਕਹਿੰਦੀ, "ਕੋਈ ਗੱਲ ਨਹੀਂ, ਵੀਰ ਏ ਤੇਰਾ।"
ਮੈਂ ਪਿੱਟ ਉੱਠਦੀ, "ਵੀਰ ਏ ਤੇ ਮੈਂ ਕੀ ਕਰਾਂ? ਮੈਂ ਵੀ ਤੇ ਭੈਣ ਆਂ" -ਮਾਸੂਮ ਜਿਹਨ 'ਚ ਸਵਾਲ ਉੱਠਦੇ ਰਹੇ...
ਮੈਂ ਈ ਕਿਉਂ? ਮੇਰੇ ਨਾਲ ਈ ਕਿਉਂ? ਸਬਰ ਮੈਂ ਈ ਕਿਉਂ ਕਰਾਂ?
ਨਿੱਕੇ-ਨਿੱਕੇ ਹੱਥ ਸੜਦੇ-ਸੜਾਉਂਦੇ ਵਿੰਗੀਆਂ-ਚਿੱਬੀਆਂ ਰੋਟੀਆਂ ਵੇਲਣ ਲੱਗ ਪਏ, ਰੋਟੀਆਂ ਗੋਲ ਹੋਈਆਂ ਤੇ ਦੁਨੀਆਂ ਵੀ ਸੋਹਣੀ ਲੱਗਣ ਲੱਗ ਪਈ, ਸੋਹਜ ਸ਼ਿਅਰਾਂ 'ਚੋਂ ਝਲਕਿਆ, ਤੇ ਮੈਂ ਡਰ ਗਈ, ਸਾਰਾ ਵਜੂਦ ਅੱਖ ਬਣ ਗਿਆ ਤੇ ਮੈਂ ਉਹ ਵੇਖਣ ਲੱਗ ਪਈ ਜੋ ਦੂਜੇ ਨਹੀਂ ਸਨ ਵੇਖ ਸਕਦੇ। ਅੱਖਾਂ 'ਤੇ ਲਾਲ ਪੱਟੀ ਬੱਝੀ ਤੇ ਮੈਂ ਆਪਣੇ ਹਾਸੇ, ਹੰਝੂ, ਚੀਕਾਂ ਸ਼ਾਇਰੀ 'ਚ ਦੱਬਣ ਲੱਗ ਪਈ।
ਸੋਚ ਤੇ ਜ਼ੁਬਾਨ 'ਚ ਫਰਕ ਸੀ, ਏਸ ਲਈ ਮੈਂ ਉਲਝਦੀ ਰਹੀ, ਲਫ਼ਜ਼ ਸੋਚਾਂ ਦੇ ਮਿਆਰ 'ਤੇ ਪੂਰਾ ਨਹੀਂ ਸਨ ਉੱਤਰਦੇ, ਪੈਗ਼ੰਬਰੀ ਉਮਰ 'ਚ ਅੱਪੜੀ ਤੇ ਸੋਚ ਦੀ ਜ਼ੁਬਾਨ ਵੱਲ ਪਰਤਣਾ ਪਿਆ, ਉਹ ਜ਼ੁਬਾਨ ਜਿਹੜੀ ਮੇਰੇ ਖ਼ਮੀਰ 'ਚ ਸ਼ਾਮਿਲ ਸੀ।
ਰਹਿ ਗਈ ਗੱਲ ਸ਼ਾਇਰੀ ਦੀਆਂ ਸਿਨਫ਼ਾਂ ਦੀ ਤੇ ਉਨ੍ਹਾਂ 'ਚ ਕੀ ਰੱਖਿਆ ਏ ਸ਼ਾਇਰੀ ਤੇ ਸ਼ਾਇਰੀ ਏ, ਆਪਣੀ ਗੱਲ ਕਰਨੀ ਏ ਜਿਹੜੇ ਢੰਗ ਵਿੱਚ ਵੀ ਹੋ ਸਕੇ "ਸ਼ੀਸ਼ਾ" ਇਨਕਾਰ ਏ, ਮੁਕਾਲਮਾ ਏ...ਵੇਖੋ...
-ਤਾਹਿਰਾ ਸਰਾ
ਨੂਰੀ ਸ਼ਾਇਰੀ ਦਾ ਚਸ਼ਮਾ
ਤਾਹਿਰਾ ਸਰਾ
ਤਾਹਿਰਾ ਨਾਲ ਮੇਰਾ ਤੁਆਰਫ ਅੰਦਾਜਨ ਸਵਾ-ਡੇਢ ਸਾਲ ਪਹਿਲਾਂ ਇੱਕ ਯੂ-ਟਿਊਬ ਵੀਡੀਓ ਤੱਕਦਿਆਂ ਹੋਇਆ, ਜਿਸ ਵਿੱਚ ਉਹ ਆਪਣੇ ਅੰਦਾਜ਼ ਵਿੱਚ ਕਲਾਮ ਪੜ੍ਹਦੀ, ਮਹਿਫਲ 'ਚ ਸਰੋਤਿਆਂ ਕੋਲੋਂ ਅਸ਼-ਅਸ, ਵਾਹ-ਵਾਹ ਤਾਂ ਬਟੋਰ ਰਹੀ ਸੀ, ਪਰ ਜਾਹਰਾ ਤੌਰ 'ਤੇ ਉਸ ਦਾ ਕਲਾਮ ਉਸਦੇ ਨੁਕਤੇ ਨੂੰ ਹਾਜ਼ਰੀਨ ਤੱਕ ਪਹੁੰਚਾਉਣ ਵਿੱਚ ਕਾਮਯਾਬ ਵੀ ਹੋ ਰਿਹਾ ਸੀ। ਤੇ ਇਸੇ ਖੂਬੀ ਨੇ ਉਸ ਨੂੰ ਮੌਜੂਦਾ ਸ਼ਾਇਰਾਵਾਂ ਦੀ ਭੀੜ 'ਚੋਂ ਨਵੇਕਲੀ ਪਛਾਣ ਤੇ ਮਾਨਤਾ ਦਿੱਤੀ ਹੈ।
ਪਾਕਿਸਤਾਨੀ ਪੰਜਾਬੀ ਸ਼ਾਇਰੀ ਵਿੱਚ ਜਿੱਥੇ ਬਾਬਾ ਫਰੀਦ, ਬੁੱਲੇ ਸ਼ਾਹ, ਬਾਹੂ ਤੇ ਬਾਬਾ ਨਾਨਕ ਸਮੇਤ ਕਈ ਹੋਰ ਅਜ਼ੀਮ ਸ਼ਾਇਰਾਂ, ਸ਼ਖਸੀਅਤਾਂ ਨੇ ਰੂਹਾਨੀ, ਰੂਮਾਨੀ ਤੇ ਸਮਾਜੀ ਵਿਸ਼ਿਆਂ ਉੱਤੇ ਆਪਣੀਆਂ ਸਾਇਰਾਨਾ ਕਿਰਤਾਂ ਨਾਲ ਪੰਜਾਬੀ ਕਾਵਿ ਸਾਹਿਤ ਨੂੰ ਮਾਲਾ-ਮਾਲ ਕੀਤਾ ਹੈ, ਉੱਥੇ ਇੱਕ-ਅੱਧ ਨਾਂਅ ਨੂੰ ਛੱਡ, ਪਿਛਲੇ ਹਜਾਰ ਕੁ ਸਾਲ 'ਚ ਕੋਈ ਵਰਨਣਯੋਗ ਸ਼ਾਇਰਾ ਸਾਹਮਣੇ ਨਹੀਂ ਆਈ। ਇਸ ਦਾ ਕਾਰਨ ਮਰਦ ਪ੍ਰਧਾਨ ਸਮਾਜੀ ਗਲਬਾ ਵੀ ਹੋ ਸਕਦਾ ਹੈ ਯਾ ਮੁੱਢ ਕਦੀਮ ਤੋਂ ਨਾਰੀ ਦਾ ਆਪਣੇ ਆਪ ਨੂੰ ਤਗੜਾ ਨਾ ਕਰਕੇ, ਇਨਕਾਰੀ ਨਾ ਹੋਣਾ ਵੀ। ਜੋ ਵੀ ਹੋਵੇ, ਤਾਹਿਰਾ ਸਰਾ ਸ਼ਾਇਰੀ ਦਾ ਆਗਾਜ਼ ਹੀ ਇੱਥੋਂ ਕਰਦੀ ਹੈ, ਜਿਸ ਨੂੰ ਸਮਝਣ ਲਈ ਸਮਕਾਲੀ ਸ਼ਾਇਰਾਵਾਂ ਬਹੁਤ ਪਛੜ ਜਾਂਦੀਆਂ ਹਨ ਤੇ ਮਹਿਜ਼ ਸ਼ਬਦ-ਜੋੜ ਕਾਵਿ ਸਿਰਜਣ ਦੇ ਆਹਰੇ ਲੱਗੀਆਂ ਨਜ਼ਰ ਆਉਂਦੀਆਂ ਹਨ ਤੇ ਉਨ੍ਹਾਂ ਦੀ ਇਸੇ ਅਨਿਸ਼ਚਤਤਾ ਕਾਰਨ ਉਨ੍ਹਾਂ ਦੀ ਸ਼ਾਇਰੀ ਔਰਤ ਵਰਗ ਨਾਲ ਹੋ ਰਹੀ ਅਣਦੇਖੀ ਬਾਰੇ ਸਹੀ ਮਾਅਨਿਆਂ ਵਿੱਚ ਗੱਲ ਕਰਨੋਂ ਖੁੰਝ ਜਾਂਦੀ ਹੈ।
ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ
ਜੇ ਕਰ ਮੇਰੀ ਵੀ ਏ, ਕੀ ਮੈਂ ਤੇਰੀ ਨਹੀਂ।
ਉਹ ਕਹਿੰਦਾ ਏ ਪਿਆਰ ਤੇ ਜੰਗ ਵਿੱਚ ਜਾਇਜ਼ ਏ ਸਭ
ਮੈਂ ਕਹਿਨੀ ਆਂ, ਊਂ ਹੂੰ… ਹੇਰਾ ਫੇਰੀ ਨਹੀਂ
ਤਾਹਿਰਾ ਦਾ ਕਲਾਮ ਝੰਡਾ ਬਰਦਾਰ ਹੋ ਮਾਅਸ਼ਰੇ ਕੋਲੋਂ ਹੱਕ ਮੰਗਦਾ ਹੈ ਤੇ ਅਣਦੇਖੀਆਂ ਤੇ ਜ਼ਿਆਦਤੀਆਂ ਸਹਿਣੋ ਇਨਕਾਰੀ ਹੁੰਦਾ ਹੈ। ਉਸ ਦੀ ਸ਼ਖ਼ਸੀਅਤ ਦਾ ਇਹ ਪਹਿਲੂ, ਉਸ ਵੱਲੋਂ ਲਿਖੀ ਸ਼ੁਰੂਆਤੀ ਗੱਲਬਾਤ "ਸੁਖ਼ਨ ਜਿਨ੍ਹਾਂ ਦਾ ਦਾਰੂ ਹੋਵੇ" ਵਿੱਚ ਈ ਉਘੜ ਆਉਂਦਾ ਹੈ ਕਿ ਇਨਕਾਰ ਉਸ ਦੀ ਗੁੜ੍ਹਤੀ ਵਿੱਚ ਸੀ। ਨਿੱਕਿਆਂ ਹੁੰਦਿਆਂ ਵੀਰਾਂ ਦੇ ਮਾਰਨ 'ਤੇ ਜਦੋਂ ਮਾਂ ਕਹਿੰਦੀ, "ਕੋਈ ਗੱਲ ਨਹੀਂ, ਵੀਰਾ ਏ ਤੇਰਾ" ਤਾਂ ਮੈਂ' ਪਿੱਟ ਉੱਠਦੀ "ਵੀਰ ਏ ਤੇ ਮੈਂ ਕੀ ਕਰਾਂ? ਮੈਂ ਵੀ ਤਾਂ ਭੈਣ ਆਂ...”
ਇਹ ਇਨਕਾਰ ਸੋਚਾਂ 'ਚੋਂ ਉਸ ਦੇ ਲਫ਼ਜ਼ਾਂ 'ਚ ਪਹੁੰਚਣ ਲੱਗਾ... ਲਫ਼ਜ਼ ਜੋ ਔਰਤ ਜਾਤ ਦੇ ਹਾਣ ਦੇ ਹੋਣ ਲੱਗੇ... ਹੱਕ 'ਚ ਖੜ੍ਹਨ ਵਾਲੇ... ਆਪਣੀ ਗੱਲ ਕਹਿਣ ਵਾਲੇ... ਤੇ ਚੰਗਾ ਸ਼ਗਨ ਇਹ ਹੋਇਆ ਕਿ ਉਸ ਨੂੰ ਅਸਲ ਗੱਲ ਦੀ ਪਛਾਣ 'ਚ ਕੋਈ ਉਲਝਣ ਨਾ ਹੋਈ।
ਪੀੜਾਂ ਸਹਿਣ ਦੇ ਆਦੀ ਹੋ ਗਏ
ਤਾਂ ਦੁੱਖ ਸਹਿਣ ਦੇ ਆਦੀ ਹੋ ਗਏ
ਉਸ ਨੂੰ ਆਪਣੀ ਬੇਵੱਸੀ ਦਾ ਵੀ ਗੂੜ੍ਹਾ ਗਿਆਨ ਹੈ ਜੋ ਸਿਰਫ਼ ਉਸ ਦੇ ਔਰਤ ਹੋਣ ਕਰਕੇ ਹੈ, ਰਸਮਾਂ 'ਚ ਬੰਨ੍ਹੀ ਹੋਂਦ ਦਾ... ਸਿਰ ਝੁਕਾ ਕੇ ਮੰਨੀ ਜਾਣ ਦਾ-
ਮੇਰੀ ਤਾਕਤ ਦਾ ਅੰਦਾਜ਼ਾ ਕੀ ਹੋਵੇ
ਰਸਮਾਂ ਵਿੱਚ ਖਿੱਲਰ-ਪੁੱਲਰ ਜਾਨੀ ਆਂ
ਕੱਲ੍ਹ ਮੈਂ ਨਕਸ਼ਾ ਵੇਖ ਰਹੀ ਸਾਂ, ਹੱਥਾਂ ਵਿੱਚ ਲਕੀਰਾਂ ਦਾ
ਇੰਝ ਈ ਸਮਝੋ ਜਿਸਰਾਂ ਗੁੱਛਾ, ਕਿੱਕਰ ਟੰਗੀਆਂ ਲੀਰਾਂ ਦਾ
ਤਾਹਿਰਾ ਇਸ ਹਾਲ ਨੂੰ ਮਾਨਤਾ ਲੈਣ ਦੀ ਫ਼ਿਕਰ ਨਾਲ ਜੋੜਦੀ ਹੈ ਕਿ ਮਾਅਸ਼ਰੇ ਨੂੰ ਔਰਤ ਦੀ ਤਾਕਤ ਦਾ ਅੰਦਾਜ਼ਾ ਹੀ ਨਹੀਂ, ਕਿਉਂਕਿ ਉਹ ਚੁੱਪ ਰਹਿੰਦੀ ਹੈ ਤੇ ਆਗਾਹ ਕਰਦੀ ਹੈ ਕਿ 'ਉਹ ਕੀ ਕਰ ਸਕਦੀ ਹੈ-
ਤਿੰਨ ਫੁੱਟ ਉੱਤੇ ਆਂ ਤੇ ਤੀਹ ਫੁੱਟ ਥੱਲੇ ਆਂ
ਮੈਂ ਜਿੰਨੀ ਆਂ ਓਨੀ ਜ਼ਾਹਿਰ ਨਹੀਂ ਹੋਈ
ਹੁਣ ਜੇ ਮੈਨੂੰ ਜੰਨਤ ਵਿੱਚੋਂ ਕੱਢਿਆ ਤੇ
ਸਭੇ ਫਸਲਾਂ ਕਣਕਾ ਕਰਕੇ ਰੱਖ ਦਾਂ ਗੀ
ਉਸ ਨੇ, ਇੰਝ ਲੱਗਦੇ, ਛੋਟੇ ਹੁੰਦਿਆਂ ਤੋਂ ਹੀ ਇਨਕਾਰੀ ਸ਼ਬਦਾਂ ਦੀਆਂ ਗੀਟੀਆਂ ਖੇਡੀਆਂ ਹੋਣਗੀਆਂ। ਆਪਣੀ ਮਾਂ ਨੂੰ ਉਸ ਦਾ ਕਹਿਣਾ ਕਿ
ਬੇਬੇ ਨੀ, ਮੈਥੋਂ ਰੀਝਾਂ ਵੇਲ ਵੇਲ ਤਵੇ 'ਤੇ ਨਹੀਂ ਪਾ ਹੁੰਦੀਆਂ
ਮੈਂ ਵਿਚਾਰੀ ਨਹੀਂ ਬਣਨਾ
ਗੱਲ ਕਰਾਂਗੀ
ਮੇਰੇ ਤੋਂ ਮਰਚਾਂ ਵਾਰ
ਮੈਂ ਬੋਲਣਾ ਸਿੱਖ ਲਿਆ ਏ
ਉਸ ਦੇ ਅੰਦਰਲੇ ਇਨਕਾਰ ਦੀ ਸ਼ਾਹਦੀ ਭਰਦਾ ਹੈ।
ਪਰ ਇੱਥੇ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਤਾਹਿਰਾ ਨੂੰ ਕਿਸੇ ਹੋਰ ਦੀ ਹੋਂਦ ਤੋਂ ਇਨਕਾਰ ਨਹੀਂ। ਉਹ ਤਾਂ ਬੱਸ ਆਪਣੇ ਜਮਾਤੀ ਵਜੂਦ ਦੀ ਮਾਨਤਾ ਨਾਲ ਜੁੜੀ ਹੈ ਤੇ ਇਹ ਗੱਲ ਉਸ ਦੀ ਕਵਿਤਾ 'ਮੁਕੱਦਮਾ' 'ਚੋਂ ਸਾਹਮਣੇ ਉੱਭਰ ਕੇ ਆਉਂਦੀ ਹੈ-
ਨੌ ਮਹੀਨੇ ਕੁੱਖੇ ਰੱਖਾਂ
ਮੌਤ ਦੇ ਮੂੰਹ 'ਚੋਂ ਮੁੜ ਕੇ ਜੰਮਾਂ
ਰੱਤ ਚੁੰਘਾ ਕੇ ਪਾਲਾਂ ਪੋਸਾਂ
ਵਲਦੀਅਤ ਦੇ ਖ਼ਾਨੇ ਦੇ ਵਿੱਚ ਉਹਦਾ ਨਾਂ ?
ਕਿਹੜਾ ਮੇਰਾ ਕਰੇ ਨਿਆਂ
ਸੋਹਣਿਆ ਰੱਬਾ, ਡਾਢਿਆ ਰੱਬਾ
ਤੂੰ ਆਦਮ ਦਾ ਬੁੱਤ ਬਣਾਇਆ
ਉਹਦੀ ਪਸਲੀ ਵਿੱਚੋਂ ਮੁੜ ਕੇ ਮੈਨੂੰ ਕੱਢਿਆ
ਮੈਨੂੰ ਮਿਹਣਿਆਂ ਜੋਗੀ ਛੱਡਿਆ
ਪਸਲੀ ਵਿੱਚੋਂ ਨਿਕਲੀ ਏ ਤੇ ਪਸਲੀ ਵਾਂਗ ਈ ਟੇਢੀ ਏ
ਮੇਰੇ ਲਈ ਕੀ ਤੇਰੇ ਕੋਲੋਂ ਮੁੱਠ ਮਿੱਟੀ ਵੀ ਨਹੀਂ ਪੁੱਗੀ?
ਸੋਹਣਿਆ ਰੱਬਾ, ਡਾਢਿਆ ਰੱਬਾ
ਉਹਦਿਆ ਰੱਬਾ
ਔਰਤ ਨੂੰ ਅੱਧੀ ਕਹਿਣ ਵਾਲੇ ਮਰਦ ਨੂੰ ਉਸ ਦਾ ਇੱਕੋ ਸ਼ਿਅਰ ਚਿੱਤ ਕਰ ਦੇਂਦਾ ਏ-
ਮੈਨੂੰ ਅੱਧੀ ਕਹਿਨਾਂ ਏਂ
ਤੂੰ ਮੇਰੇ 'ਚੋਂ ਜੰਮਿਆ ਨਹੀਂ
ਇਸ ਤਰ੍ਹਾਂ ਉਸ ਦੀ ਸ਼ਾਇਰੀ ਆਪਣੇ ਇਨਕਾਰ ਦੇ ਬੁਲੰਦ ਇਜ਼ਹਾਰ ਦਾ ਤਰੀਕਾ ਏ, ਨਾ ਕਿ ਸਿਰਫ਼ ਮਨ ਦੀ ਹਵਾੜ ਕੱਢਣ ਦਾ ਹੀਲਾ। ਇਸ ਤਰ੍ਹਾਂ ਤਾਹਿਰਾ ਦੁਨੀਆ ਦੀਆਂ ਤਰੱਕੀ ਪਸੰਦ ਸ਼ਾਇਰਾਵਾਂ ਨਾਲ ਮੋਢਾ ਤਾਣ ਕੇ ਆਣ ਖੜ੍ਹੀ ਹੋਈ ਹੈ, ਆਪਣੇ ਪੂਰੇ ਵਜੂਦ ਨਾਲ, ਕੋਈ ਸਮਝੌਤਾ ਨਾ ਕਰਨ ਵਾਲੀ, ਕੋਈ ਭੁਲੇਖਾ ਨਾ ਰਹਿਣ ਦੇਣ ਵਾਲੀ ਤੇ ਗੱਜ-ਵੱਜ ਕੇ ਗੱਲ ਕਰਦੀ ਸ਼ਾਇਰੀ ਨਾਲ।
ਇਸ ਦੇ ਨਾਲ-ਨਾਲ ਈ ਉਸ ਨੂੰ ਇੰਟੀਲੈਕਚੂਅਲ ਪੱਧਰ 'ਤੇ ਸਿਆਸੀ, ਸਮਾਜੀ ਤੇ ਤਖ਼ਲੀਕੀ ਹਾਰ-ਸ਼ਿੰਗਾਰ ਦਾ ਪੂਰਾ ਗਿਆਨ ਏ। ਹੇਠਲੀ ਲਿਖਤ ਉਸ ਦੀ ਸ਼ਾਇਰੀ ਦੇ ਇਸ ਪਹਿਲੂ ਦਾ ਪੁਖ਼ਤਾ ਸਬੂਤ ਏ, ਜਿਸ ਨਾਲ ਉਹ ਅਪ੍ਰਾਪਤੀ ਦੇ ਕਾਰਨ ਨੂੰ ਦੋ ਲਫ਼ਜ਼ਾਂ 'ਚ ਨੰਗਿਆ ਕਰ ਦੇਂਦੀ ਏ
ਕੰਧਾਂ ਉੱਥੇ ਖਲੀਆਂ ਨੇ
ਛੱਤਾਂ ਬਦਲੀ ਜਾਂਦੇ ਹੋ
ਇਹ ਕਿਹੜੀ ਤਬਦੀਲੀ ਏ
ਸ਼ਕਲਾਂ ਬਦਲੀ ਜਾਂਦੇ ਹੋ
ਸ਼ਕਲਾਂ ਉੱਤੇ ਸ਼ਕਲਾਂ ਚੜੀਆਂ
ਜੋ ਦਿਸਦਾ ਏ ਹੁੰਦਾ ਨਹੀਂ