ਉਹ ਕਹਿੰਦਾ ਏ ਪਿਆਰ ਤੇ ਜੰਗ ਵਿੱਚ ਜਾਇਜ਼ ਏ ਸਭ
ਮੈਂ ਕਹਿਨੀ ਆਂ, ਊਂ ਹੂੰ… ਹੇਰਾ ਫੇਰੀ ਨਹੀਂ
ਤਾਹਿਰਾ ਦਾ ਕਲਾਮ ਝੰਡਾ ਬਰਦਾਰ ਹੋ ਮਾਅਸ਼ਰੇ ਕੋਲੋਂ ਹੱਕ ਮੰਗਦਾ ਹੈ ਤੇ ਅਣਦੇਖੀਆਂ ਤੇ ਜ਼ਿਆਦਤੀਆਂ ਸਹਿਣੋ ਇਨਕਾਰੀ ਹੁੰਦਾ ਹੈ। ਉਸ ਦੀ ਸ਼ਖ਼ਸੀਅਤ ਦਾ ਇਹ ਪਹਿਲੂ, ਉਸ ਵੱਲੋਂ ਲਿਖੀ ਸ਼ੁਰੂਆਤੀ ਗੱਲਬਾਤ "ਸੁਖ਼ਨ ਜਿਨ੍ਹਾਂ ਦਾ ਦਾਰੂ ਹੋਵੇ" ਵਿੱਚ ਈ ਉਘੜ ਆਉਂਦਾ ਹੈ ਕਿ ਇਨਕਾਰ ਉਸ ਦੀ ਗੁੜ੍ਹਤੀ ਵਿੱਚ ਸੀ। ਨਿੱਕਿਆਂ ਹੁੰਦਿਆਂ ਵੀਰਾਂ ਦੇ ਮਾਰਨ 'ਤੇ ਜਦੋਂ ਮਾਂ ਕਹਿੰਦੀ, "ਕੋਈ ਗੱਲ ਨਹੀਂ, ਵੀਰਾ ਏ ਤੇਰਾ" ਤਾਂ ਮੈਂ' ਪਿੱਟ ਉੱਠਦੀ "ਵੀਰ ਏ ਤੇ ਮੈਂ ਕੀ ਕਰਾਂ? ਮੈਂ ਵੀ ਤਾਂ ਭੈਣ ਆਂ...”
ਇਹ ਇਨਕਾਰ ਸੋਚਾਂ 'ਚੋਂ ਉਸ ਦੇ ਲਫ਼ਜ਼ਾਂ 'ਚ ਪਹੁੰਚਣ ਲੱਗਾ... ਲਫ਼ਜ਼ ਜੋ ਔਰਤ ਜਾਤ ਦੇ ਹਾਣ ਦੇ ਹੋਣ ਲੱਗੇ... ਹੱਕ 'ਚ ਖੜ੍ਹਨ ਵਾਲੇ... ਆਪਣੀ ਗੱਲ ਕਹਿਣ ਵਾਲੇ... ਤੇ ਚੰਗਾ ਸ਼ਗਨ ਇਹ ਹੋਇਆ ਕਿ ਉਸ ਨੂੰ ਅਸਲ ਗੱਲ ਦੀ ਪਛਾਣ 'ਚ ਕੋਈ ਉਲਝਣ ਨਾ ਹੋਈ।
ਪੀੜਾਂ ਸਹਿਣ ਦੇ ਆਦੀ ਹੋ ਗਏ
ਤਾਂ ਦੁੱਖ ਸਹਿਣ ਦੇ ਆਦੀ ਹੋ ਗਏ
ਉਸ ਨੂੰ ਆਪਣੀ ਬੇਵੱਸੀ ਦਾ ਵੀ ਗੂੜ੍ਹਾ ਗਿਆਨ ਹੈ ਜੋ ਸਿਰਫ਼ ਉਸ ਦੇ ਔਰਤ ਹੋਣ ਕਰਕੇ ਹੈ, ਰਸਮਾਂ 'ਚ ਬੰਨ੍ਹੀ ਹੋਂਦ ਦਾ... ਸਿਰ ਝੁਕਾ ਕੇ ਮੰਨੀ ਜਾਣ ਦਾ-
ਮੇਰੀ ਤਾਕਤ ਦਾ ਅੰਦਾਜ਼ਾ ਕੀ ਹੋਵੇ
ਰਸਮਾਂ ਵਿੱਚ ਖਿੱਲਰ-ਪੁੱਲਰ ਜਾਨੀ ਆਂ
ਕੱਲ੍ਹ ਮੈਂ ਨਕਸ਼ਾ ਵੇਖ ਰਹੀ ਸਾਂ, ਹੱਥਾਂ ਵਿੱਚ ਲਕੀਰਾਂ ਦਾ
ਇੰਝ ਈ ਸਮਝੋ ਜਿਸਰਾਂ ਗੁੱਛਾ, ਕਿੱਕਰ ਟੰਗੀਆਂ ਲੀਰਾਂ ਦਾ
ਤਾਹਿਰਾ ਇਸ ਹਾਲ ਨੂੰ ਮਾਨਤਾ ਲੈਣ ਦੀ ਫ਼ਿਕਰ ਨਾਲ ਜੋੜਦੀ ਹੈ ਕਿ ਮਾਅਸ਼ਰੇ ਨੂੰ ਔਰਤ ਦੀ ਤਾਕਤ ਦਾ ਅੰਦਾਜ਼ਾ ਹੀ ਨਹੀਂ, ਕਿਉਂਕਿ ਉਹ ਚੁੱਪ ਰਹਿੰਦੀ ਹੈ ਤੇ ਆਗਾਹ ਕਰਦੀ ਹੈ ਕਿ 'ਉਹ ਕੀ ਕਰ ਸਕਦੀ ਹੈ-
ਤਿੰਨ ਫੁੱਟ ਉੱਤੇ ਆਂ ਤੇ ਤੀਹ ਫੁੱਟ ਥੱਲੇ ਆਂ
ਮੈਂ ਜਿੰਨੀ ਆਂ ਓਨੀ ਜ਼ਾਹਿਰ ਨਹੀਂ ਹੋਈ
ਹੁਣ ਜੇ ਮੈਨੂੰ ਜੰਨਤ ਵਿੱਚੋਂ ਕੱਢਿਆ ਤੇ
ਸਭੇ ਫਸਲਾਂ ਕਣਕਾ ਕਰਕੇ ਰੱਖ ਦਾਂ ਗੀ
ਉਸ ਨੇ, ਇੰਝ ਲੱਗਦੇ, ਛੋਟੇ ਹੁੰਦਿਆਂ ਤੋਂ ਹੀ ਇਨਕਾਰੀ ਸ਼ਬਦਾਂ ਦੀਆਂ ਗੀਟੀਆਂ ਖੇਡੀਆਂ ਹੋਣਗੀਆਂ। ਆਪਣੀ ਮਾਂ ਨੂੰ ਉਸ ਦਾ ਕਹਿਣਾ ਕਿ
ਬੇਬੇ ਨੀ, ਮੈਥੋਂ ਰੀਝਾਂ ਵੇਲ ਵੇਲ ਤਵੇ 'ਤੇ ਨਹੀਂ ਪਾ ਹੁੰਦੀਆਂ
ਮੈਂ ਵਿਚਾਰੀ ਨਹੀਂ ਬਣਨਾ
ਗੱਲ ਕਰਾਂਗੀ
ਮੇਰੇ ਤੋਂ ਮਰਚਾਂ ਵਾਰ
ਮੈਂ ਬੋਲਣਾ ਸਿੱਖ ਲਿਆ ਏ
ਉਸ ਦੇ ਅੰਦਰਲੇ ਇਨਕਾਰ ਦੀ ਸ਼ਾਹਦੀ ਭਰਦਾ ਹੈ।
ਪਰ ਇੱਥੇ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਤਾਹਿਰਾ ਨੂੰ ਕਿਸੇ ਹੋਰ ਦੀ ਹੋਂਦ ਤੋਂ ਇਨਕਾਰ ਨਹੀਂ। ਉਹ ਤਾਂ ਬੱਸ ਆਪਣੇ ਜਮਾਤੀ ਵਜੂਦ ਦੀ ਮਾਨਤਾ ਨਾਲ ਜੁੜੀ ਹੈ ਤੇ ਇਹ ਗੱਲ ਉਸ ਦੀ ਕਵਿਤਾ 'ਮੁਕੱਦਮਾ' 'ਚੋਂ ਸਾਹਮਣੇ ਉੱਭਰ ਕੇ ਆਉਂਦੀ ਹੈ-
ਨੌ ਮਹੀਨੇ ਕੁੱਖੇ ਰੱਖਾਂ
ਮੌਤ ਦੇ ਮੂੰਹ 'ਚੋਂ ਮੁੜ ਕੇ ਜੰਮਾਂ
ਰੱਤ ਚੁੰਘਾ ਕੇ ਪਾਲਾਂ ਪੋਸਾਂ
ਵਲਦੀਅਤ ਦੇ ਖ਼ਾਨੇ ਦੇ ਵਿੱਚ ਉਹਦਾ ਨਾਂ ?
ਕਿਹੜਾ ਮੇਰਾ ਕਰੇ ਨਿਆਂ
ਸੋਹਣਿਆ ਰੱਬਾ, ਡਾਢਿਆ ਰੱਬਾ
ਤੂੰ ਆਦਮ ਦਾ ਬੁੱਤ ਬਣਾਇਆ
ਉਹਦੀ ਪਸਲੀ ਵਿੱਚੋਂ ਮੁੜ ਕੇ ਮੈਨੂੰ ਕੱਢਿਆ
ਮੈਨੂੰ ਮਿਹਣਿਆਂ ਜੋਗੀ ਛੱਡਿਆ
ਪਸਲੀ ਵਿੱਚੋਂ ਨਿਕਲੀ ਏ ਤੇ ਪਸਲੀ ਵਾਂਗ ਈ ਟੇਢੀ ਏ
ਮੇਰੇ ਲਈ ਕੀ ਤੇਰੇ ਕੋਲੋਂ ਮੁੱਠ ਮਿੱਟੀ ਵੀ ਨਹੀਂ ਪੁੱਗੀ?
ਸੋਹਣਿਆ ਰੱਬਾ, ਡਾਢਿਆ ਰੱਬਾ
ਉਹਦਿਆ ਰੱਬਾ
ਔਰਤ ਨੂੰ ਅੱਧੀ ਕਹਿਣ ਵਾਲੇ ਮਰਦ ਨੂੰ ਉਸ ਦਾ ਇੱਕੋ ਸ਼ਿਅਰ ਚਿੱਤ ਕਰ ਦੇਂਦਾ ਏ-
ਮੈਨੂੰ ਅੱਧੀ ਕਹਿਨਾਂ ਏਂ
ਤੂੰ ਮੇਰੇ 'ਚੋਂ ਜੰਮਿਆ ਨਹੀਂ
ਇਸ ਤਰ੍ਹਾਂ ਉਸ ਦੀ ਸ਼ਾਇਰੀ ਆਪਣੇ ਇਨਕਾਰ ਦੇ ਬੁਲੰਦ ਇਜ਼ਹਾਰ ਦਾ ਤਰੀਕਾ ਏ, ਨਾ ਕਿ ਸਿਰਫ਼ ਮਨ ਦੀ ਹਵਾੜ ਕੱਢਣ ਦਾ ਹੀਲਾ। ਇਸ ਤਰ੍ਹਾਂ ਤਾਹਿਰਾ ਦੁਨੀਆ ਦੀਆਂ ਤਰੱਕੀ ਪਸੰਦ ਸ਼ਾਇਰਾਵਾਂ ਨਾਲ ਮੋਢਾ ਤਾਣ ਕੇ ਆਣ ਖੜ੍ਹੀ ਹੋਈ ਹੈ, ਆਪਣੇ ਪੂਰੇ ਵਜੂਦ ਨਾਲ, ਕੋਈ ਸਮਝੌਤਾ ਨਾ ਕਰਨ ਵਾਲੀ, ਕੋਈ ਭੁਲੇਖਾ ਨਾ ਰਹਿਣ ਦੇਣ ਵਾਲੀ ਤੇ ਗੱਜ-ਵੱਜ ਕੇ ਗੱਲ ਕਰਦੀ ਸ਼ਾਇਰੀ ਨਾਲ।
ਇਸ ਦੇ ਨਾਲ-ਨਾਲ ਈ ਉਸ ਨੂੰ ਇੰਟੀਲੈਕਚੂਅਲ ਪੱਧਰ 'ਤੇ ਸਿਆਸੀ, ਸਮਾਜੀ ਤੇ ਤਖ਼ਲੀਕੀ ਹਾਰ-ਸ਼ਿੰਗਾਰ ਦਾ ਪੂਰਾ ਗਿਆਨ ਏ। ਹੇਠਲੀ ਲਿਖਤ ਉਸ ਦੀ ਸ਼ਾਇਰੀ ਦੇ ਇਸ ਪਹਿਲੂ ਦਾ ਪੁਖ਼ਤਾ ਸਬੂਤ ਏ, ਜਿਸ ਨਾਲ ਉਹ ਅਪ੍ਰਾਪਤੀ ਦੇ ਕਾਰਨ ਨੂੰ ਦੋ ਲਫ਼ਜ਼ਾਂ 'ਚ ਨੰਗਿਆ ਕਰ ਦੇਂਦੀ ਏ
ਕੰਧਾਂ ਉੱਥੇ ਖਲੀਆਂ ਨੇ
ਛੱਤਾਂ ਬਦਲੀ ਜਾਂਦੇ ਹੋ
ਇਹ ਕਿਹੜੀ ਤਬਦੀਲੀ ਏ
ਸ਼ਕਲਾਂ ਬਦਲੀ ਜਾਂਦੇ ਹੋ
ਸ਼ਕਲਾਂ ਉੱਤੇ ਸ਼ਕਲਾਂ ਚੜੀਆਂ
ਜੋ ਦਿਸਦਾ ਏ ਹੁੰਦਾ ਨਹੀਂ
ਮੈਨੂੰ ਪੁੱਛੋ ਵੇਖ ਰਹੀ ਆਂ
ਦੂਜਾ ਰੁਖ਼ ਤਸਵੀਰਾਂ ਦਾ
ਤੇ ਆਰਥਿਕ ਨਾ ਬਰਾਬਰੀ ਦਾ ਮੰਜ਼ਰ:
ਉਹਨਾਂ ਦੇ ਘਰ ਦੀਵਾ ਨਹੀਂ
ਜਿਹਨਾਂ ਸੂਰਜ ਵੰਡੇ ਨੇ
ਪਰ ਉਸ ਨੂੰ ਆਪਣੀ ਧਰਾਤਲ ਦੇ ਸੱਚ ਦੀ ਗਹਿਰੀ ਸੂਝ ਹੈ
ਜਜ਼ਬੇ ਵਾਂਗ ਪਹਾੜਾਂ ਨੇ
ਜੀਵਨ ਖਾਈਆਂ ਵਰਗਾ ਏ
ਤੇ ਏਸ ਖ਼ਤਰਨਾਕ ਸਫ਼ਰ ਨੂੰ ਅੰਜਾਮ ਦੇਣ ਲਈ ਉਹ ਕਿਸੇ ਵੀ ਕਮਜ਼ੋਰ ਸਹਾਰੇ/ ਸਾਥੀ ਦਾ ਸਾਥ ਨਕਾਰਦੀ ਹੈ
ਤੈਨੂੰ ਜਾਨ ਪਿਆਰੀ ਏ
ਮੈਂ ਨਹੀਂ ਤਰਨਾ ਤੇਰੇ ਨਾਲ
ਜਦ ਉਹ ਧੀ ਹੋਣ 'ਤੇ ਵਖਰਿਆਈ ਜਾਂਦੀ ਹੈ ਤਾਂ ਉਸ ਦੀਆਂ ਹੂਕਾਂ ਅੰਬਰ ਪਾੜਵੀਆਂ ਹੋ ਨਿਬੜਦੀਆਂ ਹਨ।
ਨੀ ਮੈਂ ਪੱਗ ਥੱਲੇ ਆਕੇ ਮਰ ਗਈ
ਕਿਸੇ ਨੇ ਮੇਰੀ ਕੂਕ ਨਾ ਸੁਣੀ।
ਧੀ ਲੇਖਾਂ ਦੇ ਹਵਾਲੇ ਕਰਕੇ
ਵੇ ਪੁੱਤਰਾਂ 'ਤੇ ਮਾਣ ਬਾਬਲਾ।
ਪਰ ਉਸ ਨੂੰ ਯਕੀਨ ਦੀ ਹੱਦ ਤੱਕ ਇਲਮ ਹੈ ਕਿ ਔਰਤਾਂ ਦੇ ਹੱਕ-ਹਕੂਕ ਤੇ ਬਰਾਬਰੀ ਦੀ ਅਵਾਜ਼ ਦਬਾਉਣ ਪਿੱਛੇ, ਗਾਲਬਨ ਮਰਦਾਂ ਦੇ ਅੰਦਰਲੀ ਤਿੜਕਣ ਏ, ਖੌਫ ਏ
ਕੱਚੀ ਕੰਧ ਨੂੰ ਧੁੜਕੂ ਏ
ਹਾਲੀ ਬੱਦਲ ਵਰ੍ਹਿਆ ਨਹੀਂ
ਤੇ ਐਸੇ ਦਾਬੂ ਕਦਰਾਂ-ਕੀਮਤਾਂ ਵਾਲੇ ਮਰਦ ਪ੍ਰਧਾਨ ਸਮਾਜ ਦੇ ਖਿਲਾਫ ਝੰਡਾ ਬਰਦਾਰੀ ਕਰਦੀ ਹੋਈ, ਉਹ ਹੋਕਾ ਦਿੰਦੀ ਹੈ
ਸਿਰ ਚੁੱਕ ਕੇ ਧਮਾਲਾਂ ਪਾਈਏ
ਝੁਕਿਆਂ ਨੂੰ ਕੌਣ ਪੁੱਛਦਾ
ਆ ਚੁੱਕ ਕੇ ਸ਼ਤੀਰ ਵਖਾਈਏ
ਨੀ ਜ਼ਾਤ ਦੀਏ ਕੋਹੜ ਕਿਰਲੀਏ
ਤਾਹਿਰਾ ਨੇ ਇਹ ਸਾਰਾ ਕਲਾਮ ਪੂਰੀ ਸ਼ਿੱਦਤ ਨਾਲ ਆਪਣੀਆਂ ਹੰਢਾਈਆਂ ਤੇ ਟੇਕ ਰੱਖ ਕੇ ਸਿਰਜਿਆ ਹੈ। ਉਸ ਨੇ, ਆਪਣੀ ਸੋਚ ਤੇ ਲਿਖਤ 'ਚ ਕੋਈ ਦੂਰੀ ਨਾ ਰਹਵੇਂ, ਇਸ ਨੂੰ ਯਕੀਨੀ ਬਣਾਉਣ ਲਈ ਆਪਣੇ ਆਪ ਨੂੰ ਸ਼ੀਸ਼ਾ ਬਣਾ ਧਰਿਆ, ਜਿਸ ਵਿੱਚੋਂ ਪੂਰਾ ਸੱਚ ਇੰਨ-ਬਿੰਨ ਨਜ਼ਰ ਆਵੇ ਤੇ ਖ਼ੁਸ਼ਬੂ ਵਾਂਗ ਫ਼ਿਜ਼ਾ ਵਿੱਚ ਚੁਫੇਰੇ ਫੈਲ ਜਾਵੇ। ਉਹ ਕਹਿੰਦੀ ਹੈ:
ਸ਼ੀਸ਼ਾ ਤੇ ਨਹੀਂ ਮੇਰੇ ਵਰਗਾ ਹੋ ਸਕਦਾ
ਏਸੇ ਲਈ ਮੈਂ ਸ਼ੀਸ਼ੇ ਵਰਗੀ ਹੋ ਗਈ ਆਂ
ਨਸਰੀਨ ਅੰਜੁਮ ਭੱਟੀ ਦੀ ਵੇਲ ਤੇ ਅੰਮ੍ਰਿਤਾ ਪ੍ਰੀਤਮ ਦੀ ਵੇਲ ਪੜ੍ਹਦਿਆਂ ਇਹ ਚਿੱਟੇ ਦਿਨ ਵਾਂਗ ਸਾਫ਼ ਹੋ ਜਾਂਦਾ ਹੈ ਕਿ ਉਹ ਪੰਜਾਬੀ 'ਚ ਮੀਲ ਪੱਥਰ ਹੋ ਨਿਬੜੀਆਂ ਸ਼ਾਇਰਾਵਾਂ ਤੋਂ ਕਿਸ ਕਦਰ ਮੁਤਾਸਿਰ ਹੈ ਤੇ ਉਹਨਾਂ ਤੋਂ ਬੈਟਨ ਪਕੜ, ਅਗਲੇ ਪੜਾਅ ਦੇ ਸਫ਼ਰ ਲਈ ਟੁਰ ਪਈ ਹੈ। ਪਰ ਤਾਹਿਰਾ, ਆਪਣੇ ਅੰਦਰਲੀ ਕੜਵਾਹਟ ਤੇ ਕੂਕ-ਕੂਕ ਕੇ ਸੱਚ ਬੋਲਣ ਦੀ ਲੋੜ ਤੇ ਆਦਤ ਤੋਂ ਨਾ ਵਾਕਿਫ ਨਹੀਂ। ਉਹ ਕਹਿੰਦੀ ਹੈ
ਵਿੰਗੀਆਂ ਸਿੱਧੀਆਂ ਲੀਕਾਂ ਮਾਰੀ ਜਾਨੀ ਆਂ
ਕਾਗਜ਼ ਉੱਤੇ ਚੀਕਾਂ ਮਾਰੀ ਜਾਨੀ ਆਂ