ਸ਼੍ਰੀ ਬਾਵਨ ਅੱਖਰੀ
ਸਟੀਕ
ਟੀਕਾਕਾਰ :-
ਪ੍ਰਸਿੱਧ ਵਿਦਵਾਨ ਗਿਆਨੀ ਨਰੈਣ ਸਿੰਘ ਜੀ
ਬਾਵਨ ਅੱਖਰੀ
ਸਟੀਕ
ਇਹ ਬਾਵਨ ਅਖਰੀ' ਅਰਥਾਤ ਬਵਿੰਜਾ ਅੱਖਰਾਂ ਵਾਲੀ ਬਾਣੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ। ਜਿਵੇਂ ਗੁਰਮੁਖੀ ਦੇ ਪੈਂਤੀ ਅੱਖਰਾਂ ਦੇ ਅਧਾਰ 'ਤੇ ਲਿਖੀ ਗਈ ਕਵਿਤਾ ਨੂੰ 'ਪੈਂਤੀ ਅੱਖਰੀ' ਕਿਹਾ ਜਾਂਦਾ ਹੈ ਤੇ ਫਾਰਸੀ ਅੱਖਰਾਂ ਦੇ ਅਧਾਰ 'ਤੇ ਲਿਖੀ ਗਈ ਕਵਿਤਾ ਨੂੰ 'ਸੀਹਰਫੀ' ਕਿਹਾ ਜਾਂਦਾ ਹੈ, ਇਸੇ ਤਰਾਂ ਸੰਸਕ੍ਰਿਤ ਦੇ ਬਵਿੰਜਾ ਅੱਖਰਾਂ ਨੂੰ ਲੈ ਕੇ ਲਿਖੀ ਗਈ ਬਾਣੀ ਨੂੰ 'ਬਾਵਨ ਅੱਖਰੀ' ਕਿਹਾ ਜਾਂਦਾ ਹੈ। ਪੁਰਾਤਨ ਢੰਗ ਅਨੁਸਾਰ ਹਰ ਇਕ ਅੱਖਰ ਨੂੰ ਲੈ ਕੇ ਉਸ ਦੁਆਰਾ ਉਪਦੇਸ਼ ਕੀਤਾ ਜਾਂਦਾ ਹੈ।
ਇਤਿਹਾਸ ਵਿਚ ਲਿਖਿਆ ਹੈ ਕਿ ਇਕ ਦਿਨ ਮਾਤਾ ਗੰਗਾ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਸੀ ਕਿ ਮੈਨੂੰ ਕੋਈ ਆਤਮਾ ਦੇ ਪਹਿਰਨ ਯੋਗ ਗਹਿਣਾ ਬਖਸ਼ੋ। ਤਦ ਸਤਿਗੁਰਾਂ ਨੇ ਇਹ 'ਬਾਵਨ ਅੱਖਰੀ' ਨਾਂ ਦੀ ਬਾਣੀ ਉਚਾਰਕੇ ਮਾਤਾ ਗੰਗਾ ਜੀ ਨੂੰ ਦਿੱਤੀ ਸੀ। ਇਸ ਬਾਣੀ ਦਾ ਸਮੂਹ ਸੰਗਤ ਵਿਚ ਪ੍ਰਚਾਰ ਹੋਇਆ। ਇਸ ਬਾਣੀ ਵਿਚ ਅੱਖਰਾਂ ਦਾ ਕ੍ਰਮ ਸੰਸਕ੍ਰਿਤ ਨਿਯਮ ਅਨੁਸਾਰ ਰੱਖਿਆ ਗਿਆ ਹੈ।
ੴ ਸਤਿਗੁਰ ਪ੍ਰਸਾਦਿ॥
ਗਉੜੀ ਬਾਵਨ ਅਖਰੀ ਮਹਲਾ ੫ ॥
ਅਰਥ- ਗਉੜੀ ਰਾਗ ਵਿਚ ਪੰਜਵੇਂ ਪਾਤਿਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਬਾਵਨ ਅਖਰੀ ਬਾਣੀ ਰਚੀ ਹੈ।
ਸਲੋਕੁ ॥
(੧) ਗੁਰਦੇਵ ਮਾਤਾ ਗੁਰਦੇਵ ਪਿਤਾ
ਗੁਰਦੇਵ ਸੁਆਮੀ ਪਰਮੇਸੁਰਾ॥ (੨) ਗੁਰਦੇਵ
ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ
ਸਹੋਦਰਾ ॥ (੩) ਗੁਰਦੇਵ ਦਾਤਾ ਹਰਿ ਨਾਮੁ
ਉਪਦੇਸੈ ਗੁਰਦੇਵ ਮੰਤੁ ਨਿਰੋਧਰਾ ॥ (੪)
ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ
ਪਾਰਸ ਪਰਸ ਪਰਾ॥ (੫) ਗੁਰਦੇਵ ਤੀਰਥੁ
ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ
ਅਪਰੰਪਰਾ ॥ (੬) ਗੁਰਦੇਵ ਕਰਤਾ ਸਭਿ ਪਾਪ
ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥ (੭)
ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ
ਮੰਤੁ ਹਰਿ ਜਪਿ ਉਧਰਾ॥ (੮) ਗੁਰਦੇਵ
ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ
ਪਾਪੀ ਜਿਤੁ ਲਗਿ ਤਰਾ॥ (੯) ਗੁਰਦੇਵ
ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ
ਨਾਨਕ ਹਰਿ ਨਮਸਕਰਾ ॥੧॥
ਅਰਥ- (ਬਾਣੀ ਦੇ ਆਰੰਭ ਵਿਚ ਸਤਿਗੁਰੂ ਜੀ ਆਪਣੇ ਗੁਰਦੇਵ ਜੀ ਦਾ ਮੰਗਲ ਕਰਦੇ ਹਨ-) ੧. ਗੁਰਦੇਵ (ਸ੍ਰੀ ਗੁਰੂ
ਨਾਨਕ ਦੇਵ ਜੀ, ਸ਼੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ
ਤੇ ਸ਼੍ਰੀ ਗੁਰੂ ਰਾਮਦਾਸ ਜੀ) ਹੀ ਸਾਡੀ ਮਾਤਾ ਹੈ, ਗੁਰਦੇਵ ਹੀ ਸਾਡਾ ਪਿਤਾ ਹੈ, ਗੁਰਦੇਵ ਹੀ ਸਾਡਾ ਮਾਲਕ ਹੈ ਤੇ ਗੁਰਦੇਵ ਹੀ ਸਾਡਾ ਪ੍ਰਭੂ ਹੈ। ੨. ਅਗਿਆਨ ਦੂਰ ਕਰਨ ਵਾਲਾ ਗੁਰਦੇਵ ਹੀ ਸਾਡਾ ਮਿੱਤਰ ਹੈ, ਗੁਰਦੇਵ ਹੀ ਸਾਡਾ ਸਾਕ-ਸੰਬੰਧੀ ਹੈ ਤੇ ਗੁਰਦੇਵ ਸਹੋਦਰਾ (ਸੱਕਾ ਭਰਾ) ਹੈ। ੩. ਗੁਰਦੇਵ ਹੀ ਸਾਡਾ ਦਾਤਾ ਹੈ, ਜੋ ਸਾਨੂੰ ਪ੍ਰਭੂ ਦੇ ਨਾਮ ਦਾ ਉਪਦੇਸ਼ ਕਰਦਾ ਹੈ ਤੇ ਗੁਰਦੇਵ ਹੀ ਸਾਡਾ ਨਿਰੋਧਰ ਮੰਤਰ ਹੈ। ੪. ਗੁਰਦੇਵ ਹੀ ਸ਼ਾਂਤੀ, ਸੱਚ ਤੇ (ਉੱਜਲ) ਬੁਧੀ ਦਾ ਸਰੂਪ ਹੈ। ਗੁਰਦੇਵ ਦਾ ਪਰਸਨਾ (ਸਪਰਸ਼) ਪਾਰਸ ਨਾਲੋਂ ਭੀ ਵਡੇ ਗੁਣ ਵਾਲਾ ਹੈ। ੫. ਗੁਰਦੇਵ ਤੀਰਥ ਹੈ ਅਰ ਅੰਮ੍ਰਿਤ ਦਾ ਸਰੋਵਰ ਹੈ। ਗੁਰੂ ਦੇ ਗਿਆਨ ਰੂਪੀ ਅੰਮ੍ਰਿਤ ਵਿਚ ਇਸ਼ਨਾਨ ਕਰਨ ਨਾਲ ਅਪਰੰਪਰ (ਪਾਰ ਰਹਿਤ ਪ੍ਰਭੂ) ਦੀ ਪ੍ਰਾਪਤੀ ਹੁੰਦੀ ਹੈ। ੬. ਗੁਰਦੇਵ (ਸਭ ਕੁਛ ਦਾ) ਕਰਤਾ ਹੈ ਤੇ ਸਭ ਪਾਪਾ ਦਾ ਨਾਸ ਕਰਨ ਵਾਲਾ ਹੈ। ਗੁਰਦੇਵ ਪਤਿਤਾਂ (ਪਾਪੀਆਂ) ਨੂੰ ਪਵਿੱਤ੍ਰ ਕਰਨ ਵਾਲਾ ਹੈ। ੭. ਗੁਰਦੇਵ ਹੀ ਆਦਿ ਜੁਗਾਦਿ ਤੇ ਜੁਗਾਂ ਜੁਗਾਂ ਵਿਚ ਵਰਤ ਰਿਹਾ ਹੈ। ਗੁਰਦੇਵ ਤੋਂ ਪ੍ਰਾਪਤ ਹੋਏ ਹਰੀ ਨਾਮ ਮੰਤ੍ਰ ਨੂੰ ਜਪਕੇ ਉਧਰੀਦਾ ਹੈ। ੮. ਹੇ ਅਕਾਲ ਪੁਰਖ ! ਕਿਰਪਾ ਕਰਕੇ ਸਾਨੂੰ ਪੂਰੇ ਗੁਰਦੇਵ ਦੀ ਸੰਗਤ ਵਿਚ ਮੇਲੋ, ਜਿਸ ਦੀ ਸੰਗਤ ਪ੍ਰਾਪਤ ਕਰਕੇ ਅਸੀਂ ਮੂਰਖ ਪਾਪੀ ਵੀ ਤਰ ਜਾਈਏ ੯. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰਦੇਵ ਸੱਚਾ ਗੁਰੂ ਹੈ, ਗੁਰੂ ਪਾਰਬ੍ਰਹਮ ਹੈ, ਗੁਰੂ ਪਰਮੇਸ਼ਵਰ ਹੈ। ਹਰੀ ਰੂਪ ਗੁਰਦੇਵ ਨੂੰ ਸਾਡੀ ਨਮਸਕਾਰ ਹੈ॥ ੧॥
ਸਲੋਕੁ।।
(੧) ਆਪਹਿ ਕੀਆ ਕਰਾਇਆ ਆਪਹਿ
'ਜਿਹੜਾ ਮੰਤ੍ਰ ਕਿਸੇ ਹੋਰ ਮੰਤ੍ਰ ਦੇ ਅਸਰ ਨਾਲ ਬੇਅਸਰ ਨਾ ਹੋ ਸਕੇ, ਉਸ ਨੂੰ 'ਨਿਰੋਧਰ ਮੰਤ੍ਰ ਕਹਿੰਦੇ ਹਨ।
ਕਰਨੈ ਜੋਗੁ॥ (੨) ਨਾਨਕ ਏਕੋ ਰਵਿ ਰਹਿਆ
ਦੂਸਰ ਹੋਆ ਨ ਹੋਗੁ॥੧॥
ਅਰਥ -੧. ਇਕ ਪ੍ਰਭੂ ਨੇ ਆਪ ਹੀ ਇਸ ਸੰਸਾਰ ਨੂੰ ਉਤਪੰਨ ਕੀਤਾ ਹੈ ਤੇ ਆਪ ਹੀ ਕਰਨ ਕਾਰਣ ਸਮਰੱਥ ਹੈ। ੨. ਹੇ ਨਾਨਕ! ਇਕੋ ਪ੍ਰਭੂ ਸਾਰਿਆਂ ਵਿਚ ਵਿਆਪ ਰਿਹਾ ਹੈ। (ਉਸ ਤੋਂ ਬਿਨਾ) ਹੋਰ ਕੋਈ ਦੂਜਾ ਨਾ ਪਿੱਛੇ ਹੋਇਆ ਹੈ ਤੇ ਨਾ ਅਗੋਂ ਹੋਵੇਗਾ॥੧॥
ਪਉੜੀ ॥
(੧) ਓਅੰ ਸਾਧ ਸਤਿਗੁਰ ਨਮਸਕਾਰੰ ॥ (੨)
ਆਦਿ ਮਧਿ ਅੰਤਿ ਨਿਰੰਕਾਰੰ ॥ (੩) ਆਪਹਿ
ਸੁੰਨ ਆਪਹਿ ਸੁਖ ਆਸਨ॥ (੪) ਆਪਹਿ
ਸੁਨਤ ਆਪ ਹੀ ਜਾਸਨ ॥ (੫) ਆਪਨ ਆਪੁ
ਆਪਹਿ ਉਪਾਇਓ॥ (੬) ਆਪਹਿ ਬਾਪ
ਆਪ ਹੀ ਮਾਇਓ॥ (੭) ਆਪਹਿ ਸੂਖਮ
ਆਪਹਿ ਅਸਥੂਲਾ॥ (੮) ਲਖੀ ਨ ਜਾਈ
ਨਾਨਕ ਲੀਲਾ ॥੧॥
ਅਰਥ -੧. ਓਅੰਕਾਰ (ਅਕਾਲ ਪੁਰਖ) ਤੇ ਸ੍ਰੇਸ਼ਟ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਾਡੀ ਨਮਸਕਾਰ ਹੈ। ੨. ਆਦਿ, ਮੱਧ ਤੇ ਅੰਤ ਵਿਚ ਕੇਵਲ ਇਕੋ ਪ੍ਰਭੂ ਹੀ ਵਿਆਪਕ ਹੈ। ੩. ਆਪ ਹੀ ਉਹ ਅਕਾਲ ਪੁਰਖ ਸੁੰਨ (ਨਿਰਗੁਣ) ਅਵਸਥਾ ਵਿਚ ਰਹਿੰਦਾ ਹੈ ਤੇ ਆਪ ਹੀ ਸੁਖ ਆਸਨ ਹੈ (ਭਾਵ ਸੁਖ ਵਿਚ ਇਸਥਿਤ ਹੈ) । ੪. ਆਪ ਹੀ ਉਹ ਪ੍ਰਭੂ ਜਸ ਵਾਲਾ ਹੈ ਤੇ ਆਪ ਹੀ ਆਪਣੇ ਜਸ ਨੂੰ ਸੁਣਦਾ
ਹੈ। ੫. ਉਸ ਪ੍ਰਭੂ ਨੇ ਆਪਣੇ ਆਪ ਨੂੰ ਆਪ ਹੀ ਉਤਪੰਨ ਕੀਤਾ ਹੈ (ਭਾਵ ਨਿਰਗੁਣ ਤੋਂ ਸਰਗੁਣ ਸਰੂਪ ਹੋਇਆ ਹੈ)। ੬. ਉਹ ਆਪ ਹੀ ਪਿਤਾ ਹੈ ਤੇ ਆਪ ਹੀ ਮਾਤਾ ਹੈ। ੭. ਉਹ ਅਕਾਲ ਪੁਰਖ ਆਪ ਹੀ ਸੂਖਮ (ਨਾ ਦਿਸਣ ਵਾਲਾ ਸਰੂਪ) ਹੈ ਤੇ ਆਪ ਹੀ ਅਸਥੂਲ (ਮੋਟਾ, ਵੱਡਾ, ਵਿਸਤ੍ਰਿਤ) ਹੈ। ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਪ੍ਰਮਾਤਮਾ ਦੀ ਲੀਲ੍ਹਾ (ਕੌਤਕ) ਜਾਣੀ ਨਹੀਂ ਜਾਂਦੀ ॥੧॥
(੧) ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥
(੨) ਤੇਰੇ ਸੰਤਨ ਕੀ ਮਨੁ ਹੋਇ ਰਵਾਲਾ ॥੧ ॥
ਰਹਾਉ ॥
ਅਰਥ- ੧ ਤੇ ੨ ਹੇ ਦੀਨ ਦਿਆਲੂ ਪ੍ਰਭੂ! ਇਹ ਕਿਰਪਾ ਕਰੋ ਕਿ ਮੇਰਾ ਮਨ ਤੇਰੇ ਸੰਤਾਂ (ਭਗਤਾਂ) ਦੀ ਚਰਨ ਧੂੜ ਬਣੇ ॥੧॥ ਰਹਾਉ।।
ਸਲੋਕੁ ॥
(੧) ਨਿਰੰਕਾਰ ਆਕਾਰ ਆਪਿ ਨਿਰਗੁਨ
ਸਰਗੁਨ ਏਕ॥ (੨) ਏਕਹਿ ਏਕ ਬਖਾਨਨੋ
ਨਾਨਕ ਏਕ ਅਨੇਕ ॥੧॥
ਅਰਥ- ੧. ਇਕ ਪ੍ਰਭੂ ਆਪ ਹੀ ਨਿਰਾਕਾਰ (ਆਕਾਰ ਰਹਿਤ) ਹੈ ਤੇ ਆਪ ਹੀ ਆਕਾਰ ਵਾਲਾ ਹੈ। ਉਹ ਆਪ ਹੀ ਨਿਰਗੁਣ ਸਰੂਪ ਹੈ ਤੇ ਆਪ ਹੀ ਆਕਾਰ ਧਾਰਕੇ ਸਰਗੁਣ ਹੈ। ੨. ਹੇ ਨਾਨਕ ! ਉਸ ਇਕ ਨੂੰ ਇਕ ਕਹਿਕੇ ਹੀ ਵਰਣਨ ਕਰੀਦਾ ਹੈ। ਉਹ ਹੀ ਇਕ ਤੋਂ ਅਨੇਕ ਹੋ ਕੇ ਵਿਚਰ ਰਿਹਾ ਹੈ॥੧॥
ਪਉੜੀ
(੧) ਓਅੰ ਗੁਰਮੁਖਿ ਕੀਓ ਅਕਾਰਾ॥ (੨) ਏਕਹਿ
ਸੂਤਿ ਪਰੋਵਨਹਾਰਾ॥ (੩) ਭਿੰਨ ਭਿੰਨ ਤ੍ਰੈ ਗੁਣ
ਬਿਸਥਾਰੰ॥ (੪) ਨਿਰਗੁਨ ਤੇ ਸਰਗੁਨ ਦ੍ਰਿਸਟਾਰੰ ॥
(੫) ਸਗਲ ਭਾਤਿ ਕਰਿ ਕਰਹਿ ਉਪਾਇਓ॥
(੬) ਜਨਮ ਮਰਨ ਮਨ ਮੋਹੁ ਬਢਾਇਓ ॥ (੭) ਦੁਹੂ
ਭਾਤਿ ਤੇ ਆਪਿ ਨਿਰਾਰਾ॥ (੮) ਨਾਨਕ ਅੰਤੁ ਨ
ਪਾਰਾਵਾਰਾ ॥੨॥
ਅਰਥ - ੧. ਓਅੰ ਦੁਆਰਾ ਕਥਨ ਕਰਦੇ ਹਨ ਕਿ ਓਅੰ (ਅਕਾਲ ਪੁਰਖ) ਜੋ ਸਭ ਤੋਂ ਸ਼੍ਰੇਸਟ ਹੈ, ਉਸ ਨੇ ਹੀ ਇਹ ਸਾਰਾ ਆਕਾਰ (ਪਸਾਰਾ) ਉਤਪੰਨ ਕੀਤਾ ਹੈ। ੨. ਉਹ ਇਕ ਪ੍ਰਭੂ ਹੀ ਸਾਰੇ ਬ੍ਰਹਿਮੰਡ ਨੂੰ ਇਕ ਸੂਤ੍ਰ (ਤਾਰ) ਵਿਚ ਪਰੋਵਨਹਾਰਾ ਹੈ। ੩. ਉਸ ਨੇ ਤਿੰਨਾਂ ਗੁਣਾਂ (ਰਜੋ, ਤਮੋ ਤੇ ਸਤੋ) ਦਾ ਅੱਡੋ ਅੱਡਰਾ ਵਿਸਥਾਰ ਕੀਤਾ ਹੈ। ੪. ਓਹੀ ਨਿਰਗੁਣ ਤੋਂ ਸਰਗੁਣ ਰੂਪ ਹੋ ਕੇ ਨਜ਼ਰ ਆ ਰਿਹਾ ਹੈ। ੫. ਇਸ ਜਗਤ ਦੀ ਰਚਨਾ ਨੂੰ ਉਸ ਨੇ ਕਈ ਕਿਸਮਾਂ ਤੇ ਕਈ ਜਿਨਸਾਂ ਵਿਚ ਰਚਿਆ ਹੈ। ੬. ਜਨਮ ਮਰਨ ਦਾ ਚੱਕਰ ਚਲਾਉਣ ਵਾਸਤੇ ਪ੍ਰਭੂ ਨੇ ਜੀਵ ਦੇ ਮਨ ਵਿਚ ਮੋਹ ਵਧਾ ਦਿੱਤਾ ਹੈ। ੭. ਪਰ ਉਹ ਪਰਮਾਤਮਾ ਆਪ ਦੋਹਾਂ ਕਿਸਮਾਂ ਤੋਂ ਵੱਖਰਾ ਹੈ। ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਦੇ ਪਾਰ ਉਰਾਰ ਦਾ ਕੋਈ ਅੰਤ ਨਹੀਂ ॥੨॥
ਸਲੋਕੁ ॥
(੧) ਸੇਈ ਸਾਹ ਭਗਵੰਤ ਸੇ ਸਚੁ ਸੰਪੈ ਹਰਿ
ਰਾਸਿ॥ (੨) ਨਾਨਕ ਸਚੁ ਸੁਚਿ ਪਾਈਐ ਤਿਹ
ਸੰਤਨ ਕੈ ਪਾਸਿ ॥੧॥
ਅਰਥ- ੧. ਉਹ ਪੁਰਸ਼ ਸ਼ਾਹ ਹਨ ਤੇ ਉਹੋ ਹੀ (ਉੱਤਮ) ਭਾਗਾਂ ਵਾਲੇ ਹਨ, ਜਿਨ੍ਹਾਂ ਕੋਲ ਹਰੀ ਨਾਮ ਰੂਪੀ ਰਾਸ ਹੈ ਤੇ ਸੱਚ ਰੂਪੀ ਦੌਲਤ ਹੈ। ੨. ਹੇ ਨਾਨਕ! ਇਹਨਾਂ (ਭਾਗਾਂ ਵਾਲੇ) ਸੰਤਾਂ ਪਾਸੋਂ ਹੀ ਸੱਚ ਤੇ ਪਵਿੱਤ੍ਰਤਾ ਦੀ ਦੌਲਤ ਪ੍ਰਾਪਤ ਹੁੰਦੀ ਹੈ ॥੧॥
ਪਵੜੀ ॥
(੧) ਸਸਾ ਸਤਿ ਸਤਿ ਸਤਿ ਸੋਊ॥ (੨) ਸਤਿ
ਪੁਰਖ ਤੇ ਭਿੰਨ ਨ ਕੋਊ॥ (੩) ਸੋਊ ਸਰਨਿ
ਪਰੈ ਜਿਹ ਪਾਯੰ॥ (੪) ਸਿਮਰਿ ਸਿਮਰਿ ਗੁਨ
ਗਾਇ ਸੁਨਾਯੰ॥ (੫) ਸੰਸੈ ਭਰਮੁ ਨਹੀਂ ਕਛੁ
ਬਿਆਪਤ ॥ (੬) ਪ੍ਰਗਟ ਪ੍ਰਤਾਪੁ ਤਾਹੂ ਕੋ
ਜਾਪਤ॥ (੭) ਸੋ ਸਾਧੂ ਇਹ ਪਹੁਚਨਹਾਰਾ॥
(੮) ਨਾਨਕ ਤਾ ਕੈ ਸਦ ਬਲਿਹਾਰਾ ॥੩॥
ਅਰਥ - ੧. ਸਸੇ ਦੁਆਰਾ ਉਪਦੇਸ਼ ਹੈ ਕਿ ਉਹ ਅਕਾਲ ਪੁਰਖ ਸੱਚ ਹੈ, ਸੱਚ ਹੈ, ਸੱਚ ਹੈ। ੨. ਉਸ ਸਤਿ ਸਰੂਪ ਪ੍ਰਭੂ ਤੋਂ ਵਖਰਾ ਹੋਰ ਕੋਈ ਨਹੀਂ। ੩. ਉਸ ਪ੍ਰਮਾਤਮਾ ਦੀ ਸ਼ਰਨ ਉਹੋ ਪੈਂਦਾ ਹੈ, ਜਿਸ ਨੂੰ (ਕਿਰਪਾ ਕਰਕੇ ਉਹ) ਆਪ ਪਾਉਂਦਾ ਹੈ। ੪. ਫਿਰ (ਉਹ ਸ਼ਰਨ ਪਿਆ ਪੁਰਸ਼) ਉਸ ਪ੍ਰਭੂ ਦੇ ਗੁਣ ਆਪਣੀ ਰਸਨਾ ਨਾਲ ਸਿਮਰ ਸਿਮਰਕੇ ਤੇ ਗਾ ਗਾ ਕੇ ਸੁਣਾਉਂਦਾ ਹੈ। ੫. ਹੁਣ ਉਸ ਪੁਰਸ਼ ਨੂੰ ਸੰਸਾ ਤੇ ਭਰਮ ਕੁਛ ਨਹੀਂ ਵਿਆਪਦਾ। ੬. (ਕਿਉਂਕਿ) ਉਸ ਨੂੰ ਉਸ ਅਕਾਲ ਪੁਰਖ ਦਾ ਪ੍ਰਤਾਪ (ਜਲਾਲ) ਪ੍ਰਤੱਖ ਦਿਖਾਈ ਦੇਂਦਾ ਹੈ।
੭. ਉਹ ਪੁਰਸ਼ ਸਾਧੂ ਹੈ ਤੇ ਉਹੋ ਪਰਮਾਤਮਾ ਤਕ ਪਹੁੰਚਣਹਾਰਾ ਹੈ। ੮. ਸ਼੍ਰੀ ਗੁਰੂ ਜੀ ਕਥਨ ਕਰਦੇ ਹਨ ਕਿ ਮੈਂ ਐਸੇ ਸਾਧੂ ਪੁਰਸ਼ ਤੋਂ ਬਲਿਹਾਰ ਜਾਂਦਾ ਹਾਂ ॥੩॥
ਸਲੋਕੁ ॥
(੧) ਧਨੁ ਧਨੁ ਕਹਾ ਪੁਕਾਰਤੇ ਮਾਇਆ ਮੋਹ
ਸਭ ਕੂਰ ॥ (੨) ਨਾਮ ਬਿਹੂਨੇ ਨਾਨਕਾ ਹੋਤ
ਜਾਤ ਸਭੁ ਧੂਰ ॥੧॥
ਅਰਥ- ੧. ਮਾਇਆ ਮਾਇਆ ਕੀ ਪੁਕਾਰਦੇ ਹੋ, ਇਹ ਮਾਇਆ ਦਾ ਮੋਹ ਸਭ ਝੂਠ ਹੈ। ੨. ਨਾਮ ਤੋਂ ਵਿਹੂਣੇ ਜੀਵ ਸਭ ਧੂੜ ਹੋ ਜਾਂਦੇ ਹਨ। ਹੇ ਨਾਨਕ ! ॥੧॥
ਪਵੜੀ।।
(੧) ਧਧਾ ਧੂਰਿ ਪੁਨੀਤ ਤੇਰੇ ਜਨੂਆ॥ (੨) ਧਨਿ
ਤੇਊ ਜਿਹ ਰੁਚ ਇਆ ਮਨੂਆ ॥ (੩) ਧਨੁ ਨਹੀਂ
ਬਾਛਹਿ ਸੁਰਗ ਨ ਆਛਹਿ॥ (੪) ਅਤਿ ਪ੍ਰਿਅ
ਪ੍ਰੀਤਿ ਸਾਧ ਰਜ ਰਾਚਹਿ॥ (੫) ਧੰਧੇ ਕਹਾ
ਬਿਆਪਹਿ ਤਾਹੂ॥ (੬) ਜੋ ਏਕ ਛਾਡਿ ਅਨ ਕਤਹਿ
ਨ ਜਾਹੂ॥ (੭) ਜਾ ਕੈ ਹੀਐ ਦੀਓ ਪ੍ਰਭ ਨਾਮ॥
(੮) ਨਾਨਕ ਸਾਧ ਪੂਰਨ ਭਗਵਾਨ ॥੪॥
ਅਰਥ - ੧. ਧਧੇ ਦੁਆਰਾ ਉਪਦੇਸ਼ ਹੈ ਕਿ ਹੇ ਅਕਾਲ ਪੁਰਖ! ਤੇਰੇ ਭਗਤ ਜਨਾਂ ਦੀ ਚਰਨ ਧੂੜ ਪਵਿੱਤ੍ਰ ਹੈ। ੨. ਉਹ ਪੁਰਸ਼ ਧੰਨ ਹਨ, ਜਿਨ੍ਹਾਂ ਦੇ ਮਨ ਵਿਚ ਇਸ ਪਵਿੱਤ੍ਰ ਚਰਨ ਧੂੜ ਲੈਣ ਦੀ ਰੁਚੀ
ਹੈ। ੩. (ਉਹ ਪੁਰਸ਼ ਵੀ ਧੰਨ ਹਨ, ਜੋ) ਧਨ ਦੀ ਇੱਛਿਆ ਨਹੀਂ ਕਰਦੇ ਤੇ ਸਵਰਗ ਨੂੰ ਵੀ ਨਹੀਂ ਲੋੜਦੇ। ੪. ਉਹ ਆਪਣੇ ਪਿਆਰੇ ਦੀ ਪ੍ਰੀਤੀ ਪ੍ਰਾਪਤ ਕਰਨ ਲਈ ਭਗਤ ਜਨਾਂ ਦੀ ਚਰਨ ਧੂੜੀ ਵਿਚ ਰਚੇ ਰਹਿੰਦੇ ਹਨ। ੫. ਉਹਨਾਂ (ਭਲੇ ਪੁਰਸ਼ਾਂ) ਨੂੰ ਸੰਸਾਰਕ ਧੰਧੇ ਕਦੋਂ ਵਿਆਪਦੇ ਹਨ, ੬. ਜਿਹੜੇ ਇਕ (ਪ੍ਰਭੂ ਦਾ ਦਰ) ਛਡਕੇ ਹੋਰ ਕਿਤੇ ਨਹੀਂ ਜਾਂਦੇ। ੭. ਜਿਨ੍ਹਾਂ ਪੁਰਸ਼ਾਂ ਦੇ ਹਿਰਦੇ ਵਿਚ ਪ੍ਰਭੂ ਨੇ ਆਪਣਾ ਨਾਮ ਦਿੱਤਾ ਹੈ। ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹੀ ਪੂਰਨ ਅਕਾਲ ਪੁਰਖ ਦੇ ਸਾਧੂ ਹਨ ਅਥਵਾ ਉਹ ਪੂਰਾ ਸਾਧੂ ਹੈ ਤੇ ਪ੍ਰਭੂ ਦਾ ਰੂਪ ਹੈ॥੪॥
ਸਲੋਕ ॥
(੧) ਅਨਿਕ ਭੇਖ ਅਰੁ ਙਿਆਨ ਧਿਆਨ ਮਨਹਠਿ
ਮਿਲਿਅਉ ਨ ਕੋਇ॥ (੨) ਕਹੁ ਨਾਨਕ ਕਿਰਪਾ
ਭਈ ਭਗਤੁ ਙਿਆਨੀ ਸੋਇ ॥੧॥
ਅਰਥ- ੧. ਮਨ ਦੇ ਹਠ ਕਰਕੇ, ਅਨੇਕ ਭੇਖ ਧਾਰਨ ਨਾਲ, ਗਿਆਨ ਕਰਕੇ ਜਾਂ ਧਿਆਨ ਲਾਉਣ ਨਾਲ ਕੋਈ ਪਰਮਾਤਮਾ ਨੂੰ ਨਹੀਂ ਮਿਲਿਆ। ੨. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਪੁਰਸ਼ 'ਤੇ ਉਸ ਪ੍ਰਭੂ ਦੀ ਕਿਰਪਾ ਹੋਈ ਹੈ, ਉਹ ਭਗਤ ਹੈ ਤੇ ਉਹੋ (ਅਸਲ) ਗਿਆਨ ਹੈ॥੧॥
ਪਉੜੀ॥
(੧) ਙੰਙਾ ਙਿਆਨੁ ਨਹੀਂ ਮੁਖ ਬਾਤਉ॥ (੨)
ਅਨਿਕ ਜੁਗਤਿ ਸਾਸਤ੍ਰ ਕਰਿ ਭਾਤਉ॥ (੩)
ਙਿਆਨੀ ਸੋਇ ਜਾ ਕੈ ਦ੍ਰਿੜ ਸੋਊ॥ (੪)
ਕਹਤ ਸੁਨਤ ਕਛੁ ਜੋਗੁ ਨ ਹੋਊ॥ (੫)
ਙਿਆਨੀ ਰਹਤ ਆਗਿਆ ਦ੍ਰਿੜੁ ਜਾ ਕੈ॥ (੬)
ਉਸਨ ਸੀਤ ਸਮਸਰਿ ਸਭ ਤਾ ਕੈ॥ (੭)
ਙਿਆਨੀ ਤਤੁ ਗੁਰਮੁਖਿ ਬੀਚਾਰੀ॥ (੮)
ਨਾਨਕ ਜਾ ਕਉ ਕਿਰਪਾ ਧਾਰੀ ॥੫॥
ਅਰਥ- ੧. ਙੰਙੇ ਦੁਆਰਾ ਉਪਦੇਸ਼ ਹੈ ਕਿ ਸਿਰਫ ਮੂੰਹੋਂ (ਫੋਕੀਆਂ) ਗੱਲਾਂ ਕਰਨ ਨਾਲ ਗਿਆਨ ਨਹੀਂ ਹੁੰਦਾ। ੨. ਨਾ ਹੀ ਸ਼ਾਸਤ੍ਰਾਂ ਦੀਆਂ ਅਨੇਕਾਂ ਜੁਗਤੀਆਂ ਕਰਕੇ ਗਿਆਨ ਪ੍ਰਾਪਤ ਹੁੰਦਾ ਹੈ। ੩. ਗਿਆਨੀ ਤਾਂ ਉਹ ਹੈ, ਜਿਸ ਦੇ ਹਿਰਦੇ ਵਿਚ ਅਕਾਲ ਪੁਰਖ ਇਸਥਿਤ ਹੈ। ੪. ਸਿਰਫ ਮੂੰਹ ਨਾਲ ਕਹਿਣ ਨਾਲ ਤੇ ਕੰਨਾਂ ਨਾਲ ਸੁਣਨ ਨਾਲ ਜੋਗ (ਜੁੜਨਾ) ਨਹੀਂ ਹੁੰਦਾ। ੫. ਗਿਆਨੀ ਉਹ ਹੈ, ਜਿਸ ਦੇ ਹਿਰਦੇ ਵਿਚ ਪ੍ਰਭੂ ਦੀ ਆਗਿਆ ਦ੍ਰਿੜ ਹੁੰਦੀ ਹੈ। ੬. ਫਿਰ ਉਸ ਪੁਰਸ਼ ਲਈ ਗਰਮੀ ਤੇ ਸਰਦੀ ਸਭ ਇਕ ਸਮਾਨ ਹੋ ਜਾਂਦੀ ਹੈ। ੭. ਤੇ ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਪੁਰਸ਼ 'ਤੇ ਪ੍ਰਭੂ ਨੇ ਆਪੇ ਕਿਰਪਾ ਕੀਤੀ ਹੈ, ਉਹ ਤਤੁ (ਅਸਲੀਅਤ) ਦਾ ਵੀਚਾਰ ਕਰਨ ਵਾਲਾ ਗਿਆਨੀ ਹੈ ॥੫॥
ਸਲੋਕੁ ॥
(੧) ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ
ਪਸੁ ਢੋਰ ॥ (੨) ਨਾਨਕ ਗੁਰਮੁਖਿ ਸੋ ਬੁਝੈ ਜਾ
ਕੈ ਭਾਗ ਮਥੋਰ ॥੧॥
ਅਰਥ - ੧. ਇਹ ਜੀਵ ਆਉਣ ਮਾਤ੍ਰ ਹੀ ਇਸ ਸੰਸਾਰ ਵਿਚ ਆਏ ਹਨ, ਕਿਉਂਕਿ ਬਿਨਾਂ ਕੁਛ ਜਾਣੇ ਉਹ ਭਾਰ ਢੋਣ ਵਾਲੇ ਪਸ਼ੂ
ਹਨ। ੨. ਹੇ ਨਾਨਕ! ਇਸ ਸ੍ਰਿਸ਼ਟੀ ਵਿਚ ਆਉਣ ਦੇ ਆਪਣੇ ਮਨੋਰਥ ਨੂੰ ਉਹੋ ਪੁਰਸ਼ ਜਾਣਦਾ ਹੈ, ਜਿਸ ਦੇ ਮਥੇ ਦੇ ਭਾਗ (ਉੱਤਮ) ਹਨ॥੧॥
ਪਉੜੀ॥
(੧) ਯਾ ਜੁਗ ਮਹਿ ਏਕਹਿ ਕਉ ਆਇਆ ॥
(੨) ਜਨਮਤ ਮੋਹਿਓ ਮੋਹਨੀ ਮਾਇਆ॥
(੩) ਗਰਭ ਕੁੰਟ ਮਹਿ ਉਰਧ ਤਪ ਕਰਤੇ॥
(੪) ਸਾਸਿ ਸਾਸਿ ਸਿਮਰਤ ਪ੍ਰਭੁ ਰਹਤੇ ॥ (੫)
ਉਰਝਿ ਪਰੇ ਜੋ ਛੋਡਿ ਛਡਾਨਾ॥ (੬)
ਦੇਵਨਹਾਰੁ ਮਨਹਿ ਬਿਸਰਾਨਾ ॥ (੭) ਧਾਰਹੁ
ਕਿਰਪਾ ਜਿਸਹਿ ਗੁਸਾਈ॥ (੮) ਇਤ ਉਤ
ਨਾਨਕ ਤਿਸੁ ਬਿਸਰਹੁ ਨਾਹੀ ॥੬॥
ਅਰਥ- ੧. ਇਹ ਜੀਵ ਇਸ ਸੰਸਾਰ ਵਿਚ ਕੇਵਲ ਇਕ ਪ੍ਰਭੂ ਨੂੰ ਪ੍ਰਾਪਤ ਕਰਨ ਲਈ ਆਇਆ ਸੀ। ੨. (ਪਰ) ਇਹ ਜੰਮਦਿਆਂ ਹੀ ਮੋਹ ਲੈਣ ਵਾਲੀ ਮਾਇਆ ਵਿਚ ਮੋਹਿਆ ਗਿਆ। ੩. ਇਹ ਜੀਵ ਮਾਤਾ ਦੇ ਗਰਭ ਕੁੰਡ ਵਿਚ ਮੂਧੇ ਮੂੰਹ ਤਪ ਕਰਦਾ ਸੀ। ੪. ਉਥੇ ਇਹ ਸ੍ਵਾਸ ਸ੍ਵਾਸ ਪ੍ਰਭੂ ਨੂੰ ਸਿਮਰਦਾ ਰਹਿੰਦਾ ਸੀ। ੫. ਪਰ ਇਹ ਜੀਵ ਜਨਮ ਲੈ ਕੇ ਉਹਨਾਂ ਧੰਧਿਆਂ ਵਿਚ ਫਸ ਜਾਂਦਾ ਹੈ, ਜਿਹਨਾਂ ਨੂੰ ਕਿ ਇਥੇ ਹੀ ਛੱਡ ਛਡਾ ਕੇ ਚਲੇ ਜਾਣਾ ਹੈ। ੬. ਇਸ ਨੇ ਦੇਵਣਹਾਰ ਪ੍ਰਭੂ ਨੂੰ ਆਪਣੇ ਮਨੋਂ ਭੁਲਾ ਦਿੱਤਾ ਹੈ। ੭. ਹੇ ਸੁਆਮੀ ਜੀ ! ਜਿਸ ਪੁਰਸ਼ 'ਤੇ ਤੁਸੀਂ ਆਪਣੀ ਕਿਰਪਾ ਕਰਦੇ ਹੋ। ੮. ਉਸ ਨੂੰ ਤੁਸੀਂ ਲੋਕ ਤੇ ਪ੍ਰਲੋਕ ਵਿਚ ਨਹੀਂ ਵਿਸਰਦੇ। ਹੇ ਨਾਨਕ !
ਸਲੋਕੁ ॥
(੧) ਆਵਤ ਹੁਕਮਿ ਬਿਨਾਸ ਹੁਕਮਿ ਆਗਿਆ
ਭਿੰਨ ਨ ਕੋਇ॥ (੨) ਆਵਨ ਜਾਨਾ ਤਿਹ ਮਿਟੈ
ਨਾਨਕ ਜਿਹ ਮਨਿ ਸੋਇ ॥੧॥
ਅਰਥ- ੧. (ਇਹ ਜੀਵ ਇਸ ਸੰਸਾਰ ਵਿਚ) ਪ੍ਰਭੂ ਦੇ ਹੁਕਮ ਨਾਲ ਆਉਂਦੇ ਹਨ ਤੇ ਪ੍ਰਮਾਤਮਾ ਦੇ ਹੁਕਮ ਨਾਲ ਹੀ ਬਿਨਸਦੇ ਹਨ। ਉਸ ਪ੍ਰਭੂ ਦੀ ਆਗਿਆ (ਹੁਕਮ) ਤੋਂ ਬਾਹਰ ਕੋਈ ਨਹੀਂ। ੨. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਆਉਣਾ ਤੇ ਜਾਣਾ (ਭਾਵ ਜੰਮਣਾ ਤੇ ਮਰਨਾ) ਉਸ ਦਾ ਨਾਸ ਹੁੰਦਾ ਹੈ, ਜਿਸ ਦੇ ਮਨ ਵਿਚ ਉਹ ਪ੍ਰਭੂ ਵੱਸਦਾ ਹੈ॥੧॥
ਪਉੜੀ।।
(੧) ਏਊ ਜੀਅ ਬਹੁਤੁ ਗ੍ਰਭ ਵਾਸੇ॥ (੨) ਮੋਹ
ਮਗਨ ਮੀਠ ਜੋਨਿ ਫਾਸੇ॥ (੩) ਇਨਿ
ਮਾਇਆ ਤ੍ਰੈ ਗੁਣ ਬਸਿ ਕੀਨੇ॥ (੪) ਆਪਨ
ਮੋਹ ਘਟੇ ਘਟਿ ਦੀਨੇ ॥ (੫) ਏ ਸਾਜਨ ਕਛੁ
ਕਹਹੁ ਉਪਾਇਆ॥ (੬) ਜਾ ਤੇ ਤਰਉ ਬਿਖਮ
ਇਹ ਮਾਇਆ॥ (੭) ਕਰਿ ਕਿਰਪਾ ਸਤਸੰਗਿ
ਮਿਲਾਏ ॥ (੮) ਨਾਨਕ ਤਾ ਕੈ ਨਿਕਟਿ ਨ
ਮਾਏ ॥੭॥
ਅਰਥ- ੧. ਇਹ ਜੀਵ ਬਹੁਤ ਗਰਭਾਂ ਵਿਚ ਵਸਦੇ ਵਸਦੇ ਆਏ ਹਨ। ੨. ਇਹ ਮਿੱਠੇ ਲੱਗਣ ਵਾਲੇ ਮਾਇਆ ਦੇ ਮੋਹ ਵਿਚ
ਮਸਤ ਹੋਏ (ਅਨੇਕਾਂ) ਜੂਨਾਂ ਵਿਚ ਫਸਦੇ ਰਹੇ ਹਨ। ੩. ਇਸ ਮਾਇਆ ਨੇ ਇਹਨਾਂ ਜੀਵਾਂ ਨੂੰ ਤਿੰਨਾਂ ਗੁਣਾਂ ਵਿਚ ਫਸਾਕੇ ਆਪਣੇ ਅਧੀਨ ਕੀਤਾ ਹੋਇਆ ਹੈ। ੪. (ਇਸ ਮਾਇਆ ਨੇ) ਆਪਣਾ ਮੋਹ ਹਰ ਇਕ ਜੀਵ ਦੇ ਹਿਰਦੇ ਵਿਚ ਪਾਇਆ ਹੋਇਆ ਹੈ। ੫. ਹੇ ਮੇਰੇ ਸੱਜਣ ਜੀ ! ਇਸ ਮਾਇਆ ਦੇ ਮੋਹ ਦੀ ਨਵਿਰਤੀ ਦਾ ਕੁਛ ਉਪਾਅ ਦੱਸੋ। ੬. ਜਿਸ ਕਰਕੇ ਮੈਂ ਇਸ ਮਾਇਆ ਦੇ ਕਠਿਨ (ਸਾਗਰ ਤੋਂ) ਤਰ ਜਾਵਾਂ ? ੭. ਜਿਸ ਪੁਰਸ਼ ਨੂੰ ਪ੍ਰਭੂ ਆਪਣੀ ਕਿਰਪਾ ਕਰਕੇ ਸੰਤਾਂ ਦੀ ਸੰਗਤ ਵਿਚ ਮਿਲਾ ਦੇਵੇ। ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਪੁਰਸ਼ ਦੇ ਨੇੜੇ ਮਾਇਆ ਨਹੀਂ ਆਉਂਦੀ (ਭਾਵ ਸਤਿਸੰਗੀ ਪੁਰਸ਼ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ) ॥੭॥
ਸਲੋਕੁ ॥
(੧) ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿਨਿ
ਪ੍ਰਭਿ ਆਪਿ॥ (੨) ਪਸੁ ਆਪਨ ਹਉ ਹਉ
ਕਰੈ ਨਾਨਕ ਬਿਨੁ ਹਰਿ ਕਹਾ ਕਮਾਤਿ ॥੧॥
ਅਰਥ- ੧. ਚੰਗੇ ਤੇ ਮੰਦੇ ਕਰਮ ਕਰਨ ਲਈ ਪ੍ਰਭੂ ਨੇ ਆਪ ਹੀ ਬਣਾਏ ਹਨ। ੨. ਇਹ ਪਸ਼ੂ (ਭਾਵ ਮੂਰਖ) ਜੀਵ ਆਪਣੀ ਮੈਂ ਮੈਂ ਕਰਦਾ ਹੈ। ਸਤਿਗੁਰੂ ਜੀ ਪੁਛਣਾ ਕਰਦੇ ਹਨ ਕਿ ਪ੍ਰਭੂ ਦੀ (ਮਰਜ਼ੀ ਤੋਂ) ਬਿਨਾ ਇਹ ਜੀਵ ਕੀ ਕਰ ਸਕਦਾ ਹੈ ? (ਭਾਵ ਪ੍ਰਭੂ ਦੀ ਇੱਛਾ ਤੋਂ ਬਿਨਾ ਇਹ ਜੀਵ ਕੋਈ ਕਰਮ ਨਹੀਂ ਕਰ ਸਕਦਾ) ॥੧॥
ਪਉੜੀ॥
(੧) ਏਕਹਿ ਆਪਿ ਕਰਾਵਨਹਾਰਾ॥ (੨)
ਆਪਹਿ ਪਾਪ ਪੁੰਨ ਬਿਸਥਾਰਾ ॥ (੩) ਇਆ
ਜੁਗ ਜਿਤੁ ਜਿਤੁ ਆਪਹਿ ਲਾਇਓ॥ (੪) ਸੋ
ਸੋ ਪਾਇਓ ਜੁ ਆਪਿ ਦਿਵਾਇਓ॥ (੫)
ਉਆ ਕਾ ਅੰਤੁ ਨ ਜਾਨੈ ਕੋਊ॥ (੬) ਜੋ ਜੋ
ਕਰੈ ਸੋਊ ਫੁਨਿ ਹੋਊ॥ (੭) ਏਕਹਿ ਤੇ ਸਗਲਾ
ਬਿਸਥਾਰਾ॥ (੮) ਨਾਨਕ ਆਪਿ
ਸਵਾਰਨਹਾਰਾ ॥੮॥
ਅਰਥ- ੧. (ਇਸ ਜੀਵ ਕੋਲੋਂ) ਇਕੋ ਪ੍ਰਭੂ ਹੀ (ਸਭ ਕਰਮ) ਕਰਾਉਣ ਵਾਲਾ ਹੈ। ੨. ਤੇ ਉਸ ਅਕਾਲ ਪੁਰਖ ਨੇ ਆਪ ਹੀ ਪਾਪ ਤੇ ਪੁੰਨ ਦਾ ਵਿਸਥਾਰ ਕੀਤਾ ਹੈ। ੩. ਇਸ ਜੁਗ ਵਿਚ (ਜੀਵ ਨੂੰ) ਜਿਸ ਜਿਸ ਪਾਸੇ ਪ੍ਰਭੂ ਨੇ ਆਪ ਲਾਇਆ ਹੈ (ਉਹ ਲੱਗਾ ਹੈ) ੪. ਜੀਵ ਨੇ ਉਹ ਪਦਾਰਥ ਹੀ ਪਾਇਆ ਹੈ, ਜੋ ਉਸ ਪ੍ਰਭੂ ਨੇ ਆਪ ਉਸ ਨੂੰ ਦਿਵਾਇਆ ਹੈ। ੫. ਉਸ ਅਕਾਲ ਪੁਰਖ ਦਾ ਅੰਤ ਕੋਈ ਨਹੀਂ ਜਾਣਦਾ। ੬. ਜੋ ਜੋ ਉਹ ਕਰਦਾ ਹੈ, ਫਿਰ ਉਹੋ ਕੁਛ ਹੁੰਦਾ ਹੈ। ੭. ਇਕ (ਪ੍ਰਭੂ) ਤੋਂ ਹੀ ਇਹ ਸਾਰਾ ਵਿਸਥਾਰ ਹੋਇਆ ਹੈ। ੮. ਹੇ ਨਾਨਕ! ਉਹ ਪਰਮੇਸ਼ੁਰ ਆਪ ਹੀ ਸਭ ਨੂੰ ਬਨਾਉਣ ਵਾਲਾ ਹੈ ॥੮॥
ਸਲੋਕੁ ॥
(੧) ਰਾਚਿ ਰਹੇ ਬਨਿਤਾ ਬਿਨੋਦ ਕੁਸਮ ਰੰਗ
ਬਿਖ ਸੋਰ॥ (੨) ਨਾਨਕ ਤਿਹ ਸਰਨੀ ਪਰਉ
ਬਿਨਸਿ ਜਾਇ ਮੈ ਮੋਰ ॥੧॥
ਅਰਥ- ੧. (ਇਸ ਸ੍ਰਿਸ਼ਟੀ ਦੇ ਜੀਵ) ਇਸਤ੍ਰੀ ਆਦਿ ਦੇ ਸੁਖਾਂ ਵਿਚ ਰਚ ਰਹੇ ਹਨ, ਜਿਹੜੇ ਸੁਖ ਕਿ ਕਸੁੰਭੇ ਦੇ ਰੰਗ ਵਰਗੇ ਕੱਚੇ
ਹਨ ਤੇ ਅੰਤ ਨੂੰ ਜ਼ਹਿਰ ਵਾਂਗ ਕੌੜੇ ਹਨ। ੨. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਪਿਆਰਿਓ ! ਉਸ ਪ੍ਰਭੂ ਦੀ ਸ਼ਰਨੀ ਪਵੋ, ਜਿਸ ਕਰਕੇ (ਤੁਹਾਡੀ) ਇਹ ਮੈਂ ਮੇਰੀ ਨਾਸ ਹੋ ਜਾਵੇ ॥੧॥
ਪਉੜੀ ॥
(੧) ਰੇ ਮਨ ਬਿਨੁ ਹਰਿ ਜਹ ਰਚਹੁ ਤਹ ਤਹ
ਬੰਧਨ ਪਾਹਿ॥ (੨) ਜਿਹ ਬਿਧਿ ਕਤਹੂ ਨ
ਛੂਟੀਐ ਸਾਕਤ ਤੇਊ ਕਮਾਹਿ॥ (੩) ਹਉ
ਹਉ ਕਰਤੇ ਕਰਮ ਰਤ ਤਾ ਕੋ ਭਾਰੁ ਅਫਾਰ ॥
(੪) ਪ੍ਰੀਤਿ ਨਹੀਂ ਜਉ ਨਾਮ ਸਿਉ ਤਉ ਏਊ
ਕਰਮ ਬਿਕਾਰ ॥ (੫) ਬਾਧੇ ਜਮ ਕੀ ਜੇਵਰੀ
ਮੀਠੀ ਮਾਇਆ ਰੰਗ ॥ (੬) ਭ੍ਰਮ ਕੇ ਮੋਹੇ ਨਹ
ਬੁਝਹਿ ਸੋ ਪ੍ਰਭੁ ਸਦਹੂ ਸੰਗ॥ (੭) ਲੇਖੈ
ਗਣਤ ਨ ਛੂਟੀਐ ਕਾਚੀ ਭੀਤਿ ਨ ਸੁਧਿ॥
(੮) ਜਿਸਹਿ ਬੁਝਾਏ ਨਾਨਕਾ ਤਿਹ ਗੁਰਮੁਖਿ
ਨਿਰਮਲ ਬੁਧਿ ॥੯॥
ਅਰਥ- ੧. ਹੇ ਮੇਰੇ ਮਨ ! ਬਿਨਾ ਪ੍ਰਭੂ ਤੋਂ ਤੂੰ ਜਿਸ ਜਿਸ ਕਰਮ ਵਿਚ ਪ੍ਰਵਿਰਤ ਹੁੰਦਾ ਹੈ, ਉਸ ਉਸ ਕਰਮ ਵਿਚੋਂ ਹੀ ਤੈਨੂੰ ਬੰਧਨ ਪੈਂਦੇ ਹਨ। ੨. ਸਾਕਤ ਪੁਰਸ਼ ਉਹ ਕਰਮ ਕਰਦਾ ਹੈ, ਜਿਨ੍ਹਾਂ ਦੇ ਕੀਤਿਆਂ ਕਦੀ ਵੀ ਛੁਟਕਾਰਾ ਨਹੀਂ ਹੁੰਦਾ, (ਸਗੋਂ ਵਧੇਰੇ ਬੰਧਨ ਪੈਂਦੇ ਹਨ)। ੩. ਕਰਮਾਂ ਦਾ ਪ੍ਰੇਮੀ ਮੈਂ ਮੈਂ ਕਰਕੇ ਕਰਮ ਕਰਦਾ ਹੈ, ਇਸ ਤਰ੍ਹਾਂ ਦੇ ਹਉਮੈ ਵਿਚ ਕੀਤੇ ਕਰਮਾਂ ਦਾ ਭਾਰ ਉਸ ਦੇ ਸਿਰ ਤੇ
ਬਹੁਤ ਪੈਂਦਾ ਹੈ। ੪. ਜੇ ਪ੍ਰਭੂ ਦੇ ਨਾਮ ਨਾਲ ਪ੍ਰੀਤ ਨਹੀਂ ਤਾਂ ਇਸ ਤਰ੍ਹਾਂ ਦੇ ਕੀਤੇ ਕਰਮ ਕਾਂਡ ਵਿਕਾਰ ਰੂਪ ਹਨ। ੫. ਜਿਨ੍ਹਾਂ ਪੁਰਸ਼ਾਂ ਨੂੰ ਮਾਇਆ ਦਾ ਪ੍ਰੇਮ ਮਿੱਠਾ ਲੱਗਦਾ ਹੈ, ਉਹ ਜਮ ਦੀ ਰੱਸੀ (ਫਾਹੀ) ਵਿਚ ਬੰਨੇ ਜਾਂਦੇ ਹਨ। ੬. (ਮਾਇਆ ਦੇ) ਭਰਮ ਵਿਚ ਮੋਹੇ ਹੋਏ ਪੁਰਸ਼ ਇਹ ਨਹੀਂ ਜਾਣਦੇ ਕਿ ਉਹ ਪ੍ਰਭੂ ਤਾਂ ਹਰ ਸਮੇਂ ਜੀਵਾਂ ਦੇ ਨਾਲ ਰਹਿੰਦਾ ਹੈ। ੭. (ਕਰਮਾਂ ਦੇ) ਲੇਖੇ ਗਿਣਦਿਆਂ ਜੀਵ ਦਾ ਕਦੀ ਛੁਟਕਾਰਾ ਨਹੀਂ ਹੁੰਦਾ, ਜਿਵੇਂ ਕੱਚੀ ਕੰਧ ਧੋਤਿਆਂ ਸ਼ੁਧ ਨਹੀਂ ਹੁੰਦੀ। ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਪੁਰਸ਼ ਨੂੰ ਪ੍ਰਭੂ ਆਪ ਬੁਝਾਵੇ (ਭਾਵ ਆਪਣਾ ਗਿਆਨ ਬਖਸ਼ੇ) ਉਸ ਗੁਰਮੁਖ ਦੀ ਬੁਧੀ ਨਿਰਮਲ (ਉੱਜਲੀ) ਹੋ ਜਾਂਦੀ ਹੈ ॥੯॥
ਸਲੋਕੁ ॥
(੧) ਟੂਟੇ ਬੰਧਨ ਜਾਸੁ ਕੇ ਹੋਆ ਸਾਧੂ ਸੰਗੁ॥ (੨) ਜੋ
ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗੁ ॥੧॥
ਅਰਥ - ੧. ਜਿਸ ਪੁਰਸ਼ ਨੂੰ ਸਾਧੂ ਦਾ ਸੰਗ ਪ੍ਰਾਪਤ ਹੋਇਆ ਹੈ, ਉਸ ਦੇ (ਸਭ ਪ੍ਰਕਾਰ ਦੇ) ਬੰਧਨ ਟੁੱਟ ਗਏ ਹਨ। ੨. ਸ਼੍ਰੀ ਗੁਰੂ ਜੀ ਕਹਿੰਦੇ ਹਨ ਕਿ (ਜਿਹੜੇ ਪੁਰਸ਼ ਬੰਧਨ ਟੁੱਟ ਜਾਣ ਕਰਕੇ) ਇਕ ਪ੍ਰਭੂ ਦੇ ਰੰਗ ਵਿਚ ਰੰਗੇ ਗਏ ਹਨ, ਉਹਨਾਂ ਨੂੰ (ਪ੍ਰਭੂ ਦੇ ਨਾਮ ਦਾ) ਰੰਗ ਗੂੜ੍ਹਾ ਚੜ੍ਹ ਗਿਆ ਹੈ (ਭਾਵ ਉਹਨਾਂ ਨੂੰ ਪੂਰਨ ਆਨੰਦ ਪ੍ਰਾਪਤ ਹੋ ਗਿਆ ਹੈ) ॥੧॥
ਪਉੜੀ॥
(੧) ਰਾਰਾ ਰੰਗਹੁ ਇਆ ਮਨੁ ਅਪਨਾ॥ (੨)
ਹਰਿ ਹਰਿ ਨਾਮੁ ਜਪਹੁ ਜਪੁ ਰਸਨਾ ॥ (੩) ਰੇ
ਰੇ ਦਰਗਹ ਕਹੈ ਨ ਕੋਊ॥ (੪) ਆਉ ਬੈਠੁ
ਆਦਰੁ ਸੁਭ ਦੇਊ॥ (੫) ਉਆ ਮਹਲੀ
ਪਾਵਹਿ ਤੂ ਬਾਸਾ॥ (੬) ਜਨਮ ਮਰਨ ਨਹ
ਹੋਇ ਬਿਨਾਸਾ॥ (੭) ਮਸਤਕਿ ਕਰਮੁ
ਲਿਖਿਓ ਧੁਰਿ ਜਾ ਕੈ॥ (੮) ਹਰਿ ਸੰਪੈ ਨਾਨਕ
ਘਰਿ ਤਾ ਕੈ ॥੧੦॥
ਅਰਥ- ੧. ਰਾਰੇ ਅੱਖਰ ਦੁਆਰਾ ਉਪਦੇਸ਼ ਹੈ ਕਿ ਆਪਣੇ ਇਸ ਮਨ ਨੂੰ ਪ੍ਰਭੂ ਦੇ ਪ੍ਰੇਮ ਨਾਲ ਰੰਗੋ। ੨. (ਅਤੇ) ਰਸਨਾ ਨਾਲ ਅਕਾਲ ਪੁਰਖ ਦਾ ਨਾਮ ਜਪੋ। ੩. (ਇਸ ਕਰਮ ਦਾ ਲਾਭ ਇਹ ਹੋਵੇਗਾ ਕਿ) ਤੁਹਾਨੂੰ ਪ੍ਰਭੂ ਦੀ ਦਰਗਾਹ ਵਿਚ ਕੋਈ ਓਇ ਓਇ ਨਹੀਂ ਕਰੇਗਾ (ਭਾਵ ਦਰਗਾਹ ਵਿਚ ਗਿਆਂ ਤੁਹਾਡਾ ਤ੍ਰਿਸਕਾਰ ਨਹੀਂ ਹੋਵੇਗਾ)। ੪. (ਸਗੋਂ) ਸਾਰੇ ਇਹ ਕਹਿਣਗੇ ਕਿ ਆਓ ਜੀ ! ਬੈਠੋ ਜੀ ! ਤੇ ਸਭ ਤੁਹਾਡਾ ਸਤਿਕਾਰ ਕਰਨਗੇ। ੫. (ਹੇ ਜੀਵ !) ਤੂੰ ਉਹਨਾਂ ਮਹਿਲਾਂ ਵਿਚ ਵਾਸਾ ਪਾਵੇਂਗਾ, ਜਿਥੇ ੬. ਜਨਮ ਮਰਨ ਨਹੀਂ ਹੁੰਦਾ ਤੇ ਨਾ ਹੀ ਬਿਨਾਸ ਹੁੰਦਾ ਹੈ। ੭. ਜਿਸ ਦੇ ਮੱਥੇ 'ਤੇ (ਪ੍ਰਭੂ ਨੇ) ਧੁਰ ਤੋਂ ਹੀ ਐਸਾ ਕਰਮ ਲਿਖਿਆ ਹੈ। ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹਰੀ ਰੂਪ ਦੌਲਤ ਉਸ ਨੂੰ ਘਰ (ਹਿਰਦੇ) ਵਿਚ ਪ੍ਰਾਪਤ ਹੁੰਦੀ ਹੈ ॥੧੦॥
ਸਲੋਕੁ ॥
(੧) ਲਾਲਚ ਝੂਠ ਬਿਕਾਰ ਮੋਹ ਬਿਆਪਤ ਮੂੜੇ
ਅੰਧ ॥ (੨) ਲਾਗਿ ਪਰੇ ਦੁਰਗੰਧ ਸਿਉ ਨਾਨਕ
ਮਾਇਆ ਬੰਧ ॥੧॥
ਅਰਥ - ੧. ਮੂਰਖ ਤੇ ਅੰਨ੍ਹੇ ਜੀਵ (ਮਾਇਆ ਦੇ) ਲਾਲਚ, ਝੂਠ
ਤੇ ਮੋਹ ਦੇ ਵਿਕਾਰ ਵਿਚ ਗ੍ਰਸੇ ਹੋਏ ਹਨ। ੨. ਸਤਿਗੁਰੂ ਜੀ ਆਖਦੇ ਹਨ ਕਿ ਉਹ (ਅਗਿਆਨੀ ਪੁਰਸ਼) ਮਾਇਆ ਦੇ ਬੰਧਨਾਂ ਵਿਚ ਫਸੇ ਦੁਰਗੰਧ ( ਖੋਟੀ ਵਾਸ਼ਨਾ) ਵਿਚ ਲਗੇ ਹੋਏ ਹਨ॥੧॥
ਪਉੜੀ॥
(੧) ਲਲਾ ਲਪਟਿ ਬਿਖੈ ਰਸ ਰਾਤੇ॥ (੨)
ਅਹੰਬੁਧਿ ਮਾਇਆ ਮਦ ਮਾਤੇ ॥ (੩) ਇਆ
ਮਾਇਆ ਮਹਿ ਜਨਮਹਿ ਮਰਨਾ ॥ (੪) ਜਿਉ
ਜਿਉ ਹੁਕਮੁ ਤਿਵੈ ਤਿਉ ਕਰਨਾ ॥ (੫) ਕੋਊ
ਊਨ ਨ ਕੋਊ ਪੂਰਾ ॥ (੬) ਕੋਊ ਸੁਘਰੁ ਨ ਕੋਊ
ਮੂਰਾ॥ (੭) ਜਿਤੁ ਜਿਤੁ ਲਾਵਹੁ ਤਿਤੁ ਤਿਤੁ
ਲਗਨਾ ॥ (੮) ਨਾਨਕ ਠਾਕੁਰ ਸਦਾ
ਅਲਿਪਨਾ ॥੧੧॥
ਅਰਥ- ੧. (ਸਤਿਗੁਰੂ ਜੀ ਲਲੇ ਅੱਖਰ ਦੁਆਰਾ ਉਪਦੇਸ਼ ਦੇਂਦੇ ਹਨ ਕਿ) ਜਿਹੜੇ ਪੁਰਸ਼ ਵਿਸ਼ੇ ਵਿਕਾਰਾਂ ਦੇ ਰਸ ਵਿਚ ਗਲਤਾਨ ਹਨ ਤੇ ੨. ਹੰਕਾਰ ਕਰਕੇ ਮਾਇਆ ਦੇ ਨਸ਼ੇ ਵਿਚ ਮਸਤ ਹਨ। ੩. (ਉਹਨਾਂ ਪੁਰਸ਼ਾਂ ਨੇ) ਇਸ ਮਾਇਆ ਦੇ ਚੱਕਰ ਵਿਚ ਪੈ ਕੇ ਜੰਮਣਾ ਤੇ ਮਰਨਾ ਹੈ। ੪. ਜਿਵੇਂ ਜਿਵੇਂ (ਪ੍ਰਭੂ ਦਾ) ਹੁਕਮ ਹੋਵੇ, ਉਹਨਾਂ ਨੇ ਤਿਵੇਂ ਤਿਵੇਂ ਕਰਮ ਕਰਨਾ ਹੈ। ੫. ਕੋਈ (ਪੁਰਸ਼) ਊਣਾ ਨਹੀਂ ਤੇ ਕੋਈ ਪੂਰਾ ਨਹੀਂ। ੬. ਨਾ ਕੋਈ ਸੁਘਰੁ (ਸਿਆਣਾ) ਹੈ ਤੇ ਨਾ ਕੋਈ ਮੂਰਖ ਹੈ। ੭. (ਹੇ ਪ੍ਰਭੂ !) ਤੁਸੀਂ ਜੀਵ ਨੂੰ ਜਿਧਰ ਜਿਧਰ ਲਾਵੋਗੇ, ਉਸ ਨੇ ਉਧਰ ਉਧਰ ਹੀ ਲੱਗਣਾ ਹੈ। ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮਾਤਮਾ (ਸਭ ਜੀਵਾਂ ਵਿਚ ਵੱਸਦਾ
ਹੋਇਆ ਵੀ) ਸਦਾ ਅਲੋਪ ਰਹਿੰਦਾ ਹੈ॥੧੧॥
ਸਲੋਕੁ ॥
(੧) ਲਾਲ ਗੁਪਾਲ ਗੋਬਿੰਦ ਪ੍ਰਭ ਗਹਿਰ
ਗੰਭੀਰ ਅਥਾਹ॥ (੨) ਦੂਸਰ ਨਾਹੀ ਅਵਰ ਕੋ
ਨਾਨਕ ਬੇਪਰਵਾਹ॥੧॥
ਅਰਥ - ੧. ਪਿਆਰਾ ਪ੍ਰਭੂ ਇਸ ਪ੍ਰਿਥਵੀ ਦਾ ਪਾਲਣਹਾਰ ਤੇ ਜਾਣਨਹਾਰ ਹੈ। ਉਹ ਬਹੁਤ ਡੂੰਘਾ, ਗੰਭੀਰ ਤੇ ਬੇਅੰਤ ਹੈ। ੨. ਉਹ ਅਕਾਲ ਪੁਰਖ ਬੇਪਰਵਾਹ ਹੈ। ਉਸ ਵਰਗਾ ਹੋਰ ਕੋਈ ਨਹੀਂ ॥੧॥
ਪਉੜੀ॥
(੧) ਲਲਾ ਤਾ ਕੈ ਲਵੈ ਨ ਕੋਊ॥ (੨)
ਏਕਹਿ ਆਪਿ ਅਵਰ ਨਹ ਹੋਊ॥ (੩)
ਹੋਵਨਹਾਰੁ ਹੋਤ ਸਦ ਆਇਆ॥ (੪) ਉਆ
ਕਾ ਅੰਤੁ ਨ ਕਾਹੂ ਪਾਇਆ॥ (੫) ਕੀਟ
ਹਸਤਿ ਮਹਿ ਪੂਰ ਸਮਾਨੇ ॥ (੬) ਪ੍ਰਗਟ ਪੁਰਖ
ਸਭ ਠਾਊ ਜਾਨੇ ॥ (੭) ਜਾ ਕਉ ਦੀਨੋ ਹਰਿ
ਰਸੁ ਅਪਨਾ॥ (੮) ਨਾਨਕ ਗੁਰਮੁਖਿ ਹਰਿ
ਹਰਿ ਤਿਹ ਜਪਨਾ ॥੧੨॥
ਅਰਥ - ੧. (ਲਲੇ ਅੱਖਰ ਦੁਆਰਾ ਉਪਦੇਸ਼ ਹੈ ਕਿ) ਉਸ ਪਰਮੇਸ਼੍ਵਰ ਦੇ ਬਰਾਬਰ (ਹੋਰ ਕੋਈ) ਨਹੀਂ। ੨. (ਉਹ ਆਪਣੇ ਵਰਗਾ) ਇਕੋ ਆਪ ਹੀ ਹੈ, ਉਸ ਵਰਗਾ ਹੋਰ ਕੋਈ ਨਹੀਂ। ੩. ਉਹ ਹੋਵਣ ਵਾਲਾ ਪ੍ਰਭੂ ਪਿੱਛੇ ਸਦਾ ਹੁੰਦਾ ਆਇਆ ਹੈ (ਭਾਵ-ਭੂਤ,
ਭਵਿੱਖਤ ਵਿਚ ਉਹ ਸਦਾ ਸਤਿ ਸਰੂਪ ਹੈ, ਜਿਹੜਾ ਭੂਤ ਭਵਿੱਖਤ ਵਿਚ ਸਤਿ ਹੈ, ਉਹ ਵਰਤਮਾਨ ਵਿਚ ਵੀ ਸਤਿ ਹੈ) । ੪. ਉਸ ਦਾ ਅੰਤ ਕਿਸੇ (ਜੀਵ) ਨੇ ਨਹੀਂ ਪਾਇਆ। ੫. ਉਹ ਪ੍ਰਭੂ ਕੀੜੀ ਤੇ ਹਾਥੀ ਸਭ ਵਿਚ ਪੂਰਨ ਹੋ ਕੇ ਸਮਾ ਰਿਹਾ ਹੈ (ਭਾਵ ਹਰ ਪ੍ਰਾਣੀ ਮਾਤ੍ਰ ਵਿਚ ਉਸ ਦੀ ਸੱਤਾ ਵਿਆਪਕ ਹੈ)। ੬. ਉਹ ਪ੍ਰਭੂ ਪ੍ਰਗਟ (ਪ੍ਰਤੱਖ) ਹੈ ਤੇ ਸਭ ਥਾਵਾਂ ਵਿਚ ਜਾਣਿਆਂ ਜਾਂਦਾ ਹੈ। ੭. ਉਸ ਪ੍ਰਭੂ ਨੇ ਜਿਸ (ਪੁਰਸ਼) ਨੂੰ ਆਪਣਾ ਹਰੀ ਰਸ ਬਖਸ਼ਿਆ ਹੈ। ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਪੁਰਸ਼ ਨੇ ਹੀ ਹਰੀ ਹਰੀ ਜਪਿਆ ਹੈ॥੧੨॥
ਸਲੋਕੁ ॥
(੧) ਆਤਮ ਰਸੁ ਜਿਹ ਜਾਨਿਆ ਹਰਿ ਰੰਗ
ਸਹਜੇ ਮਾਣੁ॥ (੨) ਨਾਨਕ ਧਨਿ ਧਨਿ ਧੰਨਿ
ਜਨ ਆਏ ਤੇ ਪਰਵਾਣੁ ॥੧॥
ਅਰਥ - ੧. ਜਿਨ੍ਹਾਂ (ਪੁਰਸ਼ਾਂ) ਨੇ ਪ੍ਰਭੂ ਦੇ ਆਤਮ ਰਸ ਨੂੰ ਜਾਣਿਆਂ ਹੈ, ਉਹ ਸਹਜੇ ਹੀ ਹਰੀ ਦੇ ਰੰਗ (ਪ੍ਰੇਮ) ਨੂੰ ਮਾਣਦਾ ਹੈ। ੨. ਹੇ ਨਾਨਕ ! ਉਹ ਪੁਰਸ਼ ਧੰਨ ਹਨ, ਧੰਨ ਹਨ, ਧੰਨ ਹਨ। ਉਹਨਾਂ ਦਾ ਇਸ ਸ੍ਰਿਸ਼ਟੀ 'ਤੇ ਆਉਣਾ ਪਰਵਾਣੁ (ਸਫਲ) ਹੈ॥੧॥
ਪਉੜੀ॥
(੧) ਆਇਆ ਸਫਲ ਤਾਹੂ ਕੋ ਗਨੀਐ॥ (੨)
ਜਾਸੁ ਰਸਨ ਹਰਿ ਹਰਿ ਜਸੁ ਭਨੀਐ॥ (੩)
ਆਇ ਬਸਹਿ ਸਾਧੂ ਕੈ ਸੰਗੇ॥ (੪) ਅਨਦਿਨੁ
ਨਾਮੁ ਧਿਆਵਹਿ ਰੰਗੇ॥ (੫) ਆਵਤ ਸੋ ਜਨੁ
ਨਾਮਹਿ ਰਾਤਾ॥ (੬) ਜਾ ਕਉ ਦਇਆ
ਮਇਆ ਬਿਧਾਤਾ॥ (੭) ਏਕਹਿ ਆਵਨ ਫਿਰਿ
ਜੋਨਿ ਨ ਆਇਆ॥ (੮) ਨਾਨਕ ਹਰਿ ਕੈ
ਦਰਸਿ ਸਮਾਇਆ ॥੧੩॥
ਅਰਥ- ੧. (ਇਸ ਸੰਸਾਰ ਵਿਚ) ਆਉਣਾ ਉਸ ਪੁਰਸ਼ ਦਾ ਹੀ ਸਫਲ ਗਿਣੀਂਦਾ ਹੈ। ੨. ਜਿਸ ਦੀ ਰਸਨਾ ਹਰੀ ਰਸ ਉਚਾਰਦੀ ਹੈ। ੩. ਉਹ ਪੁਰਸ਼ ਸਾਧੂ ਦੀ ਸੰਗਤ ਵਿਚ ਆ ਕੇ ਵੱਸਦਾ ਹੈ। ੪. (ਉਹ ਫਿਰ ਸਾਧੂ ਦੀ ਸੰਗਤ ਵਿਚ ਰਹਿਣ ਕਰਕੇ) ਦਿਨੇ ਰਾਤ ਬੜੇ ਪ੍ਰੇਮ ਨਾਲ ਪ੍ਰਭੂ ਦਾ ਨਾਮ ਸਿਮਰਦਾ ਹੈ। ੫. (ਇਸ ਸੰਸਾਰ ਵਿਚ) ਉਸ ਪੁਰਸ਼ ਦਾ ਹੀ ਸਫਲਾ ਜਾਣਿਆਂ ਜਾਂਦਾ ਹੈ, ਜੋ ਅਕਾਲ ਪੁਰਖ ਦੇ ਨਾਮ ਵਿਚ ਰਚ ਜਾਂਦਾ ਹੈ। ੬. ਜਿਸ ਉੱਪਰ ਪਰਮੇਸ਼ੁਰ ਦੀ ਦਇਆ ਤੇ ਮੇਹਰ ਹੁੰਦੀ ਹੈ। ੭. ਉਸ ਪੁਰਸ਼ ਦਾ ਇਸ ਸ੍ਰਿਸ਼ਟੀ ਵਿਚ ਇਕੋ ਵੇਰ ਹੀ ਆਉਣਾ ਹੁੰਦਾ ਹੈ, ਉਹ ਫਿਰ ਕਿਸੇ ਜੂਨ ਵਿਚ ਨਹੀਂ ਆਉਂਦਾ। ੮. ਸ਼੍ਰੀ ਗੁਰੂ ਜੀ ਕਥਨ ਕਰਦੇ ਹਨ ਕਿ ਉਹ ਪੁਰਸ਼ ਪ੍ਰਭੂ ਦੇ ਦਰਸਿ (ਸਰੂਪ) ਵਿਚ ਸਮਾ ਜਾਂਦਾ ਹੈ ॥੧੩॥
ਸਲੋਕੁ ॥
(੧) ਯਾਸੁ ਜਪਤ ਮਨਿ ਹੋਇ ਅਨੰਦੁ ਬਿਨਸੈ
ਦੂਜਾ ਭਾਉ॥ (੨) ਦੂਖ ਦਰਦ ਤ੍ਰਿਸਨਾ ਬੁਝੈ
ਨਾਨਕ ਨਾਮਿ ਸਮਾਉ ॥੧॥
ਅਰਥ- ੧. ਜਿਸ ਪਰਮੇਸ਼ਵਰ ਦਾ ਨਾਮ ਜਪਣ ਨਾਲ ਮਨ ਵਿਚ ਆਨੰਦ ਹੋਵੇ ਅਤੇ ਦ੍ਵੈਤ ਭਾਵ ਨਾਸ ਹੋ ਜਾਵੇ, ੨. (ਅਤੇ) ਦੁਖ, ਦਰਦ ਤੇ (ਵਿਸ਼ੇ ਵਿਕਾਰਾਂ ਤੇ ਮਾਇਆ ਦੀ) ਤ੍ਰਿਸ਼ਨਾ ਬੁਝ ਜਾਵੇ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਪ੍ਰਭੂ ਦੇ ਨਾਮ ਵਿਚ ਸਮਾਈ ਕਰੋ ॥੧॥
ਪਉੜੀ॥
(੧) ਯਯਾ ਜਾਰਉ ਦੁਰਮਤਿ ਦੋਊ॥ (੨)
ਤਿਸਹਿ ਤਿਆਗਿ ਸੁਖ ਸਹਜੇ ਸੋਊ॥ (੩)
ਯਯਾ ਜਾਇ ਪਰਹੁ ਸੰਤ ਸਰਨਾ॥ (੪) ਜਿਹ
ਆਸਰ ਇਆ ਭਵਜਲੁ ਤਰਨਾ ॥ (੫) ਯਯਾ
ਜਨਮਿ ਨ ਆਵੈ ਸੋਊ॥ (੬) ਏਕ ਨਾਮ ਲੇ
ਮਨਹਿ ਪਰੋਉ॥ (੭) ਯਯਾ ਜਨਮੁ ਨ ਹਾਰੀਐ
ਗੁਰ ਪੂਰੇ ਕੀ ਟੇਕ ॥ (੮) ਨਾਨਕ ਤਿਹ ਸੁਖੁ
ਪਾਇਆ ਜਾ ਕੈ ਹੀਅਰੈ ਏਕ ॥੧੪॥
ਅਰਥ- ੧. ਯਯਾ (ਦੁਆਰਾ ਉਪਦੇਸ਼ ਹੈ ਕਿ) ਦ੍ਵੈਤ-ਭਾਵ ਵਾਲੀ ਖੋਟੀ ਬੁੱਧੀ ਨੂੰ ਸਾੜ ਦਿਓ। ੨. ਇਸ (ਖੋਟੀ ਬੁੱਧੀ) ਨੂੰ ਤਿਆਗ ਕੇ ਸਹਿਜ ਵਾਲੇ ਸੁਖ ਵਿਚ ਸੌਂ ਜਾਓ। ੩. ਯਯਾ ਦੁਆਰਾ ਦੱਸਦੇ ਹਨ ਕਿ ਸੰਤਾਂ (ਭਗਤ-ਜਨਾਂ) ਦੀ ਸ਼ਰਨੀ ਪੈ ਜਾਓ। ੪. ਜਿਨ੍ਹਾਂ ਦੇ ਆਸਰੇ ਇਸ ਸੰਸਾਰ ਸਾਗਰ ਤੋਂ ਤਰ ਜਾਉਗੇ। ੫. ਯਯੇ ਦੁਆਰਾ ਉਪਦੇਸ਼ ਹੈ ਕਿ ਉਹ ਪੁਰਸ਼ ਫਿਰ ਜਨਮ (ਮਰਨ) ਵਿਚ ਨਹੀਂ ਆਉਂਦਾ। ੬. ਜਿਹੜਾ ਪੁਰਸ਼ ਕਿ ਇਕ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ ਪਰੋ ਲਵੇਗਾ ਭਾਵ ਹਿਰਦੇ ਵਿਚ ਨਾਮ ਨੂੰ ਧਾਰਨ ਕਰ ਲਵੇਗਾ)। ੭. ਯਯੇ ਦੁਆਰਾ ਉਪਦੇਸ਼ ਹੈ ਕਿ ਜੇ ਪੂਰੇ ਗੁਰੂ ਦਾ ਆਸਰਾ ਲਈਏ ਤਾਂ ਇਸ ਜਨਮ ਨੂੰ ਨਹੀਂ ਹਾਰੀਦਾ। ੮. ਸਤਿਗੁਰੂ ਜੀ ਫੁਰਮਾਉਂਦੇ ਹਨ ਕਿ ਉਸ ਪੁਰਸ਼ ਨੇ ਸੁਖ ਪ੍ਰਾਪਤ ਕੀਤਾ ਹੈ, ਜਿਸ
ਦੇ ਹਿਰਦੇ ਵਿਚ ਇਕ ਅਕਾਲ ਪੁਰਖ ਦਾ ਨਾਮ ਵਸਦਾ ਹੈ॥੧੪॥
ਸਲੋਕੁ ॥
(੧) ਅੰਤਰਿ ਮਨ ਤਨ ਬਸਿ ਰਹੇ ਈਤ ਊਤ ਕੇ
ਮੀਤ॥ (੨) ਗੁਰਿ ਪੂਰੈ ਉਪਦੇਸਿਆ ਨਾਨਕ
ਜਪੀਐ ਨੀਤ ॥੧॥
ਅਰਥ- ੧. ਲੋਕ ਪ੍ਰਲੋਕ ਦੇ ਮਿੱਤ੍ਰ ਪ੍ਰਭੂ ਜੀ ਮੇਰੇ ਮਨ ਤੇ ਤਨ ਵਿਚ ਵਸ ਰਹੇ ਹਨ। ੨. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਾਨੂੰ ਪੂਰੇ ਗੁਰੂ ਨੇ ਉਪਦੇਸ਼ ਦਿੱਤਾ ਹੈ ਕਿ ਉਸ ਪ੍ਰਭੂ ਨੂੰ ਦਿਨ ਰਾਤ ਹੀ ਜਪੋ॥੧॥
ਪਉੜੀ॥
(੧) ਅਨਦਿਨੁ ਸਿਮਰਹੁ ਤਾਸੁ ਕਉ ਜੋ ਅੰਤਿ
ਸਹਾਈ ਹੋਇ॥ (੨) ਇਹ ਬਿਖਿਆ ਦਿਨ
ਚਾਰਿ ਛਿਅ ਛਾਡਿ ਚਲਿਓ ਸਭੁ ਕੋਇ॥ (੩)
ਕਾ ਕੋ ਮਾਤ ਪਿਤਾ ਸੁਤ ਧੀਆ॥ (੪) ਗ੍ਰਿਹ
ਬਨਿਤਾ ਕਛੁ ਸੰਗਿ ਨ ਲੀਆ॥ (੫) ਐਸੀ
ਸੰਚਿ ਜੁ ਬਿਨਸਤ ਨਾਹੀ॥ (੬) ਪਤਿ ਸੇਤੀ
ਅਪੁਨੈ ਘਰਿ ਜਾਹੀ॥ (੭) ਸਾਧਸੰਗਿ ਕਲਿ
ਕੀਰਤਨੁ ਗਾਇਆ॥ (੮) ਨਾਨਕ ਤੇ ਤੇ
ਬਹੁਰਿ ਨ ਆਇਆ ॥੧੫॥
ਅਰਥ- ੧. (ਹੇ ਪਿਆਰਿਓ!) ਦਿਨ ਰਾਤ ਉਸ ਪ੍ਰਭੂ ਨੂੰ
ਸਿਮਰੋ, ਜੋ ਅੰਤ ਸਮੇਂ ਸਹਾਈ ਹੁੰਦਾ ਹੈ। ੨. ਇਹ ਵਿਹੁਲੇ ਅਸਰ ਵਾਲੀ ਮਾਇਆ ਥੋੜ੍ਹੇ ਦਿਨਾਂ ਲਈ ਹੈ, ਇਸ ਨੂੰ ਛਡਕੇ ਸਭ ਕੋਈ ਚਲਾ ਜਾਂਦਾ ਹੈ। ੩. ਇਹ ਮਾਤਾ, ਪਿਤਾ, ਪੁੱਤਰ ਤੇ ਧੀਆਂ, ੪. ਘਰ ਇਸਤ੍ਰੀ ਆਦਿ ਕੁਛ ਵੀ ਸੰਗ ਨਹੀਂ ਲਿਆ ਜਾਵੇਗਾ। ੫. ਐਸੀ (ਨਾਮ ਰੂਪੀ ਸੰਪਦਾ) ਇਕੱਠੀ ਕਰੋ, ਜੋ (ਕਦੀ ਵੀ) ਨਾਸ ਨਹੀਂ ਹੁੰਦੀ। ੬. ਜਿਸ ਕਰਕੇ ਤੂੰ ਬੜੀ ਇਜ਼ਤ ਨਾਲ ਆਪਣੇ ਘਰ (ਸਰੂਪ) ਵਿਚ ਲੀਨ ਹੋਵੇਂਗਾ। ੭. ਇਸ ਕਲਿਜੁਗ ਵਿਚ ਸਾਧ ਸੰਗਤ ਵਿਚ ਮਿਲਕੇ ਜਿਨ੍ਹਾਂ ਜਿਨ੍ਹਾਂ ਨੇ ਹਰੀ ਕੀਰਤਨ ਕੀਤਾ ਹੈ। ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਪੁਰਸ਼ ਫਿਰ ਜਨਮ ਮਰਨ ਦੇ ਗੇੜ ਵਿਚ ਨਹੀਂ ਆਏ ॥੧੫॥
ਸਲੋਕੁ ॥
(੧) ਅਤਿ ਸੁੰਦਰ ਕੁਲੀਨ ਚਤੁਰ ਮੁਖਿ
ਙਿਆਨੀ ਧਨਵੰਤ ॥ (੨) ਮਿਰਤਕ ਕਹੀਅਹਿ
ਨਾਨਕਾ ਜਿਹ ਪ੍ਰੀਤਿ ਨਹੀਂ ਭਗਵੰਤ ॥੧॥
ਅਰਥ - ੧. ਬਹੁਤ ਸੁੰਦਰ ਹੋਵੇ, ਚੰਗੀ ਉੱਚੀ ਕੁਲ ਦਾ ਹੋਵੇ, ਮੁਖੀ ਗਿਆਨੀ ਹੋਵੇ ਤੇ ਧਨਵਾਨ ਵੀ ਹੋਵੇ। ੨. ਪਰ ਜਿਸ ਨੂੰ ਪ੍ਰਭੂ ਨਾਲ ਪ੍ਰੀਤ ਨਾ ਹੋਵੇ, ਉਸ ਪੁਰਸ਼ ਨੂੰ ਮੁਰਦਾ ਕਹੀਦਾ ਹੈ। ਹੇ ਨਾਨਕ ! ॥੧॥
ਪਉੜੀ ॥
(੧) ਙੰਙਾ ਖਟੁ ਸਾਸਤ੍ਰ ਹੋਇ ਙਿਆਤਾ ॥ (੨)
ਪੂਰਕੁ ਕੁੰਭਕ ਰੇਚਕ ਕਰਮਾਤਾ॥ (੩) ਙਿਆਨ
ਧਿਆਨ ਤੀਰਥ ਇਸਨਾਨੀ॥ (੪) ਸੋਮਪਾਕ
ਅਪਰਸ ਉਦਿਆਨੀ॥ (੫) ਰਾਮ ਨਾਮ ਸੰਗਿ
ਮਨਿ ਨਹੀਂ ਹੇਤਾ ॥ (੬) ਜੋ ਕਛੁ ਕੀਨੋ ਸੋਊ
ਅਨੇਤਾ ॥ (੭) ਉਆ ਤੇ ਊਤਮੁ ਗਨਉ
ਚੰਡਾਲਾ ॥ (੮) ਨਾਨਕ ਜਿਹ ਮਨਿ ਬਸਹਿ
ਗੁਪਾਲਾ ॥੧੬॥
ਅਰਥ - ੧. ਙਙੇ ਅੱਖਰ ਦੁਆਰਾ ਉਪਦੇਸ਼ ਹੈ ਕਿ ਭਾਵੇਂ ਕੋਈ ਛੇਆਂ ਸ਼ਾਸਤ੍ਰਾਂ (ਸਾਂਖ, ਪਤੰਜਲ, ਨ੍ਯਾਯ, ਮੀਮਾਂਸਾ ਤੇ ਵੇਦਾਂਤ) ਦਾ ਜਾਣਨਹਾਰ ਹੋਵੇ। ੨. ਭਾਵੇਂ ਕੋਈ ਪੂਰਕ, ਕੁੰਭਕ ਤੇ ਰੇਚਕ (ਪ੍ਰਾਣਾਯਾਮ ਦੇ) ਕਰਮਾਂ ਵਿਚ ਲੱਗਾ ਹੋਵੇ। ੩. ਭਾਵੇਂ ਕੋਈ ਗਿਆਨਵਾਨ ਹੋਵੇ, ਧਿਆਨਵਾਨ ਹੋਵੇ ਤੇ ਤੀਰਥਾਂ ਦਾ ਇਸ਼ਨਾਨੀ ਹੋਵੇ। ੪. ਭਾਵੇਂ ਕੋਈ ਸੋਮਪਾਕ (ਆਪਣੇ ਹੱਥਾਂ ਨਾਲ ਰਸੋਈ ਬਣਾਕੇ ਖਾਣ ਵਾਲਾ) ਹੋਵੇ, ਅਪਰਸ (ਕਿਸੇ ਨਾਲ ਨਾ ਛੂਹਣ ਵਾਲਾ) ਹੋਵੇ ਤੇ ਬਨਾਂ ਵਿਚ ਵਸਣ ਵਾਲਾ ਹੋਵੇ। ੫. (ਜੇ ਇਹਨਾਂ ਕਰਮਾਂ ਦੇ ਕਰਨ ਵਾਲੇ ਪੁਰਸ਼ ਦਾ) ਪ੍ਰਭੂ ਦੇ ਨਾਮ ਵਿਚ ਪਿਆਰ ਨਹੀਂ ਤਾਂ ੬. ਜੋ ਕੁਛ ਉਸ ਨੇ ਕਰਮ ਕੀਤਾ ਹੈ, ਉਹ ਸਭ ਮਿਥਿਆ (ਨਾਸਵੰਤ) ਹੈ। ੭. ਉਸ ਪੁਰਸ਼ ਨਾਲੋਂ ਉਸ ਚੰਡਾਲ (ਜਾਤੀ ਦੇ ਪੁਰਸ਼) ਨੂੰ ਉੱਤਮ ਜਾਣੋ, ੮. ਜਿਸ ਦੇ ਮਨ ਵਿਚ ਕਿ ਪ੍ਰਭੂ ਵੱਸਦਾ ਹੈ। ਹੇ ਨਾਨਕ! ॥੧੬॥
ਸਲੋਕੁ ॥
(੧) ਕੁੰਟ ਚਾਰਿ ਦਹ ਦਿਸਿ ਭ੍ਰਮੇ ਕਰਮ
ਕਿਰਤਿ ਕੀ ਰੇਖ॥ (੨) ਸੂਖ ਦੂਖ ਮੁਕਤਿ
ਜੋਨਿ ਨਾਨਕ ਲਿਖਿਓ ਲੇਖ ॥੧॥
ਅਰਥ- ੧. ਜਿਹੜੇ ਜੀਵ ਚਹੁੰ ਕੁੰਟਾਂ ਤੇ ਦਸਾਂ ਦਿਸ਼ਾਂ ਵਿਚ
ਭਟਕਦੇ ਫਿਰਦੇ ਹਨ, ਉਹ ਆਪਣੇ ਕੀਤੇ ਕਰਮਾਂ ਦੀਆਂ ਰੇਖਾ (ਲੇਖਾਂ) ਅਨੁਸਾਰ ਭਟਕਦੇ ਫਿਰਦੇ ਹਨ। ੨. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸੁਖ, ਦੁਖ, ਮੁਕਤੀ ਤੇ ਜੂਨਾਂ ਵਿਚ ਭਰਮਣ ਦੇ ਉਸ ਅਨੁਸਾਰ ਲੇਖ ਲਿਖੇ ਗਏ ਹਨ ॥੧॥
ਪਵੜੀ ॥
(੧) ਕਕਾ ਕਾਰਨ ਕਰਤਾ ਸੋਉ॥ (੨)
ਲਿਖਿਓ ਲੇਖੁ ਨ ਮੇਟਤ ਕੋਊ॥ (੩) ਨਹੀਂ
ਹੋਤ ਕਛੁ ਦੋਊ ਬਾਰਾ॥ (੪) ਕਰਨੈਹਾਰੁ ਨ
ਭੂਲਨਹਾਰਾ॥ (੫) ਕਾਹੂ ਪੰਥੁ ਦਿਖਾਰੈ ਆਪੈ॥
(੬) ਕਾਹੂ ਉਦਿਆਨ ਭ੍ਰਮਤ ਪਛੁਤਾਪੈ॥(੭)
ਆਪਨ ਖੇਲੁ ਆਪ ਹੀ ਕੀਨੋ॥ (੮) ਜੋ ਜੋ
ਦੀਨੋ ਸੁ ਨਾਨਕ ਲੀਨੋ ॥੧੭॥
ਅਰਥ- ੧. ਕਕੇ ਦੁਆਰਾ ਉਪਦੇਸ਼ ਹੈ ਕਿ ਉਹ ਪ੍ਰਭੂ ਸਭ ਕਾਰਣਾਂ ਦਾ ਕਰਨ ਵਾਲਾ ਹੈ। ੨. ਉਸ ਦੇ ਲਿਖੇ ਲੇਖਾਂ ਨੂੰ ਕੋਈ ਮੇਟ ਨਹੀਂ ਸਕਦਾ। ੩. ਉਸ ਦੇ ਕੀਤੇ ਦਾ ਫਿਰ ਦੁਬਾਰਾ ਕੁਛ (ਅਦਲ ਬਦਲ) ਨਹੀਂ ਹੋ ਸਕਦਾ। ੪. (ਕਿਉਂਕਿ) ਉਹ ਕਰਨਹਾਰ ਪ੍ਰਭੂ ਭੁੱਲਣ ਵਾਲਾ ਨਹੀਂ। ੫. ਕਿਸੇ ਜੀਵ ਨੂੰ ਤਾਂ ਉਹ ਆਪ ਹੀ ਠੀਕ ਰਸਤਾ ਦਿਖਾਉਂਦਾ ਹੈ। ੬. (ਅਤੇ) ਕੋਈ ਜੀਵ ਜੰਗਲਾਂ ਵਿਚ ਭਟਕਦਾ ਪਛੁਤਾਉਂਦਾ ਹੈ। ੭. ਆਪਣਾ ਖੇਲ ਉਸ ਨੇ ਆਪ ਹੀ ਕੀਤਾ ਹੈ। ੮. ਸਤਿਗੁਰੂ ਜੀ ਕਹਿੰਦੇ ਹਨ ਕਿ ਜੋ ਜੋ ਕੁਛ ਉਸ ਪ੍ਰਭੂ ਨੇ ਜਿਸ ਜਿਸ ਨੂੰ ਦਿੱਤਾ ਹੈ. ਉਹੋ ' ਕੁਛ ਉਹ ਲੈਂਦਾ ਹੈ॥੧੭॥
ਸਲੋਕੁ ॥
(੧) ਖਾਤ ਖਰਚਤ ਬਿਲਛਤ ਰਹੇ ਟੂਟਿ ਨ
ਜਾਹਿ ਭੰਡਾਰ॥ (੨) ਹਰਿ ਹਰਿ ਜਪਤ ਅਨੇਕ
ਜਨ ਨਾਨਕ ਨਾਹਿ ਸੁਮਾਰ ॥੧॥
ਅਰਥ- ਪ੍ਰਭੂ ਦੇ ਨਾਮ ਦੇ ਭੰਡਾਰੇ ਅਤੁਟ ਹਨ, ਉਹ ਖਾਂਦਿਆਂ, ਖਰਚਦਿਆਂ ਤੇ ਵੰਡਦਿਆਂ ਮੁਕਦੇ ਨਹੀਂ। (ਭਾਵ ਨਾਮ ਨੂੰ ਜਪਦਿਆਂ, ਜਪਾਂਦਿਆਂ ਤੇ ਹੋਰਨਾਂ ਵਿਚ ਵੰਡਦਿਆਂ ਇਸ ਖ਼ਜ਼ਾਨੇ ਵਿਚ ਤੋਟ ਨਹੀਂ ਆਉਂਦੀ)। ੨. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਨੇਕ ਭਗਤ ਜਨ ਪ੍ਰਭੂ ਦਾ ਨਾਮ ਜਪਦੇ ਹਨ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਅਥਵਾ ਉਸ ਪ੍ਰਭੂ ਦੇ ਨਾਮ ਅਨੇਕ ਹਨ, ਜਿਨ੍ਹਾਂ ਦਾ ਕੋਈ ਸ਼ੁਮਾਰ ਨਹੀਂ ॥੧॥
ਪਉੜੀ॥
(੧) ਖਖਾ ਖੂਨਾ ਕਛੁ ਨਹੀਂ ਤਿਸੁ ਸੰਮ੍ਰਥ ਕੈ
ਪਾਹਿ॥ (੨) ਜੋ ਦੇਨਾ ਸੋ ਦੇ ਰਹਿਓ ਭਾਵੈ
ਤਹ ਤਹ ਜਾਹਿ॥(੩) ਖਰਚੁ ਖਜਾਨਾ ਨਾਮ
ਧਨੁ ਇਆ ਭਗਤਨ ਕੀ ਰਾਸਿ॥ (੪) ਖਿਮਾ
ਗਰੀਬੀ ਅਨਦ ਸਹਜ ਜਪਤ ਰਹਹਿ
ਗੁਣਤਾਸ ॥ (੫) ਖੇਲਹਿ ਬਿਗਸਹਿ ਅਨਦ
ਸਿਉ ਜਾ ਕਉ ਹੋਤ ਕ੍ਰਿਪਾਲ ॥ (੬) ਸਦੀਵ
ਗਨੀਵ ਸੁਹਾਵਨੇ ਰਾਮ ਨਾਮ ਗ੍ਰਿਹਿ ਮਾਲ॥
(੭) ਖੇਦੁ ਨ ਦੂਖੁ ਨ ਡਾਨੁ ਤਿਹ ਜਾ ਕਉ
ਨਦਰਿ ਕਰੀ। (੮) ਨਾਨਕ ਜੋ ਪ੍ਰਭਿ ਭਾਣਿਆ
ਪੂਰੀ ਤਿਨਾ ਪਰੀ ॥੧੮॥
ਅਰਥ- ੧. ਖਖੇ ਦੁਆਰਾ ਉਪਦੇਸ਼ ਹੈ ਕਿ ਉਸ ਸਰਬ ਸਮਰੱਥ ਪ੍ਰਭੂ ਦੇ ਕੋਲ ਕੋਈ ਘਾਟਾ ਨਹੀਂ। ੨. ਉਹ ਜਿਸ ਨੂੰ ਜੋ ਕੁਛ ਦੇਣਾ ਹੁੰਦਾ ਹੈ, ਉਹ ਕੁਛ ਦੇ ਰਿਹਾ ਹੈ। ਭਾਵੇਂ ਇਹ ਜਿਥੇ ਮਰਜ਼ੀ ਹੈ, ਭਟਕਦਾ ਫਿਰੇ (ਜੋ ਕੁਛ ਇਸ ਦੇ ਭਾਗਾਂ ਵਿਚ ਹੁੰਦਾ ਹੈ, ਉਹੋ ਕੁਛ ਇਸ ਨੂੰ ਮਿਲਦਾ ਹੈ।) ੩. (ਭਗਤਾਂ ਦਾ) ਨਾਮ ਧਨ ਖਜ਼ਾਨਾ ਹੈ, ਤੇ ਇਹੋ ਭਗਤਾਂ ਦੀ ਰਾਸ ਪੂੰਜੀ ਹੈ। ਇਸ ਖਜ਼ਾਨੇ ਨੂੰ ਤੇ ਇਸ ਰਾਸ ਨੂੰ ਹੀ ਭਗਤ ਖਰਚਦੇ ਹਨ। ੪. ਭਗਤ ਜਨ ਖਿਮਾਂ ਤੇ ਗਰੀਬੀ ਨੂੰ ਧਾਰਨ ਕਰਕੇ ਬੜੇ ਆਨੰਦ ਤੇ ਸਹਜ ਅਵਸਥਾ ਵਿਚ ਰਹਿੰਦਿਆਂ ਉਸ ਗੁਣਾਂ ਦੇ ਖਜ਼ਾਨੇ ਪ੍ਰਭੂ ਨੂੰ ਜਪਦੇ ਰਹਿੰਦੇ ਹਨ। ੫. ਜਿਸ ਭਗਤ ਤੇ ਉਹ ਪ੍ਰਭੂ ਕ੍ਰਿਪਾਲ ਹੁੰਦਾ ਹੈ, ਉਹ ਪ੍ਰਭੂ ਦੇ ਆਨੰਦ ਵਿਚ ਖੇਡਦੇ ਤੇ ਖਿੜੇ ਰਹਿੰਦੇ ਹਨ। ੬. ਜਿਨ੍ਹਾਂ ਭਗਤਾਂ ਦੇ ਘਰ ਰਾਮ ਨਾਮ ਰੂਪੀ ਮਾਲ (ਧਨ) ਹੁੰਦਾ ਹੈ, ਉਹ ਸਦਾ ਤ੍ਰਿਪਤ ਰਹਿੰਦੇ ਹਨ ਤੇ ਸ਼ੋਭਨੀਕ ਹੁੰਦੇ ਹਨ। ੭. ਜਿਨ੍ਹਾਂ (ਭਗਤ ਜਨਾਂ) 'ਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਉਹਨਾਂ ਨੂੰ ਨਾ ਖੇਦ ਹੈ, ਨਾ ਦੁਖ ਹੈ ਤੇ ਨਾ ਹੀ ਕੋਈ ਡੰਨ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਜਿਹੜੇ ਜੀਵ ਪਰਮੇਸ਼ੁਰ ਨੂੰ ਭਾ ਗਏ ਹਨ, ਉਹਨਾਂ ਦੀ ਹੀ ਪੂਰੀ ਪਈ ਹੈ ਭਾਵ ਉਹਨਾਂ ਦੇ ਸਾਰੇ ਕਾਰਜ ਪ੍ਰਭੂ ਦੀ ਕਿਰਪਾ ਨਾਲ ਸਿਰੇ ਚੜ੍ਹਦੇ ਹਨ॥੧੮॥
ਸਲੋਕੁ ॥
(੧) ਗਨਿ ਮਿਨਿ ਦੇਖਹੁ ਮਨੈ ਮਾਹਿ ਸਰਪਰ
ਚਲਨੋ ਲੋਗ। (੨) ਆਸ ਅਨਿਤ ਗੁਰਮੁਖਿ
ਮਿਟੈ ਨਾਨਕ ਨਾਮ ਅਰੋਗ ॥੧॥
ਅਰਥ - ੧. (ਹੇ ਭਾਈ ਪਿਆਰਿਓ !) ਆਪਣੇ ਮਨ ਵਿਚ ਇਹ ਗੱਲ ਚੰਗੀ ਤਰ੍ਹਾਂ ਗਿਣ ਮਿਣ ਕੇ ਵਿਚਾਰ ਲਓ ਕਿ ਇਹਨਾਂ ਲੋਕਾਂ ਨੇ ਹਰ ਹਾਲਤ ਵਿਚ ਇਸ ਸੰਸਾਰ ਤੋਂ ਚਲੇ ਜਾਣਾ ਹੈ। ੨. ਸਤਿਗੁਰੂ ਜੀ ਕਹਿੰਦੇ ਹਨ ਕਿ ਗੁਰਮੁਖਾਂ ਦੀ ਇਹਨਾਂ ਅਨਿਤ (ਨਾਸ ਹੋ ਜਾਣ ਵਾਲੇ) ਪਦਾਰਥਾਂ ਦੀ ਆਸਾ ਮਿਟ ਜਾਂਦੀ ਹੈ, ਕਿਉਂਕਿ ਉਹ ਨਾਮ ਜਪਕੇ ਅਰੋਗ ਹੋ ਜਾਂਦੇ ਹਨ ॥੧॥
ਪਉੜੀ॥
(੧) ਗਗਾ ਗੋਬਿਦ ਗੁਣ ਰਵਹੁ ਸਾਸਿ ਸਾਸਿ
ਜਪਿ ਨੀਤ॥ (੨) ਕਹਾ ਬਿਸਾਸਾ ਦੇਹ ਕਾ
ਬਿਲਮ ਨ ਕਰਿਹੋ ਮੀਤ ॥ (੩) ਨਹ ਬਾਰਿਕ
ਨਹ ਜੋਬਨੈ ਨਹ ਬਿਰਧੀ ਕਛੁ ਬੰਧੁ॥ (੪) ਓਹ
ਬੇਰਾ ਨਹ ਬੂਝੀਐ ਜਉ ਆਇ ਪਰੈ ਜਮ ਫੰਧੁ ॥
(੫) ਗਿਆਨੀ ਧਿਆਨੀ ਚਤੁਰ ਪੇਖਿ ਰਹਨੁ
ਨਹੀਂ ਇਹ ਠਾਇ॥ (੬) ਛਾਡਿ ਛਾਡਿ ਸਗਲੀ
ਗਈ ਮੂੜ ਤਹਾ ਲਪਟਾਹਿ॥ (੭) ਗੁਰ
ਪ੍ਰਸਾਦਿ ਸਿਮਰਤ ਰਹੈ ਜਾਹੂ ਮਸਤਕਿ ਭਾਗ ॥
(੮) ਨਾਨਕ ਆਏ ਸਫਲ ਤੇ ਜਾ ਕਉ ਪ੍ਰਿਅਹਿ
ਸੁਹਾਗ ॥੧੯॥
ਅਰਥ- ੧. ਗਗੇ ਦੁਆਰਾ ਉਪਦੇਸ਼ ਹੈ ਕਿ (ਹੇ ਭਾਈ!) ਪ੍ਰਭੂ ਦੇ ਗੁਣਾਂ ਦਾ ਉਚਾਰਨ ਕਰੋ ਤੇ ਸਾਸ ਸਾਸ ਪਰਮੇਸ਼ਰ ਦਾ ਨਾਮ ਜਪੋ।
੨. (ਕਿਉਂਕਿ) ਇਸ ਦੇਹੀ ਦਾ ਕੀ ਭਰੋਸਾ ਹੈ (ਕਿ ਕਦੋਂ ਬਿਨਸ ਜਾਏ, ਇਸ ਲਈ ਪ੍ਰਭੂ ਦਾ ਨਾਮ ਜਪਣ ਵਿਚ) ਹੇ ਮਿੱਤਰੋ ! ਦੇਰ ਨਾ ਕਰੋ। ੩. ਨਾ ਬਾਲ ਅਵਸਥਾ, ਨਾ ਜਵਾਨੀ ਤੇ ਨਾ ਹੀ ਬ੍ਰਿਧ ਅਵਸਥਾ ਦਾ ਕੋਈ ਨੇਮ ਹੈ (ਭਾਵ ਕਾਲ ਦਾ ਕੋਈ ਸਮਾਂ ਨਹੀਂ ਕਿ ਕਦੋਂ ਆ ਜਾਵੇ) ੪. ਉਸ ਵੇਲੇ ਦਾ ਕੋਈ ਪਤਾ ਨਹੀਂ ਲੱਗਦਾ, ਜਦੋਂ ਕਿ ਜਮ ਦਾ ਫੰਦਾ ਗਲ ਵਿਚ ਆ ਪੈਂਦਾ ਹੈ। ੫. ਗਿਆਨੀ, ਧਿਆਨੀ ਤੇ ਚਤੁਰ (ਸਿਆਣੇ) ਜੋ ਵੀ ਕੋਈ ਹੈ, ਉਹਨਾਂ ਦਾ ਇਸ ਸੰਸਾਰ ਵਿਚ ਸਦਾ ਰਹਿਣਾ ਨਹੀਂ ਹੁੰਦਾ। ੬. ਸਾਰੇ ਜੀਵ ਇਸ ਸ੍ਰਿਸ਼ਟੀ (ਦੇ ਜਿਨ੍ਹਾਂ ਪਦਾਰਥਾਂ ਨੂੰ) ਛਡ ਛਡ ਕੇ ਤੁਰ ਗਏ ਹਨ, ਮੂਰਖ ਜੀਵ ਉਹਨਾਂ ਨੂੰ ਹੀ ਚੰਬੜ ਰਿਹਾ ਹੈ। ੭. ਜਿਨ੍ਹਾਂ ਪੁਰਸ਼ਾਂ ਦੇ ਮਸਤਕ ਦੇ ਭਾਗ ਉੱਤਮ ਹਨ, ਉਹ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਦਾ ਨਾਮ ਸਿਮਰਦੇ ਰਹਿੰਦੇ ਹਨ। ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਪੁਰਸ਼ ਹੀ ਇਸ ਸੰਸਾਰ ਵਿਚ ਆਏ ਸਫਲ ਹਨ, ਜਿਨ੍ਹਾਂ ਨੂੰ ਪਿਆਰੇ ਪਤੀ ਪਰਮੇਸ਼੍ਵਰ ਦਾ ਸੁਹਾਗ (ਆਨੰਦ) ਪ੍ਰਾਪਤ ਹੋਇਆ ਹੈ॥੧੯॥
ਸਲੋਕੁ ॥
(੧) ਘੋਖੇ ਸਾਸਤ੍ਰ ਬੇਦ ਸਭ ਆਨ ਨ ਕਥਤਉ
ਕੋਇ॥ (੨) ਆਦਿ ਜੁਗਾਦੀ ਹੁਣਿ ਹੋਵਤ
ਨਾਨਕ ਏਕੈ ਸੋਇ॥੧॥
ਅਰਥ- ੧. (ਅਸਾਂ) ਸ਼ਾਸਤ੍ਰ ਤੇ ਵੇਦ ਸਭ ਚੰਗੀ ਤਰ੍ਹਾਂ ਵਿਚਾਰਕੇ ਦੇਖੇ ਹਨ (ਭਾਵ ਪੜ੍ਹੇ ਸੁਣੇ ਹਨ), ਕੋਈ ਗ੍ਰੰਥ ਇਹ ਨਹੀਂ ਕਹਿੰਦਾ ਕਿ ਇਕ ਪ੍ਰਭੂ ਤੋਂ ਬਿਨਾ ਕੋਈ ਹੋਰ ਪ੍ਰਭੂ ਵੀ ਹੈ। ੨. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਪ੍ਰਭੂ ਸ੍ਰਿਸ਼ਟੀ ਦੇ ਆਦਿ ਵਿਚ ਤੇ ਜੁਗਾਂ ਦੇ ਆਦਿ ਵਿਚ ਵੀ ਸੀ, ਹੁਣ ਵੀ ਹੈ ਤੇ ਅਗੋਂ ਆਉਣ ਵਾਲੇ ਸਮੇਂ ਵਿਚ ਵੀ ਉਹੋ ਇਕੋ ਹੋਵੇਗਾ॥੧॥
ਪਉੜੀ॥
(੧) ਘਘਾ ਘਾਲਹੁ ਮਨਹਿ ਏਹ ਬਿਨੁ ਹਰਿ
ਦੂਸਰ ਨਾਹਿ॥ (੨) ਨਹ ਹੋਆ ਨਹ ਹੋਵਨਾ
ਜਤ ਕਤ ਓਹੀ ਸਮਾਹਿ ॥ (੩) ਘੂਲਹਿ ਤਉ
ਮਨ ਜਉ ਆਵਹਿ ਸਰਨਾ ॥ (੪) ਨਾਮ ਤਤੁ
ਕਲਿ ਮਹਿ ਪੁਨਹਚਰਨਾ ॥ (੫) ਘਾਲਿ
ਘਾਲਿ ਅਨਿਕ ਪਛੁਤਾਵਹਿ॥ (੬) ਬਿਨੁ ਹਰਿ
ਭਗਤਿ ਕਹਾ ਥਿਤਿ ਪਾਵਹਿ॥ (੭) ਘੋਲਿ
ਮਹਾ ਰਸੁ ਅੰਮ੍ਰਿਤੁ ਤਿਹ ਪੀਆ॥ (੮) ਨਾਨਕ
ਹਰਿ ਗੁਰਿ ਜਾ ਕਉ ਦੀਆ॥੨੦॥
ਅਰਥ - ੧. ਘਘੇ ਦੁਆਰਾ ਉਪਦੇਸ਼ ਹੈ ਕਿ ਇਸ ਗੱਲ ਨੂੰ ਆਪਣੇ ਮਨ ਵਿਚ ਵਸਾਓ ਕਿ ਬਿਨਾ ਪ੍ਰਭੂ ਤੋਂ ਹੋਰ ਦੂਸਰਾ ਕੋਈ ਨਹੀਂ। ੨. (ਉਸ ਤੋਂ ਬਿਨਾ) ਨਾ ਕੋਈ ਹੋਇਆ ਹੈ ਤੇ ਨਾ ਕੋਈ ਅਗੋਂ ਹੋਵੇਗਾ। ਜਿਥੇ ਕਿਥੇ (ਭਾਵ ਹਰ ਥਾਂ) ਉਹੋ ਇਕ ਪਰਮੇਸ਼ਰ ਸਮਾ ਰਿਹਾ ਹੈ। ੩. ਹੇ ਮੇਰੇ ਮਨ! ਤੂੰ ਤਦ ਛੁਟੇਂਗਾ, ਜੇ ਉਸ ਪ੍ਰਭੂ ਦੀ ਸ਼ਰਨ ਵਿਚ ਆਵੇਂਗਾ ਤਾਂ ੪. (ਤੂੰ ਇਹ ਨਿਸਚੇ ਕਰਕੇ ਜਾਣ ਲੈ ਕਿ) ਕਲਿਜੁਗ ਵਿਚ ਨਾਮ ਤੱਤ ਹੀ ਪਾਪਾਂ ਦਾ ਅਸਲ ਪ੍ਰਾਸ਼ਚਿਤ ਹੈ। ੫. ਹੋਰ ਕਈ ਤਰਾਂ ਦੀਆਂ ਵਿਅਰਥ ਘਾਲਣਾ ਘਾਲ ਘਾਲਕੇ (ਭਾਵ ਕਈ ਤਰ੍ਹਾਂ ਦੇ ਕਰਮ ਕਾਂਡ ਕਰ ਕਰ ਕੇ) ਅਨੇਕਾਂ ਲੋਕ ਪਛੁਤਾਉਂਦੇ ਹਨ। ੬. ਉਹ ਬਿਨਾ ਹਰੀ ਦੀ ਭਗਤੀ ਦੇ ਮਨ ਦਾ ਟਿਕਾ ਕਿਥੋਂ ਪਾਉਣਗੇ ? (ਕਿਉਂਕਿ ਪ੍ਰਭੂ ਦੀ ਭਗਤੀ ਤੋਂ ਬਿਨਾ ਕਿਸੇ ਹੋਰ ਉਪਾਅ ਨਾਲ ਮਨ ਦੀ ਸ਼ਾਂਤੀ ਨਹੀਂ ਮਿਲਦੀ)। ੭. ਤੇ ੮. ਸਤਿਗੁਰੂ
ਜੀ ਕਥਨ ਕਰਦੇ ਹਨ ਕਿ ਜਿਸ ਨੂੰ ਪ੍ਰਭੂ ਨੇ ਤੇ ਗੁਰੂ ਨੇ ਇਹ ਦਾਤ ਦਿਤੀ ਹੈ, ਉਸ ਨੇ ਹੀ ਪ੍ਰਭੂ ਦੇ ਨਾਮ ਰੂਪੀ ਅੰਮ੍ਰਿਤ ਨੂੰ ਘੋਲਕੇ (ਭਾਵ ਅਭਿਆਸ ਕਰਕੇ) ਪੀਤਾ ਹੈ ਤੇ ਇਸ ਨਾਮ ਰਸ ਦੇ ਆਨੰਦ ਨੂੰ ਮਾਣਿਆਂ ਹੈ॥੨੦॥
ਸਲੋਕੁ ॥
(੧) ਙਣਿ ਘਾਲੇ ਸਭ ਦਿਵਸ ਸਾਸ ਨਹ
ਬਢਨ ਘਟਨ ਤਿਲੁ ਸਾਰ॥ (੨) ਜੀਵਨ
ਲੋਰਹਿ ਭਰਮ ਮੋਹ ਨਾਨਕ ਤੇਊ ਗਵਾਰ ॥੧॥
ਅਰਥ - ੧. (ਪ੍ਰਭੂ ਨੇ ਜੀਵ ਦੀ ਦੇਹੀ ਦੇ ਅੰਦਰ) ਸ੍ਵਾਸ ਤੇ ਦਿਨ ਗਿਣ ਕੇ ਪਾਏ ਹਨ, ਜਿਨ੍ਹਾਂ ਵਿਚੋਂ ਨਾ ਤੇ ਕੋਈ ਸ੍ਵਾਸ ਤੇ ਨਾ ਹੀ ਕੋਈ ਦਿਨ ਤਿਲ ਮਾਤ੍ਰ ਵਧਦਾ ਘਟਦਾ ਹੈ। ੨. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹਨਾਂ ਮਿਥੇ ਸ੍ਵਾਸਾਂ ਤੇ ਦਿਨਾਂ ਤੋਂ ਵਧ ਜੇ ਕੋਈ ਜੀਉਣਾ ਲੋੜਦਾ ਹੈ, ਉਹ ਮੂਰਖ ਹੈ ਤੇ ਮੋਹ ਤੇ ਭਰਮ ਦੇ ਅਧੀਨ ਹੈ॥੧॥
ਪਉੜੀ॥
(੧) ਙੰਙਾ ਙ੍ਰਾਸੈ ਕਾਲੁ ਤਿਹ ਜੋ ਸਾਕਤ ਪ੍ਰਭਿ
ਕੀਨ॥ (੨) ਅਨਿਕ ਜੋਨਿ ਜਨਮਹਿ ਮਰਹਿ
ਆਤਮ ਰਾਮੁ ਨ ਚੀਨ॥ (੩) ਙਿਆਨ ਧਿਆਨ
ਤਾਹੂ ਕਉ ਆਏ॥ (੪) ਕਰਿ ਕਿਰਪਾ ਜਿਹ
ਆਪਿ ਦਿਵਾਏ॥ (੫) ਙਣਤੀ ਙਣੀ ਨਹੀਂ ਕੋਊ
ਛੂਟੈ॥ (੬) ਕਾਚੀ ਗਾਗਰਿ ਸਰਪਰ ਫੂਟੈ॥ (੭)
ਸੋ ਜੀਵਤ ਜਿਹ ਜੀਵਤ ਜਪਿਆ॥ (੮) ਪ੍ਰਗਟ
ਭਏ ਨਾਨਕ ਨਹ ਛਪਿਆ ॥੨੧॥
ਅਰਥ- ੧. ਙੰਙੇ ਦੁਆਰਾ ਉਪਦੇਸ਼ ਹੈ ਕਿ ਜਿਨ੍ਹਾਂ ਨੂੰ ਪ੍ਰਭੂ ਨੇ ਸਾਕਤ ਬਣਾਇਆ ਹੈ, ਉਹਨਾਂ ਨੂੰ ਹੀ ਕਾਲ ਗ੍ਰਸਦਾ ਹੈ। ੨. ਉਹ (ਸਾਕਤ ਪੁਰਸ਼) ਅਨੇਕਾਂ ਜੂਨਾਂ ਵਿਚ ਜੰਮਦੇ ਮਰਦੇ ਹਨ, ਕਿਉਂਕਿ ਉਹਨਾਂ ਨੇ ਆਤਮ ਰਾਮੁ (ਪ੍ਰਮਾਤਮਾ) ਨੂੰ ਨਹੀਂ ਪਛਾਣਿਆਂ। ੩. ਗਿਆਨ ਤੇ ਧਿਆਨ ਉਹਨਾਂ ਨੂੰ ਹੀ ਪ੍ਰਾਪਤ ਹੋਏ ਹਨ। ੪. ਜਿਨ੍ਹਾਂ ਨੂੰ ਪ੍ਰਭੂ ਆਪ ਕਿਰਪਾ ਕਰਕੇ ਦਿਵਾਉਂਦਾ ਹੈ। ੫. ਗਿਣਤੀਆਂ ਕਰਨ ਕਰਕੇ ਕੋਈ ਨਹੀਂ ਛੁਟਦਾ। ੬. ਇਹ ਕੱਚੀ ਗਾਗਰ (ਭਾਵ ਸਰੀਰ) ਜ਼ਰੂਰ ਫੁੱਟ ਜਾਏਗੀ। ੭. ਜਿਨ੍ਹਾਂ (ਪੁਰਸ਼ਾਂ) ਨੇ ਜੀਵਨ ਰੂਪ ਪਰਮੇਸ਼ੁਰ ਨੂੰ ਸਿਮਰਿਆ ਹੈ, ਉਹ ਜੀਉਂਦੇ ਹਨ। ੮. ਸ਼੍ਰੀ ਗੁਰੁ ਜੀ ਫੁਰਮਾਉਂਦੇ ਹਨ ਕਿ ਉਹ ਪੁਰਸ਼ ਸੰਸਾਰ ਵਿਚ ਪ੍ਰਗਟ ਹੋ ਗਏ ਹਨ, ਉਹ ਛਿਪੇ ਨਹੀਂ ਰਹੇ॥੨੧॥
ਸਲੋਕੁ ॥
(੧) ਚਿਤਿ ਚਿਤਵਉ ਚਰਣਾਰਬਿੰਦ ਊਧ
ਕਵਲ ਬਿਗਸਾਂਤ॥ (੨) ਪ੍ਰਗਟ ਭਏ ਆਪਹਿ
ਗੋਬਿੰਦ ਨਾਨਕ ਸੰਤ ਮਤਾਂਤ ॥੧॥
ਅਰਥ - ੧. ਮੈਂ ਆਪਣੇ ਹਿਰਦੇ ਵਿਚ ਗੁਰੂ ਦੇ ਚਰਨਾਂ ਕਵਲਾਂ ਨੂੰ ਸਿਮਰਦਾ ਹਾਂ, ਜਿਸ ਕਰਕੇ ਮੇਰਾ ਪੁੱਠਾ ਹੋਇਆ ਹਿਰਦੇ ਰੂਪੀ ਕਵਲ ਖਿੜ ਪਿਆ ਹੈ। ੨. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਤਰ੍ਹਾਂ (ਮੇਰੇ ਹਿਰਦੇ ਵਿਚ) ਆਪ ਪਰਮੇਸ਼ਰ ਜੀ ਪ੍ਰਗਟ ਹੋ ਗਏ ਹਨ। ਇਹ ਪ੍ਰਾਪਤੀ ਮੈਨੂੰ ਸੰਤਾਂ ਦੇ ਮਤਾਂਤ (ਉਪਦੇਸ਼) 'ਤੇ ਚਲਣ ਕਰਕੇ ਹੋਈ ਹੈ॥੧॥
ਪਉੜੀ॥
(੧) ਚਚਾ ਚਰਨ ਕਮਲ ਗੁਰ ਲਾਗਾ॥ (੨)
ਧਨਿ ਧਨਿ ਉਆ ਦਿਨ ਸੰਜੋਗ ਸਭਾਗਾ॥
(੩) ਚਾਰਿ ਕੁੰਟ ਦਹ ਦਿਸਿ ਭ੍ਰਮਿ ਆਇਓ॥
(੪) ਭਈ ਕ੍ਰਿਪਾ ਤਬ ਦਰਸਨੁ ਪਾਇਓ॥
(੫) ਚਾਰ ਬਿਚਾਰ ਬਿਨਸਿਓ ਸਭ ਦੂਆ॥
(੬) ਸਾਧਸੰਗਿ ਮਨੁ ਨਿਰਮਲ ਹੂਆ॥ (੭)
ਚਿੰਤ ਬਿਸਾਰੀ ਏਕ ਦ੍ਰਿਸਟੇਤਾ॥ (੮) ਨਾਨਕ
ਗਿਆਨ ਅੰਜਨੁ ਜਿਹ ਨੇਤ੍ਰਾ ॥੨੨ ॥
ਅਰਥ - ੧. ਚਚੇ ਦੁਆਰਾ ਉਪਦੇਸ਼ ਹੈ ਕਿ ਜਿਸ ਦਿਨ ਸਤਿਗੁਰੂ ਜੀ ਦੇ ਚਰਨਾਂ ਕਵਲਾਂ ਵਿਚ ਮੇਰਾ ਮਨ ਲੱਗਾ। ੨. ਉਹ ਦਿਨ ਧੰਨ ਧੰਨ ਹੈ ਤੇ ਉਹ ਸੰਜੋਗ (ਮਿਲਾਪ) ਵੀ ਧੰਨ ਧੰਨ ਹੈ। ੩. ਮੈਂ ਚਹੁੰ ਕੁੰਟਾਂ ਤੇ ਦਸਾਂ ਦਿਸ਼ਾ ਵਿਚ ਭਟਕ ਭਟਕ (ਖਾਲੀ ਦਾ ਖਾਲੀ) ਮੁੜਕੇ ਆਇਆ ਸਾਂ, ੪. (ਪਰ) ਜਦੋਂ ਸਤਿਗੁਰੂ ਦੀ ਕਿਰਪਾ ਹੋਈ, ਤਦੋਂ ਮੈਨੂੰ ਪ੍ਰਭੂ ਦਾ ਦਰਸ਼ਨ ਪ੍ਰਾਪਤ ਹੋਇਆ। ੫. ਕਰਮ ਕਾਂਡ ਦੇ ਦੱਸੇ ਕਰਮਾਂ ਦੀਆਂ ਵਿਚਾਰਾਂ ਤੇ ਹੋਰ ਹਰ ਤਰ੍ਹਾਂ ਦੀ ਦੂਈ ਦ੍ਵੈਤ ਮੇਰੀ ਨਾਸ ਹੋ ਗਈ ਹੈ। ੬. ਸਾਧ (ਭਗਤ ਜਨਾਂ) ਦੀ ਸੰਗਤ ਕਰਨ ਕਰਕੇ ਮੇਰਾ ਮਨ ਨਿਰਮਲ ਹੋ ਗਿਆ ਹੈ। ੭. ਤੇ ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਪੁਰਸ਼ ਦੇ ਬੁੱਧੀ ਦੇ ਨੇਤਰਾਂ ਵਿਚ ਗਿਆਨ ਦਾ ਸੁਰਮਾ ਪੈ ਗਿਆ ਹੈ, ਉਸ ਨੂੰ ਇਕ ਅਕਾਲ ਪੁਰਖ ਦਾ ਦਰਸ਼ਨ ਹੋ ਗਿਆ ਹੈ ਤੇ ਉਸ ਦੀਆਂ ਸਾਰੀਆਂ ਚਿੰਤਾਵਾਂ ਨਾਸ ਹੋ ਗਈਆਂ ਹਨ॥੨੨॥
ਸਲੋਕੁ ॥
(੧) ਛਾਤੀ ਸੀਤਲ ਮਨੁ ਸੁਖੀ ਛੰਤ ਗੋਬਿਦ
ਗੁਨ ਗਾਇ ॥ (੨) ਐਸੀ ਕਿਰਪਾ ਕਰਹੁ ਪ੍ਰਭ
ਨਾਨਕ ਦਾਸ ਦਸਾਇ ॥੧॥
ਅਰਥ- ੧. ਪ੍ਰਭੂ ਦੇ ਗੁਣਾਂ ਦੇ ਛੰਦ ਗਾਉਣ ਕਰਕੇ ਛਾਤੀ ਠੰਢੀ ਤੇ ਮਨ ਸੁਖੀ ਹੁੰਦਾ ਹੈ। ੨. ਸਤਿਗੁਰੂ ਜੀ ਬੇਨਤੀ ਕਰਦੇ ਹਨ ਕਿ ਹੇ ਅਕਾਲ ਪੁਰਖ! ਮੇਰੇ ਤੇ ਐਸੀ ਕਿਰਪਾ ਕਰੋ ਕਿ ਮੈਂ ਆਪ ਦੇ ਦਾਸਾਂ ਦਾ ਦਾਸ ਹੋਵਾਂ ॥੧॥
ਪਉੜੀ॥
(੧) ਛਛਾ ਛੋਹਰੇ ਦਾਸ ਤੁਮਾਰੇ॥ (੨) ਦਾਸ
ਦਾਸਨ ਕੇ ਪਾਨੀਹਾਰੇ॥ (੩) ਛਛਾ ਛਾਰੁ ਹੋਤ
ਤੇਰੇ ਸੰਤਾ॥ (੪) ਅਪਨੀ ਕ੍ਰਿਪਾ ਕਰਹੁ
ਭਗਵੰਤਾ ॥ (੫) ਛਾਡਿ ਸਿਆਨਪ ਬਹੁ
ਚਤੁਰਾਈ॥ (੬) ਸੰਤਨ ਕੀ ਮਨ ਟੇਕ
ਟਿਕਾਈ॥ (੭) ਛਾਰੁ ਕੀ ਪੁਤਰੀ ਪਰਮ
ਗਤਿ ਪਾਈ॥ (੮) ਨਾਨਕ ਜਾ ਕਉ ਸੰਤ
ਸਹਾਈ॥੨੩॥
ਅਰਥ- ੧. ਛਛੇ ਦੁਆਰਾ ਉਪਦੇਸ਼ ਹੈ ਕਿ ਹੇ ਪ੍ਰਭੂ ! ਜੋ ਆਪ ਦੇ (ਘਰ ਦੇ) ਛੋਟੇ ਜਿਹੇ ਦਾਸ ਹਨ। ੨. ਅਸੀਂ ਉਹਨਾਂ ਦਾਸਾਂ ਦੇ ਪਾਣੀ ਭਰਨ ਵਾਲੇ ਹਾਂ। ੩ ਛਛੇ ਦੁਆਰਾ ਕਹਿੰਦੇ ਹਨ ਕਿ ਅਸੀਂ ਆਪ ਦੇ ਸੰਤਾਂ ਦੀ ਚਰਨ ਧੂੜੀ ਬਣਦੇ ਹਾਂ। ੪. ਹੇ ਭਗਵੰਤ ਜੀ!
ਸਾਡੇ ਤੇ ਆਪਣੀ ਕਿਰਪਾ ਕਰੋ। ੫. (ਹੇ ਮੇਰੇ ਮਨ!) ਬਹੁਤ ਸਿਆਣਪਾਂ ਤੇ ਚਤੁਰਾਈਆਂ ਛੱਡ ਦੇ। ੬. ਜਿਨ੍ਹਾਂ ਪੁਰਸ਼ਾਂ ਨੇ (ਇਹ ਸਿਆਣਪਾਂ ਤੇ ਚਤੁਰਾਈਆਂ ਛਡਕੇ) ਆਪਣੇ ਮਨ ਵਿਚ ਸੰਤਾਂ ਦੀ ਟੇਕ ਟਿਕਾਈ ਹੈ। ੭. ਉਹਨਾਂ ਦੀ ਇਸ ਸੁਆਹ ਦੀ ਪੁਤਲੀ (ਦੇਹ) ਨੇ ਪਰਮਗਤੀ (ਉੱਚੀ ਅਵਸਥਾ) ਪ੍ਰਾਪਤ ਕਰ ਲਈ ਹੈ। ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਪੁਰਸ਼ਾਂ ਦੇ ਸੰਤ ਸਹਾਈ ਹੋਏ ਹਨ॥੨੩॥
ਸਲੋਕੁ ॥
(੧) ਜੋਰ ਜੁਲਮ ਫੂਲਹਿ ਘਨੋ ਕਾਚੀ ਦੇਹ
ਬਿਕਾਰ ॥ (੨) ਅਹੰਬੁਧਿ ਬੰਧਨ ਪਰੇ ਨਾਨਕ
ਨਾਮ ਛੁਟਾਰ ॥੧।।
ਅਰਥ - ੧. ਇਹ ਜੀਵ ਆਪਣੇ ਜ਼ੋਰ ਨਾਲ (ਮਾੜਿਆਂ 'ਤੇ) ਜ਼ੁਲਮ ਕਰਦਾ ਹੈ ਤੇ ਫਿਰ (ਆਪਣੇ ਕੀਤੇ ਬੁਰੇ ਕਰਮਾਂ 'ਤੇ) ਫੁਲਦਾ ਹੈ ਤੇ ਇਸ ਕੱਚੀ ਤੇ ਨਾਸ ਹੋਣ ਵਾਲੀ ਦੇਹ ਨਾਲ ਬਹੁਤ ਵਿਕਾਰ ਕਰਦਾ ਹੈ। ੨. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਜੀਵ ਨੂੰ ਹੰਕਾਰ ਦੀ ਬੁਧੀ ਕਰਕੇ ਜੋ ਬੰਧਨ ਪਏ ਹਨ, ਉਸ ਤੋਂ ਪ੍ਰਭੂ ਦਾ ਨਾਮ ਹੀ ਛੁਡਾਉਣ ਵਾਲਾ ਹੈ ॥੧॥
ਪਉੜੀ॥
(੧) ਜਜਾ ਜਾਨੈ ਹਉ ਕਛੁ ਹੂਆ॥ (੨) ਬਾਧਿਓ
ਜਿਉ ਨਲਿਨੀ ਭ੍ਰਮਿ ਸੂਆ॥ (੩) ਜਉ ਜਾਨੈ ਹਉ
ਭਗਤੁ ਗਿਆਨੀ॥ (੪) ਆਗੈ ਠਾਕੁਰਿ ਤਿਲੁ ਨਹੀਂ
ਮਾਨੀ॥ (੫) ਜਉ ਜਾਨੈ ਮੈ ਕਥਨੀ ਕਰਤਾ॥ (੬)
ਬਿਆਪਾਰੀ ਬਸੁਧਾ ਜਿਉ ਫਿਰਤਾ॥ (੭) ਸਾਧਸੰਗਿ
ਜਿਹ ਹਉਮੈ ਮਾਰੀ॥ (੮) ਨਾਨਕ ਤਾ ਕਉ ਮਿਲੇ
ਮੁਰਾਰੀ॥੨੪॥
ਅਰਥ - ੧. ਜਜੇ ਦੁਆਰਾ ਉਪਦੇਸ਼ ਹੈ ਕਿ ਜਿਹੜਾ ਪੁਰਸ਼ ਇਹ ਸਮਝੇ ਕਿ ਮੈਂ ਕੁਛ ਹੋ ਗਿਆ ਹਾਂ। ੨. (ਉਹ) ਇਸ ਤਰ੍ਹਾਂ ਬੱਝ ਜਾਂਦਾ ਹੈ ਕਿ ਜਿਸ ਤਰ੍ਹਾਂ ਭਰਮ ਵਿਚ ਗ੍ਰਸਿਆ ਨਲਿਨੀ ਨਾਲ ਤੋਤਾ ਬੱਝ ਜਾਂਦਾ ਹੈ। ੩. ਜਦੋਂ ਇਹ ਜੀਵ ਇਹ ਜਾਣੇ ਕਿ ਮੈਂ (ਬੜਾ) ਭਗਤ ਤੇ ਗਿਆਨੀ ਹਾਂ, ੪. (ਤਦ) ਅਗੇ ਪ੍ਰਭੂ ਦੇ ਦਰਬਾਰ ਵਿਚ ਉਸ ਦੀ ਇਕ ਤਿਲ ਜਿੰਨੀ ਵੀ ਨਹੀਂ ਮੰਨੀ ਜਾਂਦੀ (ਭਾਵ ਅਗੇ ਪ੍ਰਭੂ ਦੀ ਦਰਗਾਹ ਵਿਚ ਉਸ ਦਾ ਗਿਆਨ ਧਿਆਨ ਕਿਸੇ ਕੰਮ ਨਹੀਂ ਆਵੇਗਾ)। ੫. ਜੇ ਇਹ ਜੀਵ ਇਹ ਜਾਣੇ ਕਿ ਮੈਂ ਬੜੀ ਸੁੰਦਰ ਕਥਾ ਤੇ ਵਖਿਆਨ ਕਰਨ ਵਾਲਾ ਹਾਂ, ੬. (ਤਾਂ) ਉਸ ਨੂੰ ਇਸ ਤਰ੍ਹਾਂ ਜਾਣੋ ਜਿਵੇਂ ਕੋਈ ਵਪਾਰੀ ਫਿਰ ਤੁਰਕੇ ਸੌਦਾ ਵੇਚਣ ਵਾਲਾ ਬਹੁਤੀਆਂ ਗੱਲਾਂ ਕਰਦਾ ਹੈ। ੭. ਤੇ ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ (ਹੇ ਭਾਈ!) ਜਿਸ ਪੁਰਸ਼ ਨੇ ਸਾਧ ਸੰਗਤ ਵਿਚ ਮਿਲਕੇ ਆਪਣੀ ਹਉਮੈ ਖਤਮ ਕਰ ਲਈ ਹੈ, ਉਸ ਨੂੰ ਹੀ ਪ੍ਰਭੂ ਮਿਲਦਾ ਹੈ॥੨੪॥
ਸਲੋਕੁ ॥
(੧) ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ
--------------------------
*ਤੋਤੇ ਫੜਨ ਵਾਲੇ ਨੜੇ ਦੀ ਇਕ ਨਲੀ ਵਿਚ ਸੀਖ ਪਾਕੇ ਇਸ ਨੂੰ ਪਾਣੀ ਦੇ ਭਰੇ ਹੋਏ ਕਟੋਰੇ ਆਦਿ ਦੇ ਉਪਰ ਰੱਖ ਦੇਂਦੇ ਹਨ। ਜਦੋਂ ਤੋਤਾ ਪਾਣੀ ਪੀਣ ਲਈ ਇਸ ਨਲੀ ਉਪਰ ਆ ਕੇ ਬੈਠਦਾ ਹੈ ਤਾਂ ਨਲੀ ਭੌਂ ਜਾਂਦੀ ਹੈ ਤੇ ਉਲਟਾ ਹੋ ਗਿਆ ਤੋਤਾ ਆਪਣੇ ਪਰਛਾਵੇਂ ਨੂੰ ਵੇਖ ਕੇ ਡਰਦਾ ਹੈ ਤੇ ਨਲੀ ਨੂੰ ਛੱਡਦਾ ਨਹੀਂ। ਇਸ ਤਰ੍ਹਾਂ ਪੁਠੇ ਲਟਕੇ ਹੋਏ ਤੋਤੇ ਨੂੰ ਫੰਧਕ ਫੜ ਲੈਂਦਾ ਹੈ।
ਆਰਾਧਿ॥ (੨) ਕਾਰ੍ਹਾ ਤੁਝੈ ਨ ਬਿਆਪਈ
ਨਾਨਕ ਮਿਟੈ ਉਪਾਧਿ ॥੧॥
ਅਰਥ- ੧. (ਹੇ ਭਾਈ!) ਸਵੇਰੇ ਉਠਕੇ ਪ੍ਰਭੂ ਦਾ ਨਾਮ ਜਪ ਤੇ ਦਿਨ ਰਾਤ ਉਸਨੂੰ ਆਰਾਧ। ੨. ਸਤਿਗੁਰੂ ਜੀ ਕਥਨ ਕਰਦੇ ਹਨ ਕਿ (ਪਰਮੇਸ਼ਰ ਦਾ ਸਿਮਰਨ ਕਰਨ ਨਾਲ) ਤੈਨੂੰ ਕਾਰ੍ਹਾ (ਭਾਵ ਕੁੜ੍ਹਨਾ ਸੜਨਾ) ਨਹੀਂ ਵਿਆਪੇਗਾ ਤੇ ਉਪਾਧਿ* ਵੀ ਮਿਟ ਜਾਏਗੀ॥੧॥
ਪਉੜੀ॥
(੧) ਝਝਾ ਝੂਰਨੁ ਮਿਟੈ ਤੁਮਾਰੋ॥ (੨) ਰਾਮ ਨਾਮ
ਸਿਉ ਕਰਿ ਬਿਉਹਾਰੋ॥ (੩) ਝੂਰਤ ਝੂਰਤ
ਸਾਕਤ ਮੂਆ॥ (੪) ਜਾ ਕੈ ਰਿਦੈ ਹੋਤ ਭਾਉ
ਬੀਆ॥ (੫) ਝਰਹਿ ਕਸੰਮਲ ਪਾਪ ਤੇਰੇ
ਮਨੂਆ॥ (੬) ਅੰਮ੍ਰਿਤ ਕਥਾ ਸੰਤਸੰਗਿ
ਸੁਨੂਆ॥ (੭) ਝਰਹਿ ਕਾਮ ਕ੍ਰੋਧ ਦ੍ਰਸਟਾਈ॥
(੮) ਨਾਨਕ ਜਾ ਕਉ ਕ੍ਰਿਪਾ ਗੁਸਾਈ॥੨੫॥
ਅਰਥ- ੧. ਤੇ ੨. ਝਝੇ ਦੁਆਰਾ ਉਪਦੇਸ਼ ਹੈ ਕਿ ਜੇ ਤੁਸੀਂ ਪ੍ਰਭੂ ਦੇ ਨਾਮ ਨਾਲ ਵਿਹਾਰ ਕਰੋ (ਭਾਵ ਪਰਮੇਸ਼ਰ ਦਾ ਨਾਮ ਸਿਮਰੋ) ਤਾਂ ਤੁਹਾਡਾ ਝੁਰਨਾ ਮਿਟ ਜਾਵੇਗਾ। ੩. ਤੇ ੪. ਜਿਸ ਦੇ ਮਨ ਵਿਚ ਦ੍ਵੈਤ ਭਾਵ ਹੁੰਦਾ ਹੈ, ਉਹ ਸਾਕਤ ਪੁਰਸ਼ ਝੁਰਦਾ ਝੁਰਦਾ ਹੀ
------------------------
* ਉਪਾਧਿ=ਦ੍ਵੈਤ ਭਾਵ, ਮਾਨਸਿਕ ਪਾਪ, ਸਰੀਰ ਦੇ ਪਾਪ=ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਆਦਿ।
ਮਰ ਜਾਂਦਾ ਹੈ। ੫. ਤੇ ੬. (ਹੇ ਭਾਈ !) ਜੇ ਤੂੰ ਸੰਤਾਂ ਦੀ ਸੰਗਤ ਵਿਚ ਬੈਠਕੇ ਪ੍ਰਭੂ ਦੇ ਨਾਮ ਦੀ ਅੰਮ੍ਰਿਤ ਕਥਾ ਸੁਣੇ ਤਾਂ ਤੇਰੇ ਸਾਰੇ ਭਾਰੀ ਪਾਪ ਝੜ ਜਾਣਗੇ। ੭ ਤੇ ੮ ਸਤਿਗੁਰੂ ਜੀ ਫੁਰਮਾਉਂਦੇ ਹਨ ਕਿ ਜਿਨ੍ਹਾਂ ਪੁਰਸ਼ਾਂ 'ਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ, ਉਹਨਾਂ ਦੇ ਕਾਮ, ਕਰੋਧ ਅਤੇ ਹੋਰ ਬੁਰਾਈਆਂ ਸਭ ਦੂਰ ਹੋ ਜਾਂਦੀਆਂ ਹਨ॥੨੫॥
ਸਲੋਕੁ ॥
(੧) ਞਤਨ ਕਰਹੁ ਤੁਮ ਅਨਿਕ ਬਿਧਿ ਰਹਨੁ
ਨ ਪਾਵਹੁ ਮੀਤ॥ (੨) ਜੀਵਤ ਰਹਹੁ ਹਰਿ
ਹਰਿ ਭਜਹੁ ਨਾਨਕ ਨਾਮ ਪਰੀਤਿ ॥੧॥
ਅਰਥ- ੧. (ਹੇ ਭਾਈ!) ਤੁਸੀਂ ਇਸ ਸ੍ਰਿਸ਼ਟੀ ਵਿਚ ਸਦਾ ਕਾਇਮ ਰਹਿਣ ਲਈ ਅਨੇਕਾਂ ਯਤਨ ਕਰਕੇ ਵੇਖ ਲਵੋ, ਪਰ ਤੁਸੀਂ ਸਦੀਵ ਕਾਲ ਇਥੇ ਨਹੀਂ ਰਹਿ ਸਕੋਗੇ। ੨. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੇ ਤੁਸੀਂ ਪ੍ਰਭੂ ਦਾ ਸਿਮਰਨ ਕਰੋਗੇ ਤੇ ਪਰਮੇਸ਼ਰ ਦੇ ਨਾਮ ਨਾਲ ਪ੍ਰੀਤ ਕਰੋਗੇ ਤਾਂ ਤੁਸੀਂ ਸਦਾ ਲਈ ਅਮਰ ਜੀਵਨ ਪ੍ਰਾਪਤ ਕਰ ਲਵੋਗੇ ॥੧॥
ਪਵੜੀ॥
(੧) ਞੰਞਾ ਞਾਣਹੁ ਦ੍ਰਿੜੁ ਸਹੀ ਬਿਨਸਿ ਜਾਤ
ਏਹ ਹੇਤ॥ (੨) ਗਣਤੀ ਗਣਉ ਨ ਗਣਿ
ਸਕਉ ਊਠਿ ਸਿਧਾਰੇ ਕੇਤ॥ (੩) ਞੋ ਪੇਖਉ ਸੋ
ਬਿਨਸਤਉ ਕਾ ਸਿਉ ਕਰੀਐ ਸੰਗੁ॥ (੪)
ਞਾਣਹੁ ਇਆ ਬਿਧਿ ਸਹੀ ਚਿਤ ਝੂਠਉ
ਮਾਇਆ ਰੰਗੁ ॥ (੫) ਞਾਣਤ ਸੋਈ ਸੰਤੁ ਸੁਇ
ਭ੍ਰਮ ਤੇ ਕੀਚਿਤ ਭਿੰਨ॥ (੬) ਅੰਧ ਕੂਪ ਤੇ
ਤਿਹ ਕਢਹੁ ਜਿਹ ਹੋਵਹੁ ਸੁਪ੍ਰਸੰਨ ॥ (੭) ਞਾ
ਕੈ ਹਾਥਿ ਸਮਰਥ ਤੇ ਕਾਰਨ ਕਰਨੈ ਜੋਗ ॥
(੮) ਨਾਨਕ ਤਿਹ ਉਸਤਤਿ ਕਰਉ ਞਾਹੂ
ਕੀਓ ਸੰਜੋਗ ॥੨੬॥
ਅਰਥ- ੧. ਞੰਞੇ ਦੁਆਰਾ ਇਹ ਉਪਦੇਸ਼ ਹੈ ਕਿ ਇਹ ਗੱਲ ਆਪਣੇ ਮਨ ਵਿਚ ਪੱਕੀ ਕਰਕੇ ਜਾਣ ਲਵੋ ਕਿ ਇਹ (ਮਾਇਆ ਤੇ ਹੋਰ ਸੰਸਾਰਕ ਪਦਾਰਥਾਂ ਦਾ) ਪਿਆਰ ਸਭ ਨਾਸ ਹੋ ਜਾਵੇਗਾ। ੨. ਜੇ (ਇਥੋਂ ਚਲੇ ਗਿਆਂ ਦੀ) ਗਿਣਤੀ ਕਰਨ ਲਗੀਏ ਤਾਂ ਗਿਣੀ ਨਹੀਂ ਜਾ ਸਕਦੀ ਕਿ ਕਿੰਨੇ ਕੁ ਜੀਵ ਇਸ ਸੰਸਾਰ ਵਿਚੋਂ ਉਠਕੇ ਚਲੇ ਗਏ ਹਨ। ੩. ਜਿਸ ਨੂੰ ਵੇਖਦੇ ਹਾਂ, ਉਹੋ (ਸਮਾਂ ਆਉਣ 'ਤੇ) ਬਿਨਸ ਜਾਂਦਾ ਹੈ, ਅਸੀਂ ਕਿਸ ਨਾਲ ਸੰਗ (ਮੇਲ ਜਾ ਪਿਆਰ) ਕਰੀਏ ? ੪. ਇਸ ਲਈ ਹੇ ਪਿਆਰਿਓ !) ਆਪਣੇ ਚਿਤ ਵਿਚ ਇਹ ਗਲ ਸਹੀ ਕਰਕੇ ਜਾਣ ਲਵੋ ਕਿ ਇਹ ਮਾਇਆ ਦਾ ਰੰਗ ਝੂਠਾ ਹੈ। ੫. ਪਰ ਇਸ ਗੱਲ ਨੂੰ ਉਹੋ ਜਾਣਦਾ ਹੈ ਤੇ ਉਹੋ ਸੰਤ ਹੈ, ਜਿਸ ਨੇ ਆਪਣੇ ਮਨ ਨੂੰ ਭਰਮ ਵਲੋਂ ਵੱਖ ਕਰ ਲਿਆ ਹੈ। (ਭਾਵ ਇਸ ਦੇ ਸਾਰੇ ਭਰਮ ਭੁਲੇਖੇ ਦੂਰ ਹੋ ਗਏ ਹਨ) । ੬. ਹੇ ਪ੍ਰਭੂ ਜੀ! ਜਿਸ ਪੁਰਸ਼ 'ਤੇ ਤੁਸੀਂ ਪ੍ਰਸੰਨ ਹੁੰਦੇ ਹੋ, ਉਸ ਨੂੰ ਇਸ (ਮਾਇਆ ਦੇ) ਅੰਨ੍ਹੇਰੇ ਖੂਹ ਵਿਚੋਂ ਕਢ ਲੈਂਦੇ ਹੋ। ੭. ਜਿਸ ਪ੍ਰਭੂ ਦੇ ਹੱਥ ਵਿਚ ਸਭ ਸਮਰਥਾ ਹੈ ਤੇ ਜੋ ਸਭ ਕਾਰਣਾਂ ਦੇ ਕਰਨ ਯੋਗ ਹੈ। ੮. ਸਤਿਗੁਰੂ ਜੀ ਫੁਰਮਾਉਂਦੇ ਹਨ ਕਿ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰੋ, ਜਿਸ ਨੇ ਇਸ ਦੇਹ ਆਦਿ ਪਦਾਰਥਾਂ ਦਾ ਸੰਜੋਗ ਕੀਤਾ ਹੈ॥੨੬॥
ਸਲੋਕੁ ॥
(੧) ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖੁ
ਪਾਇ॥ (੨) ਨਾਨਕ ਮਨਹੁ ਨ ਬੀਸਰੈ ਗੁਣ
ਨਿਧਿ ਗੋਬਿਦ ਰਾਇ ॥੧॥
ਅਰਥ- ੧. ਸਾਨੂੰ ਸਾਧੂ ਪੁਰਸ਼ਾਂ ਦੀ ਸੇਵਾ ਕਰਕੇ (ਪ੍ਰਭੂ ਦੇ ਨਾਮ ਦਾ) ਸੁਖ ਪ੍ਰਾਪਤ ਹੁੰਦਾ ਹੈ ਤੇ ਸਾਡੇ ਜਨਮ ਮਰਨ ਦੇ ਬੰਧਨ ਟੁੱਟ ਗਏ ਹਨ। ੨. ਸਤਿਗੁਰੂ ਜੀ ਕਥਨ ਕਰਦੇ ਹਨ ਕਿ (ਸਾਡੀ ਇਹੋ ਇਛਾ ਹੈ ਕਿ) ਹੁਣ ਉਹ ਪ੍ਰਭੂ ਸਾਡੇ ਮਨੋਂ ਵਿਸਰੇ ਨਾ, ਜੋ ਗੁਣਾਂ ਦਾ ਭੰਡਾਰ ਹੈ॥੧॥
ਪਉੜੀ॥
(੧) ਟਹਲ ਕਰਹੁ ਤਉ ਏਕ ਕੀ ਜਾ ਤੇ ਬ੍ਰਿਥਾ
ਨ ਕੋਇ॥ (੨) ਮਨਿ ਤਨਿ ਮੁਖਿ ਹੀਐ ਬਸੈ
ਜੋ ਚਾਹਹੁ ਸੋ ਹੋਇ॥ (੩) ਟਹਲ ਮਹਲ ਤਾ
ਕਉ ਮਿਲੈ ਜਾ ਕਉ ਸਾਧ ਕ੍ਰਿਪਾਲ॥ (੪)
ਸਾਧੂ ਸੰਗਤਿ ਤਉ ਬਸੈ ਜਉ ਆਪਨ ਹੋਹਿ
ਦਇਆਲ ॥ (੫) ਟੋਹੇ ਟਾਹੇ ਬਹੁ ਭਵਨ ਬਿਨੁ
ਨਾਵੈ ਸੁਖੁ ਨਾਹਿ॥ (੬) ਟਲਹਿ ਜਾਮ ਕੇ ਦੂਤ
ਤਿਹ ਜੁ ਸਾਧੂ ਸੰਗਿ ਸਮਾਹਿ॥ (੭) ਬਾਰਿ
ਬਾਰਿ ਜਾਉ ਸੰਤ ਸਦਕੇ ॥ (੮) ਨਾਨਕ ਪਾਪ
ਬਿਨਾਸੇ ਕਦਿ ਕੇ॥੨੭॥
ਅਰਥ- ੧. ਟੈਂਕੇ ਦੁਆਰਾ ਉਪਦੇਸ਼ ਹੈ ਕਿ ਸੇਵਾ ਕਰੋ ਤਾਂ ਇਕ ਪ੍ਰਭੂ ਦੀ ਕਰੋ, ਜਿਸ ਤੋਂ ਕੋਈ ਪੁਰਸ਼ ਖਾਲੀ ਨਹੀਂ ਰਹਿੰਦਾ। ੨. ਜੇਕਰ ਉਹ ਪਰਮੇਸ਼ਰ ਤੁਹਾਡੇ ਮਨ, ਤਨ, ਮੂੰਹ ਤੇ ਹਿਰਦੇ ਵਿਚ ਵੱਸ ਜਾਵੇ ਤਾਂ ਤੁਸੀਂ ਜੋ ਚਾਹੋਗੇ ਉਹੋ ਕੁਛ ਹੋਵੇਗਾ। ੩. ਟਹਲ (ਸੇਵਾ) ਤੇ ਮਹਲ (ਦਰਬਾਰ ਜਾਂ ਸਰੂਪ) ਉਸ ਪੁਰਸ਼ ਨੂੰ ਮਿਲਦੇ ਹਨ ਜਿਸ ਉਤੇ ਸਾਧੂ ਕ੍ਰਿਪਾਲੂ ਹੁੰਦੇ ਹਨ। ੪. ਜੇ ਪ੍ਰਭੂ ਦਿਆਲ ਹੋਵੇ ਤਾਂ ਜੀਵ ਸਾਧੂ ਦੀ ਸੰਗਤ ਵਿਚ ਵਸਦਾ ਹੈ। ੫. ਅਸਾਂ ਇਕ ਪਰਮੇਸ਼ਰ ਨੂੰ ਛੱਡਕੇ ਹੋਰ ਬਹੁਤ ਟਿਕਾਣੇ ਵੇਖੇ ਹਨ, ਪਰ ਪ੍ਰਭੂ ਦੇ ਨਾਮ ਤੋਂ ਬਿਨਾ ਸੁਖ ਕਿਸੇ ਥਾਂ ਵੀ ਨਹੀਂ ਮਿਲਦਾ। ੬. ਜਿਹੜੇ ਪੁਰਸ਼ ਸਾਧੂਆਂ ਦੀ ਸੰਗਤ ਵਿਚ ਆ ਮਿਲਦੇ ਹਨ, ਉਹਨਾਂ ਦੇ ਸਿਰੋਂ ਜਮ ਦੇ ਦੂਤ ਟਲ ਜਾਂਦੇ ਹਨ। ੭. ਮੈਂ ਸੰਤਾਂ ਤੋਂ ਵਾਰ ਵਾਰ ਸਦਕੇ ਜਾਂਦਾ ਹਾਂ। ੮ ਸਤਿਗੁਰੂ ਜੀ ਕਥਨ ਕਰਦੇ ਹਨ ਕਿ (ਸੰਤਾਂ ਦੀ ਕਿਰਪਾ ਕਰਕੇ) ਮੇਰੇ ਚਿਰਾਂ ਦੇ ਪਾਪ ਨਾਸ ਹੋ ਗਏ ਹਨ ॥२੭॥
ਸਲੋਕੁ ॥
(੧) ਠਾਕ ਨ ਹੋਤੀ ਤਿਨਹੁ ਦਰਿ ਜਿਹ ਹੋਵਹੁ
ਸੁਪ੍ਰਸੰਨ ॥ (੨) ਜੋ ਜਨ ਪ੍ਰਭਿ ਅਪੁਨੇ ਕਰੇ
ਨਾਨਕ ਤੇ ਧਨਿ ਧੰਨਿ ॥੧॥
ਅਰਥ- ੧. (ਹੇ ਪ੍ਰਭੂ ਜੀ!)ਜਿਨ੍ਹਾਂ ਜੀਵਾਂ 'ਤੇ ਆਪ ਦੀ ਪ੍ਰਸੰਨਤਾ ਹੋ ਜਾਂਦੀ ਹੈ, ਉਹਨਾਂ ਨੂੰ ਆਪ ਦੀ ਦਰਗਾਹ ਵਿਚ ਜਾਣ ਸਮੇਂ ਕੋਈ ਰੋਕ ਨਹੀਂ ਪੈਂਦੀ। ੨. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਜੀਵਾਂ ਨੂੰ ਪ੍ਰਭੂ ਨੇ ਆਪਣੇ ਕਰ ਲਿਆ ਹੈ, ਉਹ ਧੰਨ ਹਨ ਉਹ ਧੰਨ ਹਨ॥੧॥
ਪਉੜੀ॥
(੧) ਠਠਾ ਮਨੂਆ ਠਾਹਹਿ ਨਾਹੀ॥ (੨) ਜੋ
ਸਗਲ ਤਿਆਗਿ ਏਕਹਿ ਲਪਟਾਹੀ॥ (੩)
ਠਹਕਿ ਠਹਕਿ ਮਾਇਆ ਸੰਗਿ ਮੂਏ॥ (੪)
ਉਆ ਕੈ ਕੁਸਲ ਨ ਕਤਹੂ ਹੂਏ ॥ (੫) ਠਾਂਢਿ
ਪਰੀ ਸੰਤਹ ਸੰਗਿ ਬਸਿਆ॥ (੬) ਅੰਮ੍ਰਿਤ
ਨਾਮੁ ਤਹਾ ਜੀਅ ਰਸਿਆ॥ (੭) ਠਾਕੁਰ
ਅਪੁਨੇ ਜੋ ਜਨੁ ਭਾਇਆ॥ (੮) ਨਾਨਕ ਉਆ
ਕਾ ਮਨੁ ਸੀਤਲਾਇਆ॥੨੮॥
ਅਰਥ- ੧. ਤੇ ੨. ਠਠੇ ਦੁਆਰਾ ਉਪਦੇਸ਼ ਹੈ ਕਿ ਜਿਹੜੇ ਪੁਰਸ਼ ਹੋਰ ਸਭਨਾਂ ਨੂੰ ਛੱਡਕੇ ਇਕ ਪਰਮੇਸ਼ਰ ਨਾਲ ਪ੍ਰੀਤ ਕਰਦੇ ਹਨ, ਉਹ ਕਿਸੇ ਦਾ ਮਨ ਨਹੀਂ ਢਾਹੁੰਦੇ (ਭਾਵ ਬੁਰੇ ਸ਼ਬਦ ਬੋਲਕੇ ਜਾਂ ਬੂਰਾ ਵਰਤਾਵ ਕਰਕੇ ਕਿਸੇ ਦਾ ਮਨ ਨਹੀਂ ਦੁਖਾਉਂਦੇ) । ੩. (ਪਰ) ਜਿਹੜੇ ਪੁਰਸ਼ ਮਾਇਆ ਵਿਚ ਖਚਤ ਹੋ ਕੇ ਮਰਦੇ ਰਹਿੰਦੇ ਹਨ, ੪. (ਉਹਨਾਂ ਦੇ ਘਰ) ਕਦੀ ਵੀ ਸੁਖ ਨਹੀਂ ਹੁੰਦਾ। ੫. ਜਿਹੜਾ ਪੁਰਸ਼ ਸੰਤਾਂ ਦੇ ਸੰਗ ਵਿਚ ਜਾ ਵੱਸਦਾ ਹੈ, ਉਸ ਦੇ ਹਿਰਦੇ ਵਿਚ ਠੰਢ ਪਈ ਹੈ (ਭਾਵ ਸੰਤਾਂ ਦੀ ਸੰਗਤ ਕਰਨ ਨਾਲ ਸ਼ਾਂਤੀ ਪ੍ਰਾਪਤ ਹੁੰਦੀ ਹੈ)। ੬. ਉਥੇ (ਸੰਤਾਂ ਦੀ ਸੰਗਤ ਵਿਚ) ਉਸ ਪੁਰਸ਼ ਦੇ ਹਿਰਦੇ ਵਿਚ ਨਾਮ-ਅੰਮ੍ਰਿਤ ਦਾ ਸੰਚਾਰ ਹੁੰਦਾ ਹੈ। ੭. ਜਿਹੜਾ ਪੁਰਸ਼ ਆਪਣੇ ਮਾਲਕ (ਪ੍ਰਭੂ) ਨੂੰ ਭਾ ਗਿਆ ਹੈ। ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਪੁਰਸ਼ ਦਾ ਮਨ ਸੀਤਲ ਹੋਇਆ ਹੈ॥੨੮॥
ਸਲੋਕੁ ॥
(੧) ਡੰਡਉਤਿ ਬੰਦਨ ਅਨਿਕ ਬਾਰ ਸਰਬ
ਕਲਾ ਸਮਰਥ॥ (੨) ਡੋਲਨ ਤੇ ਰਾਖਹੁ ਪ੍ਰਭੂ
ਨਾਨਕ ਦੇ ਕਰਿ ਹਥ॥੧॥
ਅਰਥ- ੧. ਹੇ ਸਰਬ ਸ਼ਕਤੀਆਂ ਕਰਕੇ ਸਮਰੱਥ ਅਕਾਲ ਪੁਰਖ ਜੀ ! ਸਾਡੀ ਆਪ ਨੂੰ ਅਨੇਕ ਵਾਰ ਡੰਡਉਤ ਬੰਦਨਾਂ ਹੈ। ੨. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਪ੍ਰਭੂ ! ਸਾਨੂੰ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਡੋਲਣ (ਭਾਵ ਭਟਕਣ) ਤੋਂ ਬਚਾ ਲਵੋ॥੧॥
ਪਉੜੀ ॥
(੧) ਡਡਾ ਡੇਰਾ ਇਹੁ ਨਹੀਂ ਜਹ ਡੇਰਾ ਤਹ
ਜਾਨੁ॥ (੨) ਉਆ ਡੇਰਾ ਕਾ ਸੰਜਮੋ ਗੁਰ ਕੈ
ਸਬਦਿ ਪਛਾਨੁ ॥ (੩) ਇਆ ਡੇਰਾ ਕਉ ਸ੍ਰਮੁ
ਕਰਿ ਘਾਲੈ ॥ (੪) ਜਾ ਕਾ ਤਸੂ ਨਹੀਂ ਸੰਗਿ
ਚਾਲੈ ॥ (੫) ਉਆ ਡੇਰਾ ਕੀ ਸੋ ਮਿਤਿ ਜਾਨੈ ॥
(੬) ਜਾ ਕਉ ਦ੍ਰਿਸਟਿ ਪੂਰਨ ਭਗਵਾਨੈ॥
(੭) ਡੇਰਾ ਨਿਹਚਲੁ ਸਚੁ ਸਾਧਸੰਗਿ
ਪਾਇਆ॥ (੮) ਨਾਨਕ ਤੇ ਜਨ ਨਹ
ਡੋਲਾਇਆ ॥੨੯॥
ਅਰਥ- ੧. ਡਡੇ ਦੁਆਰਾ ਉਪਦੇਸ਼ ਹੈ ਕਿ (ਹੇ ਜੀਵ !) ਤੇਰਾ ਡੇਰਾ (ਨਿਵਾਸ ਅਸਥਾਨ) ਇਹ (ਸੰਸਾਰ) ਨਹੀਂ। ਜਿਹੜਾ ਤੇਰਾ
ਅਸਲ ਟਿਕਾਣਾ ਹੈ, ਉਸ ਨੂੰ ਪਛਾਣ। ੨. ਉਸ ਅਸਲ ਟਿਕਾਣੇ ਵਿਚ ਜਾਣ ਦਾ ਸਾਧਨ ਗੁਰੂ ਦੇ ਸ਼ਬਦ (ਉਪਦੇਸ਼) ਦੁਆਰਾ ਸਮਝ। ੩. ਤੂੰ ਇਸ (ਸੰਸਾਰਕ) ਡੇਰੇ ਨੂੰ ਬੜੀ ਮੁਸ਼ੱਕਤ ਕਰ ਕਰ ਕੇ ਬਣਾਉਂਦਾ ਹੈ। ੪. ਜਿਸ ਦਾ ਇਕ ਤਸੂ ਭਰ ਵੀ ਤੇਰੇ ਨਾਲ ਨਹੀਂ ਜਾਣਾ (ਭਾਵ ਇਸ ਸੰਸਾਰਕ ਘਰ ਦਾ ਕੋਈ ਹਿੱਸਾ ਵੀ ਅੰਤ ਸਮੇਂ ਤੇਰੇ ਨਾਲ ਨਹੀਂ ਜਾਏਗਾ)। ੫. ਉਸ (ਸਦਾ ਅਟੱਲ ਰਹਿਣ ਵਾਲੇ) ਡੇਰੇ ਦੀ ਉਹ ਪੁਰਸ਼ ਮਰਯਾਦਾ ਜਾਣਦਾ ਹੈ, ੬. ਜਿਸ ਉਤੇ ਪੂਰਨ ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ। ੭. (ਜਿਨ੍ਹਾਂ ਪੁਰਸ਼ਾਂ ਨੇ) ਸਾਧ ਸੰਗਤ ਦੁਆਰਾ ਸੱਚ ਰੂਪੀ ਨਿਹਚਲ ਡੇਰਾ (ਭਾਵ ਪਰਮ ਪਦ) ਪਾ ਲਿਆ ਹੈ। ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਪੁਰਸ਼ ਫਿਰ ਕਦੇ ਵੀ ਨਹੀਂ ਡੋਲਦੇ (ਭਾਵ ਉਹ ਪੁਰਸ਼ ਫਿਰ ਮਾਇਆ ਦੇ ਬੰਧਨ ਵਿਚ ਨਹੀਂ ਬੱਝਦੇ॥੨੯॥
ਸਲੋਕੁ॥
(੧) ਢਾਹਨ ਲਾਗੇ ਧਰਮ ਰਾਇ ਕਿਨਹਿ ਨ
ਘਾਲਿਓ ਬੰਧ॥ (੨) ਨਾਨਕ ਉਬਰੇ ਜਪਿ
ਹਰੀ ਸਾਧਸੰਗਿ ਸਨਬੰਧ ॥੧॥
ਅਰਥ - ੧. ਜਦੋਂ ਧਰਮਰਾਜ (ਜਾਂ ਧਰਮਰਾਜ ਦੇ ਦੂਤ) (ਇਸ ਸਰੀਰ ਰੂਪੀ ਢੇਰੀ ਨੂੰ) ਢਾਹੁਣ ਲੱਗੇ ਤਾਂ ਕਿਸੇ (ਸਾਕ ਸੰਬੰਧੀ) ਨੇ ਬੰਨ੍ਹ ਨਾ ਪਾਇਆ। ੨. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਸਾਧ ਸੰਗਤ ਨਾਲ ਸੰਬੰਧ ਜੋੜਿਆ ਹੈ, ਉਹ ਪ੍ਰਭੂ ਦਾ ਸਿਮਰਨ ਕਰਕੇ (ਇਸ ਸੰਸਾਰ ਸਾਗਰ ਤੋਂ) ਤਰ ਗਏ ਹਨ॥੧॥
ਪਉੜੀ॥
(੧) ਢਢਾ ਢੂਢਤ ਕਹ ਫਿਰਹੁ ਢੂਢਨੁ ਇਆ
ਮਨ ਮਾਹਿ ॥ (੨) ਸੰਗਿ ਤੁਹਾਰੈ ਪ੍ਰਭੁ ਬਸੈ ਬਨੁ
ਬਨੁ ਕਹਾ ਫਿਰਾਹਿ॥ (੩) ਢੇਰੀ ਢਾਹਹੁ
ਸਾਧਸੰਗਿ ਅਹੰਬੁਧਿ ਬਿਕਰਾਲ ॥ (੪) ਸੁਖੁ
ਪਾਵਹੁ ਸਹਜੇ ਬਸਹੁ ਦਰਸਨੁ ਦੇਖਿ ਨਿਹਾਲ ॥
(੫) ਢੇਰੀ ਜਾਮੈ ਜਮਿ ਮਰੈ ਗਰਭ ਜੋਨਿ ਦੁਖ
ਪਾਇ॥ (੬) ਮੋਹ ਮਗਨ ਲਪਟਤ ਰਹੈ ਹਉ
ਹਉ ਆਵੈ ਜਾਇ॥ (੭) ਢਹਤ ਢਹਤ ਅਬ
ਢਹਿ ਪਰੇ ਸਾਧ ਜਨਾ ਸਰਨਾਇ॥ (੮) ਦੁਖ ਕੇ
ਫਾਹੇ ਕਾਟਿਆ ਨਾਨਕ ਲੀਏ ਸਮਾਇ ॥੩੦॥
ਅਰਥ- ੧. ਢਢੇ ਦੁਆਰਾ ਉਪਦੇਸ਼ ਹੈ ਕਿ (ਹੇ ਪਿਆਰਿਓ! ਤੁਸੀਂ ਉਸ ਪ੍ਰਭੂ ਨੂੰ) ਕਿਥੇ ਢੂੰਢਦੇ ਫਿਰਦੇ ਹੋ ? ਢੂੰਢਣਾ ਤਾਂ ਉਸ ਨੂੰ ਇਸ ਮਨ ਵਿਚ ਚਾਹੀਦਾ ਹੈ। ੨. ਪਰਮੇਸ਼ਰ ਤਾਂ ਤੁਹਾਡੇ ਨਾਲ ਵੱਸਦਾ ਹੈ, (ਤੁਸੀਂ ਉਸ ਨੂੰ ਢੂੰਢਣ ਲਈ) ਬਨ ਬਨ ਵਿਚ ਕਿਉਂ ਫਿਰਦੇ ਹੋ ? ੩. ਸਾਧੂ ਪੁਰਸ਼ਾਂ ਦੀ ਸੰਗਤ ਕਰਕੇ ਇਸ ਹੰਕਾਰ ਵਾਲੀ ਬੁਧੀ ਦੀ ਭਿਆਨਕ ਢੇਰੀ ਢਾਹ ਦਿਓ, ੪. (ਤਦ) ਤੁਸੀਂ ਸ਼ਾਂਤੀ ਵਿਚ ਵਸਦੇ ਹੋਏ ਸੁਖ ਪ੍ਰਾਪਤ ਕਰੋਗੇ ਤੇ ਪ੍ਰਭੂ ਦੇ ਦਰਸ਼ਨ ਵੇਖਕੇ ਨਿਹਾਲ ਹੋ ਜਾਓਗੇ। ੫. ਇਹ ਜੀਵ ਇਸ ਹੰਕਾਰ ਦੀ ਢੇਰੀ ਕਰਕੇ ਜੰਮਦਾ ਤੇ ਮਰਦਾ ਹੈ ਤੇ ਇਸ ਤਰਾਂ ਗਰਭ ਜੂਨ ਦੇ ਦੁਖ ਪਾਉਂਦਾ ਹੈ। ੬. ਜਿੰਨਾ ਚਿਰ ਇਹ ਜੀਵ ਮੋਹ ਮਾਇਆ ਵਿਚ ਮਸਤ ਹੋ ਕੇ ਵਿਸ਼ਿਆਂ ਵਿਚ ਲਪਟ ਰਿਹਾ ਹੈ ਤੇ ਮੈਂ ਮੈਂ ਕਰ ਰਿਹਾ ਹੈ, ਓਨਾ ਚਿਰ ਇਹ ਆਉਂਦਾ ਜਾਂਦਾ ਰਹਿੰਦਾ ਹੈ (ਭਾਵ ਜਨਮ ਮਰਨ ਦੇ ਚੱਕਰ ਵਿਚ ਪਿਆ ਰਹਿੰਦਾ ਹੈ)। ੭. (ਜਨਮ ਮਰਨ ਦੇ ਚੱਕਰ ਤੋਂ ਛੁਟਣ
ਲਈ) ਅਸੀਂ ਹੁਣ ਡਿੱਗਦੇ ਢਹਿੰਦੇ ਸਾਧ ਜਨਾਂ ਦੀ ਸ਼ਰਨ ਵਿਚ ਆ ਪਏ ਹਾਂ। ੮. ਸਤਿਗੁਰੂ ਜੀ ਫੁਰਮਾਉਂਦੇ ਹਨ ਕਿ (ਸਾਧੂ ਜਨਾਂ ਨੇ) ਸਾਡੇ ਦੁਖ ਦੇ ਫਾਹੇ ਕਟ ਦਿੱਤੇ ਹਨ ਤੇ ਸਾਨੂੰ ਆਪਣੇ ਨਾਲ ਮਿਲਾ ਲਿਆ ਹੈ ॥੩੦॥
ਸਲੋਕੁ ॥
(੧) ਜਹ ਸਾਧੂ ਗੋਬਿਦ ਭਜਨੁ ਕੀਰਤਨੁ
ਨਾਨਕ ਨੀਤ॥ (੨) ਣਾ ਹਉ ਣਾ ਤੂੰ ਣਹ
ਛੁਟਹਿ ਨਿਕਟਿ ਨ ਜਾਈਅਹੁ ਦੂਤ ॥੧॥
ਅਰਥ - (ਧਰਮਰਾਜ ਆਪਣੇ ਦੂਤ ਨੂੰ ਕਹਿੰਦਾ ਹੈ-) ੧. ਜਿਥੇ ਸਾਧੂ ਜਨ ਹੋਣ, ਪ੍ਰਭੂ ਦਾ ਭਜਨ ਹੁੰਦਾ ਹੋਵੇ ਤੇ ਹਰ ਸਮੇਂ ਹਰੀ ਕੀਰਤਨ ਹੁੰਦਾ ਹੋਵੇ, ੨. ਹੇ ਦੂਤ! ਉਹਨਾਂ ਦੇ ਨੇੜੇ ਨਾ ਜਾਈਂ। ਜੇ ਤੂੰ ਉਹਨਾਂ ਦੇ ਨੇੜੇ ਗਿਓਂ ਤਾਂ ਨਾ ਮੈਂ ਤੇ ਨਾ ਹੀ ਤੂੰ ਛੁਟ ਸਕੇਂਗਾ (ਭਾਵ ਇਸ ਅਪਰਾਧ ਬਦਲੇ ਸਾਨੂੰ ਦੋਹਾਂ ਨੂੰ ਦੰਡ ਮਿਲੇਗਾ) ॥੧॥
ਪਉੜੀ ॥
(੧) ਣਾਣਾ ਰਣ ਤੇ ਸੀਝੀਐ ਆਤਮ ਜੀਤੈ
ਕੋਇ॥ (੨) ਹਉਮੈ ਅਨ ਸਿਉ ਲਰਿ ਮਰੈ ਸੋ
ਸੋਭਾ ਦੂ ਹੋਇ॥ (੩) ਮਣੀ ਮਿਟਾਇ ਜੀਵਤ
ਮਰੈ ਗੁਰ ਪੂਰੇ ਉਪਦੇਸ॥ (੪) ਮਨੂਆ ਜੀਤੈ
ਹਰਿ ਮਿਲੈ ਤਿਹੁ ਸੂਰਤਣ ਵੇਸ॥ (੫) ਣਾ ਕੋ
ਜਾਣੈ ਆਪਣੋ ਏਕਹਿ ਟੇਕ ਅਧਾਰ॥ (੬)
ਰੈਣਿ ਦਿਣਸੁ ਸਿਮਰਤ ਰਹੈ ਸੋ ਪ੍ਰਭੁ ਪੁਰਖੁ
ਅਪਾਰ ॥ (੭) ਰੇਣ ਸਗਲ ਇਆ ਮਨੁ ਕਰੈ
ਏਊ ਕਰਮ ਕਮਾਇ॥ (੮) ਹੁਕਮੈ ਬੂਝੈ ਸਦਾ
ਸੁਖੁ ਨਾਨਕ ਲਿਖਿਆ ਪਾਇ ॥੩੧॥
ਅਰਥ- ੧. ਣਾਣੇ ਅੱਖਰ ਦੁਆਰਾ ਉਪਦੇਸ਼ ਹੈ ਕਿ ਜਿਹੜਾ ਪੁਰਸ਼ ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਉਹ ਕਾਮ ਕਰੋਧ ਆਦਿ ਵੈਰੀਆਂ ਨੂੰ ਰਣਭੂਮੀ ਵਿਚ ਜਿੱਤ ਲੈਂਦਾ ਹੈ। ੨. ਜਿਹੜਾ ਪੁਰਸ਼ ਹਉਮੈ ਤੇ ਦ੍ਵੈਤ ਭਾਵ ਨਾਲ ਲੜ ਮਰਦਾ ਹੈ, ਉਸ ਦੀ ਦੁਹਾਂ ਲੋਕਾਂ ਵਿਚ ਸ਼ੋਭਾ ਹੁੰਦੀ ਹੈ। ੩. ਜਿਹੜੇ ਪੁਰਸ਼ ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਆਪਣੀ ਹੰਗਤਾ ਨੂੰ ਨਾਸ ਕਰਕੇ ਜੀਵਤ-ਭਾਵ ਵਲੋਂ ਮਰੇ ਹਨ, ੪. (ਅਤੇ) ਆਪਣੇ ਮਨ ਨੂੰ ਜਿੱਤਕੇ ਪ੍ਰਭੂ ਨਾਲ ਮਿਲੇ ਹਨ, ਉਹਨਾਂ ਦਾ ਵੇਸ ਸੂਰਮਿਆਂ ਵਾਲਾ ਹੋਵੇਗਾ (ਭਾਵ ਉਹਨਾਂ ਨੂੰ ਸੂਰਮੇ ਹੋਣ ਦਾ ਮਾਣ ਮਿਲੇਗਾ)। ੫. ਜਿਹੜਾ ਪੁਰਸ਼ ਸੰਸਾਰਕ ਸੰਬੰਧੀਆਂ ਵਿਚੋਂ ਕਿਸੇ ਨੂੰ ਆਪਣਾ ਨਾ ਸਮਝੇ ਤੇ ਇਕ ਪ੍ਰਭੂ ਦੇ ਆਸਰੇ ਹੀ ਰਹੇ। ੬. ਦਿਨ ਰਾਤ ਉਸ ਅਪਾਰ ਪੁਰਖ ਪਰਮੇਸ਼ਰ ਨੂੰ ਸਿਮਰਦਾ ਰਹੇ। ੭. ਆਪਣੇ ਮਨ ਨੂੰ ਸਭਨਾਂ ਦੀ ਚਰਨ ਧੂੜੀ ਬਣਾਵੇ, ਇਹੋ ਸ਼ੁਭ ਕਰਮ (ਜੋ ਉੱਪਰ ਕਹੇ ਗਏ ਹਨ) ਕਮਾਉਂਦਾ ਰਹੇ। ੮. ਪ੍ਰਭੂ ਦੇ ਹੁਕਮ ਨੂੰ ਬੁੱਝ ਲਵੇ ਤਾਂ ਉਹ ਪੁਰਸ਼ ਸਦਾ ਸੁਖ ਪਾਵੇਗਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੁਕਮ ਦੀ ਸੋਝੀ ਲਿਖੇ ਅਨੁਸਾਰ ਪਾਈਦੀ ਹੈ ॥੩੧॥
ਸਲੋਕੁ ॥
(੧) ਤਨੁ ਮਨੁ ਧਨੁ ਅਰਪਉ ਤਿਸੈ ਪ੍ਰਭੂ
ਮਿਲਾਵੈ ਮੋਹਿ॥ (੨) ਨਾਨਕ ਭ੍ਰਮ ਭਉ
ਕਾਟੀਐ ਚੂਕੈ ਜਮ ਕੀ ਜੋਹ ॥੧॥
ਅਰਥ- ੧. ਜਿਹੜਾ ਪੁਰਸ਼ ਮੈਨੂੰ ਪਰਮੇਸ਼ਰ ਮਿਲਾ ਦੇਵੇ, ਮੈਂ ਉਸ ਨੂੰ ਆਪਣਾ ਤਨ, ਮਨ ਤੇ ਧਨ ਅਰਪ ਦਿਆਂ। ੨. ਸਤਿਗੁਰੂ ਜੀ ਕਥਨ ਕਰਦੇ ਹਨ ਕਿ (ਪ੍ਰਭੂ ਦੇ ਮਿਲਣ ਨਾਲ) ਭਰਮ ਤੇ ਭਉ ਦੂਰ ਹੋ ਜਾਂਦਾ ਹੈ ਤੇ ਜਮ ਦੀ ਜੋਹ (ਤੱਕ ਤੇ ਧੁਖਧੁਖੀ) ਨਾਸ ਹੋ ਜਾਂਦੀ ਹੈ ॥੧॥
ਪਉੜੀ॥
(੧) ਤਤਾ ਤਾ ਸਿਉ ਪ੍ਰੀਤਿ ਕਰਿ ਗੁਣ ਨਿਧਿ
ਗੋਬਿਦ ਰਾਇ॥ (੨) ਫਲ ਪਾਵਹਿ ਮਨ
ਬਾਛਤੇ ਤਪਤਿ ਤੁਹਾਰੀ ਜਾਇ॥ (੩) ਤ੍ਰਾਸ
ਮਿਟੈ ਜਮ ਪੰਥ ਕੀ ਜਾਸੁ ਬਸੈ ਮਨਿ ਨਾਉ ॥
(੪) ਗਤਿ ਪਾਵਹਿ ਮਤਿ ਹੋਇ ਪ੍ਰਗਾਸ ਮਹਲੀ
ਪਾਵਹਿ ਠਾਉ ॥ (੫) ਤਾਹੂ ਸੰਗਿ ਨ ਧਨੁ ਚਲੈ
ਗ੍ਰਿਹ ਜੋਬਨ ਨਹ ਰਾਜ॥ (੬) ਸੰਤਸੰਗਿ
ਸਿਮਰਤ ਰਹਹੁ ਇਹੈ ਤੁਹਾਰੈ ਕਾਜ॥ (੭)
ਤਾਤਾ ਕਛੂ ਨ ਹੋਈ ਹੈ ਜਉ ਤਾਪ ਨਿਵਾਰੈ
ਆਪਿ॥ (੮) ਪ੍ਰਤਿਪਾਲੈ ਨਾਨਕ ਹਮਹਿ
ਆਪਹਿ ਮਾਈ ਬਾਪੁ ॥੩੨॥
ਅਰਥ- ੧. ਤਤੇ ਅੱਖਰ ਦੁਆਰਾ ਉਪਦੇਸ਼ ਕਰਦੇ ਹਨ ਕਿ (ਹੇ ਪਿਆਰਿਓ !) ਉਸ ਪ੍ਰਭੂ ਨਾਲ ਪ੍ਰੇਮ ਕਰੋ, ਜੋ ਗੁਣਾਂ ਦਾ ਸਮੁੰਦਰ ਅਕਾਲ ਪੁਰਖ ਹੈ। ੨. (ਇਸ ਦਾ ਫਲ ਇਹ ਹੋਵੇਗਾ ਕਿ) ਤੁਸੀਂ ਮਨਇੱਛਤ ਫਲ ਪ੍ਰਾਪਤ ਕਰੋਗੇ ਤੇ ਤੁਹਾਡੇ ਮਨ ਦੀ ਤਪਤ ਨਾਸ ਹੋ
ਜਾਏਗੀ। ੩. ਜਿਸ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ, ਉਸ ਦੇ ਮਨੋਂ ਜਮ ਦਾ ਡਰ ਦੂਰ ਹੋ ਜਾਂਦਾ ਹੈ। ੪. ਉਹ ਪੁਰਸ਼ ਪਰਮਗਤੀ ਪ੍ਰਾਪਤ ਕਰ ਲੈਂਦਾ ਹੈ ਤੇ ਉਸ ਦੀ ਬੁੱਧੀ ਗਿਆਨਮਈ ਹੋ ਜਾਂਦੀ ਹੈ ਤੇ ਉਹ ਪਰਮੇਸ਼ੁਰ ਦੇ ਮਹਲੀ (ਸਰੂਪ) ਵਿਚ ਟਿਕਾਣਾ ਪਾ ਲੈਂਦਾ ਹੈ। ੫. ਉਸ ਪ੍ਰਲੋਕ ਵਿਚ ਧਨ, ਘਰ, ਜੋਬਨ ਤੇ ਰਾਜ ਭਾਗ ਕੁਝ ਵੀ ਨਾਲ ਨਹੀਂ ਜਾਂਦਾ। ੬. ਸੰਤਾਂ ਦੀ ਸੰਗਤ ਵਿਚ ਮਿਲਕੇ ਪ੍ਰਭੂ ਦਾ ਨਾਮ ਸਿਮਰਦੇ ਰਹੋ, ਇਹੋ ਤੁਹਾਡਾ ਮੁੱਖ ਕੰਮ ਹੈ। ੭. ਜੇਕਰ ਆਪਣੇ ਮਨੋਂ ਆਪਾ ਭਾਵ ਦੀ ਤਪਤ ਦੂਰ ਕਰ ਦੇਈਏ ਤਾਂ ਫਿਰ ਤਾਤਾ (ਦੁਖ) ਨਹੀਂ ਹੁੰਦਾ। ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਕਾਲ ਪੁਰਖ ਆਪ ਹੀ ਮਾਤਾ ਪਿਤਾ ਵਾਂਗੂ ਸਾਨੂੰ ਪਾਲਦਾ ਹੈ॥ ੩੨॥
ਸਲੋਕੁ ॥
(੧) ਥਾਕੇ ਬਹੁ ਬਿਧਿ ਘਾਲਤੇ ਤ੍ਰਿਪਤਿ ਨ
ਤ੍ਰਿਸਨਾ ਲਾਥ॥ (੨) ਸੰਚਿ ਸੰਚਿ ਸਾਕਤ ਮੂਏ
ਨਾਨਕ ਮਾਇਆ ਨ ਸਾਥਿ ॥੧॥
ਅਰਥ- ੧. ਤੇ ੨. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਾਕਤ ਪੁਰਸ਼ (ਮਾਇਆ ਦੇ ਪ੍ਰੇਮੀ) ਮਾਇਆ ਇਕੱਠੀ ਕਰਨ ਦੀ ਮਿਹਨਤ ਕਰਦੇ ਕਰਦੇ ਥੱਕ ਗਏ ਹਨ, ਪਰ ਉਹਨਾਂ ਦੀ ਨਾ ਹੀ ਤ੍ਰਿਸ਼ਨਾ ਨਾਸ ਹੋਈ ਹੈ ਤੇ ਨਾ ਹੀ ਉਹਨਾਂ ਦੀ ਤ੍ਰਿਪਤੀ ਹੋਈ ਹੈ। ਇਉਂ ਸਾਕਤ ਪੁਰਸ਼ ਮਾਇਆ ਇਕੱਠੀ ਕਰਦੇ ਕਰਦੇ ਮਰ ਗਏ ਹਨ, ਪਰ (ਇਕੱਠੀ ਕੀਤੀ) ਮਾਇਆ ਉਹਨਾਂ ਦੇ ਨਾਲ ਨਹੀਂ ਗਈ॥੧॥
ਪਉੜੀ॥
(੧) ਥਥਾ ਥਿਰੁ ਕੋਊ ਨਹੀਂ ਕਾਇ ਪਸਾਰਹੁ
ਪਾਵ॥ (੨) ਅਨਿਕ ਬੰਚ ਬਲ ਛਲ ਕਰਹੁ
ਮਾਇਆ ਏਕ ਉਪਾਵ ॥ (੩) ਥੈਲੀ ਸੰਚਹੁ
ਸ੍ਰਮੁ ਕਰਹੁ ਥਾਕਿ ਪਰਹੁ ਗਾਵਾਰ ॥ (੪) ਮਨ
ਕੈ ਕਾਮਿ ਨ ਆਵਈ ਅੰਤੇ ਅਉਸਰ ਬਾਰ ॥
(੫) ਥਿਤਿ ਪਾਵਹੁ ਗੋਬਿਦ ਭਜਹੁ ਸੰਤਹ ਕੀ
ਸਿਖ ਲੇਹੁ ॥ (੬) ਪ੍ਰੀਤਿ ਕਰਹੁ ਸਦ ਏਕ ਸਿਉ
ਇਆ ਸਾਚਾ ਅਸਨੇਹੁ॥ (੭) ਕਾਰਨ ਕਰਨ
ਕਰਾਵਨੋ ਸਭ ਬਿਧਿ ਏਕੈ ਹਾਥ ॥ (੮) ਜਿਤੁ
ਜਿਤੁ ਲਾਵਹੁ ਤਿਤੁ ਤਿਤੁ ਲਗਹਿ ਨਾਨਕ ਜੰਤ
ਅਨਾਥ ॥३३॥
ਅਰਥ - ੧. ਥਥੇ ਦੁਆਰਾ ਉਪਦੇਸ਼ ਹੈ ਕਿ (ਹੇ ਮਾਇਆ ਦੇ ਪ੍ਰੇਮੀ ਸਾਕਤ ਪੁਰਸ਼ੋ !) ਇਸ ਸ੍ਰਿਸ਼ਟੀ ਵਿਚ ਕੋਈ ਸਦਾ ਕਾਇਮ ਨਹੀਂ ਰਹੇਗਾ, ਇਸ ਲਈ ਤੁਸੀਂ ਕਿਉਂ ਪੈਰ ਪਸਾਰਦੇ ਹੋ ? ੨. ਤੁਸੀਂ ਇਸ ਮਾਇਆ ਨੂੰ ਇਕੱਠੀ ਕਰਨ ਵਾਸਤੇ ਅਨੇਕਾਂ ਠੱਗੀਆਂ ਤੇ ਵਲ ਛੱਲ ਕਰਦੇ ਹੋ। ੩. ਹੇ ਮੂਰਖੋ ! ਤੁਸੀਂ ਮਾਇਆ ਦੀ ਥੈਲੀ ਭਰਦੇ ਹੋ, ਇਸੇ ਮਿਹਨਤ ਵਿਚ ਤੁਸੀਂ ਥੱਕ ਜਾਂਦੇ ਹੋ। ੪. (ਇਸ ਗੱਲ ਨੂੰ ਚੰਗੀ ਤਰ੍ਹਾਂ ਆਪਣੇ ਮਨ ਵਿਚ ਜਾਣ ਲਵੋ ਕਿ) ਇਹ ਮਾਇਆ ਅੰਤ ਸਮੇਂ ਤੁਹਾਡੇ ਮਨ ਦੇ ਕਿਸੇ ਕੰਮ ਨਹੀਂ ਆਵੇਗੀ। ੫. (ਤੁਹਾਡੇ ਕਰਨ ਵਾਲਾ ਜਿਹੜਾ ਅਸਲ ਕੰਮ ਹੈ, ਉਹ ਇਹ ਹੈ ਕਿ) ਤੁਸੀਂ ਸੰਤਾਂ ਦੀ ਸਿੱਖਿਆ ਲਵੋ ਤੇ ਪ੍ਰਭੂ ਦਾ ਸਿਮਰਨ ਕਰੋ, ਇਉਂ ਤੁਸੀਂ ਥਿਰਤਾ ਪ੍ਰਾਪਤ ਕਰੋਂਗੇ। ੬. ਸਦਾ ਇਕ ਪਰਮੇਸ਼ਰ ਨਾਲ ਪ੍ਰੀਤ ਕਰੋ, ਇਹੋ ਪ੍ਰੇਮ ਸੱਚ ਹੈ। ੭. ਸਭ ਕਾਰਣਾਂ ਦੇ ਕਰਨ ਵਾਲਾ ਪ੍ਰਭੂ ਹੈ ਤੇ ਸਭ ਕਾਰਜਾਂ ਦੇ ਕਰਾਉਣ ਦੀਆਂ ਵਿਧੀਆਂ ਅਕਾਲ ਪੁਰਖ ਦੇ ਹੱਥ ਵਿਚ
ਹਨ। ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਪ੍ਰਭੂ ! ਤੁਸੀਂ ਆਪ ਹੀ ਇਹਨਾਂ ਅਨਾਥ ਜੀਵਾਂ ਨੂੰ ਜਿਧਰ ਜਿਧਰ ਲਾਉਂਦੇ ਹੋ, ਉਧਰ ਉਧਰ ਇਹ ਲੱਗਦੇ ਹਨ॥੩੩॥
ਸਲੋਕੁ ॥
(੧) ਦਾਸਹ ਏਕੁ ਨਿਹਾਰਿਆ ਸਭੁ ਕਛੁ
ਦੇਵਨਹਾਰ॥ (੨) ਸਾਸਿ ਸਾਸਿ ਸਿਮਰਤ
ਰਹਹਿ ਨਾਨਕ ਦਰਸ ਅਧਾਰ ॥੧॥
ਅਰਥ - ੧. (ਪ੍ਰਭੂ ਦੇ) ਦਾਸਾਂ ਨੇ ਇਕ ਪਰਮੇਸ਼ਰ ਨੂੰ ਹੀ ਸਭ ਦਾਤਾਂ ਦੇ ਦੇਣ ਵਾਲਾ ਵੇਖਿਆ ਹੈ। ੨. ਸਤਿਗੁਰੂ ਜੀ ਫੁਰਮਾਉਂਦੇ ਹਨ ਕਿ ਦਰਸ਼ਨਾਂ ਦਾ ਆਸਰਾ ਤੱਕ ਕੇ ਭਗਤ ਜਨ ਸ੍ਵਾਸ ਸ੍ਵਾਸ ਵਾਹਿਗੁਰੂ ਦਾ ਸਿਮਰਨ ਕਰਦੇ ਰਹਿੰਦੇ ਹਨ ॥੧॥
ਪਉੜੀ॥
(੧) ਦਦਾ ਦਾਤਾ ਏਕੁ ਹੈ ਸਭ ਕਉ
ਦੇਵਨਹਾਰ॥ (੨) ਦੇਂਦੇ ਤੋਟਿ ਨ ਆਵਈ
ਅਗਨਤ ਭਰੇ ਭੰਡਾਰ॥ (੩) ਦੈਨਹਾਰੁ ਸਦ
ਜੀਵਨਹਾਰਾ ॥ (੪) ਮਨ ਮੂਰਖ ਕਿਉ ਤਾਹਿ
ਬਿਸਾਰਾ ॥ (੫) ਦੋਸੁ ਨਹੀਂ ਕਾਹੂ ਕਉ
ਮੀਤਾ॥ (੬) ਮਾਇਆ ਮੋਹ ਬੰਧੁ ਪ੍ਰਭਿ
ਕੀਤਾ॥ (੭) ਦਰਦ ਨਿਵਾਰਹਿ ਜਾਕੇ ਆਪੇ॥
(੮) ਨਾਨਕ ਤੇ ਤੇ ਗੁਰਮੁਖਿ ਧ੍ਰਾਪੇ॥੩੪॥
ਅਰਥ- ੧. ਦਦੇ ਦੁਆਰਾ ਉਪਦੇਸ਼ ਹੈ ਕਿ ਸਭ ਕਿਸੇ ਨੂੰ (ਦਾਤਾਂ) ਦੇਣ ਵਾਲਾ ਇਕੋ ਪਰਮੇਸ਼ਰ ਹੈ। ੨. (ਸ੍ਰਿਸ਼ਟੀ ਦੇ ਸਭ ਜੀਵਾਂ ਨੂੰ ਦਾਤਾਂ) ਦਿੰਦਿਆਂ ਉਸ ਦੇ ਖਜ਼ਾਨੇ ਵਿਚ ਤੋਟ ਨਹੀਂ ਆਉਂਦੀ, ਕਿਉਂਕਿ ਉਸ ਦੇ ਬੇਅੰਤ ਖਜ਼ਾਨੇ (ਦਾਤਾਂ ਨਾਲ) ਭਰੇ ਹੋਏ ਹਨ। ੩. ਉਹ ਦਾਤਾਂ ਦੇਣ ਵਾਲਾ ਪ੍ਰਭੂ ਸਦਾ ਜੀਵਨ ਵਾਲਾ ਹੈ। ੪. ਹੇ ਮੂਰਖ ਮਨ! ਤੂੰ ਉਸ (ਦਾਤਾਂ ਦੇਣ ਵਾਲੇ ਪ੍ਰਭੂ) ਨੂੰ ਕਿਉਂ ਵਿਸਾਰ ਦਿੱਤਾ ਹੈ ? ੫. ਹੇ ਮਿੱਤਰ ! ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ੬. (ਕਿਉਂਕਿ) ਇਹ ਮਾਇਆ ਦੇ ਮੋਹ ਦਾ ਬੰਧਨ, ਜਿਸ ਵਿਚ ਕਿ ਇਹ ਜੀਵ ਬੱਝੇ ਹੋਏ ਹਨ, ਪਰਮੇਸ਼ਰ ਨੇ ਆਪ ਹੀ ਰਚਿਆ ਹੈ। ੭. ਤੇ ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਪ੍ਰਭੂ ਜਿਨ੍ਹਾਂ ਪੁਰਸ਼ਾਂ ਦੀ ਪੀੜਾ ਆਪ ਹੀ ਨਾਸ ਕਰ ਦੇਂਦਾ ਹੈ, ਉਹ ਗੁਰਮੁਖ ਹਨ ਤੇ ਉਹੋ ਤ੍ਰਿਪਤ ਹੁੰਦੇ ਹਨ ॥੩੪॥
ਸਲੋਕੁ।।
(੧) ਧਰ ਜੀਅਰੇ ਇਕ ਟੇਕ ਤੂ ਲਾਹਿ ਬਿਡਾਨੀ
ਆਸ॥ (੨) ਨਾਨਕ ਨਾਮੁ ਧਿਆਈਐ ਕਾਰਜੁ
ਆਵੈ ਰਾਸਿ ॥੧॥
ਅਰਥ- ੧. ਹੇ ਜੀਵ ! ਅਥਵਾ ਹੇ ਮਨ ! ਤੂੰ ਇਕ ਪ੍ਰਭੂ ਦੀ ਟੇਕ ਰੱਖ ਤੇ ਹੋਰ ਬਿਗਾਨੀਆਂ ਆਸਾਂ ਛੱਡ ਦੇ। ੨. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪ੍ਰਭੂ ਦਾ ਨਾਮ ਸਿਮਰੀਏ ਤਾਂ ਸਾਰੇ ਕਾਰਜ ਰਾਸ ਹੋ ਜਾਂਦੇ ਹਨ ॥੧॥
ਪਉੜੀ॥
(੧) ਧਧਾ ਧਾਵਤ ਤਉ ਮਿਟੈ ਸੰਤਸੰਗਿ ਹੋਇ
ਬਾਸੁ॥ (੨) ਧੁਰ ਤੇ ਕਿਰਪਾ ਕਰਹੁ ਆਪਿ
ਤਉ ਹੋਇ ਮਨਹਿ ਪਰਗਾਸੁ ॥ (੩) ਧਨੁ ਸਾਚਾ
ਤੇਊ ਸਚ ਸਾਹਾ॥ (੪) ਹਰਿ ਹਰਿ ਪੂੰਜੀ ਨਾਮ
ਬਿਸਾਹਾ॥ (੫) ਧੀਰਜੁ ਜਸੁ ਸੋਭਾ ਤਿਹ
ਬਨਿਆ॥ (੬) ਹਰਿ ਹਰਿ ਨਾਮੁ ਸ੍ਰਵਨ ਜਿਹ
ਸੁਨਿਆ॥ (੭) ਗੁਰਮੁਖਿ ਜਿਹ ਘਟਿ ਰਹੇ
ਸਮਾਈ॥ (੮) ਨਾਨਕ ਤਿਹ ਜਨ ਮਿਲੀ
ਵਡਾਈ ॥੩੫॥
ਅਰਥ - ੧. ਧਧੇ ਦੁਆਰਾ ਉਪਦੇਸ਼ ਹੈ ਕਿ ਇਸ ਜੀਵ ਦੇ ਮਨ ਦਾ ਦੌੜਨਾ ਤਦ ਮਿਟਦਾ ਹੈ, ਜੇ ਇਸ ਦਾ ਸਤਿਸੰਗਤਿ ਵਿਚ ਵਾਸਾ ਹੋਵੇ ੨. ਹੇ ਅਕਾਲ ਪੁਰਖ! ਜੇ ਤੁਸੀਂ ਆਪ ਹੀ ਧੁਰ ਤੋਂ (ਸ਼ੁਰੂ ਤੋਂ) ਕਿਰਪਾ ਕਰੋ ਤਾਂ ਇਸ ਜੀਵ ਦੇ ਮਨ ਵਿਚ ਪ੍ਰਕਾਸ਼ ਹੋਵੇਗਾ। ੩. ਜਿਸ ਦੇ ਕੋਲ ਪ੍ਰਭੂ ਦੇ ਨਾਮ ਦਾ ਸੱਚਾ ਧਨ ਹੈ, ਉਹੋ ਸੱਚਾ ਹੈ। ੪. ਜਿਸ ਦੇ ਕੋਲ ਹਰੀ ਦੇ ਨਾਮ ਦੀ ਪੂੰਜੀ (ਰਾਸ) ਹੈ, ਉਹੋ ਜੀਵ ਨਾਮ ਵਪਾਰ ਕਰਦਾ ਹੈ। ੫. ਧੀਰਜ, ਜਸ ਤੇ ਸ਼ੋਭਾ ਵਾਲਾ ਉਹੋ ਪੁਰਸ਼ ਬਣਿਆਂ ਹੈ, ੬. ਜਿਸ ਨੇ ਆਪਣੇ ਕੰਨਾਂ ਨਾਲ ਪ੍ਰਭੂ ਦਾ ਨਾਮ ਸੁਣਿਆਂ ਹੈ। ੭. ਜਿਸ ਪੁਰਸ਼ ਦੇ ਹਿਰਦੇ ਵਿਚ ਗੁਰਮੁਖਤਾ ਵੱਸਦੀ ਰਹਿੰਦੀ ਹੈ। ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸੇ (ਭਗਤ) ਜਨ ਨੂੰ ਵਡਿਆਈ ਮਿਲੀ ਹੈ ॥੩੫॥
ਸਲੋਕੁ ॥
(੧) ਨਾਨਕ ਨਾਮੁ ਨਾਮੁ ਜਪੁ ਜਪਿਆ ਅੰਤਰਿ
ਬਾਹਰਿ ਰੰਗਿ॥ (੨) ਗੁਰਿ ਪੂਰੈ ਉਪਦੇਸਿਆ
ਨਰਕੁ ਨਾਹਿ ਸਾਧਸੰਗਿ ॥੧॥
ਅਰਥ- ੧. ਤੇ ੨. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਾਨੂੰ ਪੂਰੇ ਗੁਰੂ ਜੀ ਨੇ ਇਹ ਉਪਦੇਸ਼ ਦਿੱਤਾ ਹੈ ਕਿ ਹੇ ਨਾਨਕ! ਪ੍ਰਭੂ ਦਾ ਨਾਮ ਜਪ। ਜਿਨ੍ਹਾਂ ਪੁਰਸ਼ਾਂ ਨੇ ਸਾਧ ਸੰਗਤ ਵਿਚ ਮਿਲਕੇ ਅੰਦਰੋਂ ਤੇ ਬਾਹਰੋਂ ਪੂਰੇ ਪਿਆਰ ਨਾਲ ਪਰਮੇਸ਼ਰ ਦਾ ਨਾਮ ਸਿਮਰਿਆ ਹੈ, ਉਹਨਾਂ ਲਈ ਨਰਕ ਨਹੀਂ ਹੈ। (ਭਾਵ ਉਹਨਾਂ ਨੂੰ ਨਰਕ ਵਿਚ ਨਹੀਂ ਪਾਇਆ ਜਾਂਦਾ) ॥੧॥
ਪਉੜੀ॥
(੧) ਨੰਨਾ ਨਰਕਿ ਪਰਹਿ ਤੇ ਨਾਹੀ॥ (੨) ਜਾ
ਕੈ ਮਨਿ ਤਨਿ ਨਾਮ ਬਸਾਹੀ॥ (੩) ਨਾਮੁ
ਨਿਧਾਨੁ ਗੁਰਮੁਖਿ ਜੋ ਜਪਤੇ॥ (੪) ਬਿਖੁ
ਮਾਇਆ ਮਹਿ ਨਾ ਓਇ ਖਪਤੇ ॥ (੫)
ਨੰਨਾਕਾਰੁ ਨ ਹੋਤਾ ਤਾ ਕਹੁ ॥ (੬) ਨਾਮੁ ਮੰਤ੍ਰੁ
ਗੁਰਿ ਦੀਨੋ ਜਾ ਕਹੁ॥ (੭) ਨਿਧਿ ਨਿਧਾਨ
ਹਰਿ ਅੰਮ੍ਰਿਤ ਪੂਰੇ॥ (੮) ਤਹ ਬਾਜੇ ਨਾਨਕ
ਅਨਹਦ ਤੂਰੇ ॥੩੬॥
ਅਰਥ - ੧. ਨੰਨੇ ਦੁਆਰਾ ਉਪਦੇਸ਼ ਹੈ ਕਿ ਉਹ ਜੀਵ ਨਰਕ ਵਿਚ ਨਹੀਂ ਪੈਂਦਾ, ੨. ਜਿਨ੍ਹਾਂ ਦੇ ਮਨ ਤੇ ਤਨ ਵਿਚ ਪਰਮੇਸ਼ਰ ਦਾ ਨਾਮ ਵੱਸਦਾ ਹੈ। ੩. ਜਿਹੜੇ ਗੁਰਮੁਖ ਜਨ ਅਮੋਲਕ ਨਾਮ ਨੂੰ ਜਪਦੇ ਹਨ, ੪. ਉਹ ਗੁਰਮੁਖ ਫਿਰ ਵਿਹੁ ਰੂਪੀ ਮਾਇਆ ਵਿਚ ਨਹੀਂ ਖਪਦੇ। ੫. ਉਹਨਾਂ ਗੁਰਮੁਖਾਂ ਨੂੰ ਕਿਸੇ ਗੱਲੋਂ ਨਾਂਹ ਨਹੀਂ ਹੁੰਦੀ। ੬. ਜਿਨ੍ਹਾਂ ਗੁਰਮੁਖਾਂ ਨੂੰ ਸਤਿਗੁਰੂ ਨੇ ਪ੍ਰਭੂ ਦੇ ਨਾਮ ਦਾ ਮੰਤ੍ਰ ਬਖਸ਼ਿਆ ਹੈ। ੭. ਜਿਹੜੇ ਪੁਰਸ਼ ਨਿੱਧੀਆਂ ਦੇ ਖਜ਼ਾਨੇ ਪ੍ਰਭੂ ਦੇ
ਅੰਮ੍ਰਿਤ ਨਾਮ ਨਾਲ ਭਰਪੂਰ ਹਨ, ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਦੇ ਹਿਰਦੇ ਵਿਚ ਅਨਹਦ ਵਾਜੇ ਵਜਦੇ ਹਨ ॥੩੬॥
ਸਲੋਕੁ ॥
(੧) ਪਤਿ ਰਾਖੀ ਗੁਰਿ ਪਾਰਬ੍ਰਹਮ ਤਜਿ
ਪਰਪੰਚ ਮੋਹ ਬਿਕਾਰ॥ (੨) ਨਾਨਕ ਸੋਊ
ਆਰਾਧੀਐ ਅੰਤੁ ਨ ਪਾਰਾਵਾਰੁ ॥੧॥
ਅਰਥ- ੧. ਜਿਸ ਪੁਰਸ਼ ਨੇ ਵਲਛਲ ਤੇ ਮੋਹ ਆਦਿਕ ਵਿਕਾਰਾਂ ਨੂੰ ਤਿਆਗ ਦਿੱਤਾ ਹੈ ਉਸ ਦੀ ਗੁਰੂ ਤੇ ਪ੍ਰਭੂ ਨੇ ਪਤ (ਇੱਜ਼ਤ) ਰੱਖ ਲਈ ਹੈ। ੨. ਸਤਿਗੁਰੂ ਜੀ ਫੁਰਮਾਉਂਦੇ ਹਨ ਕਿ ਉਸ ਪਰਮੇਸ਼ਰ ਨੂੰ ਆਰਾਧੀਏ, ਜਿਸ ਦੇ ਪਾਰ ਉਰਾਰ ਦਾ ਕੋਈ ਅੰਤ ਨਹੀਂ ਆਉਂਦਾ (ਭਾਵ ਉਹ ਬੇਅੰਤ ਤੇ ਬੇਹਦ ਹੈ) ॥੧॥
ਪਉੜੀ॥
(੧) ਪਪਾ ਪਰਮਿਤਿ ਪਾਰੁ ਨ ਪਾਇਆ ॥ (੨)
ਪਤਿਤ ਪਾਵਨ ਅਗਮ ਹਰਿ ਰਾਇਆ॥ (੩)
ਹੋਤ ਪੁਨੀਤ ਕੋਟ ਅਪਰਾਧੂ॥ (੪) ਅੰਮ੍ਰਿਤ
ਨਾਮੁ ਜਪਹਿ ਮਿਲਿ ਸਾਧੂ ॥ (੫) ਪਰਪਚ ਧ੍ਰੋਹ
ਮੋਹ ਮਿਟਨਾਈ॥ (੬) ਜਾ ਕਉ ਰਾਖਹੁ ਆਪਿ
ਗੁਸਾਈ॥ (੭) ਪਾਤਿਸਾਹੁ ਛਤ੍ਰ ਸਿਰ ਸੋਊ॥
(੮) ਨਾਨਕ ਦੂਸਰ ਅਵਰੁ ਨ ਕੋਊ ॥੩੭॥
ਅਰਥ - ੧. ਪਪੇ ਦੁਆਰਾ ਉਪਦੇਸ਼ ਹੈ ਕਿ ਉਹ ਪ੍ਰਭੂ ਮਿਤ ਤੋਂ ਪਰੇ ਹੈ, ਉਸ ਦਾ ਪਾਰ (ਅੰਤ) ਕਿਸੇ ਨਹੀਂ ਪਾਇਆ। ੨. ਉਹ
ਅਕਾਲ ਪੁਰਖ ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈ, ਗੰਮਤਾ ਤੋਂ ਪਰੇ ਹੈ ਤੇ (ਸਭਨਾਂ ਦਾ) ਰਾਜਾ ਹੈ। ੩. ਤੇ ੪. ਜਿਹੜੇ ਪੁਰਸ਼ ਸੰਤਾਂ ਦੀ ਸੰਗਤ ਵਿਚ ਮਿਲਕੇ ਪ੍ਰਭੂ ਦਾ ਅੰਮ੍ਰਿਤ ਨਾਮ ਜਪਦੇ ਹਨ। ੫. ਤੇ ੬. ਹੇ ਅਕਾਲ ਪੁਰਖ ਜੀ ! ਜਿਸ ਪੁਰਸ਼ ਦੀ ਰੱਖਿਆ ਆਪ ਕਰਦੇ ਹੋ, ਉਸ ਦੇ (ਸਾਰੇ) ਪਾਖੰਡ, ਧਰੋਹ ਤੇ ਮੋਹ ਮਿਟ ਜਾਂਦੇ ਹਨ। ੭. ਆਪਣੇ ਸਿਰ 'ਤੇ ਛਤ੍ਰ ਧਾਰਨ ਕਰਨ ਵਾਲਾ ਉਹੋ ਪਾਰਬ੍ਰਹਮ ਪਾਤਸ਼ਾਹ ਹੈ। ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਪਰਮੇਸ਼ਰ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ ॥੩੭॥
ਸਲੋਕੁ ॥
(੧) ਫਾਹੇ ਕਾਟੇ ਮਿਟੇ ਗਵਨ ਫਤਿਹ ਭਈ
ਮਨਿ ਜੀਤ॥ (੨) ਨਾਨਕ ਗੁਰ ਤੇ ਥਿਤ ਪਾਈ
ਫਿਰਨ ਮਿਟੇ ਨਿਤ ਨੀਤ ॥੧॥
ਅਰਥ- ੧. ਮਨ ਦੇ ਜਿੱਤਣ ਨਾਲ ਸਾਡੀ ਫਤਹ ਹੋਈ ਹੈ, ਸਭ ਫਾਹੇ (ਬੰਧਨ) ਕੱਟੇ ਗਏ ਹਨ ਤੇ (ਮਨ ਦਾ ਵਿਸ਼ੇ ਵਿਕਾਰਾਂ ਦੇ ਮਗਰ) ਭੱਜਣਾ ਖਤਮ ਹੋ ਗਿਆ ਹੈ। ੨. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸਾਂ ਆਪਣੇ ਗੁਰਦੇਵ ਤੋਂ ਮਨ ਦੇ ਟਿਕਾਉ ਦੀ ਜੁਗਤੀ ਪਾ ਲਈ ਹੈ, ਜਿਸ ਕਰਕੇ ਮਨ ਦੇ ਟਿਕਣ ਨਾਲ ਸਦਾ ਦੀ ਭਟਕਣਾ ਨਾਸ ਹੋ ਗਈ ਹੈ॥੧॥
ਪਉੜੀ॥
(੧) ਫਫਾ ਫਿਰਤ ਫਿਰਤ ਤੂ ਆਇਆ॥ (੨)
ਦ੍ਰੁਲਭ ਦੇਹ ਕਲਿਜੁਗ ਮਹਿ ਪਾਇਆ॥ (੩)
ਫਿਰਿ ਇਆ ਅਉਸਰੁ ਚਰੈ ਨ ਹਾਥਾ॥ (੪)
ਨਾਮੁ ਜਪਹੁ ਤਉ ਕਟੀਅਹਿ ਫਾਸਾ॥ (੫)
ਫਿਰਿ ਫਿਰਿ ਆਵਨ ਜਾਨੁ ਨ ਹੋਈ॥ (੬)
ਏਕਹਿ ਏਕ ਜਪਹੁ ਜਪੁ ਸੋਈ॥ (੭) ਕਰਹੁ
ਕ੍ਰਿਪਾ ਪ੍ਰਭ ਕਰਨੈਹਾਰੇ॥ (੮) ਮੇਲਿ ਲੇਹੁ
ਨਾਨਕ ਬੇਚਾਰੇ ॥੩੮॥
ਅਰਥ - ੧. ਫਫੇ ਦੁਆਰਾ ਉਪਦੇਸ਼ ਕਰਦੇ ਹਨ ਕਿ ਹੇ ਜੀਵ! ਤੂੰ ਅਨੇਕਾਂ ਜੂਨਾਂ ਵਿਚ ਫਿਰਦਾ ਫਿਰਦਾ ਫਿਰ ਇਸ ਸ੍ਰਿਸ਼ਟੀ ਵਿਚ ਆਇਆ ਹੈਂ ਅਤੇ ੨. ਇਸ ਕਲਿਜੁਗ ਦੇ ਸਮੇਂ ਵਿਚ ਤੂੰ ਇਸ ਦੁਰਲਭ ਮਨੁੱਖਾ ਦੇਹ ਨੂੰ ਪ੍ਰਾਪਤ ਕੀਤਾ ਹੈ। ੩. ਫਿਰ ਇਹੋ ਜਿਹਾ (ਉੱਤਮ) ਵੇਲਾ ਹੋਰ ਹੱਥ ਨਹੀਂ ਆਵੇਗਾ। ੪. ਜੇ ਤੂੰ (ਇਸ ਮਨੁੱਖਾ ਦੇਹੀ ਨੂੰ ਪਾ ਕੇ) ਨਾਮ ਜਪੇਂਗਾ ਤਾਂ ਤੇਰੀ (ਜਨਮ ਮਰਨ ਦੀ) ਫਾਹੀ ਕੱਟੀ ਜਾਵੇਗੀ। ੫. ਫਿਰ ਤੇਰਾ ਮੁੜ ਮੁੜਕੇ ਜੰਮਣਾ ਮਰਨਾ ਨਹੀਂ ਹੋਵੇਗਾ। ੬. (ਇਸ ਲਈ ਹੇ ਪਿਆਰੇ ਸਿੱਖ!) ਉਸ ਇਕੋ ਪਰਮੇਸ਼ਰ ਦਾ ਸਿਮਰਨ ਕਰ। ੭. (ਸਤਿਗੁਰੂ ਜੀ ਅਰਦਾਸ ਕਰਦੇ ਹਨ) ਹੇ ਕਰਨਹਾਰ ਪ੍ਰਭੂ ਜੀ ! ਇਹਨਾਂ ਜੀਵਾਂ 'ਤੇ ਆਪਣੀ ਕਿਰਪਾ ਕਰੋ ਤੇ ੮. ਇਹਨਾਂ ਵਿਚਾਰੇ ਜੀਵਾਂ ਨੂੰ ਆਪਣੇ ਨਾਲ ਮੇਲ ਲਵੋ ॥੩੮॥
ਸਲੋਕੁ ॥
(੧) ਬਿਨਉ ਸੁਨਹੁ ਤੁਮ ਪਾਰਬ੍ਰਹਮ ਦੀਨ
ਦਇਆਲ ਗੁਪਾਲ ॥ (੨) ਸੁਖ ਸੰਪੈ ਬਹੁ ਭੋਗ
ਰਸ ਨਾਨਕ ਸਾਧ ਰਵਾਲ ॥੧॥
ਅਰਥ- ੧. ਤੇ ੨. ਸ਼੍ਰੀ ਗੁਰੂ ਅਰਜਨ ਦੇਵ ਜੀ ਅਕਾਲ ਪੁਰਖ ਅਗੇ ਬੇਨਤੀ ਕਰਦੇ ਹਨ ਕਿ ਹੇ ਪਾਰਬ੍ਰਹਮ! ਹੇ ਦੀਨਾਂ 'ਤੇ ਦਇਆ
ਕਰਨ ਵਾਲੇ! ਹੇ ਪ੍ਰਿਥਵੀ ਦੇ ਮਾਲਕ ! ਮੇਰੀ ਇਕ ਬੇਨਤੀ ਸੁਣੋ। ਉਹ ਬੇਨਤੀ ਇਹ ਹੈ ਕਿ ਮੈਨੂੰ ਆਪਣੇ ਸੰਤ ਜਨਾਂ ਦੇ ਚਰਨਾਂ ਦੀ ਧੂੜੀ ਬਖਸ਼ੋ। ਇਹ ਚਰਨ ਧੂੜ ਮੇਰੇ ਲਈ ਸੁਖ, ਸੰਪਤ ਤੇ ਅਨੇਕਾਂ ਭੋਗਾਂ ਦੇ ਰਸ ਤੁਲ ਹੈ ॥੧॥
ਪਉੜੀ॥
(੧) ਬਬਾ ਬ੍ਰਹਮੁ ਜਾਨਤ ਤੇ ਬ੍ਰਹਮਾ॥ (੨)
ਬੈਸਨੋ ਤੇ ਗੁਰਮੁਖਿ ਸੁਚ ਧਰਮਾ ॥ (੩) ਬੀਰਾ
ਆਪਨ ਬੁਰਾ ਮਿਟਾਵੈ॥ (੪) ਤਾਹੂ ਬੁਰਾ
ਨਿਕਟਿ ਨਹੀਂ ਆਵੈ॥ (੫) ਬਾਧਿਓ ਆਪਨ
ਹਉ ਹਉ ਬੰਧਾ॥ (੬) ਦੋਸੁ ਦੇਤ ਆਗਹ
ਕਉ ਅੰਧਾ॥ (੭) ਬਾਤ ਚੀਤ ਸਭ ਰਹੀ
ਸਿਆਨਪ॥ (੮) ਜਿਸਹਿ ਜਨਾਵਹੁ ਸੋ ਜਾਨੈ
ਨਾਨਕ ॥੩੯॥
ਅਰਥ- ੧. ਬਬੇ ਦੁਆਰਾ ਉਪਦੇਸ਼ ਕਰਦੇ ਹਨ ਕਿ ਜਿਹੜੇ ਪੁਰਸ਼ ਬ੍ਰਹਮ (ਪ੍ਰਭੂ) ਨੂੰ ਜਾਣਦੇ ਹਨ, ਉਹੋ ਬ੍ਰਾਹਮਣ ਹਨ। ੨. ਜਿਹੜੇ ਪੁਰਸ਼ ਸੱਚੇ ਗੁਰੂ ਦੁਆਰਾ ਪਵਿੱਤ੍ਰ ਧਰਮ ਦੇ ਧਾਰਨ ਵਾਲੇ ਹਨ, ਉਹ ਵੈਸ਼ਨੋ ਹਨ। ੩. ਹੇ ਭਾਈ! ਜਿਹੜਾ ਪੁਰਸ਼ ਆਪਣੇ ਮਨੋਂ ਬੁਰਿਆਈ ਜਾਂ ਦੂਸਰਿਆਂ ਲਈ ਬੁਰਾ ਭਾਵ ਮਿਟਾ ਦੇਂਦਾ ਹੈ। ੪. (ਫਿਰ) ਉਸ ਪੁਰਸ਼ ਦੇ ਨੇੜੇ ਬੁਰਿਆਈ ਨਹੀਂ ਆਵੇਗੀ। (ਭਾਵ ਉਸ ਦੇ ਮਨ ਵਿਚ ਕਿਸੇ ਦਾ ਬੁਰਾ ਕਰਨ ਦੀ ਭਾਵਨਾ ਨਹੀਂ ਆਵੇਗੀ)। ੫. ਜੀਵ ਮੈਂ ਮੈਂ ਕਰਕੇ ਹਉਮੈ ਦੇ ਬੰਧਨ ਵਿਚ ਆਪ ਹੀ ਬੱਝਾ ਹੋਇਆ ਹੈ। ੬. (ਪਰ) ਇਹ ਅੰਨ੍ਹਾ ਹੋਇਆ ਜੀਵ ਦੋਸ਼
ਅਗਲਿਆਂ (ਭਾਵ ਹੋਰਨਾਂ) ਨੂੰ ਦੇਂਦਾ ਹੈ (ਭਾਵ ਆਪਣੇ ਕੀਤੇ ਮੰਦੇ ਕਰਮਾਂ ਦਾ ਦੋਸ਼ ਆਪਣਾ ਨਹੀਂ ਮੰਨਦਾ, ਸਗੋਂ ਹੋਰਨਾਂ ਨੂੰ ਦੋਸ਼ੀ ਠਹਿਰਾਉਂਦਾ ਹੈ)। ੭. (ਹੇ ਅਕਾਲ ਪੁਰਖ ਜੀ !) ਚਤੁਰਾਈ ਵਾਲੀ ਗੱਲ ਬਾਤ ਤੇ ਸਭ ਸਿਆਣਪ ਰਹਿ ਜਾਂਦੀ ਹੈ। (ਭਾਵ ਜੀਵ ਦੀਆਂ ਆਪਣੀਆਂ ਚਤੁਰਾਈਆਂ ਕਿਸੇ ਕੰਮ ਨਹੀਂ ਆਉਂਦੀਆਂ)। ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਨੂੰ ਪ੍ਰਭੂ ਆਪ ਜਣਾਵੇ (ਭਾਵ ਜਿਸ ਨੂੰ ਪਰਮੇਸ਼ਰ ਸੋਝੀ ਬਖਸ਼ੇ) ਉਹੋ ਹੀ ਪ੍ਰਭੂ ਨੂੰ ਜਾਣ ਸਕਦਾ ਹੈ ॥੩੯॥
ਸਲੋਕੁ ॥
(੧) ਭੈ ਭੰਜਨ ਅਘ ਦੂਖ ਨਾਸ ਮਨਹਿ ਅਰਾਧਿ
ਹਰੇ॥ (੨) ਸੰਤਸੰਗ ਜਿਹ ਰਿਦ ਬਸਿਓ
ਨਾਨਕ ਤੇ ਨ ਭ੍ਰਮੇ ॥੧॥
ਅਰਥ- ੧. (ਹੇ ਗੁਰੂ ਦੇ ਪਿਆਰੇ ਸਿੱਖ !) ਡਰ ਨੂੰ ਦੂਰ ਕਰਨ ਵਾਲੇ, ਪਾਪਾ ਤੇ ਦੁਖਾਂ ਨੂੰ ਨਾਸ ਕਰਨ ਵਾਲੇ ਪਰਮੇਸ਼ਰ ਨੂੰ ਆਪਣੇ ਮਨ ਵਿਚ ਸਿਮਰ। ੨. ਸ਼੍ਰੀ ਗੁਰੂ ਜੀ ਕਥਨ ਕਰਦੇ ਹਨ ਕਿ ਸੰਤਾਂ ਦੀ ਸੰਗਤ ਕਰਕੇ ਜਿਸ ਪੁਰਸ਼ ਦੇ ਹਿਰਦੇ ਵਿਚ ਪ੍ਰਮਾਤਮਾ ਵਸਿਆ ਹੈ, ਉਹ ਫਿਰ ਚੁਰਾਸੀ ਲੱਖ ਜੂਨਾਂ ਵਿਚ ਨਹੀਂ ਭੌਂਦਾ (ਭਾਵ ਉਸ ਦਾ ਜਨਮ ਮਰਨ ਦਾ ਗੇੜ ਨਾਸ ਹੋ ਜਾਂਦਾ ਹੈ॥੧॥
ਪਉੜੀ॥
(੧) ਭਭਾ ਭਰਮੁ ਮਿਟਾਵਹੁ ਅਪਨਾ॥ (੨)
ਇਆ ਸੰਸਾਰੁ ਸਗਲ ਹੈ ਸੁਪਨਾ॥ (੩) ਭਰਮੇ
ਸੁਰਿ ਨਰ ਦੇਵੀ ਦੇਵਾ॥ (੪) ਭਰਮੇ ਸਿਧ
ਸਾਧਿਕ ਬ੍ਰਹਮੇਵਾ॥ (੫) ਭਰਮਿ ਭਰਮਿ
ਮਾਨੁਖ ਡਹਕਾਏ॥ (੬) ਦੁਤਰ ਮਹਾ ਬਿਖਮ
ਇਹ ਮਾਏ॥ (੭) ਗੁਰਮੁਖਿ ਭ੍ਰਮ ਭੈ ਮੋਹ
ਮਿਟਾਇਆ॥ (੮) ਨਾਨਕ ਤੇਹ ਪਰਮ ਸੁਖ
ਪਾਇਆ ॥੪੦॥
ਅਰਥ - ੧. ਭਭੇ ਦੁਆਰਾ ਉਪਦੇਸ਼ ਕਰਦੇ ਹਨ ਕਿ (ਹੇ ਪਿਆਰਿਓ !) ਆਪਣੇ ਮਨ ਦੇ ਸਾਰੇ ਭਰਮ ਭੁਲੇਖਿਆਂ ਨੂੰ ਦੂਰ ਕਰ ਦਿਓ, ੨. (ਕਿਉਂਕਿ) ਇਹ ਸਾਰਾ ਜਗਤ ਸੁਪਨੇ ਦੀ ਨਿਆਈਂ ਹੈ। ੩. ਇਸ ਭਰਮ ਭੁਲੇਖੇ ਵਿਚ ਦੇਵਤੇ, ਆਦਮੀ ਦੇਵੀਆਂ ਤੇ ਦਿਉਤੇ ਗ੍ਰਸੇ ਹੋਏ ਹਨ। ੪. ਸਿੱਧ ਸਾਧਨਾਂ ਕਰਨ ਵਾਲੇ (ਸਾਧਕ) ਤੇ ਬ੍ਰਹਮਾ ਆਦਿ ਵੀ ਇਸ ਭਰਮ ਵਿਚ ਫਸੇ ਹੋਏ ਹਨ। ੫. ਇਸ ਭਰਮ ਦੇ ਵਿਚ ਭੌਂਦੇ ਹੋਏ ਮਨੁੱਖ ਡੋਲ ਰਹੇ ਹਨ। ੬. ਇਹ ਮਾਇਆ (ਦਾ ਭਰਮ) ਬੜਾ ਕਠਿਨ ਹੈ, ਇਸ ਭਰਮ-ਸਾਗਰ) ਨੂੰ ਤਰਨਾ ਬੜਾ ਔਖਾ ਹੈ। ੭. ਜਿਨ੍ਹਾਂ ਗੁਰਮੁਖਾਂ ਨੇ ਆਪਣਾ ਭਰਮ ਭੈ ਤੇ (ਮਾਇਆ ਦਾ) ਮੋਹ ਮਿਟਾ ਦਿੱਤਾ ਹੈ। ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ (ਗੁਰਮੁਖਾਂ) ਨੇ ਹੀ ਪਰਮ ਸੁਖ ਪਾਇਆ ਹੈ ॥੪੦॥
ਸਲੋਕੁ ॥
(੧) ਮਾਇਆ ਡੋਲੈ ਬਹੁ ਬਿਧੀ ਮਨੁ ਲਪਟਿਓ
ਤਿਹ ਸੰਗ॥ (੨) ਮਾਗਨ ਤੇ ਜਿਹ ਤੁਮ ਰਖਹੁ
ਸੁ ਨਾਨਕ ਨਾਮਹਿ ਰੰਗ ॥੧॥
ਅਰਥ - ੧. ਇਹ ਮਾਇਆ ਕਈ ਵਿਧੀਆਂ ਨਾਲ ਡੋਲਦੀ ਹੈ (ਭਾਵ ਜੀਵ ਨੂੰ ਭਰਮਾਉਣ ਲਈ ਆਪਣੇ ਜਲਵੇ ਦਿਖਾਉਂਦੀ ਹੈ)
ਤੇ ਜੀਵ ਦਾ ਮਨ ਇਸ ਮਾਇਆ ਨੂੰ ਚੰਬੜ ਰਿਹਾ ਹੈ। ੨. ਪਰ ਹੇ ਪ੍ਰਭੂ ! ਜਿਸ ਪੁਰਸ਼ ਨੂੰ ਤੁਸੀਂ ਆਪ ਹੀ ਕਿਰਪਾ ਕਰਕੇ ਇਸ ਮਾਇਆ ਦੇ ਮੰਗਣ ਤੋਂ ਬਚਾ ਲਵੋ, (ਉਹ ਬਚ ਸਕਦਾ ਹੈ), ਉਹ ਪੁਰਸ਼ ਫਿਰ ਪ੍ਰਭੂ ਦੇ ਨਾਮ-ਰੰਗ ਵਿਚ ਰੰਗਿਆ ਜਾਂਦਾ ਹੈ ॥੧॥
ਪਉੜੀ॥
(੧) ਮਮਾ ਮਾਗਨਹਾਰ ਇਆਨਾ॥ (੨)
ਦੇਨਹਾਰ ਦੇ ਰਹਿਓ ਸੁਜਾਨਾ ॥ (੩) ਜੋ ਦੀਨੋਂ
ਸੋ ਏਕਹਿ ਬਾਰ॥ (੪) ਮਨ ਮੂਰਖ ਕਹ ਕਰਹਿ
ਪੁਕਾਰ ॥ (੫) ਜਉ ਮਾਗਹਿ ਤਉ ਮਾਗਹਿ
ਬੀਆ॥ (੬) ਜਾ ਤੇ ਕੁਸਲ ਨ ਕਾਹੂ ਥੀਆ ॥
(੭) ਮਾਗਨਿ ਮਾਗ ਤ ਏਕਹਿ ਮਾਗ॥ (੮)
ਨਾਨਕ ਜਾ ਤੇ ਪਰਹਿ ਪਰਾਗ ॥੪੧॥
ਅਰਥ- ਮੰਮੇ ਦੁਆਰਾ ਉਪਦੇਸ਼ ਹੈ ਕਿ ਮਾਇਆ ਮੰਗਣ ਵਾਲਾ ਪੁਰਸ਼ ਮੂਰਖ ਹੈ। ੨. (ਕਿਉਂਕਿ) ਦੇਣ ਵਾਲਾ (ਪ੍ਰਭੂ) ਤਾਂ ਸੁਜਾਨ ਹੈ। ਉਹ ਆਪ ਹੀ (ਬਿਨਾ ਮੰਗਿਆਂ ਸਭ ਦਾਤਾਂ) ਦੇ ਰਿਹਾ ਹੈ। ੩. ਉਸ ਪ੍ਰਭੂ ਨੇ ਇਸ ਜੀਵ ਨੂੰ ਜੋ ਕੁਛ ਦੇਣਾ ਹੈ, ਉਹ ਇਕ ਵਾਰ ਹੀ ਦੇ ਛੱਡਿਆ ਹੈ (ਭਾਵ ਜੀਵ ਦੇ ਮਸਤਕ 'ਤੇ ਪਹਿਲੇ ਦਿਨ ਹੀ ਉਸ ਨੇ ਸਭ ਕੁਛ ਲਿਖ ਦਿੱਤਾ ਹੈ) ੪. ਹੇ ਮਨ ਮੂਰਖ! ਤੂੰ (ਮਾਇਆ ਲੈਣ ਵਾਸਤੇ) ਕਿਸ ਵਾਸਤੇ ਪੁਕਾਰ ਕਰਦਾ ਹੈਂ ? ੫. ਤੂੰ ਜਦੋਂ ਵੀ ਕੁਛ ਮੰਗਦਾ ਹੈਂ (ਨਾਮ ਤੋਂ ਬਿਨਾ) ਹੋਰ ਦੁਨਿਆਵੀ ਪਦਾਰਥ ਹੀ ਮੰਗਦਾ ਹੈਂ। ੬. ਇਹਨਾਂ ਪਦਾਰਥਾਂ ਦੇ ਮੰਗਣ ਨਾਲ ਤੈਨੂੰ ਕਦੀ ਵੀ ਸੁਖ ਨਹੀਂ ਮਿਲਿਆ (ਸਗੋਂ ਦੁਖ ਹੀ ਪ੍ਰਾਪਤ ਹੋਇਆ। ਹੈ)। ੭. ਜੇ ਤੂੰ ਜ਼ਰੂਰ ਕੁਛ ਮੰਗਣਾ ਹੀ ਹੈ ਤਾਂ ਇਕ ਨਾਮ ਦੀ ਦਾਤ
ਮੰਗ। ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਨਾਮ ਦੀ ਦਾਤ ਮੰਗਣ ਨਾਲ ਤੂੰ (ਇਸ ਸੰਸਾਰ ਸਮੁੰਦਰ ਤੋਂ) ਪਾਰ ਹੋ ਜਾਏਂਗਾ ਅਥਵਾ ਪਰਮਗਤੀ ਪ੍ਰਾਪਤ ਕਰ ਲਵੇਂਗਾ ॥੪੧॥
ਸਲੋਕ ॥
(੧) ਮਤਿ ਪੂਰੀ ਪਰਧਾਨ ਤੇ ਗੁਰ ਪੂਰੇ ਮਨ
ਮੰਤ॥ (੨) ਜਿਹ ਜਾਨਿਓ ਪ੍ਰਭੁ ਆਪੁਨਾ
ਨਾਨਕ ਤੇ ਭਗਵੰਤ ॥੧॥
ਅਰਥ- ੧. ਜਿਨ੍ਹਾਂ ਪੁਰਸ਼ਾਂ ਨੇ ਪੂਰੇ ਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ਵਿਚ ਮੰਨਿਆ ਹੈ (ਭਾਵ ਉਪਦੇਸ਼ ਨੂੰ ਧਾਰਨ ਕੀਤਾ ਹੈ), ਉਹ ਪੁਰਸ਼ ਪੂਰੀ ਮਤ ਵਾਲੇ ਤੇ ਪ੍ਰਧਾਨ (ਮੁਖੀ) ਹਨ। ੨. ਸਤਿਗੁਰੂ ਜੀ ਆਖਦੇ ਹਨ ਕਿ ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਜਾਣ ਲਿਆ ਹੈ, ਉਹ ਪੁਰਸ਼ ਬੜੇ ਉੱਤਮ ਭਾਗਾਂ ਵਾਲੇ ਹਨ ॥੧॥
ਪਉੜੀ॥
(੧) ਮਮਾ ਜਾਹੂ ਮਰਮੁ ਪਛਾਨਾ ॥ (੨) ਭੇਟਤ
ਸਾਧਸੰਗ ਪਤੀਆਨਾ॥ (੩) ਦੁਖ ਸੁਖ ਉਆ
ਕੈ ਸਮਤ ਬੀਚਾਰਾ ॥ (੪) ਨਰਕ ਸੁਰਗ ਰਹਤ
ਅਉਤਾਰਾ ॥ (੫) ਤਾਹੂ ਸੰਗ ਤਾਹੂ
ਨਿਰਲੇਪਾ॥ (੬) ਪੂਰਨ ਘਟ ਘਟ ਪੁਰਖ
ਬਿਸੇਖਾ॥ (੭) ਉਆ ਰਸ ਮਹਿ ਉਆਹੂ ਸੁਖੁ
ਪਾਇਆ ॥ (੮) ਨਾਨਕ ਲਿਪਤ ਨਹੀਂ ਤਿਹ
ਮਾਇਆ ॥੪੨ ॥
ਅਰਥ- ੧. ਮਮੇ ਦੁਆਰਾ ਉਪਦੇਸ਼ ਹੈ ਕਿ ਜਿਸ ਪੁਰਸ਼ ਨੇ ਇਸ ਗੱਲ ਦੇ ਭੇਤ ਨੂੰ ਪਛਾਣ ਲਿਆ ਹੈ। ੨. ਉਸ ਦਾ ਮਨ ਸੰਤਾਂ ਨਾਲ ਮਿਲਕੇ ਪਤੀਜ ਗਿਆ ਹੈ। ੩. ਉਹ ਫਿਰ ਦੁਖ ਤੇ ਸੁਖ ਨੂੰ ਇਕ ਸਮਾਨ ਵੀਚਾਰਦਾ ਹੈ ਤੇ ੪. ਨਰਕ ਸੁਰਗ ਵਿਚ ਆਉਣ ਜਾਣ ਤੋਂ ਰਹਿਤ ਹੋ ਜਾਂਦਾ ਹੈ। ੫. ਉਹ ਪੁਰਸ਼ ਮਾਇਆ ਵਿਚ ਰਹਿੰਦਾ ਹੋਇਆ ਵੀ ਮਾਇਆ ਤੋਂ ਨਿਰਲੇਪ ਰਹਿੰਦਾ ਹੈ। ੬. ਉਸ ਨੇ ਘਟ ਘਟ ਵਿਚ ਵੱਸ ਰਹੇ ਪੂਰਨ ਪੁਰਖ (ਭਾਵ ਪ੍ਰਭੂ) ਨੂੰ ਪਛਾਣ ਲਿਆ ਹੈ। ੭. ਉਸ ਨੇ ਪ੍ਰਭੂ ਦੇ ਮਿਲਾਪ-ਰਸ ਵਿਚ ਹੀ ਸੁਖ ਪ੍ਰਾਪਤ ਕੀਤਾ ਹੈ। ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਪੁਰਸ਼ ਨੂੰ ਮਾਇਆ ਲਿਪਾਇਮਾਨ ਨਹੀਂ ਕਰ ਸਕਦੀ (ਭਾਵ ਉਹ ਪੁਰਸ਼ ਮਾਇਆ ਵਿਚ ਖਚਤ ਨਹੀਂ ਹੁੰਦਾ) ॥੪੨॥
ਸਲੋਕੁ।।
(੧) ਯਾਰ ਮੀਤ ਸੁਨਿ ਸਾਜਨਹੁ ਬਿਨੁ ਹਰਿ
ਛੂਟਨੁ ਨਾਹਿ ॥ (੨) ਨਾਨਕ ਤਿਹ ਬੰਧਨ ਕਟੇ
ਗੁਰ ਕੀ ਚਰਨੀ ਪਾਹਿ ॥੧॥
ਅਰਥ- ੧. ਹੇ (ਮੇਰੇ) ਯਾਰੋ ! ਮਿੱਤਰੋ ਤੇ ਸੱਜਣੋ! ਸੁਣੋ ਕਿ ਪ੍ਰਭੂ ਦੇ ਨਾਮ ਸਿਮਰਨ ਤੋਂ ਬਿਨਾ ਛੁਟਕਾਰਾ ਨਹੀਂ ਹੋਵੇਗਾ। ੨. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਪੁਰਸ਼ਾਂ ਦੇ (ਮਾਇਆ ਦੇ) ਬੰਧਨ ਕੱਟੇ ਜਾਣਗੇ, ਜਿਹੜੇ ਗੁਰੂ ਦੀ ਚਰਨੀਂ ਪਏ ਹਨ ॥੧॥
ਪਵੜੀ॥
(੧) ਯਯਾ ਜਤਨ ਕਰਤ ਬਹੁ ਬਿਧੀਆ॥ (੨)
ਏਕ ਨਾਮ ਬਿਨੁ ਕਹ ਲਉ ਸਿਧੀਆ॥ (੩)
ਯਾਹੂ ਜਤਨ ਕਰਿ ਹੋਤ ਛੁਟਾਰਾ ॥ (੪) ਉਆਹੂ
ਜਤਨ ਸਾਧ ਸੰਗਾਰਾ॥ (੫) ਯਾ ਉਬਰਨ ਧਾਰੈ
ਸਭੁ ਕੋਊ॥ (੬) ਉਆਹਿ ਜਪੇ ਬਿਨੁ ਉਬਰ ਨ
ਹੋਊ॥ (੭) ਯਾਹੂ ਤਰਨ ਤਾਰਨ ਸਮਰਾਥਾ ॥
(੮) ਰਾਖਿ ਲੇਹੁ ਨਿਰਗੁਨ ਨਰਨਾਥਾ॥ (੯)
ਮਨ ਬਚ ਕ੍ਰਮ ਜਿਹ ਆਪਿ ਜਨਾਈ॥ (੧੦)
ਨਾਨਕ ਤਿਹ ਮਤਿ ਪ੍ਰਗਟੀ ਆਈ ॥੪੩॥
ਅਰਥ- ੧. ਯਯੇ ਦੁਆਰਾ ਉਪਦੇਸ਼ ਹੈ ਕਿ ਇਹ ਜੀਵ (ਪੂਰਨਤਾ ਪ੍ਰਾਪਤ ਕਰਨ ਵਾਸਤੇ) ਕਈ ਪ੍ਰਕਾਰ ਦੇ ਜਤਨ ਕਰਦਾ ਹੈ। ੨. (ਪਰ ਇਹ ਦੱਸੋ ਕਿ ਇਹ ਜੀਵ) ਪ੍ਰਭੂ ਦੇ ਨਾਮ ਤੋਂ ਬਿਨਾ ਸਿੱਧੀ (ਪੂਰਨਤਾ) ਕਿਥੋਂ ਲਵੇਗਾ ਅਥਵਾ ਕਿਵੇਂ ਪ੍ਰਾਪਤ ਕਰੇਗਾ ? ੩. ਜਿਸ ਜਤਨ ਕਰਕੇ ਛੁਟਕਾਰਾ (ਭਾਵ ਮੁਕਤੀ) ਮਿਲਦਾ ਹੈ। ੪. ਉਸ ਜਤਨ ਦੀ ਪ੍ਰਾਪਤੀ ਸਾਧ ਸੰਗਤ ਵਿਚੋਂ ਹੁੰਦੀ ਹੈ। ੫. ਇਸ ਸੰਸਾਰ ਸਾਗਰ ਤੋਂ ਤਰ ਜਾਣ ਦੀ ਇੱਛਾ ਹਰ ਕੋਈ ਕਰਦਾ ਹੈ। ੬. (ਪਰ) ਉਸ ਪ੍ਰਭੂ ਦੇ ਸਿਮਰਨ ਤੋਂ ਬਿਨਾ ਬਚਣਾ ਨਹੀਂ ਹੁੰਦਾ। ੭. (ਹੇ ਅਕਾਲ ਪੁਰਖ!) ਇਸ ਸੰਸਾਰ ਸਾਗਰ ਤੋਂ ਤਾਰਨ ਲਈ ਆਪ ਜਹਾਜ਼ ਵਾਂਗੂੰ ਸਮਰੱਥ ਹੋ। ੮. ਹੇ ਨਰਾਂ ਦੇ ਸੁਆਮੀ ਪ੍ਰਭੂ! ਮੈਨੂੰ ਨਿਰਗੁਣ ਨੂੰ (ਆਪਣਾ ਕਿਰਪਾ ਰੂਪੀ ਹੱਥ ਦੇ ਕੇ) ਰੱਖ ਲਵੋ। ੯. ਜਿਸ ਪੁਰਸ਼ ਨੂੰ ਹੇ ਪ੍ਰਭੂ! ਆਪ ਮਨ, ਬਚਨ ਤੇ ਕਰਮ ਕਰਕੇ ਆਪਣਾ ਆਪ ਜਣਾਉਂਦੇ ਹੋ (ਭਾਵ ਸੋਝੀ ਬਖਸ਼ਦੇ ਹੋ)। ੧੦. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਦੀ ਬੁਧੀ ਪ੍ਰਕਾਸ਼ਮਾਨ ਹੋ ਜਾਂਦੀ ਹੈ। (ਭਾਵ ਉਸ ਨੂੰ) ਪਰਮਾਤਮਾ ਨੂੰ ਅਨੁਭਵ ਕਰਨ ਵਾਲੀ ਬੁਧੀ ਪ੍ਰਾਪਤ ਹੋ ਜਾਂਦੀ ਹੈ) ॥੪੩॥
ਸਲੋਕੁ ॥
(੧) ਰੋਸੁ ਨ ਕਾਹੂੰ ਸੰਗ ਕਰਹੁ ਆਪਨ ਆਪੁ
ਬੀਚਾਰਿ॥ (੨) ਹੋਇ ਨਿਮਾਨਾ ਜਗਿ ਰਹਹੁ
ਨਾਨਕ ਨਦਰੀ ਪਾਰਿ ॥੧॥
ਅਰਥ - ੧. (ਹੇ ਭਾਈ !) ਕਿਸੇ ਨਾਲ ਗੁੱਸਾ ਨਾ ਕਰ, (ਸਗੋਂ) ਆਪਣੇ ਆਪ ਨੂੰ ਵਿਚਾਰ। ੨. ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਇਸ ਸੰਸਾਰ ਵਿਚ ਨਿਮਾਣਾ ਹੋ ਕੇ ਰਹੁ, ਇਉਂ ਤੇਰੇ 'ਤੇ ਉਸ ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਹੋਵੇਗੀ ਤੇ ਤੇਰਾ ਪਾਰ ਉਤਾਰਾ ਹੋ ਜਾਵੇਗਾ ॥੧॥
ਪਉੜੀ॥
(੧) ਰਾਰਾ ਰੇਨ ਹੋਤ ਸਭ ਜਾ ਕੀ॥ (੨) ਤਜਿ
ਅਭਿਮਾਨੁ ਛੁਟੈ ਤੇਰੀ ਬਾਕੀ॥ (੩) ਰਣਿ
ਦਰਗਹਿ ਤਉ ਸੀਝਹਿ ਭਾਈ॥ (੪) ਜਉ
ਗੁਰਮੁਖਿ ਰਾਮ ਨਾਮ ਲਿਵ ਲਾਈ॥ (੫)
ਰਹਤ ਰਹਤ ਰਹਿ ਜਾਹਿ ਬਿਕਾਰਾ ॥ (੬) ਗੁਰ
ਪੂਰੇ ਕੈ ਸਬਦਿ ਅਪਾਰਾ॥ (੭) ਰਾਤੇ ਰੰਗ
ਨਾਮ ਰਸ ਮਾਤੇ॥ (੮) ਨਾਨਕ ਹਰਿ ਗੁਰ
ਕੀਨੀ ਦਾਤੇ ॥੪੪॥
ਅਰਥ- ੧. ਰਾਰੇ ਦੁਆਰਾ ਉਪਦੇਸ਼ ਹੈ ਕਿ ਉਸ ਪ੍ਰਭੂ ਦੀ ਚਰਨ ਧੂੜੀ ਹੋ ਜਾਹ, ਜਿਸ ਦੀ ਧੂੜੀ ਕਿ ਸਾਰੇ ਹੁੰਦੇ ਪਏ ਹਨ। ੨. ਆਪਣੇ ਮਨ ਵਿਚੋਂ ਹੰਕਾਰ ਨੂੰ ਦੂਰ ਕਰ ਦੇ, ਤਾਂਕਿ ਤੇਰੇ ਕਰਮਾਂ ਦੀ ਬਾਕੀ ਜਿਹੜੀ ਅਜੇ ਰਹਿੰਦੀ ਹੈ, ਉਹ ਖਤਮ ਹੋ ਜਾਵੇ। ੩. (ਹੇ
ਭਾਈ !) ਦਰਗਾਹ ਰੂਪੀ ਰਣਭੂਮੀ ਵਿਚ ਤੂੰ ਤਦ ਜਿੱਤੇਂਗਾ, ੪. ਜੇ ਗੁਰੂ ਦੁਆਰਾ (ਭਾਵ ਗੁਰੂ ਦਾ ਉਪਦੇਸ਼ ਲੈ ਕੇ) ਪ੍ਰਭੂ ਦੇ ਨਾਮ ਵਿਚ ਲਿਵ ਲਾਵੇਂਗਾ। ੫. ਤੇ ੬. ਪੂਰੇ ਗੁਰੂ ਦੇ ਸ਼ਬਦ (ਉਪਦੇਸ਼) ਨਾਲ ਤੇ ਉਸ ਦੀ ਦੱਸੀ ਰਹਿਤ ਅਨੁਸਾਰ ਰਹਿਣ ਨਾਲ ਤੇਰੇ ਵਿਕਾਰ ਨਾਸ ਹੋ ਜਾਣਗੇ। ੭. ਤੇ ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਪੁਰਸ਼ਾਂ 'ਤੇ ਗੁਰੂ ਨੇ ਹਰੀ ਨਾਮ ਦੀ ਦਾਤ ਕੀਤੀ ਹੈ, ਉਹ ਹਰੀ ਨਾਮ ਦੇ ਪ੍ਰੇਮ ਵਿਚ ਰਚੇ ਹਨ ਤੇ ਇਸ ਆਤਮਿਕ ਰਸ ਵਿਚ ਮਸਤ ਰਹਿੰਦੇ ਹਨ ॥੪੪॥
ਸਲੋਕੁ ॥
(੧) ਲਾਲਚ ਝੂਠ ਬਿਖੈ ਬਿਆਧਿ ਇਆ ਦੇਹੀ
ਮਹਿ ਬਾਸ ॥ (੨) ਹਰਿ ਹਰਿ ਅੰਮ੍ਰਿਤੁ ਗੁਰਮੁਖਿ
ਪੀਆ ਨਾਨਕ ਸੂਖਿ ਨਿਵਾਸ ॥੧॥
ਅਰਥ- ੧. ਮਨੁੱਖ ਦੀ ਇਸ ਦੇਹੀ ਵਿਚ ਲਾਲਚ, ਝੂਠ, ਵਿਸ਼ਿਆਂ ਤੇ ਰੋਗਾਂ ਦਾ ਵਾਸਾ ਹੈ। ੨. ਸਤਿਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੁਆਰਾ ਹਰੀ ਨਾਮ ਰੂਪੀ ਅੰਮ੍ਰਿਤ ਪੀਤਾ ਹੈ, ਉਹਨਾਂ ਦਾ ਸੁਖਾਂ ਵਿਚ ਨਿਵਾਸ ਹੁੰਦਾ ਹੈ ॥੧॥
ਪਉੜੀ॥
(੧) ਲਲਾ ਲਾਵਉ ਅਉਖਧ ਜਾਹੂ॥ (੨)
ਦੂਖ ਦਰਦ ਤਿਹ ਮਿਟਹਿ ਖਿਨਾਹੂ॥ (੩)
ਨਾਮ ਅਉਖਧੁ ਜਿਹ ਰਿਦੈ ਹਿਤਾਵੈ॥ (੪)
ਤਾਹਿ ਰੋਗੁ ਸੁਪਨੈ ਨਹੀਂ ਆਵੈ॥ (੫) ਹਰਿ
ਅਉਖਧੁ ਸਭ ਘਟ ਹੈ ਭਾਈ॥ (੬) ਗੁਰ ਪੂਰੇ
ਬਿਨੁ ਬਿਧਿ ਨ ਬਨਾਈ॥ (੭) ਗੁਰਿ ਪੂਰੈ
ਸੰਜਮੁ ਕਰਿ ਦੀਆ ॥ (੮) ਨਾਨਕ ਤਉ ਫਿਰਿ
ਦੂਖ ਨ ਥੀਆ ॥੪੫॥
ਅਰਥ - ੧. ਲਲੇ ਦੁਆਰਾ ਉਪਦੇਸ਼ ਹੈ ਕਿ ਗੁਰੂ ਰੂਪੀ ਵੈਦ ਜਿਸ ਪੁਰਸ਼ ਨੂੰ ਨਾਮ ਰੂਪੀ ਦਵਾਈ ਦੇਂਦਾ ਹੈ। ੨. ਉਸ ਪੁਰਸ਼ ਦੇ ਸਾਰੇ ਦੁਖ ਤੇ ਦਰਦ ਇਕ ਛਿਨ ਵਿਚ ਨਾਸ ਹੋ ਜਾਂਦੇ ਹਨ। ੩. ਜਿਸ ਮਨੁੱਖ ਦੇ ਮਨ ਵਿਚ ਨਾਮ ਰੂਪੀ ਦਵਾਈ ਪਿਆਰੀ ਲੱਗ ਜਾਂਦੀ ਹੈ। ੪. ਉਸ ਪੁਰਸ਼ ਨੂੰ ਸੁਪਨੇ ਵਿਚ ਵੀ ਰੋਗ ਨਹੀਂ ਆਉਂਦਾ ਅਥਵਾ ਉਸ ਨੂੰ ਹਉਮੈ ਰੂਪੀ ਰੋਗ ਨਹੀਂ ਚੰਬੜਦਾ। ੫. ਹੇ ਭਾਈ! ਸਭ ਹਿਰਦਿਆਂ ਅਥਵਾ ਸਰੀਰਾਂ ਵਿਚ ਇਹ ਹਰੀ ਰੂਪੀ ਦਵਾਈ ਹੈ। ੬. ਪੂਰੇ ਗੁਰੂ ਦੇ ਦਸਣ ਤੋਂ ਬਿਨਾ ਇਸ ਦੇ ਲਭਣ ਦੀ ਕੋਈ ਜੁਗਤੀ ਨਹੀਂ ਬਣਦੀ। ੭. ਜਦੋਂ ਪੂਰੇ ਗੁਰੂ ਨੇ ਇਸ ਦਵਾਈ ਦੇ ਲਭਣ ਦਾ ਸਾਧਨ ਬਣਾ ਦਿੱਤਾ। ੮. ਸਤਿਗੁਰੂ ਜੀ ਕਹਿੰਦੇ ਹਨ ਕਿ ਫਿਰ ਕੋਈ ਦੁਖ ਨਹੀਂ ਹੁੰਦਾ ॥੪੫॥
ਸਲੋਕੁ ॥
(੧) ਵਾਸੁਦੇਵ ਸਰਬਤ੍ਰ ਮੈ ਊਨ ਨ਼ ਕਤਹੂ
ਠਾਇ ॥ (੨) ਅੰਤਰਿ ਬਾਹਰਿ ਸੰਗਿ ਹੈ ਨਾਨਕ
ਕਾਇ ਦੁਰਾਇ ॥੧॥
ਅਰਥ - ੧. ਵਾਸੁਦੇਵ (ਅਕਾਲ ਪੁਰਖ) ਸਭ ਪ੍ਰਾਣੀਆਂ ਵਿਚ ਵੱਸਦਾ ਹੈ, ਕਿਸੇ ਥਾਂ 'ਤੇ ਵੀ ਉਹ ਊਣਾ ਨਹੀਂ। ੨. ਸਤਿਗੁਰੂ ਜੀ ਆਖਦੇ ਹਨ ਕਿ ਜਿਹੜਾ ਪ੍ਰਭੂ ਅੰਦਰ ਬਾਹਰ ਸਭ ਦੇ ਨਾਲ ਵੱਸਦਾ ਹੈ, ਉਸ ਤੋਂ ਫਿਰ ਕਾਹਦਾ ਲੁਕਾ ਹੋ ਸਕਦਾ ਹੈ (ਭਾਵ ਜਿਹੜਾ ਪ੍ਰਭੂ ਹਰ ਸਮੇਂ ਜੀਵਾਂ ਦੇ ਅੰਗ ਸੰਗ ਰਹਿੰਦਾ ਹੈ, ਉਸ ਤੋਂ ਕੋਈ ਗੱਲ
ਲੁਕਾਈ ਨਹੀਂ ਜਾ ਸਕਦੀ ॥੧॥
ਪਉੜੀ॥
(੧) ਵਵਾ ਵੈਰੁ ਨ ਕਰੀਐ ਕਾਹੂ ॥ (੨) ਘਟ
ਘਟ ਅੰਤਰਿ ਬ੍ਰਹਮ ਸਮਾਹੂ॥ (੩) ਵਾਸੁਦੇਵ
ਜਲ ਥਲ ਮਹਿ ਰਵਿਆ॥ (੪) ਗੁਰ ਪ੍ਰਸਾਦਿ
ਵਿਰਲੈ ਹੀ ਗਵਿਆ॥ (੫) ਵੈਰ ਵਿਰੋਧ ਮਿਟੇ
ਤਿਹ ਮਨ ਤੇ॥ (੬) ਹਰਿ ਕੀਰਤਨੁ ਗੁਰਮੁਖਿ
ਜੋ ਸੁਨਤੇ॥ (੭) ਵਰਨ ਚਿਹਨ ਸਗਲਹ ਤੇ
ਰਹਤਾ॥ (੮) ਨਾਨਕ ਹਰਿ ਹਰਿ ਗੁਰਮੁਖਿ ਜੋ
ਕਹਤਾ ॥੪੬॥
ਅਰਥ- ੧. ਵਵੇ ਅੱਖਰ ਦੁਆਰਾ ਉਪਦੇਸ਼ ਹੈ ਕਿ ਕਿਸੇ ਨਾਲ ਵੈਰ ਨਾ ਕਰੋ। ੨. (ਕਿਉਂਕਿ) ਹਰ ਇਕ ਹਿਰਦੇ ਵਿਚ ਬ੍ਰਹਮ ਸਮਾਇਆ ਹੋਇਆ ਹੈ। ੩. ਪ੍ਰਭੂ ਜਲ ਤੇ ਥਲ ਵਿਖੇ ਰਵਿਆ ਹੋਇਆ ਹੈ। ੪. (ਪਰ) ਸਤਿਗੁਰੂ ਦੀ ਕਿਰਪਾ ਸਦਕਾ ਕਿਸੇ ਵਿਰਲੇ ਨੇ ਹੀ ਉਸ ਪ੍ਰਭੂ ਨੂੰ ਜਾਣਿਆਂ ਹੈ। ੫. ਤੇ ੬. ਜਿਹੜੇ ਗੁਰਮੁਖ-ਜਨ ਹਰੀ ਦਾ ਕੀਰਤਨ ਸੁਣਦੇ ਹਨ, ਉਹਨਾਂ ਦੇ ਮਨ ਤੋਂ ਵੈਰ ਤੇ ਵਿਰੋਧ ਮਿਟ ਜਾਂਦਾ ਹੈ। ੭. ਤੇ ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਹੜਾ ਗੁਰਮੁਖ ਹਰੀ ਹਰੀ ਸ਼ਬਦ ਉਚਾਰਦਾ ਹੈ, ਉਹ ਗੁਰਮੁਖ ਵਰਨਾਂ ਚਿੰਨਾਂ ਆਦਿ ਸਭ ਬੰਧਨਾਂ ਤੋਂ ਰਹਿਤ ਹੈ (ਭਾਵ ਉਸ ਨੂੰ ਜਾਤ, ਰੰਗ, ਤਿਲਕ ਜਾਂ ਛਾਪ ਆਦਿ ਸੰਪ੍ਰਦਾਇਕ ਚਿੰਨਾਂ ਦੀ ਲੋੜ ਨਹੀਂ ਹੁੰਦੀ) ॥੪੬॥
ਸਲੋਕੁ ॥
(੧) ਹਉ ਹਉ ਕਰਤ ਬਿਹਾਨੀਆ ਸਾਕਤ
ਮੁਗਧ ਅਜਾਨ॥ (੨) ੜੜਕਿ ਮੁਏ ਜਿਉ
ਤ੍ਰਿਖਾਵੰਤ ਨਾਨਕ ਕਿਰਤਿ ਕਮਾਨ ॥੧॥
ਅਰਥ- ੧. ਮੂਰਖ ਤੇ ਅਣਜਾਣ ਸਾਕਤਾਂ ਦੀ ਆਯੂ 'ਮੈਂ-ਮੈਂ’ ਕਰਦਿਆਂ ਬੀਤ ਜਾਂਦੀ ਹੈ। ੨. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਸਾਕਤ ਪੁਰਸ਼ ਆਪਣੇ ਕੀਤੇ ਕਰਮਾਂ ਅਨੁਸਾਰ ਇਸ ਤਰ੍ਹਾਂ ਤੜਫ ਤੜਫ ਕੇ ਮਰਦੇ ਹਨ, ਜਿਵੇਂ ਕੋਈ (ਬਨ ਵਿਚ) ਤ੍ਰਿਹਾਇਆ ਆਦਮੀ ਤੜਫ ਕੇ ਮਰਦਾ ਹੈ ॥੧॥
ਪਉੜੀ।।
(੧) ੜਾੜਾ ੜਾੜਿ ਮਿਟੈ ਸੰਗਿ ਸਾਧੂ॥ (੨)
ਕਰਮ ਧਰਮ ਤਤੁ ਨਾਮ ਅਰਾਧੂ॥ (੩) ਰੂੜੋ
ਜੇਹ ਬਸਿਓ ਰਿਦ ਮਾਹੀ॥ (੪) ਉਆ ਕੀ
ੜਾੜਿ ਮਿਟਤ ਬਿਨਸਾਹੀ ॥ (੫) ੜਾੜਿ ਕਰਤ
ਸਾਕਤ ਗਾਵਾਰਾ ॥ (੬) ਜੇਹ ਹੀਐ ਅਹੰਬੁਧਿ
ਬਿਕਾਰਾ ॥ (੭) ੜਾੜਾ ਗੁਰਮੁਖਿ ੜਾੜਿ
ਮਿਟਾਈ॥ (੮) ਨਿਮਖ ਮਾਹਿ ਨਾਨਕ
ਸਮਝਾਈ ॥੪੭॥
ਅਰਥ- ੧. ੜਾੜੇ ਦੁਆਰਾ ਉਪਦੇਸ਼ ਹੈ ਕਿ ਸੰਤਾਂ ਦੇ ਸੰਗ ਕਰਨ ਕਰਕੇ ਸਭ ਤਰ੍ਹਾਂ ਦੇ ਝਗੜੇ ਝਾਂਜੇ ਨਾਸ ਹੋ ਜਾਂਦੇ ਹਨ। ੨. (ਕਿਉਂਕਿ ਸੰਤਾਂ ਦੇ ਸੰਗ ਕਰਨ ਨਾਲ) ਸਭ ਕਰਮਾਂ ਧਰਮਾਂ ਦਾ
ਤੱਤ ਜੋ ਪ੍ਰਭੂ ਹੈ, ਉਸ ਦਾ ਨਾਮ ਅਰਾਧੀਦਾ ਹੈ। ੩. ਜਿਸ ਦੇ ਮਨ ਵਿਚ ਰੂੜੋ (ਸੁੰਦਰ ਸਰੂਪ ਪ੍ਰਭੂ) ਵੱਸ ਜਾਂਦਾ ਹੈ। ੪. ਉਸ ਦੀ ਸਭ ਤਰਾਂ ਦੀ ੜਾੜਿ (ਲੜਾਈ) ਬਿਨਸ ਜਾਂਦੀ ਹੈ। (ਭਾਵ ਉਸ ਦੇ ਮਾਨਸਿਕ ਕਲੇਸ ਨਾਸ ਹੋ ਜਾਂਦੇ ਹਨ)। ੫. ਮੂਰਖ ਸਾਕਤ ਝਗੜੇ ਕਲੇਸ਼ ਕਰਦਾ ਹੈ। ੬. ਜਿਸ ਦੇ ਮਨ ਵਿਚ ਅਭਿਮਾਨ ਵਾਲੀ ਬੁਧੀ ਦਾ ਵਿਕਾਰ ਹੈ। ੭. ੜਾੜੇ ਦੁਆਰਾ ਕਹਿੰਦੇ ਹਨ ਕਿ ਜਿਸ ਗੁਰਮੁਖ ਨੇ ਆਪਣੀ ੜਾੜਿ (ਕਲ੍ਹਾ) ਨਵਿਰਤ ਕਰ ਲਈ ਹੈ। ੮. ਸਤਿਗੁਰੂ ਜੀ ਕਹਿੰਦੇ ਹਨ ਕਿ ਉਸ (ਗੁਰਮੁਖ) ਨੂੰ ਇਕ ਨਿਮਖ ਵਿਚ ਹੀ (ਤੱਤ ਸਰੂਪ ਦੀ) ਸਮਝ ਆ ਜਾਂਦੀ ਹੈ ॥੪੭॥
ਸਲੋਕੁ ॥
(੧) ਸਾਧੂ ਕੀ ਮਨ ਓਟ ਗਹੁ ਉਕਤਿ
ਸਿਆਨਪ ਤਿਆਗੁ ॥ (੨) ਗੁਰ ਦੀਖਿਆ
ਜਿਹ ਮਨਿ ਬਸੈ ਨਾਨਕ ਮਸਤਕਿ ਭਾਗੁ ॥੧॥
ਅਰਥ- ੧. ਹੇ (ਮੇਰੇ) ਮਨ! ਆਪਣੀਆਂ ਉਕਤੀਆਂ ਜੁਗਤੀਆਂ ਤੇ ਸਿਆਣਪਾਂ ਛੱਡਕੇ ਸਾਧੂ ਪੁਰਸ਼ਾਂ ਦੀ ਓਟ ਲੈ। ੨. ਸਤਿਗੁਰੂ ਜੀ ਕਹਿੰਦੇ ਹਨ ਕਿ ਜਿਸ ਪੁਰਸ਼ ਦੇ ਮਨ ਵਿਚ ਗੁਰੂ ਦੀ ਸਿੱਖਿਆ ਵਸਦੀ ਹੈ ਉਸ ਦੇ ਮੱਥੇ ਦੇ ਭਾਗ ਬੜੇ ਉੱਤਮ ਹਨ ॥੧॥
ਪਉੜੀ॥
(੧) ਸਸਾ ਸਰਨਿ ਪਰੇ ਅਬ ਹਾਰੇ॥ (੨)
ਸਾਸਤ੍ਰ ਸਿਮ੍ਰਿਤਿ ਬੇਦ ਪੂਕਾਰੇ॥ (੩) ਸੋਧਤ
ਸੋਧਤ ਸੋਧਿ ਬੀਚਾਰਾ ॥ (੪) ਬਿਨੁ ਹਰਿ ਭਜਨ
ਨਹੀਂ ਛੁਟਕਾਰਾ॥ (੫) ਸਾਸਿ ਸਾਸਿ ਹਮ
ਭੂਲਨਹਾਰੇ ॥ (੬) ਤੁਮ ਸਮਰਥ ਅਗਨਤ
ਅਪਾਰੇ॥ (੭) ਸਰਨਿ ਪਰੇ ਕੀ ਰਾਖੁ
ਦਇਆਲਾ ॥ (੮) ਨਾਨਕ ਤੁਮਰੇ ਬਾਲ
ਗੁਪਾਲਾ ॥੪੮॥
ਅਰਥ - ੧. ਸਸੇ ਦੁਆਰਾ ਉਪਦੇਸ਼ ਹੈ ਕਿ ਹੇ ਪ੍ਰਭੂ! ਅਸੀਂ ਹੁਣ ਹਾਰਕੇ ਆਪ ਦੀ ਸ਼ਰਨ ਪਏ ਹਾਂ। ੨. ਅਸੀਂ ਸ਼ਾਸਤ੍ਰ, ਸਿੰਮ੍ਰਿਤੀਆਂ ਤੇ ਵੇਦ ਪੜ੍ਹੇ ਹਨ। ੩. ਇਹਨਾਂ (ਸ਼ਾਸਤ੍ਰ, ਵੇਦ ਆਦਿ ਧਰਮ ਗ੍ਰੰਥਾਂ) ਨੂੰ ਸੋਧਦਿਆਂ ਸੋਧਦਿਆਂ ਭਾਵ ਪੜ੍ਹਦਿਆਂ ਪੜ੍ਹਦਿਆਂ ਇਹੋ ਵੀਚਾਰਿਆ ਹੈ ਕਿ ੪. ਹਰੀ ਦੇ ਸਿਮਰਨ ਤੋਂ ਬਿਨਾ ਛੁਟਕਾਰਾ ਨਹੀਂ ਹੋਵੇਗਾ। ੫. (ਹੇ ਪ੍ਰਭੂ !) ਅਸੀਂ ਸ੍ਵਾਸ ਸ੍ਵਾਸ ਭੁਲਣ ਵਾਲੇ ਹਾਂ । ੬. ਆਪ ਸਮਰੱਥ, ਗਿਣਤੀ ਤੋਂ ਰਹਿਤ ਤੇ ਪਾਰ ਤੋਂ ਰਹਿਤ ਹੋ। ੭. ਤੇ ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ (ਹੇ ਪ੍ਰਭੂ !) ਅਸੀਂ ਅਨਜਾਣ ਬਾਲਕ ਹਾਂ। ਇਸ ਲਈ ਹੇ ਦਿਆਲੂ ਅਕਾਲ ਪੁਰਖ! ਆਪਣੀ ਸ਼ਰਨ ਪਿਆਂ ਦੀ ਲਾਜ ਨੂੰ ਰੱਖ ਲੈ ॥੪੮॥
ਸਲੋਕੁ ॥
(੧) ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ
ਅਰੋਗ॥ (੨) ਨਾਨਕ ਦ੍ਰਿਸਟੀ ਆਇਆ
ਉਸਤਤਿ ਕਰਨੈ ਜੋਗੁ ॥੧॥
ਅਰਥ - ੧. ਜਦੋਂ ਖੁਦੀ (ਹੰਗਤਾ) ਨਾਸ ਹੋ ਗਈ ਤਾਂ ਮਨ ਤੇ ਤਨ ਦੋਵੇਂ ਅਰੋਗ ਹੋ ਗਏ ਭਾਵ ਮਨ ਤੇ ਤਨ ਵਿਚ ਸ਼ਾਂਤੀ ਆ ਵਸੀ, ੨. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਫਿਰ ਉਸਤਤੀ ਕਰਨ ਯੋਗ
ਪ੍ਰਭੂ (ਪ੍ਰਤੱਖ) ਦਿੱਸ ਪਿਆ ॥੧॥
ਪਉੜੀ॥
(੧) ਖਖਾ ਖਰਾ ਸਰਾਹਉ ਤਾਹੂ॥ (੨) ਜੋ
ਖਿਨ ਮਹਿ ਊਨੇ ਸੁਭਰ ਭਰਾਹੂ॥ (੩) ਖਰਾ
ਨਿਮਾਨਾ ਹੋਤ ਪਰਾਨੀ ॥ (੪) ਅਨਦਿਨੁ ਜਾਪੈ
ਪ੍ਰਭ ਨਿਰਬਾਨੀ ॥ (੫) ਭਾਵੈ ਖ਼ਸਮ ਤ ਉਆ
ਸੁਖੁ ਦੇਤਾ॥ (੬) ਪਾਰਬ੍ਰਹਮੁ ਐਸੋ
ਆਗਨਤਾ॥ (੭) ਅਸੰਖ ਖਤੇ ਖਿਨ
ਬਖਸਨਹਾਰਾ॥ (੮) ਨਾਨਕ ਸਾਹਿਬ ਸਦਾ
ਦਇਆਰਾ ॥੪੯॥
ਅਰਥ- ੧. ਖਖੇ ਦੁਆਰਾ ਉਪਦੇਸ਼ ਹੈ ਕਿ ਉਸ ਪ੍ਰਭੂ ਦੀ ਸਿਫਤ ਸਲਾਹ ਕਰਨੀ ਚੰਗੀ ਹੈ, ੨. (ਜੋ ਊਣਿਆਂ ਥਾਵਾਂ ਨੂੰ ਇਕ ਛਿਨ ਵਿਚ ਨੱਕੋ ਨੱਕ ਭਰ ਦਿੰਦਾ ਹੈ। ੩. ਜਿਹੜਾ ਜੀਵ (ਅਭਿਮਾਨ ਨੂੰ) ਛੱਡਕੇ ਠੀਕ ਤਰ੍ਹਾਂ ਨਾਲ ਨਿਮਾਣਾ ਹੋ ਜਾਂਦਾ ਹੈ। ੪. (ਉਹ ਫਿਰ) ਦਿਨ ਰਾਤ ਨਿਰਬਾਣ ਪ੍ਰਭੂ ਨੂੰ ਸਿਮਰਦਾ ਹੈ। ੫. ਜੇ ਉਸ ਪ੍ਰਭੂ ਨੂੰ ਉਹ ਨਿਰਮਾਣਤਾ ਨਾਲ ਸਿਮਰਨ ਕਰਨ ਵਾਲਾ ਜੀਵ ਭਾ ਜਾਵੇ, ਤਾਂ ਪ੍ਰਭੂ ਉਸ ਨੂੰ (ਬੇਅੰਤ) ਸੁਖ ਦੇਂਦਾ ਹੈ। ੬. ਅਕਾਲ ਪੁਰਖ ਐਸਾ ਅਗਣਤ ਹੈ ਕਿ ੭. ਉਹ ਇਕ ਖਿਨ ਵਿਚ ਅਸੰਖ ਦੋਸ਼ਾਂ (ਭੁੱਲਾਂ) ਬਖਸ਼ ਦੇਣ ਵਾਲਾ ਹੈ। ੮. ਸਤਿਗੁਰੂ ਜੀ ਫੁਰਮਾਉਂਦੇ ਹਨ ਕਿ ਉਹ ਸਾਹਿਬ (ਮਾਲਕ) ਸਦਾ ਹੀ ਦਿਆਲੂ ਹੈ ॥੪੯॥
ਸਲੋਕੁ ॥
(੧) ਸਤਿ ਕਹਉ ਸੁਨਿ ਮਨ ਮੇਰੇ ਸਰਨਿ ਪਰਹੁ
ਹਰਿ ਰਾਇ॥ (੨) ਉਕਤਿ ਸਿਆਨਪ ਸਗਲ
ਤਿਆਗਿ ਨਾਨਕ ਲਏ ਸਮਾਇ ॥੧॥
ਅਰਥ- ੧. ਹੇ ਮੇਰੇ ਮਨ! ਮੈਂ ਤੈਨੂੰ ਸੱਚ ਕਹਿ ਰਿਹਾ ਹਾਂ, (ਧਿਆਨ ਨਾਲ) ਸੁਣ ਕਿ ਤੂੰ ਹਰੀ ਰਾਜੇ ਦੀ ਸ਼ਰਨ ਪੈ ਜਾਹ। ੨. ਸਤਿਗੁਰੂ ਜੀ ਫੁਰਮਾਉਂਦੇ ਹਨ ਕਿ ਤੂੰ ਆਪਣੀਆਂ ਉਕਤੀਆਂ ਤੇ ਸਿਆਣਪਾਂ ਛੱਡ ਦੇ, ਫਿਰ ਤੈਨੂੰ ਅਕਾਲ ਪੁਰਖ ਆਪਣੇ ਨਾਲ ਮੇਲ ਲਵੇਗਾ ॥੧॥
ਪਉੜੀ ।।
(੧) ਸਸਾ ਸਿਆਨਪ ਛਾਡੁ ਇਆਨਾ॥ (੨)
ਹਿਕਮਤਿ ਹੁਕਮਿ ਨ ਪ੍ਰਭੁ ਪਤੀਆਨਾ ॥ (੩)
ਸਹਸ ਭਾਤਿ ਕਰਹਿ ਚਤੁਰਾਈ॥ (੪) ਸੰਗਿ
ਤੁਹਾਰੈ ਏਕ ਨ ਜਾਈ॥ (੫) ਸੋਊ ਸੋਊ ਜਪਿ
ਦਿਨ ਰਾਤੀ॥ (੬) ਰੇ ਜੀਅ ਚਲੈ ਤੁਹਾਰੈ
ਸਾਥੀ॥ (੭) ਸਾਧ ਸੇਵਾ ਲਾਵੈ ਜਿਹ ਆਪੈ॥
(੮) ਨਾਨਕ ਤਾ ਕਉ ਦੂਖੁ ਨ ਬਿਆਪੈ ॥੫੦॥
ਅਰਥ- ੧. ਸਸੇ ਦੁਆਰਾ ਉਪਦੇਸ਼ ਕਰਦੇ ਹਨ ਕਿ ਹੇ ਮੂਰਖ (ਜੀਵ !) ਆਪਣੀਆਂ ਸਿਆਣਪਾਂ (ਚਤੁਰਾਈਆਂ) ਛੱਡ ਦੇ, ੨. (ਕਿਉਂਕਿ) ਹਿਕਮਤ ਤੇ ਹੁਕਮ ਨਾਲ ਉਹ ਪ੍ਰਭੂ ਨਹੀਂ 'ਪਤੀਜਦਾ। ੩. ਭਾਵੇਂ ਤੂੰ ਹਜ਼ਾਰਾਂ ਤਰ੍ਹਾਂ ਦੀਆਂ ਚਤੁਰਾਈਆਂ ਕਰ ਲੈ,
੪. (ਪਰ) ਤੇਰੇ ਨਾਲ ਇਹਨਾਂ ਚਤੁਰਾਈਆਂ ਵਿਚੋਂ ਇਕ ਵੀ ਨਹੀਂ ਜਾਣੀ। ੫. ਦਿਨ ਰਾਤ ਉਸ ਪ੍ਰਭੂ ਨੂੰ ਹੀ ਸਿਮਰ। ੬. ਹੇ (ਮੇਰੇ) ਮਨ ! ਉਹ ਪ੍ਰਭੂ ਹੀ ਤੇਰੇ ਨਾਲ ਸੰਗੀ ਬਣਕੇ ਚਲੇਗਾ। ੭. ਜਿਸ ਪੁਰਸ਼ ਨੂੰ (ਕਿਰਪਾ ਕਰਕੇ ਉਹ ਪ੍ਰਭੂ) ਆਪ ਹੀ ਸੰਤਾਂ ਦੀ ਸੇਵਾ ਵਿਚ ਲਾਉਂਦਾ ਹੈ। ੮. ਸਤਿਗੁਰੂ ਜੀ ਕਹਿੰਦੇ ਹਨ ਕਿ ਫਿਰ ਉਸ ਪੁਰਸ਼ ਨੂੰ ਕੋਈ ਦੁਖ ਨਹੀਂ ਲੱਗਦਾ ॥੫੦॥
ਸਲੋਕੁ ॥
(੧) ਹਰਿ ਹਰਿ ਮੁਖ ਤੇ ਬੋਲਨਾ ਮਨਿ ਵੂਠੈ ਸੁਖੁ
ਹੋਇ॥ (੨) ਨਾਨਕ ਸਭ ਮਹਿ ਰਵਿ ਰਹਿਆ
ਥਾਨ ਥਨੰਤਰਿ ਸੋਇ॥੧॥
ਅਰਥ - ੧. (ਹੇ ਗੁਰਮੁਖੋ !) ਆਪਣੇ ਮੂੰਹੋਂ ਹਰੀ ਹਰੀ ਹਰੀ ਬੋਲੋ, ਹਰੀ ਦੇ ਮਨ ਵਿਚ ਵੱਸ ਜਾਣ ਨਾਲ ਮਨ ਸੁਖੀ ਹੁੰਦਾ ਹੈ। ੨. ਹੇ ਨਾਨਕ ! ਉਹ ਅਕਾਲ ਪੁਰਖ ਸਭਨਾਂ (ਪ੍ਰਾਣੀਆਂ) ਵਿਚ ਵੱਸ ਰਿਹਾ ਹੈ। ਸਾਰੀਆਂ ਥਾਵਾਂ ਤੇ ਥਾਵਾਂ ਵਾਲਿਆਂ ਵਿਚ ਵੀ ਉਹੋ ਵਿਆਪਕ ਹੈ ॥੧॥
ਪਉੜੀ॥
(੧) ਹੇਰਉ ਘਟਿ ਘਟਿ ਸਗਲ ਕੈ ਪੂਰਿ ਰਹੇ
ਭਗਵਾਨ ॥ (੨) ਹੋਵਤ ਆਏ ਸਦ ਸਦੀਵ
ਦੁਖ ਭੰਜਨ ਗੁਰ ਗਿਆਨ ॥ (੩) ਹਉ ਛੁਟਕੈ
ਹੋਇ ਅਨੰਦੁ ਤਿਹ ਹਉ ਨਾਹੀ ਤਹ ਆਪਿ॥
(੪) ਹਤੇ ਦੂਖ ਜਨਮਹ ਮਰਨ ਸੰਤਸੰਗ
ਪਰਤਾਪ॥ (੫) ਹਿਤ ਕਰਿ ਨਾਮ ਦ੍ਰਿੜੈ
ਦਇਆਲਾ॥ (੬) ਸੰਤਹ ਸੰਗਿ ਹੋਤ
ਕਿਰਪਾਲਾ ॥ (੭) ਓਰੈ ਕਛੂ ਨ ਕਿਨਹੂ
ਕੀਆ॥ (੮) ਨਾਨਕ ਸਭੁ ਕਛੁ ਪ੍ਰਭ ਤੇ
ਹੂਆ ॥੫੧॥
ਅਰਥ - ੧. (ਗਹੁ ਨਾਲ ਵੇਖੋ ਕਿ) ਹਰ ਇਕ ਦੇ ਹਿਰਦੇ ਵਿਚ ਪ੍ਰਭ ਪੂਰਨ ਹੋ ਰਿਹਾ ਹੈ। ੨. ਸਤਿਗੁਰੂ ਤੋਂ ਇਹ ਗਿਆਨ ਪ੍ਰਾਪਤ ਹੋਇਆ ਹੈ ਕਿ ਉਹ ਦੁਖਾਂ ਦੇ ਨਾਸ ਕਰਨ ਵਾਲੇ ਕਰਤਾਰ ਜੀ ਸਦਾ ਸਦੀਵ ਤੋਂ ਹੀ ਐਸੇ ਹੁੰਦੇ ਆਏ ਹਨ। ੩. ਜੇ ਹਉਮੈ ਨਾਸ ਹੋ ਜਾਵੇ ਤਾਂ ਆਨੰਦ ਪ੍ਰਾਪਤ ਹੁੰਦਾ ਹੈ। ਜਿਥੇ ਹਉਮੈ ਨਹੀਂ ਹੁੰਦੀ, ਉਥੇ ਵਾਹਿਗੁਰੂ ਆਪ ਹੁੰਦਾ ਹੈ। ੪. ਸੰਤਾਂ ਦੀ ਕਿਰਪਾ ਨਾਲ ਜਨਮ ਮਰਨ ਦੇ ਦੁਖ ਨਾਸ ਹੋ ਜਾਂਦੇ ਹਨ। ੫. ਤੇ ੬. ਜਿਹੜਾ ਪੁਰਸ਼ ਸੰਤਾਂ ਦਾ ਸੰਗ ਕਰਕੇ ਪਿਆਰ ਨਾਲ ਦਿਆਲੂ ਪ੍ਰਭੂ ਦਾ ਨਾਮ ਦ੍ਰਿੜ੍ਹ ਕਰ ਲੈਂਦਾ ਹੈ, ਉਸ ਤੇ ਕ੍ਰਿਪਾਲੂ ਹੁੰਦਾ ਹੈ। ੭. (ਅਕਾਲ ਪੁਰਖ ਤੋਂ ਬਿਨਾ) ਹੋਰ ਕਿਸੇ ਨੇ ਕੁਛ ਨਹੀਂ ਕੀਤਾ। ੮. ਸਤਿਗੁਰੂ ਜੀ ਫੁਰਮਾਉਂਦੇ ਹਨ ਕਿ (ਇਹ ਜੋ ਪਸਾਰਾ ਨਜ਼ਰ ਆਉਂਦਾ ਹੈ) ਇਹ ਸਭ ਕੁਛ ਪ੍ਰਭੂ ਦਾ ਕੀਤਾ ਹੀ ਹੋਇਆ ਹੈ ॥੫੧॥
ਸਲੋਕੁ ॥
(੧) ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ
ਭੂਲਨਹਾਰ॥ (੨) ਬਖਸਨਹਾਰ ਬਖਸਿ ਲੈ
ਨਾਨਕ ਪਾਰਿ ਉਤਾਰ ॥੧॥
ਅਰਥ- ੧. (ਕਰਮਾਂ ਦਾ) ਲੇਖਾ ਕੀਤਿਆਂ ਤਾਂ ਕਦੀ ਵੀ
ਛੁਟਕਾਰਾ ਨਹੀਂ ਹੋ ਸਕਣਾ, ਕਿਉਂਕਿ ਅਸੀਂ ਖਿਨ ਖਿਨ ਵਿਚ ਭੁਲਣ ਵਾਲੇ ਹਾਂ। ੨. ਸਤਿਗੁਰੂ ਜੀ ਕਹਿੰਦੇ ਹਨ ਕਿ ਹੇ ਬਖਸ਼ਣਹਾਰ ਪ੍ਰਭੂ ! ਤੂੰ ਸਾਨੂੰ (ਲੇਖਾ ਕੀਤੇ ਤੋਂ ਬਿਨਾ ਹੀ) ਬਖਸ਼ ਲੈ ਤੇ ਸਾਡਾ ਪਾਰ ਉਤਾਰਾ ਕਰ ਦੇ ॥੧॥
ਪਉੜੀ॥
(੧) ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ
ਮਤਿ॥ (੨) ਜੀਉ ਪਿੰਡੁ ਜਿਨਿ ਸੁਖ ਦੀਏ
ਤਾਹਿ ਨ ਜਾਨਤ ਤਤ ॥ (੩) ਲਾਹਾ ਮਾਇਆ
ਕਾਰਨੇ ਦਹ ਦਿਸਿ ਢੂਢਨ ਜਾਇ॥ (੪)
ਦੇਵਨਹਾਰ ਦਾਤਾਰ ਪ੍ਰਭ ਨਿਮਖ ਨ ਮਨਹਿ
ਬਸਾਇ ॥ (੫) ਲਾਲਚ ਝੂਠ ਬਿਕਾਰ ਮੋਹ
ਇਆ ਸੰਪੈ ਮਨ ਮਾਹਿ॥ (੬) ਲੰਪਟ ਚੋਰ
ਨਿੰਦਕ ਮਹਾ ਤਿਨਹੂ ਸੰਗਿ ਬਿਹਾਇ ॥ (੭)
ਤੁਧੁ ਭਾਵੈ ਤਾ ਬਖਸਿ ਲੈਹਿ ਖੋਟੇ ਸੰਗਿ ਖਰੇ ॥
(੮) ਨਾਨਕ ਭਾਵੈ ਪਾਰਬ੍ਰਹਮ ਪਾਹਨ ਨੀਰਿ
ਤਰੇ ॥੫੨ ॥
ਅਰਥ- ੧. (ਇਹ ਜੀਵ) ਲੂਣਹਰਾਮੀ ਤੇ ਗੁਨਹਗਾਰ ਹੈ, ਅਕਾਲ ਪੁਰਖ ਨਾਲ ਓਪਰਾ ਹੋ ਰਿਹਾ ਹੈ ਤੇ ਤੁਛ ਮਤ ਵਾਲਾ ਹੈ। ੨. ਇਹ (ਤੁੱਛ ਬੁਧੀ ਵਾਲਾ ਜੀਵ) ਐਸਾ ਹੈ ਕਿ ਜਿਸ ਪ੍ਰਭੂ ਨੇ ਇਸ ਨੂੰ ਜਿੰਦ, ਸਰੀਰ ਤੇ (ਅਨੇਕਾਂ) ਸੁਖ ਦਿਤੇ ਹਨ, ਉਸ ਨੂੰ ਇਹ ਮੂਰਖ ਨਹੀਂ ਜਾਣਦਾ। ੩. ਇਹ (ਗੁਨਹਗਾਰ) ਮਾਇਆ ਦੇ ਨਫੇ ਵਾਸਤੇ
ਦਸਾਂ ਦਿਸ਼ਾਂ ਵੱਲ (ਮਾਇਆ ਨੂੰ) ਲਭਣ ਲਈ ਜਾਂਦਾ ਹੈ। ੪. (ਪਰ ਜਿਹੜਾ ਪ੍ਰਭੂ ਸਭ ਦਾਤਾਂ) ਦੇਣ ਵਾਲਾ ਹੈ ਉਸ ਨੂੰ ਇਹ ਨਿਮਖ ਭਰ ਵੀ ਆਪਣੇ ਹਿਰਦੇ ਵਿਚ ਨਹੀਂ ਵਸਾਉਂਦਾ। ੫. ਇਹ ਲੋਭ, ਝੂਠ, ਵਿਕਾਰ ਤੇ ਮੋਹ ਆਦਿ ਨੂੰ ਆਪਣੇ ਵਿਚ ਇਕੱਠਾ ਕਰਦਾ ਰਹਿੰਦਾ ਹੈ। ੬. (ਤੇ) ਜਿਹੜੇ ਲੰਪਟ, ਚੋਰ ਤੇ ਮਹਾਂ ਨਿੰਦਕ ਪੁਰਸ਼ ਹਨ, ਉਹਨਾਂ ਨਾਲ ਮਿਲਕੇ ਇਸ ਦੀ ਉਮਰ ਬੀਤਦੀ ਹੈ। ੭. ਹੇ ਪ੍ਰਭੂ ! ਜੇ ਤੈਨੂੰ ਭਾਵੇ ਤਾਂ ਤੂੰ ਚੰਗਿਆਂ ਦੇ ਨਾਲ ਖੋਟਿਆਂ ਨੂੰ ਵੀ ਬਖਸ਼ ਲੈਂਦਾ ਹੈਂ। ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਅਕਾਲ ਪੁਰਖ ! ਜੇ ਤੈਨੂੰ ਭਾਵੇ ਤਾਂ ਪੱਥਰ ਵੀ ਪਾਣੀ ਵਿਚ ਤਰ ਸਕਦੇ ਹਨ ॥੫੨॥
ਸਲੋਕੁ ॥
(੧) ਖਾਤ ਪੀਤ ਖੇਲਤ ਹਸਤ ਭਰਮੇ ਜਨਮ
ਅਨੇਕ ॥ (੨) ਭਵਜਲ ਤੇ ਕਾਢਹੁ ਪ੍ਰਭੂ
ਨਾਨਕ ਤੇਰੀ ਟੇਕ ॥੧॥
ਅਰਥ- ੧. ਅਸੀਂ ਖਾਂਦਿਆਂ, ਪੀਂਦਿਆਂ, ਖੇਡਦਿਆਂ ਤੇ ਹਸਦਿਆਂ ਅਨੇਕ ਜਨਮਾਂ ਵਿਚ ਫਿਰਦੇ ਰਹੇ ਹਾਂ। ੨. ਸਤਿਗੁਰੂ ਜੀ ਬੇਨਤੀ ਕਰਦੇ ਹਨ ਕਿ ਹੇ ਅਕਾਲ ਪੁਰਖ! ਹੁਣ ਸਾਨੂੰ ਇਸ ਸੰਸਾਰ ਸਮੁੰਦਰ ਵਿਚੋਂ ਕਢ ਲੈ, ਸਾਨੂੰ ਤੇਰਾ ਹੀ ਆਸਰਾ ਹੈ ॥੧॥
ਪਉੜੀ॥
(੧) ਖੇਲਤ ਖੇਲਤ ਆਇਓ ਅਨਿਕ ਜੋਨਿ
ਦੁਖ ਪਾਇ॥ (੨) ਖੇਦ ਮਿਟੇ ਸਾਧੂ ਮਿਲਤ
ਸਤਿਗੁਰ ਬਚਨ ਸਮਾਇ॥ (੩) ਖਿਮਾ ਗਹੀ
ਸਚੁ ਸੰਚਿਓ ਖਾਇਓ ਅੰਮ੍ਰਿਤੁ ਨਾਮ॥ (੪)
ਖਰੀ ਕ੍ਰਿਪਾ ਠਾਕੁਰ ਭਈ ਅਨਦ ਸੂਖ ਬਿਸ੍ਰਾਮ ॥
(੫) ਖੇਪ ਨਿਬਾਹੀ ਬਹੁਤੁ ਲਾਭ ਘਰਿ ਆਏ
ਪਤਿਵੰਤ॥ (੬) ਖਰਾ ਦਿਲਾਸਾ ਗੁਰਿ ਦੀਆ
ਆਇ ਮਿਲੇ ਭਗਵੰਤ॥ (੭) ਆਪਨ ਕੀਆ
ਕਰਹਿ ਆਪਿ ਆਗੈ ਪਾਛੈ ਆਪਿ॥ (੮)
ਨਾਨਕ ਸੋਊ ਸਰਾਹੀਐ ਜਿ ਘਟਿ ਘਟਿ
ਰਹਿਆ ਬਿਆਪਿ ॥੫੩॥
ਅਰਥ- ੧. (ਮੈਂ) ਅਨੇਕਾਂ ਜੂਨਾਂ ਵਿਚ ਦੁਖ ਪਾ ਕੇ ਉਹਨਾਂ ਜੂਨਾਂ ਦੀਆਂ ਖੇਡਾਂ ਖੇਡਦਾ ਹੋਇਆ ਆਇਆ ਹਾਂ। ੨. (ਪਰ) ਹੁਣ (ਮੈਨੂੰ) ਸਾਧੂ (ਗੁਰੂ) ਮਿਲ ਪਿਆ ਹੈ, ਜਿਸ ਦੇ ਬਚਨ (ਉਪਦੇਸ਼) ਮੇਰੇ ਹਿਰਦੇ ਵਿਚ ਸਮਾ ਗਏ ਹਨ ਤੇ (ਮੇਰੇ ਸਾਰੇ) ਦੁਖ ਨਾਸ ਹੋ ਗਏ ਹਨ। ੩. (ਸਤਿਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ) ਮੈਂ ਖਿਮਾਂ ਧਾਰਨ ਕੀਤੀ ਹੈ, ਸੱਚ ਨੂੰ ਇਕੱਠਾ ਕੀਤਾ ਹੈ ਤੇ ਨਾਮ ਰੂਪੀ ਅੰਮ੍ਰਿਤ ਖਾਧਾ ਹੈ ਭਾਵ ਅਮਰ ਕਰਨ ਵਾਲਾ ਪ੍ਰਭੂ ਦਾ ਨਾਮ ਸਿਮਰਿਆ ਹੈ। ੪. ਹੁਣ ਮੇਰੇ 'ਤੇ ਪਰਮੇਸ਼ਰ ਦੀ ਅਪਾਰ ਕਿਰਪਾ ਹੋਈ ਹੈ ਤੇ ਮੈਨੂੰ ਆਨੰਦ, ਸੁਖ ਤੇ ਟਿਕਾਉ ਮਿਲ ਗਿਆ ਹੈ। ੫. (ਸਤਿਗੁਰੂ ਨੇ) ਮੇਰੀ ਖੇਪ ਨਿਬਾਹ ਦਿੱਤੀ ਹੈ ਭਾਵ ਮੇਰੀ ਘਾਲ ਸਫਲ ਹੋ ਗਈ ਹੈ ਤੇ ਮੈਨੂੰ ਬਹੁਤ ਨਫਾ ਪ੍ਰਾਪਤ ਹੋਇਆ ਹੈ ਤੇ ਮੈਂ ਬੜੀ ਇੱਜ਼ਤ ਨਾਲ ਆਪਣੇ ਘਰ (ਸਰੂਪ) ਵਿਚ ਆਇਆ ਹਾਂ। ੬. (ਮੇਰੇ ਨਾਲ) ਗੁਰੂ ਨੇ ਬਹੁਤ ਪਿਆਰ ਕੀਤਾ ਹੈ, ਜਿਸ ਕਰਕੇ (ਮੈਨੂੰ) ਪ੍ਰਭੂ ਜੀ ਆ ਕੇ ਮਿਲੇ ਹਨ। ੭. (ਇਹ ਸਭ ਕੁਛ) ਪ੍ਰਭੂ ਨੇ ਆਪ ਹੀ ਕੀਤਾ ਹੈ, ਆਪ ਹੀ ਕਰਦਾ ਹੈ ਤੇ ਅਗੇ ਪਿੱਛੇ ਪ੍ਰਭੂ ਆਪ ਹੀ ਆਪ ਹੈ। ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਹੜਾ ਪ੍ਰਭੂ ਘਟ ਘਟ ਵਿਚ ਵਿਆਪ ਰਿਹਾ ਹੈ,
ਉਸੇ ਦੀ ਸਿਫਤ ਸਲਾਹ ਕਰੋ ॥੫੩॥
ਸਲੋਕੁ ॥
(੧) ਆਏ ਪ੍ਰਭ ਸਰਨਾਗਤੀ ਕਿਰਪਾ ਨਿਧਿ
ਦਇਆਲ ॥ (੨) ਏਕ ਅਖਰੁ ਹਰਿ ਮਨਿ
ਬਸਤ ਨਾਨਕ ਹੋਤ ਨਿਹਾਲ ॥੧॥
ਅਰਥ- ਜਿਹੜੇ ਪੁਰਸ਼ ਕਿਰਪਾ ਦੇ ਭੰਡਾਰ ਤੇ ਦਿਆਲੂ ਪਰਮਾਤਮਾ ਦੀ ਸ਼ਰਨ ਵਿਚ ਆਏ ਹਨ। ੨. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਅਵਿਨਾਸੀ ਪ੍ਰਭੂ ਦੇ ਮਨ ਵਿਚ ਵੱਸ ਜਾਣ ਕਰਕੇ ਉਹ ਪੁਰਸ਼ ਨਿਹਾਲ ਹੋ ਗਏ ਹਨ ॥੧॥
ਪਉੜੀ॥
(੧) ਅਖਰ ਮਹਿ ਤ੍ਰਿਭਵਨ ਪ੍ਰਭਿ ਧਾਰੇ ॥ (੨)
ਅਖਰ ਕਰਿ ਕਰਿ ਬੇਦ ਬੀਚਾਰੇ ॥ (੩) ਅਖਰ
ਸਾਸਤ੍ਰ ਸਿੰਮ੍ਰਿਤਿ ਪੁਰਾਨਾ ॥ (੪) ਅਖਰ ਨਾਦ
ਕਥਨ ਵਖਾਨਾ ॥ (੫) ਅਖਰ ਮੁਕਤਿ ਜੁਗਤਿ
ਭੈ ਭਰਮਾ ॥ (੬) ਅਖਰ ਕਰਮ ਕਿਰਤਿ ਸੁਚ
ਧਰਮਾ॥ (੭) ਦ੍ਰਿਸਟਿਮਾਨ ਅਖਰ ਹੈ ਜੇਤਾ॥
(੮) ਨਾਨਕ ਪਾਰਬ੍ਰਹਮ ਨਿਰਲੇਪਾ ॥੫੪॥
ਅਰਥ- ੧. ਤਿੰਨਾਂ ਲੋਕਾਂ ਨੂੰ ਪ੍ਰਭੂ ਨੇ ਅੱਖਰਾਂ ਵਿਚ ਹੀ ਬਣਾਇਆ ਹੈ। ੨. ਅੱਖਰਾਂ ਕਰਕੇ ਹੀ ਵੇਦ ਲਿਖੇ ਗਏ ਹਨ ਤੇ ਅੱਖਰਾਂ ਕਰਕੇ ਹੀ ਵੇਦਾਂ ਦਾ ਵੀਚਾਰ ਹੁੰਦਾ ਹੈ। ੩. ਸ਼ਾਸਤ੍ਰ, ਸਿੰਮ੍ਰਿਤੀਆਂ ਤੇ ਪੁਰਾਨ ਅੱਖਰਾਂ ਵਿਚ ਹੀ ਲਿਖੇ ਗਏ ਹਨ। ੪. ਅੱਖਰਾਂ
ਕਰਕੇ ਹੀ ਨਾਦ (ਰਾਗ), ਕਥਨ ਤੇ ਵਿਆਖਿਆ ਹੁੰਦੀ ਹੈ। ੫. ਅੱਖਰਾਂ ਕਰਕੇ ਹੀ ਭੈ ਭਰਮ ਤੋਂ ਰਹਿਤ ਹੋ ਕੇ ਮੁਕਤੀ ਦੀ ਜੁਗਤੀ ਪ੍ਰਾਪਤ ਹੁੰਦੀ ਹੈ। ੬. ਅੱਖਰਾਂ ਕਰਕੇ ਹੀ ਧਰਮ ਦੀਆਂ ਸੁਚਤਾਈਆਂ ਤੇ ਕਰਮ ਦੀਆਂ ਕਿਰਤਾਂ ਹੁੰਦੀਆਂ ਹਨ। ੭. ਇਹ ਜਿੰਨਾ ਪਸਾਰਾ ਨਜ਼ਰ ਆ ਰਿਹਾ ਹੈ ਇਹ ਸਭ ਅੱਖਰਾਂ ਵਿਚ ਹੈ। ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਕੇਵਲ ਪ੍ਰਭੂ ਹੀ ਇਹਨਾਂ ਅੱਖਰਾਂ ਤੋਂ ਨਿਰਲੇਪ ਹੈ ॥੫੪॥
ਸਲੋਕੁ ॥
(੧) ਹਥਿ ਕਲੰਮ ਅਗੰਮ ਮਸਤਕਿ
ਲਿਖਾਵਤੀ॥ (੨) ਉਰਝਿ ਰਹਿਓ ਸਭ ਸੰਗਿ
ਅਨੂਪ ਰੂਪਾਵਤੀ॥ (੩) ਉਸਤਤਿ ਕਹਨੁ ਨ
ਜਾਇ ਮੁਖਹੁ ਤੁਹਾਰੀਆ॥ (੪) ਮੋਹੀ ਦੇਖਿ
ਦਰਸੁ ਨਾਨਕ ਬਲਿਹਾਰੀਆ ॥੧॥
ਅਰਥ - ੧. ਹੇ ਗੰਮਤਾ ਰਹਿਤ ਅਕਾਲ ਪੁਰਖ! ਤੇਰੇ ਹੱਥ ਵਿਚ ਹੁਕਮ ਰੂਪੀ ਕਲਮ ਹੈ, ਜਿਸ ਨਾਲ ਤੂੰ ਜੀਵਾਂ ਦੇ ਮਸਤਕ 'ਤੇ ਲੇਖ ਲਿਖਦਾ ਹੈਂ। ੨. ਹੇ ਅਨੂਪ ਸੁੰਦਰਤਾ ਵਾਲੇ ਕਰਤਾਰ ! ਤੂੰ ਸਭ ਜੀਵਾਂ ਨਾਲ ਮਿਲ ਰਿਹਾ ਹੈਂ (ਵਖਰਾ ਹੋ ਕੇ ਨਹੀਂ ਬੈਠਾ)। ੩. ਤੇਰੀਆਂ ਉਸਤਤਾਂ ਮੂੰਹ ਤੋਂ ਕਹੀਆਂ ਨਹੀਂ ਜਾ ਸਕਦੀਆਂ। ੪. ਸਤਿਗੁਰੂ ਜੀ ਫੁਰਮਾਉਂਦੇ ਹਨ ਕਿ ਮੈਂ ਤੇਰਾ (ਅਨੂਪਮ) ਦਰਸ਼ਨ ਦੇਖ ਕੇ ਮੋਹਿਆ ਗਿਆ ਹਾਂ ਤੇ ਤੈਥੋਂ ਬਲਿਹਾਰ ਹੋ ਰਿਹਾ ਹਾਂ ॥੧॥
ਪਉੜੀ॥
(੧) ਹੇ ਅਚੁਤ ਹੇ ਪਾਰਬ੍ਰਹਮ ਅਬਿਨਾਸੀ
ਅਘਨਾਸ॥ (੨) ਹੇ ਪੂਰਨ ਹੇ ਸਰਬ ਮੈ ਦੁਖ
ਭੰਜਨ ਗੁਣਤਾਸ॥ (੩) ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ ॥ (੪) ਹੇ ਗੋਬਿਦ ਹੇ ਗੁਣ
ਨਿਧਾਨ ਜਾ ਕੈ ਸਦਾ ਬਿਬੇਕ॥ (੫) ਹੇ
ਅਪਰੰਪਰ ਹਰਿ ਹਰੇ ਹਹਿ ਭੀ ਹੋਵਨਹਾਰ ॥ (੬)
ਹੇ ਸੰਤਹ ਕੈ ਸਦਾ ਸੰਗਿ ਨਿਧਾਰਾ ਆਧਾਰ॥
(੭) ਹੇ ਠਾਕੁਰ ਹਉ ਦਾਸਰੋ ਮੈ ਨਿਰਗੁਨ ਗੁਨੁ
ਨਹੀਂ ਕੋਇ॥ (੮) ਨਾਨਕ ਦੀਜੈ ਨਾਮ ਦਾਨੁ
ਰਾਖਉ ਹੀਐ ਪਰੋਇ ॥੫੫॥
ਅਰਥ - ੧. ਹੇ ਸਦਾ ਅਟੱਲ ! ਹੇ ਪਾਰਬ੍ਰਹਮ! ਹੇ ਨਾਸ ਰਹਿਤ ਤੇ ਪਾਪਾਂ ਦੇ ਨਾਸ ਕਰਨ ਵਾਲੇ! ੨. ਹੇ ਪਰੀਪੂਰਨ! ਹੇ ਸਭ (ਜੀਵਾਂ) ਵਿਚ ਵਿਆਪਕ! ਹੇ ਦੁਖਾਂ ਦੇ ਨਾਸ ਕਰਨ ਵਾਲੇ ਤੇ ਗੁਣਾਂ ਦੇ ਭੰਡਾਰ! ੩. ਹੇ (ਸਭ ਪ੍ਰਾਣੀਆਂ ਦੇ) ਸੰਗੀ! ਹੇ ਆਕਾਰ ਰਹਿਤ ! ਹੇ (ਤਿੰਨਾਂ) ਗੁਣਾਂ ਤੋਂ ਰਹਿਤ ਤੇ ਸਭ ਦੇ ਆਸਰਾ ! ੪. ਹੇ ਪ੍ਰਿਥਵੀ ਦੀ ਪਾਲਣਾ ਕਰਨ ਵਾਲ਼ੇ! ਹੇ ਗੁਣਾਂ ਦੇ ਸਾਗਰ ! ਹੇ ਜਿਸ ਦੇ ਵਿਚ ਸਦਾ ਬਿਬੇਕ ਹੈ। ੫. ਹੇ ਪਰੇ ਤੋਂ ਪਰੇ ਰੂਪ ਵਾਲੇ! ਹੇ ਹਰ ਜੀਵ ਨੂੰ ਹਰੇ ਕਰਨ ਵਾਲੇ ! ਤੂੰ ਹੁਣ ਵੀ ਹੈਂ ਤੇ ਅਗੋਂ ਵੀ ਹੋਣ ਵਾਲਾ ਹੈਂ। ੬. ਹੇ ਸੰਤਾਂ ਦੇ ਸਦਾ ਦੇ ਸਾਥੀ! ਹੇ ਨਿਆਸਰਿਆਂ ਦੇ ਆਸਰੇ! ੭ ਹੇ ਠਾਕੁਰ ! ਮੈਂ (ਆਪ ਦਾ) ਦਾਸ ਹਾਂ। ਮੈਂ ਗੁਣਹੀਨ ਹਾਂ, ਮੇਰੇ ਵਿਚ ਕੋਈ ਗੁਣ ਨਹੀਂ ੮. ਸਤਿਗੁਰੂ ਜੀ ਪ੍ਰਭੂ ਅਗੇ ਬੇਨਤੀ ਕਰਦੇ ਹਨ ਕਿ ਹੇ ਅਕਾਲ ਪੁਰਖ! ਮੈਨੂੰ ਆਪਣੇ ਨਾਮ ਦਾ ਦਾਨ ਬਖਸ਼ੋ, ਜਿਸ ਨੂੰ ਮੈਂ ਆਪਣੇ ਹਿਰਦੇ ਵਿਚ ਪਰੋਕੇ ਰਖਾਂ ॥੫੫॥
ਸਲੋਕੁ ॥
(੧) ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ
ਸੁਆਮੀ ਪਰਮੇਸੁਰਾ ॥ (੨) ਗੁਰਦੇਵ ਸਖਾ
ਅਗਿਆਨ ਭੰਜਨੁ ਗੁਰਦੇਵ ਬੰਧਿਪ
ਸਹੋਦਰਾ ॥ (੩) ਗੁਰਦੇਵ ਦਾਤਾ ਹਰਿ ਨਾਮੁ
ਉਪਦੇਸੈ ਗੁਰਦੇਵ ਮੰਤੁ ਨਿਰੋਧਰਾ॥ (੪)
ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ
ਪਾਰਸ ਪਰਸ ਪਰਾ ॥ (੫) ਗੁਰਦੇਵ ਤੀਰਥੁ
ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ
ਅਪਰੰਪਰਾ ॥ (੬) ਗੁਰਦੇਵ ਕਰਤਾ ਸਭਿ ਪਾਪ
ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥ (੭)
ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ
ਮੰਤੁ ਹਰਿ ਜਪਿ ਉਧਰਾ॥ (੮) ਗੁਰਦੇਵ
ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ
ਪਾਪੀ ਜਿਤੁ ਲਗਿ ਤਰਾ॥ (੯) ਗੁਰਦੇਵ
ਸਤਿਗੁਰੁ ਪਾਰਬ੍ਰਹਮ ਪਰਮੇਸਰੁ ਗੁਰਦੇਵ
ਨਾਨਕ ਹਰਿ ਨਮਸਕਰਾ ॥੧॥ (੧੦) ਏਹੁ
ਸਲੋਕੁ ਆਦਿ ਅੰਤਿ ਪੜਣਾ॥
ਇਹ ਅਖੀਰਲਾ ਸਲੋਕ ਤੇ ਮੁਢਲਾ ਸਲੋਕ ਇਕੋ ਹਨ। ਇਸ
ਸਲੋਕ ਨੂੰ ਸਤਿਗੁਰੂ ਜੀ ਵਲੋਂ ਆਦਿ 'ਤੇ ਅੰਤ ਵਿਚ ਪੜ੍ਹਨ ਦੀ ਆਗਿਆ ਹੈ। ਇਸੇ ਲਈ ਇਹ ਅਖੀਰ 'ਤੇ ਵੀ ਲਿਖ ਦਿੱਤਾ ਗਿਆ' ਹੈ। ਇਸ ਸਲੋਕ ਦੇ ਅਰਥ ਬਾਵਨ ਅਖਰੀ ਦੇ ਆਰੰਭ ਵਿਚ ਆ ਗਏ ਹਨ। ਇਸ ਦੇ ਅਰਥ ਉਥੇ ਵੇਖੋ।
ਬਾਵਨ ਅਖਰੀ ਸਟੀਕ ਸਮਾਪਤ ॥
* * *