ਪਉੜੀ॥
(੧) ਠਠਾ ਮਨੂਆ ਠਾਹਹਿ ਨਾਹੀ॥ (੨) ਜੋ
ਸਗਲ ਤਿਆਗਿ ਏਕਹਿ ਲਪਟਾਹੀ॥ (੩)
ਠਹਕਿ ਠਹਕਿ ਮਾਇਆ ਸੰਗਿ ਮੂਏ॥ (੪)
ਉਆ ਕੈ ਕੁਸਲ ਨ ਕਤਹੂ ਹੂਏ ॥ (੫) ਠਾਂਢਿ
ਪਰੀ ਸੰਤਹ ਸੰਗਿ ਬਸਿਆ॥ (੬) ਅੰਮ੍ਰਿਤ
ਨਾਮੁ ਤਹਾ ਜੀਅ ਰਸਿਆ॥ (੭) ਠਾਕੁਰ
ਅਪੁਨੇ ਜੋ ਜਨੁ ਭਾਇਆ॥ (੮) ਨਾਨਕ ਉਆ
ਕਾ ਮਨੁ ਸੀਤਲਾਇਆ॥੨੮॥
ਅਰਥ- ੧. ਤੇ ੨. ਠਠੇ ਦੁਆਰਾ ਉਪਦੇਸ਼ ਹੈ ਕਿ ਜਿਹੜੇ ਪੁਰਸ਼ ਹੋਰ ਸਭਨਾਂ ਨੂੰ ਛੱਡਕੇ ਇਕ ਪਰਮੇਸ਼ਰ ਨਾਲ ਪ੍ਰੀਤ ਕਰਦੇ ਹਨ, ਉਹ ਕਿਸੇ ਦਾ ਮਨ ਨਹੀਂ ਢਾਹੁੰਦੇ (ਭਾਵ ਬੁਰੇ ਸ਼ਬਦ ਬੋਲਕੇ ਜਾਂ ਬੂਰਾ ਵਰਤਾਵ ਕਰਕੇ ਕਿਸੇ ਦਾ ਮਨ ਨਹੀਂ ਦੁਖਾਉਂਦੇ) । ੩. (ਪਰ) ਜਿਹੜੇ ਪੁਰਸ਼ ਮਾਇਆ ਵਿਚ ਖਚਤ ਹੋ ਕੇ ਮਰਦੇ ਰਹਿੰਦੇ ਹਨ, ੪. (ਉਹਨਾਂ ਦੇ ਘਰ) ਕਦੀ ਵੀ ਸੁਖ ਨਹੀਂ ਹੁੰਦਾ। ੫. ਜਿਹੜਾ ਪੁਰਸ਼ ਸੰਤਾਂ ਦੇ ਸੰਗ ਵਿਚ ਜਾ ਵੱਸਦਾ ਹੈ, ਉਸ ਦੇ ਹਿਰਦੇ ਵਿਚ ਠੰਢ ਪਈ ਹੈ (ਭਾਵ ਸੰਤਾਂ ਦੀ ਸੰਗਤ ਕਰਨ ਨਾਲ ਸ਼ਾਂਤੀ ਪ੍ਰਾਪਤ ਹੁੰਦੀ ਹੈ)। ੬. ਉਥੇ (ਸੰਤਾਂ ਦੀ ਸੰਗਤ ਵਿਚ) ਉਸ ਪੁਰਸ਼ ਦੇ ਹਿਰਦੇ ਵਿਚ ਨਾਮ-ਅੰਮ੍ਰਿਤ ਦਾ ਸੰਚਾਰ ਹੁੰਦਾ ਹੈ। ੭. ਜਿਹੜਾ ਪੁਰਸ਼ ਆਪਣੇ ਮਾਲਕ (ਪ੍ਰਭੂ) ਨੂੰ ਭਾ ਗਿਆ ਹੈ। ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਪੁਰਸ਼ ਦਾ ਮਨ ਸੀਤਲ ਹੋਇਆ ਹੈ॥੨੮॥