ਬੇਨਤੀ
ਇਹ ਪੁਸਤਕ "ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਜੀਵਨ ਵਿਚੋਂ ਕੁਝ ਚਮਤਕਾਰ”, ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਵਲੋਂ ਦਸਮ ਪਾਤਸ਼ਾਹ ਜੀ ਦੇ ਤਿੰਨ ਸੌ ਸਾਲਾ ਪ੍ਰਕਾਸ਼ ਉਤਸਵ ਦੇ ਮੌਕੇ ਤੇ ਪ੍ਰਕਾਸ਼ਤ ਕੀਤੀ ਗਈ ਸੀ। ਇਸ ਵਿੱਚ ਭਾਈ ਸਾਹਿਬ ਡਾ. ਵੀਰ ਸਿੰਘ ਜੀ ਦੀ ਲਿਖਤ ਸ੍ਰੀ ਗੁਰੂ ਕਲਗੀਧਰ ਚਮਤਕਾਰ ਵਿੱਚੋਂ ਕੁਝ ਪ੍ਰਸੰਗ ਮੇਰਾ ਦੁੱਧ (ਬੁੱਢਣ ਸ਼ਾਹ), ਕਾਲਸੀ ਦਾ ਰਿਖੀ, ਭੀਖਣ ਸ਼ਾਹ ਫ਼ਕੀਰ, ਬੀਬੀ ਸੁਘੜ ਬਾਈਂ ਤੇ ਮੋਹਿਨਾ ਸੋਹਿਨਾ ਛਾਪੇ ਗਏ ਹਨ।
ਇਨ੍ਹਾਂ ਪ੍ਰਸੰਗਾਂ ਵਿੱਚ ਭਾਈ ਵੀਰ ਸਿੰਘ ਜੀ ਨੇ ਗੁਰੂ ਕਲਗੀਧਰ ਮਹਾਰਾਜ ਜੀ ਦੇ ਪਵਿੱਤਰ ਜੀਵਨ ਤੇ ਗੁਰਬਾਣੀ ਪ੍ਰਚਾਰਨ ਵਿੱਚ ਜੋ ਵਿਸ਼ਾਲ ਕੰਮ ਕੀਤੇ ਹਨ ਉਨ੍ਹਾਂ ਵਿਚੋਂ ਇਹ ਕੇਵਲ ਵੰਨਗੀ ਮਾਤਰ ਹੀ ਹਨ। ਸਾਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਪ੍ਰਸੰਗਾਂ ਨੂੰ ਪੜ੍ਹ ਕੇ ਪਾਠਕ ਗੁਰੂ ਸਾਹਿਬ ਜੀ ਦੀ ਮਹਾਨ ਸ਼ਖਸੀਅਤ ਤੇ ਉਹਨਾਂ ਦੇ ਮਹਾਨ ਉਦੇਸ਼ਾਂ ਨੂੰ ਅਨੁਭਵ ਕਰ ਸਕਣਗੇ। ਸ੍ਰੀ ਦਸਮ ਪਾਤਸ਼ਾਹ ਜੀ ਦਾ ਜੀਵਨ ਵਿਸਥਾਰ ਸਹਿਤ ਪੜ੍ਹਨ ਲਈ ਸ੍ਰੀ ਗੁਰੂ ਕਲਗੀਧਰ ਚਮਤਕਾਰ (ਦੋਵੇਂ ਭਾਗ) ਦਾ ਅਧਿਐਨ ਕਰਨਾ ਜ਼ਰੂਰੀ ਹੈ।
ਅਸੀਂ ਆਸ ਕਰਦੇ ਹਾਂ ਕਿ ਪਾਠਕ ਇਸ ਨਵੀਂ ਐਡੀਸ਼ਨ ਦਾ ਸਵਾਗਤ ਕਰਨਗੇ।
ਜਨਵਰੀ, 2012
ਭਾਈ ਵੀਰ ਸਿੰਘ ਸਾਹਿਤ ਸਦਨ
ਨਵੀਂ ਦਿੱਲੀ
1. ਮੇਰਾ ਦੁੱਧ (ਬੁੱਢਣਸ਼ਾਹ)*
(ਕਲਗੀਆਂ ਵਾਲਾ ਸ੍ਰੀ ਗੁਰੂ ਨਾਨਕ)
ਸਮਾਂ ਟੁਰਿਆ ਹੀ ਰਹਿੰਦਾ ਹੈ, ਸੋ ਟੁਰਿਆ ਹੀ ਗਿਆ, ਅੱਧੀ ਸਦੀ ਲਗ ਪਗ ਹੋਰ ਬੀਤ ਗਈ। ਖੜਗਾਂ ਵਾਲੇ ਗੁਰ ਨਾਨਕ ਜੀ ਹੁਣ ਦਸਵੇਂ ਜਾਮੇਂ ਆ ਗਏ। ਕੀਰਤਪੁਰ ਕੋਲੋਂ ਲੰਘ ਗਏ, ਅਗੇਰੇ ਚਲੇ ਗਏ, ਜਾ ਪਹਾੜੀਆਂ ਦੂਨਾਂ ਵਿਚ ਆਨੰਦ ਖੇੜਿਆ, ਜਿਥੇ ਆਨੰਦਪੁਰ ਨੌਵੇਂ ਸਤਿਗੁਰ ਦਾ ਵਸਾਇਆ ਵੱਸ ਰਿਹਾ ਸੀ।
ਦਿਲ ਤਾਂ ਦਸੀਂ ਜਾਮੀਂ ਨਿਰੰਤਰ ਰੱਬੀ ਸੀ, ਤੇ ਵਿਸਮਾਦ, ਇਲਾਹੀ ਤੇਜ, ਸਦਾ ਰੂਹਾਨੀ ਰੰਗ ਦਾ ਅੰਦਰ ਖੇੜਾ ਸੀ, ਹੱਥ ਵਿਚ ਮਾਲਾ, ਲੱਕ ਨਾਲ ਖੜਗ ਸੀ ਤੇ ਹੁਣ ਸੀਸ ਉਤੇ ਕਲਗੀ ਆ ਲੱਗੀ। ਅਰਥਾਤ ਸ਼ਾਂਤਿ, ਉਤਸ਼ਾਹ, ਚੜ੍ਹਦੀਆਂ ਕਲਾਂ ਦਾ ਇਕੱਠਾ ਪ੍ਰਕਾਸ਼ ਹੋ ਗਿਆ। ਸ਼ਾਂਤਿ ਰੂਪ ਪੰਥ ਵਿਚ ਦੀਨ ਰੱਖ੍ਯਾ ਹਿਤ ਬੀਰ ਰਸ ਆਇਆ ਸੀ, ਪਰ ਬੀਰ ਰਸ ਵਿਚ ਰਹਿੰਦਿਆਂ ਕਾਂਪ ਨਾ ਖਾਣੇ ਲਈ ਸੁਰਤ ਨੇ ਚੜ੍ਹਦੀਆਂ ਕਲਾਂ (ਹਉਂ ਰਹਿਤ ਖੇੜੇ) ਦਾ ਰੰਗ ਪਕੜਿਆ ਸੀ।
----------------------
* ਇਹ ਪ੍ਰਸੰਗ- ਸੰ.ਗੁ.ਨਾ.ਸਾ ੪੪੬ (੧੯੧੪) ਦੇ ਗੁਰਪੁਰਬ ਪੁਨੰਮ ਪਰ ਪ੍ਰਕਾਸ਼ਿਆ ਗਿਆ ਸੀ। ਭਾਈ ਬੁੱਢਣਸ਼ਾਹ ਜੀ ਦੇ ਜੀਵਨ ਦੇ ਤਿੰਨ ਭਾਗ ਹਨ। ਪਹਿਲਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਵਰਤਿਆ, ਜੋ ਗੁ.ਨਾ ਚਮਤਕਾਰ ਵਿਚ ਹੈ, ਦੂਜਾ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਸਮੇਂ ਵਰਤਿਆ ਜੋ ਅਸ਼ਟ ਗੁਰ ਚਮਤਕਾਰ (ਭਾਗ-੩) ਵਿਚ ਹੈ, ਤੇ ਤੀਜਾ ਦਸਮ ਪਾਤਸ਼ਾਹ ਦੇ ਸਮੇਂ ਵਰਤਿਆ ਜੋ ਇਥੇ ਦਿਤਾ ਹੈ। ਤਿੰਨੇ ਭਾਗ ਕਠੇ ਵੀ "ਭਾਈ ਬੁੱਢਣ ਸ਼ਾਹ" ਟ੍ਰੈਕਟ ਦੇ ਰੂਪ ਵਿਚ ਛਪ ਚੁਕਾ ਹੈ, ਜੋ ਭਾਈ ਵੀਰ ਸਿੰਘ ਸਾਹਿਤ ਸਦਨ ਤੋਂ ਮਿਲ ਸਕਦਾ ਹੈ।
ਜਦੋਂ ਆਨੰਦਪੁਰ ਤੋਂ ਨਾਹਨ ਜਾਣ ਦੀ ਤਿਆਰੀ ਹੋ ਰਹੀ ਸੀ, ਉਹਨਾਂ ਦਿਨਾਂ ਵਿਚ ਇਕ ਦਿਨ ਸਵੇਰ ਸਾਰ ਦਸਵੇਂ ਸਤਿਗੁਰ ਨਾਨਕ ਜੀ ਸਤਲੁਜ ਦੇ ਕਿਨਾਰੇ ਅੰਮ੍ਰਿਤ ਵੇਲੇ ਤੋਂ ਬੈਠੇ ਸੇ, ਇਕਾਂਤ ਸੀ ਤੇ ਆਪ ਇਕੱਲੇ ਸੇ; ਨੈਣ, ਇਲਾਹੀ ਜਲਵੇ ਵਾਲੇ ਨੈਣ, ਬੰਦ ਹੋ ਗਏ, ਡੇਢ ਪੌਣੇ ਦੋ ਸੌ ਵਰ੍ਹੇ ਦਾ ਪਿਛਲਾ ਸਮਾਂ ਅੰਦਰੋਂ ਖੁੱਲ੍ਹੇ ਨੈਣਾਂ ਦੇ ਅੱਗੇ ਵਿਛ ਗਿਆ। ਬਿਰਦ ਬਾਣੇ ਦਾ ਹੁਲਾਸ ਆਇਆ, ਜੰਗਲ ਵਿਚ ਤਦੋਂ ਦਾ ਬੁੱਢਾ ਫ਼ਕੀਰ, ਹਠੀਆ ਤਪੀਆ, ਨਿਰਾਸ ਤੇ ਦੁਖੀ ਡਿੱਠਾ ਪਛਾਣਿਆਂ, 'ਹਾਂ' ਇਸ ਨੂੰ ਇਸ ਉਦਾਸ ਦਸ਼ਾ ਵਿਚ ਪਿਆਰ ਕੀਤਾ ਸੀ, ਗੇਣਤੀਆਂ ਵਿਚੋਂ ਕੱਢ, ਹਿਸਾਬਾਂ ਤੋਂ ਚੱਕ, ਸੋਚਾਂ ਤੋਂ ਉੱਚਾ ਕਰ ਵਾਹਿਗੁਰੂ ਦੀ ਸਦਾ ਹਜ਼ੂਰੀ ਦੇ ਚਬੂਤਰੇ ਤੇ ਚਾੜ੍ਹਿਆ ਸੀ, ਖੀਵਾ ਕੀਤਾ ਸੀ, ਬੇਖ਼ੁਦੀਆਂ ਦੀ ਪੀਂਘ ਝੁਟਾਈ ਸੀ ਤੇ ਆਖਿਆ ਸੀ-“ਦੁੱਧ ਛੇਵੇਂ ਜਾਮੇਂ ਪੀਆਂਗੇ" ਤੇ ਛੇਵੇਂ ਜਾਮੇਂ ਆਪਣਾ ਲਾਇਆ ਬੂਟਾ ਪਲਿਆ ਹੋਇਆ ਤੱਕਿਆ ਸੀ, ਦੁੱਧ ਪੀਤਾ ਸੀ, ਤੇ ਆਖਿਆ ਸੀ, "ਫੇਰ ਪੀਆਂਗੇ, ਬਈ ਫੇਰ ਪੀਆਂਗੇ"। ਉਹ ਪਿਆਰਾ ਹੁਣ ਪੱਕਾ ਫਲ ਹੈ, ਬ੍ਰਿਧ ਉਮਰਾ ਨਾਲ ਢੁੱਕ ਖੜੋਤਾ ਹੈ, ਪਰ ਫਲ ਤਰੋਤਾਜ਼ਾ ਰਸ ਭਰਿਆ ਪਾਤਸ਼ਾਹੀ ਮਹਿਲਾਂ ਲਈ ਤਿਆਰ ਹੈ'।
ਜਿਵੇਂ ਪਹਿਲੇ ਜਾਮੇਂ ਲਾਇਆ ਸੀ, ਤੇ ਛੇਵੇਂ ਜਾਮੇਂ ਪਾਲਿਆ ਸੀ, ਤਿਵੇਂ ਹੁਣ ਬਿਨ ਕਾਂਪ ਖਾਧੇ ਪੱਕ ਗਏ ਫਲ ਨੂੰ ਆਪਣੇ ਪਾਲਕ ਵਾਹਿਗੁਰੂ ਦੀ ਭੇਟ ਕਰੀਏ, ਬਿਰਦ ਦੀ ਲਾਜ ਪਾਲੀਏ। ਕਦੇ ਨਾ ਭੁੱਲਣ ਵਾਲੇ ਤੇ ਯਾਦਾਂ ਦੇ ਸਾਂਈਂ ਸਤਿਗੁਰ ਜੀ ਆਪਣੇ ਪਿਆਰੇ ਨੂੰ ਚਿਤਾਰਕੇ ਉਥੋਂ ਹੀ ਤਿਆਰੇ ਕਰਕੇ ਫ਼ਕੀਰ ਸਾਂਈ ਵੱਲ ਟੁਰ ਪਏ।
ਬੁੱਢਣ ਸ਼ਾਹ ਨੇ ਅੱਜ ਲਿਵਲੀਨਤਾ ਤੋਂ ਅੱਖ ਖੋਹਲੀ ਤਾਂ ਉੱਪਰ ਦੇ ਦਾਉ ਨੂੰ ਤੱਕਿਆ, ਪਿਆਰ ਦੇ ਹੁਲਾਰੇ ਵਿਚ ਆ ਕੇ ਆਖਿਓਸੁ- “ਵਿਸਮਾਦ ਹੀ ਵਿਸਮਾਦ ਹੈ। ਆਪਣੇ ਆਪ ਵਿਚ ਕਿਹਾ ਹੀ ਸੁਖ ਹੈ, ਅਚਰਜ ਮੌਜ ਹੈ, ਵਾਹ ਵਾਹ! ਵਾਹ ਵਾਹ! ਨਿਰੀ ਵਾਹ ਵਾਹ। ਹੇ ਵਾਹ ਵਾਹ! ਤੂੰ ਵਾਹ ਵਾਹ। ਤੈਨੂੰ ਵਾਹ ਵਾਹ ਇਹ ਵਾਹ ਵਾਹ 'ਗੁਰੂ' ਹੈ ਜਿਨ ਲੇਖਿਓਂ ਕੱਢ ਵਿਸਮਾਦ ਚਾੜ੍ਹਿਆ, ਜਿਨ ਸੋਚੋਂ ਕੱਢ ਰਸ ਵਿਚ
-----------------
1. ਕਬੀਰ ਫਲ ਲਾਗੇ ਫਲਨਿ ਪਾਕਨ ਲਾਗੇ ਆਂਬ॥ ਜਾਇ ਪਹੂਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ। ॥੩੪॥ (ਸਲੋਕ ਕਬੀਰ- ਪੰ. ੧੩੭੧)
ਪਾਯਾ, ਜਿਨ ਫਿਕਰੋਂ ਚੱਕ ਆਨੰਦ ਵਿਚ ਪੁਚਾਇਆ, ਜਿਨ ਅਕਲੋਂ ਉਛਾਲ ਸਿੱਧਿ' ਵਿਚ ਸੱਟਿਆ, ਇਹ ਵਾਹਿਗੁਰੂ ਹੈ। ਹੇ ਵਾਹ ਵਾਹ ਗੁਰੂ! ਹੇ ਵਾਹਿਗੁਰੂ! ਵਾਹਿਗੁਰੂ ਤੂੰ ਧੰਨ ਹੈਂ, ਧੰਨ ਹੈਂ! ਤੇਰੇ ਦਿਤੇ ਰਸ ਮਾਣਕੇ 'ਵਾਹ ਵਾਹ' ਤੇ ਹੇ ਗੁਰੂ ਦਾਤੇ ਤੂੰ 'ਵਾਹ ਵਾਹ ਤੂੰ ਵਾਹਿਗੁਰੂ ਇਹੋ ਤੇਰਾ ਨਾਮ ਹੈ। ਜਦੋਂ ਮਨ ਨੂੰ ਉਸ ਰਸ ਦਾ ਹਿੱਸਾ ਲੱਝਦਾ ਹੈ ਜੋ ਇਸ ਦੇ ਦੇਸੋਂ ਉਚੇਰਾ ਹੈ ਤਾਂ ਜੀਕੂੰ ਰਸ ਦਾ ਨਾਮ 'ਵਿਸਮਾਦ' ਰਖਦਾ ਹੈ ਤਿਕੂੰ ਤੇਰਾ ਨਾਮ 'ਵਾਹਿਗੁਰੂ' ਰੱਖਦਾ ਹੈ। ਹੇ ਵਾਹਵਾ ਦੇ ਰੰਗ 'ਵਿਸਮਾਦ' ਵਿਚ ਲੈ ਜਾਣ ਵਾਲੇ ਦਾਤੇ ! ਤੇਰਾ ਦਿਤਾ ਪਾਕੇ ਤੈਨੂੰ ਮਿਲਣ ਨੂੰ ਜੀ ਕਰਦਾ ਹੈ। ਤੂੰ ਆ ਜਾਹ ਤੇ ਕਿਸੇ ਦੇ ਸਦਕੇ ਆ ਜਾਹ। ਤੇਰੇ ਬਖਸ਼ੇ ਸੁਤੰਤ੍ਰ ਰਸ ਨਾਲੋਂ, ਤੂੰ ਆਪ ਆ ਜਾਹ ਤੇ ਦਰਸ਼ਨ ਦਾ ਰਸ ਦੇ ਜਾਹ। ਮੁਕਤੀ.....ਮੈਂ ਮੁਕਤਿ ਨਾ ਹੋਵਾਂ, ਹਾਇ ! ਮੈਂ ਰਸ ਤੋਂ ਬੀ ਉਚਾਟ ਹੋ ਤੈਨੂੰ ਲੋਚਦਾ ਹਾਂ, ਹੇ ਰਸ ਦਾਤੇ! ਤੂੰ ਆਪ ਆ, ਤੇ ਮੇਰੀ ਅੱਖੀਂ ਸਮਾ। ਮੈਂ ਹੋਵਾਂ, ਇਹ ਸਰੀਰ ਹੋਵੇ, ਤੇਰੇ ਸਰੀਰ ਵਾਲੇ ਚਰਨ ਹੋਣ, ਮੈਂ ਧੋਵਾਂ, ਨੈਣਾਂ ਦੇ ਨੀਰ ਨਾਲ, ਅੱਖੀਂ ਲਾਵਾਂ, ਕਲੇਜੇ ਲਾਵਾਂ....ਹੇ ਉੱਚੇ ਦਾਤੇ! ਆ ਅਰ ਇਨ੍ਹਾਂ ਮਿਟਦੇ ਜਾਂਦੇ ਨੇਤ੍ਰਾਂ ਵਿਚ ਲੰਘ ਜਾਹ। ਆ ਜਾਹ ਪ੍ਰੀਤਮ! ਪ੍ਰਾਣ ਨਾਥ ਜੀਉ! ਆ ਜਾਹ। ਮੈਂ ਸੱਭੋ ਸੁਖ ਪਾਏ ਤੇ ਤੇਰੇ ਦਿਤੇ ਪਾਏ, ਪਰ ਹੇ ਸੁਖਦਾਤੇ! ਤੂੰ ਆਪ ਆ ਅਰ ਆਕੇ ਪ੍ਰਤੱਖ ਦਰਸ ਦਾ ਸੁਖ ਦਿਖਾ ਤੇ ਚਰਨੀਂ ਲਾ। ਸੁਰਤ ਨੂੰ ਆਪਣੀ ਸੁਰਤ ਵਿਚ ਸਮਾਇਆ ਹਈ, ਸਰੀਰ ਨੂੰ ਬੀ ਚਰਨਾਂ ਵਿਚ ਸਮਾ ਲੈ, ਸਰੀਰ ਨੂੰ ਵੀ ਦਰਸ਼ਨ ਦੀ ਖ਼ੈਰ ਪਾ। ...ਮੇਰਾ ਦਿਲ ਫੇਰ ਨਿਆਣਾ ਹੋ ਗਿਆ ਹਈ। ਮੈਨੂੰ ਮੁਕਤੀ ਦੀ ਲੋੜ ਨਹੀਓਂ, ਅੱਜ ਤਾਂ ਰਸ ਦੀ ਬੀ ਲੋੜ ਚੁਕਾ ਦਿਤੀ ਏ ਇਸ ਲੋਂਹਦੇ ਮਨ ਨੇ; ਆ ਦਰਸ ਦਿਖਾ। ਆ ਤੇ ਆਪਣੇ ਕੋਮਲ ਚਰਨ, ਦਿੱਸਦੇ ਚਰਨ, ਹੱਥਾਂ ਨਾਲ, ਮੇਰੇ ਬੁੱਢੇ ਮਾਸ ਦੇ ਹੱਥਾਂ ਨਾਲ ਫੜੇ ਜਾਣ ਵਾਲੇ ਚਰਨ, ਮੇਰੇ ਨੈਣਾਂ ਤੇ ਰੱਖ, ਮੇਰੇ ਸੀਨੇ ਨਾਲ ਲਾ। ਇਹ ਤ੍ਰਬਕਦਾ ਦਿਲ ਸੁਹਣੇ ਸੁਹਣੇ ਚਰਨਾਂ ਦੀ ਠੰਢ ਨੂੰ ਮੰਗਦਾ ਹੈ, ਇਹ ਤ੍ਰਬਕਦਾ ਮਥਾ ਚਰਨਾਂ
--------------
1. ਕਹਿ ਕਬੀਰ ਥੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ॥ (ਗਉ ਕਬੀਰ- ਅੰਕ ੩੩੯)
ਪੁਨਾ- ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ॥ (ਜਪੁਜੀ- ਪੰ. ੮)
ਦੀ ਛੁਹ ਨੂੰ ਤਰਸਦਾ ਹੈ। ਮੈਨੂੰ ਸਰੀਰਧਾਰੀ ਨੂੰ ਸਰੀਰ ਦੇ ਦਰਸ਼ਨ ਦੇਹ। ਹੇ ਅਰੂਪ ਤੇ ਅਗੰਮ! ਮੈਂ ਅਰੂਪ ਤੇ ਅਰੀਮ ਨਹੀਂ, ਮੈਂ ਮਨੁੱਖ ਹਾਂ ਤੇ ਮਨੁਖੀ ਵਲਵਲੇ ਵਾਲਾ ਹਾਂ, ਮਨੁਖੀ ਪਿਆਰ ਵਿਚ ਆਖਦਾ ਹਾਂ; ਮੇਰੀ ਖ਼ਾਤਰ ਮਨੁਖ ਹੋ ਕੇ ਆ। ਮੌਲਾ, ਮੇਰੇ ਮੌਲਾ! ਆਦਮੀ ਬਣ ਕੇ ਆ। ਸੇਲ੍ਹੀਆਂ ਵਾਲਿਆ! ਖੜਗਾਂ ਵਾਲਿਆ! ਕਲਗੀਆਂ ਵਾਲਾ ਰੂਪ ਦਿਖਾ, ਆ ਚਰਨੀਂ ਲਾ ਤੇ ਅਪਣਾ ਅਪਨਾਅ ਬੁੱਢੇ ਦੀ ਮਤ ਨਹੀਂ ਹੁੰਦੀ। ਮੈਂ ਅਰਸ਼ਾਂ ਦੇ ਸੁਖ ਮੁਕਤੀ ਦੇ ਰਸ, ਬੁਢੇ ਤੇ ਸੱਤ੍ਰੇ ਬਹੱਤ੍ਰੇ ਨੇ ਛੱਡੇ। ਮੈਨੂੰ ਚਰਨਾਂ ਦਾ ਸੁਖ ਦੇਹ, ਦਰਸ਼ਨਾਂ ਦੀ ਖ਼ੈਰ ਪਾ। ਆ ਦਾਤਿਆ ਦੇਹ ਧਾਰੀ ਹੋ ਕੇ ਆ। ਸਮੇਂ ਪਲਟ ਚੁਕੇ ਹਨ, ਰੰਗ ਕਈ ਆਏ, ਕਈ ਗਏ, ਨਦੀ ਵਿਚ ਸੈਂਕੜੇ ਵੇਰ ਨਵੇਂ ਪਾਣੀ ਆਏ, ਚੜ੍ਹੇ ਤੇ ਵਹਿ ਗਏ, ਬਹਾਰਾਂ ਕਈ ਖਿੜੀਆਂ ਤੇ ਝੜੀਆਂ, ਮੈਂ ਪੁਰਾਣੇ ਬੋੜ੍ਹ ਵਾਂਙੂ ਬਾਹੀਂ ਅੱਡ ਅੱਡ ਮਿਲਣ ਦੀ ਤਾਂਘ ਵਿਚ ਖੜਾ ਹਾਂ, ਆ ਹੇ ਅਰੂਪ ਤੋਂ ਰੂਪਵਾਨ ਹੋਣ ਵਾਲੇ! ਰੂਪ ਦਾ ਝਲਕਾ ਦੇਹ।....ਦਾਤੇ! ਮੈਂ ਉੱਥੇ ਰਵ੍ਹਾਂ ਜਿੱਥੇ ਤੂੰ ਰਵ੍ਹੇਂ। ਤੂੰ ਦੇਹ ਧਾਰੇਂ ਮੈਂ ਸੇਵਾ ਕਰਾਂ, ਮੈਨੂੰ ਨਾਲੇ ਰੱਖ'। ਮੈਂ ਦੇਹ ਵਾਲਾ ਅੱਖਾਂ ਮੀਟ ਕੇ ਅਰਸ਼ੀ ਸੁਖਾਂ ਨੂੰ ਕੀ ਕਰਾਂ? ਮੈਨੂੰ ਆ ਕੇ ਮਿਲ ਤੇ ਚਰਨੀਂ ਲਾ।”
ਇਸ ਤਰ੍ਹਾਂ ਭਗਤੀ ਪਿਆਰ ਦੇ ਅਕਹਿ ਤੇ ਅਤਿ ਉੱਚੇ ਭਾਵ ਵਿਚ ਬੁੱਢਣਸ਼ਾਹ ਦਾਤੇ ਦੇ ਚਰਨਾਂ ਨੂੰ ਤੜਫ਼ ਰਿਹਾ ਸੀ ਕਿ ਅਚਾਨਕ ਚਾਨਣਾ ਹੋ ਗਿਆ। ਫ਼ਕੀਰ ਨੂੰ ਤੜਕੇ ਦੇ ਹਨੇਰੇ ਵਿਚ ਭਾਰੀ ਲਿਸ਼ਕਾਰ ਵੱਜਾ, ਐਸਾ ਤੇਜ ਕਿ ਝੱਲਿਆ ਨਾ ਜਾਵੇ, ਅੱਖਾਂ ਤੱਕ ਤੱਕ ਕੇ ਪੌਣ ਨੂੰ ਸੁੰਘ ਸੁੰਘ ਕੇ ਆਖਦਾ ਹੈ:-
"ਹਾਂ, ਪੌਣ ਪਿਆਰੇ ਨਾਨਕ ਨਿਰੰਕਾਰੀ ਦੀ ਖ਼ੁਸ਼ਬੋ ਵਾਲੀ ਹੋ ਗਈ ਹੈ, ਉਸਦੇ ਪਵਿਤ੍ਰ ਸਰੀਰ ਦੀ ਲਪਟ ਲਿਆ ਰਹੀ ਹੈ। ਆਕਾਸ਼ ਵਿਚ ਉਸਦੇ ਨੂਰੀ ਸਰੀਰ ਦਾ ਚਾਨਣਾ ਹੈ। ਨਦੀ ਵਲੋਂ ਮਲ੍ਯਾਗਰ ਦੀ ਠੰਢੀ ਸੁਗੰਧਿ ਆਉਂਦੀ ਹੈ....ਉੱਪਰੋਂ ਆ ਰਹੇ ਹਨ। ਜੀ ਆਏ, ਆਵੋ ਤੇ ਚਰਨੀਂ ਲਾਵੋ।” ਇੰਨੇ ਨੂੰ ਮਰਦਾਨੇ ਦਾ ਝਾਉਲਾ ਵੱਜਾ, ਸਾਹਮਣੇ ਆ ਬੈਠਾ, ਰਬਾਬ ਛਿੜੀ, ਬਨ ਇਲਾਹੀ ਰਾਗ ਨਾਲ ਭਰ ਗਿਆ:-
--------------
1. ਜਹ ਅਬਿਗਤੁ ਭਗਤੁ ਤਹ ਆਪਿ॥
ਤਹ ਪਸਰੈ ਪਾਸਾਰੁ ਸੰਤ ਪਰਤਾਪਿ॥ (ਗਉ, ਸੁਖਮਨੀ-੨੧, ਅੰਕ ੨੮੨)
"ਤੁਧੁ ਬਾਝੁ ਇਕੁ ਤਿਲੁ ਰਹਿ ਨ ਸਾਕਾ ਕਹਣਿ ਸੁਨਣਿ ਨ ਧੀਜਏ॥
ਨਾਨਕਾ ਪ੍ਰਿਉ ਪ੍ਰਿਉ ਕਰਿ ਪੁਕਾਰੇ ਰਸਨ ਰਸਿ ਮਨੁ ਭੀਜਏ॥੨॥
ਸਖੀਹੋ ਸਹੇਲੜੀਹੋ ਮੇਰਾ ਪਿਰੁ ਵਣਜਾਰਾ ਰਾਮ॥
ਹਰਨਾਮੋੁ ਵਣੰਜੜਿਆ ਰਸਿ ਮੋਲਿ ਅਪਾਰਾ ਰਾਮ॥
ਮੋਲਿ ਅਮੋਲੋ ਸਚ ਘਰਿ ਢੋਲੋ ਪ੍ਰਭ ਭਾਵੈ ਤਾ ਮੁੰਧ ਭਲੀ॥
ਇਕਿ ਸੰਗਿ ਹਰਿਕੈ ਕਰਹਿ ਰਲੀਆ ਹਉ ਪੁਕਾਰੀ ਦਰ ਖਲੀ॥
ਕਰਣ ਕਾਰਣ ਸਮਰਥ ਸ੍ਰੀ ਧਰ ਆਪਿ ਕਾਰਜੁ ਸਾਰਏ॥
ਨਾਨਕ ਨਦਰੀ ਧਨ ਸੋਹਾਗਣਿ ਸਬਦੁ ਅਭ ਸਾਧਾਰਏ॥੩॥” (ਆਸਾ ਛੰਤ ਮ. १-१, ਅੰਕ ੪੩੬)
ਇਸ ਸ਼ਬਦ ਨੇ ਹੋਰ ਹੀ ਰੰਗ ਬੰਨ੍ਹਿਆ। ਬਿਰਧ ਪ੍ਰੇਮੀ ਦਾ ਕਲੇਜਾ ਪਾਟ ਪਿਆ ਕਿ ਕਦ ਦਰਸ਼ਨ ਹੋਣ, ਸਤਲੁਜ ਨਦੀ ਵਾਂਙ ਹਜ਼ਾਰ ਧਾਰ ਹੋ ਵਹਿ ਤੁਰਿਆ ਕਿ ਕਦ ਪ੍ਰੀਤਮ ਦਿਸ ਆਵੇ। ਇੰਨੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਸਚਮੁੱਚ ਦਿੱਸ ਪਏ। ਦੇਖ ਜਿਸ ਸਰੀਰ ਦੀਆਂ ਲੱਤਾਂ "ਫਰੀਦਾ ਇਨੀ ਨਿਕੀ ਜੰਘੀਐ ਥਲ ਡੂਗਰ ਭਵਿਓਮਿ॥ ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ॥” ਵਾਂਙ-ਨਿਰਬਲ ਸਨ, ਕੀਕੂੰ ਸਿਰ ਚਰਨਾਂ ਤੇ ਜਾ ਢੱਠਾ ਹੈ, ਤੇ ਕੀਕੂੰ ਸਰੀਰ ਪਿਆਰੇ ਦੇ ਅੰਕ ਸਮਾ ਗਿਆ ਹੈ? ਹਾਂ ਜੀ ਪ੍ਰੀਤਮ ਦੇ ਚਰਨਾਂ ਕਮਲਾਂ ਦੇ ਭਵਰੇ ਕੀਕੂੰ ਲਿਪਟ ਰਹੇ ਹਨ ਪ੍ਰੀਤਮ ਨੂੰ? ਕੀਕੂੰ ਬ੍ਰਿਧ ਦਾ ਸੀਸ ਨਿਆਣੇ ਦੇ ਸੀਸ ਵਾਂਙੂ ਪਿਆਰੇ ਦੇ ਤਨ ਲੱਗਾ ਪਿਆਰਿਆ ਜਾ ਰਿਹਾ ਹੈ। ਕੀਕੂੰ ਪਿਆਰੇ ਦੇ ਮੇਲ ਵਿਚ ਮਿਲ ਰਿਹਾ ਹੈ। ਉੱਚੇ ਆਤਮ ਸੁਖਾਂ ਨੂੰ ਤਾਂ ਗਿਆਨੀਆਂ ਨੇ ਦੱਸਿਆ ਹੈ, ਪਰ ਇਸ 'ਗੁਰ ਸਿੱਖ ਗੁਰ ਪ੍ਰੀਤ ਹੈ ਨੂੰ ਕੌਣ ਦਰਸਾਏ? ਰਸੀਏ ਨੂੰ ਰਸ ਮਾਣਨ ਦਾ ਬੀ ਚੇਤਾ ਨਹੀਂ। ਖਿੱਚ ਤੇ ਧਾਈ, ਹਾਂ, ਖਿੱਚ, ਪਿਆਰ ਤੇ ਛਿੱਕਵੇ ਪਿਆਰ ਨੇ ਪ੍ਰੀਤਮ ਮਿਲਾਇਆ, ਪ੍ਰੀਤਮ ਦੇ ਚਰਨੀਂ ਲੱਗੇ, ਪ੍ਰੀਤਮ ਦੇ ਹੋ ਗਏ ਕਿ ਸਮਾ ਗਏ ਕਿ ਰਹਿ ਗਏ, ਕੁਝ ਪਤਾ ਨਹੀਂ, ਇਹ ਪ੍ਰੀਤ- ਤਾਰ ਹੈ, ਇਹ ਪ੍ਰੀਤ ਹੈ। ਇਹ ਮੁਕਤੋਂ ਅਮੁਕਤ ਹੈ, ਮੁਕਤੋਂ ਪਰੇ ਦੀ ਪ੍ਰੀਤਿ ਹੈ। ਇਹ ਖ਼ਬਰੇ ਕੀ ਹੈ, ਅਕਹਿ ਹੈ। ਸਿਖ ਹੀ ਗੁਰੂ ਵਿਚ ਨਹੀਂ ਸਮਾ ਰਿਹਾ, ਗੁਰੂ ਨੂੰ ਬੀ ਪਿਆਰ ਨੇ ਬੰਨ੍ਹਕੇ ਆਪਣਾ ਕਰ ਲਿਆ ਹੈ, ਸਿਖ- ਪ੍ਯਾਰ ਵਿਚ ਮਗਨਾ ਲਿਆ ਹੈ। ਸਾਰੇ ਸੰਸਾਰ ਦੇ ਗਿਆਨ ਵਾਲੇ ਨੂੰ ਹੁਣ ਹੋਰ
ਕੋਈ ਪਤਾ ਨਹੀਂ, ਸਿਖ ਦੀ ਗੁਰੂ ਪਿਆਰ ਵਿਚ ਨਿਮਗਨਤਾ ਹੈ। ਨਿਮਗਨਤਾ ਵਿਚ ਕਾਲ ਦੀ ਚਾਲ ਗੁੰਮ ਹੈ। ਹਾਂ ਬਾਹਰ ਜੋ ਕਾਲ ਦੀ ਚਾਲ ਜਾਰੀ ਹੈ, ਦਿੱਸਦੀ ਹੈ ਕਿ ਕਿਤਨਾ ਹੀ ਕਾਲ ਲੰਘ ਗਿਆ ਹੈ; ਹੁਣ ਚੋਜੀ ਪਿਆਰੇ ਨੇ ਕੰਨ ਵਿਚ ਆਵਾਜ਼ ਦਿੱਤੀ:-
"ਮੇਰਾ ਦੁੱਧ"
ਹਾਂ ਜੀ! ਹੁਣ ਸਿਖ ਦੀ ਹੋਸ਼ ਪਰਤੀ, ਸਿਖ ਨੇ ਨੈਣ ਖੁਹਲੇ। ਸੇਲ੍ਹੀਆਂ ਵਾਲੇ ਦੀ ਗੋਦ ਵਿਚ ਸਿਰ ਸੱਟਿਆ ਸੀ, ਚੁੱਕਿਆ ਤਾਂ ਕਲਗੀਆਂ ਵਾਲੇ ਦੀ ਗੋਦ ਵਿਚ'। ਉਹ ਅਨੂਪਮ ਚਿਹਰਾ ਜੋ ਸੇਲ੍ਹੀਆਂ ਨਾਲ ਮੋਂਹਦਾ ਸੀ, ਹੁਣ ਕਲਗੀਆਂ ਨਾਲ ਮਨ ਭਰਦਾ ਹੈ। ਧੰਨ ਤੇਰੇ ਚੋਜ ਹਨ, ਤੇਰੇ ਰੰਗ ਅਪਾਰ ਹਨ, ਰੂਪ ਸਾਰੇ ਤੇਰੇ ਹਨ, ਉਮਰਾਂ ਸਭ ਤੇਰੀਆਂ ਹਨ। ਹੇ ਸੁਹਣਿਆਂ, ਹੇ ਸੁੰਦਰ! ਤੂੰ ਧੰਨ ਹੈਂ! ਨਵੇਂ ਰੂਪ, ਨਵੇਂ ਰੰਗ ਨੇ ਇਕ ਨਵੀਂ ਮਸਤੀ ਵਿਚ ਸਿਖ ਮਗਨ ਕੀਤਾ, ਅੱਖਾਂ ਦੇ ਛੱਪਰ ਭਰ ਭਰ ਕੇ, ਝੁਕ ਝੁਕ ਕੇ ਫੇਰ ਮੁੰਦ ਗਏ। ਔਹ ਸਿਰ ਫਿਰ ਗੋਦ ਵਿਚ ਜਾ ਪਿਆ ਹੈ ਤੇ ਪਿਆਰੇ ਦੇ ਮੇਲ ਵਿਚ ਫੇਰ ਹਾਂ, ਦੋਹਾਂ ਬਾਹਾਂ ਨਾਲ ਘੁਟਕੇ "ਮਿਲੁ ਮੇਰੇ ਬੀਠੁਲਾ ਲੈ ਬਾਹੜੀ ਵਲਾਇ” ਫੇਰ ਗੁਰ-ਪ੍ਰੀਤ ਵਿਚ ਸਿਖ ਲੀਨ ਹੋ ਗਿਆ। ਪ੍ਰੀਤਮ ਨੇ ਜੋ ਕਿਹਾ ਸੀ ਸਿਖ ਤੋਂ ਸੁਣਿਆਂ ਹੀ ਨਹੀਂ ਗਿਆ, ਜਿਸਦੇ ਨਾਲ ਅਤੁੱਟ ਪਿਆਰ ਹੈ ਉਹ ਦੁੱਧ ਪਿਆ ਮੰਗਦਾ ਹੈ, ਪਰ ਸਿਖ ਨੂੰ- ਮੇਲ ਵਿਚ, ਗੁਰ ਸੰਗਮ ਵਿਚ ਕੁਛ ਯਾਦ ਨਹੀਂ। ਚੁੰਬਕ ਉੱਡ ਉੱਡਕੇ
--------------
1. ਸਤਿਗੁਰੁ ਨਾਨਕ ਦੇਉ ਹੈ ਪਰਮੇਸਰ ਸੋਈ॥ ਗੁਰ ਅੰਗਦ ਗੁਰੁ ਅੰਗ ਤੇ ਜੋਤੀ ਜੋਤਿ ਸਮੋਈ॥ ਅਮਰਾਪਦ ਗੁਰੁ ਅੰਗਦਹੁਂ ਹੁਇ ਜਾਣ ਜਣੋਈ॥ ਗੁਰੂ ਅਮਰਹੁਂ ਗੁਰੁ ਰਾਮਦਾਸ ਅੰਮ੍ਰਿਤ ਰਸੁ ਭੋਈ॥ ਰਾਮਦਾਸਹੁਂ ਅਰਜਨ ਗੁਰੂ ਗੁਰੁ ਸਬਦ ਸੁਥੋਈ॥ ਹਰਿਗੋਵਿੰਦ ਗੁਰੁ ਅਰਜਨਹੁਂ ਗੁਰੁਗੋਵਿੰਦ ਹੋਈ॥ ਗੁਰਮੁਖ ਸੁਖ ਫਲ ਪਿਰਮ ਰਸ ਸਤਿਸੰਗ ਅਲੋਈ॥ ਗੁਰਗੋਵਿੰਦਹੁਂ ਬਾਹਿਰਾ ਦੂਜਾ ਨਾਹੀ ਕੋਈ ॥੨੦॥ (ਵਾਰ ਭਾ.ਗੁ.੩੮)
ਸ੍ਰੀ ਨਾਨਕ ਅੰਗਦਿ ਕਰਿ ਮਾਨਾ॥ ਅਮਰਦਾਸ ਅੰਗਦ ਪਹਿਚਾਨਾ॥ ਅਮਰਦਾਸ ਰਾਮਦਾਸ ਕਹਾਯੋ॥ ਸਾਧਨ ਲਖਾ ਮੁਝ ਨਹਿ ਪਾਯੋ ॥੯॥ ਭਿੰਨ ਭਿੰਨ ਸਭਹੂੰ ਕਰਿ ਜਾਨਾ॥ ਏਕ ਰੂਪ ਕਿਨਹੂੰ ਪਹਿਚਾਨਾ॥ ਜਿਨ ਜਾਨਾ ਤਿਨ ਹੀ ਸਿਧਿ ਪਾਈ॥ ਬਿਨੁ ਸਮਝੇ ਸਿਧਿ ਹਾਥਿ ਨ ਆਈ॥੧੦॥ (ਬਚਿਤ੍ਰ ਨਾ.ਧਿਆਉ-੫)
ਪ੍ਰੀਤਮ ਨੂੰ ਚੰਬੜ ਰਿਹਾ ਹੈ। ਹੁਣ ਯਾਦ ਸ਼ਕਤੀ ਭੀ ਅਯਾਦ ਹੋ ਗਈ ਹੈ। ਚਿਤਹਿ ਚਿਤ ਸਮਾ ਰਿਹਾ ਹੈ। ਕੈਸਾ ਪਿਆਰਾਂ ਵਾਲਾ ਲੀਨ ਕਰ ਲੈਣ ਵਾਲਾ, 'ਗੁਰ-ਸਿਖ-ਸੰਧਿ' ਦਾ ਦਰਸ਼ਨ ਹੈ। ਗੁਰੂ ‘ਸਿਖ ਰਸ' ਲੀਨ ਹੈ, ਸਿਖ 'ਗੁਰੂ-ਰਸ' ਲੀਨ ਹੈ। ਕੁਛ ਚਿਰ ਬਾਦ ਸਦਾ ਜਾਗਤੀ ਜੋਤਿ ਸਤਿਗੁਰ ਨੇ ਫਿਰ ਕਿਹਾ-
"ਮੇਰਾ ਦੁੱਧ"
ਹੇ ਤ੍ਰਿਲੋਕੀ ਦੇ ਪਾਲਕ! ਹੇ ਗੋਪਾਲ! ਹੇ ਧਰਾਨਾਥ! ਹੇ 'ਵਿਚਿ ਉਪਾਏ ਸਾਇਰਾ ਤਿਨਾ ਭੀ ਸਾਰ ਕਰੇਇ’ (955) ਵਾਲੇ ਦਾਤੇ, ਹੇ ਤੂੰ ਦਾਤਾ, ਹੇ ਵਿਸ੍ਵੰਭਰ! ਏਹ ਤੇਰੇ ਕੀ ਚੋਜ ਹਨ, ਤੂੰ ਭੁਖਾ ਹੈਂ? ਹੇ ਤੂੰ ਸਦਾ ਰੱਜੇ! ਸਦਾ ਅਘਾਏ "ਪ੍ਰੀਤ-ਪਿੜ" ਦੇ ਰਸੀਏ ਖਿਲਾਰੀ! ਹੇ ਠਾਕੁਰ, ਹੇ 'ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ!’ ਤੂੰ ਭੁਖਾ ਹੈਂ? ਹਾਂ ਸਤਿਗੁਰ ਆਖਦਾ ਹੈਂ ਮੈਂ ਭੁਖਾ ਹਾਂ ਫੇਰ ਆਖਦਾ ਹੈਂ-
"ਮੇਰਾ ਦੁੱਧ”
'ਮੇਰਾ ਦੁਧ' ਸੁਣ ਕੇ ਸਿਖ ਕੰਬ ਕੇ ਉਠਦਾ ਹੈ, ਕੀ ਦੇਖਦਾ ਹੈ, ਸਿਰ ਕਲਗੀਆਂ ਵਾਲੇ ਦੀ ਗੋਦ ਵਿਚ ਧਰਿਆ ਸੀ, ਪਰ ਚੁਕਿਆ ਸੇਲ੍ਹੀਆਂ ਵਾਲੇ ਦੀ ਗੋਦ ਵਿਚੋਂ ਹੈ। ਪ੍ਰੀਤਮ ਤਾਂ ਉਹ ਹੈ, ਸਿਖ ਕਦ ਭੁਲਦਾ ਹੈ। ਹੁਣ ਤਾਂ ਸਿਖ ਨੇ ਸਹੀ ਸਿਞਾਤਾ ਹੈ, ਕਿੰਨੇ ਰੂਪ ਬਦਲ ਖੂਬ ਪਛਾਤਾ ਹੈ। ਮਨ ਭਵਰਾ ਹੈ, ਨੀਲੇ, ਲਾਲ, ਗੁਲਾਬੀ ਰੰਗਾਂ ਵਿਚ ਨਹੀਂ ਭੁਲਦਾ, ਹਰ ਰੰਗ ਵਿਚ ਕਵਲ ਨੂੰ ਪਛਾਣਦਾ ਹੈ। ਇਸੇ ਮਸਤੀ ਵਿਚ ਫੇਰ ਆਵਾਜ਼ ਆਈ:-
"ਮੇਰਾ ਦੁੱਧ"
ਫ਼ਕੀਰ ਉਠਿਆ, ਪੈਂਰ ਨਹੀਂ ਟੁਰਦੇ, ਨੈਣ ਪਿਆਰੇ ਤੋਂ ਪਰੇ ਨਹੀਂ ਜਾਂਦੇ, ਮੁੜ ਮੁੜ ਕੇ ਤੱਕਦੇ ਹਨ, ਫੇਰ ਕਲਗੀਆਂ ਵਾਲਾ ਝਲਕਾ ਵੱਜਾ, ਫੇਰ ਧੂਹ ਪਈ, ਫੇਰ ਸਿਰ ਢੱਠਾ ਤੇ ਗੋਦ ਵਿਚ, ਫੇਰ 'ਗੁਰ-ਸੰਗਮ' ਵਿਚ ਸਿਖ ਲੀਨ ਤੇ ਗੁਰੂ ਨੂੰ ਦੁਧ ਦੇਣ ਦੀ ਸੁਧ ਨਹੀਂ ਰਹੀ, ਐਸੀ ਲੀਨਤਾ ਛਾਈ ਕਿ ਬੱਸ ਪੁਛੋ ਨਾਂ। ਜੀ ਹਾਂ-
ਗੁਰਸਿਖ ਸੰਗਤਿ ਮਿਲਾਪ ਕੋ ਪ੍ਰਤਾਪ ਅਤਿ
ਪ੍ਰੇਮ ਕੈ ਪਰਸਪਰ ਬਿਸਮ ਸਥਾਨ ਹੈ।
ਦ੍ਰਿਸਟਿ ਦਰਸ ਕੈ, ਦਰਸ ਕੈ ਦ੍ਰਿਸਟਿ ਹਰੀ
ਹੇਰਤ ਹਿਰਾਤ ਸੁਧਿ ਰਹਤ ਨ ਧਿਆਨ ਹੈ॥
ਸਬਦ ਕੈ ਸੁਰਤਿ, ਸੁਰਤਿ ਕੈ ਸਬਦ ਹਰੇ, ਕਹਤ ਸੁਨਤ
ਗਤਿ ਰਹਤ ਨ ਗਿਆਨ ਹੈ।
ਅਸਨ ਬਸਨ ਤਨ ਮਨ ਬਿਸਿਮਰਨ ਹੋਇ
ਦੇਹ ਕੈ ਬਿਦੇਹ ਉਨਮਤ ਮਧੁ ਪਾਨ ਹੈ ॥੨੬੩॥ (ਕਬਿੱਤ ਭਾਈ ਗੁਰਦਾਸ-ਦੂਸਰਾ ਸਕੰਧ)
....ਕੁਛ ਸਮੇਂ ਮਗਰੋਂ ਹੁਣ ਫੇਰ ਆਵਾਜ਼ ਆਈ,
"ਮੇਰਾ ਦੁੱਧ"
ਤ੍ਰਬਕਕੇ ਸਿਖ ਜੀ ਉਠੇ, ਸੰਭਲੇ, ਕਦਮ ਚਾਣ ਲਗੇ ਕਿ ਫੇਰ ਚਿਹਰਾ ਤੱਕਿਆ, ਕਲਗੀ ਦੀ ਲਿਸ਼ਕਾਰ ਵੱਜੀ, ਫੇਰ ਮਗਨ ਹੋ ਗੋਦ ਵਿਚ ਹੀ ਢਹਿ ਪਏ। ਹੇ ਕਲਗੀਆਂ ਵਾਲੇ ਪ੍ਰੀਤਮ! ਹੁਣ ਸਿਖ ਤੋਂ ਇਕ ਕਦਮ ਦਾ ਵਿਛੜਨ ਨਹੀਂ ਹੁੰਦਾ, ਹੁਣ ਅਪਣੀ ਸਦਾ ਹਰੀ ਗੋਦ ਵਿਚ ਇਹ ਬੂਟਾ ਸਮਾ ਲੈ, ਇਹ ਸਿਖ ਹੁਣ ਚਿਹਰੇ ਤੱਕਣ ਦੀ ਤਾਬ ਬੀ ਨਹੀਂ ਰੱਖਦਾ। ਬਿਰਦ ਬਾਣਿਆਂ ਵਾਲਿਆ! ਰੱਖ ਲੈ, ਹੁਣ ਨਾ ਵਿਛੋੜ ਅਰ ਆਪਣੇ ਹੀ ਸਦਕੇ ਨਾ ਵਿਛੋੜ।
ਅਚਰਜ ਨੇ ਆਚਰਜੁ ਹੈ ਅਚਰਜੁ ਹੋਵੰਦਾ॥
ਵਿਸਮਾਦੇ ਵਿਸਮਾਦੁ ਹੈ ਵਿਸਮਾਦੁ ਰਹੰਦਾ॥
ਹੈਰਾਣੈ ਹੈਰਾਣੁ ਹੈ ਹੈਰਾਣੁ ਕਰੰਦਾ॥
ਅਬਿਗਤਹੁ ਅਬਿਗਤੀ ਹੈ ਨਹਿ ਅਲਖੁ ਲਖੰਦਾ॥
ਅਕਥਹੁਂ ਅਕਥ ਅਲੇਖ ਹੈ ਨਿਤ ਨੇਤਿ ਸੁਣੰਦ॥
ਗੁਰਮੁਖ ਸੁਖ ਫਲ ਪਿਰਮ ਰਸ ਵਾਹੁ ਵਾਹੁ ਚਵੰਦਾ॥॥੧੮॥ (ਵਾ.ਭਾ.ਗੁਰਦਾਸ-੩੮)
ਸਤਿਗੁਰੂ ਨੇ ਫੇਰ ਕਿਹਾ:-
"ਮੇਰਾ ਦੁੱਧ"
ਹੁਣ ਹੋਰ ਖੇਲ ਵਰਤੀ। ਪ੍ਰਿਯ ਰਸ ਪ੍ਰੋਤੀ ਸੁਰਤ ਨੇ ਪਰਤਾ ਖਾਧਾ, ਹਾਂ, ਉਸੇ ਦਾਤੇ ਦੀ ਸੱਦ ਨਾਲ ਪਰਤਾ ਖਾਧਾ:-
੧. ਲੋਚਨ ਅਨੂਪ ਰੂਪ ਦੇਖਿ ਮੁਰਛਾਤ ਭਏ
ਸੇਈ ਮੁਖ ਬਹਿਰਿਓ ਬਿਲੋਕ ਧ੍ਯਾਨ ਧਾਰਿ ਹੈ।
੨. ਅੰਮ੍ਰਿਤ ਬਚਨ ਸੁਨਿ ਸ੍ਰਵਨ ਬਿਮੋਹੇ ਆਲੀ
ਤਾਹੀ ਮੁਖ ਬੈਠ ਸੁਨ ਸੁਰਤ ਸਮਾਰਿ ਹੈ।
੩. ਜਾਪੈ ਬੇਨਤੀ ਬਖਾਨਿ ਜਿਹਬਾ ਥਕਤ ਭਈ
ਤਾਹੀ ਕੇ ਬੁਲਾਏ ਪੁਨ ਬੇਨਤੀ ਉਚਾਰਿ ਹੈ।
੪. ਜੈਸੇ ਮਦ ਪੀਏ ਗ੍ਯਾਨ ਧ੍ਯਾਨ ਬਿਸਰਨ ਹੋਇ
ਤਾਹੀ ਮਦ ਅਚਵਤ ਚੇਤਨ ਪ੍ਰਕਾਰ ਹੈ ॥੬੬੬॥' (ਕਬਿੱਤ ਭਾਈ ਗੁਰਦਾਸ-ਦੂਸਰਾ ਸਕੰਧ)
ਬਾਬਾ ਬੁੱਢਣ ਜੀ ਹੁਣ ਉੱਠੇ ਤਾਂ ਬੱਕਰੀ ਪਾਸ ਆਈ ਖੜੀ ਹੈ, ਅਰ ਕੁਦਰਤ ਦੇ ਰੰਗ, ਪ੍ਰੇਮ ਦੇ ਰੰਗ ਤੱਕੋ, ਛੰਨਾਂ ਬੀ ਪਾਸ ਪਿਆ ਹੈ। ਮਸਤਾਨੇ ਰੰਗ ਸਿਖ ਨੇ ਉਠ ਕੇ ਦੁੱਧ ਚੋਇਆ। ਪਤਾ ਨਹੀਂ ਚੋਇਆ ਕਿ ਆਪ ਚੋ ਹੋ ਗਿਆ। ਸਿਖ ਨੇ ਇੰਨਾ ਡਿੱਠਾ ਹੈ ਕਿ ਕਟੋਰਾ ਉਛਲਣ ਲੱਗਾ ਹੈ, ਕਟੋਰਾ ਉੱਛਲ ਪਿਆ ਹੈ, ਲਬਾ ਲਬ ਹੋ ਡੁਲ੍ਹ ਡੁਲ੍ਹ ਪੈ ਰਿਹਾ ਹੈ। ਸਿਖ ਦੇ ਹੱਥ ਹਨ, ਵਿਚ ਛੰਨਾ ਹੈ, ਗੁਰੂ ਦੇ ਗੁਲਾਬ ਨਾਲੋਂ ਕੋਮਲ ਤੇ ਸੁਹਣੇ ਬੁਲ੍ਹ ਹਨ ਜੋ ਛੰਨੇ ਨੂੰ ਲੱਗ ਰਹੇ ਹਨ। ਏਸੇ ਧਿਆਨ ਯੋਗ 'ਗੁਰ-ਸਿਖ-ਸੰਧਿ' ਮੂਰਤੀ ਦੇ ਦਰਸ਼ਨ ਹੋ ਰਹੇ ਹਨ, ਇਸੇ ਰੰਗ ਵਿਚ ਸਿਖ ਤੇ ਗੁਰੂ ਪਿਰਮ ਰਸਾਂ ਵਿਚ ਮਸਤ ਅਲਮਸਤ ਹਨ।
ਇਸੇ ਰੰਗ ਦੇ ਅਨੂਪਮ ਝਾਕੇ ਕੀਰਤਪੁਰ ਹਨ, ਕੀਰਤ ਪੁਰੇ ਵਿਚ 'ਗੁਰਸਿੱਖ-ਸੰਧਿ' ਦਾ ਇਹੋ ਦਰਸ਼ਨ ਹੈ। 'ਮੇਰਾ ਦੁੱਧ' 'ਮੇਰਾ ਦੁੱਖ' ਦਾ ਪਿਆਰਾਂ ਵਾਲਾ ਨਕਸ਼ਾ ਹੈ। ਕਲਮ ਨਾਲ ਕੌਣ ਨਕਸ਼ਾ ਖਿੱਚੇ ? ਕੌਣ ਮੂਰਤ ਉਤਾਰੇ? ਹਾਂ, ਅਰਸ਼ਾਂ ਤੇ ਇਸ ਪ੍ਰੇਮ ਦਾ ਨਕਸ਼ਾ ਉਤਰ ਰਿਹਾ ਹੈ। ਉਥੇ ਅਕਸ ਪੈ ਰਿਹਾ ਤੇ ਮੂਰਤ ਬਣ ਰਹੀ ਹੈ!
ਸਦਾ ਜੀਓ! ਸਿੱਖ! 'ਗੁਰੂ-ਪ੍ਰੀਤ' ਵਿਚ ਗੁਰੂ ਨਾਲ ਪੇਉਂਦ ਹੋ ਗਏ। ਸਿਖ! ਗੁਰੂ ਨੌਨਿਹਾਲ ਦੀ ਡਾਲੀ ਬਣ ਗਏ ਸਿਖ! ਸਦਾ ਝੂਲੋ, ਸਦਾ
-----------------
1. ਕਬਿਤ ਭਾਈ ਗੁਰਦਾਸ, ਦੂਸਰਾ ਸਕੰਧ
2. ਲਬਾਲਬ ਕੁਨੋ ਦਮ ਬਦਮ ਨੋਸ਼ ਕੁਨ॥
ਗ਼ਮੇ ਹਰ ਦੋ ਆਲਮ ਫਰਾਮੋਸ਼ ਕੁਨ॥ (ਪਾ. ੧੦)
ਝੂਮੋ, ਸਦਾ ਫੁਲੋ, ਸਦਾ ਪ੍ਰਫੁਲਤ ਰਹੋ, ਸਦਾ ਲਪਟਾਂ ਦਿਓ, ਸਦਾ ਖਿੜੋ, ਵਾਹ ਵਾਹ 'ਮੇਰਾ ਦੁਧ’ ਦਾ ਨਕਸ਼ਾ! ਵਾਹ ਪੀਣ ਹਾਰੇ ਪ੍ਰੀਤਮ! ਵਾਹ ਪਿਲਾਉਣ ਹਾਰੇ ਸਦਕੇ ਹੋ ਚੁਕੇ ਪ੍ਰੇਮੀ! ਪੀਓ ਤੇ ਪਿਲਾਓ। ਕੋਈ ਘੁੱਟ, ਕਤਰਾ, ਕੋਈ ਬੂੰਦ, ਕੋਈ ਤੁਪਕਾ, ਕੋਈ ਟੇਪਾ, ਕੋਈ ਛਿੱਟ, ਕੋਈ ਕਣੀ, ਕੋਈ ਕਣੀ ਦੀ ਕਣੀ।
ਅਸਾਂ ਗ਼ਰੀਬਾਂ ਵੱਲ ਬੀ।
ਹੇ ਸਿਖ! ਗੁਰੂ ਦੇ ਸਿਰ ਦੇ ਸਦਕੇ, ਹੇ ਸਿਖ ਗੁਰੂ ਦੇ ਚਰਨਾਂ ਦੇ ਸਦਕੇ! ਕੋਈ ਇਕ ਕਿਣਕੇ ਦੀ ਕਣੀ।
ਅਸਾਂ ਅਨਾਥਾਂ ਨੂੰ ਬੀ....।
ਇਸ ਪ੍ਰੇਮ ਮੂਰਤਿ ਦੇ ਸਦਕੇ, ਇਸ ਪ੍ਰੀਤ ਦਰਸ਼ਨ ਦੇ ਸਦਕੇ! ਹਾਂ ਕੋਈ ਇਕ ਬੂੰਦ ਦੀ ਬੂੰਦ, ਕੋਈ ਨਿਕੜੀ ਜੇਹੀ ਅੰਮ੍ਰਿਤ ਬੂੰਦ ਸੁਹਾਵਣੀ ਅਸਾਂ ਅਝਾਣਿਆਂ ਨੂੰ ਬੀ ਦਾਨ ਹੋ ਜਾਏ, ਤੇਰੇ ਦਰ ਦੇ ਸੁਆਲੀ ਹਾਂ, ਦੇਹ ਇਕ ਬੂੰਦ ਇਸ ਪਿਆਰ ਭਰੇ ਛੰਨੇ ਵਿਚੋਂ ਪ੍ਰੇਮ ਪਿਆਲੇ ਵਿਚੋਂ ਇਕ ਬੂੰਦ ਦਾਤ ਮਿਲ ਜਾਏ, ਮੰਗਤੇ ਨੂੰ ਖੈਰ ਪੈ ਜਾਏ, ਗੁਸਤਾਖ਼ ਮੰਗਤੇ ਹਾਂ, ਤੇਰੇ ਪ੍ਰੇਮ ਰੰਗ ਦੇ ਬੱਝੇ ਨਕਸ਼ੇ ਵਿਚ ਮੰਗ ਦੀ ਅਵਾਜ਼ ਕੰਨੀ ਪਾ ਰਹੇ ਹਾਂ, ਮੂਰਖ ਭਿਖਾਰੀ ਹਾਂ, ਪਰ ਦਾਤਾ ਸ੍ਵਾਲੀ ਕੀ ਤੇ ਅਕਲਾਂ ਕੀ? ਹਾਂ ਦਾਤਾ! ਪਾ ਦੇਹ ਖ਼ੈਰ, ਸਦਕੇ ਬਿਰਦ ਬਾਣੇ ਦੇ, ਦੇਹ ਦਾਤ, ਤੇਰਾ ਪ੍ਰੇਮ ਰਾਜ ਜੁਗ ਜੁਗ ਸਲਾਮਤ ਰਹੇ, ਦੇਹ ਇਕ ਤੁਪਕਾ ਅਸਾਂ ਨੂੰ ਬੀ ਦੇਹ, ਹਾਂ-
ਦੇਹ ਇਕ ਬੂੰਦ ਸੁਰਾਹੀਓਂ ਸਾਨੂੰ ਇੱਕੋ ਹੀ ਦੇਹ ਸਾਂਈਂ!'
ਅੱਧੀ, ਅੱਧ-ਪਚੱਧੀ ਦੇ ਦੇ ਨਿੱਕੀ ਹੋਰ ਗੁਸਾਈਂ!
ਇੱਕ ਵੇਰ ਇੱਕ ਕਣੀ ਦਿਵਾ ਦੇਹ, ਸੂਫੀ ਅਸੀਂ ਨ ਰਹੀਏ!
ਇੱਕ ਵੇਰ ਦਰ ਖਲਿਆਂ ਤਾਂਈਂ, ਸਾਂਈ! ਸ੍ਵਾਦ ਚਖਾਈਂ।
-------------------
2. ਕਾਲਸੀ ਦਾ ਰਿਖੀ
ਰਾਜਾ ਮੇਦਨੀ ਪ੍ਰਕਾਸ਼ ਨਾਹਨ ਦਾ ਰਾਜਾ ਆਪਣੇ ਆਰਾਮ ਕਮਰੇ ਬੈਠਾ ਸੀ ਕਿ ਵਜ਼ੀਰ ਹਰਜੀ ਆ ਗਿਆ ਤੇ ਦੋਹਾਂ ਦੀ ਗੱਲ ਬਾਤ ਐਉਂ ਛਿੜੀ:-
ਰਾਜਾ— ਕੋਈ ਨਵੀਂ ਖ਼ਬਰ? ਹਰਜੀ!
ਵਜ਼ੀਰ- ਮਹਾਰਾਜ! ਖ਼ਬਰਾਂ ਭਲੀਆਂ ਨਹੀਂ, ਫਤਹ ਸ਼ਾਹ ਦੀ ਧੀ ਦਾ ਸਾਕ ਭੀਮ ਚੰਦ ਦੇ ਲੜਕੇ ਨਾਲ ਹੋ ਗਿਆ ਹੈ।
ਰਾਜਾ- ਹੋ ਗਿਆ ? ਦਿੱਸਦਾ ਹੀ ਸੀ, (ਅਸਮਾਨਾਂ ਵਲ ਤੱਕ ਕੇ ਠੰਡਾ ਸਾਹ ਲੈਕੇ) ਅੱਗੇ ਤਾਂ ਪੁੱਤ੍ਰ ਦੀ ਅਣਹੋਂਦ ਬਾਵਲਿਆਂ ਕਰਦੀ ਸੀ ਤੇ ਹੁਣ ਰਾਜ ਕਾਜ ਦਾ ਭੀ ਸੰਸਾ ਪੈ ਗਿਆ ਹੈ।
ਹਰਜੀ— ਮੈਂ ਬੀ ਡਾਢਾ ਫ਼ਿਕਰ ਖਾਧਾ ਹੈ ਕਿ ਅਗੇ ਹੀ ਫਤਹ ਸ਼ਾਹ ਜੀਉਣ ਨਹੀਂ ਸੀ ਦੇਂਦਾ ਤੇ ਹੁਣ ਤਾਂ ਉਹ ਹੋਰ ਭਾਰੂ ਹੋ ਗਿਆ।
ਰਾਜਾ— ਫੇਰ ਕੋਈ ਤਦਬੀਰ ?
ਵਜ਼ੀਰ- ਇਨਸਾਨੀ ਤਦਬੀਰ ਤਾਂ ਅਜੇ ਕੋਈ ਨਹੀਂ ਸੁੱਝੀ ਕੋਈ ਰੱਬੀ ਮਦਦ ਮਿਲੇ ਤਾਂ ਵੱਖਰੀ ਗੱਲ ਹੈ।
ਰਾਜਾ- ਰੱਬੀ ਮਦਦ ਦੇਵੀ ਦੇਵਤੇ ਦੀ ਤਾਂ ਕੁਛ ਸਾਰਦੀ ਨਹੀਂ, ਪੁੱਤ੍ਰ ਨਮਿੱਤ ਸਾਰਿਆਂ ਦੀ ਪੂਜਾ ਪ੍ਰਤਿਸ਼ਠਾ, ਪਾਠ ਪੂਜਾ, ਜੱਗ ਕਰਕੇ ਵੇਖ ਚੁਕੇ ਹਾਂ ਕੋਈ ਨਹੀਂ ਪੁੱਕਰਦਾ। ਤੇ ਜਾਂ ਜਿਵੇਂ ਕੋਈ ਆਖਦੇ ਹਨ: ਦੇਵਤਾ ਹੈ ਹੀ ਨਹੀਂ, ਭਰਮ ਹੀ ਹੈ। ਬਾਕੀ ਰਹੀ ਪੀਰ ਫ਼ਕੀਰ ਕਿਸੇ ਦੀ ਮਦਦ, ਸਢੌਰੇ ਬੁੱਧੂ ਸ਼ਾਹ ਸੁਣੀਂਦਾ ਹੈ, ਜੋ ਮੁਸਲਮਾਨ ਹੈ, ਤੇ ਦੂਣਾਂ ਵਿਚ ਰਾਮ
-----------------------
ਰਾਇ ਸੁਣੀਂਦਾ ਹੈ ਜਿਸ ਦੀਆਂ ਕਰਾਮਾਤਾਂ ਅੱਗੇ ਔਰੰਗਜ਼ੇਬ ਬੀ ਝੁਕਿਆ ਹੈ, ਸੋ ਉਹ ਸਾਡੇ ਵੈਰੀ ਫਤਹਸ਼ਾਹ ਦਾ ਮਿੱਤ੍ਰ ਤੇ ਪੂਜ੍ਯ ਹੈ। ਸੋ ਅਸਾਂ ਲਈ ਸਭ ਰਸਤੇ ਬੰਦ ਹਨ। ਹੁਣ ਤਾਂ ਇੱਕੋ ਸੁੱਝਦੀ ਹੈ ਕਿ ਹੋਰ ਫੌਜ ਭਰਤੀ ਕਰੀਏ ਤੇ ਜੰਗ ਲਈ ਤਿਆਰ ਰਹੀਏ, ਜਦ ਸਮਾਂ ਆ ਬਣੇ, ਮੈਦਾਨ ਵਿਚ ਸਨਮੁਖ ਜੂਝਦੇ ਲੜ ਮਰੀਏ। ਲੋਕ ਤਾਂ ਜਾਣਾ ਹੈ, ਪਰਲੋਕ ਵਿਚ ਤਾਂ ਸ੍ਵਰਗ ਮਿਲੇ।
ਵਜ਼ੀਰ- ਜੰਗ ਲਈ ਤਿਆਰ ਰਹਿਣਾ ਸਦਾ ਸੁਖਦਾਈ ਹੈ, ਸਗੋਂ ਐਸੇ ਸਮੇਂ ਤਾਂ ਹਰ ਛਿਨ ਸਨੱਧਬੱਧ ਰਹਿਣਾ ਹੀ ਰਾਜਨੀਤੀ ਹੈ। ਮੈਦਾਨ ਵਿਚ ਸਨਮੁਖ ਜੂਝਕੇ ਮਰਨਾ ਬੀ ਬੀਰਾਂ ਦਾ ਧਰਮ ਹੈ ਪਰ ਉਦਾਸੀ ਤੇ ਨਿਰਾਸਤਾ ਨਹੀਂ ਚਾਹੀਏ, ਕੁਛ ਹੋਰ ਬੀ ਕਰੀਏ। ਰਾਜਾ— ਕੀ ਕੁਛ ?
ਵਜ਼ੀਰ- ਸਾਡੇ ਰਾਜ ਦੀ ਸਰਹੱਦ ਵਿਚ ਜਮਨਾਂ ਕਿਨਾਰੇ ਇਕ ਬੜਾ ਬ੍ਰਿਧ ਬ੍ਰਾਹਮਣ ਤਪ ਕਰ ਰਿਹਾ ਹੈ: ਕਿਉਂ ਨਾ ਉਸ ਦੀ ਸਹਾਇਤਾ ਲਈਏ। ਮੇਰੀ ਜਾਚੇ ਉਹ ਜੋਗੀ ਹੈ ਅਰ ਸਿੱਧੀਆਂ ਦਾ ਮਾਲਕ ਹੈ, ਨਿਰਜਨ ਬਨ ਵਿਚ ਰਹਿਂਦਾ ਹੈ, ਦਿਨ ਰਾਤ ਤਪ ਵਿਚ ਲੀਨ ਹੈ, ਕਿਸੇ ਨਾਲ ਸੰਬੰਧ ਨਹੀਂ। ਇਕ ਚੇਲਾ ਸੇਵਾ ਕਰਦਾ ਹੈ। ਦੂਧਾਧਾਰੀ ਹੈ। ਦੋ ਚਾਰ ਗਾਈਆਂ ਹਨ ਜੋ ਬਨ ਵਿਚ ਚਰ ਲੈਂਦੀਆਂ ਹਨ ਤੇ ਮਹਾਤਮਾਂ ਨੂੰ ਦੁੱਧ ਦੇ ਛਡਦੀਆਂ ਹਨ, ਉਸ ਦੀ ਅਸੀਸ ਜ਼ਰੂਰ ਕੋਈ ਸਹਾਇਤਾ ਕਰੇਗੀ, ਇਧਰ ਆਪਣੀ ਸੈਨਾ ਹੋਰ ਵਧਾਉਣੀ ਚਾਹੀਏ। ਮਾਤਾ ਜੀ ਨੂੰ ਆਪ ਮਨਾਓ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਵਡੇ ਪੁਰਾਤਨ ਖ਼ਜ਼ਾਨੇ ਦੀਆਂ ਕੁੰਜੀਆਂ ਆਪ ਨੂੰ ਦੇ ਦੇਣ, ਜੋ ਔਕੜਾਂ ਵਾਸਤੇ, ਪਿਛਲੇ ਰਾਜੇ ਸੰਭਾਲਕੇ ਜਮ੍ਹਾਂ ਕਰ ਗਏ ਹਨ। ਇਸ ਤੋਂ ਉਪਰ ਔਕੜ ਦਾ ਸਮਾਂ ਹੋਰ ਕਿਹੜਾ ਹੈ।
ਰਾਜਾ— ਹੈ ਠੀਕ, ਪਰ ਤ੍ਰੀਮਤਾਂ ਤੇ ਫੇਰ ਬਿਰਧ, ਘੱਟ ਹੀ ਆਖੇ ਲਗਦੀਆਂ ਹਨ। ਅੱਛਾ ਵੇਖੀਏ ਜਤਨ ਹੀ ਕਰਨਾ ਹੈ, ਕਰਦੇ ਹਾਂ, ਮਾਂ ਹੈ, ਮੰਨ ਜਾਵੇਗੀ। ਹਾਂ ਹਾਂ, ਮੰਤ੍ਰੀ! ਫੇਰ ਬ੍ਰਾਹਮਣ ਵਲ ਕਦੋਂ?
ਮੰਤ੍ਰੀ- ਤੁਸੀਂ ਅੱਜ ਮਾਤਾ ਜੀ ਨਾਲ ਗੱਲ ਬਾਤ ਕਰੋ; ਮੈਂ ਬਖਸ਼ੀ ਜੀ ਨਾਲ ਫ਼ੌਜ ਵਧਾਉਣ ਤੇ ਸਾਮਾਨ ਜੰਗ ਵਧੇਰੇ ਕਰਨ ਦੀ ਤਜਵੀਜ਼ ਕਰਦਾ ਹਾਂ। ਉਸ ਵੱਲ ਕੱਲ ਤੜਕੇ ਟੁਰ ਪਈਏ। ਸ਼ਿਕਾਰ ਦੇ ਬਹਾਨੇ
ਚੱਲਾਂਗੇ ਤੇ ਫੇਰ ਸ਼ਿਕਾਰ ਵਿਚ ਹੀ ਉਸ ਨੂੰ ਮਿਲਣੇ ਦਾ ਅਵਕਾਸ਼ ਕੱਢ ਲਵਾਂਗੇ। ਦੱਸਕੇ ਜਾਣਾ ਠੀਕ ਨਹੀਂ।
ਰਾਜਾ— ਕਿੱਥੇ ਕੁ ?
ਮੰਤ੍ਰੀ- ਕੋਈ ੨੫ ਯਾ ੨੬ ਕੋਹ ਪਰ ਸਾਡੇ ਸ਼ਹਿਰ ਤੋਂ ਪੂਰਬ ਉੱਤਰ ਵੱਲ ਜਮਨਾ ਕਿਨਾਰੇ ਕਾਲਸੀ ਪਿੰਡ ਹੈ ਉਹ ਕੁਛ ਚੜ੍ਹਾਈ ਚੜ੍ਹਕੇ। ਉਸੇ ਤੋਂ ਕੋਹ ਡੇਢ ਕੋਹ ਕੁ ਉਰੇ ਵਾਰ, ਪਰ ਸਾਡੇ ਪਾਸੇ ਦੇ ਕਿਨਾਰੇ ਤੇ; ਜਿੱਥੇ ਕੁ ਪਹਾੜੀ ਨਦੀ ਟੌਂਸਾ ਜਮਨਾ ਦਾ ਸੰਗਮ ਹੈ, ਓਥੇ ਕੁ ਵਾਰ ਕੁਛ ਪੱਧਰ ਜੇਹੀ ਹੈ ਥੋੜੀ ਓਥੇ ਬਨ ਵਿਚ ਇਕ ਕੁਟੀ ਹੈ ਤੇ ਗਿਰਦੇ ਛਾਪਿਆਂ ਦਾ ਬੜਾ ਤਕੜਾ ਵਾੜਾ ਹੈ ਵਿਚ ਬੜਾ ਖੁਲ੍ਹਾ ਵਿਹੜਾ ਹੈ।"
ਰਾਜਾ- ਠੀਕ! ਬਹੁਤ ਦੂਰ ਨਹੀਂ।
ਇਸ ਪ੍ਰਕਾਰ ਗੱਲਾਂ ਬਾਤਾਂ ਕਰਕੇ ਰਾਜਾ ਤੋਂ ਵਜ਼ੀਰ ਜੀ ਵਿਦਾ ਹੋਏ ਤੇ ਬਖਸ਼ੀਖਾਨੇ ਜਾਕੇ ਆਪਣੀ ਰਿਆਸਤ ਦੀ ਰੱਖਿਆ ਦੇ ਵਧੇਰੇ ਸਾਮਾਨ ਦੀ ਡੌਲ ਡੋਲਦੇ ਰਹੇ। ਉਧਰ ਰਾਜਾ ਜੀ ਨੇ ਆਪਣੀ ਮਾਤਾ ਨਾਲ ਜਤਨ ਲਾ ਕੇ ਪੁਰਾਣੇ ਭੰਡਾਰੇ ਵਿਚੋਂ ਚੋਖੀ ਮਾਇਆ ਰਿਆਸਤ ਦੀ ਰੱਖਿਆ ਦੀ ਨਵੀਂ ਤਜਵੀਜ਼ ਪਰ ਖਰਚ ਲਈ ਕੱਢ ਲੈਣ ਦੀ ਗੱਲ ਮਨਾ ਲਈ।
2.
ਅਗਲੇ ਦਿਨ ਰਾਜਾ ਮੇਦਨੀ ਪ੍ਰਕਾਸ਼ ਸ਼ਿਕਾਰ ਚੜ੍ਹਿਆ, ਨਾਲੇ ਵਜ਼ੀਰ ਤੇ ਕੁਛ ਸਿਪਾਹੀ ਚੜ੍ਹੇ। ਰਸਤੇ ਵਿਚ ਬਖਸ਼ੀ ਨਾਲ ਨਵੀਆਂ ਤਜਵੀਜ਼ਾ ਤੇ ਬਹਿਸ ਤੇ ਵਿਚਾਰ ਹੁੰਦੀ ਗਈ। ਵਜ਼ੀਰ ਨੇ ਡੇਰਾ ਉਸ ਟਿਕਾਣੇ ਤੋਂ ਕੋਹ ਕੁ ਦੀ ਵਿੱਥ ਉੱਤੇ ਉਰੇ ਲਵਾਯਾ। ਲੋਢਾ ਪਹਿਰ ਹੋਯਾ ਤਾਂ ਰਾਜਾ ਤੇ ਵਜ਼ੀਰ ਘੋੜੇ ਚੜ੍ਹ ਸੈਰ ਨੂੰ ਨਿਕਲੇ ਤੇ ਸਨੇ ਸਨੇ ਬ੍ਰਾਹਮਣ ਦੀ ਕੁਟੀ ਪਾਸ ਜਾ ਨਿਕਲੇ। ਰਾਜਾ ਉਰੇ ਠਹਿਰ ਗਿਆ ਤੇ ਵਜ਼ੀਰ ਘੋੜਾ ਬ੍ਰਿਛ ਨਾਲ ਬੰਨ੍ਹਕੇ ਅੰਦਰ ਗਿਆ, ਬ੍ਰਾਹਮਣ ਜੀ ਉਸ ਵੇਲੇ ਵਾੜੇ ਦੇ ਵਿਹੜੇ ਵਿਚ ਇਕ ਪੱਥਰ ਦੀ ਸ਼ਿਲਾ ਤੇ ਘਾਸ ਦੀ ਸਫ਼ ਵਿਛਾਈ ਬੈਠੇ ਸਨ। ਉਮਰਾ ਕੋਈ ਸੌ ਬਰਸ ਤੋਂ ਉੱਪਰ ਦੀ ਸੀ, ਸਰੀਰ ਬੱਸ ਹੱਡੀਆਂ ਜਾਪਦਾ ਸੀ, ਮਾਸ ਤਾਂ ਵਿਚੋਂ ਗੁੰਮ ਹੀ ਲੱਭਦਾ ਸੀ, ਪਰ ਚਿਹਰੇ ਪਰ ਆਭਾ ਚੰਗੀ ਸੀ। ਪਿੱਠ ਵਿਚ ਸਿੱਧਾਪਨ ਨਹੀਂ ਸੀ, ਕੁੱਝ ਜਿਹਾ ਪੈ ਰਿਹਾ ਸੀ ਤੇ ਨਿਰਬਲਤਾਈ ਦੇ ਪੂਰੇ ਡੇਰੇ ਜੰਮੇ ਹੋਏ ਦਿੱਸਦੇ ਸਨ।
ਵਜ਼ੀਰ ਨੇ ਅੱਗੇ ਵਧਕੇ ਪ੍ਰਣਾਮ ਕੀਤੀ, ਬ੍ਰਾਹਮਣ ਨੇ ਪਛਾਣਿਆਂ, ਅਸ਼ੀਰਬਾਦ ਦਿਤੀ ਤੇ ਕਿਹਾ "ਆਓ ਬੈਠੋ। ਵਜ਼ੀਰ ਨੇ ਬਿਨੈ ਕੀਤੀ ਕਿ "ਬਾਹਰ ਰਾਜਾ ਜੀ ਹਨ, ਆਗਯਾ ਹੋਵੇ ਤਾਂ ਆ ਜਾਣ ?” ਇਹ ਸੁਣਕੇ ਬ੍ਰਾਹਮਣ ਕੰਬਦਾ ਕੰਬਦਾ ਉੱਠਣ ਲੱਗਾ ਤੇ ਬੋਲਿਆ "ਸ੍ਰੀ ਕ੍ਰਿਸ਼ਨ ਜੀ ਦਾ ਵਾਕ ਹੈ: 'ਮਨੁੱਖਾਂ ਵਿਚ ਮੈਂ ਰਾਜਾ ਹਾਂ' ਅਹੋ ਭਾਗ! ਰਾਜੇ ਹੀ ਹੋ ਕੇ ਆਓ, ਆਓ ਸਹੀ। ਪਰ ਵਜ਼ੀਰ ਨੇ ਬਾਂਹ ਫੜਕੇ ਬਹਾਲ ਦਿਤਾ ਤੇ ਕਿਹਾ “ਆਪ ਬਿਰਾਜੀਏ, ਰਾਜਾ ਜੀ ਆਪ ਆ ਜਾਣਗੇ। ਉਹ ਆਪਦੇ ਦੁਆਰੇ ਰਾਜਾ ਹੋ ਕੇ ਨਹੀਂ ਆਏ, ਆਸ਼ੀਰਬਾਦ ਵਾਸਤੇ ਆਏ ਹਨ, ਆਪ ਧਰਮ ਮੂਰਤੀ ਹੋ, ਬੜੇ ਹੋ।”
ਇਹ ਕਹਿਕੇ ਬਾਹਰ ਗਿਆ ਤੇ ਰਾਜਾ ਨੂੰ ਨਾਲ ਲੈ ਕੇ ਅੰਦਰ ਆ ਗਿਆ। ਦੋਹਾਂ ਨੇ ਦੂਰੋਂ ਹੀ ਸੀਸ ਨਿਵਾਇਆ ਤੇ ਬੁਢੇ, ਪਰ ਅੰਦਰਲੇ ਸਾਹਸ ਵਾਲੇ ਬ੍ਰਾਹਮਣ ਨੇ ਕਿਹਾ: "ਅਹੋ ਭਾਗ, ਧੰਨ੍ਯ ਭਾਗ੍ਯ! ਰਾਜਾ ਹੀ ਹੋ ਕੇ ਆਓ, ਜੀ ਆਇਆਂ ਨੂੰ!"
ਥੋੜਾ ਚਿਰ ਆਪੋ ਵਿਚ ਆਦਰ ਸਤਿਕਾਰ ਕੁਸ਼ਲ ਆਨੰਦ ਪੁਛਕੇ ਮਤਲਬ ਦੀ ਗੱਲਬਾਤ ਛਿੜ ਪਈ। ਬ੍ਰਾਹਮਣ ਨੇ ਸਾਰੀ ਗੱਲ ਸੁਣਕੇ ਕਿਹਾ "ਹੇ ਰਾਜਨ! ਮੈਂ ਇਸ ਰਾਜ ਵਿਚ ਬੈਠ ਕੇ ਤਪ ਕੀਤਾ ਹੈ, ਤੇਰੀ ਰਾਜ ਹਾਨੀ ਮੈਂ ਨਹੀਂ ਵੇਖ ਸਕਦਾ। ਭਗਵਾਨ ਕ੍ਰਿਪਾ ਕਰੇ ਤੇ ਰਾਜ ਅਟੱਲ ਹੋਵੇ। ਪਰ ਸੰਸਾਰ ਵਿਚ ਫਤਹ ਸ਼ਾਹ ਤੇ ਭੀਮ ਚੰਦ ਦੋ ਰਲੇ ਹੋਏ ਤੇਰੇ ਤੇ ਭਾਰੂ ਹਨ ਤੇ ਸਿੱਧੀ ਮੰਡਲ ਵਿਚ ਰਾਮ ਰਾਏ ਜੋਗੀ ਹੈ, ਸਿੱਧੀਆਂ ਵਿਭੂਤੀਆਂ ਤੇ ਉਸ ਦਾ ਪੂਰਨ ਵਸੀਕਾਰ ਹੈ। ਮੈਂ ਗਰੀਬ ਤਾਂ ‘ਦਰਸ਼ਨ' ਦੀ ਆਸ ਵਿਚ ਬੁੱਢਾ ਹੋ ਗਿਆ ਹਾਂ, ਵਿਭੂਤੀਆਂ ਤੋਂ ਮੇਰੇ ਗੁਰੂ ਨੇ ਮੈਨੂੰ ਹੋੜਿਆ ਸੀ ਤੇ ਮੈਂ ਆਪ ਬੀ ਇਸ ਪਾਸੇ ਰੁਚੀ ਨਾ ਕੀਤੀ। ਸਾਰਾ ਬਲ ਇਸੇ ਗੱਲ ਵੱਲ ਲਗਾ ਕਿ ਪ੍ਰਤੱਖ ਭਾਵੇ ਅੰਤਰ ਆਤਮੇ ਦਰਸ਼ਨ ਪਾਵਾਂ, ਚਾਹੇ ਦਰਸ਼ਨ ਦੇਖਾਂ ਚਾਹੇ ਦਰਸ਼ਨ ਸਮਾਵਾਂ। ਪਰ ਮੇਰੀ ਆਸ ਨਹੀਂ ਪੁੱਗੀ” (ਇਹ ਕਹਿ ਨੈਣ ਭਰ ਆਏ)।
ਵਜ਼ੀਰ- ਖਿਮਾਂ ਕਰਨੀ, ਅਸਾਂ ਆਪ ਦੇ ਕੇਵਲ 'ਬ੍ਰਹਮ-ਦਰਸ਼ਨ’ ਨਮਿੱਤ ਲਗ ਰਹੇ ਸਮੇਂ ਵਿਚ ਵਿਘਨ ਪਾਯਾ ਹੈ। ਅਸੀਂ ਲੋੜਵੰਦ ਲੋਕ ਹਾਂ, ਬਿਰਥਾਵੰਤ ਅਪਣੇ ਲਈ ਕਾਹਲਾ ਹੁੰਦਾ ਹੈ।
ਬ੍ਰਾਹਮਣ— ਕਿਵੇਂ ਆਖੋ। ਰਾਜਾ ਪ੍ਰਜਾ ਦਾ ਰਖਵਾਲਾ ਹੈ, ਰਾਜ ਵਿਚ ਵਸਦਿਆਂ ਰਾਜ ਦੀ ਰੱਖਿਆ ਸਭ ਦਾ ਧਰਮ ਹੈ। ਮੈਂ ਇਸ ਰਾਜ ਵਿਚ ਸੁਖ ਪਾਇਆ ਹੈ, ਆਪ ਦਾ ਆਉਣਾ ਵਿਘਨਕਾਰੀ ਨਹੀਂ ਹੈ। ਭਗਵਾਨ ਸਹਾਇਤਾ ਕਰੇ, ਮੇਰੀ ਅਸ਼ੀਰਵਾਦ ਹੈ, ਪਰ ਹਾਂ.....!
ਇਹ ਕਹਿਕੇ ਬੁੱਢੇ ਦਾ ਚਿਹਰਾ ਦਮਕ ਆਇਆ, ਢਿਲਕਦੇ ਮਾਸ ਦੀਆਂ ਝੁਰੀਆਂ ਵਿਚ ਇਕ ਚਾਨਣ ਜਿਹਾ ਫੇਰਾ ਪਾ ਗਿਆ, ਸਿਰ ਹਿਲਾਵੇ ਤੇ ਅੱਖਾਂ ਮੀਟ ਮੀਟ ਜਾਵੇ, ਜਿਨ੍ਹਾਂ ਅੱਖਾਂ ਵਿਚ ਕਿ ਹੁਣ ਇਕ ਦਮਕ ਆ ਗਈ ਸੀ। ਫੇਰ ਨੈਣ ਭਰ ਆਏ ਤੇ ਫੇਰ ਕੁਛ ਚਿਰ ਚੁਪ ਰਹਿਕੇ ਬੋਲਿਆ: "ਰਾਜਨ! ਇਹ ਕਲੂਕਾਲ ਹੈ ਤੇ ਕਲੂ ਦੇ ਬੀ ਤ੍ਰੈ ਪੈਰ ਖਿੱਸੇ ਹਨ, ਇਸ ਵੇਲੇ ਇਕ ਭਾਰੀ ਅਵਤਾਰ ਦਾ ਆਗਮ ਹੈ, ਹਾਂ, ਉਹ ਆਇਆ ਹੈ ਤੇ ਵਿਚਰ ਰਿਹਾ ਹੈ, ਪਰ ਮੈਨੂੰ ਪਤਾ ਨਹੀਂ, ਜੇ ਕਦਾਪਿ ਤੂੰ ਉਸ ਦੇ ਦਰਸ਼ਨ ਕਰੇਂ ਤਾਂ ਨਿਸਚੇ ਕਲਿਆਨ ਹੋਵੇ"।
ਰਾਜਾ— ਬਿਨਾਂ ਪਤੇ ਕੀਕੂੰ ਪਾਈਏ?
ਬ੍ਰਾਹਮਣ- ਹੇ ਰਾਜਨ! ਮੈਨੂੰ ਉਂਞ ਥਹੁ ਕੋਈ ਨਹੀਂ ਮੈਂ ਪਹਿਲੀ ਉਮਰੇ ਮੂਰਤੀ ਦਾ ਧਿਆਨ ਧਰਦਾ ਰਿਹਾ ਹਾਂ। ਫੇਰ ਮੈਨੂੰ ਰਾਹ ਪਾਉਣ ਵਾਲਾ ਮਿਲਿਆ ਮੈਂ ਉਸ ਦੇ ਧਿਆਨ ਮਗਨ ਰਿਹਾ, ਉਸ ਨੇ ਮੈਨੂੰ ਫੇਰ ਚਤੁਰਭੁਜ ਮੂਰਤੀ ਦੇ ਧਿਆਨ ਵਿਚ ਲਾਇਆ। ਮੇਰੀ ਆਰਬਲਾ ਤਾਂ ਇਸੇ ਤਰ੍ਹਾਂ ਗੁਜ਼ਰੀ। ਸਿੱਕ ਇਹ ਰਹੀ ਕਿ ਜੋ ਮੂਰਤੀ ਮੈਂ ਆਪਣੇ ਖਿਆਲ ਵਿਖੇ ਬੰਨ੍ਹਦਾ ਹਾਂ ਉਹ ਕਦੇ ਜੀਉਂਦੀ ਹੋ ਕੇ ਮਿਲੇ, ਚਾਹੋ ਮਨੁਖਾਂ ਵਾਂਝ, ਚਾਹੋ ਕਿਸੇ ਆਤਮ ਤਰੀਕੇ ਵਿਚ, ਪਰ ਆਸ ਨਾ ਪੁੱਗੀ। ਹੁਣ ਕੁਛ ਦਿਨ ਹੋਏ ਤਾਂ ਮੈਂ ਬੈਠੇ ਬੈਠੇ ਇਕ ਸ੍ਵਪਨ ਡਿੱਠਾ, ਇਕ ਕੋਈ ਦਿੱਵਯ ਮੂਰਤੀ ਹੈ, ਉਹਨਾਂ ਮੈਨੂੰ ਆਖਿਆ ਕਿਉਂ ਮੂਰਤਾਂ ਬੰਨ੍ਹ ਬੰਨ੍ਹਕੇ ਖਪਦਾ ਹੈਂ। ਮਨੁਖ ਰੂਪ ਵਿਚ ਜਗਤ ਪਰ ਆਏ ਹੋਏ ਹਨ ਤੇ ਜਗਤ ਦੇ ਰਖ੍ਯਕ ਹੋ ਰਹੇ ਹਨ। ਜੁਧ ਜੰਗ ਰਚਾਉਣ ਦੇ ਆਹਰਾਂ ਵਿਚ ਹਨ, ਜੋਧੇ ਤੇ ਰਜੋਗੁਣੀ ਦਿੱਸਦੇ ਹਨ; ਪਰ ਹੈਨ ਧੁਰੋਂ, ਆਪ, ਅਵਤਾਰ ਤੇ ਜਗਤ ਰਖ੍ਯਕ। ਹੇ ਰਾਜਨ! ਜੇ ਮੈਂ ਵੇਖਾਂ ਤਾਂ ਪਛਾਣ ਲਵਾਂ, ਉਨ੍ਹਾਂ ਦੀ ਨਵ ਉਮਰਾ ਹੈ। ਦਿੱਵ੍ਯ ਮੂਰਤੀ ਹੈ, ਪ੍ਰਕਾਸ਼ ਹੈ, ਰਸ ਹੈ, ਪਰ ਸ਼ਸਤ੍ਰਧਾਰੀ ਹਨ ਤੇ ਠਾਠ ਰਾਜਸੀ ਹੈ।
ਰਾਜਾ— ਨਾਮ?
ਬ੍ਰਾਹਮਣ— ਇਹ ਪਤਾ ਨਹੀਂ, ਮੈਨੂੰ ਉਸ ਦਿਨ ਤੋਂ ਇਹੀ ਝਾਉਲਾ ਪੈਂਦਾ ਹੈ ਤੇ ਰੋਜ਼ ਪੈਂਦਾ ਹੈ। ਮੈਂ ਤਾਂ ਇਕ ਦਿਨ ਬੀ ਇੱਥੇ ਪਾਣੀ ਨਾ ਪੀਂਦਾ, ਢੂੰਡਣ ਤੁਰ ਪੈਂਦਾ, ਪਰ ਮੇਰੀਆਂ ਜੰਘਾਂ ਵਿਚ ਤਾਕਤ ਨਹੀਂ, ਬਾਲਕਾ ਮੋਢੇ ਲਾ ਖੜਦਾ ਹੈ ਜਾਂ ਬਹੁਤੀ ਵੇਰੀ ਚਾ ਖੜਦਾ ਹੈ ਤਾਂ ਇੱਥੇ ਨਦੀ ਤਾਂਈਂ ਜਾ ਕੇ ਇਸ਼ਨਾਨ ਕਰਦਾ ਹਾਂ। ਜੇ ਮੇਰੇ ਵਿਚ ਤਾਕਤ ਹੁੰਦੀ ਤਾਂ ਮੈਂ ਕਦੇ ਚਉ ਕਰਕੇ ਨਾ ਬੈਠਦਾ? ਮੇਰੀ ਆਸ ਪੂਰੀ ਹੋਈ ਹੈ ਤਾਂ ਮੇਰੇ ਵਿਚ ਆਸੰਙ ਨਹੀਂ ਰਹੀ। ਹੁਣ ਮੇਰੇ ਪਾਸ ਕੇਵਲ ਮਨ ਦੀ ਆਰਾਧਨਾ' ਹੈ, ਜੋ ਕਿਵੇਂ ਨੈਣ ਬੰਦ ਹੋਣ ਤੋਂ ਪਹਿਲਾਂ ਦਰਸ਼ਲ ਪਾ ਲਵਾਂ ਤੇ ਉਹ ਕੁਛ ਅਨੁਭਵ ਕਰ ਲਵਾਂ ਜਿਸ ਨੂੰ 'ਪਰਮਾਨੰਦ, ਪਰਮ ਰਸ' ਆਖਦੇ ਹਨ, ਤੇ ਜੋ ਕੇਵਲ ਮਿਲਾਪ ਨਾਲ, ਦਰਸ਼ਲ ਨਾਲ ਹੀ ਪ੍ਰਾਪਤ ਹੁੰਦਾ ਹੈ। ਰਾਜਾ! ਤੇਰੇ ਪਾਸ ਬਲ ਹੈ; ਪਦਾਰਥ ਹੈ, ਤੂੰ ਖੋਜ ਕਰ। ਜੇ ਲੱਭ ਲਵੇਂ ਤਾਂ ਤੇਰਾ ਵੀ ਕਾਰਜ ਸਵਰੇ ਤੇ ਦੇਖੋ, ਠਹਿਰਕੇ) ਅਹੋ ਭਾਗ! ਮੇਰੇ ਬੀ ਭਾਗ ਜਾਗ ਪੈਣ। ਕੀ ਜਾਣੀਏ ਭਗਵੰਤ ਜੀ ਨੇ ਤੁਹਾਨੂੰ ਪ੍ਰੇਰਕੇ ਆਂਦਾ ਹੋਵੇ ਜੋ ਮੈਂ ਪਤਾ ਦਿਆਂ ਤੇ ਤੁਸੀਂ ਟੋਲ ਕਰੋ, ਲੱਭ ਕੇ ਲੈ ਆਓ, ਜਾਂ ਇਸ ਬੁੱਢੇ ਬ੍ਰਾਹਮਣ ਨੂੰ ਪਾਲਕੀ ਪਾਂ ਉਸ ਦੇ ਚਰਨ ਕਮਲਾਂ ਦੇ ਵਿਚ ਚੱਲ ਸੁੱਟੋ ਜੋ ਇਹ ਬੀ ਪਰਮ ਪਦਾਰਥ ਪਾ ਲਵੇ: 'ਮੰਗਤ ਜਨ’ ਜੁ ਹੋਇਆ।
ਬ੍ਰਾਹਮਣ ਦੀ ਇਹ ਪਿਆਰ ਭਰੀ ਤੇ ਸੱਧਰ ਸਿੱਕ ਵਾਲੀ ਆਸਾ, ਪਰ ਉਂਞ 'ਨਿਰਾਸਾ ਵਾਲੀ ਆਸਾ' ਦੀ ਦਸ਼ਾ ਪਰ ਰਾਜਾ ਵਜ਼ੀਰ ਦੋਵੇਂ ਦ੍ਰਵ ਗਏ ਤੇ ਵਧੇਰੇ ਸ਼ੌਕ ਵਿਚ ਹੋ ਕੇ ਪੁੱਛਣ ਲੱਗੇ, ਕੋਈ ਅਤਾ ਪਤਾ ਦੇਵੋ?
ਬ੍ਰਾਹਮਣ- ਅੱਸੀ ਸਾਲ ਦੇ ਤਪ ਬਾਦ ਧਿਆਨ ਤੇ ਤਿਆਗ ਵਿਰਾਗ ਦੇ ਜੀਵਨ ਵਿਚ ਰਹਿ ਕੇ ਆਹ ਝਾਉਲਾ ਹੀ ਪਿਆ ਹੈ, ਹੋਰ ਕੀ ਦੱਸਾਂ ? ਨਵਉਮਰਾ ਹਨ, ਸੁੰਦਰ ਹਨ, ਨੈਣ ਹਰਨਾਂ ਵਾਂਙ ਹਨ, ਬਾਹਾਂ ਗੋਡਿਆਂ ਤੱਕ ਪਲਮਦੀਆਂ ਹਨ; ਸਰੀਰ ਲੰਮੇਰਾ ਤੇ ਪਤਲਾ ਜਿਹਾ ਹੈ, ਤੇਜ ਹੈ ਅਝੱਲ, ਸ਼ਸਤ੍ਰਧਾਰੀ ਹਨ, ਰਜੋ ਸਾਮਾਨ ਹੈ, ਹੈਨ ਪੂਰਨ, ਪੂਰਨ। ਧੁਰੋਂ ਆਏ ਸੱਦੇ ਆਏ ਸਾਡੇ, ਘੱਲੇ ਆਏ ਜੋਤਿ ਨਿਰਬਾਨ ਦੇ, ਆਪ ਹਨ ਪੂਰਨ ਅਵਤਾਰ।
ਇਹ ਸੁਣਕੇ ਰਾਜੇ ਵਜ਼ੀਰ ਦੀਆਂ ਆਪੋ ਵਿਚ ਅੱਖਾਂ ਲੜੀਆਂ, ਕੋਈ ਸੈਨਤਾਂ ਹੋਈਆਂ।
ਰਾਜਾ- ਉਹ ਕਹਿਲੂਰ ਵਾਲੇ ਟਿਕਾਣੇ ਤਾਂ ਨਹੀਂ ਭੀਮੇਂ ਦੇ ਸ਼ੱਤਰੂ? ਬ੍ਰਾਹਮਣ- ਸ਼ੱਤਰੂ ਓਹ ਨਹੀਂ ਸ਼ੱਤਰੂ, ਉਹ ਸਭ ਦੇ ਪਿਆਰੇ, ਸਭ ਦੇ ਪ੍ਰੇਮੀ, ਸ਼ੱਤਰੂਆਂ ਨੂੰ ਅਵਤਾਰ ਸ਼ੱਤਰੂ ਲਗਦਾ ਹੈ। ਆਪਣੇ ਕਰਮ ਸ਼ਤ੍ਰੂ ਹੁੰਦੇ ਹਨ, ਆਪੇ ਕੀਤੇ ਆਪੇ ਪਾਏ। ਧੁਰੋਂ ਆਇਆ ਨਿਰਾ ਪ੍ਰੇਮ ਹੁੰਦਾ ਹੈ।
ਰਾਜਾ— ਮਹਾਰਾਜ! ਭਲਾ ਅਵਤਾਰ ਆਵੇ ਤਾਂ ਆਪ ਵਰਗੀ ਬ੍ਰਹਮਦੇਹੀ ਵਿਚ ਆਵੇ, ਸ਼ਸਤ੍ਰਧਾਰੀਆਂ ਵਿਚ ਬ੍ਰਹਮਜੋਤੀ ਕਿਵੇਂ?
ਬ੍ਰਾਹਮਣ (ਠੰਢਾ ਸਾਹ ਲੈ ਕੇ)— ਬਈ ਮੋਟੀ ਗਲ ਹੈ, ਰਾਮ ਜੀ ਖੱਤ੍ਰੀ ਸ਼ਸਤ੍ਰਧਾਰੀ, ਕ੍ਰਿਸ਼ਨ ਜੀ ਖੱਤ੍ਰੀ ਸ਼ਸਤ੍ਰਧਾਰੀ। ਖ਼ਬਰੇ ਅਵਤਾਰ ਕਿਉਂ ਇਸ ਰੂਪ ਵਿਚ ਆਉਂਦਾ ਹੈ ? ਹੋਰ ਸੁਣੋ, ਸਾਡੇ ਬ੍ਰਾਹਮਣਾਂ ਪਾਸ ਤਾਂ ਕਰਮ ਕਾਂਡ ਹੈ, ਅਸਾਂ ਤਾਂ ਵੇਦ ਦੀਆਂ ਰਿਚਾਂ ਗਾਉਂਦੇ ਯੱਗ ਹੀ ਕਰਦੇ ਕਰਾਉਂਦੇ ਰਹੇ, ਇਹ ਬ੍ਰਹਮ ਵਿਦਿਆ ਤਦੋਂ ਬੀ ਖ੍ਯਤ੍ਰੀ ਮਹਾਰਾਜਿਆਂ ਪਰ ਉਤਰਦੀ ਰਹੀ। ਰਾਮ ਤੇ ਉਤਰੀ, ਅਸਾਂ ਵੇਦ ਪਾਠੀ ਰਾਵਣ ਬਣਕੇ ਵੈਰ ਹੀ ਕੀਤਾ।
ਤੁਸੀਂ ਸੰਸਕ੍ਰਿਤ ਪੜ੍ਹੇ ਨਹੀਂ ਭਾਈ! ਆਦਿ ਸਮਿਆਂ ਵਿਚ ਜੋ ਅਸਲ ਬ੍ਰਹਮਵਿਦਿਆ ਸੀ ਸੋ ਗੁੱਝੀ ਰਹੀ, ਅਸੀਂ ਤਾਂ ਕਰਮਕਾਂਡੀ ਰਹੇ। ਗੁਹਯ ਵਿਦਿਆ, ਬ੍ਰਹਮ ਵਿਦਿਆ, ਰਸ ਵਿਦਿਆ, ਵੇਖੋ ਨਾ ਬਈ, ਸਾਡੇ ਵੱਡਿਆਂ ਨੂੰ ਭਿਣਕ ਪਈ ਕਿ ਖੱਤ੍ਰੀਆਂ ਪਾਸ ਹੈ, ਇਹ ਨਾਲੇ ਰਾਜ ਕਰਦੇ ਹਨ ਨਾਲੇ ਜੀਵਨ ਮੁਕਤੀ ਦੀ ਮੌਜ ਮਾਣਦੇ ਹਨ। ਫੇਰ ਵੇਖੋ ਨਾ! ਸਾਡੇ ਵੱਡਿਆਂ ਨੇ ਇਨ੍ਹਾਂ ਖ੍ਯਤ੍ਰੀਆਂ ਮਹਾਰਾਜਿਆਂ ਦੇ ਦੁਆਰੇ ਜਗ੍ਯਾਸਾ ਧਾਰਕੇ ਇਹ ਵਿਦ੍ਯਾ, ਸਿੱਖੀ! ਤੁਸਾਂ ਸੁਣਿਆਂ ਹੋਊ ਸੁਕਦੇਵ ਬ੍ਰਾਹਮਣ ਜੀ ਨੇ ਰਾਜਾ ਜਨਕ ਦੇ-ਜੋ ਖ੍ਯਤ੍ਰੀ ਸਨ— ਦੁਆਰੇ ਜਾ ਕੇ ਇਹ ਵਿਦ੍ਯਾ ਲਈ ਸੀ।
ਫੇਰ ਵੇਖੋ ਪੰਜ ਬ੍ਰਾਹਮਣ ਉਦਾਲਕ ਅਰੁਨੀ' ਪਾਸ ਵੈਸ਼ਵਾਨਰ ਆਤਮਾਂ ਦੀ ਵਿਦ੍ਯਾ ਵਾਸਤੇ ਗਏ। ਉਦਾਲਕ ਅਪਣੀ ਸਮਰਥਾ ਤੇ ਸੰਸਾ ਦੱਸਦਾ ਹੈ, ਫੇਰ ਉਹ ਅਸ਼੍ਵਾਪਤੀ ਕੈਕੇਯ ਪਾਸ ਜਾਂਦੇ ਹਨ, ਉਥੋਂ ਉਨ੍ਹਾਂ ਨੂੰ ਬ੍ਰਹਮ ਵਿਦ੍ਯਾ ਪ੍ਰਾਪਤ ਹੁੰਦੀ ਹੈ ਪਰ ਕੈਕੇਯ ਉਨ੍ਹਾਂ ਨੂੰ ਉਨ੍ਹਾਂ ਦੀ ਪਹਿਲੀ ਵਿਦਯਾ ਸਾਬਤ ਕਰ ਦੇਂਦਾ ਹੈ ਕਿ ਅਗਯਾਨ ਮਈ ਹੈਸੀ2। ਫੇਰ ਵੇਖੋ ਕਾਂਸ਼ੀ ਦੇ ਰਾਜਾ ਅਜਾਤਸਤ੍ਰੂ ਨੂੰ ਗਾਰਗੇ ਬਲਾਕੀ ਬ੍ਰਹਮ ਦੀਆਂ ੧੨ ਵ੍ਯਾਖ੍ਯਾ
----------------
1. ਛੰਦ ५.११.२४। 2. ਬ੍ਰਿਹ ੨,੧ ਤੇ ਕੌਸ਼ੀ ੪ ।
ਸੁਣਾਉਂਦਾ ਹੈ, ਪਰ ਰਾਜਾ, ਜੋ ਖੱਤ੍ਰੀ ਹੈ, ਉਸ ਬ੍ਰਾਹਮਣ ਨੂੰ ਸਾਬਤ ਕਰ ਦੇਂਦਾ ਹੈ ਕਿ ਉਹ ਭੁੱਲ ਤੇ ਹੈ। ਫੇਰ ਆਪ ਬ੍ਰਹਮ ਦਾ ਦਰੁਸਤ ਨਿਰੂਪਣ ਕਰਦਾ ਹੈ ਤੇ ਉਸ ਵੇਲੇ ਆਖ ਬੀ ਦੇਂਦਾ ਹੈ ਕਿ ਦੇਖ! ਮੈਂ ਖ੍ਯਤ੍ਰੀ ਹਾਂ ਅਰ ਬ੍ਰਾਹਮਣ ਨੂੰ ਬ੍ਰਹਮ ਵਿਦ੍ਯਾ ਦੇਣ ਲੱਗਾ ਹਾਂ। ਇਥੇ ਸਪੱਸ਼ਟ ਦੱਸਿਆ ਹੈ ਕਿ ਬ੍ਰਹਮ (ਆਤਮਾ) ਦੀ ਵਿਦ੍ਯਾ ਰਾਜਾ ਪਾਸ ਹੈ ਜੋ ਖ੍ਯਤ੍ਰੀ ਹੈ, ਅਰ ਬ੍ਰਾਹਮਣ ਪਾਸ ਨਹੀਂ ਹੈ। ਫਿਰ ਵੇਖੋ ਰਾਜਾ ਪਰਿਵਾਹਿਨ ਜੈਵਲੀ ਨੇ, ਜੋ ਖ੍ਯਤ੍ਰੀ ਰਜੋਗੁਣੀ ਕੰਮ ਵਾਲਾ ਸੀ, ਦੋ ਬ੍ਰਾਹਮਣਾਂ ਨੂੰ ਆਕਾਸ਼ ਨਿਰੂਪਣ ਕੀਤਾ ਹੈ ਜਿਸ ਵਿਦ੍ਯਾ ਦੀ ਉਨ੍ਹਾਂ ਨੂੰ ਖ਼ਬਰ ਨਹੀਂ ਸੀ2। ਇਸ ਤੋਂ ਪਹਿਲਾਂ ਅਤਿ ਧਨਵਾਨ ਨਾਮੇ ਖੱਤ੍ਰੀ ਨੇ ਉਦਰਸ਼ਾਂਡਲ੍ਯ ਬ੍ਰਾਹਮਣ ਨੂੰ ਇਹ ਵਿਦਯਾ ਦਿੱਤੀ ਸੀ। ਫੇਰ ਨਾਰਦ ਨੂੰ- ਜੋ ਬੜਾ ਬ੍ਰਾਹਮਣ ਤੇ ਪ੍ਰਸਿੱਧ ਰਿਖੀ ਸੀ- ਸਨਤ ਕੁਮਾਰ ਨੇ, ਜੋ ਯੁੱਧ ਦਾ ਦੇਵਤਾ ਹੈ, ਬ੍ਰਹਮ ਵਿਦਯਾ ਸੁਣਾਈ।3 ਬ੍ਰਾਹਮਣ ਅਰੁਣੀ ਨੂੰ ਰਾਜਾ ਪਰਿਵਾਹਨ ਜੈਵਲੀ ਨੇ ਜਦ ਸਿੱਖ੍ਯਾ ਦਿੱਤੀ ਤਾਂ ਰਾਜਾ ਬ੍ਰਾਹਮਣ ਨੂੰ ਆਖਦਾ ਹੈ: ਹੇ ਗੌਤਮ! ਜਿਸ ਤਰ੍ਹਾਂ ਤੂੰ ਮੈਨੂੰ ਆਖਿਆ ਹੈ ਕਿ ਇਹ ਵਿਦ੍ਯਾ ਅੱਜ ਤੱਕ ਬ੍ਰਾਹਮਣਾ ਵਿਚ ਪ੍ਰਚੁਰ ਨਹੀਂ ਹੈ, ਇਸ ਕਰਕੇ ਤ੍ਰੈ ਲੋਕਾਂ ਦਾ ਰਾਜ ਤੇ ਜੰਗ ਕਰਨੇ ਵਾਲੀ ਜਾਤੀ ਪਾਸ ਹੀ ਰਿਹਾ ਹੈ4। ਇਹੋ ਗਲ ਹੋਰ ਥਾਂ ਐਉਂ ਲਿਖੀ ਹੈ: 'ਇਸੇ ਤਰ੍ਹਾਂ ਨਿਸ਼ਚੇ ਹੈ ਕਿ ਅੱਜ ਦੇ ਦਿਨ ਤੱਕ ਇਹ ਵਿਦਯਾ (ਬ੍ਰਹਮ ਵਿਦ੍ਯਾ ਕਿਸੇ ਬ੍ਰਾਹਮਣਾਂ ਦੇ ਹੱਥ ਨਹੀਂ ਸੀ ਆਈ। ਗੀਤਾ ਜੋ ਸਰਬ ਸ਼ਾਸਤ੍ਰਾਂ ਦਾ ਤੱਤ ਤੇ ਵੇਦ ਦਾ ਦਰਜਾ ਰਖਦੀ ਹੈ ਜੰਗ ਕਰਨ ਵਾਲੇ ਕ੍ਰਿਸ਼ਨ ਦੇਵ ਨੇ ਮੈਦਾਨ ਜੰਗ ਵਿਚ ਜੰਗ ਕਰ ਰਹੇ ਅਰਜਨ ਨੂੰ ਉਪਦੇਸ਼ੀ ਸੀ ਤੇ ਮਹਾਂਭਾਰਤ ਦੇ ਬ੍ਰਾਹਮਣ ਲਿਖਾਰੀ ਨੇ ਅਪਣੇ ਪੁਸਤਕ ਵਿਚ ਲਿਖੀ ਸੀ। ਸੋ ਹੇ ਰਾਜਾ! ਇਹ ਗੱਲਾਂ ਧਰਮ ਪੁਸਤਕਾਂ ਵਿਚ ਨਿਰੂਪਣ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਜੰਗ ਕਰਨ ਵਾਲੇ ਰਜੋਗੁਣੀ ਕਮਾਮ ਵਾਲੇ ਮਨੁੱਖ ਯਾ ਦੇਵਤਾ ਖ੍ਯਤ੍ਰੀ ਰਾਜੇ ਮਹਾਰਾਜੇ ਇਸ ਬ੍ਰਹਮ ਵਿੱਦਯਾ ਦੇ ਗ੍ਯਾਤਾ ਤੇ ਰਸੀਏ ਤੇ ਬ੍ਰਾਹਮਣਾਂ ਨੂੰ ਦਾਤੇ ਹੋਏ ਹਨ। ਭਾਵੇਂ ਮੂਲ ਵਿਚ ਇਹ ਅਕਾਸ਼ ਬਾਣੀ ਖ੍ਯਤ੍ਰੀ ਨੂੰ ਹੋਈ ਹੋਵੇ ਕਿ ਬ੍ਰਾਹਮਣ ਨੂੰ, ਪਰ ਧਰਮ ਪੁਸਤਕ ਦਸਦੇ ਹਨ ਕਿ ਖ੍ਯਤ੍ਰੀ ਇਸ ਵਿੱਦ੍ਯਾ
-----------------
1. ਕੋਸ਼ੀ १੬। 2. ਛੰਦ ੧ ੮ ੯ । 3. ਛੰਦ ੭।
4. ਛੰਦ ५.३.੭। 5. ਬ੍ਰਿਹ ੬.२.੮ ।
ਦੇ ਆਗੂ ਸਨ। ਇਸ ਵਿੱਦ੍ਯਾ ਦਾ ਨਾਉਂ ਅਕਸਰ ਉਪਨਿਖ਼ਦ ਕਰਕੇ ਆਯਾ ਹੈ। ਭਾਵੇਂ ਇਸ ਪਦ ਦੇ ਕਈ ਅਰਥ ਹਨ ਪਰ ਪੁਰਾਣੇ ਲੇਖਕ ਉਪਨਿਖ਼ਦ ਨੂੰ ਰਹੱਸ੍ਯ ਆਖਦੇ ਹਨ, ਜਿਸ ਦਾ ਅਰਥ ਹੈ: ਭੇਤ ਦੀ ਗੱਲ, ਗੁਹ੍ਯ ਗੱਲ। ਚੂੰਕਿ ਦੱਸੀ ਅਧਿਕਾਰੀ ਨੂੰ ਕੇਵਲ ਜਾਂਦੀ ਸੀ ਤੇ ਅਨਅਧਿਕਾਰੀਆਂ ਨੂੰ ਦੱਸਣਾ ਮਨ੍ਹੇ ਸੀ, ਇਹ ਗੁਹ੍ਯ ਗੱਲ ਹੀ ਰਹੀ1 ਜੋ ਜਾਨਣਹਾਰੇ ਆਪਣੇ ਪੁੱਤ੍ਰ ਤੇ ਪੂਰਨ ਵਿਸ਼ਵਾਸ਼ ਯੋਗ ਚੇਲਿਆਂ ਨੂੰ ਦੇਂਦੇ ਲਿਖੇ ਹਨ। ਸੋ ਰਾਜਾ ਬ੍ਰਹਮ ਦਾ ਗ੍ਯਾਨ ਤੇ ਬ੍ਰਹਮ ਦਾ ਪ੍ਰਕਾਸ਼ ਰਜੋ ਰੰਗ ਵਾਲਾ ਸਰੀਰ ਲੈ ਕੇ ਉਸ ਦਾ ਪ੍ਰਕਾਸ਼ਣਾ ਅਚਰਜ ਗੱਲ ਨਹੀਂ। ਤੂੰ ਹਿੰਦੂ ਹੈਂ, ਵੇਦ ਸ਼ਾਸਤ੍ਰ ਤੇ ਭਰੋਸਾ ਰੱਖਦਾ ਹੈਂ, ਸੋ ਇਹ ਭਰਮ ਨਾ ਕਰ ਕਿ ਅਵਤਾਰ ਆਇਆ ਹੈ ਤਾਂ ਸ਼ਸਤ੍ਰਧਾਰੀ ਕਿਉਂ ਹੈ? ਹੋਰ ਸੁਣ! ਮੈਨੂੰ ਦੱਸਿਆ ਗਿਆ ਹੈ ਕਿ ਇ ਅਵਤਾਰ ਪਿਛਲੇ ਸਾਰਿਆਂ ਤੋਂ ਵੱਡਾ ਹੈ, ਵਜ਼ਨਦਾਰ ਹੈ, ਭਾਰਾ ਹੈ, ਉਨ੍ਹਾਂ ਦਾ ਗੁਰੂ ਹੈ, ਸਰੇਸ਼ਟ ਹੈ।
ਬ੍ਰਾਹਮਣ ਤਪੀ ਦੇ ਮੂੰਹੋਂ 'ਗੁਰੂ ਸਹਿਸੁਭਾ 'ਵਡੇ' ਦੇ ਅਰਥ ਵਿਚ ਨਿਕਲਿਆ ਸੀ ਕਿ ਰਾਜੇ ਵਜ਼ੀਰ ਦੋਹਾਂ ਦੇ ਮਨ ਤੇ ਫੇਰ ਉਹੋ ਇਸ਼ਾਰਾ ਵੱਜ ਗਿਆ ਕਿ ਉਸ ਨੂੰ ਸਾਰੇ 'ਗੁਰੂ' ਆਖਦੇ ਹਨ, ਤੇ ਇਸ ਨੂੰ ਉਂਞ ਕੱਖ ਪਤਾ ਨਹੀਂ, ਪਰ ਪਤੇ ਉਹੋ ਦੇਂਦਾ ਹੈ ਤੇ ਹੁਣ ਅੱਖਰ ਬੀ ਸ਼ੁੱਧ ਬੋਲ ਗਿਆ ਹੈ।
ਬ੍ਰਾਹਮਣ-ਸੋ ਬਈ ਜਾਓ ਢੂੰਡੋ, ਮਿਲੇ ਤਾਂ ਮੈਨੂੰ ਬੀ ਬੁੱਢੇ ਠੇਰੇ ਨੂੰ ਯਾਦ ਰੱਖਣਾ, ਦਰਸ਼ਨ ਕਰਾ ਦੇਣੇ। ਭਗਵਾਨ ਤੁਹਾਡੀ ਮਨੋਂ ਕਾਮਨਾ ਪੂਰੀ ਕਰੇ।
ਵਜ਼ੀਰ ਰਿਖੀ ਜੀ! ਭਲਾ ਅਵਤਾਰ ਦੇ ਕੇਸ ਭੀ ਹੁੰਦੇ ਹਨ? ਬ੍ਰਾਹਮਣ- ਕੇਸ ਤਾਂ ਸਾਰੇ ਰਿਖੀ ਤੇ ਅਵਤਾਰ ਰੱਖਦੇ ਸੇ, ਵੇਦ ਵਿਚ ਤਾਂ ਪਰਮੇਸ਼ਰ ਨੂੰ ਲੰਮੇ ਕੇਸਾਂ ਤੇ ਸੁਹਣੇ ਦਾਹੜੇ ਵਾਲਾ ਲਿਖਿਆ ਹੈ। ਬੁੱਧ ਜੀ ਦੇ ਸਮੇਂ ਤੱਕ ਉਨ੍ਹਾਂ ਸਮੇਤ ਸਭ ਕੇਸ਼ਧਾਰੀ ਸਨ, ਇਹ ਕੇਸ ਨਾ ਰੱਖਣ ਦੀ ਕੁਰੀਤੀ ਮਗਰੋਂ ਤੁਰੀ ਸੀ।
ਵਜ਼ੀਰ (ਰਾਜੇ ਵੱਲ ਸੈਨਤ ਕਰਕੇ ਹੌਲੇ ਜਿਹੇ)— ਕੇਸਾਂ ਦਾ ਬੀ ਪਤਾ ਚਲਦਾ ਹੈ।
-------------------
ਬ੍ਰਾਹਮਣ- ਅਵਤਾਰ ਦੇ ਨਾਲ ਸਦਾ ਸਖਾ ਗਣ ਆਉਂਦੇ ਹਨ। ਉਸਦੇ ਨਾਲ ਜਿਹੜੇ ਆਏ ਹਨ ਉਹ ਬੀ ਕੇਸਾਂ ਵਾਲੇ ਹੋਣੇ ਹਨ, ਮੈਂ ਝਉਲਾ ਬੀ ਡਿੱਠਾ ਹੈ।
ਰਾਜਾ— ਹੱਛਾ ਜੀ, ਜਿਧਰ ਸਾਡਾ ਅਨੁਮਾਨ ਚੱਲ ਰਿਹਾ ਹੈ, ਆਪ ਤਾਂ ਕੇਸ਼ਾਂ ਵਾਲਾ ਹੈ, ਪਰ ਸਾਥੀ ਸਾਰੇ ਕੇਸ਼ਾਂ ਵਾਲੇ ਨਹੀਂ।
ਬ੍ਰਾਹਮਣ— ਨਹੀਂ ਤਾਂ ਹੋ ਜਾਣਗੇ, ਝਾਉਲਾ ਇਹ ਸੀ ਕਿ ਉਹ ਸਤਿਜੁਗੀ ਕੰਮ ਕਰੇਗਾ ਤੇ ਫੇਰ ਮੈਂ ਡਿੱਠਾ ਹੈ ਕਿ ਉਹ ਇਕ ਹੈ, ਪਰ ਇਕ ਰੂਪੀਆ ਨਹੀਂ, ਦਸ ਰੂਪ ਉਸਦੇ ਝਲਕਾਰੇ ਹਨ, ਦਸੇ ਅਨੂਪਮ ਕੇਸ਼ ਸ਼ਮਸ਼ੂ (ਕੇਸ ਦਾੜੇ) ਵਾਲੇ ਹਨ।
ਹੁਣ ਦੋਹਾਂ ਦਾ ਹੋਰ ਰੁਖ ਉਸ ਪਾਸੇ ਵਧਿਆ, ਇਸ ਦਸ ਰੂਪ ਵਾਲੀ ਗੱਲ ਨੇ ਹੋਰ ਪਤਾ ਲਾ ਦਿੱਤਾ।
ਰਾਜਾ— ਰਿਖੀ ਜੀ! ਅਸਾਂ ਅਨੁਮਾਨ ਧਾਰ ਲਿਆ ਹੈ, ਹੁਣ ਜਾਂਦੇ ਹਾਂ ਤੇ ਜਤਨ ਕਰਦੇ ਹਾਂ। ਜੇ ਥਹੁ ਪੈ ਗਿਆ ਤਾਂ ਆਪਣੀ ਪੀੜਾ ਬੀ ਕਹਾਂਗੇ ਤੇ ਜਤਨ ਕਰਾਂਗੇ ਕਿ ਉਹ ਇਥੇ ਆਉਣ, ਫੇਰ ਪਛਾਣ ਤੁਸਾਂ ਕਰ ਲੈਣੀ।
ਬ੍ਰਾਹਮਣ— ਉਮਰਾ ਦੇ ਧ੍ਯਾਨ ਤੇ ਹੁਣ ਦੇ ਪੈਂਦੇ ਝਾਂਵਲਿਆਂ ਨੇ ਮੇਰੇ ਅੰਦਰ ਐਸੀ ਕੋਈ ਸੂੰਹ ਲਾਈ ਹੈ ਕਿ ਜੇ ਦਰਸ਼ਨ ਹੋਣ ਤਾਂ ਮੈਂ ਪਛਾਣ ਲਵਾਂਗਾ। ਅਵਤਾਰ ਬੀ ਕਦੇ ਗੁੱਝਾ ਰਹਿਂਦਾ ਹੈ? ਪਰ ਹਾਂ ਜੋ ਅੱਖ ਤ੍ਰਿਸ਼ਨਾ ਨਾਲ ਮੈਲੀ ਹੈ ਉਸਨੂੰ ਪੜਦਾ ਹੈ, ਉਹ ਤਾਂ ਅਵਤਾਰਾਂ ਨਾਲ ਜੰਗ ਰਚਾਉਂਦੇ ਰਹੇ ਹਨ, ਨਹੀਂ ਤਾਂ ਰਾਵਣ ਕਿਉਂ ਭੁੱਲ ਕਰਦਾ।
ਰਾਜਾ-- ਕੀ ਇਹ ਰਾਮਕ੍ਰਿਸ਼ਨ ਦਾ ਅਉਤਾਰ ਹਨ?
ਬ੍ਰਾਹਮਣ— ਇਹ ਮੈਨੂੰ ਝਾਉਲਾ ਨਹੀਂ ਪਿਆ, ਇਹ ਸੱਦ ਸੁਣੀਦੀ ਸੀ ਕਿ ਉਹਨਾਂ ਤੋਂ ਭਾਰੀ ਹੈ। ‘ਗੁਰੂ ਅਵਤਾਰ’ ਮੈਂ ਸੁਣਿਆ ਸੀ, ਮੈਂ.. ਲੋਕਾਂ ਤੋਂ ਨਹੀਂ, ਪਰ ਮੈਂ ਆਪਣੇ ਧਿਆਨ ਵਿਚ ਸੁਣਿਆ ਸੀ।
ਰਾਜਾ- ਹੇ ਰਿਖੀ! ਕੀ ਉਹ ਅਵਤਾਰ ਰਾਮ ਰਾਇ ਤੋਂ ਸਿੱਧੀਆਂ ਵਿਚ ਭਾਰੂ ਹੋਵੇਗਾ? ਕੀ ਉਸਦੀ ਅਸੀਸ ਕਰਕੇ ਮੇਰੇ ਸੱਤ੍ਰੂ ਦਬ ਜਾਣਗੇ? ਕੀ ਉਸਦੀ ਅਸ਼ੀਰਵਾਦ ਨਾਲ ਮੇਰੇ ਪੁੱਤ੍ਰ ਹੋ ਜਾਏਗਾ।
ਬ੍ਰਾਹਮਣ— ਹੇ ਰਾਜਾ! ਅਵਤਾਰ ਜੋਗੀਆਂ ਵਾਂਙੂ ਸੰਯਮ' ਸਿੱਧ ਕਰਕੇ ਜਤਨ ਨਾਲ ਧ੍ਯਾਨ ਬੰਨ੍ਹਕੇ ਕਰਾਮਾਤ ਨਹੀਂ ਕਰਦੇ, ਉਨ੍ਹਾਂ ਦਾ ਵਾਕ ਸੁਤੇ ਸਿੱਧ ਸਿਰੇ ਚੜ੍ਹਦਾ ਹੈ। ਉਹ ਜਨਮ ਤੋਂ ਸਿੱਧ ਹੁੰਦੇ ਹਨ ਤੇ ਉਹਨਾਂ ਦੀ ਵਾਕ ਸੱਤਾ ਸਫ਼ਲ ਹੁੰਦੀ ਹੈ, ਜੋ ਉਹ ਮੂੰਹੋਂ ਕੱਢਦੇ ਹਨ ਤੇ ਚਿਤੋਂ ਚਾਹੁੰਦੇ ਹਨ ਹੋ ਜਾਂਦਾ ਹੈ। ਜੇ ਕਹੋ ਕਰਾਮਾਤ ਕਰੋ ਤਾਂ ਉਹ ਸਗੋਂ ਨਹੀਂ ਕਰਦੇ, ਪਰਮੇਸ਼ਰ ਦੀ ਇੱਛਾ ਵਿਚ ਆਪਣੀ ਇੱਛਾ ਰਖਦੇ ਹਨ, ਪਰ ਸਹਿਜ ਸੁਭਾ ਜੋ ਉਹਨਾਂ ਦੇ ਮੂੰਹੋਂ ਨਿਕਲੇ ਹੋ ਜਾਂਦਾ ਹੈ। ਰਾਮਰਾਇ, ਹਾਂ ਮੈਂ ਜਾਣਦਾ ਹਾਂ; ਇਕ ਵਾਰੀ ਪਾਰਲੇ ਪਿੰਡ ਆਏ, ਇਧਰ ਬੀ ਆਏ ਸੇ, ਮੈਂ ਵੇਖੇ ਸੇ, ਹਾਂ ਉਹ ਵਿਭੂਤੀਆਂ ਦੇ ਵਸੀਕਾਰ ਵਾਲੇ ਸਿੱਧ ਜੋਗੀ ਹਨ, ਪਰ ਉਹ, ਜ਼ੋ ਮੈਂ ਤੁਸਾਂ ਨੂੰ ਦੱਸੇ ਹਨ, ਧੁਰੋਂ ਆਏ ਅਵਤਾਰ ਹਨ। ਉਹ ਕਰਾਮਾਤ ਨਹੀਂ ਕਰਦੇ, ਨਾ ਦਿਖਾਉਂਦੇ ਹਨ, ਪਰ ਉਨ੍ਹਾਂ ਤੋਂ ਆਪੂੰ ਜੋ ਕੁਛ ਸਹਿਜ ਸੁਭਾ ਹੁੰਦਾ ਹੈ ਕਰਾਮਾਤਾਂ ਤੋਂ ਵੱਧ ਹੁੰਦਾ ਹੈ। ਹੰਕਾਰ ਹੀ ਹੈ ਨਾ ਰਾਜਾ! ਪਰ ਉਨ੍ਹਾਂ ਵਿਚ ਨਹੀਂ ਹੁੰਦਾ, ਉਨ੍ਹਾਂ ਵਿਚ ਸ਼ੁੱਧ ਕਲਾ ਹੁੰਦੀ ਹੈ! ਦੂਜਿਆਂ ਹਮਾਤੜਾਂ ਤਪੀਆਂ ਵਿਚ ਹੰਕਾਰ ਤੇ ਇਕਾਗ੍ਰਤਾ ਤੋਂ ਉਪਜੀਆਂ ਰਿੱਧੀਆਂ ਸਿੱਧੀਆਂ ਹੁੰਦੀਆਂ ਹਨ। ਧਿਆਨ ਹੀ ਹੈ ਨਾ ਰਾਜਾ, ਜਿੱਥੇ ਲਾਇਆ ਲੱਗ ਗਿਆ, ਜਿੱਥੇ ਲੱਗ ਗਿਆ ਉਥੇ ਸਿੱਧੀ ਹੋ ਗਈ।
ਇਸ ਪ੍ਰਕਾਰ ਗੱਲਾਂ ਬਾਤਾਂ ਕਰਦੇ ਇਸ ਸਿਧਾਂਤ ਤੇ ਅੱਪੜੇ ਕਿ 'ਜੇ ਰਿਖੀ ਜੀਦੇ ਝਾਉਲੇ ਦਰੁਸਤ ਹਨ, ਤਾਂ ਉਹ ਅਨੰਦਪੁਰ ਵਾਲੇ ਗੁਰੂ ਜੀ ਅਵਤਾਰ ਹਨ, ਅਤੇ ਪਤੇ ਸਾਰੇ ਮਿਲਦੇ ਹਨ' ਤੇ ਜੇ ਨਹੀਂ ਬੀ ਤਾਂ ਬੀ ਸਾਨੂੰ ਰਸਤਾ ਮਿਲ ਗਿਆ ਹੈ! ਉਹ ਸ਼ਸਤ੍ਰਧਾਰੀ ਹਨ, ਸੂਰਬੀਰ ਹਨ, ਉਹਨਾਂ ਦੇ ਬੀਰਾਂ ਦੀ ਬਹਾਦਰੀ ਦੀ ਧਾਕ ਹੈ। ਜੇ ਸਾਡੇ ਮਿਤ੍ਰ ਹੋ ਜਾਣ ਤਾਂ ਪਾਸਾ ਜ਼ਰੂਰੀ ਭਾਰੀ ਹੋ ਜਾਏਗਾ। ਜਿਸ ਗੱਦੀ ਦਾ ਰਾਮ ਰਾਇ ਹੈ ਉਸੇ ਗੱਦੀ ਦੇ ਖ਼ੁਦ ਇਹ ਮਾਲਕ ਹਨ। ਇਹਨਾਂ ਦੇ ਪਿੱਛੇ ਮਾਝਾ, ਮਾਲਵਾ, ਦੜਪ, ਨੱਕਾ, ਧੰਨੀ, ਪੋਠੋਹਾਰ, ਉਧਰ ਸਿੰਧ ਤੇ ਇਧਰ ਦੱਖਣ ਤਕ ਐਸ਼ਵਰਜ ਹੈ, ਉਹਨਾਂ ਨੂੰ ਆਪਣੇ ਰਾਜ ਵਿਚ ਲੈ ਆਈਏ, ਇਹ ਚਾਲ ਜ਼ਰੂਰ ਸੁਹਣੀ ਹੈ ਜੋ ਅੱਜ ਰਿਖੀ ਜੀ ਦੇ ਦਰਸ਼ਨ ਤੋਂ ਸੁੱਝੀ ਹੈ।
----------------------
3.
ਨਾਹਨ ਪਹੁੰਚਕੇ ਰਾਜਾ ਨੇ ਆਪਣੇ ਇਕ ਛੋਟੇ ਮੰਤ੍ਰੀ ਸੋਭੂ ਨੂੰ ਕਈ ਨਜ਼ਰਾਨੇ ਗੁਰਾਂ ਲਈ ਦੇ ਕੇ ਚੁਪ ਕੀਤੇ ਆਨੰਦਪੁਰ ਵਲ ਤੋਰ ਦਿੱਤਾ। ਜਿੱਥੇ ਅੱਪੜਕੇ ਵਜ਼ੀਰ ਨੇ ਯਥਾ ਯੋਗ ਆਦਰ, ਉਤਾਰਾ, ਆਰਾਮ ਪਾਇਆ। ਵਜ਼ੀਰ ਦੀ ਮਰਜ਼ੀ ਆਪਣਾ ਸੰਦੇਸਾ ਗੁਪਤ ਦੇਣ ਦੀ ਸੀ, ਪਰ ਨਿਰਭੈ ਸਤਿਗੁਰ ਜੀ ਨੇ ਅਗਲੇ ਦਿਨ ਲੱਗੇ ਦੀਵਾਨ ਵਿਚ ਪਤ੍ਰਕਾ ਲਈ ਤੇ ਆਪ ਸੁਣੀ ਅਰ ਸਾਰੇ ਦਰਬਾਰ ਨੇ ਸੁਣੀ। ਵਜ਼ੀਰ ਨੂੰ ਅਗਲੇ ਦਿਨ ਜਵਾਬ ਦੇਣ ਲਈ ਆਖਿਆ ਗਿਆ ਤੇ ਸਤਿਗੁਰੂ ਜੀ ਨੇ ਮਾਮੇ ਕ੍ਰਿਪਾਲ ਚੰਦ, ਮੁਣਸ਼ੀ ਸਾਹਿਬ ਚੰਦ ਤੇ ਹੋਰ ਨਿਕਟਵਰਤੀਆਂ ਨਾਲ ਸਲਾਹ ਮਸ਼ਵਰਾ ਗਿਣਿਆਂ। ਮਾਤਾ ਜੀ ਤੋਂ ਸਲਾਹ ਪੁੱਛੀ, ਸਾਰਿਆਂ ਦੀ ਮਰਜ਼ੀ ਏਹੋ ਬਣੀ ਕਿ ਚੱਲਣਾ ਹੀ ਠੀਕ ਹੈ। ਸਲਾਹਗੀਰ ਤੇ ਮਸ਼ਵਰਾ ਦੇਣ ਵਾਲੇ ਤਾਂ ਇਸ ਨੁਕਤੇ ਤੋਂ ਟੁਰਨਾ ਚਾਹੁੰਦੇ ਸਨ ਕਿ ਭੀਮ ਚੰਦ ਨਾਲ ਜੰਗ ਛਿੜਨ ਵਾਲਾ ਹੈ, ਚਲੇ ਗਿਆਂ ਉਹ ਟਲ ਜਾਏਗਾ। ਪਰ ਗੁਰੂ ਜੀ ਕੋਈ ਅਗੰਮ ਦੀ ਧੂਹ ਖਾ ਰਹੇ ਸਨ, ਜਿਸਨੂੰ ਉਨ੍ਹਾਂ ਦਾ ਬਿਰਦ ਹੀ ਪਛਾਣਦਾ ਸੀ। ਉਹਨਾਂ ਨੂੰ ਕੋਈ ਦਿਲੀ ਤੜਪ ਝਰਨਾਟਾਂ ਦੇ ਰਹੀ ਦੀ ਝਰਨ ਛਿੜਦੀ ਸੀ, ਕਿਸੇ ਪਿਆਰ ਵਲਵਲੇ ਦੀ ਖਿੱਚ ਪੈਂਦੀ ਸੀ। ਸੋ ਸਭ ਤਰ੍ਹਾਂ ਸਭ ਪਾਸਿਆਂ ਤੋਂ ਸਲਾਹ ਪੱਕੀ ਠਹਿਰ ਗਈ। ਮੌਸਮ ਬੀ ਹੁਣ ਹੱਛਾ ਸੀ, ਬਰਸਾਤ ਹੋ ਹਟੀ ਸੀ ਤੇ ਉੱਚੀਆਂ ਦੂਣਾਂ ਵਿਚ ਇਹ ਰੁਤ ਟਿਕਵੀਂ ਹੁੰਦੀ ਹੈ। ਗੁਰੂ ਜੀ ਨੇ ਅੱਸੂ ਦੇ ਮਹੀਨੇ ਸੰਮਤ ੧੭੪੧ ਬਿ: ਵਿਚ ਕੂਚ ਕਰ ਦਿਤਾ। ੫੦੦ ਸਨੱਧਬੱਧ ਜ੍ਵਾਨ ਨਾਲ ਲੀਤਾ, ਬਾਕੀ ਦੀ ਸੈਨਾਂ ਆਨੰਦਪੁਰ ਦੀ ਰਾਖੀ ਵਾਸਤੇ ਰੱਖੀ। ਮਾਤਾ ਗੁਜਰੀ ਜੀ ਤੇ ਮਹਿਲ ਵੀ ਨਾਲ ਟੁਰੇ, ਹੋਰ ਪਿਆਰੇ ਤੇ ਦਿਲੀ ਸੇਵਕ ਬੀ ਨਾਲ ਚੱਲੇ। ਪਹਿਲੇ ਕੀਰਤਪੁਰ ਆਏ, ਗੁਰੂ ਹਰਿਗੋਬਿੰਦ ਸਾਹਿਬ ਦੇ ਦੇਹੁਰੇ ਕੜਾਹ ਪ੍ਰਸ਼ਾਦ ਕਰਾਇਆ ਤੇ ਰੋਪੜ ਵਲ ਕੂਚ ਕੀਤਾ। ਵਜ਼ੀਰ ਸਿਰੋਪਾਉ ਤੇ ਮੁਨਾਸਬ ਜਵਾਬ ਲੈ ਕੇ ਅੱਗੇ ਵਿਦਾ ਹੋ ਗਿਆ ਜੋ ਰਾਜੇ ਨੂੰ ਖ਼ੁਸ਼ਖ਼ਬਰੀ ਸੁਣਾਵੇ ਤੇ ਅਗੁਵਾਨੀ ਦੀ ਤਿਆਰੀ ਹੋ ਜਾਵੇ। ਇਧਰੋਂ ਸਤਿਗੁਰੂ ਜੀ ਵੀ ਛੇਤੀ ਹੀ ਅੱਪੜ ਪਏ। 'ਆਏ' ਸੁਣਕੇ ਮੇਦਨੀ ਪ੍ਰਕਾਸ਼ ਅੱਗੋਂ ਲੈਣ ਵਾਸਤੇ ਆਇਆ। ਆਪ ਦੇ ਨਾਲ ਰਿਆਸਤ ਦੇ ਅਹੁਦੇਦਾਰ ਸ਼ਹਿਰੋਂ ਅੱਗੇ ਲੈਣ ਵਾਸਤੇ ਵਧੇ। ਦਰਸ਼ਨ ਜਦ ਹੋਏ ਤਦ ਰਾਜੇ ਨੇ ਦਰਬਾਰੀਆਂ ਸਮੇਤ
ਚਰਨਾਂ ਤੇ ਸੀਸ ਧਰਿਆ, ਅਸੀਸ ਲੈ ਕੇ ਪ੍ਰਸੰਨ ਹੋਇਆ ਤੇ ਰਕਾਬ ਦੇ ਨਾਲ ਨਾਲ ਚੱਲਕੇ ਅਪਣੇ ਨਗਰ ਲੈ ਆਇਆ। ਨਗਰ ਦੇ ਦਰਵਾਜ਼ੇ ਅੱਗੇ ਸ਼ਹਿਰ ਦੇ ਸਾਧੂ, ਬ੍ਰਾਹਮਣ, ਪੁਜਾਰੀ, ਚੌਧਰੀ ਤੇ ਵੱਡੇ ਵਪਾਰੀ ਸਭ ਖੜੇ ਸਨ। ਵਡੇ ਪ੍ਰੋਹਤ ਨੇ ਆਪ ਦੀ ਆਰਤੀ ਉਤਾਰੀ ਤੇ ਸਭ ਨੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਜਾਣਕੇ ਆਦਰ ਸਤਿਕਾਰ ਚਰਨ ਬੰਦਨਾਂ ਕਰਕੇ ਸ਼ਹਿਰ ਵਿਚ ਪ੍ਰਵੇਸ਼ ਕਰਾਇਆ, ਤੇ ਉਸ ਥਾਂ ਤੇ ਡੇਰਾ ਕਰਾਇਆ ਜਿਥੇ ਹੁਣ ਗੁਰਦਵਾਰਾ ਮੌਜੂਦ ਹੈ।
ਸਤਿਗੁਰੂ ਜੀ ਦੇ ਨਾਹਨ ਆਵਣ ਦੀ ਤੇ ਰਾਜਾ ਦੀ ਇਸ ਪ੍ਰਕਾਰ ਦੀ ਸ਼ਰਧਾ ਵਾਲੀ ਖ਼ਾਤਰਦਾਰੀ ਤੇ ਨਗਰ ਨਿਵਾਸੀਆਂ ਦੀ ਪਰਜਾ ਸਤਿਕਾਰ ਦੀ ਖ਼ਬਰ ਜਮਨਾਂ ਦੇ ਉਰਾਰ ਪਾਰ ਦੂਣ ਵਿਚ ਐਉਂ ਧੁੰਮੀ ਜੀਕੂੰ ਦੂਣਾਂ, ਵਾਦੀਆਂ ਵਿਚ ਉੱਚੀ ਆਵਾਜ਼ ਗੂੰਜਦੀ ਹੈ। ਰਾਮ ਰਾਇ ਜੀ ਨੂੰ ਬੀ ਇਹ ਖ਼ਬਰ ਅੱਪੜੀ। ਉਸ ਨੇ ਫਤਹ ਸ਼ਾਹ, ਸ੍ਰੀ ਨਗਰ ਦੇ ਰਾਜੇ, ਨੂੰ ਕਹਿ ਘੱਲਿਆ ਕਿ ਭਾਈ ਹੁਣ ਉਸ ਗੱਦੀ ਦੇ ਮਾਲਕ ਆ ਗਏ ਹਨ ਜਿਸ ਗੱਦੀ ਦਾ ਮੈਂ ਇਕ ਸੇਵਕ ਹਾਂ। ਚਾਹੇ ਮੇਰਾ ਵਿਰੋਧ ਰਿਹਾ ਹੈ; ਪਰ ਸੱਚ ਸੱਚ ਹੈ ਤੇ ਸੱਚ ਇਹ ਹੈ ਕਿ ਓਹ ਚਸ਼ਮੇ ਸਮਾਨ ਅਗੰਮੀ ਤਾਕਤ ਵਾਲੇ ਹਨ ਤੇ ਮੈਂ ਸਰ ਦੀ ਤਰ੍ਹਾਂ ਉਸ ਚਸ਼ਮੇ ਦੇ ਜਲ ਦਾਨ ਨਾਲ ਜਲ ਵਾਲਾ ਹੋਇਆ ਹਾਂ। ਸੋ ਹੁਣ ਮੈਂ ਕੋਈ ਆਤਮ ਬਲ ਯਾ ਸਰੀਰਕ ਬਲ ਰਾਜੇ ਮੇਦਨੀ ਪ੍ਰਕਾਸ਼ ਦੇ ਵਿਰੁਧ ਨਹੀਂ ਲਗਾ ਸਕਾਂਗਾ। ਦੂਸਰੇ ਤੂੰ ਮੇਰਾ ਹਿਤੂ ਹੈਂ, ਮੈਂ ਤੈਨੂੰ ਮੱਤ ਦਿਆਂਗਾ ਕਿ ਹੁਣ ਵਿਰੋਧ ਛੱਡ ਦੇਹ ਤੇ ਜਿਤਨਾ ਇਲਾਕਾ ਤੂੰ ਜਬਰੀ ਰਾਜੇ ਨਾਹਨ ਦਾ ਮਾਰ ਲਿਆ ਹੈ ਉਹ ਮੋੜ ਦੇਹ, ਨਹੀਂ ਤਾਂ ਉਹ ਤੈਨੂੰ ਛੱਡਣਾ ਪਵੇਗਾ, ਕਿਉਂਕਿ ਦੂਜੇ ਪਾਸੇ ਓਹ ਆ ਗਏ ਹਨ, ਜਿਨ੍ਹਾਂ ਦਾ ਬਿਰਦ ਦੀਨਾਬੰਧੂ ਤੇ ਸ਼ਰਨਾਗਤਾਂ ਨੂੰ ਪਾਲਣ ਵਾਲਾ ਹੈ। ਰਾਜਾ ਫਤਹਸ਼ਾਹ ਬੀ ਸੁਣ ਚੁਕਾ ਸੀ ਕਿ ਗੁਰੂ ਮਹਾਰਾਜ ਜੀ ਸੈਨਾਂ ਸਮੇਤ ਨਾਹਨ ਆ ਗਏ ਹਨ, ਤੇ ਉਹਨਾਂ ਦੇ ਐਸ੍ਵਰਜ ਦੀਆਂ ਧੁੰਮਾਂ ਸੁਣ ਚੁਕਾ ਸੀ, ਰਾਮਰਾਇ ਦਾ ਸੰਦੇਸਾ ਬੀ ਸੁਣਿਆਂ। ਇਹ ਬੀ ਜਾਣਦਾ ਸੀ ਕਿ ਮੇਰਾ ਸਾਰਾ ਇਲਾਕਾ, ਸਗੋਂ ਟੇਹਰੀ ਦਾ ਖਾਸ ਇਲਾਕਾ ਬੀ ਸਾਰੇ ਰਾਮ ਰਾਏ ਦੇ ਮਗਰ ਹਨ, ਜੇ ਰਾਮ ਰਾਇ ਜੀ ਦੀ ਰਾਇ ਬਦਲੀ ਤਾਂ ਮੇਰੀ ਪਰਜਾ ਵਿਚ ਤੇ ਆਂਢ ਗੁਆਂਢ ਵਿਚ ਸੁਖ ਨਹੀਂ ਵਰਤੇਗਾ। ਸੋ ਉਸ ਨੇ ਮੇਦਨੀ ਪ੍ਰਕਾਸ਼ ਦੇ ਜਬਰੀ ਦੱਬੇ ਹੋਏ ਇਲਾਕੇ
ਨੂੰ ਛੱਡ ਦਿੱਤਾ। ਮੇਦਨੀ ਪ੍ਰਕਾਸ਼ ਇਹ ਪ੍ਰਤੱਖ ਕਰਾਮਾਤ ਵੇਖਕੇ ਤੇ ਆਪਣੇ ਨਾ ਕੇਵਲ ਗਏ ਇਲਾਕੇ ਦੀ ਮੋੜੀ ਨੇ, ਬਲਕਿ ਰਾਜ ਸਾਜ ਸਾਰੇ ਹੀ ਚਲੇ ਜਾਣ ਦੇ ਭੈ ਦੀ ਨਵਿਰਤੀ ਨੇ ਹੋਰ ਖੁਸ਼ੀ ਦਿੱਤੀ ਤੇ ਸਤਿਗੁਰੂ ਜੀ ਦੀ ਸੇਵਾ ਹੋਰ ਚਾਉ ਨਾਲ ਕਰਨ ਲੱਗਾ। ਫਤੇਸ਼ਾਹ ਵਲੋਂ ਬੀ ਗੁਰੂ ਜੀ ਦੇ ਹਜ਼ੂਰ ਇਕ ਏਲਚੀ ਆਇਆ ਤੇ ਕੁਛ ਨਜ਼ਰਾਨਾ ਲਿਆਇਆ, ਤੇ ਇਕ ਹਿਤ ਦੀ ਪਤ੍ਰਕਾ ਲਿਆਇਆ, ਜਿਸ ਵਿਚ ਆਪਣੇ ਮਨ ਦੀ ਸ਼ੁੱਧ ਭਾਵਨਾ ਤੇ ਗੁਰੂ ਜੀ ਨਾਲ ਪਿਆਰ ਦਾ ਇਕਰਾਰ ਸੀ। ਇਸ ਏਲਚੀ ਦੇ ਆਦਰ ਨਾਲ ਵਿਦਾ ਹੋਣ ਮਗਰੋਂ ਸਤਿਗੁਰੂ ਜੀ ਨੇ ਮਾਮਾ ਕ੍ਰਿਪਾਲ ਚੰਦ ਜੀ ਨੂੰ ਫਤੇਸ਼ਾਹ ਪਾਸ ਘੱਲਿਆ। ਮਾਮਾ ਜੀ ਨੇ ਰਾਜਾ ਜੀ ਨੂੰ ਗੁਰੂ ਜੀ ਦਾ ਆਸ਼ਾ ਬਹੁਤ ਅੱਛੀ ਤਰ੍ਹਾਂ ਸਮਝਾਇਆ ਕਿ ਉਹ ਰਾਜਿਆਂ ਦਾ ਪਰਸਪਰ ਲੜਨਾ ਪਸੰਦ ਨਹੀਂ ਕਰਦੇ, ਤੁਹਾਡਾ ਮਿਲ ਬੈਠਣਾ ਤੇ ਮਿਲ ਵਰਤਣਾ ਦੇਸ਼ ਤੇ ਪਰਜਾ ਲਈ ਸੁਤੰਤ੍ਰਤਾ ਦਾ ਹੁਕਮ ਰਖਦਾ ਹੈ। ਤੁਸੀਂ ਦੇਸ਼ ਵਿਚ ਕਈ ਹਜ਼ਾਰ ਐਸੇ ਹੋ ਜੋ ਰਾਜੇ ਮਹਾਰਾਜੇ ਰਾਣੇ ਤੇ ਰਾਉ ਸਦਾਉਂਦੇ ਹੋ, ਸ਼ਸਤ੍ਰ ਤੇ ਸੈਨਾ ਰੱਖਦੇ ਹੋ, ਨਾ ਮਿਲ ਬੈਠਣ ਕਰਕੇ ਆਪੋ ਵਿਚ ਫਟੇ ਪਏ ਹੋ ਤੇ ਸਾਰੇ ਗ਼ੁਲਾਮੀ ਵਿਚ ਪਏ ਟਕੇ ਭਰਦੇ ਹੋ। ਕਿਉਂ ਤੁਸੀਂ ਪਿਆਰ ਨਾਲ ਨਾ ਰਹੋ ਜੋ ਸਭ ਦਾ ਬਲ ਵਧੇ ਤੇ ਸਾਂਝਾ ਬਲ ਸਾਰੇ ਦੇਸ਼ ਨੂੰ ਸੁਤੰਤ੍ਰ ਕਰੇ। ਇਸ ਉਪਦੇਸ਼ ਨਾਲ ਫਤੇਸ਼ਾਹ ਗੁਰੂ ਜੀ ਦਾ ਪ੍ਰੇਮੀ ਹੋ ਗਿਆ। ਉਧਰ ਮੇਦਨੀ ਪ੍ਰਕਾਸ਼ ਨੂੰ ਗੁਰਾਂ ਨੇ ਤਿਆਰ ਕਰ ਰਖਿਆ ਸੀ, ਜਦੋਂ ਫਤੇਸ਼ਾਹ ਆਪਦੇ ਦਰਸ਼ਨਾਂ ਨੂੰ ਆਯਾ ਤਾਂ ਮੇਲਣਹਾਰ ਸਤਿਗੁਰੂ ਜੀ ਨੇ ਮਾਮਾ ਜੀ ਨੂੰ ਵਿਚ ਪਵਾਕੇ ਸੁਲ੍ਹਾ ਕਰਾ ਦਿੱਤੀ। ਦੋਵੇਂ ਆਪੋ ਵਿਚ ਮਿੱਤ੍ਰ ਬਣ ਗਏ ਤੇ ਦੋਵੇਂ ਆਪਣੀ ਵਧੀ ਤਾਕਤ ਵੇਖ ਕੇ ਸਤਿਗੁਰੂ ਜੀ ਦੀ ਸੇਵਾ ਕਰਨ ਲਗ ਪਏ।
ਰਾਜੇ ਮੇਦਨੀ ਪ੍ਰਕਾਸ਼ ਨੇ ਹੁਣ ਸਤਿਗੁਰਾਂ ਦਾ ਨਿਵਾਸ ਪੱਕੀ ਤਰ੍ਹਾਂ ਆਪਣੇ ਦੇਸ਼ ਚਾਹਿਆ ਤੇ ਡੇਰਾ ਪੱਕਾ ਲਾਉਣ ਵਾਸਤੇ ਸ਼ੇਰ ਸ਼ਿਕਾਰ ਕਰਦਾ ਸੁਹਣੇ ਸੁਹਣੇ ਟਿਕਾਣੇ ਦਿਖਾਉਣ ਲੱਗ ਪਿਆ। ਇਕ ਦਿਨ ਸੈਰ ਕਰਦੇ ਸਤਿਗੁਰੂ ਜੀ ਨੇ ਜਮਨਾ ਦੇ ਕਿਨਾਰੇ ਇਕ ਥਾਂ ਪਸੰਦ ਕੀਤੀ ਜੋ ਅਤਿ ਰਮਣੀਕ ਸੀ। ਇਸ ਜਗ੍ਹਾ ਸਤਿਗੁਰੂ ਜੀ ਦੇ ਨਿਵਾਸ ਵਾਸਤੇ ਇਕ ਮਕਾਨ ਤੇ ਸੰਗਤਾਂ ਵਾਸਤੇ ਡੇਰੇ ਤੇ ਇਕ ਰਖਿਆ ਵਾਸਤੇ ਕੋਟ ਦੀ ਸ਼ਕਲ ਦਾ ਕਿਲ੍ਹਾ ਰਚਣੇ ਦੀ ਸਲਾਹ ਹੋਈ। ਰਾਜੇ ਮੇਦਨੀ ਪ੍ਰਕਾਸ਼ ਨੇ ਇਸ ਕਾਰਜ
ਲਈ ਆਪਣੇ ਦੇਸ਼ ਦੇ ਰਾਜ ਮਜੂਰ ਲਾ ਦਿੱਤੇ ਤੇ ਇਮਾਰਤਾਂ ਬਣਨ ਲਗ ਪਈਆਂ ਅਰ ਸਤਿਗੁਰੂ ਜੀ ਹੁਣ ਆਪਣੀ ਫੌਜ ਤੇ ਸੰਗਤ ਦਾ ਡੇਰਾ ਇਥੇ ਲੈ ਆਏ। ਏਸ ਟਿਕਾਣੇ ਦਾ ਨਾਉਂ ਸ੍ਰੀ ਜੀ ਨੇ 'ਪਾਉਂਟਾਂ' ਰਖਿਆ। ਮੱਘਰ ਦੇ ਮਹੀਨੇ ਸੰਗਰਾਂਦ ਨੂੰ ਇਸ ਦੀ ਨੀਂਹ ਧਰੀ, ਜੋ ਗੁਰਦੁਆਰਾ ਹੁਣ ਤੱਕ ਹੈ ਤੇ ਬਾਕੀ ਨਿਸ਼ਾਨ ਕੁਛ ਕੁਛ ਮਿਲਦੇ ਹਨ। ਇਹ ਥਾਂਉਂ ਬੜਾ ਰਮਣੀਕ ਹੋਣ ਦੇ ਸਿਵਾ ਟਿਕਾਣੇ ਦੀ ਬੀ ਬਹੁਤ ਉੱਤਮ ਸੀ। ਹੇਠੋਂ ਦੇਸ਼ ਦੀ ਤੇ ਡੇਹਰੇ ਦੀ ਸੜਕ ਇਥੇ ਹੀ ਆ ਢੁਕਦੀਆਂ ਹਨ। ਇਧਰ ਇਮਾਰਤਾਂ ਜਾਰੀ ਸਨ, ਉਧਰ ਦੇਸ਼ ਦੇਸ਼ ਦੀਆਂ ਸੰਗਤਾਂ ਇਹ ਸੁਣਕੇ ਕਿ ਗੁਰੂ ਜੀ ਇਥੇ ਜਾ ਟਿਕੇ ਹਨ, ਉਮਡ ਆਈਆਂ। ਕਥਾ ਕੀਰਤਨ ਆਸਾ ਦੀ ਵਾਰ ਦੇ ਦੀਵਾਨ ਸਜਦੇ, ਸੂਰਮੇ ਫੌਜੀ ਖੇਲਾਂ ਕਵੈਦਾਂ ਦੇ ਰੰਗ ਜਮਾਉਂਦੇ, ਕਵੀ ਜਨ ਕਵੀ ਸਮਾਜ ਲਗਾਉਂਦੇ ਹਨ, ਜੰਗਲ ਵਿਚ ਮੰਗਲ ਹੋ ਗਿਆ। ਦੂਰ ਦੂਰ ਤੱਕ ਡੇਰੇ ਤੰਬੂ ਕੱਖ ਫੂਸ ਦੇ ਛੱਪਰ, ਸ਼ਾਮਿਆਨੇ, ਖੈਮੇ ਸਜ ਗਏ। ਸਿਖੀ ਉਪਦੇਸ਼ ਪ੍ਰਚਾਰ ਆਨੰਦ ਦੇ ਪ੍ਰਵਾਹ ਟੁਰ ਪਏ। ਸਤਿਗੁਰੂ ਜੀ ਜਮਨਾਂ ਵਿਚ ਇਸ਼ਨਾਨ, ਤਾਰੀਆਂ, ਖੇਲਾਂ, ਜੰਗਲ ਵਿਚ ਸ਼ਿਕਾਰ, ਕਸਰਤਾਂ, ਸ਼ੇਰਾਂ ਦਾ ਮਾਰਨਾ ਤੇ ਸਿਖਾਂ ਨੂੰ ਤਿਆਰ ਬਰਤਿਆਰ ਕਰਨਾ ਅਚਰਜ ਰੰਗ ਲਾ ਗਏ। ਕਲਗੀਧਰ ਜੀ ਦੇ 'ਮਾਨੁੱਖ-ਨਾਟ' ਦੇ ਜੀਵਨ ਵਿਚ ਪਾਉਂਟੇ ਦੇ ਇਹ ਦਿਨ ਜਿਸ ਰੰਗ ਦੇ ਗੁਜ਼ਰੇ ਹਨ ਉਹ ਬੜੇ ਹੀ ਸੁਆਦਲੇ ਗੁਜ਼ਰੇ ਹਨ। ਕਵਿਤਾ ਬੀ ਆਪ ਨੇ ਬਹੁਤ ਇਥੇ ਜਮਨਾਂ ਕਿਨਾਰੇ ਉਚਾਰਣ ਕੀਤੀ ਹੈ। ਚੋਣਵੇਂ ਸੂਰਮੇਂ, ਕਵੀ ਤੇ ਵਿਦਵਾਨ ਬੀ ਇਥੇ ਹੀ ਇਕੱਠੇ ਕੀਤੇ ਹਨ। ਸਿਲਹਖਾਨਾ ਵੀ ਬਣਾਇਆ'। ਅੱਸੂ ਵਿਚ ਸਤਿਗੁਰੂ ਜੀ ਆਏ ਤੇ ਮੱਘਰ ਵਿਚ ਇਥੇ ਐਉਂ ਜਾਪਦਾ ਸੀ ਕਿ ਆਨੰਦ ਪੁਰ ਏਹੋ ਹੈ ਤੇ ਸਦਾ ਤੋਂ ਭਾਗ ਇਥੇ ਹੀ ਲਗ ਰਹੇ ਹਨ। ਆਪ ਵਾਸਤੇ ਜੋ ਮੰਦਰ ਕਿਲ੍ਹੇ ਦੀ ਡੋਲ ਦਾ ਬਣ ਰਿਹਾ ਸੀ, ਸੋ ਇਸ ਤ੍ਰਿਖੀ ਚਾਲ ਨਾਲ ਬਣ ਰਿਹਾ ਸੀ ਕਿ ਪੋਹ ਵਿਚ ਆਪ ਦੇ ਪੁਰਬ ਦਿਨ ਪਰ ਇਸ ਵਿਚ ਪ੍ਰਵੇਸ਼ ਦਾ ਖਿਆਲ ਬੀ ਪੱਕ ਰਿਹਾ ਸੀ। ਨੇੜੇ ਦੇ ਸਾਧੂ ਮਹਾਤਮਾਂ ਥੀ ਆ ਰਹੇ ਸਨ, ਜੀਆਦਾਨ ਤੇ ਜੀਆਂ ਦੇ ਉਧਾਰ ਦਾ ਆਤਮਿਕ ਵਪਾਰ ਬੀ ਬੜੇ ਜੋਬਨਾਂ ਪੁਰ ਸੀ।
---------------
ਇਕ ਦਿਨ ਸਵੇਰ ਸਾਰ ਸਤਿਗੁਰ ਜੀ ਉਠੇ ਤਾਂ ਕੁਛ ਕਾਹਲੇ ਜਾਪਦੇ ਸਨ। ਪੋਹ ਹੁਣ ਵਧ ਆਇਆ ਸੀ, ਸਰਦੀ ਬੀ ਵਧ ਰਹੀ ਸੀ। ਭਾਵੇਂ ਅਜੇ ਪਹਾੜਾਂ ਤੇ ਬਰਫ਼ ਨਹੀਂ ਸੀ ਤੇ ਪਾਲਾ ਚਮਕਿਆ ਨਹੀਂ ਸੀ, ਪਰ ਅੱਗੇ ਤੋਂ ਪਾਲਾ ਵਧੀਕ ਸੀ। ਅਜ ਸਵੇਰੇ ਗੁਰੂ ਜੀ ਬਿਸਤਰੇ ਵਿਚੋਂ ਚਿਰਕੇ ਉਠੇ, ਦੀਵਾਨ ਵਿਚ ਬੀ ਚਿਰਕੇ ਅੱਪੜੇ ਸੀ, ਬਹੁਤ ਪਾਲੇ ਦੀ ਆਵਾਜ਼ ਦੇ ਰਹੇ ਸਨ ਤੇ ਕਹਿ ਰਹੇ ਸਨ "ਬੜਾ ਪਾਲਾ ਲਗਦਾ ਹੈ, ਹੱਡ ਕੜਕਦੇ ਹਨ।” ਕਦੇ ਕਦੇ ਕਹਿ ਜਾਂਦੇ ਸਨ "ਉਮਰ ਵਡੇਰੀ ਹੋ ਗਈ ਹੈ”। ਸਿਖ ਆਪ ਦੇ ਇਸ ਚੋਜ ਨੂੰ ਸਮਝ ਨਹੀਂ ਰਹੇ ਸਨ ਪਰ ਕਿਸੇ ਨਵੇਂ ਕੌਤਕ ਦੀ ਉਡੀਕ ਜ਼ਰੂਰ ਲਗ ਪਈ ਸੀ, ਕਿ ਆਪ ਨੇ ਦੀਵਾਨ ਤੋਂ ਉਠਦੇ ਸਾਰ ਵਜ਼ੀਰ ਨੂੰ ਨਾਹਣ ਤੋਂ ਬੁਲਾਵਾ ਘੱਲਿਆ ਤੇ ਆਏ ਨੂੰ ਆਖਿਆ:- ਰਾਜੇ ਨੂੰ ਆਖੋ ਪੰਜ ਛੇ ਦਿਨਾਂ ਲਈ ਸਾਡੇ ਨਾਲ ਸ਼ਿਕਾਰ ਪਰ ਚੱਲੇ, ਪਹਾੜ ਵਲ ਨੂੰ ਚੱਲਣਾ ਹੈ ਤੇ ਅਠ ਕਹਾਰ, ਇਕ ਪੀਨਸ ਭੀ ਨਾਲ ਲੈ ਚੱਲਣੀ ਹੈ।
4.
ਜਮਨਾ ਉਪਰਲੀ ਪਰਬਤ ਧਾਰਾ ਤੋਂ ਨਿਕਲਦੀ ਹੈ, ਇਸ ਦੇ ਸੋਮੇ ਨੂੰ ਜਮਨੋਤ੍ਰੀ ਆਖਦੇ ਹਨ ਪਰ ਇਹ ਉਥੋਂ ਤੁਰਕੇ ਅਜਬ ਚੱਕਰ, ਗੇੜ ਖਾਂਦੀ ਪਰਬਤਾਂ ਦੀਆਂ ਖੱਡਾਂ ਵਿਚੋਂ ਲੰਘਦੀ ਅਖੀਰ ਦੂਣ ਵਿਚ ਆ ਨਿਕਲਦੀ ਹੈ। ਜਿਸ ਟਿਕਾਣੇ ਇਹ ਪਰਬਤਾਂ ਤੋਂ ਬਾਹਰ ਆਉਂਦੀ ਹੈ ਉਹ ਅੱਜ ਕਲ ਦੇ ਮਸੂਰੀ ਕਹਿਲਾਉਣ ਵਾਲੇ ਪਹਾੜਾਂ ਤੋਂ ਪੰਦਰਾਂ ਕੁ ਮੀਲ ਪੱਛੋਂ ਨੂੰ ਹੈ। ਉਸ ਟਿਕਾਣੇ ਇਧਰ ਦੇ ਪਹਾੜਾਂ ਵਿਚੋਂ ਤਾਂ ਇਹ ਕਾਲਿੰਦਰੀ (ਜਮਨਾ) ਦੀ ਸੁਹਣੀ ਸਾਫ਼ ਨਿਰਮਲ ਧਾਰ ਨਿਕਲਦੀ ਹੈ ਤੇ ਉੱਤਰ ਰੁਖ ਤੋਂ ਇਕ ਹੋਰ ਇਹੋ ਜਿਹੀ ਨਦੀ ਟੌਂਸ ਨਾਮ ਦੀ ਆਉਂਦੀ ਹੈ'। ਦੋਹਾਂ ਦਾ ਇਕ ਥਾਵੇਂ ਸੰਗਮ ਹੋ ਜਾਂਦਾ ਹੈ। ਟੌਂਸ ਤਾਂ ਆਪਣਾ ਨਾਮ ਇਥੇ ਸਮਾਪਤ ਕਰਦੀ ਹੈ ਤੇ ਜਮਨਾ ਵਿਚ ਮਿਲਕੇ ਜਮਨਾ ਦਾ ਰੂਪ ਹੋ ਕੇ ਤੁਰ ਪੈਂਦੀ ਹੈ। ਇਥੇ ਇਹ ਧਾਰਾ ਛੋਟੀਆਂ ਛੋਟੀਆਂ ਪਹਾੜੀਆਂ ਟਿੱਬੀਆਂ ਦੇ ਚਰਣਾਂ ਦੇ ਨਾਲ ਨਾਲ ਜਾਂਦੀ ਪਾਉਂਟੇ ਤੋਂ ਲੰਘ ਫੈਜ਼ਾਬਾਦ ਕੋਲ ਖੁਲ੍ਹੇ ਮੈਦਾਨਾਂ ਵਿਚ ਜਾ ਵੜਦੀ ਹੈ।
---------------
ਜਿਸ ਜਗ੍ਹਾ ਜਮਨਾ ਤੇ ਟੌਂਸ ਨਦੀ ਦਾ ਅਸਾਂ ਸੰਗਮ ਦੱਸਿਆ ਹੈ ਉਸ ਤੋਂ ਉਪਰ ਕੋਹਿ ਕੁ ਪਰੇ ਚਕ੍ਰਾਤੇ ਵਲੋਂ ਆ ਰਹੀ ਨਦੀ ਦੇ ਕਿਨਾਰੇ ਇਕ ਨਗਰ ਹੈ, ਉਸਨੂੰ ਕਾਲਸੀ ਆਖਦੇ ਹਨ। ਇਹ ਸੰਗਮ ਵਾਲੀ ਜਗ੍ਹਾ ਬੜੀ ਸੁੰਦਰ ਹੈ, ਉੱਚੇ ਖੜੇ ਪਹਾੜਾਂ ਵਿਚੋਂ ਨਿਰਮਲ ਸ੍ਰੋਤਾਂ ਦਾ ਮੇਲ ਅਚਰਜ ਝਾਕਾ ਹੈ। ਇਸ ਥਾਉਂ ਹੁਣ ਪੁਲ ਬਣਵਾਇਆ ਗਿਆ ਹੈ। ਚਕਰਾਤੇ ਪਹਾੜ ਦੀ ਸੜਕ ਇਸ ਪੁਲ ਤੋਂ ਗੁਜ਼ਰਦੀ ਹੈ, ਇਥੋਂ ਸਹਾਰਨਪੁਰ ੫੨ ਮੀਲ ਹੈ ਤੇ ਚਕਰਾਤਾ ੨੫ ਮੀਲ ਹੈ। ਕਦੇ ਇਥੇ ਰਾਜਾ ਅਸ਼ੋਕ ਦਾ ਲੱਕੜੀ ਦਾ ਪੁਲ ਸੀ। ਬੁਧ ਮਤ ਦੇ ਰਿਖੀਆਂ ਦੇ ਮਠ ਅਰ ਤਪ ਅਸਥਾਨ ਇਥੇ ਸਨ, ਤਦੋਂ ਇਹ ਟਿਕਾਣਾ ਬੜਾ ਰੌਣਕਦਾਰ ਸੀ। ਇਥੋਂ ਹੀ ਉਹ ਸੜਕ ਜਾਂਦੀ ਸੀ ਜੋ ਪਹਾੜਾਂ ਦੇ ਪੈਰਾਂ ਦੇ ਲਾਗੇ ਹੋਤੀ ਮਰਦਾਨ ਪਾਸ ਸ਼ਾਹਬਾਜ਼ ਗੜ੍ਹੀ ਕੋਲ ਜਾ ਨਿਕਲੀ ਹੈ। ਇਹ ਹੀ ਸ਼ਾਹ ਰਾਹ ਸੀ, ਕਿਉਂਕਿ ਪਹਾੜਾਂ ਦੇ ਪੈਰਾਂ ਵਿਚ ਨਦੀਆਂ ਦੇ ਪ੍ਰਵਾਹ ਛੋਟੇ ਹੋਣ ਕਰਕੇ ਰਾਜਿਆਂ ਦੀਆਂ ਸੈਨਾ ਦੇ ਦਲਾਂ ਨੂੰ ਪਾਰ ਕਰਨ ਦੀ ਖੇਚਲ ਘੱਟ ਹੁੰਦੀ ਸੀ। ਇਸ ਕਰਕੇ ਫ਼ੌਜਾਂ ਅਕਸਰ ਏਧਰੋਂ ਲੰਘਦੀਆਂ ਸਨ। ਇਸੇ ਥਾਉਂ ਇਕ ਨਿਸ਼ਾਨ ਰਾਜੇ ਅਸ਼ੋਕ ਬੋਧੀ ਦਾ ਹੁਣ ਤਕ ਮੌਜੂਦ ਹੈ। ਨਦੀ ਦੇ ਕਿਨਾਰੇ ਤੇ ਨੇੜੇ ਪੁਲ ਤੋਂ ਉੱਪਰਲੇ ਪਾਸੇ ਇਕ ਚਿਟਾਨ ਖੜਾ ਹੈ, ਜਿਸ ਪਰ ਅਸ਼ੋਕ ਦਾ ਹੁਕਮਨਾਮਾ ਲਿਖਿਆ ਹੈ। ਇਸ ਚਿਟਾਨ ਪਰ 'ਪੁਰਾਣੀਆਂ ਇਮਾਰਤਾਂ ਦੇ ਯਾਦਗਾਰਾਂ ਦੇ ਰੱਖ੍ਯਕ ਮਹਿਕਮੇ' ਨੇ ਇਕ ਗੁੰਬਜ਼ ਬਣਾਕੇ ਜੰਗਲੇ ਦਾਰ ਦਰਵਾਜ਼ੇ ਲਗਾ ਦਿੱਤੇ ਹੈਨ। ਇਸੇ ਤਰ੍ਹਾਂ ਦਾ, ਪਰ ਇਸਤੋਂ ਛੋਟਾ ਚਟਾਨ ਰਾਜੇ ਅਸ਼ੋਕ ਦੇ ਹੁਕਮ ਦੇ ਕੁਤਬੇ ਵਾਲਾ ਹੋਤੀ ਮਰਦਾਨ ਦੇ ਨੇੜੇ ਸ਼ਾਹਬਾਜ਼ ਗੜ੍ਹੀ ਦੇ ਪਾਸ ਪਿਆ ਹੈ। ਸੋ ਕਿਸੇ ਸਮੇਂ ਇਹ ਉੱਪਰਲੇ ਟਿਕਾਣੇ ਸ਼ਾਹੀ ਸੜਕ ਦੇ ਜ਼ਰੂਰੀ ਟਿਕਾਣੇ ਸਨ, ਪਰ ਹੁਣ ਓਹ ਮੰਦਰ, ਮਠ, ਟੋਪੇ ਗੁੰਮ ਹਨ, ਹਾਂ ਕੁਦਰਤੀ ਜਲਵਾ, ਜੋ ਇਨ੍ਹਾਂ ਥਾਵਾਂ ਨੂੰ ਰਮਣੀਕ ਬਣਾਉਂਦਾ ਹੈ ਉਹ ਉਸੇ ਤਰ੍ਹਾਂ ਸੁਹਣੀਆਂ ਦਮਕਾਂ ਦੇ ਰਿਹਾ ਹੈ। ਇਸੇ ਇਕਾਂਤ ਸੁਤੰਤ੍ਰਤਾ, ਸਵਛਤਾ, ਜਲ ਦੀ ਨਿਰਮਲਤਾ, ਬਨ ਦੀ ਸਬਜ਼ੀ ਤੇ ਸੁਹਾਉ ਨੇ ਰਿਖੀ ਬ੍ਰਾਹਮਣ ਜੀ ਨੂੰ ਇਥੇ ਟਿਕਾ ਛੱਡਿਆ ਸੀ। ਅਸੀਂ ਪਿੱਛੇ ਦੱਸ ਆਏ ਹਾਂ ਕਿ ਰਾਜਾ ਤੇ ਵਜ਼ੀਰ ਇਥੇ ਇਸ ਬ੍ਰਾਹਮਣ ਨੂੰ ਮਿਲਣ ਗਏ ਸਨ। ਏਹ ਤਪੀ ਬ੍ਰਾਹਮਣ ਜੀ ਆਪਣੀ ਕੁਟੀ ਵਿਚ ਕੁਦਰਤ ਨਾਲ ਗੱਲਾਂ ਕਰਦੇ ਦਿਨ
ਬਿਤਾਉਂਦੇ ਸਨ, ਦੁੱਧ ਪੀ ਛਡਦੇ ਸਨ ਤੇ ਕੋਈ ਰਾਹ ਤਕਦੇ ਰਹਿੰਦੇ ਸਨ। ਆਪ ਬ੍ਰਹਮ ਦਾ ਖਿਆਲ ਜਾਣਦੇ ਸਨ, ਰਸਤਾ 'ਧਿਆਨ' ਸਮਝਦੇ ਸਨ, 'ਤਿਆਗ ਦੇ ਪੂਰੇ, 'ਤਪ ਹਠ’ ਦੇ ਤਕੜੇ ਸਨ। ਤ੍ਰਿਸ਼ਨਾ ਨਹੀਂ ਸੀ, ਸੀ ਤਾਂ ਦਰਸ਼ਨ ਦੀ ਭੁੱਖ ਸੀ। ਕਦੇ ਕਦੇ ਆਪ ਖਿਆਲ ਕਰਦੇ ਸੀ ਕਿ ਮੈਂ ਪਿਆਰ ਕਰਦਾ ਹਾਂ, ਪਰ ਅੱਗੋਂ ਪਿਆਰ ਨਹੀਂ ਹੁੰਦਾ, ਪਰ ਫੇਰ ਆਪਣੇ ਅੰਦਰ ਕੁਛ ਖੁਸ਼ਕਪਨ ਵੇਖਕੇ ਨਿਰਾਸ ਹੋ ਜਾਂਦੇ ਸਨ, ਰਸ ਮਹਾਂ ਰਸ ਦਾ ਥਹੁ ਨਹੀਂ ਸੀ ਪੈਂਦਾ, ਦਰਸ਼ਨ ਨਹੀਂ ਸਨ ਹੁੰਦੇ, ਨਾ ਲੀਨ ਕਰ ਲੈਣ ਵਾਲੇ ਨਾ ਲੀਨ ਹੋਕੇ ਵਿਚੇ ਰੱਖ ਲੈਣ ਵਾਲੇ। ਹੁਣ ਕੁਛ ਸਮੇਂ ਤੋਂ ਕੋਈ ਝਾਉਲੇ ਪੈਂਦੇ ਸਨ, ਕੋਈ ਸੱਦ ਆਉਂਦੀ ਸੀ, ਜਿਸਦਾ ਹਾਲ ਅਸੀਂ ਪਿਛੇ ਪੜ੍ਹ ਆਏ ਹਾਂ ਕਿ ਰਾਜਾ ਜੀ ਤੇ ਵਜ਼ੀਰ ਨੂੰ ਆਪ ਨੇ ਦੱਸਿਆ ਸੀ। ਰਾਜਾ ਵਜ਼ੀਰ ਤਾਂ ਆਪਣਾ ਕਾਰਜ ਸਾਰ ਚੁਕੇ ਸੀ, ਉਨ੍ਹਾਂ ਦੀ ਤ੍ਰੇਹ, ਜੋ ਆਪਣੀ ਤਬਾਹੀ ਦੇ ਭੈ ਤੋਂ ਉਪਜੀ ਸੀ, ਭੈ ਮਿਟਣ ਨਾਲ ਮਿਟ ਗਈ ਸੀ। ਉਨ੍ਹਾਂ ਦੀ ਯਾਦ ਵਿਚੋਂ ਰਿਖੀ ਜੀ ਦੀ ਉਤਕੰਠਾ ਭੁੱਲ ਚੁਕੀ ਸੀ। ਹਾਂ ਮਨੁੱਖ ਭੁੱਲਦਾ ਹੈ। ਠੀਕ ਲੋੜ ਵੇਲੇ ਇਨਸਾਨ ਦਾ ਚੇਤਾ 'ਸਾਣ’ ਤੇ ਚੜ੍ਹ ਜਾਂਦਾ ਹੈ, ਪਰ ਲੋੜ ਲੰਘ ਗਈ ਤੇ ਖੁੰਢਾ ਪੈ ਜਾਂਦਾ ਹੈ। ਰਾਜਾ ਨੂੰ ਆਪਣਾ ਬਚਨ ਯਾਦ ਹੀ ਨਹੀਂ, ਰਿਖੀ ਦਾ ਸੁਨੇਹਾ ਚੇਤੇ ਹੀ ਨਹੀਂ। ਰਾਜਾ ਨੂੰ ਰਿਖੀ ਦਾ ਦੱਸਿਆ 'ਗੁਰ-ਅਵਤਾਰ' ਤਾਂ ਲੱਭ ਪਿਆ ਸੀ, ਰਾਜਸੀ ਲੋੜ ਸਰ ਆਈ ਸੀ, ਉਨ੍ਹਾਂ ਨੂੰ ਗੁਰੂ ਜੀ ਤਾਕਤਵਰ, ਸ਼ਕਤੀਵਾਨ ਪੂਜਨੀਕ ਭੀ ਦਿੱਸ ਪਏ ਸੇ, ਨਿਸ਼ਚੇ ਭੀ ਕਰ ਲਿਆ ਸੀ ਕਿ ਆਪ ਅਵਤਾਰ ਹਨ, ਜਿੰਨੇ ਜੋਧੇ ਤੇ ਬਲੀ ਦਿੱਸਦੇ ਹਨ ਉੱਨੇ ਕੋਮਲ ਤੇ ਦ੍ਯਾਲੂ ਬੀ ਹਨ, ਖੁੱਲੇ ਦਿਲ ਵਾਲੇ ਬੀ ਹਨ, ਪਿਆਰ ਅਗੇ ਝਰਨਾਟ ਖਾਂਦੇ ਤੇ ਪਿਆਰ ਦੀ ਝਰਨਾਟ ਛੇੜਦੇ ਹਨ, ਜਗਤ ਦਾ ਹਨ੍ਹੇਰਾ ਹਟਾਉਂਦੇ ਹਨ, ਮਾਰਗ ਪਾਉਂਦੇ ਹਨ, ਮੁਰਦੇ ਦਿਲਾਂ ਨੂੰ ਜਿਵਾਉਂਦੇ ਹਨ। ਹਾਂ ਜੀ, ਹਨ ਤਾਂ ਇਹ ਰੱਬ ਦੇ ਘੱਲੇ ਰੱਬੀ ਨੂਰ, ਰੱਬੀ ਰੌ ਤੇ ਰੱਬੀ ਝਰਨਾਟਾਂ ਲਾ ਦੇਣ ਵਾਲੇ, ਪਰ ਇਹ ਸਭ ਕੁਝ ਝਲਕਾਰੇ ਮਾਤ੍ਰ ਸਮਝਿਆ ਤੇ ਲੰਘ ਗਿਆ ਸੀ। ਉਨ੍ਹਾਂ ਨੂੰ ਤਾਂ ਸਹਾਇਕ ਤਾਕਤ ਦੀ ਲੋੜ ਸੀ ਸੋ ਮਿਲ ਗਈ ਸੀ। ਸੱਚ ਹੈ, ਦੁਨੀਆਂ ਤਾਂ ਸਰੀਰਕ ਚਾਹੇ ਮਾਨਸਕ ਸ਼ਕਤੀ ਦੀ ਲੋੜਵੰਦ ਹੈ ਮਿਲ ਪਈ ਤੇ ਰੱਜ ਗਏ, ਆਤਮਕ ਖੇਡ ਤਾਂ ਉਹ ਨੈਣ ਦੇਖਦੇ ਹਨ ਜੋ ਤ੍ਰਿਸ਼ਨਾਲੂ
ਨਾ ਹੋਣ, ਯਾ ਪਿਆਰ ਦੇ ਕੁੱਠੇ ਹੋਣ, ਯਾ ਜਿਨ੍ਹਾਂ ਨੂੰ ਰਬ ਖੁਹਲੇ! ‘ਮਾਪਿਰੀ’ ਦੀ ਪਛਾਣ ਤੇ ਟਿਕਣ ਵਾਲੇ ਨੈਣ ਹੋਰ ਹੀ ਹਨ। ਸੋ ਰਾਜੇ ਤੇ ਵਜ਼ੀਰ ਦੇ ਦਿਮਾਗ ਨੂੰ ਸੁਤੇ ਹੀ ਉਪਕਾਰੀ ਖਿੱਚ ਕੋਈ ਬਾਕੀ ਨਹੀਂ ਸੀ ਕਿ ਜਿਸ ਨਾਲ ਰਿਖੀ ਚੇਤੇ ਆਉਂਦਾ, ਆਪਣੀ ਲੋੜ ਪੂਰੀ ਹੋ ਗਈ ਸੀ, ਭੁੱਲ ਗਏ ਸੇ। ਪਰ ਹਾਏ ਲੱਗੀਆਂ। ਜਿਸ ਦੀ ਸੌ ਤੋਂ ਉੱਤੇ ਆਰਬਲਾ ਹੋਵੇ, ਜਿਸ ਨੇ ਸਾਰੀ ਉਮਰ ਮੋਹ ਮਾਯਾ ਤਿਆਗ ਕੇ ਗਹਬਰ ਬਨ ਤੇ ਨਦੀ ਦੇ ਕੰਢੇ ਸਚੀ ਮੁਚੀ ਦੇ ਤਪ ਤੇ ਸਾਧਨ ਵਿਚ ਗੁਜ਼ਾਰੀ ਹੋਵੇ, ਜਿਸਨੂੰ ਹੁਣ ਕੋਈ ਝਾਂਵਲਾ ਪਿਆ ਹੋਵੇ, ਕੋਈ ਸੁਖ ਸ੍ਵਪਨ ਆਇਆ ਹੋਵੇ ਉਸ ਦੀ ਤਾਂਘ ਕਿੰਨੀ ਤ੍ਰਿੱਖੀ ਹੋਵੇਗੀ। ਸੱਚ ਹੈ, ਗ੍ਰਿਹਸਤ ਵਿਚ ਗ੍ਰਸੇ ਲੋਕੀ ਤਿਆਗ ਨੂੰ ਮਖ਼ੌਲ ਤਾਂ ਕਰ ਲੈਂਦੇ ਹਨ, ਸਤਿਗੁਰ ਦੇ 'ਗ੍ਰਿਹਸਤ ਉਦਾਸ' ਆਦਰਸ਼ ਅੱਗੇ ਏਸ ਲਈ ਤਿਆਗ ਦੀ ਲੋੜ ਹੈ ਬੀ ਨਹੀਂ, ਪਰ ਗ੍ਰਿਹਸਤ ਵਿਚ ਮੋਹ ਮਾਇਆ ਵਿਚ ਤੇ ਮੈਂ ਮੇਰੀ ਵਿਚ ਫਸੇ ਗ੍ਰਸੇ ਲੰਪਟ ਲੋਕ ਜ਼ਰਾ ਤਿਆਗ ਕਰਕੇ ਵੇਖਣ ਤਾਂ ਸਹੀ ਕਿ ਤਿਆਗ ਕੀ ਅਰਥ ਰੱਖਦਾ ਹੈ, ਤੇ ਤੇ ਸੱਚਾ ਤਿਆਗ ਕਿੰਨਾ ਕੁ ਕਠਨ ਹੈ?
ਰਾਜਾ ਭੁੱਲ ਚੁਕਾ ਸੀ, ਵਜ਼ੀਰ ਨੂੰ ਚੇਤਾ ਵਿਸਰ ਚੁਕਾ ਸੀ, ਪਰ ਰਿਖੀ ਨੂੰ, ਜੋ ਰੁੱਖੜਾ ਨਦੀ ਕਿਨਾਰ ਬੈਠਾ ਮੌਤ ਦੀ ਢਾਹ ਦੇ ਦਿਨ ਗਿਣ ਰਿਹਾ ਸੀ, ਡਾਢੀ ਉਤਕੰਠਾ (ਤਾਂਘ) ਲਗ ਰਹੀ ਸੀ। ਰਿਖੀ ਸੋਚਦਾ ਸੀ, 'ਰਾਜਾ ਭੁੱਲ ਗਿਆ, ਮਤਲਬ ਸਾਰਕੇ ਵਿਸਾਰੇ ਪੈ ਗਿਆ? ਕਿ, ਉਸ ਦੀ ਖੋਜ ਤੇ ਟੋਹ ਟਿਕਾਣਾ ਜੋ ਬੰਨ੍ਹਦਾ ਸੀ ਖੰਡਤ ਨਿਕਲੀ? ਕਿ ਰਾਜਾ ਅਜੇ ਆਪ ਢੂੰਡ ਵਿਚ ਹੈ! ਭਗਵਾਨ ਜਾਣੇ ਕੀ ਵਰਤੀ!' ਰਿਖੀ ਉਜਾੜ ਵਿਚ ਵਸੋਂ ਤੋਂ ਦੂਰ ਬੈਠਾ ਹੈ, ਕੌਣ ਪਤਾ ਦੇਵੇ? ਗੁਆਲਾ ਇਕ ਮੁੰਡਾ ਹੈ ਜੋ ਸੇਵਾ ਕਰਦਾ ਹੈ, ਸੋ ਕਦੇ ਬਨ ਗਿਆ ਕਦੇ ਹੋਰ ਕੰਮੇਂ ਰੁੱਝਾ। ਰਿਖੀ ਕਦੇ ਖਿਆਲ ਕਰੇ, 'ਹੇ ਭਗਵਾਨ! ਮੈਂ ਬਿਰਧ ਹੋ ਗਿਆ ਹਾਂ, ਸਰੀਰ ਦੇ ਰਸ ਅੰਦਰੋਂ ਸੁੱਕ ਰਹੇ ਹਨ, ਮੇਰਾ ਮਗ਼ਜ਼ ਵੀ ਕੁਰਾੜਾ ਹੋ ਰਿਹਾ ਹੈ, ਕੀ ਜਾਣਾ ਜਿਸ ਨੂੰ ਮੈਂ ਝਾਂਵਲਾ ਆਖਦਾ ਹਾਂ, ਉਹ ਅਸਲੀ ਇਸ਼ਾਰਾ ਕੋਈ ਨਹੀਂ ਸੀ, ਇਕ ਦਿਮਾਗ਼ ਦੀ ਕਸਰ ਸੀ ਨਿਰਾ ਝਾਂਵਲਾ, ਪਰਛਾਵਾਂ, ਭੁਲੇਵਾਂ ਹੀ ਸੀ, ਮੈਂ ਐਵੇਂ ਅੰਤ ਸਮੇਂ ਪਿਆ ਸ਼ੁਦਾ ਦੇ ਪੈਰ ਚੁੰਮਦਾ ਹਾਂ। ਪਰ ਫੇਰ ਅੰਦਰੋਂ ਇਕ ਆਵਾਜ਼ ਆਵੇ ਕਿ 'ਨਹੀਂ ਮੇਰਾ ਝਾਂਵਲਾ ਝਲਕਾ ਹੈ ਕਿਸੇ
ਸੱਚ ਦਾ, ਕਿਸੇ ਦਿਵ੍ਯਤਾ ਦਾ, ਜਿਸ ਦਾ ਅਸਲੀ ਰੰਗ, ਅਸਲੀ ਰੂਪ ਦੇਖਣ ਦੀ ਤਾਬ ਮੇਰੇ ਪਾਸ ਨਹੀਂ ਹੈ। ਅਹੋ ਦੈਵ! ਕਿਆ ਦੈਵ ਬੀ ਹਾਸੇ ਕਰਦਾ ਹੈ? ਹੇ ਸਿਰਜਣਹਾਰ ਵਿਸ੍ਵੰਭਰ! ਆਪਣੇ ਬੁਢੇ ਸੇਵਕ ਨਾਲ ਅੰਤ ਸਮੇਂ ਕੋਈ ਪਿਆਰ ਕਰ, ਕੋਈ ਢਾਰਸ ਦੇਹ ਜੋ 'ਚਿੱਤ-ਟਿਕਾਣੇ' ਕਰਕੇ ਟੁਰਾਂ, 'ਨਿਸ਼ਚਿੰਤ' ਹੋ ਕੇ ਮਰਾਂ।' ਇਸ ਤਰ੍ਹਾਂ ਦੇ ਹਾਵੇ ਕਰਕੇ— ਰੋ ਪਵੇ, ਉਸਦੇ ਹੰਝੂ ਦੇਖਕੇ ਬਾਲਕਾ ਕਈ ਵੇਰ ਪੁੱਛੇ: "ਮਹਾਰਾਜ! ਆਪ ਨੂੰ ਕੋਈ ਮੈਥੋਂ ਦੁਖ ਹੋਇਆ ਹੈ ਕਿ ਆਪ ਰੋ ਪੈਂਦੇ ਹੋ?” ਉਸਦੇ ਭੋਲੇਪਨ ਤੇ ਤਰਸ ਖਾ ਕੇ ਰਿਖੀ ਜੀ ਪਿਆਰ ਦੇ ਕੇ ਦਿਲਾਸਾ ਦਿਆ ਕਰਨ: “ਬੱਚਾ! ਨਹੀਂ ਮੇਰੇ ਅੰਦਰ ਕੋਈ ਅਗੰਮੋਂ ਲੱਗ ਪਈ ਹੈ ਜਿਸ ਤਰ੍ਹਾਂ ਕੋਈ ਜੁਆਨੀ ਦੇ ਵੇਗ ਵਿਚ ਪਿਆਰ ਦੇ ਹੱਥ ਵਿਚ ਰੁੜ੍ਹਦਾ ਹੈ, ਮੈਂ ਕਿਸੇ ਅਣਡਿੱਠੇ ਪਿਆਰ ਵਿਚ ਬੁੱਢਾ ਹੋ ਕੇ ਰੁੜ੍ਹਦਾ ਪਿਆ ਹਾਂ, ਤੂੰ ਚਿੰਤਾ ਨ ਕਰ।” ਕਦੇ ਬੁੱਢਾ ਤ੍ਰਬਕ ਉਠਿਆ ਕਰੇ ਤੇ 'ਔਹ ਆਏ' ਕਹਿ ਦਿਆ ਕਰੇ, ਪਰ ਉਹ ਕਿਸੇ ਪੱਥਰ ਗਿਰਨ ਦੀ, ਕਿਸੇ ਬਨ ਪਸ਼ੂ ਦੀ ਆਹਟ ਨਿਕਲੇ। ਕਦੇ ਉਸ ਨੂੰ ਉਹ ਸੱਦ ਸੁਣੀਵੇ ਜੋ ਉਸਨੇ ਜੁੜੇ ਧ੍ਯਾਨ ਵਿਚ ਸੁਣੀ ਸੀ, ਕਦੇ ਉਹ ਸ੍ਵਪਨ ਦਿਨ ਦੀਵੀਂ ਆ ਜਾਵੇ, ਕਦੇ ਫੇਰ ਨਿਰਾਸ਼ਾ ਆਵੇ, ਕਦੇ ਉਤਕੰਠਾ ਤਿੱਖੀ ਹੋ ਕੇ ਨਿਰਬਲ ਕਰ ਸੁੱਟੇ, ਗਿਆਨ ਧਿਆਨ ਪੜੇ ਸੁਣੇ ਸਭ ਵਿਸਰ ਜਾਣ, ਮੌਤ ਤੋਂ ਭੈ ਆਵੇ ਕਿ ਕੀ ਮੈਂ ਬਿਨ ਦੇਖੇ ਟੁਰ ਜਾਸਾਂ? ਇਸ ਤਰ੍ਹਾਂ ਦੇ ਸੁਰਤਿ ਦੇ ਟਿਕਾਉ ਤੇ ਹਿਲਾਉ ਵਿਚ ਇਕ ਅਡੋਲਤਾ ਆਵੇ, ਫਿਰ ਇਕ ਕਮਜ਼ੋਰੀ ਧਾ ਜਾਵੇ, ਜਿਸ ਨਾਲ ਕੁਛ ਸੁਖ ਤੇ ਠੰਢ ਜਾਪੇ, ਪਰ ਨਿਰਬਲਤਾਈ ਕਈ ਵੇਰ ਨਿਢਾਲ ਕਰ ਦੇਵੇ। ਇਕ ਦਿਨ ਉਦਾਸ ਹੋਕੇ ਰਿਖੀ ਨੇ ਬਾਲਕੇ ਨੂੰ ਕਿਹਾ: "ਬੇਟਾ! ਮੇਰੇ ਸਰੀਰ ਦਾ ਪਤਾ ਨਹੀਂ, ਆਰਬਲਾ ਪੂਰੀ ਹੋ ਗਈ ਹੈ, ਕਿਸੇ ਵੇਲੇ ਚੱਲ ਬਸਣਾ ਹੈ। ਤੂੰ, ਜਦ ਮੈਂ ਮਰ ਜਾਵਾਂ, ਮੇਰੇ ਸਰੀਰ ਨੂੰ ਜਮਨਾ ਦੇ ਵੇਗ ਵਿਚ ਪ੍ਰਵਾਹ ਕਰ ਦੇਵੀਂ। ਏਹ ਗਾਂਈਆਂ ਲੈ ਕੇ ਆਪਣੇ ਪਿੰਡ ਚਲਾ ਜਾਵੀਂ। ਕਦੇ ਤੂੰ ਸੁਣੇਂ ਕਿ ਕੋਈ ਅਵਤਾਰ ਪ੍ਰਗਟ ਹੋਇਆ ਹੈ ਤਾਂ ਉਸਦੇ ਚਰਨਾਂ ਵਿਚ ਜਾ ਕੇ ਮੇਰਾ ਇਹ ਸੁਨੇਹਾ ਦੇ ਦੇਈਂ ਕਿ- ਇਕ ਸਿਕਦਾ ਤਪੀਆ ਜਮਨਾਂ ਤਟ, ਦਰਸ਼ਨਾਂ ਦੀਆਂ ਲੋਚਨਾਂ ਵਿਚ ਟੁਰ ਗਿਆ ਹੈ। ਉਸ ਦੇ ਗੋਡੇ ਗਿੱਟੇ ਟੁਰਦੇ ਨਹੀਂ ਸਨ ਜੋ ਆਪ ਲੱਭਦਾ, ਉਸਦੇ ਪਾਸ ਧਨ ਨਹੀਂ ਸੀ ਜੋ
ਟੋਲ ਕਰਾਉਂਦਾ, ਉਸ ਦੇ ਪਾਸ ਮਨੁੱਖ ਨਹੀਂ ਸਨ ਜੋ ਸੂੰਹਾਂ ਕੱਢਦਾ। ਉਸ ਨੂੰ ਝਾਉਲਾ ਪੈਂਦਾ ਸੀ, ਸੱਦ ਸੁਣਾਈ ਦੇਂਦੀ ਸੀ, ਉਹ ਤੜਪਦਾ ਸੀ ਤੇ ਸਿਕਦਾ ਸੀ, ਲੁੱਛਦਾ ਸੀ ਤੇ ਸਧਰਾਂਦਾ ਸੀ ਪਰ ਅੱਪੜ ਨਹੀਂ ਸੀ ਸਕਦਾ। ਐਉਂ ਲੋਂਹਦਾ ਲੋਂਹਦਾ, ਰਾਹ ਤਕਾਂਦਾ ਤਕਾਂਦਾ ਆਸਾਂ ਭਰਿਆ ਟੁਰ ਗਿਆ ਹੈ, ਉਸ ਦੀ ਬਾਹੁੜੀ ਕਰਨੀ-”।
ਬਾਲਕਾ ਸੁਣਦਾ, ਉਦਾਸ ਹੁੰਦਾ ਤੇ ਰੋ ਪੈਂਦਾ ਸੀ, ਪਰ ਰਿਖੀ ਜੀ ਦੇ ਹੁਕਮ ਦਾ ਬੱਧਾ ਐਨਾ ਸੀ ਕਿ ਸਾਰੇ ਅੱਖਰ ਯਾਦ ਕਰਦਾ ਤੇ ਪਕਾਉਂਦਾ ਰਹਿੰਦਾ ਸੀ, ਫੇਰ ਉਨ੍ਹਾਂ ਨੂੰ ਸੁਣਾਉਂਦਾ ਸੀ ਕਿ ਮਤੇਂ ਮੈਂ ਕੁਛ ਵਿਚੋਂ ਭੁੱਲ ਨਾ ਜਾਵਾਂ। ਕਦੇ ਬਾਲਕਾ ਆਪ ਉਦਾਸ ਹੋ ਜਾਂਦਾ ਸੀ, ਰੋ ਪੈਂਦਾ ਸੀ ਤੇ ਕਹਿ ਦੇਂਦਾ ਸੀ "ਰਿਖੀ ਜੀ! ਮੈਂ ਕੀ ਕਰਸਾਂ?" ਤਾਂ ਰਿਖੀ ਜੀ ਆਖਦੇ ਸੇ "ਤੂੰ ਉਹਨਾਂ ਦੀ ਟੋਲ ਕਰੀਂ। ਮੇਰੇ ਭਾਗ ਤਾਂ ਨਹੀਂ। ਪਰ ਖ਼ਬਰੇ ਤੇਰੇ ਹੋਣ ਤੇ ਜਦੋਂ ਤੂੰ ਮੇਰਾ ਉਨ੍ਹਾਂ ਨੂੰ ਸੁਨੇਹਾ ਦੇਵੇਂ ਤਾਂ ਤੇਰੇ ਤੇ ਤ੍ਰੁਠ ਪੈਣ।” ਬਾਲਕਾ ਪੁੱਛੇ; "ਜੀ ਕੋਈ ਪਤਾ ਦਿਓ ਤਾਂ ਮੈਂ ਹੁਣ ਜਾ ਕੇ ਰਾਤੀਂ ਸੁੱਤੇ ਪਏ ਚਾ ਲਿਆਵਾਂ, ਮੰਜੇ ਸਮੇਤ ਲੈ ਆਵਾਂ।” ਰਿਖੀ ਜੀ ਹੱਸ ਪੈਣ ਤੇ ਆਖਣ: 'ਐਉਂ ਨਾ ਕਹੁ ਓਹ ਰੱਬੀ ਰੌ ਵਾਲੇ ਰੱਬ ਰੂਪ ਹਨ। ਬਾਲਕਾ ਕਹੇ: "ਫੇਰ ਆਪੇ ਆਉਂਦੇ ਕਿਉਂ ਨਹੀਂ?” ਰਿਖੀ ਕਹੇ: "ਮੇਰੇ ਕਰਮ! ਮੇਰੇ ਭਾਗ!!” ਫੇਰ ਬਾਲਕਾ ਨਿਸ਼ਾਨੀਆਂ ਪੁੱਛਣ ਲੱਗਾ ਤਾਂ ਆਪ ਨੇ ਦੱਸਿਆ:- "ਲੰਮੇ ਹਨ, ਪਤਲੇ ਹਨ, ਡਾਢੇ ਤਕੜੇ ਹਨ, ਉਮਰਾ ਵਿਚ ਚੜ੍ਹਦੀ ਜਵਾਨੀ ਦੇ ਕੁਮਾਰ ਹਨ,ਸ਼ਸਤ੍ਰਧਾਰੀ ਹਨ, ਕੇਸਾਂ ਵਾਲੇ ਹਨ, ਸੁਹਣੀ ਨਿੱਕੀ ਨਿੱਕੀ ਕੁੰਡਿਆਲੀ ਦਾੜ੍ਹੀ ਨਿਕਲ ਰਹੀ ਹੈ, ਤੇਜ ਵਾਲੇ ਹਨ, ਜਬ੍ਹੇ ਵਾਲੇ ਹਨ, ਪਿਆਰ ਵਾਲੇ ਮਿੱਠੇ ਮਿੱਠੇ ਰਸ ਭਿੰਨੜੇ ਹਨ।” ਬਾਲਕਾ ਕਹੇ "ਮੈਂ ਐਨੀਆਂ ਗੱਲਾਂ ਕਿਥੋਂ ਪਰਖਾਂਗਾ?” ਤਾਂ ਰਿਖੀ ਨੇ ਕਿਹਾ: "ਉਨ੍ਹਾਂ ਦੇ ਹਥ ਜਦ ਪਲਮਦੇ ਹਨ ਤਾਂ ਉਹਨਾਂ ਦੇ ਗੋਡਿਆਂ ਤਕ ਜਾਂਦੇ ਹਨ। ਇਸ ਨਿਸ਼ਾਨੀ ਤੇ ਬਾਲਕਾ ਖੁਸ਼ ਹੋਇਆ ਤੇ ਉਠਕੇ ਆਪਣੇ ਹੱਥ ਲੰਮੇ ਕਰਕੇ ਵੇਖੇ; ਹੁਣ ਤਸੱਲੀ ਆ ਗਈ ਕਿ ਪਰਖ ਲਵਾਂਗਾ। ਕਹਿਣ ਲੱਗਾ "ਰਿਖੀ ਜੀ! ਹੋਰ ਕਿਸੇ ਦੀਆਂ ਬਾਹਾਂ ਇੰਨੀਆਂ ਲੰਮੀਆਂ ਨਹੀਂ ਹੁੰਦੀਆਂ?” ਰਿਖੀ ਨੇ ਕਿਹਾ, "ਕਿਸੇ ਦੀਆਂ ਨਹੀਂ।” ਬਾਲਕੇ ਕਿਹਾ, "ਭਲਾ ਮੇਰੇ ਆਖੇ ਤੇ ਉਹ ਪਲਮਾ ਦੇਣਗੇ?”
ਇਸ ਭੋਲੇਪਣ ਤੇ ਰਿਖੀ ਹੱਸ ਪਿਆ ਤੇ ਕਹਿਣ ਲੱਗਾ, "ਤੂੰ ਨਾਲ ਨਾਲ ਰਹੀਂ: 'ਚੇਚਾ, ਕੁਝ ਨਾ ਆਖੀਂ। ਜਦੋਂ ਕਦੇ ਬਾਹਾਂ ਆਪੇ ਪਲਮ ਪੈਣ ਤੇ ਤੂੰ ਨਿਸ਼ਚੇ ਹੋ ਜਾਵੇਂ ਤਾਂ ਪੈਰੀਂ ਪੈ ਕੇ ਖਿਮਾਂ ਮੰਗਕੇ ਮੇਰਾ ਸੁਨੇਹਾ ਦੇ ਦੇਈਂ। ਬਾਲਕੇ ਕਿਹਾ: “ਕੋਈ ਨਾਮ ਬੀ ਹੈ?” ਰਿਖੀ ਕਿਹਾ "ਨਾਮ ਤਾਂ ਹੋਊ, ਮੈਨੂੰ ਪਤਾ ਨਹੀਂ, ਪਰ ਲੋਕੀ ਉਸ ਨੂੰ ਵਡਾ ਅਵਤਾਰ ਕਿ 'ਗੁਰ ਅਵਤਾਰ’ ਆਖਦੇ ਹੋਸਨ।” ਬਾਲਕਾ ਸੋਚੀਂ ਪੈਕੇ 'ਗੁਰ' 'ਗੁਰ' 'ਗੁਰ ਹਛਾ 'ਗੁਰ'। ਬਾਲਕ-"ਭਲਾ ਜੇ ਮੈਨੂੰ ਹੁਣੇ ਟੋਰ ਦਿਓ ਤੇ ਮੈਂ ਹੇਠਾਂ ਜਾ ਕੇ ਪੁੱਛਾਂ ਦਸਾਂ, ਭਲਾ ਜੇ ਪਤਾ ਲਗ ਜਾਵੇ ਤਾਂ ਤੁਸੀਂ ਦਰਸ਼ਨ ਪਾ ਲਓ। ਪਰ ਹਾਂ, ਜੇ ਮੈਂ ਜਾਵਾਂ ਤਾਂ ਤੁਸਾਨੂੰ ਇਸ਼ਨਾਨ ਕੌਣ ਕਰਾਵੇ? ਤੁਸਾਨੂੰ ਦੁਧ ਕੌਣ ਚੋ ਦੇਵੇ? ਗਊਆਂ ਨੂੰ ਕੌਣ ਚਾਰੇ, ਬੰਨ੍ਹੇ ਤੇ ਖੋਹਲੇ? ਹਾਂ, ਭਲਾ ਜੀ ਕੀ ਕਰਾਂ? ਕੁਝ ਨਹੀਂ ਸੁਝਦੀ, ਜੇ ਮੇਰਾ ਕੋਈ ਭਰਾ ਹੁੰਦਾ ਤਾਂ ਉਸਨੂੰ ਤੁਸਾਂ ਕੋਲ ਛੱਡ ਜਾਂਦਾ ਤੇ ਆਪ ਭਾਲਣ ਟੁਰ ਜਾਂਦਾ। ਪਰ ਹੱਛਾ, ਹੁਣ ਮੈਂ ਦੁਪਹਿਰੇ ਦੋ ਘੜੀਆਂ ਦੂਰ ਨੇੜੇ ਜਾਇਆ ਕਰਾਂਗਾ। ਜੇ ਕੋਈ ਬੰਦਾ ਮੇਰੇ ਆਖੇ ਲਗ ਜਾਏ ਮਹੀਨਾ ਦਸ ਦਿਨ ਤੁਸਾਂ ਪਾਸ ਠਹਿਰੇ ਤਾਂ ਮੈਂ ਹੇਠਾਂ ਵੀ ਭਾਲਣ ਚਲਾ ਜਾਵਾਂ"। ਰਿਖੀ ਨੇ ਕਿਹਾ: “ਬੱਚਾ ਚਾਂਦਿਆ! ਬੁਢਿਆਂ ਠੇਰਿਆਂ ਹੱਥ ਗੋਡੇ ਕਮਜ਼ੋਰਾਂ ਦੇ ਪਾਸ ਕਉਣ ਠਹਿਰੇਗਾ? ਜਿਥੋਂ ਕੁਛ ਲੱਭਣਾ ਨਹੀਂ ਉਨ੍ਹਾਂ ਦੀ ਸੇਵਾ ਕਉਣ ਕਰੇਗਾ? ਤੂੰ ਹੋਰ ਕੁਛ ਨਾ ਕਰ, ਦੋ ਚਾਰ ਕੋਹ ਦੁਪਹਿਰੇ ਹੇਠਾਂ ਨੂੰ ਜਾਇਆ ਕਰ ਤੇ ਆਏ ਗਏ ਰਾਹ ਖਹਿੜੇ ਮਿਲਦੇ ਤੋਂ ਪੁੱਛਿਆ ਕਰ: 'ਕੋਈ ਅਵਤਾਰ ਪ੍ਰਗਟ ਤਾਂ ਨਹੀਂ ਹੋਇਆ, ਕੋਈ ਸਾਧ ਸੰਤ ਮਹਾਤਮਾ ਮੁਸ਼ਕਿਆ ਤਾਂ ਨਹੀਂ? ਜੇ ਕੋਈ ਸੂੰਹ ਲੱਗੇ ਤਾਂ ਆ ਦੱਸਿਆ ਕਰ। ਬਾਲਕਾ, ਜੋ ਬੜੀ ਚਿੰਤਾ ਵਿਚ ਸੀ, ਹੁਣ ਕੁਝ ਖਿੜ ਆਇਆ; ਦੋ ਗੱਲਾਂ ਉਸ ਨੂੰ ਚੰਗੀਆਂ ਲੱਭ ਗਈਆਂ, ਇਕ ਪਤੇ ਪੁੱਛਣ ਦੀ ਤੇ ਇਕ ਬਾਹਾਂ ਪਛਾਨਣ ਦੀ।
5.
ਬਾਲਕੇ ਚਾਂਦੋ ਨੇ ਹੁਣ ਰੋਜ਼ ਦਾ ਕੰਮ ਹੋਰ ਤਰ੍ਹਾਂ ਕਰਨਾ ਆਰੰਭ ਕਰ ਦਿੱਤਾ। ਸਵੇਰੇ ਰਿਖੀ ਜੀ ਨੂੰ ਇਸ਼ਨਾਨ ਪਾਣੀ ਕਰਾ, ਧੁੱਪੇ ਤਖ਼ਤਪੋਸ਼ ਡਾਹ, ਮ੍ਰਿਗਛਾਲਾ ਤੇ ਬਿਠਾ, ਕੰਬਲੀ ਦੇ ਕੇ ਗਊਆਂ ਦੇ ਗੋਹੇ ਕੰਡੇ ਦੀ ਸੰਭਾਲ ਤੋਂ ਵਿਹਲਾ ਹੋ ਕੇ ਦੁੱਧ ਚੋ ਕੇ ਰਿਖੀ ਜੀ ਨੂੰ ਪਿਲਾਕੇ ਆਪ ਨ੍ਹਾ ਧੋ ਦੁੱਧ
ਪੀ ਕੇ ਗਊਆਂ ਲੈ ਕੇ ਬਨਾਂ ਵਿਚ ਛੇੜਨ ਨਾ ਜਾਣਾ, ਜੀਕੂੰ ਕਿ ਅਗੇ ਜਾਇਆ ਕਰਦਾ ਸੀ, ਹੁਣ ਗਊਆਂ ਕੁੱਲੀਆਂ ਤੋਂ ਕੱਢ ਵਾੜੇ ਵਿਚ ਖੁੱਲੇ ਥਾਂ ਬੰਨ੍ਹਕੇ ਘਾਹ ਵੱਢਣ ਚਲੇ ਜਾਣਾ। ਕੁਛ ਘਾਹ ਬਰਸਾਤ ਤੋਂ ਮਗਰੋਂ ਸੁਕਾ ਕੇ ਸਾਂਭ ਰੱਖਿਆ ਸੀ, ਸੋ ਪੰਜ ਸੱਤ ਘੜੀਆਂ ਵਿਚ ਗਊਆਂ ਦੇ ਖਾਣ ਜੋਗਾ ਪੱਠਾ ਪਾ ਕੇ ਆਪ ਟੁਰ ਜਾਣਾ। ਕਦੇ ਤਾਂ ਉੱਪਰ ਗਿਰਾਂ ਵਿਚ ਫੇਰਾ ਮਾਰਨਾ, ਹਰ ਆਦਮੀ ਦੀਆਂ ਬਾਹਾਂ ਦੇਖਣੀਆਂ ਕਿ ਜਦ ਪਲਮਦੀਆਂ ਹਨ ਗੋਡਿਆਂ ਤਕ ਜਾਂਦੀਆਂ ਹਨ ਕਿ ਨਹੀਂ, ਕਦੇ ਹੇਠਾਂ ਦੇ ਪਿੰਡਾਂ ਵੱਲ ਜਾ ਫੇਰਾ ਮਾਰਨਾ। ਫਿਰ ਕਦੇ ਕਿਸੇ ਤੋਂ ਪੁੱਛਿਆ ਬੀ ਕਰੇ: "ਕੋਈ ਅਵਤਾਰ ਪਰਗਟ ਤਾਂ ਨਹੀਂ ਹੋਯਾ ?” ਗਿਰਾਵਾਂ ਤੋਂ ਨਿਰਾਸ ਹੋ ਕੇ ਹੁਣ ਦੋ ਚਾਰ ਪੰਜ ਕੋਹ ਤਕ ਬੀ ਕਦੇ ਜਮਨਾਂ ਦੇ ਏਸ ਕਿਨਾਰੇ ਕਦੇ ਓਸ ਕਿਨਾਰੇ, ਕਦੇ ਸੜਕ ਤੇ ਕਦੇ ਐਵੇਂ ਫੇਰੇ ਮਾਰਿਆ ਕਰੇ। ਕੰਮ ਉਹੋ, ਜੋ ਮਿਲੇ ਉਸ ਦੀਆਂ ਬਾਹਵਾਂ ਤੱਕਣੀਆਂ: ਕਦੇ ਕਿਸੇ ਦੀਆਂ ਬਾਹਵਾਂ ਤੇ ਸ਼ੱਕ ਪਏ ਤਾਂ ਕਿੰਨਾ ਕਿੰਨਾ ਚਿਰ ਉਡੀਕਦੇ ਖੜੇ ਰਹਿਣਾ ਕਿ ਕਦ ਬਾਹਾਂ ਆਪੇ ਪਲਮਣ ਤਾਂ ਮੈਂ ਸਹੀ ਕਰਾਂ ਕਿ ਗੋਡਿਆਂ ਤਕ ਜਾਂਦੀਆਂ ਹਨ ਕਿ ਨਹੀਂ? ਐਸੇ ਵੇਲੇ ਇਹ ਬਾਲਕਾ, ਜੋ ਅੱਗੇ ਹੀ ਅਤਿ ਸਿੱਧਾ ਸੀ, ਬਾਉਲਾ ਜਿਹਾ ਦਿੱਸਣ ਲੱਗ ਪਿਆ ਕਰੇ। ਪਹਿਲੋਂ ਇਹ ਗਿਰਾਵਾਂ ਸੜਕਾਂ ਵਲ ਘੱਟ ਜਾਇਆ ਕਰਦਾ ਸੀ, ਬਨ ਵਿਚ ਹੀ ਇਸ ਦਾ ਵਕਤ ਲੰਘ ਜਾਂਦਾ ਸੀ, ਪਰ ਹੁਣ ਉਸਦੀ ਝੱਲਿਆਂ ਵਾਲੀ ਫੇਰੀ ਟੋਰੀ ਨੂੰ ਦੂਰ ਦੂਰ ਦੀ ਵੱਸੋਂ ਦੇ ਲੋਕੀਂ ਅਚਰਜਤਾ ਨਾਲ ਵੇਖਿਆ ਕਰਨ ਤੇ ਇਸਦੀ ਪੁੱਛ ਤੇ ਹਰਿਆਨ ਹੋਇਆ ਕਰਨ।
ਚਾਂਦੋ ਨੇ ਕੁਛ ਦਿਨ ਆਪਣੇ ਸੁਆਮੀ ਦੀ ਇਸ ਇੱਛਾ ਪੂਰਨ ਹਿਤ ਇਸ ਤਰ੍ਹਾਂ ਅਵਾਰਾ ਫਿਰ ਫਿਰ ਗੁਜ਼ਾਰੇ, ਪਰ ਕੋਈ ਸੂੰਹ ਨਾ ਪਈ। ਰਿਖੀ ਜੀ ਹੁਣ ਕਮਜ਼ੋਰ ਹੋ ਰਹੇ ਸਨ, ਪਾਲਾ ਹੱਡ ਕੜਕਾਂਦਾ ਸੀ, ਕੰਬਲੀਆਂ ਤੇ ਮ੍ਰਿਗਛਾਲਾਂ ਤਾਂ ਸਨ ਪਰ ਨਿਤਾਣੇ ਨੂੰ ਪਾਲਾ ਲਗਦਾ ਬੀ ਬਹੁਤ ਹੈ। ਅਖੀਰ ਘਟਦਿਆਂ ਘਟਦਿਆਂ ਉਹ ਦਿਨ ਆ ਗਿਆ ਕਿ ਰਿਖੀ ਜੀ ਸਵੇਰੇ ਇਸ਼ਨਾਨ ਨਾ ਕਰ ਸਕੇ, ਨਾ ਉੱਠ ਸਕੇ, ਲੰਮੇ ਪਏ ਹੀ ਚਾਂਦੋ ਨੂੰ ਬੋਲੇ:- "ਬੱਚਾ! ਮੇਰਾ ਵੇਲਾ ਆ ਗਿਆ ਜਾਪਦਾ ਹੈ, ਦੇਖ, ਮੇਰੇ ਹੱਥ ਤੇ ਪੈਰ ਠੰਢੇ ਹਨ: ਬੀਬਾ ਪੁੱਤਰ! ਮੇਰੇ ਮਗਰੋਂ ਤੂੰ ਮੇਰਾ ਕੰਮ ਜ਼ਰੂਰ ਹੀ ਕਰਨਾ ਹੈ।”
ਚਾਂਦੋ ਨੇ ਅੱਗੋਂ ਹੋ ਕੇ ਹੱਥ ਪੈਰ ਵੇਖੇ ਤਾਂ ਸੱਚਮੁਚ ਠੰਢੇ ਸਨ, ਠੰਢੇ ਵੇਖਕੇ ਇਕ ਸਰਦੀ ਦੀ ਲਹਿਰ ਉਹਦੇ ਅੰਦਰ ਫਿਰ ਗਈ, ਉਦਾਸੀ ਤੇ ਨਿਰਾਸਤਾ ਦਾ ਇਕ ਚੱਕਰ ਆਇਆ। ਦੋ ਬਰਸ ਹੋਏ ਤਾਂ ਚਾਂਦੋ ਦੀ ਮਾਂ ਮਰ ਗਈ ਸੀ, ਉਸਦੇ ਬੀ ਹੱਥ ਪੈਰ ਠੰਢੇ ਹੋਏ ਸਨ, ਉਹ ਸਮਾਂ ਮਾਂ ਦੇ ਅੰਤਲੇ ਸੁਆਸਾਂ ਦਾ ਤੇ ਸਦਾ ਦੇ ਵਿਛੋੜੇ ਦਾ ਅੱਖਾਂ ਅੱਗੇ ਫਿਰ ਪਿਆ। ਮਾਂ ਇਸ ਦੀ ਕਾਲਸੀ ਦੇ ਗਿਰਾਂ ਵਿਚ ਰਹਿੰਦੀ ਸੀ ਤੇ ਪੀਹਣਾ ਕਰਕੇ ਪੇਟ ਭਰਦੀ ਸੀ, ਚੰਗੀ ਬੁੱਢੀ ਤੇ ਨਿਰਬਲ ਸੀ, ਪਰ ਆਖ਼ਰ ਤੇ ਪੀਹਣਾ ਕਰਕੇ ਪੇਟ ਭਰਦੀ ਸੀ, ਚੰਗੀ ਬੁਢੀ ਤੇ ਨਿਰਮਲ ਸੀ, ਚਾਂਦੋ ਦੀ ਆਂਦਰ ਸੀ, ਚਾਂਦੋ ਦਾ ਜਗਤ ਦੋ ਹੀ ਤੁ ਮੁੱਕ ਜਾਂਦਾ ਸੀ, ਇਕ ਮਾਂ ਇਕ ਇਨ੍ਹਾਂ ਅਪਰਸ ਮਹਾਤਮਾ ਰਿਖੀ ਜੀ ਉਤੇ। ਅੱਜ ਵਿਚਾਰੇ ਨੂੰ ਜਗਤ ਤੋਂ ਆਪਣੇ ਬਾਕੀ ਰਹੇ ਇਕੋ ਇਕ ਮਿੱਤ੍ਰ ਦੇ ਵਿਛੁੜਨ ਦਾ ਦਿਨ ਆ ਗਿਆ। ਚੱਕਰ ਖਾ ਕੇ ਚਾਂਦੋ ਬਾਹਰ ਆਯਾ, ਹੰਝੂ ਆਏ ਜੋ ਉਸਨੇ ਘਸੁੰਨੀਆਂ ਦੇ ਦੇ ਪੂਂਝੇ। ਫੇਰ ਅੱਗ ਬਾਲਕੇ ਅੰਗੀਠਾ ਮਘਾ ਕੇ ਅੰਦਰ ਲੈ ਆਇਆ, ਕੰਬਲ ਇਕ ਦੋ ਹੋਰ ਵਲ੍ਹੇਟ ਦਿੱਤੇ ਤੇ ਬਾਹਰ ਟਿੱਲੇ ਤੇ ਚੜ੍ਹ ਚੜ੍ਹ ਵੇਖੇ ਮਤਾਂ ਹੁਣੇ ਹੀ ਆ ਜਾਣ। ਫੇਰ ਆਵੇ ਤਾਂ ਹੱਥ ਪੈਰ ਵੇਖ ਜਾਵੇ, ਅਖ਼ੀਰ ਦਿਨ ਸੱਤ ਅੱਠ ਘੜੀਆਂ ਗਿਆ ਤਾਂ ਰਿਖੀ ਜੀ ਹੁਣ ਬੋਲਣੋਂ ਤੇ ਹੱਥ ਪੈਰ ਹਿਲਾਉਣੋਂ ਰਹਿ ਗਏ। ਜਦ ਚਾਂਦੋਂ ਨੇ ਡਿੱਠਾ ਕਿ ਉਨ੍ਹਾਂ ਦੇ ਹੱਥ ਪੈਰ ਹੁਣ ਗੋਡਿਆਂ ਤੇ ਅਰਕਾਂ ਤੱਕ ਠੰਢੇ ਹੋ ਗਏ ਹਨ ਤਾਂ ਇਕ ਜਾਂਗਲੀ ਚੀਕ ਉਸਦੀ ਆ ਮੁਹਾਰੀ ਨਿਕਲੀ, ਤ੍ਰਬਕਕੇ ਰਿਖੀ ਜੀ ਦੇ ਨੈਣ ਖੁਲ ਗਏ ਤੇ ਧੀਮੇਂ ਜਿਹੇ ਬੋਲੇ: 'ਆ ਗਏ”। ਚਾਂਦੋ ਨੇ "ਆ ਗਏ” ਸੁਣਿਆ, ਰਿਖੀ ਜੀ ਦੇ ਨੈਣ ਬੰਦ ਹੋ ਗਏ, ਪਰ ਚਾਂਦੋ ਦੇ ਕੰਨਾਂ ਨੇ ਫੇਰ ਸੁਣਿਆ "ਆ ਗਏ”। ਚਾਂਦੋ ਤਬ੍ਰਕ ਕੇ ਬਾਹਰ ਆਇਆ, ਉਸ ਫੇਰ ਸੁਣਿਆਂ "ਆ ਗਏ”; ਫੇਰ ਇਕ ਆਵਾਜ਼ "ਆ ਗਏ” ਦੀ ਚਾਂਦੋ ਦੇ ਮੂੰਹੋਂ ਆਪਣਿਓਂ ਬੀ ਨਿਕਲੀ ਜੋ ਪੱਥਰਾਂ ਨਾਲ ਟਕਰਾਰਕੇ ਵੱਡੇ ਹੋ ਕੇ ਵਾਪਸ ਆਈ: “ਆ ਗਏ"। ਹੁਣ ਚਾਂਦੋ ਜਮਨਾ ਦੇ ਪੱਛਮੀ ਕਿਨਾਰੇ ਤੋਂ ਪੱਛੋਂ ਨੂੰ ਵਾਹੋਦਾਹੀ ਬਨਾਂ ਨੂੰ ਭੱਜਾ ਗਿਆ, ਐਧਰ ਉਧਰ ਤੱਕਿਆ ਕਿਸੇ ਪੱਥਰ ਨਾਲ ਪਾਣੀ ਟਕਰਾਉਣ ਦੇ ਸਿਵਾ ਕੋਈ ਆਹਟ ਨਾ ਆਈ। ਵਹਿਸ਼ਤ ਜਿਹੀ ਹੇਠ ਚਾਂਦੋ ਨੇ ਚਾਰ ਚੁਫੇਰੇ ਤੱਕਿਆ ਤੇ ਫੇਰ ਉੱਠ ਨੱਠਾ। ਕੋਈ ਥੋੜ੍ਹੀ ਵਾਟ ਤੇ ਆਦਮੀਆਂ ਦੇ ਬੋਲ ਚਾਲ ਦੀ ਆਵਾਜ਼ ਆਈ। ਅੱਗੇ ਵਧਿਆ
ਤਾਂ ਇਕ ਪੱਧਰੇ ਥਾਂ ਕੁਛ ਘੋੜੇ ਬੱਧੇ ਹੋਏ ਸਨ, ਜਿਨ੍ਹਾਂ ਨੂੰ ਪਾਣੀ ਪਿਲਾਇਆ ਜਾ ਰਿਹਾ ਸੀ ਤੇ ਪਰੇ ਕਈ ਮਨੁੱਖ ਸਨ, ਕੋਈ ਰੋਟੀ ਪਕਾ ਰਿਹਾ ਸੀ, ਦੋ ਆਦਮੀ ਘਾਹ ਤੇ ਸ਼ਤਰੰਜੀ ਵਿਛਾਈ ਚੌਪੜ ਖੇਲ ਰਹੇ ਸਨ, ਇਹੋ ਜਿਹੇ ਚਿਹਰੇ ਉਸਨੇ ਕਦੇ ਨਾ ਸੀ ਡਿੱਠੇ। ਉਨ੍ਹਾਂ ਵਿਚੋਂ ਇਕ ਦੇ ਚਿਹਰੇ ਤੇ ਕੋਈ ਐਸੀ ਪ੍ਰਭਾ ਤੇ ਤੇਜ ਪ੍ਰਤਾਪ ਡਿੱਠਾ ਕਿ ਉਸ ਨੂੰ ਸ਼ਕ ਪੈ ਗਿਆ ਕਿ ਖ਼ਬਰੇ ਇਹੋ ਹੈ, ਪਰ ਉਹ ਹੁਣ ਮੁੜ ਮੁੜ ਬਾਂਹਾਂ ਵੱਲ ਤੱਕੇ ਤੇ ਓਹ ਬੈਠੇ ਖੇਡ ਰਹੇ ਸਨ। ਇਹ ਆਗਿਆ ਉਸ ਨੂੰ ਰਿਖੀ ਜੀ ਦੀ ਹੈ ਨਹੀਂ ਸੀ ਕਿ ਵਧਕੇ ਕਹਿ ਦੇਵੇ ਕਿ ਮੈਨੂੰ ਬਾਂਹ ਲੰਮੀ ਕਰਕੇ ਦਿਖਾਓ। ਇੰਨੇ ਨੂੰ ਇਕ ਬੰਦੂਕਚੀ ਅੱਗੇ ਵਧਿਆ ਤੇ ਚਾਂਦੋ ਨੂੰ ਕਹਿਣ ਲੱਗਾ: 'ਪਰੇ ਹੋ ਜਾਹ, ਇਥੇ ਨਾ ਖੜੋ।' ਇਹ ਚਾਂਦੋ ਲਈ ਨਵੀਂ ਗੱਲ ਸੀ, ਉਸ ਨੇ ਕਦੇ ਨਹੀਂ ਸੀ ਸੁਣਿਆ ਕਿ ਕੋਈ ਕਿਸੇ ਖੜੋਤੇ ਨੂੰ ਪਰੇ ਹਟਾਵੇ। ਹਟ ਤਾਂ ਗਿਆ, ਪਰ ਨਜ਼ਰ ਉੱਥੇ ਹੀ ਰਹੀ, ਨਜ਼ਰ ਬੱਝਦੀ ਬੱਝਦੀ ਬੱਝ ਗਈ ਉੱਧਰ ਨੂੰ, ਪਲ ਪਲ ਮਗਰੋਂ ਉਸ ਖਿਲਾੜੀ ਵੱਲ ਤਕੇ! ਇੰਨੇ ਨੂੰ, ਬਾਜ਼ੀ ਮੁੱਕ ਗਈ ਤੇ ਉਹ ਉਠ ਖੜਾ ਹੋਇਆ, ਹਥ ਪਲਮੇਂ ਪਰ ਪੱਟਾਂ ਤੇ ਹੀ ਮੁੱਕ ਗਏ, ਚਾਂਦੋ, ਗ਼ਰੀਬ ਚਾਂਦੋ ਦਾ ਮਾਨੋਂ ਸਰਬੰਸ ਰੁੜ੍ਹ ਗਿਆ। ਹੁਣ ਨਿਰਾਸਾ, ਅਤਿ ਨਿਰਾਸਾ ਵਿਚ ਉਸ ਨੂੰ ਹੋਸ਼ ਆਈ ਕਿ ਰਿਖੀ ਜੀ ਗ਼ਰੀਬ ਮੇਰੀ ਮਾਂ ਵਾਂਗੂੰ ਮਰ ਗਏ ਹੋਣਗੇ, ਕੀ ਜਾਣੀਏਂ ਉਸ ਵਾਂਙੂ ਚਾਨਣਾ ਚਾਨਣਾ ਮੰਗਦੇ ਹੋਣ, ਮੈਂ ਕੋਲ ਹੁੰਦਾ ਤਾਂ ਦੀਵਾ ਜਾਂ ਅੱਗ ਤਾਂ ਬਾਲ ਦੇਂਦਾ। ਮੈਂ ਕਿਉਂ ਆ ਗਿਆ? ਇਹ ਕਹਿੰਦਿਆਂ ਚਾਂਦੋ ਨੂੰ ਇਕ ਹਨੇਰੇ ਦਾ ਚਕਰ ਆ ਗਿਆ ਤੇ ਫੇਰ ਇਕ ਜਾਂਗਲੀ ਚੀਕ ਨਿਕਲੀ "ਆ ਗਏ”, ਤੇ ਫੇਰ ਪਛੋਂ ਨੂੰ ਹੋ ਕੇ ਖਿਲਾੜੀਆਂ ਤੋਂ ਵਿਥ ਕਰਕੇ ਅਗੇ ਵਧਿਆ। ਇਸ ਵੇਲੇ ਕੁਛ ਸਵਾਰ ਦੱਖਣ ਪੱਛੋਂ ਦੀ ਰੁਖੋਂ ਆ ਰਹੇ ਸਨ। ਚਾਰ ਸਵਾਰ ਰਤਾ ਪਿਛੇ ਸਨ, ਇਕ ਅਗੇਰੇ ਸੀ। ਚਾਂਦੋ ਪਿੱਛੇ ਪਰਤਣ ਲੱਗਾ ਸੀ, ਉਸ ਦੇ ਖਿਆਲ ਰਿਖੀ ਜੀ ਦੇ ਮਾਂ ਵਰਗੇ ਆਖ਼ਰੀ ਹਟਕੋਰਿਆਂ ਵਲ ਪੈ ਰਹੇ ਸਨ, ਕਦਮ ਪਿਛੇਰੇ ਜਾ ਰਿਹਾ ਸੀ ਤੇ ਨਜ਼ਰ ਅਗੇਰੇ ਜਾ ਰਹੀ ਸੀ। ਸਵਾਰ ਨੇੜੇ ਨੇੜੇ ਹੁੰਦੇ ਗਏ, ਚਾਂਦੋ ਦੇ ਕਦਮ ਠਿਠੰਬਰ ਗਏ, ਅਗਲੇ ਸਵਾਰ ਤੇ ਨਜ਼ਰ ਪਈ ਤਾਂ ਕਦਮ ਨੱਠ ਪਏ ਤੇ ਦੋਹਾਂ ਹੱਥਾਂ ਤੋਂ ਗਿੱਧਾ ਜਿਹਾ ਵੱਜ ਗਿਆ, "ਆ ਗਏ ਆ ਗਏ” ਦੀ ਸੱਦ ਸੰਗੀਤ ਦੀ ਲਹਿਰ ਵਾਂਙ ਆ ਮੁਹਾਰੀ ਚਾਂਦੋ ਦੇ ਮੂੰਹ ਤੋਂ ਨਿਕਲੀ, ਪਰ ਪਲ ਮਗਰੋਂ ਫੇਰ ਕਾਲਾ ਜਿਹਾ
ਬੱਦਲ ਉਸ ਦੇ ਭਰਵੱਟੇ ਤੇ ਫਿਰ ਗਿਆ, ਠਿਠੰਬਰ ਗਿਆ, ਸੋਚੀਂ ਪੈ ਗਿਆ; ਖ਼ਬਰੇ ਕੌਣ ਹਨ ? ਮੈਂ ਅਜੇ ਬਾਹਾਂ ਤੱਕੀਆਂ ਨਹੀਂ; ਖਬਰੇ ਇਹ ਬੀ ਆਖਣਗੇ, 'ਪਰੇ ਹਟ ਜਾ', ਆਪ ਹੀ ਪਰੇ ਹਟ ਜਾਵਾਂ। ਰਤਾ ਕੁ ਪਰੇ ਹੋ ਕੇ ਨੀਝ ਪਰੋ ਬੈਠਾ, ਇੰਨੇ ਨੂੰ ਓਹ ਆ ਪਹੁੰਚੇ, ਅੱਗੇ ਵਧ ਗਏ। ਘੋੜੇ ਤੋਂ ਉਤਰੇ ਤੇ ਅਗਲੇ ਬੈਠਿਆਂ ਨੇ ਉੱਠ ਕੇ ਸ਼ਤਰੰਜੀ ਉਤੇ ਗੱਦੀ ਜਿਹੀ ਵਿਛਾ ਕੇ ਆਦਰ ਨਾਲ ਸਿਰ ਨਿਵਾ ਕੇ ਬਿਠਾ ਲਿਆ। ਚਾਂਦੋਂ ਵੀ ਮਗਰੇ ਆ ਰਿਹਾ ਸੀ, ਆ ਖੜਾ ਹੋ ਗਿਆ ਤੇ ਬਾਹਾਂ ਵੱਲ ਤੱਕੇ, ਨਜ਼ਰ ਨਾਲ ਅੰਦਾਜ਼ਾ ਲਾਵੇ ਕਦੇ ਆਪਣਾ ਮੋਢਾ ਤੇ ਮੋਢੇ ਤੋਂ ਬਾਹਾਂ ਦਾ ਲਮਾਣ ਤੱਕੇ, ਕਦੇ ਉਨ੍ਹਾਂ ਦੇ ਮੋਢੇ ਤੋਂ ਬਾਹਾਂ ਦਾ ਲਮਾਣ ਤੱਕੇ, ਕਦੇ ਬੇਮਲੂਮਾਂ ਜਿਹਾ ਕੁਦ ਪਵੇ, ਕਦੇ ਫੇਰ ਨਿਰਾਸਤਾਈ ਦੀ ਘਟਾ ਉਸ ਦੇ ਭਰਵੱਟਿਆਂ ਵਿਚ ਵੱਟ ਪਾ ਜਾਵੇ, ਕਦੇ ਕਦਮ ਪਰੇ ਹਟ ਜਾਵੇ ਕਿ ਮਤਾਂ ਕੋਈ ਆਖ ਦੇਵੇ ਕਿ 'ਪਰੇ ਹੋ ਜਾਹ, ਤੇ ਕਦੇ ਅਤਿ ਚਿੰਤਾ ਵਿਚ ਪੈ ਕੇ ਬਾਹਾਂ ਉਲਾਰ ਕੇ ਧੌਣ ਸੁੱਟਕੇ ਪਿੱਛੇ ਟੁਰ ਪਵੇ; ‘ਰਿਖੀ ਜੀ ਹਟਕੋਰੇ ਲੈਂਦੇ ਹੋਣਗੇ, ਚੱਲਾਂ ਚੱਲ ਕੇ ਚਾਨਣ ਕਰਾਂ, ਮਤਾਂ ਉਹ ਕੂਕਦੇ ਪਏ ਹੋਣ: 'ਚਾਨਣਾ ਚਾਨਣਾਂ, ਹਾਇ ਹਨੇਰਾ ਹਾਇ ਹਨੇਰਾ।' ਪਰ ਫੇਰ ਕੋਈ ਖਿੱਚ ਖਾ ਕੇ ਘਰ ਨੂੰ ਟੁਰਦਾ ਕਦਮ ਪਿਛੇ ਮੁੜ ਪਵੇ ਤੇ ਦਿਲ ਹੀ ਦਿਲ ਵਿਚ ਆਖੇ: 'ਹਾਏ ਕਦੋਂ ਉੱਠਣਗੇ। ਕਿਵੇਂ ਉੱਠਣ। ਮੈਨੂੰ ਹੁਕਮ ਨਹੀਂ ਜੁ ਜਾ ਆਖਾਂ ਖੜੋ ਜਾਓ ਜੀ, ਮੈਂ ਬਾਂਹ ਤੱਕਣੀ ਹੈ। ਇੰਨੇ ਨੂੰ ਕਿਸੇ ਨੇ ਆ ਕੇ ਉਨ੍ਹਾਂ ਨੂੰ ਕਿਹਾ ਕਿ ਜਲ ਤਿਆਰ ਹੈ। ਆਪ ਉਠੇ ਤੇ ਹੱਥ ਧੋਣ ਲੱਗ ਪਏ। ਚਾਂਦੋ ਦੀ ਤਾਂਘ ਚਾਂਦੋ ਨੂੰ ਹੁਣ ਬੁਤ ਬਣਾ ਰਹੀ ਹੈ। ਨੈਣ ਬਾਹਾਂ ਤੇ ਗੱਡ ਰਹੇ ਹਨ, ਮੂੰਹ ਖੁਲ੍ਹਦਾ ਤੇ ਗੋਲ ਹੁੰਦਾ ਜਾਂਦਾ ਹੈ। ਦੋਵੇਂ ਹੱਥ ਹੇਠੋਂ ਉਠਦੇ ਕੁਛ ਗੁਲਿਆਈ ਤੇ ਸਹਿਜੇ ਸਹਿਜੇ ਉੱਚੇ ਆ ਰਹੇ ਹਨ ਗਲ੍ਹਾਂ ਤੋਂ ਕੁਛ ਵਿੱਥ ਤੇ ਆ ਕੇ ਖੜੋ ਗਏ ਹਨ, ਹੇਠੋਂ ਹੁਣ ਅੱਡੀਆਂ ਰਤਾ ਰਤਾ ਉਚਾਵੀਆਂ ਹੋ ਰਹੀਆਂ ਹਨ, ਨੈਣ ਨਹੀਂ ਝਮਕਦੇ, ਸਾਰੀ ਸਰੀਰ ਦੀ ਉਲਾਰ ਉਲ੍ਹਰਵੀਂ ਹੋ ਰਹੀ, ਦਮ ਧੀਮਾ, ਮਾਨੋ ਆ ਹੀ ਨਹੀਂ ਰਿਹਾ। ਉਧਰ ਹੱਥ ਧੋਤੇ ਗਏ, ਖੜੇ ਹੀ ਖੜੇ ਮੂੰਹ ਧੋਤਾ ਗਿਆ; ਪਰਨਾ ਆਇਆ, ਮੂੰਹ ਪੂੰਝਿਆ ਗਿਆ, ਅਜੇ ਹੱਥ ਪਲਮੇ ਨਹੀਂ ਚਾਂਦੋ ਉਸੇ ਤਰ੍ਹਾਂ ਤਾਂਘ ਉਮੈਦ ਦਾ ਰੂਪ ਬੁਤ ਬਣਿਆ ਖੜਾ ਹੈ ਕਿ ਐਨੇ ਨੂੰ ਹੱਥ ਪਲਮ ਗਏ। ਉਹ! ਹੈਂ! ਹੱਥ ਸਚਮੁਚ ਗੋਡਿਆਂ ਤੱਕ ਜਾ ਅੱਪੜੇ। ਚਾਂਦੋ ਦੀ
ਇਕ ਦਮ ਜਾਂਗਲੀ ਚੀਕ ਨਿਕਲੀ 'ਆ ਗਏ' ਤੇ ਦੋ ਚਾਰ ਭੁਆਟਣੀਆਂ ਵਿਚ ਤ੍ਰੱਪ ਪਿਆ ਤੇ ਹੱਥਾਂ ਤੋਂ ਗਿੱਧਾ ਵੱਜ ਗਿਆ। ਹੁਣ ਚਾਂਦੋ ਨੂੰ ਚੇਤਾ ਭੁਲ ਚੁੱਕਾ ਸੀ ਕਿ ਰਿਖੀ ਨੇ ਕੀਹ ਕਿਹਾ ਸੀ ਤੇ ਰਿਖੀ ਕਿਸ ਹਾਲ ਹੋਊ। ਅਹਿਲਾਦ ਅੰਦਰ ਆਇਆ ਬੇਵੱਸਾ ਅੱਗੇ ਵੱਧਿਆ, ਡਰ, ਭੈ ਸੰਸਾ ‘ਪਰੇ ਹਟੋ' ਦਾ ਬੀ ਕੋਈ ਨਾ ਰਿਹਾ। ਅੱਗੇ ਵਧਿਆ। ਇਕ ਪਿਆਰ, ਇਕ ਅਹਿਲਾਦ, ਇਕ ਨਿਮਕੀਨੀ ਚਿਹਰੇ ਤੇ ਸੀ, ਅੱਗੇ ਵਧਿਆ ਤੇ ਗੋਡੇ ਟੇਕ ਕੇ ਆਪ ਦਾ ਸੱਜਾ ਹੱਥ ਚੰਗੀ ਤਰ੍ਹਾਂ ਫੜਕੇ ਉਹਨਾਂ ਦੇ ਗੋਡੇ ਨਾਲ ਲਾ ਕੇ, ਰਤਾ ਖਿੱਚਕੇ ਫਿਰ ਨਾਲ ਲਾ ਕੇ, ਮਾਨੋਂ ਮਿਣਕੇ, ਵੇਖਕੇ ਬੋਲਿਆ 'ਠੀਕ ਹੈ ਜੀ ਠੀਕ ਹੈ'। ਫੇਰ ਧੌਣ ਉੱਚੀ ਕਰਕੇ ਕਿਸੇ ਡਾਢੀ ਸਿੱਕ ਭਰੀ ਆਵਾਜ਼ ਵਿਚ ਬੋਲਿਆ: 'ਆਪ ਹੋ ਨਾ ਜੀ' 'ਆਪ ਹੋ? ਹੋ ਨਾ ਜੀ' 'ਬੋਲਦੇ ਨਹੀਂ ਹੋ ਜੀ, ਆਹੋ ਜੀ, ਅਸਾਂ ਸਿਆਣ ਲਿਆ ਜੀ, ਤੁਸੀਂ ਹੋ ਨਾ ਜੀ, ਉਹ ਜੀ ਅ ਅ ਅ ਅ, ਤੁਸੀਂ ਹੋ ਨਾ ਜੀ, ਉਹ ਜੀ ਅ ਆਪ?” ਹੈਂ, ਜੀ ਅ ਅ ਅ ਅ ਆਪ?” ਹੈਂ ਜੀ ਅ ਅ ਅ ਅ ਆਪ ਆਪ ਹੋ ਨਾ ਅਵ ਵੱਡੇ ਵੱਡੇ ਵੱਡੇ ਜੀ, ਨਹੀਂ ਤੁਸੀਂ ਹੋ ਨਾ’ (ਅੱਖਾਂ ਨੀਵੀਆਂ ਸੁੱਟਕੇ ਘੁੱਟ ਘੁਟ ਕੇ ਮੀਟ ਕੇ) ਤੁਸੀਂ ਹੋ ਨਾ ਜੀ ਉਤਾਰ, ਅਤਾਰ, ਜੀ ਵੱਡੇ ਨਾ ਜੀ (ਅੱਖਾਂ ਫੇਰ ਪਿਆਰ ਭਰਕੇ ਉਪਰ ਤੱਕਕੇ) ਜੀ ਤੁਸੀਂ ਹੋ ਨਾ ਗੁ ਗੁ ਗੁਰ ਜੀ, ਜੀਹਾਂ ਹਾਂ ਹਾਂ, ਹਾਂ ਗੁਰ ਹੋ ਨਾ ਜੀ ਤੁਸੀਂ ਉਤਾਰ...ਨਹੀਂ ਜੀ! ਹਾਂ ਸਚੀ ਜੀ ਗੁਰ 'ਉਤਾਰ, ਤੁਸੀਂ ਹੋ ਜੀ, ਦੱਸੋ ਨਾ ਜੀ ਗੁਰ ਅਤਾਰ ਤੁਸੀਂ ਹੋ ਜੀ?"
ਓਹ ਮ੍ਰਿਦੁਲ ਮੂਰਤੀ ਜਿਸ ਨਾਲ ਇਹ ਸੁਤੰਤ੍ਰਤਾ ਲਈ ਜਾ ਰਹੀ ਹੈ, ਜਿਸ ਨਾਲ ਇਨਸਾਨੀ ਕੁਦਰਤੀ ਅਸਲੀ ਭੋਲੇਪਨ ਵਿਚ ਇਹ ਪਿਆਰ ਹੋ ਰਿਹਾ ਹੈ, ਸਿਧੀ ਖੜੀ ਸਿਰ ਰਤਾਕੁ ਝੁਕਾਏ, ਹੱਥ ਉਹਨਾਂ ਹੱਥਾਂ ਵਿਚ ਢਿੱਲੇ ਛੱਡੇ ਖੜੀ ਹੈ, ਅੱਖਾਂ ਵਿਚ ਇਕ ਮੱਧਮ ਮਸਤੀ ਤੇ ਪਿਆਰ ਹੈ, ਚਿਹਰੇ ਪਰ ਮੱਧਮ ਗੁਲਾਬੀ ਭਾਹ ਹੈ, ਬੁਲ੍ਹ ਅਧਮਿਟੇ ਨਿਕੀ ਮੁਸਕ੍ਰਾਹਟ ਵਿਚ ਹਨ, ਭਰਵੱਟੇ ਦੱਸ ਰਹੇ ਹਨ ਕਿ ਭੋਲੇ ਚਾਂਦੋ ਦੇ ਪਿਆਰ ਤੇ ਤਾਂਘ ਦਾ ਰਸ ਅਨੁਭਵ ਕਰ ਰਹੇ ਹਨ।
ਚਾਂਦੋ-ਜੀਉ! ਦੱਸੋ ਨਾ ਜੀ, ਤੁਸੀਂ ਹੋ ਨਾ ਜੀ ਵਡੇ ਉਤਾਰ? ਜੀ ਮੈਂ ਭੁੱਲ ਗਿਆ ਹਾਂ, ਤਾਂ ਬੀ ਦੱਸੋ ਨਾ ਜੀ ਦੱਸੋ ਨਾ, ਦੱਸੋ ਜੀ ਮੈਂ ਸਿਆਣ ਲਿਆ ਹੈ ਉਹ ... (ਗਿੱਧਾ ਪਾ ਕੇ ਉਠਕੇ) ਆਹੋ ਜੀ ਹਾਂ ਇਹੋ ਹਨ।
ਹੁਣ ਅਚਾਨਕ ਚਾਂਦੋ ਦਾ ਚਿਹਰਾ ਢਿੱਲਾ ਪੈ ਗਿਆ, ਕਾਲੀਆਂ ਘਟਾਂ ਭਰਵੱਟੇ ਤੇ ਫਿਰ ਗਈਆਂ, ਫੇਰ ਗੋਡੇ ਟੇਕਕੇ, ਹੱਥ ਜੋੜ ਕੇ ਆਵਾਜ਼ ਸਹਿਮ ਵਾਲੀ ਧੀਮੀ ਹੋ ਗਈ: “ਲਓ ਜੀ, ਸੁਨੇਹਾ ਲੈ ਲਓ ਜੀ, ਕਾਲਸੀ ਵਾਲੇ ਰਿਖੀ ਜੀ ਦਾ ਸੁਨੇਹਾ ਹੈ ਜੀ, ਜੀ ਉਹ ਤੁਸਾਂ ਨੂੰ ਜਾਣਦੇ ਸਨ ਜੀ ਸਹਿਕਦੇ ਸਨ ਜੀ, ਦਰਸ਼ਨ ਜੀ ਉਹ (ਹੰਝੂ ਆ ਗਏ) ਜੀ ਉਹ ਹੁਣ ਜ਼ਰੂਰ ਜੀ, ਉਹ ਜੀ, ਮਰ ਗਏ ਜੀ, ਮੇਰੀ ਮਾਂ ਇੰਨੇ ਚਿਰ ਵਿਚ ਮਰ ਗਈ ਸੀ ਜੀ। ਉਹ ਮੈਨੂੰ ਕਹਿ ਗਏ ਸੀ ਲੰਮੀਆਂ ਬਾਹੀਂ ਵਾਲੇ ਗੋਡਿਆਂ ਤੋਂ ਹੇਠਾਂ ਪਲਮਣ ਜੀ ਜਿਸ ਦੀਆਂ, ਕੱਦ ਲੰਮਾ, ਸਰੀਰ ਪਤਲਾ, ਨਵੀਂ ਨਵੀਂ ਆਈ ਦਾੜ੍ਹੀ ਜੀ, ਤੇ ਸਿਰ ਤੇ ਕੇਸ ਜੀ ਤੇ ਨਾਮ ਵੱਡਾ ਕਿ 'ਗੁਰ ਉਤਾਰ’ ਜੀ, ਉਹਨਾਂ ਨੂੰ ਟੋਲਕੇ ਲੱਭੀ, ਮੇਰਾ ਸੁਨੇਹਾ ਦੇ ਦਈਂ ਜੀ। ਸਨੇਹਾ ਲੈ ਲਓ।” ਇਕ ਖਿਨ ਅੱਖਾਂ ਮੀਟ ਕੇ ਚਾਂਦੋ ਨੇ ਅੱਖਰ ਅੱਖਰ ਸਨੇਹਾ ਚੇਤੇ ਕੀਤਾ। ਇਸ ਵੇਲੇ ਸ਼ਤਰੰਜ ਖੇਡਣ ਵਾਲੇ ਤੇ ਹੋਰ ਦੋ ਚਾਰ ਸਜਣ ਬੀ ਪਾਸ ਆ ਗਏ। ਚਾਂਦੋ ਨੇ ਦੋਵੇਂ ਹੱਥ ਕੱਢੇ ਅਰ ਮੁੱਠ ਮੀਟ ਲਈ ਤੇ ਠੋਡੀ ਉਨ੍ਹਾਂ ਤੇ ਟੇਕ ਲਈ, ਨਜ਼ਰ ਚਿਹਰੇ ਵਿਚ ਗੱਡ ਲਈ ਤੇ ਬੋਲਿਆ,
"ਇਕ ਸਿੱਕਦਾ ਤਪੀਆ, ਜਮਨਾ ਤਟ ਦਰਸ਼ਨ ਦੀਆਂ ਲੋਚਨਾਂ ਵਿਚ ਤੁਰ ਗਿਆ ਹੈ, ਉਸ ਦੇ ਗੋਡੇ ਗਿੱਟੇ ਤੁਰਦੇ ਨਹੀਂ ਸਨ, ਜੋ ਆਪ ਲੱਭਦਾ। ਉਸ ਦੇ ਪਾਸ ਧਨ ਨਹੀਂ ਸੀ (ਠਹਿਰਕੇ) ਜੋ ਟੋਲ ਕਰਦਾ। ਉਸਦੇ ਪਾਸ ਮਨੁੱਖ ਨਹੀਂ ਸਨ ਜੋ ਸੂੰਹਾਂ ਕੱਢਦਾ-ਜੀ ਜੀ ਜੀ ਹਾਂ, ਉਸ ਨੂੰ ਝਾਉਲਾ ਪੈਂਦਾ ਸੀ, ਸੱਦ ਸੁਣਾਈ ਦੇਂਦੀ ਸੀ, ਉਹ ਤੜਫ਼ਦਾ ਸੀ ਤੇ ਸਿੱਕਦਾ ਸੀ, ਲੁੱਛਦਾ ਸੀ, ਸਧਰਾਂਦਾ ਸੀ, ਐਉਂ ਲੋਂਹਦਾ ਲੋਂਹਦਾ, ਰਾਹ ਤਕਾਂਦਾ ਤਕਾਂਦਾ, ਆਸਾਂ ਭਰਿਆ ਟੁਰ ਗਿਆ ਹੈ ਉਸਦੀ ਬਾਹੁੜੀ ਕਰਨੀ।”
ਮ੍ਰਿਦੁਲ ਮੂਰਤੀ ਦੇ ਨੈਣ ਬੰਦ ਹੋ ਗਏ, ਚਾਂਦੋ ਦੇ ਦੋਵੇਂ ਹੱਥ ਉਨ੍ਹਾਂ ਆਪਣੇ ਹੱਥ ਵਿਚ ਘੁਟ ਲਏ, ਚਿਹਰਾ ਸ਼ਾਂਤਿ ਤੇ ਸਫ਼ੈਦ ਹੋ ਗਿਆ, ਤ੍ਰਿਪੁਟੀ ਵਿਚ ਇਕ ਬੇ ਮਲੂਮ ਵੱਟ ਪਿਆ, ਇਕ ਝਰਨਾਟ ਚਾਂਦੋ ਦੇ ਬਦਨ ਵਿਚ ਪਈ, ਕੁਛ ਪਲਾਂ ਬਾਦ ਨੈਣ ਖੁਲ੍ਹੇ ਨਾਲੇ ‘ਸੰਗੀਤ-ਲਹਿਰ' ਵਾਲੇ ਬੁਲ੍ਹ ਖੁਲ੍ਹੇ:-
ਬੱਚਾ! ਠੀਕ ਰਿਖੀ ਜੀ ਮਰ ਗਏ?
ਚਾਂਦੋ— ਹੋਰ ਕੀ ਜੀਉਂਦੇ ਰਹੇ?
ਮ੍ਰਿਦੁਲ ਮੂਰਤੀ— ਠੀਕ ?
ਚਾਂਦੈ— ਜੀ ਮੇਰੀ ਮਾਂ ਇੰਨੇ ਚਿਰ ਵਿਚ ਚਿਰੋਕਣੀ ਮਰ ਗਈ ਸੀ।
ਮ੍ਰਿਦੁਲ ਮੂਰਤੀ- ਠੀਕ ?
ਚਾਂਦੋ ਹੱਥ ਛੁਡਾ ਕੇ ਧੁਪੇ ਜਾ ਖੜੋਤਾ, ਆਪਣੇ ਆਪ ਨੂੰ ਸੂਰਜ ਦੇ ਹੇਠਾਂ ਕਰਕੇ ਉਪਰ ਤੇ ਫੇਰ ਆਪਣੇ ਪਰਛਾਵੇਂ ਵਲ ਵੇਖ ਵੇਖ ਕੇ ਮਾਨੋ ਮਿਣਤੀ ਲੈਂਦਾ ਹੈ, ਫੇਰ ਨੇੜੇ ਆ ਗਿਆ, 'ਜੀ ਹਾਂ, ਹੁਣ ਵੇਖੋ ਦੁਪਹਿਰਾਂ ਢਲ ਗਈਆਂ, ਅੱਧ ਪਹਿਰ ਤੀਜੇ ਪਹਿਰ ਦਾ ਲੰਘ ਗਿਆ, ਮੇਰੀ ਮਾਂ ਇਕ ਪਹਿਰ ਲਿਆ ਸੀ ਜਦੋਂ ਹੱਥ ਪੈਰ ਠੰਢੇ ਹੋਏ ਸਨ ਤੇ ਇਹ ਵੇਲਾ ਤਾਂ ਚਿਰੋਕਣਾ ਲੰਘ ਗਿਆ ਹੈ। ਹੋ ਜੀ ਰਿਖੀ ਜੀ ਮਰ ਗਏ, ਲਓ ਮੈਂ ਜਾਂਦਾ ਹਾਂ, ਮੈਂ ਜਾ ਕੇ ਸਰੀਰ ਪਰਵਾਹ ਕਰਨਾ ਹੋਸੀ ਜੀ, ਉਹਨਾਂ ਦਾ ਹੁਕਮ ਸੀ, ਸੁਨੇਹਾ ਤੁਸਾਂ ਲੈ ਲਿਆ ਹੈ ਜੀ, ਆਖੋ ਨਾ ਤੁਸੀਂ ਹੀ ਹੋ ' ਨਾ ਜੀ ਹੈਂ ਜੀ ?
ਮ੍ਰਿਦੁਲ ਮੂਰਤੀ (ਉੱਤਰ ਵੱਲ ਤੱਕ ਕੇ)— ਨਹੀਂ ਓਏ ਭੋਲਿਆ! ਰਿਖੀ ਜੀ ਨਹੀਂ ਮਰੇ। (ਪਿੱਛੇ ਤੱਕ ਕੇ) ਰਾਜਾ ਜੀ! ਚੱਲੋ ਤੁਸਾਡੇ ਸਿਰ ਰਿਣ ਹੈ, ਚੱਲੀਏ, ਰੋਟੀ ਅੱਜ ਰਹਿਣ ਦਿਓ, ਦੁਧ ਪੀਆਂਗੇ।
ਕੂਚ!
ਰਾਜਾ ਜੀ ਤਾਂ ਤਿਆਰ ਹੁੰਦੇ ਹੀ ਸਨ, ਆਪ ਨੇ ਘੋੜੇ ਤੇ ਪਲਾਕੀ ਮਾਰੀ, ਜੋ ਦਾਸ ਸਦਾ ਤਿਆਰ ਕੱਸਿਆ ਖੜਾ ਰਖਦਾ ਸੀ, ਦੂਜੇ ਸਵਾਰ ਨੂੰ ਇਕ ਸੈਨਤ ਕੀਤੀ, ਉਸ ਨੇ ਚਾਂਦੋਂ ਨੂੰ ਆਪਣੇ ਅੱਗੇ ਬਿਠਾ ਲਿਆ ਤੇ ਉਸ ਤੋਂ ਰਸਤਾ ਪੁਛਦੇ ਤ੍ਰਿਖੇ ਵੇਗ ਟੁਰ ਪਏ।
6.
ਬਨ ਦਾ ਰਸਤਾ ਤੈ ਕਰਦੇ ਆਖ਼ਰ ਕੁਟੀਆ ਪਾਸ ਜਾ ਅੱਪੜੇ। ਚਾਂਦੋ ਘੋੜੇ ਤੋਂ ਉਤਰ ਗਿਆ, ਕੰਡਿਆਂ ਦੇ ਵਾੜੇ ਦਾ, ਜੋ ਝਿੜੀ ਵਾਂਗ ਬਣਾ ਰਖਿਆ ਸੀ ਖਿੜਕਾ ਖੋਹਲਿਆ, ਅੱਗੇ ਕੁਟੀ ਦੇ ਵਿਚ ਤਖ਼ਤ-ਪੋਸ਼ ਵਰਗਾ ਇਕ ਤਖ਼ਤਾ ਡੱਠਾ ਪਿਆ ਸੀ, ਜਿਸ ਪਰ ਪੁਰਾਣੀ, ਕੋਈ ਬੜੇ ਮਾਰੂ ਸ਼ੇਰ ਦੀ, ਖੱਲ ਵਿਛੀ ਸੀ, ਇਸ ਉੱਤੇ ਰਿਖੀ ਜੀ ਲੰਮੇ ਪਏ ਸਨ, ਉੱਤੇ ਕੰਬਲੀਆਂ ਪਾਈਆਂ ਸਨ; ਧੁਪ ਭਾਵੇਂ ਸਿਆਲ ਦੀ ਸੀ, ਪਰ ਬੱਝਵੀਂ ਪੈ ਰਹੀ ਸੀ, ਮ੍ਰਿਦੁਲ ਮੂਰਤੀ ਨੇ ਅਗੇ ਹੋ ਕੇ ਕੰਬਲ ਚਾਇਆ, ਵੀਣੀਆਂ ਤੇ ਪਿੰਡਲੀਆਂ
ਨੂੰ ਹੱਥ ਲਾਇਆ, ਠੰਢੀਆਂ ਸਨ, ਮੱਥਾਂ ਵੀ ਸਰਦ ਸੀ, ਸੁਆਸ ਆਉਂਦਾ ਨਹੀਂ ਸੀ ਜਾਪਦਾ, ਮਰੌਣੀ ਛਾ ਰਹੀ ਸੀ। ਚਾਂਦੋ (ਅਗੇ ਵਧਕੇ ਅੱਖਾਂ ਮੀਟਕੇ) ਬੱਸ ਉਹੋ ਮੇਰੀ ਮਾਂ ਵਾਂਙੂ ਮਰ ਗਏ। (ਰੋ ਕੇ) ਮੈਂ ਰਿਖੀ ਜੀ ਨੂੰ ਚਾਨਣਾ ਬੀ ਨਾ ਕੀਤਾ, ਤੁਸੀਂ ਚਾਨਣਾ ਮੰਗਦੇ ਹੋਸੋ, ਪਰ ਜੀ ਮੈਂ ਸੁਨੇਹਾ ਅਪੜਾ ਦਿੱਤਾ ਜੀ, ਫੇਰ ਘਸੁੰਨੀਆਂ ਦੇ ਕੇ ਰੋਣ ਲੱਗ ਗਿਆ।
ਇਸ ਭੋਲੀ, ਨਿਰਛਲ, ਦਿਲੀ, ਲੱਛਿਆਂ, ਟੇਢਾਂ ਚਾਲਾਂ ਤੋਂ ਖਾਲੀ ਪ੍ਰੀਤ ਨੂੰ ਵੇਖਕੇ ਮ੍ਰਿਦੁਲ ਮੂਰਤੀ ਜੀ ਸਜਲ ਨੇਤ੍ਰ ਹੋ ਗਏ, ਪਰ ਆਪ ਦੇ ਮੱਥੇ ਤੇ ਅਜੇ ਇਕ ਤੀਉੜੀ ਸੀ, ਤੇ ਹੱਥ ਹੁਣ ਰਿਖੀ ਜੀ ਦੀ ਛਾਤੀ ਤੇ ਸੀ ਜੋ ਅਜੇ ਨਿੱਘੀ ਸੀ। ਇਹ ਨਿੱਘ ਦੇਖਦੇ ਸਾਰ ਆਪ ਝਟ ਤਖ਼ਤ -ਪੋਸ਼ ਤੇ ਚੜ੍ਹ ਗਏ ਤੇ ਸਿਰਹਾਣੇ ਦਾਉ ਬੈਠ ਕੇ ਰਿਖੀ ਜੀ ਦੇ ਤਾਲੂ ਨੂੰ ਆਪਣੀਆਂ ਉਂਗਲਾਂ ਨਾਲ ਸਹਿਲਾਣ ਲਗ ਪਏ, ਕਿ ਇੰਨੇ ਨੂੰ ਬਾਕੀ ਦੇ ਸਾਥੀ ਬੀ ਅੱਪੜ ਗਏ। ਚਾਂਦੋ ਡਾਢਾ ਅਸਚਰਜ ਹੋਇਆ, ਅਰਕਾਂ ਛਾਤੀ ਨਾਲ ਲਾਈ ਮੁੱਠਾਂ ਮੀਟੀ ਠੋਡੀ ਹੇਠ ਦੇਈ ਖੜਾ ਤੱਕ ਰਿਹਾ ਸੀ।
ਬਾਹਰੋਂ ਆਯਾ-ਗੁਜ਼ਰ ਗਏ ਆਹ! ਬੜੇ ਭਲੇ ਸਨ।
ਮ੍ਰਿਦੁਲ ਮੂਰਤੀ— ਰਾਜਾ ਜੀ ! ਨਹੀਂ, ਅਜੇ ਪ੍ਰਾਣ ਨਹੀਂ ਗਏ, ਚਰਨਾਂ ਵੱਲ ਬੈਠ ਜਾਓ ਇਕ ਚਰਨ ਫੜੋ ਤੇ ਝੱਸੋ। ਸਾਹਿਬ ਚੰਦ! ਤੁਸੀਂ ਸਾਰੇ ਦੂਸਰਾ ਚਰਨ ਤੇ ਦੋਵੇਂ ਹਥੇਲੀਆਂ ਇਕ ਇਕ ਜਣਾ ਲੈ ਲਓ ਤੇ ਗਰਮ ਕਪੜੇ ਨਾਲ ਸਹਿਜੇ ਸਹਿਜੇ ਝੱਸੋ।
ਇਹ ਸੇਵਾ ਜਦ ਹੋਣ ਲਗ ਪਈ ਤਾਂ ਥੋੜੀ ਦੇਰ ਬਾਦ ਮਲਕੜੇ ਜਿਹੇ ਰਿਖੀ ਜੀ ਦੀਆਂ ਅੱਖਾਂ ਖੁਲ੍ਹੀਆਂ ਪਰ ਆਪੇ ਬੰਦ ਹੋ ਗਈਆਂ ।
ਚਾਂਦੋ— ਇਸੇ ਤਰ੍ਹਾਂ ਮੇਰੀ ਮਾਂ ਨੇ ਇਕ ਵੇਰੀ ਖੋਲ੍ਹ ਕੇ ਨਹੀਂ ਸਨ ਫੇਰ ਖੋਲ੍ਹੀਆਂ।
ਥੋੜੀ ਦੇਰ ਬਾਦ ਫੇਰ ਖੁਲ੍ਹੀਆਂ ਤੇ ਬੁਲ੍ਹ ਵੀ ਫਰਕੇ। ਤੀਜੀ ਵਾਰ ਫੇਰ ਖੁਲ੍ਹੀਆਂ ਤੇ ਆਵਾਜ਼ ਆਈ 'ਆ ਗਏ'।
ਪੈਰ ਹੱਥ ਝੱਸਣ ਵਾਲਿਆਂ ਨੇ ਦੱਸਿਆ ਕਿ ਵੀਣੀਆਂ ਪਿੰਨੀਆਂ ਗਰਮ ਹੋ ਆਈਆਂ ਹਨ, ਹੱਥ ਅਜੇ ਠੰਢੇ ਹਨ। ਮ੍ਰਿਦੁਲ ਮੂਰਤੀ ਨੇ ਹੁਣ ਘਾਸ ਦਾ ਸਰਹਾਣਾ ਜੋ ਰਿਖੀ ਜੀ ਦੇ ਸਿਰ ਹੇਠ ਸੀ, ਕੱਢ ਦਿੱਤਾ ਤੇ ਆਪਣਾ ਪੱਟ ਸਿਰ ਹੇਠ ਦੇ ਕੇ ਸਿਰ ਝੋਲੀ ਵਿਚ ਕਰ ਲਿਆ। ਹੁਣ ਫੇਰ ਅੱਖਾਂ
ਖੁਲ੍ਹੀਆਂ, ਆਵਾਜ਼ ਆਈ: "ਚਾਂਦੋ ਬੇਟਾ! ਕੋਈ ਆਇਆ? ਹੈਂ, ਇਹ ਮੇਰੇ ਸਿਰ ਵਿਚ ਪਿਆਰ ਦੀ ਸਹਿਲਾਟ ਕੈਸੀ ਹੋ ਰਹੀ ਹੈ? ਹੈਂ, ਇਹ ਮੇਰੇ ਸਰੀਰ ਵਿਚ ਕੋਈ ਰੌ ਕੇਹੀ ਰੁਮਕ ਰੁਮਕ ਕੇ ਜਾ ਰਹੀ ਹੈ? ਰਗਾਂ ਵਿਚ ਬ੍ਰੀਕ ਲਹਿਰਾਂ, ਛਾਤੀ ਵਿਚ ਬ੍ਰੀਕ ਲਹਿਰਾਂ ਕਿਥੋਂ ਉਠ ਉਠ ਕੇ ਸਾਰੇ ਫੈਲ ਰਹੀਆਂ ਹਨ? ਇਹ ਕੀਹ ਹੋ ਰਿਹਾ ਹੈ?” ਪੈਰਾਂ ਹੱਥਾਂ ਵਲ ਤੱਕ ਕੇ "ਤੁਸੀਂ ਕੌਣ ਹੋ? ਕੀ ਕਰਦੇ ਹੋ, ਚਾਂਦੋਂ ਕਿੱਥੇ ਹੈ?”
ਚਾਂਦੋ (ਅਗੇ ਹੋ ਕੇ)— ਰਿਖੀ ਜੀ! ਉਹੋ ਜੇ, ਲਭ ਗਏ, ਮੈਂ ਲੱਭ ਲਏ, (ਗਿੱਧਾ ਪਾ ਕੇ)।
ਪਰ ਰਿਖੀ ਦੇ ਕੰਨ ਅਜੇ ਸੁਣਦੇ ਨਹੀਂ ਸੇ।
ਚਿਰ ਮਗਰੋਂ ਇਕ ਸੁਖਾਲਾ ਲੰਮਾਂ ਸਾਹ ਲੈ ਕੇ ਰਿਖੀ ਨੇ ਅੱਖਾਂ ਉਚਾਵੀਆਂ ਕਰਕੇ ਉੱਪਰ ਨੂੰ ਤੱਕਿਆ, ਇਸ ਵੇਲੇ ਮ੍ਰਿਦੁਲ ਮੂਰਤੀ ਨੇ ਝੁਕ ਕੇ ਉਸਦੇ ਮਸਤਕ ਨੂੰ ਚੁੰਮ ਲੀਤਾ।
ਵਾਹ ਤੇਰੇ ਸਦਕੇ, ਅਰਸ਼ਾਂ ਦੇ ਦਾਤਾ! ਸੱਥਰ ਲੱਥਿਆਂ, ਮੌਤ ਮਰੌਣੀ ਛਾਇਆਂ ਦੇ ਮੱਥੇ ਤੇਰੇ ਬਿਨ ਕੌਣ ਚੁੰਮੇ? ਜਿਸ ਵੇਲੇ ਮਾਂ ਅਰ ਪਿਉ ਨੂੰ ਬੀ ਚੁੰਮਦਿਆਂ ਨਫ਼ਰਤ ਆਵੇ ਉਸ ਵੇਲੇ ਤੇਰਾ ਹੀ ਇਕ ਬੇਕਿਨਾਰ' ਪਿਆਰ ਹੈ ਜੋ ਉਛਾਲ ਵਿਚ ਆਉਂਦਾ ਹੈ, ਤੇਰਾ ਹੀ ਪਿਆਰ ਹੈ ਜੋ ਰੂਹਾਂ ਨੂੰ ਬੋਸੇ ਦਿੰਦਾ ਤੇ ਮੱਥੇ ਚੁੰਮਦਾ ਹੈ। ਹਾਂ ਜੀ, ਮਰ ਰਹੇ ਰਿਖੀ ਦੇ ਅੰਦਰ, ਸੋਤ੍ਰ ਸੁਕਾ ਚੁਕੀ ਦੇਹੀ ਦੇ ਅੰਦਰ ਕੋਈ ਪਿਆਰ ਦਾ ਉਛਾਲਾ ਆਇਆ, ਸਾਰੀ ਉਮਰ ਤਤਿੱਖ੍ਯਾ ਵਿਚ ਰਹੇ, ਕੁਦਰਤ ਨਾਲ ਰੁੱਸੇ ਰਿਖੀ ਦੇ ਅੰਦਰ ਪਿਆਰ ਦੀ ਸਰਨਾਇ2 ਫੂਕੀ ਗਈ ਦਾ ਉਛਾਲਾ ਆਇਆ, ਮ੍ਰਿਦੁਲ ਮੂਰਤੀ ਦਾ ਖੱਬਾ ਹੱਥ, ਜੋ ਉਨ੍ਹਾਂ ਦੇ ਆਪਣੇ ਗੋਡੇ ਤੇ ਪਿਆ ਸੀ, ਉਸਨੇ ਅਪਣੇ ਹੁਣ ਗਰਮ ਹੋ ਗਏ ਹਥ ਨਾਲ ਫੜ ਲਿਆ, ਹਾਂ ਜੀ, ਚੁੰਮ ਲਿਆ ਅੱਖਾਂ ਤੇ ਧਰ ਲਿਆ, ਫੇਰ ਮੱਥੇ ਤੇ ਰੱਖ ਲਿਆ ਫੇਰ ਛਾਤੀ ਤੇ ਧਰ ਕੇ ਜਿੰਨਾਂ ਕੁ ਤਾਣ ਹੱਥਾਂ ਵਿਚ ਹੋ ਆਇਆ ਸੀ, ਲਾ ਕੇ ਹੱਥ ਨੂੰ ਆਪਣੇ ਹੱਥਾਂ ਨਾਲ ਛਾਤੀ ਤੇ ਰੱਖ ਕੇ ਘੁੱਟ ਲਿਆ।
ਓ ਪਿਆਰ-ਦੈਵੀ ਪਿਆਰ-ਵਿਚ ਆਏ ਰਿਖੀ! ਤੇਰਾ ਤਾਂ ਪਿੰਜਰ ਬਾਕੀ ਹੈ, ਮ੍ਰਿਦੁਲ ਹੱਥਾਂ ਨੂੰ ਕੁਰਾੜੇ ਹੱਡਾਂ ਨਾਲ ਕਿਉਂ ਘੁਟਦਾ ਹੈ ? ਪਰ ਨਹੀਂ,
--------------
1. ਅਮਿਤਾ
2. ਇਕ ਪ੍ਰਕਾਰ ਦੀ ਤੁਰੀ, ਫ਼, ਸਰਨਾ=ਨਫ਼ੀਰੀ।
ਉਸ ਮ੍ਰਿਦੁਲ ਮੂਰਤੀ ਨੂੰ ਇਸ ਵਲਵਲੇ ਦਾ, ਜੋ ਉਸ ਨੇ ਬੁਝ ਰਹੇ ਦੀਵੇ ਵਿਚ ਜਗਾ ਦਿੱਤਾ ਹੈ, ਸੁਆਦ ਆ ਰਿਹਾ ਹੈ। ਆਪ ਪਿਆਰ ਝਰਨਾਟਾਂ ਛੇੜਦਾ ਹੈ, ਆਪ ਉਨ੍ਹਾਂ ਦਾ ਲੋਭੀ ਹੋ ਕੇ ਆਨੰਦ ਵਿਚ ਆਉਂਦਾ ਤੇ ਹੋਰ ਮਿਹਰਾਂ ਕਰਦਾ ਹੈ। ਧੰਨ ਹੈ ਇਹ ਸਰੂਪ, ਇਹ ਦਿਆਲ ਸਰੂਪ, ਇਹ ਬਹੁੜੀਆਂ ਕਰਨ ਵਾਲਾ ਸਰੂਪ, ਇਹ ਤੁੱਠਣ ਵਾਲਾ ਦੀਨਾਂ ਦਾ ਬੇਲੀ, ਦਰਦ ਰੰਞਾਣਿਆਂ ਦਾ ਦਾਤਾ, ਦੁਖੀਆਂ ਦਾ ਮਿਤ੍ਰ ਸਰੂਪ ਧੰਨ ਹੈ ਧੰਨ ਹੈ, ਧੰਨ ਹੈ: ਸਦਾ ਟਿਕੇ ਰਹੋ, ਸਦਾ ਟਿਕੇ ਰਹੋ ਪਿਆਰ ਕਰਨ ਵਾਲਿਆਂ ਦੇ ਰਿਦੇ ਵਿਚ।
ਰਿਖੀ ਜੀ ਨੂੰ ਸੁਆਦ ਆ ਗਿਆ। ਹੋਸ਼ ਪਰਤ ਆਈ। ਤਾਕਤ ਮੁੜ ਆਈ। ਹਾਂ, ਰਸ ਆ ਗਿਆ ਜੋ ਸਾਰੀ ਉਮਰ ਦੇ ਤਪਾਂ ਹਠਾਂ ਵਿਚ ਕਦੇ ਨਹੀਂ ਸੀ ਆਇਆ, ਵਿਦਿਆ ਪੜ੍ਹਨ ਪੜ੍ਹਾਨ ਵਿਚ ਨਹੀਂ ਸੀ ਚੱਖਿਆ, ਉਹ ਗੋਡਿਆਂ ਤਕ ਅੱਪੜਨ ਵਾਲਾ ਹੱਥ ਇਕ ਰਿਖੀ ਦੇ ਸੀਸ ਤੇ ਧਰਿਆ ਤਾਲੂ ਵਾਲੇ ਥਾਂ ਪਿਆਰ ਕਰ ਰਿਹਾ ਹੈ, ਇਕ ਛਾਤੀ ਤੇ ਧਰਿਆ ਰਿਖੀ ਦੇ ਪਿਆਰ ਨਾਲ ਪਿਆਰਿਆ ਜਾ ਰਿਹਾ ਤੇ 'ਪਿਆਰ-ਰੂਹ ਫੂਕ ਰਿਹਾ ਹੈ। ਵਾਹਵਾ ਪਿਆਰ ਦਾ ਨਜ਼ਾਰਾ, ਵਾਹਵਾਂ ਭਗਤੀ ਦਾ ਨਕਸ਼ਾ! ਇਸ ਦਾ ਰਸ ਸਾਰੇ ਲੈ ਰਹੇ ਹਨ ਪਰ ਚਾਂਦੋ ਜੇਡੀ ਖੁਸ਼ੀ ਕਿਸੇ ਨੂੰ ਨਹੀਂ ਕਿ ਆਹ ਹਾ! ਓਹ ਗੋਡਿਆਂ ਤੋਂ ਲੰਮੇ ਹੱਥ ਦੋਵੇਂ ਦੇ ਦੋਵੇਂ ਰਿਖੀ ਜੀ ਦੇ ਸਿਰ ਛਾਤੀ ਤੇ ਪਿਆਰ ਦੇ ਰਹੇ ਹਨ, ਦੋਵੇਂ ਹੱਥ ਰਿਖੀ ਜੀ ਦੇ ਕੋਲ ਹਨ। ਰਿਖੀ ਜੀ ਨੇ ਵੇਖ ਵੀ ਲਿਆ ਹੈ, ਜੀਉ ਬੀ ਪਏ ਹਨ। ਦੋ ਚਾਰ ਵਾਰ ਉਸ ਦਾ ਜੀ ਕਾਹਲਾ ਹੋ ਕੇ ਉਛਲਿਆ ਹੈ ਕਿ ਮੈਂ ਏਹਨਾਂ ਨੂੰ ਚੁੰਮ ਲਵਾਂ, ਪਰ ਫੇਰ ਰੁਕ ਜਾਂਦਾ ਰਿਹਾ ਹੈ ਕਿ ਇਹ ਹੱਥ ਰਿਖੀ ਜੀ ਵਿਚ ਜਿੰਦੜੀ ਪਾ ਰਹੇ ਹਨ, ਪਾ ਲੈਣ, ਮੈਂ ਕਾਹਲ ਨਾ ਕਰਾਂ, ਪਰ ਇਸ ਆਪਣੀ ਕਾਹਲ ਨੂੰ ਰੋਕਦਾ ਚਾਂਦੇ ਥੱਰਰ ਥੱਰਰ ਇਕ ਝਰਨਾਟ ਵਿਚ ਕੰਬਣ ਲੱਗ ਜਾਂਦਾ ਹੈ।
ਹੁਣ ਰਿਖੀ ਜੀ ਦੇ ਮੂੰਹ ਤੋਂ ਨਿਕਲਿਆ 'ਸ਼ੁਕਰ', ਅੱਖਾਂ ਫੇਰ ਉਚਿਆ ਕੇ ਤੱਕਿਆ, ਜੋ ਰੂਪ ਉਸ ਨੇ ਡਿੱਠਾ ਉਸਦੀ ਤਾਬ ਨਾ ਲਿਆ ਕੇ ਮੀਟ ਲਈਆਂ ਪਰ ਮੂੰਹ ਨੇ ਫੇਰ ਆਖਿਆ: ਸ਼ੁਕਰ! ਸ਼ੁਕਰ!! ਸ਼ੁਕਰ!!!” ਮ੍ਰਿਦੁਲ ਮੂਰਤੀ ਨੇ ਆਵਾਜ਼ ਦਿੱਤੀ-ਨਿਹਾਲ! ਨਿਹਾਲ! ! ਨਿਹਾਲ! ! ! ਕਹੁ 'ਵਾਹਿਗੁਰੂ'।
ਬੇਬਸ ਹੋਏ ਸੁਆਦ, ਅਰ ਇਸ ਇਲਾਹੀ ਦਰਸ਼ਨ ਦੇ ਸਰੂਪ ਵਿਚ ਪੰਜ ਸਿਖ ਜੋ ਨਾਲ ਸੇ ਮਧੁਰਿ ਧੁਨਿ ਵਿਚ ਗਾਉਂ ਉਠੇ:-
"ਮਿਰਤਕ ਕਉ ਜੀਵਾਲਹਾਰ॥
ਭੂਖੇ ਕਉ ਦੇਵਤ ਆਧਾਰ॥
ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹਿ॥
ਪੁਰਬ ਲਿਖੇ ਕਾ ਲਹਣਾ ਪਾਹਿ॥
ਸਭੁ ਕਿਛੁ ਤਿਸ ਕਾ ਓਹ ਕਰਨੈ ਜੋਗੁ॥
ਤਿਸੁ ਬਿਨੁ ਦੂਸਰ ਹੋਆ ਨ ਹੋਗੁ॥
ਜਪਿ ਜਨ ਸਦਾ ਸਦਾ ਦਿਨੁ ਰੈਣੀ॥
ਸਭ ਤੇ ਊਚ ਨਿਰਮਲ ਇਹ ਕਰਣੀ॥
ਕਰਿ ਕਿਰਪਾ ਜਿਸ ਕਉ ਨਾਮੁ ਦੀਆ॥
ਨਾਨਕ ਸੋ ਜਨੁ ਨਿਰਮਲੁ ਥੀਆ॥੭॥” (ਸੁਖਮਨੀ ਅ.-१५, ਅੰਕ २੮३)
ਰਿਖੀ ਜੀ ਦੇ ਲੂੰ ਲੂੰ ਵਿਚ ਵਾਹਿਗੁਰੂ ਦੀ ਧੁਨਿ ਟੰਕਾਰ ਦੇ ਰਹੀ ਹੈ, ਰਸ ਤੇ ਖਿੱਚ, ਸੁਆਦ ਤੇ ਉਮਾਹ ਉਛਾਲੇ ਮਾਰਦਾ ਹੈ, ਇਕ ਉਚਿਆਈ ਦਾ ਰੌ ਰੁਮਕਦਾ ਹੈ, ਆਖਦਾ ਹੈ: “ਸੱਚੀਂ ਆ ਗਿਆ, ਇਹ ਅਵਤਾਰ ਠੀਕ ਗੁਰ-ਅਵਤਾਰ ਹੈ, ਝਾਂਵਲਾ ਨਹੀਂ ਸੀ ਸੱਚ ਸੀ, ਅਹੋ ਮੰਗਤੇ! ਤੂੰ ਧੰਨ ਹੋ ਗਿਆ। ਵਾਹਿਗੁਰੂ।" ਹਾਂ ਜੀ ਹੁਣ ਬ੍ਰਾਹਮਣ ਨੂੰ ਸੋਚ ਵਾਲੀ ਹੋਸ਼ ਫੁਰੀ ਕਿ ਮੇਰੀ ਕੁਟੀਆ ਵਿਚ ਅਵਤਾਰ ਆਵੇ ਤੇ ਮੈਂ ਪ੍ਰਣਾਮ ਬੀ ਨਾਂ ਕਰਾਂ ? ਹਮਲਾ ਮਾਰਕੇ ਉੱਠਿਆ ਪਰ ਮ੍ਰਿਦੁਲ ਮੂਰਤੀ ਨੇ ਰੋਕ ਲਿਆ, ਥੰਮ੍ਹ ਲਿਆ, ਜੱਫੀ ਵਿਚ ਲੈ ਕੇ ਗਲੇ ਲਾ ਲਿਆ ਤੇ ਕਿਹਾ, "ਅਜੇ ਠਹਿਰੋ, ਤਾਕਤ ਫਿਰ ਲੈਣ ਦਿਓ, ਸਮਾਏ ਰਹੋ, ਪਿਆਰ ਵਿਚ ਸਮਾਏ ਰਹੋ।
ਰਿਖੀ ਜੀ ਦੇ ਅੰਦਰਲੇ ਉਮਾਹ ਤੇ ਉਛਾਲੇ ਰਸ ਤੇ ਆਨੰਦ, ਸਿਮਰਨ ਦੀ ਰੋ ਤੇ ਰੰਗ, ਇਕ-ਅੰਦਰੇ ਆਪੇ ਵਿਚ ਆਪੇ-ਗੁੰਮ ਜੇਹੀ ਹਾਲਤੇ ਪੈ ਗਏ। ਆਪ ਬੇਹੋਸ਼ ਨਹੀਂ ਹੋ ਗਏ, ਡੋਬ ਨਹੀਂ ਪੈ ਗਈ, ਪਰ ਇਕ ਗੁੰਮਤਾ, ਇਕ-ਲੀਨਤਾ, ਆਪੇ ਵਿਚ ਸਮਾਈ ਜਿਹੀ ਆਈ। ਕੁਛ ਕਾਲ ਮਗਰੋਂ ਫੇਰ ਆਪ ਨੂੰ ਮਾਨੋ ਹੋਸ਼ ਆਈ। ਹੁਣ ਕੀ ਰੰਗ ਸੀ? ਇਹ ਕਿ ਮੈਂ ਕਿਸੇ
ਡਾਢੇ ਸੁਹਣੇ ਸੁਆਦ ਵਿਚ ਡੁਬ ਗਿਆ ਸਾਂ ਜਿਸ ਵਿਚ ਡੁਬਿਆਂ ਪਤਾ ਨਹੀਂ ਰਿਹਾ ਕਿ ਉਹ ਕੀਹ ਸੀ। ਕੀਹ ਨਾਮ ਧਰਾਂ ? ਪਰ ਹੁਣ ਪਤਾ ਲੱਗਦਾ ਹੈ ਕਿ ਉਹ ਸਦਾ ਰਹਿੰਦਾ, ਮੈਂ ਉਸ ਤੋਂ ਪਰਤਦਾ ਨਾ। ਇਹ ਜੋ ਨ ਪਰਤਣ ਦੀ ਇੱਛਾ ਹੈ ਦੱਸਦੀ ਹੈ ਕਿ ਉਹ ਪਰਮਾਨੰਦ ਸੀ, ਉਹ ਦੰਦਾਤੀਤ ਰਸ ਸੀ, ਉਹ ਹਾਂ, ਉਹ ਸੀ ਜਿਥੇ ਬਸ ਵਾਹ ਵਾਹ, ਵਾਹ ਵਾਹ ਵਾਹ ਵਾਹ ਤੂੰ ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਵਾਹ ਵਾਹ!
ਇਸ ਵੇਲੇ ਉਸ ਮਿਹਰਾਂ ਦੇ ਸਾਂਈਂ ਦੇ ਇਲਾਹੀ ਗਲੇ ਤੋਂ ਦੈਵੀ ਨਾਦ ਹੋਇਆ, ਜਿਸ ਨਾਲ ਸਾਰਾ ਥਾਂ ਗੂੰਜ ਉਠਿਆ:-
"ਏਕ ਚਿਤ ਜਿਹ ਇਕ ਛਿਨ ਧਿਆਇਓ॥
ਕਾਲ ਫਾਸਿ ਕੇ ਬੀਚ ਨ ਆਇਓ॥” (ਅਕਾਲ ਉਸਤੱਤ ਦਸਮ ਗ੍ਰੰਥ)
ਇਹ ਸੁਣ ਰਿਖੀ ਹੁਣ ਮੂਧਾ ਹੋ ਚਰਨਾਂ ਤੇ ਢਹਿ ਹੀ ਪਿਆ, ਦਾਤੇ ਨੇ, ਹਾਂ ਜੀ ਕਲਗੀਆਂ ਵਾਲੇ ਪਿਆਰੇ ਦਾਤੇ ਨੇ ਮੱਥਾ ਆਪਣੇ ਹੱਥ ਤੇ ਲੈ ਕੇ ਦੂਏ ਨਾਲ ਸਿਰ ਤੇ ਪਿਆਰ ਦਿੱਤਾ ਤੇ ਕਿਹਾ:- "ਰਿਖੀ ਜੀ! ਜਾਗੋ, ਜੀਵੋ, ਜੀਵਨ ਮੁਕਤੀ ਦਾ ਰਸ ਲਓ। ”;
ਵਾਹ ਦਾਤੇ! ਤੇਰੀ ਮਿਹਰ! ਇਸ ਵੇਲੇ ਰਾਜੇ ਦਾ ਡੇਰਾ ਬੀ ਆ ਪਹੁੰਚਾ ਹੈ ਸੀ, ਰਸੋਈਏ ਪਾਸ ਇਕ ਡੱਬੀ ਸੀ, ਜਿਸ ਵਿਚ ਅੰਬਰ, ਕੇਸਰ ਤੇ ਕਸਤੂਰੀ ਰਲਾ ਕੇ ਰਖੇ ਰਹਿੰਦੇ ਸਨ। ਰਾਜੇ ਨੇ ਬੇਨਤੀ ਕੀਤੀ ਕਿ ਇਕ ਰੱਤੀ ਇਹ ਦੇ ਦੇਈਏ ਜੋ ਬਲ ਭਰ ਆਵੇ।
'ਗੁਰ ਅਵਤਾਰ' ਜੀ, ‘ਮ੍ਰਿਦੁਲ-ਮੂਰਤੀ' ਜੀ 'ਮਿਰਤਕ ਕਉ ਜੀਵਾਲਨ ਹਾਰ' ਜੀ ਬੋਲੇ:-
"ਸੁਰਤ ਮੋੜਾ ਖਾ ਆਈ ਹੈ ਕਸ਼ਟਾਂ ਹੇਠੋਂ ਨਿਕਲਕੇ ਖਿੜ ਕੇ ਗਰਮ, ਹੋ ਰਹੀ ਹੈ। ਗਰਮ ਸ਼ੈ ਦੀ ਬਹੁਤ ਲੋੜ ਨਹੀਂ, ਦੁੱਧ ਦਾ ਘੁੱਟ ਦਿਓ, ਪਿਆਰ ਦੀ ਨਿੱਘ ਵਿਚ ਹੈ। ਦੁੱਧ ਦਾ ਨਾਮ ਸੁਣਕੇ ਚਾਂਦੋ ਨੂੰ ਚੰਦ ਚੜ੍ਹ ਗਿਆ, ਉਹ ਕਿੰਨੇ ਚਿਰ ਦਾ ਹੱਥਾਂ ਨੂੰ ਦੇਖ ਰਿਹਾ ਸੀ ਕਿ ਜਦੋਂ ਵੀ ਵਿਹਲੇ ਹੋਏ ਮੈਂ ਚੁੰਮ ਲੈਣੇ ਹਨ, ਪਰ ‘ਰਿਖੀ ਜੀ ਲਈ ਦੁੱਧ' ਇਹ ਆਵਾਜ਼ ਉਸਦੀ ਸਾਰੀ ਸੁਧ ਨੂੰ ਇਕ ਉਛਾਲਾ ਦੇ ਬੁੜ੍ਹਕਾਕੇ ਲੈ ਗਈ, ਪਲੋ ਪਲੀ ਵਿਚ ਕਾਲੀ ਗਾਂ ਦਾ ਦੁੱਧ ਚੋ ਕੇ ਲੈ ਆਇਆ। ਇਹ ਕੌਲ
ਵਿਚ ਪਾ ਕੇ ਅਗੇ ਕੀਤਾ, ਉਸ ‘ਆਜਾਨ-ਬਾਹੁ' (ਗੋਡਿਆਂ ਤਕ ਲੰਮੇ ਹੱਥਾਂ ਵਾਲੇ) ਪਿਆਰ ਸਰੂਪ ਨੇ ਕੌਲ ਆਪ ਰਿਖੀ ਦੇ ਮੂੰਹ ਨਾਲ ਲਾ ਕੇ ਕਿਹਾ, 'ਪੀਓ ਮੇਰੇ ਰਬ ਦੇ ਪਿਆਰੇ!' ਰਿਖੀ ਨੇ, ਸੌ ਬਰਸ ਦੇ ਬੁੱਢੇ ਨੇ, ਕੁਮਾਰ ਅਵਸਥਾ ਦੇ ਜਵਾਨ, ਪਰ ਮਾਂ ਤੋਂ ਬੀ ਵਧੇਰੇ ਪਿਆਰੇ ਹੱਥਾਂ ਤੋਂ ਦੁੱਧ ਪੀਣਾ ਸ਼ੁਰੂ ਕੀਤਾ। ਇਕ ਇਕ ਘੁੱਟ ਅੰਮ੍ਰਿਤ ਦਾ ਘੁੱਟ ਸੀ, ਇਕ ਇਕ ਘੁਟ ਰਸ ਦਾ ਘੁਟ ਸੀ, ਜੋ ਸਹਿਜੇ ਸੰਘੋਂ ਹੇਠ ਉਤਰਦਾ ਇਕ ਜੀਵਨ ਬੂਟੀ ਵਾਂਙੂ ਟੁਰੀ ਗਿਆ। ਨਿੱਘਾ ਨਿੱਘਾ ਸਜਰਾ, ਪਿਆਰੇ ਚਾਂਦੋ ਦਾ ਚੋਇਆ ਦੁੱਧ, ਰੱਬੀ ਰੌ ਵਾਲੇ ਹੱਥਾਂ ਦਾ ਪਿਆਰਾ ਦੁਧ ਰਿਖੀ ਦੇ ਸਰੀਰ ਵਿਚ ਜਾਨ ਪਾ ਗਿਆ। ਦੁੱਧ ਪੀ ਕੇ ਕੁਛ ਚਿਰ ਮਗਰੋਂ ਰਿਖੀ ਉਠ ਕੇ ਬੈਠ ਗਿਆ। ਸ਼ੁਕਰ ਸ਼ੁਕਰ, ਸ਼ੁਕਰ, ਅਰਦਾਸ ਪਿਆਰ ਤੇ ਖਿਚ ਨਾਲ ਗਿੱਚੀ ਨਿਵ ਨਿਵ ਜਾਂਦੀ ਹੈ ਤੇ ਸੁਆਦ ਤੇ ਸੁਆਦ ਆ ਰਿਹਾ ਹੈ: ਰਾਜਾ ਜੀ ਨੇ ਤਕੀਆ ਮੰਗਵਾਕੇ ਢੋ ਲੁਆ ਦਿੱਤਾ। ਕਲਗੀਧਰ ਮਹਾਰਾਜ ਜੀ ਹੁਣ ਤਖ਼ਤ ਪੋਸ਼ ਤੋਂ ਉੱਠ ਬੈਠੇ, ਤਾਂ ਚਾਂਦੋ ਵਲ ਤੱਕ ਕੇ ਬੋਲੇ: "ਬੇਟਾ! ਸਾਨੂੰ ਬੀ ਦੁਧ ਪਿਲਾਓ, ਅਸੀਂ ਓਸ ਰਿਖੀ ਜੀ ਦੇ ਘਰ ਪ੍ਰਾਹੁਣੇ ਆਏ ਹਾਂ। ਓਹ ਨਿਰਬਲ ਹਨ ਤੂੰ ਉਨ੍ਹਾਂ ਦੀ ਥਾਂ ਸਾਡੀ ਖ਼ਾਤਰਦਾਰੀ ਕਰ, ਲਿਆ ਮੇਰੇ ਬੇਟਾ! ਦੁੱਧ”।
ਚਾਂਦੋ ਤਾਂ ਕਿਸੇ ਹੋਰ ਤਾਂਘ ਵਿਚ ਖੜਾ ਸੀ, ਉਸ ਦੀ ਤੱਕ ਹੱਥਾਂ ਤੇ ਬੱਝੀ ਖੜੀ ਸੀ। ਆਯਾ ਸੁਣ ਲਈ ਸੀ ਤੇ ਖੁਸ਼ ਬੀ ਹੋਇਆ ਸੀ 'ਦੁਧ ਬੀ ਲਿਆਉਨਾ ਹਾਂ' ਖਿਆਲ ਸੀ ਪਰ ਪਹਿਲੇ— ਬੱਧੀ ਮਨ ਦੀ ਸੇਧ ਨਾ ਹਿੱਲੀ, ਤ੍ਰਬਕ ਕੇ ਸਜੇ ਹੱਥ ਨੂੰ ਜਾ ਪਿਆ, ਜਿਕੂੰ ਕੋਈ ਜਾਂਗਲੀ ਪਸ਼ੂ ਉੱਛਲ ਕੇ ਪੈਂਦਾ ਹੈ। ਦੁਹਾਂ ਹੱਥਾਂ ਵਿਚ ਹੱਥ ਲੈ ਕੇ ਚੁੰਮ ਲਿਆ, ਕਿੰਨੀ ਵਾਰ ਚੁੰਮ ਲਿਆ। ਚਾਂਦੋ ਦੇ ਗੋਡੇ ਟਿਕ ਰਹੇ ਹਨ ਜ਼ਿਮੀ ਤੇ, ਗਰਦਨ ਚੁਕ ਕੇ ਉੱਪਰ ਵਲ ਹੋ ਅੱਖਾਂ ਤਕਦੀਆਂ ਹਨ। ਕਿਸੇ ਸੱਧਰ, ਕਿਸੇ ਸਿੱਕ, ਕਿਸੇ ਨਾ ਰੁਕਵੇਂ ਸਿਫ਼ਤ ਸਲਾਹ ਦੇ ਭਾਵਾਂ ਨਾਲ ਝੱਲਾ ਹੋ ਹੋ ਫੇਰ ਚੁੰਮਦਾ ਹੈ ਫੇਰ ਉਸੇ ਸਿਫ਼ਤ ਸਲਾਹ, ਉਸੇ ਕੀਰਤਨ ਦੇ ਰਸ ਪਿਆਰ ਉਛਾਲੇ ਵਿਚ ਅੱਖਾਂ ਉਚਿਆ ਕੇ ਤੱਕਦਾ ਹੈ।
ਮਿਹਰਾਂ ਦੇ ਸਾਂਈਂ ਨੇ ਬੀ ਆਪਣੀ ਨਜ਼ਰ ਉਸਦੀ ਨਜ਼ਰ ਵਿਚ ਗੱਡ ਰਖੀ ਹੈ, ਚਾਂਦੋ ਨਹੀਂ ਸਮਝਦਾ ਕਿ ਉਸ ਦੇ ਅੰਦਰ ਕੀ ਹੈ ਤੇ ਉਹ
ਕੀ ਚਾਹ ਰਿਹਾ ਹੈ, ਪਰ ਦਾਤਾ ਸਮਝ ਰਿਹਾ ਹੈ ਕਿ ਇਸ ਭੋਲੇ ਦੀ ਰੂਹ ਅਪਣੀ ਚੁਪ ਵਿਚ ਕੀਹ ਮੰਗ ਰਹੀ ਹੈ ਤੇ ਉਸ ਚੁਪ ਬੋਲੀ ਵਿਚ ਦਾਤਾ ਦੇ ਰਿਹਾ ਹੈ। ਕਮਲਾ ਹੋਇਆ ਚਾਂਦੋ ਓਹ 'ਆਜਾਨ ਬਾਹੁ' ਹੱਥ ਚੁੰਮਦਾ ਤੇ ਫੇਰ ਅੱਖਾਂ ਵਲ ਤੱਕਦਾ ਹੈ ਤੇ ਵਧੀਕ ਤੋਂ ਵਧੀਕ ਸਿਫ਼ਤ ਸਲਾਹ ਵਿਚ ਭਰਦਾ ਹੈ ਤੇ ਪ੍ਯਾਰੇ ਹੱਥਾਂ ਨੂੰ ਨਹੀਂ ਛੱਡਦਾ।
ਇਸ ਦੀਨਾਂ ਬੰਧੂ ਮੂਰਤੀ ਦੇ ਦਰਸ਼ਨ ਕਰਨੇ। ਹਾਂ, ਇਸ ਪਿਆਰ ਮੂਰਤੀ ਦੇ ਦਰਸ਼ਨ ਕਰਨੇ, ਨਿਕਾਰੇ, ਗ੍ਰੀਬ, ਕੰਗਲੇ, ਗੁਆਲੇ ਦੇ ਪੁਤ, ਸਿਧੇ ਸਾਦੇ ਨੀਮ ਝੱਲੇ, ਪਰ ਕਿਸੇ ਸਿਫ਼ਤ ਸਲਾਹ ਦੇ ਰੰਗ ਵਿਚ ਆ ਗਏ ਗ੍ਰੀਬ ਤੇ ਕਿਸ ਤਰ੍ਹਾਂ ਤ੍ਰੁਠ ਰਹੇ ਹਨ? ਜੋ ਹਰਫ਼ ਉਨ੍ਹਾਂ ਰੱਬੀ ਨਿਗਾਹਾਂ ਨੇ ਪਾਏ, ਸ਼ਬਦ ਜੋ ਉਨ੍ਹਾਂ ਇਲਾਹੀ ਜੋਤਿ ਵਾਲੀਆਂ ਅੱਖੀਆਂ ਨੇ ਪੜ੍ਹਾਏ, ਚਾਂਦੋ ਦੀ ਸਾਦਾ ਦਿਲ-ਤਖ਼ਤੀ, ਚਾਂਦੋ ਦੀ ਸੁੱਚੀ ਨਿਕੋਰ ਅਛੋਹ ਆਤਮਾ ਪੜ੍ਹ ਗਈ, ਉਸ ਦੇ ਅੰਦਰ ਕੋਈ ਝਰਨਾਟ ਆਈ, ਕੋਈ ਰਸ ਭਰ ਗਿਆ, ਲੂੰਆਂ ਵਿਚ ਗੁਦਗੁਦੀ ਹੋਈ, ਕੋਈ ਜੀਭ ਨੂੰ ਫਰੱਕਾ ਵੱਜਾ, ਬੁੱਲ੍ਹ ਫਰਕ ਪਏ:-ਵਾਹ! ਵਾਹ! ਵਾਹ! ਦੀ ਧੁਨੀ ਉੱਠੀ, ਚਾਂਦੋ ਦੇ ਨੈਣ ਬੰਦ ਹੋ ਗਏ, ਸਿਰ ਅਡੋਲ ਖਲੋ ਗਿਆ, ਹੱਥ ਸੁਹਣੇ ਹੱਥਾਂ ਨੂੰ ਚੰਮੜੇ ਰਹੇ।
'ਵਾਹ ਵਾਹ' ਦੀ ਧੁਨਿ ਗੂੰਜ ਰਹੀ ਹੈ। ਰਾਜਾ, ਵਜ਼ੀਰ, ਪੰਜੇ ਸਿੱਖ ਜੋ ਨਾਲ ਆਏ ਸਨ, ਕੌਤਕ ਵੇਖ ਰਹੇ ਹਨ, ਚਾਂਦੋ ਕਹਿ ਰਿਹਾ ਹੈ 'ਵਾਹ! ਵਾਹ! ਵਾਹ!'
ਚਾਂਦੋ ਚੁੱਪ ਹੋ ਗਿਆ, ਫੇਰ ਬੁੱਲ੍ਹ ਫਰਕੇ:-
'ਵਾਹਿਗੁਰੂ! ਵਾਹਿਗੁਰੂ! ਵਾਹਿਗੁਰੂ!'
ਹੁਣ ਦਾਤੇ ਨੇ ਸਿਰ ਹੱਥ ਫੇਰਿਆ, ਉੱਚਾ ਕੀਤਾ, ਛਾਤੀ ਨਾਲ ਲਾਯਾ। ਆਖਿਆ 'ਨਿਹਾਲ ਮੇਰੇ ਚਾਂਦੋ ਰਾਇ!" ਇਸ ਵੇਲੇ ਸਾਰੇ ਅਦਬ ਨਾਲ ਖੜੇ ਸਨ। ਬੇਵਸੇ ਸਿੱਖਾਂ ਦੇ ਦਿਲ ਜੁੜ ਗਏ ਤੇ ਪਿਆਰੀ ਮਿੱਠੀ ਸੁਰ ਵਿਚ ਇਹ ਸ਼ਬਦ ਗਾਵਿਆਂ:-
"ਮੋਹਿ ਨਿਰਗੁਨ ਸਭ ਗੁਣਹ ਬਿਹੂਨਾ॥
ਦਇਆ ਧਾਰਿ ਅਪੁਨਾ ਕਰਿ ਲੀਨਾ॥੧॥
ਮੇਰਾ ਮਨੁ ਤਨੁ ਹਰਿ ਗੋਪਾਲਿ ਸੁਹਾਇਆ॥
ਕਰਿ ਕਿਰਪਾ ਪ੍ਰਭੁ ਘਰਿ ਮਹਿ ਆਇਆ॥੧॥ਰਹਾਉ॥
ਭਗਤਿ ਵਛਲ ਭੈ ਕਾਟਨਹਾਰੇ॥
ਸੰਸਾਰ ਸਾਗਰ, ਅਬ ਉਤਰੇ ਪਾਰੇ॥੨॥
ਪਤਿਤ ਪਾਵਨ ਪ੍ਰਭ ਬਿਰਦੁ ਬੇਦਿ ਲੇਖਿਆ॥
ਪਾਰਬ੍ਰਹਮੁ ਸੋ ਨੈਨਹੁ ਪੇਖਿਆ॥੩॥
ਸਾਧਸੰਗਿ ਪ੍ਰਗਟੇ ਨਾਰਾਇਣ॥
ਨਾਨਕ ਦਾਸ ਸਭਿ ਦੂਖ ਪਲਾਇਣ॥੪॥ (ਬਿਲਾ.ਮ.५, ਅੰਕ ੮੦੫)
ਹੁਣ ਚਾਂਦੋ ਰਾਇ ਦੇ ਨੈਣ ਖੁੱਲ੍ਹੇ, ਹੱਥ ਜੁੜੇ, ਅਦਬ ਨਾਲ ਖੜਾ ਹੈ ਤੇ ਦਾਤਾ ਕਹਿ ਰਿਹਾ ਹੈ: "ਬੇਟਾ! ਦੁੱਧ ਪਿਲਾਓ।”
ਮਟਕਾ ਲੈ ਕੇ ਕਿਸੇ ਰਸ ਰੰਗ ਦੇ ਵਿਚ ਝੂੰਮਦਾ ਤੇ ਲਹਿਰਾਉਂਦਾ, ਕਦੇ ਅੰਦਰੋਂ ਉਛਲਦਾ, ਕਦੇ ਰਸ ਰੰਗ ਭਰਿਆ ਨੈਣ ਭਰ ਲਿਆਉਂਦਾ ਆਪਣੀ ਲਾਡੋ ਗਾਂ ਪਾਸ ਗਿਆ, ਤ੍ਰੈ ਗਾਈਆਂ ਦਾ ਦੁੱਧ ਚੋਇਆ, ਲਿਆ.. ਕੇ ਅਗੇ ਧਰਿਆ। ਸ੍ਰਿਸਟੀ ਦੇ ਅੰਨ ਦਾਤਾ ਨੇ, ਸਵੇਰ ਤੋਂ ਭੁਖੇ ਰਹੇ ਤ੍ਰਿਪਤਾਵਨਹਾਰ ਨੇ ਦੁੱਧ ਲਿਆ, ਕਟੋਰੇ ਭਰੇ, ਸਿਖਾਂ ਨੂੰ, ਰਾਜੇ ਨੂੰ, ਵਜ਼ੀਰ ਨੂੰ ਸਭ ਨੂੰ ਵੰਡਿਆ, ਆਪ ਛਕਿਆ, ਚਾਂਦੋ ਰਾਇ ਨੂੰ ਛਕਾਇਆ, ਰਿਖੀ ਜੀ ਨੂੰ ਦੋ ਘੁਟ ਫੇਰ ਦਿੱਤਾ।
ਹੁਣ ਸੂਰਜ ਲਟਪਟਾ ਗਿਆ ਸੀ; ਰਿਖੀ ਹੁਣ ਵੱਲ ਹੋ ਰਿਹਾ ਸੀ। ਸੰਝਾਂ ਪੈ ਗਈ। ਰਾਤ ਰਾਜਾ ਨੇ ਤਾਂ ਆਪਣੇ ਤੰਬੂ ਵਿਚ ਗੁਜ਼ਾਰੀ, ਪਰ ਸੱਚੇ ਪਾਤਸ਼ਾਹ ਜੀ ਨੇ ਆਪਣੀ ਰਾਤ ਮ੍ਰਿਗਛਾਲਾ ਪਰ ਕੁਟੀਆ ਵਿਚ ਰਿਖੀ ਤੇ ਚਾਂਦੋ ਰਾਇ ਨਾਲ ਕੱਟੀ। ਦਿਨ ਹੋਏ ਤੇ ਲੱਥੀ ਹੋਈ ਜਮਨਾ ਦੇ ਨਿਰਮਲ ਨੀਰ ਵਿਚ ਨ੍ਹਾਤੇ, ਅਸ਼ੋਕ ਰਾਜੇ ਦੇ ਚਿਟਾਨ ਦਾ ਦਰਸ਼ਨ ਕੀਤਾ, ਨੇੜੇ ਤੇੜੇ ਬੌਧ ਮਠਾਂ ਦੇ ਨਿਸ਼ਾਨ ਢੱਠੇ, ਟੁੱਟੇ ਪੱਥਰ ਵੇਖੇ ਫੇਰ ਕੂਚ ਦੀ ਆਗਿਆ ਕੀਤੀ। ਰਿਖੀ ਜੀ ਨੂੰ, ਹੁਕਮ ਹੋਇਆ ਕਿ, "ਨਾਲ ਲੈ ਚੱਲਾਂਗੇ, ਅਸਾਂ ਪਾਂਵਟਾ ਰਚਿਆ ਹੈ, ਉੱਥੇ ਰਖਾਂਗੇ।”
ਰਿਖੀ- ਹੇ ਦਾਤਾ! ਆਗਿਆ ਵਿਚ ਰਸ ਹੈ, ਪਰ ਮੈਂ ਬੁੱਢਾ ਆਪਦੇ ਦੁਆਰੇ ਸੇਵਾ ਨਾ ਕਰਨ ਜੋਗਾ ਇਕ ਭਾਰ ਹੋਵਾਂਗਾ।
ਗੁਰੂ ਜੀ- ਪਰਸੋਂ ਸਾਡੀ ਵਰ੍ਹੇ ਗੰਢ ਹੈ। ਪੁਰਬ ਸਿਖਾਂ ਨੇ ਮਨਾਉਣਾ ਹੈ, ਸੰਗਤ ਸਾਨੂੰ ਕੋਈ ਸੁਗਾਤ ਦੇਵੇਗੀ, ਅਸੀਂ ਸਾਧ ਸੰਗਤ ਨੂੰ ਇਕ
ਸੁਗਾਤ ਦਿਖਾਵਾਂਗੇ, ਅਰ ਉਹ ਸੁਗਾਤ ਤੂੰ ਹੋਵੇਂਗਾ। ਤੂੰ ਭਾਰ ਨਹੀਂ, ਤੂੰ ਸੁਗਾਤ ਹੋਵੇਂਗਾ, ਤੇਰਾ ਅੰਤ ਸਾਡੀਆਂ ਅੱਖਾਂ ਸਾਮ੍ਹਣੇ ਹੋਵੇਗਾ, ਤੇਰਾ ਅੰਤ ਸਾਡੇ ਹੱਥ ਸੁਆਰਨਗੇ, ਤੂੰ ਮਿਲਿਆ ਹੈਂ ਹੁਣ ਵਿਛੜੇਂਗਾ ਨਹੀਂ।
ਚਰਨਾਂ ਤੇ ਸਿਰ ਧਰਕੇ, ਸ਼ੁਕਰ ਸ਼ੁਕਰ, ਲੂੰ ਲੂੰ ਵਿਚ ਭਰਕੇ ਨਾਲ ਆਈ ਪੀਨਸ ਵਿਚ ਰਿਖੀ ਸਵਾਰ ਕੀਤਾ ਗਿਆ। ਕੁਟੀ ਨੂੰ ਵਿਦਾ ਦਿਤੀ ਗਈ ਤੇ ਪਾਂਵਟੇ ਨੂੰ ਕੂਚ ਬੋਲੀ।
ਚਾਂਦੋ ਤੇ ਸਤਿਗੁਰਾਂ ਦਾ ‘ਚਾਂਦੋ ਰਾਇ’ ਖੜਾ ਹੈ, ਹੁਕਮ ਉਡੀਕਦਾ ਹੈ; ਮੁਸਕ੍ਰਾਕੇ ਦਾਤਾ ਜੀ ਨੇ ਕਿਹਾ: "ਚਾਂਦੋ! ਤੂੰ ਇਥੇ ਹੀ ਰਹੁ, ਦੁੱਧ ਪੀਆ ਕਰ ਤੇ ਬੁੱਲੇ ਲੁੱਟਿਆ ਕਰ।" ਚਾਂਦੋ ਦੇ ਨੈਣ ਨੀਵੇਂ ਹੋ ਗਏ, ਛਮ ਛਮ ਵਗ ਪਏ; ਹੱਥ ਆਪੇ ਲਮਕ ਕੇ ਜੁੜ ਗਏ ਸਿਰ ਨਿਉਂ ਗਿਆ। ਉਸਦੀ ਭਾਵਨਾ ਜੋ ਜੀਭ ਦੇ ਰਸਤੇ ਨਿਕਲਨਾ ਨਹੀਂ ਜਾਣਦੀ ਸੀ, ਸਤਿਗੁਰੂ ਸਮਝਦੇ ਹਨ, ਫੇਰ ਬੋਲੇ 'ਚਾਂਦੋ ਬੇਟਾ! ਕਹੁ ਤੂ ਕੀ ਚਾਹੁੰਦਾ ਹੈਂ?
ਚਾਂਦੋ ਨੂੰ ਅਚਾਨਕ ਪਹਿਲਾ ਜਾਂਗਲੀ ਉਛਾਲਾ ਆਇਆ, ਜਾ ਕੇ ਹੱਥਾਂ ਨੂੰ ਫੇਰ ਚੰਬੜ ਗਿਆ ਤੇ ਨਿੱਕੇ ਜਿਹੇ ਲਾਡਲੇ ਬਾਲ ਵਾਂਙੂ ਡਾਢੇ ਲਾਡ ਵਿਚ ਬੋਲਿਆ: “ਤੁਸੀਂ ਚਲੋ, ਮੈਂ ਗਾਂਈਆਂ ਲੈ ਕੇ ਮਗਰ ਮਗਰ ਆਉਂਦਾ ਹਾਂ, ਪਾਉਂਟੇ ਗਾਈਆਂ ਚਾਰਿਆ ਕਰਾਂਗਾ, ਦੋ ਵੇਲੇ ਦੁੱਧ ਚੋ ਕੇ ਆਪ ਜੀ ਨੂੰ ਪਿਲਾਇਆ ਕਰਾਂਗਾ, ਰਿਖੀ ਜੀ ਨੂੰ ਪਿਲਾਇਆ ਕਰਾਂਗਾ, ਤੇ ਏਹਨਾਂ ਹੱਥਾਂ ਨੂੰ ਵੇਖਿਆ ਕਰਾਂਗਾ। (ਮਹਾਰਾਜ ਦੇ ਹੱਥ ਹੱਥਾਂ ਵਿਚ ਨੱਪ ਕੇ ਚੁੱਮ ਕੇ) ਜੀ ਵੇਖਿਆ ਕਰਾਂਗਾ, ਕਿਉਂ ਜੀ...ਹੈਂ...ਜੀ?”
ਸਤਿਗੁਰ ਹੱਸ ਪਏ ਤੇ ਕਹਿਣ ਲੱਗੇ 'ਸਤਿ ਬਚਨ! ਦੁੱਧ ਤੇਰਾ ਹੀ ਪੀਆਂਗੇ।'
ਦੋ ਸਵਾਰ ਸਤਿਗੁਰ ਨੇ ਗਾਂਈਆਂ ਦੀ ਰਾਖੀ ਵਾਸਤੇ ਨਾਲ ਦਿੱਤੇ ਤੇ ਕਾਲਸੀ ਦੇ ਰਿਖੀ ਜੀ ਦੀ ਤੇ ਓਸ ਥਾਂਉਂ ਦੇ ਸ਼ਾਇਦ ਆਖ਼ਰੀ ਰਿਖੀ ਜੀ ਦੀ ਕੁਟੀਆ ਤੋਂ ਕੂਚ ਹੋ ਗਈ।
ਸਤਿਗੁਰੂ ਜੀ ਵਰ੍ਹੇ ਗੰਢ ਤੇ ਪਹੁੰਚਿਆ ਲੋਚਦੇ ਸਨ, ਬੇਅੰਤ ਸੰਗਤਾਂ ਆਈਆਂ ਸਨ, ਮਾਤਾ ਜੀ ਦੀ ਤਾਂਘ ਦਾ ਖਿਆਲ ਬੀ ਸੀ, ਪਰ ਰਿਖੀ ਜੀ ਦੇ ਕਾਰਣ ਤੇ ਪੰਧ ਔਖਾ ਹੋਣ ਕਰਕੇ ਰਾਤ ਰਸਤੇ ਵਿਚ ਰਹੇ ਤੇ ਅਗਲੇ ਦਿਨ ਅੱਪੜੇ। ਅਗੇ ਸਪਤਮੀਂ ਦਾ ਦਿਨ ਲੰਘ ਚੁਕਾ ਸੀ। ਸੰਗਤਾਂ
ਨਿਰਾਸ ਹੋ ਰਹੀਆਂ ਸਨ, ਪਾਂਵਟੇ ਦੁਰਗ ਵਿਚ ਪ੍ਰਵੇਸ਼ ਦਾ ਬੀ ਇਹੋ ਦਿਨ ਸੀ, ਸਾਰੇ ਉਤਸ਼ਾਹਾਂ ਤੇ ਉਦਾਸੀ ਛਾ ਰਹੀ ਸੀ ਕਿ ਸੂਰਜ ਦੇ ਪ੍ਰਕਾਸ਼ਵਤ ਦਾਤਾ ਗੁਰੂ ਜੀ ਮਿਹਰਾਂ ਦੇ ਸਾਂਈਂ ਅੱਪੜ ਗਏ, ਸਪਤਮੀ ਦਾ ਦਿਨ ਓਹੋ ਬਣਾ ਦਿੱਤਾ। ਸੰਗਤਾਂ ਨੂੰ ਬੋਲਣ ਲੱਗੇ -“ਥਿਤਿਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨ ਕੋਈ- ਜਿਸ ਦਾਤੇ ਦੇ ਬਣਾਏ ਥਿਤ ਵਾਰ ਹਨ ਉਹ ਦਾਤਾ ਸਾਨੂੰ ਆਪਣੇ ਕਾਰਜ ਵਾਸਤੇ ਲੈ ਗਿਆ, ਸਪਤਮੀ ਤਾਂ, ਜੇ ਸਪਤਮੀ ਦੀ ਕੋਈ ਸੁਗਾਤ ਹੋਵੇ। ਸੋ ਸੁਗਾਤ ਵਾਹਿਗੁਰੂ ਨੇ ਸਾਨੂੰ ਪਰਸੋਂ ਦਿੱਤੀ ਤੇ ਲੈ ਕੇ ਅਜ ਅਸੀਂ ਅਪੜੇ। ਸਪਤਮੀ ਰਬ ਵਲੋਂ ਅੱਜ ਹੋਈ, ਜਦੋਂ ਅਕਾਲ ਪੁਰਖ ਲਈ, ਨਵਾਂ ਗੁਰਾਂ ਲਈ, ਸਾਧ ਸੰਗਤ ਲਈ ਸੁਗਾਤ ਲੈ ਕੇ ਇਕ ਵਿਲਪਦੀ ਰੂਹ ਚਰਨ ਕਮਲਾਂ ਨਾਲ ਜੋੜਕੇ ਅਸੀਂ ਲਿਆ ਸਕੇ।” ਮਹਾਰਾਜ ਦੇ ਇਸ ਉੱਚੇ ਪਿਆਰ ਵਲਵਲੇ ਪੁਰ ਸੰਗਤਾਂ ਅਤੇ ਪਰਿਵਾਰ ਨਿਹਾਲ ਹੋ ਗਏ ਤੇ ਪਾਂਵਟੇ ਮੰਦਰ ਦਾ ਪਰਵੇਸ਼ ਵਾਹਿਗੁਰੂ ਦੇ ਕੀਰਤਨ ਰੰਗ ਵਿਚ ਉਸ ਦਿਨ ਮਨਾਯਾ ਗਿਆ।
+++
3. ਭੀਖਨ ਸ਼ਾਹ ਫ਼ਕੀਰ
ਕਰਤਾਰ ਦੇ ਰੰਗ, ਕਿੱਥੇ ਪੰਜਾਬ ਅਰ ਪੰਜਾਬ ਦਾ ਕੇਂਦ੍ਰ ਰਾਮਦਾਸ ਪੁਰਾ, ਅਰ ਇਸ ਦੇ ਪਾਸ ਦਾ ਪਿੰਡ ਗੁਰੂ ਕੀ ਰੌੜ, ਜਿੱਥੇ ਨੌਮੇਂ ਗੁਰੂ ਜੀ ਬਿਰਾਜ ਰਹੇ ਸਨ, ਕਿਥੇ ਵਾਹਿਗੁਰੂ ਦੇ ਗ੍ਯਾਨ ਨੂੰ ਪ੍ਰਕਾਸ਼ ਕਰਨ ਦਾ ਉੱਦਮ ਤੇ ਉਸ ਉਦੱਮ ਦਾ ਉਤਸ਼ਾਹ-
'ਬ੍ਰਹਮ ਗਿਆਨੀ ਪਰਉਪਕਾਰ ਉਮਾਹਾ’ (ਸੁਖਮਨੀ ਅਸਟਪਦੀ 8)
ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਆਸਾਮ ਦੇਸ਼ ਪ੍ਰਚਾਰ ਕਰਨ ਲਈ ਆਪਣੇ ਸੀਸ ਪਰ ਬਿਰਾਜਮਾਨ ਕਰਵਾਕੇ ਲੈ ਤੁਰਿਆ। ਇਸ ਦੇਸ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਤਿਨਾਮ ਦਾ ਛੱਟਾ ਦਿੱਤਾ ਸੀ, ਉਹ ਅੰਗੂਰੀ ਹੁਣ ਕੁਝ ਕਮਲਾਉਂਦੀ ਸੀ, ਜਿਸ ਨੂੰ ਹਰੀ ਭਰੀ ਕਰਨੇ ਨਮਿੱਤ ਸ੍ਰੀ ਗੁਰੂ ਜੀ ਤਿਆਰ ਹੋਏ। ਪੰਜਾਬ ਛੱਡਿਆ ਅਰ ਆਨੰਦ ਭਵਨ ਆਨੰਦ ਪੁਰ ਬੀ ਛੱਡਿਆ। ਸ੍ਰੀ ਗੁਰੂ ਤੇਗ ਬਹਾਦਰ ਸ੍ਰਿਸ਼ਟੀ ਦੀ ਚਾਦਰ ਪੂਰਬ ਰੁਖ਼ ਨੂੰ ਤੁਰ ਪਏ। ਥਾਂ ਥਾਂ ਧਰਮ ਉਪਦੇਸ਼ ਕਰਦੇ ਅਨੇਕ ਤੀਰਥੀਂ ਅੱਪੜਕੇ ਤੀਸਰੇ ਜਾਮੇ ਦੇ ਕੌਤਕ ਵਾਂਙੂ "ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ॥” (ਤੁਖਾ:ਮ:੪, ਅੰਕ-੧੧੧੬)
ਸ੍ਰਿਸ਼ਟੀ ਨੂੰ ਤਾਰਦੇ, ਭੈ ਭਰਮ ਵਿਚੋਂ ਕੱਢਦੇ ਸਤਿਨਾਮ ਦੇ ਪੁਲ ਪਰ ਚੜਾਉਂਦੇ, ਜੀਆ-ਦਾਨ, ਨਾਮ ਦਾਨ, ਵਿਸਾਹ ਦਾਨ, ਭਰੋਸਾ ਦਾਨ, ਸਿਦਕ ਦਾਨ, ਅੰਨ ਦਾਨ, ਬਸਤ੍ਰ ਦਾਨ, ਮਿੱਠੇ ਬਚਨ ਦਾਨ, ਪ੍ਰੇਮ ਦਾਨ ਦੇਂਦੇ ਤ੍ਰਿਬੇਣੀ ਪਹੁੰਚਕੇ ਓਸ ਥਾਂ ਦੇ ਵਾਸੀਆਂ ਨੂੰ ਸੱਚੀ ਤ੍ਰਿਬੇਣੀ ਦਾ ਮਾਰਗ ਦੱਸਿਆ:-
----------------
* ਇਹ ਪ੍ਰਸੰਗ ਸੰ.ਗੁ.ਨਾ.ਸਾ. ੪੩੭, (ਦਸੰਬਰ ੧੯੦੬) ਪੋਹ ਸੁਦੀ ਸਪਤਮੀ ਦੇ ਗੁਰਪੁਰਬ ਪਰ ਖਾਲਸਾ ਸਮਾਚਾਰ ਰਾਹੀਂ ਪ੍ਰਕਾਸ਼ਿਆ ਗਿਆ ਸੀ।
"ਕਬੀਰ ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ॥
ਤਹਾ ਕਬੀਰੈ ਮਟੁ ਕੀਆ ਖੋਜਤ ਮੁਨਿ ਜਨ ਬਾਟ॥੧੫੨॥” (ਸਲੋਕ ਕਬੀਰ)
ਅਨੇਕਾਂ ਤ੍ਰਿਬੇਣੀ ਨਦੀ ਵਿਚ ਫਸਿਆਂ ਨੂੰ ਕੱਢਕੇ ਇਸ ਸਹਜ ਪਦ ਦੀ ਤ੍ਰਿਬੇਣੀ ਵਿਚ ਪੁਚਾਯਾ ਤੇ ਭਾਰੀ ਪੁੰਨ ਦਾਨ ਕੀਤੇ:-
"ਜੀਅ ਦਾਨੁ ਦੇ ਭਗਤੀ ਲਾਇਨਿ
ਹਰਿ ਸਿਉ ਲੈਨਿ ਮਿਲਾਏ॥੨॥ (ਸੂਹੀ ਮ. ५, ਅੰਕ-੭੪੯)
ਫੇਰ ਆਪ ਪਟਨੇ ਸ਼ਹਿਰ ਪਹੁੰਚੇ। ਚਾਚੇ ਫੱਗੂ ਵਰਗੇ ਪ੍ਯਾਰੇ ਤੇ ਅਨੇਕਾਂ ਸਿਦਕੀ ਇਸ ਦੇਸ਼ ਵਿਚ ਵੱਸਦੇ ਸੇ, ਉਸ ਦੇਸ਼ ਨੂੰ ਕ੍ਰਿਤਾਰਥ ਕਰਦੇ ਹੋਏ ਪਟਨੇ ਠਹਿਰ ਗਏ।
ਇਸ ਦੇਸ਼ ਨੇ ਅੱਗੇ ਇਕ ਬੁੱਧੀਮਾਨ ਦਾ ਦਰਸ਼ਨ ਕੀਤਾ ਸੀ1, ਜਿਸ ਨੇ ਨੇਕੀ ਦੇ ਚਸ਼ਮੇ2 ਵਲੋਂ ਚੁਪ ਰੱਖਕੇ ਨਿਰੀ ਨੇਕੀ ਪ੍ਰਚਾਰੀ ਸੀ, ਸੋ ਲੋੜ ਸੀ ਕਿ ਧਰਤੀ ਦੀ ਉਹ ਭੁੱਖ, ਜੋ ਕਾਦਰ ਵਿਹੂਣੇ ਕੁਦਰਤ ਦੇ ਪ੍ਰੇਮੀਆਂ ਵਿਚ ਰਹਿੰਦੀ ਹੈ, ਪੂਰੀ ਹੋਵੇ। ਹੁਣ ਉਸ ਧਰਤੀ ਵਿਚ ਉਸ ਨੇ ਅਵਤਾਰ ਲੈਣਾ ਸੀ ਜੋ ਪੂਰਨ ਨੇਕੀ ਨੂੰ ਜਾਣਦਾ ਸੀ, ਪਰ ਜਿਥੋਂ ਨੇਕੀ ਨਿਕਲੀ ਹੈ ਉਸਦਾ ਬੀ ਪੱਕਾ ਸਿਞਾਣੂੰ ਸੀ। ਜੋ ਇਹ ਕਹਿਣ ਦੀ ਲੋੜ ਨਹੀਂ ਸੀ ਰੱਖਦਾ ਕਿ 'ਪਰਦੇ ਦੇ ਬਾਦ ਪਰਦਾ ਹੈ ਸਗੋਂ ਜੋ ਇਹ ਕਹਿ ਸਕਦਾ ਸੀ ਕਿ:-
"ਆਦਿ ਪੁਰਖ ਅਬਗਤਿ ਅਬਿਨਾਸੀ॥
ਲੋਕ ਚਤੁਰਦਸ ਜੋਤ ਪ੍ਰਕਾਸੀ॥” (ਅਕਾਲ ਉਸ.)
ਜਿਸ ਨੇ ਹੁਕਮ ਦਾ ਥਹੁ ਹੀ ਨਿਰਾ ਨਹੀਂ ਸੀ ਦੱਸਣਾ, ਪਰ ਹੁਕਮ ਦੇ ਮਾਲਕ ਕਰਤਾਰ ਦਾ ਬੀ ਪੂਰਨ ਗਿਆਨ ਦੇਕੇ ਇਹ ਦੱਸਣਾ ਸੀ:-
---------------
1. ਮਹਾਤਮਾ ਬੁੱਧ ਜੀ। 2. ਰੱਬ ਜੀ।
"ਫੋਕਟ ਧਰਮ ਬਿਸਾਰ ਸਭੈ
ਕਰਤਾਰ ਹੀ ਕੋ ਕਰਤਾ ਜੀਅ ਜਾਨਯੋ॥੧੨॥ (੩੩ ਸਵੈ.)
ਪੁਨ:-
ਸਿੱਧ ਸੁਯੰਭ ਪ੍ਰਸਿੱਧ ਸਭੈ ਜਗ ਏਕ ਹੀ ਠਉਰ ਅਨੇਕ ਬਖਾਨੈ॥
ਰੇ ਮਨ ਰੰਕ ਕਲੰਕ ਬਿਨਾ ਹਰਿ ਤੈ ਕਿਹ ਕਾਰਣ ਤੇ ਨ ਪਹਿਚਾਨੇ॥ (३३ ਸਵੈ.)
ਹਾਂ, ਉਸ ਧਰਤੀ ਨੂੰ ਇਹ ਫ਼ਖ਼ਰ ਮਿਲਨਾ ਸੀ ਕਿ ਸੰਸਾਰ ਦਾ ਸਭ ਤੋਂ ਵੱਡਾ ਅਵਤਾਰ, ਸਭ ਤੋਂ ਵੱਡਾ ਮੁਕਤਿ ਦਾਤਾ, ਸਭ ਤੋਂ ਵੱਡਾ ਬੀਰ, ਸਭ ਤੋਂ ਵੱਡਾ ਸੁਤੰਤ੍ਰਤਾ ਦਾਤਾ, ਸਭ ਤੋਂ ਵੱਡਾ ਸੰਸਾਰ ਵਿਚ ਵਟਾਉ ਪੈਦਾ ਕਰਨੇ ਵਾਲਾ, ਗੁਰੂ ਅਵਤਾਰ, ਕਵੀ, ਵਿਦਵਾਨ, ਨੀਤੀਵੇਤਾ, ਸੈਨਾਪਤ, ਗ੍ਰਿਹਸਤੀ, ਸਾਧੂ, ਸਿੱਧ, ਤ੍ਯਾਗੀ, ਉਪਦੇਸ਼ ਦਾਤਾ, ਕਰਨੀ ਤੇ ਕਹਿਣੀ ਦਾ ਸੂਰਾ ਇਥੇ ਪ੍ਰਗਟ ਹੋਇਆ ਹੈ। ਏਸੇ ਨਮਿੱਤ ਪ੍ਰਕਾਸ਼ ਦੇ ਪੁੰਜ ਸ੍ਰੀ ਗੁਰੂ ਤੇਗ ਬਹਾਦਰ ਜੀ 'ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ’ ਇਸ ਸਥਲ ਤੇ ਬਿਰਾਜਮਾਨ ਹੋ ਗਏ ਸਨ। ਕੁਛ ਸਮਾਂ ਰਹਿਕੇ ਪਰਿਵਾਰ ਨੂੰ ਏਥੇ ਛੱਡਕੇ ਆਪ ਆਸਾਮ ਚਲੇ ਗਏ ਹੋਏ ਸਨ।
ਇਥੇ ਹੀ ਸੰਮਤ ੧੭੨੩ ਬਿਕ੍ਰਮੀ (੧੬੬੬ ਈ:) ਦਾ ਭਾਗ ਭਰਿਆ ਪੋਹ ਦਾ ਮਹੀਨਾ ਆ ਗਿਆ, ਅੱਗੇ ਬੀ ਸੱਤ ਸਦੀਆਂ ਤੋਂ ਕਈ ਪੋਹ ਇਸ ਭਾਰਤ ਵਿਚ ਆ ਰਹੇ ਸੇ, ਪਰ ਜ਼ੁਲਮ ਦਾ ਕੱਕਰ ਸਦਾ ਹੀ ਪੈਂਦਾ ਰਿਹਾ, ਅਰ ਏਹ ਸਤੀ ਹੋਈ ਭਾਰਤ ਭੂਮੀ ਪਿਆਰੇ ਦੇ ਪ੍ਰੇਮ ਵਿਚ ਮਾਨੋਂ ਐਉਂ ਪੁਕਾਰਦੀ ਰਹੀ:-
"ਪੋਖਿ ਤੁਖਾਰੁ ਪੜੈ ਵਣੁ ਤ੍ਰਿਣੁ ਰਸੁ ਸੋਖੈ॥
ਆਵਤ ਕੀ ਨਾਹੀ ਮਨਿ ਤਨਿ ਵਸਹਿ ਮੁਖੇ॥
ਮਨਿ ਤਨਿ ਰਵਿ ਰਹਿਆ ਜਗਜੀਵਨੁ ਗੁਰ ਸਬਦੀ ਰੰਗੁ ਮਾਣੀ॥
ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ॥
ਦਰਸਨੁ ਦੇਹੁ ਦਇਆਪਤਿ ਦਾਤੇ ਗਤਿ ਪਾਵਹੁ ਮਤਿ ਦੇਹੋ॥
ਨਾਨਕ ਰੰਗ ਰਵੈ ਰਸਿ ਰਸੀਆ ਹਰਿ ਸਿਉ ਪ੍ਰੀਤਿ ਸਨੇਹੋ॥੧੪॥" (ਤੁਖਾ. ਮ. ੧, ਬਾ.ਮਾ. ਅੰਕ ੧੧੦੯)
ਪਰ ਹੁਣ ਕਿਹੋ ਜਿਹਾ ਪੋਹ ਆਯਾ? ਦੁਖ ਹਰਨ ਵਾਲਾ, ਪਿਆਰੇ ਨੂੰ ਸੰਸਾਰ ਪਰ ਲੈ ਆਉਣ ਵਾਲਾ ਇਸ ਪੋਹ ਦੀ ਮਹਿਮਾ ਐਉਂ ਫਬ ਰਹੀ ਹੈ:-
"ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ॥
ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ॥
ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ॥'
ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ॥
ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ॥
ਕਰੁ ਗਹਿ ਲੀਨੀ ਪਾਰਬ੍ਰਹਿਮ ਬਹੁੜਿ ਨ ਵਿਛੁੜੀਆਹੁ॥
ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ॥
ਸਰਮ ਪਈ ਨਾਰਾਇਣੈ ਨਾਨਕ ਦਰ ਪਈਆਹ॥
ਪੋਖੁ ਸੁਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹ॥੧੧॥” (ਮਾਝ ਮ. ੫, ਬਾ.ਮਾ. ਅੰਕ ੧੩੫)
ਐਸੇ ਪਿਆਰੇ ਪੋਹ ਦਾ ਜਿਸ ਵਿਚ "ਬਿਖਿਆ ਪੋਹਿ ਨ ਸਕਈ " ਦਾ ਬਾਨ੍ਹਣੂ ਬੰਨ੍ਹਣੂੰ ਵਾਲਾ ਤੇਜਸਵੀ ਮਹਾਰਾਜ ਪ੍ਰਗਟ ਹੋਇਆ ਇਕ ਦਿਹਾੜਾ ਆਇਆ ਜਿਸ ਦਿਨ ਸਪਤਮੀ ਥਿਤ ਸੀ। ਇਸ ਭਾਗੇ ਭਰੇ ਦਿਨ ਸਵਾ ਪਹਿਰ ਰਾਤ ਰਹਿੰਦੀ ਸ੍ਰੀ ਗੁਰੂ ਤੇਗ ਬਹਾਦਰ, ਧਰਮ ਦੀ ਚਾਦਰ, ਧਰਮ ਧੁਰੰਧਰ, ਪੂਰਨ ਗੁਰ ਅਵਤਾਰ ਜੀ ਦੇ ਗ੍ਰਿਹ-ਮਾਤਾ ਗੁਜਰੀ ਜੀ ਦੇ ਸੁਲੱਖਣੇ ਗ੍ਰਿਹ-ਸ਼੍ਰੀ ਕਲਗੀਧਰ ਜੀ, ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਵਤਾਰ ਧਾਰੀ ਹੋਏ'। ਮਹਾਂ ਪੁਰਖਾਂ ਦੇ ਅਵਤਾਰ ਧਰਤੀ ਤੇ ਉਧਾਰ ਨਮਿਤ ਹੋਇਆ ਕਰਦੇ ਹਨ, ਜਦ ਕਦੇ ਪ੍ਰਿਥਵੀ ਪਰ ਪਾਪ ਅਤਿ ਹੋ ਜਾਵੇ ਤਦ ਆਤਮ ਸ੍ਰਿਸ਼ਟੀ ਵਿਚੋਂ ਕੋਈ ਉਪਕਾਰੀ ਆਉਂਦਾ ਹੈ, ਪਰ ਐਤਕੀਂ ਤਾਂ ਪਰ-ਉਪਕਾਰੀਆਂ ਦੇ ਸਿਰਤਾਜ ਆ ਗਏ ਅਰ ਇੱਕੋ ਵਾਰੀ ਆ ਕੇ
----------------
ਚਲੇ ਨਹੀਂ ਗਏ, ਦਸ ਜਾਮੇਂ ਧਾਰੇ। ਇਹ ਹੁਣ ਦਸਵਾਂ ਜਾਮਾਂ ਉਸੇ ਜਯੋਤੀ ਨੇ ਧਾਰਿਆ ਹੈ। ਆਤਮ ਸ੍ਰਿਸ਼ਟੀ ਵਿਚ ਆਤਮ ਪ੍ਰਕਾਸ਼ ਹੋਣੇ ਕੁਦਰਤੀ ਬਾਤ ਸੀ। ਸ੍ਰੀਰਕ ਸ੍ਰਿਸ਼ਟੀ ਵਿਚ ਕੋਈ ਰਾਜਾ, ਪਾਤਸ਼ਾਹ ਕਿਤੇ ਜਾਵੇ ਤਾਂ ਸਰੀਰਕ ਉਤਸ਼ਾਹ ਹੁੰਦੇ ਹਨ, ਜਿਨ੍ਹਾਂ ਨੂੰ ਕਰਨੇ ਵਾਲਾ ਸਰੀਰ ਵਿਚ ਲੁਕਿਆ ਬੈਠਾ ਮਨ ਹੁੰਦਾ ਹੈ ਤੇ ਮਨ ਨੂੰ ਸੱਤ੍ਯਾ ਆਤਮਾ ਦੇਂਦਾ ਹੈ। ਜਦ ਆਤਮ ਸ੍ਰਿਸ਼ਟੀ ਦੇ ਤੇਜੱਸ੍ਵੀ ਮਹਾਂ ਪੁਰਖ ਆਏ ਤਾਂ ਆਤਮ ਕੌਤਕ ਪ੍ਰਗਟ ਹੋਣੇ ਜ਼ਰੂਰੀ ਸੇ, ਤੇ ਆਤਮ ਰਸੀਆਂ ਪਰ ਇਸ ਦਾ ਅਸਰ ਹੋਣਾ ਭੀ ਕੁਦਰਤੀ ਬਾਤ ਸੀ। ਸੋ ਉਸ ਵੇਲੇ ਇਕ ਤਪੀ ਫ਼ਕੀਰ' ਨੇ ਇਸ ਪ੍ਰਕਾਸ਼ ਨੂੰ ਤੱਕ ਕੇ ਸੇਧ ਕੀਤੀ ਅਰ ਉਸੇ ਸੇਧ ਤੇ ਪਟਣੇ ਪਹੁੰਚਾ। ਸ੍ਰੀ ਗੁਰੂ ਜੀ ਦੇ ਦ੍ਵਾਰੇ ਜਾਕੇ ਨਵੇਂ ਆਏ ਦਾਤਾ ਜੀ ਦੇ ਦਰਸ਼ਨ ਵਾਸਤੇ ਅਰਜ਼ ਗੁਜ਼ਾਰੀ। ਅੱਗੇ ਆਤਮ ਰਸੀਆਂ ਦਾ ਇਸ ਘਰ ਆਉਣਾ ਤਾਂ ਐਉਂ ਕਦਰ ਪਾਉਣ ਵਾਲਾ ਸੀ ਜਿੱਕੂ ਸੋਨੇ ਚਾਂਦੀ ਦੇ ਵਪਾਰੀ ਸਰਾਫ਼ ਦੇ ਘਰ ਆਦਰ ਪਾਉਂਦੇ ਹਨ; ਦੈਵੀ ਬਾਲਕ ਨੂੰ ਕੁੱਛੜ ਲੈ ਕੇ ਦਾਈ ਆਈ ਤੇ ਸਾਂਈਂ ਜੀ ਨੇ ਨਮਸਕਾਰ ਕਰਕੇ ਆਪਣਾ ਮੱਥਾ ਸਫ਼ਲ ਕੀਤਾ। ਸਰੀਰ ਦੇ ਹੁੰਦਿਆਂ ਕਈ ਵੇਰ ਫ਼ਕੀਰਾਂ ਨੂੰ ਬੀ ਪਰਦੇ ਰਹਿੰਦੇ ਤੇ ਸੰਸੇ ਉਠਦੇ ਹਨ, ਹੁਣ ਫ਼ਕੀਰ ਸਾਂਈਂ ਦੇ ਜੀ ਵਿਚ ਸੰਸਾ ਉਠਿਆ, ਪ੍ਰੀਖਿਆ ਦਾ ਸ਼ੱਕ ਆਇਆ ਕਿ ਦੇਖੀਏ ਏਹ ਹਿੰਦੂ ਮਤ ਦੇ ਹੋਣਗੇ ਕਿ ਇਸਲਾਮ ਦੇ? ਉਨ੍ਹਾਂ ਨੇ ਇਹ ਦੇਖਣ ਦੀ ਆਸ਼ਾ ਧਾਰ ਕੇ, ਕਿ ਜੇ ਦੁੱਧ ਡੋਹਲਣਗੇ ਤਦ ਮੁਸਲਮਾਨ ਜੇ ਪਾਣੀ ਡੋਹਲਣਗੇ ਤਾਂ ਹਿੰਦੂ ਸਮਝਾਂਗੇ, ਦੋ ਕੁੱਜੀਆਂ ਲੀਤੀਆਂ। ਇਕ ਵਿਚ ਦੁੱਧ, ਦੂਈ ਵਿਚ ਪਾਣੀ ਪਾਕੇ ਦੈਵੀ ਬਾਲਕ ਜੀ ਦੇ ਅੱਗੇ ਕੀਤਾ। ਪਰ ਕੌਤਕਹਾਰ ਬਾਲਕ ਨੇ ਇਕ ਪੈਰ ਨਾਲ ਦੋਨੋਂ ਉਲਟਾ ਦਿੱਤੀਆਂ ਤਦ ਦੇਖੋ ਕਿ ਪਾਣੀ ਤੇ ਦੁੱਧ ਦੋਵੇਂ ਡੁੱਲ੍ਹ ਕੇ ਰਲ ਮਿਲ ਕੇ ਇਕ ਹੋ ਗਏ। ਪਰਤੱਖ ਉਪਦੇਸ਼ ਦੇ ਦਿੱਤਾ ਕਿ ਤਅੱਸਬ ਦੀ ਕੁੱਜੀ ਮੁਸਲਮਾਨਾਂ ਦੀ ਅਰ ਵਰਣਾਸ਼ਮ ਦੇ ਹੱਠ ਦੀ ਕੁੱਜੀ ਹਿੰਦੂਆਂ ਦੀ ਤੋੜ ਕੇ ਜਲ ਦੁੱਧ ਨੂੰ ਇਕ - ਖਾਲਸਾ - ਕਰ ਦਿਆਂਗੇ, ਜਲ ਦੁੱਧ ਦੀ ਪ੍ਰੀਤ ਮਸ਼ਹੂਰ ਹੈ। ਸ੍ਰੀ ਗੁਰਵਾਕ ਹੈ:-
---------------
"ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਦੁਧ ਹੋਇ॥
ਆਵਟਣੁ ਆਪੇ ਖਵੈ ਦੁਧ ਕਉ ਖਪਣਿ ਨ ਦੇਇ॥” (ਸਿਰੀ ਮ.१, ਪੰ. ੬०)
ਐਉਂ ਹਿੰਦੂ ਤੇ ਮੁਸਲਮਾਨ ਇਕ ਦੂਏ ਨਾਲ ਪਿਆਰ ਕਰਨ ਵਾਲੇ ਬਨਾਵਾਂਗਾ। ਦੁਧ ਅੱਗ ਤੇ ਧਰੋ ਤਾਂ ਪਾਣੀ ਸੜਦਾ ਹੈ, ਦੁਧ ਨੂੰ ਨਹੀਂ ਸੜਨ ਦੇਂਦਾ, ਦੁਧ ਅਪਣੇ ਪਿਆਰੇ ਦਾ ਦੁਖ ਦੇਖ ਕੇ ਉਛਲਦਾ ਤੇ ਆਪ ਅੱਗ ਤੇ ਪੈਕੇ ਉਸਨੂੰ ਬੁਝਾ ਦੇਂਦਾ ਹੈ, ਤੋਂ ਉਛਲਦੇ ਨੂੰ ਫੇਰ ਪਾਣੀ ਮਿਲ ਜਾਏ ਤਾਂ ਖੁਸ਼ ਹੋਕੇ ਮੁੜ ਜਾਂਦਾ ਹੈ। ਫ਼ਕੀਰ ਜੀ ਸਮਝ ਗਏ ਕਿ ਇਹ ਪ੍ਰੇਮ ਅਵਤਾਰ ਦੁਹਾਂ ਨੂੰ ਨਿੰਮ੍ਰਤਾ ਦੀ ਧਰਤੀ ਤੇ ਪਾ ਕੇ ਪ੍ਰੇਮ ਨਾਲ ਗੁੰਨ੍ਹੇਗਾ। ਇਹ ਤੱਕ ਕੇ ਉਸ ਦਾ ਪ੍ਰੇਮ ਹੋਰ ਉਮਗਿਆ ਕਿ ਸ਼ੁਕਰ ਹੈ ਇਸ ਦੁਖੀ ਸ੍ਰਿਸ਼ਟੀ ਦਾ ਪਾਰ ਉਤਾਰਾ ਹੋਵੇਗਾ। ਫਿਰ ਫ਼ਕੀਰ ਆਪਣੇ ਹੋਰ ਬੀ ਧੰਨ ਭਾਗ ਜਾਣਕੇ ਮੱਥਾ ਟੇਕਕੇ ਵਿਦਾ ਹੋਇਆ। ਫ਼ਕੀਰ ਦੀ ਆਯੂ ਹੋ ਚੁਕੀ ਸੀ, ਨਹੀਂ ਤਾਂ ਵੇਖਦਾ ਕਿ ਇਸ ਵਾਹਿਗੁਰੂ ਦੇ ਨਿਵਾਜੇ ਬਾਲਕ ਨੇ ਕਿਸ ਤਰ੍ਹਾਂ ਲੋਕਾਂ ਵਿਚੋਂ 'ਮੈਂ' ਕੱਢ ਕੇ ਸੀਸ ਭੇਟਾ ਲੀਤੇ ਅਰ ਕਿਸ ਤਰ੍ਹਾਂ 'ਅੰਮ੍ਰਿਤ' ਸਾਜ ਕੇ ਸ੍ਰਿਸ਼ਟੀ ਮਾਤ੍ਰ ਨੂੰ ਜੋੜਨ ਲਈ ਮਾਨੋ ਜੋੜਵਾਂ ਮਸਾਲਾ ਤਿਆਰ ਕਰ ਦਿਤਾ। ਕਿਸ ਤਰ੍ਹਾਂ ਹਿੰਦੂ ਸਿਖ ਹੋ ਗਏ, ਅਰ ਕਿਸ ਤਰ੍ਹਾਂ ਬੁੱਧੂ ਸ਼ਾਹ ਵਰਗੇ ਮੁਸਲਮਾਨ ਸਿੱਖੀ ਧਾਰਕੇ ਆਪਣੇ ਸਪੁੱਤ੍ਰ ਭੇਟ ਕਰ ਕੇ ਕ੍ਰਿਤ ਕ੍ਰਿਤ ਹੋਏ, ਕਿਸ ਤਰ੍ਹਾਂ ਅੰਮ੍ਰਿਤ ਦਾ ਦਰਵਾਜ਼ਾ ਪ੍ਰਾਣੀ ਮਾਤ੍ਰ ਲਈ ਖੁੱਲ੍ਹ ਗਿਆ, ਕਿਸ ਤਰ੍ਹਾਂ ਦੇਸ਼ ਨੂੰ ਸੁਤੰਤ੍ਰਤਾ ਮਿਲੀ, ਕਿਸ ਤਰ੍ਹਾਂ ਸੰਸਾਰ ਨੂੰ ਸੱਚਾ ਧਰਮ ਮਿਲਿਆ।
ਨੋਟ: ਪੋਹ ਦਾ ਮਹੀਨਾ ਸਿਖ ਕੌਮ ਵਾਸਤੇ ਗੁਰਪੁਰਬਾਂ ਤੇ ਸ਼ਹੀਦੀ ਪੁਰਬਾਂ ਦਾ ਮਹੀਨਾ ਹੈ। ਇਸ ਮਹੀਨੇ ਦੀ ਮਹੱਤਤਾ ਬਾਬਤ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇਕ ਕਵਿਤਾ ਅਗਲੇ ਪੰਨੇ ਤੇ ਹੈ।
ਇਕ ਬੁਝਾਰਤ
ਪੋਹ ਖੋਹ - ਪੋਹ ਮੋਹ
{ਸੰਮਤ 1722 ਬਿਕ੍ਰਮੀ ਦਾ ਪੋਹ}
ਪਾਲੇ ਹੱਡ ਕੜਕਾਵਨ ਓਹ
ਦੰਦਾਂ ਨਾਲ ਵਜੇਂਦੇ ਠੱਕੇ
ਪਾਪੀ ਪੌਣ ਕੌਣ ਜਾ ਡੱਕੇ
ਰਾਤ ਇਕੱਲੀ ਬੂਹੇ ਬੰਦ
ਨਾ ਤਾਰੇ ਨਾਂ ਦਿੱਸੇ ਚੰਦ
ਕੱਲ ਮੁਕੱਲੀ ਰੋਵਾਂ ਧਾਈਂ
ਪਯਾਰੇ ਹਾਇ ਝਾਤ ਨਾਂ ਪਾਈ।
{ਸੰਮਤ 1723 ਬਿਕ੍ਰਮੀ ਦਾ ਪੋਹ}
ਮਾਰ ਹੁਲਾਰੇ ਉਠਯਾ ਮੋਹ।
ਠੰਢੀ ਪੌਣ ਪਿਆਰੀ ਲੱਗੇ
ਜੱਫੀ ਪਾਂਦੀ ਤਿਰੱਖੀ ਵੱਗੇ।
ਰਾਤ ਇਕੱਲੀ ਬੂਹੇ ਬੰਦ
ਅੰਦ੍ਰੇ ਸੂਰਜ ਤਾਰੇ ਚੰਦ।
ਖਿੜ ਖਿੜ ਹੱਸਾਂ ਲੁੱਡੀ ਪਾਈ
ਕਿਨ ਆ ਕੇ ਰੁਤ ਪਰਤ ਦਿਖਾਈ?
(ਸੰਮਤ 1969 ਬਿਕ੍ਰਮੀ ਦਾ ਪੋਹ}
ਆਯਾ ਫੇਰ ਕਰੇਦਾਂ ਟੋਹ।
ਵਿੱਚ ਮਾਘ ਦੇ ਪੈਰ ਧਰਾਂਦਾ,
ਰੂਪ ਬਸੰਤੀ ਫਬਨ ਫਬਾਂਦਾ।
ਪੁਛਦਾ ਦੱਸੋ ਤੁਸੀਂ ਸੁਜਾਨ
ਕਿਉਂ ਹੁਣ ਕਰਦੇ ਮੇਰਾ ਮਾਨ?
ਮੈਨੂੰ ਤੁਸਾਂ ਬਸੰਤ ਬਨਾਯਾ
ਸਾਰੀਆਂ ਫਬਨਾਂ ਨਾਲ ਫਬਾਯਾ
ਓਹੋ ਠੰਢੀ ਵਗਦੀ ਪੌਣ
ਲੁਕ ਲੁਕ ਬੈਠੇ ਅੰਦਰ ਭੌਣ?
ਕਿਉਂ ਖੁਸ਼ੀਆਂ ਕਰ ਆਖੋ ਆਵੇ
ਭਾਗੇ ਭਰਿਆ ਦਰਸ ਦਿਖਾਵੇ ?
ਏਸ ਪ੍ਰਸ਼ਨ ਦਾ ਉਤ੍ਰ ਭ੍ਰਾਵੋ,
ਅਸੀਂ ਨ ਦੇਈਏ, ਆਪ ਬੁਝਾਵੋ।
ਅਸਾਂ ਬੁਝਾਰਤ ਏ ਹੈ ਪਾਈ
ਤੁਸਾਂ ਬੈਠਕੇ ਬੁਝਣੀ ਆਈ।
ਜੋ ਬੁੱਝੇ ਸੋ ਖੁਸ਼ੀ ਮਨਾਵੇ,
ਖੁਸ਼ੀ ਇਨਾਮ ਬੁਝਣ ਦੀ ਪਾਵੇ। {ਗੁਰਪੁਰਬ ਗੁਲਜ਼ਾਰ, ਖੇੜਾ-13)
ਸੂਚਨਾ:- ਇਸ ਬੁਝਾਰਤ ਦਾ ਦਰੁਸਤ ਹਲ ਤਾਂ ਸਤਿਕਾਰਯੋਗ ਕਵੀ ਜੀ ਹੀ ਜਾਣਦੇ ਹਨ, ਪਰ ਅਸੀਂ ਅਪਨੀ ਤੁੱਛ ਬੁਧੀ ਅਨੁਸਾਰ ਕੁਛ ਇਸ ਤਰ੍ਹਾਂ ਸਮਝਦੇ ਹਾਂ ਕਿ- ਪਹਿਲੀ ਕਵਿਤਾ ਵਿਚ ਸ੍ਰੀ ਕਲਗੀਧਰ ਜੀ ਦੇ ਅਵਤਾਰ ਧਾਰਨ ਤੋਂ ਇਕ ਸਾਲ ਪਹਿਲੇ ਸੰਮਤ 1722 ਬਿਕ੍ਰਮੀ (ਯਾਨੀ 1665 ਈ:) ਦੇ ਪੋਹ ਦੀ ਦਸ਼ਾ ਦੱਸੀ ਹੈ ਜਦੋਂ ਗੁਰੂ ਜੀ ਹਾਲੇ ਸੰਸਾਰ ਵਿਚ ਨਹੀਂ ਆਏ ਸਨ, ਇਕ ਕਿਸਮ ਦਾ ਸੁਨਸਾਨ {Vacuum} ਸੀ। ਕਵੀ ਜੀ ਆਪਣੇ ਆਪ ਨੂੰ ਕਲਮੁਕਲਾ ਸਮਝਦੇ ਹਨ ਤੇ ਦਰਸ਼ਨ ਲਈ ਤਰਸਦੇ ਹਨ। ਦੂਜੀ ਕਵਿਤਾ ਵਿਚ 1723 ਬਿਕ੍ਰਮੀ (ਯਾਨੀ 1666 ਈ:) ਦੇ ਪੋਹ ਦੀ ਗਲ ਹੈ ਜਦੋਂ ਗੁਰੂ ਜੀ ਦਾ ਅਵਤਾਰ ਹੋ ਗਿਆ ਹੈ ਤੇ ਸਾਰੇ ਬ੍ਰਹਮੰਡ ਵਿਚ ਖੇੜਾ ਹੀ ਖੇੜਾ ਫੈਲ ਗਿਆ ਹੈ, ਕਵੀ ਜੀ ਖੁਸ਼ ਹੋ ਕੇ ਲੁਡੀ ਪਾਂਦੇ ਹਨ। ਤੀਜੀ ਕਵਿਤਾ ਵਿਚ ਸੰਮਤ 1969 ਬਿਕ੍ਰਮੀ ਦੇ ਪੋਹ ਦੀ ਗਲ ਹੈ ਜਦੇਂ ਕਿ ਇਹ ਰਚਨਾ ਰਚੀ ਗਈ ਸੀ ਯਾਨੀ 1912-13 ਈ. (ਸੰ. ਗੁ. ਨਾ. ਸਾ.-443- 44} । ਇਸ ਰਚਨਾ ਸਮੇਂ ਸਤਿਕਾਰ ਯੋਗ ਲੇਖਕ ਜੀ ਆਪਨੀ ਭਰ ਜਵਾਨੀ ਵਿਚ ਸਨ ਤੇ ਉਹਨਾਂ ਦੀ ਆਯੂ ਕੋਈ 39 ਯਾ 40 ਕੁ ਸਾਲਾਂ ਦੀ ਸੀ। ਪੋਹ ਦਾ ਮਹੀਨਾ ਸੰਗਤਾਂ ਨੂੰ ਪੁਛਦਾ ਹੈ ਕਿ ਹੁਣ ਗੁਰੂ ਜੀ ਨੂੰ ਜਾਮਾ ਛੋਡਿਆਂ ਵੀ 200 ਸਾਲ ਹੋ ਗਏ ਹਨ, ਤੁਸੀਂ ਇਹ ਦਿਹਾੜਾ ਹੁਣ ਕਿਉਂ ਮਨਾਂਦੇ ਹੋ ਤੇ ਖੁਸ਼ੀਆਂ ਕਰਦੇ ਹੋ? ਸਤਿਕਾਰਯੋਗ ਕਵੀ ਜੀ ਦਾ ਦ੍ਰਿੜ ਨਿਸਚਾ ਹੈ ਕਿ ਗੁਰਪੁਰਬ ਵਾਲੇ ਦਿਨ ਕਲਗੀਧਰ ਪਾਤਸ਼ਾਹ ਜੀ ਪ੍ਰੇਮ ਦੇ ਪੁਸ਼ਪ ਬਿਬਾਨ ਤੇ ਸਵਾਰ ਹੋਕੇ ਉਪਰਲੇ ਮੰਡਲਾਂ ਵਿਚੋਂ ਮਾਤ ਲੋਕ ਵਿਚ ਸਚਮੁਚ ਦਿਵਯ ਜਯੋਤੀ ਰੂਪ ਵਿਚ ਆਉਂਦੇ ਹਨ ਤੇ ਗੁਰਪੁਰਬ ਮਨਾ ਰਹੀਆਂ ਸੰਗਤਾਂ ਤੇ ਰਹਿਮਤਾਂ ਵਰਸਾਂਦੇ ਹਨ। ਇਸ ਵਾਸਤੇ ਸੰਗਤਾਂ ਗੁਰਪੁਰਬ ਦਾ ਦਿਨ (ਜੋ ਪੋਹ ਦੇ ਮਹੀਨੇ ਵਿਚ ਆਉਂਦਾ ਹੈ) ਧੂਮ-ਧਾਮ ਨਾਲ ਮਨਾਂਦੀਆਂ ਹਨ। ਸੋ ਸਾਡੇ ਅਨੁਮਾਨ ਅਨੁਸਾਰ ਪੋਹ ਦੇ ਮਹੀਨੇ ਦੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੈ। ਇਹ ਬਿਬਾਣ ਤੇ ਚੜਕੇ ਆਉਣ ਵਾਲਾ ਦ੍ਰਿਸ਼ ਕਵੀ ਜੀ ਨੇ ਸੁਪਨੇ ਵਿਚ ਡਿਠਾ ਹੈ। ਦੇਖੋ "ਵਚਿਤ੍ਰ ਸੁਪਨੇ" ਨਿਰਗੁਣਿਆਰਾ ਨਾਮ ਦਾ ਟ੍ਰੈਕਟ ਨੰ: 1228 (ਦੂਸਰਾ ਸੁਪਨਾ, ਪੰਨਾ 29)। ਅਸਾਂ ਕੇਵਲ ਬੁਝਾਰਤ ਬੁਝਨ ਦਾ ਯਤਨ ਮਾਤ੍ਰ ਹੀ ਕੀਤਾ ਹੈ। ਬੁਝਾਰਤ ਦਾ ਅਸਲੀ ਉਤਰ ਤਾਂ ਕੇਵਲ ਸਤਿਕਾਰਯੋਗ ਕਵੀ ਜੀ ਹੀ ਜਾਣਦੇ ਹਨ। ਕੋਈ ਭੁਲ ਹੋ ਗਈ ਹੋਵੇ ਤਾਂ ਮਾਫ਼ੀ ਮੰਗਦੇ ਹਾਂ। - ਸੰਪਾਦਕ
4. ਬੀਬੀ ਸੁਘੜ ਬਾਈ'
1. (ਇਕਾਂਤ ਤੇ ਇਕੱਲ)
ਥੱਕ ਜਾਏ ਇਨਸਾਨ ਤਾਂ ਆਰਾਮ ਚਾਹੁੰਦਾ ਹੈ, ਅੱਕ ਜਾਏ ਤਾਂ ਛੁਟਕਾਰਾ ਚਾਹੁੰਦਾ ਹੈ ਅਕਾਉਣ ਵਾਲਿਆਂ ਤੋਂ, ਹੁੱਸ ਜਾਏ ਤਾਂ ਨਾ ਆਰਾਮ ਦੀ ਸੋਝੀ ਹੁੰਦੀ ਹੈ ਨਾ ਛੁਟਕਾਰੇ ਦੀ ਹੋਸ਼, ਅੰਦਰ ਬਾਹਰ ਘਬਰਾ ਛਾ ਜਾਂਦਾ ਹੈ, ਪਰ ਜੇ ਥਕਾਉਣ ਵਾਲੇ, ਅਕਾਉਣ ਵਾਲੇ ਤੇ ਹੁੱਸਾ ਦੇਣ ਵਾਲੇ ਸਾਰੇ ਸਾਮਾਨ ਦੂਰ ਹੋ ਜਾਣ ਤੇ ਇਹ ਰਹਿ ਜਾਏ ਇਕੱਲਾ ਤਾਂ ਵਹਿਸ਼ਤ ਆ ਘੇਰਦੀ ਹੈ ਤੇ ਸ਼ੁਦਾ ਉਂਗਲਾਂ ਦਿਖਾਉਣ ਲੱਗ ਪੈਂਦਾ ਹੈ। ਇਕੱਲ ਬੁਰੀ, ਇਹ ਨਾ ਆ ਵਾਪਰੇ ਕਿਸੇ ਨੂੰ। ਇਕੱਲ ਸਭਨਾਂ ਤੋਂ ਵਧੀਕ ਡਰਾਉਣੀ ਸ਼ੈ ਹੈ। ਇਕੱਲ ਉਦਾਸੀਆਂ ਦੀ ਮਾਂ ਤੇ ਨਿਰਾਸਤਾਈਆਂ ਦੀ ਦਾਦੀ ਹੈ। ਹੈਂ? ਕੀ ਇਕੱਲ ਮਾੜੀ ਹੈ? ਇਕੱਲ ਏਕਾਂਤ ਹੈ, ਏਕਾਂਤ ਨੂੰ ਕੋਮਲ ਉਨਰਾਂ ਵਾਲਿਆਂ ਦਾਨਿਆਂ, ਦਾਰਸ਼ਨਿਕਾਂ ਤੇ ਰੱਬ ਦੇ ਪਿਆਰਿਆਂ ਨੇ ਸਲਾਹਿਆ ਹੈ। ਕਿਉਂ ਕਹਿੰਦੇ ਹੋ ਕਿ ਇਕੱਲ ਯਾ ਏਕਾਂਤ ਮਾੜੀ ਹੈ? ਇਸ ਲਈ ਕਿ 'ਇਕੱਲ' 'ਏਕਾਂਤ' ਨਹੀਂ ਹੈ। 'ਇਕਾਂਤ' ਇਨਸਾਨ ਆਪ ਭਾਲਦਾ ਹੈ ਤੇ 'ਇਕੱਲ' ਇਸਨੂੰ ਆ ਵਾਪਰਦੀ ਹੈ। 'ਇਕਾਂਤ' 'ਰੂਹ ਦਾ ਆਰਾਮ ਅਸਥਾਨ' ਹੈ, 'ਇਕੱਲ’ 'ਤਨਹਾਈ ਦੀ ਕੈਦ ਹੈ'। 'ਇਕਾਂਤ' ਵਿਚ ਜਾ ਕੇ ਥਕਾਨ, ਅਕੇਵੇਂ ਤੇ ਹੱਸਣਾ ਦੂਰ ਹੁੰਦੀਆਂ ਹਨ, ਪਰ ਇਕੱਲ' ਵਿਚ ਜਾ ਕੇ ਵਹਿਸ਼ਤਾਂ ਛਾ ਜਾਂਦੀਆਂ ਹਨ। ਏਕਾਂਤ ਜੀਵਨ ਨੂੰ ਨਵਜੋਬਨ ਦੇਂਦੀ ਹੈ, ਇਕੱਲ ਜੀਵਨ ਨੂੰ ਖਾਰਦੀ ਤੇ ਬੁਢੇਪਾ ਲਾਉਂਦੀ ਹੈ।
--------------------
* ਇਹ ਪ੍ਰਸੰਗ ੭ ਮਾਘ ਸੰਮਤ ਗੁ.ਨਾ.ਸਾ. ੪੬੮ ਅਰਥਾਤ 19 ਜਨਵਰੀ, 1937 ਈ. ਨੂੰ ਗੁਰਪੁਰਬ ਸਪਤਮੀਂ ਪਰ ਖਾਲਸਾ ਸਮਾਚਾਰ ਵਿਖੇ ਪ੍ਰਕਾਸ਼ਿਆ ਸੀ।
ਏਕਾਂਤ ਵਿਚ ਆਪਾ ਆਪਣੇ ਠੀਕ ਤੋਲ ਅੰਦਾਜ਼ ਵਿਚ ਆਉਂਦਾ ਹੈ, ਇਕੱਲ ਵਿਚ ਆਪੇ ਦਾ ਵਜ਼ਨ ਘਟ ਜਾਂਦਾ ਹੈ। ਹਾਂ, ਏਕਾਂਤ ਵਿਚ ਦਿਲ ਵਧਾਉਣ ਵਾਲੀ ਉਸਤੁਤਿ ਤੇ ਦਿਲ ਢਾਹੁਣ ਵਾਲੀ ਨਿੰਦਾ ਨਹੀਂ ਹੁੰਦੀ, ਇਸ ਕਰਕੇ ਮਨ ਦੇ ਤੋਲ-ਪਲੜੇ ਨੀਉਂਦੇ ਝੁਕਦੇ ਕਿਸੇ ਪਾਸੇ ਨਹੀਂ, ਐਨ ਤਰਾਜੂ ਤੋਲ ਪੂਰਾ ਰਹਿੰਦਾ ਹੈ, ਸੋ ਇਨਸਾਨ ਆਪਣਾ ਮੁੱਲ ਪਾਉਂਦਾ ਹੈ ਠੀਕ ਠੀਕ - ਨਾ ਵੱਧ, ਨਾ ਘੱਟ। ਏਕਾਂਤ ਵਿਚ ਤਵੱਜੋ ਨੂੰ ਬਾਹਰਲੇ ਤੇ ਓਪਰੇ ਖਿਚੇਵੇਂ ਨਹੀਂ ਪੈਂਦੇ, ਆਪਾ ਟਿਕਦਾ ਤੇ ਆਪੇ ਵਿਚ ਟੁੱਭੀਆਂ ਮਾਰਦਾ ਹੈ ਤੇ ਕਈ ਵੇਰ ਇਨ੍ਹਾਂ ਟੁੱਭੀਆਂ ਨਾਲ ਆਪੇ ਦੀਆਂ ਡੂੰਘਾਈਆਂ ਵਿਚੋਂ ਗੁਣ-ਰਤਨ ਲੱਭ ਲਿਆਉਂਦਾ ਹੈ। ਮਨ ਦੇ ਵਲ ਤੇ ਵਿੰਗ ਏਕਾਂਤ ਵਿਚ ਦਿਸ ਪੈਂਦੇ ਹਨ ਤੇ ਨਿਕਲ ਜਾਂਦੇ ਹਨ। ਏਕਾਂਤ ਵਿਚ ਬੁੱਧੀ ਉੱਜਲ ਹੋ ਜਾਂਦੀ ਹੈ ਤੇ ਨਿਸ਼ਚੇ ਦੇ ਘਰ ਨੂੰ ਲੱਭ ਲੈਂਦੀ ਹੈ। ਏਕਾਂਤ ਵਿਚ ਧਿਆਨ ਜੁੜਦਾ ਹੈ ਅਤੇ ਉਹ ਰਾਹ ਦਿੱਸ ਪੈਂਦਾ ਹੈ ਜੋ 'ਅਨੰਤ’ ਵਿਚ ਜਾ ਖੁੱਲ੍ਹਦਾ ਹੈ। ਏਕਾਂਤ ਵਿਚ ਰੂਹ ਰੂਹ ਨਾਲ ਗੱਲਾਂ ਕਰਦਾ ਹੈ ਤੇ ਏਕਾਂਤ ਵਿਚ ਹੀ ਰੱਬ ਰੂਹ ਨਾਲ ਗੱਲਾਂ ਕਰਦਾ ਹੈ। ਜੇ ਇਨਸਾਨ ਚਾਹੇ ਕਿ ਜਗਤ ਨੂੰ ਕੁਛ ਦੇਵੇ ਤਾਂ ਏਕਾਂਤ ਨਾਲ ਪਿਆਰ ਪਾਵੇ, ਦਾਤਾ ਹੋਣ ਲਈ ਉਸਨੂੰ ਏਕਾਂਤ ਵਿਚੋਂ ਸਾਮਾਨ ਮਿਲੇਗਾ।
ਇਕੱਲ ਵਿਚ ਸੁਰਤ ਦੇ ਆਸਰੇ ਭੱਜੇ ਹੋਏ, ਓਪਰੇ ਹੋ ਗਏ ਤੇ ਦੂਰ ਚਲੇ ਗਏ ਦਿੱਸਦੇ ਹਨ, ਤਾਹੀਓਂ ਇਕੱਲ ਵਿਚ ਉਦਾਸੀ ਡਰ ਤੇ ਵਹਿਸ਼ਤ ਛਾਉਂਦੀ ਹੈ। ਕਿਸੇ ਆਦਮੀ ਨੂੰ ਕਿਸੇ ਨਿਰਜਨ ਟਾਪੂ ਵਿਚ ਛੋੜ ਆਓ, ਛੇ ਮਹੀਨੇ ਬਾਦ ਉਸਨੂੰ ਜਾ ਕੇ ਪੁੱਛੇ ਕਿ ਤੇਰੇ ਬਾਬ ਕੀ ਵਰਤੀ ਤਾਂ ਉਹ ਇਕੱਲ ਦੇ ਮਹਾਂ ਭਯਾਨ ਨੂੰ ਦੱਸ ਸਕੇਗਾ। ਤੁਸੀਂ ਇਕ ਮੰਦਰ ਵਿਚ ਸਮਾਧੀ ਲਾ ਕੇ ਬੈਠੇ ਹੋ, ਯਾਤਰੂਆਂ ਦੀ ਗਹਿਮਾਂ ਗਹਿਮ ਹੈ ਤੇ ਭੌਣ ਭਰੇ ਪਏ ਹਨ ਪਰ ਜਦ ਅੱਖ ਖੋਹਲਦੇ ਹੋ ਤਾਂ ਜੀ ਸਾਂਈਂ ਦਾ ਨਜ਼ਰੀਂ ਨਹੀਂ ਪੈਂਦਾ, ਖ੍ਯਾਲ ਕਰ ਲਓ ਉਸ ਵੇਲੇ ਦੀ ਇਕੱਲ ਦਾ ਨਕਸ਼ਾ ਤੇ ਉਸ ਦਾ ਅਸਰ। ਸੋਚ ਲਓ ਕਿ ਤੁਸੀਂ ਕਿਸੇ ਸ਼ਿਕਾਰ ਗਏ ਕਈ ਦਿਨਾਂ ਲਈ ਬਨ ਵਿਚ ਗੁਆਚ ਗਏ ਹੋ, ਕੋਈ ਪਿਆਰਾ ਨਾਲ ਨਹੀਂ, ਕੋਈ ਜਾਣੂ ਸਿਆਣੂ ਮਿਲਦਾ ਨਹੀਂ, ਕੋਈ ਓਪਰਾ ਬੀ ਨਜ਼ਰੀਂ ਨਹੀਂ ਪੈਂਦਾ, ਜੀਵ ਮਾਤ੍ਰ ਅੱਖਾਂ ਅੱਗੋਂ ਨਹੀਂ ਲੰਘਦਾ, ਉਸ ਵੇਲੇ ਦੇ ਦਿਲ-ਟੋਟੇ ਦਾ ਅੰਦਾਜ਼ਾ ਲਾ ਲਓ। ਹਾਂ ਜੀਓ, ਬਨਾਂ ਵਿਚ ਕਦੇ
ਗੁਆਚੇ ਨੂੰ ਇਕੱਲ ਦੇ ਰੰਗਾਂ ਦਾ ਪਤਾ ਹੈ ਤੇ ਤਨਹਾਈ ਦੀ ਕੈਦ ਵਾਲੇ ਨੂੰ ਇਸਦੀ ਪੀੜਾ ਦਾ ਵਧੇਰੇ ਥਹੁ ਹੈ। ਬਾਬਾ! ਇਕੱਲ ਬੁਰੀ।
ਉਂਜ ਦੇਖੋ ਤਾਂ ਜੀਵ ਇਕੱਲਾ ਹੈ। ਇਕੱਲਾ ਆਉਂਦਾ ਹੈ ਤੇ ਚਲਾ ਬੀ ਇਕੱਲਾ ਜਾਂਦਾ ਹੈ, ਪਰ ਇਸ ਇਕੱਲ ਦੀ ਸੋਚ ਇਸ ਨੂੰ ਨਹੀਂ ਫੁਰਦੀ, ਫੁਰੇ ਤਾਂ ਭੈ ਖਾਂਦਾ ਹੈ। ਕਿੰਤੂ ਜਗਤ ਵਿਚ ਵਸਦਿਆਂ ਇਸ ਨੂੰ ਜੇ ਕਦੇ ਇਕੱਲ ਆ ਵਾਪਰੇ ਤਾਂ ਬਹੁਤ ਦੁਖੀ ਹੁੰਦਾ ਹੈ। ਜੇ ਵੀਚਾਰ ਕਰੋ ਤਾਂ ਇਨਸਾਨ ਜਗਤ ਵਿਚ ਵਸਦਾ ਰਸਦਾ ਬੀ ਇਕੱਲ ਵਿਚ ਹੈ, ਪਰ ਦੁਆਲੇ ਵਸਦੇ ਭੀੜ ਭੜੱਕਿਆਂ ਕਰਕੇ ਇਸ ਨੂੰ ਇਸ ਆਪਦੀ ਇਕੱਲ ਦੀ ਵੀਚਾਰ ਨਹੀਂ ਫੁਰਦੀ। ਜਿਵੇਂ ਸੌ ਅੰਡੇ ਨਾਲੋ ਨਾਲ ਪਏ ਹਨ, ਸਭ ਆਪੋ ਆਪਣੀ ਹਦਬੰਦੀ ਵਿਚ ਬੰਦ ਹਨ, ਪਏ ਹਨ ਚਾਹੋ ਕੋਲੋ ਕੋਲ ਪਰ ਹੈਨ ਅਡੋ ਅੱਡ, ਇਕੱਲੇ ਇਕੱਲੇ। ਹਾਂ ਸੈ ਪਿੰਜਰੇ ਨੇੜੇ ਨੇੜੇ ਪਏ ਹਨ, ਪਰ ਪੰਛੀ ਵਿਚ ਇਕੱਲੇ ਇਕੱਲੇ ਬੈਠੇ ਹਨ। ਸੈ ਦੀਪ ਕਿਸੇ ਸਾਗਰ ਵਿਚ ਨੇੜੇ ਨੇੜੇ ਹਨ, ਵਿਚ ਜਲ ਹੈ, ਹਨ ਨੇੜੇ ਨੇੜੇ ਪਰ ਹਨ ਇਕੱਲੇ ਇਕੱਲੇ, ਆਪੋ ਆਪਣੀ ਹਦਬੰਦੀ ਦੇ ਅੰਦਰ ਵੱਖਰੇ ਵੱਖਰੇ, ਇਸੀ ਤਰ੍ਹਾਂ ਇਨਸਾਨ ਇਨਸਾਨ ਦੇ ਭਾਵੇਂ ਨੇੜੇ ਹੋਵੇ ਪਰ ਹੈ ਹਰ ਕੋਈ ਵੱਖਰਾ ਵੱਖਰਾ, ਇਕੱਲਾ ਇਕੱਲਾ। ਹਰੇਕ ਦਾ ਆਪਾ ਜੁਦਾ ਜੁਦਾ ਹੈ, ਹਰੇਕ ਦੀ ਅੰਦਰਲੀ ਦੁਨੀਆਂ ਹੈ ਆਪੋ ਆਪਣੀ। ਪੁੱਤ ਨੂੰ ਪੀੜ ਹੋ ਰਹੀ ਹੈ, ਮਾਂ ਪਾਸ ਬੈਠੀ ਟਕੋਰ ਕਰ ਰਹੀ ਹੈ, ਜਵੈਣ ਫਕਾ ਰਹੀ ਹੈ ਤੇ ਵਾਰੀ ਘੋਲੀ ਹੋ ਰਹੀ ਹੈ, ਪਰ ਜਿੱਥੇ ਕੁ ਪੁਤ੍ਰ ਨੂੰ ਪੀੜ ਪ੍ਰਤੀਤ ਹੋ ਰਹੀ ਹੈ ਓਥੇ ਮਾਂ ਦੀ ਪਹੁੰਚ ਨਹੀਂ ਹੈ। ਕਚੀਚੀਆਂ ਲੈਂਦੀ ਹੈ ਕਿ ਵੱਸ ਹੋਏ ਤਾਂ ਪੀੜ ਨੂੰ ਓਥੋਂ ਧ੍ਰ ਕੱਢਾਂ, ਪਰ ਇਡੇ ਹਿਤ ਤੇ ਹਿਤੂ ਦੇ ਪਾਸ ਹੁੰਦਿਆਂ ਬੀ ਪੁੱਤ ਪੀੜਾ-ਮੰਡਲ ਵਿਚ ਇਕੱਲਾ ਹੈ। ਇਸ ਇਕੱਲ ਦੀ ਸੋਝੀ ਵਿਟ੍ਰੇਕੀ ਵੈਰਾਗਵਾਨ ਨੂੰ ਪੈਂਦੀ ਹੈ। ਇਕ ਹੋਰ ਇਕੱਲ ਹੈ, ਜਿਸ ਵਿਚ ਇਨਸਾਨ ਖੁਸ਼ੀ ਖੁਸ਼ੀ ਵੱਸ ਰਿਹਾ ਹੈ। ਹਰ ਇਨਸਾਨ ਇਕੱਲਾ ਹੈ ਤੇ ਜਗਤ ਨਾਲ ਉਸ ਨੂੰ ਸਹਿ ਸੁਭਾ ਜੰਗ ਵਾਪਰ ਰਿਹਾ ਹੈ। ਹਰੇਕ ਆਪਣੇ ਲਾਭ ਦੇ ਮਗਰ ਹੈ, ਦੂਏ ਨੂੰ ਓਪਰਾ ਜਾਣ ਕੇ ਉਸ ਦੇ ਲਾਭ ਦਾ ਕਿਸੇ ਨੂੰ ਫ਼ਿਕਰ ਨਹੀਂ। ਆਪਣਾ ਲਾਭ ਲੈਣ ਵੇਲੇ, ਆਪਣਾ ਨੱਫਾ ਕੱਢਣ ਵੇਲੇ, ਦੂਏ ਨਾਲ ਦਰਦ ਨਹੀਂ ਫੁਰਦਾ, ਸਗੋਂ ਉਸ ਦੀ ਹਾਨੀ ਦੀ ਬੀ ਪਰਵਾਹ ਨਹੀਂ ਰਹਿੰਦੀ। ਐਉਂ ਬੀ ਹਰ ਕੋਈ ਇਕੱਲਾ ਹੈ ਤੇ
ਇਕੱਲ ਉਸ ਦੇ ਅੰਦਰ ਵਾਪਰ ਰਹੀ ਹੈ। ਹਾਂ ਜੀਓ, ਇਹ ਇਕੱਲ ਬਾਹਰ ਦੀ ਨਹੀਂ ਅੰਦਰ ਦੀ ਹੈ। ਆਪਣਾ ਲਾਭ ਤੇ ਲਾਭ ਵਿਚ ਜਤਨ (ਕਸ਼- ਮਕਸ਼) ਤੇ ਇਸ ਜਤਨ ਤੋਂ ਪ੍ਰਾਪਤ ਹੋਈ ਜਿੱਤ ਦਾ ਰਸ ਇਸ ਇਕੱਲ ਦੀ ਸੋਝੀ ਨਹੀਂ ਪੈਣ ਦੇਂਦਾ। ਇਕ ਹੋਰ ਇਕੱਲ ਹੈ ਜੋ ਭੀੜਾਂ ਵਿਚ ਬੀ ਆ ਵਾਪਰਦੀ ਹੈ। ਕਿਸੇ ਨੂੰ ਹਵਾਈ ਜਹਾਜ਼ ਤੇ ਚੜ੍ਹਾਕੇ ਪੰਜ ਹਜ਼ਾਰ ਮੀਲ ਤੇ ਜਾ ਕੇ ਕਿਸੇ ਘੁੱਘ ਵਸਦੇ ਨਗਰ ਵਿਚ ਛੋੜ ਆਓ, ਜਿਥੋਂ ਦੇ ਵਾਸੀਆਂ ਦੀ ਕਿ ਉਹ ਬੋਲੀ ਬੀ ਨਹੀਂ ਜਾਣਦਾ। ਉਸ ਗਹਿਮਾ ਗਹਿਮ ਵਿਚ ਉਸ ਓਪਰੇ ਨੂੰ ਭੀੜ ਵਿਚ ਵਾਪਰਨ ਵਾਲੀ ਇਕੱਲ' ਦਾ ਥਹੁ ਪਏਗਾ ਤੇ ਉਸ ਨੂੰ ਇਸ ਤੋਂ ਛੁਟਕਾਰੇ ਦਾ ਰਸ ਤਦੋਂ ਪਵੇਗਾ ਜਦੋਂ ਡਾਂਵਾਂ ਡੋਲ ਹੋਏ ਨੂੰ ਇਕ ਓਪਰਾ ਹੀ ਭਾਵੇਂ ਹੋਵੇ, ਉਸ ਦੀ ਬੋਲੀ ਸਮਝਣ ਵਾਲਾ ਮਿਲ ਪਵੇ।
ਇਕ ਇਕੱਲ ਹੋਰ ਹੈ। ਜਦੋਂ ਭੀੜਾਂ ਬੀ ਦੁਆਲੇ ਹੈਨ, ਜਾਣੂ ਸਿਆਣੂ ਬੀ ਹੈਨ, ਕੋਈ ਦਰਦ ਵੰਡਾਉਣ ਵਾਲੇ ਬੀ ਹੈਨ, ਪਰ ਕੋਈ ਇਕ ਪਿਆਰਾ, ਜਿਸ ਨੂੰ ਆਪਣੀ ਸੁਰਤ ਦਾ ਆਧਾਰ ਬਣਾ ਲਿਆ ਸੀ, ਉਹ ਬਿਨਸ ਗਿਆ ਹੈ। ਹਾਂ, ਇਸ ਇਕੱਲਾਂ ਵਾਲੇ ਜਗਤ ਵਿਚ, ਜਿਥੇ ਬਾਹਰ ਭੀ 'ਵਿੱਥ' ਦਾ ਪਸਾਰਾ ਹੈ ਤੇ ਅੰਦਰ ਬੀ 'ਵਿੱਥ' ਦਾ ਖਿਲਾਰਾ ਹੈ, ਇਕ ਪਿਆਰ ਹੈ- ਹਮਦਰਦੀ ਹੈ-ਜੇ ਇਸ ਵੇਲੇ ਕਿਤੋਂ ਉਹ ਆ ਪ੍ਰਕਾਸ਼ੇ ਤਾਂ ਇਕੱਲ ਰੂਪੀ ਵਿੱਥ ਤੇ ਪੁਲ ਬਣ ਜਾਂਦਾ ਹੈ। ਇਸੇ ਪੁਲ ਸ਼੍ਰੇਣੀ ਦੇ ਆਸਰੇ ਇਨਸਾਨ ਆਪਣੀ ਕੁਦਰਤੀ 'ਇਕੱਲ ਨੂੰ ਭੁੱਲਾ ਰਹਿੰਦਾ ਹੈ। ਪਰ ਜਦੋਂ ਕਦੀ ਇਹ ਪੁਲ ਟੁੱਟੇ, ਜਾਂ ਕੋਈ ਪਿਆਰਾ, ਜਿਸ ਨਾਲ ਕਿ ਸੁਰਤ ਨੇ ਇਹ ਪ੍ਯਾਰ ਲਗਾਉ ਦਾ ਪੁਲ ਬਣਾ ਲਿਆ ਸੀ, ਵਿਛੁੜੇ ਤਾਂ ਇਕੱਲ ਅੰਦਰ ਆ ਵੜਦੀ ਹੈ, ਉਹ ਲੋਕਾਂ ਦੇ ਪਾਸ ਹੁੰਦਿਆਂ ਬੀ ਇਕੱਲ ਦੀ ਪੀੜ ਝਰਨਾਟ ਦੇਂਦੀ ਹੈ।
2. (ਇਕੱਲ ਦੀ ਰਾਤ)
ਇਕ ਪੋਠੋਹਾਰ ਦੀ ਬੀਬੀ ਹੈ, ਜਿਸ ਦਾ ਪ੍ਰਾਣਪਤੀ ਐਨ ਜਵਾਨੀ ਵਿਚ ਸੰਸਾਰ ਤੋਂ ਟੁਰ ਗਿਆ ਹੈ । ਬੀਬੀ ਆਪ ਬੀ ਜੁਆਨ ਹੈ, ਸਡੌਲ, ਸੁਹਣੀ, ਸਰੂ ਵਾਂਗੂੰ ਲੰਮੀ ਤੇ ਸੁਘੜ ਬੀ ਹੈ। ਨਾਮ ਬੀ ਇਸ ਦਾ 'ਸੁਘੜੋ' ਹੀ ਪ੍ਰਸਿੱਧ ਹੈ। ਇਸ ਦੇ ਪੇਕੇ ਬੀ ਸ਼ਾਹੂਕਾਰ ਸਨ, ਧੀ ਇਕੋ ਸੀ, ਓਹ ਗੁਜ਼ਰ ਚੁਕੇ ਹਨ ਤੇ ਪਦਾਰਥ ਸਾਰਾ ਇਸ ਸੁੱਖੇ ਲੱਧੀ ਧੀ ਨੂੰ ਦੇ ਗਏ ਹਨ। ਪਤੀ ਆਪ ਬੀ ਚੋਖੇ ਪੈਸੇ ਵਾਲਾ ਸੀ। ਇਸ ਦੇ ਪੁੱਤ੍ਰ ਧੀ ਨਾ ਹੋਣ ਕਰਕੇ
ਉਹ ਪਦਾਰਥ ਬੀ ਸਾਰਾ ਸੁਘੜੇ ਦੇ ਪਾਸ ਹੈ। ਦੁਵੱਲਿਓਂ ਆਈ ਦੌਲਤ ਇਸ ਦੇ ਪੈਰ ਚੁੰਮ ਰਹੀ ਹੈ, ਪਰ ਇਹ ਹੈ ਇਕੱਲੀ। ਨਾ ਹਨ ਪੇਕੇ, ਨਾ ਸਹੁਰੇ, ਨਾ ਪਿਤਾ, ਨਾ ਪਤੀ, ਨਾ ਮਾਂ, ਨਾ ਸੱਸ। ਅਗੋਂ ਵੇਲ ਵਧੀ ਨਹੀਂ, ਨਾ ਹੈ ਪੁੱਤ ਨਾ ਹੈ ਧੀ। ਸੰਸਾਰ ਵਿਚ ਬੈਠੀ ਹੈ ਇਹ ਬੀਬੀ ਇਕੱਲੀ, ਨੌਕਰ ਚਾਕਰ ਹੈਨ, ਦੂਰ ਨੇੜੇ ਦੇ ਸੰਬੰਧੀ ਹੈਨ, ਕੁਸ਼ਾਮਤੀ ਬੀ ਅਨੇਕਾਂ ਹੈਨ, ਧਨ ਪਿੱਛੇ ਜੀ ਜੀ ਕਰਨ ਵਾਲੇ ਬੀ ਹੈਨ, ਪਰ ਉਹ ਆਪ ਨੂੰ ਇਕੱਲ ਵਿਚ ਹੀ ਵੇਖ ਰਹੀ ਹੈ। ਬਾਹਰ ਇਕੱਲ ਪਿਆਰਨ ਵਾਲਿਆਂ ਦੇ ਬਿਨਸ ਜਾਣ ਦੀ, ਅੰਦਰ ਇਕੱਲ ਹੈ ਸੁਰਤ ਦੇ ਆਸਰੇ-ਪਤੀ-ਦੇ ਵਿਯੋਗ ਦੀ। ਅੱਧੀ ਰਾਤ ਹੈ, ਗਰਮੀ ਦੀ ਰੁਤ ਹੈ, ਧੁਰ ਛੱਤ ਤੇ ਪਲੰਘ ਡੱਠਾ ਹੈ, ਜਿਸ ਉਤੇ ਇਹ ਬੀਬੀ ਲੇਟ ਰਹੀ ਹੈ। ਹਾਂ ਸੁਘੜੋ ਲੇਟੀ ਤਾਂ ਹੈ, ਪਰ ਹੈ ਜਾਗਦੀ ਤੇ ਗੱਲਾਂ ਕਰ ਰਹੀ ਹੈ ਤਾਰਿਆਂ ਨਾਲ:-
ਹੇ ਅਸਗਾਹ ਨੀਲ ਦੇ ਤਾਰੂਓ! ਤੁਸੀਂ ਬੀ ਮੈਨੂੰ ਮੇਰੇ ਹਾਰ ਇਕੱਲੇ ਇਕੱਲੇ ਦਿੱਸ ਰਹੇ ਹੋ। ਕੋਈ ਕਿਸੇ ਦੇ ਨਾਲ ਨਹੀਂ। ਵਿੱਥਾਂ, ਖਬਰੇ ਕੇਡੀਆਂ ਕੁ ਪਈਆਂ ਹਨ ਤੁਸਾਂ ਦੇ ਵਿਚ ਵਿਚ, ਪਰ ਤੁਸੀਂ ਫੇਰ ਪਏ ਚਮਕਦੇ ਹੋ। ਮੈਂ ਕਿਉਂ ਸੁਸਦੀ ਜਾਂਦੀ ਹਾਂ ? ਮੇਰੇ ਪਾਸ ਤੁਸਾਂ ਹਾਰ' ਚਮਕਦੇ ਜਵਾਹਰਾਤ ਹਨ; ਮੇਰੀ ਚਮਕ ਕਿਉਂ ਮਾਰੀ ਗਈ? ਨੌਕਰ ਚਾਕਰ ਬਾਂਦੀਆਂ ਬੀ ਹਨ, ਮਹਿਮਾਂ ਕਰਨ ਵਾਲੇ ਬੀ ਹਨ, ਫੇਰ ਮੈਂ ਕਿਉਂ ਇਕੱਲੀ ਇਕੱਲੀ ਲਗਦੀ ਹਾਂ। ਐਨੇ ਲੋਕਾਂ ਦੇ ਪਾਸ ਹੁੰਦਿਆਂ, ਹਾਇ, ਇਹ ਮੈਨੂੰ ਕਿਉਂ ਖਾ ਰਹੀ ਹੈ। ਸੁਘੜੋ! ਪਿਤਾ ਜੀ ਨੇ ਤੈਨੂੰ ਵਿਦਯਾ ਪੜ੍ਹਾਈ ਸੀ, 'ਜਗਤ ਅਸਾਰ ਹੈ ਤੂੰ ਪੜ੍ਹਿਆ ਸੀ। ਕੋਈ ਕਿਸੇ ਦੇ ਨਾਲ ਨਹੀਂ, ਕੱਲਾ ਆਉਂਦਾ ਕੱਲਾ ਟੁਰ ਜਾਂਦਾ ਹੈ। ਵਿੱਚ ਵਿਚਾਲੇ ਕੱਲਾ ਹੋ ਗਿਆ ਤਾਂ ਹੋ ਗਿਆ ਸਹੀ। ਪਰ ਹਾਂ, ਸੋਚਾਂ ਤਦੋਂ ਚੰਗੀਆਂ ਲਗਦੀਆਂ ਸਨ, ਪਰ ਹੁਣ ਕੰਮ ਨਹੀਂ ਸਾਰਦੀਆਂ। ਹਿਰਦੇ ਪੀੜ ਹੈ ਤੇ ਹਟਦੀ ਨਹੀਂ। ਬਾਪੂ ਜੀਓ, ਬਾਪੂ ਜੀਓ! ਆਓ ਦੇਖੋ ਲਾਡਾਂ ਪਲੀ ਕਿਵੇਂ ਵਿਲਕ ਰਹੀ ਹੈ। ਮੌਤ, ਬੁਰੀ ਮੌਤ, ਵਿਛੋੜਿਆਂ ਦੀ ਛੁਰੀ ਮੌਤ,-ਮਾਂ ਵਿਛੋੜੀ, ਪਿਤਾ ਵਿਛੋੜੇ, ਪਤੀ ਬੀ ਛੋੜਿਆ, ਪਰ ਹਾਇ, ਮੌਤ ਰਹਿਮਤ ਬੀ ਹੈ। ਤੁਸੀਂ ਮਰੇ ਬਾਪੂ ਜੀਓ ਤਾਂ ਮੈਂ ਗ਼ਮ ਖਾਧਾ ਸੀ
---------------
ਕਿ ਹਾਇ ਕਿਉਂ ਟੁਰ ਗਏ, ਪਰ ਮੈਂ ਅੱਜ ਦੇਖਦੀ ਹਾਂ ਕਿ ਤੁਸਾਂ ਤੇ ਮੌਤ ਨੇ ਰਹਿਮਤ ਕੀਤੀ ਸੀ। ਜੇ ਤਦੋਂ ਓਹ ਆਪ ਨੂੰ ਨਾ ਲੈ ਜਾਂਦੀ ਤਾਂ ਅਜ ਤੁਸੀਂ ਮੈਨੂੰ ਦੁਖੀ ਦੇਖ ਕੇ ਦੁਖੀ ਹੁੰਦੇ ਤੇ ਜੇ ਓਹ ਤਦੋਂ ਮੈਨੂੰ ਬੀ ਸਮੇਟ ਲੈਂਦੀ ਤਾਂ ਮੈਂ ਬੀ ਪਤੀ-ਵਿਯੋਗ ਦਾ ਦੁਖ ਅੱਜ ਨਾ ਦੇਖਦੀ। ਮੌਤ ਰਹਿਮਤਾਂ ਵਾਲੀ ਹੈ, ਪਰ ਇਸ ਦੀ ਮਿਹਰ ਇਸ ਦੀ ਆਪਣੀ ਖ਼ੁਸ਼ੀ ਤੇ ਹੈ। ਮੰਗਿਆਂ ਖੈਰ ਨਹੀਂ ਪਾਉਂਦੀ, ਅਪਣੀ ਖੁਸ਼ੀ ਨਾਲ ਮੇਹਰਾਂ ਦੇ ਮੀਂਹ ਵਸਾ ਦੇਂਦੀ ਹੈ। ਇਸ ਦੇ ਬਥੇਰੇ ਤਰਲੇ ਕੱਢੇ ਕਿ ਮੈਨੂੰ ਬੀ ਲੈ ਚੱਲ ਪਤੀ ਦੇ ਨਾਲ, ਪਰ ਇਕ ਨਾ ਸੁਣੀ ਇਸ ਆਪਣੀ ਕੀਤੀ ਕਰਨਹਾਰ ਨੇ!
ਕਟਦੀ ਨਹੀਂ ਦੁੱਖ ਦੀ ਰਾਤ,
ਕਿਵੇਂ ਕਟੇਗੀ ਦੁਖਦੀ ਉਮਰ, ਕਿਵੇਂ ਹੋਇਗੀ ਪ੍ਰਭਾਤ?
ਨੈਨਾਂ ਨਹੀਂ ਪੈਂਦੀ ਏ ਨੀਂਦ,
ਕਿਵੇਂ ਆਵੇਗੀ ਸਦਾ ਦੀ ਨੀਂਦ,
ਨੀਂਦ ਸੁਲੱਖੀ ਕਦੋਂ ਪਾਵੇਗੀ ਝਾਤ?
ਨਹੀਂ ਆਵੋਗੇ ਪ੍ਰੀਤਮ! ਫੇਰ,
ਸੁਘੜੋ ਨਾ ਦੇਖੇਗੀ ਫੇਰ ਫੇਰੇ ਫਿਰਨ ਵਾਲੀ ਓ ਰਾਤ।
3. (ਇਕੱਲ ਤੋਂ ਨਿਕਲਣ ਦੇ ਤਰਲੇ)
ਵਿਆਕੁਲਤਾ ਤੇ ਘਬਰਾ ਸੁਘੜੇ ਦਾ ਕਿਸੇ ਕਿਸੇ ਵੇਲੇ ਸ਼ੁਦਾ ਵਾਂਙੂ ਹੋ ਹੋ ਜਾਂਦਾ ਸੀ, ਪਰ ਕੋਈ ਕੁਦਰਤੀ ਬਲ ਸੀ ਮਨ ਵਿਚ ਤੇ ਕੁਛ ਪੜ੍ਹੀ ਹੋਈ ਸੀ, ਡਾਢੇ ਘਬਰਾਵਾਂ ਵੇਲੇ ਉਹ ਕੋਈ ਰਸਤਾ ਟੋਲਦੀ ਸੀ ਉਸ ਅੰਦਰ ਵਾਪਰੀ ਇਕੱਲ ਤੋਂ ਛੁੱਟਣ ਦਾ। ਦਿਨ ਚਾਲੀ ਕਹਿਰ ਦੇ ਬੀਤੇ ਰੋਂਦਿਆਂ ਤੇ ਵਿਲਪਦਿਆਂ। ਇਕ ਰਾਤ ਤਾਰੇ ਗਿਣੇਂਦੀ ਨੂੰ ਸੋਝੀ ਫੁਰੀ ਕਿ ਉਹ ਤਾਂ ਹੁਣ ਗਿਆ ਤੇ ਆ ਨਹੀਂ ਸਕਦਾ, ਕੋਈ ਆਦਿ ਜੁਗਾਦਿ ਆਯਾ ਨਹੀਂ; ਕੀ ਮੈਂ ਕਿਸੇ ਸ਼ੈ ਨੂੰ ਹੁਣ ਮੋੜ ਬੀ ਸਕਦੀ ਹਾਂ?
ਸਿਆਣਪ ਵਾਲੇ ਤੇ ਸੋਝੀ ਵਾਲੇ ਮਨ ਨੇ ਸੋਚਿਆ ਕਿ ਪਤੀ ਪਿਆਰੇ ਦੀ ਯਾਦ ਮੈਂ ਸੰਭਾਲ ਸਕਦੀ ਹਾਂ। ਉਸ ਦੇ ਮੇਲ ਦਾ ਸੁਖ ਅੰਤ ਮਨ ਨੂੰ ਹੀ ਹੁੰਦਾ ਸੀ ਨਾ ਤੇ ਜੋ ਸ਼ੈ ਮੈਨੂੰ ਦੁਖ ਦੇ ਰਹੀ ਹੈ ਉਹ ਬੀ ਹੈ ਮਨ ਵਿਚ ਉਹਨਾਂ ਸੁਖਾਂ ਦੀ ਯਾਦ। ਮੈਂ ਹੁਣ ਰੁੜ੍ਹਦੀ ਹਾਂ ਵਿਜੋਗ ਦੀ
ਪੀੜਾ ਵਿਚ, ਕਿਉਂ ਨਾ ਜੀਵਾਂ 'ਮੇਲ-ਰਸ ਦੀ ਯਾਦ' ਵਿਚ। ਉਹ ਛਿਨਾਂ, ਉਹ ਘੜੀਆਂ, ਉਹ ਵਕਤ ਦੇ ਲਹਿਰਾਉ ਜੋ ਲੰਘੇ ਪਤੀ ਪ੍ਰੇਮ ਦੇ ਆਨੰਦ ਵਿਚ, ਕੀ ਮੈਂ ਉਹਨਾਂ ਦੀ ਯਾਦ ਵਿਚ ਜੀਉ ਨਹੀਂ ਸਕਦੀ। ਇਹ ਸੋਚਕੇ ਸੁਘੜੋ ਨੇ ਆਪਣੇ ਮਨ ਨੂੰ ਲੱਗੀ ਚੋਟ ਦਾ ਦਾਰੂ ਲੱਭ ਲਿਆ। ਹਾਂ, ਆਖੇ: "ਹੇ ਇਕੱਲ ਜੇ ਤੂੰ ਵੜ ਗਈ ਹੈਂ ਮੇਰੇ ਮਨ ਵਿਚ, ਨਿਕਲ ਕਿ ਇਥੇ ਮੈਂ ਪੀਅ-ਰਸ ਦੀ ਯਾਦ' ਵਸਾਵਾਂ ਹੁਣ। ” ਇਸ ਯਤਨ ਵਿਚ ਲੱਗਿਆਂ " ਉਸ ਨੂੰ ਸੁਖ ਨਾਲ ਬੀਤਣ ਵਾਲਾ ਸਮਾਂ ਆ ਜਾਵੇ। ਪਰ ਫਿਰ ਵਿਯੋਗ ਪੀੜਾ ਤੇ ਇਕਲਾਪਿਆਂ ਹੋਣ ਦਾ ਰੌ ਟੁਰ ਪਵੇ। ਇਸ ਦਾ ਦਾਰੂ ਇਸ ਨੇ ਇਹ ਕੀਤਾ ਕਿ ਪਤੀ ਦੀ ਇਕ ਮੂਰਤਿ ਨੂੰ ਇਕ ਪਲੰਘ ਤੇ ਸਜਾ ਦਿੱਤਾ ਤੇ ਇਸਦੀ ਬੁਤ ਪੂਜਾ ਵਾਂਙੂ ਪੂਜਾ ਆਰੰਭੀ। ਜਦੋਂ ਦਿਲ ਟੋਟ ਪਵੇ ਤਾਂ ਮੂਰਤ ਦੇ ਸਾਹਮਣੇ ਆ ਕੇ ਆਖੇ: 'ਤੁਸੀਂ ਹੋ ਨਾ ਤੁਸੀਂ, ਤੁਸਾਂ ਦੇ ਪ੍ਰੇਮ-ਰਸ ਦੀਆਂ ਛਿਨਾਂ ਦੀ ਯਾਦ ਮੇਰੇ ਅੰਗ ਸੰਗ ਹੈ, ਹਾਂ ਤੁਸੀਂ ਹੋ ਨਾ ਤੁਸੀਂ । ਇਉਂ ਆਖੇ ਤੇ ਨੈਣ ਮੁੰਦ ਕੇ ਬੈਠ ਜਾਵੇ ਤੇ ਪਿਆਰ ਵਾਲੀਆਂ ਛਿਨਾਂ ਵਿਚ ਆਏ ਰਸ ਭਾਵ ਯਾਦ ਕਰੇ। ਇਉਂ ਸੁਰਤਿ ਵਿਚੋਂ ਨਿਕਲੇ ਇਕੱਲ-ਭਾਵ ਦਾ ਕੁਰੱਸ। ਐਦਾਂ ਲੱਗਾ ਬੀਤਣ ਸੁਘੜੇ ਦਾ ਕਾਲ। ਐਉਂ ਕੀਤਾ ਉਸ ਨੇ ਆਪਣੇ ਮਨ ਨਾਲ ਆਪਣੇ ਵਿਯੋਗ ਤੇ ਇਕੱਲ ਦਾ ਇਲਾਜ।
4. (ਮੂਰਤੀ ਪੂਜਾ। ਪਤੀ ਤੋਂ ਸ੍ਰੀ ਰਾਮ)
ਕਿਸੇ ਪਿਆਰੇ ਦੇ ਵਿਯੋਗ ਦੇ ਲੱਗੇ ਘਾਉ ਦਾ ਇਲਾਜ ਸਮਾਂ ਬੀ ਕਰਦਾ ਹੈ। ਦਾਨੇ ਕਹਿੰਦੇ ਹਨ, ਕਿ ਐਸੇ ਘਾਵਾਂ ਦਾ ਭਰਨਾ ਵਰ੍ਹਾ ਤਾਂ ਅਕਸਰ ਲੈ ਜਾਂਦਾ ਹੈ, ਪਰ ਘਾਵਾਂ ਦੇ ਭਰਨ ਸਮੇਂ ਦਾ ਹਿਸਾਬ ਘਾਵਾਂ ਦੀ ਡੂੰਘਾਈ ਉਤੇ ਹੁੰਦਾ ਹੈ। ਸੁਘੜੋ ਦੇ ਸੁਤੇ ਹੀ ਸੁਘੜ ਮਨ ਨੂੰ ਇਕ ਦਾਰੂ ਤਾਂ ਅੰਦਰੋਂ ਹੀ ਲੱਭ ਪਿਆ ਸੀ, ਪਰ ਉਸ ਵਿਚ ਉਹ ਟਿਕਵਾਂ ਭਰੋਸਾ ਨਹੀਂ ਸੀ ਜੋ ਕਿਸੇ ਸਤਿਸੰਗ ਤੋਂ ਮਿਲੀ ਸਾਂਈਂ ਦੀ ਯਾਦ ਵਿਚ ਉਪਜਦਾ ਹੈ। ਇਸੇ ਕਰਕੇ ਉਸ ਨੂੰ ਮੂਰਤੀ ਦਾ ਬੀ ਆਸਰਾ ਲੈਣਾ ਪਿਆ। ਇਸ ਆਸਰੇ ਸੁਘੜੋ ਕੁਛ ਕੁ ਬਚ ਗਈ ਰੋੜ੍ਹਾਂ ਤੇ ਵਹਿਣਾਂ ਤੋਂ। ਜਾਇਦਾਦ ਤੇ ਪਦਾਰਥ ਦਾ ਪ੍ਰਬੰਧ ਬੀ ਉਸ ਦਾ ਸਮਾਂ ਲੈਂਦੇ ਸਨ, ਏਹ ਰੋਝੇ ਬੀ ਵਿਯੋਗ ਤੇ ਇਕੱਲ ਦੇ ਦੁਖ ਨੂੰ ਭੁਲਾਉਂਦੇ ਸਨ, ਪਰ ਉਸ ਨੇ ਇਕ ਬਾਹਰਲਾ ਆਸਰਾ
ਹੋਰ ਲੱਭਾ। ਆਏ ਗਏ ਸਾਧੂ ਮਹਾਤਮਾਂ ਲਈ ਕੁਟੀਆਂ ਪਵਾਈਆਂ। ਦੁਆਲੇ ਇਕ ਬਗੀਚਾ ਬੀ ਲੁਆਇਆ, ਤੇ ਅੰਨ ਪਾਣੀ ਦਾ ਪ੍ਰਬੰਧ ਬੀ ਕਰ ਦਿੱਤਾ।
ਕਿਸੇ ਇਸਤ੍ਰੀ ਪਾਸ ਪਦਾਰਥ ਹੋਵੇ, ਫੇਰ ਵਿਧਵਾ ਹੋਵੇ ਇਹ ਗੱਲ ਸਾਕ ਸਨਬੰਧੀ, ਜਾਣੂ ਅਜਾਣੂ ਸਭ ਨੂੰ ਖਿੱਚ ਪਾ ਦੇਂਦੀ ਹੈ, ਕਿ ਕਿਸੇ ਹੀਲੇ ਹਵਾਲੇ ਇਸ ਦਾ ਧਨ ਮੁੱਛੀਏ। ਜਦੋਂ ਵਰ੍ਹਾ ਕੁ ਬੀਤ ਚੁਕਾ ਸੀ ਤੇ ਸੁਘੜੋ ਦਾ ਮਨ ਅਪਣੀ ਜਾਇਦਾਦ ਦੇ ਪ੍ਰਬੰਧ ਆਦਿ ਵਿਚ ਲੱਗ ਪਿਆ ਤਾਂ ਸੁਘੜੋ ਕੁਝ ਕੁ ਖਿੜੀ, ਕਿਸੇ ਵੇਲੇ ਖੁਸ਼ ਵੀ ਦਿੱਸ ਪੈਂਦੀ ਤਾਂ ਨੇੜੇ ਦੇ ਸਹੁਰੇ ਸਾਕਾਂ ਆਦਿਕਾਂ ਵਿਚੋਂ ਜਤਨ ਹੋਣ ਲਗੇ ਗੱਭਰੂਆਂ ਦੇ ਕਿ ਭਾਵੇਂ ਹਿੰਦੂ ਮਤ ਵਿਚ ਵਿਧਵਾ ਵਿਵਾਹ ਦੀ ਖੁੱਲ੍ਹ ਨਹੀਂ ਤੇ ਉੱਚ ਜਾਤੀਆਂ ਵਿਚ ਬੜੀ ਹੀਣਤਾ ਸਮਝੀ ਜਾਂਦੀ ਹੈ, ਪਰ ਜੇ ਇਤਨੇ ਧਨ ਵਾਲੀ ਵਿਧਵਾ ਹੱਥ ਲਗ ਜਾਏ ਤਾਂ ਇੱਜ਼ਤ ਤੇ ਬਿਰਾਦਰੀ ਦੇ ਨੱਕ ਨਮੂਜ ਨੂੰ ਕੀਹ ਕਰਨਾ ਹੈ, ਪਦਾਰਥ ਦੀ ਮੌਜ ਤਾਂ ਮਿਲ ਜਾਏਗੀ। ਇਸ ਤਰ੍ਹਾਂ ਦੇ ਕਈ ਜਤਨ ਹੋਏ ਪਰ ਸੁਘੜੋ ਤੇ ਕਿਸੇ ਦਾ ਅਸਰ ਨਾ ਪਿਆ। ਸੁਘੜੇ ਸੁਤੇ ਹੀ ਉਸ ਅਕਲ ਦੀ ਮਾਲਕ ਸੀ ਜਿਸ ਨੂੰ ਕਿ 'ਸਾਧਾਰਨ ਪਾਰਖੂ ਬੁੱਧੀ ਕਹਿਣਾ ਚਾਹੀਏ, ਇਸ ਕਰਕੇ ਇਹ ਮਾਮਲਿਆਂ ਨੂੰ ਬਿਨਾਂ ਬਹੁਤ ਸਿਰ ਭੰਨੇ ਦੇ ਛੇਤੀ ਸਮਝ ਜਾਂਦੀ ਸੀ। ਜੇ ਲੋੜ ਪਵੇ ਤਾਂ 'ਵਿਤ੍ਰੇਕ ਬੁੱਧੀ’ ਬੀ ਰੱਖਦੀ ਸੀ ਤੇ ਗੱਲ ਦੀ ਤਹਿ ਤਕ ਅੱਪੜਨ ਵਿਚ ਭੁੱਲ ਘੱਟ ਖਾਂਦੀ ਸੀ। ਬ੍ਰਿਜ ਭਾਸ਼ਾ ਦੇ ਕੁਛ ਗ੍ਰੰਥ ਪੜ੍ਹਨ ਕਰ ਕੇ ਬੁੱਧੀ ਸਾਣ ਬੀ ਚੜ੍ਹ ਗਈ ਹੋਈ ਸੀ, ਇਸ ਕਰ ਕੇ ਹਰ ਗੱਲ ਨੂੰ ਪੜਛ ਲੈਣ ਵਾਲੀ ਤਾਕਤ ਬੀ ਇਸ ਵਿਚ ਕਾਫ਼ੀ ਸੀ। ਸੋ ਇਹ ਆਪਣੇ ਉਨ੍ਹਾਂ ਸਜਣਾਂ ਦੇ ਆਸ਼ੇ ਇੰਦੀਏ ਤਾੜ ਗਈ ਕਿ ਜੋ ਇਸਨੂੰ ਆਪਣੇ ਵੱਸ ਵਿਚ ਕਰਕੇ ਇਸਦੇ ਪਦਾਰਥ ਨੂੰ ਅਪਨਾਉਣ ਦੇ ਹੀਲੇ ਕਰਦੇ ਸਨ। ਹਿੰਦੂ ਧਰਮ ਵਿਚ ਪਲੀ ਤੇ ਖੱਤ੍ਰੀ ਘਰਾਣੇ ਦੀ ਹੋਣ ਕਰਕੇ ਪਤੀ-ਵਿਯੋਗ ਮਗਰੋਂ ਹੋਰ ਪੁਰਖ ਦਾ ਖਿਆਲ ਇਸ ਨੂੰ ਪ੍ਰਿਯ ਨਹੀਂ ਸੀ ਲਗ ਸਕਦਾ। ਲੋਕ ਲਾਜ ਬੀ ਇਕ ਭਾਰੀ ਰੋਕ ਸੀ, ਪਰ ਪਤੀ-ਪ੍ਰੇਮ, ਜੋ ਇਸ ਨੂੰ ਇਸ਼ਕ ਵਾਂਗੂ ਸੀ, ਉਹ ਸੁਰਤ ਨੂੰ ਇਕ ਖਿੱਚ ਵਿਚ ਰਖਦਾ ਸੀ। ਇਨ੍ਹਾਂ ਤੇ ਐਸੇ ਕਾਰਣਾਂ ਕਰਕੇ ਜਿਸ ਜਿਸ ਨੇ ਇਸ ਨੂੰ ਆਪਣੀ ਬਨਾਉਣ ਦਾ ਯਤਨ ਕੀਤਾ, ਉਹ ਹਾਰ ਗਿਆ ਤੇ ਸੁਘੜੋ ਹਰ ਐਸੇ ਪੇਸ਼ ਆਏ ਮਾਮਲੇ ਵਿਚ ਜਿੱਤਦੀ ਰਹੀ। ਹਰ ਜਿੱਤ ਉਸ ਦੇ
ਮਨ ਨੂੰ ਵਧੇਰੇ ਮਜ਼ਬੂਤ ਕਰਦੀ ਗਈ, ਪਰ ਨਾਲ ਹੀ ਸੰਸਾਰ ਤੋਂ ਵੈਰਾਗ ਵਧਦਾ ਗਿਆ। ਆਪਣੇ ਧਨ ਦੇ ਮਾਮਲੇ ਵਿਚ ਇਕ ਘਰ ਦੇ ਪੁਰਾਤਨ ਨੌਕਰ ਤੋਂ ਸਿਵਾ ਕਿਸੇ ਤੇ ਇਸ ਨੂੰ ਇਤਬਾਰ ਨਾ ਰਿਹਾ ਤੇ ਇਹ ਵਧੇਰੇ ਚੌਕਸਤਾਈ ਨਾਲ ਉਸ ਨੂੰ ਸੰਭਾਲਦੀ ਰਹੀ। ਇਥੋਂ ਮਿਲੇ ਵੈਰਾਗ ਤੋਂ ਉਸ ਦਾ ਝੁਕਾਉ ਸਤਿਸੰਗ ਵਲ ਪੈ ਗਿਆ, ਜਿਸ ਵਿਚ ਇਸ ਨੂੰ ਦਿੱਸੇ ਕਿ ਰੂਹ ਦਾ ਭਲਾ ਹੋਊ ਤੇ ਪਦਾਰਥ ਦੀ ਸਫ਼ਲਤਾ ਦਾ ਅਵਸਰ ਮਿਲਦਾ ਰਹੂ। ਕੁਟੀਆਂ ਜੋ ਪੁਵਾਈਆਂ ਸਨ ਓਥੇ ਨੌਕਰ ਕੰਮ ਕਰਦੇ ਸਨ, ਪਰ ਹੁਣ ਇਹ ਆਪ ਓਥੇ ਜਾਣ ਆਉਣ ਲਗ ਪਈ। ਵਿਦਵਾਨਾਂ ਤੇ ਭਲੇ ਪੁਰਖਾਂ ਨਾਲ ਵੀਚਾਰ ਦਾ ਓਥੇ ਸਮਾਂ ਮਿਲ ਜਾਂਦਾ ਸੀ, ਜਿਸ ਨਾਲ ਉਸ ਨੂੰ ਆਪਣੀ ਅੰਤ੍ਰੀਵ ਭੁੱਖ ਲਈ ਭੋਜਨ ਮਿਲ ਜਾਂਦਾ ਤੇ ਹੱਥ ਨਾਲ ਅੰਨ ਪਾਣੀ ਦੀ ਸੇਵਾ ਕਰਕੇ ਜੋ ਅਸ਼ੀਰਵਾਦਾਂ ਮਿਲਦੀਆਂ ਯਾ ਸਾਧੂ ਲੋਕ ਮਹਿਮਾਂ ਕਰ ਜਾਂਦੇ ਉਹ ਬੀ ਸੁਰਤ ਨੂੰ ਕੁਛ ਆਸਰਾ ਦੇ ਜਾਂਦੇ।
ਇਸ ਤਰ੍ਹਾਂ ਕਰਦਿਆਂ ਇਕ ਸਮੇਂ ਕੋਈ ਬੈਰਾਗੀ ਸਾਧੂ ਆਏ। ਏਹ ਚੰਗੇ ਦਿੱਸਣੇ ਪੁੱਸਣੇ ਤੇ ਵਿਦਵਾਨ ਬੀ ਸੇ। ਬੀਬੀ ਦਾ ਹਾਲ ਸੁਣਕੇ ਏਹ ਕੁਛ ਵਧੇਰੇ ਚਿਰ ਲਈ ਟਿਕ ਗਏ ਤੇ ਉਪਦੇਸ਼ ਆਦਿ ਵਿਚ ਕੁਛ ਵਧੇਰੇ ਸਮਾਂ ਦੇਣ ਲਗ ਪਏ। ਜਦੋਂ ਉਸ ਸਾਧੂ ਨੂੰ ਪਤਾ ਲੱਗਾ ਕਿ ਬੀਬੀ ਪਤੀ ਮੂਰਤੀ ਦਾ ਪੂਜਨ ਵਾਂਙ ਪੂਜਨ ਕਰਦੀ ਹੈ ਤਾਂ ਕਹਿਣ ਲੱਗੇ: "ਦੇਖ ਬੀਬੀ ਤੂੰ ਨੇ ਜੇ ਪਤੀ ਪ੍ਰੇਮ ਮੇਂ ਮੂਰਤੀ ਪੂਜਨ ਆਰੰਭ ਕੀਆ ਹੈ ਯਿਹ ਠੀਕ ਨਹੀਂ। ਮਰੇ ਕੇ ਪੀਛੇ ਉਸ ਕੋ ਯਾਦ ਕਰਨਾ ਅੱਛਾ ਨਹੀਂ। ਆਮ ਲੋਗੋਂ ਮੇਂ ਪ੍ਰਚਲਤ ਬਾਤ ਹੈ ਕਿ ਮਰੇ ਕੋ ਯਾਦ ਨਹੀਂ ਕਰਤੇ। ਜਬ ਜਲਾ ਕਰ ਆਤੇ ਹੈਂ ਤੋਂ ਵਹੀਂ ਤਿਨਕਾ ਤੋੜ ਆਤੇ ਹੈਂ, ਯਿਹ ਕਹਿ ਕਰ 'ਯਤ੍ਰ ਆਗਤਾ ਤਤ੍ਰ ਗਤਾ"। ਸਭ ਮਰੇ ਪ੍ਰਾਣੀ ਬੀਤ-ਰਾਗ ਮਹਾਂਪੁਰਖ ਨਹੀਂ ਹੋਤੇ। ਮਾਯਾਵੀ ਮਰੇ ਹੂਓਂ ਕੀ ਯਾਦ ਕਰਨੇ ਵਾਲੇ ਕੇ ਲੀਏ ਕਈ ਕਲੇਸ਼ੋਂ ਕਾ ਕਾਰਣ ਬਨ ਜਾਤੀ ਹੈ, ਪਰ ਤੁਮ ਸੁਸ਼ੀਲ ਹੋ, ਧਰਮ ਅਨੁਰਾਗਿਨੀ ਹੋ, ਤੁਮ ਕੋ ਜੋ ਅਭੀ ਤਕ ਹਾਨੀ ਨਹੀਂ ਹੂਈ ਰਾਮ ਕੀ ਅਨੁਗ੍ਰਹ ਹੈ ਤੁਮ ਪਰ। ਔਰ ਹਮਾਰੇ ਜਾਨੇ ਭਲਾ ਹੂਆ ਕਿ ਆਪ ਕੋ ਧ੍ਯਾਨ ਕਾ ਅਭ੍ਯਾਸ ਹੋ ਗਿਆ। ਅਬ ਜੇ ਤੁਮ ਰਾਮ-ਮੂਰਤੀ ਰਖ ਲੋ, ਪਤੀ ਮੂਰਤੀ ਕੀ ਜਗ੍ਹਾ, ਤੋ ਤੁਮਾਰੀ ਕਲ੍ਯਾਨ
----------------
ਹੋ ਜਾਯੇ। ਯਦੀ ਪਤੀ-ਭਗਤੀ, ਸ੍ਰੀ ਰਾਮ ਕੀ ਭਗਤੀ ਹੋ ਜਾਏ ਤੋਂ ਜਨਮ ਮਰਨ ਕੀ ਬਾਧਾ ਦੂਰ ਹੋ ਜਾਏ।”
ਇਸ ਪ੍ਰਕਾਰ ਇਸ ਸਾਧੂ ਨੇ ਸੁਘੜੋ ਨੂੰ ਆਪਣੇ ਮਤ ਵਲ ਪ੍ਰੇਰ ਲਿਆ ਤੇ ਪਤੀ ਮੂਰਤੀ ਦੀ ਥਾਂ ਰਾਮ ਮੂਰਤੀ ਵਿਚ ਲਗਾ ਲਿਆ। ਹੁਣ ਜੋ ਪਤੀ ਪ੍ਰੇਮ ਸੀ ਯਾ ਪਤੀ-ਪ੍ਰੇਮ-ਰਸ ਦੀ ਯਾਦ ਸੀ, ਉਸ ਖ੍ਯਾਲ ਵਿਚੋਂ ਮਨ ਸੁਤੇ ਹੀ ਨਿਕਲ ਗਿਆ ਤੇ ਰਾਮ ਭਗਤੀ ਵਿਚ ਲਗ ਗਿਆ। ਜੋ ਜੋ ਸਾਧਨ ਸਾਧੂ ਨੇ ਕਹੇ ਇਸ ਨੇ ਕੀਤੇ, ਪਰ ਚਿੱਤ ਡਾਂਵਾਂ ਡੋਲ ਹੋ ਹੋ ਜਾਇਆ ਕਰੇ, ਅੰਤ ਇਸ ਨੂੰ ਇਕ ਦਿਨ ਉਸ ਸਾਧੂ ਦੀ ਗੁਫ਼ਤਗੂ ਤੋਂ ਸੋਝੀ ਪੈ ਗਈ ਕਿ ਰਾਮ ਅਵਤਾਰ ਦੀ ਪ੍ਰਾਪਤੀ ਦੀ ਥਾਂ ਇਹ ਪੁਰਖ ਹੀ ਰਾਮ ਰੂਪ ਬਣਕੇ ਮੈਨੂੰ ਆਪਣੇ ਮਗਰ ਲਾਏਗਾ। ਸੁਘੜੋ ਨੇ ਹੁਣ ਹੁਸ਼ਿਆਰ ਹੋ ਕੇ ਪੜਚੋਲ ਆਰੰਭੀ ਤਾਂ ਇਸ ਸਿੱਟੇ ਤੇ ਪੁੱਜ ਗਈ ਕਿ ਇਹ ਸਾਧੂ ਆਪ ਆਪਣੀਆਂ ਮਨੋਂ ਕਾਮਨਾਂ ਦਾ ਬਿਜਈ ਨਹੀਂ ਹੈ ਤੇ ਮੇਰੇ ਪਦਾਰਥ ਤੇ ਮੇਰੇ ਰੂਪ ਕਰਕੇ ਮੈਨੂੰ ਬਿਜੈ ਕਰਨ ਦੇ ਉਪਰਾਲਿਆਂ ਵਿਚ ਹੈ। ਇਹ ਨਿਸਚੇ ਕਰਕੇ ਉਸ ਨੇ ਸਾਧੂ ਨੂੰ ਕੁਟੀਆ ਤੋਂ ਵਿਦਾ ਕੀਤਾ ਤੇ ਆਪ ਫਿਰ ਵਹਿਣਾਂ ਵਿਚ ਪੈ ਗਈ ਕਿ ਜਿਵੇਂ ਸੰਸਾਰ ਦੇ ਮੇਲੀ ਕਿਸੇ ਦੇ ਮਿੱਤ੍ਰ ਨਹੀਂ, ਕੇਵਲ ਆਪਣੇ ਲਾਭ ਲਈ ਦੂਏ ਨੂੰ ਮਿਲਦੇ ਹਨ ਤਿਵੇਂ ਏਹ ਘਰ ਬਾਰ ਤਿਆਗ - ਕੇ ਵਿਚਰ ਰਹੇ ਐਸੇ ਸਾਧੂ ਬੀ ਮਾਯਾ ਦੇ ਮਗਰ ਹੀ ਬਾਵਲੇ ਹੋ ਰਹੇ ਹਨ।
ਇਹ ਠੁਹਕਰ ਖਾ ਕੇ ਸੁਘੜੋ ਦਾ ਮਨ ਪਿੱਛੇ ਨਹੀਂ ਮੁੜਿਆ। ਉਹ ਹੁਣ ਇਸ ਧੁਨਿ ਵਿਚ ਸੀ ਕਿ ਆਖ਼ਰ ਮਰਨਾ ਹੈ, ਧੰਨ ਪਦਾਰਥ ਨੇ ਨਾਲ ਨਹੀਂ ਜਾਣਾ। ਜੀਵਨ ਨੂੰ ਹੁਣ ਐਸਾ ਪਲਟਾ ਦਿਓ ਕਿ ਮੁੜਕੇ ਜਨਮ ਨਾ ਹੋਵੇ। ਨਾ ਜਨਮ ਆਵੇ, ਨਾ ਮੋਹ ਮਾਯਾ ਪਿਤਾ ਪਤੀ ਆਦਿਕਾਂ ਨਾਲ ਪਵੇ, ਨਾ ਵਿਯੋਗ ਦੀ ਸੱਟ ਸਹਿਣੀ ਪਵੇ। ਹਾਂ ਕੋਈ ਸਾਧੂ ਜ਼ਰੂਰ ਟੋਲਣਾਂ ਹੈ ਜੋ ਆਪ ਪਾਰ-ਗਿਰਾਮੀ ਹੋਵੇ, ਜੋ ਮਾਯਾ ਤੋਂ ਅਤੀਤ ਹੋਵੇ ਤੇ ਪਰਮਾਤਮਾ ਵਿਚ ਪਹੁੰਚ ਰਖਦਾ ਹੋਵੇ। ਸੋ ਇਸ ਨੇ ਸਾਧਾਂ ਸੰਤਾਂ ਨੂੰ ਮਿਲਣਾ ਨਾ ਛੋੜਿਆ। ਜਦੋਂ ਸੁਣੇ ਕਿ ਕੋਈ ਸਾਧੂ ਆਯਾ ਹੈ, ਆਪਣੀਆਂ ਸਖੀਆਂ ਨੂੰ
ਨਾਲ ਲੈ ਕੇ ਉਸਨੂੰ ਮਿਲਣ ਜਾਵੇ। ਭੇਟਾ ਪੂਜਾ ਬੀ ਲੈ ਜਾਵੇ ਤੇ ਚੰਗਾ ਲੱਗੇ ਤਾਂ ਕੁਛ ਦਿਨਾਂ ਲਈ ਕੁਟੀਆ ਵਿਚ ਟਿਕਾ ਬੀ ਲਵੇ। ਹਰੇਕ ਸਾਧੂ ਤੋਂ ਇਸਦੇ ਕੰਨੀਂ ਇਹ ਅਵਾਜ਼ਾ ਪਏ ਕਿ ਗੁਰੂ ਬਿਨਾ ਗਤਿ ਨਹੀਂ। ਪਰ ਇਹ ਸਾਧਾਂ ਵਿਚ ਟੋਲ ਕਰੇ ਕਿ ਮੇਰੇ 'ਮਨ ਮੰਨੇ' ਦਾ ਗੁਰੂ ਲੱਝ ਜਾਵੇ।
ਉਧਰ ਇਸ ਦੀ ਸਾਧੂ-ਸੇਵਾ ਦੀ ਸੋ ਦੂਰ ਦੂਰ ਤਕ ਫੈਲ ਗਈ। ਭੇਖ ਦੇ ਪਰਦੇ ਵਿਚ ਜੋ ਮਾਯਾ ਦੇ ਚਾਹਵਾਨ ਸਨ ਸੋ ਸੁਣ ਕੇ ਦੂਰ ਦੂਰ ਤੋਂ ਪੁੱਜਣ ਲੱਗੇ। ਜੋ ਤਾਂ ਅਚਾਹ ਲੋਕ ਸਨ ਉਹ ਤਾਂ ਕਾਹਨੂੰ ਕਿਸੇ ਕੋਲ ਪੁੱਜਦੇ ਹਨ ਸਿਵਾ ਉਸ ਸਮੇਂ ਦੇ ਕਿ ਜਦੋਂ ਹੁਕਮ ਉਨ੍ਹਾਂ ਨੂੰ ਕਿਧਰੇ ਲੈ ਟੁਰੇ, ਪਰ ਮਨੋਂ ਕਾਮਨਾਂ ਭੇਖ ਵਿਚ ਬੈਠਿਆਂ ਨੂੰ ਬੀ ਕਦੋਂ ਚਉ ਕਰਕੇ ਬੈਠਣ ਦੇਂਦੀਆਂ ਹਨ ? ਸੁਘੜੋਂ ਦੀ ਸੋ ਸੁਣ ਕੇ ਬ੍ਰਿੰਦਾਬਨ ਤੋਂ ਇਕ ਵੈਸ਼ਨਵ ਸਾਧੂ ਟੁਰੇ ਤੇ ਪੋਠੋਹਾਰ ਆ ਪੁੱਜੇ। ਇਨ੍ਹਾਂ ਦੇ ਨਾਲ ਰਾਸ ਲੀਲ੍ਹਾ ਦਾ ਰਾਜਸੀ ਸਾਮਾਨ ਸਾਰਾ ਸੀ, ਗਾਇਨ ਤੇ ਨ੍ਰਿਤਕਾਰੀ ਦਾ ਕਮਾਲ ਸੀ। ਸੁਘੜੋ ਦੇ ਗਿਰਾਂ ਤੋਂ ਨੇੜੇ ਕਿਸੇ ਗਿਰਾਂ ਆ ਡੇਰਾ ਕੀਤਾ, ਜੋ ਗਿਰਾਂ ਕਿ ਵਡੇਰਾ ਕਸਬਾ ਸੀ ਤੇ ਹਿੰਦੂ ਵਸੋਂ ਬਹੁਤੀ ਸੀ ਓਥੇ। ਇਨ੍ਹਾਂ ਦੀ ਭਗਤੀ ਰਾਸ ਲੀਲ੍ਹਾ ਤੇ ਸੰਕੀਰਤਨ ਦੀ ਮਹਿਮਾਂ ਸੁਘੜੋ ਦੇ ਕੰਨਾਂ ਤੱਕ ਅੱਪੜੀ। ਆਪੇ ਨਹੀਂ ਪਰ ਅਪੜਾਈ ਗਈ।
ਪਿਛਲੇ ਤਜਰਬੇ ਤੋਂ ਸਿਆਣੀ ਹੋਈ ਸੁਘੜ ਨੇ ਚੁਕੰਨਿਆਂ ਹੋ ਕੇ ਪੁਛ ਭਾਲ ਕੀਤੀ, ਜਦੋਂ ਤਸੱਲੀ ਹੋ ਗਈ ਕਿ ਇਥੇ ਬਨਾਵਟ ਨਹੀਂ ਤਾਂ ਆਪਣੇ ਗਿਰਾਂ ਬੁਲਾ ਲਿਆ। ਇਥੇ ਬਾਵਾ ਜੀ ਨੇ ਕ੍ਰਿਸ਼ਨ ਕਰਤੱਵ ਦੀ ਸਾਰੀ ਲੀਲ੍ਹਾ ਪਾਉਣੀ। ਬਾਵੇ ਦਾ ਆਪਣਾ ਨਾਮ ਕ੍ਰਿਸ਼ਨ ਕੁਮਾਰ ਸੀ, ਇਸ ਦਾ ਗਾਣਾ ਤੇ ਨ੍ਰਿਤ੍ਯ ਇਸ ਕਮਾਲ ਦਾ ਸੀ, ਕਿ ਸੁਘੜੋ ਕਈ ਵੇਰ ਬੇਸੁਧ ਹੋ ਗਈ। ਪਰਮਾਰਥ ਵਿਚ ਰੁਚੀ ਤੇ ਮਨ ਦੇ ਜੁੜਨ ਦੀ ਚਾਹਨਾਂ ਨੂੰ ਇਸ ਸੰਕੀਰਤਨ ਨਾਲ ਲਾਭ ਹੋਇਆ। ਸੁਘੜੋ ਦੀ ਸ਼ਰਧਾ ਕ੍ਰਿਸ਼ਨ ਕੁਮਾਰ ਜੀ ਵਿਚ ਚੋਖੀ ਵਧ ਗਈ।
ਸੁਘੜੇ ਪਾਸ ਇਕ ਨੌਕਰ ਸੀ 'ਚੋਖਾ'। ਇਸ ਨੂੰ ਇਸਦੇ ਸਹੁਰੇ ਨੇ ਬਚਪਨ ਤੋਂ ਪਾਲਿਆ ਸੀ ਤੇ ਹੁਣ ਇਹ ਪੰਜਾਹਾਂ ਦੇ ਲਗ ਪਗ ਸੀ। ਇਸਨੂੰ ਇਸ ਘਰ ਨਾਲ ਦਿਲੀ ਪਿਆਰ ਸੀ, ਸਾਰੇ ਮਰਦਾਂ ਦੇ ਚਲ ਬਸਣੇ ਮਗਰੋਂ ਇਹ ਸੁਘੜੇ ਦਾ ਸੱਚਾ ਵਿਸਾਹ ਯੋਗ ਸੇਵਕ ਸਾਬਤ ਹੋਇਆ।
ਸੁਘੜੋ ਦੇ ਪਰਮਾਰਥ ਦੇ ਸ਼ੌਕ ਨੂੰ ਇਹ ਕਿਸੇ ਤੌਖਲੇ ਨਾਲ ਤੱਕਦਾ ਸੀ ਤੇ ਅਕਸਰ ਵੇਰ ਇਸ ਦੇ ਕੱਢੇ ਥਹੁ ਪਤੇ ਬੀਬੀ ਨੂੰ ਸਹਾਈ ਹੁੰਦੇ ਸਨ। ਇਸ ਸਾਧੂ ਪਰ ਇਹ ਬੀ ਤਸੱਲੀ ਪਾ ਗਿਆ ਕਿ ਨਿਰਲੋਭ ਹੈ, ਪਰ ਇਸ ਨੇ ਆਪਣੀ ਖੋਜ ਤਿਆਗੀ ਨਹੀਂ ਸੀ। ਇਕ ਦਿਨ ਸੁਘੜੋ ਨੇ ਇਸ ਸਾਧੂ ਤੋਂ ਮੰਤਰ ਮੰਗਿਆ। ਸਾਧੂ ਨੇ ਕਿਹਾ ਕਿ: "ਪਹਿਲੋਂ ਆਪਣੇ ਘਰੋਂ ਰਾਮ ਮੂਰਤੀ ਦੂਰ ਕਰ, ਅਗੋਂ ਨੂੰ ਰਾਮ ਉਪਾਸ਼ਕ ਸਾਧੂਆਂ ਦਾ ਸੰਗ ਤ੍ਯਾਗ ਕਰੇਂ ਤਾਂ ਅਸੀਂ ਉਪਦੇਸ਼ ਦੇ ਸਕਦੇ ਹਾਂ।” ਜਦ ਬੀਬੀ ਨੇ ਕਾਰਣ ਪੁਛਿਆ ਤਾਂ ਉਸ ਨੇ ਦੱਸਿਆ ਕਿ "ਇਸਟ ਇਕ ਚਾਹੀਏ, ਦੋ ਸੇ ਪਾਰ ਨਹੀਂ ਹੋਤਾ 'ਏਕੋ ਦੇਵ: ਕੇਸ਼ਵੋ ਵਾ ਸ਼ਿਵੋ ਵਾ" । ਦੋ ਮਿਲੇਂ ਤੋ ਸ਼ਿਰੋਮਣੀ ਕੋ ਚੁਨੋ। ਰਾਮ ਜੀ ੧੬ ਕਲਾਂ ਸੰਪੂਰਨ ਅਵਤਾਰ ਨਹੀਂ, ਕ੍ਰਿਸ਼ਨ ੧੬ ਕਲਾਂ ਸੰਪੰਨ ਹੈਂ, ਪੂਰਨ ਅਵਤਾਰ ਹੈਂ, ਇਨ ਕੋ ਚੁਣੋ।” ਇਹ ਗੱਲ ਸੁਘੜੋ ਦੇ ਦਿਲ ਲੱਗੀ, ਸੋ ਬੈਰਾਗੀ ਉਪਾਸਨਾ ਉਸ ਨੇ ਦੂਰ ਕਰ ਦਿੱਤੀ। ਪਰ ਮੰਤ੍ਰ ਅਜੇ ਉਸਨੇ ਨਹੀਂ ਸੀ ਲਿਆ ਕਿ ਇਕ ਦਿਨ ਚੋਖੇ ਨੇ ਆ ਕੇ ਦੱਸਿਆ ਕਿ- "ਬੀਬੀ! ਏਥੇ ਬੀ ਮਾਯਾ ਵਰਤ ਰਹੀ ਹੈ। ਇਕ ਬੀਬੀ ਜੋ ਫਲਾਣੇ ਪਿੰਡੋਂ ਆਉਂਦੀ ਹੁੰਦੀ ਸੀ ਉਹ ਬਹੁਤ ਸਾਰਾ ਗਹਿਣਾ ਅਰਪਨ ਕਰ ਗਈ ਹੈ ਚੋਰੀ ਘਰਦਿਆਂ ਤੋਂ ਤੇ ਹੁਣ ਉਸਦੇ ਘਰ ਕੁਪੱਤ ਹੋ ਰਿਹਾ ਹੈ। ਇਹ ਝੇੜਾ ਹੁਣ ਤੁਸਾਂ ਤੱਕ ਆਉਣ ਵਾਲਾ ਹੈ।" ਗੱਲ ਕੀਹ ਉਹ ਮਾਮਲਾ ਸੁਘੜੋ ਤਕ ਸਾਧੂ ਨੂੰ ਸਮਝਾਉਣ ਲਈ ਪੁੱਜਾ। ਤਦੋਂ ਸੁਘੜੋ ਨੇ ਕ੍ਰਿਸ਼ਨ ਕੁਮਾਰ ਨੂੰ ਆਖਿਆ ਕਿ- "ਤੁਸੀਂ ਮਾਯਾ ਤੋਂ ਵੈਰਾਗੀ ਪੁਰਖ ਹੋ, ਕ੍ਰਿਸ਼ਨ ਪ੍ਰੇਮ ਵਿਚ ਮੱਤੇ ਹੋ, ਤੁਸਾਂ ਨੂੰ ਇਸ ਪਦਾਰਥ ਦੀ ਕੀਹ ਲੋੜ ਹੈ? ਜਦ ਘਰ ਦੇ ਦੇਕੇ ਖੁਸ਼ ਨਹੀਂ ਤਾਂ ਮੱਥੇ ਮਾਰੋ ਨੇ।” ਪਰ ਸਾਧੂ ਨੇ ਕਿਹਾ ਕਿ- "ਬੀਬੀ ਕੇ ਪ੍ਰੇਮ ਕੀ ਇਸ ਮੇਂ ਹਾਨੀ ਹੈ।” ਸੁਘੜੋ ਨੇ ਹਾਹੁਕਾ ਖਾਧਾ: "ਹਾਇ! ਖ਼ਬਰੇ ਇਕੱਲ ਹੀ ਚੰਗੀ ਸ਼ੈ ਹੈ ਤੇ ਤਦੇ ਵਿਧਾਤਾ ਨੇ ਮੈਨੂੰ ਦਿੱਤੀ ਹੈ।”
"ਮਨਾ! ਦੇਖ ਜੋਗੀ ਸੁਣਿਆਂ ਹੈ ਏਕਾਂਤ ਢੂੰਡਦੇ ਫਿਰਦੇ ਹਨ, ਤੈਨੂੰ ਮਿਲੀ ਹੈ ਤਾਂ ਤੂੰ ਇਸ ਤੋਂ ਕੰਨੀ ਕਤਰਾਈ ਫਿਰਦੀ ਹੈਂ।”
-------------
ਕਈ ਹਾਹੁਕੇ ਲੈ ਕੇ ਸੁਘੜੋ ਇਨ੍ਹਾਂ ਤੋਂ ਬੀ ਉਪ੍ਰਾਮ ਹੋ ਗਈ। ਪਰ ਹਰ ਤਜਰਬੇ ਨਾਲ ਇਸ ਦਾ ਮਨ ਚੌਕਸ ਹੁੰਦਾ ਜਾਂਦਾ ਹੈ। ਉਂਞ ਹਰ ਤ੍ਰੀਕੇ ਦੇ ਸਾਧੂ ਤੋਂ ਮਿਲੇ ਸਾਧਨ ਸੱਚੇ ਦਿਲੋਂ ਕਰਨ ਕਰਕੇ ਇਸਨੂੰ ਏਕਾਗ੍ਰਤਾ ਦਾ ਕੁਛ ਕੁਛ ਝਾਉਲਾ ਪੈਣ ਲਗ ਪਿਆ।
6. (ਗਿਆਨ)
ਇਸ ਤੋਂ ਮਗਰੋਂ ਸੁਘੜੋ ਨੂੰ ਜਿਸ ਸਾਧੂ ਤੇ ਕੁਛ ਪਤੀਜਨਾ ਆਈ ਉਹ ਬੀ ਕ੍ਰਿਸ਼ਨ ਉਪਾਸ਼ਕ ਸੀ, ਪਰ ਉਹ ਭਗਤ ਨਹੀਂ ਸੀ। ਉਹ ਗੀਤਾ ਦਾ ਪਾਠੀ ਤੇ ਕਥਾ ਕਰਨ ਵਾਲਾ ਸੀ। ਸੀ ਪੰਡਿਤ, ਘਰੋਂ ਗ਼ਰੀਬੀ ਦੇ ਕਾਰਣ ਭੇਖ ਧਾਰ ਤੁਰਿਆ ਸੀ, ਜੋ ਕਥਾ ਵਾਰਤਾ ਕਰਕੇ ਭੇਖ ਨੂੰ ਪੂਜਾ ਬਹੁਤ ਮਿਲਦੀ ਹੈ। ਸੁਘੜੋ ਦਾ ਸੰਤ ਸੇਵੀ ਤੇ ਦਾਤਾ ਸੁਭਾਵ ਸੁਣ ਕੇ ਇਹ ਬੀ ਓਥੇ ਪਹੁੰਚਾ। ਇਸ ਤੋਂ ਸੁਘੜੋ ਨੇ ਗੀਤਾ ਦੀ ਕਥਾ ਸੁਣੀ, ਜਿਸ ਨਾਲ ਉਸ ਦਾ ਮਨ ਸਮਝ ਤੇ ਗਿਆਨ ਦੀ ਵਾਕਫ਼ੀ ਵਲ ਹੋਰ ਰੁਖ਼ ਕਰ ਗਿਆ। ਇਸ ਪੰਡਿਤ ਸਾਧੂ ਨੇ ਉਸ ਦੇ ਪਿਛਲੇ ਹਾਲ ਸੁਣ ਕੇ ਉਸਨੂੰ ਸਮਝਾਇਆ ਕਿ ਗਿਆਨ ਬਿਨਾਂ ਮੁਕਤੀ ਨਹੀਂ ਤੇ ਗਿਆਨ ਸ੍ਰੀ ਕ੍ਰਿਸ਼ਨ ਦਾ ਸ਼ਰੋਮਣੀ ਹੈ ਤੇ ਜਦ ਉਸਦੀ ਆਪਣੀ ਗੀਤਾ ਜਗਤ ਵਿਚ ਹੈ ਤਦ ਇਸ ਤੋਂ ਰਸ ਤੇ ਸੁਮਤਿ ਲੈਣੀ ਚਾਹੀਏ। ਇਹ ਵੀਚਾਰ ਉਸ ਦੇ ਦਿਲ ਲੱਗੀ। ਇਸ ਸਾਧੂ ਨੂੰ ਜਦ ਸੁਘੜੋ ਤੋਂ ਕੁਛ ਪਦਾਰਥ ਮਿਲ ਗਿਆ ਤਾਂ ਉਹ ਓਥੇ ਹੋਰ ਟਿਕ ਗਿਆ। ਸੁਘੜੋ ਨੂੰ ਲਗਨ ਸੀ ਉਸ ਦੇ ਦੇਖਣ ਦੀ ਜੋ ਮਾਯਾ ਅਤੀਤਤਾਈ ਦੱਸਦਾ ਹੋਇਆ ਮਾਯਾ ਅਤੀਤ ਹੋਵੇ ਬੀ। ਪਰ ਸਾਧੂ ਜਦ ਦੇਖੇ ਕਿ ਹੁਣ ਇਹ ਮੇਰੀ ਚੇਲੀ ਬਣ ਹੀ ਗਈ ਹੈ ਤਾਂ ਉਹ ਨਿਸਚਿੰਤ ਹੋ ਕੇ ਆਪਣੀ ਮਾਯਾ ਦੀ ਮੰਗ ਪਾ ਦੇਵੇ, ਜਿਸ ਤੋਂ ਚੁਕੰਨਿਆਂ ਹੋਕੇ ਸੁਘੜੋ ਥਹੁ ਪਤੇ ਲਾ ਲਵੇ। ਸੋ ਇਸ ਤਰ੍ਹਾਂ ਜਿਸ ਦਿਨ ਇਸ ਗੀਤਾ-ਪੰਡਿਤ ਨੇ ਉਸ ਤੋਂ ਮਾਯਾ ਦੀ ਮੰਗ ਕੀਤੀ ਤਾਂ ਸੁਘੜੋ ਨੇ ਕਿਹਾ- "ਮੈਂ ਤੁਸਾਂ ਤੋਂ ਓਸ ਚੀਜ਼ ਦੀ ਲੋੜ ਰਖਦੀ ਸਾਂ ਜੋ ਮੇਰੇ ਪਾਸ ਨਹੀਂ ਤੇ ਮੈਂ ਸਮਝਦੀ ਸਾਂ ਕਿ ਤੁਸਾਂ ਪਾਸ ਹੈ। ਤੁਸਾਂ ਮੇਰੇ ਤੋਂ ਉਸ ਸ਼ੈ ਦੀ ਮੰਗ ਕੀਤੀ ਹੈ ਕਿ ਜੋ ਸ਼ੈ ਤੁਸਾਂ ਪਾਸ ਨਹੀਂ ਤੇ ਤੁਸੀਂ ਸਮਝਦੇ ਹੋ ਕਿ ਮੇਰੇ ਪਾਸ ਹੈ। ਮੈਂ ਤਾਂ ਤੁਸਾਂ ਨੂੰ ਕੁਛ ਦਿੱਤੀ ਬੀ ਹੈ ਤੇ ਹੋਰ ਦੇਣ ਨੂੰ ਤਿਆਰ ਬੀ ਹਾਂ, ਪਰ ਤੁਸੀਂ ਮੈਨੂੰ
ਓਹ ਕੁਛ ਨਹੀਂ ਦੇ ਰਹੇ ਕਿ ਜਿਸ ਦੀ ਆਸ ਮੈਂ ਤੁਸਾਂ ਤੋਂ ਕੀਤੀ ਸੀ।” ਸਾਧੂ ਨੇ ਕਿਹਾ ਕਿ ਜੋ ਗ੍ਰੰਥ ਮੈਂ ਤੁਹਾਨੂੰ ਪੜ੍ਹਾਇਆ ਹੈ ਉਸ ਤੇ ਅਮਲ ਕਰੋ, ਜਦੋਂ ਅਧਿਕਾਰ ਪੈਦਾ ਹੋਏਗਾ ਉਹ ਪਦਾਰਥ ਮੈਂ ਤੁਸਾਂ ਨੂੰ ਦਿਆਂਗਾ। ਸੁਘੜੋ ਬੋਲੀ: "ਮੈਂ ਤਾਂ ਹਰ ਸਾਧੂ ਨੂੰ ਬਿਨਾਂ ਉਸ ਦਾ ਅਧਿਕਾਰ ਪੁੱਛੇ ਦੇ ਅੰਨ, ਬਸਤ੍ਰ, ਮਾਯਾ ਭੇਟਾ ਦੇ ਦੇਂਦੀ ਹਾਂ। ਕੁਛ ਨਾ ਸਰੇ ਤਾਂ ਮੈਂ ਬੁੱਕ ਆਟੇ ਦਾ ਹਰ ਫ਼ਕੀਰ ਨੂੰ ਪਾ ਦਿੰਦੀ ਹਾਂ ਤੇ ਕਦੇ ਅਧਿਕਾਰ ਨਹੀਂ ਪੁੱਛਦੀ। ਤੁਸੀਂ ਮੈਨੂੰ ਅਨਅਧਿਕਾਰੀ ਨੂੰ ਆਪਣੇ ਧਨ ਦਾ ਕੋਈ ਬੁੱਕ ਆਟੇ ਵਾਂਙੂ ਯਾ ਭੋਰਾ ਬੀ ਨਹੀਂ ਦੇ ਸਕਦੇ?” ਇਸ ਪਰ ਸਾਧੂ ਕਿਚਕਿਚਾ ਕੇ ਰਹਿ ਗਿਆ। ਸੁਘੜੋ ਨੇ ਇਹ ਸੋਚਿਆ ਕਿ ਇਸ ਨੇ ਵਕਤ ਦਿੱਤਾ ਹੈ, ਰੋਟੀ ਬੀ ਇਸ ਖਾਣੀ ਹੈ, ਇਹੋ ਇਸ ਦਾ ਕਿੱਤਾ ਹੈ, ਜੇ ਕੋਈ ਕੁਛ ਨਾ ਦੇਵੇ ਤਾਂ ਖਾਵੇ ਕਿੱਥੋਂ? ਇਸ ਨੂੰ ਕੁਛ ਮਾਯਾ ਦੇਣੀ ਬਣਦੀ ਹੈ, ਸੋ ਕੁਛ ਗੱਫਾ ਦੇ ਕੇ ਪੰਡਤ ਨੂੰ ਸਨਮਾਨ ਨਾਲ ਟੋਰ ਦਿੱਤਾ ਤੇ ਫੇਰ ਹਾਹੁਕਾ ਖਾਧਾ: "ਹੇ ਭਗਵਾਨ ਤੂੰ ਮੈਨੂੰ ਉਹ ਚੀਜ਼ ਐਨੀ ਕਿਵੇਂ ਦੇ ਦਿੱਤੀ ਹੈ ਕਿ ਜਿਸ ਦੇ ਵਾਸਤੇ ਕੀ ਗ੍ਰਿਹਸਤੀ, ਕੀ ਸਾਧੂ ਸਾਰੇ ਮੇਰੇ ਯਾਚਕ ਆ ਹੁੰਦੇ ਹਨ, ਕੋਈ ਸਿੱਧਾ ਕੋਈ ਵਲ ਨਾਲ। ਕੀਹ ਸਚਮੁਚ ਇਹ ਧਨ ਕੋਈ ਪਰਮ ਸੁਖ ਦਾ ਦਾਤਾ ਹੈ? ਤੂੰ ਮੈਨੂੰ ਐਸਾ ਧਨ ਕਿਉਂ ਨਹੀਂ ਦਿੱਤਾ ਕਿ ਜਿਸ ਨਾਲ ਮੈਂ ਇਨ੍ਹਾਂ ਦੀ ਯਾਚਕ ਨਾ ਹੁੰਦੀ ਤੇ ਏਹ ਮੇਰੇ ਯਾਚਕ ਨਾ ਹੁੰਦੇ। ਨਿਸਚੇ, ਹੇ ਭਗਵਾਨ, ਤੇਰਾ ਕੋਈ ਪ੍ਯਾਰਾ ਐਸਾ ਹੋਏਗਾ ਜੋ ਤੇਰਾ ਯਾਚਕ ਹੋਏਗਾ ਅਰ ਮੇਰੇ ਯਾ ਮੇਰੇ ਧਨ ਲਈ ਉਸ ਵਿਚ ਯਾਚਨਾ ਨਾ ਹੋਏਗੀ।"
7. (ਖ਼ੁਦਾ ਪ੍ਰਸਤੀ)
ਸਮਾਂ ਬੀਤਦਾ ਰਿਹਾ, ਸਾਧਾਰਨ ਸਾਧੂ ਤੁਰਦੇ ਫਿਰਦੇ ਕਦੇ ਕਦੇ ਕੁਟੀਆ ਵਿਚ ਟਿਕਦੇ ਤੇ ਟੁਰਦੇ ਰਹੇ। ਉਸ ਨੂੰ ਚੇਲੀ ਬਨਾਉਣ ਦੇ ਸੰਕਲਪ ਨਾਲ ਬੀ ਕਈ ਆਏ ਤੇ ਕਈ ਗਏ। ਲਿਖਿਆ ਹੈ-ਕਿ ਜਿਸ ਆਉਣਾ 'ਤਿਸ ਮਹੰਤ ਕਹਿਣਾ ਅਹੋ ਹਮਾਰੇ ਭਾਗ ਜੋ ਇਹ ਹਮਾਰੀ ਚੇਲੀ ਬਨੇ ਤੋਂ ਬੜੀ ਬਾਤ ਹੈ”। ਸੋ ਐਸੇ ਬੀ ਕਈ ਆਏ ਤੇ ਗਏ, ਪਰ ਸੁਘੜੋ ਕਿਸੇ ਦੇ ਮਗਰ ਨਾ ਲੱਗੀ। ਇਕ ਦਿਨ ਕਿਸੇ ਨੇ ਖ਼ਬਰ ਦਿੱਤੀ ਕਿ ਲਾਗੇ
-------------
ਦੇ ਪਿੰਡ ਇਕ ਫ਼ਕੀਰ ਸਾਂਈਂ ਆਇਆ ਹੈ, ਜੋ ਪੂਰਾ ਅੰਤਰਜਾਮੀ ਹੈ ਤੇ ਬਚਨ ਦੀ ਸੱਤਯਾ ਜਿਸ ਦੀ ਫਲਵਾਨ ਹੈ। ਇਹ ਮਹਿਮਾ ਸੁਣਕੇ ਸੁਘੜੋ ਕੁਛ ਸਖੀਆਂ ਬਾਂਦੀਆਂ ਤੇ ਚੋਖੇ ਨੂੰ ਨਾਲ ਲੈ ਕੇ ਗਈ। ਅੱਗੇ ਉਸ ਦੇ ਚੇਲੇ ਬੈਠੇ ਸਨ। ਚੋਖੇ ਨੇ ਉਨ੍ਹਾਂ ਨੂੰ ਜਾ ਮਨੋਰਥ ਦੱਸਿਆ। ਪਹਿਲਾਂ ਤਾਂ ਓਹ ਖਾਣ ਨੂੰ ਪਏ ਕਿ ਸਾਡੇ ਫ਼ਕੀਰ ਸਾਂਈ ਅੱਲਾ ਵਾਲੇ ਹਨ, ਕਿਸੇ ਨੂੰ ਮਿਲਕੇ ਖੁਸ਼ ਨਹੀਂ। ਪਰ ਜਦ ਡਿੱਠੋ ਨੇ ਕਿ ਏਹ ਬਹੁਤ ਸ਼ਰਧਾ ਵਾਲੇ ਹਨ ਤਾਂ ਕਹਿਣ ਲਗੇ ਕਿ ਸਾਡੇ ਵਿਚ ਇਕ ਬਾਲਕਾ ਹੈ, ਅਜ ਕਲ ਸਾਂਈਂ ਜੀ ਉਸ ਦੀ ਸੁਣ ਲੈਂਦੇ ਹਨ, ਉਸ ਨੂੰ ਸੱਦ ਲੈਂਦੇ ਹਾਂ, ਉਹ ਤੁਸਾਂ ਨੂੰ ਸਾਂਈਂ ਜੀ ਪਾਸ ਲੈ ਜਾਏਗਾ। ਉਹ ਬਾਲਕਾ ਸੱਦਿਆ ਗਿਆ, ਚੋਖੇ ਨੇ ਇਕ ਮੋਹਰ ਇਸ ਅੱਗੇ ਮੱਥਾ ਟੇਕੀ। ਇਹ ਸਭਨਾਂ ਨੂੰ ਨਾਲ ਲੈ ਕੇ ਟੁਰ ਪਿਆ। ਅੱਗੇ ਇਕ ਵੱਡਾ ਸ਼ਾਮਿਆਣਾ ਤਣ ਰਿਹਾ ਸੀ, ਇਸ ਦੇ ਅੰਦਰ ਜਾਣ ਨੂੰ ਅੱਠ ਦਸ ਰਸਤੇ ਸਨ। ਬਾਲਕਾ ਜਦ ਇਕ ਦਰਵਾਜ਼ੇ ਵਿਚੋਂ ਲੰਘਕੇ ਅੰਦਰ ਵੜਿਆ ਤਾਂ ਸਾਂਈਂ ਜੀ ਦੀ ਆਵਾਜ਼ ਆਈ- 'ਮੂੰਹ ਲਾਇਆ ਤੇ ਗਵਾਇਆ। ਸਹੁਰਿਆ ਕਿੱਡਾ ਦੀਦਾ ਦਲੇਰ ਹੋ ਗਿਆ ਹੈਂ ? ਉਠਨੈਂ ਤੇ ਸਭ ਕਿਸੇ ਨੂੰ ਲਈ ਆਉਨਾਂ ਹੈਂ। ਹੈਂ, ਰਬ ਨੂੰ ਖਿਡੌਣਾ ਜਾਤਾ ਹੈ ਜੋ ਮੈਂ ਘੜਕੇ ਕਿਸੇ ਨੂੰ ਦੇ ਦੇਣਾ ਹੈ। ਦੁੱਧ ਪੁਤ ਦੀ ਲੋੜ ਹੋਵੇ ਅਸੀਸ ਦੇ ਦਿਆਂ, ਰੱਬ ਮੈਂ ਕਿੱਥੋਂ ਲਿਆਵਾਂ। ਰੱਬ ਮਰਕੇ ਮਿਲਦਾ ਹੈ ਮੁਰਦਿਆਂ ਨੂੰ; ਚਲਾ ਜਾਹ ਦੂਰ ਹੈ। ਇਹ ਗੱਲਾਂ ਸੁਣੀਆਂ ਸੁਘੜੋ ਨੇ ਤੇ ਉਸ ਦੇ ਸਾਥੀਆਂ ਨੇ, ਸਾਰੇ ਅਚੰਭਾ ਹੋ ਰਹੇ ਸਨ ਉਸ ਦੀ ਅੰਤਰਯਾਮਤਾ ਉਤੇ ਕਿ ਇਸ ਨੇ ਇਹ ਕਿੰਞ ਬੁੱਝ ਲਿਆ ਕਿ ਅਸੀਂ ਰੱਬ ਦਾ ਰਾਹ ਪੁੱਛਣ ਵਾਸਤੇ ਆਏ ਹਾਂ। ਇੰਨੇ ਨੂੰ ਸਭਨਾਂ ਨੇ ਪਾਸ ਪਹੁੰਚਕੇ ਮੱਥਾ ਟੇਕਿਆ। ਪਹਿਲਾਂ ਤਾਂ ਫ਼ਕੀਰ ਨੇ ਕੁਤਕਾ ਚੁੱਕਿਆ ਮਾਰਨ ਨੂੰ, ਫੇਰ ਠਿਠੰਬਰ ਗਿਆ, 'ਅਹੋ, ਇਸ ਮਾਈ ਦੇ ਮੱਥੇ ਤੇ ਤਾਂ ਭਾਗ ਦੀ ਰੱਤੀ ਹੈ। ਇਹ ਤਾਂ ਸ਼ਹਨਸ਼ਾਹ ਦੀ ਹੈ। ਹਾਂ ਮੌਲਾ ਮਿਲੇਗਾ ਘਾਲ ਮਨਜ਼ੂਰ ਪਈ ਹੈ। ਮਿਲੇਗਾ ਜੀ ਮਿਲੇਗਾ'। ਸੁਘੜੋ ਨੇ ਪੰਜ ਮੋਹਰਾਂ ਮੱਥਾਂ ਟੇਕੀਆਂ। ਫ਼ਕੀਰ ਨੇ ਭੁਆ ਕੇ ਪਰੇ ਸੁੱਟੀਆਂ। "ਹਮ ਕੋ ਠਗਤੀ ਹੈ। ਇਸ ਨਾਗਨ ਸੇ ਫ਼ਕੀਰੋਂ ਕੋ ਕਿਆ ਮਤਲਬ? ਲੇ ਜਾ। ਮੌਲਾ ਬਿਕਤਾ ਹੈ ਸੋਨੇ ਕੇ ਭਾ? ਮੌਲਾ ਕਾ ਦਾਮ ਸਿਰ ਹੈ। ਸੁਸਰੀ ਅਗਰ ਤਲਬੇ ਮੌਲਾ ਹੈ ਤੋ ਹਾਥ ਧੋ ਦੁਨੀਆਂ ਸੇ। ਹੈਂ? 'ਹਮ
ਖ਼ੁਦਾ ਖ਼ਾਹੀ ਓ ਹਮ ਦੁਨੀਆਇ ਦੂੰ। ਈਂ ਖਿਆਲ ਅਸਤੋ ਮੁਹਾਲ ਅਸਤੋਂ ਜਨੂੰ।' (ਨਾਲੇ ਰੱਬ ਮੰਗਨੀ ਹੈਂ ਨਾਲੇ ਕਮੀਨੀ ਦੁਨੀਆਂ, ਇਹ ਖ਼ਿਆਲ ਸ਼ੁਦਾਪਣੇ ਦਾ ਖ਼ਿਆਲ ਹੈ ਇਸ ਦਾ ਸਿਰੇ ਚੜ੍ਹਨਾ ਕਠਨ ਹੈ) । ਸਾਰੀ ਲੁਟਾ ਦੇ ਮਾਲ ਦੌਲਤ, ਫਕੀਰੋਂ ਸੇ ਮਸਖ਼ਰੀ ਕਰਨਾ ਛੋਡ ਦੇ। ਕੰਬਲੀ ਪਹਿਨ, ਫਿਰ ਆ ਤੁਝ ਕੋ ਅੱਲਾ ਮਿਲਾ ਦੇਂ। ਦੌਲਤ ਬੀ ਪਾਸ ਰਹੇ, ਅਮੀਰੀ ਠਾਠ ਬੀ ਰਹੇ। ਹੈਂ, ਰੇਸ਼ਮ ਕੇ ਗਦੇਲੋਂ ਪਰ ਖ਼ੁਦਾ ਢੂੰਢਤੀ ਹੈ। ਪੜ੍ਹੋ ਕਿੱਸਾ ਅਧਮ ਇਬ੍ਰਾਹੀਮ ਕਾ। ਪਾਤਸ਼ਾਹੀ ਛੋੜ ਕਰ ਮੌਲਾ ਮਿਲਾ। ਬਸ ਅਬ ਜਾਓ। ਤੇਰੇ ਪਰ ਰਹਮਤ ਝੂੰਮ ਰਹੀ ਹੈ। ਫ਼ਕੀਰ ਕੋ ਬੀ ਤਰਸ ਹੈ, ਪਰ ਤੇਰੇ ਔਰ ਖ਼ੁਦਾ ਕੇ ਦਰਮਯਾਨ ਪਰਦਾ ਹਾਯਲ ਹੈ ਦੌਲਤ ਕਾ, ਪਰਦਾ ਖੈਂਚ ਦੇ, ਖ਼ੁਦਾ ਹਾਜ਼ਰ ਹੈ, ਬਸ ਜਾਓ। ਮਾਲ ਦੌਲਤ ਸੇ ਨਾਤਾ ਤੋੜ ਕਰ ਆਓ। ਲੁਟਾ ਕੇ ਅੱਲਾ ਕੇ ਨਾਮ ਪਰ ਫਕੀਰੋਂ ਕੋ (ਅਟਕ ਅਟਕ ਕੇ) ਹਾਜਤ ਮੰਦੋਂ ਕੋ, ਪਰ ਜੋ ਕੁਛ ਦੇਗੀ ਖ਼ੁਦਾ ਕੇ ਪਿਆਰੋਂ ਕੋ, ਖ਼ੁਦਾ ਕੇ ਪ੍ਯਾਰੇ ਕੋ, ਸੁਨਾਂ ਵੁਹ ਮਨਜ਼ੂਰ ਪੜੇਗਾ ਦਰਗਾਹ ਮੇਂ, ਜਾਓ, ਅਬ " ਜਾਓ।
ਇਹ ਕਹਿਕੇ ਫਕੀਰ ਨੇ ਕੁਤਕਾ ਰੱਖ ਦਿੱਤਾ ਤੇ ਅੱਖਾਂ ਮੀਚਕੇ ਟਿਕ ਗਿਆ। ਸੁਘੜੋ ਮੱਥਾ ਟੇਕ ਕੇ ਟੁਰ ਪਈ, ਪਰ ਨੀਮ ਬਾਵਲੀ ਹੋ ਰਹੀ ਹੈ, ਸਮਝਦੀ ਹੈ ਕਿ ਸੰਤ ਅੰਤਰਯਾਮੀ ਹੈ, ਨਿਰਲੋਭ ਹੈ, ਗੱਲ ਪਤੇ ਦੀ ਕਹਿੰਦਾ ਹੈ ਤੇ ਸੱਚੀ ਕਹਿੰਦਾ ਹੈ। ਮਾਯਾ ਤੇ ਰਾਮ ਦੋ ਤਲਵਾਰਾਂ ਇਕ ਮਿਆਨ ਵਿਚ ਕਿਵੇਂ ! ਫੇਰ ਲੁਟਾ ਦਿਆਂ ਧਨ ਧਾਮ ? ਕੀਹ ਕਰਨਾਂ ਹੈ ਏਸ ਨੂੰ ਜੇ ਇਹ ਹੈ ਪਰਦਾ। ਇਸ ਪ੍ਰਕਾਰ ਦੀਆਂ ਸੋਚਾਂ ਸੋਚਦੀ ਆਪਣੇ ਘਰ ਆ ਗਈ। ਚੋਖਾ ਬੀ ਅੱਜ ਬਹੁਤ ਸਾਰੀ ਤਸੱਲੀ ਪਾ ਕੇ ਆਇਆ ਹੈ, ਪਰ ਉਸ ਦਾ ਮਨ ਇਸ ਗੱਲੋਂ ਉਦਾਸ ਹੈ ਕਿ ਜੇ ਸ੍ਵਾਮਨਿ ਨੇ ਮਾਯਾ ਸੱਟ ਪਾਈ ਤਾਂ ਕੀਹ ਕੰਗਾਲ ਹੋ ਕੇ ਵਿਚਰੇਗੀ ਤੇ ਟੁੱਕ ਮੰਗ ਮੰਗਕੇ ਖਾਯਾ ਕਰੇਗੀ ? ਆਪਣੀ ਸ੍ਵਾਮਨਿ ਦਾ ਇਹ ਦਰਸ਼ਨ ਉਸ ਨੂੰ ਭ੍ਯਾਨਕ ਲੱਗਾ। ਉਧਰ ਸ੍ਵਾਮਨਿ ਦਾ ਰੁਖ਼ ਹੁਣ ਦੇਖੇ ਤਾਂ ਭਰੋਸੇ ਵਾਲਾ ਹੋ ਚੁਕਾ ਸੀ। ਸੋਚ ਸੋਚ ਕੇ ਇਕ ਦਿਨ ਕਹਿਣ ਲੱਗਾ:- "ਬੀਬੀ ਜੀ ਤੁਸੀਂ ਉਦਾਸ ਹੋ ਤੇ ਮੇਰੀ ਜਾਚੇ ਦੂਸਰੇ ਮਤ ਦੇ ਫ਼ਕੀਰ ਤੇ ਪਤਿਆ ਗਏ ਹੋ। ਤੁਹਾਡੇ ਸੁਖ ਦਾ ਮੈਂ ਦੋਖੀ ਨਹੀਂ, ਪਰ ਜੇ ਸਭ ਕੁਛ ਲੁਟਾ ਕੇ ਅੱਗੇ ਵਾਂਙੂ ਇਹ ਬੀ
ਭੁਲੇਵਾ ਨਿਕਲ ਪਿਆ ਤਾਂ ਨਾਲੇ ਗ਼ਰੀਬੀ ਸਹੇੜੀ ਨਾਲੇ ਜਗਤ ਦਾ ਹਾਸਾ। ਜੇ ਆਗ੍ਯਾ ਦਿਓ ਤਾਂ ਮੈਂ ਦਸ ਦਿਨ ਉਥੇ ਜਾ ਕੇ ਰਹਾਂ ਤੇ ਤਸੱਲੀ ਕਰਾਂ ਕਿ ਸੱਚਮੁਚ ਇਸ ਅੰਤਰਯਾਮਤਾ ਦੀ ਕੀ ਖੇਲ ਹੈ ਓਥੇ।” ਸੁਘੜੋ ਬੀ ਸੋਚਵਾਨ ਸੀ, ਤਜਰਬੇ ਕਰ ਚੁਕੀ ਸੀ, ਆਖਣ ਲੱਗੀ: "ਜਾਓ, ਪਰ ਸੋਚ ਸਮਝਕੇ ਟੁਰਨਾ, ਓਹ ਨਾ ਹੋਵੇ ਕਿ ਉਹ ਹੋਵੇ ਸੱਚਾ ਤੇ ਕੋਈ ਸਰਾਪ ਲੈ ਆਓ ਅਜ਼ਮਾਯਸ਼ ਕਰਦਿਆਂ। ਫ਼ਕੀਰ ਆਖਦੇ ਹਨ ਨਾਗ ਹੁੰਦੇ ਹਨ। ਅੱਜ ਤਾਂ ਉਹ ਆਪਣੇ ਸੁਭਾਵ ਦੇ ਉਲਟ ਦਿਆਲੂ ਹੋ ਕੇ ਮਿਲੇ ਹਨ, ਵਰ ਦੇਂਦੇ ਰਹੇ ਹਨ।” ਚੋਖੇ ਨੇ ਕਿਹਾ: "ਇਹ ਤੌਖਲਾ ਨਾ ਕਰੋ, ਮੇਰੇ ਆਪਣੇ ਅੰਦਰ ਬੀ ਕੁਛ ਸ਼ਰਧਾ ਹੋ ਆਈ ਹੈ, ਮੈਂ ਹੋਸ਼ ਨਾਲ ਕੰਮ ਕਰਾਂਗਾ।"
ਦਸਵੇਂ ਦਿਨ ਚੋਖਾ ਉਦਾਸ ਚਿਹਰੇ ਵਾਪਸ ਆਇਆ। ਆ ਕੇ ਆਖਣ ਲੱਗਾ: "ਸਵਾਮਣੀ ਜੀਓ! ਰੱਬ ਬਖ਼ਸ਼ੇ, ਅਸੀਂ ਭਲੇ ਬਚੇ! ਓਥੇ ਤਾਂ ਭਜਨ ਕਿ ਬੰਦਗੀ, ਫ਼ਕੀਰੀ ਕਿ ਕੋਈ ਜਪ ਤਪ ਸਾਧਨ ਦਾ ਨਾਮ ਨਿਸ਼ਾਨ ਨਹੀਂ। ਅੱਗੇ ਤਾਂ ਸਾਧੂ ਮਿਲਦੇ ਸੀ ਜਿਨ੍ਹਾਂ ਵਿਚ ਇਕ ਕਮਜ਼ੋਰੀ ਲੋਭ ਦੀ ਹੁੰਦੀ ਸੀ ਤੇ ਏਥੇ ਤਾਂ ਨਿਰੀ ਤੇ ਸੁਧੀ ਠੱਗੀ ਹੈ। ਫ਼ਕੀਰ ਸਾਂਈਂ ਨੂੰ ਕੋਈ ਸਿੱਧਾ ਆਪੇ ਨਹੀਂ ਮਿਲ ਸਕਦਾ, ਚੇਲਿਆਂ ਪਾਸ ਪਹਿਲਾਂ ਜਾਣਾ ਪੈਂਦਾ ਹੈ, ਉਹ ਪੈਰਾਂ ਤੇ ਪਾਣੀ ਨਹੀਂ ਪੈਣ ਦੇਂਦੇ। ਜਦ ਕੁਛ ਉਨ੍ਹਾਂ ਦੀ ਭੇਟਾ ਪੂਜਾ ਹੋ ਜਾਵੇ ਤਾਂ ਆਪਣੇ ਵਿਚੋਂ ਇਕ ਨੂੰ ਨਾਲ ਤੋਰਦੇ ਹਨ। ਪਹਿਲੋਂ ਉਸ ਜਗ੍ਯਾਸੂ ਤੋਂ ਉਸਦੀ ਮੁਰਾਦ ਦਾ ਪਤਾ ਅਭੋਲ ਹੀ ਕੱਢ ਲੈਂਦੇ ਹਨ ਜੋ ਉਸਨੇ ਮੰਗਣੀ ਹੈ। ਅੱਗੇ ਉਸ ਸ਼ਾਮਿਆਨੇ ਦੇ, ਜਿਸ ਵਿਚ ਫ਼ਕੀਰ ਬੈਠਾ ਹੈ, ਕਈ ਦਰਵਾਜ਼ੇ ਹਨ, ਹਰ ਦਰਵਾਜ਼ਾ ਇਕ ਇਕ ਮੁਰਾਦ ਲਈ ਮੁਕਰਰ ਹੈ। ਜਿਹਾ ਕੁ ਪੁੱਤ ਦੀ ਮੁਰਾਦ, ਦੌਲਤ ਦੀ ਮੁਰਾਦ, ਅਦਾਲਤਾਂ ਵਿਚ ਜਿੱਤ ਦੀ ਮੁਰਾਦ, ਬੀਮਾਰੀ ਤੋਂ ਖਲਾਸੀ, ਰੱਬ ਦਾ ਮਿਲਾਪ ਆਦਿ। ਸੋ ਜਿਸ ਦਰਵਾਜ਼ੇ ਥਾਣੀਂ ਜਦ ਸਾਯਲ ਅੰਦਰ ਜਾਂਦਾ ਹੈ ਤਾਂ ਠੱਗ ਸਾਂਈਂ ਦੁਹਾਈ ਦੇਣ ਲੱਗ ਜਾਂਦਾ ਹੈ ਉਸੇ ਮੁਰਾਦ ਦੀ। ਜਿਵੇਂ 'ਓ ਮੇਰੇ ਪਾਸ ਪੁੱਤ ਘੜੇ ਪਏ ਹਨ! ਆਏ ਨੇ ਪੁੱਤ ਮੰਗਣ!' ਐਉਂ ਸਾਯਲ ਤੇ ਅਸਰ ਹੋ ਜਾਂਦਾ ਹੈ ਉਸਦੀ ਅੰਤਰਯਾਮਤਾ ਦਾ। ਫੇਰ ਸਾਂਈਂ ਲੋਕ ਬਾਲਕੇ ਨੂੰ ਗੁੱਸੇ ਹੋ ਹਵਾ ਕੇ ਵਰ ਦੇ ਦੇਂਦੇ ਹਨ ਤੇ ਬਾਲਕੇ ਫੇਰ ਉਸ ਤੋਂ ਕੁਛ ਹੋਰ ਮਾਯਾ ਆਪਣੀ ਨਜ਼ਰ ਵਜੋਂ ਲੈ ਲੈਂਦੇ ਹਨ। ਸਾਂਈਂ ਲੋਕ ਅਤੀਤ ਬਣੇ ਰਹਿੰਦੇ ਹਨ। ਕੁਛ ਚਿਰ ਇਕ ਥਾਂ ਰਹਿ
ਕੇ ਫੇਰ ਦੂਰ ਕਿਤੇ ਜਾ ਡੇਰੇ ਲਾਉਂਦੇ ਹਨ। ਏਥੇ ਓਹ ਆਏ ਹੀ ਤੁਹਾਡੀ ਦੌਲਤ ਦੀ ਮਾਰ ਉੱਤੇ ਹਨ। ਇਹ ਗੱਲਾਂ ਮੈਂ ਕਈ ਹਿਕਮਤਾਂ ਨਾਲ ਵਿਚ ਧੱਸ ਧੱਸ ਕੇ ਤੇ ਮਾਯਾ ਖਰਚ ਕੇ ਕੱਢ ਕੇ ਲਿਆਇਆ ਹਾਂ ਤੇ ਸਭ ਕੁਛ ਪਰਤਾ ਆਇਆ ਹਾਂ। ਰਾਮ ਵਾਸਤੇ ਆਪਾ ਸੰਭਾਲ ਲਓ, ਜੇ ਤਸੱਲੀ ਅਜੇ ਬੀ ਨਾ ਆਵੇ ਤਾਂ ਪਰਤਾ ਲਓ ਆਪ ਬੀ।”
ਸੁਘੜੋ ਘਬਰਾਈ, ਆਪਣੇ ਤੇ ਗੁੱਸਾ ਆਇਆ ਫੇਰ ਠਿਠੰਬਰੀ, ਜੋ ਅਮੰਨਾ ਆ ਗਿਆ ਸੀ, ਉਸਦਾ ਟੁੱਟਣਾ ਮੰਦਾ ਲੱਗਾ। ਫਿਰ ਅੰਦਰੋਂ ਕੱਖੀਂ ਪਲਾਹੀਂ ਹੱਥ ਪਾਵੇ ਕਿ ਕਿਵੇਂ ਇਹ ਤਜਰਬਾ ਗਲਤ ਨਿਕਲੇ ਚੋਖੇ ਦਾ। ਅੰਤ ਸੋਚ ਵਿਚਾਰ ਕੇ ਦਸਾਂ ਕੁ ਦਿਨਾਂ ਵਿਚ ਇਸ ਨੇ ਭੇਸ ਵਟਾ ਵਟਾ ਫੇਰੇ ਪਾਏ ਤੇ ਨਿਸ਼ਚੇ ਦੇ ਘਰ ਅੱਪੜੀ ਕਿ ਜੋ ਚੋਖਾ ਕਹਿੰਦਾ ਹੈ ਠੀਕ ਹੈ।
8. (ਉੱਪਰਲੀ ਗੋਤ)
ਇਸ ਪਰਤਾਵੇ ਮਗਰੋਂ ਸੁਘੜੋ ਦੇ ਮਨ ਵਿਚ ਅਨੋਖਾ ਵਟਾਉ ਹੋਇਆ। ਉਹ ਇਹ ਸੀ ਕਿ ਮੈਂ ਕਿਉਂ ਸੱਟ ਖਾਵਾਂ, ਮੈਂ ਕਿਉਂ ਟੋਲ ਕਰਾਂ। ਜੇ ਮੇਰੇ ਭਾਗ ਹਨ ਤਾਂ ਆਪੇ ਮਿਲੇਗਾ ਮੈਨੂੰ ਬੱਦਲ ਮੀਹਾਂ ਹਨੇਰੀਆਂ ਦਾ ਮਾਲਕ। ਮੈਂ ਫ਼ਕੀਰਾਂ ਦੇ ਤਰਲੇ ਕਿਉਂ ਕਰਾਂ। ਮੈਂ ਠੋਕ ਵਜਾ ਕੇ ਛੰਡ ਫੂਕ ਕੇ ਟੁਰਾਂ। ਮੈਂ ਆਪਣੀ ਗੁੱਡੀ ਹੇਠਲੇ ਦਾਉ ਤੋਂ ਲਾਉਂਦੀ ਹਾਂ, ਮੈਂ ਉਤੋਂ ਦੀ ਗੋਤ ਮਾਰਿਆ ਕਰਾਂ। ਫੇਰ ਮਨ ਕਹੇ ਕਿ ਛੱਡ ਹੀ ਦੇ ਖਾਂ ਖਹਿੜਾ ਏਸ ਪਾਸੇ ਦਾ। ਫੇਰ ਅੰਦਰੋਂ ਕੋਈ ਲੁਕੀ ਹੋਈ ਰੁਚੀ ਸਿਰ ਫੇਰੇ ਕਿ ਨਹੀਂ ਰੱਬ ਹੈ ਜ਼ਰੂਰ, ਰੱਬ ਦਾ ਰਸਤਾ ਹੈ ਜ਼ਰੂਰ ਤੇ ਓਹ ਲੱਭਣਾ ਹੈ ਜ਼ਰੂਰ। ਦਿਲ ਢਾਹ ਕੇ ਢੇਰੀ ਨਹੀਂ ਢਾ ਬਹਿਣਾ।
ਇਕ ਦਿਨ ਆਪਣੀਆਂ ਸਖੀਆਂ ਤੇ ਬਾਂਦੀਆਂ ਵਿਚੋਂ ਉਸ ਨੂੰ ਸਮਝ ਪਈ ਕਿ ਖੇਮੀ, ਜੋ ਵਰ੍ਹੇ ਕੁ ਤੋਂ ਨਵੀਂ ਰਖੀ ਹੈ, ਕਦੇ ਕਦੇ ਇਕ ਸਾਧ ਦੀ ਮਹਿਮਾ ਕਰਦੀ ਹੈ, ਪਰ ਜਚ ਜਚ ਕੇ, ਹੋਵੇ ਨਾਂ ਤਾਂ ਇਹ ਕਿਸੇ ਦੀ ਦੂਤਣੀ ਤਾਂ ਨਹੀਂ ਜੋ ਮੇਰੇ ਘਰ ਵਿਚ ਵੜਕੇ ਮੈਨੂੰ ਪ੍ਰੇਰ ਰਹੀ ਹੈ। ਸੋ ਆਪਣੇ ਨਵੇਂ ਢਾਲੇ ਮਨ ਦੇ ਰੁਖ਼ ਨਾਲ ਇਕ ਦਿਨ ਇਸੇ ਨੂੰ ਵੱਖਰਿਆਂ ਲੈ ਗਈ ਤੇ ਕਹਿਣ ਲੱਗੀ ਤੂੰ ਡਿੱਠਾ ਹੈ ਕਿ ਸਾਧ ਜਗਤ ਵਿਚ ਨਹੀਂ ਲੱਭਦਾ, ਤਾਂਹੀਓਂ ਕਲੂ ਦਾ ਜ਼ੋਰ ਪੈ ਗਿਆ ਹੈ ਤੇ ਤੁਰਕਾਨੀ ਹਿੰਦਵਾਨੀ
ਨੂੰ ਖਾ ਗਈ ਹੈ, ਜਗਤ ਦਾ ਨਿਸਤਾਰਾ ਸ਼ਾਸਤ੍ਰਾਂ ਵੇਦਾਂ ਮੂਜਬ ਸਤਿਪੁਰਖ ਦੇ ਹੱਥ ਹੈ, ਜਿਸਦਾ ਕਾਲ ਪੈ ਰਿਹਾ ਹੈ। ਉਹ ਬੋਲੀ ਸੱਚ ਹੈ, ਪਰ ਬੀਜ ਨਾਸ਼ ਨਹੀਂ। ਸੁਘੜੋ ਬੋਲੀ ਇਸ ਕਰਕੇ ਮੈਂ ਖਹਿੜਾ ਨਹੀਂ ਛਡਦੀ, ' ਪਰ ਮੈਂ ਤੈਨੂੰ ਦੱਸਾਂ ਮੈਂ ਤਾਂ ਮਨ ਵਿਚ ਪਤੀਆ ਇਹ ਰੱਖਿਆ ਹੋਇਆ ਹੈ ਕਿ ਜੋ ਮੈਨੂੰ ਆ ਕੇ ਆਖੇ ਕਿ ਮੈਂ ਤੇਰਾ ਗੁਰੂ ਹਾਂ ਉਹ ਅੰਤਰਯਾਮੀ ਹੋਸੀ ਤੇ ਉਸ ਨੂੰ ਮੈਂ ਧਾਰਨ ਕਰਸਾਂ। ਪਰ ਦੇਖੀਂ ਇਹ ਗਲ ਕਿਸੇ ਨੂੰ ਦੱਸੀਂ ਨਾ। ਇਨ੍ਹਾਂ ਗਲਾਂ ਦੇ ਕੁਛ ਦਿਨ ਬਾਦ ਸੁਘੜੋ ਬਗੀਚੀ ਵਿਚ ਬੈਠੀ ਸੀ, ਸਖੀਆਂ ਬੀ ਪਾਸ ਸਨ ਕਿ ਇਕ ਲੰਮੇਂ ਪਤਲੇ ਗੋਰੇ ਰੰਗ ਦੇ ਸੰਤ ਅਚਾਨਕ ਆ ਨਿਕਲੇ। ਹੱਥ ਵਿਚ ਇਨ੍ਹਾਂ ਦੇ ਲੰਮਾਂ ਸੋਟਾ ਸੀ, ਦਾੜ੍ਹਾ ਸਬੂਤ ਸੀ ਕੁਛ ਚਿੱਟਾ ਕੁਛ ਕਾਲਾ, ਸਿਰ ਤੇ ਟੋਪੀ ਸੀ ਤੇ ਕੁਛ ਬਾਉਰੀਆਂ ਟੋਪੀ ਤੋਂ ਬਾਹਰ ਪਲਮਦੀਆਂ ਸਨ! ਨੈਣ ਰਸੀਲੇ ਕਰਕੇ ਆਪ ਆਉਂਦੇ ਸਾਰ ਬੋਲੇ: ਸੁਘੜੋ ! ਉਠੋ ਨਮਸਕਾਰ ਕਰੋ, ਹਮ ਆਪ ਕੇ ਗੁਰੂ, ਤਾਰਨੇ ਨਮਿਤ ਆਏ ਹੈਂ। ਆਜ ਭਗਵਾਨ ਨੇ ਸਮਾਧੀ ਮੇਂ ਯਿਹ ਸੰਦੇਸ਼ ਦੀਆ ਹੈ ਕਿ ਜਾਓ ਪਾਰ ਉਤਾਰਾ ਕਰੋ ਮੇਰੀ ਬੇਟੀ ਕਾ।'
ਸੁਘੜੋ ਮੁਸਕ੍ਰਾਈ, ਨੈਣ ਭਰ ਤੱਕੀ, ਉੱਠੀ, ਜਾ ਮੱਥਾ ਟੇਕਿਆ, ਅਹੋ ਧੰਨ ਭਾਗ, ਆਈਏ। ਫਿਰ ਸਤਿਕਾਰ ਨਾਲ ਆਪਣੇ ਰੰਗਲੇ ਪੀੜ੍ਹੇ ਤੇ ਸੰਤਾਂ ਨੂੰ ਬਿਠਾ ਲਿਆ ਤੇ ਆਪ ਭੁੰਜੇ ਫੂੜ੍ਹੀ ਤੇ ਹੋ ਬੈਠੀ। ਕੁਛ ਫੁਲ ਫਲ ਮੰਗਵਾਇਆ ਤੇ ਛਕਾਇਆ, ਕੁਟੀਆ ਵਿਚ ਬਿਸਰਾਮ ਦਿੱਤਾ ਤੇ ਆਪ ਆਪਣੇ ਘਰ ਚਲੀ ਗਈ। ਰਾਤ ਸੁਘੜੋ ਜਾਗਦੀ ਰਹੀ ਤੇ ਖੇਮੀ ਦਾ ਥਹੁ ਕਰਦੀ ਰਹੀ। ਜਦ ਦੋ ਪਹਿਰ ਵੱਜਕੇ ਚਾਰ ਘੜੀਆਂ ਬੀਤੀਆਂ ਤਾਂ ਖੇਮੀ ਮਲਕੜੇ ਉਠ ਟੁਰੀ। ਮਗਰੇ ਹੀ ਸੁਘੜੋ ਟੁਰ ਪਈ। ਪਹਿਰੇਦਾਰਾਂ ਵਿਚੋਂ ਇਕ ਨੂੰ ਪਹਿਲੋਂ ਹੀ ਤਿਆਰ ਰਖਿਆ ਹੋਇਆ ਸੀ, ਉਸ ਨੂੰ ਨਾਲ ਲੈ ਕੇ, ਪਰ ਖੇਮੀ ਤੋਂ ਕੁਛ ਵਿੱਥ ਰੱਖਕੇ ਸੁਘੜੇ ਮਗਰੇ ਮਗਰ ਟੁਰੀ ਗਈ। ਖੇਮੀ ਬਗੀਚੀ ਵਿਚ ਜਾ ਕੇ ਉਸ ਸਾਧੂ ਦੀ ਕੁਟੀ ਵਿਚ ਵੜ ਗਈ ਤੇ ਸੁਘੜੋ ਉਸ ਕੁਟੀ ਦੇ ਨਾਲ ਦੀ ਕੁਟੀ ਵਿਚ ਹੋ ਬੈਠੀ। ਇਸ ਕੁਟੀ ਦੀ ਕੰਧ ਵਿਚ ਬੇਮਲੂਮ ਜੇਹੇ ਝਰੋਖੇ ਸਨ, ਆਵਾਜ਼ ਆਉਂਦੀ ਜਾਂਦੀ ਸੀ ਖੁੱਲ੍ਹੀ, ਸੋ ਸੁਘੜੋ ਨੇ ਦੁਹਾਂ ਦੀ ਗਲ ਬਾਤ ਸੁਣ ਲਈ। ਜਿਸ ਦਾ ਭਾਵ ਇਹ ਸੀ ਕਿ ਘਰ ਦੀ ਸਾਰੀ ਗਲ ਬਾਤ ਉਸ ਨੇ ਸਾਧ ਨੂੰ ਦੱਸ ਦਿੱਤੀ, ਜਿਸ
ਨੂੰ ਅਗਲੇ ਦਿਨ ਅੰਤਰਯਾਮਤਾ ਕਰਕੇ ਸਾਧੂ ਨੇ ਸੁਘੜੋ ਨਾਲ ਵਰਤਣਾ ਸੀ। ਹੁਣ ਜਦ ਦਿਨ ਚੜ੍ਹੇ ਸੁਘੜੋ ਸਖੀਆਂ ਸਣੇ ਕੁਟੀਆ ਬੰਨੇ ਆਈ ਤਾਂ ਸੰਤ ਲਗੇ ਉਸ ਤਰ੍ਹਾਂ ਦੀਆਂ ਗਲਾਂ ਕਰਨ। ਸੁਘੜੋ ਹੱਸੀ ਦੇ ਕਹਿਣ ਲੱਗੀ: “ਸੱਤ ਹੈ ਆਪ ਦੀ ਅੰਤਰਯਾਤਮਾ, ਮੈਂ ਬੀ ਕੁਛ ਆਪ ਵਰਗੀ ਅੰਤਰਯਾਮੀ ਹਾਂ। ਇਹ ਸੱਤ ਹੈ, ਪਰ ਰਾਤ ਦੋ ਪਹਰਾ ਵਜਣ ਮਗਰੋਂ ਚਾਰ ਘੜੀਆਂ ਬੀਤਣ ਤੇ ਆਪ ਪਾਸ ਖੇਮੀ ਆਈ ਤੇ ਉਸਦੀ ਤੇ ਆਪਦੀ ਇਹ ਵਾਰਤਾਲਾਪ ਹੋਈ ਸੀ। ਦੱਸੋ ਹੁਣ ਮੇਰੀ ਅੰਤਰਯਾਮਤਾ ਠੀਕ ਹੈ ਕਿ ਨਹੀਂ?” ਇਹ ਸੁਣਕੇ ਸਾਧ ਦਾ ਰੰਗ ਪੀਲਾ ਹੋ ਗਿਆ ਤੇ ਸੁਘੜੋ ਨੇ ਤਾੜੀ ਮਾਰ ਦਿਤੀ, ਨਾਲ ਹੀ ਸਾਰੀਆਂ ਸਖੀਆਂ ਨੇ ਕਿਹਾ: 'ਬੋਲ ਪਖੰਡ ਸੈਨ ਕੀ ਜੈ'। ਸ਼ਰਮਿੰਦਾ ਹੋ ਮੁਸ਼ਕਲ ਨਾਲ ਆਪਾ ਸੰਭਲਦਾ ਸਾਧ ਟੁਰ ਗਿਆ ਤੇ ਉਸ ਦੇ ਟੁਰਨ ਤੋਂ ਪਹਿਲਾਂ ਸਖੀ ਗਣ ਵਿਚੋਂ ਖੇਮੀ ਗਿੱਲੇ ਸਾਬਣ ਦੀ ਚਾਕੀ ਵਾਂਗ ਤਿਲਕ ਚੁੱਕੀ ਸੀ।
9. (ਹਠ ਯੋਗ)
ਇਸ ਤਰ੍ਹਾਂ ਦਾ ਮਸ਼ਕਰੀ ਵਾਲਾ ਰੁਖ਼ ਬੰਨ੍ਹ ਕੇ ਸੁਘੜੋ ਹੁਣ ਠੁਹਕਰ ਨਹੀਂ ਖਾਂਦੀ। ਹਰ ਤਜਰਬੇ ਤੋਂ ਆਪਣੀ ਬੁੱਧੀ ਦੀ ਚਤੁਰ ਕਾਮਯਾਬੀ ਦਾ ਰਜੋ ਗੁਣੀ ਖੇੜਾ ਲੈ ਕੇ ਖੁਸ਼ ਰਹਿੰਦੀ ਹੈ। ਇਕ ਵੇਰ ਓਥੇ ਕੋਈ ਹਠ ਯੋਗੀ ਜੀ ਆ ਟਿਕੇ। ਏਹ ਨੇਤੀ ਧੋਤੀ ਨੇਉਲੀ ਬਸਤੀ ਆਦਿ ਸਾਰੀਆਂ ਯੋਗ ਕ੍ਰਿਆ ਕਰਦੇ ਸਨ। ਸੁਘੜੋ ਨੇ ਇਨ੍ਹਾਂ ਦੇ ਕਰਤੱਵ ਤੱਕੇ। ਤਸੱਲੀ ਹੋਈ ਕਿ ਜੋ ਕੁਝ ਕਹਿੰਦਾ ਹੈ ਸੋ ਕੁਛ ਇਹ ਕਰਦਾ ਹੈ। ਇਸ ਨੇ ਦੱਸਿਆ ਕਿ ਜੇ ਤੁਸੀਂ ਇਹ ਸਾਧਨ ਸਿਖ ਲਓ ਤਾਂ ਸਰੀਰ ਅਰੋਗ ਰਹੇਗਾ ਅਤੇ ਦਿਲ ਬੀ ਕੁਛ ਹਲਕਾ ਰਹੇਗਾ। ਪਰ ਬੀਬੀ ਨੇ ਕਿਹਾ ਕਿ ਮੈਨੂੰ ਤਾਂ ਆਪਣਾ ਮਨ ਕਿਸੇ ਜਗਤ ਦੇ ਕਰਤਾ ਨਾਲ ਮੇਲਣੇ ਦਾ ਸ਼ੌਕ ਹੈ, ਕੋਈ ਉਹ ਉਪਾਉ ਦੱਸੋ। ਜੋਗੀ ਨੇ ਕਿਹਾ: “ਬੀਬੀ ਮੈਂ ਜੋ ਕੁਛ ਜਾਣਦਾ ਹਾਂ ਸੋ ਕੁਛ ਮੈਂ ਦੱਸਿਆ ਹੈ, ਜੋ ਗਲ ਤੁਸੀਂ ਚਾਹੁੰਦੇ ਹੋ ਉਹ ਰਾਜ ਯੋਗ ਦੀ ਹੈ। ਰਾਜ ਯੋਗ ਦੀ ਭਾਲ ਵਿਚ ਮੈਂ ਆਪ ਫਿਰ ਰਿਹਾ ਹਾਂ। ਮੇਰਾ ਵਿਸ਼ਵਾਸ਼ ਇਹ ਹੈ ਕਿ ਹਠ ਯੋਗ ਸਿਖਕੇ ਰਾਜ ਯੋਗ ਸਿਖ੍ਯਾ ਪਰਮ ਸੁਖ ਹੁੰਦਾ ਹੈ, ਇਸੇ ਲਈ ਮੈਂ ਹੁਣ ਰਾਜ ਯੋਗ-ਕੈਵੱਲ ਯੋਗ-ਦੀ ਭਾਲ ਵਿਚ ਫਿਰ ਰਿਹਾ ਹਾਂ।
ਜੇ ਮੈਨੂੰ ਪ੍ਰਾਪਤ ਹੋ ਗਿਆ ਤਾਂ ਆਪ ਨੂੰ ਆ ਦੱਸਾਂਗਾ। ਆਪ ਦਾ ਭਾਉ ਤੇ ਸਤਿਸੰਗ ਪ੍ਰੇਮ ਸ਼ੋਭਾ ਯੋਗ ਹੈ।” ਬੀਬੀ ਨੇ ਕਿਹਾ: "ਕੀ ਆਪ ਨੂੰ ਕੁਝ ਪਦਾਰਥ ਚਾਹੀਦਾ ਹੈ?" ਜੋਗੀ ਕਹਿਣ ਲੱਗਾ: "ਮੌਸਮ ਸਿਆਲ ਦਾ ਆ ਗਿਆ ਹੈ, ਇਕ ਲੋਈ ਦੀ ਲੋੜ ਹੈ ਤੇ ਅਗਲੇ ਥਾਂ ਟਿਕਾਣਾ ਕਰਨੇ ਤੀਕ ਅੰਨ ਪਾਣੀ ਲਈ ਇਕ ਦੋ ਠੀਕਰੀਆਂ ਦੀ। ਇਸ ਤੋਂ ਵਿਸ਼ੇਸ਼ ਮੈਂ ਕਦੇ ਪੱਲੇ ਨਹੀਂ ਬੱਧਾ ਤੇ ਇਤਨਾ ਮੰਗ ਲੈਣਾ ਮੈਂ ਲੋਭ ਨਹੀਂ ਸਮਝਦਾ।” ਇਸ ਦੀ ਇਸ ਸਰਲਤਾ ਤੇ ਸਚਿਆਈ ਪਰ ਸੁਘੜੋ ਖ਼ੁਸ਼ ਹੋ ਗਈ। ਕਹਿਣ ਲਗੀ ਦੇਖ ਮਨਾਂ, ਜਗਤ ਸੁੰਞਾ ਨਹੀਓਂ, ਹੈਨ ਨਾ ਸਤ੍ਯ ਵਕਤਾ ਤੇ ਨਿਰਲੋਭ। ਦੇਖ ਆਪਣੀ ਪ੍ਰਾਪਤੀ ਸਚ ਸਚ ਦੱਸ ਕੇ ਵੱਧ ਦੀ ਡੀਂਗ ਇਸ ਪੁਰਖ ਨੇ ਨਹੀਂ ਮਾਰੀ ਤੇ ਆਪਣੀ ਲੋੜ ਕਹਿਣੋਂ ਬੀ ਸ਼ਰਮ ਨਹੀਂ ਕੀਤੀ ਤੇ ਵੱਧ ਦੀ ਯਾਚਨਾ ਨਹੀਂ ਕੀਤੀ। ਫਿਰ ਜੋਗੀ ਨੇ ਕਿਹਾ: "ਮਾਈ ਕਲੂ ਕਾਲ ਹੈ, ਧਰਮ ਦੀ ਹਾਂਨੀ ਹੋ ਰਹੀ ਹੈ। ਜਉ ਤੁਸੀਂ ਸਰੀਰ ਦੀ ਇਹ ਯੋਗ ਕ੍ਰਿਯਾ ਸਿੱਖ ਕੇ ਪ੍ਰਾਣਾਯਾਮ ਸਿਖ ਲਓ ਤਾਂ ਕਾਯਾਂ ਅਰੋਗ ਰਹੇਗੀ ਤੇ ਕੁਛ ਕੁਛ ਕਾਬੂ ਸਰੀਰ ਤੇ ਆ ਜਾਏਗਾ। ਇੰਦਰੇ ਵਸੀ ਭੂਤ ਰਹਿਣਗੇ। ਸ਼ੇਸ਼ ਚਾਹੇ ਨਾ ਕਰੋ। ਮੈਨੂੰ ਗੁਰੂ ਬਣਨੇ ਦੀ ਇੱਛਾ ਨਹੀਂ, ਮੈਂ ਆਪ ਅਜੇ ਜਗ੍ਯਾਸੂ ਹਾਂ" ਬੀਬੀ ਨੇ ਕਿਹਾ: "ਤੁਸਾਂ ਦੇ ਸਚ ਤੋਂ ਕੁਰਬਾਨ ਹਾਂ, ਪਰ ਮੇਰਾ ਚਿਤ ਕਾਯਾਂ ਮਾਂਜਣ ਤੇ ਨਹੀਂ ਤੇ ਨਾ ਮੈਂ ਉਮਰ ਲੰਮੇਰੀ ਕਰਨੀ ਚਾਹੁੰਦੀ ਹਾਂ। ਜਿਸ ਦੇ ਨਾਲ ਰਲਕੇ ਕਾਯਾਂ ਨਰੋਈ ਤੇ ਲੰਮੀ ਉਮਰ ਦਾ ਸੁਖ ਲੈਣਾ ਸੀ (ਹਾਹੁਕਾ ਲੈ ਕੇ) ਉਹ ਟੁਰ ਚੁਕੇ ਹਨ। ਮੈਂ ਇਕੱਲੀ ਹਾਂ, ਮੇਰਾ ਕੋਈ ਨਹੀਂ, ਇਕੱਲ ਦੀ ਉਮਰ ਨਾ ਵਧੇ ਤਾਂ ਚੰਗੀ ਹੈ। ਪਰ ਤੁਸੀਂ ਜੇ ਕੋਈ ਹਲਕਾ ਜਿਹਾ ਪ੍ਰਾਣਾਯਾਮ ਸਿਖਾ ਸਕੋ ਕਿ ਜਿਸ ਲਈ ਨੌਲੀ ਧੋਤੀ ਆਦਿ ਕਰਮਾਂ ਦੀ ਲੋੜ ਨਾ ਹੋਵੇ ਤਾਂ ਕ੍ਰਿਪਾ ਹੈ।” ਇਹ ਸੁਣਕੇ ਜੋਗੀ ਨੇ ਉਸ ਨੂੰ ਸੁਤੇ ਹੀ ਪ੍ਰਾਣਾਂ ਦੇ ਪ੍ਰਵਾਹ ਨੂੰ ਇਕ ਮਿਣਵੀਂ ਚਾਲ ਵਿਚ ਤੋਰਨ ਦੀ ਜਾਚ ਸਿਖਾ ਦਿੱਤੀ। ਇਸ ਤੋਂ ਮਗਰੋਂ ਇਕ ਉਦਾਸੀ ਸਾਧੂ ਆਏ ਤੇ ਕੁਛ ਚਿਰ ਟਿਕੇ। ਉਹ ਬੀ ਹਠ ਯੋਗ ਵਲ ਰੁਖ਼ ਕਰ ਗਏ ਹੋਏ ਸਨ, ਸੁਘੜੋ ਨੂੰ ਇਸ ਦੀ ਲੋੜ ਨਾ ਸੀ।
10. (ਵੇਦਾਂਤ)
ਇਕ ਦਿਨ ਇਕ ਸਾਧੂ ਆ ਗਏ ਵਿਸ਼ਵਾ ਨੰਦ। ਆਖਣ ਲਗੇ: 'ਸੁਘੜੋ!, ਸ਼ਿਵੋ ਹੈ।' ਸੁਘੜੋ ਨੇ ਨਮਸਕਾਰ ਕੀਤੀ, ਆਦਰ ਨਾਲ ਬਿਠਾਇਆ। ਆਪ ਬੋਲੇ: ‘ਸੁਣ ਬੇਟਾ, ਜਪ ਤਪ ਸਾਧਨ ਦਾ ਸਮਾਂ ਨਹੀਂ, ਗਯਾਨ ਦਾ ਸਮਾਂ ਹੈ। ਕਲ੍ਯਾਨ ਸਰੂਪ ਇਕ ਸ਼ਿਵ ਪਰੀਪੂਰਣ ਹੈ, ਮੈਂ ਅਰ ਉਹ ਦੋ ਨਹੀਂ। ਉਸੀ ਦਾ ਪ੍ਰਭਾਵ ਹੈ, ਉਹੀ ਹੈ ਨਾਨਤ੍ਵ ਵਿਚ ਦਿੱਸ ਰਿਹਾ ਇਕ ਚਿਦਘਨ ਦੇਵ। ਸ਼ਿਵੋ ਹੰ, ਸ਼ਿਵੋਹੰ। ਅਸਾਂ ਚੁਮਾਸਾ ਦੌਲਤਾਨੇ ਕਟਿਆ ਹੈ। ਅਹਾ ਕੈਸਾ ਸੁੰਦਰ ਛੰਭ ਹੈ ਬੋੜ੍ਹਾਂ ਦੀ ਛਾਵੇਂ, ਚਾਰ ਚੁਫੇਰੇ ਠੰਢੀ ਘਣੀ ਛਾਂ। ਓਥੇ ਸੁਣੀ ਸੀ ਅਸਾਂ ਤੁਸਾਂ ਦੀ ਜਗਯਾਸਾ ਤੇ ਨਿਰਾਸਤਾ, ਪਰ ਤੁਹਾਡਾ ਹਠ-ਤ੍ਰੀਯਾ ਹਠ-ਸਤਿ ਸੰਗ ਦਾ ਖਹਿੜਾ ਨਾ ਛੱਡਣੇ ਦਾ। ਅਸਾਂ ਕਿਹਾ: ਇਹ ਹੈ ਜਗ੍ਯਾਸੂ! ਦੇਖ ਬੇਟਾ ! ਜਗਤ ਸਾਧੂ ਨੂੰ ਢੂੰਡਦਾ ਹੈ ਪਰ ਅਸਲ ਸਾਧੂ ਜਗ੍ਯਾਸੂ ਨੂੰ ਢੂੰਡਦਾ ਹੈ। ਉਸਨੂੰ ਸ਼ੌਕ ਹੁੰਦਾ ਹੈ ਕਿ ਇਹ ਬ੍ਰਹਮ ਵਿਦ੍ਯਾ ਜਿਵੇਂ ਮੈਨੂੰ ਪ੍ਰਾਪਤ ਹੋਈ ਹੈ ਕਿਸੇ ਨੂੰ ਮੈਥੋਂ ਪ੍ਰਾਪਤ ਹੋਵੇ। ਇਸ ਲਈ ਆਏ ਹਾਂ ਕਿ ਤੇਰੀ ਹਾਂਡ ਮੁੱਕੇ। ਤੂੰ ਵੇਦਾਂਤ ਦੇ ਪਰਮ ਸਿੱਧਾਂਤ ਨੂੰ ਸਮਝਕੇ ਉਸ ਸ੍ਵਰਨ ਦੀ ਤਰ੍ਹਾਂ ਟਿਕ ਜਾਏਂ ਜੋ ਕੁਠਾਲੀ ਵਿਚ ਪਿਆ ਘਬਰਾਉਂਦਾ ਹੈ ਪਰ ਜਦੋਂ ਸ਼ੁੱਧ ਹੋ ਜਾਂਦਾ ਹੈ ਤਾਂ ਫਿਰ ਟਿਕ ਜਾਂਦਾ ਹੈ।' ਇਹ ਕਹਿ ਕੇ ਵਿਸ਼ਵਾਨੰਦ ਨੇ ਕੁਛ ਪਦ ਪਦਾਰਥ ਵੇਦਾਂਤ ਦੇ ਕਹੇ ਤੇ ਸਿਧਾਂਤ ਬੀ ਸੁਣਾਇਆ। ਫਿਰ ਕਹਿਣ ਲਗੇ ਕਿ: 'ਹੇ ਦੇਵੀ! ਤੂੰ ਬ੍ਰਿਜ ਭਾਸ਼ਾ ਪੜ੍ਹੀ ਹੈਂ, ਫ਼ਾਰਸੀ ਦੇ ਕੁਛ ਪਦ ਪਦਾਰਥ ਜਾਣਦੀ ਹੈਂ, ਕੁਛ ਸੰਸਕ੍ਰਿਤ ਦੇ ਸ਼ਲੋਕ ਬੀ ਤੇਰੇ ਯਾਦ ਹੈਨ, ਹੁਣ ਲਗਕੇ ਸੰਸਕ੍ਰਿਤ ਪੜ੍ਹ ਤੇ ਬ੍ਰਹਮ ਸੂਤਰ ਤੇ ਵੇਦਾਂਤ ਪਰਿਭਾਸ਼ਾ ਆਦਿ ਵੀਚਾਰ ਲੈ, ਫਿਰ ਸੁਖੀ ਹੋ ਜਾਏਂਗੀ, ਬੱਸ ਹੁਣ ਸਾਨੂੰ ਕੁਛ ਫਲ ਖਿਲਾ ਦੇ ਅਰ ਛੁਟੀ ਦੇ ਦੇ, ਅਸੀਂ ਹੁਣ ਜਾਵਾਂਗੇ। ਤੁਸਾਂਥੋਂ ਲੇਣੇ ਦੇਨੇ ਕਾ ਪ੍ਰਯੋਜਨ ਨਹੀਂ, ਜਿਸ ਬਾਤ ਵਿਚ ਲੱਗ ਕੇ ਅਸੀਂ ਸੁਖੀ ਹਾਂ ਤੁਸਾਂ ਨੂੰ ਉਸ ਦਾ ਪਤਾ ਦੇਣਾ ਸੀ। ਸਾਡਾ ਨਾਮ ਵਿਸ਼ਵਾਨੰਦ ਹੈ, ਪਰ ਅਸੀਂ ਆਪ ਨੂੰ ਬਿਲਾਸਾਨੰਦ ਮੰਨਦੇ ਹਾਂ। ਵੇਦਾਂਤ ਦੇ ਬਚਨ ਬਿਲਾਸ ਵਿਚ ਆਨੰਦ ਰਹਿੰਦੇ ਹਾਂ।' ਇਹ ਕਹਿਕੇ ਤਾਉੜੀ ਮਾਰਕੇ ਹੱਸੇ: 'ਸ਼ਿਵੋ ਹੰ: ਇਹ ਕਹਿਕੇ ਚੁਪ ਹੋ ਗਏ। ਬੀਬੀ ਨੇ ਹੁਣ ਦੋ ਆਦਮੀ ਸੱਦੇ, ਇਕ ਤਾਂ ਪੰਡਿਤ ਸੀ ਜੋ ਬੀਬੀ ਨੇ ਨੌਕਰ ਰਖਿਆ
ਹੋਇਆ ਸੀ, ਜੋ ਇਸ ਨੂੰ ਰੋਜ਼ ਯੋਗ ਵਸ਼ਿਸ਼ਟ ਦੀ ਕਥਾ ਸੁਨਾਉਂਦਾ ਹੁੰਦਾ ਸੀ ਤੇ ਇਕ ਮੌਲਵੀ ਸੀ ਜੋ ਰੋਜ਼ ਮੌਲਾਨਾ ਰੂਮ ਦੀ ਮਸਨਵੀ ਸੁਣਾਯਾ' ਕਰਦਾ ਸੀ। ਵਿਸ਼ਵਾਨੰਦ ਜੀ ਪੰਡਤ ਨੂੰ ਦੇਖ ਕੇ ਪ੍ਰਸੰਨ ਹੋ ਗਏ ਉਸ ਨੂੰ ਕਹਿਣ ਲਗੇ: "ਪੰਡਤ ਜੀ ਬੀਬੀ ਨੂੰ ਯੋਗ ਵਸ਼ਿਸ਼ਟ ਸੁਣਾਕੇ ਬ੍ਰਹਮ ਸੂਤ੍ਰ ਤੇ ਵੇਦਾਂਤ ਪਰਿਭਾਸ਼ਾ ਪੜ੍ਹਾ ਦਿਓ, ਇਸ ਨੂੰ ਆਪਣਾ ਬੋਧ ਹੋ ਜਾਏ ਕਿ ਸਰਬ ਸ਼ਿਵ ਹੈ ਤੇ ਮੈਂ ਸ਼ਿਵ ਹਾਂ।" ਪੰਡਤ ਨੇ ਕਿਹਾ ਕਿ ਗ੍ਰੰਥ ਏਥੇ ਮਿਲਦੇ ਨਹੀਂ, ਕਾਂਸ਼ੀ ਕਿਸੇ ਨੂੰ ਭੇਜਕੇ ਮੰਗਵਾ ਲੈਸਾਂ ਤੇ ਜਿਵੇਂ ਆਪ ਨੇ ਕਿਹਾ ਹੈ ਕਰਸਾਂ। ਐਉਂ ਗੱਲਾਂ ਬਾਤਾਂ ਕਰਕੇ ਵਿਸ਼ਵਾਨੰਦ ਜੀ ਚਲਦੇ ਰਹੇ। ਸੁਘੜੋ ਨੂੰ ਭੁੱਖ ਸੀ ਸੱਖਣੇ ਅੰਦਰ ਨੂੰ ਭਰਨ ਦੀ, ਨਿਰਾ ਗੱਲਾਂ ਬਾਤਾਂ ਦਾ ਗ੍ਯਾਨ ਤਾਂ ਉਹ ਪੰਡਤ ਤੋਂ ਰੋਜ਼ ਸੁਣ ਹੀ ਲੈਂਦੀ ਸੀ; ਸੋ ਸਾਧੂ ਨੂੰ ਅਟਕਾਇਆ ਨਾ, ਪਰ ਸੁਘੜੋ ਸੋਚੀਂ ਪੈ ਗਈ ਕਿ ਭਾਵੇਂ ਏਹ ਸਾਧੂ ਕਰਨੀ ਵਾਲੇ ਨਹੀਂ ਸਨ, ਪਰ ਜੋ ਪੜ੍ਹਿਆ ਸਾਨੇ ਓਹੋ ਕਿਹਾ ਨੇ ਤੇ ਕੋਈ ਲਾਲਚ ਬੀ ਨਹੀਂ ਕੀਤਾ ਨੇ। ਹੈ ਨਾਂ ਜਗਤ ਵਿਚ ਨਿਰਲੋਭਤਾ ? ਆਏ ਭੀ ਆਪ ਹਨ ਚੱਲ ਕੇ, ਠਹਿਰੇ ਬੀ ਨਹੀਂ। ਏਹ ਲੱਛਣ: ਮਨਾਂ, ਸਮਝ ਲੈ, ਹੁਣ ਤੇਰੀ ਕਿਸਮਤ ਖੁੱਲ੍ਹਣ ਦੇ ਹਨ। ਏਸੇ ਤਰ੍ਹਾਂ ਕੋਈ ਆ ਮਿਲੇਗਾ। ਹੋਵੇਗਾ ਦਿਆਲ ਤਾਂ ਦੇਵੇਗਾ ਬੁਲਾਕੇ।
11. (ਸ਼ਕਤੀ)
ਕਥਾ ਵਾਰਤਾ, ਸਤਿਸੰਗ, ਆਏ ਗਏ ਸਾਧੂ ਦੀ ਸੇਵਾ ਟੁਰੀ ਰਹੀ। ਸਮਾਂ ਪਾ ਕੇ ਇਕ ਹੋਰ ਸਾਧੂ ਆਏ। ਇਨ੍ਹਾਂ ਨੇ ਸੁਮਤਿ ਦਿੱਤੀ ਕਿ: 'ਹੇ ਸੁਘੜੋ! ਤੂੰ ਵੇਦਾਂਤ ਸੁਣ ਰਹੀ ਹੈਂ। ਇਸ ਸੇ ਤੇਰੇ ਮਨ ਕੀ ਚਤੁਰਤਾ ਬੜ੍ਹੇਗੀ, ਤੁਝ ਕੋ ਸਮਝ ਪੜ੍ਹੇਗੀ ਕਿ ਤੂੰ ਸ਼ਿਵ ਹੈਂ, ਤੂੰ ਹੀ ਬ੍ਰਹਮ ਹੈਂ, ਪਰ ਤੂੰ ਬ੍ਰਹਮ ਹੋਵੇਂਗੀ ਨਹੀਂ। ਕਿਉਂਕਿ ਉਹ ਤੇ ਨਿਰਵਿਕਲਪ, ਅਸੰਗ, ਤ੍ਰਿਗੁਣਾਤੀਤ ਆਪਣੇ ਆਪ ਮੇਂ ਸਥਿਤ ਹੈ। ਤੂੰ ਉਸੇ ਤਰ੍ਹਾਂ ਉਸ ਦੇ ਸੰਗ ਜਲ ਮੇਂ ਜਲ ਵਤ ਸਮਾ-ਨਹੀਂ ਗਈ। ਤੇਰੇ ਮੇਂ ਕ੍ਰਿਆ ਔਰ ਸਤ੍ਯਾ ਹੈ, ਯਿਹ ਕਿਆ ਹੈ। ਬੀਚਾਰ। ਯਿਹ ਹੈ ਸ਼ਕਤੀ। ਵਹ ਸ਼ਿਵ ਤੇ ਨਿਰਗੁਣ, ਅਤੀਤ, ਅਸੰਗ ਹੈ, ਹਾਂ ਉਸ ਕੀ ਸ਼ਕਤੀ ਹੈ ਜੋ ਬ੍ਰਹਮੰਡ ਕਾ ਖੇਲ ਕਰ ਰਹੀ ਹੈ। ਏਕ ਲੋਕ ਤੋ ਸ਼ਕਤੀ ਕੋ ਹੀ ਸਭ ਕੁਛ ਮਾਨਤੇ ਹੈਂ। ਅਕਸਰ ਕਹਿਤੇ ਹੈਂ ਕਿ ਸ਼ਕਤੀ ਹੀ ਸ਼ਿਵ ਹੈ, ਸ਼ਿਵ ਹੀ ਸ਼ਕਤੀ ਹੈ, ਪਰ ਮੈਂ ਸ਼ਕਤੀ ਕੋ ਸ਼ਿਵ
ਕੀ ਮਾਨਤਾ ਹੂੰ। ਸੋ ਜਹਾਂ ਤੂੰ ਹੈਂ ਵਹਾਂ ਸ਼ਕਤੀ ਹੈ। ਉਤਪਤ, ਪ੍ਰਲੈ, ਪਾਲਨ ਸਭ ਸ਼ਕਤੀ ਕਾ ਕਾਮ ਹੈ। ਸੋ ਤੂੰ ਸ਼ਕਤੀ ਕੀ ਉਪਾਸਨਾ ਕਰ। ਆਪਨੇ ਮੇਂ ਸ਼ਕਤੀ ਕਾ ਉਦੀਪਨ ਕਰ। ਸ਼ਕਤੀ ਪਾ ਕਰ ਸਦਾ ਸ਼ਿਵ ਕੋ ਪਾਏਂਗੀ। ਸ਼ਕਤੀ ਸ਼ਿਵ ਮੇਂ ਲੇ ਜਾਏਗੀ।' ਸੁਘੜੋ ਨੇ ਪੁੱਛਿਆ ਕਿ- 'ਇਸਦਾ ਮੁੱਢ ਕਿਥੋਂ ਕਰਾਂ ?' ਤਾਂ ਉਸ ਨੇ ਦੱਸਿਆ ਕਿ: 'ਕਾਲੀ ਕੀ ਪ੍ਰਿਤਮਾ ਕਾ ਅਸਥਾਪਨ ਕਰੋ। ਉਸ ਕਾ ਮੰਦਰ ਬਨਾਓ! ਉਸਕੇ ਪੂਜਨ ਔਰ ਪ੍ਰਤੱਖ ਕਰਨੇ ਕੀ ਵਿਧੀ ਮੈਂ ਬਤਾਊਂਗਾ।” ਕੁਛ ਦਿਨ ਇਸ ਦੇ ਉਪਦੇਸ਼ ਸੁਣ ਕੇ ਸੁਘੜੋ ਦੀ ਰੁਚੀ ਇਸ ਪਾਸੇ ਵਲ ਨਾ ਵਧੀ, ਸਗੋਂ ਘਟਦੀ ਗਈ। ਚਾਹੇ ਇਹ ਸਾਧੂ ਆਪਣੇ ਮਤ ਅਨੁਸਾਰ ਗੱਲਾਂ ਦੱਸਦਾ ਸੀ, ਪਰ ਸੁਘੜੋ ਨੂੰ ਪਹਿਲੇ ਤਜਰਬਿਆਂ ਕਰਕੇ ਭਰਮ ਪੈਂਦਾ ਸੀ। ਇਕ ਦਿਨ ਸੁਘੜੋ ਨੇ ਉਸ ਨੂੰ ਕਹਿ ਦਿੱਤਾ ਕਿ: 'ਸ਼ਕਤੀ ਸ਼ਕਤੇ ਦੇ ਨਾਲ ਹੈ, ਉਸ ਤੋਂ ਜੁਦਾ ਹੋ ਨਹੀਂ ਸਕਦੀ। ਜੇ ਜੁਦਾ ਹੋਵੇ ਤਾਂ ਦੋ ਸਰਬ ਸ਼ਕਤੀਮਾਨ ਯੁਕਤੀ ਨਾਲ ਸਿੱਧ ਨਹੀਂ ਹੋ ਸਕਦੇ। ਮੇਰੀ ਰੁਚੀ ਸ਼ਕਤੀਆਂ ਦੇ ਮੂਲ ਸਰਬ ਸ਼ਕਤੀਮਾਨ ਵੱਲ ਹੈ। ਇਸ ਕਰਕੇ ਮੈਨੂੰ ਉਸ ਦਾ ਪੂਜਨ ਤੇ ਪ੍ਰਾਪਤੀ ਵਧੇਰੇ ਪਸੰਦ ਹੈ।' ਇਉਂ ਕਹਿਕੇ ਇਸ ਸਾਧੂ ਨੂੰ ਸਨਮਾਨ ਨਾਲ ਟੋਰ ਦਿੱਤਾ, ਕਿਉਂਕਿ ਸੁਘੜੋ ਨੂੰ ਨਿਸ਼ਚੇ ਨਹੀਂ ਸੀ ਹੋਇਆ ਕਿ ਇਹ ਨਿਰਾ ਮਾਯਾ ਪ੍ਰੇਮੀ ਪੁਰਖ ਸੀ ਯਾ ਆਪਣੇ ਮਤ ਦਾ ਪ੍ਰਚਾਰਕ ਸੀ। ਇਸ ਮਤ ਦੀ ਪੂਰੀ ਵਾਕਫ਼ੀ ਨਾ ਹੋਣ ਕਰਕੇ ਸਾਧੂ ਦੀਆਂ ਗੱਲਾਂ ਤੋਂ ਉਸ ਨੂੰ ਕੁਛ ਹੋਰ ਸ਼ੱਕ ਸ਼ੁਭੇ ਪੈਣ ਲਗ ਗਏ ਸਨ।
12. (ਧਰਮ ਤੋਂ ਬਾਹਰ)
ਸੁਘੜੋ ਹੁਣ ਚਤੁਰ ਹੋ ਗਈ ਸੀ। ਮਤ ਮਤਾਂਤ੍ਰਾਂ ਦੇ ਥਹੁ ਪੈ ਗਏ ਸਨ, ਵਿਦ੍ਯਾ ਦੇ ਪਦ ਪਦਾਰਥ ਬੀ ਸੁਣਨ ਵਿਚ ਆ ਗਏ ਸਨ, ਪਰ ਕਿਸੇ ਸ਼ੈ ਨੇ ਇਸਨੂੰ ਆਪਣੇ ਵਿਚ ਮੋਹਿਤ ਨਹੀਂ ਕੀਤਾ। ਬੁੱਧੀ ਮੰਝਦੀ ਗਈ; ਆਚਰਨ ਦ੍ਰਿੜ੍ਹ ਹੁੰਦਾ ਗਿਆ, ਪਰ ਕੋਈ ਭੁੱਖ ਅੰਦਰ ਲੱਗੀ ਰਹੀ, ਜੋ ਇਉਂ ਦੀ ਸੀ ਕਿ ਜੋ ਗਲ ਸਮਝ ਲਵੇ ਉਹ ਨਿਰੀ ਜਾਣਨੇ ਮਾਤਰ, ਫ਼ਿਲਸਫ਼ਾ ਮਾਤਰ, ਸਮਝ ਨੂੰ ਮਾਂਜਣੇ ਮਾਤਰ ਨਾ ਹੋਵੇ ਉਹ ਅੰਦਰਲੇ ਦੀ ਕਾਯਾ ਪਲਟ ਕਰ ਦੇਵੇ। ਇਨ੍ਹਾਂ ਸਮਿਆਂ ਵਿਚ ਇਕ ਸਾਧੂ ਆ ਗਿਆ ਜੋ ਬੀਬੀ ਨੂੰ ਮਿਲਕੇ ਉਸ ਦੇ ਤਜਰਬੇ ਤੇ ਖਿਆਲ ਸੁਣਕੇ ਬੜਾ ਹੱਸਿਆ ਤੇ ਕਹਿਣ
ਲੱਗਾ: 'ਕਿਉਂ ਆਪਣਾ ਸੁੰਦਰ ਸਰੀਰ ਔਰ ਉਤਮ ਜੀਵਨ ਬਿਰਥਾ ਵਹਿਮਾਂ ਵਿਚ ਗੁਆ ਰਹੀ ਹੈਂ? ਕਿਉਂ ਆਪਣਾ ਪਦਾਰਥ ਫੁਕਰਿਆਂ ਤੇ ਵੀਟ ਰਹੀ ਹੈਂ? ਆਨੰਦ ਰਹੋ, ਆਨੰਦ ਲੋ ਅਰ ਆਨੰਦ ਦੇ ਨਾਲ ਯਾਤਰਾ ਸੰਪੂਰਨ ਕਰੋ। ਨਾ ਗੁਆਓ ਵਕਤ ਸੋਚਾਂ ਵੀਚਾਰਾਂ ਤੇ ਇੰਦਰੇਗ੍ਯਾਨ ਤੋਂ ਅਗਲੀਆਂ ਗਲਾਂ ਤੇ। ਪ੍ਰਤੱਖ ਵਿਚ ਰਹੋ। ਪ੍ਰਤੱਖ ਵਿਚ ਜੀਵੋ। ਇੰਦਰੈ ਗ੍ਯਾਨ ਤੋਂ ਪਰੇ ਕੁਛ ਨਹੀਂ ਹੈ। ਖਾਓ ਪੀਓ ਮੌਜ ਕਰੋ।” ਪਹਿਲਾਂ ਤਾਂ ਇਸ ਦੀਆਂ ਮੋਟੀਆਂ ਮੋਟੀਆਂ ਗੱਲਾਂ ਸੁਘੜੋ ਨੂੰ ਚੰਗੀਆਂ ਲੱਗੀਆਂ, ਪਰ ਪਿੱਛੋਂ ਸਮਝ ਪਈਓਸੁ ਕਿ ਇਹ ਧਰਮ ਦਾ ਵਿਰੋਧੀ ਇਸ ਲਈ ਨਹੀਂ ਕਿ ਇਸ ਨੂੰ ਧਰਮ ਤੋਂ ਪਰੇ ਕੁਛ ਲੱਭਾ ਹੈ ਯਾ ਇਹ ਜਗਤ ਦੇ ਭਲੇ ਦੇ ਖਿਆਲ ਨਾਲ ਆਪਣੀ ਕੋਈ ਨਿਸ਼ਚਿਤ ਕੀਤੀ ਬਾਤ ਕਹਿ ਰਿਹਾ ਹੈ, ਪਰ ਇਹ ਕਿ ਇਹ ਇਸ ਪ੍ਰਕਾਰ ਦਾ ਖਿਆਲ ਦੇ ਕੇ ਆਪਣੀ ਸੰਪ੍ਰਦਾ ਟੋਰਕੇ ਉਸੇ ਐਸ਼ਵਰਜ ਪ੍ਰਤਾਪ ਦੇ ਬਨਾਉਣ ਦੇ ਫ਼ਿਕਰ ਵਿਚ ਹੈ ਕਿ ਜਿਸ ਨੂੰ ਦੂਸਰਿਆਂ ਵਿਚ ਦੂਸ਼ਣ ਰੂਪ ਕਰਕੇ ਦੱਸਦਾ ਹੈ। ਲੋੜਵੰਦ ਹੈ ਤੇ ਲੋੜ ਨੂੰ ਛਿਪਾਉਂਦਾ ਹੈ, ਪਰ ਦੂਸਰੀ ਤਰ੍ਹਾਂ ਲੋਕਾਂ ਨੂੰ ਧਰਮ ਮਾਰਗ ਤੋਂ ਉਖੇੜਕੇ ਆਪਣੇ ਮਨੋਰਥ ਪੂਰਨ ਕਰਨੇ ਦੇ ਆਹਰ ਵਿਚ ਹੈ। ਇਸ ਆਦਮੀ ਦੇ ਸਿੱਧੇ ਖਿਆਲ, ਜਗਤ ਪ੍ਯਾਰ ਦੇ ਦਾਵੇ ਤੇ ਨੇਕੀ ਦੇ ਪ੍ਰਵੇ ਸੁਣਕੇ ਤਾਂ ਕੁਝ ਰੀਝੀ ਸੀ, ਪਰ ਉਸਦੇ ਅੰਦਰ ਬੀ ਉਹੋ ਤ੍ਰਿਸ਼ਨਾ, ਉਹੋ ਈਰਖਾ, ਉਹੋ ਆਪਣੇ ਤੋਂ ਭਿੰਨ ਖ੍ਯਾਲ ਰੱਖਣ ਵਾਲਿਆਂ ਨਾਲ ਦ੍ਵੈਖ ਸੁਘੜੋ ਨੂੰ ਨਜ਼ਰੀਂ ਪੈ ਗਈ। ਹੁਣ ਉਸਨੂੰ ਨਿਸ਼ਚੇ ਹੋ ਗਿਆ ਕਿ ਧਰਮ ਦੇ ਪਰਦੇ ਹੇਠ ਯਾ ਧਰਮ ਤੋਂ ਬਾਹਰ ਹੋ ਕੇ ਲੋੜਵੰਦ ਲੋਕ ਨਾਨਾ ਤਰ੍ਹਾਂ ਦੇ ਜਾਲ ਤਣ ਰਹੇ ਹਨ। ਨਾ ਦੋਸ਼ ਹੈ ਧਰਮ ਦਾ, ਨਾ ਦੋਸ਼ ਹੈ ਆਚਾਰਯਾਂ ਦਾ ਤੇ ਨਾ ਦੋਸ਼ ਹੈ ਧਰਮ ਪੁਸਤਕਾਂ ਦਾ। ਜਗਤ ਦੀ ਕੁਛ ਰਚਨਾ ਹੀ ਐਸੀ ਹੈ ਯਾ ਮਨੁੱਖ ਦੀਆਂ ਲੋੜਾਂ ਹੀ ਕੁਛ ਐਸੀਆਂ ਹਨ ਕਿ ਉਹ ਧਰਮ ਅਧਰਮ ਯਾ ਧਰਮ ਤੋਂ ਬਾਹਰ ਜਿੱਥੇ ਦਾਉ ਲਗੇ 'ਸ੍ਵਾਰਥ ਸਿਧੀ' ਦੇ ਮਗਰ ਲਗ ਰਿਹਾ ਹੈ। ਜੇ ਰਾਜਸੀ ਮੰਡਲਾਂ ਵਿਚ ਸ੍ਵਾਰਥੀ ਲੋਕਾਂ ਨੂੰ ਜ਼ੋਰ ਜ਼ੁਲਮ ਕਰਦੇ ਤੱਕੋ ਤਾਂ ਰਾਜ ਨੂੰ ਮਾੜਾ ਕਹੀਦਾ ਹੈ, ਪਰ ਕਸੂਰ ਹੈ ਸ੍ਵਾਰਥੀਆਂ ਦਾ। ਜੇ ਧਰਮ ਮੰਡਲ ਵਿਚ ਸ੍ਵਾਰਥੀ ਆ ਘੁਸਦੇ ਤੇ ਸ੍ਵਾਰਥ ਸਿੱਧੀ ਲਈ ਇਸਦੇ ਭੇਖ ਨੂੰ ਵਰਤਦੇ ਹਨ ਤਾਂ ਕਸੂਰ ਹੈ ਸ੍ਵਾਰਥੀਆਂ ਦਾ ਤੇ ਖ੍ਯਾਲ ਕਰੀਦਾ ਹੈ:
ਧਰਮ ਦਾ ਪੱਖ ਹੀ ਛੱਡੋ। ਜੇ ਭਾਈਚਾਰੇ ਵਿਚ ਜਾਓ ਤਾਂ ਸ੍ਵਾਰਥੀ ਪ੍ਰਧਾਨ ਹਨ। ਵਿਦ੍ਯਾ ਮੰਡਲਾਂ ਵਿਚ ਭੀ ਇਨ੍ਹਾਂ ਦੀ ਚੌਧਰ ਹੈ। ਏਹ ਟੋਲਾ ਜਗਤ ਨੂੰ ਕਿਸੇ ਮੰਡਲ ਵਿਚ ਬੀ ਸੁਖ ਨਹੀਂ ਲੈਣ ਦੇਂਦਾ। ਸੋ ਕੋਈ ਮਾਰਗ, ਕੋਈ ਸਾਧਨ ਐਸਾ ਹੋਵੇ ਕਿ ਜਗਤ ਵਿਚੋਂ ਸ੍ਵਾਰਥ ਘਟੇ ਤੇ ਸੁਆਰਥੀ ਕਿਸੇ ਸੰਤੋਖ ਤੇ ਦਇਆ ਵਿਚ ਆਉਣ।
ਏਸ ਤਰ੍ਹਾਂ ਦੇ ਅਨੇਕ ਵੀਚਾਰਾਂ ਮਗਰੋਂ ਸੁਘੜੋ ਨੂੰ ਇਹ ਗੱਲ ਫੁਰੀ ਕਿ ਹੁਣ ਸ੍ਵਾਰਥ ਦਾ ਹੀ ਭੇਖ ਬਣਾ ਕੇ ਟੋਲ ਕਰੋ। ਜਿਵੇਂ ਧਰਮ ਭਾਵ ਵਿਚ ਟੋਲ ਕਰਦਿਆਂ ਸ੍ਵਾਰਥੀ ਹੀ ਵਿਸ਼ੇਸ਼ ਟੱਕਰੇ ਹਨ, ਤੱਕੋ ਸ੍ਵਾਰਥ ਦੇ ਭੇਖ ਵਿਚ ਭਲਾ ਜੇ ਟੋਲ ਕੀਤਿਆਂ ਕੋਈ ਬੇਲਾਗ-ਬੇਗ਼ਰਜ਼ ਪਰਸ੍ਵਾਰਥੀ ਟੱਕਰ ਜਾਏ ਤਾਂ। ਇਹ ਵੀਚਾਰਾਂ ਉਸ ਨੂੰ ਚੋਖਾ ਚਿਰ ਖਾਂਦੀਆਂ ਰਹੀਆਂ। ਅੰਤ ਉਸ ਨੇ ਮਨ ਵਿਚ ਫ਼ੈਸਲਾ ਕਰ ਲਿਆ ਤੇ ਇਹ ਕਿਸੇ ਨੂੰ ਨਾ ਦੱਸਿਆ ਕਿ ਮੇਰੇ ਮਨ ਦਾ ਮਨੋਰਥ ਕੀ ਹੈ। ਐਉਂ ਹੁਣ ਉਹ ਚੁਪ ਹੋ ਗਈ। ਕਈ ਦਿਨ ਬੋਲੀ ਨਹੀਂ। ਫੇਰ ਪੰਡਤ ਮੌਲਵੀ ਵਿਦਾ ਕਰ ਦਿੱਤੇ, ਸਤਿਸੰਗ ਛੋੜ ਦਿੱਤਾ, ਦਿਨੇ ਰਾਤ ਸਿਰ ਮੂਧੇ ਪਈ ਰਿਹਾ ਕਰੇ ਯਾ ਅੱਖੀਂ ਮੀਟ ਕੇ ਸਮਾਧੀ ਜੇਹੀ ਲਾ ਕੇ ਬੈਠੀ ਰਿਹਾ ਕਰੇ। ਲਗਪਗ ਚਾਲੀ ਦਿਨ ਏਸ ਤਰ੍ਹਾਂ ਬੀਤ ਗਏ। ਨੌਕਰ ਚਾਕਰ ਸਖੀਆਂ ਬੰਧੂ ਸਾਰੇ ਘਬਰਾ ਗਏ ਕਿ ਪਤਾ ਨਹੀਂ ਕੀਹ ਹੋਣ ਲੱਗਾ ਹੈ।
13. (ਆਪ ਸਭ ਕੁਛ)
ਸੁਘੜੋ ਨੂੰ ਉਦਾਸੀ ਕਿ ਸੋਚ ਵਿਚ, ਪਰ ਚੁਪ ਵਿਚ, ਜਦ ਕੁਛ ਸਮਾਂ ਲੰਘ ਗਿਆ ਤਾਂ ਇਕ ਦਿਨ ਉਸ ਨੇ ਚੋਖੇ ਨੂੰ ਕੁਛ ਆਗਯਾ ਕੀਤੀ ਤੇ ਕੁਛ ਸਖੀਆਂ ਨੂੰ ਕਿਹਾ। ਦਿਲ ਦਾ ਭੇਤ ਤਾਂ ਨਾ ਦਿੱਤਾ, ਪਰ ਕੁਛ ਤਿਆਰੀ ਦੀ ਆਗਯਾ ਕੀਤੀ। ਇਕ ਦਿਨ ਬਗੀਚੀ ਵਿਚ ਇਕ ਸਿੰਘਾਸਣ ਬਿਛ ਗਿਆ। ਸੁਘੜੋ ਬੜੇ ਜ਼ਰੀ ਦੇ ਸੁਹਣੇ ਕਪੜੇ ਪਹਿਨਕੇ ਉਤੇ ਆ ਬੈਠੀ। ਇਕ ਸਖੀ ਚੌਰ ਕਰਨ ਲਗ ਪਈ, ਬਾਕੀ ਦੁਆਲੇ ਝੁਰਮਟ ਪਾ ਬੈਠੀਆਂ। ਅਗੇ ਵਾਰ ਇਕ ਭੀੜ ਉਨ੍ਹਾਂ ਸਾਧੂ ਮੰਗਤਿਆਂ ਦੀ ਬਹਿ ਗਈ ਜੋ ਉਸ ਦੇ ਸਦਾਬ੍ਰਤ ਤੋਂ ਰੋਟੀ ਖਾਂਦੇ, ਬਸਤਰ ਪਹਿਨਦੇ ਤੇ ਪਲਦੇ ਸਨ। ਪਹਿਲਾਂ ਤਾਂ ਚੁਪ ਵਰਤੀ ਰਹੀ, ਫੇਰ ਸੁਘੜੋ ਜ਼ੋਰ ਦੀ ਆਵਾਜ਼ ਨਾਲ ਬੋਲੀ: 'ਸੁਣੋ, ਜਿਨ੍ਹਾਂ ਦੇ ਕੰਨ ਹਨ, ਮੈਂ ਸੁਘੜੋ ਨਹੀਂ, ਮੈਂ ਹਾਂ ਸੁਘੜਬਾਈ, ਜਲ ਥਲ
ਵਿਚ ਮੈਂ ਹਾਂ, ਹੇਠਾਂ ਉਪਰ ਮੈਂ ਹਾਂ, ਪਾਲਣਹਾਰ ਮੈਂ ਹਾਂ, ਤਾਰਨਹਾਰ ਮੈਂ ਹਾਂ, ਏਥੇ ਓਥੇ ਕਲ੍ਯਾਣ ਮੇਰੇ ਨਾਮ ਜਪਣ ਵਿਚ ਹੈ। ਜਪੋ ਸਾਰੇ ਜਪੋ-ਸੁਘੜ ਬਾਈ, ਫਿਰ ਬੋਲੀ:-
"ਜਲੇ ਸੁਘੜ ਬਾਈ। ਥਲੇ ਸੁਘੜ ਬਾਈ।
ਕੱਲ ਸੁਘੜ ਬਾਈ। ਅੱਜ ਸੁਘੜ ਬਾਈ।
ਭਲਕੇ ਸੁਘੜ ਬਾਈ। ਇਕੋ ਸੁਘੜ ਬਾਈ।
ਹੋਰ ਨ ਸਹਾਈ, ਬਿਨਾ ਸੁਘੜ ਬਾਈ।”
ਜਿਉਂ ਜਿਉਂ ਗੱਜ ਗੱਜਕੇ ਸੁਘੜੋ ਰਹਾ ਨਾਲ ਪੜ੍ਹਦੀ ਗਈ ਸਾਰੇ ਮਗਰ ਮਗਰ ਪੜ੍ਹਦੇ ਗਏ। ਫੇਰ ਬੋਲੀ 'ਸੁਘੜਬਾਈ ਹੈ ਤਾਰਕ ਮੰਤ੍ਰ। ਇਹ ਕਰੇਗਾ ਕਲ੍ਯਾਨ, ਆਖੋ ਸੁਘੜਬਾਈ ਕੀ ਜੈ! ਸੁਣੋ: 'ਮੇਰੇ ਸਦਾਬ੍ਰਤ ਤੋਂ ਭੋਜਨ ਓਸ ਨੂੰ ਮਿਲੇਗਾ ਜੋ ਮੇਰਾ ਨਾਮ ਜਪੇਗਾ। ਮੇਰੇ ਘਰੋਂ ਬਸਤਰ ਅਮਲ ਉਸ ਨੂੰ ਢੀਵੇਗਾ ਜੋ ਮੇਰਾ ਨਾਮ ਜਪੇਗਾ। ਕਲ੍ਯਾਨ ਉਸ ਦੀ ਹੋਵੇਗੀ ਜੋ ਮੇਰਾ ਨਾਮ ਜਪੇਗਾ। ਅਰਸ਼ ਕੁਰਸ਼ ਮੇਰੇ ਤਖਤ ਹਨ। ਜ਼ਿਮੀਂ ਅਸਮਾਨ ਤਾਰੇ ਮੇਰੇ ਹਨ, ਮੈਂ ਹਾਂ ਸਾਰੇ ਤੇ ਸਭ ਕੁਛ। ਜਿਸ ਨੇ ਇਹ ਗੱਲ ਨਹੀਂ ਮੰਨਣੀ ਸਭ ਟੁਰ ਜਾਓ। ਸਾਕ ਨਾਤੇ, ਸਖੀ, ਸਹੇਲੀ, ਨੌਕਰ ਚਾਕਰ, ਸਾਧੂ, ਫ਼ਕੀਰ, ਅਤਿੱਥੀ, ਅਭ੍ਯਾਗਤ! ਦੇ ਦਿਓ ਢੰਡੋਰਾ ਮੇਰੇ ਨਾਮ ਦਾ, ਆਓ ਜੋ ਜਗਤ ਵਿਚ ਦੁਖੀ ਹੈ ਕਿ ਮੈਂ ਸੁਖ ਦਿਆਂਗੀ ਸਭ ਨੂੰ, ਜਾਓ ਜੋ ਮਨੁੱਕਰ ਹਨ ਯਾ ਹੋਣ ਮੇਰੇ ਨਾਮ ਤੋਂ। ਫੇਰ ਉਸ ਦੀਆਂ ਸਖੀਆਂ ਨੇ ਉਸ ਦਾ ਸੋਹਿਲਾ ਬੜੇ ਰਹਾ ਨਾਲ ਗਾਂਵਿਆਂ। ਸੁਘੜੋ ਦੇ ਮੱਥੇ ਤਿਲਕ ਦਿੱਤਾ ਗਿਆ, ਗਲ ਸਿਹਰੇ ਪਾਏ ਗਏ, ਫੁਲ ਪੰਖੜੀਆਂ ਦੀ ਬਰਖਾ ਹੋਈ, ਪਤਾਸੇ ਵੰਡੇ ਗਏ ਤੇ, ਸੁਘੜਬਾਈ ਕੀ ਜੈ, ਦੇ ਨਾਅਰਿਆਂ ਨਾਲ ਬੀਬੀ ਕੁਟੀਆ ਦੇ ਅਗਲੇ ਖੁੱਲ੍ਹੇ ਵੇਹੜੇ ਵਿਚ ਇਕ ਚੰਦਨ ਚੌਂਕੀ ਤੇ ਆ ਬੈਠੀ, ਦੁਆਲੇ ਪੰਗਤਾਂ ਲਗ ਗਈਆਂ। ਚਾਂਦੀ ਦੇ ਥਾਲ ਵਿਚ ਸੁਘੜ ਬਾਈ ਅੱਗੇ ਰੋਟੀ ਪਰੋਸੀ ਗਈ। ਇਹ ਖਾਣ ਲਗ ਪਈ ਤਾਂ ਫਿਰ ਸਾਰੇ ਭੋਜਨ ਵਰਤਿਆ। ਜਦੋਂ ਇਹ ਖੇਲ ਬੀ ਮੁੱਕ ਗਿਆ ਤਾਂ ਸੁਘੜ ਬਾਈ ਪਾਲਕੀ ਵਿਚ ਬੈਠਕੇ ਚਹੁੰ ਕਹਾਰਾਂ ਦੇ ਮੋਢੇ ਚੁੱਕੀ ਜਾ ਕੇ ਆਪਣੇ ਨਿਵਾਸ ਪਹੁੰਚੀ ਤੇ ਅੰਦਰੋਂ ਬੂਹੇ ਮਾਰਕੇ ਟਿਕ ਗਈ।
ਇਸ ਗੱਲ ਦੀ ਸਾਰੇ ਚਰਚਾ ਫੈਲ ਗਈ। ਆਪਣੇ ਪਿੰਡ, ਦੂਸਰੇ ਲਾਗਲੇ ਗਿਰਾਂਈ ਅੱਗ ਦੀ ਲੰਬ ਦੀ ਤਰ੍ਹਾਂ ਸੋ ਪਸਰਦੀ ਗਈ। ਸਭ ਪਾਸਿਆਂ ਤੋਂ ਨਿੰਦਾ ਤੇ ਉਪਾਲੰਭ ਆਰੰਭ ਹੋ ਗਏ। ਸਾਧਾਂ ਸੰਤਾਂ ਸਧਾਰਨਾਂ ਤੇ ਲੋਭੀਆਂ ਸਭ ਦਾ ਆਉਣਾ ਰੁਕ ਗਿਆ। ਸਭ ਆਖਣ ਸ਼ੁਦੈਣ ਹੋ ਗਈ ਹੈ। ਕੋਈ ਇਹ ਭੀ ਆਖੇ: 'ਧਨ ਦੇ ਅਘੁਮਾਨ ਵਿਚ ਫਿੱਟ ਗਈਏ, ਰੱਜਿਆਨਿ ਤੇ ਫਿਟਿਅਨ'। ਇਸ ਤਰ੍ਹਾਂ ਦੀਆਂ ਤੂਤ ਭੀਤੀਆਂ ਟੁਰ ਪਈਆਂ। ਬਾਈ ਨੇ ਕੰਮ ਕਾਜ, ਕਾਰ ਵਿਹਾਰ ਸਭ ਚੋਖੇ ਤੇ ਛੋੜ ਦਿੱਤੇ। ਚਿਤ ਕਰੇ ਬਾਹਰ ਆਉਣਾ, ਨਾ ਕਰੇ ਨਾ ਆਉਣਾ। ਆਉਣਾ ਤਾਂ ਉਹਨਾਂ ਮੁਫਤ ਖੋਰਿਆਂ ਤੋਂ, ਕਿ ਜੋ ਸਦਾਬ੍ਰਤ ਤੇ ਗੁਜ਼ਰਾਨ ਰਖਦੇ ਸਨ, ਆਪਣੇ ਨਾਮ ਦਾ ਜਾਪ ਸੁਣਕੇ ਖੁਸ਼ ਹੋਣਾ। ਕੁਛ ਸਮਾਂ ਐਉਂ ਲੰਘ ਗਿਆ। ਇਸ ਸੰਸਾਰ ਵਿਚ ਨਿਰਮਲ ਬੁੱਧੀ, ਤ੍ਰਿਸ਼ਨਾ ਰਹਿਤ ਵੀਚਾਰ ਤੇ ਸੁਖ ਦੇਣ ਵਾਲਾ ਪ੍ਰੇਮ ਘੱਟ ਹੈ। ਇਥੇ ਕੋਈ ਛੇੜ ਛੇੜ ਦਿਓ ਕਾਫੀ ਮੂਰਖ ਤੇ ਸਵਾਰਥੀ ਉਸ ਨੂੰ ਚੁੱਕ ਲੈਣ ਵਾਲੇ ਆ ਜਾਂਦੇ ਹਨ। ਸੋਈ ਗੱਲ ਏਥੇ ਆ ਹੋਈ ਕਿ ਹੁਣ ਕੋਈ ਕੋਈ ਜਗਿਆਸੂ ਆਉਣ ਲਗ ਪਿਆ, ਬਾਈ ਤੋਂ ਪਰਮਾਹਥ ਪੁੱਛਣ ਵਾਸਤੇ ਤੇ ਕਈ ਹੋਰ ਸੁਆਰਥੀ ਤੇ ਅਤਿ ਦੇ ਅਪ-ਸੁਆਰਥੀ ਆਉਣ ਲਗ ਪਏ ਆਪਣੇ ਲਾਭਾਂ ਲਈ। ਸੁਆਰਥੀਆਂ ਨੂੰ ਤਾਂ ਸਮਾਂ ਲੱਝਾ ਕਿ ਇਸਦੇ ਮਤ ਦੇ ਪ੍ਰਚਾਰਕ ਬਣਕੇ ਇਸ ਤੋਂ ਤੇ ਜਗ੍ਯਾਸੂਆਂ ਦੋਹਾਂ ਤੋਂ ਮਾਯਾ ਮਿਲੇਗੀ। ਜਗਿਆਸੂ, ਅਨਭੋਲ ਜਗਿਆਸੂ, ਦੀ ਲੋੜ ਤੋਂ ਚਾਲਾਕ ਸੁਆਰਥੀ ਆਪਣਾ ਨਫ਼ਾ ਕੱਢਦੇ ਹਨ। ਹਾਂ ਜੋ ਬੰਦੇ ਸ੍ਰੀ ਪਰਮੇਸ਼ਰ ਜੀ ਦੇ ਨਹੀਂ, ਉਹਨਾਂ ਦਾ ਤਾਂ ਆਸ਼ਾ ਤੇ ਨੇਮ ਹੀ ਇਹ ਹੁੰਦਾ ਹੈ ਕਿ 'ਤੇਰੀ ਲੋੜ ਤੇ ਮੇਰਾ ਲਾਭ। ਉਞ ਤਾਂ ਗ਼ਰਜ਼ੀ ਸੰਸਾਰ ਦਾ ਤਾਂ ਆਧਾਰ ਤੇ ਵਰਤੋਂ ਹੀ ਇਹ ਹੈ 'ਤੇਰੀ ਲੋੜ ਮੇਰੇ ਨਫ਼ੇ ਦਾ ਔਸਰ ਹੈ।”
ਸੁਘੜੋ ਬਾਈ ਨੇ ਤਾਂ ਇਹ ਰੌਲਾ ਪਾ ਕੇ ਆਪਣੇ ਕੰਮਾਂ ਕਾਜਾਂ ਦੇ ਰੁਝੇਵਿਆਂ ਤੇ ਆਪਣੀ ਪਰਮਾਰਥ ਦੀ ਢੂੰਡ ਵਿਚ ਪੈ ਕੇ ਉਸ ਤੋਂ ਉਕਸਾਏ ਸੁਆਰਥੀ ਸਾਧੂਆਂ ਤੋਂ ਖਲਾਸੀ ਪਾਈ ਸੀ ਤੇ ਕਿਸੇ ਨੂੰ ਨਾ ਦੱਸੇ ਕਿ ਕਿਸ ਮਨਤੱਵ ਵਿਚ ਲਗ ਰਹੀ ਸੀ। ਹੁਣ ਡਿਠੋ ਸੁ ਕਿ ਸਗੋਂ ਜਗ੍ਯਾਸੂ ਲੋਕ ਉਸ ਪਾਸੋਂ ਸਿਖ੍ਯਾ ਲੈਣ ਆ ਰਹੇ ਹਨ। ਪਹਿਲੇ ਤਾਂ ਸੋਚਾਂ ਪੈ ਗਈਓ ਸੂ। ਫੇਰ ਉਸ ਨੂੰ ਇਸ ਰਸਤੇ ਜਗ੍ਯਾਸੂ ਮਨਾਂ ਦੀ ਮੁਤਾਲ੍ਯਾ ਦਾ ਅਵਸਰ
ਲੱਭ ਗਿਆ ਤੇ ਅਨੇਕ ਨਵੇਂ ਤਜਰਬੇ ਲੱਗੇ ਹੋਣ। ਸੁਹਣਾ ਦੰਭ ਧਾਰ ਕੇ ਉਹ ਗੱਦੀ ਤੇ ਬੈਠੀ ਰਹੀ ਤੇ ਆਏ ਮੁਤਲਾਸ਼ੀ ਦੀ ਨਿਸ਼ਾ ਖ਼ਾਤਰ ਕਰਦੀ ਰਹੀ। ਅਨੇਕਾਂ ਲੋਕ ਯਕੀਨ ਲੈ ਆਏ। ਸਾਧਾਰਨ ਨਹੀਂ, ਚੰਗੇ ਚੰਗੇ ਵਿਦਵਾਨ, ਚੰਗੇ ਚੰਗੇ ਸਰਦੇ ਪੁਜਦੇ ਵਾਲੇ ਲੋਕ ਸ਼ਰਧਾਵਾਨ ਹੋਣ ਲਗ ਪਏ। ਲੋਕਾਂ ਦੇ ਘਰੀਂ ਜਾ ਜਾ ਕੇ ਮਹਿੰਮਾਂ ਪਸਾਰਨ ਵਾਲੇ ਅਨੇਕਾਂ ਉਗਮ ਪਏ; ਜਿਨ੍ਹਾਂ ਨੂੰ ਕਿ ਉਹਨਾਂ ਲੋਕਾਂ ਤੋਂ ਮਾਯਾ ਮਿਲਣ ਲਗ ਪਈ, ਜਿਨ੍ਹਾਂ ਨੂੰ ਕਿ ਉਹਨਾਂ ਦੇ ਪ੍ਰੇਰਿਆਂ ਬਾਈ ਜੀ ਤੇ ਸਿਦਕ ਬੱਝ ਗਿਆ। ਬਾਈ ਦੇ ਦੁਆਰੇ ਧਨ ਦੀ ਕਮੀ ਨਹੀਂ ਸੀ, ਪਰ ਹੁਣ ਧਨ ਏਸ ਰਸਤਿਓਂ ਬੀ ਆਉਣ ਲੱਗ ਪਿਆ। ਇਸ ਧਨ ਦਾ ਲੁਟਾਉਣਾ ਬੀ ਬਾਈ ਵਲੋਂ ਕਾਫ਼ੀ ਸੀ। ਗੱਲ ਕੀ ਦੋ ਤ੍ਰੈ ਬਰਸਾਂ ਵਿਚ ਬਾਈ ਦੇ ਭੌਣ ਪਰਸੀਨ ਲੱਗ ਪਏ। ਬਾਈ ਦੀ ਦਿਲ-ਪੀੜਾ ਬਾਈ ਜਾਣਦੀ ਸੀ, ਉਸ ਦੀ ਮਹਿਰਮ ਉਸ ਨੇ ਕਿਸੇ ਨੂੰ ਨਾ ਬਣਾਇਆ, ਪਰ ਜਗਤ ਵਿਚ ਉਹ ਪੂਜ ਹੋ ਗਈ, ਉਸ ਦਾ ਨਾਮ ਜਪੀਣ ਲਗ ਪਿਆ ਤੇ ਉਸ ਦੇ ਸ਼ਰਧਾਲੂ ਬਹੁਤ ਵਧ ਗਏ। ਇਸ ਸਾਰੇ ਪਸਾਰੇ ਵਿਚ 'ਚੋਖਾ' ਅਪਣੀ ਸ੍ਵਾਮਨਿ ਦਾ ਅੰਗ-ਪਾਲ ਰਿਹਾ, ਪਰ ਇਕ ਉਹ ਸੀ ਜੋ ਸਮਝਦਾ ਸੀ ਕਿ ਇਸ ਖੇਲ ਵਿਚ ਬਾਈ ਮਸਤ ਨਹੀਂ, ਇਸਦੇ ਅੰਦਰ ਕੁਛ ਹੋਰ ਹੈ ਤੇ ਇਹ ਬਾਹਰਲਾ ਠਾਠ ਕਿਸੇ ਹੋਰਸ ਪ੍ਰਯੋਜਨ ਦਾ ਲਖਾਯਕ ਹੈ, ਪਰ ਉਹ ਪ੍ਰਯੋਜਨ ਉਸ ਤੋਂ ਬੀ ਲਖਿਆ ਨਹੀਂ ਜਾਂਦਾ ਸੀ। ਕਦੇ ਡੋਲਦਾ, ਕਦੇ ਸੋਚਦਾ, ਕਦੇ ਲੋਚਦਾ, ਕਦੇ ਮਿੱਠਤ ਤੇ ਅਦਬ ਨਾਲ ਮੱਤਾਂ ਦੇਂਦਾ ਰਿਹਾ, ਪਰ ਰਿਹਾ ਅੰਗਪਾਲ। ਇਸ ਨਵੇਂ ਤਜਰਬੇ ਵਿਚ ਜਦ ਜਯਾਸੂਆਂ ਨੂੰ ਅਪਣੇ ਬਣਾਏ ਸਾਧਨ ਦੱਸੇ ਯਾ ਚਰਚਾਵਾਦ ਕਰਕੇ ਸਿਆਣਿਆਂ ਨੂੰ ਹਰਾ ਲਵੇ ਤਾਂ ਬਾਈ ਬਾਹਰੋਂ ਹੱਸੇ ਤੇ ਅੰਦਰ ਹੀ ਅੰਦਰ ਰੋਵੇ ਕਿ ਸਚ ਕਹਿੰਦੇ ਹਨ ਮਾਯਾਵਾਦੀ ਕਿ ਇਕੋ ਹੈ ਬ੍ਰਹਮ ਹੋਰ ਮਾਯਾ ਹੈ, ਭੁਲੇਵਾ ਹੈ, ਜਗਤ ਤਿੰਨ ਕਾਲ ਹੈ ਨਹੀਂ, ਭੁਲੇਵਾ ਹੀ ਭੁਲੇਵਾ ਹੈ। ਸੋ ਭੁਲੇਵੇ ਤੋਂ ਰਚੇ ਗਏ ਜਗਤ ਵਿਚ ਭੁਲੇਵੇ ਦਾ ਹੀ ਸਿੱਕਾ ਟੁਰਦਾ ਹੈ। ਏਹ ਸਭ ਇਸ ਭੁਲੇਵੇ ਵਿਚ ਹਨ ਕਿ ਮੈਂ ਹੀ ਭਗਵਾਨ ਹਾਂ। ਮੈਨੂੰ ਪਤਾ ਹੈ ਕਿ ਮੈਂ ਕੀ ਹਾਂ, ਪਰ ਇਹ ਨਹੀਂ ਜਾਣਦੇ ਕਿ ਮੈਂ ਕੀ ਹਾਂ। ਇਹ ਮਾਯਾ ਹੈ।
ਇਸ ਤਰ੍ਹਾਂ ਕੁਛ ਸਮਾਂ ਲੰਘ ਜਾਣ ਦੇ ਬਾਦ ਇਕ ਅੱਧੀ ਰਾਤ ਜਦ ਬਾਈ ਆਪਣੇ ਕੀਰਨੇ ਵਿਰਲਾਪ ਆਪਣੇ ਮਨ ਨਾਲ ਕਰ ਹਟੀ, ਆਪਣੀ ਪ੍ਰਾਰਥਨਾ ਕਰ ਚੁਕੀ, ਹਾਂ ਆਪਣੀ ਇਕੱਲ ਦੀ ਫੇਰ ਡਰਾਉਣੀ ਸੂਰਤ ਅਨੁਭਵ ਕਰਕੇ ਫੇਰ ਪ੍ਰਾਰਥਨਾ ਕਰ ਚੁਕੀ ਤਾਂ ਹਿਕ ਚਮਤਕਾਰ ਵੱਜਾ ਅੰਦਰ। ਆਖਣ ਲੱਗੀ ਓ ਮਨ ਮੇਰੇ! ਝੂਠ ਸੱਚ ਹੋ ਜਾਇਆ ਕਰਦਾ ਹੈ। ਬਨਾਵਟ ਅਸਲ ਦਾ ਰੂਪ ਬੰਨ੍ਹ ਲਿਆ ਕਰਦੀ ਹੈ। ਬਾਰ ਬਾਰ ਜੋ ਝੂਠ ਵਰਤੇ ਓਹ ਆਪ ਨੂੰ ਹੀ ਸੱਚ ਭਾਸਣ ਲਗ ਜਾਂਦਾ ਹੈ। ਹੁਸ਼ਿਆਰ ਹੋ, ਦੇਖ ਲੋਕਾਂ ਦੀ ਮਹਿਮਾ ਦਾ, ਉਹਨਾਂ ਵਲੋਂ ਤੇਰੀ ਪੂਜਾ ਪ੍ਰਤਿਸ਼ਟਾ ਤੇ ਸਤਿਕਾਰ ਦਾ ਤੇਰੇ ਤੇ ਅਸਰ ਹੋਣ ਲਗ ਪਿਆ ਏ। ਜਦੋਂ ਤੂੰ ਏਕਾਂਤ ਹੁੰਦੀ ਹੈਂ, ਤੈਨੂੰ ਦਿੱਸ ਪੈਂਦਾ ਹੈ ਕਿ ਤੂੰ ਕੀ ਹੈਂ ਤੇ ਕਿਸ ਆਸੇ ਲਈ ਤੂੰ ਪਖੰਡ ਰਚ ਰਖਿਆ ਹੈ, ਪਰ ਜਦ ਤੂੰ ਆਪਣੇ ਸਤਿਕਾਰ ਕੀਤੇ ਜਾਣ ਵਾਲੇ ਥਾਂ ਹੁੰਦੀ ਹੈਂ, ਜਦੋਂ ਤੇਰੀ ਆਰਤੀ ਉਤਰਦੀ ਹੈ, ਜਦੋਂ ਭੌਣ ਪਰਸੀਂਦੇ ਤੇ ਮਹਿਮਾਂ ਹੁੰਦੀਆਂ ਹਨ ਤਦੋਂ ਤੇਰਾ ਮਨ ਵਧ ਜਾਂਦਾ ਹੈ, ਉੱਚਾ ਹੋ ਜਾਂਦਾ ਹੈ, ਇਕ ਚਾਉ ਤੇ ਮਲ੍ਹਾਰ ਦਾ ਰੰਗ ਵਾਪਰ ਜਾਂਦਾ ਹੈ। ਹਾਂ, ਕਦੇ ਕਦੇ ਤੈਨੂੰ ਉਸ ਵੇਲੇ ਏਹੋ ਹੋ ਜਾਂਦਾ ਹੈ ਕਿ ਠੀਕ ਤੂੰ ਉਹੋ ਕੁਛ ਹੈਂ ਜੋ ਕੁਛ ਕਿ ਏਹ ਲੋਕ ਤੈਨੂੰ ਕਹਿ ਰਹੇ ਹਨ। ਤੂੰ ਸਚਮੁਚ ਕਈ ਵੇਰ ਉਸ ਉਸਤੁਤੀ ਦੇ ਮੰਡਲ ਵਿਚ ਬੈਠੀ ਪ੍ਰਤੀਤ ਕਰਨ ਲੱਗ ਜਾਂਦੀ ਹੈ ਕਿ ਤੂੰ ਮਹਾਨ ਉੱਚੀ ਹੈਂ। ਤੈਨੂੰ ਉਸ ਦਾ ਸੁਆਦ ਪੈਂਦਾ ਜਾਂਦਾ ਹੈ। ਹਾਂ, ਆਪਣੀ ਮਹਿਮਾਂ ਦਾ ਰਸ ਸਭ ਰਸਾਂ ਤੋਂ ਮਿੱਠਾ ਰਸ ਹੈ ਤੇ ਇਸ ਰਸ ਵਿਚ ਵਧਿਆ ਮਨ ਕਈ ਵਧੀਕੀਆਂ ਤੇ ਅਨੀਤੀਆਂ ਕਰ ਸਕਦਾ ਹੈ। ਅੱਜ ਸਮਝ ਆਈ ਕਿ ਜਗਤ ਕਿਉਂ ਆਪਣੀ ਮਸ਼ਹੂਰੀ ਤੇ ਮਹਿਮਾਂ ਵਿਚ ਗਲਤਾਨ ਹੈ। ਕੀ ਰਾਜਾ, ਕੀ ਵਜ਼ੀਰ, ਕੀ ਸ਼ਾਹੂਕਾਰ, ਕੀ ਕਿਰਤੀ, ਕੀ ਮਜ਼ਦੂਰ, ਕੀ ਰਾਹਕ, ਕੀ ਭਾਈਚਾਰੇ ਦਾ ਚੌਧਰੀ, ਕੀ ਵਿਦਿਯਾਰਥੀ ਤੇ ਉਸਤਾਦ, ਕੀ ਧਰਮ ਪ੍ਰਚਾਰਕ ਤੇ ਸਾਧੂ ਪੂਜ੍ਯ ਵ੍ਯਕਤੀ, ਕੀਹ ਮੁਨਕਿਰ ਕੀਹ ਇਕਰਾਰੀ, ਸਭ ਨੂੰ ਇਹੋ ਰਸ ਮਿਲਦਾ ਹੈ। ਇਸ ਰਸ ਦਾ ਭੁਸ ਪਿਆ ਫੇਰ ਛੁਟਦਾ ਨਹੀਂ। ਵਿਰਲੇ ਹਨ ਜੋ ਇਸ ਦੀ ਵਿਤ੍ਰੇਕ ਸਮਝ ਰਖਦੇ ਹਨ। ਵਿਰਲੇ ਹੋਣਗੇ ਜਿਨ੍ਹਾਂ ਨੂੰ ਸੋਝੀ ਹੋਊ ਕਿ ਇਸ ਰਸ ਵਿਚ ਮਨ ਵਧਦਾ ਹੈ ਤੇ ਜੋ ਕੁਛ ਨਹੀਂ ਹੋਈਦਾ ਆਪ ਨੂੰ ਸਮਝ ਬੈਠੀਦਾ ਹੈ। ਇਹ ਬੀ ਇਕ ਭੁਲੇਵਾ ਹੈ ਜੋ
ਆਪਣੀ ਕੀਮਤ ਕੂਤ ਆਪਣੇ ਹੀ ਮਨ ਦੀ ਤੱਕੜੀ ਵਿਚ ਬਿਨਾ ਵਧੇ ਵਧਾ ਦੇਂਦਾ ਹੈ। ਹੇ ਸੁਘੜੋ! ਨਹੀਂ ਅਸੁਘੜੋ! ਆਪਾ ਸੁਆਰਨਾ ਬੜਾ ਔਖਾ ਕੰਮ ਹੈ। ਮੈਂ ਜਿੰਨੇ ਜਿੰਨੇ ਤਰਲੇ ਲਏ ਉਹਨਾਂ ਵਿਚੋਂ ਆਪੇ ਸੌਰਨ ਦੇ ਰਸਤੇ ਦੀਆਂ ਅਟਕਾਂ ਨਿਕਲ ਹੀ ਆਉਂਦੀਆਂ ਰਹੀਆਂ। ਹੁਣ ਇਸ ਆਪਣੀ ਮਹਿਮਾਂ ਦੀ ਅਪਣੇ ਸਤਿਕਾਰੇ ਜਾਣਦੀ ਨੱਯਾ ਕਿਸ ਤਰ੍ਹਾਂ ਤਰ੍ਹਾਂ ? ਕਿਸੇ ਕਿਹਾ ਸੀ ਦੌਲਤ ਪਰਦਾ ਹੈ ਸਾਈਂ ਤੇ ਤੇਰੇ ਵਿਚਾਲੇ ! ਅਜ ਸਮਝ ਆਈ ਕਿ ਮਹਿਮਾ ਬੀ ਇਕ ਪਰਦਾ ਹੈ ਜੋ ਆਪੇ ਨੂੰ ਆਪੇ ਕੋਲੋਂ ਲੁਕਾ ਲੈਂਦਾ ਹੈ। ਹਾਇ, ਪਰ ਕੌਣ ਹੈ ਜੋ ਬੇ ਸਤਿਕਾਰਿਆ ਜਾ ਕੇ ਖੁਸ਼ ਹੁੰਦਾ ਹੈ। ਸਤਿਕਾਰ ਕਿਸੇ ਸ਼ਕਲ ਵਿਚ ਰੂਹ ਦੀ ਗਿਜ਼ਾ ਭਾਸਦਾ ਹੈ। ਇਸ ਦੀ ਬੀ ਲੋੜ ਹੈ। ਹੈਂ, ਇਹ ਹੈ ਕੀ? ਆਤਮ ਵਸਤੂ ਹੈ ਕਿ ਮਾਯਕ? ਹਾਂ ਸਾਡੇ ਅੰਦਰ ਬੈਠੀ ਹਉਂ ਨੂੰ ਲੋੜ ਹੈ ਕਿ ਇਸ ਨੂੰ ਠੁਹਕਰ ਨਾ ਲਗੇ, ਹਾਂ ਇਹ ਹੰਕਾਰ ਚਾਹੁੰਦਾ ਹੈ ਕਿ ਮੇਰੇ ਅੱਗੇ ਅਟਕ ਨਾ ਆਵੇ; ਅਨੁਕੂਲਤਾ ਆਵੇ। ਇਹ ਅਨੁਕੂਲਤਾ ਸਤਿਕਾਰ ਮਿਲੇ ਤਾਂ ਪ੍ਰਾਪਤ ਹੁੰਦੀ ਹੈ। ਇਉਂ ਹੈਂ? ਯਾਂ ਇਉਂ?-ਕਿ ਰੂਹ ਕੋਈ ਸੁਹਣੀ ਚੀਜ਼ ਹੈ ਤੇ ਉਹ ਜਦ ਮਾਯਾ ਵਿਚ ਆ ਫਸਦੀ ਹੈ ਤਾਂ ਸਤਿਕਾਰ ਨਾਲ ਆਪਣੇ ਸਰੂਪ ਦੀ ਪ੍ਰਤੀਤੀ ਵਿਚ ਆਉਂਦੀ ਹੈ, ਕਿਹੜੀ ਗੱਲ ਠੀਕ ਹੈ? (ਕਿਚਕਿਚਾ ਕੇ) ਨਹੀਂ ਸਮਝ ਪੈਂਦੀ। ਕੀਹ ਲੈਣਾ ਈ ਅਸੁਘੜੋ! ਇਹ ਪ੍ਰਤੱਖ ਹੈ ਕਿ ਤੂੰ ਉਹ ਨਹੀਂ; ਜੋ ਤੈਨੂੰ ਜਾਣ ਕੇ ਲੋਕੀਂ ਆਦਰ ਦੇਂਦੇ ਹਨ, ਸੋ ਇਹ ਆਦਰ ਨਿਸਚੇ ਹੈ ਕਿ ਭੁਲੇਵੇ ਵਿਚ ਮਿਲ ਰਿਹਾ ਹੈ ਤੇ ਇਹ ਆਦਰ ਹੈ ਕਿ ਜਿਸਦਾ ਤੈਨੂੰ ਸੁਆਦ ਪੈਂਦਾ ਜਾਂਦਾ ਹੈ। ਇਹ ਤੇਰੇ ਲਈ ਚਿੱਕੜ ਹੋ ਜਾਏਗਾ। ਇਸ ਤੋਂ ਬਚ। ਬੱਸ ਇਹ ਹੈ ਬੁੱਧੀ ਦਾ ਵਿਤ੍ਰੇਕੀ ਚਮਤਕਾਰ, ਜੋ ਇਸ ਵੇਲੇ ਵੱਜਾ ਹੈ ਠੀਕ ਹੈ, ਨਿਸਚੇ ਜਾਣ ਕਿ ਇਹ ਠੀਕ ਹੈ। ਹੁਣ ਜਦ ਲੋਕੀਂ ਮਹਿਮਾ ਕਰਨ ਤੂੰ ਹੱਸਿਆ ਕਰ ਕਿ ਕੈਸੇ ਮੁਰਖ ਹਨ ਪਰ ਆਪ ਨਾ ਕੁਛ ਬਣਿਆ ਕਰ ਅੰਦਰੋਂ। ਤੈਨੂੰ ਪਤਾ ਹੈ ਕਿ ਤੂੰ ਉਹ ਨਹੀਂ ਜੋ ਤੂੰ ਆਪ ਨੂੰ ਦਿਖਾ ਰਹੀਂ ਹੈਂ। ਲਗੀ ਰਹੁ ਅਪਣੀ ਧੁਨ ਵਿਚ ਇਸ ਪਰਦੇ ਹੇਠ। ਦੇਖ, ਹੋਵੇਗਾ ਦਿਆਲ ਤਾਂ ਦੇਵੇਗਾ ਬੁਲਾਕੇ।
ਹੁਣ ਸੁਘੜ ਬਾਈ ਜਦੋਂ ਚੇਲਿਆਂ ਬਾਲਿਆਂ ਵਿਚ ਬੈਠੇ ਸੋਚਵਾਨ ਹੋ ਕੇ ਬੈਠੇ ਤੇ ਧ੍ਯਾਨ ਰਖੇ ਅੰਦਰ ਕਿ ਕਿਤੇ ਇਨ੍ਹਾਂ ਵਲੋਂ ਮਿਲ ਰਹੇ
ਪਿਆਰ ਤੇ ਸਤਿਕਾਰ ਦੇ ਭੁਲੇਵੇਂ ਦੇ ਚਿੱਕੜ ਵਿਚ ਫਸਕੇ ਇਸੇ ਜਿਲ੍ਹਣ ਵਿਚ ਨਾ ਅਟਕ ਜਾਵਾਂ ਕਿ ਬੱਸ ਇਹੋ ਜਗ ਮਿੱਠਾ ਤੇ ਅਗਲਾ ਕਿਨ੍ਹ ਡਿੱਠਾ। ਹਾਂ ਮੇਰੇ ਮਨ! ਮੇਰੀ ਉੱਚੀ ਅਭਿਲਾਖ ਜੇ ਪੂਰੀ ਨਹੀਂ ਹੋਣੀ ਤਾਂ ਮੇਰੀ ਸਿੱਕ ਜੀਉਂਦੀ ਰਹੇ, ਮੇਰੀ ਸੱਧਰ ਨਾ ਮਿਟੇ, ਮੇਰੀ ਪਿਆਸ ਮਰ ਨਾ ਜਾਏ। ਹਾਂ, ਹਾਂ, ਹੇ, ਹੇ, ਹੇ
ਤੂੰ ਸਦਾ ਛਿਪੇ, ਹਾਂ ਹੇ ਤੂੰ ਆਪ ਛਪਣੇ ਹਾਰ!
ਛਪਿਆ ਰਹੁ, ਛਪਿਆ ਰਹੁ,
ਜੀ ਸਦਕੇ ਛਪਿਆ ਰਹੁ।
ਪਰ ਤੂੰ ਆਪਣੇ ਪ੍ਯਾਰੇ ਨੂੰ ਕਹੁ ਤੂੰ ਨਾ ਛਪਿਆ ਰਹੁ
ਹਾਂ ਤੂੰ ਨਾ ਛਪਿਆ ਰਹੁ।
ਤੇਰੇ ਛਪਿਆਂ ਜਗ ਰੁਸ਼ਨਾਈ ਗੁੰਮਦੀ ਏ,
ਦੁਨੀ ਹਨੇਰੇ ਘੁੰਮਦੀ ਏ।
ਹੈ ਤੂੰ ਆਪ ਛਪਣੇ ਹਾਰ!
14. (ਸੱਦਾ)
ਆਨੰਦਪੁਰ ਵਿਚ ਸ੍ਰੀ ਸਤਿਗੁਰੂ, ਅਕਾਲ ਪੁਰਖ ਦੇ ਭੇਜੇ, ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਲੱਗ ਰਿਹਾ ਹੈ। ਸੰਗਤਾਂ ਤੇ ਸਿੰਘ, ਜਗਯਾਸੂ ਤੇ ਢੂੰਡਾਉ ਆ ਆ, ਮਿਲ ਮਿਲ, ਸੁਖੀ ਹੋ ਹੋ ਜਾ ਰਹੇ ਹਨ। ਪੋਠੋਹਾਰ ਤੋਂ ਆਈ ਇਕ ਸੰਗਤ ਪੇਸ਼ ਹੋਈ। ਮੇਵੜੇ ਨੇ ਸਭ ਦੀ ਅਰਦਾਸ ਕੀਤੀ। ਸਤਿਗੁਰ ਜੀ ਇਕ ਇਕ ਸਿੱਖ ਨੂੰ ਪਿਆਰ ਨਾਲ ਮਿਲੇ, ਦੁਖ ਸੁਖ ਸੁਣੇ, ਮਿਹਰਾਂ ਕੀਤੀਆਂ। ਮੁਸ਼ਕਲਾਂ ਦੇ ਹੱਲ ਦੱਸੇ। ਪਰਮਾਰਥ ਵਿਚ ਪਈਆਂ ਮੁਸ਼ਕਲਾਂ ਦੇ ਸੁਲਝਾਉ ਦੱਸੇ। ਜਦੋਂ ਸਾਰੇ ਪ੍ਰਸੰਨ ਹੋ ਚੁਕੇ ਤਾਂ ਸਤਿਗੁਰ ਜੀ ਨੇ ਉਸ ਦੇਸ਼ ਦੇ ਹੋਰ ਹਾਲ ਪੁੱਛੇ। ਉਧਰ ਤੁਰਕਾਨੇ ਦਾ ਜ਼ੋਰ ਹੋਣ ਕਰਕੇ ਆਪ ਚਾਹੁੰਦੇ ਸਨ ਕਿ ਹਿੰਦੂ ਸਿਖ ਪਰਜਾ ਦਾ ਹਾਲ ਪਤਾ ਲੱਗੇ। ਜਦੋਂ ਸੰਗਤ ਇਹ ਗੱਲਾਂ ਦਸ ਚੁਕੀ ਤਾਂ ਆਪ ਨੇ ਪੁੱਛਿਆ ਕਿ ਕੋਈ ਨਵੀਂ ਗੱਲ ਸੁਣਾਓ ਜੋ ਉਸ ਪਾਸੇ ਵਰਤੀ ਹੋਵੇ ਤਾਂ ਸੰਗਤ ਦੇ ਮੁਖੀਏ ਨੇ ਦੱਸਿਆ: ਪਾਤਸ਼ਾਹ ਓਥੇ ਇਕ ਉਪਦਰ ਨਵਾਂ ਟੁਰਿਆ ਹੈ। ਇਕ ਵਿਧਵਾ ਤ੍ਰੀਮਤ ਹੈ। ਹੈਸੀ ਤਾਂ ਚੰਗੀ ਸਖੀ ਤੇ ਸੰਤ ਸੇਵੀ ਤੇ ਉਸ ਦੇ
ਆਚਾਰ ਹੁਣ ਬੀ ਸੁੱਚੇ ਹਨ, ਪਰ ਉਸ ਦੇ ਦਿਮਾਗ਼ ਨੂੰ ਕੁਛ ਹੋ ਗਿਆ ਹੈ ਕਿ ਕੋਈ ਹੋਰ ਖੇਦ ਹੈ, ਉਹ ਹਰਨਾਕਸ਼ ਵਾਂਗੂੰ ਆਪਣੇ ਨਾਮ ਦਾ ਜਾਪ ਜਪਾ ਰਹੀ ਹੈ। ਆਪਣੀ ਪੂਜਾ ਕਰਾ ਰਹੀ ਹੈ। ਪਾਤਸ਼ਾਹ! ਹੋਰ ਤਾਂ ਹੋਰ, ਅਪਣਾ ਨਾਮ ਤਾਂ ਹਰਨਾਕਸ਼ ਤੋਂ ਮਗਰੋਂ ਏਸ ਨੇ ਹੀ ਜਪਾਯਾ ਹੈ। ਲੋਕੀਂ ਮੂਰਖ ਉਸ ਦੇ ਮਗਰ ਬੀ ਲਗ ਪਏ ਹਨ। ਉਸ ਦੇ ਦੁਆਰੇ ਪਲਣ ਵਾਲੇ ਮੰਗਤੇ ਉਸ ਦੀ ਬਹੁਤ ਮਹਿਮਾਂ ਕਰਦੇ ਹਨ। ਤ੍ਰੀਮਤਾਂ, ਮਰਦ, ਸੰਤ ਉਸ ਨੇ ਦਰਮਾਹੇ ਦੇ ਕੇ ਰੱਖੇ ਹੋਏ ਨੇ। ਤ੍ਰੀਕਿਆਂ ਨਾਲ ਓਹ ਲੋਕਾਂ ਨੂੰ ਪ੍ਰੇਰ ਫਸਾ ਕੇ ਉਧਰ ਲੈ ਜਾ ਰਹੇ ਹਨ, ਫੇਰ ਜੀਓ ਚੰਗੇ ਚੰਗੇ ਸਿਆਣੇ ਤੇ ਪੜ੍ਹੇ ਜਨ ਬੀ ਜਾ ਫਸੇ ਹਨ। ਅੱਗੇ ਹੀ ਉਸ ਪਾਸ ਧਨ ਸੀ ਬਥੇਰਾ ਤੇ ਹੁਣ ਤਾਂ ਹੋਰ ਬੀ ਧਨ ਆਉਣ ਲੱਗ ਪਿਆ ਏ, ਜਿਥੇ ਧਨ ਓਥੇ ਅਣਬਣਤਰ ਬੀ ਬਣ ਜਾਂਦੀ ਹੈ।
ਸਤਿਗੁਰੂ ਸੁਣ ਕੇ ਮੁਸਕ੍ਰਾਏ ਤੇ ਬੋਲੇ: 'ਕੋਈ ਸਿਖ ਤਾਂ ਨਹੀਂ ਡੋਲਿਆ ?” ਮੁਖੀਏ ਨੇ ਦੱਸਿਆ: 'ਨਹੀਂ ਪਾਤਸ਼ਾਹ! ਸੋਨੇ ਦੇ ਪਾਰਖੂ ਤੇ ਸੋਨਾ ਜਿਨ੍ਹਾਂ ਦੇ ਪਾਸ ਹੋਵੇ ਉਨ੍ਹਾਂ ਨੂੰ ਰੱਖਣ ਵਾਲਾ ਤੂੰ। ਸਿਖ ਸਾਰੇ ਹਾਸੀ ਕਰਦੇ ਹਨ। ਫ਼ਿਰ ਸਤਿਗੁਰੂ ਹੱਸੇ ਤੇ ਬੋਲੇ: "ਫਿਕਰ ਨਾ ਕਰੋ, ਨਰਦ ਪੁੱਗਣ ਵਾਲੀ ਹੈ; ਆਪਣੇ ਘਰ ਅੱਪੜਨ ਵਾਲੀ ਹੈ। ਬਹੁਤ ਵੇਰ ਕੱਚੀ ਹੋਈ ਹੈ, ਬਹੁਤ ਵੇਰ ਚਾਲੇ ਪਈ ਹੈ। ਜੀਵਨ ਪਾਸਿਆਂ ਵਾਂਙੂ ਪੈਂਦਾ ਹੈ ਕਈ ਵੇਰ। ਜਿਸਦੀ ਸਾਂਈਂ ਰੱਖੇ ਉਹਦੀ ਰਹਿ ਆਉਂਦੀ ਹੈ, ਤੁਸੀਂ ਝੋਰਾ ਨਾ ਖਾਓ।”
ਇਹ ਕਹਿ ਕੇ ਸਤਿਗੁਰ ਨੇ ਨੈਣ ਮੀਟ ਲਏ। ਕੁਛ ਚਿਰ ਮਗਰੋਂ ਖੁਹਲੇ ਤਾਂ ਕਲਮ ਦਵਾਤ ਮੰਗੀ ਤੇ ਉਸ ਵੇਲੇ ਆਪਣੇ ਸੁਹਣੇ ਹੱਥਾਂ ਨਾਲ ਇਹ ਰੁੱਕਾ ਲਿਖਿਆ:-
"ਅਰੀ ਰਿੰਦ, ਅਰੀ ਪਾਖੰਡ! ਅੰਤਰ ਜਗਿਆਸਾ ਪਰਮਾਤਮਾ ਕੀ, ਬਾਹਰ ਦਿਖਾਵਾ ਉਲਟ ਰਹਿਬਰੀ ਕਾ? ਮਤ ਭੁਤਲਾ ਜਗਤ ਕੋ! ਆ ਆ ਕੇ ਮਾਰਗ ਮਿਲੇ ਤੁਝ ਕੋ। ਬਿਲਮ ਨਾਂ ਕਰ, ਸਮਾ ਬਿਹਾ ਰਿਹਾ ਹੈ, ਹਾਜ਼ਰ ਹੋ ਕਿ ਹਜ਼ੂਰੀ ਮਿਲੇ।”
ਇਹ ਰੁੱਕਾ ਸਤਿਗੁਰ ਜੀ ਨੇ ਇਕ ਕਾਸਦ ਦੇ ਹੱਥ ਦਿੱਤਾ ਤੇ ਕਿਹਾ ਕਿ ਸੰਗਤ ਦੇ ਮੁਖੀਏ ਪਾਸੋਂ ਪਤਾ ਲੈ ਕੇ ਉਸ ਬੀਬੀ ਦੇ ਨਗਰ ਜਾ ਕੇ ਪੱਤ੍ਰ ਪਹੁੰਚਾ ਦੇ ਤੇ ਜਵਾਬ ਲੈ ਕੇ ਆਓ।
15. (ਜੀ! ਹਾਜ਼ਰ)
ਸੁਘੜ ਬਾਈ ਦੇ ਧੁਰ ਛਤ ਉਤੋਂ ਅੱਧੀ ਰਾਤ ਵੇਲੇ ਨਿੱਕੀ ਨਿੱਕੀ ਰਹਾ ਭਰੀ ਆਵਾਜ਼ ਆ ਰਹੀ ਹੈ-
'ਕਾਹਨੂੰ ਟੁਰ ਗਿਐਂ ਕੱਲੜਾ ਜਾਨੀ!
ਨਾਲੇ ਲੈ ਨ ਗਿਓਂ, ਮਾਰ ਗਿਓਂ ਨ ਕਾਨੀ।'
ਫੇਰ ਚੁਪ ਹੋ ਗਈ। ਫੇਰ ਆਵਾਜ਼ ਆਈ ਓਹੋ, ਫੇਰ ਚੁਪ ਹੋ ਗਈ। ਸੁਘੜ ਬਾਈ ਮਨ ਨਾਲ ਗੱਲਾਂ ਕਰ ਰਹੀ ਹੈ। ਪਹਿਲੇ ਦਿਨ ਯਾਦ ਆਏ, ਉਹ ਪ੍ਰੇਮ ਰਸ ਚੇਤੇ ਆਇਆ-
ਉਚੇ ਉਚੇ ਪਿਪਲੀਂ ਪੀਂਘਾ ਪਈਆਂ,
ਰਲ ਮਿਲ ਸਹੀਆਂ ਝੂਟਣ ਗਈਆਂ।
ਬੈਠ ਮੁਹਾਠੀ ਰੋਂਦੜੀ ਰਹੀਆਂ
ਟੁਰ ਗਿਓਂ ਫੇਰ ਨਾ ਮੁੜਿਓਂ ਜਾਨੀ।
ਗਿਓਂ ਨ ਲੈ, ਮਾਰ ਗਿਓਂ ਨਾ ਕਾਨੀ।
ਗਾਂਵੀਂ, ਰੋਈ, ਫੇਰ ਹਾਹੁਕਾ ਲੈ ਕੇ ਬੋਲੀ: 'ਓਹ ਜੋ ਬੀਤ ਗਿਆ, ਗਿਆ। ਜਦ ਨਾਸ਼ਮਾਨ ਤੋਂ ਮਨ ਉਠ ਗਿਆ ਤੇ ਲਗ ਗਿਆ ਅਵਿਨਾਸ਼ ਵੱਲ, ਹੁਣ ਝੋਰੇ ਉਸ ਦੇ ਝੁਰਨੇ ਪਾਪ ਹਨ। ਹੁਣ ਕੀਹ ਗੱਲ ਕਰੀਏ। ਕਿਸੇ ਬਨ ਬੇਲੇ ਚਲ ਬਹੀਏ। ਸ਼ੋਭਾ ਦੀ ਜਿੱਲ੍ਹਣ ਵਿਚ ਕਿਤੇ ਖੁਭਦੇ ਖੁਭਦੇ ਰਸਾਤਲ ਨਾ ਜਾ ਲੱਗੀਏ। ਕਿਵੇਂ, ਕਿਵੇਂ ? ਨਹੀਂ ਨਹੀਂ। ਤੂੰ ਤਕੜੀ ਹੋ। ਕਰੀ ਚਲ ਜੋ ਕਰ ਰਹੀਂ ਹੈਂ। ਉਹ ਹੈ ਅਰਸ਼ਾਂ ਕੁਰਸ਼ਾਂ ਦਾ ਸਾਂਈਂ, ਉਸ ਦੀ ਸੂਰਤ ਹੈ ਹਰ ਰੰਗੇ ਹਰ ਜਾਈ, ਉਹਦਾ ਰਾਹ ਹੈ ਜ਼ਰੂਰ, ਮਿਲੇਗਾ ਜ਼ਰੂਰ, ਉਹ ਹੈ ਨੂਰ, ਝਲਕਾ ਮਾਰੇਗਾ।' ਫੇਰ ਗਾਵੀਂ-
"ਆ ਮੇਰੇ ਰੱਬ ਸਾਂਈਂ ਸੁਹਣੀਆਂ ਲੋਈ ਵਾਲੇ!
ਛਿਪ ਛਿਪ ਬਹਿਨਾਏਂ ਤੂੰ ਮੇਰੇ ਰੰਗ ਰੰਗੋਈ ਵਾਲੇ!”
ਰਾਤ ਬੀਤ ਗਈ, ਦਿਨ ਚੰਗਾ ਚੜ੍ਹ ਪਿਆ! ਬਾਈ ਸਵੇਰੇ ਅਜ ਆਪਣੀ ਵਰ੍ਹੇ ਗੰਢ ਕਰਕੇ ਉਡੀਕੀ ਜਾ ਰਹੀ ਸੀ। ਦਰਬਾਰ ਸੱਜ ਰਿਹਾ ਸੀ, ਇਸ ਦੇ ਸ਼ਰਧਾਲੂ ਤੇ ਪਦਾਰਥ ਤੇ ਪਲ ਰਹੇ ਸਾਰੇ ਇਕੱਤ੍ਰ ਸਨ।
ਬਾਈ ਪਾਲਕੀ ਵਿਚ ਆਈ ਤੇ ਆਪਣੇ ਸਿੰਘਾਸਨ ਤੇ ਜਾ ਬੈਠੀ। ਦੰਡੌਤਾਂ ਪ੍ਰਨਾਮ ਹੋਏ, ਆਰਤੀ ਉਤਰੀ, ਫੁਲ ਚੜ੍ਹੇ, ਸ਼ਿਹਰੇ ਗਲੇ ਪਾਏ ਗਏ। ਫੇਰ ਸਭ ਨੇ ਗਾਂਵਿਆਂ ‘ਸੁਘੜ ਬਾਈ ਕੀ ਜੈ। ਸੁਘੜ ਬਾਈ ਹੈ। ਹੋਰ ਸਭ ਛੈ। ਸੁਘੜ ਬਾਈ ਹੈ'। ਫੇਰ ਭੇਟਾਂ ਅਰਪਨ ਹੋਈਆਂ। ਭੇਟਾਂ ਲੈ ਰਹੀ ਸੀ, ਵਰ ਦੇ ਰਹੀ ਸੀ, ਪ੍ਰਸੰਨ ਹੋ ਰਹੀ ਸੀ, ਰਜੋ ਗੁਣੀ ਰਸ ਆਪ ਨੂੰ ਸਤਿਕਾਰ ਮਿਲੇ ਦਾ ਆ ਰਿਹਾ ਸੀ ਕਿ ਅੰਦਰਲਾ ਨਾਲ ਨਾਲ ਕਹਿ ਰਿਹਾ ਸੀ: ਖ਼ਬਰਦਾਰ, ਇਹ ਰਸ ਓਪਰਾ ਹੈ; ਇਹ ਠੰਢੀ ਸੁਹਾਵੀ ਨੈਂ ਹੈਂ, ਤਰਨੀ ਹੈ ਡੁੱਬਣਾ ਨਹੀਂ। ਪਰ ਫੇਰ ਰਸ ਆ ਰਿਹਾ ਸੀ ਤੇ ਚੋਖਾ ਸੁਹਣਾ ਰੰਗ ਬੰਨ੍ਹ ਬੰਨ੍ਹ ਕੇ ਰਸ ਆ ਰਿਹਾ ਸੀ। ਇਸ ਵੇਲੇ ਇਕ ਕਾਸਦ ਆ ਪੁੱਜਾ। ਇਹ ਇਕ ਲੰਮਾ ਸੁਹਣੀ ਨੁਹਾਰ ਵਾਲਾ, ਸਿੱਧੀ ਦਸਤਾਰ ਵਾਲਾ, ਕੇਸਾਂ ਵਾਲਾ, ਦਾੜ੍ਹੇ ਵਾਲਾ ਜਬ੍ਹੇਦਾਰ ਮਨੁੱਖ ਸੀ। ਦੇਖਦਿਆਂ ਸਭ ਹਰਿਆਨ ਹੋਏ ਸੁਹਣੀ ਸੂਰਤ ਤੇ ਅਭੈ ਚੜ੍ਹਤ ਬੜ੍ਹਤ ਤੇ। ਇਸ ਹਲਕਾਰੇ ਨੇ ਅਭੈ ਕਦਮ ਧਰਦਿਆਂ, ਸਭ ਤੋਂ ਅੱਗੇ ਨਿਕਲ ਕੇ ਰੁੱਕਾ ਇਕ ਖ਼ਰੀਤੇ ਵਿਚ ਬੰਦ ਬਾਈ ਜੀ ਦੇ ਹੱਥ ਦਿੱਤਾ ਤੇ ਗੱਜ ਕੇ ਕਿਹਾ:-
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ॥
ਦਿਲ ਦਹਿਲ ਗਏ ਜੈਕਾਰੇ ਦੀ ਭਰਵੀਂ ਆਵਾਜ਼ ਨਾਲ। ਸਭ ਨੇ ਕੰਬ ਕੇ ਤੱਕਿਆ:-ਕੌਣ ਹੈ ਇਹ? ਕੋਈ ਨਹੀਂ ਸੀ ਜਾਣਦਾ, ਪਰ ਇਕ ਨੇ ਹੌਲੇ ਜਿਹੇ ਕਿਹਾ: ਏਹ ਆਨੰਦਪੁਰ ਵਾਲੇ ਦਾ ਹੈ। ਦੇਖੋ ਨਾ ਤੌਰ, ਤੱਕੋ ਨਾ ਚੜ੍ਹਤ ਬੜ੍ਹਤ, ਸੁਆਦ ਆ ਗਿਆ ਹੈ। ਦੂਜੇ ਨੇ ਕੋਲੋਂ ਕਿਹਾ: ਕੀਕੂੰ ਦਾ ਦਲੇਰ ਹੈ, ਕਿਵੇਂ ਸਾਡੇ ਗੁਰਦੇਵ ਭਗਵਾਨ ਪਾਸ ਬੇਅਦਬ ਹੋ ਕੇ ਚਲਾ ਗਿਆ ਹੈ। ਨਾ ਦੰਡੌਤ ਨਾ ਮੱਥਾ।
ਇਉਂ ਦੀਆਂ ਲੋਕੀ ਗੱਲਾਂ ਕਰ ਰਹੇ ਸਨ।
ਉਧਰ ਸੁਘੜ ਬਾਈ ਨੇ ਲਿਆ ਖਰੀਤਾ ਹੱਥ ਵਿਚ ਹਰਿਆਨ ਹੋ ਕੇ। ਜਦੋਂ ਹੱਥ ਲਾਇਆ ਖ਼ਰੀਤੇ ਨੂੰ ਤਾਂ ਹੱਥ ਵਿਚ ਝਰਨਾਟ ਆਈ। ਜਦੋਂ ਖ਼ਤ ਖੁਹਲਿਆ ਤਾਂ ਲੂੰਆਂ ਵਿਚ ਝੁਣਝੁਣੀ ਆਈ, ਜਦੋਂ ਨੈਣਾਂ ਅਗੇ ਕੀਤਾ ਰੁੱਕਾ ਕਾਗਜ਼ ਦਾ ਤਾਂ ਗੋਲ ਮੋਲ ਛੱਲੇ ਆਏ ਨੈਣਾਂ ਅੱਗੇ ਤੇ ਅੱਖਰ ਗੋਲ ਮੋਲ ਵਿੰਗ ਤੜਿੰਗੇ ਚੀਚਕਚੋਲਿਆਂ ਵਾਂਙੂ ਬੇਥਵੀ ਸ਼ਕਲ ਲੈ ਕੇ ਤੇ ਕਈ ਤਸਵੀਰਾਂ ਬਣ ਬਣ ਕੇ ਦਿੱਸੇ। ਬਾਈ ਪੜ੍ਹੇ, ਪਰ ਅੱਖਰ ਅਪਣੀ
ਸੂਰਤ ਨਾ ਲੈਣ ਤੇ ਪੜ੍ਹੇ ਨਾ ਜਾਣ। ਜਿਉਂ ਜਿਉਂ ਜ਼ੋਰ ਲਾਵੇ ਨੈਣਾਂ ਦਾ ਤਿਉਂ ਤਿਉਂ ਉਹ ਚੱਕਰ ਬਣ ਬਣ ਕੇ ਤੇ ਕਈ ਰੰਗ ਲੈ ਲੈ ਕੇ ਉਡਦੇ ਉਡਦੇ ਭਾਸਣ। ਸਿਆਣੀ ਸੀ, ਨੈਣ ਮੀਟ ਲਿਓਸੁ। ਮਨ ਵਿਚ ਆਖੇ: 'ਹੇ ਮਨ! ਡਰ ਗਿਆਂ ਹੈਂ? ਮਨ! ਕੰਬ ਗਿਆ ਹੈਂ? ਮਨ! ਪਤਾ ਨਹੀਓਂ ਪਤ੍ਰ ਕਿਸਦਾ ਹੈ! ਬਿਨ ਜਾਣੇ ਕਿਉਂ ਆਪੇ ਤੋਂ ਹਿੱਲ ਖੜੋਤਾ ਹੈਂ? ਕੋਈ ਅਹਿਦੀਆ ਤਾਂ ਨਹੀਂ ਆਇਆ। ਇਹ ਤਾਂ ਸੁਹਣੀ ਨੁਹਾਰ ਵਾਲਾ ਕੋਈ ਖਿੜੇ ਜੁੜੇ ਮੱਥੇ ਵਾਲਾ ਹੈ ਜੋ ਲਿਆਇਆ ਹੈ ਖਤ, ਟਿਕ ਤੇ ਟਿਕ ਕੇ ਪੜ੍ਹ।'
ਬੰਦ ਨੈਣਾਂ ਵਿਚ ਹੀ ਖ਼ਤ ਨੈਣਾਂ ਨਾਲ ਲਾਇਓਸੁ ਤਾਂ ਛਾਤੀ ਵਿਚ ਸੀਤਲਤਾ ਆਈ, ਦਿਲ ਨੂੰ ਕਹਿਣ ਲੱਗੀ, ਚਿੱਠੀ ਕਿਸੇ ਸਬਲ ਦੀ ਹੈ, ਇਸ ਵਿਚ ਸੱਤ੍ਯਾ ਹੈ। ਮਨ! ਅਦਬ ਵਿਚ ਆ ਪ੍ਰਾਰਥਨਾ ਕਰ। ਐਉਂ ਟਿਕ ਕੇ, ਸੁਆਸ ਤੇ ਮਨ ਟਿਕਾ ਕੇ ਫੇਰ ਚਿੱਠੀ ਪੜ੍ਹੀਓਸੁ! ਹੁਣ ਵਾਚ ਲਈ ਨੈਣਾਂ ਨੇ ਚਿੱਠੀ, ਸਮਝ ਲਿਆ ਅਰਥ ਮਨ ਨੇ, ਪਰ ਸਾਰਾ ਸਰੀਰ ਝਰਨ ਝਰਨ ਹੋ ਗਿਆ ਸਮਝ ਕੇ। ਥਰਰ ਥਰਰ ਆ ਗਈ। ਕੌਣ ਹੈ ਲੇਖਕ ? ਚਿੱਠੀ ਵਿਚ ਨਾਮ ਨਹੀਂ, ਪਰ ਹੁਕਮ ਹੈ। ਇਸ ਤਰ੍ਹਾਂ ਦੇ ਕਈ ਭਾਵ ਅੰਦਰ ਉਮਾਹੇ ਕਿ ਉਸ ਨੂੰ ਲੁਕਾਉਣੇ ਮੁਸ਼ਕਲ ਹੋ ਗਏ। ਬੜੀ ਕਠਨਤਾ ਨਾਲ ਆਪਾ ਸੰਭਾਲ ਕੇ ਜੁੜੀ ਭੀੜ ਵਲ ਤੱਕ ਕੇ ਬੋਲੀ: 'ਮੈਂ ਹੁਣ ਏਕਾਂਤ ਹੋਣਾ ਹੈ, ਤੁਸੀਂ ਸਭ ਅੰਨ ਪਾ ਕੇ ਘਰੋ ਘਰੀ ਚਲੇ ਜਾਓ।' ਇਹ ਕਹਿ ਕੇ ਉਠੀ ਤੇ ਆਪਣੇ ਡੇਰੇ ਚਲੀ ਗਈ। ਇਕ ਸਖੀ ਸੈਨਤ ਸਮਝ ਕੇ ਮਗਰ ਗਈ ਤੇ ਨਾਲ ਚੁਪਾਤੇ ਹੀ ਕਾਸਦ ਨੂੰ ਲੈ ਗਈ। ਘਰ ਜਾ ਕੇ ਪੁਛਿਓਸੁ ਕਿ ਪੱਤ੍ਰ ਕਿਸ ਅਰਸ਼ਾਂ ਦੇ ਮਾਲਕ ਨੇ ਘੱਲਿਆ ਹੈ? ਉਸ ਨੇ ਦੱਸਿਆ ਕਿ ਇਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੈ 'ਜੋ ਆਨੰਦਪੁਰ ਵਿਚ ਬਿਰਾਜ ਰਹੇ ਹਨ। ਬਾਈ ਨੇ ਨਾਮ ਸੁਣਿਆ ਸੀ, ਪਰ ਐਨਾਂ ਕਿ ਕੋਈ ਤਲਵਰੀਆ ਹੈ ਉਥੇ ਜੋ ਸੰਤ ਹੋ ਕੇ ਤਲਵਾਰ ਰੱਖਦਾ ਹੈ। 'ਤਲਵਾਰ ਤੇ ਪਰਮਾਰਥ, 'ਕ੍ਰਿਯਾ ਤੇ ਅਕ੍ਰੈ ਏਹ ਕਾਫ਼ੀ ਸਨ ਉਸਦੇ ਮਨ ਨੂੰ ਤਦੋਂ ਉਸ ਪਾਸਿਓਂ ਮੋੜੀ ਰੱਖਣ ਵਾਸਤੇ। ਅੱਜ ਜਦ ਖ਼ਤ ਦੀ ਤਾਸੀਰ ਦੇਖੀ, ਖ਼ਤ ਦੀ ਛੁਹ ਵਿਚ ਅਸਰ ਡਿੱਠਾ, ਖ਼ਤ ਦੇ ਮਤਲਬ ਵਿਚ ਇਹ ਗੱਲ ਵੇਖੀ ਕਿ ਜੋ ਉਸਦੇ ਸਿਵਾ ਕੋਈ ਨਹੀਂ ਸੀ ਜਾਣਦਾ,
ਜਿਸ ਨੂੰ ਉਸ ਨੇ ਪਰਖ ਦੀ ਕਸਵੱਟੀ ਬਣਾ ਰਖਿਆ ਸੀ ਤਾਂ ਸੋਝੀ ਆਈ ਕਿ ਸੁਹਣੀ ਸੂਰਤ ਤਾਂ ਜਗ ਵਿਚ ਜ਼ਾਹਰ ਬੈਠੀ ਹੈਸੀ ਤੇ ਮੈਂ ਅੰਧ ਨੂੰ ਸੋਝੀ ਹੀ ਨਾ ਆਈ। ਹੁਣ ਕਲੇਜਾ ਉਛਲਿਆ ਕਿ ਕਿੰਞ, ਜੋ ਮੇਰੇ ਮਨ ਵਿਚ ਧਾਰੀ ਹੋਈ ਗਲ ਸੀ, ਬੁੱਝੀ ਗਈ ਹੈ। ਕਿੰਞ ਥਹੁ ਲਾ ਲਿਆ ਨੇ ਮੈਂ ਪਖੰਡ ਰਚਾਇਆ ਹੋਇਆ ਹੈ। ਕਿ ਜਦ ਸਾਰੇ ਨਿਕਟ ਵਰਤੀ ਜਾਣਦੇ ਹਨ ਕਿ ਮੈਂ ਬਾਵਰੀ ਹੋ ਕੇ ਇਹ ਕੁਛ ਕੀਤਾ ਹੈ ਤੇ ਬਾਹਰ ਦੇ ਸਾਰੇ ਜਾਣਦੇ ਹਨ ਕਿ ਮੈਂ ਸਚਮੁਚ ਦੇਵ ਮੂਰਤੀ ਹਾਂ? ਕਿੰਝ ਪਛਾਣ ਲਿਆ ਨੇ ਕਿ ਮੈਂ ਸੁੱਚੇ ਆਚਰਨ ਵਾਲੀ ਹਾਂ, ਪਰ ਰਿੰਦ' ਹਾਂ, ਰਬ ਦਾ ਸ਼ਰੀਕਾ ਨਹੀਂ ਕਰ ਰਹੀ, ਨਾ ਨਮੁੱਕਰ ਹੋ ਰਹੀ ਹਾਂ, ਪਰ ਇਸ ਨੂੰ ਪਰਦਾ ਬਣਾ ਰਹੀ ਹਾਂ, ਹਾਂ ਪਖੰਡ ਨੂੰ ਪਰਦਾ ਬਣਾ ਰਹੀ ਹਾਂ। ਫਿਰ ਜਦ ਅੰਦਰਲੀ ਦੁਨੀਆਂ ਵਿਚ ਦੇਖਾਂ ਤਾਂ ਧੂਹ ਪੈਂਦੀ ਹੈ, ਮਾਨੋਂ ਵੱਛੀ ਨੂੰ ਗਾਂ ਵਾਜਾਂ ਮਾਰ ਰਹੀ ਹੈ ਤੇ ਵੱਛੀ ਦਾ ਜੀ ਬੇਕਲ ਹੋ ਰਿਹਾ ਹੈ। ਡਿੱਠੇ ਨਹੀਂ, ਭਾਲੇ ਨਹੀਂ, ਨਿਰਾ ਦੁਹਰਫਾ ਖ਼ਤ ਆਇਆ ਹੈ, ਪਰ ਪ੍ਰਭਾਉ ਇਸ ਤਰ੍ਹਾਂ ਦਾ ਪੈਂਦਾ ਹੈ ਕਿ ਮਾਨੋਂ ਜਨਮਾਂ ਦੀ ਸਿਆਣ ਹੈ। ਦਿਲ ਹੁਣ ਕਾਹਲਾ ਪਵੇ ਕਿ ਉੱਠਾਂ ਤੇ ਉੱਠਕੇ ਚਰਨੀਂ ਜਾ ਲੱਗਾਂ। ਸਰੀਰ ਤਾਂ ਨਾ ਉਠ ਸਕੇ, ਪਰ ਹੋਸ਼ ਉਡੇ ਤੇ ਬਾਉਰੀ ਹੋ ਹੋ ਜਾਵੇ।
ਫੇਰ ਬਾਈ ਨੇ ਆਪਾ ਸੰਭਾਲ ਕੇ ਚੰਦੋ (ਚੰਦ੍ਰ ਸਖੀ, ਜੋ ਮੁੱਖ ਸਖੀ ਸੀ) ਨੂੰ ਆਏ ਸਿੰਘ ਕਾਸਦ ਦੇ ਡੇਰੇ ਤੇ ਆਦਰ ਦਾ ਹੁਕਮ ਦਿੱਤਾ। ਆਈਆਂ ਭੀੜਾਂ ਨੂੰ ਵਿਦਾ ਕਰ ਦੇਣ ਦੀ ਆਗਯਾ ਕੀਤੀ ਤੇ ਆਪ ਆਪਣੇ ਅੰਦਰ ਬੂਹੇ ਮਾਰ ਕੇ ਏਕਾਂਤ ਹੋ ਗਈ। ਉਹ ਦਿਨ ਤੇ ਰਾਤ ਬਾਹਰ ਨਾ ਨਿਕਲੀ। ਸਖੀ ਗਣ ਵਿਚ ਚਿੰਤਾ ਹੋ ਰਹੀ ਹੈ। ਚੋਖਾ ਬੀ ਫ਼ਿਕਰ ਕਰ ਰਿਹਾ ਹੈ। ਉਸ ਆਏ ਕਾਸਦ ਨੂੰ ਪੁੱਛਦੇ ਹਨ ਕਿ ਤੂੰ ਕੀਂਹ ਸੰਦੇਸਾ ਲੈ ਕੇ ਆਇਆ ਹੈਂ। ਪਰ ਉਸ ਨੂੰ ਥਹੁ ਨਹੀਂ ਕਿ ਖ਼ਤ ਵਿਚ ਕੀ ਹੈ। ਉਸ ਨੂੰ ਤਾਂ ਨਿਰਾ ਖ਼ਤ ਪਹੁੰਚਾ ਦੇਣ ਦਾ ਹੁਕਮ ਸੀ ਜੋ ਉਸ ਨੇ ਦੱਸ ਦਿੱਤਾ।
ਅਗਲੀ ਭਲਕ ਹੋਈ, ਬੂਹਾ ਖੁੱਲ੍ਹਾ, ਸਿਆਲੇ ਦੀ ਉਤਰੀ ਹੋਈ, ਪਰ ਨਿਰਮਲ ਨੀਲੀ ਨੀਲੀ ਧਾਰਾ ਵਾਲੀ ਗੰਗਾ ਵਾਂਙੂ ਨਿਖਰੇ ਤੇ ਟਿਕੇ ਹੋਏ ਚਿਹਰੇ ਵਾਲੀ ਸੁਘੜ ਬਾਈ ਬਾਹਰ ਆਈ। ਸਾਰੇ ਉਡੀਕਵਾਨ ਬਾਹਰ
----------------
ਬੈਠਿਆਂ ਨੇ ਸ਼ੁਕਰ ਸ਼ੁਕਰ ਕੀਤਾ। ਹਸਦੀ ਹਸਦੀ ਸੁਘੜ ਬਾਈ ਆ ਕੇ ਵਿਚ ਬਹਿ ਗਈ। ਆਖਣ ਲੱਗੀ: "ਚੋਖੇ ਨੂੰ ਬੁਲਾਓ।” ਥੋੜੇ ਚਿਰ ਮਗਰੋਂ ਚੋਖਾ ਆ ਗਿਆ। ਤਾਂ ਉਸ ਨੂੰ ਕਹਿਣ ਲੱਗੀ-ਚੋਖੇ ਭਾਈ ਤੂੰ ਤੋੜ ਨਿਬਾਹੀ, ਆਨੰਦਪੁਰ ਵਾਲਾ ਤੇਰਾ ਏਥੇ ਓਥੇ ਭਲਾ ਕਰੇ। ਐਉਂ ਕਰ ਲੈ, ਇਹ ਘਰ ਤੇ ਜ਼ਮੀਨਾਂ ਦਾ ਪਟਾ ਆਪਣੇ ਨਾਮ ਲਿਖਾ ਲੈ ਤੇ ਮੈਂ ਦਸਖ਼ਤ ਕਰ ਦਿਆਂ। ਤੂੰ ਸੁਖੀ ਜੀ ਤੇ ਸੁਖੀ ਵੱਸ, ਮੇਰੇ ਲਈ ਦੋ ਖੱਚਰਾਂ ਲੱਦਦੇ ਇਕ ਮੁਹਰਾਂ ਦੀ ਇਕ ਰੁਪੱਯਾਂ ਦੀ, ਬਾਕੀ ਲੁਟਾ ਕੇ ਆਨੰਦਪੁਰ ਵਾਲੇ ਦੇ ਨਾਮ ਤੇ। ਏਹ ਮੇਰੀਆਂ ਸਖੀਆਂ ਨਿਭੀਆਂ ਹਨ ਨਾਲ, ਪਹਿਲੋਂ ਰਜਾ ਦੇ ਚੰਦਰ ਸਖੀ ਨੂੰ ਤੇ ਫੇਰ ਬਾਕੀਆਂ ਨੂੰ। ਦੂਜੇ ਹੋਕਰਾ ਦੇ ਦੇ ਕਿ ਮੈਂ ਜਪਣੇ ਯੋਗ ਨਹੀਂ ਸਾਂ, ਉਹ ਮੇਰਾ ਪਾਖੰਡ ਸੀ। ਮੈਂ ਢੂੰਡ ਰਹੀ ਸਾਂ ਉਸ ਬਹਾਨੇ ਤਾਰਨਹਾਰ ਨੂੰ, ਓਹ ਮੈਨੂੰ ਲੱਭ ਪਿਆ ਹੈ। ਨਾ ਬਈ, ਓਨ ਮੈਨੂੰ ਲੱਭ ਲਿਆ ਹੈ। ਜਿਸ ਜਿਸ ਨੂੰ ਕਲ੍ਯਾਣ ਦੀ ਲੋੜ ਹੈ ਓਸ ਪਾਸ ਜਾਓ। ਚੋਖਾ ਭਾਈ, ਚੋਖਾ ਭਾਈ, ਚੌਖਾ ਵੀਰ, ਚੋਖਾ ਪਿਤਾ ਮਾਤਾ, ਚੋਖਾ ਚਾਕਰ ਨੌਕਰ ਮੁਨੀਬ, ਸਭ ਕੁਛ ਤੂੰ। ਹੁਣ ਕਰ ਦੇਹ ਇਹ ਮੇਰੀ ਆਖਰੀ ਮਨਸ਼ਾ ਪੂਰੀ।
ਸੁਘੜ ਬਾਈ ਦੇ ਏਹ ਵਾਕ ਸਨ ਕਿ ਬਿਜਲੀ ਦਾ ਕੜਾਕਾ। ਸਾਰੇ ਬਝੱਕ ਹੋ ਕੇ ਰਹਿ ਗਏ। ਕੁਛ ਚਿਰ ਇਸ ਸਦਮੇ ਹੇਠ ਰਹਿ ਕੇ ਚੋਖੇ ਨੇ ਆਖਿਆ: “ਬੀਬੀ ਜੀ! ਤੁਸਾਂ ਨੇ ਬਹੁਤ ਰੰਗ ਦੇਖੇ ਹਨ, ਕਈ ਵੇਰ ਕਾਹਲੀ ਵੇਲੇ ਮੈਂ ਦਲੇਰੀ ਕਰ ਕੇ ਰੋਕਿਆ ਤੇ ਤੁਸਾਂ ਮੇਰਾ ਮਾਨ ਰੱਖਕੇ ਮੰਨ ਲਿਆ ਹੈ, ਹੁਣ ਬੀ ਮੇਰਾ ਮਾਨ ਰਖੋ, ਕਰੋ ਓਹੋ ਕੁਛ ਜੋ ਭਾਵੇਂ, ਪਰ ਸਾਨੂੰ ਕੁਛ ਸੋਚ ਲੈਣ ਦਿਓ। ਦਸ, ਪੰਜ, ਵੀਹ ਕੁਛ ਦਿਨ ਦਿਓ, ਕਾਹਲੀ ਨਾ ਕਰੋ।"
ਸੁਘੜਬਾਈ-ਤੁਸੀਂ ਪ੍ਯਾਰ ਕਰਦੇ ਹੋ, ਵਡਿਆਂ ਦਾ ਅੰਗ ਪਾਲਦੇ ਹੋ, ਪਰ ਮੈਂ ਸੋਚ ਵਿਚਾਰ ਲਿਆ ਹੈ, ਹੁਣ ਕੰਮ ਅਟਕਣ ਦਾ ਨਹੀਂ। ਹੋਰ ਵਿਲਮ ਦਾ ਵੇਲਾ ਨਹੀਂ। ਪਲ ਪਲ ਕਰਕੇ ਕਾਲ ਜਾ ਰਿਹਾ ਹੈ। ਪਲ ਅਮੋਲਕ ਹੈ। ਘੜੀ ਦਿਨ ਬਹੁਤ ਲੰਮੇ ਹਨ, ਹੁਣ ਪਲ ਦਾ ਵਿਲਮ ਨਹੀਂ। ਜੋ ਮੈਂ ਕਿਹਾ ਹੈ ਕਰ ਦਿਓ। ਨਹੀਂ ਤਾਂ ਮੈਂ ਦੁਇ ਹੱਥ ਝਾੜ ਕੇ ਤੁਰ ਜਾਵਾਂਗੀ ਹੁਣੇ। ਹੁਣ ਲੱਗੀਆਂ ਸਖੀਆਂ ਸਮਝਾਉਣ। ਪਿਆਰ, ਮਿੰਨਤਾਂ, ਤਰਲੇ ਕਰਨ ਤੇ ਰੋਣ, ਪਰ ਕੋਈ ਅਸਰ ਨਾ ਪਿਆ ਬਾਈ ਉਤੇ। ਜਦ
ਸਭ ਨੇ ਬਹੁਤ ਵੈਰਾਗ ਕਰ ਕਰਕੇ ਉਸਨੂੰ ਵੈਰਾਗਵਾਨ ਕਰ ਦਿੱਤਾ ਤਾਂ ਬਾਈ ਰੋਈ ਤੇ ਇਉਂ ਗਾਂਵੀਂ ਇਕ ਡਾਢੀ ਝੀਣੀ ਸੁਰ ਵਿਚ ਤੇ ਰਾਗ ਜੋਗ ਵਿਚ-
ਵਤਨ ਦੁਰਾਡਾ, ਮੰਜ਼ਲ ਦੁਰਾਡੀ ਹੋ ਪਈ ਸਾਡੀ ਤਯਾਰੀ,
ਵਤ ਨਹੀਂ ਆਉਣਾ ਵਤਨ ਤੁਸਾਡੇ ਵਤ ਨਹੀਂ ਪਾਣੀ ਫੇਰੀ।
ਅੰਗਨ ਹੋ ਪਰਦੇਸ ਗਏ ਹੁਣ ਵਿਹੜੇ ਵਤਨ ਬਿਗਾਨੇ।
ਤੁਰ ਵੰਞਣਾ ਹੁਣ ਤੁਰ ਵੰਞਣਾ ਹੁਣ ਤੁਰ ਵੰਞਣ ਦੇ ਤ੍ਰਾਨੇ।
ਅਪਣੇ ਵਤਨ ਚਲੇ ਨੀ ਸਹੀਓ ਦਿਓ ਮੁਮਾਰਕ ਸਾਨੂੰ,
ਨਾਲ ਅਸੀਸਾਂ ਤੋਰੋ ਸਾਨੂੰ ਭਾਗ ਲਾਏ ਰੱਬ ਤੁਹਾਨੂੰ।
ਹੁਣ ਨਾ ਹੋੜੋ, ਨਾ ਹੋੜੋ ਨੀ, ਜਾਣ ਦਿਓ ਹੁਣ ਸਹੀਓ!
ਕੱਲ ਤੁਸੀਂ ਵਿਚ ਬੈਠ ਤ੍ਰਿੰਵਣਾਂ, ਕਥਾ ਅਸਾਡੀ ਕਹੀਓ।
ਕਾਂਗ ਚੜ੍ਹੀ ਨਹੀਂ ਨੈਂ ਰੁਕਦੀ ਹੈ ਸ਼ਹੁ ਸਾਗਰ ਨੂੰ ਜਾਂਦੀ,
ਸੂਲੀ ਚੜ੍ਹਨੋਂ ਰੁਕਣ ਨ ਆਸ਼ਕ ਪੈਂਡਯੋਂ ਰੁਕੇ ਨ ਪਾਂਧੀ।
ਇਹ ਦਿਲ-ਵਿੰਨ੍ਹ ਗੀਤ ਸੁਣਕੇ ਚੁਪ ਵਰਤ ਗਈ, ਫੇਰ ਚੰਦ੍ਰ ਸਖੀ ਨੇ ਮਿੰਨਤਾਂ ਕੀਤੀਆਂ ਤਾਂ ਬਾਈ ਬੋਲੀ: “ਸਹੀਓ! ਸਾਨੂੰ ਧੁਰ ਦੇ ਸੱਦੇ ਆ ਗਏ ਹਨ, ਸਾਨੂੰ ਹੋਰ ਨਾ ਸਮਝਾਓ।” ਸਾਰੇ ਬਾਈ ਦੇ ਸੁਭਾ ਨੂੰ ਜਾਣਦੇ ਸਨ, ਥੱਕ ਹਾਰ ਕੇ ਚੁਪ ਕਰ ਗਏ। ਚੋਖੇ ਨੇ, ਜਿਵੇਂ ਕਿਹਾ ਸੀ ਬਾਈ ਨੇ, ਅਪਣੇ ਨਾਂ ਲੁਆ ਲਿਆ ਜੋ ਕੁਛ ਸ੍ਵਾਮਨਿ ਨੇ ਆਖਿਆ ਸੀ। ਇਸ ਦੇ ਜੀ ਵਿਚ ਨਿਜ ਦਾ ਲੋਭ ਘੱਟ ਸੀ, ਦੂਰੰਦੇਸ਼ੀ ਸੋਚਦਾ ਸੀ ਕਿ ਜੋ ਦੇ ਜਾਏਗੀ ਇਸਦੀ ਅਮਾਨਤ ਰੱਖਸਾਂ। ਜੇ ਕਿਤੇ ਇਹ ਫੇਰ ਰੁਲ ਔਖੀ ਹੋ ਕੇ ਆਈ ਯਾ ਮੈਂ ਸੁਣੀ ਤਾਂ ਏਥੇ ਲਿਆ ਕੇ ਇਸ ਨੂੰ ਫੇਰ ਮਾਲਕੀ ਦੇ ਕੇ ਆਪ ਨੌਕਰੀ ਵਿਚ ਹੀ ਹੁਣੇ ਹਾਰ ਰਹਿਸਾਂ। ਸੋ ਉਸਨੇ ਦੋ ਖੱਚਰਾਂ ਦਾ ਭਾਰ ਚਾਂਦੀ ਸੋਨਾ ਤਾਂ ਨਾਲ ਘੱਲਣ ਲਈ ਰੱਖ ਲਿਆ, ਬਾਕੀ ਜਿਵੇਂ ਹੁਕਮ ਸੀ ਸਖੀਆਂ, ਬੰਧੂਆਂ, ਲੋੜਵੰਦਾਂ ਨੂੰ ਵੰਡਿਆ। ਇਕ ਗੱਲ ਇਸਨੇ ਤੇ ਚੰਦ੍ਰ ਸਖੀ ਨੇ ਸੁਘੜ ਬਾਈ ਦਾ ਹਠ ਭੰਨਕੇ ਉਸ ਨੂੰ ਮਨਵਾ ਹੀ ਲਈ ਕਿ ਇਹ ਦੁਏ ਤੇ ਕੁਛ ਨੌਕਰ ਆਨੰਦਪੁਰ ਸਾਹਿਬ ਬਾਈ ਦੇ ਨਾਲ ਜਾਣਗੇ ਤੇ ਓਥੇ ਉਸ ਨੂੰ ਸੁਖੀ ਵਸਾ ਕੇ ਮੁੜ ਆਉਣਗੇ!
16. (ਸੰਤੋਖੀ ਰਾਜਾ)
ਸੁਘੜਬਾਈ ਨੇ ਇਕ ਖਾਸ ਰਕਮ ਪਿੰਡ ਦੇ ਘਰ ਪਰਤੀ ਵੰਡਣ ਲਈ ਕਿਹਾ ਸੀ, ਜਦ ਚੋਖਾ ਉਹ ਵੰਡ ਰਿਹਾ ਤੇ ਲੋਕੀਂ ਨੈਣ ਭਰ ਭਰ ਕੇ ਲੈ ਰਹੇ ਸਨ ਕਿ ਸਾਡੇ ਨਗਰ ਦਾ ਹਾਤਮਤਾਈ ਟੁਰ ਚਲਿਆ ਹੈ ਤਾਂ ਚੋਖਾ ਇਕ ਗਰੀਬ ਦਰਜ਼ੀ ਦੇ ਘਰ ਗਿਆ ਤੇ ਪਦਾਰਥ ਦੇਣ ਲੱਗਾ। ਉਸ ਅੱਗੋਂ ਹੱਥ ਜੋੜੇ ਤੇ ਕਹਿਣ ਲੱਗਾ: "ਸਾਂਈਂ ਜੀਵੀ! ਮੈਨੂੰ ਧਨ ਦੀ ਇੱਛਾ ਨਹੀਂ, ਮੈਂ ਚਾਰ ਪੰਜ ਆਨੇ ਦੀ ਰੋਜ਼ ਕਿਰਤ ਕਰ ਲੈਂਦਾ ਹਾਂ, ਮੇਰਾ ਰੋਜ਼ ਦਾ ਨਿਰਬਾਹ ਹੋ ਕੇ ਵੇਲੇ ਕਵੇਲੇ ਲਈ ਕੁਛ ਮੇਰੇ ਪਾਸ ਬਚ ਬੀ ਰਹਿੰਦਾ ਹੈ। ਹੋਰ ਮੈਨੂੰ ਲੋੜ ਨਹੀਂ।" ਚੋਖੇ ਨੇ ਚੋਖਾ ਜ਼ੋਰ ਲਾਇਆ ਪਰ ਉਸ ਨੇ ਨਾ ਮੰਨਿਆਂ। ਜਾਂ ਇਸ ਗੱਲ ਦੀ ਖ਼ਬਰ ਬਾਈ ਨੂੰ ਲੱਗੀ ਤਾਂ ਅਚੰਭਾ ਹੋ ਗਈ, ਕਿ ਹੈਂ ਕੋਈ ਹੈ ਪਦਾਰਥ ਤੋਂ ਨਿਰਲੋਭ! ਸੋ ਆਪ ਟੁਰਕੇ ਉਸਦੇ ਘਰ ਗਈ। ਉਹ ਅੱਗੇ ਸਲੋਨੇ ਨੈਣਾਂ ਵਾਲਾ ਕਪੜਾ ਸੀਉਂਦਾ ਸੀਉਂਦਾ ਆਪਣੇ ਰੰਗ ਵਿਚ ਮਗਨ ਹੋ ਗਿਆ ਹੋਇਆ ਸੀ। ਜਦ ਉਸ ਨੈਣ ਖੁਹਲੇ ਤੇ ਬੀਬੀ ਵੇਖੀ ਗਿਰਾਂ ਦੀ ਦਾਤੀ, ਤੱਕਿਓਸੁ ਤੇ ਆਖਣ ਲੱਗਾ, ਉਪਕਾਰ ਦੀ ਦੇਵੀ ਮੈਂ ਗਰੀਬ ਦੇ ਘਰ ਚਰਨ ਪਾਏ, ਮੈਨੂੰ ਸੱਦ ਘੱਲਦੇ। ਬਾਈ ਨੇ ਕਿਹਾ: "ਤੇਰੇ ਦਰਸ਼ਨ ਨੂੰ ਆਈ ਹਾਂ ਕਿ ਮੇਰੇ ਹੀ ਪਿੰਡ ਵਿਚ ਕੋਈ ਵੱਸਦਾ ਹੈ ਸੰਤੋਖ ਦੀ ਨਿਧਿ ਤੇ ਮੈਨੂੰ ਪਤਾ ਨਹੀਂ ਲੱਗਾ। ਭਲੇ ਲੋਕਾ! ਤੂੰ ਦੱਸ ਕਿਥੋਂ ਪਾਈ ਹੈ?” ਉਸ ਆਖਿਆ: “ਮਾਤਾ, ਮੈਂ ਸਿੱਖ ਹਾਂ। ਮੈਂ ਗੁਰੂ ਗੋਬਿੰਦ ਸਿੰਘ ਸ਼ਹਿਨਸ਼ਾਹ ਦਾ ਪੁਤ੍ਰ ਹਾਂ। ਮੈਂ ਉਸ ਤੋਂ ਪਾਈ ਹੈ ਸੁਰਤ ਦੀ ਪਾਤਸ਼ਾਹੀ। ਮੇਰਾ ਗੁਰੂ ਜਗ ਦਾ ਮਾਲਕ ਹੈ, ਉਸਦੇ ਦਰ ਦੇ ਕਿਣਕਿਆਂ ਵਿਚ ਸ਼ਾਹੀਆਂ ਵਸਦੀਆਂ ਹਨ। ਬਾਕੀ ਰਿਹਾ ਸਰੀਰ ਦੀ ਲੋੜ, ਮੇਰੀ ਜਿੰਨੇ ਵਿਚ ਪੂਰੀ ਹੁੰਦੀ ਹੈ, ਉੱਨਾਂ, ਸਗੋਂ ਉਸਤੋਂ ਵੱਧ ਰੋਜ਼ ਮੈਨੂੰ ਮਿਲ ਜਾਂਦਾ ਹੈ।" ਸਾਹਿਬਾਂ ਦਾ ਨਾਮ ਸੁਣਦਿਆਂ ਬਾਈ ਉਸਦੇ ਚਰਨਾਂ ਤੇ ਝੁਕ ਗਈ। ਧੰਨ ਹੈ ਸਾਹਿਬ, ਸੱਚਾ ਸਾਹਿਬ, ਸੱਚਾ ਪਾਤਸ਼ਾਹ! ਸ਼ਹਿਜ਼ਾਦਿਆ! ਮੇਰੇ ਅਭਾਗ! ਦੇਖ, ਤੂੰ ਇਸ ਪਿੰਡ ਵੱਸਦਾ ਸੈਂ, ਪਰ ਕੰਗਲੀ ਨੂੰ ਨਾ ਪਤਾ ਲੱਗਾ ਕਿ ਮੇਰੇ ਦਾਤੇ ਦਾ ਬਾਲਕਾ ਏਥੇ ਹੀ ਹੈ। ਦੇਖ, ਅੱਜ ਹੁਣ ਉਸ ਨੇ ਵਾਜ ਮਾਰੀ ਹੈ ਤਾਂ ਤੇਰੀ ਸੋ ਬੀ ਕੰਨੀਂ ਪੈ ਗਈ ਤੇ ਦਰਸ਼ਨ ਬੀ ਹੋ ਗਏ ਹਨ। ਦਰਜ਼ੀ ਨੇ ਕਿਹਾ-
“ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ॥
ਇਕ ਜਾਰੀਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ॥” (ਸਲੋਕ ਫਰੀਦ ੧੧੩, ਪੰ. ੧੩੮੪)
ਧੰਨ ਮਾਤਾ ਤੂੰ ਧੰਨ ਹੈਂ, ਜਿਸ ਨੂੰ ਸਾਹਿਬਾਂ ਨੇ ਤਾਰਨ ਹਿਤ ਸੱਦਿਆ" ਹੈ। ਮੇਰਾ ਬੀ ਮੱਥਾ ਟੇਕੀਂ, ਆਖੀਂ: ਮਿਹਰ, ਮਿਹਰ, ਮਿਹਰ।
ਕੀਹ ਸੁਘੜਬਾਈ, ਕੀਹ ਸਖੀਆਂ ਤੇ ਕੀਹ ਚੋਖਾ ਅਸਚਰਜ ਰਹਿ ਗਏ ਕਿ ਹੈਂ ਸਾਡੇ ਪਾਸ ਇਸੇ ਪਿੰਡ ਵਿਚ ਇਕ ਸੰਤੋਖ ਦਾ ਪੁਤਲਾ ਤੇ ਸਾਂਈਂ ਦੇ ਰੰਗ ਰਤਾ ਮਹਾਂ ਪੁਰਖ ਇਸ ਗਰੀਬੀ ਵੇਸ ਵਿਚ ਰਹਿ ਰਿਹਾ ਸੀ ਤੇ ਉਸ ਜਣਾਇਆ ਨਹੀਂ ਆਪਣਾ ਆਪ ਕਿਸੇ ਵੇਲੇ ਕਿਸੇ ਨੂੰ ਬੀ। ਅੱਜ ਤਾਂਈਂ ਕਿਸੇ ਨੂੰ ਪਤਾ ਨਹੀਂ ਲੱਗਾ ਕਿ ਇਹ ਗੁਰੂ ਕਾ ਸਿੱਖ ਹੈ ਤੇ ਪਾਰਗਿਰਾਮੀ ਹੈ। ਕਿਰਤ ਕਰਦਾ ਤੇ ਬੇ ਜਣਾਏ ਰਸੀਆ ਜੀਵਨ ਗੁਜ਼ਾਰਦਾ ਹੈ, ਹਾਂ ਇਹ ਵੱਸਦਾ ਹੈ ਏਕਾਂਤ ਵਿਚ। ਧੰਨ ਹੈ ਇਹ ਗੁਰੂ ਤੇ ਧੰਨ ਹੈ ਇਹ ਸਿੱਖੀ।
17. (ਦਰਸ਼ਨ)
ਸ੍ਰੀ ਸਤਿਗੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਸਤਲੁਜ ਨਦੀ ਦੇ ਕਿਨਾਰੇ ਬੈਠੇ ਸਨ ਕਿ ਜਿਸ ਵੇਲੇ ਓਸੇ ਥਾਈਂ ਸੁਘੜਬਾਈ ਆਨੰਦਪੁਰ ਨੂੰ ਆ ਰਹੀ ਆ ਨਿਕਲੀ। ਦਰਸ਼ਨ ਹੁੰਦੇ ਸਾਰ ਸਿਰ ਕਿਸੇ ਐਸੇ ਆਨੰਦ ਨਾਲ ਭਰ ਗਿਆ ਕਿ ਬੇਸੁਧ ਹੋ ਕੇ ਚਰਨਾਂ ਤੇ ਢੈ ਪਹੀ। ਇਸ ਵੇਲੇ ਦੇ ਉਸ ਦੇ ਮਗਨਤਾ ਦੇ ਰਸ ਨੂੰ ਸੰਤ (ਗੋਪਾਲ) ਜੀ ਨੇ ਭਾਈ ਗੁਰਦਾਸ ਜੀ ਦੇ ਇਸ ਕਬਿੱਤ ਨਾਲ ਉਪਮਾ ਦਿੱਤੀ ਹੈ:-
ਦਰਸਨ ਦੇਖਤ ਹੀ ਸੁਧਿ ਕੀ ਨ ਸੁਧਿ ਰਹੀ
ਬੁਧਿ ਕੀ ਨ ਬੁਧਿ ਰਹੀ ਮਤਿ ਮੈ ਨ ਮਤਿ ਹੈ।
ਸੁਰਤਿ ਮੈ ਨ ਸੁਰਤਿ ਅਉ ਧਿਆਨ ਮੈ ਨ ਧਿਆਨੁ ਰਹਿਓ
ਗਿਆਨ ਮੈਂ ਨ ਗਿਆਨ ਰਹਿਓ ਗਤਿ ਮੈਂ ਨ ਗਤਿ ਹੈ।
ਧੀਰਜੁ ਕੋ ਧੀਰਜੁ ਗਰਬ ਕੋ ਗਰਬ ਗਇਓ
ਰਤਿ ਮੈਂ ਨ ਰਤਿ ਰਹੀ ਪਤਿ ਰਤਿ ਪਤਿ ਹੈ।
ਅਦਭੁਤ ਪਰਮਦਭੁਤ ਬਿਸਮੈ ਬਿਸਮ
ਅਸਚਰਜੈ ਅਸਚਰਜ ਅਤਿ ਅਤਿ ਹੈ॥੧॥੯॥ (ਕਬਿੱਤ ਭਾਈ ਗੁਰਦਾਸ)
ਬਾਈ ਜੀ ਦਾ ਸ਼ੀਸ ਮਹਾਰਾਜ ਜੀ ਦੇ ਚਰਨਾਂ ਤੇ ਪਿਆ ਹੈ, ਮਨ ਮਗਨਤਾ ਵਿਚ ਬੇਸੁਧ ਹੈ, ਤਾਰਨਹਾਰ ਦਾਤਾ ਦੇ ਮਿਹਰ ਪੁੰਜ ਹੱਥ ਸੀਸ ਤੇ ਫਿਰ ਰਹੇ ਹਨ। ਆਪ ਦੇ ਨੈਣ ਬੀ ਬੰਦ ਹਨ, ਚਿਹਰੇ ਤੇ ਅਚਰਜ ਆਭਾ ਹੈ ਟਿਕਾਉ ਤੇ ਦਾਤ ਦੇਣ ਦੇ ਪ੍ਰਭਾਉ ਵਾਲੀ। ਬਾਈ ਦੇ ਅੰਦਰ ਉਹ ਪਰਮ ਰਸ ਪ੍ਰਵੇਸ਼ ਕਰਕੇ ਉਸ ਦੇ ਮਨ ਨੂੰ ਉੱਚੇ ਮੰਡਲੀ ਲੈ ਗਿਆ। ਮਿਹਰ ਦੇ ਹੱਥ ਉਸਦੇ ਅੰਦਰ ਦੀ ਉਹ ਕਾਈ, ਜੋ ਗੱਲਾਂ ਨਾਲ ਲੋਕੀਂ ਕੱਟਣਾ ਚਾਹੁੰਦੇ ਸਨ, ਕੱਟਦੇ ਰਹੇ। ਹਾਂ ‘ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆਂ ਬੁਰਿਆਈਆ'। ਕਿਤਨਾ ਚਿਰ ਮਿਹਰਾਂ ਦਾ ਮੀਂਹ ਵਸਾ ਕੇ ਪਾਤਸ਼ਾਹ ਨੇ ਸੁਘੜੋ ਦਾ ਸੀਸ ਆਪ ਉਚਾਇਆ। ਸਿਰ ਚਾਇਓਸੁ, ਨੈਣ ਖੁਹਲੇ ਪਰ ਖੁੱਲ੍ਹਣ ਨਾ। ਮਦ ਭਰੇ, ਆਤਮ ਰਸ ਭਰੇ ਨੈਣ ਝੁਕ ਝੁਕ ਪੈਣ। ਦਿਲ ਚਾਹੇ ਖੁਹਲਾਂ, ਦਰਸ਼ਨ ਕਰਾਂ, ਜਦ ਕੋਏ ਰਤਾ ਕੁ ਖੁਹਲੇ ਤੇ ਝਾਕਾ ਪਵੇ, ਫੇਰ ਝਰਨਾਟਾਂ ਛਿੜ ਜਾਣ ਤੇ ਨੈਣ ਮੁੰਦ ਜਾਣ। ਕਿਤਨਾ ਚਿਰ ਬੀਤ ਗਿਆ ਤਾਂ ਸਤਿਗੁਰ ਨੇ ਥਾਪੜਾ ਦੇ ਕੇ ਕਿਹਾ: "ਹੋਸ਼ ਕਰੋ, ਸਾਵਧਾਨ ਹੋਵੇ, ਦੇਖੋ ਮਾਇਆ ਬਿਲਾ ਗਈ ਹੈ।" ਸੁਘੜੇ ਨੇ ਹੁਣ ਨੈਣ ਭਰ ਕੇ ਤੱਕਿਆ, ਆਪ ਮੁਸਕ੍ਰਾਏ ਤੇ ਕਹਿਣ ਲੱਗੇ: “ਲੋਕੀਂ ਜਪ ਤਪ ਕਰਕੇ ਤੇ ਸਰਲ ਹੋ ਕੇ ਰੱਬ ਟੋਲਦੇ ਹਨ, ਤੂੰ ਪਖੰਡ ਨਾਲ ਟੋਲਿਆ!" ਰੁਕਦੇ ਗਲੇ ਤੇ ਥਿੜਕਦੀ ਜੀਭ ਨਾਲ ਬੋਲੀ-'ਪਾਤਸ਼ਾਹ! ਜਿਸ ਵੇਸ ਕੀਤਿਆਂ ਤੂੰ ਮਿਲੇਂ।...ਤਰਲਾ ਮਿਲਨੇ ਦਾ।'
18. (ਭਗਤ ਗਿਆਨੀ)
ਸੁਘੜਬਾਈ ਆਨੰਦਪੁਰ ਵਿਚ ਟਿਕ ਗਈ। ਉਸਦੀ ਵਾਰਤਾ ਸਾਰੇ ਸਿੱਖਾਂ ਵਿਚ ਫੈਲ ਗਈ। ਪਖੰਡ ਧਾਰਕੇ ਉਸ ਨੇ ਨਿਜ ਮਨ ਨੂੰ ਵਾਹਿਗੁਰੂ ਪ੍ਰਾਰਥਨਾਂ ਵਿਚ ਐਸਾ ਜੋੜਿਆ ਸੀ ਕਿ ਸਾਹਿਬਾਂ ਤੇ ਜਾ ਅਸਰ ਪਿਆ ਤੇ ਆਪ ਨੇ ਆਪ ਬੁਲਾ ਕੇ ਦਰਸ਼ਨ ਦਿਤੇ ਤੇ ਛੋੜ ਕੱਟੇ। ਇਹ ਵਾਰਤਾ ਆਨੰਦਪੁਰ ਵਿਚ ਬੀ ਪ੍ਰਸਿਧ ਹੋ ਗਈ ਸੀ। ਕਿਸੇ ਇਕ ਦਿਨ ਭਾਈ ਨੰਦ ਲਾਲ
ਜੀ ਉਸ ਦੇ ਦਰਸ਼ਨ ਨੂੰ ਉਸ ਦੇ ਡੇਰੇ ਗਏ। ਉਹ ਬੀ ਆਪ ਦਾ ਨਾਮ ਤੇ ਮਹਿਮਾ ਸੁਣ ਚੁਕੀ ਸੀ, ਅਦਬ ਨਾਲ ਮਿਲੀ। ਸੁਖ ਸਾਂਦ ਤੇ ਪਿਛਲੇ ਹਾਲਾਤ ਦੀ ਪਰਸਪਰ ਗੱਲ ਬਾਤ ਦੇ ਮਗਰੋਂ ਭਾਈ ਜੀ ਨੇ ਪੁਛਿਆ ਕਿ ਹੁਣ ਕੀਹ ਦਸ਼ਾ ਹੈ। ਉਹ ਹੱਸ ਕੇ ਬੋਲੀ: “ਹੁਣ ਉਹ ਦਸ਼ਾ ਹੈ ਜੋ ਨਦੀ ਦੀ ਸਾਗਰ ਵਿਚ ਪੈਣ ਵੇਲੇ ਹੁੰਦੀ ਹੈ। ਠੰਢ, ਚਾਉ ਤੇ ਖੁਸ਼ੀ ਮਿਲ ਪੈਣੇ ਦੀ, ਸ਼ੁਕਰ ਮਿਲੀ ਮਿਹਰ ਦਾ, ਪਰ ਨਾਲ ਹੈ ਕਾਹਲ ਤੇ ਘਬਰਾ ਵਿਚ ਸਮਾ ਜਾਣ ਦੀ। ਮੈਂ ਪਾ ਲਈ ਹੈ ਮਨ ਦੀ ਮੁਰਾਦ, ਜੋ ਇਹ ਸੀ ਕਿ ਜੋ ਮੈਂ ਜਾਣਿਆਂ ਕਰਦੀ ਹਾਂ ਉਹ ਘਟ ਜਾਏ ਅੰਦਰ। ਸਾਹਿਬਾਂ ਦੇ ਪੱਤ੍ਰ ਨੂੰ ਛੁਹਦਿਆਂ ਮੇਰੇ ਮਨ ਤੇ ਓਹ ਝਰਨਾਟਾਂ ਦੇ ਤੰਦਣ ਤਾਣੇ ਪਏ ਕਿ ਮੈਂ ਕਦੇ ਨਾ ਸੇ ਡਿੱਠੇ, ਦਰਸ਼ਨ ਨੇ ਮੈਨੂੰ ਬੌਰਿਆਂ ਕਰ ਦਿਤਾ, ਚਰਨ ਛੁਹ ਕੇ ਝਰਨ ਝਰਨ ਝਰਨਾ ਕੇ ਚਰਨਾਂ ਵਿਚ ਸ਼ਰਨ ਦਿੱਤੀ ਹੈ। ਮੈਂ ਬੇਸੁਧ ਸਾਂ, ਪਰ ਕਿਸੇ ਅਤਯੰਤ ਸੁਧ ਦੀ ਬਹੁਲਤਾ ਵਿਚ, ਜਿਵੇਂ ਸੁਜਾਖਿਆਂ ਅੰਨ੍ਹਿਆਂ ਹੋ ਜਾਈਦਾ ਹੈ ਪ੍ਰਕਾਸ਼ ਦੀ ਬਹੁਲਤਾ ਵਾਲੇ ਸੂਰਜ ਵਲ ਤੱਕਦਿਆਂ। ਪਹਿਲੇ ਦਿਨ ਮੱਥੇ ਟੇਕੇ ਵਿਚ ਪਿਆਂ ਮੈਨੂੰ ਸਾਹਿਬਾਂ ਨੇ ਆਪ ਵਿਛੋੜਿਆ ਆਪਣੇ ਚਰਨਾਂ ਤੋਂ, ਜਿਵੇਂ ਮਾਂ ਵਿਛੋੜਦੀ ਹੈ ਬੱਚੇ ਨੂੰ ਆਪਣੇ ਥਣਾਂ ਤੋਂ, ਜੋ ਬਹੁਤ ਪੀ ਕੇ ਔਖਾ ਨਾ ਹੋਵੇ। ਮੈਂ ਵਿਛੁੜੀ ਤੇ ਰਸ ਰੰਗ ਦੀ ਝਿਲਮਿਲ ਵਿਚ ਤੜਫ਼ਦੇ ਨੈਣਾਂ ਨੇ ਫੇਰ ਦਰਸ਼ਨ ਡਿੱਠਾ ਤਾਂ ਮੈਂ ਕੀਹ ਡਿੱਠਾ ਕਿ ਮੈਂ ਨਹੀਂ ਹਾਂ ਤੇ ਉਹ ਹੈ। ਮੈਂ ਦੇ ਦੁਆਲਿਓਂ ਮੈਂ ਦਾ ਭ੍ਰਮ-ਅੰਡ ਟੁੱਟ ਚੁੱਕਾ ਸੀ। ਮੈਂ ਖੁੱਲ੍ਹੀ ਖੁੱਲ੍ਹੀ ਹੋ ਗਈ, ਮੈਂ ਵਿਸ਼ਾਲ ਵਿਸ਼ਾਲ ਹੋ ਗਈ, ਮੈਂ ਵਿਸ਼ਾਲਤਾ ਵਿਚ ਬੇ-ਕਿਨਾਰਾ ਹੋ ਗਈ। ਭਾਈ ਜੀਓ! ਪਤਾ ਨਹੀਂ ਇਹ ਕੁਛ ਕੀਹ ਸੀ ਪਰ ਇਹ ਸੀ, ਜੁ ਮੇਰੇ ਤੇ ਬੀਤਿਆ।” ਭਾਈ ਜੀ ਨੇ ਪੁੱਛਿਆ ਹੁਣ ਕੀ ਹਾਲ ਹੈ? ਬੀਬੀ ਬੋਲੀ: "ਮੈਂ ਲਹੁਕੀ ਫੁੱਲ ਹਾਂ, ਮੇਰਾ ਭਾਰ ਤੋਲ ਕੋਈ ਨਹੀਂ ਮੈਨੂੰ ਜਾਪਦਾ, ਮੈਂ ਠੰਢੀ ਠੰਢੀ ਸੁਖੀ ਸੁਖੀ ਹਾਂ, ਮੈਂ ਕੁਛ ਉਚੇਰੀ ਉਚੇਰੀ ਹਾਂ, ਅਪਣੱਤ ਭਾਸਦੀ ਹੈ ਕੁੱਲ ਨਾਲ, ਪਰ ਹਉਂ ਨਹੀਂ ਭਾਸਦੀ। ਉਪਰਾਂਦ ਬੀ ਭਾਸਦੀ ਹੈ ਜੋ ਵਿਛੋੜਦੀ ਤੇ ਇਕੱਲਿਆਂ ਨਹੀਂ ਕਰਦੀ, ਜਿਵੇਂ ਗੁਆਚਿਆ ਹੋਇਆ ਲੱਭਿਆ ਜਾ ਕੇ ਵੱਖਰਾ ਬੀ ਹੁੰਦਾ ਹੈ ਆਪਣੇ ਆਪ ਵਿਚ, ਪਰ ਅਪਣੱਤ ਦੇ ਘਰ ਬੀ ਆ ਜਾਂਦਾ
--------------
ਹੈ। ਇਹ ਕੁਛ ਹੋ ਕੇ ਕੁਛ ਐਸਾ ਹੁੰਦਾ ਹੈ ਕਿ ਮਾਨੋ ਮੇਰੇ ਅੰਦਰ ਕੁਛ ਹੋ ਰਿਹਾ ਹੈ, ਕੋਈ ਸ਼ਬਦ ਦਾ ਉਚਾਰ, ਜਿਵੇਂ ਮੇਰੇ ਅੰਦਰ ਵਾਹ ਵਾਹ ਕਿ 'ਵਾਹਿਗੁਰੂ ਵਾਹਿਗੁਰੂ ਆਪੇ ਆ ਮੁਹਾਰਾ ਹੋ ਰਿਹਾ ਤੇ ਰਸ ਬੂੰਦਾਂ ਇਸ ਵਿਚੋਂ ਝਰ ਰਹੀਆਂ ਹਨ।” ਨੰਦ ਲਾਲ ਜੀ ਦੇ ਨੈਣ ਮੁੰਦ ਗਏ, ਫਿਰ ਖੁੱਲ੍ਹੇ ਤੇ ਆਵਾਜ਼ ਆਈ 'ਗੁਰ ਗੋਵਿੰਦੁ ਸਲਾਹੀਐ ਭਾਈ ਜਿਸ ਤੇ ਜਾਪੈ ਤਥੁ ॥(੬੩੯) ਇਹ ਵਾਕ ਪੰਜਵੇਂ ਸਤਿਗੁਰ ਨੇ ਕੈਸਾ ਸੁੰਦਰ ਕਿਹਾ ਸੀ, ਜਦੋਂ ਓਹਨਾਂ ਤੋਂ ਪੁੱਛਿਆ ਗਿਆ ਸੀ', ਕਿ ਜੋ ਕਰਣ ਕਾਰਣ ਤੇ ਸਮਰੱਥ ਪ੍ਰਭੂ ਹੈ, ਜਿਸ ਨੇ ਸਭ ਜਗਤ ਉਪਾਇਆ ਹੈ ਤੇ ਆਪਣੀ ਵਥੁ ਦੇ ਕੇ ਜਿਸ ਨੇ ਜੀਵ ਤੇ ਸਰੀਰ ਨੂੰ ਰਚਿਆ ਹੈ, ਉਸ ਕਰਤਾਰ ਨੂੰ ਕਿਕੁਰ ਵੇਖੀਏ ਤੇ ਕਿਕੁਰ ਵਰਣਨ ਕਰੀਏ ? ਕਿਉਂਕਿ ਉਹ ਮਨ ਬਾਣੀ ਦਾ ਵਿਸ਼ਯ ਨਹੀਂ ਹੈ, ਤਾਂਤੇ, ਉਹ ਅਕੱਥ ਹੈ, ਉਸ ਅਕੱਥ ਨੂੰ ਕੀਕੂੰ ਦਾ ਦੇਖੀਏ ਤੇ ਕੀਕੂੰ ਕਹੀਏ? ਤਦ ਆਪ ਨੇ ਉੱਤਰ ਦਿਤਾ ਸੀ ਕਿ ਗੋਬਿੰਦ ਰੂਪ ਗੁਰੂ ਤੋਂ ਤੱਤ ਦੀ ਸੋਝੀ ਪੈਂਦੀ ਹੈ, ਉਸ ਨੂੰ ਸਲਾਹੋ ਜੋ ਅਕੱਥ ਦਾ ਨਿਰਾ ਥਹੁ ਹੀ ਨਹੀਂ ਦੇਂਦਾ, ਸਗੋਂ ਉਸ ਦੀ ਗੋਦੀ ਵਿਚ ਬਿਠਾ ਦੇਂਦਾ ਹੈ।
ਸੁਘੜ ਬਾਈ- ਸੱਚ ਕਿਹਾ ਨੇ। ਉਹ ਤਾਂ ਪਾਰਸ ਹੋਇਆ, ਗੁਰ ਗੋਬਿੰਦ। ਤੁਸਾਂ ਕਿਹਾ ਹੈ 'ਗੋਬਿੰਦ ਰੂਪ ਗੁਰੂ।’
ਭਾਈ ਜੀ- ਹਾਂ ਦੇਵੀ! ‘ਗੁਰੂ ਨਾਨਕ ਦੇਵ ਗੋਵਿੰਦ ਰੂਪ ਤੇ ਇਹ ਦਸਮਾ ਜਾਮਾ ਓਹੋ ਗੁਰੂ ਨਾਨਕ ਹੈ ਤੇ 'ਗੋਬਿੰਦ ਰੂਪ ਹੈ।
ਬਾਈ ਜੀ (ਮੁਸਕਾ ਕੇ)— ਤੇ ਹੁਣ ਤਾਂ ਕੋਈ ਬੀ ਪਰਦਾ ਨਹੀਂ ਸੂ ਰਖਿਆ। ਨਾਮ ਬੀ ਗੋਬਿੰਦ ਹੀ ਧਰਾ ਲਿਆ ਸੂ-ਗੁਰੂ ਗੋਬਿੰਦ ਸਿੰਘ।
ਇਹ ਸੁਣ ਕੇ ਭਾਈ ਜੀ ਮੁਸਕ੍ਰਾਏ ਤੇ ਸਮਝੇ ਕਿ ਇਹ ਬੀਬੀ ਕਵੀ ਬੀ ਜ਼ਰੂਰ ਹੋਸੀ। ਫੇਰ ਬੋਲੇ: "ਬੀਬੀ ਤੈਨੂੰ ਪਤਾ ਹੈ ਕਿ ਗੁਰੂ ਕਿਵੇਂ ਤੱਤ ਸਾਰ ਦੇ ਅਨੁਭਵ ਤੇ ਲੈ ਜਾਂਦਾ ਹੈ ? ਕੰਨਾਂ ਨਾਲ ਸੁਣ ਲੈਣਾਂ, ਅੱਖਾਂ ਨਾਲ ਵਾਚ ਲੈਣਾਂ ਤੇ ਮਨ ਨਾਲ ਸੁਣ ਲੈਣਾਂ ਇਹ ਸੰਪੂਰਨ ਕਿ ਸਫ਼ਲ ਗ੍ਯਾਨ ਨਹੀਂ। ਗਯਾਨ ਨੂੰ ਪ੍ਰਾਪਤ ਹੋਣਾ, ਅਨੁਭਵ ਦਾ ਖੁੱਲ੍ਹਣਾ, ਪ੍ਰਤੀਤੀ
--------------
'ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ॥
(ਸੋ.ਮ.੫, ਅਸ਼ਟਪਦੀਆਂ, ਅੰਕ ੬੩੯)
ਵਿਚ ਆ ਜਾਣਾ ਇਹ ਗ੍ਯਾਨ ਹੈ-ਤੱਤ ਦਾ ਅਨੁਭਵ। ਸੋ ਉਹ ਗੁਰੂ ਜੀ ਤੋਂ ਨਾਮ ਦਾਨ ਨਾਲ ਮਿਲਦਾ ਹੈ, ਨਾਮ ਦੁਖਾਂ ਦਰਦਾਂ ਦਾ-ਕੀ ਮਾਨਸਿਕ ਕੀ ਸਰੀਰਕ-ਸਭ ਦਾ ਦੂਰ ਕਰਨ ਵਾਲਾ ਹੈ। ਆਪਣੇ ਜਨ ਨੂੰ ਗੁਰੂ ਨਾਮ ਦਾਨ ਦੇਂਦਾ ਹੈ, ਇਸੇ ਨਾਲ ਹਰੀ ਭਗਵੰਤ ਨੂੰ ਜਪੀਦਾ ਹੈ, ਐਉਂ ਅੱਪੜੀਦਾ ਹੈ-ਤੱਤ੍ਵ ਦੇ ਘਰ।”
ਬਾਈ- ਮੈਂ ਤਾਂ ਹੁਣ ਸੁਖ ਰੂਪ ਹੋ ਗਈ ਹਾਂ, ਮੈਨੂੰ ਮਿਲ ਪਿਆ ਤੇ ਲੂੰ ਲੂੰ ਵੱਸ ਗਿਆ ਹੈ।
ਭਾਈ ਜੀ- ਵਸਿਆ ਰਹੇ, ਪਰ ਮਨ ਦਾ ਸੁਭਾਵ ਅਨੇਕ ਚਿੰਤਨ ਵਿਚ ਰੁਖ਼ ਰਖਦਾ ਹੈ, ਉਹ ਸਮੇਂ ਨਾਲ ਇਕ ਨੁਕਤੇ ਉਤੇ ਟਿਕ ਗਏ ਆਪੇ ਨੂੰ ਫੇਰ ਅਨੇਕ ਚਿੰਤਨ ਵਿਚ ਲੈ ਜਾਂਦਾ ਹੈ। ਨਾਮ ਦਾ ਨਿਵਾਸ ਮਨ ਦੀ ਇਸ ਰੁਚੀ ਨੂੰ ਵਾਗੀ ਵਾਂਗੂੰ ਮੋੜ ਮੋੜ ਕੇ ਟਿਕਾਣੇ ਲਿਆਉਂਦਾ ਹੈ, ਇਸ ਕਰਕੇ ਅਪ੍ਰਾਪਤ ਦੀ ਪ੍ਰਾਪਤੀ ਵਾਸਤੇ ਤੇ ਪ੍ਰਾਪਤ ਦੀ ਰਖ੍ਯਾ ਵਾਸਤੇ ਨਾਮ ਆਰਾਧੀਦਾ ਹੈ।
ਬਾਈ- ਜੀਓ! ਨਾਮ ਵਾਲਾ? ਉਸਦਾ ਨਾਮ! ਹੱਛਾ,...ਉਹ ਕਿਥੋਂ ਲਈਦਾ ਹੈ ?
ਭਾਈ ਜੀ-- ਸਤਿਸੰਗ ਵਿਚ ਮਨ ਮਾਂਜੀਦਾ ਹੈ ਤੇ ਨਾਮ ਦਾ ਨਿਵਾਸ ਮਾਂਜੇ ਮਨ ਵਿਚ ਬੈਠਦਾ ਹੈ। ਨਾਮ ਦੇ ਅਭਯਾਸ ਨਾਲ ਅਗ੍ਯਾਨ ਦਾ ਅਨ੍ਹੇਰਾ ਦੂਰ ਹੁੰਦਾ ਹੈ ਤੇ ਅੰਦਰਲਾ ਕੰਵਲ ਖਿੜਦਾ ਹੈ, ਅਰਥਾਤ ਮਨ ਜੋ ਉਲਟ ਹੋ ਰਿਹਾ ਹੈ, ਜੋ ਦ੍ਰਿਸ਼ਟਮਾਨ ਨਾਲ ਆਪਣੇ ਆਪ ਨੂੰ ਰਲਾਈ ਬੈਠਾ ਹੈ, ਉਹ ਆਪਣੇ ਆਪੇ ਵਿਚ ਸਿੱਧਾ ਹੋ ਜਾਂਦਾ ਹੈ, ਅਰਥਾਤ ਉਸ ਦਾ ਰੁਖ ਦ੍ਰਿਸ਼ਟਾ ਹੋ ਜਾਂਦਾ ਹੈ। ਸੋ ਮਨ ਕੰਵਲ ਦੇ ਖਿੜ ਪਿਆਂ, ਮੇਰ ਤੇਰ ਦਾ ਜੋ ਦੁਖ ਹੈ-ਆਪ ਨੂੰ, ਤੇ ਦੇਈਦਾ ਹੈ ਹੋਰਨਾਂ ਨੂੰ-ਉਹ ਮਿਟ ਜਾਂਦਾ ਹੈ, ਕਿਉਂਕਿ ਫੇਰ ਨਜ਼ਰ ਖੁੱਲ੍ਹਦੀ ਹੈ ਕਿ ਘਟ ਘਟ ਵਿਚ ਪਾਰਬ੍ਰਹਮ ਵਸ ਰਿਹਾ ਹੈ ਤੇ ਸਾਡਾ ਆਪਾ ਉਸ ਪਰਮ ਆਪੇ ਨਾਲੋਂ ਵਿੱਥ ਵਿਚ ਨਹੀਂ।
ਬਾਈ- ਕੀਹ ਫੇਰ ਪ੍ਰੇਮ ਜੋ ਰੱਬ ਨਾਲ ਲਾਈਦਾ ਹੈ ਓਸ ਦੀ ਲੋੜ ਨਹੀਂ ?
ਭਾਈ ਜੀ- ਪ੍ਰੇਮ ਹੀ ਤਾਂ ਮੇਲਣਹਾਰ ਹੈ। ਸਾਡੇ ਸਤਿਗੁਰ ਨੇ ਫੁਰਮਾਇਆ ਹੈ:- 'ਸਾਚ ਕਹਉ ਸੁਨ ਲੇਹੁ ਸਭੈ ਜਿਨ ਪ੍ਰੇਮੁ ਕੀਓ ਤਿਨ
ਹੀ ਪ੍ਰਭ ਪਾਇਓ ਤੇ ਪ੍ਰੇਮ ਕੀਹ ਵਸਤੂ ਹੈ, ਪੰਚਮ ਗੁਰੂ ਜੀ ਨੇ ਫੁਰਮਾਯਾ ਹੈ: 'ਪ੍ਰੇਮ ਪਦਾਰਥ ਨਾਮ ਹੈ ਭਾਈ', ਅਰਥਾਤ ਇਹ ਨਾਮ ਹੀ ਹੈ ਪ੍ਰੇਮ ਦਾ ਵਿਦਤ ਸਰੂਪ, ਮਾਇਆ ਤੇ ਮੋਹ ਦਾ ਇਹੋ ਨਾਸ਼ ਕਰਤਾ ਹੈ। ਕਮਲ ਪ੍ਰਕਾਸ਼ ਇਹੋ ਨਾਮ ਕਰਦਾ ਹੈ ਤੇ ਫੇਰ ਧਰਤ ਆਕਾਸ਼ ਵਿਚ ਸਾਰੇ ਸਾਂਈਂ ਮੌਲ ਰਿਹਾ ਪ੍ਰਤੀਤ ਹੋ ਆਂਵਦਾ ਹੈ ਪਰ ਇਸ ਅਵਸਥਾ ਵਿਚ ਬੀ ਪੰਜਵੇਂ ਸਤਿਗੁਰ ਦਾ ਵਾਕ ਹੈ:-
"ਰਸਨਾ ਰਾਮੁ ਰਵੈ ਸਦਾ ਭਾਈ ਸਾਚਾ ਸਾਦੁ ਸੁਆਉ॥” (ਸੋ.ਅ.ਮ.ਪ-૧, ਪੰ. ੬੪੦)
ਇਸ ਨਾਲ ਹਜ਼ੂਰੀ ਵਾਸ ਹੋ ਜਾਏਗਾ, ਦੇਖੋ ਫੁਰਮਾਉਂਦੇ ਹਨ:-
"ਸਾਸਿ ਗਿਰਾਸਿ ਨ ਵਿਸਰੈ ਭਾਈ ਪੇਖਉ ਸਦਾ ਹਜੂਰਿ ॥” (ਪੰ. 640)
ਬਾਈ- ਕੁਰਬਾਨ ਹਾਂ, ਆਪ ਦੀ ਕਥਨੀ ਦੇ; ਪਰ ਮੈਂ ਤਾਂ ਦਰਸ਼ਨ ਦੇਖ ਕੇ ਇਕ ਐਸੇ ਝਲਕਾਰੇ ਵਿਚ ਗਈ ਸਾਂ ਕਿ ਮੇਰੇ ਹੱਦ ਬੰਨੇ ਤ੍ਰੁੱਟੇ ਹਨ ਤੇ ਵਿਸ਼ਾਲ ਹੋਈ ਹਾਂ, ਮੈਂ ਤਾਂ ਸਤਿਗੁਰੂ ਨੂੰ ਉਸ ਛਿਨ ਪਰਮ ਵਿਸ਼ਾਲ ਡਿੱਠਾ ਹੈ ਤੇ ਉਸ ਨੂੰ ਬ੍ਰਹਮ ਜਾਤਾ ਹੈ।
ਭਾਈ ਜੀ ਦੇ ਨਾਲ ਇਕ ਹੋਰ ਸਤਿਸੰਗੀ ਪੁਰਖ ਸੀ; ਉਹ ਆਖਣ ਲੱਗਾ: "ਬੀਬੀ ਐਸਾ ਕਹਿਣਾ ਸਤਿਗੁਰ ਨੇ ਵਰਜਿਆ ਹੈ। ਉਹ ਕਹਿੰਦੇ ਹਨ ਮੈਂ ਪ੍ਰਭੂ ਦਾ ਦਾਸ ਹਾਂ; ਜੋ ਮੈਨੂੰ ਪਰਮੇਸ਼ੁਰ ਕਹੇਗਾ ਸੋ ਨਰਕ ਵਿਚ ਜਾਏਗਾ।”
ਬੀਬੀ ਤ੍ਰਹਕੀ, ਫੇਰ ਮੁਸਕ੍ਰਾਈ ਤੇ ਕਹਿਣ ਲੱਗੀ;
ਹੱਛਾ...ਮੈਂ ਕਹਿਂਦੀ ਨਹੀਂ....ਜੋ ਮੈਂ ਅਨੁਭਵ ਕੀਤਾ ਹੈ ਓਹ ਰਹੇ ਮੇਰਾ.... । '
ਸਿਖ-ਇਹ ਬੀ ਠੀਕ ਨਹੀਂ, ਓਹ ਕਹਿਂਦੇ ਹਨ, 'ਮੋਕਉ ਦਾਸ ਤਵਨ ਕਾ ਜਾਨਉ। ਹਾਂ, ਕਹਿਂਦੇ ਹਨ-'ਜਾਨਉ'।
ਬੀਬੀ— ਹੱਛਾ।...ਪਰ ਕੱਲ ਇਕ ਸਿਖ ਪੜ੍ਹ ਰਿਹਾ ਸੀ: 'ਹਰਿ ਹਰਿ- -- ਜਨ ਦੋਊ ਏਕ ਹੈਂ ਬਿੰਬ ਬਿਚਾਰ ਕਿਛੁ ਨਾਹਿ' ਇਹ ਵਾਕ ਬੀ ਉਨ੍ਹਾਂ ਦਾ ਹੀ ਹੈ ਨਾ? ਸੋ ਜੇ ਦਾਸ ਹਨ ਤਾਂ ਬੀ ਉਸ ਨਾਲ ਤਦਰੂਪ ਹਨ।
--------------
ਸਿਖ ਸੁਣਕੇ ਚਕਰਾਇਆ। ਭਾਈ ਜੀ ਹੱਸੇ ਤੇ ਬੀਬੀ ਨੇ ਕਿਹਾ: "ਹਾਂ ਸਤਿਗੁਰ ਚੋਜੀ ਹੈ। ਮੇਰੇ ਬਜ਼ੁਰਗ ਭਾਈ ਜੀਓ! ਜੇ ਬਿਲਾਸ ਨਾਲ ਇਕ ਵਾਕ ਆਖਾਂ ਤਾਂ ਤੁਸੀਂ ਮਾੜਾ ਤਾਂ ਨਾ ਮੰਨਸੋ?”
ਭਾਈ ਜੀ- ਤੁਸੀਂ ਜੋ ਕੁਛ ਕਹਿਣਾ ਹੈ ਪ੍ਯਾਰ ਨਾਲ ਕਹਿਣਾ ਹੈ, ਕਹੋ।
ਬਾਈ- ਮੈਂ ਡਾਢੇ ਲਾਡ ਵਿਚ ਕਹਿੰਦੀ ਹਾਂ ਕਿ ਜੇ ਉਸ ਸਤਿਗੁਰੂ ਨੂੰ, ਜਿਸ ਨੂੰ ਮੈਂ ਲੋਹ ਲੋਹ ਤੜਪ ਤੜਪ ਤੇ ਜਿੰਦੜੀ ਹੂਲ ਹੂਲ ਕੇ ਲੱਭਾ ਹੈ ਤੇ ਗੋਬਿੰਦ ਕਰਕੇ ਅਨੁਭਵ ਕੀਤਾ ਹੈ, ਜੇ ਉਸ ਨੂੰ ਉਹ ਕੁਛ ਕਹਿਕੇ, ਜੁ ਮੇਰੇ ਤੇ ਅਸਰ ਪਿਆ ਹੈ, ਮੈਂ ਨਰਕ ਨੂੰ ਜਾਵਾਂ ਤਾਂ ਕੀਹ ਕੁਛ ਮਹਿੰਗਾ ਸੌਦਾ ਹੈ ? ਮੈਂ ਦਰਸ਼ਨ ਦਾਤ ਤੋਂ ਪਹਿਲਾਂ ਨਰਕ ਵਿਚ ਹੀ ਸਾਂ, ਦਰਸ਼ਨ ਕਰਕੇ ਨਰਕ ਨਿਵਰ ਗਿਆ, ਮੈਨੂੰ ਪਰਮੇਸ਼ਰ ਦਿੱਸ ਪਿਆ। ਹੁਣ ਜੇ ਨਿਸਚੇ ਕੀਤੀ ਗੱਲ ਨੂੰ ਕਹਿਣ ਤੇ ਮੈਨੂੰ ਦੰਡ ਮਿਲੇ ਤੇ ਉਹ ਨਰਕ ਹੋਵੇ ਤਾਂ ਮੈਨੂੰ ਕਿਉਂ ਮਾੜਾ ਹੈ? ਨਾਰਕੀ ਨਰਕ ਨੂੰ ਚਲਾ ਗਿਆ ਤਾਂ ਚਲਾ ਗਿਆ ਸਹੀ, ਪਹਿਲਾਂ ਅਗ੍ਯਾਨ-ਵਸ਼ ਹੋ ਕੇ ਨਰਕ ਵਿਚ ਸੀ, ਹੁਣ ਗਿਆਨ ਦੇ ਕੁੱਛੜ ਚੜ੍ਰਕੇ ਨਰਕ ਨੂੰ ਗਿਆ। ਉਹ ਨਰਕ ਹੁਣ ਮੁਬਾਰਕ ਨਾ ਹੋਊ ਜਿਥੇ ਗਿਆਨ ਸੰਯੁਕਤ ਹੋ ਕੇ ਗਏ।
ਇਹ ਬਚਨ ਸੁਣਕੇ ਸਿਖ ਤਾਂ ਚਕਰਾ ਹੀ ਗਿਆ, ਭਾਈ ਜੀ ਬੀ ਉਸ ਦੇ ਸਿਦਕ ਨੂੰ ਵੇਖ ਕੇ ਕੰਬ ਗਏ। ਬੀਬੀ ਬਚਨ ਬਿਲਾਸ ਨਾਲ ਕਹਿ ਰਹੀ ਸੀ, ਪਰ ਸਿਦਕ ਉਹਨਾਂ ਬਚਨਾਂ ਵਿਚ ਕੁੱਟ ਕੁੱਟ ਕੇ ਭਰਿਆ ਪਿਆ ਸੀ। ਭਾਈ ਜੀ ਅਜੇ ਸੋਚ ਹੀ ਰਹੇ ਸੇ ਕਿ ਇਸ ਚਤੁਰ ਪਰ ਸਿਦਕਾਂ ਵਾਲੀ ਦੇ ਵਾਕਾਂ ਦਾ ਅੰਤ੍ਰੀਵ ਭਾਵ ਕੀ ਹੈ ਕਿ ਉਹ ਤਾੜੀ ਮਾਰਕੇ ਬੋਲੀ: “ਹਾਂ ਜੀ ਜਦੋਂ ਖੜਗ ਸੂਤਕੇ ਸਿਰ ਮੰਗਦੇ ਸਨ ਕਈ ਨਿੱਤਰ ਹੀ ਪਏ ਸਨ ਨਾ ਸੀਸ ਦੇਣ ਨੂੰ, ਪਰ ਉਹ ਤਲਵਾਰ ਦੇ ਘਾਟ ਨਾ ਉਤਾਰੇ ਗਏ। ਓਹ ਅੰਮ੍ਰਿਤ ਦੇ ਕੇ ਅਮਰ ਕੀਤੇ ਗਏ। ਤਿਵੇਂ ਇਹ ਬੀ ਖ਼ੜਗ ਹੈ, ਜੋ ਇਸ ਅੱਗੇ ਸੀਸ ਭੇਟ ਕਰਨਗੇ ਓਹ ਨਰਕ ਨੂੰ ਜਾਂਦੇ ਦਿੱਸਦੇ ਹੋਏ ਤੱਤ ਸਾਰ ਦੇ ਦੇਸ਼ ਜਾਣਗੇ। ਮੇਰੀ ਗੱਲ ਦਾ ਗੁੱਸਾ ਨਾ ਕਰਨਾ, ਮੈਂ ਬੇਅਦਬ ਨਹੀਂ।....ਪਾਣੀ ਦੀ ਸਾਰ ਉਸ ਨੂੰ ਹੈ, ਜਿਸ ਨੇ ਰੇਤਥਲੇ, ਮਹਾਨ ਮਾਰੂ ਥਲੇ ਵਿਚ ਚਾਰ ਦਿਨ ਤੜਪ ਤੜਪ ਕੇ ਮੌਤ ਦੇ ਮੂੰਹ ਅੱਪੜਕੇ ਖਜੂਰਾਂ
ਦੀ ਝੰਗੀ ਤੇ ਪਾਣੀ ਦਾ ਚਸ਼ਮਾ ਪਾਇਆ ਹੋਵੇ। ਮਲਾਹਾਂ ਨੂੰ ਪਾਣੀ ਦੀ ਉਹ ਕਦਰ ਨਹੀਂ?” ਇਹ ਕਹਿ ਕੇ ਛਮਾਛਮ ਰੋ ਪਈ। ਫੇਰ ਬੋਲੀ ਉਸੇ ਸੁਰ ਵਿਚ; "ਹਾਂ ਕੌਣ ਹੈ ? ਜਿਸ ਨੇ ਇਸ ਜੋਧੇ ਤਲਵਾਰੀਏ, ਫੌਜਾਂ ਵਾਲੇ, ਕਵੀ, ਫ਼ਕੀਰ, ਵਲੀ, ਪਿਕਾਮਰ, ਅਵਤਾਰ ਦਾ ਭੇਦ ਪਾਇਆ ਹੈ?... ਇਨਸਾਨ? ਹੱਛਾ ਇਨਸਾਨ ਹੀ ਸਹੀ। 'ਤਵਨ' ਦਾ ਦਾਸ ਤਾਂ ਹੈ। ਭਲਾ ਕੱਢੋ ਖਾਂ ਇਹਦੇ ਨਾਲ ਦਾ ਇਕ ਹੋਰ 'ਤਵਨ' ਦਾ ਦਾਸ। ਜਗਤ ਦੇਖਦਾ ਹੋਯਾ ਫੇਰ ਨਹੀਂ ਦੇਖਦਾ। ਦਾਸ ਕਹਿਕੇ ਬੀ ਅਸੀਂ ਪਰਖ ਨਹੀਂ ਸਕੇ, ਕੀਮਤ ਕੂਤ ਨਹੀਂ ਪਾ ਸਕੇ। ਪਾਓ ਖਾਂ ਭਾਈ ਜੀ, ਤੁਸੀਂ ਹੀ ਮੁੱਲ ਪਾਓ, ਪਾਓ, ਤੁਸੀਂ ਆਪੇ ਕਹੋਗੇ ਮੁੱਲ ਨਹੀਂ ਪੈ ਸਕਦਾ, ਇਹ ਅਮੋਲਕ ਹੈ, ਨਿਰਮੋਲਕ ਹੈ, ਕੀਮਤ ਕੂਤ ਤੋਂ ਪਰੇ ਹੈ ਤੇ ਮੈਂ ਭਿਖਾਰਨ ਨੇ ਜੇ ਕਹਿ ਦਿੱਤਾ ਕਿ ਇਹ 'ਰਤਨ ਅਮੋਲਕ ਹੈ, ਮੁੱਲ ਦੀ ਵਲੈਤੋਂ ਪਾਰ ਦਾ ਹੈ', ਤਾਂ ਮੈਂ ਸੱਚ ਹੀ ਕਿਹਾ ਹੈ। (ਅਸਮਾਨਾਂ ਵੱਲ ਤੱਕ ਕੇ) ਜੇ ਮੈਂ ਅਮੁੱਲ ਨੂੰ ਅਮੁੱਲ ਕਹਿਕੇ, ਹੇ ਨਰਕ ! ਤੈਨੂੰ ਵਾਜ ਮਾਰੀ ਹੈ, ਤਾਂ ਆ ਵੀਰਾ ਆ, ਸੌ ਵੇਰੀਂ ਆ। ਅਗੇ ਮੈਂ ਇਕੱਲੀ ਸਾਂ, ਤੇਰੇ ਡੰਗ ਮੈਨੂੰ ਵੱਢਦੇ ਸਨ, ਹੁਣ ਮੈਂ ਇਕੱਲੀ ਨਹੀਂ, ਓਹ ਮੇਰੇ ਨਾਲ ਹੋਵੇਗਾ। ਹਾਂ ਮੈਂ ਉਸਨੂੰ ਘੁਟਕੇ ਹਿਰਦੇ ਪਰੋ ਕੇ ਨਾਲ ਰੱਖਾਂਗੀ, ਓਹ ਮੇਰੇ ਨਾਲ ਹੈ। ਹਾਂ, ਜ਼ਰੂਰ। ਫੇਰ ਮੈਂ ਦੇਖਾਂਗੀ ਤੇਰੇ ਡੰਗ ਮੈਨੂੰ ਕੀਕੂੰ ਵਿਸ ਚਾੜ੍ਹਦੇ ਹਨ। ਨਰਕਾ! ਮੈਂ ਹੁਣ ਇਕੱਲੜੀ ਨਹੀਂ ਹਾਂ। ਇਕੱਲ ਨਰਕ ਹੈ, ਨਰਕ ਇਕੱਲਿਆਂ ਨੂੰ ਖਾਂਦਾ ਹੈ। ਮੈਂ ਦੇਖਾਂਗੀ ਵੀਰਾ! ਕਿ ਜਿਸ ਵੇਲੇ ਮੈਂ ਸੀਨੇ ਵਿਚ 'ਅਮੁੱਲ੍ਯ' ਨੂੰ ਲੈ ਕੇ ਤੇਰੇ ਵਿਚ ਆਉਂਦੀ ਹਾਂ ਉਸ ਵੇਲੇ ਤੂੰ ਸੁਰਗ ਬਣਦਾ ਹੈਂ ਕਿ ਮੈਂ ਨਾਰਕੀ ਬਣਦੀ ਹਾਂ! ਨਰਕਾ! ਤੇਰੇ ਬੀ ਭਾਗ ਜਾਗ ਪੈਣ ਜੇ ਮੇਰੇ ਗੁਨਾਹਾਂ ਬਦਲੇ ਮੇਰਾ 'ਅਮੁਲ੍ਯ ਲਾਲ ਤੇਰੇ ਦਰ ਫੇਰਾ ਪਾਵੇ ਤੇ ਉਸ ਦੇ ਸਦਕੇ ਤੇਰੇ ਸਦਾ ਤੋਂ ਸੜਦੇ ਭਾਂਬੜ ਸੀਤਲ ਹੋ ਜਾਣ। ਆ ਆ ਕਿ ਮੇਰੇ ਨਾਲ ਤੇਰਾ ਪਾਰ ਉਤਾਰਾ ਹੋ ਜਾਵੇ। ਹਾਂ ਡਰਾਵਣਿਆਂ! ਮੈਂ ਨਹੀਂ ਊਂ ਹੁਣ ਇਕੱਲੀ, ਡਰ ਮੇਰੇ ਤੋਂ।
ਮੈਂ ਹੁਣ ਨਹੀਂ ਇਕੱਲੀ ਮਾਂ,
ਮੈਂ ਵਿਚ ਵਸ ਪਿਆ 'ਮੈਂ ਦਾ ਮਾਲਕ,
ਮੈਂ ਹੁਣ ਨਹੀਂ ਇਕੱਲੀ ਮਾਂ!
'ਤੂੰ' ਆ ਵੱਸੀ ਮੇਰੀ 'ਮੈਂ ਵਿਚ
'ਮੈਂ 'ਤੂੰ' ਓਸੇ ਮੱਲੀ, ਮਾਂ!
ਇਹ ਕੀ ਪਈ ਠਗਉਰੀ ਕੋਈ?
ਕੇ ਮੈਂ ਹੋਈ ਝੱਲੀ ? ਮਾਂ!
ਝਿੜਕ ਨ ਮੈਨੂੰ, ਛਾਤੀ ਲਾ ਲੈ,
ਭਾਵੇਂ ਅੱਲ ਵਿਲੱਲੀ, ਮਾਂ!
ਇਹ ਬਿਰਹਾ ਤੇ ਆਪੇ ਤੋਂ ਬੇਬਸੀ ਦੇ ਵਾਕ ਸੁਣ ਸੁਣ ਕੇ ਨੰਦ ਲਾਲ ਜੀ ਦੇ ਕੋਮਲ ਹਿਰਦੇ ਨੇ ਉਹਨਾਂ ਦੇ ਨੈਣਾਂ ਵਿਚ ਨੀਰ ਭਰ ਦਿੱਤਾ। ਬਾਕੀ ਦੇ ਬੀ ਨੈਣ ਨੀਰ ਭਰ ਲਿਆਏ ਤੇ ਲੂੰ ਕੰਡੇ ਹੋ ਗਏ। ਧੰਨ 'ਅਮੁਲ੍ਯ ਲਾਲ’, ਪਰ ਧੰਨ ਹੋ ਗਿਆ ਉਹ ਬੀ ਜਿਨ੍ਹ ਪਛਾਣ ਲਿਆ।
ਭਾਈ ਜੀ ਡੂੰਘੀ ਵਿਚਾਰ ਵਿਚ ਗਏ ਤੇ ਫੇਰ ਇਕ ਲੰਮਾ ਸਾਹ ਲੈ ਕੇ ਬੋਲੇ:-
"ਅਨਿਕ ਭੇਖ ਅਰੁ ਙਿਆਨ ਧਿਆਨ
ਮਨਿਹਠਿ ਮਿਲਿਅਉ ਨ ਕੋਇ॥
ਕਹੁ ਨਾਨਕ ਕਿਰਪਾ ਭਈ
ਭਗਤ ਙਿਆਨੀ ਸੋਇ॥੧॥ (ਗਉ.ਬਾ.ਅ. ਅੰਕ ੨੫੧)
"ਬੀਬੀ! ਤੂੰ ਭਗਤ ਗਿਆਨੀ ਹੈਂ। ਸਤਿਗੁਰ ਦੇ ਵਾਕ ਸਦਾ ਸੱਤਿ ਹਨ, ਤੈਨੂੰ ਗਿਆਨ ਧਿਆਨ ਅਨੇਕਾਂ ਪ੍ਰਾਪਤ ਹੋਏ, ਭੇਖ ਬੀ ਤੂੰ ਗਜ਼ਬ ਦਾ ਧਰਿਆ ਪਰ ਸਾਂਈਂ ਨਾ ਮਿਲਿਆ। ਜਦ ਦਾਤੇ ਦੀ ਕਿਰਪਾ ਤੇਰੇ ਤੇ ਹੋਈ ਤੂੰ ਸਚਮੁਚ ਦੀ ‘ਭਗਤ ਗਿਆਨੀ' ਹੋ ਗਈ। ਭਗਤੀ ਅਰ ਗਿਆਨ ਦਾ ਤੇਰੇ ਵਿਚ ਕਮਾਲ ਹੈ। ਧੰਨ ਹੈ ਦਾਤਾ ਜੋ ਤੇਰੇ ਜੈਸੇ ਬੰਦੇ ਪੈਦਾ ਕਰਦਾ ਹੈ।” ਬੀਬੀ ਨੇ ਇਹ ਗੱਲ ਗਹੁ ਨਾਲ ਨਹੀਂ ਸੁਣੀ, ਉਹ ਆਪਣੇ ਮਨ ਦੇ ਤਰੰਗ ਵਿਚ ਦ੍ਰਵ ਚੁਕੀ ਸੀ। ਨੈਣਾਂ ਅਗੇ ਕਲਗੀਆਂ ਵਾਲੇ ਦੀ ਮਨਮੋਹਨ ਮੂਰਤੀ ਸੀ, ਉਸ ਵਿਚ ਆਪਾ ਸਮਾ ਰਹੀ ਸੀ, ਐਉਂ ਨਹੀਂ ਕਿ ਕਿਸੇ ਧਿਆਨੀ ਵਾਂਙੂ ਇਕ 'ਦੇਸ਼ ਬਧ ਧਿਆਨ ਵਿਚ ਆਪਾ ਭੁੱਲ ਰਹੀ ਸੀ, ਪਰ ਦਾਤੇ ਨੂੰ ਦੇਸ਼ ਰਹਿਤ ਵਿਆਪਕ ਪ੍ਰਤੀਤ ਕਰ ਰਹੀ ਤੇ ਆਪਣੇ ਹਦ
ਬੰਨੇ ਟੁੱਟ ਟੁੱਟ ਕੇ ਉਸ ਵਿਚ ਸਮਾ ਰਹੀ ਤੱਕ ਰਹੀ ਸੀ। ਨੰਦ ਲਾਲ ਜੀ ਉਸ ਦੀ ਮਗਨਤਾ ਦਾ ਅਨੁਭਵ ਕਰਕੇ ਮਲਕੜੇ ਉੱਠਕੇ ਚਲੇ ਗਏ ਤੇ ਚੰਦ੍ਰ ਸਖੀ ਨੂੰ ਕਹਿ ਗਏ ਕਿ ਜਦੋਂ ਉਠਣਗੇ ਮੇਰੀ ਬੰਦਨਾਂ ਕਹਿ ਦੇਣੀ ਤੇ ਆਖਣਾ ਕਿ ਸਾਹਿਬਾਂ ਦੀ ਹਜ਼ੂਰੀ ਵਿਚ ਇਸ ਵੇਲੇ ਪੁੱਜਣਾ ਹੈ, ਇਹ ਕਰਕੇ ਜਾ ਰਿਹਾ ਹਾਂ।
19. (ਏਕਾਂਤ)
ਹਰਿ ਸਿਮਰਨੁ ਬਹੁ ਮਾਹਿ ਇਕੇਲਾ' ਦੀ ਸਦਾ ਏਕਾਂਤ ਵਾਲੇ, 'ਸੋ ਇਕਾਂਤੀ ਜਿਸੁ ਰਿਦਾ ਥਾਇ' ਦੀ ਦ੍ਰਿੜਤਾ ਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ, ਜੀ ਅਜ ਬਾਹਰਲੀ ਏਕਾਂਤ ਵਿਚ ਬੈਠੇ ਹਨ। ਸੂਰਜ ਅੰਦਰ ਬਾਹਰ ਹੋਣ ਲੱਗਾ ਹੈ। ਪੱਛੋਂ ਦੇ ਗਗਨਾਂ ਉਤੇ ਸੁਨਹਿਰੀ ਬੱਦਲਾਂ ਦੇ ਸ਼ਾਮਿਯਾਨੇ ਥਾਂ ਥਾਂ ਤਣ ਰਹੇ ਹਨ। ਇਨ੍ਹਾਂ ਦੀ ਸੁਨਹਿਰੀ ਝਾਲ ਨੈਣਾਂ ਨੂੰ ਸੁਨਹਿਰੀ ਚਮਕਾਰ ਦੇ ਰਹੀ ਹੈ, ਰੱਬ ਪਿਆਰਿਆਂ ਨੂੰ ਜਲਾਲ ਦੇ ਚੇਤੇ ਆ ਰਹੇ ਤੇ ਸੁਰਤਾਂ ਖਿੜ ਰਹੀਆਂ ਹਨ, ਉਪਕਾਰੀਆਂ ਦੇ ਦਿਲ ਵਧ ਰਹੇ ਹਨ। ਸਖੀਆਂ ਨੂੰ ਸੂਰਜ ਦੀ ਇਹ ਸਖਾਵਤ ਦੇਖਕੇ ਚਾਉ ਉਪਜ ਰਿਹਾ ਹੈ, ਸੂਮ ਤ੍ਰਬ੍ਹਕ ਰਹੇ ਹਨ ਕਿ ਹੈਂ ਐਤਨਾ ਸੋਨਾ ਦਾਨ ਕਰਕੇ ਸੂਰਜ ਕਿਤੇ ਦੀਵਾਲੀਆ ਨਾ ਹੋ ਜਾਵੇ। ਸਾਹਿਬਾਂ ਦੇ ਨੈਣ ਬੰਦ ਹਨ, ਨੈਣ ਪਰਦਿਆਂ ਉਤੇ ਸੁਨਹਿਰੀ ਝਾਲ ਪੈ ਰਹੀ ਹੈ। ਨੈਣਾਂ ਦੇ ਅੰਦਰ ਤੇ ਨੈਣਾਂ ਦੇ ਪਿੱਛੇ ਦਿਲ ਵਿਚ ਸਦਾ ਜਾਗਦੀ ਜੋਤਿ ਦਾ ਨੂਰ ਭਰਪੂਰ ਹੈ। ਬੈਠੇ ਹਨ ਰੰਗ ਰੱਤੇ ਤੇ ਰਸ ਮੱਤੇ। ਪਾਸ ਵਾਰ ਨਦੀ ਵਹਿ ਰਹੀ ਹੈ। ਡਾਢਾ ਟੇਢੀਆਂ ਪੈ ਰਹੀਆਂ ਕਿਰਨਾਂ ਦਾ ਹੋ ਰਿਹਾ ਹੈ ਨਾਚ ਜਲ ਤ੍ਰੰਗਾਂ ਦੇ ਉਤੇ; ਝਿਲਮਿਲ ਹੋ ਰਹੀ ਹੈ ਚੁਪ ਚਾਪ ਵਹਿ ਰਹੇ ਪਾਣੀਆਂ ਦੇ ਸੀਨਿਆਂ ਉਤੇ। ਨਿੱਕੀ ਨਿੱਕੀ ਤੇ ਮਿੱਠੀ ਮਿੱਠੀ ਰਿਵੀ ਆ ਰਹੀ ਹੈ ਨਦੀ ਵਲੋਂ, ਨਹੀਂ ਨਦੀ ਦੇ ਪਾਰੋਂ, ਉੱਤਰ ਪੱਛੋਂ ਵਲੋਂ, ਠੰਢੇ ਠੰਢੇ ਪਹਾੜਾਂ ਵਿਚੋਂ। ਕੁਛ ਖਾਲਸੇ ਦੂਰ ਖੜੇ ਹਨ ਸ਼ਸਤ੍ਰਧਾਰੀ, ਪਹਿਰਾ ਦੇ ਰਹੇ ਹਨ। ਇਸ ਵੇਲੇ ਆ ਗਏ ਭਾਈ ਨੰਦ ਲਾਲ ਜੀ, ਨਾਲ ਦੋ ਚਾਰ ਪ੍ਰੇਮੀ ਹੋਰ ਬੀ ਸਨ। ਸਾਹਿਬਾਂ ਨੂੰ 'ਅਪਣੇ ਰੰਗ ਰਵੇ ਇਕੇਲਾ' ਵੇਖ ਕੇ ਅਟਕ ਗਏ ਦੂਰ ਹੀ। ਇਨ੍ਹਾਂ ਦੀ ਨਜ਼ਰ ਬੀ ਪੈ ਗਈ ਪੱਛਮੀ ਸੁਨਹਿਰੀ ਦਰਸ਼ਨਾਂ ਤੇ ਜੋ ਨੀਲੇ ਆਸਮਾਨਾਂ ਨੂੰ ਰੰਗ ਲਾ ਰਹੀ ਸੀ। ਕਵਿ-
ਮਨ ਹੁਲਾਰੇ ਵਿਚ ਆਯਾ ਤੇ ਸਾਹਿਬਾਂ ਦੇ ਰੂਹਾਨੀ ਜਲਾਲ ਦੇ ਧਿਆਨ ਵਿਚ ਉੱਛਲ ਪਿਆ। ਕੁਛ ਚਿਰ ਮਗਰੋਂ ਧਰਤੀ ਅਰ ਆਸਮਾਨ ਦੀਆਂ ਦੋ ਝਿੰਮਣੀਆਂ ਦੇ ਵਿਚ ਉਤਰਦਾ ਉਤਰਦਾ ਸੂਰਜ ਗੁੰਮ ਹੋ ਗਿਆ, ਪਰ ਖੁੱਲ੍ਹ ਆਈਆਂ ਪਾਵਨ ਝਿੰਮਣੀਆਂ, ਸਤਿਗੁਰ ਦੇ ਨੈਣ ਸੂਰਜਾਂ ਦੀਆਂ, ਤੇ ਨਿਉਂ ਗਏ ਨੈਣ ਕਮਲ ਕਵੀ ਰਾਜ ਤੇ ਉਹਨਾਂ ਦੇ ਸੰਗੀਆਂ ਦੇ, ਤੇ ਆਵਾਜ਼ ਆਈ 'ਨਮੋ ਸੂਰਜ ਸੂਰਜੇ'। ਸਾਹਿਬਾਂ ਤੱਕਿਆ, ਤੇ ਆਖਿਆ, 'ਆਓ।' ਇਹ ਸੁਣ ਕੇ ਸਾਰੇ ਆ ਬੈਠੇ, ਤਾਂ ਪਹਿਲਾਂ ਕੁਛ ਕਾਵ੍ਯ ਤੇ ਬਾਤ ਚੀਤ ਛਿੜੀ ਤੇ ਫੇਰ ਸੁਘੜਬਾਈ ਦਾ ਜ਼ਿਕਰ ਆ ਗਿਆ। ਭਾਈ ਜੀ ਨੇ ਦੱਸਿਆ ਕਿ ਉਹ ਚੰਗੇ ਰਸੀਏ ਮਨ ਵਾਲੀ ਤੇ ਪ੍ਰਬੀਨ ਮਤਿ ਵਾਲੀ ਜਾਪਦੀ ਹੈ। ਸਾਹਿਬ ਜੀਉ! ਮੈਂ ਗਿਆ ਸਾਂ ਮਿਲਣ ਤੇ ਗਲਾਂ ਬਾਤਾਂ ਬੀ ਹੋਈਆਂ ਸਨ। ਫਿਰ ਭਾਈ ਜੀ ਨੇ ਸੱਭੇ ਗੱਲਾਂ ਬਾਤਾਂ ਸੁਣਾ ਦਿੱਤੀਆਂ ਤਾਂ ਆਪ ਹੱਸੇ ਤੇ ਬੋਲੇ: "ਭਾਵ ਘੁੰਮਣ ਘੇਰੀਆਂ ਜੀਵਨ ਰੌ ਦੀਆਂ! ਗਿਆਨ, ਭਗਤੀ- ਪ੍ਰੇਮ- ਕਾਵ੍ਯ, ਆਚਰਣ, ਸਾਰਿਆਂ ਦਾ ਸੰਗਮ ਅੰਦਰ, ਅਰ ਅਮਲ ਵਿਚ ਸੰਗਮ ਦੀ ਦੀਪਤੀ।”
ਨੰਦ ਲਾਲ-ਸਾਹਿਬ ਜੀਓ! ਕਿਤਨੀ ਬਹਾਦਰੀ ਹੈ, ਜਵਾਨੀ ਤੇ ਸੁੰਦਰਤਾ ਦੀ ਉਮਰ, ਧਨ ਪਦਾਰਥ ਦੇ ਉਛਾਲ ਵਿਚ, ਅਨੇਕਾਂ ਜਸ ਕਰਨ ਵਾਲਿਆਂ ਤੇ ਰੂਪ ਧਨ ਦੇ ਯਾਚਕਾਂ ਵਿਚ ਅਡੋਲ ਤੇ ਸੱਚਿਆਂ ਰਹਿਕੇ ਉਮਰਾ ਬਿਤਾਉਣੀ ਤੇ ਵਿਦ੍ਯਾ ਪਾ ਜਾਣੀ, ਧਾਰਮਕ ਪਰਤਾਵੇ ਕਰ ਲੈਣੇ! ਕਮਾਲ ਹੈ।
ਸਾਹਿਬ- ਸਾਂਈਂ ਦਾ ਸਿਰ ਹੱਥ।
ਇੰਨੇ ਨੂੰ ਸੁਘੜ ਬਾਈ 'ਚੋਖੇ' ਤੇ 'ਚੰਦ੍ਰ ਸਖੀ' ਸਣੇ ਆ ਗਈ ਤੇ ਚਰਨਾ ਤੇ ਸਿਰ ਧਰਿਆ। ਸਾਹਿਬਾਂ ਨੇ ਸਿਰ ਤੇ ਹੱਥ ਰੱਖਕੇ ਦਸਮ ਦੁਆਰ ਵਾਲੇ ਟਿਕਾਣੇ ਨੂੰ ਅੰਗੂਠੇ ਨਾਲ ਸਹਲਾਇਆ ਤਾਂ ਬਾਈ ਇਕ ਸੁਖ ਨੀਂਦ ਵਰਗੇ ਸੁਆਦ ਵਿਚ ਆ ਕੇ ਗੁੰਮ ਜੇਹੀ ਹੋ ਕੇ ਖਿੜ ਗਈ ਤਾਂ ਸਾਹਿਬਾਂ ਉਸੇ ਹੱਥ ਨਾਲ ਸੀਸ ਉਠਾ ਦਿੱਤਾ, ਉਹ ਅਦਬ ਨਾਲ ਬੈਠ ਗਈ ਤੇ ਰਸਨਾਂ ਤੋਂ ਨਿਕਲਿਆ:-
ਤੂੰਈ ਤੂੰਈ, ਧੰਨ ਤੂੰ, ਧੰਨ ਤੂੰ।
ਸਤਿਗੁਰ ਨੇ ਇਸ ਵੇਲੇ ਇਕ ਨਿੱਕੀ ਧੁਨਿ ਵਿਚ ਸ਼ਬਦ ਪੜ੍ਹਿਆ:-
"ਕਾਹੇ ਰੇ ਬਨ ਖੋਜਨ ਜਾਈ॥
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥੧॥ਰਹਾਉ॥
ਪੁਹਪ ਮਧਿ ਜਿਉ ਬਾਸ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ॥
ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ॥੧॥
ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ॥
ਜਨ ਨਾਨਕ ਬਿਨੁ ਆਪਾ ਚੀਨੇ ਮਿਟੈ ਨ ਭ੍ਰਮ ਕੀ ਕਾਈ॥੨॥" (ਧਨਾਸਰੀ ਮਹਲਾ ੯, ਅੰਕ ੬੮੪)
ਇਹ ਸ਼ਬਦ ਪੜ੍ਹਕੇ ਆਪ ਚੁੱਪ ਹੋ ਗਏ ਤੇ ਨੈਣ ਮੀਟ ਲਏ। ਬਾਈ ਸਾਹਿਬਾਂ ਦੇ ਮੂੰਹ ਤੋਂ ਨਿਕਲਦੇ ਇਕ ਇਕ ਅੱਖਰ ਨੂੰ ਸ੍ਵਾਂਤੀ ਬੂੰਦ ਵਾਂਙ ਪੀ ਰਹੀ ਸੀ, ਉਸ ਦੇ ਅੰਦਰ ਘਟ ਰਿਹਾ ਸੀ ਭਾਵ ਸਪਸ਼ਟ ਹੋ ਕੇ ਤੇ ਅਨਭਉ ਵਿਚ ਸੱਟ ਰਿਹਾ ਸੀ ਉਸ ਦਾ ਅਸਰ। ਮਗਨ ਹੋ ਗਈ ਬਾਈ। ਜਦ ਸਤਿਗੁਰ ਨੇ ਨੈਣ ਖੁਹਲੇ ਤਾਂ ਹੁਣ ਇਕ ਜਲਾਲੀ ਰੰਗ ਤੇ ਭਰਵੀਂ ਸਦ ਵਿਚ ਬੋਲੇ:
"ਸੁਘੜੋ ਤੂੰ ਗ੍ਯਾਨ ਪਾ ਲਿਆ, ਤੂੰ ਭਗਤੀ ਪਾ ਲਈ। ਤੈਨੂੰ ਅਨੁਭਵ ਹੋ ਗਿਆ ਓਸ ਦਾ ਕਿ ਜਿਸ ਦਾ ਸਾਰੇ ਨਿਵਾਸ ਹੈ। ਸਾਰੇ ਪਸਾਰੇ ਦੇ ਵਿਚ ਵੱਸ ਕੇ ਜੋ ਫੇਰ ਅਲੇਪ ਹੈ ਸੋ ਤੇਰੇ ਅੰਦਰ ਬੀ ਸਮਾ ਰਿਹਾ ਹੈ।
ਬਰਨ ਚਿਹਨ ਜਿਹ ਜਾਤਿ ਨ ਪਾਤਾ॥
ਸਤ੍ਰ ਮਿਤ੍ਰ ਜਿਹ ਤਾਤ ਨ ਮਾਤਾ॥
ਸਭ ਤੇ ਦੂਰਿ ਸਭਨ ਤੇ ਨੇਰਾ॥
ਜਲ ਥਲਿ ਮਹੀਅਲਿ ਜਾਹਿ ਬਸੇਰਾ॥੪॥ (ਪਾ.৭০)
ਇਸ ਨੂੰ ਤੂੰ ਅਨੁਭਵ ਕਰ ਲਿਆ ਹੈ। ਇਸ ਘਟ ਘਟ ਦੇ ਵਾਸੀ ਨਾਲ ਅੰਤਰ ਆਤਮੇ ਸਦਾ ਮਿਲੇ ਰਹਿਣਾ। ਸੁਰਤ ਉਸ ਵਿਚ ਲਾਈ ਰੱਖਣੀ ਹੈ। ਅੰਤਰ ਆਤਮੇ ਉਸ ਨਾਲ ਵਿੱਥ ਨਹੀਂ ਪੈਣ ਦੇਣੀ। ਇਹ ਭਗਤੀ ਹੈ, ਇਹ ਪ੍ਰੇਮ ਹੈ, ਮਿਲੇ ਰਹਿਣਾ ਸਦਾ ਮਿਲੇ ਰਹਿਣਾ। ਪ੍ਰੇਮ ਦਾ ਸਾਧਨ ਸਰੂਪੀ ਰੂਪ 'ਨਾਮ' ਹੈ। ਨਾਮ ਪ੍ਰੇਮ ਹੈ। “ਬਿਨ ਹਰਿ ਨਾਮ ਨ ਬਾਚਨ ਪੈਹੈ।” ਜਦੋਂ ਇਹ ਖੇਲ ਅੰਦਰ ਵਾਪਰਗਈ ਤਾਂ ਗਯਾਨ ਤੇ
ਭਗਤੀ ਦੁਇ ਆ ਗਏ। ਯਾਨ ਦੀ ਸਫ਼ਲਤਾ ਇਹ ਹੈ ਕਿ ਚਿਤ, ਮਨ, ਬ੍ਰਿਤੀ ਸੁਰਤ ਵਿਚ ਉਸ ਵ੍ਯਾਪਕ ਦਾ ਨਿਵਾਸ ਰਹੇ। ਇਹ ਗਲ 'ਨਾਮ' ਨਾਲ ਸੁਤੇ ਹੀ ਪ੍ਰਾਪਤ ਰਹਿੰਦੀ ਹੈ। ਇਥੇ ਕੁ ਪਹੁੰਚ ਕੇ ਹੁਣ ਦੋ ਰਸਤੇ ਹਨ; ਇਕ ਤਾਂ ਇਹ ਹੈ ਕਿ ਕੋਈ ਏਕਾਂਤ ਢੂੰਡ ਕੇ ਮਨ ਜੋੜੀ ਰਖ ਕੇ ਸਰੀਰ ਨੂੰ ਟਿਕਾਈ ਰੱਖ ਕੇ ਦਿਨ ਬਿਤਾ ਲਓ। ਪਰ ਮਨ ਓਥੇ ਬੀ ਤ੍ਰੱਪੇਗਾ, ਇਸਨੂੰ ਰੋਕਣਾ ਪਏਗਾ। ਤੁਸੀਂ ਜ਼ੋਰ ਲਾਓਗੇ ਇਸਨੂੰ ਟਿਕਾਉਣ ਦਾ; ਚਾਹੋ ਕਿਤਨਾ ਬੀ ਥੋੜਾ। ਖਾਣਾ ਪੀਣਾ ਬੀ, ਚਾਹੋ ਕਿੰਨਾ ਘਟਾਓ, ਰਹੇਗਾ। ਸੋ ਕ੍ਰਿਯਾ ਕਰਨੀ ਬਣੀ ਹੀ ਰਹੂ, ਚਾਹੋ ਥੋੜ੍ਹੀ। ਸੁਘੜੋ, ਇਹ ਜੀਵਨ ਸਾਡੇ ਪਸੰਦ ਨਹੀਂ ਹੈ। ਅਕਾਲ ਪੁਰਖ ਉਦਕਰਖ ਕਰ ਰਿਹਾ ਹੈ। ਸਾਰੀ ਸ੍ਰਿਸ਼ਟੀ ਨੂੰ ਧਾਰਨ ਕਰ ਰਿਹਾ ਹੈ, ਉਹ ਇਸਦਾ ਕਰਤਾ ਤੇ ਕਾਦਰ ਹੋਕੇ ਇਸਦਾ ਪ੍ਰਬੰਧ ਕਰ ਰਿਹਾ ਹੈ। ਜਿਸ ਨੂੰ ਕ੍ਰਿਯਾ ਦੇ ਸਿਰ ਕ੍ਰਿਯਾ ਕਿਹਾ ਬਣਦਾ ਹੈ, ਉਹ ਕਰ ਰਿਹਾ ਹੈ ਚਾਹੋ ਅਲੇਪ ਬੀ ਹੈ। ਸਾਨੂੰ ਬੀ ਲੋੜੀਏ ਕਿ ਅੰਤਰ ਆਤਮੇ ਉਸ ਨਾਲ ਲੱਗੇ ਰਹੀਏ, ਉਸ ਨਾਲ ਲੱਗੇ ਰਹਿਣ ਨੂੰ ਅਸੀਂ ਆਪਣੀ ਅੱਕੈ ਅਵਸਥਾ ਸਮਝੀਏ, ਅਰਥਾਤ ਇਹ ਸਰੀਰਕ ਕ੍ਰਿਯਾ ਨਹੀਂ ਮਾਨਸਿਕ ਕ੍ਰਿਯਾ ਹੈ। ਬਾਹਰੋਂ ਅਸੀਂ ਬੀ ਅਕਾਲ ਪੁਰਖ ਦੀ ਚਲਾਈ ਰੌ ਵਿਚ ਕੰਮ ਕਰੀਏ। ਕੰਮ ਕਰੀਏ ਫਿਰ ਅਕੈ ਹੋਈਏ। ਜੋ ਕੁਛ ਕਰੀਏ ਉਹ ਉਸ ਦਾ ਹੁਕਮ ਸਮਝ ਕੇ ਕਰੀਏ। ਹੁਕਮ ਸਮਝ ਕੇ ਕੀਤਿਆਂ ਕਰਦੇ ਹੋਇਆਂ ਅਕੈ ਰਹੀਦਾ ਹੈ।”
ਬਾਈ ਸੁਣ ਰਹੀ ਸੀ ਧ੍ਯਾਨ ਬੰਨ੍ਹ ਕੇ, ਪਰ ਏਥੇ ਕੁ ਆ ਕੇ ਇਕ ਹੋਰ ਸੱਜਣ ਨੇ ਪ੍ਰਸ਼ਨ ਕਰ ਦਿੱਤਾ ਕਿ ਫੇਰ ਜੀਵਨ-ਮੁਕਤੀ ਪ੍ਰਾਪਤ ਮਹਾਤਮਾ ਮੁੜ ਕੇ ਕਰਮ ਕਾਂਡ ਵਿਚ ਜਾ ਫਸੇ?
ਸਾਹਿਬ ਬੋਲੇ:-
"ਕੇਵਲ ਕਰਮ ਭਰਮ ਸੇ ਚੀਨੋ ਧਰਮ ਕਰਮ ਅਨੁਰਾਗੋ॥" (ਦਸਮ ਗੁਰਬਾਣੀ)
"ਜੋ ਕਰਮ ਕਿ ਕੇਵਲ ਕਰਮ ਮਾਤ੍ਰ ਹਨ, ਉਹ ਸਭ ਭਰਮ ਮਾਤ੍ਰ ਹਨ, ਪਰ ਜੋ ਕਰਮ ‘ਧਰਮ ਦਾ ਕਰਮ' ਹੈ ਉਸ ਨੂੰ ਪ੍ਯਾਰ ਕਰੋ।
ਸਭ ਕਰਮ ਫੋਕਟ ਜਾਨ॥ ਸਭ ਧਰਮ' ਨਿਹਫਲ ਮਾਨ॥
ਬਿਨੁ ਏਕ ਨਾਮ ਅਧਾਰ ॥ਸਭ ਕਰਮ ਭਰਮ ਬਿਚਾਰ॥੨੦॥' (ਅ. ਉਸਤਤ)
ਸੁਣ ਭਾਈ!
"ਬਿਨੁ ਭਗਤਿ ਸਕਤਿ ਨਹੀਂ ਪਰਤ ਪਾਨ॥
ਬਹੁ ਕਰਤ ਹੋਮ ਅਰੁ ਜਗ ਦਾਨ॥
ਬਿਨੁ ਏਕ ਨਾਮ ਇਕ ਚਿਤ ਲੀਨ॥
ਫੋਕਟੋ ਸਰਬ ਧਰਮਾ ਬਿਹੀਨ ॥੨੦॥੧੪੦॥
ਸਾਂਈਂ ਨਾਲ ਅੰਤਰ ਆਤਮੇ ਲਗੇ ਰਹਿਕੇ(ਭਗਤੀ ਤੇ ਗ੍ਯਾਨ ਅਰੂੜ ਹੋਕੇ) ਫੇਰ ਕਰਮ ਕਰਨੇ ਪਰ ਧਰਮ ਦੇ ਕਰਮ ਕਰਨੇ, ਸਾਡਾ ਮਤਾ ਇਹ ਹੈ। ਕੇਵਲ ਕਰਮ ਕਾਂਡ ਦੇ ਕਰਮ ਕਿਸੇ ਭਰਮ ਵੱਸ ਹੋ ਕੇ ਕਰਨੇ ਬਿਰਥਾ ਹਨ, ਸਾਂਈਂ ਤੋਂ ਟੁੱਟੇ ਰਹਿ ਕੇ ਕਰਮ ਕਰਨੇ ਬੀ ਕ੍ਰਿਯਾ ਮਾਤ੍ਰ ਹਨ। ਸਫ਼ਲਤਾ ਹੈ ਤਾਂ ਸੁਰਤ ਵਿਚ ਨਾਮ ਵੱਸਦਾ ਰਹੇ ਤੇ ਸਰੀਰ ਧਰਮ ਦੇ ਕਰਮਾਂ ਵਿਚ ਸਫ਼ਲਦਾ ਰਹੇ। ਕਰਮ ਹੋ ਜਾਏ ਧਰਮ; ਧਰਮ ਹੋ ਜਾਏ ਭਗਤੀ, ਭਗਤੀ ਹੋ ਜਾਏ ਗ੍ਯਾਨ, ਯਾਨ ਹੋ ਜਾਏ ਕਰਮਾਂ ਵਿਚੋਂ ਸਫੁਟ ਦਿੱਸਣ ਵਾਲਾ ਚੰਦ੍ਰਮਾਂ।”
ਸੁਘੜਬਾਈ- ਆਪਦੀ ਮਿਹਰ ਦਾ ਸਦਕਾ ਪੁਹਪ ਵਿਚ ਸੁਰੀਧੀ ਵਾਂਙ ਵੱਸ ਰਹੇ ਦੀ ਸੁਗੰਧਿ ਆ ਗਈ ਹੈ, ਉਸ ਵਿਚ ਲਗਿਆਂ ਰਹਿ ਕੇ ਧਰਮ ਦੇ ਕਰਮ ਕਰਨੇ ਹਨ। ਇਹ ਹੈ ਆਪ ਦੀ ਆਗ੍ਯਾ।
ਪਰ ਪਾਤਸ਼ਾਹ! (ਲੰਮਾ ਸਾਹ ਲੈ ਕੇ) ਏਹ ਸੂਰਮਿਆਂ ਦਾ ਕੰਮ ਹੈ। ਅੰਤ੍ਰੀਵ ਰਸ ਵਿਚ ਰਸੀਏ ਹੋ ਕੇ ਏਕਾਂਤ ਨੂੰ ਜੀ ਲੋਚੇਗਾ, ਪਰਵਿਰਤੀ ਚਾਹੇ ਪਰਉਪਕਾਰ ਦੀ ਹੋਵੇਗੀ, ਸੁਰਤ ਨੂੰ ਵਿਖੇਪ ਦੇਵੇਗੀ ਥੋੜਾ ਚਾਹੇ ਬਹੁਤਾ, ਮਨ ਕੀਕੂੰ ਰਹੇਗਾ ਅੰਦਰ ਉਸ ਰੌ ਵਿਚ ਜਿਸ ਨੂੰ ਆਪ ਦੇ ਪਿਆਰੇ 'ਲਿਵ' ਕਹਿ ਕੇ ਦੱਸਦੇ ਹਨ? ਕਿਵੇਂ ਰਹੇਗੀ, ਚਰਨ ਕਮਲ ਨਾਲ ਲਗੀ ਪ੍ਰੀਤ ਦੀ ਡੋਰੀ ?
-----------------
1. ਉਹਨਾਂ ਧਰਮਾਂ ਤੋਂ ਮੁਰਾਦ ਹੈ ਜੋ ਨਾਮ ਵਿਹੂਣੇ ਹਨ।
2. ਜੀਵ ਦੇ ਅਮਲਾਂ ਵਿਚੋਂ, ਕਰਨੀ ਕਰਤੂਤ ਵਿਚੋਂ ਗਿਆਨ ਪਿਆ ਦਿਸੇ।
ਸਾਹਿਬ ਜੀ-ਇਹੋ ਹੁਨਰ ਹੈ, ਇਹੋ ਕਾਰੀਗਰੀ ਹੈ, ਇਹੋ ਸੂਰਮਗਤੀ ਹੈ, ਇਹੋ ਵਰਯਾਮਤਾ ਹੈ। ਬਾਈ! ਤੌਖਲਾ ਨਾਂ ਕਰ, ਤੂੰ ਉਸ ਪਰ ਅੱਪੜ ਗਈ ਹੈਂ ਜਿਥੇ ਤੇਰੇ ਧੁਰ ਅੰਦਰਲੇ ਨੇ ਉਹ ਰੋ ਫੜ ਲਿਆ ਹੈ ਜੋ ਲਿਵ ਕਹੀਦਾ ਹੈ। ਹੁਣ ਜੋ ਤੂੰ ਅੰਦਰ ਵਾਹਿਗੁਰੂ ਅਨੁਭਵ ਕੀਤਾ ਹੈ ਉਸ ਨੂੰ ਬਾਹਰ ਬੀ ਦੇਖ। ਐਵੇਂ ਮਨੋ ਕਲਪਿਤ ਕਿਸੇ ਖਿਆਲ ਮਾਤ੍ਰ ਵਿਚ ਨਾ ਪਰ ਅਮਲ ਵਿਚ-ਕਰਨੀ ਕ੍ਰਿਆ ਵਿਚ। ਜਗਤ ਦੁਖ ਵਿਚ ਹੈ। ਦੁਖ ਦੂਰ ਕਰਨ ਵਿਚ ਕੌਣ ਸਬਲ ਹੈ, ਪਰ ਇਸ ਵਿਚ ਜਿੰਨਾ ਬਲ ਹੋ ਸਕੇ ਲਾਉਣਾ ਹੈ। ਇਹ ਜ਼ੋਰ ਲਾਉਣਾ ਸ਼ੁੱਭ ਕਰਮ ਹੈ। ਕਰਮ ਕਰ ਧਰਮ ਨਾਲ ਜੋ ਸ਼ੁੱਧ ਹੋਣ। ਕਰਮ ਕਰ ਜਿਸ ਤੋਂ ਭਲਾ ਹੋਵੇ। ਕਰਮ ਕਰ ਐਸੇ ਸੁੱਚੇ ਕਿ ਜਿਨ੍ਹਾਂ ਨਾਲ ਅੰਧਕਾਰ ਨਾ ਪਵੇ ਮੁੜਕੇ। ਅਕੈ ਹੋ ਪਾਪ ਕਰਮਾਂ ਤੋਂ। ਅਕੈ ਹੋ, ਕਰਮ ਦੀ ਫਲ-ਵਾਸ਼ਨਾ ਤਿਆਗ ਕੇ। ਅਕੈ ਹੋ, ਲੈਣ ਦੀ ਵਾਸ਼ਨਾ ਛੱਡਕੇ, ਦੇਣ ਹੀ ਦੇਣ ਵਿਚ ਉਮਾਹ ਕੇ। ਕਰਮ ਵਿਚ ਭਰਮ ਨਾ ਵੜਨ ਦੇ, ਕਰਮ ਵਿਚ ਮੁਰਦਿਹਾਨ ਨਾ ਪੈਣ ਦੇ, ਕਰਮ ਵਿਚ ਅਧਰਮ ਨੂੰ ਨਾ ਆਉਣ ਦੇ। ਕਰਮ ਕਰ, ਕਰਮ ਨੂੰ ਪਵਿਤ੍ਰ ਤੇ ਸਬਲ ਕਰਕੇ ਕਰਮ ਕਰ, ਕਰਮ ਨੂੰ ਭਗਤੀ ਬਣਾਕੇ, ਕਰਮ ਕਰ, ਕਰਮ ਨੂੰ ਗਿਆਨ ਬਣਾਕੇ।
ਬਾਈ ਸੁਣ ਰਹੀ ਸੀ, ਧਿਆਨ ਲਗ ਰਿਹਾ ਸੀ ਸਮਝਣ ਵਿਚ। ਬਾਈ ਪਿਛਲੇ ਬਾਰਾਂ ਪੰਦਰਾਂ ਬਰਸ ਜਗਤ ਦੇ ਪਰਤਾਵਿਆਂ ਤੇ ਤਜਰਬਿਆਂ ਵਿਚੋਂ ਲੰਘ ਚੁਕੀ ਸੀ। ਉਸ ਦੇ ਹੱਡੀਂ ਵਾਪਰ ਚੁਕਾ ਸੀ ਜੋ ਕੁਛ ਕਿ ਨਾ-ਤਜਰਬੇ ਵਾਲੇ ਸੁਣਕੇ ਕੇਵਲ ਵਿਚਾਰ ਮੰਡਲ ਵਿਚ, ਸੰਭਾਵਨਾ ਮਾਤ੍ਰ ਵਿਚ, ਤੱਕ ਸਕਦੇ ਹਨ। ਉਸ ਨੂੰ ਸਪਸ਼ਟ ਸਮਝ ਪੈਂਦੀ ਸੀ ਕਿ ਦਾਤਾ ਕਿਸ ਕਿਸ ਟਿਕਾਣੇ ਵਦਾਣ ਦੀਆਂ ਚੋਟਾਂ ਦੇ ਰਿਹਾ ਹੈ। ਜਦੋਂ ਦਾਤਾ ਜੀ ਚੁਪ ਹੋ ਗਏ ਤਾਂ ਹੱਥ ਬੰਨ੍ਹ ਕੇ ਬੋਲੀ: "ਨਾ ਸਰੀਰ ਦੇ ਰਸ ਨਿਭਦੇ ਹਨ ਸਦਾ ਤੇ ਨਾ ਕਾਲ ਉਹਨਾਂ ਨੂੰ ਲੰਮੇਰੀ ਰੱਸੀ ਦੇਂਦਾ ਹੈ। ਮਾਨਸਕ ਰਸ ਪਠਨ ਪਾਠਨ, ਵੀਚਾਰਨ ਤੇ ਉਮਾਹਨ ਦੇ-ਬੀ ਕਾਲ ਵਿਚ ਹੀ ਆਉਂਦੇ ਤੇ ਜਾਂਦੇ ਹਨ। ਆਤਮ ਰਸ ਜਦ ਆਇਆ ਤਾਂ ਕਾਲ ਡਰਿਆ ਕਿ ਹੁਣ ਇਹ ਗਿਆ ਮੇਰੇ ਵਸੀਕਾਰ ਤੋਂ। ਪਰ ਸਰੀਰ ਕਾਲ ਵਿਚ ਵਸਦਾ ਹੈ। ਕਾਲ ਛਿਨ ਛਿਨ ਕਰਕੇ ਟੁਰਦਾ ਹੈ। ਤੁਸਾਂ ਛਿਨ ਛਿਨ ਉਤੇ ਨਾਮ ਦੀ
ਕਾਠੀ ਪੁਆ ਦਿੱਤੀ ਹੈ ਕਿ ਕਾਲ ਫੇਰ ਵਿਸਿਮਰਣ ਵਿਚ ਨਾ ਪਾ ਦੇਵੇ ਚਿੱਤ ਨੂੰ। ਚੇਤੇ ਵਿਚ ਰਹੇ ਉਹ ਜੋ ਚਿਤਾਰਿਆ ਸੀ ਤੇ ਚਿਰਕਾਲ ਜਿਸਦੀ ਅਨੁਭਵ ਟੁੱਭੀ ਮਿਲੀ ਸੀ, ਕਿਸੇ ਉਸ ਛਿਨ ਵਿਚ ਕਿ ਜਦੋਂ ਕਾਲ ਦੀ ਤਾਰ ਤੋੜਕੇ ਆਪਾ ਅਨੰਤ ਦੀ ਟੁੱਭੀ ਲਾ ਆਯਾ ਸੀ। ਹੈਂ ਜੀਓ ਜੀ, ਜੀਓ।”
ਸਤਿਗੁਰ ਹੱਸੇ ਤੇ ਰੱਜਕੇ ਬੋਲੇ:-
"ਏਕ ਚਿਤ ਜਿਹੀ ਇਕ ਛਿਨ ਧ੍ਯਾਇਓ॥
ਕਾਲ ਫਾਸ ਕੇ ਬੀਚ ਨ ਆਇਓ॥"
ਬੀਬੀ-ਆਪ ਦਾ ਆਸ਼ਾ ਇਹ ਹੈ ਕਿ ਹਰ ਛਿਨ ਵਿਚ ਸਿਮਰਨ ਕਰਦਿਆਂ ਕਦੇ ਉਹ ਛਿਨ ਆ ਜਾਂਦੀ ਹੈ ਜੋ ਕਾਲ ਫਾਸ ਨੂੰ ਕੱਟ ਜਾਂਦੀ ਹੈ। ਹੁੰਦੀ ਤਾਂ ਉਹ ਬੀ ਛਿਨ ਹੀ ਹੈ, ਪਰ ਕਾਲ ਦੀ ਤਾਰ ਤੋਂ ਉਪਰ ਨਿਕਲ ਜਾਣ ਕਰਕੇ ਅਨੰਤ ਹੋ ਜਾਂਦੀ ਹੈ। ਸੋ ਉਹ ਛਿਨ ਜੋ ਅਛਿਨ ਹੈ, ਸਾਡੀ ਉਸ ਅਛਿਨ-ਛਿਨ ਨੂੰ ਅਨੰਤਤਾ ਦੇ ਗਈ ਹੈ। ਹੁਣ ਅਸੀਂ ਕਾਲ-ਪ੍ਰਵਾਹ ਵਿਚ ਹੋਣ ਕਰਕੇ ਜੋ ਸਿਮਰਨ ਕਰ ਰਹੇ ਹਾਂ ਉਸ ਅਨੰਤ ਯਾਦ ਤੇ ਲਿਵ ਵਿਚ ਜੀ ਰਹੇ ਹਾਂ। ਅਸੀਂ ਉਸ ਅਨੰਤ ਦੇਸ਼ ਦੇ ਮੇਲ ਵਿਚ ਹਾਂ। ਇਉਂ ਹੋਕੇ, ਇਉਂ ਰਹਿਕੇ ਸਰੀਰ ਨੂੰ ਸਫ਼ਲ ਕਰਨਾ ਹੈ ਕਰਮ ਵਿਚ। ਅਸਾਂ ਜੜ੍ਹਤਾ ਵਲ ਨਹੀਂ ਜਾਣਾ, ਪਰ ਕਰਮ ਵਿਚ ਸਬਲਤਾ ਤੇ ਨਿਰਲੇਪਤਾ ਪ੍ਰਾਪਤ ਕਰਨੀ ਹੈ ਤੇ ਕਰਮ ਕਰਨਾ ਹੈ ਧਰਮ ਦਾ। ਸ਼ੁਕਰ ਹੈ ਦਾਤਾ! ਜੋ ਤੂੰ ਮੈਨੂੰ ਧਰਮ ਵਿਚ ਰਖਿਆ...; ਹਾਂ ਜੀਓ, ਧੰਨ ਤੁਸੀਂ ਹੋ! ਤੁਸੀਂ ਹੀ ਹੋ ਤੁਸੀਂ! ਕੌਣ ਹੈ ਤੁਸਾਂ ਤੁੱਲ! ਇਕੋ ਹੋ ਤੁਸੀਂ ਜਲੇ ਥਲੇ, ਗਗਨੇ। ਇਕੋ ਹੇ ਤੁਸੀਂ ਮਨੁੱਖ ਦੇਵਤਾ ਅਵਤਾਰਾਂ ਵਿਚ ਸ਼ਿਰੋਮਣੀ, ਜੀਓ ਇਕੋ...। ਇਉਂ ਕਹਿੰਦੀ ਬਾਈ ਚੁੱਪ ਹੋ ਗਈ, ਪਰ ਗਰਜਵੀਂ ਸੱਦ ਉਠੀ ਸਾਹਿਬਾਂ ਦੀ:-
"ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋਰ ਪਰੇ॥੨॥” (ਪਾ. ৭০)
ਬਾਈ ਕੰਬੀ, ਥਰ ਥਰ ਕੰਬੀ, ਕ੍ਰੋਰ ? ਹੈਂ ਇਕ ਤੇ ਕ੍ਰੋਰਾਂ ? ਪਰ ਸਾਹਿਬ ਸੱਚਾ ਹੈ, ਸੱਚ ਕਹਿੰਦਾ ਹੈ। ਹਾਂ ਮੇਰੀ ਨਿਹਚੇ ਕੀਤੀ ਗਲ ਬੀ ਸੱਚੀ
ਹੈ ਕਿਉਂਕਿ ਸਾਹਿਬਾਂ ਦਾ ਸੱਚ ਹੀ ਤਾਂ ਮੇਰੇ ਮਨ ਤੇ ਪਿਆ ਹੈ ਕਿ ਜਿਸ ਨੇ ਮੈਨੂੰ ਸਾਹਿਬਾਂ ਵਰਗਾ ਇਕੋ ਉਹਨਾਂ ਨੂੰ ਹੀ ਕਰਕੇ ਦਰਸਾਇਆ ਹੈ। ਸੋ ਦੋਇ ਸੱਚ ਕੀਕੂੰ ਸੱਚ ਹਨ, ਇਕ ਬੀ ਤੇ ਕ੍ਰੋਰ ਬੀ? ਇਸ ਵੇਲੇ ਬਾਈ ਨੂੰ ਫਿਰ ਚਮਤਕਾਰ ਵੱਜਾ ਅੰਦਰ, ਉਮਾਹ ਉਠਿਆ, ਆਪਾ ਰੋਕੇ, ਪਰ ਰੁਕੇ ਨਾ। ਸਾਹਿਬਾਂ ਦੇ ਚਰਨਾਂ ਵਲ ਤੱਕੀ; ਇਧਰ ਉਧਰ ਤੱਕੀ, ਹੁਣ ਸੰਗਤ ਕੁਛ ਹੋਰ ਬੀ ਜੁੜ ਗਈ ਸੀ। ਫਿਰ ਸਾਹਿਬਾਂ ਦੇ ਚਰਨਾਂ ਤੇ ਧਿਆਨ ਬੰਨ੍ਹਕੇ ਬਾਈ ਬੋਲ ਪਈ, ਚੰਗੀ ਸੁਹਣੀ ਭਰਵੀਂ ਆਵਾਜ਼ ਵਿਚ; "ਹਾਂ ਪਾਤਸ਼ਾਹ! ਤੂੰ ਕ੍ਰੋਰ, ਕ੍ਰੋੜਾਂ ਹੀ ਕ੍ਰੋੜ। ਤੂੰ ਗਗਨਾਂ ਵਿਚ ਇਕ ਚੰਦਮਾਂ ਕ੍ਰੋੜਾਂ ਜਲ ਭਰੇ ਘੜੇ ਪਏ ਹਨ ਪ੍ਰਿਥਵੀ ਉੱਤੇ ਤੂੰ ਹਰ ਘੜੇ ਵਿਚ ਹੈਂ। ਹਾਂ ਤੂੰ ਕ੍ਰੋੜਾਂ ਘੜਿਆਂ ਵਿਚ, ਤੇਰੇ ਵਰਗੇ ਕ੍ਰੋੜਾਂ ਦਿੱਸ ਪਏ। ਦਿੱਸ ਪਏ ਸਾਨੂੰ ਬੀ, ਪਰ ਦਾਤਾ ਤੇਰੇ ਜੇਹਾ ਤੂੰ ਗਗਨਾਂ ਵਿਚ ਇਕੋ ਤੂੰ। ਤੇਰੇ ਜੇਹਾ ਇਕੋ ਇਕ ਤੂੰ। ਸਾਰੇ ਸਿਖਾਂ ਵਿਚ ਤੂੰ, ਕ੍ਰੋੜਾਂ ਵਿਚ ਤੂੰ, ਸਾਰੇ ਤੇਰੇ ਵਰਗੇ, ਪਰ ਤੂੰ ਇਕੋ, ਦਾਤਾ! ਇਕੋ ਤੂੰ, ਇਕੋ, ਦਾਤਾ ਇਕੋ ਤੂੰ!
ਕਲਗੀਆਂ ਵਾਲੇ ਨਜ਼ਰ ਤਕਾਈ,
ਮਿੱਠੀ ਝਾਤ ਅਸਾਂ ਵਲ ਪਾਈ,
ਲਾਟ ਲਗਾਈ, ਜੋਤਿ ਜਗਾਈ,
ਆ ਵਸਿਆ ਵਿਚ ਤੂੰ, ਸਾਡੇ ਅੰਦਰ ਤੂੰ,
ਇੱਕੋ ਦਾਤਾ ਤੂੰ॥੧॥
ਆਪਾ ਸਾਡੇ ਵਿੱਚ ਵਸਾਵੇਂ,
ਆਪੇ ਫਿਰ ਤੂੰ ਝਾਤੀ ਪਾਵੇਂ,
ਆਪੇ ਦੇਖੋਂ ਤੇ ਬਿਗਸਾਵੇਂ,
ਸਾਨੂੰ ਆਖੇਂ 'ਤੂੰ ਪਰ ਤੂੰ ਆਪੇ ਤੂੰ,
ਇੱਕੋ ਦਾਤਾ ਤੂੰ॥੨॥
ਤੇਰੇ ਜੇਡਾ ਹੋਰ ਨ ਕੋਈ,
ਫੋਲ ਡਿਠੀ ਮੈਂ ਸਾਰੀ ਲੋਈ,
ਪਾੜ ਕਲੇਜਾ ਤਾਂ ਮੈਂ ਰੋਈ!
ਸਭ ਤੋਂ ਵਡਾ ਤੂੰ, ਤੇਰੇ ਜਿੱਡਾ ਤੂੰ।
ਇੱਕੋ ਦਾਤਾ ਤੂੰ॥੩॥
ਤੂੰ ਸਾਹਿਬ ਮੈਂ ਬਾਂਦੀ ਤੇਰੀ,
ਘੁਲ ਮਿਲ ਜਾਵੇ ਮੈਂ ਏ ਮੇਰੀ,
ਚਰਨ ਸ਼ਰਨ ਵਿਚ ਹੋ ਜਾਏ ਢੇਰੀ,
ਇਕੋ ਹੋਵੇਂ ਤੂੰ, ਤੂਹੀਓਂ ਦਾਤਾ ਤੂੰ,
ਇੱਕੋ ਦਾਤਾ ਤੂੰ॥੪॥”
ਇਤਿਹਾਸਿਕ ਪਹਿਲੂ
ਗੁਰ ਸਿਖਾਂ ਦੇ ਸਾਰੇ ਪ੍ਰਸੰਗ ਲਿਖਤਾਂ ਵਿਚ ਨਹੀਂ ਆਏ। ਕਈ ਕਥਾ ਵਾਰਤਾ ਵਿਚ ਜ਼ੁਬਾਨੀ ਚਲੇ ਆਏ ਹਨ। ਕਈ, ਜਿਨ੍ਹੀਂ ਥਾਈਂ ਹੋਏ ਉਹਨਾਂ ਸਥਾਨਾਂ ਤੋਂ ਮਿਲਦੇ ਹਨ। ਇਹ ਪ੍ਰਸੰਗ ਬੀ ਕਥਾ ਵਾਰਤਾ ਵਿਚ ਸਾਹਿਬਾਂ ਦੇ ਸਮੇਂ ਤੋਂ ਚਲਾ ਆਇਆ ਹੈ। ਖਾਸ ਕਰਕੇ ਲਹਿੰਦੇ ਪੰਜਾਬ ਵਲ। ਹੁਣ ਕੁਛ ਸਮੇਂ ਤੋਂ ਘਟ ਗਿਆ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਇਕ ਵੈਰਾਗਵਾਨ ਬੈਰਾਗੀ ਸਾਧੂ ਆਏ ਸਨ, ਇਨ੍ਹਾਂ ਦਾ ਨਾਮ ਸੀ ਸ੍ਰੀ ਗੋਪਾਲ ਜੀ। ਵੈਰਾਗਵਾਨ ਹੋ ਕੇ ਘਰ ਬਾਹਰ ਤਿਆਗਕੇ ਭੇਖ ਲੈ ਕੇ ਇਹ ਤੀਰਥ ਯਾਤ੍ਰਾ ਨੂੰ ਨਿਕਲੇ। ਫਿਰਦੇ ਫਿਰਦੇ ਇਹ ਹਰੀ ਦੁਆਰ ਵਾਲੇ ਪਾਸੇ ਆ ਨਿਕਲੇ। ਉਥੇ ਇਨ੍ਹਾਂ ਦੇ ਕੰਨੀਂ ਆਵਾਜ਼ ਪਈ ਕਿ ਪੰਜਾਬ ਵਿਚ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਅਜ ਕਲ ਮਹਾਂਬਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ ਤੇ ਉਹ ਉਹੋ ਸਰੂਪ ਹਨ। ਸ੍ਰੀ ਗੋਪਾਲ ਜੀ ਨੂੰ ਚੌਂਪ ਲੱਗੀ ਕਿ ਚਲੋ ਉਹਨਾਂ ਦਾ ਦਰਸ਼ਨ ਕਰੀਏ, ਜਿਨ੍ਹਾਂ ਕਲਿਯੁਗ ਦੇ ਅੰਧਕਾਰ ਦੇ ਸਮੇਂ ਰੱਬ ਦੀ ਨੂਰੀ ਸਮਾਂ ਜਗਾਈ ਹੈ। ਇਹ ਵੀਚਾਰ ਕੇ ਗੋਪਾਲ ਜੀ ਆਨੰਦ ਪੁਰ ਆਏ। ਅੱਗੇ ਆਕੇ ਸਾਰਾ ਠਾਠ ਬਾਠ ਰਾਜਸੀ ਦੇਖਕੇ ਘਬਰਾ ਗਏ ਕਿ ਏਥੇ ਕੀਕੂੰ ਹੋ ਸਕਦਾ ਹੈ ਭਗਵੰਤ ਦਾ ਨਿਵਾਸ ਕਿ ਜਿਥੇ ਹੋ ਰਿਹਾ ਹੈ ਮਾਇਆ ਦਾ ਐਤਨਾ ਵਿਗਾਸ ਤੇ ਬੀਰ ਰਸੀ ਠਾਠ। ਇਹ ਵੀਚਾਰ ਕੇ ਮੁੜ ਚੱਲੇ ਤਾਂ ਸੋਚ ਫੁਰੀ ਕਿ ਐਤਨੀ ਦੂਰ ਆ ਕੇ ਦਰਸ਼ਨ ਕੀਤੇ ਬਗੈਰ ਮੁੜ ਜਾਣਾ ਇਹ ਕੀ ਦਾਨਾਈ ਹੈ। ਮੁੜਨਾ ਹੈ ਤਾਂ ਦਰਸ਼ਨ ਤਾਂ ਕਰ ਚੱਲੋ। ਸੋ ਆਪ ਦਰਸ਼ਨਾਂ ਲਈ ਗਏ। ਸਾਹਿਬ ਓਸ ਵੇਲੇ ਕਿਸੇ ਪਾਸੇ ਦੀ ਚੜ੍ਹਾਈ ਦੇ ਉੱਦਮ ਵਿਚ ਲਗ ਰਹੇ ਸਨ। ਗੋਪਾਲ ਜੀ ਨੇ ਸੋਚਿਆ ਕਿ ਜੇ ਕਦੇ ਸਾਹਿਬ ਜੀ ਮੈਨੂੰ ਆਪ ਵਾਜ ਮਾਰ ਲੈਣ ਤੇ ਸੱਜੀ
ਬਾਂਹ ਤੋਂ ਫੜ ਲੈਣ ਤਾਂ ਮੈਂ ਸਮਝ ਲਵਾਂਗਾ ਕਿ ਇਹ ਅਵਤਾਰ ਹਨ, ਇਹ ਮਾਯਾਧਾਰੀ ਜੋਧਾ ਨਹੀਂ ਹਨ ਤੇ ਮੇਰੀ ਕਲਯਾਨ ਬੀ ਇਹੋ ਕਰਨਗੇ। ਸੋ ਜਦ ਭੀੜ ਭੜੱਕੇ ਵਿਚੋਂ ਲੰਘ ਕੇ ਸਾਹਿਬਾਂ ਦੇ ਸਾਹਮਣੇ ਗਿਆ ਤਾਂ ਉਹਨਾਂ ਦੀ ਨਜ਼ਰ ਪਈ ਇਸ ਉਤੇ। ਆਪ ਤੱਕੇ ਘੂਰ ਕੇ ਤੇ ਤੱਕਦੇ ਰਹੇ। ਫੇਰ ਬੋਲੇ : ਓ ਬੈਰਾਗੜੇ! ਆ ਗਿਆ ਹੈਂ, ਘੁੰਮ ਘੁੰਮ ਕੇ, ਭਰਮ ਭਰਮ ਕੇ ? ਆਓ ਸੱਜੀ ਬਾਂਹ ਪਕੜਾ ਦਿਓ।' ਜਾਂ ਗੋਪਾਲ ਜੀ ਅੱਗੇ ਹੋਏ ਤੇ ਪਰਕਰਮਾਂ ਕਰਕੇ ਮੱਥਾ ਟੇਕਿਆ ਤਾਂ ਸਾਹਿਬਾਂ ਸੱਜੀ ਬਾਂਹ ਤੋਂ ਪਕੜਕੇ ਨੱਪਿਆ ਤਾਂ ਬਾਵਾ ਜੀ ਦੇ ਸਰੀਰ ਵਿਚ ਝਰਨ ਝਰਨ ਹੋਈ, ਲੂੰ ਕੰਡੇ ਹੋ ਗਏ ਤੇ ਚਿੱਤ ਕਿਸੇ ਵਿਸਮਾਦ ਰੰਗ ਵਿਚ ਜਾ ਕੇ ਗੁੰਮ ਹੋ ਗਿਆ। ਸੁਧ ਆਈ ਤਾਂ ਸੁਖ ਵਿਚ ਡੁਬ ਰਹੇ ਸਨ ਤੇ ਮੂੰਹ ਤੋਂ 'ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਘ ਸਿੰਘ', ਵਾਰ ਵਾਰ ਨਿਕਲ ਰਿਹਾ ਸੀ, ਫੇਰ ਉਸੇ ਰੌ ਵਿਚ ਵਾਕ ਮੂੰਹੋਂ ਨਿਕਲਿਆ: “ਕੋਈ ਗੁਰੂ ਤੁਲਹਾ, ਕੋਈ ਗੁਰੂ ਬੇੜੀ, ਕੋਈ ਗੁਰੂ ਜਹਾਜ, ਹਮਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਸਾਰ ਸਿੰਧੂ ਤਾਰਨੇ ਕੇ ਪੁਲ ਹੈਂ।” ਫੇਰ ਸਤਿਗੁਰਾਂ ਨੇ ਬੈਰਾਗੀ ਦੇ ਮੋਢੇ ਤੇ ਰਾਮ ਜੰਗਾ ਧਰਵਾ ਦਿੱਤਾ। ਸੰਤ ਗੋਪਾਲ ਜੀ ਦੱਸਦੇ ਹੁੰਦੇ ਸਨ ਕਿ ਰਾਮ ਜੰਗੇ ਦੇ ਧਰਦੇ ਸਾਰ ਮੈਨੂੰ ਮਾਯਾ ਪਟਲ ਟੁਟਦਾ ਤੇ ਆਤਮਾ ਰੂਪ ਦਿੱਸ ਪਿਆ। ਸੋ ਸੰਤ ਨੂੰ ਗੁਰੂ ਜੀ ਜੰਗ ਵਿਚ ਨਾਲ ਲੈ ਟੁਰੇ, ਜੁੱਧ ਜਿੱਤ ਕੇ ਵਾਪਸ ਆਏ ਤਾਂ ਇਹ ਬਾਵਾ ਜੀ ਕਿਤਨਾ ਕਾਲ ਆਨੰਦ ਪੁਰ ਰਹੇ ਤੇ ਸਤਿਸੰਗ ਲਾਭ ਲੈ ਕੇ ਪੂਰਨ ਪਦ ਨੂੰ ਅੱਪੜੇ। ਫੇਰ ਹੁਕਮ ਹੋਇਆ ਕਿ ਪੱਛੋਂ ਦੇ ਦੇਸ਼ ਵਲ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ। ਤਦੋਂ ਆਪ ਲਹਿੰਦੇ ਵਿਚ ਕੋਟ ਈਸੇ ਆ ਰਹੇ ਤੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ।
ਆਪਣੇ ਪ੍ਰਚਾਰ ਵਿਚ ਸ੍ਰੀ ਗੋਪਾਲ ਜੀ ਸਾਹਿਬਾਂ ਦੇ ਦੁਆਰੇ ਵਰਤੀਆਂ ਸਾਖੀਆਂ ਤੇ ਆਪਣੀ ਅੱਖੀਂ ਡਿੱਠੇ ਪ੍ਰਸੰਗ ਸੁਣਾਇਆ ਕਰਦੇ ਸਨ। ਇਹ ਪ੍ਰਸੰਗ ਸੁਘੜ ਬਾਈ ਦਾ ਉਹਨਾਂ ਵਿਚੋਂ ਇਕ ਹੈ। ਇਉਂ ਇਹ ਪ੍ਰਸੰਗ ਬਾਵਾ ਜੀ ਦਾ ਅੱਖੀਂ ਡਿੱਠਾ ਪ੍ਰਸੰਗ ਹੈ।
ਲਿਖਤੀ ਪਾਸੇ ਵਲ ਟੌਲ ਕਰੀਏ ਤਾਂ ਇਹ ਪ੍ਰਸੰਗ ਸ੍ਰੀ ਮਾਨ ਸੰਤ ਸ਼ਾਮ ਸਿੰਘ ਜੀ ਕ੍ਰਿਤ ‘ਭਗਤਿ ਪ੍ਰੇਮ ਪ੍ਰਕਾਸ਼' ਵਿਚ ਲਿਖਿਆ ਹੈ। ਆਪ ਨੇ ਗੁਰਮੁਖ ਸੰਤ ਭਾਈ ਰਾਮ ਸਿੰਘ ਜੀ ਤੋਂ ਸੁਣਿਆ ਸੀ। ਉਨ੍ਹਾਂ ਨੇ ਪ੍ਰਸਿਧ
ਅੱਡਣਸ਼ਾਹੀ ਸੰਤ ਭਾਈ ਸਹਾਈ ਸਿੰਘ ਜੀ ਤੋਂ ਸ੍ਰਵਣ ਕੀਤਾ ਸੀ ਤੇ ਆਪ ਜੀ ਨੇ ਇਹ ਪ੍ਰਸੰਗ ਭਾਈ ਗੁਪਾਲ ਜੀ ਦੀ ਰਸਨਾ ਤੋਂ ਆਪ ਸੁਣਿਆ ਸੀ।
ਸੁਘੜ ਬਾਈ ਜੀ ਆਨੰਦ ਪੁਰ ਆਏ ਪੂਰਨ ਬ੍ਰਹਮ ਯਾਨੀ ਹੋ ਗਏ। ਸੇ, ਤੇ ਆਪ ਚੰਗੇ ਕਵੀ ਬੀ ਸੇ। ਆਪ ਦੀ ਰਚਨਾ ਚੋਖੀ ਹੈ ਸੀ, ਹੇਠਾਂ ਨਮੂਨੇ ਮਾਤ੍ਰ ਇਕ ਛੰਦ ਬ੍ਰਿਜਭਾਸ਼ਾ ਦਾ ਦੇਂਦੇ ਹਾਂ :-
3 ਨਿਸ ਦਿਨ ਸੁਮਤਿ ਖੇਲਹਿਗੀ ਹੋਰੀ। ਭਰਮ ਅੰਬੀਰ ਉਡਾਇ ਦੀਓ ਹੈ ਦੈਤ ਨੇ ਭਾਸੇ ਭੋਰੀ। ਗਿਆਨ ਗੁਲਾਬ ਅਤਰ ਗਠ ਖੋਲੀ ਬੋਧ ਭੂਲ ਭਰ ਝੋਲੀ। ਸਮਤਾ ਬਿਬੇਕ ਬਸਿਓ ਰਿਦ ਭੀਤਰ ਪੁਨ ਤ੍ਰਿਕੁਟੀ ਭਈ ਘੋਰੀ। ਸੁਘੜੋ ਬਾਈ ਅਚਲ ਬ੍ਰਿਤ ਪਾਈ ਆਧ ਬਿਆਧ ਗਈ ਛੋਰੀ।
ਜੋ ਇਧਰ ਪੋਠੇਹਾਰ ਵਿਚ ਤੇ ਓਧਰ ਆਨੰਦ ਪੁਰ ਦੇ ਇਲਾਕੇ ਵਿਚ ਖੋਜ ਹੋਵੇ ਤਾਂ ਅਚਰਜ ਨਹੀਂ ਕਿ ਆਪ ਦੀ ਪੰਜਾਬੀ ਤੇ ਹਿੰਦੀ ਕਵਿਤਾ ਦਾ ਸੰਗ੍ਰਹ ਯਾ ਕੋਈ ਹਿੱਸਾ ਹੱਥ ਆ ਜਾਵੇ ਯਾ ਆਪ ਦੇ ਹੋਰ ਹਾਲ ਬੀ ਮਿਲ ਸਕਣ।
5. ਮੋਹਿਨਾ-ਸੋਹਿਨਾਂ
1. (ਮੋਹਨਾ ਤੇ ਅੰਮੀ ਜੀ)
ਅਸਮਾਨ ਤੇ ਬੱਦਲਾਂ ਦੀ ਭੂਰੀ ਭੂਰੀ ਚਾਂਦਨੀ ਘੋਪੇ ਵਾਂਙ ਤਣ ਗਈ ਹੈ। ਨਿੱਕੀਆਂ ਨਿੱਕੀਆਂ ਬੂੰਦਾਂ ਪੈ ਰਹੀਆਂ ਹਨ। ਮੱਧਮ ਮੱਧਮ ਵੇਗ ਦੀ ਹਵਾ ਬੀ ਰੁਮਕ ਰਹੀ ਹੈ। ਰੁੱਤ ਉਂਞ ਹੀ ਮਹਾਂ ਸਿਆਲੇ ਦੀ ਹੈ, ਪਰ ਇਸ ਬਰਖਾ ਤੇ ਹਵਾ ਦੇ ਰੰਗ ਨੇ ਸੀਤ ਨੂੰ ਬਹੁਤ ਚੁਭਵਾਂ ਕਰ ਦਿੱਤਾ ਹੈ। ਪਾਲੇ ਦੇ ਮਾਰੇ ਲੋਕੀਂ ਘਰਾਂ ਦੇ ਅੰਦਰ ਨਿੱਘੇ ਹੋਏ ਬੈਠੇ ਹਨ।
ਇਕ ਸੁੰਦਰ ਟਿਕਾਣੇ ਇਕ ਸੁਹਾਉਣਾ ਬਾਗ਼ ਹੈ, ਜਿਸਨੂੰ ਇਨਸਾਨੀ ਤੇ ਕੁਦਰਤੀ ਸੁੰਦਰਤਾ ਦਾ ਇਕ ਨਮੂਨਾ ਆਖ ਸਕਦੇ ਹਾਂ, ਪਰ ਇਸ ਵੇਲੇ ਲਹਿਲਹਾਉਂਦਾ ਨਹੀਂ ਆਖ ਸਕਦੇ, ਕਿਉਂਕਿ ਸੁੱਤੀ ਹੋਈ ਕੁਦਰਤ ਦੇ ਨੌਨਿਹਾਲ ਇਸ ਵੇਲੇ ਉਦਾਸ, ਵਿਰਾਗੇ ਹੋਏ ਤੇ ਅਪੱਤ ਖੜੇ ਹਨ। ਕਿਸੇ ਵਧੀਕ ਚਤੁਰਾਈ ਨੇ ਕੋਈ ਨੁੱਕਰ ਖੂੰਜਾ ਸਾਵਾ ਕਰ ਰਖਿਆ ਹੋਵੇਗਾ ਤਾਂ ਵੱਖਰੀ ਗਲ ਹੈ, ਉਂਞ ਸਾਰੇ ਬਾਗ਼ ਦਾ ਉਹੋ ਹਾਲ ਹੈ ਜੋ ਇਸ ਵੇਲੇ ਸਾਰੇ ਉੱਤ੍ਰੀ ਦੇਸ਼ਾਂ ਦੇ ਬਨਾਂ ਤੇ ਬਾਗ਼ਾਂ ਦਾ ਹੋ ਰਿਹਾ ਹੈ। ਬਾਗ਼ ਦੇ ਵਿਚਕਾਰ ਕਈ ਜਗ੍ਹਾ ਹੌਜ਼ ਹਨ, ਕਈ ਥਾਂ ਫੁਹਾਰੇ ਹਨ, ਕਈ ਜਗ੍ਹਾ ਸੰਖ ਮਰਮਰੀ ਚਾਦਾਂ ਤੇ ਝਰਨੇ ਹਨ, ਪਰ ਗਰਮੀ ਦੀ ਤਪਤ ਨਾ ਹੋਣ ਕਰਕੇ ਇਨ੍ਹਾਂ ਦਾ ਬਾਜ਼ਾਰ ਗਰਮ ਨਹੀਂ ਰਿਹਾ। ਇਸ ਬਾਰਾਂਦਰੀਆਂ ਤੇ ਫੁਹਾਰਿਆਂ, ਸੁਨਹਿਰੀ ਕਲਸਾਂ, ਲਾਜ ਵਰਦੀ ਮਹਿਰਾਬਾਂ ਤੇ ਸੰਖਮਰਮਰੀ ਸਜਾਵਟਾਂ ਨਾਲ ਸਜੇ ਬਾਗ਼ ਦੇ ਇਕ ਖੂੰਜੇ ਇਕ ਛੋਟਾ ਜਿਹਾ ਘਰ ਹੈ, ਜੋ ਬਾਹਰੋਂ ਕੱਚੀ ਲਿਪਾਈ ਦਾ ਲਿੱਪਿਆ ਹੋਇਆ ਹੈ। ਇਕ ਪਾਸੇ ਕੁਛ ਛੋਲੀਏ ਦੇ ਬੂਟੇ
----------------
ਨਿੱਕੇ ਨਿੱਕੇ ਹਨ, ਆਸ ਪਾਸ ਸਰ੍ਹੋਂ ਤੇ ਕੁਛ ਗੋਂਗਲੂ ਖੜੇ ਖਿੜ ਰਹੇ ਹਨ, ਪਰ ਲਾਏ ਐਸੇ ਪੜਚੋਲਵੇਂ ਦਿਲ ਵਾਲੇ ਦੇ ਜਾਪਦੇ ਹਨ ਕਿ ਕੱਚੇ ਕੋਠੇ ਦੇ ਉਦਾਲੇ ਇਸ ਕੱਕਰੀ ਰੁੱਤ ਵਿਚ ਸਬਜ਼ੀ ਦੇ ਵਿਚਕਾਰ ਬਸੰਤ ਖਿੜਿਆ ਹੈ ਤੇ ਲਾਉਣ ਵਾਲੇ ਦੀ ਕਾਰੀਗਰੀ ਦੀ ਸਾਖ ਭਰ ਰਿਹਾ ਹੈ।
ਵੇਲਾ ਕੋਈ ਕੱਚੀਆਂ ਦੁਪਹਿਰਾਂ ਦਾ ਹੈ, ਪਰ ਘੜੀਆਂ ਦੇ ਪਹਿਰੇ ਦੱਸਣ ਵਾਲੇ ਸੂਰਜ ਹੁਰੀਂ ਤਾਂ ਭੂਰੇ ਲੇਫਾਂ ਵਿਚ ਮੂੰਹ ਲੁਕਾਈ ਫਿਰਦੇ ਹਨ; ਇਹੋ ਜਾਪਦਾ ਹੈ ਕਿ ਪਹੁ ਫੁਟਾਲਾ ਹੁਣੇ ਹੀ ਹਟਿਆ ਹੈ। ਇਸ ਕੱਚੇ ਕੋਠੇ ਦੇ ਬੂਹੇ ਬੰਦ ਹਨ, ਅੰਦਰ ਪਤਾ ਨਹੀਂ ਕੀ ਹੈ, ਪਰ ਬਾਹਰ ਇਕ ਬੜੇ ਗੰਭੀਰ ਤੇ ਆਤਮ ਸੁੰਦਰਤਾ ਨਾਲ ਭਰੇ ਚਿਹਰੇ ਵਾਲੀ ਲੰਮੀ ਪਤਲੀ ਡੌਲ ਦੀ ਕ੍ਰਿਪਾਲਤਾ ਦੀ ਦੇਵੀ ਖੜੀ ਹੈ, ਜੋ ਦਰਵਾਜ਼ੇ ਨੂੰ 'ਹੱਥ ਵਿਚ ਫੜੀ ਕ੍ਰਿਪਾਨ ਦੀ ਪਿੱਠ ਨਾਲ ਠਕੋਰਦੀ ਹੈ। ਅਚਰਜ ਹੈ ! ਇਹ ਕੱਚਾ ਕੋਠਾ, ਗ੍ਰੀਬਾਂ ਦਾ 'ਚਿੜੀਆਂ ਰੈਣ ਬਸੇਰਾ' ਇਸ ਦੇ ਬੂਹੇ ਤੇ ਇਕ ਰਾਣੀਆਂ ਤੋਂ ਵਧੀਕ ਜੱਲ੍ਹੇ ਤੇ ਪੁਸ਼ਾਕੇ ਵਾਲੀ, ਤੇਜਮਯ-ਮਹਾਰਾਣੀ ਆ ਕੇ ਦਰ ਖੜਕਾ ਰਹੀ ਹੈ। ਕੁਛ ਪਲਾਂ ਦੇ ਮਗਰੋਂ ਦਰਵਾਜ਼ਾ ਖੁਲ੍ਹ ਗਿਆ ਅਰ ਇਹ ਰਾਣੀ ਅੰਦਰ ਲੰਘ ਗਈ। ਲੰਘਦੇ ਹੀ ਫੇਰ ਬੂਹਾ ਢੋ ਹੋ ਗਿਆ ਤੇ ਬਾਹਰ ਦੀ ਹੱਡ ਕੁੜਕਾਵੀਂ ਪੌਣ ਨੂੰ ਅੰਦਰ ਵੜਨਾ ਨਾ ਮਿਲਿਆ।
ਅੰਦਰ ਬਿੱਜੜੇ ਦੇ ਆਹਲਣੇ ਵਾਂਙ ਰੰਗ ਲੱਗ ਰਿਹਾ ਹੈ। ਘਰ ਇਸ ਤਰ੍ਹਾਂ ਦਾ ਸਾਫ਼ ਹੈ ਕਿ ਕੱਖ ਕੁਥਾਵੇਂ ਨਹੀਂ ਪਿਆ ਦਿੱਸਦਾ। ਕੰਧਾਂ ਪਰ ਪਾਂਡੋ ਵਰਗੀ ਚਿੱਟੀ ਮਿੱਟੀ ਦਾ ਪੋਚਾ ਹੈ, ਹੇਠਾਂ ਸੁਥਰਾ ਲੇਪਣ ਹੈ; ਜਿਸ ਪਰ ਸਫ਼ਾਂ ਦੀ ਵਿਛਾਈ ਹੈ ਤੇ ਇਕ ਪਾਸੇ ਦਰੀ ਵਿਛੀ ਹੈ। ਇਕ ਖੂੰਜੇ ਲਟਲਟ ਕਰਦੀ ਅੱਗ ਮਘ ਰਹੀ ਹੈ।
ਅੱਗ ਦੇ ਨੇੜੇ ਪੀੜ੍ਹੀ ਡਾਹ ਕੇ ਇਕ ਪ੍ਰਬੀਨ, ਪਰ ਸਾਫ਼ ਤੇ ਨਿਰਛਲ ਨੁਹਾਰ ਦੀ ਜੁਆਨ ਇਸਤ੍ਰੀ ਬੈਠੀ ਸੀ, ਜਿਸ ਨੇ ਉਠ ਕੇ ਬੂਹਾ ਖੋਹਲਿਆ ਸੀ। ਹੁਣ ਪੀੜ੍ਹੀ ਉਤੇ ਆਸਣ ਵਿਛਾ ਕੇ ਆਪਣੀ ਉਚੀ ਪ੍ਰਾਹੁਣੀ ਦੇ ਅੱਗੇ ਕੀਤੀਓਸੁ ਤੇ ਆਪ ਫੂਹੜੀ ਤੇ ਬੈਠ ਕੇ, ਮੱਥਾ ਟੇਕ ਕੇ ਪ੍ਰੇਮ ਦੇ ਵੇਗ ਵਿਚ ਬੋਲੀ:-
"ਅੰਮੀ ਜੀ! ਮੇਰੀ ਮਾਤਾ ਜੀ! ਤੁਸੀਂ ਕੇਡੇ ਚੰਗੇ ਹੋ! ਅੰਮੀ ਜੀ! ਐਡੀ ਠੰਢ ਤੇ ਮੀਂਹ ਵਿਚ ਖੇਚਲ ਕੀਤੀ, ਦਾਸੀ ਨੂੰ ਹੁਕਮ ਕਰ ਘੱਲਦੇ, ਦਾਸੀ ਹਾਜ਼ਰ ਹੋ ਜਾਂਦੀ। ”
ਐਮੀ ਜੀ— ਮੋਹਿਨਾ! ਮੈਂ ਆਖ ਜੁ ਗਈ ਸਾਂ ਕਿ ਆਵਾਂਗੀ।
ਮੋਹਿਨਾ- ਫੇਰ ਕਿਹੜੀ ਗੱਲ ਸੀ? ਮੈਂ ਜੋ ਟਹਿਲਣ ਹਾਜ਼ਰ ਸਾਂ।
ਅੰਮੀ ਜੀ- ਮੇਰੀਆਂ ਤਾਂ ਸਾਰੀਆਂ ਵਾੜੀਆਂ ਹਨ, ਟਹਿਲਣ ਮੇਰੀ ਕੋਈ ਕਿਉਂ? ਸਗੋਂ 'ਹਰਿ-ਸੇਵਾ' ਦੀ ਮੰਗ ਤਾਂ ਵਾਹਿਗੁਰੂ ਦੇ ਦਰ ਤੋਂ ਮੈਂ ਆਪ ਮੰਗਦੀ ਹਾਂ।
ਮੋਹਿਨਾ- ਮੇਰੀ ਚੰਗੀ ਚੰਗੇਰੀ ਅੰਮੀਏ! ਰੁੱਖਾ ਮਿੱਸਾ ਪ੍ਰਸ਼ਾਦ, ਬੱਕਰੀ ਦਾ ਦੁੱਧ, ਆਪਣੇ ਛੱਤਿਆਂ ਦੀ ਮਾਖਿਓਂ ਹਾਜ਼ਰ ਹੈ, ਆਗਿਆ ਕਰੋ, ਹਾਜ਼ਰ ਕਰਾਂ ?
ਅੰਮੀ- ਬੇਟਾ ਜੀਉ! ਮੈਂ ਪ੍ਰਸ਼ਾਦ ਛਕਾ ਕੇ ਤੇ ਆਪ ਛਕਕੇ ਆਈ ਹਾਂ। ਛਕਾਉਣਾ ਹੈ ਤਾਂ ਉਹੋ ਛਕਾਓ ਜਿਸਦੀ ਭੁੱਖ ਮੈਨੂੰ ਤੁਸਾਂ ਪਾਸ ਲਿਆਈ ਹੈ।
ਮੋਹਿਨਾ 'ਸਤਿ ਬਚਨ ਕਹਿ ਕੇ ਉਠੀ, ਇਕ ਖੂੰਜੇ ਕਿੱਲੀ ਨਾਲ ਸਰੋਦਾ ਲਟਕ ਰਿਹਾ ਸੀ, ਲਾਹ ਲਿਆਈ, ਸੁਰ ਕੀਤਾ ਤੇ ਲੱਗੀਆਂ ਉਸ ਦੀਆਂ ਤ੍ਰਿਖੀਆਂ ਉਂਗਲਾਂ ਮੱਧਮ ਤੇ ਕਲੇਜਾ ਹਿਲਾਵੀਆਂ ਠੁਹਕਰਾਂ ਦੇਣ। ਪਹਿਲੇ ਮਲਾਰ ਦਾ ਅਲਾਪ ਛਿੜਿਆ, ਪਰ ਫੇਰ ਸਾਰੰਗ ਦੀ ਗਤ ਬੱਝ ਗਈ। ਕਮਰੇ ਦੇ ਅੰਦਰ ਇਕ ਬੈਕੁੰਠ ਦਾ ਨਕਸ਼ਾ ਬਣ ਗਿਆ। ਇਸ ਵੇਲੇ ਐਮੀਂ ਜੀ ਪੀੜੀ ਤੋਂ ਉਤਰਕੇ ਹੇਠਾਂ ਹੋ ਬੈਠੇ, ਅੱਖਾਂ ਬੰਦ ਹੋ ਗਈਆਂ ਤੇ ਸ਼ਰੀਰ ਐਸਾ ਅਡੋਲ ਹੋਇਆ, ਮਾਨੋਂ ਸ਼ਬਦ ਦੀ ਝੁਨਕਾਰ ਦੇ ਵਿਚ ਹੀ ਲੀਨ ਹੋ ਗਿਆ ਹੈ। ਮੋਹਿਨਾ ਜੀ ਦਾ ਹੁਣ ਸਰੋਦੇ ਨਾਲੋਂ ਵੀ ਸੁਰੀਲਾ ਤੇ ਮਿੱਠਾ ਗਲਾ ਖੁਲਿਆ:-
"ਹਰਿ ਬਿਨੁ ਕਿਉ ਰਹੀਐ ਦੁਖੁ ਬਿਆਪੈ॥
ਜਿਹਵਾ ਸਾਦੁ ਨ ਫੀਕੀ ਰਸ ਬਿਨੁ ਬਿਨੁ ਪ੍ਰਭ ਕਾਲੁ ਸੰਤਾਪੈ॥੧॥ਰਹਾਉ॥
ਜਬ ਲਗੁ ਦਰਸੁ ਨ ਪਰਸੈ ਪ੍ਰੀਤਮ ਤਬ ਲਗੁ ਭੂਖ ਪਿਆਸੀ॥
ਦਰਸਨੁ ਦੇਖਤ ਹੀ ਮਨੁ ਮਾਨਿਆ ਜਲ ਰਸਿ ਕਮਲ ਬਿਗਾਸੀ॥੧॥
ਊਨਵਿ ਘਨਹਰੁ ਗਰਜੈ ਬਰਸੈ ਕੋਕਿਲ ਮੋਰ ਬੈਚਾਗੈ॥
ਤਰਵਰ ਬਿਰਖ ਬਿਹੰਗ ਭੁਇਅੰਗਮ ਘਰਿ ਪਿਰ ਧਨ ਸੋਹਾਗੈ॥੨॥
ਕੁਚਿਲ ਕੁਰੂਪਿ ਕੁਨਾਰਿ ਕੁਲਖਨੀ ਪਿਰ ਕਾ ਸਹਜੁ ਨ ਜਾਨਿਆ॥
ਹਰਿ ਰਸ ਰੰਗਿ ਰਸਨ ਨਹੀ ਤ੍ਰਿਪਤੀ ਦੁਰਮਤਿ ਦੂਖ ਸਮਾਨਿਆ॥੩॥
ਆਇ ਨ ਜਾਵੇ ਨਾਂ ਦੁਖੁ ਪਾਵੈ ਨਾ ਦੁਖਦਰਦੁ ਸਰੀਰੇ॥
ਨਾਨਕ ਪ੍ਰਭ ਤੇ ਸਹਜ ਸੁਹੇਲੀ ਪ੍ਰਭ ਦੇਖਤ ਹੀ ਮਨੁ ਧੀਰੇ॥੪॥੨॥" (ਸਾਰੰਗ ਮਹਲਾ ੧, ਅੰਕ ੧੧੯੭)
ਸ਼ਬਦ ਦੀ ਇਹ ਗਾਯਨ ਰੀਤਿ ਬੈਠਵੀਂ ਲੈ ਵਿਚ ਕੁਛ ਐਸੀ ਦਿਲ ਖਿੱਚਵੀਂ ਤੇ ਰਸ ਭਰੀ ਸੀ ਕਿ ਕਿਤਨਾ ਚਿਰ ਲੰਘ ਗਿਆ। ਫਿਰ ਹੋਰ ਸ਼ਬਦ ਛਿੜਿਆ। ਲੌਢਾ ਪਹਿਰ ਹੋ ਗਿਆ। ਮੋਹਿਨਾ ਦੀ ਜਲਘੜੀ ਨੇ ਦੱਸਿਆ ਕਿ ਤ੍ਰਿਪਹਿਰਾ ਵੱਜ ਚੁਕਾ ਹੈ। ਇੰਨੇ ਨੂੰ ਕਿਲ੍ਹੇ ਤੋਂ ਤ੍ਰਿਪਹਿਰਾ ਵਜ ਕੇ ਤ੍ਰੈ ਘੜੀਆਂ ਦੀ ਟੁੰਕਾਰ ਸੁਣਾਈ ਦਿੱਤੀ। ਕੀਰਤਨ ਸਮਾਪਤ ਹੋ ਚੁੱਕਾ ਸੀ, ਅੰਮੀ ਜੀ ਜਾਣਾ ਚਾਹੁੰਦੇ ਸਨ ਪਰ ਮੋਹਿਨਾਂ -ਤੇ ਪਿਆਰ ਭਰੀ ਮੋਹਿਨਾਂ- ਨੇ ਐਵੇਂ ਜਾਣ ਨਾਂ ਦਿੱਤਾ। ਠੰਢ ਦੇ ਕਾਰਨ ਅਖਰੋਟ, ਬਦਾਮ ਤੇ ਅਬਜੋਸ਼ ਅੱਗੇ ਲਿਆ ਧਰੇ ਤੇ ਲੂਣ ਵਾਲੀ ਚਾਹ ਦੀ ਇਕ ਕਟੋਰੀ ਨਾਲ। ਅੰਮੀ ਜੀ ਨੇ ਪ੍ਰੇਮ ਦੇ ਰੰਗ ਅੱਗੇ ਨਾਂਹ ਨਾ ਕੀਤੀ 'ਵਾਹਿਗੁਰੂ! ਤੂੰ ਧੰਨ ਤੂੰ ਧੰਨ ਕਿਹਾ ਤੇ ਮੂੰਹ ਚੋਲ੍ਹਿਆ।
ਜਦੋਂ ਮਾਤਾ ਜੀ ਟੁਰੇ ਤਾਂ ਮੋਹਿਨਾਂ ਦੀਆਂ ਅੱਖਾਂ ਵਿਚ ਪਾਣੀ ਭਰ ਆਇਆ। ਚਿਹਰਾ ਹਵਾਈ ਵਾਂਙ ਉੱਡ ਗਿਆ, ਚੱਕਰ ਖਾਂਦੀ ਤੇ ਬਹਿੰਦੀ ਬਹਿਂਦੀ ਹੇਠਾਂ ਢਹਿ ਪਈ ਤੇ ਨਿਢਾਲ ਹੋ ਲੇਟ ਗਈ। ਐਮੀ ਜੀ ਨੇ ਸਿਰ ਤੇ ਹੱਥ ਫੇਰਿਆ, ਪਿਆਰ ਦਿੱਤਾ, ਗੋਦੀ ਵਿਚ ਸਿਰ ਲੈ ਕੇ ਥਾਪੜੇ ਦਿੱਤੇ ਤਾਂ ਸਾਵਧਾਨ ਹੋਈ। ਅਜੇ ਅੱਥਰੂ ਨਹੀਂ ਖੜੋਂਦੇ ਸਨ ਤੇ ਕਲੇਜਾ ਥਾਂਵੇਂ ਨਹੀਂ ਸੀ ਆਉਂਦਾ:-“ਮੋਹਿਨਾਂ! ਤੈਨੂੰ ਹੁਣ ਕਿਉਂ ਫਿਕਰ ਹੈ? ਮੈਂ ਜੁ ਫਿਕਰ ਲੈ ਲਿਆ ਹੈ, ਸਾਰੇ ਕਾਜ ਸੁਹੇਲੜੇ ਹੋ ਜਾਸਣ, ਤੂੰ ਜਿਸ ਰਾਹੇ ਟੁਰੀ ਹੈਂ ਤੁਰੀ ਰਹੁ।” ਇਉਂ ਧੀਰਜਾਂ ਤੇ ਅਸੀਸਾਂ ਦੇਂਦੀ ਦੈਵੀ ਐਮੀ ਟੁਰ ਗਈ।
2. (ਮੋਹਿਨਾ ਤੇ ਸੋਹਿਨਾ)
ਅੰਮੀ ਜੀ ਨੂੰ ਗਿਆਂ ਕੁਝ ਚਿਰ ਬੀਤ ਗਿਆ ਸੀ, ਦਿਨ ਅੰਦਰ ਬਾਹਰ ਵੱਲ ਹੋਣ ਲੱਗ ਪਿਆ, ਸੂਰਜ ਤਾਂ ਚੜ੍ਹਿਆ ਹੀ ਨਹੀਂ ਸੀ ਪਰ ਬੱਦਲਾਂ ਵਿਚੋਂ ਛਣ ਕੇ ਜੋ ਚਾਨਣ ਆਉਂਦਾ ਸੀ ਉਹ ਬੀ ਘਟਣ ਲੱਗ ਪਿਆ। ਇਸ ਵੇਲੇ ਮੋਹਿਨਾ ਨੇ ਬਾਹਰ ਆ ਕੇ ਕੂਲੀਆਂ ਕੂਲੀਆਂ ਸਰਹੋਂ ਦੀਆਂ ਰੀਦਲਾਂ ਤੋੜੀਆਂ ਤੇ ਅੰਦਰ ਜਾ ਕੇ ਸਾਗ ਧਰ ਦਿੱਤਾ। ਥੋੜੇ ਹੀ ਚਿਰ ਮਗਰੋਂ ਬੂਹਾ ਫੇਰ ਖੜਕਿਆ, ਰਹਿਰਾਸ ਦਾ ਭੋਗ ਪਾ ਕੇ ਅਰਦਾਸਾ ਕਰ
----------------
ਰਹੀ ਮੋਹਿਨਾ ਨੇ ਅਰਦਾਸਾ ਹੋ ਚੁਕਣ ਪਰ ਬੂਹਾ ਖੋਲ੍ਹਿਆ, ਤਾਂ ਉਸ ਦੇ ਪ੍ਰਾਣਪਤੀ ਜੀ ਨਜ਼ਰ ਪਏ, ਜੋ ਕਈ ਦਿਨਾਂ ਦੇ ਵਾਂਢੇ ਗਏ ਹੋਏ ਸੇ। ਇਸ ਨੇ ਸੀਸ ਨਿਵਾਇਆ, ਉਨ੍ਹਾਂ ਨੇ ਅਸੀਸ ਦਿੱਤੀ, ਸੁਖਸਾਂਦ ਪੁੱਛੀ ਤੇ ਮੂੰਹ ਹੱਥ ਧੋ ਕੇ ਫੇਰ ਅੱਗ ਉਦਾਲੇ ਆ ਬੈਠੇ।
ਪਤੀ-ਮੋਹਿਨਾ! ਮੇਰੇ ਪਿੱਛੋਂ ਅੰਮੀ ਜੀ ਦੇ ਦਰਸ਼ਨ ਫੇਰ ਤੁਸਾਂ ਨਹੀਂ ਕੀਤੇ ?
ਮੋਹਿਨਾ— ਜੀ ਦੋ ਵੇਰ ਹੋਏ ਹਨ, ਅੱਠ ਦਿਨ ਹੋਏ ਤਾਂ ਮੈਂ ਗਈ ਸਾਂ, ਅਜ ਆਪ ਆਏ ਸਨ। ਹੁਣੇ ਗਏ ਨੇ।
ਪਤੀ- ਧੰਨ ਭਾਗ! ਅੰਮੀ ਜੀ ਕੰਡੇ ਦਿਆਲੂ ਹਨ? ਕੰਗਲਿਆਂ ਨੂੰ ਨਿਹਾਲ ਕਰਦੇ ਹਨ।
ਮੋਹਿਨਾ- ਚਰਨ ਪਾਉਣੇ ਹੀ ਨਹੀਂ ਉਹ ਤਾਂ ਕੀਟਾਂ ਨੂੰ ਥਾਪਦੇ ਹਨ, ਮੈਂ ਕਿਸੇ ਵੇਲੇ ਆਪਣੇ ਆਪ ਨੂੰ ਦਾਸ ਜਾਂ ਟਹਿਲਣ ਆਖਾਂ ਤਾਂ ਝਿੜਕ ਕੇ ਆਖਦੇ ਹਨ- "ਮੈਂ ਤੈਨੂੰ ਗੋਦੀ ਲਿਆ ਹੈ, ਆਪਣਾ ਬੱਚਾ ਬਣਾਇਆ ਹੈ, ਤੂੰ ਕਿਉਂ ਦਾਸੀ?” ਅੰਮੀ ਆਖਾਂ ਤਾਂ ਖ਼ੁਸ਼ ਹੁੰਦੇ ਹਨ। ਕੋਈ ਹੋਰ ਵਡਿਆਈ ਦਾ ਨਾਮ ਲੈ ਕੇ ਸੱਦਾਂ ਤਾਂ ਸਦਾ ਖਿੜੇ ਮੱਥੇ ਤੇ ਵੱਟ ਪਾ ਲੈਂਦੇ ਹਨ।
ਪਤੀ— ਸੱਚ ਹੈ, ਸ਼ੁਕਰ ਹੈ ਮਾਲਕ ਦਾ ਜੋ ਸਾਡੇ ਜੇਹਿਆਂ ਪਰ ਦਿਆਲੂ ਹੈ। ਪ੍ਰੇਮ ਵਿਚ ਖਿੱਚਦਾ ਹੈ। ਪਰ ਮੋਹਿਨਾ ਜੀਉ! ਕੋਈ ਸਾਡੀ ਮੁਸ਼ਕਲ ਖੁਲ੍ਹ ਪੈਣ ਦਾ ਨਿਸ਼ਾਨ ਬੀ ਨੇੜੇ ਨੇੜੇ ਆਇਆ ਹੈ?
ਮੋਹਿਨਾ- ਸੁਆਮੀ ਜੀ! ਨਹੀਂ ਅੰਮੀ ਜੀ ਅਜੇ ਇਹੋ ਆਖਦੇ ਹਨ 'ਹੁਕਮ ਨਹੀਂ।'
ਸੋਹਿਨਾ— ਹੱਛਾ! ਜਿਵੇਂ ਰਜ਼ਾ, ਪ੍ਰਿਯਾ ਜੀ! ਤੁਸੀਂ ਘਬਰਾਉਂਦੇ ਤਾਂ ਨਹੀਂ ?
ਮੋਹਿਨਾ— ਟੋਟ ਵਾਲਾ ਘਬਰਾ ਤਾਂ ਹੁਣ ਨਹੀਂ, ਪਰ ਵੈਰਾਗ ਤੇ ਪ੍ਰੇਮ ਦੀ ਖਿੱਚ ਤਾਂ ਹਰ ਘੜੀ ਹੈ।
ਸੋਹਿਨਾ— ਇਹੋ ਮੇਰਾ ਹਾਲ ਹੈ, ਪਤਾ ਨਹੀਂ ਮੈਂ ਇਹ ਸਫ਼ਰ ਕੀਕੂ ਬਿਤਾਇਆ ਹੈ, ਪ੍ਰੇਮ ਦੀ ਖਿੱਚ ਤੇ ਬਿਰਹੇ ਦੀ ਧੂਹ ਨੇ ਇਕ ਪਲ ਨਹੀਂ ਛੱਡਿਆ। ਜੇ ਕਦੀ ਇਹ ਕੰਮ ਅੰਮੀ ਜੀ ਦਾ ਨਾ ਹੁੰਦਾ ਤਾਂ ਮੈਂ ਅਧਵਾਟਿਓ ਮੁੜ ਆਉਂਦਾ।
ਮੋਹਿਨਾ-- ਪਤੀ ਜੀ! ਅਸੀਂ ਦਾਸ ਜੋ ਠਹਿਰੇ, ਜੋ ਮਾਲਕ ਦੀ ਰਜ਼ਾ ਉਹ ਸਾਡੀ ਕਰਨੀ ਕਰਤੂਤ ਤੇ ਉਸੇ ਵਿਚ ਸਾਡਾ ਭਲਾ। ਸਾਂਈਂ ਮਿਹਰ ਕਰੇ, ਉਹ ਕਰੀਏ ਜੋ ਉਸ ਨੂੰ ਭਾਵੇ, ਪਰ ਇਹ ਕਰਦਿਆਂ ਸਾਡੀ ਧੂਹ ਤੇ ਖਿਚ ਦੂਣ ਸਵਾਈ ਹੁੰਦੀ ਜਾਵੇ। ਜਿੰਨਾਂ ਚਿਰ ਇਸ ਧੂਹ ਨੂੰ ਮਨ ਝੱਲੇ ਜਰੀ ਜਾਵੇ। ਵਾਹ ਵਾਂਹ, ਜਦ ਜਰ ਨਾ ਸਕੇ ਤੇ ਇਸਦੇ ਭਾਰ ਹੇਠ ਟੁੱਟ ਜਾਵੇ, ਤਦ ਇਸ ਤੋਂ ਉੱਤਮ ਵਸੀਲਾ ਹੋਰ ਕੀ ਹੋਸੀ ਜਿਸ ਨਾਲ ਕਲਿਆਣ ਮਿਲੇ?
ਸੋਹਿਨਾ— ਜੋ ਮਾਲਕ ਕੰਮ ਸੌਂਪੇ ਉਹ ਕਰੀਏ, ਜੋ ਹੁਕਮ ਦੇਵੇ ਮੰਨੀਏ, ਮਾਲਕ ਚਾਹੇ ਝਿੜਕੇ ਚਾਹੇ ਦੁਰਕਾਰੇ, ਪਰ ਚੰਗਾ ਲੱਗਦਾ ਰਹਵੇ, ਪਿਆਰ ਵੱਧਦਾ ਰਹਵੇ ਤੇ ਪ੍ਰੇਮ ਹੁਲਾਰੇ ਲੈਂਦਾ ਰਹਵੇ। ਫੇਰ ਕਦੇ ਆਪੇ...
ਮੋਹਿਨਾ— ਹਾਂ, ਪ੍ਰਿਯਵਰ ਜੀ ਦਰਸ਼ਨ ਦਾਤ ਹੈ, ਮਿਹਰ ਹੈ, ਨਦਰ ਹੈ। ਅੰਮੀ ਜੀ ਆਖਦੇ ਸੇ ਸਾਡੇ ਸਾਧਨ ਮੁਰਦਾ ਸਾਧਨ ਹਨ, ਅਸੀਂ ਜੋ ਮੁਰਦੇ ਹੋ ਰਹੇ ਹਾਂ। ਇਹ ਤਾਂ ਲੂਲ੍ਹੇ ਪਿੰਗਲੇ ਦੇ ਟੁੰਡ ਮਾਰਨ ਵਾਲੀ ਗੱਲ ਹੈ। ਲੂਲ੍ਹਾ ਪਿੰਗਲਾ ਪਰਬਤ ਤੇ ਕਦੇ ਪਹੁੰਚ ਸਕਦਾ ਹੈ? ਸਾਂਈਂ ਦੀ ਨਦਰ, ਸਾਂਈਂ ਦੀ ਮਿਹਰ ਉਸ ਨੂੰ ਖਿਨ ਵਿਚ ਲੈ ਜਾ ਸਕਦੀ ਹੈ। 'ਦਰਸ਼ਨ' ਤਾਂ ਮਿਹਰ ਹੈ, ਮਿਹਰ ਦਾਤੇ ਦੇ ਵੱਸ ਹੈ, ਸਾਡੇ ਵੱਸ ਨਹੀਂ। ਅਸੀਂ ਤਾਂ ਮੰਗਤੇ ਹਾਂ, ਮੰਗਤਾ ਝੋਲੀ ਅੱਡੀ ਰਖੇ, ਆਸਾ ਵੰਦ ਰਹੇ, ਮਨ ਹਰ ਵੇਲੇ ਯਾਚਨਾ ਵਿਚ ਰਹੇ, ਬੱਸ। ਬਾਕੀ ‘ਦੇਣਾ ਮਿਹਰਾਂ ਵਾਲੇ ਦੇ ਵੱਸ ਹੈ। ਉਸਦੇ ਦੁਆਰੇ ਆਸਾਵੰਦ ਰਹਿਣਾ, ਇਤਨਾ ਹੀ ਮੰਗਤੇ ਦਾ ਕਰਤੱਵ ਹੈ। ਮੰਗਤਾ ਕਾਹਲਾ ਨਾ ਪਵੇ, ਮੰਗਤਾ ਨਿਰਾਸ ਨਾ ਹੋਵੇ, ਮੰਗਤਾ ਮਾਨ ਨਾ ਕਰੇ, ਮੰਗਤਾ ਦਾਵਾ ਨਾ ਬੰਨ੍ਹੇ, ਹੰਕਾਰ ਨ ਧਾਰੇ ਕਿ ਜ਼ਰੂਰ ਮਿਲਸੀ, ਪਰ ਮੰਗਤਾ ਕਦੇ ਸਿਦਕ ਨਾ ਹਾਰੇ, ਨਿਹਚਾ ਰਖੇ ਕਿ ਦਾਤਾ ਕਦੇ ਨਾ ਕਦੇ ਜ਼ਰੂਰ ਠਸੀ। ਆਸਾਵੰਦ ਰਹੇ, 'ਮੰਗ-ਧਰਮ ਧਾਰੋ', ਇਹ ਅੰਮੀ ਜੀ ਦਾ ਵਾਕ ਸੀ। ਸੋ ਪਤੀ ਜੀ! ਅੱਗੇ ਆਪਣੇ ਹਠ ਤੇ ਹਉਂ ਭਰੇ ਸਾਧਨਾਂ ਦਾ ਫਲ ਵੇਖ ਹੀ ਚੁਕੇ ਹਾਂ, ਕੀ ਪਾਇਆ ਹੈ। ਹੁਣ ਤਾਂ ਅੰਮੀ ਜੀ ਦੀ ਸੁਮੱਤ ਸਾਨੂੰ ਲਗੇ। ਅਸੀਂ ਨੌਕਰ ਰਹੀਏ ਤੇ ਨਖ਼ਰਾ ਚੁਕਾਈਏ, ਅਸੀਂ ਸ਼ੁਕਰ ਕਰੀਏ ਕਿ ਸਾਨੂੰ ਅੰਮੀ ਜੀ ਦੀ ਮਿਹਰ ਮਿਲ ਗਈ ਹੈ। ਦੇਖੋ ਅਜ ਕਿੱਡੀ ਠੰਢ ਤੇ ਮੀਂਹ ਦਾ ਕਣੀ ਕਣੋਟ ਸੀ, ਪਰ ਸੁਖਨਾ ਦੀ ਪੱਕੀ ਅੰਮੀ, ਜਿਸ
ਦੇ ਅਸੀਂ ਮੁੱਲ ਖ਼ਰੀਦੇ ਗੋਲਿਆਂ ਤੋਂ ਭੀ ਹੀਣੇ ਦਾਸ ਹਾਂ, ਆਪ ਟੁਰਕੇ ਇਸ ਕੱਖਾਂ ਦੀ ਕੁੱਲੀ ਵਿਚ ਆਈ ਅਰ ਮੈਨੂੰ ਆਤਮ ਉਪਦੇਸ਼ਾਂ ਨਾਲ ਕ੍ਰਿਤਾਰਥ ਕਰਕੇ ਗਈ ਹੈ।
ਮੋਹਿਨਾ ਇਹ ਕਹਿ ਰਹੀ ਸੀ ਤੇ ਸੋਹਿਨਾ ਜੀ ਦੇ ਨੇਤ੍ਰ ਮਿਟਦੇ ਜਾਂਦੇ ਸੇ ਅਰ ਅੱਖਾਂ ਵਿਚੋਂ ਕੋਈ ਕੋਈ ਟੇਪਾ ਤਪ ਤਪ ਕਿਰ ਰਿਹਾ ਸੀ, ਹੁਣ ਮੋਹਿਨਾ ਕਹਿਂਦੀ ਕਹਿਂਦੀ ਆਪ ਬੀ ਗੁੰਮ ਹੋ ਗਈ।
ਕੈਸਾ ਅਦਭੂਤ ਦਰਸ਼ਨ ਹੈ, ਕੈਸੇ ਇਸਤ੍ਰੀ ਭਰਤਾ ਇਕ ਰੰਗ ਦੇ ਹਨ, ਕੈਸਾ ਘਰ ਦਾ ਸਤਿਸੰਗ ਹੈ। ਗੁਰ ਨਾਨਕ ਸੋਹਿਲੇ ਦੀ ਕਿਆ ਤਾਸੀਰ? 'ਘਰਿ ਸੁਖਿ ਵਸਿਆ ਬਾਹਰਿ ਸੁਖੁ ਪਾਇਆ। ਕੈਸਾ ਮਿੱਠਾ ਫਲ ਲੱਗਾ ਹੈ? ਜਿਸਦਾ ਬੀਜ ਗੁਰ ਨਾਨਕ ਕਰਦਾ ਹੈ, ਜਿਸ ਦਾ ਪਤਾ ਸਤਿਗੁਰ ਐਉਂ ਦੇਂਦਾ ਹੈ: 'ਕਹੁ ਨਾਨਕ ਗੁਰਿ ਮੰਤ੍ਰ ਦ੍ਰਿੜਾਇਆ।' ਸੱਚ ਹੈ ਗੁਰ ਨਾਨਕ ਦਾ ਮੰਤ੍ਰ ਕਾਇਆਂ ਪਲਟਦਾ ਹੈ, ਮਨ ਪਲਟਦਾ ਹੈ ਤੇ ਆਤਮ ਜੀਵਨ ਦਾਨ ਕਰਦਾ ਹੈ। ਅਸਲ ਰਸਾਇਣ ਗੁਰ ਨਾਨਕ ਦੇ ਗਾਰੁੜੀ ਮੰਤ੍ਰ ਵਿਚ ਹੈ, ਜੋ ਵਿਸ ਝਾੜਦਾ ਹੈ, ਪ੍ਰੇਮ ਅੰਮ੍ਰਿਤ ਪਾਉਂਦਾ ਹੈ। ਤੇ 'ਸਦਾ ਰਹੈ ਕੰਚਨ ਸੀ ਕਾਇਆਂ ਕਾਲ ਨ ਕਬਹੂੰ ਬਿਆਪੈ ਦਾ ਅਮਰ ਸੋਨਾਂ ਤਿਆਰ ਕਰਦਾ ਹੈ।
ਦੰਪਤੀ ਕਿੰਨਾ ਚਿਰ ਇਸੇ ਅਡੋਲਤਾ, ਬ੍ਰਿਤੀ ਦੀ ਰਸ ਭਰੀ ਏਕਾਗ੍ਰਤਾ ਵਿਚ ਬੈਠੇ ਰਹੇ। ਅੱਗ ਬਲ ਬਲ ਕੇ ਹਿੱਸ ਰਹੀ ਤੇ ਸਾਗ ਉੱਬਲ ਉੱਬਲ ਕੇ ਰਿੱਝ ਰਿਹਾ, ਦੀਵਾ ਜਗ ਜਗ ਕੇ ਬੁਝ ਰਿਹਾ, ਪਰ ਇਹਨਾਂ ਨੂੰ ਆਪਣੀ ਮੰਗ ਦੇ ਸ਼ੁਕਰਾਨੇ ਵਿਚ ਜੋ ਠੰਢਾ ਠੰਢਾ ਰਸ ਆਇਆ ਸੀ ਉਹ ਆਪਣੇ ਵਿਚ ਇੰਨਾ ਗਰਕ ਕਰ ਗਿਆ ਕਿ ਪਤਾ ਹੀ ਨਹੀਂ ਰਿਹਾ ਕਿ ਸਥੂਲ ਸੰਸਾਰ ਕੀਹ ਕੀਹ ਰੰਗ ਵਟਾ ਚੁਕਾ ਹੈ। ਤਦੇ ਅੱਖ ਖੁੱਲ੍ਹੀ ਜਦੋਂ ਬੂਹੇ ਨੇ ਫੇਰ ਖਟ ਖਟ ਕੀਤੀ। ਹਿਤ ਅਲਸਾਈਆਂ ਪ੍ਰੇਮ ਨਾਲ ਜੁੜੀਆਂ ਅੱਖਾਂ ਖੁੱਲ੍ਹੀਆਂ। ਮੋਹਿਨਾ ਨੇ ਦਰਵਾਜ਼ਾ ਖੁਹਲਿਆ, ਤਾਂ ਇਕ ਦਾਸ ਸੀ, ਜਿਸ ਨੇ ਬੜੇ ਪ੍ਰੇਮ ਨਾਲ ਕਿਹਾ, “ਬੀਬੀ ਜੀ! ਮੈਂ ਸੱਚੇ ਦੁਆਰੋਂ ਆਇਆ ਹਾਂ, ਅੰਮ੍ਰਿਤ ਵੇਲੇ ਤੁਸਾਂ ਨੂੰ ਧਿਆਨ ਵਿਚੋਂ ਉਠਾਇਆ ਹੈ, ਪਰ ਅੰਮੀ ਜੀ ਨੇ ਘੱਲਿਆ ਤੇ ਆਖਿਆ ਹੈ ਕਿ ਰਾਤ ਮਹਾਰਾਜ ਜੀ ਦੇ ਸਮਰਪਨ ਲਈ ਫੁਲ ਕਿਤੋਂ ਨਹੀਂ ਆਏ ਤੇ ਸਾਡੇ ਦਰਸ਼ਨ ਦਾ ਵਕਤ ਨੇੜੇ ਹੈ, ਹੋ ਸਕੇ
ਤਾਂ ਇਕ ਸਿਹਰੇ ਜੋਗੇ ਫੁਲ ਦਿਓ, ਅਰ ਛੇਤੀ ਦਿਓ ਜੋ ਸਾਡੇ ਨੇਮ ਵਿਚ ਭੰਗ ਨਾ ਪਵੇ। ਰਾਤ ਸੁਨੇਹਾ ਘੱਲਣਾ ਯਾਦ ਨਹੀਂ ਰਿਹਾ।”
ਲੇਖਿਆਂ ਤੇ ਪੜਚੋਲਾਂ ਵਾਲੀਆਂ ਸਮਝਾਂ ਉਸ ਖੁਸ਼ੀ ਨੂੰ ਕੀਹ ਸਮਝਣ ਜੋ ਇਸ ਸੁਖ ਸੁਨੇਹੜੇ ਨੇ ਦਿੱਤੀ? ਪ੍ਰੇਮ ਦੇ ਬੇ-ਗ਼ਮ ਰਾਹ, ਇਲਾਹੀ ਤੇ ਅਲੇਲ ਰਸਤੇ ਤੇ ਟੁਰਾਊ ਮੋਹਿਨਾ ਤੇ ਸੋਹਿਨਾ ਉਠੇ, ਆਪਣੀ ਸਾਂਭ ਸਾਂਭ ਤੇ ਖੋਰੀਆਂ ਪਰਾਲੀਆਂ ਨਾਲ ਕੱਜ ਕੱਜ ਰਖੀ ਫੁਲਵਾੜੀ ਵਿਚ ਜਾ ਵੜੇ। ਆਕਾਸ਼ ਵਿਚ ਬੱਦਲਾਂ ਦਾ ਚਿੱਟਾ ਤੇ ਕਾਲਾ ਰੂਪ ਛਾ ਰਿਹਾ ਹੈ, ਇਨ੍ਹਾਂ ਦੇ ਪਿੱਛੇ ਚੰਦਮਾਂ ਹੈ, ਬੱਦਲਾਂ ਵਿਚੋਂ ਦਾਮਨੀ ਖਿਉਂਦੀ ਤੇ ਲਿਸ਼ਕਾਰਾ ਮਾਰਦੀ ਹੈ। ਇਸ ਲਿਸ਼ਕਾਰੇ ਵਿਚ ਪ੍ਯਾਰੇ ਲਈ ਪ੍ਰੇਮੀ ਫੁੱਲ ਤੋੜ ਰਹੇ ਹਨ।
"ਊਪਰਿ ਬਨੈ ਅਕਾਸੁ ਤਲੈ ਧਰ ਸੋਹਤੀ॥
ਦਹ ਦਿਸ ਚਮਕੈ ਬੀਜੁਲਿ ਮੁਖ ਕਉ ਜੋਹਤੀ॥
ਖੋਜਤ ਫਿਰਉ ਬਿਦੇਸਿ ਪੀਉ ਕਤ ਪਾਈਐ॥
ਹਰਿਹਾਂ ਜੇ ਮਸਤਕਿ ਹੋਵੈ ਭਾਗੁ ਤ ਦਰਸਿ ਸਮਾਈਐ॥੯॥" (ਫੁਨਹੇ ਮਹਲਾ ੫, ਅੰਕ ੧੩੬੨)
ਫੁੱਲ ਤੋੜਦੇ ਹਨ, ਜੀ ਖੁਸ਼ੀ ਨਾਲ ਉਛਲਦਾ ਹੈ, ਅੰਮੀ ਜੀ ਕੇਡੇ ਚੰਗੇ ਹਨ ਜੋ ਐਸੇ ਸੁਹਣੇ ਕੰਮ ਲਈ ਸਾਨੂੰ ਯਾਦ ਕਰਦੇ ਹਨ। ਜਿਨ੍ਹਾਂ ਦੇ ਦੁਆਰੇ ਬਨਰਾਇ ਹੱਥ ਬੱਧੀ ਖੜੀ ਹੈ, ਉਹ ਸਾਨੂੰ ਸੇਵਾ ਦੇ ਕੇ ਵਡਿਆਉਂਦੇ ਹਨ। ਅੰਮੀ, ਅੰਮੀ, ਅੰਮੀ ਤੂੰ ਧੰਨ ਹੈਂ! ਫੇਰ ਫੁੱਲਾਂ ਨੂੰ ਐਸ ਤਰ੍ਹਾਂ ਦੇ ਪ੍ਯਾਰ ਭਾਵ ਨਾਲ ਬੁਲਾਉਂਦੇ ਹਨ, ਆਖਦੇ ਹਨ:-
'ਨੇਕ ਨਸੀਬ ਤੁਸਾਡੇ, ਮਿੱਤਰੋ! ਜਿਨ੍ਹਾਂ ਜਾਇ ਪੀਆ ਗਲ ਪੈਣਾਂ।
ਵਾਹ ਉੱਗਣਾ ਤੇ ਸੁਫਲਾ ਲਗਣਾ, ਖਿੜ ਖਿੜ ਹਸ ਹਸ ਰਹਿਣਾ।
ਵਾਹ ਤ੍ਰਟਣਾ, ਵਾਹ ਸੂਈ ਚੜ੍ਹਨਾ, ਵਾਹ ਗੁੰਦੇ ਰਲ ਬਹਿਣਾ।
ਵਾਹ ਹੱਸਣ, ਵਾਹ ਰੋਣ ਤੁਹਾਡੇ, ਜਿਨ੍ਹਾਂ ਜਾਇ ਪੀਆ ਗਲ ਪੈਣਾ॥'
ਐਉਂ ਪ੍ਰੇਮ ਭਰੇ ਪ੍ਰੇਮੀਆਂ ਨੇ ਸੁਹਣੇ ਸੁਹਣੇ ਲੈਂਦੇ ਦੇ ਫੁੱਲ ਅੰਮੀ ਜੀ ਲਈ ਇਕ ਸੁਹਣੀ ਪਟਾਰੀ ਵਿਚ ਪਾ ਕੇ ਘੱਲ ਦਿੱਤੇ।
ਤ੍ਰਿਪਹਿਰਾ ਬੀਤ ਚੁਕਾ ਸੀ, ਹੁਣ ਸੌਣ ਦਾ ਵੇਲਾ ਹੀ ਨਹੀਂ ਸੀ, ਦੰਪਤੀ ਨੇ ਇਸ਼ਨਾਨ ਕੀਤਾ ਤੇ ਆਪਣੇ ਪਾਠ ਸਿਮਰਨ ਵਿਚ ਲੱਗ ਪਏ।
3. (ਮੋਹਿਨਾ ਤੇ ਠਾਕੁਰ ਜੀ)
ਮੋਹਿਨਾ ਸੋਹਿਨਾ ਜੀ ਕੌਣ ਹਨ? ਇਸ ਗ਼ਰੀਬੀ ਵਿਚ ਕਿਉਂ ਹਨ? ਇੰਨੇ ਪ੍ਰੇਮੀ ਕਿਸ ਲਈ ਹਨ? ਅੰਮੀ ਜੀ ਐਡੇ ਪਿਆਰਾਂ ਵਾਲੇ ਕੌਣ ਹਨ ?
ਰਾਇਪੁਰ ਦੇ ਰਹਿਣ ਵਾਲੇ ਇਕ ਰਸੀਏ ਅਮੀਰ ਇਹ ਸੋਹਨਾ ਜੀ ਹਨ, ਇਨ੍ਹਾਂ ਦੀ ਇਸਤ੍ਰੀ ਮੋਹਿਨਾ ਹੈ। ਰਾਗ ਵਿਦ੍ਯਾ ਤੇ ਕਵਿਤਾ ਵਿਚ ਦੁਏ ਪ੍ਰਬੀਨ ਸੇ। ਸਮਾਂ ਪਾ ਕੇ ਕੁਛ ਭਗਤੀ ਵਿਚ ਲਗ ਪਏ ਸੇ। ਇਕ ਬੈਰਾਗੀ ਫ਼ਕੀਰ ਨੇ ਇਨ੍ਹਾਂ ਨੂੰ ਠਾਕੁਰ ਪੂਜਾ ਸਿਖਾਈ ਤੇ ਭਗਤੀ ਦੀ ਜਾਚ ਦੱਸੀ ਸੀ, ਭਾਵੇਂ ਇਹ ਚੰਗੇ ਘਰੋਂ ਬਾਹਰੋਂ ਖੁੱਲੇ ਸੇ, ਪੈਸੇ ਦੀ ਤੋਟ ਨਹੀਂ ਸੀ, ਪਰ ਜਦ ਭਗਤੀ ਨੇ ਰੰਗ ਜਮਾਇਆ ਤਾਂ ਸਵੇਰੇ ਖੂਹ ਤੋਂ ਜਾ ਕੇ ਆਪ ਇਸ਼ਨਾਨ ਕਰਕੇ ਸੁੱਚਾ ਜਲ ਠਾਕੁਰਾਂ ਲਈ ਲਿਆਉਣਾ, ਇਸ਼ਨਾਨ ਕਰਕੇ ਆਪਣੇ ਲਾਏ ਫੁੱਲਾਂ ਦੀ ਮਾਲਾ ਪੁਰੋਣੀ, ਪੂਜਾ, ਅਰਚਾ, ਡੰਡਉਤ, ਸਾਰੀ ਰੀਤਿ ਦੇਵ ਪੂਜਾ ਦੀ ਨਿਬਾਹੁਣੀ। ਸੰਕੀਰਤਨੀਏਂ ਵੀ ਤਕੜੇ ਸਨ। ਸੋਹਿਨਾ ਨੂੰ ਵੀਣਾ ਵਿਚ ਤੇ ਮੋਹਿਨਾ ਨੂੰ ਸਰੋਦੇ ਵਿਚ ਪ੍ਰਬੀਨਤਾ ਪ੍ਰਾਪਤ ਸੀ, ਠਾਕੁਰਾਂ ਦੇ ਅੱਗੇ ਓਹ ਸੰਗੀਤ ਤੇ ਨ੍ਰਿਤਕਾਰੀ ਕਰਨੀ ਕਿ ਅਵਧੀ ਕਰ ਦੇਣੀ। ਇਕ ਦਿਨ ਦੋਏ ਜਣੇ ਖੂਹ ਤੋਂ ਸੁੱਚਾ ਪਾਣੀ ਲਿਆ ਰਹੇ ਸਨ ਕਿ ਇਕ ਸਿੱਧੇ ਦਸਤਾਰੇ ਵਾਲਾ ਗੁਰਮੁਖ ਰੂਪ ਆਦਮੀ ਭੱਜਾ ਆਇਆ, ਇਸਦੇ ਇਕ ਕਰਾਰਾ ਫੱਟ ਲੱਗਾ ਸੀ ਅਰ ਤੇਹ ਨਾਲ ਬੇਹਾਲ ਹੋ ਰਿਹਾ ਸੀ। ਇਨ੍ਹਾਂ ਦੇ ਪੈਰਾਂ ਪਾਸ ਹਫ਼ ਕੇ ਡਿੱਗਾ ਤੇ 'ਪਾਣੀ ਪਾਣੀ' ਕੂਕ ਪਿਆ। ਉਸ ਦੀ ਲੋੜ ਨੇ ਇਨ੍ਹਾਂ ਨੂੰ ਤੁੜ੍ਹਕਾ ਤਾਂ ਦਿੱਤਾ ਪਰ ਨੇਮ ਧਰਮ ਨੇ ਇਹੋ ਮੱਤ ਦਿਤੀ ਕਿ ਠਾਕੁਰਾਂ ਲਈ ਸੁੱਚਾ ਜਲ ਲਿਜਾ ਰਹੇ ਹਾਂ, ਇਹ ਉਹਨਾਂ ਦੇ ਨਾਉਂਗੇ ਦਾ ਹੈ; ਜੂਠਾ ਕਿਸ ਤਰ੍ਹਾਂ ਕਰੀਏ? ਉਹ ਮੱਛੀ ਦੀ ਤਰ੍ਹਾਂ ਤੜਫ਼ਦਾ ਤੇ ‘ਪਾਣੀ ਪਾਣੀ' ਕੂਕਦਾ ਰਿਹਾ ਤੇ ਇਹ ਆਪਣੇ ਕਠੋਰ ਧਰਮ ਵਿਚ ਪੱਕੇ ਘੇਸ ਮਾਰਕੇ ਕੋਲ ਦੀ ਟੁਰੀ ਗਏ। ਉਸ ਦੀ ਸਿਸਕਦੀ ਅਖ਼ੀਰ ਅਵਾਜ਼, ਜੋ ਇਨ੍ਹਾਂ ਦੇ ਕੰਨ ਪਈ, ਉਹ ਇਹ ਸੀ:-
"ਨਾਲੇ ਪਿਆਰ ਨਾਲੇ ਦੋ ਘੁਟ ਪਾਣੀ ਤੋਂ ਤਰਸਾਣਾ! ਦਰਸ਼ਨ ਨਹੀਂ ਜੇ ਦੇਣ ਲੱਗਾ।”
ਇਹ ਸੁਣ ਕੇ ਬੀ ਏਹ ਦੋਵੇਂ ਟੁਰੀ ਗਏ, ਘਰ ਜਾ ਕੇ ਠਾਕੁਰਾਂ ਨੂੰ ਨੁਹਾਲਿਆ, ਪੂਜਾ ਕੀਤੀ, ਪਰ ਅਜ ਕਲੇਜੇ ਵਿਚ ਚੋਭ ਪੈਂਦੀ ਹੈ, ਪੂਜਾ ਵਿਚ ਮਨ ਲਗਦਾ ਨਹੀਂ। ਘਬਰਾ ਕੇ ਉੱਠੇ ਤੇ ਸੋਚ ਕੇ ਟੁਰੇ ਕਿ ਚਲੋ ਬਈ ਉਸ ਨੂੰ ਪਾਣੀ ਪਿਲਾ ਆਈਏ, ਕਿਤੇ ਕੋਈ ਮਾੜੀ ਅਸੀਸ ਨਾ ਲਗ ਜਾਵੇ। ਜਦ ਪਾਣੀ ਦਾ ਭਬਕਾ ਲੈ ਕੇ ਆਏ, ਤਾਂ ਉਹ ਘਾਇਲ ਆਪਣੇ ਹਫ਼ੇ ਟੁੱਟੇ ਮਿੱਟੀ ਦੇ ਸਰੀਰ ਨੂੰ ਛੱਡਕੇ ਅਕਾਸ਼ਾਂ ਨੂੰ ਜਾ ਚੁਕਾ ਸੀ। ਉਸਦੀ ਮੜੋਲੀ ਪਈ ਸੀ ਤੇ ਐਉਂ ਜਾਪਦਾ ਸੀ ਕਿ ਸਦਾ ਲਈ ਮਿਟ ਗਏ ਬੁਲ੍ਹਾਂ ਤੋਂ ਕਹਿ ਰਿਹਾ ਹੈ, 'ਦਰਸ਼ਨ ਨਹੀਂ ਜੇ ਦੇਣ ਲਗਾ।' ਦੋਹਾਂ ਦੇ ਕਲੇਜੇ ਧੱਕ੍ਰ ਕਰ ਕੇ ਮੁੱਠ ਵਿਚ ਆ ਗਏ, ਦਿਲ ਦੀ ਜਿਸ ਚੋਭ ਨੂੰ ਮੇਟਣ ਆਏ ਸਨ, ਉਹ ਚੋਭ ਦੂਣ ਸਵਾਈ ਹੋ ਗਈ। ਇੰਨੇ ਨੂੰ ਇਕ ਰੁਖੋਂ ਪੰਜ ਸਤ ਆਦਮੀ ਆ ਗਏ ਤੇ ਬੋਲੇ 'ਇਹੋ ਹੈ।' ਪੁੱਛਣ ਤੋਂ ਪਤਾ ਲਗਾ ਕਿ ਇਹ ਸੂਰਬੀਰ ਮਹਾਂ ਭਜਨੀਕ ਸਾਧੂ ਹੈ, ਜੋ ਆਨੰਦਪੁਰ ਵਾਲੇ ਗੁਰੂ ਜੀ ਦਾ ਚੇਲਾ ਸੀ। ਬਨ ਵਿਚ ਸਦਾ ਵੱਸਦਾ ਸੀ ਪਰ ਮਾਲਾ ਦੇ ਨਾਲ ਤਲਵਾਰ ਭੀ ਰਖਦਾ ਹੈ ਸੀ। ਅੱਜ ਇਕ ਗ਼ਰੀਬ ਟੋਲੇ ਤੇ ਡਾਕੇ ਪਏ ਦੀ ਆਵਾਜ਼ ਸੁਣਕੇ ਕੁਮਕ ਨੂੰ ਪਹੁੰਚਾ, ਇਸ ਤਰ੍ਹਾਂ ਲੜਿਆ ਕਿ ਡਾਕੂ ਭਜਾ ਦਿੱਤੇ ਤੇ ਟੋਲਾ ਵਾਲ ਵਾਲ ਬਚਾ ਦਿੱਤਾ। ਅਪਣੇ ਜ਼ਖ਼ਮ ਤੇ ਤਪਤ ਨਾਲ ਬਿਆਕੁਲ ਹੋ ਕੇ ਭੱਜਾ ਹੈ ਤੇ ਫੇਰ ਨਹੀਂ ਲੱਭਾ। ਨੇੜੇ ਤੇੜੇ ਦੇ ਕਦਰਾਂ ਵਾਲੇ ਤੇ ਪ੍ਰੇਮੀ ਸੁਣਕੇ ਚਾਰ ਚੁਫੇਰੇ ਭੱਜੇ ਹਨ, ਪਰ ਇਥੇ ਆਣ ਮਿਲਿਆ ਹੈ ਤੇ ਇਸ ਹਾਲ ਲੱਭਾ ਹੈ।
"ਦਰਸ਼ਨ ਨਹੀਂ ਜੇ ਦੇਣ ਲੱਗਾ" ਇਹ ਸ਼ਬਦ ਦੋਹਾਂ ਦੇ ਕੰਨਾਂ ਵਿਚ ਹੁਣ ਹੋਰ ਤਕੜੇ ਹੋ ਕੇ ਗੂੰਜੇ। ਅੱਖਾਂ ਵਿਚ ਨੀਰ ਭਰ ਆਇਆ, ਆਪਣੇ ਆਪ ਨੂੰ ਧਿਕਾਰ ਦਿੱਤੀ, ਪਰ ਹੁਣ ਧਿਕਾਰ ਕੀਹ ਕਰਦੀ ਹੈ? ਉਹ ਸਮਾਂ ਲੰਘ ਗਿਆ ਜਦੋਂ ਠਾਕੁਰ ਦਾ ਪੁਤ ‘ਪਾਣੀ ਪਾਣੀ' ਕੂਕਦਾ ਸੀ। ਉਸ ਵੇਲੇ ਦਾ ਇਕ ਘੁੱਟ ਦਿੱਤਾ ਹੋਇਆ ਠਾਕੁਰ ਨੂੰ ਉਹ ਪ੍ਰਸੰਨ ਕਰਦਾ ਕਿ ਹੁਣ ਖੂਹਾ ਅਰਪਨ ਕੀਤਿਆਂ ਨਹੀਂ ਕਰਨਾ, ਪਰ:-"ਨਾਨਕ ਸਮਿਓ ਰਮਿ ਗਇਓ ਅਬ ਕਿਉ ਰੋਵਤ ਅੰਧ॥੩੬॥ (ਸ:ਮ:੯-੧੪੨੮) ਰਾਇ ਪੁਰ ਦੀ ਰਾਣੀ ਨੂੰ ਖ਼ਬਰ ਲੱਗੀ ਕਿ ਮੇਰੇ ਨੇੜੇ ਹੀ, ਜਿਸ ਦੇ ਦਰਸ਼ਨਾਂ ਨੂੰ ਮੈਂ ਤਰਸ ਰਹੀ ਹਾਂ, ਉਸ ਦਾ ਇਕ ਲਾਡਲਾ ਬਾਲਕਾ
ਪਰਉਪਕਾਰ ਵਿਚ ਜਾਨ ਤੇ ਖੇਡ ਗਿਆ ਹੈ, ਤਾਂ ਬੜਾ ਅਕੁਲਾਈ। ਜਦੋਂ ਪਤਾ ਲਗਾ ਕਿ ਜਿਸ ਟੋਲੇ ਦੀ ਰੱਖਿਆ ਵਿਚ ਜਾਨ ਦਿੱਤੀ ਸੂ ਉਹ ਨਾਮ ਦੇ ਰਸੀਏ 'ਗੁਰੂ-ਦਰਸ਼ਨ ਨੂੰ ਜਾ ਰਹੇ ਸਨ, ਤਦ ਹੋਰ ਬੀ ਰੋਈ। "ਹਾਇ ਅਭਾਗ ਮੇਰੀਆਂ ਸਿੱਕਾਂ ਤੇ ਉਮੈਦਾਂ ਦੇ ਮਾਲਕਾ! ਹੇ ਜਗਤ ਤਾਰਕ ਸਤਿਗੁਰਾ! ਮੇਰੇ ਰਾਜ ਵਿਚ ਤੇਰੇ ਪਿਆਰੇ ਲਈ ਸੀਸ ਦੇਣਾ ਹਿੱਸੇ ਆਯਾ। ਉਸ ਦੀ ਸੇਵਾ ਸਾਥੋਂ ਕੁਛ ਨਾ ਸਰੀ, ਇਕ ਬੂੰਦ ਤੇਲ ਫੱਟਾਂ ਤੇ ਨਾ ਡਿੱਗਾ, ਇਕ ਗਿੱਠ ਲੀਰ ਉਸ ਦੇ ਪਵਿੱਤ੍ਰ ਜ਼ਖ਼ਮ ਨੂੰ ਨਸੀਬ ਨਾ ਹੋਈ।” ਇਹ ਹਾਵੇਂ ਕਰ ਰਹੀ ਸੀ ਕਿ ਉਸ ਦੀ ਸਤਿਸੰਗਣ ਮਾਈ ਆ ਗਈ। ਗੁਰਸਿੱਖੀ ਦੀ ਸੱਚੀ ਜਾਣੂੰ ਮਾਈ ਆਖਣ ਲੱਗੀ: “ਰਾਣੀਏਂ! ਇਹ ਜੀਉਂਦੀ ਰੂਹ’ ਹੈ ਸੀ ਜਿਸ ਨੂੰ ਸਾਡੇ ਬੋਲੇ ਵਿਚ 'ਜੀਅ ਦਾਨ ਪ੍ਰਾਪਤ ਆਖਦੇ ਹਨ। ਜਦੋਂ ਕਿਸੇ ਜੀਉਂਦੇ ਬੰਦੇ ਨੂੰ, ਜਿਸ ਨੂੰ ਅਸੀਂ 'ਹਰਿਜਨ' ਭੀ ਆਖਦੇ ਹਾਂ, ਦੁਖ ਮਿਲੇ ਤਾਂ ਸਾਂਈਂ ਤਕ ਪੀੜ ਜਾਂਦੀ ਹੈ। ਪਰ ਤੂੰ ਹੁਣ ਦੁਖ ਨਾ ਕਰ, ਤੇਰਾ ਦੋਸ਼ ਨਹੀਂ, ਤੈਨੂੰ ਕੇਵਲ ਮੜੋਲੀ ਦੀ ਸੇਵਾ ਮਿਲੀ ਹੈ, ਸੋ ਤੂੰ ਧੰਨ ਭਾਗ ਜਾਣ ਕੇ ਕਰ। ਇਸ ਦੇ ਸਰੀਰ ਨੂੰ ਸਤਿਕਾਰ ਯੋਗ ਦਾਹ ਦੇਹ ਜੋ ਇਹ ਮੰਦਰ, ਜਿਸ ਵਿਚ ਨਾਮੀ ਵਸ ਗਿਆ ਹੈ, ਰੁਲੇ ਨਾ।” ਇਹ ਸੁਣਕੇ ਰਾਣੀ ਨੇ ਬੜੇ ਸਤਿਕਾਰ ਨਾਲ ਉਸ ਸ਼ਹੀਦ ਦਾ ਦਾਹ ਕੀਤਾ, ਅਰ ਇਕ ਛੋਟਾ ਜਿਹਾ ਮਠ ਉਸ ਟਿਕਾਣੇ ਬਣਾਇਆ।
ਸੋਹਿਨਾ ਮੋਹਿਨਾ ਦੀ ਹੁਣ ਅਚਰਜ ਦਸ਼ਾ ਪਲਟੀ। ਠਾਕੁਰ ਪੂਜਾ ਕਰਦੇ ਹਨ, ਪਰ ਕਲੇਜੇ ਵਿਚ ਅਸ਼ਾਂਤਿ ਤੇ ਅਸੁਖ ਚੁਭਦਾ ਰਹਿਂਦਾ ਹੈ, ਜਦ ਹੱਥ ਜੋੜ ਕੇ ਬੈਠਦੇ ਹਨ, ਉਹੋ ਸ਼ਬਦ ਕੰਨਾਂ ਵਿਚ ਗੂੰਜਦੇ ਹਨ- "ਦਰਸ਼ਨ ਨਹੀਂ ਜੇ ਦੇਣ ਲੱਗਾ”, ਅਕੁਲਾਕੇ ਅੱਖਾਂ ਖੋਹਲ ਦੇਂਦੇ ਹਨ। ਜਦ ਕਿਸੇ ਸੰਗੀਤ ਦੇ ਉੱਚੇ ਰਸ ਵਿਚ ਆਉਂਦੇ ਹਨ ਤਾਂ ਚੇਤਾ ਇਨ੍ਹਾਂ ਸ਼ਬਦਾਂ ਨੂੰ ਕੰਨਾਂ ਵਿਚ ਲੈ ਆਉਂਦਾ ਹੈ। ਗੱਲ ਕਾਹਦੀ ਉਨ੍ਹਾਂ ਦੇ ਹਰ ਰੰਗ ਤੇ ਹਰ ਗੇੜ ਵਿਚ ਇਸ ਇਕ ਵਾਕ ਦੀ ਗੁੰਜਾਰ ਖਹਿੜਾ ਨਹੀਂ ਛਡਦੀ। ਵਿਦਿਆ ਅਰ ਸਮਝ ਦੇ ਸਾਧਨ ਅਰ ਤਪ ਹਠ ਤੇ ਦਾਨ ਦੇ ਤਰੱਦਦ ਦੇ ਜਿਤਨੇ ਸਾਧਨ ਹੋ ਸਕਦੇ ਸੇ ਕੀਤੇ, ਪਰ ਇਸ ਮਹੀਨ ਆਵਾਜ਼ ਦੇ ਚੇਤੇ ਨੇ ਚਿੱਤ ਵਿਚੋਂ ਆਪਣਾ ਨਕਸ਼ ਨਾ ਮਿਟਣ ਦਿੱਤਾ, ਪਰ ਨਾ ਮਿਟਣ ਦਿੱਤਾ।
ਛੇਤੀ ਹੀ ਉਹ ਭਾਗੇ ਭਰਿਆ ਦਿਨ ਆ ਗਿਆ ਸ੍ਰੀ ਦਿਆਲ ਸਤਿਗੁਰੂ ਜੀ ਨੇ ਰਾਇਪੁਰ ਚਰਨ ਪਾਏ। ਰਾਣੀ ਤੇ ਰਾਣੀ ਦੇ ਅਹਿਲਕਾਰ ਤੇ ਪਰਵਾਰ ਪਰਜਾ ਵਿਚੋਂ ਅਨੇਕਾਂ ਤਰੇ, ਸੋਹਿਨਾ ਤੇ ਮੋਹਿਨਾ ਨੇ ਬੀ ਸੁਣਿਆਂ ਕਿ ਉਸ ਮਹਾਂਪੁਰਖ ਦੇ ਗੁਰੂ ਜੀ ਆਏ ਹਨ, ਜਿਨ੍ਹਾਂ ਨੇ ਆਪਣਾ ਆਪ ਕਿਸੇ ਪਰਉਪਕਾਰ ਵਿਚ ਹੋਮ ਦਿੱਤਾ ਸੀ, ਅਰ ਜਿਨ੍ਹਾਂ ਨੂੰ ਅਸਾਂ ਇਕ ਘੁੱਟ ਪਾਣੀ ਦਾ ਨਹੀਂ ਸੀ ਦਿੱਤਾ। ਏਹ ਸੋਆਂ ਕੰਨੀਂ ਪੈ ਚੁਕੀਆਂ ਸਨ ਕਿ ਉਹ ਸੂਰਾ ਤੇ ਪੂਰਾ ਗੁਰੂ ਹੈ। ਇਸ ਸਿਖ ਦੀ ਕਰਨੀ ਤੇ ਜੀਵਨ ਸਮਾਚਾਰ ਨੇ ਬੀ ਨਿਸ਼ਚਾ ਕਰਾ ਦਿੱਤਾ ਸੀ, ਅਰ ਦਰਸ਼ਨਾਂ ਦੀ ਤਾਂਘ ਪੈਦਾ ਕਰ ਦਿੱਤੀ ਸੀ। ਜਦ ਗੁਰੂ ਜੀ ਰਾਇਪੁਰ ਆਏ ਅਰ ਰਾਣੀ ਸਮੇਤ ਅਨਗਿਣਤਾਂ ਨੂੰ ਜੀਅ ਦਾਨ ਮਿਲਿਆ, ਤਦ ਇਨ੍ਹਾਂ ਦੀ ਦਰਸ਼ਨ ਦੀ ਲੋੜ ਬੀ ਕਰਾਰੀ ਭੁੱਖ ਵਿਚ ਬਦਲ ਗਈ, ਪਰ ਜਿੰਨੀ ਵੇਰ ਏਹ ਦਰਸ਼ਨ ਲਈ ਗਏ, ਉਨੀਂ ਵੇਰ ਹੀ ਦਰਸ਼ਨ ਨਹੀਂ ਹੋਏ। ਛੇਕੜ ਜਦ ਸਤਿਗੁਰ ਟੁਰੇ ਤਾਂ ਸੜਕ ਉਤੇ ਅੱਧ ਕੁ ਮੀਲ ਅਗੇਰੇ ਜਾ ਖੜੋਤੇ। ਸੰਗਤਾਂ ਤਾਂ ਉਧਰ ਦੀ ਹੀ ਲੰਘੀਆਂ, ਪਰ ਕਲਗ਼ੀਆਂ ਵਾਲੇ ਚੋਜੀ ਰਸਤਾ ਹੀ ਛੱਡ ਗਏ ਅਰ ਖੇਤਾਂ ਥਾਣੀਂ ਘੋੜਾ ਪਾ ਕੇ ਉਪਰ ਉਪਰ ਦੀ ਲੰਘ ਗਏ। ਤਦੋਂ ਨਿਰਾਸਤਾ ਨੇ ਇਨ੍ਹਾਂ ਨੂੰ ਨਿਸ਼ਚਾ ਕਰਾ ਦਿੱਤਾ ਕਿ "ਦਰਸ਼ਨ ਨਹੀਂ ਜੇ ਦੇਣ ਲਗਾ” ਏਹ ਅਟੱਲ ਵਾਕ ਹਨ। ਉਦਾਸੀ ਤੇ ਨਿਰਾਸਤਾ ਹੁਣ ਜ਼ੋਰ ਦੇ ਕੇ ਵਧੀ ਅਰ ਸਤਿਗੁਰ ਜੀ ਦੇ ਚੰਦ ਮੁਖ ਦਰਸ਼ਨਾਂ ਦੀ ਸਿੱਕ ਅਤਿ ਵਧਣ ਲੱਗੀ। ਜੀ ਆਖੇ ਕਿ ਸਿਖ ਦਾ ਪਾਣੀ ਮੰਗਣਾ ਤੇ ਸਾਡਾ ਨਾ ਦੇਣਾ ਇਕ ਉਸ ਨੂੰ ਮਲੂਮ ਸੀ ਤੇ ਇਕ ਸਾਨੂੰ, ਚੌਥੇ ਕੰਨ ਕਨਸੋ ਨਹੀਂ ਪਈ, ਸਤਿਗੁਰ ਨੇ ਸਾਨੂੰ ਦਰਸ਼ਨ ਦੇਣੋਂ ਕਿਉਂ ਵਿਰਵਿਆਂ ਰੱਖਿਆ? ਸਾਡੇ ਇਲਾਕੇ ਦੇ ਹਰ ਇਕ ਬੰਦੇ ਨੂੰ ਖੁੱਲ੍ਹੇ ਦਰਸ਼ਨ ਮਿਲੇ ਤੇ ਸਾਨੂੰ ਜੋ ਭਗਤ ਹਾਂ, ਰਾਗ ਤੇ ਕਾਵ੍ਯ ਦੇ ਰਸੀਏ ਹਾਂ-ਕਦਰਦਾਨ ਸਤਿਗੁਰੂ ਨੇ ਕਿਉਂ ਦਰਸ਼ਨ ਨਾ ਦਿੱਤੇ ? ਕੇਵਲ ਇਕੋ ਕਾਰਣ ਹੈ ਕਿ ਉਸ ਮਰਨਹਾਰ ਦੇ ਵਾਕ ਅਟੱਲ ਵਾਕ ਸਨ ਅਰ ਆਪਣੇ ਅਸਰ ਵਿਚ ਅਮੋਘ ਸਨ, ਜਿਸ ਦੀ ਆਨ ਠਾਕੁਰ ਨੇ ਨਹੀਂ ਮੋੜੀ। ਹਾਂ, ਉਹ ਠਾਕੁਰ, ਜੋ ਅੰਤਰਜਾਮੀ ਤੇ ਦਾਤਾ ਹੈ, ਜਾਂ ਤਾਂ ਇਸੇ ਕਲਗੀਆਂ ਵਾਲੇ ਦੇ ਰੂਪ ਵਿਚ ਆਇਆ ਹੋਇਆ ਹੈ ਤੇ ਜਾਂ ਇਹ ਰੂਪ ਉਸ ਦਾ ਨਿਜ ਪ੍ਰੀਤਮ ਹੈ।
ਏਨ੍ਹਾਂ ਸੋਚਾਂ ਨੇ ਨਿਸ਼ਚੇ ਨੂੰ ਹੋਰ ਪੱਕਾ ਕੀਤਾ, ਪ੍ਰੇਮ ਦੀ ਖਿੱਚ ਵਧੀ, ਘਰ ਘਰ ਸਤਿਗੁਰਾਂ ਦੀ ਚਰਚਾ, ਉਨ੍ਹਾਂ ਦੇ ਕੌਤਕ, ਆਤਮ ਸੱਤਿਆ, ਦਿਆਲਤਾ ਤੇ ਕੀਰਤੀ ਨੇ ਹੋਰ ਖਿੱਚਿਆ ਤੇ ਨਿਸ਼ਚੇ ਹੋ ਗਿਆ ਕਿ ਇਹ ਧੁਰੋਂ ਅਵਤਾਰ ਆਇਆ ਹੈ। ਇਕ ਪਾਸੇ ਪ੍ਰੇਮ ਵਧਦਾ ਹੈ, ਇਕ ਪਾਸੇ ਕੀਤੇ ਪਾਪ ਯਾ ਅਨਕੀਤੇ ਪੁੰਨ ਦੀ ਕਮਾਈ ਸ਼ਰਮ ਵਿਚ ਦਗਧ ਕਰਦੀ ਹੈ। ਗੱਲ ਕੀ, ਸਮਾਂ ਪਾ ਕੇ ਜਦ ਇਹ ਖਿੱਚ ਹੱਦ ਬੰਨੇ ਤੋੜ ਕੇ ਵਧੀ, ਤਦ ਦੋਹਾਂ ਦੀ ਇਹ ਸਲਾਹ ਠਹਿਰੀ ਕਿ ਆਪਦੇ ਕਿਸੇ ਕਰਮ, ਧਰਮ, ਗੁਣ ਵਿਦਿਆ ਵਿਚ ਰਸ ਨਹੀਂ ਰਿਹਾ, ਮਨ ਚਰਣਾਰਬਿੰਦ ਨੂੰ ਸ਼ੁਦਾਈ ਹੋ ਹੋ ਕੇ ਤਰਸਦਾ ਹੈ; ਤਦ ਕਿਉਂ ਨਾ ਸਤਿਗੁਰ ਦੇ ਦੁਆਰੇ ਜਾ ਕੇ ਸੇਵਾ ਕਰੀਏ, ਦਰਸ਼ਨ ਪਾਈਏ ਤੇ ਕ੍ਰਿਤ ਕ੍ਰਿਤ ਹੋਈਏ। ਮਨੁੱਖਾ ਜਨਮ ਕੋਈ ਛੇਤੀ ਛੇਤੀ ਲੱਭਦਾ ਹੈ? ਫੇਰ ਸੋਚ ਪਈ, “ਦਰਸ਼ਨ ਨਹੀਂ ਜੇ ਦੇਣ ਲੱਗਾ” ਤੇ ਅੱਗੇ ਘਰ ਆਇਆ ਸਾਰਿਆਂ ਨੂੰ ਖੁੱਲੇ ਦਿਦਾਰ ਦੇਂਦਾ ਸਾਨੂੰ ਦਰਸ਼ਨਾਂ ਤੋਂ ਵਾਂਜ ਕੇ ਗਿਆ ਹੈ, ਦੁਆਰੇ ਗਿਆ ਬਿਰਦ ਦੀ ਬਾਣ ਕਦ ਛੱਡਣ ਲੱਗਾ ਹੈ? ਸਾਨੂੰ ਦਰਸ਼ਨ ਨਹੀਂ ਹੋਣਗੇ। ਫੇਰ ਸਲਾਹ ਠਹਿਰੀ ਕਿ ਨੌਕਰ ਬਣ ਕੇ ਚੱਲੀਏ, ਆਪਣੇ ਅਮੀਰੀ ਗੁਣ ਦਾ ਪਤਾ ਥਹੁ ਨਾ ਦੇਵੀਏ ਤੇ ਚੁਪ ਚਾਪ ਸੇਵਾ ਕਰਦੇ ਰਹੀਏ। ਪਰ ਫੇਰ ਜੀ ਨੇ ਕਿਹਾ ਕਿ ਹੋਣਾ ਅਮੀਰ ਤੇ ਦਸਣਾ ਗ਼ਰੀਬ ? ਜਦੋਂ ਸਰੀਰ ਸੇਵਾ ਕਰੇਗਾ, ਮਨ ਅਮੀਰੀ ਦੇ ਖਿਆਲ ਵਿਚ ਢਵੇਗਾ ਨਹੀਂ, ਕਿਉਂਕਿ ਅੰਦਰ ਤਾਂ ਅਮੀਰੀ ਦਾ ਪੱਕਾ ਵਿਸ਼ਵਾਸ ਰਹਿਣਾ ਹੈ। ਜੇ ਸੁਰਤ ਸੱਚ ਮੁੱਚ ਗਰੀਬ ਹੋ ਕੇ ਦਰ ਤੇ ਨਾ ਢੱਠੀ ਤਾਂ ਜਿੱਕੂ ਨਿਮਾਣੇ ਸੇਵਕ ਸੇਵਾ ਕਰਦੇ ਹਨ ਉੱਕਰ ਅੰਦਰੋਂ ਬਾਹਰੋਂ ਢਹਿਕੇ ਸੇਵਾ ਕਿੱਕੂ ਹੋਵੇਗੀ? ਸੋ ਗਰੀਬੀ ਧਾਰਨ ਕਰਕੇ ਹੀ ਚੱਲਣਾ ਸੱਚਾ ਪ੍ਰਾਯਸਚਿਤ ਹੈ। ਇਸ ਤਰ੍ਹਾਂ ਸੋਚ ਸਾਚ ਕੇ ਸੱਚੀਆਂ ਲੋਚਾਂ ਵਾਲਿਆਂ ਨੇ ਮਾਲ ਮਿਲਖ ਵੇਚਕ ਦਾਨ ਕੀਤਾ ਅਤੇ ਲੋੜੀਂਦੀਆਂ ਥਾਵਾਂ ਤੇ ਪੁੰਨ ਅਰਥੀ ਖੂਹ ਬੀ ਲੁਆ ਦਿੱਤੇ ਜੋ ਇਕ ਘੁੱਟ ਪਾਣੀ ਨਾ ਦੇਣ ਬਦਲੇ ਹਜ਼ਾਰਾਂ ਨੂੰ ਸਦਾ ਤੀਕ ਪਾਣੀ ਮਿਲੇ। ਇਉਂ ਧਰਮਸਾਲਾ ਲਈ ਅਰ ਹੋਰ ਗਰੀਬਾਂ ਨੂੰ ਦਾਨ ਕਰਕੇ ਅਖੀਰ ਤਨ ਤੇ ਗ਼ਰੀਬੀ ਦਾਵੇ ਦੇ ਕਪੜਿਆਂ ਨਾਲ ਠਾਕਰ ਦੇ ਦਰਸ਼ਨਾਂ ਨੂੰ ਟੁਰ ਪਏ।
4. (ਮੋਹਿਨਾ ਦੇ ਦਰਸ਼ਨ)
ਮੋਹਿਨਾ ਤੇ ਸੋਹਿਨਾ ਵਿਦਵਾਨ ਤੇ ਗੁਣੀ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਗੁਣੀਆਂ ਦੀ ਬੜੀ ਕਦਰ ਸੀ। ਗੁਣੀ ਬਣਕੇ ਗੁਣ ਦੇ ਗਾਹਕ ਕੋਲ ਜਾਈਏ ਤਾਂ ਕਦਰਾਂ ਨਾਲ ਮਿਲ ਪੈਣ, ਪਰ ਕਦਰ ਕਰਾਉਣ ਲਈ ਤਾਂ ਅਮੀਰੀ ਨੂੰ ਸੱਟ ਕੇ ਗ਼ਰੀਬੀ ਨਹੀਂ ਲਈ? ਅੰਦਰ ਤਾਂ ਪ੍ਰੇਮ ਦੀ ਚਿਣਗ ਚਉ ਨਹੀਂ ਕਰਨ ਦਿੰਦੀ। ਪ੍ਰੇਮ ਆਖਦਾ ਹੈ, ਪਿਆਰ ਕਰਨਾ ਹੈ ਪਿਆਰ ਕਰਾਉਣ ਦੀ ਹਉਮੈਂ ਵਿਚ ਨਹੀਂ ਫਸਣਾ। ਸੱਚ ਮੁੱਚ ਨਿੰਮ੍ਰਤਾ ਭਾਵ ਵਿਚ ਸੇਵਿਆਂ 'ਪ੍ਯਾਰ' ਹੋਣਾ ਹੈ। ਸੋ ਸੇਵਾ ਹੀ ਹੋਵੇ ਤਾਂ ਠੀਕ ਹੈ। ਹੁਣ ਜੀ ਵਿਚ ਇਹ ਠਾਣੀ ਕਿ ਜੇ ਸਤਿਗੁਰ ਦੇ ਬਾਗ਼ ਵਿਚ ਬੇਲਦਾਰ ਜਾਂ ਛੋਟੇ ਮਾਲੀ, ਜਾਂ ਕਾਮੇਂ, ਮਜੂਰ ਦੀ ਜਗ੍ਹਾ ਮਿਲ ਜਾਵੇ ਤਾਂ ਕਰ ਲਈਏ। ਇਹ ਇਕ ਹੁਨਰ ਸੀ, ਜਿਸ ਵਿਚ ਦੋਹਾਂ ਨੂੰ ਚੰਗੀ ਸਿਆਣ, ਸਮਝ ਤੇ. ਪਹੁੰਚ ਸੀ। ਪ੍ਰਸ਼ਾਦੇ ਕਿੱਥੋਂ ਛਕੀਏ? ਤਲਬ ਮੰਗਣੀ ਨਹੀਂ ਤੇ ਪ੍ਰੀਤਮ ਉਤੇ ਆਪਣੀ ਲੋੜ ਦਾ ਕੋਈ ਬੋਝ ਪਾਉਣਾ ਨਹੀਂ; ਸੋ ਇਹ ਵਿਉਂਤ ਸੋਚੀ ਕਿ ਵਿਹਲੇ ਸਮੇਂ ਪਟਾਰੀਆਂ ਤੇ ਟੋਕਰੀਆਂ ਬਣਾਇਆ ਕਰਾਂਗੇ ਅਰ ਇਨ੍ਹਾਂ ਦੀ ਵਿਕਰੀ ਉੱਪਰ ਉਪਜੀਵਕਾ ਟੋਰਿਆ ਕਰਾਂਗੇ ਤੇ ਬਾਕੀ ਵਕਤ ਸੇਵਾ ਕਰਾਂਗੇ। ਇਸ ਆਸ ਤੇ ਪਹੁੰਚੇ ਤੇ ਆਨੰਦਪੁਰ ਵਾਲੇ ਗੁਰੂ ਕੇ ਬਾਗ਼ ਦੇ - ਵੱਡੇ ਮਾਲੀ ਪਾਸ ਜਾ ਅਰਜ਼ੋਈ ਕੀਤੀ। ਪੰਜ ਸੱਤ ਦਿਨ ਕੰਮ ਕਰਾਕੇ ਮਾਲੀ ਨੇ ਡਿੱਠਾ ਕਿ ਸਿਆਣੇ ਹਨ, ਨੌਕਰ ਰੱਖ ਲਿਆ। ਬਾਗ਼ ਦੀ ਪਿਛਲੀ ਨੁੱਕਰੇ ਇਕ ਕੋਠਾ ਵਸੇਬੇ ਲਈ ਦੇ ਦਿੱਤਾ ਅਰ ਕੰਮ ਵੰਡਵਾਂ ਸਪੁਰਦ ਕਰ ਦਿੱਤਾ। ਪ੍ਰੇਮੀਆਂ ਦੀ ਸੇਵਾ ਨੇ ਬਾਗ਼ ਵਿਚ ਕੁਛ ਸੁੰਦਰਤਾ ਤੇ ਸੁਆਦ ਪੈਦਾ ਕਰਨਾ ਹੀ ਸੀ। ਇਕ ਦਿਨ ਸ੍ਰੀ ਦਸਮੇਸ਼ ਜੀ ਬਾਗ਼ ਵਿਚ ਫਿਰਦੇ ਫਿਰਦੇ ਇਕ ਸੁੰਦਰ ਕਿਆਰੇ ਨੂੰ ਦੇਖਕੇ ਖ਼ੁਸ਼ ਹੋਏ। ਕੇਸਰਾ ਸਿੰਘ ਨੂੰ ਸ਼ਾਬਾਸ਼ ਦਿੱਤੀ। ਤਦ ਉਸ ਨੇ ਹੱਥ ਬੰਨ੍ਹਕੇ ਆਖਿਆ: 'ਸ੍ਵਾਮੀ ਜੀ! ਆਪ ਦੀ ਕ੍ਰਿਪਾ ਦੀ ਭੁੱਖ ਤਾਂ ਸਦਾ ਹੈ, ਪਰ ਇਹ ਕਾਰਜ, ਜਿਸ ਪਰ ਸ੍ਵਾਮੀ ਜੀ ਰੀਝੇ ਹਨ, ਦਾਸ ਦਾ ਨਹੀਂ, ਇਹ ਛੋਟੇ ਮਾਲੀ ਦਾ ਕੰਮ ਹੈ, ਜੋ ਥੋੜੇ
---------------
ਦਿਨਾਂ ਤੋਂ ਸੇਵਾ ਕਰਦਾ ਹੈ। ਰੋਟੀ ਕਿਰਤ ਕਰ ਕੇ ਖਾਂਦਾ ਹੈ ਤੇ ਪ੍ਰੇਮ ਦੇ ਚਾਉ ਭਰਿਆ ਬਾਕੀ ਸਮਾਂ ਸਰੇਸ਼ਟ ਸੇਵਾ ਵਿਚ ਲਾਉਂਦਾ ਹੈ। ਬੜਾ ਗ਼ਰੀਬ ਤੇ ਆਪ ਦੇ ਚਰਨਾਂ ਦਾ ਗੁੱਝਾ ਪ੍ਰੇਮੀ ਹੈ।
ਸਤਿਗੁਰ ਸੁਣ ਕੇ ਚੁਪ ਹੋ ਗਏ ਤੇ ਅੱਖਾਂ ਉਪਰ ਨੂੰ ਖਿੱਚ ਗਈਆਂ, ਫੇਰ ਰੋਹ ਜਿਹਾ ਪਲਟਿਆ ਤੇ ਬੋਲੇ, "ਦਰਸ਼ਨ ਨਹੀਂ ਜੇ ਦੇਣ ਲੱਗਾ।”
ਇਹ ਗੱਲ ਜਦ ਮਾਲੀ ਨੇ ਸੋਹਿਨਾ ਨਾਲ ਕੀਤੀ ਤੇ ਸੋਹਿਨਾਂ ਨੇ ਘਰ ਜਾ ਕੇ ਦੱਸੀ ਤਾਂ ਸਮਝਿਓ ਨੇ "ਅੰਤਰਯਾਮੀ ਠਾਕੁਰ ਇਹੋ ਹੈ, ਪਰ ਅੱਛਾ ਜੇ ਦਰਸ਼ਨ ਨਹੀਂ ਤਾਂ, ਸ਼ੁਕਰ ਹੈ, ਸੇਵਾ ਹੀ ਸਹੀ!” ਏਹ ਦੋਵੇਂ ਏਨ੍ਹਾਂ ਵਿਚਾਰਾਂ ਵਿਚ ਹੀ ਸਨ ਕਿ ਕੇਸਰਾ ਸਿੰਘ ਇਨ੍ਹਾਂ ਦੇ ਘਰ ਆ ਗਿਆ ਤੇ ਆਖਣ ਲੱਗਾ: "ਸੋਹਣਿਆਂ! ਬਈ ਸਤਿਗੁਰੂ ਦੀ ਆਗਿਆ ਮੱਥੇ ਲੱਗਣ ਦੀ ਨਹੀਂ, ਕੰਮ ਕਰੋ, ਸੇਵਾ ਕਰੋ, ਆਓ ਜਾਓ, ਫਿਰੋ ਸਭ ਖੁੱਲ੍ਹ ਹੈ, ਪਰ ਸਤਿਗੁਰ ਜੀ ਦੇ ਸਾਹਮਣੇ ਨਹੀਂ ਹੋਣਾ, ਜਦ ਕਿਤੇ ਪਤਾ ਲੱਗੇ, ਤੁਸਾਂ ਦਰਸ਼ਨ ਨਹੀਂ ਕਰਨਾ ਤੇ 'ਦਰਸ਼ਨ ਨਹੀਂ ਦੇਣਾ ਇਹ ਹੁਕਮ ਹੈ। ਜੇ ਪਰਵਾਨ ਨਹੀਂ ਤਾਂ ਸੇਵਾ ਸੁਖ, ਜਿਵੇਂ ਚਿੱਤ ਕਰੇ ਕਰ ਲੈਣਾ।” ਦੋਹਾਂ ਨੇ ਹੱਥ ਜੋੜ ਕੇ ਕਿਹਾ, “ਪ੍ਰਭੋ! ਨੌਕਰੀ ਕੀਹ ਤੇ ਨਖ਼ਰਾ ਕੀਹ? ਜਿਸ ਰੰਗ ਵਿਚ ਸਾਹਿਬ ਰਾਜ਼ੀ ਹਨ ਅਸੀਂ ਰਾਜ਼ੀ ਹਾਂ, ਰਜ਼ਾ ਉਹੋ ਹੈ, ਜੋ ਸਾਹਿਬ ਦੀ ਹੈ। ਉਸ ਵਿਚ ਦਾਸ ਰਾਜ਼ੀ। ਫੇਰ ਉਹ ਤਾਂ ਸਾਹਿਬ ਆਪ ਹੈ। ਪਰ ਹੇ ਉਪਕਾਰੀ! ਇਕ ਗੱਲ ਸਾਡੇ ਵੱਸ ਦੀ ਨਹੀਂ, ਹੁਕਮ ਤੇਰੀ ਮਿਹਰ ਨਾਲ ਮੰਨਾਂਗੇ, ਪਰ ਦਰਸ਼ਨ ਦੀ ਸਿੱਕ ਅੰਦਰੋਂ ਟੁੱਟ ਜਾਵੇ, ਇਹ ਸਾਡੇ ਵੱਸ ਦੀ ਗੱਲ ਨਹੀਂ!” ਇਹ ਸੁਣਕੇ ਕੇਸਰਾ ਸਿੰਘ ਦੇ ਨੈਣ ਭਰ ਆਏ, ਕਈ ਵੇਰ ਡੁੱਲ੍ਹੇ ਤੇ ਕਈ ਵੇਰ ਭਰੇ। ਹੁਕਮ ਦੀ ਝਾਲ ਤੇ ਪ੍ਰੇਮ ਦੀ ਅਣਿਆਲੀ ਕਣੀ, ਤੇ ਕਣੀ ਵਿਚ ਜਿੰਦ ਦੇਖਕੇ ਵੈਰਾਗ ਨ ਠਲ੍ਹੀਵੇ। ਛੇਕੜ ਬਿਨਾਂ ਕੁਛ ਬੋਲੇ ਟੁਰ ਗਿਆ। ਹੁਣ ਮੋਹਿਨਾ ਸੋਹਿਨਾ ਜੀ ਨੇ ਆਪਣਾ ਨਵਾਂ ਜੀਵਨ ਨਵੀਂ ਠਾਕੁਰ ਪੂਜਾ ਸ਼ੁਰੂ ਕੀਤੀ। ਜੋ ਠਾਕੁਰ ਜੀਉਂਦਾ ਹੈ, ਜੋ ਠਾਕੁਰ ‘ਸਦਾ ਸਦਾ ਹਜੂਰੇ ਠਾਕੁਰ ਵਿਚ ਅਪੜਾਉਂਦਾ ਹੈ, ਹੁਣ ਉਸਦੀ ਪੂਜਾ ਹੈ। ਪਰ ਕੇਹੀ ਅਣੋਖੀ ਪੂਜਾ ਹੈ? ਦਰਸ਼ਨ ਨਹੀਂ ਪਰ ਪੂਜਾ ਕਰੋ। ਸਰਬੰਸ ਵਾਰ ਆਏ, ਸੁਖ ਘੋਲ ਘੱਤੇ ਕਰ ਦਿੱਤੇ, ਗੁਣ ਵਿਦਿਆ ਸਭ ਵਾਰੇ, ਫੇਰ ਅਜੇ ਸੇਵਾ ਮਿਲੀ ਹੈ, ਪਰ ਦਰਸ਼ਨ ਤੋਂ ਖਾਲੀ ਸੇਵਾ। ਸ਼ੁਕਰ ਹੈ!
ਇਹ ਹੈ ਮੋਹਿਨਾ ਸੋਹਿਨਾ ਦੀ ਵਿਥਿਆ।
ਸਾਡੀ ਮਾਤਾ ਜੀਤੋ ਜੀ ਇਤਨੇ ਸਿਮਰਨ ਦੇ ਪ੍ਰੇਮੀ ਹੋਏ ਹਨ ਅਰ ਐਸੇ ਲਿਵਲੀਨ ਰਹਿੰਦੇ ਸਨ ਕਿ ਅਕਸਰ ਲੋਕ ਉਨ੍ਹਾਂ ਨੂੰ ਜੋਗੀ ਜੀ ਆਖਿਆ ਕਰਦੇ ਸੇ। ਅੰਮ੍ਰਿਤ ਵੇਲੇ ਤੋਂ ਪਹਿਲੇ ਹੀ ਓਹ ਭਜਨ ਵਿਚ ਲਗ ਪਿਆ ਕਰਦੇ ਸੇ ਅਰ ਮਹਾਰਾਜ ਜੀ ਜਦ ਸਵੇਰ ਸਾਰ ਦੀਵਾਨ ਨੂੰ ਟੁਰਦੇ ਸੇ ਤਾਂ ਮਾਤਾ ਜੀ ਚਰਣਾਂ ਤੇ ਮੱਥਾ ਟੇਕ ਕੇ ਸਿਹਰਾ ਗਲੇ ਪਾ ਕੇ ਟੋਰਦੇ ਸੇ ਤੇ ਇਸੇ ਰੂਪ ਨੂੰ ਨੈਣਾਂ ਵਿਚ ਵਸਾ ਕੇ ਸੂਰਜ ਚੜ੍ਹੇ ਤਕ ਧਿਆਨ ਮਗਨ ਬੈਠੇ ਰਹਿੰਦੇ ਸੇ। ਕੇਸਰਾ ਸਿੰਘ ਇਸ ਸਿਹਰੇ ਲਈ ਫੁਲ ਮਾਤਾ ਜੀ ਨੂੰ ਆਪ ਪੁਚਾਇਆ ਕਰਦਾ ਸੀ। ਇਕ ਦਿਨ ਬੇਲੇ ਦੇ ਫੁੱਲ ਜੋ ਲੈਕੇ ਗਿਆ, ਤਾਂ ਮਾਤਾ ਜੀ ਨੇ ਆਖਿਆ, "ਕੇਸਰਾ ਸਿੰਘ! ਤੇਰੇ ਕੱਲ੍ਹ ਦੇ ਇਨ੍ਹਾਂ ਫੁਲਾਂ ਪਰ ਸ੍ਰੀ ਕਲਗੀਧਰ ਜੀ ਬੜੇ ਪ੍ਰਸੰਨ ਹੋਏ ਹਨ।" ਤਦ ਕੇਸਰਾ ਸਿੰਘ ਨੇ ਕਿਹਾ: "ਅੰਮੀਂ ਜੀ! ਇਹ ਮੇਰੀ ਕਾਰੀਗਰੀ ਨਹੀਂ ਹੈ, ਇਕ ਗ੍ਰੀਬ ਸੇਵਕ ਦੀ ਮੇਹਨਤ ਹੈ ਜੋ ਨਿਸ਼ਕਾਮ ਸੇਵਾ ਕਰ ਰਿਹਾ ਹੈ ਪਰ ਉਸ ਨੂੰ ਦਰਸ਼ਨ ਨਸੀਬ ਨਹੀਂ।”
ਅੰਮੀ ਜੀ— ਕਿਉਂ?
ਕੇਸਰਾ ਸਿੰਘ- ਸਤਿਗੁਰੂ ਜੀ ਦਾ ਹੁਕਮ ਇਹੋ ਹੈ?
ਅੰਮੀ-- ਫੇਰ ਕੇਸਰਾ ਸਿੰਘ! ਉਸ ਦੇ ਹੱਥਾਂ ਦੇ ਫੁਲ ਸਾਨੂੰ ਕਿਉਂ ਦੇਂਦਾ ਹੈਂ ?
ਕੇਸਰਾ ਸਿੰਘ- ਅੰਮੀਂ ਜੀ! ਸੇਵਾ ਦੀ ਸਤਿਗੁਰ ਜੀ ਵਲੋਂ ਆਗਿਆ ਹੈ ਪਰ ਦਰਸ਼ਨ ਮਨ੍ਹੇ ਹਨ।
ਸੁਣਕੇ ਅੰਮੀਂ ਜੀ ਬੋਲੇ— ਤਦ ਮਹਾਰਾਜ ਜੀ ਦਾ ਉਨ੍ਹਾਂ ਨਾਲ ਡੂੰਘਾ ਪਿਆਰ ਹੈ, ਕਿਸੇ ਅਵਗੁਣ ਦੀ ਯਾ ਭੁੱਲ ਦੀ ਸੋਧ ਹੋ ਰਹੀ ਹੈ।
ਕੇਸਰਾ ਸਿੰਘ ਨੂੰ ਤਾਂ ਟੋਰਿਆ ਤੇ ਰਾਤ ਜਦ ਮਹਾਰਾਜ ਜੀ ਮਹਿਲਾਂ ਵਿਚ ਆਏ ਤਾਂ ਅੰਮੀ ਜੀ ਨੇ ਆਪਣੇ ਭਗਤੀ ਤੇ ਟਿਕਾਉ ਨਾਲ ਭਰੇ ਬਚਨਾਂ ਦੁਆਰਾ ਮੋਹਿਨਾ ਸੋਹਿਨਾ ਬਾਬਤ ਪੁੱਛਿਆ, ਤਦ ਸ੍ਰੀ ਮੁਖ ਤੋਂ ਉਚਾਰ ਹੋਇਆ:-
"ਇਕ ਸਾਂਈ ਦਾ ਜੀਉਂਦਾ ਬੰਦਾ ਇਹ ਵਾਕ ਇਨ੍ਹਾਂ ਲਈ ਕਰ ਗਿਆ ਹੈ, ਕਿ- ਤੁਸਾਂ ਨੂੰ ਠਾਕੁਰ ਦਰਸ਼ਨ ਨਹੀਂ ਜੇ ਦੇਣ ਲੱਗਾ। ਗੁਰੂ ਮਾਰੇ
ਤਾਂ ਸਿਖ ਬਖਸ਼ਾ ਲੈਂਦੇ ਹਨ, ਸਿਖ ਮਾਰੇ ਨੂੰ ਗੁਰੂ ਨਹੀਂ ਬਖਸ਼ਦੇ। ਇਹ ਬਿਰਦ ਧੁਰਾਂ ਦਾ ਹੈ। ਮੋਹਿਨਾ ਸੋਹਿਨਾ ਮੈਨੂੰ ਪਿਆਰੇ ਹਨ, ਪਰ ਸਿਖ ਦਾ ਬਚਨ ਅੱਟਲ ਹੈ, ਇਹ ਤਦੋਂ ਟਲ ਸਕਦਾ ਹੈ, ਜਦੋਂ ਇਨ੍ਹਾਂ ਦੀ ਸੁਰਤ ਜੀਉ ਪਵੇਗੀ, ਜਦੋਂ ਮੌਤ ਨਦੀ ਦੇ ਉਰਾਰ ਪਾਰ ਇਨ੍ਹਾਂ ਨੂੰ ਇਕਸਾਰ ਗਤੀ ਹੋ ਜਾਏਗੀ। ਜਾਂ ਸਿਖ ਦੇਹ ਵਿਚ ਹੁੰਦਾ ਤੇ ਆਪਣੇ ਵਾਕ ਨੂੰ ਪਲਟ ਦੇਂਦਾ।”
ਅੰਮੀ ਜੀ- ਹੇ ਸਤਿਗੁਰ ਜੀ! ਜੇ ਮੈਂ ਸੋਹਿਨਾ ਜੀ ਨੂੰ ਮਿਲਾਂ ਤੇ ਉਨ੍ਹਾਂ ਦੀ ਸੁਰਤ ਨੂੰ ਜੀਵਨ ਰੌ ਨਾਲ ਭਰਨ ਵਿਚ ਯਤਨ ਕਰਾਂ ਤਾਂ ਸ੍ਰੀ ਜੀ ਦੀ ਕੀਹ ਆਗਿਆ ਹੈ?
ਸਤਿਗੁਰ ਜੀ- ਇਸ ਤੋਂ ਵੱਧ ਭਲਿਆਈ ਕੀਹ ਹੋ ਸਕਦੀ ਹੈ? ਮੈਂ ਖੁਸ਼ ਹਾਂ ਅਰ ਮੈਨੂੰ ਭੇਜਣ ਵਾਲਾ ਇਸ ਵਿਚ ਖੁਸ਼ ਹੈ। ਸਾਡਾ ਬਾਬਾ ਆਖਦਾ ਹੈ-
"ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ
ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥੨॥” (ਵਾਰ ਗਉ, ਅੰਕ ੩੦੬)
ਕਿਸੇ ਨੂੰ ਜੀਅਦਾਨ ਦੇਣਾ, ਕਿਸੇ ਦੇ ਮੁਰਦੇਪਨ ਵਿਚ ਜੀਵਨ ਦੀ ਨਵੀਂ ਰੂਹ ਫੂਕਣਾਂ, ਵਾਹਿਗੁਰੂ ਨੂੰ ਸਭ ਤੋਂ ਪਿਆਰਾ ਕੰਮ ਹੈ। ਅੰਦਰਲੇ ਵਿਚ ਜੀਵਨ ਲਹਿਰ ਆਕੇ ਜੋ ਜਾਨ ਪੈਂਦੀ ਹੈ, ਉਸ ਨੂੰ ਤਾਂ ਜੀਉਂਣਾ ਕਹੀਦਾ ਹੈ; "ਸੋ ਜੀਵਤ ਜਿਹ ਜੀਵਤ ਜਪਿਆ।” (੨੬੦) "ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥ ਨਾਨਕ ਅਵਰੁ ਨ ਜੀਵੈ ਕੋਈ॥” (੧੪੨) ਜੋ ਇਹ ਜੀਵਨ ਜੀਉਂਦੇ ਹਨ, ਓਹੀ ਜੀਉਂਦੇ ਹਨ। ਬਾਕੀ "ਹੋਰ ਮਿਰਤਕ ਹੈ ਸੰਸਾਰ”। ਜੀਉਂਦੀਆਂ ਰੂਹਾਂ ਇਸ ਜੀਵਨ ਵਾਲੇ ਅਕਾਲ ਪੁਰਖ ਰੂਪੀ ਬ੍ਰਿਛ ਦੀਆਂ ਡਾਲੀਆਂ ਹਨ, ਇਨ੍ਹਾਂ ਦੀ ਕਹਿਣੀ ਕਰਣੀ ਦੀ ਤਾਰ ਸਾਂਈਂ ਨਾਲ ਸਾਂਝੀ ਗਮਕਾਰ ਪੈਦਾ ਕਰਦੀ ਹੈ ਤੇ ਆਪਣੀ ਤਾਸੀਰ ਵਿਚ ਉਹੋ ਅਸਰ ਰਖਦੀ ਹੈ। ਇਹੋ ਕਾਰਨ ਹੈ ਕਿ ਉਸ ਜੀਉਂਦੇ ਸਿਖ ਦੇ ਵਾਕ ਅਟੱਲ ਰਹੇ।
---------------
ਮਾਤਾ- ਆਪ ਕਰਨ ਕਾਰਨ ਹੋ, ਆਪਦਾ ਬਿਰਦ ਪਤਿਤ ਪਾਵਨ ਹੈ। ਅਸੀਂ ਸਭ ਮ੍ਰਿਤਕ ਸਾਂ, ਤੁਸਾਂ ਮਿਹਰ ਕਰਕੇ ਜੁਆਲਿਆ ਹੈ। ਅਸਾਡੀਆਂ ਭੁੱਲਾਂ ਤੇ ਕੀ ਅਚਰਜ ! ਭੁੱਲਾਂ ਤਾਂ ਸਾਡਾ ਰੂਪ ਹੈ। ਮੇਰੀ ਇਹ ਬਿਨੈ ਨਹੀਂ ਕਿ ਆਪਣੀ ਪ੍ਰਤੱਗਿਆ ਭੰਗ ਕਰੋ, ਪਰ ਮੈਨੂੰ ਪ੍ਰਸੰਨਤਾ ਤੇ ਬਲ ਬਖਸ਼ੋ ਜੋ ਮੈਂ ਇਸ ਵੀਰ ਭੈਣ ਨੂੰ ਆਪ ਦੇ ਦਰ ਜੋਗਾ ਕਰ ਸਕਾਂ।
ਕਲਗੀਆਂ ਵਾਲੇ- ਜੀਤ ਜੀ! ਵਾਹਿਗੁਰੂ ਬਲ ਦੇਵੇ, ਤੁਸੀਂ ਇਸ 'ਜੋੜੀ ਦਾ ਸੰਕਟ ਹਰੋ।
5. (ਪ੍ਰਮਾਰਥ- ਖੰਡੇ ਦੀ ਧਾਰ)
ਪਰਮਾਰਥ ਨੂੰ ਗੁਰਬਾਣੀ ਵਿਚ ਖੰਡੇ ਦੀ ਧਾਰ ਲਿਖ੍ਯਾ ਹੈ, ਇਸਦਾ ਅਰਥ ਧਾਰ ਵਾਂਙੂ ਚੁਭਣ ਵਾਲਾ ਨਹੀਂ ਪਰ ਇਤਨਾ ਬ੍ਰੀਕ ਤੇ ਸੂਖਮ ਹੈ ਕਿ ਜਿੰਨੀ ਖੰਡੇ ਦੀ ਧਾਰ ਹੁੰਦੀ ਹੈ। ਐਸੀ ਸੂਖਮ ਧਾਰਾ ਤੇ ਤੁਰਨਾ ਔਖਾ ਹੁੰਦਾ ਹੈ, ਕਿਸੇ ਨਾ ਕਿਸੇ ਪਾਸੇ ਉਲਰ ਜਾਈਦਾ ਹੈ। ਕਈ ਪਰਮਾਰਥੀ ਲੋਕ ਸੰਸਾਰ ਤੋਂ ਵੈਰਾਗ ਕਰਦੇ ਕਰਦੇ ਐਨੇ ਓਪਰੇ ਹੋ ਜਾਂਦੇ ਹਨ ਕਿ ਉਨ੍ਹਾਂ ਦਾ ਸੁਭਾਵ ਗੁਸੈਲਾ ਤੇ ਗਮਰੁੱਠ ਜੇਹਾ ਹੋ ਜਾਂਦਾ ਹੈ, ਕਈ ਢੱਠੇ ਜੇਹੇ ਮਨ ਵਾਲੇ ਹੋ ਜਾਂਦੇ ਹਨ। ਦੂਜੇ ਪਾਸੇ ਜੋ ਲੋਕ ਪਰਮੇਸੁਰ ਪਿਤਾ ਨੂੰ ਭੁਲਦੇ ਹਨ ਓਹ ਖੁਦਗਰਜ਼ ਹੋ ਜਾਂਦੇ ਹਨ। ਖ਼ੁਦਗਰਜ਼ੀ ਦੇ ਕਾਰਣ ਸ੍ਰਿਸ਼ਟੀ ਲਈ ਦੁਖਦਾਈ ਤੇ ਆਪੇ ਲਈ ਪੈਰ ਕੁਹਾੜਾ ਮਾਰਨ ਵਾਲੇ ਬਣਦੇ ਹਨ। ਪਰ ਕਈ ਐਸੇ ਬੀ ਹਨ ਕਿ ਓਹ ਨਿਰਾ ਪਰਉਪਕਾਰ ਕਰਦੇ ਹਨ। ਉਨ੍ਹਾਂ ਦੀ ਸੁਰਤ ਖਿੰਡਾਉ ਵਿਚ ਰਹਿੰਦੀ ਹੈ ਤੇ ਜਿਨ੍ਹਾਂ ਦਾ ਭਲਾ ਕਰਦੇ ਹਨ, ਉਨ੍ਹਾਂ ਵਿਚ ਹੀ ਰੁੱਝਕੇ ਆਪੇ ਤੋਂ ਗੁਆਚ ਜਾਂਦੇ ਹਨ। ਅਸਲ ਵਿਚ ਏਹ ਦੂਜਿਆਂ ਨੂੰ ਪ੍ਯਾਰ ਨਹੀਂ ਕਰਦੇ, ਅਪਣੀ ਹਉਂ ਨੂੰ ਕਰਦੇ ਹਨ, ਜੋ ਲੋਕਾਂ ਦੀ ਵਾਹ ਵਾਹ ਤੇ ਪਲਦੀ ਹੈ। ਦੁਹਾਂ ਤਰ੍ਹਾਂ ਦੇ ਔਗੁਣਾਂ ਤੋਂ ਬਚਣ ਲਈ ਗੁਰੂ ਜੀ ਦਾ ਵਾਕ ਹੈ: 'ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ।' (ਸੋਰਠ ਮ:੫, ਅੰਕ ੬੧੧)
ਅਰਥਾਤ— ਵਾਹਿਗੁਰੂ ਨੂੰ ਪਿਤਾ ਸਮਝੋ, ਆਪ ਨੂੰ ਬੱਚਾ ਤੇ ਬਾਕੀਆਂ ਨੂੰ ਆਪਣੇ ਭਿਰਾਉਂ ਸਮਝ ਕੇ ਭਲਿਆਈ ਦੀ ਵਰਤਣ ਕਰੋ। ਐਸਾ ਕਰਨੇ ਵਾਲੇ, ਜੋ ਸ੍ਰਿਸ਼ਟੀ ਪ੍ਰੇਮ ਕਰਦੇ ਹਨ, ਹਉਂ ਲਈ ਨਹੀਂ, ਪਰ ਵਾਹਿਗੁਰੂ
ਦੇ ਪ੍ਰੇਮ ਤੇ ਹੁਕਮ ਵਿਚ ਕਰਦੇ ਹਨ। ਓਹ ਜੋ ਭਲ੍ਯਾਈ, ਨੇਕੀ, ਪੁੰਨ ਕਰਮ ਕਰਦੇ ਹਨ ਸਾਂਈਂ ਨੂੰ ਅਰਪਦੇ ਹਨ ਇਉਂ ਹਉਂ ਤੋਂ ਬਚ ਜਾਂਦੇ ਹਨ। ਗੁਰੂ ਜੀ ਦਾ ਵਾਕ ਹੈ, 'ਬ੍ਰਹਮਗਿਆਨੀ ਪਰਉਪਕਾਰ ਉਮਾਹਾ'। ਅਰਥਾਤ ਉਨ੍ਹਾਂ ਵਿਚੋਂ ਉਪਕਾਰ ਚਸ਼ਮੇਂ ਦੇ ਉਛਲਣ ਵਾਂਙੂ ਆਪੇ ਤੇ ਸਹਜ ਸੁਭਾਵ ਪਿਆ ਹੁੰਦਾ ਹੈ, ਹਉਂ ਦੇ ਧੱਕੇ ਦੀ ਲੋੜ ਨਹੀਂ ਰੱਖਦਾ। ਜੀਵਨ ਲਗਾਤਾਰੀ ਸ਼ੈ ਹੈ; ਇਹ ਜੀਵਨ-ਰੁਹਾਨੀ ਜ਼ਿੰਦਗੀ ਭੀ ਲਗਾਤਾਰੀ ਸ਼ੈ ਹੈ, ਆਤਮ ਜੀਵਨ ਲਗਾਤਾਰੀ ਚਸ਼ਮੇ ਵਾਂਙੂ ਲਗਾ- ਤਾਰਤਾ ਤੇ ਸੁਤੇ ਉਮਾਹ ਵਿਚ ਹੁੰਦਾ ਹੈ, ਆਪ ਸੀਤਲ, ਸੁਖ ਰੂਪ ਤੇ ਸੁਖ ਸੀਤਲਤਾ ਦਾ ਦਾਤਾ।
ਮੋਹਿਨਾ ਸੋਹਿਨਾ ਇਸ ਜੀਵਨ ਪੱਥ ਤੇ ਨਹੀਂ ਸਨ ਟੁਰੇ, ਓਹ ਕਰਮਕਾਂਡੀ ਪੂਜਾ ਅਰਚਾ ਵਿਚ ਲਗੇ ਹੋਏ ਸੇ। ਜੀਵਨ ਰੋ ਨਹੀਂ ਰੁਮਕੀ ਸੀ, 'ਕੇਵਲ ਕਰਮ ਕਾਂਡ' ਵਿਚ ਮਨ ਕਰੜਾਈ ਫੜ ਗਿਆ ਸੀ। ਇਸ ਕਰਕੇ ਜੀਉਂਦੇ ਇਨਸਾਨ ਦੇ ਕਸ਼ਟ ਵਿਚ ਸੁਰਤ ਨੇ ਦੋ ਘੁੱਟ ਪਾਣੀ ਦੇਣ ਦਾ ਉਛਾਲ ਨਾ ਖਾਧਾ। ਹੁਣ ਇਸ ਕੜ ਤੋੜਨ ਦਾ ਉਪਰਾਲਾ ਗੁਰੂ ਕੇ ਦੁਆਰੇ ਹੋ ਰਿਹਾ ਹੈ।
6. (ਮੋਹਿਨਾਂ ਤੇ ਰੋਡਾ ਜਲਾਲੀ)
ਸ੍ਰੀ ਜੀਤ ਜੀ ਦਾ ਆਪਣੇ ਆਤਮਾਂ ਵਿਚ ਅਡੋਲ ਰਹਿਣਾ, 'ਸਾਂਈਂ-ਧਿਆਨ' ਵਿਚ ਸਾਵਧਾਨ ਰਹਿਣਾ, ਜੀਵਨ ਦੇ ਹੁਲਾਰੇ ਟਿਕਵੇਂ ਵੇਗ ਵਿਚ ਜਾਰੀ ਰਹਿਣੇ ਤੇ ਸਹਿਸੁਭਾ ਉਨ੍ਹਾਂ ਤੋਂ ਪਿਆਰ ਤੇ ਭਲਿਆਈ ਹੁੰਦੀ ਰਹਿਣੀ, ਉਨ੍ਹਾਂ ਦਾ ਜੀਵਨ ਸੀ। ਇਸੇ ਕਰਕੇ ਪ੍ਯਾਰ ਨਾਲ ਲੋਕ ਆਪ ਨੂੰ ਅੰਮੀ ਜੀ ਸੱਦਦੇ ਸਨ। ਮਾਤਾ ਜੀ ਦਾ ਮੋਹਿਨਾਂ ਨਾਲ ਪਿਆਰ ਉਨ੍ਹਾਂ ਦੇ ਪ੍ਰੇਮ ਦਾ ਇਕ ਨਮੂਨਾ ਸੀ। ਜਦ ਤੋਂ ਸ੍ਰੀ ਮਤੀ ਜੀ ਨੂੰ ਇਹ ਪਤਾ ਲਗ ਗਿਆ, ਤਦ ਤੋਂ ਮੋਹਿਨਾਂ ਨੂੰ ਸੱਦ ਘੱਲਣਾ, ਕਦੇ ਬਾਗ਼ ਸੈਰ ਨੂੰ ਗਏ ਉਨ੍ਹਾਂ ਦੀ ਕੁੱਲੀ ਵਿਚ ਆਪ ਜਾਣਾ, ਸਤਿਸੰਗ ਦੀ ਵਾਰਤਾਲਾਪ ਕਰਨੀ ਤੇ ਸਭ ਤੋਂ ਵਧੀਕ ਆਪਣੀ ਚਿੱਤ ਦੀ ਅਸਰ ਵਾਲੀ ਅਸੀਸ ਤੇ ਉੱਚੀ ਛੁਹ ਦੇਣੀ ਤੇ ਸੁਰਤ ਨਾਲ ਸੁਰਤ ਨੂੰ ਉੱਚਿਆਂ ਕਰਨਾ।
ਹੌਲੇ ਹੌਲੇ ਮਾਤਾ ਜੀ ਦੇ ਪ੍ਰੇਮ ਨੇ ਮੋਹਿਨਾ ਵਿਚ ਵਾਹਿਗੁਰੂ ਜੀ ਦੇ ਸਿਮਰਨ ਦਾ ਐਸਾ ਨਿਵਾਸ ਕਰਾਇਆ ਕਿ ਠੰਢ, ਸ਼ਾਂਤੀ, ਰਸ, ਮਿਠਾਸ
ਤੇ ਸੁਆਦ ਦਾ ਇਕ ਮੱਧਮ ਲਹਿਰਾਉ ਉਸ ਦੇ ਅੰਦਰ ਪੈ ਗਿਆ। ਇਹੋ ਦਸ਼ਾ ਸੋਹਿਨਾ ਦੀ ਹੋ ਗਈ।
"ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ ਜਾਇ॥
ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ॥" (ਬਿਹਾ. ਵਾਰ, ਅੰਕ ੫੫੬)
ਓਹ ਜੋ ਨਿਜ ਨੂੰ ਸ੍ਰਾਪਤ ਸਮਝਦੇ ਸੇ, ਓਹ ਜੋ ਸਰਵੰਸ਼ ਦਾਨ ਕਰਕੇ ਸੁਖ ਨੂੰ ਨਾ ਪਹੁੰਚੇ ਸੇ, ਓਹ ਜਿਨ੍ਹਾਂ ਨੂੰ ਵਿਦਿਆ ਤੇ ਸੂਖਮ ਗੁਣਾਂ ਨੇ ਠੰਢ ਨਹੀਂ ਸੀ ਪਾਈ; ਓਹ ਜੋ ਸਾਧਨਾਂ ਤੇ ਨਿਰਤਕਾਰੀਆਂ ਨਾਲ ਬੀ ਠਾਕੁਰ ਤੋਂ ਅਤ੍ਰਿਪਤ ਰਹੇ ਸੇ, ਨਿਮਾਣੇ ਹੋ ਕੇ ਸਤਿਸੰਗ ਦੁਆਰੇ ਆ ਢੱਠੇ ਤੇ ਜੀਉ ਉਠੇ।
ਕਬੀਰ-
"ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ॥
ਮਤਿ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ॥੬੧॥” (ਸ. ਕਬੀਰ, ਪੰ. १३੬੭)
ਹੁਣ ਦੁਹਾਂ ਦੀ ਚਿੱਤ ਬ੍ਰਿਤੀ ਖਿੰਡਾਉ ਵਿਚ ਘੱਟ ਜਾਂਦੀ ਹੈ, ਹਾਹੁਕੇ ਵਿਚ ਨਹੀਂ ਪੈਂਦੀ। ਇਕ ਮੱਧਮ ਵੇਗ ਦਾ ਲਗਾਤਾਰ ਰਸ ਅੰਦਰ ਰਹਿੰਦਾ ਹੈ। ਸਿਮਰਨ ਵਿਚ ਜੱਰਵੀਂ ਖਿੱਚ ਲੱਗੀ ਰਹਿੰਦੀ ਹੈ, ਦਰਸ਼ਨ ਦੀ ਸਿੱਕ ਅੱਗੇ ਨਾਲੋਂ ਬਹੁਤੀ, ਪਰ ਉਸ ਵਿਚ ਨਿਰਾਸਾ ਤੇ ਟੋਟ ਨਹੀਂ ਹੈ: ਸ਼ੁਕਰ ਤੇ ਆਸ ਹੈ ਅਰ ਆਸ ਦੇ ਹੁਲਾਰਿਆਂ ਵਿਚ ਵਿਸ਼ਵਾਸ਼ ਹੈ, ਨੈਣ ਛਹਿਬਰਾਂ ਲਾਉਂਦੇ ਹਨ, ਪਰ ਸ਼ੁਕਰ ਵਿਚ:-
"ਜੇਤੇ ਸਾਸ ਸਾਸ ਹਮ ਲੇਤੇ ਤੇਤੇ ਹੀ ਗੁਣ ਗਾਇਆ॥
ਨਿਮਖ ਨ ਬਿਛੁਰੈ ਘਰੀ ਨ ਬਿਸਰੈ ਸਦ ਸੰਗੇ ਜਤ ਜਾਇਆ॥” (ਸਾਰੰਗ ਮਹਲਾ ੫, ਅੰਕ ੧੨੧੨)
ਇਸ ਤਰ੍ਹਾਂ ਕਰਦਿਆਂ ਸਮਾਂ ਲੰਘਦਾ ਗਿਆ, ਏਨ੍ਹਾਂ ਦੇ ਅੰਦਰ ਦੀ ਬਿਧਿ ਪਕਿਆਈ ਪਾਂਦੀ ਗਈ, 'ਮੌਤ-ਨਦੀ' ਦੇ ਪਾਰ ਉਰਾਰ ਚਿੱਤ ਗੇੜੇ ਲਾਉਣ ਲਗ ਪਿਆ। ਐਉਂ ਜਾਪੈ ਕਿ ਇਸ ਭਵਨ ਦਾ ਇਕ ਠਾਕੁਰ
ਹੈ, ਜਿਸ ਦੀ ਠਕੁਰਾਈ 'ਮੌਤ ਨਦੀ' ਦੇ ਪਾਰ ਉਰਾਰ ਹੈ। ਉਹ ਠਾਕੁਰ ਜਿਸ ਨੂੰ ਚਾਹੇ ਪਾਰ ਸੱਦੇ ਜਿਸ ਨੂੰ ਚਾਹੇ ਉਰਾਰ ਸੱਦੇ। ਮੌਤ ਕੋਈ ਦੁਖਦਾਈ ਸ਼ੈ ਨਹੀਂ, ਨਾ ਇਹ ਵਿਨਾਸ਼ ਹੈ, ਨਾ ਇਹ ਪੱਕਾ ਵਿਛੋੜਾ ਹੈ। ਇਹ ਭੀ ਭਾਸੇ ਕਿ ਜੋ ਸਿਮਰਨ ਵਿਚ ਜੀਵੇ ਹਨ, ਉਹਨਾਂ ਲਈ ਵਿਛੋੜਾ ਨਹੀਂ, ਸਾਂਈ ਨਾਲੋਂ ਕਿ ਸਾਂਈਂ ਦੇ ਪਿਆਰਿਆਂ ਨਾਲੋਂ, ਸਤਿਗੁਰ ਨਾਲੋਂ ਕਿ ਸਤਿਸੰਗ ਨਾਲੋਂ ਸਿਮਰਨ ਵਾਲੇ ਕਦੇ ਵਿਛੁੜਦੇ ਨਹੀਂ:-
"ਕਬਹੂ ਸਾਧਸੰਗਤਿ ਇਹੁ ਪਾਵੈ॥
ਉਸੁ ਅਸਥਾਨ ਤੇ ਬਹੁਰਿ ਨ ਆਵੈ॥” (ਸੁਖਮਨੀ-११, ਅੰਕ २੭੮)
ਐਉਂ ਇਕ ਨਦੀ ਦੇ ਪਾਰ ਉਰਾਰ ਵਾਹਿਗੁਰੂ ਦੀਆਂ ਨਗਰੀਆਂ ਵਿਚ ਆਉਣਾ ਜਾਣਾ ਦਿੱਸਕੇ ਮਨ 'ਭੈ ਮਰਬੇ' ਤੋਂ ਨਿਕਲ ਗਿਆ ਤੇ ਜੀਵਨ ਅਤਿ ਸੁਆਦਲੀ ਤੇ ਰੰਗੀਲੀ ਦਾਤ ਲੱਗਣ ਲੱਗ ਪਿਆ। ਬਿਨ ਸਿਮਰਨ ਜੀਵਨ ਇਕ ਬਲਨਾ ਦਿੱਸੇ, ਜਿਸ ਤਰ੍ਹਾਂ ਚੁਲ੍ਹੇ ਵਿਚ ਲਕੜਾਂ ਦਾ ਬਲਨਾ, ਇਸੇ ਤਰ੍ਹਾਂ ਸਰੀਰ ਵਿਚ ਅੰਨ ਦਾਣੇ ਫਲਾਂ ਆਦਿ ਭੋਜਨਾਂ ਦਾ ਬਲਨਾਂ। ਪਰ ਹਾਂ ਜਦ ਪ੍ਰਭੂ ਸਿਮਰਨ ਦਾ ਨਿਵਾਸ ਹੋ ਗਿਆ, ਤਦ ਜੀਵਨ ਇਕ ਅਤਿ ਰਸਦਾਇਕ ਸੁਆਦਲਾ ਆਤਮ ਲਹਿਰਾ ਹੈ। ਜਿਸ ਦਾਤੇ ਨੇ ਮਨੁੱਖ ਜੀਵਨ ਰਚਿਆ, ਉਸ ਨੇ ਇਸ ਨੂੰ 'ਪੀੜਾ' ਨਹੀਂ ਸੀ ਰਚਿਆ, ਉਸ ਨੇ ਇਹ 'ਦੁਖ ਰੂਪ ਨਹੀਂ ਸੀ ਬਣਾਇਆ, ਸਗੋਂ ਅਸਾਂ, ਜੋ ਰਚਣਹਾਰ ਨੂੰ ਵਿਸਾਰ ਕੇ ਮਰਨਹਾਰਾਂ ਤੇ ਵਿਛੁੜਨਹਾਰਾਂ ਨਾਲ ਪਿਆਰ ਪਾ ਲਿਆ, ਦੁਖ ਉਥੋਂ ਜੰਮਿਆਂ। ਮੋਹਿਨਾ ਸੋਹਿਨਾ ਜੀ ਨੂੰ ਹੁਣ ਜੀਵਨ ਰਸ ਰੂਪ ਨਜ਼ਰ ਆਵੇ। ਸੁਰਤ ਜੀਉਂਦੀ ਹੋ ਗਈ ਹੈ। ਜੀਉਂਦੀ ਸੁਰਤ ਜਿੱਧਰ ਤੱਕਦੀ ਹੈ ਸੁੰਦਰਤਾ, ਰਸ ਤੇ ਸੁਆਦ ਫਰਾਟੇ ਮਾਰ ਰਿਹਾ ਹੈ। ਜਿਸ ਰਚਣਹਾਰ ਨੂੰ ਕਰੜਾ ਹਾਕਮ ਖਿਆਲਕੇ ਜਾਨ ਸਹਿਮਾਂ ਵਿਚ ਰਹਿੰਦੀ ਸੀ, ਉਹ ਸਦਾ ਪਿਆਰ ਕਰਨ ਵਾਲਾ ਦਿੱਸ ਪਿਆ।
"ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ॥
ਹਉ ਸੰਮਲਿ ਥਕੀ ਜੀ ਓਹੁ ਕਦੇ ਨਾ ਬੋਲੈ ਕਉਰਾ॥” (ਸੂਹੀ ਮ.५, ਅੰਕ ੭੮੪)
'ਜੀਉ ਪਈ ਸੁਰਤ' ਰਚਣਹਾਰ ਨੂੰ ਹਾਕਮ, ਤੇ ਦੰਡ ਦਾਤਾ ਨਹੀਂ ਤੱਕਦੀ, ਜੀਉ ਪਈ ਸੁਰਤ ਨੂੰ ਉਹ ਪਿਤਾ, ਉਹ ਮਾਤਾ, ਉਹ ਬੰਧਪ, ਉਹ ਭਰਾਤਾ, ਉਹ ਪਿਆਰਾਂ ਦਾ ਪੁੰਜ, ਮਿਹਰਾਂ ਦਾ ਸਾਂਈਂ, ਬਖ਼ਸ਼ਿਸ਼ ਦਾ ਘਰ, ਤੁਠਣ ਤੇ ਨਿਵਾਜਣ ਦਾ ਮੇਘ, ਕੱਜ ਲੈਣ ਦਾ ਪਰਬੱਤ ਤੇ ਰੱਖ ਲੈਣ ਵਾਲਾ ਓਲ੍ਹਾ ਦਿੱਸ ਪੈਂਦਾ ਹੈ। ਇਉਂ ਦੇ ਹੋ ਕੇ ਦੁਇ ਠਾਕੁਰ ਦੇ ਚੋਜਾਂ ਪਰ ਮੋਹਿਤ ਹੁੰਦੇ ਤੇ ਕੀਰਤਨ ਕਰਦੇ ਹਨ।
"ਹਰਿ ਕੀਰਤਿ ਸਾਧਸੰਗਤਿ ਹੈ
ਸਿਰਿ ਕਰਮਨ ਕੈ ਕਰਮਾ॥” (ਸੋਰਠ. ਮ. ੫, ਅੰਕ ੬੪੨)
ਵਿਦ੍ਯਾ ਤੇ ਗੁਣ ਜਿਥੇ ਨਹੀਂ ਲੈ ਜਾਂਦੇ, ਉੱਥੇ 'ਜੀਅ ਦਾਨ' ਦਾ ਇਕ ਕਿਣਕਾ ਲੈ ਜਾਂਦਾ ਹੈ। ਸੁਖੀ ਹਨ ਪਰ ਦਾਤੇ ਦਾ ਪਿਆਰ ਕਸਕਾਂ ਮਾਰਦਾ ਹੈ। "ਹੁਕਮ ਨਹੀਂ" ਇਸ ਕਰਕੇ ਰਜ਼ਾ ਵਿਚ ਖੜੇ ਹਨ-
“ਸੇਜੈ ਰਮਤੁ ਨੈਨ ਨਹੀਂ ਪੇਖਉ
ਇਹੁ ਦੁਖੁ ਕਾ ਸਉ ਕਹਉਰੇ॥” (ਆਸਾ ਕਬੀਰ, ਅੰਕ ੪੮੨)
ਇਨ੍ਹਾਂ ਹੀ ਦਿਨਾਂ ਵਿਚ ਇਕ ਦਿਨ ਇਕ ਰਮਤਾ ਫ਼ਕੀਰ ਬਾਗ਼ ਵਿਚ ਆ ਗਿਆ, ਸਾਰੇ ਸੈਰ ਕਰਦਾ ਮੋਹਿਨਾ ਦੇ ਦਰਵਾਜ਼ੇ ਆ ਖੜੋਤਾ, ਕਹਿਣ ਲੱਗਾ:-
"ਮਾਲਣ! ਆਲੱਖ, ਮਾਲਣ! ਅਲੱਖ। ਫ਼ਕੀਰ ਸਾਂਈਂ ਆਏ ਹਨ, ਖੈਰ ਪਾ ਦੇਹ।”
ਮੋਹਿਨਾ ਅੰਦਰੋਂ ਲੱਪ ਜੁਆਰ ਦੇ ਆਟੇ ਦੀ ਲਿਆਈ। ਫ਼ਕੀਰ ਨੇ ਕਿਹਾ:-
"ਦੇਖਦੀ ਨਹੀਂ!
ਏ ਹੈ ਰੱਬ ਦਾ ਫ਼ਕੀਰ, ਏ ਹੈ ਰੋਡਾ ਜਲਾਲੀ।
ਅੱਖ ਜੇ ਏ ਫੇਰੇ, ਦੇਵੇ ਪੁੱਠੜੀ ਭੁਆਲੀ।
ਮਾਲਣ! ਰੋਡਾ ਜਲਾਲੀ, ਏ ਹੈ ਰੋਡਾ ਜਲਾਲੀ।
ਰੱਬ ਨੂੰ ਜੇ ਮੰਗੇਂ, ਮੇਲੂ ਰੋਡਾ ਜਲਾਲੀ।
ਰੋਡਾ ਪਰ ਲੈਂਦਾ ਮੂੰਹ ਮੰਗੀ ਦਲਾਲੀ।
ਮਾਲਣ! ਆਇਆ ਫ਼ਕੀਰ, ਡੇਰੇ ਰੋਡਾ ਜਲਾਲੀ।
ਮੰਗੋ ਮੁਰਾਦ, ਦੇਵੇ ਰੋਡਾ ਜਲਾਲੀ।
ਦੁਆਰੇ ਤੇ ਆਯਾ, ਜਾਵੇ ਰੋਡਾ ਨ ਖਾਲੀ।
ਮਾਲਣ! ਨਾਗਨ ਫ਼ਕੀਰ, ਰੋਡਾ ਨਾਗਨ ਈ ਕਾਲੀ।
ਦੇ ਦੇ ਜੁ ਮੰਗੇ: ਮੂੰਹੋਂ ਕੱਢੀ ਨ ਗਾਲੀ।
ਨਖ਼ਰੇ ਬਹਾਨੇ ਕਰ ਇਹਨੂੰ ਨ ਟਾਲੀਂ।
ਮਾਲਣ! ਰੋਡਾ ਰਿਝਾ ਦੇ, ਤੇਰਾ ਜੀਵੇਗਾ ਮਾਲੀ।
ਰੋਡਾ ਮੰਗੇ ਨ ਦੰਮ, ਰੋਡਾ ਨਹੀਓਂ ਪਲਾਲੀ।
ਨਾਲ ਚਮਿਆਰਾਂ ਇਹਦੀ ਨਹੀਓਂ ਭਿਆਲੀ।
ਮਾਲਣ! ਸਬਰਾਂ ਦੇ ਹੁਜਰੇ ਦਾ ਰੋਡਾ ਜਲਾਲੀ।
ਮਾਲਣ ਬੀ ਤਰੇ, ਨਾਲੇ ਤਰੇਗਾ ਮਾਲੀ।
ਖਾਲੀ ਜੇ ਨਾ ਟੋਰਿਆ ਏ ਰੋਡਾ ਜਲਾਲੀ।
ਮਾਲਣ! ਆਯਾ ਜਲਾਲੀ, ਤੇਰੇ ਰੋਡਾ ਜਲਾਲੀ। ”
ਰੋਡਾ ਗੁਰਜ ਭੁਆਵੇ ਤੇ ਨੱਚੇ ਤੇ ਇਹ ਟੱਪੇ ਗਾਵੇਂ। ਮੋਹਿਨਾ ਜਿਉਂ ਜਿਉਂ ਤੱਕੇ ਹਰਿਆਨ ਹੋਵੇ, ਸਹਿਮ ਖਾਵੇ ਤੇ ਕੁਛ ਬੇਚੈਨ ਹੋਵੇ। ਜਦੋਂ ਫ਼ਕੀਰ ਨੇ ਚੁਪ ਕੀਤੀ ਤੇ ਨੀਲੀਆਂ ਪੀਲੀਆਂ ਅੱਖਾਂ ਕਰਕੇ ਫੇਰੀਆਂ ਤਾਂ ਮੋਹਿਨਾਂ ਨੇ ਕਿਹਾ, 'ਸਾਂਈ ਜੀ! ਮੰਗੋ ਜੋ ਕੰਗਾਲਾਂ ਤੋਂ ਸਰੇਗਾ ਹਾਜ਼ਰ ਹੋ ਜਾਸੀ, ਪਰ ਮਿਹਰ ਕਰਕੇ ਮੰਗਣਾ, ਅਸੀਂ ਬਹੁਤ ਨਿਮਾਣੇ ਹਾਂ, ਅਸੀਂ ਮੰਗਤੇ ਹਾਂ, ਦਾਤੇ ਨਹੀਂ, ਜੋ ਹੈ ਆਪ ਦਾ ਹੈ।
ਰੋਡਾ— ਮਾਲਣ ! ਇਹ ਮੋਤੀਆ, ਬੇ-ਬਹਾਰਾ ਮੋਤੀਆ ਇਹ ਹਰਿਨੀ(ਗੁਲ ਦਾਉਦੀ), ਇਹ ਰੁਹਣੀ, ਇਹ ਗੇਂਦਾ, ਇਹ ਖੱਟਾ ਗੇਂਦਾ ਜੋ ਲੁਕਾ ਲੁਕਾ ਧਰਿਆ ਈ, ਰੋਡਾ ਤੱਕ ਤੱਕ ਕੇ ਰੀਝ ਰਿਹਾ ਹੈ, ਇਹ ਦੇ ਦੇਹ।
ਮਾਲਣ ਨੂੰ ਸੁਣਦਿਆਂ ਹੀ ਸੁਨਸੁਨੀ ਛਾ ਗਈ, ਕਲੇਜਾ ਕੰਬਿਆ, ਰਸ ਦੀ ਤਾਰ ਟੁੱਟੀ, ਆਕਾਸ਼ ਤੇ ਜ਼ਮੀਨ ਹਿਠਾਂਹ ਉਤਾਂਹ ਹੋਏ, ਨਿਰਬਲ ਤੇ ਸੁੰਨ ਹੋ ਕੇ ਮਾਲਣ ਜਿੱਥੇ ਖੜੀ ਸੀ, ਬਹਿ ਗਈ। ਰੋਡਾ ਇਹ ਕੌਤਕ
ਦੇਖਦਾ ਰਿਹਾ, ਫੇਰ ਰੋਡਾ ਗਾਉਂਦਾ ਤੇ ਤੱਪਦਾ ਟੁਰ ਗਿਆ। ਕੁਛ ਚਿਰ ਮਗਰੋਂ ਸੋਹਿਨਾ ਜੀ ਆਏ। ਇਸਤ੍ਰੀ ਨੂੰ ਛੱਟੇ ਮਾਰਕੇ ਹੋਸ਼ ਆਂਦੀ ਤੇ ਉਠਾਲਿਆ ਤੇ ਪੁੱਛਿਆ: "ਮੋਹਿਨਾ! ਇਹ ਕੀ ਗਤੀ ਹੈ?” ਮੋਹਿਨਾ ਜੀ ਨੇ ਸਹਿਜ ਨਾਲ ਸਾਰਾ ਹਾਲ ਸੁਣਾਇਆ ਤੇ ਆਖਿਆ, "ਏਹ ਫੁਲ ਸ੍ਰੀ ਕਲਗੀਧਰ ਜੀ ਲਈ ਪਾਲੇ, ਅੰਮੀ ਜੀ ਦੀ ਖ਼ਾਸ ਆਯਾ ਸੀ ਕਿ ਪ੍ਰੀਤਮ ਜੀ ਦੀ ਵਰ੍ਹੇ ਗੰਢ ਵਾਲੇ ਦਿਨ ਅਸੀਂ ਮੋਤੀਏ ਦਾ ਸਿਹਰਾ ਪਹਿਨਾਈਏ। ਉਨ੍ਹਾਂ ਦੀ ਖ਼ਾਤਰ ਤੁਸਾਂ ਨੇ ਇਹ ਤਰੱਦਦ ਜਾਲ ਕੇ ਏਹ ਕੁਰੁੱਤੇ ਬੂਟੇ ਤਿਆਰ ਕੀਤੇ ਸਨ। ਅੱਜ ਇਕ ਫ਼ਕੀਰ ਇਨ੍ਹਾਂ ਦਾ ਸੁਆਲੀ ਆਇਆ, ਜੇ ਮੈਂ ਨਹੀਂ ਦੇਂਦੀ ਤਾਂ ਅੱਗੇ ਠਾਕੁਰਾਂ ਦੇ ਨਾਉਂਗੇ ਦਾ ਪਾਣੀ ਠਾਕੁਰਾਂ ਦੇ ਬਾਲਕੇ ਨੂੰ ਨਾ ਦੇਣ ਕਰਕੇ ਦਰਸ਼ਨਾਂ ਤੋਂ ਵਾਂਜੇ ਗਏ, ਹੁਣ ਠਾਕੁਰ ਦਾ ਬਾਲਕਾ ਠਾਕੁਰ ਜੀ ਦੇ ਨਾਉਂਗੇ ਦੇ ਫੁੱਲ ਮੰਗਦਾ ਹੈ, ਨਾ ਦਿਆਂ ਤਾਂ ਕਿਸ ਹਾਲ ਨੂੰ ਪਹੁੰਚਾਂ, ਤੇ ਜੇ ਦਿਆਂ ਤਾਂ ਅੰਮੀਂ ਜੀ ਨੂੰ ਕੀਹ ਮੂੰਹ ਦਿਆਂ? ਜਿਨ੍ਹਾਂ ਨੇ ਸਾਨੂੰ ਮੁਰਦਿਆਂ ਨੂੰ ਜਿਵਾਲਿਆ ਹੈ ਉਨ੍ਹਾਂ ਲਈ ਇਹ ਤੁੱਛ ਸੇਵਾ ਸਿਰੇ ਨਾ ਚਾੜ੍ਹਾਂ ? ਇਸ ਦੁਚਿਤਾਈ ਵਿਚ ਐਸੀ ਨਿਰਾਸਾ ਪਈ ਕਿ ਮੈਂ ਤਾਂ ਆਪਣੇ ਭਾਣੇ ਮਰ ਗਈ ਸਾਂ, ਪਰ ਦੇਖਦੀ ਹਾਂ ਕਿ ਇਹ ਕਰੜੀ ਮੁਸ਼ਕਲ ਅਜੇ ਮੇਰੇ ਸਾਹਮਣੇ ਹੈ ਤੇ ਤੁਸੀਂ ਮੇਰੇ ਨਾਲ ਇਸ ਦੇ ਭਿਆਲ ਹੋ।”
ਇਹ ਹਾਲ ਸੁਣ ਕੇ ਸੋਹਿਨਾ ਜੀ ਨੂੰ ਬੀ ਬੜੀ ਘਾਟ ਪਈ। ਬਨਸਪਤੀ ਵਿਦਿਆ ਵਿਚ ਪ੍ਰਬੀਨ ਸੋਹਿਨਾ ਜੀ ਨੇ ਚਾਰ ਮੋਤੀਏ ਦੇ ਬੂਟਿਆਂ ਨੂੰ ਅੰਮੀਂ ਜੀ ਦੀ ਪ੍ਰਸੰਨਤਾ ਲਈ ਵੱਡੀਆਂ ਵੱਡੀਆਂ ਚੁਕਾਠਾਂ ਵਿਚ ਸ਼ੀਸ਼ੇ ਜੜਾਕੇ ਇਨ੍ਹਾਂ ਬੂਟਿਆਂ ਦੇ ੳੱਤੇ ਸਰਪੋਸ਼ ਵਾਂਙੂ ਧਰ ਕੇ ਕੁਰੁੱਤੇ ਫੁੱਲਣ ਲਈ ਤਿਆਰ ਕੀਤਾ ਸੀ। ਦਿਨ ਨੂੰ ਸੂਰਜ ਦੀ ਤਪਸ਼ ਸ਼ੀਸ਼ਿਆਂ ਥਾਣੀਂ ਕਰੜੀ ਹੋ ਕੇ ਅੰਦਰ ਲਗਦੀ ਸੀ ਤੇ ਰਾਤ ਨੂੰ ਸ਼ੀਸ਼ਿਆਂ ਦੇ ਉਦਾਲੇ ਵਿਥ ਤੇ ਧੂਣੀ ਲਾਈ ਜਾਂਦੀ ਸੀ। ਸੋ ਬੂਟਿਆਂ ਦੇ ਉਦਾਲੇ ਸ਼ੀਸ਼ਿਆਂ ਦੇ ਅੰਦਰ ਸਾਉਣ ਦੀ ਗਰਮੀ ਜਿੰਨੀ ਨਿੱਘੀ ਪੌਣ ਬਣੀ ਰਹਿੰਦੀ ਸੀ। ਖਾਦ ਖਾਸ ਇਕ ਤਵੇਲੇ ਦੀ ਅਰੂੜੀ ਤੋਂ ਤਿਆਰ ਕਰ ਕੇ ਦਿੱਤੀ ਸੀ, ਸਿੱਟਾ ਇਹ ਸੀ ਕਿ ਚਾਰੇ ਬੂਟੇ ਹੁਣ ਕਲੀਆਂ ਨਾਲ ਭਰੇ ਪਏ ਸਨ। ਇਸੇ ਤਰ੍ਹਾਂ ਹੁਣ ਹਰਿਨੀ (ਗੁਲਦਾਊਦੀ) ਦੇ ਬੂਟਿਆਂ ਨੂੰ ਪਰਾਲੀ ਦੀ ਛੱਤ ਪਾ ਕੇ ਕੱਜਿਆ ਸੀ। ਦਿਨੇ ਰੋਜ਼ ਪਰਾਲੀ ਲਾਹ ਕੇ ਪੂਰੀ ਧੁੱਪ ਲੁਆਉਣੀ ਤੇ ਸੂਰਜ ਆਥਣ
ਤੋਂ ਪਹਿਲੇ ਫੇਰ ਕੱਜ ਦੇਣੀ, ਅਤੇ ਰਾਤ ਗਿਰਦ ਗਿਰਦ ਵਿੱਥ ਤੇ ਧੂਣੀ ਰਹਿਣੀ, ਜਿਸ ਨਾਲ ਹਵਾ ਦੀ ਨਿਘ ਘਟਣੀ ਨਾ। ਇਸੇ ਤਰ੍ਹਾਂ ਕੱਚੇ ਖੱਟੇ ਰੰਗ ਦੇ ਗੇਂਦੇ ਨੂੰ ਕੱਕਰਾਂ ਤੋਂ ਕੱਜਕੇ ਅੰਮੀਂ ਜੀ ਦੇ ਚਾਉ ਲਈ ਹੁਣ ਤੱਕ ਸੰਭਾਲਿਆ ਸੀ। ਅੱਜ ਉਹ ਵਿਘਨ ਆ ਕੇ ਪਿਆ ਕਿ ਜਿਸ ਦਾ ਸੁਲਝਾ ਨਹੀਂ ਸੁੱਝਦਾ। ਇਹ ਤਾਂ ਮੋਹਿਨਾ ਜੀ ਤਾੜ ਗਏ ਸਨ ਕਿ ਇਹ ਫ਼ਕੀਰ ਉਸ ਸਿਖ ਵਰਗਾ ਨਹੀਂ ਨਜ਼ਰੀ ਪੈਂਦਾ, ਪਰ ਆਖ਼ਰ ਵਾਹਿਗੁਰੂ ਦਾ ਹੈ, ਇਸ ਦੀ ਸੇਵਾ ਨਾ ਕਰਨੀ ਬੀ ਮਾੜੀ ਹੋਊ। ਇਸ ਤਰ੍ਹਾਂ ਦੀਆਂ ਗਿਣਤੀਆਂ ਇਸਤ੍ਰੀ ਭਰਤਾ ਸਾਰੀ ਰਾਤ ਕਰਦੇ ਰਹੇ। ਸਵੇਰੇ ਹੀ ਰੋਡੇ ਹੁਰੀਂ ਫਿਰ ਆ ਗਏ, ਉਹ ਸਾਰਾ ਗੀਤ ਉਸੇ ਤਰ੍ਹਾਂ ਗਾਉਂਦੇ ਤੇ ਨੱਹਦੇ ਟੱਪਦੇ ਸੇ। ਹੁਣ ਸੋਹਿਨਾ ਜੀ ਨੂੰ, ਜੋ ਆਪਣੀ ਅਕਲ ਨਾਲ ਕੁਛ ਨਹੀਂ ਸੀ ਫੁਰਿਆ, ਸਗੋਂ ਚਿੰਤਾ ਨੇ ਸਿਮਰਨ ਵਿਚੋਂ ਕੱਢਕੇ ਦੁਖੀ ਕਰ ਦਿੱਤਾ. ਸੀ, ਸਾਂਈਂ ਤੇ ਟੇਕ ਧਰਦਿਆਂ ਸਾਰ ਸੱਚ ਦਾ ਝਲਕਾ ਵੱਜਾ। ਫ਼ਕੀਰ ਨੂੰ ਆਖਣ ਲੱਗੇ- "ਦੇਖੋ ਸਾਂਈਂ ਲੋਕ ਜੀ! ਇਹ ਬਾਗ਼ ਗੁਰੂ ਕਾ ਹੈ, ਜੋ ਇਸ ਵਿਚ ਹੈ ਗੁਰੂ ਕਾ ਹੈ, ਅਸੀਂ ਅਮੁੱਲੇ ਨੌਕਰ ਹਾਂ, ਕਿਸੇ ਸ਼ੈ ਦੇ ਅਸੀਂ ਮਾਲਕ ਨਹੀਂ, ਨੌਕਰਾਂ ਦਾ ਕੰਮ ਨਹੀਂ ਕਿ ਮਾਲਕਾਂ ਦੀ ਸ਼ੈ ਆਪੇ ਦੇ ਦੇਣ। ਫੁੱਲਾਂ ਵਾਸਤੇ ਤੁਸੀਂ ਕੇਸਰਾ ਸਿੰਘ ਵੱਡੇ ਮਾਲੀ ਜੀ ਨੂੰ ਆਖੋ, ਉਹ ਮਾਲਕ ਦੇ ਹੁਕਮ ਵਿਚ ਦੇ ਸਕਦੇ ਹਨ। ਅਸੀਂ, ਅਸੀਂ ਫੁੱਲ ਬੀਜਣ ਵਾਲੇ, ਪਾਲਣ ਵਾਲੇ, ਰਾਖੀ ਕਰਨ ਵਾਲੇ ਹਾਂ ਅਰ ਇਥੇ ਸਾਡਾ ਧਰਮ ਬੱਸ ਹੈ। ਤੋੜਨਾ ਧਰਮ ਮਾਲਕ ਦਾ ਹੈ, ਅਸੀਂ ਮਾਲਕ ਨਹੀਂ ਹਾਂ। ਇਹ ਵਿਚਾਰਕੇ ਅਸਾਂ ਪਰ ਖਿਮਾ ਕਰਨੀ, ਅਸੀਂ ਦਾਸ ਹਾਂ। " ਰੋਡਾ ਇਹ ਸੁਣਕੇ ਟੱਪਿਆ ਤੇ ਬੋਲਿਆ:-
"ਰੋਡਾ ਜਲਾਲੀ ਜਾਵੇ ਰੋਡਾ ਜਲਾਲੀ।
ਤੇਰੇ ਦੁਆਰੇ ਤੋਂ ਏ ਚਲਿਆ ਏ ਖਾਲੀ।
ਮਾਲੀ! ਖਾਲੀ ਨ ਟੋਰ ਪੁੱਠੀ ਪਏਗੀ ਭਾਲੀ।
ਫੁਲ ਛੱਡਣੇ ਨ ਰੋਡੇ, ਰੋਡੇ ਭਰਨੀ ਏ ਥਾਲੀ।
ਗੁਰੂ ਕੇ ਫੁੱਲ, ਦੇਣੀ ਗੁਰੂ ਨੂੰ ਹੈ ਡਾਲੀ।
ਮਾਲੀ! ਖਾਲੀ ਨ ਟੋਰ ਰੋਡਾ ਜਾਏ ਨ ਖਾਲੀ।”
ਸੋਹਿਨਾ— ਫ਼ਕੀਰ ਸਾਂਈਂ! ਮੈਂ ਸੱਚ ਅਰਜ਼ ਕੀਤੀ ਹੈ, ਮੇਰੇ ਘਰ ਜੋ ਕੁਛ ਹੈ ਸਰਬੰਸ ਲੈ ਜਾਓ, ਹਾਜ਼ਰ ਹੈ। ਮਾਲਕ ਦੀ ਸ਼ੈ ਤੇ ਮਾਲਕਾਂ ਦੇ ਹੁਕਮ ਵਿਚ ਤਿਆਰ ਹੋਈ ਸ਼ੈ ਮਾਲਕ ਹੀ ਦੇਣ, ਜਾਂ ਵਡੇ ਮਾਲੀ ਨੂੰ ਪੁੱਛ ਲਓ।
ਰੋਡਾ ਹੁਣ ਸਰਾਪ ਦਿੰਦਾ ‘ਤੇਰੀ ਜੜ੍ਹ ਨਾ ਮੇਖ' ਟੁਰ ਗਿਆ। ਮੋਹਿਨਾਂ ਤੇ ਸੋਹਿਨਾ ਨੇ ਸ਼ੁਕਰ ਕੀਤਾ ਆਖਣ ਲੱਗੇ- "ਐਤਕੀ ਠਾਕੁਰ ਦੇ ਬਾਲਕੇ ਗਾਲ੍ਹ ਨਹੀਂ ਦਿੱਤੀ, ਅਸੀਸ ਦਿੱਤੀ ਹੈ। ਅਸੀਂ ਜਗਤ ਵਿਚ ਜੜ੍ਹ ਮੇਖ ਕਦ ਚਾਹੁੰਦੇ ਹਾਂ, ਇਥੋਂ ਪੁੱਟੀ ਹੀ ਜਾਵੇ ਤਦ ਚੰਗੀ ਹੈ।” ਦਿਲ ਪਰ ਜੋ ਡਰ ਸੀ ਸੋ ਲੱਥਾ ਤੇ ਮਨ ਕੁਛ ਉੱਚਾ ਹੋ ਆਇਆ। ਇਸਤ੍ਰੀ ਭਰਤਾ ਅੰਦਰ ਬੈਠ ਕੇ ਕੀਰਤਨ ਕਰਦੇ ਰਹੇ। ਸੁਰਤਿਆਂ ਲੋਕਾਂ ਪਾਸ ਮੈਲੀ ਹੋ ਗਈ ਤੇ ਢਹਿ ਪਈ ਚਿਤ ਗਤੀ ਦਾ ਦਾਰੂ ਸਤਿਸੰਗ ਹੈ ਜਾਂ ਕੀਰਤਨ:-
"ਗੁਨ ਗਾਵਤ ਤੇਰੀ ਉਤਰਸਿ ਮੈਲ॥
ਬਿਨਸਿ ਜਾਇ ਹਉਮੈ ਬਿਖੁ ਫੈਲ॥”
(ਸੁਖਮਨੀ, ਅੰਕ २੮੯)
ਸੰਝ ਵੇਲੇ ਅੰਦਰਲੇ ਬੱਦਲਾਂ ਨੇ ਉਡਾਰੀ ਖਾਧੀ, ਕੁਹੀੜ ਉਠੀ ਤੇ ਧੁੰਦ ਬਿਲਾ ਗਈ। ਮਨ ਨਿਰਮਲ ਹੋਕੇ ਚਮਕਿਆ, ਬ੍ਰਿਤੀ ਦਾ ਪ੍ਰਵਾਹ ਤੇਲ ਦੀ ਧਾਰ ਵਾਂਙ ਇਕ ਰੰਗ ਵਗਿਆ ਤੇ ਸੁਰਤ ਚੜ੍ਹ ਗਈ। ਰਾਤ ਬੜੇ ਆਨੰਦ ਨਾਲ ਸੁੱਤੇ, ਸਵੇਰੇ ਮਗਨ ਉਠੇ, ਨਿਤਨੇਮ ਦੇ ਧਿਆਨ ਵਿਚ ਲੱਗੇ। ਜਦੋਂ ਸੂਰਜ ਚੜੇ ਬਾਹਰ ਆਏ ਤਾਂ-
ਬੁਲਬੁਲ ਹੈ ਬਾਗ ਦੇਖੇ, ਸਾਰਾ ਵਰਾਨ ਹੋਯਾ,
ਜ਼ਾਲਮ ਕਠੋਰ ਹੱਥਾਂ ਖਿੱਚ ਖਿੱਚ ਤਰੋੜ ਖੋਹ੍ਯਾ।
ਸ਼ੀਸ਼ੇ ਭੱਜੇ ਪਏ ਹਨ ਤੇ ਮੋਤੀਏ ਦੇ ਫੁਲ ਡਾਲਾਂ ਨਾਲ ਨਹੀਂ ਹਨ। ਪਰਾਲੀ ਦਾ ਕੱਜਣ ਵਲੂੰਧਰਿਆ ਪਿਆ ਹੈ ਤੇ ਗੁਲਾਦਾਊਦੀ ਦੀਆਂ ਟਾਹਣੀਆਂ ਤੋਂ ਫੁੱਲ ਟੁੱਟ ਟੁੱਟ ਕੇ ਲਟਕ ਰਹੇ ਹਨ ਤੇ ਖੱਟੇ ਗੇਂਦੇ ਦੇ ਫੁੱਲਾਂ ਦਾ ਕਿਤੇ ਮੁਸ਼ਕ ਨਹੀਂ।
ਮੋਹਿਨਾ ਤੇ ਸੋਹਿਨਾ! ਸ਼ਰਮ ਆ ਗਈ, “ਉਸ ਅੰਮੀ ਜੀ ਨੂੰ ਕੀਹ ਆਖਾਂਗੇ, ਜਿਨ੍ਹਾਂ ਨੇ ਜੀਵਨ ਪਦ ਬਖ਼ਸ਼ਿਆ, ਅਸੀਂ ਉਨ੍ਹਾਂ ਦੇ ਇਕ ਚਾਉ ਲਈ ਇਨ੍ਹਾਂ ਫੁਲਾਂ ਦੀ ਰਾਖੀ ਨਾ ਕਰ ਸਕੇ? ਹਾ ਨੀਂਦੁ ਹਤਯਾਰੀ!”
ਕਲੇਜੇ ਇਕ ਤੀਰ ਵੱਜਾ। ਜੀਅਦਾਨ ਦਾਤਾ ਐਮੀ ਜੀ ਸਾਹਮਣੇ ਦਿੱਸੇ ਤੇ ਮੁੜ੍ਹਕਾ ਮੁੜ੍ਹਕਾ ਸਰੀਰ ਹੋ ਗਿਆ। ਫੇਰ ਸਹਿਸਾ ਜਿਹਾ ਪਿਆ ਤੇ ਕਲੇਜਾ ਤੜੱਕ ਦੇਕੇ ਹੋਇਆ, ਫੁੱਲ-ਟੁੱਟੀ ਹਰਿਣੀ ਦੀ ਕਿਆਰੀ ਵਿਚ ਧੜ ਕਰਕੇ ਢੱਠੇ। ਅਫੁੱਲ ਬੂਟਿਆਂ ਵਿਚ ਅਣਹੋਸ਼ੀਆਂ ਲੋਥਾਂ ਸਥਾਰ ਹੋ ਪਈਆਂ।
7. (ਮੋਹਿਨਾ ਸੋਹਿਨਾ ਤੇ ਸੂਰਾ ਗੁਰੂ)
ਕਲਗੀਆਂ ਵਾਲੇ ਸਤਿਗੁਰੂ ਦਾ ਦੀਵਾਨ ਲਗ ਰਿਹਾ ਹੈ, ਚਾਰ ਚੁਫ਼ੇਰੇ ਦੀ ਸੰਗਤ ਭਰੀ ਪਈ ਹੈ। ਦੂਰ ਦੂਰ ਦੇ ਗੁਣੀ ਗਿਆਨੀ, ਮਤ ਮਤਾਂਤਰਾਂ ਦੇ ਸਾਧੂ ਬੈਠੇ ਹਨ, ਕੀਰਤਨ ਹੋ ਰਿਹਾ ਹੈ, ਜਦੋਂ ਭੋਗ ਪਿਆ ਤਾਂ ਭੇਟਾ ਪੇਸ਼ ਹੋਈਆਂ। ਇਹਨਾਂ ਵਿਚੋਂ ਇਕ ਅਨੋਖੀ ਨੁਹਾਰ ਦੇ ਫ਼ਕੀਰ ਨੇ ਇਕ ਸੁਹਣੇ ਸੁਹਣੇ ਲਹਿਲਹਾਂਦੇ ਫੁਲਾਂ ਨਾਲ ਭਰੀ ਸੁੰਦਰ ਪਟਾਰੀ ਸਤਿਗੁਰੂ ਜੀ ਦੇ ਅੱਗੇ ਤਖ਼ਤ ਪਰ ਲਿਜਾ ਧਰੀ। ਅੱਗੇ ਤਾਂ ਸਿਰੋਂ ਨੰਗਾ ਰਹਿੰਦਾ ਸੀ; ਪਰ ਅੱਜ ਸਿਰ ਤੇ ਲੰਮੀਂ ਟੋਪੀ ਧਰੀ ਸੀ। ਸਤਿਗੁਰ ਨੇ ਪੁੱਛਿਆ:-
"ਫਕੀਰ ਸਾਈਂ! ਤੂੰ ਕੌਣ?"
ਫ਼ਕੀਰ- ਜੀ ਮੈਂ ਰੋਡਾ ਜਲਾਲੀ।
ਗੁਰੂ ਜੀ- ਰੋਡਾ ਪਲਾਲੀ ?
ਫ਼ਕੀਰ- ਨਾ ਸੱਚੇ ਪਾਤਸ਼ਾਹ! ਰੋਡਾ ਜਲਾਲੀ!
ਗੁਰੂ ਜੀ- ਜਲਾਲੀ ? ਜੇ ਜਲਾਲੀ ਤਾਂ ਸਾਡੇ ਲਈ ਕੋਈ ਨਿੱਗਰ ਸ਼ੈ ਕਿਉਂ ਨਹੀਂ ਲਿਆਇਆ ?
ਫ਼ਕੀਰ- ਭੱਜੇ ਘੜੇ ਨੀਰ ਨਹੀਂ ਟਿਕਦਾ,
ਨੰਗਾਂ ਪਾਸ ਨ ਟਿਕਦਾ ਮਾਲ।
ਮਾਲ ਬਿਨਾਂ ਕੀ ਨੰਗ ਲਿਆਵਨ,
ਖਾਲੀ ਹੱਥ ਸਦਾ ਕੰਗਾਲ।
ਗੁਰੂ ਜੀ- ਫੇਰ ਖਾਲੀ ਹੱਥ ਹੀ ਆ ਜਾਣਾ ਸੀ, ਫ਼ਕੀਰਾਂ ਦੇ ਸੱਖਣੇ ਹੱਥ ਸੁਹਣੇ ਲੱਗਦੇ ਹਨ।
ਫ਼ਕੀਰ- ਮਹਾਂ ਪੁਰਖਾਂ ਕੋਲ ਖਾਲੀ ਹੱਥ ਜਾਣਾ ਮਰਿਯਾਦਾ ਵਿਰੁੱਧ ਹੈ।
ਗੁਰੂ ਜੀ— ਨੰਗ ਕੀਹ ਤੇ ਮਰਿਯਾਦਾ ਕੀਹ?
ਫ਼ਕੀਰ- ਫ਼ਕੀਰਾਂ ਦੇ ਰੰਗ।
ਗੁਰੂ ਜੀ— ਰੰਗ ਨਹੀਂ ਢੰਗ।
ਇਹ ਕਹਿੰਦੇ ਹੀ ਕੌਤਕੀ ਸਤਿਗੁਰੂ ਨੇ ਇਕ ਸਿਖ' ਨੂੰ ਸੈਨਤ ਕੀਤੀ, ਓਹ ਰੋਡੇ ਦੇ ਲਾਗੇ ਬੈਠੇ ਸੇ, ਮਾਲਕ ਦੀ ਸੈਨਤ ਤੱਕ ਕੇ ਉਨ੍ਹਾਂ ਨੇ ਰੋਡੇ ਦੀ ਟੋਪੀ ਨੂੰ ਹੱਥ ਮਾਰਿਆ, ਟੋਪੀ ਹੇਠਾਂ ਆ ਪਈ ਤੇ ਨਾਲ ਹੀ ਛਣਨ ਛਣਨ ਕਰਦੀਆਂ ਪੰਜ ਸਤ ਮੋਹਰਾਂ ਢਹਿ ਪਈਆਂ। ਹੁਣ ਸਾਰੀ ਸੰਗਤ ਹੱਸ ਪਈ, ਅਹ ਰੋਡੇ ਜਲਾਲੀ ਦਾ ਚਿਹਰਾ ਪਿੱਲਾ ਹੋ ਗਿਆ।
ਗੁਰੂ ਜੀ- ਰੋਡਾ ਜਲਾਲੀ! ਜਲਾਲੀ ਦਾ ਰੋਡਾ ਕਿ ਜਲਾਲ ਵਾਲਾ ਰੋਡਾ? ਰੱਬ ਦੇ ਜਲਾਲ ਵਾਲਾ ਕਿ ਸੋਨੇ ਦੇ ਜਲਾਲ ਵਾਲਾ ਰੋਡਾ ? ਬਈ ਏਹ ਲਹਿਲਹਾਉਂਦੇ ਫੁਲ ਆਪਣੀਆਂ ਡਾਲਾਂ ਤੋਂ ਕਿਉਂ ਤੋੜੇ?
ਰੋਡਾ- ਚੁਪ।
ਗੁਰੂ ਜੀ- ਦਿਲਾਂ ਨਾਲ ਪੈਵੰਦ ਹੋਏ ਫੁਲ ਕਿਸ ਤੋਂ ਪੁੱਛਕੇ ਤੋੜੇ? .
ਰੋਡਾ- ਸਿਰ ਨੀਵਾਂ ਤੇ ਚੁੱਪ।
ਗੁਰੂ ਜੀ- ਉੱਫ਼! ਫੁਲਾਂ ਵਿਚ ਖੁਸ਼ਬੋ ਨਹੀਂ ਸਹਿਮ ਦੀ ਧੁੰਕਾਰ ਹੈ, ਫੁਲਾਂ ਵਿਚ ਸੁੰਦਰਤਾ ਨਹੀਂ ਗ਼ਮ ਦੀ ਆਵਾਜ਼ ਹੈ। ਬੇਜਾਨ ਫ਼ਰਿਆਦ ਕਰਦੇ ਹਨ। ...ਕੀਹ ਫ਼ਰਿਆਦ ਕਰਦੇ ਹੋ ਬਈ?
ਇਹ ਕਹਿੰਦਿਆਂ ਨੈਣ ਮੁੰਦ ਗਏ, ਅੱਧੀ ਘੜੀ ਮਗਰੋਂ ਖੁੱਲ੍ਹੇ, ਸਦਾ ਖਿੜੇ ਮੱਥੇ ਤੇ ਨਿੱਕੀ ਨਿੱਕੀ ਤੀਉੜੀ ਸੀ, ਬੁਲ੍ਹ ਘੁਟੀਜ ਰਹੇ ਸੇ, ਨੈਣ ਬਦਲ ਰਹੇ ਸੇ, ਦੋ ਮੋਤੀ ਕਿਰੇ ਤੇ ਆਵਾਜ਼ ਆਈ:
"ਰੋਡਿਆ! ਫੁਲ ਨਹੀਂ ਤੁੱਟੇ, ਦੋ ਦਿਲ ਤੁੱਟੇ ਗਏ। ਦਿਲ ਨਹੀਂ ਤੁੱਟੇ, ਦੋ ਜੀਉਂਦੀਆਂ ਰੂਹਾਂ ਤੁੱਟ ਗਈਆਂ, ਰੂਹਾਂ ਨਹੀਂ ਤੁੱਟੀਆਂ, ਵਾਹਿਗੁਰੂ ਦੀ ਗੋਦ ਵਿਚੋਂ ਦੋ ਲਾਲ ਤ੍ਰੈੜੇ ਨੀ।” ਲਾਡਾਂ ਵਾਲਾ ਪਿਤਾ ਢੱਠੇ ਲਾਲਾਂ ਵੱਲ ਵੈਰਾਗ ਨਾਲ ਤੱਕ ਰਿਹਾ ਹੈ। "ਰੋਡੇ! ਤੂੰ ਜਗਤਾਧਾਰ ਦੇ ਭਗਤੀ ਰਸ ਵਿਚ ਹੱਥ ਪਾਇਆ ਹੈ। ਤੂੰ ਬ੍ਰਿਛ ਨਾਲ ਲਗੀ ਡਾਲੀ ਨੂੰ ਵਲੂੰਧਰਿਆ ਤੇ ਝਰਨਾਟ ਸਾਰੇ ਬ੍ਰਿਛ ਨੂੰ ਪਹੁੰਚੀ ਹੈ। ਹਾਂ ਹਾਂ ਗੋਦੀਓਂ ਢੱਠੇ ਲਾਲਾਂ ਵਲ ਮਾਂ ਕਿੰਞ ਤੱਕਦੀ ਹੈ?”
ਐਉਂ ਦੇ ਕੁਛ ਵਾਕ ਕਹਿੰਦੇ ਗਏ, ਨੈਣਾ ਵਿਚ ਮੋਤੀ ਭਰਦੇ ਗਏ, ਦਾਸਾਂ ਦੇ ਪ੍ਰੇਮੀ, ਦਾਸਾਂ ਨੂੰ 'ਆਪਣਾ ਜੀਵਨ' ਆਖਣ ਵਾਲੇ ਬਿਹਬਲ
-----------------
1. ਤ੍ਵਾ.ਖਾ. ਵਿਚ ਭਾਈ ਮਨੀ ਸਿੰਘ ਲਿਖਿਆ ਹੈ।
2. ਪੰਜ ਮੋਹਰਾਂ ਤੇ ਦੋ ਰੁਪਏ ਵਿਚੋਂ ਨਿਕਲ ਪਏ। (ਤ੍ਵਾ.ਖਾ.)
ਹੁੰਦੇ ਗਏ। ਪ੍ਰੇਮ ਦਾ ਵੇਗ ਕਾਂਗਾਂ ਬੰਨ੍ਹੀ ਉਮੰਡ ਆਇਆ। ਉਠੇ, ਤੁਰੇ ਤੇ ਹੁਣ ਭੱਜੇ ਜਾ ਰਹੇ ਹਨ, "ਮੇਰੇ ਲਾਲ, ਮੇਰੇ ਲਾਲ" ਆਖਦੇ ਹਨ, ਅਰ ਸਭ ਮਰਿਆਦਾ ਦੇ ਹੱਦ ਬੰਨ੍ਹੇ ਤੇ ਵਡਿਆਈਆਂ ਨੂੰ ਟੱਪਦੇ ਭੱਜੀ ਜਾਂਦੇ ਹਨ। ਸੰਗਤ ਵੈਰਾਗੀ ਹੋਈ ਮਗਰ ਮਗਰ ਜਾ ਰਹੀ ਹੈ। ਨਿਜ ਹਿਰਦੇ ਦੇ ਮਹਰਮ ਇਕ ਸਿੰਘ ਜੀ ਫੁਲਾਂ ਦੀ ਪਟਾਰੀ ਨੂੰ ਕਿਸੇ ਭੇਤ ਤੇ ਹਿਤ ਨਾਲ ਬੱਧਾ ਜਾਣਕੇ ਹੱਥਾਂ ਵਿਚ ਲਈ ਮਗਰੇ ਜਾ ਰਹੇ ਹਨ। ਔਹ ਦੇਖੋ ਦਾਸਾਂ ਦੇ ਅੰਗ-ਪਾਲ, ਜੋ ਸੱਚ ਖੰਡ ਤੋਂ ਤਾਰਨ ਹਿਤ ਮਾਤ ਲੋਕ ਵਿਚ ਆਏ, ਆਨੰਦ ਪੁਰ ਦੇ ਆਨੰਦ ਦਰਬਾਰ ਵਿਚੋਂ ਪੀੜਤਾਂ ਦੀ ਪੀੜਾ ਹਰਨ ਨੱਠੇ ਜਾ ਰਹੇ ਹਨ, ਔਹ ਦੇਖੋ ਪ੍ਰੇਮ ਦੇ ਅਵਤਾਰ ਤੇ ਮਿਹਰਾਂ ਦੇ ਰੂਪ ਬਾਗ਼ ਵਿਚ ਵੜੇ। ਕੋਈ ਅਗੰਮ ਦੀ ਸੇਧ, ਕੋਈ ਨਾ ਦਿੱਸਣ ਵਾਲੀ ਖਿੱਚ, ਕੋਈ ਅਰੂਪ ਧੂਹ ਕਿਸੇ ਇਕ ਟਿਕਾਣੇ ਵਲ ਲੈ ਜਾ ਰਹੀ ਹੈ। ਬਾਗ਼ ਦੇ ਛੇਕੜਲੇ ਖੂੰਜੇ ਅੱਪੜੇ। ਠੀਕ ਹੈ, ਜਗਤ ਰੱਖ੍ਯਕ ਸਤਿਗੁਰੂ, ਹੇ ਤ੍ਰਾਣ ਕਰਤਾ ਪ੍ਰੀਤਮ ਜੀ ! ਠੀਕ ਹੈ, ਇਥੇ ਦੋ ਲੋਥਾਂ ਵਲੂੰਧਰੇ ਚਮਨ ਵਿਚ ਸਿਸਕਦੀਆਂ ਪਈਆਂ ਹਨ। ਮਾਤਾ ਜੀਤੋ ਜੀ ਹੁਣੇ ਹੀ ਉਸ ਵਿਰਾਨੀ ਵਿਚ ਪਹੁੰਚੇ ਸਨ, ਉਸ ਵਿਰਾਨੀ ਵਿਚ ਵਾਹਿਗੁਰੂ ਦੇ ਬਾਗ਼ ਲਈ ਤਿਆਰ ਕੀਤੀ ਆਪਣੀ ਵਾੜੀ ਨੂੰ ਵਿਰਾਨਿਆਂ ਪਿਆ ਤੱਕ ਰਹੇ ਸਨ ਕਿ ਮਾਵਾਂ ਤੋਂ ਵਧੀਕ ਉਤਾਵਲੇ ਮੋਹ ਵਾਲੇ ਦਾਤੇ ਗੁਰੂ ਜੀ ਬੀ ਅੱਪੜੇ। "ਮੇਰੇ ਲਾਲ, ਮੇਰੇ ਲਾਲ!" ਕਹਿੰਦਿਆਂ ਨੇ ਦੋਵੇਂ ਸੀਸ ਗੋਦ ਵਿਚ ਲੈ ਲਏ, ਸਿਰ ਤੇ ਹੱਥ ਫੇਰਦੇ ਹਨ, ਅੱਖਾਂ ਪੂੰਝਦੇ ਹਨ, ਮੱਥਾ ਠਕੋਰਦੇ ਹਨ ਤੇ ਆਖਦੇ ਹਨ- "ਨਿਹਾਲ! ਮੇਰੇ ਲਾਲੋ ਨਿਹਾਲ।”
ਕੈਸਾ ਅਦਭੁਤ ਦਰਸ਼ਨ ਹੈ, ਜਿਸ ਦੇ ਦਰਸ਼ਨਾਂ ਦੀ ਸਿੱਕ ਨੇ ਜਨਮਾਂ ਦੀਆਂ ਤ੍ਰੀਕਾਂ ਪਾ ਰਖੀਆਂ ਸਨ, ਸ਼ੁਕਰ ਤੇ ਆਗਯਾ ਸਿਰ ਧਰ ਲੈਣ ਨੇ ਕੀ ਰੰਗ ਜਮਾਇਆ ਹੈ ? ਜਿਸਦੇ ਦਰਸ਼ਨਾਂ ਦੀ ਪ੍ਰਾਪਤੀ ਸਾਧੂ ਜਨ ਦੇ ਸ੍ਰਾਪ ਨੇ ਬੰਦ ਕਰ ਦਿੱਤੀ ਸੀ, ਓਹ ਦੀਨ ਦਿਆਲ ਆਪ ਤੁਠ ਕੇ ਪਿਆ ਦਰਸ਼ਨ ਦੇਂਦਾ ਹੈ। "ਮੋਹਿਨਾ ਤੇ ਸੋਹਿਨਾ! ਜਾਗੋ ਪਿਆਰਿਓ ਹੋਸ਼ ਕਰੋ ਜ਼ਰਾ ਨੈਣ ਉਘੇੜੋ, ਜਿਨ੍ਹਾਂ ਦਰਸ਼ਨਾਂ ਨੂੰ ਤੁਸੀਂ ਤਰਸਦੇ ਸਾਓ, ਅੱਜ ਆਪ ਖ਼ਰੀਦਾਰ ਹੋਕੇ ਤੁਹਾਡੇ ਦਰਸ਼ਨ ਮੁੱਲ ਲੈਣ ਆਏ ਹਨ, ਗੁਰੂ ਕੇ ਲਾਲੋ! ਦੇਖੋ ਤਾਂ ਸਹੀ। 'ਦਰਸ਼ਨ ਨਹੀਂ ਜੇ ਦੇਣ ਲੱਗਾ' ਵਿਚੋਂ 'ਨਹੀਂ' ਉਡ ਗਈ ਜੇ”; ਪਰ ਕੌਣ
ਉੱਠੇ ? ਵਾਹ ਸਾਂਈਂ ਦੇ ਰੰਗ! ਜੇ ਦਰਸ਼ਨ ਆਏ ਹਨ ਤਾਂ ਦਰਸ਼ਨਾਂ ਵਾਲੇ ਹਾਜ਼ਰ ਨਹੀਂ ਹਨ। ਪ੍ਰੇਮਾ ਭਗਤੀ ਦੇ ਚੋਜ ਅਨੂਠੇ ਹਨ।
ਮਾਤਾ ਜੀ ਨੇ ਮੋਹਿਨਾਂ ਦੇ ਹੱਥ ਫੜ ਰਖੇ ਹਨ ਤੇ ਘੁੱਟਦੇ ਹਨ ਤੇ ਆਖਦੇ ਹਨ, "ਮੇਰੇ ਬੱਚਿਓ! ਅੱਖਾਂ ਖੋਲ੍ਹੋ, ਦਰਸ਼ਨ ਦੇਖੋ।”
ਵਿਚਕਾਰ ਇਹ ਇਲਾਹੀ ਦਰਸ਼ਨ ਹੈ, ਦੁਆਲੇ ਸਾਰੀ ਸਾਧ ਸੰਗਤ ਦੀ ਭੀੜਾ ਹੈ। ਆਪਣੇ ਤੇਜਾਂ ਵਾਲੇ ਮਾਲਕ ਦੇ ਪ੍ਰੇਮ ਰੰਗ ਨੂੰ ਸਾਰੇ ਤੱਕ ਰਹੇ ਹਨ। ਮਾਲੀ ਕੇਸਰਾ ਸਿੰਘ ਪਾਣੀ ਲੈ ਕੇ ਪਹੁੰਚ ਪਿਆ ਹੈ। ਸਤਿਗੁਰ ਦੇ ਪਵਿੱਤ੍ਰ ਹੱਥਾਂ ਨੇ ਆਪ ਉਨ੍ਹਾਂ ਦੇ ਮੂੰਹ ਵਿਚ ਜਲ ਚੋਇਆ, ਛੱਟੇ ਮਾਰੇ ਪਿਆਰ ਦੇ ਦੇ ਕੇ ਆਖਿਆ: "ਮੇਰੇ ਨਿਹਾਲੋ! ਅੱਖਾਂ ਖੋਲ੍ਹੋ।
ਹੁਣ ਮਲਕੜੇ ਜਿਹੇ ਨੈਣ ਖੁਲ੍ਹੇ, ਦਰਸ਼ਨ, ਇਲਾਹੀ ਦਰਸ਼ਨ ਅੱਖਾਂ ਵਿਚ ਪਿਆ, ਪਰ ਕਿਸ ਵੇਲੇ? ਜਦ ਨੈਣ ਨਿਤਾਣੇ ਹੋ ਚੁੱਕੇ ਹਨ, ਸਰੀਰ ਵਿਚ ਉਠਣ ਦੀ ਆਸੰਙ ਨਹੀਂ! ਦਰਸ਼ਨਾਂ ਦੀ ਝਾਲ ਨੈਣ ਨਾ ਝੱਲ ਸਕੇ, ਫੇਰ ਮੁੰਦ ਗਏ, ਪਰ ਆਪਣੇ ਨਾਲ ਇਕ ਖੁਸ਼ੀ ਦੀ ਝਰਨਾਟ ਅੰਦਰ ਲੈ ਗਏ, ਪਲ ਮਗਰੋਂ ਫੇਰ ਖੁਲ੍ਹੇ ਫੇਰ ਮਿਟੇ। ਇਸੇ ਤਰ੍ਹਾਂ ਕਿੰਨਾਂ ਚਿਰ ਖੁਲ੍ਹਦੇ ਤੇ ਮਿਟਦੇ ਰਹੇ। ਹੋਸ਼ ਪਰਤਦੀ ਆਈ, ਤਾਕਤ ਫਿਰਦੀ ਆਈ, ਸੁਰਤ ਮੁਹਾੜਾਂ ਮੋੜਦੀ ਆਈ, ਤਦ ਮਾਤਾ ਜੀ ਨੇ ਕਿਹਾ: "ਬੱਚਿਅਓ! ਠਾਕੁਰ ਜੀ ਦੇ ਦਰਸ਼ਨ ਆ ਗਏ"। ਇਹ ਖੁਸ਼ੀ ਹੁਣ ਸਮਝ ਵਿਚ ਪਈ ਪਰ ਮਨ ਨਿਰਬਲ ਐਡੀ ਖੁਸ਼ੀ ਦੇ ਭਾਰ ਲਈ ਤਿਆਰ ਨਹੀਂ ਸੀ, ਇਕ ਦਮ ਖੁਸ਼ੀ ਦਾ ਧੱਕਾ ਵੱਜਾ ਅਰ ਫੇਰ ਨਿਢਾਲਤਾ ਜੇਹੀ ਹੋ ਗਈ। ਹੁਣ ਕਲਗੀਆਂ ਵਾਲੇ ਸਤਿਗੁਰੂ ਜੀ ਨੇ ਉਨ੍ਹਾਂਦੇ ਚਿਤ ਨੂੰ ਆਪਣੇ ਆਤਮ ਬਲ ਨਾਲ ਸਹਾਰਾ ਦੇ ਕੇ ਚੁੱਕਿਆ ਤਾਂ ਹੋਸ਼ ਪਰਤੀ, ਮਲਕੜੇ ਜਿਹੇ ਉਠੇ ਤੇ ਮੂਧੇ ਹੋਕੇ ਸੀਸ ਬੰਦਨਾਂ ਵਿਚ ਢੱਠੇ। ਪਰ ਸਤਿਗੁਰੂ ਜੀ ਨੇ ਦੋਵੇਂ ਸੀਸ ਗੋਦ ਵਿਚ ਫੇਰ ਲੈ ਕੇ ਸੀਸ ਤੇ ਪਿਆਰ ਦਿੱਤਾ। ਜਿਉਂ ਜਿਉਂ ਪਿਤਾ ਨੇ ਆਪਣੇ ਬੱਚਿਆਂ ਦੀ ਕੰਡ ਤੇ ਹੱਥ ਫੇਰਿਆ ਸੁਰਤ ਫਿਰੀ ਤੇ ਉੱਠ ਕੇ ਬੈਠ ਗਏ। ਅੰਮੀ ਜੀ ਨੇ ਪਿਆਰ ਨਾਲ ਕਿਹਾ:- "ਬੱਚਿਓ! ਸਫ਼ਲ ਸਫ਼ਲ, ਯਾਤ੍ਰਾ ਸਫ਼ਲ।”
ਪ੍ਰੇਮ ਦੇ ਸਿਕਦੇ ਨੇਤ੍ਰ ਰੱਜਦੇ ਨਹੀਂ, ਪਰਾਲੀ ਤੇ ਬੈਠੇ ਪ੍ਰੀਤਮ ਨੂੰ ਤੱਕਦੇ ਅੰਮ੍ਰਿਤ ਛਕਦੇ, ਫੇਰ ਛਕ ਛਕ ਕੇ ਝੁਕਦੇ ਮਿਟਦੇ ਹਨ, ਸੀਸ ਨਾਲ ਨੀਉਂਦਾ ਹੈ, ਇਸ ਤਰ੍ਹਾਂ ਭਗਤੀ ਰਸ ਦਾ ਇਹ ਗੁਰੂ ਸਮੁੰਦਰ ਤੇ ਨਦੀ ਸਿੱਖੀ
ਦਾ ਸੰਗਮ-ਦਰਸ਼ਨ ਕੁਛ ਚਿਰ ਬਣਿਆ ਰਿਹਾ। ਜਿਸ ਜਿਸ ਦਰਸ਼ਨ ਪਾਏ, ਜੀ ਉਠਿਆ।
ਹੁਣ ਮੋਹਿਨਾ ਸੋਹਿਨਾ ਨੂੰ ਸਮਝ ਪਈ ਕਿ ਸਤਿਗੁਰ ਭੁੰਞੇ ਬੈਠੇ ਹਨ ਤੇ ਬਿਅਦਬੀ ਹੋ ਰਹੀ ਹੈ। ਸਜਲ ਨੇਤ੍ਰ ਹੋ ਕੇ ਕਿਹਾ: "ਠਾਕੁਰ ਜੀ! ਬੜੀ ਬਿਅਦਈ ਹੋ ਰਹੀ ਹੈ, ਮਿਹਰ ਕਰੋ। ਹੁਣ ਸਤਿਗੁਰੂ ਜੀ ਦੋਹਾਂ ਨੂੰ ਨਾਲ ਲੈਕੇ ਕੱਚੀ ਕੁੱਲੀ ਦੇ ਅੰਦਰ ਜਾ ਬਿਰਾਜੇ। ਜੀਤੋ ਜੀ ਨਾਲ ਗਏ। ਬਾਕੀ ਸੰਗਤ ਬਾਹਰ ਦੀਵਾਨ ਲਾਕੇ ਬੈਠ ਗਈ। ਘਰ ਆਏ ਠਾਕੁਰ ਦਾ ਕੀ ਆਦਰ ਕਰਨ? ਓਹ ਕੀਰਤਨ, ਜਿਸ ਦੀ ਠਾਕੁਰ ਨੂੰ ਸਦਾ ਲੋੜ ਹੈ, ਸਰੋਦਾ ਲੈਕੇ ਦੋਵੇਂ ਬੈਠ ਗਏ ਤੇ ਗਾਂਵਿਆਂ-
"ਜੋ ਤੇਰੀ ਸਰਣਾਈ ਹਰਿ ਜੀਉ ਤਿਨ ਤੂ ਰਾਖਨ ਜੋਗੁ॥
ਤੁਧੁ ਜੇਵਡੁ ਮੈਂ ਅਵਰੁ ਨ ਸੂਝੇ ਨਾ ਕੋ ਹੋਆ ਨ ਹੋਗੁ॥੧॥
ਹਰਿ ਜੀਉ ਸਦਾ ਤੇਰੀ ਸਰਣਾਈ॥
ਜਿਉ ਭਾਵੈ ਤਿਉ ਰਾਖਹੁ ਮੇਰੇ ਸੁਆਮੀ ਏਹ ਤੇਰੀ ਵਡਿਆਈ॥੧॥ਰਹਾਉ ॥
ਜੋ ਤੇਰੀ ਸਰਣਾਈ ਹਰਿ ਜੀਉ ਤਿਨ ਕੀ ਕਰਹਿ ਪ੍ਰਤਿਪਾਲ॥
ਆਪਿ ਕ੍ਰਿਪਾ ਕਰਿ ਰਾਖਹੁ ਹਰਿ ਜੀਉ ਪੋਹਿ ਨ ਸਕੈ ਜਮਕਾਲੁ ॥
ਤੇਰੀ ਸਰਣਾਈ ਸਚੀ ਹਰਿ ਜੀਉ ਨ ਓਹ ਘਟੈ ਨ ਜਾਇ॥
ਜੋ ਹਰਿ ਛੋਡਿ ਦੂਜੇ ਭਾਇ ਲਾਗੈ ਓਹੁ ਜੰਮੈ ਤੇ ਮਰਿ ਜਾਇ॥੩
ਜੋ ਤੇਰੀ ਸਰਣਾਈ ਹਰਿ ਜਉ ਤਿਨਾ ਦੂਖ ਭੂਖ ਕਿਛੁ ਨਾਹਿ॥
ਨਾਨਕ ਨਾਮੁ ਸਲਾਹਿ ਸਦਾ ਤੂ ਸਚੈ ਸਬਦਿ ਸਮਾਹਿ॥।੪॥੪॥ (ਪ੍ਰਭਾਤੀ ਮਹਲਾ ੩, ਅੰਕ ੧੩੩੩)
8. (ਮੋਹਿਨਾ ਤੇ ਗੁਰਪੁਰਬ)
ਇਹ ਹਾਲ ਸੰਮਤ 1750-51 ਬਿ: (1693-94 ਈ:) ਦੇ ਲਗਪਗ ਦੇ ਹਨ। ਅਜੇ ਅੰਮ੍ਰਿਤ ਸ਼ੁਰੂ ਨਹੀਂ ਸੀ ਹੋਇਆ, ਪਰ ਹੋਰ ਠਾਠ ਤੇ ਸਮਾਜ ਸਾਰੀ ਸ੍ਰਿਸ਼ਟੀ ਉਧਾਰ ਦਾ ਪੂਰੇ ਜੋਬਨਾਂ ਵਿਚ ਲਹਿਰਾ ਰਿਹਾ ਸੀ ਤੇ ਦੇਸ਼ ਰੱਖਿਆ ਦਾ ਸਾਮਾਨ ਸਾਰਾ ਬੱਝਦਾ ਜਾਂਦਾ ਸੀ। ਉਹ ਫੁਲਾਂ ਦੀ ਪਟਾਰੀ ਮਾਤਾ ਜੀ ਨੇ ਉਹਨਾਂ ਪ੍ਰੇਮੀਆਂ ਦੇ ਹਵਾਲੇ ਕੀਤੀ ਕਿ ਜਿਸ ਨੀਯਤ ਤੇ ਤਿਆਰ ਹੋਏ ਹਨ, ਕੱਲ ਉਸੇ ਵਰਤਣ ਵਿਚ ਆਉਣ। ਸੋ ਦੋਹਾਂ ਨੇ
ਠੀਕ ਵਕਤ ਉਤੇ ਫੁਲਾਂ ਨੂੰ ਸਵਾਰ ਬਨਾ, ਕਈ ਭਾਂਤ ਦੇ ਸਿਹਰੇ ਮਾਲਾ ਬਣਾ, ਮਾਤਾ ਜੀ ਨੂੰ ਦਿੱਤੇ ਤੇ ਉਨ੍ਹਾਂ ਨੇ ਕੁਛ ਆਪ ਤੇ ਕੁਛ ਉਹਨਾਂ ਦੀ ਹੱਥੀਂ ਸਤਿਗੁਰ ਜੀ ਦੀ ਭੇਟ ਕੀਤੇ ਤੇ ਕਰਵਾਏ। ਇਸ ਵੇਲੇ ਸਤਿਗੁਰੂ ਜੀ ਨੇ ਭਰੇ ਦੀਵਾਨ ਵਿਚ ਮੋਹਿਨਾ ਸੋਹਿਨਾ ਨੂੰ ਵਡਿਆਇਆ।
ਫੇਰ ਹੋਰ ਕ੍ਰਿਪਾਲ ਹੋ ਕੇ ਕਿਹਾ ਕਿ "ਹੇ ਲਾਲੋ! ਮੈਂ ਇਤਨਾ ਪ੍ਰਸੰਨ ਹਾਂ ਜੋ ਮੰਗੋ ਸੋ ਦਿਆਂ।” ਤਾਂ ਸੋਹਿਨਾ ਜੀ ਨੇ ਬਿਨੈ ਕੀਤੀ ਕਿ "ਰੋਡੇ ਨੂੰ ਸਿਖਾਂ ਨੇ ਡੱਕ ਛੱਡਿਆ ਹੈ, ਬਖਸ਼ਿਸ਼ ਹੋ ਜਾਵੇ। ਹੇ ਦਾਤਾ ਜੀ! ਅਸੀਂ ਜੀਵ ਭੁੱਲ ਦੇ ਸਰੀਰ ਹਾਂ, ਸਾਡੇ ਔਗੁਣਾਂ ਲਈ ਇਕ ਤੇਰੀ ਬਖਸ਼ਿਸ਼ ਤੇ ਇਕ ਤੇਰਾ ਬਖਸ਼ਿਆ ਸਿਮਰਨ, ਦੋ ਹੀ ਦਾਰੂ ਹਨ। ਰੋਡੇ ਨੂੰ ਬੀ ਤਾਰੋ।”
ਇਹ ਕੋਮਲਤਾ ਤੇ ਖਿਮਾਂ ਦੇਖ ਕੇ ਸਤਿਗੁਰੂ ਜੀ ਨੇ ਰੋਡੇ ਨੂੰ ਬੁਲਾ ਕੇ ਅਸ਼ੀਰਵਾਦ ਦਿੱਤੀ ਤੇ ਪਿੱਠ ਤੇ ਹੱਥ ਫੇਰ ਕੇ ਕਿਹਾ: "ਤੂੰ ਫ਼ਕੀਰ ਹੈਂ ਜੋ ਕਸਰ ਸੀ ਹੁਣ ਨਿਕਲ ਗਈ, ਤਕੜਾ ਹੈ। ਹਾਂ, ਜੁੜ ਹੁਸਨਾਂ ਦੇ ਸਰਵਰ- ਵਾਹਿਗੁਰੂ- ਨਾਲ। ਹੁਣ ਤੂੰ ਜਲਾਲੀ ਦਾ ਨਹੀਂ ਪਰ ਜਲਾਲ ਵਾਲਾ ਰੋਡਾ ਹੋ ਗਿਆ। ਜਲਾਲ ਜ਼ੁਲ ਜਲਾਲ' ਨਾਲ ਜੁੜ ਜਾਹ।” ਤਦ ਤੋਂ ਮਗਰੋਂ ਰੋਡਾ ਸੱਚੀਂ ਮੁੱਚੀਂ ਜਲਾਲ ਵਾਲਾ ਹੋ ਗਿਆ ਅਰ ਸੱਚੇ : ਸਾਂਈਂ ਦੇ ਸਿਮਰਨ ਵਿਚ ਸਾਂਈਂ ਨਾਲ ਪੇਵੰਦ ਹੋ ਗਿਆ।
ਸੰਗਤ ਵਿਚ ਜਦ ਇਨ੍ਹਾਂ ਦਾ ਅਸਲੀ ਪਤਾ ਲੱਗਾ ਕਿ ਕਿਸ ਗੁਣ ਵਿਦਿਆ ਤੇ ਹੈਸੀਅਤ ਦੇ ਆਦਮੀ ਸਨ, ਕਿਸ ਤਰ੍ਹਾਂ ਘਾਲ ਤੇ ਸੇਵਾ ਕੀਤੀ ਹੈ, ਕੀਕੂੰ ਕੇਸਰਾ ਸਿੰਘ ਦੇ ਅੱਗੇ ਕਾਮੇ ਹੋ ਕੇ ਵਗੇ ਹਨ, ਤਦ ਹੋਰ ਬੀ ਪਿਆਰ ਵਧਿਆ; ਪਰ ਇਨ੍ਹਾਂ ਦੇ ਸ਼ੁਧ ਆਤਮਾਂ ਨੇ ਸੱਚੀ ਗ੍ਰੀਬੀ ਵਿਚ ਹੀ ਪ੍ਰੇਮੀ ਜੀਵਨ ਬਿਤਾਇਆ2 ।
- ਇਤੀ-
---------------
1. ਜਲਾਲ ਦਾ ਮਾਲਕ- ਵਾਹਿਗੁਰੂ।
2. ਸੋਹਿਨਾ ਜੀ ਮਹਾਰਾਜ ਜੀ ਦੇ ਵਿਦ੍ਵਾਨਾਂ ਵਿਚ ਸ਼ਾਮਲ ਕੀਤੇ ਗਏ। ਸੋਹਿਨਾ ਜੀ ਫੇਰ ਅੰਮ੍ਰਿਤ ਜਾਰੀ ਹੋਣ ਮਗਰੋਂ ਸੋਹਣ ਸਿੰਘ ਜੀ ਕਰ ਕੇ ਪੰਥ ਵਿਚ ਪ੍ਰਸਿੱਧ ਹੋਏ ਤੇ ਉਪਦੇਸ਼ ਕਰਨ ਵਿਚ ਸੇਵਾ ਕਰਦੇ ਰਹੇ। ਮੋਹਿਨਾ ਜੀ ਤੋਂ ਇਸਤ੍ਰੀ ਜਾਤੀ ਵਿਚ ਜੀਕੂੰ ਮਾਤਾ ਜੀ ਤੋਂ ਸੁਗੰਧੀ ਮਿਲੀ ਸੀ, ਪਰਮੇਸ਼ਰ ਦੇ ਪਿਆਰ ਤੇ ਨਾਮ ਦੀ ਸੁਗੰਧੀ ਫੈਲਦੀ ਰਹੀ।