ਝੂਮੋ, ਸਦਾ ਫੁਲੋ, ਸਦਾ ਪ੍ਰਫੁਲਤ ਰਹੋ, ਸਦਾ ਲਪਟਾਂ ਦਿਓ, ਸਦਾ ਖਿੜੋ, ਵਾਹ ਵਾਹ 'ਮੇਰਾ ਦੁਧ’ ਦਾ ਨਕਸ਼ਾ! ਵਾਹ ਪੀਣ ਹਾਰੇ ਪ੍ਰੀਤਮ! ਵਾਹ ਪਿਲਾਉਣ ਹਾਰੇ ਸਦਕੇ ਹੋ ਚੁਕੇ ਪ੍ਰੇਮੀ! ਪੀਓ ਤੇ ਪਿਲਾਓ। ਕੋਈ ਘੁੱਟ, ਕਤਰਾ, ਕੋਈ ਬੂੰਦ, ਕੋਈ ਤੁਪਕਾ, ਕੋਈ ਟੇਪਾ, ਕੋਈ ਛਿੱਟ, ਕੋਈ ਕਣੀ, ਕੋਈ ਕਣੀ ਦੀ ਕਣੀ।
ਅਸਾਂ ਗ਼ਰੀਬਾਂ ਵੱਲ ਬੀ।
ਹੇ ਸਿਖ! ਗੁਰੂ ਦੇ ਸਿਰ ਦੇ ਸਦਕੇ, ਹੇ ਸਿਖ ਗੁਰੂ ਦੇ ਚਰਨਾਂ ਦੇ ਸਦਕੇ! ਕੋਈ ਇਕ ਕਿਣਕੇ ਦੀ ਕਣੀ।
ਅਸਾਂ ਅਨਾਥਾਂ ਨੂੰ ਬੀ....।
ਇਸ ਪ੍ਰੇਮ ਮੂਰਤਿ ਦੇ ਸਦਕੇ, ਇਸ ਪ੍ਰੀਤ ਦਰਸ਼ਨ ਦੇ ਸਦਕੇ! ਹਾਂ ਕੋਈ ਇਕ ਬੂੰਦ ਦੀ ਬੂੰਦ, ਕੋਈ ਨਿਕੜੀ ਜੇਹੀ ਅੰਮ੍ਰਿਤ ਬੂੰਦ ਸੁਹਾਵਣੀ ਅਸਾਂ ਅਝਾਣਿਆਂ ਨੂੰ ਬੀ ਦਾਨ ਹੋ ਜਾਏ, ਤੇਰੇ ਦਰ ਦੇ ਸੁਆਲੀ ਹਾਂ, ਦੇਹ ਇਕ ਬੂੰਦ ਇਸ ਪਿਆਰ ਭਰੇ ਛੰਨੇ ਵਿਚੋਂ ਪ੍ਰੇਮ ਪਿਆਲੇ ਵਿਚੋਂ ਇਕ ਬੂੰਦ ਦਾਤ ਮਿਲ ਜਾਏ, ਮੰਗਤੇ ਨੂੰ ਖੈਰ ਪੈ ਜਾਏ, ਗੁਸਤਾਖ਼ ਮੰਗਤੇ ਹਾਂ, ਤੇਰੇ ਪ੍ਰੇਮ ਰੰਗ ਦੇ ਬੱਝੇ ਨਕਸ਼ੇ ਵਿਚ ਮੰਗ ਦੀ ਅਵਾਜ਼ ਕੰਨੀ ਪਾ ਰਹੇ ਹਾਂ, ਮੂਰਖ ਭਿਖਾਰੀ ਹਾਂ, ਪਰ ਦਾਤਾ ਸ੍ਵਾਲੀ ਕੀ ਤੇ ਅਕਲਾਂ ਕੀ? ਹਾਂ ਦਾਤਾ! ਪਾ ਦੇਹ ਖ਼ੈਰ, ਸਦਕੇ ਬਿਰਦ ਬਾਣੇ ਦੇ, ਦੇਹ ਦਾਤ, ਤੇਰਾ ਪ੍ਰੇਮ ਰਾਜ ਜੁਗ ਜੁਗ ਸਲਾਮਤ ਰਹੇ, ਦੇਹ ਇਕ ਤੁਪਕਾ ਅਸਾਂ ਨੂੰ ਬੀ ਦੇਹ, ਹਾਂ-
ਦੇਹ ਇਕ ਬੂੰਦ ਸੁਰਾਹੀਓਂ ਸਾਨੂੰ ਇੱਕੋ ਹੀ ਦੇਹ ਸਾਂਈਂ!'
ਅੱਧੀ, ਅੱਧ-ਪਚੱਧੀ ਦੇ ਦੇ ਨਿੱਕੀ ਹੋਰ ਗੁਸਾਈਂ!
ਇੱਕ ਵੇਰ ਇੱਕ ਕਣੀ ਦਿਵਾ ਦੇਹ, ਸੂਫੀ ਅਸੀਂ ਨ ਰਹੀਏ!
ਇੱਕ ਵੇਰ ਦਰ ਖਲਿਆਂ ਤਾਂਈਂ, ਸਾਂਈ! ਸ੍ਵਾਦ ਚਖਾਈਂ।
-------------------