

ਏਨ੍ਹਾਂ ਸੋਚਾਂ ਨੇ ਨਿਸ਼ਚੇ ਨੂੰ ਹੋਰ ਪੱਕਾ ਕੀਤਾ, ਪ੍ਰੇਮ ਦੀ ਖਿੱਚ ਵਧੀ, ਘਰ ਘਰ ਸਤਿਗੁਰਾਂ ਦੀ ਚਰਚਾ, ਉਨ੍ਹਾਂ ਦੇ ਕੌਤਕ, ਆਤਮ ਸੱਤਿਆ, ਦਿਆਲਤਾ ਤੇ ਕੀਰਤੀ ਨੇ ਹੋਰ ਖਿੱਚਿਆ ਤੇ ਨਿਸ਼ਚੇ ਹੋ ਗਿਆ ਕਿ ਇਹ ਧੁਰੋਂ ਅਵਤਾਰ ਆਇਆ ਹੈ। ਇਕ ਪਾਸੇ ਪ੍ਰੇਮ ਵਧਦਾ ਹੈ, ਇਕ ਪਾਸੇ ਕੀਤੇ ਪਾਪ ਯਾ ਅਨਕੀਤੇ ਪੁੰਨ ਦੀ ਕਮਾਈ ਸ਼ਰਮ ਵਿਚ ਦਗਧ ਕਰਦੀ ਹੈ। ਗੱਲ ਕੀ, ਸਮਾਂ ਪਾ ਕੇ ਜਦ ਇਹ ਖਿੱਚ ਹੱਦ ਬੰਨੇ ਤੋੜ ਕੇ ਵਧੀ, ਤਦ ਦੋਹਾਂ ਦੀ ਇਹ ਸਲਾਹ ਠਹਿਰੀ ਕਿ ਆਪਦੇ ਕਿਸੇ ਕਰਮ, ਧਰਮ, ਗੁਣ ਵਿਦਿਆ ਵਿਚ ਰਸ ਨਹੀਂ ਰਿਹਾ, ਮਨ ਚਰਣਾਰਬਿੰਦ ਨੂੰ ਸ਼ੁਦਾਈ ਹੋ ਹੋ ਕੇ ਤਰਸਦਾ ਹੈ; ਤਦ ਕਿਉਂ ਨਾ ਸਤਿਗੁਰ ਦੇ ਦੁਆਰੇ ਜਾ ਕੇ ਸੇਵਾ ਕਰੀਏ, ਦਰਸ਼ਨ ਪਾਈਏ ਤੇ ਕ੍ਰਿਤ ਕ੍ਰਿਤ ਹੋਈਏ। ਮਨੁੱਖਾ ਜਨਮ ਕੋਈ ਛੇਤੀ ਛੇਤੀ ਲੱਭਦਾ ਹੈ? ਫੇਰ ਸੋਚ ਪਈ, “ਦਰਸ਼ਨ ਨਹੀਂ ਜੇ ਦੇਣ ਲੱਗਾ” ਤੇ ਅੱਗੇ ਘਰ ਆਇਆ ਸਾਰਿਆਂ ਨੂੰ ਖੁੱਲੇ ਦਿਦਾਰ ਦੇਂਦਾ ਸਾਨੂੰ ਦਰਸ਼ਨਾਂ ਤੋਂ ਵਾਂਜ ਕੇ ਗਿਆ ਹੈ, ਦੁਆਰੇ ਗਿਆ ਬਿਰਦ ਦੀ ਬਾਣ ਕਦ ਛੱਡਣ ਲੱਗਾ ਹੈ? ਸਾਨੂੰ ਦਰਸ਼ਨ ਨਹੀਂ ਹੋਣਗੇ। ਫੇਰ ਸਲਾਹ ਠਹਿਰੀ ਕਿ ਨੌਕਰ ਬਣ ਕੇ ਚੱਲੀਏ, ਆਪਣੇ ਅਮੀਰੀ ਗੁਣ ਦਾ ਪਤਾ ਥਹੁ ਨਾ ਦੇਵੀਏ ਤੇ ਚੁਪ ਚਾਪ ਸੇਵਾ ਕਰਦੇ ਰਹੀਏ। ਪਰ ਫੇਰ ਜੀ ਨੇ ਕਿਹਾ ਕਿ ਹੋਣਾ ਅਮੀਰ ਤੇ ਦਸਣਾ ਗ਼ਰੀਬ ? ਜਦੋਂ ਸਰੀਰ ਸੇਵਾ ਕਰੇਗਾ, ਮਨ ਅਮੀਰੀ ਦੇ ਖਿਆਲ ਵਿਚ ਢਵੇਗਾ ਨਹੀਂ, ਕਿਉਂਕਿ ਅੰਦਰ ਤਾਂ ਅਮੀਰੀ ਦਾ ਪੱਕਾ ਵਿਸ਼ਵਾਸ ਰਹਿਣਾ ਹੈ। ਜੇ ਸੁਰਤ ਸੱਚ ਮੁੱਚ ਗਰੀਬ ਹੋ ਕੇ ਦਰ ਤੇ ਨਾ ਢੱਠੀ ਤਾਂ ਜਿੱਕੂ ਨਿਮਾਣੇ ਸੇਵਕ ਸੇਵਾ ਕਰਦੇ ਹਨ ਉੱਕਰ ਅੰਦਰੋਂ ਬਾਹਰੋਂ ਢਹਿਕੇ ਸੇਵਾ ਕਿੱਕੂ ਹੋਵੇਗੀ? ਸੋ ਗਰੀਬੀ ਧਾਰਨ ਕਰਕੇ ਹੀ ਚੱਲਣਾ ਸੱਚਾ ਪ੍ਰਾਯਸਚਿਤ ਹੈ। ਇਸ ਤਰ੍ਹਾਂ ਸੋਚ ਸਾਚ ਕੇ ਸੱਚੀਆਂ ਲੋਚਾਂ ਵਾਲਿਆਂ ਨੇ ਮਾਲ ਮਿਲਖ ਵੇਚਕ ਦਾਨ ਕੀਤਾ ਅਤੇ ਲੋੜੀਂਦੀਆਂ ਥਾਵਾਂ ਤੇ ਪੁੰਨ ਅਰਥੀ ਖੂਹ ਬੀ ਲੁਆ ਦਿੱਤੇ ਜੋ ਇਕ ਘੁੱਟ ਪਾਣੀ ਨਾ ਦੇਣ ਬਦਲੇ ਹਜ਼ਾਰਾਂ ਨੂੰ ਸਦਾ ਤੀਕ ਪਾਣੀ ਮਿਲੇ। ਇਉਂ ਧਰਮਸਾਲਾ ਲਈ ਅਰ ਹੋਰ ਗਰੀਬਾਂ ਨੂੰ ਦਾਨ ਕਰਕੇ ਅਖੀਰ ਤਨ ਤੇ ਗ਼ਰੀਬੀ ਦਾਵੇ ਦੇ ਕਪੜਿਆਂ ਨਾਲ ਠਾਕਰ ਦੇ ਦਰਸ਼ਨਾਂ ਨੂੰ ਟੁਰ ਪਏ।