

ਕਲੇਜੇ ਇਕ ਤੀਰ ਵੱਜਾ। ਜੀਅਦਾਨ ਦਾਤਾ ਐਮੀ ਜੀ ਸਾਹਮਣੇ ਦਿੱਸੇ ਤੇ ਮੁੜ੍ਹਕਾ ਮੁੜ੍ਹਕਾ ਸਰੀਰ ਹੋ ਗਿਆ। ਫੇਰ ਸਹਿਸਾ ਜਿਹਾ ਪਿਆ ਤੇ ਕਲੇਜਾ ਤੜੱਕ ਦੇਕੇ ਹੋਇਆ, ਫੁੱਲ-ਟੁੱਟੀ ਹਰਿਣੀ ਦੀ ਕਿਆਰੀ ਵਿਚ ਧੜ ਕਰਕੇ ਢੱਠੇ। ਅਫੁੱਲ ਬੂਟਿਆਂ ਵਿਚ ਅਣਹੋਸ਼ੀਆਂ ਲੋਥਾਂ ਸਥਾਰ ਹੋ ਪਈਆਂ।
7. (ਮੋਹਿਨਾ ਸੋਹਿਨਾ ਤੇ ਸੂਰਾ ਗੁਰੂ)
ਕਲਗੀਆਂ ਵਾਲੇ ਸਤਿਗੁਰੂ ਦਾ ਦੀਵਾਨ ਲਗ ਰਿਹਾ ਹੈ, ਚਾਰ ਚੁਫ਼ੇਰੇ ਦੀ ਸੰਗਤ ਭਰੀ ਪਈ ਹੈ। ਦੂਰ ਦੂਰ ਦੇ ਗੁਣੀ ਗਿਆਨੀ, ਮਤ ਮਤਾਂਤਰਾਂ ਦੇ ਸਾਧੂ ਬੈਠੇ ਹਨ, ਕੀਰਤਨ ਹੋ ਰਿਹਾ ਹੈ, ਜਦੋਂ ਭੋਗ ਪਿਆ ਤਾਂ ਭੇਟਾ ਪੇਸ਼ ਹੋਈਆਂ। ਇਹਨਾਂ ਵਿਚੋਂ ਇਕ ਅਨੋਖੀ ਨੁਹਾਰ ਦੇ ਫ਼ਕੀਰ ਨੇ ਇਕ ਸੁਹਣੇ ਸੁਹਣੇ ਲਹਿਲਹਾਂਦੇ ਫੁਲਾਂ ਨਾਲ ਭਰੀ ਸੁੰਦਰ ਪਟਾਰੀ ਸਤਿਗੁਰੂ ਜੀ ਦੇ ਅੱਗੇ ਤਖ਼ਤ ਪਰ ਲਿਜਾ ਧਰੀ। ਅੱਗੇ ਤਾਂ ਸਿਰੋਂ ਨੰਗਾ ਰਹਿੰਦਾ ਸੀ; ਪਰ ਅੱਜ ਸਿਰ ਤੇ ਲੰਮੀਂ ਟੋਪੀ ਧਰੀ ਸੀ। ਸਤਿਗੁਰ ਨੇ ਪੁੱਛਿਆ:-
"ਫਕੀਰ ਸਾਈਂ! ਤੂੰ ਕੌਣ?"
ਫ਼ਕੀਰ- ਜੀ ਮੈਂ ਰੋਡਾ ਜਲਾਲੀ।
ਗੁਰੂ ਜੀ- ਰੋਡਾ ਪਲਾਲੀ ?
ਫ਼ਕੀਰ- ਨਾ ਸੱਚੇ ਪਾਤਸ਼ਾਹ! ਰੋਡਾ ਜਲਾਲੀ!
ਗੁਰੂ ਜੀ- ਜਲਾਲੀ ? ਜੇ ਜਲਾਲੀ ਤਾਂ ਸਾਡੇ ਲਈ ਕੋਈ ਨਿੱਗਰ ਸ਼ੈ ਕਿਉਂ ਨਹੀਂ ਲਿਆਇਆ ?
ਫ਼ਕੀਰ- ਭੱਜੇ ਘੜੇ ਨੀਰ ਨਹੀਂ ਟਿਕਦਾ,
ਨੰਗਾਂ ਪਾਸ ਨ ਟਿਕਦਾ ਮਾਲ।
ਮਾਲ ਬਿਨਾਂ ਕੀ ਨੰਗ ਲਿਆਵਨ,
ਖਾਲੀ ਹੱਥ ਸਦਾ ਕੰਗਾਲ।
ਗੁਰੂ ਜੀ- ਫੇਰ ਖਾਲੀ ਹੱਥ ਹੀ ਆ ਜਾਣਾ ਸੀ, ਫ਼ਕੀਰਾਂ ਦੇ ਸੱਖਣੇ ਹੱਥ ਸੁਹਣੇ ਲੱਗਦੇ ਹਨ।
ਫ਼ਕੀਰ- ਮਹਾਂ ਪੁਰਖਾਂ ਕੋਲ ਖਾਲੀ ਹੱਥ ਜਾਣਾ ਮਰਿਯਾਦਾ ਵਿਰੁੱਧ ਹੈ।
ਗੁਰੂ ਜੀ— ਨੰਗ ਕੀਹ ਤੇ ਮਰਿਯਾਦਾ ਕੀਹ?
ਫ਼ਕੀਰ- ਫ਼ਕੀਰਾਂ ਦੇ ਰੰਗ।
ਗੁਰੂ ਜੀ— ਰੰਗ ਨਹੀਂ ਢੰਗ।