ਜਦੋਂ ਆਨੰਦਪੁਰ ਤੋਂ ਨਾਹਨ ਜਾਣ ਦੀ ਤਿਆਰੀ ਹੋ ਰਹੀ ਸੀ, ਉਹਨਾਂ ਦਿਨਾਂ ਵਿਚ ਇਕ ਦਿਨ ਸਵੇਰ ਸਾਰ ਦਸਵੇਂ ਸਤਿਗੁਰ ਨਾਨਕ ਜੀ ਸਤਲੁਜ ਦੇ ਕਿਨਾਰੇ ਅੰਮ੍ਰਿਤ ਵੇਲੇ ਤੋਂ ਬੈਠੇ ਸੇ, ਇਕਾਂਤ ਸੀ ਤੇ ਆਪ ਇਕੱਲੇ ਸੇ; ਨੈਣ, ਇਲਾਹੀ ਜਲਵੇ ਵਾਲੇ ਨੈਣ, ਬੰਦ ਹੋ ਗਏ, ਡੇਢ ਪੌਣੇ ਦੋ ਸੌ ਵਰ੍ਹੇ ਦਾ ਪਿਛਲਾ ਸਮਾਂ ਅੰਦਰੋਂ ਖੁੱਲ੍ਹੇ ਨੈਣਾਂ ਦੇ ਅੱਗੇ ਵਿਛ ਗਿਆ। ਬਿਰਦ ਬਾਣੇ ਦਾ ਹੁਲਾਸ ਆਇਆ, ਜੰਗਲ ਵਿਚ ਤਦੋਂ ਦਾ ਬੁੱਢਾ ਫ਼ਕੀਰ, ਹਠੀਆ ਤਪੀਆ, ਨਿਰਾਸ ਤੇ ਦੁਖੀ ਡਿੱਠਾ ਪਛਾਣਿਆਂ, 'ਹਾਂ' ਇਸ ਨੂੰ ਇਸ ਉਦਾਸ ਦਸ਼ਾ ਵਿਚ ਪਿਆਰ ਕੀਤਾ ਸੀ, ਗੇਣਤੀਆਂ ਵਿਚੋਂ ਕੱਢ, ਹਿਸਾਬਾਂ ਤੋਂ ਚੱਕ, ਸੋਚਾਂ ਤੋਂ ਉੱਚਾ ਕਰ ਵਾਹਿਗੁਰੂ ਦੀ ਸਦਾ ਹਜ਼ੂਰੀ ਦੇ ਚਬੂਤਰੇ ਤੇ ਚਾੜ੍ਹਿਆ ਸੀ, ਖੀਵਾ ਕੀਤਾ ਸੀ, ਬੇਖ਼ੁਦੀਆਂ ਦੀ ਪੀਂਘ ਝੁਟਾਈ ਸੀ ਤੇ ਆਖਿਆ ਸੀ-“ਦੁੱਧ ਛੇਵੇਂ ਜਾਮੇਂ ਪੀਆਂਗੇ" ਤੇ ਛੇਵੇਂ ਜਾਮੇਂ ਆਪਣਾ ਲਾਇਆ ਬੂਟਾ ਪਲਿਆ ਹੋਇਆ ਤੱਕਿਆ ਸੀ, ਦੁੱਧ ਪੀਤਾ ਸੀ, ਤੇ ਆਖਿਆ ਸੀ, "ਫੇਰ ਪੀਆਂਗੇ, ਬਈ ਫੇਰ ਪੀਆਂਗੇ"। ਉਹ ਪਿਆਰਾ ਹੁਣ ਪੱਕਾ ਫਲ ਹੈ, ਬ੍ਰਿਧ ਉਮਰਾ ਨਾਲ ਢੁੱਕ ਖੜੋਤਾ ਹੈ, ਪਰ ਫਲ ਤਰੋਤਾਜ਼ਾ ਰਸ ਭਰਿਆ ਪਾਤਸ਼ਾਹੀ ਮਹਿਲਾਂ ਲਈ ਤਿਆਰ ਹੈ'।
ਜਿਵੇਂ ਪਹਿਲੇ ਜਾਮੇਂ ਲਾਇਆ ਸੀ, ਤੇ ਛੇਵੇਂ ਜਾਮੇਂ ਪਾਲਿਆ ਸੀ, ਤਿਵੇਂ ਹੁਣ ਬਿਨ ਕਾਂਪ ਖਾਧੇ ਪੱਕ ਗਏ ਫਲ ਨੂੰ ਆਪਣੇ ਪਾਲਕ ਵਾਹਿਗੁਰੂ ਦੀ ਭੇਟ ਕਰੀਏ, ਬਿਰਦ ਦੀ ਲਾਜ ਪਾਲੀਏ। ਕਦੇ ਨਾ ਭੁੱਲਣ ਵਾਲੇ ਤੇ ਯਾਦਾਂ ਦੇ ਸਾਂਈਂ ਸਤਿਗੁਰ ਜੀ ਆਪਣੇ ਪਿਆਰੇ ਨੂੰ ਚਿਤਾਰਕੇ ਉਥੋਂ ਹੀ ਤਿਆਰੇ ਕਰਕੇ ਫ਼ਕੀਰ ਸਾਂਈ ਵੱਲ ਟੁਰ ਪਏ।
ਬੁੱਢਣ ਸ਼ਾਹ ਨੇ ਅੱਜ ਲਿਵਲੀਨਤਾ ਤੋਂ ਅੱਖ ਖੋਹਲੀ ਤਾਂ ਉੱਪਰ ਦੇ ਦਾਉ ਨੂੰ ਤੱਕਿਆ, ਪਿਆਰ ਦੇ ਹੁਲਾਰੇ ਵਿਚ ਆ ਕੇ ਆਖਿਓਸੁ- “ਵਿਸਮਾਦ ਹੀ ਵਿਸਮਾਦ ਹੈ। ਆਪਣੇ ਆਪ ਵਿਚ ਕਿਹਾ ਹੀ ਸੁਖ ਹੈ, ਅਚਰਜ ਮੌਜ ਹੈ, ਵਾਹ ਵਾਹ! ਵਾਹ ਵਾਹ! ਨਿਰੀ ਵਾਹ ਵਾਹ। ਹੇ ਵਾਹ ਵਾਹ! ਤੂੰ ਵਾਹ ਵਾਹ। ਤੈਨੂੰ ਵਾਹ ਵਾਹ ਇਹ ਵਾਹ ਵਾਹ 'ਗੁਰੂ' ਹੈ ਜਿਨ ਲੇਖਿਓਂ ਕੱਢ ਵਿਸਮਾਦ ਚਾੜ੍ਹਿਆ, ਜਿਨ ਸੋਚੋਂ ਕੱਢ ਰਸ ਵਿਚ
-----------------
1. ਕਬੀਰ ਫਲ ਲਾਗੇ ਫਲਨਿ ਪਾਕਨ ਲਾਗੇ ਆਂਬ॥ ਜਾਇ ਪਹੂਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ। ॥੩੪॥ (ਸਲੋਕ ਕਬੀਰ- ਪੰ. ੧੩੭੧)
ਪਾਯਾ, ਜਿਨ ਫਿਕਰੋਂ ਚੱਕ ਆਨੰਦ ਵਿਚ ਪੁਚਾਇਆ, ਜਿਨ ਅਕਲੋਂ ਉਛਾਲ ਸਿੱਧਿ' ਵਿਚ ਸੱਟਿਆ, ਇਹ ਵਾਹਿਗੁਰੂ ਹੈ। ਹੇ ਵਾਹ ਵਾਹ ਗੁਰੂ! ਹੇ ਵਾਹਿਗੁਰੂ! ਵਾਹਿਗੁਰੂ ਤੂੰ ਧੰਨ ਹੈਂ, ਧੰਨ ਹੈਂ! ਤੇਰੇ ਦਿਤੇ ਰਸ ਮਾਣਕੇ 'ਵਾਹ ਵਾਹ' ਤੇ ਹੇ ਗੁਰੂ ਦਾਤੇ ਤੂੰ 'ਵਾਹ ਵਾਹ ਤੂੰ ਵਾਹਿਗੁਰੂ ਇਹੋ ਤੇਰਾ ਨਾਮ ਹੈ। ਜਦੋਂ ਮਨ ਨੂੰ ਉਸ ਰਸ ਦਾ ਹਿੱਸਾ ਲੱਝਦਾ ਹੈ ਜੋ ਇਸ ਦੇ ਦੇਸੋਂ ਉਚੇਰਾ ਹੈ ਤਾਂ ਜੀਕੂੰ ਰਸ ਦਾ ਨਾਮ 'ਵਿਸਮਾਦ' ਰਖਦਾ ਹੈ ਤਿਕੂੰ ਤੇਰਾ ਨਾਮ 'ਵਾਹਿਗੁਰੂ' ਰੱਖਦਾ ਹੈ। ਹੇ ਵਾਹਵਾ ਦੇ ਰੰਗ 'ਵਿਸਮਾਦ' ਵਿਚ ਲੈ ਜਾਣ ਵਾਲੇ ਦਾਤੇ ! ਤੇਰਾ ਦਿਤਾ ਪਾਕੇ ਤੈਨੂੰ ਮਿਲਣ ਨੂੰ ਜੀ ਕਰਦਾ ਹੈ। ਤੂੰ ਆ ਜਾਹ ਤੇ ਕਿਸੇ ਦੇ ਸਦਕੇ ਆ ਜਾਹ। ਤੇਰੇ ਬਖਸ਼ੇ ਸੁਤੰਤ੍ਰ ਰਸ ਨਾਲੋਂ, ਤੂੰ ਆਪ ਆ ਜਾਹ ਤੇ ਦਰਸ਼ਨ ਦਾ ਰਸ ਦੇ ਜਾਹ। ਮੁਕਤੀ.....ਮੈਂ ਮੁਕਤਿ ਨਾ ਹੋਵਾਂ, ਹਾਇ ! ਮੈਂ ਰਸ ਤੋਂ ਬੀ ਉਚਾਟ ਹੋ ਤੈਨੂੰ ਲੋਚਦਾ ਹਾਂ, ਹੇ ਰਸ ਦਾਤੇ! ਤੂੰ ਆਪ ਆ, ਤੇ ਮੇਰੀ ਅੱਖੀਂ ਸਮਾ। ਮੈਂ ਹੋਵਾਂ, ਇਹ ਸਰੀਰ ਹੋਵੇ, ਤੇਰੇ ਸਰੀਰ ਵਾਲੇ ਚਰਨ ਹੋਣ, ਮੈਂ ਧੋਵਾਂ, ਨੈਣਾਂ ਦੇ ਨੀਰ ਨਾਲ, ਅੱਖੀਂ ਲਾਵਾਂ, ਕਲੇਜੇ ਲਾਵਾਂ....ਹੇ ਉੱਚੇ ਦਾਤੇ! ਆ ਅਰ ਇਨ੍ਹਾਂ ਮਿਟਦੇ ਜਾਂਦੇ ਨੇਤ੍ਰਾਂ ਵਿਚ ਲੰਘ ਜਾਹ। ਆ ਜਾਹ ਪ੍ਰੀਤਮ! ਪ੍ਰਾਣ ਨਾਥ ਜੀਉ! ਆ ਜਾਹ। ਮੈਂ ਸੱਭੋ ਸੁਖ ਪਾਏ ਤੇ ਤੇਰੇ ਦਿਤੇ ਪਾਏ, ਪਰ ਹੇ ਸੁਖਦਾਤੇ! ਤੂੰ ਆਪ ਆ ਅਰ ਆਕੇ ਪ੍ਰਤੱਖ ਦਰਸ ਦਾ ਸੁਖ ਦਿਖਾ ਤੇ ਚਰਨੀਂ ਲਾ। ਸੁਰਤ ਨੂੰ ਆਪਣੀ ਸੁਰਤ ਵਿਚ ਸਮਾਇਆ ਹਈ, ਸਰੀਰ ਨੂੰ ਬੀ ਚਰਨਾਂ ਵਿਚ ਸਮਾ ਲੈ, ਸਰੀਰ ਨੂੰ ਵੀ ਦਰਸ਼ਨ ਦੀ ਖ਼ੈਰ ਪਾ। ...ਮੇਰਾ ਦਿਲ ਫੇਰ ਨਿਆਣਾ ਹੋ ਗਿਆ ਹਈ। ਮੈਨੂੰ ਮੁਕਤੀ ਦੀ ਲੋੜ ਨਹੀਓਂ, ਅੱਜ ਤਾਂ ਰਸ ਦੀ ਬੀ ਲੋੜ ਚੁਕਾ ਦਿਤੀ ਏ ਇਸ ਲੋਂਹਦੇ ਮਨ ਨੇ; ਆ ਦਰਸ ਦਿਖਾ। ਆ ਤੇ ਆਪਣੇ ਕੋਮਲ ਚਰਨ, ਦਿੱਸਦੇ ਚਰਨ, ਹੱਥਾਂ ਨਾਲ, ਮੇਰੇ ਬੁੱਢੇ ਮਾਸ ਦੇ ਹੱਥਾਂ ਨਾਲ ਫੜੇ ਜਾਣ ਵਾਲੇ ਚਰਨ, ਮੇਰੇ ਨੈਣਾਂ ਤੇ ਰੱਖ, ਮੇਰੇ ਸੀਨੇ ਨਾਲ ਲਾ। ਇਹ ਤ੍ਰਬਕਦਾ ਦਿਲ ਸੁਹਣੇ ਸੁਹਣੇ ਚਰਨਾਂ ਦੀ ਠੰਢ ਨੂੰ ਮੰਗਦਾ ਹੈ, ਇਹ ਤ੍ਰਬਕਦਾ ਮਥਾ ਚਰਨਾਂ
--------------
1. ਕਹਿ ਕਬੀਰ ਥੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ॥ (ਗਉ ਕਬੀਰ- ਅੰਕ ੩੩੯)
ਪੁਨਾ- ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ॥ (ਜਪੁਜੀ- ਪੰ. ੮)
ਦੀ ਛੁਹ ਨੂੰ ਤਰਸਦਾ ਹੈ। ਮੈਨੂੰ ਸਰੀਰਧਾਰੀ ਨੂੰ ਸਰੀਰ ਦੇ ਦਰਸ਼ਨ ਦੇਹ। ਹੇ ਅਰੂਪ ਤੇ ਅਗੰਮ! ਮੈਂ ਅਰੂਪ ਤੇ ਅਰੀਮ ਨਹੀਂ, ਮੈਂ ਮਨੁੱਖ ਹਾਂ ਤੇ ਮਨੁਖੀ ਵਲਵਲੇ ਵਾਲਾ ਹਾਂ, ਮਨੁਖੀ ਪਿਆਰ ਵਿਚ ਆਖਦਾ ਹਾਂ; ਮੇਰੀ ਖ਼ਾਤਰ ਮਨੁਖ ਹੋ ਕੇ ਆ। ਮੌਲਾ, ਮੇਰੇ ਮੌਲਾ! ਆਦਮੀ ਬਣ ਕੇ ਆ। ਸੇਲ੍ਹੀਆਂ ਵਾਲਿਆ! ਖੜਗਾਂ ਵਾਲਿਆ! ਕਲਗੀਆਂ ਵਾਲਾ ਰੂਪ ਦਿਖਾ, ਆ ਚਰਨੀਂ ਲਾ ਤੇ ਅਪਣਾ ਅਪਨਾਅ ਬੁੱਢੇ ਦੀ ਮਤ ਨਹੀਂ ਹੁੰਦੀ। ਮੈਂ ਅਰਸ਼ਾਂ ਦੇ ਸੁਖ ਮੁਕਤੀ ਦੇ ਰਸ, ਬੁਢੇ ਤੇ ਸੱਤ੍ਰੇ ਬਹੱਤ੍ਰੇ ਨੇ ਛੱਡੇ। ਮੈਨੂੰ ਚਰਨਾਂ ਦਾ ਸੁਖ ਦੇਹ, ਦਰਸ਼ਨਾਂ ਦੀ ਖ਼ੈਰ ਪਾ। ਆ ਦਾਤਿਆ ਦੇਹ ਧਾਰੀ ਹੋ ਕੇ ਆ। ਸਮੇਂ ਪਲਟ ਚੁਕੇ ਹਨ, ਰੰਗ ਕਈ ਆਏ, ਕਈ ਗਏ, ਨਦੀ ਵਿਚ ਸੈਂਕੜੇ ਵੇਰ ਨਵੇਂ ਪਾਣੀ ਆਏ, ਚੜ੍ਹੇ ਤੇ ਵਹਿ ਗਏ, ਬਹਾਰਾਂ ਕਈ ਖਿੜੀਆਂ ਤੇ ਝੜੀਆਂ, ਮੈਂ ਪੁਰਾਣੇ ਬੋੜ੍ਹ ਵਾਂਙੂ ਬਾਹੀਂ ਅੱਡ ਅੱਡ ਮਿਲਣ ਦੀ ਤਾਂਘ ਵਿਚ ਖੜਾ ਹਾਂ, ਆ ਹੇ ਅਰੂਪ ਤੋਂ ਰੂਪਵਾਨ ਹੋਣ ਵਾਲੇ! ਰੂਪ ਦਾ ਝਲਕਾ ਦੇਹ।....ਦਾਤੇ! ਮੈਂ ਉੱਥੇ ਰਵ੍ਹਾਂ ਜਿੱਥੇ ਤੂੰ ਰਵ੍ਹੇਂ। ਤੂੰ ਦੇਹ ਧਾਰੇਂ ਮੈਂ ਸੇਵਾ ਕਰਾਂ, ਮੈਨੂੰ ਨਾਲੇ ਰੱਖ'। ਮੈਂ ਦੇਹ ਵਾਲਾ ਅੱਖਾਂ ਮੀਟ ਕੇ ਅਰਸ਼ੀ ਸੁਖਾਂ ਨੂੰ ਕੀ ਕਰਾਂ? ਮੈਨੂੰ ਆ ਕੇ ਮਿਲ ਤੇ ਚਰਨੀਂ ਲਾ।”
ਇਸ ਤਰ੍ਹਾਂ ਭਗਤੀ ਪਿਆਰ ਦੇ ਅਕਹਿ ਤੇ ਅਤਿ ਉੱਚੇ ਭਾਵ ਵਿਚ ਬੁੱਢਣਸ਼ਾਹ ਦਾਤੇ ਦੇ ਚਰਨਾਂ ਨੂੰ ਤੜਫ਼ ਰਿਹਾ ਸੀ ਕਿ ਅਚਾਨਕ ਚਾਨਣਾ ਹੋ ਗਿਆ। ਫ਼ਕੀਰ ਨੂੰ ਤੜਕੇ ਦੇ ਹਨੇਰੇ ਵਿਚ ਭਾਰੀ ਲਿਸ਼ਕਾਰ ਵੱਜਾ, ਐਸਾ ਤੇਜ ਕਿ ਝੱਲਿਆ ਨਾ ਜਾਵੇ, ਅੱਖਾਂ ਤੱਕ ਤੱਕ ਕੇ ਪੌਣ ਨੂੰ ਸੁੰਘ ਸੁੰਘ ਕੇ ਆਖਦਾ ਹੈ:-
"ਹਾਂ, ਪੌਣ ਪਿਆਰੇ ਨਾਨਕ ਨਿਰੰਕਾਰੀ ਦੀ ਖ਼ੁਸ਼ਬੋ ਵਾਲੀ ਹੋ ਗਈ ਹੈ, ਉਸਦੇ ਪਵਿਤ੍ਰ ਸਰੀਰ ਦੀ ਲਪਟ ਲਿਆ ਰਹੀ ਹੈ। ਆਕਾਸ਼ ਵਿਚ ਉਸਦੇ ਨੂਰੀ ਸਰੀਰ ਦਾ ਚਾਨਣਾ ਹੈ। ਨਦੀ ਵਲੋਂ ਮਲ੍ਯਾਗਰ ਦੀ ਠੰਢੀ ਸੁਗੰਧਿ ਆਉਂਦੀ ਹੈ....ਉੱਪਰੋਂ ਆ ਰਹੇ ਹਨ। ਜੀ ਆਏ, ਆਵੋ ਤੇ ਚਰਨੀਂ ਲਾਵੋ।” ਇੰਨੇ ਨੂੰ ਮਰਦਾਨੇ ਦਾ ਝਾਉਲਾ ਵੱਜਾ, ਸਾਹਮਣੇ ਆ ਬੈਠਾ, ਰਬਾਬ ਛਿੜੀ, ਬਨ ਇਲਾਹੀ ਰਾਗ ਨਾਲ ਭਰ ਗਿਆ:-
--------------
1. ਜਹ ਅਬਿਗਤੁ ਭਗਤੁ ਤਹ ਆਪਿ॥
ਤਹ ਪਸਰੈ ਪਾਸਾਰੁ ਸੰਤ ਪਰਤਾਪਿ॥ (ਗਉ, ਸੁਖਮਨੀ-੨੧, ਅੰਕ ੨੮੨)
"ਤੁਧੁ ਬਾਝੁ ਇਕੁ ਤਿਲੁ ਰਹਿ ਨ ਸਾਕਾ ਕਹਣਿ ਸੁਨਣਿ ਨ ਧੀਜਏ॥
ਨਾਨਕਾ ਪ੍ਰਿਉ ਪ੍ਰਿਉ ਕਰਿ ਪੁਕਾਰੇ ਰਸਨ ਰਸਿ ਮਨੁ ਭੀਜਏ॥੨॥
ਸਖੀਹੋ ਸਹੇਲੜੀਹੋ ਮੇਰਾ ਪਿਰੁ ਵਣਜਾਰਾ ਰਾਮ॥
ਹਰਨਾਮੋੁ ਵਣੰਜੜਿਆ ਰਸਿ ਮੋਲਿ ਅਪਾਰਾ ਰਾਮ॥
ਮੋਲਿ ਅਮੋਲੋ ਸਚ ਘਰਿ ਢੋਲੋ ਪ੍ਰਭ ਭਾਵੈ ਤਾ ਮੁੰਧ ਭਲੀ॥
ਇਕਿ ਸੰਗਿ ਹਰਿਕੈ ਕਰਹਿ ਰਲੀਆ ਹਉ ਪੁਕਾਰੀ ਦਰ ਖਲੀ॥
ਕਰਣ ਕਾਰਣ ਸਮਰਥ ਸ੍ਰੀ ਧਰ ਆਪਿ ਕਾਰਜੁ ਸਾਰਏ॥
ਨਾਨਕ ਨਦਰੀ ਧਨ ਸੋਹਾਗਣਿ ਸਬਦੁ ਅਭ ਸਾਧਾਰਏ॥੩॥” (ਆਸਾ ਛੰਤ ਮ. १-१, ਅੰਕ ੪੩੬)
ਇਸ ਸ਼ਬਦ ਨੇ ਹੋਰ ਹੀ ਰੰਗ ਬੰਨ੍ਹਿਆ। ਬਿਰਧ ਪ੍ਰੇਮੀ ਦਾ ਕਲੇਜਾ ਪਾਟ ਪਿਆ ਕਿ ਕਦ ਦਰਸ਼ਨ ਹੋਣ, ਸਤਲੁਜ ਨਦੀ ਵਾਂਙ ਹਜ਼ਾਰ ਧਾਰ ਹੋ ਵਹਿ ਤੁਰਿਆ ਕਿ ਕਦ ਪ੍ਰੀਤਮ ਦਿਸ ਆਵੇ। ਇੰਨੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਸਚਮੁੱਚ ਦਿੱਸ ਪਏ। ਦੇਖ ਜਿਸ ਸਰੀਰ ਦੀਆਂ ਲੱਤਾਂ "ਫਰੀਦਾ ਇਨੀ ਨਿਕੀ ਜੰਘੀਐ ਥਲ ਡੂਗਰ ਭਵਿਓਮਿ॥ ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ॥” ਵਾਂਙ-ਨਿਰਬਲ ਸਨ, ਕੀਕੂੰ ਸਿਰ ਚਰਨਾਂ ਤੇ ਜਾ ਢੱਠਾ ਹੈ, ਤੇ ਕੀਕੂੰ ਸਰੀਰ ਪਿਆਰੇ ਦੇ ਅੰਕ ਸਮਾ ਗਿਆ ਹੈ? ਹਾਂ ਜੀ ਪ੍ਰੀਤਮ ਦੇ ਚਰਨਾਂ ਕਮਲਾਂ ਦੇ ਭਵਰੇ ਕੀਕੂੰ ਲਿਪਟ ਰਹੇ ਹਨ ਪ੍ਰੀਤਮ ਨੂੰ? ਕੀਕੂੰ ਬ੍ਰਿਧ ਦਾ ਸੀਸ ਨਿਆਣੇ ਦੇ ਸੀਸ ਵਾਂਙੂ ਪਿਆਰੇ ਦੇ ਤਨ ਲੱਗਾ ਪਿਆਰਿਆ ਜਾ ਰਿਹਾ ਹੈ। ਕੀਕੂੰ ਪਿਆਰੇ ਦੇ ਮੇਲ ਵਿਚ ਮਿਲ ਰਿਹਾ ਹੈ। ਉੱਚੇ ਆਤਮ ਸੁਖਾਂ ਨੂੰ ਤਾਂ ਗਿਆਨੀਆਂ ਨੇ ਦੱਸਿਆ ਹੈ, ਪਰ ਇਸ 'ਗੁਰ ਸਿੱਖ ਗੁਰ ਪ੍ਰੀਤ ਹੈ ਨੂੰ ਕੌਣ ਦਰਸਾਏ? ਰਸੀਏ ਨੂੰ ਰਸ ਮਾਣਨ ਦਾ ਬੀ ਚੇਤਾ ਨਹੀਂ। ਖਿੱਚ ਤੇ ਧਾਈ, ਹਾਂ, ਖਿੱਚ, ਪਿਆਰ ਤੇ ਛਿੱਕਵੇ ਪਿਆਰ ਨੇ ਪ੍ਰੀਤਮ ਮਿਲਾਇਆ, ਪ੍ਰੀਤਮ ਦੇ ਚਰਨੀਂ ਲੱਗੇ, ਪ੍ਰੀਤਮ ਦੇ ਹੋ ਗਏ ਕਿ ਸਮਾ ਗਏ ਕਿ ਰਹਿ ਗਏ, ਕੁਝ ਪਤਾ ਨਹੀਂ, ਇਹ ਪ੍ਰੀਤ- ਤਾਰ ਹੈ, ਇਹ ਪ੍ਰੀਤ ਹੈ। ਇਹ ਮੁਕਤੋਂ ਅਮੁਕਤ ਹੈ, ਮੁਕਤੋਂ ਪਰੇ ਦੀ ਪ੍ਰੀਤਿ ਹੈ। ਇਹ ਖ਼ਬਰੇ ਕੀ ਹੈ, ਅਕਹਿ ਹੈ। ਸਿਖ ਹੀ ਗੁਰੂ ਵਿਚ ਨਹੀਂ ਸਮਾ ਰਿਹਾ, ਗੁਰੂ ਨੂੰ ਬੀ ਪਿਆਰ ਨੇ ਬੰਨ੍ਹਕੇ ਆਪਣਾ ਕਰ ਲਿਆ ਹੈ, ਸਿਖ- ਪ੍ਯਾਰ ਵਿਚ ਮਗਨਾ ਲਿਆ ਹੈ। ਸਾਰੇ ਸੰਸਾਰ ਦੇ ਗਿਆਨ ਵਾਲੇ ਨੂੰ ਹੁਣ ਹੋਰ
ਕੋਈ ਪਤਾ ਨਹੀਂ, ਸਿਖ ਦੀ ਗੁਰੂ ਪਿਆਰ ਵਿਚ ਨਿਮਗਨਤਾ ਹੈ। ਨਿਮਗਨਤਾ ਵਿਚ ਕਾਲ ਦੀ ਚਾਲ ਗੁੰਮ ਹੈ। ਹਾਂ ਬਾਹਰ ਜੋ ਕਾਲ ਦੀ ਚਾਲ ਜਾਰੀ ਹੈ, ਦਿੱਸਦੀ ਹੈ ਕਿ ਕਿਤਨਾ ਹੀ ਕਾਲ ਲੰਘ ਗਿਆ ਹੈ; ਹੁਣ ਚੋਜੀ ਪਿਆਰੇ ਨੇ ਕੰਨ ਵਿਚ ਆਵਾਜ਼ ਦਿੱਤੀ:-
"ਮੇਰਾ ਦੁੱਧ"
ਹਾਂ ਜੀ! ਹੁਣ ਸਿਖ ਦੀ ਹੋਸ਼ ਪਰਤੀ, ਸਿਖ ਨੇ ਨੈਣ ਖੁਹਲੇ। ਸੇਲ੍ਹੀਆਂ ਵਾਲੇ ਦੀ ਗੋਦ ਵਿਚ ਸਿਰ ਸੱਟਿਆ ਸੀ, ਚੁੱਕਿਆ ਤਾਂ ਕਲਗੀਆਂ ਵਾਲੇ ਦੀ ਗੋਦ ਵਿਚ'। ਉਹ ਅਨੂਪਮ ਚਿਹਰਾ ਜੋ ਸੇਲ੍ਹੀਆਂ ਨਾਲ ਮੋਂਹਦਾ ਸੀ, ਹੁਣ ਕਲਗੀਆਂ ਨਾਲ ਮਨ ਭਰਦਾ ਹੈ। ਧੰਨ ਤੇਰੇ ਚੋਜ ਹਨ, ਤੇਰੇ ਰੰਗ ਅਪਾਰ ਹਨ, ਰੂਪ ਸਾਰੇ ਤੇਰੇ ਹਨ, ਉਮਰਾਂ ਸਭ ਤੇਰੀਆਂ ਹਨ। ਹੇ ਸੁਹਣਿਆਂ, ਹੇ ਸੁੰਦਰ! ਤੂੰ ਧੰਨ ਹੈਂ! ਨਵੇਂ ਰੂਪ, ਨਵੇਂ ਰੰਗ ਨੇ ਇਕ ਨਵੀਂ ਮਸਤੀ ਵਿਚ ਸਿਖ ਮਗਨ ਕੀਤਾ, ਅੱਖਾਂ ਦੇ ਛੱਪਰ ਭਰ ਭਰ ਕੇ, ਝੁਕ ਝੁਕ ਕੇ ਫੇਰ ਮੁੰਦ ਗਏ। ਔਹ ਸਿਰ ਫਿਰ ਗੋਦ ਵਿਚ ਜਾ ਪਿਆ ਹੈ ਤੇ ਪਿਆਰੇ ਦੇ ਮੇਲ ਵਿਚ ਫੇਰ ਹਾਂ, ਦੋਹਾਂ ਬਾਹਾਂ ਨਾਲ ਘੁਟਕੇ "ਮਿਲੁ ਮੇਰੇ ਬੀਠੁਲਾ ਲੈ ਬਾਹੜੀ ਵਲਾਇ” ਫੇਰ ਗੁਰ-ਪ੍ਰੀਤ ਵਿਚ ਸਿਖ ਲੀਨ ਹੋ ਗਿਆ। ਪ੍ਰੀਤਮ ਨੇ ਜੋ ਕਿਹਾ ਸੀ ਸਿਖ ਤੋਂ ਸੁਣਿਆਂ ਹੀ ਨਹੀਂ ਗਿਆ, ਜਿਸਦੇ ਨਾਲ ਅਤੁੱਟ ਪਿਆਰ ਹੈ ਉਹ ਦੁੱਧ ਪਿਆ ਮੰਗਦਾ ਹੈ, ਪਰ ਸਿਖ ਨੂੰ- ਮੇਲ ਵਿਚ, ਗੁਰ ਸੰਗਮ ਵਿਚ ਕੁਛ ਯਾਦ ਨਹੀਂ। ਚੁੰਬਕ ਉੱਡ ਉੱਡਕੇ
--------------
1. ਸਤਿਗੁਰੁ ਨਾਨਕ ਦੇਉ ਹੈ ਪਰਮੇਸਰ ਸੋਈ॥ ਗੁਰ ਅੰਗਦ ਗੁਰੁ ਅੰਗ ਤੇ ਜੋਤੀ ਜੋਤਿ ਸਮੋਈ॥ ਅਮਰਾਪਦ ਗੁਰੁ ਅੰਗਦਹੁਂ ਹੁਇ ਜਾਣ ਜਣੋਈ॥ ਗੁਰੂ ਅਮਰਹੁਂ ਗੁਰੁ ਰਾਮਦਾਸ ਅੰਮ੍ਰਿਤ ਰਸੁ ਭੋਈ॥ ਰਾਮਦਾਸਹੁਂ ਅਰਜਨ ਗੁਰੂ ਗੁਰੁ ਸਬਦ ਸੁਥੋਈ॥ ਹਰਿਗੋਵਿੰਦ ਗੁਰੁ ਅਰਜਨਹੁਂ ਗੁਰੁਗੋਵਿੰਦ ਹੋਈ॥ ਗੁਰਮੁਖ ਸੁਖ ਫਲ ਪਿਰਮ ਰਸ ਸਤਿਸੰਗ ਅਲੋਈ॥ ਗੁਰਗੋਵਿੰਦਹੁਂ ਬਾਹਿਰਾ ਦੂਜਾ ਨਾਹੀ ਕੋਈ ॥੨੦॥ (ਵਾਰ ਭਾ.ਗੁ.੩੮)
ਸ੍ਰੀ ਨਾਨਕ ਅੰਗਦਿ ਕਰਿ ਮਾਨਾ॥ ਅਮਰਦਾਸ ਅੰਗਦ ਪਹਿਚਾਨਾ॥ ਅਮਰਦਾਸ ਰਾਮਦਾਸ ਕਹਾਯੋ॥ ਸਾਧਨ ਲਖਾ ਮੁਝ ਨਹਿ ਪਾਯੋ ॥੯॥ ਭਿੰਨ ਭਿੰਨ ਸਭਹੂੰ ਕਰਿ ਜਾਨਾ॥ ਏਕ ਰੂਪ ਕਿਨਹੂੰ ਪਹਿਚਾਨਾ॥ ਜਿਨ ਜਾਨਾ ਤਿਨ ਹੀ ਸਿਧਿ ਪਾਈ॥ ਬਿਨੁ ਸਮਝੇ ਸਿਧਿ ਹਾਥਿ ਨ ਆਈ॥੧੦॥ (ਬਚਿਤ੍ਰ ਨਾ.ਧਿਆਉ-੫)