ਪ੍ਰੀਤਮ ਨੂੰ ਚੰਬੜ ਰਿਹਾ ਹੈ। ਹੁਣ ਯਾਦ ਸ਼ਕਤੀ ਭੀ ਅਯਾਦ ਹੋ ਗਈ ਹੈ। ਚਿਤਹਿ ਚਿਤ ਸਮਾ ਰਿਹਾ ਹੈ। ਕੈਸਾ ਪਿਆਰਾਂ ਵਾਲਾ ਲੀਨ ਕਰ ਲੈਣ ਵਾਲਾ, 'ਗੁਰ-ਸਿਖ-ਸੰਧਿ' ਦਾ ਦਰਸ਼ਨ ਹੈ। ਗੁਰੂ ‘ਸਿਖ ਰਸ' ਲੀਨ ਹੈ, ਸਿਖ 'ਗੁਰੂ-ਰਸ' ਲੀਨ ਹੈ। ਕੁਛ ਚਿਰ ਬਾਦ ਸਦਾ ਜਾਗਤੀ ਜੋਤਿ ਸਤਿਗੁਰ ਨੇ ਫਿਰ ਕਿਹਾ-
"ਮੇਰਾ ਦੁੱਧ"
ਹੇ ਤ੍ਰਿਲੋਕੀ ਦੇ ਪਾਲਕ! ਹੇ ਗੋਪਾਲ! ਹੇ ਧਰਾਨਾਥ! ਹੇ 'ਵਿਚਿ ਉਪਾਏ ਸਾਇਰਾ ਤਿਨਾ ਭੀ ਸਾਰ ਕਰੇਇ’ (955) ਵਾਲੇ ਦਾਤੇ, ਹੇ ਤੂੰ ਦਾਤਾ, ਹੇ ਵਿਸ੍ਵੰਭਰ! ਏਹ ਤੇਰੇ ਕੀ ਚੋਜ ਹਨ, ਤੂੰ ਭੁਖਾ ਹੈਂ? ਹੇ ਤੂੰ ਸਦਾ ਰੱਜੇ! ਸਦਾ ਅਘਾਏ "ਪ੍ਰੀਤ-ਪਿੜ" ਦੇ ਰਸੀਏ ਖਿਲਾਰੀ! ਹੇ ਠਾਕੁਰ, ਹੇ 'ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ!’ ਤੂੰ ਭੁਖਾ ਹੈਂ? ਹਾਂ ਸਤਿਗੁਰ ਆਖਦਾ ਹੈਂ ਮੈਂ ਭੁਖਾ ਹਾਂ ਫੇਰ ਆਖਦਾ ਹੈਂ-
"ਮੇਰਾ ਦੁੱਧ”
'ਮੇਰਾ ਦੁਧ' ਸੁਣ ਕੇ ਸਿਖ ਕੰਬ ਕੇ ਉਠਦਾ ਹੈ, ਕੀ ਦੇਖਦਾ ਹੈ, ਸਿਰ ਕਲਗੀਆਂ ਵਾਲੇ ਦੀ ਗੋਦ ਵਿਚ ਧਰਿਆ ਸੀ, ਪਰ ਚੁਕਿਆ ਸੇਲ੍ਹੀਆਂ ਵਾਲੇ ਦੀ ਗੋਦ ਵਿਚੋਂ ਹੈ। ਪ੍ਰੀਤਮ ਤਾਂ ਉਹ ਹੈ, ਸਿਖ ਕਦ ਭੁਲਦਾ ਹੈ। ਹੁਣ ਤਾਂ ਸਿਖ ਨੇ ਸਹੀ ਸਿਞਾਤਾ ਹੈ, ਕਿੰਨੇ ਰੂਪ ਬਦਲ ਖੂਬ ਪਛਾਤਾ ਹੈ। ਮਨ ਭਵਰਾ ਹੈ, ਨੀਲੇ, ਲਾਲ, ਗੁਲਾਬੀ ਰੰਗਾਂ ਵਿਚ ਨਹੀਂ ਭੁਲਦਾ, ਹਰ ਰੰਗ ਵਿਚ ਕਵਲ ਨੂੰ ਪਛਾਣਦਾ ਹੈ। ਇਸੇ ਮਸਤੀ ਵਿਚ ਫੇਰ ਆਵਾਜ਼ ਆਈ:-
"ਮੇਰਾ ਦੁੱਧ"
ਫ਼ਕੀਰ ਉਠਿਆ, ਪੈਂਰ ਨਹੀਂ ਟੁਰਦੇ, ਨੈਣ ਪਿਆਰੇ ਤੋਂ ਪਰੇ ਨਹੀਂ ਜਾਂਦੇ, ਮੁੜ ਮੁੜ ਕੇ ਤੱਕਦੇ ਹਨ, ਫੇਰ ਕਲਗੀਆਂ ਵਾਲਾ ਝਲਕਾ ਵੱਜਾ, ਫੇਰ ਧੂਹ ਪਈ, ਫੇਰ ਸਿਰ ਢੱਠਾ ਤੇ ਗੋਦ ਵਿਚ, ਫੇਰ 'ਗੁਰ-ਸੰਗਮ' ਵਿਚ ਸਿਖ ਲੀਨ ਤੇ ਗੁਰੂ ਨੂੰ ਦੁਧ ਦੇਣ ਦੀ ਸੁਧ ਨਹੀਂ ਰਹੀ, ਐਸੀ ਲੀਨਤਾ ਛਾਈ ਕਿ ਬੱਸ ਪੁਛੋ ਨਾਂ। ਜੀ ਹਾਂ-
ਗੁਰਸਿਖ ਸੰਗਤਿ ਮਿਲਾਪ ਕੋ ਪ੍ਰਤਾਪ ਅਤਿ
ਪ੍ਰੇਮ ਕੈ ਪਰਸਪਰ ਬਿਸਮ ਸਥਾਨ ਹੈ।