ਕਰਨ ਲਈ ਨਹੀਂ ਕਹਿੰਦੇ। (ਮੇਰੀ ਜਾਚੇ) ਉਹ ਜਾਣਨਾ ਚਾਹੁੰਦੇ ਹਨ ਕਿ ਮੇਰੀਆਂ ਲਿਖਤਾਂ ਮਨੁੱਖ ਮਾਤਰ ਦੀ ਕਿਹੜੀ ਮੰਜ਼ਲ ਵੱਲ ਸੰਕੇਤ ਕਰਦੀਆਂ ਹਨ। ਇਨ੍ਹਾਂ ਵਿਚਲਾ ਕੇਂਦਰੀ ਸੁਨੇਹਾ ਕੀ ਹੈ ਅਤੇ ਉਨ੍ਹਾਂ ਦੀ ਇਹ ਜਗਿਆਸਾ 'ਸੋਚ ਦਾ ਸਫ਼ਰ' ਅਤੇ 'ਸਾਇੰਸ ਦਾ ਸੰਸਾਰ' ਵਿਚਲੇ ਲੇਖਾਂ ਨਾਲ ਵਧੇਰੇ ਸੰਬੰਧਤ ਹੈ।
ਮੇਰਾ ਨਿਮਾਣਾ ਜਿਹਾ ਉੱਤਰ ਇਹ ਹੈ :
ਰਿਨੇਸਾਂਸ, ਸਾਇੰਸ, ਮਸ਼ੀਨੀ ਕ੍ਰਾਂਤੀ, ਤਕਨੀਕ ਅਤੇ ਕੰਪਿਊਟਰ ਆਦਿਕਾਂ ਨੇ ਮਿਲ ਕੇ ਸਾਡੀ ਦੁਨੀਆ ਨੂੰ ਏਨਾ ਬਦਲ ਦਿੱਤਾ ਹੈ ਕਿ ਇਸ ਲਈ ਮੱਧਕਾਲੀਨ ਕਦਰਾਂ-ਕੀਮਤਾਂ ਦਾ ਤਿਆਗ ਜ਼ਰੂਰੀ ਹੋ ਗਿਆ ਹੈ। ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਨੇ ਦੁਨੀਆ ਦੇ ਦੇਸ਼ਾਂ ਨੂੰ ਇੱਕ ਵੱਡੇ ਸ਼ਹਿਰ ਦੇ ਮੁਹੱਲਿਆਂ ਦਾ ਰੂਪ ਦੇ ਦਿੱਤਾ ਹੈ। ਐਟਮੀ ਹਥਿਆਰਾਂ ਦੀ ਭਿਆਨਕਤਾ ਨੇ ਧਰਮ ਯੁੱਧਾ, ਜਹਾਦਾਂ ਅਤੇ ਇਨਕਲਾਬਾਂ ਦੇ ਸ਼ੈਤਾਨੀ ਚਿਹਰਿਆਂ ਉੱਤੇ ਆਦਰਸ਼ਾਂ ਦੇ ਨਕਾਬ ਲਾਹ ਕੇ ਇਨ੍ਹਾਂ ਵਿਚਲੇ ਪਸ਼ੂਪੁਣੇ ਤੋਂ 'ਡਰਨ' ਅਤੇ ਅਮਨ-ਸ਼ਾਂਤੀ ਲਈ 'ਤਾਂਘਣ' ਨੂੰ ਬਹਾਦਰੀਆਂ, ਕੁਰਬਾਨੀਆਂ ਅਤੇ ਬਲੀਦਾਨਾਂ ਦੀ ਹਿਰਦੇ ਹੀਣਤਾ ਦੇ ਟਾਕਰੇ ਵਿੱਚ ਵਧੇਰੇ ਸਤਿਕਾਰਯੋਗ ਅਤੇ ਜ਼ਰੂਰੀ ਕੰਮ ਸਿੱਧ ਕਰ ਦਿੱਤਾ ਹੈ। ਜੀਵਨ ਦੀ ਲੋੜ ਦੀਆਂ ਚੀਜ਼ਾ (ਧਨ) ਦੀ ਬੇ-ਓੜਕੀ ਉਪਜ ਦੀ ਸਮਰਥਾ ਨੇ ਸਮੁੱਚੀ ਮਨੁੱਖ ਜਾਤੀ ਲਈ ਸੁਰੱਖਿਅਤ, ਸੁਖੀ ਅਤੇ ਸਤਿਕਾਰਯੋਗ ਜੀਵਨ ਦੀ ਉਸਾਰੀ ਦੀਆਂ ਸੰਭਾਵਨਾਵਾਂ ਨੂੰ ਜਨਮ ਦਿੱਤਾ ਹੈ। ਵਪਾਰ ਦੇ ਵਿਕਾਸ ਨੇ ਸਹਾਇਤਾ, ਸਹਿਯੋਗ ਅਤੇ ਨਿਰਭਰਤਾ ਦੀ ਭਾਵਨਾ ਨੂੰ ਕੌਮੀ ਗ਼ੈਰਤ, ਆਤਮ ਨਿਰਭਰਤਾ ਅਤੇ ਸਭਿਆਚਾਰਕ ਸ੍ਰੇਸ਼ਟਤਾ ਦੀ ਹੈਂਕੜ ਨਾਲੋਂ ਬਹੁਤਾ ਸਤਿਕਾਰ ਦੇਣ ਦੀ ਲੋੜ ਪੈਦਾ ਕਰ ਦਿੱਤੀ ਹੈ। ਪੁਰਾਤਨਤਾ, ਅਧਿਆਤਮਕਤਾ, ਦਾਰਸ਼ਨਿਕਤਾ ਅਤੇ ਸੂਰਬੀਰਤਾ ਆਦਿਕ ਆਦਰਸ਼ਾਂ ਦਾ ਸਹਾਰਾ ਲਏ ਬਗ਼ੈਰ ਸੰਸਾਰਕ ਜੀਵਨ ਨੂੰ ਸੁੰਦਰ ਅਤੇ ਸਤਿਕਾਰਯੋਗ ਬਣਾਉਣ ਦੀ ਸਮਰਥਾ ਰੱਖਣ ਵਾਲੀ ਪਦਾਰਥਵਾਦੀ ਸਭਿਅਤਾ ਨੂੰ ਅਪਣਾਉਣ ਦੀ ਸਮੁੱਚੀ ਸੱਭਿਅ ਮਨੁੱਖ ਜਾਤੀ ਦੀ 'ਪਰਬਲ ਇੱਛਾ ਮਨੁੱਖ ਮਾਤਰ ਨੂੰ ਸੱਭਿਆਤਾਵਾਂ ਅਤੇ ਸੰਸਕ੍ਰਿਤੀਆਂ ਦੀ ਸੰਕੀਰਣਤਾ ਵਿੱਚੋਂ ਬਾਹਰ ਆ ਕੇ ਵਿਸ਼ਾਲ ਮਨੁੱਖੀ ਪਰਿਵਾਰ ਵਿੱਚ ਪਰਵੇਸ਼ ਕਰਨ ਦੀ ਪ੍ਰੇਰਣਾ ਦੇਣ ਲੱਗ ਪਈ ਹੈ।
ਮਨੁੱਖ ਜਾਤੀ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਸਦੀਵੀ ਅਮਨ, ਨਿਰਸ਼ਸਤ੍ਰੀਕਰਣ, ਧਰਤੀ ਦੇ ਧਨ ਦੀ ਨਿਆਏ ਪੂਰਣ ਵੰਡ, ਸ਼ੋਸ਼ਣ ਰਹਿਤ ਵਪਾਰ, ਸੰਸਾਰ ਵਿਆਪੀ ਵਿੱਦਿਅਕ ਪ੍ਰਬੰਧ, ਵਿਸ਼ਵ ਦਾ ਸਾਂਝਾ ਨਿਆਏ ਪ੍ਰਬੰਧ, ਸਾਂਝੀ ਵਿਗਿਆਨਿਕ ਖੋਜ, ਸਮੁੱਚੀ ਮਨੁੱਖ ਜਾਤੀ ਦੇ ਜੀਵਨ-ਪੱਧਰ ਦੀ ਉਸਾਰੀ ਦਾ ਕੇਂਦਰੀ ਯਤਨ ਅਤੇ ਇਸ ਸਭ ਕਾਸੇ ਲਈ (ਸ਼ਾਇਦ) ਇੱਕ ਵਿਸ਼ਵ ਸਰਕਾਰ ਦੀ ਲੋੜ ਵੀ ਮਹਿਸੂਸੀ ਜਾਣ ਵਾਲੀ ਹੈ। ਪੱਛਮੀ ਹਥਿਆਰਾਂ ਦੇ ਮੁੱਲ ਵਜੋਂ ਡ੍ਰੱਗਾਂ ਅਤੇ ਰਫਿਊਜੀਆਂ ਦੇ ਖੋਟੇ ਸਿੱਕਿਆਂ ਦੇ ਰੂਪ ਵਿੱਚ ਵਸੂਲੀ ਵਾਲਾ ਸੌਦਾ ਪੱਛਮੀ ਦੇਸ਼ ਬਹੁਤਾ ਚਿਰ ਨਹੀਂ ਕਰ ਸਕਣਗੇ। ਪੱਛਮੀ ਜਨਸਾਧਾਰਣ ਹਥਿਆਰਾਂ ਦੇ ਵਪਾਰ ਵਿੱਚ ਸ਼ਰਮਸਾਰੀ ਮਹਿਸੂਸ ਕਰਨ ਲੱਗ ਪਿਆ ਹੈ।
ਮੱਧਕਾਲੀਨ ਆਦਰਸ਼ਾਂ ਦੀ ਐਨਕ ਰਾਹੀਂ ਵੇਖਿਆ ਇਹ ਸੁਪਨਾ ਕੇਵਲ ਖ਼ੁਸ਼-ਖਿਆਲੀ ਦਿਸੇਗਾ। ਜੰਗਲੀ ਮਨੁੱਖ ਦੇ ਜੀਵਨ ਨੂੰ ਆਧੁਨਿਕ ਉੱਨਤ ਮਨੁੱਖ ਦੇ ਜੀਵਨ ਦੇ ਸਨਮੁੱਖ ਰੱਖ ਕੇ ਵੇਖਿਆਂ ਇਸ ਸੁਪਨੇ ਵਿੱਚ ਕਿਆਸੀ ਗਈ ਤਬਦੀਲੀ ਬਹੁਤ ਹੀ ਛੋਟੀ ਅਤੇ ਬਹੁਤ ਹੀ ਸੌਖੀ ਅਪਣਾਈ ਜਾ ਸਕਣ ਵਾਲੀ ਦਿਸੇਗੀ। ਮੈਨੂੰ ਇਹ ਸੌਖੀ ਅਤੇ ਸੁਭਾਵਕ ਤਬਦੀਲੀ ਜਾਪਦੀ ਹੈ। ਜੋ ਇਸ ਦੇ ਰਾਹ ਵਿੱਚ ਮੱਧਕਾਲੀਨ ਮਹਾਨ ਆਦਰਸ਼ਾਂ ਦੀਆਂ ਅਲੰਘ ਰੁਕਾਵਟਾਂ ਨਾ ਹੋਣ।
ਮੈਂ ਇਹ ਨਹੀਂ ਕਹਿੰਦਾ ਕਿ ਫਾਂਸੀਸੀ ਕ੍ਰਾਂਤੀ ਇਕੱਲੇ ਰੂਸੋ ਦੇ 'ਸ਼ੋਸ਼ਲ ਕਾਨਟ੍ਰੈਕਟ' ਦਾ ਨਤੀਜਾ ਸੀ ਜਾਂ ਕਾਰਲ ਮਾਰਕਸ ਦੇ ਕੈਪੀਟਲ' ਨੇ ਰੂਸ ਵਿੱਚ ਇਨਕਲਾਬ ਲੈ ਆਦਾ। ਅਜੇਹੀਆਂ ਤਬਦੀਲੀਆਂ ਪਿੱਛੇ ਬਹੁਤ ਸਾਰੇ ਸਿਆਸੀ, ਸਮਾਜੀ ਅਤੇ ਆਰਥਕ ਕਾਰਨ ਕੰਮ ਕਰ ਰਹੇ ਹੁੰਦੇ ਹਨ। ਪਰੰਤੂ ਇਸ ਗੱਲ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਕਿ ਲਿਖਣ- ਬੋਲਣ ਵਾਲੇ ਲੋਕਾਂ ਦੁਆਰਾ ਪਰਚਾਰੇ ਹੋਏ ਵਿਚਾਰ ਵੀ ਬਾਕੀ ਸਾਰੇ ਕਾਰਨਾਂ ਵਿੱਚ ਸ਼ਾਮਲ ਹੁੰਦੇ ਹਨ। ਸਾਇੰਸ, ਸਨਅਤ ਟੈਕਨਾਲੋਜੀ ਅਤੇ ਵਿਸ਼ਵ-ਵਪਾਰ ਦੁਆਰਾ ਕਿਆਸੀ-ਕਲਪੀ ਜਾਣ ਵਾਲੀ ਦੁਨੀਆ ਦੀ ਉਸਾਰੀ ਇਨਕਲਾਬ ਨਹੀਂ, ਵਿਕਾਸ ਹੈ। ਇਨਕਲਾਬਾਂ ਦੀ ਸੋਚ ਵਿਚਾਰ ਦੇ ਬਹੁਤੇ ਪਰਸਾਰ ਦੀ ਲੋੜ ਨਹੀਂ ਹੁੰਦੀ। ਗਿਣਤੀ ਦੇ ਕੁਝ ਆਗੂਆ ਦੇ ਇਸ਼ਾਰੇ ਉੱਤੇ ਨੱਚਣ-ਟੱਪਣ ਵਾਲੇ ਲੋਕਾਂ ਨੂੰ ਸੋਚ ਦੀ ਥਾਂ ਨਾਅਰੇ-ਜੈਕਾਰੇ ਦੀ ਲੋੜ ਹੁੰਦੀ ਹੈ। ਵਿਕਾਸ (ਵਿਸ਼ੇਸ਼ ਕਰਕੇ ਆਧੁਨਿਕ ਵਿਗਿਆਨਕ ਵਿਕਾਸ) ਲਈ ਜਨ-ਸਾਧਾਰਣ ਦੀ ਸੋਚ ਦਾ ਵਿਕਾਸ ਜਰੂਰੀ ਹੈ। ਸੋਚ ਦੇ ਵਿਕਾਸ ਬਿਨਾਂ ਲੋਕ ਸਮਾਜਕ, ਧਾਰਮਕ, ਸਾਂਸਕ੍ਰਿਤਿਕ ਅਤੇ ਰਾਸ਼ਟਰੀ ਹੱਦਬੰਦੀਆਂ ਵਿੱਚੋਂ ਬਾਹਰ ਆਉਣ ਦਾ ਸਾਹਸ ਨਹੀਂ ਕਰਨਗੇ। ਇਨ੍ਹਾਂ ਵੰਡੀਆਂ ਦੀ ਲਛਮਣ- ਰੇਖਾ ਨੂੰ ਇਲਾਹੀ ਹੁਕਮ ਦਾ ਦਰਜਾ ਦਿੰਦੇ ਰਹਿਣਗੇ। ਆਧੁਨਿਕ ਦੁਨੀਆ ਦੀ ਨਵੀਂ ਉਸਾਰੀ ਲਈ ਮਨੁੱਖਤਾ ਵਿੱਚ ਕੋਈ ਏਕਤਾ, ਕੋਈ ਸਾਂਝ ਵੇਖੀ ਜਾਣੀ ਜ਼ਰੂਰੀ ਹੈ।
ਸਾਰੇ ਮੱਧਕਾਲ ਵਿੱਚ ਮਨੁੱਖੀ ਏਕਤਾ ਦੀ ਗੱਲ ਨਹੀਂ ਕੀਤੀ ਗਈ। ਈਸ਼ਵਰੀ ਏਕਤਾ ਜਾਂ ਵਾਹਦਾਨੀਅਤ ਨੂੰ ਮੈਂ ਮਨੁੱਖੀ ਏਕਤਾ ਨਹੀਂ ਮੰਨਦਾ। ਇਹ ਰੋਮਨ ਐਂਪਰਰ ਜਾਂ ਭਾਰਤੀ ਸਮ੍ਰਾਟ ਦੀ ਏਕਤਾ ਸੀ। ਮਨੁੱਖਾਂ ਵਿੱਚ ਆਤਮਾ ਨਾਂ ਦੀ ਕਿਸੇ ਹੋਂਦ ਦੀ ਸਾਂਝ ਜਾਂ ਏਕਤਾ ਦੱਸੀ ਜਾਂਦੀ ਰਹੀ ਹੈ। ਇਹ ਨਿਰਾਰਥਕ ਅਤੇ ਅਵਿਵਹਾਰਕ ਏਕਤਾ ਸੀ। ਇਸ ਏਕਤਾ ਨੇ ਜਹਾਦਾਂ, ਧਰਮਯੁੱਧਾਂ ਅਤੇ ਮੋਰਚਾਬੰਦੀਆਂ ਸਮੇਂ ਕਿਸੇ ਵਿਰੋਧੀ ਵਿਚਲੀ ਆਤਮਾ ਦੀ ਚਿੰਤਾ ਨਹੀਂ ਕੀਤੀ। ਇਸ ਦੀ ਲੋੜ ਹੀ ਨਹੀਂ ਸੀ। ਆਤਮਾ ਅਮਰ ਅਤੇ ਅਭਿੱਜ ਸੀ। ਇਸ ਦੀ ਚਿੰਤਾ ਕਰਨੀ ਵੱਡੀ ਮੂਰਖਤਾ ਦੀ ਗੱਲ ਸੀ: ਬੇਲੋੜਾ ਕੰਮ ਸੀ।
ਮਨੁੱਖਾਂ ਵਿਚਲੀ ਭਾਵੁਕ ਏਕਤਾ ਰਜੋਗੁਣੀ ਬਿਰਤੀ ਹੋਣ ਕਰਕੇ ਮਿੱਤਰਤਾ, ਸਹਿਯੋਗ ਅਤੇ ਸਹਾਇਤਾ ਦੇ ਅਪਣੱਤਮੂਲਕ ਘੇਰੇ ਨੂੰ ਆਪਣੇ ਦੇਸ਼-ਧਰਮ ਦੇ ਲੋਕਾਂ ਤਕ ਸੀਮਿਤ ਕਰ ਕੇ ਆਪਣੇ ਘੇਰੇ ਤੋਂ ਬਾਹਰਲੇ ਲੋਕਾਂ ਪ੍ਰਤਿ ਸੰਘਰਬ ਦੀਆਂ ਭਾਵਨਾਵਾਂ ਅਤੇ ਸੰਭਾਵਨਾਵਾਂ ਵਿੱਚ ਵਾਧਾ ਕਰਦੀ ਸੀ। ਮਨੁੱਖੀ ਭਾਵੁਕਤਾ ਵਿੱਚ ਪਿਆਰ ਦੇ ਭਾਵ ਨੂੰ ਸ੍ਰੇਸ਼ਟ ਥਾਂ ਪ੍ਰਾਪਤ ਹੈ। ਪਰੰਤੂ ਇਸ ਦੇ ਵਿਵਹਾਰਕ ਰੂਪ ਦਾ ਘੇਰਾ ਬਹੁਤ ਤੰਗ, ਅਧਿਕਾਰਾਤਮਕ ਅਤੇ ਮਾਲਕੀਮਈ (possessive) ਹੈ। ਇਸ ਦਾ ਅਧਿਆਤਮਕ, ਦਾਰਸ਼ਨਿਕ ਅਤੇ ਪਛਾਣਾਤਮਕ ਰੂਪ, ਆਤਮਾ ਵਾਗ, ਅਵਿਵਹਾਰਕ, ਨਿਰਾਰਥਕ ਅਤੇ ਕਾਲਪਨਿਕ ਹੈ। ਇਸੇ ਲਈ ਇਸ ਪ੍ਰਕਾਰ ਦੇ ਪਿਆਰ ਨੂੰ ਰੱਬ ਜਾਂ ਆਤਮਕ ਪਿਆਰ ਆਖ ਕੇ ਸੰਸਾਰਕ ਵਿਵਹਾਰ ਵਿੱਚੋਂ ਖਾਰਜ ਕਰ ਦਿੱਤਾ ਜਾਂਦਾ ਹੈ।
ਜਿਸ ਪਿਆਰ ਨੇ ਪਛਾਣ-ਰੂਪਾਂ ਹੋਣਾ ਹੈ ਉਸ ਦੀ ਜੜ ਭਾਵਕਤਾ ਦੀ ਰਜੋਗੁਣੀ ਧਰਤੀ ਦੀ ਥਾਂ ਵਿਚਾਰ ਦੀ ਸਾਤਵਿਕਤਾ ਵਿੱਚ ਹੋਵੇਗੀ। ਅਤੇ ਉਸ ਨੂੰ ਪਿਆਰ ਦੀ ਥਾਂ ਸਹਾਇਤਾ, ਸਹਿਯੋਗ, ਸਤਿਕਾਰ, ਆਪਸੀ ਨਿਰਭਰਤਾ, ਸ਼ਿਸ਼ਟਾਚਾਰ ਅਤੇ ਸਦਾਚਾਰ ਦੀ
___________
ਸਿਖਲਾਈ ਆਖਿਆ ਜਾਣਾ ਵਧੇਰੇ ਯੋਗ ਹੋਵੇਗਾ।
ਸਤਿਕਾਰ ਸਭਿਆਚਾਰ ਅਤੇ ਸ਼ਿਸ਼ਟਾਚਾਰ ਰੂਪੀ 'ਪਛਾਣਮੁਲਕ ਪਿਆਰ' ਵਿਚਾਰ ਦੀ ਸੁੰਦਰਤਾ, ਸੁਤੰਤਰਤਾ ਅਤੇ ਸਾਤਵਿਕਤਾ ਦਾ ਨਾਂ ਹੈ। ਮਨੁੱਖਤਾ ਵਿੱਚ ਸਾਂਝ ਅਤੇ ਏਕਤਾ ਦੀ ਭਾਵਨਾ ਵਿਚਾਰ ਦੇ ਵਿਕਾਸ ਬਿਨਾਂ ਸੰਭਵ ਨਹੀਂ। ਵਿਚਾਰ ਦਾ ਵਿਕਾਸ ਇਸ ਭਾਵਨਾ ਦਾ ਹੀ ਦੂਜਾ ਨਾਂ ਹੈ। ਇਸ ਲਈ ਮੈਂ ਮੱਧਕਾਲੀਨ ਅਤੇ ਪੁਰਾਤਨਕਾਲੀਨ ਦਾਰਸ਼ਨਿਕਤਾ ਦੇ ਰਜੋਗੁਣੀ ਵਰਤਾਰੇ ਨੂੰ ਨੰਗਾ ਕਰਨ ਦੇ ਨਾਲ ਨਾਲ ਇਸ ਵਿਚਲੇ ਸਾਤਵਿਕ ਅੰਸ਼ ਦੀ ਗੱਲ ਕਰਦਾ ਹੋਇਆ ਇਹ ਗੱਲ ਕਹਿਣ ਦਾ ਯਤਨ ਕਰਦਾ ਹਾਂ ਕਿ ਹਰ ਪ੍ਰਕਾਰ ਦੀ ਮਨੁੱਖੀ ਸੋਚ, ਮਨੁੱਖਤਾ ਦੀ ਸਾਂਝੀ ਸੋਚ ਹੈ। ਇਹ ਕਿਸੇ ਇੱਕ ਦੇਸ਼ ਦੀ ਕਿਰਤ ਨਹੀਂ। ਜਿੱਥੇ ਇਹ ਭੁੱਲੀ ਹੋ ਉੱਥੇ ਵੀ ਇਹ ਸਾਰੀ ਮਨੁੱਖਤਾ ਦੀ ਭੁੱਲ ਜਾਂ ਮਜਬੂਰੀ ਸੀ ਅਤੇ ਜਿੱਥੇ ਇਸ ਨੇ ਮਨੁੱਖੀ ਕਲਿਆਣ ਦੀ ਭਾਵਨਾ ਨੂੰ ਉਤਾਰਿਆ ਹੈ ਉੱਥੇ ਵੀ ਇਸ ਕਾਰਜ ਦੀ ਵਡਿਆਈ ਦਾ ਹੱਕਦਾਰ ਕੋਈ ਇੱਕ ਸਮਾਜ ਜਾਂ ਦੇਸ਼ ਨਹੀਂ, ਸਗੋਂ ਸਮੁੱਚੀ ਮਨੁੱਖਤਾ ਹੈ।
ਉਪਰੋਕਤ ਦੋ ਚਾਰ ਵਾਕਾਂ ਵਿੱਚ ਆਖੀ ਗਈ ਜਾਂ ਆਖੀ ਜਾ ਸਕਣ ਵਾਲੀ ਗੱਲ ਦਾ, 'ਸੋਚ ਦਾ ਸਫ਼ਰ' ਵਿੱਚ ਏਨਾ ਲੰਮਾ ਚੌੜਾ ਵਿਸਥਾਰ ਕਿਉਂ ਕੀਤਾ ਜਾ ਰਿਹਾ ਹੈ ?
ਇਸ ਲਈ ਕਿ ਵਿਚਾਰ ਦਾ ਵਿਕਾਸ ਅੱਤ ਲੋੜੀਂਦੀ ਅਤੇ ਲੰਮੀ ਪਰਕਿਰਿਆ ਹੈ। ਆਪਣੇ ਭਾਵ ਨੂੰ ਦੋ ਇੱਕ ਵਾਕਾਂ ਵਿੱਚ ਕਹਿ ਕੇ ਉੱਡਦੀ ਉੱਡਦੀ ਗੱਲ ਕਰ ਦੇਣ ਨਾਲ ਸਿਧਾਂਤਾਂ ਦੀ ਪਰੀਪੂਰਣਤਾ ਨਾਲ ਸਾਂਝ ਪਾ ਚੁੱਕੀ ਮਾਨਸਿਕਤਾ ਨੂੰ ਮੁੜ ਵਿਚਾਰਨ ਅਤੇ ਸੁਤੰਤ੍ਰਤਾ ਨਾਲ ਸੋਚਣ ਲਈ ਪ੍ਰੇਰਿਆ ਨਹੀਂ ਜਾ ਸਕਦਾ। ਇਹ ਜ਼ਰੂਰੀ ਹੈ ਕਿ ਅਜੇਹੀ ਮਾਨਸਿਕਤਾ ਨੂੰ ਸੋਚ ਦੇ ਸਮੁੱਚੇ ਸਫ਼ਰ ਦੀ ਹਮਸਫਰ ਬਣਾ ਕੇ ਇਹ ਵਿਖਾਇਆ ਜਾਵੇ ਕਿ ਕਿੱਥੇ ਅਤੇ ਕਦੋਂ ਕਿਹੜਾ ਗਲਤ ਮੋੜ ਮੁੜ ਕੇ ਸੋਚ ਨੇ ਜੀਵਨ ਲਈ ਕਲੇਸ਼ ਦਾ ਬੀ ਬੀਜਿਆ ਹੈ। ਅੱਜ ਜਦੋਂ ਸਾਇੰਸ ਅਤੇ ਤਕਨੀਕ ਦੇ ਸਹਾਰੇ ਧਰਤੀ ਉਤਲਾ ਜੀਵਨ ਸਾਂਝ, ਸਹਿਯੋਗ ਅਤੇ ਸੁੰਦਰਤਾ ਦੀਆਂ ਸੰਭਾਵਨਾਵਾਂ ਦੇ ਸਨਮੁੱਖ ਖਲੋਤਾ ਹੈ, ਉਹ ਸੋਚ ਨੂੰ ਕੋਈ ਗਲਤ ਕਦਮ ਚੁੱਕਣ ਤੋਂ ਰੋਕਣ ਦੇ ਯੋਗ ਤਾਂ ਹੀ ਹੋ ਸਕੇਗਾ ਜੇ ਉਹ ਸੋਚ ਦੇ ਸਮੁੱਚੇ ਇਤਿਹਾਸ ਦੀ ਜਾਣਕਾਰੀ ਰੱਖਦਾ ਹੋਵੇ।
-ਪੂਰਨ ਸਿੰਘ
1
ਸਨੇਹਾ, 'ਮੇਰੀ ਸਨੇਹਾ' ਜਾਂ 'ਪਿਆਰੀ ਸਨੇਹਾ' ਲਿਖਣ ਨੂੰ ਜੀਅ ਨਹੀਂ ਕਰਦਾ)
ਤੈਨੂੰ ਏਥੋਂ ਗਿਆ ਛੇ ਮਹੀਨੇ ਹੋਣ ਲੱਗੇ ਹਨ। ਆਪਣੇ ਵਿਆਹ ਦੀਆਂ ਤਸਵੀਰਾਂ ਘੱਲਣ ਪਿੱਛੋਂ ਤੂੰ ਇਉਂ ਚੁੱਪ ਸਾਧੀ ਹੈ ਜਿਵੇਂ ਉਹ ਤਸਵੀਰਾਂ ਨਹੀਂ ਸਗੋਂ ਤੇਰੀ-ਮੇਰੀ ਮਿੱਤ੍ਰਤਾ ਦਾ ਤਲਾਕਨਾਮਾ ਸਨ। ਜੇ ਤੂੰ ਉਨ੍ਹਾਂ ਨੂੰ ਇਹੋ ਕੁਝ ਸਮਝਦੀ ਹੈ ਤਾਂ ਉਨ੍ਹਾਂ ਦੇ ਉੱਤਰ ਵਿੱਚ ਲਿਖੀ ਹੋਈ ਮੇਰੀ ਚਿੱਠੀ ਨੂੰ ਆਪਣੇ ਫੈਸਲੇ ਵਿਰੁੱਧ ਕੀਤੀ ਗਈ ਅਪੀਲ ਜਾਣ ਕੇ, ਉਸ ਨੂੰ ਰੱਦ ਕੀਤੇ ਜਾਣ ਦੀ ਸੂਚਨਾ ਹੀ ਮੈਨੂੰ ਦੇ ਛੱਡਦੀ। ਬਾਈ ਜੀ ਕੋਲੋਂ ਜਦੋਂ ਵੀ ਪੁੱਛਦੀ ਹਾਂ ਤਾਂ ਉੱਤਰ ਮਿਲਦਾ ਹੈ, "ਉਸ ਨੇ ਆਪ ਤਾਂ ਕੋਈ ਚਿੱਠੀ ਲਿਖੀ ਨਹੀਂ, ਭਰਾ ਜੀ ਦੀਆਂ ਚਿੱਠੀਆਂ ਤੋਂ ਰਾਜ਼ੀ ਖੁਸ਼ੀ ਦੀ ਖ਼ਬਰ ਮਿਲਦੀ ਰਹਿੰਦੀ ਹੈ।" ਅਰੇ ਭਾਈ, ਕੁਝ ਤਾਂ ਦੱਸ ਕਿ ਇਹ 'ਵਿਆਹ ਦਾ ਜਾਦੂ' ਹੈ ਜਾਂ 'ਪੱਛਮੀ ਦੁਨੀਆ ਦਾ ਪ੍ਰਭਾਵ ਕਿ ਤੂੰ ਉਹ ਸਭ ਕੁਝ ਭੁੱਲ ਗਈ ਹੈ, ਜਿਹੜਾ ਕੁਝ ਮਹੀਨੇ ਪਹਿਲਾਂ ਸਾਡੇ ਲਈ ਦਿਲ ਦੀ ਧੜਕਣ ਜਿੰਨਾ ਜਰੂਰੀ ਜਾਪਦਾ ਸੀ। ਸੁੰਦਰਤਾ, ਕਲਾ, ਦਰਸ਼ਨ, ਵਿਸ਼ਵ-ਮਿੱਤ੍ਰਤਾ, ਮਾਨਵਵਾਦ, ਧਰਮ ਅਤੇ ਵਿਗਿਆਨ ਸਾਡੀ ਵਾਰਤਾਲਾਪ ਦੇ ਵਿਸ਼ੇ ਹੁੰਦੇ ਸਨ। ਸੁਨਹਿਰੀ ਸਵੇਰਾਂ ਅਤੇ ਸੁਰਮਈ ਸ਼ਾਮਾਂ ਵਿੱਚ ਜਰਨੈਲੀ ਸੜਕ ਉੱਤੇ ਤੁਰਦਿਆਂ ਮੀਲੋ ਮੀਲ ਚਲੇ ਜਾਣ ਦੀ ਬੇ-ਧਿਆਨੀ ਕਦੀ ਕਦੀ, ਵੱਡਿਆਂ ਵਾਸਤੇ ਚਿੰਤਾ ਅਤੇ ਕ੍ਰੋਧ ਦਾ ਕਾਰਨ ਵੀ ਬਣ ਜਾਂਦੀ ਸੀ। ਪੰਜਾਬ ਦੀਆਂ ਸੜਕਾਂ, ਪਿਛਲੇ ਦਸ ਸਾਲ ਦਹਿਸ਼ਤ ਦੇ ਭਾਰ ਹੇਠ ਜੁ ਦੱਬੀਆਂ ਰਹੀਆਂ ਹਨ। ਸਾਡੀਆਂ ਸਵੇਰਾਂ ਉਤੇ ਭਿਆਨਕਤਾ ਦਾ ਪ੍ਰਛਾਵਾਂ ਪਰੇ ਹੋ ਜਾਣ ਨਾਲ ਸਾਡੀ ਅੱਲ੍ਹੜ ਉਮਰ ਦਾ ਅਸਾਵਧਾਨ ਆਸ਼ਾਵਾਦ ਮਾਪਿਆਂ ਦੇ ਕ੍ਰੋਧ ਨੂੰ ਅਸਾਰ ਆਖ ਕੇ ਸਾਡੇ ਪੈਰਾਂ ਨੂੰ ਮੁੜ ਉਨ੍ਹਾਂ ਪੈਡਿਆਂ ਉੱਤੇ ਤੋਰ ਦਿੰਦਾ ਸੀ।
ਮੇਰੇ ਲਈ ਇਹ ਸਭ ਕੁਝ ਭੁੱਲ ਸਕਣਾ ਔਖਾ ਹੈ। ਤੂੰ ਇਸ ਨੂੰ ਭੁੱਲ ਗਈ ਹੈਂ ਸ਼ਾਇਦ' ਇਹ ਖਿਆਲ ਕਰਕੇ ਏਨਾ ਗੁੱਸਾ ਆਉਂਦਾ ਹੈ ਕਿ ਤੇਰੇ ਨਾਲੋਂ ਸਨੇਹ-ਸੰਬੰਧ ਤੋੜ ਦੇਣ ਨੂੰ ਜੀਅ ਕਰਦਾ ਹੈ। ਪਰ ਇਹ ਵੀ ਤਾਂ ਏਨਾ ਸੌਖਾ ਕੰਮ ਨਹੀਂ। 'ਜੇ ਅੰਬੀ ਕੱਟਾਂਗੀ, ਤਾਂ ਚੜ੍ਹ ਕਿਸ ਦੇ ਉੱਤੇ ਰਾਹ ਢੋਲੇ ਦਾ ਤੱਕਾਂਗੀ' ਵਾਲੀ ਮਜਬੂਰੀ ਬਣ ਗਈ ਹੈ। ਜੀਵਨ ਵਿੱਚ ਅਜੇਹਾ ਕੁਝ ਵਾਪਰ ਰਿਹਾ ਹੈ, ਜਿਸਨੂੰ ਤੇਰੇ ਵਰਗੇ ਕਿਸੇ ਆਪਣੇ ਨਾਲ ਸਾਂਝਾ ਕਰਨਾ ਜਰੂਰੀ ਹੋ ਗਿਆ ਹੈ। ਆਪਣੇ ਵਿਆਹੁਤਾ ਜੀਵਨ ਦੇ ਅਨੰਦਮਈ (ਜਾਂ ਚਿੰਤਾ ਭਰਪੂਰ) ਜੀਵਨ ਦੀ ਸੁੰਦਰਤਾ (ਜਾਂ ਕੁਰੂਪਤਾ) ਉੱਤੇ ਜਿਸ ਸਫਲਤਾ ਨਾਲ ਤੂੰ ਪਰਦਾ ਪਾਈ ਰੱਖਿਆ ਹੈ ਓਨੀ ਢੀਠਤਾ ਮੇਰੇ ਵਿੱਚ ਨਹੀਂ।"
ਤੈਨੂੰ ਪਤਾ ਹੈ ਕਿ ਪਾਪਾ ਜਦੋਂ ਕਚਹਿਰੀ ਤੋਂ ਛੁੱਟੀ ਕਰ ਕੇ ਘਰ ਆ ਜਾਂਦੇ ਹਨ ਤਾਂ ਕੁਝ ਚਿਰ ਪਿੱਛੋਂ ਕੋਈ ਇੱਕ ਕਰਮਚਾਰੀ (ਸ਼ਾਇਦ ਚਪੜਾਸੀ) ਕੁਝ ਫਾਈਲਾਂ ਲੈ ਕੇ ਘਰ ਆਉਂਦਾ ਹੈ ਅਤੇ ਪਾਪਾ ਉਨ੍ਹਾਂ ਫਾਈਲਾਂ ਨੂੰ, ਆਪਣੇ ਨਿੱਜੀ ਸਮੇਂ ਵਿੱਚ ਜਾਂ ਸਾਡੇ ਸਮੇਂ ਵਿੱਚ ਪੜ੍ਹਦੇ ਪੜਤਾਲਦੇ ਹਨ। ਮੈਨੂੰ ਇਹ ਗੱਲ ਕਦੇ ਚੰਗੀ ਨਹੀਂ ਲੱਗੀ ਕਿ ਪਾਪਾ ਦਫ਼ਤਰ ਦਾ
ਕੰਮ ਘਰ ਲੈ ਕੇ ਆਉਣ। ਚਲੋ ਜੇ ਲਿਆਉਣਾ ਹੀ ਹੈ ਤਾਂ ਦੋ ਚਾਰ ਫਾਈਲਾਂ ਆਪਣੀ ਕਾਰ ਜਾਂ ਜੀਪ ਵਿੱਚ ਰੱਖ ਕੇ ਵੀ ਲਿਆ ਸਕਦੇ ਹਨ। "ਭਲਾ ਇਹ ਕੀ ਸ਼ਾਨ ਹੋਈ ਕਿ ਆਪ ਖਾਲੀ ਹੱਥ ਘਰ ਆ ਜਾਓ- ਉਹ ਵੀ ਕਾਰ ਜਾਂ ਜੀਪ ਵਿੱਚ ਬੈਠ ਕੇ ਅਤੇ ਤੁਹਾਡੇ ਪਿੱਛੇ ਪਿੱਛੇ ਇੱਕ ਆਦਮੀ ਫਾਈਲਾਂ ਚੁੱਕੀ ਦੌੜਿਆ ਜਾਂ ਸਾਈਕਲ ਚਲਾਉਂਦਾ ਆਵੇ ?"
"ਨਹੀਂ ਬੇਟਾ, ਇਹ ਸ਼ਾਨ ਦੀ ਗੱਲ ਨਹੀਂ ਸਗੋਂ ਇੱਕ ਲੋੜ ਹੈ। ਦਿਨ ਦੇ ਕੰਮਕਾਰ ਪਿੱਛੋਂ ਦਫ਼ਤਰ ਦੇ ਕਰਮਚਾਰੀਆਂ ਨੇ ਇਹ ਵੇਖਣਾ ਹੁੰਦਾ ਹੈ ਕਿ ਕਿਹੜੀਆਂ ਫਾਈਲਾਂ ਜ਼ਿਆਦਾ ਜ਼ਰੂਰੀ ਹਨ। ਕੇਸਾਂ ਦੀ ਛਾਣ-ਬੀਣ ਵਿੱਚ ਕੁਝ ਸਮਾਂ ਲੱਗਦਾ ਹੈ। ਮੈਂ ਉੱਥੇ ਬੇਠਾ ਉਡੀਕਦਾ ਰਹਾਂ, ਇਹ ਉਨ੍ਹਾਂ ਨੂੰ ਚੰਗਾ ਨਹੀਂ ਲੱਗਦਾ। ਹੋ ਸਕਦਾ ਹੈ ਉਨ੍ਹਾਂ ਦੀ ਆਜ਼ਾਦੀ ਵਿੱਚ ਕੁਝ ਫ਼ਰਕ ਪੈਂਦਾ ਹੋਵੇ। ਇਸ ਲਈ ਉਹ ਫਾਈਲਾਂ ਘਰ ਭੇਜਦੇ ਹਨ। ਮੈਂ ਬਹੁਤ ਵਾਰ ਆਖਿਆ ਹੈ, 'ਮੈਂ ਉਡੀਕ ਲੈਂਦਾ ਹਾਂ, ਤੁਸੀਂ ਫਾਈਲਾਂ ਵੱਖ ਕਰ ਕੇ ਮੈਨੂੰ ਦੇ ਦਿਓ। ਪਰ ਉਹ ਮੰਨਦੇ ਨਹੀਂ। ਦੱਸ ਮੈਂ ਕੀ ਕਰਾਂ ?"
ਪਿਛਲੇ ਦੋ ਢਾਈ ਮਹੀਨਿਆਂ ਤੋਂ ਇੱਕ ਨਵਾਂ ਕਰਮਚਾਰੀ ਫਾਈਲਾਂ ਲੈ ਕੇ ਆਉਣ ਲੱਗ ਪਿਆ ਸੀ। ਚੌਵੀ-ਪੰਝੀ ਸਾਲ ਦਾ ਸਾਧਾਰਣ ਜਿਹਾ ਨੌਜੁਆਨ ਸਾਧਾਰਣ ਜਿਹੇ, ਪਰ ਸਾਫ਼- ਸੁਥਰੇ ਵਸਤਰਾਂ ਵਿੱਚ, ਪੁਰਾਣੀ ਜਿਹੀ ਸਾਈਕਲ ਦੇ ਹੈਂਡਲ ਨਾਲ ਲੱਗੀ ਟੋਕਰੀ ਵਿੱਚ ਦੋ ਚਾਰ ਫਾਈਲਾਂ ਰੱਖੀ ਲੱਗ ਪੱਗ ਰੋਜ਼ ਸ਼ਾਮ ਨੂੰ ਘਰ ਆਉਂਦਾ ਸੀ ਅਤੇ ਫਾਈਲਾਂ ਪਾਪਾ ਦੇ ਦਫ਼ਤਰ (ਜਾਂ ਕਮਰੇ) ਵਿੱਚ ਰੱਖ ਕੇ ਚਲਾ ਜਾਂਦਾ ਸੀ। ਉਸ ਸਾਧਾਰਣ ਆਦਮੀ ਵਿੱਚ ਕੁਝ ਵੀ ਅਜੇਹਾ ਨਹੀਂ ਸੀ ਜੋ ਕਿਸੇ ਦੂਜੇ ਲਈ ਕਿਸੇ ਦਿਲਚਸਪੀ ਦਾ ਕਾਰਨ ਬਣ ਸਕੇ। ਵੱਡੀਆਂ ਵੱਡੀਆਂ ਨੌਕਰੀਆਂ ਉੱਤੇ ਲੱਗੇ, ਵੱਡੀਆਂ ਵੱਡੀਆਂ ਕੋਠੀਆਂ ਵਿੱਚ ਵੱਸਦੇ ਲੋਕਾਂ ਨਾਲ ਉਸਨੂੰ ਵੀ ਕੋਈ ਦਿਲਚਸਪੀ ਨਹੀਂ ਸੀ ਲੱਗਦੀ। ਉਹ ਪਾਪਾ ਨੂੰ ਝੁਕ ਕੇ ਸਲਾਮ ਨਹੀਂ ਸੀ ਕਰਦਾ, ਪਰ ਉਹ ਸੇ- ਅਦਬ ਵੀ ਨਹੀਂ ਸੀ ਜਾਪਦਾ। ਅੱਜ ਸ਼ੁੱਕਰਵਰ ਜਦੋਂ ਉਹ ਫਾਈਲਾਂ ਲੈ ਕੇ ਆਇਆ, ਪਾਪਾ ਘਰ ਨਹੀਂ ਸਨ। ਉਹ ਘਰ ਦੱਸ ਗਏ ਸਨ ਕਿ ਉਨ੍ਹਾਂ ਨੇ ਦੌਰੇ ਉੱਤੇ ਜਾਣਾ ਸੀ ਅਤੇ ਹੋ ਸਕਦਾ ਸੀ ਕਿ ਰਾਤ ਬਟਾਲੇ ਜਾਂ ਕਾਦੀਆਂ ਰਹਿਣਾ ਪੈ ਜਾਵੇ। ਇਸ ਗੱਲ ਦਾ ਉਸ ਨੂੰ ਵੀ ਪਤਾ ਸੀ। ਮੈਂ ਉਸ ਦੇ ਆਉਣ ਤੋਂ ਘੰਟਾ ਕੁ ਪਹਿਲਾਂ ਪਾਪਾ ਦੇ ਦਫ਼ਤਰ ਵਿੱਚ ਆ ਬੈਠੀ ਸਾਂ। ਹੁਣ ਤੂੰ ਇਹ ਨਾ ਸਮਝ ਲਵੀਂ ਕਿ ਮੈਂ ਉੱਥੇ ਉਸਨੂੰ ਇਕੱਲਿਆਂ ਮਿਲਣ ਦੀ ਇੱਛਾ ਜਾਂ ਆਸ ਨਾਲ ਆਈ ਸਾਂ। ਮੈਂ ਕਹਿ ਚੁੱਕੀ ਹਾਂ ਕਿ ਉਸ ਵਿੱਚ ਕਿਸੇ ਅਸਾਧਾਰਣ ਖਿੱਚ ਦੀ ਅਣਹੋਂਦ ਹੈ। ਅੱਛਾ ਇਹ ਗੱਲ ਏਥੇ ਹੀ ਛੱਡਦੀ ਹਾਂ। ਜਿਸ ਨੇ ਜੋ ਸਮਝਣਾ ਹੈ ਉਸਨੂੰ ਉਹ ਸਮਝਣੋਂ ਰੋਕਿਆ ਨਹੀਂ ਜਾ ਸਕਦਾ। ਮੈਨੂੰ ਪਤਾ ਹੈ ਕਿ ਮੈਂ ਇਸ ਲਈ ਉੱਥੇ ਗਈ ਸਾਂ ਕਿ ਕੁਝ ਚਿਰ ਇਕਾਂਤ ਵਿੱਚ ਬੈਠ ਕੇ ਪੜ੍ਹ ਸਕਾਂ। ਪਾਪਾ ਦਾ ਇਹ ਕਮਰਾ ਉਨ੍ਹਾਂ ਦੇ ਕਚਹਿਰੀ ਵਾਲੇ ਕਮਰੇ ਵਾਂਗ ਹੀ ਨਿਹਾਇਤ ਪ੍ਰਾਈਵੇਟ ਹੈ। ਘਰ ਦਾ ਕੋਈ ਜੀਅ ਘੱਟ ਵੱਧ ਹੀ ਇਸ ਵਿੱਚ ਆਉਣ ਦੀ ਲੋੜ ਮਹਿਸੂਸ ਕਰਦਾ ਹੈ; ਇਹ ਤੈਨੂੰ ਪਤਾ ਹੈ। ਤੂੰ ਕਹੇਂਗੀ ਕਿ ਅੱਜ ਮੈਂ ਇਸ ਕਮਰੇ ਵਿੱਚ ਆਉਣ ਦੀ ਉਚੇਚੀ ਲੋੜ ਮਹਿਸੂਸ ਕੀਤੀ ਸੀ। ਚੱਲ ਆਖੀ ਜਾ: ਕੋਈ ਫ਼ਰਕ ਨਹੀਂ ਪੈਂਦਾ।
ਕਮਰੇ ਦਾ ਦਰਵਾਜਾ ਖੁੱਲ੍ਹਾ ਸੀ, ਤਾਂ ਵੀ ਉਸ ਨੇ ਹੱਥ ਵਿੱਚ ਫੜੀ ਪੈਨਸਿਲ ਨਾਲ ਦਰਵਾਜ਼ਾ ਖਟਖਟਾਇਆ। ਮੈਂ ਆਖਿਆ, "ਲੰਘ ਆਓ।" ਉਸ ਨੇ ਅੰਦਰ ਆ ਕੇ ਫਾਈਲਾਂ ਮੇਜ਼ ਉੱਤੇ ਰੱਖ ਦਿੱਤੀਆਂ ਅਤੇ ਇਕ ਪੜਚੋਲਵੀਂ ਨਜ਼ਰ ਮੇਰੀ ਨੋਟ ਬੁੱਕ ਉੱਤੇ ਪਾ ਕੇ ਆਖਣ ਲੱਗਾ, "ਤੁਸੀਂ ਕੋਈ ਉਚੇਰੀ ਪੜ੍ਹਾਈ ਕਰ ਰਹੇ ਹੋ ?"
"ਹਾਂ, ਮੈਂ ਪੀ-ਐੱਚ.ਡੀ. ਕਰ ਰਹੀ ਹਾਂ।"