"ਤੁਹਾਡਾ ਟਾਪਿਕ ਕੀ ਹੈ?"
ਉਸ ਦੁਆਰਾ ਇਹ ਪ੍ਰਸ਼ਨ ਪੁੱਛਿਆ ਜਾਵੇਗਾ, ਇਸ ਗੱਲ ਦੀ ਮੈਨੂੰ ਆਸ ਨਹੀਂ ਸੀ। ਮੈਂ ਤਾਂ ਇਹ ਸਮਝਦੀ ਸਾਂ ਕਿ ਕਚਹਿਰੀ ਦਾ ਇੱਕ ਸਾਧਾਰਣ ਕਰਮਚਾਰੀ (ਸੰਭਵ ਹੈ ਚਪੜਾਸੀ) ਪੀ-ਐੱਚ ਡੀ. ਤੋਂ ਵਾਕਿਫ ਨਹੀਂ ਹੋਣਾ ਚਾਹੀਦਾ। ਇਸ ਫੈਸਲੇ ਤਕ ਪੁੱਜਣ ਲੱਗਿਆ ਮੈਂ ਇਸ ਗੱਲ ਦਾ ਚੇਤਾ ਭੁੱਲ ਗਈ ਸਾਂ ਕਿ ਜਿਸ ਵਿਅਕਤੀ ਨੇ ਮੇਰੀ ਕਾਪੀ ਵਿੱਚ ਚਾਰ-ਪੰਜ ਸਕਿੱਟਾਂ ਦੀ ਭਾਤੀ ਪਾ ਕੇ ਇਹ ਜਾਣ ਲਿਆ ਸੀ ਕਿ ਮੈਂ ਕਿਸੇ ਉਚੇਰੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਸਾਂ ਉਹ ਚਪੜਾਸੀ ਤਾਂ ਹੋ ਸਕਦਾ ਸੀ: ਪਰ ਉਸ ਦੀ ਸੂਝ-ਬੂਝ ਸਾਧਾਰਣ ਨਹੀਂ ਸੀ ਹੋ ਸਕਦੀ। ਜਿਸ ਸਰਲਤਾ ਅਤੇ ਭਰੋਸੇ ਨਾਲ ਉਸ ਨੇ ਆਪਣੇ ਪ੍ਰਸ਼ਨ ਪੁੱਛੇ ਸਨ ਉਹ ਵੀ ਕਿਸੇ ਸਾਧਾਰਣ ਸੂਝ-ਬੂਝ ਦੇ ਲਖਾਇਕ ਨਹੀਂ ਸਨ। ਕੁਝ ਚਿਰ ਲਈ ਮੈਂ ਉਵੇਂ ਹੀ ਮਹਿਸੂਸ ਕੀਤਾ ਜਿਵੇਂ ਕਿਸੇ ਉੱਚ ਵਿੱਦਿਆਲੇ ਵਿੱਚ ਮੇਰਾ ਪਹਿਲਾ ਦਿਨ ਹੋਵੇ। ਆਪਣੇ ਆਪ ਨੂੰ ਜ਼ਰਾ ਸੰਭਾਲ ਕੇ ਮੈਂ ਉੱਤਰ ਦਿੱਤਾ। "ਇੱਕ ਕਲਾਤਮਕ ਵਰਦਾਨ-ਯਥਾਰਥਵਾਦ।"
"ਉਹ ਹੈ, ਤੁਸੀਂ ਯਥਾਰਥਵਾਦ ਨੂੰ ਕਲਾ ਲਈ ਵਰਦਾਨ ਮੰਨ ਕੇ ਤੁਰੇ ਹੋ ਆਪੋ ਆਪਣੀ ਸੋਚ ਹੈ। ਮੈਨੂੰ ਤਾਂ ਯਥਾਰਥਵਾਦ ਕਲਾ ਦਾ ਸਰਾਪ ਹੀ ਜਾਪਿਆ ਹੈ। ਮੇਰੀ ਜਾਚੇ ਯਥਾਰਥ ਸ੍ਰੇਸ਼ਟ ਕਲਾ ਦਾ ਵਿਸ਼ਾ ਨਹੀਂ। ਯਥਾਰਥਵਾਦ ਤਾਂ ਕਲਾ ਲਈ ਕਲੰਕ ਵੀ ਸਿੱਧ ਹੋ ਰਿਹਾ ਹੈ।"
"ਤੁਸੀਂ ਵੀ ਕੋਈ ਥੀਸਸ ਲਿਖ ਰਹੇ ਹੋ ?"
"ਜੀ ਨਹੀਂ। ਕਲਾ ਸੰਬੰਧੀ ਜੋ ਵਿਚਾਰ ਮੇਰੇ ਹਨ ਉਹੋ ਜਿਹੇ ਵਿਚਾਰਾਂ ਵਾਲੇ ਵਿਅਕਤੀ ਦਾ ਥੀਸਸ ਅਜੋਕੇ ਕਲਾ ਪਾਰਖੂਆਂ ਅਤੇ ਪਰੀਖਿਅਕਾਂ ਨੂੰ ਪ੍ਰਵਾਨ ਨਹੀਂ ਹੋਣ ਲੱਗਾ। ਇਸ ਲਈ ਮੈਂ ਇਸ ਰਸਤੇ ਤੁਰਨ ਦੀ ਮੂਰਖ਼ਤਾ ਜਾਂ ਦਲੇਰੀ ਨਹੀਂ ਕਰ ਸਕਦਾ।" ਇਹ ਕਹਿ ਕੇ ਉਸ ਨੇ ਹੱਥ ਜੋੜੇ ਅਤੇ ਵਿਦਾਇਗੀ ਲਈ ਥੋੜਾ ਜਿਹਾ ਸਿਰ ਝੁਕਾਇਆ। ਜਾਂਦੇ ਜਾਂਦੇ ਨੂੰ ਮੈਂ ਆਖਿਆ, "ਯਥਾਰਥਵਾਦ ਸੰਬੰਧੀ ਤੁਹਾਡੇ ਵਿਚਾਰ ਕੁਝ ਵੱਖਰੇ ਵੀ ਹਨ ਅਤੇ ਅਨੋਖੇ ਵੀ। ਕੁਝ ਚਿਰ ਰੁਕ ਕੇ, ਜ਼ਰਾ ਕੁ ਵਿਸਥਾਰ ਨਾਲ ਸਮਝਾ ਸਕੋਗੇ ?"
ਬਿਨਾਂ ਕੁਝ ਕਹੇ ਉਹ ਪਿੱਛੇ ਪਰਤ ਆਇਆ ਅਤੇ ਮੇਰੇ ਵੱਲੋਂ ਕਿਸੇ ਸੰਕੇਤ ਦੀ ਉਡੀਕ ਕੀਤੇ ਬਿਨਾਂ, ਮੇਜ਼ ਦੇ ਦੂਜੇ ਪਾਸੇ ਪਈ ਕੁਰਸੀ ਉਤੇ ਇਉਂ ਸਹਿਜ ਨਾਲ ਬੈਠ ਗਿਆ ਜਿਵੇਂ ਉੱਥੇ ਬਹਿਣ ਦਾ ਉਸਨੂੰ ਅਧਿਕਾਰ ਪ੍ਰਾਪਤ ਹੋ ਗਿਆ ਹੋਵੇ। ਮੈਂ ਪਾਪਾ ਦੀ ਕੁਰਸੀ ਉੱਤੇ ਬੈਠੀ ਹੋਈ ਸਾਂ ਅਤੇ ਇਉਂ ਅਸੀਂ ਇੱਕ ਦੂਜੇ ਦੇ ਸਾਹਮਣੇ ਇੱਕ ਦੂਜੇ ਤੋਂ ਡੇਢ ਜਾਂ ਦੇ ਮੀਟਰ ਦੀ ਵਿੱਥ ਉੱਤੇ ਬੈਠੇ ਹੋਏ ਸਾਂ। ਆਪਣੀਆਂ ਦੋਵੇਂ ਹਥੇਲੀਆਂ ਮੇਜ਼ ਉੱਤੇ ਰੱਖ ਕੇ, ਆਪਣੀ ਨਜ਼ਰ ਮੇਰੇ ਚਿਹਰੇ ਉੱਤੇ ਟਿਕਾ ਕੇ ਅਤੇ ਇੱਕ ਬੇ-ਮਲੂਮੀ ਜਿਹੀ ਮੁਸਕਰਾਹਟ ਨੂੰ ਆਪਣੀ ਸੂਝ ਅਤੇ ਸੁਹਿਰਦਤਾ ਦੀ ਜ਼ਮਾਨਤ ਦੇ ਰੂਪ ਵਿੱਚ ਆਪਣੇ ਚਿਹਰੇ ਦੀ ਸਜਾਵਟ ਬਣਾ ਕੇ ਉਸ ਨੇ ਆਖਿਆ, "ਦੱਸੋ ਕਿਸ ਵਿਚਾਰ ਦਾ ਵਿਸਥਾਰ ਚਾਹੁੰਦੇ ਹੋ ? ਪਰ ਮੈਂ ਅੱਧੇ ਘੰਟੇ ਤੋਂ ਜ਼ਿਆਦਾ ਨਹੀਂ ਰੁਕ ਸਕਾਂਗਾ।"
ਮੈਨੂੰ ਇਉਂ ਜਾਪਿਆ ਜਿਵੇਂ ਕਿਸੇ ਸਕੋਚ, ਕਿਸੇ ਉਚੇਚ ਜਾਂ ਕਿਸੇ ਪ੍ਰਕਾਰ ਦੀ ਕਿਸੇ ਭੂਮਿਕਾ ਲਈ ਮੇਰੇ ਕੋਲ ਕੋਈ ਸਮਾਂ ਨਹੀਂ ਸੀ। ਇਹ ਵਿਚਾਰ ਵੀ ਝਟਪਟ ਮੇਰੇ ਦਿਮਾਗ ਵਿੱਚ ਆ ਗਿਆ ਕਿ ਜੇ ਉਹ ਇੱਕ ਓਪਰੀ ਥਾਵੇਂ ਆ ਕੇ ਏਨੀ ਤਸੱਲੀ ਅਤੇ ਅਪਣੱਤ ਦਾ ਵਿਖਾਲਾ ਪਾ ਸਕਦਾ ਹੈ ਤਾਂ ਆਪਣੇ ਘਰ ਵਿੱਚ ਬੈਠੀ ਮੈਂ ਕਿਉਂ ਕਿਸੇ ਪ੍ਰਕਾਰ ਦੇ ਸੰਕੋਚ ਜਾਂ ਉਚੇਚ ਦਾ ਉਹਲਾ ਜ਼ਰੂਰੀ ਸਮਝਾਂ। ਗੰਭੀਰ ਵਿਸ਼ਿਆਂ ਦੀ ਚਰਚਾ ਮੇਰੇ ਲਈ ਨਵੀਂ ਗੱਲ ਵੀ ਨਹੀਂ ਸੀ। ਇਸ ਲਈ ਮੈਂ ਵੀ ਉਸੇ ਸਹਿਜ ਦਾ ਵਿਖਾਲਾ ਪਾਉਣ ਦਾ ਯਤਨ ਕੀਤਾ ਜਿਹੜਾ ਸਹਿਜ ਉਸ ਲਈ ਇੱਕ ਸੁਭਾਵਕ ਜਿਹਾ ਆਚਾਰ ਬਣ ਗਿਆ ਪ੍ਰਤੀਤ ਹੋ ਰਿਹਾ
ਸੀ। ਆਪਣੇ ਸ-ਯਤਨ ਸਹਿਜ ਨੂੰ ਆਪਣਾ ਸਾਧਾਰਣ ਵਿਵਹਾਰ ਪ੍ਰਗਟ ਕਰਦਿਆਂ ਹੋਇਆਂ ਮੈਂ ਆਖਿਆ, "ਆਪਣੇ ਦੋ ਕੁ ਵਾਕਾਂ ਵਿੱਚ ਤੁਸੀਂ ਯਥਾਰਥਵਾਦ ਨੂੰ 'ਕਲਾ ਲਈ ਸਰਾਪ’ ਯਥਾਰਥ ਨੂੰ 'ਕਲਾ ਦਾ ਕਲੰਕ' ਅਤੇ 'ਸ੍ਰੇਸ਼ਟ ਕਲਾ ਲਈ ਅਢੁੱਕਵਾਂ ਵਿਸ਼ਾ ਵਸਤੂ' ਆਖ ਗਏ ਹੋ। ਇਹ ਸਭ ਕੁਝ ਵਿਸਥਾਰ ਦੀ ਮੰਗ ਕਰਦਾ ਹੈ। ਇਹ ਨਿਰਣੇ, ਨਿਸ਼ਚੇ ਹੀ ਕਿਸੇ ਤਰਕ ਵਿੱਚੋਂ ਉਪਜੇ ਹਨ। ਜੇ ਨਹੀਂ ਤਾਂ ਗੰਭੀਰ ਤਰਕ ਦੀ ਉਡੀਕ ਕਰ ਰਹੇ ਹਨ। ਵਕਤ ਜ਼ਿਆਦਾ ਵੀ ਲੱਗ ਸਕਦਾ ਹੈ। ਅੱਜ ਇਸ ਵਿਸ਼ੇ-ਵਾਰਤਾ ਦਾ ਆਰੰਭ ਕਰ ਲੈਂਦੇ ਹਾਂ: ਦੂਸਰੀ ਕਿਸੇ ਮਿਲਣੀ ਉੱਤੇ ਗੱਲ ਪੂਰੀ ਕਰ ਲਵਾਂਗੇ।"
"ਜੀ ਨਹੀਂ, ਇਹ ਮੇਰੇ ਨਿਰਣੇ ਨਹੀਂ ਹਨ; ਸਾਧਾਰਣ ਰਾਵਾਂ ਹਨ। ਮੇਰੀ ਕਾਹਲ ਵਿੱਚੋਂ ਉਪਜੀ ਹੋਈ ਸੰਖੇਪਤਾ ਨੇ ਮੇਰੇ ਵਾਕਾਂ ਨੂੰ ਨਿਰਣਿਆਂ ਦਾ ਰੂਪ ਦੇ ਦਿੱਤਾ ਹੈ ਸ਼ਾਇਦ।"
"ਤੁਹਾਡੀ ਕਾਹਲ ਦਾ ਇੱਕ ਕਾਰਨ ਤਾਂ ਮੈਂ ਸਮਝ ਸਕਦੀ ਹਾਂ। ਦਿਨ ਭਰ ਦੇ ਕੰਮ ਨਾਲ ਅੱਕ-ਥੱਕ ਗਏ ਹੋਵੋਂਗੇ। ਮੈਂ ਚਾਹ ਬਣਾ ਕੇ ਲਿਆਉਂਦੀ ਹਾਂ। ਚਾਹ ਪੀਂਦਿਆਂ ਕੁਝ ਗੱਲਾਂ ਵੀ ਕਰ ਲਵਾਂਗੇ।"
"ਜੀ ਨਹੀਂ, ਮੈਨੂੰ ਕੋਈ ਭਾਰਾ ਕੰਮ ਨਹੀਂ ਕਰਨਾ ਪੈਂਦਾ। ਇਸ ਲਈ ਥਕੇਵਾਂ ਮੈਨੂੰ ਨਹੀਂ ਹੁੰਦਾ। ਰਹੀ ਗੱਲ ਅਕੇਵੇਂ ਦੀ, ਕੁਦਰਤ ਨੇ ਕਰੋੜਾਂ ਸਾਲਾਂ ਦੀ ਘਾਲਣਾ ਨਾਲ ਮਨੁੱਖ ਲਈ ਇੱਕ ਕਰਮ-ਭੂਮੀ ਦੀ ਸਿਰਜਨਾ ਕੀਤੀ ਹੈ, ਵਿਸਮਾਦ ਭਰੀ ਇਸ ਵਿਚਿੱਤਰ ਕਰਮ-ਭੂਮੀ ਵਿੱਚ ਵਿਚਰਦੇ ਜਿਸ ਮਨੁੱਖ ਨੂੰ ਅਕੇਵਾਂ ਮਹਿਸੂਸ ਹੁੰਦਾ ਹੈ, ਉਸ ਦੀ ਅੱਖ ਨੂੰ ਇਸ ਸੰਸਾਰ ਦੀ ਸੁੰਦਰਤਾ ਨਾਲ ਸਾਂਝ ਪਾਉਣ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ। ਏਥੇ ਦੁੱਖ, ਚਿੰਤਾ, ਉਦਾਸੀ, ਉਡੀਕ, ਆਸ਼ਾ, ਨਿਰਾਸ਼ਾ ਅਤੇ ਕਾਹਲ ਆਦਿਕ ਤਾਂ ਹੋ ਸਕਦੇ ਹਨ, ਪਰ ਅਕੇਵੇਂ ਨੂੰ ਕੋਈ ਥਾਂ ਨਹੀਂ ਹੋਣੀ ਚਾਹੀਦੀ। ਮੇਰੀ ਕਾਹਲ ਦਾ ਕਾਰਨ ਇਹ ਹੈ ਕਿ ਮੈਂ ਘਰ ਜਾ ਕੇ ਆਪਣੇ ਛੋਟੇ ਜਿਹੇ ਬਗੀਚੇ ਵਿੱਚ ਕੰਮ ਕਰਨਾ ਹੈ। ਜੇ ਮੈਂ ਵੇਲੇ ਸਿਰ ਨਾ ਗਿਆ ਤਾਂ ਮੇਰੇ ਮਾਤਾ ਜੀ ਉਸ ਕੰਮ ਨੂੰ ਸ਼ੁਰੂ ਕਰ ਦੇਣਗੇ। ਉਹ ਕਿਸੇ ਕੰਮ ਨੂੰ ਸਮੇਂ ਤੋਂ ਏਧਰ-ਓਧਰ ਨਹੀਂ ਹੋਣ ਦਿੰਦੇ। ਹੁਣ ਇਹ ਨਾ ਸਮਝ ਲੈਣਾ ਕਿ ਉਹ ਮੈਨੂੰ ਡਾਂਟ-ਡਪਟ ਵੀ ਕਰਨਗੇ। ਉਹ ਕਿਸੇ ਨਾਲ ਗੁੱਸੇ ਘੱਟ ਹੀ ਹੁੰਦੇ ਹਨ। ਹਾਂ, ਜਦੋਂ ਉਨ੍ਹਾਂ ਨੇ ਕੰਮ ਸ਼ੁਰੂ ਕਰ ਲਿਆ ਹੋਵੇਗਾ ਉਦੋਂ ਉਨ੍ਹਾਂ ਨੂੰ ਉਸ ਕੰਮ ਤੋਂ ਹਟਾ ਕੇ ਮੈਂ ਆਪ ਉਸ ਕੰਮ ਨੂੰ ਕਰਨਾ ਆਰੰਭ ਨਹੀਂ ਕਰ ਸਕਾਂਗਾ। ਉਹ ਕੰਮ ਕਰਨਗੇ ਅਤੇ ਮੈਨੂੰ ਲਾਗੇ ਬੈਠ ਕੇ ਉਨ੍ਹਾਂ ਨੂੰ ਕੰਮ ਕਰਦਿਆਂ ਵੇਖਣ ਦੀ ਮਜਬੂਰੀ ਹੋਵੇਗੀ। ਇਸ ਨੂੰ ਮੇਰੀ ਅਣਗਹਿਲੀ ਦੀ ਸਜ਼ਾ ਵੀ ਆਖ ਸਕਦੇ ਹੋ। ਓਹ ਹੋ, ਅਸੀਂ ਤਾਂ ਵਾਧੂ ਗੱਲਾਂ ਵਿੱਚ ਵਕਤ ਬਰਬਾਦ ਕਰ ਰਹੇ ਹਾਂ। ਦੱਸੋ, ਗੱਲ ਸ਼ੁਰੂ ਕਿੱਥੋਂ ਕਰੀਏ ?"
"ਗੱਲ ਸ਼ੁਰੂ ਵੀ ਹੋ ਚੁੱਕੀ ਹੈ ਅਤੇ ਇਸ ਨੇ ਛੇਤੀ ਛੇਤੀ ਮੁੱਕਣਾ ਵੀ ਨਹੀਂ। ਇਸ ਲਈ ਮੈਂ ਚਾਹ ਦਾ ਪ੍ਰਬੰਧ ਕਰਦੀ ਹਾਂ।" ਇਹ ਆਖ ਕੇ ਮੈਂ ਉਸ ਦਾ ਉੱਤਰ ਉਡੀਕੇ ਬਿਨਾਂ ਹੀ ਕੁਰਸੀ ਤੋਂ ਉੱਠ ਕੇ ਕਮਰਿਉਂ ਬਾਹਰ ਆ ਗਈ ਅਤੇ ਰਸੋਈ ਵਿੱਚ ਪੁੱਜ ਕੇ ਚਾਹ ਬਣਾਉਣ ਵਿੱਚ ਰੁੱਝ ਗਈ। ਚਾਹ ਪੀਣ ਦੀ ਲੋੜ ਉਸ ਨੂੰ ਭਾਵੇਂ ਘੱਟ ਸੀ, ਪਰ ਚਾਹ ਬਣਾਉਣ ਦੀ ਲੋੜ ਮੈਨੂੰ ਜ਼ਿਆਦਾ ਸੀ। ਏਨੇ ਸਮੇਂ ਵਿੱਚ ਮੈਂ ਉਸ ਅਜੀਬ ਆਦਮੀ ਦੀਆਂ ਅਨੋਖੀਆਂ ਗੱਲਾਂ ਉੱਤੇ ਮੁੜ ਵਿਚਾਰ ਵੀ ਕਰਨਾ ਚਾਹੁੰਦੀ ਸਾਂ ਅਤੇ ਆਪਣੇ ਮਾਨਸਿਕ ਸੰਤੁਲਨ ਨੂੰ ਠੀਕ ਵੀ ਕਰਨਾ ਚਾਹੁੰਦੀ ਸੀ। ਗੈਸ ਕੁੱਕਰ ਉੱਤੇ ਚਾਹ ਲਈ ਪਾਣੀ ਗਰਮ ਹੋ ਰਿਹਾ ਸੀ ਅਤੇ ਮੇਰੇ ਮਨ ਵਿੱਚ ਉਸ ਦੀਆਂ ਆਖੀਆਂ ਹੋਈਆਂ ਗੱਲਾਂ, ਅੱਗੜ-ਪਿੱਛੜ ਅਤੇ ਬੇ-ਤਰਤੀਬੀਆਂ ਜਿਹੀਆਂ ਦੁਹਰਾਈਆਂ ਜਾ ਰਹੀਆਂ ਸਨ। 'ਮੇਰੇ ਮਾਤਾ ਜੀ ਕੰਮ ਕਰਨਗੇ ਅਤੇ ਮੈਨੂੰ ਕੋਲ ਬੈਠ ਕੇ ਉਨ੍ਹਾਂ ਨੂੰ ਕੰਮ ਕਰਦਿਆਂ
ਨੂੰ ਵੇਖਣ ਦੀ ਸਜ਼ਾ ਭੁਗਤਣੀ ਪਵੇਗੀ। ਕੋਹੋ ਜਿਹੀ ਅਜੀਬ ਮਾਂ ਹੈ ਇਹ। 'ਉਹ ਕਿਸੇ ਨਾਲ ਗੁੱਸੇ ਕਦੇ ਘੱਟ ਹੀ ਹੁੰਦੇ ਹਨ। ਤਾਂ ਵੀ ਇਸ ਪੁੱਤਰ ਨੂੰ ਮਾਂ ਦੇ ਟਾਈਮ ਟੇਬਲ ਦਾ ਏਨਾ ਖ਼ਿਆਲ ਕਰਨਾ ਪੈਂਦਾ ਹੈ। ਕਿੰਨਾ ਮਿੱਠਾ ਸੰਬੰਧ ਹੈ ਇਹ।। "ਜਿਸ ਨੂੰ ਇਸ ਵਿਸਮਾਦੀ ਜਗਤ ਵਿੱਚ ਅਕੇਵਾਂ ਮਹਿਸੂਸ ਹੁੰਦਾ ਹੈ ਉਸ ਨੇ ਇਸ ਸੰਸਾਰ ਦੀ ਸੁੰਦਰਤਾ ਦਾ ਰਹੱਸ ਨਹੀਂ ਪਛਾਤਾ। ਸਿੱਧੇ ਸਾਦੇ ਅਤੇ ਲੋੜਾਂ-ਥੁੜਾਂ ਭਰੇ ਜੀਵਨ ਵਿੱਚੋਂ ਕਿੰਨੀ ਖੁਸ਼ੀ, ਕਿੰਨਾ ਸੰਤੋਖ ਪ੍ਰਾਪਤ ਕਰ ਸਕਣ ਦੀ ਸਮਰਥਾ ਹੇ ਇਸ ਨਿੱਕੇ ਜਿਹੇ ਪਰਿਵਾਰ ਵਿੱਚ। ਵੱਡੀਆਂ ਵੱਡੀਆਂ ਪ੍ਰਾਪਤੀਆਂ ਦਾ ਮਾਣ ਕਰਨ ਵਾਲੇ ਲੋਕ ਕਦੇ ਏਨੇ ਸੰਤੁਸ਼ਟ ਅਤੇ ਚਾਹ ਲਈ ਕੁੱਕਰ ਉੱਤੇ ਰੱਖੇ ਹੋਏ ਪਾਣੀ ਨੇ ਉਬਲ ਕੇ ਮੇਰਾ ਧਿਆਨ ਆਪਣੇ ਵੱਲ ਮੋੜ ਲਿਆ। ਮੈਨੂੰ ਚਾਹ ਦਾ ਸਾਮਾਨ ਟ੍ਰੇ ਵਿੱਚ ਚੁੱਕੀ ਜਾਂਦੀ ਨੂੰ ਵੇਖ ਕੇ ਬੀ ਜੀ ਨੇ ਡ੍ਰਾਇੰਗ ਰੂਮ ਵਿੱਚ ਹੀ ਪੁੱਛਿਆ, "ਕੀ ਗੱਲ ਪੁੱਤਰ, ਚਾਹ ਆਪ ਕਿਉਂ ਬਣਾਈ ਹੈ ? ਦੀਪੂ ਨੂੰ ਆਖ ਦਿੰਦੀ।"ਕੋਈ ਗੱਲ ਨਹੀਂ ਬੀ ਜੀ," ਕਹਿ ਕੇ ਮੈਂ ਚਾਹ ਲੈ ਕੇ ਉਸ ਕੋਲ ਪੁੱਜ ਗਈ। ਚਾਹ ਦੀ ਪਿਆਲੀ ਬਣਾ ਕੇ ਮੈਂ ਉਸ ਵੱਲ ਵਧਾ ਦਿੱਤੀ। ਪਿਆਲੀ ਨੂੰ ਹੱਥ ਵਿੱਚ ਲੈ ਕੇ ਉਸ ਨੇ ਗੰਭੀਰ ਲਹਿਜ਼ੇ ਵਿੱਚ ਆਖਿਆ, 'ਸਾਡੇ ਕੋਲ ਕੇਵਲ ਪੰਦਰਾਂ ਮਿੰਟ ਬਚੇ ਹਨ। ਇਹ ਚਾਹ ਪੀਣ ਵਿੱਚ ਲੱਗ ਜਾਣੇ ਹਨ। ਯਥਾਰਥਵਾਦ ਸੰਬੰਧੀ ਸਾਡੀ ਵਿਚਾਰ ਮੁਲਤਵੀ ਕਰਨੀ ਪਵੇਗੀ।"
"ਕੋਈ ਗੱਲ ਨਹੀਂ। ਇਹ ਵਿਚਾਰ ਫਿਰ ਕਿਸੇ ਵੇਲੇ ਕਰ ਲਵਾਂਗੇ। ਮੈਨੂੰ ਲੱਗਾ ਹੈ ਕਿ ਇਨ੍ਹਾਂ ਵਾਦਾਂ-ਵਿਵਾਦਾਂ ਨਾਲੋਂ ਪਹਿਲਾਂ ਤੁਹਾਨੂੰ ਜਾਣਨਾ ਵਧੇਰੇ ਜ਼ਰੂਰੀ ਵੀ ਹੈ ਅਤੇ ਰੋਚਕ ਵੀ। ਹੋ ਸਕਦਾ ਹੈ ਕਿ ਇੱਕ ਦੂਜੇ ਦੇ ਵਿਚਾਰਾਂ ਨਾਲ ਅਸੀਂ ਸਹਿਮਤ ਨਾ ਹੋ ਸਕੀਏ, ਪ੍ਰੰਤੂ ਜੀਵਨ ਪ੍ਰਤਿ ਤੁਹਾਡੇ ਦ੍ਰਿਸ਼ਟੀਕੋਣ ਦੀ ਸੁੰਦਰਤਾ ਤੋਂ ਅਭਿੱਜ ਰਹਿ ਸਕਣਾ ਮੈਨੂੰ ਔਖਾ ਲੱਗਦਾ ਹੈ।"
"ਤਸਾਂ ਚਾਹ ਬਹੁਤ ਚੰਗੀ ਬਣਾਈ ਹੈ: ਪਰ ਮੈਂ ਮਿੱਠਾ ਜ਼ਰਾ ਜਿਆਦਾ ਪਸੰਦ ਕਰਦਾ ਹਾਂ । ਪੇਂਡੂ ਆਦਮੀ ਹਾਂ ਨਾ," ਕਹਿੰਦਿਆਂ ਉਸ ਨੇ ਪਿਆਲੀ ਵਿੱਚ ਖੰਡ ਦਾ ਇੱਕ ਭਰਪੂਰ ਚਮਚ ਪਾ ਕੇ ਚੰਗੀ ਤਰ੍ਹਾਂ ਘੋਲਿਆ। ਇੱਕ ਘੁੱਟ ਭਰਿਆ ਅਤੇ ਆਖਿਆ, "ਅਬ ਆਏਗਾ ਮਜ਼ਾ।" ਇਹ ਆਖ ਕੇ ਉਸ ਨੇ ਮੇਰੇ ਵੱਲ ਵੇਖਿਆ। ਉਸਨੂੰ ਸ਼ਾਇਦ ਇਹ ਖਿਆਲ ਨਹੀਂ ਸੀ ਕਿ ਮੈਂ ਉਸ ਵੱਲ ਵੇਖ ਰਹੀ ਸਾਂ ਅਤੇ ਬਹੁਤ ਮਿੱਠੇ ਵਾਲੀ ਚਾਹ ਦਾ ਘੁੱਟ ਭਰਨ ਪਿੱਛੋਂ ਉਸ ਦੀਆਂ ਅੱਖਾਂ ਵਿੱਚ ਆਈ ਚਮਕ ਤੋਂ, ਉਸ ਦੀ ਮਿੱਠੇ ਪ੍ਰਤਿ ਇਸ ਕਮਜ਼ੋਰੀ ਦਾ ਪਤਾ ਲਾ ਕੇ, ਉਸ ਕਮਜ਼ੋਰੀ ਨੂੰ ਉੱਚੀ ਸ਼੍ਰੇਣੀ ਦੇ ਤਰਾਜੂ ਉੱਤੇ ਤੋਲ ਰਹੀ ਸਾਂ। ਇੱਕ ਦੂਜੇ ਵੱਲ ਵੇਖ ਕੇ ਅਸੀਂ ਦੋਵੇਂ ਹੀ ਜਿਵੇਂ ਤ੍ਰੱਭਕ ਜਹੇ ਗਏ। ਦੂਜੇ ਹੀ ਪਲ ਆਪਣੇ ਆਪ ਨੂੰ ਸੰਭਾਲ ਕੇ ਉਸ ਨੇ ਆਖਿਆ, "ਮੇਰਾ ਖ਼ਿਆਲ ਹੈ ਯਥਾਰਥ ਕਿਸੇ ਵੀ ਕਲਾ ਦਾ ਯੋਗ ਵਿਸ਼ਾ ਨਹੀਂ। ਕਲਾ ਦੀ ਜਨਨੀ ਕਲਪਨਾ ਹੈ। ਯਥਾਰਥ ਵਿਗਿਆਨ ਦਾ ਵਿਸ਼ਾ ਹੈ ਅਤੇ ਕਲਾ ਵਿਗਿਆਨ ਨਹੀਂ।"
"ਕਲਾ ਵਿਗਿਆਨ ਭਾਵੇਂ ਨਹੀਂ ਤਾਂ ਵੀ ਇਸ ਦੇ ਨੇਮ ਹਨ, ਮਾਨਦੰਡ ਹਨ।"
"ਕਲਾ ਦੇ ਨੇਮ ਕਲਾ ਦੇ ਸੁਆਮੀ ਨਹੀਂ, ਸੇਵਕ ਹਨ: ਸੀਮਾ ਨਹੀਂ ਹੱਦਬੰਦੀ ਨਹੀਂ, ਮਜਬੂਰੀ ਨਹੀਂ, ਕੇਵਲ ਸੰਕੇਤ ਹਨ, ਸੁਝਾਅ ਹਨ। ਇਹ ਨੇਮ ਵਿਗਿਆਨ ਜਾਂ ਗਣਿਤ ਦੇ ਨੇਮਾਂ ਵਾਂਗ ਕਠੋਰ ਨਹੀਂ ਹਨ। ਮੈਨੂੰ ਢਿੱਡ ਪੀੜ ਹੋਵੇ ਜਾਂ ਤੇਜ਼ ਬੁਖ਼ਾਰ, ਮੈਂ ਕਿਸੇ ਮਿੱਤ੍ਰ ਦੇ ਵਿਆਹ ਵਿੱਚ ਭੰਗੜਾ ਪਾ ਰਿਹਾ ਹੋਵਾਂ ਜਾਂ ਕਿਸੇ ਸਨੇਹੀ ਦੇ ਵਿਛੋੜੇ ਨਾਲ ਉਦਾਸ, ਦੋ ਅਤੇ ਦੋ ਸਦਾ ਚਾਰ ਹੀ ਰਹਿਣਗੇ। ਗਣਿਤ ਦੇ ਨੇਮ ਮੇਰੀ ਸੰਵੇਦਨਾ ਤੋਂ ਅਭਿੱਜ ਹਨ। ਇਹ ਕਠੋਰ ਬੌਧਿਕਤਾ ਦੇ ਧਾਰਨੀ ਹਨ। ਗਮੇ ਦਿਲ ਇਨ੍ਹਾਂ ਨੁਕਤਾਚੀਨਾਂ ਨੂੰ 'ਸੁਨਾਏ ਨਾ ਬਨੇ'। ਪਰ ਮੇਰੀਆਂ ਉਦਾਸੀਆਂ ਵਿੱਚ ਸੰਸਾਰ ਦੀਆਂ ਸਾਰੀਆਂ ਬਹਾਰਾਂ ਨੂੰ ਮੇਰੇ ਲਈ ਉਦਾਸ ਕਰ ਦੇਣ
ਦੀ ਸੰਭਾਵਨਾ ਅਤੇ ਸਮਰੱਥਾ ਹੈ। ਮੇਰੀਆਂ ਖੁਸ਼ੀਆਂ ਇਸ ਜਗਤ ਨੂੰ ਮੇਰੇ ਲਈ ਰਮਣੀਕ ਬਣਾ ਸਕਦੀਆਂ ਹਨ। ਕਲਾ ਵਿਅਕਤੀ ਅਤੇ ਸਮਾਜ ਦੇ ਬੌਧਿਕ ਸੰਬੰਧਾਂ ਦਾ ਇਤਿਹਾਸ ਨਹੀਂ, ਸਗੋਂ ਹਾਰਦਿਕ ਸੰਬੰਧ-ਸੌਂਦਰਯ ਦੀ ਸਿਰਜਨਾ ਹੈ।"
ਉਹ ਚਾਹ ਪੀਣੀ ਭੁੱਲ ਕੇ ਆਪਣੇ ਖਿਆਲਾਂ ਦੇ ਨਾਲ ਨਾਲ ਉੱਚਾ ਅਤੇ ਉਚੇਰਾ ਜਾਈ ਜਾ ਰਿਹਾ ਸੀ। ਉਸ ਦੇ ਚਿਹਰੇ ਉੱਤੇ ਇੱਕ ਅਨੋਖੀ ਜਿਹੀ ਆਭਾ ਫੈਲ ਰਹੀ ਸੀ। ਉਹ ਮੇਰੇ ਤੋਂ ਹੀ ਨਹੀਂ ਸਗੋਂ ਆਪਣੇ ਆਪ ਤੋਂ ਵੀ ਦੂਰ ਹੋ ਗਿਆ ਲੱਗਦਾ ਸੀ। ਇਸ ਮਾਨਸਿਕ ਅਵਸਥਾ ਦਾ ਕੁਝ ਅਜੇਹਾ ਪ੍ਰਭਾਵ ਸੀ ਕਮਰੇ ਵਿੱਚ ਕਿ ਮੈਂ ਵੀ ਉਸ ਦਾ ਪਿੱਛਾ ਕਰਨ ਲਈ ਵਿਵਸ਼ ਹੋ ਗਈ ਜਾਪਦੀ ਸਾਂ। ਜਿਵੇਂ ਬੇਵੱਸੇ ਹੀ ਮੇਰੇ ਕੋਲੋਂ ਇਹ ਪ੍ਰਸ਼ਨ ਪੁੱਛਿਆ ਗਿਆ,ਕੁਝ ਸਿਆਣੇ ਇਹ ਵੀ ਤਾਂ ਕਹਿੰਦੇ ਗਏ ਹਨ ਕਿ ਇਹ ਸੰਸਾਰ ਕਿਸੇ ਸਿਰਜਣਹਾਰ ਦੇ ਆਦਰਸ਼ ਦਾ ਉਤਾਰਾ ਹੈ, ਉਸ ਦੇ ਮਨ ਵਿੱਚ ਸਮਾਏ ਅਸਲ ਦੀ ਨਕਲ ਹੈ, ਅਤੇ ਕਲਾਕਾਰ ਇਸ ਜਗਤ ਨੂੰ ਆਪਣੀ ਕਲਾ ਦਾ ਵਿਸ਼ਾ ਬਣਾ ਕੇ 'ਨਕਲ ਦੀ ਨਕਲ' ਕਰਦਾ ਹੈ। ਇਸ ਸੰਬੰਧ ਵਿੱਚ ਤੁਸੀਂ....."
ਮੇਰਾ ਵਾਕ ਅਜੇ ਅਧੂਰਾ ਹੀ ਸੀ। ਇਸ ਦੀ ਪਰਵਾਹ ਕੀਤੇ ਬਿਨਾਂ ਹੀ ਉਸ ਦੇ ਅੰਦਰਲੀ ਕਿਸੇ ਉਤੇਜਨਾ ਨੇ ਪ੍ਰਭਾਵਸ਼ਾਲੀ ਭਾਸ਼ਾ ਦਾ ਰੂਪ ਧਾਰਨਾ ਆਰੰਭ ਕਰ ਦਿੱਤਾ। ਆਪਣੀਆਂ ਨਜ਼ਰਾਂ ਨੂੰ ਮੇਰੇ ਚਿਹਰੇ ਉੱਤੇ ਟਿਕਾਈ ਉਹ ਕਹਿ ਰਿਹਾ ਸੀ, "ਅਣਜਾਣ ਸਨ ਉਹ ਲੋਕ ਜਿਨ੍ਹਾਂ ਨੇ ਇਸ ਸ੍ਰਿਸ਼ਟੀ ਨੂੰ ਅਸਲ ਦੀ ਨਕਲ ਆਖਿਆ। ਇਹ ਇੱਕ ਮੌਲਿਕ ਸਿਰਜਨਾ ਹੈ। ਜਿਸ ਸਿਰਜਣਹਾਰ ਦੇ ਮਨ ਵਿੱਚ ਆਦਰਸ਼ਾਂ ਦਾ ਅਖੁੱਟ ਖਜ਼ਾਨਾ ਹੈ ਉਸ ਦੇ ਹੱਥਾਂ ਵਿੱਚ ਉਹ ਨਿਪੁੰਨਤਾ ਕਿਉਂ ਨਹੀਂ ਕਿ ਉਸ ਦੀ ਸਿਰਜਨਾ ਉਸ ਦੇ ਆਦਰਸ਼ਾਂ ਨਾਲੋਂ ਅਧੂਰੀ ਰਹਿ ਗਈ। ਅਧੂਰੇ ਲੋਕਾਂ ਦਾ ਕਲਪਿਆ ਹੋਇਆ ਸਿਰਜਣਹਾਰ ਦੀ ਅਧੂਰਾ ਹੈ। ਇਹ ਲੋਕ ਸਿਰਜਣਹਾਰ ਅਤੇ ਉਸ ਦੀ ਸਿਰਜਨਾ ਨੂੰ ਆਪਣੀਆਂ ਇੱਛਾਵਾਂ ਅਤੇ ਤ੍ਰਿਸ਼ਨਾਵਾਂ ਦੀ ਤੱਕੜੀ ਤੋਲਦੇ ਰਹੇ ਹਨ। ਜੇ ਇਸ ਜਗਤ ਵਿੱਚ ਕੁਝ ਅਜੇਹਾ ਵਾਪਰ ਗਿਆ ਜੋ ਉਨ੍ਹਾਂ ਦੇ ਹਿੱਤ ਵਿੱਚ ਨਹੀਂ ਸੀ ਤਾਂ ਇਹ ਜਗਤ ਕਿਸੇ ਅਸਲ ਦੀ ਨਕਲ ਅਤੇ ਅਧੂਰਾ ਹੋ ਗਿਆ। ਜੋ ਪੈਰੀਕਲੀਜ਼, ਸਪਾਰਟਾ ਦੀ ਸੈਨਾ ਕੋਲੋਂ ਹਾਰਨ ਦੀ ਥਾਂ ਉਨ੍ਹਾਂ ਉੱਤੇ ਜਿੱਤ ਪਾ ਗਿਆ ਹੁੰਦਾ ਤਾਂ ਇਸ ਜਗਤ ਦੀ ਪ੍ਰੀਭਾਸ਼ਾ ਬਦਲ ਜਾਣੀ ਸੀ। ਹੋ ਸਕਦਾ ਹੈ ਫਿਰ ਕਲਾਕਾਰ ਵੀ ਨਕਲ ਦੀ ਨਕਲ ਕਰਨ ਵਾਲਾ ਨਾ ਹੋ ਕੇ ਇੱਕ ਸਿਰਜਣਹਾਰ ਹੁੰਦਾ ਅਤੇ ਉਸ ਦੀ ਸਿਰਜਨਾ ਉਸ ਦੇ ਆਪਣੇ ਕਲਪਨਾ ਲੋਕ ਵਿੱਚੋਂ ਉਪਜੀ ਹੋਈ ਹੋਣ ਕਰਕੇ ਨਕਲ ਦੀ ਥਾਂ ਅਸਲ ਹੀ ਆਖੀ ਜਾਂਦੀ। ਪੈਰੀਕਲੀਜ਼ ਦੇ ਹਾਰ ਜਾਣ ਕਾਰਨ ਸਿਰਜਣਹਾਰ ਅਧੂਰਾ ਅਤੇ ਉਸ ਦੀ ਰਚਨਾ ਇੱਕ ਅਧੂਰੀ ਨਕਲ, ਜੋ ਹੋਈ ਹੈ, ਤਾਂ ਕੇਵਲ ਕੁਝ ਇੱਕ ਲੋਕਾਂ ਲਈ। ਸਪਾਰਟਾ ਵਾਲਿਆਂ ਦਾ ਫੈਸਲਾ ਜ਼ਰੂਰ ਇਸ ਤੋਂ ਉਲਟ ਹੋਵੇਗਾ।
ਜਦੋਂ ਉਹ ਪੂਰੇ ਵੰਗ ਵਿੱਚ ਬੋਲ ਰਿਹਾ ਸੀ ਉਸ ਸਮੇਂ ਬੀ ਜੀ ਕਮਰੇ ਵਿੱਚ ਦਾਖ਼ਲ ਹੋਏ। ਉਨ੍ਹਾਂ ਨੂੰ ਆਉਂਦਿਆਂ ਮੈਂ ਵੇਖ ਲਿਆ ਸੀ, ਪਰ ਉਸ ਦੀ ਪਿੱਠ ਦਰਵਾਜ਼ੇ ਵੱਲ ਹੋਣ ਕਰਕੇ ਉਹ ਇਸ ਗੱਲੋਂ ਅਣਜਾਣ ਸੀ। ਚਾਹ ਵਾਲੀ ਟ੍ਰੇ ਦੋਹਾਂ ਹੱਥਾਂ ਨਾਲ ਫੜੀ ਹੋਣ ਕਰਕੇ ਮੈਂ ਕਮਰੇ ਵਿੱਚ ਦਾਖ਼ਲ ਹੋਣ ਲੱਗਿਆਂ ਦਰਵਾਜ਼ਾ ਬੰਦ ਨਹੀਂ ਸਾਂ ਕਰ ਸਕੀ। ਖੁੱਲ੍ਹੇ ਦਰਵਾਜ਼ੇ ਅੰਦਰ ਆਉਣ ਕਰਕੇ ਬੀ ਜੀ ਬਿਲਕੁਲ ਚੁੱਪਚਾਪ ਅੰਦਰ ਆਏ ਸਨ। ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਵੀ ਨਹੀਂ ਸੀ ਹੋਈ। ਉਹ ਪਾਪਾ ਦੀ ਸਵੈਟਰ ਉਣ ਰਹੇ ਸਨ। ਅੰਦਰਲਾ ਦ੍ਰਿਸ਼ ਵੇਖ ਕੇ ਉਨ੍ਹਾਂ ਦੇ ਹੱਥਾਂ ਵਿੱਚ ਫੜੀਆਂ ਅਤੇ ਤੇਜ ਹਿਲਦੀਆਂ ਸਲਾਈਆਂ ਹੌਲੀ ਹੌਲੀ ਅਹਿੱਲ
ਹੋ ਗਈਆਂ। ਉਨ੍ਹਾਂ ਦੀ ਬਾਂਹ ਹੇਠ ਪੋਲਾ ਜਿਹਾ ਦਬਾਇਆ ਹੋਇਆ ਉਂਨ ਦਾ ਗੋਲਾ ਪਤਾ ਨਹੀਂ ਕਦੋਂ ਫਰਸ਼ ਉੱਤੇ ਡਿੱਗ ਪਿਆ ਅਤੇ ਰਿੜ੍ਹ ਕੇ ਮੀਟਰ ਕੁ ਦੀ ਵਿੱਥ ਉੱਤੇ ਜਾ ਟਿਕਿਆ। ਬੀ ਜੀ ਦਾ ਇਸ ਸਮੇਂ ਕਮਰੇ ਵਿੱਚ ਦਾਖ਼ਲ ਹੋਣਾ ਕਿਸੇ ਸਰੋਵਰ ਦੇ ਅਹਿੱਲ ਪਾਣੀ' ਵਿੱਚ ਕਿਸੇ ਕੰਕਰ ਪੱਥਰ ਦੇ ਡਿੱਗ ਪੈਣ ਵਾਂਗ ਸੀ। ਮੇਰੇ ਮਨ ਦੀ ਇਕਾਗਰਤਾ ਵਿੱਚ ਉਪਜਣ ਵਾਲੀਆਂ ਤਰੰਗਾਂ ਉਸ ਦੀ ਸੁਰਤ ਨਾਲ ਜਾ ਟਕਰਾਈਆਂ। ਉਸ ਨੇ ਤ੍ਰਭਕ ਕੇ ਪਿੱਛੇ ਵੇਖਿਆ ਅਤੇ ਵੇਖਦਿਆਂ ਸਾਰ ਕੁਰਸੀ 'ਤੋਂ ਉੱਠ ਕੇ ਸਿਰ ਝੁਕਾਈ ਇੱਕ ਪਾਸੇ ਜਿਹੇ ਖਲੋ ਗਿਆ। ਬੀ ਜੀ ਦੇ ਕੁਝ ਪੁੱਛਣ ਤੋਂ ਪਹਿਲਾਂ ਹੀ ਮੈਂ ਆਖਿਆ, "ਬੀ ਜੀ, ਇਹ ਪਾਪਾ ਦੇ ਦਫ਼ਤਰ ਵਿੱਚ ਕੰਮ ਕਰਦੇ ਹਨ। ਫਾਈਲਾਂ ਛੱਡਣ ਆਏ ਸਨ।"
"ਕੀ ਕੰਮ ਕਰਨਾ ਏਂ, ਕਾਕਾ?"
"ਜੀ, ਮੈਂ ਉਸ ਦਫ਼ਤਰ ਵਿੱਚ ਚਪੜਾਸੀ ਹਾਂ। ਦੋ ਕੁ ਮਹੀਨੇ ਹੋਏ ਹਨ ਕੰਮ ਕਰਦੇ ਨੂੰ। ਮੈਨੂੰ ਦੇਰ ਹੋ ਰਹੀ ਹੈ। ਸਤਿ ਸ੍ਰੀ ਅਕਾਲ।"
ਬੀ ਜੀ ਨੇ ਉੱਨ ਦਾ ਗੋਲਾ ਫਰਸ਼ ਉੱਤੇ ਹੀ ਪਿਆ ਰਹਿਣ ਦਿੱਤਾ। ਸਲਾਈਆਂ ਮੇਜ਼ ਉੱਤੇ ਰੱਖ ਕੇ ਉਸੇ ਕੁਰਸੀ ਉੱਤੇ ਬੈਠ ਗਏ ਜਿਸ ਉਤੋਂ ਉਹ ਉੱਠ ਕੇ ਗਿਆ ਸੀ। ਉਨ੍ਹਾਂ ਨੇ ਬਹੁਤ ਹੀ ਪੁਰਾਣੇ, ਸਿਆਣੇ ਅਤੇ ਉਨ੍ਹਾਂ ਅਨੁਸਾਰ ਗੰਭੀਰ (ਪਰ ਮੇਰੇ ਖ਼ਿਆਲ ਵਿੱਚ ਬਹੁਤ ਹੀ ਹਾਸੋਹੀਣੇ) ਸੁਆਲ ਮੇਰੇ ਕੋਲੋਂ ਪੁੱਛੇ। ਹਰ ਪ੍ਰਸ਼ਨ ਦਾ ਤਸੱਲੀਬਖਸ਼ ਉੱਤਰ ਪ੍ਰਾਪਤ ਕਰ ਲੈਣ ਪਿੱਛੋਂ ਉਨ੍ਹਾਂ ਨੇ ਆਪਣੇ ਸੁਆਲਾਂ ਵਰਗੀਆਂ ਪੁਰਾਣੀਆਂ, ਸਿਆਣੀਆਂ ਅਤੇ ਗੰਭੀਰ (ਪਰ ਮੇਰੇ ਖ਼ਿਆਲ ਵਿੱਚ ਬੇ-ਲੋੜੀਆਂ) ਨਸੀਹਤਾਂ ਕੀਤੀਆਂ ਅਤੇ ਡਰਾਇੰਗ ਰੂਮ ਵੱਲ ਚਲੇ ਗਏ। ਬੀ ਜੀ ਦੀ ਹਾਲਤ ਉੱਤੇ ਥੋੜਾ ਜਿਹਾ ਤਰਸ ਆਇਆ ਅਤੇ ਆਪਣੀ ਹਾਲਤ ਉੱਤੇ ਮੈਨੂੰ ਬਹੁਤ ਸਾਰੀ ਹੈਰਾਨੀ ਹੋਈ। ਇਨ੍ਹਾਂ ਭਾਵਾਂ ਵਿੱਚੋਂ ਛੇਤੀ ਹੀ ਬਾਹਰ ਆ ਕੇ ਮੈਂ ਉਸੇ ਮੇਜ਼ ਉੱਤੇ ਬੈਠੀ ਤੈਨੂੰ ਚਿੱਠੀ ਲਿਖਣ ਲੱਗ ਪਈ ਹਾਂ ਤਾਂ ਜੁ ਘੜੀਆਂ-ਪਲਾਂ ਦੀ ਭੀੜ ਵਿੱਚ ਭਟਕ ਜਾਣ ਤੋਂ ਪਹਿਲਾਂ ਮੈਂ ਉਸ ਦੇ ਵਿਚਾਰਾਂ ਨੂੰ, ਉਸ ਦੇ ਆਪਣੇ ਸ਼ਬਦਾਂ ਵਿੱਚ ਪੱਤ੍ਰਾਰਪਣ ਕਰ ਸਕਾਂ। ਉਸ ਦੀਆਂ ਆਖੀਆਂ ਗੱਲਾਂ ਨੂੰ ਮੈਂ (ਇਨ-ਬਿੰਨ ਤਾਂ ਨਹੀਂ) ਲੱਗ ਪੱਗ ਉਸ ਦੇ ਆਪਣੇ ਸ਼ਬਦਾਂ ਵਿੱਚ ਤੇਰੇ ਤੱਕ ਪੁਚਾਉਣ ਦਾ ਯਤਨ ਕੀਤਾ ਹੈ।
ਅਰੋ ਹਾਂ, ਯਾਦ ਆਇਆ। ਤੈਨੂੰ ਇੱਕ ਗੱਲ ਪੁੱਛਣੀ ਹੈ। ਮੈਂ ਕਲਾ ਨੂੰ ਨਕਲ ਦੀ ਨਕਲ ਕਹਿ ਕੇ ਪਲੇਟੋ ਦਾ ਹਵਾਲਾ ਦਿੱਤਾ ਸੀ। ਉਸ ਨੇ ਪਲੇਟੋ ਦਾ ਨਾਂ ਤਾਂ ਨਹੀਂ ਲਿਆ। ਪਰ ਉਸਦੇ ਵਿਚਾਰਾਂ ਬਾਰੇ ਕੁਝ ਆਖਿਆ ਜਰੂਰ ਹੈ। ਕਿਸੇ ਪੈਰੀਕਲੀਜ਼ ਦਾ ਜ਼ਿਕਰ ਕੀਤਾ ਹੈ। ਕੋਈ ਰਾਜਾ ਮਾਲੂਮ ਹੁੰਦਾ ਹੈ। ਉਂਜ ਤਾਂ ਮੈਂ ਇੱਕ ਇਨਸਾਈਕਲੋਪੀਡੀਆ ਵਿੱਚ ਇਸ ਬਾਰੇ ਪੜ੍ਹ ਸਕਦੀ ਹਾਂ, ਪਰ ਕੌਣ ਮੱਥਾ ਮਾਰੇ। ਇਸ ਦੀ ਕੁਝ ਜਾਣਕਾਰੀ ਲਿਖ ਘੱਲ। 'ਮੁਫ਼ਤ ਹਾਥ ਆਏ ਤੋ ਬੁਰਾ ਕਿਆ ਹੈ।
ਤੇਰੀ ਚਿੱਠੀ ਵਿੱਚੋਂ ਤੇਰੇ 'ਆਪਣਿਆਂ' ਬਾਰੇ ਜਾਣਕਾਰੀ ਹਾਸਲ ਕਰ ਕੇ ਉਨ੍ਹਾਂ ਨੂੰ ਸੱਤ ਕੁਸੱਤ ਲਿਖਣੀ ਆਰੰਭ ਕਰਾਂਗੀ।
ਬੀ ਜੀ ਨੂੰ ਮੈਂ ਨਹੀਂ ਦੱਸਿਆ ਕਿ ਤੈਨੂੰ ਚਿੱਠੀ ਲਿਖ ਰਹੀ ਹਾਂ, ਅਤੇ ਨਾ ਹੀ ਝਾਈ ਜੀ ਨੂੰ ।
ਤੇਰੀ ਆਪਣੀ ,
(ਪਤਾ ਨਹੀਂ ਤੂੰ ਸਮਝਦੀ ਹੈ ਕਿ ਨਹੀਂ)
ਪੁਸ਼ਪਿੰਦਰ।