ਸੋਚ ਦਾ ਸਫ਼ਰ [ਭਾਗ ਪਹਿਲਾ]
ਝਰੋਖਾ
-ਧਿਆਨ ਸਿੰਘ ਸ਼ਾਹ ਸਿਕੰਦਰ
ਪੂਰਨ ਸਿੰਘ ਦੀ 'ਸੋਚ ਦਾ ਸਫ਼ਰ'
ਕੁਝ ਮੁੱਢਲੇ ਸ਼ਬਦ
ਪੂਰਨ ਸਿੰਘ ਅਜੋਹਾ ਪ੍ਰਵਾਸੀ ਲੇਖਕ ਹੈ, ਜੋ ਹੁਣ ਤੱਕ ਇਕ ਦਰਜਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ਇਨ੍ਹਾਂ ਵਿਚ ਦਸ, ਲੇਖਾਂ ਦੇ ਸੰਗ੍ਰਹਿ ਹਨ ਅਤੇ ਦੇ, ਕਹਾਣੀ ਸੰਗ੍ਰਹਿ। ਤ੍ਰੈ-ਮਾਸਿਕ ਰੂਪਾਂਤਰ ਰਾਹੀਂ ਵੀ ਉਹ ਬਾਕਾਇਦਗੀ ਨਾਲ ਪਾਠਕਾਂ ਤਕ ਪੁੱਜਦਾ ਆ ਰਿਹਾ ਹੈ। ਹਿੰਦੀ ਵਿੱਚ ਵੀ ਤਿੰਨ ਰਚਨਾਵਾਂ ਦੇ ਅਨੁਵਾਦ ਛਪ ਚੁੱਕੇ ਹਨ। ਪਰ ਉਸ ਦੀਆਂ ਰਚਨਾਵਾਂ ਨੂੰ ਆਲੋਚਕਾਂ/ਪਾਠਕਾ ਦੁਆਰਾ ਪੂਰੀ ਤਰ੍ਹਾਂ ਗੌਲਿਆ ਨਹੀਂ ਗਿਆ। ਹੱਥਲੀ ਪੁਸਤਕ ਸੋਚ ਦਾ ਸਫਰ (ਭਾਗ ਪਹਿਲਾ) ਵੀ ਲੜੀਵਾਰ ਰੂਪਾਂਤਰ ਵਿਚ ਛਪ ਚੁਕੀ ਹੈ।
ਪੂਰਨ ਸਿੰਘ ਦੇ ਕੁਝ ਪਾਠਕਾਂ ਨੂੰ ਸ਼ਿਕਾਇਤ ਹੈ ਕਿ ਉਸ ਦੇ ਵਿਚਾਰਾਂ ਵਿਚ ਸਪਸ਼ਟਤਾ ਨਹੀਂ ਹੈ, ਅਤੇ ਲੇਖਕ ਦੀਆਂ ਗੱਲਾ ਉਨ੍ਹਾਂ ਦੀ ਸਮਝ ਤੋਂ ਬਾਹਰ ਹਨ। ਅਜੇਹੇ ਪਾਠਕਾਂ ਨੂੰ ਪੂਰਨ ਸਿੰਘ ਦਾ ਦੋ ਟੁੱਕ ਉੱਤਰ ਹੈ ਕਿ ਉਹ ਸਾਧਾਰਨ ਪਾਠਕਾਂ ਲਈ ਨਹੀਂ ਲਿਖਦਾ। ਨਿਰਸੰਦੇਹ! ਉਸ ਦੇ ਵਿਚਾਰਾਂ ਵਿੱਚ ਗੰਭੀਰਤਾ ਹੈ। ਉਸ ਦੇ ਮੁਤਾਲਿਆ ਦਾ ਘੇਰਾ ਵਿਸ਼ਾਲ ਹੈ। ਬਹੁਤ ਘੱਟ ਲੇਖਕ ਹਨ, ਜਿਨ੍ਹਾਂ ਪਾਸ ਪੂਰਨ ਸਿੰਘ ਵਾਂਗ ਗਿਆਨ ਦੇ ਭੰਡਾਰ ਹਨ। ਜਿਨ੍ਹਾਂ ਪਾਠਕਾਂ ਨੂੰ ਉਸ ਦੀਆਂ ਲਿਖਤਾਂ ਦੀ ਸਮਝ ਘੱਟ ਆਉਂਦੀ ਹੈ, ਜਾਂ ਗਿਲਾ ਕਰਦੇ ਹਨ ਕਿ ਲੇਖਕ ਦੇ ਵਿਚਾਰਾਂ ਦਾ ਆਧਾਰ ਕੋਈ ਨਹੀਂ ਤਾਂ ਉਨ੍ਹਾਂ ਨੂੰ ਉਹ ਵਿਚਾਰਸ਼ੀਲਤਾ ਦਾ ਸੁਝਾਓ ਦੇਂਦਾ ਹੈ। ਪੂਰਨ ਸਿੰਘ ਨੇ ਪੂਰਬੀ ਤੇ ਪੱਛਮੀ ਵਿਦਵਾਨਾਂ ਦੀਆਂ ਲਿਖਤਾਂ ਦਾ ਦੀਰਘ ਮੁਤਾਲਿਆ ਕੀਤਾ ਹੈ ਅਤੇ ਉਹ ਆਪਣੀ ਸੋਚ ਹਾਹੀਂ ਪੰਜਾਬੀ ਵਾਰਤਕ ਨੂੰ ਨਵੀਂ ਰੋਗਣ ਦੇਣ ਦੀ ਕੋਸ਼ਿਸ਼ ਕਰਦਾ ਹੈ। ਪੂਰਨ ਸਿੰਘ ਦੀਆਂ ਰਚਨਾਵਾਂ ਪੜ੍ਹ ਕੇ ਉਸ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਪਰ ਕਿਸੇ ਵੀ ਤਰ੍ਹਾਂ ਉਸ ਦੀ ਪ੍ਰਤਿਭਾ ’ਤੇ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ। ਉਹ ਇੱਕ ਦਾਨਿਸ਼ਵਰ/ਵਿਦਵਾਨ ਲੇਖਕ ਹੈ।
ਸੋਚ ਦਾ ਸਫਰ (ਭਾਗ ਪਹਿਲਾ) ਪੂਰਨ ਸਿੰਘ ਦੀ ਨਵੀਨ ਗਦ-ਰਚਨਾ ਹੈ। ਪਰ, ਇਸ ਨੂੰ ਵਾਰਤਕ ਦੀ ਕਿਸ ਸ਼੍ਰੇਣੀ ਵਿੱਚ ਰੱਖਿਆ ਜਾਏ? ਇਹ ਸੋਚਣ ਵਾਲੀ ਗੱਲ ਹੈ। ਜ਼ਾਹਰਾ ਤੋਰ 'ਤੇ ਇਹ ਰਚਨਾ ਪੁਸ਼ਪੇਂਦ੍ਰ ਤੇ ਉਸ ਦੀ ਯੂ.ਕੇ. ਰਹਿੰਦੀ ਸਹੇਲੀ ਸਨੇਹਾ ਵਿਚਕਾਰ ਲਿਖੀਆਂ ਗਈਆਂ ਚਿੱਠੀਆਂ ਦਾ ਸੰਗ੍ਰਹਿ ਹੈ। ਪਰ, ਮਹਿਜ਼ ਸਾਧਾਰਨ ਚਿੱਠੀਆਂ ਨਹੀਂ ਹਨ, ਕਿਉਂਜੁ ਹਰ ਪੱਤ੍ਰ ਲਿਖਣ ਤੋਂ ਪਹਿਲਾਂ ਲੱਗ ਪੱਗ ਅੱਧੀ ਦਰਜਨ ਸਹਿਯੋਗੀਆਂ ਦੇ ਵਿਚਾਰ-ਵਟਾਂਦਰੇ ਨੂੰ ਜਵਾਬ ਦਾ ਆਧਾਰ ਬਣਾਇਆ ਗਿਆ ਹੈ। ਪੱੜ੍ਹਾਂ/ਚਿੱਠੀਆਂ ਨੂੰ ਰੋਚਕ ਬਣਾਉਣ ਲਈ ਭਾਵੇਂ ਪਿਛੋਕੜ ਵਿੱਚ ਪੁਸ਼ਪੇਂਦ੍ਰ ਤੇ ਸੁਮੀਤ ਦੇ ਪਰਸਪਰ ਸੰਬੰਧਾਂ ਦੀ ਲੜੀ ਵੀ ਚੱਲਦੀ ਹੈ ਤਾਂ ਜੋ ਸੋਚ ਦਾ ਸਫ਼ਰ ਨੂੰ ਨਾਵਲ ਦਾ ਰੂਪ ਦਿੱਤਾ ਜਾ ਸਕੇ: ਪਰ, ਇਸ ਨੂੰ ਢਿੱਲੀਆਂ ਕੜੀਆਂ ਵਾਲਾ ਨਾਵਲ ਹੀ ਕਿਹਾ ਜਾਏਗਾ। ਚਰਚਾ ਅਧੀਨ ਲਿਆਂਦੇ ਗਏ।
ਵਿਸ਼ੇ, ਹਰ ਪੱਤ੍ਰ ਨੂੰ ਨਿਬੰਧ ਦਾ ਰੂਪ ਦੇ ਦੇਂਦੇ ਹਨ ਅਤੇ ਹਰ ਨਿਬੰਧ ਵਿੱਚ ਵਾਰਤਾਲਾਪ ਹੈ। ਪਰ, ਇਹ ਪੱਤ੍ਰ, ਨਿਬੰਧ ਨਹੀਂ ਹਨ।
ਇਨ੍ਹਾਂ ਚਿੱਠੀਆਂ ਵਿੱਚ ਜਿਨ੍ਹਾਂ ਵਿਸ਼ਿਆਂ ਨੂੰ ਮੋਟੇ ਤੌਰ 'ਤੇ ਚਰਚਾ ਦਾ ਆਧਾਰ ਬਣਾਇਆ ਗਿਆ ਹੈ, ਉਨ੍ਹਾਂ ਵਿਚ ਫਲਸਫਾ (ਦਰਸ਼ਨ), ਰਾਜਨੀਤੀ, ਇਤਿਹਾਸ, ਕਲਾ, ਸਾਹਿਤ, ਸੰਗੀਤ, ਸਿੱਖਿਆ, ਸਮਾਜ ਸ਼ਾਸਤਰ, ਧਰਮ ਅਤੇ ਸਾਇੰਸ, ਯਥਾਰਥਵਾਦ, ਰਹੱਸਵਾਦ, ਅਧਿਆਤਮਵਾਦ, ਸੱਚ ਤੇ ਝੂਠ, ਪਰਮਾਤਮਾ ਤੇ ਮੁਕਤੀ, ਸਭਿਅਤਾ ਤੋਂ ਸਭਿਆਚਾਰ (ਸੰਸਕ੍ਰਿਤੀ), ਸ਼ਿਵਮ, ਸਤਿਅਮ, ਸੁੰਦਰਮ ਸੁਹਜ-ਸੁਆਦ, ਆਨੰਦ, ਆਦਿ ਸ਼ਾਮਲ ਹਨ। ਪੁਸ਼ਪੌਦ ਅਤੇ ਸਨੇਹਾ ਇੱਕ ਦੂਜੀ ਨੂੰ ਪੱਤ੍ਰ ਲਿਖਣ ਤੋਂ ਪਹਿਲਾਂ ਆਪਣੇ ਸਹਿਯੋਗੀਆਂ ਨਾਲ ਵਿਚਾਰ-ਵਟਾਂਦਰੇ ਵਿੱਚ ਭਾਗ ਲੈਂਦੀਆਂ ਹਨ ਅਤੇ ਸੰਬੰਧਿਤ ਵਿਸ਼ੇ ਬਾਰੇ ਸਵਾਲ-ਜਵਾਬ ਵੀ ਹੁੰਦੇ ਹਨ। ਪੂਰਨ ਸਿੰਘ ਦੀ ਕੋਸ਼ਿਸ਼ ਵਿਚਾਰ ਵਿਮਰਸ ਅਧੀਨ ਵਿਸ਼ੇ ਬਾਰੇ ਹਰ ਪ੍ਰਕਾਰ ਦੇ ਸ਼ੰਕੇ ਨਵਿਰਤ ਕਰਨ ਦੀ ਹੈ।
ਸੋਚ ਦਾ ਸਫ਼ਰ ਹਕੀਕਤ ਵਿੱਚ ਜੀਵਨ ਨੂੰ ਸੇਧ ਦੇਣ ਲਈ ਅਤੇ ਮਨੁੱਖ ਦੇ ਮਨ ਅੰਦਰ ਉਸਾਰੂ ਭਾਵਨਾ ਪੈਦਾ ਕਰਨ ਲਈ ਇੱਕ ਉਪਰਾਲਾ ਹੈ। ਲੇਖਕ ਅਨੁਸਾਰ ਜਿਹੜੀ ਸੋਚ ਸਿਹਤਮੰਦ, ਸੁੰਦਰ ਅਤੇ ਸਾਤਵਿਕ ਨਹੀਂ ਉਹ ਵੱਡੇ ਵੱਡੇ ਉਪਦਰ ਕਰਵਾ ਸਕਦੀ ਹੈ। ਇਸੇ ਪ੍ਰਕਾਰ ਸਿੱਖਿਆ ਬਾਰੇ ਇਹ ਭਾਵਨਾ ਪ੍ਰਗਟ ਕੀਤੀ ਗਈ ਹੈ ਕਿ ਜਿਹੜੀ ਵਿੱਦਿਆ ਮਨੁੱਖ ਨੂੰ ਸੋਚ ਦਾ ਸੁਹਬਤੀ ਨਹੀਂ ਬਣਾਉਂਦੀ, ਉਹ ਕੇਵਲ ਕਾਰੋਬਾਰੀ ਸਿੱਖਿਆ ਹੈ। ਖੋਜ ਦਾ ਮੰਤਵ ਮਹਿਜ਼ ਡਿਗਰੀ ਹਾਸਲ ਕਰਨ ਤਕ ਸੀਮਤ ਨਹੀਂ ਹੋਣਾ ਚਾਹੀਦਾ। ਪੂਰਨ ਸਿੰਘ ਇਹ ਦ੍ਰਿੜ ਕਰਾਉਣਾ ਚਾਹੁੰਦਾ ਹੈ ਕਿ "ਸੰਸਾਰ ਦੇ ਸਿਆਣਿਆਂ ਦੀ ਸੋਚ ਦਾ ਇਤਿਹਾਸ ਜਾਣੇ ਬਿਨਾਂ, ਸੱਚ ਢਾਲਣ, ਉਸਾਰਨ ਅਤੇ ਵਿਕਸਾਉਣ ਵਾਲੇ ਜੀਵਨ ਨੂੰ ਜਾਣੇ ਬਿਨਾਂ, ਪੜ੍ਹੇ ਲਿਖੇ ਵਿਦਵਾਨ ਹੋਣ ਦੇ ਦਾਅਵੇ ਕਰੀ ਜਾਣੇ ਐਵੇ ਹਾਸੋਹੀਣੀ ਗੱਲ ਹੈ।" ਜਦ ਇਸ ਪੁਸਤਕ ਦੀ ਨਾਇਕਾ ਪੁਸ਼ਪੇਂਦ੍ਰ ਨੂੰ ਯਕੀਨ ਹੋ ਜਾਦਾ ਹੈ ਕਿ ਸਿੱਖਿਆ ਮਹਿਜ਼ ਡਿਗਰੀਆਂ ਨਹੀਂ ਤਾਂ ਉਹ ਪੀ-ਐਚ.ਡੀ. ਦੀ ਡਿਗਰੀ ਲਈ ਦੂਜੇ ਲੋਕਾਂ ਦੀਆਂ ਸੋਚੀਆਂ ਤੇ ਆਖੀਆਂ ਗੱਲਾਂ ਦੀ ਥਾਂ ਆਪਣੇ ਆਪ ਨੂੰ ਜਾਣਨ ਅਤੇ ਜ਼ਿੰਦਗੀ ਦੀ ਅਸਲੀਅਤ ਨੂੰ ਸਮਝਣ ਖਾਤਰ, ਖੋਜ ਕਾਰਜ ਦਾ ਵਿਚਾਰ ਤਿਆਗ ਦਿੰਦੀ ਹੈ। ਇਨ੍ਹਾਂ ਪੱਤਰਾਂ ਵਿੱਚ ਸੱਚ ਤੇ ਝੂਠ, ਅਸਲ ਤੇ ਨਕਲ, ਰੱਥ ਤੇ ਸੰਸਾਰ ਆਦਿ ਸੰਕਲਪਾਂ ਨੂੰ ਨਿਖੇੜਿਆ ਗਿਆ ਹੈ।
ਇਸ ਪੁਸਤਕ ਦਾ ਵਡੇਰਾ ਭਾਗ ਦਰਸਨ (ਫਿਲਾਸਫੀ) ਨਾਲ ਸਬੰਧਿਤ ਹੈ। ਦਰਸ਼ਨ ਦੀ ਪਰਿਭਾਸ਼ਾ, ਫਲਸਫੇ ਦਾ ਜਨਮ ਤੇ ਵਿਕਾਸ, ਯੂਨਾਨ ਦੇ ਫਲਸਫੇ ਤੇ ਫਿਲਾਸਫਰਾਂ ਸੰਬੰਧੀ ਵੇਰਵੇ ਸਹਿਤ ਜਾਣਕਾਰੀ ਦੇ ਕੇ ਦੱਸਿਆ ਗਿਆ ਹੈ ਕਿ ਯੂਨਾਨ, ਮਿਸਰ, ਭਾਰਤ, ਚੀਨ ਆਦਿ ਦੀਆਂ ਸੱਭਿਆਤਾਵਾਂ ਕਿਸ ਪ੍ਰਕਾਰ ਦੀ ਫਿਲਾਸਫੀ ਨੂੰ ਜਨਮ ਦਿੰਦੀਆਂ ਹਨ।
ਫਲਸਫੇ ਅਤੇ ਸਿੱਖਿਆ ਉਪਰੰਤ ਪੂਰਨ ਸਿੰਘ ਦੀ ਸੋਚ ਦੇ ਸਫ਼ਰ ਦਾ ਅਗਲਾ ਪੜਾ ਕਲਾ ਹੈ। ਕਲਾ ਤੇ ਵਾਦ (ਵਿਸ਼ੇਸ਼ ਕਰਕੇ ਯਥਾਰਥਵਾਦ) ਕਲਾ ਤੇ ਸਾਹਿਤ, ਕਲਾ ਤੇ ਅਸ਼ਲੀਲਤਾ ਜਾਂ ਨੰਗੇਜ, ਅਤੇ ਕਲਾ ਦੇ ਅਧਿਐਨ ਬਾਰੇ ਕਾਫ਼ੀ ਤਫਸੀਲ ਵਿੱਚ ਵਿਚਾਰ ਕੀਤੀ ਗਈ ਹੈ। ਕਲਾਕਾਰਾਂ ਤੇ ਸਾਹਿਤਕਾਰਾਂ ਸਬੰਧੀ ਵੀ ਟਿੱਪਣੀਆਂ ਦਰਜ ਹਨ। ਅਜੇਹੇ ਸਾਹਿਤ ਨੂੰ ਤਰਜੀਹ ਦਿੱਤੀ ਗਈ ਹੈ ਜੋ ਫਲਸਫੇ,ਸਿਆਸੀ ਸਿਧਾਂਤਾਂ, ਸਮਾਜਕ ਕੁਰੀਤੀਆਂ ਤੇ ਕੌਮੀ ਗੌਰਵ ਦੀਆ ਗੱਲਾ ਤੋਂ ਉੱਪਰ ਉਠ ਕੇ ਅਜੇਹੀ ਸੁੰਦਰਤਾ ਦੀ ਸਿਰਜਣਾ ਕਰੋ ਜਿਹੜੀ ਸਾਤਵਿਕ ਆਨੰਦ ਦੇਂਦੀ ਹੋਈ, ਮਨੁੱਖੀ ਮਨ ਵਿੱਚ ਦਇਆ ਕਰੁਣਾ, ਖਿਮਾ
ਭਾਤੀ, ਮਮਤਾ, ਸਹਾਨੁਭੂਤੀ, ਸਹਿਨਸ਼ੀਲਤਾ, ਸੰਤੋਖ, ਸਹਿਯੋਗ ਅਤੇ ਸੰਜਮ ਵਰਗੇ ਕੋਮਲ ਤੇ ਸਾਤਵਿਕ ਭਾਵਾਂ ਦਾ ਸੰਚਾਰ ਕਰੋ।" ਕਲਾ ਦੇ ਵੱਖ ਵੱਖ ਪੱਖਾਂ ਸੰਬੰਧੀ ਵੇਰਵੇ ਸਹਿਤ ਵਿਸ਼ਲੇਸ਼ਣ ਕਰ ਕੇ ਕਲਾ ਦੀ ਵਡਿਆਈ ਇਹ ਦੱਸੀ ਗਈ ਹੈ ਕਿ ਉਹ ਵੱਖ ਵੱਖ ਵਾਦਾਂ ਤੋਂ ਸੁਤੰਤਰ ਰਹੇ।
ਸੋਚ ਦਾ ਸਫ਼ਰ, ਪੂਰਨ ਸਿੰਘ ਦੀ ਅਜੇਹੀ ਰਚਨਾ ਹੈ ਜੋ ਮਨੁੱਖੀ-ਜੀਵਨ ਦਾ ਅਜੇਹਾ ਮਾਡਲ ਪੇਸ਼ ਕਰਦੀ ਹੈ, ਜਿਸ ਦੀ ਪ੍ਰਾਪਤੀ ਲੱਗ ਪੱਗ ਅਸੰਭਵ ਹੈ। ਸਾਵੀਂ ਪੱਧਰੀ ਤੇ ਸੁਖਾਵੀਂ ਸੁਧਰੀ ਜੀਵਨ ਜਾਚ ਦਾ ਇੱਕ ਨਮੂਨਾ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਵੀ ਪੇਸ਼ ਕੀਤਾ ਸੀ। ਪ੍ਰੰਤੂ, ਇੱਕ ਆਦਰਸ਼ ਦੇ ਚਾਹਵਾਨ ਹੁੰਦਿਆਂ ਵੀ ਦੋਹਾਂ ਸਾਹਿਤਕਾਰਾਂ ਦੀ ਪਹੁੰਚ ਵਿੱਚ ਕਾਫ਼ੀ ਅੰਤਰ ਹੈ। ਫਿਰ ਵੀ ਪੂਰਨ ਸਿੰਘ ਦੀ ਇਹ ਰਚਨਾ ਪਾਠਕ ਦੇ ਗਿਆਨ ਵਿੱਚ ਵਾਧਾ ਵੀ ਕਰਦੀ ਹੈ, ਉਸ ਦੇ ਜਜਬਿਆਂ ਨੂੰ ਹਲੂਣਦੀ ਵੀ ਹੈ ਅਤੇ ਸੁਹਜ ਸੁਆਦ ਵੀ ਦੇਂਦੀ ਹੈ। ਇਹੋ ਚੰਗੇ ਸਾਹਿਤ ਦੀਆਂ ਬੁਨਿਆਦੀ ਲੋੜਾਂ ਹਨ। ਲੇਖਕ ਦੀ ਸ਼ਖ਼ਸੀਅਤ ਇਸ ਰਚਨਾ ਵਿੱਚ ਪੂਰੀ ਤਰ੍ਹਾਂ ਪ੍ਰਤਿਬਿੰਬਤ ਹੁੰਦੀ ਹੈ।
ਪੰਜਾਬੀ ਵਾਰਤਕ ਦੇ ਇਤਿਹਾਸ ਵਿੱਚ ਇਸ ਪੁਸਤਕ ਦਾ ਨਵੇਕਲਾ ਸਥਾਨ ਹੈ ਅਤੇ ਪੂਰਨ ਸਿੰਘ ਦੀ ਸੋਚ ਦਾ ਸਫ਼ਰ ਫਿਲਹਾਲ ਜਾਰੀ ਹੈ। ਆਸ ਹੈ ਚੰਗੇ ਨਤੀਜੇ ਨਿਕਲਣਗੇ।
-ਡਾ: ਕਰਨੈਲ ਸਿੰਘ ਥਿੰਦ,
2447, ਫੇਜ 10,
ਮੋਹਾਲੀ-160062