ਵਿਸ਼ਵ ਸਾਹਿਤ ਸੀਰੀਜ਼
ਸੁਕਰਾਤ
ਜਗਵਿੰਦਰ ਜੋਧਾ
ਆਰ. ਐੱਸ. ਡੀ. ਕਾਲਜ ਫ਼ਿਰੋਜ਼ਪੁਰ
ਦੇ ਸਟਾਫ਼ ਰੂਮ ਦੇ ਸਿਰਜਣਸ਼ੀਲ ਮਾਹੌਲ
ਦੇ ਨਾਂ
ਤਤਕਰਾ
"ਮੈਂ ਘੱਟੋ-ਘੱਟ ਇਹ ਤਾਂ ਜਾਣਦਾ ਹੀ ਹਾਂ ਕਿ ਮੈਂ ਕੁਝ ਨਹੀਂ ਜਾਣਦਾ"
-ਸੁਕਰਾਤ
"ਜਿਵੇਂ ਮੇਰੀ ਮਾਂ ਬੱਚੇ ਪੈਦਾ ਕਰਨ ਵਿਚ ਔਰਤਾਂ ਦੀ ਮਦਦ ਕਰਦੀ ਸੀ, ਉਵੇਂ ਹੀ ਮੈਂ ਵੀ ਮਨੁੱਖ ਵਿਚ ਲੁਕੇ ਗਿਆਨ ਨੂੰ ਬਾਹਰ ਲਿਆਉਣ ਵਿਚ ਉਸਦਾ ਸਹਿਯੋਗ ਕਰਦਾ ਹਾਂ। ਜਿਵੇਂ ਜੰਮਣ-ਪੀੜਾਂ ਦੁੱਖ ਦਿੰਦੀਆਂ ਹਨ, ਉਸੇ ਤਰ੍ਹਾਂ ਸੱਚ ਦਾ ਸਾਹਮਣਾ ਕਰਨਾ ਵੀ ਕਸ਼ਟਦਾਇਕ ਹੈ। ਨ੍ਹੇਰ ਵਿਚ ਰਹਿਣ ਗਿੱਝੀਆਂ ਅੱਖਾਂ ਜਿਵੇਂ ਰੌਸ਼ਨੀ ਵਿਚ ਦੇਖ ਨਹੀਂ ਸਕਦੀਆਂ, ਉਵੇਂ ਹੀ ਗਿਆਨਵਾਨ ਵਿਚਾਰ ਅਗਿਆਨੀ ਨੂੰ ਕੁਝ ਦੇਰ ਪ੍ਰੇਸ਼ਾਨ ਕਰਦੇ ਹਨ।”
-ਸੁਕਰਾਤ
ਸੁਕਰਾਤ ਨੂੰ ਜਾਣਦਿਆਂ.....
ਸੁਕਰਾਤ ਜਿੰਨੀ ਪ੍ਰਸਿੱਧੀ ਸ਼ਾਇਦ ਹੀ ਮਨੁੱਖੀ ਇਤਿਹਾਸ ਵਿਚ ਕਿਸੇ ਹੋਰ ਹਸਤੀ ਨੂੰ ਮਿਲੀ ਹੋਵੇ। ਦੁਨੀਆਂ ਦੇ ਯੁਗ-ਗਰਦੀਆਂ ਨਾਲ ਭਰੇ ਇਤਿਹਾਸ ਵਿਚ ਉਸਦੇ ਜ਼ਹਿਰ ਦਾ ਪਿਆਲਾ ਪੀਣ ਨੂੰ ਵਾਰ-ਵਾਰ ਯਾਦ ਕੀਤਾ ਗਿਆ। ਸੁਕਰਾਤ ਨੂੰ ਪੱਛਮ ਵਿਚ ਹੀ ਨਹੀਂ ਪੂਰਬੀ ਸਭਿਅਤਾ ਵਿਚ ਵੀ ਬਦੀ ਨਾਲ ਟਕਰਾ ਕੇ ਨੇਕੀ ਦੇ ਰਸਤੇ ਆਪਾ ਵਾਰਨ ਵਾਲੇ ਦਾਰਸ਼ਨਿਕ ਵਜੋਂ ਜਾਣਿਆ ਜਾਂਦਾ ਹੈ। ਇਸ ਤਸਵੀਰ ਦਾ ਦੂਜਾ ਰੁਖ਼ ਵੀ ਘੱਟ ਹੈਰਾਨੀਜਨਕ ਨਹੀਂ। ਸੁਕਰਾਤ ਜਿੰਨਾ ਗੁੰਮਨਾਮ ਵੀ ਸ਼ਾਇਦ ਹੀ ਕੋਈ ਹੋਰ ਦਾਰਸ਼ਨਿਕ ਹੋਵੇ। ਇਹ ਵਿਰੋਧਤਾਈ ਉਸਨੂੰ ਜਾਨਣ ਦੀ ਉਤਸੁਕਤਾ ਨੂੰ ਵਧਾ ਦਿੰਦੀ ਹੈ। ਉਸਦੇ ਇਸ ਦਰਜਾ ਮਸ਼ਹੂਰ-ਮਕਬੂਲ ਹੋਣ ਦੇ ਬਾਵਜੂਦ ਸਾਡੇ ਯੁਗ ਦੇ ਤਮਾਮ ਸਰੋਤ ਵੀ ਸੁਕਰਾਤ ਬਾਰੇ ਓਨੀ ਹੀ ਜਾਣਕਾਰੀ ਰੱਖਦੇ ਹਨ ਜਿੰਨੀ ਦੂਸਰੀ ਸਦੀ ਈਸਵੀ ਦੇ ਲੋਕਾਂ ਨੂੰ ਸੀ। ਇਹ ਵੱਖਰੀ ਗੱਲ ਹੈ ਕਿ 21ਵੀਂ ਸਦੀ ਤਕ ਆਉਂਦੇ-ਆਉਂਦੇ ਗਾਹੇ-ਬਗਾਹੇ ਕਈ ਦਾਰਸ਼ਨਿਕਾਂ ਨੇ ਸੁਕਰਾਤ ਨੂੰ ਜਾਨਣ ਦੇ ਜੋ ਯਤਨ ਕੀਤੇ ਉਹ ਸਾਡਾ ਰਸਤਾ ਪੱਧਰਾ ਕਰਦੇ ਹਨ। ਪਰ ਫਿਰ ਵੀ ਇਹ ਸਵਾਲ ਦੋ ਹਜ਼ਾਰ ਸਾਲ ਤੋਂ ਪੁੱਛਿਆ ਜਾਂਦਾ ਰਿਹਾ ਹੈ :
ਸੁਕਰਾਤ??? ਕਿਹੜਾ ਸੁਕਰਾਤ???
ਜਿਸਨੇ ਜ਼ਹਿਰ ਪੀਤਾ ਸੀ ਉਹ ਸੁਕਰਾਤ, ਜਾਂ ਪਲੈਟੋ ਦਾ ਗੁਰੂ ਸੁਕਰਾਤ, ਜਾਂ ਫਿਰ ਉਹ ਸੁਕਰਾਤ ਜੋ ਪਲੈਟੋ ਦੀਆਂ ਸੰਵਾਦਨੁਮਾ ਲਿਖਤਾਂ ਵਿਚ ਸਿਧਾਂਤਕ ਪ੍ਰਵਚਨ ਕਰਦਾ ਹੈ ਉਹ ਸੁਕਰਾਤ। ਅਸਲ ਗੱਲ ਇਹ ਹੈ ਕਿ ਇਹ ਸਾਰੇ ਸੁਕਰਾਤ ਇਕ ਹੋਣ ਦੇ ਬਾਵਜੂਦ ਇਕ ਨਹੀਂ ਹਨ। ਪਰ ਵੱਖਰੇ ਹੋਣ ਦੇ ਬਾਵਜੂਦ ਇਕ ਮੰਨਣ ਦੀ ਮਜਬੂਰੀ ਵੀ ਹੈ। ਇਸ ਲਈ ਸੁਕਰਾਤ ਦੀ ਤਲਾਸ਼ ਵਿਚ ਤੁਰਨ ਵਾਲੇ ਹਰ ਜਣੇ ਨੂੰ ਆਪਣਾ ਸੁਕਰਾਤ ਆਪ ਘੜਨਾ ਪੈਂਦਾ ਹੈ ਜੋ ਇਨ੍ਹਾਂ ਸਾਰੀਆਂ ਵਿਰੋਧਤਾਈਆਂ ਤੋਂ ਵੱਖ ਨਹੀਂ ਹੋ ਪਾਉਂਦਾ। ਸੰਸਾਰ ਦੇ ਵੱਡੇ ਤੋਂ ਵੱਡੇ ਚਿੰਤਕ ਵੀ ਇਸੇ ਸਮੱਸਿਆ ਨਾਲ ਦੋ-ਚਾਰ ਹੋਏ ਹਨ। ਇਸੇ ਲਈ 'ਕਿਹੜਾ ਸੁਕਰਾਤ ਵਾਲਾ ਸਵਾਲ ਬਹੁਤ ਸੁਭਾਵਿਕ ਲਗਦਾ ਹੈ। ਪੱਛਮ ਵਿਚ ਤਾਂ ਇਕ ਹੋਰ ਰਵਾਇਤ ਵੀ ਰਹੀ ਹੈ। ਪਲੈਟੋ ਦਾ ਸੁਕਰਾਤ, ਜ਼ੀਨੋਫੋਨ ਦਾ ਸੁਕਰਾਤ ਜਾਂ ਸਭ ਤੋਂ ਪ੍ਰਚਲਿਤ ਰਿਹਾ ਅਰਿਸਤੋਫੇਨਸ ਦਾ ਸੁਕਰਾਤ ਤਿੰਨੇ ਅੱਡ-ਅੱਡ ਕਰਕੇ ਵੇਖੇ ਜਾਂਦੇ ਹਨ। ਇਸ ਦਾ ਅਰਥ ਇਹ ਹੈ
ਕਿ ਅਸਲ ਵਿਚ ਸੁਕਰਾਤ ਬਾਰੇ ਮਿਲਦੀ ਜਾਣਕਾਰੀ ਇਨ੍ਹਾਂ ਲੇਖਕਾਂ ਦੇ ਨਜ਼ਰੀਏ ਹਨ। ਇਨ੍ਹਾਂ ਤਿੰਨੇ ਲੇਖਕਾਂ ਦਾ ਸੁਕਰਾਤ ਇਕ ਨਹੀਂ ਬਲਕਿ ਵਿਰੋਧਾਭਾਸੀ ਹੈ। ਕਿਸੇ ਇਕ ਜਾਂ ਦੂਸਰੀ ਵਜ੍ਹਾ ਕਰਕੇ ਇਨ੍ਹਾਂ ਤਿੰਨਾਂ ਦੇ ਸੁਕਰਾਤ ਦੀ ਪ੍ਰਮਾਣਿਕਤਾ ਵੀ ਸ਼ੱਕੀ ਹੁੰਦੀ ਹੈ। ਇਸ ਲਈ ਉਸ ਦੌਰ ਦੇ ਇਤਿਹਾਸ ਨੂੰ ਜਾਣ ਕੇ ਸੁਕਰਾਤ ਦੀ ਖੋਜ ਵਿਚ ਆਪ ਹੀ ਤੁਰਨਾ ਪੈਂਦਾ ਹੈ। ਇਕ ਹੋਰ ਗੱਲ ਵੀ ਹੈ ਜਿਸ ਰਾਹੀਂ ਇਤਿਹਾਸ ਦੇ ਸੁਕਰਾਤ ਦੇ ਨੇੜੇ ਪੁੱਜਿਆ ਜਾ ਸਕਦਾ ਹੈ ਉਹ ਹੈ ਉਸ ਤੋਂ ਪਹਿਲਾਂ ਦੇ ਦਰਸ਼ਨ ਬਾਰੇ ਜਾਣਕਾਰੀ ਹਾਸਿਲ ਕੀਤੀ ਜਾਵੇ ਤੇ ਸੁਕਰਾਤ ਨੇ ਉਸ ਦਾਰਸ਼ਨਿਕ ਵਿਧੀ ਵਿਚ ਜੋ ਵਾਧਾ ਕੀਤਾ ਉਸਨੂੰ ਸਮਝਿਆ ਜਾਵੇ। ਇਹ ਮੁਕਾਬਲਤਨ ਔਖਾ ਤਰੀਕਾ ਹੈ ਪਰ ਵੱਧ ਪ੍ਰਮਾਣਿਕ ਵੀ ਇਹੀ ਲਗਦਾ ਹੈ।
ਸੁਕਰਾਤ ਨੂੰ ਸੋਫਿਸਟ ਸਮਝਣ ਦੀ ਰਵਾਇਤ ਵੀ ਘੱਟ ਪ੍ਰਵਾਨ ਨਹੀਂ ਹੋਈ। ਇਸਦਾ ਇਕ ਕਾਰਨ ਇਹ ਹੈ ਕਿ ਸੋਫਿਸਟ ਸੁਕਰਾਤ ਦੇ ਵੇਲੇ ਦੀਆਂ ਸਭ ਤੋਂ ਪ੍ਰਸਿੱਧ ਦਾਰਸ਼ਨਿਕ ਹਸਤੀਆਂ ਸਨ। ਉਨ੍ਹਾਂ ਦਾ ਚਿੰਤਨ ਲੋਕਪ੍ਰਿਯ ਤਰੀਕਿਆਂ ਨੂੰ ਦੁਬਾਰਾ ਜੀਵਤ ਕਰਕੇ ਗਿਆਨ ਨੂੰ ਸਾਧਾਰਣ ਲੋਕ-ਬੋਧ ਦੀਆਂ ਕਿਰਿਆਵਾਂ ਤੱਕ ਘਟਾ ਦਿੰਦਾ ਸੀ। ਸੋਫਿਸਟਾਂ ਦਾ ਪ੍ਰਸਿੱਧ ਤਰੀਕਾ ਗਿਆਨ ਨੂੰ ਸੁਆਦਲੇ ਤਰੀਕੇ ਵਿਚ ਬਦਲ ਕੇ ਅਨੁਯਾਈਆਂ ਦੀ ਭੀੜ ਵਧਾਉਣਾ ਸੀ ਪਰ ਸੁਕਰਾਤ ਨੇ ਸੋਫ਼ੀਆਂ ਨਾਲ ਸਿੱਧਾ ਸੰਵਾਦ ਕੀਤਾ ਤੇ ਆਪਣੇ ਮੁਕੱਦਮੇ ਦੌਰਾਨ ਸੋਫ਼ੀਆਂ ਨਾਲੋਂ ਖੁਦ ਨੂੰ ਵੱਖ ਵੀ ਕਰ ਲਿਆ। ਇਹ ਸਹੀ ਹੈ ਕਿ ਸੋਫ਼ੀਆਂ ਵਾਂਗ ਸੁਕਰਾਤ ਵੀ ਰੂੜੀਵਾਦ ਦਾ ਵਿਰੋਧੀ ਸੀ ਤੇ ਸਮਾਜ ਦੀਆਂ ਜਰਜਰੀਆਂ ਮਾਨਤਾਵਾਂ ਤੇ ਸੱਟ ਮਾਰਨ ਦਾ ਤਰੀਕਾ ਉਸ ਮੁਤਾਬਿਕ ਪੁਰਾਣੀ ਸਮਝਕਾਰੀ ਨੂੰ ਤਬਦੀਲ ਕਰਨਾ ਸੀ। ਇਹ ਨਵੀਆਂ ਦਾਰਸ਼ਨਿਕ ਵਿਧੀਆਂ ਲਿਆ ਕੇ ਤੇ ਲੋਕਾਂ ਵਿਚ ਨਵੇਂ ਗਿਆਨ ਨੂੰ ਰਸਾ-ਵਸਾ ਕੇ ਹੀ ਸੰਭਵ ਹੋ ਸਕਣਾ ਸੀ। ਉਸਨੇ ਇਹੀ ਕੋਸ਼ਿਸ਼ ਕੀਤੀ। ਸੋਫ਼ੀਆਂ ਦੇ ਪਾਖੰਡ ਤੇ ਨੌਜਵਾਨਾਂ ਨੂੰ ਭਵਿੱਖ ਦੇ ਸ਼ਾਸਕਾਂ ਵਜੋਂ ਤਿਆਰ ਕਰਨ ਦੀ ਜਗ੍ਹਾ ਸੁਕਰਾਤ ਨੇ ਨੌਜਵਾਨੀ ਨੂੰ ਭਵਿੱਖ ਦੇ ਵਿਚਾਰਕਾਂ ਵਜੋਂ ਤਿਆਰ ਕੀਤਾ ਜੋ ਆਪਣੀ ਰਵਾਇਤ ਉੱਪਰ ਸ਼ੰਕੇ ਖੜ੍ਹੇ ਕਰਨ, ਸਵਾਲ ਪੁੱਛਣ ਤੇ ਨਵੀਆਂ ਧਾਰਨਾਵਾਂ ਦੇ ਪ੍ਰਚਲਨ ਲਈ ਸਮਾਜ ਅੱਗੇ ਆਦਰਸ਼ ਬਣ ਕੇ ਵਿਚਰਨ।
ਸੁਕਰਾਤ ਨੇ ਖੁਦ ਇਕ ਸ਼ਬਦ ਵੀ ਨਹੀਂ ਲਿਖਿਆ। ਇੱਥੋਂ ਤਕ ਕਿ ਉਸਦੇ ਅਨੁਯਾਈਆਂ ਨੇ ਵੀ ਉਸਦੇ ਜਿਉਂਦੇ ਜੀਅ ਕੁਝ ਨਹੀਂ ਲਿਖਿਆ। ਅਰਿਸਤੋਫੇਨਸ ਨੇ ਇਕ ਨਾਟਕ 'ਕਲਾਊਡਜ਼' ਵਿਚ ਸੁਕਰਾਤ ਦੀ ਪ੍ਰਤੀਕਾਤਮਕ ਕਿਰਦਾਰ-ਕਸ਼ੀ ਕੀਤੀ। ਉਸਨੇ ਸੁਕਰਾਤ ਵਰਗਾ ਇਕ ਕਿਰਦਾਰ ਘੜਿਆ ਤੇ ਉਸਨੂੰ ਸੋਫ਼ੀਆਂ ਦੇ ਨੇੜੇ-ਤੇੜੇ ਸਿੱਧ ਕੀਤਾ। ਜ਼ਿੰਦਗੀ ਦੀ ਵਿਹਾਰਕਤਾ ਤੋਂ ਟੁੱਟਿਆ ਹੋਇਆ ਮਨੁੱਖ
ਜਿਸਦੇ ਰਿਸ਼ਤੇ ਉਸ ਤੋਂ ਅੱਕੇ ਪਏ ਹਨ, ਜੋ ਸਿੱਖਿਆ ਦੇਣ ਬਦਲੇ ਧਨ ਲੈਂਦਾ ਹੈ, ਜੋ ਸੁਪਨਿਆਂ ਵਿਚ ਵਿਚਰਦਾ ਹੈ। ਇਹ ਕਿਰਦਾਰ ਏਨਾ ਪ੍ਰਚਲਿਤ ਹੋਇਆ ਕਿ ਸੁਕਰਾਤ ਖਿਲਾਫ ਮੁਕਦਮੇ ਵਿਚ ਇਸ ਨਾਟਕ ਨੇ ਨਾਂਹ-ਵਾਚੀ ਰਾਇ ਬਣਾਈ। ਏਨਾ ਹੀ ਨਹੀਂ 'ਕਲਾਊਡਜ਼' ਅੱਜ ਵੀ ਸੁਕਰਾਤ ਦੀ ਸ਼ਖ਼ਸੀ ਵਾਕਫ਼ੀ ਉੱਪਰ ਅਸਰਅੰਦਾਜ਼ ਦਿਸਦਾ ਹੈ। ਇਹ ਇਕ ਮਜ਼ਾਹੀਆ ਨਾਟਕ ਸੀ ਜੋ ਸੋਫ਼ੀਆਂ ਦੇ ਜੀਵਨ ਵਿਹਾਰ ਦੀ ਖਿੱਲੀ ਉਡਾਉਣ ਲਈ ਲਿਖਿਆ ਗਿਆ ਸੀ। ਅਰਿਸਤੋਫੇਨਸ ਤੇ ਸੁਕਰਾਤ ਨੇੜੇ ਦੇ ਮਿੱਤਰ ਸਨ ਤੇ ਸੁਕਰਾਤ ਦਾ ਆਪਣੇ ਲੇਖਕ ਮਿੱਤਰ ਉੱਪਰ ਅਮਿੱਟ ਪ੍ਰਭਾਵ ਵੀ ਸੀ। ਪਰ ਤਾਂ ਵੀ ਇਹ ਨਾਟਕ ਅਜਿਹੀ ਰਚਨਾ ਹਰਗਿਜ਼ ਵੀ ਨਹੀਂ ਜਿਸਨੂੰ ਅਧਾਰ ਬਣਾ ਕੇ ਸੁਕਰਾਤ ਦੀ ਇਤਿਹਾਸਕਤਾ ਬਾਰੇ ਕੋਈ ਨਿੱਗਰ ਰਾਏ ਬਣਾਈ ਜਾ ਸਕੇ।
ਏਥਨਜ਼ ਦੇ ਇਕ ਸ਼ਿਲਪੀ ਦੇ ਘਰ ਜੰਮਿਆ ਸੁਕਰਾਤ ਤਮਾਮ ਉਮਰ ਗਿਆਨ ਦੇ ਖੇਤਰ ਚ ਸਰਗਰਮ ਰਿਹਾ। ਉਸਦੇ ਮੁਢਲੇ ਜੀਵਨ ਬਾਰੇ ਕੁਝ ਜਾਣਕਾਰੀ ਹੈ ਜਿਸ ਉੱਪਰ ਕੋਈ ਸ਼ੱਕ ਨਹੀਂ ਜਾਂ ਫਿਰ ਉਮਰ ਦੇ ਅਖੀਰ ਤੇ ਮੁਕੱਦਮੇ ਦੀ ਸਾਰੀ ਕਾਰਵਾਈ ਪ੍ਰਮਾਣਿਕ ਹੈ। ਬਾਕੀ ਦੇ ਸੁਕਰਾਤ ਤੇ ਉਸਦੀ ਜ਼ਿੰਦਗੀ ਬਾਰੇ ਜ਼ੀਨੋਫੋਨ ਤੇ ਪਲੈਟੋ ਦੀਆਂ ਲਿਖਤਾਂ ਉੱਪਰ ਨਿਰਭਰਤਾ ਬਿਨਾਂ ਕੋਈ ਚਾਰਾ ਨਹੀਂ। ਉਸ ਉੱਪਰ ਨੌਜਵਾਨਾਂ ਦੀ ਬੁੱਧ ਭ੍ਰਿਸ਼ਟ ਕਰਨ ਤੇ ਦੇਵਤਿਆਂ ਦੀ ਨਿੰਦਾ ਕਰਕੇ ਨਾਸਤਿਕਤਾ ਨੂੰ ਉਤਸ਼ਾਹਿਤ ਕਰਨ ਦੀਆਂ ਤੁਹਮਤਾਂ ਲਾ ਕੇ ਮੁਕੱਦਮਾ ਚਲਾਇਆ ਗਿਆ। ਮੁਕੱਦਮੇ ਦੀ ਸਾਰੀ ਕਾਰਵਾਈ ਪਲੈਟੋ ਦੇ 30 ਦੇ ਕਰੀਬ ਸੰਵਾਦਾਂ ਅਪੋਲੌਜੀ, ਫ਼ੇਡੋ, ਮੇਨੋ, ਕ੍ਰੇਟੋ ਆਦਿ ਵਿਚ ਦਰਜ ਹੈ। ਇਸ ਤੋਂ ਬਿਨਾਂ ਸੁਕਰਾਤ ਦੀਆਂ ਨੀਤੀਗਤ, ਰਾਜਨੀਤਿਕ, ਦਾਰਸ਼ਨਿਕ ਧਾਰਨਾਵਾਂ ਲਈ ਰਿਪਬਲਿਕ ਇਕ ਅਹਿਮ ਸਰੋਤ ਹੈ। ਰਿਪਬਲਿਕ ਵਿਚਲਾ 'ਮੈਂ' ਸੁਕਰਾਤ ਹੈ ਜਿਸ ਬਾਰੇ ਪਲੈਟੋ ਆਰੰਭ ਵਿਚ ਹੀ ਸੰਕੇਤ ਕਰ ਦਿੰਦਾ ਹੈ। ਇਸਦੇ ਮੁਕਾਬਲੇ ਜ਼ੀਨੋਫੋਨ ਦਾ ਸੁਕਰਾਤ ਵਿਹਾਰਕਤਾ ਨਾਲ ਜੁੜਿਆ ਇਕ ਪ੍ਰੇਰਕ ਦਰਸ਼ਨਵੇਤਾ ਹੈ। ਉਹ ਬਹੁਤ ਸਾਰੇ ਥਾਵਾਂ ਤੇ ਪਲੈਟੋ ਨਾਲੋਂ ਉਲਟ ਵਿਚਾਰ ਦਿੰਦਾ ਹੈ। ਮਿਸਾਲ ਵਜੋਂ ਰਿਪਬਲਿਕ ਵਿਚ ਸੁਕਰਾਤ ਔਰਤਾਂ ਨੂੰ ਸਿਖਿਆ ਦੇ ਕੇ ਉਨ੍ਹਾਂ ਨੂੰ ਸਮਾਜਿਕ ਗਤੀ ਵਿਚ ਅਹਿਮ ਕੜੀ ਵਜੋਂ ਸ਼ਾਮਿਲ ਕਰਨ ਦਾ ਹਾਮੀ ਹੈ ਪਰ ਜ਼ੀਨੋਫੋਨ ਦੀ ਕਿਤਾਬ 'ਕਨਵਰਸੇਸ਼ਨਜ਼ ਆਫ ਸੋਕਰੇਟਸ' ਵਿਚਲਾ ਸੁਕਰਾਤ ਸਮਾਜ ਦੇ ਨਿਰਵਿਘਨ ਚੱਲਣ ਲਈ ਔਰਤਾਂ ਨੂੰ ਗਿਆਨ ਦੀ ਗਤੀਵਿਧੀ ਤੋਂ ਪਰੇ ਰੱਖਣ ਦੀ ਗੱਲ ਕਰਦਾ ਹੈ। ਇਸ ਲਈ ਇਹ ਪੱਕੀ ਗੱਲ ਹੈ ਕਿ ਇਨ੍ਹਾਂ ਦੋਵਾਂ ਦੀਆਂ ਲਿਖਤਾਂ ਵਿਚ ਪੇਸ਼ ਹੋਇਆ ਸੁਕਰਾਤ ਦਾ ਬਿੰਬ ਵੀ ਇਨ੍ਹਾਂ ਦੇ ਨਿੱਜ ਤੋਂ ਅਭਿੱਜ ਨਹੀਂ। ਪੱਛਮ ਵਿਚ ਇਸੇ ਉਲਝਾਅ ਨੂੰ 'ਸੁਕਰਾਤੀ ਸਮੱਸਿਆ' ਕਿਹਾ
ਗਿਆ। ਪੱਛਮੀ ਦਰਸ਼ਨ ਸ਼ਾਸਤਰੀਆਂ ਨੇ ਇਸ ਸਮੱਸਿਆ ਦੇ ਹੱਲ ਲਈ ਅਧਿਏਤਾ ਨੂੰ ਬਹੁਤ ਸੁਚੇਤ ਹੋ ਕੇ ਸੁਕਰਾਤ ਨੂੰ ਮੋਲਿਕ ਤੌਰ ਤੇ ਕਲਪਿਤ ਕਰਨ ਤੇ ਉਸਨੂੰ ਉਸ ਦੌਰ ਦੇ ਇਤਿਹਾਸ ਨਾਲ ਜੋੜਨ ਲਈ ਵੀ ਕਿਹਾ।
ਸੁਕਰਾਤ ਤੋਂ ਪਹਿਲਾਂ ਬੇਲਜ਼ ਤੋਂ ਲੈ ਕੇ ਪਾਈਥਾਗੋਰਸ ਤਕ ਦਰਸ਼ਨ ਦੀ ਲੰਮੀ ਪਰੰਪਰਾ ਸੀ। ਉਸ ਦਰਸ਼ਨ ਦਾ ਸੁਭਾਅ ਕੁਦਰਤਵਾਦੀ ਸੀ ਤੇ ਉਸ ਵਿਚ ਸ੍ਰਿਸ਼ਟੀ, ਮਨੁੱਖੀ ਹੋਂਦ ਤੇ ਕਾਰਜ, ਤਾਰਾ ਵਿਗਿਆਨ, ਜੋਤਿਸ਼, ਪਰਮ ਸੱਤਾ, ਜੀਵਾਤਮਾ ਆਦਿ ਬਾਰੇ ਵਿਚਾਰ ਹੋਈ ਸੀ। ਸੰਸਾਰ ਦੀ ਚਾਲਕ ਸ਼ਕਤੀ ਬਾਰੇ ਬਦਲਵੇਂ ਵਿਚਾਰਾਂ ਦੇ ਤੌਰ 'ਤੇ ਉਸ ਚਿੰਤਨ ਵਿਚ ਕਦੇ ਅੱਗ ਨੂੰ, ਕਦੇ ਪਾਣੀ ਨੂੰ, ਕਦੇ ਹਵਾ ਨੂੰ ਸੰਸਾਰ ਦੀ ਮੂਲ-ਚਾਲਕ ਸ਼ਕਤੀ ਸਿੱਧ ਕਰਨ ਦੇ ਹੱਕ ਵਿਚ ਸਥਾਪਨਾਵਾਂ ਦਿੱਤੀਆਂ ਗਈਆਂ ਸਨ। ਮਨੁੱਖੀ ਮਨ ਦਾ ਸੰਦਰਭ ਉਸ ਵਿੱਚੋਂ ਗੈਰ ਹਾਜ਼ਰ ਸੀ। ਦੂਜੀ ਗੱਲ ਉਸ ਚਿੰਤਨ ਨੇ ਚੀਜ਼ਾਂ ਨੂੰ ਜਿਵੇਂ ਪ੍ਰਤੱਖਿਆ ਸੀ ਉਵੇਂ ਹੀ ਇਕਪਾਸੜ ਉਚਾਰਨ ਵਾਂਗ ਪ੍ਰਗਟਾਇਆ ਸੀ। ਉਨ੍ਹਾਂ ਧਾਰਨਾਵਾਂ ਬਾਰੇ ਸਵਾਲਾਂ ਦੀ ਕੋਈ ਗੁੰਜਾਇਸ਼ ਹੀ ਨਹੀਂ ਸੀ। ਸੁਕਰਾਤ ਨੇ ਇਨ੍ਹਾਂ ਸਾਰੇ ਸਵਾਲਾਂ ਬਾਰੇ ਨਿਰੰਤਰ ਸੋਚਿਆ ਤੇ ਆਪਣੇ ਨਜ਼ਰੀਏ ਤੋਂ ਮਨੁੱਖ ਦੀ ਕਲਪਨਾ ਤੇ ਪ੍ਰਗਟਾਅ ਨੂੰ ਮਹੱਤਵ ਦਿੱਤਾ। ਉਸਨੇ ਸੋਚਿਆ ਕਿ ਜੇ ਇੱਕੋ ਵਰਤਾਰੇ ਬਾਰੇ ਵੱਖ-ਵੱਖ ਲੋਕ ਅੱਡ-ਅੱਡ ਵਿਆਖਿਆ ਕਰਦੇ ਹਨ ਤਾਂ ਮਸਲਾ ਵਰਤਾਰੇ ਦੀ ਭਿੰਨਤਾ ਦਾ ਨਹੀਂ ਸਗੋਂ ਸੋਚ ਦੇ ਅੱਡ ਪ੍ਰਸੰਗਾਂ ਦਾ ਹੈ। ਇਸਦੇ ਨਾਲ ਹੀ ਹਰ ਦਾਰਸ਼ਨਿਕ ਦੀ ਪ੍ਰਗਟਾਅ ਵਿਧੀ ਕੁਝ ਤਰੀਕਾਕਾਰਾਂ ਤੇ ਟੇਕ ਰੱਖਦੀ ਹੈ। ਉਸਨੇ ਇਸਨੂੰ ਪ੍ਰਤੱਖਣ ਤੇ ਵਿਆਖਿਆ ਦੇ ਸੰਕਲਪ ਰਾਹੀਂ ਪੇਸ਼ ਕੀਤਾ। ਨਵੀਂ ਵਿਧੀ ਵਜੋਂ ਉਸਨੇ ਮਹਿਸੂਸ ਕੀਤਾ ਕਿ ਮਨ ਚ ਸਥਾਪਿਤ ਗਿਆਨ ਨੂੰ ਇਕਪਾਸੜ ਪ੍ਰਵਚਨ ਰਾਹੀਂ ਨਹੀਂ ਸਗੋਂ ਸਵਾਲਾਂ ਦੇ ਸਨਮੁਖ ਖੜ੍ਹੇ ਕਰਨ ਨਾਲ ਹੀ ਨਵਿਆਇਆ ਜਾ ਸਕਦਾ ਹੈ। ਇਸ ਲਈ ਉਹ ਸਵਾਲਾਂ ਤੇ ਜ਼ੋਰ ਦਿੰਦਾ ਹੈ। ਇਸ ਵਿਧੀ ਨੂੰ ਗਿਆਨ ਦੀ 'ਸੁਕਰਾਤੀ ਵਿਧੀ' ਕਿਹਾ ਜਾਂਦਾ ਹੈ ਤੇ ਅੱਜ ਤੱਕ ਸਿੱਖਿਆ ਦੇ ਖੇਤਰ ਵਿਚ ਇਸ ਵਿਧੀ ਨੂੰ ਅਪਣਾਇਆ ਵੀ ਜਾਂਦਾ ਹੈ। ਇਸੇ ਤਰੀਕੇ ਨੂੰ ਤਤਕਾਲੀ ਯੂਨਾਨ ਦੇ ਨੌਜਵਾਨਾਂ ਨੇ ਬਹੁਤ ਪਸੰਦ ਕੀਤਾ ਤੇ ਹਜ਼ਾਰਾਂ ਦੀ ਗਿਣਤੀ ਵਿਚ ਨਵੇਂ ਗਿਆਨ ਪਾਂਧੀ ਸੁਕਰਾਤ ਨਾਲ ਸੰਵਾਦਾਂ ਵਿਚ ਪੈ ਕੇ ਆਪਣੇ ਆਪ ਨੂੰ ਭਰਪੂਰ ਕਰਦੇ ਰਹੇ। ਉਸਨੇ ਯਥਾਰਥ ਤੇ ਤਰਕ ਨੂੰ ਆਪਣੇ ਗਿਆਨ ਦੇ ਔਜ਼ਾਰ ਬਣਾਇਆ ਸੀ। ਇਨ੍ਹਾਂ ਔਜ਼ਾਰਾਂ ਨਾਲ ਹੀ ਉਹ ਦਿਮਾਗਾਂ ਚ ਲੱਗੇ ਜਾਲੇ ਲਾਹ ਕੇ ਨਵੇਂ ਵਿਚਾਰ ਜੜ ਰਿਹਾ ਸੀ। ਉਸਨੇ ਕੁਦਰਤੀ ਤੱਤਾਂ ਨੂੰ ਦੇਵਤੇ ਮੰਨਣ ਦੀ ਸੋਚ ਬਾਰੇ ਵੀ ਵਿਚਾਰਾਂ ਕੀਤੀਆਂ। ਇਨ੍ਹਾਂ ਨੂੰ ਅਧਾਰ ਬਣਾ ਕੇ ਉਸ ਉੱਪਰ ਮੁਕੱਦਮਾ ਠੋਸਿਆ ਗਿਆ ਤੇ ਆਖਿਰ ਸੁਕਰਾਤ ਨੂੰ ਜ਼ਹਿਰ ਦਾ
ਪਿਆਲਾ ਪੀਣਾ ਪਿਆ। ਭਾਵੇਂ ਏਥਨਜ਼ ਦੇ ਤਤਕਾਲੀ ਇਤਿਹਾਸਕ ਕਾਰਨ ਵੀ ਇਸ ਲਈ ਜ਼ਿੰਮੇਵਾਰ ਸਨ। ਏਥਨਜ਼ ਦੀ ਸਪਾਰਟਾ ਨਾਲ ਕਈ ਦਹਾਕਿਆਂ ਤਕ ਚੱਲੀ ਲੜਾਈ ਚੋਂ ਮਿਲੀ ਸ਼ਰਮਨਾਕ ਹਾਰ ਕਾਰਨ ਉਸ ਸਮੇਂ ਏਥਨਜ਼ ਦੀ ਜਨਤਾ ਵੀ ਰੋਹ ਵਿਚ ਸੀ। ਲੋਕਾਂ ਦੇ ਇਸ ਰੋਹ ਨੂੰ ਸ਼ਾਂਤ ਕਰਨ ਲਈ ਇਹ ਮੁਕੱਦਮਾ ਬੇਹੱਦ ਅਹਿਮ ਘਟਨਾ ਸੀ। ਇਹ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਹੋਈ ਕਿ ਏਥਨਜ਼ ਦੀਆਂ ਮੁਸੀਬਤਾਂ ਲਈ ਦੇਵਤਿਆਂ ਦੀ ਨਰਾਜ਼ਗੀ ਜ਼ਿੰਮੇਵਾਰ ਹੈ ਤੇ ਦੇਵਤੇ ਇਸੇ ਲਈ ਨਾਰਾਜ਼ ਹਨ ਕਿਉਕਿ ਸੁਕਰਾਤ ਨੇ ਯੁਵਕਾਂ ਨੂੰ ਉਨ੍ਹਾਂ ਖਿਲਾਫ ਭੜਕਾਇਆ ਹੈ। ਇਸ ਲਈ ਜਨਤਾ ਵੀ ਸੁਕਰਾਤ ਨੂੰ ਸਖਤ ਸਜ਼ਾ ਦੇ ਹੱਕ ਵਿਚ ਸੀ। ਸੁਕਰਾਤ ਨੇ ਬਹੁਤ ਤਿੱਖੇ ਤਰਕਾਂ ਨਾਲ ਆਪਣਾ ਮੁਕੱਦਮਾ ਲੜਿਆ ਪਰ ਜੱਜਾਂ ਨੇ ਸਜ਼ਾ ਦੇਣ ਦਾ ਮਨ ਪਹਿਲਾਂ ਹੀ ਬਣਾਇਆ ਹੋਇਆ ਸੀ। ਪਰ ਸੁਕਰਾਤ ਦੀਆਂ ਧਾਰਨਾਵਾਂ ਅੱਧੀ ਸਦੀ ਬਾਅਦ ਹੀ ਸਹੀ ਸਾਬਿਤ ਹੋਈਆਂ ਤੇ ਉਸ ਕੋਲੋਂ ਏਥਨਜ਼ ਦੀ ਸੰਸਦ ਵਿਚ ਮਾਫੀ ਮੰਗਕੇ ਉਸਦਾ ਬੁੱਤ ਏਥਨਜ਼ ਦੇ ਮੁੱਖ ਚੁਰਾਹੇ ਵਿਚ ਸਥਾਪਿਤ ਕੀਤਾ ਗਿਆ।
ਸੁਕਰਾਤ ਨੇ ਜਿਸ ਗੱਲ ਤੇ ਜ਼ੋਰ ਦਿੱਤਾ ਉਹ ਇਹ ਸੀ ਕਿ ਗਿਆਨ ਨਾ ਦਿੱਤਾ ਜਾ ਸਕਦਾ ਹੈ, ਨਾ ਲਿਆ ਜਾ ਸਕਦਾ ਹੈ। ਇਹ ਮਹਿਸੂਸ ਕਰਨ ਵਾਲੀ ਭਾਵਨਾ ਹੈ। ਉਸਦੇ ਗਿਆਨ ਦੇ ਹੀ ਨਹੀਂ ਜੀਣ ਦੇ ਕੇਂਦਰ ਵਿਚ ਵੀ ਮਨੁੱਖੀ ਹਿਤ ਸਭ ਤੋਂ ਉੱਪਰ ਰਹੇ। ਫੌਜ ਵਿਚ ਵਿਰੋਧੀਆਂ ਨਾਲ ਲੜਦੇ ਸੁਕਰਾਤ ਨੇ ਆਪਣੇ ਮਿੱਤਰਾਂ ਨੂੰ ਆਪਣੀ ਜਾਨ ਤੇ ਖੇਡ ਕੇ ਬਚਾਇਆ। ਸੰਸਦ ਵਿਚ ਨਿਯੁਕਤ ਹੋਇਆ ਤਾਂ ਫੌਜੀ ਜਰਨੈਲਾਂ ਦੇ ਖਿਲਾਫ ਚਲ ਰਹੇ ਮੁਕੱਦਮੇ ਵਿਚ ਸਾਰੀ ਸੰਸਦ ਤੋਂ ਉਲਟ ਮੱਤ ਪੇਸ਼ ਕੀਤਾ। ਕ੍ਰੀਟੋ ਨੇ ਜੇਲ੍ਹ ਵਿੱਚੋਂ ਭੱਜਣ ਦੀ ਸਲਾਹ ਦਿੱਤੀ ਤਾਂ ਵੀ ਸਿਧਾਂਤ ਅਨੁਸਾਰ ਭੁਗਤਣ ਦਾ ਸਹੀ ਮੌਕਾ ਕਹਿ ਕੇ ਆਪਣੀ ਹੋਣੀ ਨੂੰ ਸਵੀਕਾਰ ਕੀਤਾ। ਸੁਕਰਾਤ ਦੇ ਚਿੰਤਨ ਤੇ ਉਸਦੀ ਸ਼ਖਸੀਅਤ ਨੂੰ ਦਰਸ਼ਨ ਦੇ ਕਿਸੇ ਇਕਹਿਰੇ ਅਨੁਸ਼ਾਸਨ ਨਾਲ ਸੰਬੰਧਿਤ ਕਰਕੇ ਦੇਖਣਾ ਵੀ ਭੁੱਲ ਹੋਵੇਗੀ। ਉਸਨੇ ਰਾਜਨੀਤੀ, ਸਮਾਜ ਵਿਗਿਆਨ, ਮਨੁੱਖ ਵਿਗਿਆਨ, ਭਾਸ਼ਾ ਆਦਿ ਬਾਰੇ ਭਰਪੂਰ ਚਿੰਤਨ ਕੀਤਾ। ਇਸ ਲਈ ਬਾਅਦ ਵਾਲੇ ਮਨੁੱਖੀ ਹੋਂਦ ਤੇ ਸੋਚ ਦੇ ਮਸਲਿਆਂ ਉੱਪਰ ਸੁਕਰਾਤ ਦੀ ਗੂੜ੍ਹੀ ਛਾਪ ਨਜ਼ਰ ਆਉਂਦੀ ਹੈ। ਸਿਰਫ ਭਾਸ਼ਣਕਾਰੀ ਦੇ ਆਸਰੇ ਵਿਦਵਤਾ ਦੇ ਭਰਮ-ਫੈਲਾਅ ਦੀ ਥਾਂ ਵਿਚਾਰਸ਼ੀਲਤਾ ਨੂੰ ਮਨੁੱਖੀ ਤਾਸੀਰ ਦਾ ਹਿੱਸਾ ਬਣਾਉਣ ਲਈ ਸੁਕਰਾਤ ਇਕ ਸਿਮਰਤੀ ਵਾਂਗ ਸਦਾ ਹਾਜ਼ਿਰ ਰਿਹਾ ਹੈ।
ਸੱਤਾ ਦੇ ਪ੍ਰਤੀਰੋਧ ਦੇ ਪ੍ਰਤੀਕ ਵਜੋਂ ਇਕ ਦਾਰਸ਼ਨਿਕ ਦਾ ਸਦਾ-ਸਲਾਮਤ ਰੂਪ ਦਰਸ਼ਨ ਦੇ ਇਤਿਹਾਸ ਦੀ ਦੁਰਲੱਭ ਘਟਨਾ ਕਹੀ ਜਾਵੇਗੀ।
ਇਹ ਕਿਤਾਬ ਜੇ ਹੋਂਦ ਵਿਚ ਆ ਰਹੀ ਹੈ ਤਾਂ ਇਸਦੇ ਪਿੱਛੇ ਸੁਮਿਤ ਗੁਲਾਟੀ ਤੇ ਜਸਵੀਰ ਬੇਗਮਪੁਰੀ ਵਲੋਂ ਲਗਾਤਾਰ ਮੇਰੀ ਸੁਸਤੀ ਨੂੰ ਵੰਗਾਰਿਆ ਜਾਣਾ ਜ਼ਿੰਮੇਵਾਰ ਹੈ। ਪ੍ਰੋਫੈਸਰ ਸੁਰਜੀਤ ਜੱਜ ਮੇਰੇ ਵਿਦਿਆਰਥੀ ਜੀਵਨ ਤੋਂ ਹੀ ਮੈਨੂੰ ਸੇਧ ਦਿੰਦੇ ਰਹੇ ਹਨ। ਡਾ ਸੁਰਜੀਤ ਤੇ ਗੁਰਤੇਜ ਕੋਹਾਰਵਾਲਾ ਹੁਣਾਂ ਦੀ ਪ੍ਰੇਰਨਾ ਕੰਮ ਲਈ ਲਗਾਤਾਰ ਤੋਰੀ ਰੱਖਦੀ ਹੈ। ਇਸ ਕਿਤਾਬ ਦੇ ਹੋਂਦ ਵਿਚ ਆਉਣ ਲਈ ਮਨਦੀਪ ਔਲਖ ਦਾ ਬਹੁਤ ਸਹਾਰਾ ਰਿਹਾ ਜਿਸਨੇ ਅੰਗਰੇਜ਼ੀ ਦੇ ਔਖੇ ਸੰਕਲਪਾਂ ਨੂੰ ਸਮਝਣ ਵਿਚ ਮਦਦ ਕੀਤੀ। ਸੁਖਜਿੰਦਰ ਫਿਰੋਜ਼ਪੁਰ ਦੇ ਸੁਝਾਅ ਮੇਰੀ ਪ੍ਰਾਪਤੀ ਰਹੇ ਹਨ ਪਿਛਲੇ ਕੁਝ ਸਮੇਂ ਤੋਂ ਮੈਂ ਜਿਸ ਤਰ੍ਹਾਂ ਦੀ ਕੈਫ਼ੀਅਤ ਨਾਲ ਦੋ-ਚਾਰ ਹਾਂ ਉਸ ਦੇ ਬਾਵਜੂਦ ਇਸ ਕਿਤਾਬ ਦੇ ਲਿਖੇ ਜਾਣ ਤੇ ਮੈਨੂੰ ਹੈਰਾਨੀ ਭਰੀ ਖੁਸ਼ੀ ਹੈ।
-ਜਗਵਿੰਦਰ ਜੋਧਾ
5 ਅਕਤੂਬਰ, 2019
ਅਧਿਆਇ ਪਹਿਲਾ
ਸੁਕਰਾਤ ਤੋਂ ਪੂਰਬਲਾ ਯੂਨਾਨੀ ਦਰਸ਼ਨ
ਸੁਕਰਾਤ ਯੂਨਾਨੀ ਦਰਸ਼ਨ-ਸ਼ਾਸਤਰ ਵਿਚ ਵਿਹਾਰਕਤਾ ਸ਼ਾਮਿਲ ਕਰਕੇ ਦਰਸ਼ਨ ਨੂੰ ਗਿਆਨ ਦੀ ਬੌਧਿਕ ਮਸ਼ਕ ਤੋਂ ਅਗਾਂਹ ਤੋਰਦਾ ਹੈ। ਉਸ ਦੀਆਂ ਦਾਰਸ਼ਨਿਕ ਧਾਰਨਾਵਾਂ ਦੀ ਅਣਹੋਂਦ ਵਿਚ ਲੰਮਾ ਸਮਾਂ ਚਿੰਤਕਾਂ ਨੇ ਉਸਦੇ ਮਹੱਤਵ ਨੂੰ ਦਰਕਿਨਾਰ ਕਰੀ ਰੱਖਿਆ। ਹਾਲਾਂਕਿ ਉਸਦੇ ਸ਼ਾਗਿਰਦ ਪਲੈਟੋ ਨੇ ਸੁਕਰਾਤ ਬਾਰੇ ਲੰਮੇ ਚੌੜੇ ਸੰਵਾਦ ਲਿਖੇ, ਪਰ ਡੇਵਿਡ ਜ਼ਿਲਬਰਮੈਨ ਵਰਗੇ ਵਿਦਵਾਨਾਂ ਦੀ ਨਜ਼ਰ ਵਿਚ ਸੰਵਾਦਾਂ ਵਿਚ ਸੁਕਰਾਤ ਨਹੀਂ ਬਲਕਿ 'ਪਲੈਟੋਨੁਮਾ ਸੁਕਰਾਤ' (Platonic Socrates) ਹੀ ਸੀ।1 ਆਧੁਨਿਕ ਕਾਲ ਤੱਕ ਸੁਕਰਾਤ ਦੀਆਂ ਦਾਰਸ਼ਨਿਕ ਲੱਭਤਾਂ ਦਾ ਬਹੁਤ ਤਿੱਖਾ ਪ੍ਰਭਾਵ ਕਲਾ, ਸਾਹਿਤ ਤੇ ਜੀਵਨ ਵਰਤਾਰਿਆਂ ਉੱਪਰ ਦੇਖਿਆ ਜਾ ਸਕਦਾ ਹੈ। ਸੁਕਰਾਤ ਪ੍ਰਤੀ ਸ਼ਰਧਾ-ਭਾਵ ਰੱਖਣ ਵਾਲੇ ਵਿਦਵਾਨਾਂ ਨੇ ਤਾਂ ਉਸਨੂੰ ਯੂਨਾਨੀ ਦਰਸ਼ਨ ਦਾ ਆਦਿ ਪੁਰਖ ਸਾਬਿਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਦਰਅਸਲ ਇਹ ਰੁਚੀ ਵਿਚਾਰਾਂ ਦੀ ਸੱਤਾ ਦੀ ਅਧੀਨਗੀ ਵਿੱਚੋਂ ਪੈਦਾ ਹੁੰਦੀ ਹੈ। ਇਸਲਾਮ ਪ੍ਰਤੀ ਸ਼ਰਧਾਭਾਵੀ ਵਿਦਵਾਨਾਂ ਨੇ ਇਸਲਾਮ ਤੋਂ ਪਹਿਲੇ ਯੁਗ ਨੂੰ 'ਜਹਾਲਤ ਦਾ ਦੌਰ' ਕਿਹਾ ਸੀ। ਉਹ ਇਹ ਗੱਲ ਸਮਝਣ ਤੋਂ ਉੱਕ ਗਏ ਕਿ ਇਸਲਾਮ ਵਰਗਾ ਵਿਕਸਿਤ ਧਰਮ ਆਪਣੇ ਤੋਂ ਪਹਿਲਾਂ ਦੇ ਕਿਸੇ 'ਖਲਾਅ' ਵਿੱਚੋਂ ਕਿਵੇਂ ਹੋਂਦ ਵਿਚ ਆ ਸਕਦਾ ਸੀ? ਇਸੇ ਤਰ੍ਹਾਂ ਅੰਗ੍ਰੇਜ਼ ਇਤਿਹਾਸਕਾਰਾਂ ਨੇ ਮੱਧਕਾਲ ਦੇ ਭਾਰਤੀ ਇਤਿਹਾਸ, ਦਰਸ਼ਨ ਅਤੇ ਸਾਹਿਤ ਪ੍ਰਤੀ ਨਕਾਰਾਤਮਕ ਰਵੱਈਆ ਧਾਰਨ ਕਰੀ ਰੱਖਿਆ। ਸੁਕਰਾਤ ਪ੍ਰਤੀ ਸ਼ਰਧਾਵਾਨ ਚਿੰਤਕ ਵੀ ਇਸੇ ਭਾਵਨਾ ਦੇ ਅਧੀਨ ਉਸ ਤੋਂ ਪਹਿਲਾਂ ਦੇ ਦਰਸ਼ਨ ਨੂੰ ਅਣਗੌਲਿਆਂ ਕਰਨ ਦੀ ਰੁਚੀ ਦਾ ਸ਼ਿਕਾਰ ਹੁੰਦੇ ਹਨ।
ਅਜਿਹਾ ਹੋਣ ਦੇ ਬਹੁਤ ਸਾਰੇ ਕਾਰਨ ਹੋਣ ਦੇ ਬਾਵਜੂਦ ਇਹ ਗੱਲ ਮੰਨਣੀ ਪਵੇਗੀ ਕਿ ਸੁਕਰਾਤ ਯੂਨਾਨੀ ਦਰਸ਼ਨ ਦਾ ਆਰੰਭ-ਕਰਤਾ ਤਾਂ ਹਰਗਿਜ਼ ਵੀ ਨਹੀਂ ਸੀ। ਉਸ ਤੋਂ ਪਹਿਲਾਂ ਐਸੇ ਬਹੁਤ ਸਾਰੇ ਨਾਮ ਯੂਨਾਨ ਦੇ ਦਰਸ਼ਨ ਦੀ ਧਾਰਾ ਵਿਚ ਹੋ ਗੁਜ਼ਰੇ ਸਨ ਜਿਨ੍ਹਾਂ ਨੇ ਆਪਣੀਆਂ ਦਾਰਸ਼ਨਿਕ ਧਾਰਨਾਵਾਂ ਨਾਲ ਦਰਸ਼ਨ ਦੀ ਲੜੀਬੱਧ ਵਿਚਾਰਸ਼ੀਲਤਾ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਸੁਕਰਾਤ ਉਸ ਸਿਲਸਿਲੇ ਦੇ ਅਹਿਮ ਇਤਿਹਾਸਕ ਬਿੰਦੂ 'ਤੇ ਪੈਦਾ ਹੋਇਆ ਜਿੱਥੇ ਦਾਰਸ਼ਨਿਕ
ਗਿਆਨ ਦੀ ਪ੍ਰਸੰਗਿਕਤਾ ਦਾ ਸਵਾਲ ਸਾਹਮਣੇ ਆ ਚੁੱਕਾ ਸੀ। ਉਸ ਨੁਕਤੇ 'ਤੇ ਪੈਦਾ ਹੋਣ ਵਾਲੇ ਸਵਾਲ ਕੁਝ ਜਵਾਬਾਂ ਦੀ ਮੰਗ ਕਰਦੇ ਸਨ। ਇਤਿਹਾਸ ਦੇ ਉਨ੍ਹਾਂ ਜਵਾਬਾਂ ਦੀ ਤਲਾਸ਼ ਲਈ ਜਿਸ ਤਰ੍ਹਾਂ ਦੀ ਪ੍ਰਤਿਭਾ ਲੋੜੀਂਦੀ ਸੀ ਸੁਕਰਾਤ ਵੈਸੀ ਹੈ ਪ੍ਰਤਿਭਾ ਦਾ ਮਾਲਕ ਸੀ। ਉਸਨੇ ਜਿਸ ਅਡੋਲਤਾ ਤੇ ਵੱਖਰਤਾ ਨਾਲ ਕਾਰਜ ਕੀਤਾ ਤੇ ਜਿਸ ਸਿਦਕ ਨਾਲ ਉਹ ਆਪਣੇ ਅੰਜਾਮ ਤੱਕ ਪੁੱਜਿਆ ਉਹ ਦੁਰਲੱਭਗੱਲ ਸੀ। ਇਸੇ ਵਜ੍ਹਾ ਕਰਕੇ ਸੁਕਰਾਤ ਨੂੰ ਯੂਨਾਨੀ ਦਰਸ਼ਨ ਦੇ ਆਰੰਭ ਬਿੰਦੂ ਵਜੋਂ ਸਮਝੇ ਜਾਣ ਦਾ ਭੁਲੇਖਾ ਸਿਰ ਚੁੱਕਦਾ ਹੈ।
ਆਪਣੇ ਮੁੱਢਲੇ ਰੂਪ ਵਿਚ ਦਰਸ਼ਨ ਚੀਜ਼ਾਂ/ਵਰਤਾਰਿਆਂ ਨੂੰ ਜਾਨਣ ਦੀ ਜਿਗਿਆਸਾ ਵਿੱਚੋਂ ਉਪਜਦਾ ਹੈ ਤੇ ਕਾਲਪਨਿਕਤਾ ਰਾਹੀਂ ਵਾਪਰਦੇ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਮਨੁੱਖ ਦੀ ਵਿਗਸ ਰਹੀ ਸਮਝ ਆਪਣੇ ਸਮਕਾਲ ਤੋਂ ਪਿੱਛੇ ਰਹਿ ਗਏ ਖ਼ਿਆਲਾਂ ਨੂੰ ਸਮਕਾਲ ਦਾ ਹਾਣੀ ਬਣਾਉਣ ਲਈ ਦਰਸ਼ਨ ਦਾ ਸਹਾਰਾ ਲੈਂਦੀ ਰਹੀ ਹੈ। ਸੁਕਰਾਤ ਤੋਂ ਪੂਰਬਲਾ ਦਰਸ਼ਨ ਅਜਿਹੇ ਬਹੁਤ ਸਾਰੇ ਮੂਲ ਸਵਾਲਾਂ ਪ੍ਰਤੀ ਇਕ ਬੱਝਵੀਂ ਦ੍ਰਿਸ਼ਟੀ ਬਣਾ ਚੁੱਕਾ ਸੀ, ਭਾਵੇਂ ਉਹ ਦ੍ਰਿਸ਼ਟੀ ਤੇਜ਼ੀ ਨਾਲ ਬਦਲ ਰਹੇ ਵਰਤਾਰਿਆਂ ਦੀ ਵਾਕਫ਼ੀ ਲਈ ਉੱਘੜ-ਦੁੱਘੜੀ ਲਗਦੀ ਸੀ। ਸੁਕਰਾਤ ਵਰਤਾਰਿਆਂ ਪ੍ਰਤੀ ਇਸ ਉੱਘੜ-ਦੁੱਘੜੀ ਸਮਝ ਨੂੰ ਇਕ ਲੜੀ ਵਿਚ ਪੁਰੋ ਕੇ ਦਰਸ਼ਨ ਅਤੇ ਮਨੁੱਖੀ ਵਿਹਾਰ ਵਿਚਕਾਰ ਇਕ ਸੰਬੰਧ ਬਣਾਉਂਦਾ ਹੈ।
ਦਰਸ਼ਨ ਸਮਾਜਕ ਚੇਤਨਾ ਦਾ ਇਕ ਰੂਪ ਹੈ। ਇਹ ਉਹ ਵਿਧੀ ਹੈ ਜਿਸ ਰਾਹੀਂ ਮਨੁੱਖ ਸੱਚ ਦੀ ਤਲਾਸ਼ ਦੇ ਰਾਹ ਦਾ ਪਾਂਧੀ ਬਣਦਾ ਹੈ। ਭਵਿੱਖ ਵਿਚ ਇਸ ਦੁਨੀਆਂ ਜਾਂ ਮਨੁੱਖੀ ਹੋਂਦ ਦੀ ਦਿਸ਼ਾ ਕੀ ਹੋਵਗੀ, ਵਰਗੇ ਸਵਾਲਾਂ ਨਾਲ ਨਜਿੱਠਣ ਲਈ ਜੋ ਵਿਧੀ ਕੰਮ ਆਉਂਦੀ ਹੈ, ਉਹ ਦਰਸ਼ਨ ਹੈ। ਅੰਗਰੇਜ਼ੀ ਵਿਚ ਦਰਸ਼ਨ ਲਈ ਪਦ Philosophy ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸ਼ਬਦ ਦੋ ਯੂਨਾਨੀ ਸ਼ਬਦਾਂ Philo ਅਤੇ Sophia ਤੋਂ ਬਣਿਆ। Philo ਦਾ ਅਰਥ ਹੈ ਸਨੇਹ/ਪਿਆਰ ਅਤੇ Sophia ਦਾ ਅਰਥ ਸਿਆਣਪ। ਇਸ ਤਰ੍ਹਾਂ Philosophy ਜਾਂ ਦਰਸ਼ਨ ਨੂੰ ਬੌਧਿਕਤਾ ਜਾਂ ਸਿਆਣਪ ਲਈ ਸਨੇਹ ਦੇ ਅਰਥਾਂ ਵਿਚ ਵਰਤਿਆ ਜਾਣ ਲੱਗਾ। ਜੀਵਨ ਬਾਰੇ ਬਾਹਰਮੁਖੀ ਸੋਝੀ ਦੀ ਭਾਵਨਾ ਨੇ ਦਾਰਸ਼ਨਿਕ ਦ੍ਰਿਸ਼ਟੀਕੋਣ ਪੈਦਾ ਕੀਤਾ। ਰੋਡਨੀ ਹਿਲਟਨ ਤਾਂ ਹੁਣ ਤੱਕ ਦੀ ਸਮੁੱਚੀ ਵਿਕਾਸ ਯਾਤਰਾ ਨੂੰ ਦਰਸ਼ਨ, ਤਕਨੀਕ ਅਤੇ ਭਾਸ਼ਾ ਦੀਆਂ ਵਿਧੀਆਂ ਰਾਹੀਂ ਅਗਾਂਹ ਵਧਦੀ ਕਹਿੰਦਾ ਹੈP ਮਨੁੱਖ ਦੀ ਸੱਚ ਅਤੇ ਗਿਆਨ ਲਈ ਜਿਗਿਆਸਾ ਦਰਸ਼ਨ ਦੇ ਪੈਦਾ ਹੋਣ ਦਾ ਕਾਰਨ ਬਣਦੀ ਹੈ ਜਾਂ ਇਹ ਕਿਹਾ ਜਾਵੇ ਕਿ ਵਿਧੀਵਤ, ਵਿਵੇਕਪੂਰਨ ਅਤੇ ਲੜੀਵਾਰ ਵਿਚਾਰਾਂ ਦਾ ਸੰਯੋਜਨ ਹੀ ਦਰਸ਼ਨ ਹੈ। ਅਰਸਤੂ ਨੇ ਕਿਹਾ ਕਿ 'ਸਾਰੇ ਵਿਗਿਆਨਾਂ ਵਿੱਚੋਂ ਫ਼ਿਲਾਸਫ਼ੀ ਹੀ
ਐਸਾ ਗਿਆਨ ਹੈ ਜੋ ਆਜ਼ਾਦ ਹੈ, ਕਿਉਂਕਿ ਇਹ ਹੀ ਐਸਾ ਵਿਗਿਆਨ ਹੈ ਜੋ ਕੇਵਲ ਆਪਣੇ ਆਪ ਲਈ ਜਿਉਂਦਾ ਹੈP ਸਮਾਜ ਦੇ ਭੌਤਿਕ/ਪਦਾਰਥਕ ਵਿਕਾਸ ਨਾਲ ਆਸ-ਪਾਸ ਦੀਆਂ ਵਸਤੂਆਂ ਅਤੇ ਵਰਤਾਰਿਆਂ ਬਾਰੇ ਮਨੁੱਖ ਦੀ ਚੇਤਨਾ ਜਿਗਿਆਸੂ ਹੁੰਦੀ ਹੈ। ਇਹ ਜਿਗਿਆਸਾ 'ਜਾਨਣ' ਦੇ ਕੁਝ ਸਾਧਾਰਣ ਨੇਮਾਂ 'ਤੇ ਸਹਿਮਤ ਹੋ ਜਾਂਦੀ ਹੈ। ਦਰਸ਼ਨ ਜਾਂ ਫ਼ਲਸਫ਼ਾ ਉਨ੍ਹਾਂ ਸਾਧਾਰਣ ਨੇਮਾਂ ਦਾ ਵਿਗਿਆਨਕ ਸੰਗ੍ਰਹਿ ਹੈ।
ਪਹਿਲਾਂ-ਪਹਿਲ ਮਨੁੱਖ ਨੇ ਆਸ-ਪਾਸ ਦਿਸਦੀ ਕੁਦਰਤ ਨੂੰ ਹੀ ਜਾਨਣ ਦੀ ਕੋਸ਼ਿਸ਼ ਕੀਤੀ। ਕੁਦਰਤ ਦੇ ਨਿਰੰਤਰ ਬਦਲਾਵਾਂ ਅਤੇ ਚੰਦ-ਸੂਰਜ ਜਿਹੇ ਕੁਦਰਤੀ ਵਰਤਾਰਿਆਂ ਬਾਰੇ ਮੁੱਢਲੇ ਰੂਪ ਵਿਚ ਮਨੁੱਖੀ ਸੋਝੀ ਸ਼ਰਧਾਭਾਵੀ ਤੇ ਅਧਿਆਤਮਕ ਭਾਵਾਂ ਨਾਲ ਭਰੀ ਰਹੀ। ਰਵਾਇਤ ਤੋਂ ਮਿਲਦੀ ਜਾਣਕਾਰੀ ਹਰ ਦੌਰ ਵਿਚ ਵਿਅਕਤੀਗਤ ਮਰਜ਼ੀ ਰਾਹੀਂ ਮਾਨਤਾ ਹਾਸਿਲ ਕਰਦੀ ਹੈ। ਕੁਦਰਤੀ ਵਰਤਾਰਿਆਂ ਪਿੱਛੇ ਕਿਸੇ ਪਰਮ-ਸੱਤਾ ਨੂੰ ਵਿਦਮਾਨ ਸਮਝਣ ਵਾਲੇ ਦਾਰਸ਼ਨਿਕ ਰੁਝਾਨ ਵੀ ਪਹਿਲਾਂ-ਪਹਿਲ ਪਰਮ-ਸੱਤਾ ਨਾਲ ਸੰਬੰਧ ਬਣਾਉਣ ਲਈ ਹੀ ਦਾਰਸ਼ਨਿਕ ਅਭਿਆਸ ਵਿਚ ਪਏ। ਕੁਝ ਹੋਰ ਬੁੱਧੀਮਾਨਾਂ ਨੇ ਪਰੰਪਰਾ ਤੋਂ ਤੁਰੀ ਆਉਂਦੀ ਜਾਣਕਾਰੀ ਨੂੰ ਆਪਣੇ ਅਨੁਭਵ ਅਤੇ ਬੁੱਧੀ ਦੀ ਕਸੌਟੀ 'ਤੇ ਪਰਖਦਿਆਂ ਵਰਤਾਰਿਆਂ ਦੀਆਂ ਬਰੀਕ ਤੰਦਾਂ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕੀਤੀ। ਰੂਸੀ ਦਰਸ਼ਨ-ਸ਼ਾਸਤਰੀ ਕੋਰਸ਼ੁਨੋਵਾ ਅਨੁਸਾਰ ਅਕੀਦੇ ਦੀ ਥਾਂ ਤਰਕ ਅਤੇ ਪ੍ਰਾਭੌਤਿਕ ਸ਼ਰਧਾ ਦੀ ਥਾਂ ਭੌਤਿਕ ਅਹਿਸਾਸ ਨਾਲ ਭਰੇ ਹੋਏ ਲੋਕਾਂ ਨੇ ਦਾਰਸ਼ਨਿਕ ਵਿਚਾਰਾਂ ਨੂੰ ਆਦਰਸ਼ਵਾਦ ਤੋਂ ਭੌਤਿਕਤਾ ਵੱਲ ਮੋੜਾ ਦਿੱਤਾ। ਇਸ ਦੇ ਨਾਲ ਹੀ ਮਨੁੱਖੀ ਵਿਹਾਰ ਦੇ ਭਾਵਾਂ ਦਇਆ, ਕਠੋਰਤਾ, ਨਰਮਾਈ, ਬਦੀ, ਚੰਗਿਆਈ ਆਦਿ ਨੂੰ ਠੋਸ ਰੂਪ ਤੋਂ ਵੱਖ ਕਰਕੇ ਦੇਖਣ ਅਤੇ ਉਨ੍ਹਾਂ ਨਾਲ ਜੁੜੇ ਨਿੱਜੀ ਅਹਿਸਾਸ ਦੀ ਭਾਵਨਾ ਨੇ ਦਰਸ਼ਨ ਦੇ ਵਿਚਾਰਾਂ ਲਈ ਰਾਹ ਪੱਧਰਾ ਕੀਤਾ। ਆਦਿ ਮਨੁੱਖ ਅਨੁਸਾਰ ਕੁਦਰਤੀ ਸੰਸਾਰ ਅਤੇ ਮਨੁੱਖ ਦਾ ਸੰਸਾਰ ਇਕ-ਦੂਸਰੇ ਨਾਲ ਰਲਗੱਡ ਸਨ। ਪ੍ਰਕਿਰਤਕ ਸ਼ਕਤੀਆਂ ਦੇ ਮਾਨਵੀਕਰਨ ਰਾਹੀਂ ਉਹ ਉਨ੍ਹਾਂ ਸ਼ਕਤੀਆਂ ਦੀ ਕਿਰਪਾ ਜਾਂ ਕ੍ਰੋਧ ਦੀ ਭਾਗੀਦਾਰੀ ਨੂੰ ਆਪਣੀ ਹੋਣੀ ਮੰਨ ਲੈਂਦਾ ਸੀ। ਉਸ ਵਿੱਚੋਂ ਮੌਲਿਕਤਾ ਤੇ ਨਿੱਜੀ ਅਨੁਭਵ ਲਗਭਗ ਗ਼ੈਰ-ਹਾਜ਼ਰ ਰਹਿੰਦਾ ਸੀ। ਦਰਸ਼ਨ ਅਨੁਭਵ ਦੀ ਵਿਆਖਿਆ ਹੈ, ਜਿਸ ਦੀ ਤਹਿ ਵਿਚ ਅਸਪੱਸ਼ਟ ਵਰਤਾਰਿਆਂ ਨੂੰ ਵਿਆਖਿਆਉਣ ਜਾਂ ਘੱਟੋ-ਘੱਟ ਸਮਝਣ ਦੀ ਭਾਵਨਾ ਪਈ ਹੁੰਦੀ ਹੈ। ਬਾਹਰੀ ਜਗਤ, ਮਨੁੱਖੀ ਚੇਤਨਾ ਅਤੇ ਪਰਮ ਸੱਚ ਦੇ ਸੰਬੰਧਾਂ ਦਾ ਰਹੱਸ-ਉਦਘਾਟਨ ਦਰਸ਼ਨ ਦੀ ਸਭ ਤੋਂ ਮੁੱਢਲੀ ਰੁਚੀ ਹੈ। ਇਸ ਲਈ ਦਰਸ਼ਨ ਸੱਚ ਤੇ ਗਿਆਨ ਦੀ ਖੋਜ ਹੈ ਜੋ ਅਣਜਾਣੇ ਨੂੰ ਜਾਨਣ ਰਾਹੀਂ
ਅਚੰਭਿਤ ਕਰਨ ਵੱਲ ਸੇਧਿਤ ਹੁੰਦੀ ਹੈ। ਸਿਸਰੋ ਨੇ ਦਰਸ਼ਨ ਨੂੰ ਤਰਕਪੂਰਣ, ਵਿਧੀਵਰ ਅਤੇ ਲੜੀਵਾਰ ਵਿਚਾਰ ਕਿਹਾ ਸੀ। ਜੇਕਰ ਗਿਆਨ ਨੂੰ ਗਿਆਨ ਹਾਸਿਲ ਕਰਨ ਵਾਲੀ ਸ਼ਖ਼ਸੀਅਤ ਅਤੇ ਗਿਆਨ ਦੇ ਸੰਕਲਪ ਦੇ ਸੰਬੰਧ ਮੰਨ ਲਿਆ ਜਾਵੇ ਤਾਂ ਦਰਸ਼ਨ ਗਿਆਨ ਦੇ ਸੰਕਲਪਾਂ ਨੂੰ ਜਾਨਣ ਵੱਲ ਪੁੱਟਿਆ ਪਹਿਲਾ ਕਦਮ ਹੈ।
ਅੱਜ ਭਾਵੇਂ ਦਰਸ਼ਨ ਨੂੰ ਇਕ ਵਿਸ਼ੇਸ਼ ਖੇਤਰ ਮੰਨਿਆ ਜਾਂਦਾ ਹੈ, ਪਰ ਦਰਸ਼ਨ ਮੁੱਢਲੇ ਰੂਪ ਵਿਚ ਬਹੁਤ ਸਾਰੇ ਵਿਸ਼ਿਆਂ ਦਾ ਸੁਮੇਲ ਹੈ। ਗਿਆਨ ਹਾਸਿਲ ਕਰਨ ਜਾਂ 'ਜਾਣੇ ਜਾਣ' ਰਾਹੀਂ ਹੋਣ ਵਾਲੇ ਸੁੱਖ ਦੀ ਅਨੁਭੂਤੀ ਦਾ ਆਧਾਰ ਵੀ ਦਾਰਸ਼ਨਿਕ ਰੁਚੀ ਹੈ। ਇਸ ਲਈ ਕਿਸੇ ਪਰਮ ਸੱਤਾ ਅਤੇ ਕੁਦਰਤ ਦੇ ਸਮਾਂਤਰ ਮਨੁੱਖੀ ਹੋਂਦ ਅਤੇ ਜੀਵਨ ਦੇ ਵਿਸਥਾਰ ਬਾਰੇ ਜਾਨਣਾ ਦਰਸ਼ਨ ਦਾ ਦਿਲਚਸਪ ਵਿਸ਼ਾ-ਖੇਤਰ ਰਿਹਾ ਹੈ। ਪਰ ਨਾਲ ਹੀ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਦਰਸ਼ਨ ਦੀ ਕੋਈ ਨਿਸ਼ਚਿਤਤਾਵਾਦੀ ਧਾਰਣਾ ਨਹੀਂ ਹੋ ਸਕਦੀ। ਗਿਆਨ ਹਾਸਿਲ ਕਰਨ ਦੀ ਯੋਗਤਾ ਮਨੁੱਖ ਦਾ ਦੈਵੀ ਗੁਣ ਹੈ, ਪਰ ਗਿਆਨ ਦੀ ਇਕ ਲਾਜ਼ਮੀ ਸ਼ਰਤ ਵਾਂਗ ਹਰ ਮਨੁੱਖ ਅਤੇ ਮਨੁੱਖੀ ਸਮਾਜ ਵਿਚ ਇਕਸਾਰਤਾ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਮਾਰਕਸ ਅਨੁਸਾਰ, "ਬੌਧਿਕਤਾ ਹਮੇਸ਼ਾ ਇਕਸਾਰ ਹੋਣੀ ਚਾਹੀਦੀ ਹੈ, ਪਰ ਇਸ ਵਿਚ ਦਸ਼ਾ ਅਤੇ ਗਤੀ ਦੇ ਪੱਖ ਤੋਂ ਅੰਤਰ ਆ ਹੀ ਜਾਂਦਾ ਹੈ। ਵਿਕਾਸ ਦੇ ਇਸ ਅੰਤਰ ਵਿਚ ਚਿੰਤਨ ਕੀਤੇ ਜਾਣ ਵਾਲੇ ਸਰੀਰਕ ਅੰਗ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ।"5
ਜੇਕਰ ਗਿਆਨ ਹਾਸਿਲ ਕਰਨ ਅਤੇ ਤਰਕ ਕਰਨ ਦੀ ਸਰੀਰਕ ਯੋਗਤਾ ਸਾਰੇ ਮਨੁੱਖਾਂ ਵਿਚ ਇਕਸਾਰ ਹੈ ਤਾਂ ਸੋਝੀ ਦਾ ਵਿਕਾਸ ਸਾਰੇ ਮਨੁੱਖਾਂ ਜਾਂ ਮਨੁੱਖੀ ਸਮਾਜਾਂ ਵਿਚ ਇਕਸਾਰ ਕਿਉਂ ਨਹੀਂ। ਇਸ ਦਾ ਕਾਰਨ ਵੱਖ-ਵੱਖ ਸਮਾਜਾਂ ਦੀਆਂ ਵੱਖ-ਵੱਖ ਕਿਰਤ ਸਰਗਰਮੀਆਂ, ਉਤਪਾਦਨ ਦੇ ਮੁਖ਼ਤਲਿਫ਼ ਹਾਲਾਤ ਅਤੇ ਵੱਖ-ਵੱਖ ਸਮਾਜਾਂ ਦੀਆਂ ਅੱਡਰੀਆਂ ਸਮਾਜਕ-ਆਰਥਕ ਸਥਿਤੀਆਂ ਸਨ। ਦੂਜੇ ਸ਼ਬਦਾਂ ਵਿਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿਨ੍ਹਾਂ ਮਨੁੱਖੀ ਸਮਾਜਾਂ ਨੇ ਪਦਾਰਥਕ ਵਿਕਾਸ ਦੀ ਤੇਜ਼ ਗਤੀ ਧਾਰਨ ਕੀਤੀ ਤੇ ਜਿਨ੍ਹਾਂ ਸਮਾਜਾਂ ਵਿਚ ਉਤਪਾਦਕ ਸ਼ਕਤੀਆਂ ਇਕ ਵਿਸ਼ੇਸ਼ ਵਰਗ ਦੇ ਅਧਿਕਾਰ ਵਿਚ ਆ ਗਈਆਂ ਉਨ੍ਹਾਂ ਵਿਚ ਪ੍ਰਕਿਰਤੀ ਦੇ ਆਧਾਰ 'ਤੇ ਕੰਮਾਂ ਦੀ ਵੰਡ ਤਿੱਖੀ ਹੋ ਗਈ। ਕਰੜੀ ਸਰੀਰਕ ਮੁਸ਼ੱਕਤ ਇਕ ਖਾਸ ਵਰਗ ਦੇ ਹਿੱਸੇ ਆ ਗਈ ਤੇ ਇਕ ਵਰਗ ਇਸ ਮਿਹਨਤ ਤੋਂ ਬਚ ਗਿਆ। ਉਸ ਵਰਗ ਵਿੱਚੋਂ ਹੀ ਕੁਝ ਲੋਕ ਦਿਮਾਗੀ ਵਿਚਾਰਾਂ ਤੇ ਮਨੁੱਖੀ ਵਜੂਦ ਦੇ ਸੁਆਲਾਂ ਬਾਰੇ ਸੋਚ ਕੇ ਉਨ੍ਹਾਂ ਦੇ ਉੱਤਰ ਤਲਾਸ਼ਣ ਵਿਚ ਜੁੱਟ ਗਏ। ਦੂਜੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਦਰਸ਼ਨ ਸ਼੍ਰੇਣੀ-ਘੋਲ ਵਾਲੇ ਸਮਾਜਾਂ ਵਿਚ ਉਤਪਾਦਨ ਦਾ
ਇਕ ਸਹਿ-ਰੂਪ ਹੈ ਜੋ ਜੀਵਨ ਦੇ ਵਿਕਾਸ ਤੋਂ ਪ੍ਰਭਾਵਿਤ ਵੀ ਹੁੰਦਾ ਹੈ ਤੇ ਉਸਨੂੰ ਪ੍ਰਭਾਵਿਤ ਕਰਨ ਦੇ ਦੁਵੱਲੇ ਸੰਬੰਧਾਂ ਨਾਲ ਜੁੜਿਆ ਹੁੰਦਾ ਹੈ। ਇਸ ਲਈ ਦਰਸ਼ਨ ਦੀ ਉਤਪਤੀ ਕਿਸੇ ਵਿਸ਼ੇਸ਼ ਸਮਾਜ ਦੀਆਂ ਕਿਰਤ ਸੰਬੰਧੀ ਗਤੀਵਿਧੀਆਂ ਅਤੇ ਉਨ੍ਹਾਂ ਦੀ ਰਾਜਨੀਤਿਕ ਭਾਗੀਦਾਰੀ ਤੋਂ ਪ੍ਰਭਾਵਿਤ ਹੁੰਦੀ ਹੈ। ਮਾਰਕਸ ਕਹਿੰਦਾ ਹੈ ਕਿ 'ਦਾਰਸ਼ਨਿਕ ਵਿਸ਼ਲੇਸ਼ਣ ਲਈ ਵਧੇਰੇ ਦਲੇਰ ਅਤੇ ਸੁਤੰਤਰ ਮਨ ਮੁੱਢਲੀਆਂ ਜ਼ਰੂਰਤਾਂ ਹੁੰਦੀਆਂ ਹਨ।6
ਇਸ ਪ੍ਰਸੰਗ ਵਿਚ ਦੇਖਿਆ ਜਾਵੇ ਤਾਂ ਇਹ ਵਿਸ਼ੇਸ਼ ਸਮਾਜਕ ਅਤੇ ਆਰਥਕ ਹਾਲਾਤ ਹੀ ਸਨ ਜਿਨ੍ਹਾਂ ਦੇ ਸਿੱਟੇ ਵਜੋਂ ਪੂਰਬ ਵਿਚ ਭਾਰਤ ਅਤੇ ਚੀਨ ਅਤੇ ਪੱਛਮ ਵਿਚ ਯੂਨਾਨ ਵਿਚ ਲਗਭਗ ਇੱਕੋ ਸਮੇਂ ਚਿੰਤਨ-ਸਰਗਰਮੀਆਂ ਆਰੰਭ ਹੋਈਆਂ। ਥੋੜ੍ਹੇ ਜਿਹੇ ਸਥਾਨਕ ਸੱਭਿਆਚਾਰ ਦਾ ਫਰਕ ਛੱਡ ਕੇ ਪੂਰਬ ਤੇ ਪੱਛਮ ਵਿਚ ਦਾਰਸ਼ਨਿਕਾਂ ਦੇ ਫ਼ਿਕਰ ਦੇ ਸਵਾਲ ਲਗਭਗ ਉਹੀ ਸਨ। ਮਨੁੱਖ ਦੇ ਕੁਦਰਤ ਨਾਲ ਸੰਬੰਧ ਤੇ ਇਸ ਬ੍ਰਹਿਮੰਡ ਦੀ ਚਾਲਕ ਸ਼ਕਤੀ ਸੰਬੰਧੀ ਜਗਿਆਸਾ ਇਨ੍ਹਾਂ ਸਵਾਲਾਂ ਦੇ ਕੇਂਦਰ ਵਿਚ ਸੀ। ਜਿਵੇਂ ਸ੍ਰਿਸ਼ਟੀ ਕੀ ਹੈ? ਦੁਨੀਆਂ ਕਿਵੇਂ ਬਣੀ? ਚੰਦ, ਸੂਰਜ, ਸਿਤਾਰੇ ਕੀ ਹਨ? ਮਨੁੱਖ ਦੀ ਹੋਂਦ ਕੀ ਹੈ? ਕੁਦਰਤ ਦੀ ਚਾਲਕ ਸ਼ਕਤੀ ਕੌਣ ਹੈ? ਮਨੁੱਖੀ ਜੀਵਨ ਦਾ ਉਦੇਸ਼ ਕੀ ਹੈ? ਮੌਤ ਕੀ ਹੈ? ਆਤਮਾ ਤੇ ਜੀਵਾਤਮਾ ਦੇ ਆਪਸੀ ਸੰਬੰਧ ਕੀ ਹਨ? ਅਤੇ ਮਨੁੱਖ ਕਿਹੜੇ ਕਾਰਜਾਂ ਨਾਲ ਆਪਣੀ ਤੇ ਸਮਾਜ ਦੀ ਬਿਹਤਰੀ ਕਰ ਸਕਦਾ ਹੈ? ਥੋੜ੍ਹੇ-ਬਹੁਤੇ ਫ਼ਰਕ ਨਾਲ ਇਹ ਸਾਰੇ ਸਵਾਲ ਭਾਰਤ, ਚੀਨ ਅਤੇ ਯੂਨਾਨ ਦੀਆਂ ਮੁੱਢਲੀਆਂ ਚਿੰਤਨ-ਸਰਗਰਮੀਆਂ ਦੇ ਭਾਰੂ ਫ਼ਿਕਰ ਰਹੇ ਹਨ। ਭਾਰਤ ਵਿਚ ਫ਼ਲਸਫ਼ੇ ਲਈ ਸ਼ਬਦ 'ਦਰਸ਼ਨ' ਵਰਤਿਆ ਗਿਆ, ਜਿਸਦੇ ਅਰਥ ਹੀ ਦੇਖਣਾ ਹੁੰਦੇ ਹਨ। ਕੇਵਲ ਬਾਹਰੀ ਅੱਖਾਂ ਨਾਲ ਦੇਖਣਾ ਨਹੀਂ ਬਲਕਿ ਅੰਤ੍ਰੀਵ ਸੋਝੀ ਨਾਲ ਦੇਖਣਾ ਹੀ ਦਰਸ਼ਨ ਹੈ। ਮਨੁੱਖ ਜਿਸ ਬ੍ਰਹਿਮੰਡ ਦਾ ਹਿੱਸਾ ਹੈ, ਉਸ ਨਾਲ ਮਨੁੱਖੀ ਸੰਬੰਧਾਂ ਨੂੰ ਸਮਝਣਾ ਦਰਸ਼ਨ ਦੇ ਸੰਕਲਪ ਵਜੋਂ ਲਏ ਜਾ ਸਕਦੇ ਹਨ। ਇੱਥੇ ਇਹ ਯਾਦ ਰੱਖਣ ਦੀ ਲੋੜ ਵੀ ਹੈ ਕਿ ਦਰਸ਼ਨ ਮਨੁੱਖ ਦੇ ਬਾਹਰੀ ਸੰਸਾਰ ਬਾਰੇ ਕੁਝ ਵਿਚਾਰਾਂ ਦਾ ਠੁੱਲ੍ਹਾ ਸੰਗ੍ਰਹਿ ਨਹੀਂ ਬਲਕਿ ਇਨ੍ਹਾਂ ਵਿਚਾਰਾਂ ਦੇ ਮੁੜਵੇਂ ਪ੍ਰਭਾਵ ਵਜੋਂ ਮਨੁੱਖੀ ਵਿਹਾਰ ਅਤੇ ਬੌਧਿਕ ਸਰਗਰਮੀ ਨੂੰ ਨਿਰਧਾਰਤ ਕਰਨ ਦੀ ਕਿਰਿਆ ਵੀ ਦਰਸ਼ਨ ਦਾ ਰੂਪ ਹੈ। ਫ਼ਲਸਫ਼ਾ ਭਾਵੇਂ ਓਪਰੀ ਨਜ਼ਰੇ ਵਿਗਿਆਨ ਜਾਪਦਾ ਹੈ ਤੇ ਇਹ ਵਿਗਿਆਨ ਹੈ ਵੀ, ਪਰ ਇਹ ਵਿਗਿਆਨ ਕੁਦਰਤ, ਸਮਾਜ ਅਤੇ ਮਨੁੱਖੀ ਚਿੰਤਨ ਦੇ ਸਾਧਾਰਣ ਨੇਮਾਂ ਦੀ ਪੜਤਾਲ ਕਰਦਾ ਹੈ। ਇਸ ਦੇ ਬੋਧਾਤਮਕ, ਸਮਾਜਕ ਅਤੇ ਵਿਚਾਰਧਾਰਕ ਮੰਤਵ ਨੂੰ ਸਮਝ ਕੇ ਹੀ ਮਨੁੱਖੀ ਸਭਿਅਤਾ ਦੇ ਇਤਿਹਾਸਕ ਵਿਕਾਸ ਵਿਚ ਦਰਸ਼ਨ ਦੇ ਮਹੱਤਵ ਨੂੰ ਉਲੀਕਿਆ ਜਾ ਸਕਦਾ ਹੈ।
ਹੁਣ ਤੱਕ ਦਾ ਸਾਰੇ ਸੰਸਾਰ ਦਾ ਦਾਰਸ਼ਨਿਕ ਇਤਿਹਾਸ ਮੁੱਖ ਤੌਰ 'ਤੇ ਦੇ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ। ਇਹ ਦੋਵੇਂ ਵਰਗ ਆਪਣੇ-ਆਪਣੇ ਵਿਚਾਰਧਾਰਕ ਦ੍ਰਿਸ਼ਟੀਕੋਣ ਤੋਂ ਦਰਸ਼ਨ ਦੇ ਬੁਨਿਆਦੀ ਸਵਾਲਾਂ ਨਾਲ ਜੂਝਦੇ ਰਹੇ ਹਨ। ਇਸ ਸੰਬੰਧ ਵਿਚ ਫਰੈਡਰਿਕ ਏਂਗਲਜ਼ ਦੀ ਇਕ ਟੂਕ ਬਹੁਤ ਮਹੱਤਵਪੂਰਣ ਹੈ ਜੋ ਦਰਸ਼ਨ ਦੇ ਵਿਚਾਰਧਾਰਕ ਖ਼ਾਸੇ ਬਾਰੇ ਰੋਸ਼ਨੀ ਪਾਉਂਦੀ ਹੈ। ਉਸ ਅਨੁਸਾਰ "ਜਿਹੜੇ ਫ਼ਿਲਾਸਫ਼ਰ ਕੁਦਰਤ ਨਾਲੋਂ ਆਤਮਾ ਨੂੰ ਪਹਿਲ ਦਿੰਦੇ ਹਨ, ਉਹ ਆਦਰਸ਼ਵਾਦੀ ਗੁੱਟ ਦੇ ਹਨ। ਦੂਜੇ ਪਾਸੇ ਕੁਦਰਤ ਨੂੰ ਬੁਨਿਆਦੀ ਮੰਨਣ ਵਾਲੇ ਦਾਰਸ਼ਨਿਕਾਂ ਨੂੰ ਪਦਾਰਥਵਾਦ ਦੀਆਂ ਵੱਖ-ਵੱਖ ਸ਼ਾਖਾਵਾਂ ਨਾਲ ਜੋੜਿਆ ਜਾ ਸਕਦਾ ਹੈ।" ਏਂਗਲਜ਼ ਇਸ ਟੂਕ ਰਾਹੀਂ ਦਰਸ਼ਨ ਦੇ ਮੂਲ ਸਵਾਲ ਵੱਲ ਸੰਕੇਤ ਹੀ ਨਹੀਂ ਕਰਦਾ ਬਲਕਿ ਦਰਸ਼ਨ ਦੇ ਸਮੁੱਚੇ ਇਤਿਹਾਸ ਦੀ ਰੂਪ-ਰੇਖਾ ਉਲੀਕ ਦਿੰਦਾ ਹੈ। ਮਨੁੱਖ ਦੀ ਚੇਤਨਾ ਆਪਣੇ ਸਾਰੇ ਕਾਰਜਾਂ ਰਾਹੀਂ ਗਿਆਨ ਹਾਸਲ ਕਰਨ ਵਾਲੇ ਅਤੇ ਜਿਸ ਬਾਰੇ ਗਿਆਨ ਹਾਸਲ ਕੀਤਾ ਜਾ ਰਿਹਾ ਹੋਵੇ, ਵਿਚਕਾਰ ਸੰਬੰਧ ਸਥਾਪਿਤ ਕਰਦੀ ਹੈ। ਭਾਰਤੀ ਦਾਰਸ਼ਨਿਕ ਪਦਾਵਲੀ ਵਿਚ ਇਸਨੂੰ ਆਤਮ ਅਤੇ ਅਨਾਤਮ ਦੇ ਸੰਬੰਧ ਵਜੋਂ ਪੇਸ਼ ਕੀਤਾ ਜਾਂਦਾ ਰਿਹਾ ਹੈ। ਇਸਨੂੰ ਚੇਤਨਾ ਬਨਾਮ ਪਦਾਰਥ ਜਾਂ ਰੂਹਾਨੀਅਤ ਬਨਾਮ ਕੁਦਰਤ ਦੇ ਸੰਬੰਧ ਵਜੋਂ ਵੀ ਵਿਆਖਿਆਇਆ ਜਾਂਦਾ ਹੈ। ਇਨ੍ਹਾਂ ਸੰਬੰਧਾਂ ਦੀ ਵਿਆਖਿਆ ਲਈ ਦਰਸ਼ਨ-ਸ਼ਾਸਤਰ ਪਦਾਰਥਵਾਦੀ ਅਤੇ ਆਦਰਸ਼ਵਾਦੀ ਵਿਧੀਆਂ ਵਰਤਦਾ ਹੈ। ਦਰਸ਼ਨੀ ਰੁਚੀਆਂ ਦੇ ਆਰੰਭ ਤੋਂ ਹੀ ਪੂਰਬ ਅਤੇ ਪੱਛਮ ਵਿਚ ਇਹ ਦੋਵੇਂ ਵਿਧੀਆਂ ਬਹੁਤ ਪ੍ਰਚਲਿਤ ਰਹੀਆਂ ਹਨ। ਆਦਰਸ਼ਵਾਦੀ ਵਿਧੀ ਸਮੂਹ ਪਦਾਰਥਕ ਜਗਤ ਨੂੰ ਰੂਹਾਨੀਅਤ/ਅਦਿੱਖ ਸੰਸਾਰ ਦੀ ਉਪਜ ਕਹਿੰਦੇ ਹਨ ਜਦਕਿ ਪਦਾਰਥਵਾਦੀ ਹਰ ਤਰ੍ਹਾਂ ਦੇ ਵਿਚਾਰਕ ਜਗਤ, ਸਮੇਤ ਰੂਹਾਨੀਅਤ ਦੇ, ਨੂੰ ਪਦਾਰਥਕ ਸੰਸਾਰ ਦੇ ਪ੍ਰਭਾਵਵੱਸ ਪੈਦਾ ਹੋਇਆ ਮੰਨਦੇ ਹਨ।
ਫ਼ਲਸਫ਼ਾ ਜਾਂ ਦਰਸ਼ਨ ਈਸਾ ਪੂਰਵ ਇਕ ਹਜ਼ਾਰ ਸਾਲ ਦੇ ਆਸ-ਪਾਸ ਮਨੁੱਖੀ ਚਿੰਤਨ ਦੇ ਕੇਂਦਰ ਵਿਚ ਆਉਂਦਾ ਹੈ। ਪੂਰਬ ਵਿਚ ਪੈਦਾ ਹੋਇਆ ਚਿੰਤਨ ਵਿਸ਼ੇਸ਼ ਕਰਕੇ ਭਾਰਤੀ ਦਰਸ਼ਨ ਆਤਮਾ-ਪਰਮਾਤਮਾ ਦੇ ਸੰਬੰਧਾਂ ਨੂੰ ਵਧੇਰੇ ਮੁਖ਼ਾਤਿਬ ਹੋਇਆ। ਡਾ. ਰਾਧਾ ਕ੍ਰਿਸ਼ਨਨ ਭਾਰਤੀ ਦਰਸ਼ਨ ਨੂੰ ਅਧਿਆਤਮਵਾਦੀ ਦਰਸ਼ਨ ਆਖਦਾ ਹੈ। ਭਾਵੇਂ ਭਾਰਤ ਵਿਚ ਪਦਾਰਥਵਾਦੀ ਦਰਸ਼ਨ ਦੀਆਂ ਕਈ ਸਮਾਂਤਰ ਸ਼ਾਖਾਵਾਂ ਵੀ ਪੈਦਾ ਹੁੰਦੀਆਂ ਰਹੀਆਂ, ਪਰ ਸੱਤਾ ਨਾਲ ਸੰਬੰਧਾਂ ਦੇ ਆਪਣੇ ਵਿਚਾਰਧਾਰਕ ਪੈਂਤੜੇ ਕਾਰਨ ਅਧਿਆਤਮ ਦੀ ਮੂਲ ਸੁਰ ਭਾਰਤੀ ਦਰਸ਼ਨ ਵਿਚ ਭਾਰੂ ਰਹੀ। ਇਸਦੇ ਮੁਕਾਬਲੇ ਪ੍ਰਾਚੀਨ ਯੂਨਾਨ ਵਿਚ ਭੌਤਿਕਤਾ, ਤਰਕ ਅਤੇ ਨੀਤੀ ਦੇ ਰੂਪ ਵਿਚ ਕਈ ਸ਼ਾਖਾਵਾਂ ਇੱਕੋ ਸਮੇਂ ਪੈਦਾ ਹੋਈਆਂ। ਯੂਨਾਨੀ ਦਰਸ਼ਨ
ਵਿਚ ਵਿਸ਼ੇਸ਼ ਸੰਦਰਭ ਵਿਚ ਮਨੁੱਖਾਂ ਦੇ ਗਿਆਨ-ਯੋਗ ਕੇਂਦਰ ਨਾਲ ਸੰਬੰਧ ਬਣਾਉਣ ਦੀ ਜਿਗਿਆਸਾ ਪਈ ਹੈ। ਯੂਨਾਨੀ ਦਰਸ਼ਨ ਅਨੁਸਾਰ ਭੌਤਿਕ ਜਗਤ ਬਾਹਰੀ ਪਸਾਰਾ ਹੈ, ਨੀਤੀ ਪਰਮ ਸੱਚ ਦੀ ਵਿਆਖਿਆ ਹੈ ਤੇ ਤਰਕ ਰਾਹੀਂ ਇਨ੍ਹਾਂ ਦੇ ਆਪਸੀ ਸੰਬੰਧਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਦਰਸ਼ਨ ਦੇ ਚਾਰੇ ਪ੍ਰਮੁੱਖ ਪੱਖਾਂ ਧਰਮ-ਸ਼ਾਸਤਰ, ਭੌਤਿਕਤਾ, ਨੈਤਿਕਤਾ ਅਤੇ ਪ੍ਰਾਭੌਤਿਕਵਾਦ ਬਾਰੇ ਲੰਮਾ ਚਿੰਤਨ ਯੂਨਾਨੀ ਦਰਸ਼ਨ ਦੇ ਆਰ-ਪਾਰ ਫੈਲਿਆ ਹੋਇਆ ਮਿਲਦਾ ਹੈ।
ਬਿਨਾ ਸ਼ੱਕ ਜਿਗਿਆਸਾ ਜਾਂ ਗਿਆਨ ਹਾਸਲ ਕਰਨ ਦੀ ਲਾਲਸਾ ਦਰਸ਼ਨ ਦੇ ਪੈਦਾ ਹੋਣ ਦਾ ਮੂਲ ਕਾਰਨ ਰਹੀ ਪਰ ਜਿਵੇਂ ਕਿ ਪਹਿਲਾਂ ਵਿਚਾਰਿਆ ਗਿਆ ਹੈ ਪਦਾਰਥਕ ਕਾਰਨਾਂ ਨੂੰ ਸਹੀ ਸੰਦਰਭ ਵਿਚ ਜਾਣੇ ਬਿਨਾਂ ਦਰਸ਼ਨ ਦੀ ਉਤਪਤੀ ਦਾ ਸਹੀ ਤਰਕ ਨਹੀਂ ਉਸਾਰਿਆ ਜਾ ਸਕਦਾ। ਯੂਨਾਨ ਭੂ-ਮੱਧ ਸਾਗਰ ਦੇ ਉੱਤਰ-ਪੂਰਬ ਵਿਚ ਸਥਿਤ ਛੋਟੇ-ਛੋਟੇ ਟਾਪੂਆਂ ਦਾ ਸਮੂਹ ਹੈ, ਜੋ ਪੁਰਾਤਨ ਕਾਲ ਵਿਚ ਕਈ ਰਾਜਾਂ ਵਿਚ ਵੰਡਿਆ ਹੋਇਆ ਸੀ। ਇਨ੍ਹਾਂ ਰਾਜਾਂ ਵਿਚਕਾਰ ਸੱਤਾ ਦੀ ਕਾਇਮੀ ਲਈ ਲਗਾਤਾਰ ਇਕ ਸੰਘਰਸ਼ ਚੱਲਦਾ ਰਹਿੰਦਾ ਸੀ। ਇਸ ਸੰਘਰਸ਼ ਨੇ ਯੂਨਾਨੀ ਰਾਜਾਂ ਦੇ ਇਤਿਹਾਸ ਵਿਚ ਕਈ ਖੂਨੀ ਅਧਿਆਇ ਵੀ ਦਰਜ ਕਰਵਾਏ। ਨਾਲ ਹੀ ਇਸ ਸੰਘਰਸ਼ ਦੇ ਸਿੱਟੇ ਵਜੋਂ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਬਿਹਤਰ ਮਨੁੱਖੀ ਸਮੂਹਾਂ ਦੀ ਸਿਰਜਣਾ ਦਾ ਸੁਪਨਾ ਵੀ ਇਨ੍ਹਾਂ ਰਾਜਾਂ ਦੇ ਸ਼ਹਿਰੀਆਂ ਨੇ ਦੇਖਿਆ। ਲੋਹਾ, ਤਾਂਬਾ ਤੇ ਹੋਰ ਧਾਤੂਆਂ ਦੀ ਖੋਜ ਵਿਕਸਿਤ ਹਥਿਆਰਾਂ ਲਈ ਹੀ ਨਹੀਂ ਹੋਈ ਸਗੋਂ ਮਨੁੱਖੀ ਵਰਤੋਂ ਦੀਆਂ ਕਈ ਚੀਜ਼ਾਂ ਇਨ੍ਹਾਂ ਧਾਤਾਂ ਰਾਹੀਂ ਹੋਂਦ ਵਿਚ ਆਈਆਂ। ਫੌਜਾਂ ਦੀ ਆਮਦ-ਰਫ਼ਤ ਲਈ ਜਲ-ਮਾਰਗਾਂ ਦੀ ਵਰਤੋਂ ਦੀ ਲੋੜ ਨੇ ਕਿਸ਼ਤੀਆਂ ਬਣਾਉਣ ਵਿਚ ਯੂਨਾਨੀ ਲੋਕਾਂ ਨੂੰ ਮਾਹਰ ਬਣਾ ਦਿੱਤਾ। ਸੈਕਟ ਕਾਲ ਵਿਚ ਸ਼ਹਿਰੀਆਂ ਦੀ ਹਿਫ਼ਾਜ਼ਤ ਲਈ ਇਮਾਰਤਸਾਜ਼ੀ ਦੀ ਕਲਾ ਵਿਗਸੀ ਤੇ ਘੇਰਾਬੰਦੀ ਦੌਰਾਨ ਆਪਣੇ ਸ਼ਹਿਰੀਆਂ ਦੀ ਢਿੱਡ ਭਰਨ ਦੀ ਚਿੰਤਾ ਨੇ ਖੇਤੀ ਉਤਪਾਦਨ ਵਿਚ ਵਾਧੇ ਲਈ ਹਾਲਾਤ ਪੈਦਾ ਕੀਤੇ। ਸ਼ਹਿਰੀਕਰਨ, ਆਰਾਮਦਾਇਕ ਘਰਾਂ ਤੇ ਮੌਸਮ ਦੀ ਮਾਰ ਰੋਕਣ ਲਈ ਕੱਪੜਿਆਂ ਦੀ ਕਾਢ ਪ੍ਰਤੀ ਖਾਸ ਰੁਝਾਨ ਉਸ ਦੌਰ ਦੇ ਯੂਨਾਨ ਵਿਚ ਦੇਖਣ ਨੂੰ ਮਿਲਦਾ ਹੈ। ਦਸਤਕਾਰੀ ਦਾ ਵਿਕਾਸ ਇਸ ਸਭ ਦੇ ਸਮਾਂਤਰ ਹੋਇਆ। ਇਹ ਸਾਰੇ ਹਾਲਾਤ ਮਨੁੱਖੀ ਮਨ ਵਿਚ ਹੋਂਦ ਦੇ ਮੂਲ ਸਵਾਲਾਂ ਪ੍ਰਤੀ ਜਾਗਰੂਕ ਹੋਣ ਲਈ ਐਨ ਅਨੁਕੂਲ ਸਨ।
ਯੂਨਾਨ ਵਿਚ ਦਰਸ਼ਨ ਦੇ ਆਰੰਭ ਬਾਰੇ ਵਿਦਵਾਨਾਂ ਦੇ ਮੱਤ ਭਿੰਨ-ਭਿੰਨ ਹਨ। ਯੂਨਾਨੀ ਦਾਰਸ਼ਨਿਕ ਧਾਰਨਾਵਾਂ ਨੂੰ ਪੂਰਬ ਵਿਚ ਪੈਦਾ ਹੋਈਆਂ ਮੰਨਣ ਵਾਲੇ ਚਿੰਤਕਾਂ ਵਿਚ ਕਲੇਮੇਂਟ ਅਤੇ ਯੂਸੇਬਿਅਸ ਕੁਡਵਰਥ ਆਦਿ ਦਾਰਸ਼ਨਿਕ ਹਨ। ਦੂਜੇ
ਵਿਚਾਰ ਅਨੁਸਾਰ ਯੂਨਾਨ ਹੀ ਸਥਾਨਕ ਦਰਸ਼ਨ ਦੀ ਜਨਮ ਭੂਮੀ ਹੈ। ਜ਼ੇਲਰ ਇਕ ਵਿਚਾਰ ਦਾ ਸਭ ਤੋਂ ਵੱਡਾ ਸਮਰਥਕ ਹੈ। ਭਾਵੇਂ ਯੂਨਾਨੀ ਦਾਰਸ਼ਨਿਕਾਂ ਦੇ ਪੂਰਾ ਨਾਲ ਸੰਬੰਧਾਂ ਕਾਰਨ ਦਾਰਸ਼ਨਿਕ ਲੱਭਤਾਂ ਦੀ ਸਮਾਨਤਾ ਪਾਈ ਜਾਂਦੀ ਹੈ ਪਰ ਤਾ ਵੀ ਯੂਨਾਨੀ ਦਰਸ਼ਨ ਨੂੰ ਨਿਰੋਲ ਪੂਰਬ ਦੀ ਦੇਣ ਕਹਿਣਾ ਗਲਤ ਹੋਵੇਗਾ। ਪੁਰਾਤਨ ਯੂਨਾਨੀ ਦਾਰਸ਼ਨਿਕਾਂ ਦੇ ਸਿਧਾਂਤਾਂ ਵਿਚ ਮੁੱਢਲੀ ਅਵਸਥਾ ਦੀ ਸਾਦਗੀ ਅਤੇ ਆਜ਼ਾਦੀ ਮੌਜੂਦ ਹੈ ਅਤੇ ਮੱਧਯੁਗ ਤੱਕ ਇਸਦੇ ਮਗਰਲੇ ਵਿਕਾਸ ਵਿਚ ਐਸੇ ਨਿਸ਼ਾਨ ਨਹੀਂ ਮਿਲਦੇ ਜਿਨ੍ਹਾਂ ਨਾਲ ਇਸ ਦਾਰਸ਼ਨਿਕ ਪੱਧਤੀ ਨੂੰ ਨਿਰੋਲ ਵਿਦੇਸ਼ੀ ਸਾਬਿਤ ਕੀਤਾ ਜਾ ਸਕੇ। ਬਾਹਰਲੇ ਪ੍ਰਭਾਵਾਂ ਵਾਲੇ ਦਿਸਦੇ ਅਸਰ ਵੀ ਯਵਨ ਸਭਿਅਤਾ ਦੀ ਹੀ ਦੇਣ ਹਨ।9
ਯੂਨਾਨ ਵਿਚ ਪੁਰਾਤਨ ਬਸਤੀਆਂ ਦੇ ਵਸੇਬੇ ਦੀ ਸ਼ੁਰੂਆਤ 10 ਹਜ਼ਾਰ ਈ. ਪੂ. ਤੋਂ ਲੈ ਕੇ 3 ਹਜ਼ਾਰ ਈ. ਪੂ. ਦੌਰਾਨ ਹੋਈ। ਯੂਨਾਨੀ ਸਮਾਜ ਲੰਮੇ ਇਤਿਹਾਸਕ ਵਿਕਾਸ ਵਿੱਚੋਂ ਲੰਘਦਾ ਹੋਇਆ, ਯੁੱਗ-ਗਰਦੀਆਂ ਹੰਢਾਉਂਦਾ, ਜਨਜਾਤੀ ਸੰਗਠਨ ਤੋਂ ਵਿਕਾਸ ਕਰਕੇ ਰਾਠਸ਼ਾਹੀ ਤੱਕ ਪਹੁੰਚਦਾ ਹੈ। ਕੁਲੀਨ ਤੰਤਰ ਦੇ ਵਿਕਾਸ ਨੇ ਜਨਮ ਦੇ ਮੁਕਾਬਲੇ ਯੋਗਤਾ ਨੂੰ ਰਾਜ-ਕਾਜ ਲਈ ਮੁੱਢਲਾ ਨਿਯਮ ਬਣਾ ਦਿੱਤਾ। ਰਾਜਤੰਤਰ ਤੋਂ ਕੁਲੀਨਤਾ ਅਕਤੇ ਕੁਲੀਨਤਾ ਤੋਂ ਨਿਰੰਕੁਸ਼ਤਾ ਤੱਕ ਦੇ ਸਫ਼ਰ ਦੌਰਾਨ ਸਾਧਾਰਣ ਬੰਦੇ ਦੀ ਯੋਗਤਾ ਅਤੇ ਹੌਸਲਾ ਅਹਿਮ ਤੱਤ ਬਣੇ। ਵੱਡੀਆਂ ਤਾਕਤਾਂ ਨੇ ਵਿਕਸਿਤ ਹੋ ਰਹੇ ਯੂਨਾਨੀ ਰਾਜਾਂ ਵੱਲ ਮੂੰਹ ਕੀਤਾ। ਫ਼ਾਰਸ ਨਾਲ ਹੋਏ ਭਿਆਨਕ ਯੁੱਧਾਂ ਨੇ ਨਾ ਸਿਰਫ਼ ਰਾਜਾਂ ਜਿਵੇਂ ਸਪਾਰਟਾ ਅਤੇ ਏਥਨਜ਼ ਆਦਿ ਦੇ ਸੁਮੇਲ ਨੂੰ ਉਤਸ਼ਾਹਿਤ ਕੀਤਾ ਬਲਕਿ ਸਾਂਝੇ ਰਾਜ ਲਈ ਸ਼ਾਸਕ-ਵਿਵਸਥਾ ਵਜੋਂ ਲੋਕਤੰਤਰ ਸਭ ਤੋਂ ਸੁਖਾਵਾਂ ਬਦਲ ਬਣ ਗਿਆ। ਲੋਕਾਂ ਨੇ ਵਿਸ਼ੇਸ਼ ਕਰਕੇ ਸੰਕਟ ਦੌਰਾਨ ਸ਼ਾਸਨ-ਵਿਵਸਥਾ ਨੂੰ ਆਪ ਚੁਣੀ ਹੋਈ ਸੰਸਦ ਦੇ ਹੱਥਾਂ ਵਿਚ ਦੇਣ ਦੀ ਪਿਰਤ ਪਾ ਲਈ। 481-479 ਈ. ਪੂ. ਤੱਕ ਫ਼ਾਰਸ ਨਾਲ ਹੋਏ ਤਬਾਹਕਾਰੀ ਯੁੱਧ ਵਿਚ ਯੂਨਾਨ ਦੀ ਹੋਣੀ ਨੇ ਲੋਕਤੰਤਰੀ ਵਿਧੀ ਨੂੰ ਪੱਕੇ ਪੈਰੀਂ ਕਰ ਦਿੱਤਾ। ਲੋਕਤੰਤਰ ਸਿਰਫ਼ ਇਕ ਰਾਜ-ਕਾਜੀ ਵਿਧੀ ਨਾ ਹੋ ਕੇ ਜਨ-ਸਾਧਾਰਣ ਦੀ ਪ੍ਰਤੀਨਿਧਤਾ ਦਾ ਤਰੀਕਾ ਵੀ ਹੈ। ਲੋਕਤੰਤਰੀ ਵਿਧੀ ਸਾਰੇ ਲੋਕਾਂ ਨੂੰ ਆਪਣੇ ਵਿਚਾਰਾਂ ਨੂੰ ਘੋਖਣ ਤੇ ਉਨ੍ਹਾਂ ਦੀ ਪਰਖ ਦੀ ਕਸੌਟੀ ਵੀ ਆਪ ਨਿਰਧਾਰਤ ਕਰਨਾ ਸਿਖਾਉਣ ਵਾਲੀ ਕਲਾ ਸੀ। ਯੂਨਾਨ ਦੀ ਸਾਂਝੀ ਰਾਜਧਾਨੀ ਵਜੋਂ ਵਿਕਸਿਤ ਹੋਇਆ ਏਥਨਜ਼ ਸ਼ਹਿਰ ਵਿਚਾਰਾਂ ਦੇ ਭੇੜ ਦਾ ਮੰਚ ਵੀ ਬਣਿਆ। ਜ਼ਿੰਦਗੀ ਬਾਰੇ ਵੱਖਰੇ-ਵੱਖਰੇ ਦ੍ਰਿਸ਼ਟੀਕੋਣ ਰੱਖਣ ਵਾਲੇ ਵਿਚਾਰ ਆਪਸ ਵਿਚ ਭਿੜੇ ਅਤੇ ਕਿਸੇ ਅੰਤਮ ਸੱਚ ਦੀ ਖੋਜ ਦੀ ਇੱਛਾ ਨਾਲ ਇਕ ਸੰਵਾਦ ਦਾ ਹਿੱਸਾ ਬਣੇ। ਏਥਨਜ਼ ਵਿਚ ਏਸ਼ੀਆ ਮਾਈਨਰ ਤੋਂ
ਆ ਵਸੇ ਲੋਕ ਅਤੇ ਉਨ੍ਹਾਂ ਦੇ ਵਪਾਰ, ਕਲਾ, ਸ਼ਿਲਪ ਤੇ ਰਾਜਨੀਤੀ ਸੰਬੰਧੀ ਅਲੱਗ ਵਿਚਾਰਾਂ ਨੇ ਯੂਨਾਨੀ ਦਰਸ਼ਨ ਨੂੰ ਵਿਵਿਧਤਾ ਪ੍ਰਦਾਨ ਕੀਤੀ। ਇਨ੍ਹਾਂ ਲੋਕਾਂ ਦੀ ਯੂਨਾਨੀ ਦਰਸ਼ਨ ਵਿਚ ਦਖ਼ਲਅੰਦਾਜ਼ੀ ਨਾਲ ਹੀ ਪੂਰਬ ਦੇ ਪ੍ਰਭਾਵ ਵਿਚ ਅਤੇ ਪੁਰਬ ਦੇ ਪ੍ਰਭਾਵ ਤੋਂ ਮੁਕਤ ਯੂਨਾਨੀ ਦਾਰਸ਼ਨਿਕ ਧਾਰਨਾਵਾਂ ਬਾਰੇ ਬਹਿਸ ਛਿੜਦੀ ਹੈ। ਇਸ ਸੰਬੰਧੀ ਗਲੈਡੀਸ਼ ਦੀ ਧਾਰਨਾ ਬੜੀ ਗੌਲਣਯੋਗ ਅਤੇ ਅਹਿਮ ਹੈ ਕਿ, "ਸੁਕਰਾਤ-ਪੂਰਬ ਯੂਨਾਨੀ ਦਰਸ਼ਨ ਵਿਚ ਸ੍ਰਿਸ਼ਟੀ ਵਿਗਿਆਨ ਸੰਬੰਧੀ ਪੰਜ ਪੂਰਬੀ ਖਿੱਤਿਆਂ ਦੇ ਸਿਧਾਂਤਾਂ ਨੂੰ ਬਿਨਾਂ ਕਿਸੇ ਵਿਸ਼ੇਸ਼ ਤਬਦੀਲੀ ਦੇ ਪੁਨਰ-ਪ੍ਰਸਤੁਤ ਕੀਤਾ ਗਿਆ ਹੈ। ਇਹ ਪੰਜ ਸਿਧਾਂਤ ਪੰਜ ਦਾਰਸ਼ਨਿਕਾਂ ਦੇ ਕਾਰਜ ਵਿਚ ਅਸਰ ਅੰਦਾਜ਼ ਦਿਖਾਈ ਦਿੰਦੇ ਹਨ:
(ੳ) ਚੀਨੀਆਂ ਦਾ ਦਰਸ਼ਨ ਪਾਇਥਾਗੋਰਸਵਾਦ ਵਿਚ
(ਅ) ਹਿੰਦੂਆਂ ਦਾ ਦਰਸ਼ਨ ਇਲੀਐਂਟਿਕਾ ਵਿਚ
(ੲ) ਫ਼ਾਰਸੀਆਂ ਦਾ ਦਰਸ਼ਨ ਹੇਰਾਕਲਾਈਟਸ ਵਿਚ
(ਸ) ਮਿਸਰੀਆਂ ਦਾ ਦਰਸ਼ਨ ਐਮਪੀਡੋਕਲੀਜ਼ ਵਿਚ
(ਹ) ਯਹੂਦੀਆਂ ਦਾ ਦਰਸ਼ਨ ਅਨੇਕਸਾਗੋਰਸ ਵਿਚ
ਮਨੁੱਖੀ ਸਭਿਅਤਾ ਦੇ ਵਿਕਾਸ ਵਿਚ ਕੁਝ ਐਸੀਆਂ ਵਿਸ਼ੇਸ਼ਤਾਵਾਂ ਹਨ ਜੋ ਉਸਦੇ ਮੂਲ ਨਾਲ ਸੰਬੰਧਿਤ ਹਨ ਤੇ ਥੋੜ੍ਹੇ-ਬਹੁਤੇ ਫਰਕ ਨਾਲ ਸਾਰੀਆਂ ਸਭਿਅਕ ਪੱਧਤੀਆਂ ਵਿਚਕਾਰ ਇਕਸਾਰ ਰੂਪ ਵਿਚ ਪਈਆਂ ਦਿਸਦੀਆਂ ਹਨ। ਯੂਨਾਨੀਆਂ ਦੇ ਪੁਰਾਤਨ ਦਾਰਸ਼ਨਿਕ ਰੁਝਾਨਾਂ ਉੱਪਰ ਨਜ਼ਰ ਆਉਣ ਵਾਲੇ ਪਰ-ਸੰਸਕ੍ਰਿਤਕ ਪ੍ਰਭਾਵ ਇੱਕੋ ਮੂਲ ਨਾਲ ਸੰਬੰਧਿਤ ਮਨੁੱਖੀ ਪਰਜਾਤੀਆਂ ਦੀਆਂ ਸਮਾਨ ਰੁਚੀਆਂ ਵਧੇਰੇ ਜਾਪਦੀਆਂ ਹਨ। ਇਸ ਦਾ ਅਰਥ ਇਹ ਨਹੀਂ ਕਿ ਉਨ੍ਹਾਂ ਵਿਚ ਦਾਰਸ਼ਨਿਕ ਧਾਰਨਾਵਾਂ ਦਾ ਆਦਾਨ-ਪ੍ਰਦਾਨ ਹੋਇਆ। ਜ਼ੇਲਰ ਇਸਨੂੰ ਆਰੰਭਲੀ ਨੈਤਿਕਤਾ ਦਾ ਸਰਵ-ਸਾਧਾਰਣ ਗੁਣ ਕਹਿੰਦਾ ਹੈ। ਇਸਦਾ ਅਰਥ ਇਹ ਹਰਗਿਜ਼ ਨਹੀਂ ਕਿ ਹੇਰਾਕਲਾਈਟਸ, ਬੇਲਜ਼ ਜਾਂ ਪਾਈਥਾਗੋਰਸ ਨੇ ਆਪਣੇ ਦਾਰਸ਼ਨਿਕ ਸਿਧਾਂਤ ਮਿਸਰੀ ਲੋਕਾਂ, ਹਿੰਦੂਆਂ ਜਾਂ ਚੀਨ ਵਾਸੀਆਂ ਤੋਂ ਉਧਾਰੇ ਲਏ। ਬਲਕਿ ਇਹ ਸਾਂਝ ਸਿੱਧ ਕਰਦੀ ਹੈ ਕਿ ਮਨੁੱਖੀ ਵਿਕਾਸ ਦਾ ਆਰੰਭਲਾ ਦੌਰ ਸਮਾਨਤਾ ਦੇ ਸਾਧਾਰਣ ਨੇਮਾਂ 'ਤੇ ਕੁਦਰਤੀ ਤੌਰ 'ਤੇ ਨਿਰਭਰ ਸੀ।"
ਯੂਨਾਨੀ ਦਰਸ਼ਨ ਦੇ ਲੰਮੇ ਵਿਕਾਸ ਪੜਾਅ ਦੀ ਰੂਪ-ਰੇਖਾ ਬਹੁਤ ਪ੍ਰਭਾਵਿਤ ਕਰਨ ਵਾਲੀ ਹੈ। ਸੁਕਰਾਤ ਤੋਂ ਪਹਿਲਾਂ ਦੇ ਯੂਨਾਨੀ ਦਰਸ਼ਨ ਵਿਚ ਬਹਿਮੰਡ
ਦੇ ਜਵਾਬ ਲੱਭਣ ਦੀ ਚਿੰਤਨੀ ਮੁਸ਼ੱਕਤ ਹੋ ਚੁੱਕੀ ਸੀ। ਸ੍ਰਿਸ਼ਟੀ, ਕੁਦਰਤ ਅਤੇ ਮਨੁੱਖੀ ਹੋਂਦ ਵਿਚਕਾਰ ਸਾਂਝ ਦੇ ਸਵਾਲਾਂ ਨੂੰ ਸੰਬੋਧਿਤ ਹੁੰਦਿਆਂ ਤਤਕਾਲੀ ਦਰਸ਼ਨ ਨੇ ਬਹੁਤ ਸਾਰੇ ਸਿੱਟੇ ਪੇਸ਼ ਕੀਤੇ ਜਿਹੜੇ ਗਿਆਨ-ਵਿਗਿਆਨ ਦੀਆਂ ਬਹਿਸਾਂ ਵਿਚ ਸ਼ਾਮਿਲ ਹੁੰਦੇ ਹੋਏ ਜਨ-ਬੋਧ ਦੀ ਸੂਝ ਦਾ ਹਿੱਸਾ ਬਣ ਚੁੱਕੇ ਹਨ। ਯੂਨਾਨੀ ਦਰਸ਼ਨ ਵਿਚ ਵੀ ਆਦਰਸ਼ਵਾਦੀ ਬਿਰਤੀ ਮੁੱਢਲੇ ਦੌਰ ਵਿਚ ਭਾਰੂ ਨਜ਼ਰ ਆਉਂਦੀ ਹੈ। ਧਰਮ ਅਤੇ ਅਧਿਆਤਮਕ ਵਿਚਾਰਾਂ ਦਾ ਪ੍ਰਭਾਵ ਅਤੇ ਮਨੁੱਖੀ ਵਿਕਾਸ ਨੂੰ ਕਿਸੇ ਦੈਵੀ-ਉਦੇਸ਼ ਨਾਲ ਜੋੜ ਕੇ ਮੁੱਢਲੇ ਯੂਨਾਨੀ ਦਾਰਸ਼ਨਿਕਾਂ ਨੇ ਪਰਾਲੌਕਿਕ ਵਿਚਾਰ ਸਿਰਜੇ। ਯੂਨਾਨੀ ਦਰਸ਼ਨ ਦੀ ਲੰਮੇਰੀ ਇਤਿਹਾਸ ਯਾਤਰਾ ਦੇ ਤਿੰਨ ਪ੍ਰਮੁੱਖ ਇਤਿਹਾਸਕ ਪੜਾਅ ਮਿੱਥ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ। ਇਹ ਪੜਾਅ ਹਨ:
(i) ਪਹਿਲਾ ਪੜਾਅ : 600 ਈ. ਪੂ. ਤੋਂ 450 ਈ. ਪੂ. ਤੱਕ, ਇਸ ਪੜਾਅ ਵਿਚ ਸ੍ਰਿਸ਼ਟੀ, ਕੁਦਰਤ ਅਤੇ ਧਰਤੀ ਦੀ ਹੋਂਦ ਬਾਰੇ ਮੂਲ ਸੁਆਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਹੋਈ।
(ii) ਦੂਸਰਾ ਪੜਾਅ : 450 ਈ. ਪੂ. ਤੋਂ 400 ਈ. ਪੂ. ਤੱਕ, ਇਸ ਦੌਰ ਦੇ ਦਾਰਸ਼ਨਿਕ ਚਿੰਤਨ ਦੇ ਕੇਂਦਰ ਵਿਚ ਸਮਾਜ ਅਤੇ ਮਨੁੱਖ ਆ ਜਾਂਦਾ ਹੈ। ਮਨੁੱਖੀ ਹੋਂਦ ਦੀ ਪ੍ਰਕਿਰਤੀ ਅਤੇ ਉਦੇਸ਼ ਬਾਰੇ ਭਰਪੂਰ ਚਿੰਤਨ ਇਸ ਦੌਰ ਦੀ ਖਾਸੀਅਤ ਹੈ।
(iii) ਤੀਸਰਾ ਪੜਾਅ : 400 ਈ. ਪੂ. ਤੋਂ ਲੈ ਕੇ 322 ਈ. ਪੂ. ਤੱਕ, ਇਹ ਪੜਾਅ ਆਪਣੇ ਤੋਂ ਪੂਰਬਲੀਆਂ ਦਾਰਸ਼ਨਿਕ ਲੱਭਤਾਂ ਨੂੰ ਆਧਾਰ ਬਣਾ ਕੇ ਯੂਨਾਨੀ ਦਰਸ਼ਨ ਦਾ ਵਿਗਿਆਨ ਅਤੇ ਤਾਰਕਿਕ ਸਰੂਪ ਪੇਸ਼ ਕਰਦਾ ਹੈ।
ਯੂਨਾਨੀ ਦਰਸ਼ਨ ਵਿੱਚ ਸਿਰਫ਼ ਆਦਰਸ਼ਵਾਦੀ ਰੁਚੀ ਦੀ ਪ੍ਰਧਾਨਤਾ ਹੋਵੇ ਅਜਿਹਾ ਹਰਗਿਜ਼ ਨਹੀਂ ਹੈ। ਏਂਗਲਜ਼ ਨੇ ਯੂਨਾਨੀ ਦਰਸ਼ਨ ਦੇ ਪਦਾਰਥਵਾਦੀ ਅੰਸ਼ਾਂ 'ਤੇ ਝਾਤ ਪਾਉਂਦਿਆਂ ਵਿਸ਼ਵ ਦੇ ਪਦਾਰਥਵਾਦੀ ਦ੍ਰਿਸ਼ਟੀਕੋਣ ਅਤੇ ਪਦਾਰਥਵਾਦੀ ਜੀਵਨ ਦ੍ਰਿਸ਼ਟੀਕੋਣ ਦੀਆਂ ਜੜ੍ਹਾਂ ਦੀ ਸ਼ਨਾਖ਼ਤ ਕੀਤੀ। ਉਸ ਅਨੁਸਾਰ, "ਯੂਨਾਨੀ-ਦਰਸ਼ਨ ਸ਼ਾਸਤਰ ਦੇ ਅਨੇਕ ਰੂਪ ਵਿਸ਼ਵ-ਦ੍ਰਿਸ਼ਟੀ ਦੇ ਸਾਰੇ ਬਾਅਦ ਵਾਲੇ ਰੂਪਾਂ ਨੂੰ ਬੀਜ ਰੂਪ ਵਿਚ ਆਪਣੇ ਗਰਭ ਵਿਚ ਸਮੋਈ ਰੱਖਦੇ ਹਨ। ਇਸ ਲਈ ਸਿਧਾਂਤਕ ਕੁਦਰਤੀ ਵਿਗਿਆਨ ਨੂੰ ਵੀ ਆਪਣੇ ਅਜੋਕੇ ਸਾਧਾਰਣ ਸਿਧਾਂਤਾਂ ਦੇ ਆਰੰਭ ਤੇ ਵਿਕਾਸ ਦੇ ਇਤਿਹਾਸ ਦੀ ਤਲਾਸ਼ ਵਿਚ ਮਜਬੂਰਨ ਯੂਨਾਨੀਆਂ ਤੱਕ ਜਾਣਾ ਪੈਂਦਾ ਹੈ।2
ਇੰਜ ਅਸੀਂ ਦੇਖਦੇ ਹਾਂ ਕਿ ਸੁਕਰਾਤ ਤੋਂ ਪੂਰਬਲੇ ਯੁਗ ਤੱਕ ਯੂਨਾਨੀ ਦਰਸ਼ਨ ਦਾ ਚਿਹਰਾ-ਮੁਹਰਾ ਬਣ ਚੁੱਕਾ ਸੀ। ਪਦਾਰਥਕ ਵਿਕਾਸ ਨੇ ਯੂਨਾਨੀ ਸਮਾਜ ਨੂੰ ਵਿਚਾਰ ਦੀ ਉਸ ਵਿਕਸਿਤ ਸਥਿਤੀ ਤੱਕ ਪਹੁੰਚਾ ਦਿੱਤਾ ਸੀ ਜਿੱਥੋਂ ਉਹ ਘਟਨਾਵਾਂ ਪਿੱਛੇ ਕਾਰਜਸ਼ੀਲ ਵਰਤਾਰਿਆਂ ਬਾਰੇ ਜਾਨਣਾ ਚਾਹੁੰਦਾ ਸੀ।
ਆਧਾਰ ਬਣਾ ਕੇ ਇਕ ਮੁਬਹਿਸੇ ਦਾ ਹਿੱਸਾ ਬਣਨ ਦੀ ਰੁਚੀ ਹੀ ਹੁੰਦੀ ਹੈ। ਸੁਕਰਾਤ ਤੋਂ ਪੂਰਬਲੇ ਚਿੰਤਨ ਵਿਚ ਅਜਿਹੇ ਬਹੁਤ ਸਾਰੇ ਨਾਮ ਹਨ ਜਿਨ੍ਹਾਂ ਦੀਆਂ ਧਾਰਨਾਵਾਂ ਦਾ ਸੰਬਾਦੀ ਰੂਪ ਜਾਂ ਉਨ੍ਹਾਂ ਦੀਆਂ ਧਾਰਨਾਵਾਂ ਨਾਲ ਸੰਬਾਦ ਅੱਗੇ ਤੁਰਦਾ ਹੈ। ਅਜਿਹੇ ਚਿੰਤਕਾਂ ਦੀ ਗਿਣਤੀ ਵੀ ਘੱਟ ਨਹੀਂ ਜਿਹੜੇ ਗਿਆਨ ਦੇ ਨਾਲ-ਨਾਲ ਗਿਆਨ ਦੀ ਪ੍ਰਕਿਰਤੀ ਅਤੇ ਪ੍ਰਕਾਰਜ ਬਾਰੇ ਵੀ ਆਪਣੇ ਚਿੰਤਨ ਰਾਹੀਂ ਗਹਿਨ ਸੰਬਾਦ ਛੇੜਦੇ ਹਨ। ਇਨ੍ਹਾਂ ਚਿੰਤਕਾਂ ਵਿਰੋਧ ਅਤੇ ਸਮਾਨਤਾ ਨੂੰ ਆਧਾਰ ਬਣਾ ਕੇ ਯੂਨਾਨੀ ਦਰਸ਼ਨ ਦੇ ਇਤਿਹਾਸ ਨੂੰ ਕੁਝ ਸਕੂਲਾਂ/ਚਿੰਤਨ ਧਾਰਾਵਾਂ ਵਿਚ ਵੰਡੇ ਜਾ ਸਕਣ ਦੀ ਗੁੰਜਾਇਸ਼ ਹੈ।
ਆਇਓਨਿਕ ਜਾਂ ਮਾਈਲੇਸ਼ੀਅਨ ਦਾਰਸ਼ਨਿਕ ਸੰਪ੍ਰਦਾਇ : ਆਇਓਨਿਕ ਦਰਸ਼ਨ ਉਨ੍ਹਾਂ ਦਾਰਸ਼ਨਿਕਾਂ ਦੀਆਂ ਧਾਰਨਾਵਾਂ ਦਾ ਸੰਗ੍ਰਹਿ ਹੈ ਜੋ ਸੱਤਵੀਂ ਸਦੀ ਈ. ਪੂ. ਵਿਚ ਏਸ਼ੀਆ ਮਾਈਨਰ ਦੇ ਪੱਛਮੀ ਸਮੁੰਦਰੀ ਕਿਨਾਰਿਆਂ ਦੇ ਕਬੀਲਿਆਂ ਵਿਚ ਹੋਂਦ 'ਚ ਆਏ। ਇਨ੍ਹਾਂ ਚਿੰਤਕਾਂ ਦਾ ਮੂਲ ਭਾਵੇਂ ਕਬੀਲਾਈ ਵਿਚਾਰ ਸਨ ਪਰ ਦੂਜੀਆਂ ਸਭਿਅਤਾਵਾਂ ਦੇ ਸੰਪਰਕ ਵਿਚ ਆ ਕੇ ਇਨ੍ਹਾਂ ਆਪਣਾ ਚਿੰਤਨ ਵਿਕਸਿਤ ਕੀਤਾ। ਇਨ੍ਹਾਂ ਚਿੰਤਕਾਂ ਦੇ ਦਰਸ਼ਨ ਉੱਪਰ ਪੂਰਬੀ ਚਿੰਤਨ ਦੀ ਗਹਿਰੀ ਛਾਪ ਦਿਸਦੀ ਹੈ। ਆਇਓਨੀਆ ਉਸ ਸਮੇਂ ਸਭਿਆਚਾਰ ਅਤੇ ਆਰਥਕ ਪੱਖੋਂ ਯੂਨਾਨੀ ਖੇਤਰ ਦਾ ਸਭ ਤੋਂ ਵਿਕਸਤ ਇਲਾਕਾ ਸੀ। ਰਾਠਸ਼ਾਹੀ ਅਤੇ ਲੋਕਤੰਤਰੀ ਤਾਕਤਾਂ ਵਿਚਕਾਰ ਲਗਾਤਾਰ ਲੰਮੇ ਸੰਘਰਸ਼ ਅਤੇ ਬਾਹਰੀ ਹਮਲਾਵਰਾਂ ਨਾਲ ਆਏ ਵਿਦਵਾਨਾਂ ਦੇ ਪ੍ਰਭਾਵਵੱਸ ਆਇਓਨੀਆ ਵਿਚ ਚਿੰਤਨ ਲਈ ਜ਼ਮੀਨ ਤਿਆਰ ਹੋਈ। ਇਸ ਇਲਾਕੇ ਨੂੰ ਮਾਈਲੇਟਸ ਵੀ ਕਿਹਾ ਜਾਂਦਾ ਸੀ ਜਿਸ ਵਜ੍ਹਾ ਨਾਲ ਇਸ ਖੇਤਰ ਦੇ ਚਿੰਤਕਾਂ ਨੂੰ ਮਾਈਲੇਸ਼ੀਅਨ ਸੰਪ੍ਰਦਾਇ ਵਜੋਂ ਯਾਦ ਕੀਤਾ ਜਾਂਦਾ ਹੈ।
ਆਇਓਨਿਕ ਦਰਸ਼ਨ ਨੇ ਯੂਨਾਨ ਦੇ ਰਾਜਾਂ ਵਿਚ ਪ੍ਰਚਲਿਤ ਮਿੱਥ-ਕਥਾਵਾਂ ਨਾਲ ਸੰਬੰਧਿਤ ਮਿਲਦੀਆਂ-ਜੁਲਦੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰਨ ਦੀ ਪਹਿਲ ਕੀਤੀ। ਇਨ੍ਹਾਂ ਚਿੰਤਕਾਂ ਨੇ ਦਿਸਦੀਆਂ ਚੀਜ਼ਾਂ ਦੇ ਤੱਤਾਂ ਨੂੰ ਜਾਨਣ ਦੀ ਕੋਸ਼ਿਸ਼ ਵਿਚ ਆਪਣੇ ਦਰਸ਼ਨ ਨੂੰ ਵਿਉਂਤਿਆ। ਮਨੁੱਖੀ ਹੋਂਦ ਦੇ ਤੱਤਾਂ ਤੋਂ ਲੈ ਕੇ ਇਸ ਸ੍ਰਿਸ਼ਟੀ ਅਤੇ ਕੁਦਰਤ ਦੇ ਤੱਤਾਂ ਦੀ ਪੜਚੋਲ ਅਤੇ ਉਨ੍ਹਾਂ ਵਿਚ ਆਪਸੀ ਸੰਬੰਧਾਂ ਦੀ ਤਲਾਸ਼ ਕਾਰਨ ਹੀ ਇਨ੍ਹਾਂ ਚਿੰਤਕਾਂ ਦੀ ਵਿਧੀ ਨੂੰ ਤੱਤਵਾਦੀ ਵੀ ਕਿਹਾ ਗਿਆ। ਇਸ ਦਰਸ਼ਨ ਸੰਪ੍ਰਦਾਇ ਨੇ ਯੂਨਾਨੀ ਦਰਸ਼ਨ ਪ੍ਰੰਪਰਾ ਅਤੇ ਉਸ ਨਾਲ
ਪਹਿਲਾਂ ਪਦਾਰਥ, ਕੁਦਰਤ, ਮਨੁੱਖ ਅਤੇ ਪਰਮ-ਸੱਤਾ ਸਭ ਨੂੰ ਇੱਕੋ ਤੱਤ ਤੋਂ ਪੈਦਾ ਹੋਏ ਗਿਣਿਆ ਜਾਂਦਾ ਸੀ। ਇਸ ਸੰਬੰਧ ਵਿਚ ਅਰਸਤੂ ਨੇ ਆਇਓਨਿਕ ਚਿੰਤਕ ਬਾਰੇ ਕਿਹਾ, "ਪਹਿਲੇ ਦਾਰਸ਼ਨਿਕਾਂ ਤੋਂ ਉਲਟ ਬਹੁਤੇ ਆਇਓਨਿਕ ਦਾਰਸ਼ਨਿਕ ਇਹੀ ਸੋਚਦੇ ਸਨ ਕਿ ਮਾਦੇ (ਪਦਾਰਥ) ਦੀ ਪ੍ਰਕਿਰਤੀ ਹੀ ਇਕ ਸਾਂਝਾ ਸਿਧਾਂਤ ਹੈ ਜੋ ਸਾਰੀਆਂ ਚੀਜ਼ਾਂ ਵਿਚ ਵਿਦਮਾਨ ਹੈ। ਇਸ ਤੋਂ ਬਿਨਾਂ ਇਹ ਵੀ ਅਹਿਮ ਹੈ ਕਿ ਹਰ ਚੀਜ਼ ਕਿੱਥੋਂ ਆਉਂਦੀ ਹੈ ਤੇ ਕਿੱਥੇ ਜਾਂਦੀ ਹੈ। ਪਦਾਰਥ ਰਹਿੰਦਾ ਹੈ ਪਰ ਇਸ ਦਾ ਰੂਪ ਬਦਲਦਾ ਹੈ। ਇਸ ਨੂੰ ਉਨ੍ਹਾਂ ਨੇ ਤੱਤ ਕਿਹਾ ਜੋ ਚੀਜ਼ਾਂ ਦਾ ਮੂਲ ਸਿਧਾਂਤ ਸੀ ਕਿ ਨਾ ਕੁਝ ਪੈਦਾ ਕੀਤਾ ਜਾ ਸਕਦਾ ਹੈ ਤੇ ਨਾ ਹੀ ਨਸ਼ਟ ਕੀਤਾ ਜਾ ਸਕਦਾ ਹੈ।" ਆਇਓਨਿਕ ਚਿੰਤਕਾਂ ਨੇ ਬਹੁਤ ਉੱਚੀ ਸੁਰ ਵਿਚ ਦੇਵਤਿਆਂ ਦੇ ਰਵਾਇਤੀ ਵਿਚਾਰਾਂ ਤੋਂ ਬਗਾਵਤ ਕੀਤੀ ਤੇ ਦੇਵਤਿਆਂ ਨੂੰ ਕੁਦਰਤ ਦੇ ਤੱਤ ਕਿਹਾ ਜੋ ਭੌਤਿਕ ਸੰਸਾਰ ਨਾਲ ਸੰਬੰਧਿਤ ਹਨ।
ਥੇਲਜ਼ ਇਸ ਦਾਰਸ਼ਨਿਕ ਸੰਪ੍ਰਦਾਇ ਦਾ ਮੋਢੀ ਚਿੰਤਕ ਸੀ। ਉਸਨੇ ਦਰਸ਼ਨ ਨੂੰ ਮਿੱਥ ਕਥਾਵਾਂ ਤੋਂ ਅੱਗੇ ਲਿਜਾ ਕੇ ਬੌਧਿਕ ਸੰਵਾਦ ਵਿੱਚ ਢਾਲਿਆ। ਉਹ ਅਸਲ ਵਿਚ ਵਿਗਿਆਨੀ ਸੀ। ਗਣਿਤ-ਸ਼ਾਸਤਰੀ, ਤਾਰਾ ਵਿਗਿਆਨੀ, ਜੋਤਿਸ਼-ਵਿਗਿਆਨ ਦਾ ਮਾਹਿਰ ਅਤੇ ਸੂਰਜ-ਮੰਡਲ ਬਾਰੇ ਕਈ ਕਾਢਾਂ ਕੱਢਣ ਵਾਲਾ ਇਹ ਮਹਾਨ ਵਿਦਵਾਨ 624 ਈ. ਪੂ. ਤੋਂ 550 ਈ. ਪੂ. ਤੱਕ ਜੀਵਿਆ। ਉਸਨੇ ਹਵਾਵਾਂ, ਬੱਦਲਾਂ ਅਤੇ ਰੁੱਤਾਂ ਦਾ ਅਧਿਐਨ ਕਰਕੇ ਉਨ੍ਹਾਂ ਬਾਰੇ ਪਹਿਲਾਂ ਹੀ ਸੂਚਿਤ ਕੀਤਾ। 28 ਮਈ 585 ਈ. ਪੂ. ਦੇ ਪ੍ਰਸਿੱਧ ਸੂਰਜ ਗ੍ਰਹਿਣ ਦੀ ਭਵਿੱਖ ਬਾਣੀ ਕਰਨ ਕਰਕੇ ਲੋਕਾਂ ਉਸਨੂੰ ਸੰਤ ਦਾ ਦਰਜਾ ਦਿੱਤਾ। ਯੂਨਾਨੀ ਮਾਨਤਾਵਾਂ ਅਨੁਸਾਰ 365 ਦਿਨਾਂ ਦਾ ਸਾਲ ਵੀ ਥੇਲਜ਼ ਨੇ ਹੀ ਨਿਸ਼ਚਿਤ ਕੀਤਾ। ਬੇਲਜ ਨੇ ਨੀਲ ਨਦੀ ਦੇ ਪਾਣੀਆਂ ਦੇ ਉਤਰਾਅ-ਚੜਾਅ ਦੇ ਆਧਾਰ 'ਤੇ ਸਮੁੰਦਰੀ ਯਾਤਰਾ ਬਾਰੇ ਵੀ ਅਗਾਉਂ ਜਾਣਕਾਰੀਆਂ ਦਿੱਤੀਆਂ। ਗਣਿਤ ਵਿਗਿਆਨ ਬਾਰੇ ਜਾਨਣ ਲਈ ਉਸਨੇ ਮਿਸਰ ਦਾ ਦੌਰਾ ਕੀਤਾ ਅਤੇ ਮਾਈਲੇਟਸ ਵਿਚ ਵੀ ਯੂਨਾਨ, ਫਾਰਸ, ਮਿਸਰ ਤੇ ਦੂਰ ਪੂਰਬ ਦੇ ਵਪਾਰੀਆਂ ਨਾਲ ਮੇਲ-ਜੋਲ ਰੱਖ ਕੇ ਉਨ੍ਹਾਂ ਕੋਲੋਂ ਦਾਰਸ਼ਨਿਕ ਵਿਧੀਆਂ ਸਿੱਖੀਆਂ। ਉਸਨੇ ਸਮੁੱਚੀ ਸ੍ਰਿਸ਼ਟੀ ਨੂੰ ਪਾਣੀ ਤੋਂ ਨਿਰਮਿਤ ਕਿਹਾ ਤੇ ਅਰਸਤੂ ਦੀ ਵਿਆਖਿਆ ਮੁਤਾਬਕ ਧਰਤੀ ਦੇ ਇਕ ਤਸ਼ਤਰੀ ਵਾਂਗ ਪਾਣੀ ਤੇ ਤਰਦੀ ਹੋਣ ਦਾ ਸਿਧਾਂਤ ਵੀ ਥੇਲਜ਼ ਨੇ ਹੀ ਦਿੱਤਾ। ਥੇਲਜ਼ ਨੇ ਬਹੁਤ ਸਾਰੇ ਸਵਾਲ ਉਠਾਏ ਤੇ ਇਨ੍ਹਾਂ ਦੇ ਜਵਾਬ ਲੱਭਣ ਲਈ ਇਕ ਤਾਰਕਿਕ ਆਧਾਰ ਆਪਣੇ ਅਗਲੇਰੇ ਦਾਰਸ਼ਨਿਕਾਂ ਨੂੰ ਦਿੱਤਾ।
ਅਨੈਕਸੀਮੈਂਡਰ 611 ਈ. ਪੂ. ਨੂੰ ਪੈਦਾ ਹੋਇਆ ਅਤੇ 547 ਈ. ਪੂ. ਵਿਚ
ਇਸ ਸੰਸਾਰ ਨੂੰ ਤਿਆਗ ਗਿਆ। ਉਹ ਅਜਿਹਾ ਤੱਤਵਾਦੀ ਆਇਓਨਿਕ ਚਿੰਤਕ ਹੈ ਜਿਸਦਾ ਸਾਰਾ ਧਿਆਨ ਆਪਣੇ ਕਾਰਜ ਵੱਲ ਹੀ ਰਿਹਾ। ਯੂਨਾਨੀ ਦਾਰਸ਼ਨਿਕ ਸੰਜੀਦਗੀ ਉਸਦੇ ਕਾਰਜ ਵਿਚ ਪਹਿਲੀ ਵਾਰ ਉਜਾਗਰ ਹੁੰਦੀ ਦਿਸਦੀ ਹੈ। ਉਹ ਪਹਿਲਾ ਦਾਰਸ਼ਨਿਕ ਸੀ ਜਿਸਨੇ ਨਕਸ਼ਾ-ਨਵੀਸੀ ਨੂੰ ਅਪਣਾਇਆ, ਜਲ ਤੇ ਥਲ ਦੇ ਨਕਸ਼ਿਆਂ ਰਾਹੀਂ ਉਸਨੇ ਸਮੁੰਦਰੀ ਯਾਤਰੀਆਂ ਤੇ ਖੁਸ਼ਕੀ ਦੇ ਮੁਸਾਫਰਾਂ ਲਈ ਸਹੀ ਰਾਹ ਦਰਸਾਇਆ। ਯੂਨਾਨੀ ਭਾਸ਼ਾ ਦੀ ਪਹਿਲੀ ਕਿਤਾਬ 'On Nature' ਉਸਨੇ ਹੀ ਲਿਖੀ।" ਬੇਲਜ਼ ਨੇ ਸਭ ਵਸਤੂਆਂ ਦਾ ਆਧਾਰ ਪਾਣੀ ਜਾਂ ਤਰਲਤਾ ਭਰਪੂਰ ਸਿੱਲ੍ਹ ਨੂੰ ਕਿਹਾ ਸੀ। ਅਨੇਕਸੀਮੈਂਡਰ ਨੇ ਅਨੰਤ ਮਾਦੇ ਨੂੰ ਸੰਸਾਰ ਦੀਆਂ ਸਾਰੀਆਂ ਵਸਤੂਆਂ ਦਾ ਮੂਲ ਤੱਤ ਕਿਹਾ। ਇਹ ਅਨੰਤ ਮਾਦਾ ਚਾਰੇ ਤੱਤਾਂ ਹਵਾ, ਜਲ, ਪ੍ਰਿਥਵੀ, ਅੱਗ ਵਿੱਚੋਂ ਕਿਸੇ ਇਕ ਰੂਪ ਵਾਲਾ ਨਹੀਂ ਬਲਕਿ ਸਾਂਝੇ ਗੁਣਾਂ ਵਾਲਾ ਅਤੇ ਅਨੰਤ ਹੈ, ਜੋ ਅਵਿਨਾਸ਼ੀ ਵੀ ਹੈ ਤੇ ਨਿਰਗੁਣ ਵੀ। ਅਰਸਤੂ ਨੇ ਅਸੀਮ ਦੀ ਵਿਆਖਿਆ ਕਰਦਿਆਂ ਇਸਨੂੰ ਦੇਵੀ ਗੁਣਾਂ ਨਾਲ ਓਤਪੋਤ ਕਿਹਾ। ਜਦਕਿ ਖ਼ੁਦ ਅਨੈਕਸੀਮੈਂਡਰ ਨੇ ਜੀਵਨ-ਮਾਦੇ ਦੀ ਉਤਪਤੀ ਦਾ ਕਾਰਨ ਪਾਣੀ ਅਤੇ ਗਰਮੀ ਦਾ ਸੁਮੇਲ ਕਿਹਾ। ਧਰਤੀ ਬਾਰੇ ਉਸਦਾ ਮੱਤ ਅੱਜ ਵੀ ਬਹੁਤ ਹੱਦ ਤੱਕ ਮੰਨ ਲਿਆ ਜਾਂਦਾ ਹੈ। ਉਸਨੇ ਤਾਪ ਤੇ ਨਮੀ ਦੇ ਪਾਣੀ ਸੋਖਣ ਨਾਲ ਧਰਤੀ ਨੂੰ ਸੁੱਕਾ ਹੋਇਆ ਭੂ-ਭਾਗ ਕਿਹਾ। ਉਸਨੇ ਜੀਵਨ ਨੂੰ ਪੈਦਾ ਕਰਨ ਵਾਲੇ ਪਾਣੀ ਵਿਚ ਹੀ ਸਮਾ ਜਾਣ ਨੂੰ ਜੀਵਨ ਦਾ ਚੱਕਰ ਕਿਹਾ। ਹਰ ਲਿਹਾਜ਼ ਨਾਲ ਉਹ ਦਾਰਸ਼ਨਿਕ ਸਵਾਲਾਂ ਦੇ ਜਵਾਬ ਲੱਭਣ ਦੀ ਦਿਸ਼ਾ ਵੱਲ ਤੁਰਿਆ ਜਿਨ੍ਹਾਂ ਸਵਾਲਾਂ ਨੂੰ ਥੇਲਜ਼ ਨੇ ਪੈਦਾ
ਅਨੇਕਸੀਮੇਨੀਜ਼ ਇਨ੍ਹਾਂ ਦੋਵਾਂ ਦਾਰਸ਼ਨਿਕਾਂ ਦੀ ਬੌਧਿਕ ਵਿਰਾਸਤ ਦਾ ਤੀਸਰਾ ਨਾਂ ਹੈ। ਉਸ ਵੱਲੋਂ ਆਇਓਨਿਕ ਲਿਖਣ ਵਿਧੀ ਨਾਲ ਲਿਖੀ ਪੁਸਤਕ ਦੇ ਕੁਝ ਅੰਸ਼ ਸਾਡੇ ਤੱਕ ਪਹੁੰਚਦੇ ਹਨ, ਜਿਨ੍ਹਾਂ ਦੇ ਆਧਾਰ 'ਤੇ ਉਸਦੀਆਂ ਦਾਰਸ਼ਨਿਕ ਧਾਰਨਾਵਾਂ ਬਾਰੇ ਇਕ ਰਾਇ ਬਣਦੀ ਹੈ। ਉਸਨੇ ਹਵਾ ਨੂੰ ਜੀਵਨ ਦੀ ਉਤਪਤੀ ਦਾ ਕਾਰਨ ਅਤੇ ਆਧਾਰ ਕਿਹਾ। ਉਸਨੇ ਵਿਸ਼ਵ ਦੀ ਵਿਸ਼ਾਲਤਾ ਅਤੇ ਅਣਤਾ ਦਾ ਸਿਧਾਂਤ ਪੇਸ਼ ਕੀਤਾ। ਇਸ ਸਿਧਾਂਤ ਵਿਚ ਇਕ ਮਨੁੱਖ ਲਈ ਸੰਸਾਰ ਬਹੁਤ ਵਿਸ਼ਾਲ ਹੈ ਅਤੇ ਸ੍ਰਿਸ਼ਟੀ ਦੇ ਹਿਸਾਬ ਨਾਲ ਇਹ ਇਕ ਅਣੂ ਮਾਤਰ ਹੈ। ਨਾਲ ਹੀ ਮਨੁੱਖ ਦਾ ਸਰੀਰ ਬਹੁਤ ਸਾਰੇ ਸੂਖਮ ਜੀਵਾਂ ਲਈ ਵਿਸ਼ਾਲ ਹੋਂਦ ਰੱਖਦਾ ਹੈ। ਇਹੀ ਤਰੀਕਾ ਸ੍ਰਿਸ਼ਟੀ ਨੂੰ ਸਮਝਣ ਦਾ ਹੈ। ਇਹ ਤੱਤਾਂ ਦੀ ਰਚਨਾ ਤੇ ਰਚਨਾਤਮਕਤਾ ਹੈ। ਤੱਤਾਂ ਦੀ ਰਚਨਾ ਤੋਂ ਰਚਨਾਤਮਕਤਾ ਦੀ ਇਹ ਅਨੰਤਤਾ ਅਨੈਕਸੀਮੈਂਡਰ ਨਾਲ ਮਿਲਦੀ ਧਾਰਨਾ ਹੈ। ਉਸਨੇ ਕਿਹਾ ਕਿ ਨਮੀ ਜਦੋਂ ਹਰਾਰਤ ਅਤੇ ਸ਼ੀਤ ਦੇ ਸੰਪਰਕ
ਵਿਚ ਆਉਂਦੀ ਹੈ ਤਾਂ ਜੀਵਨ ਪੈਦਾ ਹੁੰਦਾ ਹੈ। ਇਸੇ ਵਿਧੀ ਨਾਲ ਪ੍ਰਿਥਵੀ ਪੈਦਾ ਹੋਈ। ਭਾਵੇਂ ਉਸਦੇ ਸਿਧਾਂਤ ਪਹਿਲੇ ਦੋ ਚਿੰਤਕਾਂ ਦੇ ਮੁਕਾਬਲੇ ਸਰਲ ਜਿਹੇ ਜਾਪਦੇ ਹਨ ਤਾਂ ਵੀ ਪਾਇਥਾਗੋਰਸ ਨੇ ਸਭ ਤੋਂ ਵਧੇਰੇ ਅਨੇਕਸੀਮੇਨੀਜ਼ ਉੱਪਰ ਨਿਰਭਰਤਾ ਪ੍ਰਗਟ ਕੀਤੀ। ਆਇਓਨਿਕ ਚਿੰਤਕਾਂ ਨੇ ਸੰਸਾਰ ਦੀ ਉਤਪਤੀ ਤੇ ਮਨੁੱਖੀ ਵਜੂਦ ਦੇ ਨਾਲ-ਨਾਲ ਦਰਸ਼ਨ ਨੂੰ ਇਕ ਸਾਂਝੇ ਗਿਆਨ-ਸ਼ਾਸਤਰ ਵਜੋਂ ਵਿਕਸਿਤ ਕੀਤਾ. ਜੋ ਮਨੁੱਖ ਦੇ ਆਪਣੀ ਹੋਂਦ, ਕੁਦਰਤ, ਸਮਾਜ ਅਤੇ ਸੰਸਾਰ ਵਿਚ ਸੰਬੰਧ ਬਣਾਉਣ ਵਾਲੀ ਸਿਆਣਪ ਹੈ।
ਪਾਇਥਾਗੋਰੀਅਨ ਦਰਸ਼ਨ ਸ਼ਾਖਾ : ਪਾਇਥਾਗੋਰੀਅਨ ਸ਼ਾਖਾ ਦੇ ਦਰਸ਼ਨ-ਸ਼ਾਸਤਰੀ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਗਣਿਤ ਨੂੰ ਇਕ ਵਿਗਿਆਨ ਵਜੋਂ ਸਥਾਪਿਤ ਕੀਤਾ ਤੇ ਇਸਦੇ ਅਧਿਐਨ ਰਾਹੀਂ ਉਹ ਇਸ ਨਤੀਜੇ 'ਤੇ ਪੁੱਜੇ ਕਿ ਗਣਿਤ ਦੇ ਸਿਧਾਂਤ ਹੀ ਹਰ ਚੀਜ਼ ਦੇ ਸਿਧਾਂਤ ਹਨ।" ਇਸ ਮੱਤ ਦਾ ਸੰਚਾਲਕ ਪਾਇਥਾਗੋਰਸ ਸੀ। ਉਸਦੇ ਨਾਮ ਹੇਠ ਸੁਝਾਏ ਜਾਂਦੇ ਸਿਧਾਂਤਾਂ ਦੀ ਪ੍ਰਮਾਣਿਕਤਾ ਬਾਰੇ ਕੁਝ ਵੀ ਕਹਿਣਾ ਔਖਾ ਹੈ। ਸੁਕਰਾਤ ਵਾਂਗ ਪਾਇਥਾਗੋਰਸ ਦੇ ਵਿਚਾਰ ਵੀ ਉਸਦੇ ਵਿਦਿਆਰਥੀਆਂ ਦੀਆਂ ਲਿਖਤਾਂ ਵਿੱਚੋਂ ਸਪੱਸ਼ਟ ਹੁੰਦੇ ਹਨ। ਪਾਇਥਾਗੋਰਸ ਨੂੰ 'ਸੰਖਿਆਵਾਂ ਦਾ ਜਨਕ' ਕਿਹਾ ਜਾਂਦਾ ਹੈ ਜਿਸਦੇ ਸੁਕਰਾਤ ਤੋਂ ਪੁਰਬਲੇ ਕਾਲ ਦੇ ਹੋਰ ਚਿੰਤਕਾਂ ਦੇ ਮੁਕਾਬਲੇ ਉਸ ਦੌਰ ਦੇ ਚਿੰਤਨ ਉੱਪਰ ਵਧੇਰੇ ਛਾਪ ਛੱਡੀ। ਪਾਇਥਾਗੋਰਸ ਤੇ ਉਸਦੇ ਅਨੁਯਾਈ ਮੰਨਦੇ ਸਨ ਕਿ ਕਿ ਸਭ ਕੁਝ ਸੰਖਿਆਵਾਂ ਨਾਲ ਹੀ ਸੰਬੰਧਿਤ ਹੈ ਤੇ ਸੰਖਿਆਵਾਂ ਨੂੰ ਆਧਾਰ ਬਣਾ ਕੇ ਕਿਸੇ ਵੀ ਚੀਜ਼ ਨੂੰ ਜਾਣਿਆ ਜਾ ਸਕਦਾ ਹੈ ਕਿਉਂਕਿ ਸੰਖਿਆਵਾਂ ਹੀ ਅੰਤਿਮ ਸੱਚ ਹਨ। ਉਸ ਬਾਰੇ ਬਹੁਤੀ ਜਾਣਕਾਰੀ ਉਸਦੇ ਅਨੁਯਾਈ ਤੇ ਚੌਥੀ ਸਦੀ ਈਸਵੀ ਦੇ ਸੀਰੀਆਈ ਦਾਰਸ਼ਨਿਕ ਲੰਬਿਕਿਸ ਦੀਆਂ ਲਿਖਤਾਂ ਤੋਂ ਮਿਲਦੀ ਹੈ, ਜਿਸਨੇ ਗਣਿਤ ਨੂੰ ਦਰਸ਼ਨ ਦੀ ਅੰਤਿਮ ਵਾਸਤਵਿਕਤਾ ਕਿਹਾ। ਲੰਬਿਕਿਸ ਮੁਤਾਬਕ ਪਾਇਥਾਗੋਰਸ ਨੇ ਇਟਲੀ ਦੇ ਵਿਦਵਾਨਾਂ ਅਤੇ ਮਿਸਰ ਦੇ ਪੁਜਾਰੀਆਂ ਨਾਲ ਰਲ ਕੇ ਅਧਿਐਨ ਕੀਤਾ। ਮਿਸਰ ਵਿਚ ਹੀ ਜੁਮੈਟਰੀ ਦੇ ਕੁਲ ਸਿਧਾਂਤ ਸਿੱਖੇ ਤੇ ਉੱਥੇ ਹੀ ਪਾਇਥਾਗੋਰਸ ਥਿਊਰਮ ਦਾ ਸਿਧਾਂਤ ਦਿੱਤਾ।" ਪਾਇਥਾਗੋਰਸ ਨੇ ਧਾਰਮਿਕ ਸਿੱਖਿਆ, ਸਾਦਾ ਭੋਜਨ, ਕਸਰਤ, ਅਧਿਐਨ, ਦਾਰਸ਼ਨਿਕ ਵਿਚਾਰਾਂ ਅਤੇ ਸੰਗੀਤ ਤੇ ਕਵਿਤਾ ਆਦਿ ਦੇ ਸੁਮੇਲ ਨਾਲ ਜੀਵਨ ਜੀਵਿਆ ਤੇ ਦਾਰਸ਼ਨਿਕ ਵਿਚਾਰਾਂ ਨੂੰ ਸੱਤਾ ਤੋਂ ਮੁਕਤ ਰੱਖਣ ਲਈ ਗੁਪਤ ਸੰਗਠਨ ਵੀ ਬਣਾਇਆ। ਉਹ ਸਦਾਚਾਰੀ ਹੋ ਕੇ ਹੀ ਜਨਮ-ਮਰਨ ਦੇ ਚੱਕਰ ਤੋਂ ਮੁਕਤੀ ਦਾ ਹਮਾਇਤੀ ਸੀ ਜੋ ਧਰਮ ਅਤੇ ਵਿਗਿਆਨ ਨੂੰ ਦਰਸ਼ਨ ਦੀਆਂ ਦੋ ਬਾਹਾਂ ਆਖਦਾ ਸੀ। ਉਸਦਾ ਦਾਰਸ਼ਨਿਕ ਸਿਧਾਂਤ ਇਕ
ਧਾਰਮਿਕ ਮਰਿਆਦਾ ਵਾਂਗ ਉਸ ਦੇ ਪੈਰੋਕਾਰਾਂ ਵਿਚ ਪ੍ਰਚਲਿਤ ਹੋਇਆ। ਪਾਇਥਾਗੋਰੀਅਨਾਂ ਨੇ ਮੂਲ ਉਕਤੀ 'ਸੰਖਿਆਵਾਂ ਵਸਤੂਆਂ ਹਨ ਅਤੇ ਵਸਤੂਆਂ ਸੰਖਿਆਵਾਂ ਹਨ' ਨੂੰ ਪ੍ਰਚਲਿਤ ਕੀਤਾ ਜਿਸ ਰਾਹੀਂ ਉਨ੍ਹਾਂ ਨੇ ਧਰਤੀ ਨੂੰ ਬੇਲਨਾਕਾਰ ਮੰਨ ਕੇ ਸਿਧਾਂਤ ਦਿੱਤਾ ਕਿ ਧਰਤੀ ਵਿਸ਼ਵ ਦਾ ਕੇਂਦਰ ਨਹੀਂ ਹੈ ਸਗੋਂ ਆਪ ਇਕ ਗ੍ਰਹਿ ਹੈ ਜੋ ਅਗਨੀ ਦੁਆਲੇ ਘੁੰਮਦੀ ਹੈ। ਇਨ੍ਹਾਂ ਸਿਧਾਂਤਾਂ ਨੇ ਖਗੋਲ ਵਿਗਿਆਨ ਨੂੰ ਨਵੀਂ ਰੌਸ਼ਨੀ ਦਿੱਤੀ। ਅਰਸਤੂ ਨੇ ਇਸ ਸਿਧਾਂਤ ਤੋਂ ਵਿਰੋਧੀ ਮੱਤ ਦਿੱਤਾ ਕਿ ਧਰਤੀ ਹੀ ਸੰਸਾਰ ਦਾ ਕੇਂਦਰ ਹੈ। ਕਾਪਰਨਿਕਸ ਨੇ ਪਾਇਥਾਗੋਰਸ ਤੋਂ 20 ਸਦੀਆਂ ਬਾਅਦ ਦੁਬਾਰਾ ਪਾਇਥਾਗੋਰੀਅਨ ਸਿਧਾਂਤ ਨੂੰ ਦੁਹਰਾਇਆ।20
ਈਲੀਆਟਿਕ ਸਿਧਾਂਤ: ਪੁਰਾਤਨ ਯੂਨਾਨੀ ਦਰਸ਼ਨ ਵਿਚ ਅਹਿਮ ਸਕੂਲ
ਵਜੋਂ ਜਾਣਿਆ ਜਾਂਦਾ ਹੈ। ਇਸ ਸਿਧਾਂਤ ਦੇ ਪ੍ਰਸਾਰਕ ਪੈਰਾਮੀਨਡੀਜ਼, ਜ਼ੀਨੋ, ਜ਼ੀਨੋਫੇਨੀਜ਼ ਅਤੇ ਮੈਲੀਸਸ ਸਨ। ਇਹ ਦਾਰਸ਼ਨਿਕ ਵੀ ਪੰਜਵੀਂ-ਛੇਵੀਂ ਸਦੀ ਈ. ਪੂ. ਵਿਚ ਆਪਣੇ ਸਿਧਾਂਤਕ-ਕਾਰਜ ਵਿਚ ਲੀਨ ਰਹੇ। ਇਸ ਸੰਪ੍ਰਦਾਇ ਦਾ ਨਾਮਕਰਨ ਇਟਲੀ ਦੇ ਪੁਰਾਤਨ ਸ਼ਹਿਰ ਈਲੀਆ ਦੇ ਨਾਮ 'ਤੇ ਹੋਇਆ। ਇਸ ਸਕੂਲ ਦੇ ਦਾਰਸ਼ਨਿਕ ਯੂਨਾਨ ਤੋਂ ਇਟਲੀ ਗਏ ਤੇ ਉੱਥੇ ਜਾ ਕੇ ਦਾਰਸ਼ਨਿਕ ਲੱਭਤਾਂ ਲਈ ਅਧਿਐਨ ਕੀਤਾ। ਅਨੇਕਤਾ ਤੇ ਏਕਤਾ ਅਤੇ ਹੋਂਦ ਤੇ ਨਿਹੋਂਦ ਦੇ ਪੱਖ ਤੋਂ ਇਹ ਸਾਰੇ ਚਿੰਤਕ ਮਨੁੱਖੀ ਮੂਲ ਦੇ ਸਵਾਲਾਂ ਤੇ ਪਰਮ ਸੱਤਾ ਦੀ ਕਿਰਪਾ ਰਾਹੀਂ ਇਨ੍ਹਾਂ ਸਵਾਲਾਂ ਦਾ ਹੱਲ ਆਦਿ ਵਿਸ਼ਿਆਂ ਬਾਰੇ ਚਿੰਤਨ ਕਰਦੇ ਰਹੇ।
ਇਸ ਤੋਂ ਇਲਾਵਾ ਪੂਰਵ ਸੁਕਰਾਤ ਕਾਲ ਵਿਚ ਪ੍ਰਮਾਣੂਵਾਦੀਆਂ ਦੇ ਜ਼ਿਕਰ ਬਿਨਾਂ ਗੱਲ ਅਧੂਰੀ ਹੀ ਰਹੇਗੀ। ਲਿਊਸਿਪਸ ਅਤੇ ਡੈਮੋਕ੍ਰਿਟਸ ਇਸ ਮੱਤ ਦੇ ਸਭ ਤੋਂ ਪ੍ਰਸਿੱਧ ਚਿੰਤਕ ਸਨ। ਵਿਸ਼ੇਸ਼ ਤੌਰ 'ਤੇ ਡੈਮੋਕ੍ਰਿਟਸ ਦੇ ਸਿਧਾਂਤ ਲੰਮਾ ਸਮਾਂ ਆਉਣ ਵਾਲੇ ਦਾਰਸ਼ਨਿਕਾਂ ਵਿਚ ਬਹਿਸ ਦਾ ਕੇਂਦਰ ਬਣੇ ਰਹੇ। ਤਬਦੀਲੀ ਦੇ ਸਿਧਾਂਤ ਬਾਰੇ ਇਨ੍ਹਾਂ ਚਿੰਤਕਾਂ ਦਾ ਕਾਰਜ ਬਹੁਤ ਅਹਿਮ ਹੈ। ਇਸ ਤੋਂ ਬਿਨਾਂ ਬਹੁਤੱਤਵਾਦੀ ਸਿਧਾਂਤਕਾਰ ਜਿਨ੍ਹਾਂ ਵਿਚ ਸਭ ਤੋਂ ਅਹਿਮ ਹੇਰਾਕਲੀਟਸ ਹੈ। ਉਸਨੇ ਸਾਰੇ ਸੰਸਾਰ ਨੂੰ ਭੌਤਿਕ ਇਕਾਈ ਕਿਹਾ ਤੇ ਨਾਲ ਹੀ ਅਸਥਾਈ ਭੌਤਿਕ ਸੰਰਚਨਾ ਵਜੋਂ ਵੀ ਵਿਆਖਿਆ ਕੀਤੀ। ਉਸਨੇ ਹਰ ਪਦਾਰਥ ਨੂੰ ਹਮੇਸ਼ਾ ਗਤੀ ਤੇ ਤਬਦੀਲੀ ਦਾ ਵਾਹਕ ਕਿਹਾ ਤੇ ਗਤੀ ਨੂੰ ਹੀ ਕੇਂਦਰੀ ਇਕਾਈ ਮੰਨਿਆ। ਹੇਰਾਕਲੀਟਸ ਤੋਂ
ਐਮ੍ਰਿਤਕਲੀਸ ਅਨੈਕਸਾਗਰਜ ਆਦਿ ਹੋਰ ਪੱਖ
ਹਨ। ਇਕ ਵਰਗ ਦੇ ਚਿੰਤਕਾਂ ਨੇ ਕਿਸੇ ਇਕ ਪੱਖ 'ਤੇ ਜ਼ੋਰ ਦਿੱਤਾ ਤਾਂ ਦੂਜੇ ਸਕੂਲ ਵਾਲੇ ਕਿਸੇ ਹੋਰ 'ਤੇ ਕੇਂਦਰਿਤ ਰਹੇ। ਪਦਾਰਥ ਦਾ ਜੀਵਨ ਦੀ ਉਤਪਤੀ ਵਿਚ ਯੋਗਦਾਨ, ਮਨੁੱਖ ਤੋਂ ਸ੍ਰਿਸ਼ਟੀ ਤੱਕ ਦੇ ਵਜੂਦ ਦਾ ਉਦੇਸ਼, ਆਤਮ ਤੇ ਅਨਾਤਮ ਦੇ ਸੰਬੰਧ, ਗਤੀ ਬਨਾਮ ਸਥਿਰਤਾ ਅਤੇ ਸਦੀਵਤਾ ਕਿ ਨਾਸ਼ਮਾਨਤਾ ਆਦਿ ਸੰਦਰਭਦੀ ਆਧਾਰ 'ਤੇ ਇਹ ਚਿੰਤਨ ਸੰਪ੍ਰਦਾਇ ਦਾਰਸ਼ਨਿਕ ਕਾਰਜਾਂ ਨੂੰ ਮਨੁੱਖ ਦੀ ਜੈਵਿਕ, ਭੌਤਿਕ ਹੋਂਦ ਦੇ ਪ੍ਰਾਭੌਤਿਕਤਾ ਨਾਲ ਸਰੋਕਾਰਾਂ ਦੇ ਪੱਖ ਤੋਂ ਵਿਆਖਿਆਉਂਦੇ ਰਹੇ। ਰਾਜਨੀਤੀ, ਨੀਤੀ ਸ਼ਾਸਤਰ, ਧਰਮ, ਵਿਗਿਆਨ ਆਦਿ ਸਾਰੇ ਵਿਸ਼ੇ ਇਸ ਚਿੰਤਨ ਦੇ ਕੇਂਦਰ ਵਿਚ ਦਿਖਾਈ ਦਿੰਦੇ ਹਨ।
ਇਹ ਸਾਰੇ ਚਿੰਤਨ ਨੂੰ ਇਕ ਤਾਰਕਿਕ ਸਾਂਝ ਵਿਚ ਜੋੜ ਕੇ ਸਾਂਝੀ ਸਿਆਣਪ ਦੇ ਵਿਕਾਸ ਵਿਚ ਸੋਫਿਸਟ ਚਿੰਤਕਾਂ ਦਾ ਵੱਡਾ ਯੋਗਦਾਨ ਰਿਹਾ। ਸੋਫਿਸਟ ਚਿੰਤਕ ਸੁਕਰਾਤ ਦੇ ਸਭ ਤੋਂ ਨੇੜਲੇ ਕਾਲ ਦੇ ਚਿੰਤਕ ਸਨ। ਸੋਫਿਸਟ ਸ਼ਬਦ ਦਾ ਅਰਥ ਹੀ 'ਸਿਆਣੇ ਮਨੁੱਖ' ਸੀ। ਸੋਫਿਸਟ ਉਨ੍ਹਾਂ ਚਿੰਤਕਾਂ ਨੂੰ ਕਿਹਾ ਜਾਂਦਾ ਸੀ ਜੋ ਆਪਣੇ ਤੋਂ ਪੂਰਬਲੇ ਚਿੰਤਨ ਦੀਆਂ ਧਾਰਨਾਵਾਂ ਨੂੰ ਤਰਕ ਨਾਲ ਰੱਦ ਕਰਦੇ ਸਨ। ਸਾਂਝੇ ਯੂਨਾਨ ਦੇ ਸ਼ਾਸਨ-ਪ੍ਰਬੰਧ ਲਈ ਨਵੇਂ ਸਮੀਕਰਨਾਂ ਦੀ ਖੋਜ ਵਿਚ ਦਾਰਸ਼ਨਿਕ ਸੰਪ੍ਰਦਾਵਾਂ ਦਾ ਅਹਿਮ ਯੋਗਦਾਨ ਸੀ। ਦਾਰਸ਼ਨਿਕ ਬਹਿਸਾਂ ਵਿੱਚੋਂ ਛਣ ਕੇ ਆਉਣ ਵਾਲੀਆਂ ਧਾਰਨਾਵਾਂ ਨੇ ਸਾਧਾਰਣ ਲੋਕਾਂ ਨੂੰ ਵੀ ਚੇਤਨਾ ਨਾਲ ਭਰਪੂਰ ਕੀਤਾ। ਨਾਗਰਿਕਾਂ ਦੇ ਜੀਵਨ ਦੇ ਸਾਰੇ ਪੱਖਾਂ ਬਾਰੇ ਰੌਸ਼ਨੀ ਚਿੰਤਨੀ ਸੰਵਾਦ ਤੋਂ ਪ੍ਰਾਪਤ ਹੋਈ। ਰਾਜਾਂ ਦੀਆਂ ਸੰਸਦਾਂ ਤੋਂ ਲੈ ਕੇ ਅਦਾਲਤਾਂ ਅਤੇ ਚੁਰਾਹਿਆਂ ਵਿਚ ਆਮ ਲੋਕਾਂ ਨੇ ਇਨ੍ਹਾਂ ਧਾਰਨਾਵਾਂ 'ਤੇ ਵਿਚਾਰਾਂ ਕੀਤੀਆਂ। ਇਸ ਹਾਲਾਤ ਦੀ ਪੇਸ਼ਕਾਰੀ ਅਰਿਸਤੋਫੇਨਸ ਦੀ ਕਾਮੇਡੀ The Wasps ਵਿਚ ਹੁੰਦੀ ਹੈ। ਇਹ ਕਾਮੇਡੀ ਉਸ ਦੌਰ ਦੀ ਬੌਧਿਕ ਅਤੇ ਰਾਜਸੀ ਉਥਲ-ਪੁਥਲ ਬਾਰੇ ਤਿੱਖਾ ਵਿਅੰਗ ਹੈ। ਸਾਧਾਰਣ ਲੋਕ ਨਾਸਤਿਕ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਈਸ਼-ਨਿੰਦਾ ਨਾਲ ਜੁੜ ਰਹੇ ਸਨ। ਇਸ ਸਥਿਤੀ ਵਿਚ ਸੋਫਿਸਟ ਵਿਚਾਰਕਾਂ ਨੇ ਲੋਕਾਂ ਨਾਲ ਸਿੱਧੇ ਸੰਵਾਦ ਦਾ ਤਰੀਕਾ ਵਰਤਿਆ। ਸੋਫਿਸਟਾਂ ਦਾ ਮੁੱਖ ਕੰਮ ਸਿੱਖਿਆ ਦਾ ਪ੍ਰਸਾਰ ਕਰਨਾ ਸੀ। ਉਹ ਵਧੇਰੇ ਕਰਕੇ ਨੌਜਵਾਨਾਂ ਨੂੰ ਆਪਣੇ ਸੰਵਾਦ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਸਨ ਤੇ ਉਨ੍ਹਾਂ ਦੀ ਅਮਲੀ ਜ਼ਿੰਦਗੀ ਲਈ ਸਿਆਣਪ ਦੀ ਲੋੜ ਪੂਰੀ ਕਰਦੇ ਸਨ। ਸੋਫਿਸਟਾਂ ਦੀ ਸਿੱਖਿਆ ਉਦਯੋਗ, ਵਪਾਰ, ਨਾਗਰਿਕੀ, ਨੈਤਿਕਤਾ ਤੇ ਰਾਜਸੀ ਭਾਗੀਦਾਰੀ ਸੰਬੰਧੀ ਹੁੰਦੀ ਸੀ। ਉਹ ਵਧੇਰੇ ਜ਼ੋਰ ਸੁਭਾਸ਼ਣਕਾਰੀ (Rhetoric) ਅਤੇ ਜ਼ੁਬਾਨੀ ਗੱਲਬਾਤ 'ਤੇ ਦਿੰਦੇ ਸਨ ਤੇ ਅਲੰਕ੍ਰਿਤ ਭਾਸ਼ਾ ਦੀ ਵਰਤੋਂ ਕਰਦੇ ਸਨ। ਉਨ੍ਹਾਂ ਦੀ ਸਿੱਖਿਆ ਵਧੇਰੇ ਕਰਕੇ ਤਕਨੀਕੀ ਭਾਂਤ
ਦੀ ਸੀ ਜਿਸਦੇ ਆਧਾਰ ਵਿਹਾਰਕ ਵਧੇਰੇ ਸਨ ਅਤੇ ਦਾਰਸ਼ਨਿਕ ਉੱਕਾ ਹੀ ਨਹੀਂ P ਪੈਟਾਗੋਰਸ ਅਤੇ ਜਾਰਜਿਅਸ ਇਸ ਮੱਤ ਦੇ ਆਰੰਭਿਕ ਚਿੰਤਕ ਸਨ। ਇਨ੍ਹਾਂ ਚਿੰਤਕਾਂ ਨੇ ਦਰਸ਼ਨ ਦੀ ਧਾਰਾ ਅਤੇ ਖੇਤਰ ਨੂੰ ਸਾਧਾਰਣ ਲੋਕਾਈ ਦੇ ਸੰਪਰਕ ਵਿਚ ਲਿਆ ਕੇ ਉਸਦਾ ਅਮਲੀ ਰੂਪ ਘੜਿਆ।
ਇੰਜ ਭਲੀ-ਭਾਂਤ ਦੇਖਿਆ ਜਾ ਸਕਦਾ ਹੈ ਕਿ ਪੂਰਬ ਸੁਕਰਾਤ ਕਾਲ ਵਿਵਿਧਤਾਵਾਂ ਤੇ ਸੁਵੰਨਤਾਵਾਂ ਦੇ ਦਾਰਸ਼ਨਿਕ ਇਤਿਹਾਸ ਦਾ ਦੌਰ ਹੈ। ਜੀਵਨ ਦੇ ਸਾਰੇ ਪਹਿਲੂਆਂ ਬਾਰੇ ਇਸ ਚਿੰਤਨ ਨੇ ਤਿੱਖੇ ਸਵਾਲ ਖੜ੍ਹੇ ਕੀਤੇ ਅਤੇ ਉਨ੍ਹਾਂ ਦੇ ਉੱਤਰਾਂ ਦੀ ਤਲਾਸ਼ ਲਈ ਕਾਰਜ ਵੀ ਕੀਤਾ। ਨਵੇਂ ਸਮਾਜ ਦੀ ਸਿਰਜਣਾ ਤੇ ਮਨੁੱਖੀ ਹੋਂਦ ਦੇ ਉਦੇਸ਼ਾਂ ਤੋਂ ਲੈ ਕੇ ਭੌਤਿਕ-ਪ੍ਰਾਭੌਤਿਕ ਸਰੋਕਾਰਾਂ ਸਮੇਤ ਸਮਾਜ ਤੇ ਕੁਦਰਤ ਨਾਲ ਸੰਬੰਧਾਂ ਦੀ ਵਿਆਖਿਆ ਵਿੱਚੋਂ ਇਕ ਸੰਵਾਦ ਪੈਦਾ ਹੋਇਆ। ਇਸ ਸੰਵਾਦ ਵਿਚ ਹੀ ਕਿਸੇ ਵਡੇਰੀ ਪ੍ਰਤਿਭਾ ਦੇ ਪੈਦਾ ਹੋਣ ਦੀਆਂ ਸੰਭਾਵਨਾਵਾਂ ਪਈਆਂ ਸਨ ਤੇ ਇਹ ਗੁਣਾ ਸੁਕਰਾਤ ਉੱਪਰ ਪੈ ਗਿਆ।
ਅਧਿਆਇ ਦੂਸਰਾ
ਸੁਕਰਾਤ ਦਾ ਜੀਵਨ
ਸੁਕਰਾਤ ਦਰਸ਼ਨ ਦੇ ਇਤਿਹਾਸ ਵਿਚ ਬਹੁਤ ਵਿਲੱਖਣ ਸ਼ਖਸੀਅਤ ਹੈ। ਇੱਕ ਬੰਨੇ ਤਾਂ ਉਹ ਸਾਰੇ ਉੱਤਰਕਾਲੀ ਦਾਰਸ਼ਨਿਕਾਂ ਉੱਪਰ ਸਭ ਤੋਂ ਵੱਧ ਪ੍ਰਤਾਵ ਪਾਉਣ ਵਾਲਾ ਹੈ ਤਾਂ ਦੂਜੇ ਪਾਸੇ ਸਭ ਤੋਂ ਘੱਟ ਜਾਣਕਾਰੀ ਵੀ ਉਸੇ ਬਾਰੇ ਹੀ ਮਿਲਦੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸੁਕਰਾਤ ਬਾਰੇ ਵਾਕਫੀ ਦਾ ਕੋਈ ਵੀ ਸਿੱਧਾ ਸਰੋਤ ਸਾਡੇ ਤੱਕ ਨਹੀਂ ਪਹੁੰਚਦਾ। ਅਰਥਾਤ ਉਸਨੇ ਆਪਣੇ ਬਾਰੇ ਜਾਂ ਆਪਣੀ ਦਾਰਸ਼ਨਿਕ ਪਹੁੰਚ ਬਾਰੇ ਕੁਝ ਵੀ ਨਹੀਂ ਲਿਖਿਆ। ਇਸ ਸੰਬੰਧ ਵਿਚ ਬਰਟੰਡ ਰਸਲ ਦਾ ਕਥਨ ਹੈ:
ਬਹੁਤ ਸਾਰੇ ਐਸੇ ਲੋਕ ਹਨ ਜਿਨ੍ਹਾਂ ਬਾਰੇ ਸਾਨੂੰ ਪੱਥੀ ਤਰ੍ਹਾਂ ਬਹੁਤ ਘੱਟ ਪਤਾ ਹੈ, ਬਹੁਤ ਸਾਰੇ ਐਸੇ ਹਨ ਜਿਨ੍ਹਾਂ ਬਾਰੇ ਅਸੀਂ ਬਹੁਤ ਖੁਝ ਜਾਣਦੇ ਹਾਂ ਪਰ ਸੁਕਰਾਤ ਦੇ ਸੰਬੰਧ ਵਿਚ ਇਹ ਤੈਅ ਹੀ ਨਹੀਂ ਕਰ ਪਾਉਂਦੇ ਕਿ ਅਸੀ ਉਸ ਬਾਰੇ ਬਹੁਤ ਬੁਝ ਜਾਣਦੇ ਹਾਂ ਜਾਂ ਖੁਝ ਵੀ ਨਹੀਂ ਜਾਣਦੇ।
ਸੁਕਰਾਤ ਦੇ ਜੀਵਨ ਸੰਬੰਧੀ ਬਹੁਤੀ ਪ੍ਰਮਾਣਿਕਰਾ ਨਾਲ ਕੋਈ ਗੈਲ ਨਹੀਂ ਪੀਤੀ ਜਾ ਸਕਦੀ। ਇਹ ਵੀ ਕਿਹਾ ਜਾ ਸਕਦਾ ਹੈ ਕਿ ਪਾਠਕ ਨੂੰ ਆਪਣਾ ਸੁਕਰਾਰ ਲੱਭਦਾ ਹੀ ਨਹੀਂ। ਸੁਕਰਾਤ ਦੇ ਤਿੰਨ ਸਮਕਾਲੀਆ ਦੀਆ ਲਿਖਤਾਂ ਵਿੱਚ ਉਨ੍ਹਾਂ ਦੇ ਨਜ਼ਰੀਏ ਅਨੁਸਾਰ ਦੇਖੋ ਅਤੇ ਪੇਸ਼ ਕੀਤੇ ਸੁਕਰਾਤ ਨੂੰ ਜਾਣੇ ਬਿਨਾਂ ਕੋਈ ਚਾਰਾ ਨਹੀਂ। ਸੁਕਰਾਤ ਦੇ ਦੋਸਤ ਅਤੇ ਚਿੰਤਨ ਵਿਚ ਸਾਂਝੀਦਾਰ ਰਹੇ ਪ੍ਰਸਿੱਧ ਯੂਨਾਨੀ ਲੇਖਕ ਅਰਿਸਤੋਫੇਨਸ ਦੇ ਹਾਸ-ਨਾਟਕ 'ਕਲਾਊਡਸ' ਦੇ ਮੁੱਖ ਪਾਤਰ ਕਿਤਰਾਈਡਸ ਨੂੰ ਕੁਝ ਲੋਕ ਸੁਕਰਾਤ ਤੋਂ ਪ੍ਰਭਾਵਿਤ ਪਾਤਰ ਕਹਿੰਦੇ ਹਨ। 423 ਈ ਪੁ ਲਿਖਿਆ ਤੇ ਮੰਚਿਤ ਹੋਇਆ ਇਹ ਨਾਟਕ ਦਿੱਖ ਤੇ ਵਿਹਾਰ ਦੇ ਪੱਖ ਤੇ ਸੁਕਰਾਤ ਨਾਲ ਮੇਲ ਖਾਂਦੇ ਕਿਰਦਾਰ 'ਤੇ ਆਧਰਿਤ ਹੈ। ਇਸ ਤੋਂ ਬਿਨਾਂ ਸੁਕਰਾਤ ਦੇ ਸ਼ਾਗਿਰਦਾਂ ਚੀਨੋਫੋਨ ਦੀਆਂ ਕਿਤਾਬਾਂ ਅਤੇ ਪਲੇਟੇ ਦੇ ਸੇਵਾਦਾਂ ਵਿਚ ਸੁਕਰਾਤ ਬਾਰੇ ਭਰਪੂਰ ਗੋਲਾਂ ਹੋਈਆਂ ਹਨ। ਇਹ ਵੱਖਰਾ ਪੱਖ ਹੋ ਕਿ ਇਨ੍ਹਾਂ ਚਿੰਤਕਾ ਵੱਲੋਂ ਆਪਣੀਆਂ ਲਿਖਤਾਂ ਵਿਚ ਪੇਸ਼ ਕੀਤਾ ਸੁਕਰਾਤ ਇਨ੍ਹਾਂ ਦੇ ਨਿੱਜੀ ਦ੍ਰਿਸ਼ਟੀਕੋਣ ਦਾ ਅਨੁਸਾਰੀ ਹੋਣ ਕਾਰਨ ਵਿਰੋਧਾਭਾਸੀ ਹੈ।
ਸੁਕਰਾਤ ਸੰਬੰਧੀ ਜਾਣਕਾਰੀ ਦਾ ਆਲਮ ਇਹ ਹੈ ਕਿ ਮੌਤ ਤੋਂ ਪਹਿਲਾਂ
ਉਸ ਉੱਪਰ ਚੱਲੇ ਮੁਕੱਦਮੇ ਅਤੇ ਮੌਤ ਦੀ ਤਰੀਕ ਅਨੁਸਾਰ ਉਹ 399 ਈ. ਪੂ. ਵਿੱਚ ਇਸ ਸੰਸਾਰ ਤੋਂ ਵਿਦਾ ਹੋਇਆ। ਪਲੈਟੋ ਦੇ ਸਵਾਦ Apology ਵਿਚ ਦਿੱਤੇ ਵੇਰਵਿਆਂ ਅਨੁਸਾਰ ਉਹ ਮੌਤ ਸਮੇਂ ਸੱਤਰ ਸਾਲ ਤੋਂ ਵਧੇਰੇ ਉਮਰ ਦਾ ਸੀ। ਇਸ ਲਿਹਾਜ਼ ਨਾਲ ਉਸਦਾ ਜਨਮ ਸਾਲ 469 ਈ. ਪੂ. ਬਣਦਾ ਹੈ। ਉਸ ਦੇ ਪਿਤਾ ਦਾ ਨਾਂ ਸੋਫਰੋਨੀਸਸ ਸੀ, ਜੋ ਏਥਨਜ਼ ਦੇ ਦੱਖਣ ਵਿਚ ਇਕ ਬੁੱਤਘਾੜਾ ਸੀ ਤੇ ਆਪਣੀ ਪਤਨੀ ਵਿਨਾਰੀਟ ਨਾਲ ਰਹਿੰਦਾ ਸੀ। ਵਿਨਾਰੀਟ ਦਾਈ ਦਾ ਕੰਮ ਕਰਦੀ ਸੀ। ਇਸਦਾ ਹਵਾਲਾ ਜੀਨੋਫੋਨ ਦੀ ਕਿਤਾਬ Conversations of Socrates ਵਿਚ ਵੀ ਆਉਂਦਾ ਹੈ। ਸੁਕਰਾਤ ਆਪਣੇ ਇਕ ਸ਼ਾਗਿਰਦ ਨਾਲ ਗੱਲਬਾਤ ਦੌਰਾਨ ਕਹਿੰਦਾ ਹੈ:
ਜਿਵੇਂ ਮੇਰੀ ਮਾਂ ਬੱਚੇ ਪੈਦਾ ਕਰਨ ਵਿਚ ਔਰਤਾਂ ਦੀ ਮਦਦ ਕਰਦੀ ਸੀ, ਉਵੇਂ ਹੀ ਮੈਂ ਵੀ ਮਨੁੱਖ ਵਿਚ ਲੁਕੇ ਗਿਆਨ ਨੂੰ ਬਾਹਰ ਲਿਆਉਣ ਵਿਚ ਉਸਦਾ ਸਹਿਯੋਗ ਕਰਦਾ ਹਾਂ। ਜਿਵੇਂ ਜੰਮਣ-ਪੀੜਾਂ ਦੁੱਖ ਦਿੰਦੀਆਂ ਹਨ, ਉਸੇ ਤਰ੍ਹਾਂ ਸੱਚ ਦਾ ਸਾਹਮਣਾ ਕਰਨਾ ਵੀ ਕਸ਼ਟਦਾਇਕ ਹੈ। ਨ੍ਹੇਰ ਵਿਚ ਰਹਿਣ ਗਿੱਠੀਆਂ ਅੱਖਾਂ ਜਿਵੇਂ ਰੋਸ਼ਨੀ ਵਿਚ ਦੇਖ ਨਹੀਂ ਸਕਦੀਆਂ, ਉਵੇਂ ਹੀ ਗਿਆਨਵਾਨ ਵਿਚਾਰ ਅਗਿਆਨੀ ਨੂੰ ਕੁਝ ਦੇਰ ਪ੍ਰੇਸ਼ਾਨ ਕਰਦੇ
ਸੁਕਰਾਤ ਨੇ ਆਪਣੇ ਪਿਤਾ ਕੋਲੋਂ ਬੁੱਤ-ਸਾਜ਼ੀ ਵੀ ਸਿੱਖੀ ਤੇ ਇਹ ਵੀ ਧਾਰਨਾ ਹੈ ਕਿ ਏਥਨਜ਼ ਦੇ ਪੁਰਾਣੇ ਕਿਲ੍ਹੇ ਏਕਰੋਪੋਲਿਸ ਵਿਚ ਦੂਜੀ ਸਦੀ ਈਸਵੀ ਤੱਕ ਸਥਾਪਿਤ ਤਿੰਨ ਅਜਮਤਾਂ ਦੀ ਮੁਰਤੀ(Three Graces Statue) ਉਸਨੇ ਹੀ ਘੜੀ ਸੀ, ਪਰ ਇਸ ਧਾਰਨਾ ਦੇ ਪ੍ਰਮਾਣ ਲਈ ਢੁਕਵੇਂ ਕਾਰਨ ਮੌਜੂਦ ਨਹੀਂ ਹਨ।
ਪਲੇਟੋ ਨੇ ਕੁਝ ਸੰਵਾਦਾਂ ਵਿਚ ਸੁਕਰਾਤ ਨੂੰ ਇਕ ਪਾਤਰ ਬਣਾ ਕੇ ਸਿਮਰਤੀਆਂ ਦੇ ਆਧਾਰ 'ਤੇ ਉਸਦੇ ਵਿਹਾਰ ਨੂੰ ਉਲੀਕਿਆ। ਇਹ ਸੰਵਾਦ ਗਿਣਤੀ ਵਿਚ 30 ਦੇ ਆਸਪਾਸ ਹਨ। ਇਨ੍ਹਾਂ ਸੰਵਾਦਾਂ ਵਿਚ ਸੁਕਰਾਤ ਦੇ ਕਿਰਦਾਰ ਦੀਆਂ ਵਿਸ਼ੇਸ਼ਤਾਵਾਂ ਵੀ ਉਜਾਗਰ ਕੀਤੀਆਂ ਤੇ ਨਾਲ ਹੀ ਉਸਦੀ ਦਾਰਸ਼ਨਿਕ ਬਿਰਤੀ ਨੂੰ ਹੋਰ ਪਾਤਰਾਂ ਦੇ ਪ੍ਰਸੰਗ ਵਿਚ ਪੇਸ਼ ਕੀਤਾ। ਇਨ੍ਹਾਂ ਸੰਵਾਦਾਂ ਵਿਚ ਸੁਕਰਾਤ ਦੇ ਜੀਵਨ ਦੇ ਵੇਰਵੇ ਵੀ ਪਲੇਟ ਨੇ ਕਈ ਥਾਂਈ ਪੇਸ਼ ਕੀਤੇ ਹਨ। ਸੁਕਰਾਤ ਦੀ ਬਾਅਦ ਵਾਲੀ ਜੀਵਨੀ ਦੇ ਲੇਖਕਾਂ ਨੂੰ ਇਨ੍ਹਾਂ ਵੇਰਵਿਆਂ 'ਤੇ ਯਕੀਨ ਕਰਨਾ ਹੀ ਪਿਆ ਹੈ। ਪਲੈਟੋ ਦੁਆਰਾ ਪੇਸ਼ ਸੁਕਰਾਤ ਦੇ ਕਿਰਦਾਰ ਦੀਆਂ ਕਈ ਸੀਮਾਵਾਂ ਵੀ ਹਨ। ਇਨ੍ਹਾਂ ਤੋਂ ਇਲਾਵਾ ਸੁਕਰਾਤ ਸਿਧਾਂਤਕ ਮਸਲਿਆਂ ਦੀ ਥਾਂ ਜ਼ਿੰਦਗੀ ਦੇ ਨੈਤਿਕpage_break
ਦਾ ਬਿੰਬ ਐਸੇ ਚਿੰਤਕ ਵਾਲਾ ਹੈ ਜੋ ਧਰਮ, ਧਾਰਮਿਕਤਾ ਆਦਿ ਮੁੱਦਿਆਂ ਬਾਰੇ ਵਧੇਰੇ ਸਪੱਸ਼ਟਤਾ ਤੇ ਪਕਿਆਈ ਨਾਲ ਆਪਣੀ ਗੱਲ ਕਹਿੰਦਾ ਹੈ। ਜ਼ੀਨੋਫੋਨ ਉਸਨੂੰ ਛੋਟੇ- ਛੋਟੇ ਸਮੂਹਾਂ ਵਿਚ ਆਪਣੇ ਜਿਗਿਆਸੂਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਸ਼ੰਕਿਆਂ ਦਾ ਨਿਵਾਰਣ ਕਰਦਿਆਂ ਪੇਸ਼ ਕਰਦਾ ਹੈ। ਜ਼ੀਨੋਫੋਨ ਦੀਆਂ ਗੱਲਾਂਬਾਤਾਂ ਵਿਚ ਸੁਕਰਾਤ ਦੇ ਜੀਵਨ ਬਾਰੇ ਜਾਣਕਾਰੀ ਨਹੀਂ ਮਿਲਦੀ। ਉਹ ਸੁਕਰਾਤ ਦੀ ਮੌਤ ਤੋਂ ਬਾਅਦ ਉਸ ਉੱਪਰ ਹੋਣ ਵਾਲੇ ਸਿਧਾਂਤਕ ਹਮਲਿਆਂ ਦੇ ਵਿਰੋਧ ਵਿਚ ਸੁਕਰਾਤ ਦੀ ਦਰਸ਼ਨ ਰੁਚੀ ਨੂੰ ਆਧਾਰ ਬਣਾ ਕੇ ਉਸਦੇ ਬਿੰਬ ਦੀ 'ਰਖਵਾਲੀ' ਕਰਦਾ ਹੈ। ਇਸਦੇ ਮੁਕਾਬਲੇ ਪਲੈਟੋ ਨੇ ਆਪਣੇ ਸੰਵਾਦਾਂ ਵਿਚ ਸੁਕਰਾਤ ਦੇ ਕਿਰਦਾਰ ਦੇ ਮੂੰਹੋਂ ਵਾਰ-ਵਾਰ ਐਸੇ ਹਵਾਲੇ ਲਿਖਵਾਏ ਜੋ ਉਸਦੇ ਜੀਵਨ-ਵੇਰਵੇ ਹਨ। ਪਲੈਟੋ ਆਪਣੀ ਯਾਦ-ਸ਼ਕਤੀ ਨੂੰ ਵੀ ਸੁਕਰਾਤ ਦੇ ਜੀਵਨ ਬਾਰੇ ਹਵਾਲਿਆਂ ਦੀ ਪ੍ਰਮਾਣਿਕਤਾ ਲਈ ਵਰਤਦਾ ਹੈ। 'ਫੇਡੋ' ਨਾਂ ਦੇ ਵਾਰਤਾਲਾਪ ਵਿਚ ਸੁਕਰਾਤ ਕਈ ਵਾਰ ਇਸ ਗੱਲ ਦਾ ਜ਼ਿਕਰ ਕਰਦਾ ਹੈ ਕਿ ਉਹ ਏਥਨਜ਼ ਦੀ ਫੌਜ ਵਿਚ ਸੈਨਿਕ ਰਿਹਾ ਤੇ ਉਸਨੇ ਕਈ ਲੜਾਈਆਂ ਵਿਚ ਭਾਗ ਲਿਆ।
ਸੁਕਰਾਤ ਨੇ ਜਲਦ ਹੀ ਮਹਿਸੂਸ ਕਰ ਲਿਆ ਕਿ ਕਲਾ ਦੇ ਰਵਾਇਤੀ ਰੂਪਾਂ ਜਿਵੇਂ ਬੁੱਤਸਾਜ਼ੀ ਜਾਂ ਕਵਿਤਾ ਨਾਲ ਆਪਣਾ ਆਪਾ ਤਾਂ ਪ੍ਰਗਟ ਕੀਤਾ ਜਾ ਸਕਦਾ ਹੈ ਪਰ ਇਸ ਤਰ੍ਹਾਂ ਗਿਆਨ ਦੇ ਅਗਾਂਹ ਵਿਕਾਸ ਦੀਆਂ ਕੋਈ ਸੰਭਾਵਨਾਵਾਂ ਉਸਨੂੰ ਨਹੀਂ ਦਿਸੀਆਂ। ਉਸ ਸਮੇਂ ਏਥਨਜ਼ ਵਿਚ ਏਸ਼ੀਲਸ ਨਾਂ ਦਾ ਮਹਾਨ ਕਵੀ ਰਹਿੰਦਾ ਸੀ, ਫਰਾਇਡਾਸ ਦੇ ਰੂਪ ਵਿਚ ਬਹੁਤ ਦੂਰੀ ਤੱਕ ਪ੍ਰਸਿੱਧੀ ਫੈਲਾਉਣ ਵਾਲਾ ਸ਼ਿਲਪਕਾਰ, ਪੈਰੀਕਲੀਸ ਜੋ ਲੋਕਤੰਤਰੀ ਮੁੱਲਾਂ ਦਾ ਹਮਾਇਤੀ ਰਾਜਨੀਤੀਵਾਨ ਸੀ, ਇਹ ਸਾਰੇ ਇਕ ਸਮੂਹ ਵਿਚ ਜੁੜ ਕੇ ਬੈਠਦੇ ਤੇ ਲੋਕਾਂ ਦੇ ਸਾਹਮਣੇ ਹੀ ਕਈ ਮੁੱਦਿਆਂ 'ਤੇ ਵਿਚਾਰ ਕਰਦੇ। ਥਿਊਸੀ ਡਾਇਟਸ ਨਾਂ ਦਾ ਇਤਿਹਾਸਕਾਰ ਇਸ ਤਰ੍ਹਾਂ ਦੀਆਂ ਬੈਠਕਾਂ ਵਿਚ ਇਤਿਹਾਸ ਦੀਆਂ ਦਿਲਚਸਪ ਗੱਲਾਂ ਸੁਣਾਉਂਦਾ। ਇਨ੍ਹਾਂ ਬੈਠਕਾਂ ਵਿਚ ਸੁਨਹਿਰੀ ਘੁੰਗਰਾਲੇ ਵਾਲਾਂ ਤੇ ਨੀਲੀਆਂ ਅੱਖਾਂ ਵਾਲਾ ਇਕ ਸ਼ਾਨਦਾਰ ਨੌਜਵਾਨ ਏਕਰੀਨਸ ਵੀ ਅਕਸਰ ਆਉਂਦਾ ਸੀ। ਉਹ ਉਸ ਸਮੇਂ ਦਰਸ਼ਨ ਸ਼ਾਸਤਰ ਦਾ ਅਧਿਐਨ ਕਰ ਰਿਹਾ ਸੀ ਤੇ ਬਹੁਤ ਹੋਣਹਾਰ ਦਾਰਸ਼ਨਿਕ ਸੀ। ਸੁਕਰਾਤ ਦੀ ਸ਼ਖਸੀਅਤ ਉੱਪਰ ਏਕਰੀਨਸ ਦਾ ਬਹੁਤ ਪ੍ਰਭਾਵ ਪਿਆ। ਉਸਨੇ ਦੇਖਿਆ ਕਿ ਇਕ ਦਾਰਸ਼ਨਿਕ ਕਵੀ, ਸ਼ਿਲਪਕਾਰ, ਰਾਜਨੇਤਾ ਤੇ ਇਤਿਹਾਸਕਾਰ ਨਾਲ ਇਕੱਲਾ ਹੀ ਬਹਿਸ ਕਰ ਸਕਦਾ ਹੈ। ਦਾਰਸ਼ਨਿਕ ਦੇ ਗਿਆਨ ਦੀ ਬਹੁਪੱਖਤਾ ਨੇ ਸੁਕਰਾਤ ਨੂੰ ਬਹੁਤ ਪ੍ਰਭਾਵਿਤ ਕੀਤਾ। ਉਸਨੇ ਬਾਕੀ ਸਾਰੇ ਖੇਤਰਾਂ ਦੀ ਥਾਂ ਦਰਸ਼ਨ ਦਾ ਅਧਿਐਨ ਕਰਨ ਤੇ ਦਰਸ਼ਨ-ਸ਼ਾਸਤਰੀ ਬਣ ਕੇ ਚੁਤਰਫ਼ਾ ਗਿਆਨ ਹਾਸਲ ਕਰਨ ਦਾ ਮਨ ਬਣਾਇਆ।
ਸੁਕਰਾਤ ਦੇ ਇਕ ਸ਼ਾਗਿਰਦ ਕਲਾਈਸਸ ਨੇ ਉਸਦੀ ਮੌਤ ਤੋਂ ਫੌਰਨ ਬਾਅਦ ਉਸਦਾ ਇਕ ਬੁੱਤ ਤਰਾਸ਼ਿਆ ਸੀ। ਉਹ ਬੁੱਤ ਲੰਮਾਂ ਸਮਾਂ ਉਸਦੇ ਸ਼ਾਗਿਰਦਾਂ ਕੋਲ ਰਿਹਾ ਤੇ ਬਾਅਦ ਵਿਚ ਕਿਸੇ ਰੋਮਨ ਚਿੱਤਰਕਾਰ, ਜੋ ਦਰਸ਼ਨ ਦੇ ਖੇਤਰ ਵਿਚ ਪਲੈਟੋ ਦੇ ਹਵਾਲੇ ਨਾਲ ਸੁਕਰਾਤ ਦੀਆਂ ਮਾਨਤਾਵਾਂ ਦਾ ਹਾਮੀ ਬਣਿਆ ਸੀ, ਨੇ ਉਸ ਬੁੱਤ ਦੇ ਆਧਾਰ 'ਤੇ ਸੁਕਰਾਤ ਦੀਆਂ ਕੁਝ ਤਸਵੀਰਾਂ ਬਣਾਈਆਂ। ਇਨ੍ਹਾਂ ਤਸਵੀਰਾਂ ਤੋਂ ਅਗਾਂਹ ਮੱਧ-ਕਾਲ ਵਿਚ ਯੂਰਪ ਦੇ ਚਿੱਤਰਕਾਰਾਂ ਨੇ ਦਰਸ਼ਨ ਦੇ ਇਤਿਹਾਸ ਨੂੰ ਚਿਤਰਦਿਆਂ ਸੁਕਰਾਤ ਦੀ ਉਹੀ ਦਿੱਖ ਪੇਸ਼ ਕੀਤੀ। ਮਧਰੇ ਕੱਦ ਦਾ ਥੋੜ੍ਹਾ ਜਿਹਾ ਝੁਕ ਕੇ ਤੁਰਨ ਵਾਲਾ ਮੋਟਾ ਬਜ਼ੁਰਗ ਜਿਸਦੀਆਂ ਚੁੰਨੀਆਂ ਅੱਖਾਂ ਸਦਾ ਕਿਸੇ ਸੋਚਣੀ ਲਈ ਤਾੜੇ ਲੱਗੀਆਂ ਰਹਿੰਦੀਆਂ ਸਨ। ਸਿਰ ਦੇ ਵਧੇਰੇ ਹਿੱਸੇ ਤੋਂ ਉੱਡ ਚੁੱਕੇ ਵਾਲ, ਮੋਟਾ-ਚੌੜਾ ਨੱਕ, ਤਣੇ ਹੋਏ ਭਰਵੱਟੇ। ਉਸਦੀਆਂ ਕਈ ਟੂਕਾਂ ਸੁੰਦਰਤਾ ਦੀ ਅਸਲੀਅਤ ਬਾਰੇ ਹਨ ਜੋ ਪਲੈਟੇ ਦੇ 'ਸੰਵਾਦਾਂ' ਵਿਚ ਉਹ ਬੋਲਦਾ ਹੈ। ਅਰਿਸਤੋਫੇਨਸ ਦੇ ਨਾਟਕ ਕਲਾਉਡਜ਼ ਦਾ ਦਾਰਸ਼ਨਿਕ ਪਾਤਰ ਵੀ ਆਪਣੀ ਸਰੀਰਕ ਦਿੱਖ ਨੂੰ ਲੈ ਕੇ ਕਾਫ਼ੀ ਸੰਵੇਦਨਸ਼ੀਲ ਦਿਸਦਾ ਹੈ। ਇਸੇ ਨਾਟਕ ਦੇ ਇਕ ਦ੍ਰਿਸ਼ ਵਿਚ ਉਹ ਅੱਧਖੜ੍ਹ ਚਿੰਤਕ ਆਪਣੀ ਜਵਾਨ ਤੇ ਖੂਬਸੂਰਤ ਬੀਵੀ ਨਾਲ ਬਾਜ਼ਾਰ ਵਿਚ ਜਾ ਰਿਹਾ ਹੈ। ਇਕ ਦੁਕਾਨ 'ਤੇ ਕੁਝ ਸੁਰਾਹੀਆਂ ਪਈਆਂ ਦੇਖ ਕੇ ਉਹ ਦੁਕਾਨਦਾਰ ਨੂੰ ਕਹਿੰਦਾ ਹੈ:
"ਇਨ੍ਹਾਂ ਵਿੱਚੋਂ ਸਭ ਤੋਂ ਸੋਹਣੀ ਸੁਰਾਹੀ ਕਿਹੜੀ ਹੈ?" ਦੁਕਾਨਦਾਰ ਇਕ ਸੁਰਾਹੀ ਚੁੱਕ ਕੇ ਫੜਾ ਦਿੰਦਾ ਹੈ।
ਚਿੰਤਕ ਫਿਰ ਕਹਿੰਦਾ ਹੈ, "ਤੇ ਸਭ ਤੋਂ ਕੀਮਤੀ ਕਿਹੜੀ ਹੈ?"
ਦੁਕਾਨਦਾਰ ਕੁਝ ਸੋਚ ਕੇ ਇਕ ਹੋਰ ਸੁਰਾਹੀਂ ਫੜਾਉਂਦਾ ਹੈ। ਚਿੰਤਕ ਨੇ ਫਿਰ ਇਕ ਹੋਰ ਸਵਾਲ ਪੁੱਛਿਆ, "ਇਹ ਸਭ ਤੋਂ ਕੀਮਤੀ ਕਿਉਂ ਹੈ?"
ਦੁਕਾਨਦਾਰ ਨੇ ਕਿਹਾ, “ਕਿਉਂ ਕਿ ਸਭ ਤੋਂ ਮਹਿੰਗੀ ਹੋਣਾ ਇਸ ਦਾ
ਗੁਣ ਹੈ”
ਚਿੰਤਕ ਨੇ ਆਪਣੇ ਗੁੱਸੇਖੋਰ ਬੀਵੀ ਵੱਲ ਮੂੰਹ ਕਰਕੇ ਕਿਹਾ, "ਦੇਖੋ ਸੁੰਦਰਤਾ ਨਾਲੋਂ ਗੁਣਵਾਨ ਹੋਣਾ ਵਧੇਰੇ ਕੀਮਤੀ ਹੁੰਦਾ ਹੈ"
ਬਰਟੰਡ ਰਸਲ ਕਹਿੰਦਾ ਹੈ ਕਿ ਇਹ ਕਹਾਣੀ ਸੁਕਰਾਤ ਦੀ ਅਸਲ ਜ਼ਿੰਦਗੀ ਦੀ ਨਾ ਵੀ ਹੋਵੇ ਤਾਂ ਵੀ ਆਪਣੀ ਦਿੱਖ ਪ੍ਰਤੀ ਉਸਦੀ ਭਾਵਨਾ ਦੀ ਪੇਸ਼ਕਾਰੀ ਤਾਂ ਹੈ ਹੀ। ਐਸੀ ਸਰੀਰਕ ਦਿੱਖ ਦੇ ਬਾਵਜੂਦ ਉਹ ਆਕਰਸ਼ਕ ਸ਼ਖਸੀਅਤ ਦਾ ਮਾਲਕ ਸੀ। ਜਿਸਨੂੰ ਮਿਲਦਾ ਸੀ ਆਪਣੀ ਬੌਧਿਕਤਾ ਨਾਲ ਚਮਤਕਾਰੀ ਪ੍ਰਭਾਵ ਉਸ ਉੱਪਰ ਪਾ ਦਿੰਦਾ ਸੀ। ਲੋਕ ਉਸਨੂੰ ਮਿਲਣਾ ਤੇ ਉਸ ਨਾਲ ਗੱਲ ਕਰਨਾ ਪਸੰਦ
ਕਰਦੇ ਸਨ। ਜ਼ੀਨੋਫੋਨ ਕਹਿੰਦਾ ਹੈ ਕਿ ਉਸ ਵਿਚ ਗਿਆਨ ਦਾ ਘੁਮੰਡ ਤਾਂ ਹਰਗਿਜ਼ ਵੀ ਨਹੀਂ ਸੀ। ਉਹ ਸਾਹਮਣੇ ਵਾਲੇ ਦੇ ਵਿਚਾਰਾਂ ਨੂੰ ਗਹੁ ਨਾਲ ਸੁਣਦਾ।
ਇਕ ਪਲ ਲਈ ਵੀ ਅਜਿਹਾ ਨਹੀਂ ਲਗਦਾ ਸੀ ਕਿ ਦੂਜੇ ਦੀ ਗੱਲ ਸੁਣਦਿਆਂ ਉਸਨੇ ਆਪਣੇ ਦਿਮਾਗ ਦੇ ਬੂਹੇ ਬੰਦ ਕਰ ਲਏ ਹੋਣ ਜਾਂ ਅਗਲੇ ਦੇ ਵਿਚਾਰਾਂ ਵਿਚ ਉਸਨੂੰ ਕੋਈ ਰੁਚੀ ਨਾ ਹੋਵੇ। ਦੂਜੇ ਦੀ ਗੱਲ ਸੁਣਦਿਆਂ ਉਸਦੀਆਂ ਅੱਖਾਂ ਸੁੰਗੜ ਕੇ ਹੋਰ ਵੀ ਚੁੰਨੀਆਂ ਹੋ ਜਾਂਦੀਆਂ, ਮੱਥ ਦੀਆਂ ਤਿਉੜੀਆਂ ਡੂੰਘੀਆਂ ਹੁੰਦੀਆਂ ਤੇ ਉਹ ਵਿਚਾਰਾਂ ਨੂੰ ਮਹਿਸੂਸ ਕਰਕੇ ਆਪਣੇ ਮਸਤਕ ਵਿਚ ਉਤਾਰਦਾ ਜਾਂਦਾ।
ਦੂਜਿਆਂ ਦੇ ਵਿਚਾਰਾਂ ਨੂੰ ਸੁਣਨ ਤੇ ਇੱਜ਼ਤ ਦੇਣ ਦੀ ਇਹ ਭਾਵਨਾ ਹੀ ਸੁਕਰਾਤ ਨੂੰ ਵਿਲੱਖਣ ਬਣਾਉਂਦੀ ਹੈ। ਉਸਦੀ ਆਰੰਭਲੀ ਜ਼ਿੰਦਗੀ ਬਾਰੇ ਬਹੁਤੇ ਵੇਰਵੇ ਇਤਿਹਾਸ ਦੀ ਲੁਕਵੀਂ ਤਹਿ ਵਿਚ ਗੁੰਮ ਹਨ। ਪਲੈਟੋ ਸੁਕਰਾਤ ਤੋਂ 42 ਸਾਲ ਦੇ ਕਰੀਬ ਛੋਟਾ ਸੀ ਤੇ ਬਚਪਨ ਤੋਂ ਹੀ ਦਰਸ਼ਨ ਦੇ ਵਿਸ਼ੇ ਲਈ ਰੁਚੀ ਰੱਖਦਾ ਸੀ। ਉਸਦੇ ਬਹੁਤੇ ਸੰਵਾਦ ਸੁਕਰਾਤ ਦੇ ਦਾਰਸ਼ਨਿਕ ਸੂਤਰਾਂ ਦੀ ਵਿਆਖਿਆ ਵਾਂਗ ਹਨ। ਰਿਪਬਲਿਕ ਦੇ ਮੁੱਢਲੇ ਭਾਗ ਵਿਚ ਇਕ ਵਾਰਤਾਲਾਪ ਦੌਰਾਨ ਸੁਕਰਾਤ ਦਾ ਪਾਤਰ ਇਕ ਸੰਵਾਦ ਬੋਲਦਾ ਹੈ:
ਮੈਨੂੰ ਇਹ ਮੰਨਣ ਵਿਚ ਕੋਈ ਉਜਰ ਨਹੀਂ ਕਿ ਮੈਂ ਦੂਜਿਆਂ ਕੋਲੋਂ ਸਦਾ ਕੁਝ ਸਿੱਖਦਾ ਹਾਂ। ਪਰ ਇਹ ਸੱਚ ਨਹੀਂ ਕਿ ਮੈਂ ਦੂਜਿਆਂ ਦਾ ਅਹਿਸਾਨ ਨਹੀਂ ਮੰਨਦਾ। ਹਾਂ ਮੇਰੇ ਕੋਲ ਧਨ-ਦੌਲਤ ਨਹੀਂ, ਇਸ ਲਈ ਬਸ ਸਿਰਫ਼ ਪ੍ਰਸ਼ੰਸਾ ਤੇ ਸ਼ਲਾਘਾ ਕਰਕੇ ਹੀ ਆਭਾਰ ਪ੍ਰਗਟ ਕਰਦਾ ਹਾਂ। ਦੂਰ ਨਾ ਜਾਓ, ਮੇਰੀ ਗੱਲ ਦਾ ਸਮਰਥਨ ਹੁਣੇ ਹੋ ਜਾਂਦਾ ਹੈ। ਮੇਰਾ ਅਨੁਮਾਨ ਹੈ ਕਿ ਤੁਸੀਂ ਬਹੁਤ ਯੋਗ ਉੱਤਰ ਦੇਣ ਵਾਲੇ ਹੋ। ਤਾਂ ਤੁਸੀਂ ਦੇਖ ਲਓਗੇ ਕਿ ਮੈਂ ਜਿਸ ਤਰ੍ਹਾਂ ਹਰ ਯੋਗ ਵਿਅਕਤੀ ਦੀ ਸ਼ਲਾਘਾ ਕਰਦਾ ਹਾਂ, ਉਸ ਤਰ੍ਹਾਂ ਤੁਹਾਡੀ ਪ੍ਰਸ਼ੰਸਾ ਕਰਨ ਵਿਚ ਰੱਤੀ ਭਰ ਵੀ ਸੰਕੋਚ ਨਹੀਂ ਕਰਾਂਗਾ।
ਥਰੇਸੀਮੈਕਸ ਨਾਲ ਇਹ ਵਾਰਤਾਲਾਪ ਸਾਬਿਤ ਕਰਦਾ ਹੈ ਕਿ ਸੁਕਰਾਤ ਆਪਣੇ ਤੋਂ ਸਾਹਮਣੇ ਵਾਲੇ ਦੀ ਗੱਲ ਸੁਣ ਕੇ ਉਸਦੀ ਸ਼ਲਾਘਾ ਕਰਨ ਵਿਚ ਕੰਜੂਸ ਨਹੀਂ ਸੀ। ਇਹ ਜ਼ਿਕਰ ਬਹੁਤ ਘੱਟ ਹੋਇਆ ਹੈ ਕਿ ਉਸਨੇ ਬਾਕਾਇਦਾ ਕਿਤੋਂ ਕੋਈ ਸਿੱਖਿਆ ਹਾਸਿਲ ਵੀ ਕੀਤੀ ਹੋਵੇ। ਜਿਸ ਤਰੀਕੇ ਨਾਲ ਉਸਨੇ ਆਪਣੇ ਤੋਂ ਪਹਿਲੇ ਸਾਰੇ ਦਾਰਸ਼ਨਿਕ ਪ੍ਰਸੰਗਾਂ ਨਾਲ ਆਲੋਚਨਾਤਮਕ ਸੰਵਾਦ ਰਚਾਇਆ ਉਸ ਤੋਂ ਇਹ ਪਤਾ ਲਗਦਾ ਹੈ ਕਿ ਉਹ ਡੂੰਘਾ ਅਧਿਐਨ ਕਰਨ ਵਾਲਾ ਚਿੰਤਕ ਸੀ।
ਸੁਕਰਾਤ ਦੇ ਗ੍ਰਹਿਸਥ ਜੀਵਨ ਬਾਰੇ ਵੀ ਕਈ ਵਿਰੋਧਾਭਾਸੀ ਰਾਵਾਂ ਪ੍ਰਚੱਲਤ ਰਹੀਆਂ ਹਨ। ਉਸ ਦੀ ਪਤਨੀ ਦਾ ਨਾਂ ਜ਼ੈਨਥਿਪੀ ਸੀ ਤੇ ਉਹ ਸੁਕਰਾਤ
ਤੋਂ ਉਮਰ ਵਿਚ ਕਾਫ਼ੀ ਛੋਟੀ ਸੀ। ਅਰਿਸਤੋਫੇਨਸ ਨੇ ਤਾਂ ਉਮਰ ਦਾ ਫਰਕ ਚਾਲੀ ਸਾਲ ਦੇ ਆਸ-ਪਾਸ ਦੱਸਿਆ ਹੈ। ਉਸਦੇ ਤਿੰਨ ਪੁੱਤਰ ਲੈਮਪ੍ਰੋਕਨੀਜ਼, ਸਾਫਰਾਨਿਕਸ ਅਤੇ ਮੈਨੀਜੀਨਸ ਸਨ। ਸੁਕਰਾਤ ਦੀ ਮੌਤ ਸਮੇਂ ਵੱਡਾ ਪੁੱਤਰ ਸੁਰਤ ਵਿਚ ਸੀ ਤੇ ਸਭ ਤੋਂ ਛੋਟਾ ਜ਼ੈਨਥਿਪੀ ਦੇ ਕੁੱਛੜ ਸੀ। ਡੱਚ ਚਿੱਤਰਕਾਰ ਸੇਈਜ਼ਰ ਬੋਥੀਅਸ ਨੇ ਸਤਾਰਵੀਂ ਸਦੀ ਵਿਚ ਸੁਕਰਾਤ ਦੇ ਜੀਵਨ ਨੂੰ ਤਸਵੀਰਾਂ ਵਿਚ ਚਿਤਰਿਆ ਹੈ। ਉਸਦੀ ਇਕ ਤਸਵੀਰ ਵਿਚ ਸੁਕਰਾਤ ਆਪਣੀ ਮੌਤ ਤੋਂ ਪਹਿਲੀ ਸ਼ਾਮ ਜੇਲ੍ਹ ਦੀ ਕੋਠੜੀ ਵਿਚ ਆਪਣੇ ਸ਼ਾਗਿਰਦਾਂ ਵਿਚ ਘਿਰਿਆ ਪ੍ਰਵਚਨ ਦੇਣ ਵਿਚ ਮਗਨ ਹੈ ਤੇ ਪਿੱਛੇ ਜਿਹੇ ਜ਼ੈਨਥਿਪੀ ਇਕ ਬਾਲ ਨੂੰ ਕੁੱਛੜ ਚੁੱਕੀ ਪ੍ਰੇਸ਼ਾਨੀ ਨਾਲ ਦੇਖ ਰਹੀ ਹੈ। ਅਰਿਸਤੋਫੇਨਸ ਦੇ ਹਾਸ-ਨਾਟਕ ਕਲਾਊਡਜ਼ ਅਨੁਸਾਰ ਜ਼ੈਨਥਿਪੀ ਬਹੁਤ ਝਗੜਾਲੂ ਔਰਤ ਸੀ ਜਿਸਨੂੰ ਆਪਣੇ ਵੱਡੀ ਉਮਰ ਦੇ ਦਾਰਸ਼ਨਿਕ ਪਤੀ ਦੇ ਹਰ ਵੇਲੇ ਚਿੰਤਨ-ਮਗਨ ਰਹਿਣ ਤੋਂ ਚਿੜ ਸੀ। ਉਹ ਉਸਨੂੰ ਵਿਹਲਾ ਤੇ ਨਿਖੱਟੂ ਕਹਿੰਦੀ ਰਹਿੰਦੀ ਤੇ ਆਪਣੇ ਮੁਕੱਦਰਾਂ ਨੂੰ ਕੋਸਦੀ ਰਹਿੰਦੀ। ਪਰ ਪਲੇਟ ਨੇ ਕਿਤੇ ਵੀ ਜ਼ੈਨਥਿਪੀ ਦੇ ਕੁਰੱਖਤ ਸੁਭਾਅ ਬਾਰੇ ਕੋਈ ਜ਼ਿਕਰ ਨਹੀਂ ਕੀਤਾ। ਜ਼ੀਨੋਫੋਨ ਨੇ ਵੀ ਜ਼ੈਨਥਿਪੀ ਨੂੰ ਪਤੀ ਦੀ ਮਕਬੂਲੀਅਤ 'ਤੇ ਮਾਣ ਕਰਨ ਵਾਲੀ ਸਹਿਯੋਗੀ ਔਰਤ ਵਜੋਂ ਹੀ ਪੇਸ਼ ਕੀਤਾ। ਇਕ ਹੋਰ ਧਾਰਨਾ ਅਨੁਸਾਰ ਸੁਕਰਾਤ ਦੀਆਂ ਦੋ ਪਤਨੀਆਂ ਸਨ ਤੇ ਉਸਨੇ ਅਰਿਸਟੀਡੀਜ਼ ਦੀ ਪੁੱਤਰੀ 'ਮਾਈਟਰੋ' ਨਾਲ ਵੀ ਵਿਆਹ ਕੀਤਾ ਸੀ। ਇਸ ਔਰਤ ਬਾਰੇ ਕਿਹਾ ਗਿਆ ਕਿ ਉਹ ਸੁਕਰਾਤ ਦੀ ਹਮ-ਉਮਰ ਤੇ ਸ਼ਾਂਤ ਸੁਭਾਅ ਵਾਲੀ ਸੀ। ਬੋਥੀਅਸ ਨੇ ਆਪਣੀ ਇਕ ਪੇਂਟਿੰਗ ਦੇ ਤੀਵੀਆਂ (Two Wives) ਵਿਚ ਸੁਕਰਾਤ ਦੀਆਂ ਦੋ ਪਤਨੀਆਂ ਸੰਬੰਧੀ ਧਾਰਨਾ ਨੂੰ ਹੋਰ ਪੱਕਿਆਂ ਕੀਤਾ ਹੈ। ਕੁਝ ਆਲੋਚਕਾਂ ਨੇ ਜ਼ੈਨਥਿਪੀ ਦੇ ਕੌੜੇ ਸੁਭਾਅ ਦਾ ਕਾਰਨ ਸੁਕਰਾਤ ਦੇ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਨਿਰਲੇਪ ਰਹਿਣ ਨੂੰ ਮੰਨਿਆ। ਕਿਹਾ ਗਿਆ ਕਿ ਉਹ ਪਰਿਵਾਰ ਦੀ ਪਰਵਰਿਸ਼ ਲਈ ਯੋਗ ਧਨ ਕਮਾ ਸਕਣ ਦੇ ਅਯੋਗ ਸੀ। ਇਸ ਲਈ ਪਰਿਵਾਰ ਨੂੰ ਬੋਝ ਸਮਝਦਾ ਸੀ ਤੇ ਉਨ੍ਹਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ। ਪਰ ਇਹ ਗੱਲ ਪੂਰੀ ਤਰ੍ਹਾਂ ਠੀਕ ਨਹੀਂ ਲੱਗਦੀ। 'ਫੇਡੋ' ਨਾਮ ਦੇ ਸੰਵਾਦ ਵਿਚ ਪਲੈਟੋ ਨੇ ਲਿਖਿਆ ਕਿ ਜ਼ੈਨਥਿਪੀ ਤੇ ਉਸਦਾ ਪੁੱਤਰ, ਸੁਕਰਾਤ ਦੀ ਮੌਤ ਤੋਂ ਪਹਿਲੀ ਸ਼ਾਮ ਜੇਲ੍ਹ ਦੀ ਕੋਠੜੀ ਵਿਚ ਹੀ ਸਨ ਤੇ ਜ਼ੈਨਥਿਪੀ ਬਹੁਤ ਘਬਰਾਈ ਹੋਈ ਤੇ ਰੋ ਰਹੀ ਸੀ। ਉਸ ਨੇ ਸੁਕਰਾਤ ਨਾਲ ਕਾਫ਼ੀ ਸਮਾਂ ਬਤੀਤ ਕੀਤਾ ਅਤੇ ਸੁਕਰਾਤ ਨੇ ਆਪਣੇ ਵਿਸ਼ੇਸ਼ ਮਿੱਤਰ ਕੀਟੋ ਦੇ ਸਾਹਮਣੇ ਹੀ ਜ਼ੈਨਥਿਪੀ ਨੂੰ ਭਵਿੱਖ ਸੰਬੰਧੀ ਕੁਝ ਹਦਾਇਤਾਂ ਦਿੱਤੀਆਂ। ਪਰਿਵਾਰ ਦੇ ਸੰਬੰਧ ਵਿਚ ਧਾਰਨਾ ਬਣਾਉਣ ਲੱਗੇ ਵੱਖ-ਵੱਖ ਚਿੰਤਕਾਂ ਨੇ ਇਨ੍ਹਾਂ ਤੱਥਾਂ ਨੂੰ ਨਜ਼ਰਅੰਦਾਜ਼ ਕਰਕੇ ਹਾਸ ਨਾਟਕ 'ਤੇ ਵੱਧ ਭਰੋਸਾ ਕੀਤਾ।
ਇਸੇ ਨਾਟਕ ਦੇ ਕਈ ਹੋਰ ਪ੍ਰਸੰਗ ਹਨ ਜਿਨ੍ਹਾਂ ਨੂੰ ਸੁਕਰਾਤ ਦੇ ਘਰੇਲੂ ਜੀਵਨ ਵਜੋਂ ਸਮਝਣ ਦੀ ਗਲਤੀ ਇਤਿਹਾਸ ਵਿਚ ਕੀਤੀ ਜਾਂਦੀ ਰਹੀ ਹੈ। ਇਕ ਘਟਨਾ ਵਿਚ ਉਹ ਆਪਣੇ ਸ਼ਾਗਿਰਦਾਂ ਨਾਲ ਘਰ ਪਰਤਦਾ ਹੈ ਤਾਂ ਗੁੱਸੇ ਵਿਚ ਲੋਹੀ-ਲਾਖੀ ਹੁੰਦੀ ਉਸ ਦੀ ਬੀਵੀ ਉਸ ਉੱਪਰ ਪਾਣੀ ਪਾ ਦਿੰਦੀ ਹੈ। ਉਹ ਚਿੰਤਕ ਪਾਤਰ ਅੱਗੋਂ ਮਜ਼ਾਕੀਆ ਲਹਿਜ਼ੇ 'ਚ ਆਪਣੇ ਸ਼ਾਗਿਰਦਾਂ ਨੂੰ ਕਹਿੰਦਾ ਹੈ, "ਸੁਣਿਆ ਸੀ ਕਿ ਜੋ ਬੱਦਲ ਗਰਜਦੇ ਹਨ, ਉਹ ਵਰਸਦੇ ਨਹੀਂ। ਪਰ ਇਹ ਬੱਦਲ ਤਾਂ ਗਰਜਣ ਦੇ ਨਾਲ-ਨਾਲ ਵਰਸ ਵੀ ਰਹੇ ਹਨ।" ਬੋਥੀਅਸ ਦੀ ਇਸ ਪ੍ਰਸੰਗ ਬਾਰੇ ਬਣਾਈ ਪੇਂਟਿੰਗ ਵੀ ਸੰਸਾਰ ਪ੍ਰਸਿੱਧ ਰਹੀ ਤੇ ਉਸਨੇ ਸੁਕਰਾਤ ਦੇ ਪਰਿਵਾਰਕ ਜੀਵਨ ਬਾਰੇ ਮਿੱਥਾਂ ਨੂੰ ਦ੍ਰਿੜ ਕੀਤਾ। ਅਸਲ ਵਿਚ ਜਿਨ੍ਹਾਂ ਲਿਖਤਾਂ ਵਿਚ ਸੁਕਰਾਤ ਦੇ ਜੀਵਨ ਬਾਰੇ ਕਿਸੇ ਵੀ ਤਰ੍ਹਾਂ ਦੀ ਪ੍ਰਮਾਣਿਕ ਜਾਣਕਾਰੀ ਮਿਲਦੀ ਹੈ, ਉਨ੍ਹਾਂ ਵਿਚ ਉਸ ਦੀ ਬੀਵੀ ਜ਼ੈਨਥਿਪੀ ਨੂੰ ਬਹੁਤ ਸੁਹਿਰਦ ਤੇ ਮੁਹੱਬਤ ਕਰਨ ਵਾਲੀ ਘਰੇਲੂ ਸੁਆਣੀ ਵਜੋਂ ਚਿਤਰਿਆ ਗਿਆ ਹੈ। ਪਲੈਟੋ ਦੇ ਕਿਸੇ ਵੀ ਵਾਰਤਾਲਾਪ ਵਿਚ ਜ਼ੈਨੀਥਿਪੀ ਦੇ ਵਿਹਾਰ ਬਾਰੇ ਵਿਸਤ੍ਰਿਤ ਜਾਣਕਾਰੀ ਨਹੀਂ ਹੈ। ਇਸ ਲਈ ਸੁਕਰਾਤ ਦੇ ਗ੍ਰਹਿਸਥ ਜੀਵਨ ਸੰਬੰਧੀ ਬਹੁਤ ਸਾਰੇ ਭੁਲਾਂਦਰਿਆਂ ਦਾ ਕਾਰਨ ਅਰਿਸਤੋਫੇਨਸ ਦਾ ਨਾਟਕ ਕਲਾਊਡਜ਼ ਬਣਦਾ ਹੈ।
ਸੁਕਰਾਤ ਦੇ ਦਰਸ਼ਨ ਵਿਚ ਮਨੁੱਖ ਦੇ ਕਾਰਜਾਂ ਅਤੇ ਵਿਚਾਰਾਂ ਦੀ ਏਕਤਾ ਉੱਪਰ ਬਹੁਤ ਬਲ ਦਿੱਤਾ ਗਿਆ ਹੈ। ਵੱਖ-ਵੱਖ ਸੰਵਾਦਾਂ ਵਿਚ ਵਾਰ-ਵਾਰ ਉਹ ਨੈਤਿਕਤਾ ਦੇ ਪ੍ਰਦਰਸ਼ਨ ਉੱਪਰ ਖਿੱਝਦਾ ਹੈ ਤੇ ਨੈਤਿਕ ਵਿਹਾਰ ਕਰਨ ਨੂੰ ਕਹਿੰਦਾ ਹੈ। 'ਫੇਡੋ' ਸਿਰਲੇਖ ਵਾਲੇ ਸੰਵਾਦ ਵਿਚ ਸੁਕਰਾਤ ਕਹਿੰਦਾ ਹੈ ਕਿ, "ਦੇਸ਼ਭਗਤੀ ਚਾਰ ਲੋਕਾਂ ਦੇ ਇਕੱਠ ਵਿਚ ਮੁੱਠੀਆਂ ਤਣ ਕੇ ਪ੍ਰਗਟਾਈ ਜਾਣ ਵਾਲੀ ਭਾਵਨਾ ਮਾਤਰ ਨਹੀਂ। ਇਹ ਐਸਾ ਜਜ਼ਬਾ ਹੈ ਜੋ ਸਮਾਂ ਆਉਣ 'ਤੇ ਯੁੱਧਭੂਮੀ ਵਿਚ ਕੁਰਬਾਨ ਹੋਣ ਦੀ ਹੱਦ ਤੱਕ ਲੈ ਜਾਂਦਾ ਹੈ, ਜੋ ਚੁੱਪਚਾਪ ਮਨ ਵਿਚ ਸਾਂਭਿਆ ਵੀ ਰਹਿੰਦਾ ਹੈ।" ਸੁਕਰਾਤ ਨੇ ਇਸ ਵਿਚਾਰ ਦੇ ਅਮਲ ਲਈ ਆਪ ਏਥਨਜ਼ ਦੀ ਫੌਜੀ ਸੇਵਾ ਵਿਚ ਭਾਗ ਵੀ ਲਿਆ ਸੀ। ਪਲੈਟੋ ਉਸ ਦੀ ਫੌਜੀ ਨੌਕਰੀ ਦਾ ਜ਼ਿਕਰ ਵਾਰ-ਵਾਰ ਕਈ ਸੰਵਾਦਾਂ ਜਿਵੇਂ ਅਪੋਲੋਜੀ, ਸਿੰਪੋਜ਼ੀਅਮ ਅਤੇ ਚਾਰਮੀਡੀਜ਼ ਵਿਚ ਕਰਦਾ ਹੈ। ਪਲੈਟੋ ਦੇ ਹਵਾਲਿਆਂ ਦੇ ਨਾਲ ਹੀ ਉਸ ਦੌਰ ਦੀਆਂ ਇਤਿਹਾਸਕ ਘਟਨਾਵਾਂ ਵੀ ਸਾਥਿਤ ਕਰਦੀਆਂ ਹਨ ਕਿ ਸੁਕਰਾਤ ਦਾ ਯੁੱਗ ਏਥਨਜ਼ ਦੀ ਅਸੀਮ ਤਰੱਕੀ ਦੇ ਨਾਲ-ਨਾਲ ਜੰਗੀ ਯੁੱਗ-ਗਰਦੀਆਂ ਦਾ ਸਮਾਂ ਵੀ ਸੀ। ਛੇਵੀਂ ਸਦੀ ਈ. ਪੂ. ਤੋਂ ਹੀ ਏਥਨਜ਼ ਅਤੇ ਸਪਾਰਟਾ ਨੇ ਵਿਕਾਸ ਅਤੇ ਸਹਿਯੋਗ ਲਈ ਸਾਂਝੀ ਸ਼ਾਸਨ ਵਿਵਸਥਾ ਅਪਣਾ ਲਈ ਸੀ। ਦੋਵਾਂ ਦੀ ਸਾਂਝੀ ਸੰਸਦ ਏਥਨਜ਼ ਵਿਚ ਹੀ ਸੀ ਜਿਸ ਵਿਚ ਲੋਕਾਂ
ਦੇ ਚੁਣੇ ਹੋਏ ਸੈਂਕੜੇ ਨੁਮਾਇੰਦੇ ਸਨ। ਇਹ ਨੁਮਾਇੰਦੇ ਮਿਲ ਕੇ ਹਰ ਮਸਲੇ 'ਤੇ ਇਕ ਰਾਏ ਕਾਇਮ ਕਰਦੇ ਸਨ, ਜਿਸ ਦੇ ਆਧਾਰ 'ਤੇ ਹੀ ਫੌਜੀ, ਸਿਵਲ ਅਤੇ ਪ੍ਰਸ਼ਾਸਨਿਕ ਫੈਸਲੇ ਕੀਤੇ ਜਾਂਦੇ ਸਨ। ਸੜਕਾਂ, ਇਮਾਰਤਾਂ, ਸਭਾਵਾਂ ਤੇ ਹੋਰ ਵਸਤਾਂ ਦੇ ਨਿਰਮਾਣ ਲਈ ਇਸ ਸੰਸਦ ਵੱਲੋਂ ਵਿਸ਼ੇਸ਼ ਅਧਿਕਾਰ ਦਿੱਤੇ ਜਾਂਦੇ ਸਨ। ਇਨ੍ਹਾਂ ਨੁਮਾਇੰਦਿਆਂ ਵਿੱਚੋਂ ਹੀ ਇਕ 'ਪਹਿਲਾ ਨਾਗਰਿਕ' ਚੁਣਿਆ ਜਾਂਦਾ ਜੋ ਸੰਸਦ ਦੇ ਵਿਸ਼ਵਾਸ ਨਾਲ ਲੋਕਾਂ ਦੀ ਬਿਹਤਰੀ ਲਈ ਕਾਰਜ ਕਰਦਾ। ਫਾਰਸ ਨਾਲ ਹੋਏ ਦੋ ਯੁੱਧਾਂ (490 ਈ. ਪੂ. ਅਤੇ 481-479 ਈ. ਪੂ.) ਨੇ ਏਥਨਜ਼ ਅਤੇ ਸਪਾਰਟਾ ਨੂੰ ਵੱਖ-ਵੱਖ ਕਰ ਦਿੱਤਾ ਸੀ। ਵੱਖ-ਵੱਖ ਹੀ ਨਹੀਂ ਕੀਤਾ ਸਗੋਂ ਵਿਰੋਧੀ ਰਾਜ ਬਣਾ ਦਿੱਤਾ। ਸਪਾਰਟਾ ਵਿਚ ਮੁੜ ਤੋਂ ਰਾਜਾਸ਼ਾਹੀ ਸ਼ਾਸਨ ਪ੍ਰਬੰਧ ਕਾਇਮ ਹੋ ਗਿਆ। ਧਨੀ ਜਾਗੀਰਦਾਰਾਂ ਤੇ ਰਾਜਿਆਂ ਨੇ ਏਥਨਜ਼ ਦੇ ਲੋਕਤੰਤਰੀ ਤਰੀਕੇ ਨਾਲ ਸਦਾ ਖੁੰਦਕ ਵਾਲਾ ਵਤੀਰਾ ਧਾਰਨ ਕਰੀ ਰੱਖਿਆ। ਏਥਨਜ਼ ਵਿਚ ਵਿਸ਼ੇਸ਼ ਤੌਰ 'ਤੇ 445 ਈ. ਪੂ. ਤੋਂ 431 ਈ. ਪੂ. ਤੇਕ ਪੇਰੀਕਲੀਸ ਦਾ ਸੁਨਹਿਰੀ ਸ਼ਾਸਨ ਯੁੱਗ ਰਿਹਾ। ਇਸ ਯੁੱਗ ਨੂੰ ਪੱਛਮੀ ਇਤਿਹਾਸਕਾਰ ਮਨੁੱਖੀ ਸਭਿਅਤਾ ਵਿਚ ਸੰਪੂਰਣਤਾ ਦਾ ਦੌਰ ਕਹਿੰਦੇ ਹਨ। ਇਸ ਕਾਲ ਤੋਂ ਪਹਿਲਾਂ ਏਥਨਜ਼ ਦੇ ਅਮੀਰਾਂ, ਜਿਨ੍ਹਾਂ ਨੂੰ ਸਪਾਰਟਾ ਦੇ ਰਾਜ ਘਰਾਣਿਆਂ ਦਾ ਸਹਿਯੋਗ ਹਾਸਲ ਸੀ ਅਤੇ ਸਾਧਾਰਣ ਲੋਕਾਂ ਵਿਚ ਲੰਮਾ ਸੰਘਰਸ਼ ਚੱਲਿਆ। ਪੇਰੀਕਲੀਸ ਹਰ ਸਾਲ ਏਥਨਜ਼ ਦਾ ਪਹਿਲਾ ਨਾਗਰਿਕ ਚੁਣਿਆ ਜਾਂਦਾ ਰਿਹਾ। ਉਹ ਬਿਨਾਂ ਕਿਸੇ ਵਿਤਕਰੇ ਦੇ ਸਮਾਜ ਦੇ ਸਾਰੇ ਵਰਗਾਂ ਲਈ ਕੰਮ ਕਰਦਾ ਰਿਹਾ। ਉਸਦੇ ਕਾਰਜਕਾਲ ਵਿਚ ਏਥਨਜ਼ ਨੇ ਭਰਪੂਰ ਵਿਕਾਸ ਕੀਤਾ। ਉਸਦੇ ਦੌਰ ਵਿਚ ਸਾਹਿਤ, ਕਲਾ ਤੇ ਦਰਸ਼ਨ ਨੂੰ ਭਰਵਾਂ ਹੁਲਾਰਾ ਮਿਲਿਆ ਤੇ ਏਥਨਜ਼ ਪੁਰਾਣੇ ਯੂਨਾਨ ਦੇ ਇਕ ਅਹਿਮ ਬੌਧਿਕ ਕੇਂਦਰ ਵਜੋਂ ਸਥਾਪਿਤ ਹੋ ਗਿਆ। ਉਸੇ ਦੇ ਦੌਰ ਵਿਚ ਹੀ ਓਕਰੋਪੋਲੀਸ ਦੀ ਪਹਾੜੀ ਉੱਪਰ ਪਾਰਥਕੇਨ ਵਰਗੇ ਕੇਂਦਰ ਸਥਾਪਿਤ ਹੋਏ। ਇਸ ਵਿਕਾਸ ਦਾ ਦੁਹਰਾ ਅਸਰ ਦੇਖਣ ਨੂੰ ਮਿਲਿਆ। ਏਥਨਜ਼ ਦੇ ਇਸ ਵਿਕਾਸ ਤੋਂ ਖਿਝੇ ਸਪਾਰਟਾ ਤੇ ਹੋਰ ਰਾਜਸ਼ਾਹੀ ਰਾਜਾਂ ਨੂੰ ਫ਼ਿਕਰ ਹੋ ਗਿਆ ਕਿਤੇ ਉਨ੍ਹਾਂ ਦੀ ਜਨਤਾ ਵੀ ਲੋਕਤੰਤਰੀ ਤਰਜ਼ ਦੇ ਸ਼ਾਸਕ ਪ੍ਰਬੰਧ ਦੀ ਮੰਗ ਨਾ ਕਰਨ ਲੱਗੇ। ਦੂਜੇ ਪਾਸੇ ਏਥਨਜ਼ ਰਾਜ ਦੀ ਬਹੁਤੀ ਆਮਦਨ ਵਿਕਾਸ 'ਤੇ ਖਰਚੇ ਜਾਣ ਕਾਰਨ ਫੌਜੀ ਤੇ ਰੱਖਿਆ ਪੱਖ ਕਮਜ਼ੋਰ ਹੋ ਗਿਆ। ਇਸੇ ਦਾ ਨਤੀਜਾ ਸੀ ਕਿ ਸਪਾਰਟਾ ਨੇ ਰਹਿ-ਰਹਿ ਕੇ ਏਥਨਜ਼ ਉੱਪਰ ਹਮਲੇ ਕੀਤੇ। ਇਨ੍ਹਾਂ ਹਮਲਿਆਂ ਦਾ ਸਾਹਮਣਾ ਕਰਨ ਲਈ ਏਥਨਜ਼ ਕੋਲ ਢੁਕਵੇਂ ਵਸੀਲੇ ਹੀ ਨਹੀਂ ਸਨ। ਫੌਜ ਦੀ ਸੀਮਤ ਗਿਣਤੀ ਕਾਰਨ ਪੇਰੀਕਲੀਸ ਨੇ ਸਾਧਾਰਣ ਲੋਕਾਂ ਨੂੰ ਰਾਜ ਦੀ ਰਖਵਾਲੀ ਲਈ ਫੌਜੀਆਂ ਵਜੋਂ ਸੇਵਾ ਕਰਨ ਦੀ ਅਪੀਲ ਕੀਤੀ। 432-31 ਈ. ਪੂ. ਦੀ ਜੰਗ
ਵਿਚ ਸੁਕਰਾਤ 46 ਸਾਲ ਦੀ ਉਮਰ ਵਿਚ ਫੌਜੀ ਦਸਤੇ ਦਾ ਹਿੱਸਾ ਬਣਿਆ। ਸੀ. ਡਬਲਯੂ ਟੇਯਲਰ ਅਨੁਸਾਰ ਸੁਕਰਾਤ ਇਕ ਵਾਰ ਨਹੀਂ ਤਿੰਨ ਵਾਰ ਯੁੱਧ ਮੋਰਚੇ 'ਤੇ ਗਿਆ। ਸਪਾਰਟਾ ਅਤੇ ਏਥਨਜ਼ ਵਿਚਾਲੇ 'ਪਲੋਪੋਨੀਸ਼ੀਅਨ' ਜੰਗ 30 ਸਾਲ ਤੱਕ ਜਾਰੀ ਰਹੀ। ਸੁਕਰਾਤ ਇਕ ਨਾਗਰਿਕ ਸਿਪਾਹੀ ਵਜੋਂ ਪੋਟੇਡੇਈਆ (432 ਈ. ਪੂ.), ਡੇਲੀਅਨ (424 ਈ. ਪੂ.) ਐਮਫੀਪੋਲਿਸ (422 ਈ. ਪੂ.) ਸਥਾਨਾਂ ਤੇ ਹੋਈਆਂ ਲੜਾਈਆਂ ਵਿਚ ਸ਼ਾਮਲ ਸੀ। ਸਿਮਪੋਜ਼ੀਅਮ ਵਿਚ ਪਲੈਟੋ, ਸੁਕਰਾਤ ਦੇ ਬਹਾਦਰੀ ਦਾ ਜ਼ਿਕਰ ਕਰਦਾ ਲਿਖਦਾ ਹੈ ਕਿ ਉਹ ਆਪ ਤਾਂ ਬਹਾਦਰੀ ਨਾਲ ਲੜਿਆ ਹੀ ਉਸਨੇ ਆਪਣੇ ਸਾਥੀਆਂ ਲਈ ਵੀ ਇਕ ਮਿਸਾਲ ਕਾਇਮ ਕੀਤੀ। ਪ੍ਰਸਿੱਧ ਯੂਨਾਨੀ ਕਵੀ ਐਲਕੀਬੇਆਡੀਜ਼ ਵੀ ਸੁਕਰਾਤ ਦੇ ਸਾਥ ਵਿਚ ਹੀ ਡੇਲੀਅਨ ਦੀ ਲੜਾਈ ਲੜ ਰਿਹਾ ਸੀ। ਜਦੋਂ ਐਲਕੀਬੇਆਡੀਜ਼ ਜ਼ਖ਼ਮੀ ਹੋ ਗਿਆ ਤਾਂ ਸੁਕਰਾਤ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਸਨੂੰ ਮੋਢੇ 'ਤੇ ਲੱਦ ਕੇ ਲੜਾਈ ਦੇ ਮੈਦਾਨ ਵਿੱਚੋਂ ਵਾਪਸ ਲਿਆਂਦਾ । ਬਾਅਦ ਵਿਚ ਐਲਕੀਬੇਆਡੀਜ਼ ਨੇ ਇਸ ਬਹਾਦਰੀ ਬਾਰੇ ਕਵਿਤਾ ਵੀ ਲਿਖੀ। ਇਸ ਕਵਿਤਾ ਵਿਚ ਕਵੀ ਨੇ ਦੱਸਿਆ ਕਿ ਕਿਸ ਤਰ੍ਹਾਂ ਸੁਕਰਾਤ ਨੇ ਸਵੈ-ਸੰਜਮ ਨਾਲ ਆਪਣੀਆਂ ਲੋੜਾਂ ਕੁੱਖ, ਪਿਆਸ, ਨੀਂਦ ਅਤੇ ਬਾਹਰੀ ਸਥਿਤੀ ਠੰਢ, ਬਰਫ਼, ਗਰਮੀ ਆਦਿ ਸਹਿਣ ਦੀ ਲਾਜਵਾਬ ਸਮਰੱਥਾ ਪੈਦਾ ਕੀਤੀ ਹੈ। 'ਲੇਚੀਜ਼' ਨਾਂ ਦੇ ਸਵਾਦ ਵਿਚ ਜ਼ਿਕਰ ਹੋ ਕਿ ਸੁਕਰਾਤ ਨੇ ਇਸੇ ਤਰ੍ਹਾਂ ਇਕ ਵਾਰ ਜ਼ੀਨੋਫੋਨ ਦੀ ਵੀ ਜੰਗ ਵਿਚ ਸਹਾਇਤਾ ਕੀਤੀ ਜਦੋਂ ਲੜਾਈ ਦੌਰਾਨ ਉਸਦਾ ਘੋੜਾ ਮਾਰਿਆ ਗਿਆ ਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿਚ ਤੜਫ਼ ਰਿਹਾ ਸੀ। ਐਲਕੀਬੇਆਡੀਜ਼ ਨੇ ਤਾਂ ਜਰਨੈਲਾਂ ਨੂੰ ਬੇਨਤੀ ਵੀ ਕੀਤੀ ਕਿ ਉਸਨੂੰ ਦਿੱਤਾ ਜਾਣ ਵਾਲਾ ਬਹਾਦਰੀ ਦਾ ਤਮਗਾ ਸੁਕਰਾਤ ਨੂੰ ਦਿੱਤਾ ਜਾਵੇ। ਪਰ ਸੁਕਰਾਤ ਨੇ ਨਿਮਰਤਾ ਸਹਿਤ ਤਮਗਾ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ। 'ਲੋਚੀਜ਼' ਦੇ ਸੰਵਾਦ ਵਿਚ ਹੀ ਲੈਚੀਜ਼ ਨਾਂ ਦਾ ਪਾਤਰ ਕਹਿੰਦਾ ਹੈ ਕਿ, “ਜੇ ਹਰ ਸਿਪਾਹੀ ਨੇ ਸੁਕਰਾਤ ਵਰਗੀ ਬਹਾਦਰੀ ਦਿਖਾਈ ਹੁੰਦੀ ਤਾਂ ਸਪਾਰਟਾ ਹੱਥੋਂ ਮਿਲੀ ਹਾਰ ਯਕੀਨਨ ਜਿੱਤ ਵਿਚ ਬਦਲ ਜਾਣੀ ਸੀ।"? ਇਸ ਤੋਂ ਤਾਂ ਇਹੀ ਸਿੱਧ ਹੁੰਦਾ ਹੈ ਕਿ ਸੁਕਰਾਤ ਐਸਾ ਦਾਰਸ਼ਨਿਕ ਸੀ ਜਿਹੜਾ ਵਿਹਾਰਕ ਅਮਲ ਉੱਤੇ ਵੱਧ ਯਕੀਨ ਕਰਦਾ ਸੀ ਤੇ ਉਸਦਾ ਮੰਨਣਾ ਸੀ ਕਿ ਗਿਆਨ ਦੀ ਅਸਲ ਪੈਮਾਇਸ਼ ਦਾ ਆਧਾਰ ਜ਼ਿੰਦਗੀ ਵਿਚ ਗਿਆਨਵਾਨ ਵੱਲੋਂ ਕੀਤੇ ਅਮਲੀ ਪ੍ਰਦਰਸ਼ਨ ਨੂੰ ਮੰਨਣਾ ਚਾਹੀਦਾ ਹੈ।
ਸੁਕਰਾਤ ਦੇ ਜੀਵਨ ਦਾ ਇਕ ਮੁੱਖ ਪੱਖ ਉਸ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਹ ਪੱਖ ਨਾ ਸਿਰਫ਼ ਗਿਆਨ ਨੂੰ ਲੈ ਕੇ ਸੁਕਰਾਤ ਦੇ ਦ੍ਰਿਸ਼ਟੀਕੋਣ ਨਾਲ ਸੰਬੰਧਿਤ ਹੈ ਬਲਕਿ ਉਸਦੇ ਪਰਿਵਾਰਕ ਜੀਵਨ
ਬਾਰੇ ਕਈ ਭੁਲਾਂਦਰੇ ਵੀ ਇਸ ਪੱਖ ਨਾਲ ਜੁੜੇ ਹੋਏ ਸਨ। ਕੁਝ ਲੇਖਕਾਂ ਖਾਸ ਕਰਕੇ ਸੁਕਰਾਤ ਦੇ ਵਿਰੋਧੀਆਂ ਨੇ ਇਹ ਸਵਾਲ ਉਠਾਇਆ ਕਿ ਉਸਦਾ ਕੰਮ ਨਾ ਕਰਨਾ ਤੇ ਹਰ ਸਮੇਂ ਚਿੰਤਨ ਵਿਚ ਮਗਨ ਰਹਿਣਾ ਉਸਦੇ ਔਖੇ ਪਰਿਵਾਰਕ ਜੀਵਨ ਦਾ ਕਾਰਨ ਸੀ। ਇਹ ਗੱਲ ਤਾਂ ਸਪੱਸ਼ਟ ਹੈ ਕਿ ਸੁਕਰਾਤ ਨੇ ਸਭ ਤੋਂ ਪਹਿਲਾਂ ਆਪਣੇ ਪਿਤਾ ਦੇ ਬੁੱਤ-ਸਾਜ਼ੀ ਦੇ ਕਿੱਤੇ ਨੂੰ ਅਪਣਾਉਣਾ ਚਾਹਿਆ ਪਰ ਉਸਦਾ ਸਿਰਜਣਸ਼ੀਲ ਮਨ ਇਸ ਕੰਮ ਵਿਚ ਪੂਰੀ ਤਰ੍ਹਾਂ ਖੁੱਭਿਆ ਨਹੀਂ। ਵਡੇਰੀ ਉਮਰ ਵਿਚ ਜਾ ਕੇ ਉਸਨੇ ਫੌਜੀ ਸੇਵਾਵਾਂ ਵੀ ਦਿੱਤੀਆਂ ਪਰ ਇਨ੍ਹਾਂ ਸੇਵਾਵਾਂ ਦਾ ਉਦੇਸ਼ ਰੋਜ਼ੀ-ਰੋਟੀ ਨਹੀਂ ਸਗੋਂ ਆਪਣੇ ਰਾਜ ਦੀ ਰੱਖਿਆ ਕਰਨਾ ਸੀ। ਕੁਝ ਲੋਕਾਂ ਨੇ ਉਸ ਬਾਰੇ ਇਹ ਵੀ ਲਿਖਿਆ ਕਿ ਸੁਕਰਾਤ ਰੋਜ਼ੀ-ਰੋਟੀ ਲਈ ਕੋਈ ਵੀ ਕੰਮ ਨਹੀਂ ਕਰਦਾ ਸੀ ਤੇ ਇਕ ਘੁਮੱਕੜ ਵਿਅਕਤੀ ਦਾ ਜੀਵਨ ਗੁਜ਼ਾਰਦਾ ਸੀ। ਇਹ ਗੱਲ ਪੂਰੀ ਤਰ੍ਹਾਂ ਸੱਚ ਨਹੀਂ ਲਗਦੀ। ਰਿਪਬਲਿਕ ਦੇ ਇਕ ਸਵਾਦ ਵਿਚ ਉਹ ਜ਼ਿਕਰ ਕਰਦਾ ਹੈ ਕਿ ਗਿਆਨ ਚਿੰਤਨਸ਼ੀਲ ਹੋ ਕੇ ਵੀ ਅਰਜਿਤ ਕੀਤਾ ਜਾ ਸਕਦਾ ਹੈ। ਇਸ ਲਈ ਘੁਮੱਕੜੀ ਕੋਈ ਲਾਜ਼ਮੀ ਸ਼ਰਤ ਨਹੀਂ। ਉਹ ਅੱਗੇ ਕਹਿੰਦਾ ਹੈ ਕਿ ਫੌਜੀ ਮੁਹਿੰਮਾਂ ਜਾਂ ਫਿਰ ਇਕ ਵਾਰ ਇਸਥੇਮੀਅਨ ਖੇਡਾਂ ਦੇਖਣ ਤੋਂ ਬਿਨਾਂ ਉਹ ਘੱਟ ਹੀ ਏਥਨਜ਼ ਤੋਂ ਬਾਹਰ ਗਿਆ ਹੈ। ਇਹ ਵੱਖਰੀ ਗੱਲ ਹੈ ਕਿ ਉਹ ਏਥਨਜ਼ ਵਿਚ ਵਿਦਿਆਰਥੀਆਂ ਅਤੇ ਨੌਜਵਾਨ ਜਿਗਿਆਸੂਆਂ ਦੀ ਭਾਲ ਵਿਚ ਭਟਕਦਾ ਰਹਿੰਦਾ ਸੀ।
ਅਰਿਸਤੋਫੇਨਸ ਨੇ ਆਪਣੇ ਨਾਟਕ ਵਿਚ ਜੋ ਕਿਰਦਾਰ ਪੇਸ਼ ਕੀਤਾ ਹੈ ਉਹ ਵਿਦਿਆਰਥੀਆਂ ਨਾਲ ਹੋਣ ਵਾਲੀਆਂ ਦਾਰਸ਼ਨਿਕ ਚਰਚਾਵਾਂ ਤੇ ਗੋਸ਼ਟੀਆਂ ਨੂੰ ਆਪਣੇ ਰੁਜ਼ਗਾਰ ਦਾ ਸਾਧਨ ਬਣਾਉਂਦਾ ਹੈ। ਉਹ ਇਕ ਗਿਆਨਸ਼ਾਲਾ ਚਲਾਉਂਦਾ ਹੈ, ਜਿੱਥੇ ਆਉਣ ਵਾਲੇ ਹਰ ਸਿਖਿਆਰਥੀ ਨੂੰ ਨਿਸ਼ਚਿਤ ਭੁਗਤਾਨ ਕਰਨਾ ਪੈਂਦਾ ਹੈ। ਪਲੇਟੋ ਤੇ ਜ਼ੀਨੋਫੋਨ ਨੇ ਇਸ ਗੱਲ ਨੂੰ ਰੱਦ ਕੀਤਾ ਹੈ। ਜ਼ੀਨੋਫੋਨ ਦੀ ਪੁਸਤਕ ਵਿਚ ਇਕ ਘਟਨਾ ਵਿਚ ਤਾਂ ਸੁਕਰਾਤ ਤੁਹਫ਼ਾ ਲੈ ਕੇ ਆਏ ਇਕ ਅਮੀਰ ਜਿਗਿਆਸੂ ਨੂੰ ਕਹਿੰਦਾ ਹੈ, “ਆਪਣੀ ਭੇਟ ਪਾਸੇ ਕਰ ਤੇ ਸਵਾਲ ਲੈ ਕੇ ਸਾਹਮਣੇ ਆ ਤਾਂ ਕਿ ਮੈਂ ਤੇਰੇ ਵਿਚਾਰਾਂ ਦੀ ਅੱਗ ਦੇਖ ਸਕਾਂ। ਮੈਂ ਦੇਖ ਸਕਾਂ ਕਿ ਤੂੰ ਖ਼ਿਆਲਾਂ ਪੱਖੋਂ ਅਮੀਰ ਹੈਂ ਜਾਂ ਦਿਮਾਗੀ ਗਰੀਬੀ ਨੂੰ ਕੱਜਣ ਲਈ ਇਹ ਤੁਹਫ਼ਾ ਲਿਆਇਆ ਹੈ।" ਇਸ ਤੋਂ ਇਹ ਅੰਦਾਜ਼ਾ ਖੂਬ ਲਗਾਇਆ ਜਾ ਸਕਦਾ ਹੈ ਕਿ ਸੁਕਰਾਤ ਲਈ ਗਿਆਨ ਦੇ ਪੱਖ ਤੋਂ ਅਮੀਰੀ-ਗਰੀਬੀ ਦੇ ਕੋਈ ਮਾਇਨੇ ਹੀ ਨਹੀਂ ਸਨ। ਇਸਨੂੰ ਕਾਰੋਬਾਰ ਬਣਾ ਕੇ ਵੇਚਣ ਦਾ ਤਾਂ ਸਵਾਲ ਹੀ ਕਿੱਥੇ ਹੈ।
ਸਰੀਰਕ ਅਤੇ ਦਿੱਖ ਪੱਖੋਂ ਬੇਹੱਦ ਸਾਧਾਰਣ ਹੋਣ ਦੇ ਬਾਵਜੂਦ ਸੁਕਰਾਤ ਦੀ ਸ਼ਖ਼ਸੀਅਤ ਵਿਚ ਚੁੰਬਕੀ ਖਿੱਚ ਸੀ। ਦੁਨੀਆਂ ਦੇ ਇਤਿਹਾਸ ਵਿਚ ਪਹਿਲੀ
ਵਾਰ ਕਿਸੇ ਵਿਅਕਤੀ ਨੂੰ ਅਮੀਰੀ, ਸੱਤਾ ਤੇ ਸੁੰਦਰਤਾ ਦੇ ਮੁਕਾਬਲੇ ਗਿਆਨ ਦੇ ਸਿਰ 'ਤੇ ਅਸੀਮ ਪ੍ਰਸਿੱਧੀ ਮਿਲੀ। ਪਲੈਟੋ ਕਹਿੰਦਾ ਹੈ ਕਿ ਦੇਖਣ ਵਿਚ ਸੁਕਰਾਰ ਜਿੰਨਾ ਕਰੂਪ ਸੀ, ਉਸਦੀ ਆਤਮਾ ਓਨੀ ਹੀ ਜ਼ਿਆਦਾ ਸੁੰਦਰ ਸੀ। ਨੌਜਵਾਨ ਮੁੰਡੇ ਉਸ ਦੀਆਂ ਗੱਲਾਂ ਦੇ ਖਿੱਚੇ ਪਿੱਛੇ-ਪਿੱਛੇ ਆਉਂਦੇ। ਉਸਦੇ ਗਿਆਨ ਮੰਡਲ ਵਿਚ ਦਾਖ਼ਲੇ ਲਈ ਅਮੀਰ ਹੋਣਾ ਲਾਜ਼ਮੀ ਨਹੀਂ ਸੀ, ਬਲਕਿ ਜਿਗਿਆਸਾ ਹੀ ਕਿਸੇ ਵਿਦਿਆਰਥੀ ਦੀ ਮੁੱਢਲੀ ਯੋਗਤਾ ਸੀ। ਉਹ ਵਿਦਿਆਰਥੀਆਂ ਕੋਲੋਂ ਮੂਕ ਹੋ ਕੇ ਧਿਆਨ ਨਾਲ ਗੱਲਾਂ ਸੁਣਨ ਦੀ ਆਸ ਨਹੀਂ ਸੀ ਕਰਦਾ ਬਲਕਿ ਸਵਾਲ ਪੁੱਛਣ ਵਾਲੇ, ਸੰਵਾਦ-ਰਚਾਉਣ ਵਾਲੇ ਤੇ ਉਸਦੀਆਂ ਗੱਲਾਂ ਦੇ ਮੋੜਵੇਂ ਉੱਤਰ ਦੇਣ ਵਾਲੇ ਸਿਖਿਆਰਥੀ ਉਸਦੇ ਚਹੇਤੇ ਸਨ। ਉਹ ਕਹਿੰਦਾ ਸੀ, “ਤੁਹਾਡੇ ਸਵਾਲਾਂ ਦੀ ਸਾਣ 'ਤੇ ਮੈਂ ਆਪਣੀ ਬੁੱਧੀ ਦਾ ਚਾਕੂ ਤੇਜ਼ ਕਰਦਾ ਹਾਂ ਤੇ ਤੁਹਾਡਾ ਮੈਨੂੰ ਰੱਦ ਕਰਨਾ ਮੇਰੀ ਸ਼ਕਲ ਨੂੰ ਸ਼ੀਸ਼ਾ ਦਿਖਾਉਣਾ ਹੈ।" ਲੋਕ ਉਸਦੀ ਸ਼ਖ਼ਸੀ ਖਿੱਚ ਦੇ ਖਿੱਚੇ ਚਲੇ ਆਉਂਦੇ ਸਨ ਤਾਂ ਕਦੀ-ਕਦੀ ਉਸਦੀਆਂ ਸੱਚੀਆਂ ਗੱਲਾਂ ਤੋਂ ਘਬਰਾ ਵੀ ਜਾਂਦੇ ਸਨ। ਪਲੈਟੋ ਦੇ 'ਮੇਨੋ' ਸਿਰਲੇਖ ਵਾਲੇ ਸੰਵਾਦ ਵਿਚ ਇਕ ਨੌਜਵਾਨ ਮੇਨੋ ਸੁਕਰਾਤ ਸਾਹਮਣੇ ਆਪਣੀ ਭਾਵੁਕਤਾ ਪੇਸ਼ ਕਰਦਾ ਹੈ। ਉਹ ਆਪਣੇ ਨੌਕਰ ਤੇ ਦੋਸਤ ਦੀ ਹਾਜ਼ਰੀ ਵਿਚ 'ਨੇਕੀ' ਤੇ ਇਸਦੇ ਮਹੱਤਵ ਬਾਰੇ ਸੁਕਰਾਤ ਨਾਲ ਸੰਵਾਦ ਕਰਦਾ ਹੈ। ਜਦੋਂ ਸੁਕਰਾਤ ਉਸਨੂੰ ਆਪਣੀਆਂ ਦਲੀਲਾਂ ਨਾਲ ਲਾਜਵਾਬ ਕਰਦਾ ਹੈ ਤਾਂ ਮੇਨੇ ਉਸਨੂੰ ਆਖਦਾ ਹੈ:
ਹੇ ਸੁਕਰਾਤ। ਤੁਹਾਨੂੰ ਮਿਲਣ ਤੋਂ ਪਹਿਲਾਂ ਮੈਨੂੰ ਤੁਹਾਡੇ ਬਾਰੇ ਇਹੀ ਦੱਸਿਆ ਗਿਆ ਸੀ ਕਿ ਤੁਸੀਂ ਵਹਿਮ ਵਿਚ ਜਿਉਂਦੇ ਹੋ ਤੇ ਦੂਜਿਆਂ ਨੂੰ ਵੀ ਇਸੇ ਵਹਿਮ ਦਾ ਸ਼ਿਕਾਰ ਬਣਾਉਂਦੇ ਹੋ। ਹੁਣ ਮਹਿਸੂਸ ਹੋ ਰਿਹਾ ਹੈ ਕਿ ਤੁਸੀਂ ਮੈਨੂੰ ਸੰਮੋਹਿਤ ਕਰ ਰਹੇ ਹੋ ਤੇ ਮੈਂ ਪੂਰੀ ਤਰ੍ਹਾਂ ਤੁਹਾਡੇ ਜਾਦੂ ਦੇ ਅਸਰ ਹੇਠ ਆ ਗਿਆ ਹਾਂ। ਜੇਕਰ ਮੈਂ ਇਮਾਨਦਾਰੀ ਨਾਲ ਆਖਾਂ ਤਾਂ ਤੁਸੀਂ ਮੈਨੂੰ ਆਪਣੀ ਤਾਕਤ ਅਤੇ ਦਿੱਖ ਵਿਚ ਉਸ ਤਾਰਪੀਡੋ ਮੱਛੀ ਵਾਂਗ ਲਗਦੇ ਹੋ ਜੋ ਆਪਣੇ ਨੇੜੇ ਆਉਣ ਵਾਲੇ ਜਾਂ ਛੂਹਣ ਵਾਲੇ ਨੂੰ ਅਧਰੰਗ ਜਿਹਾ ਕਰ ਦਿੰਦੀ ਹੈ। ਮੇਰੀ ਆਤਮਾ ਤੇ ਮੇਰੀ ਜ਼ੁਬਾਨ ਅਧਰੰਗੇ ਗਏ ਹਨ ਤੇ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਤੁਹਾਡਾ ਉੱਤਰ ਕਿਵੇਂ ਦਿੱਤਾ ਜਾਵੇ।ਮੈਂ 'ਨੇਕੀ' ਦੇ ਵਿਸ਼ੇ ਉੱਪਰ ਬਹੁਤ ਲੋਕਾਂ ਸਾਹਮਣੇ ਭਾਸ਼ਣ ਦਿੱਤੇ ਹਨ ਪਰ ਤੁਹਾਡੇ ਸਾਹਮਣੇ ਮੈਨੂੰ ਕੁਝ ਸੁੱਝ ਹੀ ਨਹੀਂ ਰਿਹਾ। ਇਹ ਸਾਰਾ ਕੁਝ ਉਦੋਂ ਹੈ ਜਦੋਂ ਤੁਸੀਂ ਆਪਣੇ ਘਰ ਤੋਂ ਬਹੁਤ ਦੂਰ ਘੁੰਮੇ ਨਹੀਂ ਜੇਕਰ ਤੁਸੀਂ ਏਥਨਜ਼ ਤੋਂ ਬਾਹਰ ਗਏ ਹੁੰਦੇ ਤਾਂ ਤੁਹਾਡਾ ਜਾਦੂ ਸਿਰ ਚੜ੍ਹ ਕੇ ਬੋਲਦਾ।
ਇਸ ਤੋਂ ਸਿੱਧ ਹੁੰਦਾ ਹੈ ਕਿ ਸੁਕਰਾਤ ਕੋਲ ਗਿਆਨ ਅਤੇ ਚਿੰਤਨ ਦੀ ਅਥਾਹ ਪੂੰਜੀ ਸੀ। ਗਿਆਨ ਦੇ ਜਿਗਿਆਸੂ ਉਸਦੀਆਂ ਦਲੀਲਾਂ ਅਤੇ ਸਿਰੜ ਸਾਹਮਣੇ ਨਤਮਸਤਕ ਹੁੰਦੇ ਸਨ। 'ਸਿੰਪੋਜ਼ੀਅਮ' ਸਿਰਲੇਖ ਵਾਲੇ ਸੰਵਾਦ ਵਿਚ ਐਲਕੀਬਿਆਡੀਜ਼ ਔਰਤ-ਮਰਦ ਦੇ ਆਪਸੀ ਪ੍ਰੇਮ ਸੰਬੰਧੀ ਸੁਕਰਾਤ ਦੇ ਗਿਆਨ ਤੋਂ ਏਨਾ ਪ੍ਰਭਾਵਿਤ ਹੋ ਗਿਆ ਕਿ ਉਸਨੇ ਸੁਕਰਾਤ ਦੀ ਤੁਲਨਾ ਯੂਨਾਨੀ ਕਥਾਵਾਂ ਵਿਚ ਬੰਸਰੀ ਨਾਲ ਸਰੋਤਿਆਂ ਨੂੰ ਮੁਗਧ ਕਰ ਦੇਣ ਵਾਲੇ ਦੇਵਤੇ 'ਮਰਸਿਆਸ' ਨਾਲ ਕਰ ਦਿੱਤੀ। ਉਸਨੇ ਕਿਹਾ ਕਿ, "ਮਰਸਿਆਸ ਤਾਂ ਆਪਣੇ ਸਾਹਾਂ ਨੂੰ ਬੰਸਰੀ ਵਿਚ ਫੂਕ ਕੇ ਸਰੋਤਿਆਂ ਉੱਪਰ ਜਾਦੂ ਧੂੜਦਾ ਹੈ ਪਰ ਹੇ ਸੁਕਰਾਤ! ਤੈਨੂੰ ਸਾਜ਼ ਦੀ ਵੀ ਲੋੜ ਨਹੀਂ, ਤੇਰੇ ਕੋਲ ਸ਼ਬਦ ਹਨ।"" ਇਹ ਓਹੀ ਐਲਕੀਬਿਆਡੀਜ਼ ਹੈ ਜੋ ਏਥਨਜ਼ ਦੇ ਅਮੀਰ ਘਰਾਣੇ ਵਿਚ ਪੈਦਾ ਹੋਇਆ ਕਵੀ ਸੀ। ਉਹ ਸਿਆਸਤ ਵਿਚ ਰਾਜ ਦੇ ਸਿਖਰਲੇ ਅਹੁਦੇ ਤੱਕ ਪਹੁੰਚਿਆ ਸੀ। ਉਸਨੂੰ ਹੀ ਸੁਕਰਾਤ ਨੇ ਲੜਾਈ ਦੇ ਮੈਦਾਨ ਵਿੱਚੋਂ ਆਪਣੇ ਮੋਢੇ 'ਤੇ ਢੋ ਕੇ ਲਿਆਂਦਾ ਸੀ। ਉਹ ਸੁਕਰਾਤ ਦਾ ਪਰਮ ਮਿੱਤਰ ਸੀ।
ਸੁਕਰਾਤ ਨੂੰ ਕੁਝ ਲੋਕਾਂ ਨੇ 'ਸੋਫਿਸਟ' ਵੀ ਕਿਹਾ ਹੈ ਪਰ ਉਸਨੂੰ ਇਸ ਪਦ ਨਾਲ ਨਫ਼ਰਤ ਦੀ ਹੱਦ ਤੱਕ ਘਿਰਣਾ ਸੀ। ਉਹ ਗਿਆਨ ਨੂੰ ਨਿਮਰਤਾ ਦਾ ਵਾਹਕ ਮੰਨਦਾ ਹੋਇਆ ਆਪਣੇ ਆਪ ਨੂੰ 'ਫ਼ਿਲਾਸਫ਼ਰ' ਅਖਵਾ ਕੇ ਖ਼ੁਸ਼ ਰਹਿੰਦਾ ਸੀ। ਉਸਨੇ ਕਦੇ ਆਪਣੇ ਗਿਆਨ 'ਤੇ ਹੰਕਾਰ ਕੀਤਾ ਹੀ ਨਹੀਂ। ਇਕ ਵਾਰ ਸੁਕਰਾਤ ਦੇ ਲੰਗੋਟੀਏ ਮਿੱਤਰ ਸ਼ੇਰੀਫੋਨ ਨੇ ਡੇਲਫ਼ੀ ਦੀ ਪ੍ਰਸਿੱਧ ਨਜੂਮੀ ਔਰਤ ਪਾਇਥੀਆ ਕੋਲੋਂ ਪੁੱਛਿਆ, "ਕੀ ਸੁਕਰਾਤ ਨਾਲੋਂ ਵੱਧ ਕੋਈ ਸਿਆਣਾ ਏਥਨਜ਼ ਵਿਚ ਹੈ?"
ਪਾਇਥੀਆ ਨੇ ਦੋ-ਟੁੱਕ ਜਵਾਬ ਦਿੱਤਾ, "ਹਰਗਿਜ਼ ਨਹੀਂ!"
ਜਦੋਂ ਸ਼ੇਰੀਫੋਨ ਨੇ ਇਹ ਗੱਲ ਸੁਕਰਾਤ ਨੂੰ ਦੱਸੀ ਤਾਂ ਉਹ ਹੱਸ ਪਿਆ ਤੇ ਕਹਿਣ ਲੱਗਾ। "ਹਾਂ ਮੈਂ ਸੱਚਮੁੱਚ ਉਨ੍ਹਾਂ ਨਾਲੋਂ ਸਿਆਣਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਬਹੁਤ ਕੁਝ ਬਾਰੇ ਮੈਨੂੰ ਕੱਖ ਵੀ ਨਹੀਂ ਪਤਾ। ਇਹੀ ਗੱਲ ਹੈ ਜੋ ਹੋਰ ਗਿਆਨੀਆਂ ਨੂੰ ਨਹੀਂ ਪਤਾ।” ਇਸ ਤੋਂ ਬਾਅਦ ਉਸਨੇ ਆਪਣੇ ਗਿਆਨ ਦੀ ਪਰਖ ਲਈ ਏਥਨਜ਼ ਦੇ ਵੱਖ-ਵੱਖ ਵਿਅਕਤੀਆਂ ਨਾਲ ਸੰਵਾਦ ਕਰਕੇ ਕੁਝ ਪ੍ਰਯੋਗ ਕੀਤੇ। ਉਸਨੇ ਇਕ ਸਿਆਸਤਾਨ ਦੀ ਬੁੱਧੀ ਦੀ ਪਰਖ ਕੀਤੀ, ਕੁਝ ਕਵੀਆਂ ਨਾਲ ਲੰਮੇ ਸੰਵਾਦ ਕੀਤੇ ਅਤੇ ਕੁਝ ਸ਼ਿਲਪਕਾਰਾਂ ਦੇ ਗਿਆਨ ਨੂੰ ਸਮਝਿਆ। ਇਨ੍ਹਾਂ ਪ੍ਰਯੋਗਾਂ ਤੋਂ ਬਾਅਦ ਸੁਕਰਾਤ ਨੂੰ ਆਪਣੇ ਗਿਆਨ ਦੀ ਵਿਲੱਖਣਤਾ ਦਾ ਅਹਿਸਾਸ ਤਾਂ ਹੋਇਆ ਨਾਲ ਹੀ ਉਸਦੇ ਦੁਸ਼ਮਣਾਂ ਦੀ ਗਿਣਤੀ ਵਿਚ ਬਹੁਤ ਵਾਧਾ ਵੀ ਹੋ ਗਿਆ।
ਸੁਕਰਾਤ ਸੱਚਮੁੱਚ ਇਕ ਦਾਰਸ਼ਨਿਕ ਵਾਂਗ ਵਿਹਾਰ ਕਰਦਾ ਸੀ। ਉਸਦਾ ਪੱਕਾ ਯਕੀਨ ਸੀ ਕਿ ਮਨੁੱਖ ਦੀ ਸਭ ਤੋਂ ਵੱਡੀ ਸ਼ਕਤੀ ਦੂਜਿਆਂ ਨਾਲ ਕੀਤੀ ਗੱਲਬਾਤ ਹੀ ਹੈ। ਪਲੈਟੋ ਦੇ ਅਨੇਕ ਸੰਵਾਦਾਂ ਵਿਚ ਸੁਕਰਾਤ ਵਾਰ-ਵਾਰ ਇਹ ਗੱਲ ਕਹਿੰਦਾ ਹੈ ਕਿ ਗਿਆਨ ਵਿਚ ਸਥਾਈ ਕੁਝ ਨਹੀਂ ਹੁੰਦਾ ਬਲਕਿ ਦਰਿਆ ਦੇ ਪਾਣੀ ਵਾਂਗ ਇਸਦਾ ਲਗਾਤਾਰ ਵਹਿੰਦੇ ਰਹਿਣਾ ਤੇ ਵਿਚਾਰਾਂ ਦਾ ਤਬਾਦਲਾ ਹੁੰਦੇ ਰਹਿਣਾ ਲਾਜ਼ਮੀ ਹੈ। ਇਹੀ ਕਾਰਨ ਸੀ ਕਿ ਉਸਨੇ ਰਵਾਇਤੀ ਦਾਰਸ਼ਨਿਕਾਂ ਵਾਂਗ ਪਹਾੜਾਂ/ਜੰਗਲਾਂ ਵੱਲ ਰੁਖ਼ ਨਹੀਂ ਕੀਤਾ। ਬਲਕਿ ਸਮਾਜ ਦੇ ਵੱਖ-ਵੱਖ ਅਨੁਭਵਾਂ ਵਾਲੇ ਲੋਕਾਂ ਦੀ ਤਲਾਸ਼ ਕੀਤੀ। ਉਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਅਨੁਭਵਾਂ ਨੂੰ ਸਮਝ ਕੇ ਆਪਣੇ ਖ਼ਿਆਲਾਂ ਦਾ ਤਬਾਦਲਾ ਉਨ੍ਹਾਂ ਨਾਲ ਕੀਤਾ। ਉਸਦਾ ਕਹਿਣਾ ਸੀ ਕਿ ਮੈਂ ਕਦੇ ਖੇਤਾਂ ਤੇ ਜੰਗਲਾਂ ਵੱਲ ਜਾਣਾ ਪਸੰਦ ਨਹੀ ਕਰਦਾ ਕਿਉਂਕਿ ਉੱਥੇ ਮੈਨੂੰ ਗੱਲਬਾਤ ਕਰਨ ਲਈ ਕੋਈ ਨਹੀਂ ਮਿਲਦਾ। ਸੁਕਰਾਤ ਏਥਨਜ਼ ਦੀਆਂ ਗਲੀਆਂ ਵਿਚ ਨਿਕਲਦਾ। ਵਿਦਿਆਰਥੀ, ਸਿਪਾਹੀ, ਦੁਕਾਨਦਾਰ, ਵਪਾਰੀ, ਘਰੇਲੂ ਸੁਆਣੀਆਂ, ਮਜ਼ਦੂਰਾਂ, ਅਮੀਰਾਂ, ਕਲਾਕਰਾਂ, ਖਿਡਾਰੀਆਂ, ਫੌਜੀਆਂ, ਸਿਆਸਤਦਾਨਾਂ ਤੇ ਪ੍ਰਸ਼ਾਸਨਿਕਾਂ ਸਭ ਨਾਲ ਸੰਵਾਦ ਛੇੜਦਾ। ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਦਾ, ਸਮੱਸਿਆਵਾਂ ਦੇ ਕਾਰਨ ਸਮਝਦਾ ਤੇ ਸਮੱਸਿਆਵਾਂ ਬਾਰੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਸਮਝਦਿਆਂ ਸਮਾਜ ਦੇ ਵਿਭਿੰਨ ਵਰਗਾਂ ਦੇ ਮਾਨਸਿਕ ਪੱਧਰ ਬਾਰੇ ਜਾਨਣ ਦੀ ਕੋਸ਼ਿਸ਼ ਕਰਦਾ। ਉਸਦੇ ਗੱਲਬਾਤ ਦੇ ਤਰੀਕੇ ਨੂੰ 'ਸੁਕਰਾਤਨੁਮਾ ਵਿਅੰਗ' (Socratic Irony) ਨਾਮ ਦਿੱਤਾ ਗਿਆ। ਉਹ ਹਮੇਸ਼ਾ ਆਪਣੇ ਅਗਿਆਨੀ ਹੋਣ ਦਾ ਆਭਾਸ ਸਾਹਮਣੇ ਵਾਲੇ ਨੂੰ ਕਰਾ ਕੇ ਉਸ ਦੀਆਂ ਵੱਧ ਤੋਂ ਵੱਧ ਗੱਲਾਂ ਜਾਨਣ ਦੀ ਕੋਸ਼ਿਸ਼ ਕਰਦਾ। ਕੁਝ ਲੋਕ ਇਸਨੂੰ ਸੁਕਰਾਤ ਦੀ ਪਾਖੰਡਪੂਰਣ ਸ਼ੈਲੀ ਵੀ ਕਹਿੰਦੇ ਹਨ ਪਰ ਹੀਗਲ ਨੇ ਇਸ ਤਰੀਕੇ ਨੂੰ 'ਸਭਿਅਕ ਤਰੀਕੇ ਨਾਲ ਦੂਜਿਆਂ ਦੀ ਪੜਤਾਲ' ਕਰਨ ਦੀ ਦਾਰਸ਼ਨਿਕ ਕਿਰਿਆ ਕਿਹਾ। ਉਹ ਕੁਦਰਤ ਦੇ ਬਰਾਬਰ ਹੀ ਮਨੁੱਖੀ ਹੋਂਦ ਨੂੰ ਮਹੱਤਵ ਦਿੰਦਾ ਸੀ, ਪਰ ਉਸ ਲਈ ਮਨੁੱਖ ਕੁਦਰਤ ਤੋਂ ਵਧੇਰੇ ਮਹੱਤਵਪੂਰਣ ਸੀ। ਇਸ ਲਈ ਨੌਜਵਾਨਾਂ ਨਾਲ ਗੱਲ ਕਰਦਿਆਂ ਅਕਸਰ ਉਹਦੇ ਵਿਸ਼ੇ ਇਹੀ ਹੁੰਦੇ ਸਨ ਕਿ ਮਨੁੱਖੀ ਹੋਂਦ ਕੀ ਹੈ? ਜੀਵਨ ਕੈਸਾ ਜੀਣਾ ਚਾਹੀਦਾ ਹੈ? ਸਭ ਤੋਂ ਵਧੀਆ ਰਾਜ ਕੈਸਾ ਹੋਵੇ? ਧਰਮ ਤੇ ਸਦਾਚਾਰ ਕੀ ਹੈ? ਪਿਆਰ ਤੇ ਨੈਤਿਕਤਾ ਦਾ ਸੰਬੰਧ ਕੀ ਹੈ? ਆਤਮਾ ਕੀ ਹੈ? ਮੌਤ ਕੀ ਹੈ? ਆਦਿ। ਉਸਦਾ ਪ੍ਰਸਿੱਧ ਵਾਕ ਵੀ 'Know Thyself' ਅਰਥਾਤ 'ਆਪੇ ਨੂੰ ਜਾਣੋ ਸੀ। ਨੌਜਵਾਨਾਂ ਨਾਲ ਗੱਲ ਕਰਦਿਆਂ ਸੁਕਰਾਤ ਉਨ੍ਹਾਂ ਨੂੰ ਉਪਦੇਸ਼ ਦੇਣ ਦੀ ਥਾਂ ਉਨ੍ਹਾਂ ਦੀ ਸੰਵੇਦਨਾ ਨੂੰ ਟੁੰਬਦਾ ਸੀ। ਜ਼ੀਨੋਫੋਨ ਮੁਤਾਬਿਕ ਇਕ ਵਾਰਤਾਲਾਪ ਵਿਚ
ਉਹ ਨੌਜਵਾਨਾਂ ਨੂੰ ਕਹਿੰਦਾ ਹੈ, “ਮੈਂ ਆਪਣੀ ਸਾਰੀ ਉਮਰ ਆਪੇ ਨੂੰ ਟੋਲਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਵੀ ਆਪਣੀ ਆਤਮਾ ਦੀ ਪੂਰਨਤਾ ਲਈ ਵਧੇਰੇ ਯਤਨ ਕਰੋ। ਜਦੋਂ ਤੱਕ ਅਜਿਹਾ ਨਹੀਂ ਹੋ ਜਾਂਦਾ ਆਪਣੇ ਸਰੀਰ ਅਤੇ ਦੌਲਤ ਬਾਰੇ ਨਾ ਸੋਚੋ।17
ਸੁਕਰਾਤ ਦੇ ਬਾਰੇ ਵਿਚ ਕਿਹਾ ਜਾਂਦਾ ਹੈ ਕਿ ਉਹ ਹੁਣ ਤੱਕ ਦੁਨੀਆ ਦੇ ਇਤਿਹਾਸ ਵਿਚ ਸਭ ਤੋਂ ਉਪਜਾਊ ਦਿਮਾਗਾਂ ਵਿੱਚੋਂ ਇਕ ਸੀ। ਦਿਨ ਭਰ ਉਹ ਅਨੇਕ ਖ਼ਿਆਲਾਂ ਦੇ ਸਨਮੁਖ ਹੁੰਦਾ ਤੇ ਉਨ੍ਹਾਂ ਵਿਚਾਰਾਂ ਰਾਹੀਂ ਲੋਕਾਂ ਨਾਲ ਵਿਚਾਰ-ਉਤੇਜਕ ਸੰਵਾਦ ਸਿਰਜਦਾ। ਏਨਾ ਹੀ ਨਹੀਂ ਉਹ ਆਪਣੇ ਸੁਪਨਿਆਂ ਬਾਰੇ ਵੀ ਬਹੁਤ ਸੰਜੀਦਾ ਸੀ। ਦਿਨ ਭਰ ਚੱਲਣ ਵਾਲੇ ਵਿਚਾਰ ਰਾਤ ਨੂੰ ਸੁਪਨੇ ਬਣ ਕੇ ਉਸਦੇ ਦਿਮਾਗ ਵਿਚ ਆਉਂਦੇ। ਉਹ ਇਨ੍ਹਾਂ ਸੁਪਨਿਆਂ ਨੂੰ ਭਵਿੱਖ ਦੀਆਂ ਘਟਨਾਵਾਂ ਦੇ ਸੰਕੇਤਾਂ ਵਜੋਂ ਦੇਖਦਾ ਤੇ ਇਨ੍ਹਾਂ ਦੇ ਆਧਾਰ 'ਤੇ ਹੀ ਆਪਣੇ ਪ੍ਰਤੀਕਰਮ ਵਿਉਂਤਦਾ। ਪਲੈਟੋ ਦੇ ਵਰਣਨ ਅਨੁਸਾਰ ਉਹ ਸੁਕਰਾਤ ਨੂੰ ਆਪਣੇ ਚਾਚੇ ਚਾਰਮੀਡੀਜ਼ ਦੇ ਹਵਾਲੇ ਨਾਲ ਮਿਲਿਆ ਸੀ । ਜਿਸ ਦਿਨ ਪਲੇਟੋ ਸੁਕਰਾਤ ਨੂੰ ਪਹਿਲੀ ਵਾਰ ਮਿਲਿਆ ਉਸ ਤੋਂ ਪਹਿਲੀ ਰਾਤ ਸੁਕਰਾਤ ਨੂੰ ਇਕ ਸੁਪਨਾ ਆਇਆ। ਉਸਨੇ ਸੁਪਨੇ ਵਿਚ ਦੇਖਿਆ ਕਿ ਹੰਸ ਦਾ ਇਕ ਬੱਚਾ ਉਸਦੇ ਪੈਰਾਂ ਕੋਲ ਆਇਆ। ਦੇਖਦੇ ਹੀ ਦੇਖਦੇ ਉਸ ਦੇ ਸਰੀਰ 'ਤੇ ਖੰਭ ਉੱਗ ਆਏ ਤੇ ਉਹ ਮਿੱਠੇ ਗੀਤ ਗਾਉਂਦਾ ਹੋਇਆ ਦੂਰ ਅਸਮਾਨ ਵੱਲ ਉੱਡ ਗਿਆ। ਅਗਲੇ ਦਿਨ ਜਦ ਚਾਰਮੀਡੀਜ਼ ਆਪਣੇ ਨੌਜਵਾਨ ਭਤੀਜੇ ਨੂੰ ਸੁਕਰਾਤ ਸਾਹਮਣੇ ਲੈ ਕੇ ਆਇਆ ਤਾਂ ਸੁਕਰਾਤ ਸਮਝ ਗਿਆ ਕਿ ਇਹੀ ਹੰਸ ਦਾ ਉਹ ਬੱਚਾ ਹੇ ਜੋ ਰਾਤ ਉਸਦੇ ਸੁਪਨੇ ਵਿਚ ਆਇਆ ਸੀ। ਇਸ ਤੋਂ ਬਿਨਾਂ ਆਪਣੇ ਆਖਰੀ ਸਮੇਂ ਜਦੋਂ ਉਹ ਕਾਲ-ਕੋਠੜੀ ਵਿਚ ਬੰਦ ਸੀ ਤਾਂ ਉਸਨੇ ਯੂਨਾਨੀ ਦੇਵਤਾ ਅਪੋਲੋ ਦੀ ਪ੍ਰਸ਼ੰਸਾ ਵਿਚ ਕੁਝ ਕਾਵਿ-ਬੰਦ ਲਿਖੇ ਤੇ ਈਸਪ ਦੀਆਂ ਪੁਰਾਤਨ ਕਹਾਣੀਆਂ ਨੂੰ ਵੀ ਕਵਿਤਾ ਵਿਚ ਪਰੋਇਆ।* ਕਿਸੇ ਦੇ ਕਵਿਤਾ ਲਿਖਣ ਦਾ ਕਾਰਨ ਪੁੱਛਣ 'ਤੇ ਉਸਨੇ ਕਿਹਾ ਕਿ ਉਹ ਇਹ ਰਚਨਾ ਸੁਪਨੇ ਵਿਚ ਮਿਲੇ ਹੁਕਮਾਂ ਅਨੁਸਾਰ ਹੀ ਕਰ ਰਿਹਾ ਹੈ। ਮੌਤ ਤੋਂ ਤਿੰਨ ਦਿਨ ਪਹਿਲਾਂ ਸਫ਼ੇਦ ਕੱਪੜੇ ਪਹਿਨੀ ਇਕ ਮੁਟਿਆਰ ਨੇ ਉਸਦੇ ਸੁਪਨੇ ਵਿਚ ਆ ਕੇ ਕਿਹਾ ਸੀ ਕਿ ਅੱਜ ਤੋਂ ਤੀਜੇ ਦਿਨ ਉਹ ਬੇਹੱਦ ਸੁੰਦਰ ਰਾਹ 'ਤੇ ਤੁਰੇਗਾ। ਤੀਸਰੇ ਦਿਨ ਸੁਕਰਾਤ ਮੌਤ ਦੇ ਰਸਤੇ ਤੁਰ ਪਿਆ ਸੀ।" ਅਪੋਲੋ (ਸੂਰਜ) ਦੇਵਤਾ ਦਾ ਸੁਪਨਾ ਅਕਸਰ ਸੁਕਰਾਤ ਨੂੰ ਆਉਂਦਾ ਸੀ ਤੇ ਉਹ ਇਸਨੂੰ ਗਿਆਨ ਦੇ ਆਗਮਨ ਦਾ ਸ਼ੁਭ ਸੰਕੇਤ ਮੰਨਦਾ ਸੀ।
ਵੱਧ ਤੋਂ ਵੱਧ ਗਿਆਨ ਦੀ ਭਾਲ ਦੀ ਰੁਚੀ ਨੇ ਸੁਕਰਾਤ ਨੂੰ ਆਪਣੀ ਵਿਲੱਖਣਤਾ ਦਾ ਅਹਿਸਾਸ ਕਰਾ ਦਿੱਤਾ ਸੀ। ਪਲੇਟ ਤੇ ਜ਼ੀਨੋਫੋਨ ਦੇ ਕਈ ਸੰਵਾਦਾਂ ਵਿਚ ਉਹ ਮਨੁੱਖ ਦੀ ਸਜਾਵਟ ਬਾਰੇ ਗੱਲ ਕਰਦਾ ਹੈ। ਉਸਦਾ ਵਿਚਾਰ ਸੀ ਕਿ
ਸਰੀਰ ਦੀ ਸਫ਼ਾਈ ਦਾ ਸਜਾਵਟ ਨਾਲ ਕੋਈ ਸੰਬੰਧ ਨਹੀਂ। ਮੇਨੋ ਦੇ ਸੰਵਾਦ ਵਿਚ ਉਹ ਆਪਣੇ ਦੋਸਤਾਂ ਕੋਲੋਂ ਸਵਾਲ ਪੁੱਛਦਾ ਹੈ, “ਜਿਵੇਂ ਤਨ ਦੇ ਗਹਿਣੇ ਕੱਪੜੇ à ਧਾਤਾਂ ਹਨ, ਰੂਹ ਦਾ ਗਹਿਣਾ ਕੀ ਹੈ?" ਜਵਾਬ ਨਾ ਮਿਲਣ 'ਤੇ ਆਪ ਹੀ ਕਹਿੰਦ ਹੈ ਕਿ, "ਰੂਹ ਦਾ ਗਹਿਣਾ ਨੇਕੀ ਦੇ ਵਿਚਾਰ ਹਨ।" ਉਸਨੇ ਨੇਕੀ ਦੇ ਵਿਚਰ ਧਾਰਨ ਕਰ ਲਏ ਸਨ। ਇਸ ਲਈ ਪਲੈਟੋ ਤੇ ਜ਼ੀਨੋਫੋਨ ਦੇ ਸੰਵਾਦਾਂ ਦਾ ਪਾਤਰ ਸੁਕਰਾਤ ਕੱਪੜਿਆਂ ਨੂੰ ਲੈ ਕੇ ਵਿਸ਼ੇਸ਼ ਤਰ੍ਹਾਂ ਦੀ ਉਪਰਾਮਤਾ ਧਾਰਨ ਕਰੀ ਰੱਖਦਾ ਹੈ। ਏਥਨਜ਼ ਦੀਆਂ ਗਲੀਆਂ ਵਿਚ ਦੁਕਾਨਾਂ ਦੇ ਚਬੂਤਰਿਆਂ ਜਾਂ ਮੰਦਰਾਂ ਦੀਆਂ ਛੱਡ ਹੇਠਾਂ ਇਕ ਗਿੱਠਾ ਜਿਹਾ ਬਜ਼ੁਰਗ ਦਿਨ-ਰਾਤ ਘੁੰਮਦਾ ਰਹਿੰਦਾ ਸੀ। ਉਸਦਾ ਪਹਿਰਾਵਾ ਬਹੁਤ ਖਾਸ ਤਰ੍ਹਾਂ ਦਾ ਸੀ। ਹੁਨਾਲ-ਸਿਆਲ ਉਹ ਪਤਲਾ ਜਿਹਾ ਕਾਲਾ ਚੋਗਾ ਪਾਈ ਰੱਖਦਾ ਤੇ ਨੰਗੇ ਪੈਰੀਂ ਏਧਰ-ਓਧਰ ਭਟਕਦਾ ਰਹਿੰਦਾ। ਸਿਰੋਂ ਗੰਜਾ, ਵੱਡਾ ਸਾਰਾ ਗੋਲ ਚਿਹਰਾ, ਚੌੜੀਆਂ ਨਾਸਾਂ ਤੇ ਬਾਹਰ ਵੱਲ ਉੱਭਰੀਆਂ ਦੋ ਚੌਕਸ ਅੱਖਾਂ ਜੋ ਉਹ ਗੋਲ-ਗੋਲ ਘੁੰਮਾਉਂਦਾ ਰਹਿੰਦਾ ਸੀ। ਕੁੱਲ ਮਿਲਾ ਕੇ ਇਹ ਰੂਪ ਬੜਾ ਬਦਸੂਰਤ ਤੇ ਕਿਸੇ ਵਣ-ਮਾਣਸ ਜਿਹਾ ਸੀ। ਬੇਮਕਸਦ ਟੇਢੀ ਜਿਹੀ ਚਾਲ ਉਸਦੀ ਵਿਲੱਖਣਤਾ ਵਿਚ ਵਾਧਾ ਕਰਦੀ ਰਹਿੰਦੀ ਸੀ PP ਸਾਰਾ ਵਕਤ ਲੋਕਾਂ ਨਾਲ ਸੰਵਾਦ ਵਿਚ ਜਾਂ ਸਵੇ ਨਾਲ ਵਿਚਾਰ ਮਗਨ ਰਹਿਣ ਕਾਰਨ ਉਸਨੇ ਆਪਣੇ ਨਿੱਜੀ ਕਾਰਜਾਂ ਵਿਚ ਘੱਟ ਤੋਂ ਘੱਟ ਦਿਲਚਸਪੀ ਲਈ। ਉਸਨੇ ਦੌਲਤ ਦੀ ਇੱਛਾ ਵਿਚ ਕੋਈ ਮੱਠ ਜਾਂ ਗਿਆਨ ਦੀ ਸੰਸਥਾ ਵੀ ਸਥਾਪਿਤ ਨਹੀਂ ਕੀਤੀ ਜੈਸਾ ਕਿ ਉਸ ਸਮੇਂ ਆਮ ਤੌਰ 'ਤੇ ਸੋਫਿਸਟ ਚਿੰਤਕ ਕਰਿਆ ਕਰਦੇ ਸਨ। ਇਸ ਲਈ ਉਸ ਕੋਲ ਬੱਝਵੀਂ ਕਿਸੇ ਆਮਦਨ ਦੀ ਸਾਰੀ ਉਮਰ ਅਣਹੋਂਦ ਹੀ ਰਹੀ। ਭਾਵੇਂ ਪਲੈਟ ਤੇ ਸੁਕਰਾਤ ਨੇ ਅਰਿਸਤਫੇਨਸ ਵਾਂਗ ਉਸਨੂੰ ਘਰੇਲੂ ਕਲੇਸ਼ ਤੋਂ ਪੀੜਤ ਨਹੀਂ ਦਿਖਾਇਆ ਤਾਂ ਵੀ ਇਹ ਸੁਭਾਵਿਕ ਲਗਦਾ ਹੈ ਕਿ ਉਮਰ ਵਿਚ ਬਹੁਤ ਛੋਟੀ ਉਸਦੀ ਪਤਨੀ ਅਜਿਹੇ ਆਰਥਿਕ ਹਾਲਾਤ ਵਿਚ ਕਦੇ-ਕਦਾਈਂ ਤਾਂ ਤੈਸ਼ ਵਿਚ ਆ ਹੀ ਜਾਂਦੀ ਹੋਵੇਗੀ।
ਸੁਪਨਿਆਂ ਦੇ ਨਾਲ-ਨਾਲ ਸੁਕਰਾਤ ਬਾਰੇ ਇਕ ਗੱਲ ਜੋ ਬਹੁਤ ਮਸ਼ਹੂਰ ਹੈ ਉਹ ਹੈ ਉਸਦੀ ਜਾਗਦਿਆਂ ਖ਼ਿਆਲਾਂ ਵਿਚ ਗਵਾਚ ਜਾਣ ਦੀ ਰੁਚੀ। ਪਲੈਟੇ ਸੁਕਰਾਤ ਦੀ ਇਸ ਆਦਤ ਬਾਰੇ ਕਈ ਸੰਵਾਦਾਂ ਵਿਚ ਜ਼ਿਕਰ ਕਰਦਾ ਹੈ। ਉਹ ਸਾਹਮਣੇ ਵਾਲੇ ਨਾਲ ਗੱਲ ਕਰਦਿਆਂ ਉਸਦੇ ਸਵਾਲਾਂ ਦਾ ਸਨਮਾਨ ਵੀ ਕਰਦਾ ਸੀ ਤੇ ਗਹੁ ਨਾਲ ਸੁਣਦਾ ਵੀ ਸੀ ਪਰ ਜਦ ਇਕੱਲਾ ਹੁੰਦਾ ਸੀ ਤਾਂ ਅਕਸਰ ਇਨ੍ਹਾਂ ਸਵਾਲਾਂ ਨੂੰ ਆਪਣੇ ਜ਼ਿਹਨ ਵਿਚ ਰਿੜਕਣ ਲੱਗਦਾ ਸੀ। ਇਸ ਲਈ ਉਹ ਘੰਟਿਆਂ ਬੱਧੀ ਮੌਨ ਤੇ ਆਸ-ਪਾਸ ਤੋਂ ਨਿਰਲੇਪ ਅਵਸਥਾ ਵਿਚ ਚਲਾ ਜਾਂਦਾ ਸੀ। ਇਹ ਇਕ ਤਰ੍ਹਾਂ ਦੀ ਜਾਗ੍ਰਿਤ ਸਮਾਧੀ ਦੀ ਅਵਸਥਾ ਕਹੀ ਜਾਵੇਗੀ। ਇਸ ਤਰ੍ਹਾਂ ਦੀ
ਇਕ ਘਟਨਾ ਦਾ ਜ਼ਿਕਰ 'ਸਿੰਪੋਜ਼ੀਅਮ' ਸਿਰਲੇਖ ਵਾਲੇ ਸੰਵਾਦ ਵਿਚ ਆਉਂਦਾ ਹੈ। ਇਕ ਵਾਰ ਸੁਕਰਾਤ ਤਿਆਰ ਹੋ ਕੇ ਆਪਣੇ ਇਕ ਮਿੱਤਰ ਦੇ ਸੱਦੇ 'ਤੇ ਉਸਦੇ ਘਰ ਖਾਣੇ ਲਈ ਜਾ ਰਿਹਾ ਸੀ। ਰਾਹ ਵਿਚ ਇਕ ਨੌਜਵਾਨ 'ਐਗਸਤੋਡੇਮਜ਼' ਨੇ ਪੁੱਛਿਆ, "ਕਿੱਥੇ ਜਾ ਰਹੇ ਹੋ?" ਸੁਕਰਾਤ ਨੇ ਆਪਣਾ ਮੰਤਵ ਦੱਸਿਆ ਤੇ ਉਸ ਗੱਭਰੂ ਨੂੰ ਵੀ ਨਾਲ ਹੀ ਲੈ ਲਿਆ। ਜਦੋਂ ਉਹ ਮਿੱਤਰ ਦੇ ਘਰ ਪੁੱਜੇ ਤਾਂ ਸੁਕਰਾਤ ਨੇ ਐਗਸਤਡੇਮਜ਼ ਨੂੰ ਅੰਦਰ ਭੇਜ ਦਿੱਤਾ ਤੇ ਆਪ ਸੜਕ ਕਿਨਾਰੇ ਖੜ੍ਹਾ ਹੋ ਗਿਆ। ਕਾਫ਼ੀ ਦੇਰ ਤੱਕ ਜਦੋਂ ਸੁਕਰਾਤ ਅੰਦਰ ਨਹੀਂ ਆਇਆ ਤਾਂ ਉਸਦੇ ਮਿੱਤਰ ਨੇ ਆਪਣੇ ਨੌਕਰ ਨੂੰ ਬਾਹਰ ਭੇਜਿਆ। ਨੌਕਰ ਨੇ ਵਾਪਸ ਜਾ ਕੇ ਸੁਕਰਾਤ ਦੇ ਸਮਾਧੀ ਵਿਚ ਖੜ੍ਹੇ ਹੋਣ ਦੀ ਗੱਲ ਦੱਸੀ। ਜਦੋਂ ਆਪਣੇ ਧਿਆਨ ਦੀ ਸਮਾਪਤੀ ਕਰਕੇ ਸੁਕਰਾਤ ਭੋਜਨ ਲਈ ਅੰਦਰ ਗਿਆ ਤਾਂ ਸਮਾਗਮ ਖ਼ਤਮ ਹੋ ਚੁੱਕਿਆ ਸੀ F' ਇਸੇ ਤਰ੍ਹਾਂ ਦੀ ਇਕ ਘਟਨਾ ਪੋਟੇਡੇਈਆ ਦੇ ਯੁੱਧ ਦੌਰਾਨ ਵੀ ਵਾਪਰੀ। ਉੱਥੇ ਸੁਕਰਾਤ ਇਕ ਦਿਨ ਸਵੇਰ ਤੋਂ ਲੈ ਕੇ ਅਗਲੇ ਦਿਨ ਸੂਰਜ ਚੜ੍ਹਨ ਤੱਕ ਲਗਾਤਾਰ ਖੜਾ ਰਿਹਾ। ਉਸਦੇ ਹੈਰਾਨ ਸਾਥੀ ਇਹ ਦੇਖਣ ਲਈ ਆਪਣੇ ਬਿਸਤਰੇ ਵੀ ਬਾਹਰ ਲੈ ਆਏ ਕਿ ਕੀ ਉਹ ਸਾਰੀ ਰਾਤ ਖੜ੍ਹਾ ਰਹੇਗਾ? ਦੂਜੇ ਦਿਨ ਸਵੇਰੇ ਸੂਰਜ ਚੜ੍ਹਨ ਸਾਰ ਉਹ ਪ੍ਰਾਰਥਨਾ ਕਰਕੇ ਚਲਾ ਗਿਆP' ਇਹ ਘਟਨਾਵਾਂ ਦੱਸਦੀਆਂ ਹਨ ਕਿ ਉਸ ਵਿਚ ਬਾਹਰੀ ਅਤੇ ਅੰਦਰੂਨੀ ਹਾਲਾਤ ਸਹਿਣ ਦੀ ਸਮਰੱਥਾ ਬਹੁਤ ਵਿਲੱਖਣ ਸੀ ਤੇ ਉਸ ਨੇ ਆਪਣੇ-ਆਪ ਨੂੰ ਇਸ ਯੋਗ ਬਣਾਇਆ ਹੋਇਆ ਸੀ ਕਿ ਉਹ ਲਗਾਤਾਰ ਚਿੰਤਨ-ਮਗਨ ਰਹਿ ਸਕੇ ਤੇ ਕੋਈ ਗੱਲ ਉਸਦਾ ਧਿਆਨ ਭੰਗ ਨਾ ਕਰੇ।
ਸੁਕਰਾਤ ਸਭ ਤੋਂ ਜ਼ਿਆਦਾ ਆਪਣੀ ਜ਼ਿੰਦਗੀ ਵਿਚ ਗਿਆਨ ਲਈ ਯਤਨਸ਼ੀਲ ਰਿਹਾ। ਪਰ ਉਸਦਾ ਗਿਆਨ ਬਹੁਤੇ ਵਿਦਵਾਨਾਂ ਵਾਂਗ ਕਥਨ ਦੀ ਪੱਧਰ ਦਾ ਗਿਆਨ ਨਹੀਂ ਸੀ ਬਲਕਿ ਉਸਨੇ ਗਿਆਨ ਪੈਦਾ ਕਰਨ ਵਾਲੇ ਚਰਿੱਤਰ ਦੇ ਵਿਹਾਰ ਨੂੰ ਆਪਣੇ ਵਿਚ ਜਜ਼ਬ ਕੀਤਾ ਹੋਇਆ ਸੀ। 424 ਈ. ਪੂ. ਡੇਲੀਅਮ ਦੀ ਜਗ੍ਹਾ 'ਤੇ ਸਪਾਰਟਾ ਦੀ ਫੌਜ ਨੇ ਏਥਨਜ਼ ਦੀਆਂ ਫੌਜਾਂ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ। ਲੋਫੇਜ਼ ਤੇ ਸੁਕਰਾਤ ਹੀ ਅਜਿਹੇ ਦੇ ਸਿਪਾਹੀ ਸਨ ਜਿਹੜੇ ਹੌਸਲੇ ਨਾਲ ਡਟੇ ਰਹੇ। ਸੁਕਰਾਤ ਆਪਣੀ ਜਗ੍ਹਾ 'ਤੇ ਸਥਿਰ ਹੋ ਕੇ ਡਟਿਆ ਰਿਹਾ ਤੇ ਉਸਨੇ ਹਾਸਿਲ ਕੀਤੇ ਗਿਆਨ ਦੇ ਬਲ 'ਤੇ ਦ੍ਰਿੜਤਾ ਦਾ ਸਬੂਤ ਦਿੱਤਾ। ਇਸ ਤੋਂ ਬਹੁਤ ਸਾਲਾਂ ਬਾਅਦ ਉਸਦੇ ਮੁਕੱਦਮੇ ਦੌਰਾਨ ਸੁਕਰਾਤ ਨੇ ਬਹੁਤ ਵਿਲੱਖਣ ਤਰ੍ਹਾਂ ਦੇ ਮਨੁੱਖੀ ਆਤਮਿਕ ਬਲ ਦਾ ਪ੍ਰਗਟਾਵਾ ਕੀਤਾ। ਕੋਈ ਵੀ ਦਬਾਅ ਜਾਂ ਭੈਅ ਐਸਾ ਨਹੀਂ ਸੀ ਜੋ ਉਸਨੂੰ ਉਸਦੇ ਮਾਰਗ ਤੋਂ ਹਟਾ ਸਕਦਾ। ਇਹ ਸਾਰਾ ਕੁਝ ਉਸ ਦਾਰਸ਼ਨਿਕ ਗਿਆਨ ਦੇ ਸਦਕਾ ਹੀ ਸੀ ਜੋ ਉਸਨੇ ਆਪਣੇ ਜੀਵਨ ਦੌਰਾਨ
ਹਾਸਿਲ ਕੀਤਾ ਸੀ। ਉਸਨੇ ਨਿਰੰਤਰ ਆਪਣੇ ਗਿਆਨ ਵਿਚ ਵਾਧਾ ਕੀਤਾ। ਆਪਣੇ ਤੋਂ ਪਹਿਲਾਂ ਦੇ ਚਿੰਤਕਾਂ ਦਾ ਡੂੰਘੀ ਤਰ੍ਹਾਂ ਅਧਿਐਨ ਕਰਕੇ ਦੇਖਿਆ ਕਿ ਉਨ੍ਹਾਂ ਨੇ ਗਿਆਨਵਾਨ ਹੋਣ ਦੇ ਕਈ ਪਾਖੰਡ ਸਿਰਜੇ ਹਨ। ਵਿਸ਼ੇਸ਼ ਕਰਕੇ ਸੋਵਿਸ ਨੇ ਤਾਂ ਗਿਆਨ ਨੂੰ ਸੱਤਾ ਦੇ ਸਮਾਂਤਰ ਸੱਤਾ ਬਣਾ ਧਰਿਆ ਸੀ। ਸੁਕਰਾਤ ਕੋਲ ਆਪਣੀ ਸੂਝ-ਬੂਝ ਸਦਕਾ ਰਾਜਨੇਤਾ ਬਣ ਜਾਣ ਦੇ ਅਥਾਹ ਮੌਕੇ ਸਨ ਪਰ 'ਸਿੰਪੋਜ਼ੀਅਮ' ਨਾਂ ਦੇ ਸੰਵਾਦ ਵਿਚ ਉਹ ਐਲਕਬਿਆਡੀਜ਼ ਨੂੰ ਦੱਸਦਾ ਹੈ ਕਿ ਸੁਪਨੇ ਵਿਚ ਹੋਈ ਇਕ ਭਾਖਿਆ ਨੇ ਹੀ ਉਸਨੂੰ ਰਾਜਨੀਤੀਵਾਨ ਹੋਣ ਤੋਂ ਰੋਕ ਲਿਆ। 406 ਈ. ਪੂ. ਵਿਚ ਸੁਕਰਾਤ ਲੋਕਤੰਤਰੀ ਏਥਨਜ਼ ਦੀ ਸੰਸਦ ਵਿਚ ਕੁਝ ਸਮਾਂ ਮੈਂਬਰ ਵੀ ਰਿਹਾ। Boule ਨਾਂ ਦੀ ਇਹ ਸਭਾ ਜਨ-ਪ੍ਰਤੀਨਿਧੀਆਂ ਦੁਆਰਾ ਸੰਚਾਲਤ ਸੀ ਤੇ ਸ਼ਹਿਰੀਆਂ ਦੀਆਂ ਰੋਜ਼ਾਨਾ ਲੋਕਾਂ ਦੀ ਪੂਰਤੀ ਕਰਨ ਦੇ ਨਾਲ-ਨਾਲ ਨਿਆਂ ਦੇ ਕੁਝ ਮਾਮਲਿਆਂ ਦੀ ਦੇਖ-ਰੇਖ ਵੀ ਕਰਦੀ ਸੀ। ਸੁਕਰਾਤ ਦੇ ਸਾਥੀਆਂ ਨੇ ਸਹਿਮਤੀ ਨਾਲ ਉਸਨੂੰ ਨਿਆਂ ਦੇ ਮਾਮਲਿਆਂ ਵਿਚ ਲੋਕ-ਪ੍ਰਤੀਨਿਧਤਾ ਲਈ ਚੁਣ ਲਿਆ। ਉਨ੍ਹਾਂ ਨੂੰ ਸੁਕਰਾਤ ਦੇ ਅਡਿੱਗ ਸ਼ਖ਼ਸੀ ਬਲ ਉੱਪਰ ਬਹੁਤ ਯਕੀਨ ਸੀ। ਇਹ ਉਹੀ ਸਾਲ ਸੀ ਜਦੋਂ ਆਰਗੀਨੁਸੇ ਦਾ ਪ੍ਰਸਿੱਧ ਜੰਗੀ ਮੁਕੱਦਮਾ ਵਿਚਾਰ-ਅਧੀਨ ਸੀ। ਸਪਾਰਟਾ ਨਾਲ ਏਥਨਜ਼ ਦਾ ਯੁੱਧ ਲੰਮੇ ਸਮੇਂ ਤੋਂ ਜਾਰੀ ਸੀ। ਏਥਨਜ਼ ਦੇ ਅੱਠ ਫੌਜੀ ਜਰਨੈਲਾਂ ਉੱਤੇ ਸੰਸਦ ਵਿਚ ਮੁਕੱਦਮਾ ਚੱਲ ਰਿਹਾ ਸੀ। ਦੋਸ਼ ਇਹ ਸੀ ਕਿ ਆਰਗੀਨਸੇ ਦੀ ਲੜਾਈ ਦੌਰਾਨ ਇਹ ਫੌਜੀ ਅਧਿਕਾਰੀ ਆਪਣੇ ਜੰਗੀ ਬੇੜੇ ਤੇ ਜੰਗ ਵਿਚ ਮਰੇ ਸਿਪਾਹੀਆਂ ਦੀਆਂ ਲਾਸ਼ਾਂ ਮੈਦਾਨ ਵਿਚ ਹੀ ਛੱਡ ਕੇ ਭੱਜ ਆਏ ਸਨ।
ਆਪਣੀ ਰੱਖਿਆ ਵਿਚ ਇਨ੍ਹਾਂ ਫੌਜੀ ਜਰਨੈਲਾਂ ਨੇ ਇਹ ਤਰਕ ਦਿੱਤਾ ਕਿ ਉਹ ਸਪਾਰਟਾ ਦੀ ਫੌਜ ਦੇ ਕਬਜ਼ੇ ਵਿੱਚੋਂ ਇਕ ਟਾਪੂ ਨੂੰ ਛੁਡਾਉਣ ਲਈ ਹੋਈ ਲੜਾਈ ਜਿੱਤ ਚੁੱਕੇ ਸਨ ਤੇ ਟਾਪੂ ਵੀ ਆਜ਼ਾਦ ਕਰਾ ਲਿਆ ਸੀ ਪਰ ਇਸ ਤੋਂ ਪਹਿਲਾਂ ਕਿ ਫੌਜ ਆਪਣਾ ਸਾਮਾਨ ਸਾਂਭ ਸਕਦੀ ਇਕ ਭਿਆਨਕ ਤੂਫ਼ਾਨ ਆਇਆ ਤੇ ਸੈਂਕੜੇ ਸਿਪਾਹੀ ਜੋ ਏਥਨਜ਼ ਦੇ ਸਾਧਾਰਣ ਨਾਗਰਿਕ ਸਨ ਉਸ ਤੂਫ਼ਾਨ ਵਿਚ ਮਾਰੇ ਗਏ। ਇੱਥੋਂ ਤੱਕ ਕਿ ਉਨ੍ਹਾਂ ਦੀਆਂ ਲਾਸ਼ਾਂ ਵੀ ਨਹੀਂ ਮਿਲ ਸਕੀਆਂ। ਏਥਨਜ਼ ਦੇ ਨਾਗਰਿਕ ਇਸ ਕਾਇਰਤਾਪੂਰਣ ਕਾਰਵਾਈ ਲਈ ਬਹੁਤ ਨਾਰਾਜ਼ ਸਨ ਤੇ ਬਹੁਤੇ ਫੌਜੀਆਂ ਦੇ ਰਿਸ਼ਤੇਦਾਰ ਆਪਣੇ ਪਿਆਰਿਆਂ ਦੇ ਅੰਤਿਮ ਸਸਕਾਰ ਨਾ ਕਰ ਪਾਉਣ ਕਾਰਨ ਗੁੱਸੇ ਵਿਚ ਸਨ। ਇਸ ਘਟਨਾ ਨੂੰ ਅੱਠ ਫੌਜੀ ਜਰਨੈਲਾਂ ਦੀ ਲਾਪਰਵਾਹੀ ਮੰਨਿਆ ਗਿਆ ਤੇ ਉਨ੍ਹਾਂ ਉੱਪਰ ਮੁਕੱਦਮਾ ਚਲਾ ਕੇ ਦੋਸ਼ ਤੈਅ ਕੀਤੇ ਗਏ ਅਤੇ 6 ਜਰਨੈਲਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਸੁਕਰਾਤ ਨੇ ਇਸ ਸਜ਼ਾ ਦਾ ਵਿਰੋਧ ਕੀਤਾ। ਏਥਨਜ਼ ਦੀ ਸੰਵਿਧਾਨਕ ਪ੍ਰਣਾਲੀ ਅਨੁਸਾਰ ਇੱਕੋ
ਅਪਰਾਧ ਦੇ ਕਈ ਦੋਸ਼ੀਆਂ ਉੱਪਰ ਵੀ ਅੱਡ-ਅੱਡ ਮੁਕੱਦਮਾ ਚਲਾਇਆ ਜਾ ਸਕਦਾ ਸੀ। ਸੁਕਰਾਤ ਨੇ ਇਨ੍ਹਾਂ ਸਾਰਿਆਂ ਨੂੰ ਨਿਆਂ ਦੇ ਇੱਕੋ ਰੱਸੇ ਬੰਨ੍ਹ ਕੇ ਫਾਹੇ ਲਾਉਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਸੁਕਰਾਤ ਉਸ ਸਮੇਂ 500 ਜਣਿਆਂ ਦੀ ਉਸ ਸੰਸਦ ਸਭਾ ਦੇ ਮੈਂਬਰ ਸਨ ਜਿਸ ਵਿਚ ਦਸ ਜਾਤੀਆਂ ਵਿੱਚੋਂ ਪ੍ਰਤੀ ਜਾਤੀ ਪੰਜਾਹ ਨੁਮਾਇੰਦੇ ਚੁਣੇ ਜਾਂਦੇ ਸਨ। ਉਸ ਸੰਸਦ ਦੇ ਨੇਮਾਂ ਅਨੁਸਾਰ ਹਰ ਜਾਤੀ ਦੇ ਦਸ ਜਣੇ ਪੈਂਤੀ-ਪੈਂਤੀ ਦਿਨਾਂ ਦੇ ਵਕਫ਼ੇ ਲਈ ਵਾਰੀ-ਵਾਰੀ ਇਸ ਸਭਾ ਦੇ ਪੰਚ ਬਣਦੇ ਸਨ ਤੇ ਇਨ੍ਹਾਂ ਦਸਾਂ ਵਿੱਚੋਂ ਹੀ ਕੋਈ ਇਕ ਜਣਾ ਇਕ ਹਫ਼ਤੇ ਲਈ ਆਗੂ ਚੁਣਿਆ ਜਾਂਦਾ ਸੀ । ਇਨ੍ਹਾਂ ਦਸਾਂ ਵਿੱਚੋਂ ਹੀ ਕੋਈ ਇਕ ਜਣਾ ਇਕ ਦਿਨ ਲਈ ਪ੍ਰਵਕਤਾ ਵੀ ਬਣਦਾ ਸੀ। ਜਿਸ ਦਿਨ ਸੁਕਰਾਤ ਆਪਣੀ ਜਾਤੀ ਦੇ ਚੁਣੇ ਗਏ ਦਸ ਜਣਿਆਂ ਦਾ ਪ੍ਰਵਕਤਾ ਬਣਿਆ ਤਾਂ ਉਸਨੇ ਇਸ ਫੈਸਲੇ ਨੂੰ ਨਿਆਂ ਵਿਰੋਧੀ ਜਾਣਿਆ ਤੇ ਇਸ ਸੰਬੰਧੀ ਕਿਸੇ ਵੀ ਮਸ਼ਵਰੇ ਤੋਂ ਨਾਂਹ ਕਰ ਦਿੱਤੀ। ਸਾਥੀਆਂ ਦੇ ਸਮਝਾਉਣ ਦੇ ਬਾਵਜੂਦ ਉਹ ਆਪਣੇ ਫੈਸਲੇ 'ਤੇ ਅਟੱਲ ਰਿਹਾ ਤੇ ਉਹਨੇ ਕਿਸੇ ਵੀ ਹਾਲਾਤ ਵਿਚ ਸੱਚ 'ਤੇ ਅਡਿੱਗ ਰਹਿਣ ਤੇ ਇਸ ਪ੍ਰਸਤਾਵ ਦਾ ਹਿੱਸਾ ਨਾ ਬਣਨ ਦਾ ਫੈਸਲਾ ਕੀਤਾ। ਅਗਲੇ ਦਿਨ ਕੋਈ ਕਮਜ਼ੋਰ ਆਦਮੀ ਪ੍ਰਵਕਤਾ ਬਣਿਆ ਤੇ ਸੰਸਦ ਨੇ ਫੌਜੀ ਜਰਨੈਲਾਂ ਵਿਰੁੱਧ ਸਜ਼ਾ ਦਾ ਪ੍ਰਸਤਾਵ ਪਾਸ ਕਰ ਦਿੱਤਾ।
ਦੋ ਸਾਲ ਬਾਅਦ ਹੀ ਸਪਾਰਟਾ ਨੇ ਏਥਨਜ਼ ਦਾ ਵਧੇਰੇ ਰਾਜ ਫਿਰ ਤੋਂ ਜਿੱਤ ਲਿਆ। ਇਸ ਨਾਲ ਏਥਨਜ਼ ਦਾ ਕਮਜ਼ੋਰ ਲੋਕਤੰਤਰ ਖਾਤਮੇ ਦੇ ਕੰਢੇ ਪੁੱਜ ਗਿਆ। ਸੰਸਦ ਨੂੰ ਭੰਗ ਕਰ ਦਿੱਤਾ ਗਿਆ ਤੇ ਸ਼ਾਸਨ ਪ੍ਰਬੰਧ 30 ਜ਼ਾਲਮ ਜਿਹੇ ਅਧਿਕਾਰੀਆਂ ਦੇ ਸੰਗਠਨ ਕੋਲ ਆ ਗਿਆ। ਤੀਹ ਜਣਿਆਂ ਦੀ ਇਸ ਪਰਿਸ਼ਦ ਵਿਚ ਸ਼ਹਿਰ ਦੇ ਸਾਰੇ ਅਮੀਰ ਸਨ ਜਿਨ੍ਹਾਂ ਨੂੰ ਲੋਕਾਂ ਦੀ ਜਾਨ ਤੋਂ ਜ਼ਿਆਦਾ ਆਪਣੀ ਸੰਪਤੀ ਦੀ ਚਿੰਤਾ ਸੀ। ਉਸ ਸਮੇਂ ਤੱਕ ਜੰਗ ਦੀ ਭਿਆਨਕਤਾ ਦਾ ਐਸਾ ਰੂਪ ਸਾਹਮਣੇ ਆ ਗਿਆ ਸੀ ਕਿ ਏਥਨਜ਼ ਸ਼ਹਿਰ ਦੇ ਚਾਰੇ ਪਾਸੇ ਖੜ੍ਹੀ ਕੰਧ ਤਬਾਹ ਕਰ ਦਿੱਤੀ ਗਈ ਸੀ। ਕ੍ਰਿਤਿਆਸ ਦੀ ਤਜਵੀਜ਼ 'ਤੇ ਜਿਨ੍ਹਾਂ ਤੀਹ ਵਿਅਕਤੀਆਂ ਦੀ ਪਰਿਸ਼ਦ ਦਾ ਗਠਨ ਕੀਤਾ ਗਿਆ ਸੀ, ਉਹ ਆਪਣੇ ਦੁਸ਼ਮਣਾਂ ਦਾ ਖਾਤਮਾ ਕਰਨ ਲਈ ਬਹੁਤ ਕਾਹਲ ਵਿਚ ਸੀ। ਉਹ ਇਹ ਵੀ ਚਾਹੁੰਦੇ ਸਨ ਕਿ ਇਹ ਕੰਮ ਅਜਿਹੇ ਲੋਕਾਂ ਤੋਂ ਕਰਵਾਇਆ ਜਾਵੇ ਜਿਨ੍ਹਾਂ ਦੀ ਲੋਕਾਂ ਵਿਚ ਡੂੰਘੀ ਪੈਂਠ ਹੋਵੇ ਤਾਂ ਕਿ ਇਹ ਸਭ ਕੁਝ ਵਧੇਰੇ ਤਰਕ-ਸੰਗਤ ਜਾਪੇ। ਉਨ੍ਹਾਂ ਦਿਨਾਂ ਵਿਚ ਲਿਓਨ ਨਾਮ ਦਾ ਇਕ ਵਿਅਕਤੀ ਸ਼ਰੇਆਮ ਲੋਕਾਂ ਦੇ ਇਕੱਠਾਂ ਵਿਚ ਇਸ ਲੰਮੀ ਜੰਗ ਲਈ ਅਮੀਰਾਂ ਅਤੇ ਕ੍ਰਿਤਿਆਸ ਨੂੰ ਜ਼ਿੰਮੇਵਾਰ ਕਹਿੰਦਾ ਸੀ। ਲੋਕ ਉਸਦੇ ਵਿਚਾਰ ਸੁਣ ਵੀ ਰਹੇ ਸਨ ਤੇ ਉਨ੍ਹਾਂ 'ਤੇ ਅਸਰ
ਵੀ ਹੋ ਰਿਹਾ ਸੀ। ਨਵੇਂ ਬਣੇ ਅਮੀਰ ਸੰਸਦ ਮੈਂਬਰਾਂ ਨੂੰ ਡਰ ਸੀ ਕਿ ਲਿਓਨ ਲੋਕਾਂ ਵਿਚ ਵੇਲੇ ਅਸੰਤੋਖ ਨੂੰ ਹੋਰ ਵਧਾ ਦੇਵੇਗਾ ਤੇ ਖ਼ਾਨਾਜੰਗੀ ਦੇ ਹਾਲਾਤ ਵੀ ਪੈਦਾ ਹੋ ਸਕਦੇ ਹਨ। ਉਨ੍ਹਾਂ ਨੇ ਸੁਕਰਾਤ ਤੇ ਚਾਰ ਹੋਰ ਜਣਿਆਂ ਨੂੰ ਕਿਹਾ ਕਿ ਉਹ ਜਾਣ ਅਤੇ ਲਿਓਨ ਨੂੰ ਗ੍ਰਿਫ਼ਤਾਰ ਕਰਕੇ ਲਿਆਉਣ ਤਾਂ ਜੋ ਉਸਨੂੰ ਬਣਦਾ ਦੰਡ ਦਿੱਤਾ ਜਾਵੇ। ਬਾਕੀ ਦੇ ਚਾਰੇ ਜਣੇ ਇਸ ਲਈ ਤਿਆਰ ਹੋ ਗਏ ਪਰ ਸੁਕਰਾਤ ਨੇ ਇਸ ਨਿੱਜੀ ਬਦਲਾਖ਼ੋਰੀ ਦਾ ਹਿੱਸਾ ਬਣਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਸਨੇ ਸਾਫ਼ ਸ਼ਬਦਾਂ ਵਿਚ ਕਿਹਾ, “ਜਿਹੜਾ ਵੀ ਕੰਮ ਕਰਨ ਦੀ ਗਵਾਹੀ ਮੇਰੀ ਆਤਮਾ ਮੈਨੂੰ ਨਹੀਂ ਦਿੰਦੀ, ਮੈਂ ਉਹ ਹਰਗਿਜ਼ ਨਹੀਂ ਕਰਾਂਗਾ।" ਇਹ ਪਹਿਲੀ ਵਾਰ ਨਹੀਂ ਸੀ ਜਦੋਂ ਸੁਕਰਾਤ ਦੇ ਸ਼ਬਦ ਕ੍ਰਿਤਿਆਸ ਦੇ ਹੁਕਮਾਂ ਦੇ ਵਿਰੁੱਧ ਗਏ ਸਨ। ਕ੍ਰਿਤਿਆਸ ਉਨ੍ਹਾਂ ਤੀਹ ਜ਼ਾਲਮਾਂ ਦੇ ਸੰਗਠਨ ਦਾ ਮੋਹਰੀ ਤੇ ਸਭ ਤੋਂ ਹਿੰਸਕ ਰਾਜਨੀਤੀਵਾਨ ਸੀ। ਉਹ ਪਲੈਟੋ ਦੀ ਮਾਂ ਦਾ ਚਚੇਰਾ ਭਰਾ ਸੀ ਤੇ ਸੁਕਰਾਤ ਦੀ ਨੇੜਤਾ ਵਿਚ ਵੀ ਰਿਹਾ ਸੀ। ਕਿਸੇ ਸਮੇਂ ਉਸ ਨੇ ਲੇਖਕ ਬਣਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਸਨ। ਪਲੈਟੋ ਦੇ ਸਵਾਦ 'ਪ੍ਰੋਟਾਗੋਰਸ' ਵਿਚ ਉਹ ਇਕ ਪਾਤਰ ਹੈ। ਜਦੋਂ ਸੁਕਰਾਤ ਨੇ ਉਸਦੇ ਕੁਕਰਮਾਂ ਦਾ ਸਾਥ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਹ ਮੱਚ ਗਿਆ ਪਰ ਸੁਕਰਾਤ ਨੇ ਆਪਣੀ ਦ੍ਰਿੜਤਾ ਤੇ ਆਤਮਿਕ ਮਜ਼ਬੂਤੀ ਦਾ ਸਬੂਤ ਦਿੱਤਾ। ਇਸ ਤੋਂ ਬਾਅਦ ਉਹ ਏਥਨਜ਼ ਦੇ ਲੋਕਾਂ ਅਤੇ ਆਪਣੇ ਨੌਜਵਾਨ ਉਪਾਸ਼ਕਾਂ ਸਾਹਮਣੇ ਕ੍ਰਿਤਿਆਸ ਦੇ ਕੰਮਾਂ ਦਾ ਸਿੱਧਾ ਵਿਰੋਧ ਕਰਨ ਲੱਗਾ। ਨਾਲ ਹੀ ਉਸਨੇ ਤੀਹ ਰਾਜ ਅਧਿਕਾਰੀਆਂ ਨੂੰ ਏਥਨਜ਼ ਦੇ ਜਨਤੰਤਰ ਦਾ ਕਤਲ ਕਰਨ ਵਾਲੇ 'ਤੀਹ ਤਾਨਾਸ਼ਾਹ' ਕਿਹਾ। ਸੁਕਰਾਤ ਦੀ ਨਿਡਰਤਾ ਦਾ ਆਲਮ ਇਹ ਸੀ ਕਿ ਉਹ 'ਤੀਹ ਤਾਨਾਸ਼ਾਹਾਂ' ਨੂੰ ਸਪਾਰਟਾ ਪੱਖੀ ਕਿਹਾ ਕਰਦਾ ਸੀ। ਤਰਕ ਅਤੇ ਸੰਵਾਦ ਨਾਲ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲਾ ਸੁਕਰਾਤ ਹਥਿਆਰਾਂ ਦੇ ਸਿਰ 'ਤੇ ਰਾਜ ਕਰਨ ਵਾਲੇ ਇਨ੍ਹਾਂ ਸ਼ਾਸਕਾਂ ਦਾ ਕੱਟੜ ਵਿਰੋਧੀ ਬਣ ਗਿਆ। ਇਨ੍ਹਾਂ ਤੀਹ ਲੋਕਾਂ ਦੀ ਪਰਿਸ਼ਦ ਨੇ 1500 ਤੋਂ ਵਧੇਰੇ ਲੋਕਾਂ ਨੂੰ ਬਿਨਾਂ ਮੁਕੱਦਮਾ ਚਲਾਏ ਖ਼ਤਮ ਕਰ ਦਿੱਤਾ। ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਲੋਕਤੰਤਰ ਦੀ ਬਹਾਲੀ ਦੇ ਹਮਾਇਤੀਆਂ ਦੀ ਸੀ। ਪਲੈਟੇ ਦੇ ਇਕ ਸੰਵਾਦ ਵਿਚ ਸੁਕਰਾਤ ਇਨ੍ਹਾਂ ਤੀਹ ਜਣਿਆਂ ਨੂੰ 'ਏਥਨਜ਼ ਦੇ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਵਾਲੇ ਲੋਕ' ਕਹਿੰਦਾ ਹੈ। ਪਲੈਟੋ ਦੇ ਸੰਵਾਦ 'ਪ੍ਰੋਟਾਗੋਰਸ' ਵਿਚ ਸੁਕਰਾਤ ਬਹੁਤ ਘੱਟ ਬੋਲਦਾ ਹੈ ਤੇ ਗੰਭੀਰ ਗੱਲਾਂ ਕਰਦਾ ਹੈ। ਉਹ ਅੰਦੇਸ਼ਾ ਪ੍ਰਗਟ ਕਰਦਾ ਹੈ ਕਿ 'ਏਥਨਜ਼' ਦੇ ਲੋਕਾਂ ਨੇ ਨਿੱਜੀ ਰਾਜ ਵਿਰੁੱਧ ਲੰਮਾ ਸੰਘਰਸ਼ ਕਰਕੇ ਲੋਕਤੰਤਰ ਜਿੱਤਿਆ ਸੀ, ਹੁਣ ਫਿਰ ਨਿੱਜੀ ਭਾਂਤ ਦੇ ਰਾਜ ਦੀ ਸਥਾਪਤੀ ਦੀ ਕੋਸ਼ਿਸ਼ ਹੈ। ਇਹ ਭਵਿੱਖ ਨੂੰ ਅਤੀਤ ਦੀ ਨ੍ਹੇਰੀ ਗਾਰ ਵੱਲ ਲਿਜਾਣ ਦੀ ਕੋਝੀ ਰੁਚੀ ਹੈ।23
ਇੰਜ ਸੁਕਰਾਤ ਹਰ ਲਿਹਾਜ਼ ਨਾਲ ਆਪਣੇ ਗਿਆਨ ਨੂੰ ਵਿਹਾਰਕ ਰੂਪ ਵਿਚ ਜੀਵੰਤ ਰੱਖਣ ਵਾਲਾ ਦਾਰਸ਼ਨਿਕ ਸੀ। ਪਲੈਟੋ ਆਪਣੇ ਸੰਵਾਦ ਸਿੰਪੋਜ਼ੀਅਮ ਵਿਚ ਉਸਦੇ ਗੁਣਾਂ ਬਾਰੇ ਗੱਲ ਕਰਦਾ ਹੈ:
ਹਰ ਕਿਸੇ ਵਿਚ ਕੁਝ ਗੁਣ ਜ਼ਰੂਰ ਮਿਲਦੇ ਹਨ, ਪਰ ਸੁਕਰਾਤ ਵਿਚ ਉਹ ਸਾਰੇ ਗੁਣ 'ਕੱਠਿਆਂ ਹੀ ਦਿਖਾਈ ਦਿੰਦੇ ਹਨ। ਉਸ ਦਾ ਸਭ ਤੋਂ ਵੱਡਾ ਗੁਣ ਤਾਂ ਇਹੀ ਹੈ ਕਿ ਨਾ ਉਹਦੇ ਵਰਗਾ ਕੋਈ ਪੁਰਾਤਨ ਸਮੇਂ ਵਿਚ ਸੀ ਨਾ ਮੌਜੂਦਾ ਸਮੇਂ ਵਿਚ ਹੈ... ।24
ਅਰਿਸਤੋਫੇਨਸ ਨੇ ਆਪਣੇ ਨਾਟਕ 'ਕਲਾਉਡਜ਼' ਵਿਚ ਸੁਕਰਾਤ ਦੀ ਪਾਤਰ ਦੇ ਰੂਪ ਵਿਚ ਖਿੱਲੀ ਉਡਾਈ। ਉਸ ਵਲੋਂ ਸੁਕਰਾਤ ਦਾ ਬਿੰਬ ਏਨਾ ਦੂਸ਼ਿਤ ਕਰ ਦਿੱਤਾ ਗਿਆ ਕਿ ਉਹ ਗੱਲਾਂ ਸੁਕਰਾਤ ਨਾਲ ਪੱਕੇ ਤੌਰ 'ਤੇ ਅੱਜ ਵੀ ਜੁੜੀਆਂ ਹੋਈਆਂ ਹਨ। ਸੁਕਰਾਤ ਵਿਚ ਸਹਿਣਸ਼ੀਲਤਾ ਏਨੀ ਸੀ ਕਿ ਉਸਨੇ ਫਿਰ ਵੀ ਅਰਿਸਤੋਫੇਨਸ ਦਾ ਬੁਰਾ ਨਹੀਂ ਮਨਾਇਆ ਤੇ ਦੋਵੇਂ ਪਹਿਲਾਂ ਵਾਂਗ ਹੀ ਮਿੱਤਰ ਬਣੇ ਰਹੇ। ਏਨੇ ਗੁਣਾਂ ਵਾਲਾ ਦਾਰਸ਼ਨਿਕ, ਮਹਾਨਤਾ ਦਾ ਸਿਖਰ ਛੂਹ ਚੁੱਕਾ ਦਰਵੇਸ਼ ਸੁਕਰਾਤ ਆਪਣੇ ਚਿੰਤਨ ਨਾਲ ਯੂਨਾਨ ਦਾ ਹੀ ਨਹੀਂ ਸਾਰੀ ਦੁਨੀਆਂ ਦਾ ਰਾਹ ਦਿਸੇਰਾ ਬਣਿਆ ਹੋਇਆ ਹੈ। ਪਲੈਟੋ ਨੇ ਠੀਕ ਹੀ ਕਿਹਾ ਸੀ,
"ਮੈਂ ਯੂਨਾਨੀ ਜੰਮਿਆ, ਅਗਿਆਨੀ ਨਹੀਂ, ਪੁਰਸ਼ ਵਜੋਂ ਜੰਮਿਆ, ਔਰਤ ਵਜੋਂ ਨਹੀਂ, ਆਜ਼ਾਦ ਜੰਮਿਆ ਗੁਲਾਮ ਨਹੀਂ, ਪਰ ਸਭ ਤੋਂ ਵੱਡੀ ਖ਼ੁਸ਼ਕਿਸਮਤੀ ਇਹ ਹੈ ਕਿ ਮੈਂ ਸੁਕਰਾਤ ਦੇ ਯੁਗ ਵਿਚ ਜੰਮਿਆ।25
ਅਧਿਆਇ ਤੀਸਰਾ
ਸੁਕਰਾਤ ਦਾ ਦਰਸ਼ਨ ਅਤੇ ਚਿੰਤਨ
ਸੁਕਰਾਤ ਦੇ ਜੀਵਨ ਵਾਲੀ ਸਮੱਸਿਆ ਉਸ ਦੇ ਚਿੰਤਨ ਉੱਪਰ ਝਾਤ ਪਾਇਆਂ ਵੀ ਸਾਹਮਣੇ ਆਉਂਦੀ ਹੈ। ਜੀਵਨੀ ਬਾਰੇ ਵੇਰਵਿਆਂ ਨੂੰ ਪ੍ਰਮਾਣਿਕ ਮੰਨਣ ਦੇ ਰਾਹ ਵਿਚ ਸਭ ਤੋਂ ਵੱਡੀ ਰੁਕਾਵਟ ਇਹ ਰਹਿੰਦੀ ਹੈ ਕਿ ਉਸ ਸੰਬੰਧੀ ਮਿਲਦੀਆਂ ਉਸਦੇ ਨੇੜਲੇ ਕਾਲ ਦੇ ਲੇਖਕਾਂ ਦੀਆਂ ਲਿਖਤਾਂ ਵਿਚ ਵਿਆਪਰ ਵਿਰੋਧਾਭਾਸ ਹਨ। ਇੱਕੋ ਘਟਨਾ ਬਾਰੇ ਜ਼ੀਨੋਫੋਨ ਤੇ ਪਲੈਟੋ ਦੀਆਂ ਲਿਖਤਾਂ/ਸੰਵਾਦਾਂ ਵਿਚ ਸੁਕਰਾਤ ਵੱਖਰੀ ਬਲਕਿ ਉਲਟ ਵਿਰੋਧੀ ਦਿੱਖ ਵਾਲਾ ਮਿਲਦਾ ਹੈ। ਚਿੰਤਨ/ਦਰਸ਼ਨ ਬਾਰੇ ਜਾਨਣ ਦਾ ਰਸਤਾ ਵੀ ਇਸੇ ਦੁਸ਼ਵਾਰੀ ਵਿੱਚੋਂ ਹੋ ਕੇ ਲੰਘਦਾ ਹੈ। ਇਸਦੇ ਕਈ ਕਾਰਨ ਹਨ ਪਰ ਕੁਝ ਕਾਰਨਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ।
ਦੀਆਂ ਰਾਵਾਂ ਦਾ ਬਰਾਬਰ ਸਤਿਕਾਰ ਕੀਤਾ। ਕਈ ਸੰਵਾਦਾਂ ਵਿਚ ਸਕਰਾਤ ਜ਼ਿਕਰ ਕਰਦਾ ਹੈ ਕਿ ਗਿਆਨ ਦੋ ਨਾ-ਬਰਾਬਰੀ ਵਾਲੀਆਂ ਧਿਰਾਂ ਦੇ ਸੰਵਾਦ ਵਿੱਚੋਂ ਪੈਦਾ ਹੋ ਹੀ ਨਹੀਂ ਸਕਦਾ।
ਇਨ੍ਹਾਂ ਸੂਤਰਾਂ ਤੋਂ ਇਹ ਰੋਲ ਸਾਬਿਤ ਹੋ ਸਕਦੀ ਹੈ ਕਿ ਕਿਉਂ ਸੁਕਰਾਤ ਬਾਰੇ ਮਿਲਦੀਆਂ ਸੰਵਾਦਨੁਮਾ ਲਿਖਤਾਂ ਦੀ ਸੁਰ ਵਿਰੋਧਾਭਾਸੀ ਹੈ। ਲੁਈਸ ਨੇਵੀਆ ਨੇ ਇਸ ਸੰਬੰਧ ਵਿਚ ਬਿਲਕੁਲ ਠੀਕ ਫਰਮਾਇਆ ਹੈ ਕਿ:
ਸਾਰੀਆਂ ਜਾਣਕਾਰੀਆਂ ਦੇ ਬਾਵਜੂਦ ਸੁਕਰਾਤ ਬਾਰੇ ਜਾਨਣ ਦਾ ਕੋਈ ਵੀ ਪ੍ਰਮਾਣਿਕ ਸ੍ਰੋਤ ਨਹੀਂ ਹੈ। ਕੋਈ ਵਿਚਾਰ, ਕੋਈ ਘਟਨਾ ਉਸ ਬਾਰੇ ਅਜਿਹੀ ਨਹੀਂ ਜਿਸ ਉੱਪਰ ਪੱਕੀ ਤਰ੍ਹਾਂ ਯਕੀਨ ਜਾਂ ਬੇਯਕੀਨੀ ਪ੍ਰਗਟਾਈ ਜਾ ਸਕੇ। ਸੁਕਰਾਤ ਅਸਲ ਵਿਚ ਇਕ ਭਾਵਨਾ ਦਾ ਨਾਂ ਹੈ।
ਇਸਦਾ ਇਹ ਅਰਥ ਵੀ ਹਰਗਿਜ਼ ਨਹੀਂ ਕਿ ਸੁਕਰਾਤ ਦੇ ਦਰਸ਼ਨ ਬਾਰੇ ਪੱਕੀ ਤਰ੍ਹਾਂ ਕੁਝ ਕਿਹਾ ਹੀ ਨਹੀਂ ਜਾ ਸਕਦਾ। ਉਸ ਨੂੰ ਦਰਸ਼ਨ ਦੇ ਇਤਿਹਾਸ ਵਿਚ ਸਥਾਪਿਤ ਕਰਕੇ ਉਸ ਤੋਂ ਪਹਿਲਾਂ ਦੇ ਦਰਸ਼ਨ ਦੀਆਂ ਧਾਰਨਾਵਾਂ ਦਾ ਵਿਸ਼ਲੇਸ਼ਣ ਤੇ ਉਸ ਤੋਂ ਬਾਅਦ ਵਾਲੇ ਦਰਸ਼ਨ ਦੀ ਵਿਰਾਸਤ ਨੂੰ ਜਦੋਂ ਤੁਲਨਾਤਮਕ ਰੂਪ ਵਿਚ ਦੇਖਦੇ ਹਾਂ ਤਾਂ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਸੁਕਰਾਤ ਦਰਸ਼ਨ ਦੇ ਇਤਿਹਾਸ ਵਿਚ ਵਿੱਢ ਮਾਰਨ ਵਾਲਾ ਨਾਂ ਹੈ। ਉਸ ਤੋਂ ਬਾਅਦ ਦੀ ਗਿਆਨ-ਸ਼ਾਸਤਰੀ ਪਹੁੰਚ ਦੇ ਮਿਆਰ ਨੂੰ ਧਿਆਨ ਵਿਚ ਰੱਖ ਕੇ ਹੀ ਸੁਕਰਾਤ ਦੇ ਚਿੰਤਨ ਨੂੰ ਨਿਰਧਾਰਤ ਕੀਤਾ ਜਾ ਸਕਦਾ ਹੈ। ਦੂਜੀ ਗੱਲ ਇਹ ਵੀ ਹੈ ਕਿ ਜੇਕਰ ਜ਼ੀਨੋਫੋਨ ਤੇ ਪਲੈਟੋ ਦੇ ਸੰਵਾਦਾਂ ਵਿੱਚੋਂ ਕਾਫ਼ੀ ਕੁਝ ਉਨ੍ਹਾਂ ਦੋਵਾਂ ਦੀ ਆਪਣੀ ਕਾਲਪਨਿਕ ਸਿਰਜਣਾ ਵੀ ਮੰਨ
ਲਿਆ ਜਾਵੇ ਤਾਂ ਵੀ ਬਹੁਤ ਕੁਝ ਐਸਾ ਹੈ ਜੋ ਸੁਕਰਾਤ ਦੇ ਪ੍ਰਭਾਵ ਵੱਸ ਰਚਿਆ ਗਿਆ ਹੋਵੇਗਾ। ਉਹ ਕੁਝ ਵੀ ਘੱਟ ਮਹੱਤਵ ਵਾਲਾ ਨਹੀਂ। ਅਸਲ ਵਿਚ ਸੁਕਰਾਤ ਦੀ ਵਿਧੀ ਇਕ ਵਿਸ਼ੇਸ਼ ਤਰੀਕੇ ਨਾਲ ਆਪਣੇ ਤੋਂ ਪਹਿਲੇ ਦਰਸ਼ਨ ਜਾਂ ਸਮਕਾਲ ਦੇ ਦਾਰਸ਼ਨਿਕਾਂ ਦੀਆਂ ਲੱਭਤਾਂ ਨਾਲ ਸੰਵਾਦ ਦੀ ਹੈ। ਇਸ ਵਿਧੀ ਦੇ ਆਧਾਰ 'ਤੇ ਹੈ ਉਸਦੀ ਦਾਰਸ਼ਨਿਕ ਪਹੁੰਚ ਨੂੰ ਸਵੀਕਾਰ ਕਰਕੇ ਉਸਨੂੰ ਦੁਨੀਆਂ ਦੇ ਗਿਆਨ-ਸ਼ਾਸਤਰੀ ਇਤਿਹਾਸ ਦੇ ਸਭ ਤੋਂ ਅਹਿਮ ਨਾਵਾਂ ਵਿੱਚੋਂ ਇੱਕ ਮੰਨਣਾ ਪੈਂਦਾ ਹੈ।
ਪੱਛਮੀ ਵਿਦਵਾਨਾਂ ਨੇ ਸੁਕਰਾਤ ਦੇ ਜੀਵਨ ਤੇ ਦਰਸ਼ਨ ਸੰਬੰਧੀ ਇਸ ਅਪ੍ਰਮਾਣਿਕਤਾ ਤੇ ਅਨਿਸ਼ਚਿਤਤਾ ਦੇ ਪ੍ਰਸੰਗ ਨੂੰ 'ਸੁਕਰਾਤੀ ਸਮੱਸਿਆ' ਕਿਹਾ। ਪਲੈਟੋ ਤੇ ਜ਼ੀਨੋਫੋਨ ਦੇ ਸਾਹਿਤ ਦੇ ਸਾਹਮਣੇ ਆਉਣ ਤੋਂ ਲੈ ਕੇ ਹੀ ਦਰਸ਼ਨ ਦੇ ਖੇਤਰ ਵਿਚ ਕੁਝ ਸੁਕਰਾਤੀ ਸਮੱਸਿਆ ਬਾਰੇ ਗੰਭੀਰ ਵਿਚਾਰ ਹੋਈ ਹੈ। ਆਧੁਨਿਕ ਦੌਰ ਦੇ ਦਰਸ਼ਨ ਸ਼ਾਸਤਰੀਆਂ ਨੇ ਜਦੋਂ ਸੁਕਰਾਤ ਦੀ ਵਿਰਾਸਤ ਨਿਰਧਾਰਤ ਕਰਨ ਬਾਰੇ ਸੋਚਿਆ ਤਾਂ ਇਸ ਮੁੱਦੇ 'ਤੇ ਹੋਰ ਵੀ ਭਖਵੀਂ ਵਿਚਾਰ-ਚਰਚਾ ਸ਼ੁਰੂ ਹੋਈ। ਸੁਕਰਾਤੀ ਸਮੱਸਿਆ ਤੋਂ ਭਾਵ ਉਸ ਸਵਾਲ ਤੋਂ ਹੈ ਜੋ ਸੁਕਰਾਤ ਬਾਰੇ ਮਿਲਦੇ ਸਰੋਤਾਂ ਰਾਹੀਂ ਇਤਿਹਾਸ ਵਿਚਲੇ ਸੁਕਰਾਤ ਦੇ ਜੀਵਨ ਚਰਿੱਤਰ ਅਤੇ ਦਰਸ਼ਨ ਬਾਰੇ ਪੈਦਾ ਹੁੰਦੇ ਹਨ। ਇਹ ਸਰੋਤ ਮੁੱਖ ਤੌਰ 'ਤੇ ਅਰਿਸਤੋਫੋਨਸ ਦੇ ਹਾਸ-ਨਾਟਕ, ਜ਼ੀਨੋਫੋਨ ਦੇ ਵਾਰਤਾਲਾਪ ਅਤੇ ਪਲੈਟੋ ਦੇ ਸੰਵਾਦਾਂ ਵਿੱਚੋਂ ਪ੍ਰਾਪਤ ਹੁੰਦੇ ਸੁਕਰਾਤ ਦੇ ਜੀਵਨ ਅਤੇ ਉਸ ਵੱਲੋਂ ਪੇਸ਼ ਦਰਸ਼ਨ ਦੀਆਂ ਮਾਨਤਾਵਾਂ ਦੀ ਦੱਸ ਪਾਉਂਦੇ ਹਨ। ਅਰਿਸਤੋਫੇਨਸ ਦੇ ਨਾਟਕ ਵਿਚ ਸੁਕਰਾਤ ਦੇ ਪ੍ਰਤੀਰੂਪ ਵਜੋਂ ਇਕ ਚਿੰਤਕ ਦੇ ਕਿਰਦਾਰ ਦਾ ਮਜ਼ਾਕ ਉਡਾਇਆ ਗਿਆ। ਅਰਿਸਤੋਫੇਨਸ ਇਕ ਕਵੀ ਸੀ ਤੇ ਸੁਕਰਾਤ ਨਾਲ ਦੋਸਤੀ ਦੇ ਚਲਦਿਆਂ ਉਸਨੇ ਬਹੁਤ ਸਾਰੀ ਨਿੱਜੀ ਮਾਲੂਮਾਤ ਨੂੰ ਨਾਟਕੀ ਪੁੱਠ ਚਾੜ੍ਹ ਕੇ ਪੇਸ਼ ਕੀਤਾ। ਪਲੈਟੋ ਨੇ ਖੁੱਲ੍ਹੇਆਮ ਇਸ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਤੇ ਉਹ ਕਵੀਆਂ ਦੀ ਗ਼ੈਰਭਰੋਸੇਯੋਗਤਾ ਨੂੰ ਨਫ਼ਰਤ ਦੀ ਹੱਦ ਤੱਕ ਹਿਕਾਰਤ ਨਾਲ ਦੇਖਣ ਲੱਗਾ। ਪਰ ਇਹ ਵੀ ਯਾਦ ਰੱਖਣਾ ਪਵੇਗਾ ਕਿ ਸੁਕਰਾਤ ਦੇ ਮੁਕੱਦਮੇ ਅਤੇ ਸਜ਼ਾ ਤੋਂ ਲੈ ਕੇ ਇਤਿਹਾਸ ਦੇ ਲੰਮੇ ਦੌਰ ਵਿਚ ਉਸ ਬਾਰੇ ਇਸੇ ਨਾਟਕ ਉੱਪਰ ਲੋਕਾਂ ਨੇ ਸਭ ਤੋਂ ਵੱਧ ਯਕੀਨ ਕੀਤਾ ਹੈ। 'ਸੁਕਰਾਤੀ ਸਮੱਸਿਆ' ਦਾ ਦੂਸਰਾ ਸਿਰਾ ਜੀਨੋਫੋਨ ਦੁਆਰਾ ਪੇਸ਼ ਸੁਕਰਾਤ ਨਾਲ ਜੁੜਿਆ ਹੋਇਆ ਹੈ। ਜ਼ੀਨੋਫੋਨ ਆਪਣੀ ਕਿਤਾਬ 'Coversations of Socrates' ਵਿਚ ਵਧੇਰੇ ਧਿਆਨ ਸੁਕਰਾਤ ਦੀ ਜੀਵਨੀ ਤੇ ਘਟਨਾਵਾਂ ਦੀ ਇਤਿਹਾਸਕਤਾ ਦੀ ਥਾਂ ਨੈਤਿਕ ਸ਼ਖ਼ਸੀਅਤ ਦੀ ਪਛਾਣ ਉੱਪਰ ਦਿੰਦਾ ਹੈ। ਉਸਦੀ ਕਿਤਾਬ ਪਲੈਟੋ ਦੇ ਸੰਵਾਦਾਂ ਵਾਂਗ ਸੁਕਰਾਤ ਨੂੰ ਬਹਿਸ ਦੀ ਇਕ ਧਿਰ ਬਣਾ ਕੇ ਪੇਸ਼ ਨਹੀਂ ਕਰਦੀ। ਸਗੋਂ ਜ਼ੀਨੋਫੋਨ ਦਾ ਸੁਕਰਾਤ
ਉਸਦੀ ਬਿਰਤਾਂਤਕਾਰੀ ਦਾ ਇਕ ਨੁਕਤਾ ਬਣ ਕੇ ਸਾਹਮਣੇ ਆਉਂਦਾ ਹੈ। ਇਸੇ ਕਾਰਨ ਜ਼ੀਨੋਫੋਨ ਵੱਲੋਂ ਪੇਸ਼ ਸੁਕਰਾਤ ਕਿਤੇ ਵੀ ਬਹੁਤੀਆਂ ਗੰਭੀਰ ਦਾਰਸ਼ਨਿਕ ਪ੍ਰਵਿਰਤੀਆਂ ਵਾਲਾ ਨਹੀਂ ਲਗਦਾ। ਹਾਂ ਉਹ ਬਿਰਤਾਂਤਕਾਰ ਵੱਲੋਂ ਮਿੱਥ ਕੇ ਸਭ ਤੋਂ ਸਿਆਣਾ ਤੇ ਸਦਾਚਾਰੀ ਬਣਾ ਕੇ ਪੇਸ਼ ਕੀਤਾ ਗਿਆ ਹੈ। ਇਸਦਾ ਕਾਰਨ ਇਹੀ ਲਗਦਾ ਹੈ ਕਿ ਜ਼ੀਨੋਫੋਨ ਆਪ ਪਲੈਟੋ ਦੇ ਮੁਕਾਬਲੇ ਘੱਟ ਦਾਰਸ਼ਨਿਕ ਰੁਚੀਆਂ ਵਾਲਾ ਸੀ। ਇਸ ਲਈ ਉਸਨੇ ਸੁਕਰਾਤ ਦਾ ਚਰਿੱਤਰ ਹੀ ਚਿਤਰਿਆ ਹੈ। ਉਸਦੀਆਂ ਲਿਖਤਾਂ ਸਾਹਿਤਕ ਵਧੇਰੇ ਹਨ, ਦਾਰਸ਼ਨਿਕ ਘੱਟ। ਉਸਦੀ ਕਿਤਾਬ ਦੀ ਭੂਮਿਕਾ ਵਿਚ ਰੌਬਿਨ ਵਾਟਰਫੀਲਡ ਲਿਖਦਾ ਹੈ:
ਫਿਰ ਵੀ ਇਹ ਕਿਹਾ ਜਾ ਸਕਦਾ ਹੈ ਕਿ ਜ਼ੀਨੋਫੋਨ ਅਤੇ ਪਲੈਟੋ ਵਿਚ ਸਾਨੂੰ ਦਿਸਦਾ ਸੁਕਰਾਤ ਹੀ ਅਸਲੀ ਸੁਕਰਾਤ ਹੈ। ਦੋਵਾਂ ਦੇ ਚਿਤਰਣ ਵਿਚ ਬਹੁਤ ਸਾਰੇ ਬਹੁਤ ਸਾਰੇ ਅੰਤਰ ਦੇ ਬਾਵਜੂਦ ਮੈਂ ਇਸ ਨਤੀਜੇ 'ਤੇ ਪਹੁੰਚਿਆਂ ਹਾਂ ਤੇ ਪਾਠਕ ਨੂੰ ਚੇਤਾਵਨੀ ਦਿੰਦਾ ਹਾਂ ਕਿ ਕਿਤਾਬ ਦੇ ਅਗਲੇਰੇ ਪੰਨਿਆਂ ਵਿਚ ਉਹ ਸੁਕਰਾਤ ਤੋਂ ਵਧੇਰੇ ਜ਼ੀਨੋਫੋਨ ਬਾਰੇ ਜਾਨਣਗੇ।
ਪੱਛਮ ਵਿਚ ਜ਼ੀਨੋਫੋਨ ਦੇ ਸਮਰਥਕਾਂ ਦੀ ਵੀ ਘਾਟ ਨਹੀਂ ਤੇ ਪਲੈਟੋ ਦੇ ਹਮਾਇਤੀਆਂ ਦੀ ਵੀ ਖਾਸੀ ਗਿਣਤੀ ਰਹੀ ਹੈ। ਨਾਲ ਹੀ ਇਨ੍ਹਾਂ ਦੋਵਾਂ ਦੇ ਆਲੋਚਕ ਵੀ ਭਾਰੀ ਤਾਦਾਦ ਵਿਚ ਮੌਜੂਦ ਹਨ ਜੋ ਇਨ੍ਹਾਂ ਦੋਵਾਂ ਵਲੋਂ ਪੇਸ਼ ਦਾਰਸ਼ਨਿਕ ਸੁਕਰਾਤ ਨੂੰ ਇਨ੍ਹਾਂ ਦੀ ਕਾਲਪਨਿਕ ਘਾੜਤ ਹੀ ਮੰਨਦੇ ਹਨ। ਇਹ ਵੱਖਰੀ ਗੱਲ ਹੈ ਕਿ ਪਲੈਟੋ ਨੇ ਸੁਕਰਾਤ ਨੂੰ ਜੀਵਨ ਦੇ ਹਰ ਵਿਸ਼ੇ ਬਾਰੇ ਗੰਭੀਰ ਦਾਰਸ਼ਨਿਕ ਗਿਆਨ ਵਿਚ ਮਾਹਿਰ ਵਿਅਕਤੀ ਵਜੋਂ ਪੇਸ਼ ਕੀਤਾ ਤੇ ਜ਼ੀਨੋਫੋਨ ਨੇ ਸੁਕਰਾਤ ਦੇ ਹਮਲਾਵਰਾਂ ਤੋਂ ਉਸਦੀ ਰਾਖੀ ਕਰਦਿਆਂ ਉਸਨੂੰ ਦਿਆਲੂ ਤੇ ਸਦਭਾਵੀ ਮਨੁੱਖ ਵਜੋਂ ਚਿਤਰਿਆ ਜੋ ਲੋਕਾਂ ਨੂੰ ਸਹੀ ਰਸਤੇ ਉੱਪਰ ਤੋਰਦਾ ਸੀ। ਜ਼ੀਨੋਫੋਨ ਦਾ ਸੁਕਰਾਤ ਕਿਸੇ ਵਿਸ਼ੇਸ਼ ਦਰਸ਼ਨ ਦਾ ਨਿਰਮਾਤਾ ਹੋਣ ਦੀ ਥਾਂ ਨੈਤਿਕਤਾ ਦਾ ਪ੍ਰਚਾਰਕ ਬਣ ਕੇ ਵਧੇਰੇ ਪੇਸ਼ ਹੋਇਆ। ਜ਼ੀਨੋਫੋਨ ਦੀ ਲਿਖਤ ਦੀ ਇਕ ਸਾਹਿਤਕ ਵਿਧੀ ਹੈ। ਉਹ ਹਰ ਘਟਨਾ ਦਾ ਮੁੱਢ ਬੰਨ੍ਹਦਿਆਂ ਜਿਹੜੇ ਗੁਣ ਨੂੰ ਪੂਰੀ ਘਟਨਾ ਵਿਚ ਸੰਚਾਰਿਤ ਕਰਨਾ ਚਾਹੁੰਦਾ ਹੈ ਉਸ ਨੂੰ ਸ਼ੁਰੂਆਤ ਵਿਚ ਸੁਕਰਾਤ ਦਾ ਸਹਿਜ ਸ਼ਖ਼ਸੀ ਗੁਣ ਕਹਿੰਦਾ ਹੈ। ਜਿਵੇਂ ਇਕ ਥਾਂ ਲਿਖਦਾ ਹੈ:
ਜਦੋਂ ਉਸਦੇ ਦੋਸਤ ਮੁਸੀਬਤ ਵਿਚ ਪੈਂਦੇ ਹਨ, ਵਿਸ਼ੇਸ਼ ਕਰ ਕੇ ਜਦੋਂ ਉਹ ਅਣਗਹਿਲੀ ਦਾ ਸ਼ਿਕਾਰ ਹੋਏ ਹੋਣ ਤਾਂ ਉਹ (ਸੁਕਰਾਤ) ਉਨ੍ਹਾਂ ਨੂੰ ਸਲਾਹ ਦਿੰਦਾ ਸੀ ਤੇ ਜੇਕਰ ਮੁਸੀਬਤ ਕਿਸੇ ਥੋੜ੍ਹ ਦੀ ਹੋਵੇ ਤਾਂ ਉਨ੍ਹਾਂ ਨੂੰ ਵੱਧ ਤੋਂ
ਵੱਧ ਇਕ-ਦੂਜੇ ਦੀ ਸਹਾਇਤਾ ਕਰਨੀ ਸਿਖਾਉਂਦਾ ਸੀ। ਮੈਂ ਇਸ ਗੱਲ ਨੂੰ ਉਸਦੇ ਬਾਰੇ ਇਕ ਘਟਨਾ ਨਾਲ ਜੋੜਾਂਗਾ ਜੋ ਮੈਨੂੰ ਪਤਾ ਹੈ।
ਇਸਦੇ ਮੁਕਾਬਲੇ ਪਲੈਟੋ ਦਾ ਬਹੁਤਾ ਧਿਆਨ ਸੁਕਰਾਤ ਦੀ ਦਾਰਸ਼ਿਨਕਤਾ ਨੂੰ ਉਸਦੀ ਹਸਤੀ ਦੇ ਪ੍ਰਸੰਗ ਵਿਚ ਉਤਾਰਨ ਵੱਲ ਹੈ। ਉਸਨੇ ਸੁਕਰਾਤ ਬਾਰੇ ਕਰੀਬਨ 30 ਸੰਵਾਦ ਲਿਖੇ। ਇਨ੍ਹਾਂ ਸੰਵਾਦਾਂ ਨੂੰ ਤਿੰਨ ਭਾਗਾਂ ਵਿਚ ਵੰਡ ਲਿਆ ਜਾਣਾ ਚਾਹੀਦਾ ਹੈ। ਪਹਿਲੇ ਹਿੱਸੇ ਵਿਚ ਉਹ ਸੰਵਾਦ ਹਨ ਜਿਨ੍ਹਾਂ ਦੇ ਕੇਂਦਰ ਵਿਚ ਸੁਕਰਾਤ ਹੈ ਜੋ ਆਪਣੇ ਵਿਚਾਰ ਪੇਸ਼ ਕਰਦਾ ਹੈ। ਇਨ੍ਹਾਂ ਨੂੰ 'ਸੁਕਰਾਤੀ ਸੰਵਾਦਾਂ' ਵਜੋਂ ਮਾਨਤਾ ਦਿੱਤੀ ਜਾਂਦੀ ਹੈ ਕਿਉਂ ਕਿ ਉਹ ਨਿਰੋਲ ਦਾਰਸ਼ਨਿਕ ਆਧਾਰਾਂ 'ਤੇ ਹੀ ਬਹਿਸ ਦਾ ਹਿੱਸਾ ਬਣਦਾ ਹੈ। ਇਨ੍ਹਾਂ ਸੰਵਾਦਾਂ ਵਿਚ ਅਪੋਲੋਜੀ, ਕੀਟੋ ਚਾਰਮੀਡੀਜ਼, ਲੈਚਿਜ਼, ਲਾਇਸਸ ਜਾਂ ਦੋਸਤੀ, ਯੂਥਾਈਫਰੋ ਤੇ ਈਓਨ ਪ੍ਰਮੁੱਖ ਹਨ। ਦੂਜੇ ਹਿੱਸੇ ਵਿਚ ਉਹ ਸੰਵਾਦ ਹਨ ਜਿਨ੍ਹਾਂ ਵਿਚ ਪਲੈਟੋ ਆਪਣੇ ਵਿਚਾਰ ਸੁਕਰਾਤ ਦੇ ਹਵਾਲੇ ਨਾਲ ਪੇਸ਼ ਕਰਦਾ ਹੈ। ਸਿੰਪੋਜ਼ੀਅਮ ਤੇ ਰਿਪਬਲਿਕ ਇਸ ਪੱਖ ਤੋਂ ਬੇਹੱਦ ਮੁੱਲਵਾਨ ਸੰਵਾਦ ਹਨ। ਇਨ੍ਹਾਂ ਵਿਚ ਸੁਕਰਾਤ ਦੀ ਦਾਰਸ਼ਨਿਕ ਵਿਰਾਸਤ ਪੇਸ਼ ਹੁੰਦੀ ਹੈ। ਬਾਕੀ ਸੰਵਾਦਾਂ ਵਿਚ ਗੌਰਜੀਅਸ, ਪ੍ਰੋਟਾਗਰਸ, ਮੇਨੋ, ਯੂਥਾਈਡੀਅਮਸ ਕ੍ਰਾਈਟੇਲਸ, ਫੋਡ, ਫੀਦਰਸ, ਸਿੰਪੋਜ਼ੀਅਮ, ਰਿਪਬਲਿਕ, ਥੀਆਟੇਟਸ, ਪਾਰਮੈਂਡੀਸ ਸ਼ਾਮਲ ਕੀਤਾ ਜਾ ਸਕਦਾ ਹੈ। ਤੀਸਰੇ ਹਿੱਸੇ ਵਿਚ ਉਹ ਸੰਵਾਦ ਹਨ ਜਿਨ੍ਹਾਂ ਵਿਚ ਪਹਿਲਿਆਂ ਨਾਲੋਂ ਬਹੁਤ ਗੰਭੀਰ ਦਰਸ਼ਨ ਦਾ ਵਿਕਾਸ ਹੋਇਆ ਮਿਲਦਾ ਹੈ। ਇਹ ਔਖਾ ਕਾਰਜ ਹੈ ਪਰ ਇਸਦੇ ਮਹੱਤਵ ਨੂੰ ਸਵੀਕਾਰ ਕਰਕੇ ਹੀ ਸੁਕਰਾਤ ਦੀ ਦਾਰਸ਼ਨਿਕਤਾ ਦੀ ਥਾਹ ਪਾਈ ਜਾ ਸਕਦੀ ਹੈ। ਇਨ੍ਹਾਂ ਵਿਚ ਸੋਫਿਸਟ, ਸਟੇਟਸਮੈਨ, ਫਿਲੋਬਸ, ਟੀਮਾਇਸ, ਕੀਟੀਅਸ, ਲਾਜ਼ ਅਤੇ ਦ ਸੈਵੇਂਥ ਲੈਟਰ ਸ਼ਾਮਿਲ ਹਨ।
ਪਲੈਟੋ ਦੀ ਦਾਰਸ਼ਨਿਕ ਦੇਣ ਨੂੰ ਦੇਖਦਿਆਂ ਸੋਖਿਆਂ ਹੀ ਕਿਹਾ ਜਾ ਸਕਦਾ ਹੈ ਕਿ ਉਸਦੇ ਸਵਾਦਾਂ ਦਾ ਵਡੇਰਾ ਹਿੱਸਾ ਸੁਕਰਾਤ ਦੀਆਂ ਧਾਰਨਾਵਾਂ ਦੀ ਸਾਹਿਤਕਾਰੀ ਹੈ। ਜੇਕਰ ਸੁਕਰਾਤ ਵਿਚ ਕੋਈ ਚਿੰਤਨੀ ਗੁਣ ਨਾ ਹੁੰਦਾ ਤਾਂ ਪਲੈਟੋ ਵਰਗੇ ਉੱਚ ਕੋਟੀ ਦੇ ਫ਼ਿਲਾਸਫ਼ਰ ਤੇ ਅਮੀਰ ਵਿਅਕਤੀ ਨੂੰ ਕੀ ਬਿਪਤਾ ਪਈ ਸੀ ਕਿ ਉਹ ਇਕ ਦਰਵੇਸ਼ ਦਰਸ਼ਨ-ਸ਼ਾਸਤਰੀ ਨੂੰ ਆਪਣੇ ਸੰਵਾਦਾਂ ਦੇ ਕੇਂਦਰ ਵਿਚ ਲਿਆ ਕੇ ਇਤਿਹਾਸ ਵਿਚ ਸਥਾਪਿਤ ਕਰ ਦਿੰਦਾ। ਇਸ ਲਈ 'ਸੁਕਰਾਤੀ ਸਮੱਸਿਆ ਨੂੰ ਨਿਰੋਲ ਤੱਥਵਾਦੀ ਹੋ ਕੇ ਨਹੀਂ ਸਮਝਿਆ ਜਾ ਸਕਦਾ। ਇਸ ਲਈ ਵੀਹਵੀਂ ਸਦੀ ਦੇ ਵਿਦਵਾਨਾਂ ਨੇ ਇਸ ਨੂੰ ਕੋਈ 'ਸਮੱਸਿਆ' ਮੰਨਿਆ ਹੀ ਨਹੀਂ। ਅਰਿਸਤੋਫੋਨਸ, ਦੀਨਫੋਨ, ਪਲੈਟੋ ਤੇ ਅਰਸਤੂ ਦੀਆਂ ਲਿਖਤਾਂ ਵਿਚ ਪੇਸ਼ ਹੋਇਆ ਸੁਕਰਾਤ ਉਤਿਹਾਸਕ ਸ਼ਖ਼ਸੀਅਤ ਅਤੇ ਤਰਕਯੁਕਤ ਗਿਆਨ ਦਾ ਪ੍ਰਤੀਕ ਹੈ। ਇਨ੍ਹਾਂ ਚਾਰਾਂ
ਨੇ ਆਪਣੇ-ਆਪਣੇ ਪ੍ਰਭਾਵ ਤੇ ਪ੍ਰੇਰਨਾ ਦੇ ਅਨੁਸਾਰ ਹੀ ਸੁਕਰਾਤ ਨੂੰ ਚਿਤਰਿਆ ਹੈ। ਬਿਨ੍ਹਾਂ ਸ਼ੱਕ ਪਲੈਟੋ ਇਨ੍ਹਾਂ ਵਿੱਚੋਂ ਸਭ ਤੋਂ ਅਹਿਮ ਲੇਖਕ ਹੈ।
ਸੁਕਰਾਤ ਦੇ ਦਰਸ਼ਨ ਦੀ ਪ੍ਰਮਾਣਿਕਤਾ ਦੇ ਸਭ ਤੋਂ ਨੇੜੇ ਪਹੁੰਚਣ ਦਾ ਰਸਤਾ ਇਨ੍ਹਾਂ ਲਿਖਤਾਂ ਵਿਚ ਹੀ ਪਿਆ ਹੈ। ਉਹ ਰਸਤਾ ਹੈ ਚਿੰਤਨ ਦੀ 'ਸੁਕਰਾਤੀ ਵਿਧੀ' ਜਿਸਦੀ ਉਸ ਤੋਂ ਪਹਿਲਾਂ ਕਿਤੇ ਹੋਂਦ ਨਹੀਂ ਸੀ। ਏਂਗਲਜ਼ ਨੇ ਇਸਨੂੰ ਵਿਰੋਧ-ਵਿਕਾਸੀ ਦਰਸ਼ਨ ਦੇ ਪੁਰਾਤਨ ਅੰਸ਼ ਕਿਹਾ ਹੈ। ਸੁਕਰਾਤ ਤੋਂ ਪਹਿਲਾਂ ਦਾ ਦਰਸ਼ਨ ਇਕਪਾਸੜ ਪ੍ਰਵਚਨ ਸੀ। ਕੋਈ ਦਾਰਸ਼ਨਿਕ ਆਪਣੀਆਂ ਰਾਵਾਂ ਨੂੰ ਕਿਸੇ ਧਾਰਮਿਕ ਜਾਂ ਵਿਹਾਰਕ ਦ੍ਰਿਸ਼ਟੀਕੋਣ ਤੋਂ ਆਪਣੇ ਅਨੁਯਾਈਆਂ ਸਾਹਮਣੇ ਰੱਖਦਾ ਸੀ। ਉਸਦੇ ਅਨੁਯਾਈ ਉਸਦੀਆਂ ਧਾਰਨਾਵਾਂ ਨੂੰ ਅੱਗੇ ਪ੍ਰਸਾਰਿਤ ਵੀ ਕਰਦੇ ਸਨ ਤੇ ਉਨ੍ਹਾਂ ਨੂੰ ਦ੍ਰਿੜ ਕਰਨ ਲਈ ਜ਼ੋਰ ਵੀ ਲਾਉਂਦੇ ਸਨ। ਇਹ ਸਾਰਾ ਵਤੀਰਾ ਧਾਰਮਿਕਤਾ ਵਾਂਗ ਸੀ। ਸੁਕਰਾਤ ਤੋਂ ਪਹਿਲਾਂ ਦਾ ਸਾਰਾ ਚਿੰਤਨ ਕੁਝ ਕੁ ਅੰਸ਼ਾਂ ਨੂੰ ਛੱਡ ਕੇ ਆਦਰਸ਼ਵਾਦੀ ਰੁਝਾਨ ਵਾਲਾ ਸੀ। ਬਹੁਤੇ ਚਿੰਤਕ ਮਨੁੱਖ ਤੇ ਉਸਦੇ ਦਾਇਰੇ ਦੇ ਸਾਰੇ ਸੰਸਕ੍ਰਿਤਕ ਜੀਵਨ-ਵਿਹਾਰ ਨੂੰ ਕਿਸੇ ਵਡੇਰੇ ਮੰਤਵ ਵਾਲਾ ਸਮਝਦੇ ਸਨ ਤੇ ਮਨੁੱਖ ਨੂੰ ਇਸ ਮੰਤਵ ਦੀ ਪੂਰਤੀ ਦਾ ਕਾਰਕ ਮਾਤਰ ਸਮਝਿਆ ਜਾਂਦਾ ਸੀ। ਸੁਕਰਾਤ ਨੇ ਇਸ ਦੇ ਸਮਾਂਤਰ ਕਾਟਵੀਂ ਦਰਸ਼ਨ ਵਿਧੀ ਈਜਾਦ ਕੀਤੀ। ਚਿੰਤਨ ਦੀ ਇਸ ਵਿਧੀ ਨੂੰ 'ਸੁਕਰਾਤੀ ਵਿਧੀ' ਕਿਹਾ ਜਾਂਦਾ ਹੈ। ਸੁਕਰਾਤ ਉੱਪਰ ਆਪਣੇ ਤੋਂ ਪਹਿਲੇ ਦਰਸ਼ਨ ਦਾ ਪ੍ਰਭਾਵ ਨਾ ਹੋਵੇ ਐਸਾ ਨਹੀਂ ਹੈ ਪਰ ਉਸਨੇ ਬੜੀ ਚੇਤਨਾ ਨਾਲ ਆਪਣੇ-ਆਪ ਨੂੰ ਇਸ ਵਹਾਅ ਵਿਚ ਵਹਿ ਜਾਣ ਤੋਂ ਬਚਾਈ ਰੱਖਿਆ। ਉਸਨੇ ਗਿਆਨ ਦੀ ਨਿਰਮਾਣਕਾਰੀ ਨੂੰ ਘੋਖਿਆ ਤੇ ਉਨ੍ਹਾਂ ਤੱਤਾਂ ਨੂੰ ਗੰਭੀਰਤਾ ਨਾਲ ਜਾਣਿਆ ਜਿਨ੍ਹਾਂ ਤੋਂ ਸਵਾਲ ਬਣਦੇ ਹਨ। ਪੀੜ੍ਹੀਓ-ਪੀੜ੍ਹੀ ਮਿਲਦੀਆਂ ਮਾਨਤਾਵਾਂ ਤੇ ਵਿਸ਼ਵਾਸਾਂ ਨੂੰ ਤੋੜਨ ਦੀ ਵਿਧੀ ਦਾ ਵਿਕਾਸ ਸੁਕਰਾਤ ਦੇ ਦਰਸ਼ਨ ਦੀ ਵਿਸ਼ੇਸ਼ਤਾ ਹੈ। ਇਸ ਵਿਧੀ ਨਾਲ ਗਿਆਨ-ਜਿਗਿਆਸੂ ਦੇ ਵਿਚਾਰਾਂ ਦਾ ਨਿਰਮਾਣ ਵੀ ਹੁੰਦਾ ਹੈ। ਬਰਟੰਡ ਰਸਲ ਦੇ ਸ਼ਬਦਾਂ ਵਿਚ-
ਸੁਕਰਾਤ ਦੇ ਦਰਸ਼ਨ ਵਿਚ ਐਸੇ ਤੱਤ ਸ਼ਾਮਿਲ ਹੁੰਦੇ ਹਨ ਜੋ ਇਸਦੇ ਸਭਤੋਂ ਬੁਨਿਆਦੀ ਆਧਾਰ ਵਿਚ ਦੁਵੱਲੇ ਰੂਪ ਵਿਚ ਜੁੜੇ ਹੁੰਦੇ ਹਨ। ਮਨੁੱਖ ਦਾ ਆਪੇ ਨੂੰ ਜਾਨਣ ਦਾ ਵਿਚਾਰ ਅਤੇ ਉਸਦਾ ਦੁਨੀਆ ਨਾਲ ਸੰਬੰਧਿਤ ਹੋਣ ਦਾ ਵਿਚਾਰ, ਜਿਸ ਵਿਚ ਉਹ ਰਹਿੰਦਾ ਹੈ ਆਪਸ ਵਿਚ ਦੁਵੱਲੇ
ਵਿਗਿਆਨਾਂ ਵਿਚਕਾਰ ਸਾਂਝ ਦੀ ਸਥਾਪਤੀ ਕਰਕੇ ਇਕ ਸਾਪੇਖ ਸੱਚ ਦੀ ਤਲਬ ਦਾ ਰਾਹ ਖੋਲ੍ਹਿਆ। ਉਸਨੇ ਆਸ-ਪਾਸ ਦਿਸਦੀਆਂ ਅਤੇ ਅਦਿੱਖ ਵਸਤੂਆਂ ਦੀਆਂ ਪਰਿਭਾਸ਼ਾਵਾਂ ਤੱਕ ਪਹੁੰਚਣ ਲਈ ਸਵਾਲਾਂ ਦਾ ਰਾਹ ਚੁਣਿਆ। ਉਸ ਲਈ ਪ੍ਰਚਲਿਤ ਪਰਿਭਾਸ਼ਾਵਾਂ ਮਨੁੱਖ ਨਾਲ ਸੰਬੰਧਿਤ ਸੁਆਲ ਨਹੀਂ ਸਨ। ਇਸ ਲਈ ਉਸਨੇ ਦੁਨੀਆਂ ਨੂੰ ਜਾਨਣ ਦੀ ਇਕ ਪ੍ਰੇਰਕ ਵਿਧੀ ਦੀ ਵਰਤੋਂ ਕੀਤੀ। ਉਸਦੇ ਮੱਤ ਅਨੁਸਾਰ ਸੱਚ ਕਿਸੇ ਇਕ ਜਗ੍ਹਾ ਜਾਂ ਵਿਸ਼ੇਸ਼ ਵਿਅਕਤੀ ਤੋਂ ਨਿਰਲੇਪ ਸੀ। ਉਹ ਸਵਾਲ ਲੈ ਕੇ ਹਾਜ਼ਰ ਹੋਇਆ। ਦੋਸਤਾਂ ਤੇ ਵਾਕਿਫ਼ਾਂ ਤੋਂ ਬਿਨਾਂ ਉਸਨੇ ਸਵੇ ਤੋਂ ਸਵਾਲ ਪੁੱਛੇ। ਇਨ੍ਹਾਂ ਸਵਾਲਾਂ ਨੂੰ ਸੰਵਾਦ ਵਿਚ ਬਦਲ ਕੇ ਸਰਵ ਪ੍ਰਚਲਿਤ ਸੰਤ ਦੀ ਖੋਜ ਦਾ ਅਹਿਸਾਸ ਜਗਾਉਣਾ ਹੀ ਸੁਕਰਾਤੀ ਵਿਧੀ ਸੀ। ਉਸਦੀ ਵਿਧੀ ਦੇ ਦੇ ਹਿੱਸੇ ਸਨ। ਵਿਡੰਬਨਾ, ਜਿਸ ਰਾਹੀਂ ਸੰਵਾਦ ਵਿਚ ਪੈਂਦਾ ਮਨੁੱਖ ਆਪਣੀ ਅਗਿਆਨਤਾ ਦਾ ਅਹਿਸਾਸ ਕਰਦਾ ਸੀ। ਉਹ ਦੂਸਰੇ ਦੇ ਵਿਚਾਰਾਂ ਸਾਹਮਣੇ ਅਗਿਆਨੀ ਹੋਣ ਦੇ ਦੁਖਾਂਤ ਨਾਲ ਜੂਝਦਾ ਹੈ। ਇਸ ਮੌਕੇ ਉਸਦੀ ਜਿਗਿਆਸਾ ਹੀ ਉਸਦਾ ਸਹਾਰਾ ਬਣਦੀ ਹੈ ਤੇ ਉਹ ਸਵਾਲਾਂ ਰਾਹੀਂ ਆਪਣੇ ਦੁਖਾਂਤ ਨੂੰ ਜਿੱਤਣ ਦੀ ਕੋਸ਼ਿਸ਼ ਕਰਦਾ ਹੈ। ਜਿਗਿਆਸੂ ਆਪਣੇ ਦ੍ਰਿਸ਼ਟੀਕੋਣ ਦੀ ਰਾਖੀ ਲਈ ਕਮਜ਼ੋਰ ਜਿਹੀ ਕੋਸ਼ਿਸ਼ ਕਰਦਾ ਹੈ ਤੇ ਇੰਜ ਉਹ ਚਰਚਾ ਵਿਚ ਸ਼ਾਮਿਲ ਹੋ ਜਾਂਦਾ ਹੈ। ਇਸ ਸ਼ਮੂਲੀਅਤ ਨਾਲ ਉਹ ਵਿਰੋਧਾਭਾਸ ਸਿਰਜਦਾ ਹੈ ਤੇ ਦੂਸਰੇ ਦੇ ਤਰਕ ਵਿੱਚੋਂ ਕੁਝ ਤੱਤ ਤਲਾਬ ਕੇ ਆਪਣੇ ਵਿਚਾਰ ਨੂੰ ਮਜ਼ਬੂਤੀ ਦਿੰਦਾ ਹੈ । ਪਲੇਟੋ ਦੁਆਰਾ ਪੇਸ਼ ਸੰਵਾਦ 'ਥੀਆਟੇਟਰ' ਵਿਚ ਇਸ ਵਿਧੀ ਨੂੰ ਵਿਡੰਬਨਾ ਦੇ ਮੁੱਢਲੇ ਪੜਾਅ ਵਜੋਂ 'ਮੈਯੂਟਿਕਸ' ਕਿਹਾ ਗਿਆ। 'ਮੈਯੂਟਿਕ' ਬੱਚਾ ਪੈਦਾ ਕਰਨ ਲਈ ਦਾਈ ਵਲੋਂ ਸਹਾਇਤਾ ਹਿੱਤ ਕੀਤਾ ਗਿਆ ਕਾਰਜ ਹੈ। ਇਹ ਵਿਧੀ ਕਿਸੇ ਦਾਈ ਵਾਂਗ ਚਰਚਾ ਵਿਚ ਹਿੱਸਾ ਲੈ ਗ ਲੋਕਾਂ ਦੇ ਵਿਸ਼ਵਾਸਾਂ ਵਿਚ ਲੁਕੀਆਂ ਪਰਿਭਾਸ਼ਾਵਾਂ ਨੂੰ ਬਾਹਰ ਕੱਢਣ ਲਈ ਜਾਂ ਉਨ੍ਹਾਂ ਦੀ ਸਮਝ ਨੂੰ ਵਿਰੋਧ ਰਾਹੀਂ ਵਿਕਸਿਤ ਕਰਨ ਵਿਚ ਸਹਾਇਕ ਹੁੰਦੀ ਹੈ।
ਸੁਕਰਾਤ ਏਥਨਜ਼ ਦੇ ਸਾਥੀਆਂ ਨਾਲ ਜਵਾਨੀ ਤੋਂ ਹੀ ਇਨ੍ਹਾਂ ਵਾਰਤਾਲਾਪ ਵਿਚ ਹਿੱਸਾ ਲੈਣ ਲੱਗਿਆ। ਪਲੇਟ ਦੇ ਬਹੁਤੇ ਵਾਰਤਾਲਾਪਾਂ ਵਿਚ ਵੀ ਉਹ ਟੇਵੇ ਤਰੀਕੇ ਨਾਲ ਸਵਾਲ ਨੂੰ ਗੇੜਾ ਦਿੰਦਾ ਹੈ ਤੇ ਸਵਾਲ ਦੇ ਜਵਾਬ ਵਿੱਚੋਂ ਸਵਾੲ ਪੈਦਾ ਕਰਦਾ ਹੈ। ਉਹ ਕਿਉਂ ਤੋਂ ਸ਼ੁਰੂ ਕਰਕੇ ਸਮੁੱਚੀ ਪਰਿਭਾਸ਼ਾ ਨੂੰ ਕੀ, ਕਿੱਦਾਂ, ਕਿੱਥੇ ਦੀ ਇਕ ਸਮੱਸਿਆ ਵਾਂਗ ਬਣਾ ਦਿੰਦਾ ਹੈ। ਉਸਦੀ ਵਿਧੀ ਬਾਰੇ ਗੋਣ ਕਰਦਿਆਂ ਲੁਈਸ ਨੇਵੀਆ ਵਿਚਾਰਾਂ ਦੀ ਇਕ ਸਿੱਧੀ ਰੇਖਾ ਬਣਾਉਂਦਾ ਹੈ। ਉਸ ਅਨੁਸਾਰ ਸੁਕਰਾਤ ਦਾ ਗਿਆਨ ਆਲੋਚਨਾਤਮਕ ਦ੍ਰਿਸ਼ਟੀ-ਪਰਿਕਲਪਨਾ-ਵਿਚਾਰ-ਸਵਾਲ-ਪ੍ਰਗਟਾਅ-ਸੰਵਾਦ-ਸਿੱਟੇ ਤੱਕ ਪਹੁੰਚਦਾ ਹੈ। ਹਰ ਸਿੱਟਾ ਅੰਤਿਮ ਨਹੀਂ
ਬਲਕਿ ਉਸ ਪ੍ਰਤੀ ਵੀ ਆਲੋਚਨਾਤਮਕ ਪਹੁੰਚ ਰਾਹੀਂ ਨਵੇਂ ਸਿੱਟੇ ਤੱਕ ਪਹੁੰਚਿਆ ਜਾ ਸਕਦਾ ਹੈ। ਇਹੀ ਸੁਕਰਾਤੀ ਵਿਧੀ ਦਾ ਚੱਕਰੀ ਵਿਚਾਰ-ਢਾਂਚਾ ਹੈ। ਗਿਆਨ ਉਸ ਲਈ ਇਕ ਲੰਮੀ ਜ਼ੰਜੀਰ ਵਾਂਗ ਹੈ ਜਿਸਦੀਆਂ ਕੜੀਆਂ ਸਵਾਲਾਂ ਨਾਲ ਜੁੜੀਆਂ ਹੋਈਆਂ ਹਨ। ਸੁਕਰਾਤੀ ਵਿਧੀ ਵਿਆਪਕ ਗਿਆਨ ਦੀ ਹਮਾਇਤ ਕਰਦੀ ਹੈ। 'ਫੇਡੋ' ਨਾਂ ਦੇ ਸੰਵਾਦ ਵਿਚ ਸੁਕਰਾਤ ਕਹਿੰਦਾ ਹੈ ਕਿ, "ਗਿਆਨ ਕਦੇ ਵਸ਼ਿਸ਼ਟ ਨਹੀਂ ਹੁੰਦਾ ਪਰ ਉਸਦੇ ਵਿਆਪਕ ਹੋਣ ਦੀ ਆਸ ਵੀ ਨਹੀਂ ਕੀਤੀ ਜਾਣੀ ਚਾਹੀਦੀ। ਵਿਸ਼ੇਸ਼ ਤਾਂ ਜਿਗਿਆਸਾ ਜਾਂ ਸਵਾਲ ਹੁੰਦਾ ਹੈ ਜੋ ਉਸ ਵਿਸ਼ੇ ਨਾਲ ਸੰਬੰਧਿਤ ਵਿਆਪਕ ਖੇਤਰਾਂ ਵਿਚ ਸੰਬੰਧ ਬਣਾ ਸਕਦਾ ਹੈ।"
ਸੁਕਰਾਤ ਦੀ ਇਸ ਵਿਧੀ ਦੇ ਵਿਕਾਸ ਬਾਰੇ ਸਹੀ ਪ੍ਰਸੰਗ ਜਾਨਣ ਲਈ ਉਸ ਦੌਰ ਦੇ ਸੋਫਿਸਟਾਂ ਨਾਲ ਉਸਦੇ ਸੰਬੰਧਾਂ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ। ਸੋਫਿਸਟ ਵਿਚਾਰਕ ਉਨ੍ਹਾਂ ਦਾਰਸ਼ਨਿਕਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਬੁੱਧੀਜੀਵੀਆਂ ਵਾਂਗ ਵਿਹਾਰ ਕਰਦੇ ਅਤੇ ਬੁੱਧੀਵਾਨਾਂ ਵਾਂਗ ਵਿਚਰਦੇ ਸਨ। ਉਨ੍ਹਾਂ ਦੀ ਆਮਦ ਯੂਨਾਨੀ ਦਰਸ਼ਨ ਵਿਚ ਅਨੈਕਸਾਗੋਰਸ ਤੋਂ ਬਾਅਦ ਹੋਈ। ਆਪਣੇ ਸਮੇਂ ਵਿਚ ਘ੍ਰਿਣਾ ਤੇ ਸ਼ਰਧਾ ਦੇ ਭਾਵਾਂ ਦਾ ਪਾਤਰ ਬਣਿਆ ਰਿਹਾ ਸੋਫਿਸਟ ਚਿੰਤਨ ਯੂਨਾਨੀ ਦਰਸ਼ਨ ਵਿਚ ਕੁਦਰਤੀ ਵਿਗਿਆਨਾਂ ਉੱਪਰ ਹੀ ਕੇਂਦਰਿਤ ਰਿਹਾ। ਕਰੀਬਨ ਸਾਰੇ ਦਾਰਸ਼ਨਿਕ ਸੰਸਾਰ ਦੇ ਮੂਲ ਤੇ ਸ੍ਰਿਸ਼ਟੀ ਦੇ ਭੇਦਾਂ ਨੂੰ ਸਮਝਣ ਵਿਚ ਹੀ ਲੱਗੇ ਰਹੇ। ਸੋਫਿਸਟ ਚਿੰਤਕਾਂ ਨੇ ਤਾਰਾ ਵਿਗਿਆਨ, ਜੋਤਿਸ਼ ਵਿਗਿਆਨ ਆਦਿ ਵਿਸ਼ਿਆਂ ਦੀ ਥਾਂ ਮਨੁੱਖ ਦੇ ਆਤਮ ਉੱਪਰ ਕੇਂਦਰਿਤ ਦਰਸ਼ਨ ਦੀ ਬੁਨਿਆਦ ਰੱਖੀ। ਉਨ੍ਹਾਂ ਮਨੁੱਖ ਦੀ ਬੁੱਧੀ ਨੂੰ ਹਰ ਵਰਤਾਰੇ ਦੇ ਪ੍ਰਤੱਖਣ ਦਾ ਕੇਂਦਰ ਮੰਨਦਿਆਂ ਘੋਸ਼ਣਾ ਕਰ ਦਿੱਤੀ ਕਿ ਮਨੁੱਖ ਹੀ ਹਰ ਵਸਤੂ ਦੀ ਪੈਮਾਇਸ਼ ਦਾ ਆਧਾਰ ਹੈ। ਜੋ ਕੁਝ ਮਨੁੱਖ ਦੇ ਕੋਲ ਹੈ ਉਸ ਦੀ ਹੋਂਦ ਅਤੇ ਜੋ ਕੁਝ ਨਹੀਂ ਹੈ ਉਸਦੀ ਥੋੜ੍ਹ ਬਾਰੇ ਮਨੁੱਖ ਹੀ ਪ੍ਰਭਾਵ ਨਿਸ਼ਚਿਤ ਕਰਦਾ ਹੈ। ਇਸ ਲਈ ਸੋਫਿਸਟ-ਦਰਸ਼ਨ ਵਧੇਰੇ ਕਰਕੇ ਸੰਗੀਤ, ਖੇਡਾਂ, ਗਣਿਤ, ਕਲਾ ਆਦਿ ਖੇਤਰਾਂ ਵੱਲ ਵਧੇਰੇ ਜ਼ੋਰ ਦਿੰਦਾ ਹੈ। ਸੋਫਿਸਟ ਸ਼ਬਦ ਦੇ ਅਰਥ ਸੋਫ਼ (ਬੁੱਧੀ) ਅਤੇ ਸੋਫਿਜੋ (ਮੈਂ ਬੁੱਧੀਮਾਨ ਹਾਂ) ਮੂਲ ਦੀ ਵਿਆਖਿਆ ਨਾਲ ਵਧੇਰੇ ਸਪੱਸ਼ਟ ਹੋ ਸਕਦੇ ਸਨ। ਸੋਫਿਸਟ ਐਸੇ ਘੁਮੱਕੜ ਦਾਰਸ਼ਨਿਕ ਸਨ ਜੋ ਆਪਣੇ ਨਾਲ ਚੇਲਿਆਂ ਦਾ ਸਮੂਹ ਲੈ ਕੇ ਘੁੰਮਦੇ ਸਨ। ਲੱਛੇਦਾਰ ਭਾਸ਼ਾ ਵਿਚ ਮਾਹਰ ਤੇ ਹਰ ਵਿਸ਼ੇ ਬਾਰੇ ਗਿਆਨ-ਪ੍ਰਵਚਨ ਦੇ ਧਾਰਨੀ ਇਹ ਚਿੰਤਕ ਗਿਆਨ ਦੇ ਪਸਾਰ ਦਾ ਕਾਰਜ ਕਰਦੇ ਸਨ। ਇਨ੍ਹਾਂ ਵਿੱਚੋਂ ਕੁਝ ਲੋਕ ਏਥਨਜ਼ ਦੇ ਵੀ ਸਨ ਪਰ ਜ਼ਿਆਦਾਤਰ ਸੋਫਿਸਟਾਂ ਦਾ ਸੰਬੰਧ ਏਸ਼ੀਆ ਮਾਈਨਰ ਨਾਲ ਸੀ। ਇਸ ਲਈ ਗਿਆਨ ਦੀਆਂ ਪੂਰਬੀ ਤੇ ਪੱਛਮੀ ਧਾਰਾਵਾਂ ਦੇ ਕੇਂਦਰ ਵਿਚ ਹੋਣ ਕਾਰਨ ਸੋਫਿਸਟ ਉਸ ਦੌਰ ਦੇ
ਸਾਰੇ ਯੂਨਾਨੀ ਰਾਜਾਂ ਤੱਕ ਗਿਆਨ ਦਾ ਪ੍ਰਚਾਰ ਕਰਦੇ ਸਨ। ਰਸਮੀ ਤੌਰ ਤੇ ਸਥਾਪਿਤ ਦਰਸ਼ਨ ਦੇ ਕੇਂਦਰਾਂ ਦੀ ਥਾਂ ਇਹ ਚਿੰਤਕ ਤੁਰਦੇ-ਫਿਰਦੇ ਦਰਸ਼ਨ ਦੇ ਅਦਾਰੇ ਸਨ। ਬਾਹਰੀ ਲੋਕਾਂ ਨਾਲ ਵਾਹ ਪੈਣ ਕਰਕੇ ਉਨ੍ਹਾਂ ਨਾਲ ਗੱਲਬਾਤ ਕਰਨ ਵਿਚ ਮਾਹਿਰ ਸੋਫਿਸਟਾਂ ਨੇ ਦਰਸ਼ਨ ਦੀ ਸੁਭਾਸ਼ਣੀ ਵਿਧੀ (Rhetoric) ਦਾ ਵਿਕਾਸ ਕੀਤਾ। ਰੈਟਰਿਕ ਅਲੰਕ੍ਰਿਤ ਭਾਸ਼ਾ ਰਾਹੀਂ ਸਰੋਤੇ ਨੂੰ ਮੁਖ਼ਾਤਿਬ ਹੋਣ ਦੀ ਲਾਲਸਾ ਹੈ। ਇਹ ਮਨਮੋਹਕ ਭਾਸ਼ਣਕਾਰੀ ਹੈ ਜੋ ਸਰੋਤੇ ਦਾ ਸਵਰਗ ਹੈ ਪਰ ਗਿਆਨ ਦੀ ਕਰਤ ਕਿਸੇ ਨਵੇਂ ਵਿਚਾਰ ਨੇ ਵਾਰਤਾਲਾਪ ਦਾ ਹਿੱਸਾ ਬਣ ਰਹੇ ਪਾਠਕ ਦੇ ਸੰਸਕਾਰੀ ਭਾਵਾਂ ਨੂੰ ਹਲੂਣਾ ਦੇਣਾ ਹੁੰਦਾ ਹੈ। ਨਵੇਂ ਵਿਚਾਰ ਮਨ ਵਿਚ ਕੁੰਡਲੀ ਮਾਰ ਕੇ ਬੈਠੇ ਵਿਚਾਰਾਂ ਨੂੰ ਵਿਸਥਾਪਿਤ ਕਰਨ ਦਾ ਕੰਮ ਕਰਦੇ ਹਨ। ਇਸ ਲਈ ਗਿਆਨ ਇਕ ਸਵਰ ਵਾਂਗ ਹੈ। ਸੁਭਾਸ਼ਣਕਾਰੀ ਸਰੋਤੇ ਨੂੰ ਮੰਤਰ-ਮੁਗਧ ਕਰਕੇ ਉਸਦੀ ਚੇਤਨਾ ਨੂੰ ਖਰਖਰੀ ਕਰਦੀ ਹੈ। ਇਹ ਵਰਤਮਾਨ ਕੇਂਦਰਿਤ ਵਿਧੀ ਹੈ ਜਿਸ ਵਿਚ ਕਹਾਣੀਆਂ ਤੇ ਪ੍ਰਸੰਗਾਂ ਦੀ ਭਰਮਾਰ ਹੁੰਦੀ ਹੈ। ਰੇਟਰਿਕ ਵਰਤਮਾਨ ਬਾਰੇ ਵੀ ਸਿਧਾਂਤਕ ਪੈਂਤੜੇ ਤੇ ਸੋਚਣ ਨਹੀਂ ਲਾਉਂਦੀ ਬਲਕਿ ਵਰਤਾਰਿਆਂ ਨੂੰ ਘਟਨਾਵਾਂ ਤੱਕ ਘਟਾ ਦਿੰਦੀ ਹੈ। ਸਰੋਤੇ ਦਾ ਘਟਨਾਵੀ ਪ੍ਰਸੰਗਾਂ ਨਾਲ ਸੰਬੰਧਿਤ ਹੋਣਾ ਸੋਖਾ ਹੁੰਦਾ ਹੈ। ਚਿੰਤਨਾਂ ਵਿਚਾਰਾਂ ਦੀ ਸੰਚਾਰ ਅਵਰੋਧਕਤਾ ਦੀ ਥਾਂ ਸੁਭਾਸ਼ਣਕਾਰੀ ਵਿਚ ਸਰਲ ਸੰਚਾਰ ਪ੍ਰਧਾਨ ਹੁੰਦਾ ਹੈ। ਵਾਕ ਇਕ ਲੜੀ ਵਿਚ ਪਰੋਏ ਹੁੰਦੇ ਹਨ। ਸਰੋਤਾ ਇਕ ਵਾਕ ਦੇ ਜਾਦੂ ਤੋਂ ਮੁਕਤ ਹੁੰਦਾ ਨਹੀਂ ਕਿ ਅਗਲਾ ਵਾਕ ਦਾਗ ਦਿੱਤਾ ਜਾਂਦਾ ਹੈ। ਚਕਾਚੌਰ ਕਿਸੇ ਜਾਣੂ ਵਾਂਗ ਸੰਘਣੀ ਹੁੰਦੀ ਜਾਂਦੀ ਹੈ। ਇਸ ਵਿਚ ਇਕਪਾਸੜ ਪ੍ਰਵਚਨ ਹੁੰਦਾ ਹੈ ਤੇ ਉਨ੍ਹਾਂ ਅੱਗੇ ਵਿਚਾਰਾਂ ਦਾ ਸੌਖੀ ਤਰ੍ਹਾਂ ਕੀਤਾ ਸਮਰਪਣ। ਸਰੋਤੇ ਦੀ ਆਪਣੀ ਚੇਤਨਾ ਰਹੱਸ ਦੀ ਧੁੰਦ ਵਿਚ ਗਵਾਚ ਜਾਂਦੀ ਹੈ। ਸੋਫਿਸਟਾਂ ਨੇ ਇਸ ਵਿਧੀ ਨੂੰ ਪੈਦਾ ਕੀਤਾ ਤੇ ਵਿਆਪਕ ਪੱਧਰ 'ਤੇ ਪਰਸਾਰਿਆ ਵੀ। ਹਰ ਸੋਫਿਸਟ ਵਿਦਿਆਰਥੀਆਂ ਦੇ ਵੱਡੇ ਸਮੂਹ ਨੂੰ ਭਾਸ਼ਣ ਦਿੰਦਾ ਸੀ ਜੋ ਆਮ ਕਰਕੇ ਨੌਜਵਾਨ ਤੇ ਅਮੀਰ-ਘਰਾਂ ਨਾਲ ਸੰਬੰਧਿਤ ਹੁੰਦੇ ਸਨ। ਉਨ੍ਹਾਂ ਨੂੰ ਗਿਆਨ-ਪ੍ਰਵਚਨ ਦੇ ਬਦਲੇ ਨਿਸ਼ਚਿਤ ਭੁਗਤਾਨ ਕਰਨਾ ਪੈਂਦਾ ਸੀ। ਸੋਵਿਸਟਾਂ ਦਾ ਗਿਆਨ ਕਿਸੇ ਵੀ ਵਰਤਾਰੇ ਬਾਰੇ ਆਲੋਚਨਾਤਮਕ ਨਹੀਂ ਸੀ। ਉਨ੍ਹਾਂ ਦੀ ਸੁਭਾਸ਼ਣਕਾਰੀ ਮੁਹਾਰਤ ਕਿਸੇ ਵੀ ਵਰਤਾਰੇ ਬਾਰੇ ਦੋਵਾਂ ਤਰ੍ਹਾਂ (ਹਾਂ-ਵਾਚੀ ਤੇ ਨਾਂਹ-ਵਾਚੀ) ਵਿਚਾਰ ਪੇਸ਼ ਕਰਦੀ ਸੀ ਤੇ ਸੰਸਥਾਵਾਂ ਦੇ ਵਿਰੋਧ ਦੀ ਭਾਵਨਾ ਨੂੰ ਸੁੰਨ ਕਰੀ ਜਾਂਦੀ ਸੀ। ਇਸ ਲਈ ਸੋਫਿਸਟਾਂ ਨੂੰ ਹਰ ਯੂਨਾਨੀ ਰਾਜ ਵਿਚ ਰਾਜਿਆਂ, ਧਰਮ-ਸੰਪ੍ਰਦਾਵਾਂ ਤੇ ਪਰਿਵਾਰਕ ਪੱਧਰ 'ਤੇ ਮਾਨਤਾ ਮਿਲੀ ਹੋਈ ਸੀ। ਏਥਨਜ਼ ਦੇ ਨਾਗਰਿਕ ਪੁਰਾਣੀਆਂ ਮਾਨਤਾਵਾਂ ਨੂੰ ਨੌਜਵਾਨਾਂ ਦੇ ਮਨਾਂ ਵਿਚ ਅਲੰਕ੍ਰਿਤ ਭਾਸ਼ਾ ਦੁਆਰਾ ਸਥਾਪਿਤ ਕੀਤੇ ਜਾਣ ਦੇ
ਸੈਸ੍ਰਿਸਟੀ ਕਾਰਜਾਂ ਤੋਂ ਪ੍ਰਸੰਨ ਸਨ। ਸੋਫਿਸਟਾਂ ਦੇ ਸ਼ਾਗਿਰਦ ਨੌਜਵਾਨਾਂ ਨੇ ਹੀ ਤਾਂ ਡਵਿੱਖ ਵਿਚ 500 ਮੈਂਬਰਾਂ ਦੀ ਏਥਨਜ਼ ਦੀ ਸੰਸਦ ਵਿਚ ਬਹਿਸਾਂ ਕਰਨੀਆਂ ਸਨ। ਇਸ ਲਈ ਸੋਫਿਸਟ ਵਿਦਿਆਰਥੀਆਂ ਨੂੰ 'ਚਹੇਤੇ-ਗਿਆਨ' ਨਾਲ ਲੈਸ ਕਰ ਰਹੇ ਸਨ। ਪਹਿਲਾਂ ਵਾਲੇ ਕੁਦਰਤੀ ਵਿਗਿਆਨਾਂ ਨਾਲ ਸੰਬੰਧਿਤ ਦਰਸ਼ਨ ਦੇ ਮੁਕਾਬਲੇ ਸੋਫਿਸਟ ਦਰਸ਼ਨ ਵਧੇਰੇ ਸੋਖਾ ਸੀ। ਇਹ ਦਰਸ਼ਨ ਸਿਖਿਆਰਥੀ/ਸਰੋਤੇ ਨੂੰ ਸਹਿਮਤ ਹੋਣਾ ਸਿਖਾਉਂਦਾ ਸੀ। ਜੇਕਰ ਪੂਰਵਲੇ ਚਿੰਤਨ ਦਾ ਸੁਭਾਅ ਪ੍ਰਾਭੌਤਿਕੀ ਸੀ ਤਾਂ ਸੋਫਿਸਟ ਦਰਸ਼ਨ ਸ਼ਰਧਾਮਈ ਅਧਿਆਤਮ ਨਾਲ ਜੁੜੇ ਵਿਚਾਰਾਂ 'ਤੇ ਖੜ੍ਹਾ ਸੀ। ਸੱਚ ਦੀ ਤਲਾਸ਼ ਦੀ ਥਾਂ ਸਰੋਤੇ ਨੂੰ ਸਹਿਮਤ ਕਰਨ ਲਈ ਤਰਕ ਦਿੱਤੇ ਜਾਂਦੇ ਸਨ। ਸੋਫਿਸਟ ਮੰਨਦੇ ਸਨ ਕਿ ਸੰਪੂਰਨ ਜਾਂ ਵਿਆਪਕ ਸੱਚ ਵਰਗੀ ਕੋਈ ਚੀਜ਼ ਨਹੀਂ ਹੁੰਦੀ। 485 ਈ. ਪੂ. ਤੋਂ 411 ਈ. ਪੂ. ਦੇ ਸੋਫਿਸਟ ਪ੍ਰੋਟਾਗੋਰਸ ਨੇ ਕਿਹਾ ਕਿ ਹਰ ਵਸਤੂ ਸਾਪੇਖ ਹੈ ਤੇ ਕੱਲ੍ਹਾ ਮਨੁੱਖ ਹੀ ਹਰ ਚੀਜ਼ ਦੀ ਕਸੌਟੀ ਹੈ। ਚੰਗਿਆਈ ਜਾਂ ਬੁਰਾਈ ਦਾ ਆਧਾਰ ਵੀ ਮਨੁੱਖ 'ਤੇ ਹੀ ਨਿਰਭਰ ਕਰਦਾ ਹੈ। 485 ਈ. ਪੂ. ਤੋਂ 380 ਈ. ਪੂ. ਦੇ ਸੋਫਿਸਟ ਚਿੰਤਕ ਲਿਓਨਤਿਨੀ ਜਾਰਜੀਅਸ ਆਪਣੇ ਇਸ ਪ੍ਰਸਿੱਧ ਕਥਨ ਲਈ ਜਾਣਿਆ ਜਾਂਦਾ ਹੈ ਕਿ "ਮਨੁੱਖ ਕੁਝ ਜਾਣ ਨਹੀਂ ਸਕਦਾ, ਜੇ ਜਾਣ ਲਵੇ ਤਾਂ ਉਸਦਾ ਵਰਣਨ ਨਹੀਂ ਕਰ ਸਕਦਾ ਤੇ ਜੇ ਉਹ ਵਰਣਨ ਕਰ ਦੇਵੇ ਤਾਂ ਕੋਈ ਸਮਝ ਨਹੀਂ ਸਕਦਾ।"9
ਬਿਨਾ ਸ਼ੱਕ ਸੋਫਿਸਟਾਂ ਨੇ ਚਿੰਤਨ ਦੇ ਖੇਤਰ ਦੀ ਵਿਸ਼ੇਸ਼ਗ ਜੜ੍ਹਤਾ ਨੂੰ ਤੋੜ ਕੇ ਉਸ ਵਿਚ ਸਾਧਾਰਣ ਬੰਦੇ ਦੀ ਭਾਗੀਦਾਰੀ ਯਕੀਨੀ ਬਣਾਈ। ਉਨ੍ਹਾਂ ਦੀ ਮਾਨਤਾ ਸੀ ਕਿ ਪੁਰਾਣੀਆਂ ਪਰੰਪਰਾਵਾਂ ਨੂੰ ਰੱਦ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਤਾਂ ਜੋ ਕੁਦਰਤ ਨੂੰ ਤੇ ਸੰਸਾਰ ਨੂੰ ਸਹੀ ਤਰ੍ਹਾਂ ਸਮਝਿਆ ਜਾ ਸਕੇ। ਪੱਕੀ ਗੱਲ ਹੈ ਕਿ ਸੋਫਿਸਟਾਂ ਨੇ ਮਨੋ-ਕਲਪਿਤ ਗਿਆਨ ਉੱਪਰ ਝਾੜੂ ਫੇਰ ਕੇ ਮਨੁੱਖ ਕੇਂਦਰਿਤ ਵਿਚਾਰਾਂ ਨੂੰ ਸਥਾਪਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਤਮਾਮ ਸੀਮਾਵਾਂ ਦੇ ਬਾਵਜੂਦ ਗਿਆਨ ਦੇ ਵਿਕਾਸ ਅਤੇ ਰਾਜਸੀ ਸਿਧਾਂਤਾਂ 'ਤੇ ਆਦਰਸ਼ਵਾਦੀ ਪਕੜ ਕਾਰਨ ਕਈ ਖੇਤਰਾਂ ਵਿਚ ਸੋਫਿਸਟਾਂ ਦਾ ਪ੍ਰਭਾਵ ਬਹੁਤ ਵਧ ਗਿਆ ਸੀ। ਉਨ੍ਹਾਂ ਦੀ ਇਹ ਮਨੋਤ ਕਿ ਗਿਆਨ ਸੁਭਾਸ਼ਣਕਾਰੀ ਹੈ ਤੇ ਕਿਸੇ ਵੀ ਵਿਚਾਰ ਦੇ ਪੱਖ ਵਿਚ ਜਿੰਨੇ ਤਰਕ ਦਿੱਤੇ ਜਾ ਸਕਦੇ ਹਨ, ਓਨੇ ਹੀ ਵਿਰੋਧ ਵਿਚ ਵੀ ਹੋ ਸਕਦੇ ਹਨ ਕਿਉਂਕਿ ਇਹੀ ਅਸਲ ਗਿਆਨ ਹੈ। ਉਹ ਮੰਨਦੇ ਸਨ ਕਿ ਗਿਆਨ ਇਕ ਦ੍ਰਿਸ਼ਟੀਕੋਣ ਹੈ। ਇਸ ਵਿਚ ਸਹੀ ਗਲਤ ਨਹੀਂ ਹੋ ਸਕਦਾ, ਬੱਸ ਇਕ ਪੱਖ ਹੋ ਸਕਦਾ ਹੈ। ਸੋਫਿਸਟਾਂ ਦੇ ਧਨ ਦੇ ਕੇ ਬਣੇ ਸ਼ਾਗਿਰਦਾਂ ਦੇ ਨਾ ਸਿਰਫ਼ ਏਥਨਜ਼ ਦੀ ਸੰਸਦ ਦੀ ਸ਼ੋਭਾ ਹੀ ਵਧਾਈ ਬਲਕਿ ਉਹ ਅਧਿਆਪਕਾਂ ਵਾਂਗ ਸਾਰੇ ਸਮਾਜ ਵਿਚ ਫੈਲ ਗਏ ਤੇ ਏਥਨਜ਼
ਵਾਸੀਆਂ ਨੂੰ ਗਿਆਨਵਾਨ ਬਣਾਉਣ ਲੱਗ ਪਏ। ਜੇਕਰ ਸੋਫਿਸਟ ਪ੍ਰਚਲਿਤ ਵਿਚਾਰਾਂ ਦਾ ਵਿਰੋਧ ਕਰਦੇ ਵੀ ਸਨ ਤਾਂ ਵਿਰੋਧੀ ਨੂੰ ਹਰਾਉਣ ਵਾਸਤੇ। ਜੇਕਰ ਸਾਹਮਣੇ ਪ੍ਰਚਲਿਤ ਮਨੌਤਾਂ ਦਾ ਵਿਰੋਧੀ ਹੋਵੇ ਤਾਂ ਸੋਫਿਸਟ ਪ੍ਰਚਾਰਕ ਮਾਨਤਾਵਾਂ ਦੇ ਹੱਕ ਵਿਚ ਬੋਲਣ ਲੱਗਦੇ ਸਨ।
ਅਜਿਹੇ ਹਾਲਾਤ ਵਿਚ ਸੁਕਰਾਤ ਨੇ ਆਪਣੀ ਦਰਸ਼ਨ-ਵਿਧੀ ਨੂੰ ਚੇਤਨ ਰੂਪ ਵਿਚ ਵਿਉਂਤਿਆਂ। ਉਸਨੇ ਕਿਸੇ ਉਪਦੇਸ਼-ਵਾਹਕ ਵਾਂਗ ਆਪਣੀ ਸਿੱਖਿਆ: ਨਹੀਂ ਦਿੱਤੀ। ਸਾਰੇ ਐਸੇ ਗਿਆਨ-ਵਿਗਿਆਨ ਬਾਰੇ ਸੁਕਰਾਤ ਨੇ ਸ਼ੰਕੇ ਖੜ੍ਹੇ ਕੀਤੇ। ਜਿਸਦੇ ਕੇਂਦਰ ਵਿਚ ਮਨੁੱਖ ਨਾ ਹੋਵੇ। ਇਸੇ ਕਰਕੇ ਉਹ ਜੰਗਲਾਂ ਵਿਚ ਜਾਣ ਤੇ ਘੁਮੱਕੜੀ ਕਰਨ ਦੀ ਥਾਂ ਸਮਾਜ ਵਿਚ ਰਹਿ ਕੇ, ਵਿਚਾਰ-ਵਟਾਂਦਰਾ ਕਰਕੇ ਸਿੱਧੇ ਮਸਲਿਆਂ ਨੂੰ ਮੁਖਾਤਿਬ ਹੋਇਆ ਤੇ ਹੋਰ ਨੌਜਵਾਨਾਂ ਨੂੰ ਇਸ ਲਈ ਤਿਆਰ ਕੀਤਾ। ਜਿੱਥੇ ਇਕ ਪਾਸੇ ਸੋਫਿਸਟਾਂ ਨੇ ਅਮੀਰ ਘਰਾਣਿਆਂ ਦੇ ਨੌਜਵਾਨਾਂ ਨੂੰ ਆਪਣੇ ਸ਼ਾਗਿਰਦ ਬਣਾਇਆ ਤੇ ਉਨ੍ਹਾਂ ਨੂੰ ਉੱਚੀਆਂ ਪਦਵੀਆਂ ਉੱਪਰ ਬੈਠਣ ਲਈ ਪ੍ਰੇਰਿਤ ਕੀਤਾ, ਸੁਕਰਾਤ ਦੀ ਸੰਗਤ ਵਿਚ ਆ ਕੇ ਵੰਡਿਆਂ ਘਰਾਂ ਤੇ ਰੁਤਬਿਆਂ ਦੇ ਕਈ ਇਛੁੱਕ ਗਿਆਨ-ਦਰਸ਼ਨ ਵੱਲ ਖਿੱਚੇ ਗਏ। ਪਲੇਟੇ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ। ਅਮੀਰ ਘਰਾਣੇ ਵਿਚ ਜੰਮਿਆ ਪਲੈਟੋ ਇਕ ਰਾਜਨੀਤੀਵਾਨ ਬਣਕੇ ਜ਼ਿੰਦਗੀ ਗੁਜ਼ਾਰਨੀ ਚਾਹੁੰਦਾ ਸੀ ਪਰ ਸੁਕਰਾਤ ਦੇ ਸੰਪਰਕ ਵਿਚ ਆ ਕੇ ਉਹ ਦਰਸ਼ਨ ਦਾ ਪੱਕਾ ਪਾਂਧੀ ਬਣਿਆ। ਐਸੇ ਹੋਰ ਵੀ ਸੈਂਕੜੇ ਨੌਜਵਾਨ ਸਨ ਜੋ ਧਾਰਮਿਕ ਜਾਂ ਰਾਜਨੀਤਿਕ ਵਿਚਾਰਾਂ ਬਾਰੇ ਜਾਨਣ/ਸਮਝਣ ਲਈ ਸੁਕਰਾਤ ਕੌਲ ਆਏ ਤੇ ਇਨ੍ਹਾਂ ਸੰਕਲਪਾਂ ਪ੍ਰਤੀ ਸਖਤ ਆਲੋਚਨਾਤਮਕ ਰਵੱਈਏ ਦੇ ਧਾਰਨੀ ਹੋ ਗਏ। ਉਸਨੇ ਗਿਆਨ ਦੀ ਭਾਵਨਾ ਅਤੇ ਗਿਆਨ ਦੇ ਪਖੰਡ ਨੂੰ ਸਵਾਲਾਂ ਰਾਹੀਂ ਖੁਰਚ-ਖੁਰਚ ਕੇ ਮਨੁੱਖੀ ਹੋਂਦ ਵਿੱਚੋਂ ਬਾਹਰ ਕੀਤਾ ਤੇ ਗਿਆਨ ਨੂੰ ਰਟਣ ਦੀ ਥਾਂ ਮਹਿਸੂਸ ਕਰਨ ਦੀ ਭਾਵਨਾ ਜਾਗ੍ਰਿਤ ਕੀਤੀ। ਪਲੈਟੋ ਦੇ ਇਕ ਸੰਵਾਦ ਵਿਚ
ਸੁਕਰਾਤ ਇਕ ਜਗ੍ਹਾ ਕਹਿੰਦਾ ਵੀ ਹੈ:
ਆਖਿਰ ਅਜਿਹੀ ਕੀ ਗੱਲ ਸੀ ਕਿ ਲੋਕ ਮੇਰੇ ਨਾਲ ਸਮਾਂ ਬਿਤਾਉਣਾ ਪਸੰਦ ਕਰਦੇ ਸਨ। ਏਥਨਜ਼ ਵਾਸੀਓ, ਤੁਸੀਂ ਸੁਣ ਹੀ ਚੁੱਕੇ ਹੋ ਇਸਦਾ ਕਾਰਨ। ਉਸ ਵੇਲੇ ਮੈਂ ਪੂਰਾ ਸੋਚ ਖੋਲ੍ਹ ਕੇ ਰੱਖ ਦਿੱਤਾ ਸੀ ਜਦੋਂ ਤੁਹਾਨੂੰ ਦੱਸਿਆ ਸੀ ਕਿ ਇਹ ਲੋਕ ਅਜਿਹੇ ਲੋਕਾਂ ਨੂੰ ਕਸੌਟੀ ਤੇ ਪਰਖੇ ਜਾਂਦੇ ਦੇਖ ਕੇ ਖ਼ੁਸ਼ ਹੁੰਦੇ ਹਨ ਜੋ ਖ਼ੁਦ ਨੂੰ ਗਿਆਨੀ ਕਹਿੰਦੇ ਹਨ, ਪਰ ਅਸਲ ਵਿਚ ਗਿਆਨੀ ਹਨ ਹੀ ਨਹੀਂ। ਕੋਈ ਸ਼ੱਕ ਨਹੀਂ ਕਿ ਅਜਿਹੀ ਗੋਲਬਾਤ ਮਨੋਰੰਜਰ ਹੁੰਦੀ ਹੈ।
ਸੁਕਰਾਤ ਤੋਂ ਪੂਰਬਲੇ ਦਰਸ਼ਨ ਦੀ ਬਹੁਤੀ ਬਹਿਸ ਇਸ ਗੱਲ 'ਤੇ ਕੇਂਦਰਿਤ ਰਹੀ ਸੀ ਕਿ ਇਸ ਸੰਸਾਰ ਦਾ ਨਿਰਮਾਣ ਕਿਹੜੇ ਤੱਤਾਂ ਤੋਂ ਹੋਇਆ ਹੈ। ਕੁਦਰਤ ਦੇ ਤੱਤਾਂ ਵਿੱਚੋਂ ਕਿਸੇ ਇਕ ਜਿਵੇਂ ਹਵਾ, ਅਗਨੀ, ਧਰਤੀ ਆਦਿ 'ਤੇ ਜ਼ੋਰ ਦੇ ਕੇ ਦਾਰਸ਼ਨਿਕ ਉਸਦੀ ਪ੍ਰੋੜਤਾ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਸਨ। ਇਸ ਲਈ ਵੱਖ-ਵੱਖ ਸੰਪਰਦਾਵਾਂ ਨੇ ਵੱਖ-ਵੱਖ ਤੱਤਾਂ ਉੱਪਰ ਜ਼ੋਰ ਦਿੱਤਾ ਤੇ ਨਾਲ ਹੀ ਇਨ੍ਹਾਂ ਤੱਤਾਂ ਨੂੰ ਦੇਵਤਿਆਂ ਵਜੋਂ ਵੀ ਸਥਾਪਿਤ ਕੀਤਾ। ਸੁਕਰਾਤ ਦੀ ਦਰਸ਼ਨ ਵਿਧੀ ਜਦੋਂ ਸੰਸਾਰ ਦੀ ਹੋਂਦ ਤੇ ਵਿਗਾਸ ਸੰਬੰਧੀ ਤੱਤਾਂ ਵਾਲੀਆਂ ਪੁਰਾਣੀਆਂ ਧਾਰਨਾਵਾਂ ਦੇ ਵਿਸ਼ਲੇਸ਼ਣ 'ਤੇ ਕੇਂਦਰਿਤ ਹੁੰਦੀ ਹੈ ਤਾਂ ਓਪਰੀ ਨਜ਼ਰੇ ਉਹ ਨਿੰਦਾ ਵਾਲੀ ਜਾਪਦੀ ਹੈ। ਉਹ ਦੇਵਤਿਆਂ ਨਾਲ ਸੰਬੰਧਿਤ ਮਨੁੱਖੀ ਧਾਰਨਾਵਾਂ ਨੂੰ ਚੁਣੌਤੀ ਦੇ ਰਿਹਾ ਪ੍ਰਤੀਤ ਹੁੰਦਾ ਹੈ। ਸੁਕਰਾਤ ਨੇ ਗਿਆਨ ਦੇ ਮਹਿਸੂਸ ਕਰਨ ਨੂੰ ਸ਼ੁੱਧ ਭਾਵਨਾ ਕਿਹਾ ਤੇ ਉਸਦੇ ਪ੍ਰਗਟਾਅ ਜਾਂ ਅਭਿਵਿਅਕਤੀ ਨੂੰ ਪਰਿਭਾਸ਼ਾ ਕਿਹਾ। ਦੇਵੀ-ਸੰਕਲਪਾਂ ਨੂੰ ਵਿਸ਼ੇਸ਼ ਲੋਕਾਂ ਦੇ ਹਿਤਾਂ ਵਿਚ ਭੁਗਤਦੀਆਂ ਪਰਿਭਾਸ਼ਾਵਾਂ ਕਹਿ ਕੇ ਉਨ੍ਹਾਂ ਨੂੰ ਨਵਿਆਉਣ ਦੀ ਲੋੜ 'ਤੇ ਉਸਨੇ ਜ਼ੋਰ ਦਿੱਤਾ। ਯੂਨਾਨੀ ਸਮਾਜ ਦੇ ਵਿਹਲੜ ਵਰਗ ਨੇ ਇਸ ਤਰ੍ਹਾਂ ਦੇ ਅੰਧ-ਵਿਸ਼ਵਾਸ ਨੂੰ ਸਾਧਾਰਣ ਯੂਨਾਨੀ ਲੋਕਾਂ ਤੱਕ ਪ੍ਰਸਾਰਿਤ ਕੀਤਾ ਸੀ। ਉਸ ਵਰਗ ਲਈ ਇਹ ਗੱਲ ਬੜੀ ਅਸਹਿ ਸੀ ਕਿ ਕੋਈ ਇਸ ਸਾਰੀ ਧਾਰਨਾ ਨੂੰ ਕੇਵਲ ਪਰਿਭਾਸ਼ਾ ਕਹਿ ਕੇ ਚੰਦ ਕਰ ਦੇਵੇ। ਸੁਕਰਾਤ ਨੇ ਗਿਆਨ ਦੀ ਦੇਵੀ ਹੋਂਦ ਤੋਂ ਇਨਕਾਰ ਕਰ ਦਿੱਤਾ ਤੇ ਗਿਆਨ ਦੁਆਰਾ ਉਤਪਾਦਿਤ ਸਿੱਟਿਆਂ ਨੂੰ ਕੇਵਲ ਪਰਿਭਾਸ਼ਾਵਾਂ ਕਿਹਾ। ਇਨ੍ਹਾਂ ਪਰਿਭਾਸ਼ਾਵਾਂ ਅੱਗੇ ਸਿਰ ਝੁਕਾ ਕੇ ਉਨ੍ਹਾਂ ਨੂੰ ਮਾਨਤਾ ਦੇਣ ਜਾਂ ਸਵੀਕਾਰ ਕਰਨ ਦੀ ਥਾਂ ਉਨ੍ਹਾਂ ਨਾਲ ਸੰਵਾਦ ਰਚਾਇਆ ਜਾਵੇ ਤੇ ਉਨ੍ਹਾਂ ਪਰਿਭਾਸ਼ਾਵਾਂ ਨੂੰ ਐਬ-ਮੁਕਤ ਕੀਤਾ ਜਾਵੇ, ਇਹੀ ਸੁਕਰਾਤ ਦੀ ਮੇਸ਼ਾ ਵੀ ਹੈ ਤੇ ਦਰਸ਼ਨ ਦਾ ਆਧਾਰ ਵੀ। ਸੁਕਰਾਤ ਨੇ ਮਨੁੱਖ ਦੇ ਮਹੱਤਵ ਨੂੰ ਹੋਰ ਪੱਕਿਆਂ ਕਰਨ ਲਈ ਆਤਮਾ ਨੂੰ ਸਥਾਈ ਤੱਤ ਕਿਹਾ ਤੇ ਨਾਲ ਹੀ ਆਤਮਾ ਦੀ ਸਦੀਵਤਾ ਦੀ ਗੱਲ ਕੀਤੀ। ਕੁਝ ਕੁ ਲੁਕਵੇਂ ਜਿਹੇ ਸ਼ਬਦਾਂ ਵਿਚ ਉਸਨੇ ਆਤਮਾ ਦੀ ਸਦੀਵਤਾ ਜਾਂ ਅਮਰਤਾ ਦੀ ਵਿਆਖਿਆ ਕਰਦਿਆਂ ਪੁਨਰ-ਜਨਮ ਦੇ ਹੱਕ ਦੀ ਗੱਲ ਵੀ ਕੀਤੀ। ਜਾਨ ਬਰਨੇਟ ਇਸ ਸੰਬੰਧ ਵਿਚ ਸੁਕਰਾਤ ਨੂੰ ਅਧਿਆਤਮਕ ਹੋਣ ਤੋਂ ਬਰੀ ਕਰਦਿਆਂ ਉਸ ਵਲੋਂ ਪੇਸ਼ ਆਤਮਾ ਦੇ ਸੰਕਲਪ ਨੂੰ ਨੈਤਿਕ/ਸਦਾਚਾਰਕ ਜੁਆਬਦੇਹੀ ਆਖਦਾ ਹੈ ਤੇ ਇਸਦੀ ਸਦੀਵਤਾ ਤੋਂ ਭਾਵ ਹਰ ਯੁਗ ਵਿਚ ਮਨੁੱਖੀ ਗਿਆਨ ਨਾਲ ਨੈਤਿਕਤਾਵਾਂ ਨੂੰ ਸੰਬੰਧਿਤ ਕਰਨ ਦੀ ਸੁਕਰਾਤ ਦੀ ਵਿਧੀ ਕਹਿੰਦਾ ਹੈ। ਪਰ ਜੇਕਰ ਇਸ ਤਰ੍ਹਾਂ ਨਾ ਵੀ ਸੋਚਿਆ ਜਾਵੇ ਤਾਂ ਵੀ ਕਿਹਾ ਜਾ ਸਕਦਾ ਹੈ ਕਿ ਸੁਕਰਾਤ ਦੀਆਂ ਉਪਰੋਕਤ ਧਾਰਨਾਵਾਂ ਤਤਕਾਲੀ ਯੂਨਾਨੀ ਦਰਸ਼ਨ ਵਿਚ ਨਵੇਂ
ਪਸਾਰ ਜੋੜਨ ਵਾਲੀਆਂ ਸਨ। ਉਸਨੇ ਕਿਹਾ ਕਿ ਜੋ ਵਿਅਕਤੀ ਦਰਸ਼ਨ/ਗਿਆਨ ਦੇ ਸਾਥ ਰਾਹੀਂ ਆਪਣੇ-ਆਪ ਨੂੰ ਸਦੀਵਤਾ ਨਾਲ ਜੋੜ ਲੈਂਦਾ ਹੈ, ਉਹ ਆਪਣੇ ਜੀਵਨ-ਕਾਲ ਦੌਰਾਨ ਹੀ ਮੌਤ ਦਾ ਅਨੁਭਵ ਕਰ ਲੈਂਦਾ ਹੈ ਤੇ ਸੰਸਾਰ ਵਿਚ ਰਹਿ ਕੇ ਗਿਆਨ ਦੀ ਸਥਿਤੀ ਦੀ ਪ੍ਰਾਪਤੀ ਕਰ ਲੈਂਦਾ ਹੈ।
ਸੁਕਰਾਤ ਦੀ ਦਰਸ਼ਨ ਵਿਧੀ ਰਹੱਸਵਾਦੀ ਭਾਂਤ ਦੀ ਹੈ। ਉਸਨੇ ਵਿਚਾਰਾਂ ਨੂੰ ਗਿਆਨ ਦਾ ਆਧਾਰ ਕਿਹਾ ਤੇ ਵਿਚਾਰਾਂ ਦੀ ਨਿਰਮਾਣਕਾਰੀ ਬਾਰੇ ਨਿੱਠ ਕੇ ਅਧਿਐਨ ਕੀਤਾ। ਇੱਥੋਂ ਤਕ ਕਿ ਗਿਆਨ ਉਸ ਲਈ ਸਵੈ ਦੀ ਆਜ਼ਾਦੀ ਲਈ ਕੀਤਾ ਜਾਣ ਵਾਲਾ ਬੌਧਿਕ ਅਭਿਆਸ ਸੀ। ਸਵੈ ਦੀ ਆਜ਼ਾਦੀ ਲਈ ਜੂਝਣ ਤੋਂ ਪਹਿਲਾਂ ਉਹ ਗੁਲਾਮੀ ਤੋਂ ਜਾਣੂ ਹੋਣ ਲਈ ਸੁਚੇਤ ਕਰਦਾ ਹੈ। ਇਸ ਨਜ਼ਰੀਏ ਤੋਂ ਸੁਕਰਾਤ ਸੰਸਾਰ ਨੂੰ ਪਰਿਭਾਸ਼ਾਵਾਂ ਦਾ ਸੰਗ੍ਰਹਿ ਕਹਿੰਦਾ ਹੈ। ਨਾਲ ਹੀ ਉਹ ਪਰਿਭਾਸ਼ਾਵਾਂ ਨੂੰ ਅਦਲਾ-ਬਦਲੀ ਦੇ ਵਿਚਾਰਾਂ ਦਾ ਵਾਹਕ ਵੀ ਮੰਨਦਾ ਹੈ। ਉਸਨੇ ਪਰਿਭਾਸ਼ਾ ਦੇ ਪ੍ਰਤੱਖਣ ਤੱਕ ਦੇ ਅਮਲ ਨੂੰ ਆਪਣੇ ਵਿਚਾਰ-ਵਟਾਂਦਰੇ ਵਿਚ ਸ਼ਾਮਿਲ ਕੀਤਾ। ਕਿਸੇ ਚੀਜ਼ ਦਾ ਸਾਕਾਰ ਰੂਪ ਦੇਖਣਾ ਉਸਦੀ ਪਰਿਭਾਸ਼ਾ ਰਾਹੀਂ ਦੇਖਣ ਵਾਲੇ ਤੱਕ ਗਿਆਨ ਪਹੁੰਚਾਉਂਦਾ ਹੈ। ਪਰ ਜਦੋਂ ਉਹ ਅੱਖਾਂ ਬੰਦ ਕਰਕੇ ਉਸੇ ਵਸਤੂ ਨੂੰ ਕਲਪਦਾ ਹੈ ਤਾਂ ਉਸਦਾ ਪ੍ਰਤੱਖਣ ਕਰਦਾ ਹੈ। ਇਸ ਤੋਂ ਬਿਨਾਂ ਕੋਈ ਵਿਅਕਤੀ ਜਦੋਂ ਕਿਸੇ ਵਸਤੂ ਦੇ ਵਿਹਾਰ, ਕਿਰਦਾਰ ਜਾਂ ਉਸਦੀ ਜਾਤੀ ਦੇ ਪ੍ਰਗਟਾਵੇ ਦੀ ਕਲਪਨਾ ਕਰਦਾ ਹੈ ਤਾਂ ਉਹ ਸਥਾਪਿਤ ਪਰਿਭਾਸ਼ਾ ਦੇ ਘੇਰੇ ਤੋਂ ਬਾਹਰ ਦੇਖ ਰਿਹਾ ਹੁੰਦਾ ਹੈ। ਉਸ ਨੇ ਕਿਹਾ ਕਿ ਪਰਿਭਾਸ਼ਾ ਤਾਂ ਸੋਖੀ ਕਿਰਿਆ ਹੈ ਜੋ ਸੂਚਨਾ ਰਾਹੀਂ ਸਾਡੇ ਗਿਆਨ ਭਾਵਾਂ ਨੂੰ ਸ਼ਾਂਤ ਕਰਦੀ ਹੈ ਤੇ ਕਿਸੇ ਵਸਤੂ ਦੇ ਸਾਰ ਨੂੰ ਪ੍ਰਗਟਾਉਂਦੀ ਵੀ ਹੈ। ਉਸਨੇ ਪ੍ਰਤੱਖਣ ਤੇ ਪਰਿਭਾਸ਼ਾ ਨੂੰ ਨੇੜਿਓਂ ਸੰਬੰਧਿਤ ਮੰਨਿਆ ਪਰ ਪ੍ਰਰੱਖਣ ਨੂੰ ਗਿਆਨ ਦਾ ਰਸਤਾ ਕਿਹਾ। ਇਸਦੀ ਉਦਾਹਰਣ 'ਸਿੰਪੋਜ਼ੀਅਮ' ਨਾਮੀ ਸੰਵਾਦ ਵਿਚ ਸੁਕਰਾਤ ਤਿਕੋਨ ਦੇ ਹਵਾਲੇ ਨਾਲ ਦਿੰਦਾ ਹੈ:
ਜਿਵੇਂ ਤਿਕੋਨ ਦੀ ਪਰਿਭਾਸ਼ਾ ਨਿਸ਼ਚਿਤ ਹੋ ਜਾਂਦੀ ਹੈ ਕਿ ਇਹ ਤਿੰਨ ਭੁਜਾਵਾਂ ਵਾਲਾ ਰੂਪ ਹੈ, ਇਹ ਪ੍ਰਤੱਖਣ ਨੂੰ ਪ੍ਰਭਾਵਿਤ ਕਰਦੀ ਹੈ ਤੇ ਕਿਸੇ ਨੂੰ ਇਹ ਕਹਿਣ ਦੀ ਆਗਿਆ ਨਹੀਂ ਦਿੰਦੀ ਕਿ ਉਸਦੇ ਵਿਚਾਰ ਵਿਚ ਚਾਰ-ਭੁਜਾਵਾਂ ਵਾਲੀ ਅਕ੍ਰਿਤੀ ਤਿਕੋਨ ਹੈ। ਇਸੇ ਤਰ੍ਹਾਂ ਜੇਕਰ ਸੱਚ, ਨਿਆਂ, ਧਰਮ, ਨੈਤਿਕਤਾ, ਬਹਾਦਰੀ ਆਦਿ ਦੀ ਪਰਿਭਾਸ਼ਾ ਤੈਅ ਕਰਨ ਤੋਂ ਬਾਅਦ ਕੋਈ ਆਜ਼ਾਦੀ ਨਾਲ ਇਨ੍ਹਾਂ ਤੋਂ ਬਾਹਰ ਜਾਣ ਬਾਰੇ ਨਹੀਂ ਸੋਚਦਾ। ਤੁਸੀਂ ਕੁਝ ਵੀ ਸੋਚੋ ਮੈਂ ਤਾਂ ਇਸਨੂੰ ਧਰਮ ਹੀ ਕਹਾਂਗਾ।
ਉਸਨੇ ਨੌਜਵਾਨਾਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਸਭ ਤੋਂ ਪਹਿਲਾਂ
ਪਰਿਭਾਸ਼ਾਵਾਂ ਘੜੇ ਜਾਣ ਦੇ ਅਮਲ ਤੋਂ ਵਾਕਿਫ਼ ਹੋਣ। ਉਸ ਤੋਂ ਬਾਅਦ ਨਿਆਂ, ਧਰਮ, ਸੱਚ ਤੇ ਸਦਾਚਾਰ ਆਦਿ ਬਾਰੇ ਗਿਆਨ ਹਾਸਿਲ ਕਰ ਸਕਣਗੇ। ਇਸ ਸੰਬੰਧ ਵਿਚ ਉਹ ਬਣੇ-ਬਣਾਏ ਵਿਚਾਰਾਂ ਨਾਲ ਜੱਦੋ-ਜਹਿਦ ਲਈ ਸਾਹਮਣੇ ਵਾਲੇ ਨੂੰ ਕਿਵੇਂ ਮਜਬੂਰ ਕਰ ਦਿੰਦਾ ਸੀ ਇਸ ਦੀ ਉਦਾਹਰਣ ਜ਼ੀਨੋਫੋਨ ਦੇ ਸੰਵਾਦ 'ਮੇਮੋਰੇਬਿਲੀਆ' ਵਿੱਚੋਂ ਦੇਖੀ ਜਾ ਸਕਦੀ ਹੈ। ਇਹ ਸੰਵਾਦ ਸੁਕਰਾਤ ਅਤੇ ਇਕ ਨੌਜਵਾਨ ਰਾਜਨੀਤੀਵਾਦ-ਚਿੰਤਕ ਯੂਥਾਈਡੇਮਸ ਵਿਚਕਾਰ ਹੁੰਦਾ ਹੈ। ਸੁਕਰਾਤ ਉਸਨੂੰ ਕਹਿੰਦਾ ਹੈ:
"ਰਾਜਨੀਤੀਵਾਨ ਬਣਨ ਤੋਂ ਪਹਿਲਾਂ ਹਰ ਕਿਸੇ ਨੂੰ ਨਿਆਂ ਕਰਨ ਵਾਲਾ ਬਣਨਾ ਚਾਹੀਦਾ ਹੈ।" ਯੂਥਾਈਡੇਮਸ ਜਵਾਬ ਵਿਚ ਕਹਿੰਦਾ ਹੈ, "ਬਿਲਕੁਲ ਨਿਆਂ ਕਰਨ ਵਾਲਾ ਤਾਂ ਹੋਣਾ ਹੀ ਪਵੇਗਾ।"
ਸੁਕਰਾਤ ਫਿਰ ਸਵਾਲ ਪੁੱਛਦਾ ਹੈ, "ਫਿਰ ਤਾਂ ਇਹ ਜਾਨਣਾ ਵੀ ਜ਼ਰੂਰੀ
ਹੈ ਕਿ ਕਿਹੜੇ ਕੰਮ ਨਿਆਂ ਦੇ ਤੇ ਕਿਹੜੇ ਅਨਿਆਂ ਦੇ ਖਾਤੇ ਵਿਚ ਆਉਣਗੇ?"
ਯੂਥਾਈਡੇਮਸ ਅਨਿਆਂ ਤਹਿਤ ਆਉਣ ਵਾਲੇ ਕੰਮ ਗਿਣਾਉਂਦਾ ਹੈ, "ਝੂਠ ਬੋਲਣਾ, ਧੋਖਾ ਦੇਣਾ, ਚੋਰੀ ਕਰਨਾ ਆਦਿ ਸਜ਼ਾਯੋਗ ਕੰਮ ਹਨ।"
ਸੁਕਰਾਤ ਦਾ ਅਗਲਾ ਸਵਾਲ, "ਵਿਰੋਧੀ ਨੂੰ ਧੋਖਾ ਦੇਣਾ ਜਾਂ ਝੂਠ ਬੋਲਣਾ ਸੱਚ ਹੈ ਜਾਂ ਅਨਿਆਂਪੂਰਣ ਕੰਮ?"
ਇਕ ਪਲ ਸੋਚ ਕੇ ਨੌਜਵਾਨ ਨੇ ਕਿਹਾ, "ਵਿਰੋਧੀ ਨੂੰ ਧੋਖਾ ਦੇਣਾ ਗਲਤ ਨਹੀਂ, ਪਰ ਮਿੱਤਰ ਨਾਲ ਝੂਠ ਬੋਲਣਾ ਅਨਿਆਂ ਹੈ।"
ਸੁਕਰਾਤ ਪੁੱਛਦਾ ਹੈ, "ਕਿਸੇ ਸੈਨਾਪਤੀ ਵਲੋਂ ਆਪਣੀ ਫੌਜ ਦੇ ਮਨੋਬਲ ਨੂੰ ਬਣਾਈ ਰੱਖਣ ਲਈ ਇਹ ਝੂਠ ਬੋਲਣਾ ਕਿ ਸਾਡੀ ਇਮਦਾਦ ਆ ਰਹੀ ਹੈ, ਇਹ ਕੈਸਾ ਕਾਰਜ ਹੋਵੇਗਾ?"
ਯੂਥਾਈਮੇਡਸ ਨੇ ਕਿਹਾ, "ਇਹ ਬਿਲਕੁਲ ਸਹੀ ਹੈ, ਇਸਨੂੰ ਅਨਿਆਂ ਨਹੀਂ ਕਿਹਾ ਜਾ ਸਕਦਾ।"
ਸੁਕਰਾਤ ਫਿਰ ਪੁੱਛਦਾ ਹੈ, “ਕਿਸੇ ਬੱਚੇ ਦੇ ਕੌੜੀ ਦਵਾਈ ਖਾਣ ਤੋਂ ਇਨਕਾਰ ਕਰਨ 'ਤੇ ਪਿਤਾ ਵੱਲੋਂ ਉਸਦੇ ਖਾਣੇ ਵਿਚ ਮਿਲਾ ਦੇਣੀ ਜਾਂ ਕਿਸੇ ਪਾਗਲ ਮਿੱਤਰ ਕੋਲੋਂ ਉਸਦੀ ਤਲਵਾਰ ਲੁਕੋ ਲੈਣੀ ਤਾਂ ਜੋ ਉਹ ਖ਼ੁਦਕੁਸ਼ੀ ਨਾ ਕਰ ਲਵੇ, ਇਹ ਧੋਖਾ ਹੈ ਜਾਂ ਨਹੀਂ?""
ਯੂਥਾਈਮੇਡਸ ਲਾਜਵਾਬ ਹੋ ਗਿਆ। ਸੁਕਰਾਤ ਇਸ ਵਿਧੀ ਨਾਲ ਪਰਿਭਾਸ਼ਾਵਾਂ ਦੀ ਨਿਸ਼ਚਿਤਤਾ ਬਾਰੇ ਸਵਾਲ ਖੜ੍ਹੇ ਕਰਦਾ ਜਾਂਦਾ ਹੈ। ਉਸਨੇ ਕਿਸੇ ਵੀ ਵਰਤਾਰੇ ਦੇ ਅਰਧ-ਸੱਚ ਦੇ ਨਾਲ-ਨਾਲ ਪਰਿਭਾਸ਼ਾਵਾਂ ਦੇ ਸਮਾਂ-ਸਥਾਨ
ਪ੍ਰਸੰਗ ਨੂੰ ਵੀ ਅਹਿਮ ਕਿਹਾ। ਉਹ ਵਿਚਾਰਾਂ ਦੀ ਸਪੱਸ਼ਟਤਾ ਲਈ ਨਵੀਆਂ ਪਰਿਭਾਸ਼ਾਵਾਂ ਘੜਨ ਵਿਚ ਰੁੱਝਾ ਰਿਹਾ। ਸੁਕਰਾਤ ਵੱਲੋਂ ਪੈਦਾ ਕੀਤੀ ਨਵੀਆਂ ਪਰਿਭਾਸ਼ਾਵਾਂ ਦੀ ਇਸ ਵਿਧੀ ਦੇ ਆਧਾਰ 'ਤੇ ਹੀ ਪਲੈਟੋ ਨੇ ਪ੍ਰਤੱਖਣ ਦਾ ਨਵਾਂ ਸਿਧਾਂਤ ਘੜਿਆ। ਇਸ ਸਿਧਾਂਤ ਅਨੁਸਾਰ ਪਲੈਟੋ ਹਰ ਭੌਤਿਕ ਵਸਤੂ ਨੂੰ ਅਧੂਰਾ ਸੱਚ ਕਹਿੰਦਾ ਹੈ। ਅੱਧਾ ਸੱਚ ਉਸਦੀ ਪਰਿਭਾਸ਼ਾ ਦੇ ਰੂਪ ਵਿਚ ਪਿਆ ਹੁੰਦਾ ਹੈ ਜਿਸ ਵਿਚ ਉਸਦਾ ਪ੍ਰਤੱਖਣ ਸ਼ਾਮਿਲ ਹੁੰਦਾ ਹੈ।
ਸੁਕਰਾਤ ਦੇ ਦਰਸ਼ਨ ਵਿਚ ਮਨ, ਸਰੀਰ ਤੇ ਆਤਮਾ ਬਾਰੇ ਬਹੁਤ ਗੰਭੀਰ ਚਿੰਤਨ ਮਿਲਦਾ ਹੈ। ਯੂਨਾਨੀ ਦਰਸ਼ਨ ਵਿਚ ਮਿਲਦੇ ਸੰਸਾਰ ਦੇ ਮੂਲ ਬਾਰੇ ਚਿੰਤਨ ਦੀ ਥਾਂ ਸੁਕਰਾਤ ਨੇ ਸਵੈ ਦੇ ਮੂਲ ਭਾਵ ਆਤਮਾ ਦੇ ਅਸਲ ਸਰੂਪ ਦੇ ਗਿਆਨ ਨੂੰ ਆਪਣੇ ਦਰਸ਼ਨ ਦੇ ਕੇਂਦਰ ਵਿਚ ਟਿਕਾਇਆ। ਉਸ ਦੇ ਕਿਰਦਾਰ ਵਜੋਂ ਪੇਸ਼ ਹੋਏ ਸੁਕਰਾਤ ਦੀ ਭਾਰੂ ਚੇਤਨਾ ਵਿਚ ਇਹ ਗੱਲ ਪਈ ਹੈ ਕਿ 'ਕਿਵੇਂ ਜੀਵਿਆ ਜਾਣਾ ਚਾਹੀਦਾ ਹੈ?' ਵਿਸ਼ੇਸ਼ ਤੌਰ 'ਤੇ ਯੂਥਾਈਫਰੋ, ਲੈਚੀਜ਼ ਅਤੇ ਚਾਰਮੀਡੀਜ਼ ਨਾਂ ਦੇ ਸੰਵਾਦਾਂ ਵਿਚ ਉਹ ਮਨੁੱਖ ਦੇ ਸਵੈ ਦੀ ਪਰਿਭਾਸ਼ਾ ਨੂੰ ਵੀ ਨਵੇਂ ਪ੍ਰਤੱਖਣ ਨਾਲ ਜੋੜਨ ਲਈ ਪ੍ਰੇਰਿਤ ਕਰਦਾ ਹੈ। ਮਨ, ਸਰੀਰ ਤੇ ਆਤਮਾ ਦੇ ਚਿੰਤਨ ਦੇ ਕੇਂਦਰ ਵਿਚ ਆਉਣ ਨਾਲ ਉੱਤਰਵਰਤੀ ਦਰਸ਼ਨ ਨਵੀਂ ਦਿਸ਼ਾ ਵੱਲ ਤੁਰਿਆ। ਸੁਕਰਾਤ ਵੱਲੋਂ ਪੇਸ਼ ਆਤਮਾ ਦੀ ਕੇਂਦਰੀ ਧੁਨੀ ਉਦੋਂ ਤੋਂ ਲੈ ਕੇ ਯੂਰਪ ਦੇ ਸਮੁੱਚੇ ਚਿੰਤਨ ਦਾ ਕੇਂਦਰ-ਬਿੰਦੂ ਰਹੀ ਹੈ।' ਉਸ ਤੋਂ ਪਹਿਲਾਂ ਦੇ ਚਿੰਤਨ ਵਿਚ ਮਨੁੱਖੀ ਆਤਮਾ ਸੰਬੰਧੀ ਵਿਚਾਰ ਕਰਦਿਆਂ ਆਦਰਸ਼ਵਾਦ ਭਾਰੂ ਸੀ। ਮਨੁੱਖੀ ਹੋਂਦ ਨੂੰ ਦੈਵੀ ਤੱਤ ਮੰਨਿਆ ਗਿਆ ਸੀ ਜੋ ਧਰਤੀ ਉੱਪਰ ਜਿਸਮ ਦੀ ਕਾਲ-ਕੋਠੜੀ ਵਿਚ ਕੈਦ ਹੈ। ਸਰੀਰ ਆਤਮਾ ਦਾ ਪਿੰਜਰਾ ਹੈ ਤੇ ਮਨੁੱਖੀ ਹੋਂਦ ਉਦੇਸ਼ ਇਸ ਕੈਦ ਵਿੱਚੋਂ ਬੰਦ-ਖਲਾਸ ਹੋਣਾ ਹੈ। ਸੁਕਰਾਤ ਵੀ ਭਾਵੇਂ ਆਤਮਾ ਦੀ ਸਰੀਰ ਤੋਂ ਨਿਰਲੇਪਤਾ ਤੋਂ ਇਨਕਾਰੀ ਤਾਂ ਨਹੀਂ ਸੀ, ਪਰ ਉਸਨੇ ਇਸ ਪੱਖ 'ਤੇ ਗੰਭੀਰ ਚਿੰਤਨ ਕੀਤਾ। ਉਸਨੇ ਸਰੀਰ ਨੂੰ ਆਤਮਾ ਦਾ ਪਿੰਜਰਾ ਨਹੀਂ ਬਲਕਿ ਆਤਮਾ ਦਾ ਅਸਲ ਨਿਰਧਾਰਨ ਕਰਨ ਵਾਲਾ ਤੱਤ ਕਿਹਾ। ਮਨ ਨੂੰ ਉਸਨੇ ਸਰੀਰ ਤੇ ਆਤਮਾ ਦੇ ਵਿਚਕਾਰਲਾ ਕੋਈ ਬਿੰਦੂ ਕਿਹਾ ਜੋ ਸਰੀਰ ਉੱਪਰ ਕਾਬੂ ਪਾਉਣ ਦੀ ਸ਼ਕਤੀ ਹੈ। ਸੁਕਰਾਤ ਦੇ ਚਿੰਤਨ ਵਿਚ ਨੈਤਿਕਤਾ ਦਾ ਜੋ ਵੀ ਵਿਧਾਨ ਹੈ ਉਹ ਆਤਮਾ ਦੇ ਸਹੀ-ਗਲਤ ਦੇ ਪੈਮਾਨਿਆਂ ਦੇ ਅਨੁਸਾਰ ਹੀ ਦਿਸ਼ਾ ਅਖਤਿਆਰ ਕਰਦਾ ਹੈ। ਸਰੀਰ ਉਸ ਲਈ ਬੁਰਾਈ ਵੱਲ ਰੋਰਨ ਵਾਲਾ ਕਦਮ ਹੈ। ਪਰ ਇਸਦਾ ਅਰਥ ਇਹ ਹਰਗਿਜ਼ ਵੀ ਨਹੀਂ ਕਿ ਸਰੀਰ ਛੱਡ ਦੇਣਾ ਚਾਹੀਦਾ ਹੈ। ਵਿਸ਼ੇਸ਼ ਤੌਰ 'ਤੇ 'ਫੇਡੋ' ਨਾਂ ਦੇ ਸੰਵਾਦ ਵਿਚ ਸੁਕਰਾਤ ਆਪਣੇ ਅਨੁਯਾਈਆਂ ਨਾਲ ਮੌਤ ਸੰਬੰਧੀ ਚਿੰਤਨ ਕਰਦਾ ਹੈ। ਇਹ ਸੰਵਾਦ ਉਸਦੀ
ਮੌਤ ਤੋਂ ਕੁਝ ਸਮਾਂ ਪਹਿਲਾਂ ਦਾ ਹੈ। ਉਹ ਸਿਮਿਆਸ ਨਾਲ ਸਵਾਲ-ਜਵਾਬ ਵਿਚ ਪੈਂਦਾ ਹੈ। ਸਿਮਿਆਸ ਉਸ ਕੋਲੋਂ ਪੁੱਛਦਾ ਹੈ ਕਿ ਅਸਲੀ ਦਾਰਸ਼ਨਿਕ ਦਾ ਸੱਚਾ ਸੁੱਖ ਕੀ ਪਦਾਰਥਕ ਪ੍ਰਾਪਤੀਆਂ ਹਨ? ਸੁਕਰਾਤ ਜਵਾਬ ਦਿੰਦਾ ਹੈ:
ਮੈਨੂੰ ਲਗਦਾ ਹੈ ਅਸਲੀ ਦਾਰਸ਼ਨਿਕ ਇਨ੍ਹਾਂ ਨਾਲ (ਜੁੱਤੀਆਂ, ਕੱਪੜਿਆਂ ਤੇ ਗਹਿਣਿਆਂ ਨਾਲ) ਨਫ਼ਰਤ ਕਰੇਗਾ- - ਤੁਸੀਂ ਕੀ ਸਮਝਦੇ ਹੋ ਕਿ ਚਿੰਤਨ ਸਰੀਰ ਨਾਲ ਸੰਬੰਧਿਤ ਨਹੀਂ ਹੈ ?
ਪਰ ਜਿੱਥੇ ਤੱਕ ਸੰਭਵ ਹੋਵੇ ਦਾਰਸ਼ਨਿਕ ਸਰੀਰ ਵੱਲ ਨਹੀਂ ਆਤਮਾ ਵੱਲ ਕੇਂਦਰਿਤ ਹੁੰਦਾ ਹੈ। ਅਗਲੀ ਗੱਲ ਇਹ ਹੈ ਕਿ ਦਾਰਸ਼ਨਿਕ ਆਪਣੀ ਆਤਮਾ ਨੂੰ ਸਰੀਰ ਦੇ ਸੁੱਖਾਂ ਤੋਂ ਜਿੰਨਾ ਵੀ ਸੰਭਵ ਹੋਵੇ ਦੂਜਿਆਂ ਦੇ ਮੁਕਾਬਲੇ ਵੱਖਰੀ ਕਰ ਲੈਂਦਾ ਹੈ।"
ਉਸਨੇ ਸਰੀਰ ਨੂੰ ਆਤਮਾ ਦੀ ਪਰਿਭਾਸ਼ਾ ਕਿਹਾ ਜਿੱਥੇ ਆਤਮਾ ਪ੍ਰਤੱਖਣ ਕਰਦੀ ਰਹਿੰਦੀ ਹੈ। ਸਿਸਰੋ ਅਨੁਸਾਰ ਇਹ ਕਥਨ ਵਿਚਾਰਾਂ ਉੱਪਰ ਦੁਨਿਆਵੀ ਬੰਦਿਸ਼ ਦਾ ਪ੍ਰਤੀਕ ਹੈ। ਸੁਕਰਾਤ ਨੇ ਮੌਤ ਨੂੰ ਆਤਮਾ ਦੀ ਮੁਕਤੀ ਵੀ ਕਿਹਾ, ਪਰ ਨਾਲ ਹੀ ਉਸਨੇ ਜੀਵਨ ਦੀ ਉੱਚਤਾ ਤੋਂ ਇਨਕਾਰ ਨਹੀਂ ਕੀਤਾ। ਉਸਦੇ 'ਫੇਡੋ' ਸੰਵਾਦ ਵਿਚਲੇ ਮੌਤ ਸੰਬੰਧੀ ਚਿੰਤਨੀ ਕਥਨ ਵੀ ਜ਼ਿੰਦਗੀ ਨਾਲ ਓਤ-ਪੋਤ ਨਜ਼ਰ ਆਉਂਦੇ
ਹਨ:
ਸੁਕਰਾਤ ਦੇ ਮੁਕੱਦਮੇ ਸਮੇਂ ਉਸ ਉੱਪਰ ਨਾਸਤਿਕਤਾ ਫੈਲਾ ਕੇ ਸਮਾਜ ਨੂੰ ਗਲਤ ਦਿਸ਼ਾ ਵੱਲ ਲਿਜਾਣ ਦੇ ਦੋਸ਼ ਲੱਗੇ ਸਨ। ਉਸ ਬਾਰੇ ਕਿਹਾ ਗਿਆ ਕਿ ਉਸਨੇ ਦੇਵ-ਨਿੰਦਾ ਰਾਹੀਂ ਨੌਜਵਾਨਾਂ ਦੇ ਵਿਚਾਰਾਂ ਨੂੰ ਭੜਕਾਇਆ ਹੈ। ਸੁਕਰਾਤ ਦੇ ਸੰਵਾਦਾਂ ਵਿੱਚੋਂ ਉਸਦਾ ਚਰਿੱਤਰ ਐਸੇ ਦਾਰਸ਼ਨਿਕ ਵਜੋਂ ਉਭਰਦਾ ਹੈ ਜੋ ਹਰ ਤਰ੍ਹਾਂ ਦੇ ਪਾਖੰਡਾਂ ਦਾ ਵਿਰੋਧ ਕਰਦਾ ਹੈ। ਪਰ ਵਿਸ਼ਵ ਦੀ ਚਾਲਕ ਸ਼ਕਤੀ ਦੇ ਤੌਰ 'ਤੇ ਉਸ ਨੂੰ ਇਕ ਪਰਮ ਸੱਚ 'ਤੇ ਪੂਰਾ ਭਰੋਸਾ ਸੀ। ਉਹ ਉਸ ਸ਼ਕਤੀ ਨੂੰ ਉਸੇ ਤਰ੍ਹਾਂ
ਮੰਨਦਾ ਸੀ ਜਿਵੇਂ ਆਤਮਾ ਸਰੀਰ ਵਿਚ ਵਸਦੀ ਹੈ, ਦਿਖਾਈ ਨਹੀਂ ਦਿੰਦੀ ਪਰ ਸਰੀਰ ਨੂੰ ਸਹੀ ਤਰ੍ਹਾਂ ਚਲਾਉਂਦੀ ਆਤਮਾ ਹੀ ਹੈ। ਉਹ ਕਈ ਸੰਵਾਦਾਂ ਵਿਚ ਦੁਨੀਆਂ ਵਿਚ ਵਸਦੀ ਸੁੰਦਰਤਾ, ਪ੍ਰਬੰਧ, ਸੱਚ ਅਤੇ ਨੇਕੀ ਦਾ ਕਾਰਨ ਇਸੇ ਸੱਚ ਨੂੰ ਦਿੰਦਾ ਹੈ। ਇਸੇ ਯਕੀਨ ਦੇ ਸਿਰ 'ਤੇ ਉਸਨੇ ਆਪਣੇ ਮੁਕੱਦਮੇ ਦੌਰਾਨ ਹੌਸਲਾ ਬਣਾਈ ਰੱਖਿਆ। ਉਹ ਇਕ ਸੰਵਾਦ ਵਿਚ ਕਹਿੰਦਾ ਹੈ, "ਮੈਂ ਮੰਨਦਾ ਹਾਂ ਕਿ ਸੱਚ ਨੂੰ ਖੋਜ ਰਹੇ ਗਿਆਨੀਆਂ ਦੀ ਭਾਲ ਪਰਲੋਕ ਤੱਕ ਫੈਲਦੀ ਹੈ।" ਮੁਕੱਦਮੇ ਦੌਰਾਨ ਉਹ ਏਥਨਜ਼ ਵਾਸੀਆਂ ਨੂੰ ਸੰਬੋਧਤ ਹੋ ਕੇ ਕਹਿੰਦਾ ਹੈ, "ਮੇਰੇ ਖ਼ਿਆਲ ਅਨੁਸਾਰ ਸਭ ਤੋਂ ਵੱਡੀ ਬੁਰਾਈ ਪਰਮਾਤਮਾ ਦੀ ਉਲੰਘਣਾ ਹੈ। ਜੇ ਤੁਸੀਂ ਮੈਨੂੰ ਇਸ ਸ਼ਰਤ 'ਤੇ ਛੱਡ ਦਿਓ ਕਿ ਮੈਂ ਆਪਣੇ ਕੰਮ ਤੋਂ ਤੋਬਾ ਕਰ ਲਵਾਂ ਤਾਂ ਇਹ ਮੈਨੂੰ ਮਨਜ਼ੂਰ ਨਹੀਂ। ਮੈਂ ਆਖਰੀ ਸਾਹ ਤੱਕ ਪਰਮਾਤਮਾ ਵੱਲੋਂ ਦਰਸਾਏ ਫ਼ਰਜ਼ਾਂ ਦੀ ਪੂਰਤੀ ਕਰਦਾ ਰਹਾਂਗਾ।"
ਨੇਕੀ ਅਤੇ ਸਦਾਚਾਰ ਰਾਹੀਂ ਬਿਹਤਰ ਸਮਾਜ ਦੀ ਸਿਰਜਣਾ ਦਾ ਸੁਪਨਾ ਸੁਕਰਾਤ ਦੇ ਦਰਸ਼ਨ ਦਾ ਬਹੁਤ ਅਹਿਮ ਪੱਖ ਹੈ। 'ਮੇਨੋ' ਨਾਂ ਦਾ ਸੰਵਾਦ ਇਸ ਪੱਖ ਤੋਂ ਸੁਕਰਾਤ ਦੇ ਵਿਚਾਰਾਂ ਦਾ ਸ਼ੀਸ਼ਾ ਹੈ। ਉਸਨੇ ਨੇਕੀ/ਨੈਤਿਕ ਵਿਹਾਰ ਨੂੰ ਗਿਆਨ ਦਾ ਬੂਹਾ ਕਿਹਾ। ਉਸਦਾ ਬਹੁਤ ਪ੍ਰਸਿੱਧ ਕਥਨ ਹੈ 'ਨੇਕੀ ਹੀ ਗਿਆਨ ਹੈ' (Virtue is Knowledge)। ਮਨੁੱਖੀ ਜੀਵਨ ਨੂੰ ਸਰਵੋਤਮ ਢੰਗ ਨਾਲ ਜੀਣ ਦੀ ਕਲਾ ਸੁਕਰਾਤ ਅਨੁਸਾਰ ਨੇਕੀ ਹੈ। ਉਸ ਅਨੁਸਾਰ ਨੇਕੀ ਗਿਆਨ ਤੋਂ ਬਿਨਾਂ ਅਧੂਰੀ ਹੈ। ਗਿਆਨ ਨੂੰ ਉਸਨੇ ਸ਼ੁੱਧ ਮਨਾਂ ਦਾ ਅਭਿਆਸ ਕਹਿੰਦਿਆਂ ਨੇਕੀ ਤੋਂ ਬਿਨਾਂ ਕਿਸੇ ਗਿਆਨ ਦੀ ਕਲਪਨਾ ਨਾ ਹੋਣ ਦਾ ਕਥਨ ਦਿੱਤਾ। ਜਦੋਂ ਤੱਕ ਵੀਰਤਾ, ਤਿਆਗ, ਸੰਜਮ, ਹੌਸਲਾ ਆਦਿ ਦੀ ਭਾਵਨਾ ਸ਼ੋਧ ਤੇ ਗਿਆਨ 'ਤੇ ਆਧਾਰਿਤ ਨਾ ਹੋਵੇ ਤਦ ਤੱਕ ਇਨ੍ਹਾਂ ਦਾ ਉਦੇਸ਼ ਸ਼ੁਭ ਕਿਵੇਂ ਹੋ ਸਕਦਾ ਹੈ। ਸੁਕਰਾਤ ਨੇ ਗਿਆਨ, ਆਜ਼ਾਦੀ ਤੇ ਨੇਕੀ ਨੂੰ ਸਮਾਨਅਰਥੀ ਕਿਹਾ। ਉਸਦੇ ਸ਼ਬਦਾਂ ਵਿਚ "ਗੁਲਾਮੀ ਇਹ ਨਹੀਂ ਕਿ ਤੁਹਾਨੂੰ ਕਾਲ ਕੋਠੜੀ ਵਿਚ ਤਾੜ ਦਿੱਤਾ ਜਾਵੇ। ਬਲਕਿ ਗੁਲਾਮੀ ਇਹ ਹੈ ਕਿ ਤੁਸੀਂ ਕਾਰਾਵਾਸ ਦਾ ਬੂਹਾ ਬਾਹਰ ਨੂੰ ਧੱਕ ਕੇ ਖੋਲ੍ਹਣ ਦੀ ਕੋਸ਼ਿਸ਼ ਕਰੋ, ਜਦਕਿ ਇਹ ਅੰਦਰ ਵੱਲ ਖੁੱਲ੍ਹਦਾ ਹੈ। ਅਗਿਆਨਤਾ ਹੀ ਗੁਲਾਮੀ ਹੈ।"
ਇਸ ਤਰ੍ਹਾਂ ਸੁਕਰਾਤ ਨੀਤੀ ਸੰਬੰਧੀ ਵਿਚਾਰਾਂ ਨੂੰ ਆਪਣੇ ਦਰਸ਼ਨ ਵਿਚ ਪ੍ਰਮੁੱਖ ਥਾਂ ਦਿੰਦਾ ਹੈ। ਸੋਫਿਸਟਾਂ ਨੇ ਨੀਤੀ ਨੂੰ ਮਰਿਆਦਾਵਾਂ ਦੀ ਪਾਲਣਾ ਦੇ ਦ੍ਰਿਸ਼ਟੀਕੋਣ ਤੋਂ ਪਰਿਭਾਸ਼ਤ ਕੀਤਾ ਸੀ। ਸੁਕਰਾਤ ਇਸਦੇ ਮੁਕਾਬਲੇ ਸਹੀ-ਗਲਤ ਦੀ ਸਿੱਧੀ ਵੰਡ ਦੀ ਥਾਂ ਸੰਦਰਭ ਦੀ ਵਿਆਖਿਆ ਵੱਲ ਧਿਆਨ ਦਿੰਦਾ ਹੈ। 'ਰਿਪਬਲਿਕ' ਵਿਚ ਉਹ ਔਰਤ-ਮਰਦ ਦੇ ਸੰਬੰਧਾਂ ਬਾਰੇ ਵੀ ਆਪਣੀਆਂ ਦਾਰਸ਼ਨਿਕ ਸਥਾਪਨਾਵਾਂ ਸਾਹਮਣੇ ਲਿਆਉਂਦਾ ਹੈ। 'ਰਿਪਬਲਿਕ' ਤਾਂ ਵਿਸ਼ੇਸ਼ ਤੌਰ 'ਤੇ ਅਜਿਹਾ
ਸੰਵਾਦ ਹੈ ਜਿਸ ਵਿਚ ਸੁਕਰਾਤ ਆਪਣੇ ਸਾਥੀਆਂ ਨਾਲ ਸਮਾਜਕ-ਪ੍ਰਬੰਧ ਬਾਰੇ ਲੰਮੀ ਵਿਚਾਰ ਕਰਦਾ ਹੈ। ਔਰਤਾਂ ਦੀ ਖਿਝ, ਦੁੱਖ ਤੇ ਸਮਾਜਕ ਪਛੜੇਵੇਂ ਦਾ ਕਾਰਨ ਸੁਕਰਾਤ ਅਨੁਸਾਰ ਗਿਆਨ ਦੀ ਅਣਹੋਂਦ ਕਾਰਨ ਸਦਗੁਣਾਂ ਦੀ ਘਾਟ ਹੈ। ਉਹ ਸਮਾਜਕ ਤਫਰਕੇ ਨੂੰ ਘਟਾਉਣ ਲਈ ਮਰਦ ਤੇ ਔਰਤ ਦੋਵਾਂ ਵਿਚ ਸਮਾਨ ਰੂਪ ਵਿਚ ਗਿਆਨ ਦੀ ਵੰਡ ਦਾ ਪੱਖ ਲੈਂਦਾ ਹੈ। ਉਸ ਅਨੁਸਾਰ:
ਔਰਤ-ਮਰਦ ਸਾਰਿਆਂ ਦੇ ਜੀਵਨ ਦੀ ਉਹੋ ਸਾਂਝੀ ਪੱਧਤੀ ਹੋਵੇ ਜਿਵੇਂ ਕਿ ਅਸੀਂ ਸੁਝਾਇਆ ਹੈ ਅਰਥਾਤ, ਸਾਂਝੀ ਸਿੱਖਿਆ, ਸਾਂਝੀ ਸੰਤਾਨ ਅਤੇ ਸ਼ਹਿਰ ਵਿਚ ਹੋਵੇ ਭਾਵੇਂ ਯੁੱਧ ਵਿਚ, ਸਾਰੇ ਨਾਗਰਿਕਾਂ ਦੀ ਮਿਲੀ-ਜੁਲੀ ਸੁਰੱਖਿਆ। ਨਾਲ ਮਿਲ ਕੇ ਪਹਿਰਾ ਦੇਣ, ਨਾਲ ਮਿਲ ਕੇ ਸ਼ਿਕਾਰ ਕਰਨ (ਜਿਵੇਂ ਸ਼ਿਕਾਰੀ ਕੁੱਤੇ ਕਰਦੇ ਹਨ) ਤੇ ਜਿੱਥੋਂ ਤੱਕ ਹੋ ਸਕੇ ਇਸਤਰੀਆਂ ਮਰਦਾਂ ਦਾ ਸਾਥ ਦੇਣ ਕਿਉਂਕਿ ਇਹੋ ਉਹਨਾਂ ਲਈ ਚੰਗਾ ਰਾਹ ਹੈ ਤੇ ਇਸ ਉੱਤੇ ਚੱਲ ਕੇ ਉਹ ਇਸਤਰੀ-ਮਰਦ ਦੇ ਕੁਦਰਤੀ ਸੰਬੰਧ ਤੋੜਨ ਦੀ ਥਾਵੇਂ ਉਸ ਨੂੰ ਸਥਿਰ ਤੇ ਸੁਦ੍ਰਿੜ ਬਣਾਉਣਗੀਆਂ ।19
ਸੁਕਰਾਤ ਦਾ ਰਾਜਨੀਤੀ ਉੱਪਰ ਕਦੇ ਵੀ ਪੱਕਾ ਯਕੀਨ ਨਹੀਂ ਰਿਹਾ। ਇੱਥੋਂ ਤੱਕ ਉਹ ਕਦੇ ਲੋਕਤੰਤਰਵਾਦੀਆਂ ਦੀ ਹਮਾਇਤ ਕਰਦਾ ਰਿਹਾ ਤੇ ਕਦੇ ਉਸਨੇ ਰਾਜ-ਤੰਤਰ ਨੂੰ ਬਿਹਤਰ ਸ਼ਾਸਨ ਵਿਵਸਥਾ ਮੰਨਿਆ। ਉਹ ਰਾਜਨੀਤੀ ਤੋਂ ਦੂਰ ਵੀ ਰਿਹਾ ਤੇ ਏਥਨਜ਼ ਦੀ ਸੰਸਦ ਦਾ ਮੈਂਬਰ ਵੀ ਬਣਿਆ। ਇਸ ਵਿਰੋਧਾਭਾਸ ਦੇ ਬਾਵਜੂਦ ਸੁਕਰਾਤ ਨੇ ਆਪਣੇ ਪਿਆਰਿਆਂ ਨਾਲ ਰਾਜਨੀਤੀ ਬਾਰੇ ਭਰਵੀਂ ਵਿਚਾਰ ਕੀਤੀ। ਇਸ ਵਿਚਾਰ ਦੇ ਕਾਰਨ ਹੀ ਉਸਨੂੰ ਰਾਜਨੀਤੀ ਦੇ ਦਰਸ਼ਨ ਦਾ ਅਹਿਮ ਚਿੰਤਕ ਮੰਨਿਆ ਗਿਆ। ਸੋਫਿਸਟ ਜਦੋਂ ਅਮੀਰਾਂ ਤੇ ਰਾਜਨੀਤੀਵਾਨਾਂ ਨੂੰ ਰਾਜ-ਕਾਜ ਤੇ ਰਾਜਨੀਤਿਕ ਵਿਵਸਥਾ ਲਈ ਸੁਭਾਸ਼ਣੀ ਰੂਪ ਵਿਚ ਤਿਆਰ ਕਰ ਰਹੇ ਸਨ, ਸੁਕਰਾਤ ਨੇ ਰਾਜਨੀਤੀ ਬਾਰੇ ਸਵਾਲਾਂ ਤੇ ਸੰਵਾਦਾਂ ਨਾਲ ਨੌਜਵਾਨਾਂ ਨੂੰ ਜਾਗਰੂਕ ਕਰਨ ਵਿਚ ਅਹਿਮ ਯੋਗਦਾਨ ਪਾਇਆ। ਕੀਟੋ ਵਾਲੇ ਸੰਵਾਦ ਵਿਚ ਪੂਰੇ ਦਾ ਪੂਰਾ ਜ਼ੋਰ ਰਾਜ-ਕਾਜ ਦੀ ਵਿਵਸਥਾ ਦੀ ਨੀਤੀ ਉੱਪਰ ਦਿੰਦਾ ਸੁਕਰਾਤ ਪ੍ਰੋਟਾਗੋਰਸ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਉਂਦਾ ਹੈ ਕਿ, "ਸਭ ਨੂੰ ਬਰਾਬਰਤਾ ਦੇ ਅਧਿਕਾਰ ਮਿਲਣ ਦਾ ਅਰਥ ਇਹ ਨਹੀਂ ਕਿ ਹਰ ਕੋਈ ਰਾਜ ਚਲਾਏਗਾ। ਰਾਜ-ਵਿਵਸਥਾ ਇਕ ਕਲਾ ਹੈ, ਜਿਵੇਂ ਚੰਗਾ ਦਰਜ਼ੀ ਜਾਂ ਤਰਖਾਣ ਆਪਣੀ ਕਲਾ ਦਾ ਵਿਕਾਸ ਕਰਕੇ ਮੁਹਾਰਤ ਹਾਸਿਲ ਕਰ ਲੈਂਦੇ ਹਨ।"20
ਸੁਕਰਾਤ ਵਿਸ਼ਵ ਦਰਸ਼ਨ ਦੇ ਇਤਿਹਾਸ ਦੇ ਸਭ ਤੋਂ ਪ੍ਰਭਾਵਸ਼ਾਲੀ ਨਾਵਾਂ ਵਿੱਚੋਂ ਇਕ ਹੈ। ਦਰਸ਼ਨ ਨੂੰ ਵਿਸ਼ਿਸ਼ਟ ਵਿਅਕਤੀਆਂ ਦੇ ਵਿਚਾਰ-ਖੇਤਰ ਵਿੱਚੋਂ ਕੱਢ
ਕੇ ਸਾਧਾਰਣ ਲੋਕਾਈ ਵਿਚ ਲਿਆਉਣਾ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਉਤੇਜਿਤ ਕਰਕੇ ਸੰਵਾਦ ਦੀ ਭਾਗੀਦਾਰੀ ਦੇਣੀ 'ਸੁਕਰਾਤੀ ਦਰਸ਼ਨ' ਦੀ ਵਿਸ਼ੇਸ਼ਤਾ ਹੈ। ਸਮਾਜ ਦੀਆਂ ਜੜ੍ਹ ਹੋ ਚੁੱਕੀਆਂ ਜਾਂ ਹੋ ਰਹੀਆਂ ਮਾਨਤਾਵਾਂ ਦੇ ਵਿਰੁੱਧ ਨਵੀਂ ਪੀੜੀ ਨੂੰ ਜੀਵੰਤ ਵਿਚਾਰਾਂ ਨਾਲ ਭਰਪੂਰ ਕਰਨਾ ਸੁਕਰਾਤ ਦੇ ਦਰਸ਼ਨ ਦੀ ਮੇਸ਼ਾ ਰਹੀ। ਉਸਦੇ ਜੀਵਨ ਦੇ ਵਡੇਰੇ ਹਿੱਸੇ ਵਾਂਗ ਉਸਦਾ ਦਰਸ਼ਨ ਵੀ ਖੰਡਿਤ ਹੈ। ਇਨ੍ਹਾਂ ਖੰਡਿਤ ਵਿਚਾਰਾਂ ਲਈ ਅੱਜ ਦੇ ਪਾਠਕ ਨੂੰ ਪ੍ਰਮਾਣਿਕਤਾ ਦੇ ਸੰਸੇ ਨਾਲ ਜੂਝਣਾ ਪੈਂਦਾ ਹੈ। ਆਧੁਨਿਕ ਚਿੰਤਨ ਦੀ ਕੋਈ ਵੀ ਐਸੀ ਸਿਧਾਂਤਕੀ ਨਹੀਂ ਜੋ ਸੁਕਰਾਤ ਦੇ ਦਰਸ਼ਨ ਵਿਚ ਮੌਜੂਦ ਨਾ ਹੋਵੇ। ਇਹ ਵੀ ਯਾਦ ਰੱਖਣਾ ਪਵੇਗੀ ਕਿ ਉਹ ਅੱਜ ਤੋਂ 2400 ਸਾਲ ਤੋਂ ਵੀ ਵਧੇਰੇ ਸਮਾਂ ਪਹਿਲਾਂ ਹੋਇਆ। ਉਸਦੀ ਦਾਰਸ਼ਨਿਕ ਦੇਣ ਬਾਰੇ ਪ੍ਰਸਿੱਧ ਇਸਲਾਮੀ ਚਿੰਤਕ ਇਬਨ-ਰੁਸ਼ਦ ਦਾ ਕਥਨ ਹੈ, "ਸੁਕਰਾਤ ਨੂੰ ਇਸ ਗੱਲ ਲਈ ਵੀ ਯਾਦ ਕੀਤਾ ਜਾਣਾ ਚਾਹੀਦਾ ਹੈ ਕਿ ਉਸ ਤੋਂ ਬਿਨਾਂ ਸਾਡੇ ਵਿਚਾਰ ਕਿਸੇ ਵੀ ਚੀਜ਼ ਬਾਰੇ ਉਸ ਤਰ੍ਹਾਂ ਦੇ ਨਹੀਂ ਹੋਣੇ ਸਨ, ਜਿਸ ਤਰ੍ਹਾਂ ਦੇ ਹੁਣ ਹਨ"।21
***
ਅਧਿਆਇ ਚੌਥਾ
ਮੁਕੱਦਮਾ ਤੇ ਮੌਤ
ਸੁਕਰਾਤ ਦੇ ਜੀਵਨ ਦੇ ਆਖਰੀ ਸਾਲ ਅਜਿਹਾ ਦੌਰ ਹੈ ਜਿਨ੍ਹਾਂ ਦੀ ਪ੍ਰਮਾਣਿਕਤਾ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ। ਇਸ ਘਟਨਾ ਦਾ ਨਾ ਸਿਰਫ਼ ਉਸਦੇ ਜੀਵਨੀ ਲੇਖਕਾਂ ਨੇ ਵਰਣਨ ਕੀਤਾ ਬਲਕਿ ਏਥਨਜ਼ ਦੇ ਰਾਜ ਸੰਬੰਧੀ ਰਿਕਾਰਡਾਂ ਵਿਚ ਵੀ ਇਹ ਘਟਨਾ ਦਰਜ ਹੈ। ਉਸਦੇ ਜੀਵਨ ਦਾ ਆਖ਼ਰੀ ਹਿੱਸਾ ਹੀ ਸਭ ਤੋਂ ਵੱਧ ਪ੍ਰਮਾਣਿਕ ਹੈ। ਉਹ ਦੁਨੀਆ ਦੇ ਵਿਰਲੇ-ਟਾਵੇਂ ਅਜਿਹੇ ਵਿਦਵਾਨਾਂ ਵਿੱਚੋਂ ਹੈ ਜਿਸਨੂੰ ਉਸਦੇ ਵਿਚਾਰਾਂ ਲਈ ਕੈਦ ਕਰਕੇ ਨਾ ਸਿਰਫ਼ ਮੁਕੱਦਮਾ ਚਲਾਇਆ ਗਿਆ ਸਗੋਂ ਉਨ੍ਹਾਂ ਵਿਚਾਰਾਂ ਦੇ ਫੈਲਾਅ ਬਦਲੇ ਮੌਤ ਦੀ ਸਜ਼ਾ ਵੀ ਦਿੱਤੀ ਗਈ।ਸੁਕਰਾਤ ਦੇ ਦਾਰਸ਼ਨਿਕ ਵਾਦ-ਵਿਵਾਦ ਉਸਦੇ ਜੀਵਨ ਦੇ ਦੌਰਾਨ ਹੀ ਬਹੁਤ ਮਕਬੂਲ ਹੋ ਗਏ ਸਨ। ਵੱਡੀ ਪੱਧਰ 'ਤੇ ਏਥਨਜ਼ ਦੇ ਨੌਜਵਾਨ ਉਸ ਕੋਲ ਆਉਂਦੇ ਤੇ ਆਪਣੇ ਗਿਆਨ ਨੂੰ ਸੰਵਾਦ ਦੀ ਸਾਣ 'ਤੇ ਲਾ ਕੇ ਤਿੱਖਾ ਕਰਦੇ। ਸੁਕਰਾਤ ਦੀ ਸਾਧਾਰਣ ਜਿਹੀ ਦਿਸਦੀ ਕਾਇਆ ਨੌਜਵਾਨਾਂ ਉੱਪਰ ਜਾਦੂ ਧੂੜ ਦਿੰਦੀ। ਉਹ ਉਸਦੇ ਆਕਰਸ਼ਣ ਵਿਚ ਬੱਝੇ ਮਹਿਸੂਸ ਕਰਦੇ। ਇਸ ਸੰਬੰਧ ਵਿਚ ਪਲੈਟੋ ਦੀ
ਟਿੱਪਣੀ ਦੇਖਣ ਯੋਗ ਹੈ:
ਦੋਸਤੋ ਜੇਕਰ ਤੁਸੀਂ ਮੈਨੂੰ ਨਸ਼ੇ ਵਿਚ ਨਾ ਸਮਝੋ ਤਾਂ ਅੱਜ ਮੈਂ ਸਹੁੰ ਖਾ ਕੇ ਤੁਹਾਨੂੰ ਦੱਸਾਂਗਾ ਕਿ ਸੁਕਰਾਤ ਦੇ ਸ਼ਬਦਾਂ ਨੇ ਮੇਰੇ ਉੱਪਰ ਕੈਸਾ ਪ੍ਰਭਾਵ ਪਾਇਆ ਹੈ, ਜੋ ਹੁਣ ਵੀ ਬਰਕਰਾਰ ਹੈ। ਮੈਂ ਜਦ ਵੀ ਉਸਦਾ ਭਾਸ਼ਣ ਸੁਣਿਆ, ਖ਼ੁਸ਼ੀ ਨਾਲ ਮੇਰਾ ਦਿਲ ਪਹਿਲਾਂ ਨਾਲੋਂ ਕਿਤੇ ਤੇਜ਼ੀ ਨਾਲ ਧੜਕਿਆ, ਮੇਰੀਆਂ ਅੱਖਾਂ ਵਿਚ ਹੰਝੂ ਆ ਗਏ। ਮੈਨੂੰ ਯਾਦ ਹੈ ਕਿ ਹੋਰ ਵੀ ਅਜਿਹੇ ਲੋਕ ਸਨ, ਜਿਨ੍ਹਾਂ ਦੀ ਹਾਲਤ ਅਜਿਹੀ ਹੀ ਸੀ। ਪਹਿਲਾਂ ਜਦੋਂ ਮੈਂ ਪੈਰੀਕਲੀਜ਼ ਤੇ ਹੋਰ ਬੁਲਾਰਿਆਂ ਦਾ ਭਾਸ਼ਣ ਸੁਣਦਾ ਸਾਂ ਤਾਂ ਉਨ੍ਹਾਂ ਦੇ ਚੰਗਾ ਹੋਣ ਬਾਰੇ ਮੇਰੀ ਧਾਰਨਾ ਬਣ ਜਾਂਦੀ ਸੀ ਪਰ ਮੈਨੂੰ ਇਸ ਤਰ੍ਹਾਂ ਦਾ ਅਨੁਭਵ ਨਹੀਂ ਹੁੰਦਾ ਸੀ। ਮੈਨੂੰ ਮੇਰੀ ਰੂਹ ਦੇ ਦਾਸ ਬਣ ਜਾਣ ਦਾ ਅਹਿਸਾਸ ਨਹੀਂ ਹੁੰਦਾ ਸੀ। ਇਸ ਤਰ੍ਹਾਂ ਦੀ ਵਿਆਕੁਲਤਾ ਤੇ ਗੁੱਸਾ ਵੀ ਮੇਰੀਆਂ ਭਾਵਨਾਵਾਂ ਵਿਚ ਜਾਗ੍ਰਿਤ ਨਹੀਂ ਸੀ ਹੁੰਦਾ।
ਇਸ ਤਰ੍ਹਾਂ ਦੇਖਿਆ ਜਾ ਸਕਦਾ ਹੈ ਕਿ ਸੁਕਰਾਤ ਦੇ ਦਰਸ਼ਨ ਦਾ ਪ੍ਰਭਾਵ ਨੌਜਵਾਨਾਂ
'ਤੇ ਕਿੰਨਾ ਡੂੰਘਾ ਸੀ। ਜਿੱਥੇ ਸੋਫਿਸਟਾਂ ਦਾ ਗਿਆਨ ਸਿੱਖਿਆਵਾਂ ਤੇ ਨਸੀਹਰ ਰਾਹੀਂ ਜਿਗਿਆਸੂ ਦੀ ਚੇਤਨਾ ਨੂੰ ਖੁੰਢੀ ਤ੍ਰਿਪਤੀ ਦੇ ਕੇ ਘਰ ਭੇਜਦਾ ਸੀ, ਸੁਕਰਾਰ ਕੋਲੋਂ ਜਾਣ ਵਾਲਾ ਹਰ ਜਿਗਿਆਸੂ ਬੇਚੈਨੀ ਲੈ ਕੇ ਪਰਤਦਾ ਸੀ। ਇਹੀ ਬੇਚੈਨੀ ਉਸਦੇ ਅਗਲੇਰੇ ਗਿਆਨ ਅਭਿਆਸ ਦਾ ਰਾਹ ਪੱਧਰਾ ਕਰਦੀ ਸੀ। ਦਵੰਦਵਾਦੀ ਦਰਸ਼ਨ ਦੇ ਵਾਦ-ਵਿਵਾਦ-ਸੰਵਾਦ (Thesis - Antithesis - Synthesis) ਵਾਂਗ ਸੁਕਰਾਤ ਵਿਚਾਰ-ਸੰਵਾਦ-ਅਭਿਆਸ ਦੀ ਦਰਸ਼ਨ ਵਿਧੀ ਦਾ ਪ੍ਰਸਾਰਕ ਸੀ। ਜਿੱਥੇ ਹੋਰ ਚਿੰਤਕ ਜੰਗਲਾਂ ਵਿਚ ਜਾ ਕੇ ਦੇਸ਼-ਵਿਦੇਸ਼ ਘੁੰਮ ਕੇ ਗਿਆਨ ਦੀ ਤਲਾਬ ਕਰਦੇ ਸਨ, ਸੁਕਰਾਤ ਸ਼ਹਿਰ ਦੇ ਲੋਕਾਂ ਦੀ ਭੀੜ ਵਿਚ ਜਾ ਕੇ ਸੰਵਾਦ ਰਚਾਉਂਦਾ ਸੀ। ਉਸਦੇ ਦੌਰ ਦੇ ਹੋਰ ਚਿੰਤਕ ਆਪਣੇ ਸਕੂਲ ਬਣਾ ਕੇ ਗਿਆਨ ਦੀ ਸਿਖਲਾਈ ਦਿੰਦੇ ਸਨ. ਸੁਕਰਾਤ ਲਈ ਸ਼ਹਿਰ ਦੇ ਚੁਰਸਤੇ, ਸਾਂਝੀਆਂ ਥਾਵਾਂ, ਕਾਹਵਾ-ਘਰ, ਗਲੀ-ਮੁਹੱਲੇ ਤੇ ਨੁੱਕਰਾਂ ਸਭ ਸਕੂਲ ਹੀ ਸਨ। ਉਸਦੇ ਪੂਰਵਕਾਲੀ ਤੇ ਸਮਕਾਲੀ ਆਪਣਾ ਮੱਠ ਸਥਾਪਿਤ ਕਰ ਕੇ ਧਾਰਨਾਵਾਂ ਦੀ ਦ੍ਰਿੜਤਾ ਲਈ ਕਾਰਜ ਕਰਦੇ ਸਨ. ਸੁਕਰਾਤ ਵਿਚਾਰਾਂ ਦੇ ਵਿਖੰਡਨ ਦਾ ਹਮਾਇਤੀ ਸੀ। ਉਹ ਤਿੱਖੇ ਸਵਾਲਾਂ ਨਾਲ ਦੂਜੇ ਦੀਆਂ ਰਾਵਾਂ ਨੂੰ ਰੱਦ ਕਰਦਾ ਸੀ ਤੇ ਆਪਣੇ-ਆਪ ਨੂੰ ਰੱਦ ਕੀਤੇ ਜਾਣਾ ਪਸੰਦ ਵੀ ਕਰਦਾ ਸੀ। ਹੋਰ ਵਿਦਵਾਨਾਂ ਲਈ ਗਿਆਨ ਇਕ ਪਾਸਤ ਉਦਾਹਰਣ ਸਨ, ਸੁਕਰਾਤ ਲਈ ਦੋ ਬਰਾਬਰ ਦੇ ਵਿਚਾਰਾਂ ਦੇ ਟਕਰਾਅ ਰਾਹੀਂ ਤੀਸਰੇ ਕਿਸੇ ਵਿਚਾਰ ਦੀ ਖੋਜ ਦਾ ਤਰੀਕਾ। ਇਸ ਤੀਸਰੇ ਵਿਚਾਰ ਨੂੰ ਉਹ ਨਵੀਂ ਪਰਿਭਾਸ਼ਾ ਕਹਿੰਦਾ ਜਿਸ ਵਿਚ ਪਹਿਲੇ ਦੇ ਵਿਚਾਰ ਸ਼ਾਮਲ ਹਨ। ਉਸਦਾ ਕਥਨ
ਆਪਾਂ ਦੋਵਾਂ ਦੇ ਵਿਚਾਰਾਂ ਦਾ ਕੁਝ ਹਿੱਸਾ ਆਪਣੀ ਚੇਤਨਾ ਵਿਚ ਲਟਕਿਆ ਰਹਿ ਜਾਵੇਗਾ ਨੌਜਵਾਨ। ਇਹੀ ਅਵਸ਼ੇਸ਼ ਅਗਲੇ ਗਿਆਨ ਅਭਿਆਸ ਦੇ ਰਾਹ ਵਿਚ ਸਾਡੇ ਨਾਲ ਤੁਰੇਗਾ। ਜੇ ਤੇਰੇ ਨਾਲ ਐਸਾ ਨਾ ਹੋਇਆ ਤਾਂ ਮੈਂ ਸਮਝਾਂਗਾ ਮੈਂ ਕਿਸੇ ਉੱਚੀ ਜਗ੍ਹਾ 'ਤੇ ਖ਼ੁਦ ਨੂੰ ਬਿਠਾਨ ਲਿਆ ਹੈ।
ਉਸਦੇ ਸਮਕਾਲ ਦੇ ਵਿਦਵਾਨ ਆਪਣੀ ਗਿਆਨ-ਦੀਖਿਆ ਬਦਲੇ ਧਨ ਵਸੂਲ ਕਰਦੇ ਸਨ, ਸੁਕਰਾਤ ਐਸੇ ਕਿਸੇ ਵੀ ਸਵਾਰਥ ਤੋਂ ਰਹਿਤ ਸੀ। ਬਹੁਤੇ ਵਿਦਵਾਨਾਂ ਖਾਸ ਕਰਕੇ ਸੋਵਿਸਟਾਂ ਨੇ ਅਮੀਰ ਘਰਾਣਿਆਂ ਦੇ ਨੌਜਵਾਨਾਂ ਨੂੰ ਆਪਣੇ ਚੇਲੇ ਬਣਾਇਆ, ਸੁਕਰਾਤ ਲਈ ਐਸੀ ਕੋਈ ਬੰਦਿਸ਼ ਨਹੀਂ ਸੀ। ਪਲੈਟੋ ਸਰਦੇ ਪੁੱਜਦੇ ਘਰਾਣੇ ਦਾ ਫਰਚੰਦ ਸੀ ਜੋ ਰਾਜਨੀਤੀ ਦੇ ਖੇਤਰ ਵਿਚ ਸਿਖਰਾਂ ਛੋਹਣ ਦੀ ਪਰਿਵਾਰ ਦੀ ਇੱਛਾ ਲੈ ਕੇ ਸੁਕਰਾਤ ਕੋਲ ਆਇਆ, ਪਰ ਹਮੇਸ਼ਾ ਵਾਸਤੇ ਉਸਦਾ ਹੋ ਕੇ ਰਹਿpage_break
ਗਿਆ। ਸੁਕਰਾਤ ਨੂੰ ਸ਼ਗਿਰਦ ਜਾਂ ਚੇਲੇ ਸ਼ਬਦ ਨਾਲ ਵੀ ਘ੍ਰਿਣਾ ਸੀ। ਉਸਦੇ ਪ੍ਰਸ਼ੰਸਕਾਂ ਵਿਚ ਏਥਨਜ਼ ਦੇ ਕਵੀ, ਚਿੱਤਰਕਾਰ, ਬੁੱਤਘਾੜੇ, ਰਾਜਨੀਤੀਵਾਨ, ਵਪਾਰੀ, ਦਰਜ਼ੀ, ਮੋਚੀ, ਸ਼ਿਲਪਕਾਰ ਤੇ ਸਫ਼ਾਈ ਸੇਵਕ ਵੀ ਸਨ। ਗਿਆਨ ਤੋਂ ਵਿਹੂਣੇ ਵਰਗਾਂ ਨੂੰ ਵਿਚਾਰਸ਼ੀਲਤਾ ਵਿਚ ਭਾਗੀਦਾਰੀ ਦੇ ਕੇ ਸੁਕਰਾਤ ਸਮਾਜ ਨੂੰ ਮੋੜਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ।
ਆਪਣੇ ਜੀਵਨ ਕਾਲ ਦੌਰਾਨ ਏਥਨਜ਼ ਦੇ ਨੌਜਵਾਨਾਂ ਵਿਚ ਉਹ ਬਹੁਤ ਹਰਮਨ ਪਿਆਰਾ ਹੋ ਗਿਆ ਸੀ। 'ਸਿੰਪੋਜ਼ੀਅਮ' ਵਿਚ ਹੋਏ ਜ਼ਿਕਰ ਅਨੁਸਾਰ 800 ਤੋਂ ਵਧੇਰੇ ਨੌਜਵਾਨ ਆਪਣੀ ਜਿਗਿਆਸਾ ਤੇ ਸਵਾਲ ਲੈ ਕੇ ਉਸ ਕੋਲ ਆਉਂਦੇ ਸਨ। ਇਹ ਨੌਜਵਾਨ ਸੁਕਰਾਤ ਦੇ ਵਿਚਾਰਾਂ ਦੀ ਰੋਸ਼ਨੀ ਵਿਚ ਆਪਣਾ ਗਿਆਨ ਪਰਖਦੇ, ਅਧਿਐਨ ਨਾਲ ਜੁੜਦੇ ਤੇ ਸਮਾਜ ਵਿਚ ਇਨ੍ਹਾਂ ਵਿਚਾਰਾਂ ਨੂੰ ਪ੍ਰਸਾਰਿਤ ਕਰਦੇ। ਉਸ ਦੌਰ ਦੇ ਸਮਾਜ ਲਈ ਅਜਿਹੇ ਵਿਚਾਰ ਬੇਹੱਦ ਨਵੇਂ ਸਨ। ਕਿਸੇ ਵੀ ਦੌਰ ਦੀ ਮਨੁੱਖੀ ਇਕਾਈ ਜਿਸਨੂੰ ਅਸੀਂ ਸਮਾਜ ਕਹਿੰਦੇ ਹਾਂ ਬੇਹੱਦ ਅਸੁਰੱਖਿਅਤ ਇਕੱਠ ਹੁੰਦਾ ਹੈ। ਸਮਾਜਕ ਮਨੌਤਾਂ ਦੇ ਨਾਂ 'ਤੇ ਕੁਝ ਵਿਚਾਰਾਂ/ਮਾਨਤਾਵਾਂ ਦੀ ਪੈਰਵੀ ਕਿਸੇ ਅਣਲਿਖਤ ਨੇਮ ਵਾਂਗ ਹੁੰਦੀ ਹੈ। ਇਸੇ ਨਾਲ ਮਨੁੱਖੀ ਨੈਤਿਕਤਾ, ਸਦਾਚਾਰ ਤੇ ਫ਼ਰਜ਼ਾਂ ਨੂੰ ਜੋੜ ਕੇ ਸਮਾਜਕ-ਪ੍ਰਬੰਧ ਅਗਾਂਹ ਪ੍ਰਸਾਰਿਤ ਹੁੰਦਾ ਹੈ। ਸਮਾਜਕ ਗਤੀ ਆਪਣੇ ਨਾਲ ਵਹਿ ਜਾਣ ਵਾਲੀ ਚੇਤਨਾ ਨੂੰ ਆਪਣੇ ਗੌਰਵ ਦੇ ਅਹਿਸਾਸ ਨਾਲ ਸਰਸ਼ਾਰ ਕਰੀ ਰੱਖਦੀ ਹੈ। ਜਿਹੜੇ ਵੀ ਵਿਚਾਰ ਇਸ ਵਹਾਅ ਵਿਚ ਰੁਕਾਵਟ ਬਣਦੇ ਹੋਣ ਉਨ੍ਹਾਂ ਨੂੰ ਹਜ਼ਮ ਕਰਨਾ ਸਮਾਜ ਲਈ ਬੇਹੱਦ ਔਖਾ ਹੁੰਦਾ ਹੈ, ਇਸ ਲਈ ਅਜਿਹੇ ਵਿਚਾਰ ਰੱਖਣ ਵਾਲਿਆਂ ਨੂੰ ਅਸਮਾਜਕ ਕਹਿ ਕੇ ਸਮਾਜਕ ਵਹਾਅ ਤੋਂ ਦਰਕਿਨਾਰ ਕੀਤਾ ਜਾਂਦਾ ਹੈ। ਨਤੀਜਨ ਇਨ੍ਹਾਂ ਨਵੇਂ ਵਿਚਾਰਾਂ ਦੇ ਧਾਰਨੀ ਗੁਨਾਹ ਦੇ ਅਹਿਸਾਸ ਨਾਲ ਭਰ ਜਾਂਦੇ ਹਨ। ਫਿਰ ਉਹ ਸਮਾਜ ਦੇ ਵਿਚਾਰਕ ਵਹਾਅ ਦੇ ਹੋਰਵੇ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਵਿਸ਼ਾਦ ਦੀ ਸਥਿਤੀ ਭੋਗਦੇ ਹਨ। ਬਾਕੀਆਂ ਨੂੰ ਅਨੈਤਿਕ ਕਹਿ ਕੇ ਸਜ਼ਾ ਦੇ ਭਾਗੀ ਬਣਾਉਣਾ ਸੌਖਾ ਹੋ ਜਾਂਦਾ ਹੈ। ਸੁਕਰਾਤ ਨਾਲ ਵੀ ਅਜਿਹਾ ਹੀ ਹੋਇਆ। ਏਥਨਜ਼ ਦੀ ਸੰਸਦ ਨੂੰ ਕਚਿਹਰੀ ਬਣਾ ਕੇ ਉਸ ਉੱਪਰ ਮੁਕੱਦਮਾ ਚਲਾਇਆ ਗਿਆ। ਇਹ ਮੁਕੱਦਮਾ ਤੇ ਇਸਦਾ ਨਤੀਜਾ ਵਿਸ਼ਵ ਦੇ ਦਰਸ਼ਨ ਤੇ ਰਾਜਨੀਤੀ ਦੇ ਇਤਿਹਾਸ ਦੀ ਬਹੁਤ ਵਿਲੱਖਣ ਤੇ ਸ਼ਰਮਨਾਕ ਘਟਨਾ ਹੈ। ਏਥਨਜ਼ ਦੇ ਅਮੀਰਾਂ ਵੱਲੋਂ ਸੁਕਰਾਤ ਦੇ ਖ਼ਿਲਾਫ਼ ਇਕ ਮੁਕੱਦਮਾ ਕੀਤਾ ਗਿਆ ਸੀ। ਇਸ ਮੁਕੱਦਮੇ ਵਿਚ ਸੁਕਰਾਤ ਉੱਪਰ ਤੁਹਮਤ ਲਾਉਣ ਵਾਲਿਆਂ ਵਿਚ ਇਕ ਅਮੀਰ ਸ਼ਿਲਪਕਾਰ 'ਅਨਾਈਟਸ' ਸੀ, ਜੋ ਆਪਣੀ ਬਾਅਦ ਦੀ ਜ਼ਿੰਦਗੀ ਵਿਚ ਬੁਰੇ ਹਾਲਾਤ ਭੋਗ ਕੇ ਮਰਿਆ। 'ਲਾਈਕਾਨ' ਏਥਨਜ਼ ਦਾ ਇਕ ਰਾਜਸੀ ਆਗੂ ਸੀ, page_break
ਜਿਸਨੂੰ ਸੁਕਰਾਤ ਦੀ ਸ਼ਖ਼ਸੀਅਤ, ਉਸਦੇ ਵਿਚਾਰਾਂ ਤੇ ਉਸਦੀ ਹਰਮਨ ਪਿਆਰਤਾ ਨਾਲ ਚਿੜ ਸੀ। ਤੀਸਰਾ ਉਸ ਸਮੇਂ ਤੱਕ ਅਣਗੌਲਿਆ ਰਿਹਾ ਕਵੀ 'ਮੇਲਿਟਸ' ਸੀ। ਇਹ ਤਿੰਨੇ ਰੂੜੀਵਾਦੀ ਵਿਚਾਰਾਂ ਦੇ ਹਮਾਇਤੀ ਸਨ ਤੇ ਦਾਰਸ਼ਨਿਕ ਦੇ ਤੌਰ 'ਤੇ ਅਜਿਹੀ ਹਸਤੀ ਨੂੰ ਮਾਨਤਾ ਦੇਣ ਦੇ ਹੱਕ ਵਿਚ ਸਨ ਜੋ ਸਮਾਜਕ-ਪ੍ਰਬੰਧ ਦਾ ਪ੍ਰਸ਼ੰਸਕ ਹੋਵੇ ਤੇ ਉਸਦੀ ਗੱਲ ਨੂੰ ਲੋਕ ਬਿਨਾਂ ਸੰਦੇਹ ਦੇ ਮੰਨ ਲੈਣ। ਸੁਕਰਾਤ ਵੱਲੋਂ ਸਮਾਜਕ ਮਾਨਤਾਵਾਂ ਤੇ ਦਰਸ਼ਨ ਦੀਆਂ ਰੁਚੀਆਂ ਖ਼ਿਲਾਫ਼ ਵਿਦਰੋਹ ਕਰਨਾ ਉਨ੍ਹਾਂ ਅਨੁਸਾਰ ਸਜ਼ਾਯੋਗ ਗੁਨਾਹ ਸੀ। ਉਨ੍ਹਾਂ ਨੇ ਸੁਕਰਾਤ ਵਿਰੁੱਧ ਦੋ ਮੁੱਖ ਇਲਜ਼ਾਮ ਲਾਏ ਸਨ:
ਇਨ੍ਹਾਂ ਇਲਜ਼ਾਮਾਂ ਦੀ ਪਿੱਠਭੂਮੀ ਵਿਚ ਜਾ ਕੇ ਕੁਝ ਘਟਨਾਵਾਂ ਰਾਹੀਂ ਉਸ ਸਾਰੇ ਪ੍ਰਸੰਗ ਨੂੰ ਜਾਣਿਆ ਜਾ ਸਕਦਾ ਹੈ ਜੋ ਸੁਕਰਾਤ ਪ੍ਰਤੀ ਐਸੀ ਨਫ਼ਰਤ ਤੇ ਉਸਦੀ ਮੌਤ ਦਾ ਕਾਰਨ ਬਣਦੇ ਹਨ।
ਸੁਕਰਾਤ ਦਾ ਕਾਲ ਯੂਨਾਨ ਦੇ ਏਥਨਜ਼ ਰਾਜ ਦਾ ਸੁਨਹਿਰੀ ਕਾਲ ਗਿਣਿਆ ਜਾਂਦਾ ਹੈ। ਉਸ ਦੌਰ ਵਿਚ ਪੇਰੀਕਲੀਜ਼ (495 ਈ. ਪੂ. ਤੋਂ 429 ਈ. ਪੂ.) ਏਥਨਜ਼ ਦਾ ਸ਼ਾਸਕ ਰਿਹਾ ਸੀ। ਉਸਦੇ ਸ਼ਾਸਨ ਦੌਰਾਨ ਏਥਨਜ਼ ਨੇ ਹਰ ਪੱਖ ਤੋਂ ਤਰੱਕੀ ਕੀਤੀ। ਬਾਕੀ ਸਾਰੇ ਰਾਜਾਂ ਦੇ ਮੁਕਾਬਲੇ ਆਰਥਿਕ, ਸਮਾਜਕ ਤੇ ਰਾਜਸੀ ਵਿਕਾਸ ਦੀ ਚੰਗੀ ਉਦਾਹਰਣ ਏਥਨਜ਼ ਨੇ ਪੇਸ਼ ਕੀਤੀ। ਏਸ਼ੀਆ ਮਾਈਨਰ ਕੰਢੇ 'ਤੇ ਵਸਿਆ ਹੋਣ ਕਰਕੇ ਏਥਨਜ਼ ਨੇ ਖੂਬ ਵਿਕਾਸ ਕੀਤਾ। ਬਾਹਰੋਂ ਆਉਣ ਵਾਲੇ ਸਮਾਨ ਦੇ ਨਾਲ ਹੀ ਦੁਨੀਆ ਦੇ ਅਤਿਵਿਕਸਤ ਵਿਚਾਰ ਵੀ ਏਥਨਜ਼ ਪੁੱਜੇ। ਉਸਦੇ ਸ਼ਾਸਨ ਦੌਰਾਨ ਏਥਨਜ਼ ਵਿਚ ਵਿਚਾਰਕ ਆਜ਼ਾਦੀ ਸੀ। ਹਰ ਕੋਈ ਆਪਣੇ ਵਿਚਾਰਾਂ ਦੀ ਪੇਸ਼ਕਾਰੀ ਲਈ ਆਪ ਜ਼ਿੰਮੇਵਾਰ ਸੀ। ਪੇਰੀਕਲੀਜ਼ ਆਪ ਵੀ ਬੰਦ ਸਮਾਜਕ ਪ੍ਰਬੰਧ ਅਤੇ ਰੂੜੀਵਾਦੀ ਵਿਚਾਰਾਂ ਦਾ ਵਿਰੋਧੀ ਸੀ ਤੇ ਉਸਨੇ ਨਾਸਤਿਕ ਵਿਚਾਰਾਂ ਵਾਲੇ ਚਿੰਤਕ ਅਨੈਕਸਾਗੋਰਸ ਕੋਲੋਂ ਸਿੱਖਿਆ ਹਾਸਲ ਕੀਤੀ ਸੀ। ਉਸਦੇ ਸਮੇਂ ਸਮਾਂਤਰ ਵਿਚਾਰਾਂ ਦਾ ਇਕ ਭੇੜ ਏਥਨਜ਼ ਵਿਚ ਨਜ਼ਰ ਆਉਂਦਾ ਹੈ। ਪਰ ਏਸ਼ੀਆ ਮਾਈਨਰ ਵਿਚ ਸੀਰੀਆ ਤੇ ਤੁਰਕੀ ਦੇ ਸਾਹਮਣੇ ਹੋਣ ਕਾਰਨ ਫਾਰਸ
ਨਾਲ ਜੰਗਾਂ ਦਾ ਪਹਿਲਾ ਸ਼ਿਕਾਰ ਵੀ ਏਥਨਜ਼ ਹੀ ਹੁੰਦਾ ਸੀ। ਇਨ੍ਹਾਂ ਜੰਗਾਂ ਦੇ ਸਾਹਮਣੇ ਏਥਨਜ਼ ਅਤੇ ਸਪਾਰਟਾ ਸਾਂਝੀ ਸ਼ਕਤੀ ਬਣ ਕੇ ਅੜੇ ਰਹੇ। ਏਥਨਜ਼ ਵਿਚ ਲੋਕਤੰਤਰੀ ਵਿਚਾਰਾਂ ਦੀ ਪ੍ਰਧਾਨਤਾ ਸੀ ਤੇ ਸਪਾਰਟਾ ਰਾਜਾਸ਼ਾਹੀ ਦੇ ਕਬਜ਼ੇ ਵਿਚ ਆਇਆ ਰਾਜ ਸੀ। ਸਪਾਰਟਾ ਦੇ ਸ਼ਾਸਕਾਂ ਨੇ ਏਥਨਜ਼ ਦੀ ਤਰੱਕੀ ਤੋਂ ਸਾੜਾ ਕਰਕੇ ਉਸ ਨਾਲ ਹੋਏ ਸਾਂਝ ਦੇ ਸਮਝੋਤੇ ਤੋੜ ਕੇ ਯੁੱਧ ਛੇੜ ਦਿੱਤਾ। 'ਪੇਲੋਪੋਨੀਸ' ਨਾਂ ਦੇ ਸਥਾਨ ਤੋਂ ਸ਼ੁਰੂ ਹੋਈ ਇਸ ਜੰਗ ਨੂੰ 'ਪੇਲੋਪੋਨੀਸ਼ੀਅਨ ਜੰਗ' ਕਿਹਾ ਜਾਂਦਾ ਹੈ। ਇਹ ਜੰਗ ਦਹਾਕਿਆਂ ਤੱਕ ਏਥਨਜ਼ ਵਿਚ ਭੁੱਖਮਰੀ, ਗਰੀਬੀ, ਬੇਕਾਰੀ ਤੇ ਆਰਥਿਕਤਾ ਦਾ ਕਾਰਨ ਬਣ ਕੇ ਆਈ। ਪੇਰੀਕਲੀਜ਼ ਦਾ ਸ਼ਾਸਨ ਇਸ ਜੰਗ ਦੀ ਭੇਟ ਚੜ੍ਹ ਗਿਆ। 404 ਈ. ਪੂ. ਵਿਚ ਜਦੋਂ ਇਹ ਜੰਗ ਖਤਮ ਹੋਈ ਤਾਂ ਏਥਨਜ਼ ਸ਼ਰਮਨਾਕ ਹਾਰ ਦੇ ਮਲਾਲ ਵਿਚ ਡੁੱਬਿਆ ਹੋਇਆ ਸੀ। ਏਥਨਜ਼ ਦੀ ਸੰਸਦ 'ਤੇ ਕਾਬਜ਼ ਹੋਏ ਧੜੇ ਨੇ ਇਸ ਹਾਰ ਲਈ ਨਰਮ ਵਿਚਾਰਾਂ ਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਜ਼ਿੰਮੇਵਾਰ ਕਿਹਾ। ਇਕ ਤੇਜ਼-ਤਰਾਰ ਰਾਜਨੀਤਿਕ ਆਗੂ ਸੇਮਾਈਅਸ ਨੇ ਇਨ੍ਹਾਂ ਹਾਰਾਂ ਪਿੱਛੇ ਏਥਨਜ਼ ਦੇ ਦੇਵਤਿਆਂ ਦੀ ਕਰੋਪੀ ਨੂੰ ਮੰਨਿਆ ਤੇ ਦੇਵ-ਨਿੰਦਕਾਂ ਨੂੰ ਕਰੜੇ ਹੱਥੀਂ ਟੱਕਰਨ ਦਾ ਸੱਦਾ ਦਿੱਤਾ।
ਸੁਕਰਾਤ ਦੇ ਅਕਸ ਨੂੰ ਵਿਗਾੜ ਕੇ ਪੇਸ਼ ਕਰਨ ਵਿਚ ਅਰਿਸਤੋਫੇਨਸ ਦੇ ਨਾਟਕ ਕਲਾਊਡਜ਼ ਦਾ ਅਹਿਮ ਹਿੱਸਾ ਸੀ। ਕਲਾਉਡਜ਼ ਇਕ ਹਾਸ-ਨਾਟਕ ਸੀ ਜੋ ਅਜਿਹੇ ਫ਼ਿਲਾਸਫ਼ਰ ਦੇ ਪਾਤਰ ਨੂੰ ਕੇਂਦਰ ਵਿਚ ਰੱਖ ਕੇ ਲਿਖਿਆ ਗਿਆ ਸੀ ਜੋ ਹਵਾਈ ਦੁਨੀਆ ਵਿਚ ਵਿਚਰਦਾ ਹੈ। ਉਹ ਸੋਫਿਸਟਾਂ ਵਾਂਗ ਨੌਜਵਾਨਾਂ ਨੂੰ ਚਲਾਕੀਆਂ ਸਿਖਾਉਂਦਾ ਹੈ। ਪਰਿਵਾਰਕ ਮੁਹਾਜ਼ 'ਤੇ ਆਪਣੇ ਨਕਾਰੋਪਣ ਦਾ ਦੁਖਾਂਤ ਭੋਗਦਾ ਉਹ ਕਿਰਦਾਰ ਸਮਾਜ ਤੋਂ ਬਦਲਾ ਲੈਣ ਲਈ ਨੌਜਵਾਨ ਤਬਕੇ ਨੂੰ ਸਮਾਜ ਦਾ ਵਿਰੋਧੀ ਬਣਾ ਰਿਹਾ ਹੈ। ਉਹ ਐਸੇ ਗਿਆਨ ਦਾ ਉਤਪਾਦਨ ਕਰ ਰਿਹਾ ਹੈ ਜੋ ਸਮਾਜ ਦੀ ਸਹੀ ਦਿਸ਼ਾ ਦੇ ਰਾਹ ਵਿਚ ਵੱਡੀ ਰੁਕਾਵਟ ਹੈ। ਇਸ ਨਾਟਕ ਦੇ ਮੁੱਖ ਕਿਰਦਾਰ ਨੂੰ ਸੁਕਰਾਤ ਵਰਗੀ ਦਿੱਖ ਦਿੱਤੀ ਗਈ ਸੀ। ਨਿੱਕਾ ਜਿਹਾ, ਗੰਜਾ ਵਿਅਕਤੀ ਜੋ ਹਰ ਸਮੇਂ ਵਿਚਾਰ ਮਗਨ ਰਹਿੰਦਾ ਹੈ। ਇਸ ਨਾਟਕ ਦੇ ਲਿਖਣ ਸਮੇਂ ਅਰਿਸਤੇਫੇਨਸ ਸੁਕਰਾਤ ਦੀ ਮਿੱਤਰਤਾ ਦੇ ਘੇਰੇ ਵਿਚ ਨੇੜਲੇ ਲੋਕਾਂ ਵਿੱਚੋਂ ਇਕ ਸੀ। ਉਹ ਇਸ ਨਾਟਕ ਨੂੰ ਲਿਖੇ ਜਾਣ ਤੋਂ 6 ਸਾਲ ਬਾਅਦ ਤੱਕ ਉਵੇਂ ਹੀ ਦੋਸਤ ਬਣੇ ਰਹੇ। ਪਲੈਟੋ ਦੇ ਵਰਣਨ ਅਨੁਸਾਰ ਸੁਕਰਾਤ ਨੇ ਇਸ ਗੱਲ ਦਾ ਬਿਲਕੁਲ ਵੀ ਬੁਰਾ ਨਹੀਂ ਮਨਾਇਆ ਕਿ ਉਸਦਾ ਮਜ਼ਾਕ ਉਡਾਇਆ ਗਿਆ ਹੈ। ਪਰ ਸਮਾਜ ਦੇ ਬਾਕੀ ਤਬਕਿਆਂ ਵਿਸ਼ੇਸ਼ ਕਰਕੇ ਸੁਕਰਾਤ ਦੇ ਵਿਰੋਧੀਆਂ ਤੱਕ ਇਹ ਗੱਲ ਬਹੁਤ ਨਾਂਹ-ਪੱਖੀ ਰੂਪ ਵਿਚ ਗਈ। ਨਾਟਕ ਕਿਰਦਾਰ ਵੱਲੋਂ ਪਰਿਵਾਰਕ
ਕਲੇਸ਼ ਤੋਂ ਤੰਗ ਆ ਕੇ ਦੇਵਤਿਆਂ ਨੂੰ ਕੋਸਣ ਵਾਲੇ ਵਾਰਤਾਲਾਪਾਂ ਨੂੰ ਲੋਕਾਂ ਨੇ ਸੁਕਰਾਤ ਦੇ ਵਿਚਾਰ ਮੰਨਿਆ। ਨਾਟਕ ਦਾ ਪਾਤਰ ਵੀ ਸੋਫਿਸਟਾਂ ਵਾਂਗ ਸਿੱਖਿਆ ਦੇਣ ਨੂੰ ਕਾਰੋਬਾਰ ਵਾਂਗ ਪੈਸੇ ਕਮਾਉਣ ਦਾ ਜ਼ਰੀਆ ਬਣਾਈ ਰੱਖਦਾ ਹੈ। ਨਾਟਕ ਵਿਚਲੇ ਮੋਹਤਬਰ ਲੋਕਾਂ ਵਾਲੇ ਕਿਰਦਾਰਾਂ ਵੱਲੋਂ ਉਸਨੂੰ ਇਨ੍ਹਾਂ ਕੰਮਾਂ ਤੋਂ ਰੋਕੇ ਜਾਣ 'ਤੇ ਕਲਾਊਡਜ਼ ਦਾ ਮੁੱਖ ਪਾਤਰ ਆਪਣੇ ਚੇਲਿਆਂ ਨੂੰ ਵਿਦਰੋਹ ਲਈ ਉਕਸਾਉਂਦਾ ਹੈ। ਸੁਕਰਾਤ ਵਿਰੋਧੀ ਰਾਜਨੀਤੀਵਾਨਾਂ ਤੱਕ ਇਸ ਨਾਟਕ ਦੇ ਵਾਰਤਾਲਾਪਾਂ ਨੂੰ ਸੁਕਰਾਤ ਦੀਆਂ ਉਕਤੀਆਂ ਵਾਂਗ ਪੇਸ਼ ਕੀਤਾ ਗਿਆ। ਇਸੇ ਦਾ ਕਾਰਨ ਹੈ ਕਿ ਸੁਕਰਾਤ ਦੇ ਵਿਰੋਧ ਦਾ ਮਾਹੌਲ ਬਣ ਗਿਆ। ਸੁਕਰਾਤ ਵਿਰੁੱਧ ਚੱਲ ਰਹੇ ਮੁਕੱਦਮੇ ਵਿਚ ਇਸ ਮਾਹੌਲ ਨੇ ਬਹੁਤ ਅਹਿਮ ਭੂਮਿਕਾ ਨਿਭਾਈ।
ਸੁਕਰਾਤ ਨੇ ਕਦੇ ਆਪਣੇ-ਆਪ ਨੂੰ ਗਿਆਨਵਾਨ ਨਹੀਂ ਕਿਹਾ, ਉਹ ਤਾਂ ਬੁੱਧੀਮਾਨ ਕਹੇ ਜਾਣ ਦੇ ਵੀ ਖ਼ਿਲਾਫ਼ ਸੀ ਤੇ ਖ਼ੁਦ ਨੂੰ ਦਾਰਸ਼ਨਿਕ ਅਖਵਾਉਣਾ ਪਸੰਦ ਕਰਦਾ ਸੀ। ਉਸਦਾ ਬਹੁਤ ਪ੍ਰਸਿੱਧ ਕਥਨ, "ਮੈਂ ਘੱਟ-ਘੱਟ ਇਹ ਤਾਂ ਜਾਣਦਾ ਹੀ ਹਾਂ ਕਿ ਮੈਂ ਕੁਝ ਨਹੀਂ ਜਾਣਦਾ" ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਗਿਆਨ ਦਾ ਪ੍ਰਦਰਸ਼ਨ ਸੁਕਰਾਤ ਦਾ ਸੁਭਾਅ ਹੀ ਨਹੀਂ ਸੀ। ਉਸਦੇ ਬਚਪਨ ਦੇ ਮਿੱਤਰ ਸ਼ੇਰੀਫੋਨ ਨੇ ਡੇਲਫ਼ੀ ਦੀ ਭਵਿੱਖ ਦੱਸਣ ਵਾਲੀ ਸੰਤਣੀ ਪਾਇਥੀਆ ਕੋਲੋਂ ਜਦੋਂ ਪੁੱਛਿਆ ਕਿ 'ਕੀ ਏਥਨਜ਼ ਵਿਚ ਕੋਈ ਸੁਕਰਾਤ ਨਾਲੋਂ ਵੱਧ ਸਿਆਣਾ ਹੈ?' ਤਾਂ ਪਾਇਥੀਆ ਨੇ ਨਹੀਂ ਕਹਿ ਦਿੱਤਾ। ਸ਼ੇਰੀਫੋਨ ਵੱਲੋਂ ਸੁਕਰਾਤ ਨੂੰ ਇਹ ਦੱਸਿਆ ਗਿਆ ਤਾਂ ਉਹ ਹੈਰਾਨ ਰਹਿ ਗਿਆ। ਉਸਨੇ ਕਈ ਵਰਗਾਂ ਦੇ ਸਿਆਣੇ ਲੋਕਾਂ ਦੀ ਪਰਖ ਕਰਨ ਦਾ ਮਨ ਬਣਾਇਆ। ਇਕ ਰਾਜਨੀਤੀਵਾਨ, ਕਵੀਆਂ ਤੇ ਸ਼ਿਲਪਕਾਰਾਂ ਨਾਲ ਸੰਵਾਦ ਰਚਾ ਕੇ ਸੁਕਰਾਤ ਇਸ ਨਤੀਜੇ 'ਤੇ ਪਹੁੰਚਿਆ ਕਿ ਉਹ ਸਭ ਤੋਂ ਗਿਆਨਵਾਨ ਨਹੀਂ ਹੈ। ਬਸ ਬਾਕੀ ਲੋਕ ਹੀ ਆਪਣੇ ਰੋਜ਼ਾਨਾ ਕੰਮਾਂ ਵਿਚ ਉਲਝੇ ਗਿਆਨ ਤੋਂ ਬੇਮੁੱਖ ਹਨ। ਬਸ ਉਹ ਸਾਰੇ ਖ਼ੁਦ ਨੂੰ ਸਿਆਣੇ ਸਮਝਣ ਦੇ ਭੁਲੇਖੇ ਦਾ ਸ਼ਿਕਾਰ ਹਨ। ਸੁਕਰਾਤ ਆਪਣੇ ਸੰਵਾਦਾਂ ਵਿਚ ਲੋਕਾਂ ਨੂੰ ਇਹ ਅਹਿਸਾਸ ਕਰਾਉਣ ਲਈ ਕਿ ਉਹ ਗਿਆਨਵਾਨ ਨਹੀਂ ਹਨ, ਸਵਾਲ ਪੁੱਛਣ ਲੱਗ ਪਿਆ। ਜੋ ਵੀ ਮਿਲਦਾ ਸੁਕਰਾਤ ਦੇ ਸਵਾਲਾਂ ਦੇ ਸਾਹਮਣੇ ਉਸਨੂੰ ਹੋਣਾ ਹੀ ਪੈਂਦਾ। ਲੋਕਾਂ ਨੇ ਸੁਕਰਾਤ ਦੇ ਵਿਰੋਧੀਆਂ ਕੋਲ ਇਹ ਗੱਲਾਂ ਪੁਚਾ ਦਿੱਤੀਆਂ ਕਿ ਸੁਕਰਾਤ ਨੂੰ ਏਥਨਜ਼ ਵਿਚ ਸਭ ਤੋਂ ਸਿਆਣਾ ਹੋਣ ਦਾ ਮਾਣ ਹੈ। ਉਹ ਇਕ ਭਵਿੱਖਬਾਣੀ ਕਾਰਨ ਸਭ ਨੂੰ ਗਿਆਨ ਪੱਖੋਂ ਨੀਵੇਂ ਦਿਖਾਉਣ ਲਈ ਉਨ੍ਹਾਂ ਦੀ ਪਰਖ ਕਰਦਾ ਫਿਰਦਾ ਹੈ। ਇਹ ਗੱਲ ਉਸਦੇ ਮੁਕੱਦਮੇ ਵਿਚ ਜ਼ੋਰ-ਸ਼ੋਰ ਨਾਲ ਉਠਾ ਕੇ ਉਸਦੇ ਵਿਰੋਧ ਵਿਚ ਪੇਸ਼ ਕੀਤੀ ਗਈ।
ਸੁਕਰਾਤ ਦੇ ਨਿੰਦਕਾਂ ਨੇ ਉਸ ਦੀ ਦਰਸ਼ਨ ਵਿਧੀ ਬਾਰੇ ਵੀ ਅਨੇਕਾਂ ਸ਼ਿਕਾਇਤਾਂ ਕੀਤੀਆਂ। ਉਸਦੀ ਵਿਧੀ ਵਿਅੰਗ ਦੀ ਵਿਧੀ ਸੀ। ਉਹ ਅਗਿਆਨੀ ਹੋਣ ਦੀ ਵਿਡੰਬਨਾ ਦਾ ਅਹਿਸਾਸ ਲੋਕਾਂ ਨੂੰ ਕਰਵਾਉਂਦਾ ਸੀ ਤਾਂ ਹੀ ਉਹ ਗਿਆਨ ਦੇ ਰਾਹ 'ਤੇ ਤੁਰਦੇ ਸਨ। ਸੁਕਰਾਤ ਬਾਰੇ ਕਿਹਾ ਗਿਆ ਕਿ ਉਹ ਲੋਕਾਂ ਦਾ ਮਜ਼ਾਕ ਉਡਾਉਂਦਾ ਹੈ। ਉਹ ਸਾਹਮਣੇ ਵਾਲੇ ਨੂੰ ਆਪਣੇ ਗਿਆਨ ਨਾਲ ਨੀਵਾਂ ਦਿਖਾ ਕੇ ਉਸਦੀ ਖਿੱਲ੍ਹੀ ਉਡਾਉਂਦਾ ਹੈ। ਗਿਆਨ ਦੇ ਸਦਾਚਾਰੀ ਫ਼ਰਜ਼ ਨਾਲ ਜੋੜ ਕੇ ਇਸ ਗੱਲ ਨੂੰ ਮੁਕੱਦਮੇ ਵਿਚ ਸੁਕਰਾਤ ਦੇ ਖ਼ਿਲਾਫ਼ ਵਰਤੇ ਜਾਣ ਦਾ ਮਾਹੌਲ ਪੈਦਾ ਕੀਤਾ ਗਿਆ।
ਸੁਕਰਾਤ ਵਿਰੁੱਧ ਤੁਹਮਤ ਲਾਉਣ ਵਾਲਿਆਂ ਨੇ ਉਸ ਉੱਪਰ ਨਾਸਤਿਕਤਾ ਦੇ ਫੈਲਾਅ ਰਾਹੀਂ ਨੌਜਵਾਨਾਂ ਨੂੰ ਦਿਮਾਗੀ ਤੌਰ 'ਤੇ ਪਲੀਤ ਕਰਨ ਦਾ ਇਲਜ਼ਾਮ ਲਾਇਆ ਸੀ। ਉਸ ਬਾਰੇ ਕਿਹਾ ਗਿਆ ਕਿ ਉਹ ਪੁਰਾਣੇ ਦੇਵਤਿਆਂ ਦਾ ਨਿੰਦਕ ਹੈ ਤੇ ਨਵੇਂ ਦੇਵਤੇ ਸਥਾਪਿਤ ਕਰਨੇ ਚਾਹੁੰਦਾ ਹੈ। ਇਸ ਸੰਦਰਭ ਵਿਚ ਤੱਥਾਂ ਦੀ ਸਹੀ ਜਾਣਕਾਰੀ ਲਈ ਅਨੇਕ ਮਿਸਾਲਾਂ ਉਸਦੇ ਸੰਵਾਦਾਂ ਵਿੱਚੋਂ ਦਿੱਤੀਆਂ ਜਾ ਸਕਦੀਆਂ ਹਨ ਪਰ ਸਭ ਤੋਂ ਅਹਿਮ ਉਦਾਹਰਣ ਯੂਥਾਈਫ਼ਰੋ ਨਾਲ ਉਸਦਾ ਸੰਵਾਦ ਹੈ:
ਹਾਂ।
ਕਥਾਵਾਂ ਸੁਣਾ ਰਿਹਾ ਹੈਂ।
ਇੱਥੇ ਜ਼ਿਕਰਯੋਗ ਹੈ ਕਿ ਯੂਥਾਈਫਰੋ ਸੁਕਰਾਤ ਦੇ ਮੁਕੱਦਮੇ ਦੌਰਾਨ ਉਸਨੂੰ ਕਚਿਹਰੀ ਵਿਚ ਮਿਲਦਾ ਹੈ। ਉਹ ਆਪਣੇ ਪਿਤਾ ਵਿਰੁੱਧ ਮੁਕੱਦਮਾ ਕਰਨਾ ਚਾਹੁੰਦਾ ਹੈ ਜਿਸਨੇ ਉਸਦੇ ਨੌਕਰ ਨੂੰ ਮਾਰ ਕੇ ਉਸ ਮੁਤਾਬਿਕ ਅਪਵਿੱਤਰ ਕੰਮ ਕੀਤਾ ਹੈ। ਸੁਕਰਾਤ ਤਾਂ ਇੱਥੇ ਭਾਵਨਾਵਾਂ ਦੀ ਪਵਿੱਤਰਤਾ/ਅਪਵਿੱਤਰਤਾ ਦੇ ਪ੍ਰਸੰਗ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਦੋਵਤਿਆਂ ਦੀਆਂ ਕਥਾਵਾਂ ਨੂੰ ਉਦਾਹਰਣ ਵਜੋਂ ਪੇਸ਼ ਕਰ ਰਿਹਾ ਹੈ ਪਰ ਇਨ੍ਹਾਂ ਗੱਲਾਂ ਨੂੰ ਦੇਵ-ਨਿੰਦਾ ਕਹਿ ਕੇ ਉਸਦੇ ਵਿਰੁੱਧ ਮੁਕੱਦਮੇ ਨੂੰ ਤਕੜਾ ਕੀਤਾ ਗਿਆ।
ਉਸਦੇ ਬਾਰੇ ਇਹ ਧਾਰਨਾ ਵੀ ਬਣਾਈ ਗਈ ਕਿ ਉਹ ਸੰਵਾਦ ਕਰਨ ਦੇ ਤਰੀਕੇ ਦੇ ਬਹਾਨੇ ਨੌਜਵਾਨਾਂ ਨੂੰ ਸਵਾਲ ਪੁੱਛਣ ਲਈ ਉਕਸਾਉਂਦਾ ਹੈ। ਨੌਜਵਾਨ ਜਿਨ੍ਹਾਂ ਕੋਲੋਂ ਕਿ ਨਿਮਰਤਾ ਤੇ ਆਗਿਆਕਾਰੀ ਹੋਣ ਦੀ ਆਸ ਕੀਤੀ ਜਾਂਦੀ ਹੈ, ਸੁਕਰਾਤ ਦੀ ਚੁੱਕ ਵਿਚ ਆ ਕੇ ਬਦਤਮੀਜ਼ ਬਣ ਰਹੇ ਹਨ। ਉਹ ਨੈਤਿਕਤਾ ਦੇ ਮੁੱਦੇ 'ਤੇ ਵਿਦਰੋਹੀ ਹੋ ਰਹੇ ਹਨ ਤੇ ਪ੍ਰਚਲਤ ਮਾਨਤਾਵਾਂ ਦੇ ਨਿਭਾਅ ਤੋਂ ਇਨਕਾਰੀ ਹਨ। ਇਸ ਕਾਰਨ ਸੁਕਰਾਤ ਦੇ ਇਸ ਤਰੀਕੇ ਨੂੰ ਸਮਾਜ ਲਈ ਖ਼ਤਰਨਾਕ ਮੰਨਦਿਆਂ ਰੋਕਿਆ ਜਾਵੇ।
ਏਥਨਜ਼ ਦੀ ਸੰਸਦ ਨੇ ਕੁਝ ਸਾਲ ਪਹਿਲਾਂ ਹੀ ਸੁਕਰਾਤ ਦੀ ਮਨਮਰਜ਼ੀ ਨੂੰ ਅੱਖੀਂ ਦੇਖਿਆ ਸੀ ਜਦੋਂ ਉਸਨੇ ਜੰਗ ਵਿਚ ਸਾਥੀਆਂ ਦੀਆਂ ਲਾਸ਼ਾਂ ਛੱਡ ਆਏ ਫੌਜੀ ਜਰਨੈਲਾਂ ਉੱਪਰ ਮੁਕੱਦਮਾ ਚਲਾਉਣ ਦਾ ਵਿਰੋਧ ਕੀਤਾ ਸੀ। ਇਸ ਘਟਨਾ ਨਾਲ ਨਾ ਸਿਰਫ਼ ਕੁਝ ਸੰਸਦ ਅਧਿਕਾਰੀ ਬਲਕਿ ਸਾਧਾਰਣ ਲੋਕ ਵੀ ਸੁਕਰਾਤ ਦੇ ਵਿਰੋਧੀ ਹੋ ਗਏ ਸਨ। ਇਹੀ ਕਾਰਨ ਹੈ ਕਿ ਉਸ ਉੱਪਰ ਤੁਹਮਤਾਂ ਲਾ ਕੇ ਤਿੰਨੇ ਸ਼ਿਕਾਇਤ ਕਰਤਿਆਂ ਨੇ ਉਸ ਲਈ ਮੌਤ ਦੀ ਸਜ਼ਾ ਮੰਗੀ ਸੀ। 399 ਈ. ਪੂ. ਦੀ ਬਸੰਤ ਦੀ ਉਹ ਸਵੇਰੇ ਦਰਸ਼ਨ, ਨਿਆਂ ਅਤੇ ਮਨੁੱਖਤਾ ਦੇ ਇਤਿਹਾਸ ਵਿਚ ਕਾਲਾ ਦਿਨ ਸੀ। ਏਥਨਜ਼ ਦੀ ਸੰਸਦ ਦੇ 500 ਮੈਂਬਰਾਂ ਨੇ ਜਦੋਂ ਮੇਲਿਟਸ, ਅਨਾਈਟਸ ਅਤੇ ਲਾਈਕਾਨ ਵਲੋਂ ਕੀਤੇ ਮੁਕੱਦਮੇ ਦਾ ਕਾਰਵਾਈ ਸੁਣੀ। ਉਸ ਸਮੇਂ 28 ਸਾਲ ਦੇ ਪਲੈਟੋ ਨੇ ਇਸ ਕਾਰਵਾਈ ਨੂੰ 'ਅਪੋਲੋਜੀ' ਨਾਂ ਦੇ ਸੰਵਾਦ ਵਿਚ ਦਰਜ ਕੀਤਾ ਹੈ। ਉਸ ਸਮੇਂ ਦੇ ਕਾਨੂੰਨ ਮੁਤਾਬਿਕ 30 ਸਾਲ ਤੋਂ ਉੱਪਰ ਦੇ ਲੋਕ ਹੀ ਮੁਕੱਦਮੇ ਦੇ ਫੈਸਲੇ ਸੰਬੰਧੀ ਚੋਣ ਵਿਚ ਹਿੱਸਾ ਲੈ ਸਕਦੇ ਸਨ। ਪਲੈਟੋ ਚੋਣਾਂ ਵਿਚ ਹਿੱਸਾ ਤਾਂ ਨਹੀਂ ਲੈ ਸਕਿਆ, ਪਰ ਉਸਨੇ ਸਾਰੇ ਮੁਕੱਦਮੇ ਦੀ ਕਾਰਵਾਈ ਸੰਵਾਦ-ਬੱਧ ਕਰਕੇ ਇਤਿਹਾਸ ਵਿਚ ਸਦਾ ਲਈ ਅੰਕਿਤ ਕਰ ਦਿੱਤੀ।
ਸੁਕਰਾਤ ਦੇ ਮੁਕੱਦਮੇ ਨੂੰ ਦੇਖਣ ਲਈ ਏਥਨਜ਼ ਦੇ ਬਹੁਤ ਸਾਰੇ ਆਮ
ਨਾਗਰਿਕ ਵੀ ਅਦਾਲਤ ਵਿਚ ਆ ਪੁੱਜੇ ਸਨ। 500 ਸੰਸਦ ਮੈਂਬਰਾਂ ਦੀ ਜਿਊਰੀ ਵੀ ਸਾਰੀ ਕਾਰਵਾਈ ਨੂੰ ਸੁਣਨ ਲਈ ਮੌਜੂਦ ਸੀ। ਸੱਤਰ ਸਾਲ ਦਾ ਇਕ ਬਜ਼ੁਰਗ ਦਾਨਿਸ਼ਵਰ ਜਿਸਨੇ ਆਪਣੇ ਜੀਵਨ ਦਾ ਬਹੁਤਾ ਸਮਾਂ ਫ਼ਲਸਫ਼ੇ ਲਈ ਲੇਖੇ ਲਾ ਦਿੱਤੀ ਸੀ, ਇਨਸਾਫ਼ ਵਿਰੋਧੀ ਕਾਰਵਾਈ ਸਾਹਮਣੇ ਆਪਣੇ ਤਰਕਾਂ ਸਮੇਤ ਹਾਜ਼ਰ ਸੀ। ਮੁਕੱਦਮੇ ਦੀ ਕਾਰਵਾਈ ਦੇ ਆਰੰਭ ਹੋਣ ਤੋਂ ਪਹਿਲਾਂ ਸੁਕਰਾਤ ਇਕ ਨੌਜਵਾਨ ਯੂਥਾਈਫ਼ਰੋ ਨਾਲ ਗੱਲਾਂ ਕਰਦਾ ਹੈ। ਯੂਥਾਈਫ਼ਰੋ ਨੇ ਸੁਕਰਾਤ ਦਾ ਨਾਮ ਸੁਣਿਆ ਹੋਇਆ ਹੈ ਤੇ ਉਹ ਉਸ ਨਾਲ ਗੱਲਾਂ ਕਰਕੇ ਖੁਸ਼ੀ ਮਹਿਸੂਸ ਕਰ ਰਿਹਾ ਹੈ। ਉਹ
ਸੁਕਰਾਤ ਕੋਲੋਂ ਪੁੱਛਦਾ ਹੈ:
ਯੂਥਾਈਫਰੋ ਦੀ ਜਿਗਿਆਸਾ ਇਸ ਤੋਂ ਬਾਅਦ ਸੁਕਰਾਤ ਵਿਚ ਜਾਗਦੀ ਹੈ। ਉਹ ਇਸ ਗੱਲਬਾਤ ਨੂੰ ਹੋਰ ਅਗਾਂਹ ਤੋਰਦਾ ਹੈ:
ਫਿਰ ਸੁਕਰਾਤ ਸ਼ਹਿਰ ਵਾਸੀਆਂ ਨੂੰ ਸਿੱਧਾ ਸੰਬੋਧਨ ਕਰਦਾ ਹੈ। ਉਸਦਾ ਇਹ ਭਾਸ਼ਣ ਕਈ ਮਾਮਲਿਆਂ ਵਿਚ ਤਰਕਵਾਦੀਆਂ ਦਾ ਸਿਧਾਂਤ ਬਣਦਾ ਰਿਹਾ ਹੈ:
ਦੋਸ਼ ਲਾਉਣ ਵਾਲਿਆਂ ਦੀਆਂ ਗੱਲਾਂ ਸੱਚੀਆਂ ਜਾਪਦੀਆਂ ਹਨ। ਤਾਂ ਵੀ ਉਨ੍ਹਾਂ ਨੇ ਸ਼ਾਇਦ ਹੀ ਕੋਈ ਸੱਚੀ ਗੱਲ ਕੀਤੀ ਹੋਵੇ। ਉਨ੍ਹਾਂ ਦੀਆਂ ਬਹੁਤੀਆਂ ਝੂਠੀਆਂ ਗੱਲਾਂ ਵਿੱਚੋਂ ਇਕ ਗੱਲ 'ਤੇ ਮੈਨੂੰ ਖਾਸੀ ਹੈਰਾਨੀ ਹੋਈ ਹੈ। ਉਹ ਗੱਲ ਇਹ ਹੈ ਕਿ ਮੈਂ ਬਹੁਤ ਚਲਾਕ ਵਕਤਾ ਹਾਂ। ਤੁਹਾਨੂੰ ਸਾਵਧਾਨ ਰਹਿਣਾ ਪਵੇਗਾ, ਕਿਤੇ ਮੈਂ ਤੁਹਾਨੂੰ ਗੁੰਮਰਾਹ ਨਾ ਕਰ ਦੇਵਾਂ ।... ਮੈਂ ਫਿਰ ਯਾਦ ਦਿਵਾਉਂਦਾ ਹਾਂ ਕਿ ਦੋਸ਼ ਲਾਉਣ ਵਾਲਿਆਂ ਨੇ ਨਾ-ਮਾਤਰ ਹੀ ਸੱਚ ਕਿਹਾ ਹੈ ਪਰ ਮੈਂ ਤੁਹਾਨੂੰ ਪੂਰਾ ਸੱਚ ਕਹਿ ਦੇਵਾਂਗਾ।... ਸੱਚ ਇਹ ਹੈ ਕਿ ਮੇਰੀ 70 ਸਾਲ ਤੋਂ ਵਧੇਰੇ ਹੈ ਤੇ ਮੈਂ ਪਹਿਲੀ ਵਾਰ ਕਿਸੇ ਕਚਹਿਰੀ ਸਾਹਮਣੇ ਆਇਆ ਹਾਂ।
ਸੁਕਰਾਤ ਨੇ ਸਾਰੇ ਮੁਕੱਦਮੇ ਦੀ ਕਾਰਵਾਈ ਦੌਰਾਨ ਸਫ਼ਾਈ ਲਈ ਆਪਣਾ ਪੱਖ ਰੱਖਿਆ। ਉਸਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਤੇ ਆਪਣੇ ਬਾਰੇ ਬਣੀਆਂ ਰਾਵਾਂ ਨੂੰ ਇਕ ਕਰ ਲਿਆ ਤੇ ਆਪਣੀ ਭਾਸ਼ਣ ਕਲਾ ਨਾਲ ਇਨ੍ਹਾਂ ਮਿੱਥਕਾਂ ਨੂੰ ਖੋਲ੍ਹ ਕੇ ਲੋਕਾਂ ਸਾਹਮਣੇ ਪੇਸ਼ ਕੀਤਾ:
ਏਥਨਜ਼ ਨਿਵਾਸੀਓ, ਪਹਿਲੀ ਗੱਲ ਮੈਂ ਪੁਰਾਣੇ ਇਲਜ਼ਾਮ ਲਾਉਣ ਵਾਲਿਆਂ 'ਤੇ ਨਵੇਂ ਦੋਸ਼ ਲਾਉਣ ਵਾਲਿਆਂ ਦੇ ਦੋਸ਼ਾਂ ਦੇ ਵਿਰੋਧ ਵਿਚ ਆਪਣੀ ਸਫ਼ਾਈ ਦੇਣੀ ਹੈ। ਬਹੁਤ ਸਾਰੇ ਲੋਕਾਂ ਨੇ ਸਾਲਾਂ ਬੱਧੀ ਮੇਰੇ ਖ਼ਿਲਾਫ਼ ਝੂਠ ਤੋਂ ਬਿਨਾਂ ਹੋਰ ਕੁਝ ਨਹੀਂ ਕਿਹਾ। ਮੈਂ ਅਨਾਈਟਸ ਤੇ ਉਨ੍ਹਾਂ ਦੇ ਸਾਥੀਆਂ ਦੀ ਨਿਸਬਤ ਉਨ੍ਹਾਂ ਲੋਕਾਂ ਤੋਂ ਵੱਧ ਡਰਦਾ ਹਾਂ.....
ਉਹ ਮੇਰੇ ਬਾਰੇ ਲਗਾਤਾਰ ਝੂਠ ਬੋਲਦੇ ਰਹੇ ਤੇ ਤੁਹਾਨੂੰ ਸਮਝਾਉਂਦੇ ਰਹੇ ਕਿ ਸੁਕਰਾਤ ਨਾਂ ਦਾ ਇਕ ਸਿਆਣਾ ਬੰਦਾ ਹੈ ਜੋ ਦੇਵ-ਲੋਕ ਬਾਰੇ ਯੱਕੜ ਮਾਰਦਾ ਰਹਿੰਦਾ ਹੈ। ਜੋ ਧਰਤੀ ਦੇ ਹੇਠਾਂ ਆਪਣੀ ਦ੍ਰਿਸ਼ਟੀ ਪਾਉਂਦਾ ਹੈ ਅਤੇ ਕਮਜ਼ੋਰ ਤਰੀਕਿਆਂ ਨੂੰ ਤਕੜੇ ਤਰੀਕੇ ਬਣਾ ਕੇ ਪੇਸ਼ ਕਰਦਾ ਹੈ।
ਫਿਰ ਉਸਨੇ ਭਾਵੁਕ ਹੋ ਕੇ ਕਿਹਾ:
ਏਥਨਜ਼ ਨਿਵਾਸੀਓ ਮੈਂ ਥੋੜ੍ਹੇ ਜਿਹੇ ਦਿੱਤੇ ਸਮੇਂ ਵਿਚ ਹੀ ਆਪਣੀ ਸਫ਼ਾਈ ਦੇਣੀ ਹੈ। ਇਸੇ ਸਮੇਂ ਦੌਰਾਨ ਹੀ ਮੈਂ ਆਪਣੇ ਬਾਰੇ ਚਿਰਾਂ ਤੋਂ ਲੋਕਾਂ ਦੇ ਮਨਾਂ ਵਿਚ ਪਏ ਬੁਰੇ ਪ੍ਰਭਾਵ ਦੂਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਮੈਨੂੰ ਆਸ ਹੈ ਕਿ ਮੈਂ ਅਜਿਹਾ ਕਰ ਸਕਾਂਗਾ.....
ਮੇਰੇ ਦੁਸ਼ਮਣ ਮੇਰੇ ਵਿਰੁੱਧ ਭੰਡੀ ਪ੍ਰਚਾਰ ਕਰਦੇ ਰਹੇ ਹਨ ਕਿ ਮੈਨੂੰ ਉਵੇਂ ਨਹੀਂ ਜੀਣਾ ਚਾਹੀਦਾ ਸੀ, ਜਿਵੇਂ ਮੈਂ ਜੀਵਿਆ। ਉਨ੍ਹਾਂ ਦੇ ਦੋਸ਼ ਇਵੇਂ ਦੋ ਹੋਣਗੇ ਕਿ "ਸੁਕਰਾਤ ਬੁਰੇ ਕਰਮਾਂ ਵਾਲਾ ਵਿਅਕਤੀ ਹੈ ਜੋ ਧਰਤੀ ਤੇ
ਅਸਮਾਨ ਸੰਬੰਧੀ ਵਿਸ਼ਿਆਂ ਉੱਪਰ ਦਖ਼ਲਅੰਦਾਜ਼ੀ ਵਾਲੀ ਖੋਜ ਕਰਦਾ ਹੈ। ਉਹ ਕਮਜ਼ੋਰ ਤਰੀਕਿਆਂ ਨੂੰ ਤੀਬਰ ਬਣਾ ਕੇ ਪੇਸ਼ ਕਰਦਾ ਹੈ ਤੇ ਦੂਜਿਆਂ ਨੂੰ ਵੀ ਐਸਾ ਕਰਨਾ ਸਿਖਾਉਂਦਾ ਹੈ।" ਇਹ ਲੋਕ ਸਹੀ ਕਹਿੰਦੇ ਹਨ ਤੇ ਅਰਿਸਤੋਫੇਨਸ ਦੇ ਹਾਸ-ਨਾਟਕ ਵਿਚ ਤੁਸੀਂ ਖ਼ੁਦ ਸੁਕਰਾਤ ਨਾਮੀ ਉਹ ਬੰਦਾ ਦੇਖਿਆ ਹੀ ਹੋਵੇਗਾ ਜੋ ਇਕ ਟੋਕਰੀ ਦੀ ਪੀਂਘ ਬਣਾ ਕੇ ਝੂਟੇ ਲੈ ਰਿਹਾ ਹੈ ਤੇ ਉਹ ਕਹਿ ਰਿਹਾ ਹੈ ਕਿ ਉਹ ਹਵਾ ਵਿਚ ਤੁਰਦਾ ਹੈ ਤੇ ਇਨ੍ਹਾਂ ਵਿਸ਼ਿਆਂ ਬਾਰੇ ਹੋਰ ਵੀ ਊਟ-ਪਟਾਂਗ ਗੱਲਾਂ ਕਰਦਾ ਹੈ, ਜਿਨ੍ਹਾਂ ਨੂੰ ਮੈਂ ਨਾ ਤਾਂ ਸਮਝਦਾ ਹਾਂ ਨਾ ਉਨ੍ਹਾਂ ਬਾਰੇ ਜਾਣਦਾ ਹਾਂ ।
ਸੁਕਰਾਤ ਅਰਿਸਤੋਫੋਨਸ ਦੇ ਹਾਸ-ਨਾਟਕ ਦੇ ਆਧਾਰ 'ਤੇ ਉਸ ਬਾਰੇ ਰਾਵਾਂ ਬਣਾਉਣ ਵਾਲਿਆਂ ਉੱਪਰ ਵਿਅੰਗ ਕਰਦਾ ਹੈ। ਉਹ ਸਾਰੇ ਸ਼ਹਿਰ ਦੇ ਸਾਹਮਣੇ ਇਹ ਸਵਾਲ ਇਸ ਅੰਦਾਜ਼ ਵਿਚ ਉਠਾਉਂਦਾ ਹੈ ਕਿ ਕਿਸੇ ਸਾਹਿਤਕਾਰ ਵੱਲੋਂ ਲਿਖੇ ਸਾਹਿਤ ਦੇ ਆਧਾਰ 'ਤੇ ਕਿਸੇ ਵਿਅਕਤੀ ਬਾਰੇ ਰਾਏ ਬਣਾ ਕੇ ਕੋਈ ਗੁੱਟ ਲੋਕਾਂ ਸਾਹਮਣੇ ਮੁਕੱਦਮਾ ਲੈ ਆਉਂਦਾ ਹੈ ਕਿ ਉਸ ਵਿਅਕਤੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਉਹ ਕਹਿੰਦਾ ਹੈ:
ਜੇਕਰ ਤੁਸੀਂ ਇਹ ਸੁਣਿਆ ਹੈ ਕਿ ਮੈਂ ਲੋਕਾਂ ਨੂੰ ਸਿੱਖਿਆ ਦੇਣ ਦੇ ਬਦਲੇ ਉਨ੍ਹਾਂ ਕੋਲੋਂ ਧਨ ਲੈਂਦਾ ਹਾਂ ਤਾਂ ਇਹ ਵੀ ਸੱਚੀ ਗੱਲ ਨਹੀਂ ਹੈ। ਭਾਵੇਂ ਮੈਂ ਸਮਝਦਾ ਹਾਂ ਕਿ ਲੋਕਾਂ ਨੂੰ ਲਿਓਨਤਿਨੀ ਦੇ ਗਾਰਜਿਅਸ, ਸੋਓਸ ਦੇ ਪ੍ਰਾਡੀਕਸ ਤੇ ਏਲਿਸ ਦੇ ਹਿਪਿਆਸ ਵਾਂਗ ਸਿੱਖਿਆ ਦੇਣਾ ਵੀ ਕੋਈ ਬੁਰੀ ਗੱਲ ਨਾ ਹੁੰਦੀ। ਦੋਸਤੋ, ਇਨ੍ਹਾਂ ਵਰਣਿਤ ਲੋਕਾਂ ਵਿੱਚੋਂ ਕੋਈ ਵੀ ਕਿਸੇ ਵੀ ਸ਼ਹਿਰ ਵਿਚ ਜਾ ਕੇ ਗੱਭਰੂਆਂ ਨੂੰ ਵਰਗਲਾ ਸਕਦਾ ਹੈ ਕਿ ਉਹ ਆਪਣੇ ਨਾਲ ਦੇ ਸ਼ਹਿਰੀਆਂ ਦਾ ਸਾਥ ਛੱਡ ਦੇਣ ਜਿਨ੍ਹਾਂ ਨਾਲ ਉਹ ਫ਼ਜ਼ੂਲ ਹੀ ਮਿਲਦੇ-ਜੁਲਦੇ ਹਨ।'
ਤੁਸੀਂ ਇਹ ਵੀ ਪੁੱਛ ਸਕਦੇ ਹੋ ਕਿ ਸੁਕਰਾਤ! ਫਿਰ ਤੇਰੇ ਖ਼ਿਲਾਫ਼ ਇਹ ਗੱਲਾਂ ਕਿਉਂ ਫੈਲਦੀਆਂ ਹਨ ? ਤੂੰ ਕਰਦਾ ਕੀ ਹੈ ? ਲਾਜ਼ਮ ਹੀ ਤੂੰ ਕਿਸੇ ਵਿਸ਼ੇਸ਼ ਕੰਮ ਵਿਚ ਲੱਗਿਆ ਹੋਵੇਂਗਾ। ਜੇਕਰ ਅਜਿਹਾ ਨਾ ਹੁੰਦਾ ਤਾਂ ਤੇਰੇ ਬਾਰੇ ਇਹ ਗੱਲਾਂ ਨਾ ਫੈਲਦੀਆਂ। ਇਸ ਲਈ ਆਪਣਾ ਸਹੀ-ਸਹੀ ਕੰਮ ਦੱਸ ਤਾਂ ਕਿ ਅਸੀਂ ਹਨੇਰੇ ਵਿਚ ਤੇਰੇ ਬਾਰੇ ਫੈਸਲਾ ਕਰ ਦਈਏ।'
ਫਿਰ ਸੁਕਰਾਤ ਨੇ ਆਪਣੇ ਖ਼ਿਲਾਫ਼ ਫੈਲੀਆਂ ਅਫ਼ਵਾਹਾਂ ਦੇ ਜਵਾਬ ਦੇਣੇ ਆਰੰਭਕੀਤੇ। ਉਸਨੇ ਏਥਨਜ਼ ਦੇ ਸਭ ਤੋਂ ਸਿਆਣੇ ਆਦਮੀ ਵਾਲੀ ਭਵਿੱਖਬਾਣੀ ਬਾਰੇ ਹਾਜ਼ਰ ਲੋਕਾਂ ਨੂੰ ਦੱਸਿਆ ਕਿ:
ਮੈਂ ਡੇਲਫ਼ੀ ਦੇ ਦੇਵਤਾ ਨੂੰ ਇਸ ਗੱਲ ਦਾ ਗਵਾਹ ਮੰਨਦਾ ਹਾਂ ਕਿ ਉਹ ਮੇਰੇ ਗਿਆਨ ਤੇ ਇਸਦੀ ਪ੍ਰਕਿਰਤੀ ਤੋਂ ਜਾਣੂ ਹੈ। ਤੁਹਾਨੂੰ ਸ਼ੇਰੀਫੋਨ ਯਾਦ ਹੋਵੇਗਾ। ਉਹ ਬਚਪਨ ਤੋਂ ਹੀ ਮੇਰਾ ਸਾਥੀ ਹੈ ਇਕ ਵਾਰ ਉਹ ਡੇਲਫੀ ਗਿਆ ਤੇ ਉੱਥੋਂ ਦੇ ਜੋਤਸ਼ੀ ਨੂੰ ਇਕ ਸਵਾਲ ਪੁੱਛਿਆ ਕਿ, "ਕੀ ਕੋਈ ਐਸਾ ਬੰਦਾ ਹੈ, ਜੋ ਮੈਥੋਂ ਵਧ ਕੇ ਸਿਆਣਾ ਹੈ?" ਇਸ ਦੇ ਉੱਤਰ ਵਿਚ ਜੋਤਸ਼ੀ ਨੇ ਕਿਹਾ, "ਨਹੀਂ ਕੋਈ ਵੀ ਅਜਿਹਾ ਨਹੀਂ ਹੈ..."
ਇਸ ਇਲਜ਼ਾਮ ਦੇ ਜਵਾਬ ਵਿਚ ਸੁਕਰਾਤ ਖ਼ੁਦ ਹੀ ਆਪਣਾ ਪੱਖ ਪੇਸ਼ ਕਰਦਾ ਹੈ। ਉਹ ਲੋਕਾਂ ਸਾਹਮਣੇ ਡੇਲਫ਼ੀ ਦੇ ਉਸ ਭਵਿੱਖ-ਵਕਤਾ ਨੂੰ ਜਿਸਨੂੰ ਏਥਨਜ਼ ਵਾਸੀ ਦੇਵਤਾ ਮੰਨਦੇ ਸਨ ਦੀ ਇਸ ਟਿੱਪਣੀ ਸੰਬੰਧੀ ਸਵਾਲ ਖੜ੍ਹੇ ਕਰਦਾ ਹੈ:
ਤੁਸੀਂ ਹੁਣ ਸੋਚੋ ਮੈਂ ਅਜਿਹਾ ਕਿਉਂ ਕਰ ਰਿਹਾ ਹਾਂ ? ਮੈਂ ਲੋਕਾਂ ਵਿਚ ਬੁਰੇ ਬੰਦੇ ਵਜੋਂ ਬਦਨਾਮ ਹਾਂ। ਇਸ ਬਦਨਾਮੀ ਦੀ ਸ਼ੁਰੂਆਤ ਬਾਰੇ ਮੈਂ ਤੁਹਾਨੂੰ ਦੱਸਣ ਲੱਗਾ ਹਾਂ। ਜਦੋਂ ਮੈਂ ਇਹ ਟਿੱਪਣੀ ਸੁਣੀ ਤਾਂ ਸੋਚਣ ਲੱਗਾ ਕਿ ਇਸ ਧੁੰਦਲੀ ਜਿਹੀ ਟਿੱਪਣੀ ਤੋਂ ਦੇਵਤੇ ਦਾ ਕੀ ਭਾਵ ਹੈ? ਮੈਨੂੰ ਭਲੀ-ਭਾਂਤ ਪਤਾ ਹੈ ਕਿ ਮੈਂ ਸਭ ਤੋਂ ਸਿਆਣਾ ਨਹੀਂ। ਉਸ ਹਾਲਤ ਵਿਚ ਜਦੋਂ ਮੈਨੂੰ ਸਭ ਤੋਂ ਸਿਆਣਾ ਕਿਹਾ ਗਿਆ ਹੈ ਤਾਂ ਉਸਦੇ ਕੀ ਅਰਥ ਹਨ? ਦੇਵਤਾ ਤਾਂ ਝੂਠ ਬੋਲ ਨਹੀਂ ਸਕਦਾ। ਕਈ ਦਿਨਾਂ ਤੱਕ ਮੈਂ ਅਣਚਾਹੇ ਮਨ ਨਾਲ ਇਸ ਟਿੱਪਣੀ ਦੇ ਅਰਥ ਜਾਨਣ ਲਈ ਤਿਆਰ ਹੋਇਆ।
ਅਗਲੇ ਬਿਆਨ ਵਿਚ ਸੁਕਰਾਤ ਗਿਆਨਵਾਨ ਲੋਕਾਂ ਵਜੋਂ ਪ੍ਰਸਿੱਧ ਉਨ੍ਹਾਂ ਸਾਰੇ ਲੋਕਾਂ ਨਾਲ ਮੁਲਾਕਾਤ ਦਾ ਜ਼ਿਕਰ ਕਰਦਾ ਹੈ, ਜਿਨ੍ਹਾਂ ਨੂੰ ਉਹ ਆਪਣੇ ਗਿਆਨ ਦੀ ਕਸੌਟੀ ਸਮਝ ਕੇ ਮਿਲਿਆ ਤੇ ਉਨ੍ਹਾਂ ਦਾ ਗਿਆਨ ਹੀ ਪਰਖਿਆ ਗਿਆ:
ਮੈਂ ਇਕ ਸਿਆਣੇ ਆਦਮੀ ਕੋਲ ਗਿਆ। ਉਸ ਬੰਦੇ ਦਾ ਨਾਂ ਦੱਸਣ ਦੀ ਲੋੜ ਨਹੀਂ। ਉਹ ਇਕ ਸਿਆਸਤਦਾਨ ਹੈ। ਮੈਂ ਉਸ ਬੰਦੇ ਨਾਲ ਗੱਲਬਾਤ ਕੀਤੀ ਤਾਂ ਮੈਂ ਇਸ ਨਤੀਜੇ 'ਤੇ ਪਹੁੰਚਿਆ ਕਿ ਬਹੁਤ ਸਾਰੇ ਲੋਕ ਜੋ ਆਪਣੇ ਆਪ ਨੂੰ ਗਿਆਨਵਾਨ ਮੰਨਦੇ ਹਨ, ਗਿਆਨਵਾਨ ਨਹੀਂ ਹਨ। ਫਿਰ ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਆਪਣੇ ਆਪ ਨੂੰ ਸਿਆਣੇ ਸਮਝਣ ਤੇ ਕਹਿਣ ਵਾਲੇ ਲੋਕ ਹੀ ਸਿਆਣੇ ਨਹੀਂ ਹਨ। ਅਜਿਹਾ ਕਰਕੇ ਮੈਂ ਉਸ ਵਿਅਕਤੀ ਨੂੰ ਤੇ ਨਾਲ ਖੜ੍ਹੇ ਹੋਰ ਲੋਕਾਂ ਨੂੰ ਆਪਣਾ ਦੁਸ਼ਮਣ ਬਣਾ ਲਿਆ।"
ਇਸ ਤੋਂ ਬਾਅਦ ਮੈਂ ਹਰ ਬੰਦੇ ਕੋਲ ਇਸ ਲਈ ਗਿਆ ਕਿ ਭਵਿੱਖ ਦੱਸਣ ਵਾਲੇ ਅਰਥ ਖੋਜ ਸਕਾਂ। ਹਰ ਬੰਦਾ ਸਿਆਣਾ ਅਖਵਾਉਂਦਾ ਸੀ, ਜਿਨ੍ਹਾਂ
ਨੂੰ ਮੈਂ ਮਿਲਿਆ..... ਮੈਂ ਇਸ ਸਿੱਟੇ 'ਤੇ ਪੁੱਜਿਆ ਕਿ ਜਿਨ੍ਹਾਂ ਲੋਕਾਂ ਨੂੰ ਆਪਣੇ ਗਿਆਨ ਵਜੋਂ ਬਹੁਤ ਪ੍ਰਸਿੱਧੀ ਹਾਸਲ ਹੈ ਉਹ ਸਭ ਤੋਂ ਮੂਰਖ ਲੋਕ ਹਨ। ਜਿਨ੍ਹਾਂ ਨੂੰ ਸਾਧਾਰਣ ਲੋਕ ਸਮਝਿਆ ਜਾਂਦਾ ਸੀ, ਉਹ ਉਨ੍ਹਾਂ ਲੋਕਾਂ ਨਾਲੋਂ ਵੱਧ ਸਿਆਣਪ ਰੱਖਦੇ ਸਨ ।
ਫਿਰ ਸੁਕਰਾਤ ਮੇਲਿਟਸ ਨਾਲ ਸਿੱਧਾ ਸੰਵਾਦ ਕਰਦਾ ਹੈ ਤੇ ਆਪਣੇ ਉੱਪਰ ਲਗਾਈ ਗਈ ਦੂਸਰੀ ਤੁਹਮਤ ਬਾਰੇ ਫੈਸਲਾ ਲੈਣ ਵਾਲਿਆਂ ਨੂੰ ਵਾਕਫ਼ ਕਰਾਉਂਦਾ ਹੈ। ਉਹ ਮੇਲਿਟਸ ਨੂੰ ਕੋਲ ਬੁਲਾਉਂਦਾ ਹੈ। ਸੁਕਰਾਤ ਨੌਜਵਾਨਾਂ ਨੂੰ ਪਲੀਤ ਕਰਨ ਵਾਲੇ ਮੁੱਦੇ ਬਾਰੇ ਉਸ ਨਾਲ ਗੱਲ ਕਰਦਾ ਹੈ:
ਸੁਕਰਾਤ ਨੇ ਆਪਣੇ ਸਵਾਲਾਂ ਦੇ ਤਰੀਕੇ ਵਿਚ ਮੇਲਿਟਸ ਨੂੰ ਉਲਝਾ ਕੇ ਸਾਰੀ ਕਚਿਹਰੀ ਸਾਹਮਣੇ ਉਸਦੇ ਪਾਜ ਉਘਾੜ ਦਿੱਤੇ। ਕਿਸੇ ਤਰਕ ਤੱਕ ਪਹੁੰਚਣ ਦਾ ਉਸਦਾ ਇਹੀ ਸਟੀਕ ਤਰੀਕਾ ਸੀ । ਉੱਥੇ ਹਾਜ਼ਰ ਸ਼ਹਿਰ ਵਾਸੀਆਂ ਦੀ ਹਮਦਰਦੀ ਜਿੱਤਣ ਲਈ ਮੇਲਿਟਸ ਨੇ ਜੋ ਜਵਾਬ ਦਿੱਤੇ ਉਸ ਤੋਂ ਸਾਬਿਤ ਹੋ ਗਿਆ ਕਿ ਸੁਕਰਾਤ ਦੇ ਖ਼ਿਲਾਫ਼ ਕੀਤਾ ਇਹ ਮੁਕੱਦਮਾ ਨਿੱਜੀ ਭਾਂਤ ਦੀ ਰੰਜਿਸ਼ ਤੋਂ ਸਿਵਾ ਕੁਝ ਵੀ ਨਹੀਂ। ਸੁਕਰਾਤ ਨੇ ਆਪਣੇ ਸਵਾਲਾਂ ਦੇ ਅਗਲੇਰੇ ਪੱਖ ਵਿਚ ਮੇਲਿਟਸ ਤੋਂ ਇਸ ਪਲੀਤ ਕਰਨ ਦੇ ਉਦੇਸ਼ ਬਾਰੇ ਪੁੱਛਿਆ:
ਨੌਜਵਾਨਾਂ ਨੂੰ ਬਿਲਕੁਲ ਹੀ ਭ੍ਰਿਸ਼ਟ ਨਹੀਂ ਕਰ ਰਿਹਾ ਜਾਂ ਫਿਰ ਅਨਜਾਣਪੁਣੇ ਵਿਚ ਐਸਾ ਕਰ ਰਿਹਾ ਹਾਂ, ਤਾਂ ਕੀ ਕਾਨੂੰਨ ਮੇਰੇ ਖ਼ਿਲਾਉਂ ਅਣਇੱਛੁਕ ਦੋਸ਼ ਹੇਠ ਮੁਕੱਦਮਾ ਚਲਾਉਣ ਦਾ ਅਧਿਕਾਰ ਤੁਹਾਨੂੰ ਨਹੀਂ ਦਿੰਦਾ? ਪਰ ਤੁਸੀਂ ਮੈਨੂੰ ਕਚਹਿਰੀ ਸਾਹਮਣੇ ਲੈ ਆਏ ਹੋ, ਜਿੱਥੇ ਗੁਨਾਹਗਾਰਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ।
ਫਿਰ ਸੁਕਰਾਤ ਨੇ ਨਾਸਤਿਕਤਾ ਦੇ ਇਲਜ਼ਾਮ ਵੱਲ ਰੁਖ਼ ਕੀਤਾ ਤੇ ਉਸਨੇ ਏਥਨਜ਼ ਦੇ ਸ਼ਹਿਰੀਆਂ ਨੂੰ ਸੰਬੋਧਿਤ ਹੋ ਕੇ ਮੇਲਿਟਸ ਕੋਲੋਂ ਸਵਾਲ ਪੁੱਛੇ:
ਇਸ ਬਿਆਨ ਨੇ ਸੁਕਰਾਤ ਨੂੰ ਆਪਣੀ ਤਾਰਕਿਕਤਾ ਲਈ ਇਤਿਹਾਸ ਵਿੱਚੋਂ ਹਵਾਲੇ ਲੈਣ ਲਈ ਪ੍ਰੇਰਿਤ ਕਰ ਦਿੱਤਾ। ਉਸਨੇ ਸਵਾਲਾਂ ਦਾ ਐਸਾ ਜਾਲ ਬੁਣ
ਦਿੱਤਾ ਜਿਸ ਵਿਚ ਉਸਦੇ ਵਿਰੁੱਧ ਲਾਈਆਂ ਤੁਹਮਤਾਂ ਝੂਠੀਆਂ ਸਾਬਿਤ ਹੋ ਰਹੀਆਂ ਸਨ। ਚੰਦ ਤੇ ਸੂਰਜ ਦੇ ਮਸਲੇ ਵਿਚ ਭੌਕਿਤਾਵਾਦੀ ਤਰਕ ਦੇਣ ਵਾਲਾ ਸੁਕਰਾਤ ਪਹਿਲਾ ਯੂਨਾਨੀ ਦਾਰਸ਼ਨਿਕ ਨਹੀਂ ਸੀ। ਉਸ ਤੋਂ ਪਹਿਲਾਂ ਹੀ ਅਨੇਕਸਾਗੋਸ ਦੀਆਂ ਇਸ ਸੰਬੰਧੀ ਧਾਰਨਾਵਾਂ ਯੂਨਾਨੀ ਲੋਕਾਂ ਦੇ ਇਕ ਵਰਗ ਵਿਚ ਪ੍ਰਸਿੱਧ ਹੈ ਚੁੱਕੀਆਂ ਸਨ। ਸੁਕਰਾਤ ਨੇ ਮੇਲਿਟਸ ਨੂੰ ਕਿਹਾ:
ਪਿਆਰੇ ਮੇਲਿਟਸ, ਕੀ ਤੁਹਾਨੂੰ ਲਗਦਾ ਹੈ ਕਿ ਤੁਸੀਂ ਅਨੇਕਸਾਗੋਰਸ ਉੱਪਰ ਮੁਕੱਦਮਾ ਚਲਾ ਰਹੇ ਹੋ? ਜੇ ਤੁਸੀਂ ਸੱਚੀਂ ਇਹ ਸਮਝ ਰਹੇ ਹੋ ਤਾਂ ਤੁਸੀਂ ਜੱਜਾਂ ਨੂੰ ਬਹੁਤ ਨਿਮਾਣੇ ਸਮਝ ਰਹੇ ਹੋ ਕਿ ਉਹ ਅਨਪੜ੍ਹ ਹਨ। ਕਲੇਜ਼ਮੀਨੀ ਦੇ ਅਨੇਕਸਾਗਰਸ ਦੀਆਂ ਲਿਖਤਾਂ ਐਸੇ ਸਿਧਾਂਤਾਂ ਨਾਲ ਭਰੀਆਂ ਪਈਆਂ ਹਨ ਤੇ ਨੌਜਵਾਨ ਇਕ ਡਰੈਕਮਾ (ਇਕ ਸਿੱਕਾ) ਦੇ ਕੇ ਐਸੇ ਕਿਸੇ ਵੀ ਨਾਟਕ ਨੂੰ ਦੇਖ ਸਕਦੇ ਹਨ। ਜੇ ਮੈਂ ਦਾਅਵਾ ਕਰਾਂ ਕਿ ਇਹ ਸਿਧਾਂਤ ਮੇਰਾ ਹੈ ਤਾਂ ਉਹ ਮੇਰੇ 'ਤੇ ਹੱਸਣਗੇ।
ਇੰਜ ਸੁਕਰਾਤ ਨੇ ਅਦਾਲਤ ਸਾਹਮਣੇ ਪੇਸ਼ ਕਰ ਦਿੱਤਾ ਕਿ ਉਸ ਉੱਪਰ ਲਗਾਏ ਗਏ ਦੋਸ਼ ਕਿਨੇ ਹਾਸੋਹੀਣੇ ਤੇ ਗੰਭੀਰਤਾ ਤੋਂ ਵਾਂਝੇ ਹਨ। ਉਸ ਨੇ ਕਸਮ ਖਾ ਕੇ ਜੱਜਾਂ ਸਾਹਮਣੇ ਸਵੀਕਾਰ ਕੀਤਾ ਕਿ ਉਹ ਪਰਮਾਰਥ ਵਿਚ ਯਕੀਨ ਰੱਖਦਾ ਹੈ। ਉਸ ਨੇ ਇਹ ਵੀ ਦੱਸਿਆ ਕਿ ਸੋਚਣ ਦੇ ਵਿਲੱਖਣ ਤਰੀਕੇ ਕਾਰਨ ਹੀ ਨੌਜਵਾਨ ਉਸ ਕੋਲ ਆਉਂਦੇ ਹਨ। ਇਹ ਤਰੀਕਾ ਵੀ ਉਸਨੇ ਯੂਨਾਨ ਦੀ ਸਭਿਆਚਾਰਕ ਵਿਰਾਸਤ ਵਿੱਚੋਂ ਹੀ ਗ੍ਰਹਿਣ ਕੀਤਾ ਹੈ, ਜਿੱਥੇ ਮਨੁੱਖ ਦੀਆਂ ਪ੍ਰਾਪਤੀਆਂ ਨਾਲੋਂ ਉਸਦੇ ਸੋਚਣ ਦਾ ਤਰੀਕਾ ਉਸਦੀ ਵੱਖਰਤਾ ਗਿਣਿਆ ਜਾਂਦਾ ਹੈ। ਸੁਕਰਾਤ ਨੇ ਏਥਨਜ਼ ਵਾਸੀਆਂ ਅੱਗੇ ਕਿਸੇ ਵੀ ਰਹਿਮ ਦੀ ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ। ਬਲਕਿ ਉਸਨੇ ਇਹ ਬਿਆਨ ਵੀ ਦਿੱਤਾ, "ਮੈਂ ਇਹੀ ਸੋਚਦਾਂ ਕਿ ਜੱਜਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਮੈਨੂੰ ਛੱਡ ਦਿਓ ਤੇ ਇਸ ਤਰ੍ਹਾਂ ਸਜ਼ਾ ਤੋਂ ਬਚਾਅ ਹੋ ਜਾਵੇ। ਮੈਂ ਇਸਨੂੰ ਸਹੀ ਨਹੀਂ ਮੰਨਦਾ।"4 ਅਖੀਰ ਵਿਚ ਉਸਨੇ ਸਾਰੇ ਮੁਕੱਦਮੇ ਵਿਚ ਆਪਣੀ ਸਫ਼ਾਈ ਸਮੇਟਦਿਆਂ ਕਿਹਾ:
"ਏਥਨਜ਼ ਵਾਸੀਓ, ਇਹ ਸਾਰੀਆਂ ਤੁਹਮਤਾਂ ਸੱਚਾਈ ਤੋਂ ਕੋਹਾਂ ਦੂਰ ਹਨ। ਮੈਨੂੰ ਦੇਵਤਿਆਂ ਉੱਪਰ ਏਨਾ ਭਰੋਸਾ ਹੈ ਕਿ ਮੁਕੱਦਮਾ ਚਲਾਉਣ ਵਾਲਿਆਂ ਵਿੱਚੋਂ ਵੀ ਕਿਸੇ ਨੂੰ ਨਹੀਂ ਹੋਣਾ। ਫੈਸਲੇ ਲਈ ਮੈਂ ਇਸ ਮਾਮਲੇ ਨੂੰ ਤੁਹਾਡੇ ਤੇ ਪਰਮਾਤਮਾ ਅੱਗੇ ਰੱਖਦਾ ਹਾਂ। ਮੇਰੀਆਂ ਨੇਕੀਆਂ ਤੇ ਬਦੀਆਂ ਦੇ ਮੱਦੇ-ਨਜ਼ਰ ਜੈਸਾ ਚਾਹੋ, ਫੈਸਲਾ ਕਰੋ ।
ਇਸ ਤੋਂ ਬਾਅਦ ਕਚਿਹਰੀ ਵਿਚ ਮੌਜੂਦ ਲੋਕਾਂ ਨੇ ਮੁਕੱਦਮੇ ਵਿਚ ਸੁਕਰਾਤ ਦੀ
ਸਜ਼ਾ ਸੰਬੰਧੀ ਆਪਣੀ ਰਾਏ ਮਤਾਂ ਦੇ ਰੂਪ ਵਿਚ ਦਰਜ ਕਰਵਾਈ। ਕੁਲ ਮਿਲਾ ਕੇ 501 ਲੋਕਾਂ ਨੇ ਇਸ ਰਾਏ ਦੇਣ ਵਿਚ ਹਿੱਸਾ ਲਿਆ। 281 ਜਣਿਆਂ ਨੂੰ ਇਹ ਲੱਗਾ ਕਿ ਸੁਕਰਾਤ ਉੱਪਰ ਲਗਾਏ ਇਲਜ਼ਾਮ ਸਹੀ ਹਨ ਤੇ ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ । 220 ਜਣਿਆਂ ਅਨੁਸਾਰ ਉਹ ਬੇਕਸੂਰ ਸੀ ਤੇ ਉਸ ਉੱਪਰ ਲਗਾਏ ਗਏ ਦੋਸ਼ ਬੇਬੁਨਿਆਦ ਸਨ। ਇਹ ਫੈਸਲਾ ਜਾਣ ਕੇ ਉਸਦੇ ਚਿਹਰੇ 'ਤੇ ਕੋਈ ਚਿੰਤਾ ਨਹੀਂ ਉੱਭਰੀ। ਉਹ ਪਹਿਲਾਂ ਹੀ ਅਦਾਲਤ ਵਿਚ ਕਹਿ ਚੁੱਕਿਆ ਸੀ, "ਇਤਿਹਾਸ ਵਿਚ ਹੁਣ ਤੱਕ ਇਨ੍ਹਾਂ ਕਾਰਨਾਂ ਕਰਕੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਆਪਣੀ ਬਲੀ ਦੇਣੀ ਪਈ ਹੈ। ਅੱਗੇ ਵੀ ਵੈਸਾ ਹੀ ਹੋਵੇਗਾ ਤੇ ਸੰਭਵ ਹੈ ਕਿ ਮੇਰੀ ਵੀ ਇਹੀ ਹੋਣੀ ਹੋਵੇਗੀ।" ਉਸਨੇ ਕਚਿਹਰੀ ਵਿਚ ਮੌਜੂਦ ਲੋਕਾਂ ਵੱਲ ਭਰਵੀਂ ਨਿਗ੍ਹਾ ਮਾਰੀ ਤੇ ਸ਼ਹਿਰਵਾਸੀਆਂ ਵੱਲ ਦੇਖ ਕੇ ਕਿਹਾ:
ਏਥਨਜ਼ ਵਾਸੀਓ, ਤੁਹਾਡੇ ਫੈਸਲੇ ਨੇ ਮੈਨੂੰ ਕਈ ਕਾਰਨਾਂ ਕਰਕੇ ਪ੍ਰੇਸ਼ਾਨ ਨਹੀਂ ਹੋਣ ਦਿੱਤਾ। ਮੈਨੂੰ ਉਮੀਦ ਹੀ ਸੀ ਕਿ ਤੁਸੀਂ ਮੈਨੂੰ ਦੋਸ਼ੀ ਕਰਾਰ ਦਿਓਗੇ। ਹੈਰਾਨੀ ਤਾਂ ਮੈਨੂੰ ਰਾਵਾਂ ਦੀ ਗਿਣਤੀ 'ਤੇ ਹੈ। ਮੈਂ ਸੋਚਿਆ ਹੀ ਨਹੀਂ ਸੀ ਕਿ ਮੇਰੇ ਖ਼ਿਲਾਫ਼ ਏਨੀਆਂ ਘੱਟ ਰਾਵਾਂ ਹੋਣਗੀਆਂ। ਜੇਕਰ ਸਿਰਫ਼ ਤੀਹ ਲੋਕਾਂ ਦੀ ਰਾਏ ਏਧਰ-ਉਧਰ ਹੋ ਜਾਂਦੀ ਤਾਂ ਮੈਂ ਦੋਸ਼ ਮੁਕਤ ਸਾਬਿਤ ਹੁੰਦਾ ਤੇ ਬਚ ਜਾਂਦਾ। ਪਰ ਹੁਣ ਇਸਦਾ ਅਰਥ ਇਹ ਹੈ ਕਿ ਮੇਲਿਟਸ ਬਚ ਤਾਂ ਗਿਆ ਪਰ ਉਹ ਜਿੱਤ ਨਹੀਂ ਸਕਿਆ। ਜੇਕਰ ਅਨਾਈਟਸ ਤੇ ਲਾਈਕੇਨ ਉਸ ਨਾਲ ਰਲ ਕੇ ਮੁਕੱਦਮਾ ਨਾ ਕਰਦੇ ਤਾਂ ਮੇਰੇ ਖ਼ਿਲਾਫ਼ ਏਨੇ ਲੋਕਾਂ ਦੀ ਰਾਏ ਨਾ ਬਣਦੀ। ਫਿਰ ਮੇਲਿਟਸ ਨੂੰ ਘੱਟ ਰਾਵਾਂ ਉਸਦੇ ਹੱਕ ਵਿਚ ਹੋਣ ਲਈ ਇਕ ਹਜ਼ਾਰ ਡਰੈਕਮਾ ਦਾ ਜੁਰਮਾਨਾ ਹੁੰਦਾ ਤੇ ਉਸਦਾ ਸਭ ਕੁਝ ਕੁਰਕਿਆ ਜਾਂਦਾ। ਹੁਣ ਉਹ ਠੀਕ ਹੀ ਮੇਰੇ ਲਈ ਮੌਤ ਦੀ ਸਜ਼ਾ ਦੀ ਮੰਗ ਕਰ ਰਿਹਾ ਹੈ।
ਸੁਕਰਾਤ ਨੇ ਆਪਣੀ ਗੱਲ ਜਾਰੀ ਰੱਖੀ। ਉਸਨੇ ਕਿਹਾ ਕਿ ਲੋਕ ਇਨ੍ਹਾਂ ਗੱਲਾਂ ਤੋਂ ਉਸਦੇ ਗੁਸਤਾਖ਼ ਤੇ ਜ਼ਿੱਦੀ ਸੁਭਾਅ ਬਾਰੇ ਅੰਦਾਜ਼ਾ ਲਾਉਣਗੇ। ਉਸਨੇ ਇਹ ਵੀ ਕਿਹਾ ਜੇਕਰ ਏਥਨਜ਼ ਦੀ ਕਚਿਹਰੀ ਇਸ ਮੁਕੱਦਮੇ ਨੂੰ ਨਿਬੇੜਨ ਲਈ ਕਾਹਲ ਨਾ ਕਰਦੀ ਤੇ ਹੋਰਨਾਂ ਪ੍ਰਾਂਤਾਂ ਵਾਂਗ ਫੈਸਲਾ ਇੱਕੋ ਦਿਨ ਵਿਚ ਨਾ ਹੋਇਆ ਹੁੰਦਾ ਤਾਂ ਸ਼ਾਇਦ ਉਹ ਲੋਕਾਂ ਨੂੰ ਆਪਣੀ ਗੱਲ ਤੋਂ ਜਾਣੂ ਵੀ ਕਰਵਾ ਲੈਂਦਾ। ਉਹ ਨਾ ਤਾਂ ਅਧਿਕਾਰੀਆਂ ਦੀ ਗੁਲਾਮੀ ਦੇ ਰੂਪ ਵਿਚ ਲੰਮੀ ਕੈਦ ਕੱਟ ਕੇ ਆਪਣੇ ਬੁਢਾਪੇ ਨੂੰ ਖੱਜਲ-ਖੁਆਰ ਕਰਨਾ ਚਾਹੁੰਦਾ ਸੀ ਤੇ ਨਾ ਹੀ ਨਕਦ ਜੁਰਮਾਨੇ ਦੇ ਭੁਗਤਾਨ ਲਈ ਉਸ ਕੋਲ ਧਨ ਸੀ। ਇਕ ਬਦਲ ਇਹੀ ਸੀ ਕਿ ਉਹ ਆਪਣੇ ਲਈ ਜਲਾਵਤਨੀ
ਮੰਗ ਲਏ। ਉਸਨੇ ਸ਼ਹਿਰੀਆਂ ਨੂੰ ਕਿਹਾ ਕਿ ਉਹ ਗੁਨਾਹਗਾਰ ਦਾ ਦਾਗ ਸਿਰ 'ਤੇ ਲੈ ਕੇ ਕਿਤੇ ਹੋਰ ਜਾ ਕੇ ਨਫ਼ਰਤ ਨਹੀਂ ਭੋਗਣੀ ਚਾਹੁੰਦਾ:
"ਸ਼ਾਇਦ ਕੋਈ ਇਹ ਪੁੱਛੇ ਕਿ ਮੈਂ ਏਥਨਜ਼ ਤੋਂ ਨਿਕਲ ਕੇ ਆਰਾਮ ਨਾਲ ਕਿਉਂ ਨਹੀਂ ਜਿਉਂਦਾ ? ਤੁਹਾਨੂੰ ਇਹ ਸਮਝਾਉਣਾ ਸਭ ਤੋਂ ਔਖਾ ਹੈ ਕਿ ਮੈਂ ਅਜਿਹਾ ਕਿਉਂ ਨਹੀਂ ਕਰ ਸਕਦਾ। ਮੈਂ ਸਜ਼ਾ ਦੇ ਹੱਕਦਾਰ ਹੋਣ ਦਾ ਆਦੀ ਨਹੀਂ ਹਾਂ। ਜੇਕਰ ਮੈਂ ਅਮੀਰ ਹੁੰਦਾ ਤਾਂ ਰਕਮ ਅਦਾ ਕਰਕੇ ਛੁੱਟਣ ਨੂੰ ਬਦਲ ਵਜੋਂ ਦੇਖਦਾ। ਪਰ ਮੈਂ ਏਨਾ ਅਮੀਰ ਨਹੀਂ ਕਿ ਮੈਂ ਜੁਰਮਾਨਾ ਦੇ ਸਕਾਂ।
ਇਹ ਕਹਿ ਕੇ ਉਸਨੇ ਬੋਝੇ ਵਿੱਚੋਂ ਚਾਂਦੀ ਦਾ ਇਕ ਛੋਟਾ ਡਰੈਕਮਾ ਕੱਢ ਕੇ ਦਿਖਾਇਆ। ਉਸਨੇ ਅਦਾਲਤ ਸਾਹਮਣੇ ਤਜਵੀਜ਼ ਰੱਖੀ ਕਿ ਪਲੈਟੋ ਕ੍ਰੀਟੋ, ਕ੍ਰੀਟੇਬੂਲਸ, ਏਪੋਲਡਰੋਸ ਉਸ ਲਈ ਜ਼ਮਾਨਤ ਵਜੋਂ 30 ਸਿੱਕੇ ਦੇ ਸਕਦੇ ਹਨ। ਇਸ ਤਜਵੀਜ਼ ਉੱਪਰ ਫਿਰ ਲੋਕਾਂ ਦੀ ਰਾਏ ਲਈ ਗਈ। ਏਥਨਜ਼ ਵਾਸੀਆਂ ਕੋਲ ਆਪਣੀ ਭੁੱਲ ਸੁਧਾਰਨ ਦਾ ਜੋ ਮੌਕਾ ਸੀ, ਉਹ ਵੀ ਉਨ੍ਹਾਂ ਗਵਾ ਦਿੱਤਾ। ਸੁਕਰਾਤ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਸੁਕਰਾਤ ਨੇ ਫਿਰ ਏਥਨਜ਼ ਦੇ ਲੋਕਾਂ ਨੂੰ ਸੰਬੋਧਤ ਕੀਤਾ:
ਮੈਂ ਇਸ ਲਈ ਨਹੀਂ ਹਾਰਿਆ ਕਿ ਮੇਰੇ ਕੋਲ ਤਰਕਾਂ ਦੀ ਘਾਟ ਸੀ ਬਲਕਿ ਮੈਂ ਬੇਸ਼ਰਮ ਨਹੀਂ ਸੀ। ਮੈਂ ਇਸ ਮੁਕੱਦਮੇ ਵਿਚ ਉਸ ਤਰ੍ਹਾਂ ਪੇਸ਼ ਨਹੀਂ ਹੋਇਆ ਜਿਵੇਂ ਤੁਸੀਂ ਚਾਹੁੰਦੇ ਸੀ। ਰੋ-ਪਿੱਟ ਕੇ ਰਹਿਮ ਦੀ ਭੀਖ ਵੀ ਮੈਂ ਨਹੀਂ ਮੰਗੀ, ਨਾ ਹੀ ਐਸੀਆਂ ਗੱਲਾਂ ਕੀਤੀਆਂ ਜਾਂ ਐਸੇ ਕਾਰਜ ਕੀਤੇ ਜੋ ਅਕਸਰ ਦੋਸ਼ੀ ਕਰਦੇ ਹਨ ਤੇ ਜਿਨ੍ਹਾਂ ਨੂੰ ਦੇਖਣ ਦੀ ਆਦਤ ਤੁਹਾਨੂੰ ਹੈ -ਜਿਨ੍ਹਾਂ ਲੋਕਾਂ ਨੇ ਮੈਨੂੰ ਸਜ਼ਾ ਦਿੱਤੀ ਹੈ, ਮੇਰੀ ਮੌਤ ਹੀ ਉਨ੍ਹਾਂ ਲਈ ਵੀ ਗੰਭੀਰ ਸਜ਼ਾ ਹੋਵੇਗੀ ।
ਆਖ਼ਰੀ ਵਾਰ ਸੁਕਰਾਤ ਨੇ ਕਚਿਹਰੀ ਵਿਚ ਹਾਜ਼ਰ ਲੋਕਾਂ ਸਾਹਮਣੇ ਕੁਝ ਗੱਲਾਂ ਕਹੀਆਂ ਜਿਨ੍ਹਾਂ ਵਿਚ ਨਸੀਹਤਾਂ, ਸਲਾਹਾਂ ਤੇ ਆਖ਼ਰੀ ਇੱਛਾ ਰਲੀ ਹੋਈ ਸੀ। ਉਸਨੇ ਕਿਹਾ:
"ਜੱਜ ਸਾਹਿਬਾਨ! ਤੁਸੀਂ ਵੀ ਮੌਤ ਦਾ ਸਾਹਮਣਾ ਦਲੇਰੀ ਨਾਲ ਕਰਿਓ ਤੇ ਇਸਨੂੰ ਇਕ ਸੱਚ ਵਾਂਗ ਸਮਝਿਓ ਕਿ ਇਸ ਜ਼ਿੰਦਗੀ ਜਾਂ ਮੌਤ ਤੋਂ ਬਾਅਦ ਵੀ ਕਿਸੇ ਭਲੇ ਆਦਮੀ ਉੱਪਰ ਕੋਈ ਸੰਕਟ ਨਹੀਂ ਆ ਸਕਦਾ।.....ਫਿਰ ਵੀ ਮੈਂ ਇਕ ਗੁਜ਼ਾਰਿਸ਼ ਕਰਨੀ ਚਾਹੁੰਦਾ ਹਾਂ ਜਦ ਮੇਰੇ ਪੁੱਤਰ ਵੱਡੇ ਹੋ ਜਾਣ ਤੇ ਤੁਹਾਨੂੰ ਇਹ ਲੱਗੇ ਕਿ ਇਹ ਧਨ ਤੇ ਵਸਤੂਆਂ ਇਕੱਠੀਆਂ ਕਰਨ ਵੱਲ ਵੱਧ ਧਿਆਨ ਦੇ ਰਹੇ ਹਨ, ਜਦੋਂ ਉਹ ਬਿਨਾਂ ਕੁਝ
ਬਣਿਆਂ ਹੀ ਕੁਝ ਹੋਣ ਬਾਰੇ ਸੋਚਣ ਲੱਗ ਜਾਣ ਤਾਂ ਉਨ੍ਹਾਂ ਦਾ ਉਸੇ ਤਰ੍ਹਾਂ ਤ੍ਰਿਸਕਾਰ ਕਰਿਓ, ਜਿਵੇਂ ਮੈਂ ਤੁਹਾਡਾ ਕੀਤਾ ਹੈ.....
ਹੁਣ ਸਮਾਂ ਆ ਗਿਆ ਹੈ ਤੇ ਸਾਨੂੰ ਆਪਣੇ-ਆਪਣੇ ਰਾਹ ਜਾਣਾ ਪਵੇਗਾ। ਮੈਨੂੰ ਮਰਨ ਲਈ ਤੇ ਤੁਹਾਨੂੰ ਜੀਣ ਲਈ। ਰਹੀ ਗੱਲ ਕਿ ਜ਼ਿੰਦਗੀ ਵੱਡੀ ਹੈ ਜਾਂ ਮੌਤ, ਇਹ ਗੱਲ ਕੇਵਲ ਪਰਮਾਤਮਾ ਜਾਣਦਾ ਹੈ ਤੇ ਕੇਵਲ ਪਰਮਾਤਮਾ ਹੀ ਜਾਣਦਾ ਹੈ।
ਅਦਾਲਤ ਨੇ ਸੁਕਰਾਤ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਸੀ। ਉਸਦੇ ਵਿਰੋਧੀ ਮੁਕੱਦਮੇ ਵਾਂਗ ਹੀ ਉਸਦੀ ਜਲਦ ਮੌਤ ਲਈ ਕਾਹਲ ਵਿਚ ਸਨ। ਏਥਨਜ਼ ਦੇ ਕਾਨੂੰਨ ਮੁਤਾਬਿਕ ਦੋਸ਼ੀ ਦੀ ਸਜ਼ਾ ਨੂੰ ਲੰਮੇ ਸਮੇਂ ਤੱਕ ਮੁਲਤਵੀ ਵੀ ਨਹੀਂ ਕੀਤਾ ਜਾਂਦਾ ਸੀ। ਪਰ ਸੁਕਰਾਤ ਇਸ ਤੋਂ ਇਕ ਮਹੀਨਾ ਬਾਅਦ ਤੱਕ ਕਾਲ-ਕੋਠੜੀ ਵਿਚ ਰਿਹਾ। ਇਸ ਪਿੱਛੇ ਏਥਨਜ਼ ਦੀ ਇਕ ਰਵਾਇਤ ਸੀ।
ਇਕ ਕਥਾ ਮੁਤਾਬਿਕ ਪ੍ਰਾਚੀਨ ਏਥਨਜ਼ ਦੇ ਥੀਸੀਅਸ ਨਾਮੀ ਰਾਜਕੁਮਾਰ ਨੂੰ ਮਿਨੋਤਰ ਨਾਂ ਦੇ ਦੈਂਤ ਨੂੰ ਮਾਰਨ ਲਈ ਇਕ ਯਾਤਰਾ ਕਰਨੀ ਪਈ ਸੀ। ਉਹ ਦੈਂਤ 'ਡੇਲੇਸ' ਨਾਂ ਦੇ ਸਥਾਨ 'ਤੇ ਰਹਿੰਦਾ ਸੀ ਤੇ ਏਥਨਜ਼ ਦੇ ਲੋਕ ਉਸ ਕੋਲੋਂ ਆਪਣੀ ਰੱਖਿਆ ਲਈ ਸਮੇਂ-ਸਮੇਂ 'ਤੇ ਮਨੁੱਖਾਂ ਨੂੰ ਖੁਰਾਕ ਵਜੋਂ ਜਹਾਜ਼ ਵਿਚ ਭਰ ਕੇ ਭੇਜਿਆ ਕਰਦੇ ਸਨ। ਇਸ ਮੁਸੀਬਤ ਤੋਂ ਛੁਟਕਾਰਾ ਦਿਵਾਉਣ ਲਈ ਏਥਨਜ਼ ਵਾਸੀ ਆਪਣੇ ਰਾਜ ਕੁਮਾਰ ਥੀਸੀਅਸ ਕੋਲ ਗਏ। ਇਸ ਤੋਂ ਉਸਨੇ ਅਪੋਲੋ ਦੇਵਤਾ ਦੇ ਮੰਦਰ ਵਿਚ ਸੁੱਖ ਸੁੱਖੀ ਕਿ ਜੇ ਉਹ ਆਪਣੇ ਮਕਸਦ ਵਿਚ ਕਾਮਯਾਬ ਰਿਹਾ ਤਾਂ ਡੇਲੋਸ ਦੇ ਪਵਿੱਤਰ ਥਾਂ ਦੀ ਯਾਤਰਾ ਲਈ ਹਰ ਵਰ੍ਹੇ ਜਹਾਜ਼ ਭੇਜਿਆ ਕਰੇਗਾ। ਥੀਸੀਅਸ ਦੈਂਤ ਨੂੰ ਮਾਰਨ ਵਿਚ ਸਫ਼ਲ ਰਿਹਾ ਤੇ ਏਥਨਜ਼ ਤੋਂ ਹਰ ਸਾਲ ਜਹਾਜ਼ ਜਾਣ ਦੀ ਰਵਾਇਤ ਆਰੰਭ ਹੋ ਗਈ।
ਏਥਨਜ਼ ਵਾਸੀ ਉਸ ਸਮੇਂ ਨੂੰ ਪਵਿੱਤਰ ਤਿਉਹਾਰ ਵਾਂਗ ਮਨਾਉਂਦੇ ਸਨ ਜਦੋਂ ਜਹਾਜ਼ ਡੇਲੇਸ ਦੀ ਯਾਤਰਾ ਕਰਦਾ ਸੀ। ਇਹ ਸਾਰੀ ਯਾਤਰਾ ਕਰੀਬਨ 27 ਦਿਨਾਂ ਵਿਚ ਸਮਾਪਤ ਹੁੰਦੀ ਸੀ। ਇਸ ਦੌਰਾਨ ਏਥਨਜ਼ ਵਿਚ ਕਿਸੇ ਦੋਸ਼ੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਸੀ। ਜਿਸ ਦਿਨ ਸੁਕਰਾਤ ਨੂੰ ਸਜ਼ਾ ਸੁਣਾਈ ਗਈ ਉਸੇ ਰਾਤ ਜਹਾਜ਼ ਡੇਲੇਸ ਲਈ ਰਵਾਨਾ ਹੋਇਆ। ਨਤੀਜਨ ਫੈਸਲਾ ਹੋਇਆ ਕਿ ਜਹਾਜ਼ ਦੇ ਆਉਣ ਤੋਂ ਬਾਅਦ ਹੀ ਸੁਕਰਾਤ ਨੂੰ ਸਜ਼ਾ ਦਿੱਤੀ ਜਾਵੇ। ਸੁਕਰਾਤ ਨੇ ਇਸ ਇਕ ਮਹੀਨੇ ਵਿਚ ਜਿਸ ਤਰ੍ਹਾਂ ਦਾ ਜੀਵਨ ਜੀਵਿਆ ਉਹ ਉਸਦੀ ਦਾਰਸ਼ਨਿਕ ਹੋਂਦ ਦਾ ਸਿਖਰ ਹੈ।
ਸਜ਼ਾ ਸੁਣਾਉਣ ਦੇ 27ਵੇਂ ਦਿਨ ਸੁਕਰਾਤ ਦਾ ਨੇੜੇ ਦਾ ਦੋਸਤ 'ਕੀਟੋ'
ਇਹ ਖ਼ਬਰ ਲੈ ਕੇ ਪਹੁੰਚਦਾ ਹੈ ਕਿ ਜਹਾਜ਼ ਆ ਰਿਹਾ ਹੈ। ਕੁੱਟੋ ਜਦੋਂ ਸੁਕਰਾਤ ਨੂੰ ਮਿਲਣ ਲਈ ਪਹੁੰਚਿਆ ਤਾਂ ਉਹ ਮਿੱਠੀ ਨੀਂਦ ਸੋਂ ਰਿਹਾ ਸੀ। ਕੀਟੋ ਇਹ ਦੇਖ ਕੇ ਹੈਰਾਨ ਹੁੰਦਾ ਹੈ ਕਿ ਮੌਤ ਦੇ ਦਰਵਾਜ਼ੇ 'ਤੇ ਖੜ੍ਹੇ ਬੰਦੇ ਨੂੰ ਵੀ ਏਨੀ ਡਰ-ਮੁਕਤ ਨੀਂਦ ਆ ਸਕਦੀ ਹੈ। ਸੁਕਰਾਤ ਨੇ ਉਸਨੂੰ ਆਪਣੇ ਇਕ ਸੁਪਨੇ ਬਾਰੇ ਦੱਸਿਆ ਜਿਸ ਵਿਚ ਸਫ਼ੇਦ ਕੱਪੜਿਆਂ ਵਾਲੀ ਇਕ ਔਰਤ ਉਸਨੂੰ ਕਹਿੰਦੀ ਹੈ ਕਿ ਅੱਜ ਤੋਂ ਤੀਸਰੇ ਦਿਨ ਉਹ ਸੁੰਦਰ ਸਵਰਗ ਦੀ ਯਾਤਰਾ 'ਤੇ ਚੱਲੇਗਾ। ਉਹ ਸੁਕਰਾਤ ਨੂੰ ਜੇਲ੍ਹ ਵਿੱਚੋਂ ਨਿਕਲਣ ਲਈ ਤੇ ਫਿਰ ਸਿਸਲੀ ਦੇ ਟਾਪੂਆਂ ਵਿਚ ਜਾ ਕੇ ਰਹਿਣ ਲਈ ਕਹਿੰਦਾ ਹੈ। ਸੁਕਰਾਤ ਕਹਿੰਦਾ ਹੈ, "ਤੇਰੀ ਤਜਵੀਜ਼ ਨਾਲ ਮੇਰੀ ਜਾਨ ਬਚ ਜਾਵੇਗੀ ਪਰ ਜਿਸ ਆਦਰਸ਼ ਲਈ ਇਹ ਸਭ ਵਾਪਰਿਆ ਹੈ, ਉਹ ਲੋਕਾਂ ਦੀਆਂ ਨਜ਼ਰਾਂ ਵਿਚ ਢਹਿ-ਢੇਰੀ ਹੋ ਜਾਵੇਗਾ। ਮੇਰੀ ਮੌਤ ਨਾਲ ਉਹ ਸਿਧਾਂਤ ਸਦੀਆਂ ਤੱਕ ਲੋਕਾਂ ਦੇ ਜੀਣ ਦਾ ਵਿਹਾਰ ਬਣ ਜਾਵੇਗਾ।" ਕੀਟੋ ਸੁਕਰਾਤ ਨੂੰ ਇਹ ਵੀ ਕਹਿੰਦਾ ਹੈ ਕਿ ਬਹੁਤ ਸਾਰੇ ਲੋਕ ਉਸਦੀ ਜਾਨ ਬਚਾਉਣ ਲਈ ਚਿੰਤਤ ਹਨ ਤੇ ਧਨ ਖਰਚ ਕਰਨ ਦੀ ਇੱਛਾ ਵੀ ਰੱਖਦੇ ਹਨ। ਉਹ ਸੁਕਰਾਤ ਨੂੰ ਉਸਦੇ ਪਰਿਵਾਰ ਦਾ ਵਾਸਤਾ ਦਿੰਦਾ ਹੈ। ਸੁਕਰਾਤ ਅਜਿਹੇ ਮੌਕੇ ਜਦੋਂ ਮੌਤ ਸਾਹਮਣੇ ਦਿਸਦੀ ਹੋਵੇ ਤਾਂ ਵੀ ਆਪਣੀ ਜਾਣੀ-ਪਛਾਣੀ ਤਰਕ ਦੀ ਵਿਧੀ ਨੂੰ ਨਹੀਂ ਛੱਡਦਾ ਪਰ ਉਹ ਇਨ੍ਹਾਂ ਸਾਰੇ ਤਰਕਾਂ ਦੇ ਜਵਾਬ ਵਿਚ ਇਹੀ ਕਹਿੰਦਾ ਹੈ ਕਿ ਉਹਨੇ ਆਪਣੇ ਬੱਚਿਆਂ ਦੇ ਮਾਣ ਲਈ ਹੀ ਨਾ ਦੌੜਨ ਦਾ ਫ਼ੈਸਲਾ ਕੀਤਾ ਹੈ। ਉਹ ਆਪਣੀ ਮੌਤ ਨੂੰ ਪਰਮਾਤਮਾ ਦੀ ਇੱਛਾ ਕਹਿੰਦਾ ਹੈ।
ਸੁਕਰਾਤ ਦੀ ਮੌਤ ਦੇ ਦਿਨ ਬਾਰੇ ਪਲੈਟੋ ਨੇ ਆਪਣੇ ਪ੍ਰਸਿੱਧ ਸੰਵਾਦ 'ਵਡੋ' ਵਿਚ ਲਿਖਿਆ ਹੈ, ਜਿਸ ਦਿਨ ਉਸਨੂੰ ਜ਼ਹਿਰ ਦਾ ਪਿਆਲਾ ਦਿੱਤਾ ਜਾਣਾ ਸੀ ਉਸ ਦਿਨ ਸਵੇਰ ਤੋਂ ਹੀ ਉਸਦੇ ਪ੍ਰਸ਼ੰਸਕ ਤੇ ਅਨੁਯਾਈ ਜੇਲ੍ਹ ਦੇ ਬਾਹਰ ਇਕੱਠੇ ਹੋ ਰਹੇ ਸਨ। ਕਾਲ ਕੋਠੜੀ ਦਾ ਪਹਿਰੇਦਾਰ ਇਸ ਭੀੜ ਦੇ ਕਹਿਣ 'ਤੇ ਅੰਦਰ ਜਾ ਕੇ ਦੇਖਦਾ ਹੈ ਕਿ ਕੁਝ ਸਿਪਾਹੀ ਸੁਕਰਾਤ ਦੀ ਹੱਥਕੜੀ ਤੇ ਬੇੜੀਆਂ ਖੋਲ੍ਹ ਰਹੇ ਸਨ। ਬਾਅਦ ਵਿਚ ਉਹ ਸੁਕਰਾਤ ਦੇ ਕੁਝ ਪਿਆਰਿਆਂ, ਉਸਦੀ ਪਤਨੀ, ਬੱਚਿਆਂ, ਛੂਟੇ ਤੇ ਫੇਡ ਨੂੰ ਅੰਦਰ ਭੇਜ ਦਿੰਦਾ ਹੈ। ਦਰਅਸਲ ਫੇਡੋ ਤੇ ਹੋਰ ਸਾਥੀ ਕੁੱਟੋ, ਅਪੋਲੋਡੋਸਰ, ਫ੍ਰੀਟੇਬੂਲਸ ਤੇ ਹੋਰ ਨੇੜਲੇ ਦੋਸਤ ਸਵੇਰ ਤੋਂ ਹੀ ਜੇਲ੍ਹ ਵਿਚ ਪੁੱਜੇ ਹੋਏ ਸਨ। ਸੁਕਰਾਤ ਨੂੰ ਦੇਖ ਕੇ ਜ਼ੇਨਥਿੱਪੀ ਵਿਰਲਾਪ ਕਰਨ ਲਗਦੀ ਹੈ ਤਾਂ ਉਸਨੂੰ ਬਾਹਰ ਭੇਜ ਦਿੱਤਾ ਜਾਂਦਾ ਹੈ। ਪਲੇਟੋ ਜਿਸਨੇ ਸਾਰਾ ਮੁਕੱਦਮਾ ਆਪਣੀਆਂ ਅੱਖਾਂ ਨਾਲ ਦੇਖਿਆ ਸੀ, ਸਿਹਤ ਖਰਾਬ ਹੋਣ ਕਾਰਨ ਆਖ਼ਰੀ ਦਿਨ ਜੇਲ੍ਹ ਨਹੀਂ ਜਾ ਸਕਿਆ ਸੀ। ਇਸ ਲਈ ਆਖ਼ਰੀ ਦਿਨ ਦਾ ਸਾਰਾ ਬਿਰਤਾਂਤ ਪਲੈਟੋ ਨੇ ਫੇਡੋ ਕੋਲੋਂ
ਸੁਣ ਕੇ ਲਿਖਿਆ। ਸੁਕਰਾਤ ਦੇ ਚਿਹਰੇ 'ਤੇ ਦੁੱਖ ਦਾ ਕੋਈ ਪਰਛਾਵਾਂ ਨਜ਼ਰ ਨਹੀਂ ਆ ਰਿਹਾ ਸੀ। ਉਸਨੇ ਆਪਣੇ ਜਾਣੇ-ਪਛਾਣੇ ਅੰਦਾਜ਼ ਵਿਚ ਕਿਹਾ, "ਪਰਮਾਤਮਾ ਨੇ ਸੁੱਖ ਤੇ ਮੁਸੀਬਤ ਵਿਚ ਝਗੜਾ ਹੁੰਦਾ ਦੇਖ ਕੇ ਦੋਵਾਂ ਨੂੰ ਇਕ ਡੰਡੀ ਦੇ ਦੋਵਾਂ ਸਿਰਿਆਂ 'ਤੇ ਬੰਨ੍ਹ ਦਿੱਤਾ ਸੀ। ਇਸ ਲਈ ਜੇ ਇਕ ਚੀਜ਼ ਕਿਸੇ ਕੋਲ ਜਾਵੇਗੀ ਤਾਂ ਦੂਸਰੀ ਵੀ ਨਾਲ ਹੀ ਜਾਵੇਗੀ। ਦੇਖੋ ਹੁਣ ਤੱਕ ਹੱਥਕੜੀਆਂ ਨਾਲ ਮੇਰਾ ਹੱਥ ਦੁਖਦਾ ਸੀ ਪਰ ਹੁਣ ਮੈਨੂੰ ਉਹੀ ਥਾਂ ਮਲਣ ਨਾਲ ਸੁੱਖ ਮਿਲਦਾ ਹੈ।" ਸੁਕਰਾਤ ਨੇ ਆਪਣੀਆਂ ਜੇਲ੍ਹ ਵਿਚ ਲਿਖੀਆਂ ਕੁਝ ਕਵਿਤਾਵਾਂ ਤੇ ਉਨ੍ਹਾਂ ਪਿੱਛੇ ਸੁਪਨੇ ਦੀ ਉਰਜਾ ਵਾਲੀ ਕਹਾਣੀ ਸੁਣਾਈ। ਉਸਨੂੰ ਗੱਲਾਂ ਕਰਦਾ ਦੇਖ ਜੇਲ੍ਹ ਦੇ ਇਕ ਅਧਿਕਾਰੀ ਨੇ ਉਸਨੂੰ ਟੇਕ ਕੇ ਕਿਹਾ ਕਿ ਜ਼ਿਆਦਾ ਗੱਲਾਂ ਕਰਨ ਨਾਲ ਸਰੀਰ ਗਰਮ ਹੋ ਜਾਂਦਾ ਹੈ ਤੇ ਜ਼ਹਿਰ ਦਾ ਅਸਰ ਘਟ ਜਾਂਦਾ ਹੈ। ਜੋ ਲੋਕ ਵਧੇਰੇ ਉਤੇਜਿਤ ਹੁੰਦੇ ਹਨ ਤੇ ਜ਼ਿਆਦਾ ਗੱਲਾਂ ਕਰਦੇ ਹਨ ਉਨ੍ਹਾਂ ਨੂੰ ਜ਼ਹਿਰ ਦੀਆਂ ਦੋ ਜਾਂ ਤਿੰਨ ਖੁਰਾਕਾਂ ਦੇਣੀਆਂ ਪੈਂਦੀਆਂ ਹਨ। ਇਸ ਲਈ ਜ਼ਹਿਰ ਦੀ ਸਜ਼ਾ ਵਾਲੇ ਮੁਜਰਿਮਾਂ ਨੂੰ ਚੁੱਪਚਾਪ ਬਹਿਣ ਦਾ ਆਦੇਸ਼ ਹੈ। ਸੁਕਰਾਤ ਨੇ ਕਿਹਾ ਕਿ ਲੋੜ ਅਨੁਸਾਰ ਉਹ ਜ਼ਹਿਰ ਦੀ ਦੂਹਰੀ ਜਾਂ ਤੀਹਰੀ ਮਾਤਰਾ ਵੀ ਲੈ ਲਵੇਗਾ, ਪਰ ਉਹ ਇਨ੍ਹਾਂ ਘੜੀਆਂ ਨੂੰ ਗਵਾਉਣਾ ਨਹੀਂ ਚਾਹੁੰਦਾ। ਇਹ ਕਹਿ ਕੇ ਉਹ ਆਪਣੇ ਪਿਆਰਿਆਂ ਸੇਬੇਸ ਅਤੇ ਸਿਮਿਆਸ ਨਾਲ ਗੱਲਾਂ ਵਿਚ ਜੁਟ ਪਿਆ। ਆਖਰੀ ਸਮੇਂ ਵੀ ਉਹ ਸਰੀਰ ਤੇ ਆਤਮਾ ਦੇ ਆਪਸੀ ਸੰਬੰਧਾਂ ਬਾਰੇ ਬੋਲ ਰਿਹਾ ਸੀ। ਉਸਨੇ ਉਨ੍ਹਾਂ ਨੂੰ ਕਿਹਾ ਕਿ ਕਿਸੇ ਚੰਗੇ ਦਿਨ ਤੁਸੀਂ ਵੀ ਅਜਿਹੀ ਯਾਤਰਾ ਦੀ ਤਿਆਰੀ ਕਰੋ। ਇਹ ਕਹਿ ਕੇ ਸੁਕਰਾਤ ਨਹਾਉਣ ਲਈ ਜਾਣ ਲੱਗਾ। ਉਸਨੇ ਕਿਹਾ, "ਮੈਂ ਜ਼ਹਿਰ ਪੀਣ ਤੋਂ ਪਹਿਲਾਂ ਨਹਾਉਣਾ ਚਾਹੁੰਦਾ ਹਾਂ ਤਾਂ ਕਿ ਔਰਤਾਂ ਮੇਰੀ ਲਾਸ਼ ਨੂੰ ਨਹਾਉਣ ਦੀ ਤਕਲੀਫ਼ ਤੋਂ ਬਚ ਸਕਣ।"
ਸੁਕਰਾਤ ਦੇ ਉਠਦਿਆਂ ਕੀਟੋ ਨੇ ਉਸਦੇ ਪਰਿਵਾਰ ਸੰਬੰਧੀ ਕੋਈ ਉਪਦੇਸ਼ ਦੇਣ ਲਈ ਕਿਹਾ ਤਾਂ ਜਵਾਬ ਵਿਚ ਸੁਕਰਾਤ ਨੇ ਕਿਹਾ ਤੁਸੀਂ ਸਾਰੇ ਆਪਣਾ ਧਿਆਨ ਰੱਖੋ। ਮੇਰੀ ਤੇ ਮੇਰੇ ਪਰਿਵਾਰ ਵਾਲਿਆਂ ਦੀ ਸੇਵਾ ਤੁਸੀਂ ਤਾਂ ਹੀ ਕਰ ਸਕੋਗੇ ਜੇਕਰ ਸੱਚ ਦੇ ਰਾਹ 'ਤੇ ਤੁਰੋਗੇ। ਨਹਾਉਣ ਤੋਂ ਬਾਅਦ ਸੁਕਰਾਤ ਨੇ ਆਪਣੇ ਪਰਿਵਾਰ ਦੀਆਂ ਔਰਤਾਂ ਤੇ ਆਪਣੇ ਬੱਚਿਆਂ ਨੂੰ ਬੁਲਾਇਆ ਤੇ ਉਨ੍ਹਾਂ ਨਾਲ ਆਖ਼ਰੀ ਵਾਰ ਸੰਖੇਪ ਗੱਲਬਾਤ ਕਰਕੇ ਉਨ੍ਹਾਂ ਕੋਲੋਂ ਆਗਿਆ ਮੰਗੀ। ਆਖ਼ਰੀ ਵਾਰ ਉਸਨੇ ਆਪਣੇ ਪਿਆਰੇ ਮਿੱਤਰ ਕੀਟੋ ਵੱਲ ਮੂੰਹ ਕੀਤਾ। ਕ੍ਰੀਟ ਉੱਪਰ ਹੀ ਸੁਕਰਾਤ ਨੂੰ ਦਫ਼ਨਾਉਣ ਦੀ ਜ਼ਿੰਮੇਵਾਰੀ ਸੀ। ਉਸਨੇ ਕਿਹਾ, "ਸਾਨੂੰ ਆਪਣੇ ਸ਼ਬਦਾਂ ਦੀ ਸਹੀ ਵਰਤੋਂ ਦੀ ਜਾਚ ਹੋਣੀ ਚਾਹੀਦੀ ਹੈ। ਇਹ ਨਾ ਸਮਝੇ ਕਿ ਤੁਸੀਂ ਸੁਕਰਾਤ ਨੂੰ
ਦਫ਼ਨ ਕਰ ਰਹੇ ਹੋ, ਇਹ ਕਹੋ ਕਿ ਉਸਦਾ ਸਰੀਰ ਦਫ਼ਨਾ ਰਹੇ ਹਾਂ। ਸ਼ਬਦਾਂ ਦੀ ਗਲਤ ਵਰਤੋਂ ਦਾ ਦੋਸ਼ ਆਤਮਾ ਵਿਚ ਵੀ ਬੁਰਾਈ ਜਗਾਉਂਦਾ ਹੈ।
ਸੂਰਜ ਢਲ ਰਿਹਾ ਸੀ। ਉਸੇ ਸਮੇਂ ਇਕ ਸਰਕਾਰੀ ਅਧਿਕਾਰੀ ਜ਼ਹਿਰ ਦੀ ਤਿਆਰੀ ਦੀ ਸੂਚਨਾ ਲੈ ਕੇ ਆ ਗਿਆ। ਇਹ ਕਹਿੰਦੇ ਹੀ ਉਹ ਰੋਣ ਲੱਗਾ। ਉਸਨੇ ਅਨੇਕ ਲੋਕਾਂ ਨੂੰ ਇਹ ਸੂਚਨਾ ਦਿੰਦਿਆਂ ਹੀ ਗੁੱਸੇ ਵਿਚ ਆ ਕੇ ਗਾਹਲਾਂ ਕੱਢਦਿਆਂ ਤੇ ਚੀਕਦਿਆਂ ਸੁਣਿਆ ਸੀ। ਸੁਕਰਾਤ ਸ਼ਾਂਤ ਰਿਹਾ। ਥੋੜ੍ਹੀ ਹੀ ਦੇਰ ਬਾਅਦ ਕੁਝ ਲੋਕ ਇਕ ਪਿਆਲਾ ਤਸ਼ਤਰੀ ਵਿਚ ਰੱਖੀ ਆ ਗਏ। ਸੁਕਰਾਤ ਨੇ ਪੁੱਛਿਆ, "ਮੈਂ ਹੁਣ ਕੀ ਕਰਨਾ ਹੈ?" ਅਧਿਕਾਰੀ ਨੇ ਕਿਹਾ ਇਸਨੂੰ ਪੀ ਲਓ ਤੇ ਟਹਿਲਦੇ ਰਹੋ ਜਦ ਤੱਕ ਸਰੀਰ ਭਾਰੀ ਨਾ ਹੋ ਜਾਵੇ। ਫਿਰ ਤੁਸੀਂ ਲੇਟ ਜਾਣਾ। ਸੁਕਰਾਤ ਨੇ ਜ਼ਹਿਰ ਦਾ ਕੁਝ ਹਿੱਸਾ ਆਪਣੇ ਦੇਵਤੇ ਲਈ ਆਹੂਤੀ ਵਜੋਂ ਦੇਣ ਦੀ ਆਗਿਆ ਮੰਗੀ ਤੇ ਕਿਹਾ, "ਹੇ ਪਰਮਾਤਮਾ, ਮੇਰੀ ਇਹ ਯਾਤਰਾ ਸੁਖਮਈ ਹੋਵੇ।" ਇਹ ਕਹਿ ਕੇ ਉਹ ਬਿਨਾਂ ਕਿਸੇ ਦੁੱਖ ਕੇ ਸਾਰਾ ਜ਼ਹਿਰ-ਪਿਆਲਾ ਪੀ ਗਿਆ। ਉਸਦੇ ਸ਼ਾਗਿਰਦ ਇਹ ਦੇਖ ਕੇ ਉਤੇਜਿਤ ਹੋਏ ਪਰ ਸੁਕਰਾਤ ਨੇ ਸਭ ਨੂੰ ਸ਼ਾਂਤ ਰਹਿਣ ਲਈ ਕਿਹਾ।
ਸੁਕਰਾਤ ਟਹਿਲਣ ਲੱਗਾ। ਉਦੋਂ ਤੱਕ ਟਹਿਲਦਾ ਰਿਹਾ ਜਦ ਤੱਕ ਕਿ ਉਸਦੇ ਪੈਰ ਭਾਰੀ ਨਹੀਂ ਹੋ ਗਏ। ਫਿਰ ਸਿੱਧਾ ਬਿਸਤਰ 'ਤੇ ਲੇਟ ਗਿਆ। ਜ਼ਹਿਰ ਦੇਣ ਵਾਲੇ ਨੇ ਉਸਦੇ ਪੈਰਾਂ ਤੇ ਸਰੀਰ ਦੇ ਕਈ ਭਾਗ ਦਬਾ ਕੇ ਰੱਖੇ। ਸੁਕਰਾਤ ਨੇ ਮੂੰਹ ਢਕ ਲਿਆ ਤੇ ਕੁੱਟੋ ਨੂੰ 'ਐਸਕਲੇਪਿਯਸ' ਦੇਵਤੇ ਲਈ ਇਕ ਮੁਰਗੇ ਦੀ ਬਲੀ ਦੇਣ ਦਾ ਯਾਦ ਕਰਵਾਇਆ।
ਕੁਝ ਸਮੇਂ ਬਾਅਦ ਉਸਦਾ ਸਰੀਰ ਠੰਢਾ ਪੈ ਗਿਆ ਤੇ ਮੂੰਹ ਖੁੱਲ੍ਹਾ ਰਹਿ ਗਿਆ। ਸਭ ਨੇ ਦੇਖ ਲਿਆ ਕਿ ਸੁਕਰਾਤ ਦੀ ਆਤਮਾ ਜਾ ਚੁੱਕੀ ਹੈ। ਏਥਨਜ਼ ਨਗਰ ਦੇ ਘਰਾਂ ਵਿਚ ਦੀਵੇ ਜਗ ਚੁੱਕੇ ਸਨ ਪਰ ਗਿਆਨ ਦਾ ਉਹ ਸੂਰਜ ਅਸਤ ਹੋ ਗਿਆ ਸੀ, ਜਿਸ ਨੇ ਫਿਰ ਉਦੈ ਹੋਣਾ ਸੀ ਤੇ ਸਾਰੇ ਸੰਸਾਰ ਵਿਚ ਗਿਆਨ ਤੇ ਚਿੰਤਨ ਦਾ ਚਾਨਣ ਭਰਨਾ ਸੀ। ਫੇਡੇ ਦੇ ਅੰਤਲੇ ਸ਼ਬਦ ਜੋ ਪਲੈਟੋ ਨੇ ਉਸਦੇ ਬੋਲਾਂ ਵਜੋਂ ਲਿਖੇ ਸਨ:
ਐਚੇਕ੍ਰਾਟਿਸ, ਸਾਡੇ ਮਿੱਤਰ ਦਾ ਅੰਤ ਇਸ ਤਰ੍ਹਾਂ ਹੋਇਆ। ਉਹ ਆਦਰਸ਼ ਵਿਅਕਤੀ ਸੀ। ਸਭ ਤੋਂ ਸਿਆਣਾ, ਇਨਸਾਫ਼ ਪਸੰਦ ਤੇ ਸਰਵੋਤਮ ਇਨਸਾਨ ਸੀ ਸੁਕਰਾਤ!!
ਇਸ ਤੋਂ ਅਗਲਾ ਸਫ਼ਰ ਸੁਕਰਾਤ ਦੇ ਗਿਆਨ, ਦਰਸ਼ਨ ਤੇ ਚਿੰਤਨ ਨੇ ਤੈਅ ਕਰਨਾ ਸੀ ਤੇ ਪੂਰੀ ਦੁਨੀਆਂ 'ਤੇ ਛਾ ਜਾਣਾ ਸੀ।
ਅਧਿਆਇ ਪੰਜਵਾਂ
ਸੁਕਰਾਤ ਦੇ ਦਰਸ਼ਨ ਤੇ ਚਿੰਤਨ ਦੀ ਵਿਰਾਸਤ
ਸੁਕਰਾਤ ਦੀ ਮੌਤ ਦੁਨੀਆਂ ਦੇ ਦਰਸ਼ਨ ਦੇ ਇਤਿਹਾਸ ਦੀ ਬਹੁਤ ਦੁਰਲੱਭਘਟਨਾ ਸੀ। ਕਿਸੇ ਚਿੰਤਕ ਨੂੰ ਆਪਣੇ ਵਿਚਾਰਾਂ ਦੀ ਵੱਖਰਤਾ ਲਈ ਮੌਤ ਦੀ ਸਜ਼ਾ ਦਿੱਤੀ ਜਾਵੇ, ਇਹ ਸੰਸਾਰ ਵਿਚ ਉਦੋਂ ਤੱਕ ਨਹੀਂ ਵਾਪਰਿਆ ਸੀ। ਏਥਨਜ਼ ਦੇ ਸ਼ਾਸਕਾਂ ਵਿਚ ਹੀ ਨਹੀਂ ਬਲਕਿ ਆਮ ਲੋਕਾਂ ਵਿਚ ਵੀ ਸੁਕਰਾਤ ਦੀ ਰਵਾਇਤ ਤੋਂ ਹਟਵੇਂ ਵਿਚਾਰ ਉਸ ਪ੍ਰਤੀ ਨਫ਼ਰਤ ਦਾ ਕਾਰਨ ਬਣੇ ਰਹੇ। ਲੋਕਾਂ ਨੇ ਏਥਨਜ਼ ਦੀ ਸਪਾਰਟਾ ਹੱਥੋਂ ਜੰਗ ਵਿਚ ਹਾਰ, ਪਲੇਗ, ਬਿਮਾਰੀਆਂ, ਗਰੀਬੀ ਦਾ ਕਾਰਨ ਦੇਵੀ-ਕਰੋਪੀ ਨੂੰ ਮੰਨਿਆ। ਇਹ ਵੀ ਆਮ ਧਾਰਨਾ ਸੀ ਕਿ ਸੁਕਰਾਤ ਨੌਜਵਾਨਾਂ ਨੂੰ ਦੇਵਤਿਆਂ ਜਿਵੇਂ ਸੂਰਜ ਅਤੇ ਚੰਦਰਮਾ ਵਿਰੁੱਧ ਉਕਸਾਉਂਦਾ ਹੈ। ਏਥਨਜ਼ ਦੀ ਨਗਰ ਦੇਵੀ 'ਏਥੇਨਾ' ਨੂੰ ਵੀ ਉਸਦੇ ਚੇਲੇ ਮਿਥਿਹਾਸਕ ਕਥਾ ਕਹਿੰਦੇ ਹਨ, ਜੋ ਸਾਰੇ ਸ਼ਹਿਰ ਦੀ ਰਖਵਾਲੀ ਕਰਦੀ ਸੀ । ਇਸ ਲਈ ਉਸਦੇ ਵਿਚਾਰਾਂ ਦੀ ਤਰਕਸ਼ੀਲਤਾ ਤੋਂ ਪ੍ਰਭਾਵਿਤ ਹੁੰਦੇ ਹੋਏ ਵੀ ਏਥਨਜ਼ ਵਾਸੀਆਂ ਨੂੰ ਲਗਦਾ ਸੀ ਕਿ ਸੁਕਰਾਤ ਵਰਗੇ ਭ੍ਰਿਸ਼ਟ ਵਿਚਾਰਾਂ ਵਾਲੇ ਬੰਦੇ ਦੀ ਮੌਤ ਨਾਲ ਰੁੱਸੇ ਦੇਵਤੇ ਖ਼ੁਸ਼ ਹੋ ਜਾਣਗੇ। ਇਸ ਲਈ ਉਸਦੀ ਬਲੀ ਤੋਂ ਬਾਅਦ ਵੀ ਸੁਕਰਾਤ ਪ੍ਰਤੀ ਨਫ਼ਰਤ ਦੀ ਭਾਵਨਾ ਬਣੀ ਰਹੀ ਤੇ ਉਸਦੇ ਸ਼ਾਗਿਰਦਾਂ ਤੇ ਦੋਸਤਾਂ ਨੂੰ ਆਪਣੀ ਜਾਨ ਬਚਾਉਣ ਲਈ ਏਥਨਜ਼ ਤੋਂ ਕਿਤੇ ਦੂਰ ਜਾ ਕੇ ਰਹਿਣਾ ਪਿਆ।
ਹੌਲੀ-ਹੌਲੀ ਮਾਹੌਲ ਬਦਲਿਆ। ਸੁਕਰਾਤ ਦੇ ਕਸੂਰ ਦੁਬਾਰਾ ਵਿਚਾਰੇ ਗਏ ਤਾਂ ਉਸਦੇ ਬੇਕਸੂਰ ਹੋਣ ਦੀ ਗੱਲ ਉੱਭਰ ਕੇ ਸਾਹਮਣੇ ਆਈ। ਇਕ ਮਨੋਤ ਅਨੁਸਾਰ ਲੋਕਾਂ ਨੇ ਸੁਕਰਾਤ ਉੱਪਰ ਝੂਠੀਆਂ ਤੁਹਮਤਾਂ ਲਾ ਕੇ ਮੁਕੱਦਮਾ ਚਲਾਉਣ ਵਾਲਿਆਂ ਨੂੰ ਵੀ ਮੌਤ ਦੀਆਂ ਸਜ਼ਾਵਾਂ ਜਾਂ ਦੇਸ਼-ਨਿਕਾਲੇ ਦਿੱਤੇ। ਨਾਲ ਹੀ ਸੁਕਰਾਤ ਦੀ ਮੂਰਤੀ ਵੀ ਸਥਾਪਿਤ ਕੀਤੀ ਗਈ। ਇਹ ਸਭ ਤਾਂ ਬਾਹਰੀ ਦਿਸਣ ਵਾਲੇ ਤੱਥ ਸਨ। ਉਸਦੀ ਅਸਲ ਵਿਰਾਸਤ ਤਾਂ ਦੁਨੀਆਂ ਭਰ ਦੇ ਲੋਕਾਂ ਦੇ ਵਿਚਾਰਾਂ ਉੱਪਰ ਪਿਆ ਪ੍ਰਭਾਵ ਸੀ, ਜੋ ਉਸ ਤੋਂ ਬਾਅਦ ਨਵੇਂ ਦ੍ਰਿਸ਼ਟੀਕੋਣ ਦੇ ਰੂਪ ਵਿਚ ਹਰ ਯੁੱਗ ਵਿਚ ਪ੍ਰਸਾਰਿਤ ਹੋਇਆ। ਸੁਕਰਾਤ ਦੇ ਸ਼ਾਗਿਰਦਾਂ ਤੇ ਦੋਸਤਾਂ ਵਿਸ਼ੇਸ਼ ਕਰ ਕੇ ਜ਼ੀਨੋਫੋਨ, ਪਲੈਟੋ ਤੇ ਅਰਸਤੂ ਨੇ ਉਸ ਦੇ ਵਿਚਾਰਾਂ ਦਾ ਦਸਤਾਵੇਜ਼ੀਕਰਨ ਕੀਤਾ। ਉਸਦੇ ਵਿਚਾਰਾਂ ਦੀ ਰੌਸ਼ਨੀ ਵਿਚ ਦਰਸ਼ਨ ਦੇ ਸੰਪ੍ਰਦਾਇ
ਸਥਾਪਿਤ ਹੋਏ। ਪਲੈਟੋ ਤੋਂ ਬਿਨਾਂ ਐਨਟਿਸਥਿਨੀਜ਼, ਐਰਿਸਟੀਪਸ ਅਤੇ ਯੂਕਲਿਡ ਨੇ ਅਜਿਹੇ ਦਰਸ਼ਨ ਮੱਠ ਸਥਾਪਿਤ ਕੀਤੇ ਜੋ ਸੁਕਰਾਤ ਦੇ ਵਿਚਾਰਾਂ ਨੂੰ ਬੀਜ ਰੂਪ ਵਿਚ ਮੰਨ ਕੇ ਵਰਤਾਰਿਆਂ ਨੂੰ ਸਮਝਦੇ ਸਨ। ਵਿਸ਼ੇਸ਼ ਕਰ ਕੇ ਪਲੈਟੋ ਨੇ ਸੁਕਰਾਤ ਦੇ ਦਰਸ਼ਨ ਨੂੰ ਅਗਾਂਹ ਤੋਰਨ ਵਿਚ ਸਭ ਤੋਂ ਅਹਿਮ ਯੋਗਦਾਨ ਪਾਇਆ। ਉਹ ਦਸ ਸਾਲ ਤੱਕ ਏਥਨਜ਼ ਤੋਂ ਬਾਹਰ ਰਿਹਾ। ਇਸ ਦੌਰਾਨ ਉਸਨੇ ਬਹੁਤ ਸਾਰੇ ਥਾਵਾਂ ਦੀ ਯਾਤਰਾ ਕੀਤੀ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਪਲੇਟੋ ਭਾਰਤ ਆਇਆ ਤੇ ਇੱਥੋਂ ਦੇ ਰਿਸ਼ੀਆਂ ਨੂੰ ਵੀ ਮਿਲਦਾ ਰਿਹਾ। ਵਾਪਸ ਏਥਨਜ਼ ਆ ਕੇ ਉਸਨੇ ਅਕੈਡਮੀ ਨਾਂ ਹੇਠ ਸਕੂਲ ਬਣਾਇਆ ਜਿੱਥੇ ਬੜੀ ਦੂਰੋਂ-ਦੂਰੋਂ ਵਿਦਿਆਰਥੀ ਆਉਂਦੇ ਸਨ। ਇਹ ਪੱਕੀ ਗੱਲ ਹੈ ਕਿ ਪਲੈਟੋ ਕਦੇ ਵੀ ਸੁਕਰਾਤ ਦੇ ਬਹੁਤ ਨੇੜੇ ਦੇ ਵਿਦਿਆਰਥੀਆਂ ਵਿੱਚੋਂ ਨਹੀਂ ਸੀ, ਨਾ ਹੀ ਉਸਨੇ ਬਹੁਤਾ ਸਮਾਂ ਸੁਕਰਾਤ ਦੀ ਸੰਗਤ ਵਿਚ ਗੁਜ਼ਾਰਿਆ ਸੀ ਪਰ ਤਾਂ ਵੀ ਉਸ ਦੀ ਪ੍ਰਤਿਭਾ ਤੇ ਯੋਗਤਾ ਨੇ ਸੁਕਰਾਤ ਦੀ ਜੀਵਨੀ ਤੇ ਦਰਸ਼ਨ ਸੰਬੰਧੀ ਅਹਿਮ ਸੰਵਾਦ ਲਿਖੇ। ਕੁਝ ਲੋਕ ਤਾਂ ਇਸਨੂੰ ਕਲਪਿਤ ਤੇ ਗਲਪਿਤ ਸੁਕਰਾਤ ਕਹਿੰਦੇ ਹਨ। ਫਿਰ ਵੀ ਸੰਵਾਦਾਂ ਵਿਚ ਪੇਸ਼ ਸੁਕਰਾਤ ਉਸ ਦੀ ਮੌਤ ਤੋਂ ਬਾਅਦ ਸਭ ਤੋਂ ਨੇੜੇ ਦੇ ਕਾਲ ਵਿਚ ਅੱਖੀਂ ਦੇਖਣ ਵਾਲੇ ਸ਼ਾਗਿਰਦ ਵਲੋਂ ਚਿਤਰਿਆ ਗਿਆ ਸੁਕਰਾਤ ਬਹੁਤ ਹੱਦ ਤੱਕ ਵਾਸਤਵਿਕ ਲਗਦਾ ਹੈ। ਉਸਨੇ ਹੀ ਸਹੀ ਅਰਥਾਂ ਵਿਚ ਸੁਕਰਾਤ ਦੇ ਦਰਸ਼ਨ ਨੂੰ ਪੇਸ਼ ਕੀਤਾ। ਅਗਲੇ ਸਾਲਾਂ ਵਿਚ ਚਰਚ ਦਾ ਪ੍ਰਭਾਵ ਜਦੋਂ ਪੂਰੇ ਯੂਰਪ ਵਿਚ ਫੈਲਿਆ ਤਾਂ ਪਲੈਟੋ ਦੇ ਸੁਕਰਾਤ ਦੇ ਚਿੰਤਨ ਨੂੰ ਰੋਕਣ ਦਾ ਕਾਰਜ ਹੋਇਆ। ਈਸਾਈ ਮੱਤ ਨੇ ਹਰ ਤਰ੍ਹਾਂ ਦੇ ਪੁਰਾਤਨ ਗਿਆਨ ਵਿਸ਼ੇਸ਼ ਕਰ ਕੇ ਈਸਾ ਤੋਂ ਪੂਰਬਲੇ ਗਿਆਨ ਨੂੰ ਰੱਦ ਕਰ ਦਿੱਤਾ। ਸੁਕਰਾਤ ਦਾ ਚਿੰਤਨ ਤਾਂ ਭੌਤਿਕਵਾਦ ਦੇ ਆਸ-ਪਾਸ ਸੀ। ਉਸ ਬਾਰੇ ਈਸਾਈ ਚਰਚਾ ਤਾਂ ਕਿਵੇਂ ਵੀ ਨਰਮਾਈ ਨਹੀਂ ਦਿਖਾ ਸਕਦਾ ਸੀ। ਇਸ ਸੰਬੰਧੀ ਐੱਮ.ਐੱਨ. ਰਾਇ ਦਾ ਕਥਨ ਦੇਖਣਯੋਗ ਹੈ:
ਈਸਾਈਆਂ ਨੇ ਫ਼ਜੂਲ ਦੀ ਕਾਲਪਨਿਕ ਪਵਿੱਤਰਤਾ ਅਤੇ ਪਵਿੱਤਰ ਆਤਮਾ ਬਣਨ ਦੇ ਫ਼ਰੇਬ ਦੇ ਆਧਾਰ 'ਤੇ ਪੁਰਾਤਨ ਵਿਗਿਆਨ ਨੂੰ ਅਸ਼ੁੱਧ ਕਹਿ ਕੇ ਉਸਨੂੰ ਨਜ਼ਰਅੰਦਾਜ਼ ਕੀਤਾ ਸੀ। ਅਗਿਆਨ ਦੇ ਉਸ ਹੰਕਾਰ ਦੇ ਸਿੱਟੇ ਵਜੋਂ ਯੂਰਪੀਅਨ ਲੋਕ ਮੱਧਯੁਗੀ ਹਨੇਰੇ ਵਿਚ ਡੁੱਬ ਗਏ ਤੇ ਉਨ੍ਹਾਂ ਦੀ ਤਬਾਹੀ ਨੂੰ ਰੋਕਣ ਦਾ ਕੋਈ ਉਪਾਅ ਵੀ ਨਹੀਂ ਸੀ। ਪੁਰਾਤਨ ਯੂਨਾਨ ਦੇ ਵਿਚਾਰਕਾਂ ਦੇ ਗਿਆਨ ਦੇ ਪ੍ਰਕਾਸ਼ ਦੇ ਦੁਬਾਰਾ ਸਾਹਮਣੇ ਆਉਣ ਨਾਲ ਅਗਿਆਨ ਅਤੇ ਪਾਖੰਡ, ਮੰਦਭਾਵਨਾ ਅਤੇ ਅਸਹਿਣਸ਼ੀਲਤਾ ਤੋਂ ਪੈਦਾ ਹੋਇਆ ਹਨੇਰਾ ਸਮਾਪਤ ਹੋਇਆ ਅਤੇ
ਯੂਰਪ ਦੇ ਨਿਵਾਸੀਆਂ ਦੀ ਭੌਤਿਕ ਖੁਸ਼ਹਾਲੀ, ਬੌਧਿਕ ਵਿਕਾਸ ਅਤੇ ਅਧਿਆਤਮਕ ਮੁਕਤੀ ਦਾ ਰਾਹ ਖੁੱਲ੍ਹਿਆ। ਇਹ ਕਾਰਜ ਅਰਥ ਦਾਰਸ਼ਨਿਕਾਂ ਅਤੇ ਵਿਗਿਆਨੀਆਂ ਨੇ ਪੂਰਾ ਕੀਤਾ ਅਤੇ ਯੂਨਾਨੀ ਪੁਰਖਿਆਂ ਦਾ ਗਿਆਨ ਆਧੁਨਿਕ ਤਰਕਵਾਦੀਆਂ ਤੱਕ ਪਹੁੰਚਾਇਆ ।
ਵਿਸ਼ੇਸ਼ ਕਰਕੇ ਅਰਬ ਦੇ ਦਾਰਸ਼ਨਿਕ ਇਸਲਾਮ ਦੇ ਹੋਂਦ 'ਚ ਆਉਣ ਤੋਂ ਬਾਅਦ ਸ਼ਰਾਸੈਨੀ ਫੌਜਾਂ ਨਾਲ ਯੂਰਪ ਦੇ ਪੁਰਾਤਨ ਹਿੱਸਿਆਂ ਤੱਕ ਪਹੁੰਚੇ ਤੇ ਉਨ੍ਹਾਂ ਨੇ ਪੂਰਵ ਈਸਾ ਦੌਰ ਦੇ ਵਿਗਿਆਨ ਨੂੰ ਖੋਜ ਕੱਢਿਆ। ਇਨ੍ਹਾਂ ਵਿੱਚੋਂ ਹੀ ਗਿਆਨ ਅਤੇ ਦਰਸ਼ਨ ਦੀਆਂ ਧਾਰਨਾਵਾਂ ਵੀ ਰੌਸ਼ਨੀ ਵਿਚ ਲਿਆਉਣ ਦਾ ਵੱਡਮੁੱਲਾ ਕਾਰਜ ਹੋਇਆ। ਅਲਕਾਜ਼ੀ, ਅਲਹਸਨ, ਅਲ ਫ਼ਰਾਂਕੀ, ਇਬਨੇ-ਸੀਨਾ, ਅਲਗਯਾਲੀ, ਅਬੂਬਕਰ, ਅਵੇਮਪਾਕ, ਅਲਫੇਟਰਾਜੀਅਸ ਅਤੇ ਇਨ੍ਹਾਂ ਵਿੱਚੋਂ ਸਭ ਤੋਂ ਅਹਿਮ ਨਾਂ ਜਿਸਨੇ ਪੁਰਾਣੇ ਚਿੰਤਨ ਤੇ ਦਰਸ਼ਨ ਦੀ ਖੋਜ ਕੀਤੀ ਇਬਨੇ ਰੁਸ਼ਦ ਹੈP ਇਬਨ ਰੁਸ਼ਦ ਨੇ ਪਲੈਟੋ ਤੇ ਅਰਸਤੂ ਦਾ ਦੱਸਿਆ ਹੋਇਆ ਗਿਆਨ ਰੌਸ਼ਨੀ ਵਿਚ ਲਿਆਂਦਾ ਤੇ ਅਜਿਹਾ ਕਰਕੇ ਉਸਨੇ ਯੂਰਪ ਦੀ ਮਨੁੱਖ ਜਾਤੀ ਨੂੰ ਧਾਰਮਿਕ ਪਾਖੰਡਾਂ ਤੇ ਬੇਜਾਨ ਵਿਦਵਤਾ ਦੇ ਅਧਰਮੀ ਪ੍ਰਭਾਵ ਤੋਂ ਮੁਕਤ ਕੀਤਾ। ਰੋਜਰ ਬੇਕਨ ਕਹਿੰਦਾ ਹੈ ਕਿ 'ਕੁਦਰਤ ਦੀ ਵਿਆਖਿਆ ਅਰਸਤੂ ਨੇ ਕੀਤੀ ਤੇ ਅਰਸਤੂ ਦੀ ਵਿਆਖਿਆ ਇਬਨ ਰੁਸ਼ਦ ਨੇ'। ਅਨੀਥੀਅਨ (ਯੂਨਾਨੀ) ਸਭਿਅਤਾ ਦੀਆਂ ਵਿਗਿਆਨਕ ਸਿੱਖਿਆਵਾਂ ਨੂੰ ਅਰਬੀ ਖਲੀਫ਼ਿਆਂ ਨੇ ਖਿੜੇ-ਮੱਥੇ ਸਵੀਕਾਰ ਕੀਤਾ। ਛੇਵੀਂ ਸਦੀ ਦੇ ਆਰੰਭਵਿਚ ਈਸਾਈ ਚਰਚ ਦੀ ਕੱਟੜਤਾ ਤੋਂ ਅੱਕੇ ਸੁਕਰਾਤ ਤੇ ਪਲੈਟ ਦੇ ਅਨੁਯਾਈ ਰੋਮ ਤੋਂ ਭੱਜ ਕੇ ਫ਼ਾਰਸ ਪੁੱਜੇ ਤੇ ਇਨ੍ਹਾਂ ਜਲਾਵਤਨ ਵਿਦਵਾਨਾਂ ਨੂੰ ਖ਼ਲੀਫ਼ਿਆਂ ਦੇ ਦਰਬਾਰ ਵਿਚ ਪਨਾਹ ਮਿਲੀ। ਉਨ੍ਹਾਂ ਨਾਲ ਸੰਵਾਦ ਰਚਾ ਕੇ ਨਵੇਂ ਗਿਆਨ ਦੇ ਦਰਵਾਜ਼ੇ ਖੁੱਲ੍ਹੇ ਤਾਂ ਖਲੀਫ਼ਿਆਂ ਨੇ ਯੋਗ ਵਿਅਕਤੀਆਂ ਨੂੰ ਭੇਜ ਕੇ ਰੋਮਨ ਸਾਮਾਰਜ ਦੇ ਖੇਤਰ ਵਿੱਚੋਂ ਪ੍ਰਾਚੀਨ ਯੂਨਾਨੀ ਦਾਰਸ਼ਨਿਕਾਂ ਤੇ ਵਿਚਾਰਕਾਂ ਦੇ ਗ੍ਰੰਥ ਮੰਗਵਾਏ। ਅਰਬੀ ਵਿਚ ਇਨ੍ਹਾਂ ਦਾ ਅਨੁਵਾਦ ਹੋਇਆ ਤੇ ਇਨ੍ਹਾਂ ਦੀਆਂ ਅਧਾਰਮਿਕ ਸਿੱਖਿਆਵਾਂ ਵੀ ਪ੍ਰਚਾਰ ਵਜੋਂ ਇਸਲਾਮੀ ਜਗਤ ਵਿਚ ਪ੍ਰਚਲਿਤ ਹੋਈਆਂ। ਸੁਕਰਾਤ ਦੀ ਚਿੰਤਨੀ ਵਿਰਾਸਤ ਭੂਗੋਲਿਕ ਸਰਹੱਦਾਂ ਉਲੰਘ ਕੇ ਅਰਬ ਤੇ ਫ਼ਾਰਸ ਤੱਕ ਪਹੁੰਚੀ ਤੇ ਉੱਥੋਂ ਦੇ ਰਹੱਸਵਾਦੀ ਸੂਫ਼ੀ ਦਰਸ਼ਨ ਵਿਚ ਜਜ਼ਬ ਹੋ ਕੇ ਸਾਰੇ ਸੰਸਾਰ ਵਿਚ ਫੈਲ ਗਈ। ਆਤਮਾ ਤੇ ਪਰਮਾਤਮਾ ਸੰਬੰਧੀ ਸੁਕਰਾਤ ਦੇ ਦਰਸ਼ਨ ਨੂੰ ਪਲੈਟੋ ਦੀ ਮਾਰਫ਼ਤ ਅਰਬੀ ਵਿਚਾਰਕਾਂ ਨੇ ਗ੍ਰਹਿਣ ਕੀਤਾ ਤੇ ਆਪਣੀ ਰਹੱਸਵਾਦੀ ਸਾਧਨਾ ਦੀ ਪੱਧਤੀ ਬਣਾ ਲਿਆ। ਇਹੀ ਬਾਅਦ ਵਿਚ 'ਨਵ-ਅਫ਼ਲਾਤੂਨਵਾਦ' (Neo-Platonism) ਅਖਵਾਇਆ। ਸੂਫ਼ੀ ਸਾਧਕਾਂ ਦੀਆਂ ਦਾਰਸ਼ਨਿਕ ਵਿਆਖਿਆਵਾਂ
ਵਿਚ ਨਵ-ਅਫ਼ਲਾਤੂਨੀ ਦਰਸ਼ਨ ਤੇ ਰਹੱਸਵਾਦ ਦਾ ਬੇਹੱਦ ਅਹਿਮ ਥਾਂ ਹੈ। ਸੂਫ਼ੀ ਵੀ ਸੁਕਰਾਤ ਦੀ ਤਰਜ਼ 'ਤੇ ਆਤਮਾ ਨੂੰ ਪਰਮਾਤਮਾ ਤੋਂ ਵਿੱਛੜੀ ਇਕਾਈ ਮੰਨਦੇ ਹਨ ਤੇ ਆਪਣੇ ਕਾਰਜਾਂ ਨਾਲ ਦੁਬਾਰਾ ਏਕੀਕਰਨ ਦੇ ਰਾਹ ਤੁਰਨ ਦੇ ਉਪਾਸ਼ਕ ਹਨ।
ਪਲੈਟੋ ਤੋਂ ਬਾਅਦ ਅਰਸਤੂ ਨੇ ਵੀ ਸੁਕਰਾਤ ਦੀ ਬੌਧਿਕ ਵਿਰਾਸਤ ਨੂੰ ਅਗਾਂਹ ਤੋਰਿਆ। ਉਸਨੇ Politics ਤੇ Poetics ਵਿਚ ਪਲੈਟ ਦੀ ਤਰਜ਼ 'ਤੇ ਸੰਵਾਦ ਲਿਖੇ। ਇਨ੍ਹਾਂ ਸੰਵਾਦਾਂ ਵਿਚ ਦਾਰਸ਼ਨਿਕ ਬਹਿਸ ਦਾ ਕੇਂਦਰ ਸੁਕਰਾਤ ਭਾਵੇਂ ਨਹੀਂ ਹੈ, ਪਰ ਸੁਕਰਾਤ ਦੇ ਵਿਚਾਰਾਂ ਦੇ ਆਲੇ-ਦੁਆਲੇ ਪੂਰਾ ਸੰਵਾਦ ਕੇਂਦਰਿਤ ਰਹਿੰਦਾ ਹੈ। ਉਹ ਪਲੈਟੋ ਦੁਆਰਾ ਸਥਾਪਿਤ ਅਕਾਦਮੀ ਦੀ ਸਭ ਤੋਂ ਉੱਤਮ ਪੈਦਾਵਾਰ ਸੀ ਜਿਸਨੇ ਸੁਕਰਾਤ ਦੀ ਸਾਰਥਕਤਾ ਦੇ ਸਵਾਲ ਨੂੰ ਪੱਛਮੀ ਦਰਸ਼ਨ ਵਿਚ ਇਕ ਲਾਜ਼ਮੀ ਨੇਮ ਵਾਂਗ ਸਥਾਪਿਤ ਕਰ ਦਿੱਤਾ । ਅਰਸਤੂ, ਸੁਕਰਾਤ ਦੇ ਉਸ ਦਰਸ਼ਨ ਦੀ ਵਿਹਾਰਕ ਪ੍ਰਸੰਗਕਤਾ ਹੈ ਜੋ ਪਲੈਟੋ ਰਾਹੀਂ ਉਸ ਤਕ ਪਹੁੰਚੀ ਤੇ ਉਸ ਨੇ ਆਪਣੇ ਸ਼ਾਗਿਰਦ ਸਿਕੰਦਰ ਰਾਹੀਂ ਇਕ ਰਾਜ ਦੇ ਗਠਨ ਦੇ ਸੁਪਨੇ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ। ਪਲੇਟੇ ਸੁਕਰਾਤ ਦੀ ਮੌਤ 399 ਈ. ਪੂ. ਤੋਂ ਬਾਅਦ ਇਟਲੀ ਦੇ ਸਿਸਲੀ ਅਤੇ ਉਸ ਤੋਂ ਬਾਅਦ ਮੇਗਾਰਾ ਗਿਆ। ਉਸਨੇ ਯੂਕਲਾਈਡੇਸ ਦਾ ਸਾਥ ਵੀ ਕੀਤਾ ਤੇ 388 ਈ. ਪੂ. ਦੇ ਆਸ-ਪਾਸ ਉਹ ਏਥਨਜ਼ ਪਰਤਿਆ। ਉਸਨੇ ਅਕਾਦਮੀ ਦੀ ਸਥਾਪਨਾ 387 ਈ. ਪੂ. ਵਿਚ ਕੀਤੀ। ਉਸ ਸਮੇਂ ਤੱਕ ਸੁਕਰਾਤ ਦੀ ਮੌਤ ਨੂੰ ਬਾਰਾਂ ਵਰ੍ਹੇ ਤੋਂ ਵਧੇਰੇ ਸਮਾਂ ਬੀਤ ਚੁੱਕਾ ਸੀ ਤੇ ਅਰਸਤੂ ਦੀ ਉਮਰ ਵੀ ਚਾਲੀ ਵਰ੍ਹਿਆਂ ਤੋਂ ਵੱਧ ਹੋ ਚੁੱਕੀ ਸੀ। ਉਹ ਤਦ ਤੱਕ ਆਪਣੇ ਕਈ ਸੰਵਾਦ ਲਿਖ ਚੁੱਕਾ ਸੀ। ਸਿਰਫ਼ ਰਿਪਬਲਿਕ ਦਾ ਕੁਝ ਹਿੱਸਾ ਉਸਨੇ ਅਕਾਦਮੀ ਦੀ ਸਥਾਪਨਾ ਤੋਂ ਬਾਅਦ ਲਿਖਿਆ। ਯੂਰਪ ਦੇ ਹੀ ਨਹੀਂ ਸੰਸਾਰ ਦੇ ਕਈ ਦੇਸ਼ਾਂ ਤੋਂ ਨੌਜਵਾਨ ਅਕਾਦਮੀ ਵਿਚ ਸਿਖਿਆ ਹਾਸਲ ਕਰਨ ਲਈ ਪਹੁੰਚੇ। ਉਸਨੇ ਅਕਾਦਮੀ ਵਿਚ ਜੋ ਭਾਸ਼ਣ ਦਿੱਤੇ ਉਨ੍ਹਾਂ ਵਿਚ ਧਰਮ, ਇਤਿਹਾਸ, ਰਾਜਨੀਤੀ, ਦਰਸ਼ਨ, ਜੋਤਿਸ਼, ਰਾਜ-ਤੰਤਰ ਤੇ ਕੁਦਰਤ ਸੰਬੰਧੀ ਵਿਗਿਆਨਾਂ ਉੱਤੇ ਜ਼ੋਰ ਦਿੱਤਾ ਗਿਆ। ਮਨੁੱਖੀ ਹੋਂਦ ਤੇ ਵਿਚਾਰ ਦੀ ਬਣਤਰ ਸੰਬੰਧੀ ਵੀ ਉਸਨੇ ਆਪਣੀ ਵਿਲੱਖਣ ਗਿਆਨ-ਮੀਮਾਂਸਕ ਪਹੁੰਚ ਪ੍ਰਗਟ ਕੀਤੀ। ਇਨ੍ਹਾਂ ਸਾਰੇ ਵਿਚਾਰਾਂ ਉੱਪਰ ਉਸਦੇ ਸੰਵਾਦ ਵਿਸ਼ੇਸ਼ ਕਰਕੇ ਸੁਕਰਾਤ ਦੇ ਕਿਰਦਾਰ ਦੀ ਛਾਪ ਅਮਿੱਟ ਸੀ। ਉਸਨੇ ਪਰਿ-ਕਲਪਨਾਵਾਂ ਨੂੰ ਗਿਆਨ ਉੱਤੇ ਲਾਗੂ ਕਰਕੇ ਸਿੱਟੇ ਕੱਢਣ ਦੀ ਜਾਚ ਆਪਣੇ ਚੇਲਿਆਂ ਨੂੰ ਸਿਕਾਈ। ਗਿਆਨ ਦੇ ਪ੍ਰਤੱਖਣ ਅਤੇ ਵਿਆਖਿਆਵਾਂ ਰਾਹੀਂ ਦੂਜਿਆਂ ਨਾਲ ਸਾਂਝਾ ਕਰਨ ਕਰਨ ਤੱਕ ਪਲੈਟੋ ਸੁਕਰਾਤ ਦਾ ਅਨੁਯਾਈ ਰਿਹਾ,
ਪਰ ਉਸਨੇ ਸੁਕਰਾਤੀ ਵਿਧੀ ਦੀ ਥਾਂ ਆਪਣੇ ਦਰਸ਼ਨ ਦੀ ਏਕਾਲਾਪੀ ਗਿਆਨ ਪ੍ਰਸਾਰਨ ਦੀ ਵਿਧੀ ਅਪਣਾਈ। ਉਸਨੇ ਅਧਿਆਤਮ ਸੰਬੰਧੀ ਬਹੁਤ ਸਾਰਾ ਵਿਮਰਸ਼ ਸਾਹਮਣੇ ਲਿਆਂਦਾ ਜੋ ਸੁਕਰਾਤ ਦੇ ਗਿਆਨ ਤੋਂ ਹਟਵਾਂ ਸੀ। ਉਸਨੇ ਪਰਮਾਤਮਾ ਨੂੰ ਕੇਵਲ ਸ਼ੁੱਧਤਾ ਨਾਲ ਜੋੜਿਆ ਤੇ ਸੰਸਾਰ ਦੇ ਆਦਰਸ਼/ਸ਼ੁੱਭ ਰੂਪ ਨੂੰ ਹੀ ਪਰਮਾਤਮਾ ਵੱਲੋਂ ਨਿਰਮਤ ਦੱਸਿਆ। ਜੋ ਵੀ ਅਸ਼ੁੱਭ ਹੈ ਉਸਦੀ ਰਚਨਾ ਲਈ ਜੀਵਾਤਮਾ ਨੂੰ ਜ਼ਿੰਮੇਵਾਰ ਕਿਹਾ। ਇਸ ਚਿੰਤਨ ਨੇ ਸਾਰੇ ਸੰਸਾਰ ਵਿਚ ਦਵੈਤਵਾਦੀ-ਅਦਵੈਤਵਾਦੀ ਫ਼ਲਸਫ਼ੇ ਸੰਬੰਧੀ ਇਕ ਬਹਿਸ ਪੈਦਾ ਕੀਤੀ। ਉਸਨੇ ਜੀਵਾਤਮਾ ਨੂੰ ਬੌਧਿਕ, ਅਬੋਧਿਕ, ਕੁਲੀਨ ਤੇ ਗ਼ੈਰਕੁਲੀਨ ਚਾਰ ਵਰਗਾਂ ਵਿਚ ਵੰਡਿਆ ਤੇ ਹਰ ਵਰਗ ਦੀ ਪ੍ਰਕਿਰਤੀ ਅਨੁਸਾਰ ਸੰਸਾਰ ਦੀ ਸਿਰਜਣਾ ਵਿਚ ਯੋਗਦਾਨ ਪਾਉਣ ਲਈ ਜ਼ਿੰਮੇਵਾਰ ਠਹਿਰਾਇਆ। ਨਿਆਂ ਦੇ ਜਿਸ ਸਿਧਾਂਤ ਸੰਬੰਧੀ ਸੁਕਰਾਤ ਨੇ ਬਹੁਤ ਸਾਰੇ ਸਵਾਲ ਆਪਣੇ ਸਮਕਾਲੀਆਂ ਕੋਲੋਂ ਪੁੱਛੇ ਸਨ ਉਸ ਦੀ ਵਿਹਾਰਕਤਾ ਬਾਰੇ ਪਲੈਟੋ ਤੇ ਅਰਸਤੂ ਦੋਵਾਂ ਨੇ ਹੀ ਬਹੁਤ ਸਾਰਾ ਵਾਦ-ਵਿਵਾਦ ਕੀਤਾ। ਪਲੈਟੋ ਸੰਸਾਰ/ਸਮਾਜ ਦੀ ਉੱਚਤਮ ਅਵਸਥਾ ਸਾਮਵਾਦ ਨੂੰ ਕਹਿੰਦਾ ਹੈ ਤੇ ਅਰਸਤੂ ਇਸਨੂੰ ਰਾਜੇ ਵੱਲੋਂ ਭਲਾਈ ਪੂਰਨ ਰਾਜ ਦੀ ਸਥਾਪਨਾ ਤੱਕ ਲੈ ਆਉਂਦਾ ਹੈ। ਇਹ ਅਸਲ ਵਿਚ ਦਰਸ਼ਨ ਦੇ ਸੁਕਰਾਤੀ ਸਕੂਲ/ਸੰਪ੍ਰਦਾਇ ਦੀ ਵਿਰਾਸਤ ਹੀ ਹੈ ਜੋ ਪਲੈਟੋ ਤੋਂ ਅਰਸਤੂ ਤੱਕ ਪਹੁੰਚਦੀ ਹੈ। ਅਰਸਤੂ ਇਸ ਸਿਧਾਂਤ ਨੂੰ ਲਾਗੂ ਕਰਨ ਲਈ ਇਕ ਰਾਜ ਦਾ ਆਦਰਸ਼ ਕਲਪਦਾ ਹੈ ਤੇ ਸਿਕੰਦਰ ਨੂੰ ਮੁੱਢਲੇ ਰੂਪ ਵਿਚ ਇਸ ਸਿਧਾਂਤ ਦੇ ਪਸਾਰ ਲਈ ਤਿਆਰ ਕਰਦਾ ਹੈ"
ਪਲੈਟੋ ਤੋਂ ਬਿਨਾਂ ਸੁਕਰਾਤ ਦੇ ਪ੍ਰਭਾਵ ਵਾਲੇ ਦੇ ਹੋਰ ਸੰਪ੍ਰਦਾਇ ਵੀ ਯੂਨਾਨੀ ਦਰਸ਼ਨ ਵਿਚ ਅਹਿਮ ਥਾਂ ਰੱਖਦੇ ਹਨ। ਇਨ੍ਹਾਂ ਵਿੱਚੋਂ ਉਸ ਦੇ ਦੋ ਸਹਿਯੋਗੀ ਰਹੇ ਦਾਰਸ਼ਨਿਕ ਏਂਟੀਸਥੇਨਸ ਅਤੇ ਅਰਿਸਟੀਪਸ ਵੀ ਸੁਕਰਾਤ ਦੀਆਂ ਦਾਰਸ਼ਨਿਕ ਧਾਰਨਾਵਾਂ ਦੇ ਆਧਾਰ 'ਤੇ ਆਪਣੇ-ਆਪਣੇ ਸਕੂਲ ਸਥਾਪਿਤ ਕਰਦੇ ਹਨ। ਸੁਕਰਾਤ ਨੇ ਆਪ ਕੁਝ ਨਹੀਂ ਲਿਖਿਆ ਤੇ ਉਸ ਦਾ ਦਰਸ਼ਨ ਕਿਸੇ ਵਿਸ਼ੇਸ਼ ਅਨੁਸ਼ਾਸਨ ਤੋਂ ਵੀ ਵਾਂਝਾ ਹੈ। ਉਹ ਗਿਆਨ ਦੇ ਸਰੋਕਾਰਾਂ ਵਿਚ ਇਕ ਤਾਰਕਿਕ ਸੁਮੇਲ ਦੀ ਸਥਾਪਤੀ ਲਈ ਚਿੰਤਨਸ਼ੀਲ ਰਿਹਾ। ਇਸ ਲਈ ਉਸਦੇ ਅਗਲੇਰੇ ਚਿੰਤਕ ਉਨ੍ਹਾਂ ਰਹੱਸਾਂ ਨੂੰ ਸੁਲਝਾਉਂਦੇ ਰਹੇ ਜੋ ਉਸੇ ਦਰਸ਼ਨ ਦੇ ਇਰਦ-ਗਿਰਦ ਫੈਲੇ ਹੋਏ ਸਨ। ਉਸਦੇ ਅਨੁਯਾਈਆਂ ਵੱਲੋਂ ਪੇਸ਼ ਚਿੰਤਨ ਹੀ ਇਕ-ਦੂਜੇ ਪ੍ਰਤੀ ਵਿਰੋਧਾਭਾਸੀ ਨਹੀਂ ਬਲਕਿ ਇਹ ਵਿਰੋਧ ਸੁਕਰਾਤ ਦੀ ਪੇਸ਼ ਹੋਈ ਸ਼ਖ਼ਸੀਅਤ ਵਿਚ ਵੀ ਝਲਕਦੇ ਹਨ। ਪਲੈਟੋ, ਏਂਟੀਸਥੇਨਸ ਤੇ ਅਰਿਸਟਿਪਸ ਨੇ ਜਿਵੇਂ ਸੁਕਰਾਤ ਦੇ ਦਰਸ਼ਨ ਨੂੰ ਸਮਝਿਆ ਉਵੇਂ ਹੀ ਪੇਸ਼ ਕੀਤਾ। ਇਸਦੀ ਮਿਸਾਲ ਦੇ ਰੂਪ ਵਿਚ ਸੁਕਰਾਤ ਵਲੋਂ ਪੇਸ਼ 'ਨੇਕੀ' ਦੇ
ਸੰਕਲਪ ਬਾਰੇ ਇਨ੍ਹਾਂ ਸੰਪ੍ਰਦਾਵਾਂ ਦੀ ਵਿਆਖਿਆ ਦੇਖੀ ਜਾ ਸਕਦੀ ਹੈ। ਸੁਕਰਾਤ ਨੇ ਇਸ ਭਾਵਵਾਚੀ ਸੰਕਲਪ ਨੂੰ ਮਨੁੱਖੀ ਹੋਂਦ ਦਾ ਆਧਾਰ ਕਿਹਾ ਸੀ। ਉਸਦੇ ਅਨੁਯਾਈਆਂ ਨੇ ਇਸ ਸੰਕਲਪ ਨੂੰ ਵੱਖਰੇ-ਵੱਖਰੇ ਸਿਧਾਂਤ ਵਜੋਂ ਪਰਿਭਾਸ਼ਿਤ ਕੀਤਾ। 'ਨੇਕੀ' ਦਾ ਸੰਕਲਪ ਹੀ ਵੱਖ-ਵੱਖ ਸੰਪ੍ਰਦਾਵਾਂ ਵਿਚ ਵਖਰੇਵੇਂ ਦਾ ਆਧਾਰ ਬਣਿਆ।
ਏਂਟੀਸਥੇਨਸ ਵਲੋਂ ਚਲਾਇਆ ਗਿਆ ਸੰਪ੍ਰਦਾਇ 'ਸਨਕਵਾਦ' (Cynicism) ਨਾਲ ਇਤਿਹਾਸ ਵਿਚ ਜਾਣਿਆ ਜਾਂਦਾ ਹੈ। ਏਂਟੀਸਥੇਨਸ ਪਹਿਲਾਂ ਇਕ ਸੋਫਿਸਟ ਚਿੰਤਕ ਜਾਰਜੀਅਸ ਦੀ ਨੇੜਤਾ ਵਿਚ ਸੀ। ਪਰ ਜਦ ਹੀ ਉਹ ਸੁਕਰਾਤ ਦੇ ਨਜ਼ਦੀਕ ਆਇਆ ਤੇ ਸੁਕਰਾਤ ਦੇ ਪਰਭਾਵ ਕਬੂਲ ਕੇ ਸਨਕਵਾਦੀ ਸੰਪ੍ਰਦਾਇ ਗਠਨ ਕਰਨ ਵਾਲਾ ਬਣਿਆ। ਉਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਸੁਕਰਾਤ ਦੀ ਮੌਤ ਸਮੇਂ ਉਸਦੇ ਨਾਲ ਹੀ ਸੀ। ਪਰ ਉਹ ਆਪਣੇ ਚਿੰਤਨ ਤਰੀਕਿਆਂ ਵਿਚ ਰਵਾਇਤੀ ਸੋਫਿਸਟ ਹੀ ਨਜ਼ਰ ਆਉਂਦਾ ਰਿਹਾ। ਜੀਵਨ ਦੇ ਵਿਵਿਧ ਵਿਸ਼ਿਆਂ ਬਾਰੇ ਉਸਨੇ ਚਿੰਤਨ ਕੀਤਾ ਪਰ ਕਈ ਥਾਈਂ ਸੁਕਰਾਤ ਦੀਆਂ ਨੈਤਿਕ ਧਾਰਨਾਵਾਂ ਤੋਂ ਵਿੱਥ 'ਤੇ ਹੀ ਵਿਚਰਦਾ ਰਿਹਾ। ਸੁਕਰਾਤ ਵੱਲੋਂ ਭੌਤਿਕ ਸੁਵਿਧਾਵਾਂ ਤੇ ਸੰਸਾਰਕ ਪ੍ਰਾਪਤੀਆਂ ਤੋਂ ਨਿਰਲੇਪ ਰਹਿ ਕੇ ਜੀਣ ਦੀ ਭਾਵਨਾ ਏਂਟੀਸਥੇਨਸ ਨੂੰ ਬਹੁਤ ਪੋਂਹਦੀ ਸੀ। ਇਸੇ ਲਈ ਉਸਨੇ ਸਭ ਤਰ੍ਹਾਂ ਦੇ ਸੰਸਾਰਕ ਸੁੱਖਾਂ ਦੇ ਤਿਆਗ ਨੂੰ ਆਪਣੇ ਸਿਧਾਂਤ ਦਾ ਆਧਾਰ ਬਣਾਇਆ। ਸਭ ਸੁਵਿਧਾਵਾਂ ਪ੍ਰਤੀ ਆਲੋਚਨਾਤਮਕ ਰਵੱਈਆ ਰੱਖਣ ਕਾਰਨ ਹੀ ਉਸਨੂੰ 'ਸਨਕ' (Cynic) ਦਾ ਸ਼ਿਕਾਰ ਸਮਝਿਆ ਗਿਆ ਤੇ ਉਸਦੇ ਸੰਪ੍ਰਦਾਇ ਨੂੰ 'ਸਨਕਵਾਦ' ਦਾ ਨਾਂ ਦਿੱਤਾ ਗਿਆ। ਏਂਟੀਸਥੇਨਸ ਸ਼ਹਿਰਾਂ ਨੂੰ ਮਨੁੱਖੀ ਚੇਤਨਾ ਨੂੰ ਭ੍ਰਿਸ਼ਟ ਕਰਨ ਦੇ ਕੇਂਦਰ ਕਹਿੰਦਾ ਸੀ। ਉਹ ਸੁਕਰਾਤ ਦੇ 'ਨੇਕੀ' ਦੇ ਸੰਕਲਪ ਦੀ ਵਿਆਖਿਆ ਸਾਦਗੀ ਦੇ ਸਮਾਨ ਅਰਥਾਂ ਵਿਚ ਕਰਦਾ ਸੀ। ਇਹੀ ਨਹੀਂ ਉਹ ਸੁਕਰਾਤ ਤੋਂ ਏਨਾ ਪ੍ਰਭਾਵਿਤ ਸੀ ਕਿ ਨਿੱਜੀ ਜ਼ਿੰਦਗੀ ਵਿਚ ਫ਼ਕੀਰੀ ਧਾਰਨ ਕੀਤੀ ਹੋਈ ਸੀ। ਉਸਨੂੰ ਮਿਲਣ ਆਏ ਸਿਖਿਆਰਥੀਆਂ ਨੂੰ ਉਹ ਦਬਕਾ ਕੇ ਭਜਾ ਦਿੰਦਾ ਸੀ। ਪਲੈਟੋ ਦੇ ਸਮਕਾਲ ਵਿਚ ਏਂਟੀਸਥੇਨਸ ਦੀ ਵਿਦਵਤਾ ਦੀ ਪ੍ਰਸਿੱਧੀ ਦੂਰ-ਦੂਰ ਤੱਕ ਫੈਲੀ ਹੋਈ ਸੀ। ਜ਼ੀਨੋਫੋਨ ਨੇ ਉਸਦੀ ਸਿਫ਼ਤ ਕੀਤੀ ਹੈ ਪਰ ਪਲੈਟ ਉਸਨੂੰ 'ਬੁੱਢਾ ਤੋਤਾ' ਕਹਿੰਦਾ ਹੈ। ਉਸਦਾ ਸ਼ਾਗਿਰਦ 'ਡਾਇਓਜਿਨੀਸ' ਵੀ ਪਰਲੇ ਦਰਜੇ ਦਾ ਸਨਕੀ ਸੀ। ਉਹ ਦਿਨ ਸਮੇਂ ਲਾਲਟੈਣ ਦੀ ਰੋਸ਼ਨੀ ਲੈ ਕੇ ਘੁੰਮਦਾ ਰਹਿੰਦਾ ਸੀ। ਕਿਹਾ ਜਾਂਦਾ ਹੈ ਕਿ ਬਾਦਸ਼ਾਹ ਸਿਕੰਦਰ ਡਾਇਰੋਜਿਨੀਸ ਦੀ ਫ਼ਕੀਰੀ ਤੋਂ ਮੁਤਾਸਿਰ ਹੋ ਕੇ ਉਸਨੂੰ ਆਪ ਮਿਲਣ ਲਈ ਆਇਆ ਤੇ ਉਸਨੇ ਕਿਹਾ, "ਜੇ ਮੈਂ ਬਾਦਸ਼ਾਹ ਨਾ ਹੁੰਦਾ ਤਾਂ ਲਾਜ਼ਮੀ ਡਾਇਓਜਿਨੀਸ ਹੋਣਾ ਪਸੰਦ ਕਰਦਾ।"
ਸੁਕਰਾਤ ਦੇ ਇਕ ਹੋਰ ਅਨੁਯਾਈ ਅਰਿਸਟੀਪਸ ਨੇ 'ਸਿਰੇਇਨਕ ਸੰਪ੍ਰਦਾਇ’ ਦਾ ਮੁੱਢ ਬੰਨ੍ਹਿਆ। ਅਰਿਸਟੀਪਸ ਲੀਬੀਆ ਦੇ ਇਕ ਸ਼ਹਿਰ ਸਿਰੇਇਨ ਦਾ ਮੂਲ ਵਸਨੀਕ ਸੀ। ਉਹ ਬਚਪਨ ਵਿਚ ਆਪਣੇ ਥਾਪ ਨਾਲ ਪ੍ਰਾਚੀਨ ਉਲੰਪਿਕ ਖੇਡਾਂ ਦੇਖਣ ਲਈ ਏਥਨਜ਼ ਆਇਆ ਤੇ ਸੁਕਰਾਤ ਨੂੰ ਮਿਲ ਕੇ ਉਸਦਾ ਪੱਕਾ ਅਨੁਯਾਈ ਬਣ ਗਿਆ। ਉਸਨੇ 'ਸਨਕਵਾਦੀਆਂ' ਦੇ ਸੁੱਖ ਤੋਂ ਨਿਰਲੇਪਤਾ ਦੇ ਉਲਟ ਮਨੁੱਖੀ ਜੀਵਨ ਦਾ ਅੰਤਿਮ ਉਦੇਸ਼ ਸੁੱਖਾਂ ਦੀ ਪ੍ਰਾਪਤੀ ਨੂੰ ਮੰਨਿਆ। ਸਨਕਵਾਦੀ ਕਹਿੰਦੇ ਸਨ ਕਿ ਸੁੱਖਾਂ ਕੋਲ ਕਦੀ ਨਾ ਜਾਓ ਤੇ ਸਿਰਏਨਿਕਾਂ ਅਨੁਸਾਰ ਹਰ ਜਗ੍ਹਾ ਸੁੱਖਾਂ ਦੀ ਤਲਾਸ਼ ਕਰਨੀ ਚਾਹੀਦੀ ਹੈ। ਸਿਰੇਇਨਕਾਂ ਨੇ ਨੈਤਿਕਤਾ ਨੂੰ ਸੁੱਖਾਂ ਦੀ ਪ੍ਰਾਪਤੀ ਵਿਚ ਸਭ ਤੋਂ ਵੱਡੀ ਰੁਕਾਵਟ ਮੰਨਿਆ। ਇੱਥੋਂ ਤੱਕ ਕਿ ਉਨ੍ਹਾਂ ਇਹ ਵੀ ਕਿਹਾ ਕਿ ਮਨ ਦੇ ਸੁੱਖ ਦੀ ਪ੍ਰਾਪਤੀ ਵੀ ਸਰੀਰ ਰਾਹੀਂ ਹੀ ਕੀਤੀ ਜਾ ਸਕਦੀ ਹੈ। ਇਹ ਵੀ ਸਿਰਏਨਿਕਾਂ ਦਾ ਹੀ ਸਿਧਾਂਤ ਸੀ ਕਿ ਸੁੱਖਾਂ ਦੀ ਪ੍ਰਾਪਤੀ ਵਰਤਮਾਨ ਵਿਚ ਹੀ ਹੋਣੀ ਚਾਹੀਦੀ ਹੈ। ਭਵਿੱਖੀ ਸੁੱਖਾਂ ਦੀ ਆਸ ਵਿਚ ਦੁੱਖ ਭੋਗਣਾ ਬੇਵਕੂਫ਼ੀ ਹੈ। ਅਰਿਸਟੀਪਸ, ਸੋਫਿਸਟ ਵਿਦਵਾਨਾਂ ਵਾਂਗ ਕੀਮਤ ਲੈ ਕੇ ਸਿੱਖਿਆ ਦੇਣ ਦਾ ਹਾਮੀ ਸੀ। ਇਸ ਮੱਤ ਦੀ ਵਿਸ਼ੇਸ਼ ਗੱਲ ਇਹ ਵੀ ਹੈ ਕਿ ਅਰਿਸਟੀਪਸ ਤੋਂ ਬਾਅਦ ਉਸਦੀ ਪੁੱਤਰੀ ਇਰੇਟੇ ਇਸ ਸੰਪ੍ਰਦਾਇ ਦੀ ਸੰਚਾਲਕ ਬਣੀ। ਵੱਖਰੀ ਗੱਲ ਹੈ ਕਿ ਇਸ ਸੰਪ੍ਰਦਾਇ ਨੇ ਭੌਤਿਕ ਸੁੱਖਾਂ ਨੂੰ ਮਹੱਤਵ ਦੇ ਕੇ ਸੰਸਾਰਕਤਾ ਨੂੰ ਦਰਸ਼ਨ ਦਾ ਆਧਾਰ ਮੰਨਿਆ ਪਰ ਸੁਕਰਾਤ ਦੇ ਦਰਸ਼ਨ ਦੇ ਨੀਤੀ ਪੱਖ ਦੀ ਬਰਬਾਦੀ ਇਸ ਸੰਪ੍ਰਦਾਇ ਦੀਆਂ ਚਿੰਤਨ ਮਾਨਤਾਵਾਂ ਵਿਚ ਨਜ਼ਰ ਆਉਣ ਲਗਦੀ ਹੈ।
ਇਸ ਤੋਂ ਇਲਾਵਾ ਸੁਕਰਾਤ ਦੇ ਇਕ ਸ਼ਾਗਿਰਦ ਯੂਕਲਿਡ ਨੇ ਵੀ ਦਰਸ਼ਨ ਦਾ ਇਕ ਸੰਪ੍ਰਦਾਇ ਚਲਾਇਆ। ਯੂਕਲਿਡ ਮੇਗਾਰਾ ਦਾ ਨਿਵਾਸੀ ਸੀ, ਇਸੇ ਕਾਰਨ ਇਸ ਮੱਤ ਨੂੰ ਮੇਗਾਰੀਅਨ ਸੰਪ੍ਰਦਾਇ ਕਿਹਾ ਜਾਂਦਾ ਹੈ। ਯੂਕਲਿਡ ਦੇ ਸੁਕਰਾਤ ਪ੍ਰਤੀ ਭਗਤੀਭਾਵ ਬਾਰੇ ਕਈ ਕਥਾਵਾਂ ਪ੍ਰਚਲਿਤ ਹਨ। ਮੇਗਾਰਾ ਤੇ ਏਥਨਜ਼ ਦੀ ਦੁਸ਼ਮਣੀ ਬਹੁਤ ਪ੍ਰਸਿੱਧ ਸੀ। ਇਸ ਲਈ ਕਿਸੇ ਵੀ ਮੇਗਾਰਾ ਨਿਵਾਸੀ ਦਾ ਏਥਨਜ਼ ਵਿਚ ਆਉਣਾ ਮਨ੍ਹਾਂ ਸੀ। ਯੂਕਲਿਡ ਅਕਸਰ ਭੇਖ ਵਟਾ ਕੇ ਏਥਨਜ਼ ਆਇਆ ਕਰਦਾ ਸੀ। ਕਈ ਵਾਰ ਤਾਂ ਉਹ ਔਰਤ ਬਣ ਕੇ ਵੀ ਏਥਨਜ਼ ਵਿਚ ਸੁਕਰਾਤ ਨੂੰ ਮਿਲਣ ਲਈ ਆਇਆ। ਸੁਕਰਾਤ ਨੇ ਭਲਾਈ ਨੂੰ ਸਰਵਉੱਚ ਸੱਤਾ ਕਿਹਾ ਸੀ। ਇਸਦੇ ਉਲਟ ਯੂਕਲਿਡ ਨੇ ਸੱਚ ਨੂੰ ਭਲਾਈ/ਸ਼ੁੱਭ ਕਿਹਾ। ਉਸਨੇ ਪਰਮਾਤਮਾ, ਸੱਚ, ਭਲਾਈ ਤੇ ਦੇਵਤਿਆਂ ਨੂੰ ਇੱਕੋ ਸੱਤਾ ਦੇ ਕਈ ਨਾਮ ਕਿਹਾ। ਸੁਕਰਾਤ ਤੋਂ ਬਿਨਾਂ ਯੂਕਲਿਡ ਨੇ ਪਾਰਮੇਨਾਈਡੀਜ਼ ਦਾ ਵੀ ਪ੍ਰਭਾਵ ਕਬੂਲਿਆ। ਇਸ ਸਾਂਝੇ ਪ੍ਰਭਾਵ ਕਾਰਨ ਹੀ ਉਸਨੇ ਕਿਹਾ ਕਿ ਅਸ਼ੁੱਭ ਦੀ ਕੋਈ ਸੱਤਾ ਨਹੀਂ।
ਉਸਨੇ ਸਿਆਣਪ ਤੇ ਆਤਮਾ ਨੂੰ ਵੀ ਸ਼ੁੱਭ ਤੇ ਸੱਤਾ ਨਾਲ ਤੁਲਨਾ ਦਿੱਤੀ।
ਯੂਕਲਿਡ ਤੋਂ ਬਾਅਦ ਦੇ ਚਿੰਤਕਾਂ ਨੇ ਉਸਦੇ ਸੰਪ੍ਰਦਾਇ ਨੂੰ ਗੈਰਅਨੁਸ਼ਾਸਨੀ ਅਤਰਕਾਂ ਦਾ ਕੇਂਦਰ ਬਣਾ ਦਿੱਤਾ ਸੀ। ਇਨ੍ਹਾਂ ਤਿੰਨਾਂ ਸੰਪ੍ਰਦਾਵਾਂ ਤੋਂ ਬਿਨਾਂ ਸੁਕਰਾਤ ਦੇ ਹੋਰ ਸ਼ਾਗਿਰਦਾਂ ਨੇ ਵੀ ਉਸ ਦੀਆਂ ਚਿੰਤਨ ਧਾਰਨਾਵਾਂ ਤੇ ਉਸਦੀ ਸ਼ਖ਼ਸੀਅਤ ਦੇ ਪ੍ਰਭਾਵ ਵਿਚ ਕਈ ਨਿੱਕੇ-ਮੋਟੇ ਸੰਪ੍ਰਦਾਇ ਸਥਾਪਿਤ ਕੀਤੇ। ਫੇਡੋ ਨੇ ਏਲਿਸ ਵਿਚ, ਥਿਬਿਜ਼ ਨੇ ਸਿਬੇਸ ਵਿਚ ਅਤੇ ਐਸਿਚਨੀਜ਼ ਨੇ ਸਫੇਟਸ ਵਿਚ ਸੁਕਰਾਤੀ ਦਰਸ਼ਨ ਦੇ ਸੰਪ੍ਰਦਾਇ ਬਣਾਏ। ਐਸਿਚਨੀਜ਼ ਦੇ ਤਾਂ ਕੁਝ ਸੰਵਾਦ ਵੀ ਮਿਲਦੇ ਦੱਸੀਏ ਹਨ ਕਿ ਜਿਨ੍ਹਾਂ ਵਿਚ ਸੁਕਰਾਤ ਦਾ ਕਿਰਦਾਰ ਤੇ ਉਸਦੇ ਵਿਚਾਰ ਮਿ
ਯੂਨਾਨ ਦੇ ਪਤਨ ਤੋਂ ਬਾਅਦ ਰੋਮਨ ਸਾਮਰਾਜ ਦੀ ਚੜਾਈ ਦਾ ਦੌਰ ਆਰੰਭ ਹੁੰਦਾ ਹੈ। ਰੋਮਨਾਂ ਨੇ ਵੀ ਦੂਸਰੀ ਸਦੀ ਈਸਾ ਤੋਂ ਲੈ ਕੇ ਸੁਕਰਾਤ ਦੇ ਵਿਚਾਰਾਂ ਦਾ ਪ੍ਰਭਾਵ ਕਬੂਲਿਆ। ਸੁਕਰਾਤ ਦੇ ਅਨੁਯਾਈਆਂ ਵਿਚ ਮਤਭੇਦ ਦੇ ਬਾਵਜੂਦ ਯੂਨਾਨੀ ਨੀਤੀ-ਸ਼ਾਸਤਰ ਵਿਚ ਹੀ ਨਹੀਂ ਸਗੋਂ ਪੱਛਮੀ ਨੀਤੀ-ਸ਼ਾਸਤਰ ਵਿਚ ਵੀ ਉਸਦਾ ਮਹੱਤਵਪੂਰਣ ਪ੍ਰਭਾਵ ਦ੍ਰਿਸ਼ਟੀਗੋਚਰ ਹੁੰਦਾ ਹੈ। ਸੁਕਰਾਤ ਦਾ ਇਹ ਪ੍ਰਭਾਵ ਮੱਧਕਾਲੀ ਦਰਸ਼ਨ ਅਭਿਆਸ 'ਤੇ ਵੀ ਹਾਵੀ ਰਿਹਾ। ਦੂਸਰੀ ਸਦੀ ਈਸਵੀ ਵਿਚ ਈਸਾਈਅਤ ਵਿਚ ਸੁਕਰਾਤ ਦਾ ਚਰਚਾ ਹੋਣਾ ਆਰੰਭ ਹੁੰਦਾ ਹੈ। ਈਸਾਈ ਮੱਤ ਦੀ ਸੰਸਥਾਗਤ ਪਹੁੰਚ ਚਰਚ ਰਾਹੀਂ ਲੋਕਾਂ ਤੱਕ ਪ੍ਰਸਾਰਿਤ ਹੁੰਦੀ ਸੀ ਤੇ ਚਰਚ ਵਿਚ ਗੁਨਾਹ-ਬਖਸ਼ੀ ਲਈ ਇਤਿਹਾਸਕ ਉਦਾਹਰਣਾਂ ਦੇ ਕੇ ਸ਼ਰਧਾਲੂਆਂ ਤੱਕ ਗੱਲ ਪਹੁੰਚਾਉਣ ਦੀ ਰਵਾਇਤ ਸੀ। ਧਰਮ ਦਾ ਸੰਸਥਾਈ ਪ੍ਰਵਚਨ ਜਦੋਂ ਕਿਸੇ ਇਤਿਹਾਸਕ ਹਸਤੀ ਨੂੰ ਅਪਣਾ ਕੇ ਉਸ ਦੀ ਵਿਆਖਿਆ ਕਰਦਾ ਹੈ ਤਾਂ ਉਸਦੀ ਸ਼ਖ਼ਸੀਅਤ ਦੁਆਲੇ ਉੱਸਰੇ ਬਿੰਬ ਨੂੰ ਜਾਂ ਉਸਦੀਆਂ ਨੈਤਿਕਤਾਵਾਦੀ ਸਿੱਖਿਆਵਾਂ ਦਾ ਅਨੁਕੂਲਣ ਹੀ ਕਰਦਾ ਹੈ। ਤਰਕ ਤੋਂ ਤਹਿੰਦੀ ਧਰਮ ਦੀ ਸੰਸਥਾ ਉਸ ਹਸਤੀ ਦੀ ਤਰਕਸ਼ੀਲਤਾ ਦੀ ਕਤਈ ਚਰਚਾ ਨਹੀਂ ਕਰਦੀ। ਸੁਕਰਾਤ ਨਾਲ ਵੀ ਇਸੇ ਤਰ੍ਹਾਂ ਹੋਇਆ। ਈਸਾਈਅਤ ਵਿਚ ਸੁਕਰਾਤ ਦੀ ਸ਼ਖ਼ਸੀਅਤ ਨੂੰ ਧਾਰਮਿਕ ਖੰਡਨ-ਮੰਡਨ ਲਈ ਵਰਤਿਆ ਗਿਆ। ਉਸਦੀ ਮੌਤ ਦੀ ਸਜ਼ਾ ਨੂੰ ਈਸਾਈ ਮੱਤ ਦੇ ਪ੍ਰਚਾਰਕਾਂ ਨੇ ਏਕੀਸ਼ਵਰਵਾਦੀ ਵਿਚਾਰਾਂ ਵਜੋਂ ਪੇਸ਼ ਕੀਤਾ। ਦੂਸਰੀ ਸਦੀ ਈਸਵੀ ਦੇ ਗੁਨਾਹ-ਬਖਸ਼ੀ ਸੰਪ੍ਰਦਾਇ ਦੇ ਵਿਆਖਿਆਕਾਰ ਜਸਟਿਨ ਨੇ ਸੁਕਰਾਤ ਦੀ ਉਦਾਹਰਣ ਦੇ ਕੇ ਈਸਾਈ ਮੱਤ ਵਿਚ ਨਾਸਤਿਕਤਾ ਜਾਂ ਬਹੁਦੇਵਵਾਦ ਦੇ ਸਿਧਾਂਤ ਦਾ ਖੰਡਨ ਕੀਤਾ।" ਸੁਕਰਾਤ ਨੂੰ ਉਸਨੇ ਈਸਾ ਤੋਂ ਪਹਿਲਾਂ ਪੈਦਾ ਹੋਈ ਇਕ-ਈਸ਼ਵਰ ਪ੍ਰਤੀ ਸਮਝ ਦੀ ਭਾਵਨਾ ਕਿਹਾ ਜਿਸ ਅਨੁਸਾਰ ਸੁਕਰਾਤ ਨੇ ਓਲੰਪੀਅਨ ਦੇਵਤਿਆਂ ਦੀ
ਥਾਂ ਸਰਵ ਸ਼ਕਤੀਮਾਨ ਪਰਮਾਤਮਾ ਦਾ ਸਿਧਾਂਤ ਪੇਸ਼ ਕੀਤਾ ਤੇ ਉਸਨੂੰ ਸਜ਼ਾ ਮਿਲੀ।
ਮੱਧ ਕਾਲ ਦੇ ਆਰੰਭ ਵਿਚ ਸੰਤ ਅਗਸਟੀਨ ਨੇ ਸੁਕਰਾਤ ਨੂੰ ਈਸਾਈਅਤ ਦੀ ਅਗਾਊਂ ਪੈੜ ਮੰਨਣ ਤੋਂ ਇਨਕਾਰ ਕੀਤਾ ਤੇ ਉਸਨੇ ਪਲੈਟੋ ਦਾ ਕੁਝ ਹੱਦ ਤੱਕ ਪ੍ਰਭਾਵ ਕਬੂਲਿਆ। ਕੁਝ ਈਸਾਈ ਧਰਮ ਪ੍ਰਚਾਰਕਾਂ ਨੇ ਸੁਕਰਾਤ ਨੂੰ ਵਧੀਆ ਇਨਸਾਨ ਵਜੋਂ ਲਿਖਿਆ ਤੇ ਉਸਦੀ ਮੌਤ ਨੂੰ ਅਨਿਆਂ ਕਿਹਾ। ਜਿਨ੍ਹਾਂ ਲੋਕਾਂ ਨੇ ਸੁਕਰਾਤ ਨੂੰ 'ਮੂਰਤੀ ਪੂਜਾ' ਵਿਰੁੱਧ ਉੱਠੀ ਆਵਾਜ਼ ਕਿਹਾ। ਉਨ੍ਹਾਂ ਨੇ ਪਵਿੱਤਰ ਤਸਵੀਰਾਂ ਵਿਚ ਸੁਕਰਾਤ ਨੂੰ ਚਿਤਰਿਆ ਤੇ ਈਸਾਈਅਤ ਦੇ ਪ੍ਰਾਚੀਨ ਯੂਨਾਨੀ ਅੰਸ਼ਾਂ ਵਜੋਂ ਪੇਸ਼ ਕਰਕੇ ਉਸਦੀ ਮਹੱਤਤਾ ਪ੍ਰਗਟ ਕੀਤੀ। ਈਸਾਈਅਤ ਦੇ ਪ੍ਰਚਾਰਕਾਂ ਨੇ ਚਰਚ ਦੀਆਂ ਹਦਾਇਤਾਂ ਤੇ ਲੋੜਾਂ ਮੁਤਾਬਿਕ ਸੁਕਰਾਤ ਦੇ ਹਵਾਲੇ ਦੇ ਕੇ ਉਸਦੇ ਸੰਕਲਪ ਨੇਕੀ (Virtue) ਦੀ ਵੀ ਵਿਆਖਿਆ ਕੀਤੀ। ਧਾਰਮਿਕ ਨੈਤਿਕਤਾ ਲਈ ਸੁਖਾਵੇਂ ਨੇਕੀ ਦੇ ਸੰਕਲਪ ਨੂੰ ਸੁਕਰਾਤ ਦੇ ਪ੍ਰਸੰਗਾਂ ਨਾਲੋਂ ਤੋੜ ਕੇ ਉਸ ਵੱਲੋਂ ਨੇਕੀ ਦੇ ਰਾਹ 'ਤੇ ਦਿੱਤੀ ਸ਼ਹਾਦਤ ਵਜੋਂ ਪੇਸ਼ ਕਰਨ ਦਾ ਰੁਝਾਨ ਦਸ ਸਦੀਆਂ ਤੱਕ ਯੂਰਪ ਤੇ ਹੋਰ ਥਾਵਾਂ 'ਤੇ ਜਾਰੀ ਰਿਹਾ। ਈਸਾਈ ਮੱਤ ਦੇ ਚਿੱਤਰਕਾਰਾਂ ਨੇ ਵੀ ਸੁਕਰਾਤ ਦੇ ਬਲੀਦਾਨ ਦੀਆਂ ਤਸਵੀਰਾਂ ਬਣਾਈਆਂ। ਇਸ ਤਰੀਕੇ ਨਾਲ ਸੁਕਰਾਤ ਦਾ ਬਿੰਬ ਪਰਮਾਰਥ ਦੇ ਰਸਤੇ 'ਤੇ ਤੁਰ ਕੇ ਸੰਕਟ ਭੋਗਦੇ ਕਿਸੇ ਸ਼ਰਧਾਲੂ ਵਾਲਾ ਬਣ ਗਿਆ। ਮੱਧਕਾਲ ਦੇ ਪ੍ਰਮੁੱਖ ਚਿੰਤਕਾਂ ਨੇ ਜਾਂ ਤਾਂ ਸੁਕਰਾਤ ਵੱਲ ਬਹੁਤ ਘੱਟ ਤਵੱਜੋਂ ਦਿੱਤੀ ਜਾਂ ਬਿਲਕੁਲ ਹੀ ਉਸਨੂੰ ਨਜ਼ਰਅੰਦਾਜ਼ ਕਰੀ ਰੱਖਿਆ। ਇਹ ਰਵੱਈਆ ਪੰਦਰਵੀਂ ਸਦੀ ਵਿਚ ਅਫ਼ਲਾਤੂਨਵਾਦ ਦੇ ਪੁਨਰ ਉਭਾਰ ਤੱਕ ਜਾਰੀ ਰਿਹਾ। ਇਸਲਾਮੀ ਚਿੰਤਕਾਂ ਵਿਸ਼ੇਸ਼ ਕਰ ਕੇ ਸੂਫ਼ੀ ਸਾਧਕਾਂ ਨੇ ਸੱਤਵੀਂ-ਅੱਠਵੀਂ ਸਦੀ ਵਿਚ ਜੀਵਾਤਮਾ-ਪਰਮਾਤਮਾ ਦੇ ਸੰਕਲਪਾਂ ਦੀ ਵਿਆਖਿਆ ਲਈ ਨਵ ਅਫਲਾਤੂਨੀ ਪ੍ਰਭਾਵ ਗ੍ਰਹਿਣ ਕੀਤੇ ਸਨ ਜੋ ਸੂਫ਼ੀਅਤ ਦੇ ਪਸਾਰ ਨਾਲ ਅੱਧੀ ਦੁਨੀਆਂ ਤੱਕ ਫੈਲ ਗਏ। ਇਨ੍ਹਾਂ ਉੱਪਰ ਇਸਲਾਮੀ ਰਹੱਸਵਾਦ ਦੀ ਗੂੜ੍ਹੀ ਛਾਪ ਸੀ ਤੇ ਸੁਕਰਾਤ ਜਾਂ ਪਲੈਟੋ ਦੇ ਸਿਧਾਂਤਾਂ ਦੀ ਪਛਾਣ ਲਈ ਉੱਨੀਵੀਂ ਸਦੀ ਤੱਕ ਉਡੀਕ ਕਰਨੀ ਪਈ।
ਉੱਨੀਵੀਂ ਸਦੀ ਦੇ ਤਿੰਨ ਪ੍ਰਸਿੱਧ ਦਾਰਸ਼ਨਿਕਾਂ ਨੇ ਸੁਕਰਾਤ ਦੇ ਦਰਸ਼ਨ ਅਤੇ ਉਸਦੀ ਸ਼ਖ਼ਸੀ ਵਿਲੱਖਣਤਾ ਦੀ ਪਛਾਣ ਕਰਕੇ ਉਸ ਬਾਰੇ ਸੋਚਿਆ। ਇਨ੍ਹਾਂ ਵਿੱਚੋਂ ਹੀਗਲ, ਕਿਰਕੇਗਾਰਦ ਅਤੇ ਨੀਤਸ਼ੇ ਪ੍ਰਮੁੱਖ ਹਨ। ਹੀਗਲ ਨੇ ਆਪਣੇ ਭਾਸ਼ਣਾਂ 'ਦਰਸ਼ਨ ਦਾ ਇਤਿਹਾਸ' ਜੋ 1805-06 ਦਿੱਤੇ ਸਨ ਵਿਚ ਸੁਕਰਾਤ ਨੂੰ ਦੋ ਸਮਾਂਤਰ ਨੈਤਿਕ ਪੱਧਤੀਆਂ ਵਿਚ ਪਿਸਦਾ ਦੁਖਾਂਤਕ ਬਿੰਦੂ ਕਿਹਾ। ਸੁਕਰਾਤ ਤੋਂ ਪਹਿਲਾਂ ਯੂਨਾਨ ਵਾਸੀ ਦਰਸਾਏ ਗਏ ਨੈਤਿਕ ਮਾਰਗਾਂ ਦੇ ਪਾਂਧੀ ਸਨ ਜਿਨ੍ਹਾਂ
ਰਾਹੀਂ ਲੋਕਾਂ ਦੇ ਸਭਿਆਚਾਰਕ ਭਰੋਸਿਆਂ ਦੀ ਪਰਖ ਹੁੰਦੀ ਸੀ। ਸੁਕਰਾਤ ਨੇ ਨੈਤਿਕਤਾ ਨੂੰ ਵਿਅਕਤੀਗਤ ਅਤੇ ਪਰਤਵੀਂ ਭਾਵਨਾ ਕਿਹਾ। ਇਸ ਤਰ੍ਹਾਂ ਹੀਗਲ ਨੇ ਸੁਕਰਾਤ ਦੇ ਸਮਾਜਕ ਸੰਦਰਭਾਂ ਨੂੰ ਨਿਰੋਲ ਨਿੱਜੀ ਭਾਂਤ ਦਾ ਸਦਾਚਾਰਕ-ਵਿਧਾਨ ਬਣਾ ਦਿੱਤਾ। ਕਿਰਕੇਗਾਰਦ ਨੇ ਆਪਣੇ ਆਰੰਭਲੇ ਕਾਰਜ ਵਿਚ ਸੁਕਰਾਤ ਬਾਰੇ ਕਾਫ਼ੀ ਗੁੜ੍ਹੀ ਚਰਚਾ ਛੇੜੀ। ਉਸਨੇ ਈਸਾਈਅਤ ਦੀ ਸੁੱਖ ਭਾਵਨਾ ਅਤੇ ਸੁਕਰਾਤ ਦੇ ਦੁਖਾਂਤ ਨੂੰ ਸਮਾਂਤਰ ਰੱਖ ਕੇ ਵਿਚਾਰਿਆ। ਇਹ ਦਾਰਸ਼ਨਿਕ ਬਦਲ ਰਹੇ ਉਤਪਾਦਨੀ ਸਮੀਕਰਨਾਂ ਨੂੰ ਮਨੁੱਖੀ ਦੁਖਾਂਤ ਅਤੇ ਵਿਡੰਬਨਾ ਦੇ ਹਵਾਲੇ ਨਾਲ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ। ਨਿਤਸ਼ੇ ਨੇ ਸੰਸਾਰ ਦੀ ਭੌਤਿਕਤਾ ਦੇ ਇਤਿਹਾਸ ਵਿਚ ਸੁਕਰਾਤ ਨੂੰ ਈਸਾ ਦੇ ਸਮਾਂਤਰ ਸਮੂਹਿਕਤਾ ਦੀ ਭਲਾਈ ਲਈ ਨਿੱਜੀ ਦੁੱਖ ਭੋਗਣ ਵਾਲਾ ਕਿਹਾ। ਉਸਦੇ ਅਨੁਸਾਰ ਇਨ੍ਹਾਂ ਇਤਿਹਾਸਕ ਸ਼ਖ਼ਸੀਅਤਾਂ ਨੇ ਜੋ ਨਿੱਜੀ ਦੁਖਾਂਤ ਭੋਗਿਆ ਉਸਦਾ ਸੁਖਮਈ ਹਿੱਸਾ ਇਹੀ ਹੈ ਕਿ ਇਨ੍ਹਾਂ ਤੋਂ ਬਾਅਦ ਸੰਸਾਰ ਨੇ ਇਹ ਸਿਧਾਂਤ ਸਵੀਕਾਰ ਕਰ ਲਏ, ਜਿਨ੍ਹਾਂ ਲਈ ਇਨ੍ਹਾਂ ਨੇ ਜਾਨ ਦਿੱਤੀ ਸੀ। ਨੀਤਸ਼ੇ ਨੇ 1872 ਵਿਚ ਪ੍ਰਕਾਸ਼ਿਤ ਆਪਣੇ ਕਾਰਜ 'ਦੁਖਾਂਤ ਦਾ ਜਨਮ' ਵਿਚ ਸੁਕਰਾਤ ਬਾਰੇ ਵਿਚਾਰ ਕੀਤੀ। ਉਸਨੇ ਯੂਨਾਨੀ ਤ੍ਰਾਸਦੀ ਦੀਆਂ ਦੋ ਧਾਰਮਿਕ ਪੱਧਤੀਆਂ ਅਪੋਲੋਨੀਅਤ ਅਤੇ ਡਾਇਨਾਇਸੀਅਨ ਨੂੰ ਉਨ੍ਹਾਂ ਦੇ ਦੇਵਤਿਆਂ ਦੇ ਗੁਣਾਂ ਦੇ ਬਹਾਨੇ ਪਰਮਾਤਮਾ ਬਾਰੇ ਦੋ ਵੱਖਰੇ-ਵੱਖਰੇ ਵਿਚਾਰਕ ਸੰਕਲਪਾਂ ਦਾ ਨਾਂ ਦਿੱਤਾ। ਨੀਤਸ਼ੇ ਨੇ ਇਕ ਨਵਾਂ ਸ਼ਬਦ 'ਸੁਕਰਾਤਵਾਦ' (Socratism) ਵੀ ਵਰਤਿਆ। ਉਸਦਾ ਕਥਨ ਹੈ:
ਸੁਕਰਾਤਵਾਦ ਨੇ ਸਥਾਪਿਤ ਕਲਾ ਤੇ ਮੌਜੂਦ ਨੈਤਿਕਤਾ ਨੂੰ ਰੱਦ ਕੀਤਾ। ਆਪਣੇ ਆਪ ਨੂੰ ਨਿਸ਼ਾਨੇ 'ਤੇ ਕੇਂਦਰਿਤ ਕਰਦਿਆਂ ਸੁਕਰਾਤ ਨੇ ਆਪਣੀ ਮੁੱਖ ਜ਼ਿੰਮੇਵਾਰੀ ਸਮਝ ਕੇ ਹੋਂਦ ਦੇ ਸਹੀ ਅਰਥ ਦਿੱਤੇ। ਉਸਨੇ ਇਕੱਲਿਆਂ ਹੀ ਵੱਡੀ ਸ਼ਕਤੀ ਦੀ ਭਾਵਨਾ ਅਤੇ ਨਿਰਾਰਥਕਤਾ ਦੀ ਪੇਸ਼ਕਾਰੀ ਨਾਲ ਜੁੜ ਕੇ ਵੱਖਰੇ ਸਭਿਆਚਾਰ, ਕਲਾ ਤੇ ਸਦਾਚਾਰ ਨੂੰ ਲੈ ਕੇ ਨਵੀਂ ਦੁਨੀਆ ਨੂੰ ਛੂਹਿਆ ਤੇ ਸਾਨੂੰ ਖ਼ੁਸ਼ੀ ਨਾਲ ਭਰ ਦਿੱਤਾ ।
ਬਾਅਦ ਵਾਲੀਆਂ ਲਿਖਤਾਂ ਵਿਚ ਨੀਤਸ਼ੇ ਸੁਕਰਾਤ ਦੀ ਦਰਸ਼ਨ ਦੀ ਪੱਧਤੀ ਨੂੰ ਵਿਚ-ਵਿਚਾਲੇ ਦੀ ਅਤੇ ਨਿਆਂ ਲਈ ਨਾ ਜੂਝ ਸਕਣ ਵਾਲੀ ਸਿਥਲ ਚੇਤਨਾ ਕਹਿੰਦਾ ਹੈ। ਉਸ ਅਨੁਸਾਰ,
"ਕੀ ਅੰਤ ਵਿਚ ਉਸਨੇ ਮੌਤ ਦੇ ਹੌਸਲੇ ਨੂੰ ਆਪਣੀ ਸਿਆਣਪ ਕਿਹਾ? ਅੰਤ ਵਿਚ ਜ਼ਹਿਰ ਏਥਨਜ਼ ਨੇ ਨਹੀਂ ਸੁਕਰਾਤ ਨੇ ਪੀਤਾ ਸੀ, ਉਸਨੇ ਜ਼ੋਰ ਦਿੱਤਾ ਕਿ ਉਸਨੂੰ ਜ਼ਹਿਰ ਪਿਲਾਇਆ ਜਾਵੇ। ਸੁਕਰਾਤ ਭੌਤਿਕਤਾਵਾਦੀ
ਨਹੀਂ ਸੀ। ਉਸਨੇ ਹੌਲੀ ਜਿਹੀ ਕਿਹਾ ਸੀ, 'ਮੌਤ ਹੀ ਬਿਮਾਰੀ ਦਾ ਇਲਾਜ ਹੈ'। ਉਹ ਲੰਮੇ ਸਮੇਂ ਤੋਂ ਬਿਮਾਰ ਸੀ।"
ਵਿਕਟੋਰੀਅਨ ਦੌਰ ਵਿਚ ਉਪਯੋਗਤਾਵਾਦੀ ਚਿੰਤਕਾਂ ਨੇ ਸੁਕਰਾਤ ਦੀ ਮੌਤ ਨੂੰ ਈਸਾਈ-ਤਿਆਗ ਦੇ ਆਦਰਸ਼ ਨਾਲ ਤੁਲਨਾਇਆ। ਇਸ ਵਿਚਾਰ ਦੇ ਧਾਰਕਾਂ ਅਨੁਸਾਰ ਉਹ ਵਿਗਿਆਨਕ, ਤਾਰਕਿਕ ਅਤੇ ਵਿਗਿਆਨਕ ਵਿਸ਼ਵ ਦ੍ਰਿਸ਼ਟੀ ਲਈ ਸ਼ਹੀਦ ਹੋ ਗਿਆ ਸੀ। ਜੌਨ ਸਟੂਅਰਟ ਮਿਲਜ਼ ਨੇ ਈਸਾ ਤੇ ਸੁਕਰਾਤ ਨੂੰ ਇੱਕੋ ਜਿਹੀਆਂ ਹਸਤੀਆਂ ਤੇ ਇੱਕੋ ਜਿਹੇ ਗੁਣਾਂ ਰਾਹੀਂ ਇੱਕੋ ਜਿਹੇ ਉਦੇਸ਼ ਤੱਕ ਪਹੁੰਚਣ ਵਾਲੇ ਚਿੰਤਕ ਕਿਹਾ। 19ਵੀਂ ਸਦੀ ਵਿਚ ਪਲੈਟੋ ਦਾ ਅਨੁਵਾਦ ਕਰਨ ਵਾਲੇ ਮੁੱਖ ਵਿਦਵਾਨ ਬੈਂਜਾਮਿਨ ਜੌਵੇਟ ਨੇ ਆਕਸਫੋਰਡ 'ਚ ਆਪਣੇ ਵਿਦਿਆਰਥੀਆਂ ਨੂੰ ਜਿਨ੍ਹਾਂ ਦੋ ਜੀਵਨੀਆਂ ਦੀ ਪੜਤਾਲ ਲਈ ਪ੍ਰੇਰਿਤ ਕੀਤਾ ਉਹ ਈਸਾ ਤੇ ਸੁਕਰਾਤ ਦੀਆਂ ਸਨ। ਸੁਕਰਾਤ ਨੂੰ ਵਿਰੋਧਾਭਾਸੀ ਸ਼ਖ਼ਸੀਅਤ ਵਜੋਂ ਵਿਆਖਿਆਉਣ ਦੀਆਂ ਕੋਸ਼ਿਸ਼ਾਂ 20ਵੀਂ ਸਦੀ ਵਿਚ ਵੀ ਜਾਰੀ ਰਹੀਆਂ। ਜਰਮਨ ਹੋਂਦਵਾਦੀ ਕਾਰਲ ਜੈਸਪਰ ਨੇ ਸੁਕਰਾਤ ਨੂੰ ਬੁੱਧ, ਕਨਫਿਊਸ਼ੀਅਸ ਤੇ ਈਸਾ ਦੇ ਸਮਾਂਤਰ ਆਪਣੇ ਦੌਰ ਵਿਚ ਦੁਖਾਂਤ ਦੀ ਰੋਸ਼ਨੀ ਰਾਹੀਂ ਚੇਤਨਾ ਫੈਲਾਉਣ ਵਾਲੀਆਂ ਹਸਤੀਆਂ ਆਖਿਆ।
ਯੂਨਾਨ ਦੀ ਪ੍ਰਾਚੀਨ ਦਾਰਸ਼ਨਿਕ ਸਭਿਅਤਾ ਨੂੰ ਭੌਤਿਕਤਾਵਾਦੀ ਵਿਰਾਸਤ ਵਜੋਂ ਸਮਝਣ ਦੀਆਂ ਕੋਸ਼ਿਸ਼ਾਂ ਕਾਰਲ ਮਾਰਕਸ ਤੇ ਏਂਗਲਜ਼ ਨੇ ਕੀਤੀਆਂ। ਏਂਗਲਜ਼ ਦੀਆਂ ਲਿਖਤਾਂ 'ਡਾਇਲੈਕਟਿਕਸ ਆਫ਼ ਨੇਚਰ, ਲੁਡਵਿਗ ਫਿਉਰਬਾਖ਼ ਤੇ ਸਨਾਤਨੀ ਜਰਮਨ ਫ਼ਲਸਫ਼ੇ ਦਾ ਅੰਤ ਅਤੇ ਦਰਸ਼ਨ ਵਿਚ ਦਿਲਚਸਪੀ ਰੱਖਦੇ ਮਿੱਤਰਾਂ ਨੂੰ ਲਿਖੀਆਂ ਚਿੱਠੀਆਂ ਵਿਚ ਸੁਕਰਾਤੀ ਫ਼ਲਸਫ਼ੇ ਦਾ ਜ਼ਿਕਰ ਹੋਇਆ ਹੈ। 'ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ' ਵਿਚ ਮਾਰਕਸ ਤੇ ਏਂਗਲਜ਼ ਨੇ ਦੁਨੀਆਂ ਬਦਲਣ ਦੀ ਪ੍ਰਕਿਰਿਆ ਵਿਚ ਅਸਲੀ ਮਹੱਤਵ ਦੀ ਪ੍ਰਾਪਤੀ ਲਈ ਜੋ ਸ਼ਰਤਾਂ ਪੂਰੀਆਂ ਕਰਨ ਦੀ ਤਜਵੀਜ਼ ਰੱਖੀ ਉਸ ਵਿਚ ਭੌਤਿਕਤਾਵਾਦੀ ਫ਼ਲਸਫ਼ੇ ਬਾਰੇ ਮਾਰਕਸਵਾਦੀ ਦ੍ਰਿਸ਼ਟੀ ਤੋਂ ਵਿਚਾਰ ਹੋਈ ਮਿਲਦੀ ਹੈ। ਏਂਗਲਜ਼ ਆਪਣੀ ਕਿਤਾਬ 'ਐਂਟੀ ਡਿਊਹਰਿੰਗ' ਵਿਚ ਸੁਕਰਾਤ ਦੇ ਆਤਮਾ ਦੇ ਸਿਧਾਂਤ ਦੀ ਵਿਆਖਿਆ ਕਰਦਾ ਲਿਖਦਾ ਹੈ:
ਪ੍ਰਾਚੀਨ ਦਰਸ਼ਨ-ਸ਼ਾਸਤਰ ਸਹਿਜ ਰੂਪ ਵਿਚ ਆਰੰਭਲਾ ਭੌਤਿਕਵਾਦ ਸੀ, ਇਸ ਲਈ ਵਿਚਾਰ ਤੇ ਪਦਾਰਥ ਦੇ ਰਿਸ਼ਤੇ ਨੂੰ ਸਪੱਸ਼ਟ ਕਰਨ ਦੇ ਯੋਗ ਨਹੀਂ ਸੀ। ਇਸ ਨੂੰ ਸਪੱਸ਼ਟ ਕਰਨ ਲਈ ਆਤਮਾ ਦਾ ਇਕ ਸਿਧਾਂਤ ਪੈਦਾ ਹੋਇਆ ਜੋ ਅਮਰਤਾ ਨੂੰ ਸਰੀਰ ਤੋਂ ਵੱਖਰੀ ਸੱਤਾ ਸਮਝਦਾ ਸੀ। ਫਿਰ ਉਸ ਤੋਂ ਹੀ ਆਤਮਾ ਦੀ ਆਤਮਾ ਦਾ ਸਿਧਾਂਤ ਪੈਦਾ ਹੋਇਆ
ਤੇ ਅੰਤ ਏਕੀਸ਼ਵਰਵਾਦ ਪੈਦਾ ਹੋਇਆ। ਇੰਜ ਪੁਰਾਣੇ ਭੌਤਿਕਵਾਦ ਦਾ ਨਿਖੇਧ ਵਿਚਾਰਵਾਦ ਨੇ ਕੀਤਾ ਤੇ ਵਿਚਾਰਵਾਦ ਦਾ ਵਿਰੋਧ ਕਰਨ ਲਈ ਆਧੁਨਿਕ ਭੌਤਿਕਵਾਦ ਉੱਭਰਿਆ। ਇਹੀ ਨਿਖੇਧ ਦੇ ਨਿਖੇਧ ਦਾ ਭੌਤਿਕਵਾਦੀ ਫ਼ਲਸਫ਼ਾ ਹੈ। ਇਹ ਪੁਰਾਣੇ ਦੀ ਮੁੜ-ਸਥਾਪਤੀ ਨਹੀਂ ਸਗੋਂ ਪੁਰਾਣੇ ਭੌਤਿਕਵਾਦ ਦੀ ਸਥਾਈ ਨੀਂਹ ਵਿਚ ਦੋ ਹਜ਼ਾਰ ਸਾਲਾਂ ਦਾ ਇਤਿਹਾਸਕ ਵਿਕਾਸਵਾਦ ਵੀ ਪਿਆ ਹੈ।
ਏਂਗਲਜ਼, ਸੁਕਰਾਤ ਤੇ ਅਰਸਤੂ ਦੀ ਸੰਸਾਰ ਨੂੰ ਪਦਾਰਥ ਮੰਨਣ ਦੀ ਵਿਆਖਿਆ ਦਾ ਹਵਾਲਾ ਵੀ ਦਿੰਦਾ ਹੈ। ਭਾਵੇਂ ਉਹ ਇਨ੍ਹਾਂ ਪ੍ਰਾਚੀਨ ਚਿੰਤਕਾਂ ਵਿੱਚੋਂ ਕਿਸੇ ਨੂੰ ਵੀ ਧਰਤੀ ਨੂੰ ਮੂਲ ਤੱਤ ਨਾ ਮੰਨਣ ਕਾਰਨ ਆਲੋਚਨਾ ਵੀ ਕਰਦਾ ਹੈ ਪਰ ਤਾਂ ਵੀ ਇਹ ਗੱਲ ਸਪੱਸ਼ਟ ਹੈ ਕਿ ਆਪਣੀ ਲੀਹ ਪਾੜਵੀਂ ਪ੍ਰਕਿਰਤੀ ਕਾਰਨ ਸੁਕਰਾਤ ਦਾ ਚਿੰਤਨ ਆਧੁਨਿਕ ਫ਼ਲਸਫ਼ੇ ਦੀ ਪਦਾਰਥਵਾਦੀ ਸ਼ਾਖਾ ਨੂੰ ਵੀ ਚੰਗਾ ਲਗਦਾ ਹੈ ਤੇ ਮਨੁੱਖੀ ਕਿਰਤ ਦੀ ਲੁੱਟ ਤੇ ਵਿਚਾਰ ਨੂੰ ਕਾਬੂ ਕਰਨ ਦੀਆਂ ਜੜ੍ਹਾਂ ਤਲਾਸ਼ਦਿਆਂ ਮਾਰਕਸ ਤੇ ਏਂਗਲਜ਼ ਸੁਕਰਾਤ ਤੱਕ ਜਾ ਅੱਪੜਦੇ ਹਨ।
20ਵੀਂ ਸਦੀ ਦੇ ਆਰੰਭ ਤੇ ਉੱਨੀਵੀਂ ਸਦੀ ਦੇ ਅੰਤ ਤੱਕ ਸੁਕਰਾਤ ਦਾ ਫ਼ਲਸਫ਼ਾ ਨਵੇਂ ਨਜ਼ਰੀਏ ਤੋਂ ਬਹਿਸ ਦੇ ਕੇਂਦਰ ਵਿਚ ਆਉਂਦਾ ਹੈ। ਇਸ ਵਾਰ ਇਸ ਵਿਚਾਰ ਦੀ ਜ਼ਮੀਨ ਰਾਜ ਦੀ ਬਣਤਰ ਦਾ ਸਿਧਾਂਤ ਤੇ ਰਾਜਨੀਤੀ ਬਣਦੀ ਹੈ। ਸੁਕਰਾਤ ਦੇ ਲੋਕਤੰਤਰ ਸੰਬੰਧੀ ਵਿਚਾਰਾਂ ਦੀ ਰੌਸ਼ਨੀ ਵਿਚ ਪੂੰਜੀਵਾਦੀ ਸ਼ਾਸਨ-ਵਿਵਸਥਾ ਜਾਂ ਸਮਾਜਵਾਦੀ ਨਿਰੰਕੁਸ਼ਤਾ ਵਿਚਕਾਰ ਲਗਾਤਾਰ ਬਹਿਸ ਚਲਦੀ ਹੈ। ਲਿਓ ਸਤਰਾਸ, ਹੱਨਾਹ ਅਰਡੈਂਟ ਤੇ ਕਾਰਲ ਪੋਪਰ ਵਰਗੇ ਰਾਜਨੀਤੀ ਸ਼ਾਸ਼ਤਰੀ ਨਵੇਂ ਸੰਸਾਰ ਦੇ ਰਾਜਸੀ ਦ੍ਰਿਸ਼ ਬਾਰੇ ਚਰਚਾ ਕਰਦਿਆਂ ਸੁਕਰਾਤ ਦੀਆਂ ਧਾਰਨਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਪਾਉਂਦੇ। ਸਾਰਤਰ ਸੁਕਰਾਤ ਦੀ ਕੁਰਬਾਨੀ ਨੂੰ ਹੋਂਦ ਦੇ ਸਮਾਜਕ ਅਰਥਾਂ ਵਿਚ ਜਿਉਂਦੇ ਰਹਿਣ ਦੀ ਬੌਧਿਕ ਲਾਲਸਾ ਨਾਲ ਜੋੜਦਾ ਹੈ। ਇੱਥੋਂ ਤੱਕ ਕਿ 'ਮੈਡਨੈੱਸ ਐਂਡ ਸਿਵੀਲਾਈਜ਼ੇਸ਼ਨ' ਕਿਤਾਬ ਵਿਚ ਮਿਸ਼ੇਲ ਫੂਕੇ ਨੂੰ ਸੁਕਰਾਤ ਦਾ 'ਸਵੈ-ਪ੍ਰਤੀਬਿੰਬ' ਦਾ ਸਿਧਾਂਤ ਬਹੁਤ ਪ੍ਰਭਾਵਿਤ ਕਰਦਾ ਹੈ। ਜੀ. ਈ. ਮੂਰ ਤੇ ਬਰਟਰੰਡ ਰਸਲ ਵਿਆਖਿਆਵਾਂ ਦੀ ਨਵੇਂ ਯੁਗ ਅਨੁਸਾਰ ਪਰਿਭਾਸ਼ਾ ਦੀ ਤਲਾਸ਼ ਕਰਦਿਆਂ ਸੁਕਰਾਤ ਦੇ ਪ੍ਰਤੱਖਣ ਅਤੇ ਵਿਆਖਿਆ ਦੇ ਸਿਧਾਂਤ ਨੂੰ ਆਪਣੀ ਸਮਝਕਾਰੀ ਦਾ ਹਿੱਸਾ ਬਣਾਉਂਦੇ ਹਨ। ਲਗਭਗ ਚੌਵੀ ਸਦੀਆਂ ਬਾਅਦ ਵੀ ਸੁਕਰਾਤ ਦਾ ਦਰਸ਼ਨ ਸਾਰਥਕ ਬਣੇ ਰਹਿਣਾ ਇਹ ਸਾਬਿਤ ਕਰਦਾ ਹੈ ਕਿ ਉਸ ਦੇ ਚਿੰਤਨ ਦੇ ਕੇਂਦਰ ਵਿਚ ਮਨੁੱਖੀ ਹੋਂਦ ਦੁਆਲੇ ਸਰਗਰਮ ਸਦੀਵੀ ਮਸਲੇ ਸਨ।
ਇਸ ਸਾਰੀ ਚਰਚਾ ਤੋਂ ਸਿੱਟਾ ਇਹੀ ਨਿਕਲਦਾ ਹੈ ਕਿ ਸੁਕਰਾਤ ਚਿੰਤਨ
ਤੇ ਦਰਸ਼ਨ ਵਿੱਚੋਂ ਕਦੇ ਗ਼ੈਰ-ਹਾਜ਼ਰ ਨਹੀਂ ਹੁੰਦਾ। ਜਦੋਂ-ਜਦੋਂ ਇਤਿਹਾਸ ਨੇ ਰਵਾਇਤ ਨੂੰ ਵਿੱਢ ਮਾਰਨ ਲਈ ਦਰਸ਼ਨ ਵਿੱਚੋਂ ਉਦਾਹਰਣਾਂ ਦੀ ਤਲਾਸ਼ ਕੀਤੀ, ਸੁਕਰਾਤ ਆਪਣੇ ਤੋਂ ਪੁਰਾਣੀ ਸਾਰੀ ਰਵਾਇਤ ਨੂੰ ਸਿਰ ਭਾਰ ਖੜ੍ਹਾ ਕਰਨ ਵਾਲੇ ਚਿੰਤਕ ਵਜੋਂ ਸਾਹਮਣੇ ਆਇਆ। ਜਦੋਂ ਵੀ ਚਿੰਤਨ ਨੂੰ ਸੰਸਾਰਕ ਪ੍ਰਾਪਤੀਆਂ ਤੋਂ ਨਿਰਲੇਪ ਅਤੇ ਵਡੇਰਾ ਸਮਝਣ ਦੀ ਮਿਸਾਲ ਦੇਣੀ ਪਈ, ਸੁਕਰਾਤ ਦੀ ਦਰਵੇਸ਼ੀ ਅੱਖੋਂ-ਪਰੋਖੇ ਨਹੀਂ ਹੋਈ। ਜਦੋਂ-ਜਦੋਂ ਗਿਆਨ ਨੂੰ ਆਜ਼ਾਦੀ, ਸਮਾਨਤਾ ਤੇ ਭਾਈਚਾਰੇ ਲਈ ਵਰਤਣ ਤੇ ਮਨੁੱਖੀ ਬਿਹਤਰੀ ਦੇ ਸਵਾਲਾਂ ਨੂੰ ਮੁਖ਼ਾਤਿਬ ਹੋਣ ਦਾ ਸਮਾਂ ਆਇਆ, ਸੁਕਰਾਤ ਚੇਤੇ ਵਿਚ ਆ ਗਿਆ। ਇੱਥੋਂ ਤੱਕ ਕਿ ਵਿਸ਼ਵ ਦੇ ਚਿੰਤਕਾਂ ਨੇ ਚਿੰਤਨ ਦੀਆਂ ਸਥਾਪਨਾਵਾਂ ਲਈ ਆਪੇ ਨੂੰ ਕੁਰਬਾਨ ਕਰਨ ਦੀ ਮਿਸਾਲ ਵਜੋਂ ਵੀ ਸੁਕਰਾਤ ਨੂੰ ਹਮੇਸ਼ਾ ਯਾਦ ਰੱਖਿਆ। ਬਰਟਰੰਡ ਰਸਲ ਅਨੁਸਾਰ, "ਸੰਸਾਰ ਐਸੀਆਂ ਉਦਾਹਰਣਾਂ ਨਾਲ ਭਰਿਆ ਪਿਆ ਹੈ ਜਦੋਂ ਰਾਜਿਆਂ ਤੇ ਸੁਲਤਾਨਾਂ ਨੇ ਆਪਣੀ ਰਿਆਸਤ ਨੂੰ ਬਚਾਉਣ ਲਈ ਆਪਣੀ ਜਾਨ ਦੀ ਆਹੂਤੀ ਦਿੱਤੀ ਪਰ ਇਹ ਮਾਣ ਸੁਕਰਾਤ ਦੇ ਹਿੱਸੇ ਹੀ ਆਇਆ ਹੈ ਕਿ ਉਹ ਚਿੰਤਨ ਨੂੰ ਅਮੋੜ ਵੇਗ ਵਾਂਗ ਮੰਨਦਾ ਹੋਇਆ ਇਸ ਦੀ ਸ਼ੁੱਧਤਾ ਸਾਬਿਤ ਕਰਨ ਲਈ ਆਪੇ ਨੂੰ ਕੁਰਬਾਨ ਕਰ ਦਿੰਦਾ ਹੈ।""
ਸੁਕਰਾਤ ਦੇ ਚਿੰਤਨ ਵਿਚ ਮਨੁੱਖ, ਨੇਕੀ ਅਤੇ ਸ਼ੁਭ ਤਿੰਨ ਜੁਜ਼ ਹਨ ਜਿਨ੍ਹਾਂ ਦੇ ਸਹੀ ਸੰਦਰਭਾਂ ਦੀ ਤਲਾਸ਼ ਉਸਦਾ ਮੁੱਖ ਫ਼ਿਕਰ ਹੈ। ਵਿਸ਼ੇਸ਼ ਤੌਰ 'ਤੇ ਉਹ ਸ਼ੁੱਭ ਤੇ ਚੰਗਿਆਈ ਨੂੰ ਸੰਸਾਰ ਦੀ ਆਪਸੀ ਸਾਂਝ ਤੇ ਬਿਹਤਰੀ ਲਈ ਕਾਰਜਸ਼ੀਲ ਸ਼ਕਤੀ ਮੰਨਦਾ ਹੈ। ਇਸ ਸ਼ੁੱਭ ਦੀ ਤਲਾਸ਼ ਲਈ ਮਨੁੱਖਤਾ ਨੂੰ ਸੱਭਿਅਤਾ ਵਿਚ ਵਿਆਪਤ ਵਿਰੋਧ ਤੇ ਰੁਕਾਵਟ ਨਾਲ ਖਹਿਣਾ ਪੈਂਦਾ ਹੈ। ਇਹ ਘਸਰ ਕਈ ਵਾਰ ਆਪਾ-ਤਿਆਗ ਤੱਕ ਪਹੁੰਚ ਜਾਂਦੀ ਹੈ। ਸੁਕਰਾਤ ਨੇ ਨਿੱਜੀ ਹਿੱਤਾਂ ਤੇ ਲਾਭਾਂ ਦੀ ਥਾਂ ਪਰ ਦੀ ਭਲਾਈ ਨੂੰ ਚਿੰਤਕ ਦੀਆਂ ਜ਼ਿੰਮੇਵਾਰੀਆਂ ਵਜੋਂ ਸਥਾਪਿਤ ਕੀਤਾ। ਉਹ ਅਸਲੀ ਦਾਰਸ਼ਨਿਕ ਵਾਂਗ ਜੀਵਿਆ ਤੇ ਅਸਲੀ ਦਾਰਸ਼ਨਿਕ ਵਾਂਗ ਕੁਰਬਾਨ ਹੋਇਆ। ਸੁਕਰਾਤ ਮਨੁੱਖੀ ਇਤਿਹਾਸ ਦਾ ਉਹ ਧਰੂ ਤਾਰਾ ਹੈ, ਜਿਸਦੀ ਚਮਕ ਕਦੇ ਵੀ ਫਿੱਕੀ ਨਹੀਂ ਪਵੇਗੀ ਬਲਕਿ ਇਸ ਧਰਤੀ ਉੱਪਰ ਮਨੁੱਖੀ ਹੋਂਦ ਦੀ ਸਲਾਮਤੀ ਤੱਕ ਉਹ ਵਿਚਾਰਾਂ ਤੇ ਅਮਲ ਦੀ ਸਾਂਝ ਲਈ ਦੁਨੀਆ ਦੇ ਦਾਰਸ਼ਨਿਕਾਂ ਨੂੰ ਵੰਗਾਰਦਾ ਰਹੇਗਾ।
ਹਵਾਲੇ ਅਤੇ ਟਿੱਪਣੀਆਂ
ਅਧਿਆਇ ਪਹਿਲਾ
ਅਧਿਆਇ ਦੂਸਰਾ
ਅਧਿਆਇ ਤੀਸਰਾ
ਅਧਿਆਇ ਚੌਥਾ
ਅਧਿਆਇ ਪੰਜਵਾਂ
shriek psqkl
(ਇਸ ਸੂਚੀ ਨੂੰ ਜਾਣ-ਬੁੱਝ ਕੇ ਕਿਸੇ ਵੀ ਅਕਾਦਮਿਕ ਕ੍ਰਮ ਤੋਂ ਮੁਕਤ ਰੱਖਿਆ ਗਿਆ ਹੈ)