ਅਧਿਆਇ ਪਹਿਲਾ
ਸੁਕਰਾਤ ਤੋਂ ਪੂਰਬਲਾ ਯੂਨਾਨੀ ਦਰਸ਼ਨ
ਸੁਕਰਾਤ ਯੂਨਾਨੀ ਦਰਸ਼ਨ-ਸ਼ਾਸਤਰ ਵਿਚ ਵਿਹਾਰਕਤਾ ਸ਼ਾਮਿਲ ਕਰਕੇ ਦਰਸ਼ਨ ਨੂੰ ਗਿਆਨ ਦੀ ਬੌਧਿਕ ਮਸ਼ਕ ਤੋਂ ਅਗਾਂਹ ਤੋਰਦਾ ਹੈ। ਉਸ ਦੀਆਂ ਦਾਰਸ਼ਨਿਕ ਧਾਰਨਾਵਾਂ ਦੀ ਅਣਹੋਂਦ ਵਿਚ ਲੰਮਾ ਸਮਾਂ ਚਿੰਤਕਾਂ ਨੇ ਉਸਦੇ ਮਹੱਤਵ ਨੂੰ ਦਰਕਿਨਾਰ ਕਰੀ ਰੱਖਿਆ। ਹਾਲਾਂਕਿ ਉਸਦੇ ਸ਼ਾਗਿਰਦ ਪਲੈਟੋ ਨੇ ਸੁਕਰਾਤ ਬਾਰੇ ਲੰਮੇ ਚੌੜੇ ਸੰਵਾਦ ਲਿਖੇ, ਪਰ ਡੇਵਿਡ ਜ਼ਿਲਬਰਮੈਨ ਵਰਗੇ ਵਿਦਵਾਨਾਂ ਦੀ ਨਜ਼ਰ ਵਿਚ ਸੰਵਾਦਾਂ ਵਿਚ ਸੁਕਰਾਤ ਨਹੀਂ ਬਲਕਿ 'ਪਲੈਟੋਨੁਮਾ ਸੁਕਰਾਤ' (Platonic Socrates) ਹੀ ਸੀ।1 ਆਧੁਨਿਕ ਕਾਲ ਤੱਕ ਸੁਕਰਾਤ ਦੀਆਂ ਦਾਰਸ਼ਨਿਕ ਲੱਭਤਾਂ ਦਾ ਬਹੁਤ ਤਿੱਖਾ ਪ੍ਰਭਾਵ ਕਲਾ, ਸਾਹਿਤ ਤੇ ਜੀਵਨ ਵਰਤਾਰਿਆਂ ਉੱਪਰ ਦੇਖਿਆ ਜਾ ਸਕਦਾ ਹੈ। ਸੁਕਰਾਤ ਪ੍ਰਤੀ ਸ਼ਰਧਾ-ਭਾਵ ਰੱਖਣ ਵਾਲੇ ਵਿਦਵਾਨਾਂ ਨੇ ਤਾਂ ਉਸਨੂੰ ਯੂਨਾਨੀ ਦਰਸ਼ਨ ਦਾ ਆਦਿ ਪੁਰਖ ਸਾਬਿਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਦਰਅਸਲ ਇਹ ਰੁਚੀ ਵਿਚਾਰਾਂ ਦੀ ਸੱਤਾ ਦੀ ਅਧੀਨਗੀ ਵਿੱਚੋਂ ਪੈਦਾ ਹੁੰਦੀ ਹੈ। ਇਸਲਾਮ ਪ੍ਰਤੀ ਸ਼ਰਧਾਭਾਵੀ ਵਿਦਵਾਨਾਂ ਨੇ ਇਸਲਾਮ ਤੋਂ ਪਹਿਲੇ ਯੁਗ ਨੂੰ 'ਜਹਾਲਤ ਦਾ ਦੌਰ' ਕਿਹਾ ਸੀ। ਉਹ ਇਹ ਗੱਲ ਸਮਝਣ ਤੋਂ ਉੱਕ ਗਏ ਕਿ ਇਸਲਾਮ ਵਰਗਾ ਵਿਕਸਿਤ ਧਰਮ ਆਪਣੇ ਤੋਂ ਪਹਿਲਾਂ ਦੇ ਕਿਸੇ 'ਖਲਾਅ' ਵਿੱਚੋਂ ਕਿਵੇਂ ਹੋਂਦ ਵਿਚ ਆ ਸਕਦਾ ਸੀ? ਇਸੇ ਤਰ੍ਹਾਂ ਅੰਗ੍ਰੇਜ਼ ਇਤਿਹਾਸਕਾਰਾਂ ਨੇ ਮੱਧਕਾਲ ਦੇ ਭਾਰਤੀ ਇਤਿਹਾਸ, ਦਰਸ਼ਨ ਅਤੇ ਸਾਹਿਤ ਪ੍ਰਤੀ ਨਕਾਰਾਤਮਕ ਰਵੱਈਆ ਧਾਰਨ ਕਰੀ ਰੱਖਿਆ। ਸੁਕਰਾਤ ਪ੍ਰਤੀ ਸ਼ਰਧਾਵਾਨ ਚਿੰਤਕ ਵੀ ਇਸੇ ਭਾਵਨਾ ਦੇ ਅਧੀਨ ਉਸ ਤੋਂ ਪਹਿਲਾਂ ਦੇ ਦਰਸ਼ਨ ਨੂੰ ਅਣਗੌਲਿਆਂ ਕਰਨ ਦੀ ਰੁਚੀ ਦਾ ਸ਼ਿਕਾਰ ਹੁੰਦੇ ਹਨ।
ਅਜਿਹਾ ਹੋਣ ਦੇ ਬਹੁਤ ਸਾਰੇ ਕਾਰਨ ਹੋਣ ਦੇ ਬਾਵਜੂਦ ਇਹ ਗੱਲ ਮੰਨਣੀ ਪਵੇਗੀ ਕਿ ਸੁਕਰਾਤ ਯੂਨਾਨੀ ਦਰਸ਼ਨ ਦਾ ਆਰੰਭ-ਕਰਤਾ ਤਾਂ ਹਰਗਿਜ਼ ਵੀ ਨਹੀਂ ਸੀ। ਉਸ ਤੋਂ ਪਹਿਲਾਂ ਐਸੇ ਬਹੁਤ ਸਾਰੇ ਨਾਮ ਯੂਨਾਨ ਦੇ ਦਰਸ਼ਨ ਦੀ ਧਾਰਾ ਵਿਚ ਹੋ ਗੁਜ਼ਰੇ ਸਨ ਜਿਨ੍ਹਾਂ ਨੇ ਆਪਣੀਆਂ ਦਾਰਸ਼ਨਿਕ ਧਾਰਨਾਵਾਂ ਨਾਲ ਦਰਸ਼ਨ ਦੀ ਲੜੀਬੱਧ ਵਿਚਾਰਸ਼ੀਲਤਾ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਸੁਕਰਾਤ ਉਸ ਸਿਲਸਿਲੇ ਦੇ ਅਹਿਮ ਇਤਿਹਾਸਕ ਬਿੰਦੂ 'ਤੇ ਪੈਦਾ ਹੋਇਆ ਜਿੱਥੇ ਦਾਰਸ਼ਨਿਕ